Nutpha (Punjabi Story : Balijit

ਨੁਤਫ਼ਾ (ਕਹਾਣੀ) : ਬਲੀਜੀਤ

“ਪਾਲੀ... ਉੱਠ...” ਕਰਨੈਲ ਨੇ ਉਸਦੇ ਮੋਨੇ ਸਿਰ ਦੇ ਵਾਲਾਂ ਵਿੱਚ ਉਂਗਲਾਂ ਫੇਰੀਆਂ।

“ਕੈਲੇ ਹੜ ਜਾ ਇਆਰ। ਛੇੜ ਨਾ... ਸੌਣ ਦੇ ਮੈਨੂੰ।” ਰਾਤੀਂ ਬਾਰਾਂ ਵਜੇ ਤੋਂ ਬਾਅਦ ਉਹ ਮਸੀਂ ਸੁੱਤਾ ਸੀ।

“ਓ ਤੇਰਾ ਫਾਦਰ ਬਮਾਰ ਐ।”

“ਕਿਹੜਾ ਫਾਦਰ? ਕੌਣ ਬਮਾਰ ਐ? ਕਿਆ ਹੋਇਆ, ਹੈ ਅਂ ਅਂ?”

“ਉਹ ਹੈ ਨੀਂ ਤੇਰਾ ‘ਫਾਅਦਰ’ ਜਿਹਨੂੰ ਤੂੰ ਫੌਜੀ ਕਹਿੰਦਾ ਹੁੰਦਾ।”

“ਦਾਖਲ ਐ ਹਸਪਤਾਲ ’ਚ?” ਉਹਦਾ ਜਿਗਰੀ ਯਾਰ ਕੈਲਾ ਕੁੱਝ ਨਾ ਬੋਲ ਸਕਿਆ।

“ਕੌਣ ਆਇਆ ਮੂੰਹ ਨ੍ਹੇਰੇ?”

“ਤੇਰੀ ਮਾਂ ਜੀ ਆਈ ਬੈਠੀ, ਤੇ...”

“ਸਾਧਾ?”

“ਆਹੋ ਬਾਹਰ ਬੈਠੇ ਐ।”

“ਉੱਠ ਪੁੱਤ” ਮਾਂ ਪਾਲੀ ਦੇ ਕੋਲ ਆ ਗਈ।

“ਕਿਆ ਹੋ ਗਿਆ ਮਾਤਾ? ਤੜਕੇ ਈ ਭੱਜੀ ਤੂੰ?” ਉਸਨੇ ਮਾਂ ਦੇ ਓਦਰੇ ਹੋਏ ਚਿਹਰੇ ’ਤੇ ਫੈਲੇ ਡਰ ਦਾ ਪ੍ਰਛਾਵਾਂ ਮਹਿਸੂਸ ਕੀਤਾ।

“ਚੱਲ ਉੱਠ ਪੁੱਤ... ਉੱਥੇ ਤਾਂ ਜੋ ਹੋਣਾ ਤਾ, ਹੋ ਲਿਆ।”

“ਕਿਆ ਹੋ ਗਿਆ?”

“ਬਸ ਫੌਜੀ ਮਰ ਲਿਆ। ਰਾਤ।”

ਫੌਜੀ ਮਰ ਗਿਆ... ਪਾਲੀ ਨੂੰ ਹਲਕਾ ਜਿਹਾ ਝਟਕਾ ਲੱਗਿਆ। ਅਗਲੇ ਪਲ ਉਸਨੂੰ ਲੱਗਿਆ ਕਿ ਫੌਜੀ ਮਰ ਗਿਆ... ਤਾਂ ਮਰ ਗਿਆ, ਉਸਨੂੰ ਕੀ ਫਰਕ ਪੈਣਾ। ਕਾਹਦਾ ‘ਫਾਅਦਰ’ ਸੀ। ਫੌਜੀ ਕਿਹੜਾ ਕਦੇ ਉਸ ਲਈ ਜਿਊਂਦਾ... ਜਿਊਇਆ ਸੀ। ਉਹਦੇ ਮਰਨ ਦਾ ਕਾਹਦਾ ਦੁੱਖ... ਉਹਦੇ ਜਿਉਂਦੇ ਹੋਣ ਨੇ ਹੀ ਪਾਲੀ ਨੂੰ ਸੂਲੀ ਟੰਗਿਆ ਹੋਇਆ ਸੀ... ਤਾਂ ਹੀ ਉਹਨੂੰ ਯਕੀਨ ਕਰਨਾ ਔਖਾ ਸੀ ਕਿ ਫੌਜੀ ਸੱਚੀ-ਮੁੱਚੀ ਮਰ ਗਿਆ ਹੈ।

“ਹੋਰ... ਮੁੱਕ ਲਿਆ ਕੱਲ੍ਹ ਅੱਧੀ ਰਾਤ ਇੱਕ ਵਜੇ। ਉੱਠ ਖੜ੍ਹ। ਚੱਲ ਚੱਲੀਏ ਘਰਾਂ ਨੂੰ।”

‘ਘਰ’ ਨੂੰ ਜਾਣ ਤੋਂ ਸਿਵਾ ਪਾਲੀ ਕੋਲ ਹੁਣ ਕੋਈ ਚਾਰਾ ਨਹੀਂ ਸੀ।

ਉਸਨੂੰ ਆਪਣੇ ਸਾਹਮਣੇ ਖੜ੍ਹੀ... ਆਪਣੀ ਹੀ ਕਿਸਮ ਦੀ... ਅਜੀਬ ਜਹੀ ਮੌਤ ਨਾਲ ਕੈੜੇ ਹੱਥੀਂ ਨਜਿੱਠਣਾ ਪੈਣਾ ਸੀ। ਬਗਾਨੇ ‘ਮਕਾਨਾਂ’ ਵਿੱਚ ਪਈ ਬਾਪ ਦੀ ਲਾਸ਼ ਦਾ ਕਿਆ ਮੰਜ਼ਰ ਹੋਵੇਗਾ...?? ਫੌਜੀ ਦੀ ਮੌਤ ਤੋਂ ਵੀ ਵੱਧ ਭੈਅ ਉਸਦੇ ਦਾਹ ਸੰਸਕਾਰ ਉੱਤੇ ਜਾਣ ਦਾ ਪੈਦਾ ਹੋ ਗਿਆ ਸੀ।

ਕਿੰਨਾ ਔਖਾ ਪੈਂਡਾ ਸੀ ‘ਘਰਾਂ’ ਤੋਂ ‘ਮਕਾਨਾਂ’ ਤੱਕ ਦਾ!!!

“ਚੱਲ ਪੁੱਤ... ਨਹੀਂ ਤਾਂ ਲੋਕਾਂ ਦੇ ਮੂੰਹ ਨੀਂ ਬੰਦ ਹੋਣੇ।” ਮਾਂ ਨੂੰ ਅਜਿਹੀ ਮੌਤ ਸਾਹਮਣੇ ਇਕੱਲਿਆਂ ਥੋੜ੍ਹਾ ਛੱਡਿਆ ਜਾ ਸਕਦਾ ਸੀ। ਉਹ ਕਿਰਾਏ ਦੇ ਮਕਾਨ ਨੰਬਰ 226 ਦੀ ਸੈਕਿੰਡ ਫਲੋਰ ਦੇ ਵਿਹੜੇ ਵਿੱਚ ਖੜ੍ਹੇ ਛੋਟੀ ਮਾਸੀ ਦੇ ਪੁੱਤ ਸਾਧੇ ਕੋਲ ਆ ਗਿਆ। ਉਸਤੋਂ ਚਾਰ ਸਾਲ ਛੋਟਾ ਸਾਧਾ ਸਿੰਘ ਤਿੰਨ ਸਾਲ ਤੋਂ ਉਹਨਾਂ ਦੇ ਘਰ ਰਹਿਕੇ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਬੀ ਕਾਮ ਕਰ ਰਿਹਾ ਸੀ।

“ਸਾਧੇ ਪਤਾ ਕੁਸ ਕਿਆ ਹੋਇਆ ਤਾ...”, ਪਾਲੀ ਨੂੰ ਸਾਧੇ ਦਾ ਹੱਥ ਵੀ ਓਪਰਾ ਲੱਗਿਆ।

“ਅਸੀਂ ਕਿਹੜਾ ਕੋਲ ਤੇ... ਬਾਕੀ ਰੱਬ ਜਾਣਦਾ... ਪੰਜ ਛੇ ਦਿਨ ਰਿਹਾ ਹਸਪਤਾਲ। ਛੇਵੇਂ ਦਿਨ ਪੂਰਾ ਹੋਇਆ। ਦੋਹੇ ਗੁਰਦੇ ਜੁਆਬ ਦੇਗੇ... ਰਾਤ ਦੱਸਿਆ ਸਾਨੂੰ ਤਾਂ।”, ਤਾਂ ਵੀ ਪਾਲੀ ਨੂੰ ਯਕੀਨ ਆਉਣਾ ਸ਼ੁਰੂ ਹੋ ਗਿਆ ਕਿ ਫੌਜੀ ਆਖ਼ਰੀ ਮੌਤ ਮਰ ਚੁੱਕਿਆ ਸੀ। ਬਿਨਾਂ ਕਿਸੇ ਅਫ਼ਸੋਸ ਤੋਂ ਪਾਲੀ ਨੇ ਆਪਣੇ ਰੋਜ਼-ਮਰ੍ਹਾ ਦੇ ਸੁਬ੍ਹਾ ਦੇ ਸਾਰੇ ਕੰਮ... ਕਵਾਇਦ ਕਰਦਿਆਂ ਪਾਣੀ ਪੀ ਕੇ ਮੂੰਹ ਵਿੱਚ ਬੁਰੱਸ਼ ਫਸਾਇਆ ਤੇ ਪਾਖ਼ਾਨੇ ’ਚ ਜਾ ਵੜਿਆ। ਫੇਰ ਨਹਾਉਣ ਲਈ ਗੁਸਲਖ਼ਾਨੇ ਜਾ ਵੜਿਆ। ਤਿੰਨਾਂ ਦੇ ਦੇਖਦੇ ਦੇਖਦੇ ਕੱਪੜੇ ਪਾ ਕੇ ਤਿਆਰ ਹੋਇਆ... ਤੇ ਮਾਂ ਨੂੰ ਸਕੂਟਰ ਪਿੱਛੇ ਬਿਠਾ ਘਰ ਨੂੰ ਤੁਰ ਪਿਆ। ਆਪਣੇ ਸ਼ਹਿਰ ਦੇ ਬਾਹਰ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਦੇ ਗੁਰਦੁਆਰੇ ਨੇੜੇ ਪਾਲੀ ਦੀ ਮਾਂ ਗੇਜੋ ਨੇ ਸਕੂਟਰ ਰੋਕਣ ਲਈ ਕਿਹਾ। ਪਿੱਛੇ ਆਉਂਦੇ ਸਾਧੇ ਨੇ ਆਪਣਾ ਬਜਾਜ ਚੇਤਕ ਸਕੂਟਰ ਸੜਕ ਦੇ ਇੱਕ ਪਾਸੇ ਕੱਚੇ ’ਤੇ ਖੜ੍ਹਾ ਕਰ ਦਿੱਤਾ।

“ਪੁੱਤ ਗੁਰਦੁਆਰੇ ਮੱਥਾ ਟੇਕ ਲੋ। ਸਭ ਸੁੱਖੀ ਸਾਂਦੀ ਨਿਬੜ ਜਬੇ। ਨਾਲੇ ਭਾਈ ਜੀ ਤੋਂ ਸੌ ਦੀ ਭਾਨ ਲੇ ਲੀਂ।” ਇਹ ਗੁਰਦੁਆਰਾ ਹੀ ਗੇਜੋ ਦਾ ਸੱਚੇ ਪਾਤਸ਼ਾਹ... ਉਹਦਾ ਕੋਈ ਰੱਬ ਸੀ।

“ਭਾਨ! ਕਿਆ ਕਰਨੀ?”

“ਬਬਾਨ ਨੀਂ ਕੱਢਣਾ? ਹੋਰ ਕ੍ਹੀਨੇ ਕੱਢਣਾ? ਚਲੋ ਗੁਰਦੁਆਰੇ।”

“ਕੱਢਣਾ ‘ਵਿਮਾਨ’? ਮੈਂ ਨੀਂ ਜਾਂਦਾ।”

“ਪੁੱਤ ਬਾਪ ਤਾਂ ਤੇਰਾ ਈ ਐ। ਪੁੱਤ ਤਾਂ ਤੂੰ ਈਂ ਐਂ। ਲਹੂ ਨਾ ਪੀ ਮੇਰਾ।”

ਪਾਲੀ ਨੇ ਸਾਧੇ ਨੂੰ ਸੌ ਰੁਪਏ ਦਿੱਤੇ... ਤੇ ਉਹ ਗਰੰਥੀ ਭਾਈ ਤੋਂ ਭਾਨ ਦੀ ਭਾਰੀ ਜਹੀ ਗੁੱਥਲੀ ਫੜੀ ਮੁੜ ਆਇਆ। ਘਰ ਵਿੱਚ ਮਾਸੜ ਗੁਰਦਿੱਤਾ ਤੇ ਉਸ ਦਾ ਪੂਰਾ ਟੱਬਰ... ਤੇ ਪਾਲੀ ਦਾ ਸਭ ਤੋਂ ਛੋਟਾ ਕੁਆਰਾ ਮਾਮਾ... ਸਭ ਬੈਠੇ ਬੇਸਬਰੀ ਨਾਲ ਉਹਨਾਂ ਦੇ ਘਰ ਪੁੱਜਣ ਦੀ ਉਡੀਕ ਕਰ ਰਹੇ ਸਨ। ਪਾਲੀ ਨੂੰ ਆਪਣੀ ਮਾਂ ਨਾਲ ਅੰਦਰ ਵੜਦਿਆਂ ਦੇਖ ਉਹਨਾਂ ਨੂੰ ਹੌਸਲਾ ਹੋ ਗਿਆ। ਸਭ ਪਾਲੀ ਦੁਆਲੇ ਇਕੱਠੇ ਹੋ ਗਏ।

“ਮਰ ਗਿਆ ਰੁੜ ਜਾਣਾ। ਮੇਰੇ ’ਕੱਲੇ ਪੁੱਤ ਨੂੰ ਰੋਲਿਆ। ੲ੍ਹੀਤੇ ਬੀ ’ਗਾਹਾਂ ਜਾਮੇ ਤੂੰ ਨਰਕਾਂ ਨੂੰ।” ਗੇਜੋ ਰੋਣ ਲੱਗ ਪਈ।

“ਅਹਿ ਕੁੱਤਖ਼ਾਨੇ ਕਰਨ ਨੂੰ ਮੈਨੂੰ ਉੱਥੋਂ ਲੈਣ ਗਈ ਤੂੰ। ਮੈਂ ਤਾਂਹੀ ਨੀਂ ਆਉਣਾ ਮੰਨਦਾ ਸੀ। ਮੇਰਾ ਕੀ ਕੰਮ ਐ ਉਰੇ। ਮਰ ਗਿਆ। ਠੀਕ ਐ। ਮੈਨੂੰ ਕੀ। ਮੇਰਾ ਕੋਈ ਲੇਗਾ ਦੇਗਾ ਨਹੀਂ... ਪਰ ਤੂੰ ਚੁੱਪ ਕਰ। ਸਾਡਾ ਕੀ ਲੱਗਦਾ?”

“ਸਾਧੇ... ਪਾਲੀ ਜਾ ਕੇ ਬਜਾਰ ਤੇ ਵਧੀਆ ਜਿਹਾ ਕੱਫਣ ਲਿਆਓ। ਦੋਹੇ ਜਣੇ ਪਾ ਦਿਓ। ਸਭ ਦੇ ਸਾਹਮਣੇ। ਪਤਾ ਲੱਗੇ ਸਭ ਨੂੰ। ਬਈ ਕੌਣ ਆਏ ਐ।” ਗੁਰਦਿੱਤਾ ਤਾਂ ਕੱਫਣ ਖ੍ਰੀਦਣ ਤੇ ਕੱਫਣ ਮਿ੍ਰਤਕ ਦੀ ਦੇਹ ’ਤੇ ਪਾਉਣ ਬਾਰੇ ਬਾਹਲਾ ਫਿਕਰਮੰਦ ਸੀ।

“ਮਾਸੜ ਤੂੰ ਲਿਆ ਜਾ ਕੇ।”, ‘ਕੱਫਣ’ ਸ਼ਬਦ ਬੋਲਿਆ ਸੁਣ ਕੇ ਪਾਲੀ ਤ੍ਰਬਕ ਪਿਆ।

“ਮੈਨੂੰ ਨੀਂ ਪਤਾ। ਆਪੇ ਜਾ ਕੇ ਲਿਆਓ। ਕਿਸੇ ਬਜਾਜ ਤੋਂ।”, ਪਾਲੀ ਸੋਚੀਂ ਪੈ ਗਿਆ ਕਿ ਮਾਸੜ ਕਦੇ ਬਿਨਾਂ ਕਾਰਨ ਜੁਆਬ ਨਹੀਂ ਦੇਂਦਾ। ਕੋਈ ਗੱਲ ਐ ਵਿਚਾਲੇ। ਪਰ ਉਸਨੂੰ ਛੇਤੀ ਹੀ ਗੱਲ ਪੱਲੇ ਪੈ ਗਈ। ਉਸਨੇ ਬਟੂਆ ਕੱਢਿਆ ਤੇ ਬਿਨਾਂ ਗਿਣੇ ਕੁੱਝ ਰੁਪਏ ਉਹਦੇ ਹੱਥ ’ਤੇ ਧਰ ਦਿੱਤੇ।

“ਵਧੀਆ ਜਿਹਾ ਲਿਆਈਂ। ਜਿਹੜਾ ਵੀ ਤੈਨੂੰ ਜਚੇ।”

“ਪੈਸੇ ਬਾਪੂ ਆਪੇ ਲਾ ਦੂ ਗਾ।” ਸਾਧੇ ਨੂੰ ਪਤਾ ਨਹੀਂ ਕੀ ਸੁੱਝ ਗਿਆ ਸੀ।

“ਨਹੀਂ... ੲ੍ਹੀਦੇ ਪੈਸੇ ਈ ਠੀਕ ਐ। ੲ੍ਹੀਦੀ ਕਮਾਈ ਚੋਂ ਕੱਫਣ ਪਾਉਣਾ ਈ ਠੀਕ ਐ।”, ਉਹਨੇ ਧਰਤੀ ਤੋਂ ਉੱਠਦੇ ਹੋਏ ਨੇ ਪੈਸੇ ਫੜ੍ਹੇ ਤੇ ਕੱਫਣ ਲੈਣ ਭੱਜ ਗਿਆ। ਮਾਸੜ ਨੂੰ ਜੋਸ਼ ਨਾਲ ਸਾਇਕਲ ’ਤੇ ਕੱਫਣ ਲੈਣ ਭੱਜਦੇ ਦੇਖ ਪਾਲੀ ਦੇ ਪੇਟ ’ਚ ਸੂਲ ਉੱਠ ਖੜਿ੍ਹਆ ਤੇ ਉਹ ਟੁਆਏਲੈੱਟ ’ਚ ਜਾ ਵੜਿਆ। ਜਦੋਂ ਹੌਲਾ ਹੋ ਕੇ ਬਾਹਰ ਨਿਕਲਿਆ ਤਾਂ ਉਸਦੇ ਪੇਟ ’ਚ ਖੋਹ ਜਹੀ ਪੈਣ ਲੱਗ ਪਈ। ‘ਰੋਟੀ’ ਬੋਲਣ ਲੱਗਿਆ ਤਾਂ ਉਹਦੀ ਜ਼ੁਬਾਨ ਖੁਸ਼ਕ ਹੋ ਗਈ... ਬਿਨਾਂ ਕਿਸੇ ਨੂੰ ਕੁਝ ਕਹੇ ਉਹ ਰਸੋਈ ’ਚ ਚਲਾ ਗਿਆ। ਬੋਹੀਏ ਵਿੱਚੋਂ ਕਣਕ ਦੀਆਂ ਛੇ ਬਾਸੀ ਰੋਟੀਆਂ ਲੱਭ ਪਈਆਂ। ਮਲ੍ਹਕ ਦੇ ਕੇ ਕੁਕਰ ਦਾ ਢੱਕਣ ਖੋਲ੍ਹਿਆ... ਵਿੱਚ ਰਾਤ ਦਾ ਬਚਿਆ ਬੱਕਰੇ ਦਾ ਥੋੜ੍ਹਾ ਜਿਹਾ ਮੀਟ ਸੀ। ਹੋਰ ਕੁੱਝ ਵੀ ਸਲੂਣਾ ਕਿਤੇ ਨਹੀਂ ਲੱਭਿਆ। ਹਾਰ ਕੇ ਉਸਨੇ ਕੁਕਰ ਅਤੇ ਤਵਾ ਸਟੋਵ ’ਤੇ ਰੱਖ ਕੇ ਗੈਸ ਬਾਲ ਦਿੱਤੀ। ਚਾਰ ਰੋਟੀਆਂ... ਤੇ ਸਾਰਾ ਮੀਟ ਖਾ ਗਿਆ... ਖਾ ਪੀ ਕੇ ਪੂਰੀ ਤਸੱਲੀ ਨਾਲ ਸਾਰਿਆਂ ਦੇ ਨਾਲ ਰਲ ਕੇ ਚੁੱਪ ਚਾਪ ਸਕੂਟਰ ਉੱਤੇ ਸੁਆਰ ਹੋ ਕੇ ਫੌਜੀ ਦੀ ਲਾਸ਼ ਵੱਲ ਨੂੰ ਚੱਲ ਪਿਆ।

ਸੁਬ੍ਹਾ ਦੇ ਦਸ ਵੱਜ ਚੁੱਕੇ ਸਨ। ਸ਼ਹਿਰ ਦੇ ਚੜ੍ਹਦੇ ਪਾਸੇ ਗਰੰਥੀਆਂ ਦੇ ਮੁਹੱਲੇ ਵਿੱਚ ਪਾਲੀ ਦੇ ਵੱਡੇ ਤਾਏ ਦਾ ਮਕਾਨ ਸੀ। ਦੋ ਦੋ ਕਮਰਿਆਂ ਦੇ ਜੁੜਵੇਂ ਤਿੰਨ ਮਕਾਨ। ਉਹਨਾਂ ਨੂੰ ‘ਮਕਾਨਾਂ’ ਕਿਹਾ ਬੋਲਿਆ ਜਾਂਦਾ। ਚੌਰਸ ਬਗਲ। ਬਗਲ ਦੇ ਅੰਦਰ ਵੀਹ ਕੁ ਉਦਾਸ ਚਿਹਰੇ ਸੱਥਰ ’ਤੇ ਬੈਠੇ ਪਾਲੀ ਦੇ ਨਾਲ ਆਏ ਬੰਦਿਆਂ ਨੂੰ ਅੰਦਰ ਵੜਦੇ ਹੈਰਾਨੀ ਨਾਲ ਦੇਖ ਰਹੇ ਸਨ। ਪਾਲੀ ਤੇ ਉਸਦੀ ਮਾਂ ਮਕਾਨਾਂ ਦੇ ਅੰਦਰ ਲੰਘ ਗਏ। ਪਾਲੀ ਨੇ ਦੇਖਿਆ ਕਿ ਗੱਭਲੇ ਵੱਡੇ ਕਮਰੇ ਦੇ ਐਨ ਵਿਚਕਾਰ ਬਰਫ਼ ਦੀਆਂ ਸਿਲਾਂ ਉੱਤੇ ਉਸਦੇ ‘ਫੌਜੀ’ ਦੀ ਲਾਸ਼ ਟਿਕਾਈ ਹੋਈ ਸੀ। ਬਰਫ਼ ਦਾ ਇੱਕ ਵੱਡਾ ਡਲ਼ਾ ਲਾਸ਼ ਦੀ ਛਾਤੀ ’ਤੇ ਟਿਕਾਇਆ ਹੋਇਆ ਸੀ। ਪਿਘਲਦੀ ਬਰਫ਼ ਦਾ ਪਾਣੀ ਫਰਸ਼ ਉੱਤੇ ਵਿਛਾਈਆਂ ਕਣਕ ਦੀਆਂ ਖਾਲੀ ਬੋਰੀਆਂ ਵਿੱਚ ਰਚੀ ਜਾ ਰਿਹਾ ਸੀ... ਤੇ ਪਾਣੀ ਫਰਸ਼ ’ਤੇ ਲੀਕਾਂ ਵਾਹੁੰਦਾ ਲੱਭਦੀ ਨਿਵਾਣ ਵੱਲ ਨੂੰ ਤੁਰਦਾ ਜਾਂਦਾ। ਭਾਦੋਂ ਦੇ ਮਹੀਨੇ ਦੀ ਗਰਮੀ... ਹੁੰਮਸ ਲਾਸ਼ ਦੁਆਲੇ ਫੈਲੀ ਹੋਈ ਸੀ। ਕਈ ਔਰਤਾਂ ਘੁੰਡ ਕੱਢੀ ਬੈਠੀਆਂ ਕੀਰਨੇ ਪਾ ਰਹੀਆਂ ਸਨ। ਲਾਸ਼ ਦੁਆਲੇ ਬੈਠੇ ਰੋਂਦੇ ਜਾਂ ਰੋ ਹਟੇ ਰਿਸ਼ਤੇਦਾਰਾਂ ਦੇ ਚਿਹਰਿਆਂ ਉੱਤੇ ਮੌਤ ਦੇ ਸਹਿਮ ਤੋਂ ਇਲਾਵਾ ਕਿਸੇ ਗੁੱਝੀ ਸਾਜਿਸ਼ ਦਾ ਝਾਉਲਾ ਵੀ ਪੈ ਰਿਹਾ ਸੀ।

ਪਹਿਲਾਂ ਬੈਠੀਆਂ ਤੀਮੀਂਆਂ ਤੇ ਬਜੁਰਗ ਲਾਸ਼ ਨੂੰ ਚਾਰੇ ਪਾਸੇ ਤੋਂ ਘੇਰ ਕੇ ਬੈਠੇ ਸਨ। ਪਾਲੀ ਨੂੰ ਇਹਨਾਂ ਬੰਦਿਆਂ ਦਾ ਚੱਕਰਵਿਊ ਤੋੜ ਕੇ ਲਾਸ਼ ਦੇ ਨੇੜੇ ਪੁੱਜਣਾ ਸੌਖਾ ਨਹੀਂ ਸੀ ਜਾਪਦਾ। ਉਹ ਸਾਰੇ ਜਿਵੇਂ ਕਹਿ ਰਹੇ ਹੋਣ, ‘ਪਾਲੀ ਤੂੰ ਇਸ ਲਾਸ਼ ਦਾ ਕੁਝ ਨਹੀਂ ਲੱਗਦਾ।’ ਉਹ ਨਿਗ੍ਹਾ ਟਿਕਾ ਕੇ ਬਰਫ਼ ਦੇ ਢੇਰ ਵੱਲ ਨੂੰ ਵੇਖਣ ਲੱਗਿਆ। ਬਰਫ਼ ਦੇ ਕਾਰਖ਼ਾਨੇ ਵਰਗੀ ਹਮਕ ਨੱਕ ਵਿੱਚ ਵੜਦੀ ਤਾਂ ਪਾਲੀ ਦਾ ਉੱਥੋਂ ਭੱਜਣ ਨੂੰ ਜੀਅ ਕਰਦਾ। ਉਹ ਲਾਸ਼ ਤੋਂ ਥੋੜ੍ਹੀ ਦੂਰ... ਓਨੀ ਕੁ ਦੂਰ ਬੈਠਿਆ ਜਿੰਨੀ ਕੁ ਦੂਰ... ਦੂਰ ਦੇ ਰਿਸ਼ਤੇਦਾਰ ਬੈਠਦੇ ਹਨ। ਫੇਰ ਕਿਸੇ ਸਿਆਣੇ ਨੇ ਦੋ ਬੰਦਿਆਂ ਨੂੰ ਬਾਹਰ ਵਿਹੜੇ ਵਿੱਚ ਵਿਛੇ ਸੱਥਰ ਉੱਤੇ ਚਲੇ ਜਾਣ ਨੂੰ ਕਹਿ ਦਿੱਤਾ। ਖਾਲੀ ਥਾਂ ’ਤੇ ਪਾਲੀ ਨੂੰ ਨੇੜੇ ਆ ਬਹਿਣ ਲਈ ਸੈਨਤ ਮਾਰ ਕੇ ਕੋਲ ਬੁਲਾ ਲਿਆ... ਤਾਂ ਉਸਨੂੰ ਅਚਾਨਕ ਉਸ ਮੌਕੇ ਆਪਣੇ ਆਪ ਦਾ ਲਾਸ਼ ਨਾਲ ਜੁੜ ਕੇ ਉੱਠਣਾ, ਕਮੀਜ਼ ਦੇ ਪੱਲੇ ਸਿੱਧੇ ਕਰਨਾ ਤੇ ਬਰਫ਼ ਦੇ ਢੇਰ ਵੱਲ ਨੂੰ ਤੁਰਨਾ ਅਰਥਵਾਨ ਲੱਗਿਆ।

“ਕਿਵੇਂ? ਕਦੋਂ ਕੁ ਹੋਈ ਮੌਤ?” ਉਸਦੇ ਇਸ ਛੋਟੇ ਜਹੇ ਸੁਆਲ ਦੇ ਜੁਆਬ ਵਿੱਚ ਕਿਸੇ ਨੇ ਫੌਜੀ ਦੀ ਮੌਤ ਬੀਤੀ ਰਾਤ ਗੁਰਦੇ ਫੇਲ੍ਹ ਹੋਣ ਕਾਰਨ ਹੋਈ ਇੱਕ ਵਾਰ ਫੇਰ ਦੱਸ ਦਿੱਤੀ। ਕਦੇ ਉਸਦੇ ‘ਫੌਜੀ’ ਨੂੰ ਦਿਲ ਦਾ ਦੌਰਾ ਉਦੋਂ ਪਿਆ ਸੀ ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਬਰਫ਼ ’ਤੇ ਪਈ ਜਿਸ ਦੇਹ ਦੀਆਂ ਨਾਸਾਂ ਵਿੱਚ ਹੁਣ ਰੂੰਈ ਦੇ ਫੰਬੇ ਫਸੇ ਹੋਏ ਸਨ ਇਹੀ ਜਿਉਂਦੀ ਦੇਹ ਉਦੋਂ ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਮੰਜੇ ’ਤੇ ਵਿਛੀ ਚਿੱਟੀ ਸਾਫ਼ ਚਾਦਰ ਉੱਤੇ ਲਿਟੀ ਪਈ ਸੀ। ਉਦੋਂ ਵੀ ਲਗਭਗ ਏਵੇਂ ਦੇ... ਏਹੀ ਰਿਸ਼ਤੇਦਾਰ ਇਕੱਠੇ ਹੋਏ ਸਨ, ਪਰ ਪੰਦਰਾਂ ਸਾਲ ਪਹਿਲਾਂ ਜਦੋਂ ਉਹ ਬੱਚਾ ਸੀ ਤਾਂ ਇਹ ਮਰਦ ਔਰਤਾਂ... ਮੁੱਛਫੁੱਟ, ਜੁਆਨ ਅਧਖੜ ਜਹੇ ਸਨ। ਡਰਿਆ ਹੋਇਆ ਬੱਚਾ ਪਾਲੀ ਉਦੋਂ ਬਿਨਾਂ ਬੋਲੇ ਬੈੱਡ ’ਤੇ ਲੇਟੇ ਆਪਣੇ ਬਾਪ ਨੂੰ ਜਾਂ ਉਹਦੇ ਬੈੱਡ ਥੱਲੇ ਪਏ ਡੱਬੇ ਵੱਲ ਦੇਖਦਾ ਰਿਹਾ ਸੀ। ਕਿਸੇ ਸਾਜਿਸ਼ ਦੇ ਉੱਥੇ ਮੌਜੂਦ ਹੋਣ ਬਾਰੇ ਉਸ ਨੂੰ ਕੋਈ ਸੋਝੀ ਨਹੀਂ ਸੀ। ਠੀਕ ਹੋ ਕੇ ਫੌਜੀ ਘਰ ਨੂੰ ਨਹੀਂ ਮੁੜਿਆ... ਮੁੜ ‘ਮਕਾਨਾਂ’ ਵਿੱਚ ਹੀ ਜਾ ਟਿਕਿਆ ਜਿੱਥੇ ਅੱਜ ਉਹ ਬਰਫ਼ ਦੇ ਪੱਥਰਾਂ ਵਿਚਾਲੇ ਫਸਿਆ ਲਾਸ਼ ਬਣਿਆ ਪਿਆ ਸੀ।

ਜਦੋਂ ਪਾਲੀ ਜੰਮਿਆ ਤਾਂ ਫੌਜੀ ਬਿਆਲੀ ਸਾਲ ਦਾ ਸੀ। ਸਾਲ ਪਹਿਲਾਂ ਫੌਜ ਤੋਂ ਪੈੱਨਸ਼ਨ ਲੈ ਮੁੜਿਆ ਉਹ ਉਦੋਂ ਪੰਜਾਬ ਰੋਡਵੇਜ ਦਾ ਡਰਾਈਵਰ ਸੀ। ਪਾਲੀ ਤੋਂ ਪਹਿਲਾਂ ਫੌਜੀ ਦੇ ਨੁਤਫ਼ੇ ਤੋਂ ਗੇਜੋ ਦੇ ਦੋ ਮੁੰਡੇ ਇੱਕ ਧੀ ਜੰਮੇ... ਹਰ ਜਣੇਪੇ ਸਮੇਂ ਫੌਜੀ ਆਪਣੀ ਉਲਾਦ ਦਾ ਚਾਓ ਕਰਦਾ। ਫੌਜ ’ਚੋਂ ਘਰਵਾਲੀ ਗੇਜੋ ਨੂੰ ਆਪਣੀ ਤੇ ਬੱਚੇ ਦੀ ਸੇਵਾ ਸੰਭਾਲ ਲਈ ਚੋਖੀ ਰਕਮ ਦਾ ਮਨੀਆਰਡਰ ਡਾਕਖ਼ਾਨੇ ਰਾਹੀਂ ਭੇਜਦਾ। ਪਰ... ਪਰ ਮਾੜੀ ਕਿਸਮਤ... ਇੱਕ ਵੀ ਬੱਚਾ ਆਪਣਾ ਪਹਿਲਾ ਜਨਮ ਦਿਨ ਨਾ ਮਨਾ ਸਕਿਆ... ਸਭ ਮਰ ਮੁੱਕ ਗਏ। ਦੋਵੇਂ ਮਾਲਕ ਤੀਮੀਂ ਆਪਣੇ ਨਿਆਣਿਆਂ ਦੀ ਮਿੱਟੀ ਹੂੰਝਦੇ ਖ਼ੁਦ ਖਿੰਡ ਪੁੰਡ ਗਏ... ਤੇ ਦੋਵੇਂ ਤਨੋਂ-ਮਨੋਂ ਜ਼ਿੰਦਗੀ ਤੋਂ ਬੇਦਖ਼ਲ, ਵਿਹਲੇ ਹੋ ਕੇ ਰਹਿ ਗਏ। ਜਾਣਕਾਰਾਂ ਤੇ ਰਿਸ਼ਤੇਦਾਰੀਆਂ ਵਿੱਚ ਇਹ ਗੱਲ ਦੀ ਧੁੰਮ ਪੈ ਗਈ ਕਿ ‘ਗੇਜੋ!! ਕਿਆ ਕਰਨਾ ਮਕਾਨਾਂ, ਦੁਕਾਨਾਂ, ਜਮੀਨਾਂ ਨੂੰ। ਜਦ ਖਾਣ ਆਲਾ ਈ ਕੋਈ ਨੀਂ।’ ਫੌਜੀ ਨੇ ਹੁਣ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਵਿਚਲੀ ਢਾਈ ਕਿੱਲੇ ਮਾਲਕੀ ਜ਼ਮੀਨ ਵੀ ਗੁਰਦੁਆਰੇ ਦੇ ਪ੍ਰਧਾਨ ਨੂੰ ਚਕੋਤੇ ’ਤੇ ਦੇ ਦਿੱਤੀ ਸੀ।

...ਤੇ ਫੌਜੀ ਆਪਣੀ ਹਮ-ਉਮਰ... ਵਿਧਵਾ ਭਰਜਾਈ ਗੁਰਮੀਤੋ ਨਾਲ ਜਾ ਰਲਿਆ ਜੋ ਸ਼ਹਿਰ ਦੇ ਚੜ੍ਹਦੇ ਪਾਸੇ ਆਪਣੇ ਬੇਟੇ ਨਾਲ ਮਕਾਨਾਂ ਵਿੱਚ ਰਹਿੰਦੀ ਸੀ। ਬੇਟਾ ਜੋ ਬਾਪ ਦੇ ਮਗਰੋਂ ਦੋ ਮੁੰਡੂ ਨੌਕਰ ਰੱਖ ਕੇ ਪ੍ਰਚੂਨ ਦੀ ਦੁਕਾਨ ਸੁਹਣੀ ਚਲਾਉਣ ਲੱਗ ਪਿਆ ਸੀ। ਫੌਜੀ ਦੀ ਆਪਣੀ ਇਸ ਭਰਜਾਈ ਨਾਲ ਕੁਆਰੇ ਹੁੰਦੇ ਤੋਂ ਗ੍ਹਾਟੀ ਫਸੀ ਹੋਈ ਸੀ। ਫੌਜੀ ਨੂੰ ਗੁਰਮੀਤੋ ਤੋਂ ਹੀ ਉਲਾਦ ਦੀ ਉਮੀਦ ਹੋਣ ਲੱਗੀ। ਮੁੰਡਾ ਚਾਹੇ ਕੁੜੀ... ਸਮਾਜ ਵਿੱਚ ਬੇਉਲਾਦ ਨੂੰ ‘ਔਤ’ ਕਿਹਾ ਜਾਂਦਾ ਸੁਣਨਾ ਮੌਤ ਬਰਾਬਰ ਸੀ। ਫੁੱਲ ਬੂਟੇ ਵੀ ਆਪ ਖਤਮ ਹੋਣ ਤੋਂ ਪਹਿਲਾਂ ਆਪਣੇ ਬੀਜ ਆਪਣੀ ਮਿੱਟੀ ਵਿੱਚ ਸੁੱਟ ਜਾਂਦੇ... ਮਰਨ ਪਿੱਛੋਂ ਆਪਣੇ ਬੀਜ... ਤੁਖ਼ਮ ਰਾਹੀਂ ਜਿਊਂਦੇ ਰਹਿਣ ਦੀ ਕੁਦਰਤੀ ਅਭਿਲਾਸ਼ਾ ਕਿਸ ਨੂੰ ਨਹੀਂ ਹੁੰਦੀ। ਕੋਈ ਲਿਖਾ ਨਾ ਪੜ੍ਹੀ, ਉਲਾਦ ਖਾਤਰ ਮਨੋ ਮਨੀ ਭਰਜਾਈ ’ਤੇ ਚਾਦਰ ਪਾ ਲਈ। ਭਰਜਾਈ ਨੂੰ ਘਰ ਵਿੱਚ ਲਿਆਉਣਾ ਨਾਮੁਮਕਿਨ ਸੀ। ਕਾਟੋ-ਕਲੇਸ਼ ਤੋਂ ਲੁਕਦਾ ਉਹ ਆਪਣੀ ਟਿੰਡ-ਫਹੁੜੀ ਚੁੱਕ ਮਕਾਨਾਂ ਵਿੱਚ ਜਾ ਵੜਿਆ। ਉਸਨੂੰ ਉਲਾਦ... ਵਾਰਿਸ ਮੁੰਡੇ ਦੀ ਐਨੀ ਭੁੱਖ ਕਿ ਹਫੜਾ ਦਫੜੀ ਵਿੱਚ ਉਸਨੇ ਨਾ ਕੁਝ ਸਮਝਿਆ ਤੇ ਨਾ ਉਸਨੂੰ ਕਿਸੇ ਨੇ ਦੱਸਿਆ ਕਿ ਉਸ ਵੇਲੇ ਗੇਜੋ ਭਾਰੇ ਪੈਰੀਂ ਸੀ। ਚਾਦਰਦਾਰੀ ਤੋਂ ਅੱਠ ਮਹੀਨੇ ਬਾਅਦ ਗੇਜੋ ਦੇ ਆਖ਼ਰੀ ਉਲਾਦ ਪਾਲੀ ਜੰਮ ਪਿਆ। ਮਕਾਨਾਂ ਵਿੱਚ ਫੌਜੀ ਨੂੰ ਸਾਹਮਣੇ ਚੁੱਪ ਬੈਠੀ ਗੁਰਮੀਤੋ ਦਿਸੀ ਤਾਂ ਉਸਨੂੰ ਆਪਣੀ ਘਰਵਾਲੀ ਗੇਜੋ ਦੇ ਮੁੰਡਾ ਜੰਮਣ ਦੀ ਖੁਸ਼ੀ ਦਾ ਹਲਕਾ ਜਿਹਾ ਭਾਵ ਵੀ ਲੁਕੋਣਾ ਪੈ ਗਿਆ। ਨਾ ਹੱਸ ਹੋਵੇ। ਨਾ ਰੋ ਹੋਵੇ। ਗੇਜੋ ਦੇ ਤਿੰਨ ਬੱਚੇ ਪਹਿਲਾਂ ਖਤਮ ਹੋਏ... ਹੁਣ ਚੌਥੇ ਦੇ ਬਚਣ ਦੀ ਕੀ ਆਸ ਹੋ ਸਕਦੀ ਸੀ? ਉਸਦੇ ਬਚਣ ਦੀ ਤਾਂ ਫੌਜੀ ਤੇ ਗੇਜੋ ਦੋਵਾਂ ਨੂੰ ਭੋਰਾ ਵੀ ਉਮੀਦ ਨਹੀਂ ਸੀ। ਚੌਥੇ ਬੱਚੇ ਦੀ ਮੌਤ ਦਾ ਡੰਕਾ ਆਂਢ-ਗੁਆਂਢ ਵੱਜਣ ਲੱਗਿਆ। “ੲ੍ਹੀਦੀ... ਗੇਜੋ ਦੀ ਉਲਾਦ ਨੀਂ ਬਚਦੀ। ਤਿੰਨ ਮਰ ਲੇ। ਹੁਣ ਚੌਥਾ ਦੇਖੋ। ਕਿਆ ਬਣਦਾ। ਹੋਰ ੳੁੱਪਰੋਂ ਮਾੜੇ ਭਾਗ। ਘਰ ਆਲਾ ਵੀ ਭੱਜ ਗਿਆ। ਭਰਜਾਈ ਗੈਲ ਰਲ ਗਿਆ। ਜਮੀਨ ਕਿਆ ਚੱਟਣੀ ਐ।”, ਸਾਹਮਣੇ ਘਰ ਵਿੱਚ ਕਾਕੋ ਬੋਲਣ ਤੋਂ ਨਾ ਹਟਦੀ।

“ਪੁੱਤ, ਰੱਬ ਦੇ ਰੰਗਾਂ ਦਾ ਭੇਤ ਨੀਂ ਕੋਈ। ਉਹਦੀਆਂ ਓਹ ਜਾਣੇ।”, ਕੋਈ ਬਿਰਧ ਮਾਂ ਗੇਜੋ ਨੂੰ ਅਸੀਸ ਦੇਣ ਤੋਂ ਵੀ ਨਾ ਹਟਦੀ... ਤਾਂ ਵੀ ਪਾਲੀ ਦੀ ਮੌਤ ਹਰ ਪਲ ਬੇਸਬਰੀ ਨਾਲ ਉਡੀਕੀ ਜਾ ਰਹੀ ਸੀ... ਤੇ ਓਧਰ ਮਕਾਨਾਂ ਵਿੱਚ ਗੁਰਮੀਤੋ ਦੇ ਹਾਮਲਾ ਹੋਣ ਦੀ ਉਮੀਦ ਉਡੀਕੀ ਜਾ ਰਹੀ ਸੀ। ਪਾਲੀ ਦੀ ਮੌਤ ਉਡੀਕਦੀ ਖਲਕਤ ਹਰ ਮਹੀਨੇ ਹਰ ਸਾਲ ਲਗਾਤਾਰ ਜੰਮੀ ਗਈ... ਮਰੀ ਗਈ, ਪਰ ਪਾਲੀ ਪਲਦਾ ਹੀ ਚਲਾ ਗਿਆ। ਵੱਡਾ... ਹੋਰ ਵੱਡਾ ਹੁੰਦਾ ਚਲਿਆ ਗਿਆ... ਲੱਗਦਾ ਜਿਵੇਂ ਕੋਈ ਕਿ੍ਰਸ਼ਨ ਭਗਵਾਨ ਗੇਜੋ ਦੀ ‘ਰਕਸ਼ਾ’ ਕਰਨ ਲਈ ਧਰਤੀ ’ਤੇ ਉਤਰ ਆਇਆ ਹੋਵੇ। ਕੋਈ ਬਜ਼ੁਰਗ ਕਹਿੰਦਾ:

‘ਅਹੀਆਂ ਜਹੀਆਂ ਮਿਹਰਾਂ ਫੌਜੀ ਦੇ ਕਰਮਾਂ ਵਿੱਚ ਕਿੱਥੇ? ਭਮਾਂ ਇੱਕ ਤੀਮੀ ਹੋਰ ਕਰ ਲਿਆਵੇ। ਲੇਖ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ। ’ ...ਤੇ ਗੁਰਮੀਤੋ ਕਦੇ ਹਾਮਲਾ ਨਾ ਹੋਈ।

ਆਖ਼ਰ ਫੌਜੀ... ਭਰਜਾਈ ਦੇ ਟੱਬਰ ਦਾ ਰੋਸ ਸਹਿੰਦਾ ਹੋਇਆ... ਪਾਲੀ ਨੂੰ ਪ੍ਰਾਇਮਰੀ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਮਿਲਣ ਆਉਣ ਲੱਗ ਪਿਆ। ਸ਼ਹਿਰ ਵਿੱਚ ਘੁੰਮਾਉਂਦਾ ਫਿਰਾਉਂਦਾ। ਕਦੇ ਅੰਗੂਰ ਖਲਾਉਂਦਾ, ਕਦੇ ਜਲੇਬੀਆਂ... ਤੇ ਕਦੇ ਬੱਤਾ ਪਿਲਾਉਂਦਾ।

“ਚਲ ਪੁੱਤ ਜਾਹ ਹੁਣ। ਸਿੱਧਾ ਨੱਕ ਦੀ ਸੀਧ ਘਰ ਨੂੰ ਚਲੇ ਜਾਹ।”, ਕਿਹੋ ਜਿਹਾ ਬਾਪ ਸੀ। ਕਦੇ ਅੱਧਾ ਕਦੇ ਪੌਣਾ ਮਿਲਦਾ। ਕਦੇ ਗਾਇਬ ਹੀ ਹੋ ਜਾਂਦਾ। ਪਰ ਢਾਈ ਕਿੱਲੇ ਜ਼ਮੀਨ ਦਾ ਚਕੋਤਾ ਹਾੜੀ ਸਾਉਣੀ ਪ੍ਰਧਾਨ ਗੇਜੋ ਨੂੰ ਘਰ ਫੜਾ ਜਾਂਦਾ। ਪਾਲੀ ਜੁਆਨ ਹੁੰਦਾ ਚਲਿਆ ਗਿਆ। ਪਾਲੀ ਕਦੇ ਮਕਾਨਾਂ ਵਿੱਚ ਉਂਜ ਗਿਆ ਰਾਤ ਨੂੰ ਬਾਪ ਦੇ ਕਮਰੇ ਵਿੱਚ ਹੀ ਸੌਂ ਜਾਂਦਾ... ਪਰ ਗੇਜੋ ਆਪਣੇ ਬੇਟੇ ਦਾ ਕਿੱਥੇ ਵਸਾਹ ਖਾਂਦੀ। ਸੂਰਜ ਚੜ੍ਹਨ ’ਤੋਂ ਪਹਿਲਾਂ ਆਪਣਾ ਮੁੰਡਾ ਮੋੜ ਲਿਆਉਣ ਤੁਰ ਪੈਂਦੀ। ਪੰਦਰਾਂ ਸਾਲ ਦਾ ਪਾਲੀ ਇਸ ਕੋੜਮੇ ਦਾ ਪਹਿਲਾ ਗੱਭਰੂ ਸੀ... ਜਿਸ ਨੇ ਬੋਰਡ ਦੀ ਦਸਵੀਂ ਜਮਾਤ ਦਾ ਇਮਤਿਹਾਨ ਪਹਿਲੇ ਹੱਲੇ ਪਾਸ ਕਰ ਲਿਆ। ਉਸਦੇ ਦਸਵੀਂ ਪਾਸ ਕਰਨ ਦਾ ਮਕਾਨਾਂ ਵਿੱਚ ਬੁਰਾ ਅਸਰ ਹੋਇਆ ਕਿ ਫੌਜੀ ਨੇ ਉਸਨੂੰ ਮਿਲਣਾ ਗਿਲਣਾ... ਬੁਲਾਉਣਾ ਬੰਦ ਕਰ ਦਿੱਤਾ। ਜੇ ਕਦੀ ਕਿਸੇ ਐਤਵਾਰ ਉਹ ਮਕਾਨਾਂ ਵਿੱਚ ਫੌਜੀ ਤੋਂ ਕੋਈ ਅਰਜ਼ੀ ਜਾਂ ਕੋਈ ਫਾਰਮ ਦਸਤਖ਼ਤ ਕਰਾਉਣ ਚਲਾ ਵੀ ਜਾਂਦਾ ਤਾਂ ਗੁਰਮੀਤੋ ਬੁੜੀ ਦਾ ਸਾਰਾ ਟੱਬਰ... ਮੁੰਡਾ ਨੂੰਹ, ਚਾਰ ਪੋਤੇ ਪੋਤੀਆਂ ਸਭ ਚੋਰਾਂ ਵਾਂਗ ਫੌਜੀ ਦੁਆਲੇ ’ਕੱਠੇ ਹੋ ਕੇ ਸੋਚਦੇ ਕਿ ਇਹ ਕਾਹਦੇ ਦਸਤਖ਼ਤ ਕਰੀ ਜਾਂਦਾ। ਫੌਜੀ ਗੇਜੋ ਨੂੰ ਘਰ ਆ ਕੇ ਇਹ ਵੀ ਕਹਿ ਗਿਆ: ‘ਅਪਣੇ ਮੁੰਡੇ ਨੂੰ ਆਪ ਸੰਭਾਲ। ਮਕਾਨਾਂ ਵਿੱਚ ਨਾ ਜਾਣ ਦੲੀਂ ਮੁੜ ਕੇ। ਉੱਥੇ ਬਹੁਤ ਟੂਣੇ-ਟਾਮਣੇ ਹੁੰਦੇ।’ ਨਾ ਪਤਾ ਕਿ ਉਸਨੇ ਸ਼ੁੱਧ ਝੂਠ ਹੀ ਬੋਲ ਦਿੱਤਾ ਹੋਵੇ। ਕਾਲਜ ਵਿੱਚ ਦਾਖਲਾ ਲੈਣਾ ਸੀ ਤਾਂ ਪਾਲੀ ਜ਼ਮੀਨ ਵਿੱਚ ਹੀ ਫੌਜੀ ਨੂੰ ਜਾ ਮਿਲਿਆ। ਦਾਖਲਾ ਫਾਰਮ ’ਤੇ ਪਿਤਾ ਦੇ ਦਸਤਖ਼ਤ ਹੋਣੇ ਸਨ ।

“ਕਿਆ ਐ?”

“ਮੈਂ ਕਾਲਜ ਵਿੱਚ ਗਿਆਰਵੀ ਜਮਾਤ ਵਿੱਚ ਦਾਖਲਾ ਲੈਣਾ।”

“ਫੇਰ ਮੈਂ ਕਿਆ ਕਰਨਾ?”

“ਦਸਤਖ਼ਤ ਕਰਾਉਣੇ।”, ਪਾਲੀ ਨੇ ਭਰਿਆ ਹੋਇਆ ਫਾਰਮ ਉਸ ਵੱਲ ਵਧਾਇਆ।

“ਇਹ ਹੈ ਕਿਆ?”

“ਐਡਮੀਸ਼ਨ ਫਾਰਮ...”

“ਕਿੱਥੇ ਸੈਨ ਕਰਨੇ?”, ਪਾਲੀ ਨੇ ਫਾਰਮ ਦੇ ਅਖ਼ੀਰ ਉੱਤੇ ਉਂਗਲ ਰੱਖ ਕੇ ਨਿੱਬ ਵਾਲਾ ਪੈੱਨ ਫੜਾ ਦਿੱਤਾ।

“ਐਥੇ ਈ ਕਰਨੇ ਐ? ਪੱਕਾ?”, ਪਾਲੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।

“ਦੇਖੀਂ ਕਿਤੇ ਹੋਰ ਥਾਂਓਂ ਏ ਨਾ ਦਸਖਤ ’ਗੂਠਾ ਕਰਾ ਲਈਂ।”, ਪਾਲੀ ਸੁੰਨ ਹੋ ਕੇ ਫਾਰਮ ਸੰਭਾਲਣ ਲੱਗਿਆ।

ਅੰਗਰੇਜਾਂ ਅਧੀਨ ਸਾਰੇ ਅਨਪੜ੍ਹ ਫੌਜੀਆਂ ਨੂੰ ਅਫ਼ਸਰਾਂ ਨੇ ਅੰਗਰੇਜ਼ੀ ਵਿੱਚ ਦਸਤਖ਼ਤ ਕਰਨੇ ਸਿਖਾ ਦਿੱਤੇ ਸਨ। ਫੌਜੀ ਪਹਿਲਾਂ ਅੰਗਰੇਜ਼ੀ ਵਿੱਚ ਹੀ ਸਾਈਨ ਕਰਦਾ ਹੁੰਦਾ ਸੀ। ਹੁਣ ਉਸਨੇ ਗੁਰਮੁਖੀ ਵਿੱਚ ਟੁੱਟੇ ਜਹੇ ਦਸਤਖ਼ਤ ਕਰਨੇ ਸਿੱਖ ਲਏ। ਹੋਰ ਸਭ ਕਾਗਜ਼ ਪੱਤਰ ਉਹ ਅੰਗਰੇਜ਼ੀ ਵਿੱਚ ਹੀ ਸਾਇਨ ਕਰਦਾ। ਪਾਲੀ ਨੇ ਉਹਦੇ ਦਸਤਖ਼ਤਾਂ ਦਾ ਖਹਿੜਾ ਹੀ ਛੱਡ ਦਿੱਤਾ। ਜਿੱਥੇ ਲੋੜ ਪੈਂਦੀ ਉਹ ਆਪਣੇ ਆਪ ਖੱਬੇ ਹੱਥ ਨਾਲ ਉਹਦੇ ਵਰਗਾ ਹੀ ਟੁੱਟਿਆ ਜਿਹਾ ਗੁਰਬਚਨ ਸਿੰਘ ਲਿਖ ਕੇ ਦਸਤਖ਼ਤ ਬਣਾ ਦਿੰਦਾ... ਤੇ ਮੁੜ ਕਦੇ ਗੁਰਬਚਨ ਸਿੰਘ ਦਾ ਮੂੰਹ ਨਹੀਂ ਦੇਖਿਆ, ਨਾ ਕਦੇ ਮਕਾਨਾਂ ’ਚ ਗਿਆ।

ਸਮਾਂ ਨਾ ਕਦੇ ਰੁਕਿਆ। ਨਾ ਏਹਨੇ ਰੁਕਣਾ। ਜਿੰਦਗੀ ਨੇ ਤੁਰਦੇ ਰਹਿਣਾ। ਬੀ.ਏ ਪਾਸ ਪਾਲੀ ਨੂੰ ਘਰ ਤੋਂ ਚੌਵੀ ਕਿਲੋਮੀਟਰ ਦੂਰ ਵੱਡੇ ਸ਼ਹਿਰ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਦਫਤਰ ਵਿੱਚ ਕਲਰਕ ਦੀ ਪੱਕੀ ਨੌਕਰੀ ਮਿਲ ਗਈ ਸੀ। ਜਦੋਂ ਫੌਜੀ ਨੂੰ ਨੌਕਰੀ ਦਾ ਪਤਾ ਲੱਗਿਆ ਤਾਂ ਉਸਦੇ ਸਾਹਮਣੇ ਫੇਰ ਉਹੀ ਸੰਕਟ। ਇਹ ਨਾ ਸਮਝ ਲੱਗੇ ਕਿ ਹੱਸੇ ਜਾਂ ਰੋਵੇ। ਗੁਰਮੀਤੋ ਦੇ ਸਾਰੇ ਚੌਣੇ ਨੇ ਡੰਡ ਪਾ ਦਿੱਤੀ ਕਿ ਕਿੰਨੇ ਸਾਲ ਹੋ ਗਏ ਗੇਜੋ ਨੂੰ ਸਾਲਮ ਜ਼ਮੀਨ ਦਾ ਚਕੋਤਾ ਖਾਂਦੀ ਨੂੰ। ‘ਤੇਰਾ ਗੂੰਹ ਮੂਤ ਕਰਨ ਨੂੰ ਅਸੀਂ ਰਹਿ ਗੇ। ਮੁਖਤ ਚ। ਪਾਲੀ ਸਰਕਾਰੀ ਨੌਕਰ ਹੋ ਗਿਆ। ਪੱਕਾ। ਹੁਣ ਚਕੋਤਾ ਮਕਾਨਾਂ ਤੋਂ ਬਾਹਰ ਗਿਆ ਤਾਂ ਦੇਖੀਂ ਫੇਰ।’ ਆਉਂਦੀ ਸਾਉਣੀ ਨੂੰ ਕੰਡਮ ਹੋਇਆ ਬੁੱਢਾ ਪ੍ਰਧਾਨ ਗੇਜੋ ਨੂੰ ਫੌਜੀ ਦੇ ਹੁਕਮਾਂ ਮੁਤਾਬਕ ਜ਼ਮੀਨ ਦਾ ਅੱਧਾ ਚਕੋਤਾ ਹੀ ਦੇ ਕੇ ਗਿਆ। ਪਾਲੀ ਅੱਗ ਬਬੂਲਾ ਹੋ ਗਿਆ। ਅੱਧਾ... ਪੌਣਾ ਬਾਪ। ਅੱਧਾ ਚਕੋਤਾ। ਇਸ ਜ਼ਮੀਨ ਆਸਰੇ ਹੀ ਗੇਜੋ ਨੇ ਘਰ ਵਿੱਚ ਰਹਿ ਕੇ ਪਾਲੀ ਨੂੰ ਪੜ੍ਹਾਇਆ ਲਿਖਾਇਆ। ਪਰ ਮਾਂ ਦੀ ਕਮਾਈ, ਜ਼ਮੀਨ, ਜਹਾਨ ਤਾਂ ਸਭ ਪਾਲੀ ਪੁੱਤ ਹੀ ਸੀ... ਜਿਸ ਨੇ ਉਸ ਦੇ ਢਿੱਡੋਂ ਜੰਮ ਕੇ, ਇੱਕ ਛੁੱਟੀ ਪੁੱਟੀ ਔਰਤ ਨੂੰ ਸਮਾਜ ਵਿੱਚ ਮਾਂ ਵਰਗੀ ਵੱਡੀ ਹਸਤੀ ਹੋਣ ਦਾ ਰੁਤਬਾ ਦੇ ਦਿੱਤਾ।

“ਪੁੱਤ ਛੱਡ ਪਰੇ। ਤੇਰੀ ਇੱਕ ਸਾਲ ਦੀ ਤਨਖਾਹ ਦੋ ਸਾਲ ਦੇ ਚਕੋਤੇ ਦੇ ਬਰਾਬਰ। ”

“ਗੱਲ ’ਕੱਲੇ ਪੈਸਿਆਂ ਦੀ ਨਹੀਂ ਮਾਤਾ।”, ਪਿਛਲੀ ਇੱਕ ਇੱਕ ਗੱਲ ਯਾਦ ਕਰਕੇ ਪਾਲੀ ਦੇ ਮਨ ਵਿੱਚੀਂ ਫੌਜੀ ਨੂੰ ਗੋਲੀ ਮਾਰ ਕੇ ਜੇਲ੍ਹ ਜਾਣ ਦਾ ਵਿਚਾਰ ਸ਼ੂਕਦਾ ਨਿਕਲ ਗਿਆ... ਪਰ ਉਸ ਵੇਲੇ ਉਸਦੇ ਮੂਹਰੇ ਮਾਂ ਬੈਠੀ ਸੀ। ਮਾਂ ਨੂੰ ਤਾਂ ਘਰ ਬੈਠੀ ਨੂੰ ਹੀ ਜੇਲ੍ਹ ਹੋ ਜਾਣੀ ਸੀ। ਚਕੋਤੇ ਦੇ ਪੈਸੇ ਦੇਣ ਆਇਆ ਪ੍ਰਧਾਨ ਇਹ ਵੀ ਦੱਸ ਗਿਆ ਸੀ ਕਿ ਢਾਈ ਕਿੱਲੇ ਜ਼ਮੀਨ ਦੇ ਸੌਦੇ ਦੀ ਫੌਜੀ ਨਾਲ ਗੱਲਬਾਤ ਚੱਲ ਰਹੀ ਐ। ਹਾਲੇ ਗੱਲ ਕੋਈ ਸਿਰੇ ਨਹੀਂ ਲੱਗੀ। ਇਸ ਤੋਂ ’ਗਾਂਹ ਉਹਨੇ ਕੁਝ ਨਹੀਂ ਦੱਸਿਆ। ਕਿਸੇ ਪੁੱਛ ਦਾ ਕੋਈ ਜੁਆਬ ਨਾ ਦਿੱਤਾ। ਚੁੱਪ ਵੱਟੀ ਰੱਖੀ। ਇਸ ਜ਼ਮੀਨ ਦਾ ਸੌਦਾ ਕਿੱਥੇ ਕੁ ਪੁੱਜਿਆ ਕੋਈ ਨਾ ਦੱਸਦਾ। ਫੌਜੀ ਸਭ ਨੂੰ ਮਿੱਠੀਆਂ ਗੋਲੀਆਂ ਦੇਈ ਜਾਂਦਾ। ਕਿਸੇ ਦੇ ਕੱਖ ਪੱਲੇ ਨਾ ਪਾਉਂਦਾ।

ਫੇਰ ਪਾਲੀ ਨੂੰ ਪਤਾ ਲੱਗਿਆ ਕਿ ਜ਼ਮੀਨ ਪ੍ਰਧਾਨ ਨੂੰ ਵੇਚਣ ਦਾ ਸੌਦਾ ਸਿਰੇ ਲੱਗ ਗਿਆ... ਫੌਜੀ ਨੇ ਸਾਈ ਫੜ ਲਈ। ਪ੍ਰਧਾਨ ਨੇ ਰਜਿਸਟਰੀ ਕਰਾਉਣ ਲਈ ਦੋ ਮਹੀਨੇ ਦੀ ਮੋਹਲਤ ਮੰਗੀ। ਜ਼ਮੀਨ ਦੇ ਪੈਸੇ ਗੁਰਮੀਤੋ ਤੇ ਗੇਜੋ ਦੇ ਟੱਬਰਾਂ ਵਿੱਚ ਅੱਧੇ-ਅੱਧੇ ਵੰਡੇ ਜਾਣਗੇ ਜਿਸ ਉੱਤੇ ਸਾਰਾ ਖ਼ਾਨਦਾਨ ਸਹਿਮਤ ਸੀ... ਤੇ ਉਸ ਦੀ ਮਾਂ ਵੀ ਅੱਧ ਲੈ ਕੇ ਰਾਜ਼ੀ ਸੀ। ਸੋਚਦੀ ਕਾਹਨੂੰ ਹੋਰ ਕਲੇਸ਼ ਵਧਾਉਣਾ।

“ਪੁੱਤ ਤੇਰੀ ਸਰਕਾਰੀ ਨੌਕਰੀ। ਤੂੰ ਠੰਢ ਰੱਖ। ਕੋਈ ਕਮੀ ਨੀਂ। ਜਮੀਨ ਹੁਣ ਸ਼ਹਿਰ ਦੇ ਵਾਰਡ ਵਿੱਚ ਆ ਗੀ। ਕਈ ਲੱਖਾਂ ਦੀ ਹੋ ਗੀ। ਚਲ ਕੋਈ ਨਾ...”

“ਚੱਲ ਕੋਈ ਨਾ ਦਾ ਕੀ ਮਤਲਬ। ਆਪੇ ਤੂੰ ਅੱਧੇ ਪੈਸਿਆਂ ਦੀ ਹਾਮੀ ਭਰ ਤੀ। ਅੱਧਾ ਬਾਪ, ਅੱਧਾ ਘਰਆਲਾ... ਅੱਧੀ ਜਮੀਨ ਦੇ ਪੈਸੇ ਲੇ ਲੋ... ਕਿਉਂ???” ਪਾਲੀ ਨੂੰ ਆਪਣਾ ਜਨਮ ਸਰਟੀਫਿਕੇਟ ਯਾਦ ਆਇਆ ਜਿਸ ’ਤੇ ਲਿਖਿਆ ਸੀ... ਰਸ਼ਪਾਲ ਸਿੰਘ ਵਲਦ ਗੁਰਬਚਨ ਸਿੰਘ... ਤਾਂ ਪਾਲੀ ਆਪਣੀ ਮਾਂ ਨਾਲ ਲੜ ਕੇ ਘਰੋਂ ਭੱਜ ਆਇਆ... ਤੇ ਆਪਣੇ ਨਾਲ ਨੌਕਰੀ ਕਰਦੇ ਕਰਨੈਲ ਨਾਲ ਉਸਦੇ ਕਮਰੇ ਵਿੱਚ ਅੱਧੇ ਕਿਰਾਏ ਉੱਪਰ ਰਹਿਣ ਲੱਗ ਪਿਆ। ਉਸਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਾਰਡ ਨੰਬਰ 16 ਕੋਠੀ ਨੰਬਰ 226 ਟੌਪ ਫਲੋਰ ਵਿੱਚ ਰਹਿੰਦਿਆਂ ਤਿੰਨ ਹਫ਼ਤੇ ਹੋ ਚੁੱਕੇ ਸਨ। ਇਸ ਸਮੇਂ ਦੌਰਾਨ ਫੌਜੀ ਮੜ੍ਹੀਆਂ ਦੇ ਰਾਹ ਪੈ ਗਿਆ... ਤੇ ਉਸਦੇ ਇਸ ਜਹਾਨੋਂ ਆਖ਼ਰੀ ਉਡਾਰੀ ਮਾਰ ਜਾਣ ਦਾ ਪੱਕਾ ਸੁਨੇਹਾ ਵੀ ਆ ਪੁੱਜਿਆ।

ਕਮੇਟੀ ਦੀ ਹਦੂਦ ਅੱਗੇ ਵੱਧਣ ਨਾਲ ਫੌਜੀ ਦੀ ਢਾਈ ਕਿੱਲੇ ਜ਼ਮੀਨ ਹੁਣ ਜਦੋਂ ਸ਼ਹਿਰ ਵਿੱਚ ਰਲ ਗਈ ਤਾਂ ਬਹੁਤ ਮਹਿੰਗੀ ਹੋ ਗਈ। ਕਾਣਾ ਕਿਹਰਾ ਸਿੰਘ ਇਹ ਜ਼ਮੀਨ ਪੈਰ ਹੇਠ ਕਰਨ ਦੇ ਕਾਨੂੰਨੀ ਗੁਰ ਟੋਲ਼ਦਾ ਜਿਲ਼ੇ ਦੀਆਂ ਅਦਾਲਤਾਂ ਵਿੱਚ ਮੁਨਸ਼ੀਆਂ, ਵਸੀਕਾ-ਨਵੀਸਾਂ ਕੋਲ ਬੈਠਾ ਰਹਿੰਦਾ। ਉਹ ਗੁਰਮੀਤੋ ਦਾ ਵੱਡਾ ਭਾਈ... ਸਾਰੇ ਪੁਆੜਿਆਂ ਦੀ ਜੜ੍ਹ... ਮਕਾਨਾਂ ਦੇ ਅੰਦਰ ਉਸਦੀ ਤੂਤੀ ਬੋਲਦੀ... ਜਦ ਦੇਖੋ ਮਕਾਨਾਂ ਵਿੱਚ ਵੜਿਆ ਤੋੜਾਂ ਜੋੜਾਂ ਲਾਉਂਦਾ ਰਹਿੰਦਾ ਕਿ ਜਿਵੇਂ ਕਿਵੇਂ ਫੌਜੀ ਦੀ ਸਾਰੀ ਜਾਇਦਾਦ ਉਸਦੀ ਭੈਣ ਤੇ ਭਾਣਜੇ ਨੂੰ ਮਿਲ ਜਾਵੇ। ਪਰ ਅਦਾਲਤਾਂ ਵਿੱਚ ਮੁਫ਼ਤ ਸਲਾਹ ਕੌਣ ਦਿੰਦਾ। ਆਖ਼ਰ ਉਸਨੂੰ ਇੱਕ ਬੁੜ੍ਹਾ ਥਿਆ ਗਿਆ ਜੋ ਮੁਨਸ਼ੀਗਿਰੀ ਦਾ ਕਿੱਤਾ ਛੱਡ ਕੇ ‘ਰਿਟਾਇਰ’ ਹੋ ਚੁੱਕਿਆ ਸੀ। ਵਿਸਕੀ ਦੀ ਇੱਕ ਬੋਤਲ ਤੇ ਬਟਰ ਚਿਕਨ ਹੀ ਮਾਮੇ ਸ਼ਕੁਨੀ ਨੂੰ ਰਾਹ ਦਿਖਾ ਗਿਆ:

“ਕਿਹਰ ਸਿਹਾਂ ਐਂ ਦੱਸ ਬਈ ਫੌਜੀ ਕੀਆਂ ਕੈਅ ਜਨਾਨੀਆਂ?”

“ਮੇਰੀ ਭੈਣ ਗੈਲ ਕਰੇਵਾ ਹੋਇਆ ਬਿਆ।”

“ਕੋਈ ਨਿਆਣਾ ਨਿੱਕਾ?”

“ਪਹਿਲੇ ਵਿਆਹ ਕਾ ਛੋਕਰਾ। ਦਕਾਨ ਕਰਾਂ।”

“ਫੌਜੀ ਕਾ ਬੀ ਕੋਈ ਨਿਆਣਾ? ਕਰੇਵੇ ਕਾ ਕੋਈ ਕਾਗਜ ਪੱਤਰ?”,

ਕਾਣਾ ਚੁੱਪ ਰਿਹਾ। ਬੁੜ੍ਹੇ ਮੁਨਸ਼ੀ ਨੂੰ ਜਵਾਬ ਮਿਲ ਗਿਆ।

“ਦੂਈ ਪਾਰਟੀ ਘਰਆਲੀ ਐ?”

“ਉਹਦਾ ਵੀ ਕੋਈ ਕਾਗਤ ਪੱਤਰ ਨੀਂ।”, ਕਾਣੇ ਨੇ ਆਪਣੀ ਇਕਹਿਰੀ ਅੱਖ ਮੁਨਸ਼ੀ ਦੇ ਚਿਹਰੇ ’ਤੇ ਗੱਡ ਦਿੱਤੀ।

“ਉਹਦੀ ਕੋਈ ਉਲਾਦ? ਧੀ-ਪੁੱਤ?”

“ਸਭ ਮਰ ਗੇ। ਬਸ ਇੱਕ ਕਮਲਾ ਜਾ ਛੋਕਰਾ ਬਚਿਆ।”

“ਕਿੱਥੈ ਉਹ ਛੋਕਰਾ ਇਬ?”

“ਕੋਈ ਖਬਰ ਨੀਂ। ਲਾਪਤਾ। ਘਰ ਛੱਡ ਕੈ ਭੱਜ ਗਿਆ।”

“ਫੌਜੀ ਹੁਣ ਕਿੱਥੇ?”

“ਹਸਪਤਾਲ ਮਾ, ਚੌਥਾ ਦਿਨ ਅੱਜ।”

“ਹੋਸ ਹਵਾਸ ਮਾ? ਬੋਲਦਾ ਚਲਦਾ ਕੁਸ?”

“ਕੋਈ ਸੁੱਧਬੁੱਧ ਨੀਂ। ਜਵਾਬ ਦੇ ਤਾ ਡਾਗਦਾਰ ਨੈਂ।”, ਕਾਣੇ ਨੂੰ ਵੀ ਵਿਸਕੀ ’ਤਾਂਹ ਚੁੱਕੀ ਜਾ ਰਹੀ ਸੀ।

“ਫੌਜੀ ਹੁਣ ਹੈ ਤਾਂ ਥਾਰੇ ਕਬਜੇ ਮਾ?

“ਮੈਂ ਚੱਕ ਕੈ ਦਾਖਲ ਕਰਾਇਆ ਹਸਪਤਾਲ ਮਾ।”

“ਮਰਗਤ ਕੀ ਕਿਰਿਆ ਕੂਰਿਆ ਵੀ ਤੈਂਹੀ ਕਰਨੀ?”

“ਲੈ ਹੋਰ ਕੌਣ ਆਜੂ?”

ਮੁਨਸ਼ੀ ਨੇ ਪੂਰਾ ਕੇਸ ਸੁਣ ਸਮਝ ਲਿਆ... ਤੇ ਬਹੁਤੀ ਪੀ ਕੇ ਟੁੰਨ ਹੋਣ ਤੋਂ ਪਹਿਲਾਂ ਉਹ ਕਿਹਰੇ ਨੂੰ ਆਪਣੀ ਬਣਦੀ ਦਰੁਸਤ ਰਾਏ ਦੇ ਦੇਣਾ ਚਾਹੁੰਦਾ ਸੀ... ਤਾਂ ਕਿ ਕਿਹਰਾ ਫੇਰ ਵੀ ਐਵੇਂ ਹੀ ਉਸਨੂੰ ਮਿਲਦਾ ਗਿਲਦਾ ਰਵੇ... “ਜਦ ਵੀ ਫੌਜੀ ਪੂਰਾ ਹੋ ਲਿਆ... ਦੂਸਰੀ ਪਾਰਟੀ ਕੋਲ ਸੁਨੇਹਾ ਲਾ ਦੇਣਾ। ਨਹੀਂ ਤਾਂ ਉਹ ਠਾਣੇ ਮਾ ਜਾ ਵੱਜੂਗੇ... ਬਈ ਸਾੜਾ ਬੁੜ੍ਹਾ ਇਨ੍ਹਾਂ ਨੇ ਮਾਰ ਖਪਾ ਤਾ। ਸਸਕਾਰ ’ਪਰ ਫੋਟੋਗਰਾਫਰ ਆਪਣਾ ਲਿਆਇਓ। ਸਭ ਡੈੱਡ ਬੌਡੀ ਗੈਲ ਐਨ ਜੁੜ ਕੈ, ਪੈਰੀਂ ਹੱਥ ਲਾ ਕੈ ਫੋਟੋਆਂ ਖਿਚਾਓ।”, ਉਹ ਇੱਕ ਤਕੜਾ ਪੈੱਗ ਲਾ ਕੇ ਚਿਕਨ ਨੂੰ ਚਿੰਬੜ ਗਿਆ। ਅਹਾਤੇ ਵਿੱਚ ਪੈਂਦੇ ਰੌਲੇ ਵਿਚਾਲੇ ਕਾਣੇ ਦੇ ਮਨ ਵਿੱਚ ਜੋ ਸ਼ੱਕ ਪੈਦਾ ਹੁੰਦਾ, ਉਹ ਮੁਨਸ਼ੀ ਨੂੰ ਸੁਣਾਈ ਜਾਂਦਾ... ਪਰ ਚਿਕਨ ਤੇ ਬੋਤਲ ਦੇ ਅੱਧ ਪਾਰ ਪੁੱਜਿਆ ਮੁਨਸ਼ੀ ਹੁਣ ਕਿੱਥੇ ਕਿਸੇ ਦੀ ਸੁਣਦਾ।

ਮੁਨਸ਼ੀ ਤਾਂ ਹੁਣ ਇਹ ਸੋਚਦਾ ਸੀ ਕਿ ਜੇ ਦੂਸਰੀ ਪਾਰਟੀ ਉਸਨੂੰ ਮਿਲਣ ਆ ਜਾਵੇ ਤਾਂ ਉਹ ਉਹਨਾਂ ਨੂੰ ਕੀ ਸਲਾਹ ਦਏਗਾ!!

ਲਾਸ਼ ਦੇ ਬਿਲਕੁਲ ਨਾਲ ਬੈਠਾ ਕਾਣਾ ਕਿਹਰਾ ਪਾਲੀ ਦੀ ਨਿਗ੍ਹਾ ਪਿਆ। ਪਾਲੀ ਨੇ ਉਸਨੂੰ ਦੋਵੇਂ ਅੱਖਾਂ ਨਾਲ ਘੂਰਿਆ ਤਾਂ ਉਹ ਡਰਦਾ ਉੱਥੋਂ ਉੱਠ ਗਿਆ। ਫੇਰ ਸਾਰੇ ਹੀ ਲਾਸ਼ ਨੂੰ ਇਕੱਲਾ ਛੱਡ ਗਏ। ਪਾਲੀ ਹੀ ਕੋਲ ’ਕੱਲਾ ਬੈਠਾ ਰਹਿ ਗਿਆ। ਪਾਲੀ ਨੂੰ ਲਾਸ਼ ਕੋਲ ’ਕੱਲਾ ਬੈਠਾ ਦੇਖ ਮਾਸੜ ਗੁਰਦਿੱਤਾ ਉਸਨੂੰ ਬਾਹੋਂ ਫੜ ਕੇ ਬਾਹਰ ਵਿਹੜੇ ਵਿੱਚ ਲੈ ਗਿਆ ਤਾਂ ਕਿ ਮੁੰਡਾ ਤਾਜ਼ੀ ਹਵਾ ਵਿੱਚ ਬੈਠ ਜਾਵੇ। ਉਹ ਕੱਫਨ ਖਰੀਦ ਕੇ ਹੁਣੇ ਮੁੜਿਆ ਸੀ।

ਵਿਹੜੇ ਵਿੱਚ ਸਾਰੇ ਲਾਸ਼ ਨੂੰ ਅੰਤਿਮ ਇਸ਼ਨਾਨ ਕਰਵਾਉਣ ਦੀ ਤਿਆਰੀ ਕਰ ਰਹੇ ਸਨ। ਮਕਾਨਾਂ ਵਿੱਚ ਫੌਜੀ ਦੇ ਸਸਕਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਗੁਰਮੀਤੋ ਤੇ ਉਸਦੇ ਰਿਸ਼ਤੇਦਾਰ ਹੀ ਨਿਭਾ ਰਹੇ ਸਨ। ਫੋਟੋਗਰਾਫਰ ਵੀ ਉਹਨਾਂ ਨੇ ਹੀ ਬੁਲਾਇਆ ਹੋਇਆ ਸੀ। ਲਾਸ਼ ਨੂੰ ਬਾਹਰ ਲਿਆਉਣ ਲਈ ਬਰਫ਼ ਹਟਾ ਦਿੱਤੀ। ਉਹ ਸਾਰੇ ਲਾਸ਼ ਦੇ ਦੁਆਲੇ ਬੈਠ ਕੇ ਫੋਟੋਆਂ ਖਿਚਵਾਉਣ ਲੱਗੇ। ਉਹਨਾਂ ਦੀ ਕੋਸ਼ਿਸ਼ ਸੀ ਕਿ ਪਾਲੀ ਤੇ ਪਾਲੀ ਦੀ ਮਾਂ ਦੀ ਲਾਸ਼ ਨਾਲ ਕੋਈ ਫੋਟੋ ਨਾ ਖਿੱਚੀ ਜਾ ਸਕੇ। ਪਰ ਪਾਲੀ ਦਾ ਛੇ ਫੁੱਟ ਲੰਬਾ ਕੱਦ ਕੌਣ ਲੁਕੋਵੇ? ਲਾਸ਼ ਨੂੰ ਦਹੀਂ ਮਲ ਕੇ ਨਲਾਉਣਾ ਸ਼ੁਰੂ ਕਰ ਦਿੱਤਾ। ਪਾਲੀ ਨੇ ਵੀ ਇੱਕ ਲੱਪ ਦਹੀਂ ਫੌਜੀ ਦੀ ਛਾਤੀ ’ਤੇ ਮਲ਼ ਦਿੱਤਾ... ਬਾਕੀਆਂ ਨੂੰ ਕਿਰਿਆ ਕਰਮ ਕਰਦੇ ਦੇਖਦਾ ਰਿਹਾ। ਉਸਦਾ ਧਿਆਨ ਵੀ ਕੈਮਰੇ ਵਿੱਚ ਸੀ। ਲਾਸ਼ ਦੇ ਨੰਗੇਜ ਨੂੰ ਵੀ ਬਹੁਤ ਧਿਆਨ ਨਾਲ ਦੇਖਿਆ। ਗੁਬਾਰਿਆਂ ਨਾਲ ਸਜੀ ਅਰਥੀ ਵੀ ਆ ਗਈ। ਕੈਮਰਾ ਵੀ ਚੱਲੀ ਗਿਆ। ਕੱਫਨ ਵੀ ਪੈ ਗਏ। ਪਾਲੀ ਤੇ ਸਾਧੇ ਨੇ ਅਖ਼ੀਰ ਵਿੱਚ ਲਾਲ ਦੁਸ਼ਾਲਾ ਪਾਇਆ। ਕਮੇਟੀ ਦੀ ਗੱਡੀ ‘ਸਵਵਾਹਨ’ ਵੀ ਆ ਗਈ... ਤੇ ਜਿਸ ਬਜ਼ੁਰਗ ਨੇ ਪਾਲੀ ਨੂੰ ਲਾਸ਼ ਦੇ ਕੋਲ ਬਿਠਾਇਆ ਸੀ ਉਸਦੀ ਉੱਚੀ ਘੱਗੀ ਆਵਾਜ਼ ਉੱਭਰੀ:

“ਪਾਲੀ ਉੱਠ ਪੁੱਤ ਖੜ੍ਹਾ ਹੋ ਮੂਹਰੇ...।”

ਸਸਕਾਰ ਤੋਂ ਬਾਅਦ ਪਾਲੀ ਸ਼ਹਿਰ ਵਿੱਚ ਆਪਣੇ ਕਲਾਸਫੈਲੋ ਦੇ ਵਕੀਲ ਬਾਪ ਨੂੰ ਜਾ ਮਿਲਿਆ... ਤੇ ਆਪਣੀ... ਤੇ ਆਪਣੀ ਮਾਂ ਦੀ ਸਾਰੀ ਵਿਥਿਆ ਸੁਣਾ ਦਿੱਤੀ।

“ਤੇਰੇ ਕੋਲ ਤੇਰਾ ਬਰਥ ਸਰਟੀਫਿਕੇਟ ਹੈਗਾ?”

“ਹੈਗਾ ”

“ਕਿਸ ਤੋਂ ਲਿਆ ਸਰਟੀਫਿਕੇਟ?”

“ਸਿਵਲ ਸਰਜਨ ਤੋਂ।”

“ਕਿਸ ਕਿਸ ਦੇ ਨਾਮ ਲਿਖੇ ਉਸ ਵਿੱਚ?”

“ਮੇਰਾ, ਮੇਰੇ ਪਿਤਾ ਸ੍ਰੀ ਗੁਰਬਚਨ ਸਿੰਘ ਤੇ ਮੇਰੇ ਦਾਦੇ ਬਿਸ਼ਨ ਦਾਸ ਦਾ।”

“ਹੋਰ ਕਈ ਮੈਰਿਜ ਸਰਟੀਫਿਕੇਟ?”

“ਨਹੀਂ, ਕੋਈ ਨਹੀਂ।”

“ਗੁਰਬਚਨ ਸਿੰਘ ਨੇ ਕੋਈ ਵਸੀਅਤ ਕੀਤੀ ਹੋਵੇ?”

“ਸਾਡੇ ਕੋਲ ਕੋਈ ਵਸੀਹਤ ਨਹੀਂ। ਉਹਨਾਂ ਬਾਰੇ ਸਾਨੂੰ ਕੋਈ ਨਾਲੇਜ ਨਹੀਂ... ਅੰਕਲ ਜੀ ਜੇ ਪੰਗਾ ਪੈ ਹੀ ਗਿਆ ਤਾਂ ਤੁਸੀਂ ਲੜੋਂਗੇ ਇਹ ਕੇਸ।” ਵਸੀਹਤ ਦਾ ਜ਼ਿਕਰ ਸੁਣ ਕੇ ਪਾਲੀ ਕੰਬ ਗਿਆ ਕਿ ਨੌਬਤ ਇੱਥੋਂ ਤੱਕ ਵੀ ਆ ਸਕਦੀ ਹੈ।

“ਕੋਈ ਗੱਲ ਨਹੀਂ ਬੇਟੇ ਲੜ ਲਾਂਗੇ... ਜੇ ਕੋਈ ਵਸੀਅਤ ਕਿਸਦੇ ਹੱਕ ਵਿੱਚ ਹੋਈ ਤਾਂ ਜੱਜ ਕੋਲ ਉਹ ਕਨੂੰਨਨ ਸਹੀ ਸਾਬਿਤ ਕਰਨੀ ਪਏਗੀ। ਜੇ ਬੇਟਾ ਜ਼ਮੀਨ, ਦੁਕਾਨ, ਮਕਾਨ ਮੰਗਦਾ ਤਾਂ ਉਸਨੂੰ ਬੇਟਾ ਸਾਬਿਤ ਕਰਨਾ ਪਏਗਾ। ਐਂਜ ਹੀ ਘਰਵਾਲੀ ਨੂੰ ਵੀ ਘਰਵਾਲੀ ਸਾਬਿਤ ਕਰਨਾ ਪਏਗਾ... ਭੋਗ ਤੱਕ ਵ੍ਹੇਟ ਕਰੋ। ਭੋਗ ’ਤੇ ਸਭ ਨਿਖਰ ਜਾਏਗਾ। ਤਹਿਸੀਲਦਾਰ ਨੂੰ ਇੰਤਕਾਲ ਕਰਨ ਲਈ ਅਰਜ਼ੀ ਤਾਂ ਹੁਣੇ ਹੀ ਦੇ ਦਿਓ।”

“ਰਸ਼ਪਾਲ ਸਿੰਘ ਕਿਹੜਾ?” ਤਾਂ ਕਾਣੇ ਨੇ ਵਕੀਲ ਨੂੰ ਫੋਟੋਆਂ ’ਤੇ ਉਂਗਲ ਰੱਖ ਕੇ ਸਮਝਾਇਆ। ਵਕੀਲ ਸਾਰੀਆਂ ਫੋਟੋਆਂ ਦੇਖਦਾ ਰਿਹਾ ਤੇ ਅਨਪੜ੍ਹ ਕਾਣਾ ਇੱਕ ਅੱਖ ਨਾਲ ਵਕੀਲ ਦਾ ਚਿਹਰਾ ਪੜ੍ਹਦਾ ਰਿਹਾ।

“ਹੋਰ ਵੀ ਹੈ ਕੁਝ?”

“ਐਨੀਆਂ ਫੋਟੋਆਂ ਥ੍ਹੋੜੀਆਂ?”

“ਰਸ਼ਪਾਲ ਸਿੰਘ ਤਾਂ ਸਾਰੀਆਂ ਫੋਟੋਆਂ ਵਿੱਚ ਸ਼ਾਮਿਲ ਖੜ੍ਹਾ ਐ!”

“ਫੇਰ?”

“ ਜ਼ਮੀਨ ਕਿਸ ਦੇ ਕਬਜ਼ੇ ਵਿੱਚ ਐ?”

“ ਕਿਸੇ ਦਾ ਕੋਈ ਕਬਜਾ ਨੀਂ ... ਠੇਕੇ ’ਪਰ ਦਿੱਤੀ ਬੀ। ਜਮੀਨ ਦਾ ਤਾਂ ਸੌਦਾ ਹੋ ਲਿਆ ਤਾ... ਬੱਸ ਦਿਨਾਂ ਦੀਓ ਖੇਲ ਤੀ ... ਬਮਾਰ ਪੈ ਗਿਆ... ਮੁੱਕ ਲਿਆ।”

“ਤੁਸੀਂ ਦੂਜੀ ਪਾਰਟੀ ਨਾਲ ਸਮਝੌਤਾ ਕਰ ਲਓ... ਯਾ...”

“ਯਾ ਕਿਆ?”

“ਕੋਈ ਹੋਰ ਵਕੀਲ ਕਰ ਲਓ...”, ਕਾਣਾ ਅੱਧਾ ਜਿਹਾ ਹੋਇਆ ਮਕਾਨਾਂ ਵਿੱਚ ਆ ਗਿਆ।

ਮਕਾਨਾਂ ਵਿੱਚ ਹੀ ਸਹਿਜ ਪਾਠ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸੇ ਥਾਂ ’ਤੇ ਕੀਤਾ ਜਿੱਥੇ ਲਾਸ਼ ਬਰਫ਼ ਉੱਪਰ ਪਈ ਸੀ। ਪਾਠੀਆਂ ਨੇ ਗਿਆਰਾਂ ਦਿਨ ਸਵੇਰੇ ਸ਼ਾਮ ਪਾਠ ਕੀਤਾ। ਅੰਤ ਨੂੰ ਅਰਦਾਸ ਹੋਈ। ਦੇਗ ਵਰਤਾਈ ਤੇ ਸਮੂਹ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਗਿਆ। ਪਾਲੀ ਤੇ ਉਸਦੀ ਮਾਂ ਸਿਰ ਨੀਵਾਂ ਕਰੀ ਬੈਠੇ ਸੋਚੀ ਗਏ। ਦੋਵਾਂ ਦੇ ਹੋਸ਼ ਉੜੇ ਹੋਏ। ਬਾਪ ਦਾ... ਘਰਵਾਲੇ ਦਾ ਸਸਕਾਰ ਤਾਂ ਬਿਗਾਨੇ ‘ਮਕਾਨਾਂ’ ਵਿੱਚੋਂ ਹੋਇਆ... ਹੁਣ ਭੋਗ ਵੀ ਬਿਗਾਨੇ ਮਕਾਨਾਂ ਵਿੱਚ ਹੀ? ਕਿਸੇ ਨੇ ਨਹੀਂ ਕਿਹਾ ਕਿ ਫੌਜੀ ਦਾ ਭੋਗ ਫੌਜੀ ਦੇ ਆਪਣੇ ਘਰ ਵਿੱਚ ਹੀ ਪੈਣਾ ਚਾਹੀਦਾ ਸੀ। ਪਾਲੀ ਨੇ ਭੋਗ ਦੇ ਖਰਚੇ ਲਈ ਮਕਾਨਾਂ ਵਿੱਚ ਪੈਸੇ ਕਿਸੇ ਦੇ ਹੱਥ ਭੇਜੇ... ਪਰ ਕਾਣੇ ਨੇ ਇਹ ਪੈਸੇ ਉਸੇ ਵੇਲੇ ਮੁੜਵਾ ਦਿੱਤੇ। ਸਿਰ ਨੀਵਾਂ ਕਰੀ ਬੇਬਸ ਬੈਠੇ ਪਾਲੀ ਦਾ ਪਾਰਾ ਚੜ੍ਹ ਰਿਹਾ ਸੀ। ਵਸੀਹਤ ਦਾ ਭੂਤ ਉਸਨੂੰ ਡਰਾ ਰਿਹਾ ਸੀ। ਇੱਕ ਪਲ ਵਿੱਚ ਹੀ ਕਿਸੇ ਨੇ ਰਾਜੇ ਤੋਂ ਰੰਕ ਹੋ ਜਾਣਾ ਸੀ। ਜੇ ਉਹਦੀ ਮਾਂ ਘਾਬਰ ਕੇ ਕੁੱਝ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਉਹ ਆਪਣੇ ਮੂੰਹ ’ਤੇ ਉਂਗਲ ਰੱਖ ਕੇ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ। ਦੋਹਾਂ ਨੂੰ ਧਰਤੀ ਮਾਂ ਵੀ ਢੋਈ ਨਾ ਦੇਂਦੀ। ਕੀ ਪਤਾ ਦੋਹਾਂ ਦਾ ਜਹਾਨ ਕਦੋਂ ਉੱਜੜ ਜਾਵੇ... ਹੁਣ ਕੀ ਹੋਵੇਗਾ। ਇਹ ਮਕਾਨਾਂ ਦੀਆਂ ਇੱਟਾਂ ਹੀ ਉਹਨਾਂ ਦੇ ਜੋੜਾਂ ਵਿੱਚ ਬੈਠ ਗਈਆਂ... ਇਹ ਜ਼ਮੀਨ ਹੀ ਸਭ ਨੂੰ ਲੈ ਬੈਠੀ।

ਕੀ ਕੁਝ ਹੋਵੇਗਾ ਹੁਣ???

ਹਰ ਕੋਈ ਸ਼ਸ਼ੋਪੰਜ ਵਿੱਚ ਪਿਆ ਸੂਲੀ ਟੰਗਿਆ ਹੋਇਆ ਸੀ। ਢਲਦੀ ਦੁਪਹਿਰ ਹੌਲੀ ਹੌਲੀ ਸਭ ਖਿਸਕ ਗਏ। ਰਿਸ਼ਤੇਦਾਰ ਹੀ ਰਹਿ ਗਏ। ਹੁਣ ਕਾਣਾ ਤੇਜ਼ੋਤੇਜ਼ ਸਮਝੌਤੇ ਬਾਰੇ ਸੋਚਣ ਲੱਗਿਆ ਹੋਇਆ ਸੀ ਕਿ... ‘ਸਮਝੌਤੇ ਦਾ ਮਤਲਬ ਕਿਆ ਹੋਆ। ਅੱਧਾ ਤੇਰਾ ਅੱਧਾ ਮੇਰਾ। ਹਮੇਂ ਨੀਂ ਪੁੱਗਦਾ ਯੌਹ ਅੱਧਾ ਅੱਧਾ। ਸਾਰੀ ਉਮਰ ਗੂੰਹ ਮੂਤ ਗੁਰਮੀਤੋ ਨੈਂ ਕਰਿਆ। ਫੌਜੀ ਕਮਲਾ। ਪਹਿਲਾਂ ਸਾਰਾ ਠੇਕਾ ’ਕੱਲੀ ਨੂੰ ਖਲਾਈ ਗਿਆ। ਅੱਧਾ ਬੀ ਕਿਊਂ ਦੇਣਾ।’ ਕਾਣੇ ਨੇ ਆਪਣੇ ਪਾਸੇ ਦੇ ਰਿਸ਼ਤੇਦਾਰਾਂ ਨੂੰ ਸਮਝਾਇਆ ਕਿ ਪਹਿਲਾਂ ਸਾਰੇ ਫੌਜੀ ਦੀ ਪੱਗ ਪਾਲੀ ਦੇ ਹੀ ਬੰਨ੍ਹ ਦਿਓ। ਲੋਕਾਂ ਮੂਹਰੇ ਜਲੂਸ ਨਹੀਂ ਕੱਢਣਾ। ਪੱਗ ਬੰਨ੍ਹਣ ਨਾਲ ਕੀ ਫਰਕ ਪੈਣਾ। ਪਰ ਅੱਧਾ ਉੱਧਾ ਕੋਈ ਨੀਂ ਦੇਣਾ ਅਸੀਂ। ਨਾ ਅੱਧਾ ਲੇਣਾ। ਟਿਕ ਕੇ ਮੇਲਾ ਦੇਖੋ... ਹਵਾ ਰੁਕੀ ਹੋਈ ਸੀ। ਪੱਤਾ ਨਹੀਂ ਸੀ ਹਿੱਲਦਾ। ਸਾਰੇ ਰਿਸ਼ਤੇਦਾਰ ਗੁਰਦੁਆਰੇ ਤੋਂ ਲਿਆਂਦੀਆਂ ਦਰੀਆਂ ਉੱਤੇ ਬੁਰੀ ਤਰਾਂ ਫਸੇ ਹੋਏ ਬੈਠੇ ਸਨ। ਚੁਪਾਸੀਂ ਚੁੱਪ ਛਾਈ ਹੋਈ। ਸਾਰੇ ਪੰਡਾਲ ਵਿੱਚ... ਪੂਰੇ ਮਕਾਨਾਂ ਦੇ ਚਾਰੇ ਖੂੰਜਿਆਂ ਤੱਕ ਸੰਨਾਟਾ ਛਾਇਆ ਹੋਇਆ ਸੀ। ਕਾਣੇ ਵਾਲੇ ਪਾਸੇ ਤੋਂ ਕਿਸੇ ਬੇਨਾਮ ਬੰਦੇ ਤੋਂ ਚੁੱਪ ਦਾ ਖੌਫ਼ ਨਾ ਸਹਾਰ ਹੋਇਆ... ਤੇ ਉਸ ਬੰਦੇ ਨੇ ਉੱਚੀ ਦੇਣੀ ਬੜ੍ਹਕ ਮਾਰ ਦਿੱਤੀ। ਸ਼ਾਇਦ ਉਸ ਬੰਦੇ ਨੇ ਘੁੱਟ ਦਾਰੂ ਵੀ ਪੀ ਲਈ ਹੋਵੇ। ਬੜ੍ਹਕ ਤੋਂ ਡਰ ਕੇ ਸਭ ਫਟਾਫਟ ਖਿਸਕਣ ਲੱਗੇ। ਪਾਲੀ ਨੇ ਗੋਡੇ ਸਿੱਧੇ ਕਰ ਲਏ। ਉਸ ਦੇ ਪੈਰ ਸੌਂ... ਸੁੰਨ ਹੋ ਗਏ ਸਨ। ਵਸੀਹਤ ਬਾਰੇ ਕਿਸੇ ਨੇ ਕੁੱਝ ਨਹੀਂ ਬੋਲਿਆ... ਪਰ ਹੁਣ ਉਹ ਕੀ ਕਰੇ। ਇੱਕ ਦਮ ਉਸ ਨੂੰ ਇੱਕ ਘੱਗੀ ਆਵਾਜ਼ ਸੁਣੀ: ‘ਪਾਲੀ ਉੱਠ ਪੁੱਤ ਖੜ੍ਹਾ ਹੋ ਮੂਹਰੇ’, ਫੌਜੀ ਦੀ ਅਰਥੀ ਚੁੱਕਣ ਸਮੇਂ ਇੱਕ ਬਜੁਰਗ ਦਾ ਇਹ ਉੱਚਾ ਬੋਲ ਯਾਦ ਆਇਆ... ਤੇ ਉਹ ਇਹ ਬੋਲ ਯਾਦ ਕਰਦਾ ਖੜ੍ਹਾ ਹੋ ਗਿਆ।

“ਉੱਠ ਮਾਤਾ ਅਪਣੇ ਘਰਾਂ ਨੂੰ ਚੱਲੀਏ। ” ਉਸਨੇ ਮਾਂ ਦਾ ਹੱਥ ਫੜ੍ਹਿਆ।

“ਪੁੱਤ...” ਮਾਂ ਦੇ ਮੂੰਹੋਂ ਇਹ ਇੱਕ ਬੋਲ ਮਸਾਂ ਨਿਕਲਿਆ।

ਘਰਾਂ ਤੱਕ ਪੁੱਜਦਿਆਂ ਸੂਰਜ ਢਲ ਚੁੱਕਿਆ ਸੀ। ਗਰਮੀ ’ਚ ਕੁਝ ਠੰਢਕ ਰਲਣ ਲੱਗੀ। ਕੱਪੜੇ ਲਾਹ ਕੇ ਫੋਲਡਿੰਗ ਬੈੱਡ ’ਤੇ ਲੇਟਿਆ ਪਾਲੀ ਸੋਚ ਰਿਹਾ ਸੀ ਕਿ ਨਿੱਤ ਦੇ ਖਲਜਗਣ ਤੋਂ ਖਹਿੜਾ ਛੁੱਟਿਆ ... ‘ਮਕਾਨਾਂ’ ਤੋਂ ਜਾਨ ਛੁੱਟ ਗਈ। ਫੌਜੀ ਦੀ ਦੇਹ ਨਾਲ ਬਹੁਤ ਕੁੱਝ ਮਾੜਾ, ਸ਼ਰਮਨਾਕ ਵੀ ਸੜ ਕੇ ਸੁਆਹ ਹੋ ਗਿਆ ਜਿਸ ਬਾਰੇ ਸੋਚਦਿਆਂ ਸਿਰ ਨੀਵਾਂ ਹੁੰਦਾ ਸੀ।

ਫੌਜੀ ਸੀ ਯਾ ਬਾਪ ਸੀ। ਮੇਰਾ ਹੀ ਸੀ। ਕਿਸੇ ਦਾ ਕੀ ਸੀ। ਉਹਦੇ ਜੀਊਣ ਦੇ ਢੰਗ ਤੋਂ ਕੋਫ਼ਤ ਆਉਂਦੀ ਸੀ ਬਸ। ਚਲਾ ਗਿਆ ਇੱਥੋਂ। ਸੁਰਗ ਜਾਵੇ ਭਾਵੇਂ ਨਰਕ। ਕੋਈ ਮੁਕਰਿਆ ਕਿ ਗੇਜੋ ਉਹਦੀ ਘਰਵਾਲੀ ਨਹੀਂ ਯਾ ਮੈਂ ਉਹਦਾ ਪੁੱਤ ਨਹੀਂ। ਉਹਦੀ ... ਬਾਪੂ ਦੀ ਜ਼ਮੀਨ ਦਾ ਜੋ ਬਣਨਾ ਬਣ ਜੂ। ਵਸੀਹਤ ਦਾ ਤਾਂ ਅਜੇ ਕੋਈ ਨਾਮੋ-ਨਿਸ਼ਾਨ ਨਹੀਂ। ਜਦੋਂ ਸਾਹਮਣੇ ਆਏਗੀ ਪੜ੍ਹ ਲਾਂਗੇ। ਵਸੀਹਤ ਤਾਂ ਅਜੇ ਆਉਣੀ ਐ। ਬਰਥ ਸਰਟੀਫਿਕੇਟ ਮੇਰੇ ਕੋਲ... ਅਸੀਂ ਤਾਂ ਦੋਵੇਂ ਮਾਂ-ਪੁੱਤ ਅੜੇ ਖੜ੍ਹੇ ਐਂ ਰੜੇ ਮੈਦਾਨ।

ਗੇਜੋ ਡੁਸਕਦੀ ਮੰਜੇ ’ਤੇ ਬਹਿ ਗਈ, “ ਪੁੱਤ ਕਿਆ ਸਮਝ ਆਇਆ ਤਨੂੰ?”

“ਘਾਬਰ ਨਾ ਮਾਤਾ। ਭੋਗ ਨਿੱਬੜ ਗਿਆ। ਬਾਕੀ ਵੀ ਨਿੱਬੜ ਜੂ ... ਅਸੀਂ ਮਾਲਕ, ਸਾਨੂੰ ਅੱਧਾ ਹਿੱਸਾ ਦੇਣ ਵਾਲੇ ਉਹ ਕੌਣ ਹੁੰਦੇ ਐ? ਕੱਲ੍ਹ ਨੂੰ ਮੌਤ ਦੇ ਸਰਟੀਫਿਕੇਟ ਦੀਆਂ ਨਕਲਾਂ ਮਿਲ ਜਾਣੀਆਂ। ਅਸੀਂ ਦੋਵੇਂ ਚਲਾਂਗੇ ਤਸੀਲਦਾਰ ਦੇ ਦਫ਼ਤਰ... ਕਿ ਸਾਡਾ ਬੰਦਾ ਗੁਜ਼ਰ ਗਿਆ, ਸਾਡੇ ਨਾਂਓਂ ਇੰਤਕਾਲ ਕਰੋ। ਭੱਜਦਿਆਂ ਨੂੰ ਵਾਹਣ ਇੱਕੋ ਜਿਹਾ... ਕਿਤੇ ਜੱਜ ਅਫ਼ਸਰ ਮੁੱਕ ਤਾਂ ਨੀਂ ਗਏ ... ਅਦਾਲਤਾਂ ਕੋਈ ਮਰ ਥੋੜ੍ਹਾ ਗਈਆਂ। ”

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ