Pachhtava (English Story in Punjabi) : Kate Chopin

ਪਛਤਾਵਾ : ਕੇਟ ਸ਼ੋਪਨ

ਮਮਜ਼ੇੱਲ ਓਰਲੀ ਚੰਗੇ ਤਕੜੇ ਜੁੱਸੇ ਦੀ ਮਾਲਕਣ ਸੀ। ਸੂਹੀਆਂ ਗੱਲ੍ਹਾਂ, ਭੂਰੇ ਵਾਲ਼ ਜੋ ਹੁਣ ਧੌਲੇ ਹੋ ਰਹੇ ਸਨ ਅਤੇ ਦ੍ਰਿੜ ਨਿਗਾਹ। ਉਹ ਮਰਦਾਨਾ ਹੈਟ ਪਹਿਨ ਕੇ ਖੇਤਾਂ ਵਿੱਚ ਘੁੰਮਣ ਜਾਂਦੀ। ਜਦੋਂ ਕਦੇ ਠੰਡ ਹੁੰਦੀ ਤਾਂ ਨੀਲਾ ਫ਼ੌਜੀ ਓਵਰ ਕੋਟ ਪਹਿਨਦੀ ਅਤੇ ਕਦੇ ਕਦੇ ਟਾਪ ਬੂਟ ਵੀ ਪਹਿਨ ਲੈਂਦੀ।

ਮਮਜ਼ੇੱਲ ਨੇ ਕਦੇ ਵੀ ਵਿਆਹ ਸੰਬੰਧੀ ਨਹੀਂ ਸੀ ਸੋਚਿਆ ‘ਤੇ ਨਾ ਹੀ ਉਸਨੂੰ ਕਦੇ ਕਿਸੇ ਨਾਲ ਮੁਹੱਬਤ ਨਹੀਂ ਹੋਈ ਸੀ। ਵੀਹ ਸਾਲ ਦੀ ਉਮਰ ਵਿੱਚ ਇੱਕ ਰਿਸ਼ਤਾ ਆਇਆ ਸੀ ਜਿਸਨੂੰ ਉਸਨੇ ਤੁਰਤ ਠੁਕਰਾ ਦਿੱਤਾ ਸੀ। ਹੁਣ ਉਹ ਪੰਜਾਹ ਸਾਲ ਦੀ ਹੋ ਚੱਲੀ ਸੀ ਪਰ ਕਦੇ ਇਸ ਗੱਲ ਦਾ ਪਛਤਾਵਾ ਨਹੀਂ ਹੋਇਆ ਸੀ।

ਉਹ ਸਿਵਾਏ ਆਪਣੇ ਕੁੱਤੇ ਪੋਂਟੋ ਦੇ ਦੁਨੀਆ ਵਿੱਚ ਬਿਲਕੁਲ ਇਕੱਲੀ ਸੀ। ਕੁੱਝ ਹਬਸ਼ੀ ਸਨ ਜੋ ਉਸ ਦੇ ਕੈਬਨਾਂ ਵਿੱਚ ਰਹਿੰਦੇ ਸਨ ਅਤੇ ਖੇਤਾਂ ਵਿੱਚ ਕੰਮ ਕਰਦੇ ਸਨ। ਉਸ ਦੇ ਕੋਲ ਕੁੱਝ ਪਰਿੰਦੇ, ਗਾਵਾਂ ਅਤੇ ਖੱਚਰਾਂ ਦੀ ਇੱਕ ਜੋੜੀ, ਬਾਜ਼ ਦਾ ਸ਼ਿਕਾਰ ਕਰਨ ਲਈ ਇੱਕ ਬੰਦੂਕ ਸੀ। ਉਸਦਾ ਧਰਮ ਵੀ ਉਸਦੀ ਜਿੰਦਗੀ ਦਾ ਅਹਿਮ ਹਿੱਸਾ ਸੀ।

ਇੱਕ ਸਵੇਰ ਦੀ ਗੱਲ ਹੈ ਮਮਜ਼ੇੱਲ ਖ਼ਿਆਲਾਂ ਵਿੱਚ ਡੁੱਬੀ ਢਾਕਾਂ ਤੇ ਹਥ ਰੱਖ ਡਿਉਢੀ ਵਿੱਚ ਖੜੀ ਸੀ ਕਿ ਉਸਨੇ ਨਿੱਕੇ ਬੱਚਿਆਂ ਦਾ ਇੱਕ ਟੋਲਾ ਆਪਣੇ ਵੱਲ ਵੇਖਿਆ ਜਿਵੇਂ ਉਹ ਅਸਮਾਨ ਤੋਂ ਟਪਕੇ ਹੋਣ। ਉਨ੍ਹਾਂ ਦਾ ਆਉਣਾ ਅਚਾਨਕ ਇਸ ਤਰ੍ਹਾਂ ਬਿਨ ਬੁਲਾਏ ਆਉਣਾ ਬਹੁਤ ਹੈਰਾਨਕੁਨ ਸੀ। ਉਹ ਉਸ ਦੀ ਗੁਆਂਢਣ ਉਡਾਇਲ ਦੇ ਬੱਚੇ ਸਨ।

ਕੋਈ ਪੰਜ ਮਿੰਟ ਦੇ ਬਾਅਦ ਇੱਕ ਜਵਾਨ ਔਰਤ ਚਾਰ ਬੱਚਿਆਂ ਨਾਲ ਆਈ। ਉਸਨੇ ਗੋਦ ਵਿੱਚ ਛੋਟੀ ਏਲੋਡੀ ਨੂੰ ਚੁੱਕਿਆ ਹੋਇਆ ਸੀ ਅਤੇ ਇੱਕ ਹੱਥ ਨਾਲ ਟੀਨੋਮ ਨੂੰ ਧਰੂੰਹਦੇ ਹੋਏ ਆ ਰਹੀ ਸੀ। ਜਦੋਂ ਕਿ ਮਰਸਲੀਨ ਅਤੇ ਮਰਸਲੇਟ ਧਿੜਕਦੇ ਕਦਮਾਂ ਨਾਲ ਉਸ ਦੇ ਪਿੱਛੇ ਪਿੱਛੇ ਚੱਲੀਆਂ ਆ ਰਹੀਆਂ ਸਨ।

ਉਡਾਇਲ ਦਾ ਚਿਹਰਾ ਸੁਰਖ਼ ਹੋ ਰਿਹਾ ਸੀ ਅਤੇ ਅਥਰੂਆਂ ਅਤੇ ਵਿਛੋੜੇ ਦੀ ਸ਼ਿੱਦਤ ਦੇ ਕਾਰਨ ਉੱਤਰਿਆ ਹੋਇਆ ਸੀ। ਗੁਆਂਢੀ ਜ਼ਿਲ੍ਹੇ ਤੋਂ ਉਸਨੂੰ ਬੁਲਾਵਾ ਆਇਆ ਸੀ ਕਿ ਉਸ ਦੀ ਮਾਂ ਦੀ ਬਿਮਾਰੀ ਖ਼ਤਰਨਾਕ ਰੂਪ ਲੈ ਹੋ ਚੁੱਕੀ ਹੈ। ਉਸ ਦਾ ਪਤੀ ਟੈਕਸਾਸ ਵਿੱਚ ਰਹਿੰਦਾ ਸੀ। ਉਡਾਇਲ ਨੂੰ ਤਾਂ ਇਹ ਦੂਰੀ ਲੱਖਾਂ ਮੀਲ ਦੂਰ ਲੱਗਦੀ ਸੀ। ਵਾਲਸਨ ਉਸਨੂੰ ਸਟੇਸ਼ਨ ‘ਤੇ ਛੱਡਣ ਲਈ ਖੱਚਰ ਗੱਡੀ ਤਿਆਰ ਕਰੀ ਖੜਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ।

"ਹੋਰ ਤਾਂ ਕੋਈ ਗੱਲ ਨਹੀਂ ਮਮਜ਼ੇੱਲ, ਬੱਸ ਤੁਸੀਂ ਮੇਰੇ ਵਾਪਸ ਆਉਣ ਤੱਕ ਮੇਰੇ ਬੱਚਿਆਂ ਨੂੰ ਆਪਣੇ ਕੋਲ ਰੱਖ ਲਵੋ। ਰੱਬ ਜਾਣਦਾ ਹੈ ਕਿ ਜੇਕਰ ਮੇਰੇ ਕੋਲ ਕੋਈ ਹੋਰ ਰਸਤਾ ਹੁੰਦਾ ਤਾਂ ਮੈਂ ਇਨ੍ਹਾਂ ਬੱਚਿਆਂ ਨੂੰ ਤੁਹਾਡੇ ਕੋਲ ਉੱਕਾ ਨਾ ਛੱਡਦੀ। ਇਨ੍ਹਾਂ ਨੂੰ ਕਾਬੂ ਕਰਕੇ ਰੱਖਣਾ ਅਤੇ ਕੋਈ ਢਿੱਲ ਨਾ ਦੇਣਾ। ਮੈਂ ਬੱਚਿਆਂ ਕਰਕੇ ਬੜੀ ਪਰੇਸ਼ਾਨ ਹਾਂ। ਲੋਨ ਵੀ ਘਰ ਨਹੀਂ ਹੈ। ਹੋ ਸਕਦਾ ਹੈ ਮੇਰੀ ਮਾਂ ਵਿਚਾਰੀ ਉਸ ਦੇ ਆਉਣ ਤੱਕ ਜ਼ਿੰਦਾ ਨਾ ਰਹੇ।" ਇਸੇ ਕਾਰਨ ਉਡਾਇਲ ਨੂੰ ਮੌਕੇ ‘ਤੇ ਆਪਣੇ ਪਰਿਵਾਰ ਨੂੰ ਛੱਡ ਕੇ ਜਾਣ ਦਾ ਦੁਖਦਾਈ ਫੈਸਲਾ ਲੈਣਾ ਪਿਆ ਸੀ।

ਉਡਾਇਲ ਨੇ ਆਪਣੇ ਟੱਬਰ ਦੇ ਇਸ ਟੋਲੇ ਨੂੰ ਲੰਬੇ ਅਤੇ ਨੀਵੇਂ ਘਰ ਦੀ ਪੋਰਚ ਵਿੱਚ ਛਾਂ ਦੀ ਤੰਗ ਪੰਗਤੀ ਵਿਚ ਅਲਵਿਦਾ ਕਿਹਾ। ਪੁਰਾਣੇ ਸਫੈਦ ਤਖ਼ਤਿਆਂ ਉੱਤੇ ਧੁੱਪ ਚਮਕ ਰਹੀ ਸੀ। ਕੁੱਝ ਚੂਚੇ ਪੌੜੀਆਂ ਦੇ ਕੋਲ ਘਾਹ ਕੁਰੇਦ ਰਹੇ ਸਨ। ਇੱਕ ਤਾਂ ਦਲੇਰੀ ਨਾਲ ਗੰਭੀਰ ਅਤੇ ਬੋਝਲ ਕ਼ਦਮ ਚੁੱਕਦਾ ਹੋਇਆ ਪੌੜੀਆਂ ਵੀ ਚੜ੍ਹ ਆਇਆ ਸੀ ਅਤੇ ਗੈਲਰੀ ਵਿੱਚ ਐਵੇਂ ਆਵਾਰਾ ਏਧਰ ਉੱਧਰ ਘੁੰਮ ਰਿਹਾ ਸੀ। ਫੁੱਲਾਂ ਦੀ ਖ਼ੁਸ਼ਗਵਾਰ ਮਹਿਕ ਫੈਲੀ ਹੋਈ ਸੀ ਅਤੇ ਕਪਾਹ ਦੇ ਖਿੜਦੇ ਹੋਏ ਖੇਤਾਂ ਵਿੱਚੋਂ ਹਬਸ਼ੀਆਂ ਦੇ ਠਹਾਕੇ ਬੁਲੰਦ ਹੋ ਰਹੇ ਸਨ।

ਮਮਜ਼ੇੱਲ ਖੜੀ ਬੱਚਿਆਂ ਬਾਰੇ ਸੋਚ ਰਹੀ ਸੀ। ਉਸਨੇ ਸਵਾਲੀਆ ਨਿਗਾਹ ਨਾਲ ਮਰਸਲੀਨ ਨੂੰ ਵੇਖਿਆ ਜੋ ਗੋਲ ਮਟੋਲ ਐਲੋਡੀ ਦੇ ਬੋਝ ਦੀ ਮਾਰੀ ਲੜਖੜਾ ਕੇ ਚੱਲ ਰਹੀ ਸੀ। ਇਸੇ ਤਰ੍ਹਾਂ ਉਹਨੇ ਮਰਸਲੇਟ ਵੱਲ ਨਿਗਾਹ ਮਾਰੀ ਜੋ ਆਪਣੇ ਖ਼ਾਮੋਸ਼ ਹੰਝੂਆਂ ਨਾਲ ਟੀਨੋਮ ਦੇ ਦੁੱਖ ਨਾਲ ਇੱਕਮਿੱਕ ਹੋ ਰਹੀ ਸੀ। ਸੋਚ ਵਿਚਾਰ ਦੇ ਇਨ੍ਹਾਂ ਪਲਾਂ ਵਿੱਚ ਮਮਜ਼ੇੱਲ ਖ਼ੁਦ ਨੂੰ ਸੰਭਾਲ ਰਹੀ ਸੀ ਅਤੇ ਆਪਣਾ ਫ਼ਰਜ਼ ਅਦਾ ਕਰਨ ਲਈ ਕੁਝ ਨਾ ਕੁਝ ਸੋਚ ਰਹੀ ਸੀ ਅਤੇ ਉਸ ਨੇ ਬੱਚਿਆਂ ਨੂੰ ਖਾਣਾ ਖਿਲਾਉਣਾ ਸ਼ੁਰੂ ਕੀਤਾ।

ਜੇਕਰ ਮਮਜ਼ੇੱਲ ਦੀਆਂ ਜ਼ਿੰਮੇਦਾਰੀਆਂ ਇੱਥੋਂ ਸ਼ੁਰੂ ਹੋ ਕੇ ਇੱਥੇ ਹੀ ਖ਼ਤਮ ਹੋ ਜਾਂਦੀਆਂ ਤਾਂ ਉਹ ਬੜੀ ਆਸਾਨੀ ਨਾਲ ਨਜਿਠ ਸਕਦੀ ਸੀ, ਕਿਉਂਕਿ ਉਸ ਦਾ ਭਰਿਆ ਭੋਜਨ ਭੰਡਾਰ ਅਜਿਹੀ ਅਚਾਨਕ ਪੈਦਾ ਹੋਈ ਸੂਰਤ ਨਾਲ ਬਖ਼ੂਬੀ ਨਿਭ ਸਕਦਾ ਸੀ। ਪਰ ਛੋਟੇ ਬੱਚੇ ਕੋਈ ਸੂਰ ਦੇ ਬੱਚੇ ਨਹੀਂ ਸਨ। ਉਨ੍ਹਾਂ ਨੂੰ ਧਿਆਨ ਅਤੇ ਮੁਹੱਬਤ ਦੀ ਲੋੜ ਸੀ ਜੋ ਮਮਜ਼ੇੱਲ ਕੋਲੋਂ ਮਿਲਣ ਦੀ ਉਮੀਦ ਕਰਨਾ ਬੇਕਾਰ ਸੀ। ਅਤੇ ਨਾ ਹੀ ਇਸ ਲਈ ਉਸਨੇ ਕੋਈ ਤਿਆਰੀ ਹੀ ਕੀਤੀ ਸੀ।

ਮੁਢਲੇ ਕੁਝ ਦਿਨਾਂ ਵਿੱਚ ਤਾਂ ਉਹ ਉਡਾਇਲ ਦੇ ਬੱਚਿਆਂ ਨੂੰ ਸੰਭਾਲਣ ਵਿੱਚ ਪੂਰਨ ਭਾਂਤ ਨਾਲਾਇਕ ਸਾਬਤ ਹੋਈ। ਮਮਜ਼ੇੱਲ ਨੂੰ ਭਲਾ ਕਿਵੇਂ ਪਤਾ ਹੋ ਸਕਦਾ ਸੀ ਕਿ ਜੇ ਮਰਸਲੇਟ ਨੂੰ ਉੱਚੀ ਅਤੇ ਹਾਕਮਾਨਾ ਲਹਿਜੇ ਵਿੱਚ ਕੋਈ ਗੱਲ ਕਹੀ ਜਾਂਦੀ ਸੀ ਤਾਂ ਉਹ ਹਮੇਸ਼ਾ ਰੋਣ ਲੱਗ ਜਾਂਦੀ ਸੀ? ਉਸ ਨੂੰ ਟੀਨੋਮ ਦੇ ਫੁੱਲਾਂ ਪ੍ਰਤੀ ਪਿਆਰ ਦੀ ਉਸ ਵਕਤ ਜਾਣਕਾਰੀ ਹੋਈ ਜਦੋਂ ਉਹ ਗਾਰਦੇਨੀਆ ਅਤੇ ਚੰਬੇਲੀ ਦੇ ਸਾਰੇ ਪਸੰਦੀਦਾ ਫੁਲ ਤੋੜ ਲਿਆਇਆ ਜਿਵੇਂ ਉਸਨੇ ਫੁੱਲਾਂ ਦੀ ਜੈਵਿਕ ਪ੍ਰਣਾਲੀ ਅਤੇ ਰਚਨਾ ਦਾ ਆਲੋਚਨਾਤਮਿਕ ਅਧਿਅਨ ਕਰਨਾ ਹੋਵੇ। "ਮਮਜ਼ੇੱਲ ਓਰਲੀ, ਤੁਹਾਨੂੰ ਦੱਸਣ ਲਈ ਮੇਰੇ ਕੋਲ ਬੜਾ ਕੁੱਝ ਹੈ।" ਮੁਰਸਲੀਨ ਨੇ ਉਸਨੂੰ ਹਿਦਾਇਤਾਂ ਦਿੱਤੀਆਂ। "ਤੁਸੀ ਟੀਨੋਮ ਨੂੰ ਕੁਰਸੀ ਨਾਲ ਬੰਨ੍ਹ ਦਿਓ। ਜਦੋਂ ਉਹ ਮੰਮਾ ਨੂੰ ਤੰਗ ਕਰਦਾ ਸੀ ਤਾਂ ਮੰਮਾ ਉਸਨੂੰ ਕੁਰਸੀ ਨਾਲ ਬੰਨ੍ਹ ਦਿੰਦੀ ਸੀ। ਮਮਜ਼ੇੱਲ ਓਰਲੀ ਨੇ ਜਿਸ ਕੁਰਸੀ ਨਾਲ ਟੀਨੋਮ ਨੂੰ ਬੰਨ੍ਹਿਆ ਉਹ ਖੁੱਲ੍ਹੀ ਡੁੱਲ੍ਹੀ ਅਤੇ ਆਰਾਮਦਾਇਕ ਕੁਰਸੀ ਸੀ। ਉਹ ਇਸ ਤੇ ਆਸਾਨੀ ਨਾਲ ਹਿੱਲ ਜੁਲ ਸਕਦਾ ਸੀ। ਟੀਨੋਮ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਤੀਜੇ ਪਹਿਰ ਦੇ ਨਿਘ ਵਿੱਚ ਝਪਕੀ ਲਾ ਲਈ।

ਰਾਤ ਨੂੰ ਜਦੋਂ ਮਮਜ਼ੇੱਲ ਨੇ ਚੂਚਿਆਂ ਨੂੰ ਖੁੱਡੇ ਵਿੱਚ ਤਾੜਨ ਵਾਂਗ ਬੱਚਿਆਂ ਨੂੰ ਸੌਂ ਜਾਣ ਲਈ ਕਿਹਾ, ਉਹ ਹੱਕੇ-ਬੱਕੇ ਉਸ ਦੇ ਸਾਹਮਣੇ ਖੜੇ ਰਹੇ ਕਿ ਰਾਤ ਨੂੰ ਪਹਿਨਣ ਵਾਲੇ ਛੋਟੇ ਛੋਟੇ ਚਿੱਟੇ ਗਾਊਨ ਕਿਥੇ ਹਨ। ਪਾਣੀ ਦਾ ਟੱਬ ਕਿਥੇ ਹੈ ਜੋ ਲਿਆ ਕੇ ਫ਼ਰਸ਼ ਦੇ ਵਿਚਕਾਰ ਰੱਖਿਆ ਜਾਣਾ ਸੀ, ਜਿਸ ਵਿੱਚ ਹਰੇਕ ਨੇ ਨਿੱਕੇ ਨਿੱਕੇ, ਥੱਕੇ-ਟੁੱਟੇ, ਧੂੜ-ਲੱਤੇ, ਧੁੱਪ ਦੇ ਲੂਸੇ ਪੈਰ ਧੋਣੇ ਸੀ। ਤੇ ਇਸ ਗੱਲ ਉੱਤੇ ਮਰਸਲੀਨ ਅਤੇ ਮਰਸਲੇਟ ਨੂੰ ਖੁੱਲ੍ਹ ਕੇ ਹਾਸਾ ਆਇਆ ਕਿ ਮਮਜ਼ੇੱਲ ਸੋਚਦੀ ਹੈ ਕਿ ਟੀਨੋਮ ਕ੍ਰੇਕ-ਮੈਟੇਨ ਜਾਂ ਲੂਪ-ਗਾਰੋ ਕਹਾਣੀ ਸੁਣੇ ਬਿਨਾਂ ਸੌਂ ਸਕਦਾ ਸੀ ਅਤੇ ਏਲੋਡੀ ਝੂਟੇ ਲੈਣ ਅਤੇ ਲੋਰੀ ਸੁਣੇ ਬਿਨਾਂ ਸੌਂ ਜਾਵੇਗਾ।

"ਆਂਟੀ ਰੂਬੀ ਮੈਂ ਤੁਹਾਨੂੰ ਦੱਸਦੀ ਹਾਂ" ਮਮਜ਼ੇੱਲ ਓਰਲੀ ਨੇ ਆਪਣੀ ਬਾਵਰਚਨ ਨੂੰ ਕਿਹਾ, "ਇਨ੍ਹਾਂ ਚਾਰ ਜਵਾਕਾਂ ਨੂੰ ਸੰਭਾਲਣ ਨਾਲੋਂ ਤਾਂ ਇੱਕ ਦਰਜਨ ਖੇਤਾਂ ਨੂੰ ਸੰਭਾਲ ਲੈਣਾ ਮੇਰੇ ਲਈ ਜ਼ਿਆਦਾ ਸੌਖਾ ਕੰਮ ਹੈ। ਹੱਦ ਹੀ ਹੋ ਗਈ।"

"ਮਮਜ਼ੇੱਲ, ਮੈਨੂੰ ਕੋਈ ਉਮੀਦ ਨਹੀਂ ਕਿ ਤੂੰ ਬੱਚਿਆਂ ਨੂੰ ਸਮਝ ਸਕੇਂਗੀ। ਮੈਨੂੰ ਤਾਂ ਕੱਲ ਇਹ ਪਤਾ ਲੱਗ ਗਿਆ ਸੀ ਜਦੋਂ ਉਨ੍ਹਾਂ ਨੂੰ ਤੁਹਾਡੀ ਚਾਬੀਆਂ ਦੀ ਟੋਕਰੀ ਨਾਲ ਖੇਡਦੇ ਵੇਖਿਆ। ਤੈਨੂੰ ਨਹੀਂ ਪਤਾ ਕਿ ਚਾਬੀਆਂ ਨਾਲ ਖੇਡਣਾ ਬੱਚਿਆਂ ਨੂੰ ਸਮਝਦਾਰ ਬਣਾਉਂਦਾ ਹੈ? ਜਿਵੇਂ ਸ਼ੀਸ਼ਾ ਦੇਖਣ ਨਾਲ ਦੰਦ ਸਖ਼ਤ ਹੋ ਜਾਂਦੇ ਹਨ। ਇਹੀ ਗੱਲਾਂ ਬੱਚਿਆਂ ਦੀ ਪਰਵਰਿਸ਼ ਅਤੇ ਸਾਂਭ ਸੰਭਾਲ ਲਈ ਜਾਨਣੀਆਂ ਜ਼ਰੂਰੀ ਹਨ।

ਮਮਜ਼ੇੱਲ ਓਰਲੀ ਯਕੀਨਨ ਨਾ ਹੀ ਇਸ ਵਿਸ਼ੇ ਸੰਬੰਧੀ ਇੰਨੇ ਸੂਖ਼ਮ ਗਿਆਨ ਦੀ ਨਾ ਦਾਹਵੇਦਾਰ ਸੀ ਨਾ ਹੀ ਉਹ ਜਾਣਨ ਦੀ ਖ਼ਾਹਿਸ਼ਮੰਦ ਸੀ, ਜਿੰਨਾ ਆਂਟੀ ਰੂਬੀ ਦੇ ਕੋਲ ਸੀ; ਜਿਸਨੇ ਆਪਣੇ ਜ਼ਮਾਨੇ ਵਿੱਚ ਪੰਜ ਬੱਚੇ ਪਾਲੇ ਸਨ ਅਤੇ ਛੇ ਦਫ਼ਨਾਏ ਸਨ। ਖੈਰ ਮਮਜ਼ੇੱਲ ਖ਼ੁਸ਼ ਸੀ ਕਿ ਉਸਨੇ ਮੌਕਾ ਸੰਭਾਲਦਿਆਂ ਮਾਵਾਂ ਵਾਲੇ ਕੁੱਝ ਗੁਰ ਸਿਖ ਲਏ ਹਨ।

ਟੀਨੋਮ ਦੀਆਂ ਚਿਪਚਿਪੀ ਉਂਗਲੀਆਂ ਨੇ ਮਮਜ਼ੇੱਲ ਓਰਲੀ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣਾ ਸਫੈਦ ਐਪਰਨ ਕੱਢੇ ਜੋ ਉਸ ਨੇ ਮੁੱਦਤਾਂ ਤੋਂ ਨਹੀਂ ਪਾਇਆ ਸੀ। ਉਸਨੂੰ ਖ਼ੁਦ ਨੂੰ ਟੀਨੋਮ ਦੇ ਗਿੱਲੇ ਚੁੰਮਣਾ ਦਾ ਆਦੀ ਬਣਾਉਣਾ ਪਿਆ ਜੋ ਉਸ ਦੀ ਮੁਹੱਬਤ ਅਤੇ ਜੋਸ਼ੀਲੇ ਸੁਭਾ ਦਾ ਪ੍ਰਗਟਾ ਸਨ। ਉਸਨੂੰ ਆਪਣੀ ਸਿਲਾਈ ਕਢਾਈ ਵਾਲੀ ਟੋਕਰੀ ਅਲਮਾਰੀ ਦੇ ਉੱਪਰੋਂ ਉਤਾਰਨੀ ਪਈ ਜੋ ਉਹ ਕਦੇ ਕਦਾਈ ਹੀ ਵਰਤਦੀ ਸੀ। ਟੋਕਰੀ ਨੂੰ ਆਪਣੇ ਹੱਥ ਹੇਠ ਰੱਖਿਆ ਕਿਉਂਕਿ ਟੁੱਟੇ ਬਟਨ ਟਾਂਕਣ ਅਤੇ ਉਧੜੀਆਂ ਕਮੀਜ਼ਾਂ ਸਿਉਣ ਲਈ ਪੈਰ ਪੈਰ ਤੇ ਉਸ ਦੀ ਜ਼ਰੂਰਤ ਰਹਿੰਦੀ ਸੀ

ਮਮਜ਼ੇੱਲ ਓਰਲੀ ਕੁੱਝ ਦਿਨਾਂ ਵਿੱਚ ਘਰ ‘ਚ ਸਾਰਾ ਦਿਨ ਗੂੰਜਦੀਆਂ ਕਿਲਕਾਰੀਆਂ, ਚੀਖ਼ਾਂ ਅਤੇ ਹਾਸਿਆਂ ਦੀ ਆਦੀ ਹੋ ਗਈ ਅਤੇ ਇਹ ਪਹਿਲੀ ਦੂਜੀ ਰਾਤ ਵਿੱਚ ਹੀ ਨਹੀਂ ਹੋ ਗਿਆ ਸੀ ਕਿ ਉਹ ਏਲੋਡੀ ਦੇ ਗਰਮ ਗੋਲ ਮਟੋਲ ਜਿਸਮ ਨਾਲ ਚਿੰਮੜ ਕੇ ਸੌਣ ਵਿੱਚ ਰਾਹਤ ਮਹਿਸੂਸ ਕਰਨ ਲੱਗੀ ਸੀ। ਇਸ ਨਿਕਚੂ ਦੇ ਸਾਹ ਉਸ ਦੀਆਂ ਗੱਲ੍ਹਾਂ ਨਾਲ ਇਵੇਂ ਟਕਰਾਂਦੇ ਸਨ ਜਿਵੇਂ ਕਿਸੇ ਪਰਿੰਦੇ ਦੇ ਪਰ ਹਲਕੀ ਹਲਕੀ ਝੱਲ ਦੇ ਰਹੇ ਹੋਣ।

ਦੂਜੇ ਹਫਤੇ ਦੇ ਮੁੱਕਣ ਤੱਕ ਮਮਜ਼ੇੱਲ ਓਰਲੀ ਮੁਕੰਮਲ ਤੌਰ ਉੱਤੇ ਇਨ੍ਹਾਂ ਦੇ ਸਾਂਚੇ ਵਿੱਚ ਢਲ ਚੁੱਕੀ ਸੀ ਅਤੇ ਹੁਣ ਕੋਈ ਸ਼ਿਕਾਇਤ ਨਹੀਂ ਸੀ ਰਹਿ ਗਈ।

ਇਹ ਦੂਜੇ ਹਫਤੇ ਦਾ ਅਖ਼ੀਰ ਹੀ ਸੀ ਕਿ ਇੱਕ ਸ਼ਾਮ ਉਹ ਦੂਰ ਖੁਰਲੀ ਵੱਲ ਵੇਖ ਰਹੀ ਸੀ ਜਿੱਥੇ ਮਵੇਸ਼ੀਆਂ ਨੂੰ ਚਾਰਾ ਪਾਇਆ ਜਾ ਰਿਹਾ ਸੀ ਕਿ ਉਸ ਨੇ ਵਾਲਸਨ ਦੇ ਨੀਲੇ ਗੱਡੇ ਨੂੰ ਸੜਕ ਦਾ ਮੋੜ ਕੱਟਦੇ ਵੇਖਿਆ। ਉਡਾਇਲ ਇੱਕ ਹੋਰ ਸਵਾਰੀ ਦੇ ਨਾਲ ਸਿੱਧੀ ਅਤੇ ਚੌਕਸ ਹੋ ਕੇ ਬੈਠੀ ਸੀ। ਜਦੋਂ ਉਹ ਨੇੜੇ ਆਏ ਤਾਂ ਉਸ ਜਵਾਨ ਔਰਤ ਦੇ ਚਮਕਦੇ ਚਿਹਰੇ ਦੱਸ ਦਿੱਤਾ ਕਿ ਉਹ ਖੁਸ਼ੀ ਖੁਸ਼ੀ ਘਰ ਪਰਤ ਰਹੀ ਸੀ।

ਪਰ ਇਸ ਅਚਾਨਕ ਆਮਦ ਨੇ ਮਮਜ਼ੇੱਲ ਓਰਲੀ ਨੂੰ ਇੱਕ ਕਿਸਮ ਦੀ ਫੜਫੜਾਹਟ ਵਿੱਚ ਧਕੇਲ ਦਿੱਤਾ। ਸਾਰੇ ਬੱਚਿਆਂ ਨੂੰ ਇਕੱਠਾ ਕਰਨਾ ਸੀ। ਟੀਨੋਮ ਕਿੱਧਰ ਸੀ? ਉਹ ਓਧਰ ਛੱਤਣੇ ਦੇ ਹੇਠਾਂ ਪੱਥਰ ਉੱਤੇ ਆਪਣੇ ਚਾਕੂ ਦੀ ਧਾਰ ਤੇਜ਼ ਕਰ ਰਿਹਾ ਸੀ। ਮਰਸਲੀਨ ਅਤੇ ਮਰਸਲੇਟ? ਉਹ ਦਾਲਾਨ ਦੇ ਇੱਕ ਕੋਨੇ ਵਿੱਚ ਗੁੱਡੀਆਂ ਪਟੋਲੇ ਸਜਾ ਸੰਵਾਰ ਰਹੀਆਂ ਸਨ। ਜਿੱਥੇ ਤੱਕ ਏਲੋਡੀ ਦਾ ਸਵਾਲ ਹੈ ਉਹ ਮਮਜ਼ੇੱਲ ਓਰਲੀ ਦੀ ਗੋਦ ਵਿੱਚ ਮਹਫ਼ੂਜ਼ ਸੀ: ਉਸ ਨੇ ਜਾਣੇ-ਪਛਾਣੇ ਨੀਲੇ ਛਕੜੇ ਨੂੰ ਵੇਖਕੇ ਖੁਸ਼ੀ ਨਾਲ ਚੀਖ਼ ਮਾਰੀ ਜੋ ਉਸ ਦੀ ਮਾਂ ਨੂੰ ਵਾਪਸ ਲੈ ਕੇ ਆ ਰਿਹਾ ਸੀ।

ਸਭ ਜੋਸ਼ ਤੇ ਵਲਵਲੇ ਠੰਡੇ ਪੈ ਗਏ ਸੀ, ਉਹ ਸਭ ਆਪਣੇ ਘਰ ਜਾ ਚੁੱਕੇ ਸਨ। ਜਦੋਂ ਉਹ ਚਲੇ ਗਏ ਤਾਂ ਘਰ ਵਿੱਚ ਕਿੰਨਾ ਸੱਨਾਟਾ ਛਾ ਗਿਆ ਸੀ। ਮਮਜ਼ੇੱਲ ਓਰਲੀ ਉਨ੍ਹਾਂ ਨੂੰ ਜਾਂਦਾ ਦੇਖਣ ਲਈ ਗੈਲਰੀ ਵਿੱਚ ਖੜੀ ਹੋ ਗਈ। ਉਹ ਜ਼ਿਆਦਾ ਦੇਰ ਤੱਕ ਛਕੜੇ ਨੂੰ ਨਾ ਵੇਖ ਸਕੀ। ਛਿਪਦੇ ਸੂਰਜ ਦੀ ਲਾਲੀ ਅਤੇ ਨੀਲੇ ਅਤੇ ਸੁਰਮਈ ਰੰਗ ਨੇ ਮਿਲਕੇ ਖੇਤਾਂ ਦੇ ਪਾਰ ਤੱਕ ਅਤੇ ਸੜਕ ਤੇ ਜਾਮਨੀ ਰੰਗ ਦਾ ਗੁਬਾਰ ਜਿਹਾ ਫੈਲਾ ਦਿੱਤਾ ਸੀ ਜਿਸ ਨੇ ਗੱਡੇ ਨੂੰ ਉਸ ਦੀਆਂ ਨਜ਼ਰਾਂ ਤੋਂ ਓਝਲ ਕਰ ਦਿੱਤਾ ਸੀ। ਗੱਡੇ ਦੇ ਪਹੀਆਂ ਦੀ ਖੜਖੜ ਅਤੇ ਚਰਚਰ ਵੀ ਜ਼ਿਆਦਾ ਦੇਰ ਤੱਕ ਸੁਣਾਈ ਨ ਦੇ ਸਕੀ। ਪਰ ਅਜੇ ਵੀ ਉਸਨੂੰ ਬੱਚਿਆਂ ਦੀਆਂ ਤਿੱਖੀਆਂ ਤੇ ਚਹਿਕਦੀਆਂ ਆਵਾਜ਼ਾਂ ਦੀ ਹਲਕੀ ਜਿਹੀ ਗੂੰਜ ਸੁਣਾਈ ਦੇ ਰਹੀ ਸੀ।

ਉਹ ਘਰ ਦੇ ਅੰਦਰ ਮੁੜ ਆਈ। ਬਹੁਤ ਸਾਰਾ ਕੰਮ ਉਸ ਨੂੰ ਉਡੀਕ ਰਿਹਾ ਸੀ। ਬੱਚੇ ਆਪਣੇ ਪਿੱਛੇ ਇੱਕ ਉਦਾਸ ਜਿਹਾ ਖਲਾਰਾ ਛੱਡ ਗਏ ਸਨ। ਉਹ ਇੱਕ ਦਮ ਹੀ ਚੀਜ਼ਾਂ ਨੂੰ ਟਿਕਾਣੇ ਸਿਰ ਕਰਨ ਵਿੱਚ ਨਹੀਂ ਲੱਗੀ। ਮਮਜ਼ੇੱਲ ਓਰਲੀ ਮੇਜ਼ ਦੇ ਕੋਲ ਬੈਠ ਗਈ। ਉਸਨੇ ਕਮਰੇ ਵਿੱਚ ਇਕ ਅਲਸਾਈ ਜਿਹੀ ਝਾਤ ਮਾਰੀ, ਜਿਸ ਵਿਚ ਸ਼ਾਮ ਦੇ ਪਰਛਾਵੇਂ ਸਰਕਦੇ ਆ ਰਹੇ ਸਨ ਅਤੇ ਉਸ ਦੀ ਇਕੱਲੀ ਸੂਰਤ ਦੇ ਦੁਆਲੇ ਸੰਘਣੇ ਹੁੰਦੇ ਜਾ ਰਹੇ ਸੀ। ਮਮਜ਼ੇੱਲ ਓਰਲੀ ਨੇ ਆਪਣਾ ਸਿਰ ਆਪਣੀ ਮੁੜੀ ਹੋਈ ਬਾਂਹ ਉੱਤੇ ਲੁੜ੍ਹਕ ਜਾਣ ਦਿੱਤਾ ਅਤੇ ਰੋਣ ਲੱਗੀ। ਐਪਰ ਉਹ ਇਸ ਤਰ੍ਹਾਂ ਹਲਕੇ ਹਲਕੇ ਮੱਠਾ ਮੱਠਾ ਨਹੀਂ ਰੋ ਰਹੀ ਸੀ, ਜਿਵੇਂ ਆਮ ਤੌਰ ਤੇ ਔਰਤਾਂ ਡੁਸਕਦੀਆਂ ਹੁੰਦੀਆਂ ਹਨ। ਉਹ ਮਰਦਾਂ ਦੀ ਤਰ੍ਹਾਂ ਭੁੱਬੀਂ ਰੋ ਰਹੀ ਸੀ। ਅਜਿਹਾ ਲੱਗਦਾ ਸੀ ਕਿ ਅਥਰੂਆਂ ਨੇ ਉਸ ਦੀ ਰੂਹ ਨੂੰ ਅੰਦਰੋਂ ਹਲੂਣ ਦਿੱਤਾ ਸੀ। ਉਸ ਦਾ ਹੱਥ ਚੱਟ ਰਹੇ ਪੋਂਟੋ ਵੱਲ ਉਸਦਾ ਧਿਆਨ ਨਹੀਂ ਸੀ।

(ਅਨੁਵਾਦਕ : ਚਰਨ ਗਿੱਲ)

  • ਮੁੱਖ ਪੰਨਾ : ਕੇਟ ਸ਼ੋਪਨ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ