Navin Dharti Purane Geet (Story in Punjabi) : Ram Lal

ਨਵੀਂ ਧਰਤੀ, ਪੁਰਾਣੇ ਗੀਤ (ਕਹਾਣੀ) : ਰਾਮ ਲਾਲ

ਥੱਕਿਆ ਹਾਰਿਆ ਤੇ ਪ੍ਰੇਸ਼ਾਨ ਜਿਹਾ ਸਾਈਂ ਦਾਸ ਸ਼ਾਮ ਦੇ ਛੇ ਵਜੇ ਘਰ ਪਰਤਿਆ ਤੇ ਡਿਊਢੀ ਦੀ ਕੰਧ ਨਾਲ ਸਾਈਕਲ ਖੜ੍ਹੀ ਕਰਕੇ ਅੰਦਰ ਆ ਗਿਆ—ਸਾਹਮਣੇ ਵਰਾਂਡੇ ਵਿਚ ਉਸਦੀ ਬੁੱਢੀ ਹੋ ਚੱਲੀ ਪਤਨੀ ਮੰਜੇ ਉੱਤੇ ਬੈਠੀ ਸ਼ਲਗਮ ਕੱਟ-ਕੱਟ ਕੇ ਇਕ ਵੱਡੇ ਸਾਰੇ ਛਿੱਕੂ ਵਿਚ ਪਾ ਰਹੀ ਸੀ। ਉਹ ਪਹਿਲਾਂ ਤਾਂ ਆਪਣੇ ਪਤੀ ਵੱਲ ਦੇਖ ਕੇ ਮੁਸਕੁਰਾਈ, ਪਰ ਫੇਰ ਉਸਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਪੁੱਛਣ ਲੱਗੀ, “ਸੁੱਖ ਤਾਂ ਹੈ?”
ਸਾਈਂ ਦਾਸ ਇਕ ਲੰਮੀ 'ਹੂੰ' ਕਹਿ ਕੇ ਟਾਈ ਦੀ ਗੰਢ ਖੋਲ੍ਹਦਾ ਹੋਇਆ ਸਿੱਧਾ ਕਮਰੇ ਵਿਚ ਚਲਾ ਗਿਆ। ਕੋਟ ਪੈਂਟ ਲਾਹੇ ਤੇ ਇਕ ਰੰਗਦਾਰ ਤਹਿਮਦ ਬੰਨ੍ਹ ਕੇ ਆਰਾਮ ਕੁਰਸੀ ਵਿਚ ਧਸ ਕੇ ਬੈਠ ਗਿਆ। ਉਸਦੀ ਪਤਨੀ ਵੀ ਸ਼ਲਗਮਾਂ ਵਾਲਾ ਛਿੱਕੂ ਤੇ ਛੁਰੀ ਚੁੱਕ ਕੇ ਅੰਦਰ ਆ ਗਈ।
“ਦੱਸਿਆ ਨਹੀਂ, ਗੱਲ ਕੀ ਏ?”
“ਕੋਈ ਨਵੀਂ ਗੱਲ ਥੋੜ੍ਹੀ ਏ ਭਲੀਏ ਲੋਕੇ।” ਉਸਨੇ ਇਕ ਲੰਮਾਂ ਸਾਹ ਖਿੱਚ ਕੇ ਕਮਰੇ ਦੀ ਛੱਤ ਵੱਲ ਦੇਖਿਆ। ਉਸਦੀਆਂ ਖਸਤਾ ਹਾਲ ਤੇ ਸਿਓਂਕ ਖਾਧੀਆਂ ਲੱਕੜ ਦੀਆਂ ਕੜੀਆਂ ਕੁਝ ਵਧੇਰੇ ਹੀ ਝੁਕੀਆਂ ਹੋਈਆਂ ਲੱਗੀਆਂ। ਕਮਰੇ ਦੀ ਵਿਚਕਾਰਲੀ ਕੰਧ ਵਿਚ ਸੰਗਮਰਮਰ ਦੀ ਇਕ ਸਿਲ ਲੱਗੀ ਹੋਈ ਸੀ, ਜਿਸ ਉੱਤੇ ਕਾਲੇ ਅੱਖਰਾਂ ਵਿਚ—'ਅੱਲਾ ਅਕਬਰ', ਲਿਖਿਆ ਸੀ।
“ਅੱਜ ਫੇਰ ਕਲੇਮ ਦਫ਼ਤਰ ਦੀ ਧੂੜ ਫੱਕਦਾ ਰਿਹਾਂ।...ਦਫ਼ਤਰ ਵਿਚੋਂ ਅੱਧੇ ਘੰਟੇ ਦੀ ਛੁੱਟੀ ਲੈ ਕੇ ਗਿਆ ਸਾਂ, ਪਰ ਪੂਰੇ ਚਾਰ ਘੰਟੇ ਖਪ ਗਏ, ਉੱਥੇ।”
“ਫੇਰ?—ਮਿਲਿਆ ਕੁਝ, ਮਕਾਨ ਦੀ ਮੁਰੰਮ ਲਈ?”
“ਸਵਾਹ। ਕਹਿੰਦੇ ਨੇ, ਇਕ ਹਫ਼ਤੇ ਬਾਅਦ ਆਇਓ।”
“ਤੁਸੀਂ ਦੱਸਿਆ ਨਹੀਂ, ਸਰਦੀਆਂ ਦੀ ਬਰਸਾਤ ਸ਼ੁਰੂ ਹੋ ਗਈ ਤਾਂ ਮਕਾਨ ਡਿੱਗ ਪਏਗਾ?”
“ਸੁਣਦਾ ਕੌਣ ਏਂ, ਉੱਥੇ?”
“ਹਨੇਰ ਏ, ਨਿਰਾ ਹਨੇਰ। ਕੁਝ ਮਿਲਣ ਦੀ ਆਸ ਹੁੰਦੀ ਤਾਂ ਆਪਣਾ ਹੀ ਥੋੜ੍ਹਾ-ਬਹੁਤ ਵੇਚ-ਵੂਚ ਦੇਂਦੇ।”
“ਕੀ ਭਰੋਸਾ ਭਲੀਏ ਲੋਕੇ, ਦਫ਼ਤਰਾਂ ਦੀਆਂ ਕਾਰਵਾਈਆਂ ਦਾ। ਮਿਲਦਿਆਂ-ਮਿਲਦਿਆਂ ਦੋ ਸਾਲ ਤਾਂ ਲੰਘ ਹੀ ਗਏ ਨੇ।”
ਫੇਰ ਉਸਦੀ ਪਤਨੀ ਕੋਲ ਪਏ ਪਲੰਘ ਉੱਤੇ ਬੈਠ ਗਈ ਤੇ ਧੀਮੀ ਆਵਾਜ਼ ਵਿਚ ਕਹਿਣ ਲੱਗੀ...:
“ਅੱਜ ਉਹ—ਠਾਕਰ ਦਾਸ ਤੇ ਉਸਦੀ ਘਰਵਾਲੀ ਦੋਵੇਂ ਆਏ ਸੀ, ਮੁੰਡੇ ਦੇ ਵਿਆਹ ਦਾ ਕਾਰਡ ਦੇਣ।”
“ਅੱਛਾ!”
“ਹਾਂ। ਤੁਸੀਂ ਤਾਂ ਸੀ ਨਹੀਂ, ਮੈਂ ਵੀ ਬਹੁਤਾ ਕੁਝ ਕਹਿਣਾ ਠੀਕ ਨਹੀਂ ਸਮਝਿਆ—ਕਾਰਡ ਫੜ ਕੇ ਰੱਖ ਲਿਆ। ਪਤਾ ਨਹੀਂ ਕਿੱਥੇ ਰੱਖ ਬੈਠੀ ਆਂ!”
ਤੇ ਫੇਰ ਜ਼ਰਾ ਉੱਚੀ ਆਵਾਜ਼ ਵਿਚ ਬੋਲੀ, “ਸਰਲਾ, ਨੀਂ ਸਰਲਾ...”
ਕਿਤੋਂ ਨੇੜਿਓਂ ਹੀ ਇਕ ਟੁਣਕਵੀਂ ਜਿਹੀ ਆਵਾਜ਼ ਵਿਚ ਉਤਰ ਮਿਲਿਆ, “ਜੀ, ਬੀ-ਜੀ—ਹੁਣੇ ਆਈ।”
ਤੇ ਫੇਰ ਪੈਰਾਂ ਵਿਚ ਪਾਏ ਹੋਏ ਰਬੜ ਸੋਲ ਦੇ ਸਲੀਪਰਾਂ ਦੀ ਹਲਕੀ-ਧੀਮੀ, ਪਰ ਸੰਗੀਤਮਈ ਟਿਪ-ਟਿਪਾਹਟ ਸੁਣਾਈ ਦਿੱਤੀ ਤੇ ਇਕ ਅਠਾਰਾਂ-ਉਨੀਂ ਸਾਲ ਦੀ ਸੋਹਣੀ-ਸੁਣੱਖੀ ਕੁੜੀ ਕਮਰੇ ਵਿਚ ਆਈ। ਜਿਸਨੇ ਸਲਵਾਰ ਕਮੀਜ਼ ਪਾਈ ਹੋਈ ਸੀ ਤੇ ਬੜੇ ਸੁਚੱਜੇ ਢੰਗ ਨਾਲ ਸਿਰ ਉੱਤੇ ਦੁੱਪਟਾ ਲਿਆ ਹੋਇਆ ਸੀ। ਅੰਦਰ ਆਪਣੇ ਪਿਤਾ ਨੂੰ ਬੈਠਾ ਦੇਖ ਕੇ ਉਹ ਮੁਸਕਰਾਉਂਦੀ ਹੋਈ ਉਸ ਵੱਲ ਵਧ ਗਈ। ਕੁਰਸੀ ਦੀ ਢੋਅ 'ਤੇ ਪਏ ਪਿਤਾ ਦੇ ਕੱਪੜੇ ਦੇਖੇ ਤਾਂ ਉਹਨਾਂ ਨੂੰ ਹੈਂਗਰ ਵਿਚ ਪਾ ਕੇ ਕੰਧ ਨਾਲ ਟੰਗ ਦਿੱਤਾ। ਫੇਰ ਮਾਂ ਵੱਲ ਭੌਂ ਕੇ ਪੁੱਛਿਆ, “ਦੱਸੋ ਬੀ-ਜੀ, ਕੀ ਕੰਮ ਏਂ?”
“ਪੁੱਤਰ ਉਹ ਕਾਰਡ ਕਿੱਥੇ ਰੱਖਿਆ ਏ ਤਿਰਲੋਚਨ ਦੇ ਵਿਆਹ ਵਾਲਾ, ਜਿਹੜਾ ਅੱਜ ਦੁਪਹਿਰੇ ਫੜਾ ਕੇ ਗਏ ਸੀ ਉਸਦੇ ਪਿਤਾ ਜੀ ਤੇ ਮਾਂ?”
“ਅਹਿ—ਏਥੇ ਤਾਂ ਰੱਖਿਆ ਈ।” ਉਹ ਕਾਰਨਸ ਉੱਤੇ ਰੱਖੀ ਤਸਵੀਰ ਦੇ ਪਿੱਛੋਂ ਇਕ ਵੱਡਾ ਸਾਰਾ ਲਿਫ਼ਾਫ਼ਾ ਕੱਢ ਲਿਆਈ।
ਸਾਈਂ ਦਾਸ ਕੁਝ ਚਿਰ ਗੁੰਮਸੁੰਮ ਜਿਹਾ ਬੈਠਾ ਉਸ ਕਾਰਡ ਨੂੰ ਦੇਖਦਾ ਰਿਹਾ। ਉਸਦੀ ਪਤਨੀ ਹੌਲੀ-ਹੌਲੀ ਇਕ ਸ਼ਲਗਮ ਦੀਆਂ ਫਾੜੀਆਂ ਕਰਦੀ ਰਹੀ। ਫੇਰ ਬੋਲ...:
“ਕੀ ਵਿਚਾਰ ਏ? ਜਾਓਗੇ?”
“ਸੱਚ ਪੁੱਛੇਂ ਤਾਂ ਜੀਅ ਨਹੀਂ ਕਰਦਾ। ਉਹਨਾਂ ਸਾਡੇ ਨਾਲ ਕਿਹੜੀ ਭਲੀ ਗੁਜਾਰੀ ਏ, ਅੱਜ ਤਕ? ਉਸਨੂੰ ਦੇਖ ਕੇ ਤਾਂ ਕਾਰਡ ਈ ਨਹੀਂ ਸੀ ਫੜ੍ਹਨਾਂ ਚਾਹੀਦਾ ਤੈਨੂੰ।”
ਕਹਿ ਕੇ ਸਾਈਂ ਦਾਸ ਨੇ ਆਪਣੇ ਚਿੱਟੇ-ਗੁਲਾਬੀ ਚਿਹਰੇ ਨੂੰ ਦੋਵਾਂ ਹੱਥਾਂ ਨਾਲ ਰਗੜਿਆ, ਫੇਰ ਆਪਣੀਆਂ ਮਹਿੰਦੀ ਰੰਗੀਆਂ ਮੁੱਛਾਂ ਸੰਵਾਰੀਆਂ ਤੇ ਫੇਰ ਬਿਨਾਂ ਕਾਰਨ ਠੋਡੀ ਖੁਰਕਣ ਲੱਗ ਪਿਆ। ਉਸਦੀ ਚੜ੍ਹੀ ਹੋਈ ਤਿੱਖੀ ਨੱਕ ਤੇ ਘੁੱਟੇ ਹੋਏ ਬੁੱਲ੍ਹ ਉਸਦੇ ਅੰਦਰ ਰਿੱਝ ਰਹੇ ਗੁੱਸੇ ਦਾ ਸਬੂਤ ਸਨ। ਕੁਝ ਚਿਰ ਪਿੱਛੋਂ ਉਹ ਫੇਰ ਉਸੇ ਥੱਕੀ-ਥੱਕੀ ਤੇ ਉਕਤਾਹਟ ਭਰੀ ਆਵਾਜ਼ ਵਿਚ ਬੋਲਿਆ, “ਸਾਡੀ ਅਲਾਟਮੈਂਟ ਕੈਂਸਲ ਕਰਵਾਉਣ ਲਈ ਠਾਕਰ ਦਾਸ ਨੇ ਕੀ ਕੀ ਨਹੀਂ ਕੀਤਾ—ਪੂਰੀ ਵਾਹ ਲਾ ਦਿੱਤੀ ਸੀ ਆਪਣੀ, ਪਰ ਕਾਮਯਾਬ ਨਹੀਂ ਸੀ ਹੋਇਆ। ਜੇ ਉਸਨੇ ਸਾਡੇ ਨਾਲ ਇੰਜ ਨਾ ਕੀਤੀ ਹੁੰਦੀ ਤਾਂ ਅੱਜ ਅਸੀਂ ਇਕ ਦੂਜੇ ਦੇ ਕਿੰਨੇ ਨੇੜੇ ਹੁੰਦੇ...ਯਾਦ ਈ, ਤੂੰ-ਹੀ ਇਕ ਵਾਰੀ ਮੇਰੇ ਨਾਲ ਆਪਣੀ ਸਰਲਾ ਤੇ ਉਹਨਾਂ ਦੇ ਤਿਰਲੋਕ ਦਾ ਜ਼ਿਕਰ ਕੀਤਾ ਸੀ!”
ਸਰਲਾ ਆਪਣਾ ਨਾਂ ਸੁਣ ਕੇ ਹੌਲੀ-ਜਿਹੀ ਉਠੀ ਤੇ ਬਾਹਰ ਚਲੀ ਗਈ। ਇਸ ਵਾਰੀ ਉਸਦੇ ਰਬੜ ਸੋਲ ਦੇ ਲਾਲ ਸਲੀਪਰਾਂ ਦੀ ਟਿਪ-ਟਿਪ ਵੀ ਸੁਣਾਈ ਨਹੀਂ ਸੀ ਦਿੱਤੀ—ਉਹ ਨਿਰਾਸ਼ਾ ਤੇ ਉਦਾਸੀ ਵਿਚ ਡੁੱਬੀ ਹੋਈ ਇਕ ਖ਼ਾਮੋਸ਼ ਤੋਰ ਸੀ, ਬਸ।
“ਹਾਂ!—ਇਹ ਤਾਂ ਓਦੋਂ ਦੀਆਂ ਗੱਲਾਂ ਨੇ ਜਦੋਂ ਰਾਮ ਦੇਵਾਂ ਗੇੜੇ ਨਾਲ ਕੰਧ ਟੱਪ ਕੇ ਮੇਰੇ ਗੋਡੇ ਮੁੱਢ ਆ ਬੈਠਦੀ ਹੁੰਦੀ ਸੀ। ਜਦੋਂ ਦੇਖੋ ਕੋਈ ਨਾ ਕੋਈ ਕੰਮ ਚੁੱਕੀ ਆ ਰਹੀ ਏ—ਭੈਣ ਅਹਿ ਕਿਵੇਂ ਕਰਨਾ ਏਂ, ਭੈਣ ਇਹ ਦੱਸੀਂ। ਸੂਈ 'ਚ ਧਾਗਾ ਵੀ ਪਾਉਣਾ ਹੁੰਦਾ ਸੀ ਤਾਂ ਮੈਥੋਂ ਪੁੱਛੇ ਬਗ਼ੈਰ ਨਹੀਂ ਸੀ ਪਾਉਂਦੀ ਹੁੰਦੀ। ਹੁਣ ਉਹੀ ਗੁਆਂਢ ਏ, ਉਹੀ ਰਾਮ ਦੇਵਾਂ ਤੇ ਉਹੀ ਮੈਂ—ਪਰ ਵਿਚਕਾਰਲੀ ਕੰਧ ਉੱਚੀ ਹੋ ਗਈ ਏ। ਹਾਂ, ਮਹੀਨੇ ਬੀਤ ਜਾਂਦੇ ਨੇ ਇਕ ਦੂਜੇ ਦੀ ਸ਼ਕਲ ਦੇਖਿਆਂ! ਉਹਨਾਂ ਹਜਰਤ ਗੰਜ 'ਚ ਦੁਕਾਨ ਕੀ ਕਰ ਲਈ ਏ, ਦਿਮਾਗ਼ ਈ ਆਸਮਾਨ 'ਤੇ ਜਾ ਪਹੁੰਚਿਆ ਏ!”
ਕਹਿ ਕੇ ਸਾਈਂ ਦਾਸ ਦੀ ਪਤਨੀ ਨੇ ਬੇਧਿਆਨੇ ਵਿਚ ਹੀ ਇਕ ਸ਼ਲਗਮ ਦੀਆਂ ਕਈ ਫਾੜਾਂ ਕਰ ਸੁੱਟੀਆਂ।
“ਪੈਸਾ ਪਿਆਰ ਦਾ ਦੁਸ਼ਮਣ ਹੁੰਦਾ ਏ ਭਲੀਏ ਲੋਕੇ।” ਸਾਈਂ ਦਾਸ ਬੋਲਿਆ, “ਇਸਦੀ ਚਮਕ ਦੇਖ ਕੇ ਤਾਂ ਆਦਮੀ ਆਪਣੇ ਸਕੇ ਰਿਸ਼ਤੇਦਾਰਾਂ ਨੂੰ ਵੀ ਭੁੱਲ ਜਾਂਦਾ ਏ—ਇਕੋ ਮਾਂ-ਪਿਓ ਦੇ ਜਾਏ ਇਕ ਦੂਜੇ ਦੇ ਵੈਰੀ ਬਣ ਜਾਂਦੇ ਨੇ। ਸਾਡਾ ਤਾਂ ਬਸ ਇਕ ਸ਼ਹਿਰ ਦੇ ਵਾਸੀ ਹੋਣ ਦਾ ਨਾਤਾ ਸੀ। ਪਾਕਿਸਤਾਨ ਵਿਚੋਂ ਨਿਕਲ ਕੇ ਇੱਥੇ ਪਹੁੰਚੇ ਤਾਂ ਸਬੱਬ ਨਾਲ ਗੁਆਂਢੀ ਬਣ ਗਏ ਸਾਂ।”
“ਪਰ ਅਸੀਂ ਲੋਕ ਵੀ ਕਿੰਨੇ ਅਜੀਬ ਆਂ। ਇਸ ਸ਼ਹਿਰ ਦੀ ਇਕ ਲੱਖ ਦੀ ਆਬਾਦੀ ਵਿਚ ਆਪਣੇ ਵਰਗੇ ਮੁਸ਼ਕਿਲ ਨਾਲ ਤਿੰਨ ਚਾਰ ਘਰ ਹੀ ਹੋਣਗੇ—ਤੇ ਫੇਰ ਵੀ ਆਪਸ ਵਿਚ ਨਹੀਂ ਮਿਲਦੇ ਵਰਤਦੇ! ਇਕ ਦੂਜੇ ਪ੍ਰਤੀ ਨਾਂ ਦੀ ਵੀ ਹਮਦਰਦੀ ਨਹੀਂ ਰਹਿ ਗਈ!” ਕਹਿ ਕੇ ਸਾਈਂ ਦਾਸ ਦੀ ਪਤਨੀ ਨੇ ਇਕ ਉਂਗਲ ਨਾਲ ਜ਼ੋਰ-ਜ਼ੋਰ ਦੀ ਕੰਨ ਖੁਰਕਣਾ ਸ਼ੁਰੂ ਕਰ ਦਿੱਤਾ—ਪਰ ਤਸੱਲੀ ਨਾ ਹੋਈ ਤਾਂ ਝੁਮਕਾ ਲਾਹ ਲਿਆ ਤੇ ਫੇਰ ਕੰਨ ਖੁਰਕਣ ਲੱਗ ਪਈ। ਉਸਦੇ ਦੋਵਾਂ ਕੰਨਾਂ ਵਿਚ ਕਈ ਕਈ ਮੋਰੀਆਂ ਸਨ ਤੇ ਕਿਸੇ ਜ਼ਮਾਨੇ ਵਿਚ ਇਹਨਾਂ ਵਿਚ ਸੋਨੇ ਦੇ ਵੱਡੇ-ਛੋਟੇ 'ਨਗ' ਵੀ ਹੁੰਦੇ ਸਨ, ਜਿਹਨਾਂ ਦੇ ਭਾਰ ਨਾਲ ਇਹ ਕਿਸੇ ਫਲਾਂ ਨਾਲ ਲੱਦੀ ਟਾਹਣੀ ਵਾਂਗ ਝੂਲਦੇ ਹੁੰਦੇ ਸਨ। ਪਰ ਹੁਣ ਸਮੇਂ ਨਾਲ ਸਮਝੌਤਾ ਕਰਕੇ ਉਹ ਇਕ-ਇਕ ਝੁਮਕਾ ਹੀ ਪਾਉਣ ਲੱਗ ਪਈ ਹੈ।
ਉਸਦੇ ਪਤੀ ਨੇ ਕੋਈ ਉਤਰ ਨਾ ਦਿੱਤਾ ਤੇ ਅੱਖਾਂ ਬੰਦ ਕਰਕੇ ਕੁਰਸੀ ਦੀ ਪਿੱਠ ਨਾਲ ਸਿਰ ਟਿਕਾ ਲਿਆ ਤਾਂ ਉਹ ਸ਼ਲਗਮਾਂ ਵਾਲਾ ਛਿੱਕੂ ਚੁੱਕ ਕੇ ਬਾਹਰ ਜਾਣ ਲਈ ਉਠਦੀ ਹੋਈ ਬੋਲੀ, “ਰੋਟੀ ਬਣਾਵਾਂ? ਪ੍ਰੀਤਮ ਤੇ ਅਸ਼ੋਕ ਵੀ ਆਉਂਦੇ ਈ ਹੋਣਗੇ।”
“ਕਿੱਥੇ ਗਏ ਨੇ ਉਹ?”
“ਕਿਸੇ ਯਾਰ-ਦੋਸਤ ਕੋਲ ਬੈਠੇ ਗੱਪਾਂ ਮਾਰ ਰਹੇ ਹੋਣਗੇ।”
ਉਹ ਬਾਹਰ ਚਲੀ ਗਈ। ਸਾਈਂ ਦਾਸ ਫੇਰ ਆਪਣੀਆਂ ਸੋਚਾਂ ਵਿਚ ਗਵਾਚ ਗਿਆ। ਠਾਕਰ ਦਾਸ ਹੁਰਾਂ ਨਾਲ ਆਪਣੇ ਸੰਬੰਧਾਂ ਬਾਰੇ ਸੋਚਣ ਲੱਗਿਆ। ਉਹਨਾਂ ਨੂੰ ਇਸ ਸ਼ਹਿਰ ਵਿਚ ਆਇਆਂ ਕਿੰਨੇ ਸਾਲ ਹੋ ਗਏ ਨੇ? ਸਮਾਂ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ। ਜਦੋਂ ਉਹ ਏਥੇ ਆਏ ਸਨ, ਉਹਨਾਂ ਦੇ ਬੱਚੇ ਛੋਟੇ-ਛੋਟੇ ਸਨ—ਤੇ ਹੁਣ ਸੁੱਖ ਨਾਲ ਵਿਆਹੁਣ-ਵਰਨ ਵਾਲੇ ਹੋ ਚੁੱਕੇ ਨੇ। ਠਾਕਰ ਦਾਸ ਮੁੰਡੇ ਦੀ ਬਾਰਾਤ ਲੈ ਕੇ ਤਿੰਨ ਸੌ ਮੀਲ ਦੂਰ ਇਕ ਓਪਰੇ ਸ਼ਹਿਰ ਵਿਚ ਜਾਏਗਾ—ਸਰਦੀਆਂ ਦਾ ਮੌਸਮ, ਲੰਮਾਂ ਸਫ਼ਰ ਤੇ ਪ੍ਰੇਸ਼ਾਨੀ! ਊਂਹ! ਖ਼ੈਰ, ਲੇਖਾਂ-ਸੰਜੋਗਾਂ ਦੀ ਗੱਲ ਹੈ!
ਉਦੋਂ ਹੀ ਉਸਦੇ ਕੰਨਾਂ ਵਿਚ ਤੁਰੇ ਆਉਂਦੇ ਪੈਰਾਂ ਦਾ ਖੜਾਕ ਤੇ ਕਈ ਜਣਿਆਂ ਦੇ ਗੱਲਾਂ ਕਰਨ ਦੀ ਭਿਣਭਿਣਾਹਟ ਜਿਹੀ ਪਈ। ਉਸਨੇ ਅੱਖਾਂ ਖੋਲ੍ਹੀਆਂ ਤੇ ਗਰਦਨ ਭੁਆਂ ਕੇ ਵਿਹੜੇ ਵੱਲ ਦੇਖਿਆ—ਕੁਝ ਕੁੜੀਆਂ ਉਸਦੀ ਪਤਨੀ ਨਾਲ ਗੱਲਾਂ ਕਰ ਰਹੀਆਂ ਸਨ। ਜਦੋਂ ਉਹ ਚਲੀਆਂ ਗਈਆਂ ਤਾਂ ਉਸਦੀ ਪਤਨੀ ਨੇ ਅੰਦਰ ਆ ਕੇ ਦੱਸਿਆ, “ਠਾਕਰ ਦਾਸ ਦੀਆਂ ਕੁੜੀਆਂ ਸਨ, ਗੀਤਾਂ ਦਾ ਸੱਦਾ ਦੇਣ ਆਈਆਂ ਸੀ। ਮੈਂ ਤਾਂ ਸਾਫ ਕਹਿ ਦਿੱਤਾ ਬਈ ਮੇਰੇ ਤਾਂ ਜੋੜਾਂ 'ਚ ਦਰਦ ਰਹਿੰਦਾ ਏ, ਮੈਂ ਨਹੀਂ ਆ ਸਕਾਂਗੀ...ਸਰਲਾ ਨੂੰ ਭੇਜ ਦਿਆਂਗੀ।”
ਉਹ ਰਸੋਈ ਵਿਚ ਚਲੀ ਗਈ। ਸਾਈਂ ਦਾਸ ਫੇਰ ਆਪਣੀਆਂ ਸੋਚਾਂ ਵਿਚ ਡੁੱਬ ਗਿਆ—ਸਰਲਾ ਅਗਲੇ ਸਾਲ ਐਮ.ਏ. ਕਰ ਲਏਗੀ। ਉਹ ਪ੍ਰੋਵੀਡੈਂਟ ਫੰਡ ਵਿਚੋਂ ਲੋਨ ਲੈ ਲਏਗਾ। ਕਲੇਮ ਦੀ ਰਕਮ ਦਾ ਕੀ ਭਰੋਸਾ, ਕਦੋਂ ਮਿਲੇਗੀ? ਕੁੜੀ ਦੇ ਹੱਥ ਪੀਲੇ ਤਾਂ ਕਰਨੇ ਹੀ ਹੋਏ। ਰੱਬ ਨੂੰ ਮੰਜ਼ੂਰ ਹੋਇਆ ਤਾਂ ਇਹੀ ਮਕਾਨ ਅਲਾਟ ਹੋ ਜਾਏਗਾ। ਚਾਰ ਵੱਡੇ-ਵੱਡੇ ਕਮਰੇ ਨੇ ਤੇ ਇਕ ਖੁੱਲ੍ਹਾ-ਡੁੱਲ੍ਰਾ ਵਿਹੜਾ। ਕਿਸੇ ਮੁਸਲਮਾਨ ਦਾ ਹੈ। ਉਹ ਵਿਚਾਰਾ ਵੀ ਪਾਕਿਸਤਾਨ ਵਿਚ ਕਿਸੇ ਹਿੰਦੂ ਦੇ ਮਕਾਨ ਵਿਚ ਆਪਣੀ ਇੱਜ਼ਤ-ਆਬਰੂ ਸਮੇਟੀ ਬੈਠਾ ਹੋਏਗਾ। ਉਸਨੂੰ ਵੀ ਆਪਣੇ-ਪਰਾਇਆਂ ਦੇ ਕਈ ਦੁੱਖ ਸਤਾਅ ਰਹੇ ਹੋਣਗੇ। ਉਹ ਵੀ ਲੋਕਾਂ ਦੇ ਬਦਲੇ ਹੋਏ ਰਵੱਈਏ ਦੀਆਂ ਸ਼ਿਕਾਇਤਾਂ ਕਰਦਾ ਹੋਏਗਾ। ਆਪਣੇ ਸਦੀਆਂ ਪੁਰਾਣੇ ਠਿਕਾਣੇ ਤੋਂ ਉੱਖੜ ਕੇ ਬੰਦਾ ਹਰ ਥਾਂ ਦੁੱਖ ਹੀ ਭੋਗਦਾ ਹੈ। ਪਰ—ਸਭ ਦਿਨ ਹੋਤ ਨਾ ਏਕ ਸਮਾਨ। ਮੁਸੀਬਤਾਂ ਬੱਦਲਾਂ ਵਾਂਗ ਜ਼ਿੰਦਗੀ ਉੱਤੇ ਛਾ ਜਾਂਦੀਆਂ ਨੇ—ਬੱਦਲ ਗਰਜਦੇ ਨੇ, ਵਰ੍ਹਦੇ ਨੇ ਤੇ ਖਾਲੀ ਹੋ ਕੇ ਉੱਡ-ਪੁੱਡ ਜਾਂਦੇ ਨੇ। ਆਸਮਾਨ ਸਾਫ ਹੋ ਜਾਂਦਾ ਹੈ; ਫੇਰ ਧੁੱਪ ਵੀ ਨਿਕਲ ਆਉਂਦੀ ਹੈ। ਅੱਖਾਂ ਬੰਦ ਕਰੀ ਪਿਆ ਸਾਈਂ ਦਾਸ ਮੁਸਕਰਾਉਣ ਲੱਗ ਪਿਆ...ਜਾਪਦਾ ਸੀ, ਇਸ ਵਿਚਾਰ ਨੇ ਉਸਦੇ ਮਨ ਨੂੰ ਕਾਫੀ ਤਸੱਲੀ ਦਿੱਤੀ ਹੈ।
ਫੇਰ ਉਸਨੇ ਅੱਧੀਆਂ ਕੁ ਅੱਖਾਂ ਖੋਲ੍ਹ ਕੇ ਅੱਲਾ ਅਕਬਰ ਵੱਲ ਦੇਖਿਆ। ਕੁਝ ਚਿਰ ਦੇਖਦਾ ਰਿਹਾ—ਉਸਨੇ ਦੇਖਿਆ, ਉਹ ਕਾਲੇ ਮੋਟੇ ਅੱਖਰ ਫੈਲਦੇ ਜਾ ਰਹੇ ਨੇ; ਉਸਦੀਆਂ ਅੱਖਾਂ ਦੇ ਬਿਲਕੁਲ ਨੇੜੇ ਆ ਰਹੇ ਨੇ; ਇਕ ਦੂਜੇ ਵਿਚ ਗਡਮਡ ਹੁੰਦੇ ਜਾ ਰਹੇ ਨੇ ਤੇ ਇਕ ਮੋਟੀ ਲਕੀਰ ਦਾ ਰੂਪ ਧਾਰ ਕੇ ਧਰਤੀ ਤੋਂ ਆਕਾਸ਼ ਤਕ ਫ਼ੈਲ ਗਏ ਨੇ। ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਤੇ ਹੰਝੂ ਵਹਿ ਨਿਕਲੇ।
ਅਚਾਨਕ ਉਸਦੇ ਕੰਨਾਂ ਵਿਚ ਫੇਰ ਕੁਝ ਆਵਾਜ਼ਾਂ ਪਈਆਂ। ਉਸਨੇ ਪੂਰੀਆਂ ਅੱਖਾਂ ਖੋਲ੍ਹੀਆਂ ਤੇ ਹੰਝੂ ਪੂੰਝ ਲਏ। ਸਿਰ ਚੁੱਕ ਕੇ ਦੇਖਿਆ—ਉਸਦੇ ਦੋਵੇਂ ਮੁੰਡੇ ਆ ਰਹੇ ਨੇ। ਲੰਮੇ-ਉੱਚੇ ਕੱਦ, ਗੋਰੇ ਨਿਛੋਹ ਰੰਗ ਤੇ ਲਾਲ-ਸੁਰਖ ਚਿਹਰੇ। ਉਹਨਾਂ ਨੇ ਖੁੱਲ੍ਹੀ ਮੋਹਰੀ ਵਾਲੀਆਂ ਪੈਂਟਾਂ ਪਾਈਆਂ ਹੋਈਆਂ ਸਨ ਤੇ ਫ਼ਿਲਮੀ ਐਕਟਰਾਂ ਵਾਂਗ ਵਾਲ ਵਧਾਏ ਹੋਏ ਸਨ। ਹੱਥ ਪੈਂਟਾਂ ਦੀਆਂ ਜੇਬਾਂ ਵਿਚ ਸਨ ਤੇ ਚਿਹਰਿਆਂ ਉੱਤੇ ਮੁਸਕਾਨ ਸੀ। ਉਹਨਾਂ ਦੇ ਪਿੱਛੇ-ਪਿੱਛੇ ਸਰਲਾ ਆ ਰਹੀ ਸੀ—ਆਪਣੇ ਸੁਨਹਿਰੀ ਵਾਲਾਂ ਦੀ ਗੁੱਤ ਨੂੰ ਵਾਰੀ-ਵਾਰੀ ਖੋਲ੍ਹਦੀ ਤੇ ਗੁੰਦਦੀ ਹੋਈ। ਕੱਦ-ਕਾਠ ਤੇ ਸਿਹਤ ਪੱਖੋਂ ਉਹ ਵੀ ਆਪਣੇ ਭਰਾਵਾਂ 'ਤੇ ਗਈ ਸੀ। ਲੰਮੀ, ਉੱਚੀ ਤੇ ਪਤਲੀ।
“ਪਿਤਾ ਜੀ, ਅਸੀਂ ਤਿਰਲੋਕ ਦੀ ਬਾਰਾਤ ਜਾਵਾਂਗੇ।”
“ਹਾਂ ਪਿਤਾ ਜੀ, ਬੜਾ ਜ਼ੋਰ ਪਾ ਰਿਹੈ—ਨਹੀਂ ਤੇ ਨਾਰਾਜ਼ ਹੋ ਜਾਏਗਾ।”
ਸਰਲਾ ਭਰਾਵਾਂ ਦੇ ਪਿੱਛੋਂ ਨਿਕਲ ਕੇ ਪਿਓ ਕੋਲ ਕੁਰਸੀ ਦੇ ਹੱਥੇ ਉੱਤੇ ਆ ਬੈਠੀ ਤੇ ਉਸਦੀ ਕਮੀਜ਼ ਦੇ ਬਟਨ ਬੰਦ ਕਰਦੀ ਹੋਈ ਬੋਲੀ, “ਪਿਤਾ ਜੀ ਮੈਂ ਵੀ ਜਾਵਾਂਗੀ—ਪੁਸ਼ਪਾ ਮੈਨੂੰ ਨਾਲ ਲਿਜਾਏ ਬਿਨਾਂ ਟਲਣ ਵਾਲੀ ਨਹੀਂ। ਤੁਸੀਂ ਤਾਂ ਜਾਣਦੇ ਈ ਓ, ਉਹ ਮੇਰੀ ਕਲਾਸ ਫ਼ੈਲੋ ਏ ਤੇ ਕਿੰਨੀ ਪੱਕੀ ਫਰੈਂਡ ਵੀ।”
ਸਾਈਂ ਦਾਸ ਨੇ ਵਾਰੀ-ਵਾਰੀ ਸਾਰਿਆਂ ਦੇ ਚਿਹਰੇ ਵੱਲ ਦੇਖਿਆ ਤੇ ਜ਼ਰਾ ਉੱਚੀ ਆਵਾਜ਼ ਵਿਚ ਆਪਣੀ ਪਤਨੀ ਨੂੰ ਸੁਣਾਉਣ ਲਈ ਬੋਲਿਆ, “ਲੈ ਸੁਣ ਲੈ! ਇਹ ਸਾਰੇ ਈ ਬਾਰਾਤ ਜਾਣਗੇ—ਜਿਵੇਂ ਉਹ ਲੋਕ ਸੱਚਮੁੱਚ ਇਹਨਾਂ ਨੂੰ ਨਾਲ ਲਿਜਾਏ ਬਗ਼ੈਰ ਰਵਾਨਾ ਹੀ ਨਹੀਂ ਹੋਣ ਲੱਗੇ।”
ਉਸਦੀ ਪਤਨੀ ਨੇ ਰਸੋਈ ਵਿਚੋਂ ਜਵਾਬ ਦਿੱਤਾ, “ਜੰਜ ਪਰਾਈ, ਸੁਥਰਾ ਨੱਚੇ—ਇਹਨਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਏ, ਤੁਸੀਂ ਓ ਸਮਝਾਓ।”
“ਨਹੀਂ ਪਿਤਾ ਜੀ! ਅਸੀਂ ਜ਼ਰੂਰ ਜਾਵਾਂਗੇ। ਏਸ ਬਹਾਨੇ ਮੇਰਠ ਵੀ ਦੇਖ ਲਵਾਂਗੇ। ਮੇਰਠ ਅਸੀਂ ਅੱਜ ਤਕ ਨਹੀਂ ਗਏ।”
“ਓਇ ਬਈ ਜੇ ਸੈਰ ਸਪਾਟਾ ਈ ਕਰਨਾ ਏਂ ਤਾਂ ਕਿਸੇ ਹੋਰ ਬਹਾਨੇ ਚਲੇ ਜਾਇਓ ਓਥੇ! ਗਰਮੀਆਂ ਦੀਆਂ ਛੁੱਟੀਆਂ ਵਿਚ!”
“ਨਹੀਂ ਪਿਤਾ ਜੀ, ਪਲੀਜ਼! ਮੇਰੀਆਂ ਸਾਰੀਆਂ ਫਰੈਂਡਜ਼ ਜਾ ਰਹੀਆਂ ਨੇ।”
“ਅੱਛਾ-ਅੱਛਾ ਹਟੋ ਏਥੋਂ। ਸੋਚਾਂਗੇ, ਅਜੇ ਤਾਂ ਕਈ ਦਿਨ ਪਏ ਨੇ।”
“ਕਿੱਥੇ ਕਈ ਦਿਨ ਪਏ ਨੇ—ਤੁਸੀਂ ਵੀ ਕਮਾਲ ਕਰਦੇ ਓ। ਪਰਸੋਂ ਬਾਰਾਤ ਜਾਣੀ ਏਂ, ਸ਼ਾਮ ਦੀ ਗੱਡੀ।”
“ਪਰ ਪੁੱਤਰ, ਉਹਨਾਂ ਨਾਲ ਹੁਣ ਆਪਣੇ ਉਹ ਸੰਬੰਧ ਨਹੀਂ ਰਹੇ ਕਿ ਸਾਰਾ ਟੱਬਰ ਹੀ ਉਠ ਕੇ ਤੁਰ ਪਈਏ। ਬਸ ਇਕ ਜਣਾ ਚਲਾ ਜਾਏ, ਤੁਹਾਡੇ ਵਿਚੋਂ ਕੋਈ ਵੀ।”
ਤਿੰਨਾਂ ਬੱਚਿਆਂ ਦੇ ਚਿਹਰੇ ਉੱਤੇ ਉਦਾਸੀ ਛਾ ਗਈ। ਰੋਟੀ ਵੇਲੇ ਵੀ ਉਹ ਮੂੰਹ ਲਟਕਾਅ ਕੇ ਬੈਠੇ ਰਹੇ। ਬੜੀ ਬੇ-ਦਿਲੀ ਜਿਹੀ ਨਾਲ ਰੋਟੀ ਖਾਣੀ ਸ਼ੁਰੂ ਕੀਤੀ ਗਈ। ਉਦੋਂ ਹੀ ਸਾਂਝੀ ਕੰਧ ਦੇ ਪਰਲੇ ਪਾਰੋਂ ਢੋਲਕੀ ਦੇ ਵੱਜਣ ਤੇ ਗੀਤ ਗਾਉਣ ਦੀ ਆਵਾਜ਼ ਆਉਣ ਲੱਗੀ ਤਾਂ ਉਹ ਤਿੰਨੇ ਆਪਣੇ ਪਿਤਾ ਤੇ ਮਾਂ ਦੇ ਚਿਹਰਿਆਂ ਵੱਲ ਤੱਕਣ ਲੱਗ ਪਏ। ਕੋਈ ਕੁੜੀ ਬੜੀ ਸੁਰੀਲੀ ਆਵਾਜ਼ ਵਿਚ ਗਾ ਰਹੀ ਸੀ—'ਮੇਰਾ ਮਨ ਡੋਲੇ, ਮੇਰਾ ਤਨ ਡੋਲੇ, ਮੇਰੇ ਦਿਲ ਕਾ ਗਿਆ ਕਰਾਰ...!'
ਬੱਚਿਆਂ ਨੂੰ ਆਪਣੇ ਮਾਂ-ਪਿਓ ਦੇ ਚਿਹਰਿਆਂ ਉੱਤੇ ਉਮੀਦ ਦੀ ਕੋਈ ਝਲਕ ਨਾ ਦਿੱਸੀ ਤਾਂ ਉਹ ਇਕ ਦੂਜੇ ਵੱਲ ਬੁਝੀਆਂ-ਬੁਝੀਆਂ ਜਿਹੀਆਂ ਅੱਖਾਂ ਨਾਲ ਦੇਖਣ ਲੱਗੇ। ਇਹ ਸੋਚ ਕੇ ਸਰਲਾ ਨੂੰ ਤਾਂ ਬੁਰਕੀ ਲੰਘਾਉਣੀ ਵੀ ਔਖੀ ਹੋਈ ਹੋਈ ਸੀ ਕਿ ਪਤਾ ਨਹੀਂ, ਉਸਨੂੰ ਗੀਤਾਂ 'ਤੇ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਏਗੀ ਜਾਂ ਨਹੀਂ! ਪਰ ਅਚਾਨਕ ਉਸਦੀ ਮਾਂ ਨੇ ਇਹ ਕਹਿ ਕੇ ਉਸਦੀ ਨਿਰਾਸ਼ਾ ਨੂੰ ਬੇਹੱਦ ਖੁਸ਼ੀ ਵਿਚ ਬਦਲ ਦਿੱਤਾ—
“ਰੋਟੀ ਖਾ ਕੇ ਕੁੜੀਏ, ਤੂੰ ਜ਼ਰਾ ਉਹਨਾਂ ਦੇ ਗੀਤਾਂ 'ਤੇ ਜਾ ਆਵੀਂ।”
ਉਸਨੇ ਹੱਥਲੀ ਰੋਟੀ ਫਟਾਫਟ ਅੰਦਰ ਸੁੱਟੀ, ਪਾਣੀ ਦੇ ਦੋ ਘੁੱਟ ਪੀਤੇ ਤੇ ਸਲੀਪਰਾਂ ਵਿਚ ਪੈਰ ਅੜਾ ਕੇ ਇਕੋ ਛਾਲ ਵਿਚ ਬਾਹਰ ਨਿਕਲ ਗਈ।
ਪ੍ਰੀਤਮ ਤੇ ਅਸ਼ੋਕ ਵੀ ਜਲਦੀ ਜਲਦੀ ਰੋਟੀ ਮੁਕਾਅ ਕੇ ਉਠੇ ਤੇ ਬਾਹਰ ਜਾਣ ਲੱਗੇ ਤਾਂ ਸਾਈਂ ਦਾਸ ਨੇ ਪੁੱਛਿਆ...:
“ਤੁਸੀਂ ਕਿੱਧਰ ਚੱਲੇ ਓ?”
“ਜ਼ਰਾ ਤਿਰਲੋਕ ਕੇ ਚੱਲੇ ਆਂ, ਪਿਤਾ ਜੀ। ਉੱਥੇ ਸਾਡੇ ਕਈ ਦੋਸਤ ਆਏ ਹੋਏ ਨੇ—ਬਸ, ਹੁਣੇ ਆਏ।”
ਸਾਈਂ ਦਾਸ ਹੁੱਕਾ ਤਾਜ਼ਾ ਕਰਕੇ ਫੇਰ ਕਮਰੇ ਵਿਚ ਜਾ ਬੈਠਾ। ਸਵੇਰ ਦਾ ਅਖ਼ਬਾਰ ਸਾਹਮਣੇ ਰੱਖ ਲਿਆ। ਉਹ ਅਖ਼ਬਾਰ ਦਾ ਇਕ ਅੱਧਾ ਸਫਾ ਸਿਰਫ ਰਾਤ ਨੂੰ ਪੜ੍ਹਨ ਲਈ ਹੀ ਛੱਡ ਦਿੰਦਾ ਹੁੰਦਾ ਸੀ। ਉਸਦੀ ਪਤਨੀ ਵੀ ਰਸੋਈ ਦਾ ਕੰਮ ਨਿਬੇੜ ਕੇ ਆਪਣੇ ਬਿਸਤਰੇ ਉੱਤੇ ਆ ਬੈਠੀ। ਉਸਦੇ ਹੱਥ ਵਿਚ ਇਕ ਨਿੱਕੀ ਜਿਹੀ ਕੌਲੀ ਵੀ ਸੀ, ਜਿਸ ਵਿਚ ਉਹ ਤੇਲ ਗਰਮ ਕਰਕੇ ਲਿਆਈ ਸੀ। ਉਹ ਤੇਲ ਵਿਚ ਉਂਗਲਾਂ ਭਿਉਂ-ਭਿਉਂ ਕੇ ਆਪਣੇ ਗੋਡਿਆਂ ਤੇ ਪਿੰਜਨੀਆਂ ਦੀ ਮਾਲਸ਼ ਕਰਨ ਲੱਗ ਪਈ।
ਗੁਆਂਢ ਵਿਚ ਗੀਤਾਂ ਦੀਆਂ ਆਵਾਜ਼ਾਂ ਉੱਚੀਆਂ ਹੁੰਦੀਆਂ ਗਈਆਂ ਤੇ ਉਹ ਨੱਕ ਚੜ੍ਹਾ ਕੇ ਬੋਲੀ, “ਅੱਜ ਕਲ੍ਹ ਤਾਂ ਸੜੀਆਂ ਫ਼ਿਲਮਾਂ ਦੇ ਗਾਣੇ ਈ ਗਾਏ ਜਾਣ ਲੱਗ ਪਏ ਨੇ, ਹਰ ਜਗ੍ਹਾ। ਸੁਣ-ਸੁਣ ਕੇ ਕੰਨ ਪੱਕ ਗਏ ਨੇ।”
“ਹੂੰ!” ਸਾਈਂ ਦਾਸ ਆਪਣੇ ਹੁੱਕੇ ਦੀ ਗੁੜ-ਗੁੜ ਤੇ ਅਖ਼ਬਾਰ ਦੀਆਂ ਖ਼ਬਰਾਂ ਵਿਚ ਗਵਾਚਿਆ ਹੋਇਆ ਸੀ। ਉਸਦੀ ਪਤਨੀ ਨੇ ਗੱਲ ਨੂੰ ਦਹੁਰਾਉਣਾ ਠੀਕ ਨਹੀਂ ਸਮਝਿਆ। ਉਸਨੇ ਗੋਡਿਆਂ ਤੇ ਪਿੰਜਨੀਆਂ ਦੀ ਮਾਲਸ਼ ਕਰਕੇ ਤੇਲ ਨਾਲ ਗੱਚ ਹੱਥਾਂ ਨੂੰ ਆਪਣੇ ਸਿਰ ਦੇ ਚਿੱਟੇ ਵਾਲਾਂ ਉੱਤੇ ਮਲ ਲਿਆ—ਜਿਹੜੇ ਮਹਿੰਦੀ ਲਾਉਣ ਕਰਕੇ ਡੱਬ-ਖੱੜਬੇ ਜਿਹੇ ਹੋਏ ਹੋਏ ਸਨ। ਉਸੇ ਪਲ ਇਕ ਗਾਣੇ ਦੀ ਸੁਰੀਲੀ ਆਵਾਜ਼ ਕਮਰੇ ਵਿਚ ਆਈ—'ਸਈਆਂ ਝੂਠੋਂ ਕਾ ਬੜਾ ਸਰਤਾਜ ਨਿਕਲਾ!' ਤਾਂ ਸਾਈਂ ਦਾਸ ਨੇ ਹਿਰਖ ਕੇ ਅਖ਼ਬਾਰ ਪਰ੍ਹਾਂ ਸੁੱਟ ਦਿੱਤਾ ਤੇ ਕੜਕ ਕੇ ਆਪਣੀ ਪਤਨੀ ਨੂੰ ਕਿਹਾ...:
“ਜਾਹ, ਜਾ ਕੇ ਸਰਲਾ ਨੂੰ ਬੁਲਾਅ ਲਿਆ। ਜਿਹਨਾਂ ਦੇ ਬੈਠੀ ਸੰਘ ਪਾੜੀ ਜਾਂਦੀ ਏ—ਕੀ ਲੱਗਦੇ ਨੇ ਉਹ ਸਾਡੇ?”
ਧੀ ਦੇ ਗਾਉਣ ਦੀ ਆਵਾਜ਼ ਸੁਣ ਕੇ ਮਾਂ ਦੇ ਚਿਹਰੇ ਦੀਆਂ ਸਿਲਵਟਾਂ ਵਿਚ ਵੀ ਕੁਸੈਲ ਘੁਲ ਗਈ ਸੀ। ਉਸਨੇ ਹੁਣੇ-ਹੁਣੇ ਲੱਤਾਂ ਉੱਤੇ ਗਰਮ-ਗਰਮ ਤੇਲ ਦੀ ਮਾਲਸ਼ ਕੀਤੀ ਸੀ ਤੇ ਰਜਾਈ ਵਿਚ ਵੜਨ ਹੀ ਲੱਗੀ ਸੀ।...ਪਰ ਧੀ ਨੂੰ ਵਰਜਣਾ ਵੀ ਜ਼ਰੂਰੀ ਸੀ—ਉਸਦੇ ਬਿਨਾਂ ਹੋਰ ਕੌਣ ਜਾਏ! ਉਸਨੇ ਛੇਤੀ-ਛੇਤੀ ਦੋਵਾਂ ਲੱਤਾਂ ਉੱਤੇ ਊਨੀਂ ਪੱਟੀਆਂ ਲਪੇਟੀਆਂ ਤੇ ਲੰਗੜਾਉਂਦੀ ਹੋਈ ਬਾਹਰ ਨਿਕਲ ਗਈ।
ਜਦੋਂ ਤਕ ਸਰਲਾ ਦੇ ਗਾਉਣ ਦੀ ਆਵਾਜ਼ ਆਉਂਦੀ ਰਹੀ, ਸਾਈਂ ਦਾਸ ਦਾ ਧਿਆਨ ਨਾ ਤਾਂ ਅਖ਼ਬਾਰ ਵੱਲ ਪਰਤਿਆ ਤੇ ਨਾ ਹੀ ਹੁੱਕੇ ਵੱਲ। ਕੁਝ ਮਿੰਟਾਂ ਪਿੱਛੋਂ ਸਰਲਾ ਦੀ ਆਵਾਜ਼ ਆਉਣੀ ਬੰਦ ਹੋ ਗਈ ਤਾਂ ਉਸਨੇ ਫੇਰ ਅਖ਼ਬਾਰ ਆਪਣੇ ਵੱਲ ਸਰਕਾ ਲਿਆ ਤੇ ਹੁੱਕੇ ਦੇ ਸੂਟੇ ਲਾਉਣ ਲੱਗ ਪਿਆ। ਪਰ ਅਜੇ ਕੁਝ ਸੱਤਰਾਂ ਹੀ ਪੜ੍ਹੀਆਂ ਸਨ ਕਿ ਉਸਦੇ ਕੰਨਾਂ ਵਿਚ ਇਕ ਅਜੀਬ ਜਿਹੀ ਆਵਾਜ਼ ਪਈ, ਜਿਵੇਂ ਉਹ ਬੜੀ ਦੂਰੋਂ ਆ ਰਹੀ ਹੋਵੇ—ਸੱਤ ਸਮੁੰਦਰਾਂ ਤੇ ਸੱਤ ਪਹਾੜਾਂ ਨੂੰ ਪਾਰ ਕਰਕੇ। ਪਰ ਬੜੀ ਜਾਣੀ-ਪਛਾਣੀ ਜਿਹੀ ਆਵਾਜ਼ ਸੀ ਇਹ! ਢੋਲਕੀ ਤੇ ਘੁੰਗਰੂਆਂ ਦੀ ਤਾਲ ਉੱਤੇ ਕੋਈ ਔਰਤ ਗਾ ਰਹੀ ਸੀ...:
ਮੈਂ ਆਈ ਮਾਹੀਆ ਤੂੰ ਮਿਲ ਵੇ
ਮੈਂਢਾ ਬਹੁੰ ਕਰੇਂਦਾ ਏ ਦਿਲ ਵੇ
ਭਾਵੇਂ ਜਾਣੇ ਭਾਵੇਂ ਨਾ ਜਾਣੇ
ਮੈਂਢਾ ਢੋਲ ਜਵਾਨੀਆਂ ਮਾਣੇ
ਸਾਈਂ ਦਾਸ ਨੇ ਫੇਰ ਅਖ਼ਬਾਰ ਇਕ ਪਾਸੇ ਰੱਖ ਦਿੱਤਾ। ਪਰ ਹੁੱਕੇ ਦੀ ਨੜੀ ਉਸਦੇ ਬੁੱਲ੍ਹਾਂ ਨਾਲ ਹੀ ਲੱਗੀ ਰਹਿ ਗਈ ਸੀ। ਉਹ ਉਦਾਸ ਜਿਹਾ ਹੋ ਕੇ ਖਲਾਅ ਵਿਚ ਘੂਰਨ ਲੱਗਿਆ। ਕਿੰਨੀ ਸਾਫ, ਸੁਰੀਲੀ ਤੇ ਤਲਵਾਰ ਦੀ ਧਾਰ ਵਰਗੀ ਆਵਾਜ਼ ਸੀ ਇਹ! ਸੈਂਕੜੇ ਮੀਲਾਂ ਤਕ ਫੈਲੇ ਹੋਏ ਹਨੇਰਿਆਂ ਤੇ ਸਮੁੰਦਰਾਂ ਦੀ ਡੂੰਘਾਈ ਵਿਚ ਵਾਪਰੀ ਚੁੱਪ ਨੂੰ ਚੀਰਦੀ ਹੋਈ, ਉਸਦੇ ਦਿਲ ਦੇ ਤਾਰ ਛੇੜ ਰਹੀ ਸੀ। ਉਸਨੂੰ ਕੌਣ ਬੁਲਾ ਰਿਹਾ ਸੀ? ਕੌਣ ਉਸਦੇ ਸੁੱਤੇ ਹੋਏ ਜਜ਼ਬਾਤਾਂ ਨੂੰ ਹਲੂਣ ਰਿਹਾ ਸੀ? ਅਰਸਾ ਪਹਿਲਾਂ ਵੀ ਉਸਨੇ ਅਜਿਹੀ ਹੀ ਇਕ ਆਵਾਜ਼ ਸੁਣੀ ਸੀ; ਇਹੀ ਬੋਲ ਸੁਣੇ ਸਨ—ਉਦੋਂ ਉਹ ਵੀਹ ਕੁ ਸਾਲ ਦਾ ਗਭਰੂ-ਜਵਾਨ ਹੁੰਦਾ ਸੀ, ਸਿਰ ਉੱਤੇ ਲੰਮੇ-ਲੰਮੇ ਵਾਲ ਰੱਖਦਾ ਸੀ ਤੇ ਨਿੱਕੀਆਂ-ਨਿੱਕੀਆਂ ਭੂਰੀਆਂ ਮੁੱਛਾਂ ਰੱਖੀਆਂ ਹੁੰਦੀਆਂ ਸਨ। ਪੱਛਮੀ ਪੰਜਾਬ ਵਿਚ ਦਰਿਆ-ਏ-ਸਿੰਧ ਦੇ ਕਿਨਾਰੇ ਸ਼ਾਂਤਮਈ, ਠੰਡੀ-ਸੁਨਹਿਰੀ ਰੇਤ ਦੇ ਟਿੱਬਿਆਂ ਵਿਚਕਾਰ ਵੱਸਦੇ ਇਲਾਕੇ ਵਿਚ ਉਹ ਆਪਣੇ ਦੋਸਤਾਂ ਨਾਲ ਮਾਹੀਆ ਗਾਉਂਦਾ ਫਿਰਦਾ ਹੁੰਦਾ ਸੀ। ਉਸਦੇ ਬੁੱਲ੍ਹਾਂ ਵਿਚੋਂ ਨਿਕਲੇ ਹੋਏ ਬੋਲ ਜਦੋਂ ਚਾਨਣੀਆਂ ਰਾਤਾਂ ਵਿਚ ਉਡਦੇ ਹੋਏ ਜਵਾਨ ਕੁਆਰੀਆਂ ਦੇ ਕੰਨਾਂ ਤਕ ਜਾ ਪਹੁੰਚਦੇ ਤਾਂ ਉਹ ਆਪਣੀਆਂ ਛੱਤਾਂ ਦੇ ਬਨੇਰਿਆਂ ਕੋਲ ਆ ਖਲੋਂਦੀਆਂ ਤੇ ਦਿਸਹੱਦੇ ਤਕ ਫੈਲੀ ਚਾਨਣੀ ਵਿਚ ਵਿਛੇ ਰੇਤ ਦੇ ਟਿੱਬਿਆਂ ਵੱਲ ਤੱਕਦੀਆਂ ਰਹਿੰਦੀਆਂ ਸਨ।
ਅਚਾਨਕ ਸਾਈਂ ਦਾਸ ਨੂੰ ਯਾਦ ਆਇਆ ਕਿ ਉਸਦੀ ਪਤਨੀ ਸਰਲਾ ਨੂੰ ਬੁਲਾਉਣ ਗਈ ਸੀ, ਉਹ ਅਜੇ ਤਕ ਮੁੜ ਕੇ ਨਹੀਂ ਆਈ। ਕੀ ਉਸਨੇ ਵੀ ਇਹ ਆਵਾਜ਼ ਸੁਣੀ ਹੈ? ਜੇ ਸੁਣ ਲੈਂਦੀ ਤਾਂ ਉਹ ਵੀ ਉਸਦੇ ਵਾਂਗ ਹੀ ਹੈਰਾਨ ਰਹਿ ਜਾਂਦੀ। ਉਸਦੇ ਵਾਂਗ ਹੀ ਆਪਣੇ ਆਪ ਨੂੰ ਭੁੱਲ ਜਾਂਦੀ।
ਮੈਂ ਪਾਣੀ ਭਰੇਂਦੀ ਹਾਂ ਰਾਤੀਂ
ਸ਼ਾਲਾ ਵੱਡੀ ਹੋਵੀ ਹਯਾਤੀ
ਭਾਵੇਂ ਜਾਣੇ ਭਾਵੇਂ ਨਾ ਜਾਣੇ
ਮੈਂਢਾ ਢੋਲ ਜਵਾਨੀਆਂ ਮਾਣੇ
ਇਹ ਸਿਰਫ ਆਵਾਜ਼ ਨਹੀਂ ਸੀ, ਕੋਈ ਅਲੌਕਿਕ ਖਿੱਚ ਵੀ ਸੀ ਜਿਹੜੀ ਉਸਨੂੰ ਆਪਣੇ ਵੱਲ ਖਿੱਚ ਰਹੀ ਸੀ, ਉਸਨੂੰ ਬੁਲਾਅ ਰਹੀ ਸੀ। ਲੰਮੀ ਉਮਰ ਦੀਆਂ ਅਸੀਸਾਂ ਦੇ ਰਹੀ ਸੀ ਤੇ ਉਸਦੇ ਸਾਹਮਣੇ ਆਪਣੇ ਦਿਲ ਦੀ ਹਾਲਤ ਵੀ ਬਿਆਨ ਕਰ ਰਹੀ ਸੀ। ਚਾਨਣੀਆਂ ਰਾਤਾਂ ਵਿਚ ਖ਼ੂਹ ਜਾਂ ਨਦੀ ਤੋਂ ਪਾਣੀ ਭਰਨ ਦੇ ਬਹਾਨੇ ਜਾਂਦੀ ਹੋਈ ਉਸਨੂੰ ਮਿਲਣ ਦੀ ਬੇਨਤੀ ਕਰ ਰਹੀ ਸੀ। ਉਸਦੀ ਜਵਾਨੀ ਦਾ ਵਾਸਤਾ ਪਾ ਕੇ ਉਸਨੂੰ ਬੁਲਾਅ ਰਹੀ ਸੀ। ਉਸਨੂੰ ਸਭ ਕੁਝ ਯਾਦ ਸੀ—ਜੀਵਨ ਦੇ ਕਈ ਕਰੜੇ ਪੰਧ ਲੰਘ ਆਉਣ ਪਿੱਛੋਂ ਵੀ ਉਸਨੂੰ ਉਹ ਇਕ-ਇਕ ਪਲ ਯਾਦ ਸੀ; ਇਸ਼ਕੇ ਦੀ ਕਸਕ ਵਿਚ ਲਿਪਟੀਆਂ ਯਾਦਾਂ ਦਾ ਅਹਿਸਾਸ ਅੱਜ ਵੀ ਉਸਦੇ ਦਿਲ ਵਿਚ ਓਵੇਂ ਦਾ ਜਿਵੇਂ ਸੁਰੱਖਿਅਤ ਸੀ। ਉਹ ਭੁੱਲ ਵੀ ਕਿਵੇਂ ਸਕਦਾ ਸੀ ਜੀਵਨ ਦੇ ਉਹਨਾਂ ਵਧੀਆ ਪਲਾਂ ਨੂੰ ਜਿਹੜੇ ਕਦੀ ਪਰਤ ਕੇ ਨਹੀਂ ਆਉਣੇ।
ਉਹ ਹੌਲੀ ਜਿਹੀ ਉਠਿਆ, ਤਹਿਮਦ ਠੀਕ ਕਰਕੇ ਬੰਨ੍ਹਿਆਂ ਤੇ ਬਿਨਾਂ ਖੰਘੂਰਾ ਮਾਰਿਆਂ, ਦੱਬਵੇਂ ਪੈਰੀਂ ਵਿਹੜੇ ਵਿਚੋਂ ਹੁੰਦਾ ਹੋਇਆ ਸਾਂਝੀ ਕੰਧ ਕੋਲ ਜਾ ਖਲੋਤਾ। ਹਨੇਰੇ ਵਿਚ ਉਸਨੇ ਕੰਧ ਨਾਲ ਬਣੇ ਤੰਦੂਰ ਨੂੰ ਟਟੋਲਿਆ, ਉਸਦੀ ਮਜ਼ਬੂਤੀ ਦਾ ਅੰਦਾਜ਼ਾ ਲਾਇਆ ਤੇ ਲੱਕੜ ਦੀ ਕੋਲਿਆਂ ਵਾਲੀ ਪੇਟੀ ਮੂਧੀ ਕਰਕੇ ਉਸ ਉੱਤੇ ਰੱਖ ਲਈ—ਤੇ ਫੇਰ ਸੰਭਲ ਕੇ ਉਸ ਉੱਤੇ ਚੜ੍ਹ ਗਿਆ। ਉਸਦਾ ਸਿਰ ਕੰਧ ਨਾਲੋਂ ਉੱਚਾ ਨਿਕਲ ਸਕਦਾ ਸੀ, ਉਹ ਝਾਕ ਕੇ ਉਧਰ ਦੇਖ ਵੀ ਸਕਦਾ ਸੀ—ਪਰ ਉਸਨੇ ਇੰਜ ਨਹੀਂ ਕੀਤਾ। ਸਿਰ ਝੁਕਾਅ ਕੇ ਬੈਠਾ-ਬੈਠਾ ਹੀ ਗੀਤ ਸੁਣਦਾ ਰਿਹਾ ਜਿਹੜਾ ਉਸਦੇ ਦਿਲ ਦੀ ਪਿਆਸ ਨੂੰ ਬੁਝਾ ਰਿਹਾ ਸੀ ਤੇ ਭੜਕਾ ਵੀ ਰਿਹਾ ਸੀ। ਉਸਨੇ ਇਹ ਨਹੀਂ ਦੇਖਿਆ ਕਿ ਕੌਣ ਗਾ ਰਿਹਾ ਹੈ, ਬਸ ਉਸਦੀ ਕੰਨਾਂ ਵਿਚ ਰਸ ਘੋਲਦੀ ਆਵਾਜ਼ ਦਾ ਸਵਾਦ ਹੀ ਮਾਣਦਾ ਰਿਹਾ—
ਅਸਾਂ ਇੱਥੇ ਤੇ ਮਾਹੀਆ ਸਾਡਾ ਵੜਛੇ
ਕੱਲੀਂ ਰਾਤੀਂ ਪਿਆ ਦਿਲ ਧੜਕੇ
ਭਾਵੇਂ ਜਾਣੇ ਭਾਵੇਂ ਨਾ ਜਾਣੇ
ਮੈਂਢਾ ਢੋਲ ਜਵਾਨੀਆਂ ਮਾਣੇ
ਉਹ ਤੰਦੂਰ ਉੱਤੇ ਰੱਖੀ ਪੇਟੀ ਉੱਤੇ ਗੁੱਛੀ-ਮੁੱਛੀ ਹੋਇਆ ਬੈਠਾ ਸੁਣ ਰਿਹਾ ਸੀ। ਉਸਦੇ ਸਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ ਕਿਉਂਕਿ ਆਉਂਦਾ ਹੋਇਆ ਉਹ ਕਮਰੇ ਦੀ ਬੱਤੀ ਵੀ ਬੁਝਾ ਆਇਆ ਸੀ। ਪਰ ਗੀਤ ਦੇ ਜਾਦੂਈ ਬੋਲਾਂ ਸਦਕਾ, ਹਨੇਰੇ ਵਿਚ ਵੀ ਉਸਦੀਆਂ ਅੱਖਾਂ ਸਾਹਮਣੇ ਇਕ ਫ਼ਿਲਮ ਜਿਹੀ ਚੱਲਣ ਲੱਗ ਪਈ ਸੀ—ਬਰਸਾਤ ਦੀਆਂ ਕਾਲੀਆਂ ਤੇ ਸੁੰਨੀਆਂ ਰਾਤਾਂ ਵਿਚ ਬਾਰੀ ਨਾਲ ਲੱਗ ਕੇ ਖੜ੍ਹੀ, ਆਪਣੇ ਮਹਿਬੂਬ ਦੀ ਉਡੀਕ ਕਰਦੀ ਹੋਈ ਇਕ ਹੁਸੀਨਾਂ! ਉਹ ਕਦੋਂ ਵਾਪਸ ਆਏਗਾ? ਰੋਟੀ-ਰੋਜ਼ੀ ਦੀ ਤਲਾਸ਼ ਉਸਨੂੰ ਕਦੋਂ ਤਕ ਆਪਣੇ ਮਹਿਬੂਬ ਤੋਂ ਵੱਖਰਾ ਰੱਖੇਗੀ?
ਮੈਂ ਇੱਥੇ ਮਾਹੀ ਮੈਂਢਾ ਲੋਹਧਰੇ
ਮੈਂਢਾ ਕੱਲਾ ਪਿਆ ਦਿਲ ਓਹਧਰੇ
ਰੁੱਤ ਮਿਲਣੇ ਦੀ ਢੋਲ ਜਾਨੀਂ
ਢੋਲਕੀ ਦੀ ਚਾਲ ਤੇਜ਼ ਹੋ ਗਈ; ਤਾਲ ਬਦਲ ਗਈ। ਘੁੰਗਰੂਆਂ ਦੇ ਛਣਕਾਟੇ ਤੇ ਔਰਤਾਂ ਤੇ ਕੁੜੀਆਂ ਦੇ ਠਹਾਕੇ ਉੱਚੇ ਹੋ ਗਏ। ਫੇਰ ਇਕ ਹੋਰ ਗੀਤ ਇਕ ਨਵੀਂ ਆਵਾਜ਼ ਵਿਚ ਸ਼ੁਰੂ ਹੋਇਆ—
ਤੈਂਢੀ ਮਾਂ ਤੇ ਮੈਂਢੀ ਮਾਸੀ
ਯਕੇ ਚੁੱਲ੍ਹੇ ਤੇ ਉਹ ਨਾ ਰਾਹਸੀਂ
ਵੱਖਰੀ ਥੀਂ ਦੀ ਆਂ ਢੋਲ ਜਾਨੀ
ਸਾਡੀ ਗਲੀ ਆਵੀਂ ਤੈਂਢੀ ਮੇਹਰਬਾਨੀ
ਹਰ ਵਾਰੀ ਇਕ ਨਵੀਂ ਆਵਾਜ਼ ਵਿਚ ਇਕ ਵੱਖਰੀ ਬੋਲੀ ਪਾਈ ਜਾਣ ਲੱਗੀ—ਇਹਨਾਂ ਬੋਲੀਆਂ ਵਿਚ ਹਾਸਾ-ਮਜ਼ਾਕ, ਵਿਅੰਗ ਤੇ ਚੋਭਾਂ ਤੇ ਜੀਵਨ ਦੇ ਸੱਚ-ਤੱਥ ਪਿਰੋਏ ਹੋਏ ਸਨ। ਨਾਚ-ਗਾਣੇ ਤੇ ਬੋਲੀਆਂ ਦੁਆਰਾ ਇਕ-ਦੂਜੇ ਨੂੰ ਨਿੰਦਿਆ-ਸਲਾਹਿਆ ਜਾ ਰਿਹਾ ਸੀ, ਮਿਹਣੇ ਤੇ ਉਲਾਂਭੇ ਦਿੱਤੇ ਜਾ ਰਹੇ ਸਨ—ਮਨ ਦੀ ਭੜਾਸ ਕਿਸੇ ਹੋਰ ਢੰਗ ਨਾਲ ਕੱਢੀ ਵੀ ਤਾਂ ਨਹੀਂ ਜਾ ਸਕਦੀ। ਇੰਜ ਸਿਰਫ ਗੀਤਾਂ ਰਾਹੀਂ ਹੀ ਸੰਭਵ ਹੋ ਸਕਦਾ ਹੈ—ਗੀਤ ਜੋ ਇਕ ਕੌਮ ਦੀ ਪਛਾਣ ਹੁੰਦੇ ਨੇ, ਸਰਮਾਇਆ ਹੁੰਦੇ ਨੇ, ਸੁਭਾਅ ਹੁੰਦੇ ਨੇ—ਤੇ ਕਿਸੇ ਖਾਸ ਇਲਾਕੇ ਦੀ ਸਭਿਅਤਾ ਤੇ ਸਭਿਆਚਾਰ ਦਾ ਖਜ਼ਾਨਾ ਹੁੰਦੇ ਨੇ। ਇਹ ਕੌਮ ਸੈਂਕੜੇ ਮੀਲ ਦੂਰੋਂ ਅਨੇਕਾਂ ਮੁਸੀਬਤਾਂ ਝੱਲ ਕੇ ਵੀ ਆਪਣੀਆਂ ਰਵਾਇਤਾਂ ਦੀ ਇਸ ਪਟਾਰੀ ਨੂੰ ਹਿੱਕ ਨਾਲ ਲਾ ਕੇ ਆਪਣੇ ਨਾਲ-ਨਾਲ ਲਈ ਫਿਰਦੀ ਸੀ। ਕਿੰਨੀਆਂ ਭੈਣਾ, ਕਿੰਨੇ ਭਰਾ, ਕਿੰਨੇ ਬੱਚੇ ਤੇ ਮਾਂ-ਬਾਪ ਗੰਵਾਅ ਕੇ ਵੀ ਇਸ ਖਜ਼ਾਨੇ ਨੂੰ ਲੁੱਟੇ ਜਾਣ ਤੋਂ ਬਚਾਅ ਲਿਆ ਗਿਆ ਸੀ। ਅੱਜ ਵੜਛਾ ਲਖ਼ਨਊ ਤੋਂ ਬੜੀ ਦੂਰ ਹੈ, ਲੋਧਰਾਂ ਪਰਤ ਜਾਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ—ਪਰ ਉਹਨਾਂ ਇਲਾਕਿਆਂ ਦੀਆਂ ਯਾਦਾਂ, ਉਹਨਾਂ ਦਾ ਹੁਸਨ, ਉਹਨਾਂ ਦੀ ਸਰਦੀ ਤੇ ਗਰਮੀ ਦਿਲਾਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਨਵੀਂ ਪੀੜ੍ਹੀ ਦੇ ਮੁੰਡੇ ਤੇ ਕੁੜੀਆਂ ਇਸ ਬੋਲੀ ਉੱਤੇ ਹੱਸਦੇ ਨੇ, ਹੈਰਾਨ ਹੁੰਦੇ ਨੇ ਕਿਉਂਕਿ ਉਹ ਇਸ ਬੋਲੀ ਦੇ ਹੁਸਨ, ਮੁਹਾਵਰਿਆਂ ਤੇ ਚਟਖਾਰਿਆਂ ਦੇ ਪਾਰਖੂ ਨਹੀਂ ਜਿਸ ਵਿਚ ਇਹ ਗੀਤ ਘੜੇ ਗਏ ਨੇ। ਇਸ ਸਾਦਗੀ, ਹੁਸਨ ਤੇ ਮੋਹ-ਮੁਹੱਬਤ ਭਰੀ ਬੋਲੀ ਦਾ ਰਾਖਾ ਹੁਣ ਕੌਣ ਬਣੇਗਾ? ਹਾਲਾਤ ਨੇ ਉਹਨਾਂ ਨੂੰ ਨਵੀਂ ਧਰਤੀ ਤੇ ਨਵੇਂ ਮਾਹੌਲ ਵਿਚ ਪੈਦਾ ਕੀਤਾ ਹੈ। ਬੋਲਣ ਤੇ ਸਮਝਣ ਲਈ ਇਕ ਨਵੀਂ ਬੋਲੀ ਹੈ। ਕੀ ਉਹਨਾਂ ਦੇ ਵੱਡੇ-ਵਡੇਰਿਆਂ ਦਾ ਸਰਮਾਇਆ ਉਹਨਾਂ ਦੇ ਮਾਂ-ਬਾਪ ਦੇ ਨਾਲ ਹੀ ਖ਼ਤਮ ਹੋ ਜਾਏਗਾ? ਤੀਹ ਤੋਂ ਪੰਜਾਹ ਸਾਲ ਤਕ ਦੀ ਉਮਰ ਦੀਆਂ ਔਰਤਾਂ ਦੀ ਕੋਈ ਟੋਲੀ ਫੇਰ ਇਹ ਗੀਤ ਨਹੀਂ ਗਾਏਗੀ। ਇਹ ਸਾਰੇ ਸੁਰ ਖ਼ਾਮੋਸ਼ ਹੋ ਜਾਣਗੇ। ਇਹ ਤਾਲ ਟੁੱਟ ਜਾਣਗੇ। ਇਹ ਚਿਰਾਗ਼ ਬੁਝ ਜਾਣਗੇ, ਹੌਲੀ ਹੌਲੀ।
ਅਚਾਨਕ ਸਾਈਂ ਦਾਸ ਦੇ ਕੰਨਾਂ ਵਿਚ ਉਸਦੀ ਪਤਨੀ ਦੀ ਆਵਾਜ਼ ਪਈ ਤੇ ਉਹ ਬਿਲਕੁਲ ਬੇਧਿਆਨੀ ਵਿਚ ਉਠ ਕੇ ਖੜ੍ਹਾ ਹੋ ਗਿਆ ਹੈ। ਉਸਦਾ ਸਿਰ ਕੰਧ ਨਾਲੋਂ ਉੱਚਾ ਨਿਕਲ ਗਿਆ ਹੈ ਤੇ ਉਸਦੇ ਚਿਹਰੇ ਉੱਤੇ ਉਧਰ ਜਗ ਰਹੀ ਤੇਜ਼ ਰੌਸ਼ਨੀ ਪੈ ਰਹੀ ਹੈ—ਪਰ ਇਹਨਾਂ ਗੱਲਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਔਰਤਾਂ ਦੇ ਝੁੰਡ ਵਿਚ ਆਪਣੀ ਪਤਨੀ ਵੱਲ ਤੱਕਣ ਲੱਗਿਆ। ਉਹ ਜੋੜਾਂ ਦਾ ਦਰਦ ਭੁੱਲ ਕੇ, ਸਿਰ ਉੱਤੇ ਆਪਣੇ ਦੁੱਪਟੇ ਦੀ ਪੱਗ ਬੰਨ੍ਹੀ, ਨੱਚ ਰਹੀ ਸੀ ਤੇ ਗਾ ਰਹੀ ਸੀ—
ਮੈਂ ਇੱਥੇ ਤੇ ਮਾਹੀ ਮੈਂਢਾ ਵਾਂ ਡੇ
ਲੱਗਾ ਆਵੀਂ ਬਦਲਾਂ ਦੀ ਛਾਂ ਤੇ
ਰੁੱਤ ਗਰਮੀ ਦੀ ਢੋਲ ਜਾਨੀਂ
ਸਾਡੀ ਗਲੀ ਆਵੇਂ ਤੈਂਢੀ ਮੇਹਰਬਾਨੀ
ਉਸਨੇ ਦੋਵੇਂ ਕੁਹਨੀਆਂ ਕੰਧ ਉੱਤੇ ਰੱਖ ਲਈਆਂ। ਉਸਦਾ ਜੀਅ ਕੀਤਾ, ਪਤਨੀ ਦੀ ਆਵਾਜ਼ ਵਿਚ ਆਵਾਜ਼ ਰਲਾ ਕੇ ਉਹ ਵੀ ਇਕ ਦੋ ਬੋਲੀਆਂ ਪਾਵੇ। ਜ਼ਨਾਨੀਆਂ ਤੇ ਕੁੜੀਆਂ-ਚਿੜੀਆਂ ਨੂੰ ਨੱਚਦਿਆਂ ਹੋਇਆਂ ਦੇਖਣ ਲਈ ਬਹੁਤ ਸਾਰੇ ਮਰਦ ਤੇ ਮੁੰਡੇ-ਖੁੰਡੇ ਵੀ ਕਮਰਿਆਂ ਵਿਚੋਂ ਬਾਹਰ ਨਿਕਲ ਆਏ ਸਨ। ਉਹਨਾਂ ਸਾਰਿਆਂ ਵੱਲ ਦੇਖ-ਦੇਖ ਕੇ ਉਹ ਬੜਾ ਖੁਸ਼ ਹੋ ਰਿਹਾ ਸੀ ਕਿਉਂਕਿ ਉਹਨਾਂ ਸਾਰਿਆਂ ਨੂੰ ਹੀ ਉਹ ਜਾਣਾ ਸੀ। ਅਚਾਨਕ ਕਿਸੇ ਨੇ ਉਸਦੀ ਬਾਂਹ ਨੂੰ ਛੂਹਿਆ। ਸਾਈਂ ਦਾਸ ਦੀ ਨਿਗਾਹ ਕੰਧ ਦੇ ਉਸ ਪਾਰ ਖੜ੍ਹੇ ਠਾਕਰ ਦਾਸ ਉੱਤੇ ਪਈ, ਜਿਹੜਾ ਕਿਸੇ ਚੀਜ਼ ਉੱਤੇ ਚੜ੍ਹਿਆ ਖੜ੍ਹਾ ਸੀ ਤੇ ਬਿਲਕੁਲ ਉਸਦੇ ਜਿੰਨਾ ਉੱਚਾ ਆ ਗਿਆ ਸੀ। ਠਾਕਰ ਦਾਸ ਖਿੜ-ਖਿੜ ਕਰਕੇ ਹੱਸਿਆ ਤੇ ਆਪਣੀ ਭਰੜਾਈ ਜਿਹੀ ਆਵਾਜ਼ ਵਿਚ ਬੋਲਿਆ, “ਆ ਯਾਰ! ਏਧਰ ਆ ਜਾ,ਬੜਾ ਮਜ਼ਾ ਆ ਰਿਹਾ ਈ!”
ਇਕ ਪਲ ਲਈ ਸਾਈਂ ਦਾਸ ਛਿਛੋਪੰਜ ਵਿਚ ਪੈ ਗਿਆ। ਉਸਨੇ ਠਾਕਰ ਦਾਸ ਦੀਆਂ ਅੱਖਾਂ ਵਿਚ ਤੱਕਿਆ। ਉਸਦੀਆਂ ਅੱਖਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੇ ਮੋਹ ਨੂੰ ਨਿਰਖਿਆ, ਜਿਹੜਾ ਵੱਡੇ-ਵਡੇਰਿਆਂ ਦੇ ਇਲਾਕੇ ਦੇ ਜਜ਼ਬਾਤ ਭਰੇ ਲੋਕ-ਗੀਤ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਤਾਰ ਕੇ ਉਪਰ ਲੈ ਆਏ ਸਨ। ਉਹ ਵੀ ਮੁਸਕਰਾ ਪਿਆ ਤੇ ਆਪਣੀਆਂ ਬਾਹਾਂ ਉੱਤੇ ਸਰੀਰ ਦਾ ਭਾਰ ਪਾ ਕੇ ਕੰਧ ਉੱਤੇ ਚੜ੍ਹ ਗਿਆ। ਕੰਧ ਉੱਤੇ ਬੈਠ ਕੇ ਉਸਨੇ ਠਾਕਰ ਦਾਸ ਦੇ ਮੋਢਿਆਂ ਉੱਤੇ ਇਕ ਬਾਂਹ ਰੱਖ ਲਈ ਤੇ ਦੂਜਾ ਹੱਥ ਕੰਨ ਉੱਤੇ ਰੱਖ ਕੇ ਇਕ ਲੰਮੀ ਹੇਕ ਲਾਈ। ਉੱਥੇ ਉਸਦੇ ਬੱਚੇ ਸਨ, ਪਤਨੀ ਸੀ, ਮੁਹੱਲੇ ਭਰ ਦੀਆਂ ਔਰਤਾਂ, ਕੁੜੀਆਂ ਤੇ ਮਰਦ ਸਨ—ਪਰ ਉਹ ਸਾਰਿਆਂ ਨੂੰ ਭੁੱਲ ਕੇ, ਆਪਣੇ ਆਪ ਤੇ ਆਪਣੀ ਉਮਰ ਨੂੰ ਵੀ ਭੁੱਲ ਕੇ, ਆਪਣੀ ਜਵਾਨੀ ਦੇ ਦਿਨਾਂ ਵਿਚ ਚਲਾ ਗਿਆ—
ਛੱਲਾ ਪਾਈ ਖੜੀ ਮੈਂ ਵੂੰ
ਨੰਬਰਦਾਰ ਵੱਡੀ ਦਾ ਤੂੰ
ਵਸਣ ਡੇ ਗਰੀਬਾਂ ਨੂੰ
ਵੇ ਬਲ ਮੱਖਣਾ, ਛੱਲਾ ਟੋਰੀ ਰੱਖਣਾ
ਉਸਦੀ ਆਵਾਜ਼ ਸੁਣ ਕੇ ਤੇ ਉਸਨੂੰ ਕੰਧ ਉੱਤੇ ਬੈਠਾ ਦੇਖ ਕੇ ਔਰਤਾਂ ਤੇ ਕੁੜੀਆਂ ਸ਼ਰਮ ਦੇ ਮਾਰੇ ਇਕ ਦੂਜੀ ਉੱਤੇ ਡਿੱਗ-ਡਿੱਗ ਕੇ ਢੇਰ ਹੋਣ ਲੱਗੀਆਂ—ਤੇ ਠਾਕਰ ਦਾਸ ਨੇ ਉੱਚੀ-ਉੱਚੀ ਹਸਦਿਆਂ ਹੋਇਆਂ ਸਾਈਂ ਦਾਸ ਨੂੰ ਆਪਣੀਆਂ ਬੁੱਢੀਆਂ ਪਰ ਮਜ਼ਬੂਤ ਬਾਹਾਂ ਦੇ ਜੱਫੇ ਵਿਚ ਭਰ ਕੇ ਆਪਣੇ ਵਾਲੇ ਪਾਸੇ ਉਤਾਰ ਲਿਆ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ