ਨਵਾਂ ਜਨਮ (ਕਹਾਣੀ) : ਬਲੀਜੀਤ

ਜਨਮ ਨਾਲ ਆਪਾਂ ਸ਼ੁਰੂ ਕਰਦੇ ਆਂ ।

ਸ਼ੁਰੂ ਕੀਤਾ ਮਰਨ ਨਾਲ ਮੁੱਕ ਜਾਂਦੈ ।

ਮਿਤੀ ਪੰਦਰਾਂ ਮਾਰਚ ਉੱਨੀ ਸੌ ਬਾਹਠ । ਇਸ ਦਿਨ ਨਾਲ ਬੜਿਆਂ ਦਾ ਬੜਾ ਕੁਝ ਸੱਚਾ ਝੂਠਾ ਜੁੜਿਆ, ਜੋੜਿਆ ਹੋਇਐ । ਮੈਂ ਵੀ ਇਸ ਦਿਨ ਨੂੰ ਆਪਣੀ ਦਿਨ-ਬ-ਦਿਨ ਘੱਟਦੀ ਨਿਗ੍ਹਾ ਨਾਲ ਅਲੱਗ ਅਲੱਗ ਤੌਰ 'ਤੇ ਦੇਖਦਾਂ । ਵੱਖ-ਵੱਖ ਨਜ਼ਰੀਏ ਦੇਖਣ ਦੇ । ਇਹ ਮੇਰਾ ਪਹਿਲਾ ਦਿਨ ਸੀ ਦਫ਼ਤਰ ਨਾਲ । ਅਨਪੜ੍ਹ ਤੇ ਲੱਗਭਗ ਬੇ-ਉਮਰ, ਬੇ-ਜੁਬਾਂ ਮੈਂ ਜਿਸ ਦਫ਼ਤਰ ਦੇ ਅੜਿੱਕੇ ਆਇਆ ਉਸ ਦਾ 'ਕੱਲਾ ਕਾਰਾ ਅਫ਼ਸਰ, ਬਾਬੂ, ਚਪੜਾਸੀ ਸਭ ਕੁਝ ਰਾਮ ਕਿਸ਼ਨ ਛੀਂਬਾ ਹੀ ਸੀ । ਸਾਡੇ ਪਿੰਡ ਦਾ ਚੌਕੀਦਾਰ । ਬੇਲਾਗ । ਇਮਾਨਦਾਰ । ਸਰਕਾਰੀ ਸ਼ਕਤੀ ਨਾਲ ਪੂਰੀ ਤਰਾਂ ਲੈਸ । ਤੁਰਦੀ ਤੁਰਦੀ ਖ਼ਬਰ ਇਸ ਦਫ਼ਤਰ ਦੇ ਕੰਨਾਂ ਤੱਕ ਪਹੁੰਚ ਗਈ ਕਿ ਪਿੰਡ ਵਿੱਚ ਪੰਜਾਬ ਕੁਰ ਦੇ ਮੁੰਡਾ ਜੰਮ ਪਿਐ । ਉਸ ਦਾ ਸਭ ਕੁਝ ਹਰਕਤ ਵਿੱਚ ਆ ਗਿਆ । ਆਲੇ ਵਿੱਚ ਲਾਲ ਕੱਪੜੇ 'ਚ ਲਪੇਟ ਕੇ ਰੱਖਿਆ ਜਨਮ ਦਾ ਰਜਿਸਟਰ ਬਾਹਰ ਕੱਢਿਆ । ਝਾੜਿਆ । ਖੋਲਿ੍ਹਆ । ਅੱਖਾਂ ਦੇ ਕੋਲ ਲਿਜਾ ਕੇ ਪੜਿ੍ਹਆ । ਪਿਛਲੀ ਲਾਸਟ ਐਂਟਰੀ 'ਤੇ ਨਿਗ੍ਹਾ ਗੱਡ ਦਿੱਤੀ । ਇਸ ਸਾਲ ਦਾ ਇਹ ਦੂਸਰਾ ਵਾਕਿਆ ਸੀ । ਉਸ ਦੇ ਡੰਕ ਉੱਤੇ ਉਰਦੂ ਖੁਰਕ ਕਰਨ ਲੱਗ ਪਈ । ਟਿਕ ਨਹੀਂ ਹੋਇਆ । ਆਪਣਾ ਦਫ਼ਤਰ ਚੁੱਕਿਆ ਤੇ ਮੇਰੇ ਘਰਦਿਆਂ ਦੇ ਦੁਆਲੇ ਹੋ ਗਿਆ । ਸਾਡੇ ਘਰ ਆ ਵੜਿਆ । ਵਧਾਈਆਂ ਨਹੀਂ ਦਿੱਤੀਆਂ । ਨਾ ਮੰਗੀਆਂ । ਪੁੱਛਿਆ: ''ਮੁੰਡੇ ਦਾ ਕਿਆ ਨਾਂਓ ਰੱਖਿਆ?"

''ਤੂੰ ਫੇਰ ਆਈਂ ", ਮੇਰੇ ਬਾਬੇ ਨੇ ਲਗਭਗ ਉਸ ਨੂੰ ਝਿੜਕ ਦਿੱਤਾ, ''ਆ ਗਿਆ ਚੱਕ ਕੇ '' ।

'' ਇਹ ਦੂਆ... ਇੱਕ ਪਹਿਲਾਂ ਦਰਜ ਕੀਤਾ... ਜਰੂਰੀ ਐ... ਤੂੰ ਸਮਝ ਮੇਰੀ ਗੱਲ", ਬਾਬਾ ਚੌਕੀਦਾਰ ਤੇ ਉਸ ਦੇ ਦਫ਼ਤਰ ਨੂੰ ਟਿੱਚ ਕਰ ਕੇ ਜਾਣਦਾ ਸੀ । ਪਰ ਰਾਮ ਕਿਸ਼ਨ ਵੀ ਬਹੁਤ ਚ੍ਹੀੜਾ ਬੰਦਾ ਸੀ । ਕਿੱਥੇ ਖਹਿੜਾ ਛੱਡਣ ਵਾਲਾ ਸੀ । ਗੇੜੇ 'ਤੇ ਗੇੜਾ । ਮੈਂ ਜੰਮਦੇ ਨੇ ਹੀ ਕਈਆਂ ਲਈ ਵੱਡਾ ਵਖੇੜਾ ਖੜ੍ਹਾ ਕੀਤਾ ਹੋਇਆ ਸੀ । ਉਸ ਦੇ ਮਨ ਵਿੱਚ ਨਾਂਓ ਨੂੰ ਛੱਡ ਕੇ ਬਾਕੀ ਸਭ ਖ਼ਾਨੇ ਪੂਰੇ ਹੋਏ ਸਨ... ਲੜੀ ਨੰਬਰ 2, ਠਾਣਾ ਰੋਪੜ, ਮੁੰਡਾ, ਨਰੰਜਣ ਸਿੰਘ ਫੌਜੀ, ਪੁੰਨੂੰ, ਲਖ਼ਮੀਪੁਰ, ਪੰਦਰਾਂ ਮਾਰਚ... ਉਰਦੂ ਵਿੱਚ ।

'' ਊਈਂ ਗਿੱਟਲ਼ਾਂ ਨੇ ਜ੍ਹੱਬ ਪਾਇਐ... ਬੀ ਨਾਂਓ ਦੱਸੋ । ਕੈ ਦਿਨ ਹੋ ਗੇ ।''

ਫੇਰ ਵੀ ਗਿੱਟਲ਼ਾਂ ਨੇ ਦੋ ਸਾਤੇ ਉਸਨੂੰ ਆਈ ਗਈ ਨਾ ਦਿੱਤੀ । ਆਖ਼ਰ ਨਾਂਓ ਦੱਸਣਾ ਪਿਆ । ਰਾਮ ਕਿਸ਼ਨ ਦੀ ਇਹ ਡਿਊਟੀ ਨਿਭ ਗਈ । ''ਮੈਨੂੰ ਹੋਰ ਕੋਈ ਕੰਮ ਨੀਂ?'' ਆਪਣੇ ਰਜਿਸਟਰ 'ਚ ਮੈਨੂੰ ਦਰਜ ਕਰ ਕੇ ਹੀ ਉਸ ਨੇ ਸੁੱਖ ਦਾ ਸਾਹ ਲਿਆ । ਮੇਰੇ ਲਈ ਉਹ ਇਨਸਾਫ਼ ਦੀ ਪਹਿਲੀ ਮੂਰਤੀ ਐ । ਮੈਂ ਸਦਾ ਉਸ ਨੂੰ ਨਤਮਸਤਕ... ਬਾਰ-ਮ-ਬਾਰ... ਨਤਮਸਤਕ ਹਾਂ । ਉਸ ਵਕਤ ਦੀ ਉਸ ਦੀ ਕੀਤੀ ਕਾਰਵਾਈ ਦਾ ਮੈਨੂੰ ਛੱਬੀ ਸਾਲ ਬਾਅਦ ਪਤਾ ਲੱਗਿਆ ।

ਫੇਰ ਚਾਰ ਪੰਜ ਸਾਲਾਂ ਬਾਅਦ ਦੂਸਰੀ ਵਾਰ ਮੇਰਾ ਪਾਲ਼ਾ ਮੁਸਲਮਾਨਾਂ ਦੀ ਮਸੀਤ 'ਚ ਚਲਦੇ ਖਾਲਸਾ ਪ੍ਰਾਇਮਰੀ ਸਕੂਲ ਨਾਲ ਪਿਆ ਜਿੱਥੋਂ ਸਭ ਊੜਾ ਐੜਾ ਦੀ ਪੜ੍ਹਾਈ ਸ਼ੁਰੂ ਕਰਦੇ ਹਨ । ਦਸ ਟਰੱਕ ਸਰੰਦੀ ਇੱਟਾਂ ਨਾਲ ਬਣੇ ਦੋ ਵੱਡੇ ਦਰਵਾਜ਼ਿਆਂ ਵਾਲੇ ਇੱਕੋ ਇੱਕ ਕਮਰੇ ਵਾਲੇ ਸਕੂਲ ਵਿੱਚ ਕਿਤੇ ਦਫ਼ਤਰ ਵੀ ਸੀ । ਜੋ ਕਿਸੇ ਨੂੰ ਦਿਖਦਾ ਨਹੀਂ ਸੀ । ਪੜ੍ਹਾਈ ਤਾਂ ਬਾਹਰ ਖੜ੍ਹੇ ਕੇਂਦੂ ਅਤੇ ਸਰੀਂਹ ਦੇ ਚਾਰ ਦਰੱਖਤਾਂ ਥੱਲੇ ਜਾਂ ਖੁੱਲੀ ਧੁੱਪ ਵਿੱਚ ਹੁੰਦੀ ਸੀ । ਦਫ਼ਤਰ ਜਿੰਦਾ ਕੁੰਡੀ ਲੱਗੀ ਅਲਮਾਰੀ 'ਚ ਪਏ ਰਜਿਸਟਰ ਵਿੱਚ ਸੀ ਜਿਸ ਵਿੱਚ ਮੈਨੂੰ ਦੂਹਰੀ ਵਾਰ ਦਰਜ ਕੀਤਾ ਗਿਆ । 'ਲੜੀ ਨੰ: 2143, ਪ੍ਰਵੇਸ਼ ਕਰਨ ਦੀ ਮਿਤੀ: 14/10/66, ਫਲਾਣਾ ਸਿੰਘ, ਡੇਟ ਆਫ਼ ਬਰਥ 30/12/60 (ਤੀਹ ਬਾਰਾਂ ਸੱਠ), ਸ: ਨਰੰਜਣ ਸਿੰਘ, ਸਿੱਖ, ਖੇਤੀਬਾੜੀ, ਰੋਪੜ ।' ਇਸ ਦਫ਼ਤਰ ਦਾ ਮੁੱਖੀ ਮਾਸਟਰ ਹਰੀ ਸਿੰਘ ਸੀ ਜੋ ਚੌਥੀ ਜਮਾਤ ਨੂੰ ਪੜ੍ਹਾਉਂਦਾ ਤੇ ਸਕੂਲ ਦੇ 'ਹਾਤੇ ਅਤੇ ਇਸ ਉਪਰਲੀ ਅਸਮਾਨੀ ਹਵਾ ਤੱਕ ਹੁਕਮ ਚਲਾਉਂਦਾ ਸੀ । ਉਸ ਦੀ ਪਿੱਠ ਪਿੱਛੇ ਉਸ ਨੂੰ 'ਨਲੂਆ' ਵੀ ਕਹਿੰਦੇ ਸਨ । ਉਂਜ ਉਹ ਖੂੰਡੀ ਦੇ ਸਹਾਰੇ ਲਾਗਲੇ ਪਿੰਡੋਂ ਤੁਰ ਕੇ ਆਉਂਦਾ ਸੀ । ਇੱਕ ਲੱਤ ਅਤੇ ਹੱਥ ਤੋਂ ਹੈਂਡੀਕੈਪਡ ਸੀ । ਅੰਮਿ੍ਤਧਾਰੀ ਸੀ । ਉਸ ਨੇ ਮੇਰੀ ਜਨਮ ਮਿਤੀ ਬਿਨਾਂ ਕੋਈ ਸਬੂਤ ਦੇਖਿਆਂ, ਮੰਗਿਆਂ ਤਿੱਖੇ ਡੰਕ ਨਾਲ ਪੰਜਾਬੀ ਵਿੱਚ ਸੋਧ ਦਿੱਤੀ ਸੀ । ਇਸ ਵਾਕੇ ਨੂੰ ਦਰਜ ਕਰ ਕੇ ਉਹ ਸਦਾ ਲਈ ਭੁੱਲ ਗਿਆ । ਮੈਨੂੰ ਵੀ ਉਸ ਦੀ ਕੀਤੀ ਕਾਰਵਾਈ ਦਾ ਬਾਈ ਸਾਲ ਬਾਅਦ ਪਤਾ ਲੱਗਿਆ । ਉਸ ਨੇ ਮੈਨੂੰ ਜੰਮਣ ਤੋਂ ਪਹਿਲਾਂ ਪੈਦਾ ਕਰ ਦਿੱਤਾ ਸੀ । ਉਹ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦਾ । ਤਾਂ ਵੀ ਉਸ ਪੜ੍ਹੇ ਲਿਖੇ... ਪੜ੍ਹਾਉਣ ਵਾਲੇ ਹੁਕਮਰਾਨ ਦੀ ਸੋਧੀ ਹੋਈ ਜਨਮ ਤਰੀਕ ਨੂੰ ਜੱਫੀ ਪਾਈ ਮੈਂ... ਬੇਸਮਝ, ਪੂਰੇ ਬਾਈ ਸਾਲ ਚੁੱਕੀ ਫਿਰੀ ਗਿਆ ।

ਪ੍ਰਾਇਮਰੀ ਸਕੂਲ, ਹਾਈ ਸਕੂਲ, ਪਬਲਿਕ ਹਿੰਦੂ ਸਕੂਲ, ਸਰਕਾਰੀ ਕਾਲਜ, ਪੰਜਾਬ ਯੂਨੀਵਰਸਿਟੀ ... ਦਫ਼ਤਰ-ਦਰ-ਦਫ਼ਤਰ... ਤੇ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਹੈ ਕਿ ਮੈਂ ਹਰੀ ਸਿੰਘ ਉਰਫ਼ ਨਲੂਏ ਦਾ ਝੂਠ ਦਾ ਅੰਬੈਸਡਰ ਬਣ ਕੇ ਆਪਣੀ ਉਮਰ ਮੈਨੂੰ ਰਿਸ਼ਤਾ ਕਰਨ ਆਏ ਕੁੜੀਆਂ ਦੇ ਰਿਸ਼ਤੇਦਾਰਾਂ ਨੂੰ ਵੀ ਸਬੂਤਾਂ ਸਮੇਤ ਦੱਸੀ ਗਿਆ । 1988 'ਚ ਮੇਰਾ ਬਾਪ ਹਰਟ ਅਟੈਕ ਨਾਲ ਚੜ੍ਹਾਈ ਕਰ ਗਿਆ । ਆਪਣੇ ਪੁਰਖ਼ਾਂ ਦੀ ਜ਼ਮੀਨ ਆਪਣੇ ਨਾਂਓ ਕਰਾਉਣ ਦੇ ਮਸਲੇ 'ਚ ਮੈਨੂੰ ਜਨਮ ਸਰਟੀਫਿਕੇਟ ਦੀ ਲੋੜ ਪਈ । ਰਾਮ ਕਿਸ਼ਨ ਦੇ ਲਿਖੇ ਦੀ ਬੁੱਕਤ ਪੈ ਗਈ । ਉਸ ਦੇ ਲਿਖੇ ਤੱਕ ਮੈਂ ਤਾਂ ਭਾਵੇਂ ਕਈ ਮਹੀਨੇ ਨਾ ਪੁੱਜਦਾ । ਮੇਰੇ ਵੱਡੇ ਸਾਂਝੇ ਪ੍ਰੀਵਾਰ 'ਚ ਵੱਡੇ ਭਾਈ ਸਾਹਿਬ ਇਹ ਗੁਰ ਜਾਣਦੇ ਸਨ । ਰਾਮ ਕਿਸ਼ਨ ਦਾ ਰਜਿਸਟਰ ਪਤਾ ਨਹੀਂ ਕਿਵੇਂ ਉਸ ਵਾਂਗ ਹੀ ਹਿੱਲਦਾ ਠਾਣਿਆਂ, ਦਫ਼ਤਰਾਂ ਵਿੱਚੀਂ ਤੁਰਦਾ ਕਿਸੇ ਵੱਡੇ ਸਰਕਾਰੀ ਦਫ਼ਤਰ 'ਚ ਦਾਖਲ ਹੋ ਗਿਆ ਸੀ । ਜਿੱਥੇ ਰਜਿਸਟਰਾਂ ਦੀ ਗਲ਼ ਘੋਟੂ ਅਬਾਦੀ ਸੀ । ਸਭ ਤੋਂ ਮੂਹਰੇ ਬਾਬੂ, ਉਸ ਤੋਂ ਉਪਰ ਹੋਰ ਕਈ ਅਹਿਲਕਾਰ । ਭਾਈ ਸਾਹਿਬ ਨੇ ਹੌਲੀ ਦੇ ਕੇ ਬਾਬੂ ਦੇ ਮੇਜ਼ 'ਤੇ ਕੁੱਝ ਰੱਖ ਦਿੱਤਾ । ਬਾਬੂ ਖੁਸ਼ੀ ਨਾਲ ਪ੍ਰੇਸ਼ਾਨ ਹੋ ਗਿਆ :''ਕੀ ਕਰਦੇ ਓਂ?!! '' ਤੇ ਫੇਰ ਉਸ 'ਕੁੱਝ' ਨੂੰ ਰਜਿਸਟਰ ਨਾਲ ਢੱਕ ਦਿੱਤਾ,''ਤੁਹਾਡਾ ਕੰਮ ਹੋ ਜੇ ਗਾ । ਪਰਸੋਂ ।''

ਜੀਵਨ 'ਚ ਚਾਅ ਚੜ੍ਹਨ ਦੇ ਮੌਕੇ ਘੱਟ ਹੀ ਆਉਂਦੇ ਹਨ । ਜਨਮ ਸਰਟੀਫਿਕੇਟ ਅਤੇ ਇਸ 'ਤੇ ਲਿਖੀ ਅਸਲ ਜਨਮ ਤਰੀਕ ਦੇਖ ਕੇ ਮੇਰੇ ਖ਼ੂਨ ਦਾ ਦੌਰਾ ਤੇਜ ਹੋ ਗਿਆ । ਮੈਂ ਭਾਈ ਸਾਹਿਬ ਦਾ ਅੱਜ ਤੱਕ ਸ਼ੁਕਰਗੁਜ਼ਾਰ ਆਂ । ਉਹਨਾਂ ਦੇ ਸਿਰ 'ਤੇ ਮੈਂ ਅਨੇਕਾਂ ਦਫ਼ਤਰਾਂ ਤੋਂ ਬਚਿਆ ਰਿਹਾ ਹਾਂ । ਮੇਰੀ ਉਮਰ ਘਟ ਗਈ । ਨਹੀਂ ਸੱਚ ਵੱਧ ਗਈ । ਮੈਂ ਰਾਮ ਕਿਸ਼ਨ ਛੀਂਬੇ ਨੂੰ ਦੇਖਣਾ ਚਾਹੁੰਦਾ ਸਾਂ... ਚਾਹੁੰਦਾ ਹਾਂ... ਬਾਰ-ਮ-ਬਾਰ ਨਤਮਸਤਕ ਹੋਣਾ ਚਾਹੁੰਦਾ ਹਾਂ ।

ਜਨਮ ਸਰਟੀਫਿਕੇਟ ਦੀ ਅਟੈੱਸਟਡ ਕਾਪੀ ਦੇ ਮੂਹਰੇ ਅਰਜ਼ੀ ਜੋੜ ਕੇ ਮੈਂ ਆਪਣੇ ਵਿਭਾਗ ਦੇ ਮੁੱਖ ਦਫ਼ਤਰ ਨੂੰ ਦਰਖਾਸਤ ਦਿੱਤੀ ਕਿ ਮੇਰੀ ਜਨਮ ਮਿਤੀ ਦਰੁਸਤ ਕਰ ਕੇ ਰਿਕਾਰਡ ਵਿੱਚ ਇੰਦਰਾਜ਼ ਕਰ ਦਿੱਤਾ ਜਾਵੇ । ਮੇਰੀ ਅਸਲੀ ਡੇਟ ਆਫ ਬਰਥ ਪੰਦਰਾਂ ਮਾਰਚ ਉੱਨੀ ਸੌ ਬਾਹਠ ਹੈ । ਪੂਰੇ ਮਹੀਨੇ ਬਾਅਦ ਮੈਨੂੰ ਸੁਪਰਡੰਟ (ਪ੍ਰਸ਼ਾਸ਼ਨ) ਦੀ ਨੰਬਰ ਲੱਗੀ ਚਿੱਠੀ ਆਈ: 'ਪਹਿਲਾਂ ਆਪਣੀ ਜਨਮ ਮਿਤੀ ਦੀ ਸੋਧ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਮੈਟਰੀਕੂਲੇਸ਼ਨ ਦੇ ਸਰਟੀਫਿਕੇਟ ਵਿੱਚ ਕਰਵਾਓ । ਸਾਡੇ ਨਾਲ ਬਾਅਦ 'ਚ ਗੱਲ ਕਰਿਓ ' । ਫਾਈਲ ਬੰਦ ।

ਮੇਰੇ ਆਪਣੇ ਸਰਕਾਰੀ ਮਹਿਕਮੇ ਦੀ ਫ਼ਾਈਲ ਬੰਦ ਹੋਈ, ਤਾਂ ਚੜ੍ਹੇ ਚਾਅ ਮੈਂ ਪੰਜਾਬ ਸਕੂਲ 'ਸਿੱਖਿਆ' ਬੋਰਡ ਦੀ ਫ਼ਾਈਲ ਖ੍ਹੋਲ ਦਿੱਤੀ । ਜਨਮ ਮਿਤੀ ਦੀ ਸੋਧ ਕਰਨ ਲਈ ਫਾਰਮ ਭਰ ਦਿੱਤਾ । ਫਾਰਮ ਦੋ ਸੌ ਰੁਪਏ ਦੀ ਪੀਲੀ ਰਸੀਦ ਨਾਲ ਲਾ ਕੇ ਬਾਬੂ ਨੂੰ ਮੋਰੀ ਵਿੱਚੀਂ ਫੜਾ 'ਤਾ । ਦੋ ਮਹੀਨੇ ਬਾਅਦ ਸੁਪਰਡੰਟ (ਸਰਟੀਫਿਕੇਟ ਸ਼ੈਕਸਨ ) ਦੀ ਚਿੱਠੀ ਆਈ : 'ਆਪਣੇ ਪਿਤਾ ਵੱਲੋਂ ਤਿੰਨ ਰੁਪਏ ਦੇ ਅਸ਼ਟਾਮ ਉੱਤੇ ਹਲਫ਼ੀਆ ਬਿਆਨ ਪਹਿਲਾ ਦਰਜਾ ਮੈਜਿਸਟਰੇਟ ਤੋਂ ਤਸਦੀਕ ਸ਼ੁਦਾ ਦਿੱਤਾ ਜਾਵੇ ਜਿਸ ਵਿੱਚ ਉਸ ਦੇ ਸਾਰੇ ਬੱਚਿਆਂ ਦੀਆਂ ਜਨਮ ਮਿਤੀਆਂ ਹੋਣ । ਇਹ ਵੀ ਤਸਦੀਕ ਕੀਤਾ ਹੋਵੇ ਕਿ ਇਹਨਾਂ ਬੱਚਿਆਂ ਤੋਂ ਇਲਾਵਾ ਹੋਰ ਕੋਈ ਬੱਚਾ ਪੈਦਾ ਨਹੀਂ ਹੋਇਆ (ਨਮੂਨਾ ਨੱਥੀ ਹੈ) । ਜਨਮ ਦਾ ਅਸਲ ਸਰਟੀਫਿਕੇਟ (ਫ਼ੋਟੋ ਕਾਪੀ ਨਹੀਂ ਮੰਨੀ ਜਾਂਦੀ) । ਸਾਰੇ ਭੈਣ ਭਰਾਵਾਂ ਦੇ ਅਸਲ ਸਰਟੀਫਿਕੇਟ ਭੇਜੋ । ਦੋ ਗਜ਼ਟਡ ਅਫ਼ਸਰਾਂ ਤੋਂ ਅਸਲ ਜਨਮ ਤਰੀਕ ਦੇ ਸਰਟੀਫਿਕੇਟ । ਜੋ ਅਲੱਗ -ਅਲੱਗ ਕਾਗਜ਼ਾਂ 'ਤੇ ਹੋਣ । ਡੀਲੇਅ ਕੰਨਡੋਨ ਕਰਨ ਦੀ ਪ੍ਰਤੀ ਸਾਲ ਦੀ ਫੀਸ ਨੱਥੀ ਫਾਰਮ ਸਮੇਤ ਭਰੋ... ਤਾਂ ਜੋ ਇਸ ਮਾਮਲੇ ਨੂੰ ਨੇਪਰੇ ਚਾੜਿਆ ਜਾ ਸਕੇ...

ਮੇਰੇ ਵਜੂਦ ਉੱਤੇ ਬੰਬਾਰਡਮੈਂਟ ਹੋ ਗਈ ਸੀ ।

ਐਫ਼ੀਡੈਬਿਟ? ਬਾਪ ਮਰ ਚੁੱਕਾ ਸੀ । ਭੈਣਾਂ ਭਾਈਆਂ ਦੇ ਅਸਲ ਜਨਮ ਸਰਟੀਫਿਕੇਟ... ਮੈਂ ਬਾਪ ਦਾ 'ਕੱਲਾ ਪੁੱਤ ਹਾਂ । ਦੋ ਗਜ਼ਟਡ ਅਫ਼ਸਰਾਂ ਦੇ ਸਰਟੀਫਿਕੇਟ... ਗਜ਼ਟਡ ਅਫ਼ਸਰ?... ਦੋ?... ਮੈਂ ਸੁੰਨ ਹੋ ਗਿਆ । ਮਹੀਨਾ ਭਰ ਚਿੱਠੀ ਪੜ੍ਹ ਪੜ੍ਹ ਮੇਰੇ ਹੋਸ਼ੋ ਹਵਾਸ ਗੁੰਮ ਹੁੰਦੇ ਰਹੇ ।

ਫੇਰ ਹੌਂਸਲਾ ਕਰ ਕੇ ਲੇਟ ਫੀਸ ਭਰ ਦਿੱਤੀ । ਛੇ ਸੌ । ਫਾਰਮ ਭਰ ਦਿੱਤਾ । 'ਰਿਸਪੈਕਟਡ ਸਰ' ਨੂੰ ਫੇਰ 'ਯੂਅਰਜ਼ ਫ਼ੇਥਫ਼ੁੱਲੀ' ਦੀ ਦਰਖਾਸਤ ਲਿਖ ਦਿੱਤੀ । ਉਮੀਦ ਨੂੰ ਕਾਇਮ ਕਰਨ ਦਾ ਭਰਮ ਪਾਲਿਆ । ਡੂਢ ਮਹੀਨੇ ਪਿੱਛੋਂ ਸਕੂਲ ਬੋਰਡ ਦੇ ਸੁਪਰਡੰਟ ਨੇ ਫੇਰ ਮੈਨੂੰ ਯਾਦ ਕੀਤਾ । ਹੁਣ ਫੇਰ ਮੇਰੇ ਮਰੇ ਹੋਏ ਬਾਪ ਤੋਂ ਐਫ਼ੀਡੈਬਿਟ ਤੇ ਹੋਰ ਬੱਚਿਆਂ ਦੇ ਹੋਣ ਜਾਂ ਨਾ ਹੋਣ ਦੇ ਸਰਟੀਫਿਕੇਟ, ਸਬੂਤ ਮੰਗੇ ਗਏ ਸਨ । ਮੈਨੂੰ ਹੋਰ ਵੀ ਕੰਮ ਹਨ । ਮੈਂ ਖੁਦ 'ਦਫ਼ਤਰ' ਬਣ ਗਿਆ । ਇਸ ਮਾਮਲੇ ਨੂੰ ਸੋਚ ਵਿਚਾਰ ਲਈ ਦੋ ਮਹੀਨੇ ਆਪਣੇ ਕੋਲ ਪੈਡਿੰਗ ਰੱਖਿਆ... ਫੇਰ ਜੀਉਂਦੀ ਮਾਂ ਤੋਂ ਐਫ਼ੀਡੈਬਿਟ ਦਵਾਇਆ ਕਿ ਮੇਰਾ ਪੁੱਤ... ਪੰਦਰਾਂ ਮਾਰਚ... ਤੇ... ਤੇ...

ਇੱਕ ਹੋਰ ਚਿੱਠੀ ਸਕੂਲ ਬੋਰਡ ਨੇ ਹਰੀ ਸਿੰਘ 'ਨਲੂਏ' ਵਾਲੇ ਸਕੂਲ (ਜੋ ਮਸੀਤ ਛੱਡ ਕੇ ਦੂਸਰੀ ਨਵੀਂ ਬਿਲਡਿੰਗ 'ਚ ਚਲਾ ਗਿਆ ਸੀ) ਨੂੰ ਜਾਰੀ ਕਰ ਦਿੱਤੀ ਕਿ ਅਸਲ ਦਾਖਲਾ ਰਜਿਸਟਰ, ਤਸਦੀਕ ਸੁਦਾ ਕਾਪੀਆਂ ਸਮੇਤ ਲੈ ਕੇ ਪੇਸ਼ ਹੋਵੇ । ਕਾਪੀ ਮੈਨੂੰ ਕਰ ਦਿੱਤੀ ਕਿ ਮੈਂ ਸਕੂਲ ਨਾਲ ਸੰਪਰਕ ਕਰਾਂ...ਕਿ ਮੈਂ ਆਪਣਾ ਮੈਟਰੀਕੂਲੇਸ਼ਨ ਦਾ ਅਸਲ ਸਰਟੀਫਿਕੇਟ ਜਮਾਂ ਕਰਾਵਾਂ ... ਇੰਮੀਜੀਏਟਲੀ । ਇਸ ਤੋਂ ਇਲਾਵਾ ਮੇਰੇ ਅਸਲ ਜਨਮ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਸਿਵਲ ਸਰਜਨ ਤੋਂ ਗੁਪਤ ਕਰਵਾਈ ਗਈ । ਉੱਥੇ ਪਹਿਲਾਂ ਹੀ ਉਹੀ ਛੀਂਬਾ ਡੰਕ ਫੜੀ ਖੜ੍ਹਾ ਸੀ ।

...'ਕਾਗਦ ' ... 'ਮਸਿ ' ...ਮਰ ਗਏ ਲਿਖਦੇ ...ਪੜ੍ਹਦੇ ... ਗੇੜੇ 'ਤੇ ਗੇੜਾ ਮਾਰਦੇ ।

ਪਹਿਲੀ ਤੋਂ ਦਸਵੀਂ ਜਮਾਤ ਤੱਕ ਮੈਂ ਜਿੱਥੇ ਜਿੱਥੇ ਪੜਿ੍ਹਆ ਸਾਂ ਸਭ ਤੋਂ ਸਕੂਲ ਬੋਰਡ ਨੇ ਲਿਖਵਾ ਕੇ ਲਿਆ ਕਿ ਉਹਨਾਂ ਦੇ ਰਿਕਾਰਡ (ਜੋ ਲੱਭਦਾ ਹੀ ਨਹੀਂ ਸੀ) ਵਿੱਚ ਮੇਰੀ ਜਨਮ ਮਿਤੀ ਕੀ ਦਰਜ ਹੈ । ਸਭ ਨੇ ਲਿਖ ਦਿੱਤਾ :'ਤੀਹ ਬਾਰਾਂ ਸੱਠ' ।

ਹਰੀ ਸਿੰਘ ਨਲੂਏ ਦਾ ਅਸਲ ਰਜਿਸਟਰ ਵੀ ਲਿਆ ਖੜ੍ਹਾ ਕੀਤਾ ।

...ਫੇਰ ਚਿੱਠੀ ਆਈ... 'ਜੇ ਤੁਸੀਂ ਸਰਕਾਰੀ ਨੌਕਰ ਓਂ ਤਾਂ ਆਪਣੇ ਮਹਿਕਮੇ ਤੋਂ ਸੋਧ ਬਾਰੇ ਐਨ.ਓ.ਸੀ. ਲੈ ਕੇ ਭੇਜੋ ' । ਮੈਂ ਆਪਣੇ ਦਫ਼ਤਰ ਤੋਂ ਫਰਲੋ ਮਾਰ ਕੇ ਸਕੂਲ ਸਿੱਖਿਆ ਬੋਰਡ ਜਾ ਪੁੱਜਿਆ ।

''ਐੱਨ.ਓ. ਸੀ. ਤੁਸੀਂ ਕੀ ਕਰਨੀ, ਓਰੀਜ਼ਨਲ ਬਰਥ ਸਰਟੀਫਿਕੇਟ?"

'' ਸੈਕਟਰੀ , ਐਜੂਕੇਸ਼ਨ ਕਮੇਟੀ ਦੇ ਮੈਂਬਰ ਹਨ । ਉਹਨਾਂ ਨੇ ਇਤਰਾਜ਼ ਲਾ ਦਿੱਤਾ ਕਿ ਗੌਰਮਿੰਟ ਇੰਪਲਾਈ ਦੀ ਜੇ ਡੇਟ ਆਫ਼ ਬਰਥ ਚੇਂਜ ਕੀਤੀ ਤਾਂ ਉਸ ਦੀ ਸੀਨੀਅਰਟੀ ਬਦਲ ਜਾਵੇਗੀ । ਜਿਸ ਦੀ ਸੀਨੀਅਰਟੀ 'ਤੇ 'ਈਫ਼ੈਕਟ' ਪਿਆ ਉਸ ਨੇ ਸਾਨੂੰ ਹਾਈ ਕੋਰਟ 'ਚ ਪਾਰਟੀ ਬਣਾ ਲੈਣਾ"

'' ਕਮੇਟੀ ਦੇ ਕਿਹੜੇ-ਕਿਹੜੇ ਮੈਂਬਰ ਐ "

'' ਚੇਅਰਮੈਨ ਸਕੂਲ ਬੋਰਡ, ਸੈਕਟਰੀ ਐਜੂਕੇਸ਼ਨ, ਲੀਗਲ ਰੀਮੰਮਬਰੈਂਸਰ, ਸੈਕਟਰੀ ਸਕੂਲ ਬੋਰਡ... ਪ੍ਰਿੰਸੀਪਲ... ਡੀ. ਪੀ. ਆਈ. ", ਮੇਰਾ ਸਿਰ ਘੁੰਮ ਗਿਆ । ਅਫ਼ਸਰਾਂ ਦਾ ਹਜ਼ੂਮ । ਮੈਂ ਤਾਂ... ਮੇਰਾ ਰਾਮ ਕਿਸ਼ਨ ਤਾਂ 'ਕੱਲਾ ਸੀ । ਹੁਣ ਵੀ 'ਕੱਲਾ ਹੈ ।

... ਐਨ. ਓ. ਸੀ. ਵੀ ਸਕੂਲ ਬੋਰਡ ਨੂੰ ਚਲੀ ਗਈ ।

....ਫੇਰ ਮੂਲ ਦਰਖਾਸਤ ਤੋਂ ਛੇ ਸਾਲ ਬਾਅਦ ਨਵੇਂ ਸੁਪਰਡੈਂਟ ਦੀ ਨਵੀਂ ਚਿੱਠੀ ਆਈ । ' ਜੇ ਤੁਹਾਡੀ ਜਨਮ ਮਿਤੀ ਸੋਧ ਦਿੱਤੀ ਜਾਵੇ ਤਾਂ ਪਹਿਲੀ ਜਮਾਤ 'ਚ ਦਾਖਲ (ਮੈਂ ਆਪ ਦਾਖਲ ਹੋਇਆ ਸਾਂ?) ਹੋਣ ਸਮੇਂ ਤੁਹਾਡੀ ਉਮਰ ਚਾਰ ਸਾਲ ਬਣਦੀ ਐ ਜਦੋਂ ਕਿ ਪੰਜ ਸਾਲ ਤੋਂ ਪਹਿਲਾਂ ਕੋਈ ਦਾਖਲ ਨਹੀਂ ਹੋ ਸਕਦਾ । ਤੁਸੀਂ ਆਪਣੇ ਮਹਿਕਮੇ 'ਚ ਕਦੋਂ ਹਾਜ਼ਰ ਹੋਏ... ਤੇ ਹਾਜ਼ਰ ਹੋਣ ਸਮੇਂ ਕਿਹੜੀਆਂ ਕਿਹੜੀਆਂ ਅਸਾਮੀਆਂ 'ਤੇ ਹਾਜ਼ਰ ਹੋਏ? ਇਹ ਵੀ ਲਿਖ ਕੇ ਸਕੂਲ ਬੋਰਡ ਨੂੰ ਚਲਿਆ ਗਿਆ ।

...ਇੱਕ ਵਾਰ ਫੇਰ ਸਕੂਲ ਬੋਰਡ ਦੀ ਨਵੀਂ ਬਿਲਡਿੰਗ ਵਿੱਚ ਜਾ ਕੇ ਬਾਬੂਆਂ ਨੂੰ ਮਿਲਣ ਦੀ ਬੇ-ਸ਼ਰਮੀ ਪਤਾ ਨਹੀਂ ਮੇਰੇ 'ਚ ਕਿੱਥੋਂ ਆ ਗਈ ।

''ਤੁਹਾਡੇ ਮਹਿਕਮੇ 'ਚ ਕਲੰਡਰ ਡਾਇਰੀਆਂ ਬਹੁਤ ਵਧੀਆ ਛਪਦੀਆਂ... ਰਿਟਾਇਰ ਹੁੰਦੇ ਤੱਕ ਤਾਂ ਪਤਾ ਨਹੀਂ ਤੁਸੀਂ ਕਿਹੜੀ ਪੋਸਟ 'ਤੇ ਚਲੇ ਜਾਓਂ... ਬੜੀ ਤਨਖ਼ਾਹ ਹੋਜੂ ਤੁਹਾਡੀ ਤਾਂ... ਖੜ੍ਹੇ ਕਿਓਂ ਓ? ਬੈਠੋ ਤੁਸੀਂ... ਕੁਰਸੀ ਲਓ", ਮੈਂ ਭੱਜ ਕੇ ਸਕੂਲ ਬੋਰਡ ਦੇ ਦਫ਼ਤਰ ਦੀ ਨਵੀਂ ਬਿਲਡਿੰਗ 'ਚੋਂ ਬਾਹਰ ਨਿਕਲ ਆਇਆ । ਬਾਬੂ ਮੈਨੂੰ ਸਾਮੀ ਬਣਾਉਣ ਦੇ ਚੱਕਰ 'ਚ ਸੀ । ਸਾਲ ਹੋਰ ਲੰਘੇ ਤੋਂ ਮੈਨੂੰ ਰਜਿਸਟਰੀ ਆਈ :

' ਮਿਤੀ 31-01-95 ਨੂੰ ਹੋਈ ਮੀਟਿੰਗ ਵਿੱਚ ਆਪ ਦਾ ਕੇਸ ਰੱਦ ਕਰ ਦਿੱਤਾ ਹੈ । ' ਦਸਤਖ਼ਤ ਕੇ. ਕੇ. ਭੰਡਾਰੀ । ਜਨਮ ਦਾ ਅਸਲ ਸਰਟੀਫਿਕੇਟ । 'ਕੇਸ ਰੱਦ ਕਰ ਦਿੱਤਾ ਹੈ ' । ਮੈਨੂੰ ਲੱਗਿਆ ਮੈਂ ਹੀ ਗਲਤ ਹਾਂ ।

''ਪਰ ਤੁਸੀਂ ਇਸ ਫੈਸਲੇ ਦੇ ਵਿਰੱਧ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਪੀਲ ਤਾਂ ਕਰ ਹੀ ਸਕਦੇ ਹੋ '',ਅਗਾਂਹ ਤੋਰਨ ਵਾਲੇ ਵੀ ਨਾਲ ਹੀ ਖੜ੍ਹੇ ਹੁੰਦੇ ਹਨ ।

ਮੈ ਅਪੀਲ ਕਰ ਦਿੱਤੀ ।

ਮੈਂ ਕਿਹੜਾ ਹਟਣ ਵਾਲਾ ਸੀ ।

ਮੈਂ 'ਦਫ਼ਤਰ' ਹੋ ਗਿਆ ਸਾਂ । ਸਕੂਲ ਬੋਰਡ ਵੀ ਡਟਿਆ ਰਿਹਾ । ਸੱਤ ਮਹੀਨੇ ਬਾਅਦ ਉਸ ਨੇ ਫੇਰ ਮੈਨੂੰ ਯਾਦ ਕੀਤਾ : 'ਇਹ ਕੇਸ ਨੰਬਰ 3309/ ਜਨਮ ਮਿਤੀ ਪ੍ਰਧਾਨ ਜੀ ਦੇ ਹੁਕਮਾਂ ਮੁਤਾਬਕ ਦੁਵਾਰਾ ਕਮੇਟੀ ਅੱਗੇ ਰੱਖਿਆ ਗਿਆ ਸੀ ਜੋ ਕਿ ਕਮੇਟੀ ਨੇ ਮੁੜ ਰੱਦ ਕਰ ਦਿੱਤਾ ਹੈ ।' ਮੈਂ ਪਹਿਲਾਂ ਦਫ਼ਤਰ ਹੋਇਆ । ਫੇਰ ਮੁਕੱਦਮੇਬਾਜ਼ । ਦੱਸਦਾਂ ਕਿ ਮੈਂ ਕਿਹੜੀ ਮਿੱਟੀ ਦਾ ਬਣਿਆ ਹੋਇਆਂ । ਫ਼ਾਈਲ ਵਕੀਲ ਦੇ ਹਵਾਲੇ ਕਰ ਦਿੱਤੀ । ਛੇ ਮਹੀਨੇ ਵਕੀਲ ਸਲਾਹਾਂ ਕਰਦਾ ਰਿਹਾ । ਇਹ ਕਿਹੜਾ ਕੋਈ ਵੱਡਾ ਕੇਸ ਐ । ਕਤਲ ਦੇ, ਬੀਮਿਆਂ ਦੇ... ਹੋਰ ਕੇਸਾਂ ਦੀ ਫੀਸ ਵੀਹ... ਪੰਜਾਹ ਹਜ਼ਾਰ ਐ । ਖ਼ੂਨ ਤਾਂ ਨਹੀਂ ਹੋਇਆ । ਮੈਂ ਵਕੀਲ ਨੂੰ ਫੋਨ 'ਤੇ ਫੋਨ ਕਰਦਾ । ਇੱਕ ਦਿਨ ਉਹ ਮੈਨੂੰ ਕਹਿੰਦਾ :

''ਰਾਤ ਨੂੰ ਲਫ਼ਾਫ਼ੇ ਮੇਰੇ ਨਾਲ ਗੱਲਾਂ ਕਰਦੇ ਐ", ਮੈਂ ਇਸ ਦਾ ਇਹੀ ਅਰਥ ਕੱਢਦਾ ਕਿ ਮੇਰੇ ਵਾਲੇ ਕੇਸ ਦੀ ਫੀਸ ਮਾਮੂਲੀ ਐ । ਸਤੰਬਰ 96 'ਚ ਕੇਸ ਫਾਈਲ ਹੋ ਗਿਆ । ਸੀਨੀਅਰ ਐਡਵੋਕੇਟ । ਸੂਟ ਫਾਰ ਡਿਕਲੇਰੇਸ਼ਨ । ਸਬ ਜੱਜ । ਡਾਕੂਮੈਂਟਸ । ਕਾਨੂੰਨ । ਗਵਾਹੀਆਂ... ਸਾਲ ਕੁ ਮਗਰੋਂ ਮੈਂ ਆਪਣਾ ਅਸਲ ਸਰਟੀਫਿਕੇਟ ਪੇਸ਼ ਕਰਕੇ (ਪਤਾ ਨਹੀਂ ਇਸ ਦੇ ਪੇਸ਼ ਹੋਣ ਦੀ ਕਿੰਨਵੀਂ ਬਾਰੀ ਸੀ) ਗਵਾਹੀ ਦੇ ਦਿੱਤੀ । ਜ਼ਿ੍ਹਰਾ ਹੋਈ । ਸਕੂਲ ਬੋਰਡ ਦਾ ਸੁਪਰਡੰਟ ਰਿਕਾਰਡ ਲੈ ਕੇ ਪੇਸ਼ ਹੋਇਆ । ਉਸ ਦੇ ਰਿਕਾਰਡ ਵਿੱਚ ਮੇਰਾ ਕੇਸ ਰੱਦ ਕਰਨ ਦਾ ਕੋਈ ਕਾਰਨ ਨਹੀਂ ਸੀ ਲਿਖਿਆ ਹੋਇਆ । ਰੱਦ ਮਤਲਬ ਰੱਦ । ਉਸ ਦੇ ਰਿਕਾਰਡ ਵਿੱਚ ਮੇਰੇ ਵਰਗੇ ਹੋਰ ਕਈ ਕੇਸ ਪ੍ਰਵਾਨ ਕੀਤੇ ਹੋਏ ਸਨ । ਪ੍ਰਵਾਨ ਕਰਨ ਦੇ ਵੀ ਕੋਈ ਕਾਰਨ ਨਹੀਂ ਲਿਖੇ ਹੋਏ ਸਨ । ਬਹਿਸ ਹੋਈ... ਤੇ... ਤੇ ਮਾਰਚ 1998 ਨੂੰ ਸਬ ਜੱਜ ਸਾਹਿਬਾ ਰੋਪੜ ਨੇ ਮੇਰਾ ਕੇਸ ਖਰਚੇ ਸਮੇਤ ਇਹ ਲਿਖ ਕੇ ਖ਼ਾਰਜ ਕਰ ਦਿੱਤਾ ਕਿ ਮੈਂ ਨੌਕਰੀ ਸ਼ੁਦਾ ਹੋਣ ਕਰਕੇ ਨੌਕਰੀ ਲੱਗਣ ਤੋਂ ਦੋ ਸਾਲ ਦੇ ਅੰਦਰ ਅੰਦਰ ਹੀ ਅਜਿਹੀ ਦਰਖਾਸਤ ਦੇ ਸਕਦਾ ਹਾਂ ।

ਅੱਛਿਆ! ਮੈਂ ਫੇਰ ਸੁੰਨ ਤੇ ਹੈਰਾਨ ਹੋ ਗਿਆ । ਹੁਣ ਪਿੱਛੇ ਹਟਣ ਦਾ ਕੀ ਅਰਥ? ਰਾਮ ਕਿਸ਼ਨ ਛੀਂਬੇ ਦੀ ਰੂਹ ਮੇਰੇ ਅੰਦਰ ਪ੍ਰਵੇਸ਼ ਕਰ ਗਈ । ਜ਼ਿਲਾ ਜੱਜ ਦੇ ਅਪੀਲ ਕਰ ਦਿੱਤੀ । ਕਿਸੇ ਦਿਨ ਬਹੁਤ ਲੇਟ ਤਰੀਕ ਪਈ । ਭੁੱਖੇ ਮਰ ਗਏ । ਮਰਿਆ ਹੋਇਆ ਬਾਪ ਯਾਦ ਆ ਗਿਆ ਜਿਸ ਨੂੰ ਇੱਕ ਦਿਨ ਜ਼ਮੀਨ ਦੇ ਕੇਸ ਦੀ ਸੁਣਵਾਈ ਤੋਂ ਘਰ ਮੁੜ ਆਏ ਨੂੰ ਮਾਂ ਨੇ ਪੁੱਛਿਆ ਸੀ :

'' ਪੈ ਗੀ ਤਰੀਕ ''

'' ਪਰੌਂਠਿਆਂ ਨੂੰ ਆਟਾ ਚੰਗਾ ਲਾ ਦਿਆ ਕਰ । ਉੱਥੇ ਤਰੀਕ ਬੜੀ ਲੇਟ ਪੈਂਦੀ ਐ ।''

ਹੇਠਲੀ ਅਦਾਲਤ ਦਾ ਹੁਕਮ ਪੜਿ੍ਹਆ ਜਾਂਦਾ ਸੁਣ, ਦੇਖ ਕੇ ਵੱਡੇ ਜੱਜ ਸਾਹਿਬ ਨੇ ਸਕੂਲ ਬੋਰਡ ਦੇ ਮਾਨਯਵਰ ਵਕੀਲ ਨੂੰ ਪੁੱਛਿਆ :

'' ਇਜ਼ ਹੀ ਯੂਅਰ ਇੰਪਲਾਈ? ''

''ਨੋ ਸਰ ,''

''ਨੋ ਸਰ ,'' ਮੇਰਾ ਵਕੀਲ ਵੀ ਮਗਰੇ ਈ ਬੋਲ ਪਿਆ ।

ਮੈਂ ਅਪੀਲ ਜਿੱਤ ਗਿਆ ।

ਇਹ ਦੂਸਰਾ ਮੌਕਾ ਸੀ ਜਦੋਂ ਰਾਮ ਕਿਸ਼ਨ ਛੀਂਬੇ ਨੂੰ ਜਿੱਤਦੇ ਹੋਏ ਦੇਖ ਕੇ ਮੈਨੂੰ ਚਾਅ ਚੜ੍ਹ ਗਿਆ । ਉਸ ਦੇ ਲਿਖੇ ਹੋਏ ਦੇ ਹੱਕ ਵਿੱਚ ਵੱਡੇ ਜੱਜ ਨੇ ਕਲਮ ਸੂਤ ਲਈ । ਫੇਰ ਇਹ ਹੁਕਮ ਸਕੂਲ ਬੋਰਡ ਅੰਦਰ ਵੜ ਕੇ ਬਾਬੂਆਂ, ਸੁਪਰਡੰਟਾਂ ਨੂੰ ਘੂਰਨ ਲੱਗਿਆ । ਉਹਨਾਂ ਨੂੰ ਮੋਕ ਲੱਗ ਗਈ । ਹਾਰੇ ਹੋਏ ਸਕੂਲ ਬੋਰਡ ਨੇ ਫੇਰ ਵੀ 'ਕਾਗਦ', 'ਮਸਿ' ਨਹੀਂ ਛੱਡੀ । ਮਿਸਲ ਕਾਨੂੰਨੀ ਰਾਏ ਲੈਣ ਲਈ ਬੋਰਡ ਦੇ ਸਟੈਡਿੰਗ ਕਾਓਂਸਲ ਨੂੰ ਭੇਜ ਦਿੱਤੀ । ਕਾਓਂਸਲ ਨੇ ਤਾਂ ਫੀਸ ਬਣਾਉਣੀ ਸੀ ਲਿਖਿਆ: ਅਪੀਲ ਕਰਤਾ ਕੇਵਲ ਇੱਕੋ ਵਾਰੀ ਜਿੱਤਿਆ ਹੈ । ਇੱਕ ਵਾਰੀ ਹਾਰਿਆ ਹੈ । ਅਪੀਲ ਹਾਈ ਕੋਰਟ ਵਿੱਚ ਕਰ ਦੇਣੀ ਚਾਹੀਦੀ ਹੈ ।

ਸਾਲ ਨਿਕਲ ਗਿਆ । ਮੈਨੂੰ ਕੋਈ ਨੋਟਿਸ ਨਹੀਂ ਆਇਆ । ਮੈਂ ਸਕੂਲ ਬੋਰਡ ਨੂੰ ਜ਼ਿਲਾ ਅਦਾਲਤ ਦੇ ਹੁਕਮ ਨਾ ਮੰਨਣ ਦੇ ਦੋਸ਼ ਹੇਠ ਮਾਨਹਾਨੀ ਦਾ ਨੋਟਿਸ ਭੇਜ ਦਿੱਤਾ । ਬੋਰਡ ਦੇ ਸਟੈਂਡਿੰਗ ਕਾਓਂਸਲ ਨੇ ਮਾਨਹਾਨੀ ਤੋਂ ਬਚਣ ਲਈ ਹਾਈ ਕੋਰਟ ਵਿੱਚ ਇੱਕ ਹੋਰ ਅਰਜੀ 'ਸਿਵਲ ਮਿਸਲੀਨੀਅਸ' ਲਾ ਦਿੱਤੀ ਕਿ ਜ਼ਿਲਾ ਜੱਜ ਦਾ ਹੁਕਮ ਸਟੇਅ ਕਰ ਦਿੱਤਾ ਜਾਵੇ । ਹੁਣ ਮਾਨਯੋਗ ਹਾਈ ਕੋਰਟ ਨੇ ਮੈਨੂੰ ਅਸਾਲਤਨ ਜਾਂ ਵਕਾਲਤਨ ਆਪਣਾ ਪੱਖ ਇੱਕ ਵਾਰ ਫੇਰ ਪੇਸ਼ ਕਰਨ ਦਾ ਮੌਕਾ ਦਿੱਤਾ ।

ਹੁਣ ਮੇਰਾ ਮਨ ਛੋਟੀ ਉਮਰ ਦਾ ਵਕੀਲ ਕਰਨ ਦਾ ਸੀ । ਹੁਣ ਤੱਕ ਮੈਨੂੰ ਇਹ ਇਲਮ ਹੋ ਚੁੱਕਾ ਸੀ ਕਿ ਲੰਮੇ ਸਮੇਂ ਤੱਕ ਅਦਾਲਤਾਂ ਵਿੱਚ ਚਲਦੇ ਕੇਸਾਂ ਦੇ ਵਕੀਲ, ਸਾਇਲ, ਗਵਾਹ ਤੇ ਹੋਰ ਪਤਾ ਨਹੀਂ ਕੌਣ ਕੌਣ ਰੱਬ ਨੂੰ ਪਿਆਰੇ ਹੋ ਜਾਂਦੇ ਹਨ । ਮੇਰਾ ਨੌਜੁਆਨ ਵਕੀਲ ਚਾਰ ਸਾਲ ਇਹ ਅਪੀਲ ਲੜਦਾ ਰਿਹਾ । ਆਖ਼ਰ 2004 ਵਿੱਚ ਹਾਈ ਕੋਰਟ ਵੱਲੋਂ ਰਾਮ ਕਿਸ਼ਨ ਛੀਂਬੇ ਦੇ ਲਿਖੇ ਹੋਏ ਅੱਖਰਾਂ ਦੇ ਹੱਕ ਵਿੱਚ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਰਖਿਲਾਫ਼ ਹੁਕਮ ਹੋਇਆ: 'ਅਪੀਲ ਡਿਸਮਿਸਡ'

ਸਕੂਲ ਬੋਰਡ ਦੀ ਨਵੀਂ ਬਿਲਡਿੰਗ ਵਿੱਚ ਇਹ ਦੂਸਰਾ ਹੁਕਮ ਫੇਰ ਅੱਖਾਂ ਦਿਖਾਉਂਦਾ ਫਿਰਿਆ । ਪੌਂ ਬੋਲ ਗਈ । ਰਾਮ ਕਿਸ਼ਨ ਆਪਣਾ ਡੰਕ ਮੈਨੂੰ ਫੜਾ ਗਿਆ ਸੀ । ਉਸ ਦੇ ਲਿਖੇ ਘਸ ਰਹੇ ਫਿੱਕੇ ਪੈਂਦੇ ਅੱਖਰਾਂ ਉੱਤੇ ਮੈਂ ਮੁੜ ਸਿਆਹੀ ਵਾਹ ਦਿੰਦਾ ਸਾਂ ।

ਮੈਂ ਛੇ ਸਾਲ ਤੋਂ ਨਵੇਂ ਮਹਿਕਮੇ 'ਚ ਆ ਗਿਆ ਸਾਂ । ਉਹਨਾਂ ਨੂੰ ਫ਼ੋਟੋ ਕਾਪੀਆਂ ਲਾ ਕੇ ਬੇਨਤੀ ਕੀਤੀ । ਉਹਨਾਂ ਨੇ ਪੰਜਾਬ ਸਕੂਲ ਬੋਰਡ ਦੇ ਕੰਨ 'ਚ ਹੌਲੀ ਦੇ ਕੇ ਪੁੱਛਿਆ ਕਿ ਤੁਸੀਂ ਹੁਣ ਸੁਪਰੀਮ ਕੋਰਟ 'ਚ ਅਪੀਲ ਤਾਂ ਨਹੀਂ ਕਰਨੀ?

'' ਨਾ ਬਈ '', 2005 'ਚ ਰਾਮ ਕਿਸ਼ਨ ਅੱਗੇ ਨਤਮਸਤਕ ਹੋਣਾ ਪਿਆ ।

ਮੇਰੇ ਮਹਿਕਮੇ ਨੇ ਫੇਰ ਮੈਨੂੰ ਪੁੱਛਿਆ:

'' ਜਿਹੜਾ ਦਰੁਸਤ ਕਰ ਕੇ ਅਸਲ ਸਰਟੀਫਿਕੇਟ ਤੁਹਾਨੂੰ ਮਿਲਿਆ ਹੈ, ਉਹ ਕਿੱਥੇ ਹੈ? '' ਪਹਿਲਾ ਅਸਲ ਸਰਟੀਫਿਕੇਟ ਸਕੂਲ ਬੋਰਡ ਕੋਲ ਜਮਾਂ ਹੈ । ਦੂਸਰਾ ਮੇਰੇ ਮਹਿਕਮੇ ਕੋਲ ਜਮਾਂ ਹੈ । ਮੇਰੇ ਮਹਿਕਮੇ ਨੇ ਮੇਰੀ ਸਰਵਿਸ ਬੁੱਕ, ਸੀਨੀਅਰਟੀ ਲਿਸਟ ਤੇ ਹੋਰ ਰਿਕਾਰਡ 'ਚ ਮੇਰਾ ਨਵਾਂ ਜਨਮ ਦਰਜ ਕਰਨ ਦੀ ਕਾਰਵਾਈ ਅਜੇ ਕਰਨੀ ਹੈ । ਮੈਂ ਦਫ਼ਤਰ ਦੀਆਂ ਪੌੜੀਆਂ ਚੜ੍ਹ ਕੇ ਹੱਫ਼ਿਆ ਹੋਇਆ ਕਿਸੇ ਸਰਕਾਰੀ ਕਰਮਚਾਰੀ, ਅਧਿਕਾਰੀ ਨੂੰ ਮਿਲਣ ਜੋਗਾ ਨਹੀਂ ਰਿਹਾ ਜਿਹੜਾ ਰਾਮ ਕਿਸ਼ਨ ਛੀਂਬੇ ....

ਉਫ਼ !!

ਰਾਮ ਕਿਸ਼ਨ! ਮੈਂ ਤੈਨੂੰ ਨਤਮਸਤਕ ਆਂ । ਬਾਰ-ਮ-ਬਾਰ । ਤੂੰ ਮੇਰੇ ਬੇ-ਬੋਲ, ਬੇ-ਵਾਕ ਦੇ ਮਗਰ ਆਪਣਾ ਰਜਿਸਟਰ ਚੁੱਕੀ ਫਿਰਿਆ । ਤੇਰੇ ਲਿਖੇ ਸੱਚ ਦੇ ਸਬੂਤ ਮੈਂ ਅੱਜ ਤੱਕ ਦਿਖਾਉਂਦਾ ਫਿਰ ਰਿਹਾਂ । ਹਰੀ ਸਿੰਘ ਉਰਫ਼ ਨਲੂਏ ਦੀ ਕਲਮ ਦੀ ਮਾਰ ਅੱਜ ਤੱਕ ਝੱਲਦਾ ਫਿਰ ਰਿਹਾਂ ।

ਇਹ ਬਾਬੂ-ਨੁਮਾ ' ਨੋਟ ' ਮੈਂ ਔਖਾ ਸੌਖਾ ਹੋ ਕੇ ਲਿਖ ਲਿਆ ਹੈ । ਫਲੈਗ ਵੀ ਲਾ ਦਿੱਤੇ ਹਨ । ਪੇਜਿੰਗ ਕਰ ਦਿੱਤੀ ਹੈ । ਮਿਸਲ ਦੁਬਾਰਾ ਤੋਂ ਪੜ੍ਹ ਕੇ ਐਨ ਫਿੱਟ ਕਰ ਦਿੱਤੀ ਹੈ । ਪਰ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਇਹ ਕਿਸ ਨੂੰ ਕਿਹੜੇ ਪਤੇ ਉੱਤੇ ਭੇਜਾਂ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ