Neero (Urdu Story in Punjabi) : Sajid Rashid

ਨੀਰੋ (ਉਰਦੂ ਕਹਾਣੀ) : ਸਾਜਿਦ ਰਸ਼ੀਦ

ਘਰਾਂ ਅਤੇ ਦਿਲਾਂ ਵਿੱਚੋਂ ਤਾਂ ਅੱਗ ਭਾਵੇਂ ਬੈਠ ਗਈ ਹੈ ਪਰ ਧੂਆਂ ਅਜੇ ਵੀ ਉੱਠ ਰਿਹਾ ਹੈ। ਫ਼ੌਜ ਗਸ਼ਤ ਕਰ ਰਹੀ ਹੈ। ਹਲਾਤ ਕਾਬੂ ਵਿੱਚ ਹਨ, ਸ਼ਹਿਰ ਕਰਫਿਊ ਹੇਠ ਹੈ।

ਅੱਠਵੀਂ ਮੰਜਿਲ ਦੀ ਬਾਰੀ ਵਿੱਚੋਂ ਸ਼ਹਿਰ ਕਿੰਨਾਂ ਸ਼ਾਂਤ ਨਜ਼ਰ ਆਉਂਦਾ ਹੈ। ਦੂਰ ਤੱਕ ਧੁੰਦਲੇ ਲੈਂਪ ਪੋਸਟ ਸਿਰ ਨਿਵਾਈਂ ਇਉਂ ਖੜ੍ਹੇ ਹਨ ਜਿਵੇਂ ਸਭਨਾਂ ਘਟਨਾਵਾਂ ਲਈ ਖੁਦ ਜ਼ੁੰਮੇਵਾਰ ਹੋਣ। ਸੜਕਾਂ ਬੇਜਾਨ ਅਤੇ ਗਲੀਆਂ ਸੁੰਨੀਆਂ ਪਈਆਂ ਹਨ। ਚੁੱਪ ਐਨੀ ਭਾਰੀ ਹੈ ਕਿ ਹੇਠਾਂ ਗਸ਼ਤ ਕਰ ਰਹੇ ਫ਼ੌਜੀ ਜਵਾਨਾਂ ਦੇ ਬੂਟਾਂ ਦੀ ਧਮਕ, ਅੱਠਵੀਂ ਮੰਜਿਲ ਦੇ ਇਸ ਫਲੈਟ ਦੀ ਬੰਦ ਬਾਰੀ ਦੇ ਸ਼ੀਸ਼ਿਆਂ ਨਾਲ਼ ਟਕਰਾ ਰਹੀ ਹੈ। ਸ਼ੀਸ਼ੇ ਦੇ ਉਰਲੇ ਪਾਸੇ ਚਾਰੇ ਨੌਜਵਾਨ ਸੋਫਿਆਂ ਉੱਤੇ ਪਸਰੇ ਪਏ ਹਨ। ਉਹਨਾਂ ਦਰਮਿਆਨ ਇੱਕ ਤਿਪਾਈ ਹੈ। ਤਿਪਾਈ ਦੇ ਹੇਠਾਂ ਬੀਅਰ ਅਤੇ ਸਕਾਚ ਦੀਆਂ ਖਾਲ਼ੀ ਬੋਤਲਾਂ ਪਈਆਂ ਹਨ। ਇਸ ਛੋਟੀ ਮੇਜ਼ ਉੱਤੇ ਇੱਕ ਅੱਧ-ਖਾਲੀ ਬੋਤਲ ਅਤੇ ਬੀਅਰ ਨਾਲ਼ ਭਰਿਆ ਹੋਇਆ ਪਿਆਲਾ ਰੱਖਿਆ ਹੈ। ਪੰਡਿਤ ਰਵੀਸ਼ੰਕਰ ਅਮਰੀਕਾ ਵਿੱਚ ਪ੍ਰੋਗਰਾਮ ਦੇ ਰਹੇ ਹਨ, ਇਸੇ ਲਈ ‘ਅਕਾਈ’ ਦੇ ਸਟੀਰਿਓ ਉੱਤੇ ‘ਬੋਨੀ ਐੱਮ’ ਗਲਾ ਪਾੜ ਰਿਹਾ ਹੈ। ਤੇਜ ਸੰਗੀਤ ਨਾਲ਼ ਕੰਧਾਂ ਤੱਕ ਗੂੰਜ ਰਹੀਆਂ ਹਨ ਅਤੇ ਉਹਨਾਂ ਚਾਰਾਂ ਦੇ ਪੈਰ ਸੰਗੀਤ ਦੀ ਲੈਅ ਉੱਤੇ ਹਿੱਲ ਰਹੇ ਹਨ।

“ਯਾਰ ਕੀ ਗਜਬ ਦਾ ਸੰਗੀਤ ਹੈ।” ਉਹਨਾਂ ਵਿੱਚੋਂ ਇੱਕ, ਹਲਕੀ ਜਿਹੀ ਦਾੜ੍ਹੀ ਵਾਲ਼ਾ, ਆਪਣੀ ਪਤਲੂਣ ਦੀ ਕਰੀਜ਼ ਨੂੰ ਠੀਕ ਕਰਦਿਆਂ ਹੋਇਆਂ ਸਿਰ ਹਿਲਾ ਕੇ ਬੋਲਿਆ।

“ਅਮਰੀਕਾ ਤੋਂ ਇੱਕ ਫ੍ਰੈਂਡ ਨੇ ਗਿਫਟ ਦੇ ਤੌਰ ’ਤੇ ਭੇਜਿਆ ਹੈ ਇਹ ਰਿਕਾਰਡ। ਬੋਨੀ ਐੱਮ ਦਾ ਬਿਲਕੁਲ ਲੇਟੈਸਟ ਰਿਕਾਰਡ ਹੈ।” ਉਸ ਨੇ, ਜਿਸਨੇ ਜੀਨ ਪਾਈ ਹੋਈ ਸੀ, ਭੇਤ ਖੋਲ੍ਹਣ ਦੇ ਅੰਦਾਜ਼ ਵਿੱਚ ਬੋਲਿਆ।

“ਓਹ, ਆਈ ਸੀ” ਦਾੜ੍ਹੀ ਵਾਲ਼ੇ ਨੇ ਸੇਲੀਆਂ ਨੂੰ ਉਚਕਾ ਕੇ ਅਤੇ ਮੋਢਿਆਂ ਨੂੰ ਝਟਕ ਕੇ ਅਮਰੀਕੀ ਅੰਦਾਜ਼ ਵਿੱਚ ਕਿਹਾ।

“ਇਹ ਅਮਰੀਕਾ ਅਤੇ ਰੂਸ ਦੀ ਸਿਆਸਤ ਕੋਈ ਨਵਾਂ ਮੋੜ ਲੈਣ ਵਾਲ਼ੀ ਹੈ। ਇਹ ਸਾਲੇ ਫ਼ਿਰ ਏਸ਼ੀਅਨ ਕੰਟਰੀਆਂ ਨੂੰ ਲੜਾਉਣਗੇ।” ਐਨਕਾਂ ਵਾਲ਼ੇ ਨੇ ਬੀਅਰ ਖਿੱਚਦੇ ਹੋਏ ਆਪਣੀ ਚਿੰਤਾ ਜ਼ਾਹਰ ਕੀਤੀ।

“ਛੱਡੋ ਯਾਰ, ਆਪਣਾ ਏਸ਼ੀਅਨ ਕੰਟਰੀਆਂ ਨਾਲ਼ ਕੀ ਵਾਸਤਾ ਹੈ।” ਜੀਨ ਵਾਲ਼ੇ ਨੇ ਹੱਥ ਝਟਕਾ ਕੇ ਕਿਹਾ। ” ਹਾਂ ਤਾਂ ਮੈਂ ਕਹਿ ਰਿਹਾ ਸੀ ਕਿ ਇਹ ‘ਬੋਨੀ ਐੱਮ’ ਦਾ ਲੇਟੈਸਟ ਹੈ। ਸੁਣਿਆ ਹੈ ਇਸ ਤੋਂ ਬਾਅਦ ਵੀ ਇੱਕ ਹੋਰ ਮਾਰਕੀਟ ਵਿੱਚ ਆਇਆ ਹੈ। ਮੈਂ ਆਪਣੇ ਫ੍ਰੈਂਡ ਨੂੰ ਟਰੰਕ ਕਾਲ ਕਰਨ ਵਾਲ਼ਾ ਹਾਂ ਕਿ ਫ਼ੌਰਨ ਭੇਜ ਦੇਵੇ।”

“ਜਦੋਂ ਇਸ ਤੋਂ ਬਾਅਦ ਵੀ ਇੱਕ ਰਿਕਾਰਡ ਮਾਰਕੀਟ ਵਿੱਚ ਆ ਚੁੱਕਿਆ ਹੈ ਤਾਂ ਫਿਰ ਇਹ ਲੇਟੈਸਟ ਕਿਵੇਂ ਹੋਇਆ?” ਦਾੜ੍ਹੀ ਵਾਲ਼ੇ ਨੇ ਠੋਡੀ ਖੁਰਕਦਿਆਂ ਉਜ਼ਰ ਕੀਤਾ।

“ਯਾਰ ਐਟਲੀਸਟ ਇੰਡੀਆ ਵਿੱਚ ਤਾਂ ਲੇਟੈਸਟ ਹੈ।”

“ਹਾਂ ਯਾਰ, ਇਹ ਸਾਲਾ ਇੰਡੀਆ ਤਾਂ ਬਲਦ ਗੱਡੀ ਹੈ। ਓਧਰ ਫੌਰਨ ਵਿੱਚ ਤਾਂ ਵੀ.ਸੀ.ਆਰ ਆਏ ਜੁੱਗ ਬੀਤ ਗਿਆ ਅਤੇ ਐਧਰ ਅਜੇ ਤੱਕ ਕਲਰ ਟੀ.ਵੀ ਵੀ ਨਹੀਂ ਪਹੁੰਚਿਆ।” ਦਾੜ੍ਹੀ ਵਾਲ਼ੇ ਨੇ ਸ਼ਿਕਾਇਤੀ ਸੁਰ ਵਿੱਚ ਕਿਹਾ।

“ਕੁੱਝ ਵੀ ਹੋਵੇ, ਮੈਂ ਵੀਡੀਓ ਜਰੂਰ ਮੰਗਵਾਵਾਂਗਾ।” ਜੀਨ ਵਾਲ਼ੇ ਨੇ ਫ਼ੈਸਲਾਕੁੰਨ ਅੰਦਾਜ ਵਿੱਚ ਕਿਹਾ।

“ਓ ਯਾਰ ਕੋਈ ਪ੍ਰੋਬਲਮ ਨਹੀਂ ਹੋਊਗੀ। ਮੇਰਾ ਇੱਕ ਕਜ਼ਨ ਕਸਟਮ ਵਿੱਚ ਹੈ।”

“ਹਾਂ ਯਾਰ, ਆਪਣੇ ਮੁਲਕ ਵਿੱਚ ਭਿ੍ਰਸ਼ਟਾਚਾਰ ਬਹੁਤ ਵਧ ਗਿਆ ਹੈ। ਪੁਲਸ ਤਾਂ ਪੁਲਸ ਰਹੀ…” ਐਨਾ ਕਹਿਕੇ ਐਨਕਾਂ ਵਾਲ਼ੇ ਨੇ ਬੀਅਰ ਦੀ ਚੁਸਕੀ ਲਈ।

“ਭਿ੍ਰਸ਼ਟਾਚਾਰ। ਇਹ ਤਾਂ ਚੰਗੀ ਗੱਲ ਹੈ। ਆਪਾਂ ਨੂੰ ਜੋ ਚੀਜ਼ ਡਿਊਟੀ ਲੱਗਣ ਤੋਂ ਬਾਅਦ ਡਬਲ ਰੇਟ ਵਿੱਚ ਮਿਲ਼ਦੀ ਹੈ, ਉਹੀ ਕੁੱਝ ਲੈ ਦੇ ਕੇ ਜੇਕਰ ਸਸਤੇ ਵਿੱਚ ਛੁੱਟ ਜਾਂਦੀ ਹੈ ਤਾਂ ਬੁਰਾ ਕੀ ਹੈ? ਇਟਸ ਬੈਟਰ ਫ਼ਾਰ ਅਸ।” ਦਾੜ੍ਹੀ ਵਾਲ਼ੇ ਨੇ ਜੋਸ਼ ਵਿੱਚ ਆ ਕੇ ਵਕਾਲਤ ਕੀਤੀ।

ਹੇਠਾਂ ਫ਼ੌਜੀ ਪੂਰੀ ਮੁਸਤੈਦੀ ਨਾਲ਼ ਗਸ਼ਤ ਲਾ ਰਹੇ ਹਨ। ਉਹਨਾਂ ਦੇ ਭਾਰੀ ਬੂਟਾਂ ਦੀ ਅਵਾਜ਼ ਚੁੱਪ ਨੂੰ ਤੋੜਦੀ ਜਾਂਦੀ ਹੈ। ਜਰਜਰ ਇਮਾਰਤਾਂ ਦੀਆਂ ਹਨ੍ਹੇਰੀਆਂ, ਤੰਗ ਕੋਠਰੀਆਂ ਜਿਹੇ ਘਰਾਂ ਅੰਦਰ ਲੋਕ ਸਹਿਮੇ ਬੈਠੇ ਹਨ। ਉਹ ਆਪਣੇ ਸਾਹਾਂ ਦੀ ਅਵਾਜ਼ ਤੱਕ ਤੋਂ ਤ੍ਰਭਕ ਜਾਂਦੇ ਹਨ।

“ਹਾ ਹਾ ਹਾ।” ਕਿਸੇ ਅਸ਼ਲੀਲ ਚੁਟਕਲੇ ਉੱਤੇ ਉਹਨਾਂ ਯਾਰਾਂ ਨੇ ਠਹਾਕਾ ਲਾਇਆ।

“ਯਾਰ ਇਹ ਪਲੇਬੁਆਏ ਦੇ ਚੁਟਕਲੇ ਸਾਲੇ ਇੱਕਦਮ ਨਵੇਂ ਹੁੰਦੇ ਨੇ।” ਚੌਥਾ, ਜੋ ਅਜੇ ਤੱਕ ਖਾਮੋਸ਼ੀ ਨਾਲ਼ ਪੀ ਰਿਹਾ ਸੀ ਹੱਸਦੇ ਹੋਏ ਬੋਲਿਆ। ਚੁਟਕਲਾ ਵੀ ਇਸੇ ਨੇ ਸੁਣਾਇਆ ਸੀ।

“ਕਮਾਲ ਹੈ ਯਾਰ, ਆਪਣੀ ਕੰਟਰੀ ਕੋਈ ਓਰੀਜਿਨਲ ਚੀਜ਼ ਬਣਾ ਹੀ ਨਹੀਂ ਸਕਦੀ। ਸੋਚਣ ਵਾਲ਼ੀ ਗੱਲ ਹੈ ਕਿ ਅਜੇ ਤੱਕ ਆਪਣੇ ਐਧਰ ਇੱਕ ਗੈਸ ਲਾਈਟਰ ਤੱਕ ਨਹੀਂ ਬਣ ਸਕਿਆ।” ਜੀਨ ਵਾਲ਼ੇ ਨੇ ਫਿਰ ਮੂੰਹ ਵੱਟਿਆ।

“ਯਾਰ ਇਹ ਕੀ ਹੈ, ਸਾਡਾ ਕਿਸਾਨ ਤਾਂ ਅਜੇ ਤੱਕ ਬਲਦਾਂ ਅਤੇ ਹਲਾਂ ਦੀ ਜਾਨ ਨੂੰ ਪਿਆ ਹੋਇਆ ਆ।” ਐਨਕਾਂ ਵਾਲ਼ੇ ਨੇ ਕਿਹਾ, “ਕਿਸਾਨਾਂ ਨੂੰ ਚਾਹੀਦਾ ਕਿ…”

“ਵ੍ਹਾਟ ਨਾਨ-ਸੈਂਸ ਇਹ ਭੈਣ…ਗੈਸ ਲਾਈਟਰ ਦਾ ਕਿਸਾਨ ਨਾਲ਼ ਕੀ ਲਿੰਕ ਆ?” ਦਾੜ੍ਹੀ ਵਾਲ਼ੇ ਨੇ ‘ਡਨਹਿੱਲ’ ਨੂੰ ਲਾਈਟਰ ਨਾਲ਼ ਸੁਲਗਾਕੇ ਧੂਆਂ ਖਿੰਡਾਉਂਦਿਆਂ ਕਿਹਾ।

“ਅੱਜਕੱਲ ਡਨਹਿੱਲ ਦਾ ਕੀ ਰੇਟ ਚੱਲ ਰਿਹਾ ਆ?” ਚੌਥੇ ਨੇ ਆਪਣੀ ਜੇਬ ਵਿੱਚੋਂ ਰੌਥਮੈਨਸ ਦਾ ਪੈਕਟ ਕੱਢਦੇ ਹੋਏ ਪੁੱਛਿਆ।

“ਵੀਹ ਰੁਪਏ ਪੈਕਟ।”

“ਸਾਲੀਆਂ ਚਾਹੇ ਪੰਜਾਹ ਸਰਕਾਰਾਂ ਬਦਲ ਜਾਣ, ਕੀਮਤਾਂ ਡਿੱਗਣ ਵਾਲ਼ੀਆਂ ਨਹੀਂ। ਬੱਸ ਵਧਦੀਆਂ ਹੀ ਜਾਂਦੀਆਂ ਹਨ।”

“ਅੱਜਕੱਲ ਮੰਤਰੀਮੰਡਲ ਵਿੱਚ ਫਿਰ ਗੜਬੜ ਚੱਲ ਰਹੀ ਹੈ। ਅਗਲੇ ਮਹੀਨੇ ਤੱਕ…” ਐਨਕਾਂ ਵਾਲ਼ੇ ਨੇ ਕਹਿਣਾ ਚਾਹਿਆ।

“ਯਾਰ ਇਹਦੇ ਅੰਦਰਲਾ ਪੱਤਰਕਾਰ ਕਦੇ ਚੈਨ ਨਾਲ਼ ਨਹੀਂ ਬੈਠਦਾ।” ਚੌਥੇ ਨੇ ਕਿਹਾ। “ਭਰਾਵਾ, ਇਹ ਤੇਰੇ ਅਖ਼ਬਾਰ ਦਾ ਦਫ਼ਤਰ ਨਹੀਂ ਹੈ।”

“ਹਾਂ ਯਾਰ, ਇਹ ਆਪਣੇ ਵਿੱਚ ਬਿਲਕੁਲ ਟੈਲੀਪਿ੍ਰੰਟਰ ਲੱਗਦਾ ਹੈ। ਖਟ-ਖਟ-ਖਟ ਦੁਨੀਆਂ ਭਰ ਦੀਆਂ ਖ਼ਬਰਾਂ ਉੱਗਲਦਾ ਰਹਿੰਦਾ ਹੈ।” ਦਾੜ੍ਹੀ ਵਾਲ਼ੇ ਦੀ ਐਸੀ ਸਮੀਖਿਆ ਉੱਤੇ ਸਭ ਖਿੜਖਿੜਾਕੇ ਹੱਸ ਪਏ।

“ਪਲੀਜ਼, ਡੋਂਟ ਡਿਸਕਸ ਪਾਲੀਟਿਕਸ”, ਦਾੜ੍ਹੀ ਵਾਲੇ ਨੇ ਅਕਾਈ ਜਿਹੀ ਨਾਲ਼ ਕਿਹਾ।

“ਹਾਲਟ” ਇੱਕ ਦਹਾੜ ਗੂੰਜੀ ਹੈ।

“ਠਾਹ।” ਦੂਰ ਕਿਤੇ ਗੋਲੀ ਚੱਲੀ ਹੈ। ਖਪਰੈਲਾਂ ਅੰਦਰ ਸਹਿਮੇ ਕਬੂਤਰ ਪਰਾਂ ਨੂੰ ਫੜਫੜਾਉਂਦੇ ਉੱਡ ਗਏ ਹਨ ਅਤੇ ਕਾਂ ਰੌਲਾ ਪਾਉਣ ਲੱਗੇ ਹਨ।

“ਲੱਗਦਾ ਹੈ ਕਿਤੇ ਗੋਲੀ ਚੱਲੀ ਹੈ।” ਐਨਕਾਂ ਵਾਲ਼ੇ ਨੇ ਬੀਅਰ ਦੇ ਗਲਾਸ ਨੂੰ ਤਿਪਾਈ ਉੱਤੇ ਧਰਦੇ ਹੋਏ ਕਿਹਾ।

ਜੀਨ ਵਾਲ਼ੇ ਨੇ ਉੱਠਕੇ ਸਟੀਰੀਓ ਦਾ ਰਿਕਾਰਡ ਬਦਲਿਆ ਅਤੇ “ਲਵ ਟੂ ਲਵ ਯੂ ਬੇਬੀ” ਦੀ ਧੁਨ ਉੱਤੇ ਆਪ ਹੀ ਥਿਰਕਣ ਲੱਗਿਆ, ਅਤੇ ਚੌਥਾ ਜੇਬ ਵਿੱਚੋਂ ਮਾਊਥ-ਆਰਗਨ ਕੱਢਕੇ ਵਜਾਉਣ ਲੱਗਾ।

“ਕੀ ਸੈਕਸੀ ਅਵਾਜ਼ ਹੈ। ਆਪਣੀ ਉਸ਼ਾ ਅਈਯਰ ਵੀ ਇਸਦਾ ਮੁਕਾਬਲਾ ਨਹੀਂ ਕਰ ਸਕਦੀ।” ਜੀਨ ਵਾਲ਼ੇ ਨੇ ਆਪਣੇ ਗਿਲਾਸ ਵਿੱਚ ਸ਼ਰਾਬ ਪਾਉਂਦੇ ਹੋਏ ਕਿਹਾ।

“ਓ ਯਾਰ ਤੂੰ ਵੀ ਕਿਸ ਨਾਲ਼ ਤੁਲਨਾ ਕਰਨ ਬੈਠ ਗਿਆ। ਇਸਦੀ ਅਵਾਜ਼ ਤਾਂ ਹੈਨਰੀ ਮਿਲਰ ਦੇ ਕਿਸੇ ਵੀ ਨਾਵਲ ਉੱਤੇ ਭਾਰੀ ਪੈਂਦੀ ਹੈ।” ਦਾੜ੍ਹੀ ਵਾਲ਼ੇ ਨੇ ਅੱਖਾਂ ਨਚਾਉਂਦੇ ਹੋਏ ਕਿਹਾ।

“ਤੂੰ ਹੈਨਰੀ ਮਿੱਲਰ ਦੀ ਕੀ ਗੱਲ ਕਰਦਾ ਹੈਂ।” ਚੌਥੇ ਨੇ ਝੁਕ ਕੇ ਸ਼ਾਹੀ ਸੁਰ ਵਿੱਚ ਕਿਹਾ।

“ਕੱਲ ਮੈਂ ਹੇਰਾਲਡ ਰਾਬਿਨਸ ਦਾ ਇੱਕ ਨਾਵਲ ਪੜ੍ਹਿਆ। ਉਸ ਵਿੱਚ ਇੱਕ ਸਫ਼ੇ ਦਾ ਅਜਿਹਾ ਡਿਸਕਿ੍ਰਪਸ਼ਨ ਹੈ ਕਿ ਮੁਰਦੇ ਨੂੰ ਵੀ ਸੁਣਾ ਦਿਓ ਤਾਂ ਉਹ ਵੀ ਜਿਉਣ ਦੀ ਤਾਂਘ ਕਰਨ ਲੱਗੇ।”

“ਸੱਚ।” ਜੀਨ ਵਾਲ਼ੇ ਦੀਆਂ ਅੱਖਾਂ ਚਮਕ ਉੱਠੀਆਂ।

“ਬਾਈ ਗਾਡ, ਅਜਿਹਾ ਗਜਬ ਦਾ ਨਾਵਲ ਮੈਂ ਤਾਂ ਅਜੇ ਤੱਕ ਨਹੀਂ ਪੜ੍ਹਿਆ।”

“ਯਾਰ, ਤੂੰ ਮੈਨੂੰ ਉਹ ਕਿਤਾਬ ਕੱਲ ਹੀ ਲਿਆ ਦੇ।”

ਫ਼ੌਜੀ ਜਵਾਨਾਂ ਨੇ ਠੋਕਰਾਂ ਅਤੇ ਬੰਦੂਕਾਂ ਦੇ ਵਾਰ ਨਾਲ਼ ਦਰਵਾਜਾ ਤੋੜਿਆ ਹੈ ਅਤੇ ਹੁਣ ਤੱਕ ਇੱਕ ਕਮਜ਼ੋਰ-ਜਿਹਾ ਬੁੱਢਾ ਉਹਨਾਂ ਦੇ ਘੇਰੇ ਵਿੱਚ ਖੜ੍ਹਾ ਬਾਰ-ਬਾਰ ਆਪਣੀਆਂ ਧੁੰਦਲਾਉਂਦੀਆਂ ਐਨਕਾਂ ਨੂੰ ਸਾਫ਼ ਕਰ ਰਿਹਾ ਹੈ। ਕਮਰੇ ਅੰਦਰ ਚਾਰੇ ਪਾਸੇ ਕੱਪੜੇ ਅਤੇ ਕਿਤਾਬਾਂ ਖਿੱਲਰੇ ਪਏ ਹਨ।

“ਗ੍ਰੀਜ਼” ਦੇ ਨਵੇਂ ਰਿਕਾਰਡ ਦੇ ਗੂੰਜਵੇ ਸੰਗੀਤ ਨਾਲ਼ ਕਮਰੇ ਦੀ ਇੱਕ-ਇੱਕ ਇੱਟ ਜਿਵੇਂ ਕੰਬ ਰਹੀ ਹੈ। ਕੰਧ ਉੱਤੇ ਚਿਪਕੇ ਟ੍ਰਾਵੋਲਟਾ, ਬਰੂਸ ਲੀ ਅਤੇ ਐਲਵਿਸ ਪਿ੍ਰਸਲੇ ਮੰਨੋਂ ਉਹਨਾਂ ਨੂੰ ਘੂਰ ਰਹੇ ਹਨ। ਸਿਗਰਟਾਂ ਦਾ ਧੂਆਂ ਕਮਰੇ ਅੰਦਰ ਹੌਲ਼ੀ-ਹੌਲ਼ੀ ਭਟਕ ਰਿਹਾ ਹੈ ਅਤੇ ਉਹ ਚਾਰੋਂ ਹੁਣ ਤਾੜੀਆਂ ਦੀ ਤਾਲ ਉੱਤੇ ਨੱਚ ਰਹੇ ਹਨ।

“ਮੈਂ ਸੂਟ ਦਾ ਇੱਕ ਬਿਲਕੁਲ ਨਵਾਂ ਡਿਜ਼ਾਈਨ ਦੇਖਿਆ ਹੈ।” ਦਾੜ੍ਹੀ ਵਾਲ਼ੇ ਨੇ ਜੀਨ ਵਾਲ਼ੇ ਨੂੰ ਸੰਬੋਧਿਤ ਕੀਤਾ।

“ਕਿੱਥੇ?” ਉਹ ਉਤਸੁਕਤਾ ਵਿੱਚ ਥੋੜ੍ਹਾ ਝੁਕਿਆ।

“ਪਿੰਕੀ ਕੱਲ ਨਿਊਯਾਰਕ ਦਾ ਇੱਕ ਫੈਸ਼ਨ ਮੈਗਜ਼ੀਨ ਲਿਆਈ ਸੀ। ਉਸੇ ਵਿੱਚ ਦੇਖਿਆ ਸੀ। ਬਿਉਟੀਫੁਲ। ਜੀ ਚਾਹਿਆ ਹੁਣੇ ਸਿਵਾ ਲਾਵਾਂ।”

“ਅਜੇ ਪਿਛਲੇ ਹਫਤੇ ਹੀ ਤਾਂ ਤੂੰ ਕੋਈ ਨਵਾਂ ਸੂਟ ਸਵਾਇਆ ਹੈ ਨਾ।” ਐਨਕ ਵਾਲ਼ੇ ਨੇ ਸਿਗਰਟ ਨੂੰ ਐਸ਼ ਟ੍ਰੇ ਅੰਦਰ ਮਸਲਦੇ ਹੋਏ ਕਿਹਾ।

“ਹਾਂ ਯਾਰ, ਉਹ ਕੱਪੜਾ ਠੀਕ ਨਹੀਂ ਹੈ। ਪੈਂਟ ਦੀ ਫਾਲ ਠੀਕ ਤਰ੍ਹਾਂ ਨਹੀਂ ਡਿੱਗਦੀ।” ਐਨਕਾਂ ਵਾਲ਼ਾ ਲਫ਼ਜ਼ “ਡਿੱਗਦੀ” ਉੱਤੇ ਚੌਂਕਿਆ ਅਤੇ ਅੱਖਾਂ ਸੁੰਗੇੜਦਿਆਂ ਬੋਲਿਆ।

“ਯੂ ਨੋ ਸਕਾਈ ਲੈਬ, ਡਿੱਗਣ ਤੋਂ ਬਾਅਦ ਵੀ ਅਮਰੀਕਾ…”

“ਯਾਰ ਕਦੇ-ਕਦੇ ਲੱਗਦਾ ਹੈ ਕਿ ਇਹ ਪਾਲਿਟਿਕਸ ਪਹਿਨਦਾ, ਪਾਲਿਟਿਕਸ ਪੀਂਦਾ ਅਤੇ ਪਾਲਿਟਿਕਸ ਜਿਉਂਦਾ ਹੈ।” ਦਾੜ੍ਹੀ ਵਾਲ਼ੇ ਨੇ ਹੱਸਕੇ ਚੋਟ ਕੀਤੀ।

“ਹੁਣ ਤੂੰ ਆਏਂ ਕਰ, ਚੋਣਾਂ ਲੜ੍ਹ ਹੀ ਲੈ।” ਜੀਨ ਵਾਲ਼ੇ ਨੇ ਐਨਕਾਂ ਵਾਲ਼ੇ ਨੂੰ ਕਿਹਾ, “ਡੈਡੀ ਹਰ ਚੋਣਾਂ ਵੇਲ਼ੇ ਦੂਜੀਆਂ ਪਾਰਟੀਆਂ ਨੂੰ ਫੰਡ ਤਾਂ ਦਿੰਦੇ ਹੀ ਨੇ। ਤੇਰੇ ਫੰਡ ਵਿੱਚ ਚਾਰ-ਛੇ ਹਜ਼ਾਰ ਜ਼ਿਆਦਾ ਪਵਾ ਦੇਊਂਗਾ।” ਉਹ ਸਭ ਠਹਾਕਾ ਮਾਰ ਕੇ ਹੱਸ ਪਏ।

ਮਕਾਨ ਵਿੱਚ ਘੁਸ ਕੇ ਫੌਜੀ ਜਵਾਨ ਨੇ ਮੁੰਡੇ ਉੱਤੇ ਹੱਥ ਪਾਉਣਾ ਚਾਹਿਆ ਪਰ ਪਤਾ ਨਹੀਂ ਕਿਵੇਂ ਉਹ ਐਨੇ ਤਣਾਅ ਅੰਦਰ ਵੀ ਸਾਹਸ ਜੁਟਾ ਕੇ ਭੱਜ ਨਿੱਕਲਿਆ ਸੀ। ਇੱਕ ਬੰਦੂਕ ਦੇ ਮੂੰਹ ਵਿੱਚੋਂ ਸ਼ਰਲਾ ਨਿੱਕਲਿਆ ਅਤੇ ਮੁੰਡਾ ਬਿਜਲੀ ਦੇ ਖੰਭੇ ਦੀ ਧੁੰਦਲੀ ਰੌਸ਼ਨੀ ਦੇ ਦਾਇਰੇ ਵਿੱਚ ਉਲਟਕੇ ਢੇਰ ਹੋ ਗਿਆ ਹੈ। ਗਾਹੜਾ ਲਾਲ-ਲਾਲ ਲਹੂ ਸੜਕ ਉੱਤੇ ਫੈਲਦਾ ਜਾ ਰਿਹਾ ਹੈ।

“ਤੁਹਾਡੇ ਵਿੱਚੋਂ ਕਿਸੇ ਨੇ “ਰਿਟਰਨ ਆਫ਼ ਡ੍ਰੈਗਨ” ਦੇਖੀ ਹੈ?” ਚੌਥੇ ਨੇ ਪੁੱਛਿਆ।

“ਹਾਂ।” ਤਿੰਨਾਂ ਨੇ ਇੱਕੋ ਸੁਰ ਵਿੱਚ ਕਿਹਾ।

“ਮਜ਼ਾ ਆ ਗਿਆ ਦੋਸਤ। ਬਰੂਸ ਲੀ ਦਾ ਜਵਾਬ ਨਹੀਂ।”

“ਕੇਹੇ ਮਰਦ ਬੰਦੇ ਨੂੰ ਮਾਰ ਸੁੱਟਿਆ ਸਾਲਿਆਂ ਨੇ।”

“ਮੈਨੂੰ ਤਾਂ ਇਹਦੇ ਮਗਰ ਨਜ਼ਰ ਆਉਂਦਾ ਹੈ।”

“ਪੱਕਾ ਸੀ।” ਅਤੇ ਫਿਰ ਚੌਥੇ ਨੇ ਬਰੂਸ ਲੀ ਦੇ ਜਨਮ ਤੋਂ ਲੈ ਕੇ ਹੱਤਿਆ ਤੱਕ ਦੀ ਸਾਰੀ ਕਹਾਣੀ ਬੜੇ ਭਾਵੁਕ ਅੰਦਾਜ਼ ਵਿੱਚ ਸੁਣਾ ਦਿੱਤੀ। ਉਹਨਾਂ ਚਾਰਾਂ ਦੇ ਚੇਹਰੇ ਇਉਂ ਲਟਕ ਗਏ ਜਿਵੇਂ ਬਰੂਸ ਲੀ ਨਾਲ਼ ਉਹਨਾਂ ਦੀ ਕੋਈ ਗਹਿਰੀ ਦੋਸਤੀ ਹੋਵੇ।

“ਜੇਕਰ ਹੱਤਿਆਰਿਆਂ ਵਿੱਚੋਂ ਇੱਕ ਵੀ ਮਿਲ਼ ਜਾਵੇ ਤਾਂ ਬਾਸਟਰਡ ਦਾ ਕਚੂਮਰ ਕੱਢ ਦੇਵਾਂ।” ਇੱਕ ਨੇ ਗੁੱਸੇ ਵਿੱਚ ਆ ਕੇ ਨਾਸਾਂ ਫੜਕਾਉਂਦੇ ਹੋਏ ਕਿਹਾ। ਉਸ ਦੀਆਂ ਅੱਖਾਂ ਵਿੱਚ ਗੁੱਸੇ ਨਾਲ਼, ਸ਼ਰਾਬ ਨਾਲ਼ ਜਾਂ ਫਿਰ ਦੁੱਖ ਕਰਕੇ ਪਾਣੀ ਤਰਨ ਲੱਗਾ ਸੀ।

ਗਾਹੜਾ ਲਹੂ ਸੜਕ ਉੱਤੇ ਫ਼ੈਲਕੇ ਜੰਮ ਰਿਹਾ ਹੈ ਅਤੇ ਉਹ ਉਸ ਨੂੰ ਉੱਥੇ ਹੀ ਛੱਡਕੇ ਹੋਰਾਂ ਸ਼ੱਕੀ ਲੋਕਾਂ ਦੀ ਭਾਲ ਵਿੱਚ ਨਿੱਕਲ ਗਏ ਹਨ।

ਮੌਤ ਕੰਢੇ ਦੀਆਂ ਪੀੜਾਂ ਕਾਰਨ ਤੜਪਦੇ ਹੋਏ ਉਸ ਦੇ ਗਲੇ ਵਿੱਚੋਂ ਨਿੱਕਲ ਰਹੀ ਹੈ, ਜਿਵੇਂ ਉਹ ਕੋਈ ਇਨਸਾਨ ਨਹੀਂ ਸਗੋਂ ਸ਼ਿਕਾਰ ਕੀਤਾ ਜਾਨਵਰ ਹੋਵੇ। ਜੋਰ-ਜੋਰ ਦੀ ਸਾਹ ਲੈਣ ਕਰਕੇ ਨਾਸਾਂ ਅਤੇ ਮੂੰਹ ਤੋਂ ਲਹੂ ਵਹਿ ਤੁਰਿਆ ਹੈ।

“ਬਹੁਤ ਪੀ ਚੁੱਕੇ, ਹੁਣ ਰਮੀ ਹੋ ਜਾਵੇ।” ਚੌਥੇ ਨੇ ਆਵਦਾ ਗਿਲਾਸ ਖਾਲੀ ਕਰਕੇ ਮੇਜ਼ ਉੱਤੇ ਪਲਟਦੇ ਹੋਏ ਕਿਹਾ।

“ਨਹੀਂ ਯਾਰ, ਬਹੁਤ ਵਧੀਆ ਕਿੱਕ ਲੱਗੀ ਹੈ, ਰਮੀ ਵਮੀ ਠੀਕ ਤਰ੍ਹਾਂ ਲੱਗੂਗੀ ਨਹੀਂ।” ਜੀਨ ਵਾਲ਼ੇ ਨੇ ਸੋਫੇ ਉੱਤੇ ਫੈਲਦੇ ਹੋਏ ਕਿਹਾ।

“ਤੂੰ ਪਿਛਲੇ ਸੰਡੇ ਰੇਸ ਕੋਰਸ ਗਿਆ ਸੀ?” ਉਸ ਨੇ ਐਨਕਾਂ ਵਾਲ਼ੇ ਨੂੰ ਸੰਬੋਧਨ ਕੀਤਾ ਜੋ ਸੋਫੇ ਉੱਤੇ ਠੋਡੀ ਟਿਕਾ ਕੇ ਊਂਘਣ ਲੱਗ ਪਿਆ ਸੀ।

“ਹਾਂ”, ਉਹਨੇ ਪੱਟ ਦੇਣੇ ਅੱਖਾਂ ਖੋਹਲੀਆਂ।

“ ‘ਖਾਰਤੂਮ’ ਦਾ ਕੀ ਨਤੀਜਾ ਰਿਹਾ?”

“ਚੌਥੇ ਨੰਬਰ ਉੱਤੇ ਸੀ ਸ਼ਾਇਦ, ਮੈਂ ਤਾਂ “ਬਲੈਕ ਪੈਂਥਰ” ਉੱਤੇ ਲਾਇਆ ਸੀ।”

“ਕਿੰਨਾਂ?”

“ਅੱਠ ਸੌ ਰੁਪਏ।”

“ਫੇਰ?” ਉਹ ਥੋੜ੍ਹਾ ਅੱਗੇ ਝੁਕ ਆਇਆ।

“ਬੱਸ ਸਾਲਾ ਥੋੜ੍ਹਾ-ਜਿਹਾ ਫੋਟੋ ਫਿਨਿਸ਼ ਵਿੱਚ ਮਾਰ ਖਾ ਗਿਆ।” ਐਨਕਾਂ ਵਾਲ਼ਾ ਆਪਣੇ ਪੱਟਾਂ ਉੱਤੇ ਹੱਥ ਮਾਰਕੇ ਬੋਲਿਆ।

“ਓਹ ਨੋ!”

“ਹਾਂ, ਸਾਲੇ ਜੌਕੀ ਨੇ ਹਰਾਮਪੁਣਾ ਕੀਤਾ ਸੀ। ਦਿਖਾਵੇ ਨੂੰ ਤਾਂ ਉਹ ਘੋੜ੍ਹੇ ਉੱਤੇ ਛਮਕਾਂ ਵਰ੍ਹਾ ਰਿਹਾ ਸੀ ਪਰ ਛਮਕ ਘੋੜ੍ਹੇ ਦੀ ਧੌਣ ਉੱਤੇ ਪੈਣ ਦੀ ਥਾਵੇਂ ਉਹਦੀ ਆਵਦੀ ਪਿੰਡਲੀ ਉੱਤੇ ਪੈ ਰਹੀ ਸੀ।”

“ਬਾਸਟਰਡ। ਅਤੇ ਤੂੰ ਹਾਰ ਗਿਆ।”

ਐਨਕਾਂ ਵਾਲ਼ੇ ਦਾ ਚਿਹਰਾ ਬਲ ਉੱਠਿਆ।

“ਹਾਂ ਯਾਰ, ਉਹ ਅੱਠ ਸੌ ਤਾਂ ਹਾਰਿਆ ਹੀ, ਨਾਲ਼ ਹੀ ਓਧਰ ਜੋ ਆਸਪਾਸ ਲੋਕ ਸਨ ਉਹਨਾਂ ਨਾਲ਼ ਮੈਂ ਬਲੈਕ ਪੈਂਥਰ ਉੱਤੇ ਢਾਈ ਸੌ ਦੀ ਬੈੱਟ ਲਾਈ ਸੀ ਉਹ ਵੀ ਹਾਰ ਗਿਆ।”

ਸੜਕ ਉੱਤੇ ਇੱਕ ਜੀਪ ਆ ਕੇ ਰੁਕੀ। ਉਸ ਵਿੱਚੋਂ ਤਿੰਨ ਫੌਜੀ ਜਵਾਨ ਉੱਤਰੇ, ਬਿਜਲੀ ਦੇ ਖੰਭੇ ਤੋਂ ਝੜਦੀ ਰੌਸ਼ਨੀ ਵਿੱਚ ਮੌਤ-ਲਾਗੇ ਪਏ ਉਸ ਮੁੰਡੇ ਨੂੰ ਦੇਖਿਆ ਜਿਸ ਦੀਆਂ ਨਾਸਾਂ ਅਤੇ ਮੂੰਹ ਵਿੱਚੋਂ ਅਜੇ ਵੀ ਲਹੂ ਦੇ ਛਿੱਟੇ ਉੱਡ ਰਹੇ ਸਨ। ਉਹਨਾਂ ਨੇ ਉਸ ਉੱਤੇ ਇੱਕ ਸਰਸਰੀ ਨਿਗਾਹ ਮਾਰੀ ਅਤੇ ਸਾਹਮਣੇ ਵਾਲ਼ੀ ਇੱਕ ਹਨ੍ਹੇਰ ਗਲੀ ਵਿੱਚ ਗਵਾਚ ਗਏ। ਉਹਨਾਂ ਦੇ ਬੂਟਾਂ ਦੀ ਧਮਕ ਹੌਲ਼ੇ-ਹੌਲ਼ੇ ਡੁੱਬ ਗਈ…ਕਿਸੇ ਔਰਤ ਦੀ ਤੇਜ਼ ਚੀਖ ਚੁੱਪ ਨੂੰ ਕਿਸੇ ਨਵੇਂ ਕੱਪੜੇ ਦੇ ਵਾਂਗੂ ਚੀਰਦੀ ਚਲੀ ਗਈ।

“ਫੇਰ ਤੂੰ ਕੀ ਕੀਤਾ?”

“ਕਰਦਾ ਕੀ ਟੈਕਸੀ ਲੈ ਕੇ ਚੁੱਪਚਾਪ ਘਰ ਚਲਿਆ ਆਇਆਂ।” ਐਨਕਾਂ ਵਾਲ਼ੇ ਨੇ ਹਾਸੇ ਦੇ ਨਾਲ਼ ਜਵਾਬ ਦਿੱਤਾ।

“ਓਹ ਯਾਰ, ਤੈਨੂੰ ਉਸ ਹਰਾਮਖੋਰ ਜੌਕੀ ਦਾ ਮੂੰਹ ਤੋੜ ਦੇਣਾ ਚਾਹੀਦਾ ਸੀ।” ਜੀਨ ਵਾਲ਼ੇ ਨੇ ਤਿਪਾਈ ਉੱਤੇ ਜੋਰ ਦੀ ਮੁੱਕਾ ਮਾਰਿਆ। ਗਿਲਾਸ ਹਿੱਲ ਗਏ। ਉਹ ਆਪਣਾ ਹੱਥ ਸਹਿਲਾਉਂਦੇ ਹੋਏ ਬੜਬੜਾਉਣ ਲੱਗਾ।

ਇਹ ਅਵਾਜ਼ਾਂ ਬੰਦ ਕਮਰਿਆਂ ਅੰਦਰ ਵੀ ਚੱਲੀਆਂ ਆਉਂਦੀਆਂ ਹਨ। ਦਾੜ੍ਹੀ ਵਾਲ਼ੇ ਨੇ ਚੀਖ ਦੀ ਗੂੰਜ ਉੱਤੇ ਬੁਰਾ-ਜਿਹਾ ਮੂੰਹ ਬਣਾਉਂਦੇ ਹੋਏ ਕਿਹਾ। “ਤੈਨੂੰ ਘੱਟੋ-ਘੱਟ ਇਸ ਕਮਰੇ ਨੂੰ ਤਾਂ ਸਾਊਂਡ-ਪਰੂਫ਼ ਕਰ ਲੈਣਾ ਚਾਹੀਦਾ।” ਤਿੰਨਾਂ ਨੇ ਉਸਦੀ ਹਮਾਇਤ ਕੀਤੀ।

ਬੂਟਾਂ ਦੀ ਧਮਕ ਉੱਤੇ ਰਹਿ-ਰਹਿਕੇ ਉੱਭਰਨ ਵਾਲ਼ੀ ਚੀਖ ਦੀ ਗੂੰਜ ਨੇ ਖਾਮੋਸ਼ੀ ਵਿੱਚ ਤਰੇੜ ਪਾ ਦਿੱਤੀ ਸੀ। ਉਹ ਚਾਰੋਂ ਉੱਠੇ। ਹੁਣ ਨਸ਼ਾ ਸਿਰ ਚੜ੍ਹਕੇ ਬੋਲ ਰਿਹਾ ਸੀ।

ਹੇਠਾਂ ਉਹ ਹੁਣ ਤੱਕ ਧੁੰਦਲੀ ਰੌਸ਼ਨੀ ਵਿੱਚ ਪਿਆ ਕਿਸੇ ਸ਼ਿਕਾਰ ਕੀਤੇ ਜਾਨਵਰ ਦੀ ਤਰ੍ਹਾਂ ਡਕਾਰ ਰਿਹਾ ਹੈ।

ਜੀਪ ਦੀਆਂ ਬਰੇਕਾਂ ਵੱਜੀਆਂ ਹਨ। ਦੋ ਫੌਜੀ ਜਵਾਨ ਮੂੰਹ ਵਿੱਚ ਸਿਗਰਟ ਦੱਬੀ ਧੜੱਲੇ ਨਾਲ਼ ਉੱਤਰੇ ਹਨ ਅਤੇ ਜੀਪ ਝਟਕੇ ਨਾਲ਼ ਨਿੱਕਲ ਗਈ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਪਏ ਇੱਕ ਮਰੀਅਲ ਕੁੱਤੇ ਉੱਤੇ ਠੋਕਰਾਂ ਦੀ ਵਾਛੜ ਕਰ ਦਿੱਤੀ ਹੈ। ਕੁੱਤਾ ਕਰਾਹੁੰਦਾ ਹੋਇਆ ਭੱਜ ਗਿਆ ਹੈ ਜਿਸ ਉੱਤੇ ਉਹ ਦੋਨੋ ਖਿੜ-ਖਿੜਾ ਕੇ ਹੱਸ ਪੈਂਦੇ ਹਨ।

ਉਹ ਚਾਰੋਂ ਲਿਫਟ ਰਾਹੀਂ ਹਨ੍ਹੇਰੀ ਬਣ ਹੇਠਾਂ ਆਏ ਅਤੇ ਤੂਫ਼ਾਨ ਦੀ ਤਰ੍ਹਾਂ ਜਪਾਨੀ ਟੋਯੋਟਾ ਕਾਰ ਵਿੱਚ ਬੈਠ ਕੇ ਸ਼ੂਟ ਵੱਟ ਗਏ। ਉਹਨਾਂ ਦੋਹਾਂ ਫੌਜੀਆਂ ਦੇ ਹਾਸੇ ਨੂੰ ਬਰੇਕ ਲੱਗ ਗਈ। ਉਹਨਾਂ ਨੇ ਸਿਰਫ ਐਨਾ ਦੇਖਿਆ ਕਿ ਦੋ ਲਾਲ ਬੱਤੀਆਂ ਦੂਰ ਹੁੰਦੀਆਂ ਜਾ ਰਹੀਆਂ ਹਨ। ਉਹਨਾਂ ਦੀਆਂ ਨਜ਼ਰਾਂ ਫਿਰ ਕੁੱਤੇ ਨੂੰ ਖੋਜਣ ਲੱਗੀਆਂ।

ਉਹ ਹੱਸ ਰਹੇ ਸੀ, ਤਾੜੀਆਂ ਵਜਾ ਗਾ ਰਹੇ ਸੀ ਅਤੇ ਮਾਊਥ ਆਰਗਨ ਵਜਾ ਰਹੇ ਸੀ। ਟੋਯੋਟਾ ਅਤੇ ਨਸ਼ਾ, ਦੋਨੋ ਨੱਬੇ ਦੀ ਸਪੀਡ ਉੱਤੇ ਸਨ।

ਅਚਾਨਕ ਸੱਜਿੳਂ-ਖੱਬਿੳਂ ਗਲੀਆਂ ਤੋਂ ਆਉਂਦੀਆਂ ਦੋ ਜੀਪਾਂ ਦੀ ਲਾਈ ਬਰੇਕ ਨੇ ਟੋਯੋਟਾ ਦਾ ਰਾਹ ਰੋਕ ਲਿਆ। ਜੀਨ ਵਾਲ਼ੇ ਨੇ ਐਨੀ ਸਫਾਈ ਨਾਲ਼ ਬਰੇਕ ਲਾਇਆ ਕਿ ਜੀਪਾਂ ਨਾਲ਼ ਟਕਰਾਉਣ ਵਿੱਚ ਸਿਰਫ ਵਾਲ ਭਰ ਦਾ ਫਾਸਲਾ ਰਹਿ ਗਿਆ। ਦੋਹਾਂ ਜੀਪਾਂ ਤੋਂ ਫੌਜੀ ਜਵਾਨ ਬੰਦੂਕਾਂ ਲੈ ਕੇ ਫਟਾਫਟ ਉੱਤਰੇ ਅਤੇ ਟੋਯੋਟਾ ਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ। ਲੈਂਪ ਪੋਸਟ ਦੀ ਪੀਲੀ ਕਮਜ਼ੋਰ ਰੌਸ਼ਨੀ ਵਿੱਚ ਫੌਜੀ ਉਹਨਾਂ ਦੇ ਚੇਹਰਿਆਂ ਨੂੰ ਠੀਕ ਤਰ੍ਹਾਂ ਦੇਖ ਨਹੀਂ ਸੀ ਪਾ ਰਹੇ। ਇੱਕ ਨੇ ਜੇਬ ਵਿੱਚੋਂ ਟਾਰਚ ਕੱਢ ਕੇ ਜਲਾਈ ਅਤੇ ਰੌਸ਼ਨੀ ਦਾ ਦਾਇਰਾ ਟੋਯੋਟਾ ਵਿੱਚ ਬੈਠੇ ਉਹਨਾਂ ਚਾਰਾਂ ਉੱਤੇ ਰੀਂਗਣ ਲੱਗਾ।

ਉਹਨਾਂ ਨੇ ਬਾਰੀਆਂ ਅੰਦਰ ਸਿਰ ਪਾਇਆ ਅਤੇ ਨਾਸਾਂ ਲੰਬੇ-ਲੰਬੇ ਸਾਂਹ ਲੈਣ ਲੱਗੀਆਂ। ਉਹਨਾਂ ਚਾਰਾਂ ਨੇ ਬੁਰਾ-ਜਿਹਾ ਮੂੰਹ ਬਣਾਇਆ ਅਤੇ ਚੌਥੇ ਨੇ ਪਤਲੂਨ ਦੀ ਜੇਬ ਵਿੱਚੋਂ ਇੱਕ ਝਟਕੇ ਨਾਲ਼ ਕਰਫਿਊ ਪਾਸ ਕੱਢਕੇ ਟਾਰਚ ਵਾਲ਼ੇ ਜਵਾਨ ਦੇ ਵੱਲ ਵਧਾ ਦਿੱਤਾ। ਉਹਨਾਂ ਸਭ ਨੇ ਇੱਕਠਿਆਂ ਝੁਕ ਕੇ ਸਰਸਰੀ ਜਿਹੇ ਅੰਦਾਜ਼ ਵਿੱਚ ਪਾਸ ਨੂੰ ਦੇਖਿਆ, ਟੋਯੋਟਾ ਨੂੰ ਦੇਖਿਆ, ਉਹਨਾਂ ਦੇ ਅਮਰੀਕੀ ਤਰਾਸ਼ ਵਾਲ਼ੇ ਕੱਪੜਿਆਂ ਨੂੰ ਦੇਖਿਆ ਅਤੇ ਫਿਰ ਰੌਸ਼ਨੀ ਦੇ ਦਾਇਰੇ ਵਿੱਚ ਚਮਕਦੀਆਂ ਉਹਨਾਂ ਦੀਆਂ ਲਾਲ ਅੱਖਾਂ ਵਿੱਚ ਝਾਕਦਿਆਂ ਹੋਇਆਂ ਟਾਰਚ ਵਾਲ਼ਾ ਜਵਾਨ ਬੋਲਿਆ।

“ਸੌਰੀ ਫਾਰ ਟ੍ਰਬਲ। ਬੱਟ ਇਟਸ ਅਵਰ ਡਿਊਟੀ।” ਉਹਨਾਂ ਚਾਰਾਂ ਨੇ ਲਾਪਰਵਾਹੀ ਜਿਹੀ ਨਾਲ਼ ਸਿਰ ਹਿਲਾਇਆ ਅਤੇ ਟੋਯੋਟਾ ਨੂੰ ਪਿੱਛੇ ਲਿਜਾਕੇ ਚੱਕਰ ਕੱਟਿਆ ਅਤੇ “ਸ਼ੂੰਹਹਹ” ਕਰਦਿਆਂ ਧੂਆਂ ਉਡਾਉਂਦੇ ਨਿੱਕਲ ਗਏ।

“ਸਰ ਉਹਨਾਂ ਕੋਲ ਕਰਫਿਊ ਪਾਸ ਹੈ ਤਾਂ ਕੀ ਹੋਇਆ? ਅਜਿਹੇ ਹਲਾਤ ਵਿੱਚ…”

ਇੱਕ ਜਵਾਨ ਨੇ ਆਪਣੇ ਅਫ਼ਸਰ ਨੂੰ ਕਹਿਣਾ ਚਾਹਿਆ।

“ਉਹਨਾਂ ਨੂੰ ਐਨੀ ਗੰਭੀਰਤਾ ਨਾਲ਼ ਨਾ ਲਓ। ਉਹਨਾਂ ਦੀ ਪੀਤੀ ਹੋਈ ਜਰੂਰ ਹੈ ਪਰ ਉਹਨਾਂ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ।” ਅਫ਼ਸਰ ਨੇ ਅਰਾਮ ਨਾਲ਼ ਮੁਸਕਰਾਉਂਦੇ ਹੋਏ ਕਿਹਾ ਅਤੇ ਜੇਬ ਵਿੱਚੋਂ ਸਿਗਰਟ ਦਾ ਪੈਕਟ ਕੱਢਕੇ ਜੀਪ ਵੱਲ ਨੂੰ ਵਧਿਆ।

ਉਹ ਚਾਰੋਂ ਸ਼ਹਿਰ ਨੂੰ ਨੰਗਾ ਅਤੇ ਖੌਫਜ਼ਦਾ ਛੱਡ ਆਏ ਸਨ। ਉਹ “ਹਾਲਤ” ਦੀ ਦਹਾੜ, ਭਾਰੀ ਬੂਟਾਂ ਦੀ ਧਮਕ ਅਤੇ ਹਨ੍ਹੇਰੇ ਵਿੱਚ ਬਿਜਲੀ ਦੀ ਚਮਕ ਜਿਹੀਆਂ ਚੀਖਾਂ ਤੋਂ ਬਹੁਤ ਦੂਰ ਨਿੱਕਲ ਆਏ ਸਨ।

ਉਹ ਅਜੇ ਤੱਕ ਮੌਤ-ਪੀੜਾ ਵਿੱਚ ਆਪਣੀਆਂ ਨਾਸਾਂ ਅਤੇ ਮੂੰਹ ਵਿੱਚੋਂ ਲਹੂ ਦੇ ਛਿੱਟੇ ਉਡਾ ਰਿਹਾ ਹੈ। ਲਹੂ ਸੜਕ ਉੱਤੇ ਫੈਲਦਾ ਜਾ ਰਿਹਾ ਹੈ।

ਜਿਵੇਂ-ਜਿਵੇਂ ਟੋਯੋਟਾ ਅੱਗੇ ਵਧਦੀ ਸ਼ਹਿਰ ਆਪਣੇ ਵਿੱਚ ਸਿਮਟਦਾ ਚਲਾ ਜਾਂਦਾ। ਸਵੇਰ ਹੋਣ ਵਾਲ਼ੀ ਸੀ। ਪਰ ਅਸਮਾਨ ਵਿੱਚ ਰੌਸ਼ਨੀ ਦਾ ਧੁੰਦਲਕਾ ਅਜੇ ਫੈਲਿਆ ਨਹੀਂ ਸੀ। ਸ਼ਹਿਰ ਵਿੱਚ ਲੈਂਪ-ਪੋਸਟ ਅਜੇ ਵੀ ਬੂੰਦ-ਬੂੰਦ ਰੌਸ਼ਨੀ ਟਪਕਾ ਰਹੇ ਸਨ, ਅਤੇ ਉਹ ਚਾਰੋਂ ਹੱਸ ਰਹੇ ਸਨ, ਸੀਟੀਆਂ ਵਜਾ ਰਹੇ ਸਨ, ਤਾੜੀਆਂ ਠੋਕ ਰਹੇ ਸਨ, ਗਾਣੇ ਗਾ ਰਹੇ ਸਨ ਅਤੇ ਬੀਅਰ ਦੇ ਲੰਬੇ-ਲੰਬੇ ਘੁੱਟ ਭਰ ਰਹੇ ਸਨ।

ਉਹਨਾਂ ਨੇ ਦੇਖਿਆ ਇੱਕ ਦੁੱਧ ਵਾਲ਼ਾ ਸਾਈਕਲ ਉੱਤੇ ਚੱਲਿਆ ਆ ਰਿਹਾ ਹੈ। ਸਾਈਕਲ ਦੇ ਕੈਰੀਅਰ ਉੱਤੇ ਦੁੱਧ ਦੇ ਕਨਸਤਰ ਟੰਗੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਸ਼ਰਾਰਤ ਚਮਕੀ ਅਤੇ ਜਦੋਂ ਟੋਯੋਟਾ ਦੁੱਧ ਵਾਲ਼ੇ ਦੇ ਕਰੀਬ ਪਹੁੰਚੀ ਤਾਂ ਉਹਨਾਂ ਚਾਰਾਂ ਨੇ ਜੋਰ-ਜੋਰ ਦੀ “ਹੂ ਊ ਊ” ਦੀ ਭਿਆਨਕ ਅਵਾਜ਼ ਕੱਢੀ, ਦੁੱਧ ਵਾਲ਼ੇ ਦਾ ਜਿਵੇਂ ਦਿਲ ਉੱਛਲ ਗਿਆ। ਹੱਥ ਹੈਂਡਲ ਉੱਤੇ ਅਤੇ ਪੈਰ ਪੈਡਲ ਉੱਤੇ ਕੰਬੇ ਅਤੇ ਉਹ ਸਾਈਕਲ ਸਮੇਤ ਸੜਕ ਉੱਤੇ ਆ ਡਿੱਗਿਆ। ਦੁੱਧ ਦੇ ਕਨਸਤਰ ਡਿੱਗ ਕੇ ਖੁੱਲ ਗਏ। ਦੁੱਧ ਵਾਲ਼ੇ ਦਾ ਸਿਰ ਫਟ ਗਿਆ। ਕਾਲੀ ਸੜਕ ਉੱਤੇ ਦੁੱਧ ਅਤੇ ਲਹੂ ਇੱਕ ਦੂਜੇ ਵਿੱਚ ਮਿਲਕੇ ਦੂਰ ਤੱਕ ਫੈਲਦੇ ਚਲੇ ਗਏ। ਉਹ ਬਾਰੀ ਵਿੱਚੋਂ ਦੀ ਸਿਰ ਕੱਢ-ਕੱਢਕੇ ਇਹ ਦੇਖਕੇ ਠਹਾਕੇ ਮਾਰ ਹੱਸਣ ਲੱਗੇ। ਕਿਸੇ ਨੇ ਮਾਊਥ ਆਰਗਨ ਛੇੜਿਆ ’ਤੇ ਕਿਸੇ ਨੇ ਗਾਣਾ ਸ਼ੁਰੂ ਕਰ ਦਿੱਤਾ ਅਤੇ ਦੂਰ ਦਹਿਸ਼ਤ ਵਿੱਚ ਸਿਮਟਿਆ ਹੱਥ ਦੀ ਤਲੀ ਜਿਹਾ ਸ਼ਹਿਰ ਭਬਕਦਿਆਂ ਮੱਚ ਉੱਠਿਆ ਸੀ ਅਤੇ ਗੋਲੀਆਂ ਦੀ ਤੜ-ਤੜ ਨੇ ਸਾਰਾ ਅਸਮਾਨ ਗੂੰਜਾ ਸੁੱਟਿਆ ਸੀ। ਟੋਯੋਟਾ ਉਹਨਾਂ ਦੇ ਹਾਸੇ ਦੇ ਨਾਲ਼ ਹਨ੍ਹੇਰੇ ਵੱਲ ਨੂੰ ਉੱਡਦੀ ਤੁਰੀ ਜਾਂਦੀ ਸੀ।

ਤਰਜਮਾ : ਮਾਨਵ

  • ਮੁੱਖ ਪੰਨਾ : ਸਾਜਿਦ ਰਸ਼ੀਦ ਦੀਆਂ ਉਰਦੂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •