Pachhtawa (Punjabi Article) : Principal Ganga Singh

ਪਛਤਾਵਾ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਜੀਵਨ ਖੇਤਰ ਦੀ ਲੀਲ੍ਹਾ ਵੀ ਅਜਬ ਹੈ। ਸਤਿਗੁਰਾ ਇਸ ਨੂੰ ਛਿੰਜ ਦਾ ਅਖਾੜਾ ਕਿਹਾ ਹੈ। ਗਿਆਨ ਦਾ ਮਾਇਆ ਨਾਲ, ਬੁਧ ਦਾ ਜੜ੍ਹਤਾ ਨਾਲ, ਉਤਸ਼ਾਹ ਦਾ ਭਰਮਾਦ ਨਾਲ, ਵਾਧੇ ਦਾ ਘਾਟੇ ਤੇ ਪੁੰਨ ਦਾ ਪਾਪ ਨਾਲ ਘੋਲ ਹੋ ਰਿਹਾ ਹੈ। ਇਹਨਾਂ ਦੋਹਾਂ ਹੀ ਸੰਪਰਦਾਵਾਂ ਦੇ ਦੋ ਮੁਖੀ ਮਨੁੱਖਤਾ ਤੇ ਬਦੀ ਮੰਨੇ ਗਏ ਹਨ। ਮਨੁੱਖਤਾ ਉਤਾਂਹ ਉਠਣਾ ਚਾਹੁੰਦੀ ਹੈ ਤੇ ਬਦੀ ਰੋਕ ਪਾਉਂਦੀ ਹੈ। ਹਰ ਬੀਜ ਵਿਚੋਂ ਫੁਟੇ ਅੰਕੁਰ ਨੂੰ, ਬੂਟਾ ਬਣਨ ਲਈ ਮਿੱਟੀ ਦੀ ਤਹਿ ਤੋੜ ਕੇ ਹੀ ਉਠਣਾ ਪੈਂਦਾ ਹੈ। ਇਹ ਘੋਲ ਰਚਨਾ ਦੇ ਅਰੰਭ ਤੋਂ ਚਲਿਆ ਆ ਰਿਹਾ ਹੈ। ਮਾਲਕ ਦੀ ਮਰਜ਼ੀ ਨਾਲ ਹੀ ਅਖਾੜਾ ਰਚਿਆ ਗਿਆ ਹੈ ਤੇ ਉਹ ਆਪ ਬੈਠਾ ਇਸ ਤਮਾਸ਼ੇ ਨੂੰ ਦੇਖ ਰਿਹਾ ਹੈ।

ਬਾਈਬਲ ਤੇ ਉਸ ਦੇ ਸਾਥੀ ਕੁਰਾਨ ਨੇ ਇਸ ਮੁਢਲੇ ਬਦੀ ਦੇ ਜਜ਼ਬੇ ਨੂੰ ਇਕ ਵਿਅਕਤੀ ਮੰਨਿਆ ਹੈ। ਖ਼ਿਆਲ ਦਿੱਤਾ ਗਿਆ ਹੈ ਕਿ ਪਹਿਲੇ ਮਨੁੱਖ, ਆਦਮ ਦੀ ਪੈਦਾਇਸ਼ ਤੋਂ ਪਹਿਲਾਂ ਫ਼ਰਿਸ਼ਤਿਆਂ ਦੀ ਮਖ਼ਲੂਕ ਮੌਜੂਦ ਸੀ। ਮਨੁੱਖ ਖ਼ਾਕ ਤੋਂ ਬਣਾਇਆ ਗਿਆ ਹੈ ਤੇ ਉਹ ਨੂਰ ਤੋਂ ਬਣਾਏ ਗਏ ਸਨ। ਉਹਨਾਂ ਵਿਚ ਬਦੀ ਦੀ ਅੰਸ਼ ਹੀ ਨਹੀਂ ਸੀ। ਉਹ ਹਰ ਵਕਤ ਖ਼ੁਦਾ ਦੀ ਬੰਦਗੀ ਵਿਚ ਲਗੇ ਰਹਿੰਦੇ ਸਨ। ਪਰ ਰੱਬ ਨੂੰ ਅਜਿਹੀ ਬੰਦਗੀ, ਜਿਸ ਦਾ ਬਦੀ ਨਾਲ ਕੋਈ ਵਾਹ ਹੀ ਨਾ ਪਵੇ, ਜੋ ਬੁਰਾਈ ਨਾਲ ਘੁਲ, ਉਸ ਨੂੰ ਪਛਾੜ, ਜਿਤ ਘਰ ਨਾ ਆਵੇ, ਕੁਝ ਪਸੰਦ ਨਾ ਆਈ। ਉਸਨੇ ਖ਼ਾਕੀ ਮਨੁੱਖ ਬਣਾਇਆ ਤੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਇਹਦੇ ਅਗੇ ਸਿਜਦਾ ਕਰੋ। ਉਹ ਰੱਬ ਦੀ ਆਗਿਆ ਮੰਨ ਸਿਜਦੇ ਵਿਚ ਡਿਗ ਪਏ, ਪਰ ਉਹਨਾਂ ਦੇ ਸ਼੍ਰੋਮਣੀ ‘ਅਜ਼ਾਜ਼ੀਲ’ ਨੇ ਇਸ ਹੁਕਮ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਕਿ ਅਸੀਂ ਨੂਰੀ ਹਾਂ, ਸਾਥੋਂ ਖ਼ਾਕੀ ਅਗੇ ਸਿਜਦਾ ਕਰਨ ਦੀ ਮੰਗ ਕਿਉਂ ਕੀਤੀ ਜਾਂਦੀ ਹੈ। ਰੱਬ ਨੇ ਉਸਦੇ ਰੋਸ ਨੂੰ ਆਪਣੀ ਨਾਫ਼ਰਮਾਨੀ ਤੇ ਉਸਦੀ ਹੈਂਕੜ ਕਰਾਰ ਦਿੱਤਾ। ਅਜ਼ਾਜ਼ੀਲ ਬਹਿਸ਼ਤ ਵਿਚੋਂ ਕਢਿਆ ਗਿਆ ਤੇ ਉਸਦਾ ਨਾਮ ਸ਼ੈਤਾਨ ਹੋਇਆ। ਪਰ ਸ਼ੈਤਾਨ ਨੇ ਵੀ ਉਸ ਦਿਨ ਤੋਂ ਪ੍ਰਣ ਕਰ ਲਿਆ ਕਿ ਉਹ ਆਦਮ ਦੀ ਔਲਾਦ ਨੂੰ ਪਰਮੇਸ਼੍ਵਰ ਵਲੋਂ ਗੁਮਰਾਹ ਕਰੇਗਾ, ਉਸਨੂੰ ਨੇਕੀ ਵਲੋਂ ਹਟਾ ਬਦੀ ਵੱਲ ਜੋੜੇਗਾ ਤੇ ਸੁਰਗ ਵਿਚੋਂ ਕਢਾ ਦੋਜ਼ਖ਼ ਵਿਚ ਪਾ ਕੇ ਛੋੜੇਗਾ ਚੁਨਾਂਚਿ ਉਸ ਦਿਨ ਤੋਂ ਸ਼ੈਤਾਨ ਨੇ ਆਪਣਾ ਕੰਮ ਅਰੰਭ ਦਿੱਤਾ। ਪਹਿਲਾਂ ਹਵਾ ਨੂੰ ਭਰਮਾ, ਫਿਰ ਉਸਦੇ ਰਾਹੀਂ ਆਦਮ ਕੋਲੋਂ ਪਰਮੇਸ਼੍ਵਰ ਦੀ ਹੁਕਮ ਅਦੂਲੀ ਕਰਾਈ ਤੇ ਉਸਨੂੰ ਮਨ੍ਹਾ ਕੀਤੇ ਹੋਏ ਬੂਟੇ ਦਾ ਫਲ ਖਵਾ ਬਹਿਸ਼ਤ ਵਿਚੋਂ ਕਢਵਾਇਆ ਤੇ ਅੱਜ ਤਕ ਆਦਮ ਦੀ ਔਲਾਦ ਨੂੰ ਬਹਿਕਾਂਦਾ ਚਲਾ ਆ ਰਿਹਾ ਹੈ।

ਯਵਨੀ ਮਤਾਂ ਦੇ ਇਸ ਅਕੀਦੇ ਤੋਂ ਬਿਨਾਂ, ਸੰਸਾਰ ਦੇ ਬਹੁਤ ਪੁਰਾਣੇ ਮਤ, ਪਾਰਸੀਆਂ ਦਾ ਵੀ ਇਸ ਦੇ ਨਾਲ ਮਿਲਦਾ ਜੁਲਦਾ ਖ਼ਿਆਲ ਹੈ। ਕਈ ਸਿਆਣੇ ਤਾਂ ਏਥੋਂ ਤਕ ਜਾਂਦੇ ਹਨ ਕਿ ਬਾਈਬਲ ਵਿਚ ਦਸਿਆ ਹੋਇਆ ਸ਼ੈਤਾਨ ਦਾ ਖ਼ਿਆਲ ਬੁਨਿਆਦੀ ਤੌਰ 'ਤੇ ਲਿਆ ਹੀ ਯੰਦ ਵਿਚੋਂ ਗਿਆ ਹੈ। ਪਾਰਸੀਆਂ ਦੇ ਅਕੀਦੇ ਅਨੁਸਾਰ ਜਗਤ-ਕਰਤਾ ਪ੍ਰਭੂ ਦੇ ਹੈਨ ਹੀ ਦੋ ਰੂਪ। ‘ਯਸਦਾਨ’ ਤੇ ‘ਅਹਿਰਮਨ’। ਯਸਦਾਨ ਨੇਕੀ ਦੀ ਪ੍ਰੇਰਨਾ ਕਰਦਾ ਹੈ ਤੇ ਅਹਿਰਮਨ ਬਦੀ ਦੀ। ਇਹ ਦੋਵੇਂ ਨੇਕੀ ਤੇ ਬਦੀ ਦੇ ਦੇਵਤੇ ਪਹਿਲੇ ਦਿਨ ਤੋਂ ਬਰਾਬਰ ਹੀ ਤੁਰੇ ਆਉਂਦੇ ਹਨ। ਇਥੇ ਸ਼ੈਤਾਨ ਕੋਈ ਪਰਮੇਸ਼੍ਵਰ ਦੇ ਅਧੀਨ ਤੇ ਉਸਦਾ ਸਰਾਪਿਆ ਹੋਇਆ ਫ਼ਰਿਸ਼ਤਾ ਨਹੀਂ ਹੈ, ਸਗੋਂ ਬਰਾਬਰ ਦੀ ਤਾਕਤ ਹੈ ਤੇ ਯਸਦਾਨ ਦੇ ਬਰਾਬਰ ਹੀ ਮਨੁੱਖ ਨੂੰ ਬਦੀ ਵਲ ਪ੍ਰੇਰਨਾ ਕਰ ਰਹੀ ਹੈ।

ਮਜ਼ਹਬੀ ਮਨੌਤਾਂ ਦੀ ਦੁਨੀਆਂ ਤੋਂ ਲੰਘ ਜੇ ਫ਼ਲਸਫ਼ੇ ਦੇ ਵਿਹੜੇ ਝਾਤੀ ਪਾਈਏ ਤਾਂ ਉਥੇ ਭੀ ਖ਼ਿਆਲ ਦੀ ਬੁਨਿਆਦੀ ਸੂਰਤ ਇਹੋ ਜਿਹੀ ਹੀ ਦਿਸ ਆਉਂਦੀ ਹੈ। ਫ਼ਲਸਫ਼ੀ ਵਿਅਕਤੀ ਤਾਂ ਨਹੀਂ ਮੰਨਦੇ, ਪਰ ਬਿਰਤੀਆ ਮੰਨਦੇ ਹਨ। ਫ਼ਲਸਫ਼ੀਆਂ ਦਾ ਆਖ਼ਰੀ ਵੇਦਾਂਤ ਸ਼ਾਸਤਰ, ਭਾਵੇਂ ਅਦਵੈਤਵਾਦੀ ਹੈ ਤੇ ਇਕ ਬ੍ਰਹਮ ਤੋਂ ਬਿਨਾਂ ਦੂਸਰੀ ਕੋਈ ਹਸਤੀ ਨਹੀਂ ਮੰਨਦਾ, ਪਰ ਖ਼ਿਆਲ ਉਹ ਵੀ ਦੇਂਦਾ ਹੈ ਕਿ ਬ੍ਰਹਮ ਦੇ ਨਾਲ ਨਾਲ ਹੀ ਸ਼ਾਂਤ ਅਨਾਦੀ ਮਾਇਆ ਮੁਢ ਤੋਂ ਚਲੀ ਆਉਂਦੀ ਹੈ। ਹੈ ਭਾਵੇਂ ਭਰਮ ਰੂਪ ਹੀ ਤੇ ਗਿਆਨ ਦਾ ਪ੍ਰਕਾਸ਼ ਹੁੰਦਿਆਂ ਹੀ ਬਿਨਸ ਜਾਏਗੀ, ਪਰ ਚਲੀ ਪਹਿਲੇ ਤੋਂ ਨਾਲ ਹੀ ਆਉਂਦੀ ਹੈ ਤੇ ਬੁਨਿਆਦੀ ਮਨੁੱਖ ਉਸਦੀ ਪ੍ਰੇਰਨਾ ਕਰਕੇ ਹੀ ਕਰਦਾ ਹੈ।

ਭਾਵੇਂ ਮਜ਼ਹਬ ਨੂੰ ਮੰਨੋ ਤੇ ਭਾਵੇਂ ਫ਼ਲਸਫ਼ੇ ਮਗਰ ਲਗੋ, ਇਹ ਮੰਨਣਾ ਹੀ ਪਵੇਗਾ ਕਿ ਮਨੁੱਖ ਨੂੰ ਬਦੀ ਵਲ ਪ੍ਰੇਰਨ ਵਾਲੀ ਸ਼ਕਤੀ, ਕੋਈ ਬੜੀ ਜ਼ਬਰਦਸਤ ਤੇ ਪੁਰਾਣੀ ਚਲੀ ਆਉਂਦੀ ਹੈ। ਆਵਾਗਵਨ ਦੇ ਕਾਇਲ, ਇਸ ਨੂੰ ਮਨੁੱਖਤਾ ਤੋਂ ਨੀਵੇਂ ਦਰਜੇ ਦੀਆਂ ਜੂਨਾਂ ਦੇ ਸਮੇਂ ਮਨੁੱਖੀ ਮਨ ਨੂੰ ਲਗਦੀ ਚਲੀ ਆ ਰਹੀ ਮੈਲ ਦਾ ਫਲ ਸਮਝਦੇ ਹਨ। ਜੋ ਸਹਿਜੇ ਸਹਿਜੇ ਸਿਆਹੀ ਦਾ ਰੂਪ ਲੈ ਚੁਕੀ ਹੈ:

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
(ਵਾਰ ਸੋਰਠਿ, ਮ: ੩, ਪੰਨਾ ੬੫੧)

ਜੋ ਸਿਆਹੀ ਮਨੁੱਖ-ਮਨ ਦੇ ਦੁਆਲੇ ਛਾ, ਉਸ ਨੂੰ ਜੀਵਨ ਦੇ ਸਹੀ ਰਸਤਿਓਂ ਉਕਾਅ ਦੇਂਦੀ ਹੈ। ਭਾਵੇਂ ਕਿਵੇਂ ਵੀ ਹੋਵੇ ਮਨੁੱਖ ਨੂੰ ਭੁਲਾਉਣ ਦੇ ਸਾਮਾਨ ਏਥੇ ਮੌਜੂਦ ਹਨ ਤੇ ਉਹ ਕਿੰਨੇ ਵੀ ਯਤਨ ਕਰੇ ਕਦੀ ਨਾ ਕਦੀ ਭੁਲ ਹੀ ਜਾਂਦਾ ਹੈ।

ਸਤਿਗੁਰਾਂ ਨੇ ਇਸ ਖ਼ਿਆਲ ਨੂੰ ਬੜਾ ਖ਼ੂਬਸੂਰਤ ਅਲੰਕਾਰ ਦੇ ਕੇ ਬਿਆਨ ਕੀਤਾ ਹੈ। ਕਿਸੇ ਥਾਂ ਇਕ ਭਾਰਾ ਮੇਲਾ ਭਰਨਾ ਸੀ ਤੇ ਉਥੇ ਜਾਣ ਲਈ ਇਕ ਨਾਦਾਨ ਬੱਚੇ ਨੇ ਦਰਸ਼ਨ ਦੀ ਇੱਛਾ ਪ੍ਰਗਟ ਕੀਤੀ। ਬਾਪ ਮਾਸੂਮ ਬੱਚੇ ਨੂੰ ਨਾਲ ਲੈ ਤੁਰਿਆ, ਪਰ ਇਹ ਤਾਕੀਦ ਕਰ ਦਿਤੀ ਕਿ ਮੇਲੇ ਵਿਚ ਬੜੀ ਭੀੜ ਹੈ, ਥਾਂ ਥਾਂ ਤੇ ਧੱਕੇ ਲੱਗ, ਇਕ ਦੂਸਰੇ ਨਾਲੋਂ ਨਿੱਖੜ ਜਾਣ ਦਾ ਡਰ ਹੈ। ਪੁੱਤਰ! ਮੇਰੀ ਉਂਗਲੀ ਘੁੱਟ ਕੇ ਫੜ ਛੱਡੀਂ। ਕਿਤੇ ਅਜਿਹਾ ਨਾ ਹੋਵੇ ਤੂੰ ਨਿੱਖੜ ਜਾਵੇਂ, ਭੀੜ ਵਿਚ ਫਿਰ ਮਿਲਣਾ ਮੁਸ਼ਕਲ ਹੋ ਜਾਏਗਾ; ਮੇਲੇ ਵਿਚ ਥਾਂ ਥਾਂ ਤਮਾਸ਼ੇ ਹੋਣਗੇ, ਸਭ ਨੂੰ ਵੇਖਦਾ ਚਲਾ ਜਾਈਂ, ਪਰ ਕਿਸੇ ਵੱਲ ਬਹੁਤ ਤਵੱਜੋ ਨਾ ਦੇਈਂ। ਅਜਿਹੀਆਂ ਤਾਕੀਦਾਂ ਕਰ ਤੇ ਸੰਜਮ ਸਮਝਾ, ਬਾਪ ਬੇਟੇ ਨੂੰ ਮੇਲੇ ਲੈ ਤੁਰਿਆ।

ਬੱਚਾ ਮੇਲੇ ਵਿਚ ਵੜਿਆ ਤਾਂ ਉਥੇ ਖ਼ੂਬ ਰੌਣਕਾਂ ਸਨ। ਹਰ ਪਾਸੇ ਸਜੀਆਂ ਹੋਈਆਂ ਦੁਕਾਨਾਂ, ਕਿਸੇ ਪਾਸੇ ਸੋਹਣੀਆਂ ਤਸਵੀਰਾਂ, ਕਿਤੇ ਸੁੰਦਰ ਖਿਡੌਣੇ, ਕਿਸੇ ਪਾਸੇ ਸੁਆਦਲੀਆਂ ਮਠਿਆਈਆਂ ਤੇ ਮੇਵੇ, ਹਰ ਤਰਫ਼ ਸ਼ੋਰ, ਰੌਲਾ, ਕੁਲਾਹਲ, ਗਾਣੇ, ਹਾਸੇ ਤੇ ਭੀੜ, ਬੱਚੇ ਨੇ ਬਾਪ ਦੀ ਉਂਗਲੀ ਘੁੱਟ ਕੇ ਫੜ ਛੱਡੀ। ਖਿਡੌਣੇ ਲਏ, ਮੂਰਤਾਂ ਖ਼ਰੀਦੀਆਂ, ਮਠਿਆਈ ਖਾਧੀ, ਫਲ ਛਕੇ, ਤਮਾਸ਼ੇ ਦੇਖੇ ਤੇ ਖ਼ੁਸ਼ੀਆਂ ਮਾਣੀਆਂ। ਪਰ ਚਲਦੇ ਚਲਦੇ ਇਕ ਥਾਂ ਮਦਾਰੀ ਦਾ ਖੇਲ ਹੁੰਦਾ ਦੇਖ ਉਹ ਰੁਕ ਗਏ। ਮਦਾਰੀ ਨੂੰ ਝੂਠੀ ਮੂਠੀ ਦੇ ਰੁਪਏ ਬਣਾਉਂਦੇ ਤੇ ਟੋਕਰੇ ਹੇਠੋਂ ਹੀ ਬੂਟੇ ਤੇ ਜਾਨਵਰ ਕਢਦਿਆਂ ਦੇਖ ਕੇ ਬੱਚਾ ਅਸਚਰਜ ਹੋ ਗਿਆ। ਹੈਰਾਨਗੀ ਵਿਚ ਆਪਣੀ ਸੁਰਤ ਇਤਨੀ ਤਮਾਸ਼ੇ ਵਿਚ ਜੋੜ ਬੈਠਾ ਕਿ ਬਾਪ ਦੀ ਉਂਗਲੀ ਫੜਨ ਵਾਲਾ ਹੱਥ ਢਿੱਲਾ ਪੈ ਗਿਆ। ਪਿਛੋਂ ਭੀੜ ਦਾ ਇਕ ਧੱਕਾ ਆਇਆ ਕਿ ਲੜਕਾ ਪਿਓ ਨਾਲੋਂ ਵਿੱਛੜ ਗਿਆ। ਕੁਝ ਚਿਰ ਤਾਂ ਤਮਾਸ਼ਾ ਦੇਖਦਾ ਰਿਹਾ, ਪਰ ਜਦੋਂ ਸੰਭਲਿਆ ਤਾਂ ਕੀ ਵੇਖਿਆ ਕਿ ਹੱਥ ਵਿਚੋਂ ਬਾਪ ਦੀ ਉਂਗਲੀ ਨਿਕਲ ਗਈ ਤੇ ਪਿਤਾ ਅੱਖਾਂ ਤੋਂ ਉਹਲੇ ਹੋ ਗਿਆ ਸੀ। ਪਹਿਲਾਂ ਅਵਾਜ਼ਾਂ ਮਾਰੀਆਂ ਤੇ ਐਧਰ-ਓਧਰ ਤਕਿਆ, ਦੌੜਿਆ, ਫਿਰ ਚੀਕਾਂ ਤੇ ਉਤਰ ਆਇਆ ਤੇ ਲੱਗਾ ਰੋ ਰੋ ਰੌਲਾ ਪਾਉਣ। ਇਸ ਨੂੰ ਰੋਂਦਿਆਂ ਵੇਖ ਦਰਦਵੰਦ ਸਿਆਣਿਆਂ ਨੇ, ਕਿਸੇ ਦਾ ਵਿਛੜਿਆ ਹੋਇਆ ਬਾਲਕ ਸਮਝ ਕੇ ਪਰਚਾਉਣ ਦਾ ਜਤਨ ਕੀਤਾ। ਕੁੱਛੜ ਚੁੱਕਣ ਤਾਂ ਛੜੀਆਂ ਮਾਰੇ ਤੇ ਡਿਗ ਡਿਗ ਪਵੇ, ਖਾਣ ਨੂੰ ਮਠਿਆਈ ਦੇਣ ਤਾਂ ਹੱਥ ਨਾਲ ਪਰੇ ਵਗਾਹ ਮਾਰੇ, ਨਾ ਕਿਸੇ ਖਿਡੌਣੇ ਨਾਲ ਖੇਡੇ ਤੇ ਨਾ ਕਿਸੇ ਮੂਰਤ ਦਿਤਿਆਂ ਮੰਨੇ। ਮਾਸੂਮ ਬੱਚਾ ਉਤਨਾ ਚਿਰ ਰੋਂਦਾ ਤੇ ਚੀਖਦਾ ਬੇਕਰਾਰ ਹੀ ਰਿਹਾ, ਜਦ ਤਕ ਕਿ ਫਿਰ ਪਿਓ ਨਾਲ ਨਾ ਮਿਲਾ ਦਿੱਤਾ ਗਿਆ। ਪਿਓ ਦੇ ਵਿਛੋੜੇ ਵਿਚ ਨਾ ਉਸਨੂੰ ਮੇਲਾ ਸੁਖਾਇਆ, ਨਾ ਉਸਨੂੰ ਮਠਿਆਈਆਂ ਮਿਠੀਆਂ ਲੱਗੀਆਂ ਤੇ ਨਾ ਹੀ ਖਿਡੌਣੇ ਖ਼ੂਬਸੂਰਤ।

ਗੁਰਮਤਿ ਦਸਦੀ ਹੈ ਕਿ ਸੰਸਾਰ ਵਿਚ ਸਾਰੇ ਗੁਨਾਹ ਦੀ ਬੁਨਿਆਦ ਪਰਮੇਸ਼੍ਵਰ ਪਿਤਾ ਤੋਂ ਵਿਛੜਨਾ ਹੀ ਹੈ। ਦੁਨੀਆ ਇਕ ਭਾਰਾ ਮੇਲਾ ਹੈ। ਇਸ ਵਿਚ ਥਾਉਂ ਥਾਈਂ ਕੌਤਕ, ਤਮਾਸ਼ੇ ਤੇ ਰੌਣਕਾਂ ਹਨ। ਸੋਹਣੀਆਂ ਤਸਵੀਰਾਂ ਤੇ ਸੁੰਦਰ ਖਿਡੌਣੇ ਮਨ ਨੂੰ ਮੋਹਣ ਵਾਲੇ ਹਨ। ਸੁਆਦਿਸ਼ਟ ਭੋਜਨ ਤੇ ਮਠਿਆਈਆਂ ਦੇਖ ਮੂੰਹ ਵਿਚ ਪਾਣੀ ਭਰ ਆਉਂਦਾ ਹੈ। ਪਰ ਜੇ ਮਨੁੱਖ ਸੰਜਮ ਸਹਿਤ ਇਸ ਮੇਲੇ ਨੂੰ ਤੱਕੇ, ਤਾਂ ਇਹ ਬਣਾਇਆ ਹੀ ਉਹਦੇ ਲਈ ਗਿਆ ਹੈ। ਪਰ ਜਦੋਂ ਕਿਸੇ ਪਾਸੇ ਹੱਦ ਤੋਂ ਟੱਪ ਅਸਾਧਾਰਨ ਮਨ ਜੋੜ ਬਹਿੰਦਾ ਹੈ ਤਾਂ ਇਸ ਦੇ ਹੱਥੋਂ ਪ੍ਰਭੂ ਪਿਤਾ ਦੀ ਉਂਗਲੀ ਛੁੱਟ ਜਾਂਦੀ ਹੈ। ਜਿਸ ਤੋਂ ਸਭ ਗੁਨਾਹ ਤੇ ਉਹਨਾਂ ਦਾ ਫਲ ਦੁੱਖ, ਇਸ ਨੂੰ ਆ ਵਾਪਰਦਾ ਹੈ। ਕਿਸੇ ਸ਼ੈਤਾਨ ਜਾਂ ਅਹਿਰਮਨ ਨੂੰ ਕੀ ਦੋਸ਼ ਦੇਣਾ ਹੋਇਆ:

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ॥
ਪਰਮੇਸਰੁ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

ਸਭ ਕੁਛ ਆਪਣੇ ਹੀ ਕਰਮਾਂ ਦਾ ਫਲ ਹੈ। ਗੁਨਾਹ ਦੇ ਸਭ ਰੋਗ ਪਰਮੇਸ਼੍ਵਰ ਤੋਂ ਭੁਲਣ ਕਰਕੇ ਹੀ ਵਾਪਰਦੇ ਹਨ ਤੇ ਵਿਛੋੜੇ ਦੇ ਰੋਗੀ ਨੂੰ ਸਭ ਸੁਆਦਲੇ ਭੋਗ ਕੌੜੇ ਲਗਣ ਲੱਗ ਪੈਂਦੇ ਹਨ। ਇਹਨਾਂ ਰੋਗਾਂ ਦਾ ਹੋਰ ਕੋਈ ਇਲਾਜ ਨਹੀਂ, ਜੇ ਖ਼ੁਸ਼ਕਿਸਮਤੀ ਨਾਲ ਪ੍ਰਭੂ ਪਿਤਾ ਦਾ ਮਿਲਾਪ ਫਿਰ ਨਸੀਬ ਹੋ ਜਾਏ ਤਾਂ ਸਾਰੇ ਸੁਖ ਆਪੇ ਹੀ ਨਸੀਬ ਹੋ ਜਾਣਗੇ।

ਪਰ ਇਹ ਪੁਨਰ ਮਿਲਾਪ ਹੋਵੇ ਕਿਸ ਤਰ੍ਹਾਂ? ਮਨੁੱਖ ਤਾਂ ਰਾਹੋਂ ਭੁਲਿਆ ਹੋਇਆ ਦੂਸਰੇ ਪਾਸੇ ਨੂੰ ਜਾ ਰਿਹਾ ਹੈ। ਓਹਦਾ ਤਾਂ ਹਰ ਕਦਮ ਉਸ ਨੂੰ ਮੰਜ਼ਲ ਤੋਂ ਦੂਰ ਲਿਜਾ ਰਿਹਾ ਹੈ। ਉਸ ਦੀ ਹਾਲਤ ਉਸ ਰੇਲ ਦੇ ਇੰਜਣ ਵਾਂਗ ਹੈ ਜੋ ਕਿਸੇ ਜੰਕਸ਼ਨ ਤੋਂ ਕਾਂਟਾ ਗ਼ਲਤ ਮਿਲਣ ਕਰਕੇ ਅਸਲ ਤੋਂ ਉੱਕ ਦੂਸਰੀ ਲਾਈਨ 'ਤੇ ਪੈ ਗਿਆ ਹੋਵੇ। ਉਹ ਤਾਂ ਜਿੰਨਾ ਤੇਜ਼ ਦੌੜੇਗਾ, ਅਸਲ ਟਿਕਾਣੇ ਤੋਂ ਦੂਰ ਹੁੰਦਾ ਚਲਾ ਜਾਏਗਾ।

ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥
(ਬਾਰਹਮਾਹਾ ਮਾਂਝ ਮਹਲਾ ੫, ਪੰਨਾ ੧੩੫)

ਉਸ ਨੂੰ ਤਾਂ ਅਸਲੀ ਅਸਥਾਨ 'ਤੇ ਪੁੱਜਣ ਲਈ ਪਹਿਲਾਂ ਆਪਣੀ ਭੁੱਲ ਨੂੰ ਸਮਝਣਾ, ਅਗਾਂਹ ਤੁਰਨੋਂ ਰੁਕਣਾ ਤੇ ਫਿਰ ਪਿਛਾਂਹ ਪਰਤ ਅਤੇ ਤਿਖੀ ਚਾਲ ਚਲ, ਭੁਲੀ ਹੋਈ ਮੰਜ਼ਲ 'ਤੇ ਪੁੱਜਣਾ ਪਵੇਗਾ। ਮਨੁੱਖ-ਜੀਵਨ ਵਿਚ ਭੁੱਲ ਨੂੰ ਪਹਿਚਾਣਨ ਦਾ ਨਾਮ ਹੀ ‘ਪਛਤਾਵਾ’ ਹੈ। ਇਹ ਤੌਬਾ ਹੀ, ਭੁੱਲੇ ਹੋਏ, ਕੁਰਾਹੇ ਤੁਰੇ ਜਾ ਰਹੇ ਮਨੁੱਖ ਦੀ ਪਾਪ ਚਾਲ ਨੂੰ ਰੋਕਦੀ ਹੈ। ਇਹੋ ਮੋੜ ਕੇ ਪ੍ਰਭੂ ਚਰਨਾਂ ਵਿਚ ਸੁਟਦੀ ਹੈ ਤੇ ਚਰਨ ਸ਼ਰਨ ਵਿਚ ਪਾ ਜੀਵਨ ਸਫਲ ਕਰਦੀ ਹੈ।

ਵਿਸ਼ਾਲ ਸੰਸਾਰ ਦੀ ਅਣਗਿਣਤ ਮਖ਼ਲੂਕ ਵਿਚ ਇਹ ਪਛਤਾਵੇ ਵੀ ਕਈ ਕਿਸਮ ਦੇ ਰੂਪ ਲੈ ਰਹੇ ਹਨ। ਕੋਈ ਮੂਰਤਾਂ ਵੇਖ ਵੇਖ ਅੱਕ ਕੇ ਪਿਛਾਂਹ ਮੁੜਦਾ ਹੈ ਤੇ ਕਿਸੇ ਦਾ ਮੂੰਹ ਮਠਿਆਈਆਂ ਖਾ ਖਾ ਮੁੜ ਜਾਂਦਾ ਹੈ। ਸੰਸਾਰ ਦੇ ਇਤਿਹਾਸ ਵਿਚ ਅਜਿਹੀਆਂ ਕਈ ਘਟਨਾਵਾਂ ਆਉਂਦੀਆਂ ਹਨ। ਕਈ ਮਾਸੂਮ ਮਨੁੱਖਾਂ ਨੇ ਬਗਲਿਆਂ ਨੂੰ ਹੰਸ ਕਰ ਜਾਤਾ ਤੇ ਓੜਕ ਪਛਤਾਏ, ਮਸ਼ਹੂਰ ਯੋਗੀ ਭਰਥਰੀ ਨਾਲ ਇਹੋ ਵਾਪਰੀ ਸੀ।

ਮੈ ਜਾਨਿਆ ਵਡਹੰਸੁ ਹੈ ਤਾ ਮੈ ਕੀਆ ਸੰਗੁ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ॥
(ਵਾਰ ਵਡਹੰਸ ਮ: ੩, ਪੰਨਾ ੫੮੫)

ਉਜੈਨ ਦਾ ਉਜਲ ਬੁਧ ਵਿਦਵਾਨ ਮਹਾਰਾਜਾ ਭਰਥਰੀ ਆਪਣੀ ਪਦਮਨੀ ਸੁੰਦਰ ਮਹਾਰਾਣੀ ਪਿੰਗਲਾ ਦੇ ਪਿਆਰ ਵਿਚ ਮਸਤ ਸੀ। ਉਸਦੀ ਦੁਨੀਆਂ ਹੀ ਪਿੰਗਲਾ ਨਾਲ ਸੀ। ਪਰਬੀਨ, ਪੜ੍ਹੀ ਹੋਈ ਮ੍ਰਿਗ ਨੈਣੀ, ਚੰਦਰਮੁਖੀ, ਪਿੰਗਲਾ ਦੀਆਂ ਨਾਗਨ ਜ਼ੁਲਫ਼ਾਂ ਦੇ ਸਾਏ ਹੇਠ ਸੁੱਤੇ ਹੋਏ ਭਰਥਰੀ ਦਾ ਮਨ ਬੇਹੋਸ਼ ਪਿਆ ਸੀ, ਪਰ ਪਿੰਗਲਾ ਜੋ ਬਾਹਰੋਂ ਦਿਸਦੀ ਸੀ, ਉਹ ਅੰਦਰੋਂ ਨਹੀਂ ਸੀ। ਸੋਨੇ ਦੇ ਬੁੱਤ ਵਿਚ ਪੱਥਰ ਦਾ ਮਨ ਰੱਖੀ ਅਨਾਰ ਦੀ ਕਲੀ ਪਿੰਗਲਾ, ਵਫ਼ਾ ਦੀ ਖ਼ੁਸ਼ਬੂ ਤੋਂ ਰਹਿਤ ਸੀ, ਉਹ ਪਿਆਰ ਨਹੀਂ ਸੀ ਜਾਣਦੀ, ਮੋਹ ਕਰਦੀ ਸੀ। ਉਹ ਵਿਕਾਰ ਦੇ ਵਹਿਣ ਰੁੜ੍ਹੀ ਆਪਣੇ ਮਹਾਵਤ ਨਾਲ ਪਾਪ-ਭਿਆਲੀ ਪਾ ਬੈਠੀ ਸੀ। ਸਮਾਂ ਪਾ, ਪਾਪ ਪ੍ਰਗਟਿਆ। ਉਹ ਇਸ ਤਰ੍ਹਾਂ ਕਿ ਇਕ ਬ੍ਰਾਹਮਣ ਨੂੰ ਖ਼ੁਸ਼ਕਿਸਮਤੀ ਨਾਲ ਕਿਤਿਓਂ ਕਿਸੇ ਬੂਟੀ ਦਾ ਅਜਿਹਾ ਫਲ ਹੱਥ ਆ ਗਿਆ, ਜਿਸ ਦੇ ਖਾਧਿਆਂ ਬੁੱਢੇ ਜੁਆਨ ਤੇ ਜੁਆਨ ਸਦਾ ਜੁਆਨੀ ਮਾਣ ਸਕਦੇ ਸਨ:

ਪੀਰੇ ਮੁਗ਼ਾ ਕੇ ਪਾਸ ਵੋਹ ਦਾਰੂ ਹੈ, ਜਿਸ ਸੇ ਜ਼ੌਕ
ਨਾਮਰਦ ਮਰਦ, ਮਰਦ ਜਵਾਂਮਰਦ ਹੋ ਗਿਆ।

ਪੇਟੋਂ ਭੁੱਖੇ ਬ੍ਰਾਹਮਣ ਨੂੰ ਜੁਆਨੀ ਨਾਲ ਕੀ, ਉਹ ਤਾਂ ਦੋ ਵਕਤ ਦੋ ਰੋਟੀਆਂ ਦਾ ਝੁਲਕਾ ਦੇ ਪੇਟ ਦੀ ਅੱਗ ਬੁਝਾਣਾ ਚਾਹੁੰਦਾ ਸੀ। ਇਹ ਵਿਚਾਰ ਫਲ ਰਾਜਾ ਕੋਲ ਵੇਚ ਗਿਆ।

ਮਹਾਰਾਜਾ ਨੇ ਜੁਆਨੀ ਨੂੰ ਤਾਜ਼ਾ ਰੱਖਣ ਵਾਲਾ ਅਜਿਹਾ ਫਲ, ਆਪਣੀ ਮਹਿਬੂਬਾ ਨੂੰ ਦੇਣਾ ਪਸੰਦ ਕੀਤਾ। ਜਿਸ ਨੇ ਉਸੇ ਖ਼ਿਆਲ ਨਾਲ ਮਹਾਵਤ ਨੂੰ ਦੇ ਦਿੱਤਾ। ਭੋਗਾਂ ਦੀ ਵਸਤੀ ਵਿਚ ਨਿਭਾਹ ਕਿਥੇ, ਵਿਕਾਰਾਂ ਦੀ ਦੁਨੀਆਂ ਵਿਚ ਵਫ਼ਾ ਦਾ ਕੀ ਕੰਮ:

ਭੋਗਾਂ ਦੀ ਵਸਤੀ ਏ ਇਸ਼ਕੇ ਦੀ ਖਾਨ ਨਹੀਂ,
ਏਥੇ ਲਾਵਣ ਹੀ ਲਾਵਣ ਏ, ਪਰ ਤੋੜ ਨਿਭਾਣ ਨਹੀਂ।

ਮਹਾਵਤ ਇਕ ਵੇਸਵਾ ਕੋਲ ਜਾਂਦਾ ਸੀ। ਜਿਸਦੇ ਰਾਹੀਂ ਫਲ ਵੇਸਵਾ ਕੋਲ ਜਾ ਪੁੱਜਾ। ਹਾਲਾਤ ਦੀ ਘਿਰੀ ਹੋਈ ਤੇ ਸਮਾਜ ਦੇ ਸੰਗਲਾਂ ਦੀ ਜਕੜੀ ਹੋਈ ਵੇਸਵਾ ਵਿਕਾਰ ਦੇ ਜੀਵਨ ਤੋਂ ਤੰਗ ਸੀ। ਉਸ ਨੇ ਫਿਰ ਜੋਬਨ ਦੀ ਜ਼ਮਾਨਤ ਨੂੰ ਰਾਜਾ ਭਰਥਰੀ ਕੋਲ ਜਾ ਵੇਚਿਆ। ਭੇਦ ਖੁਲ੍ਹ ਗਿਆ, ਰਾਜੇ ਦੀਆਂ ਅੱਖਾਂ ਉਘੜ ਗਈਆਂ। ਚੰਮ ਦੇ ਵਪਾਰ ਤੋਂ ਗਿਲਾਨੀ ਆਈ, ਰਾਜੇ ਦੇ ਮਨ ਵਿਚ ਪਛਤਾਵਾ ਪੈਦਾ ਹੋਇਆ:

ਸੋਮ ਨਾਮ ਬਿਪਰ ਵਰ, ਗਿਰਜਾਂ ਕੇ ਵਰ ਕਰ,
ਲੀਨੋ ਸੁਧਾ ਫਲ, ਤਾਨੇ ਦੀਨੋ ਨਰ ਨਾਹਿ ਕੇ।
ਭੂਤ ਸੁਪਤਨੀ ਕੋ, ਰਾਣੀ ਨਿਜ ਮੀਤ ਹੂੰ ਕੋ,
ਤਾਨੇ ਦੀਨੋ ਮੀਤਨੀ ਕੋ ਨੀਕੋ ਫਲ ਚਾਹਿ ਕੇ।
ਆਗੇ ਗਨਿਕਾ ਸੁਰ ਆਗੇ, ਧਰਾਪਤ ਹੂੰ ਕੇ ਆਗੇ ਸਰ,
ਨਰ ਨਾਥ ਮਾਥਾ ਧੁਨਾ, ਸੁੰਨ ਸੁਆਨ ਤਾਹਿ ਕੇ।
ਹਾ ਹਾ ਕਾਮਨੀ ਕੇ ਹੇਤ ਮੈਨੇ ਹਤੇ ਨੀਕੇ ਕਾਮ ਆਗੋ,
ਤਾਕੋ ਤਜ ਵਾਕੋ ਭਜੂੰ ਸਸੀ ਸੀਸ ਜਾਹਿ ਕੇ।

ਇਹ ਪਛਤਾਵਾ ਸੀ ਰੂਪ-ਧਾਰ ਬੋਝ, ਮਨ ਦੀ ਵਿਕਾਰ ਚਾਲ ਵਿਚ ਫ਼ਰਕ ਪਾਣ ਵਾਲਾ, ਜਦ ਪਛਤਾਵਾ ਆਇਆ ਚਾਲ ਰੁਕ ਗਈ, ਮੋੜਾ ਪਿਆ। ਰਾਜੇ ਨੇ ਜੀਵਨ ਦੀ ਤਮਾਮ ਤਸਵੀਰ 'ਤੇ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਉਹ ਪ੍ਰਭੂ ਨਾਲ ਬੇਵਫ਼ਾ, ਰਾਣੀ ਓਸ ਨਾਲ ਤੇ ਮਹਾਵਤ ਰਾਣੀ ਨਾਲ, ਵੇਸਵਾ ਨੇ ਤਾਂ ਪਿਆਰ ਕਰਨਾ ਈ ਕੀ ਸੀ। ਆਦਿ ਤੋਂ ਅੰਤ ਤਕ ਹੀ ਠਾਠਾ ਬਾਗਾ। ਤਾਣੀ ਹੀ ਵਿਗੜੀ ਹੋਈ, ਕਿਸੇ ਨੂੰ ਕੀ ਕਹਿਣਾ ਸੀ। ਦੂਜੇ ਨੂੰ ਦੋਸ਼ ਕੀ ਦੇਣਾ ਸੀ। ਰਾਜੇ ਨੇ ਪਹਿਲਾਂ ਆਪਣਾ ਹੀ ਇਲਾਜ ਕਰਨ ਦੀ ਮਨ ਵਿਚ ਠਾਣੀ ਤੇ ਈਸ਼ਵਰ ਚਿਤਵਨ ਵਿਚ ਜੁੜ ਗਿਆ:

ਜਿਨ ਕੋ ਚਿਤ ਮੇ ਚਿਤਵੋ ਹਉਂ ਸਦਾ,
ਤਿਨ ਕੀ ਰਤ ਮੋਹਿ, ਤਨ ਮਾਂਹਿ ਰਤੀ ਨਾ।
ਵੋਹ ਆਨ ਪਮਾਨ ਕੇ ਸੰਗ ਰਤੀ,
ਪੁੰਨ ਤਾਂ ਮਨ ਮੇਂ ਗਨਿਕਾ ਗ੍ਰਹਿ ਕੀਨਾ।
ਧ੍ਰਿਗ ਹੈ ਅਬਲਾ ਭ੍ਰਿਤ ਕੰਧਰਪ ਪੈ,
ਪੁੰਨ ਮੋਹਿ ਧ੍ਰਿਕਾਰ ਜੋ ਮਾਰ ਅਧੀਨਾ।
ਇਹ ਭਾਂਤ ਸਮੂਹ ਕੇ ਪ੍ਰੀਤ ਤਜੀ,
ਨਿਰਪ ਹੋਇ ਯੋਗੀਸ਼ਵਰ ਈਸ਼ਵਰ ਚੀਨਾ।

ਇਹ ਤਾਂ ਸੀ ਕਥਾ ਪ੍ਰਭੂ ਦੇ ਓਸ ਭੋਲੇ ਬੱਚੇ ਦੀ, ਜੋ ਖਿਡੌਣੇ ਨਾਲ ਖੇਡ ਰਿਹਾ ਸੀ। ਰੂਪ ਵਿਚ ਰੁੱਝਿਆ ਹੋਇਆ ਰਾਹ ਤੋਂ ਉੱਕ ਗਿਆ ਸੀ। ਪਰ ਏਥੇ ਇਕੱਲਾ ਰੂਪ ਹੀ ਤਾਂ ਮਾਰ ਨਹੀਂ ਕਰ ਰਿਹਾ, ਏਥੇ ਤਾਂ ਚੌਹਾਂ ਪਾਸਿਆਂ ਤੋਂ ਧਾੜੇ ਪੈ ਰਹੇ ਹਨ। ਜੇ ਨਿਰਾ ਰੂਪ ਹੀ ਮਾਰਦਾ ਤਾਂ ਨੇਤਰਹੀਣ ਤਾਂ ਪਾਰ ਉਤਰ ਜਾਂਦੇ ਪਰ ਇਸ ਅਖਾੜੇ ਵਿਚ ਤਾਂ ਹਕੂਮਤ, ਸਰਮਾਇਆ, ਕੁਲ, ਰੰਗ, ਨਸਲ, ਵਿੱਦਿਆ, ਕੀ ਕੀ ਨਹੀਂ ਮਾਰ ਕਰਦਾ।
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥
(ਵਾਰ ਮਲਾਰ ਮ: ੧, ਪੰਨਾ ੧੨੮੮)

ਇਕ ਰਾਜੇ ਦੇ ਦੁਆਰੇ ਕਥਾ ਕਰ ਰਹੇ ਬ੍ਰਾਹਮਣ ਨੂੰ ਦੇਖ ਕੇ ਕਿਸੇ ਬੇਨਵਾ ਨੇ ਪੁਛਿਆ, “ਪੰਡਤ ਜੀ, ਕਥਾ ਕਿਥੇ ਕਰ ਰਹੇ ਹੋ?” “ਰਾਜਭਵਨ ਵਿਚ, "ਬ੍ਰਾਹਮਣ ਨੇ ਉੱਤਰ ਦਿੱਤਾ। “ਰਾਜਾ ਦੀ ਉਮਰ ਤੇ ਕੁਲ?" ਬ੍ਰਾਹਮਣ ਬੋਲਿਆ, ‘ਅਵਸਥਾ ਯੁਵਾ ਤੇ ਕੁਲ ਉੱਚੀ ਹੈ। ‘ਫਿਰ ਏਥੇ ਕਥਾ ਕੀ ਆਂਹਦੀ ਹੈ।"

ਧਨ, ਜੋਬਨ, ਇਵਵੇਕ, ਪ੍ਰਭੁਤਾ, ਇਹ ਹਨ ਚਾਰੇ ਪਰਮ ਰਿਪ।
ਏਹ ਦੇਤ ਅਨਰਥ ਇਕ ਏਕ, ਯਹਾਂ ਚਾਰੋ ਤਹਾਂ ਕਿਆ ਕਥਾ।

ਕਹਿ ਕੇ ਬੇਨਵਾ ਤੁਰਦਾ ਹੋਇਆ। ਬੇਨਵਾ ਦਾ ਕਿਹਾ ਠੀਕ ਸੀ, ਬਹਾਰ ਤੇ ਆਏ ਹੋਏ ਬਾਗ਼-ਸੰਸਾਰ ਦਾ ਹਰ ਫੁੱਲ ਖਿੱਚਾਂ ਪਾਂਦਾ ਹੈ। ਰੂਪ ਏਥੇ ਹੀ ਨਹੀਂ, ਅਗਾਂਹ ਵੀ ਮਾਰ ਕਰਦਾ ਹੈ:

ਕਹਾਂ ਲੇ ਜਾਊਂ ਦਿਲ ਦੋਨੋਂ ਜਹਾਂ ਮੇਂ ਇਸ ਕੀ ਮੁਸ਼ਕਲ ਹੈ
ਯਹਾਂ ਕਾ ਪਰੀਓਂ ਮਜਮਾ ਹੈ ਵਹਾਂ ਹੂਰੋਂ ਕੀ ਮਹਿਫ਼ਲ ਹੈ।

ਇਸਦੇ ਭਰਮਾਏ ਹੋਏ ਹੀ ਲੋਕ ਬੰਦਗੀ ਵੇਚ ਬਹਿਸ਼ਤ ਵਟਦੇ ਹਨ। ਇਹ ਈਮਾਨ ਨੂੰ ਕਮਜ਼ੋਰ ਕਰਦਾ ਹੈ:

ਬਹਿਸ਼ਤੋਂ ਹੂਰੋਂ ਗਿਲਮਾ, ਇਵਜ਼ੇ ਤਾਇਤ ਮੈ ਨਾ ਮਾਨੂੰਗਾ।
ਇਨਹੀ ਬਾਤੋਂ ਸੇ ਐ ਵਾਇਜ਼ ਜ਼ਈਫ ਈਮਾਨ ਹੋਤਾ ਹੈ।

ਵਿਕਾਰਾਂ ਦੀ ਇਸ ਚੌਤਰਫ਼ੀ ਮਾਰ ਨੂੰ ਅਨੁਭਵ ਕਰ ਹੀ ਮਨੁੱਖ ਜਾਤੀ ਦੇ ਨੁਮਾਇੰਦੇ ਬਣੇ। ਪਰਮੇਸ਼੍ਵਰ ਕੋਲ ਅਪੀਲ ਕਰਦੇ ਹਨ ਕਿ ਬੰਦਾ ਕੀ ਕਰੇ, ਤੇਰੀ ਪਸਾਰੀ ਹੋਈ ਮਾਇਆ ਚੌਤਰਫ਼ੋਂ ਮਾਰ ਕਰ ਰਹੀ ਹੈ। ਤੇਰੇ ਚਰਨ ਮਾਸੂਮ ਮਨੁੱਖ ਨੂੰ ਭੁਲਾ ਰਹੀ ਹੈ। ਇਹ ਤਾਂ ਪਿਆਰ ਦੀ ਕਿਰਨ ਵੀ ਨਹੀਂ ਪੈਣ ਦੇਂਦੀ। ਦੱਸ, ਮਨੁੱਖ ਕੀ ਕਰਨ:

ਇਨਿ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਬਿਸਾਰੇ॥
ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ॥
(ਬਿਲਾਵਲੁ ਕਬੀਰ, ਪੰਨਾ ੮੫੭)

ਇਸ ‘ਗਹਿਬਰ ਬਨ ਘੋਰ' ਦੀਆਂ ਮਜਬੂਰੀਆਂ ਤੋਂ ਮਨੁੱਖ ਨੂੰ ਠੋਕਰ ਖਾਂਦਿਆਂ ਤੇ ਮੁਸ਼ਕਲਾਂ ਵਿਚ ਫਸਦਾ ਦੇਖ ਸੰਤ ਉਸਦਾ ਮਜ਼ਾਕ ਨਹੀਂ ਉਡਾਂਦੇ, ਠਠੇ ਨਹੀਂ ਮਾਰਦੇ, ਗਿਲਾਨੀ ਨਹੀਂ ਕਰਦੇ, ਤਾਹਨੇ ਨਹੀਂ ਦੇਂਦੇ, ਤਰਕ ਨਹੀਂ ਉਠਾਂਦੇ, ਸਗੋਂ ਹਮਦਰਦੀ ਕਰਦੇ ਹਨ। ਮਾਹੀ ਨਾਲ ਮੇਲਣ ਦੇ ਉਪਾਓ ਸੋਚਦੇ ਹਨ। ਜੇ ਕੋਈ ਗੁਨਾਹਗਾਰ ਨੂੰ ਦੇਖ ਹੱਸ ਰਿਹਾ ਹੋਵੇ ਤਾਂ ਉਸ ਨੂੰ ਵੀ ਰੋਕਦੇ ਤੇ ਸਮਝਾਂਦੇ ਹਨ। ਹੇ ਲਤੀਫ਼ ਅਕਲ ਵਾਲੇ, ਜੇ ਕੁਝ ਸਮਝ ਸਕਦਾ ਏਂ ਤਾਂ ਲੋਕਾਂ ਦੇ ਐਬ ਨਾ ਚੁਣ, ਤਰੁੱਟੀਆਂ ਨਾ ਤੱਕ, ਭੁੱਲਾਂ ਦੀ ਫਹਿਰਿਸਤ ਨਾ ਬਣਾ, ਸ਼ਾਇਦ ਅਜੇ ਤੇਰੀਆਂ ਆਪਣੀਆਂ ਕਈ ਹੋਣ। ਜੇ ਫ਼ੁਰਸਤ ਹੈ ਤਾਂ ਉਹਨਾਂ ਨੂੰ ਹੈ ਤਾਂ ਉਹਨਾਂ ਨੂੰ ਵੇਖ ਤੇ ਸੋਧ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ॥
(ਸਲੋਕ ਫਰੀਦ, ਪੰਨਾ ੧੩੭੮)

ਤੇ ਹਕੀਕਤ ਹੈ ਵੀ ਇਹੋ ਕਿ ਜਦ ਤਕ ਬੰਦਾ ਆਪਣੀ ਮਨ ਦੀ ਪੱਟੀ ਨੂੰ ਨਹੀਂ ਪੜ੍ਹਦਾ, ਉਤਨਾ ਚਿਰ ਹੀ ਲੋਕਾਂ ਦੇ ਐਬ ਛਾਂਟਦਾ ਹੈ। ਪਰ ਜਦ ਆਪਣੇ ਅੰਦਰਲੇ ਵੱਲ ਝਾਤ ਮਾਰੇ ਤਾਂ ਉਸ ਨੂੰ ਸ਼ਾਇਦ ਜਗਤ ਵਿਚ ਬੁਰਾ ਦਿੱਸੇ ਹੀ ਨਾ:

ਨਾ ਥੀ ਹਾਲ ਕੀ ਜਬ ਹਮੇਂ ਅਪਨੀ ਖ਼ਬਰ।
ਰਹੇ ਔਰੋਂ ਕੇ ਦੇਖਤੇ ਐਬੋ ਹੁਨਰ।
ਪੜੀ ਅਪਨੇ ਜਾਨੂੰ ਪੈ ਜਬ ਕਿ ਨਿਗਾਹ।
ਫਿਰ ਕੋਈ ਦੂਸਰਾ ਬੁਰਾ ਨਾ ਰਹਾ।

ਸੰਤ ਇਸ ਵੀਚਾਰ ਕਰਕੇ ਹੀ ਗੁਨਾਹੀਆਂ ਨਾਲ ਗ਼ੁੱਸੇ ਨਹੀਂ ਹੁੰਦੇ, ਸਗੋਂ ਪਿਆਰਦੇ ਤੇ ਸਿਧੇ ਰਾਹ ਤੁਰਨ ਲਈ ਪ੍ਰੇਰਦੇ ਹਨ। ਕੌਡੇ ਰਾਖਸ਼ ਤੇ ਸੱਜਣ ਠੱਗ ਕੋਲ, ਸਤਿਗੁਰੂ ਆਪ ਤੁਰ ਕੇ ਗਏ ਸਨ। ਜੋਗਾ ਸਿੰਘ ਡਿਗੇ ਨੂੰ ਉਠਾਣ ਲਈ ਕਲਗੀਆਂ ਵਾਲੇ ਆਪ ਕੋਤਵਾਲ ਬਣ ਸਾਰੀ ਰਾਤ ਗਨਿਕਾ ਦੇ ਦੁਆਰੇ ਖਲੋਤੇ ਰਹੇ ਸਨ:

ਆਵਾ ਜਾਈ ਰੈਨ ਗੁਜ਼ਰੀ ਹੋਇਆ ਤੜਕਾ ਸਾਰ ਸੀ।
ਓਹ ਕੋਟ ਬ੍ਰਹਮੰਡਾਂ ਦਾ ਮਾਲਕ ਆਪ ਪਹਿਰੇਦਾਰ ਸੀ।

ਇਹ ਦੀਨਾਂ 'ਤੇ ਦਇਆ ਕਰਨੀ ਹੀ ਵਡਿਆਂ ਦੀ ਵਡਿਆਈ ਹੈ। ਭਲੇ ਨਾਲ ਭਲਿਆਈ ਮਨੁੱਖਤਾ ਹੈ, ਪਰ ਬੁਰਿਆਂ ਨਾਲ ਭਲਿਆਈ ਫ਼ਰਿਸ਼ਤਾਪਣ ਹੈ। ਪਰ ਇਹ ਬਾਬਾ ਨਾਨਕ ਜੀ ਹੀ ਜਾਣਦੇ ਹਨ:

ਬੁਰਿਆਂ ਨਾਲ ਕਰਨ ਬੁਰਿਆਈ ਬਖਸ਼ ਦੇਣ ਕਈ ਸਿਆਣੇ।
ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ।

ਵਿਸਰ ਭੋਲੇ ਮੰਜੀ 'ਤੇ ਬੈਠਿਆਂ ਨੂੰ ਪਿਛੋਂ ਲੱਤ ਆ ਮਾਰਨ ਵਾਲੇ ਦੇ ਪੈਰ ਉੱਠ ਕੇ ਦੱਬਣ ਲੱਗ ਪੈਣਾ, ਅੰਤ ਭੱਲੇ ਅਮਰਦਾਸ ਜੀ ਦੇ ਹਿੱਸੇ ਹੀ ਆਇਆ ਸੀ: ਮੇਰਾ ਤਨ, ਸੇਵਾ ਕਰ ਤੇ ਬੁਢਾਪੇ ਦੇ ਕਾਰਨ ਕਰੜਾ ਹੋ ਬੱਜਰ ਬਣ ਚੁੱਕਾ ਹੈ, ਕਿਤੇ ਤੁਹਾਡੇ ਪੈਰ ਨੂੰ ਚੋਟ ਤੇ ਨਹੀਂ ਆ ਗਈ।

ਸਿਰ ਕੇ ਕਟ ਜਾਨੇ ਕਾ ਕਾਤਲ ਗ਼ਮ ਨਹੀਂ।
'ਖ਼ਮ ਨਾ ਆ ਜਾਏ ਤੇਰੀ ਤਲਵਾਰ ਮੇਂ।

ਸੰਤਾਂ ਦੀ ਇਹ ਪਿਆਰ-ਭਰੀ ਵਰਤੋਂ ਹੀ ਬਹੁਤ ਸਾਰੇ ਗੁਨਾਹਗਾਰਾਂ ਨੂੰ ਪਿਛਾਂਹ ਮੋੜਦੀ ਤੇ ਉਹਨਾਂ ਵਿਚ ਪਛਤਾਵੇ ਪੈਦਾ ਕਰਦੀ ਹੈ। ਫ਼ਕੀਰ ਗੁਨਾਹਗਾਰਾਂ ਨੂੰ ਹੌਸਲਾ ਦੇਂਦੇ ਹਨ। ਉਹ ਮਾਇਆ ਦੇ ਬਲ ਦੀ ਅਧਿਕਤਾ ਦਿਖਾ ਉਸ ਤੋਂ ਪਛੜਿਆਂ ਹੋਇਆਂ ਨੂੰ ਡੋਲਣ ਨਹੀਂ ਦੇਂਦੇ, ਸਗੋਂ ਹੌਸਲਾ ਵਧਾ ਫਿਰ ਮੁਕਾਬਲੇ ਲਈ ਤਿਆਰ ਕਰ ਦੇਂਦੇ ਹਨ। ਉਹਨਾਂ ਦਾ ਬਿਰਦ ਪਤਿਤ ਪਾਵਨ ਹੈ। ਇਹੋ ਹੀ ਚੀਜ਼ ਜੱਗ ਨੂੰ ਧੂਣੀ-ਥੰਮ੍ਹਾ ਦੇ, ਗਿਰਾਵਟ ਤੋਂ ਫਿਰ ਉਠਾਂਦੀ ਹੈ। ਭਗਤ ਤਾਂ ਹਰ ਮਨੁੱਖ ਹੋ ਹੀ ਨਹੀਂ ਸਕਦਾ, ਜੋ ਭਗਤ ਵਛਲ 'ਤੇ ਆਸ ਰਖੇ। ਅਵਾਮ ਦਾ ਭਰੋਸਾ ਤਾਂ ਪਤਿਤ ਪਾਵਨ 'ਤੇ ਹੀ ਹੈ:

ਭਗਤ ਵਛਲ ਸੁਣ ਹੋਤ ਨੂੰ ਉਦਾਸ ਰਿਦੇ,
ਪਤਿਤ ਪਾਵਨ ਸੁਣ ਆਸਾ ਉਰਧਾਰ ਹੂੰ।

ਪਛਤਾਵੇ ਦੇ ਮੁਕਾਮ 'ਤੇ ਮਨੁੱਖ ਦੀ ਪੂੰਜੀ ਕੇਵਲ ਅਰਦਾਸ ਹੀ ਹੈ। ਜੋਦੜੀ ਕਰ ਦਰਵਾਜ਼ੇ 'ਤੇ ਢਹਿ ਪੈਣਾ ਤੇ ਆਪਣੀ ਮੰਦੀ ਹਾਲਤ ਦੱਸ ਮਿਹਰ ਮੰਗਣੀ ਹੀ ਇਸ ਦੀ ਰਾਸ ਹੈ। ਆਜਿਜ਼ ਹੋ ਕਹਿਣਾ, “ਹੇ ਪਤੀ ਦੇਵ, ਪ੍ਰਭੂ, ਮੇਰਾ ਨਾ ਰੂਪ ਸੋਹਣਾ ਹੈ, ਨਾ ਨੈਣ ਬਾਂਕੇ ਹਨ, ਨਾ ਹੀ ਮੈਂ ਮਿਠ ਬੋਲੀ ਕੁਲੀਨ ਹਾਂ, ਮੇਰੇ ਕੋਲ ਤਾਂ ਕੋਈ ਭੀ ਗੁਣ ਨਹੀਂ, ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਸਭਿ ਅਵਗਣ ਮੈ ਗੁਣੁ ਨਹੀ ਕੋਈ॥
ਕਿਉ ਕਰਿ ਕੰਤ ਮਿਲਾਵਾ ਹੋਈ॥
ਨਾ ਮੈਂ ਰੂਪ ਨ ਬੰਕੇ ਨੈਣਾ॥ ਨਾ ਕੁਲ ਢੰਗੁ ਨ ਮੀਠੇ ਬੈਣਾ॥
(ਸੂਹੀ ਮ: ੧, ਪੰਨਾ ੭੫੦)

ਪ੍ਰਭੂ ਮੈਂ ਨਿਰਗੁਣਿਆਰ ਕੁਚੱਜੀ ਤੇ ਕੋਝੀ ਹਾਂ। ਬੇੜੀ ਦੇ ਸੰਗ ਲੱਗੇ ਲੋਹੇ, ਚੰਨ ਦੇ ਦਾਗ਼ ਵਾਂਗ ਅਤੇ ਛਾਵੇਂ ਆਏ ਪਰਛਾਵੇਂ ਵਾਂਗ ਮੇਰੇ ਐਬ ਛੁਪਾ ਲਉਂ:

ਨਿਰਗੁਣਿਆਰ ਕੁਚਜੀ ਕੋਝੀ, ਸੁਣੋ ਮੇਰੇ ਬਾਂਕੇ ਸਾਈਂ।
ਜਿਉਂ ਛਾਵੈਂ ਪਰਛਾਵੇਂ ਛਿਪਦੇ, ਤਿਉਂ ਮੇਰੇ ਐਬ ਛੁਪਾਈਂ।
ਕਾਲਾ ਦਾਗ਼ ਜਿਵੇਂ ਵਿਚ ਚੰਨ ਦੇ, ਜਿਉਂ ਬੇੜੀ ਸੰਗ ਲੋਹਾ।
ਨਿਰਗੁਣ ਆਣ ਲਗੀ ਲੜ ਤੇਰੇ, ਲਗੀਆਂ ਤੋੜ ਨਿਭਾਈਂ।

ਮੇਰਾ ਦਿਨ ਰਾਤ ਪਾਪਾਂ ਵਿਚ ਗੁਜ਼ਰ ਰਿਹਾ ਹੈ। ਔਗੁਣਿਆਰੇ ਨੂੰ ਗੁਣ ਤਾਂ ਭੁਲ ਹੀ ਗਏ ਹਨ। ਮਾਇਆ ਦੇ ਮੋਹ ਨੇ ਸਭ ਮਰਯਾਦਾ ਤੇ ਸਮਝ ਸਮਾਪਤ ਕਰ ਦਿੱਤੀ ਹੈ। ਨਿਕੰਮੀ, ਬੇਕਾਰ, ਹੱਥ ਪਸਾਰੀ ਤੇਰੇ ਦਰਵਾਜ਼ੇ 'ਤੇ ਹੀ ਖਲੋਤੀ ਹਾਂ। ਦੀਨ ਬੰਧੂ, ਜੇ ਬਖ਼ਸ਼ੋ, ਤਾਂ ਵੀ ਤੇਰੀ, ਜੇ ਨਾ ਬਖ਼ਸ਼ੋ ਤਾਂ ਵੀ ਤੇਰੀ।”

ਨਿਸ ਬਾਸਰ ਔਗਣ ਕਰਤ ਹੀ ਬਤੀਤ ਜਾਤ,
ਗੁਛ ਤੋਂ ਨਾ ਮੂਲ ਹਿਤ ਚਿਤ ਸਿਉਂ ਬਿਸਾਰੈ ਹੈਂ।
ਬਿਘਨ ਭਰੇ ਹੈਂ, ਬਹੁ ਬਾਧਾ ਮੇਂ ਪਰੇ ਹੈਂ,
ਮਾਇਆ ਮੋਹਣੀ ਕੇ ਸੰਗ ਸਭ ਗਤਿ ਮਿਤ ਹਾਰੇ ਹੈਂ।
ਕਹਿਤ ਰਸ ਰੰਗ ਕਾਹੂੰ ਕਾਮ ਕੇ ਨਾ ਕਾਜ ਕੇ ਹੈਂ,
ਸ਼ਰਨ ਤਿਹਾਰੀ ਪਾਨ ਪਲਵ ਪਸਾਰੇ ਹੈਂ।
ਕਾਰਨ ਕਰਨ ਨਾਥ ਨਾਥ ਹੈ ਤਿਹਾਰੇ ਹਾਥ,
ਤਾਰੋ ਤੋ ਤਿਹਾਰੇ ਹੈਂ ਨਾ ਤਾਰੋ ਤੋ ਤਿਹਾਰੇ ਹੈਂ।

ਬੇਨਤੀਆਂ ਦੀ ਰਾਸ, ਅਰਜੋਈਆਂ ਦੀ ਪੂੰਜੀ, ਅਰਦਾਸਾਂ ਦਾ ਧਨ ਹੀ, ਗੁਨਾਹਗਾਰ ਗ਼ਰੀਬਾਂ ਦੀ ਦੌਲਤ ਹੁੰਦੀ ਹੈ, ਜਿਸ ਤੋਂ ਉਹ ਰਹਿਮਤ ਵਟਾਂਦੇ ਹਨ। ਦੁਆ ਦਾ ਕਾਸਾ ਹੱਥ ਵਿਚ ਫੜ ਕੇ ਦਾਤਾ ਦੇ ਦਰੋਂ ਦਇਆ ਦੀ ਖ਼ੈਰ ਮੰਗੀਦੀ ਹੈ। ਇਹ ਦੁਆਵਾਂ, ਅਰਦਾਸਾਂ ਤੇ ਜੋਦੜੀਆਂ, ਹੰਝੂਆਂ ਦੇ ਪਾਣੀ ਨਾਲ ਭਿਜੀਆਂ ਹੋਈਆਂ ਹੁੰਦੀਆਂ ਹਨ। ਪਛਤਾਵੇ ਸਮੇਂ ਅੱਖਾਂ ਵਿਚ ਆਇਆ ਹੋਇਆ ਪਾਣੀ, ਸਹੀ ਰੂਪ ਦ੍ਰਵਿਆ ਹੋਇਆ ਦਿਲ ਹੁੰਦਾ ਹੈ। ਜਿਉਂ ਜਿਉਂ ਵਹਿੰਦਾ ਹੈ,ਪਾਪ ਦੀ ਮੈਲ ਧੁਪਦੀ ਹੈ। ਓੜਕ ਜੀਵਨ ਨਿਖਰ ਆਉਂਦਾ ਤੇ ਆਸ਼ਾ ਦੀਆਂ ਟਾਹਣੀਆਂ ਨੂੰ ਮੁਰਾਦ ਦੇ ਫਲ ਲੱਗਦੇ ਹਨ। ਭਾਈ ਬਿਧੀ ਚੰਦ ਵਰਗਾ ਚੋਰ ਛੀਨਾ, ਇਸ ਚੀਜ਼ ਨੇ ਹੀ ਗੁਰੂ ਦਾ ਸੀਨਾ ਬਣਾਇਆ ਸੀ। ਮੇਹਰੂ ’ਤੇ ਮੇਹਰਾਂ ਏਸੇ ਗੱਲ ਨੇ ਕਰਵਾਈਆਂ ਸਨ। ਤੋਬਾ ਦੇ ਦਰਵਾਜ਼ੇ ਹੀ ਗੁਨਾਹੀਂ-ਬਖ਼ਸ਼ਸ਼ਾਂ ਦੇ ਬਹਿਸ਼ਤ ਵਿਚ ਦਾਖ਼ਲ ਹੁੰਦੇ ਹਨ।

ਕਰਮ ਫ਼ਲਸਫ਼ੇ ਦਾ ਕੱਟੜ ਮੁਦੱਈ ਤਰਕ ਕਰਦਿਆਂ ਕਹਿੰਦਾ ਹੈ ਕਿ ਪਛਤਾਵੇ ਨਾਲ ਜੇ ਗੁਨਾਹ ਬਖ਼ਸ਼ੇ ਜਾਣੇ ਮੰਨ ਲਈਏ ਤਾਂ ਕਾਰਨ ਕਾਰਜਵਾਦ ਝੂਠਾ ਹੋ ਜਾਂਦਾ ਹੈ। ਜੋ ਕਰਮ ਕੀਤੇ ਜਾ ਚੁੱਕੇ ਹਨ ਉਹ ਫਲ ਕਿਸ ਤਰ੍ਹਾਂ ਨਾ ਦੇਣ। ਜੇ ਫਲ ਹਰ ਸੂਰਤ ਵਿਚ ਮਿਲਣਾ ਹੀ ਹੈ ਤਾਂ ਫਿਰ ਪਛਤਾਵੇ ਦੀ ਕੀ ਪੁੱਛ, ਤੌਬਾ ਦਾ ਕੀ ਫਲ। ਅਸਲ ਗੱਲ ਤਾਂ ਇਹ ਹੈ ਕਿ ਦੁਨੀਆ ਵਿਚ ਕੋਈ ਬਾਪ ਭੀ ਅਜਿਹਾ ਨਿਰਦਈ ਨਹੀਂ, ਜੋ ਭੁੱਲੇ ਹੋਏ ਪੁੱਤ ਦੀ ਗ਼ਲਤੀ 'ਤੇ ਪਛਤਾ ਅਤੇ ਰੋ ਰਹੇ ਨੂੰ ਤੱਕ ਦ੍ਰਵ ਨਾ ਜਾਵੇ, ਪਰ ਜੇ ਦਿਲਾਂ ਦੀ ਦੁਨੀਆ ਤੋਂ ਬਾਹਰ ਖਲੋਤੇ ਜਜ਼ਬਿਆਂ ਤੋਂ ਇਨਕਾਰੀ, ਬੁਧੀ ਮੰਡਲ ਦੀ ਖ਼ੁਸ਼ਕ ਗੱਲ ਨੂੰ ਹੀ ਲੈ ਲਈਏ, ਤਾਂ ਵੀ ਕੋਈ ਔਕੜ ਨਹੀਂ ਆਉਂਦੀ। ਕਿਸਾਨ ਜਿਤਨੇ ਬੀਜ ਪੈਲੀ ਵਿਚ ਖਿਲਾਰਦਾ ਹੈ, ਕਦੀ ਸਾਰੇ ਨਹੀਂ ਉੱਗੇ। ਜੇ ਪੋਰ ਕੇ ਸੁਹਾਗੀ ਹੋਈ ਪੈਲੀ 'ਤੇ ਕਣੀਆਂ ਪੈ ਕਰੰਡ ਬਝ ਜਾਵੇ ਤਾਂ ਕੋਈ ਦਾਣਾ ਹੀ ਉੱਗਦਾ ਹੈ। ਕਾਰਨ ਸਾਫ਼ ਤੇ ਸਪੱਸ਼ਟ ਹੈ। ਭਾਵੇਂ ਦਾਣਿਆਂ ਵਿਚ ਉੱਗਣ ਸ਼ਕਤੀ ਸੀ ਪਰ ਕਰੰਡੀ ਹੋਈ ਧਰਤੀ ਦੀ ਕਰੜੀ ਤਹਿ ਨੂੰ ਪਾੜ, ਉਤਾਂਹ ਨਿਕਲਣ ਦਾ ਬਲ ਅੰਕੁਰ ਵਿਚ ਨਹੀਂ ਸੀ ਜਿਸ ਕਰਕੇ ਦਾਣੇ ਫਲ ਨਾ ਸਕੇ। ਏਸੇ ਤਰ੍ਹਾਂ ਹੀ ਅਕਸਰ ਦੁਨੀਆ ਵਿਚ ਜਦ ਮਨਾਂ ਦੀਆਂ ਪੈਲੀਆਂ, ਪਛਤਾਵੇ ਦੇ ਅੱਥਰੂਆਂ ਦੀਆਂ ਕਣੀਆਂ ਪੈ ਕਰੰਡ ਜਾਂਦੀਆਂ ਹਨ ਤਾਂ ਕਰਮਾਂ ਦੇ ਬੀਜ ਉੱਗ ਨਹੀਂ ਸਕਦੇ। ਵੈਸੇ ਵੀ ਤਾਂ ਕਰਮ ਦਾ ਮੁਦੱਈ ਮੰਨਦਾ ਹੈ ਕਿ ਕਰਮ ਖ਼ੁਦ ਫਲ ਨਹੀਂ ਦੇਂਦੇ, ਉਹਨਾਂ ਦਾ ਸੰਸਕਾਰ ਫਲਦਾ ਹੈ। ਆਵਾਗਵਨ ਇਸ ਤਰ੍ਹਾਂ ਚਲਦੀ ਹੈ ਕਿ ਮਨੁੱਖ ਦਾ ਕੀਤਾ ਹੋਇਆ ਕਰਮ ਆਪਣੇ ਪਿਛੇ ਇਕ ਸੰਸਕਾਰ ਛੱਡ ਜਾਂਦਾ ਹੈ, ਉਹ ਸੰਸਕਾਰ ਮਨੁੱਖ-ਮਨ 'ਤੇ ਕਬਜ਼ਾ ਕਰ ਉਸਦੀ ਰੁਚੀ ਨੂੰ ਬਾਰ ਬਾਰ ਉਸੇ ਕੰਮ ਵੱਲ ਪ੍ਰੇਰਦਾ ਹੈ। ਇਹ ਰੁਚੀ, ਹਰ ਨਵੀਂ ਵੇਰ ਕੀਤੇ ਕਰਮ ਦੇ ਸੰਸਕਾਰ ਨਾਲ ਵਧਦੀ ਚਲੀ ਜਾਂਦੀ ਹੈ ਤੇ ਓੜਕ ਉਸ ਨੂੰ ਉਸ ਦੇ ਮੁਤਾਬਕ ਨਵਾਂ ਜਨਮ ਧਾਰਨ 'ਤੇ ਮਜਬੂਰ ਕਰਦੀ ਹੈ। ਏਸੇ ਕਰਕੇ ਮਨੁੱਖ ਭਾਵੇਂ ਜੀਵਨ ਵਿਚ ਕਈ ਕਿਸਮ ਦੇ ਕਰਮ ਕਰਦਾ ਹੈ, ਪਰ ਜਨਮ ਓਹੀ ਮਿਲਦਾ ਹੈ ਜਿਸ ਕਰਮ ਦੇ ਸੰਸਕਾਰ ਮਨੁੱਖ 'ਤੇ ਪ੍ਰਬਲ ਹੋਣ। ਇਕ ਕਾਮੀ ਕਿਸੇ ਹੱਦ ਤਕ ਲੋਭੀ ਭੀ ਹੁੰਦਾ ਹੈ। ਲੋਭੀ ਕੁਝ ਕ੍ਰੋਧੀ ਭੀ ਤੇ ਕ੍ਰੋਧੀ ਵਿਚ ਭੀ ਕੁਝ ਨਾ ਕੁਝ ਮੋਹ ਦੀ ਅੰਸ਼ ਰਹਿੰਦੀ ਹੈ। ਪਰ ਪੁਨਰ ਜਨਮ ਕਿਸੇ ਨਾ ਕਿਸੇ ਇਕ ਵਿਕਾਰ ਦੇ ਆਸਰੇ ਮਿਲਦਾ ਮੰਨਿਆ ਗਿਆ ਹੈ। ਕਿਉਂ ਜੋ ਉਸ ਵਿਕਾਰ ਦੇ ਸੰਸਕਾਰ ਪ੍ਰਬਲ ਹੁੰਦੇ ਹਨ। ਦਿਨ ਭਰ ਮਨੁੱਖ ਕਈ ਤਰ੍ਹਾਂ ਦੇ ਕੰਮ ਕਰਦਾ, ਕਈ ਪਾਸੇ ਰੁਚੀਆਂ ਦੇਂਦਾ ਤੇ ਕਈ ਬਿਰਛ ਦੇਖਦਾ ਹੈ ਪਰ ਸੁਪਨਾ ਉਸ ਬਿਰਛ ਜਾਂ ਰੁਚੀ ਦਾ ਹੀ ਬਣਦਾ ਹੈ, ਜਿਸ ਦਾ ਸੰਸਕਾਰ ਵਿਸ਼ੇਸ਼ ਤੌਰ 'ਤੇ ਮਨ 'ਤੇ ਪਿਆ ਹੋਵੇ। ਪਰ ਜੇ ਘੂਕ ਨੀਂਦ ਆ ਜਾਵੇ ਤਾਂ ਸੁਪਨਾ ਕੋਈ ਭੀ ਨਹੀਂ ਆਉਂਦਾ। ਏਸੇ ਤਰ੍ਹਾਂ ਹੀ ਪਾਪ ਤੋਂ ਪਛਤਾਈ ਹੋਈ ਮਨੋ-ਬਿਰਤੀ ਪ੍ਰਾਰਥਨਾ ਦੀ ਮਸਤੀ ਵਿਚ ਬੇਸੁਰਤ ਹੋ ਕਰਮ-ਸੰਸਕਾਰਾਂ ਦੇ ਸੁਪਨੇ ਨਹੀਂ ਦੇਖਦੀ। ਪ੍ਰਭੂ-ਪਿਆਰ ਵਿਚ ਲੀਨ ਹੋਈਆਂ ਹੋਈਆਂ ਅਵਸਥਾਵਾਂ, ਕਰਮ-ਸੰਸਕਾਰਾਂ ਤੋਂ ਖਹਿੜਾ ਛੁਡਾ ਜਾਂਦੀਆਂ ਹਨ। ਸ੍ਰੀ ਸਧਨਾ ਭਗਤ ਜੀ ਨੇ ਕਿਆ ਸੋਹਣਾ ਕਿਹਾ ਹੈ ਕਿ ਹੇ ਜਗਤ ਗੁਰਾ, ਤੇਰੀ ਕੀ ਵਡਿਆਈ ਹੋਈ ਜੋ ਕਰਮ ਮੇਰਾ ਪਿੱਛਾ ਹੀ ਨਾ ਛੱਡਣ। ਸ਼ਰਨ ਪਿਆਂ ਤਾਂ ਸ਼ੇਰ ਵੀ ਗਿੱਦੜ ਨੂੰ ਨਹੀਂ ਖਾਂਦੇ:

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
(ਬਿਲਾਵਲੁ ਸਧਨਾ, ਪੰਨਾ ੮੫੮)

ਇਸ ਅਵਸਥਾ 'ਤੇ ਪੁਜਿਆਂ ਦੀਆਂ ਕਰਮਾਂ ਦੀਆਂ ਚੀਰੀਆਂ ਹੀ ਫਟ ਜਾਂਦੀਆਂ ਹਨ। ਗੁਨਾਹਾਂ ਦੇ ਦਫ਼ਤਰ ਹੀ ਗੁੰਮ ਹੋ ਜਾਂਦੇ ਹਨ:

ਸੰਤਨ ਮੋਕਉ ਪੂੰਜੀ ਸਉਪੀ ਤਉਂ ਉਤਰਿਆ ਮਨ ਕਾ ਧੋਖਾ॥
ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥
(ਸੋਰਠਿ ਮ: ੫, ਪੰਨਾ ੬੧੪)

ਪ੍ਰਭੂ ਨੂੰ ਭੁੱਲ ਜਾਣਾ ਭੀ ਬਦਕਿਸਮਤੀ ਹੈ, ਪਰ ਇਹ ਭੁੱਲਣਾ ਕਿ ਮੈਂ ਉਸ ਨੂੰ ਭੁੱਲ ਗਿਆ ਹਾਂ, ਅਤਿ ਦਰਜੇ ਦੀ ਮੰਦਭਾਗਤਾ ਹੈ। ਨਾ ਜਾਣਨਾ ਭੀ ਬੁਰਾ ਹੈ, ਪਰ ਇਹ ਨਾ ਜਾਣਨਾ ਕਿ ਮੈਂ ਨਾਵਾਕਫ਼ ਹਾਂ, ਬਹੁਤ ਹੀ ਮੰਦਾ ਹੈ:

ਨਾ ਜਾਣੇ, ਪਰ ਇਹ ਨਾ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਅਹਿਮਕ ਹੈ, ਉਸ ਦਾ ਛਡ ਖਹਿੜਾ ਕਹਿੰਦੇ ਸੁਘੜ ਸਿਆਣੇ।

ਨਾ ਜਾਣਨਾ, ਪਰ ਇਹ ਸਮਝਣਾ ਕਿ ਮੈਂ ਨਹੀਂ ਜਾਣਦਾ, ਭਲਿਆਈ ਦਾ ਰਸਤਾ ਹੈ, ਅਜਿਹੇ ਲੋਕ ਹੀ ਪਛਤਾਵਾ ਕਰਦੇ ਹਨ ਤੇ ਉਹਨਾਂ 'ਤੇ ਮਿਹਰਾਂ ਹੁੰਦੀਆਂ ਹਨ:

ਨਾ ਜਾਣੇ, ਪਰ ਇਹ ਜਾਣੇ, ਕਿ ਉਹ ਕੁਝ ਵੀ ਨਾ ਜਾਣੇ।
ਸਾਦਾ ਹੈ ਉਸ ਨੂੰ ਸਿਖਲਾ ਦੇ ਜੋ ਚੰਗੀ ਮਨ ਭਾਣੇ।

"ਭੁਲੀ ਪਈ ਨੂੰ ਬੇਸ਼ਕ ਭੁੱਲਿਆਂ ਰਹਿਣ ਦੇ, ਪਰ ਜੁਦਾਈ ਦੀ ਕਸਕ ਸੀਨੇ ਵਿਚ ਪੈਂਦੀ ਰਵ੍ਹੇ। ਜੇ ਨਹੀਂ ਮਿਲਣਾ ਤਾਂ ਨਾ ਮਿਲੋ, ਪਰ ਦਿਲ-ਵਿਹੜੇ ਤੁਹਾਡੇ ਪੈਰ ਨਹੀਂ ਪਏ, ਇਹ ਤਾਂ ਪ੍ਰਤੀਤ ਹੋਣ ਦਿਉ।” ਮਹਾਂ ਕਵੀ ਟੈਗੋਰ ਦਾ ਕੌਲ ਹੈ।

ਜੇ ਤੈਨੂੰ ਹਾਂ ਭੁਲੀ ਪ੍ਰੀਤਮ, ਭੁਲੀ ਪਈ ਹੀ ਰਹਿਣ ਦੇ।
ਪਰ ਬਿਰਹੋਂ ਦੀ ਪੀੜਾ ਸੰਦੀ, ਦਿਲ ਵਿਚ ਕਰਕ ਪੈਣ ਦੇ।
ਜੇ ਮੈਨੂੰ ਨਾ ਮਿਲਣਾ ਲੋੜੋ, ਖੁਸ਼ੀ ਰਹੋ ਨਾ ਮਿਲਿਓ।
ਮਨ ਮੰਦਰ ਪਰ ਪੈਰ ਨਹੀਂ ਪਾਏ, ਦਿਲ ਇਸ ਵਹਿਣ ਵਹਿਣ ਦੇ।

ਰਾਤ ਪਹਿਰ ਤੋਂ ਜ਼ਿਆਦਾ ਢਲ ਚੁੱਕੀ ਸੀ। ਰਾਜ-ਮਹੱਲ ਵਿਚ ਮਹਿਫ਼ਲਾਂ ਮੁਕ ਗਈਆਂ। ਮਹਾਰਾਜ ਸੇਜਾ 'ਤੇ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਇਕ ਦਾਸੀ ਨੇ ਚਰਨਾਂ ਵਿਚ ਹਾਜ਼ਰ ਹੋ ਕਿਹਾ, "ਮੈਨੂੰ ਕੋਈ ਸੇਵਾ।” “ਹੈਂ! ਇਸ ਕੁਵੇਲੇ ਸੇਵਾ ਦੀ ਮੰਗ, ਰਾਤ ਪਹਿਰੋਂ ਢਲ ਚੁਕੀ ਹੈ, ਕੰਮ ਬੰਦ ਹੋ ਚੁੱਕੇ ਹਨ। ਸਭ ਦਾਸ ਦਾਸੀਆਂ ਸੌਣ ਲੱਗੇ ਹਨ, ਅਜਿਹੀ ਚਿਰਕੀ ਕਿਉਂ ਆਈ?” ਰਾਜੇ ਨੇ ਕਿਹਾ। “ਮਾਲਕ, ਆਪਣੀ ਮਰਜ਼ੀ ਨਾਲ, ਇਹ ਜਾਣ ਕੇ ਕਿ ਉਹ ਆਖ਼ਰੀ ਸੇਵਾ ਮੇਰੇ ਹਿੱਸੇ ਆਵੇ, ਜਿਸ ਦੇ ਕਰਨ ਦਾ ਕਿਸੇ ਨੂੰ ਖ਼ਿਆਲ ਨਹੀਂ ਆਇਆ। ਉਹ ਕੋਈ ਮੇਰੇ ਜਿਹੀ ਨਿਮਾਣੀ ਤੇ ਆਜਿਜ਼ ਖ਼ਿਦਮਤਗਾਰ ਦੇ ਲਈ ਹੀ, ਸਿਆਣੀਆਂ ਦੀ ਨਿਗਾਹ ਤੋਂ ਉਹਲੇ ਰਹਿ ਬਚੀ ਹੋਵੇ," ਦਾਸੀ ਨੇ ਬੇਨਤੀ ਕੀਤੀ।

ਮਾਲਕ ਦੇ ਦਰ ਤੇ ਮੈਂ ਪੁਜੀ ਪਹਿਰ ਰਾਤ ਸੀ ਬੀਤੀ।
ਸੈਨ ਸਮੇਂ ਸੇਜਾ ਜਾਵਣ ਦੀ, ਉਨ ਸੀ ਤਿਆਰੀ ਕੀਤੀ।
ਕਿਉਂ ਆਈ? ਕੋਈ ਸੇਵ ਨਿਮਾਣੀ ਜਿਸਦੀ ਆਗਿਆ ਹੋਵੇ।
ਅਤਿ ਨੀਵੀਂ ਕਿਸੇ ਗਣਿਤ ਨਾ ਆਈ ਸੋ ਮੈਂ ਕਰਾਂ ਚੁਪੀਤੀ।

ਰਾਜੇ ਦੀਆਂ ਖ਼ੁਸ਼ੀਆਂ ਹੋਈਆਂ ਤੇ ਉਹ ਉਸ ਘੜੀ ਤੋਂ ਸਭ ਦਾਸੀਆਂ ਦੀ ਸਰਦਾਰ ਹੋਈ। ਨਿਮਾਣੇ ਹੋ ਦਰ 'ਤੇ ਢਹਿਣਾ, ਮਿਲਾਪ ਦਾ ਪਾਤਰ ਬਣਾਂਦਾ ਹੈ। ਜਿਨ੍ਹਾਂ ਆਖ਼ਰੀ ਵਕਤ ਨੂੰ ਸੰਭਾਲ ਲਿਆ ਤੇ ਤੌਬਾ ਕਰ ਗਏ, ਉਹ ਸਫਲ ਹੋਏ:

ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ॥
(ਸੂਹੀ ਮਹਲਾ ੫, ਪੰਨਾ ੭੬੧)

ਭਾਦਰੋਂ ਦਾ ਮਹੀਨਾ ਸੀ, ਦਰਿਆ ਕਾਂਗ ਆਈ ਤੇ ਕੱਪਰ ਪੈ ਰਹੇ ਸਨ, ਮਲਾਹ ਨੇ ਮਾਲ ਦੀ ਭਰੀ ਹੋਈ ਬੇੜੀ, ਵਿਚ ਠੇਲ੍ਹ ਦਿਤੀ। ਪਾਣੀ ਦਾ ਜ਼ੋਰ ਪਿਆ, ਵੰਝ ਦੀ ਕੋਈ ਪੇਸ਼ ਨਾ ਗਈ। ਚੱਪੂ ਚੁਪ ਹੋ ਗਏ, ਕੱਪਰਾਂ ਨੇ ਕਿਸ਼ਤੀ ਉਲਟਾ ਦਿੱਤੀ।

ਬੇੜੀ ਡੋਬ ਮੁਹਾਣਾ ਤਰ ਕੇ ਪਾਰ ਜਾ ਲੱਗਾ। ਪਰ ਜਾਂਦੇ ਜਾਂਦੇ ਦੇ ਹੱਥੀਂ ਇਕ ਆਟੇ ਦੀ ਭਰੀ ਹੋਈ ਖਲੜੀ ਲੱਗ ਗਈ, ਜਿਸ ਨੂੰ ਨਾਲ ਖਿੱਚ ਕੰਢੇ ਤੇ ਲੈ ਅਪੜਿਆ, ਜਿਹੜਾ ਕਿਸ਼ਤੀ ਡੁੱਬੀ ਦੀ ਗੱਲ ਸੁਣੇ, ਅਫ਼ਸੋਸ ਕਰੇ, ਪਰ ਰੋਟੀ ਪੱਕਦੀ ਤਕ ਆਟੇ ਦੀ ਭਰੀ ਹੋਈ ਖਲੜੀ ਦੇ ਬਚ ਜਾਣ ਦੀ ਵਧਾਈ ਵੀ ਮਲਾਹ ਨੂੰ ਦੇਵੇ।

ਜੇਠ ਹਾੜ ਦੀਆਂ ਗਰਮੀਆਂ, ਕੋਠਿਆਂ 'ਤੇ ਮੰਜੀਆਂ, ਅੱਧੀ ਰਾਤ ਮਗਰੋਂ ਕਿਤੇ ਦੂਰ ਕਣੀਆਂ ਪੈਣ ਕਰਕੇ ਠੰਢੀ ਹਵਾ ਦੇ ਬੁਲ੍ਹੇ ਆਏ। ਸਾਧ ਸੌਂ ਗਏ ਤੇ ਚੋਰ ਜਾਗ ਉਠੇ। ਕਿਤੇ ਸੰਨ੍ਹ ਲੱਗੀ ਤੇ ਕਿਸੇ ਕਿਸਾਨ ਦੇ ਸਾਰੇ ਪਸ਼ੂ ਨਿਕਲ ਗਏ, ਪਰ ਪਿਛੇ ਰਹਿ ਗਈ ਕੱਟੀ ਦੇ ਪਿਆਰ ਵਿਚ ਅੜਿੰਗਦੀ ਹੋਈ ਇਕ ਮੱਝ, ਜਾਗ ਕੇ ਮਾਲਕਾਂ ਛੁਡਾ ਲਈ। ਲੋਕੀ ਭਾਵੇਂ ਗਏ ਤਾਂ ਮਾਲ ਦਾ ਅਫ਼ਸੋਸ ਕਰਨ, ਪਰ ਬਚ ਰਹੀ ਮੱਝ ਨੂੰ ਵੀ ਗ਼ਨੀਮਤ ਜਾਣ ਰੱਬ ਦਾ ਸ਼ੁਕਰ ਕਰਨ।

ਦੀਵਾਲੀ 'ਤੇ ਆਈ ਹੋਈ ਆਤਿਸ਼ਬਾਜ਼ੀ ਚਲਾਉਂਦਿਆਂ ਹੋਇਆਂ, ਕਿਸੇ ਪਹਾੜੀਏ ਦੇ ਮਾਸੂਮ ਬੱਚੇ ਨੇ ਹਵਾਈ ਉਤਾਂਹ ਨੂੰ ਸੁੱਟੀ, ਉਹ ਛੱਪਰ ਵਿਚ ਜਾ ਵੱਜੀ। ਫੂਸ ਨੂੰ ਅੱਗ ਲੱਗ ਗਈ, ਲੋਕਾਂ ਦੇ ਪਾਣੀ ਲੈ ਪਹੁੰਚਣ ਤੋਂ ਪਹਿਲਾਂ, ਹਵਾ ਦੀ ਭੜਕਾਈ ਹੋਈ ਅੱਗ ਨੇ ਲੱਕੜ ਦਾ ਸਾਰਾ ਘਰ ਫੂਕ ਸੁਟਿਆ, ਪਰ ਸੁਆਣੀਆਂ ਦੇ ਇੰਨੇ ਨੂੰ ਕੁਝ ਭਾਂਡੇ-ਟੀਂਡੇ ਤੇ ਲੀੜੇ ਬਚ ਗਏ। ਏਸੇ ਤਰ੍ਹਾਂ ਹੀ ਗੁਨਾਹ ਵਿਚ ਬੀਤ ਚੁਕੀ ਉਮਰ ਦੇ ਆਖ਼ਰੀ ਸੁਆਸਾਂ ਨੂੰ ਪ੍ਰਭੂ ਦੀ ਚਰਨ-ਸ਼ਰਨ ਵਿਚ ਸਫਲ ਕਰ ਲੈਣ ਦੀ ਤਾਕੀਦ ਭਾਈ ਗੁਰਦਾਸ ਜੀ ਵੀ ਕਰਦੇ ਹਨ:

ਜੈਸੇ ਨਾਉ ਡੁਬਤ ਸੇ ਜੋਈ ਬਚੈ ਸੋਈ ਭਲੋ,
ਡੂਬ ਜਾਏ ਪਾਛੇ ਪਛਤਾਵਾ ਰਹਿ ਜਾਤ ਹੈ।
ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ,
ਜਲ ਬੁਝੇ ਪਾਛੇ ਕਛੂ ਬਸ ਨਾ ਬਸਾਤ ਹੈ।
ਜੈਸੇ ਘਰ ਲਾਗੇ ਚੋਰ ਜੋਈ ਬਚੇ ਸੋਈ ਭਲੋ,
ਸੋਇ ਗਿਓ ਰੀਤੋ ਘਰ ਦੇਖੇ ਉਠ ਪਰਾਤ ਹੈ।
ਤੈਸੇ ਅੰਤ ਕਾਲ ਗੁਰੂ ਚਰਨ ਸ਼ਰਨ ਆਵੇ,
ਪਾਵੇ ਮੋਖ ਪਦਵੀ ਨਤਰ ਬਿਲਲਾਤ ਹੈ।

(ਭਾਈ ਗੁਰਦਾਸ ਕਬਿਤ, ਸਵ: ੬੯)

ਇਸ ਪਛਤਾਵੇ ਜਾਂ ਤੌਬਾ ਦੇ ਸੰਬੰਧ ਵਿਚ ਇਹ ਗੱਲ ਨਿਸਚੇ ਕਰ ਲੈਣੀ ਚਾਹੀਦੀ ਹੈ ਕਿ ਪਛਤਾਵਾ ਸੱਚਾ ਹੋਵੇ, ਕਿਸੇ ਤਕਲੀਫ਼ ਤੋਂ ਤੰਗ ਆ ਵਕਤ ਟਪਾਣ ਹਿਤ ਪਾਖੰਡ ਨਾ ਬਣਾਇਆ ਹੋਵੇ। ਤੌਬਾ ਸਿਦਕ ਦਿਲੋਂ ਹੋਵੇ, ਬਾਰ ਬਾਰ ਨਾ ਟੁਟੇ:

ਲਾਖੋਂ ਦਫ਼ੇ ਤੌਬਾ ਕੀ, ਪਰ ਨਾ ਨਿਬਾਹੀ ਤੌਬਾ,
ਮੈਂ ਵਹੁ ਹੂੰ ਤੌਬਾ ਸ਼ਿਕਨ ਕਿ ਇਲਾਹੀ ਤੌਬਾ।

ਬਦਲੀ ਵੇਖ ਕੇ ਬਦਲਣ ਵਾਲੀ ਨੀਅਤ ਨਾ ਹੋਵੇ:

ਯੂੰ ਤੋ ਬਰਸੋਂ ਨਾ ਪੀਊਂ, ਔਰ ਨਾ ਪਿਲਾਊਂ ਸਾਕੀ।
ਬਦਲੀ ਆਤੇ ਹੀ, ਬਦਲ ਜਾਤੀ ਹੈ ਨੀਅਤ ਮੇਰੀ।

ਮਨ ਵਿਚ ਕਪਟ ਰਖ ਅੱਖਾਂ ਤੋਂ ਵਗਾਏ ਹੋਏ ਹੰਝੂ ਮਨੁੱਖ ਨੂੰ ਤਾਂ ਭਰਮਾ ਸਕਦੇ ਪਰ ਮਾਲਕ ਅਗੇ ਕੁਝ ਪੇਸ਼ ਨਹੀਂ ਜਾਂਦੀ:

ਜਿਨਾ ਅੰਤਰਿ ਕਪਟਿ ਵਿਕਾਰ ਹੈ, ਤਿਨਾ ਰੋਇ ਕਿਆ ਕੀਜੈ॥
ਹਰਿ ਕਰਤਾ ਸਭੁ ਕਿਛੁ ਜਾਣਦਾ, ਸਿਰਿ ਰੋਗ ਹਥੁ ਦੀਜੈ॥
(ਆਸਾ ਮ: ੪, ਪੰਨਾ ੪੫੦)

ਉਹ ਦਿਲਾਂ ਦਾ ਮਹਿਰਮ ਹੈ:

ਜੀਆਂ ਕਾ ਮਾਲਕੁ ਕਰੇ ਹਾਕੁ॥

ਇਹ ਪਛਤਾਵੇ ਦਾ ਸਾਧਨ, ਸਦਾ ਵਿਅਕਤੀਗਤ ਕਲਿਆਣ ਦਾ ਹੀ ਕਾਰਨ ਨਹੀਂ ਬਣਦਾ, ਕਈ ਵੇਰ ਦੇਸ਼ਾਂ, ਕੌਮਾਂ ਤੇ ਜਥਿਆਂ ਦੀਆਂ ਤਕਦੀਰਾਂ ਵੀ ਬਦਲ ਦੇਂਦਾ ਹੈ। ਜਦੋਂ ਕੋਈ ਦੇਸ਼, ਕੌਮ ਜਾਂ ਜਥਾ, ਇਕ ਵਿਅਕਤੀ ਦਾ ਰੂਪ ਲੈ ਲੈਂਦਾ ਹੈ ਤਾਂ ਉਹ ਆਪਣੀਆਂ ਕਮਜ਼ੋਰੀਆਂ ਨੂੰ ਅਨੁਭਵ ਕਰ, ਪਿਛਲੀ ਨੂੰ ਪਛਤਾ, ਪ੍ਰਾਸ਼ਚਿਤ ਕਰ, ਆਪਣੀ ਵਿਗੜੀ ਬਣਾ ਲੈਂਦਾ ਹੈ।

ਸਿੱਖ ਇਤਿਹਾਸ ਵਿਚ ਇਸ ਦਾ ਕਿਆ ਸੁੰਦਰ ਪ੍ਰਮਾਣ ਆਇਆ ਹੈ: ਜਦ ਅਨੰਦਪੁਰ ਦੇ ਕਿਲ੍ਹੇ ਵਿਚ ਧਰਮੀਆਂ ਦਾ ਛੋਟਾ ਜਿਹਾ ਜਥਾ ਦੁਸ਼ਮਣ ਦੇ ਟਿੱਡੀ-ਦਲ ਨੇ ਘੇਰ ਲਿਆ, ਤਾਂ ਮੁਹਾਸਰੇ ਦੇ ਲੰਬੇ ਹੋ ਜਾਣ ਤੇ ਰਸਦ ਮੁੱਕ ਜਾਣ ਨੇ, ਫਾਕਿਆਂ ਦੀ ਨੌਬਤ ਪਹੁੰਚਾ ਦਿਤੀ। ਸਿਦਕੀ ਸਿੰਘਾਂ ਨੇ ਦਰਖ਼ਤਾਂ ਦੀਆਂ ਛਿੱਲਾਂ ਉਬਾਲ ਉਬਾਲ ਖਾ ਲਈਆਂ। ਕੁਝ ਭੁੱਖ ਕੋਲੋਂ ਘਬਰਾ, ਵਫ਼ਾ ਤੋਂ ਮੁੱਖ ਮੋੜ ਗਏ। ਮਨ ਫ਼ਨਾਹ ਕਰ, ਤਨ ਨੂੰ ਬਚਾ ਗਏ। ਪਿਆਰ ਦੀ ਪਿਰਹੜੀ ਪਾਉਣ ਵਾਲੇ ਪੀਰ ਨੇ ਦੋ ਅੱਖਰ ਲਿਖਵਾ ਲਏ: ‘ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ'। ਚਿੱਟੇ 'ਤੇ ਕਾਲਾ ਪਾ ਘਰੀਂ ਤਰ ਗਏ । ਭੁੱਖ ਦੇ ਸਤਾਇਆਂ ਹੋਇਆਂ ਨੇ ਰੱਜ ਰੱਜ ਰੋਟੀਆਂ ਖਾਧੀਆਂ, ਤੁੰਨ ਤੁੰਨ ਪੇਟ ਭਰੇ, ਤਨ ਤਾਂ ਤਕੜੇ ਹੋ ਗਏ, ਪਰ ਮਨਾਂ ਦੀ ਮਾੜਤਣ ਮਾਰੀ ਜਾਏ। ਅੰਦਰ ਘਾਟੇ ਵਾਪਰਨ, ਚਿਤ ਚਿੰਤਾਤੁਰ ਰਹਿਣ। ਅੰਦਰਲੀ ਉਦਾਸੀ ਦਾ ਪਰਛਾਵਾਂ ਪੈ ਪੈ ਜਗਤ ਉਜੜਿਆ ਦਿਸਿਆ। ਓੜਕ ਅੱਕ ਗਏ ਬੇਸੁਆਦੇ ਜੀਵਨ ਤੋਂ। ਅੰਦਰ ਝਾਤ ਪਾਉਣ ਤਾਂ ਦਿਲਾਂ ਦੀ ਤਖ਼ਤੀ 'ਤੇ ਬੇਵਫ਼ਾਈ ਦੇ ਸ਼ਬਦ ਲਿਖੇ ਹੋਏ ਦਿਸ ਆਉਣ। ਪਛਤਾਏ ਤੇ ਉੱਠ ਤੁਰੇ ਪ੍ਰੀਤਮ ਵੱਲ, ਕੁਵੱਲਿਆਂ ਲੇਖਾਂ ਨੂੰ ਮੇਟਣ, ਤਕਦੀਰ ਦੀ ਪੱਟੀ ਤੋਂ ਕੁਹਜੀ ਲਿਖਤ ਧੋਣ, ਪਰ ਪਾਣੀ ਨਾਲ ਨਹੀਂ, ਲਹੂ ਨਾਲ। ਪੱਕੀਆਂ ਸਿਆਹੀਆਂ ਪਾਣੀ ਨਾਲ ਨਹੀਂ ਧੁਪਦੀਆਂ। ਜਾ ਲੱਭਾ ਮਾਹੀ ਨੂੰ ਮਾਲਵੇ ਦੇ ਮਾਰੂਥਲਾਂ ਵਿਚ। ਉਹੋ ਹੀ ਦੁਸ਼ਮਣ ਮੌਜੂਦ ਸੀ, ਜਿਸ ਨੇ ਭੁਖਿਆਂ ਰੱਖ ਸੱਜਣਾਂ ਤੋਂ ਤੋੜਿਆ ਸੀ। ਰੋਹ ਖਾ ਕੇ ਦੂਤੀ ਦਲ ਨੂੰ ਟੁੱਟ ਪਏ। ਜਿੰਦਾਂ ਕੁਲ ਚਾਲੀ, ਟਾਕਰਾ ਹਜ਼ਾਰਾਂ ਨਾਲ। ਭਾਵੇਂ ਕਾਇਰ ਦਲ ਤਾਂ ਭਜਾ ਦਿੱਤਾ ਪਰ ਆਪ ਭੀ ਮੁੱਕ ਗਈਆਂ। ਸਨਮੁਖ ਹੋ ਜੂਝਿਆਂ ਦੀਆਂ ਲੋਥਾਂ ਮੈਦਾਨ ਵਿਚ ਪਈਆਂ ਸਨ ਤੇ ਕ੍ਰਿਪਾਲ ਪਿਤਾ ਇਕ ਇਕ ਪੁੱਤਰ ਦਾ ਸਿਰ ਆਪਣੇ ਪੱਟਾਂ 'ਤੇ ਧਰ, ਚਿਹਰਾ ਪੂੰਝ ਤੇ ਮੱਥਾ ਚੁੰਮ, ਕਿਸੇ ਸੁਆਦ ਰਸ ਵਿਚ, ਪੰਜ ਹਜ਼ਾਰੀ, ਸੱਤ ਹਜ਼ਾਰੀ ਤੇ ਦਸ ਹਜ਼ਾਰੀ ਦਾ ਵਰ ਦੇ ਰਹੇ ਸਨ। ਆਖ਼ਰ ਇਕ ਦੀ ਨਬਜ਼ ਵਿਚ ਕੁਝ ਹਰਕਤ ਜਾਪੀ, ਸੀਨਾ ਵੀ ਗਰਮ ਸੀ। ਜਾਂ ਸਤਿਗੁਰਾਂ ਨੇ ਚਿਹਰਾ ਪੂੰਝ, ਮੁੱਖ ਵਿਚ ਪਾਣੀ ਚੁਆਇਆ ਤਾਂ ਹੋਸ਼ ਪਰਤ ਆਈ, ਨੈਣ ਖੁਲ੍ਹੇ। ਪਰ ਪਿਤਾ ਦੇ ਨਿਹੁੰ ਵਾਲੇ ਨੈਣਾਂ ਵਿਚ ਨੈਣ ਨਾ ਪਾ ਸਕਿਆ। ਨੈਣ ਮੀਟ ਲਏ। ਆਗਿਆ ਹੋਈ, “ਮਹਾਂ ਸਿੰਘਾ! ਨੈਣ ਖੋਲ੍ਹੋ, ਮੇਰੀ ਵੱਲ ਤੱਕੋ। ਤੁਸਾਂ ਬੀਰ ਕਿਰਿਆ ਕੀਤੀ ਹੈ, ਸ਼ਹੀਦੀਆਂ ਪਾਈਆਂ ਨੇ, ਸਨਮੁਖ ਹੋ ਸੀਨਿਆਂ ਵਿਚ ਸ਼ਸਤਰ ਸਹੇ ਨੇ, ਤੁਹਾਡਾ ਮੁਕਾਮ ਜੋਧ ਮਹਾਂਬਲ ਸੂਰਾ ਦਾ ਠਿਕਾਣਾ ਬਖ਼ਸ਼ਸ਼ ਦਾ ਖੰਡ ਹੈ, ਕਰਮ ਖੰਡ ਵਿਚ ਪੁਜੋ, ਸਚਖੰਡ ਵਿਚ ਉਠਾ ਲਏ ਜਾਓਗੇ।"

ਬਿਸਮਿਲ ਦੇ ਲਬਾਂ ਵਿਚੋਂ ਨਿੰਮ੍ਹੀ ਜਿਹੀ ਆਵਾਜ਼ ਨਿਕਲੀ-"ਪਿਤਾ! ਸਾਥੀ ਉਤਾਂਹ ਉਠੇ ਹਨ, ਸ਼ਹੀਦਾਂ ਦੇ ਕਰਮ ਖੰਡ ਵਿਚ ਪੁੱਜੇ ਹਨ, ਪਰ ਅਗੋਂ ਦਰਵਾਜ਼ਾ ਬੰਦ ਹੈ। ਉਥੇ ਸਾਡੀ ਲਿਖਤ ‘ਨਾ ਤੂੰ ਸਾਡਾ ਗੁਰੂ, ਨਾ ਅਸੀਂ ਤੇਰੇ ਸਿੱਖ' ਲਟਕੀ ਹੋਈ ਨਜ਼ਰ ਆ ਰਹੀ ਹੈ ਤੇ ਸ਼ਰਮਿੰਦਿਆਂ ਕਰਦੀ ਹੈ। ਅੰਦਰ ਵੜਨ ਦਾ ਹੀਆ ਨਹੀਂ ਪੈਣ ਦੇਂਦੀ। ਮਿਹਰਾਂ ਵਾਲੇ ਮੇਹਰ ਕਰ, ਬਖ਼ਸ਼ ਲੈ, ਉਹ ਕਾਗ਼ਜ਼ ਦਾ ਪੁਰਜ਼ਾ ਪਾੜ ਦੇ ਤੇ ਸਾਡੀ ਬਿਗੜੀ ਬਣਾ ਲੈ।” ਬਗ਼ੈਰ ਕੁਝ ਕਹਿਣ ਤੋਂ ਸਤਿਗੁਰਾਂ ਦੇ ਹੱਥ ਜਾਮੇ ਦੀ ਜੇਬ ਵਿਚ ਗਏ। ਕਾਗ਼ਜ਼ ਦਾ ਪੁਰਜ਼ਾ ਨਿਕਲਿਆ, ਉਸਨੂੰ ਪਾੜ ਕੇ ਟੁਕੜੇ ਕੀਤਾ ਗਿਆ ਤੇ ਪਿਆਰੇ ਮੁਕਤੇ ਹੋ ਨਿਬੜੇ:

ਸਦਾ ਖੁਲ੍ਹਾ ਰਹਿਮਤ ਕਾ ਬਾਬ ਥਾ,
ਨਹੀ ਦੇਖਾ ਕਰਕੇ ਗੁਨਾਹ ਕਭੀ।
ਹੂਏ ਟੂਟ ਕੇ ਜੋ ਪਸ਼ੇਮਾਂ,
ਉਨਹੇ ਫਾੜ ਪੁਰਜ਼ਾ ਮਿਲਾ ਗਏ।
(ਕਰਤਾ)

ਮਨੁੱਖ ਹਮੇਸ਼ਾ ਭੁਲਣਹਾਰ ਹੈ। ਕੋਈ ਚਤੁਰਾਈਂ, ਕਰਮ ਕਾਂਡ ਜਾਂ ਜਪ, ਤਪ, ਅਖ਼ੀਰ ਤਕ ਇਸ ਦਾ ਸਾਥ ਨਹੀਂ ਦੇ ਸਕਦਾ। ਭੁਲਾਂ ਤੋਂ ਪਛਤਾ, ਪ੍ਰਭੂ ਸ਼ਰਨ ਲਿਆਂ ਹੀ ਬਚਾ ਹੋ ਸਕਦਾ ਹੈ:

ਨਾਹਿਨ ਗੁਨ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ॥
ਨਾਨਕ ਹਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ॥
(ਜੈਤਸਰੀ ਮ:੯,ਪੰਨਾ ੭੦੩)

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ