Of Expense (Essay in Punjabi) : Francis Bacon

ਖਰਚ (ਲੇਖ) : ਫ਼ਰਾਂਸਿਸ ਬੇਕਨ

“ਮਿਤ ਖਾਜੈ ਮਿਤ ਪੈਝੈ ਹਰਿ ਮਿਤ ਕੀ ਪੈਜ ਵਧਾਈਐ ।”

ਧਨ ਖਰਚ ਕਰਨ ਲਈ ਹੀ ਹੈ, ਪਰ ਹਾਂ ਚੰਗੇ ਕੰਮਾਂ ਅਤੇ ਚੰਗੇ ਪਾਸੇ ਖਰਚ ਕਰਨਾ ਚਾਹੀਦਾ ਹੈ, ਹੋਰ ਜਗ੍ਹਾ ਨਹੀਂ । ਬਹੁਤ ਖਰਚ ਕਰਨ ਦਾ ਜਦੋਂ ਮੌਕਾ ਆਵੇ ਤਾਂ ਕੰਮ ਦੀ ਵਡਿਆਈ ਦਾ ਵਿਚਾਰ ਕਰਕੇ ਉਸ ਦੇ ਅਨੁਸਾਰ ਖ਼ਰਚ ਕਰਨਾ ਚਾਹੀਦਾ ਹੈ, ਕਿਉਂਕਿ ਯੋਗ ਮੌਕੇ ਉਤੇ ਆਪਣਾ ਸਾਰਾ ਧਨ ਭੀ ਜੇਕਰ ਖਰਚ ਕਰ ਦਿੱਤਾ ਜਾਵੇ ਤਾਂ ਉਹ ਖ਼ਰਚ ਦੋਹਾਂ ਲੋਕਾਂ ਵਿਚ ਬਹੁਤ ਜੱਸ ਦੇਣ ਵਾਲਾ ਹੁੰਦਾ ਹੈ । ਪਰ ਮਾਮੂਲੀ ਖ਼ਰਚ ਮਨੁੱਖ ਨੂੰ ਆਪਣੀ ਤਾਕਤ ਦੇ ਅਨੁਸਾਰ ਕਰਨਾ ਚਾਹੀਦਾ ਹੈ । ਯਥਾ "ਜੇਹਾ ਵਿਤ ਤੇਹਾ ਹੋਇ ਵਰਤੈ ।” ਅਤੇ ਉਸ ਦੇ ਉਤੇ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਆਮਦਨ ਨਾਲੋਂ ਵੱਧ ਤਾਂ ਨਹੀਂ ਹੁੰਦਾ ? ਨੌਕਰ ਚਾਕਰਾਂ ਉਤੇ ਭੀ ਨਜ਼ਰ ਰੱਖਣੀ ਚਾਹੀਦੀ ਹੈ, ਜਿਸ ਕਰਕੇ ਉਹ ਅਯੋਗ ਖਰਚ ਨਾ ਕਰਨ ਅਤੇ ਛਲ ਕਰਕੇ ਭੀ ਮਤਲਬ ਨਾ ਸਾਰਨ । ਪ੍ਰਬੰਧ ਅਜੇਹਾ ਕਰਨਾ ਚਾਹੀਦਾ ਹੈ ਕਿ ਜਿਸ ਵਿਚ ਆਪਣੇ ਘਰ ਦਾ ਅਸਲੀ ਖਰਚ ਲੋਕਾਂ ਦੇ ਅਨੁਭਵ ਨਾਲੋਂ ਘੱਟ ਹੀ ਹੋਵੇ, ਵਧੇ ਨਹੀਂ। ਜੇਕਰ ਕਿਸੇ ਦੀ ਇਹ ਇੱਛਾ ਹੋਵੇ ਕਿ ਉਸ ਨੂੰ ਧਨ ਸੰਬੰਧੀ ਕਦੇ ਥੋੜ ਨਾ ਹੋਵੇ ਤਾਂ ਉਸ ਨੂੰ ਆਪਣੀ ਆਮਦਨ ਦਾ ਅੱਧਾ ਖਰਚ ਕਰਨਾ ਚਾਹੀਦਾ ਹੈ । ਜੇਕਰ ਧਨਵਾਨ ਬਣਨ ਦੀ ਇੱਛਾ ਹੋਵੇ ਤਾਂ ਤੀਜਾ ਹਿੱਸਾ ਖਰਚ ਕਰਨਾ ਚਾਹੀਦਾ ਹੈ। ਵੱਡੇ ਵੱਡੇ ਅਮੀਰਾਂ, ਜਾਗੀਰਦਾਰਾਂ ਅਤੇ ਸਰਦਾਰਾਂ ਨੂੰ ਭੀ ਆਪਣੀ ਆਮਦਨ ਖਰਚ ਦਾ ਵਿਚਾਰ ਕਰਨਾ ਚਾਹੀਦਾ ਹੈ, ਅਜੇਹਾ ਕਰਨ ਵਿਚ ਕੋਈ ਮਾਨ ਦੀ ਹਾਨੀ ਨਹੀਂ ਹੁੰਦੀ । ਕਈ ਲੋਕ ਆਪਣੀ ਆਮਦਨ ਅਤੇ ਖਰਚ ਦਾ ਕੁਝ ਖ਼ਿਆਲ ਨਹੀਂ ਰਖਦੇ । ਇਸ ਦਾ ਕਾਰਣ ਕੇਵਲ ਉਨ੍ਹਾਂ ਦਾ ਆਲਸ ਹੀ ਨਹੀਂ, ਸਗੋਂ ਹਿਸਾਬ ਕਰਕੇ ਧਨ ਦੇ ਬਹੁਤੇ ਖਰਚ ਨੂੰ ਜਾਣ ਕੇ ਉਹ ਦੁਖੀ ਹੋਣ ਤੋਂ ਡਰਦੇ ਹਨ, ਪਰ ਉਨ੍ਹਾਂ ਦਾ ਅਜੇਹਾ ਕਰਨਾ ਕਦੇ ਭੀ ਠੀਕ ਨਹੀਂ । ਜਖ਼ਮ ਕਿਥੇ ਹੈ ? ਜਦ ਇਹੋ ਹੀ ਨਹੀਂ ਮਲੂਮ ਕੀਤਾ ਜਾਵੇਗਾ, ਤਦ ਉਸ ਦਾ ਇਲਾਜ ਕਿਵੇਂ ਹੋ ਸਕੇਗਾ ? ਜੋ ਆਦਮੀ ਆਪਣੀ ਜਾਇਦਾਦ ਦੀ ਚੰਗੀ ਤਰਾਂ ਦੇਖ ਭਾਲ ਨਹੀਂ ਕਰ ਸਕਦਾ ਉਸ ਨੂੰ ਇਤਬਾਰੀ, ਦਿਆਨਤਦਾਰ ਨੌਕਰ ਰੱਖਣੇ ਚਾਹੀਦੇ ਹਨ, ਅਤੇ ਉਹ ਸਮੇਂ ਸਿਰ ਬਦਲਣੇ ਚਾਹੀਦੇ ਹਨ, ਕਿਉਂਕਿ ਨਵੇਂ ਨੌਕਰ ਬਹੁਤ ਡਰਦੇ ਹਨ ਅਤੇ ਕਪਟ ਨਹੀਂ ਕਰਦੇ । ਜਿਸ ਨੂੰ ਆਪਣੀ ਜਾਇਦਾਦ ਦੇਖਣ ਦੀ ਵੇਹਲ ਘੱਟ ਮਿਲਦੀ ਹੈ ਉਸ ਨੂੰ ਆਪਣੀ ਆਮਦਨ ਅਤੇ ਖਰਚ ਦਾ ਨਿਸਚਾ ਕਰ ਲੈਣਾ ਚਾਹੀਦਾ ਹੈ ਅਰਥਾਤ ਮਹੀਨੇ ਜਾਂ ਸਾਲ ਵਿਚ ਕਿੰਨੀ ਮੈਨੂੰ ਆਮਦਨ ਹੁੰਦੀ ਹੈ ਅਤੇ ਕਿੰਨਾ ਖਰਚ ਹੁੰਦਾ ਹੈ। ਜਿਸ ਨੂੰ ਇਕ ਕੰਮ ਵਿਚ ਬਹੁਤ ਖਰਚ ਕਰਨਾ ਪੈਂਦਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਕਿਸੇ ਦੂਜੇ ਖਰਚ ਨੂੰ ਘਟਾਵੇ, ਜੇਹਾ ਕਿ ਖਾਣ ਪੀਣ ਵਿਚ ਜੇਕਰ ਪੈਸਾ ਬਹੁਤ ਲਗਦਾ ਹੋਵੇ ਤਾਂ ਉਸ ਨੂੰ ਕਪੜੇ-ਲਤੇ ਬਣਾਉਣ ਦੇ ਖਰਚ ਘੱਟ ਕਰਨੇ ਚਾਹੀਦੇ ਹਨ। ਜੇਕਰ ਮਿੱਤਰਾਂ ਦੋਸਤਾਂ ਦੀ ਆਗਤ ਭਾਗਤ ਵਿਚ ਬਹੁਤ ਖਰਚ ਹੁੰਦਾ ਹੋਵੇ ਤਾਂ ਗੱਡੀ ਘੋੜੇ ਰੱਖਣ ਵਿਚ ਘੱਟ ਖਰਚ ਕਰਨਾ ਚਾਹੀਦਾ ਹੈ । ਮਤਲਬ ਇਹ ਹੈ ਕਿ ਜੋ ਮਨੁੱਖ ਸਾਰੇ ਕੰਮਾਂ ਵਿਚ ਬੇ- ਹਿਸਾਬ ਖਰਚ ਕਰਦਾ ਹੈ, ਉਹ ਕੁਝ ਦਿਨਾਂ ਵਿਚ ਕੰਗਾਲ ਹੋਣੋਂ ਨਹੀਂ ਬਚੇਗਾ । ਯਥਾ :

“ਜੁਗਤਿ ਵਿਹੂਣਾ ਵਿਕੋ ਜਾਇ।”

ਜਿਸ ਨੇ ਆਪਣੀ ਜਾਇਦਾਦ ਕਰਜ਼ ਤੋਂ ਛੁਡਾਉਣੀ ਹੋਵੇ ਉਸ ਨੂੰ ਨਾ ਤਾਂ ਬਹੁਤ ਛੇਤੀ ਕਰਨੀ ਚਾਹੀਦੀ ਹੈ ਅਤੇ ਨਾ ਬਹੁਤ ਦੇਰੀ ਕਰਨੀ ਚਾਹੀਦੀ ਹੈ । ਕਿਉਂਕਿ ਛੇਤੀ ਕਰਨ ਨਾਲ ਭੀ ਉੱਨੇ ਹੀ ਨੁਕਸਾਨ ਦੇ ਹੋਣ ਦਾ ਡਰ ਹੈ ਜਿੰਨਾ ਦੇਰ ਕਰਨ ਵਿਚ । ਅਰਥਾਤ ਕਿਸੇ ਚੀਜ਼ ਦੇ ਵੇਚਣ ਵਿਚ ਛੇਤੀ ਕਰਨ ਨਾਲ ਉਸਦਾ ਜੋ ਅੱਧ ਤਿਹਾਈ ਮੁੱਲ ਮਿਲੇ ਲੈ ਲੈਣਾ ਅਤੇ ਦੇਰ ਕਰਕੇ ਉਸਦਾ ਸੂਦ ਵਧਣ ਦੇਣਾ, ਦੋਵੇਂ ਗੱਲਾਂ ਸਮਾਨ ਹਾਨੀ ਕਰਨ ਵਾਲੀਆਂ ਹਨ । ਇਸ ਦੇ ਸਿਵਾ ਜਿਹੜਾ ਮਨੁੱਖ ਝਟ ਪਟ ਕਰਜ਼ੇ ਤੋਂ ਛੁਟ ਜਾਂਦਾ ਹੈ ਉਸ ਦਾ ਫੇਰ ਭੀ ਕਰਜ਼ੇ ਵਿਚ ਫਸਣ ਦਾ ਡਰ ਹੈ, ਕਿਉਂਕਿ ਕਰਜ਼ ਚੁੱਕ ਜਾਣ ਨਾਲ ਉਸ ਨੂੰ ਫੇਰ ਫਜ਼ੂਲ ਖਰਚ ਕਰਨ ਦੀ ਹਿੰਮਤ ਆ ਜਾਂਦੀ ਹੈ । ਪਰ ਜੇ ਮਨੁੱਖ ਹੌਲੇ ਹੌਲੇ ਆਪਣਾ ਕਰਜ਼ ਚੁਕਾਉਂਦਾ ਹੈ ਅਤੇ ਸੋਚ ਸਮਝ ਕੇ ਖਰਚ ਕਰਦਾ ਹੈ, ਤਾਂ ਇਹ ਗੱਲ ਉਸ ਦਾ ਸੁਭਾਵਕ ਧਰਮ ਹੋ ਜਾਂਦੀ ਹੈ, ਜਿਸ ਕਰਕੇ ਉਸ ਦੇ ਮਨ ਅਤੇ ਸੰਪਦਾ ਦੋਹਾਂ ਨੂੰ ਲਾਭ ਪਹੁੰਚਦਾ ਹੈ ।

ਗਈ ਹੋਈ ਜਾਇਦਾਦ ਨੂੰ ਫੇਰ ਪ੍ਰਾਪਤ ਕਰਨ ਦੀ ਜਿਸ ਨੂੰ ਇੱਛਾ ਹੈ ਉਸ ਨੂੰ ਛੋਟੀਆਂ ਛੋਟੀਆਂ ਗੱਲਾਂ ਵਲ ਭੀ ਧਿਆਨ ਦੇਣਾ ਚਾਹੀਦਾ ਹੈ। ਸੱਚ ਤਾਂ ਇਹ ਹੈ ਕਿ ਥੋੜੇ ਲਾਭ ਲਈ ਹੱਥ ਉਠਾਉਣ ਨਾਲੋਂ ਛੋਟੇ ਮੋਟੇ ਖਰਚ ਦੇ ਘੱਟ ਕਰ ਦੇਣ ਵਿਚ ਬਹੁਤ ਗੁਣ ਹੈ । ਇਕ ਵਾਰ ਸ਼ੁਰੂ ਹੋ ਜਾਣ ਨਾਲ ਜੋ ਹਮੇਸ਼ਾਂ ਖਰਚ ਕਰਨਾ ਪੈਂਦਾ ਹੈ, ਉਸਦੀ ਬਾਬਤ ਮਨੁੱਖ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ । ਪਰ ਇਕ ਵਾਰੀ ਜਿਸ ਖਰਚ ਨੂੰ ਕਰਕੇ ਫੇਰ ਖਰਚ ਕਰਨ ਦੀ ਲੋੜ ਨਹੀਂ ਪੈਂਦੀ ਉਸ ਵਿਚ ਜੇਕਰ ਉਦਾਰਤਾ ਭੀ ਦਿਖਾਈ ਜਾਵੇ ਤਾਂ ਕੋਈ ਹਰਜ਼ ਨਹੀਂ।

ਜਿੱਡੀ ਚਾਦਰ ਆਪਨੀ ਓਡੇ ਪੈਰ ਪਸਾਰ ।
ਪੱਛੋਤਾਵਾ ਨਾ ਲਹੇਂ ਦੀਨ ਦੁਨੀ ਵਿਚਕਾਰ ॥੪॥

(ਅਨੁਵਾਦਕ : ਮੋਹਨ ਸਿੰਘ ਵੈਦ)

  • ਮੁੱਖ ਪੰਨਾ : ਫ਼ਰਾਂਸਿਸ ਬੇਕਨ ਦੇ ਲੇਖ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਅਤੇ ਹੋਰ ਗੱਦ ਰਚਨਾਵਾਂ