Of Death (Essay in Punjabi) : Francis Bacon
ਮੌਤ (ਲੇਖ) : ਫ਼ਰਾਂਸਿਸ ਬੇਕਨ
“ਮਰਣ ਲਿਖਾਇ ਮੰਡਲ ਮਹਿ ਆਇ ।”
“ਇਕ ਦਿਨ ਸੋਵਨ ਹੋਇਗੋ ਲਾਂਬੇ ਗੋਡ ਪਸਾਰ।”
“ਜੋ ਜਨਮੇ ਤਿਸ ਸਰ ਪਰ ਮਰਣਾ ।”
“ਮਰਣ ਜੀਵਣੁ ਜੋ ਸਮ ਕਰਿ ਜਾਣੈ
ਸੋ ਮੇਰੇ ਪ੍ਰਭ ਭਾਇਦਾ ।”
ਬਾਲਾਂ ਨੂੰ ਹਨੇਰੇ ਵਿਚ ਜਾਂਦਿਆਂ ਜਿਸ ਤਰ੍ਹਾਂ ਡਰ ਲਗਦਾ ਹੈ, ਮਨੁੱਖ ਨੂੰ ਉਸੇ ਤਰ੍ਹਾਂ ਹੀ ਮੌਤ ਦਾ ਡਰ ਲਗਦਾ ਹੈ । ਜਿਸ ਤਰ੍ਹਾਂ ਬਾਲਾਂ ਦਾ ਉਹ ਸੁਭਾਵਿਕ ਡਰ ਕਥਾ ਕਹਾਣੀ ਆਦਿਕ ਦੇ ਸੁਣਨ ਨਾਲ ਵਧਦਾ ਹੈ, ਉਸੇ ਤਰ੍ਹਾਂ ਮਨੁੱਖਾਂ ਦਾ ਡਰ ਭੀ ਮੌਤ ਦੀਆਂ ਗੱਲਾਂ ਸੁਣ ਸੁਣ ਕੇ ਵਧਦਾ ਹੈ । ਅਸਲ ਵਿਚ ਮੌਤ ਨੂੰ ਵਾਹਿਗੁਰੂ ਨੇ ਕੀਤੇ ਹੋਏ ਅਪਰਾਧਾਂ ਤੋਂ ਮੁਕਤ ਹੋਣ ਲਈ ਸੁਰਗ ਵਿਚ ਜਾਣ ਦਾ ਦਰਵਾਜ਼ਾ ਰੂਪ ਬਣਾਇਆ ਹੈ, “ਜਿਸ ਮਰਣੇ ਤੇ ਜਗੁ ਡਰੈ ਮੇਰੇ ਮਨਿ ਆਨੰਦ । ਮਰਣੇ ਤੇ ਹੀ ਪਾਈਏ ਪੂਰਣ ਪਰਮਾਨੰਦ ।” ਇਸ ਲਈ ਉਸ ਨੂੰ ਪਵਿੱਤਰ ਅਤੇ ਧਰਮ ਸਮਝਣਾ ਚਾਹੀਦਾ ਹੈ, ਪਰ ‘ਜੋ ਆਇਆ ਸੋ ਚਲਸੀ' ਅਥਵਾ ਜੋ ਆਇਆ ਹੈ ਸੋ ਜਾਵੇਗਾ । ਇਸ ਤਰ੍ਹਾਂ ਦੀ ਚਿੰਤਾ ਕਰਕੇ ਮੌਤ ਕੋਲੋਂ ਡਰਨਾ ਅਵਿਵੇਕਤਾ ਦਾ ਲੱਛਣ ਹੈ । ਪਰ ਬਹੁਤ ਮਨੁੱਖ ਮਰਨ ਦੀ ਬਾਬਤ ਕਈ ਤਰ੍ਹਾਂ ਦੀਆਂ ਤਰਕਾਂ ਕਰਦੇ ਹਨ । ਤਪਸਿਆ ਨਾਲ ਸੰਬੰਧ ਰੱਖਣ ਵਾਲੀਆਂ ਪ੍ਰਾਚੀਨ ਪੁਸਤਕਾਂ ਵਿਚ ਲਿਖਿਆ ਹੋਇਆ ਹੈ ਕਿ ਤੁਸੀਂ ਆਪਣੇ ਹੱਥ ਦੀ ਇਕ ਉਂਗਲ ਨੂੰ ਸਾੜ ਕੇ ਜਾਂ ਹੋਰ ਕਿਸੇ ਕਾਰਣ ਨਾਲ ਉਸ ਨੂੰ ਦੁਖ ਦੇ ਕੇ ਦੇਖੋ ਕਿ ਤੁਹਾਨੂੰ ਕਿੰਨਾ ਕਸ਼ਟ ਹੁੰਦਾ ਹੈ, ਅਤੇ ਉਸ ਕਸ਼ਟ ਨਾਲ ਮੌਤ ਦੇ ਕਸ਼ਟ ਦੀ ਤੁਲਨਾ ਕਰੋ ਜਦ ਕਿ ਸਾਰਾ ਸਰੀਰ ਜੀਵਾਤਮਾ ਨਾਲੋਂ ਵੱਖਰਾ ਹੁੰਦਾ ਹੈ । ਪਰ ਇਸ ਤਰ੍ਹਾਂ ਦੀ ਦਲੀਲ ਠੀਕ ਨਹੀਂ ਕਹੀ ਜਾ ਸਕਦੀ । ਕਿਉਂਕਿ ਮਰਨ ਦੇ ਸਮੇਂ ਬਹੁਤ ਕਰਕੇ ਇੰਨਾ ਭੀ ਕਸ਼ਟ ਨਹੀਂ ਹੁੰਦਾ ਜਿੰਨਾ ਕਿ ਸਰੀਰ ਦੇ ਅੰਗ ਦੇ ਕਟ ਜਾਣ ਜਾਂ ਦੁਖੀ ਹੋਣ ਨਾਲ ਹੁੰਦਾ ਹੈ । ਕਾਰਣ ਇਹ ਹੈ ਕਿ ਕਦੇ ਕਦੇ ਕਿਸੇ ਨਾਜ਼ਕ ਜਗ੍ਹਾ ਵਿਚ ਪੀੜ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦਾ ਵੇਗ ਜਾਂਦਾ ਰਹਿੰਦਾ ਹੈ । ਇਕ ਤੱਤ੍ਵਵੇਤਾ ਨੇ ਬਹੁਤ ਠੀਕ ਕਿਹਾ ਹੈ ਕਿ ਮੌਤ ਨਾਲੋਂ ਮੌਤ ਦੇ ਸਮੇਂ ਦਾ ਸਰੂਪ ਬਹੁਤ ਡਰਾਉਣਾ ਲਗਦਾ ਹੈ । ਮਰਦੇ ਹੋਏ ਦਾ ਰੋਣਾ, ਉਸ ਦੇ ਮੂੰਹ ਦਾ ਭੈੜਾ ਹਾਲ, ਉਸ ਦੇ ਅੰਗਾਂ ਦਾ ਦਰਦ ਆਦਿਕ ਗੱਲਾਂ ਦੇਖ ਕੇ ਮਨੁੱਖਾਂ ਦਾ ਡਰ ਜਾਣਾ ਕੋਈ ਅਚਰਜ ਦੀ ਗੱਲ ਨਹੀਂ ।
ਇਕ ਗੱਲ ਇਹ ਵੀ ਧਿਆਨ ਵਿਚ ਰੱਖਣ ਦੇ ਲਾਇਕ ਹੈ ਕਿ ਮਨੁੱਖ ਵਿਚ ਅਜਿਹੇ ਭੀ ਰੋਗ ਹਨ ਕਿ ਜਿਨ੍ਹਾਂ ਦੇ ਪੈਦਾ ਹੋ ਜਾਣ ਨਾਲ ਮਨੁੱਖ ਮੌਤ ਨੂੰ ਭੀ ਤਿਣਕੇ ਦੀ ਤਰ੍ਹਾਂ ਜਾਣਦਾ ਹੈ । ਇਸ ਲਈ ਮਨੁੱਖ ਵਿਚ ਇਸ ਤਰ੍ਹਾਂ ਦੇ ਜਦ ਅਨੇਕਾਂ ਵਿਕਾਰ ਜਾਗਰਿਤ ਹਨ ਤਾਂ ਮੌਤ ਕੋਲੋਂ ਇੰਨਾ ਕਦੇ ਭੀ ਨਹੀਂ ਡਰਨਾ ਚਾਹੀਦਾ । ਦੇਖੋ ਬਦਲਾ ਲੈਣ ਵੇਲੇ ਮਨੁੱਖ ਮੌਤ ਨੂੰ ਕੁਝ ਸਮਝਦਾ ਹੀ ਨਹੀਂ। ਪ੍ਰੇਮ ਵਿਚ ਮਸਤ ਹੋ ਜਾਣ ਕਰਕੇ ਮਨੁੱਖ ਮੌਤ ਦਾ ਭੀ ਨਿਰਾਦਰ ਕਰਦਾ ਹੈ । ਬਦਨਾਮੀ ਤੋਂ ਡਰਨ ਲਈ ਮਨੁੱਖ ਮੌਤ ਨੂੰ ਦਿਲੋਂ ਮਨੋਂ ਚਾਹੁੰਦਾ ਹੈ । ਦੁਖ ਵਿਚ ਮਨੁੱਖ ਮੌਤ ਨੂੰ ਘਰ ਬੈਠੇ ਸੱਦਦਾ ਹੈ ਅਤੇ ਡਰ ਦੇ ਮਾਰੇ ਡਰਪੋਕ ਮਨੁੱਖ ਆਪਣੇ ਆਪ ਨੂੰ ਅਪਣੇ ਹੀ ਹੱਥੀਂ ਮੌਤ ਦੇ ਹਵਾਲੇ ਕਰ ਦੇਂਦਾ ਹੈ। ਇੰਨਾ ਹੀ ਨਹੀਂ ਸਗੋਂ ਕਦੇ ਕਦੇ ਦੂਜਿਆਂ ਦੇ ਦੁੱਖ ਨੂੰ ਦੇਖ ਕੇ ਭੀ ਮਨੁੱਖ ਆਪਣੇ ਪ੍ਰਾਣ ਦੇ ਦੇਂਦਾ ਹੈ । ਰੋਮ ਦੇ ‘ਓਥੋ’ ਨਾਮੀ ਰਾਜੇ ਨੇ ਜਦ ਆਪਣੇ ਹੱਥੀਂ ਆਪ ਨੂੰ ਮਾਰ ਸੁਟਿਆ, ਤਦ ਉਸ ਦੇ ਅਨੇਕਾਂ ਸੱਚੇ ਮਿੱਤਰਾਂ ਅਤੇ ਸ਼ਰਧਾ ਰੱਖਣ ਵਾਲਿਆਂ ਨੇ ਭੀ ਅਪਣੇ ਪ੍ਰਾਣ ਦੇ ਦਿੱਤੇ। ਸੇਨੇਕਾ ਨਾਮੀ ਰੋਮ ਦਾ ਤੱਤ੍ਵਵੇਤਾ ਇਥੋਂ ਤਕ ਕਹਿੰਦਾ ਹੈ ਕਿ ਜੋ ਮਨੁੱਖ ਸੂਰਬੀਰ ਜਾਂ ਦੁਖੀ ਨਹੀਂ ਹੈ, ਉਸ ਨੂੰ ਭੀ ਜੇਕਰ ਕਿਸੇ ਕੰਮ ਦੇ ਲਈ ਵਾਰ ਵਾਰ ਮਜਬੂਰ ਕੀਤਾ ਜਾਵੇ ਤਾਂ ਉਹ ਭੀ ਉਦਾਸ ਹੋ ਕੇ ਆਪਣੇ ਪ੍ਰਾਣ ਛੱਡ ਦੇਂਦਾ ਹੈ ।
ਯਾਦ ਰੱਖਣਾ ਚਾਹੀਦਾ ਹੈ ਕਿ ਮਰਨ ਦੇ ਸਮੇਂ ਭੀ ਕਈ ਸੱਤ ਪੁਰਖਾਂ ਦੀ ਚਿੱਤ ਬ੍ਰਿਤੀ ਵਿਚ ਫਰਕ ਨਹੀਂ ਪੈਂਦਾ। ਉਹ ਮਰਦਿਆਂ ਤਕ ਪਹਿਲੇ ਵਾਂਗ ਹੀ ਖੁਸ਼ ਰਹਿੰਦੇ ਹਨ । ਰਾਜਿਆਂ ਵਿਚ ਇਸ ਤਰਾਂ ਦੇ ਅਨੇਕਾਂ ਦ੍ਰਿਸ਼ਟਾਂਤ ਦੇਖੇ ਜਾਂਦੇ ਹਨ। ਆਰਾਸਟਸ ਸੀਜ਼ਰ ਅਪਣੀ ਇਸਤ੍ਰੀ ਨੂੰ ਆਦਰ ਦੀਆਂ ਗੱਲਾਂ ਕਹਿੰਦਾ ਕਹਿੰਦਾ ਮਰ ਗਿਆ, ਅੰਤ ਸਮੇਂ ਉਸ ਨੇ ਆਪਣੀ ਇਸਤ੍ਰੀ ਨੂੰ ਕਿਹਾ, “ਲਿਬੀਆ ! ਅਸੀਂ ਚਲਦੇ ਹਾਂ, ਪਰ ਸਾਨੂੰ ਭੁੱਲ ਨਾ ਜਾਣਾ । ਰੋਮ ਦਾ ਇਤਿਹਾਸਵੇਤਾ ਟੈਸੀਟਸ ਆਖਦਾ ਹੈ ਕਿ ਟਿਬੇਰੀਅਮ ਨੇ ਮਰਦਿਆਂ ਤਕ ਆਪਣਾ ਗੰਭੀਰ ਸੁਭਾਵ ਨਹੀਂ ਸੀ ਛੱਡਿਆ। ਉਸ ਵੇਲੇ ਭੀ ਉਸ ਦੇ ਮੂੰਹ ਵਿਚ ਅਤੇ ਪੇਟ ਵਿਚ ਇਕ ਗੱਲ ਸੀ । ਬੋਸਪੇਸ਼ੀਅਨ ਆਨੰਦ ਕਰਨ ਵਾਲੀਆਂ ਗੱਲਾਂ ਕਰਦਾ ਕਰਦਾ ਮਰ ਗਿਆ । ਮਰਨ ਸਮੇਂ ਸਟੂਲ ਉਤੇ ਬੈਠੇ ਬੈਠੇ ਉਸ ਨੇ ਕਿਹਾ ਸਾਨੂੰ ਜਾਣ ਪੈਂਦਾ ਹੈ ਕਿ ਅਸੀਂ ਦੇਵਤਾ ਹੋ ਰਹੇ ਹਾਂ੧। ਮਰਨ ਸਮੇਂ ਗਾਲਬਾ੧ ਨੇ ਮੱਥੇ ਉਤੇ ਹੱਥ ਰੱਖ ਕੇ ਆਪਣੇ ਮਾਰਨ ਵਾਲਿਆਂ ਨੂੰ ਕਿਹਾ ਕਿ ‘ਜੇਕਰ ਸਾਡੇ ਮਰਨ ਵਿਚ ਹੀ ਲੋਕਾਂ ਨੂੰ ਖੁਸ਼ੀ ਹੈ, ਤਾਂ ਲਓ ਇਹ ਸਿਰ ਹਾਜ਼ਰ ਹੈ ।' ਸੈਪੇਟੀਮੀਅਸ ਸਿਬੇਰਿਸ ਨੇ ਛੇਤੀ ਨਾਲ ਕੰਮ ਕਰਦਿਆਂ ਕਰਦਿਆਂ ਇਹ ਆਖਿਆ ਕਿ ਜੇਕਰ ਹੋਰ ਕੁਝ ਕਰਨਾ ਹੈ ਤਾਂ ਝਟ ਕਰੋ, ਤਾਂ ਜੋ ਪ੍ਰਾਣ ਛੱਡੀਏ ।
ਢੂੰਡਣ ਨਾਲ ਇਸ ਤਰ੍ਹਾਂ ਦੇ ਹੋਰ ਭੀ ਦ੍ਰਿਸ਼ਟਾਂਤ ਮਿਲ ਸਕਦੇ ਹਨ। ਕਿਸੇ ਕਿਸੇ ਕੌਮ ਦੇ ਲੋਕ ਮੌਤ ਨੂੰ ਬਹੁਤ ਕੁਝ ਸਮਝਦੇ ਹਨ, ਅਤੇ ਉਸ ਦੇ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਲਗਦੇ ਹਨ, ਜਿਸ ਕਰਕੇ ਮੌਤ ਦਾ ਡਰ ਹੋਰ ਵਧ ਜਾਂਦਾ ਹੈ । ਜਿਨ੍ਹਾਂ ਨੇ ਇਹ ਆਖਿਆ ਹੈ ਕਿ ਮਰਨਾ ਇਕ ਜ਼ਰੂਰੀ ਨਿਯਮ ਹੈ “ਜੋ ਘੜਿਆ ਸੋ ਭੱਜਸੀ” ਉਨ੍ਹਾਂ ਨੇ ਬਹੁਤ ਹੀ ਠੀਕ ਆਖਿਆ ਹੈ । ਜਨਮ ਲੈਣਾ ਜਿਸ ਤਰ੍ਹਾਂ ਸੁਭਾਵਿਕ ਹੈ, ਮਰਨਾ ਭੀ ਉਸੇ ਤਰ੍ਹਾਂ ਸੁਭਾਵਿਕ ਹੈ । ਅਗਿਆਨੀ ਬਾਲਕ ਨੂੰ ਮਰਨਾ ਅਤੇ ਜਨਮ ਲੈਣਾ ਸ਼ਾਇਦ ਦੋਵੇਂ ਸਮਾਨ ਦੁਖਦਾਇਕ ਹੋਣਗੇ । ਚੰਗੇ ਕੰਮਾਂ ਵਿਚ ਮਗਨ ਰਹਿੰਦਿਆਂ ਰਹਿੰਦਿਆਂ ਮਰ ਜਾਣਾ ਚੰਗਾ ਹੈ । ਹਥਿਆਰ ਦਾ ਵਾਰ ਸਹਾਰ ਕੇ ਜਿਸ ਤਰ੍ਹਾਂ ਮਨੁੱਖ ਜੋਸ਼ ਵਿਚ ਆ ਕੇ ਪ੍ਰਾਣ ਛਡਦਾ ਹੈ, ਅਤੇ ਉਸ ਵੇਲੇ ਉਸ ਨੂੰ ਬਹੁਤ ਕਸ਼ਟ ਨਹੀਂ ਹੁੰਦਾ, ਉਸੇ ਤਰ੍ਹਾਂ ਕੰਮ ਵਿਚ ਲੱਗੇ ਰਹਿਣ ਨਾਲ ਭੀ ਮਨੁੱਖ ਨੂੰ ਮੌਤ ਦਾ ਬਹੁਤਾ ਦੁਖ ਨਹੀਂ ਭੋਗਣਾ ਪੈਂਦਾ। ਮਨੁੱਖ ਦੇ ਸਾਰੇ ਕਾਰਜ ਸਫਲ ਅਤੇ ਆਸਾਂ ਪੂਰਣ ਹੋਣ ਪਰ ਜੋ ਮੌਤ ਆਉਂਦੀ ਹੈ, ਉਹ ਜ਼ਰੂਰ ਸਭ ਨਾਲੋਂ ਵਧਕੇ ਹੈ । ਅਜੇਹੀ ਮੌਤ ਦੀ ਹਮੇਸ਼ਾ ਆਸ ਰੱਖਣੀ ਚਾਹੀਦੀ ਹੈ । ਮੌਤ ਤੋਂ ਇਕ ਇਹ ਅਲੰਭ ਲਾਭ ਹੈ ਕਿ ਮਰਨ ਦੇ ਪਿਛੋਂ ਮਨੁੱਖ ਦਾ ਜੱਸ ਬਹੁਤ ਫੈਲਦਾ ਹੈ । ਮਰ ਗਏ ਮਨੁੱਖ ਨਾਲ ਲੋਕੀਂ ਈਰਖਾ ਛਡ ਦੇਂਦੇ ਹਨ ।
ਮਰਣਾ ਮਲਨਾਂ, ਮੌਤ ਕੀਹ ? ਮਰਣੋਂ ਡਰੋਂ ਨ ਮੂਲ ।
ਜੀਵਣ, ਜਗ ਬਨ ਵਿੱਚ ਜੀ, ਜੀਵਤ ਦੁਖ ਮਮੂਲ ॥੭॥
(੧. ਰੋਮਨ ਲੋਕਾਂ ਦਾ ਕਹਿਣਾ ਹੈ ਕਿ ਰਾਜਾ ਮਰਨ ਪਿਛੋਂ ਦੇਵਤਾ ਹੁੰਦਾ ਹੈ, ਪਰ ਮਾਮੂਲੀ ਮਰਨ ਨੂੰ ਭੀ ਉਹ ਦੇਵਤਾ ਹੋਣਾ ਆਖਦੇ ਹਨ।
੨. ਜਿਨ੍ਹਾਂ ਸਿਪਾਹੀਆਂ ਨੇ ਸਿੰਘਾਸਨ ਉਤੇ ਬੈਠਣ ਲਈ ਗਾਲਬਾ ਦੀ ਮਦਦ ਕੀਤੀ ਸੀ, ਉਨ੍ਹਾਂ ਨੇ ਹੀ ਪ੍ਰਤਿਗਿਆ ਮੂਜਬ ਧਨ ਨਾ ਮਿਲਣ ਕਰਕੇ ਗੁੱਸੇ ਵਿਚ ਆ ਕੇ ਉਸ ਨੂੰ ਮਾਰ ਸੁੱਟਿਆ।)
(ਅਨੁਵਾਦਕ : ਮੋਹਨ ਸਿੰਘ ਵੈਦ)