Of Dispatch (Essay in Punjabi) : Francis Bacon

ਕਾਹਲੀ (ਲੇਖ) : ਫ਼ਰਾਂਸਿਸ ਬੇਕਨ

(ਛੇਤੀ, ਜਲਦੀ, ਸ਼ੀਘ੍ਰਤਾ)
“ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰ ।”
“ਸਹਜਿ ਪਕੇ ਸੋ ਮੀਠਾ ਹੋਇ ।”

ਹੋਰਨਾਂ ਨੂੰ ਦਿਖਾਣ ਲਈ ਬਿਰਥੀ ਛੇਤੀ ਕਰਨ ਨਾਲ ਕੰਮ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ । ਇਸ ਤਰ੍ਹਾਂ ਦੀ ਕਾਹਲੀ ਉਸ ਪਾਚਨ ਕ੍ਰਿਯਾ ਦੇ ਸਮਾਨ ਸਮਝਣੀ ਚਾਹੀਦੀ ਹੈ ਜਿਸ ਨੂੰ ਵੈਦਯ ਲੋਕ ਭਸਮਕ ਰੋਗ ਆਖਦੇ ਹਨ । ਜਿਸ ਰੋਗ ਨਾਲ ਖੁਰਾਕ ਆਮਾਸ਼ੈ ਵਿਚ ਪਹੁੰਚਦਿਆਂ ਅਪਣੇ ਸਮੇਂ ਨਾਲੋਂ ਪਹਿਲਾਂ ਪਚ ਜਾਂਦੀ ਹੈ। ਅਜੇਹਾ ਹੋਣ ਨਾਲ ਸਰੀਰ ਕੱਚੇ ਰਸ ਨਾਲ ਭਰ ਜਾਂਦਾ ਹੈ, ਅਤੇ ਅਨੇਕਾਂ ਰੋਗਾਂ ਦੇ ਗੁਪਤ ਬੀਜ ਪੈਦਾ ਹੁੰਦੇ ਹਨ । ਇਸ ਲਈ ਕਾਹਲੀ ਦਾ ਅਨੁਮਾਨ ਬਹੁਤ ਦੇਰ ਤਕ ਬੈਠ ਕੇ ਕੋਈ ਕੰਮ ਕਰਨ ਨਾਲ ਨਹੀਂ ਕਰਨਾ ਚਾਹੀਦਾ, ਪਰ ਅਸਲ ਵਿਚ ਕੰਮ ਕਿਤਨਾ ਹੋਇਆ ਹੈ, ਇਸ ਦਾ ਵਿਚਾਰ ਕਰਕੇ ਕਰਨਾ ਚਾਹੀਦਾ ਹੈ ।

ਦੌੜਨ ਵਿਚ ਜਿਸ ਤਰ੍ਹਾਂ ਲੰਮੇ ਲੰਮੇ ਕਦਮ ਭਰਨ ਨਾਲ ਜਾਂ ਵੱਡੀਆਂ ਵੱਡੀਆਂ ਛਾਲਾਂ ਮਾਰਨ ਨਾਲ ਛੇਤੀ ਨਹੀਂ ਹੁੰਦੀ, ਉਸੇ ਤਰ੍ਹਾਂ ਹੀ ਕੰਮ ਵਿਚ ਭੀ ਹੈ । ਇਕਵਾਰਗੀ ਬਹੁਤੇ ਕੰਮ ਦਾ ਬੋਝ ਚੁੱਕਣ ਨਾਲ ਨਹੀਂ, ਸਗੋਂ ਨੇਮ ਨਾਲ ਥੋੜਾ ਥੋੜਾ ਕੀਤਿਆਂ ਉਹ ਛੇਤੀ ਮੁਕਦਾ ਹੈ । ਕੁਝ ਮਨੁੱਖ ਅਜੇਹੇ ਭੀ ਹੁੰਦੇ ਹਨ ਜੋ ਦੂਜਿਆਂ ਨੂੰ ਆਪਣੀ ਵਡਿਆਈ ਦਿਖਾਣ ਲਈ ਕਿਸੇ ਤਰ੍ਹਾਂ ਝਟਪਟ ਕੰਮ ਨੂੰ ਪੂਰਾ ਕਰ ਦੇਂਦੇ ਹਨ। ਅਥਵਾ ਕਿਸੇ ਜੁਗਤ ਨਾਲ ਪੂਰਾ ਹੋ ਜਾਣ ਜੇਹਾ ਭਾਵ ਪ੍ਰਗਟ ਕਰਦੇ ਹਨ । ਪਰ ਕੰਮ ਨੂੰ ਹੱਥ ਵਿਚ ਲੈ ਕੇ ਛੇਤੀ ਨਾਲ ਪੂਰਾ ਕਰਨਾ ਇਕ ਗੱਲ ਹੈ ਅਤੇ ਉਸ ਨੂੰ ਕੱਟ ਵੱਢ ਕੇ ਘੱਟ ਕਰ ਦੇਣਾ ਹੋਰ ਗੱਲ ਹੈ । ਬਹੁਤ ਸਾਰੇ ਕੰਮ ਅਜੇਹੇ ਹਨ ਜਿਨ੍ਹਾਂ ਦੇ ਕਰਨ ਵਿਚ ਦੇਰ ਲਗਦੀ ਹੈ। ਅਜੇਹੀ ਦਸ਼ਾ ਵਿਚ ਕੰਮ ਕਰਨ ਲਈ ਕਈ ਵਾਰੀ ਬੈਠਣਾ ਪੈਂਦਾ ਹੈ, ਪਰ ਜੇਕਰ ਹਰ ਬੈਠਕ ਵਿਚ ਕੁਝ ਕੰਮ ਘੱਟ ਕਰਕੇ ਛੇਤੀ ਕੀਤੀ ਜਾਵੇ ਤਾਂ ਕੰਮ ਵਿਚ ਜ਼ਰੂਰ ਰੁਕਾਵਟ ਪੈਂਦੀ ਹੈ, ਅਤੇ ਉਹ ਚੰਗੀ ਤਰ੍ਹਾਂ ਨਹੀਂ ਹੁੰਦਾ। ਸਾਡਾ ਇਕ ਬੁੱਧੀਵਾਨ ਮਿੱਤਰ ਸੀ । ਲੋਕਾਂ ਨੂੰ ਕੰਮ ਵਿਚ ਛੇਤੀ ਕਰਦਾ ਦੇਖ ਕੇ ਉਹ ਬਹੁਤਾ ਇਹ ਆਖਿਆ ਕਰਦਾ ਸੀ "ਭਰਾ, ਜ਼ਰਾ ਠਹਿਰਨਾ, ਜਿਸ ਕਰਕੇ ਕੰਮ ਛੇਤੀ ਪੂਰਾ ਹੋ ਜਾਵੇ ।”

ਪਰ ਜ਼ਰੂਰੀ ਛੇਤੀ ਇਕ ਅਮੋਲਕ ਪਦਾਰਥ ਹੈ। ਹਰੇਕ ਚੀਜ਼ ਦੀ ਯੋਗਤਾ ਜਿਸ ਤਰ੍ਹਾਂ ਪੈਸੇ ਨਾਲ ਸਮਝੀ ਜਾਂਦੀ ਹੈ ਉਸੇ ਤਰ੍ਹਾਂ ਕੰਮ ਦੀ ਯੋਗਤਾ ਸਮੇਂ ਨਾਲ ਸਮਝੀ ਜਾਂਦੀ ਹੈ । ਇਸੇ ਕਰਕੇ ਜਿਸ ਕੰਮ ਦੇ ਕਰਨ ਵਿਚ ਦੇਰ ਲਗਦੀ ਹੈ ਉਹ ਮਹਿੰਗਾ ਪੈਂਦਾ ਹੈ । ਸਪਾਰਟਾ ਅਤੇ ਸਪੇਨ ਦੇਸ਼ ਦੇ ਰਹਿਣ ਵਾਲੇ ਕੰਮ ਵਿਚ ਕਦੇ ਛੇਤੀ ਨਹੀਂ ਕਰਦੇ । ਇਸ ਲਈ ਇਹ ਕਹਾਵਤ ਹੀ ਬਣ ਗਈ ਹੈ ਕਿ “ਸਾਡੀ ਮੌਤ ਸਪੇਨ ਵਿਚੋਂ ਆਵੇ ਤਾਂ ਚੰਗੀ ਹੈ।” ਕਿਉਂਕਿ ਜੇਕਰ ਉਥੋਂ ਆਵੇਗੀ ਤਾਂ ਜ਼ਰੂਰ ਦੇਰ ਨਾਲ ਆਵੇਗੀ ।

ਜੋ ਮਨੁੱਖ ਕੰਮ-ਕਾਰ ਦੀ ਪਹਿਲੇ ਖ਼ਬਰ ਦੇਂਦਾ ਹੈ । ਉਸ ਦੇ ਕਥਨ ਨੂੰ ਚੰਗੀ ਤਰ੍ਹਾਂ ਸੁਣੋ। ਜੇਕਰ ਤੁਸੀਂ ਉਸ ਨੂੰ ਕੁਝ ਆਖਣਾ ਹੈ ਤਾਂ ਪਹਿਲਾਂ ਹੀ ਆਖ ਰੱਖੋ । ਵਿਚਾਲੇ ਉਸ ਨੂੰ ਨਾ ਛੇੜੋ, ਕਿਉਂਕਿ ਜੋ ਮਨੁੱਖ ਜਿਸ ਗੱਲ ਨੂੰ ਜਿਸ ਤਰ੍ਹਾਂ ਆਖ ਰਿਹਾ ਹੈ, ਉਸ ਨੂੰ ਉਸੇ ਤਰ੍ਹਾਂ ਨਾ ਕਹਿਣ ਦੇਣ ਨਾਲ ਉਹ ਘਾਬਰ ਜਾਂਦਾ ਹੈ ਜਾਂ ਗੋਤਾ ਖਾ ਜਾਂਦਾ ਹੈ ਉਸ ਦੀ ਗੱਲ ਅਤੇ ਕਹਿਣ ਵਾਲੀ ਗੱਲ ਭੁੱਲ ਹੀ ਜਾਂਦਾ ਹੈ, ਅਜੇਹਾ ਹੋਣ ਨਾਲ ਉਸ ਦੀ ਗੱਲ ਚੰਗੀ ਨਹੀਂ ਲਗਦੀ। ਪਰ ਉਸ ਨੂੰ ਜੇਕਰ ਵਿਚਾਲਿਉਂ ਨਾ ਛੇੜ ਕੇ ਆਪਣੇ ਢੰਗ ਉਤੇ ਸਾਰੀ ਗੱਲ ਕਹਿਣ ਦਿਉ ਤਾਂ ਅਜੇਹਾ ਕਦੇ ਨਹੀਂ ਹੋਵੇਗਾ। ਪਰ ਇਹ ਸੱਚ ਹੈ ਕਿ ਕਦੇ ਕਦੇ ਨਟ (ਐਕਟਰ) ਨਾਲੋਂ ਸੂਤ੍ਰਧਾਰ (ਮਾਸਟਰ) ਦੀਆਂ ਗੱਲਾਂ ਸੁਣ ਕੇ ਜੀਅ ਬਹੁਤ ਉਦਾਸ ਹੋ ਜਾਂਦਾ ਹੈ ।

ਇੱਕੋ ਗੱਲ ਨੂੰ ਵਾਰ ਵਾਰ ਕਹਿਣ ਨਾਲ ਸਮਾਂ ਬਿਰਥਾ ਨਸ਼ਟ ਹੁੰਦਾ ਹੈ, ਕਿਉਂਕਿ ਖ਼ਾਸ ਪ੍ਰਸ਼ਨ ਵਲ ਧਿਆਨ ਦੇਣ ਕਰਕੇ ਬਿਰਥੀ ਗੱਲ-ਬਾਤ ਕਰਨ ਦੀ ਆਦਤ ਛੁਟ ਜਾਂਦੀ ਹੈ । ਕਾਹਲੀ ਦੇ ਕੰਮ ਵਿਚ ਲੰਮੇ ਲੰਮੇ ਅਤੇ ਲੱਛੇਦਾਰ ਲੈਕਚਰ (ਵਿਆਖਿਆਨ) ਉੱਨੀ ਹੀ ਯੋਗਤਾ ਦੇ ਸਮਝਣੇ ਚਾਹੀਦੇ ਹਨ ਕਿ ਜਿੰਨੀ ਯੋਗਤਾ ਦੇ ਚੰਗੇ ਅਤੇ ਪੈਰ ਤਕ ਲਟਕਣ ਵਾਲੀਆਂ ਘੋੜਿਆਂ ਦੀਆਂ ਝੁਲਾਂ ਸਮਝੀਆਂ ਜਾਂਦੀਆਂ ਹਨ। ਕਥਨ ਦੇ ਆਰੰਭ ਵਿਚ ਪ੍ਰਸਤਾਵ ਕਰਨਾ, ਪ੍ਰਮਾਣ ਦੇਣਾ, ਮਾਫੀ ਮੰਗਣੀ ਅਥਵਾ ਹੋਰਨਾਂ ਦੇ ਕਥਨ ਦਾ ਦ੍ਰਿਸ਼ਟਾਂਤ ਦੇਣਾ ਸਮੇਂ ਨੂੰ ਬਿਰਥਾ ਗਵਾਉਣਾ ਹੈ, ਭਾਵੇਂ ਇਸ ਵੇਲੇ ਅਜੇਹਾ ਮਲੂਮ ਹੁੰਦਾ ਹੈ ਕਿ ਇਹ ਸਾਰੀਆਂ ਗੱਲਾਂ ਇਹ ਮਨੁੱਖ ਆਪਣੀ ਭਲਮਾਨਸੀ ਦੇ ਕਾਰਣ ਆਖ ਰਿਹਾ ਹੈ, ਪਰ ਅਜੇਹੇ ਪਖੰਡ ਨੂੰ ਆਪਣੀ ਵਡਿਆਈ ਜ਼ਾਹਰ ਕਰਨ ਵਾਲਾ ਹੀ ਸਮਝਣਾ ਚਾਹੀਦਾ ਹੈ । ਪਰ ਜੇਕਰ ਮਨੁੱਖਾਂ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਅਯੋਗ ਹਠ ਪੈਦਾ ਹੋ ਗਿਆ ਹੋਵੇ ਅਤੇ ਅਜੇਹਾ ਹੋਣ ਨਾਲ ਜੇਕਰ ਤੁਹਾਡੇ ਕੰਮ ਵਿਚ ਰੋਕ ਪੈਂਦੀ ਹੋਵੇ ਤਾਂ ਉਸਦਾ ਕਾਰਣ ਸਮਝੇ ਬਿਨਾਂ ਉਸ ਕੰਮ ਵਲ ਕਦੇ ਨਹੀਂ ਝੁਕਣਾ ਚਾਹੀਦਾ । ਜਿਸ ਜਗ੍ਹਾ ਮਰ੍ਹਮ ਲਾਉਣੀ ਹੁੰਦੀ ਹੈ ਉਸ ਨੂੰ ਪਹਿਲੇ ਸੇਕਦੇ ਹਨ ਫੇਰ ਮਰ੍ਹਮ ਲਾਉਂਦੇ ਹਨ । ਅਜੇਹਾ ਕਰਨ ਨਾਲ ਮਰ੍ਹਮ ਚੰਗੀ ਤਰ੍ਹਾਂ ਅੰਦਰ ਪ੍ਰਵੇਸ਼ ਕਰ ਜਾਂਦੀ ਹੈ । ਇਸੇ ਤਰ੍ਹਾਂ ਲੋਕਾਂ ਦੇ ਮਨ ਦਾ ਅਯੋਗ ਹਠ ਛੁਡਾਉਣ ਲਈ ਕਰਨ ਦੀ ਲੋੜ ਪੈਂਦੀ ਹੈ ।

ਕੰਮ ਕਰਨ ਦੀ ਤਰਤੀਬ, ਉਸਦੇ ਹਿੱਸੇ ਅਤੇ ਇਕ ਇਕ ਹਿਸੇ ਨੂੰ ਇਕ ਇਕ ਕਰਕੇ ਸਮਾਪਤ ਕਰਨਾ ਕਾਹਲੀ ਦਾ ਮੂਲ ਸਿਧਾਂਤ ਹੈ। ਇਹ ਗੱਲ ਸਭ ਨਾਲੋਂ ਵਧਕੇ ਹੈ, ਪਰ ਕੰਮ ਦੇ ਹਿੱਸੇ ਬਹੁਤ ਛੋਟੇ ਛੋਟੇ ਨਹੀਂ ਹੋਣੇ ਚਾਹੀਦੇ। ਜਿਹੜਾ ਮਨੁੱਖ ਆਪਣੇ ਕੰਮ ਦੇ ਵਿਭਾਗ ਨਹੀਂ ਕਰਦਾ ਉਸ ਦਾ ਉਸ ਵਿਚ ਚੰਗੀ ਤਰ੍ਹਾਂ ਪ੍ਰਵੇਸ਼ ਨਹੀਂ ਹੁੰਦਾ, ਅਤੇ ਜੋ ਅਨੇਕਾਂ ਬਿਨ-ਜ਼ਰੂਰੀ ਵਿਭਾਗ ਕਰਦਾ ਹੈ । ਉਹ ਉਨ੍ਹਾਂ ਸਭਨਾਂ ਨੂੰ, ਯਥਾ ਯੋਗ ਸਮਾਪਤ ਕਰਨ ਵਿਚ ਸਮਰੱਥ ਨਹੀਂ ਹੁੰਦਾ। ਅਨੁਕੂਲ ਸਮੇਂ ਵਿਚ ਕੰਮ ਕਰਨ ਨਾਲ ਸਮਾਂ ਘੱਟ ਲਗਦਾ ਹੈ, ਅਤੇ ਪ੍ਰਤਿਕੂਲ ਸਮੇਂ ਵਿਚ ਕਰਨ ਨਾਲ ਪੌਣ ਨੂੰ ਤਾੜਨ ਵਾਂਗ ਮਿਹਨਤ ਨਿਸਫਲ ਜਾਂਦੀ ਹੈ । ਕੰਮ ਦੇ ਤਿੰਨ ਹਿੱਸੇ ਹੁੰਦੇ ਹਨ : ਕੰਮ ਨੂੰ ਮੌਜੂਦ ਕਰਨਾ, ਉਸ ਦੀ ਬਾਬਤ ਵਾਦ ਵਿਵਾਦ ਕਰਕੇ ਯੋਗ ਅਯੋਗ ਦਾ ਨਿਰਣਾ ਕਰਨਾ ਅਤੇ ਛੇਕੜ ਉਸ ਨੂੰ ਸਿੱਧ ਕਰਨਾ। ਜੇਕਰ ਤੁਹਾਡੀ ਇਹ ਇੱਛਾ ਹੈ ਕਿ ਕੰਮ ਛੇਤੀ ਸਮਾਪਤ ਹੋ ਜਾਵੇ ਤਾਂ ਕੀਤੇ ਹੋਏ ਵਿਭਾਗਾਂ ਵਿਚੋਂ ਇਕ ਨੂੰ ਛੱਡ ਕੇ ਅਨੇਕਾਂ ਦਾ ਉਪਯੋਗ ਤੁਹਾਨੂੰ ਕਰਨਾ ਚਾਹੀਦਾ ਹੈ, ਪਰ ਆਦਿ ਅਤੇ ਅੰਤ ਦੇ ਵਿਭਾਗਾਂ ਵਿਚ ਦੋ ਚਾਰ ਮਨੁੱਖਾਂ ਨੂੰ ਹੀ ਜੋੜਨਾ ਚਾਹੀਦਾ ਹੈ, ਬਹੁਤਿਆਂ ਨੂੰ ਨਹੀਂ ।

ਜੋ ਕੁਝ ਆਖਣਾ ਹੈ ਉਸ ਨੂੰ ਲਿਖ ਕੇ ਵਾਦ ਵਿਵਾਦ ਲਈ ਤਿਆਗ ਕਰਨਾ ਚਾਹੀਦਾ ਹੈ, ਕਿਉਂਕਿ ਅਜੇਹਾ ਕਰਨ ਨਾਲ ਕੰਮ ਛੇਤੀ ਹੁੰਦਾ ਹੈ । ਭਾਵੇਂ ਆਪਣੀ ਸੂਚਨਾ (ਇਸ਼ਾਰਾ, ਖ਼ਬਰ) ਆਦਰ ਦੀ ਦ੍ਰਿਟੀ ਨਾਲ ਨਾ ਦੇਖੀ ਜਾਵੇ, ਪਰ ਮੂੰਹੋਂ ਕਹਿਣ ਸੁਣਨ ਨਾਲੋਂ ਨਿਸ਼ਚਿਤ ਰੂਪ ਵਿਚ ਉਸ ਨੂੰ ਲਿਖ ਲੈਣਾ ਬਹੁਤ ਲਾਭਕਾਰੀ ਹੈ। ਧੂੜ ਅਤੇ ਸੁਆਹ ਭਾਵੇਂ ਤੁੱਛ ਪਦਾਰਥ ਹਨ, ਪਰ ਫੇਰ ਭੀ ਸੁਆਹ ਨੂੰ ਖਾਦ (ਰੂੜੀ, ਕਲਰ) ਬਣਾਉਣ ਕਰਕੇ ਉਹ ਬਹੁਤ ਉਪਯੋਗੀ ਹੈ ।

ਜਿੱਡਾ ਕਾਰਜ ਲੋੜਵੰਦ ਓਡੀ ਕਾਹਲ ਕਰੋ ।
ਧੀਰਜ ਵੰਦੇ ਕੰਮ ਸਿਰ ਮਨ ਵਿਚ ਧੀਰ ਧਰੇ ॥੫॥

(ਅਨੁਵਾਦਕ : ਮੋਹਨ ਸਿੰਘ ਵੈਦ)

  • ਮੁੱਖ ਪੰਨਾ : ਫ਼ਰਾਂਸਿਸ ਬੇਕਨ ਦੇ ਲੇਖ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਅਤੇ ਹੋਰ ਗੱਦ ਰਚਨਾਵਾਂ