Navin Jugat (Punjabi Story): Amrit Kaur

ਨਵੀਂ ਜੁਗਤ (ਕਹਾਣੀ) : ਅੰਮ੍ਰਿਤ ਕੌਰ

"ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ....ਉੱਥੇ ਵੱਧ ਸੇਵਾ ਹੋਇਆ ਕਰੂ।" ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁੱਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ ....ਨਹੀਂ ...ਨਹੀਂ ...ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਉਸ ਦੇ ਕੰਨਾਂ ਵਿੱਚੋਂ ਹੁੰਦੀ ਹੋਈ ਗਲ਼ੇ ਅਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਵਿੱਚ ਪੱਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਸ ਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ । ਦਰਦ ਥੋੜ੍ਹਾ ਕੁ ਵਧਿਆ ਮੋਢੇ ਵਿੱਚ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰੁਕ ਗਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕ੍ਰਿਆ ਜਾਨ ਸੂਤ ਕੇ ਲੈ ਗਈ। ਵੀਹ ਪੱਚੀ ਸਾਲ ਦੀ ਮਿਹਨਤ ਰੁੜ੍ਹਦੀ ਜਾਪੀ। ਇਸ ਸਾਰੀ ਪ੍ਰਕ੍ਰਿਆ ਨਾਲ ਦਿਲ ਦਿਮਾਗ ਨਪੀੜਿਆ ਗਿਆ ਉਸ ਵਿੱਚੋਂ ਨਿਕਲਿਆ ਸਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਵਿੱਚ ਆ ਉੱਤਰਿਆ। ਰਸੋਈ ਵਿੱਚ ਪਈਆਂ ਵਸਤਾਂ ਤੇ ਧੁੰਦ ਜਿਹੀ ਛਾ ਗਈ।ਨਾ....ਨਾ ਵਸਤਾਂ ਤੇ ਧੁੰਦ ਨਹੀਂ ਸੀ ਧੁੰਦ ਤਾਂ ਦ੍ਰਿਸ਼ਟੀ ਵਿੱਚ ਸੀ । ਸਿੱਲ੍ਹੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲ੍ਹਾਂ ਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਵਿੱਚੋਂ ਅਸਮਾਨ ਵੱਲ ਆਪਣੇ ਵਕੀਲ ਅਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਅਤੇ ਬੁੱਲ੍ਹਾਂ ਦਾ ਸੀਟੀ ਮਾਰਨ ਵਾਲਾ ਅਕਾਰ ਬਣਾ ਕੇ ਫੂ....ਊ.....ਊ.....ਊ.....ਆ....ਆ...ਕਰ ਕੇ ਸਾਰੀ ਹਵਾ ਬਾਹਰ ਕੱਢ ਦਿੱਤੀ । ਦੋ ਤਿੰਨ ਵਾਰ ਏਦਾਂ ਕਰਨ ਤੇ ਥੋੜ੍ਹਾ ਚੈਨ ਆਇਆ। ਇਸ ਤਰ੍ਹਾਂ ਡੂੰਘੇ ਸਾਹ ਭਰਨ ਤੇ ਕੱਢਣ ਦੀ ਜੁਗਤ ਉਸ ਦੇ ਪਤੀ ਨੇ ਉਸ ਦਿਨ ਦੱਸੀ ਸੀ, ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਸੀ। ਉਸ ਦਾ ਜੀਅ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ, ਭਾਂਡੇ ਗਲ਼ੀ ਵਿੱਚ ਵਗਾਹ ਵਗਾਹ ਮਾਰੇ । ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਹੀਏਂ ਚੜ੍ਹ ਜੇ ਮੁੜ ਕੇ ਨਾ ਥਿਆਵੇ ਕਿਸੇ ਨੂੰ। ਉਸ ਦਿਨ ਬੇਬੇ ਨੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਸਨ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁੱਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ... 'ਤੂੰ ਮੈਨੂੰ ਮਾਰ ਕੇ ਰਾਜੀ ਐਂ....ਮੈਨੂੰ ਘਰੋਂ ਕੱਢ ਕੇ ਰਾਜੀ ਐਂ।' ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਸ ਦਾ ਜੀਅ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸ ਦੀ ਸ਼ਕਲ ਸੂਰਤ ਠੀਕ ਸੀ ਨਾ ਬਹੁਤੀ ਚੰਗੀ , ਨਾ ਬਹੁਤੀ ਮਾੜੀ । ਬੇਬੇ ਨੇ ਆਖਿਆ, "ਮੈਂ ਤਾਂ ਵਿਆਹ ਨੂੰ ਈ ਤੇਰੀ ਬੂਥੜੀ ਦੇਖ ਲੀ ਸੀ ਕਿ ਤੇਰੇ ਨੀ ਜਵਾਕ ਹੁੰਦਾ।" ਜਵਾਬ ਤਾਂ ਹੈ ਸੀ ਇਸ ਗੱਲ ਦਾ ਪਰ ਜ਼ਬਾਨ 'ਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਦੇ, " ਜਦੋਂ ਮੈਨੂੰ ਦੇਖਣ ਗਏ ਸੀ ਬੂਥੜੀ ਤਾਂ ਉਦੋਂ ਵੀ ਇਹੀ ਸੀ। ਜੇ ਤੁਸੀਂ ਐਡੇ ਹੀ ਅੰਤਰਜਾਮੀ ਓ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖ਼ਰਾਬ ਕੀਤੀ ਮੇਰੇ ਨਾਲ ਵਿਆਹ ਕੇ। " ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ। ਇਹ ਸਭ ਹਜ਼ਮ ਕਰਨਾ ਸਹਿਜ ਤਾਂ ਨਹੀਂ ਸੀ। ਗੱਲ ਇੱਕ ਨਹੀਂ ਸੀ ਹੁੰਦੀ ਪੂਰੀ ਲਿਸਟ ਤਿਆਰ ਹੁੰਦੀ ਸੀ। ਕੁੱਝ ਉਹਨਾਂ ਗੱਲਾਂ ਦੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਸਨ। ਉਹ ਸੋਚਦੀ ...ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗੁਣ ਫਰੋਲ ਜਾਂਦੇ ਹਨ। ਉਹ ਸਾਰੀਆਂ ਗੱਲਾਂ ਦੇ ਬੰਬ ਬਣਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਸ ਨੂੰ ਕੋਈ ਠਾਹਰ ਨਹੀਂ ਸੀ ਦੁੱਖੜੇ ਰੋਣ ਲਈ । ਉਸ ਦੇ ਪਤੀ ਨੇ ਉਸ ਨੂੰ ਬਾਂਹ ਤੋਂ ਫੜਿਆ ਸੀ ਅਤੇ ਬਾਹਰ ਰੁੱਖਾਂ ਹੇਠ ਲੈ ਗਿਆ ।ਵਾਰ ਵਾਰ ਅੰਦਰ ਹਵਾ ਭਰਨ ਅਤੇ ਛੱਡਣ ਨੂੰ ਕਿਹਾ।

"ਮੈਂ ਵੀ ਏਦਾਂ ਈ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਨਾ।" ਉਸ ਨੇ ਜਦੋਂ ਇਹ ਆਖਿਆ ਸੀ ਤਾਂ ਪਤਨੀ ਹੈਰਾਨੀ ਨਾਲ ਉਸ ਵੱਲ ਦੇਖਦੀ ਰਹੀ।

" ਮੈਂ ਵੀ ਇਨਸਾਨ ਆਂ ਮੈਨੂੰ ਵੀ ਤਕਲੀਫ਼ ਹੁੰਦੀ ਐ। ਕਦੇ ਘਰੋਂ ਕਦੇ ਬਾਹਰੋਂ। "

"ਬਾਹਰੋਂ ਮਤਲਬ?" ਪਤਨੀ ਨੇ ਪੁੱਛਿਆ ਸੀ।

"ਜਿੱਥੇ ਮੈਂ ਨੌਕਰੀ ਕਰ ਰਿਹਾ ਹਾਂ ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਵਿੱਚ ਇਮਾਨਦਾਰ ਨਹੀਂ । ਮੈਂ ਕੁਸ਼ ਨੀ ਕਰ ਸਕਦਾ। ਬਸ ਮਨ ਕਲਪਦਾ ਮੇਰਾ।" ਪਤੀ ਦੀ ਇਸੇ ਇਮਾਨਦਾਰੀ ਅਤੇ ਨੇਕੀ 'ਤੇ ਉਹ ਫਿਦਾ ਸੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਵਿੱਚ ਮੱਤਭੇਦ ਹੁੰਦਿਆਂ ਵੀ ਇੱਕ ਦੂਜੇ 'ਤੇ ਅੰਤਾਂ ਦਾ ਭਰੋਸਾ ਕਰਦੇ ਸਨ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਹਨ। ਪਰ ਉਹਨਾਂ ਵਿੱਚ ਸਹਿਜੇ ਹੀ ਸਨ। ਇਸ ਲਈ ਬੇਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਹਨ।ਪਤੀ ਦੀ ਗੱਲ ਸੁਣ ਕੇ ਉਸ ਦਾ ਆਪਣੀ ਤਕਲੀਫ਼ ਵੱਲੋਂ ਧਿਆਨ ਹਟਿਆ। "ਘਰ ਵਿੱਚ ਮੈਂ ਸਾਰਾ ਕੁੱਝ ਅੱਖੀਂ ਦੇਖਦਾ ਹਾਂ, ਕੋਈ ਦੱਸੇ ਨਾ ਦੱਸੇ ....ਤੂੰ ਸਹੀ ਹੋਵੇਂ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਸ਼ ਨੀ ਆਖ ਸਕਦਾ। ਮੇਰੀ ਮਾਂ ,ਮੇਰੀਆਂ ਭੈਣਾਂ ,ਮੇਰੇ ਰਿਸ਼ਤੇਦਾਰ ਇਹੀ ਕਹਿਣਗੇ ਕਿ ਤੂੰ ਮੈਨੂੰ ਵਸ ਵਿੱਚ ਕਰ ਲਿਆ । ਤੇਰੇ ਲਈ ਹੋਰ ਔਖਾ ਹੋ ਜਾਣੈ। ਮੈਨੂੰ ਪਤੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦੈ। ਮਾਂ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ।"

"ਤੇ ਮੈਂ ਕਿੱਧਰ ਜਾਵਾਂ ਫੇਰ?" ਪਤਨੀ ਨੇ ਪਤੀ ਦੇ ਚਿਹਰੇ ਵੱਲ ਦੇਖਦਿਆਂ ਆਖਿਆ।

" ਕਿਤੇ ਵੀ ਨਹੀਂ । ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਈ ਮਾਂ ਕਰਕੇ ਹੋਇਆ...ਚੰਗਾ ਕਹੇ, ਮਾੜਾ ਕਹੇ ਸਭ ਸਿਰ ਮੱਥੇ ।"

" ਆਹ ਤਾਂ ਕੋਈ ਗੱਲ ਨੀ ਬਣੀ, ਫੇਰ ਆਪਣਾ ਜੀਵਨ ਤਾਂ ਗਿਆ, ਵੀਹ ਬਾਈ ਸਾਲ ਲੰਘ ਗਏ ਮਾਂ ਦੀਆਂ ਗਲਤਫਹਿਮੀਆਂ ਦੀਆਂ ਸਫ਼ਾਈਆਂ ਦਿੰਦੇ ਦਿੰਦੇ।"

" ਕੀ ਕਰੀਏ ਫਿਰ ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਐ ਕਿ ਉਸ ਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ ਇਸ ਲਈ ਉਹਨਾਂ ਕੋਲ ਭੇਜਣ ਦਾ ਤਾਂ ਵਰਕਾ ਈ ਪਾੜ ਦੇ।" ਉਹ ਥੋੜ੍ਹੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਨਾਲ ਅਸਮਾਨ ਵੱਲ ਦੇਖ ਰਹੀ ਸੀ। ਉਹ ਫਿਰ ਬੋਲਿਆ,

" ਬੇਬੇ ਭੈਣ ਹੁਰਾਂ ਕੋਲ ਵੀ ਮਹੀਨਾ ਵੀਹ ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ ਉਹ ਬੇਬੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ।"

" ਕਿਉਂ ਮੰਨ ਲੈਂਦੀਆਂ ਨੇ ਸੱਚ? " ਪਤਨੀ ਦੇ ਸਵਾਲ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ।

" ਕਿਉਂਕਿ ਬੇਬੇ ਉਹਨਾਂ ਦੀ ਮਾਂ ਐ। ਬੇਬੇ ਆਵਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਐ।"

" ਤੁਸੀਂ ਵੀ ਤਾਂ ਉਹਨਾਂ ਦੇ ਭਰਾ ਓ। ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸ ਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਐ।"

" ਸਿੱਧੀ ਜਿਹੀ ਗੱਲ ਐ ਬੇਬੇ ਨੂੰ ਕੋਈ ਨੀ ਸਮਝਾ ਸਕਦਾ।"

" ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ?" ਉਦਾਸੀ ਜਿਹੀ ਅਵਾਜ਼ ਵਿੱਚ ਉਸ ਨੇ ਪੁੱਛਿਆ ਸੀ।

"ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੀ ਹੁੰਦੀ ਐ ।" ਉਸ ਨੇ ਕੌੜੀ ਸਚਾਈ ਆਖ ਦਿੱਤੀ ਸੀ। ਇਸ ਗੱਲ ਵਿੱਚ ਸਿਰੇ ਦੀ ਬੇਵਸੀ ਵੀ ਸੀ। ਏਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪਚਾਪ ਉੱਡਦੇ ਪਰਿੰਦਿਆਂ ਵੱਲ ਅਤੇ ਹਵਾ ਨਾਲ ਰੁੱਖਾਂ ਦੇ ਝੂੰਮਦੇ ਪੱਤਿਆਂ ਵੱਲ ਦੇਖਦੇ ਰਹੇ ਸਨ। ਪਤਾ ਨਹੀਂ ਕੁੱਝ ਔੜ ਨਹੀਂ ਸੀ ਰਿਹਾ ਗੱਲ ਕਰਨ ਲਈ ਜਾਂ ਫਿਰ ਕਹਿਣ ਲਈ ਬਹੁਤ ਕੁੱਝ ਸੀ ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ। ਬਸ ਉਹਨਾਂ ਦੀ ਉਲਝਣ ਵੀ ਇਸੇ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁੱਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ। ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਸ਼ ਹੋਰੇ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਪਿਆ। ਲੱਗਦਾ ਸੀ ਗਲਤੀ ਨਾਲ ਕਹਿ ਬੈਠੀ ਬੇਬੇ। ਪੁੱਤ ਨੇ ਕਿਹਾ, "ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ। ਉਹ ਪਤਾ ਕਰਦੇ ਨੇ ਆਲੇ ਦੁਆਲਿਓਂ ਕਿ ਬਜ਼ੁਰਗ ਨੂੰ ਪਰਿਵਾਰ ਵੱਲੋਂ ਸੱਚੀਂ ਕੋਈ ਤਕਲੀਫ਼ ਹੈ ਜਾਂ ਨਹੀਂ।"

" ਓਹਨਾਂ ਨੂੰ ਮੈਂ ਦੱਸੂੰ.... ਮੇਰੀ ਕਿੰਨੀ ਕੁ ਪੁੱਛ ਕਰਦੇ ਓਂ... ਮੇਰੀ ਜਾਤ ਨੀ ਪੁੱਛਦੇ ਕਿਸੇ ਕੰਮ ਵਿੱਚ। ਆਪੇ ਨਿਕਲੂ ਜਲੂਸ ਜਦੋਂ ਨੈੱਟ ਤੇ ਪਾਇਆ।" ਬੇਬੇ ਬੁੜ੍ਹਕ ਬੁੜ੍ਹਕ ਬੋਲ ਰਹੀ ਸੀ। ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁੱਝ ਬੇਬੇ ਆਖ ਰਹੀ ਐ। ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੱਤੀ। ਮਨ ਮਰਜ਼ੀ ਦਾ ਖਾਂਦੀ ਪਹਿਨਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਅਤੇ ਬੁੜਬੁੜ ਕਰੀ ਜਾਂਦੀ। ਇਸ ਲਈ ਚੁੱਪ ਹੀ ਭਲੀ ਸਮਝਦੇ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਤੇ ਤਾਂ ਖਿਝਣਾ ਹੀ ਸੀ ਚੁੱਪ 'ਤੇ ਵੀ ਖਿਝਦੀ।ਬਦ ਦੁਆਵਾਂ ਦੇਣ ਲੱਗੀ ਵੀ ਨਾ ਧੀ ਵੇਖਦੀ ਨਾ ਪੁੱਤ... ਜਿਹੜਾ ਵੀ ਉਸ ਦੀ ਹਾਂ ਵਿੱਚ ਹਾਂ ਨਾ ਮਿਲਾਉਂਦਾ ਉਸੇ ਨੂੰ ਸਰਾਪ ਦੇਣ ਲੱਗਿਆਂ ਦੇਰ ਨਾ ਲਾਉਂਦੀ। ਮਾਂ ਦੀਆਂ ਗੱਲਾਂ ਤੋਂ ਬਹੁਤ ਵਾਰ ਪੁੱਤ ਨੂੰ ਸ਼ਰਮਸਾਰ ਹੋਣਾ ਪੈਂਦਾ। ਕੰਮਵਾਲੀ ਕਈ ਵਾਰ ਜਦੋਂ ਚਾਹ ਪੀਂਦੀ ਜਾਂ ਰੋਟੀ ਖਾਂਦੀ ਤਾਂ ਉਹਨੂੰ ਆਖਦੀ, 'ਖਾ ਪੀ ਕੇ ਵਗ ਜਿਆ ਕਰ, ਕੰਮ ਕਰਨ ਦੀ ਕੀ ਜ਼ਰੂਰਤ ਐ।' ਪੁੱਤ ਨੂੰਹ ਜੇ ਕਿਸੇ ਗਰੀਬ ਗੁਰਬੇ ਨੂੰ ਗਰਮੀ ਸਰਦੀ ਲੋੜ ਮੁਤਾਬਕ ਕੋਈ ਕੱਪੜਾ ਲੀੜਾ ਲੈ ਦਿੰਦੇ ਤਾਂ ਵੀ ਕਲੇਸ਼ ਕਰਦੀ ਆਖਦੀ, 'ਮੈਨੂੰ ਪੁੱਛੇ ਬਿਨਾਂ ਫੈਸਲੇ ਲੈਂਦੇ ਨੇ।' ਧੀਆਂ ਕੋਲ ਰੋਂਦੀ ਕੁਰਲਾਉਂਦੀ ਕਿ ਉਸਦੀ ਘਰ ਵਿੱਚ ਕੋਈ ਪੁੱਛ ਨਹੀਂ ਕਰਦਾ। ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਹੈ ਤਾਂ ਆਖਦੀ, 'ਅਗਲੇ ਜਨਮ ਵਿੱਚ ਥੋਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊ, ਇਹ ਸਾਰਾ ਕੁਸ਼ ਲੈਣ ਵਾਸਤੇ।' ਉਹ ਦੋਵੇਂ ਜੀਅ ਲੋੜਵੰਦ ਦੀ ਮੱਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਵੱਲੋਂ ਕੋਈ ਕਮੀ ਨਹੀਂ ਸੀ। ਪਰ ਬੇਬੇ ਦਾ ਮਨ ਨੂੰਹ 'ਤੇ ਕਦੇ ਨਾ ਧਿਜਦਾ। ਪੁੱਤ ਪੂਰਾ ਤੜਫ਼ ਤੜਫ਼ ਕੇ ਜਮ੍ਹਾਂ ਬਿਮਾਰਾਂ ਵਾਂਗ ਹੋ ਜਾਂਦਾ। ਪਰ ਬੇਬੇ ਨੂੰ ਸਿਰਫ਼ ਆਵਦੀ ਫ਼ਿਕਰ ਰਹਿੰਦੀ ਸੀ।

ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸ ਦੀ ਬੁੜ ਬੁੜ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ ਪਰ ਜਦੋਂ ਕਿਸੇ ਦੇ ਬਾਦ ਪੈ ਜਾਂਦੀ ਤਾਂ ਕਈ ਕਈ ਦਿਨ ਖਹਿੜਾ ਨਾ ਛੱਡਦੀ। ਧੀਆਂ ਕੋਲ ਸਾਰਾ ਇਲਜ਼ਾਮ ਨੂੰਹ ਪੁੱਤ 'ਤੇ ਲਾ ਦਿੰਦੀ। ਅੱਗੋਂ ਨੂੰਹ ਪੁੱਤ ਭਾਵੇਂ ਹੱਥ ਜੋੜ ਜੋੜ ਸ਼ਾਂਤੀ ਦੀ ਭੀਖ ਮੰਗਣ ਪਰ ਉਸ ਨੂੰ ਕੋਈ ਫ਼ਰਕ ਨਾ ਪੈਂਦਾ। ਸੱਸ ਨੂੰਹ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕੋਂਦਾ ਮਾਂ ਨੂੰ ਡਾਕਟਰਾਂ ਕੋਲ ਚੁੱਕੀ ਫਿਰਦਾ। ਰਿਪੋਟਾਂ ਕਰਵਾਈਆਂ ਜਾਂਦੀਆਂ ਬਿਮਾਰੀ ਕੋਈ ਨਾ ਆਉਂਦੀ। ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ ਉਸੇ ਕਾਰਨ ਸਰੀਰ ਨੂੰ ਤਕਲੀਫ਼ ਹੋਣ ਲੱਗ ਪੈਂਦੀ। ਘਰ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਹੈ। ਘਰ ਦਾ ਮਾਹੌਲ ਦੇਖ ਕੇ ਗਵਾਂਢ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਭਰ ਆਉਂਦਾ...ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਏ ਹਾਂ। ਫਿਰ ਰੱਬ ਨਾਲ ਝਗੜੇ ਝੇੜੇ ਚਲਦੇ।

ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਦੇ ਸੰਤਾਪ ਵਿੱਚੋਂ ਨਿਕਲਣ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈਂ ਆਉਣ ਵਾਲੇ ਰਿਸ਼ਤੇਦਾਰਾਂ ਕੋਲ ਰੋਣ ਲੱਗ ਜਾਂਦੀ ਆਖਦੀ, " ਮੈਨੂੰ ਤਾਂ ਇਹਨਾਂ ਦਾ ਫ਼ਿਕਰ ਮਾਰਦੈ।" ਉਹ ਸੋਚਦੇ... ਇਹ ਕਿਹੋ ਜਿਹਾ ਫ਼ਿਕਰ ਐ ਬੇਬੇ ਦਾ, ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ 'ਤੇ ਟੰਗ ਦਿੰਦਾ ਐ। ਜਿੱਥੋਂ ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ 'ਨੁਕਸ ਤਾਂ ਕੋਈ ਨਹੀਂ ਰਿਪੋਟਾਂ ਵਿੱਚ, ਪਰ ਖੁਸ਼ ਰਹਿਣਾ ਜ਼ਰੂਰੀ ਐ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਅਤੇ ਬੇਬੇ ਦੇ ਫ਼ਿਕਰ ਨੇ ਉਹਨਾਂ ਨੂੰ ਕਦੇ ਖੁਸ਼ ਨਹੀਂ ਰਹਿਣ ਦਿੱਤਾ।

ਇੱਕ ਦਿਨ ਰਾਤ ਦੇ ਸਾਢੇ ਕੁ ਅੱਠ ਵਜੇ ਬੇਬੇ ਨੇ ਆਪਣੇ ਬਿਲਕੁੱਲ ਨਾਲ ਲੱਗਦੇ ਕਮਰੇ ਵਿੱਚੋਂ ਫੋਨ ਕੀਤਾ ਪੁੱਤ ਉੱਠ ਕੇ ਮਾਂ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, "ਮਾਲਕਾ ਤਾਕਤ ਬਖ਼ਸ਼ ਸਭ ਕੁੱਝ ਸਹਿਣ ਦੀ। " ਪਤੀ ਘੰਟੇ ਕੁ ਬਾਅਦ ਆਇਆ ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹਉਕਾ ਜਿਹਾ ਲੈ ਕੇ ਬੋਲਿਆ, " ਆਪਣੀ ਤਾਂ ਜ਼ਿੰਦਗੀ ਖ਼ਰਾਬ ਈ ਐ ਬਸ।" ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ।

ਪਤਨੀ ਨੇ ਕਿਹਾ, "ਇਹੋ ਜਿਹੇ ਮਾਹੌਲ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਊ ਕਿਉਂ ਨਾ ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਸ਼ ਨੀ ਚਾਹੀਦਾ.. ਨਾ ਖਰਚਾ... ਨਾ ਜਾਇਦਾਦ ਵਿੱਚੋਂ ਹਿੱਸਾ।"

" ਤੇਰਾ ਦਿਮਾਗ਼ ਠੀਕ ਐ?" ਪਤੀ ਬੋਲਿਆ।

" ਬੇਬੇ ਥੋਨੂੰ ਤਾਂ ਪਿਆਰ ਕਰਦੀ ਹੋਊ... ਪਰ ਮੇਰੇ ਕਰਕੇ ਥੋਡੇ ਨਾਲ ਵੀ ਲੜਦੀ ਰਹਿੰਦੀ ਐ। ਇਸੇ ਕਾਰਨ ਥੋਡੀ ਸਿਹਤ ਦਿਨੋ ਦਿਨ ਨਿਘਰਦੀ ਜਾਂਦੀ ਐ। ਮੈਂ ਨਾ ਹੋਊਂਗੀ ਸਭ ਠੀਕ ਹੋ ਜੂ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣੈ?" ਪਤੀ ਦੀ ਚਿੰਤਾ ਦੂਰ ਕਰਨ ਦਾ ਉਸ ਨੂੰ ਹੋਰ ਕੋਈ ਹੱਲ ਨਹੀਂ ਸੀ ਲੱਭਿਆ।

ਹੁਣ ਇਸ ਚਿੰਤਾ ਵਿੱਚ ਨੀਂਦ ਨਹੀਂ ਸੀ ਆ ਰਹੀ... ਜੇ ਭਲਾਂ ਸੱਚੀਂ ਅੱਡ ਹੋਣਾ ਪੈ ਗਿਆ ਫੇਰ ਕੀ ਬਣੂੰ? ਬੇਬੇ ਫੇਰ ਰਿਸ਼ਤੇਦਾਰਾਂ ਨੂੰ 'ਕੱਠੇ ਕਰੂ ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ ਪੱਚੀ ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ ਉਹ ਪੱਚੀ ਸਾਲ ਧਿਆਨ ਰੱਖਣ ਵਾਲਿਆਂ ਵਿੱਚ ਨੁਕਸ ਮਾਰਨਗੇ, ਉਹਨਾਂ ਨੂੰ ਸਮਝਾਉਣਗੇ।ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਨਾਲ ਸਮਝੌਤੇ ਕਰਨਗੇ। ਮਨ ਨੂੰ ਸ਼ਾਂਤ ਕਰਨ ਲਈ ਜੁਗਤਾਂ ਸੋਚਣਗੇ। ਉਹਨਾਂ ਸੋਚਿਆ ਜੇ ਇਹੀ ਕੁੱਝ ਕਰਨਾ ਹੈ ਤਾਂ ਫਿਰ ਆਪੇ ਹੀ ਆਵਦੇ ਮਨ ਨੂੰ ਸਮਝਾ ਲੈਣਾ ਚਾਹੀਦਾ ਹੈ।

ਕਈ ਵਾਰ ਉਹ ਆਪਣੇ ਆਪ ਨੂੰ ਦੋ ਸਿਫ਼ਰਾਂ ਆਖਦੇ। ਜਿਹਨਾਂ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਢਾਇਆ। ਫਿਰ ਵੀ ਮਿਹਣੇ ਤਾਹਨਿਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ । ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ ਤਾਣਾ ਹੋਰ ਵੀ ਉਲਝਦਾ ਜਾਪਿਆ। ਪਤੀ ਨੇ ਉੱਠ ਕੇ ਬੱਤੀ ਜਲਾ ਦਿੱਤੀ। ਇੱਕ ਕਾਗਜ਼ ਅਤੇ ਪੈੱਨ ਲਿਆ।

" ਆਹ ਦੇਖ। " ਆਖਦਿਆਂ ਕਾਗਜ਼ 'ਤੇ ਦੋ ਸਿਫ਼ਰਾਂ ਬਣਾ ਦਿੱਤੀਆਂ। ਪਤਨੀ ਉੱਠ ਕੇ ਬੈਠ ਗਈ।

" ਇਹ ਕੀ ਐ ਭਲਾ? " ਉਸ ਨੇ ਪੁੱਛਿਆ ।

"ਇੱਕ ਮੈਂ ਇੱਕ ਤੁਸੀਂ।" ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।

ਪਤੀ ਨੇ ਸਿਫ਼ਰਾਂ ਨਾਲ ਇੱਕ ਪੈੱਨ ਰੱਖ ਦਿੱਤਾ।

" ਹੁਣ ਦੇਖ.... ਆਹ ਬਣ ਗਏ ਆਪਾਂ ਸੌ..... ਇਸ ਦੀ ਮੱਦਦ ਨਾਲ.....। ਪਤੀ ਦੀ ਗੱਲ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, "ਆਪਾਂ ਸੌ ਕਿਵੇਂ ਹੋ ਸਕਦੇ ਆਂ ਅੱਧੇ ਅਧੂਰੇ ਆਂ ਆਪਾਂ ਤਾਂ।"

"ਆਹੋ.... ਅਧੂਰੇ ਆਂ ਤਾਂ ਹੀ ਸੌ ਆਖਿਆ... ਨਹੀਂ ਤਾਂ ਦੋ ਸੌ ਨਾ ਹੁੰਦੇ ਦੋਵੇਂ। ਚਲ... ਧਿਆਨ ਨਾਲ ਸੁਣ.... ਹੁਣ ਜਦੋਂ ਵੀ ਦਿਮਾਗ਼ ਉਲਝਣ ਤਾਣੀ ਵਿੱਚ ਫਸੇ। ਇਹ ਪੈੱਨ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀਂ ਕਦੇ ਮੈਂ .....ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜ੍ਹਿਆ ਕਰੂੰ, ਤੂੰ ਮੇਰਾ ਲਿਖਿਆ।" ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਸਿਫ਼ਰਾਂ ਤੋਂ ਸੌ ਬਣੇ ਘੂਕ ਸੁੱਤੇ ਪਏ ਸਨ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ