Of Revenge (Essay in Punjabi) : Francis Bacon
ਬਦਲਾ ਲੈਣਾ (ਲੇਖ) : ਫ਼ਰਾਂਸਿਸ ਬੇਕਨ
“ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ ।
ਆਪਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮ ।"
“ਬਦਲਾ ਲੈਣਾ” ਇਕ ਤਰ੍ਹਾਂ ਦਾ ਜੰਗਲੀ ਨਿਆਂ ਹੈ । ਅਜੇਹੇ ਨਿਆਂ ਵਲ ਮਨੁੱਖ ਦੀ ਜਿੰਨੀ ਪ੍ਰਵਿਰਤੀ ਬਹੁਤ ਹੋਵੇ ਕਾਨੂੰਨ ਦੀ ਉੱਨੀ ਹੀ ਬਹੁਤ ਰੁਕਾਵਟ ਕਰਨੀ ਚਾਹੀਦੀ ਹੈ, ਕਿਉਂਕਿ ਪਹਿਲਾ ਅਪਕਾਰ ਸਿਰਫ ਕਾਨੂੰਨ ਦੀ ਹੱਦ ਨੂੰ ਟੱਪਣਾ ਹੈ, ਪਰ ਉਸ ਅਪਕਾਰ ਦਾ ਬਦਲਾ ਲੈਣ ਜਾਣਾ ਮਾਨੋਂ ਕਾਨੂੰਨ ਦੀ ਤਾਕਤ ਨੂੰ ਨਾ ਮੰਨਣਾ ਹੈ । ਇਹ ਸੱਚ ਹੈ ਕਿ ਬਦਲਾ ਲੈਣ ਨਾਲ ਮਨੁੱਖ ਆਪਣੇ ਸ਼ਤਰੂ ਦੀ ਬਰਾਬਰੀ ਦਾ ਹੋ ਜਾਂਦਾ ਹੈ, ਪਰ ਬਦਲਾ ਨਾ ਲੈ ਕੇ ਉਸ ਦੇ ਕੀਤੇ ਹੋਏ ਅਪਰਾਧ ਨੂੰ ਖ਼ਿਮਾ ਕਰਨ ਨਾਲ ਉਹ ਉਸ ਨਾਲੋਂ ਉਚਾਈ ਨੂੰ ਪਹੁੰਚ ਜਾਂਦਾ ਹੈ, ਕਿਉਂਕਿ ਮਾਫ਼ ਕਰਨਾ ਵੱਡਿਆਂ ਦਾ ਕੰਮ ਹੈ । ਸਾਲੋਮਨ੧ ਨੇ ਕਿਹਾ ਹੈ ਕਿ ਦੂਜਿਆਂ ਦੇ ਅਪਰਾਧ ਨੂੰ ਮਨ ਵਿਚ ਨਾ ਲਿਆਉਣਾ ਮਨੁੱਖ ਲਈ ਉਸਦੀ ਵਡਿਆਈ ਦਾ ਕਾਰਨ ਹੈ, ਜੋ ਹੋਇਆ ਸੋ ਹੋਇਆ, ਗਈ ਹੋਈ ਗੱਲ ਫੇਰ ਪਿਛੇ ਨਹੀਂ ਆਉਂਦੀ, ਇਸ ਲਈ ਬੁੱਧੀਵਾਨ ਲੋਕ ਵਤਰਮਾਨ ਅਤੇ ਭਵਿੱਖ ਦੀਆਂ ਗੱਲਾਂ ਦਾ ਹੀ ਖਿਆਲ ਰਖਦੇ ਹਨ, ਬੀਤੀਆਂ ਹੋਈਆਂ ਗੱਲਾਂ ਦਾ ਨਹੀਂ । ਬੀਤੀਆਂ ਹੋਈਆਂ ਗੱਲਾਂ ਦਾ ਵਿਚਾਰ ਕਰਨ ਬੈਠਣਾ ਜਾਣੋਂ ਆਪਣੇ ਅਮੋਲਕ ਸਮੇਂ ਨੂੰ ਬਿਰਥਾ ਨਸ਼ਟ ਕਰਨਾ ਹੈ ।
(੧. ਸਾਲੋਮਨ ਜਰੂਸਲੀਮ ਦਾ ਰਾਜਾ ਸੀ। ਇਸਨੇ ਸੰਨ ਈਸਵੀ ੯੭੫ ਤੋਂ ਪਹਿਲਾਂ ੧੦੧੫ ਤਕ ਰਾਜ ਕੀਤਾ । ਇਹ ਇਕ ਅਦੁਤੀ ਚਤੁਰ ਨਿਆਂਈਂ ਅਤੇ ਮਹਾਤਮਾ ਸੀ, ਤਤ੍ਵ ਸ਼ਾਸਤਰ ਦਾ ਭੀ ਇਸ ਨੂੰ ਉੱਤਮ ਗਿਆਨ ਸੀ ।)
ਅਜੇਹਾ ਕੋਈ ਭੀ ਮਨੁੱਖ ਨਹੀਂ ਜੋ ਦੂਜਿਆਂ ਦਾ ਅਪਕਾਰ ਬਿਨਾਂ ਕਿਸੇ ਕਾਰਣ ਦੇ ਕਰਦਾ ਹੋਵੇ । ਅਪਕਾਰ ਕਰਨ ਵਿਚ ਉਸਦਾ ਕੁਝ ਨਾ ਕੁਝ ਮਤਲਬ ਜ਼ਰੂਰ ਹੀ ਹੁੰਦਾ ਹੈ, ਭਾਵੇਂ ਉਹ ਪ੍ਰਾਪਤ ਹੋਵੇ ਅਤੇ ਭਾਵੇਂ ਮਨ ਹੀ ਖ਼ੁਸ਼ ਹੋਵੇ। ਭਾਵੇਂ ਉਹ ਚੰਗਾ ਹੋਵੇ ਤੇ ਭਾਵੇਂ ਹੋਵੇ ਮੰਦਾ, ਕੁਝ ਨਾ ਕੁਝ ਸਵਾਰਥ ਹੁੰਦਾ ਹੀ ਹੈ। ਤਦ ਸਾਡੇ ਨਾਲੋਂ ਆਪਣਾ ਭਲਾ ਕਰਨ ਲਈ ਕਿਸੇ ਨੂੰ ਬਹੁਤ ਤਤਪਰ ਹੁੰਦਾ ਦੇਖ ਕੇ ਸਾਨੂੰ ਬੁਰਾ ਕਿਉਂ ਮਨਾਉਣਾ ਚਾਹੀਦਾ ਹੈ ? ਜੇਕਰ ਕੋਈ ਬੁਰਾ ਸੁਭਾਵ ਹੋਣ ਕਰਕੇ ਹੀ ਬਿਨਾਂ ਕਿਸੇ ਮਤਲਬ ਦੇ ਕਿਸੇ ਦਾ ਅਨਿਸ਼ਟ ਕਰੇ ਤਾਂ ਭੀ ਬੁਰਾ ਨਹੀਂ ਮੰਨਣਾ ਚਾਹੀਦਾ, ਕਿਉਂਕਿ ਦੂਜਿਆਂ ਦਾ ਅਪਕਾਰ ਕਰਨਾ ਉਸ ਦਾ ਸੁਭਾਵਿਕ ਧਰਮ ਹੀ ਹੈ। ਜੇਕਰ ਕੋਈ ਕੰਡਾ ਚੁਭ ਜਾਵੇ ਜਾਂ ਸਰੀਰ ਉਸ ਨਾਲ ਛਿਲਿਆ ਜਾਵੇ ਤਾਂ ਕਿਸੇ ਨੂੰ ਉਸ (ਕੰਡੇ) ਉਤੇ ਗੁੱਸਾ ਹੁੰਦਾ ਹੈ ? ਨਹੀਂ, ਕਿਉਂਕਿ ਚੁਭ ਜਾਣਾ ਜਾਂ ਛਿੱਲ ਦੇਣਾ ਉਨ੍ਹਾਂ ਦਾ ਸੁਭਾਵਿਕ ਧਰਮ ਹੀ ਹੈ। ਅਜੇਹੇ ਅਪਰਾਧਾਂ ਦਾ ਜਿਨਾਂ ਲਈ ਨੀਤੀ ਸ਼ਾਸਤਰਾਂ ਵਿਚ ਕੋਈ ਸਜ਼ਾ ਕਾਇਮ ਨਹੀਂ ਕੀਤੀ ਗਈ ਬਦਲਾ ਲੈਣਾ ਕਿਸੇ ਤਰ੍ਹਾਂ ਠੀਕ ਕਿਹਾ ਜਾ ਸਕਦਾ ਹੈ ? ਪਰ ਬਦਲਾ ਲੈਣ ਤੋਂ ਪਹਿਲਾਂ ਮਨੁੱਖ ਨੂੰ ਨਿਸਚਾ ਕਰ ਲੈਣਾ ਚਾਹੀਦਾ ਹੈ ਕਿ ਅਸਲ ਵਿਚ ਇਸ ਅਪਰਾਧ ਦੇ ਉਤੇ ਨੀਤੀ ਦੀ ਸੱਤਾ ਨਹੀਂ ਚਲ ਸਕਦੀ, ਨਹੀਂ ਤਾਂ ਇਕ ਦੀ ਥਾਂ ਉਸ ਨੂੰ ਦੋ ਸ਼ਤਰੂਆਂ ਦਾ ਸਾਹਮਣਾ ਕਰਨਾ ਪਵੇਗਾ—ਇਕ ਤਾਂ ਬੁਰਾ ਕਰਨ ਵਾਲੇ ਦਾ ਅਤੇ ਦੂਜਾ ਕਾਨੂੰਨ ਦਾ । ਕਈ ਮਨੁੱਖ ਬਦਲਾ ਲੈਣ ਵਿਚ ਆਪਣੇ ਵੈਰੀ ਨੂੰ ਕਿਸੇ ਨਾ ਕਿਸੇ ਤਰਾਂ ਜਤਾ ਦੇਂਦੇ ਹਨ ਕਿ ਫਲਾਣੇ ਆਦਮੀ ਨੇ ਫਲਾਣੀ ਗੱਲ ਲਈ ਉਸ ਤੋਂ ਬਦਲਾ ਲਿਆ । ਅਜੇਹੇ ਵਰਤਾਉ ਵਿਚ ਉਦਾਰਤਾ ਪ੍ਰਗਟ ਹੁੰਦੀ ਹੈ, ਕਿਉਂਕਿ ਇਸ ਵਿਚ ਮੁੱਦਾਅਲੇ ਦਾ ਬੁਰਾ ਕਰ ਕੇ ਆਨੰਦ ਮੰਨਣ ਨਾਲੋਂ ਉਸ ਨੂੰ ਪਛੋਤਾਵਾ ਦੇਣ ਦਾ ਬਹੁਤਾ ਮਤਲਬ ਹੁੰਦਾ ਹੈ । ਪਰ ਨੀਚ ਅਤੇ ਡਰਪੋਕ ਆਦਮੀ ਹਨੇਰੇ ਵਿਚ ਤੀਰ ਛੱਡਣ ਵਾਂਗ ਲੁਕ ਛਿਪ ਕੇ ਬਦਲਾ ਲੈਂਦੇ ਹਨ ।
ਫਲਾਰੈਂਸ ਦੇ ਕਾਸਮਸ ਨਾਮੀ ਡਿਊਕ ਨੇ ਬੇਇਤਬਾਰੇ ਅਤੇ ਸਮੇਂ ਸਿਰ ਸਹਾਇਤਾ ਨਾ ਕਰਨ ਵਾਲੇ ਮਿੱਤਰਾਂ ਦੀ ਬਾਬਤ ਬਹੁਤ ਕਰੜੇ ਬਚਨ ਕੀਤੇ ਹਨ । ਉਸ ਦੇ ਖ਼ਿਆਲ ਮੂਜਬ ਤਾਂ ਮਿੱਤਰ ਦੇ ਕੀਤੇ ਹੋਏ ਅਪਰਾਧਾਂ ਦੀ ਮਾਫੀ ਹੋ ਹੀ ਨਹੀਂ ਸਕਦੀ । ਉਸਦਾ ਇਹ ਕਹਿਣਾ ਹੈ ਕਿ ਵੈਰੀਆਂ ਨੂੰ ਖਿ਼ਮਾ, ਕਰਨ ਦੀ ਬਾਬਤ ਸਬੂਤ ਮਿਲਦੇ ਹਨ, ਪਰ ਮਿੱਤਰ ਨੂੰ ਖ਼ਿਮਾ ਕਰਨ ਦੀ ਬਾਬਤ ਸਬੂਤ ਨਹੀਂ ਮਿਲਦੇ । ਪਰ ਜਾਬ ਨਾਮੀ ਇਕ ਮਹਾਤਮਾ ਦਾ ਕਹਿਣਾ ਹੈ ਕਿ ਵਾਹਿਗੁਰੂ ਦੇ ਦਿੱਤੇ ਹੋਏ ਸੁਖ ਦਾ ਜਦ ਅਸੀਂ ਅਨੁਭਵ ਕਰਦੇ ਹਾਂ ਤਦ ਉਸ ਦੇ ਦਿੱਤੇ ਹੋਏ ਦੁਖ ਨੂੰ ਕੀ ਨਹੀਂ ਸਹਾਰਨਾ ਚਾਹੀਦਾ ? ਨਹੀਂ, ਸਹਾਰਨਾ ਹੀ ਚਾਹੀਦਾ ਹੈ । ਬੱਸ ਇਸੇ ਗੱਲ ਦਾ ਵਰਤਾਉ ਮਿੱਤਰਾਂ ਦੇ ਅਪਰਾਧ ਵਿਚ ਕਰਨਾ ਚਾਹੀਦਾ ਹੈ ।
ਸੱਚ ਤਾਂ ਇਹ ਹੈ ਕਿ ਜੋ ਮਨੁੱਖ ਆਪਣੇ ਵੈਰੀ ਪਾਸੋਂ ਬਦਲਾ ਲੈਣ ਦੇ ਖ਼ਿਆਲ ਵਿਚ ਹਮੇਸ਼ਾ ਮਗਨ ਰਹਿੰਦਾ ਹੈ ਉਹ ਆਪਣੇ ਹੀ ਜ਼ਖਮ ਨੂੰ ਜੋ ਕੁਝ ਦਿਨ ਐਵੇਂ ਰਹਿਣ ਦੇਣ ਨਾਲ ਆਪੇ ਚੰਗਾ ਹੋ ਜਾਣਾ ਸੀ, ਜਾਣੇ ਖੁਰਚ ਖੁਰਚ ਕੇ ਨਵਾਂ ਕਰਦਾ ਹੈ, ਕਿਉਂਕਿ “ਬੁਰਾ ਕਰੇ ਸੋ ਕੇਹਾ ਸਿਝੈ ॥ ਅਪਨੈ ਰੋਹਿ ਆਪੇ ਹੀ ਦੁਝੈ ।” ਜਿਸ ਕੰਮ ਨਾਲ ਆਮ ਲੋਕਾਂ ਦਾ ਭਲਾ ਹੋਵੇ ਉਸ ਵਿਚ ਬਦਲਾ ਲੈਣ ਨਾਲ ਬਹੁਤ ਕਰਕੇ ਦੇਸ਼ ਦਾ ਭਲਾ ਹੁੰਦਾ ਹੈ। ਜੇਹਾ ਕਿ ਸੀਜ਼ਰ੧ ਪਰਟੀਨੈਕਸ੨ ਅਤੇ ਫ਼੍ਰਾਂਸ ਦੇ ਤੀਜੇ ਹੈਨਰੀ ਆਦਿਕ ਦੀ ਮੌਤ ਨਾਲ ਹੋਇਆ ਹੈ । ਪਰ ਇਕ ਮਨੁੱਖ ਲਈ ਬਦਲਾ ਲੈਣ ਵਿਚ ਉੱਨੀ ਵਡਿਆਈ ਨਹੀਂ । ਉਸ ਤੋਂ ਭਲਾ ਨਹੀਂ ਹੁੰਦਾ। ਭਲਾ ਤਾਂ ਦੂਰ ਰਿਹਾ ਬਦਲਾ ਲੈਣ ਵਿਚ ਤਤਪਰ ਰਹਿਣ ਵਾਲਿਆਂ ਦੀ ਦਸ਼ਾ ਡੈਣ ਵਰਗੀ ਹੋ ਜਾਂਦੀ ਹੈ, ਅਰਥਾਤ ਡੈਣ ਜਦ ਤਕ ਜੀਉਂਦੀ ਹੈ ਤਦ ਤਕ ਦੂਜਿਆਂ ਨੂੰ ਦੁਖ ਦੇਂਦੀ ਹੈ, ਅਤੇ ਛੇਕੜ ਆਪ ਦੁਖ ਭੋਗਦੀ ਹੈ। ਉਸੇ ਤਰ੍ਹਾਂ ਮਨੁੱਖ ਭੀ ਦੂਜਿਆਂ ਨੂੰ ਦੁਖ ਦੇ ਕੇ ਆਪਣੇ ਆਪ ਨੂੰ ਦੁਖੀ ਕਰਦੇ ਹਨ ।
ਭਲਾ ਬੁਰੇ ਦਾ ਚਿਤਵੀਏ ਗੁੱਸਾ ਮਨ ਨ ਲਿਆਇ ।
ਏਥੇ ਸੁਖ ਦਰਗਾਹ ਵਿਚ ਧੱਕਾ ਮੂਲ ਨ ਖਾਇ ॥ ੩॥
(੧. ਜੂਲੀਅਸ ਸੀਜ਼ਰ ਰੋਮ ਦਾ ਪਹਿਲਾ ਚਕ੍ਰਵਰਤੀ ਰਾਜਾ ਸੀ। ਇਹ ਵੱਡਾ ਪਰਾਕ੍ਰਮੀ ਸੀ। ਇਸ ਨੇ ਸਾਰੇ ਇਟਲੀ ਨੂੰ ੬੦ ਦਿਨਾਂ ਵਿਚ ਫਤਹਿ ਕੀਤਾ ਸੀ । ਇਸ ਦੇ ਮੈਂਬਰਾਂ ਨੇ ਜਿਨ੍ਹਾਂ ਵਿਚ ਇਸ ਦਾ ਮਿੱਤਰ ਬਰੂਟਸ ਭੀ ਸੀ, ਇਸ ਦੀ ਚੜ੍ਹਦੀ ਕਲਾ ਨੂੰ ਨਾ ਸਹਾਰ ਕੇ ਸੰਨ ਈਸਵੀ ਦੇ ੪੪ ਵਰ੍ਹੇ ਪਹਿਲਾਂ ਇਸ ਨੂੰ ਮਾਰ ਸੁਟਿਆ।
੨. ਪਟੀਨੈਕਸ ਭੀ ਰੋਮ ਦਾ ਇਕ ਚਕ੍ਰਵਰਤੀ ਰਾਜਾ ਸੀ। ਇਹ ਇਕ ਨਿਕ੍ਰਿਸ਼ ਵੰਸ਼ ਵਿਚ ਪੈਦਾ ਹੋਇਆ ਸੀ । ੮੭ ਦਿਨ ਰਾਜ ਕਰਨ ਦੇ ਪਿਛੋਂ ਸੰਨ ੧੯੩ ਵਿਚ ਇਸ ਦੇ ਸਿਪਾਹੀਆਂ ਨੇ ਇਸ ਦੇ ਕੀਤੇ ਹੋਏ ਪ੍ਰਬੰਧ ਤੋਂ ਨਾਰਾਜ਼ ਹੋ ਕੇ ਇਸ ਨੂੰ ਮਾਰ ਸੁੱਟਿਆ । ਇਹ ਵੱਡਾ ਮਦਗੁਣੀ ਰਾਜਾ ਸੀ।)
(ਅਨੁਵਾਦਕ : ਮੋਹਨ ਸਿੰਘ ਵੈਦ)