ਨੂਣ (ਕਹਾਣੀ) : ਬਲੀਜੀਤ

ਗਰੀਬ ਘਰ ਵਿੱਚ ਇੱਕ ਦੁੱਧ ਦੇਣ ਵਾਲਾ ਪਸ਼ੂ ਵੀ ਹੋਣਾ ਚਾਹੀਦਾ । ਸੁਦਾਗਰ ਸੋਚਦਾ ਕਿ ਮੁੱਲ ਦੇ ਪਾਣੀ ਵਰਗੇ ਦੁੱਧ ਵਿੱਚ ਕੀ ਹੁੰਦਾ? ਘਰ ਵਿੱਚ ਮ੍ਹੈਸ ਰੱਖੀ ਹੋਵੇ ਤਾਂ ਜੁਆਕ ਸੁਭ੍ਹਾ ਸ਼ਾਮ ਖਾਣ ਪੀਣ । ਤਕੜੇ ਤੰਦਰੁਸਤ ਹੋਣ । ਸਰੀਰ ਦੇ ਜ਼ੋਰ ਚਾਰ ਪੈਸੇ ਕਮਾਉਣ । ਚਾਰ ਦੇ... ਚਾਰ ਚੌਕੇ ਸੋਲ੍ਹਾਂ ਬਣਾਉਣ । ਗਾਂ... ਬੱਕਰੀ ਦਾ ਦੁੱਧ ਤਾਂ ਪਾਣੀ ਵਰਗਾ ਪਤਲਾ ਹੁੰਦਾ । ਇਹੀ ਸੋਚਦਾ ਉਹ ਇੱਜੜ ਚਾਰਦੇ ਡੱਡੂ ਬਾਲਮੀਕੀਏ ਦੇ ਘਰ ਵੱਲ ਨੂੰ ਤੁਰ ਪਿਆ...

ਇੱਕੋਲਾਹੇ ਪਿੰਡ ਦੇ ਸੁਦਾਗਰ ਚਮਾਰ ਨੂੰ ਸਾਇਕਲ 'ਤੋਂ ਉਤਰਦਾ ਦੇਖ ਡੱਡੂ ਨੂੰ ਖਾਸੀ ਹੈਰਾਨੀ... ਪ੍ਰੇਸ਼ਾਨੀ ਹੋਈ । ਸੁਦਾਗਰ ਨੂੰ ਉਸ ਨੇ ਕੋਈ ਸੁਨੇਹਾ ਨਹੀਂ ਸੀ ਦਿੱਤਾ । ਡੱਡੂ ਉਤਰੇ ਹੋਏ ਮੂੰਹ ਨਾਲ ਖੜਕਾਨਿਆਂ ਦੀ ਫਟਕੀ ਪਿੱਛੇ ਘਰ ਅੰਦਰ ਨਿਆਣਿਆਂ ਨੂੰ ਪੁੱਛਣ ਗਿਆ... ਪਰ ਕਿਸੇ ਨੇ ਵੀ ਸੁਦਾਗਰ ਨੂੰ ਕੋਈ ਸੁਨੇਹਾ ਨਹੀਂ ਸੀ ਦਿੱਤਾ ਕਿਸੇ ਪਸ਼ੂ ਦੇ ਮਰਨ ਦਾ । ਇਹ ਉਹਨਾਂ ਸਮਿਆਂ ਦੀ ਗੱਲ ਐ ਜਦੋਂ ਇੰਟਰਨੈੱਟ... ਮੋਬਾਇਲ ਨਹੀਂ ਸੀ ਹੁੰਦਾ । ਰਾਤ ਨੂੰ ਰਾਹ ਦਿਖਾਉਣ ਵਾਲੀ... ਐਵਰਰੈਡੀ ਦੇ ਦੋ ਸੈੱਲਾਂ ਵਾਲੀ ਸਟੀਲ ਦੀ ਬੈਟਰੀ ਵੀ ਕਿਸੇ ਘਰ ਦਾ ਮਾਣ ਹੁੰਦੀ ਸੀ । ਰੇਡੀਉ ਤਾਂ ਕਿਤੇ ਖਾਂਦੇ ਪੀਂਦੇ ਘਰਾਂ 'ਚ ਹੋ ਸਕਦਾ ਸੀ । ਤਾਂ ਵੀ ਸੁਦਾਗਰ ਨੇ ਪੁੱਛ ਪੁੱਛਕੇ ਡੱਡੂ ਦਾ ਠੀਹਾ ਲੱਭ ਲਿਆ । ਡੱਡੂ ਦਾ ਘਰਾਂ ਵਰਗਾ ਘਰ ਨਹੀਂ... ਬਸ ਟਿਕਾਣਾ ਸੀ ਜਿੱਥੇ ਉਹ ਸ਼ਾਮ ਨੂੰ ਪਸ਼ੂ ਇਕੱਠੇ ਕਰ ਕੇ ਖੜ੍ਹੇ ਕਰ ਲੈਂਦਾ । ਬਾਕੀ ਪਸ਼ੂ ਤਾਂ ਪਤਾ ਨਾ ਲੱਗਦਾ ਕਿ... ਰੱਬ ਜਾਣੇ ਓਹਦੇ ਜਾਂ ਕੀਹਦੇ ਸਨ ਪਰ ਉਸਨੇ ਵੱਗ ਵਿੱਚ ਆਪਣਾ ਬਹੁਤ ਸੁਹਣਾ ਸੁਨੱਖਾ ਝੋਟਾ ਮਹੀਆਂ ਨਵੀਆਂ ਕਰਨ ਨੂੰ ਰੱਖਿਆ ਹੋਇਆ ਸੀ । ਮ੍ਹੈਸ ਨਵੀਂ ਕਰਨ ਦਾ ਰੇਟ ਉਹ ਹਰ ਛਿਮਾਹੀਂ ਬਜ਼ਾਰ ਵਿੱਚ ਆਟੇ-ਦਾਲ ਦੇ ਭਾਅ ਨਾਲ ਮਿਲਾਕੇ... ਸਮਝ ਕੇ ਉਤਾਂਹ ਨੂੰ ਚੁੱਕੀ ਜਾਂਦਾ । ਓਹਦੇ ਝੋਟੇ ਦੀ ਮੰਗ ਬਹੁਤ ਸੀ । ਉਸਦੀ ਨਵੀਂ ਕੀਤੀ ਮ੍ਹੈਸ ਹਿੱਲਦੀ ਨਹੀਂ ਸੀ ।

ਡੱਡੂ ਨੇ ਸੁਦਾਗਰ ਨੂੰ ਸੈਨਤ ਕੀਤੀ ਕਿ ਉਹ ਉੱਧਰ ਨੂੰ ਆਵੇ ਜਿੱਧਰ ਨੂੰ ਉਹਦੇ ਟਿਕਾਣੇ ਦੇ ਇੱਕ ਪਾਸੇ ਗੁੱਗਾ ਮੈੜੀ ਬਣੀ ਹੋਈ ਸੀ ।

"ਕਿਮੇ ਬਾਈ ... ਕਿਮੇ ਗੇੜਾ ਮਾਰਿਆ?"

"ਛੋਟੇ ਭਾਈ ਮੈਂ ਘਰ ਦੁੱਧ ਨੂੰ ਛੋਟੀ ਜਹੀ ਕੱਟੀ ਦੇਖਦਾ ਫਿਰਦਾਂ..." ਡੱਡੂ ਨੇ ਹੌਲਾ ਜਿਹਾ ਹੋ ਕੇ ਨੀਝ ਨਾਲ ਸੁਦਾਗਰ ਨੂੰ ਦੇਖਿਆ,"ਜੇ ਤੇਰੇ ਕੋਲ ਹੋਵੇ... ਅਧਿਆਰੇ 'ਪਰ... ।"

ਡੱਡੂ ਮੁੰਨਿਆ ਸਿਰ ਖੁਰਚਦਾ 'ਅਧਿਆਰਾ' ਬੋਲ ਕੇ ਚੁੱਪ ਕਰ ਗਿਆ... ਫੇਰ ਖਾਸੀ ਦੇਰ ਬਾਅਦ ਕਹਿੰਦਾ,"ਨਾ ਬਈ ਅਧਿਆਰਾ ਨੀਂ ਪੁੱਗਦਾ... ਊਂ ਕੱਟੀ ਹੈਗੀ ਮੇਰੇ ਪਾ । ਸਾਲ ਦੀ ਨੀਂ ਹੈਗੀ ਹਲੇ । ਜਾਹ ਦੇਖ ਲੈ । ਟਾਹਲੀ ਹੇਠ । ਜੇ ਪੁੱਗਦੀ ਐ । ਵੀਹ ਤੇ ਪੈਸਾ ਘੱਟ ਨੀਂ ਮਿਲਣੀ ਤਨੂੰ । ਮਾਰ ਲੈ ਨਿਗ੍ਹਾ ।" ਵੀਹ ਰੁਪੱਈਆਂ ਦਾ ਨਾਂਓ ਸੁਣ ਕੇ ਸੁਦਾਗਰ ਨੂੰ ਝਟਕਾ ਜਿਹਾ ਲੱਗਿਆ... ਸੋਚਿਆ ਛੱਡ ਪਰੇ ਕੱਟੀ ਨੂੰ ... ਕਦ ਦੁੱਧ ਪੀਣਾ ਦੋ ਸਾਲ ਨੂੰ ... ਪਰ ਉਸ ਨੂੰ ਘਰੋਂ ਪ੍ਰਸਿੰਨੀ ਨੇ ਦਬਿੱਲ ਕੇ ਤੋਰਿਆ ਹੋਇਆ ਸੀ ਕਿ ਕਿੰਨੀ ਵਾਰੀ ਉਹ ਗੱਲਾਂ ਗੁੱਲਾਂ ਮਾਰ ਕੇ ਬਾਹਾਂ ਲਟਕਾਉਂਦਾ ਘਰਾਂ ਨੂੰ ਮੁੜ ਆਉਂਦਾ । 'ਹੁਣ ਖਾਲੀ ਹੱਥ ਲਟਕਾਉਂਦਾ ਨਾ ਮੁੜੀਂ ।' ਸੁਦਾਗਰ ਉੱਜੜੀ ਜਹੀ ਟਾਹਲੀ ਹੇਠ ਬੰਨ੍ਹੀ ਕੱਟੀ ਦੇਖਣ ਤੁਰ ਗਿਆ । ਕੱਟੀ...? ਭੋਡੀ ਜਹੀ ਭੁੱਖ ਦੀ ਮਾਰੀ ਹੋਈ ਕੱਟੀ । ਪਤਲੀ ਗਰਦਣ । ਸੁਸਤ । ਅੱਖਾਂ ਦੇ ਕੋਇਆਂ 'ਚ ਗਿੱਡ । ਮਰੀਅਲ । ਠੰਢ ਵਿੱਚ ਕੁੜਕਦੀ । ਕੰਗਰੋੜ ਉੱਤੇ ਕਾਗਜ਼ ਵਰਗੀ ਸਾਫ਼ ਪਤਲੀ ਚਮੜੀ ਜੋ ਸੁਦਾਗਰ ਨੇ ਪੋਟਿਆਂ 'ਚ ਘੁੱਟ ਕੇ ਦੇਖੀ । ਦੋਵੇਂ ਵੱਖੀਆਂ ਤੋਂ ਢਿੱਡ ਹੇਠਾਂ ਨੂੰ ਲਮਕਦੇ ਲੰਬੇ ਛਿੱਦਰੇ ਛਿੱਦਰੇ ਭੂਰੇ ਵਾਲ ਚਿਪਕੇ ਹੋਏ । ਲਮਕਦੇ ਵਾਲਾਂ ਵਿੱਚ ਅੱਠ ਦਸ ਭੌਂਖੜੇ ਵੀ ਫਸੇ ਹੋਏ । ਉਸ ਦੇ ਪਿੰਡੇ ਨੂੰ ਚਮਜੂੰਆਂ... 'ਜੀਵੀ' ਵੀ ਲੱਗੀ ਹੋਈ ਸੀ । ਵੀਹ ਦਮੜੇ ਕਿਤੇ ਥੋੜੇ੍ਹ ਹੁੰਦੇ ਐ... ਪੋਹ ਦਾ ਮਹੀਨਾ ਨੀਂ ਟੱਪਦੀ... ਫੇਰ ਵੀ ਮੈੜੀ ਦੇ ਕੱਚੇ ਥਾਂ ਕੋਲ ਬੈਠਦਿਆਂ ਬੋਲਿਆ,"ਕੱਟੀ ਤਾਂ ਤਨੂੰ ਵੀ ਦਿਖਦੀਓ ਐ । ਬਾਰਾਂ ਦੀ ਦੇ ਦੇਹ... ਪਤਾ ਨੀਂ ਬਚਦੀ ਵੀ ਐ ਕ ..."

"ਸਾਲ ਹੋ ਜਾਣਾ ਸੇਵਾ ਕਰਦੇ... ਬਾਰਾਂ ਦੀ? ਮੁਖਤ ਦਾ ਮਾਲ ਤਾਂ ਨੀਂ?"

"ਤੇਰਾਂ?" ਸੁਦਾਗਰ ਵੀ ਆਪਣੇ ਢੰਗ ਦਾ ਵਪਾਰੀ ਸੀ । ਉੱਤੋਂ ਉਸ ਦੇ ਮਨ ਵਿੱਚ ਆਪਣੀ ਤੀਮੀਂ ਦੇ 'ਖਾਲੀ ਹੱਥ ਲਟਕਾਉਣ' ਵਾਲੀ ਗੱਲ ਵੀ ਸਿਰ ਚੁੱਕੀ ਖੜ੍ਹੀ ਸੀ ।

"ਤੇਤੇ ਨੀਂ ਲੇ ਹੋਣੀ ।"

"ਚੌਦਾਂ? ਪਰ ਪੈਸੇ ਅੱਧੇ ਅੱਜ । ਬਾਕੀ ਅਹਿਤੋਂ ਅਗਲੀ ਸੰਗਰਾਂਦ ਨੂੰ " ਸੁਦਾਗਰ ਉੱਠ ਖੜਾ ਹੋਇਆ ।

"ਜੇ ਐਂ ਕਰਨਾ ਤਾਂ ਪੰਦਰਾਂ ਕਰਦੇ । ਹੁਣ ਬੋਲੀਂ ਨਾ । ਪੁੱਗਦੀ ਐ... ਜਾਹ ਖੋਲ੍ਹ ਲੈ ਕੱਟੀ ।"

... ਤੇ ਪੈਂਤੀ ਸਾਲਾਂ ਦਾ ਸੁਦਾਗਰ ਆਪਣੇ ਜੀਵਨ 'ਚ ਪਹਿਲੀ ਵਾਰ ਭਰੇ ਹੱਥੀਂ ਇੱਕ 'ਜਿਉਂਦਾ' ਜੀਅ ਕੱਟੀ ਸਾਇਕਲ ਪਿੱਛੇ ਰੱਸੀ ਨਾਲ ਬੰਨ੍ਹੀ ਰੋੜ੍ਹਦਾ ਘਰ ਆ ਵੜਿਆ । ਇਸ ਤੋਂ ਪਹਿਲਾਂ ਉਸਦੀ ਤੀਮੀਂ ਨੇ ਇੱਕ ਦੇਸੀ ਕੁੜਕ ਮੁਰਗੀ ਆਂਡਿਆਂ 'ਤੇ ਬਠਾਲੀ ਸੀ । ਸੁਹਣੀ ਮੁਰਗੀਆਂ ਦੀ ਡਾਰ ਵਿਹੜੇ ਵਿੱਚ ਫੜਫੜਾਉਣ ਲੱਗ ਪਈ । ਨਿਆਣੇ ਆਂਡਿਆਂ ਦੀ ਭੁਰਜੀ ਖਾਣ ਲੱਗ ਪਏ । ਹੁਣ ਘਰ ਦੇ ਦੁੱਧ ਦੀ ਨੀਂਹ ਰੱਖੀ ਗਈ ।

''ਲੈ । ਤੂੰ ਕਹਿੰਦੀ ਤੀ ਦੁੱਧ ਦਾ ...''

''ਹਾਂ ਨਿਆਣੇ ਦੁੱਧ ਤਾਂ ਪੀਉਂਗੇ ।''

''ਪੰਦਰਾਂ ਦੀ ਦਿੱਤੀ । ਸੱਤ ਨਗਦ ਦੇ ਤੇ । ਬਾਕੀ ਅਹਿਤੋਂ ਅਗਲੀ ਸੰਗਰਾਂਦ ਨੂੰ । ''

''ਆਹ ਕਿਆ ਸੁਆਹ ਖਰੀਦ ਲਿਆਇਆ ਪੰਦਰਾਂ ਦੀ... '' ਜਦੋਂ ਪ੍ਰਸਿੰਨੀ ਨੇ ਕੱਟੀ ਦੇਖੀ ਤਾਂ ਸੁਦਾਗਰ ਨਾਲ ਲੜਨ ਆਲੀ ਹੋ ਗਈ । ਮਰੀਅਲ ਕੱਟੀ ਦੇਖਕੇ ਇੱਕ ਵਾਰ ਤਾਂ ਪ੍ਰਸਿੰਨੀ ਨੂੰ ਹੌਲ ਪੈ ਗਿਆ । ਉਸ ਨੂੰ ਹੋਰਾਂ ਦੇ ਪਸ਼ੂ ਮਰਨ ਦੇ ਸੁਨੇਹੇ ਦੇਣ ਵਾਲੇ ਬਹੁਤ ਪਿਆਰੇ ਲੱਗਦੇ । ਸਭ ਨੂੰ ਚਾਹ ਪਾਣੀ ਪੁੱਛਦੀ ਹੋਈ ਧੁਰ ਅੰਦਰੋਂ ਕਿਸੇ ਰੱਬ ਦਾ ਸ਼ੁਕਰ ਕਰਦੀ । ਪਰ ਹੁਣ ਪੰਦਰਾਂ ਰੁਪੱਈਆਂ ਦੀ ਕੱਟੀ ਦੇ ਮਰਨ ਦਾ ਡਰ ਘਰ ਦੀ ਫਜ਼ਾ ਅੰਦਰ ਫੈਲ ਗਿਆ ।

''ਕੋਈ ਅਕਲ ਨਾਲ ਤੁਰ । ਨਿਆਣੇ ਤਾਂ ਹੁਣ ਬੈਠੇ ਐ ਚਾਹ ਤੇ ਵਗੈਰ । ਹੋਰ ਫ਼ਾਹਾ ਪਾ ਲਿਆਇਆ ਮੇਰੀ ਜਾਨ ਨੂੰ । ਤਿੰਨ ਸਾਲ ਹੁਣ ਇਹਦੀ ਸੇਵਾ ਕੌਣ ਕਰੂੰਗਾ । ਹੁਣੇ ਮੋੜਿਆ ਜਾ ਕੇ ।''

''ਮੋੜਿਆ? ਤੂੰ ਸਦੈਣ ਐਂ । ਮ੍ਹੈਸ ਜੋਗੇ ਪੈਸੇ ਕੀਹਤੇ ਲਿਆਵਾਂ ।''

''ਮੋੜਿਆ ਮੋੜਿਆ । ਮੇਤੇ ਨੀਂ ਇਹ ਫ਼ਾਹਾ ਪੁੱਗਣਾ । ਅਸੀਂ ਤਾਂ ਹੁਣ ਬੈਠੇ ਐਂ ਭੁੱਖੇ । ਜਾਹ... ਜਾ ਕੇ ਮੋੜਿਆ । ''

ਪ੍ਰਸਿੰਨੀ ਨੂੰ ਲੱਗਿਆ ਕਿ ਚਾਰ ਨਿਆਣਿਆਂ…... ਵੱਡਾ ਮੁੰਡਾ…... ਫੇਰ ਉੱਪਰੋਥਲੀ ਤਿੰਨ ਕੁੜੀਆਂ ... ਚਾਰਾਂ ਨੇ ਪਹਿਲਾਂ ਹੀ ਘਰ 'ਚ ਖੜਦੁੰਮ ਪਾਇਆ ਹੋਇਆ । ਪੰਜਵੀਂ ਹੋਰ ਮਰੀਅਲ ਕੱਟੀ ਆ ਗਈ ਲਹੂ ਪੀਣ... ਪਰ ਸੁਦਾਗਰ ਨੇ ਉਸ ਦੀ ਇੱਕ ਨਾ ਸੁਣੀ । ਸੁਦਾਗਰ ਨੇ ਠੰਢ ਵਿੱਚ ਕੰਬਦੀ ਕੱਟੀ ਨੂੰ ਨਿੱਘ ਦੇਣ ਲਈ ਉਸ ਦੁਆਲੇ ਸੁੱਕਾ ਫ਼ੂਸ 'ਕੱਠਾ ਕਰਕੇ ਅੱਗ ਲਾ ਦਿੱਤੀ । ਫੇਰ ਉਸ ਨੇ ਕੱਟੀ ਦੇ ਪਿੰਡੇ ਨੂੰ ਥੋੜ੍ਹਾ ਜਿਹਾ ਮਿੱਟੀ ਦਾ ਤੇਲ ਮਲ ਦਿੱਤਾ । ਅੱਗ ਕੱਟੀ ਦੇ ਵਾਲਾਂ ਨੂੰ ਪੈ ਗਈ ਤੇ ਉਹ ਤੜਪ ਕੇ ਮਰੀ ਮਰੀ ਘਰ ਤੋਂ ਦੂਰ... ਪਿੰਡ ਦੇ ਬਾਹਰਲੇ ਟੋਭੇ ਵੱਲ ਨੂੰ ਭੱਜ ਗਈ । ਜਿੰਨਾ ਚਿਰ ਵਾਲਾਂ ਨੂੰ ਲੱਗੀ ਅੱਗ ਦਾ ਸੇਕ ਬਰਦਾਸਤ ਨਾ ਹੋਇਆ ਕੱਟੀ ਨੇ ਸ਼ੂਟ ਵੱਟੀ ਰੱਖੀ । ਪ੍ਰਸਿੰਨੀ ਨੂੰ ਆਪਣਾ ਘਰਵਾਲਾ ਹੋਰ ਵੀ ਬੇਅਕਲ ਲੱਗਿਆ ਜਿਸ ਨੇ ਜਿਉਂਦੇ ਜਾਨਵਰ ਨੂੰ ਅੱਗ ਲਾ ਕੇ ਤੜਫ਼ਾ ਦਿੱਤਾ । ਉਸ ਨੇ ਜ਼ਿੰਦਗੀ ਵਿੱਚ ਐਸਾ ਨਜ਼ਾਰਾ ਪਹਿਲੀ ਵਾਰ ਦੇਖਿਆ ਸੀ ।

''ਰੱਬ ਦਾ ਜੀਅ... ਤੈਂ ਮਾਰਨਾ ਇਹਨੂੰ ।'' ਉਸਨੂੰ ਆਪਣੀ ਮਰ ਚੁੱਕੀ ਸਭ ਤੋਂ ਵੱਡੀ ਧੀ ਯਾਦ ਆ ਗਈ ।

''ਮੈਂਖਿਆ ਸਹੁਰੀ ਦੇ ਜੀਅ ਜਲ ਜੂੰਗੇ ।''

''ਲੂੰ ਕੈਂਚੀ ਨਾਲ ਕੁਤਰ ਦਿੰਦਾ... ।''

''ਕੈਂਚੀ!'' ਸੁਦਾਗਰ ਨੂੰ ਖ਼ਿਆਲ ਆਇਆ ਕਿ ਦੁਨੀਆ ਵਿੱਚ ਕੈਂਚੀ ਵੀ ਕੋਈ ਚੀਜ਼ ਹੁੰਦੀ ਐ ਤੇ ਉਹ ਚੀਜ਼ ਉਸ ਦੇ ਘਰ ਵਿੱਚ ਵੀ ਹੈਗੀ ਐ । ਫੇਰ ਬੋਲਿਆ, "ਕਿਹੜਾ ਘੰਟਾ ਲਾਊਂਗਾ । ਮੈਂਖਿਆ ਇੱਕ ਮਿੰਟ ਮਾ ਕੰਮ ਨਿਬੇੜ ਦਮਾਂ ।'' ਕੱਟੀ ਦੇ ਵਾਲ ਥੋੜ੍ਹੇ ਹੀ ਜਲੇ ਸਨ । ਪਰ ਅੱਗ ਤਾਂ ਅੱਗ ਈ ਹੁੰਦੀ ਐ । ਝੁਲਸੇ ਹੋਏ ਮਾਸ ਦੀ ਕਾਲਸ ਢਿੱਡ ਥੱਲੇ ਵਾਲਾਂ ਦੇ ਇੱਕ ਗੁੱਛੇ ਕੋਲ ਸੀ । ਪ੍ਰਸਿੰਨੀ ਘਰ ਅੰਦਰੋਂ ਪੁਰਾਣੀ ਕੈਂਚੀ ਲੱਭ ਲਿਆਈ । ਡੂਢ ਘੰਟਾ ਨਾਈ ਵਾਲਾ ਕੰਮ ਕਰਦੇ ਕੱਟੀ ਸਾਫ਼ ਹੋ ਗਈ । ਹੋਰ ਵੀ ਹੌਲੀ... ਮਾੜਕੂ ਜਿਹੀ ਦਿਸਣ ਲੱਗੀ । ਹੋਰ ਵੀ ਮਰੀਅਲ । ਪਸਲੀਆਂ ਚਮਕਣ ਲੱਗੀਆਂ । ਉਸ ਦੀ ਰੁੰਡੀ ਮੁੰਡੀ ਪੂੰਛ ਘੜੀ ਦੇ ਪੈਂਡੂਲਮ ਤੋਂ ਵੱਧ ਨਾ ਹਿਲ ਸਕਦੀ । ਪਤਲੀ ਪੂੰਛ ਜਿਵੇਂ ਕਾਗ਼ਜ਼ 'ਤੇ ਗੂੜ੍ਹੀ ਲਕੀਰ ਮਾਰੀ ਹੋਵੇ । ਉਹ ਪੂੰਛ ਜਿਸ ਵਿੱਚ ਮੱਖੀਆਂ ਉੜਾਉਣ ਦੀ ਜਾਨ ਵੀ ਬਾਕੀ ਨਾ ਹੋਵੇ । ਪ੍ਰਸਿੰਨੀ ਨੂੰ ਮਰੀਅਲ ਕੱਟੀ 'ਤੇ ਜਿਵੇਂ ਤਰਸ ਆ ਕੇ ਆਪਣੇ ਬੱਚਿਆਂ ਵਰਗੀ... ਆਪਣੇ ਘਰ ਦਾ ਜੀਅ ਹੀ ਲੱਗਣ ਲੱਗ ਪਈ । ਆਪਣੇ ਬੱਚਿਆਂ ਵਾਂਗ ਹੀ ਪਾਲਣ, ਵੱਡੇ ਹੋਣ ਤੇ ਕਿਸੇ ਕੰਮ ਆਉਣ... ਕੋਈ ਗਰਜ਼ ਸਾਰਨ ਦੀ ਉਮੀਦ ਵਿੱਚ ਉਸ ਦੀ ਸੇਵਾ ਕਰਨ ਲੱਗੀ ।

ਸੁਦਾਗਰ ਨੇ ਬਾਂਸ ਦੀ ਪੋਰੀ ਘੜ ਛਿੱਲ ਕੇ ਛੋਟੀ ਜਹੀ ਨਾਲ ਬਣਾਈ । ਕੂੰਡੀ ਵਿੱਚ ਇੱਕ ਮੁੱਠੀ ਤਾਰਾਮੀਰਾ ਰਗੜਿਆ । ਵਿੱਚ ਲੱਸੀ ਤੇ ਸਰੋਂ ਦਾ ਤੇਲ ਪਾਇਆ । ਜੂਐਣ ਪਾ ਕੇ ਚੰਗੀ ਤਰਾਂ ਘੋਟ ਕੇ ਨਾਲ ਨੱਕੋ ਨੱਕ ਭਰ ਲਈ... ਤੇ ਭਰੀ ਹੋਈ ਨਾਲ ਕੱਟੀ ਦੇ ਸੰਘ ਵਿੱਚ ਉਲੱਦ ਦਿੱਤੀ । ''ਸਲੀ ਦੀਆਂ ਜੂਨਾਂ ਨਿਕਲ ਜੂੰ ਗੀਆਂ ।''... ਤੇ ਕੱਟੀ ਨੇ ਦੂਸਰੇ ਦਿਨ ਜੂਨਾਂ ਦਾ ਗੁੱਛਾ ਔਹ ਬਾਹਰ ਵਗਾਹ ਕੇ ਮਾਰਿਆ... ਤੇ ਕੱਟੀ ਅੰਦਰੋਂ ਬਾਹਰੋਂ ਬਿਲਕੁਲ ਸਾਫ਼ ਹੋ ਗਈ ।

ਕਿੰਨੇ ਕੁ ਕੱਖ ਖ਼ਾਂਦੀ ਸੀ ਉਹ । ਪ੍ਰਸਿੰਨੀ ਇੱਕ ਪੰਡ ਖੱਬਲ ਦੀ ਲਿਆਉਂਦੀ ਤਾਂ ਕੱਟੀ ਤੋਂ ਦੋ ਦਿਨ ਨਾ ਮੁੱਕਦੀ । ਹੁਣ ਪ੍ਰਸਿੰਨੀ ਨੂੰ ਕੱਟੀ ਪਾਲਣੀ ਸੌਖੀ ਲੱਗੀ । ਤਸਲੇ ਵਿੱਚ ਪਾਣੀ ਪਿਲਾ ਦਿੰਦੀ । ਗੁੜ ਦੀ ਛੋਟੀ ਜਹੀ ਪਿਓਸੀ, ਆਟੇ ਦਾ ਛਾਣ ਤੇ ਬਚੀਆਂ ਰੋਟੀਆਂ ਦੀ ਮਲ ਕੇ ਚੂਰੀ ਬਣਾ ਦਿੰਦੀ । ਰੋਜ਼ ਨਲਕੇ 'ਤੇ ਨਲ੍ਹਾ ਦਿੰਦੀ । ਮਹੀਨੇ ਪਿੱਛੋਂ ਹੀ ਕੱਟੀ ਚਮਕਣ ਲੱਗ ਪਈ । ਉਸ ਦੇ ਅੱਖਾਂ ਵਿੱਚ ਵੀ ਚਮਕ ਆਉਣ ਲੱਗ ਪਈ । ਜ਼ੋਰ ਨਾਲ ਪੋਲਾ ਜਿਹਾ ਖੁੰਡਾ ਪੁੱਟ ਦਿੱਤਾ । ਸੁਦਾਗਰ ਨੇ ਨਵਾਂ ਮੋਟਾ ਖੁੰਡਾ ਡੂੰਘਾ ਗੱਡ ਦਿੱਤਾ । ਬੱਚਿਆਂ ਵਾਂਗ ਭਾਵੇਂ ਪ੍ਰਸਿੰਨੀ ਕੱਟੀ ਦੇ ਸਾਰੇ ਕੰਮ ਕਰਦੀ ਰਹਿੰਦੀ ਤਾਂ ਵੀ ਸੁਦਾਗਰ ਨੂੰ ਸਾਝਰੇ ਉੱਠਦੇ ਸਾਰ ਪਹਿਲਾਂ ਕੱਟੀ ਨੂੰ ਠੀਕ ਠਾਕ ਖੜ੍ਹੀ ਬੈਠੀ, ਜੁਗਾਲੀ ਕਰਦੀ ਦੇਖਣ ਦਾ ਮਨ ਹੁੰਦਾ ।

''ਬਜ਼ਾਰ ਤੇ ਨਵੀਂ ਸੰਗਲੀ ਲਿਆਈਂ ।'' ਪ੍ਰਸਿੰਨੀ ਨੂੰ ਘਰ ਵਿੱਚ ਹਿੱਲਦੀ ਕੱਟੀ ਦਾ ਚਾਓ ਹੋਣ ਲੱਗਿਆ ।

''ਕੱਲ੍ਹ ਨੂੰ ਲਿਆਉਂਗਾ ।''

... ਤੇ ਮੋਟੇ ਖੁੰਡੇ ਦੁਆਲੇ ਸੰਗਲੀ ਨਾਲ ਜ਼ੋਰ ਕਰਦੀ, ਘੁੰਮਦੀ... ਪ੍ਰਸਿੰਨੀ ਦੇ ਨਿਆਣਿਆਂ ਨੂੰ ਹੁਰਕਦੀ... ਲਾਡ ਕਰਦੀ... ਕਦੇ ਚਾਂਭਲ ਕੇ ਕੱਖ ਖਿੰਡਾ ਦਿੰਦੀ । ''ਦੇਖ ਮਸ਼ਕਰੀਆਂ ਕਰਦੀ ਨੂੰ । ਖਾ ਨੀਂ ਹੁੰਦਾ । ਟਿਕ ਕੇ ਖਾ ਵੀ ਨੀਂ ਹੁੰਦਾ ਈਹਤੇ ।'' ਪ੍ਰਸਿੰਨੀ ਬਾਰਾਂ ਸਾਲ ਦੀ ਵੱਡੀ ਧੀ ਨੂੰ ਸਮਝਾਉਂਦੀ, "ਜਦ ਵੀ ਕੱਖ ਪਾਉਣੇ, ਪੁੱਤ ਫੋਲ ਕੇ ਪਾਈਂ । ਐਂਵੀਂ ਬਿੱਚ ਕੁਸ ਹੁੰਦਾ । ਨਾਲੇ ਤੱਤੇ ਕੱਖਾਂ ਦੀ ਭਾਫ਼ ਨਿਕਲ ਜਾਂਦੀ ਐ ।" ਵੰਡ ਉਹ ਆਪ ਪਾਉਂਦੀ । ਪਤਾ ਨਹੀਂ ਘਰ ਵਿੱਚ ਵੰਡ ਉਹਨੇ ਕਿੱਥੇ ਲੁਕੋ ਕੇ ਰੱਖਿਆ ਹੋਇਆ ਸੀ ।

ਪ੍ਰਸਿੰਨੀ ਦੇ ਬੱਚਿਆਂ ਵਾਂਗ ਘਰ ਵਿੱਚ ਕੱਟੀ ਵੀ ਪਲਣ ਲੱਗ ਪਈ । ਕਈ ਘਰਾਂ ਵਿੱਚ ਪਸ਼ੂਆਂ ਦੇ ਬੱਚਿਆਂ ਵਰਗੇ ਨਾਂਓ ਰੱਖ ਦਿੱਤੇ ਜਾਂਦੇ ਐ... ਪਰ ਇਹ ਘਰ ਉਵੇਂ ਦਾ ਕਿੱਥੇ...?

***

ਕਣਕ ਦੀ ਵਢਾਈ ਦੀ ਆਵਤ ਵਿੱਚ ਮਾਲਕ-ਤੀਵੀਂ ਨੇ ਕੱਟੀ ਲਈ ਤੂੜੀ ਦੀ ਮੰਗ ਵੀ ਰੱਖ ਦਿੱਤੀ । ਉਹਨਾਂ ਜ਼ਮਾਨਿਆਂ 'ਚ ਪਿੰਡਾਂ 'ਚ ਤੂੜੀ ਨੂੰ ਕੋਈ ਨਾ ਪੁੱਛਦਾ । ਆਵਤੀਏ ਕੁੱਪ ਬੰਨ੍ਹ ਦਿੰਦੇ । ਕੁੱਪਾਂ ਦੀ ਮਾਲਕੀ ਦੀ ਪਛਾਣ ਕੋਈ ਨਾ ਕਰ ਕਰਦਾ । ਖੜ੍ਹੇ ਖੜ੍ਹੇ ਗਲ ਜਾਂਦੇ । ਘਰ ਦੇ ਛੇ ਜੀਆਂ ਦੀ ਦੇਖ ਰੇਖ ਵਿੱਚ ਦਿਨਾਂ 'ਚ ਹੀ ਕੱਟੀ ਦੀ ਸ਼ਕਲ ਸੂਰਤ ਬਦਲਣ ਲਗ ਪਈ । ਨਰੋਈ ਹੁੰਦੀ ਕੱਟੀ ਵੱਧ ਥਾਂ ਘੇਰਦੀ ਲੱਗਣ ਲੱਗ ਪਈ । ਜਿਸ ਦਿਨ ਡੱਡੂ ਬਾਕੀ ਅੱਧੇ ਪੈਸੇ ਲੈਣ ਆਇਆ ਤਾਂ ਕੱਟੀ ਨੂੰ ਦੇਖ ਉਹਦੇ ਹੌਲ ਜਿਹਾ ਪੈ ਗਿਆ, ''ਮ੍ਹੈਸਾਂ ਕੱਟੇ ਈ ਦਈ ਜਾਂਦੀਆਂ । ਮਹੀਨਾ ਨੀਂ ਕੱਟਦੇ । ਮਰੀ ਜਾਂਦੇ । ਤਨੂੰ ਪਤਾ ਈ ਐ । ਆਹ ਕੱਟੀ ਛੇ ਸਾਲ ਬਾਅਦ ਇੱਕੋ ਹੋਈ ਤੀ ।''

''ਤੇਰੇ ਕੋਲ ਤਾਂ ਇਹ ਵੀ ਮਰ ਜਾਣੀ ਤੀ ।'' ਸੁਦਾਗਰ ਤਾਂ ਫੇਰ ਸੁਦਾਗਰ ਹੀ ਸੀ ।

''ਊਈਂ ਨਾ ਬਹੁਤੀਆਂ ਗੱਲਾਂ ਮਾਰੀ ਜਾ । ਜਿੱਕਣਾਂ ਤੈਂ ਆਪਣੀਆਂ ਖੱਲਾਂ ਦਾ ਕੋਠਾ ਬਣਾਇਆ... ਜੀਉਂਦੇ ਪਸ਼ੂਆਂ ਲਈ ਵੀ ਕੋਈ ਕੋਠਾ-ਮਠਲਾ ਪਾ ਦੇ ।''

ਸੁਦਾਗਰ ਦੇ ਵਿਹੜੇ ਨੂੰ ਦੋ ਪਾਸੇ ਤੋਂ ਸ਼ਰੀਕਾਂ ਦੇ ਦੋ ਘਰਾਂ ਦੀਆਂ ਪਿੱਠਾਂ ਲਗਦੀਆਂ ਸਨ । ਕੱਟੀ ਦੇ ਦੋ ਖਣਾਂ ਦੇ ਢਾਰੇ ਦਾ ਜੁਗਾੜ ਕਰਨ ਲਈ ਉਸਨੂੰ ਇੱਕ ਪਾਸੇ ਛੇ ਫੁੱਟ ਦੀ ਕੰਧ ਕਰਨੀ ਪੈਣੀ ਸੀ । ਉਸਨੂੰ ਨਹਿਰ ਦੇ ਨਾਲ ਸ਼ਾਮਲਾਤ ਜਮੀਨ ਦੇ ਬੇਲੇ ਵਿੱਚ ਖੜ੍ਹੀ ਸੁੱਕੀ ਕਿੱਕਰ ਦੇ ਦੋ ਟਾਹਣੇ ਦਿਸਣ ਲੱਗੇ । ਸਮੀਂ-ਸੰਝ ਨੇਰ੍ਹਾ ਹੋਏ ਤੋਂ ਆਰੀ ਕੁਹਾੜੀ ਚੁੱਕ ਮੁੰਡੇ ਤੇ ਪ੍ਰਸਿੰਨੀ ਨੂੰ ਨਾਲ ਲਿਜਾ ਕੇ ਜਾ ਚੜਿ੍ਹਆ ਨਹਿਰ 'ਤੇ । ਸ਼ੁਕਰ ਕੀਤਾ ਕਿ ਕੋਈ ਰੱਬ ਦਾ ਭਗਤ ਇਹ ਸੁੱਕੇ ਟਾਹਣੇ ਅੱਜ ਤੱਕ ਉਸ ਲਈ ਛੱਡ ਗਿਆ ਸੀ । ਦਰਖਤ ਬਹੁਤ ਕਸੂਤੀ ਥਾਂ 'ਤੇ ਟੰਗਿਆ ਹੋਇਆ ਸੀ । ਤਿੰਨਾਂ ਨੇ ਬਾ-ਮੁਸ਼ਕਲ ਇੱਕ ਟਾਹਣਾ ਲਾਹ ਲਿਆ ਜੋ ਸਿੱਧਾ ਸ਼ਤੀਰ ਸੀ । ਹੱਡਾਰੋੜੀ ਵਿੱਚ ਪਲੇ ਝੂੰਡਾ ਦਾ ਖੜਕਾਨਾ ਵੀ ਕੰਮ ਆ ਗਿਆ... ਵਿਹੜੇ 'ਚ ਪਰਲੇ ਤੰਗ ਜਹੇ ਖੂੰਜੇ ਵਿੱਚ ਪਤਾ ਨਹੀਂ ਕਦੋਂ ਤੋਂ ਰੁਲਦੀਆਂ ਪਤਲੀਆਂ ਸਰਹੰਦੀ ਇੱਟਾਂ, ਰੋੜੇ, ਪੱਥਰ ਵੀ ਛੱਪਰ ਪਾਉਣ ਦੇ ਅਰਥ ਵਿੱਚ ਆ ਗਏ ।

***

ਦੋ ਸਾਲਾਂ ਵਿੱਚ ਕੱਟੀ ਪਲ ਕੇ ਪੂਰਾ ਜਾਨਵਰ ਹੋ ਗਿਆ । ਝੋਟੀ ਨਾਲ ਘਰ... ਛੱਪਰ ਹੋਰ ਵੀ ਭਰਿਆ ਭਰਿਆ ਲੱਗਣ ਲੱਗਿਆ । ਬਹੁਤ ਸੁਹਣੀ ਨਿਕਲੀ ਝੋਟੀ । ਭੂਰੇ ਵਾਲ ਉੱਡ ਗਏ । ਚਮੜੀ ਕਾਲੀ ਤੇ ਕਾਠੀ ਹੋ ਗਈ । ਅੱਖਾਂ ਚਮਕੀਲੀਆਂ । ਭਰਵਾਂ ਕਲਬੂਤ । ਚੁਸਤ । ਕਦੇ ਕੱਖ, ਚਾਰਾ, ਵੰਡ ਖਾਂਦੀ ਭੂਸਰਦੀ... ਖਰੂਦ ਪਾਉਂਦੀ... ਤੇ ਕਈ ਵਾਰ ਮਾਰਨ ਨੂੰ ਪੈਂਦੀ । ਮੁਰਗੇ ਮੁਰਗੀਆਂ ਉਸਨੂੰ ਦੂਰੋਂ ਝਾਕਦੇ ਹੀ ਟਿੱਬ੍ਹਕ ਜਾਂਦੇ । ਸਾਰਾ ਦਿਨ ਝੋਟੀ ਦੀ ਦੇਖ ਭਾਲ ਕਰਦੇ... ਬੰਨ੍ਹਦੇ ਖੋਲ੍ਹਦੇ ਪ੍ਰਸਿੰਨੀ ਦੀ ਤਾਂ ਬੱਸ ਹੋ ਜਾਂਦੀ । ਇੱਕ ਦਿਨ ਝੋਟੀ ਨੇ ਪ੍ਰਸਿੰਨੀ ਦਾ ਪੈਰ ਖੁਰ ਨਾਲ ਦਰੜ ਦਿੱਤਾ ਤਾਂ ਉਹ ਦਰਦ ਨਾਲ ਕੁਰਲਾ ਉੱਠੀ, ''ਜੈ ਵੱਢੀ ਨੂੰ ਵੇਚ ਦੂੰ । ਹਰਾਮਦੀ ਕੁੱਤੀ ਨੂੰ ।'' ਸਿੱਖਾਂ ਦੇ ਖੇਤਾਂ ਵਿੱਚ ਗੰਨੇ ਘੜਨ ਜਾਂਦੀ ਤਾਂ ਆਗਾਂ ਦੀ ਭਰੀ ਉਸ ਦੀ ਪਿੱਠ ਤੋੜ ਦਿੰਦੀ ।

ਪਰ ਸਿੰਗਾਂ ਵਿੱਚ ਇੱਕ ਨੁਕਸ ਪੈ ਗਿਆ । ਹੌਲੀ ਹੌਲੀ ਵਧਦੇ ਸਿੰਗਾਂ ਦੀ ਸ਼ਕਲ ਪੂਰੇ ਘਰ ਨੂੰ ਪ੍ਰੇਸ਼ਾਨ ਕਰਨ ਲੱਗੀ । ਉਸ ਦਾ ਇੱਕ ਸਿੰਗ ਕੰਨ ਦੇ ਕੋਲ ਸਿਰ ਹੇਠਾਂ ਨੂੰ ਮਰੋੜੀ ਖ਼ਾ ਕੇ ਗਰਦਨ ਵੱਲ ਥੱਲੇ ਨੂੰ ਜਾ ਰਿਹਾ ਸੀ ਤੇ ਦੂਜਾ ਬਹੁਤ ਹੀ ਭੈੜੇ ਤਰੀਕੇ ਨਾਲ ਕੰਨ ਦੇ ਉੱਤੇ ਨੂੰ ਹੋ ਕੇ ਸਿੱਧਾ ਨਿਕਲ ਗਿਆ ਸੀ । ''ਬੋਦੇ ਹੁੰਦੇ ਅਹੇ ਜੇ ਸਿੰਗ ।'' ਸੁਦਾਗਰ ਝੋਟੀ ਨੂੰ ਹਰ ਰੋਜ਼ ਜੋਖ਼ਦਾ, ਪਰਖਦਾ । ਝੋਟੀ ਦੇ ਚਾਰੇ ਪਾਸੇ ਘੁੰਮ ਕੇ ਦੇਖਿਆ ਤਾਂ ਪਿੰਡੇ ਤੋਂ ਨਿਗ੍ਹਾ ਤਿਲਕਦੀ ਜਾਵੇ । ਪਰ ਬੀਂਗੇ ਸਿੰਗਾਂ ਦੀ ਸ਼ਕਲ ਤੋਂ ਓਦਰਨ ਲੱਗਿਆ । ਸਹੁਰੇ ਸਿੰਗਾਂ ਦਾ ਕਿਆ ਕਰੇ ।

ਪਿੰਡ ਵਾਲਿਆਂ ਨੇ ਸੁਦਾਗਰ ਦੇ ਘਰ ਬਰੋਬਰ ਬਾਹਰ ਫਿਰਨੀ ਦੇ ਕੰਢੇ ਅਚਾਨਕ ਪਾਥੀਆਂ ਦਾ ਇੱਕ ਹੋਰ ਗੁਹਾਰਾ ਦੇਖਿਆ... ਤੇ ਉਸ ਦੇ ਘਰ ਵਿੱਚ ਟੋਕਾ ਕਰਨ ਦੀ ਮਸ਼ੀਨ ਵੀ...

ਤੇ ਫੇਰ ਉਹ ਦਿਨ ਵੀ ਆਇਆ ਜਦੋਂ ਝੋਟੀ ਤਾਰਾਂ ਦੇ ਕੇ ਬੋਲ ਪਈ । ਡੱਡੂ ਹੁਣ ਪਤਾ ਨਹੀਂ ਕਿੱਥੇ ਟਿਕਿਆ ਬੈਠਾ ਹੋਵੇਗਾ । ਉਸਦਾ ਤੁਰਦਾ ਫਿਰਦਾ ਘਰ ਹੁਣ ਕਿਸੇ ਹੋਰ ਪਿੰਡ ਵਿੱਚ ਸੀ । ਫੇਰ ਲੱਭਣਾ ਪਿਆ । ਹੁਣ ਲੋੜ ਤਾਂ ਝੋਟੇ ਦੀ ਸੀ । ਡੱਡੂ ਨੇ ਝੋਟਾ ਛੱਡ ਦਿੱਤਾ । ਝੋਟੀ ਝੱਟ ਆਸ ਲੱਗ ਕੇ ਮ੍ਹੈਸ ਬਣ ਗਈ । ਸੁਦਾਗਰ ਨੇ ਘਰ ਦੇ ਬਾਹਰ ਸ਼ਾਂਤ ਹੋਈ ਮ੍ਹੈਸ ਨੂੰ ਰੋਕ ਕੇ ਮੁੰਡੇ ਦੇ ਹੱਥ ਸੁਨੇਹਾ ਭੇਜਿਆ ਕਿ ਕੰਮ ਬਣ ਗਿਆ । ਪ੍ਰਸਿੰਨੀ ਨੇ ਮੁੱਦਤਾਂ ਪੁਰਾਣਾ ਮੂਹਲਾ ਧੋ ਕੇ ਦੇਹਲੀ ਮੂਹਰੇ ਲੰਮਾ ਪਾ ਦਿੱਤਾ । ਸਰੋਂ ਦਾ ਤੇਲ ਚੋਇਆ । ਕੱਚੀ ਲੱਸੀ 'ਚ ਕਰਿਆਟੀ (ਬੇਸਣ) ਘੋਲ ਕੇ ਤਸਲਾ ਭਰ ਕੇ ਪਣਾ ਬਣਾਇਆ । ਮ੍ਹੈਸ ਦੀ ਪਿੱਠ 'ਤੇ ਥਾਪੀ ਦਿੱਤੀ ।

"ਜਿਉਂਦੀ ਰਹੁ"

***

ਪੋਹ ਦੀ ਸੰਗਰਾਂਦ ਤੋਂ ਅਗਲੇ ਦਿਨ ਸ਼ਾਮ ਨੂੰ ਬੀਂਗੇ ਸਿੰਗਾਂ ਵਾਲੀ ਨੇ ਕੱਟਾ ਦੇ ਦਿੱਤਾ । ਦੋ ਘੰਟੇ ਬਾਅਦ ਧਰਤੀ 'ਤੇ ਬੈਠ ਕੇ ਥੋੜ੍ਹਾ ਜਿਹਾ ਵੱਖੀ ਭਾਰ ਹੋ ਗਈ । ਤਸਲਾ ਭਰ ਜੇਰ ਤਿਲਕਦੀ ਔਹ ਬਾਹਰ ਨਿਕਲ ਗਈ । ਚੁਸਤ ਹੋਈ ਨੇ ਕੱਟਾ ਚੱਟ ਚੱਟ ਸਜਾ ਦਿੱਤਾ । ਬੜਾ ਸੁਹਣਾ ਕੱਟਾ... ਸਵੇਰ ਤੱਕ ਮ੍ਹੈਸ ਦੁਆਲੇ ਫੁਦਕਣ ਲੱਗ ਪਿਆ । ਪ੍ਰਸਿੰਨੀ ਨੇ ਨਜ਼ਰ ਲੱਗਣ ਤੋਂ ਬਚਾਉਣ ਲਈ ਇੱਕ ਟੁੱਟਿਆ ਛਿੱਤਰ ਮ੍ਹੈਸ ਦੇ ਗਲ ਵਿੱਚ ਪਾ ਦਿੱਤਾ । ਬਹੁਲੀ ਨਾਲ ਚੌਂਕਾ ਭਰ ਗਿਆ । ਦੁੱਧ ਹੀ ਦੁੱਧ । ਮਹੀਨਾ ਭਰ ਘਰ ਦੇ ਜੀਆਂ ਨੂੰ ਲੰਮੀਆਂ ਤੀਆਂ ਵਰਗਾ ਮਾਹੌਲ ਲੱਗਿਆ ਜਿਵੇਂ ਜੀਵਨ ਵਿੱਚ ਕੋਈ ਦੁੱਖ ਹੁੰਦਾ ਹੀ ਨਹੀਂ ।

ਪਰ ਮਹੀਨੇ ਬਾਅਦ ਮਾਘ ਸ਼ੁਰੂ ਹੁੰਦਿਆਂ ਹੀ... ਤੜਕੇ ਈ ਪ੍ਰਸਿੰਨੀ ਨੇ ਸੁਦਾਗਰ ਨੂੰ ਲੇਫ 'ਚ ਫਸੇ ਨੂੰ ਹਲੂਣਿਆ, ''ਉੱਠ ਕੇ ਦੇਖ । ਕੱਟਾ ਮਰ ਗਿਆ ।'' ਸੁਦਾਗਰ ਨੇ ਹੌਲੀ ਹੌਲੀ ਉੱਠ ਕੇ ਦੇਖਿਆ ਤਾਂ ਕੱਟਾ ਆਕੜਿਆ ਪਿਆ ਸੀ । ਮ੍ਹੈਸ ਦੀਆਂ ਅੱਖਾਂ 'ਚ ਜ਼ਹਿਰ । ਨੀਰੇ ਨੂੰ ਮੂੰਹ ਤੱਕ ਨਹੀਂ ਲਾਇਆ । ਸੰਗਲ ਤੁੜਾਉਂਦੀ । ਖ਼ਰੂਦ ਪਾਉਂਦੀ । ਕੱਟੇ ਤੋਂ ਬਗ਼ੈਰ ਨੇੜੇ ਨਾ ਫ਼ਟਕਣ ਦਿੰਦੀ । ਥਣਾਂ ਨੂੰ ਹੱਥ ਨਾ ਲਾਉਣ ਦਿੰਦੀ ।

''ਕਿਆ ਹੋਇਆ ਸੁਦਾਗਰਾ?'' ਸਾਹਮਣੇ ਬਖਤੌਰਾ ਜਿਸਦੇ ਘਰ ਦੀ ਪਿੱਠ ਲੱਗਦੀ ਸੀ ਛੱਤ 'ਤੇ ਚੜਿ੍ਹਆ ਹੇਠਾਂ ਨੂੰ ਝਾਕ ਰਿਹਾ ਸੀ ।

''ਹੋਣਾ ਕਿਆ । ਕੱਟਾ ਮਰ ਗਿਆ । ਮ੍ਹੈਸ ਖੜ੍ਹਦੀ ਨੀਂ ।''

''ਭੋਛਾ ਬਣਾ ਲੈ ਭਾਈ । ਭੋਛਾ ।''

''ਅੱਛਿਆ"

ਸੁਦਾਗਰ ਨੇ ਸਿੱਲੀਆਂ ਅੱਖਾਂ ਨਾਲ ਕੱਟੇ ਦੀ ਖੱਲ ਲਾਹਕੇ... ਨੂਣ ਲਾ ਕੇ ਸੰਭਾਲ ਕੇ ਛਾਂਵੇਂ ਸੁੱਕਣੀ ਪਾ ਦਿੱਤੀ । ਭੋਛਾ ਬਣਾਉਣ ਦਾ ਫਿਕਰ ਲੱਗ ਗਿਆ । ਲਾਗਲੇ ਪਿੰਡ ਤੋਂ ਜੁਗਾੜੀ ਬੰਦਾ ਬੁਲਾਇਆ ਜਿਸ ਨੇ ਸੁੱਕ ਬਰੂਰੀ ਖੱਲ ਕਈ ਤਰਾਂ ਦੇ ਮਸਾਲੇ ਲਾ ਕੇ, ਸਿਉਂ ਕੇ... ਵਿੱਚ ਫੂਸ ਭਰ ਦਿੱਤਾ । ਚਾਰੇ ਲੱਤਾਂ ਵਿੱਚ ਅੱਕ ਦੇ ਮੋਟੇ ਡੰਡੇ ਅੜਾ ਦਿੱਤੇ ਤੇ ਇੰਝ ਜਿਉਂਦੇ ਕੱਟੇ ਵਰਗਾ ਸਾਲਮ ਸਬੂਤਾ ਆਕਾਰ ਖੜ੍ਹਾ ਹੋ ਗਿਆ । ਧੁੱਪ ਲੁਆ ਕੇ ਚੰਗੀ ਤਰ੍ਹਾਂ ਸੁਕਾ ਕੇ ਸੁਦਾਗਰ ਨੇ ਹੱਥ ਲਾ ਕੇ ਦੇਖਿਆ ਤਾਂ ਉਹ ਖੜਕਦਾ ਆਵਾਜ਼ ਕਰਦਾ ਸੀ । ਇਹ ਭੋਛੇ ਦਾ ਆਕਾਰ ਮ੍ਹੈਸ ਦੇ ਅੱਗੇ ਰੱਖਣਾ ਤਾਂ ਮ੍ਹੈਸ ਆਪਣੇ ਮਰੇ ਹੋਏ ਬੱਚੇ ਦੀ ਖੱਲ ਨੂੰ ਪਛਾਣ ਕੇ, ਸੁੰਘ ਕੇ, ਚੱਟ ਕੇ ਟਿਕ ਜਾਂਦੀ ਤੇ ਦੁੱਧ ਦੇਣ ਲਈ ਸ਼ਾਂਤ ਖੜ੍ਹੀ ਹੋ ਜਾਂਦੀ ।

''ਮਾਂ ਐਂ । ਮਾਂ ਆ... ਆ " ਪ੍ਰਸਿੰਨੀ ਰੋਣ ਵਰਗੀ ਹੋ ਜਾਂਦੀ । ਆਪਣੀ ਮਰ ਚੁੱਕੀ ਧੀ ਦੀ ਪੁਰਾਣੀ ਛੋਟੀ ਜਹੀ ਕੁੜਤੀ ਯਾਦ ਕਰਦੀ ਜਿਸ ਵਿੱਚ ਬੰਨ੍ਹ ਕੇ ਰੱਖੀ ਭਾਨ ਕੱਢ ਕੇ ਗਿਣਨ ਲੱਗੀ ਤਾਂ ਛੋਟੀ ਧੀ ਕੋਲੇ ਫਿਸ ਪਈ:

''ਲੱਸੀ ਓ ਪੀ ਈ ਜਾਂਦੀ ਤੀ । ਬਾਹਰ ਨਾ ਨਿਕਲਣਾ । ਪੁੱਛਣਾ ਕਿੱਥੇ ਐਂ? ਦਰਵਾਜੇ ਓਹਲੇ ਖੜ੍ਹੀ ਨੇ ਲੱਸੀ ਪੀਂਦੀ ਹੋਣਾ । ਸੁੱਤੀ ਓ ਪਈ ਰਹਿ ਗਈ ।''

''ਫੇਰ?''

''ਬੱਸ ਤੇਰਾ ਬਾਪ ਅਰ ਤਾਇਆ ਲਬ੍ਹੇਟ ਕੇ ਲੇ ਗੇ । ਤੇਰਾ ਤਾਇਆ ਕਹਿੰਦਾ 'ਫੜ੍ਹਾ ੲ੍ਹੀਦੇ ਸਾਰੇ ਕੱਪੜੇ' ਤਾਂ ਵੀ ਮੈਂ ਹਿੱਲਦੀ ਹਿਲਾਊਂਦੀ ਨੇ ਆਹ ਇੱਕ ਕੁੜਤੀ ਲੁਕੋ ਲੀ ਤੀ । ਮੇਰੀਓ ਧੀ ਤੀ । ਮੈਂਖਿਆ ਕੱਪੜਿਆਂ ਵਿੱਚ ਕਿਹੜਾ ਕੋਈ ਭੂਤ ਵੜਿ੍ਹਆ ਹੋਇਆ । ਕਿਆ ਗੱਲਾਂ ਕਰਨੀਆਂ ਪੁੱਤ । ਛੇਤੀ ਕਰ ਨ੍ਹੇਰਾ ਹੋ ਗਿਆ । ਕੁਤਰਾ ਕਰ ਲੀਏ । ਮ੍ਹੈਸ ਚੋਣੀਂ ਐ ।'' ਗੱਲ ਫੇਰ ਜਿਵੇਂ ਮ੍ਹੈਸ ਉੱਤੇ ਆ ਕੇ ਹੀ ਟਿਕ ਜਾਂਦੀ । ਉਸਦਾ ਖੁੰਡਾ ਘਰ ਦਾ ਮਰਕਜ਼ ਸੀ । ਪ੍ਰਸਿੰਨੀ ਧਾਰ ਕੱਢ ਕੇ... ਜੁਗਾਲੀ ਕਰਦੀ ਮ੍ਹੈਸ ਦੀ ਕੰਗਰੋੜ ਉੱਤੇ ਪੋਲੀ ਜਹੀ ਥਾਪੀ ਦੇ ਕੇ ਦੁੱਧ ਦੀ ਭਰੀ ਪਿੱਤਲ ਦੀ ਬਾਲਟੀ ਚੁੱਕ ਕੇ ਘਰ ਅੰਦਰ ਨੂੰ ਗਾਇਬ ਹੋ ਜਾਂਦੀ । ਪਹਿਲੇ ਸੂਏ ਦੋਹੇ ਡੰਗਾਂ ਦਾ ਸੱਤ ਕਿੱਲੋ ਦੁੱਧ । ਪ੍ਰਸਿੰਨੀ ਕੱਖ ਪਾਉਂਦੀ ਹੋਈ... ਨਲਕਾ ਗੇੜ ਕੇ ਪਾਣੀ ਪਿਲਾਉਂਦੀ ਹੋਈ ... ਗੋਹਾ ਚੁੱਕਦੀ... ਧਾਰ ਕੱਢਦੀ ਉਸ ਨਾਲ ਐਵੇਂ ਗੱਲਾਂ ਕਰਦੀ ਜਿਵੇਂ ਉਹ ਉਸ ਦੀ ਸਾਰੇ ਬੱਚਿਆਂ ਤੋਂ ਵੱਡੀ ਪਹਿਲੜ ਧੀ ਹੋਵੇ । ਦੁੱਧ ਦੇ ਪੈਸੇ ਆਉਂਦੇ । ਘਰ ਦਾ ਘਰਾਟ ਚੱਲਦਾ । ਬੱਚੇ ਆਪਣੇ ਸਕੂਲਾਂ ਦੀਆਂ ਕਿਤਾਬਾਂ ਕਾਪੀਆਂ ਵਰਦੀਆਂ ਮੰਗਦੇ । ਖਰੀਦਦੇ । ਪ੍ਰਸਿੰਨੀ ਨੂੰ ਕਈ ਸਾਲ ਇਸ ਇੱਕੋ ਮ੍ਹੈਸ ਨੇ ਹੀ ਉਲਝਾਈ ਰੱਖਿਆ । ਕੇਵਲ ਚਾਹ ਜੋਗਾ ਦੁੱਧ ਰੱਖ ਕੇ ਬਾਕੀ ਬਾਲਟੀ ਗਾਂਧੀ ਚੌਂਕ ਵਿੱਚ ਬਿਸ਼ੰਬਰ ਬਾਬੇ ਦੀ ਦੁੱਧ ਦੀ ਦੁਕਾਨ ਵੱਲ ਤੋਰ ਦਿੰਦੀ । ਦਹੀਂ ਕਦੇ ਘੱਟ ਹੀ ਜਮਾਉਂਦੀ । ਦੁੱਧ ਵਿੱਚ ਪਾਣੀ ਪਾਉਣਾ ਕਦੇ ਨਾ ਭੁੱਲਦੀ ।

ਆਲੇ ਦੁਆਲੇ ਇਸ ਮ੍ਹੈਸ ਦੀ ਅੱਲ 'ਬੀਂਗੇ ਸਿੰਗਾਂ ਆਲੀ' ਪੈ ਚੁੱਕੀ ਸੀ । ਘਰ ਦੇ ਬਾਕੀ ਜੀਆਂ ਵਾਂਗ ਘਰ ਪ੍ਰਤੀ ਪੂਰੀ ਜ਼ਿੰਮੇਵਾਰ । ਵਫ਼ਾਦਾਰ । ਹਰ ਵਾਰ ਸੂਣ ਤੋਂ ਢਾਈ ਮਹੀਨੇ ਬਾਅਦ 'ਤਾਰਾਂ' ਦੇ ਕੇ ਬੋਲ ਪੈਂਦੀ । ਸੋਦਾਗਰ ਨੇ ਮੁੰਡੇ ਨੂੰ ਡੰਡਾ ਫੜਾ ਕੇ ਨਾਲ ਲਿਜਾਣਾ । ਰਿੰਗਦੀ ਨੂੰ ਦੂਰ ਡੱਡੂ ਦੇ ਝੋਟੇ ਕੋਲ ਲਿਜਾ ਕੇ ਦਿਖਾਉਣਾ । ਜਾਂਦੇ ਸਾਰ ਝੱਟ ਝੋਟੇ ਤੋਂ ਨਵੇਂ ਦੁੱਧ ਹੋ ਜਾਂਦੀ । ਕਦੇ ਉੱਕਦੀ ਨਹੀਂ ਸੀ । ਘਰ ਦੀ ਫਜ਼ਾ ਵਿੱਚ ਚਹਿਲ ਪਹਿਲ... ਹੁਲਾਸ ਘੋਲ ਦੇਂਦੀ । ਤੇ ਫੇਰ ਓਹੀ ਦਰਾਂ 'ਚ ਮੂਹਲਾ ਲੰਮਾ ਪਾ ਦੇਣਾ... ਤੇ ਕੱਚੀ ਲੱਸੀ 'ਚ ਕਰਿਆਟੀ ਘੋਲ ਕੇ...

ਉਹਨੇ ਅਗਲੇ ਕਈ ਸੂਏ ਕੱਟੇ ਈ ਦਿੱਤੇ... ਤੇ ਕੱਟਿਆਂ ਦੀ ਲਾਇਨ ਲਾ ਦਿੱਤੀ... ਤੇ ਦੁੱਧ ਦੋਵੇਂ ਡੰਗਾਂ ਦਾ ਅੱਠ ਨੌਂ ਕਿੱਲੋ ਉਤਰਦਾ ਰਿਹਾ... ਤੇ... ਤੇ...

***

ਕਦੇ ਇੱਕ ਰਾਤ ਬਹੁਤ ਤੇਜ ਮੀਂਹ ਪਿਆ । ਹਨ੍ਹੇਰੀ ਚੱਲੀ । ਪਿੰਡਾਂ ਦੇ ਪਿੰਡ ਕਣਕਾਂ ਲੰਮੀਆਂ ਪਾ ਦਿੱਤੀਆਂ । ਦਰੱਖਤਾਂ ਦਾ ਬਹੁਤ ਨੁਕਸਾਨ ਹੋਇਆ । ਦਰੱਖਤਾਂ ਦੇ ਟਾਹਣੇ ਜੋ ਤੇਜ ਤੂਫ਼ਾਨ ਦਾ ਸਾਹਮਣਾ ਨਾ ਕਰ ਸਕੇ ਟੁੱਟ ਕੇ ਲਟਕ ਗਏ । ਸੁਦਾਗਰ ਨੇ ਨਹਿਰ ਉੱਤੇ ਸਰੀਂਹ ਦਾ ਇੱਕ ਦਰਮਿਆਨਾ ਜਿਹਾ ਦਰਖ਼ਤ ਡਿੱਗਿਆ ਸਾਇਕਲ ਉੱਤੇ ਲੰਘਦਿਆਂ ਦੇਖ ਲਿਆ । ਦੋ ਕੁਅੰਟਲ ਬਾਲਣ ਦਾ ਲਾਲਚ ਹੋ ਗਿਆ । ਮੁੰਡੇ ਨੂੰ ਕਹਿੰਦਾ, ''ਪੁੱਤ, ਨਹਿਰ 'ਪਰ ਸਰੀਂਹ ਗਿਰਿਆ ਪਿਆ । ਉੱਠ ਜਾ । ਬੱਢ ਕੇ ਅੰਦਰ ਸਿੱਟ ਲੀਏ । ਨਹੀਂ ਤਾਂ ਕਿਸੇ ਹੋਰ ਨੇ ਹੱਥ ਮਾਰ ਜਾਣਾ ।''

ਸਾਰਾ ਟੱਬਰ ਛੋਟੀਆਂ ਵੱਡੀਆਂ ਕੁਹਾੜੀਆਂ ਲੈ ਕੇ ਬਾਹਰ ਨਿਕਲ ਗਿਆ । ਮਿੰਟਾਂ ਵਿੱਚ ਹੀ ਪੂਰੇ ਦਾ ਪੂਰਾ ਦਰੱਖਤ ਵੱਡ ਕੇ ਅੰਦਰ ਘੜੀਸ ਲਿਆਂਦਾ । ਮੋਛੇ ਮੱਝ ਦੀ ਖੁਰਲੀ 'ਚ ਤੂੜੀ ਹੇਠ ਦੱਬ ਦਿੱਤੇ । ਉੱਤੇ ਚਰ੍ਹੀ ਬਾਜਰੇ ਦਾ ਕੁਤਰਾ ਪਾ ਦਿੱਤਾ । ਪਿੰਡੋਂ ਕਿਸੇ ਮੁਖ਼ਬਰ ਨੇ ਸੁਦਾਗਰ ਦਾ ਨਾਂਓ ਲੈ ਦਿੱਤਾ । ਸਵੇਰੇ ਹੀ ਨਹਿਰੀ ਮਹਿਕਮੇ ਦੇ ਤਿੰਨ ਬੰਦੇ ਆ ਗਏ ਇਨਕੁਆਰੀ ਕਰਨ । ਇੱਕ ਅਫ਼ਸਰ । ਦੋ ਮੁਤਹਿਤ... ਉਹਨਾਂ ਨੇ ਸਾਰੇ ਘਰ ਵਿੱਚ ਗੇੜਾ ਦਿੱਤਾ । ਬਖ਼ਤੌਰੇ ਦੀ ਛੱਤ 'ਤੇ ਚੜ੍ਹ ਕੇ ਆਲੇ ਦੁਆਲੇ ਦੇਖਿਆ । ਪ੍ਰਸਿੰਨੀ ਬੋਲਦੀ ਗਈ ਪਰ ਅੱਖ ਕਿਸੇ ਨਾਲ ਨਾ ਮਿਲਾਈ ।

"ਦਰਖ਼ਤਾਂ ਦੀ ਚੋਰੀ 'ਚ ਨਾਂ ਤੁਹਾਡਾ ਹੀ ਲਿਆ ਗਿਆ । ਕਿਸੇ ਹੋਰ ਦਾ ਨਹੀਂ ।" ਅਫ਼ਸਰ ਨੇ ਥੋੜ੍ਹਾ ਰੋਅਬ ਦਿਖਾਇਆ ।

"ਨਾ ਜੀ ਨਾ... ਕਿਸੇ ਨੇ ਲਾ ਕੇ ਗੱਲ ਕਰੀ ਐ । ਮੇਰੀ ਮ੍ਹੈਸ ਨੂੰ ਕੋਈ ਜਰਦਾ ਨੀਂ ।"

''ਬੀਬੀ ਮੱਝ ਵਾਲਾ ਅੰਦਰ ਦਖਾਓ ।''

''ਦੇਖ ਲੋ । ਆਹ ਅੰਦਰ ਮੇਰੀ ਮ੍ਹੈਸ ਖੜ੍ਹੀ ਐ ।''

ਦੋਵੇਂ ਮੁਤਹਿਤ ਮ੍ਹੈਸ ਵਾਲੇ ਅੰਦਰ ਵੜ੍ਹ ਗਏ । ਮ੍ਹੈਸ ਨੇ ਅੰਦਰ ਖਰੂਦ ਪਾ ਦਿੱਤਾ । ਪੂੰਛ ਘੁਮਾਉਂਦੀ ਕਿੱਕਲੀ ਪਾਉਣ ਲੱਗ ਪਈ ਤੇ ਸਾਰੇ ਢਾਰੇ ਵਿੱਚ ਜਿਵੇਂ ਪੀਂਘ ਝੂਟਣ ਲੱਗੀ । ਮੂਤ ਨਾਲ ਲਿੱਬੜੀ ਪੂੰਛ ਇੱਕ ਮੁਲਾਜ਼ਮ ਦੇ ਮੋਢੇ ਕੋਲੋਂ ਲੰਘ ਗਈ ।

''ਕੁਸ਼ ਨੀਂ ਹੈ ਜੀ ਅੰਦਰ ।''

"ਕੁਛ ਨਈਂ ਹੈ ਜੀ । ਅੰਦਰ ਬੱਸ ਬੀਬੀ ਦੀ ਮੱਝ ਈ ਐ ।''

''ਆਜੋ ਆਜੋ । ਚੰਗਾ ਬਈ । "

ਜਦੋਂ ਤਫਤੀਸ਼ ਕਰਨ ਵਾਲੇ ਵਾਪਸ ਚਲੇ ਗਏ ਤਾਂ ਸਾਰਿਆਂ ਨੇ ਸ਼ੁਕਰ ਕੀਤਾ ਕਿ ਚੋਰੀ ਦੇ ਪਰਚੇ ਤੋਂ ਬਚ ਗਏ । ਮੁਲਾਜ਼ਮ ਮ੍ਹੈਸ ਦੇ ਭਿਆਨਕ ਬੀਂਗੇ ਸਿੰਗਾਂ ਤੋਂ ਡਰ ਗਏ । ਜਦੋਂ ਉਹ ਆਪਣੇ ਵਿੰਗੇ ਸਿੰਗਾਂ ਨੂੰ ਹਿਲਾਉਂਦੀ ਤਾਂ ਕੋਈ ਨਿਹੰਗ ਸਿੰਘ ਲੱਗਦੀ ਜੋ ਗੱਤਕਾ ਖੇਲ ਰਿਹਾ ਹੋਵੇ । ਪ੍ਰਸਿੰਨੀ ਮੈਸ੍ਹ ਦੇ ਕੋਠੇ 'ਚ ਗਈ । ਮ੍ਹੈਸ ਸ਼ਾਂਤ ਹੋ ਕੇ ਕੁਤਰਾ ਖਾ ਰਹੀ ਸੀ । ਪ੍ਰਸਿੰਨੀ ਨੇ ਮ੍ਹੈਸ ਦੇ ਬੀਂਗੇ ਸਿੰਗਾਂ ਦੇ ਵਿਚਾਲੇ ਹੱਥ ਫੇਰਿਆ । ਜਿਵੇਂ ਪਿਆਰ ਦਿੱਤਾ ਹੋਵੇ । ਅਸੀਸ ਦਿੱਤੀ ਹੋਵੇ ।

"ਜਿਉਂਦੀ ਰਹੁ ।"

***

ਬੜੀ ਖਰੂਦੀ ਸੀ ਬੀਂਗੇ ਸਿੰਗਾਂ ਵਾਲੀ । ਖੁੱਲੇ ਖਾਲੀ ਖੇਤਾਂ ਵਿੱਚ ਚਰਨ ਲਈ ਛੱਡਦੇ ਤਾਂ ਜਿਸ ਦੀ ਡਿਊਟੀ ਮ੍ਹੈਸ ਦੇ ਨਾਲ ਹੁੰਦੀ ਉਸਦੀ ਜਾਨ ਨੂੰ ਬਣੀ ਰਹਿੰਦੀ । ਮ੍ਹੈਸ ਝੱਟ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦੀ । ਨਸੀਬੋ ਸੁਆਣੀ ਟਾਹਰਾਂ ਮਾਰਦੀ... ਗਾਲਾਂ ਕੱਢਦੀ 'ਹਰਾਮਦੇ' ਤੋਂ ਥੱਲੇ ਨਾ ਉੱਤਰਦੀ!! ''ਭੂਸਰ ਨਾ । ਤੇਰਾ ਕੱਲੀ ਦਾ ਈ ਰਾਜ ਨੀਂ ਐਥੇ?'' ਪ੍ਰਸਿੰਨੀ ਓਹਦੇ ਹੋਰ ਵੀ ਕਈ ਭੈੜ ਗਿਣੀ ਜਾਂਦੀ । ਜੇ ਹਸਪਤਾਲ ਲਿਜਾਣੀ ਹੋਵੇ... ਝੋਟੇ ਕੋਲ ਦਿਖਾਉਣੀ ਹੋਵੇ... ਤਾਂ ਗਲ ਵਿੱਚ ਡਾਹਾ ਪਾਉਣ ਤੋਂ ਇਲਾਵਾ ਦੋ ਬੰਦੇ ਡਾਂਗਾਂ ਵਾਲੇ ਨਾਲ ਹੋਣੇ ਜਰੂਰੀ । ਇੱਕ ਵਾਰ ਖੁੰਡਾ ਪੁੱਟ ਕੇ ਦੌੜ ਗਈ । ਦੂਰ ਨਿਕਲ ਗਈ । ਖੇਤਾਂ ਵਿੱਚੋਂ ਫਸਲ ਉਜਾੜਦੀ ਪਤਾ ਨਾ ਲੱਗੇ ਕਿੱਧਰ ਜਾ ਨਿਕਲੀ । ਜ਼ਿੰਮੀਦਾਰਾਂ ਦੀ ਤੇਜ਼ ਤੇਜ਼ ਚਲਦੀ ਜ਼ੁਬਾਨ ਤੋਂ ਡਰਦੀ ਪ੍ਰਸਿੰਨੀ ਲੋਕਾਂ ਨੂੰ ਪੁੱਛਦੀ ਫਿਰੇ... ਤੇ ਕਿਸੇ ਨੇ ਕਿਹਾ:

'' ਸਿੰਗ ... ਬੀਂਗੇ ਸਿੰਗ ਐ ।''

''ਹਾਂ ਹਾਂ''

''ਸਣੇ ਸੰਗਲ ਐ ।''

''ਹਾਂ''

''ਮੁੱਲਾਂ ਮੁਸਲਮਾਨ ਦੇ ਖੇਤਾਂ 'ਚ ਵੜੀ ਹੋਈ ਐ ।'' ਪ੍ਰਸਿੰਨੀ ਦਾ ਮੁੰਡਾ ਜਿਹੜਾ ਬੀ.ਏ.'ਚ ਪੜਦਾ ਸੀ ਮ੍ਹੈਸ ਦੀਆਂ ਕੁੜੀ ਦੇ ਘਰੋਂ ਭੱਜ ਜਾਣ ਵਰਗੀਆਂ ਹਰਕਤਾਂ ਤੋਂ ਦੁੱਖੀ ਸੀ । ਉਸਨੇ ਭਾਰੀ ਕਿੱਕਰ ਨਾਲ ਨੂੜ ਕੇ... ਕੁੱਟ ਕੁੱਟ ਕੇ ਮ੍ਹੈਸ ਦਾ ਗੂੰਹ ਕੱਢ ਦਿੱਤਾ । ਸੌ ਲਾਠੀਆਂ ਮਾਰੀਆਂ । Ðਰ੍ਹਾਟ ਪਾਵੇ । ਰੁਦਨ ਕਰੇ । ''ਕੁੱਤੀ । ਭੈਣ ਚੋ-ਅ-ਦੀ ਨੂੰ ਮੈਂ ਮਾਰ ਦੂੰਗਾ ਅੱਜ'' ਮੁੰਡੇ ਦੀ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਬਹੁਤ ਹਦਕ ਹੋਈ ਸੀ । ਪਰ ਪ੍ਰਸਿੰਨੀ ਨੂੰ ਮੱਝ 'ਤੇ ਆਪਣੇ ਬੱਚਿਆਂ ਵਾਂਗ ਤਰਸ ਆਇਆ । ''ਰਹਿਣ ਦੇ । ਰਹਿਣ ਦੇ । ਪੁੱਤ ਮਰ ਜੂ ਗੀ ।'' ਤੇ ਪ੍ਰਸਿੰਨੀ ਨੇ ਚੁੱਪ ਚਾਪ ਜਿਵੇਂ ਕੁਝ ਸੁੱਝਦਾ ਨਾ ਹੋਵੇ ਵੜੇਵਿਆਂ ਦਾ ਪਤੀਲਾ ਰਿੱਝਣਾ ਧਰ ਦਿੱਤਾ । ਪੂਰਾ ਤਸਲਾ ਭਰ ਕੇ ਮ੍ਹੈਸ ਨੂੰ ਖਿਲਾਇਆ । ''ਕਿਹੜਾ ਤੇਰੀ ਐਨੀ ਸੇਵਾ ਕਰ ਦੂ ।''

ਸੁਦਾਗਰ ਨੂੰ ਬਹੁਤਾ ਤਜਰਬਾ ਮੁਰਦਾ ਪਸ਼ੂਆਂ ਨਾਲ ਨਜਿੱਠਣ ਦਾ ਸੀ । ਮੁਰਦਾ ਪਸ਼ੂਆਂ ਨੂੰ ਜਿਵੇਂ ਮਰਜ਼ੀ ਪੁੱਠੇ ਸਿੱਧੇ ਕਰੀ ਜਾਓ । ਉਹ ਕਿਸੇ ਨੂੰ ਕੁਝ ਨਹੀਂ ਕਹਿੰਦੇ । ਮ੍ਹੈਸ ਦਾ ਕੁਟਾਪਾ ਹੁੰਦਾ ਦੇਖ ਉਸ ਨੂੰ ਧਰਤੀ ਵਿਹਲ ਨਹੀਂ ਸੀ ਦੇ ਰਹੀ । ਲੰਘੀ ਜ਼ਿੰਦਗੀ ਏਨੇ ਤਣਾਓ ਵਿੱਚ ਉਹ ਇਸ ਘਰ ਵਿੱਚ ਦੂਸਰੀ ਵਾਰੀ ਬੇਬਸ ਖੜਾ ਸੀ । ਜਿੱਥੇ ਅੱਜ ਉਸ ਦਾ ਮੁੰਡਾ ਹਦਕ ਦੇ ਬੋਝ ਵਿੱਚ ਗੁੱਸੇ ਹੱਥ ਚੜਿ੍ਹਆ ਉਸਦੀ ਕੱਟੀ... ਝੋਟੀ... ਮ੍ਹੈਸ ਨੂੰ ਕੁੱਟ ਰਿਹਾ ਸੀ । ਉਵੇਂ ਚੜ੍ਹਦੀ ਜੁਆਨੀ ਚੰਦ ਰੁਪੱਈਆਂ ਦੇ ਕਰਜ਼ੇ ਦੇ ਬੋਝ ਹੇਠ ਆਇਆ ਉਹ ਬੇਬਸ ਹੋ ਗਿਆ ਸੀ । ਕੋਈ ਮਾਂ ਬਾਪ ਭਾਈ ਭੈਣ ਉਸ ਦੀ ਮੱਦਦ ਨੂੰ ਕੋਲ ਨਾ ਖੜਿ੍ਹਆ । ਅਜਿਹੇ ਤਣਾਓ ਭਰੇ ਮਹੌਲ ਤੋਂ ਡਰਦਾ ਸੁਦਾਗਰ ਉਦੋਂ ਘਰੋਂ ਭੱਜ ਕੇ ਪੀਲੀਭੀਤ ਨਾਥਾਂ ਦੇ ਡੇਰੇ ਵਿੱਚ ਜਾ ਵੜਿਆ ਸੀ । ਕੋਈ ਰੱਬ ਜਾਣਦਾ ਕਿ ਡੇਰੇ ਵਿੱਚ ਉਹ ਕਿਵੇਂ ਜੀਊਆ... ਮਰਿਆ ਹੋਵੇਗਾ । ਹਰ ਰੋਜ਼ ਖਾਲੀ ਬੋਰੀਆਂ ਦੀ ਮਿਰਗਛਾਲਾ 'ਤੇ ਚੌਂਕੜੀ ਮਾਰ ਕੇ ਭਜਨ ਕਰਦੇ, ਆਪਾ ਮਾਰਦੇ... ਮਰ ਹੀ ਗਿਆ ਸੀ ਜੇ ਪ੍ਰਸਿੰਨੀ ਨਾ ਬਹੁੜਦੀ । ਤਿੰਨ ਸਾਲ ਡੇਰਿਆਂ ਵਿੱਚ ਨਾਥਾਂ ਮਹਾਤਮਾ ਤੋਂ ਸੁਣੀਆਂ ਗੌਤਮ ਰਿਖੀ, ਚੰਦ ਦੇਵਤਾ, ਰਮਾਇਣ, ਮਹਾਂਭਾਰਤ... ਤਿ੍ਲੋਕ ਦੀਆਂ ਕਥਾਵਾਂ ਉਸ ਦੇ ਮਸ਼ਤਕ ਵਿੱਚ ਵਿਛੀਆਂ ਪਈਆਂ ਸਨ । ਉਸ ਨੂੰ ਸ਼ਿਵਜੀ ਮਹਾਰਾਜ ਦੇ ਜ਼ਹਿਰ ਪਿਆਲਾ ਪੀਣ ਉਪਰੰਤ ਕੰਠ ਨੀਲਾ ਹੋਣ ਦੀ ਕਥਾ ਸੁਣਨੀ... ਤੇ ਸੁਣਾਉਣੀ ਬਹੁਤ ਪਿਆਰੀ ਲੱਗਦੀ ਸੀ । ਕਦੇ ਉਸ ਨੂੰ ਲਗਦਾ ਕਿ ਵਿਚਾਰ ਕਰਨ ਵਾਲਿਆਂ ਨੇ ਸ਼ਾਇਦ ਹਿਮਾਲਾ ਪਰਬਤ ਨੂੰ ਹੀ ਸ਼ਿਵਜੀ ਸਮਝ ਲਿਆ ਹੋਵੇ । ਜਿੱਥੋਂ ਮਾਂ ਗੰਗਾ ਨਿਕਲਦੀ ਐ... ਧਾਰਾਂ... ਪਾਣੀ ਦੀਆਂ... ਕਿਤੇ ਮਿੱਠੇ, ਕਿਤੇ ਨੂਣ ਆਲੇ ਪਾਣੀ ਦੀਆਂ ਧਾਰਾਂ...

ਉਹ ਜਦੋਂ ਕਦੇ ਮ੍ਹੈਸ ਨੂੰ ਸ਼ਾਂਤ ਗੋਡਣੀ ਮਾਰ ਕੇ ਬੈਠੀ ਨੂੰ ਇੱਕ ਲੈਅ ਵਿੱਚ... ਹੌਲੀ ਹੌਲੀ ਜਬਾੜਾ ਘੁੰਮਾਓੁਾਦੇ ਅੱਖਾਂ ਬੰਦ ਕਰਕੇ ਜੁਗਾਲੀ ਕਰਦੇ ਦੇਖਦਾ... ਤਾਂ ਸੱਚਮੁੱਚ ਪੀਲੀਭੀਤ ਗੋਮਤੀ ਦੇ ਕਿਨਾਰੇ ਜਾ ਪੁੱਜਦਾ ।

***

'ਬੀਂਗੇ ਸਿੰਗਾਂ ਵਾਲੀ' ਕੱਟੀ ਦੀ ਜ਼ਨਾਨਾ ਜਾਤ ਨੂੰ ਆਪਣੀ ਸੌਕਣ ਸਮਝਦੀ ਕੱਟੇ ਈ ਸੁੱਟੀ ਗਈ । ਨੌਂ ਕੱਟੇ ਦਿੱਤੇ । ਉਸ ਨੂੰ ਡੱਡੂ ਦੇ ਝੋਟੇ ਤੋਂ ਹੀ ਆਸ ਲੁਆਉਂਦੇ । ਪਰ ਅਜੇ ਤੱਕ ਉਸਨੇ ਕੋਈ ਕੱਟੀ ਨਾ ਜੰਮੀ । ਆਪਣੀ ਵੇਲ ਨਾ ਵਧਾਈ । ਨਾ ਹਾਲੇ ਤੱਕ ਕੋਈ ਹੋਰ ਦੂਸਰਾ ਪਸ਼ੂ ਘਰ ਵਿੱਚ ਆਇਆ ਅਤੇ ਨਾ ਕੋਈ ਦੂਸਰਾ ਖੁੰਡਾ ਗੱਡ ਹੋਇਆ । ਇੱਕ ਸਿੰਗ ਓਹਦਾ ਮੋਕਲਾ ਜਿਹਾ ਹੋ ਕੇ ਝੜ ਗਿਆ । ਪਿੱਛੇ ਨਰਮ ਜਿਹਾ ਗੁੱਲਾ ਸਿਰ ਨਾਲ ਲੱਗਿਆ ਰਹਿ ਗਿਆ । ਨੌਂ ਸੂਇਆਂ ਤੋਂ ਬਾਅਦ ਮ੍ਹੈਸ ਦਾ ਜਿਵੇਂ ਮੱਚ ਮਰ ਗਿਆ । ਦੁੱਧ ਵੀ ਅੱਧਾ ਰਹਿ ਗਿਆ । ਬਾਲਟੀ ਵਿੱਚ ਭਾਗ ਪ੍ਰਤਾਪ ਹੀ ਨਾ ਰਿਹਾ । ਕਿਸੇ ਦਿਨ ਪ੍ਰਸਿੰਨੀ ਨੇ ਗੱਲ ਸਿਰੇ ਲਾ ਦਿੱਤੀ,"ਆਉਂਦੀ ਮੰਡੀ ਨੂੰ ਇਹਨੂੰ ਵੇਚ ਦੋ । ਤੋਕੜ ਦਾ ਕੋਈ ਛੇ ਸੋ ਤਾਂ ਦੇ ਏ ਦਊਂਗਾ । ਨਾ ਇਹ ਆਸ ਲੱਗਦੀ ਐ । ਦੁੱਧ ਵੀ ਨੂਣ ਵਰਗਾ ਹੋ ਗਿਆ । ਕਿੱਲੋ ਸਬੇਰੇ । ਕਿੱਲੋ ਸ਼ੰਝ ਨੂੰ । ਕਿਹੜਾ ਇਹਨੂੰ ਵਿਹਲੀ ਖੜ੍ਹੀ ਨੂੰ ਖਿਲਾਈ ਜਾਊਂਗਾ ।'' ਸੁਦਾਗਰ ਤੇ ਵੱਡਾ ਲੜਕਾ ਸਾਰਾ ਦਿਨ ਕੁਰਾਲੀ ਦੀ ਡੰਗਰਾਂ ਦੀ ਵੱਡੀ ਸਰਕਾਰੀ ਮੰਡੀ 'ਚ ਬੈਠੇ ਠੁਰ-ਠੁਰ ਕਰਦੇ ਰਹੇ । ਗਿਆਰਾਂ ਬਾਰਾਂ ਸਾਲ ਦੀ ਬੁੜ੍ਹੀ ਹੋ ਰਹੀ ਮ੍ਹੈਸ ਦਾ ਕੋਈ ਗਾਹਕ ਨਾ ਮਿਲਿਆ । ਕਿਸੇ ਨੇ ਕੋਲ ਆ ਕੇ ਵੀ ਨਾ ਪੁੱਛਿਆ । ਤੇ ਉਵੇਂ ਹੀ ਥੱਕੇ ਹਾਰੇ ਘਰ ਮੁੜ ਆਏ ।

'' 'ਡੀਕ 'ਡੀਕ । ਕਿਆ ਹੋਇਆ । ਬਣਿਆ ਕੁਸ਼ ।''

''ਪ੍ਰਸਿੰਨੀ ਮੂਹਲਾ ਲਿਆ ।''

''ਹੈਂ? ਕਿਆ??''

''ਮੰਡੀ 'ਚ ਝੋਟਾ ਤਾ । ਮ੍ਹੈਸ ਝੋਟੇ ਦੇ ਮੂਹਰੇ ਕਰੀ । ਆਸ ਲੱਗ ਗੀ ।''

''ਹੈਂਅ! ਬਹਿਗੁਰੂੂ । ਬਹਿਗੁਰੂ''...ਤੇ ਫੇਰ ਮ੍ਹੈਸ ਕਮਾਉ ਪੁੱਤ ਵਾਂਗ ਚੰਗੀ ਲੱਗਣ ਲੱਗ ਪਈ । ਫੇਰ ਮ੍ਹੈਸ ਦੀ ਅਗਲੇ ਦਸ ਮਹੀਨੇ ਦੀ ਜ਼ਿੰਦਗੀ ਦੀਆਂ... ਖਾਦ ਖੁਰਾਕ ਤੇ ਚਾਰੇ ਦੀਆਂ ਸਕੀਮਾਂ ਬਣਨ ਲੱਗੀਆਂ । ਸੈਣੀਆਂ ਦੇ ਖੱਤੇ ਵਿੱਚ ਬਰਸੀਣ ਦੇ ਇੱਕ ਵੱਡੇ ਦੋ ਵਿਸਵੇ ਦੇ ਕਿਆਰੇ ਦੀ ਵ੍ਹਾਡ ਮੁੁੱਲ ਲੈ ਲਈ । "ਲੈ ਹੁਣ ਟਿਕ ਜੀਂ" ਪ੍ਰਸਿੰਨੀ ਨੇ ਮ੍ਹੈਸ ਦੇ ਕੰਨ ਵਿੱਚ ਮਸ਼ਕਰੀ ਕੀਤੀ । ਪਰ ਮ੍ਹੈਸ ਨੂੰ ਕੀ ਪਰਵਾਹ ਸੀ । ਉਸ ਦੇ ਵੀ ਕਈ ਰਉਂ ਸਨ । ਕੋਈ ਲੇਖਾ ਈ ਨਹੀਂ । ਉਹ ਸਭ ਨੂੰ ਟਿੱਚ ਜਾਣਦੀ ਸੀ । ਪਰ ਉਸਨੇ ਵੀ ਪ੍ਰਸਿੰਨੀ ਨੂੰ ਇੱਕ ਮਸ਼ਕਰੀ ਕਰ ਦਿੱਤੀ । ਇਸ ਵਾਰ ਕੱਟੀ ਜੰਮ ਦਿੱਤੀ । ਮ੍ਹੈਸ ਦੀ ਸਾਰੇ ਪਿੰਡ ਵਿੱਚ ਬੱਲੇ ਬੱਲੇ ਹੋ ਗਈ... ਤੇ ਡੱਡੂ ਦੇ ਝੋਟੇ ਦੀ...

"ਡੱਡੂ ਦੇ ਝੋਟੇ ਦਾ ਤਾਂ ਬਸ ਮੂੰਹੇਂ ਸੋਹਣਾ । ਖੱਸੀ ਐ । ਕਿਸੇ ਨੂੰ ਕਿਆ ਕਹਿਣਾ... ਭਾਈ ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ...", ਪ੍ਰਸਿੰਨੀ ਖੁਦ ਨੂੰ ਲਾਹਨਤਾਂ ਪਾਈ ਜਾਵੇ । ਕਮਲਿਆਂ ਵਾਂਗ ਸੜੇ ਹੋਏ ਡੱਡੂ ਦੇ ਝੋਟੇ ਦਾ ਈ ਆਸਰਾ ਤੱਕੀ ਗਏ । ਕੋੜ੍ਹੀ ਦਾ । ਘਰ ਦੀ ਕੱਟੀ ਕਿਆ ਸੁਹਣੀ । ਤੰਦਰੁਸਤ । ਸੁਦਾਗਰ ਬੇਲੇ 'ਚੋਂ ਦੂਸਰਾ ਵਧੀਆ ਸੁੱਕੀ ਟਾਹਲੀ ਦਾ ਖੁੰਡਾ ਘੜ ਲਿਆਇਆ ।

***

ਘਰ ਦੀ ਕੱਟੀ ਸਾਲ ਦੀ ਹੋ ਗਈ । ਦੁੱਧ ਮੁੱਲ ਦਾ ਲਿਆਉਣ ਲੱਗ ਪਏ । ਬੀਂਗੇ ਸਿੰਗਾਂ ਵਾਲੀ ਕੰਡਮ ਹੋ ਗਈ । ਮੁੱਕ ਗਈ । ਜੁਆਬ ਦੇ ਗਈ । 'ਫੰਡਰ'... ਪਰ ਪ੍ਰਸਿੰਨੀ ਤੇ ਸੁਦਾਗਰ ਦਾ ਫੰਡਰ ਸ਼ਬਦ ਘਰ ਵਿੱਚ ਬੋਲਣ ਨੂੰ ਜੀਅ ਨਾ ਕਰੇ ।

ਕੀ ਕਰੇ ਕੋਈ... ਕੀ ਕਰੇ । ਉਹ ਦਿਨ ਵੀ ਆ ਗਿਆ... ਸ਼ਨਿੱਚਰ ਦਾ... ਖਟੀਕ ਆ ਗਏ ਜਿਵੇਂ ਉਹ ਹਰ ਮਹੀਨੇ ਆਉਂਦੇ ਹੀ ਸਨ । ਸੁਦਾਗਰ ਨੇ ਮ੍ਹੈਸ ਦਾ ਸੰਗਲ ਲਾਹ ਕੇ ਅੰਦਰ ਰੱਖ ਲਿਆ... ਖੁੱਲ੍ਹੀ ਖੇਤਾਂ ਵਿੱਚ ਛੱਡ ਦਿੱਤੀ ਚੁਗਣ ਨੂੰ । ਝੋਨਾ ਅਜੇ ਲੱਗਣਾ ਸ਼ੁਰੂ ਨਹੀਂ ਸੀ ਹੋਇਆ... ਖਟੀਕ ਨੇ ਸੌ ਦਾ ਨੋਟ ਮਰੋੜ ਕੇ ਸੁਦਾਗਰ ਦੀ ਮੁੱਠੀ ਵਿੱਚ ਘੁੱਟ ਦਿੱਤਾ । ਡੌਲਾਂ ਦੇ ਨਾਲ ਨਾਲ ਹੌਲੀ ਹੌਲੀ ਤੁਰਦੀ ਖੱਬਲ, ਬਰੂ ਬਰੂਸਦੀ ਮ੍ਹੈਸ ਹੁਣ ਖਟੀਕ ਦੇ ਨਾਲ ਆਏ ਨੌਜੁਆਨ ਮੁੰਡਿਆਂ ਦੀ ਨਿਗ੍ਹਾ ਹੇਠ ਸੀ । ਚੁੱਗਦੀ ਚੁੱਗਦੀ ਮ੍ਹੈਸ ਬਹੁਤ ਉੱਚੇ ਮੁਸਲਮਾਨੀ ਖੰਡਰ ਵੱਲ ਚਲੇ ਗਈ ਜਿੱਧਰ ਮੁੱਲਾਂ ਮੁਸਲਮਾਨ ਦੀ ਜਮੀਨ ਸੀ... ਮੂੰਹ ਉੱਚਾ ਉੱਪਰ ਨੂੰ ਉਠਾ ਕੇ ਆਕੜੀ ਖੜ੍ਹੀ ਪੂਰੀਆਂ ਅੱਖਾਂ ਅੱਡ ਕੇ... ਉੱਚੇ ਗੁਬੰਦ ਵੱਲ ਨੂੰ ... ਨੀਲੇ ਅਸਮਾਨ ਵੱਲ ਨੂੰ ਦੇਖਦੀ ਰਹੀ । ਜਿਹੜੇ ਨੌਂ ਕੱਟੇ ਬੀਂਗੇ ਸਿੰਗਾਂ ਵਾਲੀ ਨੇ ਦਿੱਤੇ... ਪਹਿਲੇ ਤਿੰਨ ਤਾਂ ਮਹੀਨਾ ਮਸੀਂ ਟੱਪੇ... ਭੋਛਾ ਇੱਕ ਦਾ ਹੀ ਬਣਿਆ ਪਰ ਉਹਨਾਂ ਤਿੰਨਾਂ ਦੇ ਨੋਟ ਬਣਕੇ ਅਗੜ ਪਿੱਛੜ ਸੁਦਾਗਰ ਦੀ ਪਤੂਹੀ ਦੀ ਅੰਦਰਲੀ ਜੇਬ 'ਚ ਜਾ ਵੜੇ । ਨੌਂ ਕੱਟਿਆਂ ਚੋਂ ਜਿਹੜੇ ਛੇ ਬਚੇ ਉਹ ਹਰੇਕ ਦਸ ਪੰਦਰਾਂ ਦਮੜਿਆਂ ਦਾ ਖਟੀਕਾਂ ਨੂੰ ਵਿਕ ਕੇ ਹੋਰਾਂ ਨਾਲ ਰਲ ਕੇ ਟਰੱਕਾਂ 'ਚ ਸਹਾਰਨਪੁਰ ਦੇ ਜਿਬ੍ਹਾਖਾਨਿਆਂ ਵੱਲ ਆਖ਼ਰੀ ਉਡਾਰੀ ਮਾਰ ਗਏ । ਬੀਂਗੇ ਸਿੰਗਾਂ ਵਾਲੀ 'ਇਹ' ਵੀ ਅੱਜ ਸੌ ਰੁਪਏ ਦਾ ਸਹਾਰਨਪੁਰ ਦਾ ਟਿਕਟ ਕਟਾਈ ਜੱਟਾਂ... ਜ਼ਿਮੀਦਾਰਾਂ ਦੀਆਂ ਖਾਲਾਂ ਦੇ ਨਾਲ ਨਾਲ ਘਾਹ ਬੂਟੇ ਡੁੰਗਦੀ... ਜਿਵੇਂ ਆਪਣਾ ਇਹ ਜਹਾਨ ਆਖ਼ਰੀ ਵਾਰ ਦੇਖ ਰਹੀ ਸੀ । ਕਸਾਈ ਉਸਨੂੰ ਰੱਸਿਆਂ ਨਾਲ ਨੂੜਕੇ ਧੂੰਹਦੇ ਪਿੰਡ ਦੇ ਬਾਹਰ ਆਪਣੇ ਟਿਕਾਣੇ ਵੱਲ ਨੂੰ ਲੈ ਗਏ ਜਿੱਥੇ ਏਦਾਂ ਦੇ ਸਮਾਨ ਦਾ ਰਿਫ਼ੂਜੀ ਕੈਂਪ ਵਰਗਾ ਮਾਹੌਲ ਸੀ ।

***

ਸੂਰਜ ਡੁੱਬਦੇ ਸਾਰ ਸੁਦਾਗਰ ਨੂੰ ਰਿਫ਼ੂਜੀ ਕੈਂਪ ਤੋਂ ਮੁਰਦੇ ਪਸ਼ੂ ਦਾ ਸੁਨੇਹਾ ਆ ਗਿਆ ਸੀ । ਬੀਂਗੇ ਸਿੰਗਾਂ ਵਾਲੀ ਪਿੰਡ ਦੇ ਬਾਹਰ ਆਰਜੀ ਕੈਂਪ ਵਿੱਚ ਦਮ ਤੋੜ ਗਈ । ਗੱਡੇ 'ਤੇ ਲੱਦੀ ਰੁੜਦੀ ਜਾਂਦੀ ਦੀ ਮਜਲ ਵਿੱਚ ਪਿੱਛੇ ਸੁਦਾਗਰ ਰੋਣ ਤੋਂ ਰੁਕਿਆ ਸਾਇਕਲ ਚਲਾ ਰਿਹਾ ਸੀ । ਨਿਕਲਦੀ ਭੁੱਬ ਨੂੰ ਰੋਕਦਾ... ਅੱਖਾਂ 'ਚੋਂ ਨਿਕਲਦਾ ਪਾਣੀ ਮੁੱਛਾਂ ਵਿੱਚੀਂ ਹੁੰਦਾ ਹੋਇਆ ਬੁੱਲ ਟੱਪ ਗਿਆ... ਸੁਦਾਗਰ ਨੂੰ ਮੂੰਹ ਵਿੱਚ ਕੁਝ ਸਲੂਣਾ ਮਹਿਸੂਸ ਹੋਇਆ... ਭੁੱਬ ਹੁਣ ਕਿੱਥੇ ਰੁੱਕਦੀ:

"ਹਾ ਆ ਆ... ਨੂਣ ..."

ਪਿੰਡ ਦੀ ਹੱਡਾਰੋੜੀ ਵਿੱਚ ਹਰੇ ਉੱਚੇ ਝੂੰਡ ਲਹਿਲਹਾਉਣ ਲੱਗੇ ਹੋਏ ਸਨ । ਅਸਮਾਨ ਵਿੱਚ ਛੋਟੇ ਵੱਡੇ ਅਣਗਿਣਤ ਤਾਰੇ ਇੱਕਠੇ ਹੋ ਕੇ ਟਿਮਟਿਮਾਉਣ ਲੱਗ ਪਏ । ਜਦੋਂ ਸੁਦਾਗਰ ਆਪਣੇ ਕਸਬ ਦੇ ਆਪਣੇ ਵੱਡੇ ਵਡੇਰਿਆਂ ਤੋਂ ਉਮਰ ਭਰ ਸਿੱਖੇ ਗੁਰਾਂ ਨਾਲ ਮੁਰਦਾ ਪਸ਼ੂ ਨੂੰ ਨਜਿੱਠਣ ਲੱਗਿਆ ਤਾਂ ਠੰਢੀ ਹਵਾ ਹੌਲੀ ਹੌਲੀ ਰੁਮਕਣ ਲੱਗੀ । ਅੱਜ ਸੁਦਾਗਰ ਉਹ ਚਮਾਰ ਨਹੀਂ ਸੀ ਜੋ ਦੂਸਰਿਆਂ ਦੇ ਪਸ਼ੂ ਨੂੰ ਕਿੱਡੇ ਹੌਸਲੇ ਨਾਲ ਛਿੱਲ ਦਿੰਦਾ... ਅੱਜ ਉਹ ਆਪ ਕਿਤੇ ਜਿਉਂਦਾ ਥੋੜੋ ਸੀ... ਉਹ ਸਵੇਰੇ ਉਦੋਂ ਹੀ ਮਰ ਗਿਆ ਸੀ ਜਦੋਂ ਉਸ ਨੇ ਮੈਸ੍ਹ ਦਾ ਸੰਗਲ ਖੋਲ ਕੇ ਅੰਦਰ ਰੱਖ ਲਿਆ ਸੀ । ਇਹ ਸੁਦਾਗਰ ਕੋਈ ਹੋਰ ਸੀ... ਕੋਈ ਹੋਰ ਜੋ ਆਪਣੀ ਕੱਟੀ ਦੇ ਫੁੱਲ ਚੁਗਣ ਆਇਆ ਸੀ... ਸਾਰੀ ਉਮਰ ਉਹ ਹੱਡਾਰੋੜੀਆਂ ਵਿੱਚ... ਇੱਲ੍ਹਾਂ ਦੇ ਅੰਬਾਰਾਂ ਵਿੱਚ... ਹਰੇ ਸੁੱਕੇ ਝੂੰਡਾਂ, ਜੰਡ ਕਰੀਰਾਂ ਵਿੱਚ ਕਾਲੇ ਸੁਪਨੇ ਬੁਣਦਾ ਦੌੜਿਆ । ਇੱਲ੍ਹਾਂ ਦੇ ਝੁੰਡ ਅਸਮਾਨ ਵਿੱਚ ਉਸਦੇ ਨਾਲ ਨਾਲ... ਕਦੇ ਉਸਦੇ ਸਿਰ ਉੱਪਰ ਅੱਤ ਉੱਚੇ ਅਸਮਾਨ ਵਿੱਚ ਇੱਲ੍ਹਾਂ ਦਾ ਗੋਲ ਚੱਕਰ ਘੁੰਮਦਾ ਹੁੰਦਾ । ਪਰ... ਅੱਜ ਤੋਂ ਵੱਧ ਇਕੱਲਾ ਉਹ ਕਦੇ ਨਹੀਂ ਸੀ । ਰੰਬੀ, ਛੁਰੀ ਹੱਥੋਂ ਛੁੱਟ ਛੁੱਟ ਜਾਂਦੀ... ਜਦ ਉਹ ਮ੍ਹੈਸ ਦੇ ਟੁੱਟੇ ਹੋਏ ਬੀਂਗੇ ਸਿੰਗ ਕੋਲ ਨੂੰ ਪੁੱਜਿਆ ਤਾਂ ਉਸਦਾ ਕੋਈ ਰੱਬ ਹੀ ਉਸ ਨੂੰ ਜਿਉਂਦਾ ਰੱਖ ਸਕਿਆ... ਨਾਥਾਂ ਵਾਲੀ ਬੰਦਨਾ ਕਰਦੇ ਅੱਖਾਂ ਦਾ ਕੋਸਾ ਸਲੂਣਾ ਪਾਣੀ ਮੂੰਹ 'ਚ ਚੂਸਿਆ ਗਿਆ ਤਾਂ ਭੁੱਬ ਮਾਰ ਦਿੱਤੀ:

"ਹਾ ਆ ਆ... ਨੂ-ਅ-ਣ ..."

ਮ੍ਹੈਸ ਦੀ ਖੱਲ ਲਿਆਕੇ ਉਸਨੇ ਆਪਣੇ ਅਲੱਗ ਕੋਠੇ ਵਿੱਚ ਖੱਲਾਂ ਦੇ ਢੇਰ ਦੇ ਸਭ ਤੋਂ ਉੱਪਰ ਪੁੱਠੀ ਵਿਛਾ ਦਿੱਤੀ । ਪਿਛਲੇ ਗਿਆਰਾਂ ਬਾਰਾਂ ਸਾਲਾਂ ਤੋਂ ਉਹ ਇਸ ਖੱਲ ਦੀ ਵਾਲਾਂ ਵਾਲੇ ਪਾਸੇ ਦੀ ਨਿੱਘੀ ਛੋਹ ਦਾ ਸ਼ੁਦਾਈ ਸੀ । ਅੱਜ ਇਸ ਦੇ ਅੰਦਰ ਤਸਲਾ ਭਰ ਕੇ ਨੂਣ ਬਰੂਰ ਦਿੱਤਾ... ਹਨੇਰੇ ਵਿੱਚ ਬੇਬਸ ਹੋਇਆ ਉਹ ਖੱਲ ਉੱਤੇ ਹੀ ਬੈਠ ਗਿਆ । ਉਸ ਦੇ ਕੱਛੇ ਨੂੰ ਗਿੱਲਾ ਨਮਕੀਨ ਠੰਢਾ ਪਾਣੀ ਲੱਗ ਗਿਆ । ਚੌਂਕੜੀ ਮਾਰ ਲਈ । ਅੱਖਾਂ ਮੀਚ ਲਈਆਂ । ਸੁਦਾਗਰ ਡੱਡੂ ਦੇ ਬਾੜੇ ਵਿੱਚ ਕੱਟੀ ਨਾਲ ਪਹਿਲਾ ਦਿਨ ਯਾਦ ਕਰ ਕੇ ਰੋ ਪਿਆ । ਲੱਤਾਂ, ਗੋਡੇ ਉੱਠਣ ਤੋਂ ਜੁਆਬ ਦੇ ਗਏ । ਪ੍ਰਸਿੰਨੀ ਨੂੰ ਉਹਦੀ ਚਿੰਤਾ ਹੋਣ ਲੱਗ ਪਈ । ਕਿੰਨੀ ਦੇਰ ਦਾ ਕੋਠੇ 'ਚੋਂ ਨਹੀਂ ਨਿਕਲਿਆ । ਕੋਠੇ ਅੰਦਰ ਜਾ ਕੇ ਉਸ ਦਾ ਹੱਥ ਫੜ ਲਿਆ:

"ਹੁਣ ਹੋਰ ਕਿੰਨੀ ਦੇਰ ਬੈਠਣਾ ਮਿਰਗਸਾਲਾ 'ਪਰ । ਚਲ ਉੱਠ ।"

"ਪ੍ਰਸਿੰਨੀ... ਈਹਨੂੰ ਕਿਹੜਾ ਮਾਸਟਰ ਪੜ੍ਹਾ ਗਿਆ... ਬਈ ਮੈਂ ਚਮੜੇ ਦਾ ਕੰਮ ਕਰਦਾਂ??"

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ