Of Adversity (Essay in Punjabi) : Francis Bacon
ਵਿਪਦਾ (ਲੇਖ) : ਫ਼ਰਾਂਸਿਸ ਬੇਕਨ
“ਸੰਪੈ ਦੇਖ ਨ ਹਰਖੀਐ ਬਿਪਤ ਦੇਖ ਨ ਰੋਇ ॥
ਜਿਉਂ ਸੰਪੈ ਤਿਉਂ ਬਿਪਤ ਹੈ, ਬਿਧ ਨੇ ਰਚਯਾ ਸੁ ਹੋਇ ।”
ਸੇਨੇਕਾ੧ ਨੇ ਬਹੁਤ ਠੀਕ ਆਖਿਆ ਹੈ, ਕਿ ਸੰਪਤੀ ਕਾਲ ਦੀਆਂ ਜਿੰਨੀਆਂ ਚੰਗੀਆਂ ਚੀਜ਼ਾਂ ਹਨ, ਉਨ੍ਹਾਂ ਦੇ ਮਿਲਣ ਦੀ ਇੱਛਾ ਰੱਖਣੀ ਚਾਹੀਦੀ ਹੈ ਪਰ ਵਿਪਦਾ ਦੇ ਸਮੇਂ ਦੀਆਂ ਜਿੰਨੀਆਂ ਚੰਗੀਆਂ ਚੀਜ਼ਾਂ ਹਨ, ਉਨ੍ਹਾਂ ਦੀ ਅਚਰਜ ਦੇ ਸਹਿਤ ਉਪਮਾ ਕਰਨੀ ਚਾਹੀਦੀ ਹੈ । ਮਨੁੱਖ ਸੁਭਾਵ ਦੇ ਉਤੇ ਅਧਿਕਾਰ ਕਰਨ ਲਈ ਜੇਕਰ ਵਿਲੱਖਣ ਚਮਤਕਾਰ ਰਹਿੰਦੇ ਹੋਣ ਤਾਂ ਅਜੇਹੇ ਅਨੇਕਾਂ ਚਮਤਕਾਰ ਵਿਪਦਾ ਵਿਚ ਹੀ ਨਜ਼ਰ ਆਉਂਦੇ ਹਨ । ਉਸੇ ਤਤ੍ਵਵੇਤਾ ਦੀ ਉਪਰਲੀ ਉਕਤੀ ਨਾਲੋਂ ਵਧ ਕੇ ਇਕ ਹੋਰ ਉਕਤੀ ਹੈ । ਉਹ ਆਖਦਾ ਹੈ ਕਿ ਮਨੁੱਖ ਵਿਚ ਉਸਦੀ ਅਸ਼ਕਤਤਾ ਅਤੇ ਵਾਹਿਗੁਰੂ ਦੀ ਨਿਰਭੈਤਾ ਦਾ ਹੋਣਾ ਹੀ ਸੱਚੀ ਵਡਿਆਈ ਹੈ । ਇਸ ਤਰ੍ਹਾਂ ਦੀ ਉਕਤੀ ਕਵਿਤਾ ਵਿਚ ਬਹੁਤ ਸੋਭਾ ਦੇਂਦੀ ਹੈ, ਕਿਉਂਕਿ ਉਸ ਵਿਚ ਮਨਮੰਨੀ ਕਲਪਣਾ ਕਰ ਸਕੀਦੀ ਹੈ । ਪ੍ਰਾਚੀਨ ਗ੍ਰੀਕ ਅਤੇ ਰੋਮਨ ਕਵੀਆਂ ਨੇ ਇਸ ਦਾ ਉਪਯੋਗ ਕੀਤਾ ਭੀ ਹੈ । ਉਹ ਆਖਦੇ ਹਨ ਕਿ ਪ੍ਰੋਮੀਥੀਅਸ੨ ਨੂੰ ਛੁਡਾਉਣ ਲਈ ਜਦ ਹਰਕਯੂਲਿਸ੩ ਤਿਆਰ ਹੋਇਆ ਤਦ ਉਸ ਨੇ ਇਸ ਵੱਡੇ ਮਹਾਂਸਾਗਰ ਨੂੰ ਮਿੱਟੀ ਦੀ ਬੇੜੀ ਉਤੇ ਚੜ੍ਹ ਕੇ ਪਾਰ ਕੀਤਾ, ਜਿਸ ਤੋਂ ਇਹ ਮਤਲਬ ਨਿਕਲਦਾ ਹੈ ਕਿ ਦ੍ਰਿੜ੍ਹ ਸੰਕਲਪ ਕਰਨ ਨਾਲ ਇਸ ਪੰਜਾਂ ਭੂਤਾਂ ਨਾਲ ਬਣੇ ਹੋਏ ਨਾਸਮਾਨ ਸਰੀਰ ਨਾਲ ਹੀ ਮਨੁੱਖ ਸੰਸਾਰ ਰੂਪੀ ਸਮੁੰਦਰ ਦੇ ਪਾਰ ਜਾਣ ਵਿਚ ਸਮਰਥ ਹੋ ਸਕਦਾ ਹੈ । ਖੁਸ਼ਹਾਲੀ ਵਿਚ ਕੁਕਰਮਾਂ ਤੋਂ ਬਚ ਕੇ ਰਹਿਣਾ ਚੰਗਾ ਗੁਣ ਹੈ ਅਤੇ ਵਿਪਦਾ ਵਿਚ ਧੀਰਜ ਰੱਖਣਾ ਵੀ ਸੱਚਾ ਗੁਣ ਹੈ ਪਰ ਇਨ੍ਹਾਂ ਵਿਚੋਂ ਦੂਜਾ ਸਦਗੁਣ ਅਰਥਾਤ ਵਿਪਦਾ ਵਿਚ ਧੀਰਜ ਰੱਖਣਾ ਨੀਤੀ ਸ਼ਾਸਤਰ ਵਾਲਿਆਂ ਨੇ ਚੰਗਾ ਸਮਝਿਆ ਹੈ । ਖੁਸ਼ਹਾਲੀ ਵਿਚ ਅਨੇਕਾਂ ਭੈਦਾਇਕ ਅਤੇ ਅਨਿਛਿਤ ਗੱਲਾਂ ਦਾ ਹੋਣਾ ਅਸੰਭਵ ਨਹੀਂ ਅਤੇ ਵਿਪਦਾ ਵਿਚ ਆਸ਼ਾ ਅਤੇ ਸਮਾਧਾਨ ਕਰਨ ਵਾਲੀਆਂ ਗੱਲਾਂ ਦਾ ਹੋਣਾ ਭੀ ਅਸੰਭਵ ਨਹੀਂ ।
ਅਸੀਂ ਦੇਖਦੇ ਹਾਂ ਕਿ ਮਾਮੂਲੀ ਵੇਲ ਬੂਟਾ ਕੱਢਣ ਅਤੇ ਜ਼ਰੀ ਦਾ ਕੰਮ ਕਰਨ ਵਿਚ ਕਾਲੇ ਅਤੇ ਸਾਦੇ ਕਪੜੇ ਉੱਤੇ ਰੰਗੀਨ ਕੰਮ ਜੇਹੀ ਸੋਭਾ ਦੇਂਦਾ ਹੈ । ਉਜੇਹਾ ਚਮਕੀਲੇ ਕਪੜੇ ਉਤੇ ਕਾਲਾ ਕੰਮ ਸੋਭਾ ਨਹੀਂ ਦੇਂਦਾ, ਇਸ ਲਈ ਆਨੰਦਿਤ ਹੋਣ ਦੀ ਕਲਪਣਾ ਅੱਖਾਂ ਦੇ ਆਨੰਦਿਤ ਹੋਣ ਦੇ ਤੌਰ ਨੂੰ ਦੇਖ ਕੇ ਕਰਨੀ ਚਾਹੀਦੀ ਹੈ । ਸੱਚ ਤਾਂ ਇਹ ਹੈ ਕਿ ਸਦਗੁਣ ਖੁਸ਼ਬੋਦਾਰ ਚੀਜ਼ ਦੇ ਸਮਾਨ ਹੈ । ਇਸ ਤਰ੍ਹਾਂ ਸੁਗੰਧਿਤ ਵਡਮੁੱਲੀ ਚੀਜ਼ ਨੂੰ ਜਦ ਤਕ ਅੱਗ ਵਿਚ ਨਹੀਂ ਪਾਉਂਦੇ, ਜਾਂ ਉਸ ਨੂੰ ਤੋੜਦੇ ਨਹੀਂ ਤਦ ਤਕ ਉਸਦੀ ਖੁਸ਼ਬੋ ਬਾਹਰ ਨਹੀਂ ਨਿਕਲਦੀ, ਉਸੇ ਤਰ੍ਹਾਂ ਹੀ ਜਦ ਤਕ ਵਿਪਦਾ ਨਹੀਂ ਆਉਂਦੀ ਤਦ ਤਕ ਸੱਚੇ ਸਦਗੁਣ ਦਾ ਹੋਣਾ ਜਾਂ ਨਾ ਹੋਣਾ ਭੀ ਨਹੀਂ ਜਾਣਿਆ ਜਾਂਦਾ । ਸੰਪਦਾ ਵਿਚ ਦੁਰਗੁਣ ਚੰਗੀ ਤਰ੍ਹਾਂ ਨਜ਼ਰ ਆਉਂਦੇ ਹਨ ਅਤੇ ਵਿਪਦਾ ਵਿਚ ਸਦਗੁਣ ਚੰਗੀ ਤਰ੍ਹਾਂ ਨਜ਼ਰ ਆਉਂਦੇ ਹਨ ।
ਗੁਰੂ ਜੀ ਭੀ ਦਸਦੇ ਹਨ ਕਿ “ਦੁਖ ਦਾਰੂ ਸੁਖ ਰੋਗ ਭਇਆ।”
ਸੰਪਤ ਤੋਂ ਵਿਪਦਾ ਭਲੀ ਜੋ ਕੋ ਸਮਝ ਸਕੇ ।
ਸੰਪਤ ਮੈਂ ਫੂਲੇ ਨਹੀਂ ਬਿਪਦਿ ਨਾਂ ਹਾਇ ਬਕੇ ॥੨॥
(੧. ਰੋਮ ਨਗਰ ਵਿਚ ਸੈਨੇਕਾ ਨਾਮੀ ਇਕ ਪ੍ਰਸਿੱਧ ਤਤ੍ਵਵੇਤਾ ਪੁਰਖ ਹੋ ਚੁੱਕਾ ਹੈ ।
੨. ਪ੍ਰੋਮੀਥੀਅਸ ਦਾ ਜਨਮ ਗ੍ਰੀਸ ਦੇਸ ਵਿਚ ਹੋਇਆ ਸੀ। ਇਹ ਅਜੇਹਾ ਵਿਲੱਖਣ ਚਤੁਰ ਅਤੇ ਛਲੀਆ ਸੀ ਕਿ ਇਸ ਨੇ ਦੇਵਤਿਆਂ ਨਾਲ ਭੀ ਛਲ ਕੀਤਾ । ਇਸੇ ਕਰਕੇ ਜੂਪੀਟਰ ਨਾਮੀ ਦੇਵਤਿਆਂ ਦੇ ਰਾਜੇ ਨੇ ਕਰੋਧ ਵਿਚ ਆ ਕੇ ਇਸ ਨੂੰ ਕਾਕੇਸ਼ਸ ਪਹਾੜ ਦੀ ਇਕ ਚੋਟੀ ਨਾਲ ਬੰਨ੍ਹ ਦਿਤਾ ਸੀ । ਇਥੋਂ ਹਰਕਯੂਲਿਸ ਨੇ ਉਸ ਨੂੰ ਛੁਡਾਇਆ ਸੀ ।
੩. ਹਰਕਯੂਲਿਸ ਭੀ ਗ੍ਰੀਸ ਦੇਸ਼ ਵਿਚ ਇਕ ਮਹਾਂ ਪਰਾਕ੍ਰਮੀ ਪੁਰਖ ਹੋ ਚੁੱਕਾ ਹੈ। ਮਰਨ ਦੇ ਪਿਛੋਂ ਲੋਕਾਂ ਨੇ ਇਸ ਨੂੰ ਦੇਵਤਿਆਂ ਦੀ ਪਦਵੀ ਦਿੱਤੀ ਅਤੇ ਆਦਰ ਭੀ ਉਜੇਹਾ ਹੀ ਕੀਤਾ ।)
(ਅਨੁਵਾਦਕ : ਮੋਹਨ ਸਿੰਘ ਵੈਦ)