ਪੱਗ ਵਾਲ਼ਾ ਯੁੰਗ - ਪ੍ਰੋ ਮਿਨਹਾਸ : ਪ੍ਰੋ. ਅਵਤਾਰ ਸਿੰਘ
ਉੱਨੀ ਸੌ ਚੁਰਾਸੀ ਪਚਾਸੀ ਦੀ ਗੱਲ ਹੈ। ਮੈਂ ਹਾਲੇ ਯੂਨੀਵਰਸਿਟੀ ਵਿੱਚ ਨਵਾਂ ਹੀ ਸਾਂ ਤੇ ਕਈ ਸਾਲ ਨਵਾਂ ਹੀ ਰਿਹਾ। ਦੂਏ ਤੀਏ ਕੋਈ ਹੋਰ ਨਵਾਂ ਮੁੰਡਾ ਟੱਕਰ ਜਾਂਦਾ; ਰਾਹ ਜਾਂਦਿਆਂ, ਲਾਇਬ੍ਰੇਰੀ ਜਾਂ ਸਟੂਡੈਂਟਸ ਸੈਂਟਰ। ਮੈੱਸ ਵਿੱਚ ਵੀ ਕਦੀ ਕੋਈ ਓਪਰਾ ਜਿਹਾ ਸਾਹਮਣੇ ਆ ਬੈਠਦਾ ਤਾਂ ਗੱਲ-ਬਾਤ ਕਰਕੇ ਨੇੜਤਾ ਹੋ ਜਾਂਦੀ। ਇਨ੍ਹਾਂ ਵਿੱਚੋਂ ਕੋਈ ਕੋਈ ਨੇੜਤਾ ਦੋਸਤੀ ਵਿੱਚ ਬਦਲ ਜਾਂਦੀ।
ਮੈਂ ਪੰਜਾਬੀ ਵਿਭਾਗ ਵਿੱਚ ਐੱਮ ਏ ਦਾ ਵਿਦਿਆਰਥੀ ਸਾਂ। ਸਿਲੇਬਸ ਤੋਂ ਮੈਨੂੰ ਕੋਫਤ ਹੁੰਦੀ ਸੀ ਤੇ ਕਲਾਸਾਂ ਵਿੱਚ ਮੇਰਾ ਮਨ ਨਹੀਂ ਸੀ ਲੱਗਦਾ। ਮੇਰੀ ਕਲਾਸ ਮੇਰੇ ਨਾਲ਼ ਹੀ ਰਹਿੰਦੀ ਸੀ। ਰੋਜ਼ ਕਿਸੇ ਨਾ ਕਿਸੇ ਨਾਲ਼ ਛਿੜ ਜਾਣਾ, ਫਿਰ ਚੱਲ ਸੋ ਚੱਲ। ਕਈ ਵਾਰੀ ਸਾਰੀ ਸਾਰੀ ਦਿਹਾੜੀ ਇੱਕੋ ਗੱਲ ਦੇ ਲੇਖੇ ਲੱਗ ਜਾਣੀ ਤੇ ਸਿੱਟਾ ਕੁਝ ਬਿਨਾ ਨਿਕਲਣਾ। ਹੋਸਟਲ ਜਾ ਕੇ ਸੋਚਣਾ, ਕੀ ਖੱਟਿਆ, ਕਿਉਂ ਮਗ਼ਜ਼ ਖਪਾਈ ਕੀਤੀ। ਜੀ ਕਰਨਾ ਚੁੱਪ ਹੀ ਰਿਹਾ ਜਾਵੇ।
ਸੁਰਿੰਦਰ ਖੰਨਾ ਮੇਰਾ ਸੀਨੀਅਰ ਸੀ; ਬੜਾ ਹੀ ਕਾਵਿਕ ਅਤੇ ਸ਼ਾਇਸਤਗੀ ਪਸੰਦ। ਉਹਦੇ ਨਾਲ ਸਾਇਕੌਲੋਜੀ ਦਾ ਵਿਦਿਆਰਥੀ ਮਿਲਿਆ, ਜਿਹਦਾ ਨਾਂ ਬਲਜੀਤ ਸੀ। ਮੈਨੂੰ ਉਹ ਬੜਾ ਹੀ ਦਿਲਚਸਪ ਲੱਗਿਆ। ਉਹ ਟਾਟਾ ਨਗਰ ਜਮਸ਼ੇਦਪੁਰ ਤੋਂ ਪੜ੍ਹਨ ਆਇਆ ਸੀ। ਉਹ ਮੇਰੀ ਗੱਲ ਬੜੇ ਧਿਆਨ ਨਾਲ਼ ਸੁਣਦਾ ਤੇ ਮੈਂ ਉਹਦੀ। ਉਹ ਕਰੂੰਬਲ਼ ਜਿਹਾ ਨਾਜ਼ੁਕ ਅਤੇ ਪਤਲਾ ਜਿਹਾ ਸੀ। ਉਹਦੀਆਂ ਅੱਖਾਂ ਡੂੰਘੀ ਦਾਨਿਸ਼ਵਰੀ ਦੀ ਦੱਸ ਪਾਉਂਦੀਆਂ। ਸਾਇਕੌਲੋਜੀ ਦਾ ਬੜਾ ਗੂੜ੍ਹ ਵਿਦਿਆਰਥੀ ਸੀ ਉਹ। ਉਹਨੇ ਅਕਸਰ ਫ਼ਰਾਇਡ, ਯੁੰਗ ਤੇ ਐਡਲਰ ਦੀਆਂ ਗੱਲਾਂ ਕਰਦੇ ਰਹਿਣਾ ਤੇ ਮੇਰੀ ਦਿਲਚਸਪੀ ਬਣੀ ਰਹਿਣੀ। ਉਹ ਐਡਲਰ ਤੋਂ ਪ੍ਰਭਾਵਤ ਸੀ ਤੇ ਉਹਦੀਆਂ ਗੱਲਾਂ ਸੁਣਾਉਂਦਾ ਰਹਿੰਦਾ। ਮੈਂ ਉਹਨੂੰ ਐਡਲਰ ਕਹਿਣ ਦੀ ਖੁੱਲ੍ਹ ਲੈ ਲੈਂਦਾ ਤੇ ਉਹ ਗ਼ੁੱਸਾ ਨਾ ਕਰਦਾ।
ਇਕ ਦਿਨ ਮੈਂ ਸਟੂਡੈਂਟਸ ਸੈਂਟਰ ਬੈਠਾ ਸ਼ੀਸ਼ਿਆਂ ਵਿਚੋਂ ਦੂਰ ਦਿਸਦੀ ਪਹਾੜੀ ਉੱਤੇ ਜੈਂਤੀ ਦੇਵੀ ਦੇ ਮੰਦਰ ਵੱਲ੍ਹ ਝਾਕ ਰਿਹਾ ਸੀ ਕਿ ਅਚਾਨਕ ਬਲਜੀਤ ਆ ਗਿਆ; ਇਕੱਲਾ ਨਹੀਂ, ਉਹਦੇ ਨਾਲ਼ ਕੋਈ ਹੋਰ ਵੀ ਸੀ; ਪਤਲਾ ਜਿਹਾ, ਤੂਤ ਦੀ ਛਟੀ ਵਰਗਾ। ਅੱਤ ਦਰਜੇ ਦਾ ਗੰਭੀਰ ਚਿਹਰਾ, ਜਿਵੇਂ ਉਹਨੇ ਕਦੇ ਹੱਸ ਕੇ ਨਾ ਦੇਖਿਆ ਹੋਵੇ। ਕਤਰੀ ਹੋਈ ਦਾਹੜੀ, ਥੋੜ੍ਹੀ ਥੋੜ੍ਹੀ ਭੂਰੀ ਭਾਅ ਮਾਰਦੀ। ਸੰਵੇਦਨਸ਼ੀਲ ਦਿੱਖ, ਅੱਖਾਂ ‘ਚ ਗਿਆਨ ਦੀ ਅਥਾਹ ਚਾਹਤ, ਮੱਥੇ ’ਤੇ ਬੋਲਦੀ ਚੁੱਪ ਤੇ ਸਿਰ ‘ਤੇ ਹਲਕੇ ਜਹੇ ਮੋਤੀਆ ਰੰਗ ਦੀ ਪੱਗ, ਜਿਵੇਂ ਸੋਚ ਨੂੰ ਸੱਚ ਦੀ ਪਾਣ ਦਿੱਤੀ ਹੋਵੇ।
ਉਹ ਬੈਠ ਗਏ ਤੇ ਗੱਲ-ਬਾਤ ਛਿੜ ਪਈ। ਸਾਇਕੌਲੋਜੀ ਦੀ ਨਹੀਂ, ਮਾਰਕਸਵਾਦ ਦੀ। ਮੈਂ ਸਵਾਲ ਕੀਤਾ ਕਿ ਮਾਰਕਸਵਾਦ ਵਿੱਚ ਸੁਹਜ ਦਾ ਕੀ ਸਥਾਨ ਹੈ? ਪ੍ਰੋ ਮਿਨਹਾਸ ਨੇ ਮਾਰਕਸਵਾਦ ਦੀ ਲੰਬੀ ਚੌੜੀ ਵਿਆਖਿਆ ਕੀਤੀ, ਬੜੀਆਂ ਮਹੀਨ ਪਰਤਾਂ ਫੋਲੀਆਂ ਤੇ ਉਨ੍ਹਾਂ ਦਰਮਿਆਨ ਸੁਹਜਸ਼ਾਸਤਰ ਦੇ ਦੀਦਾਰ ਕਰਵਾਏ। ਮੈਂ ਉਨ੍ਹਾਂ ਦੀ ਜਾਣਕਾਰੀ, ਸਮਝ ਅਤੇ ਵਿਆਖਿਆ ਤੋਂ ਬੇਹੱਦ ਪ੍ਰਭਾਵਤ ਹੋਇਆ। ਮੈਂ ਦੇਖਿਆ ਕਿ ਉਨ੍ਹਾਂ ਨੇ ਮਾਰਕਸਵਾਦ ਪੜ੍ਹਿਆ ਹੋਇਆ ਸੀ, ਪਰ ਇਹ ਉਨ੍ਹਾਂ ਨੂੰ ਚੜ੍ਹਿਆ ਹੋਇਆ ਨਹੀਂ ਸੀ। ਉਹ ਸਿਰਫ ਮਾਰਕਸ ‘ਤੇ ਹੀ ਨਹੀਂ ਸੀ ਖੜ੍ਹੇ। ਮੈਂ ਉਨ੍ਹਾਂ ਦੇ ਮੂੰਹੋਂ ਪਹਿਲੀ ਵਾਰ ਹਰਬਰਟ ਮਾਰਕੂਜ਼ੇ ਦਾ ਨਾਂ ਸੁਣਿਆਂ। ਫ਼ਰਾਇਡ ਦੀ ਗੱਲ ਤਾਂ ਉਹ ਕਰ ਹੀ ਰਹੇ ਸਨ, ਪਰ ਕਾਰਲ ਯੁੰਗ ਦਾ ਨਾਂ ਇਸ ਅਧਿਕਾਰ ਨਾਲ਼ ਲੈ ਰਹੇ ਸਨ, ਜਿਵੇਂ ਉਹ ਖ਼ੁਦ ਯੁੰਗ ਹੋਣ — ਪੱਗ ਵਾਲ਼ਾ ਯੁੰਗ।
ਬਲਜੀਤ ਜਿੱਥੇ ਵੀ ਮਿਲ਼ਦਾ ਤਾਂ ਅਸੀਂ ਪ੍ਰੋ ਮਿਨਹਾਸ ਦੀ ਗੱਲ ਜ਼ਰੂਰ ਕਰਦੇ। ਉਨ੍ਹਾਂ ਦਾ ਜ਼ਿਕਰ ਉਹ ‘ਪੱਗ ਵਾਲ਼ਾ ਯੁੰਗ’ ਆਖ ਕੇ ਕਰਦਾ ਤਾਂ ਅਸੀਂ ਹੱਸ ਪੈਂਦੇ। ਉਨ੍ਹਾਂ ਦੀਆਂ ਗੱਲਾਂ ‘ਚ ਇਸ ਕਦਰ ਗੁਆਚ ਜਾਂਦੇ ਕਿ ਪਤਾ ਹੀ ਨਾ ਲੱਗਦਾ ਕਿ ਅਸੀਂ ਕਦ ਸਟੂਡੈਂਟਸ ਸੈਂਟਰ ਪੁੱਜ ਕੇ ਕੱਪ ਕੱਪ ਚਾਹ ਵੀ ਪੀ ਲਈ ਹੁੰਦੀ।
ਇਕ ਦਿਨ ਮੈਂ ਸਟੂਡੈਂਟਸ ਸੈਂਟਰ ਵੱਲ੍ਹ ਜਾ ਰਿਹਾ ਸੀ ਕਿ ਉਹ ਆ ਰਹੇ ਸਨ। ਮੈਂ ਜ਼ੋਰ ਪਾਇਆ ਤੇ ਉਨ੍ਹਾਂ ਨੂੰ ਮੋੜ ਕੇ ਉੱਪਰ ਲੈ ਗਿਆ। ਚਾਹ ਦੇ ਨਾਲ਼ ਨਾਲ਼ ਗੱਲਾਂ ਚੱਲ ਪਈਆਂ। ਪ੍ਰੋ ਮਿਨਹਾਸ ਨੇ ਪੁੱਛਿਆ ਕਿ ਮੈਂ ਅੱਜਕਲ ਕੀ ਪੜ੍ਹਦਾ ਹਾਂ। ਉਨ੍ਹਾਂ ਦਿਨਾਂ ਵਿੱਚ ਮੇਰੇ ਮਨ ਮਸਤਕ ‘ਤੇ ਉਰਦੂ ਕਹਾਣੀ ਦਾ ਸ਼ਹਿਨਸ਼ਾਹ ਰਾਜਿੰਦਰ ਸਿੰਘ ਬੇਦੀ ਛਾਇਆ ਹੋਇਆ ਸੀ। ਉਹਦੀਆਂ ਕਹਾਣੀਆਂ ਨੇ ਮੇਰੇ ਹੋਸ਼ ਭੁਲਾਏ ਕੀ ਉੜਾਏ ਹੋਏ ਸਨ। ‘ਬੱਬਲ’, ‘ਜੋਗੀਆ’, ‘ਟਰਮੀਨਸ ਤੋਂ ਪਰੇ’, ‘ਲੰਮੀ ਕੁੜੀ’, ‘ਗਾਲ਼’, ‘ਮਿਥੁਨ’, ‘ਯੂਕਲਿਪਟਿਸ’, ‘ਆਪਣੇ ਦੁੱਖ ਮੈਨੂੰ ਦੇ ਦਿਓ’ ਤੇ ‘ਬੋਲੋ’ ਕਹਾਣੀਆਂ ਪੜ੍ਹ ਕੇ ਕੋਈ ਵੀ ਬੰਦਾ ਸਿਰੇ ਤੱਕ ਹਿੱਲ ਜਾਂਦਾ ਹੈ। ‘ਇੱਕ ਚਾਦਰ ਅੱਧੋਰਾਣੀ’ ਨੇ ਤਾਂ ਮੇਰੀ ਸੁਰਤ ਝੰਜੋੜ ਕੇ ਰੱਖ ਦਿੱਤੀ ਸੀ।
ਮੈਂ ਸੋਚੀਂ ਪੈ ਗਿਆ ਕਿ ਪ੍ਰੋ ਮਿਨਹਾਸ ਨਾਲ ਬੇਦੀ ਸਾਹਿਬ ਦੀ ਕਿਹੜੀ ਗੱਲ ਕਰਾਂ। ਅਖੀਰ ਮੈਂ ‘ਲਾਰਵੇ’ ਕਹਾਣੀ ਸੁਣਾਈ ਤਾਂ ਪ੍ਰੋ ਮਿਨਹਾਸ ਨੇ ਬੇਹੱਦ ਧਿਆਨ ਨਾਲ਼ ਸੁਣੀ ਤੇ ਬਾਦ ਵਿੱਚ ਉਹਦਾ ਇਤਨਾ ਮਾਰਮਕ ਕਰਟੀਕ ਪੇਸ਼ ਕਰ ਦਿੱਤਾ ਕਿ ਮੈਂ ਪ੍ਰੋ ਮਿਨਹਾਸ ਦੀ ਤੀਖਣ-ਬੁੱਧ ਦਾ ਕਾਇਲ ਹੋ ਗਿਆ। ਕਹਾਣੀ ਦੀ ਮੇਰੀ ਵਿਆਖਿਆ ਉਨ੍ਹਾਂ ਦੀ ਵਿਆਖਿਆ ਤੋਂ ਬਹੁਤ ਉਰੇ ਰਹਿ ਗਈ ਸੀ। ਪਹਿਲੀ ਵਾਰ ਪਤਾ ਲੱਗਾ ਕਿ ਸਾਇਕੌਲੋਜੀ ਕਿਸ ਬਲਾ ਦਾ ਨਾਂ ਹੈ ਤੇ ਇਹਦਾ ਸਾਹਿਤ ਨਾਲ਼ ਕੀ ਰਿਸ਼ਤਾ ਹੈ।
ਬਲਜੀਤ ਨੇ ਦੱਸਿਆ ਕਿ ਇਨ੍ਹਾਂ ਨੇ ਪੀਐੱਚ ਡੀ ਨਹੀਂ, ਭਗਤੀ ਕੀਤੀ ਹੈ; ਭਗਤੀ ਵੀ ਕਾਹਦੀ ਬੰਦਗੀ ਕਹੋ, ਜਿਹਦੇ ਚਰਚੇ ਅਮਰੀਕਾ ਤੱਕ ਫੈਲ ਗਏ ਹਨ। ਉਹ ਦੱਸਦਾ ਕਿ ਪੀਐੱਚ ਡੀ ਦੌਰਾਨ ਕੱਪ ਚਾਹ ਤੇ ਦੋ ਟੋਸਟ ਉਨ੍ਹਾਂ ਦੀ ਖ਼ੁਰਾਕ ਹੁੰਦੀ ਸੀ ਤੇ ਚੁੱਪ ਉਨ੍ਹਾਂ ਦੀ ਪਹਿਚਾਣ; ਉਦੋਂ ਹੀ ਬੋਲਦੇ ਜਦ ਕੋਈ ਚਾਰਾ ਨਾ ਹੁੰਦਾ। ਤੁਰਦੇ ਜਾਂਦੇ ਇਵੇਂ ਲੱਗਦੇ ਜਿਵੇਂ ਚੁੱਪ ਤੁਰੀ ਜਾ ਰਹੀ ਹੋਵੇ। ਉਨ੍ਹਾਂ ਦੀ ਚੁੱਪ ਏਨੀ ਪ੍ਰਭਾਵਕਾਰੀ ਸੀ ਜਿਵੇਂ ਚੁੱਪ ਦਾ ਦੀਵਾਨ ਸਜਿਆ ਹੋਵੇ।
ਉਹ ਜਿੱਥੇ ਵੀ ਦਿਸਦੇ ਇਕੱਲੇ ਹੁੰਦੇ। ਕਈ ਵਾਰ ਸਤਾਰਾਂ ਦੀ ਮਾਰਕੀਟ ‘ਚ ਵੀ ਇਕੱਲੇ ਹੁੰਦੇ ਤੇ ਹੱਥ ‘ਚ ਕੋਈ ਕਿਤਾਬ ਹੁੰਦੀ। ਮੈਂ ਬਲਜੀਤ ਨੂੰ ਬੜੇ ਚਾਅ ਨਾਲ਼ ਦੱਸਦਾ ਕਿ ‘ਅੱਜ ਮਿਨਹਾਸ ਸਾਹਿਬ ਮਿਲੇ ਸਨ’। ਅੱਗਿਉਂ ਬਲਜੀਤ ਪੁੱਛਦਾ, ‘ਮਿਲੇ ਸੀ ਕਿ ਦਿਖੇ ਸੀ?’ ਮੈਂ ਦੱਸਦਾ ‘ਦੇਖੇ ਸੀ’। ਮੇਰਾ ਸਾਰਾ ਚਾਅ ਝੜ ਜਾਂਦਾ। ਬਲਜੀਤ ਦੇ ਵੀ ਸਾਇਕੌਲੋਜੀ ਸਦਾ ਸਿਰ ਨੂੰ ਚੜ੍ਹੀ ਰਹਿੰਦੀ ਸੀ। ਉਹਨੂੰ ਓਵਰ ਸਾਇਕੋਲਾਇਜ਼ੇਸ਼ਨ ਹੋਈ ਰਹਿੰਦੀ। ਕਈ ਵਾਰੀ ਗੱਲ ਕਰ ਕੇ ਮਨ ਖੱਟਾ ਕਰ ਦਿੰਦਾ।
ਮੇਰਾ ਜੀ ਕਰਦਾ ਕਿ ਪ੍ਰੋ ਮਿਨਹਾਸ ਨੂੰ ਵੱਧ ਤੋਂ ਵੱਧ ਮਿਲ਼ਿਆ ਜਾਵੇ। ਪਰ ਉਹ ਤਾਂ ਚੀਚ-ਵਹੁਟੀ ਵਾਂਗ ਕਦੀ ਕਦਾਈਂ ਬਾਹਰ ਨਿਕਲ਼ਦੇ ਤੇ ਉਸ ਤੋਂ ਵੀ ਘੱਟ ਸਟੂਡੈਂਟਸ ਸੈਂਟਰ ਦਾ ਰੈਂਪ ਚੜ੍ਹਦੇ। ਉਹ ਹਮੇਸ਼ਾ ਪੜ੍ਹਦੇ ਰਹਿੰਦੇ ਤੇ ਸੋਚਦੇ ਰਹਿੰਦੇ। ਬਲਜੀਤ ਉਨ੍ਹਾਂ ਦੀਆਂ ਡਿਪਾਰਟਮੈਂਟ ਦੀਆਂ ਗੱਲਾਂ ਦੱਸਦਾ ਰਹਿੰਦਾ। ਕਿਵੇਂ ਉਨ੍ਹਾਂ ਦੀ ਰਿਸਰਚ-ਫੈਲੋ ਦਾ ਉਨ੍ਹਾਂ ‘ਤੇ ਦਿਲ ਆ ਗਿਆ ਤੇ ਵਿਆਹ ਦੇ ਬੰਧਨ ਵਿੱਚ ਬੰਨ੍ਹੀ ਗਈ। ਮਿਤਰ ਦੋਸਤ ਤੇ ਕੁਲੀਗ ਇਨ੍ਹਾਂ ਦੇ ਇਸ਼ਕ ‘ਤੇ ਰਸ਼ਕ ਕਰਦੇ। ਰਸ਼ਕੀਲੇ ਇਸ਼ਕ ਦੀ ਬਦੌਲਤ ਘਰੇ ਬੇਟੇ ਦੀ ਦੌਲਤ ਨੇ ਦਸਤਕ ਦਿੱਤੀ, ਜਿਵੇਂ ਜ਼ਿੰਦਗੀ ਵਿੱਚ ਸ਼ਾਇਰੀ ਘੁਲ ਗਈ ਹੋਵੇ, ਜਿਵੇਂ ਚੁੱਪ ਨੂੰ ਬੋਲ ਲੱਭ ਗਿਆ ਹੋਵੇ।
ਰੱਬ ਦਾ ਭਾਣਾ, ਦੰਪਤੀ ਵਿੱਚ ਅਚਾਨਕ ਕੋਈ ਗੁੰਝਲ਼ ਪੈਦਾ ਹੋ ਗਈ। ਉਹ ਰਲ਼ ਮਿਲ਼ ਕੇ ਕੋਈ ਹੱਲ ਸੋਚਦੇ ਤਾਂ ਲੱਗਦਾ ਕਿ ਹੱਲ ਦੇ ਨੇੜੇ ਪੁੱਜ ਗਏ ਹਨ। ਪਰ ਚੈਖੋਵ ਦੀ ਕਹਾਣੀ ‘ਲੇਡੀ ਵਿੱਦ ਦਾ ਡੌਗ’ ਦੀ ਤਰਾਂ ਗੱਲ ਉੱਥੇ ਦੀ ਉੱਥੇ ਹੁੰਦੀ। ਸਧਾਰਣ ਗੱਲਾਂ ਦਾ ਹੱਲ ਸਧਾਰਣ ਲੋਕ ਬੜੇ ਅਰਾਮ ਨਾਲ਼ ਕੱਢ ਲੈਂਦੇ ਹਨ, ਪਰ ਇਤਨੇ ਗੂੜ੍ਹ ਵਿਦਵਾਨਾ ਕੋਲੋਂ ਆਮ ਗੱਲਾਂ ਦਾ ਹੱਲ ਨਹੀਂ ਨਿਕਲ਼ਦਾ। ਗੱਲ ਵਧਦੀ ਵਧਦੀ ਇਤਨੀ ਵਧ ਗਈ ਕਿ ਵਧ ਹੀ ਗਈ। ਉਸ ‘ਫੈਲੋ’ ਨੇ ਆਪਣਾ ਜੁੱਲੀ ਬਿਸਤਰਾ ਲਪੇਟਿਆ ਤੇ ਚਲਦੀ ਬਣੀ; ਫੁੱਲ ਜਹੇ ਬੇਟੇ ਨੂੰ ਵੀ ਛੱਡ ਗਈ ਤੇ ਬਾਪ ਬੇਟੇ ਦਾ ਜੀਣਾ ਦੁੱਭਰ ਕਰ ਗਈ। ਉਨ੍ਹਾਂ ਦੇ ਚਿਹਰੇ ਦੀ ਰੌਣਕ ਗਾਇਬ ਹੋ ਗਈ। ਉਹ ਕਿਸੇ ਨਾਲ਼ ਗੱਲ ਨਾ ਕਰਦੇ; ਨਾ ਕੁਝ ਦੱਸਦੇ ਨਾ ਪੁੱਛਦੇ; ਜਿਵੇਂ ਜ਼ਿੰਦਗੀ ਦਗਾ ਦੇ ਗਈ ਹੋਵੇ।
ਬਲਜੀਤ ਦੱਸਦਾ ਕਿ ਉਹ ਅੱਜਕਲ ‘ਯੋਗ ਵਸ਼ਿਸ਼ਟ’ ਪੜ੍ਹਦੇ ਰਹਿੰਦੇ ਹਨ; ਉਹ ਆਪਣੀ ਕਿਸੇ ਗਹਿਰੀ ਮਨੋਵਿਗਿਆਨਕ ਉਲਝਣ ਦਾ ਰੁਹਾਨੀ ਹੱਲ ਲੱਭ ਰਹੇ ਸਨ। ਉਹ ਸੰਯੋਗ ਵਿਯੋਗ ਦਾ ਪਰਮਾਰਥ ਯੋਗ ਵਿਚੋਂ ਭਾਲ਼ ਰਹੇ ਸਨ। ਉਨ੍ਹਾਂ ਦਾ ਆਪਣਾ ਮਨ ਉਨ੍ਹਾਂ ਲਈ ਇੱਕ ਜਟਲ ਗ੍ਰੰਥ ਬਣ ਚੁੱਕਾ ਸੀ; ਜਿਹਨੂੰ ਪੜ੍ਹਦੇ ਪੜ੍ਹਦੇ, ਸਮਝਦੇ ਅਤੇ ਬੁੱਝਦੇ ਉਹ ਬਹੁਤ ਦੂਰ ਨਿਕਲ ਚੁੱਕੇ ਸਨ। ਬਲਜੀਤ ਦੱਸਦਾ ਕਿ ‘ਮਿਨਹਾਸ ਸਾਹਿਬ ਉਹ ਨਹੀਂ ਰਹੇ’। ਮੈਂ ਪੁੱਛਦਾ ‘ਬਦਲ ਗਏ?’ ਉਹ ਦੱਸਦਾ ‘ਉਹ ਆਪਣੇ ਆਪ ਵਿੱਚ ਉਤਰ ਗਏ ਹਨ’। ਉਨ੍ਹਾਂ ਨੂੰ ਦੇਖ ਕੇ ਲੱਗਦਾ ਜਿਵੇਂ ‘ਕੋਈ ਵੀਰਾਨੀ ਸੀ ਵੀਰਾਨੀ ਹੈ’।
ਮੈਨੂੰ ਮਨੋਵਿਗਿਆਨ ਦੀ ਪੜ੍ਹਾਈ ਤੋਂ ਡਰ ਲੱਗਣ ਲੱਗ ਪੈਂਦਾ। ਐਨੀਆਂ ਸੋਚਾਂ ਵੀ ਕੀ ਕਹਿ। ਬਲਜੀਤ ਨੇ ਦੱਸਿਆ ਕਿ ਉਹਨੇ ਉਨ੍ਹਾਂ ਨੂੰ ਪੰਦਰਾਂ ਦੀ ਮਾਰਕੀਟ ‘ਚ ਤੁਰੇ ਆਉਂਦੇ ਦੇਖਿਆ। ਪ੍ਰੋ ਸਾਹਿਬ ਨੇ ਉਸ ਵੱਲ੍ਹ ਇਵੇਂ ਦੇਖਿਆ, ਜਿਵੇਂ ਦੇਖਿਆ ਹੀ ਨਾ ਹੋਵੇ। ਉਹ ਖ਼ੁਦ ‘ਚ ਖੋਏ ਹੋਏ ਸਨ ਜਾਂ ਖੁਦੀ ‘ਚ — ਉਹੀ ਜਾਣਦੇ ਸਨ।
ਪਤਾ ਲੱਗਾ ਕਿ ਉਨ੍ਹਾਂ ਦੀ ਵੀਰਾਨੀ ‘ਚ ਮੁੜ ਕਿਸੇ ਕਚਨਾਰ ਨੇ ਦਸਤਕ ਦੇ ਦਿੱਤੀ ਹੈ। ਉਹ ਦੇਰ ਦੇਰ ਤੱਕ ਸੋਚਦੇ ਰਹਿੰਦੇ ਤੇ ਸੋਚਦੇ ਹੀ ਰਹਿੰਦੇ। ਨਾ ਉਹ ਦਿਮਾਗ ਵਿੱਚ ਸਨ, ਨਾ ਦਿਲ ਵਿੱਚ; ਉਹ ਨਿਰੋਲ ਆਤਮਾ ਹੋ ਚੁੱਕੇ ਸਨ। ਉਨ੍ਹਾਂ ਦੀ ਆਤਮਾ ਨੇ ਹਾਮ੍ਹੀਂ ਭਰੀ ਤੇ ਉਨ੍ਹਾਂ ਦੇ ਚਿਹਰੇ ਦੀ ਰੌਣਕ ਪਰਤ ਆਈ — ਰਾਂਝੇ ਹੱਸ ਕੇ ਆਖਿਆ ਵਾਹ ਸੱਜਣ।
ਇਹ ਇਰਾਨ ਦੀ ਹੂਰ ਸੀ, ਜਿਹਨੂੰ ਉਹ ਹੀਰ ਵਾਂਗ ਪਿਆਰ ਕਰਦੇ; ਇਰਾਨੀ ਹੂਰ ਨੇ ਪੰਜਾਬੀ ਹੀਰਾ ਮੋਹ ਲਿਆ ਸੀ; ਮੋਹ ਕੀ ਲਿਆ ਮੋਮ ਹੀ ਕਰ ਦਿੱਤਾ। ਨਵੀਂ ਜ਼ਿੰਦਗੀ ਨੇ ਘਰ ਦੀ ਜ਼ੁੰਮੇਵਾਰੀ ਸਾਂਭ ਲਈ ਤੇ ਪਹਿਲੀ ਫੈਲੋ ਦੇ ਫੁੱਲ ਜਹੇ ਬੇਟੇ ਨਾਲ ਦਿਲ ਲਾਈ ਰੱਖਦੀ। ਘਰ ਮੁੜਕੇ ਬਹਿਸ਼ਤ ਹੋ ਗਿਆ। ਪ੍ਰੋ ਮਿਨਹਾਸ ਗਾਲਿਬ ਦਾ ਸ਼ਿਅਰ ਸੁਣਾਉਂਦੇ, ਅੱਗਿਉਂ ਰੂਮੀ ਸੁਣਨਾ ਪੈਂਦਾ; ਸ਼ਾਸਤਰੀ ਸੰਗੀਤ ਦੀ ਗੱਲ ਕਰਦੇ ਤਾਂ ਇਰਾਨੀ ਸੁਣਨਾ ਪੈਂਦਾ। ਗਾਲਿਬ ਤੇ ਰੂਮੀ ਦੀ ਕਾਨਫਰੰਸ ਚੱਲਦੀ ਰਹਿੰਦੀ। ਇਹ ਬੰਗਾਲੀ ਆਲਮ ਦੀ ਗੱਲ ਕਰਦੇ ਤਾਂ ਉਹ ਈਰਾਨੀ ਇਲਮ ਦੇ ਕਿੱਸੇ ਛੁਹ ਲੈਂਦੀ। ਪੁੱਜ ਕੇ ਹੁਸੀਨ ਜੋੜੀ ਅਸਲੋਂ ਹੀ ਨਵੀਂ ਸੱਭਿਅਤਾ ਪ੍ਰਤੀਤ ਹੁੰਦੀ। ਇਨ੍ਹਾਂ ਦਿਨਾਂ ਵਿੱਚ ਪ੍ਰੋ ਮਿਨਹਾਸ ਦੇ ਚਿਹਰੇ ‘ਤੇ ਇਰਾਨੀ ਨੂਰ ਪ੍ਰਤੱਖ ਝਲਕਾਂ ਮਾਰਦਾ। ਬਲਜੀਤ ਦੱਸਦਾ ਕਿ ਉਹ ਅੱਜਕਲ ਬੜੇ ਖੁਸ਼ ਹਨ; ਕਾਂਟੋ ਫੁੱਲਾਂ ‘ਤੇ ਖੇਡਦੀ ਹੈ। ਅਸੀਂ ਬੜੇ ਖੁਸ਼ ਹੁੰਦੇ।
ਕੁਦਰਤ ਮਿਹਰਬਾਨ ਹੋਈ ਤੇ ਉਨ੍ਹਾਂ ਦੀ ਬਗੀਚੀ ਵਿੱਚ ਇਰਾਨੀ ਬਹਾਰ ਆਈ ਤੇ ਗੁਲਾਬ ਦੇ ਫੁੱਲ ਵਰਗੇ ਲਾਲ ਦੀ ਰਹਿਮਤ ਹੋਈ। ਇਰਾਨੀ ਮੈਡਮ ਦੋ ਲਾਲਾਂ ਨੂੰ ਪਾਲ਼ਦੀ, ਸੰਭਾਲ਼ਦੀ ਤੇ ਸਾਰਾ ਦਿਨ ਵਿਅਸਤ ਰਹਿੰਦੀ। ਪ੍ਰੋ ਸਾਹਿਬ ਭਾਰ ਮੁਕਤ ਹੋ ਗਏ ਤੇ ਹਲਕੇ ਫੁੱਲ ਦਿਸਦੇ। ਉਹ ਫਿਰ ਆਪਣੀ ਪੜ੍ਹਾਈ ਲਿਖਾਈ ਨਾਲ਼ ਜੁੜ ਗਏ, ਜਿਸ ਤੋਂ ਕਦੀ ਟੁੱਟੇ ਹੀ ਨਹੀਂ ਸਨ।
ਪਤਾ ਲੱਗਾ ਕਿ ਇਰਾਨਣ ਮੈਡਮ ਨੂੰ ਸ਼ਿਕਾਇਤ ਹੈ ਕਿ ਪ੍ਰੋ ਮਿਨਹਾਸ ਦੀ ਘਰ ਵਿੱਚ ਪਹਿਲਾਂ ਵਾਲ਼ੀ ਦਿਲਚਸਪੀ ਨਹੀਂ ਰਹੀ। ਮੋਮ ਮੋਮ ਨਾ ਰਿਹਾ। ਕਾਨਫਰੰਸ ਕਨਫਰੰਟੇਸ਼ਨ ਵਿਚ ਬਦਲ ਗਈ। ਉਹ ਅਕਸਰ ਆਖ ਦਿੰਦੀ - ਯੂ ਆਰ ਨੌਟ ਆ ਗੁੱਡ ਫਾਦਰ। ਉਹ ਸਮਝਦੀ ਸੀ ਕਿ ਜਿਹੜਾ ਚੰਗਾ ਪਿਤਾ ਨਹੀਂ ਹੈ ਉਹ ਚੰਗਾ ਪਤੀ ਵੀ ਨਹੀਂ ਹੋ ਸਕਦਾ। ਉਹਦੇ ਫ਼ਾਰਮੂਲੇ ਮੁਤਾਬਕ ਪਿਤਾ, ਪਤੀ ਤੇ ਪੁੱਤ ਹੋਣ ਵਿਚਲਾ ਫਰਕ ਸਿਰਫ ਉੱਨੀ ਇੱਕੀ ਜਾਂ ਮਹਿਜ਼ ਮਾਤਰਾ ਦਾ ਸੀ, ਮੀਟਰ ਦਾ ਨਹੀਂ।
ਪਤਾ ਲੱਗਾ ਕਿ ਗੱਲ ਬੜੀ ਦੂਰ ਜਾ ਚੁੱਕੀ ਸੀ। ਰੂਮੀ ਤੇ ਗਾਲਿਬ ਆਹਮੋ ਸਾਹਮਣੇ ਹੋ ਚੁੱਕੇ ਸਨ ਤੇ ਇਸੇ ਕਸ਼ਮਕਸ਼ ਵਿੱਚ ਮੁਹੱਬਤ ਦੇ ਆਂਚਲ ਨੂੰ ਆਂਚ ਆ ਚੁੱਕੀ ਸੀ। ਇੱਕ ਵਾਰ ਫਿਰ, ਲਿਆਕਤ ਕਿਸੇ ਕੰਮ ਨਾ ਆਈ ਤੇ ਕਿਤਾਬਾਂ ਕੁਤਬ ਦੀ ਲਾਠ ਸਾਬਤ ਹੋਈਆ। ਪੱਗ ਵਾਲ਼ਾ ਯੁੰਗ ਜੰਗ ਵਿੱਚ ਘਿਰ ਚੁੱਕਿਆ ਸੀ — ਮਰਜ਼ ਬੜਤਾ ਹੀ ਗਯਾ ਜਿਉਂ ਜਿਉਂ ਦਵਾ ਕੀ।
ਇਰਾਨਣ ਮੈਡਮ ਨੇ ਵੀ ਜੁੱਲੀ ਬਿਸਤਰਾ ਲਪੇਟਿਆ ਤੇ ਆਪਣੇ ਮੁਲਕ ਪਰਤ ਗਈ; ਦੋਹਾਂ ਬੱਚਿਆਂ ਨੂੰ ਵੀ ਨਾਲ਼ ਲੈ ਗਈ। ਪਹਿਲੀ ਆਪਣਾ ਵੀ ਛੱਡ ਗਈ, ਦੂਜੀ ਉਹਦਾ ਵੀ ਲੈ ਗਈ ਤੇ ਪਹਿਲੀ ਨਾਲੋਂ ਕੁਝ ਬੁਰਾ ਤੇ ਕੁਝ ਖਰਾ ਕਰ ਗਈ; ਅਜੀਬ ਮਾਂ, ਅਜੀਬ ਪਤਨੀ ਤੇ ਅਜੀਬ ਔਰਤ। ਪ੍ਰੋ ਮਿਨਹਾਸ ਲਈ ਇਹ ਤੇਹਰਾ ਸਦਮਾਂ ਸੀ। ਉਹ ਵੀ ਸਭ ਕਾਸੇ ਨੂੰ ਜੋੜ ਕੇ ਦੇਖਣ ਦੇ ਆਦੀ ਹੋ ਗਏ ਸਨ ਤੇ ਔਰਤ ਦੇ ਹਰੇਕ ਰਿਸ਼ਤੇ ਨੂੰ ਇੱਕੋ ਮੀਟਰ ਨਾਲ਼ ਨਾਪਣ ਲੱਗ ਪਏ ਸਨ।
ਇਰਾਨਣ ਵਲ੍ਹੋਂ ਅੱਕ ਥੱਕ ਕੇ ਪ੍ਰੋ ਮਿਨਹਾਸ ਨੇ ਆਪਣਾ ਮਨ ਫਿਰ ਪੜ੍ਹਾਈ ਵਿੱਚ ਗੱਡ ਦਿੱਤਾ ਤੇ ਸਾਰਾ ਦਿਨ ਕੁਤਬ ਮਿਨਾਰ ਜਿੱਡੇ ਕਿਤਾਬਾਂ ਦੇ ਢੇਰ ਵਿੱਚ ਲੁਕੇ ਰਹਿੰਦੇ। ਬੇਸ਼ੱਕ ਲਾਲਾਂ ਤੇ ਲਾਲਾਂ ਵਾਲ਼ੀਆਂ ਦਾ ਸੱਲ ਉਨ੍ਹਾਂ ਨੂੰ ਅੰਦਰੋ ਅੰਦਰੀ ਸੱਲਦਾ ਰਹਿੰਦਾ ਤੇ ਪੱਛਦਾ ਰਹਿੰਦਾ। ਪਰ ਮੋਮ ਜਹੇ ਇਨਸਾਨ ਨੇ ਆਪਣਾ ਦਿਲ ਫਿਰ ਹੀਰੇ ਜਿਹਾ ਸਖ਼ਤ ਕਰ ਲਿਆ ਸੀ।
ਰੱਬ ਦੇ ਭਾਣੇ, ਮੇਰਾ ਬੇਲੀ ਬਲਜੀਤ ਰੱਬ ਨੂੰ ਪਿਆਰਾ ਹੋ ਗਿਆ ਤੇ ਯੂਨੀਵਰਸਿਟੀ ਨਾਲ ਮੇਰਾ ਸੀਰ ਨਾਲ਼ ਲੈ ਗਿਆ। ਪ੍ਰੋ ਮਿਨਹਾਸ ਦੀ ਵੀ ਕੋਈ ਉੱਘ ਸੁੱਘ ਨਾ ਰਹੀ। ਮੈਂ ਆਪਣਾ ਸੀਰ ਪੰਜਾਬ ਯੂਨੀਵਰਸਿਟੀ ਤੋਂ ਤੋੜ ਕੇ ਪੰਜਾਬੀ ਯੂਨੀਵਰਸਿਟੀ ਨਾਲ਼ ਜੋੜ ਲਿਆ। ਪਤਾ ਲੱਗਾ ਕਿ ਉੱਥੇ ਦੋ ਵੱਡੇ ਬੰਦੇ ਹਨ; ਪ੍ਰੋ ਹਰਜੀਤ ਗਿੱਲ ਤੇ ਪ੍ਰੋ ਭੁਪਿੰਦਰ ਸਿੰਘ। ਦੋਹਾਂ ਨਾਲ ਮੁਲਾਕਾਤ ਦੇ ਸਬੱਬ ਬਣੇ ਤੇ ਸਿਲਸਿਲਾ ਚੱਲ ਸੋ ਚੱਲ ਜਾਰੀ ਹੋ ਗਿਆ। ਆਨੇ ਬਹਾਨੇ ਮੈਂ ਪਟਿਆਲ਼ੇ ਗਿਆ ਰਹਿੰਦਾ, ਜਿਵੇਂ ਤੀਰਥ ਅਸਥਾਨ ਹੋਵੇ। ਦੋਹਾਂ ਨੂੰ ਮਿਲ਼ ਕੇ ਇਵੇਂ ਲੱਗਣਾ ਜਿਵੇਂ ਸੱਚ ਦੇ ਸਰੋਵਰ ‘ਚ ਇਸ਼ਨਾਨ ਕਰ ਲਿਆ ਹੋਵੇ; ਜਿਵੇਂ ਕਿਸੇ ਪੀਰ ਨੂੰ ਸਿਜਦਾ ਕਰ ਲਿਆ ਹੋਵੇ; ਜਿਵੇ ਗਿਆਨ ਗੰਗਾ ਦੇ ਨਿਰਮਲ ਪਾਣੀਆਂ ‘ਚ ਆਪਣਾ ਅਕਸ ਦੇਖ ਲਿਆ ਹੋਵੇ।
ਪਤਾ ਲੱਗਾ ਪ੍ਰੋ ਭੁਪਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਵਾਲ਼ੇ ਪ੍ਰੋ ਮਿਨਹਾਸ ਦੇ ਵੱਡੇ ਭਾਈ ਹਨ। ਉਹ ਕਦੇ ਕਦੇ ਉਹਦੀ ਸੰਖੇਪ ਜਹੀ ਗੱਲ ਕਰਦੇ। ਮੈਂ ਵੀ ਖੁੱਲ੍ਹ ਕੇ ਉਨ੍ਹਾਂ ਨੂੰ ਪੁੱਛ ਨਾ ਸਕਦਾ। ਛੋਟੇ ਭਾਈ ਦੀ ਲਿਆਕਤ ਤੋਂ ਵੱਡਾ ਭਾਈ ਵੀ ਕਾਇਲ ਸੀ। ਕਦੀ ਕਦੀ ਮੈਨੂੰ ਲੱਗਦਾ ਕਿ ਮੈਂ ਉਸੇ ਪ੍ਰੋ ਮਿਨਹਾਸ ਅੱਗੇ ਬੈਠਾ ਹਾਂ; ਉਹੀ ਰੰਗ, ਉਹੀ ਢੰਗ, ਉਹੀ ਦਿੱਖ ਤੇ ਦਾਨਿਸ਼ਵਰੀ ਦਾ ਉਹੀ ਖ਼ਜ਼ਾਨਾ; ਜਿਵੇਂ ਦਰਵੇਸ਼ ਦੀ ਬਾਰਗਾਹ ਹੋਵੇ। ਉੱਥੇ ਜਾਣਾ ਅਤੇ ਆਉਣਾ ਇਵੇਂ ਲੱਗਦਾ ਜਿਵੇਂ ਖਾਲੀ ਟਿੰਡਾਂ ਖੂਹ ‘ਚੋਂ ਭਰ ਭਰ ਵਾਪਸ ਆਉਂਦੀਆਂ ਹਨ। ਮੇਰੇ ਸਤਿਕਾਰ ਨੂੰ ਉਹ ਪਿਆਰ ਨਾਲ਼ ਨਿਵਾਜਦੇ ਤੇ ਆਪਣੇ ਲਾਗੇ ਬਹਿਣ ਦੀ ਇਜਾਜ਼ਤ ਦਿੰਦੇ। ਮੁਰਸ਼ਦ ਇਹੋ ਜਹੇ ਹੁੰਦੇ ਹੋਣਗੇ; ਮੈਂ ਸੋਚਣ ਲੱਗ ਪੈਂਦਾ।
ਪ੍ਰੋ ਭੁਪਿੰਦਰ ਸਿੰਘ ਦੇ ਬੇਟੇ ਦੀ ਸ਼ਾਦੀ ਤੈਅ ਹੋਈ ਤਾਂ ਉਨ੍ਹਾਂ ਨੇ ਨਾਚੀਜ਼ ਨੂੰ ਵੀ ਸੱਦਾ ਦਿਤਾ ਤੇ ਮੇਰੇ ਪੀਰ, ਪ੍ਰੋ ਹਰਪਾਲ ਸਿੰਘ ਨੂੰ ਵੀ। ਅਸੀਂ ਦੋਹਵੇਂ ਵਿਆਹ ‘ਚ ਸ਼ਾਮਲ ਹੋਏ ਤਾਂ ਇਨ੍ਹਾਂ ਨਜ਼ਰਾਂ ਨੇ ਇੱਕ ਕ੍ਰਿਸ਼ਮਾ ਦੇਖਿਆ। ਭਰੀ ਮਲੱਖ ਵਿੱਚ ਰੂਹਾਂ ਜਹੇ ਦੋ ਜਣੇ, ਸਭ ਤੋਂ ਅਲੱਗ ਅਤੇ ਬਿਲਕੁਲ ਚੁੱਪ ਖੜ੍ਹੇ ਸਨ। ਇੰਜ ਲੱਗਿਆ ਜਿਵੇਂ ਕੋਈ ਸ਼ੀਸ਼ੇ ਸਾਹਮਣੇ ਖੜ੍ਹਾ ਹੋਵੇ। ਪਤਾ ਨਾ ਲੱਗੇ ਕਿ ਪ੍ਰੋ ਭੁਪਿੰਦਰ ਸਿੰਘ ਕੌਣ ਹੈ ਤੇ ਪ੍ਰੋ ਮਿਨਹਾਸ ਕਿਹੜੇ ਹਨ। ਦੋਹਾਂ ਭਾਈਆਂ ਦੀ ਹਲਕੇ ਮੋਤੀਆ ਰੰਗ ਦੀ ਦਸਤਾਰ, ਕੋਟ, ਪੈੰਟ, ਤਸਮਿਆਂ ਵਾਲ਼ੇ ਬੂਟ ਤੇ ਗੁਲੂਬੰਦ। ਉਹੀ ਦਾਹੜੀ, ਉਹੀ ਮੁੱਛਾਂ ਤੇ ਉਹੀ ਦਿੱਖ। ਪ੍ਰੋ ਭੁਪਿੰਦਰ ਸਿੰਘ ਨੇ ਅੱਖਾਂ ਅੱਖਾਂ ਵਿੱਚ ਹੀ ਸਾਡੀ ਹਾਜ਼ਰੀ ਕਬੂਲ ਕੀਤੀ ਤੇ ‘ਤੁਸੀਂ ਕਰੋ ਗੱਲ’ ਕਹਿ ਕੇ ਕਿਸੇ ਪਾਸੇ ਖਿਸਕ ਗਏ।
ਪ੍ਰੋ ਮਿਨਹਾਸ ਦੇ ਚਿਹਰੇ ‘ਤੇ ਹਲਕੀ ਜਹੀ ਮੁਸਕਰਾਹਟ ਆਈ; ਆਈ ਤੇ ਚਲੇ ਗਈ। ਮੈਨੂੰ ਲੱਗਿਆ, ਉਨ੍ਹਾਂ ਨੇ ਵੀ ਅੱਖਾਂ ਅੱਖਾਂ ਵਿੱਚ ਬੜਾ ਕੁਝ ਕਹਿ ਦਿੱਤਾ ਹੈ ਤੇ ਸੁਣ ਵੀ ਲਿਆ ਹੈ। ਉਹ ਮੁੜ ਉਸੇ ਗਹਿਰਾਈ ਵਿੱਚ ਉਤਰ ਗਏ, ਜਿਥੋਂ ਉਹ ਹੁਣੇ ਹੁਣੇ ਰੱਤੀ ਭਰ ਮੁਸਕਰਾਉਣ ਲਈ ਆਏ ਸਨ। ਤੁਰਦੀ ਫਿਰਦੀ ਚੁੱਪ ਨਾਲ਼ ਭਲਾ ਕੋਈ ਕੀ ਗੱਲ ਕਰੇ। ਇਸ ਖਾਮੋਸ਼ ਸੰਵਾਦ ਦੌਰਾਨ ਅਸੀਂ ਉਨ੍ਹਾਂ ਦੇ ਅੰਤ੍ਰੀਵ ਵਿੱਚ ਉਤਰਨ ਦੀ ਕੋਸ਼ਿਸ਼ ਕਰਨ ਲੱਗੇ।
ਪ੍ਰੋ ਮਿਨਹਾਸ ਨੂੰ ਬੜੀ ਉਮੀਦ ਸੀ ਕਿ ਇਸ ਪਰਿਵਾਰਕ ਸ਼ਾਦੀ ਸਮੇਂ ਉਹ ਜ਼ਰੂਰ ਆਉਣਗੇ; ਉਹ ਆਪਣੇ ਲਾਲਾਂ ਨੂੰ ਚੁੰਮ ਸਕਣਗੇ ਤੇ ਲਾਲਾਂ ਵਾਲ਼ੀ ਨੂੰ ਦੇਖ ਸਕਣਗੇ। ਪਰ, ਨਾ ਲਾਲ ਆਏ ਨਾ ਲਾਲਾਂ ਵਾਲ਼ੀ। ਜ਼ਿੰਦਗੀ ਇਤਨੀ ਖ਼ੁਦਦਾਰ ਜਾਂ ਖ਼ੁਦਗ਼ਰਜ਼ ਨਿਕਲੀ ਕਿ ਨਾ ਉਹਨੂੰ ਉਹ ਚੁੰਮ ਸਕੇ ਨਾ ਦੇਖ ਸਕੇ। ਝੰਗ ਅਤੇ ਯੁੰਗ ਦੀ ਵਿੱਥ ਉਵੇਂ ਦੀ ਉਵੇਂ ਰਹੀ। ਹੀਰੇ ਦੀ ਹਾਲਤ ਅੱਥਰੂ ਕੇਰਨ ਜਹੀ ਹੋ ਗਈ ਸੀ। ਹੀਰੇ ਨੂੰ ਆਪਣਾ ਆਪ ਪਾਣੀ ਦਾ ਬੁਲਬੁਲਾ ਲੱਗਦਾ।
ਪਤਾ ਲੱਗਾ ਕਿ ਪ੍ਰੋ ਮਿਨਹਾਸ ਦਾ ਦਿਲ ਬਹਿ ਗਿਆ ਹੈ — ਦਿਲ ਹੀ ਤੋ ਹੈ, ਨਾ ਸੰਗੋ ਖਿਸ਼ਤ। ਉਹ ਦਿਲਾਂ ਦੇ ਮੱਕੇ, ਮੁਹਾਲ਼ੀ ਦੇ ਫੋਰਟਿਸ ਵਿੱਚ ਦਾਖਲ ਹੋ ਗਏ। ਉਨ੍ਹਾਂ ਦਾ ਗਭਲਾ ਭਾਈ ਹੈਦਰਾਬਾਦ ਤੋਂ ਆ ਗਿਆ। ਪ੍ਰੋ ਮਿਨਹਾਸ ਨੇ ਆਪਣੇ ਭਾਈ ਨੂੰ ਕਿਹਾ ਕਿ ਤੇਰੇ ਬਿਨਾ ਮੇਰੇ ਕੋਲ਼ ਕੋਈ ਹੋਰ ਨਾ ਆਵੇ; ਇੱਕ ਬਿਮਾਰ, ਦੂਜਾ ਤਿਮਾਰਦਾਰ ਤੇ ਬਸ। ਮੈਂ ਪ੍ਰੋ ਹਰਪਾਲ ਸਿੰਘ ਨੂੰ ਦੱਸਿਆ ਤਾਂ ਉਹ ਸਾਰੇ ਕੰਮ ਛੱਡ ਕੇ ਹਸਪਤਾਲ ਪਹੁੰਚ ਗਏ। ਭਾਈ ਨੇ ਉਨ੍ਹਾਂ ਨੂੰ ਬਿਮਾਰ ਕੋਲ ਨਾ ਜਾਣ ਦਿੱਤਾ; ਉਹ ਤਿਮਾਰਦਾਰ ਦੀ ਹੀ ਤਿਮਾਰਦਾਰੀ ਕਰਦੇ ਰਹੇ ਤੇ ਮੈਨੂੰ ਸੂਰਤੇ ਹਾਲ ਦੱਸਦੇ ਰਹੇ। ਫਿਰ ਪ੍ਰੋ ਮਿਨਹਾਸ ਦੇ ਦਿਲ ਦਾ ਅਪਰੇਸ਼ਨ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਤਿਮਾਰਦਾਰ ਭਾਈ ਨਾਲ ਮਿਲਣ ਦੀ ਇਜਾਜ਼ਤ ਹੋਈ ਤਾਂ ਉਹਨੂੰ ਸਭ ਤੋਂ ਪਹਿਲਾ ਕੰਮ ਇਹ ਆਖਿਆ ਕਿ ਸਤਾਰਾਂ ਸੈਕਟਰ ਦੀ ਕਿਤਾਬਾਂ ਦੀ ਦੁਕਾਨ ਤੋਂ ‘ਯੋਗ-ਵਸ਼ਿਸ਼ਟ’ ਲਿਆਉ। ਪ੍ਰੋ ਹਰਪਾਲ ਸਿੰਘ ਤੇ ਉਨ੍ਹਾਂ ਦੇ ਭਾਈ ਨੇ ਕਿਤਾਬ ਲੈਆਂਦੀ ਤੇ ਉਨ੍ਹਾਂ ਤੱਕ ਪੁੱਜਦੀ ਕਰ ਦਿੱਤੀ। ਪ੍ਰੋ ਮਿਨਹਾਸ ਨੇ ਉਹ ਬੈੱਡ ‘ਤੇ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਨੂੰਨ ਤੇ ਜਨੂੰਨ ਦੀ ਹੱਦ ਦੇਖ ਕੇ ਡਾ ਬੜੇ ਹੈਰਾਨ ਹੋਏ।
ਹਸਪਤਾਲ਼ੋਂ ਛੁੱਟੀ ਹੋਈ ਤਾਂ ਉਹ ਅਗਿਆਤਵਾਸ ਹੋ ਗਏ। ਪੁੱਛ ਪੁਛਾ ਕੇ ਪਤਾ ਲੱਗਾ ਕਿ ਕੁਝ ਦਿਨ ਮੁਕੇਰੀਆਂ ਆਪਣੀ ਵੱਡੀ ਭੈਣ ਕੋਲ਼ ਗੁਜ਼ਾਰ ਕੇ, ਹੈਦਰਾਬਾਦ ਵਾਲੇ ਤਿਮਾਰਦਾਰ ਭਾਈ ਕੋਲ ਚਲੇ ਗਏ ਹਨ। ਪ੍ਰੋ ਮਿਨਹਾਸ ਦੇ ਗੰਗਾ ਨਗਰ ਵਾਲੇ ਦੋਸਤ, ਸੁੱਖਵਿੰਦਰ ਨੇ ਦੱਸਿਆ ਕਿ ਉਹਦੀ ਫ਼ੋਨ ‘ਤੇ ਲੰਮੀ ਗੱਲ-ਬਾਤ ਹੋਈ ਹੈ। ਉਹਨੇ ਦੱਸਿਆ ਕਿ ਉਹ ਠੀਕ ਹੋ ਰਹੇ ਹਨ ਤੇ ਜਲਦੀ ਹੀ ਇੱਧਰ ਆਉਣਗੇ।
ਮੈਨੂੰ ਯਾਦ ਆਇਆ ਕਿ ਉਹ ਆਪਣੇ ਇਸੇ ਦੋਸਤ ਦੀ ਬੇਟੀ ਦੇ ਅਨੰਦ-ਕਾਰਜ ‘ਤੇ ਆਏ ਸਨ ਤੇ ੴ ਦੀ ਇੱਕ ਅਕਰਸ਼ਿਕ ਕਲਾਕਿਰਤ ਦੇ ਕੇ ਉਨ੍ਹੀਂ ਪੈਰੀਂ ਵਾਪਸ ਮੁੜ ਗਏ ਸਨ। ਉਹ ਆਪਣੇ ਇਸੇ ਦੋਸਤ ਨੂੰ ਆਖਦੇ ਸਨ ਕਿ ਉਨ੍ਹਾਂ ਦਾ ਹਰਿਮੰਦਰ ਸਾਹਿਬ ਜਾਣ ਨੂੰ ਜੀ ਕਰਦਾ ਹੈ। ਉਹ ਸਿੱਖ ਅਹਿਸਾਸ ਦੀ ਭਰਪੂਰਤਾ ਅਤੇ ਪਰਫੁੱਲਤਾ ਬਾਬਾ ਦੀਪ ਸਿੰਘ ਵਿੱਚ ਦੇਖਦੇ ਸਨ, ਜਿਨ੍ਹਾਂ ਦੇ ਸਿਦਕ ਲਈ, ਉਨ੍ਹਾਂ ਦੇ ਮਨ ਵਿੱਚ, ਕੋਈ ਉੱਚੀ ਅਤੇ ਸੁੱਚੀ ਥਾਂ ਸੀ।
ਉਨ੍ਹਾਂ ਦੇ ਇਸੇ ਦੋਸਤ ਸੁਖਵਿੰਦਰ ਨੇ ਦੱਸਿਆ ਕਿ ਉਹ ਕਦੀ ਕਦੀ ਆਪਣੇ ਦਿਲ ਦੇ ਬੰਦ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰਦੇ, ਪਰ ਖੁੱਲ੍ਹਦੇ ਸਾਰ ਉਨ੍ਹਾਂ ਦਾ ਗਲ਼ਾ ਖੁਸ਼ਕ ਹੋ ਜਾਂਦਾ, ਅੱਖਾਂ ਨਮ ਹੋ ਜਾਂਦੀਆਂ ਤੇ ਜ਼ੁਬਾਨ ਖਾਮੋਸ਼ ਹੋ ਜਾਂਦੀ। ਉਸ ਵੇਲੇ ਉਨ੍ਹਾਂ ਨੂੰ ਦੇਖ ਕੇ ਲੱਗਦਾ ਕਿ ਉਨ੍ਹਾਂ ਦੇ ਲਬਾਂ ‘ਤੇ ਕੋਈ ਤਲਬ ਜਹੀ ਉੱਠ ਰਹੀ ਹੈ, ਜਿਹਦੀ ਉਤਕੰਠਾ ਦਾ ਕੋਈ ਪਾਰਾਵਾਰ ਨਹੀਂ ਹੈ। ਅਜਿਹੇ ਸਮੇਂ ਉਹ ਕਿਸੇ ਨਿਰਾਕਾਰ ਅੱਥਰੂ ਜਹੇ ਹੋ ਜਾਂਦੇ ਤੇ ਨਿਰਾਕਾਰ ਅੱਥਰੂ ਨਿਰੰਕਾਰ ਦੇ ਨੇੜੇ ਪੁੱਜ ਜਾਂਦਾ।
ਉਨ੍ਹਾਂ ਬਾਬਤ ਮੈਂ ਬੜਾ ਅੱਛਾ ਅੱਛਾ ਸੋਚਦਾ ਸੀ ਕਿ ਉਹ ਪੰਜਾਬ ਆਉਣਗੇ ਤੇ ਆਪਾਂ ਉਨ੍ਹਾਂ ਨੂੰ ਫਿਰ ਮਿਲ ਸਕਾਂਗੇ। ਪਰ, ਇਕ ਦਿਨ ਅਚਾਨਕ ਖ਼ਬਰ ਪੜ੍ਹੀ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਾਲੇ ਪ੍ਰੋ ਮਿਨਹਾਸ ਨਹੀਂ ਰਹੇ। ਇੱਧਰ ਉਧਰ ਫ਼ੋਨ ਘੁਮਾਏ; ਪਤਾ ਲੱਗਾ ਕਮਜੋਰੀ ਬਹੁਤ ਜ਼ਿਆਦਾ ਸੀ, ਜਿਹਦੀ ਭਰਪਾਈ ਨਾ ਹੋ ਸਕੀ ਤੇ ਉਹ ਚੱਲ ਵਸੇ। ਤਿਮਾਰਦਾਰ ਭਾਈ ਨਾਲ ਗੱਲ ਹੋਈ; ਉਹਨੇ ਬਹੁਤੀ ਗੱਲ ਨਾ ਕੀਤੀ। ਗੱਲ ਕੀ ਕਰਦਾ, ਗੱਲ ਮੁੱਕ ਚੁੱਕੀ ਸੀ ਤੇ ਬਾਜ ਉੜ ਚੁੱਕਿਆ ਸੀ।
ਚੜੇਲਾਂ ਜਹੀਆਂ ਲੰਮੀਆਂ ਰਾਤਾਂ ਨਾਲ਼ ਕੱਲਮ ਕੱਲੇ ਜੂਝਦੇ ਹੋਏ ਉਹ ਸਾਨੂੰ ਅਲਵਿਦਾ ਆਖ ਗਏ। ਦੋ ਚੁੰਮਣ ਤੇ ਇੱਕ ਦੀਦ ਦੀ ਪਿਆਸ ਉਵੇਂ ਦੀ ਉਵੇਂ ਰਹੀ; ਨਾ ਈਦ ਆਈ ਨਾ ਚੰਨ ਚੜ੍ਹੇ। ਬੇਰੌਣਕ ਤੇ ਬੇਰੰਗ ਜ਼ਿੰਦਗੀ ਮਾਤਮ ਦਾ ਪਰਿਆਇ ਰਹੀ। ਭਲਾ ਮੁਹੱਬਤ ਇਤਨੀ ਕਠੋਰ, ਨਿਰਦਈ ਅਤੇ ਬੇਕਿਰਕ ਵੀ ਹੋ ਸਕਦੀ ਹੈ! ਉਹ ਵੀ ਇਰਾਨੀ!
ਉਨ੍ਹਾਂ ਦੇ ਵੱਡੇ ਭਾਈ ਪ੍ਰੋ ਭੁਪਿੰਦਰ ਸਿੰਘ ਨਾਲ਼ ਅਫ਼ਸੋਸ ਕੀਤਾ; ਉਨ੍ਹਾਂ ਨੇ ਆਖਿਆ ਕਿ ‘ੳਹਦੇ (ਮੇਤੋਂ ਪਹਿਲਾਂ) ਚਲੇ ਜਾਣ ਦਾ ਦਰਦ ਆਖਰੀ ਸਾਹ ਤੱਕ ਮੇਰੇ ਨਾਲ਼ ਰਹੇਗਾ। ਉਹ ਇਸ ਕੁਰਖਤ ਜ਼ਮਾਨੇ ਵਿਚ ਬੜਾ ਹੀ ਸੁਬਕ ਅਤੇ ਨੇਕ ਦਿਲ ਸੀ’। ਉਨ੍ਹਾਂ ਨੇ ਚੰਦ ਲਫ਼ਜ਼ਾਂ ਵਿਚ ਪਹਾੜ ਜਿੱਡਾ ਦਰਦ ਬਿਆਨ ਕਰ ਦਿੱਤਾ। ਪ੍ਰੋ ਭੁਪਿੰਦਰ ਸਿੰਘ ਦੇ ਦਰਦ ਭਿੰਨੇ ਸ਼ਬਦ ਸਾਡੇ ਲਈ ਅਲਾਰਮ ਹਨ। ਭਲੇ ਲੋਕ, ਨੇਕ ਇਨਸਾਨ ਅਤੇ ਦਾਨਿਸ਼ਵਰੀ ਦੇ ਮੁਜੱਸਮੇਂ ਇੱਕ ਇੱਕ ਕਰਕੇ ਕਿਰ ਰਹੇ ਹਨ ਤੇ ਅਸੀਂ ਸਮਝਦੇ ਹਾਂ ਜਿਵੇਂ ਰੁੱਖ ਤੋਂ ਮਹਿਜ ਕੋਈ ਚਿੜੀ ਉੜ ਗਈ ਹੋਵੇ; ਜਿਵੇਂ ਕਿਸੇ ਰੁੱਖ ਦਾ ਕੋਈ ਪੱਤਾ ਝੜ ਗਿਆ ਹੋਵੇ ਤੇ ਬਸ।
ਅਸੀਂ ਲਗਾਤਾਰ ਕਿਸੇ ਅਨੰਤ ਮਾਤਮ ਵੱਲ੍ਹ ਵਧ ਰਹੇ ਹਾਂ। ਨਦੀਆਂ ਦੀ ਕਲ ਕਲ ਤੇ ਪੰਛੀਆਂ ਦੀ ਚਹਿਕ ਕਿਤੇ ਸੁਣਾਈ ਨਹੀਂ ਦਿੰਦੀ। ਅਸਮਾਨ ਵਿਚ ਹੁਣ ਪਰਿੰਦੇ ਨਜ਼ਰ ਨਹੀਂ ਆਉਂਦੇ। ਤਮਾਮ ਰਿਸ਼ਤੇ ਬਜ਼ਾਰੀ ਹੋ ਰਹੇ ਹਨ। ਇਸ ਆਲਮ ਵਿੱਚ ਮੀਸ਼ੇ ਦੀ ਕਵਿਤਾ ਦੇ ਬੋਲ ਚੇਤੇ ਆਉਂਦੇ ਹਨ — ਹੁਣ ਇਸ ਘਰ ਵਿੱਚ ਜੀ ਨਹੀਂ ਲਗਦਾ।