Navin Fasal Da Truck (Story in Punjabi) : Ram Lal

ਨਵੀਂ ਫਸਲ ਦਾ ਟਰੱਕ (ਕਹਾਣੀ) : ਰਾਮ ਲਾਲ

ਦੁਰਲੱਭ ਸਿੰਘ ਨੇ ਨਾਲ ਵਾਲੇ ਖੇਤ ਵਿਚੋਂ ਨਿਕਲ ਕੇ ਆਲੂਆਂ ਦਾ ਭਰਿਆ ਟਰੱਕ ਸੜਕ ਵਲ ਜਾਂਦਾ ਦੇਖਿਆ ਤਾਂ ਭੁੜਕ ਕੇ ਮੰਜੇ ਉੱਤੇ ਬੈਠਾ ਹੋ ਗਿਆ। ਉਂਜ ਉਸਦਾ ਇਰਾਦਾ ਕੁਝ ਚਿਰ ਆਰਾਮ ਕਰਨ ਦਾ ਸੀ—ਦਰਖ਼ਤ ਦੀ ਸੰਘਣੀ ਛਾਂ ਤੇ ਨਿਮ੍ਹੀ-ਨਿਮ੍ਹੀ ਵਗ ਰਹੀ ਹਵਾ, ਹੌਲੀ-ਹੌਲੀ ਨੀਂਦ ਨੂੰ ਉਸਦੇ ਕੋਲ ਸਰਕਾ ਰਹੀ ਸੀ। ਕੁਝ ਚਿਰ ਪਹਿਲਾਂ ਸਾਵਨ ਰਾਮ ਦੀ ਧੀ ਗੁਲਾਬੀ, ਗੁੜ ਨਾਲ ਉਸ ਨੂੰ ਤਿੰਨ ਵੱਡੇ ਵੱਡੇ ਪਰੌਂਠੇ ਖੁਆ ਗਈ ਸੀ—ਉਹਨਾਂ ਕਰਕੇ ਉਸ ਉੱਤੇ ਨੇਸਤੀ ਛਾ ਗਈ ਸੀ ਤੇ ਅੱਖਾਂ ਨੀਂਦ ਨਾਲ ਭਾਰੀਆਂ ਹੋ ਗਈਆਂ ਸਨ, ਜਿਸ ਤੋਂ ਬਚਣ ਲਈ ਉਸਨੇ ਆਪਣੇ ਟਰੱਕ ਦੇ ਤਿੰਨ ਚਾਰ ਚੱਕਰ ਲਾਏ, ਬਿਨਾਂ ਲੋੜ ਤੋਂ ਕਲੀਨਰ ਨੂੰ ਉਸਦੀ ਸਫ਼ਾਈ ਕਰਨ ਦਾ ਹੁਕਮ ਦਿੱਤਾ ਤੇ ਆਲੂਆਂ ਦੇ ਉਸ ਢੇਰ ਕੋਲ ਜਾ ਖੜ੍ਹਾ ਹੋਇਆ ਜਿਸ ਵਿਚ ਦਸ ਖੇਤ ਮਜ਼ਦੂਰ ਬੋਰੀਆਂ ਭਰ ਰਹੇ ਸਨ। ਇਕ, ਸੂਏ ਤੇ ਸੇਬੇ ਨਾਲ, ਉਹਨਾਂ ਦੇ ਮੂੰਹ ਸਿਉਂ ਰਿਹਾ ਸੀ ਤੇ ਇਕ, ਲਾਲ ਰੰਗ ਵਾਲਾ ਡੱਬਾ ਚੁੱਕੀ ਇਕ ਦਾਤਨ ਨਾਲ ਬੋਰੀਆਂ ਉੱਤੇ ਸਾਵਣ ਰਾਮ ਦਾ ਨਾਂ ਲਿਖਦਾ ਜਾ ਰਿਹਾ ਸੀ। ਸਾਵਣ ਰਾਮ ਆਪ ਇਕ ਦਰਖ਼ਤ ਹੇਠ ਬੈਠਾ ਹੁੱਕੀ ਦੇ ਸੂਟੇ ਲਾ ਰਿਹਾ ਸੀ ਤੇ ਆਪਣੇ ਸਾਹਮਣੇ, ਜ਼ਮੀਨ ਉੱਤੇ, ਆਲੂਆਂ ਨੂੰ ਇਸ ਤਰਤੀਬ ਨਾਲ ਰੱਖ ਰਿਹਾ ਸੀ, ਜਿਸ ਨਾਲ ਇਹ ਪਤਾ ਲੱਗਦਾ ਰਹੇ ਕਿ ਸਵੇਰ ਦੀਆਂ ਕਿੰਨੀਆਂ ਬੋਰੀਆਂ ਕੋਲਡ ਸਟੋਰ ਵਿਚ ਭੇਜੀਆਂ ਜਾ ਚੁੱਕੀਆਂ ਨੇ।
ਦੁਰਲੱਭ ਸਿੰਘ ਨੇ ਆਪਣੀ ਨੀਂਦ ਨੂੰ ਨਸਾਉਣ ਲਈ ਹੀ ਲਗਭਗ ਕੂਕ ਕੇ ਕਿਹਾ ਸੀ, “ਸਾਵਣ ਰਾਮ ਜੀ, ਤੁਹਾਡੇ ਆਦਮੀ ਪੋਸਤ ਖਾ ਕੇ ਆਏ ਨੇ ਕਿ—?”
“ਕਿਉਂ—ਕੀ ਹੋ ਗਿਆ?” ਸਾਵਣ ਰਾਮ ਨੇ ਬੜੇ ਆਰਾਮ ਨਾਲ ਆਪਣੀ ਹੁੱਕੀ ਗੁੜਗੁੜਾਉਂਦਿਆਂ ਹੋਇਆਂ ਪੁੱਛਿਆ।
ਉਹ ਇਕ ਝੱਟਕੇ ਨਾਲ ਮੰਜੇ ਤੋਂ ਉਠਿਆ, ਢਿੱਲੇ ਹੋਏ ਹੋਏ ਭੋਥੇ ਨੂੰ ਕਸ ਕੇ ਬੰਨ੍ਹਿਆਂ ਤੇ ਕੰਘੇ ਨਾਲ ਸਿਰ ਦੇ ਵਾਲਾਂ ਨੂੰ ਸਮੇਟਦਾ ਹੋਇਆ ਮਜ਼ਦੂਰਾਂ ਵਲ ਤੁਰ ਪਿਆ। ਨਾਲ ਨਾਲ ਉਹ ਬੋਲਦਾ ਵੀ ਜਾ ਰਿਹਾ ਸੀ...:
“ਮੈਂ ਕਾਸਮ ਨਾਲ ਸ਼ਰਤ ਲਾਈ ਹੋਈ ਏ ਕਿ ਉਸ ਨਾਲੋਂ ਪਹਿਲਾਂ ਤੁਹਾਡੇ ਖੇਤ ਦਾ ਮਾਲ ਕੋਲਡ ਸਟੋਰ 'ਚ ਪਹੁੰਚਾ ਦਿਆਂਗਾ—ਪਰ ਮੇਰਾ ਦੂਜਾ ਗੇੜਾ ਭਰਨ ਤੋਂ ਪਹਿਲਾਂ ਹੀ ਉਹ ਦੂਜਾ ਗੇੜਾ ਲੈ ਕੇ ਜਾ ਰਿਹਾ ਏ। ਦੋਖੋ, ਬਾਰੀ ਵਿਚੋਂ ਹੱਥ ਕੱਢ ਕੇ ਕਿਵੇਂ ਚਿੜਾ ਰਿਹਾ ਏ ਮੈਨੂੰ!”
ਜਿਹੜਾ ਟਰੱਕ ਨਾਲ ਵਾਲੇ ਖੇਤ ਵਿਚੋਂ ਆਲੂਆਂ ਦੇ ਬੋਰੇ ਲੱਦੀ ਸੜਕ ਵਲ ਜਾ ਰਿਹਾ ਸੀ, ਉਸਦਾ ਡਰਾਈਵਰ ਸੱਚਮੁੱਚ ਹੱਸਦਾ ਹੋਇਆ ਦਿਖਾਈ ਦਿੱਤਾ।
ਦੁਰਲੱਭ ਸਿੰਘ ਰਿਟਾਇਰਡ ਮਿਸਤਰੀ ਡਰਾਈਵਰ ਸੀ। ਸੱਟ ਲੱਗ ਜਾਣ ਕਰਕੇ ਲੰਗੜਾ ਹੋ ਗਿਆ ਸੀ। ਡੀਲ-ਡੌਲ ਦਾ ਨਰੋਆ ਤੇ ਲੰਮਾਂ-ਉੱਚਾ ਆਦਮੀ ਸੀ। ਉਸਨੇ ਮਜ਼ਦੂਰਾਂ ਕੋਲ ਜਾਂਦਿਆਂ ਹੀ ਦੋ-ਕੁ ਨੂੰ ਪੋਲੀਆਂ-ਪੋਲੀਆਂ ਧੌਲਾਂ ਜੜ ਦਿੱਤੀਆਂ, ਇਕ-ਅੱਧੇ ਨੂੰ ਪਿਆਰ ਨਾਲ ਗਾਲ੍ਹ ਵੀ ਕੱਢੀ ਤੇ ਹੱਲਾ ਸ਼ੇਰੀ ਵੀ ਦਿੱਤੀ—ਫੇਰ ਬੋਰੀਆਂ ਸਿਉਂ ਰਹੇ ਆਦਮੀ ਦੇ ਹੱਥੋਂ ਸੇਬਾ-ਸੂਆ ਫੜ੍ਹ ਕੇ ਆਪ ਹੀ ਛੇਤੀ ਛੇਤੀ ਬੋਰੀਆਂ ਦੇ ਮੂੰਹ ਸਿਉਣ ਲੱਗ ਪਿਆ। ਦੇਖਦਿਆਂ ਦੇਖਦਿਆਂ ਦਸ-ਬਾਰਾਂ ਬੋਰੀਆਂ ਦੇ ਮੂੰਹ ਸਿਉਂ ਦਿੱਤੇ। ਫੇਰ ਮਨ ਹੀ ਮਨ ਵਿਚ ਬੋਰੀਆਂ ਗਿਣੀਆਂ, ਜਿਹੜੀਆਂ ਲੱਦੀਆਂ ਜਾਣ ਲਈ ਤਿਆਰ ਹੋ ਚੁੱਕੀਆਂ ਸਨ। ਫੇਰ ਸਾਵਣ ਰਾਮ ਵਲ ਵਧਦਾ ਹੋਇਆ ਬੋਲਿਆ, “ਇਹਨਾਂ ਪੋਸਤੀਆਂ ਨੂੰ ਕਹਿ, ਮੈਂ ਆਪਣੀ ਸ਼ਰਤ ਨਹੀਂ ਹਾਰਨਾ ਚਾਹੁੰਦਾ।”
“ਅੱਛਾ! ਪਰ ਏਡੀ ਕਿਹੜੀ ਸ਼ਰਤ ਲਾਈ ਏ ਤੂੰ ਸਰਦਾਰਾ?”
ਸਾਵਣ ਰਮਾ ਦੀ ਗੱਲ ਤੋਂ ਲੱਗਿਆ ਕਿ ਉਸਨੂੰ ਵੀ ਦੁਰਲੱਭ ਸਿੰਘ ਦੀ ਸ਼ਰਤ ਹਾਰ ਜਾਣ ਦਾ ਅਫ਼ਸੋਸ ਹੋਏਗਾ।
ਦੁਰਲੱਭ ਸਿੰਘ ਉਸਦੇ ਸਾਹਮਣੇ ਪੈਰਾਂ ਭਾਰ ਬੈਠ ਗਿਆ ਤੇ ਉਸਦੇ ਸਾਹਮਣੇ ਲੱਗੀ ਆਲੂਆਂ ਦੀ ਕਤਾਰ ਨੂੰ ਗਹੁ ਨਾਲ ਦੇਖਦਿਆਂ ਹੋਇਆਂ ਬੋਲਿਆ, “ਸ਼ਰਤ ਹਾਰ ਜਾਣ ਦਾ ਮਤਲਬ ਇਹ ਨਹੀਂ ਹੋਏਗਾ ਕਿ ਉਸ ਵਿਚੋਂ ਮੈਨੂੰ ਹਿੱਸਾ ਨਹੀਂ ਮਿਲੇਗਾ। ਕਾਸਮ ਮੇਰਾ ਪੁਰਾਣਾ ਯਾਰ ਏ। ਕਈ ਸਾਲ ਪਹਿਲਾਂ ਅਸੀਂ ਇਕੋ ਟਰੱਕ ਮਾਲਕ ਦੇ ਡਰਾਈਵਰ ਹੁੰਦੇ ਸਾਂ—ਹੁਣ ਅਸੀਂ ਦੋਵੇਂ ਆਪਣੇ ਆਪਣੇ ਟਰੱਕ ਦੇ ਮਾਲਕ ਆਂ ਤੇ ਅਕਸਰ ਇਕੱਠੇ ਈ ਮਾਲ ਢੋਂਦੇ ਆਂ। ਕਈ ਵਾਰੀ ਸਾਡਾ ਸਾਥ ਮਦਰਾਸ ਤੇ ਬੰਬਈ ਤਕ ਮਾਲ ਪਹੁੰਚਾਉਣ ਦੇ ਸਿਲਸਿਲੇ ਵਿਚ ਰਿਹਾ। ਅਸੀਂ ਤਾਂ ਬਸ ਆਪਣੇ ਕੰਮ ਵਿਚ ਦਿਲਚਸਪੀ ਵਧਾਉਣ ਖਾਤਰ ਸ਼ਰਤ ਲਾ ਲੈਂਦੇ ਆਂ ਕਿ ਜਿਹੜਾ ਪਹਿਲਾਂ ਆਪਣਾ ਕੰਮ ਖਤਮ ਕਰ ਲਏਗਾ, ਬੋਤਲ ਲੈਣ ਦਾ ਹੱਕਦਾਰ ਹੋਏਗਾ। ਸ਼ਾਮ ਨੂੰ ਜ਼ਰਾ ਸ਼ੁਗਲ ਮੇਲਾ ਕਰਨ ਦਾ ਬਹਾਨਾ ਈ ਚਾਹੀਦਾ ਹੁੰਦਾ ਏ, ਹੋਰ ਕੀ?”
ਸਾਵਣ ਰਾਮ ਕਾਲੇ ਰੰਗ, ਕਸਰਤੀ ਸਰੀਰ ਤੇ ਪੱਕੀ ਉਮਰ ਦਾ ਕਿਸਾਨ ਸੀ। ਉਸਨੇ ਦੁਰਲੱਭ ਸਿੰਘ ਦੀ ਗੱਲ ਨੂੰ ਅਣਸੁਣਿਆ ਜਿਹਾ ਕਰਕੇ ਕਿਹਾ, “ਅੱਜ ਸਵੇਰੇ ਤੁਹਾਡੇ ਪੰਜਾਬ ਦੇ ਚੌਧਰੀ ਬਰਕਤ ਰਾਮ ਦਾ ਆਦਮੀ ਆਇਆ ਸੀ। ਫਸਲ ਦੇਖ ਗਿਆ ਏ। ਭਾਅ ਵੀ ਦੱਸ ਗਿਆ ਏ। ਕਹਿੰਦਾ ਸੀ, ਅਸੀਂ ਇਕ ਦੋ ਹਫ਼ਤਿਆਂ ਬਾਅਦ ਕੋਲਡ ਸਟੋਰ ਵਿਚੋਂ ਸਾਰਾ ਮਾਲ ਚੁੱਕਵਾ ਲਵਾਂਗੇ। ਮੈਂ ਕਿਹਾ, ਹੁਣੇ ਚੁੱਕ ਕੇ ਲੈ ਜਾਓ, ਕਹੋਂ ਤਾਂ ਸਿੱਧਾ ਮੰਡੀ ਪਹੁੰਚਾ ਦਿਆਂ! ਬੋਲਿਆ, ਮੰਡੀ ਵਿਚ ਤਾਂ ਕਾਫੀ ਮਾਲ ਆ ਗਿਆ ਏ ਤੇ ਮੰਦਾ ਚੱਲ ਰਿਹਾ ਏ। ਅਜੇ ਪੰਦਰਾਂ ਵੀਹ ਦਿਨਾਂ ਬਾਅਦ ਕੁਝ ਮੁਨਾਫ਼ਾ ਹੱਥ ਆ ਸਕਦਾ ਏ।”
“ਫੇਰ ਕੁਝ ਬਿਆਨਾ ਵਗ਼ੈਰਾ ਵੀ ਫੜਾ ਗਿਆ ਕਿ ਨਹੀਂ?”
“ਉਹ ਤਾਂ ਫੜਾ ਰਿਹਾ ਸੀ ਪਰ ਮੈਂ ਨਾਂਹ ਕਰ ਦਿੱਤੀ। ਜਦੋਂ ਮਾਲ ਚੁੱਕਣ ਆਉਣਗੇ ਤੈਅ ਕਰ ਲਿਆ ਜਾਏਗਾ। ਸਾਫ ਕਹਿ ਦਿੱਤਾ।”
“ਬੜਾ ਹੁਸ਼ਿਆਰ ਹੁੰਦਾ ਜਾ ਰਿਹਾ ਏਂ, ਤੈਂ ਤਾਂ ਬਈ ਸਾਵਣ ਰਾਮਾਂ! ਹੁਣ ਤਾਂ ਫਸਲ ਦੇ ਵਪਾਰ ਦੀ ਪੂਰੀ ਏਬੀਸੀ ਸਿਖ ਲਈ ਜਾਪਦੀ ਏ।”
“ਸਭ ਕੁਝ ਢਿੱਡ ਸਿਖਾ ਦਿੰਦਾ ਏ ਸਰਦਾਰਾ...ਤੇ ਲੋੜ ਕਾਢ ਦੀ ਮਾਂ ਹੁੰਦੀ ਏ।”
“ਅੱਛਾ!”
“ਸਰਕਾਰ ਦਾ ਭਲਾ ਹੋਏ—ਬੜੀਆਂ ਸਹੂਲਤਾਂ ਦੇ ਦਿੱਤੀਆਂ ਨੇ ਸਾਨੂੰ। ਬੀਆਂ ਲਈ ਕਰਜਾ, ਬਿਜਾਈ ਤੇ ਕਟਾਈ ਲਈ ਕਰਜਾ ਤੇ ਫਸਲ ਦਾ ਬੀਮਾ! ਨਾਲੇ ਜ਼ਮੀਨ ਤੋਂ ਬੇਦਖ਼ਲੀ ਦੇ ਖ਼ਿਲਾਫ਼ ਕਾਨੂੰਨੀ ਮਦਦ ਵੀ। ਬਸ, ਇਕ ਕੰਮ ਹੋਰ ਕਰ ਦਏ ਸਰਕਾਰ ਤਾਂ ਕਿਸਾਨ ਬੜਾ ਸੁਖੀ ਹੋ ਜਾਏ—ਬੜਾ ਹੀ ਸੁਖੀ!”
ਦੁਰਲੱਭ ਸਿੰਘ ਉਸ ਵਲ ਹੈਰਾਨੀ ਨਾਲ ਦੇਖਣ ਲੱਗਿਆ। ਜਿੰਨੀਆਂ ਸਰਕਾਰੀ ਸਹੂਲਤਾਂ ਉਸਨੇ ਗਿਣਵਾਈਆਂ ਸਨ, ਉਹਨਾਂ ਦੀ ਉਸਦੇ ਪਿਊ-ਦਾਦਿਆਂ ਨੇ ਕਦੀ ਕਲਪਨਾਂ ਵੀ ਨਹੀਂ ਕੀਤੀ ਹੋਏਗੀ। ਉਸਨੇ ਵੀ ਆਪਣੇ ਪਿਊ-ਦਾਦੇ ਦੀਆਂ ਮੁਸੀਬਤਾਂ ਦੇਖੀਆਂ ਸਨ, ਇਸ ਲਈ ਖੇਤੀ ਕਰਨ ਦਾ ਵਿਚਾਰ ਛੱਡ ਕੇ ਡਰਾਈਵਿੰਗ ਸਿਖ ਲਈ ਸੀ ਤੇ ਫੌਜ ਵਿਚ ਜਾ ਭਰਤੀ ਹੋਇਆ ਸੀ। ਹੁਣ ਉਸਦੇ ਬਜ਼ੁਰਗਾਂ ਵਿਚੋਂ ਕੋਈ ਵੀ ਜਿਊਂਦਾ ਨਹੀਂ ਸੀ ਰਿਹਾ।
“ਗੱਲ ਇਹ ਏ ਸਰਦਾਰਾ ਕਿ ਸਾਡੀਆਂ ਪੱਛੜੀਆਂ ਜਾਤਾਂ ਨੂੰ ਉਪਰ ਚੁੱਕਣ ਲਈ ਸਰਕਾਰ ਜਿੰਨੀਆਂ ਕੋਸ਼ਿਸ਼ਾਂ ਕਰ ਰਹੀ ਏ—ਅਸੀਂ ਉਸ ਅਨੁਸਾਰ ਆਪਣੇ ਆਪ ਨੂੰ ਬਦਲ ਨਹੀਂ ਰਹੇ। ਤੂੰ ਤਾਂ ਜਾਣਦਾ ਏਂ, ਇਹ ਨਾਲ ਵਾਲਾ ਖੇਤ ਮੇਰੇ ਦੂਰ ਦੇ ਭਰਾ ਦਾ ਏ। ਉਸਨੂੰ ਬਚਪਨ ਤੋਂ ਹੀ ਆਪਣੇ ਨਾਲ ਰੱਖ ਮੈਂ ਮਿਹਨਤ ਮੁਸ਼ੱਕਤ ਕਰਨੀ ਸਿਖਾਈ। ਹੁਣ ਪਟੇ 'ਤੇ ਜ਼ਮੀਨ ਵੀ ਲੈ ਦਿੱਤੀ। ਜਿਸ ਤਰ੍ਹਾਂ ਮੈਂ ਕਰਜਾ ਲਿਆ, ਉਸਨੂੰ ਵੀ ਦਿਵਾਇਆ। ਉਸਦਾ ਇਕ ਸਾਲਾ ਸ਼ਹਿਰ 'ਚ ਨੋਕਰੀ ਕਰਦਾ ਏ...ਬਾਬੂ ਲੱਗਿਆ ਹੋਇਆ ਏ ਕਿਸੇ ਦਫ਼ਤਰ ਵਿਚ! ਮੈਂ ਕਿਹਾ, ਉਸਦਾ ਰਿਸ਼ਤਾ ਮੇਰੀ ਧੀ ਨਾਲ ਕਰਵਾ ਦੇ, ਮੁੰਡਾ ਮਾੜਾ ਨਹੀਂ। ਨੈਣ-ਨਕਸ਼ਾ ਵੀ ਠੀਕ ਏ। ਪਰ ਉੱਚੀ ਜਾਤ ਬਰਾਦਰੀ ਵਾਲਿਆਂ ਦੀ ਦੇਖਾ-ਦੇਖੀ, ਉਸਨੂੰ ਵੀ ਹਵਾ ਲੱਗ ਗਈ ਏ—ਕਹਿ ਭੇਜਿਆ, ਦਸ ਹਜ਼ਾਰ ਤਾਂ ਨਕਦ ਲਵਾਂਗਾ ਤੇ ਬਾਕੀ ਗੱਲਾਂ ਇਹ ਤੈਅ ਹੋਣ ਪਿੱਛੋਂ ਦੱਸਾਂਗਾ। ਮੈਂ ਕਹਿਣਾ, ਪਹਿਲਾਂ ਸਾਡੀ ਜਾਤ-ਬਰਾਦਰੀ ਵਿਚ ਇੰਜ ਨਹੀਂ ਸੀ ਹੁੰਦਾ। ਸਰਕਾਰ ਨੇ ਸਾਡੇ ਲੋਕਾਂ ਦੀ ਸਹੂਲਤ ਵਾਸਤੇ ਜਿੰਨੇ ਕਾਨੂੰਨ ਬਣਾਏ ਨੇ—ਕਿਤੇ ਇਕ ਇਹ ਵੀ ਬਣਾ ਦਏ ਕਿ ਜਿਹੜਾ ਦਾਜ ਦੇ ਬਗ਼ੈਰ ਵਿਆਹ ਕਰੇਗਾ, ਉਸਨੂੰ ਤਰੱਕੀ ਮਿਲੇਗੀ ਤਾਂ ਅਨੇਕਾਂ ਮਾਪਿਆਂ ਦੇ ਸੰਕਟ ਕੱਟੇ ਜਾਣ...।”
ਦੁਰਲੱਭ ਸਿੰਘ ਨੇ ਗਰਦਨ ਭੁਆਂ ਕੇ ਥੋੜ੍ਹੀ ਦੂਰ ਵੱਸੇ ਘਰਾਂ ਦੇ ਇਕ ਝੁੰਡ ਵਲ ਦੇਖਿਆ, ਜਿਹਨਾਂ ਵਿਚ ਇਕ ਘਰ ਸਾਵਣ ਰਾਮ ਦਾ ਵੀ...ਫੇਰ ਕੰਮ ਕਰ ਰਹੇ ਮਜ਼ਦੂਰਾਂ ਵਲ ਦੇਖਿਆ ਤੇ ਉਸੇ ਪਾਸੇ ਦੇਖਦਿਆਂ ਹੋਇਆਂ ਕਿਹਾ, “ਸਮਾਜ ਦੇ ਰੀਤੀ-ਰਿਵਾਜ਼ ਬਣਾਉਣ ਵਾਲੇ ਤਾਂ ਅਸੀਂ ਆਪ ਈ ਆਂ...ਤੇ ਇਹਨਾਂ ਨੂੰ ਬਦਲਣਾ ਵੀ ਸਾਨੂੰ ਈ ਪਏਗਾ। ਤੂੰ ਹੀ ਦੱਸ, ਜੇ ਤੈਨੂੰ ਵੋਟਾਂ 'ਚ ਜਿਤਾਅ ਕੇ ਅਸੈਂਬਲੀ ਵਿਚ ਭੇਜ ਦਿੱਤਾ ਜਾਏ ਤੇ ਸਬੱਬ ਨਾਲ ਤੂੰ ਮੰਤਰੀ ਬਣ ਜਾਏਂ ਤਾਂ ਕੀ ਇਹ ਕਾਨੂੰਨ ਬਣਾ ਦਏਂਗਾ?”
“ਮੈਂ—ਮੈਂ ਤਾ ਬਿਲਕੁਲ ਅਣਪੜ੍ਹ ਗੰਵਾਰ ਆਦਮੀ ਆਂ ਸਰਦਾਰਾ...ਕੀ ਵੋਟਾਂ ਜਿੱਤਾਂਗਾ ਤੇ ਕੀ ਮੰਤਰੀ ਬਣਾਗਾ? ਮੂਰਖਾਂ ਵਾਲੀ ਗੱਲ ਨਾ ਕਰ। ਹਾਂ, ਸਾਡੀ ਬਰਾਦਰੀ ਦਾ ਵਕੀਲ ਨੇਕ ਰਾਮ ਜ਼ਰੂਰ ਮੰਤਰੀ ਬਣ ਸਕਦਾ ਏ—ਹੈ ਵੀ ਬੜਾ ਲਾਇਕ ਆਦਮੀ। ਮੈਂ ਸੋਚਦਾਂ, ਉਹ ਇਹ ਗੱਲ ਕਿਉਂ ਨਹੀਂ ਸੋਚਦਾ?”
“ਤੇ ਤੂੰ ਆਪਣੀ ਗੱਲ ਕਿਉਂ ਨਹੀਂ ਜਾ ਕੇ ਦੱਸ ਦਿੰਦਾ ਉਸਨੂੰ—ਤੈਨੂੰ ਉਸ ਕੋਲ ਜਾਣ ਤੋਂ ਕੌਣ ਰੋਕਦਾ ਏ? ਆਪਣੀ ਜਾਤ ਬਰਾਦਰੀ ਦੀ ਤਕਲੀਫ਼ ਤਾਂ ਉਸਨੂੰ ਦੱਸਣੀ ਈ ਚਾਹੀਦੀ ਏ—ਉਹ ਸਰਿਆਂ ਨੂੰ ਇਕੱਠੇ ਕਰਕੇ ਸਮਝਾ ਵੀ ਤਾਂ ਸਕਦਾ ਏ। ਸਾਰੇ ਮਸਲੇ ਕਾਨੂੰਨ ਬਣਾ ਕੇ ਹੀ ਤਾਂ ਹੱਲ ਨਹੀਂ ਕੀਤੇ ਜਾ ਸਕਦੇ।”
ਸਾਵਣ ਰਾਮ ਨੇ ਮਜ਼ਦੂਰਾਂ ਵਲ ਗਰਦਨ ਭੁਆਂ ਕੇ ਉੱਚੀ ਆਵਾਜ਼ ਵਿਚ ਕਿਹਾ, “ਓਇ ਸੱਗੂ ਰਾਮਾ—ਜਲਦੀ ਜਲਦੀ ਹੱਥ ਚਲਾਓ ਜ਼ਰਾ, ਕੀ ਮੁਰਦਿਆਂ ਵਾਂਗ ਕੰਮ ਕਰਦੇ ਪਏ ਓ।”
ਫੇਰ ਉਸਨੇ ਆਪਣੇ ਮਕਾਨ ਵਲ ਦੇਖਦਿਆਂ ਹੋਇਆਂ ਕਿਹਾ, “ਗੁਲਾਬੀ ਪਤਾ ਨਹੀਂ ਕੀ ਕਰਨ ਲੱਗ ਪਈ ਏ! ਇਹਨਾਂ ਵਾਸਤੇ ਚਾਹ ਕਰ ਲਿਆਉਣ ਲਈ ਕਿਹਾ ਸੀ। ਇਹਨਾਂ ਸਹੁਰਿਆਂ ਦੇ ਜਦੋਂ ਤਕ ਚਾਹ ਨਹੀਂ ਅੰਦਰ ਜਾਂਦੀ, ਹੱਥ ਪੈਰ ਕੀ ਹਿਲਾਉਣਗੇ?”
ਫੇਰ ਉਹ ਮਜ਼ਦੂਰਾਂ ਵਲ ਦੇਖਦਾ ਹੋਇਆ ਕੂਕਿਆ, “ਓਇ ਕਾਕਾ ਬੰਨੂੰ—ਏਧਰ ਆ ਜ਼ਰਾ। ਇਹ ਬੀੜੀਆਂ ਦੇ ਬੰਡਲ ਲੈ ਜਾ।”
ਉਸਨੇ ਇਕ ਬੋਰੀ ਹੇਠ ਰੱਖੇ ਬੀੜੀਆਂ ਦੇ ਚਾਰ ਪੰਜ ਬੰਡਲ ਕੱਢ ਕੇ ਆਪਣੇ ਸਾਹਮਣੇ ਰੱਖੇ ਤੇ ਹੁੱਕੀ ਦਾ ਸੂਟਾ ਲਾਇਆ।
ਦੁਰਲੱਭ ਸਿੰਘ ਉਠ ਕੇ ਪਿੰਡ ਵਲ ਜਾਂਦਿਆਂ ਹੋਇਆਂ ਬੋਲਿਆ, “ਮੈਂ ਜਾ ਕੇ ਦੇਖਦਾ ਆਂ—ਚਾਹ ਤਿਆਰ ਹੋ ਗਈ ਹੋਈ ਤਾਂ ਬਾਲ੍ਹਟੀ 'ਚ ਪਾ ਲਿਆਵਾਂਗਾ। ਤੂੰ ਜ਼ਰਾ ਮਜ਼ਦੂਰਾਂ ਦੇ ਸਿਰ 'ਤੇ ਜਾ ਕੇ ਖੜ੍ਹਾ ਹੋ ਜਾ ਬਾਪੂ ਮੇਰਿਆ।”
ਸਾਵਣ ਰਾਮ ਦੀ ਧੀ ਗੁਲਾਬੀ ਉਸਨੂੰ ਦਰਵਾਜ਼ੇ ਤੇ ਹੀ ਮਿਲ ਗਈ। ਉਸਨੇ ਇਕ ਹੱਥ ਵਿਚ ਕੱਪੜੇ ਨਾਲ ਫੜ੍ਹ ਕੇ ਗਰਮ ਗਰਮ ਚਾਹ ਵਾਲੀ ਬਾਲ੍ਹਟੀ ਚੁੱਕੀ ਹੋਈ ਸੀ ਤੇ ਦੂਜੇ ਵਿਚ ਲਾਲ ਮਿੱਟੀ ਦੇ ਦਸ ਪੰਦਰਾਂ ਕਸੋਰੇ! ਦੁਰਲੱਭ ਸਿੰਘ ਨੇ ਉਸਦੇ ਹੱਥੋਂ ਬਾਲ੍ਹਟੀ ਫੜ੍ਹ ਲਈ ਤੇ ਉਸ ਵਲ ਸ਼ਰਾਰਤੀ ਜਿਹੀਆਂ ਨਜ਼ਰਾਂ ਨਾਲ ਦੇਖਦਿਆਂ ਹੋਇਆਂ ਕਿਹਾ, “ਗੁਲਾਬੀ, ਤੇਰਾ ਬਾਪੂ ਤਾਂ ਹੁਣ ਤਕ ਉਸੇ ਆਦਮੀ ਦੇ ਸੁਪਨੇ ਦੇਖ ਰਿਹਾ ਏ—ਤੂੰ ਉਸਨੂੰ ਦੱਸਿਆ ਨਹੀਂ, ਮੇਰੇ ਬੈਂਕ ਦੇ ਲਾਕਰ ਵਿਚ ਰੱਖੇ ਗਹਿਣਿਆਂ ਬਾਰੇ? ਸਾਰੇ ਮੈਂ ਆਪਣੀ ਘਰਵਾਲੀ ਦੇ ਮਰਨ ਪਿੱਛੋਂ ਉੱਥੇ ਰੱਖ ਦਿੱਤੇ ਸਨ!”
ਗੁਲਾਬੀ ਨੀਵੀਂ ਪਾ ਕੇ ਬੋਲੀ, “ਇਹ ਤਾਂ ਉਸਨੂੰ ਪਤਾ ਈ ਏ।”
“ਤਾਂ ਫੇਰ—ਫੇਰ ਕੀ ਕਹਿੰਦਾ ਏ ਉਹ?” ਉਸਨੇ ਉਸਦੇ ਨਾਲ ਨਾਲ ਤੁਰਦਿਆਂ ਹੋਇਆਂ ਪੁੱਛਿਆ।
“ਮੈਂ ਕੀ ਜਾਣਾ!” ਉਹ ਸ਼ਰਮ ਨਾਲ ਲਾਲ ਹੁੰਦੀ ਹੋਈ ਬੋਲੀ, “ਤੂੰ ਆਪ ਈ ਕਿਉਂ ਨਹੀਂ ਪੁੱਛ ਲੈਂਦਾ ਉਸਨੂੰ? ਸਾਫ ਸਾਫ!”
“ਕਿਤੇ ਬੁੱਢਾ ਨਾਂਹ ਈ ਨਾ ਕਰ ਦਏ!”
ਸਾਵਣ ਰਾਮ ਮਜ਼ਦੂਰਾਂ ਕੋਲ ਖੜ੍ਹਾ, ਸਿਰ ਭੁਆਂ ਕੇ ਵਾਰੀ ਵਾਰੀ ਦੋਵਾਂ ਨੂੰ ਆਉਂਦਿਆਂ ਦੇਖ ਰਿਹਾ ਸੀ। ਦੁਰਲੱਭ ਸਿੰਘ ਨੇ ਉਸ ਕੋਲ ਪਹੁੰਚ ਕੇ ਬਾਲ੍ਹਟੀ ਜ਼ਮੀਨ ਉੱਤੇ ਰੱਖ ਦਿੱਤੀ ਤੇ ਪੱਬਾਂ ਭਾਰ ਬੈਠ ਕੇ ਕਸੋਰਿਆਂ ਵਿਚ ਚਾਹ ਪਾਉਣ ਲੱਗ ਪਿਆ। ਮਜ਼ਦੂਰ ਉਸਦੇ ਸਾਹਮਣੇ ਇਕ ਕਤਾਰ ਵਿਚ ਬੈਠ ਗਏ ਤੇ ਗੁਲਾਬੀ ਹਰੇਕ ਨੂੰ ਵਾਰੀ ਵਾਰੀ ਚਾਹ ਵਾਲੇ ਕਸੋਰੇ ਫੜਾਉਣ ਲੱਗ ਪਈ।
ਦੁਰਲੱਭ ਸਿੰਘ ਨੇ ਹੱਥ ਉੱਤੇ ਬੰਨ੍ਹੀ ਘੜੀ ਦੇਖ ਕੇ ਕਿਹਾ, “ਚਾਰ ਵੱਜ ਚੱਲੇ ਨੇ ਯਾਰੋ—ਪੰਜ ਵਜੇ ਤਕ ਟਰੱਕ ਲੋਡ ਕਰ ਦਿਓਂ ਦਾ ਮੈਂ ਇਕ ਚੱਕਰ ਹੋਰ ਲਾ ਲਵਾਂਗਾ।”
ਓਦੋਂ ਹੀ ਨਾਲ ਵਾਲੇ ਖੇਤ ਵਿਚੋਂ ਹੁੰਦਾ ਹੋਇਆ ਇਕ ਟਰੈਕਟਰ ਵੀ ਖੜ-ਖੜ ਕਰਦਾ ਹੋਇਆ ਆ ਪਹੁੰਚਿਆ, ਜਿਸਦੀ ਟਰਾਲੀ ਵਿਚ ਖਾਲੀ ਬੋਰੀਆਂ ਲੱਦੀਆਂ ਹੋਈਆਂ ਸਨ ਤੇ ਉੱਤੇ ਛੇ ਸਤ ਮਜ਼ਦੂਰ ਬੈਠੇ ਸਨ। ਪਹਿਲਾਂ ਉਹਨਾਂ ਨੇ ਟਰਾਲੀ ਵਿਚੋਂ ਖਾਲੀ ਬੋਰੀਆਂ ਹੇਠਾਂ ਲਾਹੀਆਂ ਤੇ ਫੇਰ ਸਾਰਿਆਂ ਨੇ ਰਲ ਕੇ ਟਰੱਕ ਨੂੰ ਲੋਡ ਕਰਨਾ ਸ਼ੁਰੂ ਕਰ ਦਿੱਤਾ। ਸਾਵਣ ਰਾਮ ਹਰੇਕ ਬੋਰੀ ਉੱਤੇ ਨੀਲੀ ਸਿਆਹੀ ਨਾਲ ਨਿਸ਼ਾਨ ਲਾਉਂਦਾ ਰਿਹਾ। ਦੁਰਲੱਭ ਸਿੰਘ ਹੁਣ ਹੌਸਲੇ ਵਿਚ ਨਜ਼ਰ ਆ ਰਿਹਾ ਸੀ। ਉਹ ਦਰਖ਼ਤ ਹੇਠ ਪਈ ਮੰਜੇ ਤੋਂ ਆਪਣੀ ਪੱਗ ਚੁੱਕ ਲਿਆਇਆ ਤੇ ਸਿਰ ਉੱਤੇ ਜਚਾ ਕੇ ਬੰਨ੍ਹਦਾ ਹੋਇਆ ਸਾਵਣ ਰਾਮ ਨੂੰ ਕਹਿਣ ਲੱਗਿਆ, “ਸਤ ਵਜੇ ਤਕ ਇਕ ਟਰੱਕ ਦਾ ਮਾਲ ਹੋਰ ਭਰਵਾ ਦਏਂ ਤਾਂ ਸਮਝਾਂਗਾ ਬੇੜਾ ਪਾਰ ਹੋ ਗਿਆ।”
“ਭਰਵਾ ਦਿਆਂਗਾ—ਨਹੀਂ ਤਾਂ ਕੀ ਇਹ ਸਾਰੀ ਰਾਤ ਇੱਥੇ ਈ ਪਿਆ ਰਹੇਗਾ! ਕੋਈ ਮੀਂਹ ਹਨੇਰੀ ਆ ਗਿਆ ਤਾਂ ਸਤਿਆ ਨਾਸ ਹੋ ਜਾਏਗਾ।”
ਟਰੱਕ ਤੁਰਨ ਲੱਗਿਆ ਤਾਂ ਸਾਵਣ ਰਾਮ ਨੇ ਉਸਨੂੰ ਰੋਕ ਕੇ ਕਿਹਾ, “ਗੁਲਾਬੀ ਨੇ ਬਾਜ਼ਾਰੋਂ ਕੁਝ ਸਾਮਾਨ ਖਰੀਦਨਾਂ ਏਂ, ਉਸਨੂੰ ਵੀ ਨਾਲ ਲੈ ਜਾ। ਜਾਂਦਾ ਹੋਇਆ ਬਾਜ਼ਾਰ ਵਿਚ ਲਾਹ ਜਾਵੀਂ ਤੇ ਆਉਂਦਾ ਹੋਇਆ ਨਾਲ ਲੈਂਦਾ ਆਵੀਂ।”
ਫੇਰ ਉਸਨੇ ਪਿੰਡ ਵਲ ਦੇਖਿਆ। ਗੁਲਾਬੀ ਇਕ ਗੰਢੜੀ ਜਿਹੀ ਕੱਛ ਵਿਚ ਮਾਰੀ ਜਲਦੀ ਜਲਦੀ ਨੱਸੀ ਆ ਰਹੀ ਸੀ। ਇਕ ਜਗ੍ਹਾ ਉਸਨੂੰ ਠੇਡਾ ਜਿਹਾ ਵੱਜਿਆ ਤੇ ਉਹ ਲੜਖੜਾ ਗਈ—ਉਸਦਾ ਬਾਪੂ ਕੂਕਿਆ, “ਜ਼ਰਾ ਸੰਭਲ ਕੇ ਕੁੜੀਏ, ਕਿਤੇ ਲੱਤ ਬਾਂਹ ਨਾਲ ਤੁੜਾਅ ਲਈਂ—ਆਪਣੇ ਘਰ ਤਾਂ ਸਾਂਭਣ ਵਾਲਾ ਵੀ ਕੋਈ ਨਹੀਂ।”
ਉਹ ਟਰੱਕ ਵਿਚ ਅੱਗੇ ਦੁਰਲੱਭ ਸਿੰਘ ਦੇ ਕੋਲ ਬੈਠ ਗਈ। ਸਾਰਾ ਰਸਤਾ ਪਿੱਛੇ ਆਲੂਆਂ ਦੇ ਬੋਰਿਆਂ ਉੱਤੇ ਬੈਠੇ ਮਜ਼ਦੂਰ ਕੋਈ ਗੀਤ ਗਾਉਂਦੇ ਰਹੇ—ਉਹਨਾਂ ਦੀ ਇਹ ਖੁਸ਼ੀ ਮਿਹਨਤ-ਮੁਸ਼ੱਕਤ ਦੇ ਵਕਾਰ ਦਾ ਹੀ ਇਕ ਰੂਪ ਸੀ। ਕੁਝ ਚਿਰ ਬਾਅਦ ਦੁਰਲੱਭ ਸਿੰਘ ਨੇ ਕਿਹਾ, “ਤੁਸੀਂ ਪਿਓ-ਧੀ ਦੋਵੇਂ ਈ ਬੜੇ ਚਲਾਕ ਓ।”
“ਉਹ ਕਿਵੇਂ?” ਗੁਲਾਬੀ ਨੇ ਹੈਰਾਨੀ ਨਾਲ ਉਸ ਵਲ ਤੱਕਿਆ।
“ਕੁਝ ਚਿਰ ਪਹਿਲਾਂ ਤਾਂ ਮੇਰੇ ਨਾਲ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਤੇਰਾ—ਅਚਾਨਕ ਇਹ ਫੈਸਲਾ ਕਿਵੇਂ ਹੋ ਗਿਆ?”
“ਉਹ ਤਾਂ ਮੈਂ ਹੀ ਕਿਹਾ ਸੀ ਬਾਪੂ ਨੂੰ—ਸਰਦਾਰ ਬਿਜਨੌਰ ਦੇ ਬਾਜ਼ਾਰ ਵਿਚੋਂ ਦੀ ਹੋ ਕੇ ਲੰਘੇਗਾ, ਮੈਂ ਵੀ ਨਾਲ ਚਲੀ ਜਾਵਾਂ...ਉਸਦੇ ਨਾਲ ਈ ਵਾਪਸ ਆ ਜਾਵਾਗੀ...ਤੇ ਬਾਪੂ ਮੰਨ ਗਿਆ।”
“ਇਸੇ ਕਰਕੇ ਤਾਂ ਕਹਿਣਾ, ਤੁਸੀਂ ਦੋਵੇਂ ਬੜੇ ਚਲਾਕ ਓ।” ਉਹ ਖੁਸ਼ ਹੋ ਕੇ ਬੋਲਿਆ।
ਉਹ ਚਿੜ ਗਈ, “ਇਸ ਵਿਚ ਚਲਾਕੀ ਵਾਲੀ ਕਿਹੜੀ ਗੱਲ ਏ?”
ਉਹ ਸਟੇਰਿੰਗ ਉੱਤੇ ਹੱਥ ਰੱਖੀ ਕਈ ਪਲ ਤਕ ਉਸ ਵਲ ਦੇਖਦਾ ਰਿਹਾ। ਫੇਰ ਅੱਗੋਂ ਕਈ ਟਰੱਕ ਤੇ ਬਸਾਂ ਇਕੱਠੀਆਂ ਆ ਗਈਆਂ ਤੇ ਉਹ ਉਸਦੇ ਸੱਜੇ ਪਾਸਿਓਂ ਲੰਘਦੇ ਰਹੇ ਤੇ ਉਹ ਉਸ ਨਾਲ ਕੋਈ ਗੱਲ ਨਾ ਕਰ ਸਕਿਆ। ਫੇਰ ਪਿੱਛੋਂ ਆਉਂਦੀ ਇਕ ਕਾਰ ਨੂੰ ਰਸਤਾ ਦਿੱਤਾ ਤੇ ਜਦੋਂ ਸੜਕ ਦੂਰ ਤਕ ਵਿਹਲੀ ਨਜ਼ਰ ਆਈ ਤਾਂ ਉਹ ਬੋਲਿਆ, “ਕੀ ਤੇਰਾ ਬਾਪੂ ਤੈਨੂੰ ਇੰਜ ਕਿਸੇ ਹੋਰ ਨਾਲ ਵੀ ਭੇਜ ਸਕਦਾ ਸੀ?”
“ਨਹੀਂ! ਤੈਨੂੰ ਤਾਂ ਉਹ ਜਾਣਦਾ ਏ। ਕਿੰਨਿਆਂ ਮਹੀਨਿਆਂ ਤੋਂ ਇੱਥੋਂ ਦਾ ਮਾਲ ਢੋ ਰਿਹਾ ਏਂ ਤੂੰ!”
“ਉਸਦਾ ਮਾਲ ਤਾਂ ਹੋਰ ਵੀ ਕਈ ਡਰਾਈਵਰਾਂ ਨੇ ਢੋਇਆ ਹੋਏਗਾ। ਪਰ ਉਸਦੀ ਜਵਾਨ ਧੀ ਨੂੰ ਕਿਸੇ ਨੇ ਅੱਜ ਤਕ ਇੰਜ ਨਹੀਂ ਢੋਇਆ ਹੋਏਗਾ। ਮੈਨੂੰ ਤਾਂ ਦਾਲ 'ਚ ਕੁਛ ਕਾਲਾ ਨਜ਼ਰ ਆਉਂਦਾ ਏ।”
“ਕੀ ਕਾਲਾ ਨਜ਼ਰ ਆਉਂਦਾ ਏ?” ਉਸਨੇ ਬੜੀ ਭੋਲੀ ਜਿਹੀ ਬਣ ਕੇ ਪੁੱਛਿਆ, ਹਾਲਾਂਕਿ ਉਸਦੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਵੀ ਦੌੜ ਗਈ ਸੀ।
ਦੁਰਲੱਭ ਸਿੰਘ ਨੇ ਉਸਨੂੰ ਕੋਈ ਜਵਾਬ ਨਾ ਦਿੱਤਾ। ਬਸ ਗਰਦਨ ਭੁਆਂ-ਭੁਆਂ ਕੇ ਉਸ ਵਲ ਦੇਖਦਾ ਰਿਹਾ—ਕਣਕ-ਵੰਨੇ ਰੰਗ ਦੀ ਉਸ ਕੁੜੀ ਵਲ, ਜਿਸਦਾ ਚਿਹਰਾ ਮੋਹਰਾ ਤੇ ਪਹਿਰਾਵਾ ਇਹ ਗੱਲ ਜ਼ਾਹਿਰ ਕਰਦਾ ਸੀ ਕਿ ਉਹ ਪਿੰਡ ਤੇ ਸ਼ਹਿਰ ਦੇ ਫ਼ਾਸਲੇ ਤੋਂ ਬੜੀ ਉੱਚੀ ਉਠ ਚੁੱਕੀ ਹੈ।
ਬਿਜਨੌਰ ਦੇ ਐਨ ਵਿਚਕਾਰੋਂ ਹੋ ਕੇ ਟਰੱਕ ਨੇ ਲੰਘਣਾ ਸੀ, ਉੱਥੇ ਇਕ ਜਗ੍ਹਾ ਦੁਰਲੱਭ ਸਿੰਘ ਨੇ ਗੁਲਾਬੀ ਨੂੰ ਉਤਾਰ ਦਿੱਤਾ। ਉਹ ਅੰਦਰ ਹੀ ਬੈਠਾ ਖਿੜਕੀ ਵਿਚੋਂ ਸਿਰ ਕੱਢ ਕੇ ਉਸਨੂੰ ਆਪਣੀ ਵਾਪਸੀ ਦੇ ਸਮੇਂ ਬਾਰੇ ਦਸ ਰਿਹਾ ਸੀ ਕਿ ਅਚਾਨਕ ਉੱਥੇ ਇਕ ਸਾਈਕਲ ਸਵਾਰ ਆਇਆ ਤੇ ਗੁਲਾਬੀ ਨੂੰ ਤਿੱਖੀ ਆਵਾਜ਼ ਵਿਚ ਪੁੱਛਣ ਲੱਗਾ, “ਤੂੰ ਇੱਥੇ ਖੜ੍ਹੀ ਕੀ ਕਰ ਰਹੀ ਏਂ?”
ਉਸਦੇ ਰਵੱਈਏ ਤੋਂ ਪਤਾ ਲੱਗਦਾ ਸੀ ਕਿ ਉਹ ਉਸਨੂੰ ਜਾਣਦਾ ਹੈ—ਤੇ ਉਸਨੂੰ ਇਕ ਸਿੱਖ ਡਰਾਈਵਰ ਨਾਲ ਗੱਲਾਂ ਕਰਦਿਆਂ ਦੇਖ ਕੇ ਉਸਨੂੰ ਚੰਗਾ ਨਹੀਂ ਲੱਗਿਆ। ਪਰ ਗੁਲਾਬੀ ਨੇ ਉਸਨੂੰ ਕੋਈ ਉਤਰ ਨਾ ਦਿੱਤਾ, ਸਗੋਂ ਦੁਰਲੱਭ ਸਿੰਘ ਨੂੰ ਦੱਸਣ ਲੱਗੀ, “ਇਹ ਉਹੀ ਏ ਜਿਸ ਨਾਲ ਬਾਪੂ ਨੇ ਗੱਲ ਚਲਾਈ ਸੀ।”
ਦੁਰਲੱਭ ਸਿੰਘ ਨੇ ਉਸਨੂੰ ਸਿਰ ਤੋਂ ਪੈਰਾਂ ਤਕ ਦੇਖਿਆ ਤੇ ਫੇਰ ਗੁਲਾਬੀ ਵਲ ਦੇਖਣ ਲੱਗ ਪਿਆ ਜਿਹੜੀ ਉਸਨੂੰ ਕੋਈ ਉਤਰ ਦਿੱਤੇ ਬਿਨਾਂ ਤੁਰ ਪਈ ਸੀ। ਉਸ ਮੁੰਡੇ ਨੇ ਵੀ ਉਸਦੇ ਨਾਲ ਨਾਲ ਤੁਰਦਿਆਂ ਹੋਇਆਂ ਉਸਨੂੰ ਫੇਰ ਕੁਝ ਕਿਹਾ ਤੇ ਪਿੱਛੇ ਭੌਂ ਕੇ ਦੁਰਲੱਭ ਸਿੰਘ ਵਲ ਵੀ ਦੇਖਿਆ। ਗੁਲਾਬੀ ਰੁਕ ਗਈ ਤੇ ਤਿੱਖੀ ਆਵਾਜ਼ ਵਿਚ ਉਸਨੂੰ ਕੁਝ ਕਹਿਣ ਲੱਗੀ। ਦੁਰਲੱਭ ਸਿੰਘ ਨੂੰ ਸਿਰਫ ਏਨਾ ਹੀ ਸੁਣਾਈ ਦਿੱਤਾ, “ਤੈਨੂੰ ਕੀ? ਮੈਂ ਕਿਸੇ ਨਾਲ ਵੀ ਆਵਾਂ-ਜਾਵਾਂ?” ਉਸਨੇ ਸੋਚਿਆ ਉਹ ਮੱਲੋਮਲੀ ਉਸ ਉੱਤੇ ਆਪਣਾ ਹੱਕ ਸਮਝ ਕੇ, ਉਸ ਤੋਂ ਜਵਾਬ ਤਲਬੀ ਕਰ ਰਿਹਾ ਹੋਏਗਾ...ਇਸ ਲਈ ਉਹ ਵੀ ਟਰੱਕ ਵਿਚੋਂ ਉਤਰ ਕੇ ਉਹਨਾਂ ਦੇ ਕੋਲ ਆਉਂਦਾ ਹੋਇਆ ਬੋਲਿਆ, “ਕੀ ਪੁੱਛਦਾ ਏ, ਇਹ ਬਾਊ?”
ਮੁੰਡੇ ਨੇ ਜ਼ਰਾ ਤਿੱਖੀ ਆਵਾਜ਼ ਵਿਚ ਗੁਲਾਬੀ ਨੂੰ ਕਿਹਾ, “ਮੈਂ ਤੇਰੇ ਬਾਪੂ ਨੂੰ ਦੱਸਾਂਗਾ।”
“ਕੀ ਦੱਸੇਂਗਾ ਬਈ ਇਸਦੇ ਬਾਪੂ ਨੂੰ?...ਪਹਿਲਾਂ ਜ਼ਰਾ ਮੈਨੂੰ ਤਾਂ ਦੱਸ...” ਦੁਰਲੱਭ ਸਿੰਘ ਦੋਵਾਂ ਦੇ ਵਿਚਕਾਰ ਐਨ ਅੜ ਕੇ ਖੜ੍ਹਾ ਹੋ ਗਿਆ।
“ਮੈਂ ਤੇਰੇ ਨਾਲ ਗੱਲ ਨਹੀਂ ਕਰਦਾ ਪਿਆ।” ਉਹ ਓਵੇਂ ਹਿਰਖ ਕੇ ਬੋਲਿਆ।
“ਕਿਉਂ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਓਇ? ਤੈਨੂੰ ਮੇਰੇ ਨਾਲ ਗੱਲ ਕਰਨੀ ਪਏਗੀ। ਮੈਂ ਪੁੱਛਦਾਂ ਤੂੰ ਇਸ ਨਾਲ ਗੱਲ ਕਿਉਂ ਕੀਤੀ? ਬੋਲ?” ਕਹਿ ਕੇ ਦੁਰਲੱਭ ਸਿੰਘ ਨੇ ਉਸਦੀ ਕਮੀਜ਼ ਦਾ ਕਾਲਰ ਫੜ੍ਹ ਲਿਆ।
ਉਹ ਕਾਲਰ ਛੁਡਾਉਂਦਿਆਂ ਹੋਇਆਂ ਬੋਲਿਆ, “ਮੈਂ ਤੇਰੀ ਪੁਲਿਸ 'ਚ ਰਿਪੋਰਟ ਕਰ ਦਿਆਂ ਗਿਆ...ਮੇਰਾ ਕਾਲਰ ਛੱਡ ਦੇ।”
“ਪੁਲਿਸ ਕੀ ਤੇਰੀ ਈ ਸਭ ਕੁਝ ਲੱਗਦੀ ਏ? ਮੇਰੀ ਕੁਝ ਨਹੀਂ? ਚੱਲ, ਕਿਹੜੇ ਥਾਨੇ 'ਚ ਲੈ ਕੇ ਚੱਲਦਾ ਏਂ ਮੈਨੂੰ। ਮੈਂ ਵੀ ਇੱਥੇ ਸਾਰਿਆਂ ਨੂੰ ਜਾਣਦਾ ਆਂ...ਮਜਿਸਟਰੇਟ ਤਕ ਪਛਾਣਦੇ ਨੇ ਮੈਨੂੰ। ਉਹਨਾਂ ਦੀਆਂ ਅਦਾਲਤਾਂ 'ਚ ਮੈਂ ਕਈ ਵਾਰੀ ਜੁਰਮਾਨਾਂ ਭਰਿਆ ਏ, ਤੇ ਉਹਨਾਂ ਤੋਂ ਪਰਮਿਟ ਵੀ ਲਏ ਨੇ। ਇਹ ਨਾ ਭੁੱਲ ਕਿ ਇਨਸਾਫ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹੋਏ ਨੇ। ਸਿਰਫ ਤੇਰੇ ਵਰਗੇ ਸ਼ਹਿਰੀ ਬਾਊਆਂ ਵਾਸਤੇ ਹੀ ਨਹੀਂ—ਜਿਹੜੇ ਰਿਸ਼ਤੇ ਕਰਨ ਦੇ ਦਸ-ਦਸ ਹਜ਼ਾਰ ਮੰਗਦੇ ਨੇ ਤੇ ਕੁੜੀ ਨੂੰ ਏਨੀ ਇਜਾਜ਼ਤ ਨਹੀਂ ਦਿੰਦੇ ਕਿ ਉਹ ਆਜ਼ਾਦੀ ਨਾਲ ਕਿਸੇ ਨਾਲ ਆ-ਜਾ ਸਕੇ।”
ਮੁੰਡੇ ਨੇ ਹੈਰਾਨੀ ਨਾਲ ਦੁਰਲੱਭ ਸਿੰਘ ਵਲ ਦੇਖਿਆ। ਟਰੱਕ ਉੱਤੇ ਲੱਦੀਆਂ ਹੋਈਆਂ ਬੋਰੀਆਂ ਉੱਤੇ ਬੈਠੇ ਮਜ਼ਦੂਰ ਉਹਨਾਂ ਤਿੰਨਾਂ ਵਲ ਹੀ ਬੜੀ ਹੈਰਾਨੀ ਨਾਲ ਦੇਖ ਰਹੇ ਸਨ। ਉਹਨਾਂ ਵਿਚੋਂ ਇਕ ਨੇ ਪੁੱਛਿਆ, “ਮੈਂ ਕਿਹਾ ਸਰਦਾਰ ਜੀ, ਅਸੀਂ ਆ ਕੇ ਹੱਥ ਵੰਡਾਈਏ?”
“ਨਹੀਂ ਤੁਹਾਡੀ ਜ਼ਰੂਰਤ ਨਹੀਂ—ਮੈਂ ਈ ਕਾਫੀ ਆਂ।” ਉਸਨੇ ਹੱਥ ਲਹਿਰਾ ਕੇ ਉਹਨਾਂ ਨੂੰ ਮਨ੍ਹਾਂ ਕੀਤਾ ਤੇ ਗੁਲਾਬੀ ਨੂੰ ਕਿਹਾ, “ਤੂੰ ਜਾਹ, ਆਪਣਾ ਸੌਦਾ ਪੱਤਾ ਖਰੀਦ...ਮੈਂ ਏਸ ਜਵਾਨ ਨੂੰ ਟਰੱਕ 'ਤੇ ਲੱਦ ਕੇ ਜ਼ਰਾ ਥਾਨੇ ਤਕ ਲੈ ਜਾਨਾਂ—ਜਿੱਥੇ ਇਹ ਮੇਰੇ ਖ਼ਿਲਾਫ਼ ਰਿਪੋਰਟ ਲਿਖਵਾਏਗਾ। ਤੂੰ ਜਾਹ!” ਪਰ ਗੁਲਾਬੀ ਉੱਥੋਂ ਨਾ ਹਿੱਲੀ। ਮੁੰਡੇ ਨੇ ਖਿਸਕ ਜਾਣ ਵਿਚ ਹੀ ਆਪਣੀ ਭਲਾਈ ਸਮਝੀ ਤੇ ਸਾਈਕਲ ਰੇੜ੍ਹਦਾ ਹੋਇਆ ਇਕ ਪਾਸੇ ਵਲ ਤੁਰ ਗਿਆ। ਫੇਰ ਦੁਰਲੱਭ ਸਿੰਘ ਨੇ ਹੱਸਦਿਆਂ ਹੋਇਆਂ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਤੇ ਗੁਲਾਬੀ ਵਲ ਦੇਖਦਿਆਂ ਹੋਇਆਂ ਕਿਹਾ, “ਅੱਜ ਤਾਂ ਤੇਰੇ ਬਾਪੂ ਨਾਲ ਸਾਫ-ਸਾਫ ਗੱਲ ਕਰਨੀਂ ਈ ਪਏਗੀ—ਹੋ ਸਕਦਾ ਏ ਕਿ ਉਹ ਵੀ ਇਸੇ ਉਡੀਕ ਵਿਚ ਹੋਏ! ਤੂੰ ਵੀ ਉੱਥੇ ਈ ਰਹੀਂ, ਸਮਝੀ!”
ਕਹਿ ਕੇ ਉਹ ਫੇਰ ਟਰੱਕ ਵਿਚ ਜਾ ਬੈਠਾ। ਟਰੱਕ ਨੂੰ ਗੇਅਰ ਵਿਚ ਪਾ ਕੇ ਖਿੜਕੀ ਵਿਚੋਂ ਸਿਰ ਕੱਢ ਕੇ ਬੋਲਿਆ, “ਦੋ ਘੰਟਿਆਂ ਬਾਅਦ ਆਵਾਂਗਾ—ਇਸੇ ਜਗ੍ਹਾ ਮਿਲੀਂ। ਤੇ ਸੁਣ, ਜੇ ਇਹ ਮੁਸ਼ਟੰਡਾ ਫੇਰ ਤੇਰਾ ਰਸਤਾ ਰੋਕੇ ਤਾਂ ਮੇਰੇ ਵੱਲੋਂ ਦੋ ਥੱਪੜ ਜੜ ਦੇਈਂ, ਇਸਦੇ ਭਰੇ ਬਾਜ਼ਾਰ 'ਚ। ਡਰੀਂ ਨਾ! ਬਾਕੀ, ਮੈਂ ਆ ਕੇ ਸਾਂਭ ਲਵਾਂਗਾ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ