Packing (Punjabi Story) : Kuldeep Sirsa

ਪੈਕਿੰਗ (ਕਹਾਣੀ) : ਕੁਲਦੀਪ ਸਿਰਸਾ

ਜੰਗਲ ਵਿੱਚ ਘਾਹ ਚਰ ਰਹੇ ਪਸ਼ੂਆਂ ਉੱਪਰ ਅਚਾਨਕ ਫੌਜ ਨੇ ਬੰਦੂਕ ਤਾਣ ਲਈ।ਪਸ਼ੂ ਘਬਰਾ ਗਏ।

ਫੌਜ ਨੇ ਕਿਹਾ,"ਹੁਣ ਤੁਸੀਂ ਇਹ ਘਾਹ ਨਹੀਂ ਚਰ ਸਕਦੇ"

"ਕਿਉ?"

"ਕਿਉਂਕਿ ਇਹ ਸਾਰੀ ਜਗ੍ਹਾ ਧੰਨਾ ਸੇਠ ਨੇ ਖਰੀਦ ਲਈ ਹੈ।"

"ਪਰ ਸਾਡੇ ਪੁਰਖੇ ਤਾਂ ਸਦੀਆਂ ਤੋਂ ਇੱਥੇ ਘਾਹ ਚਰਦੇ ਆਏ ਹਨ।"

"ਪਰ ਹੁਣ ਤੁਸੀਂ ਇਹ ਘਾਹ ਨਹੀਂ ਚਰ ਸਕਦੇ।ਸਾਨੂੰ ਹੁਕਮ ਹੋਇਆ ਹੈ ਕਿ ਤੁਹਾਨੂੰ ਰੋਕਿਆ ਜਾਵੇ।ਅਸੀਂ ਹੁਕਮ ਦੇ ਬੱਧੇ ਹਾਂ।"

"ਫਿਰ ਅਸੀਂ ਕਿੱਥੇ ਜਾਈਏ?"

"ਇਹ ਸਭ ਤੁਹਾਡੇ ਭਲੇ ਲਈ ਹੀ ਕੀਤਾ ਜਾ ਰਿਹਾ ਹੈ। ਧੰਨਾ ਸੇਠ ਇਸ ਘਾਹ ਨੂੰ ਆਪਣੀਆਂ ਵੱਡੀਆਂ- ਵੱਡੀਆਂ ਮਸ਼ੀਨਾਂ ਨਾਲ ਕਟਵਾਏਗਾ।ਫਿਰ ਟਰਾਲੀਆਂ ਵਿਚ ਭਰਕੇ ਸ਼ਹਿਰ ਲੈ ਜਾਵੇਗਾ।ਉੱਥੇ ਫੈਕਟਰੀਆਂ ਵਿਚ ਇਹਨਾਂ ਦੀ ਪੈਕਿੰਗ ਹੋਵੇਗੀ।ਫਿਰ ਪੈਕਿੰਗ ਟਰੱਕਾਂ 'ਤੇ ਲੱਦ ਕੇ ਜੰਗਲ ਵਿੱਚ ਪਹੁੰਚੇਗੀ।ਫਿਰ ਜੰਗਲ ਵਿੱਚ ਤੁਸੀਂ ਦੁਕਾਨਦਾਰ ਤੋਂ ਖਰੀਦ ਕੇ ਇਸਨੂੰ ਖਾ ਸਕਦੇ ਹੋ।"

"ਪਰ ਅਸੀਂ ਤਾਂ ਹੁਣ ਵੀ ਖਾ ਰਹੇ ਹਾਂ।ਫਿਰ ਐਨਾ ਝੰਝਟ ਕਿਉਂ?"

"ਇਦਾਂ ਕਰਨ ਨਾਲ ਵਿਕਾਸ ਹੋਵੇਗਾ।ਲੋਕਾਂ ਨੂੰ ਰੋਜ਼ਗਾਰ ਮਿਲੇਗਾ।"

ਪਸ਼ੂਆਂ ਨੂੰ ਇਹ ਤਰਕ ਠੀਕ ਲੱਗਿਆ।ਉਹ ਦੁਕਾਨਾਂ ਵੱਲ ਚੱਲ ਪਏ।

  • ਮੁੱਖ ਪੰਨਾ : ਕਹਾਣੀਆਂ, ਕੁਲਦੀਪ ਸਿਰਸਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ