ਤੇਰੀਆਂ ਸੜਕਾਂ ਕਲਾਸ ਰੂਮਾਂ ਚ ਕੀ ਕੀ ਨਹੀਂ ਰਹਿ ਗਿਆ ਸਾਡਾ-ਪੀ ਏ ਯੂ : ਡਾ. ਅਮਰਜੀਤ ਟਾਂਡਾ
ਪੀ ਏ ਯੂ ਨੂੰ ਛੱਡ ਮੁੜ ਕੇ ਨਹੀਂ ਜਿਹੜਾ ਗਿਆ ਹੈ ਉਹ ਆਪਣੀ ਮਾਂ ਦਾ ਸਕਾ ਪੁੱਤ ਨਹੀਂ ਹੋਵੇਗਾ।
ਫੁੱਲਾਂ ਵਰਗੇ ਸੁਪਨਿਆਂ ਦੀ ਧਰਤੀ ਹੈ ਇਹ। ਖੂਬਸੂਰਤੀ ਖ਼ਬਰੇ ਇਹਨੇ ਦਿਤੀ ਸੀ ਮੇਰੇ ਪੰਜਾਬ ਨੂੰ। ਅੱਲੜ੍ਹ ਪੰਜਾਬਣਾਂ ਨੂੰ ਖ਼ਬਰੇ ਇਹਨੇ ਜਨਮ ਦਿੱਤਾ ਸੀ ਸ਼ਿੰਗਾਰ ਕੇ।
ਇਹਦੀ ਖੂਬਸੂਰਤੀ ਬਾਰੇ ਵਾਰ ਵਾਰ ਲਿਖਣ ਨੂੰ ਜੀਅ ਕਰਦਾ ਹੈ। ਅਵਾਰਾ ਘੁੰਮਣ ਨੂੰ ਦਿਲ ਕਰਦਾ ਵਿਹਲੇ ਹੋਕੇ।
ਜੀਅ ਕਰਦਾ ਸਾਰਾ ਹੁਸਨ ਇਹਦਾ ਜੇਬ ਚ ਨਾ ਲਿਆਵਾਂ ਯਾਰਾਂ ਤੋਂ ਚੋਰੀ ਚੋਰੀ। ਗੁਆਚੇ ਜਵਾਨੀ ਦੇ ਦਿਨਾਂ ਦੀ ਦਾਸਤਾਨ ਹੂੰਝ ਲਿਆਵਾਂ ਗਠੜੀ ਬੰਨ੍ਹ ਢਾਕੇ ਲਾ ਕੇ।
ਵਰਣਿਤ ਦਿਨਾਂ ਦੀ ਪੀਏਯੂ ਅਸਲ ਵਿੱਚ ਉੱਤਮਤਾ ਦਾ ਸਥਾਨ ਹੈ। ਇੱਕ ਅਨੋਖੀ ਸੰਸਥਾ ਹੈ। ਉਮੀਦ ਹੈ ਕਿ ਇਹ ਆਉਣ ਜਾਣ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਵਿੱਚ ਸੁੰਦਰ ਢੰਗ ਨਾਲ ਡਿਜ਼ਾਈਨ ਕੀਤਾ ਅਜਾਇਬ ਘਰ, ਇਮਾਰਤਾਂ, ਲੈਬਾਂ, ਸ਼ਾਨਦਾਰ ਲਾਇਬ੍ਰੇਰੀ, ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਗਏ ਕਲਾਸ ਰੂਮ, ਖੁੱਲ੍ਹੀਆਂ ਥਾਵਾਂ, ਮੈਨੀਕਿਊਰ ਕੀਤੇ ਲਾਅਨ, ਫੁੱਲਾਂ ਦੇ ਰੁੱਖਾਂ ਨਾਲ ਕਤਾਰਬੱਧ ਰਸਤੇ, ਸ਼ਾਨਦਾਰ ਰਿਹਾਇਸ਼ਾਂ ਅਤੇ ਖੇਡਾਂ ਦਾ ਬੁਨਿਆਦੀ ਢਾਂਚਾ ਹੈ।
ਪ੍ਰਸਿੱਧ ਫਿਲਮਾਂ ਚਲਾਉਣ ਵਾਲਾ ਇੱਕ ਵਿਸ਼ਾਲ ਆਡੀਟੋਰੀਅਮ ਹੈ।
ਮਹਿਕਾਂ ਵੰਡਦੀਆਂ ਸੜਕਾਂ ਓਥੇ ਹੀ ਹਨ ਹੋਰ ਕਿਤੇ ਨਹੀਂ। ਖੁਸ਼ਬੂਆਂ ਭਰੀਆਂ ਕਲਾਸਾਂ ਤੇ ਕਮਰੇ ਓਥੇ ਹੀ ਹਨ। ਪੀ ਏ ਯੂ ਵਰਗੀ ਲਾਇਬ੍ਰੇਰੀ ਹੋਰ ਕਿਤੇ ਨਹੀਂ ਬਣੀ ਅਜੇ। ਖੁੱਲੀਆਂ ਖੇਡਦੀਆਂ ਗਰਾਊਂਡਾਂ ਦੀਆਂ ਰੌਣਕਾਂ ਨਹੀਂ ਮਿਲਦੀਆਂ ਕਿਤੇ।
ਕੰਟੀਨਾਂ ਚ ਲੱਗੇ ਮੇਲੇ ਕਿਹਨੂੰ ਨਹੀਂ ਯਾਦ। ਫੁੱਲਦਾਰ ਸੁਗੰਧੀਆਂ ਵਾਲੇ ਰੁੱਖਾਂ ਬੂਟਿਆਂ ਦੀਆਂ ਡਾਰਾਂ ਦਾ ਨਾਲ ਨਾਲ ਟੁਰਨਾ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਸਮਾਂ ਆਪਾਂ ਸਾਰਿਆਂ ਨੇ ਮਾਣਿਆ। ਮਸਾਲੇਦਾਰ ਚਾਹ ਵਾਂਗ ਘੁੱਟ ਘੁੱਟ ਕਰ ਕੇ ਪੀਂਦੇ ਰਹੇ।
ਮੇਰੀ ਅਤੇ ਮੇਰੇ ਦੋਸਤਾਂ ਦੀ ਪਵਿੱਤਰ ਧਰਤੀ ਹੈ ਇਹ। ਅਸੀਂ ਸਾਰੇ ਤੇਰੀ ਪੂਜਾ ਕਰਦੇ ਹਾਂ। ਇਹ ਜੋ ਸਿਰ ਦੁਨੀਆਂ ਵਿੱਚ ਉੱਚੇ ਹਨ ਤੇਰੀ ਪ੍ਰਤੀਕਰਮਾਂ ਕਰਦੇ ਝੁਕਣਾ ਪਸੰਦ ਕਰਦੇ ਤੇਰੇ ਦਰਾਂ ਤੇ।
ਜਨਾਬ ਜੋ ਕਦੇ ਸਿਰ ਨਹੀਂ ਝੁਕਾਉਂਦੇ ਯਾਰਾਂ ਦੀ ਹਜ਼ੂਰੀ ਵਿੱਚ ਤੇਰੇ ਅੱਗੇ ਮੱਥਾ ਟੇਕਦੇ ਹਨ। ਸਾਹਾਂ ਵਿੱਚ ਤੇਰਾ ਹੀ ਨਾਮ ਹੈ। ਪੀ ਏ ਯੂ ਤੂੰ ਅਜੇ ਵੀ ਮੇਰੇ ਲਈ ਇੱਕ ਸੁਪਨਾ ਏਂ ਰਾਤਾਂ। ਜੁਆਨੀ ਦੇ ਕਈ ਸਾਲ ਤੇਰੀਆਂ ਬਾਰਗਾਹਾਂ ਵਿੱਚ ਬਿਤਾਏ ਮਾਣੇ ਖੇਡੇ ਗਏ।
ਮੈਂ ਜਦੋਂ ਵੀ ਤੇਰੀ ਮੁਹੱਬਤਾਂ ਵਾਲੀਆਂ ਸੜਕਾਂ ਇਮਾਰਤਾਂ ਵਿੱਚੋਂ ਦੀ ਲੰਘਦਾ ਹਾਂ ਸਦਾ ਤੈਨੂੰ ਪਿਆਰ ਕਰਦਾ ਹਾਂ। ਮੇਰੀ ਜਵਾਨੀ ਦੇ ਸੋਹਣੇ ਸਾਲ ਅਜੇ ਵੀ ਤੇਰੀਆਂ ਸੜਕਾਂ ਕਲਾਸਾਂ ਕਮਰਿਆਂ ਤੇ ਖੇਤਾਂ ਵਿਚ ਦਿਨ ਰਾਤ ਵਿਚਰ ਰਹੇ ਹਨ।
ਤੂੰ ਯਾਰ ਏਂ ਮੇਰਾ। ਦੋਸਤ ਫੁੱਲਾਂ ਵਰਗੀ ਜ਼ਿੰਦਗੀ ਬਣ ਜਾਂਦੇ ਹਨ। ਯਾਰ ਖਿੜਦੇ ਫੁੱਲ ਵਾਂਗ ਮੁਸਕਰਾਉਂਦੇ ਹੀ ਸੋਹਣੇ ਲੱਗਦੇ ਹਨ। ਤੇਰੇ ਸ਼ਹਿਰ ਵਿੱਚ ਇਥੇ ਸਾਡੀਆਂ ਰੀਝਾਂ ਦੱਬੀਆਂ ਪਈਆਂ ਹਨ ਤੇ ਬਹੁਤ ਸਾਰੀਆਂ ਗੂਆਚੀਆਂ ਆਤਮਾਵਾਂ ਦੀਆਂ ਰੂਹਾਂ।
ਤੂੰ ਮੈਨੂੰ ਹਰ ਪਲ ਯਾਦ ਰਹਿਨਾਂ ਏਂ।
ਮੈਂ ਤੈਨੂੰ ਕਿਵੇਂ ਭੁੱਲਾ ਸਕਦਾ ਹਾਂ।
ਸੁਗੰਧਤ ਫਜ਼ਾ ਸ਼ੋਰੋਗੁਲ ਪਾਲ ਆਡੀਟੋਰੀਅਮ ਦਾ ਤੇਰੀ ਨਵਾਜ਼ਿਸ਼ ਹੈ।
ਅਮਲਤਾਸ ਦੇ ਰੁੱਖਾਂ ਨਾਲ ਭਰਿਆ ਹੋਇਆ ਵਿਹੜਾ, ਫੁੱਲਾਂ ਨਾਲ ਸਜੀਆਂ ਸੜਕ ਕਿਸਨੂੰ ਯਾਦ ਨਹੀਂ! ਹੋਮ ਸਾਇੰਸ ਦੇ ਹੋਸਟਲਾਂ ਦੁਆਲੇ ਸੁਪਨਿਆਂ ਦੀ ਭੀੜ ਹੁੰਦੀ ਸੀ ਸਦਾ।
ਕਿਸੇ ਵੀ ਕਮਰੇ ਵਿੱਚ ਜਾਓ। ਦਰਵਾਜ਼ਾ ਖੜਕਾਉਂਦਾ ਸੀ ਕੋਈ ਮਤਵਾਲਾ।ਮੁਹੱਬਤ ਚੋਰੀ ਕਰਨ ਆਇਆ ਪਲ। ਕੋਈ ਪਿਆਰ ਦੀ ਗੱਲ ਕਰਨ ਨੂੰ ਕਾਹਲਾ ਪੈਂਦਾ ਸਮਾਂ। ਬਹੁਤ ਸਾਰੇ ਸਾਲ ਖੰਭ ਝੜਦੇ ਰਹੇ ਅਨੇਕਾਂ ਪਰਿੰਦਿਆਂ ਦੇ। ਹਾਸੇ ਵੀ ਖਿੜੇ। ਨਿਰਾਸ਼ਤਾ ਵੀ ਪੱਲੇ ਪਈ ਕਈਆਂ ਦੇ। ਫਿਰ ਪਾਗਲਪਨ ਵਿੱਚ ਵੀ ਝੂਲਣਾ ਪਿਆ।
ਰੁੱਖਾਂ ਦੇ ਬਾਗਾਂ ਵਿੱਚ ਕੰਟੀਨ ਦੇ ਆਸ-ਪਾਸ ਚਾਹ ਦੀਆਂ ਚੁਸਕੀਆਂ ਲੈਂਦੇ ਕਈ ਪਹਿਰ ਮਿਲਦੇ ਸਨ। ਕਈ ਇਸ਼ਕ ਕਹਾਣੀਆਂ ਅਜੇ ਵੀ ਖੇਡ ਰਹੀਆਂ ਹਨ ਤੇਰੀਆਂ ਬਰੂਹਾਂ ਉੱਤੇ।
ਲਾਇਬ੍ਰੇਰੀ ਵਿਚ ਹਰ ਰੋਜ਼ ਬਦਲਦੀ ਦੁਨੀਆਂ ਬਹਾਨਿਆ ਲਾਰਿਆਂ ਵਾਲੀ ਟਕਰਦੀ ਸੀ।
ਜੋ ਚਮਕ ਜੋ ਬਹਾਰ ਖੇੜਾ ਤੇਰੇ ਬਾਗਵਾਨ ਚ ਖਿੜਦਾ ਸੀ ਉਹ ਕਦੇ ਨਹੀਂ ਮੁੜ ਕੇ ਖਿੜਿਆ।
ਮੇਰੀਆਂ ਬਹੁਤ ਸਾਰੀਆਂ ਅੱਖਾਂ ਹਨ। ਮੈਂ ਜਦੋਂ ਵੀ ਓਥੇ ਕਦੇ ਜਾਂਦਾ ਹਾਂ ਉਥੋਂ ਯਾਦਾਂ ਜੇਬਾਂ ਵਿੱਚ ਛੁਪਾ ਕੇ ਲੈ ਆਉਂਦਾ ਹਾਂ। ਤੇ ਉਨ੍ਹਾਂ ਵਿੱਚੋਂ ਕੁਝ ਖਿੜ ਖਿੜਾ ਹੱਸਦੀਆਂ ਖੇਡਦੀਆਂ ਰਹਿੰਦੀਆਂ ਹਨ ਤੇ ਕੁਝ ਇੱਕ ਮੁੱਠੀ ਹੰਝੂ ਬਣ ਜਾਂਦੀਆਂ ਹਨ।
ਹੇ ਮੇਰੇ ਦੋਸਤਾ ਮਿੱਤਰਾਂ ਦੀ ਧਰਤੀਏ ! ਤੂੰ ਸਾਨੂੰ ਪਾਲਿਆ। ਅਸੀਂ ਤੈਨੂੰ ਕਿਵੇਂ ਭੁਲਾ ਸਕਦੇ ਹਾਂ। ਜੋ ਆਪਣੀ ਮਾਂ, ਖੇਡਣ ਵਾਲੀ ਥਾਂ ਨੂੰ ਭੁੱਲ ਜਾਵੇ ਉਹਨੂੰ ਦੁਨੀਆਂ ਕਦੇ ਯਾਦਾਂ ਵਿੱਚ ਨਹੀਂ ਸੰਭਾਲਦੀ। ਮਿਹਣੇ ਮਾਰਦੀ ਹੈ ਲੋਕਾਈ ਇਹੋ ਜਿਹੇ ਬੰਦਿਆਂ ਨੂੰ। ਉਹਦੀ ਜ਼ਿੰਦਗੀ ਵਿਚ ਕਦੇ ਖੇੜੇ ਨਹੀਂ ਵਸਦੇ ਹਾਸੇ ਮੂੰਹ ਫੇਰ ਜਾਂਦੇ ਇਹੋ ਜਿਹੇ ਬੂਹਿਆਂ ਤੋਂ। ਸਾਡੇ 'ਤੇ ਤੇਰਾ ਵੱਡਾ ਅਹਿਸਾਨ ਤੇ ਦੋਸ਼ ਜਿਹਾ ਵੀ ਹੈ। ਅਸੀਂ ਇਸ ਲਈ ਬਦਨਾਮ ਹਾਂ ਹਰ ਸ਼ਹਿਰ ਹਰ ਗਲੀ ਵਿੱਚ।
ਤੇਰੀ ਸੁੰਦਰ ਸੁਗੰਧਤ ਸਨਮਾਨ ਦੀ ਸਹੁੰ ਤੇਰੇ ਬਾਝੋਂ ਸਾਡਾ ਕਦੇ ਦਿਲ ਨਹੀਂ ਲੱਗਿਆ। ਇਸ ਤਰ੍ਹਾਂ ਹੈ ਸਾਡਾ ਜੀਵਨ ਤੇਰੇ ਬਗੈਰ।
ਇੱਥੇ ਸਾਡੇ ਸਾਹ ਨਜ਼ਰਾਂ ਖਿੱਲਰੀਆਂ ਪਈਆਂ ਹਨ। ਨੀਂਦ ਨਹੀਂ ਆਉਂਦੀ ਇਹਨਾਂ ਅੱਖਾਂ ਨੂੰ ਜਦੋਂ ਤੈਨੂੰ ਚੇਤੇ ਕਰਦੀਆਂ ਹਨ।
ਉਸ ਸਮੇਂ ਦੇ ਦਿਨਾਂ ਦੌਰਾਨ ਇਸ ਨੇ ਗਣਿਤ ਦੀ ਜਾਦੂਗਰ ਸ਼ਕੁੰਤਲਾ ਦੇਵੀ, ਹਰ ਸਮੇਂ ਦੇ ਮਹਾਨ ਖੁਸ਼ਵੰਤ ਸਿੰਘ, ਜਨਰਲ ਕੈਂਡੇਥ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਮੇਜ਼ਬਾਨੀ ਕੀਤੀ। ਪ੍ਰਸਿੱਧ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਟਕਾਂ ਨੂੰ ਕਿਹੜਾ ਭੁਲਾ ਸਕਦਾ ਹੈ।
ਪੀਏਯੂ ਨੇ ਬਹੁਤ ਸਾਰੇ ਲੋਕਾਂ ਨੂੰ ਉਸਾਰਿਆ, ਛੂਹਿਆ ਅਤੇ ਵੱਡੇ ਰੁਤਵੇ ਤੇ ਆਕਾਰ ਦਿੱਤੇ।
ਉੱਤਮ ਅਧਿਆਪਕ, ਖੋਜਕਰਤਾ ਅਤੇ ਵਿਗਿਆਨੀ ਪੈਦਾ ਕੀਤੇ।
ਦੇਸ਼ ਦੇ ਬਹੁਤ ਸਾਰੇ ਕਿਸਾਨਾਂ ਅਤੇ ਆਰਥਿਕਤਾ ਵਿੱਚ ਸੁਧਾਰ ਕੀਤਾ ਹੈ। ਇਹੀ ਇੱਕ ਸੰਸਥਾ ਜਿਸ 'ਤੇ ਜਿਨ੍ਹਾਂ ਵੀ ਮਾਣ ਕੀਤਾ ਜਾਵੇ ਥੋੜਾ ਹੋਵੇਗਾ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬਣੇ ਪੇਂਡੂ ਸਭਿਅਤਾ ਦੇ ਅਜਾਇਬ ਘਰ ਵਿੱਚ ਪੁਰਾਤਨ ਸਮੇਂ ਦੇ ਪੇਂਡੂ ਜੀਵਨ ਨੂੰ ਦਰਸਾਉਣ ਵਾਲੀਆਂ ਵੱਖ ਵੱਖ ਤਰਾਂ ਦੀਆਂ ਘਰੇਲੂ ਅਤੇ ਖੇਤੀ ਸੰਬੰਧਤ ਵਸਤੂਆਂ ਪਰਦਰਸ਼ਿਤ ਹਨ। ਇਹ ਵਸਤੂਆਂ ਅੱਜਕਲ ਦੀ ਨਵੀਂ ਪੀੜੀ ਨੂੰ ਪੰਜਾਬ ਦੇ ਪੁਰਾਣੇ ਸਮੇਂ ਵਿੱਚ ਲੋਕਾਂ ਦੀ ਰਹਿਣੀ ਸਹਿਣੀ ਬਾਰੇ ਦੱਸਦੀਆਂ ਹਨ। ਇਹ ਵਸਤੂਆਂ ਪੰਜਾਬ ਦੇ ਪਿੰਡਾਂ ਵਿੱਚੋਂ ਲੋਕਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਸ ਮਹਾਨ ਅਜਾਇਬ ਘਰ ਦੇ ਨਿਰਮਾਣ ਲਈ ਦਾਨ ਕੀਤੀਆਂ ਸਨ।
ਜੇ ਤੁਹਾਡੇ ਕੋਲ ਪੁਰਾਣੇ ਸਮੇਂ ਦੇ ਕੋਈ ਭਾਂਡੇ ਜਿਵੇਂ ਕਿ ਪਿੱਤਲ ਦੇ ਥਾਲ, ਗੜਵਾ, ਗਾਗਰ, ਜੱਗ, ਛੰਨਾ, ਪਤੀਲੀ ਜਾਂ ਖੇਤੀਬਾੜੀ ਦੇ ਸੰਦ ਅਤੇ ਰਵਾਇਤੀ ਕਲਾਕਿ੍ਰਤੀਆਂ ਆਦਿ ਬਿਨਾਂ ਵਰਤੋਂ ਤੋਂ ਪਏ ਹਨ ਤਾਂ ਤੁਸੀਂ ਇਹਨਾਂ ਨੂੰ ਅਜਾਇਬ ਘਰ ਨੂੰ ਭੇਂਟ ਕਰ ਸਕਦੇ ਹੋ। ਇਸ ਤਰਾਂ ਤੁਸੀ ਆਪਣੀ ਪੁਰਾਣੀ ਸੱਭਿਅਤਾ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਅਤੇ ਤੁਹਾਡੇ ਵੱਲੋਂ ਦਿੱਤਾ ਇਹ ਵੱਡਮੁੱਲਾ ਯੋਗਦਾਨ ਅਜਾਇਬ ਘਰ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਸਾਡੀ ਸੱਭਿਅਤਾ ਸਮਝਣ ਵਿੱਚ ਵੀ ਸਹਾਈ ਹੋਵੇਗਾ।
ਪਿਛੋਕੜ ਨੂੰ ਸਾਂਭਣ ਦੀ ਸੋਚ ਦੇ ਧਾਰਣੀ ਵਿਅਕਤੀਆਂ ਦੇ ਇਸ ਉਪਰਾਲੇ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਧੰਨਵਾਦੀ ਹੋਵੇਗੀ।
ਯਾਰ ਆਪਾਂ ਦੋਵੇਂ ਪੱਕੇ ਮਿੱਤਰ ਹਾਂ ਕਿਤੇ ਭੁੱਲ ਨਾ ਜਾਵੀਂ।