Nikke Nikke Pabban Ne Banaae Vadde Vadde Arsh Te Rah : Dr Amarjit Tanda

ਨਿੱਕੇ ਨਿੱਕੇ ਪੱਬਾਂ ਨੇ ਬਣਾਏ ਵੱਡੇ ਵੱਡੇ ਅਰਸ਼ ਤੇ ਰਾਹ : ਡਾ. ਅਮਰਜੀਤ ਟਾਂਡਾ

ਤੈਨੂੰ ਸਰਹੰਦ ਦੀ ਕੰਧ ਤੇ
ਲਿਖੀ ਤਾਰੀਖ਼ ਪੜ੍ਹਾਵਾਂਗੇ
ਗੋਬਿੰਦ ਦੀ ਤਲਵਾਰ ਨੇ
ਅੰਬਰ ਤੇ ਪਾਈ ਲੀਕ ਵਿਖਾਵਾਂਗੇ
ਜਰਾ ਸੀਨਾ ਵਿਖਾਉਣ ਜੋਗਾ ਹੋ
ਤੇਰੇ ਮੋਢੇ ਤੇ ਵੀ ਸਿਤਾਰੇ ਜੜਾਵਾਂਗੇ
-ਅਮਰਜੀਤ ਟਾਂਡਾ

"ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ"

ਸ਼ਹੀਦ ਉਹ ਮਹਾਂਯੋਧਾ ਅਤੇ ਪਵਿੱਤਰ ਹਸਤੀ ਹੁੰਦੀ ਹੈ ਜਿਸਦਾ ਉਦੇਸ਼ ਪਿਆਰ ਅਤੇ ਲੋਕਾਂ ਅੰਦਰ ਖੁਸ਼ੀ-ਖੁਸ਼ੀ ਰਹਿ ਕਿਸੇ ਜਗਤ ਭਲਾਈ ਅਤੇ ਪਰਉਪਕਾਰ ਹਿੱਤ ਲਈ ਜੂਝਣਾ ਤੇ ਮਰ ਮਿਟਣਾ ਹੁੰਦਾ ਹੈ। ਜਿਸ ਨੇ ਕਿਸੇ ਉਚੇ ਸੁੱਚੇ ਸਿਧਾਂਤ ਦੀ ਖਾਤਰ ਆਪਣੀ ਜਾਨ ਵਾਰ ਦੇਣੀ ਹੁੰਦੀ ਹੈ। ਜਗਤ ਨੂੰ ਰੋਸ਼ਨੀ ਵੰਡਣੀ ਹੁੰਦੀ ਹੈ। ਰਾਹ ਉਸਾਰਨਾ ਹੁੰਦਾ ਹੈ ਜ਼ਾਲਮ ਦੀ ਗਲੀ ਚ ਜਾ ਕੇ ਤੇਗ ਦੀ ਧਾਰ ਤੇ ਨੱਚਣ ਲਈ।
ਅਜਿਹੇ ਸੂਰਜ ਨਿਤ ਨਿਤ ਨਹੀਂ ਚਡ਼੍ਹਦੇ।
ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਵੀ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੰਨ੍ਹਿਆ ਸੀ। ਤਾਂ ਹੀ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਤੱਤੀਆਂ ਤਵੀਆਂ, ਉੱਬਲਦੀਆਂ ਦੇਗਾਂ ਤੇ ਤੱਤੀ ਰੇਤਾ ਦੇ ਪਾਤਸ਼ਾਹ ਹੋਣ ਦਾ ਮਾਣ ਪ੍ਰਾਪਤ ਹੈ।

ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਕੋਈ ਵੀ ਇਤਿਹਾਸ ਦਾ ਵਰਕਾ ਫੋਲ ਲਿਆ ਜਾਵੇ ਤਾਂ ਪੰਜਾਬ ਤੇ ਸਿੱਖਾਂ ਦਾ ਪਹਿਲਾ ਪੰਨਾ ਆਉਂਦਾ ਹੈ। ਉਹ ਅਜੇ ਹੁਣੇ ਹੀ ਸੱਤਾ ਦੇ ਨਾਲ ਖਹਿੰਦੇ ਡੇਢ ਸਾਲ ਸੱਤ ਸੌ ਦੇ ਕਰੀਬ ਸ਼ਹੀਦੀਆਂ ਪਾ ਕੇ ਪਰਤੇ ਹਨ। ਇਨ੍ਹਾਂ ਦੇ ਨਾਂ ਜਾਂ ਤਾਂ ਜੂਝਣਾ ਲਿਖਿਆ ਹੈ ਤੇ ਜਾਂ ਬਲਦੇ ਅੰਗਿਆਰਾਂ ਤੇ ਨੱਚਣਾ ਤੇ ਸ਼ਹੀਦੀਆਂ ਪਾਉਣੀਆਂ।

ਅਧਿਆਤਮਿਕ ਅਨੰਦਤਾ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਗੁਰਮਤਿ ਅਨੁਸਾਰ ਮਿਲਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਾ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਹੀ ਨਹੀਂ ਹੈ ਕਦੇ ਵੀ। ਜ਼ਿਵੇੰ ਦਿੱਲੀ ਦਾ ਘੋਲ ਵੀ ਕਿਸਾਨ ਔਰਤਾਂ ਨੇ ਰਲ ਕੇ ਲੜਿਆ ਉੱਥੇ ਵੀ ਮਰ ਮਿਟਣ ਦਾ ਇਹੀ ਜਜ਼ਬਾ ਸੀ।

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥
ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
(ਚੰਡੀ ਚਰਿਤਰ)
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥

ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਤੇ ਤਾਰੀਖ ਦਾ ਸੁਨਹਿਰਾ ਤੇ ਸ਼ਹਾਦਤ ਦਾ ਅਰਸ਼ ਵਰਗੀ ਉਦਾਹਰਣ ਹੈ।
ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਦਰਸਾਉਂਦੀ ਹੈ। ਰਾਹ ਉਸਾਰਦੀ ਹੈ ਬਲੀਦਾਨ ਦਾ।

22 ਦਸੰਬਰ ਅਤੇ 27 ਦਸੰਬਰ 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (8 ਸਾਲ) ਅਤੇ ਬਾਬਾ ਫ਼ਤਹਿ ਸਿੰਘ (5 ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ।

ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ-
ਗੁਰੂ ਸਾਹਿਬ ਨੇ ਖਾਲਸੇ ਦੇ ਪੰਚ ਪ੍ਰਧਾਨੀ ਫ਼ੈਸਲੇ 'ਤੇ ਮੁਗ਼ਲ ਹਕੂਮਤ ਤੋਂ ਮਿਲੇ ਵਾਅਦੇ ਕਿ ਜੇ ਗੁਰੂ ਸਾਹਿਬ ਕਿਲ੍ਹਾ ਇੱਕ ਵਾਰ ਛੱਡ ਜਾਣ ਤਾਂ ਉਨ੍ਹਾਂ ਨੂੰ ਤੇ ਸਿੱਖਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ, ਕਿਲ੍ਹਾ ਛੱਡਣ ਦਾ ਫੈਸਲਾ ਲਿਆ ਸੀ।

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥

ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
(ਚੰਡੀ ਚਰਿਤਰ)

ਅਜੋਕੇ ਸਮੇਂ ਵਾਂਗ ਉਸ ਵੇਲੇ ਵੀ ਮੁਗਲ ਸ਼ਾਸਨ ਦੇ ਨਾਲ-ਨਾਲ ਹਿੰਦੂ ਕੱਟੜਵਾਦ ਵੀ ਖਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਅਪ੍ਰਸੰਨ ਸੀ। ਇਸ ਲਈ ਪਹਾੜੀ ਰਾਜਿਆਂ ਅਤੇ ਹੋਰ ਉੱਚ ਜਾਤੀ ਹਿੰਦੂ ਸਮਾਜ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਕਈ ਥਾਵਾਂ ਤੇ ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵੀ ਪੈਦਾ ਹੋ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। 1704 ਵਿੱਚ ਦੋਵੇਂ ਫ਼ੌਜਾਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇੱਕ ਵਾਰ ਗੁਰੂ ਜੀ ਅਨੰਦਪੁਰ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਗੁਰੂ ਜੀ ਨੇ ਜ਼ਫ਼ਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ।

ਤੁਰਾ ਗਰ ਬ ਬਾਯਦ ਆਂ ਕੌਲੇ ਕੁਰਾਂ॥ ਬ ਨਜ਼ਦੇ ਸ਼ੁਮਾ ਰਾ ਰਸਾਨਮ ਹੁਮਾਂ॥ (ਜ਼ਫ਼ਰਨਾਮਾ)

ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਗੁਰੂ ਜੀ ਨੇ ਇੱਕ ਦਿਨ ਰੋਪੜ ਦੇ ਕੋਲ ਨਿਹੰਗ ਖ਼ਾਨ ਦੀ ਗੜ੍ਹੀ ਵਿੱਚ ਬਿਤਾਇਆ।

ਰਾਤ ਨੂੰ ਅੱਗੇ ਚੱਲ ਪਏ ਪਰ ਦੁਸ਼ਮਣ ਦੀਆਂ ਫ਼ੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਦਾਖ਼ਲ ਹੋ ਕੇ ਮੋਰਚਾ ਬੰਦੀ ਕਰ ਲਈ।

ਗੁਰੂ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦਿਆਂ ਤੇ ਪੰਜ ਪਿਆਰਿਆਂ ਸਮੇਤ 40 ਕੁ ਸਿੱਖ ਸਨ। ਦੁਸ਼ਮਣ ਦੀ ਦਸ ਲੱਖ ਦੀ ਫ਼ੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਮ ਤੱਕ ਗੁਰੂ ਜੀ ਕੋਲ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਗੁਰੂ ਜੀ ਦੇ ਸਾਹਮਣੇ ਲੜਦੇ ਸ਼ਹੀਦ ਹੋ ਗਏ।

ਬਾਬਾ ਅਜੀਤ ਸਿੰਘ ਨੇ ਅਜੇ ਜਵਾਨੀ ਵਿੱਚ ਪੈਰ ਰਖਿਆ ਹੀ ਸੀ। ਬਾਬਾ ਜੁਝਾਰ ਸਿੰਘ ਤਾਂ ਅਜੇ ਕਿਸ਼ੋਰ ਅਵਸਥਾ ਵਿੱਚ ਸਨ। ਕਰਬਲਾ ਦੇ ਮੈਦਾਨ ਵਿੱਚ ਹਸਨ ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ, ਜਿੱਥੇ ਇੱਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਲੜਾਈ ਵਿੱਚ ਸ਼ਹੀਦ ਹੋਣ ਲਈ ਆਪ ਤਿਆਰ ਕਰਕੇ ਭੇਜਿਆ ਹੋਵੇ।

ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿੱਚ ਇੱਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿੱਚ ਦੋਵੇਂ ਫ਼ੌਜਾਂ ਬਰਾਬਰ ਦੀਆਂ ਹੁੰਦੀਆਂ ਹਨ। ਇਸ ਦੇ ਮੁਕਾਬਲੇ ਤੇ ਚਮਕੌਰ ਦੀ ਜੰਗ ਦੁਨੀਆ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਤਾਂ ਕੁਝ ਹੋਰ ਵੀ ਮਿਲਦੀਆਂ ਹਨ, ਪਰ ਬਾਕੀ ਕੌਮਾਂ ਦੇ ਇਤਿਹਾਸ ਵਿੱਚ ਸ਼ਾਇਦ ਨਹੀਂ ਦੇ ਬਰਾਬਰ ਹਨ। ਇਸ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਭੁੱਖੇ ਭਾਣੇ 40 ਆਦਮੀ ਕੀ ਕਰ ਸਕਦੇ ਹਨ, ਜੇ ਉਹਨਾਂ ਤੇ 10 ਲੱਖ ਦਾ ਲਸ਼ਕਰ ਅਚਾਨਕ ਟੁੱਟ ਪਵੇ-

ਗੁਰਸ਼ਨ: ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)

ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ।

ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ।

ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ।

ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ।

ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਚ-

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।

ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।

ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ।
ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ।

ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ।

ਇਤਿਹਾਸ ਦੇ ਵਰਕੇ ਕਹਿੰਦੇ ਹਨ ਕਿ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ ਲਿਖਦਾ ਹੈ-

ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ।
ਫਤੇ ਸਿੰਘ ਤਬ ਕਹਯੋ ਬਖਾਨ, 'ਦਸ ਪਾਤਸ਼ਾਹੀ ਹੋਵਹਿ ਹਾਨ।

ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਇੱਕ ਸ਼ਹੀਦੀ ਹੀ ਨਹੀਂ ਹੈ ਸਗੋਂ ਇਸ ਤੋਂ ਵੀ ਬਹੁਤ ਵੱਧ ਕੌਮ ਨੂੰ ਬਹੁਤ ਹੀ ਵੱਡਾ ਸੰਦੇਸ਼ ਹੈ। ਕੌਮ ਲਈ ਮਰ ਮਿਟਣ ਲਈ ਪੱਕਾ ਵਾਅਦਾ ਹੈ ਪਰਣ ਹੈ ਪ੍ਰਤਿੱਗਿਆ ਹੈ।
ਬੱਚਿਆਂ ਨੂੰ ਮਾਨਸਿਕ ਤੌਰ 'ਤੇ ਵੀ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਅਤੇ ਸ਼ਹੀਦ ਕੀਤਾ ਗਿਆ।

ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਸੀ। ਤੇ ਇੰਜ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾ ਕੇ ਅਰਸ਼ ਤੇ ਸ਼ਹਾਦਤ ਦਾ ਨਾਂ ਲਿਖਿਆ ਸੀ।
ਜ਼ਾਲਮ ਦੇ ਮਨ ਵਿੱਚ ਸੀ ਕਿ ਜੇ ਬੱਚਿਆਂ ਨੂੰ ਕਤਲ ਕਰ ਦਿੱਤਾ ਜਾਵੇਗਾ ਤਾਂ ਗੁਰੂ ਨਾਨਕ ਦੇਵ ਜੀ ਦੇ ਮਤਿ ਦਾ ਸੂਰਜ ਇਸ ਦੁਨੀਆਂ ਤੋਂ ਬੁਝ ਜਾਵੇਗਾ।

ਪਰ ਜ਼ਾਲਮ ਸ਼ਾਸਕ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਵੱਸਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਸ਼ਹੀਦ ਕਰ ਦਿੱਤੇ ਹਨ। ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫ਼ਨੀਅਰ ਸੱਪ ਵਾਂਗ ਤੇਰੇ ਵਰਗਿਆਂ ਨੂੰ ਡੰਗਦਾ ਰਹੇਗਾ ਸਦਾ -

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤ: ਚਾਰ। ਕਿ ਬਾਕੀ ਬਮਾਂਦਸਤ ਪੇਚੀਦ: ਮਾਰ।

ਛੋਟੀ ਉਮਰ ਵਿੱਚ ਹੀ ਉਹ ਬਾਪੂ ਵਰਗੇ ਵੱਡੇ ਸੂਰਜ ਦੀ ਲੋਅ ਲੈ ਕੇ ਨਿੱਕੇ ਨਿੱਕੇ ਸੂਰਜ ਬਣ ਅਰਸ਼ ਤੇ ਜਗ ਰਹੇ ਹਨ। ਅਰਸ਼ ਤੇ ਜਗਦਿਆਂ ਸਿਤਾਰਿਆਂ ਨੇ ਉਹ ਲੀਹਾਂ ਪਾਈਆਂ ਉਹ ਰਸਤੇ ਬਣਾਏ ਜੋ ਅੱਜ ਤਕ ਖ਼ਾਲਸਾ ਦਾ ਪੱਕਾ ਰਾਹ ਬਣ ਗਿਆ ਹੈ।

ਦੁਨੀਆਂ ਦੀਆਂ ਕੌਮਾਂ ਵਿੱਚ ਸ਼ਹਾਦਤ ਦਾ ਅਜਿਹਾ ਅਨੋਖਾ ਰਾਹ ਹੋਰ ਕਿਸੇ ਨੇ ਵੀ ਅਜੇ ਤਕ ਨਹੀਂ ਉਸਾਰਿਆ। ਨਿੱਕੇ ਨਿੱਕੇ ਬੱਚੇ ਨਿੱਕੇ ਨਿੱਕੇ ਪੈਰਾਂ ਨਾਲ ਉਹ ਪੈੜਾਂ ਪਾ ਗਏ ਜੋ ਧਰਤੀ ਦੀ ਹਿੱਕ ਤੇ ਸਦਾ ਹੀ ਲਿਖੀਆਂ ਰਹਿਣਗੀਆਂ। ਨਿੱਕੇ ਨਿੱਕੇ ਪੱਬਾਂ ਦੇ ਬਣਾਏ ਵੱਡੇ ਵੱਡੇ ਅਰਸ਼ ਤੇ ਰਾਹ ਸਦਾ ਉੱਸਰੇ ਰਹਿਣਗੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ