Of Truth (Essay in Punjabi) : Francis Bacon
ਸੱਚ (ਲੇਖ) : ਫ਼ਰਾਂਸਿਸ ਬੇਕਨ
“ਜਿਸ ਸਰਬ ਸੁਖਾ ਫਲ ਲੋੜੀਐ, ਸੋ ਸਚੁ ਕਮਾਵਉ”
“ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥”
"ਸੱਚ ਆਖਦੇ ਕਿਸ ਨੂੰ ਹਨ ?'' ਇਸ ਤਰ੍ਹਾਂ ਪਾਯਲੇਟ੧ ਨੇ ਹਾਸੇ ਨਾਲ ਪ੍ਰਸ਼ਨ ਕੀਤਾ, ਪਰ ਉੱਤਰ ਮਿਲਣ ਦੇ ਪਹਿਲਾਂ ਹੀ ਉਹ ਉਠ ਖੜ੍ਹਾ ਹੋਇਆ ਅਤੇ ਚਲਿਆ ਗਿਆ । ਅਜੇਹੇ ਭੀ ਬਹੁਤ ਸਾਰੇ ਮਨੁੱਖ ਹੁੰਦੇ ਹਨ । ਇਹ ਸੱਚ ਹੈ, ਉਨ੍ਹਾਂ ਨੂੰ ਕਿਸੇ ਗੱਲ ਉਤੇ ਨਿਸ਼ਚਾ ਨਹੀਂ ਹੁੰਦਾ, ਭਰਮੀ ਮਨੁੱਖ ਵਾਂਗ ਚਿਤ ਦੀ ਬ੍ਰਿਤੀ ਨੂੰ ਚੱਕਰ ਦੇਣਾ ਹੀ ਉਨ੍ਹਾਂ ਨੂੰ ਚੰਗਾ ਲਗਦਾ ਹੈ । ਕਿਸੇ ਭੀ ਮਤ ਨੂੰ ਗ੍ਰਹਿਣ ਕਰ ਕੇ ਉਸ ਦੇ ਉਤੇ ਕਾਇਮ ਹੋਣਾ ਉਨ੍ਹਾਂ ਨੂੰ ਪੈਰਾਂ ਵਿਚ ਬੇੜੀਆਂ ਪੈ ਜਾਣ ਦੀ ਤਰ੍ਹਾਂ ਦੁਖਦਾਇਕ ਮਲੂਮ ਹੁੰਦਾ ਹੈ । ਉਹ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅਧਿਕਾਰ ਹੈ ਕਿ ਉਹ ਜਿਸ ਤਰ੍ਹਾਂ ਦੇ ਵਿਚਾਰ ਜਾਂ ਵਿਹਾਰ ਚਾਹੁਣ ਕਰ ਸਕਦੇ ਹਨ । ਪੁਰਾਣੇ ਸਮੇਂ ਵਿਚ ਨਾਸਤਕਾਂ ਦਾ ਇਕ ਅਜੇਹਾ ਪੰਥ ਸੀ ਜਿਸ ਦੇ ਮੂਲ ਤਤ੍ਵ ਅਜੇਹੇ ਹੀ ਸਨ । ਭਾਵੇਂ ਉਸ ਪੰਥ ਦਾ ਖੁਰਾ ਖੋਜ ਹੁਣ ਜਾਂਦਾ ਰਿਹਾ ਹੈ, ਪਰ ਉਸ ਦੇ ਪੈਰੋਕਾਰ ਹੁਣ ਵੀ ਬਹੁਤ ਸਾਰੇ ਲੋਕ ਦੇਖੇ ਜਾਂਦੇ ਹਨ । ਉਹ ਲੋਕ ਭੀ ਖੰਡਨ ਮੰਡਨ (ਬਹਸ ਮੁਬਾਹਸਾ) ਕਰਨ ਲਈ ਅਤੇ ਹਰੇਕ ਗੱਲ ਵਿਚ ਨੁਕਸ ਕੱਢਣ ਲਈ ਬਹੁਤ ਚਤੁਰ ਹੁੰਦੇ ਹਨ, ਪਰ ਫੇਰ ਵੀ ਪੁਰਾਣੇ ਲੋਕਾਂ ਵਰਗੀ ਚਤੁਰਾਈ ਉਨ੍ਹਾਂ ਵਿਚ ਨਹੀਂ ਹੁੰਦੀ ।
(੧. ਜੂਡੀਆ ਪ੍ਰਦੇਸ ਵਿਚ ‘ਪਾਯਲੇਟ’ ਨਾਮੀ ਇਕ ਰੋਮਨ ਗਵਰਨਰ ਸੀ, ਇਸ ਨੇ ਹੀ ਈਸਾ ਨੂੰ ਸੂਲੀ ਦੀ ਸਜ਼ਾ ਦਿੱਤੀ ਸੀ। ਇਸ ਨੇ ਜਦ ਈਸਾ ਤੋਂ ਪੁੱਛਿਆ “ਤੂੰ ਕੌਣ ਹੈਂ ? ਤਦ ਉਸ ਨੇ ਕਿਹਾ "ਮੈਂ ਸੱਚ ਦਾ ਪ੍ਰਚਾਰ ਕਰਨ ਲਈ ਉੱਦਮ ਕਰਨ ਵਾਲਾ ਹਾਂ ।" ਇਸ ਪਰ ਪਾਯਲੇਟ ਨੇ ਫੇਰ ਪ੍ਰਸ਼ਨ ਕੀਤਾ ਕਿ 'ਸੱਚ ਆਖਦੇ ਕਿਸ ਨੂੰ ਹਨ ?' ਪਰ ਉੱਤਰ ਮਿਲਣ ਤੋਂ ਪਹਿਲਾਂ ਹੀ ਉਹ ਉਠ ਕੇ ਚਲਿਆ ਗਿਆ ।)
ਮਨੁੱਖਾਂ ਨੂੰ ਝੂਠ ਇੰਨਾ ਕਿਉਂ ਪਿਆਰਾ ਹੈ ? ਸੱਚ ਦੇ ਢੂੰਢਣ ਵਿਚ ਅਨੇਕਾਂ ਦੁਖ ਅਤੇ ਕਸ਼ਟ ਭੋਗਣੇ ਪੈਂਦੇ ਹਨ, ਇਸੇ ਕਰਕੇ ਉਹ ਝੂਠ ਬੋਲਦੇ ਹਨ, ਅਥਵਾ ਸੱਚ ਨੂੰ ਜਾਣ ਕੇ ਵੀ ਉਸ ਦੇ ਅਨੁਸਾਰ ਵਰਤਾਵ ਕਰਨ ਤੋਂ ਉਹ ਡਰਦੇ ਹਨ । ਇਸੇ ਕਰਕੇ ਉਹ ਝੂਠ ਬੋਲਦੇ ਹਨ । ਨਹੀਂ, ਇਹ ਦੋਵੇਂ ਕਾਰਣ ਠੀਕ ਨਹੀਂ ਹਨ। ਮਨੁੱਖ ਦਾ ਬੁਰਾ ਸੁਭਾਉ ਹੀ ਝੂਠ ਬੋਲਣ ਦਾ ਪਹਿਲਾ ਕਾਰਣ ਮਲੂਮ ਹੁੰਦਾ ਹੈ । ਕਈ ਲੋਕ ਮਨ ਖੁਸ਼ ਕਰਨ ਲਈ ਬੋਲਦੇ ਹਨ, ਅਤੇ ਵਪਾਰੀ ਲੋਕ ਵਪਾਰ ਵਿਚ ਲਾਭ ਲੈਣ ਲਈ ਗਾਹਕਾਂ ਨਾਲ ਝੂਠ ਬੋਲਦੇ ਹਨ । ਪਰ ਜਿਥੇ ਇਕ ਕਿਣਕੇ ਦਾ ਵੀ ਲਾਭ ਨਹੀਂ, ਉਥੇ ਵੀ ਬਹੁਤ ਲੋਗ ਝੂਠ ਬੋਲਦੇ ਹਨ, ਇਸ ਦਾ ਕੀ ਕਾਰਣ ਹੈ ? ਕੁਝ ਸਮਝ ਵਿਚ ਨਹੀਂ ਆਉਂਦਾ । ਝੂਠ ਬੋਲਣ ਵਿਚ ਕੀ ਕੋਈ ਬਹੁਤਾ ਆਨੰਦ ਮਿਲਦਾ ਹੈ, ਜਿਸ ਕਰਕੇ ਲੋਕ ਅਜੇਹਾ ਕਰਦੇ ਹਨ ? ਇਸ ਗੱਲ ਦੀ ਖੋਜ ਕਰਨ ਲਈ ਇਕ ਗ੍ਰੀਸ ਨਿਵਾਸੀ ਤਤ੍ਵਵੇਤਾ ਨੇ ਬਹੁਤ ਸਮੇਂ ਤਕ ਮਿਹਨਤ ਕੀਤੀ, ਪਰ ਉਸਦਾ ਮਤਲਬ ਛੇਕੜ ਸਿੱਧ ਨਾ ਹੋਇਆ । ‘ਸੱਚ’ ਦਿਨ ਦੇ ਉਜਲੇ ਪ੍ਰਕਾਸ਼ ਵਾਂਗ ਤਾਂ ਨਹੀਂ ? ਕਈ ਥੀਏਟਰਾਂ (ਨਾਟਕਾਂ) ਅਤੇ ਮਦਾਰੀ ਦੀਆਂ ਖੇਡਾਂ ਵਿਚ ਜੋ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਨਜ਼ਰ ਆਉਂਦੇ ਹਨ ਉਹ ਰਾਤ ਨੂੰ ਜਿੰਨੇ ਸੁੰਦਰ ਅਤੇ ਮਨੋਰੰਜਕ ਲਗਦੇ ਹਨ ਦਿਨੇ ਉਸ ਦਾ ਕੁਝ ਹਿੱਸਾ ਭੀ ਚੰਗਾ ਨਹੀਂ ਲਗਦਾ । ਇਸੇ ਤਰ੍ਹਾਂ ਸੰਸਾਰਕ ਗੱਲਾਂ ਝੂਠ ਦਾ ਸਹਾਰਾ ਪਾ ਕੇ ਜਿਸ ਤਰ੍ਹਾਂ ਖੁਲ੍ਹਦੀਆਂ ਹਨ ਉਸ ਤਰ੍ਹਾਂ ਸੱਚ ਦਾ ਸਹਾਰਾ ਪਾ ਕੇ ਨਹੀਂ ਖੁਲ੍ਹਦੀਆਂ । ਸੱਚ ਦੀ ਬਰਾਬਰੀ ਮੋਤੀ ਨਾਲ ਕਰ ਸਕੀਦੀ ਹੈ, ਮੋਤੀ ਦਿਨੇ ਬਹੁਤ ਚਮਕਦਾ ਹੈ । ਪਰ ਹੀਰਾ ਨਹੀਂ। ਇਸੇ ਕਰਕੇ ਹੀਰੇ ਦੀ ਉਪਮਾ ਸੱਚ ਨੂੰ ਨਹੀਂ ਦੇ ਸਕਦੇ। ਹੀਰੇ ਉਤੇ ਰਾਤ ਨੂੰ ਦੀਵੇ ਦਾ ਪ੍ਰਕਾਸ਼ ਚੁਫੇਰਿਉਂ ਪੈਣ ਕਰਕੇ ਹੀ ਉਸ ਦੀ ਚਮਕ ਬਹੁਤ ਸੁੰਦਰ ਨਜ਼ਰ ਆਉਂਦੀ ਹੈ ।
ਸੱਚ ਦੇ ਨਾਲ ਝੂਠ ਦਾ ਮੇਲ ਕਰਨ ਵਿਚ ਮਨੁੱਖ ਨੂੰ ਇਕ ਤਰ੍ਹਾਂ ਦਾ ਆਨੰਦ ਮਾਲੂਮ ਹੁੰਦਾ ਹੈ । ਇਸ ਵਿਚ ਕੋਈ ਸ਼ੱਕ ਨਹੀਂ, ਜੇਕਰ ਮਨੁੱਖ ਦੇ ਮਨ ਵਿਚੋਂ ਬਿਰਥਾ ਅਭਿਮਾਨ, ਬਹੁਤ ਉੱਚੀ ਆਸਾ, ਅਯੋਗ ਹਠ ਅਤੇ ਕਈ ਤਰ੍ਹਾਂ ਦੀਆਂ ਕਲਪਣਾਂ ਕਢ ਲਈਆਂ ਜਾਣ ਤਾਂ ਹਜ਼ਾਰਾਂ ਹੀ ਮਨੁੱਖਾਂ ਦਾ ਚਿੱਤ ਇੰਨਾ ਉਦਾਸ, ਦੁਖੀ ਅਤੇ ਸੁੰਗੜ ਜਾਵੇਗਾ ਕਿ ਉਹ ਆਪ ਹੀ ਉਨ੍ਹਾਂ ਨੂੰ ਦੁਖਦਾਇਕ ਹੋਣ ਲਗੇਗਾ ।
ਇਕ ਈਸਾਈ ਧਰਮ ਪ੍ਰਚਾਰਕ ਨੇ ਜੋਸ਼ ਵਿਚ ਆ ਕੇ ਕਵਿਤਾ ਨੂੰ “ਰਾਖਸ਼ਾਂ ਦੇ ਪੀਣ ਦਾ ਪਦਾਰਥ” ਕਿਹਾ ਹੈ ! ਕਿਉਂਕਿ ਕਵਿਤਾ ਦਾ ਸੁਆਦ ਚੱਖ ਕੇ ਮਨੁੱਖਾਂ ਦੇ ਮਨ ਵਿਚ ਕਈ ਤਰ੍ਹਾਂ ਦੀਆਂ ਝੂਠੀਆਂ ਕਲਪਣਾ ਪੈਦਾ ਹੁੰਦੀਆਂ ਹਨ । ਅਜੇਹਾ ਝੂਠ ਜੋ ਪੈਦਾ ਹੋ ਕੇ ਕੁਝ ਸਮੇਂ ਦੇ ਪਿਛੋਂ ਨਾਸ ਹੋ ਜਾਂਦਾ ਹੈ, ਉਹ ਨੁਕਸਾਨ ਕਰਨ ਵਾਲਾ ਨਹੀਂ, ਪਰ ਜੋ ਝੂਠ ਮਨ ਵਿਚ ਲੀਨ ਹੋ ਕੇ ਉਥੇ ਹੀ ਕਾਇਮ ਰਹਿੰਦਾ ਹੈ ਉਹ ਬਹੁਤ ਜ਼ੁਲਮ ਕਾਰਕ ਹੈ ਅਤੇ ਇਥੇ ਉਸੇ ਤਰ੍ਹਾਂ ਦੇ ਝੂਠ ਨਾਲ ਸਾਡਾ ਮਤਲਬ ਹੈ । ਮੂਰਖ ਅਤੇ ਬੁਰੇ ਸੁਭਾਵ ਵਾਲੇ ਮਨੁੱਖਾਂ ਨੂੰ ਝੂਠ ਭਾਵੇਂ ਕਿੰਨਾ ਪਿਆਰਾ ਹੋਵੇ । ਪਰ ਸੱਚ ਆਪ ਹੀ ਇਹ ਸਿਖਿਆ ਦੇਂਦਾ ਹੈ ਕਿ ਸੱਚ ਦੀ ਖੋਜ ਕਰਨ ਵਿਚ, ਸੱਚ ਨੂੰ ਜਾਣਨ ਵਿਚ ਅਤੇ ਸੱਚ ਉਤੇ ਭਰੋਸਾ ਰੱਖਣ ਵਿਚ ਹੀ ਮਨੁੱਖ ਦਾ ਭਲਾ ਹੈ । ਜਗਤ ਰਚਨਾ ਦੇ ਸਮੇਂ ਵਾਹਿਗੁਰੂ ਨੇ ਪਹਿਲੇ ਇੰਦ੍ਰੀਆਂ ਨੂੰ ਨਜ਼ਰ ਆਉਣ ਵਾਲਾ ਪ੍ਰਕਾਸ਼ ਬਣਾਇਆ, ਫੇਰ ਉਸ ਨੇ ਗਿਆਨ ਨਾਲ ਜਾਣੇ ਜਾਣ ਵਾਲੇ ਪ੍ਰਕਾਸ਼ ਨੂੰ ਬਣਾਇਆ, ਅਰਥਾਤ ਆਦਿ ਵਿਚ ਉਸ ਨੇ ਪੰਜ ਮਹਾਭੂਤਾਂ (ਧਰਤੀ, ਜਲ, ਅੱਗ, ਪੌਣ ਤੇ ਅਕਾਸ਼ ਨੂੰ ਪੰਜ ਮਹਾਂਭੂਤ ਆਖਦੇ ਹਨ) ਨੂੰ ਅਤੇ ਫੇਰ ਮਨੁੱਖ ਨੂੰ ਆਤਮਾ ਰੂਪੀ ਪ੍ਰਕਾਸ਼ ਨਾਲ ਪ੍ਰਕਾਸ਼ਿਤ ਕੀਤਾ । ਉਸਦੇ ਬਿਨਾਂ ਹੁਣ ਤਕ ਬਰਾਬਰ, ਸਮੇਂ ਸਮੇਂ ਉਹ ਆਪਣੇ ਪ੍ਰੀਤੀ ਪਾਤਰ ਭਗਤਾਂ ਨੂੰ ਸੱਚ ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਕਰਦਾ ਹੀ ਰਹਿੰਦਾ ਹੈ ਅਤੇ ਅੰਤ ਹਰ ਥਾਂ ਸੱਚ ਦੀ ਹੀ ਜੈ ਹੁੰਦੀ ਹੈ ।
ਹੋਰਨਾਂ ਨਾਲੋਂ ਇਕ ਨੀਚ ਜਾਤੀ ਨੂੰ ਅਲੰਕ੍ਰਿਤ ਕਰਨ ਵਾਲਾ ਇਕ ਕਵੀ ਬਹੁਤ ਹੀ ਉੱਤਮਤਾ ਨਾਲ ਆਖਦਾ ਹੈ ਕਿ ਕਿਨਾਰੇ ਉਤੇ ਖੜ੍ਹੇ ਹੋ ਕੇ ਸਮੁੰਦਰ ਵਿਚ ਜਹਾਜ਼ਾਂ ਦਾ ਇਧਰ ਉਧਰ ਡੋਲਣਾ ਦੇਖ ਕੇ ਬਹੁਤ ਆਨੰਦ ਹੁੰਦਾ ਹੈ । ਕਿਲ੍ਹੇ ਦੇ ਅੰਦਰ ਬਾਰੀ ਵਿਚ ਬੈਠ ਕੇ ਹੇਠਾਂ ਹੁੰਦੀ ਹੋਈ ਲੜਾਈ ਅਤੇ ਉਸਦੇ ਜੋਧਿਆਂ ਦੇ ਪਰਾਕ੍ਰਮ ਨੂੰ ਦੇਖ ਕੇ ਆਨੰਦ ਹੁੰਦਾ ਹੈ । ਪਰ ਸੱਚ ਦੀ ਚੋਟੀ ਉਤੇ ਆਸਣ ਜਮਾ ਕੇ ਹੇਠਲੇ ਲੋਕਾਂ ਦੀ ਬਦਮਸਤੀ, ਦੌੜ ਭੱਜ, ਭਰਮ ਅਤੇ ਅਗਿਆਨ ਨੂੰ ਦੇਖ ਕੇ ਜੋ ਆਨੰਦ ਹੁੰਦਾ ਹੈ ਉਸ ਆਨੰਦ ਦੀ ਉਪਮਾ ਹੀ ਨਹੀਂ। ਹਾਂ ਇਹ ਜ਼ਰੂਰ ਹੈ ਕਿ ਅਜੇਹੀ ਦਸ਼ਾ ਵਿਚ ਦੇਖਣ ਵਾਲਿਆਂ ਨੂੰ ਪਾਗਲ ਹੋ ਕੇ ਅਭਿਮਾਨ ਦੀ ਨਜ਼ਰ ਨਾਲ ਨਹੀਂ ਬਲਕਿ ਦਿਆਲ ਦ੍ਰਿਸ਼ਟੀ ਨਾਲ ਦੇਖਣਾ ਚਾਹੀਦਾ ਹੈ । ਜੋ ਮਨੁੱਖ ਪਰਉਪਕਾਰੀ ਹੈ, ਵਾਹਿਗੁਰੂ ਉਤੇ ਜਿਸ ਨੂੰ ਭਰੋਸਾ ਹੈ ਅਤੇ ਸੱਚ ਦੇ ਅਨੁਸਾਰ ਜੋ ਚਲਦਾ ਹੈ ਉਸ ਨੂੰ ਧਰਤੀ ਹੀ ਸ੍ਵਰਗ ਤੇ ਸਭ ਥਾਂ ਆਨੰਦ ਹੈ ।
ਤਤ ਗਿਆਨ ਅਤੇ ਪਰਮਾਰਥੀ ਸੱਚ ਨੂੰ ਛੱਡ ਕੇ ਹੁਣ ਅਸੀਂ ਮਾਮੂਲੀ ਵਿਹਾਰੀ ਸੱਚ ਦਾ ਵਿਚਾਰ ਕਰਦੇ ਹਾਂ । ਜਿਹੜੇ ਮਨੁੱਖ ਕਪਟੀ ਅਤੇ ਬੇਇਤਬਾਰੇ ਹਨ ਉਹ ਭੀ ਇਸ ਗੱਲ ਨੂੰ ਮੰਨਣਗੇ ਕਿ ਨਿਸ਼ਕਪਟ ਤੇ ਸਿੱਧਾ ਵਰਤਾਉ ਹਰੇਕ ਮਨੁੱਖ ਦਾ ਗਹਿਣਾ ਹੈ। ਸੱਚ ਵਿਚ ਝੂਠ ਦਾ ਮੇਲ ਕਰਨ ਨਾਲ ਉਹ ਨਤੀਜਾ ਹੁੰਦਾ ਹੈ ਜੋ ਸੋਨੇ ਅਤੇ ਚਾਂਦੀ ਵਿਚ ਕਲੀ ਆਦਿਕ ਘੱਟ ਮੁੱਲ ਦੀਆਂ ਧਾਤਾਂ ਦੀ ਮਿਲਾਵਟ ਨਾਲ ਹੁੰਦਾ ਹੈ। ਇਹ ਸੱਚ ਹੈ ਕਿ ਹਲਕੀ ਧਾਤ ਦੇ ਮੇਲਣ ਨਾਲ ਸੋਨੇ ਜਾਂ ਚਾਂਦੀ ਦੇ ਸਿੱਕੇ ਚੰਗੇ ਨਿਕਲਦੇ ਹਨ, ਪਰ ਉਨ੍ਹਾਂ ਦਾ ਮੁੱਲ ਜ਼ਰੂਰ ਘੱਟ ਹੋ ਜਾਂਦਾ ਹੈ ਅਤੇ ਸਭ ਜਗ੍ਹਾ ਉਨ੍ਹਾਂ ਉਤੇ ਵੱਟਾ ਲਗਦਾ ਹੈ, ਇਹ ਸਾਰੇ ਲੋਕ ਜਾਣਦੇ ਹਨ । ਇਸੇ ਤਰ੍ਹਾਂ ਝੂਠ ਬੋਲਣ ਨਾਲ ਗੱਲ ਵਿਚ ਭੀ ਵੱਟਾ ਲਗ ਜਾਂਦਾ ਹੈ । ਸਾਰੇ ਜੀਵਾਂ ਵਿਚੋਂ ਸੱਪ ਨੀਚ੧ ਹੈ। ਕਿਉਂਕਿ ਪੈਰਾਂ ਨਾਲ ਨਾ ਤੁਰ ਕੇ ਉਹ ਪੇਟ ਦੇ ਭਾਰ ਟੇਢਾ ਹੀ ਤੁਰਦਾ ਹੈ । ਇਸ ਲਈ ਉਸ ਮਨੁੱਖ ਨੂੰ ਭੀ ਸੱਪ ਦੀ ਤਰ੍ਹਾਂ ਨੀਚ ਸਮਝਣਾ ਚਾਹੀਦਾ ਹੈ ਜੋ ਸੱਚ ਦੀ ਸਿੱਧੀ ਚਾਲ ਨੂੰ ਛੱਡ ਕੇ ਝੂਠ ਦੀ ਟੇਢੀ ਚਾਲ ਚਲਦਾ ਹੈ। ਝੂਠ ਵਰਤਾਉ ਅਤੇ ਬਣਾਉਟੀ ਭਾਵ ਦਾ ਭਾਂਡਾ ਭੱਜ ਜਾਣ ਪਰ ਮਨੁੱਖ ਨੂੰ ਜਿੰਨੀ ਸ਼ਰਮ ਆਉਂਦੀ ਹੈ, ਉੱਨੀ ਸ਼ਰਮ ਹੋਰ ਕਿਸੇ ਭੀ ਖੋਟੇ ਕੰਮ ਦੇ ਜ਼ਾਹਰ ਹੋਣ ਪਰ ਨਹੀਂ ਆਉਂਦੀ। "ਓਏ ਮੂਰਖਾ ਅਜੇਹਾ ਝੂਠਾ ਵਰਤਾਰਾ ਕਰਦਾ ਹੈਂ ?'' ਇਸ ਤਰ੍ਹਾਂ ਜਦ ਕਿਸੇ ਨੂੰ ਕੋਈ ਆਖੇ ਤਾਂ ਸੁਣਨ ਵਾਲੇ ਨੂੰ ਇੰਨੀ ਸ਼ਰਮ ਅਤੇ ਗੁੱਸਾ ਕਿਉਂ ਲਗਣਾ ਚਾਹੀਦਾ ਹੈ ? ਇਸ ਪਰ ਮਾਨਟੈਨ ਕੇਹੀ ਚੋਣਵੀਂ ਗੱਲ ਆਖਦਾ ਹੈ ਕਿ “ਕਿਸੇ ਨੂੰ ਇਹ ਆਖਣਾ ਕਿ ਤੁਸੀਂ ਝੂਠ ਵਰਤਾਉ ਕਰਦੇ ਹੋ, ਜਾਣੋ ਉਸ ਨੂੰ ਇਹ ਜਤਾਉਣਾ ਹੈ ਕਿ ਤੁਸੀਂ ਵਾਹਿਗੁਰੂ ਪਾਸੋਂ ਤਾਂ ਨਹੀਂ ਡਰਦੇ ਪਰ ਮਨੁੱਖ ਪਾਸੋਂ ਡਰਦੇ ਹੋ।” ਕਿਉਂਕਿ ਝੂਠਾ ਵਿਵਹਾਰ ਕਰਨ ਵਾਲਾ ਝੂਠ ਨੂੰ, ਡਰ ਦਾ ਮਾਰਿਆ, ਮਨੁੱਖ ਕੋਲੋਂ ਤਾਂ ਲੁਕਾਉਂਦਾ ਹੈ ਪਰ ਉਸ ਦੇ ਸਾਰੇ ਕੰਮਾਂ ਦਾ ਸਾਥੀ ਵਾਹਿਗੁਰੂ ਹੈ ਇਸ ਦੀ ਉਸ ਨੂੰ ਯਾਦ ਹੀ ਨਹੀਂ ਰਹਿੰਦੀ, ਪਰ “ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ।”
ਦੂਜਾ ਮੇਲ ਰਵਾਲਨਾ ਸੱਚਾ ਸੁਧ ਸਰੂਪ ।
ਪੁਜੇ ਹੀਰਾ ਰਤਨ ਨਾ ਸੋਈ ਸੱਚ ਅਨੂਪ ॥ ੧ ॥
(੧. ਈਸਾਈ ਲੋਕਾਂ ਦਾ ਕਹਿਣਾ ਹੈ ਕਿ ਸੱਪ ਨੇ ਮਨੁੱਖਾਂ ਦੇ ਆਦਿ ਪਿਤਰਾਂ ਨੂੰ ਧੋਖਾ ਦਿੱਤਾ ਸੀ, ਇਸ ਲਈ ਵਾਹਿਗੁਰੂ ਨੇ ਉਸਨੂੰ ਇਹ ਸਰਾਪ ਦਿੱਤਾ ਕਿ ਤੂੰ ਅੱਜ ਤੋਂ ਪੈਰਾਂ ਦੇ ਭਾਰ ਨਾ ਤੁਰ ਕੇ ਪੇਟ ਦੇ ਭਾਰ ਤੁਰੇਂਗਾ।)
(ਅਨੁਵਾਦਕ : ਮੋਹਨ ਸਿੰਘ ਵੈਦ)