Of Studies (Essay in Punjabi) : Francis Bacon
ਵਿਦਿਆ ਪਠਨ (ਲੇਖ) : ਫ਼ਰਾਂਸਿਸ ਬੇਕਨ
"ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ।”
“ਵਿਦਯਾ ਵੀਚਾਰੀ ਤਾਂ ਪਰ ਉਪਕਾਰੀ।”
ਵਿਦਿਆ ਪੜ੍ਹਨ ਨਾਲ ਮਨ ਪ੍ਰਸੰਨ ਹੁੰਦਾ ਹੈ, ਗੱਲ-ਬਾਤ ਵਿਚ ਬਹੁਤ ਸ਼ੋਭਾ ਆਉਂਦੀ ਹੈ ਅਤੇ ਲਿਆਕਤ ਭੀ ਵਧਦੀ ਹੈ । ਏਕਾਂਤ ਵਾਸ ਅਰ ਵੇਹਲੇ ਸਮੇਂ ਵਿਦਿਆ ਪੜ੍ਹਨ ਦਾ ਮੁਖ ਉਪਯੋਗ ਉਸ ਦੁਆਰਾ ਆਨੰਦ ਪ੍ਰਾਪਤ ਕਰਨ ਵਿਚ ਹੁੰਦਾ ਹੈ। ਬੋਲਣ ਵੇਲੇ ਉਸਦਾ ਮੁਖ ਉਪਯੋਗ ਕਥਨ ਨੂੰ ਸੁੰਦਰ ਕਰਨ ਵਿਚ ਹੁੰਦਾ ਹੈ, ਅਤੇ ਸਾਰੇ ਅਸਾਰ ਵਿਚਾਰ ਕੇ ਕੰਮ-ਕਾਰ ਦੀ ਵਿਵਸਥਾ ਕਰਨ ਲਈ ਉਸਦਾ ਪਹਿਲਾ ਉਪਯੋਗ ਵਿਵਹਾਰ ਵਿਚ ਚਤੁਰਾਈ ਪ੍ਰਾਪਤ ਕਰਨ ਵਿਚ ਹੁੰਦਾ ਹੈ । ਅਨੁਭਵ ਨਾਲ ਜਿਨ੍ਹਾਂ ਨੇ ਚਤੁਰਾਈ ਪ੍ਰਾਪਤ ਕੀਤੀ ਹੈ ਉਹ ਕੰਮ-ਕਾਰ ਤਾਂ ਜ਼ਰੂਰ ਕਰਦੇ ਹਨ, ਇਕ ਇਕ ਗੱਲ ਦਾ ਵੱਖੋ ਵੱਖਰਾ ਵਿਚਾਰ ਕਰ ਕੇ ਉਸ ਨੂੰ ਚੰਗੀ ਤਰ੍ਹਾਂ ਨਿਬਾਹੁੰਦੇ ਭੀ ਹਨ, ਪਰ ਆਮ ਕਰਕੇ ਯੋਗ ਅਯੋਗ ਨੂੰ ਸਮਝਣਾ, ਅਨੇਕਾਂ ਢੰਗ ਅਤੇ ਜੁਗਤੀਆਂ ਵਰਤਣੀਆਂ ਅਤੇ ਹਰੇਕ ਭਾਗ ਨੂੰ ਠੀਕ ਠੀਕ ਰੱਖਣਾ ਵਿਦਵਾਨਾਂ ਦਾ ਹੀ ਕੰਮ ਹੈ।
ਸ਼ਾਸਤ੍ਰਾਰਥ (ਬਹਸ-ਮੁਬਾਹਸਾ ਅਥਵਾ ਵਾਦ-ਵਿਵਾਦ) ਵਿਚ ਹੱਦ ਨਾਲੋਂ ਬਹੁਤਾ ਸਮਾਂ ਖਰਚ ਕਰਨ ਲਈ ਪੁਸਤਕਾਂ ਦੇ ਪ੍ਰਮਾਣ ਦੇਣੇ ਇਕ ਤਰ੍ਹਾਂ ਦਾ ਰੋਗ ਹੈ, ਅਤੇ ਸਭਨਾਂ ਕੰਮਾਂ ਵਿਚ ਸ਼ਾਸਤਰ ਅਨੁਸਾਰ ਵਰਤਣਾ ਵਿਦਵਾਨ ਹੋ ਕੇ ਭੀ ਆਪਣੀ ਮੂਰਖਤਾ ਜ਼ਾਹਰ ਕਰਨੀ ਹੈ ।
ਵਿਦਿਆ ਪੜ੍ਹਨ ਨਾਲ ਮਨੁੱਖ ਦੇ ਸੁਭਾਵਿਕ ਗੁਣ ਪੂਰਣਤਾ ਨੂੰ ਪਹੁੰਚ ਜਾਂਦੇ ਹਨ, ਅਤੇ ਅਨੁਭਵ ਨਾਲ ਖ਼ੁਦ ਵਿਦਿਆ ਦਾ ਅਭਿਆਸ ਪੂਰਣਤਾ ਨੂੰ ਪਹੁੰਚਦਾ ਹੈ । ਕਿਉਂਕਿ ਮਨੁੱਖ ਦੀ ਸੁਭਾਵਿਕ ਬੁੱਧ ਆਪਣੇ ਆਪ ਉੱਗਣ ਵਾਲੇ ਬੂਟਿਆਂ ਵਾਂਗ ਹੈ । ਇਸ ਤਰ੍ਹਾਂ ਦੇ ਬੂਟਿਆਂ ਨੂੰ ਛਾਂਗਣ ਨਾਲ ਜਿਸ ਤਰ੍ਹਾਂ ਉਹ ਬਹੁਤ ਵਧਦੇ ਅਤੇ ਬਲਵਾਨ ਹੁੰਦੇ ਹਨ, ਉਸੇ ਤਰ੍ਹਾਂ ਹੀ ਵਿਦਿਆ ਵਿਚ ਸੁਭਾਵਿਕ ਕਲਮ (ਪਿਉਂਦ) ਲਾਉਣ ਨਾਲ ਉਹ ਬਹੁਤ ਖਿੜਦੀ ਹੈ । ਵਿਦਿਆ ਪੜ੍ਹਨ ਤੋਂ ਕਈ ਤਰ੍ਹਾਂ ਦੇ ਨਿਯਮ ਮਾਲੂਮ ਹੁੰਦੇ ਹਨ, ਇਹ ਸੱਚ ਹੈ, ਪਰ ਕਿਸ ਨਿਯਮ ਨੂੰ ਕਿਥੇ ਅਤੇ ਕਿਸ ਤਰ੍ਹਾਂ ਕੰਮ ਵਿਚ ਲਿਆਉਣਾ ਚਾਹੀਦਾ ਹੈ ? ਇਹ ਅਨੁਭਵ ਦੇ ਪ੍ਰਤਾਪ ਨਾਲ ਹੀ ਸਮਝ ਵਿਚ ਆਉਂਦਾ ਹੈ। ਕਪਟੀ ਲੋਕ ਵਿਦਿਆ ਪੜ੍ਹਨ ਦਾ ਨਿਰਾਦਰ ਕਰਦੇ ਹਨ, ਅਤੇ ਬੁੱਧੀਵਾਨ ਲੋਕ ਉਸ ਨੂੰ ਕੰਮ ਵਿਚ ਲਿਆਉਂਦੇ ਹਨ । ਵਿਦਿਆ ਦਾ ਉਪਯੋਗ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ? ਇਹ ਗੱਲ ਕੇਵਲ ਪੜ੍ਹਨ ਤੋਂ ਹੀ ਨਹੀਂ ਜਾਣੀ ਜਾਂਦੀ, ਇਸ ਦੇ ਜਾਣਨ ਲਈ ਵਿਦਿਆ ਦੇ ਬਿਨਾ ਬੁੱਧੀ ਦੀ ਭੀ ਲੋੜ ਪੈਂਦੀ ਹੈ । ਕਿਉਂਕਿ ਵਿਦਿਆ ਦਾ ਵਿਕਾਸ ਅਨੁਭਵ ਨਾਲ ਹੁੰਦਾ ਹੈ, ਇਸ ਲਈ ਉਸ ਨੂੰ ਵਰਤਾਉ ਵਿਚ ਲਿਆਉਣ ਲਈ ਅਨੁਭਵ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ।
ਦੂਜੇ ਮਨੁੱਖ ਨਾਲ ਗੱਲ-ਬਾਤ ਕਰਨ ਵਿਚ ਉਸ ਦੇ ਮਤ ਦਾ ਖੰਡਨ ਕਰ ਕੇ ਉਸ ਨੂੰ ਹਰਾਉਣ ਲਈ ਪੁਸਤਕਾਂ ਨਹੀਂ ਪੜ੍ਹਨੀਆਂ ਚਾਹੀਦੀਆਂ, ਅਥਵਾ ਜੋ ਕੁਝ ਉਨ੍ਹਾਂ ਵਿਚ ਲਿਖਿਆ ਹੈ ਉਹ ਸਭ ਕੁਝ ਸੱਚ ਅਤੇ ਸੁਤੇਸਿਧ ਹੈ, ਇਸ ਤਰ੍ਹਾਂ ਦੀ ਸ਼ਰਧਾ ਜਾਂ ਭਰੋਸਾ ਪੈਦਾ ਕਰਨ ਲਈ ਅਥਵਾ ਗੱਲ-ਬਾਤ ਦੇ ਵਾਸਤੇ ਕੋਈ ਵਿਸ਼ੇ ਢੂੰਡਣ ਲਈ ਕਦੇ ਪੁਸਤਕਾਂ ਨਹੀਂ ਪੜ੍ਹਨੀਆਂ ਚਾਹੀਦੀਆਂ, ਉਨ੍ਹਾਂ ਨੂੰ ਪੜ੍ਹ ਕੇ ਉਨ੍ਹਾਂ ਦੀਆਂ ਗੱਲਾਂ ਦੇ ਸੱਚ ਝੂਠ ਦਾ ਨਿਰਣਾ ਕਰਨ ਲਈ ਅਤੇ ਆਪਣੀ ਵਿਚਾਰ ਸ਼ਕਤੀ ਨੂੰ ਵਧਾਉਣ ਲਈ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਕਈ ਪੁਸਤਕਾਂ ਨੂੰ ਉਨ੍ਹਾਂ ਦਾ ਕੁਝ ਸੁਆਦ ਲੈ ਕੇ ਰੱਖ ਦੇਣਾ ਚਾਹੀਦਾ ਹੈ, ਕਈਆਂ ਨੂੰ ਸਾਰਾ ਨਿਗਲ ਜਾਣਾ ਚਾਹੀਦਾ ਹੈ, ਅਤੇ ਕੁਝ ਦੋਂਹ ਚਹੁੰ ਨੂੰ ਵਿਹਲੇ ਸਮੇਂ ਹੌਲੀ ਹੌਲੀ ਚਿੱਥ ਕੇ ਪਚਾ ਜਾਣਾ ਚਾਹੀਦਾ ਹੈ । ਅਰਥਾਤ ਕੁਝ ਪੁਸਤਕਾਂ ਅਜੇਹੀਆਂ ਹੁੰਦੀਆਂ ਹਨ ਕਿ ਜਿਨ੍ਹਾਂ ਦਾ ਇਕ ਅੱਧ ਹਿੱਸਾ ਪੜ੍ਹ ਕੇ ਛੱਡ ਦੇਣਾ ਚਾਹੀਦਾ ਹੈ, ਅਤੇ ਕਈ ਪੁਸਤਕਾਂ ਨੂੰ ਸਮਝ ਸਮਝ ਕੇ ਸਾਰਾ ਪੜ੍ਹਨਾ ਚਾਹੀਦਾ ਹੈ, ਪਰ ਧਿਆਨ ਨਾਲ ਨਹੀਂ ਪੜ੍ਹਨਾ ਚਾਹੀਦਾ, ਅਤੇ ਕਈ ਪੁਸਤਕਾਂ ਨੂੰ ਸਮਝ ਸਮਝ ਕੇ ਸਾਰਾ ਹੀ ਪੜ੍ਹਨਾ ਚਾਹੀਦਾ ਹੈ। ਕੁਝ ਪੁਸਤਕਾਂ ਕਿਸੇ ਦੂਜੇ ਆਦਮੀ ਕੋਲੋਂ ਪੜ੍ਹਵਾ ਕੇ ਉਸਦੇ ਕੀਤੇ ਹੋਏ ਨੋਟ ਦੇਖ ਲੈਣੇ ਚਾਹੀਦੇ ਹਨ । ਪਰ ਇਹ ਨਿਯਮ ਮਾਮੂਲੀ ਜੇਹੀਆਂ ਪੁਸਤਕਾਂ ਜਿਨ੍ਹਾਂ ਵਿਚ ਕੋਈ ਵਡਿਆਈ ਦੀ ਗੱਲ ਨਹੀਂ, ਉਨ੍ਹਾਂ ਵਿਚ ਹੀ ਵਰਤਣਾ ਠੀਕ ਹੈ, ਹੋਰਨਾਂ ਵਿਚ ਨਹੀਂ।
ਪੋਥੀਆਂ ਪੜ੍ਹਨ ਨਾਲ ਮਨੁੱਖ ਬਹੁਤ ਸੁਣਨ ਵਰਗਾ ਅਨੁਭਵ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ “ਸੁਣ ਸੁਣ ਅੰਧੇ ਪਾਵਹਿ ਰਾਹੁ ।” ਬੋਲਣ ਨਾਲ ਉਸ ਨੂੰ ਸਮਾਂ ਸੂਚਕਤਾ ਪ੍ਰਾਪਤ ਹੁੰਦੀ ਹੈ, ਅਤੇ ਲਿਖਣ ਨਾਲ ਹਰੇਕ ਚੀਜ਼ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ । ਇਸ ਲਈ ਜੋ ਮਨੁੱਖ ਘੱਟ ਲਿਖਦਾ ਹੈ, ਉਸ ਦੀ ਯਾਦਦਾਸ਼ਤ ਬਹੁਤ ਚੰਗੀ ਹੁੰਦੀ ਹੈ ਜੋ ਮਨੁੱਖ ਘੱਟ ਬੋਲਦਾ ਹੈ ਉਸ ਦੀ ਸਮੇਂ ਸੂਚਕਤਾ ਬਹੁਤ ਤੇਜ਼ ਰਹਿੰਦੀ ਹੈ, ਅਤੇ ਜੋ ਘੱਟ ਪੜ੍ਹਦਾ ਹੈ ਉਸ ਵਿਚ ਜਿਸ ਗੱਲ ਨੂੰ ਉਹ ਨਹੀਂ ਜਾਣਦਾ ਉਸ ਦੇ ਜਾਣਨ ਜੇਹਾ ਭਾਵ ਦਿਖਾਉਣ ਲਈ ਕਪਟ ਨਿਵਾਸ ਕਰਦਾ ਹੈ। ਇਤਿਹਾਸ ਪੜ੍ਹਨ ਨਾਲ ਮਨੁੱਖ ਬੁੱਧੀਵਾਨ ਹੁੰਦਾ ਹੈ, ਕਵਿਤਾ ਪੜ੍ਹਨ ਨਾਲ ਗੱਲ-ਬਾਤ ਵਿਚ ਚਤੁਰਾਈ ਆਉਦੀ ਹੈ, ਹਿਸਾਬ ਪੜ੍ਹਨ ਨਾਲ ਬੁੱਧੀ ਤੇਜ਼ ਹੁੰਦੀ ਹੈ, ਪਦਾਰਥ ਵਿਗਿਆਨ (ਸਾਇੰਸ) ਪੜ੍ਹਨ ਨਾਲ ਵਿਚਾਰ ਸ਼ਕਤੀ ਗੰਭੀਰ ਹੁੰਦੀ ਹੈ, ਨੀਤੀ ਪੜ੍ਹਨ ਨਾਲ ਗੰਭੀਰਤਾ ਆਉਂਦੀ ਹੈ, ਨਿਆਇ ਅਤੇ ਸਾਹਿਤ ਪੜ੍ਹਨ ਨਾਲ ਖੰਡਨ ਮੰਡਨ ਕਰਨ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ ।
ਹਰੇਕ ਮਨੁੱਖ ਵਿਚ ਅਕਲ ਦਾ ਅਜੇਹਾ ਕੋਈ ਦੋਸ਼ ਨਹੀਂ ਜਿਸ ਦਾ ਇਲਾਜ ਯੋਗ ਅਭਿਆਸ ਨਾਲ ਨਾ ਹੋ ਸਕਦਾ ਹੋਵੇ। ਸਰੀਰ ਦਾ ਰੋਗ ਦੂਰ ਕਰਨ ਲਈ ਜਿਸ ਪ੍ਰਕਾਰ ਕਈ ਤਰ੍ਹਾਂ ਦੀਆਂ ਕਸਰਤਾਂ ਹਨ, ਉਸੇ ਤਰ੍ਹਾਂ ਮਾਨਸਿਕ ਰੋਗਾਂ ਨੂੰ ਦੂਰ ਕਰਨ ਲਈ ਭੀ ਕਈ ਤਰ੍ਹਾਂ ਦੇ ਉਪਾਉ ਹਨ । ਫੁੱਟਬਾਲ ਜਾਂ ਟੈਨਿਸ ਖੇਡਣਾ ਪੱਥਰੀ ਅਤੇ ਮੂਤਰ ਰੋਗ ਲਈ ਚੰਗਾ ਹੈ। ਸ਼ਿਕਾਰ ਖੇਡਣਾ ਫੇਫੜੇ ਤੇ ਛਾਤੀ ਦੇ ਰੋਗਾਂ ਲਈ ਚੰਗਾ ਹੈ । ਹੌਲੀ ਹੌਲੀ ਤੁਰਨਾ ਪੇਟ ਦੀਆਂ ਬੀਮਾਰੀਆਂ ਲਈ ਲਾਭਦਾਇਕ ਹੈ। ਘੋੜੇ ਦੀ ਸਵਾਰੀ ਸਿਰ ਦੇ ਰੋਗ ਲਈ ਚੰਗੀ ਹੈ, ਆਦਿਕ । ਇਸੇ ਤਰ੍ਹਾਂ ਚੰਚਲ ਚਿੱਤ ਵਾਲੇ ਮਨੁੱਖ ਨੂੰ ਗਣਿਤ ਸ਼ਾਸਤਰ (ਹਿਸਾਬ ਦੀਆਂ ਕਿਤਾਬਾਂ) ਦਾ ਅਭਿਆਸ ਕਰਨਾ ਚਾਹੀਦਾ ਹੈ, ਕਿਉਂਕਿ ਚਿੱਤ ਜੇਕਰ ਜ਼ਰਾ ਭੀ ਏਧਰ ਉਧਰ ਕਿਧਰੇ ਚਲਿਆ ਜਾਵੇ ਤਾਂ ਉਸ ਨੂੰ ਉਹ ਸਵਾਲ ਫੇਰ ਮੁਢੋਂ ਹੱਲ ਕਰਨਾ ਪਵੇਗਾ (ਜਿਨ੍ਹਾਂ ਦੀ ਵਿਚਾਰ ਸ਼ਕਤੀ ਠੀਕ ਨਹੀਂ)। ਇਸ ਲਈ ਹਰੇਕ ਗੱਲ ਨੂੰ ਜੋ ਮਨੁੱਖ ਵੱਖੋ ਵੱਖਰਾ ਨਹੀਂ ਕਰ ਸਕਦੇ ਉਨ੍ਹਾਂ ਨੂੰ "ਸਕੂਲ ਮੈਨ” ਦੇ ਗ੍ਰੰਥ ਪੜ੍ਹਨੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ਦੇ ਲਿਖਣ ਵਾਲਿਆਂ ਨੇ ਵਾਲ ਦੀ ਪੂਰੀ ਪੂਰੀ ਖੱਲ ਉਤਾਰੀ ਹੈ । ਜਿਨ੍ਹਾਂ ਨੂੰ ਉਹੋ ਗੱਲ ਕਈ ਵਾਰੀ ਨਵੇਂ ਢੰਗ ਤੇ ਕਹਿਣੀ ਨਹੀਂ ਆਉਂਦੀ ਅਥਵਾ ਜਿਹੜੇ ਲੋਕ ਇਕ ਗੱਲ ਦੀ ਪੁਸ਼ਟੀ ਕਰਨ ਲਈ ਦੂਜੀ ਗੱਲ ਦਾ ਪ੍ਰਮਾਣ ਤਤਕਾਲ ਨਹੀਂ ਦੇ ਸਕਦੇ ਉਨ੍ਹਾਂ ਨੂੰ ਵਕੀਲਾਂ ਦੇ ਮੁਕੱਦਮਿਆਂ ਸੰਬੰਧੀ ਕਾਗਜ਼ਾਤ ਦੇਖਣੇ ਚਾਹੀਦੇ ਹਨ । ਇਸੇ ਤਰ੍ਹਾਂ ਹਰੇਕ ਮਾਨਸਿਕ ਵਿਕਾਰ ਨੂੰ ਦੂਰ ਕਰਨ ਲਈ ਯੋਗ ਉਪਾਉ ਹੋ ਸਕਦੇ ਹਨ ।
ਵਿਦਯਾ ਕਲਪ ਬ੍ਰਿਛ ਹੈ ਟਾਹਣੀ ਟਾਹਣ ਅਨੰਤ ।
ਸੁਆਦੇ ਫਲਿ ਲਾਗੇ ਸਭਨ ਝੂਣੇ ਲਹੋ ਬਯੰਤ ॥ ੬ ॥
(ਅਨੁਵਾਦਕ : ਮੋਹਨ ਸਿੰਘ ਵੈਦ)