Pakistan Da Matlab Ki (Safarnama) : Asghar Wajahat

ਪਾਕਿਸਤਾਨ ਦਾ ਮਤਲਬ ਕੀ (ਸਫ਼ਰਨਾਮਾ) : ਅਸਗ਼ਰ ਵਜਾਹਤ

ਪਹਿਲਾ ਪੜਾਅ : ਲਾਹੌਰ

ਪਾਕਿਸਤਾਨ ਇਕ ਅਜਿਹਾ ਸ਼ਬਦ ਹੈ ਜਿਹੜਾ ਉਤਰ ਭਾਰਤ ਵਿਚ ਰਹਿਣ ਵਾਲੇ ਲੋਕਾਂ ਦੇ ਮਨ ਵਿਚ ਕਈ ਵਿਸ਼ੇਸ਼ ਬਿੰਬ ਬਣਾਉਂਦਾ ਹੈ। ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆਏ ਲੋਕਾਂ ਦੀਆਂ ਗੱਲਾਂ ਨੂੰ ਛੱਡ ਵੀ ਦੇਈਏ ਤਾਂ ਵੀ, ਘੱਟੋਘੱਟ ਉਤਰ ਭਾਰਤ ਵਿਚ, ਪਾਕਿਸਤਾਨ ਦੇ ਭਾਂਤ-ਸੁਭਾਂਤੇ ਮਤਲਬ ਨੇ। ਪਾਕਿਸਤਾਨ ਨਾਲ ਜੁੜੀ ਜਿਹੜੀ ਸਭ ਤੋਂ ਪੁਰਾਣੀ ਤਸਵੀਰ ਮੇਰੇ ਮਨ ਵਿਚ ਹੈ, ਉਹ ਸ਼ਾਇਦ ਸਨ 55 ਦੇ ਆਸਪਾਸ ਦੀ ਹੈ—ਜਦੋਂ ਮੇਰੀ ਉਮਰ ਦਸ ਕੁ ਸਾਲ ਹੁੰਦੀ ਹੋਵੇਗੀ। ਗੁਆਂਢ ਦਾ ਕੋਈ ਪਰਿਵਾਰ ਪਾਕਿਸਤਾਨ ਜਾ ਰਿਹਾ ਸੀ। ਘਰ ਦੇ ਸਾਹਮਣੇ ਨਿੰਮ ਦੇ ਬੁੱਢੇ ਤੇ ਸੰਘਣੇ ਰੁੱਖ ਹੇਠ ਤਿੰਨ ਯੱਕੇ ਖੜ੍ਹੇ ਸਨ। ਇਕ ਯੱਕੇ ਉੱਤੇ ਸਾਮਾਨ ਲੱਦਿਆ ਜਾ ਰਿਹਾ ਸੀ—ਦੂਜੇ ਦੁਆਲੇ ਚਾਦਰ ਲਪੇਟ ਦਿੱਤੀ ਗਈ ਸੀ, ਕਿਉਂਕਿ ਉਸ ਵਿਚ ਜਨਾਨਾਂ ਸਵਾਰੀਆਂ ਨੇ ਜਾਣਾ ਸੀ। ਘਰ ਦੇ ਮਰਦ ਗੁਆਂਢੀ ਮਰਦਾਂ ਦੇ ਗਲ਼ ਲੱਗ ਰਹੇ ਸਨ। ਅਜਿਹਾ ਗ਼ਮਗੀਨ ਮਾਹੌਲ ਸੀ ਕਿ ਦਿਲ ਬੈਠਿਆ ਜਾ ਰਿਹਾ ਸੀ। ਘਰ ਦੇ ਅੰਦਰ ਔਰਤਾਂ ਗੁਆਂਢਣਾ ਨਾਲ ਚੰਬੜ-ਚੰਬੜ ਸਿਸਕ ਰਹੀਆਂ ਸਨ—ਸਿਸਕੀਆਂ, ਰੋਣੇ ਵਿਚ ਤੇ ਰੋਣਾ, ਕੁਰਲਾਹਟ ਵਿਚ ਤਬਦੀਲ ਹੋ ਰਿਹਾ ਸੀ। ਬੱਚੇ ਡੌਰਿਆਂ ਵਾਂਗ ਇਧਰ-ਉਧਰ ਭੌਂ ਰਹੇ ਸਨ। ਮੇਰੀ ਸਮਝ ਵਿਚ ਬਿਲਕੁਲ ਨਹੀਂ ਸੀ ਆ ਰਿਹਾ ਕਿ ਇਹ ਸਭ ਹੋ ਕੀ ਰਿਹਾ ਹੈ? ਪਾਕਿਸਤਾਨ ਨਾਲ ਜੁੜੀ ਦੂਜੀ ਤਸਵੀਰ ਇਹ ਹੈ ਕਿ ਗਰਮੀਆਂ ਦੇ ਦਿਨਾਂ ਦੀ ਦੁਪਹਿਰ ਵੇਲੇ ਅਸੀਂ ਲੋਕ ਘਰ ਦੇ ਤਹਿਖਾਨੇ ਵਿਚ ਸੌਂਦੇ ਸਾਂ, ਜਿੱਥੇ ਛੱਤ ਨਾਲ ਲਟਕਦਾ ਪੱਖਾ ਝੱਲਣ ਲਈ ਨੌਕਰ ਪੱਖੇ ਦੀ ਰੱਸੀ ਆਪਣੇ ਪੈਰ ਨਾਲ ਲਪੇਟ ਕੇ ਕੁਝ ਫਾਸਲੇ 'ਤੇ ਲੇਟ ਜਾਂਦਾ ਸੀ ਤੇ ਲੱਤ ਹਿਲਾਉਂਦਾ ਰਹਿੰਦਾ ਸੀ ਜਿਸਦੇ ਸਿੱਟੇ ਵਜੋਂ ਪੱਖਾ ਹਿੱਲਦਾ ਸੀ ਤੇ ਹਵਾ ਆਉਂਦੀ ਰਹਿੰਦੀ ਸੀ। ਅਜਿਹੀ ਕਿਸੇ ਸ਼ਾਂਤ ਤੇ ਠੰਡੀ ਦੁਪਹਿਰ ਸਮੇਂ ਕਦੀ-ਕਦੀ ਕੋਈ ਨੌਕਰ ਹੱਥ ਵਿਚ ਖ਼ਤ ਫੜੀ ਇਹ ਕਹਿੰਦਾ ਹੋਇਆ ਆਉਂਦਾ ਕਿ 'ਪਾਕਿਸਤਾਨੋਂ ਖ਼ਤ ਆਇਆ ਏ ਜੀ।' ਸਾਰੇ ਜਣੇ ਉਠ ਕੇ ਬੈਠ ਜਾਂਦੇ। ਸਾਡੇ ਅੱਬਾ ਦੀ ਫੂਫੀ (ਭੂਆ) ਦਾ ਵੱਡਾ ਲੜਕਾ ਪਾਕਿਸਤਾਨ ਚਲਾ ਗਿਆ ਸੀ ਤੇ ਉੱਥੋਂ ਉਹਦੇ ਖ਼ਤਾਂ ਦੀ ਉਡੀਕ ਪੂਰੇ ਘਰ ਨੂੰ ਰਹਿੰਦੀ ਸੀ। ਕਹਿੰਦੇ ਨੇ, ਵਸੀ ਚਾਚਾ ਪਾਕਿਸਤਾਨ ਨਹੀਂ ਸਨ ਜਾਣਾ ਚਾਹੁੰਦੇ। ਲਖ਼ਨਊ ਯੂਨੀਵਰਸਟੀ ਤੋਂ ਕੈਮਿਸਟਰੀ ਦੀ ਐਮ.ਐਸ.ਸੀ. ਕਰਨ ਪਿੱਛੋਂ ਉਹ ਨੌਕਰੀ ਦੀ ਭਾਲ ਵਿਚ ਸਨ। ਇਕ ਇੰਟਰਵਿਊ ਬੋਰਡ ਵਿਚ ਬੋਰਡ ਦੇ ਕਿਸੇ ਮੈਂਬਰ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਸੀ ਕਿ 'ਮੀਆਂ ਜੀ, ਤੁਸੀਂ ਇੱਥੇ ਭਾਰਤ 'ਚ ਕਿਉਂ ਨੌਕਰੀ ਦੇ ਚੱਕਰ 'ਚ ਪ੍ਰੇਸ਼ਾਨ ਹੋ ਰਹੇ ਓ? ਪਾਕਿਸਤਾਨ 'ਚ ਪਤਾ ਨਹੀਂ ਕਿੰਨੀਆਂ ਨੌਕਰੀਆਂ ਤੁਹਾਡੀ ਉਡੀਕ ਕਰ ਰਹੀਆਂ ਨੇ। ਤੁਸੀਂ ਪਾਕਿਸਤਾਨ ਚਲੇ ਜਾਓ। ਤੁਹਾਨੂੰ ਇੱਥੇ ਨੌਕਰੀ ਦੇਣ ਦਾ ਮਤਲਬ ਕਿਸੇ ਹਿੰਦੂ ਦਾ ਹੱਕ ਮਾਰਨਾ ਏਂ...' ਇਸ ਗੱਲਬਾਤ ਪਿੱਛੋਂ ਵਸੀ ਮਾਮੂ ਸਮਝ ਗਏ ਕਿ ਹਿੰਦੁਸਤਾਨ ਵਿਚੋਂ ਉਹਨਾਂ ਦਾ ਦਾਣਾ-ਪਾਣੀ ਮੁੱਕ ਗਿਆ ਹੈ। ਉਹ ਘਰ ਆਏ ਤੇ ਆਪਣਾ ਫੈਸਲਾ ਸੁਣਾ ਦਿੱਤਾ। ਖ਼ਬਰ ਬੰਬ ਵਾਂਗ ਪਾਟੀ। ਲਖ਼ਨਊ ਦੇ ਕੂਚ-ਏ-ਮਰਿਜਾਨ ਵਿਚ ਲੰਮੀ-ਚੌੜੀ ਹਵੇਲੀ, ਖ਼ਾਨਦਾਨੀ ਇਮਾਮਵਾੜਾ, ਵਾਲਿਦ (ਪਿਤਾ) ਸ਼ਹਿਰ ਦੇ ਮੰਨੇ ਹੋਏ ਵਕੀਲ, ਖ਼ਾਨਦਾਨੀ ਰਾਈਸ, ਯੂਨੀਵਰਸਟੀ ਵਿਚ ਪੜ੍ਹਦੀਆਂ ਭੈਣਾ ਤੇ ਭਰਾ, ਸਾਰੇ ਹੈਰਾਨ ਹੋ ਗਏ। ਖ਼ੈਰ-ਜੀ, ਵਸੀ ਮਾਮੂ ਆਸਾਨੀ ਨਾਲ ਨਹੀਂ ਸਨ ਜਾ ਸਕੇ। ਬੜੀ ਹਾਏ-ਤੌਬਾ ਤੇ ਰੋਣ-ਧੋਣ ਪਿੱਛੋਂ ਕਰਾਚੀ ਸਿਧਾਰੇ। ਉਹਨਾਂ ਦੇ ਖ਼ਤ ਤਪਦੀ ਹੋਈ ਦੁਪਹਿਰ ਵਿਚ ਠੰਡੀ ਹਵਾ ਦੇ ਬੁੱਲ੍ਹੇ ਵਾਂਗ ਆਉਂਦੇ ਸਨ ਤੇ ਉਹਨਾਂ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਂਦਾ ਸੀ...ਉਹਨਾਂ ਨੂੰ ਚੰਗੀ ਨੌਕਰੀ ਮਿਲ ਗਈ ਸੀ। ਉਹਨਾਂ ਨੇ ਨਾਜਿਮਾਬਾਦ ਵਿਚ ਪਲਾਟ ਵੀ ਲੈ ਲਿਆ ਸੀ।...ਤੇ ਮਕਾਨ ਬਣਵਾਅ ਰਹੇ ਸਨ। ਉਹਨਾਂ ਦੇ ਖ਼ਤਾਂ ਦੇ ਨਵੇਂ ਸ਼ਬਦ ਜਿਵੇਂ 'ਨਾਜਿਮਾਬਾਦ' ਜਾਂ ਵਾਕ ਜਿਵੇਂ 'ਪਠਾਨ ਨੌਕਰ ਚਾਕੂ ਨਾਲ ਨਹੀਂ ਕਰੌਲੀ (ਖੰਜਰ) ਨਾਲ ਸਬਜ਼ੀ ਕੱਟਦੇ ਨੇ' ਦਿਮਾਗ਼ ਵਿਚ ਚਿਪਕ ਕੇ ਰਹਿ ਗਏ ਨੇ...ਪਾਕਿਸਤਾਨ ਨਾਲ ਜੁੜਿਆ ਇਕ ਹੋਰ ਵਾਕ ਉਹ ਨਾਅਰਾ ਹੈ ਜਿਹੜਾ ਪਾਕਿਸਤਾਨ ਬਣਨ ਪਿੱਛੋਂ ਮੁਸਲਿਮ ਲੀਗੀ ਲਾਉਂਦੇ ਹੁੰਦੇ ਸਨ। ਨਾਅਰਾ ਹੈ—'ਹੱਸ ਕੇ ਲਿਆ ਹੈ ਪਕਿਸਤਾਨ, ਲੜ ਕੇ ਲਵਾਂਗੇ ਹਿੰਦੁਸਤਾਨ।' ਪਾਕਿਸਤਾਨ ਦਾ ਮਤਲਬ ਦੱਸਣ ਲਈ ਇਕ ਹੋਰ ਨਾਅਰਾ—'ਪਾਕਿਸਤਾਨ ਦਾ ਮਤਲਬ ਕੀ? ਲਾ ਇਲਾਹਾ ਇਲਲਿੱਲ੍ਹਾ।' ਪਾਕਿਸਤਾਨ ਦਾ ਮਤਲਬ, 'ਅੱਲਾਹ ਇਕ ਹੈ' ਸਾਬਤ ਕਰਦਾ ਸੀ ਕਿ ਪਾਕਿਸਤਾਨ ਮੁਸਲਿਮ ਦੇਸ਼ ਹੈ। ਇਸ ਦੇ ਇਲਾਵਾ ਪਾਕਿਸਤਾਨ ਨੂੰ 'ਮੁਮਕਲਤੇ-ਖ਼ੁਦਾਦਾਦ' ਯਾਨੀ ਈਸ਼ਵਰ ਦੀ ਬਖ਼ਸ਼ੀ ਦਾਤ ਕਹਿਣ ਵਾਲੇ ਘੱਟ ਨਹੀਂ ਸਨ। ਦਰਅਸਲ 'ਹੱਸ ਕੇ ਲਿਆ ਹੈ ਪਾਕਿਸਤਾਨ' ਤੇ 'ਈਸ਼ਵਰ ਦੀ ਬਖ਼ਸ਼ੀ ਦਾਤ' ਦਾ ਆਪੋ ਵਿਚ ਡੂੰਘਾ ਸੰਬੰਧ ਸੀ।
'ਹੱਸ ਕੇ ਲਿਆ ਹੈ ਪਕਿਸਤਾਨ' ਦੀ ਤਸਦੀਕ ਜੇ ਇਤਿਹਾਸ ਵਿਚ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਪ੍ਰਮੁੱਖ ਨਿਰਮਾਤਾ ਮੁਹੰਮਦ ਅਲੀ ਜਿੱਨਾ ਭਾਰਤੀ ਰਾਜਨੀਤੀ ਤੇ ਸਾਮਾਜਕ ਜੀਵਨ ਤੋਂ ਸਨਿਆਸ ਲੈ ਕੇ ਸਨ 1932 ਵਿਚ ਲੰਦਨ ਚਲੇ ਗਏ ਸਨ। ਉਦੋਂ ਤਕ ਜਿੱਨਾ ਤੇ ਪਾਕਿਸਤਾਨ ਦਾ ਕੋਈ ਰਿਸ਼ਤਾ ਨਹੀਂ ਸੀ। ਸਨ 1934 ਵਿਚ ਮੁਸਲਿਮ ਲੀਗ ਦੇ ਨੇਤਾ ਲਿਯਾਕਤ ਅਲੀ ਖਾਂ ਦੇ ਕਹਿਣ 'ਤੇ ਮੁਸਲਿਮ ਲੀਗ ਦਾ ਨੇਤਰੀਤਵ ਸੰਭਾਲਨ ਲਈ ਮੁਹੰਮਦ ਅਲੀ ਜਿੱਨਾ ਵਾਪਸ ਆਏ ਸਨ।
ਸਨ 1946 ਤਕ ਮੁਸਲਿਮ ਲੀਗ ਕਾਂਗਰਸ ਨਾਲ ਮਿਲ ਕੇ ਸਰਕਾਰ ਚਲਾਉਣ ਲਈ ਤਿਆਰ ਸੀ, ਜਿਹਦੀ ਯੋਜਨਾ ਸਫਲ ਨਹੀਂ ਹੋ ਸਕੀ। 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆ ਗਿਆ। ਪਾਕਿਸਤਾਨ ਦੇ ਇਤਿਹਾਸਕਾਰ ਇਸ ਨੂੰ 'ਲੰਮਾ ਸੰਘਰਸ਼' ਮੰਨਦੇ ਨੇ। ਪਰ ਲਾਹੌਰ ਦੇ ਪ੍ਰਸਿੱਧ ਪੰਜਾਬੀ ਕਵੀ ਮੁਸ਼ਤਾਕ ਸੂਫ਼ੀ ਪੁੱਛਦੇ ਨੇ—“ਇਹ ਦੱਸੋ ਪਕਿਸਤਾਨ ਦੇ ਅੰਦੋਲਨ ਵਿਚ ਮੁਸਲਿਮ ਲੀਗ ਦੇ ਕਿੰਨੇ ਲੋਕ ਜੇਲ੍ਹ ਗਏ ਸਨ? ਕਿਸ-ਕਿਸ ਦੀ ਜਾਇਦਾਦ ਜਬਤ ਕੀਤੀ ਗਈ ਸੀ? ਕਿਸਨੇ ਬ੍ਰਿਟਿਸ਼ ਹਕੂਮਤ ਦੇ ਡੰਡੇ ਖਾਧੇ ਸਨ? ਕਿੰਨਿਆਂ ਕੁ ਨੂੰ ਫਾਂਸੀ ਹੋਈ ਸੀ? ਕਿੰਨੇ ਜਣਿਆਂ ਨੂੰ ਕਾਲੇ-ਪਾਣੀ ਭੇਜਿਆ ਗਿਆ ਸੀ?”
ਸੂਫ਼ੀ ਸਾਹਬ ਦੇ ਇਹਨਾਂ ਸਵਾਲਾਂ ਦਾ ਮੇਰੇ ਕੋਲ ਜਵਾਬ ਨਹੀਂ ਹੈ, ਕਿਉਂਕਿ ਮੈਂ ਇਤਿਹਾਸਕਾਰ ਨਹੀਂ ਹਾਂ। ਖ਼ੈਰ-ਜੀ, 'ਹੱਸ ਕੇ ਲਿਆ ਹੈ ਪਾਕਿਸਤਾਨ' ਦਾ ਦੂਜਾ ਪੱਖ ਇਹ ਹੈ ਕਿ ਕੁਝ ਲੋਕ ਕਾਂਗਰਸ ਉੱਤੇ ਇਹ ਦੋਸ਼ ਲਾਉਂਦੇ ਨੇ ਕਿ ਉਸਨੇ ਮੁਸਲਿਮ ਲੀਗ ਨੂੰ ਪਾਕਿਸਤਾਨ 'ਗਿਫਟ' ਕੀਤਾ ਸੀ...ਤੋ ਇਸ 'ਗਿਫਟ' ਦੀ ਪਰਿਭਾਸ਼ਾ 'ਮੁਮਕਲਤੇ-ਖ਼ੁਦਾਦਾਦ' ਤਾਂ ਨਹੀਂ ਹੋ ਸਕਦੀ, ਪਰ ਏਨਾ ਜ਼ਰੂਰ ਹੈ ਕਿ ਖ਼ੁਦਾ (ਅੱਲਾਹ) ਪਾਕਿਸਤਾਨ ਦੀ ਸੰਵੇਦਨਾ ਦਾ ਪ੍ਰਮੁੱਖ ਹਿੱਸਾ ਰਿਹਾ ਹੈ।
ਮੁਸ਼ਤਾਕ ਸੂਫ਼ੀ ਆਪਣੇ ਤਰਕ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਨੇ—“ਲਾਹੌਰ ਦੀ ਸਭ ਤੋਂ ਵੱਡੀ ਤੇ ਮਹਿੰਗੀ ਮਾਲ ਰੋਡ ਉੱਤੇ ਪਕਿਸਤਾਨ ਬਣਨ ਤੋਂ ਪਹਿਲਾਂ ਸਿਰਫ਼ ਇਕ ਮੁਸਲਮਾਨ ਦੀ ਦੁਕਾਨ ਹੁੰਦੀ ਸੀ। ਅੱਜ ਹਾਲਤ ਉਲਟੀ ਹੈ। ਇਸ ਦੇ ਇਲਾਵਾ ਪੰਜਾਬ ਵਿਚ ਜ਼ਮੀਨਾਂ ਸਿੱਖਾਂ ਕੋਲ ਸਨ। ਹੁਣ ਮੁਸਲਮਾਨਾਂ ਕੋਲ ਨੇ। ਇਸ ਸਭ ਬੜੀ ਜਲਦੀ ਤੇ 'ਕਰਪਟ' ਤਰੀਕੇ ਨਾਲ ਹੋਇਆ ਹੈ...ਮਤਲਬ ਇਹ ਕਿ ਜਾਇਦਾਦਾਂ ਹਥਿਆਉਣ ਵਿਚ ਗ਼ੈਰ-ਕਾਨੂੰਨੀ ਤਰੀਕੇ ਵੀ ਅਪਣਾਏ ਗਏ ਸਨ ਤੇ ਨਾਲੇ ਉਹ ਹਾਲਾਤ ਹੀ ਅਜਿਹੇ ਸਨ ਕਿ ਕਾਨੂੰਨ ਦੀ ਪਾਬੰਦੀ ਬਹੁਤੀ ਸੰਭਵ ਨਹੀਂ ਸੀ। ਪਰ ਇਸ ਉਥਲ-ਪੁਥਲ 'ਅਪ ਐਂਡ ਡਾਊਨ' ਜਾਂ ਕਹੀਏ 'ਡਾਊਨ ਸਾਈਡ ਅਪ' ਨੇ ਸਾਡੇ ਸਮਾਜ ਉੱਤੇ, ਮੇਰੇ ਖ਼ਿਆਲ ਵਿਚ, ਬਹੁਤਾ ਚੰਗਾ ਅਸਰ ਨਹੀਂ ਪਾਇਆ। ਜਦ ਚੈਲੇਂਜ ਨਹੀਂ ਹੁੰਦੇ ਤਾਂ ਸਮਾਜਾਂ ਵਿਚ 'ਨੈਗੇਟਿਵ ਥਿੰਕਿੰਗ' ਪੈਦਾ ਹੋ ਜਾਂਦੀ ਹੈ।”
ਪਾਕਿਸਤਾਨ ਦੇ ਇਤਿਹਾਸਕਾਰ ਤੇ ਬੁੱਧੀਜੀਵੀ ਇਹ ਮੰਨਦੇ ਨੇ ਕਿ ਪਕਿਸਤਾਨ ਲਈ ਸੰਘਰਸ਼ ਕਰਨ ਦੌਰਾਨ ਇਹ ਚਰਚਾ ਨਹੀਂ ਹੋਈ ਕਿ ਪਾਕਿਸਤਾਨ ਦਾ ਸਰੂਪ ਕੀ ਹੋਵੇਗਾ? ਰਾਜਨੀਤਕ ਤੇ ਆਰਥਕ ਵਿਵਸਥਾ ਦਾ ਕੀ ਮਾਡਲ ਹੋਵੇਗਾ? ਬੜੇ ਸਰਸਰੀ ਜਿਹੇ ਢੰਗ ਨਾਲ ਇਹ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਇਸਲਾਮੀ ਹਕੂਮਤ ਹੋਵੇਗੀ, ਪਰ ਉਸਦੀ ਪਰਿਭਾਸ਼ਾ ਨਹੀਂ ਬੰਨ੍ਹੀ ਗਈ। ਪਾਕਿਸਤਾਨ ਦੇ ਇਕ ਤੇਜ਼ ਬੁੱਧੀਜੀਵੀ ਮੀਆਂ ਆਸਿਫ਼ ਰਸ਼ੀਦ ਨੇ ਬੜੇ ਵਿਸਥਾਰ ਨਾਲ ਇਸ ਸਮੱਸਿਆ 'ਤੇ ਵਿਚਾਰ ਕੀਤਾ ਹੈ। ਪਾਕਿਸਤਾਨ ਦੇ ਸਰੂਪ ਬਾਰੇ ਚਰਚਾ ਨਾ ਕੀਤੇ ਜਾਣ ਦੇ ਕਾਰਨਾ ਨਾਲੋਂ ਪਹਿਲਾਂ ਉਹ ਇਕ ਬੁਨਿਆਦੀ ਮੁੱਦੇ ਵੱਲ ਧਿਆਨ ਖਿੱਚਦੇ ਨੇ। “ਕੁਰਾਨ ਦਾ ਉਦੇਸ਼ ਇਸਲਾਮੀ ਰਾਜ ਸਥਾਪਤ ਕਰਨਾ ਨਹੀਂ ਹੈ ਬਲਕਿ ਨਿਆਂ ਤੇ ਸਮਤਾ 'ਤੇ ਅਧਾਰਤ ਸਮਾਜ ਦਾ ਨਿਰਮਾਣ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਵੀ ਸਮਾਜ ਨਿਆਂ ਤੇ ਸਮਤਾ ਦੀ ਬੁਨਿਆਦ ਉੱਤੇ ਟਿਕਿਆ ਹੋਵੇਗਾ, ਉਹੀ ਇਸਲਾਮੀ ਸਮਾਜ ਹੋਵੇਗਾ—ਭਾਵੇਂ ਉੱਥੇ ਦੀ ਵੱਧ ਗਿਣਤੀ ਮੁਸਲਮਾਨ ਹੋਵੇ ਜਾਂ ਗ਼ੈਰ-ਮੁਸਲਿਮ।” (ਦਲੀਲੇ ਸਹਰ—ਮੀਆਂ ਆਸਿਫ਼ ਰਸ਼ੀਦ—ਫਿਕਸ਼ਨ ਹਾਊਸ, ਲਾਹੌਰ, ਪੰਨਾ 82.)।
ਮੀਆਂ ਆਸਿਫ਼ ਰਸ਼ੀਦ ਨੇ ਮੁਸਲਿਮ ਲੀਗ ਕੇ ਨੇਤਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ—“ਪਾਕਿਸਤਾਨ ਅੰਦੋਲਨ ਦੌਰਾਨ ਮੁਸਲਿਮ ਲੀਗ ਦੇ ਨੇਤਰੀਤਵ ਨੇ ਇਹ ਸੋਚਣ ਦੀ ਲੋੜ ਨਹੀਂ ਸਮਝੀ ਕਿ ਪਾਕਿਸਤਾਨ ਬਣ ਜਾਣ ਪਿੱਛੋਂ ਨਵੇਂ ਰਾਜ ਦਾ ਸਰੂਪ ਕੀ ਹੋਵੇਗਾ; ਉਸਦਾ ਰਾਜਨੀਤਕ ਢਾਂਚਾ ਕਿਹੜੇ ਸਿਧਾਂਤਾਂ ਅਨੁਸਾਰ ਬਣੇਗਾ ਤੇ ਰਾਜ ਦਾ ਆਰਥਕ ਤੇ ਰਾਜਨੈਤਿਕ ਪ੍ਰਬੰਧ ਕੇਹਾ ਹੋਵੇਗਾ?—ਹਾਲਾਂਕਿ ਮੁਸਲਿਮ ਲੀਗ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਇਹਨਾਂ ਉਦੇਸ਼ਾਂ ਨੂੰ ਸਾਹਵੇਂ ਰੱਖਦੇ ਹੋਏ 1935 ਦੀਆਂ ਸੂਬਾਈ ਚੋਣਾ ਤੋਂ ਪਹਿਲਾਂ ਪ੍ਰੋ. ਕੇ.ਟੀ. ਸ਼ਾਹ ਦੇ ਨੇਤਰੀਤਵ ਵਿਚ ਇਕ ਨੈਸ਼ਨਲ ਪਲਾਨਿੰਗ ਕਮਿਸ਼ਨ ਬਣਾ ਦਿੱਤਾ ਸੀ। 28 ਮਈ 1937 ਨੂੰ ਸਰ ਮੁਹੰਮਦ ਇਕਬਾਲ ਨੇ ਮੁਸਲਮਾਨਾਂ ਦੀਆਂ ਆਰਥਕ ਸਮੱਸਿਆਵਾਂ ਵੱਲੋਂ ਲਾਪ੍ਰਵਾਹੀ ਵਰਤਨ ਵਾਲੀ ਮੁਸਲਿਮ ਲੀਗ ਉੱਤੇ ਟਿੱਪਣੀ ਕਰਦਿਆਂ ਹੋਇਆਂ ਕਾਯਦੇ ਆਜ਼ਮ ਮੁਹੰਮਦ ਅਲੀ ਜਿੱਨਾ ਨੂੰ ਲਿਖਿਆ ਸੀ—'ਲੀਗ ਨੂੰ ਆਖ਼ਰ ਇਹ ਤੈਅ ਕਰਨਾ ਪਵੇਗਾ ਕਿ ਕੀ ਉਹ ਇਵੇਂ ਹੀ ਸਿਰਫ਼ ਹਿੰਦੁਸਤਾਨੀ ਮੁਸਲਮਾਨਾਂ ਦੇ ਉੱਚ-ਵਰਗ ਦੀ ਅਗੁਆਨੀ ਕਰਦੀ ਰਹੇਗੀ ਜਾਂ ਮਸਲਿਮ ਜਨਤਾ ਵੱਲ ਵੀ...' ਮੁਸਲਿਮ ਲੀਗ ਨਵਾਬਾਂ, ਰਾਜਿਆਂ, ਖਾਨ ਬਹਾਦੁਰਾਂ ਤੇ ਸਰਦਾਰਾਂ ਦੇ ਬੋਝ ਹੇਠ ਏਨੀ ਦੱਬੀ ਹੋਈ ਸੀ ਕਿ ਖ਼ੁਦ ਕਾਯਦੇ ਆਜ਼ਮ ਵੀ ਨਵੇਂ ਰਾਜ ਦੀ 'ਪਛਾਣ' ਦੀ ਵਿਆਖਿਆ ਕਰਦੇ ਹੋਏ ਘਬਰਾਉਂਦੇ ਸਨ ਕਿ ਕਿਤੇ ਪ੍ਰਭਾਵਸ਼ਾਲੀ ਗੁੱਟ ਨਾਰਾਜ਼ ਨਾ ਹੋ ਜਾਣ ਤੇ ਲੀਗ ਵਿਚ ਫੁੱਟ ਨਾ ਪੈ ਜਾਵੇ।” (ਦਲੀਲੇ ਸਹਰ—ਮੀਆਂ ਆਸਿਫ਼ ਰਸ਼ੀਦ—ਫਿਕਸ਼ਨ ਹਾਊਸ ਲਾਹੌਰ, ਪੰਨਾ 15.)।
ਨਵੇਂ ਮੁਲਕ ਪਾਕਿਸਤਾਨ ਦੀਆਂ ਆਰਥਕ ਤੇ ਸਮਾਜਿਕ ਨੀਤੀਆਂ ਨਿਸ਼ਚਿਤ ਨਹੀਂ ਕੀਤੀਆਂ ਗਈਆਂ ਸਨ ਪਰ ਇਸ ਨਾਲੋਂ ਵੱਡਾ ਦੁਖਾਂਤ ਇਹ ਸੀ ਕਿ ਕਾਯਦੇ ਆਜ਼ਮ ਮੁਹੰਮਦ ਅਲੀ ਜਿੱਨਾ ਨੇ ਪਾਕਿਸਤਾਨ ਬਣਨ ਪਿੱਛੋਂ ਸੱਤਾ ਦੀਆਂ ਸਾਰੀਆਂ ਚਾਬੀਆਂ ਆਪਣੇ ਕੋਲ ਰੱਖ ਲਈਆਂ ਸਨ—ਉਹ ਗਵਰਨਰ ਜਨਰਲ ਸਨ, ਸੰਵਿਧਾਨ ਬਣਾਉਣ ਵਾਲੀ ਸੰਸਦ ਦੇ ਮੁਖੀ ਸਨ, ਮੁਸਲਿਮ ਲੀਗ ਦੇ ਮੁਖੀ ਸਨ ਤੇ ਆਪਣੇ ਅਧਿਕਾਰ ਖੇਤਰ ਨੂੰ ਵਧਾਉਣ ਲਈ 1935 ਦੇ ਐਕਟ ਕਾਨੂੰਨ ਆਜ਼ਾਦੀਏ ਹਿੰਦ 1947 ਵਿਚ ਇਕ ਸੋਧ ਕਰਵਾਈ ਸੀ, ਜਿਸ ਨੂੰ 9 ਪੀ. ਕਿਹਾ ਜਾਂਦਾ ਹੈ। ਇਸ ਦੇ ਅਨੁਸਾਰ ਉਹਨਾਂ ਨੂੰ ਇਹ ਅਧਿਕਾਰ ਮਿਲ ਗਿਆ ਸੀ ਕਿ ਉਹ ਪਾਕਿਸਤਾਨ ਦੀ ਕਿਸੇ ਵੀ ਸੂਬਾਈ ਵਿਧਾਨ ਸਭਾ ਨੂੰ ਭੰਗ ਕਰ ਸਕਦੇ ਸਨ। ਉਹਨਾਂ ਨੇ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਵੀ ਕੀਤਾ।
ਮੀਆਂ ਆਸਿਫ਼ ਰਸ਼ੀਦ ਨੇ ਪਕਿਸਤਾਨ ਵਿਚ ਸੰਵਿਧਾਨ ਬਣਾਉਣ ਦੀ ਪ੍ਰਕ੍ਰਿਆ ਤੇ ਉਸਦੇ ਸਰੂਪ ਨੂੰ ਵੀ ਇਕ ਬੁਨਿਆਦੀ ਭੁੱਲ ਮੰਨਿਆਂ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨੇ ਤਿੰਨ ਸਾਲ (1947-1950) ਦੇ ਅੰਦਰ ਸੰਵਿਧਾਨ ਬਣਾ ਕੇ ਭਾਰਤ ਨੂੰ ਗਣਤੰਤਰ ਰਾਜ ਬਣਾ ਦਿੱਤਾ ਸੀ ਜਦਕਿ ਪਾਕਿਸਤਾਨ ਵਿਚ ਇਹ ਪ੍ਰਕ੍ਰਿਆ ਲੰਮੀ ਚੱਲੀ। ਨੌਕਰਸ਼ਾਹੀ ਤੇ ਸੈਨਾ ਨੇ ਸੰਵਿਧਾਨ ਦੇ ਰਾਹ ਵਿਚ ਰੋੜੇ ਅੜਾਏ—ਤੇ ਪਾਕਿਸਤਾਨ ਦਾ ਤੀਜਾ ਸੰਵਿਧਾਨ 1973 ਵਿਚ ਬਣਿਆ, ਜਿਹੜਾ ਮੂਲੋਂ-ਮੁੱਢੋਂ ਗ਼ੈਰ ਲੋਕਤਾਂਤਰਿਕ ਹੈ ਤੇ 'ਚੇਕ ਐਂਡ ਬੈਲੇਂਸ' ਦੀ ਵਿਵਸਥਾ ਵੀ ਉਸ ਵਿਚ ਨਹੀਂ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ 'ਇਸਲਾਮ' ਦਾ ਵਧਦਾ ਪ੍ਰਭਾਵ ਤੇ ਕੇਂਦਰ-ਰਾਜ-ਸੰਬੰਧਾਂ ਦੀ ਤਣਾਅ ਭਰੀ ਸਥਿਤੀ ਵੀ ਦੇਸ਼ ਨੂੰ ਲੋਕਤੰਤਰਿਕ ਆਧਾਰ ਦੇਣ ਵਿਚ ਅੜਿੱਕਾ ਲਾਉਂਦੀ ਹੈ।
ਮੁਹੰਮਦ ਅਲੀ ਜਿੱਨਾ ਨੇ 11 ਅਗਸਤ 1947 ਨੂੰ ਪਾਕਿਸਤਾਨ ਦੀ ਵਿਚਾਰਧਾਰਾ ਦੀ ਵਿਆਖਿਆ ਕਰਦਿਆਂ ਹੋਇਆਂ ਕਿਹਾ ਸੀ, “ਅਸੀਂ ਇਸ ਬੁਨਿਆਦੀ ਸਿਧਾਂਤ ਤੋਂ ਅੱਗੇ ਵਧ ਰਹੇ ਹਾਂ ਕਿ ਅਸੀਂ ਸਾਰੇ ਨਾਗਰਿਕ ਹਾਂ ਤੇ ਇਸ ਦੇਸ਼ ਦੇ ਨਾਗਰਿਕ ਬਰਾਬਰ ਨੇ।” ਜਿੱਨਾ ਲੋਕਤੰਤਰ, ਧਾਰਮਕ ਸਦਭਾਵਨਾ ਤੇ ਧਰਮ ਨਿਰਪੇਖਤਾ ਦੇ ਪੱਕੇ ਸਮਰਥਕ ਸਨ, ਪਰ ਉਹ ਆਪਣੇ ਵਿਚਾਰਾਂ ਨੂੰ ਵਿਹਾਰ ਵਿਚ ਲਾਗੂ ਨਹੀਂ ਸੀ ਕਰ ਸਕੇ ਤੇ ਆਖ਼ਰ ਸਿਰਫ਼ ਤੀਹ ਸਾਲ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਯਾਉਲ ਹੱਕ ਨੇ ਦੇਸ਼ ਨੂੰ ਇਸਲਾਮ ਦੇ ਆਧਾਰ 'ਤੇ ਮੁਸਲਿਮ ਦੇਸ਼ ਬਣਾਉਣ ਦਾ ਐਲਾਨ ਕਰ ਦਿੱਤਾ। ਲੋਕਤੰਤਰ ਤੇ ਧਰਮ-ਨਿਰਪੇਖਤਾ ਤੋਂ ਮੁਸਲਿਮ ਦੇਸ਼ ਬਣਾ ਦਿੱਤੇ ਜਾਣ ਦੀ ਯਾਤਰਾ ਬਹੁਤੀ ਲੰਮੀ ਨਹੀਂ ਹੈ—ਪਰ ਛਲਾਂਗ ਜ਼ਰੂਰ ਲੰਮੀ ਹੈ।
ਮੈਂ ਧਰਮ ਦਾ ਜਿਹੋ-ਜਿਹਾ ਖੁੱਲ੍ਹਾ ਪ੍ਰਦਰਸ਼ਨ ਪਾਕਿਸਤਾਨ ਵਿਚ ਦੇਖਿਆ, ਓਹੋ-ਜਿਹਾ ਇਸਲਾਮੀ ਗਣਰਾਜ ਈਰਾਨ ਵਿਚ ਵੀ ਨਹੀਂ ਸੀ ਦੇਖਿਆ। ਜਿਵੇਂ ਹੀ ਤੁਸੀਂ ਹੱਦ ਪਾਰ ਕਰਦੇ ਹੋ ਜਾਂ ਅਟਾਰੀ ਬਾਰਡਰ ਤੋਂ ਭਾਰਤੀ ਸੀਮਾ ਲੰਘਦੇ ਹੋ, ਪਾਕਿਸਤਾਨ ਦੇ ਪ੍ਰਵੇਸ਼ ਦੁਆਰ ਉੱਤੇ 'ਬਿਸਮਿੱਲਾਹੇ ਰਹਮਾਨ ਰਹੀਮ' ਲਿਖਿਆ ਦਿਖਾਈ ਦੇਂਦਾ ਹੈ। ਉਸ ਤੋਂ ਅੱਗੇ ਜਿਵੇਂ-ਜਿਵੇਂ ਲਾਹੌਰ ਦੇ ਨੇੜੇ ਪਹੁੰਚਦੇ ਹਾਂ ਤਿਵੇਂ-ਤਿਵੇਂ ਚੌਰਾਹਿਆਂ ਉੱਤੇ, ਇਮਾਰਤਾਂ ਦੇ ਉਪਰ, ਘਰਾਂ-ਉੱਤੇ, ਦੁਕਾਨਾਂ ਦੇ ਅੰਦਰ ਤੇ ਬਾਹਰ, ਛੱਤਾਂ ਉੱਤੇ, ਰੁੱਖਾਂ ਦੇ ਤਣਿਆਂ ਉੱਤੇ, ਪਾਰਕਾਂ ਤੇ ਮੈਦਾਨਾਂ ਵਿਚ ਬਾਗਾਂ ਦੇ ਫੁਲਵਾੜੀਆਂ ਵਿਚ ਹਰ ਜਗ੍ਹਾ 'ਅੱਲਾਹ', 'ਕਲਮਾ' ਜਾਂ 'ਕੁਰਾਨ ਦੀਆਂ ਆਯਤਾਂ' ਜਾਂ 'ਸੁਭਾਨ ਅੱਲਾਹ' ਲਿਖਿਆ ਦਿਖਾਈ ਦੇਂਦਾ ਹੈ। ਇਸਦੇ ਇਲਾਵਾ ਇਮਾਰਤਾਂ ਉੱਤੇ ਰੰਗ-ਬਿਰੰਗੇ ਝੰਡੇ ਲਹਿਰਾਉਂਦੇ ਹੋਏ ਨਜ਼ਰ ਆਉਂਦੇ ਨੇ। ਮੈਂ ਕਿਸੇ ਦੋਸਤ ਨੂੰ ਪੁੱਛਿਆ ਸੀ ਕਿ 'ਇਹਨਾਂ ਰੰਗ-ਬਿਰੰਗੇ ਝੰਡਿਆਂ ਦਾ ਕੀ ਮਤਲਬ ਏ? ਕੀ ਇਹ ਕਿਸੇ ਵਿਸ਼ੇਸ਼ ਸੰਪਰਦਾਏ ਜਾਂ ਰਾਜਨੀਤਕ ਦਲ ਦੇ ਝੰਡੇ ਨੇ?' ਮੈਨੂੰ ਜਵਾਬ ਮਿਲਿਆ ਸੀ ਕਿ 'ਪਾਕਿਸਤਾਨ ਵਿਚ ਧਰਮ ਤੇ ਰਾਜਨੀਤੀ ਇਕ ਦੂਜੇ ਵਿਚ ਏਦਾਂ ਘੁਲ-ਮਿਲ ਗਏ ਨੇ ਕਿ ਕਿੱਥੋਂ ਕੀ ਸ਼ੁਰੂ ਹੁੰਦਾ ਏ ਤੇ ਕੀ ਕਿੱਥੇ ਖ਼ਤਮ ਹੁੰਦਾ ਏ, ਇਹ ਦੱਸਣਾ ਮੁਸ਼ਕਲ ਏ।'
ਫ਼ੈਜ਼ ਅਹਿਮਦ 'ਫ਼ੈਜ਼' ਦੇ ਜਨਮ ਸ਼ਤਾਬਦੀ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤੀ ਪਟਕਥਾ ਲੇਖਕਾ ਸ਼ਮਾ ਜ਼ੈਦੀ ਦੇ ਨੇਤਰੀਤਵ ਵਿਚ, ਜਿਹੜਾ ਡੈਲੀਗੇਸ਼ਨ ਬਾਘਾ ਬਾਰਡਰ ਕਰਾਸ ਕਰਕੇ ਪਾਕਿਸਤਾਨ ਪਹੁੰਚਿਆ ਸੀ, ਉਸ ਵਿਚ ਵਧੇਰੇ ਬੰਬਈ ਦੇ ਕਲਾਕਾਰ, ਲੇਖਕ ਤੇ ਅਭਿਨੇਤਾ ਸਨ। ਮੈਂ ਤੇ ਉਬੈਦ ਸਿੱਦੀਕੀ ਦਿੱਲੀ ਦੇ ਸਾਂ। ਬਾਘਾ ਬਾਰਡਰ ਉੱਤੇ 'ਫ਼ੈਜ਼' ਸਾਹਬ ਦੀਆਂ ਦੋਵੇਂ ਬੇਟੀਆਂ, ਸਲੀਮਾ ਤੇ ਮੁਨੀਜ਼ਾ ਡੈਲੀਗੇਸ਼ਨ ਦੇ ਸਵਾਗਤ ਦੇ ਲਈ ਤਿਆਰ ਸਨ। ਇਹੋ ਕਾਰਨ ਹੈ ਕਿ ਸਾਡਾ ਸਾਮਾਨ ਵਗ਼ੈਰਾ ਨਹੀਂ ਸੀ ਦੇਖਿਆ ਗਿਆ। ਦੇਖਿਆ ਜਾਂਦਾ ਤਾਂ ਕਈ ਲੋਕਾਂ ਦੇ ਸੂਟਕੇਸਾਂ ਵਿਚੋਂ ਭਾਰਤੀ ਕਸਟਮ ਦੀ ਦੁਕਾਨ ਤੋਂ ਖਰੀਦੀ ਗਈ 'ਸਕਾਚ ਵਿਸਕੀ' ਦੀਆਂ ਬੋਤਲਾਂ ਨਿਕਲਦੀਆਂ। ਸਾਨੂੰ ਭਾਰਤੀ ਕਸਟਮ ਵਿਚ ਇਹ ਦੱਸਿਆ ਗਿਆ ਸੀ ਕਿ ਕੋਈ ਗ਼ੈਰ-ਮੁਸਲਿਮ ਆਪਣੇ ਨਾਲ ਦੋ ਬੋਤਲਾਂ ਲੈ ਜਾ ਸਕਦਾ ਹੈ। ਮਸ਼ਹੂਰ ਅਭਿਨੇਤਾ ਤੇ ਪੁਰਾਣੇ ਬਜ਼ੁਰਗ ਮਿੱਤਰ ਰਾਜੇਂਦਰ ਗੁਪਤਾ ਸਕਾਚ ਦੀ ਇਕ ਬੋਤਲ ਖ਼ਰੀਦ ਰਹੇ ਸਨ। ਮੈਂ ਚੰਗਾ ਮੌਕਾ ਦੇਖ ਕੇ ਦੋ ਕਰਾ ਦਿੱਤੀਆਂ ਸਨ। ਮੈਂ ਕਿਉਂਕਿ ਇਸਲਾਮੀ ਦੇਸ਼ ਪਹਿਲੀ ਵਾਰ ਜਾ ਰਿਹਾ ਸਾਂ, ਇਸ ਲਈ ਡਰਿਆ ਹੋਇਆ ਸਾਂ।
ਬਾਘਾ ਬਾਰਡਰ ਦੇ ਬਾਹਰ ਨਿਕਲੇ ਤਾਂ ਇਧਰ-ਉਧਰ ਦਾ ਸੀਨ ਬੜਾ ਪ੍ਰਭਾਵਿਤ ਕਰਨ ਵਾਲਾ ਸੀ। ਅਜੀਬ ਉੱਜੜੇ-ਪੁਜੜੇ ਮਕਾਨ ਦਿਖਾਈ ਦਿੱਤੇ, ਜਿਹਨਾਂ ਵਿਚ ਮੱਝਾਂ ਦੀ ਗਿਣਤੀ ਖਾਸੀ ਸੀ। ਸ਼ਾਇਦ ਇਹ ਘੋਸੀਆਂ (ਗਾਂਵਾਂ-ਮੱਝਾਂ ਪਾਲਨ ਵਾਲਿਆਂ) ਦੀ ਆਬਾਦੀ ਸੀ। ਕੁਝ ਹੋਰ ਅੱਗੇ ਵਧੇ ਤੇ ਲਾਹੌਰ ਸ਼ਹਿਰ ਵਿਚ ਦਾਖ਼ਲ ਹੋ ਗਏ ਤਾਂ ਅੱਖਾਂ ਚੁੰਧਿਆ ਗਈਆਂ। ਇਹ ਸ਼ਹਿਰ ਦਾ ਸਭ ਤੋਂ ਖ਼ੂਬਸੂਰਤ ਇਲਾਕਾ ਸੀ। ਸੜਕਾਂ, ਪਾਰਕ, ਹਰਿਆਲੀ ਤੇ ਦੋਵੇਂ ਪਾਸੇ ਬਣੀਆਂ ਸ਼ਾਨਦਾਰ ਇਮਾਰਤਾਂ ਤੇ ਕੋਠੀਆਂ ਚੀਕ-ਚੀਕ ਕੇ ਲੋਕਾਂ ਦੇ ਧਨੱਡ ਹੋਣ ਦਾ ਐਲਾਨ ਕਰ ਰਹੀਆਂ ਸਨ। ਮੁੰਬਈ ਤੋਂ ਆਏ ਇਕ ਨੌਜਵਾਨ ਸੱਜਣ ਬੋਲੇ, “ਯਾਰ ਇਹ ਇੱਥੋਂ ਦੇ ਬੰਗਲੇ ਤਾਂ ਅਮਿਤਾਭ ਬਚਨ ਤੇ ਸ਼ਾਹਰੁਖ ਖਾਨ ਦੇ ਬੰਗਲਿਆਂ ਨੂੰ ਮਾਤ ਪਾ ਰਹੇ ਨੇ।” ਇਸ ਗੱਲਬਾਤ ਦੌਰਾਨ ਕਿਸੇ ਅਨੁਭਵੀ ਸੱਜਣ ਨੇ ਕਿਹਾ, “ਜਨਾਬ ਕਿਹਾ ਜਾਂਦਾ ਏ, ਪਕਿਸਤਾਨ ਵਿਚ ਲੋਕਾਂ ਕੋਲ ਬੜੇ ਪੈਸੇ ਨੇ, ਸਰਕਾਰ ਗ਼ਰੀਬ ਏ, ਉਸ ਕੋਲ ਪੈਸੇ ਨਹੀਂ ਹੈਨ—ਇਹ ਸੱਚ ਵੀ ਏ, ਪਰ ਇਸਦੇ ਉਲਟ ਹਿੰਦੁਸਤਾਨ ਵਿਚ ਲੋਕਾਂ ਕੋਲ ਪੈਸੇ ਨਹੀਂ, ਸਰਕਾਰ ਕੋਲ ਬੜਾ ਪੈਸਾ ਏ।”
“ਇੰਜ ਕਿਉਂ ਜੀ?” ਕਿਸੇ ਨੇ ਪੁੱਛਿਆ।
ਜਿਹੜੇ ਲੋਕ ਜਾਣਦੇ ਸਨ, ਮੁਸਕਰਾਉਣ ਲੱਗ ਪਏ; ਜਿਹੜੇ ਨਹੀਂ ਜਾਣਦੇ ਸਨ, ਉਹ ਇਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ।
ਤਿੰਨ-ਚਾਰ ਦਿਨ 'ਫ਼ੈਜ਼' ਜਨਮ-ਸ਼ਤੀ ਪ੍ਰੋਗਰਾਮ ਚਲਦੇ ਰਹੇ। ਦਿਖਾਵੇ, ਧੱਨਡਤਾ ਤੇ ਸੁੰਦਰਤਾ ਨੇ ਪ੍ਰਭਾਵਿਤ ਤਾਂ ਕੀਤਾ, ਪਰ ਜਿੰਨਾ ਪ੍ਰਭਾਵ ਲਾਹੌਰ ਦੇ ਉੱਚ-ਵਰਗ ਦੀ ਸਾਂਸ਼ਕ੍ਰਿਤਿਕ-ਸਾਹਿਤਿਕ ਜਾਗਰੂਕਤਾ ਦਾ ਪਿਆ, ਉਹ ਦੱਸਣ ਲਾਇਕ ਹੈ। ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਕ ਹਜ਼ਾਰ ਰੁਪਏ ਦਾ ਟਿਕਟ ਲੈ ਕੇ ਆਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਗ਼ਰੀਬ ਜਾਂ ਮੱਧ-ਵਰਗ ਦੇ ਨਹੀਂ ਕਿਹਾ ਜਾ ਸਕਦਾ ਤੇ ਦੇਖਣ-ਸੁਣਨ ਵਿਚ ਵੀ ਲੱਗਦਾ ਸੀ ਕਿ ਲਾਹੌਰ ਦਾ ਉੱਚ-ਵਰਗ ਬੜਾ ਸੁਸਭਿਅਕ, ਸਾਹਿਤਕ ਤੇ ਕਲਾ ਪ੍ਰੇਮੀ ਹੈ। ਮੇਰੇ ਖ਼ਿਆਲ ਵਿਚ ਅਜਿਹੇ ਕਾਰਜ-ਕਰਮਾਂ ਵਿਚ ਸ਼ਾਇਦ ਦਿੱਲੀ ਦਾ ਉੱਚ-ਵਰਗ ਮੁਫ਼ਤ ਆਉਣ ਵੀ ਪਸੰਦ ਨਹੀਂ ਕਰੇਗਾ।
ਇਹਨਾਂ ਕਾਰਜ-ਕਰਮਾਂ ਦੌਰਾਨ ਇਕ ਅਦਭੁਤ ਤੇ ਵਿਲੱਖਣ ਪ੍ਰਭਾਵ ਵਾਲੀ ਹਸਤੀ ਮੁਸ਼ਤਾਕ ਯੂਸੁਫੀ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਦੁੱਖ ਹੋਇਆ ਕਿ ਉਹਨਾਂ ਤੋਂ ਤੇ ਉਹਨਾਂ ਦੀਆਂ ਰਚਨਾਵਾਂ ਤੋਂ ਹੁਣ ਤਕ ਇੰਜ ਅਣਜਾਣ ਰਿਹਾ। ਯੂਸੁਫੀ ਸਾਹਬ, 'ਫ਼ੈਜ਼' ਉੱਤੇ ਰੱਖੇ ਸੈਮੀਨਾਰ ਵਿਚ, ਆਪਣਾ ਲੇਖ ਪੜ੍ਹਨ ਲਈ ਆਏ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਫ਼ੈਜ਼ ਬਾਰੇ ਉਹਨਾਂ ਨੇ ਪੂਰੀ ਗੰਭੀਰਤਾ ਤੇ ਸਹਿਜ ਨਾਲ ਬੋਲਣਾ ਸ਼ੁਰੂ ਕੀਤਾ। ਉਹਨਾਂ ਦੇ ਹਰ ਵਾਕ ਉੱਤੇ ਹਾਲ ਵਿਚ ਠਹਾਕੇ ਗੂੰਜਣ ਲੱਗੇ। ਮਜ਼ੇਦਾਰ ਗੱਲ ਇਹ ਸੀ ਕਿ ਉਹ ਨਾ ਤਾਂ ਕਿਸੇ ਵਿਅਕਤੀ ਦਾ ਮਖ਼ੌਲ ਉਡਾਅ ਰਹੇ ਸਨ ਤੇ ਨਾ ਘਟੀਆ ਕਿਸਮ ਦਾ ਹਾਸ-ਰਸ ਪੈਦਾ ਕਰ ਰਹੇ ਸਨ। ਉਹਨਾਂ ਦਾ ਪੂਰਾ ਲੇਖ ਬੜਾ ਸੁਸਭਿਅਕ ਤੇ ਗੰਭੀਰ ਸੀ।
ਮੁਸ਼ਤਾਕ ਅਹਿਮਦ ਯੂਸੁਫੀ ਮੂਲ ਰੂਪ ਵਿਚ ਟੇਂਕ (ਰਾਜਸਥਾਨ) ਦੇ ਨੇ। ਉਹਨਾਂ ਦੀ ਸਿੱਖਿਆ ਰਾਜਸਥਾਨ, ਆਗਰਾ ਯੂਨੀਵਰਸਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿਚ ਹੋਈ ਸੀ। ਪੇਸ਼ੇ ਦੇ ਬੈਂਕਰ ਯੂਸੁਫੀ ਸਾਹਬ ਨੂੰ ਪਾਕਿਸਤਾਨ ਦੇ ਵੱਡੇ ਤੋਂ ਵੱਡੇ ਸਾਹਿਤਕ ਅਵਾਰਡ ਮਿਲ ਚੁੱਕੇ ਨੇ। ਉਹਨਾਂ ਦਾ ਹਾਸ-ਵਿਅੰਗ ਸੰਗ੍ਰਹਿ 'ਖਾਕਮ ਬ ਦਹਨ' (ਮੂੰਹ 'ਤੇ ਮਿੱਟੀ) ਚੌਦਾਂ ਵਾਰ ਛਪ ਚੁੱਕਿਆ ਹੈ। ਇਕ ਹੋਰ ਸੰਗ੍ਰਹਿ 'ਜ਼ਰਗੁਸ਼ਤ' ਦੇ ਗਿਆਰਾਂ ਐਡੀਸ਼ਨ ਛਪੇ ਨੇ। ਉਹਨਾਂ ਬਾਰੇ ਇਹ ਤੈਅ ਹੈ ਕਿ ਉਹ ਉਰਦੂ ਦੇ ਸਰਬ-ਉੱਤਮ ਹਾਸ-ਵਿਅੰਗਕਾਰ ਨੇ।
ਫ਼ੈਜ਼' ਉੱਤੇ ਉਹਨਾਂ ਦਾ ਭਾਸ਼ਣ ਸੁਣਨ ਪਿੱਛੋਂ ਚਾਹ ਪੀਣ ਲਈ ਸਾਰੇ ਬਾਹਰ ਨਿਕਲੇ ਤਾਂ ਮੌਕਾ ਵੇਖ ਕੇ ਮੈਂ ਯੂਸੁਫੀ ਸਾਹਬ ਨੂੰ ਕਿਹਾ ਕਿ 'ਹਿੰਦੁਸਤਾਨ ਤੋਂ ਪਹਿਲੀ ਵਾਰ ਪਾਕਿਸਤਾਨ ਆਇਆ ਹਾਂ। ਜੇ ਪਾਕਿਸਤਾਨ ਵਿਚ ਮੈਂ ਸਿਰਫ਼ ਤੁਹਾਨੂੰ ਸੁਣਿਆ ਹੁੰਦਾ ਤੇ ਹੋਰ ਕੁਝ ਨਾ ਕੀਤਾ ਹੁੰਦਾ ਤਾਂ ਵੀ ਮੇਰਾ ਪਾਕਿਸਤਾਨ ਆਉਣਾ ਸਾਰਥਕ ਹੁੰਦਾ।' ਪਝੱਤਰ ਸਾਲ ਤੋਂ ਉਪਰ ਹੋਏ ਯੂਸੁਫੀ ਸਾਹਬ ਨੇ ਮੇਰੀ ਗੱਲ ਸੁਣੀ ਪਰ ਕੁਝ ਬੋਲੇ ਨਹੀਂ। ਉਹਨਾਂ ਨੂੰ ਉਹਨਾਂ ਦੇ ਸਾਰੇ ਪ੍ਰਸ਼ੰਸਕਾਂ ਨੇ ਘੇਰਿਆ ਹੋਇਆ ਸੀ ਤੇ ਮੈਂ ਇਹ ਠੀਕ ਨਹੀਂ ਸਮਝਿਆ ਕਿ ਉਹਨਾਂ ਦੇ ਤੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿਚਕਾਰ ਕੰਧ ਬਣਾ।
'ਫ਼ੈਜ਼' ਜਨਮ-ਸ਼ਤੀ ਦਾ ਅੰਤਮ ਸਤਰ ਲਾਹੌਰ ਦੇ ਜਿੱਨਾ ਬਾਗ਼ ਦੇ ਖੁੱਲ੍ਹੇ ਆਡੀਟੋਰੀਅਮ ਵਿਚ ਸੀ। ਜਿੱਥੇ ਗੀਤ, ਸੰਗੀਤ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਪਹਿਲੀ ਵਾਰੀ ਲੱਗਿਆ ਕਿ ਫ਼ੈਜ਼ ਪ੍ਰਗਤੀਸ਼ੀਲ ਕਵੀ ਨੇ ਤੇ ਜਨ-ਅੰਦੋਲਨਾਂ ਨਾਲ ਵੀ ਉਹਨਾਂ ਦਾ ਕੋਈ ਵਸਤਾ ਰਿਹਾ ਹੈ। ਕਲਾਕਾਰਾਂ ਤੇ ਲੋਕਾਂ ਵਿਚ ਇਕ ਅਦਭੁਤ ਉਤਸਾਹ ਸੀ। ਇਹ ਪ੍ਰੋਗਰਾਮ ਸਾਰਾ ਦਿਨ ਚਲਦਾ ਰਿਹਾ।
ਫ਼ੈਜ਼' ਜਨਮ-ਸ਼ਤੀ ਦੇ ਪ੍ਰਬੰਧਕਾਂ ਨੇ ਸਾਡੇ ਗਰੁੱਪ ਨੂੰ ਆਉਣ-ਜਾਣ ਲਈ ਵੈਨ ਦਿੱਤੀ ਹੋਈ ਸੀ। ਜਿਸ ਵਿਚ ਬੈਠ ਕੇ ਸਾਰੇ ਜਣੇ ਸਵੇਰੇ ਕਾਰਜ ਕਰਮਾਂ ਵਿਚ ਸ਼ਾਮਲ ਹੋਣ ਨਿਕਲ ਜਾਂਦੇ ਸਨ। ਸ਼ਾਮ ਨੂੰ ਇਹੀ ਵੈਨ ਸਾਨੂੰ ਲਾਹੌਰ ਦੇ ਅਮੀਰ ਇਲਾਕੇ ਵਿਚ ਕਿਸੇ ਵਿਅਕਤੀ ਦੀ ਕੋਠੀ ਲੈ ਆਉਂਦੀ ਸੀ, ਜਿੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਹੁੰਦਾ ਸੀ। ਇਹਨਾਂ ਪਾਰਟੀਆਂ ਵਿਚ ਅਸਾਂ ਲੋਕਾਂ ਨੇ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਸੀ ਕੀਤੀ। ਹਿੰਦੁਸਤਾਨ ਵਿਚ ਵਿਗੜੀਆਂ ਸਾਡੀਆਂ ਆਦਤਾਂ ਦਾ ਵੀ ਪੂਰਾ-ਪੂਰਾ ਖ਼ਿਆਲ ਰੱਖਿਆ ਗਿਆ। ਇਹ ਵੀ ਪਤਾ ਲੱਗਿਆ ਕਿ ਸਾਡੇ ਵਰਗੇ ਲੋਕ ਉੱਥੇ ਵੀ ਘੱਟ ਨਹੀਂ ਹੈਨ, ਪਰ ਸਾਹਮਣੇ ਨਹੀਂ ਆਉਂਦੇ—ਧਰਮ ਦਾ ਕੁਝ ਤਾਂ ਸਨਮਾਨ ਕਰਨਾ ਹੀ ਚਾਹੀਦਾ ਹੈ।
ਸਾਡੀ ਵੈਨ ਦੇ ਨਾਲ ਇਕ ਮੋਟਰ ਸਾਈਕਲ ਸਵਾਰ ਹਮੇਸ਼ਾ ਹੀ ਹੁੰਦੇ ਸਨ। ਦੱਸਿਆ ਗਿਆ ਸੀ ਕਿ ਉਹ ਸਾਡੀ ਸੁਰੱਖਿਆ ਲਈ ਨੇ। ਇਸ ਲਈ ਅਸਾਂ ਲੋਕਾਂ ਉਹਨਾਂ ਦਾ ਨਾਂ 'ਮੋਹਾਫ਼ਿਜ਼' (ਰਖਵਾਲਾ) ਰੱਖ ਦਿੱਤਾ ਸੀ। ਇਸ ਮੋਟੀ ਜਿਹੀ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ 'ਮੋਹਾਫ਼ਿਜ਼' ਸਾਹਬ ਆਪਣੀ ਡਿਊਟੀ ਕਰ ਰਹੇ ਨੇ। ਦੋ ਦਿਨਾਂ ਵਿਚ ਹੀ ਮੋਹਾਫ਼ਿਜ਼ ਸਾਹਬ ਨਾਲ ਚੰਗਾ ਤਾਲਮੇਲ ਹੋ ਗਿਆ। ਉਹਨਾਂ ਵੀ 'ਓਹਲਾ' ਛੱਡ ਦਿੱਤਾ ਤੇ ਅਸੀਂ ਸਨਮਾਨ ਸਹਿਤ ਉਹਨਾਂ ਨੂੰ ਅਪਣਾਅ ਲਿਆ।
'ਫ਼ੈਜ਼' ਨਾਲ ਸੰਬੰਧਤ ਪ੍ਰੋਗਰਾਮਾਂ ਤੋਂ ਕੁਝ ਸਮਾਂ ਬਚਾਅ ਕੇ ਇਕ ਰਾਤ ਅਸੀਂ ਲੋਕ ਉਸਮਾਨ ਪੀਰਜ਼ਾਦਾ ਦੇ ਮਹਿਮਾਨ ਬਣੇ। ਉਸਮਾਨ ਪੀਰਜ਼ਾਦਾ ਪੰਜਾਬੀ ਦੇ ਲੋਕ ਪ੍ਰਸਿੱਧ ਅਭਿਨੇਤਾ ਨੇ। ਉਹ ਪਾਕਿਸਤਾਨ ਦੇ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤੀ ਪੰਜਾਬ ਵਿਚ ਵੀ 'ਹਾਊਸ ਹੋਲਡ ਨੇਮ' ਨੇ। ਉਸਮਾਨ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਲਾਹੌਰ ਵਿਚ ਨਾਟਕ ਤੇ ਸਿਨੇਮਾ ਦੇ ਖੇਤਰ ਵਿਚ ਅਦਾਕਾਰੀ ਕਰ ਰਿਹਾ ਹੈ।
ਰਾਤ ਦੇ ਲਗਭਗ ਦਸ ਵਜੇ ਅਸੀਂ ਅਣਜਾਣ ਇਲਾਕੇ ਵਿਚ, ਸ਼ਹਿਰ ਤੋਂ ਕਾਫੀ ਦੂਰ ਉਸਮਾਨ ਪੀਰਜ਼ਾਦਾ ਦੇ ਘਰ ਵੱਲ ਚਲ ਪਏ। ਕੋਈ ਇਕ ਘੰਟੇ ਬਾਅਦ ਸਾਡੀ 'ਵੈਨ' ਇਕ ਅਤਿ-ਆਧੁਨਿਕ ਹਾਊਸਿੰਗ ਕਾਮਪਲੈਕਸ ਵਿਚ ਵੜੀ। ਵਿਚਕਾਰ ਲਾਨ ਸੀ ਤੇ ਤਿੰਨ ਪਾਸੇ ਬੜੀਆਂ ਹੀ ਆਧੁਨਿਕ ਕਿਸਮ ਦੀਆਂ ਕੋਠੀਆਂ ਬਣੀਆਂ ਹੋਈਆਂ ਸਨ, ਜਿਹਨਾਂ ਦੀਆਂ ਪੌੜੀਆਂ, ਦਰਵਾਜ਼ੇ, ਖਿੜਕੀਆਂ, ਰੌਸ਼ਨੀ ਵਿਚ ਨਹਾਅ ਰਹੀਆਂ ਸਨ। ਡਰਾਈਵ-ਵੇ 'ਤੇ ਸਾਨੂੰ ਉਸਮਾਨ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਇਹ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਬੰਗਲੇ ਨੇ।
ਅਸੀਂ ਉਸਮਾਨ ਦੇ ਬੰਗਲੇ ਅੰਦਰ ਆਏ। ਇੱਥੇ ਲਗਭਗ ਵੀਹ ਜਣੇ ਪਹਿਲਾਂ ਹੀ ਮੌਜ਼ੂਦ ਸਨ ਤੇ ਪਾਰਟੀ ਆਪਣੇ ਪੂਰੇ ਜੋਬਨ 'ਤੇ ਸੀ। ਉਸਮਾਨ ਦੇ ਘਰ ਅੰਦਰ ਵੀ ਖਾਨਦਾਨੀ ਠਾਠ, ਕਲਾ-ਪ੍ਰੇਮ ਤੇ ਪ੍ਰਦਰਸ਼ਨ ਰੂਪੀ ਤਿਵੈਣੀ ਦੇ ਦੀਦਾਰ ਹੋਏ ਸਨ। ਥੋੜ੍ਹੀ ਦੇਰ ਵਿਚ ਹੀ ਸਾਰੇ ਲੋਕ ਮਹਿਮਾਨਾਂ ਨਾਲ ਗੱਲਬਾਤ ਵਿਚ ਰੁੱਝ ਗਏ। ਪ੍ਰੋਗਰਾਮ ਇਹ ਬਣਿਆ ਸੀ ਕਿ ਉਸਮਾਨ ਕੇ ਘਰ 'ਸ਼ਰਬਤੇ ਰੂਹ ਅਫ਼ਜ਼ਾ' ਲੈਣ ਪਿੱਛੋਂ ਅਸੀਂ ਲੋਕ ਉਸਮਾਨ ਦੇ ਪਰਿਵਾਰ ਦੁਆਰਾ ਸਥਾਪਿਤ ਰਫੀ ਪੀਰ ਕਲਚਰਲ ਸੈਂਟਰ ਜਾਵਾਂਗੇ, ਜਿੱਥੋਂ ਦੇ ਰੇਸਤਰਾਂ ਵਿਚ ਖਾਣਾ ਖਾਵਾਂਗੇ। ਪਰ ਰੇਸਤਰਾਂ ਵਿਚ 'ਸ਼ਰਬਤੇ ਰੂਹ ਅਫ਼ਜ਼ਾ' ਨਹੀਂ ਮਿਲਦਾ, ਇਸ ਲਈ ਉਸਮਾਨ ਮਹਿਮਾਨਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਆਪਣੇ ਆਪਣੇ ਕੋਟੇ ਦਾ ਖ਼ਿਆਲ ਰੱਖਣਾ।
ਪਾਰਟੀ ਵਿਚ ਉਸਮਾਨ ਪੀਰਜ਼ਾਦਾ ਦੇ ਦੋਸਤ ਅਭਿਨੇਤਾ, ਗਾਇਕ, ਸੰਗੀਤਕਾਰ, ਬਿਜਨੇਸਮੈਨ, ਸਰਕਾਰੀ ਅਧਿਕਾਰੀ ਵਗ਼ੈਰਾ ਸਨ। ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਤੇ ਗੱਲਬਾਤ ਹੋਈ ਪਰ ਪਾਕਿਸਤਾਨ ਸਿਵਲ ਸਰਵਿਸ ਦੇ ਇਕ ਅਧਿਕਾਰੀ ਨਾਲ ਮਿਲਣਾ ਯਾਦ ਹੈ ਕਿਉਂਕਿ ਉਹ ਪਾਕਿਸਤਾਨੀ ਸਮਾਜ, ਸਮੱਸਿਆਵਾਂ ਤੇ ਚੁਨੌਤੀਆਂ ਬਾਰੇ ਬੜੀਆਂ ਤਰਕ ਸੰਗਤ ਗੱਲਾਂ ਕਰ ਰਹੇ ਸਨ। ਮੇਰੀ ਇੱਛਾ ਹੋਈ ਉਹਨਾਂ ਨਾਲ ਕਦੀ ਅੱਗੇ ਵੀ ਮੁਲਾਕਾਤ ਹੋਵੇ ਤਾਂ ਚੰਗਾ ਹੈ। ਪਰ ਬਾਅਦ ਵਿਚ ਇੰਜ ਨਹੀਂ ਹੋ ਸਕਿਆ।
ਰਫੀ ਪੀਰ ਕਲਚਰਲ ਸੈਂਟਰ ਇਕ ਅਦਭੁਤ ਜਗ੍ਹਾ ਲੱਗੀ। ਸਾਨੂੰ ਸਭ ਤੋਂ ਪਹਿਲਾਂ 'ਕਠਪੁਤਲੀ-ਸੰਗ੍ਰਹਿ-ਘਰ' ਦਿਖਾਇਆ ਗਿਆ ਜਿਸ ਵਿਚ ਸੰਸਾਰ ਭਰ ਦੀਆਂ ਲਗਭਗ ਪੰਜ ਹਜ਼ਾਰ ਕਠਪੁਤਲੀਆਂ ਸਨ। 1992 ਵਿਚ ਸਥਾਪਿਤ ਇਹ ਸੰਗ੍ਰਹਿ-ਘਰ ਸੰਭਵ ਹੈ ਸੰਸਾਰ ਦੇ ਗਿਣੇ-ਚੁਣੇ ਕਠਪੁਤਲੀ ਘਰਾਂ ਵਿਚ ਗਿਣਿਆ ਜਾਂਦਾ ਹੋਵੇ। ਇਸ ਦੀ ਸਾਂਭ-ਸੰਭਾਲ ਤੇ ਇੱਥੇ ਕਠਪੁਤਲੀ-ਕਲਾ ਸੰਬੰਧੀ ਭਰਪੂਰ ਜਾਣਕਾਰੀਆਂ ਹੋਣ ਕਰਕੇ ਇਸਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਇਸੇ ਸੈਂਟਰ ਵਿਚ ਆਰਟ ਤੇ ਕਰਾਫਟ ਵਿਲੇਜ ਹੈ; ਪੀਰੂ ਕੈਫੇ ਹੈ ਜਿੱਥੇ ਲਾਹੌਰ ਦੇ ਮਜ਼ੇਦਾਰ ਖਾਣੇ ਦਾ ਜ਼ਾਯਕਾ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਆਉਂਦੇ ਨੇ। ਇਹ ਸੈਂਟਰ, ਨਾਟਕਾਂ ਦੇ ਅੰਤਰ-ਰਾਸ਼ਟਰੀ ਸਮਾਗਮ ਆਯੋਜਿਤ ਕਰਦਾ ਹੈ ਤੇ ਇਸਦਾ ਆਪਣਾ ਸਿਖਲਾਈ ਕੇਂਦਰ ਵੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸਭ ਇਕ ਪਰਿਵਾਰ ਦਾ ਕਰਿਸ਼ਮਾ ਹੈ। ਇਸ ਵਿਚ ਕੋਈ ਸਰਕਾਰੀ ਜਾਂ ਅਰਧ-ਸਰਕਾਰੀ ਪੈਸਾ ਨਹੀਂ ਲੱਗਦਾ। ਲਾਹੌਰ ਵਿਚ ਅਜਿਹੇ ਕੁਝ ਗਰੁੱਪ ਹੋਰ ਵੀ ਹੈਨ, ਪਰ ਏਨੇ ਵਿਆਪਕ ਸਤਰ 'ਤੇ ਸਿਰਫ਼ 'ਰਫੀ ਪੀਰਜ਼ਾਦਾ ਸੈਂਟਰ' ਹੀ ਕ੍ਰਿਆਸ਼ੀਲ ਹੈ।
ਚਾਰ ਦਿਨ ਬਾਅਦ ਡੈਲੀਗੇਸ਼ਨ ਵਾਪਸ ਭਾਰਤ ਚਲਾ ਗਿਆ ਤੇ ਮੈਂ ਲਾਹੌਰ ਵਿਚ ਇਕੱਲਾ ਰਹਿ ਗਿਆ। ਮੈਂ ਖ਼ੁਸ਼ ਸੀ ਕਿ ਲਾਹੌਰ ਨੂੰ ਦੇਖਣ, ਸਮਝਣ, ਬੁੱਝਣ ਦਾ ਕੰਮ ਹੁਣ ਸ਼ੁਰੂ ਹੋਵੇਗਾ। ਇਹ ਸੋਚ ਰਿਹਾ ਸੀ—'ਸ਼ੁਰੂਆਤ ਕਿੱਥੋਂ ਕੀਤੀ ਜਾਵੇ।' ਮੇਰੀ ਪਸੰਦ ਦਾ ਕੰਮ ਹੈ, ਸੜਕਾਂ ਨਾਪਨਾਂ। ਸਵੇਰ ਦੇ ਛੇ ਵੱਜੇ ਸਨ। ਮੈਂ ਸ਼ਹਿਰ ਤੋਂ ਅਣਜਾਣ ਸਾਂ, ਪਰ ਗੈਸਟ ਹਾਊਸ ਵਿਚੋਂ ਨਿਕਲ ਕੇ ਇਕ ਮੁਖ ਸੜਕ ਉੱਤੇ ਆ ਗਿਆ ਤੇ ਪੈਦਲ ਮਾਰਚ ਸ਼ੁਰੂ ਕਰ ਦਿੱਤੀ। ਇਧਰ-ਉਧਰ ਦੇਖਦਾ ਰਿਹਾ। ਪਰ ਸਵੇਰੇ-ਸਵੇਰੇ ਸਿਵਾਏ ਇਮਾਰਤਾਂ ਦੇ ਕੁਝ ਦੇਖਣ ਵਾਲਾ ਨਹੀਂ ਸੀ, ਇਸ ਲਈ ਉਹੀ ਦੇਖਦਾ ਚੌਰਾਹੇ ਦੇ ਇਕ ਬਾਜ਼ਾਰ ਤਕ ਆ ਗਿਆ। ਦੁਕਾਨਾਂ ਅਜੇ ਖੁੱਲ੍ਹੀਆਂ ਨਹੀਂ ਸਨ। ਪਰ ਸੜਕ ਦੇ ਕਿਨਾਰੇ ਚਾਹ ਵਾਲੇ ਖੋਖੇ ਖੁੱਲ੍ਹੇ ਸਨ। ਇਕ ਚਾਹ ਪੀਣ ਪਿੱਛੋਂ ਸੋਚਿਆ ਚਲੋ ਪੁਰਾਣੇ ਲਾਹੌਰ ਚੱਲਦੇ ਹਾਂ, ਸਟੇਸ਼ਟ ਕੋਲ ਉਤਰ ਕੇ ਆਸਪਾਸ ਦਾ ਇਲਾਕਾ ਦੇਖਦੇ ਹਾਂ। ਤੇ ਹੋ ਸਕਿਆ ਤਾਂ ਲਾਹੌਰ ਦਾ ਨਕਸ਼ਾ ਖਰੀਦਦੇ ਹਾਂ। ਚਲੋ ਖ਼ੈਰ, ਇਕ ਆਟੋ ਵਾਲੇ ਨੂੰ ਕਿਹਾ ਕਿ 'ਰੇਲਵੇ ਸਟੇਸ਼ਨ ਚਲਣਾ ਏਂ ਕੀ ਲਓਗੇ?' ਪਤਾ ਨਹੀਂ ਕਿਹੋ-ਜਿਹਾ ਆਟੋ ਵਾਲਾ ਸੀ ਕਿ ਉਸਨੂੰ ਪਤਾ ਨਹੀਂ ਸੀ ਬਈ ਉੱਥੋਂ ਸਟੇਸ਼ਨ ਦਾ ਕਿਰਾਇਆ ਕਿੰਨਾ ਬਣਦਾ ਹੈ! ਇਕ ਦੋ ਹੋਰ ਲੋਕਾਂ ਨੂੰ ਪੁੱਛ ਕੇ ਉਸਨੇ ਡੇਢ ਸੌ ਰੁਪਏ ਦੱਸਿਆ। ਮੈਂ ਤਿਆਰ ਹੋ ਗਿਆ। ਪਰ ਮੈਂ ਪੁੱਛਿਆ, “ਭਰਾ ਤੈਨੂੰ ਇਹ ਤਾਂ ਪਤਾ ਏ ਨਾ ਬਈ ਲਾਹੌਰ ਦਾ ਰੇਲਵੇ ਸਟੇਸ਼ਨ ਹੈ ਕਿੱਥੇ?” ਉਹ ਕੁਝ ਸ਼ਰਮਿੰਦਾ ਹੋਇਆ ਤੇ ਬੋਲਿਆ, “ਹਾਂ, ਪਤਾ ਏ ਜੀ।”
ਸਟੇਸ਼ਨ ਦੇ ਆਸਪਾਸ ਘੁੰਮਣ, ਤਸਵੀਰਾਂ ਖਿੱਚਣ ਪਿੱਛੋਂ ਮੈਂ ਪੁੱਛਦਾ-ਪੁੱਛਦਾ ਦਿੱਲੀ ਗੇਟ ਵਲ ਵਧਣ ਲੱਗਾ। ਨਵਾਂ ਲਾਹੌਰ ਜਿੰਨਾ ਪਾਸ਼ ਹੈ, ਪੁਰਾਣਾ ਲਾਹੌਰ ਓਨਾ ਹੀ ਗੰਦਾ ਹੈ। ਉਹੀ ਦਿੱਲੀ ਵਾਲਾ ਹਾਲ। ਖ਼ੈਰ ਜੀ, ਅਚਾਨਕ ਮਹਿਸੂਸ ਕੀਤਾ ਕਿ ਗਿਆਰਾਂ ਵੱਜ ਗਏ ਨੇ ਤੇ ਦੁਕਾਨਾਂ ਹੁਣ ਤਕ ਬੰਦ ਨੇ। ਪੁੱਛਣ 'ਤੇ ਪਤਾ ਲੱਗਾ ਕਿ ਅੱਜ 'ਈਦ ਮਿਲਾਦੁੱਨਬੀ' ਦੀ ਛੁੱਟੀ ਹੈ ਤੇ ਪੂਰਾ ਸ਼ਹਿਰ ਬੰਦ ਹੈ। ਇਸਦਾ ਸਿੱਧਾ ਮਤਲਬ ਇਹ ਸੀ ਕਿ ਕੁਛ ਨਹੀਂ ਮਿਲੇਗਾ। ਮੈਂ ਗੈਸਟ ਹਾਊਸ ਆਉਣ ਦੀ ਤਿਆਰੀ ਕੀਤੀ ਤੇ ਇਕ ਮਿਨੀ ਬਸ ਵਿਚ ਬੈਠ ਗਿਆ, ਜਿਸਨੇ ਅੱਧੇ ਰਸਤੇ ਜਾਂ ਮਾਲ ਰੋਡ ਉੱਤੇ ਉਤਾਰ ਦਿੱਤਾ। ਇੱਥੋਂ ਗੈਸਟ ਹਾਊਸ ਪੰਜ ਛੇ ਕਿਲੋਮੀਟਰ ਸੀ। ਮਾਲ ਰੋਡ ਵੀ ਬੰਦ ਸੀ। ਹੁਣ ਦਿਨ ਦਾ ਇਕ ਵੱਜ ਚੱਲਿਆ ਸੀ ਤੇ ਢਿੱਡ ਕੁਝ ਮੰਗ ਰਿਹਾ ਸੀ, ਪਰ ਮਾਲ ਰੋਡ ਦੇ ਸ਼ਾਨਦਾਰ ਰੇਸਤਰਾਂ ਬੰਦ ਸਨ। ਇਹ ਹੋ ਨਹੀਂ ਸਕਦਾ ਕਿ ਕੁਝ ਨਾ ਖਾਧਾ ਜਾਵੇ। ਜਿੱਥੇ ਠਹਿਰਾਇਆ ਗਿਆ ਸੀ, ਉੱਥੇ ਖਾਣੇ ਵਗ਼ੈਰਾ ਦਾ ਕੋਈ ਇੰਤਜ਼ਾਮ ਨਹੀਂ ਸੀ। ਇੰਜ ਲੱਗਣ ਲੱਗਾ—ਆਪਣੇ ਮਜ਼ੇਦਾਰ ਖਾਣਿਆ ਲਈ ਮਸ਼ਹੂਰ ਲਾਹੌਰ ਵਿਚ ਭੁੱਖੇ ਢਿੱਡ ਰਹਿਣਾ ਪਵੇਗਾ।
ਅਚਾਨਕ ਸੜਕ ਦੇ ਦੂਜੇ ਪਾਸੇ ਨੁੱਕਰ 'ਤੇ ਇਕ ਛੋਟੀ ਜਿਹੀ ਦੁਕਾਨ ਖੁੱਲ੍ਹੀ ਵੇਖੀ। ਇਹ ਫਰੂਟ ਜੂਸ, ਕੇਕ ਪੇਸਟਰੀ ਵਗ਼ੈਰਾ ਦੀ ਦੁਕਾਨ ਸੀ। ਮੈਂ ਇੱਲ੍ਹ ਵਾਂਗ ਝਪਟਿਆ ਤੇ ਅੱਖ ਦੇ ਫੋਰੇ ਵਿਚ ਉੱਥੇ ਪਹੁੰਚ ਗਿਆ। ਇਕ ਪੱਕੀ ਉਮਰ ਦੇ ਦੁਕਾਨਦਾਰ ਨੇ ਮੈਨੂੰ ਦੇਖਿਆ। ਬੜੀ ਅਜੀਬ ਗੱਲ ਹੈ ਕਿ ਚਿਹਰੇ-ਮੋਹਰੇ ਦੀ ਭਾਸ਼ਾ ਸਭ ਕੁਝ ਬਿਆਨ ਕਰ ਦੇਂਦੀ ਹੈ। ਉਹ ਸਮਝ ਗਿਆ ਕਿ ਮੈਂ 'ਇਧਰ' ਦਾ ਨਹੀਂ ਹਾਂ, ਤੇ ਮੈਂ ਵੀ ਜ਼ਰੂਰੀ ਸਮਝਿਆ ਕੁਝ ਛੁਪਾਵਾਂ ਕਿਉਂ?
ਕੋਲਡ ਡਰਿੰਕ ਨਾਲ ਸੈਂਡਵਿਚ ਖਾਣੇ ਸ਼ੁਰੂ ਕੀਤੇ। ਇਕ ਕੋਈ ਹੋਰ ਆਦਮੀ ਆ ਗਿਆ।
“ਤਾਂ ਜੀ ਤੁਸੀਂ ਦਿੱਲੀ ਤੋਂ ਆਏ ਓ?” ਉਹ ਪੰਜਾਬੀਆਂ ਵਰਗੀ ਹਿੰਦੀ/ ਉਰਦੂ ਬੋਲਿਆ, ਜਿਹੜੀ ਮੇਰੇ ਲਈ ਦਿੱਲੀ ਵਿਚ ਰਹਿਣ ਕਰਕੇ ਕੋਈ ਓਪਰੀ ਗੱਲ ਨਹੀਂ ਸੀ।
“ਹਾਂ ਜੀ,” ਮੈਂ ਵੀ ਪੰਜਾਬੀ ਢੰਗ ਨਾਲ ਹੀ ਜਵਾਬ ਦਿੱਤਾ।
“ਕੀ ਹਾਲ ਐ ਓਧਰ?” ਉਹ ਬੋਲਿਆ।
“ਠੀਕ ਐ...ਸਾਡੇ ਵੱਲ ਤਾਂ ਵਪਾਰੀ ਤੇ ਬਿਜਨੇਸ ਕਰਨ ਵਾਲੇ ਬੜੇ ਵਧ-ਫੁੱਲ ਰਹੇ ਨੇ।” ਮੈਂ ਕਿਹਾ।
“ਖੰਡ ਦਾ ਕੀ ਭਾਅ ਐ?” ਉਸ ਨਵੇਂ ਆਦਮੀ ਨੇ ਪੁੱਛਿਆ ਜਿਹੜਾ ਆ ਕੇ ਖੜ੍ਹਾ ਹੋ ਗਿਆ ਸੀ।
ਮੈਂ ਪ੍ਰੇਸ਼ਾਨ ਹੋ ਗਿਆ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਦਿੱਲੀ ਵਿਚ ਖੰਡ ਦਾ ਕੀ ਭਾਅ ਹੈ। ਚਲੋ ਖ਼ੈਰ, ਕੁਛ ਤਾਂ ਦੱਸਣਾ ਹੀ ਸੀ। ਮੈਂ ਅੰਦਾਜ਼ੇ ਨਾਲ ਜੋ ਦੱਸਿਆ, ਉਹ ਏਨਾ ਗ਼ਲਤ ਸੀ ਕਿ ਉਹ ਦੋਵੇਂ ਕਹਿਣ ਲੱਗੇ ਇੰਜ ਤਾਂ ਹੋ ਹੀ ਨਹੀਂ ਸਕਦਾ। ਮੈਂ ਫ਼ੌਰਨ ਆਪਣੀ ਹਾਰ ਮੰਨ ਲਈ, ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਸੀ।
“ਬਸ ਜੀ, ਅਸੀਂ ਲੋਕ ਤਾਂ ਅਮਨ ਚਾਹੁੰਦੇ ਆਂ।” ਦੁਕਾਨਦਾਰ ਬੋਲਿਆ।
“ਅਸੀਂ ਵੀ ਅਮਨ ਚਾਹੁੰਦੇ ਆਂ...ਹਿੰਦੁਸਤਾਨ ਵਿਚ ਹੁਣ ਕਿਸੇ ਨੂੰ ਪਾਕਿਸਤਾਨ ਨਾਲ ਦੁਸ਼ਮਣੀ ਨਹੀਂ ਏਂ।” ਮੈਂ ਕਿਹਾ।
“ਅੱਛਾ ਜੀ...ਇੰਜ ਏ...ਇਹ ਤਾਂ ਕਹਿੰਦੇ ਨੇ...ਹਿੰਦੁਸਤਾਨ ਪਾਕਿਸਤਾਨ ਨੂੰ ਮਿਟਾਅ ਦੇਣਾ ਚਾਹੁੰਦਾ ਏ।”
“ਓ-ਜੀ, ਹਿੰਦੁਸਤਾਨ ਵਿਚ ਖ਼ੁਦ ਹੀ ਏਨੇ ਮਸਲੇ ਨੇ ਕਿ ਉਹ ਕਿਸੇ ਹੋਰ ਨੂੰ ਮਿਟਾਉਣ ਬਾਰੇ ਕੀ ਸੋਚੇਗਾ।” ਮੈਂ ਕਿਹਾ।
“ਹਾਂ ਇਹ ਤਾਂ ਠੀਕ ਐ।” ਦੁਕਾਨਦਾਰ ਨੇ ਕਿਹਾ।
“ਦੇਖੋ ਜੀ ਹੁਣ ਤਾਂ ਜਿਵੇਂ ਐਂ, ਤਿਵੇਂ ਮੰਨ ਲੈਣਾ ਚਾਹੀਦਾ ਐ।” ਤੀਜਾ ਆਦਮੀ ਬੋਲਿਆ।
ਕੁਝ ਛਿਣ ਬਾਅਦ ਸਾਡੀ ਗੱਲਬਾਤ ਸ਼ਾਂਤੀ ਵਾਰਤਾ ਵਿਚ ਬਦਲ ਗਈ। ਮੈਂ ਖਾ-ਪੀ ਕੇ ਪੈਸੇ ਦੇਣੇ ਚਾਹੇ ਤਾਂ ਦੁਕਾਨਦਾਰ ਬੋਲੇ, “ਨਹੀਂ ਜੀ, ਤੁਸੀਂ ਮਹਿਮਾਨ ਓ...ਤੁਹਾਤੋਂ ਕੀ ਲੈਣੇ।”
“ਦੇਖੋ ਜੀ, ਕੁਛ ਤਾਂ ਲੈ ਲਓ। ਇਹ ਸਭ ਤੁਹਾਡੇ ਘਰ ਤਾਂ ਬਣਦਾ ਨਹੀਂ।”
“ਨਹੀ ਜੀ ਨਹੀਂ...ਇੰਜ ਐ, ਤੁਹਾਨੂੰ ਇੰਡੀਆ ਵਿਚ ਕੋਈ ਪਾਕਿਸਤਾਨੀ ਮਿਲੇ ਤਾਂ ਉਸਨੂੰ 'ਠੰਡਾ' ਪਿਲਾਅ ਦੇਣਾ।” ਉਹ ਬੋਲੇ।
“ਹਾਂ-ਹਾਂ ਕਿਉਂ ਨਹੀਂ।” ਮੈਂ ਕਿਹਾ।
“ਤੁਸੀਂ ਠਹਿਰੇ ਕਿੱਥੇ ਓ?”
“ਗੁਲਬਰਗ ਵਿਚ...?”
“ਕਿੰਜ ਜਾਓਗੇ?...ਅੱਜ ਤਾਂ ਛੁੱਟੀ ਐ। ਆਟੋ ਵੀ ਨਹੀਂ ਮਿਲੇਗਾ।”
“ਦੇਖਾਂਗੇ।” ਮੈਂ ਕਿਹਾ।
“ਨਹੀਂ...ਮੇਰਾ...ਪੁੱਤਰ ਛੱਡ ਆਏਗਾ।”
ਉਹਨਾਂ ਦਾ ਪੁੱਤਰ ਆਇਆ। ਗੱਡੀ ਕੱਢੀ ਤੇ ਮੈਨੂੰ ਗੈਸਟ ਹਾਊਸ ਤਕ ਛੱਡ ਗਿਆ...ਇਹ ਵੀ ਕਿਹਾ ਕਿ ਇਹ ਫੋਨ ਨੰਬਰ ਏ, ਜੇ ਕਦੀ ਕਿਤੇ ਜਾਣ ਹੋਵੇ...ਬਿਨਾਂ ਝਿਜਕ ਫੋਨ ਕਰ ਦੇਣਾ।
ਡੈਲੀਗੇਸ਼ਨ ਦੇ ਚਲੇ ਜਾਣ ਪਿੱਛੋਂ ਮੈਂ ਇਕੱਲਾ ਰਹਿ ਗਿਆ ਸਾਂ, ਪਰ ਮੇਰੀ ਚਿੰਤਾ 'ਮੋਹਾਫ਼ਿਜ਼' ਨੂੰ ਹੈ ਸੀ। ਅਗਲੇ ਦਿਨ ਉਹ ਸਵੇਰੇ ਸਵੇਰੇ ਆਏ ਤੇ ਪੁੱਛਿਆ ਕਿ ਹੁਣ ਮੇਰਾ ਕੀ ਪ੍ਰੋਗਰਾਮ ਏਂ? ਮੈਂ ਦੱਸਿਆ ਕਿ ਲਾਹੌਰ ਘੁੰਮਣਾ ਹੈ, ਕੁਝ ਲੋਕਾਂ ਨੂੰ ਮਿਲਣਾ ਹੈ ਤੇ ਉਸ ਪਿੱਛੋਂ ਮੁਲਤਾਨ ਜਾਣਾ ਹੈ। ਉਹਨਾਂ ਮੇਰਾ ਪਾਸਪੋਰਟ ਦੇਖਣ ਦੀ ਇੱਛਾ ਜ਼ਾਹਰ ਕੀਤੀ ਤੇ ਮੈਂ ਆਪਣਾ ਪਾਸਪੋਰਟ ਦਿਖਾਇਆ, ਜਿਸ ਉੱਤੇ ਲਾਹੌਰ ਦੇ ਨਾਲ-ਨਾਲ ਮੁਲਤਾਨ ਤੇ ਕਰਾਚੀ ਦੇ ਨਾਮ ਵੀ ਦਰਜ ਸਨ। ਪਾਕਿਸਤਾਨ ਵਿਚ ਮੈਂ 45 ਦਿਨ ਠਹਿਰ ਸਕਦਾ ਸਾਂ। ਪਾਸਪੋਰਟ ਦੀ ਫੋਟੋ ਕਾਪੀ ਲੈਣ ਪਿੱਛੋਂ ਮੋਹਾਫ਼ਿਜ਼ ਸਾਹਬ ਨੇ ਵਿਸਥਾਰ ਨਾਲ ਜਾਣਨਾ ਚਾਹਿਆ ਕਿ ਮੈਂ ਲਾਹੌਰ ਵਿਚ ਕੀ ਕਰਾਂਗਾ? ਮੈਂ ਉਹਨਾਂ ਦੀ ਪ੍ਰੇਸ਼ਾਨੀ ਸਮਝ ਗਿਆ। ਉਹਨਾਂ ਮੇਰੇ ਬਾਰੇ ਵਿਚ ਅਫ਼ਸਰਾਂ ਨੂੰ ਰਿਪੋਰਟ ਦੇਣੀ ਸੀ। ਮੈਂ ਉਹਨਾਂ ਦੇ ਕੰਮ ਨੂੰ ਆਸਾਨ ਬਣਾਉਣ ਲਈ ਕਿਹਾ ਕਿ ਤੁਸੀਂ ਮੈਨੂੰ ਆਟੋ ਰਿਕਸ਼ਾ ਪੂਰੇ ਦਿਨ ਲਈ ਦਿਵਾਅ ਦਿਓ। ਜਿਹੜੇ ਪੈਸੇ ਹੋਣਗੇ ਮੈਂ ਦਿਆ ਕਰਾਂਗਾ। ਗੱਲ ਮੋਹਾਫ਼ਿਜ਼ ਸਾਹਬ ਦੀ ਸਮਝ ਵਿਚ ਆ ਗਈ। ਜ਼ਾਹਰ ਹੈ ਆਟੋ ਰਿਕਸ਼ਾ ਵਾਲਾ ਉਹਨਾਂ ਦਾ 'ਬੰਦਾ' ਹੋਣਾ ਸੀ ਤੇ ਹਰ ਸ਼ਾਮ ਉਹਨਾਂ ਨੂੰ ਪੱਕੀ ਰਿਪੋਰਟ ਮਿਲ ਜਾਣੀ ਸੀ ਕਿ ਮੈਂ ਪੂਰਾ ਦਿਨ ਕੀ-ਕੀ ਕੀਤਾ।
ਅਗਲੇ ਦਿਨ ਸਵੇਰੇ ਸਜਿਆ-ਸਜਾਇਆ ਆਟੋ ਰਿਕਸ਼ਾ ਆ ਗਿਆ। ਇੱਥੇ ਇਹ ਦੱਸ ਦਿਆਂ ਕਿ ਪਾਕਿਸਤਾਨ ਦੇ ਡਾਈਵਰ, ਖਾਸ ਤੌਰ 'ਤੇ ਬੱਸਾਂ, ਟਰਕਾਂ ਤੇ ਆਟੋ ਰਿਕਸ਼ਾ ਦੇ ਡਰਾਈਵਰ, ਆਪਣੀਆਂ ਗੱਡੀਆਂ ਦੀ ਸਜਾਵਟ ਉੱਤੇ ਬੜਾ ਧਿਆਨ ਦੇਂਦੇ ਨੇ। ਟਰਕਾਂ, ਬੱਸਾਂ ਉੱਤੇ ਅਜਿਹੀ ਚਿੱਤਰਕਾਰੀ, ਸਜਾਵਟ, ਅਜਿਹੇ ਰੰਗ-ਬਿਰੰਗੇ ਫੁੱਲ-ਪੱਤੀਆਂ ਦੇ ਨਮੂਲੇ ਬਣੇ ਹੁੰਦੇ ਨੇ ਕਿ ਦੇਖਦੇ ਹੀ ਰਹੀਏ। ਮੈਂ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਖਿੱਚੀਆਂ—ਪਰ ਜਿਵੇਂ ਚਾਹੁੰਦਾ ਸਾਂ ਓਵੇਂ ਨਹੀਂ ਸੀ ਖਿੱਚ ਸਕਿਆ। ਖ਼ੈਰ, ਤਾਂ ਸ਼ੌਕਤ ਦਾ ਆਟੋ ਰਿਕਸ਼ਾ ਸਜਿਆ-ਧਜਿਆ ਸੀ। ਸ਼ੌਕਤ ਦੀ ਉਮਰ ਇਹੋ ਕੋਈ ਵੀਹ ਦੇ ਆਸਪਾਸ ਹੋਵੇਗੀ, ਪਤਲੂ ਜਿਹਾ ਸਰੀਰ, ਚਿਹਰੇ 'ਤੇ ਕਾਲੀ ਖ਼ਸ਼ਖ਼ਸੀ ਦਾੜ੍ਹੀ ਤੇ ਸਲਵਾਰ ਕਮੀਜ਼ ਵਿਚ ਸ਼ੌਕਤ ਪੱਕਾ ਆਟੋ ਡਰਾਈਵਰ ਲੱਗਦਾ ਸੀ। ਆਟੇ ਦੇ ਅੰਦਰ ਵੀ ਉਸਨੇ ਤਰ੍ਹਾਂ-ਤਰ੍ਹਾਂ ਦੇ ਧਾਰਮਕ ਸਟਿੱਕਰ ਲਾਏ ਹੋਏ ਸਨ। ਉਹਨਾਂ ਵਿਚੋਂ ਕੁਝ ਨੂੰ ਦੇਖ ਕੇ ਮੈਨੂੰ ਸ਼ੱਕ ਹੋਇਆ ਕਿ ਸ਼ੌਕਤ ਸ਼ਾਇਦ ਸ਼ੀਆ ਮੁਸਲਮਾਨ ਹੈ—ਪਰ ਮੈਂ ਪੁੱਛਣਾ ਠੀਕ ਨਹੀਂ ਸਮਝਿਆ।
ਲਾਹੌਰ ਦੀ ਸ਼ਾਹੀ ਮਸਜਿਦ ਤੇ ਕਿਲੇ ਦਾ ਫਾਟਕ ਦੇਖਣ ਤੋਂ ਬਾਅਦ ਗੁਰੂਦੁਆਰਾ ਡੇਰਾ ਸਾਹਿਬ, ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ 'ਤੇ ਆਪਣੇ ਆਟੋ ਰਿਕਸ਼ਾ ਵਾਲੇ ਮੀਆਂ ਸ਼ੌਕਤ ਦੇ ਨਾਲ ਗਿਆ। ਗੁਰੂਦੁਆਰੇ ਦੇ ਗੇਟ 'ਤੇ ਹੀ ਤਿੰਨ-ਚਾਰ ਜਣੇ ਫੋਲਡਿੰਗ ਕੁਰਸੀਆਂ ਉੱਤੇ ਬੈਠੇ ਹੋਏ ਸਨ। ਫਾਟਕ ਬੰਦ ਸੀ। ਸਿਪਾਹੀ ਪਹਿਰਾ ਦੇ ਰਹੇ ਸਨ। ਲੱਗਦਾ ਸੀ ਗੁਰੂਦੁਆਰਾ ਸਾਰਿਆਂ ਲਈ ਨਹੀਂ ਸੀ ਖੁੱਲ੍ਹਾ। ਮੈਂ ਕਿਹਾ, “ਮੈਂ ਗੁਰੂਦੁਆਰਾ ਦੇਖਣਾ ਚਾਹੁੰਣਾ।”
“ਤੁਸੀਂ ਕਿੱਥੋਂ ਆਏ ਓ?” ਕਿਸੇ ਕਰਮਚਾਰੀ ਨੇ ਪੁੱਛਿਆ।
“ਇੰਡੀਆ ਤੋਂ।”
“ਆਪਣਾ ਪਾਸਪੋਰਟ ਦਿਖਾਓ।”
ਮੈਂ ਆਪਣਾ ਪਾਸਪੋਰਟ ਦੇ ਦਿੱਤਾ। ਛੋਟੇ ਕਰਮਚਾਰੀਆਂ ਦੇ ਹੱਥੋਂ ਹੁੰਦਾ ਹੋਇਆ ਇਹ ਇਕ ਵੱਡੇ ਕਰਮਚਾਰੀ, ਜਿਹੜੇ ਥੋੜ੍ਹੀ ਵੱਡੀ ਕੁਰਸੀ 'ਤੇ ਬੈਠੇ ਸਨ, ਕੋਲ ਪਹੁੰਚਿਆ। ਉਹ ਧਿਆਨ ਨਾਲ ਪਾਸਪੋਰਟ ਦੇਖਦੇ ਰਹੇ ਤੇ ਫੇਰ ਬੋਲੇ, “ਤੁਸੀਂ ਸੱਯਦ ਓ...” ਪਾਸਪੋਰਟ ਉੱਤੇ ਮੇਰਾ ਪੂਰਾ ਨਾਂ ਸੱਯਦ ਅਸਗ਼ਰ ਵਜਾਹਤ ਲਿਖਿਆ ਹੈ।
“ਜੀ ਹਾਂ।” ਮੈਂ ਕਿਹਾ।
ਹੁਣ ਦੂਜੇ ਪਲ ਜੋ ਹੋਇਆ, ਉਸ ਨਾਲ ਮੈਂ ਬੌਂਦਲ-ਜਿਹਾ ਗਿਆ। ਪ੍ਰਬੰਧਕ ਉੱਠੇ ਤੇ ਮੇਰੇ ਨਾਲ ਲਿਪਟ ਗਏ। ਬੋਲੇ, “ਬਈ ਸੱਯਦ ਸਾਹਬ...ਤੁਸੀਂ ਇੱਥੇ ਤਸ਼ਰੀਫ਼ ਲਿਆਏ ਇਹ ਤਾਂ ਬੜੀ ਖ਼ੁਸ਼ਕਿਸਮਤੀ ਵਾਲੀ ਗੱਲ ਏ।” ਉਹ ਇਸੇ ਤਰ੍ਹਾਂ ਦੇ ਹੋਰ ਵੀ ਕਈ ਵਾਕ ਬੋਲਦੇ ਰਹੇ। ਮੈਂ ਹੈਰਾਨ ਕਿ ਇਹ ਕੀ ਹੋ ਗਿਆ! ਸੱਯਦ ਸ਼ਬਦ ਵਿਚ ਅਜਿਹਾ ਕੀ ਜਾਦੂ ਏ, ਜਿਹੜਾ ਮੋਹਿਤ ਕਰ ਰਿਹਾ ਹੈ!
ਪਿੱਛੋਂ ਪਤਾ ਲੱਗਾ ਕਿ ਸੱਯਦਾਂ ਭਾਵ ਇਸਲਾਮ ਧਰਮ ਦੇ ਪੈਗੰਬਰ ਮੁਹੰਮਦ ਸਾਹਬ ਦੇ ਵੰਸ਼ ਵਾਲਿਆਂ ਦਾ ਪਾਕਿਸਤਾਨ ਵਿਚ ਬੜਾ ਮਹੱਤਵ ਹੈ। ਪਹਿਲੀ ਗੱਲ ਤਾਂ ਇਹ ਕਿ ਸੱਯਦ ਹੋਣ ਕਰਕੇ ਹੀ, ਕੱਟੜ ਮੁਸਲਿਮ ਸਮਾਜ ਵਿਚ, ਕਿਸੇ ਆਦਮੀ ਦੀ ਹੈਸੀਅਤ ਉੱਚੀ ਹੋ ਜਾਂਦੀ ਹੈ। ਦੂਜੀ ਇਹ ਕਿ ਪਾਕਿਸਤਾਨੀ ਰਾਜਨੀਤੀ, ਸੈਨਾ, ਉਦਯੋਗ, ਵਪਾਰ ਆਦਿ ਖੇਤਰਾਂ ਵਿਚ ਸੱਯਦਾਂ ਦਾ ਬੋਲਬਾਲਾ ਹੈ।
ਗੁਰੂਦੁਆਰਾ ਡੇਰਾ ਸਾਹਿਬ ਦੇ ਪ੍ਰਬੰਧਕ ਨੇ ਮੈਨੂੰ ਕਿਹਾ ਕਿ ਮੈਂ ਚੰਗੀ ਤਰ੍ਹਾਂ ਗੁਰੂਦੁਆਰਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਦੇਖ ਸਕਦਾ ਹਾਂ। ਜਦਕਿ ਉੱਥੋਂ ਦੇ ਨਿਯਮਾਂ ਅਨੁਸਾਰ ਕਿਸੇ ਗ਼ੈਰ-ਸਿਖ ਜਾਂ ਗ਼ੈਰ-ਹਿੰਦੂ ਨੂੰ ਗੁਰੂਦੁਆਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਪਰ ਮੇਰੇ ਨਾਲ ਦੋ ਗਾਰਡ ਭੇਜ ਦਿੱਤੇ ਗਏ। ਮੈਂ ਜੋ ਕਹਿੰਦਾ ਉਹ ਦਿਖਾਉਂਦੇ ਜਾਂਦੇ। ਫੋਟੋ ਲੈਣ ਦੀ ਪੂਰੀ ਇਜਾਜ਼ਤ ਸੀ।
ਗੁਰੂਦੁਆਰਾ ਤੇ ਸਮਾਧੀ ਦੇਖਣ ਪਿੱਛੋਂ ਮੈਨੂੰ ਪ੍ਰਬੰਧਕ ਦੇ ਦਫ਼ਤਰ ਵਿਚ ਲਿਆਂਦਾ ਗਿਆ। ਪ੍ਰਬੰਧਕ ਹੁਰਾਂ ਬੜੇ ਪ੍ਰੇਮ ਨਾਲ ਚਾਹ ਮੰਗਵਾਈ। ਗੱਲਾਂਬਾਤਾਂ ਹੋਣ ਲੱਗੀਆਂ। ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਬਣਨ ਪਿੱਛੋਂ ਸਰਕਾਰ ਨੇ ਹਿੰਦੂ ਮੰਦਰਾਂ ਤੇ ਸਿਖ ਗੁਰੂਦੁਆਰਿਆਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਸੀ। ਹੁਣ ਵੀ ਇਹਨਾਂ ਜਗਾਹਾਂ ਦੀ ਦੇਖਭਾਲ ਤੇ ਸੁਰੱਖਿਆ ਪਾਕਿਸਤਾਨ ਸਰਕਾਰ ਕਰਦੀ ਹੈ। ਪੂਜਾ ਪਾਠ ਦਾ ਕੰਮ ਉਸੇ ਧਰਮ ਦੇ ਪੁਜਾਰੀ ਵਗ਼ੈਰਾ ਵਗ਼ੈਰਾ ਕਰਦੇ ਨੇ। ਮੈਂ ਗੁਰੂਦੁਆਰੇ ਵਿਚ ਵੀ ਤਿੰਨ ਚਾਰ ਸਿਖ ਦੇਖੇ ਸਨ।
ਪ੍ਰਬੰਧਕ ਨੇ ਦੱਸਿਆ ਕਿ ਸਾਲ ਵਿਚ ਇਕ ਵਾਰ ਪੂਰੀ ਦੁਨੀਆਂ ਵਿਚੋਂ ਸਿਖ ਕੌਮ ਦੇ ਲੋਕ ਇੱਥੇ ਆਉਂਦੇ ਨੇ। ਬੜਾ ਵੱਡਾ ਇਕੱਠ ਹੁੰਦਾ ਹੈ। ਪ੍ਰਬੰਧਕ ਨੇ ਦੱਸਿਆ ਕਿ ਗੁਰੂਮੁਖੀ ਲਿੱਪੀ ਜਾਣਦੇ ਹਾਂ ਤੇ ਹਿੰਦੀ ਲਿੱਪੀ ਸਿੱਖਣ ਨੂੰ ਬੜਾ ਮਨ ਕਰਦਾ ਹੈ, ਪਰ ਲਾਹੌਰ ਵਿਚ ਇਸਦਾ ਕੋਈ ਇੰਤਜ਼ਾਮ ਨਹੀਂ ਹੈ। ਮੈਥੋਂ ਹਿੰਦੀ ਲਿੱਪੀ ਬਾਰੇ ਕੁਝ ਪੁੱਛਦੇ ਰਹੇ। ਮੈਂ ਜਿੰਨਾ ਦੱਸ ਸਕਿਆ, ਦੱਸ ਦਿੱਤਾ।
ਪ੍ਰਬੰਧਕ ਨੇ ਕਿਹਾ ਕਿ ਉਹ ਆਪਣੇ ਅਧਿਕਾਰੀ, ਜਿਹੜੇ ਪਾਕਿਸਤਾਨ ਸਿਵਲ ਸਰਵਿਸ ਦੇ ਵੱਡੇ ਅਧਿਕਾਰੀ ਸਨ, ਨਾਲ ਫੋਨ ਉੱਤੇ ਮੇਰੀ ਗੱਲ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਹਨਾਂ ਦੇ ਇਹ ਅਧਿਕਾਰੀ ਵੀ ਸੱਯਦ ਨੇ ਤੇ ਉਹਨਾਂ ਦਾ ਪਰਿਵਾਰ ਵੰਡ ਵੇਲੇ ਅਲੀਗੜ੍ਹ ਤੋਂ ਇੱਥੇ ਆਇਆ ਸੀ। ਉਹਨਾਂ ਨੇ ਆਪਣੇ ਅਧਿਕਾਰੀ ਜ਼ੈਦੀ ਸਾਹਬ ਨੂੰ ਫੋਨ ਕੀਤਾ ਤੇ ਬੜੇ ਆਦਰ, ਨਿਮਰਤਾ ਤੇ ਸਨਮਾਨ ਨਾਲ ਗੱਲ ਕਰਨ ਲੱਗੇ। ਮੇਰੇ ਬਾਰੇ ਵਿਚ ਦੱਸਿਆ। ਪਰ ਸ਼ਾਇਦ ਅਧਿਕਾਰੀ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਪ੍ਰਬੰਧਕ ਨੇ ਕਿਹਾ ਕਿ ਉਹ ਹੁਣੇ ਕਿਤੇ ਜਾ ਰਹੇ ਨੇ, ਬਾਅਦ ਵਿਚ ਗੱਲ ਕਰਨਗੇ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜ਼ੈਦੀ ਸਾਹਬ ਦੇ ਪਿਤਾ ਜੀ ਅਲੀਗੜ੍ਹ ਜਾਣਾ ਚਾਹੁੰਦੇ ਨੇ। ਜਦੋਂ ਦੇ ਉਹ ਇੱਥੇ ਆਏ ਨੇ ਉਦੋਂ ਦੇ ਅਲੀਗੜ੍ਹ, ਆਪਣੇ ਵਤਨ ਨਹੀਂ ਗਏ। ਹੁਣ ਉਹਨਾਂ ਦੀ ਉਮਰ ਅੱਸੀ ਸਾਲ ਤੋਂ ਉਪਰ ਹੈ। ਉਹਨਾਂ ਦੇ ਬੇਟੇ ਯਾਨੀ ਪਾਕਿਸਤਾਨੀ ਸਿਵਲ ਸਰਵਿਸ ਦੇ ਅਧਿਕਾਰੀ ਲਈ ਆਪਣੇ ਵਾਲਿਦ (ਪਿਤਾਜੀ) ਨੂੰ ਅਲੀਗੜ੍ਹ ਭੇਜਣਾ ਮੁਸ਼ਕਲ ਵੀ ਨਹੀਂ ਹੈ। ਪਰ ਇਕ ਵੱਡੀ ਮੁਸ਼ਕਲ ਹੋਰ ਹੈ ਇਸ ਕਰਕੇ ਜ਼ੈਦੀ ਸਾਹਬ ਆਪਣੇ ਵਾਲਿਦ ਸਾਹਬ ਨੂੰ ਅਲੀਗੜ੍ਹ ਨਹੀਂ ਲੈ ਕੇ ਜਾਂਦੇ।
“ਅੱਜ ਵੀ ਜ਼ੈਦੀ ਸਾਹਬ ਦੇ ਵਾਲਿਦ ਅਲੀਗੜ੍ਹ ਦੀਆਂ ਗੱਲਾਂ ਕਰਦੇ ਹੋਏ ਰੋਣ ਲੱਗ ਪੈਂਦੇ ਨੇ...ਜੇ ਉਹਨਾਂ ਨੂੰ ਅਲੀਗੜ੍ਹ ਲੈ ਜਾਇਆ ਗਿਆ ਤਾਂ ਕਿਤੇ...”
“ਹਾਂ-ਹਾਂ ਮੈਂ ਸਮਝ ਗਿਆ।” ਮੈਂ ਕਿਹਾ। ਪ੍ਰਬੰਧਕ ਕਹਿਣਾ ਚਾਹੁੰਦੇ ਸਨ ਕਿ ਕਿਤੇ ਜ਼ੈਦੀ ਸਾਹਬ ਦੇ ਵਾਲਿਦ ਉੱਤੇ ਏਨਾ ਅਸਰ ਨਾਲ ਹੋ ਜਾਵੇ ਕਿ ਉੱਥੇ ਅਲੀਗੜ੍ਹ ਵਿਚ ਹੀ...।
“ਹੁਣ ਕੀ ਏ ਸਾਹਬ...ਆਪਣੇ ਸਾਹਬ, ਆਪਣੇ ਅੱਬਾ ਜਾਨ ਨੂੰ ਟਾਲਦੇ ਤੇ ਖ਼ੁਸ਼ ਕਰਦੇ ਰਹਿੰਦੇ ਨੇ। ਵਿਚਾਰੇ ਹੋਰ ਕਰ ਕੀ ਸਕਦੇ ਨੇ?” ਉਹ ਬੋਲੇ।
ਮੈਂ ਸੁੰਨ ਜਿਹਾ ਹੋ ਗਿਆ। ਅੰਮ੍ਰਿਤਸਰ ਦੀ ਉਹ ਰਾਤ ਯਾਦ ਆਈ ਜਦੋਂ ਸਰਦਾਰ ਜਸਵੰਤ ਸਿੰਘ ਦੀ ਸ਼ਾਨਦਾਰ ਕੋਠੀ ਵਿਚ ਪਾਰਟੀ ਚਲ ਰਹੀ ਸੀ। ਖਾਣਾ, ਪੀਣਾ, ਗੱਲਾਂ-ਬਾਤਾਂ ਸਭ ਆਪਣੇ ਜੋਬਨ 'ਤੇ ਸਨ। ਗੱਲ ਲਾਹੌਰ ਤਕ ਨਿਕਲ ਆਈ ਸੀ। ਜਸਵੰਤ ਸਿੰਘ ਦੀ ਬੁੱਢੀ ਮਾਂ ਨੇ ਕਿਹਾ ਸੀ, “ਮੈਨੂੰ ਇਕ ਵਾਰੀ ਲਾਹੌਰ ਦਿਖਾ ਦਿਓ...ਇਕ ਵਾਰੀ...।” ਮੈਂ ਸੋਚਿਆ ਸੀ, ਸਰਦਾਰ ਜਸਵੰਤ ਸਿੰਘ ਕਰੋੜਪਤੀ ਨੇ। ਬਾਹਰ ਤਿੰਨ ਸ਼ਾਨਦਾਰ ਗੱਡੀਆਂ ਖੜ੍ਹੀਆਂ ਨੇ। ਹਰ ਗਰਮੀ ਵਿਚ ਯੂਰਪ ਲੈ ਜਾਂਦੇ ਨੇ, ਪੂਰੇ ਪਰਿਵਾਰ ਨੂੰ...ਪੈਸੇ ਦੀ ਗਿਆਨ-ਗਿਣਤੀ ਨਹੀਂ। ਪਰ ਅੰਮ੍ਰਿਤਸਰ ਤੋਂ ਪੰਜਾਹ ਕਿਲੋਮੀਟਰ ਦੂਰ ਲਾਹੌਰ ਜਾਣ ਲਈ ਉਹਨਾਂ ਦੀ ਮਾਂ ਪੰਜਾਹ ਸਾਲ ਤੋਂ ਤੜਫ ਰਹੀ ਹੈ ਤੇ ਉਹ ਮਜਬੂਰ ਨੇ...ਉਹਨਾਂ ਦੀਆਂ ਲਕਜਰੀ ਕਾਰਾਂ ਪੰਜਾਹ ਕਿਲੋਮੀਟਰ ਦਾ ਫ਼ਾਸਲਾ ਪੰਜਾਹ ਮਿੰਟ ਵਿਚ ਤੈਅ ਕਰ ਸਕਦੀਆਂ ਨੇ। ਵੀਜ਼ਾ ਫੀਸ ਜੇ ਪੰਜਾਹ ਹਜ਼ਾਰ ਰੁਪਏ ਵੀ ਹੋਵੇ ਤਾਂ ਵੀ ਕੀ ਹੈ?
ਹੋਰ ਕੁਝ ਨਹੀਂ ਤਾਂ ਇਕ ਦਿਨ ਲਈ ਹੀ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਗੱਲ ਬਣ ਸਕਦੀ ਹੈ ਤੇ ਫੇਰ ਜਸਵੰਤ ਸਿੰਘ ਤੋਂ ਪਾਕਿਸਤਾਨ ਨੂੰ ਕੀ ਖ਼ਤਰਾ ਹੋ ਸਕਦਾ ਹੈ?
ਦੋਵਾਂ ਦੇਸ਼ਾਂ ਦੀ ਅੰਦਰੂਨੀ ਸੁਰੱਖਿਆ ਨੂੰ ਪੂਰੀ ਤਰ੍ਹਾਂ ਮਜਬੂਤ ਬਣਾਈ ਰੱਖਦੇ ਹੋਏ ਵੀ ਭਾਰਤ-ਪਾਕ ਦੀ ਵੀਜ਼ਾ ਨੀਤੀ ਵਧੇਰੇ ਮਨੁੱਖ-ਮੁਖੀ ਹੋ ਸਕਦੀ ਹੈ। ਸੌ ਤਰ੍ਹਾਂ ਨਾਲ ਵੀਜ਼ੇ ਦੀ ਸਮੱਸਿਆ ਉੱਤੇ ਸੋਚਿਆ ਜਾ ਸਕਦਾ ਹੈ। ਇਕ ਦਿਨ ਦਾ ਵੀਜ਼ਾ, ਗਰੁੱਪ ਵੀਜ਼ਾ, ਨਿਗਰਾਨੀ ਵਿਚ ਯਾਤਰਾ, ਸਕਿਊਰਟੀ ਨਾਲ ਵੀਜ਼ਾ ਆਦਿ ਕਈ ਉਪਾਅ ਨੇ—ਪਰ ਦੋਵਾਂ ਸਰਕਾਰਾਂ ਵਿਚ ਕੁਝ ਅਜਿਹੇ ਤੱਤ ਨੇ ਜਿਹੜੇ ਆਪਣੇ ਜਾਂ ਆਪਣੇ ਸਮੂਹ ਦੇ ਲਾਭ ਲਈ ਦੁਸ਼ਮਣੀ ਕਾਇਮ ਰੱਖਣਾ ਚਾਹੁੰਦੇ ਨੇ। ਦੁਸ਼ਮਣੀ ਰਹੇਗੀ ਤਾਂ ਹਥਿਆਰ ਖ਼ਰੀਦੇ ਜਾਣਗੇ। ਹਥਿਆਰ ਖ਼ਰੀਦੇ ਜਾਣਗੇ ਤਾਂ ਅਰਬਾਂ ਰੁਪਏ ਕਮਿਸ਼ਨ ਮਿਲੇਗੀ। ਸੈਨਾ ਦਾ ਮਹੱਤਵ ਬਣਿਆ ਰਹੇਗੀ। ਦੋਵਾਂ ਮੁਲਕਾਂ ਵਿਚ ਇਕ ਲਾਬੀ ਅਜਿਹੀ ਵੀ ਹੈ ਜਿਹੜੀ ਸੁਰੱਖਿਆ ਦੇ ਨਾਂ ਉੱਤੇ ਵੀਜ਼ਾ ਨੀਤੀ ਵਿਚ ਢਿੱਲ ਨਹੀਂ ਦੇਣਾ ਚਾਹੁੰਦੀ। ਜੇ ਕਰੜੇ ਵੀਜ਼ਾ ਨਿਯਮ ਨਾਲ ਹੀ ਸੁਰੱਖਿਆ ਸੰਭਵ ਹੁੰਦੀ ਤਾਂ ਭਾਰਤ-ਪਾਕ ਵਿਚ ਨਾ ਤਾਂ ਬੰਬ ਧਮਾਕੇ ਹੁੰਦੇ ਤੇ ਨਾ ਆਂਤੰਕੀ ਹਮਲੇ ਹੁੰਦੇ। ਪਰ ਰੋਜ਼ ਇਹੋ ਨਜ਼ਰ ਆਉਂਦਾ ਹੈ। ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਨਾਲ ਨਾ ਤਾਂ ਕਿਸੇ ਅੰਦਰਲੀ ਸੁਰੱਖਿਆ ਨੂੰ ਖਤਰਾ ਹੈ, ਨਾ ਹੀ ਆਤੰਕਵਾਦ ਵਧੇਗਾ। ਹਾਂ ਖ਼ਤਰਾ ਹੈ ਤਾਂ ਉਹਨਾਂ ਲੋਕਾਂ ਦੇ ਸਮੂਹ ਨੂੰ ਹੈ ਜਿਹੜੇ ਭੈ, ਦੁਸ਼ਮਣੀ, ਹਿੰਸਾ ਤੇ ਆਤੰਕ ਦੇ ਨਾਂ 'ਤੇ ਆਂਡੇ-ਪਰੌਂਠੇ ਉਡਾਅ ਰਹੇ ਨੇ। ਆਤੰਕਵਾਦ ਤੇ ਧਰਮ-ਅੰਧਤਾ ਦੀ ਜੜ ਹੈ, ਅਗਿਆਨ ਤੇ ਸ਼ੋਸ਼ਣ। ਪਰ ਮੂਲ ਮੁੱਦਿਆਂ ਵੱਲ ਧਿਆਨ ਕੌਣ ਦੇਂਦਾ ਹੈ, ਕਿਉਂਕਿ ਸਾਡੇ ਸੱਤਾਧਾਰੀਆਂ ਲਈ ਇਹ ਅਗਿਆਨ ਤੇ ਸ਼ੋਸ਼ਣ ਹੀ 'ਜੀਵਨ ਰੇਖਾ' ਹੈ।
ਗੁਰੂਦੁਆਰਾ ਡੇਰਾ ਸਾਹਿਬ ਤੇ ਰਣਜੀਤ ਸਿੰਘ ਦੀ ਸਮਾਧੀ ਦੇਖਣ ਪਿੱਛੋਂ ਮੈਂ ਸ਼ੌਕਤ ਨੂੰ ਕਿਹਾ ਕਿ ਕਿਸੇ ਬੜੇ ਸਾਧਾਰਨ ਢਾਬੇ ਵਿਚ ਖਾਣਾ ਖਾਧਾ ਜਾਵੇ। ਸਟੇਸ਼ਨ ਦੇ ਸਾਹਮਣੇ ਬਣੇ 'ਮਦੀਨਾ ਹੋਟਲ' ਵਿਚ ਅਸੀਂ ਬੈਠ ਗਏ। ਹੋਟਲ ਦੇ ਬਾਹਰ ਤੰਦੂਰ ਲੱਗਿਆ ਹੋਇਆ ਸੀ। ਕੋਲ ਹੀ ਵੱਡੇ ਭਾਂਡਿਆਂ ਵਿਚ ਖਾਣਾ ਰੱਖਿਆ ਸੀ। ਤੰਦੂਰ ਦੇ ਕੋਲ ਹੀ ਫ੍ਰਾਈਪੈਨ ਵਿਚ ਖਾਣਾ ਗਰਮ ਕਰਨ ਦਾ ਇੰਤਜ਼ਾਮ ਸੀ।
“ਕੀ ਖਾਓਗੇ?” ਮੈਂ ਸ਼ੌਕਤ ਨੂੰ ਪੁੱਛਿਆ।
“ਮਟਨ ਕੜ੍ਹਾਈ ਮੰਗਾ ਲਓ।”
“ਕਿੰਨਾ?”
“ਅੱਧਾ ਕਿੱਲੋ।”
ਮਟਨ ਕੜ੍ਹਾਈ ਆਇਆ ਤਾਂ ਉਸੇ ਫ੍ਰਾਈਪੈਨ ਵਿਚ ਆਇਆ ਜਿਸ ਵਿਚ ਬਣਾਇਆ ਗਿਆ ਸੀ ਤੇ ਇਕ ਬੋਹੀਏ ਵਿਚ ਚਾਰ ਰੋਟੀਆਂ ਆ ਗਈਆਂ, ਜਿਹਨਾਂ ਦਾ ਸਾਈਜ਼ ਸਾਡੀਆਂ ਤੰਦੂਰੀ ਰੋਟੀਆਂ ਨਾਲੋਂ ਬੜਾ ਵੱਡਾ ਸੀ। ਕੋਈ ਪਲੇਟ ਮੇਜ਼ ਉੱਤੇ ਨਹੀਂ ਸੀ ਰੱਖੀ ਗਈ। ਹੁਣ ਆਪਣੇ 'ਹਿੰਦੂ ਸੰਸਕਾਰਾਂ' ਕਰਕੇ ਮੈਂ ਵੱਖਰੀ ਪਲੇਟ ਜਾਂ ਥਾਲੀ (ਥਾਲੀ ਦਾ ਤਾਂ ਖ਼ੈਰ ਪਾਕਿਸਤਾਨ ਵਿਚ ਕੋਈ ਵਜੂਦ ਹੀ ਨਹੀਂ ਹੈ) ਦੀ ਉਡੀਕ ਕਰਨ ਲੱਗਾ। ਦੂਜੀ ਮੇਜ਼ ਉੱਤੇ ਜਿਹੜੇ ਲੋਕ ਖਾ ਰਹੇ ਸਨ, ਉਹ ਸਾਰੇ ਇਕੋ ਬੋਹੀਏ ਵਿਚੋਂ ਜਾਂ ਫਰਾਈਪੈਨ ਵਿਚੋਂ ਖਾ ਰਹੇ ਸਨ। ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਇਹ ਮੁਸਲਿਮ ਸਮਾਜ ਹੈ, ਜਿੱਥੇ 'ਜੂਠਾ' ਸ਼ਬਦ ਦਾ ਕੋਈ 'ਕਾਂਸੈਪਟ' ਨਹੀਂ ਹੈ। ਮੈਂ ਰੋਟੀ ਚੁੱਕੀ, ਸ਼ੌਕਤ ਨਾਲ ਇਕੋ ਫਰਾਈਪੈਨ ਵਿਚ ਖਾਣਾ ਸ਼ੁਰੂ ਕਰ ਦਿੱਤਾ। ਪਰ ਪਾਣੀ ਪੀਣ ਦੇ ਇਕ ਗ਼ਲਾਸ ਵਾਲੇ ਮਾਮਲੇ ਨਾਲ ਨਿਭ ਨਾ ਕਰ ਸਕਿਆ ਤਾਂ ਦੋ 'ਕੋਕ' ਮੰਗਵਾ ਲਏ।
ਇਸੇ ਨੂੰ ਸ਼ਾਇਦ ਜੀਵਨ ਦੇ ਰੰਗ ਕਹਿੰਦੇ ਨੇ। ਦੁਪਹਿਰੇ ਆਟੋ ਚਾਲਕ ਸ਼ੌਕਤ ਨਾਲ ਸਰਵਹਾਰਾ ਕਿਸਮ ਦੇ ਹੋਟਲ ਵਿਚ ਖਾਣਾ ਖਾਣ ਪਿੱਛੋਂ ਰਾਤ ਦਾ ਡਿਨਰ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਸਮੀਨਾ ਅਹਿਮਦ ਦੀ ਮੇਜ਼ਬਾਨੀ ਵਿਚ ਹੋਇਆ। ਸ਼ਹਿਰ ਤੋਂ ਦੂਰ ਇਕ ਮੀਡੀਆ ਪ੍ਰੋਡਕਸ਼ਨ ਹਾਊਸ ਵਿਚ ਪੰਜ-ਸੱਤ ਬੁੱਧੀਜੀਵੀਆਂ ਦੇ ਨਾਲ ਸ਼ਾਮ ਬੀਤੀ। ਜ਼ਿਕਰ ਛਿੜ ਪਿਆ ਕਿ ਭਾਰਤ ਕਿਸ ਤਰ੍ਹਾਂ ਪਾਕਿਸਤਾਨ ਨਾਲੋਂ ਆਪਣੇ ਆਪ ਨੂੰ ਉੱਤਮ ਸਮਝਦਾ ਹੈ? ਸਾਰੇ ਆਪੋ-ਆਪਣੇ ਅਨੁਭਵ ਦਸਦੇ ਰਹੇ। ਹੁੰਦੀ-ਹੁੰਦੀ ਗੱਲ ਭਾਰਤ ਵਿਰੋਧੀ ਪਗਡੰਡੀ ਤੇ ਤੁਰ ਪਈ, ਪਰ ਮੈਂ ਦਖ਼ਲ ਨਹੀਂ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਸਮਝਣਾ ਚਾਹੁੰਦਾ ਸਾਂ, ਬਹਿਸ ਵਧਾਉਣ ਦਾ ਮੰਸ਼ਾ ਨਹੀਂ ਸੀ।
ਅਗਲੇ ਦਿਨ ਠੀਕ ਦਸ ਵਜੇ ਸ਼ੌਕਤ ਦਾ ਆਟੋ ਗੈਸਟ ਹਾਊਸ ਦੇ ਗੇਟ ਉੱਤੇ ਆ ਗਿਆ। ਮੈਂ ਕਮਰੇ ਵਿਚ ਸਾਂ, ਸ਼ੌਕਤ ਦੇ ਆਟੋ ਦਾ ਭਿਆਨਕ ਹਾਰਨ ਸੁਣਾਈ ਦਿੱਤਾ। ਲਾਹੌਰ ਵਿਚ ਗੱਡੀਆਂ ਦੇ ਵਚਿੱਤਰ, ਦਿਲ-ਦਹਿਲਾ ਦੇਣ ਵਾਲੇ ਹਾਰਨ ਸੁਣ-ਸੁਣ ਕੇ ਮੈਂ 'ਕਨਵਿੰਸ' ਹੋ ਗਿਆ ਹਾਂ ਕਿ ਹੋਰ ਕਿਸੇ ਖੇਤਰ ਵਿਚ ਪਾਕਿਸਤਾਨ ਨੇ ਭਾਰਤ ਨਾਲੋਂ ਵੱਧ ਤਰੱਕੀ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ, ਹਾਰਨ ਬਣਾਉਣ ਦੇ ਮੈਦਾਨ ਵਿਚ ਬਾਜ਼ੀ ਮਾਰ ਲਈ ਹੈ। ਸ਼ੌਕਤ ਦੇ ਆਟੋ ਵਿਚ ਘੱਟੋਘੱਟ ਤਿੰਨ ਕਿਸਮ ਦੇ ਹਾਰਨ ਸਨ। ਹਰੇਕ ਹਾਰਨ ਆਪਣੀ ਮਿਸਾਲ ਆਪ ਸੀ। ਇਕ ਹਾਰਨ ਸੀ ਕਿਸੇ ਸਿਸਕੀ ਵਰਗਾ ਜਾਂ ਆਹ ਵਰਗੀ ਆਵਾਜ਼ ਵਿਚ ਸ਼ੁਰੂ ਹੁੰਦਾ ਸੀ ਫੇਰ ਉਸ ਵਿਚ ਅਚਾਨਕ ਸਰਸਰਾਹਟ ਪੈਦਾ ਹੋ ਜਾਂਦੀ ਸੀ। ਫੇਰ ਉਹ ਬੜੇ ਆਕਰਮਕ ਢੰਗ ਨਾਲ ਇਸ ਤਰ੍ਹਾਂ ਦਹਾੜਦਾ ਸੀ ਕਿ ਜੇ ਸਾਹਮਣੇ ਪੈਟਨ ਟੈਂਕ ਵੀ ਹੋਵੇ ਤਾਂ ਵੀ ਹਟ ਜਾਵੇ। ਸੜਕ ਉੱਤੇ ਦੂਜੇ ਕਿਸਮ ਦੇ ਹਾਰਨ ਵੀ ਸੁਣਨ ਨੂੰ ਮਿਲਦੇ ਸਨ ਤੇ ਲਾਹੌਰੀਆਂ ਦਾ ਹੀ ਕਲੇਜਾ ਹੈ ਜਿਹੜਾ ਇਹਨਾਂ ਦੀ ਆਵਾਜ਼ ਨਾਲ ਫਟ ਨਹੀਂ ਜਾਂਦਾ।
ਮਾਲ ਰੋਡ 'ਤੇ ਕਿਤਾਬਾਂ ਦੀਆਂ ਦੁਕਾਨਾਂ ਤੋਂ ਕੁਝ ਪਾਕਿਸਤਾਨ ਦੇ ਨਕਸ਼ੇ ਖ਼ਰੀਦੇ। ਕੁਝ ਟੂਰਿਸਟ-ਗਾਈਡ ਵਗ਼ੈਰਾ ਲੈਣਾ ਚਾਹੁੰਦਾ ਸਾਂ, ਪਰ ਨਹੀਂ ਮਿਲੀਆਂ। ਵੈਸੇ ਲਾਹੌਰ ਹੀ ਨਹੀਂ ਪੂਰੇ ਪਾਕਿਸਤਾਨ ਵਿਚ ਟੂਰਿਸਟ ਤੇ ਉਹ ਵੀ ਪੱਛਮੀ ਟੂਰਿਸਟ ਨਹੀਂ ਦਿਖਾਈ ਦੇਂਦੇ। ਅਮਰੀਕਾ ਨੇ ਤਾਂ ਪਾਕਿਸਤਾਨ ਨੂੰ ਦੁਨੀਆਂ ਦੇ ਖ਼ਤਰਨਾਕ ਦੇਸ਼ਾਂ ਦੀ ਸੂਚੀ ਵਿਚ ਪਾਇਆ ਹੋਇਆ ਹੈ ਤੇ ਯੂਰਪ ਨੇ ਵੀ ਸ਼ਾਇਦ ਇਵੇਂ ਕੀਤਾ ਹੈ। ਜਦ ਟੂਰਿਸਟ ਆਉਂਦੇ ਹੀ ਨਹੀਂ ਤਾਂ ਇਸ ਕਿਸਮ ਦੀਆਂ ਜਾਣਕਾਰੀਆਂ ਭਲਾ ਕਿਸ ਖਾਤਰ?
ਪੁਰਾਣੇ ਲਾਹੌਰ ਵਿਚ ਆ ਕੇ ਲੱਗਿਆ ਕਿ ਇਹ ਤਾਂ ਦਿੱਲੀ-6 ਨਾਲੋਂ ਵੀ ਵੱਧ ਭੀੜੀ ਜਗ੍ਹਾ ਹੈ। ਆਟੋ ਤੇ ਗੱਡੀਆਂ ਦੇ ਧੂੰਏਂ ਦਾ ਇਹ ਹਾਲ ਸੀ ਕਿ ਦੁਕਾਨਦਾਰਾਂ ਨੇ ਨੱਕ ਉੱਤੇ ਸਫੇਦ ਪੈਡ ਲਾਏ ਹੋਏ ਸਨ। ਆਉਣ-ਜਾਣ ਵਾਲੇ ਆਮ ਤੌਰ 'ਤੇ ਰੁਮਾਲ ਰੱਖ ਕੇ ਲੰਘ ਰਹੇ ਸਨ। ਓਹੋ-ਜਿਹਾ ਧੂੰਆਂ, ਮਤਲਬ ਗੱਡੀਆਂ ਦਾ ਧੂੰਆਂ, ਮੈਂ ਜ਼ਿੰਦਗੀ ਵਿਚ ਕਿਤੇ ਨਹੀਂ ਦੇਖਿਆ। ਸੋਚਣ ਲੱਗਾ ਇੱਥੇ ਰਹਿਣ ਵਾਲਿਆਂ ਉੱਤੇ ਕੀ ਬੀਤਦੀ ਹੋਵੇਗੀ? ਟਰੈਫਿਕ ਦੀ ਜਿੰਨੀ ਅਵਿਵਸਥਾ ਸੰਭਵ ਹੈ, ਉਹ ਦੇਖੀ ਜਾ ਸਕਦੀ ਸੀ। ਮੈਂ ਕੂਚਾ ਜੌਹਰੀਆਂ ਕੋਲ ਆਟੋ ਰੁਕਵਾ ਲਿਆ। ਸ਼ੌਕਤ ਨੂੰ ਕਿਹਾ ਉਹ ਕਿਤੇ ਹੋਰ ਲੈ ਜਾ ਕੇ ਆਟੋ ਖੜ੍ਹਾ ਕਰੇ, ਮੈਂ ਕੂਚਾ ਜੌਹਰੀਆਂ ਦੇਖ ਕੇ ਆ ਜਾਵਾਂਗਾ। ਕੂਚਾ ਜੌਹਰੀਆਂ ਦੇਖਣ ਦਾ ਸ਼ੌਕ ਇਸ ਲਈ ਸੀ ਕਿ ਮੇਰੇ ਨਾਟਕ 'ਜਿਸ ਲਾਹੌਰ ਨਹੀਂ ਦੇਖਿਆ...' ਦਾ ਘਟਨਾ ਸਥਾਨ ਇਹੀ ਹੈ। ਮੈਂ ਕੂਚੇ ਵਿਚ ਅੱਗੇ ਵਧਦਾ ਗਿਆ। ਤਸਵੀਰਾਂ ਲੈਂਦਾ ਰਿਹਾ। ਪੁਰਾਣੀਆਂ ਇਮਾਰਤਾਂ ਦੇ ਮਕਾਨਾਂ ਦੀਆਂ ਤਸਵੀਰਾਂ ਜਮ੍ਹਾਂ ਕਰਨਾ ਚਾਹੁੰਦਾ ਸਾਂ। ਸੋਨੇ, ਚਾਂਦੀ, ਹੀਰੇ, ਜਵਾਹਰਾਤ ਦੇ ਬਾਜ਼ਾਰ ਵਿਚ ਏਨੀ ਅਵਿਵਸਥਾ ਦੇਖ ਕੇ ਪ੍ਰੇਸ਼ਾਨ ਹੋ ਗਿਆ। ਬੜੀ ਮੁਸ਼ਕਲ ਨਾਲ ਵਾਪਸ ਆਇਆ। ਸ਼ੌਕਤ ਦਾ ਆਟੋ ਨਹੀਂ ਮਿਲਿਆ। ਟ੍ਰੈਫਿਕ ਏਨਾ ਸੀ ਕਿ ਆਦਮੀ ਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਸੀ।
ਪੁਰਾਣੇ ਲਾਹੌਰ ਵਿਚੋਂ ਨਿਕਲ ਆਏ। ਇਕ ਚੌੜੀ ਸੜਕ ਦੇ ਕਿਨਾਰੇ ਕੁਝ ਲੋਕ, ਸ਼ਾਇਦ ਪੰਜਾਹ ਸੱਠ, ਬੈਨਰ ਵਗ਼ੈਰਾ ਲਾਈ ਪ੍ਰਦਰਸ਼ਨ ਕਰ ਰਹੇ ਸਨ। ਉਰਦੂ ਵਿਚ ਇਕ ਵੱਡੇ ਸਾਰੇ ਬੈਨਰ ਉੱਤੇ ਲਿਖਿਆ ਸੀ—'ਪੰਜਾਬੀ ਤਹਰੀਕ' ਯਾਨੀ ਪੰਜਾਬੀ ਅੰਦੋਲਨ। ਮੈਂ ਸ਼ੌਕਤ ਨੂੰ ਆਟੋ ਰੋਕਣ ਲਈ ਕਿਹਾ ਤੇ ਉਤਰ ਕੇ ਪ੍ਰਦਰਸ਼ਨ ਕਰਨ ਵਾਲਿਆਂ ਦੇ ਕੋਲ ਚਲਾ ਗਿਆ। ਉੱਥੇ ਪਤਾ ਲੱਗਿਆ ਕਿ ਉੱਥੇ ਪੰਜਾਬੀ ਭਾਸ਼ਾ ਦੇ ਲਈ ਇਹ ਪ੍ਰਦਰਸ਼ਨ ਹੋ ਰਿਹਾ ਸੀ। ਮਤਲਬ ਪੰਜਾਬ—ਉਹ ਵੀ ਲਾਹੌਰ ਵਿਚ ਪੰਜਾਬੀ ਲਈ ਅੰਦੋਲਨ ਦੇਖ ਕੇ ਕੁਝ ਹੈਰਾਨੀ ਹੋਈ। ਉੱਥੇ ਦੱਸਿਆ ਗਿਆ ਕਿ ਪੰਜਾਬ ਵਿਚ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਕੂਲਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਵਿਚ ਅਖ਼ਬਾਰ ਨਹੀਂ। ਪੰਜਾਬ ਵਿਚ ਪ੍ਰਕਾਸ਼ਨ ਦੀ ਹਾਲਤ ਬੜੀ ਮੰਦੀ ਹੈ। ਵਗ਼ੈਰਾ...ਵਗ਼ੈਰਾ। ਪੰਜਾਬੀ ਨੂੰ ਦਬਾਅ ਕੌਣ ਰਿਹਾ ਹੈ, ਉਰਦੂ।
ਪਾਕਿਸਤਾਨ ਵਿਚ ਭਾਸ਼ਾ ਦੀਆਂ ਬੜੀਆਂ ਮਘਦੀਆਂ ਤੇ ਗੰਭੀਰ ਸਮੱਸਿਆਵਾਂ ਨੇ। ਸਭ ਤੋਂ ਪਹਿਲਾਂ ਭਾਸ਼ਾ ਦੀ ਰਾਜਨੀਤੀ ਸਿੰਧ ਵਿਚ ਸ਼ੁਰੂ ਹੋਈ। ਵੰਡ ਪਿੱਛੋਂ ਉਤਰ-ਪ੍ਰਦੇਸ਼, ਬਿਹਾਰ, ਮੱਧਪ੍ਰਦੇਸ਼ ਦੇ ਉਰਦੂ ਭਾਸ਼ੀ ਸਿੰਧ ਦੇ ਸ਼ਹਿਰਾਂ ਵਿਚ ਵਸਾਏ ਗਏ ਸਨ। ਇਹ ਗਿਣਤੀ ਏਨੀ ਵੱਧ ਸੀ ਕਿ 1950 ਤਕ ਸਿੰਧ ਦੇ ਵੱਡੇ ਸ਼ਹਿਰਾਂ ਵਿਚ ਪੰਜਾਹ ਪ੍ਰਤੀਸ਼ਤ ਉਰਦੂ ਬੋਲਣ ਵਾਲੇ ਹੋ ਗਏ ਸਨ।
ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਯਾਕਤ ਅਲੀ ਖਾਂ, ਜਿਹੜੇ ਉਰਦੂ ਭਾਸ਼ੀ ਤੇ ਮੋਹਾਜ਼ਿਰ ਸਨ, ਉਹ ਸਿੰਧ ਦੇ ਵੱਡੇ ਸ਼ਹਿਰਾਂ ਨੂੰ 'ਉਰਦੂ ਭਾਸ਼ਾ ਬਹੁਮਤ ਖੇਤਰ' ਬਣਾਉਣਾ ਚਾਹੁੰਦੇ ਸਨ, ਤਾਂਕਿ ਉਹਨਾਂ ਦੇ ਤੇ ਹੋਰ ਮੋਹਾਜ਼ਿਰ ਨੇਤਾਵਾਂ ਦੇ ਲਈ ਰਾਜਨੀਤੀ ਕਰਨਾ ਤੇ ਚੋਣਾ ਜਿੱਤਣਾ ਸਰਲ ਹੋ ਜਾਵੇ। ਇਕ ਕਾਰਨ ਇਹ ਵੀ ਸੀ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਨੇ, ਉਰਦੂ ਭਾਸ਼ੀ ਮੋਹਾਜ਼ਿਰਾਂ ਨੂੰ ਪੰਜਾਬ ਵਿਚ ਸਵੀਕਾਰ ਨਹੀਂ ਸੀ ਕੀਤਾ। ਪੰਜਾਬ ਵਿਚ ਉਹੀ ਮੋਹਾਜ਼ਿਰ ਵਸਾਏ ਗਏ ਸਨ, ਜਿਹੜੇ ਪੂਰਬੀ ਪੰਜਾਬ ਤੋਂ ਪਾਕਿਸਤਾਨ ਗਏ ਸਨ। ਪੰਜਾਬ ਆਪਣੇ ਭਾਸ਼ਾਈ ਤੇ ਸਾਂਸਕ੍ਰਿਤਕ ਮੋਹ ਪ੍ਰਤੀ ਬੜਾ ਸੁਚੇਤ ਸੀ।
ਸਿੰਧ ਵਿਚ ਆਪਣੀ ਗਿਣਤੀ ਤੇ ਪ੍ਰਭਾਵ ਸਦਕਾ ਉਰਦੂ ਭਾਸ਼ੀ ਮੋਹਾਜ਼ਿਰਾਂ ਨੇ ਆਪਣੇ ਪੈਰ ਜਮਾਉਣ ਖਾਤਰ ਸਿੰਧੀਆਂ ਨੂੰ ਪਿੱਛੇ ਧਰੀਕਣਾ ਸ਼ੁਰੂ ਕਰ ਦਿੱਤਾ। ਕਾਰਨ ਦੋ ਸਨ। ਪਹਿਲਾ ਸਿਧਾਂਤ ਤਾਂ ਇਹ ਕਿ ਪਾਕਿਸਤਾਨ ਦਾ ਧਰਮ ਇਸਲਾਮ ਹੈ ਤੇ ਭਾਸ਼ਾ ਉਰਦੂ ਹੈ। ਦੂਜਾ ਇਹ ਕਿ ਸਿੱਖਿਆ, ਸਰਕਾਰੀ ਅਹੁਦਿਆਂ ਆਦਿ ਤੋਂ ਸਿੰਧੀ ਭਾਸ਼ੀ ਲੋਕਾਂ ਨੂੰ ਪਿੱਛੇ ਧਰੀਕ ਕੇ ਖ਼ੁਦ ਅੱਗੇ ਆ ਜਾਣਾ। ਟਕਰਾਅ ਛੋਟੀਆਂ-ਮੋਟੀਆਂ ਗੱਲਾਂ ਤੋਂ ਸ਼ੁਰੂ ਹੋਇਆ ਪਰ 1988-90 ਵਿਚ ਇਹ ਇਕ ਅਤਿ ਭਿਆਨਕ ਖ਼ੂਨੀ ਸੰਘਰਸ਼ ਵਿਚ ਬਦਲ ਗਿਆ। ਬੰਗਲਾ ਦੇਸ਼ ਦੀ ਸਥਾਪਨਾ ਨੇ ਪਹਿਲੀ ਵਾਰੀ ਦਿਵ-ਰਾਸ਼ਟਰ ਸਿਧਾਂਤ ਨੂੰ ਗ਼ਲਤ ਸਾਬਤ ਕੀਤਾ ਸੀ ਤੇ ਮੋਹਾਜ਼ਿਰ ਸਿੰਧੀ ਹਥਿਆਰਬੰਦ ਸੰਘਰਸ਼ ਨੇ ਇਹ ਦੂਜੀ ਵਾਰੀ ਸਿੱਧ ਕੀਤਾ ਕਿ ਧਰਮ ਦੇ ਆਧਾਰ 'ਤੇ ਰਾਸ਼ਟਰੀਅਤਾ ਨਹੀਂ ਨਿਰਧਾਰਤ ਕੀਤੀ ਜਾ ਸਕਦੀ।
30 ਸਤੰਬਰ, 1988 ਨੂੰ ਹੈਦਰਾਬਾਦ ਸਿੰਧ ਦੇ ਇਤਿਹਾਸ ਦਾ 'ਬਲੈਕ ਫ੍ਰਾਇਡੇ' ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਮੋਟਰ-ਸਾਈਕਲਾਂ ਤੇ ਜੀਪਾਂ ਉੱਤੇ ਇਕ ਦਰਜਨ ਸ਼ਸਤਰਧਾਰੀ ਜਵਾਨਾਂ ਨੇ ਭਰੇ ਬਾਜ਼ਾਰਾਂ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਲਗਭਗ 250 ਲੋਕ ਮਾਰੇ ਗਏ ਸਨ, ਜਿਹਨਾਂ ਵਿਚ ਵਧੇਰੇ ਉਰਦੂ ਭਾਸ਼ੀ ਮੋਹਾਜ਼ਿਰ ਸਨ। ਦੋਸ਼ ਲਾਇਆ ਜਾਂਦਾ ਹੈ ਕਿ ਫਾਇਰਿੰਗ ਕਰਨ ਵਾਲੇ ਸਿੰਧੀ ਸਨ। ਇਸ ਹਮਲੇ ਦੀ ਪ੍ਰਤੀਕ੍ਰਿਆ ਕਰਾਚੀ ਵਿਚ ਹੋਈ, ਜਿੱਥੇ ਜਬਰਦਸਤ ਦੰਗਿਆਂ ਵਿਚ ਲਗਭਗ 60-65 ਸਿੰਧੀਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਕਰੋੜਾਂ ਦੀ ਸੰਪਤੀ ਸਾੜ ਦਿੱਤੀ ਗਈ। ਇਹਨਾਂ ਦੰਗਿਆਂ ਦਾ ਸਭ ਤੋਂ ਭਿਆਨਕ ਰੂਪ ਪੱਕਾ ਕਿਲਾ ਨਰਸੰਘਾਰ ਮੰਨਿਆਂ ਜਾਂਦਾ ਹੈ। 27 ਮਈ, 1990 ਨੂੰ, ਆਪਣੇ ਸਿਰਾਂ ਉੱਤੇ ਕੁਰਾਨ ਸ਼ਰੀਫ ਰੱਖ ਕੇ ਪ੍ਰਦਰਸ਼ਨ ਕਰ ਰਹੇ ਬੱਚਿਆਂ, ਔਰਤਾਂ ਤੇ ਹੋਰ ਭੀੜ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ ਸੀ, ਜਿਸ ਵਿਚ ਸੌ ਤੋਂ ਵੱਧ ਲੋਕ ਮਾਰੇ ਗਏ ਸਨ।
ਇਹ ਸੱਚਾਈ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪਾਕਿਸਤਾਨ ਵਿਚ ਸਭ ਨਾਲੋਂ ਵੱਧ ਹੈ। ਪੰਜਾਬੀ ਭਾਸ਼ਾ ਦੀ ਨਾਕਦਰੀ ਪਾਕਿਸਤਾਨ ਬਣਨ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਪਾਕਿਸਤਾਨ ਬਣਦਿਆਂ ਹੀ ਪੰਜਾਬ ਦੇ ਸਕੂਲਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਵਿਸ਼ੇ ਦੇ ਰੂਪ ਵਿਚ ਪੜ੍ਹਾਇਆ ਜਾਣਾ ਬੰਦ ਕਰ ਦਿੱਤਾ ਗਿਆ। ਕਾਰਨ ਦੋ ਦੱਸੇ ਜਾਂਦੇ ਨੇ। ਪਹਿਲਾ ਇਹ ਕਿ ਕੇਂਦਰ ਵਿਚ ਉਰਦੂ ਦੀ ਸਥਿਤੀ ਨੂੰ ਮਜਬੂਤ ਬਣਾਉਣ ਲਈ ਪੰਜਾਬੀ ਨੂੰ 'ਬਰੇਕ' ਲਾਉਣਾ ਜ਼ਰੂਰੀ ਸੀ। ਦੂਜਾ ਇਹ ਕਿ ਪੰਜਾਬੀ ਨੂੰ ਹਿੰਦੂਆਂ ਤੇ ਸਿਖਾਂ ਦੀ ਭਾਸ਼ਾ ਮੰਨਿਆਂ ਗਿਆ।
ਪੰਜਾਬੀ ਅੰਦੋਲਨ ਦੇ ਕਾਰਜ ਕਰਤਾਵਾਂ ਨੇ ਦੱਸਿਆ, ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨਹੀਂ ਹੁੰਦੀ। ਜਦਕਿ ਸਿੰਧੀ ਤੇ ਸਰਾਯਕੀ ਖੇਤਰਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਸਥਾਨਕ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਨੇ। ਪੰਜਾਬੀ ਦੇ ਅਖ਼ਬਾਰ ਨਹੀਂ ਨਿਕਲਦੇ। ਇਕ-ਦੋ ਸ਼ੁਰੂ ਵੀ ਹੋਏ ਸਨ, ਆਰਥਕ ਮੁਸ਼ਕਲਾਂ ਕਰਕੇ ਬੰਦ ਹੋ ਗਏ। ਪੰਜਾਬੀ ਦਾ ਕੋਈ ਵੱਡਾ ਪ੍ਰਕਾਸ਼ਨ ਨਹੀਂ ਹੈ। ਪੰਜਾਬੀ ਵਿਚ ਸਾਹਿਤਕ ਪਰਚੇ ਵੀ ਬੜੀਆਂ ਘੱਟ ਨਿਕਲਦੇ ਨੇ।
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੇ ਅੰਦੋਲਨ ਦਾ ਇਕ ਹੋਰ ਬੜਾ ਮਹਤੱਵਪੂਰਨ ਪੱਖ ਹੈ। ਪੰਜਾਬ ਆਜ਼ਾਦੀ ਤੋਂ ਪਹਿਲਾਂ ਹੀ ਉਰਦੂ ਦਾ ਕੇਂਦਰ ਰਿਹਾ ਹੈ। ਸਰ ਮੁਹੰਮਦ ਇਕਬਾਲ, ਜਿਹਨਾਂ ਦੀ ਮਾਤ ਭਾਸ਼ਾ ਪੰਜਾਬੀ ਸੀ, ਨੇ ਉਰਦੂ ਤੇ ਫ਼ਾਰਸੀ ਵਿਚ ਕਵਿਤਾ ਲਿਖੀ ਹੈ। ਪੰਜਾਬੀ ਭਾਸ਼ੀ ਉਰਦੂ ਕਵੀਆਂ ਦੀ ਇਕ ਸ਼ਕਤੀਸ਼ਾਲੀ ਪਰੰਪਰਾ ਹੈ ਜਿਹੜੀ ਫ਼ੈਜ਼ ਅਹਿਮਦ 'ਫ਼ੈਜ਼' ਤੋਂ ਹੁੰਦੀ ਹੋਈ ਨੌਜਵਾਨ ਉਰਦੂ ਕਵੀ ਇਫ਼ਤਿਖ਼ਾਰ ਜਾਫਰੀ ਤਕ ਆ ਪਹੁੰਚੀ ਹੈ। ਉਰਦੂ, ਪੰਜਾਬ ਦੀ ਸੰਸਕ੍ਰਿਤੀ ਤੇ ਸਾਹਿਤ ਦੀ ਭਾਸ਼ਾ ਰਹੀ ਹੈ। ਪੰਜਾਬੀ, ਬੋਲਚਾਲ ਦੀ ਭਾਸ਼ਾ ਦੇ ਰੂਪ ਵਿਚ ਪੂਰੀ ਤਰ੍ਹਾਂ ਸਵੀਕਾਰੀ ਗਈ ਹੈ। ਉਰਦੂ ਦੀ ਸਥਿਤੀ ਪੰਜਾਬ (ਪਾਕਿਸਤਾਨ) ਵਿਚ ਕੁਝ ਓਹੋ-ਜਿਹੀ ਹੈ ਜਿਹੋ-ਜਿਹੀ ਭਾਰਤ ਵਿਚ ਅੰਗਰੇਜ਼ੀ ਦੀ ਹੈ।
ਆਧੁਨਿਕ ਯੁੱਗ ਵਿਚ ਕੋਈ ਟਾਵਾਂ ਹੀ ਜਾਂ ਸ਼ਾਇਦ ਹੀ ਕੋਈ ਅਜਿਹਾ ਪਾਕਿਸਤਾਨੀ ਪੰਜਾਬੀ ਕਵੀ ਹੋਵੇਗਾ ਜਿਸਨੂੰ ਭਾਰਤੀ ਉਪ-ਮਹਾਦੀਪ ਵਿਚ ਮਾਨਤਾ ਮਿਲੀ ਹੋਵੇ। ਪਰ ਪੰਜਾਬ ਦੇ ਉਰਦੂ ਕਵੀਆਂ ਨੂੰ ਇਹ ਸਨਮਾਨ ਵਾਰ-ਵਾਰ ਮਿਲਦਾ ਰਿਹਾ ਹੈ। ਇਸ ਲਈ ਪੰਜਾਬ ਵਿਚ ਉਰਦੂ ਲਿਖਣ ਵਾਲਾ ਇਹ ਜਾਣਦਾ ਹੈ ਕਿ ਉਸਨੇ ਉਪ-ਮਹਾਦੀਪ ਜਾਂ ਅੰਦਰ-ਰਾਸ਼ਟਰੀ ਉਰਦੂ ਜਗਤ ਦਾ ਕਵੀ ਬਣਨਾ ਹੈ ਤਾਂ ਪੰਜਾਬੀ ਵਿਚ ਲਿਖਣ ਨਾਲ ਕੰਮ ਨਹੀਂ ਚੱਲੇਗਾ। ਤੇ ਹੁਣ ਉਰਦੂ ਦਾ ਵੱਡਾ ਕਵੀ ਹੋਣ ਦਾ ਮਤਲਬ ਹਿੰਦੀ ਜਗਤ ਦਾ ਕਵੀ ਬਣਨਾ ਵੀ ਹੈ। 'ਫ਼ੈਜ਼' ਨੇ ਇਹ ਸਿੱਧ ਕਰ ਦਿੱਤਾ ਹੈ। 'ਫ਼ੈਜ਼' ਹਿੰਦੀ ਜਗਤ ਵਿਚ ਵੀ ਜਾਣੇ-ਮਾਣੇ ਜਾਂਦੇ ਨੇ। ਪੰਜਾਬੀ ਵਿਚ ਲਿਖਣ ਦਾ ਮਤਲਬ ਸਿਰਫ ਪੰਜ ਸਤ ਕਰੋੜ ਦੀ ਭਾਸ਼ਾ ਦਾ ਕਵੀ ਹੋਣਾ ਹੈ ਜਦਕਿ ਉਰਦੂ ਵਿਚ ਲਿਖਣ ਦਾ ਮਤਲਬ ਲਗਭਗ ਸੌ ਕਰੋੜ ਲੋਕਾਂ ਦਾ ਕਵੀ ਹੋਣਾ ਹੈ। ਇਸ ਸੌ ਕਰੋੜ ਵਿਚ ਹਿੰਦੀ ਵੀ ਸ਼ਾਮਲ ਹੈ।
ਦੋ-ਤਿੰਨ ਦਿਨ ਪਹਿਲਾਂ ਮੈਨੂੰ ਸ਼ੱਕ ਹੋਇਆ ਸੀ ਕਿ ਆਟੋ ਚਾਲਕ ਸ਼ੌਕਤ ਅਲੀ ਸ਼ਾਇਦ ਸ਼ੀਆ ਹੈਨ ਕਿਉਂਕਿ ਉਹਨਾਂ ਦੇ ਆਟੋ ਵਿਚ ਕੁਝ ਇਸ ਤਰ੍ਹਾਂ ਦੇ ਅਰਬੀ ਵਾਕ ਲੱਗੇ ਹੋਇਆ ਸਨ ਜਿਹਨਾਂ ਨੂੰ ਸ਼ੀਆ ਹੀ ਮੰਨਦੇ ਨੇ। 'ਕਨਫ਼ਿਊਜ਼ਨ' ਵਿਚੋਂ ਨਿਕਲਣ ਲਈ ਮੈਂ ਸ਼ੌਕਤ ਨੂੰ ਪੁੱਛ ਹੀ ਲਿਆ ਕਿ ਕੀ ਉਹ ਸ਼ੀਆ ਨੇ। ਉਹਨਾਂ 'ਹਾਂ' ਵਿਚ ਜਵਾਬ ਦਿੱਤਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਸ਼ੀਆ ਹਾਂ। ਫੇਰ ਕੀ ਸੀ, ਸ਼ੌਕਤ ਸਾਹਬ ਨੇ ਆਟੋ ਸੜਕ ਦੇ ਕਿਨਾਰੇ ਰੋਕ ਦਿੱਤਾ ਤੇ ਮੇਰੇ ਗਲ਼ੇ ਮਿਲੇ। ਜੇ ਮੈਨੂੰ ਪਤਾ ਹੁੰਦਾ ਕਿ ਮੇਰਾ ਸ਼ੀਆ ਹੋਣਾ ਸ਼ੌਕਤ ਨੂੰ ਏਨਾ ਪ੍ਰਭਾਵਿਤ ਕਰੇਗਾ ਤਾਂ ਮੈਂ ਨਾ ਦੱਸਦਾ।
“ਹੁਣ ਤਾਂ ਪਹਿਲਾਂ ਤੁਹਾਨੂੰ ਮੇਰੇ ਘਰ ਚੱਲ ਕੇ ਚਾਹ ਪੀਣੀ ਪਏਗੀ।” ਸ਼ੌਕਤ ਬੋਲੇ।
ਅਸੀਂ ਬੰਦ ਰੋਡ 'ਤੇ ਹਿੰਦੂ ਮੰਦਰ ਦੇਖਣ ਜਾ ਰਹੇ ਸਾਂ, ਪਰ ਮੇਰੇ ਸ਼ੀਆ ਹੋਣ ਨੇ ਪ੍ਰੋਗਰਾਮ ਗੜਬੜ ਕਰ ਦਿੱਤਾ ਸੀ।
“ਪਰ ਅਸੀਂ ਲੋਕ ਤਾਂ ਬੰਦ ਰੋਡ...”
“ਬਹੁਤੀ ਦੂਰ ਨਹੀਂ...ਮੇਰਾ ਘਰ ਰਸਤੇ ਵਿਚ ਈ ਏ।”
“ਚੱਲੇ” ਮੇਰੇ ਵੱਸ ਵਿਚ ਕੀ ਸੀ।
ਸ਼ੌਕਤ ਬਜਾਏ ਘਰ ਦੇ ਆਪਣੇ ਭਰਾ ਦੇ ਆਫਿਸ ਲੈ ਗਏ, ਜਿਹੜੇ ਪ੍ਰਾਪਰਟੀ ਡੀਲਰਾਂ ਵਾਂਗ ਆਪਣੇ ਧੰਦੇ ਵਿਚ ਰੁੱਝੇ ਹੋਏ ਸਨ। ਜਿਸ ਅੱਧਬਣੀ ਇਮਾਰਤ ਵਿਚ ਉਹਨਾਂ ਦਾ ਆਫਿਸ ਸੀ ਉਸਦੇ ਬਾਹਰ ਇਕ ਮੋਚੀ ਬੈਠਾ ਸੀ। ਅਸੀਂ ਬੈਠੇ ਚਾਹ ਪੀ ਰਹੇ ਸਾਂ ਕਿ ਮੋਚੀ ਸ਼ੌਕਤ ਦੇ ਭਰਾ ਦੇ ਬੂਟ ਪਾਲਸ਼ ਕਰਕੇ ਲੈ ਆਇਆ। ਸ਼ੌਕਤ ਨੇ ਮੈਨੂੰ ਕਿਹਾ ਕਿ ਮੈਂ ਵੀ ਆਪਣੇ ਬੂਟ ਪਾਲਸ਼ ਕਰਵਾ ਲਵਾਂ। ਮੇਰੇ ਹਾਂ ਕਹਿਣ ਤੋਂ ਪਹਿਲਾਂ ਪਾਲਸ਼ ਵਾਲੇ ਨੇ ਮੇਰੇ ਬੂਟ ਲੁਹਾਅ ਲਏ। ਪਿੱਛੋਂ ਪਤਾ ਲੱਗਿਆ ਕਿ ਪਾਲਸ਼ ਵਾਲਾ ਸ਼ੌਕਤ ਪਰਿਵਾਰ ਤੇ ਮਿਤਰਾਂ ਦੇ ਲਈ ਠੇਕੇ 'ਤੇ ਪਾਲਸ਼ ਕਰਦਾ ਹੈ।
ਗੱਲਬਾਤ ਵਿਚ ਪ੍ਰਾਪਰਟੀ ਦੇ 'ਰੇਟਾਂ' ਦੀ ਤੁਲਨਾ ਹੁੰਦੀ ਰਹੀ। ਪਤਾ ਲੱਗਿਆ ਲਾਹੌਰ ਵਿਚ ਪ੍ਰਾਪਰਟੀ ਸਸਤੀ ਹੈ। ਇਸਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਾਡਾ ਇਕ ਰੁਪਈਆ ਪਾਕਿਸਤਾਨ ਦੇ ਦੋ ਰੁਪਈਆਂ ਦੇ ਬਰਾਬਰ ਹੈ। ਚਲੋ ਖ਼ੈਰ, ਖਰੀ ਕਾਰੋਬਾਰੀ ਗੱਲਬਾਤ ਪਿੱਛੋਂ ਅਸੀਂ ਲੋਕ ਬਾਹਰ ਨਿਕਲੇ।
ਬੰਦ ਰੋਡ ਇਕ ਲੰਮੀ ਚੌੜੀ ਸੜਕ ਹੈ। ਇਕ ਪਾਸੇ ਰਾਵੀ ਨਦੀ ਹੈ ਤੇ ਦੂਜੇ ਪਾਸੇ ਸ਼ਹਿਰ ਹੈ। ਅਸੀਂ ਪੂਰੀ ਸੜਕ ਦਾ ਚੱਕਰ ਲਾਇਆ, ਪਰ ਕਿਧਰੇ ਮੰਦਰ ਦਿਖਾਈ ਨਹੀਂ ਦਿੱਤਾ। ਕੁਝ ਲੋਕਾਂ ਤੋਂ ਪੁੱਛਿਆ, ਪਰ ਕੋਈ ਨਹੀਂ ਦੱਸ ਸਕਿਆ ਕਿ ਮੰਦਰ ਕਿੱਥੇ ਹੈ? ਕਾਫੀ ਦੇਰ ਤਕ ਇਧਰ-ਉਧਰ ਭਟਕਣ ਪਿੱਛੋਂ ਮੈਂ ਸ਼ੌਕਤ ਨੂੰ ਕਿਹਾ, “ਚਲੋ ਰਾਵੀ ਦੇ ਕਿਨਾਰੇ ਚਲਦੇ ਆਂ।”
ਮੈਂ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡਾਂ ਨੇੜੇ ਰਾਵੀ ਨੂੰ ਵਹਿੰਦਿਆਂ ਦੇਖਿਆ ਹੈ। ਦੂਰ ਤਕ ਫੈਲੇ ਖੇਤਾਂ ਤੇ ਬਾਗ਼ਾਂ ਵਿਚਕਾਰੋਂ ਲੰਘਦੀ ਹੋਈ ਰਾਵੀ ਕਿਸੇ ਪੰਜਾਬੀ ਲੋਕ ਗੀਤਾ ਜਿਹੀ ਜਾਪਦੀ ਹੈ। ਲਾਹੌਰ ਵਿਚ ਰਾਵੀ ਸ਼ਹਿਰ ਕੋਲੋਂ ਲੰਘਦੀ ਹੈ। ਉਸ ਪਾਸੇ ਵੀ ਆਬਾਦੀ ਹੈ। ਮੈਂ ਸ਼ੌਕਤ ਨਾਲ ਰਾਵੀ ਦੇ ਕੰਢੇ 'ਤੇ ਆ ਗਿਆ। ਉੱਥੇ ਇਕ ਖੋਖੇ ਤੋਂ ਚਾਹ ਪੀਤੀ। ਕੁਝ ਪੀਰ-ਫ਼ਕੀਰ ਕਿਸਮ ਦੇ ਲੋਕ, ਕੁਝ ਆਵਾਰਾ, ਕੁਝ ਗ਼ਰੀਬ ਲੋਕ ਇਧਰ-ਉਧਰ ਬੈਠੇ ਸਨ ਜਾਂ ਆ-ਜਾ ਰਹੇ ਸਨ। ਰਾਵੀ ਕਿਨਾਰੇ ਦੋ-ਤਿੰਨ ਵੱਡੀਆਂ-ਵੱਡੀਆਂ ਬੇੜੀਆਂ ਬੜੀ ਅਣਗੌਲੀ ਹਾਲਤ ਵਿਚ ਹਿੱਲ-ਡੋਲ ਰਹੀਆਂ ਸਨ। ਆਸਮਾਨ ਸਾਫ਼ ਸੀ।
ਰਾਵੀ ਦੇਖਣ ਪਿੱਛੋਂ ਮੈਂ ਸ਼ੌਕਤ ਨੂੰ ਕਿਸੇ ਅਵਾਮੀ ਬਸਤੀ (ਧੱਕਾ ਬਸਤੀ) ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ। ਸ਼ੌਕਤ ਮੱਕਾ ਕਾਲੋਨੀ ਤੇ ਮਦੀਨਾ ਕਾਲੋਨੀ ਲੈ ਗਏ। ਇੱਥੇ ਪਹੁੰਚ ਕੇ ਲੱਗਿਆ ਜਿਵੇਂ ਦਿੱਲੀ ਦੇ ਪਾਂਡਵ ਨਗਰ ਜਾਂ ਅਰਜੁਨ ਨਗਰ ਵਰਗੀ ਥਾਂ ਆ ਗਏ ਹੋਈਏ। ਪਰ ਫੇਰ ਵੀ ਇਹ 'ਸਲਮ ਏਰੀਏ' ਦੀ ਸ਼੍ਰੇਣੀ ਵਿਚ ਨਹੀਂ ਸੀ ਆਉਂਦੀਆਂ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਗ਼ਰੀਬ ਲੋਕਾਂ ਦੀਆਂ ਬਸਤੀਆਂ ਦੇ ਨਾਂ ਧਾਰਮਿਕ ਸਥਾਨਾਂ ਜਾਂ ਪੌਰਾਣਿਕ ਪਾਤਰਾਂ ਦੇ ਨਾਂਵਾਂ 'ਤੇ ਕਿਉਂ ਹੁੰਦੀਆਂ ਨੇ?
ਲਾਹੌਰ ਵਿਚ ਸਾਰੇ ਦੋਸਤਾਂ ਨੇ ਬੜਾ ਸਾਫ਼-ਸਾਫ਼ ਕਿਹਾ ਸੀ ਕਿ ਪਾਕਿਸਤਾਨ ਵਿਚ ਟਰੇਨ ਵਿਚ ਸਫ਼ਰ ਨਹੀਂ ਕਰਨਾ ਚਾਹੀਦਾ। ਕੋਰੀਅਨ ਕੰਪਨੀ 'ਡੇਬੂ' ਦੀਆਂ ਬੜੀਆਂ ਚੰਗੀਆਂ ਬੱਸਾਂ ਚਲਦੀਆਂ ਨੇ ਜਿਹਨਾਂ ਵਿਚ ਯਾਤਰਾ ਆਸਾਨ ਹੈ। ਟਰੇਨ ਵਿਚ ਨਾ ਜਾਣ ਦੀ ਏਨੀ ਚਿਤਾਵਨੀ ਦਿੱਤੀ ਗਈ ਸੀ ਕਿ ਲਾਹੌਰ ਤੋਂ ਮੁਲਤਾਨ ਜਾਣ ਲਈ ਮੈਂ ਟਰੇਨ ਵਿਚ ਜਾਣ ਦਾ ਹੀ ਫ਼ੈਸਲਾ ਕੀਤਾ। ਟਰੇਨ ਦਾ ਟਿਕਟ ਮੁਸ਼ਤਾਕ ਸੂਫ਼ੀ ਸਾਹਬ ਨੇ ਮੰਗਵਾ ਦਿੱਤਾ ਸੀ ਤੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਚਲੋ ਖ਼ੈਰ, ਟਰੇਨ ਸਵੇਰੇ ਛੇ ਵਜੇ ਚੱਲਣੀ ਸੀ। ਇਸਦਾ ਮਤਲਬ ਪੰਜ ਵਜੇ ਸਵੇਰੇ ਗੈਸਟ ਹਾਊਸ ਵਿਚੋਂ ਨਿਕਲਣਾ ਸੀ। ਮੈਂ ਆਟੋ ਚਾਲਕ ਸ਼ੌਕਤ ਨੂੰ ਪੁੱਛਿਆ ਸੀ ਕਿ ਕੀ ਉਹ ਪੰਜ ਵਜੇ ਸਵੇਰੇ ਗੈਸਟ ਹਾਊਸ ਆ ਸਕਦੇ ਨੇ? ਉਹਨਾਂ ਹਾਮੀ ਭਰ ਲਈ ਸੀ।
ਸਾਰਾ ਦਿਨ ਇਧਰ-ਉਧਰ ਘੁੰਮਣ ਪਿੱਛੋਂ ਸ਼ਾਮ ਨੂੰ ਮਦੀਹਾ ਗੌਹਰ ਦੇ ਨਾਟਕ ਦੇਖਣ ਦਾ ਪ੍ਰੋਗਰਾਮ ਸੀ। ਪਰ ਉਸ ਤੋਂ ਪਹਿਲਾਂ ਲਾਹੌਰ ਵਿਚ ਕਿਤਾਬਾਂ ਦੇ ਬਹੁਤ ਵੱਡੇ ਤੇ ਮਸ਼ਹੂਰ ਸ਼ੌਅ-ਰੂਮ 'ਰੀਡਿੰਗਸ਼' ਵਿਚ ਕੁਝ ਲੇਖਕਾਂ ਨੂੰ ਮਿਲਣ ਦੀ ਗੱਲ ਹੋ ਚੁੱਕੀ ਸੀ। ਲਾਹੌਰ ਕੇ.ਟੀ. ਹਾਊਸ ਦੇ ਉਜੜਨ ਪਿੱਛੋਂ ਲੇਖਕਾਂ ਨੇ ਆਪਣੇ ਅੱਡੇ ਇਧਰ-ਉਧਰ ਬਣਾ ਲਏ ਨੇ। ਇੰਤਜ਼ਾਰ ਹੁਸੈਨ ਆਪਣੇ ਮਿੱਤਰਾਂ ਨਾਲ ਹਰ ਛਨੀਵਾਰ ਨੂੰ 'ਨੈਰੰਗ ਗੈਲਰੀ' ਵਿਚ ਬੈਠਦੇ ਨੇ। ਕੁਝ ਹੋਰ ਲੋਕ 'ਰੀਡਿੰਗਸ' ਵਿਚ ਬੈਠਦੇ ਨੇ। ਇਹ ਮੀਟਿੰਗਾਂ ਬਗ਼ੈਰ ਕਿਸੇ ਅਜੈਂਡੇ ਦੇ ਹੁੰਦੀਆਂ ਨੇ। ਮੈਂ ਚਲਾ ਗਿਆ ਤਾਂ ਮੈਨੂੰ ਇਕ ਦੋ ਛੋਟੀਆਂ ਕਹਾਣੀਆਂ ਸੁਣਾਉਣ ਦੀ ਫਰਮਾਇਸ਼ ਕੀਤੀ ਗਈ। ਉਹਨਾਂ ਉੱਤੇ ਗੱਲਬਾਤ ਹੋਈ। ਭਾਰਤ-ਪਾਕ ਸੰਬੰਧਾਂ ਤੇ ਦੋਵਾਂ ਦੇਸ਼ਾਂ ਦੀ ਤੁਲਨਾ ਕੀਤੀ ਜਾਣ ਲੱਗੀ। ਇਕ ਲੇਖਕ ਮਿੱਤਰ ਨੇ ਬੜੀ ਚੰਗੀ ਗੱਲ ਆਖੀ। ਉਹਨਾਂ ਕਿਹਾ ਕਿ 'ਭਾਰਤ ਵਿਚ ਧਾਰਮਿਕ ਕੱਟੜਤਾ ਦੇ ਵਿਰੁੱਧ ਸੰਵਿਧਾਨ ਮਦਦ ਕਰਦਾ ਹੈ, ਪਰ ਪਾਕਿਸਤਾਨ ਵਿਚ ਇੰਜ ਨਹੀਂ ਹੁੰਦਾ।' ਨੌਜਵਾਨ ਮਿੱਤਰ ਤੇ ਉਰਦੂ ਦੇ ਪੱਤਰਕਾਰ ਮਹਿਮੂਦੁਲ ਹਸਨ ਮੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਸਨ, ਇਸ ਲਈ ਸਭਾ ਦੇ ਉਠ ਜਾਣ ਪਿੱਛੋਂ ਵੀ ਮੈਂ ਰੁਕ ਗਿਆ। ਮਹਿਮੂਦ ਨੇ ਕਿਹਾ ਕਿ ਉਹ ਮੈਨੂੰ ਮਦੀਹਾ ਗੌਹਰ ਦੇ ਨਾਟਕਾਂ ਵਾਲੀ ਜਗ੍ਹਾ ਪਹੁੰਚਾ ਦੇਣਗੇ।
ਮਦੀਹਾ ਗੌਹਰ ਨੂੰ ਥਿਏਟਰ ਐਕਟੀਵਿਸਟ ਦੇ ਰੂਪ ਵਿਚ ਮਾਨਤਾ ਮਿਲ ਚੁੱਕੀ ਹੈ। ਉਹਨਾਂ ਨੇ ਲਾਹੌਰ ਵਿਚ ਆਪਣਾ ਵੱਡਾ 'ਸੈਟਅਪ' ਬਣਾਇਆ ਹੈ। ਮੈਂ ਉਹਨਾਂ ਦਾ ਸਟੂਡਿਓ ਵੀ ਦੇਖ ਚੁੱਕਾ ਹਾਂ ਜਿਸ ਵਿਚ ਮੰਚਨ ਤੇ ਸਟੇਜ ਲਈ ਲੋੜੀਦੇ ਚੰਗੇ ਉਪਕਰਨ ਵੀ ਹੈਨ। ਮਦੀਹਾ, ਸਾਮਾਜਿਕ ਚੇਤਨਾ, ਔਰਤ ਦੇ ਅਧਿਕਾਰ, ਧਰਮ-ਅੰਧਤਾ ਦੇ ਵਿਰੁੱਧ, ਵਿਸ਼ਿਆਂ ਉਪਰ ਨਾਟਕ ਕਰਦੀ ਰਹਿੰਦੀ ਹੈ। ਉਹ ਅੱਜ ਕਲ੍ਹ ਲਾਹੌਰ ਦੇ ਬਦਲਦੇ ਹਾਲਾਤ, ਸਲਮਾਨ ਤਾਸੀਰ ਦੀ ਹੱਤਿਆ ਤੇ ਹੱਤਿਆਰੇ ਦੇ ਸਮਰਥਣ ਵਿਚ ਲੱਖਾਂ ਲੋਕਾਂ ਦੇ ਪ੍ਰਦਰਸ਼ਨ ਆਦਿ ਤੋਂ ਬੜੀ ਚਿੰਨਤਤ ਹੈ। ਧਰਮ-ਅੰਧਤਾ ਦੇ ਵਧਦੇ ਜ਼ੋਰ ਨੇ ਕਲਾਕਾਰਾਂ ਨੂੰ ਸੰਕਟ ਵਿਚ ਪਾ ਦਿੱਤਾ ਹੈ।
ਮਦੀਹਾ ਦੇ ਨਾਟਕ 'ਬੁੱਲੇਸ਼ਾਹ' ਤੇ ਬੱਚਿਆਂ ਦਾ ਨਾਟਕ 'ਦੁਨੀਆਂ ਬਦਲ ਸਕਦੀ ਹੈ' ਦੇਖ ਕੇ ਬਾਹਰ ਨਿਕਲਿਆ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਅਚਾਨਕ ਆਟੋ ਚਾਲਕ ਸ਼ੌਕਤ ਦਾ ਫੋਨ ਆਇਆ ਕਿ ਉਹਨਾਂ ਦੇ ਆਟੋ ਵਿਚ ਕੋਈ ਖ਼ਰਾਬੀ ਆ ਗਈ ਹੈ ਤੇ ਉਹ ਸਵੇਰੇ ਪੰਜ ਵਜੇ ਗੈਸਟ ਹਾਊਸ ਨਹੀਂ ਪਹੁੰਚ ਸਕਣਗੇ। ਹੁਣ ਰਾਤ ਦੇ ਗਿਆਰਾਂ ਵਜੇ ਮੈਂ ਹੋਰ ਕੀ ਇੰਤਜ਼ਾਮ ਕਰ ਸਕਦਾ ਸਾਂ। ਮੈਂ ਮਦੀਹਾ ਨੂੰ ਦੱਸਿਆ ਤਾਂ ਉਹਨਾਂ ਨੇ ਪੁੱਛਿਆ, “ਤੁਸੀਂ ਟਰੇਨ ਵਿਚ ਕਿਉਂ ਜਾ ਰਹੇ ਓ ਮੁਲਤਾਨ?”
ਮੈਂ ਕਿਹਾ, “ਇਸ ਲਈ ਕਿ ਸਭ ਮਨ੍ਹਾਂ ਕਰ ਰਹੇ ਨੇ ਕਿ ਪਾਕਿਸਤਾਨ ਵਿਚ ਟਰੇਨ ਦਾ ਸਫਰ ਨਹੀਂ ਕਰਨਾ ਚਾਹੀਦਾ।”
ਉਹਨਾਂ ਕਿਹਾ, “ਹਕੀਕਤ ਇਹ ਐ ਕਿ ਸਾਡੀਆਂ ਟਰੇਨਾਂ ਅੱਛੀਆਂ ਨਹੀਂ। ਤੁਸੀਂ ਕਲ੍ਹ 'ਡੇਬੂ' ਬੱਸ ਵਿਚ ਕਿਉਂ ਨਹੀਂ ਚਲੇ ਜਾਂਦੇ?...ਹੁਣ ਵੀ ਤੁਹਾਡਾ ਟਿਕਟ ਬੁੱਕ ਹੋ ਸਕਦਾ ਏ। 'ਡੇਬੂ' ਬੱਸ ਸਟੈਂਡ ਉੱਥੋਂ ਨੇੜੇ ਈ ਏ ਜਿੱਥੇ ਤੁਸੀਂ ਠਹਿਰੇ ਹੋਏ ਓ।”
ਸੁਝਾਅ ਚੰਗਾ ਸੀ। ਮਦੀਹਾ ਦਾ ਡਰਾਈਵਰ ਸਾਨੂੰ 'ਡੇਬੂ' ਬੱਸ ਸਟੈਂਡ ਲੈ ਆਇਆ। ਡਰਾਈਵਰ ਨੂੰ ਹੀ ਉਹਨਾਂ ਨੇ ਟਿਕਟ ਲੈਣ ਭੇਜਿਆ। ਰਾਤ ਦੇ ਬਾਰਾਂ ਵੱਜ ਚੁੱਕੇ ਸਨ। ਮੈਨੂੰ ਲੱਗ ਰਿਹਾ ਸੀ ਮਦੀਹਾ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹਾਂ। ਪਰ ਉਹਨਾਂ ਦੇ ਮੱਥੇ ਉੱਤੇ ਵੱਟ ਨਹੀਂ ਸੀ।

ਦੂਜਾ ਪੜਾਅ : ਮੁਲਤਾਨ

ਭਾਰਤੀ ਉਪ-ਮਹਾਦੀਪ ਦੇ ਪ੍ਰਾਚੀਨ ਸ਼ਹਿਰਾਂ ਵਿਚ ਮੁਲਤਾਨ ਦਾ ਨਾਂ ਹੀ ਰੋਮਾਂਚਿਤ ਕਰ ਦੇਂਦਾ ਹੈ। ਮਹਾਭਾਰਤ ਅਨੁਸਾਰ ਇਹ ਘਟੋਤ ਰਾਜਵੰਸ਼ ਦੇ ਤ੍ਰਿਗਾਰਤਾ ਸਾਮਰਾਜ ਦੀ ਰਾਜਧਾਨੀ ਸੀ। ਸਦੀਆਂ ਦੇ ਲੰਮੇ ਸਫਰ ਨੇ ਸ਼ਹਿਰਾਂ ਦੇ ਨਾਂ ਬਦਲ ਦਿੱਤੇ ਨੇ। ਘਟੋਤ ਰਾਜਵੰਸ਼ ਦੇ ਕਸ਼ਯਪ ਗੋਤ ਕਾਰਨ ਕਦੀ ਇਸਦਾ ਨਾਂ ਕਸ਼ਯਪੁਰ ਵੀ ਹੁੰਦਾ ਸੀ।
ਮੱਧ ਏਸ਼ੀਆ ਤੇ ਦੱਖਣ ਏਸ਼ੀਆਂ ਦੇ ਵਿਚਕਾਰ ਵੱਸੇ ਇਸ ਸ਼ਹਿਰ ਦਾ 'ਅਪਰਾਧ' ਇਸਦੀ ਭੂਗੋਲਿਕ ਸਥਿਤੀ ਰਹੀ ਹੈ। ਦਿੱਲੀ ਵਾਂਗ 'ਜਿਹੜਾ ਵੀ ਆਇਆ, ਉਸੇ ਨੇ ਲੁੱਟਿਆ'। ਸਿਕੰਦਰ ਮਹਾਨ ਤੋਂ ਲੈ ਕੇ ਮੁਹੰਮਦ ਬਿਨ ਕਾਸਿਮ, ਮਹੰਮੂਦ ਗਜਨਵੀ, ਮੁਹੰਮਦ ਗ਼ੌਰੀ ਤਕ ਦੀ ਲੁੱਟਮਾਰ ਦੇ ਨਿਸ਼ਾਨ ਇਸਦੇ ਚਿਹਰੇ ਉੱਤੇ ਦੇਖੇ ਜਾ ਸਕਦੇ ਨੇ। ਕੁਝ ਸਮੇਂ ਲਈ ਇਹ ਸ਼ੀਆ ਮੁਸਲਮਾਨਾਂ ਦੀ ਇਕ ਸ਼ਾਖ ਇਸਮਾਇਲੀ ਮੁਸਲਮਾਨਾਂ ਦੇ ਕਬਜੇ ਵਿਚ ਆ ਗਿਆ ਸੀ। ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਇਸ ਸ਼ਹਿਰ 'ਤੇ ਆਪਣੀ ਤਾਕਤ ਆਜਮਾਈ ਹੈ। 1817 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਲੇ ਦੇ ਫਾਟਕ ਤੋੜਨ ਲਈ 'ਜ਼ਮਜ਼ਮਾ' ਨਾਂ ਦੀ ਇਕ ਵਿਸ਼ੇਸ਼ ਤੋਪ ਭੇਜੀ ਸੀ ਤੇ 1846 ਵਿਚ ਇਹ ਸ਼ਹਿਰ ਅੰਗਰੇਜ਼ਾਂ ਦੇ ਕਬਜੇ ਵਿਚ ਆ ਗਿਆ ਸੀ। ਉਥਲ-ਪੁਥਲ ਵਾਲੀਆਂ ਇਹਨਾਂ ਸਦੀਆਂ ਵਿਚ ਮੁਲਤਾਨ ਸਿਰਫ਼ ਮੁਗਲ ਰਾਜ ਦੌਰਾਨ ਸ਼ਾਂਤੀ ਤੇ ਤਰੱਕੀ ਵੱਲ ਵਧਿਆ ਸੀ।
ਮੁਲਤਾਨ ਨੂੰ ਪੀਰਾਂ, ਸੂਫ਼ੀਆਂ ਤੇ ਭਿਖਾਰੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਮੁਲਤਾਨ ਬਾਰੇ ਫ਼ਾਰਸੀ ਦਾ ਇਕ ਸ਼ੇਅਰ ਹੈ...:
'ਚਹਾਰ ਚੀਜ਼, ਮਸਤ ਤੋਹਫ਼-ਏ-ਮੁਲਤਾਨ
ਗਰਦ, ਗਰਮਾ, ਗਦਾ ਵ ਗੋਰਿਸਤਾਨ।'
ਭਾਵ ਇਹ ਕਿ ਮੁਲਤਾਨ ਦਾ ਤੋਹਫ਼ਾ ਇਹ ਚਾਰ ਚੀਜ਼ਾਂ ਨੇ—ਧੂੜ, ਗਰਮੀ, ਫ਼ਕੀਰ ਤੇ ਕਬਰਸਤਾਨ।
ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਆਮ ਤੌਰ 'ਤੇ ਲਾਹੌਰ ਤੇ ਕਰਾਚੀ ਹੀ ਜਾਂਦੇ ਨੇ। ਮੁਲਤਾਨ ਬੜੇ ਘੱਟ ਲੋਕ ਜਾਂਦੇ ਨੇ। ਮੈਂ ਆਪਣੇ ਅਮਰੀਕਾ ਵਾਸੀ ਮਿੱਤਰ ਕਹਾਣੀਕਾਰ ਉਮੇਸ਼ ਅਗਨੀਹੋਤਰੀ ਨੂੰ ਜਦੋਂ ਇਹ ਦੱਸਿਆ ਕਿ ਮੈਨੂੰ ਮੁਲਤਾਨ ਦਾ ਵੀਜ਼ਾ ਵੀ ਮਿਲ ਗਿਆ ਹੈ ਤਾਂ ਉਹਨਾਂ ਦਾ ਈ-ਮੇਲ ਆਇਆ...:
'ਜਗ੍ਹਾ ਹੈ ਆਗ਼ਾਪੁਰਾ। ਇੱਥੇ ਕਦੀ ਨੰਦਲਾਲ ਆ ਕੇ ਵੱਸੇ ਸਨ। ਉਹ ਕਵੀ ਸਨ ਤੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸੇਵਕ ਵੀ ਸਨ। ਫ਼ਾਰਸੀ ਕਵਿਤਾ ਉੱਤੇ ਵੀ ਉਹਨਾਂ ਦੀ ਚੋਖੀ ਪਕੜ ਸੀ। ਗ਼ਜ਼ਨੀ ਤੋਂ ਮੁਲਤਾਨ ਆ ਕੇ (ਮੁਲਤਾਨ ਵਿਚ) ਵੱਸੇ ਸਨ ਇੱਥੇ...ਤੇ ਉਹਨਾਂ ਦੇ ਨਾਂ ਉਪਰ ਇਸ ਮੁਹੱਲੇ ਦਾ ਨਾਂ ਪੈ ਗਿਆ ਜਿਸ ਵਿਚ ਹਿੰਦੂ ਪਰਿਵਾਰ ਰਹਿੰਦੇ ਸਨ। ਇਸਦਾ ਨਾਂ ਬਾਅਦ ਵਿਚ ਆਗ਼ਾਪੁਰਾ ਮੁਹੱਲਾ ਪੈ ਗਿਆ। ਇਹ ਦਿੱਲੀ ਦਰਵਾਜ਼ੇ ਦੇ ਕੋਲ ਸੀ। ਮਕਾਨ ਦੋ ਮੰਜ਼ਿਲਾ ਸੀ ਤੇ ਉਸਦੇ ਵਿਚ ਬਾਰਾਂ ਕਮਰੇ ਸਨ। ਨੇੜੇ ਹੀ ਇਕ ਗੁਰੂਦੁਆਰਾ ਸੀ।' ਪੁਸ਼ਪਾ ਜੀ (ਉਮੇਸ਼ ਅਗਨੀਹੋਤਰੀ ਦੀ ਪਤਨੀ) ਦੇ ਨਾਨਾ ਦਾ ਨਾਂ ਲਾਲਾ ਕੁੰਵਰਭਾਨ ਸੀ। ਇਕ ਨਾਂ ਹੋਰ ਦੱਸਿਆ ਸੀ ਉਹਨਾਂ ਨੇ ਭਵਾਨੀ ਮੱਲ...'ਪਾਕਿਸਤਾਨ ਦੀ ਯਾਤਰਾ ਲਈ ਸ਼ੁਭਕਾਮਨਾਵਾਂ...ਉਮੇਸ਼।'
ਮੁਲਤਾਨ ਆਉਣ ਤੋਂ ਪਹਿਲਾਂ ਹੀ ਇਹ ਤੈਅ ਕਰ ਲਿਆ ਸੀ ਕਿ ਮੈਂ ਮੁਲਤਾਨ ਵਿਚ ਉਮੇਸ਼ ਅਗਨੀਹੋਤਰੀ ਦੀ ਪਤਨੀ ਪੁਸ਼ਪਾ ਜੀ ਦੇ ਨਾਨੇ ਦਾ ਮਕਾਨ ਜ਼ਰੂਰ ਲੱਭਣਾ ਹੈ। ਮੇਰੇ ਖ਼ਿਆਲ ਵਿਚ ਪੁਰਾਣੀਆਂ ਯਾਦਾਂ ਨਾਲ—ਚੰਗੀਆਂ ਹੋਣ ਭਾਵੇਂ ਮਾੜੀਆਂ—ਬੰਦੇ ਦਾ ਮਨੋਬਲ ਵਧਦਾ ਹੈ। ਮੈਂ ਚਾਹੁੰਦਾ ਸੀ ਕਿ ਮਿੱਤਰ ਉਮੇਸ਼ ਤੇ ਪੁਸ਼ਪਾ ਜੀ ਨੂੰ ਕੁਝ ਲੱਭ ਕੇ ਦਿਖਾਅ ਦਿਆਂ।
ਮੁਲਤਾਨ ਵਿਚ ਮੇਰੇ ਸੰਪਰਕ ਦੇ ਆਦਮੀ ਸ਼ਾਕਿਰ ਅਲੀ ਸ਼ਾਕਿਰ ਸਨ, ਜਿਹੜੇ ਕਵੀ ਨੇ ਤੇ ਮੁਲਤਾਨ ਵਿਚ ਉਹਨਾਂ ਦਾ ਪ੍ਰਕਾਸ਼ਨ ਤੇ ਕਿਤਾਬਾਂ ਦੀ ਦੁਕਾਨ ਹੈ। ਮੈਂ ਉਹਨਾਂ ਨੂੰ ਸਿੱਧਾ ਨਹੀਂ ਜਾਣਦਾ ਸਾਂ। ਕੁਝ ਮਿੱਤਰਾਂ ਨੇ ਇਹ ਸੰਪਰਕ ਸੂਤਰ ਦਿੱਤਾ ਸੀ। ਚਲੋ ਖ਼ੈਰ, ਲਾਹੌਰ ਪਹੁੰਚਣ ਪਿੱਛੋਂ ਹੀ ਮੈਂ ਸ਼ਾਕਿਰ ਸਾਹਬ ਦੇ ਸੰਪਰਕ ਵਿਚ ਸਾਂ ਤੇ ਉਹਨਾਂ ਨੂੰ ਪਤਾ ਸੀ ਕਿ ਮੈਂ ਕਦੋਂ ਤੇ ਕਿੰਜ ਮੁਲਤਾਨ ਆ ਰਿਹਾ ਹਾਂ। ਉਹਨਾਂ ਮਿਹਰਬਾਨੀ ਕਰਦਿਆਂ ਮੈਨੂੰ 'ਰਸੀਵ' ਕਰਨ ਲਈ ਆਪਣੇ ਬੇਟੇ ਨੂੰ 'ਡੇਬੂ ਸਟੇਸ਼ਨ' ਭੇਜ ਦਿੱਤਾ ਸੀ। ਉਹ ਮੈਨੂੰ ਉੱਥੇ ਮਿਲ ਗਿਆ ਤੇ ਉਸਦੇ ਨਾਲ ਮੈਂ ਮੰਗੋਲ ਹੋਟਲ ਆ ਗਿਆ। ਛੋਟਾ ਜਿਹਾ ਸਾਫ਼-ਸੁਥਰਾ ਕਮਰਾ। ਪੁਰਾਣਾ ਹੋਟਲ, ਸ਼ਹਿਰ ਦੇ ਵਿਚਕਾਰ। ਮੈਂ ਇਹੀ ਚਾਹੁੰਦਾ ਸੀ। ਕਿਰਾਇਆ ਵੀ ਵਾਜਬ ਹੀ ਸੀ।
ਕਮਰੇ ਵਿਚ ਹਾਲੇ ਮੈਂ ਸਾਮਾਨ ਵਗ਼ੈਰਾ ਸੈਟ ਕੀਤਾ ਹੀ ਸੀ ਕਿ ਸ਼ਾਕਿਰ ਸਾਹਬ ਦੋ ਹੋਰ ਦੋਸਤਾਂ ਨਾਲ ਆ ਪਹੁੰਚੇ। ਛੋਟੇ ਜਿਹੇ ਕਮਰੇ ਵਿਚ ਅਸੀਂ ਸਾਰੇ ਕਿਸੇ ਤਰ੍ਹਾਂ ਬੈਠ ਗਏ। ਪ੍ਰੋਗਰਾਮ ਇਹ ਬਣਿਆ ਕਿ ਹੁਣੇ ਸ਼ਾਮ ਨੂੰ ਮੀਆਂ ਆਸਿਫ਼ ਰਸ਼ੀਦ ਸਾਹਬ ਮੈਨੂੰ ਸ਼ਹਿਰ ਦਿਖਾਉਣਗੇ ਤੇ ਕਲ੍ਹ ਮਸੂਦ ਕਾਜੀ ਸਾਹਬ ਜਾਣਗੇ। ਅਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਮੇਰਾ ਫੋਨ ਵੱਜਿਆ। ਉਧਰੋਂ ਜਿਹੜੀ ਆਵਾਜ਼ ਆਈ ਉਹ ਆਪਣੇ ਲਾਹੌਰ ਵਾਲੇ ਮੋਹਾਫ਼ਿਜ਼ ਦੀ ਆਵਾਜ਼ ਲੱਗੀ। ਮੈਨੂੰ ਇਹ ਕਿਹਾ ਗਿਆ ਕਿ 'ਮੈਂ ਮੁਲਤਾਨ ਦੇ ਆਪਣੇ ਸੰਪਰਕ ਸੂਤਰ ਸ਼ਾਕਿਰ ਸਾਹਬ ਦਾ ਜਿਹੜਾ ਫੋਨ ਨੰਬਰ ਦਿੱਤਾ ਹੈ, ਉਹ ਲੱਗ ਨਹੀਂ ਰਿਹਾ, ਕੀ ਕੋਈ ਦੂਜਾ ਨੰਬਰ ਦੇ ਸਕਦਾ ਹਾਂ ਮੈਂ।' ਮੈਂ ਕਿਹਾ, “ਸ਼ਾਕਿਰ ਸਾਹਬ ਮੇਰੇ ਕੋਲ ਈ ਬੈਠੇ ਨੇ। ਤੁਸੀਂ ਉਹਨਾਂ ਨਾਲ ਗੱਲ ਕਰ ਲਓ।” ਮੈਂ ਸ਼ਾਕਿਰ ਸਾਹਬ ਨੂੰ ਫੋਨ ਫੜਾ ਦਿੱਤਾ। ਉਹ ਗੱਲਾਂ ਕਰਦੇ ਕਮਰੇ 'ਚੋਂ ਬਾਹਰ ਚਲੇ ਗਏ। ਵਾਪਸ ਆਏ ਤਾਂ ਦੱਸਿਆ ਕਿ ਮੁਲਤਾਨ ਦੇ ਹੀ 'ਮੋਹਾਫ਼ਿਜ' ਦਾ ਫੋਨ ਆਇਆ ਸੀ। ਪਹਿਲਾਂ ਮੈਂ ਸਮਝਿਆ ਕਿ ਇਹ ਆਮ ਜਿਹੀ ਗੱਲ ਹੈ ਪਰ ਪਿੱਛੋਂ ਪਤਾ ਲੱਗਿਆ ਕਿ ਮੁਲਤਾਨ, ਲਾਹੌਰ ਜਾਂ ਕਰਾਚੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਿ ਮੁਲਤਾਨ ਪ੍ਰਧਾਨ ਮੰਤਰੀ ਦਾ ਚੋਣ ਖੇਤਰ ਹੈ, 'ਐਕਸ' ਵਿਦੇਸ਼ ਮੰਤਰੀ ਦਾ ਵੀ 'ਹੋਮ ਟਾਊਨ' ਇਹੋ ਹੈ। ਇਸ ਕਰਕੇ ਇਹ ਕਾਫੀ ਸੰਵੇਦਨਸ਼ੀਲ ਸ਼ਹਿਰ ਮੰਨਿਆਂ ਜਾਂਦਾ ਹੈ। ਤੀਜੀ ਗੱਲ ਇਹ ਕਿ ਮੇਰੇ ਇੱਥੇ ਆਉਣ ਦਾ ਤਰਕ 'ਮੋਹਾਫ਼ਿਜਾਂ' ਦੀ ਸਮਝ ਵਿਚ ਨਹੀਂ ਸੀ ਆ ਰਿਹਾ।
ਸ਼ਾਮ ਨੂੰ ਮੀਆਂ ਆਸਿਫ਼ ਰਸ਼ੀਦ ਮੈਨੂੰ ਲੈ ਕੇ ਨਿਕਲੇ। ਪਹਿਲਾਂ ਮੀਆਂ ਆਸਿਫ਼ ਰਸ਼ੀਦ ਨਾਲ ਜਾਣ-ਪਛਾਣ ਕਰਵਾ ਦਿਆਂ। ਇਹਨਾਂ ਦੀ ਕਿਤਾਬ 'ਦਲੀਲੇ ਸਹਰ' ਦਾ ਜ਼ਿਕਰ ਇਸ ਤੋਂ ਪਹਿਲਾਂ ਕੀਤਾ ਜਾ ਚੁੱਕਿਆ ਹੈ। ਮੀਆਂ ਆਸਿਫ਼ ਪਾਕਿਸਤਾਨ ਦੇ ਮੰਨੇ ਹੋਏ ਕਲਾ ਸਮੀਖਿਅਕ ਤੇ ਬੁੱਧੀਜੀਵੀ ਨੇ। ਬੁਨਿਆਦੀ ਤੌਰ 'ਤੇ ਅਰਥਸ਼ਾਸਤਰੀ ਹੋਣ ਕਰਕੇ ਉਹਨਾਂ ਦੇ ਅੰਦਰ ਵਿਗਿਆਨਕ ਵਿਸ਼ਲੇਸ਼ਣ ਦੀ ਪ੍ਰਤਿਭਾ ਹੈ ਜਿਸ ਕਰਕੇ ਉਹ ਸਮਾਜਕ ਸਾਂਸਕ੍ਰਿਤਕ ਹਾਲਤਾਂ ਦਾ ਵਿਸ਼ਲੇਸ਼ਣ ਕਰਦੇ ਰਹਿੰਦੇ ਨੇ।
ਮੀਆਂ ਆਸਿਫ਼ ਪੁਰਾਣੇ ਮੁਲਤਾਨ ਸ਼ਹਿਰ ਯਾਨੀ 'ਵਾਲਡ ਸਿਟੀ' ਵਿਚ ਲੈ ਗਏ। ਭੀੜੀਆਂ ਗਲੀਆਂ, ਪੌੜੀਆਂ, ਪੱਕੀਆਂ ਇੱਟਾਂ ਦੀਆਂ ਮੋਟੀਆਂ ਕੰਧਾਂ, ਟੇਢੇ-ਮੇਢੇ ਭੀੜੇ ਰਸਤੇ, ਮਜ਼ਹਬੀ ਜਲਸਿਆਂ, ਮਜਲਿਸਾਂ ਦੇ ਪੋਸਟਰਾਂ ਨਾਲ ਭਰੀਆਂ ਕੰਧਾਂ ਦੇਖਦੇ ਅਸੀਂ ਇਕ ਪੁਰਾਣੀ ਮਜ਼ਾਰ 'ਤੇ ਜਾ ਪਹੁੰਚੇ—ਇਹ ਕਬਰਸਤਾਨ ਵੀ ਹੈ, ਮਸਜਿਦ ਵੀ ਹੈ ਤੇ ਇਮਾਮਵਾੜਾ ਵੀ ਹੈ। ਇੱਥੋਂ ਅਸੀਂ ਹੋਰ ਅੱਗੇ ਵਧੇ। ਕਿਸੇ ਹੋਰ ਦਰਗਾਹ 'ਤੇ ਜਾ ਰਹੇ ਸੀ ਕਿ ਆਸਿਫ਼ ਦੀ ਪਤਨੀ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਵਿਚ ਇਕ 'ਕਰਾਫਟ ਮੇਲਾ' ਲੱਗਿਆ ਹੋਇਆ ਹੈ, ਅਸੀਂ ਚਾਹੀਏ ਤਾਂ ਉੱਥੇ ਜਾ ਸਕਦੇ ਹਾਂ। ਆਸਿਫ਼ ਨੂੰ ਸੁਝਾਅ ਪਸੰਦ ਆਇਆ। ਤੇ ਉਹਨਾਂ ਗੱਡੀ ਮੋੜ ਲਈ।
ਮੇਲਾ ਕਿਸੇ ਵੀ ਮੇਲੇ ਵਰਗਾ ਸੀ ਪਰ ਫ਼ਰਕ ਇਹ ਸੀ ਕਿ ਆਸਿਫ਼ ਜਦ ਵੀ ਸਟਾਲ ਦੇ ਮਾਲਕਾਂ ਨੂੰ ਇਹ ਦੱਸਦੇ ਕਿ ਮੈਂ ਭਾਰਤ 'ਚੋਂ ਆਇਆ ਹਾਂ ਤਾਂ ਕ੍ਰਾਫਟਮੈਨ ਜਾਂ ਸਟਾਲ ਦਾ ਮਾਲਕ ਆਪਣਾ ਪਿਆਰ ਤੇ ਲਗਾਅ ਦਿਖਾਉਣ ਲਈ ਆਪਣੇ ਸਟਾਲ ਦਾ ਕੋਈ ਸਾਮਾਨ ਭੇਂਟ ਕਰਨਾ ਚਾਹੁੰਦਾ। ਮੁਲਤਾਨੀ ਮਿੱਟੀ ਦੇ ਬਣੇ ਸਾਮਾਨ ਦੀ ਦੁਕਾਨ 'ਤੇ ਗਏ ਤਾਂ ਬੜਾ ਜ਼ੋਰ ਦੇ ਕੇ ਦੁਕਾਨਦਾਰ ਨੇ ਗੁਲਦਸਤਾ ਭੇਂਟ ਕਰ ਦਿੱਤਾ। ਕਿਤਾਬਤ ਦੀ ਸਟਾਲ 'ਤੇ ਗਏ ਤਾਂ ਕਾਤਿਬ ਨੇ ਕਿਹਾ ਕਿ ਉਹ ਮੇਰਾ ਨਾਂ ਆਪਣੀ ਸਟਾਲ ਤੋਂ ਊਠ ਦੀ ਖੱਲ 'ਤੇ ਲਿਖ ਕੇ ਮੈਨੂੰ ਭੇਂਟ ਕਰਨਾ ਚਾਹੁੰਦਾ ਹੈ—ਤੇ ਉਸਨੇ ਕੀਤਾ ਵੀ। ਗਿਲਗਿਟ ਤੋਂ ਆਈ ਦਸਤਕਾਰ ਔਰਤ ਨੇ ਛੋਟਾ ਜਿਹਾ ਕਲਾਤਮਕ ਪਰਸ ਭੇਂਟ ਕੀਤਾ। ਮੈਂ ਹੈਰਾਨ ਸੀ ਕਿ ਪਾਕਿਸਤਾਨ ਦੇ ਲੋਕ, ਭਾਰਤ 'ਚੋਂ ਆਏ ਮੇਰੇ ਵਰਗੇ ਮਾਮੂਲੀ ਆਦਮੀ ਦੇ ਪ੍ਰਤੀ ਏਨੇ ਖਿੱਚੇ ਕਿਉਂ ਜਾ ਰਹੇ ਨੇ? ਇਹ ਖਿੱਚ ਦਰਅਸਲ ਭਾਰਤ ਦੇ ਪ੍ਰਤੀ ਸੀ। ਮੇਲੇ ਵਿਚ ਇਕ ਸਟੇਜ ਉੱਤੇ ਗਾਣੇ ਤੇ ਨਾਚ ਦਾ ਪ੍ਰੋਗਰਾਮ ਵੀ ਚੱਲ ਰਿਹਾ ਸੀ। ਮੈਂ ਦੇਖਣ ਲੱਗਾ। ਇਕ ਛੋਟੀ ਬੱਚੀ...ਉਮਰ ਇਹੋ ਕੋਈ ਦੋ-ਢਾਈ ਸਾਲ ਹੋਵੇਗੀ, ਮੰਚ ਉੱਤੇ ਲਿਆਂਦੀ ਗਈ ਤੇ ਦੱਸਿਆ ਗਿਆ ਕਿ ਉਹ ਗਾਣਾ ਸੁਣਾਵੇਗੀ। ਕੁੜੀ ਨੇ ਮਾਈਕ ਉੱਤੇ ਗਾਉਣਾ ਸ਼ੁਰੂ ਕੀਤਾ, 'ਮੁੰਨੀ ਬਦਨਾਮ ਹੁਈ...' ਹਿੰਦੀ ਦੀ ਇਕ ਸੁਪਰ ਹਿਟ ਫ਼ਿਲਮ ਦਾ ਗਾਣਾ, ਮੁਲਤਾਨ ਦੇ ਕਰਾਫਟ ਮੇਲੇ ਵਿਚ ਇਕ ਬੱਚੀ ਦੇ ਮੂੰਹੋਂ ਸੁਣ ਕੇ ਲੱਗਿਆ ਕਿ ਇਹ ਇਕ ਦੇਸ਼ ਦੇ ਦੋ ਰੂਪ ਨੇ ਤੇ ਜੇ ਇਤਿਹਾਸ ਦੇ ਕਿਸੇ ਮੋੜ 'ਤੇ ਇਹ ਦੋ ਦੇਸ਼ ਬਣ ਵੀ ਗਏ ਨੇ ਤਾਂ ਵੀ ਇਹਨਾਂ ਦਾ ਰਿਸ਼ਤਾ ਪਿਆਰ-ਮੁਹੱਬਤ, ਭਾਈਚਾਰੇ, ਇਨਸਾਨੀਅਤ, ਮੇਲਜੋਲ ਤੇ ਸਹਿਯੋਗ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਦੁਸ਼ਮਣੀ ਵਾਲਾ। ਰਾਤ ਨੂੰ ਮੀਆਂ ਆਸਿਫ਼ ਰਸ਼ੀਦ ਨੇ ਹੋਟਲ ਛੱਡ ਦਿੱਤਾ। ਮੈਂ ਲਾਹੌਰ ਤੋਂ ਆਪਣੇ ਨਾਲ ਕੁਝ ਰਸਾਲੇ ਲਿਆਇਆ ਸੀ, ਉਹਨਾਂ ਨੂੰ ਪੜ੍ਹਨ ਲੱਗਾ। ਇਕ ਰਸਾਲੇ ਵਿਚ ਪਾਕਿਸਤਾਨ ਦੇ ਬਲੈਸਫੇਮੀ ਕਾਨੂੰਨ (ਧਾਰਾ 298-ਏ, 298-ਬੀ, 298-ਸੀ) ਭਾਵ ਪੈਗੰਬਰ ਮੁਹੰਮਦ ਸਾਹਬ ਦਾ ਅਪਮਾਨ ਤੇ ਉਲੰਘਣ ਕਰਨ ਸੰਬੰਧੀ ਕਾਨੂੰਨ ਉਪਰ ਲੇਖ ਛਪਿਆ ਸੀ। ਮੈਂ ਮੁਲਤਾਨ ਦੇ ਮੰਗੋਲ ਹੋਟਲ ਦੇ ਕਮਰੇ ਵਿਚ ਲੇਖ ਪੜ੍ਹਨ ਲੱਗਾ ਤੇ ਸਾਰੀ ਰਾਤ ਸੌਂ ਨਹੀਂ ਸਕਿਆ।
ਲੈਫਟੀਨੈਂਟ ਜਰਨਲ ਜ਼ਿਯਾਉਲ ਹੱਕ ਨੇ ਆਪਣੀ ਸੱਤਾ ਕਾਇਮ ਰੱਖਣ ਤੇ ਲੋਕਤੰਤਰ ਦੇ ਅੰਦੋਲਨ ਨੂੰ ਦਬਾਈ ਰੱਖਣ ਖਾਤਰ ਇਸਲਾਮ ਧਰਮ ਦਾ ਸਹਾਰਾ ਲਿਆ ਸੀ ਤੇ ਪਾਕਿਸਤਾਨ ਦਾ 'ਇਸਲਾਮਾਈਜ਼ੇਸ਼ਨ' ਕਰ ਦਿੱਤਾ ਸੀ। ਪਾਕਿਸਤਾਨ ਨੂੰ ਇਸਲਾਮੀ ਰਿਪਬਲਿਕ ਬਣਾਅ ਦਿੱਤਾ ਗਿਆ ਸੀ। ਤੌਹੀਨੇ ਰਿਸਾਲਤ ਇਸਲਾਮੀ ਕਾਨੂੰਨ ਬਣਾਏ ਗਏ ਸਨ। ਇਹਨਾਂ ਕਾਨੂੰਨਾਂ ਵਿਚ ਬਲੈਸਫੇਮੀ ਲਾ ਵੀ ਬਣਾਇਆ ਗਿਆ ਸੀ। ਇਸ ਦੇ ਅਧੀਨ ਜੇ ਕਿਸੇ ਗ਼ੈਰ-ਮੁਸਲਿਮ ਬਾਰੇ ਦੋ ਮੁਸਲਮਾਨ ਇਹ ਗਵਾਹੀ ਦੇ ਦੇਣ ਕਿ ਉਸ ਆਦਮੀ/ਔਰਤ ਨੇ ਅਜਿਹਾ ਕੁਝ ਕੀਤਾ, ਲਿਖਿਆ, ਬੋਲਿਆ ਹੈ ਜਿਸ ਨਾਲ ਪੈਗੰਬਰ ਮੁਹੰਮਦ ਸਾਹਬ ਦਾ ਅਪਮਾਨ ਹੁੰਦਾ ਹੈ, ਤਾਂ ਧਾਰਮਿਕ ਅਦਾਲਤ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਏਗੀ।
ਇਸ ਕਾਨੂੰਨ ਦਾ ਇਕ ਪੱਖ ਇਹ ਹੈ ਕਿ ਮੁਸਲਿਮ ਜਨਤਾ ਦੇ ਦਿਮਾਗ਼ ਵਿਚ ਇਕ ਗੱਲ ਇਹ ਬਿਠਾਅ ਦਿੱਤੀ ਗਈ ਕਿ ਤੌਹੀਨੇ ਰਿਸਾਲਤ ਕਰਨ ਵਾਲੇ ਦੀ ਹੱਤਿਆ ਜਿੰਨਾ ਪਵਿੱਤਰ ਕੰਮ ਹੋਰ ਕੋਈ ਨਹੀਂ ਹੁੰਦਾ। ਖੁੱਲ੍ਹੇ ਆਮ ਧਾਰਮਿਕ ਨੇਤਾ ਐਲਾਨ ਕਰਦੇ ਨੇ ਕਿ ਜੇ ਫਲਾਨੇ ਫਲਾਨੇ 'ਬਲੈਸਫੇਮੀ' ਦੇ ਅਪਰਾਧੀ ਦੀ ਕੋਈ ਹੱਤਿਆ ਕਰ ਦਏਗਾ ਤਾਂ ਉਸਨੂੰ ਏਨੇ ਲੱਖ ਦਾ ਇਨਾਮ ਮਿਲੇਗਾ।
ਇਹੀ ਕਾਰਨ ਹੈ ਕਿ ਸਲਮਾਨ ਤਾਸੀਰ ਦੇ ਹੱਤਿਆਰੇ ਦੇ ਪੱਖ ਵਿਚ ਲੱਖਾਂ ਲੋਕ ਸੜਕਾਂ 'ਤੇ ਨਿਕਲ ਆਏ ਸਨ। ਤੌਹੀਨੇ ਰਿਸਾਲਤ ਕਾਨੂੰਨ ਦੀ ਸਮੀਖਿਆ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੇ ਕੇਂਦਰੀ ਮੰਤਰੀ ਸ਼ਹਬਾਜ ਭੱਟੀ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ। ਸਲਮਾਨ ਤਾਸੀਰ, ਪੰਜਾਬ ਦੇ ਗਵਰਨਰ ਦੇ ਅਹੁਦੇ 'ਤੇ ਸਨ। ਉਹਨਾਂ ਦੀ ਗ਼ਲਤੀ ਸਿਰਫ਼ ਏਨੀ ਸੀ ਕਿ ਤੌਹੀਨੇ ਰਿਸਾਲਤ ਦੀ ਅਪਰਾਧੀ ਈਸਾਈ ਔਰਤ ਆਸਿਯਾ ਬੀਬੀ ਦੀ ਮੁਲਾਕਾਤ ਕਰਨ ਲਈ ਜੇਲ੍ਹ ਵਿਚ ਗਏ ਸਨ। ਉਹਨਾਂ ਦਾ ਕਹਿਣਾ ਸੀ ਕਿ ਤੌਹੀਨੋ ਰਿਸਾਲਤ ਕਾਨੂੰਨ ਕੁਰਾਨ ਦਾ ਕਾਨੂੰਨ ਨਹੀਂ ਹੈ। ਇਹ ਮਨੁੱਖਾਂ ਦੁਆਰਾ ਬਣਾਇਆ ਗਿਆ ਹੈ, ਜਿਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ।
ਤੌਹੀਨੇ ਰਿਸਾਲਤ ਕਾਨੂੰਨ ਦੇਸ਼ ਦੀ ਏਡੀ ਸੰਵੇਦਨਸ਼ੀਲ ਸਮੱਸਿਆ ਬਣ ਗਈ ਹੈ ਕਿ ਕੇਂਦਰੀ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਇਹ ਐਲਾਨ ਕੀਤਾ ਹੈ ਕਿ ਉਹ ਖ਼ੁਦ ਤੌਹੀਨੇ ਰਿਸਾਲਤ ਕਰਨ ਵਾਲੇ ਦੀ ਹੱਤਿਆ ਕਰ ਸਕਦੇ ਨੇ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਪਾਕਿਸਤਾਨ ਦੀ ਉਦਾਰਪੰਥੀ ਸਿਵਲ ਸੁਸਾਇਟੀ ਇਸ ਕਿਸਮ ਦੀ ਉਗਰ ਧਰਮ-ਅੰਧਤਾ ਕਾਰਨ 'ਸਿਮਟਤੀ' ਜਾ ਰਹੀ ਹੈ। ਇਹ ਨਹੀਂ ਲੱਗਦਾ ਕਿ ਨੇੜੇ ਦੇ ਭਵਿੱਖ ਵਿਚ ਧਰਮ-ਅੰਧਤਾ ਨੂੰ ਚਣੌਤੀ ਦਿੱਤੀ ਜਾ ਸਕੇਗੀ।
ਡੇਲੀ ਟਾਇਮਸ 11 ਮਾਰਚ, 2011 ਨੇ ਇਕ ਰਿਪੋਰਟ ਛਾਪੀ ਹੈ ਜਿਸਦੇ ਅਨੁਸਾਰ 32 ਜਣਿਆਂ ਨੂੰ, ਜਿਹਨਾਂ ਵਿਚ ਵਧੇਰੇ ਈਸਾਈ ਤੇ ਅਹਿਮਦੀਏ ਸਨ, ਧਾਰਮਿਕ ਅਦਾਲਤਾਂ ਨੇ ਤੌਹੀਨੇ ਰਿਸਾਲਤ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਿੱਤੀ ਸੀ। ਇਹਨਾਂ 32 ਜਣਿਆਂ ਦੇ ਕੇਸ ਜਦ ਉੱਚੀ ਅਦਾਲਤ ਵਿਚ ਆਏ ਤਾਂ, ਸਬੂਤ ਤੇ ਗਵਾਹਾਂ ਦੀ ਘਾਟ ਹੋਣ ਕਰਕੇ ਇਹਨਾਂ ਨੂੰ ਕੋਰਟ ਨੇ ਬਰੀ ਕਰ ਦਿੱਤਾ। ਪਰ ਬਰੀ ਹੋਣ ਪਿੱਛੋਂ ਇਹਨਾਂ ਸਾਰਿਆਂ ਨੂੰ ਇਸਲਾਮੀ ਕੱਟੜਵਾਦੀਆਂ ਨੇ ਮਾਰ ਦਿੱਤਾ। ਇਹੋ ਨਹੀਂ ਉਹਨਾਂ ਦੋ ਜੱਜਾਂ ਦੀ ਹੱਤਿਆ ਵੀ ਕਰ ਦਿੱਤੀ ਗਈ, ਜਿਹਨਾਂ ਨੇ ਇਹਨਾਂ ਨੂੰ ਬਰੀ ਕੀਤਾ ਸੀ।
ਪਾਕਿਸਤਾਨ ਦੇ ਪਰਚੇ 'ਦ ਹੇਰਾਲਡ' ਨੇ ਪਾਕਿਸਤਾਨ ਦੇ ਮਾਨਵ ਅਧਿਕਾਰ ਕਮਿਸ਼ਨ ਦੁਆਰਾ ਦਿੱਤੇ ਗਏ ਅੰਕੜਿਆਂ ਦੇ ਆਧਾਰ ਉੱਤੇ ਛਾਪਿਆ ਹੈ ਕਿ 1986 ਤੋਂ ਜਨਵਰੀ 2011 ਤਕ ਘੱਟੋਘੱਟ 39 ਲੋਕਾਂ ਨੂੰ ਤੌਹੀਨੇ ਰਿਸਾਲਤ ਦੇ ਦੋਸ਼ ਵਿਚ ਉਹਨਾਂ ਦੇ ਮੁਕੱਦਮਿਆਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ। ਇਹਨਾਂ ਵਿਚੋਂ 35 ਹੱਤਿਆਵਾਂ ਪੰਜਾਬ ਵਿਚ ਹੋਈਆਂ ਸਨ। ਤਿੰਨ ਸਿੰਧ ਵਿਚ ਤੇ ਇਕ ਖ਼ੈਬਰ-ਪਖ਼ਤੂਨ ਖਾਂ ਵਿਚ ਕੀਤੀ ਗਈ ਸੀ। ਵਧੇਰੇ ਹੱਤਿਆਵਾਂ ਕੱਟਰਪੰਥੀਆਂ ਦੁਆਰਾ ਦੋਸ਼ੀ ਨੂੰ ਪੱਥਰਾਂ ਨਾਲ ਮਾਰ-ਮਾਰ ਕੇ ਕੀਤੀਆਂ ਗਈਆਂ ਸਨ। ਕੁਝ ਨੂੰ ਜੇਲ੍ਹ ਵਿਚ ਮਾਰ ਦਿੱਤਾ ਗਿਆ ਸੀ। ਕੁਝ ਨੂੰ ਗੋਲੀ ਮਾਰੀ ਗਈ ਸੀ।
ਅੱਧੀ ਰਾਤ ਨੂੰ, ਮੁਲਤਾਨ ਦੇ ਮੰਗੋਲ ਹੋਟਲ ਦੇ ਕਮਰਾ ਨੰ. 113 ਵਿਚ ਮੈਂ ਇਹ ਸੋਚਣ ਲੱਗਾ ਕਿ ਇੱਥੇ ਜੀਵਨ ਕਿੰਨਾ ਸਸਤਾ ਹੈ। ਧਰਮ-ਅੰਧਤਾ ਭਾਵੇਂ ਉਹ ਕਿਸੇ ਧਰਮ ਦੀ ਵੀ ਹੋਵੇ, ਕਿੱਥੇ ਲੈ ਜਾਂਦੀ ਹੈ? ਮੈਨੂੰ ਬਾਬਰੀ ਮਸਜਿਦ ਢਾਹੁਣ ਦੀ ਘਟਨਾ ਤੇ ਗੁਜਰਾਤ ਦਾ ਨਰਸੰਘਾਰ ਚੇਤੇ ਆਉਣ ਲੱਗਾ। ਮੈਂ ਦੋਵਾਂ ਸਥਿਤੀਆਂ ਦੀ ਤੁਲਨਾ ਕਰਨ ਲੱਗਾ। ਸੋਚਣ ਲੱਗਾ ਦੋ ਜਣੇ—ਪੂਰੇ ਦੇਸ਼ ਵਿਚ ਦੋ ਜਣਿਆਂ ਦਾ ਮਿਲਣਾ ਕਿੰਨਾ ਆਸਾਨ ਹੋਏਗਾ, ਜਿਹੜੇ ਇਹ ਕਹਿ ਸਕਣ ਕਿ ਮੈਂ ਤੌਹੀਨੇ ਰਿਸਾਲਤ ਕੀਤੀ ਹੈ। ਬਸ ਏਨਾ ਕਾਫੀ ਹੈ, ਫੇਰ ਹੱਤਿਆ ਕਰ ਦਿੱਤੀ ਜਾਵੇਗੀ। ਭਾਰਤ ਵਿਚ ਜੇ ਮੈਂ ਹਸ਼ਿਮਪੁਰਾ, ਅਹਿਮਦਾਬਾਦ ਵਿਚ ਹੁੰਦਾ ਤਾਂ ਵੀ ਹੱਤਿਆ ਕਰ ਦਿੱਤੀ ਜਾਂਦੀ ਕਿਉਂਕਿ ਮੈਂ ਮੁਸਲਮਾਨ ਹਾਂ।
ਕੰਧ ਘੜੀ ਲਗਾਤਾਰ ਟਿਕ-ਟਿਕ ਕਰਦੀ ਰਹੀ ਤੇ ਮੇਰਾ ਅੰਦਰ ਕੰਬਦਾ ਰਿਹਾ। ਦੋਸ਼ੀਆਂ ਨੂੰ ਪੱਥਰ ਮਾਰ-ਮਾਰ ਕੇ ਮਾਰ ਦੇਣ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਵੇਂ ਭੌਂਦਾ ਰਿਹਾ। ਸੋਚਣ ਲੱਗਾ ਹੁਣ ਕੋਈ ਈਸਾ ਨਹੀਂ ਜਿਹੜਾ ਇਹ ਕਹਿ ਸਕੇ ਕਿ ਪੱਥਰ ਉਹੀ ਮਾਰੇ ਜਿਸਨੇ ਖ਼ੁਦ ਕੋਈ ਗੁਨਾਹ ਨਾ ਕੀਤਾ ਹੋਵੇ।
ਅਗਲੇ ਦਿਨ ਸਵੇਰੇ ਹੋਟਲ ਦੇ ਕਮਰੇ ਵਿਚ ਸੱਯਦ ਮਸੂਦ ਕਾਜ਼ਮੀ ਆਏ। ਗੱਲਾਂਬਾਤਾਂ ਹੋਣ ਲੱਗੀਆਂ। ਪਤਾ ਲੱਗਿਆ ਕਿ ਕਾਜ਼ਮੀ ਸਾਹਬ ਪੱਤਰਕਾਰ ਨੇ ਤੇ 'ਆਸ ਟਾਇਮਸ' ਦੇ ਚੀਫ ਐਡੀਟਰ ਨੇ। ਸਹਿਰ ਦੇ ਜਾਣੇ-ਪਛਾਣੇ ਬੁੱਧੀਜੀਵੀ ਨੇ। ਉਹਨਾਂ ਦਾ ਪਰਿਵਾਰ ਵੀ ਭਾਰਤ ਵੰਡ ਸਮੇਂ ਇੱਥੇ ਆਇਆ ਸੀ।
ਗੱਲਾਂ ਥੋੜ੍ਹੀਆਂ ਹੋਰ ਅੱਗੇ ਵਧਣ ਲੱਗੀਆਂ ਤਾਂ ਅਚਾਨਕ ਮੇਰੇ ਉੱਤੇ ਹੈਰਾਨੀ ਦਾ ਪਹਾੜ ਟੁੱਟ ਪਿਆ। ਕਾਜ਼ਮੀ ਸਾਹਬ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਉਤਰ ਪ੍ਰਦੇਸ਼ ਦੇ ਜ਼ਿਲੇ ਫਤੇਹਪੁਰ ਤੋਂ ਕਰਾਚੀ ਆਇਆ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਫਤੇਹਪੁਰ ਦਾ ਹਾਂ ਤੇ ਜੱਦੀ ਘਰ ਉੱਥੇ ਹੀ ਹੈ। ਕਾਜ਼ਮੀ ਸਾਹਬ ਨੇ ਪਾਕਿਸਤਾਨ ਵਿਚ ਆਪਣੇ ਪਰਿਵਾਰ ਦੀ ਕਹਾਣੀ ਦੱਸੀ। ਇਹ ਪਤਾ ਲੱਗਿਆ ਕਿ ਉਹਨਾਂ ਦੇ ਪਿਤਾ ਜੀ ਪਿੰਡ ਵਿਚ ਜਿਹੜੀ ਜ਼ਮੀਨ ਵਗ਼ੈਰਾ ਛੱਡ ਆਏ ਸਨ, ਉਸਦੇ ਬਦਲੇ ਉਹਨਾਂ ਨੂੰ ਪਾਕਿਸਤਾਨ ਵਿਚ ਕੁਝ ਨਹੀਂ ਮਿਲਿਆ।
ਕੁਝ ਚਿਰ ਬਾਅਦ ਅਸੀਂ ਲੋਕ ਮੁਲਤਾਨ ਦਾ ਪੁਰਾਣਾ ਸ਼ਹਿਰ ਦੇਖਣ ਲਈ ਨਿਕਲੇ।
ਹੋਟਲ ਦੀ ਪਾਰਕਿੰਗ ਵਿਚ ਕਾਜ਼ਮੀ ਸਾਹਬ ਦੀ ਲਾਲ ਰੰਗ ਦੀ ਪਿਆਰੀ ਜਿਹੀ ਮੋਟਰ-ਸਾਈਕਲ ਖੜ੍ਹੀ ਸੀ, ਜਿਹੜੀ ਦੇਖਣ ਵਿਚ ਮੋਟਰ-ਸਾਈਕਲ ਤੇ ਮੋਪੇਡ ਦੇ ਵਿਚਕਾਰ ਦੀ ਚੀਜ਼ ਨਜ਼ਰ ਆਉਂਦੀ ਸੀ। ਕਾਜ਼ਮੀ ਸਾਹਬ ਨੇ ਦੱਸਿਆ ਕਿ ਇਹ ਮੋਟਰ-ਸਾਈਕਲ ਕੰਪਨੀ ਨੇ ਉਹਨਾਂ ਨੂੰ ਕੁਝ ਡਿਸਕਾਊਂਟ ਉੱਤੇ ਦਿੱਤੀ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਚੇ 'ਆਸ ਟਾਇਮਸ' ਵਿਚ ਉਹਨਾਂ ਦਾ ਵਿਗਿਆਪਨ ਛਾਪਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਮੋਟਰ-ਸਾਈਕਲ ਬੈਟਰੀ 'ਤੇ ਚਲਦੀ ਹੈ ਤੇ ਅੱਸੀ ਕਿਲੋਮੀਟਰ ਬਾਅਦ ਬੈਟਰੀ ਚਾਰਜ ਕਰਨੀ ਪੈਂਦੀ ਹੈ। ਮੈਂ ਮੋਟਰ-ਸਾਈਕਲ ਦੀ ਪ੍ਰਸ਼ੰਸਾ ਕਰਕੇ ਉਸ ਉੱਤੇ ਬੈਠ ਗਿਆ।
ਪ੍ਰੋਗਰਾਮ ਵਿਚ ਸੀ ਕਿ ਕਾਜ਼ਮੀ ਸਾਹਬ 'ਵਾਲਡ ਸਿਟੀ' ਦੇ ਅੰਦਰ ਤਕ ਲੈ ਜਾਣਗੇ ਤੇ ਉਹ ਇਲਾਕੇ ਦਿਖਾਉਣਗੇ ਜਿਹੜੇ ਸਭ ਤੋਂ ਪੁਰਾਣੇ ਨੇ। ਮੇਰੀ ਦਿਲਚਸਪੀ ਵੀ ਇਸੇ ਵਿਚ ਸੀ। ਰਾਤ ਸ਼ਾਇਦ ਮੀਂਹ ਵੱਸਿਆ ਸੀ ਜਾਂ ਪਤਾ ਨਹੀਂ ਕੀ ਸੀ ਕਿ ਸੜਕਾਂ 'ਤੇ ਚਿੱਕੜ ਸੀ। ਭੀੜ-ਭੜਕਾ ਜ਼ਿਆਦਾ ਸੀ ਤੇ ਉਸੇ ਦੀ ਤੁਲਨਾ ਵਿਚ ਰੌਲਾ-ਰੱਪਾ ਵੀ ਖਾਸਾ ਸੀ। ਕਾਜ਼ਮੀ ਸਾਹਬ ਦੀ ਮੋਟਰ-ਸਾਈਕਲ 'ਵਾਲਟ ਸਿਟੀ' ਦੇ ਇਕ ਦਰਵਾਜ਼ੇ ਅੰਦਰ ਜਾਣ ਲੱਗੀ। ਥੋੜ੍ਹੀ ਜਿਹੀ ਚੜ੍ਹਾਈ ਸੀ। ਕਾਜ਼ਮੀ ਸਾਹਬ ਨੇ ਐਕਸੀਲੇਟਰ ਉੱਤੇ ਜ਼ੋਰ ਪਾਇਆ, ਮੋਟਰ-ਸਾਈਕਲ ਨੇ ਆਪਣੀ ਔਕਾਤ ਨਾਲੋਂ ਵੱਧ ਅੜਾਟ ਪਾਉਣਾ ਸ਼ੁਰੂ ਕਰ ਦਿੱਤਾ, ਪਰ ਅੱਗੇ ਨਾ ਵਧੀ ਤਾਂ ਕਾਜ਼ਮੀ ਸਾਹਬ ਹੈਂਡਲ ਨੂੰ ਸੱਜੇ-ਖੱਬੇ ਘੁਮਾਉਣ ਲੱਗੇ ਤਾਕਿ ਕੁਝ ਗਤੀ ਬਣੇ। ਇਸ ਕੋਸ਼ਿਸ਼ ਵਿਚ ਮੋਟਰ-ਸਾਈਕਲ ਡਗਮਗਾਉਣ ਲੱਗੀ ਤੇ ਮੇਰੇ ਲਈ ਸੰਤੁਲਨ ਰੱਖਣਾ ਕੁਝ ਮੁਸ਼ਕਲ ਹੋ ਗਿਆ। ਪਰ ਮੈਂ ਮੁਲਤਾਨ ਦੀ ਸੜਕ ਉੱਤੇ ਡਿੱਗ ਕੇ ਜ਼ਖ਼ਮੀ ਨਹੀਂ ਸੀ ਹੋਣਾ ਚਾਹੁੰਦਾ। ਮੈਂ ਦੋਵੇਂ ਪੈਰ ਹੇਠ ਲਾ ਲਏ। ਮੋਟਰ-ਸਾਈਕਲ ਨੇ ਫੇਰ ਪੂਰਾ ਦਮ ਲਾਇਆ, ਪਰ ਗੱਲ ਨਹੀਂ ਬਣੀ। ਕਾਜ਼ਮੀ ਸਾਹਬ ਨੂੰ ਪੁੱਛਿਆ ਕਿ 'ਮੈਂ ਉਤਰ ਜਾਵਾਂ?' ਪਰ ਕਾਜ਼ਮੀ ਸਾਹਬ ਨੇ ਸਖ਼ਤੀ ਨਾਲ ਮਨ੍ਹਾਂ ਕਰ ਦਿੱਤਾ। ਉਹਨਾਂ ਦਾ ਇਸ਼ਾਰਾ ਸੀ ਕਿ ਮੋਟਰ-ਸਾਈਕਲ ਦੀ ਤਾਕਤ ਉੱਤੇ ਸ਼ੱਕ ਕਰਨ ਦਾ ਮੈਨੂੰ ਕੋਈ ਹੱਕ ਨਹੀਂ ਹੈ। ਚਲੋ ਖ਼ੈਰ, ਮੈਂ ਪਿੱਛੇ ਬੈਠਾ ਰਿਹਾ, ਇੰਜ ਡੋਲਦਾ ਰਿਹਾ ਜਿਵੇਂ 'ਰੋਲਾ-ਕ੍ਰੋਟਾ' 'ਤੇ ਬੈਠਾ ਹੋਵਾਂ। ਆਖ਼ਰ ਕਾਜ਼ਮੀ ਸਾਹਬ ਨੇ ਕਿਹਾ, “ਤੁਸੀਂ ਜ਼ਰਾ ਉਤਰ ਈ ਜਾਓ, ਚੜ੍ਹਾਈ ਏ।” ਮੈਂ ਫ਼ੌਰਨ ਤੋਂ ਪਹਿਲਾਂ ਉਤਰ ਗਿਆ। ਮੁਸ਼ਕਲ ਇਹ ਸੀ ਕਿ ਮੇਰੇ ਬੈਗ਼ ਵਿਚ ਕੈਮਰਾ ਸੀ ਤੇ ਡਰ ਸੀ ਕਿ ਮੈਂ ਡਿੱਗਿਆ ਤਾਂ ਕੈਮਰਾ ਟੁੱਟ ਜਾਵੇਗਾ।
ਕਾਜ਼ਮੀ ਸਾਹਬ ਨੇ ਬੜੀ ਅਪਣੱਤ ਤੇ ਮੋਹ ਨਾਲ ਸ਼ਹਿਰ ਦੀ ਫਸੀਲ ਦਿਖਾਈ। ਉਹ ਰਸਤਾ ਦਿਖਾਇਆ ਜਿਸ ਉੱਤੇ ਫਸੀਲ ਬਣੀ ਸੀ। ਗਲੀਆਂ, ਕੂਚੇ, ਨੁੱਕਰਾਂ ਦਿਖਾਈਆਂ। ਕਾਜ਼ਮੀ ਸਾਹਬ ਸ਼ਹਿਰ ਦੇ ਜਾਣਕਾਰ ਜਾਪਦੇ ਸਨ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹਨਾਂ ਮੁਹੱਲਿਆਂ ਵਿਚ ਕੌਣ ਰਹਿੰਦੇ ਨੇ ਜਾਂ ਪਾਰਟੀਸ਼ਨ ਤੋਂ ਪਹਿਲਾਂ ਕੌਣ ਰਹਿੰਦੇ ਸਨ। ਉਹਨਾਂ ਮੈਨੂੰ ਹਿੰਦੂ ਮੁਹੱਲੇ ਦਿਖਾਏ। ਪੁਰਾਣੀਆਂ ਸ਼ਾਨਦਾਰ ਹਵੇਲੀਆਂ ਆਪਣੇ ਅਤੀਤ ਦੇ ਠਾਠ ਨੂੰ ਬਿਆਨ ਕਰ ਰਹੀਆਂ ਸਨ। ਮੈਂ ਸੋਚਣ ਲੱਗਾ ਕਿ ਏਨੀਆਂ ਵੱਡੀਆਂ ਤੇ ਸ਼ਾਨਦਾਰ ਇਮਾਰਤਾਂ ਬਣਾਉਣਾ ਇਕ ਪੀੜ੍ਹੀ ਦਾ ਕੰਮ ਨਹੀਂ ਹੈ। ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਦੀ ਕਮਾਈ ਲੱਗ ਜਾਂਦੀ ਹੈ ਤਦ ਇਕ ਇਮਾਰਤ ਬਣੀ ਹੈ ਤੇ ਜਦੋਂ ਅਚਾਨਕ ਉਸ ਇਮਾਰਤ ਦੇ ਮਾਲਕ ਨੂੰ ਕਿਹਾ ਜਾਂਦਾ ਹੈ ਕਿ ਹੁਣ ਇਹ ਤੁਹਾਡੀ ਨਹੀਂ ਹੈ ਤੁਸੀਂ ਇਸ ਨੂੰ ਛੱਡ ਕੇ ਚਲੇ ਜਾਓ, ਤਾਂ ਉਸਨੂੰ ਕਿੰਜ ਲੱਗਦਾ ਹੋਵੇਗਾ?
ਇਕ ਪੁਰਾਣੀ ਸ਼ਾਨਦਾਰ ਹਵੇਲੀ ਦੀ ਤੀਜੀ ਮੰਜ਼ਿਲ ਉੱਤੇ ਲੱਗਿਆ ਹੋਇਆ ਹਵੇਲੀ ਦੇ ਮਾਲਕ ਦੇ ਨਾਂ ਦਾ ਪੱਥਰ ਪੜ੍ਹਨਾ ਮੁਸ਼ਕਲ ਸੀ। ਮੈਂ ਦੂਜਾ ਕੈਮਰਾ ਕੱਢਿਆ, ਜਿਸ ਵਿਚ ਕਾਫੀ ਅੱਛਾ 'ਜੂਮ ਲੈਂਸ' ਲੱਗਾ ਹੋਇਆ ਸੀ। ਇਸ ਹਵੇਲੀ ਦੀ ਤੀਜੀ ਮੰਜ਼ਿਲ ਉੱਤੇ ਲੱਗੇ ਪੱਥਰ ਨੂੰ ਜੂਮ ਇਨ ਕੀਤਾ ਤਾਂ (ਓਮ) ਦੇ ਹੇਠਾਂ 1931 ਲਿਖਿਆ ਸੀ। ਕਲਾਤਮਕ ਢੰਗ ਨਾਲ ਪੱਥਰ ਉੱਤੇ ਵੇਲ-ਬੂਟੀਆਂ ਬਣਾ ਕੇ ਸੱਜੇ ਪਾਸੇ ਉਰਦੂ ਵਿਚ ਗੋਸਵਾਮੀ ਬ੍ਰਿਜ ਕੁਮਾਰ ਕਾਂਸ਼ੀਰਾਮ ਲਿਖਿਆ ਸੀ। ਅਜਿਹੀਆਂ ਪਤਾ ਨਹੀਂ ਕਿੰਨੀਆਂ ਇਮਾਰਤਾਂ ਸਨ।
ਬਾਰਾਂ ਵਜੇ ਦੇ ਲਗਭਗ ਕਾਜ਼ਮੀ ਸਾਹਬ ਨੇ ਕਿਹਾ ਕਿ ਉਹ ਆਪਣੇ ਆਫ਼ਿਸ ਜਾਣਾ ਚਾਹੁੰਦੇ ਨੇ ਕਿਉਂਕਿ ਮੋਟਰ-ਸਾਈਕਲ ਦੀ ਬੈਟਰੀ ਚਾਰਜ ਕਰਨ ਦੀ ਲੋੜ ਹੈ।
ਅਸੀਂ ਲੋਕ ਮੁਲਤਾਨ ਤੇ ਪ੍ਰਾਚੀਨਤਮ ਕਿਲੇ, ਜਿਹੜਾ ਹੁਣ ਇਕ ਵਿਸ਼ਾਲ ਟਿੱਬਾ ਜਾਪਦਾ ਹੈ ਤੇ ਜਿਸ ਉੱਤੇ ਮੱਧਯੁੱਗ ਦੇ ਸਮਾਰਕ ਬਣੇ ਹੋਏ ਨੇ, ਕੋਲ ਆ ਗਏ। ਇੱਥੇ ਕਾਜ਼ਮੀ ਸਾਹਬ ਨੇ ਇਕ ਪੁਰਾਣੀ ਤੇ ਇਕ ਖਸਤਾ-ਹਾਲ ਇਮਾਰਤ ਦੇ ਸਾਹਮਣੇ ਮੋਟਰ-ਸਾਈਕਲ ਰੋਕ ਦਿੱਤੀ। ਇਮਾਰਤ ਦੇ ਹੇਠ ਕੁਝ ਬੜੀਆਂ ਹੀ ਸਾਧਾਰਨ ਕਿਸਮ ਦੀਆਂ ਦੁਕਾਨਾਂ ਸਨ। ਇਕ ਪਠਾਨ ਦੁਕਾਨ ਦੇ ਬਾਹਰ ਅੰਗੂਠੀਆਂ ਵਗ਼ੈਰਾ ਵੇਚ ਰਿਹਾ ਸੀ। ਇਮਾਰਤ ਨੂੰ ਦੇਖ ਕੇ ਕਾਜ਼ਮੀ ਸਾਹਬ ਨੇ, “ਇਹ ਇਮਾਰਤ ਢਾਈ ਜਾਣ ਵਾਲੀ ਐ।”
“ਕਿਉਂ?”
“ਕਾਰਪੋਰੇਸ਼ਨ ਵਾਲਿਆਂ ਦਾ ਕਹਿਣਾ ਏ ਕਿ ਕਿਸੇ ਵੀ ਵੇਲੇ ਡਿੱਗ ਸਕਦੀ ਏ।” ਮੈਂ ਪ੍ਰੇਸ਼ਾਨ ਹੋ ਗਿਆ। ਮਤਲਬ ਇਹ ਕਿ ਜਿਸ ਇਮਾਰਤ ਦੇ ਅੰਦਰ ਜਾ ਰਹੇ ਸਾਂ, ਕਿਸੇ ਵੀ ਵੇਲੇ ਡਿੱਗ ਸਕਦੀ ਹੈ।
ਮੋਟਰ-ਸਾਈਕਲ ਖੜ੍ਹੀ ਕਰਕੇ ਉਹ ਲੋਹੇ ਦੇ ਸਰੀਆਂ ਵਾਲੇ ਇਕ ਦਰਵਾਜ਼ੇ ਕੋਲ ਆਏ ਤੇ ਜ਼ਿੰਦਰਾ ਖੋਲ੍ਹਣ ਲੱਗੇ। ਸਾਹਮਣੇ ਪੌੜੀਆਂ ਦਿਖਾਈ ਦੇ ਰਹੀਆਂ ਸਨ। ਪੌੜੀਆਂ 'ਚ ਕੂੜਾ ਵੀ ਨਜ਼ਰ ਆਇਆ। ਕੁਝ ਸਿਲ੍ਹ ਦਾ ਅਹਿਸਾਸ ਵੀ ਹੋਇਆ। ਸਰੀਆਂ ਵਾਲਾ ਦਰਵਾਜ਼ਾ ਖੋਲ੍ਹ ਕੇ ਪੌੜੀਆਂ ਚੜ੍ਹਨ ਲੱਗੇ। ਪੌੜੀਆਂ ਵਿਚ ਸਿਲ੍ਹ ਸੀ। ਕੁਝ ਹਨੇਰਾ ਜਿਹਾ ਸੀ। ਅਸੀਂ ਉਪਰ ਆ ਗਏ। ਲੱਕੜ ਦੇ ਖਾਧੜ ਜਿਹੇ ਦਰਵਾਜ਼ੇ ਨੂੰ ਲੱਗਿਆ ਹੋਇਆ ਜ਼ਿੰਦਰਾ ਖੋਲ੍ਹਦਿਆਂ ਹੋਇਆ ਕਾਜ਼ਮੀ ਸਾਹਬ ਨੇ ਕਿਹਾ, “ਮੈਂ ਦੋ ਮਹੀਨੇ ਪਿੱਛੋਂ ਆਫ਼ਿਸ ਆ ਰਿਹਾਂ। ਕਦੀ ਮੇਰੇ ਨਾਲ ਚਾਰ-ਚਾਰ ਐਡੀਟਰ ਕੰਮ ਕਰਦੇ ਹੁੰਦੇ ਸਨ...ਹੁਣ ਮੈਂ ਪਿਛਲੇ ਮਹੀਨੇ ਬਿਮਾਰ ਰਿਹਾ, ਮੈਗਜੀਨ ਵੀ ਨਹੀਂ ਨਿਕਲ ਸਕੀ...ਹੁਣ ਸਭ ਤੋਂ ਪਹਿਲਾਂ ਤਾਂ ਮੈਂ ਆਫ਼ਿਸ ਸ਼ਿਫ਼ਟ ਕਰਾਂਗਾ।”
ਇਕ ਕੋਈ ਪੰਦਰਾਂ ਫੁੱਟ ਲੰਮਾ ਤੇ ਅੱਠ ਫੁੱਟ ਚੌੜਾ ਕਮਰਾ ਸੀ, ਜਿਸ ਵਿਚ ਸੰਪਾਦਕ ਦੀ ਮੇਜ਼ ਦੇ ਇਲਾਵਾ ਇਕ ਮੇਜ਼ ਹੋਰ ਸੀ। ਹਰ ਜਗ੍ਹਾ ਪੁਰਾਣੇ ਅਖ਼ਬਾਰ, ਕਾਗਜ਼, ਲਿਫ਼ਾਫ਼ੇ, ਚਿੱਠੀਆਂ, ਫਾਈਲਾਂ ਖਿੱਲਰੀਆਂ ਪਈਆਂ ਸਨ ਤੇ ਹਰ ਚੀਜ਼ ਉੱਤੇ ਏਨੀ ਧੂੜ ਸੀ ਕਿ ਕਾਜ਼ਮੀ ਸਾਹਬ ਦੀ ਗੱਲ ਉੱਤੇ ਯਕੀਨ ਕਰਨਾ ਪਿਆ ਸੀ ਕਿ ਉਹ ਦੋ ਮਹੀਨੇ ਬਾਅਦ ਆਫ਼ਿਸ ਆਏ ਨੇ। ਕਾਜ਼ਮੀ ਸਾਹਬ ਨੇ ਚੀਜ਼ਾਂ ਨੂੰ ਠੀਕ ਕਰਕੇ ਰੱਖਣਾ ਤੇ ਸਫਾਈ ਕਰਨੀ ਸ਼ੁਰੂ ਕੀਤੀ। ਮੈਂ ਸੋਚਿਆ ਇਹ ਕੰਮ ਏਨਾ ਆਸਾਨ ਨਹੀਂ ਹੈ ਇਸ ਲਈ ਉਹਨਾਂ ਨੂੰ ਰੋਕਿਆ, ਉਹ ਨਹੀਂ ਰੁਕੇ ਤਾਂ ਮੈਂ ਉਹਨਾਂ ਦੀ ਮਦਦ ਕਰਨ ਲੱਗ ਪਿਆ।
ਚੀਫ਼ ਐਡੀਟਰ ਦੀ ਮੇਜ਼ ਦੇ ਪਿੱਛੇ ਟਾਯਲੇਟ ਦਾ ਦਰਵਾਜ਼ਾ ਸੀ ਤੇ ਨਾਲ ਹੀ ਇਕ ਕਿਚਨ ਸੀ ਜਿੱਥੇ ਚਾਹ ਵਾਲੇ ਅਣਧੋਤੇ ਭਾਂਡੇ ਪਏ ਸਨ। ਕੱਪਾਂ ਵਿਚ ਚਾਹ ਦੇ ਦਾਗ਼ ਸੁੱਕ ਚੁੱਕੇ ਸਨ। ਕਾਜ਼ਮੀ ਸਾਹਬ ਨੇ ਕੰਮ ਚਲਾਊ ਸਫ਼ਾਈ ਕਰ ਲਈ। ਅਸੀਂ ਦੋਵੇਂ ਬੈਠ ਗਏ ਤਾਂ ਉਹਨਾਂ ਨੇ ਕਿਹਾ ਕਿ ਕੀ ਮੈਂ ਚਾਹ ਪੀਣੀ ਚਾਹੁੰਦਾ ਹਾਂ? ਮੈਂ ਸਮਝ ਗਿਆ ਕਿ ਦੋ ਮਹੀਨੇ ਦੇ ਗੰਦੇ ਕੱਪਾਂ ਨੂੰ ਸਾਫ਼ ਕਰਨ ਪਿੱਛੋਂ ਵੀ ਜੇ ਉਹਨਾਂ ਵਿਚ ਚਾਹ ਪੀਤੀ ਗਈ ਤਾਂ ਅਤੀਤ ਤੇ ਵਰਤਮਾਨ ਇਕ ਹੋ ਜਾਣਗੇ। ਮੈਂ ਮਨ੍ਹਾਂ ਕੀਤਾ ਪਰ ਕਾਜ਼ਮੀ ਸਾਹਬ ਦੀ ਇਕ ਆਦਤ ਹੈ, ਜਿਹੜੀ ਮੇਰੇ ਨਾਲ ਰਲਦੀ-ਮਿਲਦੀ ਹੈ, ਉਹ ਇਹ ਕਿ ਜਿਸ ਗੱਲ ਜਾਂ ਕੰਮ ਤੋਂ ਲੋਕ ਮਨ੍ਹਾਂ ਕਰਦੇ ਨੇ, ਉਸਨੂੰ ਜ਼ਰੂਰ ਕੀਤਾ ਜਾਵੇ। ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਹਨਾਂ ਨੇ ਚਾਹ ਬਣਾਈ। ਅਸੀਂ ਚਾਹ ਪੀਤੀ। ਉਸ ਪਿੱਛੋਂ ਕਾਜ਼ਮੀ ਸਾਹਬ ਨੇ ਕਿਹਾ ਕਿ ਮੈਂ ਹੇਠਾਂ ਚਲਾ ਜਾਵਾਂ ਉਪਰੋਂ ਉਹ ਇਕ ਤਾਰ ਸੁੱਟਣਗੇ ਜਿਸ ਦੇ ਇਕ ਪਲਗ ਲੱਗਾ ਹੋਵੇਗਾ, ਉਸਨੂੰ ਮੈਂ ਮੋਟਰ-ਸਾਈਕਲ ਦੀ ਬੈਟਰੀ ਨਾਲ ਲਾ ਦਿਆਂ ਤਾਕਿ ਉਹ ਚਾਰਜ ਹੋ ਜਾਵੇ ਤੇ ਅਸੀਂ ਲੋਕ ਫੇਰ ਘੁੰਮ ਸਕੀਏ।
ਬੈਟਰੀ ਚਾਰਜ ਹੋਣ ਤਕ ਕਾਜ਼ਮੀ ਸਾਹਬ ਨੇ ਇਕ ਪੁਰਾਣੀ ਫਾਈਲ ਕੱਢੀ ਜਿਸ ਵਿਚ ਉਹਨਾਂ ਦੀ ਫਤੇਹਪੁਰ ਵਾਲੀ ਜ਼ਮੀਨ ਦੇ ਕਾਗਜ਼ ਸਨ। ਉਹਨਾਂ ਨੇ ਖਸਰਾ, ਖਿਤੌਨੀ ਤਕ ਸੰਭਾਲ ਕੇ ਰੱਖੇ ਹੋਏ ਸਨ। ਕਾਗਜ਼ਾਂ ਦੇ ਹਿਸਾਬ ਨਾਲ ਉਹਨਾਂ ਦੇ ਵਾਲਿਦ ਫਤੇਹਪੁਰ ਹਸਵਾ ਯੂ.ਪੀ. ਦੇ ਪਿੰਡ ਬਹੇੜਾ ਸਾਦਾਤ, ਪੋਸਟ ਏਰਾਯਾਂ, ਤਹਿਸੀਲ ਖਾਗਾ ਵਿਚ 34.390 ਏਕੜ ਜ਼ਮੀਨ ਦੇ ਮਾਲਕ ਸਨ। ਉਹ ਮਾਰਚ 1949 ਵਿਚ ਕਰਾਚੀ ਆ ਗਏ ਸਨ। ਆਪਣੇ ਪਿੰਡ ਦੇ ਛੋਟੇ-ਮੋਟੇ ਜ਼ਿਮੀਂਦਾਰ ਸੱਯਦ ਇਫਤਿਖਾਰ ਹੁਸੈਨ ਵਲਦ ਮੀਰ ਹਸਨ ਨੂੰ ਲਾਂੜ੍ਹੀ ਮੋਹਾਜਿਰ ਕਾਲੋਨੀ ਕਰਾਚੀ, 30 ਸੀ-ਵਨ ਏਰੀਆ ਕਵਾਟਰਸ ਵਿਚ 363 ਨੰਬਰ ਦਾ ਕਵਾਟਰ ਦਿੱਤਾ ਗਿਆ ਸੀ।
ਕਾਗਜ਼ ਦਿਖਾਉਂਦੇ ਹੋਏ ਕਾਜ਼ਮੀ ਸਾਹਬ ਬੋਲੇ, “ਅੱਜ ਮੇਰੇ ਕੋਲ ਇਕ ਇੰਚ ਜ਼ਮੀਨ ਨਹੀਂ ਹੈ।”
“ਕਿਉਂ? ਕਸਟੋਡਿਯਮ ਵੱਲੋ ਮਿਲੀ ਹੋਏਗੀ?” ਮੈਂ ਕਿਹਾ।
“ਜੱਜ...ਪੰਜ ਹਜ਼ਾਰ ਰੁਪਏ ਮੰਗਦਾ ਸੀ...ਅੱਬਾ ਕੋਲੋਂ...ਤੁਸੀਂ ਜਾਣਦੇ ਓ...ਖਾਣੇ ਦੇ ਲਾਲੇ ਪਏ ਹੋਏ ਸਨ...ਨਹੀਂ ਦਿੱਤੇ...ਕੇਸ ਹਾਰ ਗਏ।”
ਮੈਂ ਕਾਗਜ਼ਾਂ ਨੂੰ ਉਲਟਨ-ਪਲਟਨ ਲੱਗਾ। ਇਹਨਾਂ ਵਿਚ ਸੱਯਦ ਹਸਨ ਮੁਜਤਬਾ ਦੇ ਨਾਂ ਸ਼ੀਆ ਇੰਟਰ ਕਾਲੇਜ, ਲਖ਼ਨਊ ਦੇ ਐਥਲੀਟਿਕ ਡਿਪਾਰਮੈਂਟ ਦਾ ਇਕ ਸਰਟਿਫੀਕੇਟ ਮਿਲਿਆ, ਜਿਸ ਵਿਚ ਪ੍ਰਮਾਣਿਤ ਕੀਤਾ ਗਿਆ ਸੀ ਕਿ ਉਹ 1942-44 ਵਿਚ ਸਕੂਲ ਦੀ ਹਾਕੀ, ਕ੍ਰਿਕੇਟ ਤੇ ਫੁਟਬਾਲ ਟੀਮ ਦੇ ਮੈਂਬਰ ਸਨ। ਮੈਂ ਪੁੱਛਿਆ, “ਸੱਯਦ ਹਸਨ ਮੁਜਤਬਾ ਕੌਣ ਸਨ?”
“ਮੇਰੇ ਵੱਡੇ ਅੱਬਾ।”
“ਉਹ ਵੀ ਪਾਕਿਸਤਾਨ ਆ ਗਏ ਸਨ?”
“ਹਾਂ...।” ਉਹ ਬੋਲੇ।
“ਫੇਰ?”
“ਉਹਨਾਂ ਨਾਲ ਵੀ ਇੱਥੇ ਕੁਛ ਅੱਛਾ ਨਹੀਂ ਹੋਇਆ।” ਉਹ ਚੁੱਪ ਹੋ ਗਏ। ਮੈਂ ਬਹੁਤਾ ਕੁਰੇਦਨਾ ਠੀਕ ਨਹੀਂ ਸਮਝਿਆ।
ਕੁਝ ਚਿਰ ਬਾਅਦ ਮੈਂ ਕਾਜ਼ਮੀ ਸਾਹਬ ਨੂੰ ਕਿਹਾ, “ਜਿਸ ਤਰ੍ਹਾਂ ਤੁਹਾਡੇ ਵਾਲਿਦ ਫਤੇਹਪੁਰ ਹਸਵਾ ਦੇ ਪਿੰਡ ਬਹੇੜਾ ਸਾਦਾਤ ਤੋਂ ਕਰਾਚੀ ਆਏ ਸਨ ਉਸੇ ਤਰ੍ਹਾਂ ਪੁਸ਼ਪਾ ਅਗਨੀਹੋਰਤੀ ਦੇ ਨਾਨਾ ਮੁਲਤਾਨ ਤੋਂ ਦਿੱਲੀ ਗਏ ਸਨ। ਉਹ ਮੁਲਤਾਨ ਵਿਚ ਦਿੱਲੀ ਗੇਟ ਦੇ ਬਾਹਰ ਆਗ਼ਾਪੁਰਾ ਮੁਹੱਲੇ 'ਚ ਰਹਿੰਦੇ ਸਨ। ਉਹਨਾਂ ਨੇ ਮੈਨੂੰ ਆਪਣਾ ਘਰ ਦੇਖਣ ਲਈ ਕਿਹਾ ਏ। ਕੀ ਤੁਸੀਂ ਇਸ ਕੰਮ ਵਿਚ ਮੇਰੀ ਮਦਦ ਕਰ ਸਕਦੇ ਓ?”
ਕਾਜ਼ਮੀ ਸਾਹਬ ਫ਼ੌਰਨ ਤਿਆਰ ਹੋ ਗਏ। ਬੈਟਰੀ ਚਾਰਜ ਹੋ ਚੁੱਕੀ ਸੀ। ਅਸੀਂ ਦਿੱਲੀ ਗੇਟ ਵੱਲ ਨਿਕਲ ਪਏ। ਕਾਜ਼ਮੀ ਸਾਹਬ ਨੇ ਦੱਸਿਆ ਕਿ ਦਿੱਲੀ ਗੇਟ ਦੀ ਅਜੇ ਪਿੱਛੇ ਜਿਹੇ ਹੀ ਮੁਰੰਮਤ ਕਰਵਾਈ ਗਈ ਹੈ। ਉਹਨਾਂ ਨੇ ਇਕ ਜਗ੍ਹਾ ਮੋਟਰ-ਸਾਈਕਲ ਖੜ੍ਹੀ ਕਰ ਦਿੱਤੀ। ਮੈਂ ਦਿੱਲੀ ਗੇਟ ਦੀਆਂ ਤਸਵੀਰਾਂ ਲੈਣ ਲੱਗਾ। ਪੁੱਛਣ 'ਤੇ ਪਤਾ ਲੱਗਿਆ ਕਿ ਮੁਹੱਲਾ ਆਗ਼ਾਪੁਰ ਦਿੱਲੀ ਗੇਟ ਦੇ ਬਾਹਰ ਹੈ। ਅਸੀਂ ਬਾਹਰ ਆ ਗਏ। ਇਕ ਪਛਾਣ ਇਹ ਦੱਸੀ ਗਈ ਸੀ ਕਿ ਉਸਦੇ ਕੋਲ ਗੁਰੂਦੁਆਰਾ ਸੀ। ਕਾਜ਼ਮੀ ਸਾਹਬ ਨੇ ਇਕ ਬੁੱਢੇ ਦੁਕਾਨਦਾਰ ਤੋਂ ਗੁਰੂਦੁਆਰੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ, “ਹਾਂ ਇੱਥੇ, ਓਧਰ, ਇਕ ਛੋਟਾ ਜਿਹਾ ਗੁਰੂਦੁਆਰਾ ਹੁੰਦਾ ਤਾਂ ਹੁੰਦਾ ਸੀ।”
“ਹੁਣ ਕਿੱਥੇ ਈ?”
“ਹੁਣ...?” ਉਸਨੇ ਮੇਰੇ ਵੱਲ ਦੇਖਿਆ।
“...ਹੌਲੀ-ਹੌਲੀ ਢਹਿੰਦਾ ਗਿਆ, ਫੇਰ ਲੋਕਾਂ ਨੇ ਉਸਦਾ ਮਲਬਾ ਹਟਾਅ ਕੇ ਦੁਕਾਨਾਂ ਪਾ ਲਈਆਂ।”
ਅਸੀਂ ਲੋਕ ਜਿੱਥੇ ਗੁਰੂਦੁਆਰਾ ਹੁੰਦਾ ਸੀ, ਉੱਥੇ ਆਏ ਤੇ ਸਾਹਮਣੇ ਵਾਲੀ ਪਹਿਲੀ ਗਲੀ ਵਿਚ ਵੜ ਗਏ। ਉਮੇਸ਼ ਜੀ ਨੇ ਲਿਖਿਆ ਸੀ, ਦੋ ਮੰਜ਼ਿਲਾ ਮਕਾਨ ਸੀ, ਜਿਸ ਵਿਚ ਬਾਰਾਂ ਕਮਰੇ ਸਨ। ਮੈਨੂੰ ਜਿਹੜਾ ਵੀ ਦੋ ਮੰਜ਼ਿਲਾ ਮਕਾਨ ਦਿਸਿਆ, ਮੈਂ ਉਸਦੀ ਤਸਵੀਰ ਖਿੱਚ ਲਈ। ਸੋਚਿਆ ਇਹਨਾਂ ਵਿਚੋਂ ਕੋਈ ਹੋਵੇਗਾ ਤਾਂ ਪੁਸ਼ਪਾ ਜੀ ਆਪਣੇ ਨਾਨੇ ਦਾ ਘਰ ਪਛਾਣ ਲੈਣਗੇ। ਇਕ ਗਲੀ ਦੇ ਦੋ ਮੰਜ਼ਿਲਾ ਮਕਾਨਾਂ ਦੀਆਂ ਤਸਵੀਰਾਂ ਲੈ ਕੇ ਮੇਰੀ ਤਸੱਲੀ ਨਹੀਂ ਹੋਈ। ਮੈਂ ਨਾਲ ਵਾਲੀ ਦੂਜੀ ਤੇ ਤੀਜੀ ਗਲੀ ਦੇ ਸਾਰੇ ਦੋ ਮੰਜ਼ਿਲੇ ਮਕਾਨਾਂ ਨੂੰ ਕੈਮਰੇ ਵਿਚ ਡੱਕ ਲਿਆ।
ਰਾਤ ਦਾ ਖਾਣਾ-ਵਾਣਾ ਖਾ ਕੇ ਕਮਰੇ ਵਿਚ ਲੇਟਿਆ ਸੀ ਕਿ ਸ਼ਾਕਿਰ ਸਾਹਬ ਦਾ ਫੋਨ ਆ ਗਿਆ। ਇਧਰ-ਉਧਰ ਦੀਆਂ ਗੱਲਾਂਬਾਤਾਂ ਪਿੱਛੋਂ ਉਹਨਾਂ ਕਿਹਾ, “ਕਲ੍ਹ ਦੀ ਟਰੇਨ ਵਿਚ ਤੁਹਾਡਾ ਕਰਾਚੀ ਜਾਣ ਦਾ ਟਿਕਟ ਬੁੱਕ ਕਰਵਾ ਦਿਆਂ?” ਮੈਨੂੰ ਕੁਝ ਹੈਰਾਨੀ ਹੋਈ। ਸੋਚਿਆ ਕਿ ਏਨੀ ਕੀ ਜਲਦੀ ਹੋਈ ਕਿ ਮੈਂ ਇਕ ਦਿਨ ਵਿਚ ਹੀ ਮੁਲਤਾਨ ਛੱਡ ਦਿਆਂ? ਫੇਰ ਸੋਚਿਆ, ਹੋ ਸਕਦਾ ਹੈ ਕਿ 'ਮੋਹਾਫ਼ਿਜ਼ਾਂ' ਦਾ ਦਬਾਅ ਹੋਵੇ। ਮੈਂ ਕਿਹਾ, “ਸ਼ਾਕਿਰ ਸਾਹਬ, ਮੈਂ ਕਲ੍ਹ ਈ ਤਾਂ ਆਇਆ ਆਂ। ਅਜੇ ਮੁਲਤਾਨ ਠੀਕ ਤਰ੍ਹਾਂ ਦੇਖਿਆ ਨਹੀਂ...ਜੇ ਕਲ੍ਹ ਮੈਂ ਕਰਾਚੀ ਚਲਾ ਜਾਂਦਾ ਆਂ ਤਾਂ ਇੱਥੇ ਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਤੇ ਫੇਰ ਮੈਂ ਬੁੱਢਾ ਆਦਮੀ, ਏਨਾ ਸਟਰੇਂਜ ਕਿੰਜ ਲੈ ਸਕਦਾ ਆਂ?”
ਜ਼ਾਹਰ ਹੈ ਮੇਰੇ ਇਸ ਜਵਾਬ ਉੱਤੇ ਉਹ ਕੀ ਕਹਿੰਦੇ...ਫੋਨ ਰੱਖਣ ਪਿੱਛੋਂ ਮੈਂ ਫੇਰ ਸੋਚਣ ਲੱਗਾ ਕਿ ਮਮਲਾ ਕੀ ਹੋਇਆ?
ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਕੁਝ ਪੜ੍ਹ ਰਿਹਾ ਸਾਂ ਕਿ ਅਚਾਨਕ ਕਿਸੇ ਨੇ ਦਰਵਾਜ਼ਾ ਖੜ੍ਹਕਾਇਆ। ਦਿਲ ਵਿਚ ਸੌ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਪਰ ਦਰਵਾਜ਼ਾ ਤਾਂ ਖੋਲ੍ਹਣਾ ਹੀ ਸੀ। ਸਾਹਮਣੇ ਮੁਲਤਾਨ ਪੱਤਰਕਾਰ ਸੰਘ ਦੇ ਮਹਾਮੰਤਰੀ ਰਜ਼ੀ ਸਾਹਬ ਖੜ੍ਹੇ ਸਨ, ਜਿਹਨਾਂ ਨੂੰ ਪਹਿਲੇ ਦਿਨ ਹੀ ਮਿਲ ਚੁੱਕਿਆ ਸਾਂ।
“ਪ੍ਰੈਸ ਕਲਬ ਚਲੋਗੇ?” ਉਹਨਾਂ ਮੈਨੂੰ ਪੁੱਛਿਆ।
“ਹੁਣੇ!” ਮੈਂ ਹੈਰਾਨੀ ਨਾਲ ਪੁੱਛਿਆ।
“ਹਾਂ...ਇੱਥੇ ਨੇੜੇ ਈ ਏ।”
“ਪ੍ਰੈਸ ਕਲਬ ਕਿੰਨੇ ਵਜੇ ਤਕ ਖੁੱਲ੍ਹਦਾ ਏ?” ਮੈਂ ਪੁੱਛਿਆ।
“ਸਾਰੀ ਰਾਤ।” ਉਹ ਬੜੇ ਆਤਮ ਵਿਸ਼ਵਾਸ ਨਾਲ ਬੋਲੇ।
“ਸਾਰੀ ਰਾਤ?”
“ਹਾਂ...ਸਾਰੀ ਰਾਤ।” ਉਹਨਾਂ ਦੋਹਰਾਇਆ।
“ਇਸਦਾ ਮਤਲਬ ਹੋਇਆ ਚੌਵੀ ਘੰਟੇ?”
“ਹਾਂ...ਸਾਰਾ ਦਿਨ ਤਾਂ ਖੁੱਲ੍ਹਾ ਈ ਰਹਿੰਦਾ ਏ।”
“ਮੈਂ ਜ਼ਿੰਦਗੀ ਵਿਚ ਬੜੇ ਘੱਟ ਪ੍ਰੈਸ ਕਲਬ ਦੇਖੇ ਨੇ...ਪਰ ਸ਼ਾਇਦ...”
ਅਸੀਂ ਬਾਹਰ ਨਿਕਲ ਆਏ। ਸੜਕ ਬਿਲਕੁਲ ਸੁੰਨਸਾਨ ਤਾਂ ਨਹੀਂ ਸੀ ਪਰ ਟ੍ਰੈਫਿਕ ਬੜਾ ਘੱਟ ਹੋ ਗਿਆ ਸੀ। ਪ੍ਰੈਸ ਕਲਬ ਤਕ ਆਉਣ ਵਿਚ ਜ਼ਿਆਦਾ ਵਕਤ ਨਹੀਂ ਲੱਗਿਆ। ਇਹ ਇਕ ਖਾਸੀ ਵੱਡੀ, ਨਵੀਂ ਬਣੀ ਇਮਾਰਤ ਸੀ। ਇਸਦੇ ਕੰਪਾਊਂਡ ਵਿਚ ਕਾਰਾਂ ਤੇ ਵੱਡੀ ਗਿਣਤੀ ਵਿਚ ਮੋਟਰ-ਸਾਈਕਲਾਂ ਖੜ੍ਹੀਆਂ ਸਨ।
ਅੰਦਰ ਇਕ ਵੱਡੇ ਹਾਲ ਵਿਚ ਵੱਡੇ ਸਾਈਜ ਦਾ ਟੀਵੀ ਚੱਲ ਰਿਹਾ ਸੀ। ਇਧਰ-ਉਧਰ ਸੋਫੇ ਪਏ ਸਨ ਜਿਹਨਾਂ 'ਤੇ ਪੱਤਰਕਾਰ ਪੱਸਰੇ ਹੋਏ ਸਨ ਜਾਂ ਚਾਹ ਪੀ ਰਹੇ ਸਨ। ਹਾਲ ਵਿਚੋਂ ਨਿਕਲ ਕੇ ਅਸੀਂ ਦੂਜੇ ਕਮਰੇ ਵਿਚ ਆ ਗਏ ਕਿਉਂਕਿ ਹਾਲ ਵਿਚ ਟੀਵੀ ਦੀ ਆਵਾਜ਼ ਖਾਸੀ ਉੱਚੀ ਸੀ।
“ਪਹਿਲਾਂ ਤਾਂ ਇਹ ਦੱਸੋ ਕਿ ਇੱਥੋਂ ਦਾ ਪ੍ਰੈਸ ਕਲਬ ਸਾਰੀ ਰਾਤ ਕਿਉਂ ਖੁੱਲ੍ਹਦਾ ਏ?” ਮੈਂ ਪੁੱਛਿਆ।
“ਜਿਹੜੇ ਜਰਨਲਿਸਟ ਰਾਤ ਦੀ ਸ਼ਿਫਟ ਵਿਚ ਆਉਂਦੇ ਨੇ ਉਹ ਪਹਿਲਾਂ ਇੱਥੇ ਆ ਜਾਂਦੇ ਨੇ, ਇੱਥੇ ਬੈਠਦੇ ਨੇ, ਇੱਥੋਂ ਹੀ ਅਖ਼ਬਾਰ ਦੇ ਦਫ਼ਤਰ ਚਲੇ ਜਾਂਦੇ ਨੇ। ਜਿਹਨਾਂ ਦੀ ਸ਼ਿਫਟ ਰਾਤ ਨੂੰ ਖ਼ਤਮ ਹੁੰਦੀ ਏ, ਉਹ ਵੀ ਇੱਥੇ ਈ ਆ ਬੈਠਦੇ ਨੇ।”
“ਉਹ ਰਾਤ ਨੂੰ ਘਰ ਨਹੀਂ ਜਾਂਦੇ?”
“ਕਈਆਂ ਦੇ ਘਰ ਸ਼ਹਿਰ ਤੋਂ ਦੂਰ ਨੇ...ਕੁਛ ਆਸਪਾਸ ਦੇ ਕਸਬਿਆਂ ਤੋਂ ਆਉਂਦੇ ਨੇ।” ਰਜ਼ੀ ਸਾਹਬ ਬੋਲੇ। ਮੈਨੂੰ ਲੱਗਿਆ ਅਸਲੀ ਗੱਲ ਉਹ ਲੁਕਾਅ ਰਹੇ ਨੇ। ਉਹ ਸ਼ਾਇਦ ਇਹ ਹੈ ਕਿ ਪੱਤਰਕਾਰਾਂ ਦਾ ਰਾਤ ਵੇਲੇ ਇਕੱਲੇ ਘਰ ਜਾਣਾ ਖ਼ਤਰਨਾਕ ਹੋ ਸਕਦਾ ਹੈ।
ਕੁਝ ਹੋਰ ਪੱਤਰਕਾਰ ਵੀ ਆ ਗਏ। ਭਾਰਤੀ ਪੱਤਰਕਾਰ ਜਗਤ ਤੇ ਪਾਕਿਸਤਾਨ ਦੀ ਚਰਚਾ ਹੋਣ ਲੱਗੀ। ਉਹਨਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਭਾਰਤ ਵਿਚ ਪੱਤਰਕਾਰਾਂ ਨੂੰ ਏਨੀ 'ਮੋਟੀ' ਸੇਲਰੀ ਮਿਲਦੀ ਹੈ। ਫੇਰ ਗੱਲ ਹੋਣ ਲੱਗੀ ਅਖ਼ਬਾਰਾਂ ਦੀ ਕੀਮਤ ਦੀ। ਮੈਂ ਲਾਹੌਰ ਦੇ ਅਨਾਰਕਾਲੀ ਬਾਜ਼ਾਰ ਦੇ ਮੋੜ 'ਤੇ ਜਦੋਂ ਅਖ਼ਬਾਰ ਖ਼ਰੀਦੇ ਸਨ ਤਾਂ ਬੜੀ ਹੈਰਾਨੀ ਹੋਈ ਸੀ। ਆਪਣੀ ਭਾਰਤੀ ਆਦਤ ਮੁਤਾਬਕ ਮੈਂ ਪੰਜ-ਛੇ ਅਖ਼ਬਾਰ ਤੇ ਦੋ ਤਿੰਨ ਰਸਾਲੇ ਲੈ ਲਏ ਸਨ। ਅਖ਼ਬਾਰ ਵਾਲੇ ਨੂੰ ਪੈਸੇ ਪੁੱਛੇ ਤਾਂ ਉਸਨੇ ਅੱਠ ਸੌ ਰੁਪਏ ਦੱਸੇ।
“ਅੱਠ ਸੌ!” ਮੈਂ ਹੈਰਾਨ ਰਹਿ ਗਿਆ।
ਪਿੱਛੋਂ ਪਤਾ ਲੱਗਿਆ ਕਿ ਪਾਕਿਸਤਾਨ ਵਿਚ ਅਖ਼ਬਾਰ ਬੜੇ ਮਹਿੰਗੇ ਨੇ। ਕਿਸੇ ਅਖ਼ਬਾਰ ਦਾ ਮੁੱਲ ਪੱਚੀ ਰੁਪਏ ਤੋਂ ਘੱਟ ਨਹੀਂ ਹੈ। ਰਸਾਲਾ ਢਾਈ ਤਿੰਨ ਰੁਪਏ ਦਾ ਹੁੰਦਾ ਹੈ। ਇੰਜ ਕਿਉਂ ਹੈ, ਦੱਸਦੇ ਹੋਏ ਲੋਕਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਅਖ਼ਬਾਰਾਂ ਨੂੰ ਓਨਾ ਵਿਗਿਆਪਨ ਨਹੀਂ ਮਿਲਦਾ ਜਿੰਨਾ ਭਾਰਤ ਦੇ ਅਖ਼ਬਾਰਾਂ ਨੂੰ ਮਿਲਦਾ ਹੈ। ਹੁਣ ਸਵਾਲ ਇਹ ਹੈ, ਕਿਉਂ? ਉਸਦਾ ਜਵਾਬ ਇਹ ਦਿੱਤਾ ਗਿਆ ਕਿ ਵਪਾਰ, ਉਦਯੋਗ, ਮੰਡੀ ਦੀ ਜਿੰਨੀ ਵੱਡੀ ਮਾਰਕੀਟ ਭਾਰਤ ਵਿਚ ਹੈ ਓਨੀ ਵੱਡੀ ਪਾਕਿਸਤਾਨ ਵਿਚ ਨਹੀਂ। ਇਸ ਲਈ ਪਾਕਿਸਤਾਨ ਵਿਚ ਵਿਗਿਆਪਨ ਦਾ ਧੰਦਾ ਓਨਾ ਵਿਕਸਤ ਨਹੀਂ ਹੈ, ਜਿੰਨਾ ਭਾਰਤ ਵਿਚ ਹੈ।
ਇਸ ਗੱਲਬਾਤ ਤੋਂ ਇਹ ਵੀ ਪਤਾ ਲੱਗਿਆ ਕਿ ਭਾਰਤ ਵਿਚ ਜਿਸ ਤਰ੍ਹਾਂ ਦੀਆਂ ਸਹੂਲਤਾਂ ਪੱਤਰਕਾਰ ਸਰਕਾਰ ਤੋਂ ਲੈ ਰਹੇ ਨੇ, ਉਹ ਇੱਥੇ ਨਹੀਂ ਮਿਲਦੀਆਂ।
ਰਾਤੀ ਇਕ ਵਜੇ ਦੇ ਲਗਭਗ ਰਜ਼ੀ ਸਾਹਬ ਮੈਨੂੰ ਹੋਟਲ ਛੱਡ ਗਏ। ਮੈਨੂੰ ਪੂਰੀ ਤਰ੍ਹਾਂ ਸਮਝ ਆ ਗਈ ਸੀ ਕਿ ਭਾਰਤ ਤੇ ਪਾਕਿਸਤਾਨ ਵਿਚ ਪੱਤਰਕਾਰ ਹੋਣ ਦਾ ਇਕ ਮਤਲਬ ਨਹੀਂ। ਹਾਲਾਂਕਿ ਦੋਵਾਂ ਵਿਚ ਸਮਾਨਤਾਵਾਂ ਵੀ ਹੈਨ—ਪਰ ਪਾਕਿਸਤਾਨ ਦਾ ਪੱਤਰਕਾਰ ਭਾਰਤ ਦੇ ਪੱਤਰਕਾਰ ਦੀ ਤੁਲਨਾ ਵਿਚ ਜ਼ਿਆਦਾ ਅਸੁਰੱਖਿਅਤ ਹੈ। ਅੰਤਰ-ਰਾਸ਼ਟਰੀ ਸੰਸਥਾ 'ਕਮੇਟੀ ਟੂ ਪ੍ਰੋਟੈਕਟ ਜਰਨਲਿਸਟ' ਦੀ ਤਾਜ਼ੀ ਰਿਪੋਰਟ ਅਨੁਸਾਰ 1992 ਤੋਂ ਲੈ ਕੇ 2010 ਤਕ ਪਾਕਿਸਤਾਨ ਵਿਚ 39 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ ਹੈ। ਭਾਰਤ ਵਿਚ ਇਹ ਗਿਣਤੀ 27 ਹੈ। ਪਾਕਿਸਤਾਨ ਦੇ ਮਾਨਵ ਅਧਿਕਾਰ ਆਯੋਗ ਦੀ ਰਿਪੋਰਟ ਅਨੁਸਾਰ 2009 ਵਿਚ ਹੀ ਸੱਤ ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। ਪਾਕਿਸਤਾਨ ਵਿਚ ਮੀਡੀਆ ਕਰਮੀਆਂ ਦੇ ਅਪਹਰਣ, ਕਾਤਿਲਾਨਾ ਹਮਲਿਆਂ, ਕੁੱਟਮਾਰ, ਧਮਕੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਨ 2009 ਵਿਚ ਹੀ 163 ਮੀਡੀਆ-ਕਰਮੀ ਧਮਕਾਏ ਗਏ ਸਨ। ਪੰਜਾਬ ਵਿਚ 54, ਸਰਹੱਦੀ ਸੂਬਿਆਂ ਵਿਚ 52, ਇਸਲਾਮਾਬਾਦ ਵਿਚ 28, ਬਿਲੋਚਿਸਤਾਨ ਵਿਚ 03 ਮੀਡੀਆ ਕਰਮੀਆਂ 'ਤੇ ਹਮਲੇ ਕੀਤੇ ਗਏ ਸਨ।
ਬਿਲੋਚਿਸਤਾਨ ਦੇ ਅਖ਼ਬਾਰਾਂ ਦੇ ਦਫ਼ਤਰਾਂ ਨੂੰ ਪੁਲਿਸ ਤੇ ਅਰਧ ਸੈਨਿਕ ਬਲ ਘੇਰੀ ਰੱਖਦੇ ਨੇ। 2009 ਵਿਚ ਉਰਦੂ ਡੇਲੀ 'ਅਸਾਪ' ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਪ੍ਰਕਾਸ਼ਨ ਬੰਦ ਕਰ ਰਿਹਾ ਹੈ ਕਿਉਂਕਿ ਦੋ ਹਫ਼ਤੇ ਤਕ ਸੁਰੱਖਿਆ ਬਲਾਂ ਨੇ ਅਖ਼ਬਾਰ ਦੇ ਆਫ਼ਿਸ ਵਿਚ ਆਉਣ ਵਾਲਿਆਂ ਦੀ ਤਲਾਸ਼ੀ ਤੇ ਪੁੱਛਗਿੱਛ ਦਾ ਅਜਿਹਾ ਅਪਮਾਨਜਨਕ ਚੱਕਰ ਚਲਾਇਆ ਸੀ ਕਿ ਅਖ਼ਬਾਰ ਨੂੰ ਆਪਣਾ ਬੋਰੀਆ ਬਿਸਤਰਾ ਬੰਨ੍ਹਣ ਦਾ ਫੈਸਲਾ ਕਰਨਾ ਪਿਆ ਸੀ। 'ਆਜ਼ਾਦੀ' ਅਖ਼ਬਾਰ ਦੇ ਦਫ਼ਤਰ ਦੇ ਬਾਹਰ ਵੀ ਇਹੋ ਹਾਲ ਸੀ। ਇਹਨਾਂ ਅਖ਼ਬਾਰਾਂ ਨੂੰ ਸਰਕਾਰੀ ਵਿਗਿਆਪਨ ਦੇਣੇ ਰੋਕ ਦਿੱਤੇ ਗਏ ਸਨ। ਜਦਕਿ ਉਹਨਾਂ ਦਾ ਸਰਕੁਲੇਸ਼ਨ ਕਾਫੀ ਜ਼ਿਆਦਾ ਸੀ। ਪਾਕਿਸਤਾਨ ਮਾਨਵ ਅਧਿਕਾਰ ਆਯੋਗ ਨੇ ਆਪਣੀ 2009 ਦੀ ਰਿਪੋਰਟ ਵਿਚ ਵਿਸਥਾਰ ਨਾਲ ਪੱਤਰਕਾਰਾਂ 'ਤੇ ਕੀਤੇ ਗਏ ਹਮਲਿਆਂ ਦਾ ਵੇਰਵਾ ਦਿੱਤਾ ਹੈ, ਜਿਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਰਾਤ ਹੋਟਲ ਦੇ ਡਾਇਨਿੰਗ ਹਾਲ ਵਿਚ ਖਾਣਾ ਖਾਣ ਗਿਆ ਤਾਂ ਉੱਥੇ ਹੋਟਲ ਦੇ ਨੌਜਵਾਨ ਮਾਲਕ ਇਮਰਾਨ ਮਿਲ ਗਏ। ਉਹਨਾਂ ਨੇ ਕਿਹਾ ਕਿ 'ਮੈਂ ਤਾਂ ਤੁਹਾਨੂੰ ਡਿਨਰ ਲਈ 'ਇਨਵਾਈਟ' ਕਰਨਾ ਚਾਹੁੰਦਾ ਸੀ। ਚਲੋ ਮੇਰੇ ਨਾਲ ਖਾਣਾ ਖਾਓ।' ਮੈਂ ਉਹਨਾਂ ਦੇ ਆਫ਼ਿਸ ਵਿਚ ਆ ਗਿਆ। ਇੱਥੇ ਉਹਨਾਂ ਦੇ ਵੱਡੇ ਭਰਾ ਕੰਪਿਊਟਰ ਉੱਤੇ ਕੋਈ ਕੰਮ ਕਰ ਰਹੇ ਸਨ। ਦੋਵੇਂ ਸਾਹਮਣੇ ਸੋਫੇ ਉੱਤੇ ਬੈਠ ਗਏ ਤੇ ਇੰਡੀਆ ਬਾਰੇ ਸਵਾਲਾਂ ਦੀ ਝੜੀ ਲਾ ਦਿੱਤੀ। ਮੈਂ ਇਕ ਗੱਲ ਮਹਿਸੂਸ ਕਰ ਰਿਹਾ ਸਾਂ ਕਿ ਉਹਨਾਂ ਨੂੰ ਭਾਰਤ ਬਾਰੇ ਚੰਗੀ ਜਾਣਕਾਰੀ ਹੈ। ਦੂਜਾ ਇਹ ਪਤਾ ਲੱਗਿਆ ਕਿ ਉਹ ਪਿਛਲੇ ਪੱਚੀ ਸਾਲਾਂ ਦੌਰਾਨ ਭਾਰਤ ਵਿਚ ਆਈ ਆਰਥਕ ਪ੍ਰਗਤੀ ਤੇ 'ਖ਼ੁਸ਼ਹਾਲੀ' ਦੇ ਸਮਰਥਕ ਨੇ। ਉਹ ਭਾਰਤ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰ ਰਹੇ ਸਨ। ਪਾਕਿਸਤਾਨੀ ਸਮਾਜ ਤੇ 'ਤਾਲੇਬਾਨੀਕਰਨ' ਦੇ ਲਈ ਬੜੇ ਚਿੰਤਤ ਸਨ। ਪੂਰੀ ਦੁਨੀਆਂ ਘੁੰਮਣਾ ਚਾਹੁਦੇ ਸਨ। ਪੈਸਾ ਸੀ। ਵਿਦੇਸ਼ ਵਿਚ ਪੜ੍ਹਨਾ ਚਾਹੁੰਦੇ ਸਨ। ਪਰ ਮਜਬੂਰੀ ਸੀ ਕਿ ਵੀਜ਼ਾ ਨਹੀਂ ਸੀ ਮਿਲਦਾ। ਉਹਨਾਂ ਦੱਸਿਆ ਕਿ ਪਾਕਿਸਤਾਨੀ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਯੂਰਪ ਦਾ ਵੀਜ਼ਾ ਬੜੀ ਮੁਸ਼ਕਲ ਨਾਲ ਮਿਲਦਾ ਹੈ। ਹਦ ਇਹ ਹੈ ਕਿ ਟੂਰਿਸਟ ਵੀਜ਼ਾ ਵੀ ਆਸਾਨੀ ਨਾਲ ਨਹੀਂ ਮਿਲਦਾ।
ਕਾਜ਼ਮੀ ਸਾਹਬ ਨੂੰ ਮੈਂ ਕਈ ਵਾਰੀ ਕਿਹਾ ਸੀ ਕਿ ਤੁਸੀਂ ਬਜ਼ੁਰਗ ਆਦਮੀ ਓ, ਤਬੀਅਤ ਵੀ ਠੀਕ ਨਹੀਂ ਰਹਿੰਦੀ...ਤੁਸੀਂ ਰੋਜ਼ ਮੈਨੂੰ ਘੁਮਾਉਣ ਆਉਂਦੇ ਓ, ਤੁਹਾਨੂੰ ਤਕਲੀਫ਼ ਦੇਣਾ ਮੈਨੂੰ ਚੰਗਾ ਨਹੀਂ ਲੱਗਦਾ। ਤੁਸੀਂ ਕਿਸੇ ਨੌਜਵਾਨ ਆਦਮੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿਓ। ਜੇ ਉਹ ਚਾਹੇਗਾ ਤਾਂ ਮੈਂ ਉਸਨੂੰ ਕੁਝ ਮਿਹਨਤਾਨਾ ਵੀ ਦੇ ਸਕਦਾ ਹਾਂ। ਮੇਰੀ ਇਸ ਗੱਲ ਦੇ ਜਵਾਬ ਵਿਚ ਉਹ ਹਮੇਸ਼ਾ 'ਨਹੀਂ' ਦੇ ਇਲਾਵਾ ਕੁਝ ਹੋਰ ਨਹੀਂ ਸੀ ਕਹਿੰਦੇ। ਇਹ ਪੱਕੀ ਗੱਲ ਹੈ ਕਿ ਉਹਨਾਂ ਦਾ ਪਿਆਰ ਤੇ ਲਗਾਅ ਹੀ ਸੀ ਇਹ। ਪਰ ਮੈਂ ਕੁਝ ਜ਼ਿਆਦਾ ਆਜ਼ਾਦ ਹੋ ਕੇ ਘੁੰਮਣਾ ਚਾਹੁੰਦਾ ਸਾਂ, ਜਿਹੜਾ ਕਾਜ਼ਮੀ ਸਾਹਬ ਦੀ ਮੋਟਰ-ਸਾਈਕਲ ਤੇ ਸ਼ਹਿਰ ਵਿਚ ਉਹਨਾਂ ਦੇ ਸਾਮਾਜਿਕ ਸੰਬੰਧਾਂ ਦੇ ਹੁੰਦਿਆਂ ਕੁਝ ਮੁਸ਼ਕਲ ਹੀ ਨਜ਼ਰ ਆਉਂਦਾ ਸੀ। ਅਕਸਰ ਕਿਤੇ ਜਾਂਦੇ ਜਾਂਦੇ ਕਿਸੇ ਦਫ਼ਤਰ ਵਿਚ ਬੈਠ ਜਾਂਦੇ, ਜਾਣ-ਪਛਾਣ ਵਾਲਿਆਂ ਨਾਲ ਗੱਪਾਂ ਮਾਰਨ ਲੱਗ ਪੈਂਦੇ। ਮੈਂ ਬੈਠਾ ਕੁੜ੍ਹਦਾ ਰਹਿੰਦਾ ਕਿ ਮੇਰੇ ਕੋਲ ਟਾਈਮ ਘੱਟ ਹੈ, ਦੇਖਣਾ ਬੜਾ ਕੁਝ ਹੈ—ਮੈਂ ਗੱਪਾਂ ਵਿਚ ਟਾਈਮ ਕਿਉਂ ਬਰਬਾਦ ਕਰ ਰਿਹਾ ਹਾਂ। ਪਰ ਕਾਜ਼ਮੀ ਸਾਹਬ ਸ਼ਾਇਦ ਥੱਕ ਜਲਦੀ ਜਾਂਦੇ ਸਨ, ਜਾਂ ਇਹ ਸਮਝਦੇ ਸਨ ਕਿ ਮੈਂ ਜਲਦੀ ਥੱਕ ਜਾਂਦਾ ਹਾਂ...ਚਲੋ ਖ਼ੈਰ, ਜੋ ਵੀ ਸੀ ਇਵੇਂ ਹੀ ਸਹੀ। ਮੈਂ ਸੁਣਿਆ ਸੀ, ਪੁਰਾਣੇ ਸ਼ਹਿਰ ਵਿਚ ਕੁਝ ਮੰਦਰ ਨੇ। ਉਹਨਾਂ ਨੂੰ ਮੈਂ ਦੇਖਣਾ ਚਾਹੁੰਦਾ ਸਾਂ। ਪਰ ਕਾਜ਼ਮੀ ਸਾਹਬ ਆਪਣੇ ਹਿਸਾਬ ਨਾਲ ਘੁਮਾਉਣ ਵਿਚ ਯਕੀਨ ਕਰਦੇ ਸਨ। ਉਹਨਾਂ ਨੇ ਮੈਨੂੰ ਆਪਣੀਆਂ ਕਈ ਪੁਰਾਣੀਆਂ ਪ੍ਰੇਮਕਾਵਾਂ ਦੇ ਘਰ ਵਿਖਾਏ। ਕਈ ਅਜਿਹੀਆਂ ਜਗਾਹਾਂ ਦਿਖਾਈਆਂ ਜਿਹੜੀਆਂ ਉਹਨਾਂ ਦੇ ਲੜਕਪਨ ਦੇ ਰੋਚਕ ਪ੍ਰਸੰਗਾਂ ਨਾਲ ਜੁੜੀਆਂ ਹੋਈਆਂ ਸਨ। ਚਲੋ ਖ਼ੈਰ, ਉਹ ਮੇਰੇ ਲਈ ਜੋ ਕਰ ਰਹੇ ਸਨ ਉਹ ਬੜਾ ਸੀ ਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਸਾਂ।
ਪਾਕਿਸਤਾਨ ਦੀ ਸਰਕਾਰ ਨੂੰ ਜੇ ਇਤਿਹਾਸ ਵਿਚ ਰੁਚੀ ਹੁੰਦੀ ਤਾਂ ਮਹਾਭਾਰਤ ਦੇ ਸਮਿਆਂ ਦਾ ਮੁਲਤਾਨ ਇਤਿਹਾਸ ਦਾ ਖ਼ਜ਼ਾਨਾ ਸਿੱਧ ਹੁੰਦਾ। ਸ਼ਹਿਰ ਵਿਚ ਪਰਤ ਦਰ ਪਰਤ ਇਤਿਹਾਸ ਛਿਪਿਆ ਹੋਇਆ ਹੈ। ਮੁਲਤਾਨ ਦਾ ਕਿਲਾ, ਜਿਹੜਾ ਹੁਣ ਇਕ ਵਿਸ਼ਾਲ ਟੀਲਾ ਹੈ ਤੇ ਜਿਸ ਉੱਤੇ ਮੱਧਕਾਲ ਦੀਆਂ ਵਿਸ਼ਾਲ ਇਮਾਰਤਾਂ ਬਣੀਆਂ ਹੋਈਆਂ ਨੇ। ਪੁਰਾਤੱਤ ਵਿਗਿਆਨੀਆਂ ਲਈ ਦਿਲਚਸਪੀ ਦਾ ਵਿਸ਼ਾ ਹੈ।
ਕਿਹਾ ਜਾਂਦਾ ਹੈ ਸੂਰਜ ਮੰਦਰ ਇੱਥੇ ਹੀ ਸੀ। ਅੱਠਵੀਂ-ਨੌਂਵੀਂ ਸਦੀ ਵਿਚ ਇਸਨੂੰ ਲੁੱਟ ਕੇ ਢਾਅ ਦਿੱਤਾ ਗਿਆ ਸੀ। ਉਸ ਪਿੱਛੋਂ ਪ੍ਰਾਚੀਨ ਸੂਰਜ ਮੰਦਰ ਦੀ ਥਾਂ 'ਤੇ ਹੀ ਪ੍ਰਲ੍ਹਾਦ ਮੰਦਰ ਬਣਾਇਆ ਗਿਆ ਸੀ। ਇਸ ਮੰਦਰ ਦਾ ਸੰਬੰਧ ਹੋਲਿਕਾ ਤੇ ਪ੍ਰਲ੍ਹਾਦ ਪ੍ਰਸੰਗ ਨਾਲ ਜੋੜਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਇੱਥੇ ਹੋਲਿਕਾ ਸੜੀ ਸੀ।
ਪ੍ਰਲ੍ਹਾਦ ਦਾ ਵਿਸ਼ਾਲ ਮੰਦਰ ਮੁਲਤਾਨ ਕਿਲੇ ਵਿਚ ਸੂਫੀ ਸੰਤ ਸ਼ੇਖ ਬਹਾਉੱਦੀਨ ਜਕਰੀਆ ਦੇ ਮਕਬਰੇ ਦੇ ਬਾਹਰ ਖੜ੍ਹਾ ਹੈ। ਵੰਡ ਪਿੱਛੋਂ ਵੀ ਇਸ ਮੰਦਰ ਵਿਚ ਪੂਜਾ ਆਦਿ ਹੁੰਦੀ ਹੁੰਦੀ ਸੀ ਤੇ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਸਨ। ਪਰ 1992 ਬਾਬਰੀ ਮਸਜਿਦ ਦੇ ਤੋੜੇ ਜਾਣ ਦੀ ਪ੍ਰਤੀਕ੍ਰਿਆ ਵਜੋਂ ਇਹ ਮੰਦਰ ਢਾਅ ਦਿੱਤਾ ਗਿਆ ਸੀ।
ਢੱਠਿਆ ਹੋਇਆ ਮੰਦਰ ਹੁਣ ਵੀ ਦੇਖਿਆ ਜਾ ਸਕਦਾ ਹੈ। ਮੈਨੂੰ ਪਤਾ ਸੀ ਕਿ ਵੰਡ ਤੋਂ ਪਹਿਲਾਂ ਮੁਲਤਾਨ ਹਿੰਦੂਆਂ ਤੇ ਜੈਨੀਆਂ ਦਾ ਪ੍ਰਮੁੱਖ ਕੇਂਦਰ ਸੀ। ਮੈਂ ਜਿਗਿਆਸਾ-ਵੱਸ ਕਾਜ਼ਮੀ ਸਾਹਬ ਤੋਂ ਮੁਲਤਾਨ ਦੇ ਹਿੰਦੂਆਂ ਬਾਰੇ ਜਾਣਕਾਰੀ ਚਾਹੀ। ਅਸੀਂ ਲੋਕ ਪ੍ਰਲ੍ਹਾਦ ਦਾ ਢੱਠਿਆ ਹੋਇਆ ਮੰਦਰ ਦੇਖਣ ਜਾ ਰਹੇ ਸਾਂ।
ਮੈਂ ਪੁੱਛਿਆ, “ਕੀ ਮੁਲਤਾਨ ਵਿਚ ਹਿੰਦੂ ਹੈਨ?”
ਉਹਨਾਂ ਕਿਹਾ, “ਹਾਂ, ਹੈਨ।”
“ਕਿੱਥੇ ਰਹਿੰਦੇ ਨੇ? ਕਿੰਨੇ ਕੁ ਨੇ?”
“ਇਹੋ ਕੋਈ ਦਸ ਪੰਜ ਹੋਣਗੇ।” ਉਹ ਬੋਲੇ।
“ਕਿੱਥੇ ਰਹਿੰਦੇ ਨੇ?”
“ਮੈਨੂੰ ਪਤਾ ਨਹੀਂ...ਏਥੇ ਕਿਤੇ ਹੀ ਹੋਣਗੇ...।”
“ਕੀ ਉਹਨਾਂ ਨੂੰ ਮਿਲਿਆ ਜਾ ਸਕਦਾ ਏ?”
“ਹਾਂ...ਹਾਂ...।” ਉਹਨਾਂ ਨੇ ਹੈਰਾਨੀ ਨਾਲ ਕਿਹਾ। “ਪਰ ਪਤਾ ਨਹੀਂ ਕਿੱਥੇ ਹੋਣਗੇ...ਸਾਰੇ...ਉਹ...ਕੀ ਕਹਿੰਦੇ ਨੇ...ਸਫ਼ਾਈ ਵਗ਼ੈਰਾ ਦਾ ਕੰਮ ਕਰਦੇ ਨੇ।”
ਅਸੀਂ ਪ੍ਰਲ੍ਹਾਦ ਮੰਦਰ ਕੋਲ ਪਹੁੰਚੇ। ਸ਼ੇਖ ਬਹਾਉੱਦੀਨ ਜਕਰੀਆ ਦੇ ਮਕਬਰੇ ਦੇ ਬਿਲਕੁਲ ਨੇੜੇ ਵਿਸ਼ਾਲ ਮੰਦਰ ਇਸ ਤਰ੍ਹਾਂ ਟੁੱਟਿਆ-ਭੱਜਿਆ ਪਿਆ ਸੀ ਜਿਵੇਂ ਕਿਸੇ ਮਹਾਨ ਆਦਰਸ਼ ਦੇ ਟੁਕੜੇ ਕਰ ਦਿੱਤੇ ਗਏ ਹੋਣ। ਕਾਜ਼ਮੀ ਸਾਹਬ ਬੋਲੇ, “ਮੁਲਤਾਨ ਵਿਚ ਅਸੀਂ ਲੋਕ ਇਸ ਗੱਲ ਦਾ ਮਾਣ ਕਰਦੇ ਸਾਂ ਕਿ ਇੱਥੇ 'ਰਿਲੀਜਸ ਟਾਲਰੈਂਸ' ਦੀ ਏਨੀ ਵੱਡੀ ਮਿਸਾਲ ਸੀ...ਇਕ ਪਾਸੇ ਏਨਾ ਮਹਾਨ ਸੂਫੀ ਤੇ ਦੂਜੇ ਪਾਸੇ ਵਿਸ਼ਾਲ ਮੰਦਰ...।”
“ਇਹ ਢੱਠਿਆ ਕਿੰਜ?”
“ਬਸ...ਉਸੇ ਦਿਨ ਜਦ ਅਯੋਧਿਆ ਵਿਚ ਮਸਜਿਦ ਢਾਹੀ ਜਾ ਰਹੀ ਸੀ...ਇੱਥੇ ਲੋਕਾਂ ਨੂੰ ਜੋਸ਼ ਦਿਵਾਇਆ ਗਿਆ...ਤੁਸੀਂ ਜਾਣਦੇ ਓ...ਮੁਫ਼ਤ ਦੀ ਨੇਤਾਗਿਰੀ ਕਰਨ ਵਾਲੇ ਘੱਟ ਨਹੀਂ ਹੁੰਦੇ...ਹਜ਼ਾਰਾਂ ਆਦਮੀਆਂ ਦਾ ਜਲੂਸ ਰਵਾਨਾ ਹੋਇਆ।”
“ਪੁਜਾਰੀ ਵਗ਼ੈਰਾ ਨਹੀਂ ਸਨ?” ਮੈਂ ਪੁੱਛਿਆ।
“ਹੈ ਸਨ...ਉਹ ਵਿਚਾਰੇ ਜਾਨ ਬਚਾਅ ਕੇ, ਖ਼ੁਦ ਪਤਾ ਨਹੀਂ, ਭੱਜ ਕੇ ਕਿੱਥੇ ਚਲੇ ਗਏ। ਖ਼ੈਰ ਫੇਰ ਕੀ ਸੀ ਲੋਕਾਂ ਨੇ ਮੰਦਰ ਢਾਉਣਾ ਸ਼ੁਰੂ ਕਰ ਦਿੱਤਾ...ਕਹਿੰਦੇ ਨੇ ਕੁਝ ਮਲਬੇ ਹੇਠ ਦਬ ਕੇ ਮਰ ਵੀ ਗਏ ਸਨ।”
“ਇਵੇਂ ਅਯੋਧਿਆ ਵਿਚ ਵੀ ਹੋਇਆ ਸੀ। ਬਾਬਰੀ ਮਸਜਿਦ ਢਾਉਣ ਵਾਲਿਆਂ ਵਿਚੋਂ ਕੁਝ ਮਲਬੇ ਹੇਠ ਦਬ ਕੇ ਮਰ ਗਏ ਸਨ।”
ਅਸੀਂ ਲੋਕ ਟੁੱਟੇ ਹੋਏ ਮੰਦਰ ਕੋਲ ਆ ਗਏ। ਮੰਦਰ ਦਾ ਕੋਈ ਵੀ ਹਿੱਸਾ ਸਹੀ ਸਲਾਮਤ ਨਹੀਂ ਸੀ। ਮਲਬੇ ਦੇ ਵੱਡੇ-ਵੱਡੇ ਢੇਰ ਨਜ਼ਰ ਆ ਰਹੇ ਸਨ ਜਿਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਮੰਦਰ ਕਾਫੀ ਵੱਡਾ ਹੋਏਗਾ। ਮੈਂ ਮਲਬੇ ਦੀਆਂ ਤਸਵੀਰਾਂ ਖਿੱਚਣ ਲੱਗਾ। ਢੱਠੇ ਹੋਏ ਮੰਦਰ ਦੇ ਮਲਬੇ ਦੁਆਲੇ ਕੰਡੇਦਾਰ ਤਾਰਾਂ ਦੀ ਵਾੜ ਕਰ ਦਿੱਤੀ ਗਈ ਸੀ। ਅਸੀਂ ਇਕ ਪੂਰਾ ਚੱਕਰ ਕੱਟਿਆ ਕਿ ਕਿਤੋਂ ਅੰਦਰ ਜਾ ਸਕੀਏ, ਪਰ ਹਰ ਪਾਸੇ ਤਾਰ ਸਨ, ਉੱਚੀ ਕੰਧ ਕਰ ਦਿੱਤੀ ਗਈ ਸੀ। ਮੈਂ ਹਰ ਐਂਗਲ ਤੋਂ ਤਸਵੀਰਾਂ ਲੈਂਦਾ ਰਿਹਾ।
ਕਾਜ਼ਮੀ ਸਾਹਬ ਨੇ ਕਿਹਾ, “ਮੇਰੇ ਕੋਲ ਇਸ ਮੰਦਰ ਦੀ ਇਕ ਪੁਰਾਣੀ ਤਸਵੀਰ ਹੈ, ਮੈਂ ਤੁਹਾਨੂੰ ਦਿਆਂਗਾ।”
“ਹਾਂ ਇਹ ਤਾਂ ਬੜਾ ਚੰਗਾ ਹੋਏਗਾ।” ਮੈਂ ਕਿਹਾ।
ਮੰਦਰ ਦੇ ਮਲਬੇ ਦੀਆਂ ਤਸਵੀਰਾਂ ਖਿੱਚਦਿਆਂ ਹੋਇਆਂ ਮੈਂ ਕਾਜ਼ਮੀ ਸਾਹਬ ਨੂੰ ਕਿਹਾ, “ਤੁਹਾਨੂੰ ਯਾਦ ਹੋਏਗਾ ਕੁਰਾਨ ਸ਼ਰੀਫ ਦੀ ਇਕ ਆਯਤ ਏ, ਤੁਸੀਂ ਦੂਜਿਆਂ ਦੇ ਖ਼ੁਦਾ ਨੂੰ ਬੁਰਾ ਨਾ ਕਹੋ, ਤਾਕਿ ਉਹ ਤੁਹਾਡੇ ਖ਼ੁਦਾ ਨੂੰ ਬੁਰਾ ਨਾ ਕਹਿਣ।”
“ਹਾਂ...ਹਾਂ...ਯਾਦ ਏ।” ਕਾਜ਼ਮੀ ਸਾਹਬ ਨੇ ਆਯਤ ਅਰਬੀ ਵਿਚ ਸੁਣਾ ਦਿੱਤੀ। ਤੇ ਬੋਲੇ, “ਇਹ ਵੀ ਸਾਫ਼ ਕਿਹਾ ਗਿਆ ਏ ਕਿ ਮਜਹਬ ਵਿਚ ਜ਼ੋਰ-ਜ਼ਰਬਦਸਤੀ ਨਾ ਕਰੋ”
ਹਾਂ...ਕਾਸ਼ ਪਾਕਿਸਤਾਨ ਇਸਲਾਮੀ ਦੇਸ਼ ਹੀ ਹੁੰਦਾ! ਮੈਂ ਸੋਚਣ ਲੱਗਾ। ਏਨੇ ਮਹਾਨ ਸੂਫੀਆਂ ਦੇ ਸ਼ਹਿਰ ਵਿਚ ਮੰਦਰ ਢਾਉਣਾ ਅਜੀਬ ਲੱਗਦਾ ਹੈ।
ਮੱਧਕਾਲ ਤਕ ਮੁਲਤਾਨ ਅਧਿਆਤਮਕ ਮਹਾ ਪੁਰਖਾਂ ਦਾ ਏਨਾ ਵੱਡਾ ਗੜ੍ਹ ਬਣ ਗਿਆ ਸੀ ਕਿ ਫ਼ਾਰਸੀ ਦਾ ਸ਼ੇਅਰ ਹੈ...:
'ਮੁਲਤਾਨ ਮਾ ਬਾ ਜੱਨਤ ਆਲਾ ਬਰਾਬਰ ਅਸਤ
ਆਹਿਸਤਾ ਪਾ ਬਾ-ਨਾਹ ਕੇ ਮਲਿਕ ਸਜਦਾ ਭੀ ਕੁਨਦ'
ਭਾਵ ਇਹ ਕਿ ਮੁਲਤਾਨ ਉੱਚ ਸਤਰੀ ਸਵਰਗ ਦੇ ਬਰਾਬਰ ਹੈ, ਇੱਥੇ ਆਹਿਸਤਾ ਚੱਲੋ ਕਿ ਫਰਿਸ਼ਤੇ ਇੱਥੇ ਸਜਦਾ ਕਰਦੇ ਨੇ।
ਮੁਲਤਾਨ ਦੇ ਅਧਿਆਤਮਕ ਪੁਰਖਾਂ ਵਿਚ ਬਹਾਉੱਦੀਨ ਜ਼ਕਰੀਆ ਦਾ ਨਾਂ ਬੜੇ ਸਨਮਾਨ ਨਾਲ ਲਿਆ ਜਾਂਦਾ ਹੈ। ਉਹ 1170 ਵਿਚ ਬਗ਼ਦਾਦਾ ਤੋਂ ਪੰਜਾਬ ਆਏ ਸਨ। ਪੰਜਾਬ, ਬਿਲੋਚਿਸਤਾਨ, ਸਿੰਧ ਆਦਿ ਦੀ ਲੰਮੀ ਯਾਤਰਾ ਕਰਨ ਪਿੱਛੋਂ ਆਪ ਮੁਲਤਾਨ ਵਿਚ ਠਹਿਰ ਗਏ ਸਨ। ਉਹਨਾਂ ਦਾ ਸੰਬੰਧ ਸੁਹਰਾਵਰਦੀ ਸਿਲਸਿਲੇ (ਗੱਦੀ) ਨਾਲ ਹੈ। ਉਹਨਾਂ ਦੇ ਗੁਰੂ ਦਿਯਾ-ਉਲ-ਦੀਨ ਅਬੂ ਨਜੀਬ ਸੁਹਰਾਵਰਦੀ (1097-1168) ਨੇ ਉਹਨਾਂ ਨੂੰ ਮੁਲਤਾਨ ਜਾਣ ਦਾ ਹੁਕਮ ਦਿੱਤਾ ਸੀ। ਸੁਹਰਾਵਰਦੀ ਆਪਣਾ ਸਿਲਸਿਲਾ ਹਜ਼ਰਤ ਅਲੀ, ਜੁਨੈਦ ਬਗ਼ਦਾਦੀ, ਅਲ ਗ਼ਜ਼ਾਲੀ ਆਦਿ ਨਾਲ ਜੁੜਿਆ ਮੰਨਦੇ ਨੇ। ਸੁਰਾਵਰਦੀ ਸੰਸਾਰ ਨੂੰ ਤਜ ਕੇ ਨਹੀਂ, ਬਲਕਿ ਸੰਸਾਰ ਵਿਚ ਰਹਿ ਕੇ ਇਬਾਦਤ (ਤਪਸਿਆ) ਕਰਨ, ਸਾਧਨਾ ਕਰਨ, ਨੂੰ ਉੱਤਮ ਸਮਝਦੇ ਨੇ।
ਸ਼ੇਖ ਬਹਾਉੱਦੀਨ ਜਕਰੀਆ ਦੇ ਪੋਤੇ ਰੁਕ-ਨੇ-ਆਲਮ ਦੇ ਮਕਬਰੇ ਨੂੰ ਪੂਰਵ-ਮੁਗਲ ਕਾਲ ਦਾ ਤਾਜ-ਮਹੱਲ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਜਿਸ ਤਰ੍ਹਾਂ ਤਾਜ-ਮਹੱਲ ਦੀ ਸੁੰਦਰਤਾ ਦਾ ਵਰਨਣ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਰੁਕ-ਨੇ-ਆਲਮ ਦੇ ਮਕਬਰੇ ਦਾ ਜ਼ਿਕਰ ਹਮੇਸ਼ਾ ਅਧੂਰਾ ਰਹੇਗਾ।
ਤੁਸੀਂ ਮੁਲਤਾਨ ਸ਼ਹਿਰ ਦੇ ਕਿਸੇ ਵੀ ਸਿਰੇ 'ਤੇ ਜਾ ਖਲੋਵੋ, ਤੁਹਾਨੂੰ ਰੁਕ-ਨੇ-ਆਲਮ ਦਾ ਮਕਬਰਾ ਦਿਖਾਈ ਦਵੇਗਾ ਕਿਉਂਕਿ ਇਹ ਪ੍ਰਾਚੀਨ ਕਿਲੇ ਦੇ ਖੰਡਰਾਂ ਉੱਤੇ ਬਣਿਆ ਹੋਇਆ ਹੈ। ਪੱਚੀ ਫੁੱਟ ਉੱਤੇ ਤੇ ਪੰਜ ਹਜ਼ਾਰ ਗਜ਼ ਸਕਵਾਯਰ ਚਬੂਤਰੇ ਉਪਰ ਇਹ ਇਮਾਰਤ ਬਣਾਈ ਗਈ ਹੈ। ਚਬੂਤਰੇ ਕਾਰਨ ਮਕਬਰੇ ਨੂੰ ਦੇਖਣ ਦੀ 'ਸਪੇਸ' ਮਿਲਦੀ ਹੈ। ਮੱਧਕਾਲ ਦੀਆਂ ਇਮਾਰਤਾਂ ਦੇ ਸੁਘੜ ਕਾਰੀਗਰ ਇਹ ਜਾਣਦੇ ਸਨ ਕਿ 'ਦੇਖਣ ਵਾਲੇ' ਤੇ ਇਮਾਰਤ ਦਾ ਇਕ ਗੁੱਝਾ ਰਿਸ਼ਤਾ ਦੋਵਾਂ ਦੇ ਵਿਚਕਾਰਲੇ ਫਸਲੇ ਤੋਂ ਹੀ ਬਣਦਾ ਹੈ। ਉਦਾਹਰਨ ਲਈ ਜੇ ਕਿਸੇ ਨੂੰ ਤਾਜ-ਮਹੱਲ ਦੀ ਇਮਾਰਤ ਤੋਂ ਦਸ ਫੁੱਟ ਦੂਰ ਖੜ੍ਹਾ ਕਰਕੇ, ਉਸਦੀਆਂ ਅੱਖਾਂ ਖੋਲ੍ਹ ਦਿੱਤੀਆਂ ਜਾਣ ਤਾਂ ਉਹ ਤਾਜ ਨੂੰ ਦੇਖ ਹੀ ਨਹੀਂ ਸਕੇਗਾ, ਐਪਰੀਸ਼ਿਏਟ ਕਰਨਾ ਤਾਂ ਬਾਅਦ ਦੀ ਗੱਲ ਹੈ।
ਇਸ ਮਕਬਰੇ ਨੂੰ ਤੁਸੀਂ ਦੂਰੋਂ ਦੇਖਦੇ ਹੋ ਤਾਂ ਇਸਦੀ ਸੁੰਦਰਤਾ ਦੀ ਸਿਰਫ਼ ਇਕ 'ਪਰਤ' ਦਿਖਾਈ ਦੇਂਦੀ ਹੈ। ਇਸ ਮਕਬਰੇ ਦਾ ਗੁੰਬਦ ਸੰਸਾਰ ਦਾ ਦੂਜਾ ਸਭ ਤੋਂ ਵਿਸ਼ਾਲ ਗੁੰਬਦ ਹੈ। ਸੰਸਾਰ ਦਾ ਸਭ ਤੋਂ ਵੱਡਾ ਗੁੰਬਦ ਬੀਜਾਪਰ ਵਿਚ ਹੈ। ਮੈਂ ਤੇ ਕਾਜ਼ਮੀ ਸਾਹਬ ਨਾਲ-ਨਾਲ ਰੁਕ-ਨੇ-ਆਲਮ ਦੇ ਮਕਬਰੇ (1320-1324) ਵੱਲ ਜਾ ਰਹੇ ਸਾਂ। ਉਹ ਮਕਬਰੇ ਬਾਰੇ ਦੱਸ ਰਹੇ ਸਨ। ਮੈਂ ਦੇਖ ਰਿਹਾ ਸੀ ਵਿਗਿਆਪਨਾਂ ਦੇ ਵੱਡੇ-ਵੱਡੇ ਬੋਰਡ ਲੱਗੇ ਨੇ। ਮੈਂ ਉਹਨਾਂ ਨੂੰ ਇਹ ਦੱਸਿਆ ਕਿ ਭਾਰਤ ਵਿਚ ਪੁਰਾਤਤਵ ਤੇ ਇਤਿਹਾਸਕ ਵਿਰਾਸਤ ਦੇ ਪ੍ਰਤੀ ਲੋਕ ਤੇ ਸਰਕਾਰ ਬਹੁਤ ਸੰਵੇਦਨਸ਼ੀਲ ਨੇ।
ਜਦੋਂ 'ਵਿਊ' 'ਚੋਂ ਵਿਗਿਆਪਨ ਬੋਰਡ ਹਟ ਗਏ ਤਾਂ ਮੈਂ ਰੁਕ-ਨੇ-ਆਲਮ ਦੇ ਮਕਬਰੇ ਦੇ ਚਿੱਤਰ ਖਿੱਚਣੇ ਸ਼ੁਰੂ ਕਰ ਦਿੱਤੇ। ਮਕਬਰੇ ਦੇ ਉੱਚੇ ਚਬੂਤਰੇ ਉੱਤੇ ਜਾਣ ਲਈ ਜਿਹੜੀਆਂ ਪੌੜੀਆਂ ਬਣੀਆਂ ਸਨ ਉਹਨਾਂ ਕੋਲ ਇਕ ਅਜੀਬ ਤਰ੍ਹਾਂ ਦਾ, ਕਾਫੀ ਪੁਰਾਣਾ ਜਿਹਾ ਲੱਗਣ ਵਾਲਾ, ਪਰ ਬਹੁਤਾ ਉੱਚਾ ਨਹੀਂ, ਰੁੱਖ ਲੱਗਾ ਸੀ। ਜਿਸਦੀਆਂ ਪੱਤੀਆਂ ਬਿਲਕੁਲ ਸਿੱਧੀ ਤਾਰ ਵਰਗੀਆਂ ਲੰਮੀਆਂ ਤੇ ਪਤਲੀਆਂ ਸਨ। ਮੈਂ ਰੁੱਖ ਦੇਖਣ ਲੱਗਾ। ਕਾਜ਼ਮੀ ਸਾਹਬ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਇੱਥੇ ਚਾਰ ਰੁੱਖ ਨੇ...ਕੋਈ ਸੂਫੀ ਇਹਨਾਂ ਨੂੰ ਮੱਧ-ਏਸ਼ੀਆ ਤੋਂ ਲਿਆਇਆ ਸੀ।
ਅਸੀਂ ਪੌੜੀਆਂ ਚੜ੍ਹ ਕੇ ਵਿਸ਼ਾਲ ਚਬੂਤਰੇ ਉੱਤੇ ਪਹੁੰਚੇ। ਹੁਣ ਇੱਥੋਂ ਮਕਬਰੇ ਦੇ ਐਨ ਕੋਲ ਆ ਕੇ ਆਕਾਰ ਦੀ ਉਹ ਸੁੰਦਰਤਾ, ਜਿਹੜੀ ਹੇਠੋਂ ਨਹੀਂ ਨਜ਼ਰ ਆਉਂਦੀ ਸੀ, ਦਿਖਾਈ ਦੇਣ ਲੱਗੀ। ਅੱਠ ਖੂੰਜੀ ਇਮਾਰਤ ਉਪਰ ਜਾਂਦੀ-ਜਾਂਦੀ ਕੁਝ ਅੰਦਰ ਵੱਲ ਝੁਕਦੀ ਜਾਂਦੀ ਹੈ। ਇਕ ਪਾਸੇ ਤਾਂ ਅੱਠ ਖੂੰਜਿਆਂ ਦਾ ਆਪਣਾ ਸਮੀਕਰਣ ਦਿਲਕਸ਼ ਲੱਗਦਾ ਹੈ ਤੇ ਦੂਜੇ ਪਾਸੇ ਉਪਰ ਜਾਂਦੇ ਹੋਏ ਆਕਾਰ ਦਾ ਛੋਟਾ ਹੁੰਦੇ ਜਾਣਾ ਉਸ ਸਮੀਕਰਣ ਵਿਚ ਇਕ ਨਵੀਂ ਖਿੱਚ ਪੈਦਾ ਕਰ ਦੇਂਦਾ ਹੈ। ਮਕਬਰੇ ਦੀ (ਡਾਯਮੀਟਰ) ਪਰਿਧੀ 51 ਫੁੱਟ ਨੌਂ ਇੰਚ ਹੈ। ਕੰਧਾਂ ਉੱਤੇ ਮੱਧ-ਏਸ਼ੀਆ ਤੇ ਈਰਾਨ ਦੀਆਂ ਟਾਇਲਾਂ ਦੀ ਅਦੁੱਤੀ ਕਲਾਤਮਕ ਪੇਸ਼ਕਾਰੀ ਹੈ।
ਟਾਇਲਾਂ ਦਾ ਕੰਮ ਮੈਂ ਇਸਫਹਾਨ ਤੇ ਸ਼ੀਰਾਜ਼ ਵਿਚ ਵੀ ਦੇਖਿਆ ਹੈ। ਮੇਰੇ ਖ਼ਿਆਲ ਅਨੁਸਾਰ ਸਮਰਕੰਦ, ਬੁਖਾਰਾ ਤੇ ਤੁਰਕੀ ਦੇ ਕੁਝ ਖੇਤਰਾਂ ਦੇ ਨਾਲ-ਨਾਲ ਈਰਨ ਦੇ ਕਲਾਕਾਰਾਂ ਨੇ ਵੀ ਇਸ ਕਲਾ ਵਿਚ ਮੁਹਾਰਤ ਹਾਸਲ ਕਰ ਲਈ ਸੀ। ਅੱਜ ਈਰਾਨ ਵਿਚ ਕੀਤਾ ਜਾਣ ਵਾਲਾ ਟਾਇਲਾਂ ਦਾ ਕੰਮ ਓਨਾ ਪ੍ਰਭਾਵਸ਼ਾਲੀ ਨਹੀਂ ਜਿੰਨਾ ਪੁਰਾਣਾ ਕੰਮ ਲੱਗਦਾ ਹੈ। ਰੁਕ-ਨੇ-ਆਲਮ ਦੇ ਮਕਬਰੇ ਵਿਚ ਟਾਇਲਾਂ ਦਾ ਕੰਮ ਸਰਬ-ਉੱਤਮ ਸ਼੍ਰੇਣੀ ਦਾ ਹੈ। ਇਹ ਇਸਫਹਾਨ ਤੇ ਸਮਰਕੰਦ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਹੋ ਸਕਦਾ ਹੈ ਉੱਥੋਂ ਦੇ ਕਾਰੀਗਰਾਂ ਨੇ ਹੀ ਇਹ ਕੀਤਾ ਹੋਵੇ। ਏਨੀ ਵੱਡੀ 'ਸਪੇਸ' ਵਿਚ ਆਕਾਰਾਂ ਤੇ ਰੰਗਾਂ ਦੇ ਸੁਮੇਲ ਦਾ ਸੰਤੁਲਨ ਬਣਾਈ ਰੱਖਣਾ ਬੜਾ ਔਖਾ ਕੰਮ ਹੁੰਦਾ ਹੈ, ਜਿਹੜਾ ਇਸ ਮਕਬਰੇ ਵਿਚ ਬਹੁਤ ਕਲਾਤਮਕਤਾ ਨਾਲ ਕੀਤਾ ਹੋਇਆ ਹੈ।
ਅੱਠ ਕੰਧਾਂ ਉਪਰ 58 ਫੁੱਟ ਡਾਇਆਮੀਟਰ ਦਾ ਗੁੰਬਦ ਹੈ। ਇਹ ਗੁੰਬਦ ਵੀ ਟਾਇਲਾਂ ਨਾਲ ਸਜਿਆ ਹੈ। ਇਮਾਰਤ ਦੇ 'ਬੇਸ' ਤੇ ਗੁੰਬਦ ਵਿਚ ਇਕ ਬੜਾ ਨਾਜੁਕ ਰਿਸ਼ਤਾ ਹੈ। ਦੋਵੇਂ ਇਕ ਦੂਜੇ ਉੱਤੇ ਹਾਵੀ ਨਹੀਂ ਹੁੰਦੇ, ਬਲਕਿ ਇਕ ਦੂਜੇ ਦੇ ਪੂਰਕ ਬਣ ਜਾਂਦੇ ਨੇ। ਜਦਕਿ ਬੀਜਾਪੁਰ ਦੇ ਗੁੰਬਦ ਵਿਚ ਸ਼ਾਇਦ ਇਹ ਸੁੰਦਰ-ਸੁਮੇਲ ਨਹੀਂ ਹੈ।
ਮਕਬਰੇ ਦੇ ਹੋਰ ਨੇੜੇ ਆਉਣ 'ਤੇ ਪਤਾ ਲੱਗਦਾ ਹੈ ਕਿ ਅੰਦਰ ਜਾਣ ਵਾਲਾ ਦਰਵਾਜ਼ਾ ਛੋਟਾ ਹੈ। ਸ਼ੀਸ਼ਮ (ਟਾਹਲੀ) ਦੀ ਲੱਕੜ ਦੇ ਦਰਵਾਜ਼ੇ ਉੱਤੇ ਬੜੀ ਖ਼ੂਬਸੂਰਤ ਜਾਲੀ ਬਣੀ ਹੋਈ ਹੈ। ਸਦੀਆਂ ਦੀ ਗਰਮੀ-ਸਰਦੀ ਸਹਿ ਕੇ ਲੱਕੜ ਦਾ ਰੰਗ ਕਾਲਾ ਪੈ ਗਿਆ ਹੈ ਤੇ ਪਹਿਲੀ ਨਜ਼ਰੇ ਵਿਚ ਦਰਵਾਜ਼ਾ ਕਾਲੇ-ਪੱਥਰ ਦਾ ਬਣਿਆਂ ਹੋਇਆ ਜਾਪਦਾ ਹੈ। ਮਕਬਰੇ ਅੰਦਰ ਆ ਕੇ ਪਤਾ ਲੱਗਦਾ ਹੈ ਕਿ ਲਾਲ ਇੱਟਾਂ ਦੀ ਬਣੀ ਇਮਾਰਤ ਵਿਚ ਲੱਕੜ ਦੇ ਮੋਟੇ-ਮੋਟੇ ਸ਼ਹਿਤੀਰਾਂ ਦਾ ਵੀ ਕਾਫ਼ੀ ਇਸਤੇਮਾਲ ਕੀਤਾ ਗਿਆ ਹੈ। ਇਹ ਵੀ, ਦੱਸਿਆ ਗਿਆ ਕਿ ਇਹ ਸ਼ੀਸ਼ਮ ਦੀ ਲੱਕੜ ਹੈ, ਜਿਸਨੇ ਸਦੀਆਂ ਤੋਂ ਟਨਾਂ ਮੂੰਹੀ ਭਾਰ ਚੁੱਕਿਆ ਹੋਇਆ ਹੈ।
ਸੌ ਫੁੱਟ ਉੱਚੇ ਮਕਬਰੇ ਦੇ ਅੰਦਰੋਂ ਪੌੜੀਆਂ ਘੁੰਮਦੀਆਂ ਹੋਈਆਂ ਉਪਰ ਤਕ ਗਈਆਂ ਨੇ। ਅੰਦਰੋਂ ਮਕਬਰਾ ਦੇਖਣ ਪਿੱਛੋਂ ਅਸੀ ਫੇਰ ਬਾਹਰ ਆ ਗਏ। ਇੱਥੇ ਇਕ ਜਗ੍ਹਾ ਕੰਧ ਉੱਤੇ ਕਾਲਾ ਧੱਬਾ ਜਿਹਾ ਲੱਗਿਆ ਹੋਇਆ ਸੀ। ਕਾਜ਼ਮੀ ਸਾਹਬ ਨੇ ਦੱਸਿਆ ਕਿ ਜਿਹਨਾਂ ਮੁੰਡਿਆਂ ਦੇ ਦਾੜ੍ਹੀ-ਮੁੱਛਾਂ ਆਉਣ ਵਿਚ ਦੇਰ ਲੱਗਦੀ ਹੈ, ਉਹ ਇੱਥੇ ਆ ਕੇ ਆਪਣਾ ਚਿਹਰਾ ਰਗੜਦੇ ਨੇ ਤੇ ਦਾੜ੍ਹੀ ਮੁੱਛਾਂ ਦੇ ਵਾਲ ਜਲਦੀ ਆ ਜਾਂਦੇ ਨੇ।
ਮੁਲਤਾਨ ਵਿਚ ਪ੍ਰਾਚੀਨ ਮਕਬਰਿਆਂ, ਮਸਜਿਦਾਂ ਦੀ ਕਮੀ ਨਹੀਂ ਹੈ। ਦੱਖਣ ਏਸ਼ੀਆ ਦੀਆਂ ਪ੍ਰਾਚੀਨ ਮਸਜਿਦਾਂ ਵਿਚੋਂ ਇਕ ਮੁਲਤਾਨ ਦੀ ਜਾਮਾ ਮਸਜਿਦ (712 ਈ.) ਇੱਥੇ ਹੀ ਹੈ। ਇਸ ਦੇ ਇਲਾਵਾ ਸਵਾਈ ਮਸਜਿਦ, ਮੁਹੰਮਦ ਖਾਂ ਵਲੀ ਦੀ ਮਸਜਿਦ, ਅਲੀ ਮੁਹੰਮਦ ਖਾਂ ਖ਼ਾਕਵਾਨੀ ਦੀਆਂ ਮਸਜਿਦਾਂ ਦੇਖਣ ਵਾਲੀਆਂ ਨੇ।
ਮੁਲਤਾਨ ਦੀ ਭਾਸ਼ਾ ਸਰਾਯਕੀ ਹੈ। ਸਰਾਯਕੀ ਪੰਜਾਬੀ ਦੇ ਨੇੜੇ ਹੈ। ਮੈਂ ਸਰਾਯਕੀ ਲੇਖਕਾਂ, ਪੱਤਰਕਾਰਾਂ ਨੂੰ ਵੀ ਮਿਲਣਾ ਚਾਹੁੰਦਾ ਸੀ। ਕਾਜ਼ਮੀ ਸਾਹਬ ਮੈਨੂੰ ਸਰਾਯਕੀ ਅਖ਼ਬਾਰ 'ਝੋਂਕ' ਦੇ ਦਫ਼ਤਰ ਵਿਚ ਲੈ ਗਏ। ਸਰਾਯ ਵਿਚ 'ਝੋਂਕ' ਬਸਤੀ ਨੂੰ ਕਹਿੰਦੇ ਨੇ। ਝੋਂਕ ਸਰਾਯਕੀ ਦਾ ਇਕ ਪ੍ਰਮੁੱਖ ਤੇ ਲਗਾਤਾਰ ਨਿਕਲਣ ਵਾਲਾ ਅਖ਼ਬਾਰ ਹੈ। ਇਹ ਗੱਲ ਵੀ ਥੋੜ੍ਹਾ ਵਿਚਾਰ ਕਰਨ ਵਾਲੀ ਹੈ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਰਾਯਕੀ ਬੋਲਣ ਵਾਲਿਆਂ ਨਾਲੋਂ ਵੱਧ ਹੈ ਪਰ ਸਰਾਯਕੀ ਅਖ਼ਬਾਰ ਦੇ ਪਿੱਛੇ ਹੀ ਬਣੇ ਪੰਜਾਬੀ ਪਰਚੇ ਪਾਣੀ ਜਾਤੀ ਵਿਚ ਵੀ ਸਰਾਯਕੀ ਭਾਸ਼ਾ ਬਾਰੇ, ਸਾਹਿਤ ਬਾਰੇ ਹੀ ਗੱਲਾਂਬਾਤਾਂ ਹੁੰਦੀਆਂ ਰਹੀਆਂ।
ਅਖ਼ਬਾਰ ਦੇ ਦਫ਼ਤਰ ਦੇ ਨੇੜੇ ਹੀ ਸਰਾਯਕੀ ਪ੍ਰਕਾਸ਼ਨ ਦਾ ਸ਼ੋਅ-ਰੂਮ ਹੈ। ਇਹ ਪ੍ਰਕਾਸ਼ਨ ਲਗਾਤਾਰ ਸਰਾਯਕੀ ਵਿਚ ਕਿਤਾਬਾਂ ਛਾਪਦਾ ਹੈ। ਨਮੂਨੇ ਵਜੋਂ ਮੈਨੂੰ ਕੁਝ ਕਿਤਾਬਾਂ ਦਿੱਤੀਆਂ ਗਈਆਂ। ਇਹ ਦੇਖ ਕੇ ਚੰਗਾ ਲੱਗਿਆ ਕਿ ਹੁਣ ਵੀ ਕਿਸੇ ਭਾਸ਼ਾ ਦੇ ਨਾਲ ਸੇਵਾ ਦਾ ਭਾਵ ਜੁੜਿਆ ਹੋਇਆ ਹੈ।
ਰਾਤ ਹੋਟਲ 'ਚ ਪਹੁੰਚਿਆ ਤਾਂ ਮੇਰਾ ਟਿਕਟ ਆ ਚੁੱਕਿਆ ਸੀ। ਕਲ੍ਹ ਸ਼ਾਮ ਮੈਂ ਮੁਲਤਾਨ ਤੋਂ ਕਰਾਚੀ ਜਾਣਾ ਸੀ। ਲੋਕਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਮੈਂ ਟਰੇਨ ਦਾ ਟਿਕਟ ਮੰਗਵਾਇਆ ਸੀ। ਬਹਾਉੱਦੀਨ ਜ਼ਕਰੀਆ ਐਕਸਪ੍ਰੈੱਸ ਮੁਲਤਾਨ ਤੋਂ ਚਾਰ ਵਜੇ ਚੱਲਦੀ ਹੈ ਤੇ ਅਗਲੇ ਦਿਨ ਸਵੇਰੇ ਨੌਂ ਵਜੇ ਕਰਾਚੀ ਪਹੁੰਚਦੀ ਹੈ। ਮੈਂ ਟਰੇਨ ਦੇ ਸਭ ਤੋਂ ਉੱਚੇ ਦਰਜੇ ਦਾ ਟਿਕਟ ਮੰਗਵਾਇਆ ਸੀ। ਟਿਕਟ ਉੱਤੇ ਮੇਰਾ ਨਾਂ ਤੇ ਪਛਾਣ ਨੰਬਰ ਨਹੀਂ ਬਲਕਿ ਉਸ ਆਦਮੀ ਦਾ ਨਾਂ ਲਿਖਿਆ ਸੀ ਜਿਸਨੇ ਟਿਕਟ ਖ਼ਰੀਦਿਆ ਸੀ। ਟਿਕਟ ਦੇ ਪਿੱਛੇ ਇਹ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ 'ਟਿਕਟ ਜਿਸ ਦੇ ਨਾਂ ਦਾ ਹੈ, ਉਹੀ ਯਾਤਰਾ ਕਰ ਸਕਦਾ ਹੈ। ਇੰਜ ਨਾ ਹੋਣ 'ਤੇ ਟਰੇਨ 'ਚੋਂ ਲਾਹਿਆ ਜਾਂ ਫਾਈਨ ਕੀਤਾ ਜਾ ਸਕਦਾ ਹੈ।' ਮੇਰੇ ਨਾਲ ਤਾਂ ਮਾਮਲਾ ਦੂਜਾ ਸੀ। ਮੈਂ ਵਿਦੇਸ਼ੀ ਹਾਂ, ਤੇ ਉਹ ਵੀ ਭਾਰਤ ਦਾ ਨਾਗਰਿਕ। ਮੈਂ ਫੜ੍ਹਿਆ ਜਾਂਦਾ ਤਾਂ ਇਹ ਕਿਹਾ ਜਾ ਸਕਦਾ ਸੀ ਕਿ ਮੈਂ ਆਪਣੀ ਪਛਾਣ ਲੁਕਾਅ ਕੇ ਸਫ਼ਰ ਕਰ ਰਿਹਾ ਸਾਂ, ਜਿਹੜਾ ਭਾਰਤੀ ਹੋਣ ਦੇ ਨਾਤੇ ਗੰਭੀਰ ਜੁਰਮ ਹੁੰਦਾ। ਮੈਂ ਇਕ ਦੋ ਜਣਿਆਂ ਨੂੰ ਪੁੱਛਿਆ ਸੀ ਕਿ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ ਤਾਂ ਸਾਰਿਆਂ ਨੇ ਕਿਹਾ ਸੀ ਕਿ ਇਹ 'ਫਾਰਮੈਲਿਟੀ' ਹੈ ਪਰ ਕਾਜ਼ਮੀ ਸਾਹਬ ਨੇ ਕਿਹਾ ਸੀ ਇਹ 'ਸੀਰੀਅਸ' ਗੱਲ ਹੈ ਤੇ ਜੇ ਕਿਸੇ ਤਰ੍ਹਾਂ ਪਤਾ ਲੱਗ ਗਿਆ ਕਿ ਇਕ ਭਾਰਤੀ ਜਾਅਲੀ ਨਾਂ ਤੇ ਪਛਾਣ ਨੰਬਰ 'ਤੇ ਯਾਤਰਾ ਕਰ ਰਿਹਾ ਹੈ ਤਾਂ ਚੰਗਾ ਨਹੀਂ ਹੋਵੇਗਾ। ਪਰ ਉਹਨਾਂ ਨੇ ਪਿੱਛੋਂ ਕਿਹਾ ਸੀ, ਆਮ ਤੌਰ 'ਤੇ ਇੰਜ ਨਹੀਂ ਹੁੰਦਾ। ਹੁਣ ਨਾ ਤਾਂ ਦੂਜਾ ਟਿਕਟ ਲੈਣ ਦਾ ਮੌਕਾ ਸੀ, ਨਾ ਨਾਂ ਬਦਲਵਾਇਆ ਜਾ ਸਕਦਾ ਸੀ—ਜੁਰਮ ਕਰਨਾ ਮਜਬੂਰੀ ਬਣ ਗਿਆ ਸੀ।
ਅੰਗਰੇਜ਼ਾਂ ਨੂੰ ਭਾਵੇਂ ਅਸੀਂ ਕਿੰਨਾ ਵੀ ਬੁਰਾ-ਭਲਾ ਕਹੀਏ, ਭਾਵੇਂ ਅਸੀਂ ਇਹ ਨਾ ਮੰਨੀਏ ਕਿ ਭਾਰਤੀ ਸਮਾਜ ਨੂੰ ਬਣਾਉਣ ਵਿਚ ਉਹਨਾਂ ਦਾ ਕੋਈ ਯੋਗਦਾਨ ਹੈ, ਭਾਵੇਂ ਅਸੀਂ ਇਹ ਕਹਿੰਦੇ ਰਹੀਏ ਕਿ 'ਓਇ ਅੰਗਰੇਜ਼ ਸਾਨੂੰ ਕੀ ਸਿਖਾਵੇਗਾ, ਸਾਡੀ ਸਭਿਅਤਾ ਤਾਂ ਏਨੀ ਪੁਰਾਣੀ ਹੈ ਕਿ ਉਦੋਂ ਯੂਰਪ ਦੇ ਲੋਕ ਦਰਖ਼ਤਾਂ 'ਤੇ ਰਹਿੰਦੇ ਸਨ।' ਅਸੀਂ ਇਹ ਵੀ ਕਲੇਮ ਕਰਦੇ ਹਾਂ ਕਿ ਦਰਸ਼ਨ ਤੇ ਧਰਮ ਵਿਚ ਤਾਂ ਅਸੀਂ ਦੁਨੀਆਂ ਨੂੰ ਰਸਤਾ ਦਿਖਾਇਆ ਹੈ, ਵਗ਼ੈਰਾ ਵਗ਼ੈਰਾ...ਪਰ ਮੁਲਤਾਨ ਦਾ ਰੇਲਵੇ ਸਟੇਸ਼ਨ ਦੇਖ ਕੇ ਇਹ ਲੱਗਿਆ ਕਿ ਅੰਗਰੇਜ਼ਾਂ ਦੇ ਮਨ ਵਿਚ ਸਥਾਨਕ ਆਰਟ, ਕਲਚਰ ਤੇ ਦਸਤਕਾਰੀ ਲਈ ਸਨਮਾਨ ਸੀ। ਮੁਲਤਾਨ ਦੇ ਸੁੰਦਰ ਰੇਲਵੇ ਸਟੇਸ਼ਨ ਦੀ ਸਜਾਵਟ ਲਈ 'ਟਾਯਲਸ' ਦਾ ਇਸਤੇਮਾਲ ਕੀਤਾ ਗਿਆ ਹੈ।

ਤੀਜਾ ਪੜਾਅ : ਕਰਾਚੀ

ਕਾਜ਼ਮੀ ਸਾਹਬ ਬੜੀ ਮਿਹਰਬਾਨੀ ਕਰਕੇ, ਮੈਨੂੰ ਵਿਦਾਅ ਕਰਨ ਸਟੇਸ਼ਨ 'ਤੇ ਆਏ ਸਨ। ਚਾਰ-ਪੰਜ ਦਿਨਾਂ ਦਾ ਸਾਥ ਛੁੱਟਣ ਵਾਲਾ ਸੀ। ਇਸ ਦੌਰਾਨ ਕਾਜ਼ਮੀ ਸਾਹਬ ਨਾਲ ਦਿਲੀ ਰਿਸ਼ਤਾ ਬਣ ਗਿਆ ਸੀ ਤੇ ਨਾਲੇ ਉਹ ਹਮਵਤਨ ਵੀ ਸਨ। ਰੇਲਵੇ ਸਟੇਸ਼ਨ 'ਤੇ ਕਾਜ਼ਮੀ ਸਾਹਬ ਦਾ ਅੰਦਾਜ਼ਾ ਠੀਕ ਨਿਕਲਿਆ, ਟਰੇਨ ਲੇਟ ਸੀ। ਮਤਲਬ ਕਰਾਚੀ ਤੋਂ ਆਈ ਨਹੀਂ ਸੀ। ਜਿਹੜੀ ਟਰੇਨ ਆਉਂਦੀ ਸੀ, ਉਹੀ ਜਾਂਦੀ ਸੀ। ਅਸੀਂ ਵੇਟਿੰਗ-ਰੂਮ ਵਿਚ ਬੈਠ ਗਏ। ਚਾਹ ਪੀਣ ਲੱਗੇ। ਗੱਲਾਂ ਕਰਨ ਲੱਗੇ। ਮਿੰਟਾਂ ਦੇ ਘੰਟੇ ਬਣੇ ਤੇ ਬੀਤਦੇ ਗਏ। ਟਰੇਨ ਨਹੀਂ ਆਈ। ਹੁੰਦੇ-ਹੁੰਦੇ ਸੱਤ ਵਜੇ ਟਰੇਨ ਆਈ। ਦੱਸਿਆ ਕਿ ਪਹਿਲਾਂ ਧੁਆਈ ਲਈ ਜਾਵੇਗੀ। ਮੈਂ ਖ਼ੁਸ਼ ਹੋ ਗਿਆ ਕਿ ਸਾਫ਼-ਸੁਥਰੀ ਟਰੇਨ ਵਿਚ ਬੈਠਾਂਗਾ। ਹੁੰਦੇ-ਹੁੰਦੇ ਅੱਠ ਵਜੇ ਟਰੇਨ ਆਈ। ਫਸਟ ਕਲਾਸ ਦੇ ਕੂਪੇ ਵਿਚ ਮੇਰੇ ਲਈ ਇਕ ਬਰਥ ਰਿਜਰਵ ਸੀ। ਮੈਂ ਕਾਜ਼ਮੀ ਸਾਹਬ ਨਾਲ ਡੱਬੇ ਵਿਚ ਚੜ੍ਹਿਆ। ਡੱਬਾ ਕੁਝ ਪੁਰਾਣਾ ਜਿਹਾ ਲੱਗਿਆ ਪਰ ਧਿਆਨ ਨਾ ਦਿੱਤਾ। ਆਪਣੇ ਇੱਥੇ ਵੀ ਕਾਫੀ ਪੁਰਾਣੇ ਡੱਬੇ ਚੱਲਦੇ ਨੇ। ਅੰਦਰ ਡੱਬੇ ਦੀ ਗੇਲਰੀ ਵਿਚ ਆਏ ਤਾਂ ਹਨੇਰਾ ਜਿਹਾ ਲੱਗਿਆ। ਇਕ ਬੱਲਬ ਗੇਲਰੀ ਦੇ ਇਸ ਕੋਨੇ ਤੇ ਦੂਜਾ ਉਸ ਕੋਨੇ ਵਿਚ ਜਗ ਰਿਹਾ ਸੀ। ਕਾਜ਼ਮੀ ਸਾਹਬ ਕੂਪੇ ਦੇਖਦੇ ਅੱਗੇ ਵਧਦੇ ਰਹੇ। ਡੱਬੇ ਦੇ ਅੰਤ ਵਿਚ, ਦਰਵਾਜ਼ੇ ਦੇ ਨਾਲ ਵਾਲੇ ਕੂਪੇ ਵਿਚ ਮੇਰੀ ਸੀਟ ਸੀ। ਕੂਪੇ ਦੇ ਸਾਹਮਣੇ ਇਕ ਟਾਯਲੇਟ ਸੀ, ਜਿਸਦਾ ਦਰਵਾਜ਼ਾ ਖੁੱਲ੍ਹਾ ਸੀ। ਮੇਰੀ ਨਜ਼ਰ ਅੰਦਰ ਗਈ ਤਾਂ ਦੇਖਿਆ ਇਕ ਵੱਡਾ ਸਾਰਾ 'ਹੋਲ' ਹੈ ਜਿਸ ਵਿਚੋਂ ਛੋਟਾ-ਮੋਟਾ ਆਦਮੀ ਹੇਠਾਂ ਪਹੁੰਚ ਸਕਦਾ ਹੈ।
ਅਸੀਂ ਕੂਪੇ ਦੇ ਅੰਦਰ ਆ ਗਏ। ਪੰਜ ਬਰਥਾਂ ਸਨ। ਪੰਜੇ ਖਾਲੀ ਸਨ। ਕੂਪੇ ਵਿਚ ਚੰਗਾ ਖਾਸਾ ਹਨੇਰਾ ਸੀ ਕਿਉਂਕਿ ਉਪਰ ਲੱਗੀਆਂ ਲਾਈਟਾਂ ਵਿਚੋਂ ਸਿਰਫ ਇਕ ਜਗ ਰਹੀ ਸੀ, ਬਾਕੀ ਚਾਰ ਲਾਈਟਾਂ ਦੇ ਕਵਰ ਲਟਕ ਰਹੇ ਸਨ ਤੇ ਉਹਨਾਂ ਵਿਚੋਂ ਇਕ-ਇਕ ਦੋ-ਦੋ ਤਾਰਾਂ ਬਾਹਰ ਲਮਕੀਆਂ ਹੋਈਆਂ ਸਨ, ਜਿਹਨਾਂ ਵਿਚੋਂ ਕੁਝ ਨਾਲ ਟੁੱਟੇ ਹੋਏ ਹੋਲਡਰ ਝੂਲ ਰਹੇ ਸਨ, ਕੁਝ ਵਿਚ ਸਿਰਫ ਤਾਰਾਂ ਸਨ। ਸਵਿਚ ਬੋਰਡ ਦੀ ਥਾਂ ਤਾਰਾਂ ਦਾ ਇਕ ਛੋਟੀ ਜਿਹੀ ਝਾੜੀ ਬਾਹਰ ਨਿਕਲੀ ਹੋਈ ਸੀ—ਲੱਗਦਾ ਸੀ, ਜਾਣਕਾਰ ਉਹਨਾਂ ਨੂੰ ਜੋੜ ਕੇ ਬਿਜਲੀ ਜਗਾਉਂਦੇ ਜਾਂ ਪੱਖਾ ਚਲਾਉਂਦੇ ਹੋਣਗੇ। ਮਤਲਬ ਇਹ ਕਿ ਜਿੰਨੀਆਂ ਲਾਈਟਾਂ ਜਗ ਰਹੀਆਂ ਸਨ ਜਾਂ ਪੱਖੇ ਚੱਲ ਰਹੇ ਸਨ, ਉਸ ਨਾਲੋਂ ਵੱਧ ਕੁਝ ਨਹੀਂ ਸੀ ਹੋ ਸਕਦਾ। ਖਿੜਕੀਆਂ ਬੜੀ ਮੁਸਤਕਿਲ ਮਿਜਾਜੀ ਦਾ ਸਬੂਤ ਦੇ ਰਹੀਆਂ ਸਨ—ਯਾਨੀ ਜਿਹੜੀ ਖੁੱਲ੍ਹੀ ਸੀ ਬੰਦ ਨਹੀਂ ਹੋ ਰਹੀ ਸੀ ਤੇ ਜਿਹੜੀ ਬੰਦ ਸੀ ਉਹ ਖੁੱਲ੍ਹ ਨਹੀਂ ਸੀ ਰਹੀ। ਫ਼ਰਸ਼, ਧੁਲਾਈ ਹੋਣ ਕਰਕੇ ਗਿੱਲਾ ਸੀ। ਥਾਂ-ਥਾਂ ਤੋਂ ਉੱਖੜਿਆ ਹੋਇਆ ਸੀ, ਪਰ ਸ਼ੁਕਰ ਇਹ ਕਿ ਪਟੜੀਆਂ ਨਹੀਂ ਸਨ ਦਿਖਾਈ ਦੇ ਰਹੀਆਂ। ਬਰਥਾਂ ਚੌੜੀਆਂ ਸਨ, ਪਰ ਉਹਨਾਂ ਦੇ ਪਾਟੇ-ਉੱਧੜੇ ਰੈਕਸੀਨ ਦੇ ਕਵਰ ਹੱਥ ਨਾਲ ਸਿਓਂ ਦਿੱਤੇ ਗਏ ਸਨ। ਕੂਪੇ ਵਿਚ ਮੱਛਰਾਂ ਦੇ ਹੋਣ ਤੋਂ ਵੀ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ। ਕੂਪੇ ਅੰਦਰ ਇਕ ਟਾਯਲੇਟ ਸੀ, ਜਿਸਦਾ ਦਰਵਾਜ਼ਾ ਵੀ ਖੁੱਲ੍ਹਾ ਹੋਇਆ ਸੀ। ਪਰ ਸੀਟ ਦਾ ਉਹ ਹਾਲ ਨਹੀਂ ਸੀ, ਜਿਹੜਾ ਗੇਲਰੀ ਵਾਲੇ ਟਾਯਲੇਟ ਦਾ ਸੀ। ਹਾਂ ਇਸ ਟਾਯਲੇਟ ਵਿਚ ਲਾਈਟ ਨਹੀਂ ਸੀ। ਜਿਸਦਾ ਮਤਲਬ ਸੀ ਟਾਯਲੇਟ ਦਾ ਇਸਤੇਮਾਲ ਦਰਵਾਜ਼ਾ ਬੰਦ ਕਰਕੇ ਨਹੀਂ ਕੀਤਾ ਜਾ ਸਕਦਾ ਸੀ।
ਇਹ ਸਭ ਦੇਖ ਕੇ ਮੈਂ ਕਾਜ਼ਮੀ ਸਾਹਬ ਨੂੰ ਕਿਹਾ, “ਮੈਂ ਇਸ ਟਰੇਨ ਵਿਚ ਨਹੀਂ ਜਾਵਾਂਗਾ।”
“ਕਿਉਂ?” ਉਹ ਬੜੇ ਹੈਰਾਨ ਹੋਏ।
“ਮੈਂ ਕਲ੍ਹ...।”
“ਕਲ੍ਹ ਦਾ ਤਾਂ ਟਿਕਟ ਹੀ ਨਹੀਂ ਮਿਲੇਗਾ। ਬਈ ਚਾਰ ਘੰਟਿਆਂ ਦੀ ਗੱਲ ਏ। ਹੁਣੇ ਟਰੇਨ ਚੱਲੇਗੀ ਤਾਂ ਬੱਲਬ ਤੇਜ਼ ਜਗਣ ਲੱਗ ਪੈਣਗੇ।” ਕਾਜ਼ਮੀ ਸਾਹਬ ਚਾਹੁੰਦੇ ਸਨ ਕਿ ਬਸ ਮੈਂ ਚਲਾ ਹੀ ਜਾਵਾਂ, ਮੈਂ ਵੀ ਸੋਚਿਆ ਕਿ ਨਾ ਜਾ ਕੇ ਇਕ ਨਵੀਂ ਮੁਸੀਬਤ ਆ ਜਾਏਗੀ। ਹੋਟਲ ਦਾ ਕਮਰਾ, ਟਿਕਟ ਤੇ ਫੇਰ 'ਮੋਹਾਫ਼ਿਜਾਂ' ਦਾ ਮਸਲਾ...ਕੀ ਕਰਦਾ। ਮੈਂ ਕਿਹਾ, “ਠੀਕ ਹੈ, ਪਰ ਇਹ ਦੱਸੋ ਇੱਥੇ ਬਿਸਤਰਾ ਵਗ਼ੈਰਾ ਤਾਂ ਦੇਂਦੇ ਨੇ ਨਾ?”
“ਬਿਸਤਰਾ?” ਉਹ ਹੈਰਾਨੀ ਨਾਲ ਬੋਲੇ।
“ਹਾਂ ਸਾਡੇ ਉੱਥੇ ਤਾਂ...।”
“ਇੱਥੇ ਤੁਹਾਨੂੰ ਇਕ ਰੁਮਾਲ ਨਹੀਂ ਮਿਲੇਗਾ।” ਉਹ ਰੁੱਖੀ ਜਿਹੀ ਆਵਾਜ਼ ਵਿਚ ਬੋਲੇ।
“ਰਾਤ ਨੂੰ ਸਰਦੀ ਲੱਗੇਗੀ।”
“ਹੁਣੇ ਦੋ ਘੰਟਿਆਂ ਨੂੰ ਤਾਂ ਸਿੰਧ ਸ਼ੁਰੂ ਹੋ ਜਾਏਗਾ। ਫੇਰ ਸਰਦੀ ਕਿੱਥੇ?” ਉਹ ਬੋਲੇ। ਟਰੇਨ ਚੱਲਣ ਵਾਲੀ ਹੋਈ ਤਾਂ ਕਾਜ਼ਮੀ ਸਾਹਬ ਹੱਥ-ਵੱਥ ਮਿਲਾ ਕੇ ਉਤਰ ਗਏ। ਮੈਂ ਕੂਪੇ ਵਿਚ ਇਕੱਲਾ ਰਹਿ ਗਿਆ। ਕੂਪੇ ਦੇ ਦਰਵਾਜ਼ੇ ਵਾਲੀ ਬਰਥ ਉੱਤੇ ਬੈਠ ਗਿਆ। ਟਰੇਨ ਬੜੀਆਂ ਨਵੀਆਂ-ਪੁਰਾਣੀਆਂ ਆਵਾਜ਼ਾਂ ਕੱਢਦੀ ਹੋਈ ਹਿੱਲਣ-ਡੋਲਣ ਲੱਗੀ। ਹੁਣ ਬਾਹਰ ਵੀ ਹਨੇਰਾ ਹੋ ਗਿਆ। ਅੰਦਰ ਮਿਟਮੈਲੀ ਰੋਸ਼ਨੀ ਤੇ ਬਾਹਰ ਹਨੇਰਾ। ਬਾਥਰੂਮ ਗਿਆ ਤਾਂ ਇਹ ਪਤਾ ਨਹੀਂ ਲੱਗਦਾ ਸੀ ਕਿ ਸੀਟ ਕਿੱਥੇ ਹੈ ਤੇ ਵਾਸ਼ ਬੇਸਿਨ ਕਿੱਥੇ ਹੈ, ਇਸ ਲਈ ਬਾਥਰੂਮ ਦਾ ਦਰਵਾਜ਼ਾ ਖੋਹਲ ਕੇ ਉਹ ਕੀਤਾ ਜੋ ਆਮ ਤੌਰ 'ਤੇ ਦਰਵਾਜ਼ਾ ਬੰਦ ਕਰਕੇ ਕੀਤਾ ਜਾਂਦਾ ਹੈ। ਕੂਪੇ ਵਿਚ ਇਕੱਲਾ ਸਾਂ, ਪਰ ਆਪਣੀ ਇਸ ਮਜਬੂਰੀ ਤੇ ਗੁਸਤਾਖ਼ੀ 'ਤੇ ਅਫ਼ਸੋਸ ਵੀ ਹੋਇਆ। ਹੁਣ ਟਰੇਨ ਨੇ ਥੋੜ੍ਹੀ ਰਿਫ਼ਤਾਰ ਫੜ੍ਹ ਲਈ ਸੀ। ਮੈਂ ਅਟੈਨਸ਼ਨ ਦੀ ਮੁਦਰਾ ਵਿਚ ਬੈਠਾ ਸਾਂ। ਅਚਾਨਕ ਕੂਪੇ ਦੇ ਦਰਵਾਜ਼ੇ ਵਿਚੋਂ ਇਕ ਅਜਿਹੀ ਚੀਜ਼ ਅੰਦਰ ਆਈ ਕਿ ਇਕ ਵਾਰ ਤਾਂ ਮੈਂ ਕੁਝ ਸਮਝ ਹੀ ਨਹੀਂ ਸਕਿਆ। ਫੇਰ ਪੂਰਾ ਖੇਲ੍ਹ ਪਤਾ ਲੱਗਿਆ। ਇਹ ਇਕ ਲੂਲ੍ਹਾ ਮੰਗਤਾ ਸੀ, ਜਿਸ ਨੇ ਮੇਰੇ ਉੱਤੇ ਬਣਦਾ ਪ੍ਰਭਾਵ ਪਾਉਣ ਲਈ ਸਭ ਤੋਂ ਪਹਿਲਾਂ ਆਪਣਾ ਲੂਲ੍ਹਾ ਹੱਥ ਕੂਪੇ ਅੰਦਰ ਕੀਤਾ ਸੀ ਤੇ ਉਸ ਪਿੱਛੋਂ ਉਸਦਾ ਚਿਹਰਾ ਦਿਖਾਈ ਦਿੱਤਾ ਸੀ, ਜਿਸ ਉੱਤੇ ਬੇਤਰਤੀਬ ਦਾੜ੍ਹੀ ਸੀ ਤੇ ਸਿਰ 'ਤੇ ਸਾਫਾ ਬੰਨ੍ਹਿਆਂ ਹੋਇਆ ਸੀ। ਮੈਂ ਹੱਥ ਚੁੱਕ ਕੇ ਉਸਨੂੰ ਮਨ੍ਹਾਂ ਕੀਤਾ। ਉਸ ਪਿੱਛੋਂ ਦੋ ਤਿੰਨ ਮੰਗਤੇ ਹੋਰ ਆਏ—ਸਾਰਿਆਂ ਦੀ ਐਂਟਰੀ ਦਾ ਤਰੀਕਾ ਵੱਖੋ-ਵੱਖਰਾ ਸੀ। ਮੈਂ ਚਾਹੁੰਦਾ ਤਾਂ ਕੂਪੇ ਦਾ ਦਰਵਾਜ਼ਾ ਬੰਦ ਕਰ ਸਕਦਾ ਸਾਂ, ਪਰ ਜਾਣਦਾ ਸਾਂ ਕਿ ਉਸ ਨਾਲ ਕੋਈ ਫਰਕ ਨਹੀਂ ਪਵੇਗਾ ਤੇ ਨਾਲੇ ਦੂਜੇ ਮੁਸਾਫਰਾਂ ਨੇ ਵੀ ਤਾਂ ਆਉਣਾ ਸੀ।
ਸਾਢੇ ਨੌਂ ਜਾ ਪੌਣੇ ਦਸ ਵਜੇ ਤਕ ਟਰੇਨ ਨੇ ਆਪਣੀ ਪੂਰੀ ਸਪੀਡ ਫੜ੍ਹ ਲਈ ਸੀ। ਪੁਰਜ਼ਿਆਂ ਦੀਆਂ ਆਵਾਜ਼ਾਂ ਦੇ ਨਾਲ ਕਿਸੇ ਚਿੜੀ ਦੇ ਚੀਂ-ਚੀਂ ਕਰਨ ਵਰਗੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ ਸਨ। ਟਾਯਲੇਟ ਦੀ ਟੁੱਟੀ ਹੋਈ ਛੱਤ ਵਿਚ ਹੋ ਸਕਦਾ ਹੈ ਕਿਸੇ ਚਿੜੀ ਦਾ ਆਲ੍ਹਣਾ ਹੋਵੇ। ਪਰ ਮੇਰਾ ਖ਼ਿਆਲ ਗ਼ਲਤ ਸੀ। ਇਹ ਕਲ਼-ਪੁਰਜ਼ਿਆਂ ਦੇ ਟਕਰਾਉਣ ਦੀਆਂ ਆਵਾਜ਼ਾਂ ਸਨ।
ਮੈਂ ਸੋਚਿਆ ਇਕੱਲਾ ਹਾਂ। ਰਾਤ ਦੇ ਦਸ ਵੱਜੇ ਨੇ। ਜੇ ਦੋ ਆਦਮੀ ਇਕ ਛੋਟਾ ਜਿਹਾ ਚਾਕੂ ਲੈ ਕੇ ਹੀ ਕੂਪੇ ਵਿਚ ਆ ਜਾਣ ਤਾਂ ਮੈਨੂੰ ਆਪਣਾ ਪਰਸ ਤੇ ਮੋਬਾਇਲ ਦੇਣਾ ਪਵੇਗਾ। ਫੇਰ ਨਾ ਤਾਂ ਮੈਂ ਕਿਸੇ ਨੂੰ 'ਕਾਨਟੈਕਟ' ਕਰ ਸਕਾਂਗਾ ਤੇ ਨਾ ਕਿਤੇ ਜਾ ਸਕਾਂਗਾ। ਇਸ ਐਮਰਜੈਂਸੀ ਨਾਲ ਨਜਿੱਠਣ ਲਈ ਮੈਂ ਕੁਝ ਜ਼ਰੂਰੀ ਫੋਨ ਨੰਬਰ ਇਕ ਵੱਖਰੇ ਕਾਗਜ਼ ਉੱਤੇ ਨੋਟ ਕੀਤੇ ਤੇ ਕੁਝ ਪੈਸੇ ਇਧਰ-ਉਧਰ ਸਾਮਾਨ ਵਿਚ ਪਾ ਕੇ ਪਰਸ ਨੂੰ ਹਲਕਾ ਕੀਤਾ। ਪਾਸਪੋਰਟ ਸਾਮਾਨ ਵਿਚ ਰੱਖਿਆ ਤੇ ਲੁੱਟੇ ਜਾਣ ਲਈ ਤਿਆਰ ਹੋ ਕੇ ਬੈਠ ਗਿਆ।
ਟਰੇਨ ਦੀ ਰਿਫ਼ਤਾਰ ਤੋਂ ਅੰਦਾਜ਼ਾ ਹੁੰਦਾ ਸੀ ਕਿ ਡਰਾਈਵਰ ਬੇਫ਼ਿਕਰਾ ਹੈ ਤੇ ਸਿੰਧ ਆਉਣ ਵਿਚ ਸਮਾਂ ਲੱਗੇਗਾ। ਖੁੱਲ੍ਹੀਆਂ ਖਿੜਕੀਆਂ ਵਿਚੋਂ ਠੰਡੀ ਹਵਾ ਅੰਦਰ ਆ ਰਹੀ ਸੀ। ਫਰਬਰੀ ਦੇ ਸ਼ੁਰੂ ਦੇ ਦਿਨ ਸਨ। ਲੱਗਦਾ ਸੀ ਕਿ ਸਰਦੀ ਵਧੇਗੀ। ਮੇਰੇ ਕੋਲ ਨਾ ਪਾਉਣ ਲਈ ਗਰਮ ਕੱਪੜੇ ਸਨ ਤੇ ਨਾ ਉੱਤੇ ਲੈਣ ਲਈ ਕੁਝ ਹੋਰ ਸੀ। ਇਕੋ ਰਸਤਾ ਸੀ—ਮੈਂ ਇਕ ਕਮੀਜ਼ ਉੱਤੇ ਦੋ ਕਮੀਜ਼ਾਂ ਹੋਰ ਪਾ ਲਈਆਂ। ਇਕ ਪੈਂਟ ਉੱਤੇ ਦੂਜੀ ਪੈਂਟ ਪਾ ਲਈ। ਦੋ ਜੋੜੇ ਜੁਰਾਬਾਂ ਹੋਰ ਪਾ ਲਈਆਂ।
ਅਜੇ ਤਕ ਕੋਈ ਟਿਕਟ ਚੈਕ ਕਰਨ ਲਈ ਨਹੀਂ ਸੀ ਆਇਆ। ਮੈਂ ਸੋਚ ਰਿਹਾ ਸੀ ਜੇ ਮੈਂ ਫੜਿਆ ਗਿਆ ਤਾਂ ਬੜੀ ਪ੍ਰੇਸ਼ਾਨੀ ਹੋ ਜਾਵੇਗਾ। ਪਤਾ ਨਹੀਂ ਕਿਹੜੇ ਸਟੇਸ਼ਨ ਉੱਤੇ ਲਾਹ ਲਿਆ ਜਾਏ। ਪਹਿਲਾਂ ਸਟੇਸ਼ਨ ਦੀ ਹਵਾਲਾਤ ਵਿਚ ਲੈ ਜਾਇਆ ਜਾਏ ਤੇ ਸਵੇਰੇ ਮਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਏ। ਹਵਾਲਾਤ ਵਿਚ ਲੈ ਜਾਣ ਤੋਂ ਪਹਿਲਾਂ ਮੋਬਾਇਲ, ਪੈਸੇ, ਪਾਸਪੋਰਟ ਵਗ਼ੈਰਾ ਲੈ ਲਏ ਜਾਣਗੇ। ਇਹਨਾਂ ਖ਼ਿਆਲਾਂ ਵਿਚ ਡੁੱਬਿਆ ਸਾਂ ਕਿ ਨੀਲਾ ਕੋਟ ਪੈਂਟ ਪਾਈ ਟਿਕਟ ਚੈਕਰ ਆ ਗਿਆ। ਮੈਂ ਬੜੇ ਦਿਖਾਵਟੀ ਆਤਮ ਵਿਸ਼ਵਾਸ ਨਾਲ ਟਿਕਟ ਅੱਗੇ ਵਧਾ ਦਿੱਤਾ। ਉਹ ਕੁਝ ਨਹੀਂ ਬੋਲਿਆ। ਆਪਣੇ ਚਾਰਟ ਉੱਤੇ ਨਿਸ਼ਾਨ ਲਾਇਆ ਤੇ ਟਿਕਟ ਉੱਤੇ ਕੋਈ ਮਾਡਰਨ ਆਰਟ ਬਣਾਅ ਦਿੱਤਾ। ਉਹ ਸ਼ਾਇਦ ਕਾਹਲ ਵਿਚ ਸੀ, ਫ਼ੌਰਨ ਚਲਾ ਗਿਆ। ਮੈਂ ਇਕ ਬੁਰੇ ਸੁਪਨੇ ਤੋਂ ਆਜ਼ਾਦ ਹੋ ਗਿਆ।
ਟੈਂਸ਼ਨ ਖ਼ਤਮ ਹੋਈ ਤਾਂ ਸਰਦੀ ਵੱਧ ਲੱਗਣ ਲੱਗ ਪਈ। ਟਰੇਨ ਲਗਭਗ ਸਾਢੇ ਬਾਰਾਂ ਵਜੇ ਬਹਾਵਲਪੁਰ ਸਟੇਸ਼ਨ 'ਤੇ ਪਹੁੰਚੀ। ਦਿੱਲੀ ਵਿਚ ਬਹਾਵਲਪੁਰ ਹਾਊਸ ਵਿਚ ਨੈਸ਼ਨਲ ਸਕੂਲ ਆਫ਼ ਡਰਾਮਾ ਹੈ। ਇਹ ਨਾਂ ਏਨਾ ਜਾਣਿਆਂ-ਪਛਾਣਿਆਂ ਹੈ ਪਰ ਜ਼ਿੰਦਗੀ ਵਿਚ ਪਹਿਲੀ ਪਾਰੀ ਸਟੇਸ਼ਨ ਦੇਖ ਰਿਹਾ ਹਾਂ। ਤੇ ਜੇ ਚਾਹਾਂ ਵੀ ਤਾਂ ਇੱਥੇ ਉਤਰ ਨਹੀਂ ਸਕਦਾ, ਘੁੰਮ ਨਹੀਂ ਸਕਦਾ ਕਿਉਂਕਿ ਵੀਜ਼ੇ ਵਿਚ ਤਿੰਨ ਸ਼ਹਿਰ ਲਿਖੇ ਗਏ ਨੇ, ਚੌਥਾ ਨਹੀਂ। ਬਹਾਵਲਪੁਰ ਤੋਂ ਕੂਪੇ ਵਿਚ ਇਕ ਸਾਹਬ ਆ ਗਏ। ਜਾਨ ਵਿਚ ਜਾਨ ਆਈ। ਉਹਨਾਂ ਨੇ ਸਾਮਾਨ ਵਗ਼ੈਰਾ ਰੱਖ ਕੇ ਪੁੱਛਿਆ ਕਿ ਕੀ ਉਹ ਸਿਗਰਟ ਪੀ ਸਕਦੇ ਨੇ? ਹਾਲਾਂਕਿ ਸਿਗਰਟ ਦੇ ਧੂੰਏਂ ਨਾਲ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ, ਪਰ ਇਹਨਾਂ ਹਾਲਾਤਾਂ ਵਿਚ ਮੈਂ ਉਹਨਾਂ ਨੂੰ ਖ਼ੁਸ਼ੀ-ਖ਼ੁਸ਼ੀ ਇਜਾਜ਼ਤ ਦੇ ਦਿੱਤੀ।
ਸਿਗਰਟ ਪੀ ਕੇ ਉਹ ਉਪਰ ਵਾਲੀ ਬਰਥ ਉੱਤੇ ਚਲੇ ਗਏ। ਕੰਬਲ ਤਾਣ ਕੇ ਸੌਂ ਗਏ। ਮੈਂ ਵੀ ਲੇਟ ਗਿਆ। ਪਰ ਨਾ ਚਾਦਰ, ਨਾ ਕੰਬਲ, ਨਾ ਰੁਮਾਲ। ਕੁਝ ਚਿਰ ਤਕ ਤਾਂ ਠੀਕ ਰਿਹਾ, ਫੇਰ ਠੰਡ ਲੱਗਣ ਲੱਗੀ। ਮਹਿਸੂਸ ਹੋਇਆ ਬੈਠ ਕੇ ਘੱਟ ਠੰਡ ਲੱਗਦੀ ਹੈ, ਤੋ ਬੈਠ ਗਿਆ। ਸੋਚਿਆ ਬੈਠਾ-ਬੈਠਾ ਪੂਰੀ ਰਤਾ ਬਿਤਾਅ ਦਿਆਂਗਾ। ਹੁਣ ਰਹਿ ਹੀ ਕਿੰਨੇ ਘੰਟੇ ਗਏ ਨੇ। ਸੋਚਿਆ ਕਰਾਚੀ ਵਿਚ ਸਟੇਸ਼ਨ ਉੱਤੇ ਅਲੀਗੜ੍ਹ ਦੇ ਪੁਰਾਣੇ ਦੋਸਤ ਡਾ. ਜਮਾਲ ਨਕਵੀ ਮਿਲਣਗੇ। ਉਸ ਪਿੱਛੋਂ ਅਲੀਗੜ੍ਹ ਦੇ ਹੀ ਹੋਰ ਪੁਰਾਣੇ ਦੋਸਤ ਅਮਾਦੁਉੱਦੀਨ ਸਈਦ ਮਿਲਣਗੇ। ਅਮਾਦ ਨੂੰ ਤਾਂ ਮੈਂ 1968 ਦੇ ਪਿੱਛੋਂ ਪਹਿਲੀ ਵਾਰ ਮਿਲਾਂਗਾ। ਪਤਾ ਨਹੀਂ, ਉਸਨੂੰ ਪਛਾਣ ਵੀ ਸਕਾਂ ਜਾਂ ਨਾ। ਇਹ ਵੀ ਯਾਦ ਆਇਆ ਕਿ ਮੇਰੇ ਕਰਾਚੀ ਜਾਣ ਦੇ ਕਿੰਨੇ ਲੋਕ ਖ਼ਿਲਾਫ਼ ਸਨ। ਮੇਰੀ ਬੀਵੀ, ਮੇਰਾ ਬੇਟਾ, ਮੇਰੇ ਦੋਸਤ...ਲੰਦਨ ਤੋਂ ਜ਼ਕੀਆ ਜੁਬੈਰੀ, ਸਭ ਨੇ ਮਨ੍ਹਾਂ ਕੀਤਾ ਸੀ। ਇਹ ਕਿਹਾ ਸੀ, ਲਾਹੌਰ ਤੇ ਮੁਲਤਾਨ ਤਕ ਤਾਂ ਠੀਕ ਹੈ, ਪਰ ਕਰਾਚੀ। ਮੈਂ ਦੇਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਖ਼ਤਰਾ ਤਾਂ ਹੋ ਸਕਦਾ ਹੈ, ਪਰ ਏਨਾ ਵੀ ਨਹੀਂ ਕਿ ਨਾ ਦੇਖਾਂ।
ਸਰਦੀ ਫੇਰ ਲੱਗਣ ਲੱਗ ਪਈ। ਹੁਣ ਮੈਂ ਆਪਣੀਆਂ ਲੱਤਾਂ ਦੀ ਮਾਲਸ਼ ਕਰਨ ਲੱਗਾ। ਘੜੀ ਦੇਖੀ ਤਿੰਨ ਵੱਜ ਗਏ ਸਨ। ਸੋਚਿਆ ਪਾਲਾ ਮਾਰ ਲਿਆ ਹੈ। ਹੁਣ ਸਿਰਫ ਦੋ ਘੰਟੇ ਬਚੇ ਨੇ। ਟਰੇਨ ਭਾਵੇਂ ਜਿੰਨੀ ਸੁਸਤ ਰਿਫ਼ਤਾਰ ਹੋਵੇ ਟਾਈਮ ਤਾਂ ਆਪਣੀ ਰਿਫ਼ਤਾਰ ਨਾਲ ਚੱਲੇਗਾ। ਮੈਂ ਹੁਣ ਨਾ ਪੰਜਾਬ ਬਾਰੇ ਸੋਚ ਰਿਹਾ ਸਾਂ, ਨਾ ਸਿੰਧ ਬਾਰੇ। ਬਸ ਸੋਚ ਰਿਹਾ ਸਾਂ ਕਿ ਟਾਈਮ ਬੀਤਣਾ ਚਾਹੀਦਾ ਹੈ ਤਾਕਿ ਸਵੇਰ ਹੋ ਜਾਏ ਤੇ ਠੰਡ ਤੋਂ ਖਹਿੜਾ ਛੁੱਟੇ।
ਅਗਲੇ ਸਟੇਸ਼ਟ ਉੱਤੇ ਦੋ ਆਦਮੀ ਤੇ ਇਕ ਜ਼ਨਾਨੀ ਕੂਪੇ ਵਿਚ ਆਏ। ਉਹਨਾਂ ਮੈਨੂੰ ਰਾਤ ਦੇ ਤਿੰਨ ਵਜੇ ਸੀਟ ਉੱਤੇ ਬੈਠਾ ਦੇਖਿਆ ਤਾਂ ਕੁਝ ਹੈਰਾਨ ਹੋਏ ਪਰ ਜਲਦੀ ਹੀ ਆਪੋ ਆਪਣੀਆਂ ਸੀਟਾਂ ਉੱਤੇ ਲੇਟ ਗਏ। ਮੈਂ ਬੈਠਾ ਆਪਣੇ ਸ਼ਰੀਰ ਦੀ ਮਾਲਿਸ਼ ਕਰਦਾ ਰਿਹਾ। ਸੋਚਿਆ ਉੱਠ ਕੇ ਟਹਿਲਨ ਜਾਂ ਹੱਥ ਪੈਰ ਹਿਲਾਉਣ ਦੀ ਲੋੜ ਨਾ ਪੈ ਜਾਏ। ਕੂਪੇ ਵਿਚ ਮੇਰੇ ਇਲਾਵਾ ਚਾਰ ਜਣੇ ਸੁੱਤੇ ਪਏ ਸਨ। ਮੈਂ ਸਰਦੀ ਨਾਲ ਕੰਬ ਰਿਹਾ ਸਾਂ। ਟਰੇਨ ਇਕ ਸਟੇਸ਼ਨ 'ਤੇ ਰੁਕੀ...ਨਾਂ ਸ਼ਾਇਦ ਸੁੱਕੁਰ ਸੀ। ਬਾਹਰ ਚਾਹ, ਗਰਮ ਚਾਹ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਖੁੱਲ੍ਹੇ ਪੈਸੇ, ਯਾਨੀ ਵੀਹ ਦਾ ਨੋਟ ਕਿਉਂਕਿ ਪਾਕਿਸਤਾਨ ਵਿਚ ਚਾਹ ਮਹਿੰਗੀ ਹੈ, ਕੱਢ ਕੇ ਖਿੜਕੀ ਕੋਲ ਪਹੁੰਚਿਆ ਪਰ ਇਸ ਕੂਪੇ ਕੋਲ ਕੋਈ ਚਾਹ ਵਾਲਾ ਨਹੀਂ ਸੀ ਆ ਰਿਹਾ। ਡੱਬੇ ਵਿਚੋਂ ਉਤਰ ਕੇ ਚਾਹ ਲੈ ਆਉਣ ਦਾ ਹੌਸਲਾ ਕਰਨਾ ਔਖਾ ਲੱਗਿਆ। ਕਈ ਝਮੇਲੇ ਸਨ। ਖ਼ੈਰ-ਜੀ, ਮੈਂ ਨੋਟ ਹਿਲਾਉਂਦਾ ਰਹਿ ਗਿਆ ਤੇ ਗੱਡੀ ਤੁਰ ਪਈ।
ਅਗਲੇ ਸਟੇਸ਼ਨ ਨਵਾਸ਼ਾਹ 'ਤੇ ਚਾਹ ਮਿਲੀ। ਚਾਹ ਵਾਲਾ ਖਿੜਕੀ ਕੋਲ ਆਇਆ ਤਾਂ ਮੈਂ ਕਿਹਾ, “ਚਾਰ ਚਾਹ।”
ਉਸਨੇ ਚਾਰ ਚਾਹਾਂ ਪਾ ਕੇ ਖਿੜਕੀ ਵਿਚ ਰੱਖ ਦਿੱਤੀਆਂ। ਮੈਂ ਉਸਨੂੰ ਸੌ ਦਾ ਨੋਟ ਫੜਾਇਆ ਤੇ ਬਕਾਇਆ ਦੀ ਪ੍ਰਵਾਹ ਕੀਤੇ ਬਿਨਾਂ ਇਕ ਕੱਪ ਮੂੰਹ ਨੂੰ ਲਾ ਲਿਆ। ਸਕਰੀਨ ਦੀ ਬਣਾਈ ਹੋਈ ਚਾਹ ਸੀ। ਹਲਕ ਵਿਚ ਅਜੀਬ ਜਿਹੀ ਤਕਲੀਫ਼ ਹੋਈ। ਮਿੱਠਾ ਤੇਜ਼ ਤੇ ਤਿੱਖਾ ਜਿਹਾ ਲੱਗਿਆ। ਪਰ ਚਾਹ ਗਰਮ ਸੀ। ਮੈਂ ਚਾਰੇ ਕੱਪ ਪੀ ਗਿਆ।
ਸਕਰੀਨ ਵਾਲੀਆਂ ਚਾਰੇ ਚਾਹਾਂ ਪੀਣ ਪਿੱਛੋਂ ਜਿਸਮ ਵਿਚ ਗਰਮੀ ਆਈ, ਪਰ ਮੂੰਹ ਦਾ ਸਵਾਦ ਖ਼ਰਾਬ ਹੋ ਗਿਆ। ਹੁਣ ਬਾਹਰ ਚਾਨਣ ਹੋਣ ਲੱਗ ਪਿਆ ਸੀ। ਮੈਂ ਖ਼ੁਸ਼ ਸੀ ਕਿ ਰਾਤ ਕੱਟੀ ਗਈ। ਚਾਨਣ ਥੋੜ੍ਹਾ ਹੋਰ ਵਧਿਆ ਤਾਂ ਨਜ਼ਰ ਆਉਣ ਲੱਗਾ ਕਿ ਇਹ ਪੰਜਾਬ ਨਹੀਂ ਹੈ ਸਿੰਧ ਹੈ। ਮੈਂ ਖਿੜਕੀ ਵਿਚੋਂ ਬਾਹਰ ਖਜੂਰਾਂ ਦੇ ਦਰਖ਼ਤ, ਉਹਨਾਂ ਦੇ ਕੋਲ ਤਲਾਅ, ਖੱਬੇ ਪਾਸੇ ਇਕ ਮਕਾਨ ਜਿਸਦੀ ਖਿੜਕੀ ਵਿਚ ਬੱਲਬ ਦੀ ਰੋਸ਼ਨੀ ਸੀ, ਸੂਰਜ ਬਿਲਕੁਲ ਲਾਲ ਖਿਡੌਣੇ ਵਰਗਾ ਦੇਖਿਆ। ਚਲੋ ਖ਼ੈਰ, ਰਾਤ ਭਰ ਜਾਗਦੇ ਤੇ ਠੰਡ ਛਕਦੇ ਰਹਿਣ ਦਾ ਇਹ ਇਨਾਮ ਤਾਂ ਮਿਲਿਆ। ਮੈਂ ਕੈਮਰਾ ਕੱਢਿਆ ਤੇ ਚੰਗੀ ਤਰ੍ਹਾਂ ਫੋਕਸ ਕਰਕੇ ਕਲਿਕ ਕਰ ਦਿੱਤਾ। ਇਸ ਦੌਰਾਨ ਉਹ ਦੋਵੇਂ ਜਣੇ ਤੇ ਜਨਾਨੀ ਉੱਠ ਗਏ ਸਨ। ਉਹਨਾਂ ਨੇ ਮੈਨੂੰ ਫੋਟੋ ਖਿੱਚਦਿਆਂ ਦੇਖ ਲਿਆ ਸੀ। ਫੇਰ ਮੈਂ ਰੁਕਿਆ ਨਹੀਂ। ਫੋਟੋਆਂ ਖਿੱਚਦਾ ਰਿਹਾ। ਪਤਾ ਨਹੀਂ ਮੌਜ ਵਿਚ ਜਾਂ ਗੁੱਸੇ ਵਿਚ।
ਚਿੱਟਾ ਦਿਨ ਚੜ੍ਹ ਆਇਆ। ਗੱਡੀ ਹੈਦਰਾਬਾਦ ਪਹੁੰਚ ਗਈ। ਮੈਂ ਸਟੇਸ਼ਨ ਦੇ ਫੋਟੋ ਖਿੱਚੇ। ਔਰਤ ਮੈਨੂੰ ਸਵੇਰ ਦਾ ਫੋਟੋਆਂ ਖਿੱਚਦਾ ਦੇਖ ਰਹੀ ਸੀ, ਉਸਨੇ ਪੁੱਛਿਆ, “ਤੁਹਾਨੂੰ ਫੋਟੋਗ੍ਰਾਫੀ ਦਾ ਸ਼ੌਕ ਏ?”
“ਹਾਂ ਜੀ...ਜੋ ਕੁਝ ਦੇਖ ਰਿਹਾਂ, ਜ਼ਿੰਦਗੀ 'ਚ ਪਹਿਲੀ ਵੇਰ ਦੇਖ ਰਿਹਾਂ ਤੇ ਸ਼ਾਇਦ ਦੁਬਾਰਾ ਦੇਖਣਾ ਨਸੀਬ ਨਾ ਹੋਵੇ।”
ਉਹ ਇਸ ਗੱਲ 'ਤੇ ਹੈਰਾਨ ਹੋ ਗਈ।
“ਮੈਂ ਇੰਡੀਆ ਤੋਂ ਆਇਆ ਆਂ।” ਮੈਂ ਕਿਹਾ।
ਹੁਣ ਉਸਦੇ ਨਾਲ ਦੇ ਦੋਵੇਂ ਮਰਦ ਤੇ ਬਹਾਵਲਪੁਰ ਤੋਂ ਆਏ ਸੱਜਨ ਮੇਰੇ ਵਿਚ ਦਿਲਚਸਪੀ ਲੈਣ ਲੱਗੇ। ਕਰਾਚੀ ਜਾਣ ਤੇ ਉਰਦੂ ਬੋਲਣ ਵਾਲੇ ਇਹ ਲੋਕ 'ਮੋਹਾਜਿਰ' ਹੀ ਸਨ।
ਚਾਨਣ ਵਿਚ ਮੈਂ ਆਪਣੇ ਕੂਪੇ ਦੀਆਂ ਸੀਟਾਂ ਉੱਤੇ ਅੰਗਰੇਜ਼ੀ ਵਿਚ ਲਿਖੇ ਈ.ਆਰ. ਨੂੰ ਦੇਖਿਆ ਤੇ ਹੈਰਾਨ ਰਹਿ ਗਿਆ। ਮੈਨੂੰ ਇਹ ਤਾਂ ਪਤਾ ਸੀ ਕਿ ਇੰਡੀਅਨ ਰੇਲਵੇ ਕਈ ਖੇਤਰੀ ਹਿੱਸਿਆਂ ਵਿਚ ਵੰਡੀ ਹੈ, ਜਿਵੇਂ ਵੈਸਟਰਨ ਰੇਲਵੇ, ਈਸਟਰਨ ਰੇਲਵੇ ਆਦਿ ਪਰ ਪਾਕਿਸਤਾਨ ਵਿਚ ਵੀ ਇਵੇਂ ਹੋਵੇਗਾ ਤੇ ਫੇਰ ਪਾਕਿਸਤਾਨ ਦਾ ਈਸਟਰਨ ਹਿੱਸਾ ਕਿਹੜਾ ਹੈ? ਮੈਂ ਦੂਜੇ ਲੋਕਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਰੇਲਵੇ ਦੀ ਅਜਿਹੀ ਕੋਈ ਵੰਡ ਨਹੀਂ ਕੀਤੀ ਗਈ ਹੈ।
“ਫੇਰ ਇਹ ਈ.ਆਰ. ਕਿਓਂ ਲਿਖਿਆ ਏ?” ਮੈਂ ਕਿਹਾ।
“ਲਗਦਾ ਏ ਇਹ ਕੋਚ...ਉਹਨਾਂ ਵਿਚੋਂ ਏ ਜਿਹੜੇ ਪਾਰਟੀਸ਼ਨ ਸਮੇਂ ਪਾਕਿਸਤਾਨ ਨੂੰ ਦਿੱਤੇ ਗਏ ਸੀ।” ਇਕ ਬੋਲਿਆ।
“ਬੜਾ ਪੁਰਾਣਾ ਏ...ਇਸ ਨੂੰ 'ਡਿਸਕਾਰਡ' ਕਰ ਦੇਣਾ ਚਾਹੀਦਾ ਏ।” ਮੈਂ ਕਿਹਾ।
“ਮੈਂ ਤਾਂ ਕਹਿਣਾ ਪੂਰੇ ਪਾਕਿਸਤਾਨ ਰੇਲਵੇ ਨੂੰ ਈ 'ਡਿਸਕਾਰਡ' ਕਰ ਦੇਣਾ ਚਾਹੀਦੈ।” ਤੀਜਾ ਬੋਲਿਆ।
“ਓ-ਜੀ ਸਭ ਕੁਝ ਵੇਚ ਕੇ ਖਾ ਗਏ।”
“ਕੌਣ?” ਮੈਂ ਪੁੱਛਿਆ।
“ਇਹੀ ਸਾਰੇ ਛੋਟੇ-ਵੱਡੇ ਅਫ਼ਸਰ।” ਦੂਜਾ ਬੋਲਿਆ।
“ਛੋਟੇ ਕਿੱਥੇ? ਛੋਟੇ ਕਿੰਨਾ ਖਾਣਗੇ...ਦੋ ਚਾਰ ਸੌ। ਹਜ਼ਾਰ, ਦਸ ਹਜ਼ਾਰ। ਦੀਵਾਲਾ ਤਾਂ ਕੱਢਿਆ ਏ...ਵੱਡੇ ਅਫ਼ਸਰਾਂ ਨੇ, ਕਰੋੜਾ ਉਡਾਏ ਨੇ।” ਇਕ ਆਦਮੀ ਨੇ ਕਿਹਾ।
ਹੁਣ ਮੈਂ ਚੁੱਪ ਹੋ ਗਿਆ ਸਾਂ। ਉਹਨਾਂ ਤਿੰਨਾਂ ਵਿਚਕਾਰ ਗੱਲਾਂ ਹੋ ਰਹੀਆਂ ਸਨ। ਉਹਨਾਂ ਦੇ ਨਾਲ ਆਈ ਔਰਤ ਨੇ ਫਲਾਸ ਵਿਚੋਂ ਚਾਹ ਕੱਢੀ। ਮੈਨੂੰ ਵੀ ਇਕ ਕੱਪ ਦਿੱਤਾ। ਕੁਝ ਨਮਕੀਨ ਵੀ ਕੱਢਿਆ। ਉਸ ਵਿਚ ਵੀ ਮੇਰਾ ਹਿੱਸਾ ਪਾ ਦਿੱਤਾ ਸੀ।
“ਤੁਹਾਨੂੰ ਪਤਾ ਏ...ਰੇਲਵੇ ਕੋਲ ਡੀਜਲ ਦੀ ਪੇਮੈਂਟ ਕਰਨ ਲਈ ਪੈਸੇ ਨਹੀਂ...ਰੇਲਵੇ ਦਾ ਚੈੱਕ ਬਾਊਂਸ ਹੋ ਗਿਆ ਏ।” ਪਹਿਲੇ ਨੇ ਕਿਹਾ।
“ਓ-ਜੀ ਰੇਲਵੇ ਦੀ ਪ੍ਰਾਪਟੀ ਵੇਚ ਦਿੱਤੀ, ਜ਼ਮੀਨਾ ਵੇਚ ਦਿੱਤੀਆਂ...ਟ੍ਰੈਕ ਵੇਚ ਦਿੱਤੇ।”
“ਹੱਦ ਐ ਕਿ ਚੱਲਦੀ ਟਰੇਨ ਵਿਚੋਂ ਬਰੇਕ ਦਾ ਸਾਮਾਨ ਕੱਢ ਲਿਆ ਜਾਂਦਾ ਏ।”
“ਤੁਹਾਡੇ ਪਾਸੇ ਤਾਂ ਸੁਣਿਐਂ ਰੇਲਵੇ ਦਾ ਬੜਾ ਚੰਗਾ ਹਾਲ ਏ।”
“ਹਾਂ...ਮੇਰੇ ਖ਼ਿਆਲ ਅਨੁਸਾਰ...ਇੱਥੋਂ ਨਾਲੋਂ ਬਿਹਤਰ ਏ।” ਮੈਂ ਧੀਮੀ ਆਵਾਜ਼ ਵਿਚ ਕਿਹਾ।
“ਜਨਾਬ ਇਸ ਮੁਲਕ ਦਾ ਤਾਂ ਬਸ ਅੱਲਾਹ ਹੀ ਹਾਫ਼ਿਜ (ਰੱਬ ਰਾਖਾ) ਏ।”
ਦੂਜੇ ਆਦਮੀ ਨੇ ਕਿਹਾ। ਮੈਂ ਤ੍ਰਬਕਿਆ ਕਿਉਂਕਿ ਪਿਛਲੇ ਵੀਹ ਦਿਨਾਂ ਵਿਚ ਇਹੋ ਵਾਕ ਮੈਂ ਕਈ ਜਣਿਆ ਦੇ ਮੂੰਹੋਂ ਸੁਣਿਆ ਸੀ।
“ਨੀਤਾਂ ਸਾਰਿਆਂ ਦੀਆਂ ਖ਼ਰਾਬ ਨੇ...ਕੀ ਹੋ ਸਕਦੈ।” ਪਹਿਲੇ ਆਦਮੀ ਨੇ ਕਿਹਾ।
“ਹੁਣ ਦੇਖ ਲਓ ਬਿਜਲੀ ਦਾ ਹਾਲ...ਮੁਲਕ ਦੇ ਸਾਰੇ ਪਾਵਰ ਹਾਊਸ ਬੰਦ ਪਏ ਨੇ। ਉਹਨਾਂ ਨੂੰ ਚਾਲੂ ਕਰਨ ਦੀ ਬਜਾਏ ਸਾਡੀ ਸਰਕਾਰ ਨੇ ਕਿਸੇ ਬਾਹਰਲੀ ਕੰਪਨੀ ਨਾਲ ਸਮਝੌਤਾ ਕੀਤਾ ਏ ਤੇ ਕੰਪਨੀ ਆਪਣੇ ਪਾਣੀ ਦੇ ਜਹਾਜ਼ਾਂ 'ਤੇ ਜਨਰੇਟਰ ਲਿਆਏਗੀ ਤੇ ਬਿਜਲੀ ਸਪਲਾਈ ਕਰੇਗੀ।” ਪਹਿਲੇ ਆਦਮੀ ਨੇ ਕਿਹਾ।
“ਦੇਖੋ...ਭਾਰਤ 'ਚ ਕਰਪਸ਼ਨ ਹੈ...ਅਸੀਂ ਸਾਰੇ ਜਾਣਦੇ ਆਂ...ਤੁਹਾਡੇ ਕਰਪਸ਼ਨ ਹੈ ਤਾਂ ਕੰਮ ਵੀ ਤਾਂ ਹੁੰਦਾ ਏ। ਇੱਥੋਂ ਦੀ ਕਰਪਸ਼ਸਨ ਅਜਿਹੀ ਹੈ ਕਿ ਕੋਈ ਕੰਮ ਈ ਨਹੀਂ ਹੁੰਦਾ।” ਦੂਜਾ ਬੋਲਿਆ। ਮੈਂ ਬਿਲਕੁਲ ਖ਼ਾਮੋਸ਼ ਬੈਠਾ ਸਾਂ। ਜਾਣ-ਬੁੱਝ ਕੇ ਕੋਈ ਕਮੈਂਟ ਨਹੀ ਸਾਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪੂਰੀ ਸਥਿਤੀ ਦਾ ਅੰਦਾਜ਼ਾ ਨਹੀਂ ਸੀ। ਦੂਜਾ ਮੈਂ ਇਹ ਨਹੀਂ ਚਾਹੁੰਦਾ ਸਾਂ ਕਿ ਪਾਕਿਸਤਾਨ ਬਾਨਾਮ ਇੰਡੀਆ ਬਹਿਸ ਛਿੜ ਪਵੇ।
“ਸਰਕਾਰੀ ਮੁਲਾਜ਼ਮਾਂ ਨੂੰ...ਮਤਲਬ ਰੇਲਵੇ ਦੇ...ਵਕਤ ਸਿਰ ਤਨਖ਼ਾਹ ਨਹੀਂ ਮਿਲਦੀ। ਕੀ ਕਰਨ? ਕਿੱਥੇ ਜਾਣ?”
ਪਾਕਿਸਤਾਨ ਦੀ ਵਿਵਸਥਾ ਦੇ ਪ੍ਰਤੀ ਜਿੰਨਾ ਗੁੱਸਾ ਮੈਂ ਇਹਨਾਂ ਲੋਕਾਂ ਵਿਚ ਦੇਖਿਆ, ਓਨਾਂ ਲਾਹੌਰ ਦੇ ਉੱਚ ਵਰਗ ਵਿਚ ਨਹੀਂ ਸੀ ਦੇਖਿਆ। ਓਹੋ ਜਿਹਾ ਗੁੱਸਾ ਮੈਂ ਮੁਲਤਾਨ ਵਿਚ ਵੀ ਨਹੀਂ ਦੇਖਿਆ ਸੀ। ਹੋ ਸਕਦਾ ਹੈ ਇਹ ਲੋਕ ਵਧੇਰੇ 'ਬੋਲਡ' ਹੋਣ ਜਾਂ ਕੋਈ ਹੋਰ ਕਾਰਨ ਹੋਵੇ।
ਦਸ ਵੱਜਣ ਵਾਲੇ ਸਨ। ਕਰਾਚੀ ਦਾ ਅਤਾ-ਪਤਾ ਨਹੀਂ ਸੀ। ਸਾਰੇ ਕਹਿ ਰਹੇ ਸਨ ਗੱਡੀ ਛੇ ਘੰਟੇ ਲੇਟ ਹੈ ਤੇ ਬਾਰਾਂ, ਇਕ ਵਜੇ ਤਕ ਕਰਾਚੀ ਪਹੁੰਚੇਗੀ। ਮੈਂ ਖ਼ੁਸ਼ ਸੀ ਕਿ ਠੰਡ ਨਹੀਂ ਸੀ ਲੱਗ ਰਹੀ ਤੇ ਏਨਾ ਹੌਸਲਾ ਸੀ ਕਿ ਅਗਲੀ ਰਾਤ ਟਰੇਨ ਵਿਚ ਨਹੀਂ ਬਿਤਾਉਣੀ ਪਵੇਗੀ।
“ਤੁਹਾਨੂੰ ਪਾਕਿਸਤਾਨ ਵਿਚ ਕਿੰਜ ਲੱਗਿਆ?” ਔਰਤ ਨੇ ਪੁੱਛਿਆ।
“ਮੈਨੂੰ ਚੰਗਾ ਲੱਗਿਆ। ਦੇਖੋ ਮੈਂ ਟੂਰਿਸਟ ਆਂ। ਇੱਥੋਂ ਦੇ ਲੋਕ ਬੜੇ ਚੰਗੇ ਲੱਗੇ...ਮਦਦ ਕਰਨ ਵਾਲੇ ਹਸਮੁਖ ਲੋਕ ਨੇ।” ਮੈਂ ਕਿਹਾ।
“ਕਿਓਂ ਕੀ ਦਿੱਲੀ 'ਚ ਅਜਿਹੇ ਲੋਕ ਨਹੀਂ?” ਔਰਤ ਨੇ ਹੱਸ ਕੇ ਪੁੱਛਿਆ।
“ਹੈਨ...ਜ਼ਰੂਰ ਹੈਨ...ਪਰ ਇੱਥੇ ਵੱਧ ਨੇ।”
“ਓ-ਜੀ ਇਹਨਾਂ ਨੂੰ ਤਾਂ ਚੰਗਾ ਈ ਲੱਗੇਗਾ...ਇਹਨਾਂ ਦਾ ਇਕ ਰੁਪਈਆ ਸਾਡੇ ਦੋ ਰੁਪਈਆਂ ਦੇ ਬਰਾਬਰ ਏ।” ਪਹਿਲਾ ਆਦਮੀ ਬੋਲਿਆ।
“ਹਾਂ...ਹੁਣ ਇਹੀ ਦੇਖੋ...ਸਨ 47 'ਚ ਦੋਵਾਂ ਮੁਲਕਾਂ ਦੇ ਰੁਪਏ ਦੀ ਵੈਲਿਊ ਇਕੋ ਜਿੰਨੀ ਸੀ।”
ਕਰਾਚੀ ਕੰਟੂਨਮੈਂਟ 'ਤੇ ਟਰੇਨ ਰੁਕੀ ਤਾਂ ਇਹ ਸਾਰੇ ਉਤਰ ਗਏ। ਮੈਂ ਕਰਾਚੀ ਸਟੇਸ਼ਨ 'ਤੇ ਉਤਰਨਾ ਸੀ। ਮੈਂ ਡੱਬੇ ਵਿਚ ਫੇਰ ਇਕੱਲਾ ਰਹਿ ਗਿਆ। ਟਰੇਨ ਰੁਕ-ਰੁਕ ਕੇ ਚੱਲਣ ਲੱਗੀ। ਇਧਰ-ਉਧਰ ਆਬਾਦੀ, ਸੰਘਣੀ ਆਬਾਦੀ ਸੀ। ਕੰਧਾਂ 'ਤੇ ਉਰਦੂ ਵਿਚ 'ਜਿਏ ਅਲਤਾਹਫ਼' ਲਿਖਿਆ ਸੀ। ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਅਲਤਾਫ਼ ਦਾ ਭਾਵ ਐਮ.ਕਿਊ,ਐਮ. ਦੇ ਸੁਪਰੀਮੋ ਅਲਤਾਫ਼ ਹੁਸੈਨ ਤੋਂ ਹੈ ਜਿਹੜੇ ਲੰਦਨ ਤੋਂ ਮੋਹਾਜਿਰਾਂ ਦੀ ਰਾਜਨੀਤੀ ਚਲਾਉਂਦੇ ਨੇ ਤੇ ਟੈਲੀਫੋਨ 'ਤੇ ਭਾਸ਼ਣ ਦੇਂਦੇ ਨੇ। ਕਹਿੰਦੇ ਨੇ ਕਰਾਚੀ ਵਿਚ ਅਲਤਾਫ਼ ਹੁਸੈਨ ਦੀ ਤੂਤੀ ਬੋਲਦੀ ਹੈ। ਉਹਨਾਂ ਦੀ ਇਕ ਆਵਾਜ਼ 'ਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਧਨਵਾਨ ਤੇ ਉਦਯੋਗਿਕ ਨਗਰ ਬੰਦ ਹੋ ਜਾਂਦਾ ਹੈ, ਸਮੁੰਦਰੀ ਮਾਰਗ ਨਾਲੋਂ ਪਾਕਿਸਤਾਨ ਦਾ ਸੰਬੰਧ ਟੁੱਟ ਜਾਂਦਾ ਹੈ ਕਿਉਂਕਿ ਪਾਕਿਸਤਾਨ ਵਿਚ ਇਕੋ ਵੱਡਾ ਵਪਾਰਕ ਪੋਰਟ ਹੈ—ਕਰਾਚੀ। ਪਾਕਿਸਤਾਨ ਦੇ ਅੰਤਰਵਿਰੋਧ ਵੀ ਸਭ ਤੋਂ ਵੱਧ ਕਰਾਚੀ ਵਿਚ ਦਿਖਾਈ ਦੇਂਦੇ ਨੇ।
ਪਾਕਿਸਤਾਨ ਦਾ ਸੁਪਨਾ ਮੁੱਖ ਤੌਰ 'ਤੇ ਉਤਰ ਪ੍ਰਦੇਸ਼ ਤੇ ਦਿੱਲੀ ਦੇ ਰੱਜੇ-ਪੁੱਜੇ ਮੁਸਲਮਾਨਾਂ ਦਾ ਸੁਪਨਾ ਸੀ, ਜਿਹੜੇ ਆਪਣੇ ਲਈ ਇਕ 'ਸੇਫ ਹੈਵਨ' (ਸੁਰੱਖਿਅਤ ਸਵਰਗ) ਬਣਾਉਣਾ ਚਾਹੁੰਦੇ ਸਨ—ਜਿੱਥੇ ਉਰਦੂ ਭਾਸ਼ਾ ਦਾ ਮੁੱਖ ਬੋਲਬਾਲਾ ਹੋਵੇ, ਕੁਲੀਨ ਮੁਸਲਿਮ ਕਲਚਰ ਦੇ ਨਾਲ ਅਧੁਨਿਕ ਸੁਵੀਧਾਵਾਂ ਵੀ ਹੋਣ ਤੇ ਆਪਣੇ ਨਾਲੋਂ ਵੱਧ ਪਹੁੰਚ ਵਾਲੇ ਹਿੰਦੂ ਕੁਲੀਨ ਵਰਗ ਨਾਲ ਕੋਈ ਮੁਕਾਬਲਾ ਵੀ ਨਾ ਹੋਵੇ। ਇਹ ਸੁਪਨਾ 1947 ਵਿਚ ਸਾਕਾਰ ਹੋ ਗਿਆ। ਇਸ ਸੁਪਨੇ ਵਿਚ ਉਰਦੂ ਭਾਸ਼ੀ ਸਭਿਅਕ ਵਰਗ ਦੇ ਇਲਾਵਾ ਪੰਜਾਬੀ, ਬਿਲੋਚ, ਸਿੰਧੀ, ਪਠਾਨ ਆਦਿ ਬਿਲਕੁਲ ਨਹੀਂ ਜਾਂ ਘੱਟ ਸ਼ਾਮਲ ਨੇ। ਪਾਕਿਸਤਾਨ ਦਾ ਮਤਲਬ ਮੋਹਾਜਿਰਾਂ ਦਾ ਦੇਸ਼ ਸੀ। ਪਾਕਿਸਤਾਨ ਦੀ ਰਾਜਨੀਤੀ ਦੇ ਸਾਰੇ ਯੋਧੇ—ਮੁਹੰਮਦ ਅਲੀ ਜਿੱਨਾ, ਲਿਯਾਕਤ ਅਲੀ ਖਾਂ, ਹੁਸੈਨ ਸ਼ਹੀਦ ਸੁਹਰਾਵਰਦੀ ਤੇ ਫਜ਼ਲੁਲ ਹੱਕ ਸਾਰੇ ਮੋਹਾਜਿਰ ਸਨ। ਪਰ ਤੀਹ ਪ੍ਰਤੀਸ਼ਤ ਮੋਹਾਜਿਰਾਂ ਦਾ ਪ੍ਰਭੁਤਵ 97 ਪ੍ਰਤੀਸ਼ਤ ਪੰਜਾਬੀ, ਸਿੰਧੀ, ਪਠਾਨ ਕਿੰਜ ਬਰਦਾਸ਼ਤ ਕਰ ਸਕਦੇ ਸੀ? ਦੇਸ਼ ਦੇ 21 ਪ੍ਰਤੀਸ਼ਤ ਉੱਚੇ ਸਰਕਾਰੀ ਅਹੁਦੇ ਮੋਹਾਜਿਰਾਂ ਕੋਲ ਸਨ। ਉਦਯੋਗ ਤੇ ਵਪਾਰ ਵਿਚ ਵੀ ਮੋਹਾਜਿਰ ਹੀ ਅੱਗੇ ਸਨ। ਰਾਜਧਾਨੀ ਕਰਾਚੀ ਵਿਚ ਸੀ, ਜਿਸ ਨੂੰ ਮੋਹਾਜਿਰ ਕੰਟਰੋਲ ਕਹਿੰਦੇ ਸਨ।
ਮੋਹਾਜਿਰ ਸੱਤਾ ਦੇ ਸਮੀਕਰਣ ਪਾਕਿਸਤਾਨ ਦੀਆਂ ਹੋਰ 'ਰਾਸ਼ਟਰੀਤਾਵਾਂ' ਕਰਕੇ ਵਿਗੜਦੇ ਗਏ। ਰਾਸ਼ਟਰਪਤੀ ਸਿਕੰਦਰ ਮਿਰਜਾ ਨੂੰ ਜਦੋਂ ਇਹ ਲੱਗਿਆ ਸੀ ਕਿ ਉਹ ਅਗਲੀਆਂ ਚੋਣਾ ਵਿਚ ਰਾਸ਼ਟਰਪਤੀ ਨਹੀਂ ਬਣ ਸਕਣਗੇ ਤਾਂ ਉਹਨਾਂ ਨੇ ਸੈਨਾ ਦੇ ਮੁਖੀ ਜਨਰਲ ਮੁਹਮੰਦ ਅੱਯੂਬ ਖਾਂ ਨੂੰ ਵਿਸ਼ਵਾਸ ਵਿਚ ਲੈ ਕੇ 7 ਅਕਤੂਬਰ, 1958 ਨੂੰ ਮਾਰਸ਼ਨ ਲਾ ਦਾ ਐਲਾਨ ਕਰ ਦਿੱਤਾ। ਪਾਕਿਸਤਾਨ ਨੂੰ ਲੰਮੇ ਸਮੇਂ ਲਈ ਸੈਨਾ ਦੀ ਝੋਲੀ ਵਿਚ ਪਾ ਦਿੱਤਾ ਗਿਆ। ਸਿਕੰਦਰ ਮਿਰਜਾ ਦੀ ਇਹ ਕੋਸ਼ਿਸ਼ ਵੀ ਉਹਨਾਂ ਨੂੰ ਸੱਤਾ ਵਿਚ ਨਹੀਂ ਰੱਖ ਸਕੀ। ਵੀਹ ਦਿਨ ਬਾਅਦ ਹੀ ਜਨਰਲ ਅੱਯੂਬ ਖਾਂ ਉਹਨਾਂ ਨੂੰ ਹਟਾਅ ਕੇ ਖ਼ੁਦ ਰਾਸ਼ਟਰਪਤੀ ਬਣ ਗਏ। ਇਸ ਤਰ੍ਹਾਂ 1947 ਤੋਂ ਸ਼ੁਰੂ ਹੋਈ ਉਰਦੂ ਭਾਸ਼ੀ ਮੋਹਾਜਿਰਾਂ ਦੀ ਸੱਤਾ ਗਿਆਰਾਂ ਸਾਲ ਬਾਅਦ ਸਮਾਪਤ ਹੋ ਗਈ। ਇਸ ਬਿੰਦੂ ਤੋਂ ਕਰਾਚੀ ਦਾ ਇਤਿਹਾਸ ਨਵਾਂ ਮੋੜ ਲੈਂਦਾ ਹੈ।
ਅੱਯੂਬ ਖਾਂ ਨੇ ਮੋਹਾਜਿਰ ਪ੍ਰਭਾਵ ਖ਼ਤਮ ਕਰਨ ਲਈ 1959 ਵਿਚ ਰਾਜਧਾਨੀ ਕਰਾਚੀ ਤੋਂ ਇਸਲਾਮਾਬਾਦ ਸ਼ਿਫਟ ਕਰ ਦਿੱਤੀ ਤੇ ਕਰਾਚੀ ਨੂੰ ਸਿੰਧ ਪ੍ਰਦੇਸ਼ ਨਾਲੋਂ ਵੱਖ ਕਰਕੇ ਯੂਨੀਅਨ ਖੇਤਰ ਬਣਾ ਦਿੱਤਾ। ਇਸ ਤਰ੍ਹਾਂ ਮੋਹਾਜਿਰਾਂ ਨੂੰ ਲੱਗਣ ਲੱਗਾ ਕਿ ਉਹ ਆਪਣੇ ਬਣਾਏ ਸਵਰਗ ਵਿਚ ਅਸੁਰੱਖਿਅਤ ਹੋ ਗਏ ਨੇ। 1972 ਵਿਚ ਉਰਦੂ-ਸਿੰਧੀ ਭਾਸ਼ਾ ਸੰਬੰਧੀ ਦੰਗਿਆਂ ਨੇ ਮੋਹਾਜਿਰਾਂ ਨੂੰ ਨਵੀਂ ਚੇਤਾਵਨੀ ਦਿੱਤੀ ਸੀ। ਉਹਨਾਂ ਨੂੰ ਇਹ ਲੱਗਿਆ ਕਿ ਉਰਦੂ ਦੀ ਉਹ ਸਥਿਤੀ ਨਹੀਂ ਬਣ ਸਕੇਗੀ, ਜਿਹੜੀ ਉਹ ਚਾਹੁੰਦੇ ਸਨ। ਜੁਲਫਕਾਰ ਅਲੀ ਭੁੱਟੋ ਸਿੰਧੀ ਸਨ। ਰਾਸ਼ਟਰੀ ਰਾਜਨੀਤੀ ਦੀ ਦਿੱਖ ਬਣਾਉਣ ਦੇ ਨਾਲ-ਨਾਲ ਉਹਨਾਂ ਲਈ ਸਿੰਧ ਵਿਚ ਆਧਾਰ ਮਜਬੂਤ ਕਰਨਾ ਬੜਾ ਜ਼ਰੂਰੀ ਸੀ। ਸੱਤਵੇਂ ਦਹਾਕੇ ਵਿਚ ਭੁੱਟੋ ਨੇ ਸਰਕਾਰੀ ਨੌਕਰੀਆਂ ਵਿਚ ਮੋਹਾਜਿਰਾਂ ਦਾ ਦਬਦਬਾ ਖ਼ਤਮ ਕਰਨ ਲਈ ਸਰਕਾਰੀ ਨੌਕਰੀਆਂ ਤੇ ਸਕੂਲ, ਯੂਨੀਵਰਸਟੀ ਵਿਚ ਪ੍ਰਵੇਸ਼ ਲਈ ਸਿੰਧੀਆਂ ਨੂੰ ਆਰਕਸ਼ਣ ਦੇ ਦਿੱਤਾ। ਇਹ ਆਰਕਸ਼ਨ ਸ਼ਹਿਰ ਵਿਚ ਚਾਲੀ ਪ੍ਰਤੀਸ਼ਤ ਤੇ ਪੇਂਡੂ ਖੇਤਰਾਂ ਵਿਚ ਸੱਠ ਪ੍ਰਤੀਸ਼ਤ ਸੀ। ਸਰਕਾਰੀ ਨੌਕਰੀਆਂ ਵਿਚ ਮੋਹਾਜਿਰਾਂ ਦਾ ਪ੍ਰਤੀਸ਼ਤ ਡਿੱਗਣ ਲੱਗਾ। ਅਜਿਹੀ ਹਾਲਤ ਵਿਚ ਮੋਹਾਜਿਰ ਇਕ ਜੁੱਟ ਹੋਏ ਤੇ 1984 ਵਿਚ ਮੋਹਾਜਿਰ ਕੌਮੀ ਮੂਵਮੈਂਟ (ਐਮ.ਕਿਊ.ਐਮ.) ਦੀ ਸਥਾਪਨਾ ਹੋਈ, ਜਿਸਦੇ ਲੀਡਰ ਬਣੇ ਅਲਤਾਫ਼ ਹੁਸੈਨ।
1972 ਵਿਚ ਸਿੰਧ ਵਿਧਾਨ ਸਭਾ ਵਿਚ ਸਿੰਧੀ ਨੂੰ ਪ੍ਰਦੇਸ਼ ਦੀ ਸਰਕਾਰੀ ਭਾਸ਼ਾ ਬਣਾਉਣ ਲਈ ਜਿਹੜੇ ਦੰਗੇ ਸ਼ੁਰੂ ਹੋਏ ਸਨ, ਉਹ 1977 ਵਿਚ ਭੁੱਟੋ ਵਿਰੋਧੀ ਤੇ ਭੁੱਟੋ ਸਮਰਥਕ ਰੂਪ ਧਾਰ ਗਏ।
ਇਹੀ ਉਹ ਸਮਾਂ ਸੀ ਜਦੋਂ ਮੋਹਾਜਿਰਾਂ ਨੂੰ ਦੂਜੀ ਹਿਜ਼ਰਤ ਕਰਨੀ ਪਈ ਤੇ ਪੜ੍ਹੇ-ਲਿਖੇ ਪ੍ਰੋਫੈਸ਼ਨਲ ਮੋਹਾਜਿਰ ਆਪਣੇ ਟੁੱਟੇ ਸੁਪਨੇ ਨੂੰ ਅਧੂਰਾ ਛੱਡ ਕੇ ਅਮਰੀਕਾ ਤੇ ਯੂਰਪ ਵੱਲ ਨਿਕਲ ਗਏ। ਉਹਨਾਂ ਨੂੰ ਲੱਗਿਆ ਸੀ—ਪਾਕਿਸਤਾਨ ਵਿਚ ਉਹਨਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ। ਜਨਰਲ ਜ਼ਿਯਾ ਦੇ ਸਮੇਂ ਵਿਚ ਪੰਜਾਬੀ ਤੇ ਪਠਾਨ ਵੀ ਕਰਾਚੀ ਵਿਚ ਆਪਣੇ ਪੈਰ ਜਮਾ ਚੁੱਕੇ ਸਨ। ਟ੍ਰਾਂਸਪੋਰਟ ਵਪਾਰ 'ਤੇ ਪਠਾਨਾਂ ਦਾ ਅਧਿਕਾਰ ਹੋ ਗਿਆ ਸੀ ਤੇ ਵਪਾਰ ਵਿਚ ਪੰਜਾਬੀ ਅੱਗੇ ਸਨ।
1986 ਵਿਚ ਐਮ.ਕਿਊ.ਐਮ ਨੇ ਇਕ ਵੱਡੀ ਰੈਲੀ ਕੀਤੀ ਤੇ ਪੰਜਾਬੀ ਹਾਕਮਾਂ ਨੂੰ ਮੋਹਾਜਿਰਾਂ ਦਾ ਦੁਸ਼ਮਣ ਦੱਸਿਆ। ਉਹਨਾਂ ਸਿੰਧ-ਮੋਹਾਜਿਰ ਦੋਸਤੀ ਦੀ ਗੱਲ ਕੀਤੀ ਤੇ ਦੱਸਿਆ ਕਿ ਪੰਜਾਬੀ ਦੋਵਾਂ ਦੇ ਦੁਸ਼ਮਣ ਨੇ। ਪਰ ਮੋਹਾਜਿਰ-ਸਿੰਧ ਦੋਸਤੀ ਉਸ ਸਮੇਂ ਖ਼ਤਮ ਹੋ ਗਈ ਜਦੋਂ ਹੈਦਰਾਬਾਦ ਸਿੰਧ ਵਿਚ ਕਿਸੇ ਰਾਜਨੈਤਿਕ ਮੁੱਤੇ ਉੱਤੇ ਦੋਵਾਂ ਧਿਰਾਂ ਵਿਚਕਾਰ ਭਿਅੰਕਰ ਦੰਗੇ ਸ਼ੁਰੂ ਹੋਏ।
1990 ਦੀਆਂ ਚੋਣਾ ਵਿਚ ਐਮ.ਕਿਊ.ਐਮ. ਨੇ ਪੰਜਾਬੀ ਪ੍ਰਭੁਤਵ ਵਾਲੀ ਮੁਸਲਿਮ ਲੀਗ ਦੇ ਨਾਲ ਸਰਕਾਰ ਬਣਾਈ। ਪਹਿਲੀ ਵਾਰੀ ਐਮ.ਕਿਊ.ਐਮ. ਨੇ ਰਾਸ਼ਟਰੀ ਰਾਜਨੀਤਕ ਮੰਚ ਉੱਤੇ ਆਪਣੀ ਵੱਖਰੀ ਪਛਾਣ ਬਣਾਈ ਸੀ। ਇਹ ਪਾਕਿਸਤਾਨੀ ਸੈਨਾ ਦੇ ਨੇਤਰਤਵ ਸਾਹਵੇਂ ਇਕ ਨਵਾਂ ਤੇ ਅੱਗੇ ਚੱਲ ਕੇ ਸੰਕਟ ਵਿਚ ਪਾਉਣ ਵਾਲਾ ਸਮੀਕਰਣ ਸੀ। ਇਸ ਲਈ ਐਮ.ਕਿਊ.ਐਮ. ਤੇ ਮੁਹਾਜਿਰਾਂ ਉੱਤੇ ਝੂਠਾ ਦੋਸ਼ ਲਾਇਆ ਗਿਆ ਕਿ ਉਹ ਆਪਣੇ ਲਈ ਕੋਈ ਸੁਤੰਤਰ ਦੇਸ਼ ਬਣਾਉਣਾ ਚਾਹੁੰਦੇ ਨੇ, ਜਿਸ ਵਿਚ ਭਾਰਤ ਉਹਨਾਂ ਦੀ ਮਦਦ ਕਰ ਰਿਹਾ ਹੈ। ਇਸ ਦੋਸ਼ ਨੂੰ ਐਮ.ਕਿਊ.ਐਮ. ਨੇ ਨਕਾਰਿਆ, ਪਰ ਨਵੰਬਰ 1994 ਤੇ ਸਤੰਬਰ 1995 ਵਿਚ ਸੈਨਾ ਨੇ ਹਜ਼ਾਰਾਂ ਮੋਹਾਜਿਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਮ.ਕਿਊ.ਐਮ. ਨੂੰ ਦੋਫਾੜ ਕਰਵਾ ਦਿੱਤਾ ਗਿਆ। ਉਸਦੇ ਦੋ ਨੇਤਾਵਾਂ ਆਫਾਕ ਅਹਿਮਦ ਤੇ ਅਮੀਰ ਖਾਂ ਨੇ ਐਮ.ਕਿਊ.ਐਮ. (ਹਕੀਕੀ) ਮਤਲਬ ਅਸਲੀ ਐਮ.ਕਿਊ.ਐਮ. ਬਣਾ ਲਈ।
ਐਮ.ਕਿਊ.ਐਮ. ਬਾਰੇ ਵੱਖੋ-ਵੱਖਰੀਆਂ ਧਾਰਨਾਵਾਂ ਨੇ। ਜਿਹੜੇ ਉਸਦੇ ਹਮਦਰਦ ਨੇ, ਉਹਨਾਂ ਦਾ ਕਹਿਣਾ ਹੈ ਕਿ ਸੇਮੀ ਫਾਸਿਸਟ ਪਾਰਟੀ ਹੈ। ਜਿਹੜੇ ਉਸਦੇ ਦੁਸ਼ਮਣ ਨੇ, ਉਹਨਾਂ ਦਾ ਕਹਿਣਾ ਹੈ ਕਿ ਫਾਸਿਸਟ ਪਾਰਟੀ ਹੈ। ਐਮ.ਕਿਊ.ਐਮ. ਸ਼ਕਤੀਸ਼ਾਲੀ ਅੰਦੋਲਨ ਲਈ ਇਹ ਜ਼ਰੂਰੀ ਮੰਨਦੀ ਹੈ ਕਿ ਪਾਰਟੀ ਨੇਤਾ ਉੱਤੇ ਅੰਧਵਿਸ਼ਵਾਸ ਹੋਵੇ, ਵਿਅਕਤੀਵਾਦ ਨੂੰ ਸਮਾਪਤ ਕੀਤਾ ਜਾਵੇ, ਉਦੇਸ਼ ਦੇ ਪ੍ਰਤੀ ਸਮਰਪਣ ਹੋਵੇ, ਸੰਗਠਨ ਦੀ ਵਿਚਾਰਧਾਰਾ ਨਾਲ ਸਹਿਮਤੀ ਹੋਵੇ।
ਆਪਣੇ ਸੰਗਠਨ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਐਮ.ਕਿਊ.ਐਮ. ਨੂੰ ਅਪਾਰ ਸਮਰਥਣ ਮਿਲਿਆ ਸੀ। ਪਰ ਭਾਸ਼ਾਈ ਦੰਗਿਆਂ ਦੌਰਾਨ, ਸਮਰਥਕਾਂ ਦਾ ਕਹਿਣਾ ਹੈ ਕਿ ਮਜਬੂਰ ਹੋ ਕੇ ਪਾਰਟੀ ਨੂੰ ਹਥਿਆਰਬੰਦ ਹੋਣਾ ਪਿਆ ਤੇ ਹਥਿਆਰ ਖ਼ਰੀਦਨ ਲਈ ਕਰਾਚੀ ਦੇ ਧੱਨਡ ਲੋਕਾਂ ਤੋਂ 'ਸਹਿਯੋਗ' ਲੈਣਾ ਪਿਆ। ਪਾਰਟੀ ਦਾ ਚਰਿੱਤਰ ਬਦਲ ਗਿਆ, ਉਸ ਵਿਚ ਉਗਰਤਾ ਆਉਂਦੀ ਗਈ। 1992 ਵਿਚ ਹੱਤਿਆਵਾਂ ਦੇ ਦੋਸ਼ ਤੋਂ ਬਚਨ ਖਾਤਰ ਐਮ.ਕਿਊ.ਐਮ. ਦੇ ਨੇਤਾ ਲੰਦਨ ਚਲੇ ਗਏ ਤੇ ਹੁਣ ਉੱਥੋਂ ਹੀ ਪਾਰਟੀ ਚਲਾ ਰਹੇ ਨੇ। ਪਾਰਟੀ ਉੱਤੇ ਹਿੰਸਕ ਤਰੀਕੇ ਅਪਣਾਏ ਜਾਣ, ਪੱਤਰਕਾਰਾਂ ਤੇ ਮੀਡੀਏ ਦੇ ਕਾਰਮਚਾਰੀਆਂ ਨੂੰ ਧਮਕੀਆਂ ਦੇਣ, ਜਬਰਨ ਪੈਸਾ ਵਸੂਲ ਕਰਨ, ਸਮਗਲਿੰਗ ਤੇ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਦੇ ਦੋਸ਼ ਵੀ ਲਾਏ ਜਾਂਦੇ ਨੇ।
ਅਫਗਾਨਿਸਤਾਨ ਸਮੱਸਿਆ ਤੇ ਬਿਲੋਚਿਸਤਾਨ 'ਚ ਨੌਕਰੀ ਤੇ ਕਾਰੋਬਾਰ ਦੀਆਂ ਘੱਟ ਸੰਭਾਵਨਾਵਾਂ ਕਾਰਨ 1979 ਵਿਚ ਪਠਾਨ ਵੱਡੀ ਗਿਣਤੀ ਵਿਚ ਕਰਾਚੀ ਆਉਣ ਲੱਗੇ ਸਨ। ਉਸ ਸਮੇਂ ਕਰਾਚੀ ਵਿਚ ਸਿਰਫ ਐਮ.ਕਿਊ.ਐਮ. ਦਾ ਜ਼ੋਰ ਸੀ। ਕਰਾਚੀ ਆ ਕੇ ਪਠਾਨਾਂ ਨੇ ਟ੍ਰਾਂਸਪੋਰਟ ਬਿਜਨੇਸ, 'ਰਿਯਲ ਸਟੇਟ' ਤੇ ਵਿਆਜ ਦਾ ਕਾਰੋਬਰ ਸ਼ੁਰੂ ਕੀਤਾ। ਕਰਾਚੀ ਵਰਗੇ ਮਹਾਨਗਰ ਵਿਚ ਇਹ ਤਿੰਨੇ ਧੰਦੇ ਸ਼ੁੱਧ ਮੁਨਾਫ਼ੇ ਦੇ ਧੰਦੇ ਸਨ ਤੇ ਸ਼ਕਤੀ ਸ਼ਾਲੀ ਗੁੱਟਾਂ ਵਿਚਕਾਰ ਟਕਰਾਅ ਹੋਣਾ ਲਾਜ਼ਮੀ ਸੀ। ਟਕਰਾਅ ਨੂੰ ਲਾਜ਼ਮੀ ਬਣਾਉਣ ਪਿੱਛੇ ਸਭ ਤੋਂ ਵੱਡਾ 'ਫੈਕਟਰ' ਇਹ ਸੀ ਕਿ ਸਥਾਨਕ ਪ੍ਰਸ਼ਾਸਨ ਤੇ ਸੂਬੇ ਦੀ ਸਰਕਾਰ 'ਇਨਇਫੈਕਟਿਵ' ਹੋ ਗਏ ਸਨ। ਮੋਹਾਜਿਰਾਂ ਤੇ ਪਠਾਨਾਂ ਦਾ ਸੰਘਰਸ਼ ਰਾਜਨੀਤਕ ਸ਼ੈਹ ਸਦਕਾ ਬਿਨਾਂ ਕਿਸੇ ਅੜਿੱਕੇ ਦੇ ਸ਼ੁਰੂ ਹੋਇਆ। 1985 ਵਿਚ ਇਹਨਾਂ ਦੋਵਾਂ ਫਿਰਕਿਆਂ ਵਿਚਕਾਰ ਜਿਹੜੇ ਦੰਗੇ ਸ਼ੁਰੂ ਹੋਏ ਉਹ ਕਰਾਚੀ ਦਾ ਪ੍ਰਮਾਨੈਂਟ ਫੀਚਰ ਬਣ ਗਏ।
ਮੈਂ ਆਸ ਕਰ ਰਿਹਾ ਸਾਂ ਕਿ ਕਰਾਚੀ ਦਾ ਰੇਲਵੇ ਸਟੇਸ਼ਨ ਮੁੰਬਈ ਦੇ ਵੀ.ਟੀ. ਵਰਗਾ ਨਾ ਵੀ ਹੋਇਆ ਤਾਂ ਘੱਟੋਘੱਟ ਮੁੰਬਈ ਸੈਂਟਰਲ ਵਰਗਾ ਤਾਂ ਹੋਵੇਗਾ ਹੀ, ਪਰ ਟਰੇਨ ਜਦੋਂ ਸਟੇਸ਼ਨ 'ਤੇ ਰੁਕੀ ਤਾਂ ਬੜੀ ਨਿਰਾਸ਼ਾ ਹੋਈ। ਪੁਰਾਣੇ ਮਿੱਤਰ ਡਾ. ਜਮਾਲ ਨਕਵੀ ਜਿਹੜੇ ਉਰਦੂ ਦੇ ਜਾਣੇ-ਮਾਣੇ ਸ਼ਾਇਰ, ਲੇਖਕ ਤੇ ਕਰਾਚੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਸ਼ੀਲ ਅਹੁਦੇਦਾਰ ਨੇ, ਸਟੇਸ਼ਨ ਉੱਤੇ ਮੌਜ਼ੂਦ ਸਨ, ਵਿਚਾਰੇ ਪਤਾ ਨਹੀਂ ਕਿੰਨੀ ਦੇਰ ਦੇ ਉਡੀਕ ਰਹੇ ਸਨ।
ਅਸੀਂ ਲੋਕ ਬਾਹਰ ਨਿਕਲੇ। ਦੁਪਹਿਰ ਹੋ ਚੁੱਕੀ ਸੀ। ਬਾਹਰ ਸ਼ਾਂਤੀ ਸੀ। ਜੀਵਨ ਆਮ ਵਾਂਗ ਸੀ। ਮੁੰਬਈ ਵਾਲੀ ਭੀੜ ਨਹੀਂ ਸੀ ਤੇ ਨਾ ਹੀ ਓਹੋ-ਜਿਹੀ ਅਰਾਜਕਤਾ ਸੀ। ਸਾਹਮਣੇ ਹੀ ਪਾਰਕਿੰਗ ਸੀ। ਅਸੀਂ ਗੱਡੀ ਵਿਚ ਬੈਠ ਗਏ।
“ਯਾਰ ਇੱਥੇ ਤਾਂ ਸਭ ਕੁਝ ਨਾਰਮਲ ਲੱਗ ਰਿਹਾ ਏ। ਲੋਕ ਬਿਨਾਂ ਕਾਰਨ ਕਰਾਚੀ ਆਉਣ ਤੋਂ ਡਰਦੇ ਰਹਿੰਦੇ ਨੇ।” ਮੈਂ ਕਿਹਾ।
ਮੇਰੀ ਗੱਲ 'ਤੇ ਬੜੀ ਸਾਰਥਕ ਪ੍ਰਤੀਕ੍ਰਿਆ ਹੋਈ। ਜਮਾਲ ਨੇ ਕਿਹਾ, “ਹਾਂ ਬਿਲਕੁਲ, ਲੋਕ ਵਧਾਅ-ਚੜ੍ਹਾਅ ਕੇ ਹਰ ਚੀਜ਼ ਨੂੰ ਪੇਸ਼ ਕਰਦੇ ਨੇ...ਨਾਲੇ ਇਹ ਦੱਸੋ ਬਈ ਦੁਨੀਆਂ ਦਾ ਕਿਹੜਾ ਸ਼ਹਿਰ 'ਵਾਇਲੈਂਸ' ਤੋਂ ਬਚਿਆ ਏ? ਓ-ਬਈ...ਜੇ ਨਿਊਯਾਰਕ ਹੀ ਨਹੀਂ ਬਚਿਆ ਤਾਂ ਫੇਰ ਕਿਸੇ ਹੋਰ ਸ਼ਹਿਰ ਦੀ ਕੀ ਹੈਸੀਅਤ...।”
“ਹਾਂ, ਠੀਕ ਕਹਿ ਰਹੇ ਓ।” ਮੈਂ ਕਿਹਾ।
“ਦੇਖ ਭਰਾ...ਇਹ ਸਾਰੇ ਜਾਣਦੇ ਨੇ...ਇੱਥੇ 'ਟਾਰਗੇਟ ਕਿਲਿੰਗਸ' ਹੁੰਦੇ ਨੇ...ਤੁਹਾਨੂੰ ਕੋਈ ਕਿਓਂ ਮਾਰੇਗਾ? ਮਾਰਨ ਵਾਲਿਆਂ ਨੂੰ ਪਤਾ ਹੁੰਦਾ ਏ ਕਿਸਨੂੰ ਮਾਰਨਾ ਏ...ਪਰ ਇਹ ਗੱਲ ਦੂਜੀ ਐ ਕਿ ਤੁਸੀਂ ਵਿਚਕਾਰ ਆ ਗਏ।” ਜਮਾਲ ਨੇ ਦੱਸਿਆ।
“ਇਹ ਟਾਰਗੇਟ ਕਿਲਿੰਗਸ ਕੌਣ ਕਰਦੇ ਨੇ?” ਮੈਂ ਪੁੱਛਿਆ।
“ਕਈ ਤਰ੍ਹਾਂ ਦੇ ਗਿਰੋਹ ਨੇ...ਕੋਈ ਦੱਸ ਨਹੀਂ ਸਕਦਾ।” ਜਮਾਲ ਨੇ ਕਿਹਾ।
ਕਰਾਚੀ ਸ਼ਹਿਰ ਸਾਫ਼-ਸੁਥਰਾ ਤੇ ਸ਼ਾਨਦਾਰ ਲੱਗਿਆ। ਬੜੀਆਂ ਚੌੜੀਆਂ ਸੜਕਾਂ, ਹਰੇ ਭਰੇ ਫੁਟਪਾਥ...ਉੱਚੀਆਂ ਇਮਾਰਤਾਂ...ਲੱਗਿਆ ਖ਼ੁਸ਼ਹਾਲ ਸਹਿਰ ਹੈ।
ਹੋਟਲ ਦੇ ਕਮਰੇ ਵਿਚ ਜਮਾਲ ਮੈਨੂੰ ਦੱਸਣ ਲੱਗਾ ਕਿ ਉਹਨਾਂ ਨੇ ਕਿਹੜੇ ਲੇਖਕਾਂ ਤੇ ਸੰਸਥਾਵਾਂ ਨਾਲ ਮੀਟਿੰਗਾਂ ਤੈਅ ਕਰ ਦਿੱਤੀਆਂ ਨੇ। ਕਾਫੀ ਮਿਹਨਤ ਨਾਲ ਪ੍ਰੋਗਰਾਮ ਬਣਾਇਆ ਸੀ ਉਹਨਾਂ।
ਦੂਜੇ ਪੁਰਾਣੇ ਦੋਸਤ ਅਮਾਦਉੱਦੀਨ ਸਈਦ ਨੂੰ ਫੋਨ ਕਰਨਾ ਜ਼ਰੂਰੀ ਸੀ ਕਿਉਂਕਿ ਵੀਜ਼ਾ ਫਾਰਮ ਵਿਚ ਕਰਾਚੀ ਵਿਚ ਠਾਹਰ ਦਾ ਉਹਨਾਂ ਦਾ ਹੀ ਪਤਾ ਦਿੱਤਾ ਸੀ।
ਅਮਾਦ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਹੋਟਲ ਵਿਚ ਠਹਿਰਣ 'ਤੇ ਬੜੀ ਨਾਰਾਜ਼ਗੀ ਦਿਖਾਈ। ਕਹਿਣ ਲੱਗੇ, “ਇੱਥੇ ਤੁਹਾਨੂੰ ਕੀ ਤਕਲੀਫ਼ ਹੁੰਦੀ...ਪੂਰਾ ਘਰ ਹੈ...ਨੌਕਰ ਨੇ, ਮੰਨਿਆਂ ਕਿ ਬੀਵੀ ਬਾਹਰ ਗਈ ਹੋਈ ਏ ਪਰ ਤੁਹਾਡੀ ਖ਼ਾਤਰ ਵਿਚ ਕੋਈ ਕਮੀ ਨਹੀਂ ਸੀ ਹੋਣੀ। ਤੁਹਾਡੇ ਕੋਲ ਗੱਡੀ ਤੇ ਡਰਾਈਵਰ ਰਹਿੰਦੇ।” ਮੈਂ ਸੁਣਦਾ ਰਿਹਾ। ਮੈਨੂੰ ਸਾਂਝੇ ਦੋਸਤਾਂ ਨੇ ਦੱਸਿਆ ਸੀ ਕਿ ਅਮਾਦ ਨੇ ਪਾਕਿਸਤਾਨ ਏਅਰ ਲਾਈਂਸ ਦੀ ਨੌਕਰੀ ਵਿਚ ਬੜੀ ਤਰੱਕੀ ਕੀਤੀ ਸੀ। ਫਾਰਨ ਪੋਸਟਿੰਗ 'ਤੇ ਵੀ ਰਿਹਾ ਸੀ। ਕਰਾਚੀ ਦੇ ਸਭ ਤੋਂ ਮਹਿੰਗੇ ਇਲਾਕੇ ਵਿਚ ਉਹਦੀ ਕੋਠੀ ਹੈ...ਵਗ਼ੈਰਾ...ਵਗ਼ੈਰਾ...।
ਮੈਂ ਉਹਨੂੰ ਕਿਹਾ, “ਹਾਲੇ ਸ਼ਹਿਰ ਦੇ ਵਿਚਕਾਰ ਠਹਿਰਿਆ ਆਂ ਤਾਂਕਿ ਆਉਣਾ-ਜਾਣਾ ਆਸਾਨ ਰਹੇ...ਬਾਅਦ 'ਚ ਤੁਹਾਡੇ ਕੋਲ ਆ ਜਾਵਾਂਗਾ।”
ਸ਼ਾਮ ਨੂੰ ਵੈਸੇ ਹੀ ਇਧਰ-ਉਧਰ ਸ਼ਹਿਰ ਦੇਖਣ ਦਾ ਪ੍ਰੋਗਰਾਮ ਬਣਿਆ। ਕਿਉਂਕਿ ਟੈਕਸੀ ਪੂਰੇ ਦਿਨ ਜਾਂ ਸ਼ਾਇਦ ਰਾਤ ਗਿਆਰਾਂ ਵਜੇ ਤਕ ਸੀ, ਇਸ ਲਈ ਉਸਦਾ ਪੂਰਾ ਇਸਤੇਮਾਲ ਜ਼ਰੂਰੀ ਸੀ।
“ਮੈਂ ਸੁਣਿਆ ਏ ਕਰਾਚੀ ਵਿਚ ਮੋਹਾਜਿਰਾਂ ਦੇ ਮੁਹੱਲੇ ਵੱਖਰੇ ਨੇ, ਸਿੰਧੀ ਅਲਗ ਰਹਿੰਦੇ ਨੇ, ਪਠਾਨਾਂ ਦੀਆਂ ਬਸਤੀਆਂ ਅਲਗ ਨੇ...” ਮੈਂ ਟੈਕਸੀ ਵਿਚ ਜਮਾਲ ਨੂੰ ਪੁੱਛਿਆ।
“ਹਾਂ...ਇਹੋ ਸਮਝ ਲਓ...ਵੈਸੇ ਪਾਸ਼ ਏਰੀਆਜ਼ ਵਿਚ ਇੰਜ ਨਹੀਂ...।”
“ਤੁਸੀਂ ਜਿੱਥੇ ਰਹਿੰਦੇ ਓ ਓਹ...”
“ਨਾਜਿਮਾਬਾਦ ਨਾਰਥ...ਹਾਂ ਪੂਰੀ ਤਰ੍ਹਾਂ ਮੋਹਾਜਿਰਾਂ ਦਾ ਇਲਾਕਾ ਏ।”
“ਆਸੇ-ਪਾਸੇ?”
“ਇਕ ਪਾਸੇ ਪਠਾਨਾਂ ਦੀ ਬੜੀ ਵੱਡੀ ਬਸਤੀ ਏ ਤੇ ਹੁਣ ਦੂਜੇ ਪਾਸੇ ਵੀ ਬਣ ਗਈ ਏ...ਮਤਲਬ...” ਜਮਾਲ ਚੁੱਪ ਹੋ ਗਏ।
“ਕਦੀ ਪ੍ਰੇਸ਼ਾਨੀ ਹੋ ਜਾਂਦੀ ਏ?”
“ਹਾਂ, ਜਦੋਂ ਫਸਾਦ ਹੁੰਦੇ ਨੇ...ਅਸੀਂ ਲੋਕ ਯਾਨੀ ਨਾਰਥ ਨਾਜਿਮਾਬਾਦ ਵਾਲੇ ਤਾਂ ਹੁਣ ਘਿਰ ਗਏ ਆਂ...।” ਜਮਾਨ ਨੇ ਕਿਹਾ।
ਟੈਕਸੀ ਦੌੜ ਰਹੀ ਸੀ। ਜਮਾਲ ਦੱਸਦੇ ਰਹੇ। ਫੇਰ ਅਚਾਨਕ ਉਹਨਾਂ ਨੇ ਕਿਹਾ, “ਪਠਾਨਾਂ ਦਾ ਇਲਾਕਾ ਦੇਖੋਗੇ?”
ਉਹਨਾਂ ਇੰਜ ਕਿਹਾ ਜਿਵੇਂ ਦਿਖਾਅ ਰਹੇ ਹੋਣ ਕਿ ਉਹ ਕਿੰਨੇ ਨਿਡਰ ਨੇ, ਕਿੰਨਾ ਰਿਸਕ ਲੈ ਸਕਦੇ ਨੇ।
“ਹਾਂ, ਚੱਲੋ।”
ਉਹਨਾਂ ਨੇ ਟੈਕਸੀ ਵਾਲੇ ਨੂੰ ਕੁਝ ਕਿਹਾ ਤੇ ਕੁਝ ਚਿਰ ਪਿੱਛੋਂ ਅਸੀਂ ਇਕ ਅਣਘੜ ਜਿਹੇ ਇਲਾਕੇ ਵਿਚੋਂ ਲੰਘਣ ਲੱਗੇ। ਛੋਟੀਆਂ-ਛੋਟੀਆਂ ਦੁਕਾਨਾਂ ਤੇ ਉਹਨਾਂ ਵਿਚ ਲੰਮੇਂ-ਚੌੜੇ ਪਠਾਨ ਦਿਖਾਈ ਦੇਣ ਲੱਗੇ।
“ਇਸ ਇਲਾਕੇ 'ਚੋਂ ਲੰਘਣ ਦੀ ਹਿੰਮਤ ਬੜੇ ਘੱਟ ਲੋਕਾਂ 'ਚ ਐ...ਇਹਨਾਂ ਲੋਕਾਂ, ਇਸਨੂੰ ਮਜਬੂਤ ਗੜ੍ਹ ਬਣਾ ਲਿਐ। ਪੁਲਿਸ ਵੀ ਇੱਥੇ ਵੜਨ ਤੋਂ ਡਰਦੀ ਏ।” ਕੁਝ ਚਿਰ ਤਕ ਟੈਕਸੀ ਸਿੱਧੀ, ਪਰ ਉੱਖੜੀ-ਪੁਖੜੀ ਸੜਕ, ਕਿਉਂਕਿ ਫਲਾਈ-ਓਪਰ ਵਰਗੀ ਕੋਈ ਚੀਜ਼ ਬਣ ਰਹੀ ਸੀ, ਤੋਂ ਲੰਘਦੀ ਰਹੀ—ਫੇਰ ਅਸੀਂ ਵਾਪਸ ਮੁੜ ਆਏ।
ਹੋਟਲ ਦੇ ਕਮਰੇ ਵਿਚ, ਰਾਤ ਦੇਰ ਤਕ, ਮੈਂ ਸ਼ਤਰੰਜ ਦੀਆਂ ਚਾਲਾਂ ਵਾਂਗ ਘਟਨਾਵਾਂ ਤੇ ਸਥਿਤੀਆਂ ਨੂੰ ਸਮੇਟਦਾ ਹੋਇਆ ਮੋਹਾਜਿਰ ਬਾਨਾਮ ਪਠਾਨ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਨਾਲ ਲਿਆਂਦੀਆਂ ਕਿਤਾਬਾਂ ਤੇ ਇੰਟਰਨੈਟ ਨੇ ਇਕ-ਇਕ ਪਰਤ ਨੂੰ ਸਮਝਣ ਵਿਚ ਮਦਦ ਦਿੱਤੀ। ਕੁਝ ਉੱਖੜੀਆਂ-ਪੁੱਖੜੀਆਂ, 'ਡਿਸਜਵਾਇੰਟੈਡ' ਸੂਚਨਾਵਾਂ, ਕੁਝ ਜਾਣਕਾਰੀਆਂ, ਕੁਝ ਪ੍ਰਤੀਕ੍ਰਿਆਵਾਂ ਪੂਰੀ ਤਸਵੀਰ ਬਣਾਉਣ ਲਈ ਨਾਕਾਫੀ ਸਨ, ਪਰ ਕੁਝ ਸਾਫ਼ ਇਸ਼ਾਰੇ ਸਮਝ ਵਿਚ ਆ ਰਹੇ ਸਨ।
...15 ਅਪ੍ਰੈਲ 1985 ਦੀ ਗੱਲ ਹੈ। ਬੁਸ਼ਰਾ ਜ਼ੈਦੀ ਕਰਾਚੀ ਵਿਚ ਆਪਣੇ ਘਰੋਂ ਕਾਲਜ ਜਾ ਰਹੀ ਸੀ ਕਿ 'ਯਲੋ ਬੱਸ' (ਸਿਟੀ ਬੱਸ ਸਰਵਿਸ ਜਿਹੜੀ ਪਠਾਨਾਂ ਦੇ ਹੱਥ ਵਿਚ ਸੀ ਤੇ ਦੁਰਘਟਨਾਵਾਂ ਲਈ ਆਪਣੀ ਦਿੱਲੀ ਦੀ 'ਬਲਿਊ ਲਾਈਨ' ਦੇ ਬਰਾਬਰ ਨਾਮਚੀਨ ਸੀ) ਨੇ ਉਸਨੂੰ ਕੁਚਲ ਦਿੱਤਾ। ਕਾਲਜ ਦੀਆਂ ਕੁੜੀਆਂ ਨੇ ਪ੍ਰਦਰਸ਼ਨ ਕੀਤਾ, ਜਿਹੜਾ ਅੰਦੋਲਨ ਬਣ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਈ ਤੇ ਦਸ ਵਿਦਿਆਰਥੀ ਮਾਰੇ ਗਏ। ਬੱਸਾਂ, ਦੁਕਾਨਾਂ, ਗੱਡੀਆਂ ਸਾੜੀਆਂ ਜਾਣ ਲੱਗੀਆਂ। ਪਠਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ, ਪਰ ਅਗਲੇ ਦਿਨ ਪਠਾਨਾਂ ਨੇ ਤਿਆਰ ਹੋ ਕੇ ਮੋਹਾਜਿਰਾਂ ਦੇ ਮੁਹੱਲਿਆਂ ਉੱਤੇ ਹਮਲਾ ਕੀਤਾ। ਇਹਨਾਂ ਦੰਗਿਆਂ ਵਿਚ ਸਰਕਾਰੀ ਅੰਕੜਿਆਂ ਮੁਤਾਬਕ 50 ਤੇ ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ 100 ਜਣੇ ਮਾਰੇ ਗਏ ਸਨ।
...31 ਅਕਤੂਬਰ, 1986 ਨੂੰ ਫੇਰ ਇਕ ਸੜਕ ਦੁਰਘਟਨਾ ਕਾਰਨ ਦੰਗੇ ਸ਼ੁਰੂ ਹੋਏ। ਉਸ ਸਮੇਂ ਤਕ ਐਮ.ਕਿਊ.ਐਮ. ਦੀ ਸਥਾਪਨਾਂ ਹੋ ਚੁੱਕੀ ਸੀ। ਮੋਹਾਜਿਰ ਵਧੇਰੇ ਸੰਗਠਿਤ ਤੇ ਆਕਰਮਕ ਸਨ। ਮੋਹਾਜਿਰ ਪ੍ਰਦਰਸ਼ਨਕਾਰੀਆਂ ਦੀ ਬੱਸ ਉੱਤੇ ਪਠਾਨਾਂ ਨੇ ਹਮਲਾ ਕੀਤਾ ਤੇ ਪੰਜ ਜਣੇ ਮਾਰੇ ਗਏ। ਇਸ ਦੀ ਪ੍ਰਤੀਕ੍ਰਿਆ ਵਿਚ ਪੰਜ ਦਿਨ ਤਕ ਸਿੰਧ ਦੇ ਸ਼ਹਿਰਾਂ ਵਿਚ ਮੁਹਾਜਿਰ-ਪਠਾਨ-ਦੰਗੇ ਹੁੰਦੇ ਰਹੇ, ਜਿਹਨਾਂ ਵਿਚ 40 ਲੋਕਾਂ ਦੀਆਂ ਜਾਨਾਂ ਗਈਆਂ।
...12-15 ਦਸੰਬਰ, 1986. ਮੁਹਾਜਿਰ ਸ਼ਕਤੀ ਨੂੰ ਤੋੜਨ ਲਈ ਪਾਕ ਸੈਨਾ ਦੇ 'ਕਲੀਨ ਆਪਰੇਸ਼ਨ' ਵਿਚ ਸੈਨਾ ਨੇ ਟਰਕਾਂ, ਬੁਲਡੋਜਰਾਂ ਦੇ ਨਾਲ ਮੋਹਾਜਿਰ ਕਾਲੋਨੀਆਂ ਉੱਤੇ ਹਮਲੇ ਕੀਤੇ, ਜਿਸ ਵਿਚ ਪਠਾਨ ਸੈਨਾ ਦਾ ਸਾਥ ਦੇ ਰਹੇ ਸਨ। ਪੰਜ ਦਿਨ ਚੱਲੇ ਅਪਰੇਸ਼ਨ ਵਿਚ ਮੋਹਾਜਿਰਾਂ ਦਾ ਨਰਸੰਘਾਰ ਕੀਤਾ ਗਿਆ, ਜਿਸ ਵਿਚ ਅਲੀਗੜ੍ਹ ਕਾਲੋਨੀ ਨਰਸੰਘਾਰ ਬੜਾ ਭਿਆਨਕ ਸੀ। ਪੰਜ ਦਿਨਾਂ ਵਿਚ 200 ਲੋਕਾਂ, ਯਾਨੀ ਮੋਹਾਜਿਰਾਂ ਦੀ ਹੱਤਿਆ ਹੋਈ। 'ਕਲੀਨ ਅਪਰੇਸ਼ਨ' ਨੇ ਦੰਗਿਆਂ ਤੇ ਪ੍ਰਤੀ-ਦੰਗਿਆਂ ਦਾ ਸਿਲਸਿਲਾ ਹੀ ਸ਼ੁਰੂ ਕਰ ਦਿੱਤਾ ਸੀ, ਜਿਸਦੇ ਨਤੀਜੇ ਵਜੋਂ ਘੱਟ ਤੋਂ ਘੱਟ 1000 ਲੋਕ ਮਾਰੇ ਗਏ ਸਨ।...ਪਾਕਿਸਤਾਨ ਦੇ ਪ੍ਰਸਿੱਧ ਸਮਾਚਾਰ ਪੱਤਰ ਡਾਨ 25 ਮਾਰਚ, 2011 ਦੇ ਅਨੁਸਾਰ ਕਰਾਚੀ ਵਿਚ ਮਰਨ ਵਾਲਿਆਂ ਦੀ ਗਿਣਤੀ 15 ਤਕ ਪਹੁੰਚ ਗਈ ਹੈ। ਅਣਜਾਣ ਲੋਕਾਂ ਨੇ ਦੋ ਰਾਕਟਾਂ ਨਾਲ ਹਮਲਾ ਕੀਤਾ, ਪਰ ਇਸ ਹਮਲੇ ਵਿਚ ਕਿਸੇ ਦੇ ਮਾਰੇ ਜਾਣ ਦਾ ਸਮਾਚਾਰ ਨਹੀਂ ਹੈ।
...ਡਾਨ, 24 ਮਾਰਚ 2011, ਕਰਾਚੀ ਸ਼ਹਿਰ ਦੇ ਕੁਝ ਹਿੱਸੇ ਇਕ ਵਾਰ ਫੇਰ ਦਹਿਸ਼ਤ ਗਰਦਾਂ ਦੀ ਗ੍ਰਿਫ਼ਤ ਵਿਚ ਹਨ। ਇਹ ਦੇਖਿਆ ਗਿਆ ਹੈ ਕਿ ਟਾਰਗੇਟ ਹਮਲਿਆਂ ਦੇ ਪੀੜਤ ਤੇ ਇਕ ਵਿਸ਼ੇਸ਼ ਗਰੁੱਪ ਨਾਲ ਸੰਬੰਧ ਰੱਖਣ ਵਾਲੇ ਮਰੀਜ਼ਾਂ ਨੂੰ ਆਮ ਤੌਰ 'ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਨਹੀਂ ਲੈ ਜਾਇਆ ਜਾਂਦਾ...ਹੁਣ ਐਂਬੂਲੈਂਸ ਡਰਾਈਵਰਾਂ ਨੂੰ ਵੀ ਪਤਾ ਹੈ ਕਿ ਕਿਸ ਪੀੜਤ ਨੂੰ ਕਿਸ ਹਸਪਤਾਲ ਵਿਚ ਲੈ ਕੇ ਜਾਇਆ ਜਾਣਾ ਹੈ...ਆਮ ਤੌਰ 'ਤੇ ਪਠਾਨ ਸਮੁਦਾਏ ਨਾਲ ਸੰਬੰਧਤ ਲੋਕ, ਜ਼ਿਲਾ ਪੋਸਟ ਗਰੇਜੂਏਟ ਮੈਡੀਕਲ ਸੈਂਟਰ ਤੇ ਉਰਦੂ ਭਾਸ਼ੀ ਸਮੁਦਾਏ ਦੇ ਲੋਕ, ਅੱਬਾਸੀ ਸ਼ਹੀਦ ਹਸਪਤਾਲ ਜਾਣਾ ਪਸੰਦ ਕਰਦੇ ਹਨ। ਪਾਕਿਸਤਾਨ ਮੈਡੀਕਲ ਐਸੋਸਿਏਸ਼ਨ ਦੇ ਸਾਬਕਾ ਪ੍ਰਧਾਨ ਡਾ. ਹਬੀਬੁਰ ਰਹਿਮਾਨ ਦਾ ਕਹਿਣਾ ਹੈ ਕਿ ਇਹ ਪਿਛਲੇ 10-15 ਸਾਲ ਤੋਂ ਹੋ ਰਿਹਾ ਹੈ।...
...13 ਮਾਰਚ 2001, ਦ ਡੇਲੀ ਨਿਊਜ, ਕਰਾਚੀ; ਰਾਬਿਯਾ ਸਿਟੀ ਅਪਾਰਟਮੈਂਟ ਬਿਲਡਿੰਗ, ਜਿਹੜੀ ਨੈਸ਼ਨਲ ਅਵਾਮੀ ਲੀਗ (ਪਠਾਨਾਂ ਦਾ ਰਾਜਨੀਤਕ ਦਲ) ਦੇ ਸਥਾਨਕ ਨੇਤਾ ਲਿਯਾਕਤ ਬੰਗਸ਼ ਦੇ ਪ੍ਰਭਾਵ ਵਿਚ ਹੈ ਤੇ ਮੁਦੱਸਿਰ ਚੀਫ (ਮੋਹਾਜਿਰ ਅਪਰਾਧੀ ਨੇਤਾ) ਦੇ ਪ੍ਰਭਾਵ ਵਾਲੇ ਇਲਾਕੇ ਪਹਿਲਵਾਨ ਗੋਥ ਦੇ ਵਿਚਕਾਰ, ਕਰਾਸ ਫਾਈਰਿੰਗ ਹੁੰਦੀ ਰਹੀ ਜਦਕਿ ਉੱਥੇ ਵੱਡੀ ਗਿਣਤੀ ਵਿਚ ਪੁਲਿਸ ਤੇ ਰੇਂਜਰ ਪਹੁੰਚ ਚੁੱਕੇ ਸਨ।
...28 ਮਾਰਚ, 2011 ਡਾਨ, ਕਰਾਚੀ, ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਸਵੀਕਾਰ ਕੀਤਾ ਹੈ ਕਿ ਪਿਛਲੇ 18 ਦਿਨਾਂ ਵਿਚ 43 ਲੋਕ ਟਾਰਗੇਟ ਕਿਲਿੰਗ ਵਿਚ ਮਾਰੇ ਗਏ ਸਨ।
...ਪਾਕਿਸਤਾਨ ਮਾਨਵ ਅਧਿਕਾਰ ਆਯੋਗ ਨੇ ਆਪਣੀ ਰਿਪੋਰਟ (2010) ਵਿਚ ਦੱਸਿਆ ਕਿ ਪਾਕਿਸਤਾਨ ਵਿਚ 2010 ਵਿਚ 12000 ਨਾਲੋਂ ਵੱਧ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਸਨ। ਰਿਪੋਰਟ ਵਿਚ ਵਿਸਥਾਰ ਨਾਲ ਦੱਸਿਆ ਗਿਆ ਕਿ ਕਰਾਚੀ ਦੀ ਟਾਰਗੇਟ ਕਿਲਿੰਗ ਵਿਚ 538 ਲੋਕ ਮਾਰੇ ਗਏ ਤੇ 67 ਆਤਮਘਾਤੀ ਹਮਲਿਆਂ ਵਿਚ 1159 ਲੋਕਾਂ ਦੀਆਂ ਜਾਨਾਂ ਗਈਆਂ ਆਦਿ ਆਦਿ...।
ਕਰਾਚੀ ਦੇ ਸਾਹਿਤਕ ਸਾਂਸਕ੍ਰਿਤਕ ਜੀਵਨ ਵਿਚ ਇਕ ਬੜਾ ਪ੍ਰਮੁੱਖ ਨਾਂ ਹੈ, ਡਾ. ਆਸਿਫ ਫੱਰੁਖੀ। ਡਾ. ਆਸਿਫ ਪੇਸ਼ੇ ਦੇ ਡਾਕਟਰ ਤੇ ਦਿਲ ਦੇ ਲੇਖਕ ਨੇ। ਉਹ ਕਰਾਚੀ ਤੋਂ ਉਰਦੂ ਦਾ ਪ੍ਰਸਿੱਧ ਪਰਚਾ 'ਹਮਜਾਦ' ਕੱਢਦੇ ਨੇ। 'ਡਾਨ' ਅਖ਼ਬਾਰ ਲਈ ਵੀ ਲਿਖਦੇ ਰਹਿੰਦੇ ਨੇ। ਬੜੇ ਅੱਛੇ ਕਹਾਣੀਕਾਰ ਨੇ। ਕਈ ਸੰਗ੍ਰਹਿ ਪ੍ਰਕਾਸ਼ਤ ਹੋਏ ਨੇ। ਡਾ. ਆਸਿਫ ਅਨੁਵਾਦ ਦੇ ਖੇਤਰ ਵਿਚ ਵੀ ਕਾਰਜਸ਼ੀਲ ਨੇ। ਉਹਨਾਂ ਦੇ ਉਰਦੂ ਤੋਂ ਅੰਗਰੇਜ਼ੀ ਅਨੁਵਾਦ ਬੜੇ ਸਲਾਹੇ ਜਾਂਦੇ ਨੇ। ਕਰਾਚੀ ਸ਼ਹਿਰ ਉੱਤੇ ਲਿਖੀ ਉਹਨਾਂ ਦੀ ਪੁਸਤਕ 'ਪੇਂਗੁਇਨ' ਨੇ ਛਾਪੀ ਹੈ।
ਆਸਿਫ ਸਾਹਬ ਹੋਟਲ ਮਿਲਣ ਆਏ ਤਾਂ ਉਹਨਾਂ ਨਾਲ ਪਾਕਿਸਤਾਨ ਤੇ ਭਾਰਤ ਦੇ ਕਈ ਪੱਖਾਂ ਉੱਤੇ ਗੱਲਬਾਤ ਹੋਣ ਲੱਗੀ। ਉਹਨਾਂ ਸਾਫ਼ ਕਿਹਾ ਕਿ ਜਿਸ ਦਿਨ ਕਰਾਚੀ ਵਿਚ ਚਾਰ-ਪੰਜ ਜਣੇ ਕਤਲ ਕੀਤੇ ਜਾਂਦੇ ਨੇ ਤਾਂ ਸਾਰੇ ਮੰਨਦੇ ਨੇ, ਆਮ ਜਿਹਾ ਦਿਨ ਬੀਤ ਗਿਆ। ਜਦ ਤਾਦਾਦ ਵੀਹ-ਪੱਚੀ ਤਕ ਪਹੁੰਚਦੀ ਹੈ ਤਾਂ ਥੋੜ੍ਹਾ ਲੱਗਦਾ ਹੈ ਕਿ ਦੰਗਾ ਵਗ਼ੈਰਾ ਹੋ ਗਿਆ ਹੈ।
ਮੈਂ ਸੋਚਿਆ ਕਿ ਕਰਾਚੀ ਦੇ ਵਿਸ਼ੇਸ਼ਕ ਡਾ. ਆਸਿਫ ਤੋਂ ਪਾਕਿਸਤਾਨ ਵਿਚ ਘੱਟ-ਗਿਣਤੀ ਵਾਲੇ ਹਿੰਦੂ ਤੇ ਮੰਦਰਾਂ ਆਦਿ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
ਡਾ. ਆਸਿਫ ਸੱਚਮੁੱਚ ਬੜੇ ਜਾਣਕਾਰ ਨਿਕਲੇ। ਉਹਨਾਂ ਨੇ ਜੋ ਦੱਸਿਆ ਉਹ ਸਭ ਮੈਨੂੰ ਪੂਰੀ ਤਰ੍ਹਾਂ ਯਾਦ ਹੋ ਗਿਆ ਹੈ—ਦੰਦ ਕਥਾਵਾਂ, ਪਰੰਪਰਾਵਾਂ, ਮਿਥਕ ਤੇ ਇਤਿਹਾਸ ਦੇ ਸਥਾਨਕ ਵਿਸ਼ਵਾਸਾਂ ਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਕਿ ਕਰਾਚੀ ਹਿੰਦੂਆਂ ਦਾ ਇਕ ਵੱਡਾ ਤੀਰਥ ਸਥਾਨ ਰਿਹਾ ਹੈ। ਉਹਨਾਂ ਦੱਸਿਆ ਕਿ ਸਥਾਨਕ ਵਿਸ਼ਵਾਸ ਅਨੁਸਾਰ ਰਾਮ ਤੇ ਸੀਤਾ ਨੇ ਬਨਵਾਸ ਕਰਾਚੀ ਖੇਤਰ ਵਿਚ ਲਿਆ ਸੀ। ਇੱਥੇ ਆਰਾਮ ਬਾਗ਼ ਨਾਂ ਦਾ ਇਕ ਬੱਸ ਸਟਾਪ ਹੈ ਜਿਸਦਾ ਅਸਲੀ ਨਾਂ ਰਾਮ ਬਾਗ਼ ਹੈ। ਇੱਥੇ ਮੰਨਿਆਂ ਜਾਂਦਾ ਹੈ ਕਿ ਇਹੀ ਉਹ ਜਗ੍ਹਾ ਹੈ ਜਿੱਥੇ ਰਾਮ ਤੇ ਸੀਤਾ ਰਹੇ ਸਨ। ਬਿਲੋਚਿਸਤਾਨ ਵਿਚ ਹਿੰਗਜਾਲ ਮਾਤਾ ਦਾ ਮੰਦਰ ਬੜਾ ਪ੍ਰਾਚੀਨ ਤੇ ਪ੍ਰਸਿੱਧ ਹੈ। ਕਰਾਚੀ ਦੇ ਕਲਿਫਟਨ ਦੇ ਇਲਾਕੇ ਵਿਚ ਇਕ ਸ਼ਿਵ ਮੰਦਰ ਹੈ ਜਿਹੜਾ ਸਮੁੰਦਰ ਦੀ ਸਤਹ ਦੇ ਹੇਠ ਹੈ। ਇਹ ਧਾਰਨਾ ਹੈ ਕਿ ਸਿੰਧ ਦੇ ਰਾਜੇ ਯੁੱਧ ਵਿਚ ਜਾਣ ਤੋਂ ਪਹਿਲਾਂ ਇਸ ਮੰਦਰ ਵਿਚ ਆ ਕੇ ਪੂਜਾ ਕਰਦੇ ਹੁੰਦੇ ਸਨ ਤੇ ਮੰਦਰ ਦਾ ਪੁਜਾਰੀ ਉਹਨਾਂ ਨੂੰ ਯੁੱਧ ਵਿਚ ਜਿੱਤ ਪ੍ਰਾਪਤ ਹੋਣ ਦਾ ਅਸ਼ੀਰਵਾਦ ਦੇਂਦਾ ਸੀ। ਸਿੰਧ ਦੇ ਆਖ਼ੀਰਲੇ ਹਿੰਦੂ ਰਾਜਾ ਦਾਹਿਰ ਨੇ ਆਪਣੀ ਭੈਣ ਨਾਲ ਵਿਆਹ ਕਰ ਲਿਆ ਸੀ। ਇਸ ਗੱਲ ਉੱਤੇ ਰਾਜ ਦੇ ਪ੍ਰੋਹਤ ਤੇ ਧਰਮ-ਆਚਾਰੀਆ ਉਸ ਨਾਲ ਨਾਰਾਜ਼ ਸਨ। ਦਾਹਿਰ, ਅਰਬ ਹਮਲਾਵਰਾਂ ਨਾਲ ਯੁੱਧ ਕਰਨ ਤੋਂ ਪਹਿਲਾਂ ਪਰੰਪਰਾ ਅਨੁਸਾਰ ਸ਼ਿਵ ਮੰਦਰ ਵਿਚ ਪੂਜਾ ਕਰਨਾ ਚਾਹੁੰਦਾ ਸੀ, ਪਰ ਮੰਦਰ ਦੇ ਪ੍ਰੋਹਤ ਨੇ ਉਸਨੂੰ ਭੈਣ ਨਾਲ ਸ਼ਾਦੀ ਕਰਨ ਕਰਕੇ ਆਗਿਆ ਨਹੀਂ ਦਿੱਤੀ ਤੇ ਉਹ ਬਿਨਾਂ ਪੂਜਾ ਕੀਤੇ ਅਰਬ ਸੈਨਾ ਨਾਲ ਲੜਨ ਚਲਾ ਗਿਆ ਤੇ ਹਾਰ ਗਿਆ।
ਮੈਂ ਡਾ. ਆਸਿਫ ਨੂੰ ਕਰਾਚੀ ਦੀ ਹਿੰਦੂ ਆਬਾਦੀ ਬਾਰੇ ਕਈ ਸਵਾਲ ਕੀਤੇ ਤੇ ਕਰਾਚੀ ਦੇ ਹਿੰਦੂ ਮੰਦਰ ਦੇਖਣ ਦੀ ਇੱਛਾ ਜਾਹਰ ਕੀਤੀ। ਡਾ. ਆਸਿਫ ਨੇ ਕਿਹਾ ਕਿ ਉਹ ਇਕ ਹਿੰਦੂ ਨੌਜਵਾਨ ਕਰੀਮ ਨੂੰ ਮੇਰੇ ਕੋਲ ਭੇਜਣਗੇ, ਜਿਹੜਾ ਮੈਨੂੰ ਹਿੰਦੂ ਮੰਦਰ ਦਿਖਾਏਗਾ। ਉਹਨਾਂ ਨੇ ਮੇਰੇ ਸਾਹਮਣੇ ਉਸਨੂੰ ਫੋਨ ਕੀਤਾ ਤੇ ਦਿਨ, ਟਾਈਮ ਵਗ਼ੈਰਾ ਤੈਅ ਕਰ ਦਿੱਤਾ। ਮੈਨੂੰ ਕਰੀਮ ਦਾ ਫੋਨ ਨੰਬਰ ਦੇ ਦਿੱਤਾ।
ਕਰਾਚੀ ਹੀ ਨਹੀਂ ਲਾਹੌਰ ਵਿਚ ਵੀ ਮੈਨੂੰ ਲੱਗਿਆ ਕਿ ਪਾਕਿਸਤਾਨ ਵਿਚ ਹਿੰਦੂਆਂ ਤੇ ਈਸਾਈਆਂ ਨੇ ਆਪਣੇ ਪਹਿਲੇ ਨਾਂ (ਫਸਟ ਨੇਮ) ਅਜਿਹੇ ਰੱਖੇ ਹੋਏ ਨੇ ਜਿਸ ਤੋਂ ਉਹਨਾਂ ਦੇ ਧਰਮ ਦਾ ਪਤਾ ਨਹੀਂ ਲੱਗਦਾ। ਕਰਾਚੀ ਵਿਚ ਅਜਿਹੇ ਡਰਾਈਵਰਾਂ ਨੂੰ ਮਿਲਿਆ ਤੇ ਲਾਹੌਰ ਵਿਚ ਇਕ ਡਰਾਈਵਰ ਦੇ ਨਾਂ ਦੀ ਵੀ ਇਹੋ ਸਥਿਤੀ ਦੇਖੀ ਸੀ। ਪ੍ਰਧਾਨ ਮੰਤਰੀ ਆਸਿਫ ਜਰਦਾਰੀ ਦੇ ਮੰਤਰੀ ਮੰਡਲ ਦੇ ਇਕੱਲੇ ਸਵਰਗੀ ਈਸਾਈ ਮੰਤਰੀ ਸ਼ਹਬਾਜ਼ ਭੱਟੀ ਦੇ ਪਹਿਲੇ ਨਾਂ ਤੋਂ ਵੀ ਕੋਈ ਇਹ ਪਤਾ ਨਹੀਂ ਲਾ ਸਕਦਾ ਸੀ ਕਿ ਉਹ ਈਸਾਈ ਹੋਣਗੇ।
ਡਾ. ਆਸਿਫ ਨੇ ਮੈਨੂੰ ਕਿਹਾ ਕਿ ਉਹ ਡਾਕਟਰਾਂ ਦੀ ਕਾਨਫਰੰਸ ਵਿਚ ਹਿਲਟਨ ਹੋਟਲ ਜਾ ਰਹੇ ਨੇ। ਮੈਂ ਚਾਹਾਂ ਤਾਂ ਉਹਨਾਂ ਦੇ ਨਾਲ ਚੱਲ ਸਕਦਾ ਹਾਂ। ਮੈਂ ਤਿਆਰ ਹੋ ਗਿਆ।
ਕਰਾਚੀ ਦਾ 'ਹਿਲਟਨ ਹੋਟਲ' ਪੁਰਾਣਾ ਹੈ। ਮੇਰੇ ਖ਼ਿਆਲ ਵਿਚ ਘੱਟੋਘੱਟ ਤੀਹ ਸਾਲ ਪੁਰਾਣਾ ਹੋਵੇਗਾ। ਹੁਣ ਉਸਦੀ ਉਹ ਸ਼ਾਨ ਨਹੀਂ ਹੈ ਜਿਹੜੀ ਪਹਿਲਾਂ ਹੁੰਦੀ ਹੋਵੇਗੀ। ਦਿੱਲੀ ਤੇ ਮੁੰਬਈ ਦੇ ਸੱਤ ਸਿਤਾਰਾ ਹੋਟਲਾਂ ਨਾਲ ਉਸਦਾ ਕੋਈ ਮੁਕਾਬਲਾ ਨਹੀਂ ਹੈ। ਫੇਰ ਵੀ ਹਿਲਟਨ ਵਿਚ ਕਰਾਚੀ ਦਾ ਉੱਚ ਵਰਗ ਹੀ ਜਾਂਦਾ ਹੈ। ਇੱਥੇ ਔਰਤਾਂ ਨੂੰ ਆਧੁਨਿਕ ਕੱਪੜਿਆਂ ਵਿਚ ਦੇਖਿਆ। ਇਸ ਤੋਂ ਪਹਿਲਾਂ ਲਾਹੌਰ ਵਿਚ ਵੀ ਮੈਂ ਨੋਟਿਸ ਕੀਤਾ ਸੀ ਕਿ ਆਧੁਨਿਕ ਕੱਪੜੇ ਪਾਈ ਕੁੜੀਆਂ ਜਾਂ ਔਰਤਾਂ ਪਾਕਿਸਤਾਨ ਵਿਚ ਆਮ ਜਗਾਹਾਂ ਜਿਵੇਂ ਔਸਤ ਦਰਜੇ ਦੇ ਬਾਜ਼ਾਰਾਂ, ਰੇਲਵੇ ਸਟੇਸ਼ਨ, ਰੇਸਤਰਾਂ ਵਗ਼ੈਰਾ ਵਿਚ ਨਹੀਂ ਦਿਖਾਈ ਦੇਂਦੀਆਂ।
ਕਾਨਫਰੰਸ ਜਾਰੀ ਸੀ। ਅਸੀਂ ਲੋਕ ਬਾਹਰ ਹੀ ਖੜ੍ਹੇ ਹੋ ਗਏ। ਗੱਲਬਾਤ ਦੌਰਾਨ ਡਾ. ਆਸਿਫ ਨੇ ਕਿਹਾ ਕਿ ਕਰਾਚੀ ਵਿਚ ਹੁਣ ਤਕ ਬਿਆਲੀ ਸ਼ੀਆ ਡਾਕਟਰਾਂ ਕੀ ਹੱਤਿਆ ਹੋ ਚੁੱਕੀ ਹੈ।
“ਕਿਉਂ?”
“ਸ਼ੀਆ ਸੁੰਨੀ ਕਾਨਫਲਿਕਟ।” ਉਹ ਬੋਲੇ।
“ਸਿਰਫ਼ ਡਾਕਟਰ ਹੀ ਕਿਉਂ?”
“ਸੋਸਾਇਟੀ ਦੇ ਯੋਗ ਲੋਕ...ਕਾਬਿਲ ਲੋਕ...ਪ੍ਰੋਫੈਸ਼ਨਲ ਲੋਕ।” ਉਹ ਬੋਲੇ।
“ਸ਼ੀਆਵਾਂ ਨੇ ਸੁੰਨੀਆਂ ਉੱਤੇ ਵੀ ਅਜਿਹੇ ਹਮਲੇ ਕੀਤੇ ਹੋਣਗੇ?”
“ਨਹੀਂ...ਸ਼ੀਆਵਾਂ ਵਿਚ ਏਨੀ ਤਾਕਤ ਨਹੀਂ, ਉਹਨਾਂ ਦੀ ਗਿਣਤੀ ਬੜੀ ਘੱਟ ਏ ਤੇ ਫੇਰ ਉਸਦਾ 'ਰੀਐਕਸ਼ਨ' ਬੜਾ ਵੱਧ ਹੁੰਦਾ...ਇਸ ਲਈ ਟਾਰਗੇਟੇਡ ਹਮਲਿਆਂ ਦੀ ਗੱਲ ਤਾਂ ਨਹੀਂ ਕਹੀ ਜਾ ਸਕਦੀ, ਪਰ ਸੁਸਾਈਡ ਬਾਂਬਿੰਗ ਹੋ ਸਕਦੀ ਏ।” ਉਹਨਾਂ ਦੱਸਿਆ।
“ਅੱਛਾ ਇਹ ਜਿਹੜੇ ਮਸਜਿਦਾਂ ਵਿਚ ਬੰਬ ਵਿਸਫੋਟ ਹੁੰਦੇ ਨੇ...” ਮੈਂ ਕਿਹਾ।
“ਹਾਂ।” ਉਹ ਬੋਲੇ।
ਪਾਕਿਸਤਾਨ ਦੇ ਜਾਤੀ ਸੰਘਰਸ਼ਾਂ ਵਿਚ ਸ਼ੀਆ-ਸੁੰਨੀ ਸੰਘਰਸ਼ ਬਾਰੇ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਇਹ ਕੱਟੜਵਾਦੀ ਸੁੰਨੀ ਮੁਸਲਮਾਨਾਂ ਤੇ ਸ਼ੀਆਵਾਂ ਦਾ ਸੰਘਰਸ਼ ਹੈ। ਇਸਲਾਮ ਧਰਮ ਤੇ ਖਿਲਾਫਤ ਦੇ ਉੱਚ ਅਧਿਕਾਰੀਆਂ ਵਿਚਕਾਰ ਮੱਤ-ਭੇਦਾਂ ਕਾਰਨ ਸ਼ੀਆ ਤੇ ਸੁੰਨੀ ਮੁਸਲਮਾਨਾਂ ਵਿਚ ਪੁਰਾਣਾ ਅੰਤਰ ਵਿਰੋਧ ਹੈ, ਜਿਹੜਾ ਕਦੀ-ਕਦੀ ਅਤਿ ਉਗਰ ਹੋ ਜਾਂਦਾ ਹੈ ਤੇ ਕਦੀ ਸ਼ਾਂਤ ਰਹਿੰਦਾ ਹੈ। ਕੱਟੜਪੰਥੀ ਸੁੰਨੀ ਮੁਸਲਮਾਨ ਸ਼ੀਆਵਾਂ ਉੱਤੇ ਇਸਲਾਮ ਨੂੰ ਅਸ਼ੁੱਧ ਕਰਨ ਦਾ ਦੋਸ਼ ਲਾਉਂਦੇ ਨੇ। ਪਾਕਿਸਤਾਨ ਵਿਚ ਇਹ ਸਮੱਸਿਆ ਇਕ ਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ। ਦੱਖਣ ਪੰਜਾਬ ਦੇ ਝੰਗ ਜ਼ਿਲੇ ਵਿਚ ਸ਼ੀਆ-ਸੁੰਨੀ ਸੰਘਰਸ਼ ਵਿਚ 1985 ਤੋਂ ਲੈ ਕੇ 1989 ਦੇ ਵਿਚਕਾਰ 300 ਨਾਲੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਨੇ ਤੇ ਸ਼ਹਿਰ ਸੱਚਮੁੱਚ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ, ਦੋਵੇਂ ਫਿਰਕੇ ਅਲਗ-ਅਲਗ ਰਹਿੰਦੇ ਨੇ। ਆਨ ਲਾਈਨ ਇਨਸਾਈਕਲੋਪੀਡੀਆ ਆਫ ਮਾਸ ਵਾਯਲੈਂਸ ਅਨੁਸਾਰ 1989 ਤੋਂ ਲੈ ਕੇ 2003 ਦੇ ਵਿਚਕਾਰ ਇਸ ਸੰਘਰਸ਼ ਵਿਚ 1468 ਲੋਕ ਮਾਰੇ ਗਏ ਸਨ ਤੇ 3,370 ਲੋਕ ਜ਼ਖ਼ਮੀ ਹੋਏ ਸਨ। ਨੌਂਵੇਂ ਦਹਾਕੇ ਦੇ ਅੱਧ ਤਕ ਇਹ ਹਿੰਸਾ ਸਿਰਫ ਪੰਜਾਬ ਵਿਚ ਕੇਂਦਰਿਤ ਸੀ, ਪਰ ਹੁਣ ਇਹ ਦੇਸ਼ ਦੇ ਹੋਰ ਭਾਗਾਂ ਵਿਚ ਵੀ ਫੈਲ ਚੁੱਕੀ ਹੈ। ਕਰਾਚੀ ਵਿਚ 1994-95 ਵਿਚ 103 ਸ਼ੀਆ ਤੇ 28 ਸੁੰਨੀ ਇਸ ਹਿੰਸਾ ਦੀ ਭੇਂਟ ਚੜ੍ਹ ਚੁੱਕੇ ਨੇ। ਪਾਕਿਸਤਾਨ ਵਿਚ ਇਹ ਹਿੰਸਾ ਜਾਰੀ ਹੈ। 2003 ਵਿਚ ਬਿਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੀ ਜਾਮਾ ਮਸਜਿਦ ਤੇ ਇਮਾਮ-ਬਾਰਗਾਹ ਵਿਚ ਕੀਤੇ ਗਏ ਇਕ ਆਤਮਘਾਤੀ ਹਮਲੇ ਵਿਚ 53 ਸ਼ੀਆ ਮਾਰੇ ਗਏ ਸਨ। ਦੂਜਾ ਵੱਡਾ ਹਮਲਾ 1 ਅਕਤੂਬਰ, 2004 ਵਿਚ ਸਿਆਲਕੋਟ ਦੀ ਸ਼ੀਆ ਮਸਜਿਦ 'ਤੇ ਕੀਤਾ ਗਿਆ ਸੀ, ਜਿਸ ਵਿਚ 75 ਲੋਕ ਜਾਨੋਂ ਗਏ ਸਨ। ਇਹ ਹਮਲੇ ਜਾਰੀ ਨੇ।
ਸ਼ੀਆ-ਸੁੰਨੀ ਕੌਮ ਵਿਚਕਾਰ ਹਥਿਆਰਬੰਦ ਸੰਘਰਸ਼ ਦੇ ਕਾਰਨਾ ਵਿਚ ਪ੍ਰਮੁੱਖ ਕਾਰਨ ਜਨਰਲ ਜਿਯਾਉਲ ਹੱਕ ਦੁਆਰਾ ਪਾਕਿਸਤਾਨ ਦਾ ਇਸਲਾਮੀਕਰਨ ਮੰਨਿਆਂ ਜਾਂਦਾ ਹੈ। ਪਾਕਿਸਤਾਨ ਦਾ ਇਸਲਾਮੀਕਰਨ ਦਰਅਸਲ ਬਹੁਗਿਣਤੀ ਸੁੰਨੀ ਮੁਸਲਿਮ ਸਮਾਜ ਦੀਆਂ ਗੁੰਝੀਆਂ ਇੱਛਾਵਾਂ ਅਨੁਸਾਰ ਕੀਤਾ ਗਿਆ ਸੀ, ਜਿਸਦਾ ਸ਼ੀਆ ਸਮਾਜ ਨੇ ਵਿਰੋਧ ਕੀਤਾ ਸੀ। ਦੂਜਾ ਕਾਰਨ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਤਰ 'ਤੇ ਹੋਣ ਵਾਲੀਆਂ ਘਟਨਾਵਾਂ ਜਿਵੇਂ ਈਰਾਨ ਦੀ ਇਸਲਾਮੀ ਕ੍ਰਾਂਤੀ (1979), ਅਫਗਾਨਿਸਤਾਨ 'ਤੇ ਸੋਵੀਅਤ ਹਮਲਾ (1979-88), ਈਰਾਨ-ਇਰਾਕ ਯੁੱਧ (1980-88) ਤੇ ਕਸ਼ਮੀਰ ਦਾ 'ਜਿਹਾਦ' ਮੰਨੀਆਂ ਜਾਂਦੀਆਂ ਨੇ। ਇਸ ਦੇ ਇਲਾਵਾ ਕੱਟੜਪੰਥੀ ਸੁੰਨੀਆਂ ਨੂੰ ਸਾਊਦੀ ਅਰਬ, ਇਕ ਸਮੇਂ ਵਿਚ ਇਰਾਕ ਦੀ ਆਰਥਕ ਸਹਾਇਤਾ ਤੇ ਸ਼ੀਆ ਕੱਟੜਪੰਥੀਆਂ ਨੂੰ ਈਰਾਨ ਦੀ ਸਹਾਇਤਾ ਨੇ ਵੀ ਇਸ ਸੰਘਰਸ਼ ਨੂੰ ਚੋਖੀ ਹਵਾ ਦਿੱਤੀ ਹੈ।
ਡਾ. ਜਮਾਲ ਨਕਵੀ ਨੇ ਤੈਅ ਕੀਤਾ ਕਿ ਮੈਨੂੰ ਕਰਾਚੀ ਦੇ ਸਾਰੇ ਕੋਨੇ ਦਿਖਾ ਦੇਣਗੇ। ਮੈਨੂੰ ਇਹ ਖ਼ਿਆਲ ਪਸੰਦ ਆਇਆ ਸੀ। ਅਸੀਂ ਸਮੁੰਦਰ ਦੇ ਕਿਨਾਰੇ ਦੂਰ ਤਕ ਚਲੇ ਗਏ, ਜਿੱਥੇ ਬੰਦਰਗਾਹ ਹੈ। ਇੱਥੋਂ ਹੀ ਉਹਨਾਂ ਦੂਰੋਂ ਕਲਿਫਟਨ ਵਾਲਾ ਮੰਦਰ ਦਿਖਾਇਆ, ਜਿੱਥੇ ਮੈਂ ਹਿੰਦੂ ਨੌਜਵਾਨ ਨਾਲ ਜਾਣਾ ਸੀ। ਅਸੀਂ ਵਾਪਸ ਪੁਰਾਣੀ ਕਰਾਚੀ ਵਿਚ ਆ ਗਏ। ਇਹ ਵੰਡ ਤੋਂ ਪਹਿਲਾਂ ਦੀ ਕਰਾਚੀ ਹੈ ਤੇ ਕੁਝ ਜਗਾਹਾਂ ਪੱਖੋਂ ਸ਼ਾਇਦ ਮੁੰਬਈ ਨਾਲ ਮਿਲਦੀ ਹੈ। ਪੁਰਾਣੀ ਮੁੰਬਈ ਦੇ ਇਲਾਕੇ, ਜਿੱਥੇ ਕਾਰੋਬਾਰੀ ਲੋਕ ਰਹਿੰਦੇ ਸਨ, ਵਰਗੇ ਮਕਾਨ ਦਿਖਾਈ ਦਿੱਤੇ। ਹੇਠਾਂ ਦੁਕਾਨਾਂ ਤੇ ਉੱਤੇ ਚਾਰ-ਪੰਜ ਮੰਜ਼ਿਲਾ ਇਮਾਰਤ। ਮੈਂ ਤਸਵੀਰਾਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਉਹੀ ਹੋਇਆ ਜੋ ਮੁਲਤਾਨ ਵਿਚ ਦੇਖ ਚੁੱਕਿਆ ਸੀ। ਲੋਹੇ ਦੀ ਰੇਲਿੰਗ ਦੇ ਵਿਚ 'ਓਮ' ਬਣਿਆ ਹੋਇਆ ਸੀ। ਡਾ. ਜਮਾਲ ਨੇ ਦੱਸਿਆ ਕਿ ਇਹ ਏਰੀਆ ਪੂਰੀ ਤਰ੍ਹਾਂ ਹਿੰਦੂ ਸਿੰਧੀ ਵਪਾਰੀਆਂ ਦਾ ਇਲਾਕਾ ਹੁੰਦਾ ਸੀ। ਕਰਾਚੀ ਦੇ ਵੱਡੇ ਉਦਯੋਗ-ਵਪਾਰ ਹਿੰਦੂ ਸਿੰਧੀ ਵਪਾਰੀਆਂ ਜਾਂ ਕੁਝ ਬੋਹਰਾ ਮੁਸਲਮਾਨਾਂ ਦੇ ਹੱਥ ਵਿਚ ਸਨ।
ਐਤਵਾਰ ਦਾ ਦਿਨ ਸੀ। ਬਾਜ਼ਾਰ ਬੰਦ ਸਨ। ਪਰ ਇਮਾਰਤਾਂ ਦਿਲਚਸਪ ਸਨ। ਉਹਨਾਂ ਵਿਚ ਕਰਾਚੀ ਦਾ ਪੂਰਾ ਇਤਿਹਾਸ ਲੁਕਿਆ ਹੋਇਆ ਸੀ। ਅਸੀਂ ਲੋਕ ਟੈਕਸੀ ਵਿਚ ਇਲਾਕੇ ਦਾ ਚੱਕਰ ਲਾਉਂਦੇ ਰਹੇ, ਰੁਕਦੇ ਰਹੇ। ਕੁਝ ਚਿਰ ਬਾਅਦ ਮੈਂ ਮਹਿਸੂਸ ਕੀਤਾ ਕਿ ਜਮਾਲ ਕੁਝ ਥੱਕ ਜਾਂਦੇ ਨੇ ਜਾਂ ਸੋਚਦੇ ਨੇ, ਸੈਂਕੜੇ ਵਾਰੀ ਦੇਖੀਆਂ ਇਮਾਰਤਾਂ ਤੇ ਬਾਜ਼ਾਰਾਂ ਨੂੰ ਫਰਬਰੀ ਦੀ ਧੁੱਪ ਵਿਚ ਦੇਖਣ ਦੀ ਕੀ ਤੁਕ ਹੈ। ਕੁਝ ਦੇਰ ਬਾਅਦ ਮੈਂ ਉਹਨਾਂ ਨੂੰ ਕਿਹਾ, “ਤੁਸੀਂ ਗੱਡੀ ਵਿਚ ਬੈਠੋ ਮੈਂ ਇਕੱਲਾ ਹੀ ਇਸ ਇਲਾਕੇ ਵਿਚ ਘੁੰਮਣਾ ਚਾਹੁੰਦਾ ਹਾਂ।” ਜਮਾਲ ਘਬਰਾ ਗਏ ਕਿਉਂਕਿ ਕਰਾਚੀ ਦੇ ਉਸ ਇਲਾਕੇ ਵਿਚ ਇਕੱਲਾ।
“ਨਹੀਂ...ਨਹੀਂ ਇੰਜ ਕੀ ਐ...ਗੱਡੀ 'ਚ ਚਲਦੇ ਆਂ...ਜਿੱਥੇ ਕਹੋਗੇ ਗੱਡੀ ਰੋਕ ਦਿੱਤੀ ਜਾਏਗੀ। ਦੇਖ ਲੈਣਾ।”
“ਨਹੀਂ ਯਾਰ ਗੱਲ ਬਣੇਗੀ ਨਹੀਂ।”
“ਓਅ...ਇਸ ਵਿਚ ਕੀ ਪ੍ਰੇਸ਼ਾਨੀ ਏਂ?”
“ਯਾਰ...ਮੈਨੂੰ ਆਪਣੇ ਆਪ ਨੂੰ ਥਕਾਉਣ 'ਚ ਮਜ਼ਾ ਆਉਂਦਾ ਏ।”
ਜਮਾਲ ਨਕਵੀ ਹੱਸਣ ਲੱਗੇ। ਉਹਨਾਂ ਦੀ ਫਿਕਰ ਦਾ ਕਾਰਨ ਸੀ, ਮੇਰਾ ਪੁਆਇੰਟ ਵੀ ਆਪਣੀ ਜਗ੍ਹਾ ਸਹੀ ਸੀ। ਮੈਂ ਰੋਜ਼ ਰੋਜ਼ ਕਰਾਚੀ ਦੇ ਇਸ ਇਲਾਕੇ ਵਿਚ ਨਹੀਂ ਆ ਸਕਦਾ ਸਾਂ, ਨਾ ਘੁੰਮ ਸਕਦਾ ਸਾਂ। ਅੱਜ ਮੌਕਾ ਸੀ ਤੇ ਮੈਂ ਘੁੰਮਣਾ ਚਾਹੁੰਦਾ ਸਾਂ...ਆਪਣੇ ਤੌਰ 'ਤੇ ਘੁੰਮਣਾ ਚਾਹੁੰਦਾ ਸਾਂ ਸੋ...।
“ਠੀਕ ਏ...ਤੁਹਾਡੇ ਕੋਲ ਮੋਬਾਇਲ ਤਾਂ ਹੈ ਨਾ?” ਜਮਾਲ ਨੇ ਪੁੱਛਿਆ।
“ਹਾਂ ਹੈ?”
“ਤੇ ਪਾਸਪੋਰਟ?”
“ਪਾਸਪੋਰਟ ਦੀ ਕਾਪੀ ਹੈ...ਤੇ ਵੀਜ਼ਾ ਵੀ...।”
“ਠੀਕ ਐ...ਪੈਸੇ ਤਾਂ ਬਹੁਤੇ ਨਹੀਂ?”
“ਪੈਸੇ ਪੰਜ-ਸਤ ਹਜ਼ਾਰ ਪਾਕਿਸਤਾਨੀ ਰੁਪਏ।”
“ਅੱਛਾ...ਠੀਕ ਐ...ਤੁਸੀਂ ਘੁੰਮੋ...ਜ਼ਰਾ ਵੀ ਕੋਈ ਪ੍ਰਾਬਲਮ ਹੋਏ ਤਾਂ ਦੱਸਣਾ, ਠੀਕ ਏ।”
“ਹਾਂ...ਠੀਕ ਏ।”
ਮੈਂ ਜਮਾਲ ਨਕਵੀ ਨੂੰ ਛੱਡ ਕੇ ਅਤੀਤ ਵਿਚ ਚਲਾ ਗਿਆ। ਸਾਹਮਣੇ ਕੋਈ ਸੌ ਸਾਲ ਪੁਰਾਣੀ ਇਮਾਰਤ ਨਜ਼ਰ ਆ ਰਹੀ ਸੀ। ਨੇੜੇ ਜਾ ਕੇ ਦੇਖਿਆ ਤਾਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਕਰਾਚੀ ਦੀ ਸ਼ਾਨਦਾਰ ਇਮਾਰਤ ਸੀ। ਮੈਂ ਉਸਦੇ ਹੋਰ ਨੇੜੇ ਗਿਆ ਤਾਂ ਗੇਟ ਦੇ ਇਕ ਪਾਸੇ ਅੰਗਰੇਜ਼ੀ ਵਿਚ ਲਿਖਿਆ ਸੀ, “ਇਸ ਇਮਾਰਤ ਦੀ ਨੀਂਹ 8 ਜੁਲਾਈ, 1934 ਨੂੰ ਮਹਾਤਮਾ ਗਾਂਧੀ ਨੇ ਰੱਖੀ।” ਮੈਂ ਇਹ ਪੜ੍ਹ ਕੇ ਹੈਰਾਨ ਰਹਿ ਗਿਆ। ਤਾਂ 1934 ਤਕ ਮਹਾਤਮਾ ਗਾਂਧੀ ਦੀ ਪ੍ਰਸਿੱਧੀ ਤੇ ਮਾਨਤਾ ਏਨੀ ਵਧ ਚੁੱਕੀ ਸੀ ਕਿ ਸਿੰਧੀ ਵਪਾਰੀਆਂ ਨੇ...। ਤੇ ਅੱਗੇ ਵਧਿਆ। ਕੁਝ ਵਿਸ਼ਾਲ ਪੁਰਾਣੀਆਂ ਖੰਡਰ ਵਰਗੀਆਂ ਇਮਾਰਤਾਂ ਦਿਖਾਈ ਦਿੱਤੀਆ, ਉਹਨਾਂ ਵਿਚੋਂ ਇਕ ਦੇ ਬੋਰਡ ਉੱਤੇ ਏਨੀ ਜਰ ਲੱਗੀ ਹੋਈ ਸੀ ਕਿ ਜੋ ਕੁਝ ਪੜ੍ਹ ਸਕਿਆ ਉਹ 'ਅਮਨ ਮਿਲਸ ਸਟੋਰ' ਸੀ। ਲੋਹੇ ਦੇ ਸ਼ਾਨਦਾਰ ਫਾਟਕਾਂ ਨੂੰ ਵੱਡੇ-ਵੱਡੇ ਜਿੰਦਰੇ ਲੱਗੇ ਹੋਏ ਸਨ, ਜਿਹੜੇ ਜਾਪਦਾ ਸੀ ਕਈ ਸਾਲਾਂ ਤੋਂ ਨਹੀਂ ਸੀ ਖੁੱਲ੍ਹੇ ਤੇ ਭਵਿੱਖ ਵਿਚ ਵੀ ਪਤਾ ਨਹੀਂ ਕਦੋਂ ਖੁੱਲ੍ਹਣਗੇ! ਪੀ. ਐਡ ਓ. ਪਲਾਜਾ ਦੀ ਸ਼ਾਨਦਾਰ ਇਮਾਰਤ ਵੀ ਬੜੀ ਪ੍ਰਭਾਵਸ਼ਾਲੀ ਲੱਗੀ। ਇਹ ਵੀ ਉਜਾੜ ਪਈ ਸੀ। ਕੰਧਾਂ 'ਤੇ ਵਰ੍ਹਿਆਂ ਦੀ ਧੂੜ ਜੰਮੀ ਸੀ, ਪਰ ਫੇਰ ਵੀ ਉਸਦੇ ਪਿੱਛੇ ਅਤੀਤ ਦੀ ਸ਼ਾਨ ਝਲਕ ਰਹੀ ਸੀ।
ਗਰਮੀ, ਧੁੱਪ ਤੇ ਪਸੀਨੇ ਨਾਲ ਪਰੇਸ਼ਾਨ ਮੈਂ ਗਲੀਆਂ 'ਚ, ਸੜਕਾਂ 'ਤੇ ਇਸ ਤਰ੍ਹਾਂ ਭਟਕਦਾ ਰਿਹਾ ਕਿ ਵਾਪਸੀ ਦਾ ਰਸਤਾ ਯਾਦ ਰਹੇ। ਜਿੱਥੇ ਜਮਾਲ ਨੇ ਗੱਡੀ ਖੜ੍ਹਾਈ ਹੈ, ਉੱਥੇ ਪਹੁੰਚ ਸਕਾਂ। ਕੈਮਰੇ ਦੇ ਜੂਮ ਲੈਂਸ ਨੂੰ ਤਕਲੀਫ਼ ਦੇਂਦੇ ਰਹਿਣ ਦਾ ਇਕ ਹੋਰ ਚੰਗਾ ਫਲ ਮਿਲਿਆ। ਇਕ ਪੁਰਾਣੀ ਇਮਾਰਤ ਦੇ ਗੇਟ ਉੱਤੇ ਲੱਗੀ ਨਾਂ-ਫੱਟੀ ਉੱਤੇ ਮੈਂ ਹਿੰਦੀ ਲਿਖੀ ਵੇਖੀ। ਇਹ ਅਦਭੁਤ ਸੀ ਕਿ ਕਰਾਚੀ ਵਿਚ, ਉਹ ਵੀ ਘੱਟੋਘੱਟ ਅੱਸੀ ਜਾਂ ਸੌ ਸਾਲ ਪੁਰਾਣੀ ਇਮਾਰਤ ਉੱਤੇ ਹਿੰਦੀ ਵਿਚ ਲਿਖਿਆ ਸੀ। ਉਪਰ ਅੰਗਰੇਜ਼ੀ ਵਿਚ 'ਸ਼ਿਕਾਰਪੁਰੀ ਕਾਲਾਥ ਮਾਰਕੀਟ' ਲਿਖਿਆ ਹੋਇਆ ਸੀ ਤੇ ਉਸਦੇ ਹੇਠ ਹਿੰਦੀ ਵਿਚ 'ਸ਼ਿਕਰਪੁਰੀ ਕੱਪੜੇ ਦੀ ਮਾਰਕੀਟ' ਲਿਖਿਆ ਸੀ। ਹੇਠਾਂ ਤਾਰੀਖ਼ ਵਗ਼ੈਰਾ ਨਹੀਂ ਪੜ੍ਹੀ ਗਈ। ਅੱਗੇ ਵਧਿਆ ਤਾਂ ਉਹ ਸ਼ਾਨਦਾਰ ਚਰਚ ਨਜ਼ਰ ਆਇਆ, ਇਹ ਵੀ ਅੰਗਰਜ਼ਾਂ ਦੇ ਸਮੇਂ ਦਾ ਹੀ ਲੱਗ ਰਿਹਾ ਸੀ।
ਗੋਥਿਕ ਸਟਾਈਲ ਵਿਚ ਬਣੀ, ਆਪਣੇ ਡਜਾਇਨ ਵਿਚ ਲਗਭਗ ਪੂਰੀ ਤਰ੍ਹਾਂ ਯੂਰਪੀਨ ਲੱਗਣ ਵਾਲੀ ਇਕ ਪੁਰਾਣੀ ਇਮਾਰਤ ਨੇ ਆਪਣੇ ਵੱਲ ਖਿੱਚਿਆ। ਇੱਥੋਂ ਦੀਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਗਰੇਨਾਈਟ (?) ਪੱਥਰ ਦੀਆਂ ਬਣੀਆਂ ਨੇ। ਗੇਟ ਉਪਰ ਗੋਥਿਕ ਸਟਾਈਲ ਵਿਚ ਪੱਥਰ 'ਤੇ ਉਕੇਰੇ ਗਏ ਕਲਾਤਮਕ ਤ੍ਰਿਕੋਣ ਦੇ ਅੰਦਰ ਅੰਗਰੇਜ਼ੀ ਵਿਚ ਪਹਿਲੀ ਪੰਗਤੀ ਵਿਚ '1912', ਦੂਜੀ ਪੰਗਤੀ ਵਿਚ 'ਸੇਠ ਰਾਮਚੰਦ' ਤੇ ਤੀਜੀ ਵਿਚ 'ਕੇਸ਼ਵਦਾਸ' ਲਿਖਿਆ ਹੋਇਆ ਸੀ।
ਵਾਪਸ ਆ ਕੇ ਗੱਡੀ ਵਿਚ ਬੈਠਿਆ ਤੇ ਅਸੀਂ ਅੱਗੇ ਵਧੇ। ਕਰਾਚੀ ਵਿਚ ਦਰਸ਼ਨੀਂ ਆਧੁਨਿਕ ਇਮਾਰਤਾਂ ਦੀ ਕਮੀ ਨਹੀਂ ਹੈ। ਲਿਸ਼ਲਿਸ਼ ਕਰਦੀਆਂ ਇਮਾਰਤਾਂ ਵਿਚਕਾਰੋਂ ਲੰਘਦੇ ਅਸੀਂ ਕਾਯਦੇ ਆਜ਼ਮ ਮੁਹੰਮਦ ਅਲੀ ਜਿੱਨਾ ਦੇ ਮਜ਼ਾਰ 'ਤੇ ਪਹੁੰਚੇ। ਸੰਗਮਰਮਰ ਦੇ ਬਣੇ ਇਸ ਮਕਬਰੇ ਦੀ ਬਣਤਰ ਖਾਸੀ ਅਨੋਖੀ, ਚੰਗੀ ਤੇ ਆਧੁਨਿਕ ਹੈ। ਵੱਡੇ ਪਾਰਕ ਦੇ ਵਿਚਕਾਰ ਬਣਿਆ ਇਹ ਮਕਬਰਾ ਆਪਣਾ ਪ੍ਰਭਾਵ ਛੱਡਦਾ ਹੈ। ਜਿੱਨਾ ਦੀ 'ਆਧੁਨਿਕਤਾ' ਇਸ ਵਿਚ ਪੂਰੀ ਤਰ੍ਹਾਂ ਝਲਕਦੀ ਹੈ। ਉਹਨਾਂ ਦੇ ਵਿਅਕਤੀਤਵ ਦੀ ਦ੍ਰਿੜ੍ਹਤਾ ਤੇ ਰਾਜਨੇਤਾ ਦੇ ਰੂਪ ਵਿਚ ਉਹਨਾਂ ਦੇ ਤਰਕਵਾਦੀ ਹੋਣ ਦੀ ਝਲਕ ਵੀ ਮਿਲਦੀ ਹੈ।
ਇੰਜ ਹੀ ਅਸੀਂ ਕਰਾਚੀ ਵਿਚ ਭੌਂਦੇ, ਭਟਕਦੇ ਰਹੇ। ਦੁਪਹਿਰੇ ਕਰਾਚੀ ਦੀ ਫੂਡ ਸਟਰੀਟ ਵਿਚ ਅਜੀਬ ਤਰ੍ਹਾਂ ਦੇ, ਪਰ, ਮਜੇਦਾਰ ਕਬਾਬ ਖਾਧੇ।
ਸ਼ਾਮ ਨੂੰ ਕਰਾਚੀ ਦੇ ਕਿਸੇ ਸ਼ਾਨਦਾਰ ਕਲਬ ਵਿਚ 'ਫ਼ੈਜ਼' 'ਤੇ ਕੋਈ ਪ੍ਰੋਗਰਾਮ ਹੋਣਾ ਸੀ ਜਿਸ ਵਿਚ ਪਾਕਿਸਤਾਨ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੁੱਖ ਸਕਤਰ ਰਾਹਤ ਸਈਦ ਸਾਹਬ ਨੂੰ ਬੁਲਾਇਆ ਗਿਆ ਸੀ। ਰਾਹਤ ਸਾਹਬ ਉਹਨੀਂ ਦਿਨੀ ਕਿਸੇ ਪ੍ਰੋਗਰਾਮ ਵਿਚ ਭਾਰਤ ਗਏ ਹੋਏ ਸਨ। ਉਹਨਾਂ ਨੇ ਡਾ. ਜਮਾਲ ਨਕਵੀ ਨੂੰ ਆਪਣਾ ਪ੍ਰਤੀਨਿਧਤਵ ਕਰਨ ਦੀ ਬੇਨਤੀ ਕੀਤੀ ਸੀ। ਜਮਾਲ ਨੇ ਮੈਨੂੰ ਵੀ ਨਾਲ ਲੈ ਲਿਆ ਸੀ। ਅਸੀਂ ਲੱਭਦੇ, ਪੁੱਛਦੇ ਕਲਬ ਪਹੁੰਚੇ। ਦੱਸਿਆ ਗਿਆ ਕਿ ਇਹ ਕਰਾਚੀ ਦਾ ਇਕ ਬੜਾ ਮਸ਼ਹੂਰ ਕਲਬ ਹੈ। ਅੰਦਰ ਆਏ ਤਾਂ ਦਫ਼ਤਰ ਦੇ ਬਾਹਰ ਬੋਰਡ ਉੱਤੇ ਜੋ ਜਾਣਕਾਰੀਆਂ ਲਿਖੀਆਂ ਗਈਆਂ ਸਨ, ਉਹਨਾਂ ਵਿਚ ਲਿਖਿਆ ਸੀ ਕਿ ਕਲਬ ਦੀ ਮੈਂਬਰ ਸ਼ਿੱਪ ਫੀਸ ਪੰਜ ਲੱਖ ਰੁਪਏ ਹੈ।
ਕਲਬ ਦੇ ਸਵਿਮਿੰਗ ਪੂਲ ਦੇ ਕਿਨਾਰੇ 'ਸ਼ਾਮੇ ਫ਼ੈਜ਼' ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਮੁੱਖ ਮਹਿਮਾਨ ਸਿੰਧ ਦੇ ਰਾਜਪਾਲ ਦੇ ਸਲਾਹਕਾਰ ਕੁੰਵਰ ਯੂਸੁਫ ਜਮਾਲ ਸਨ। ਉਹ ਪਹਿਲੀ ਲਾਈਨ ਵਿਚ ਅਸਾਂ ਲੋਕਾਂ ਦੇ ਨਾਲ ਹੀ ਬੈਠੇ ਸਨ। ਉਹਨਾਂ ਨੇ ਆਪਣਾ ਵਿਜ਼ਟਿੰਗ ਕਾਰਡ ਦਿੱਤਾ ਤਾਂ ਮੈਂ ਵੀ ਆਪਣਾ ਕਾਰਡ ਦਿੱਤਾ। ਜਾਣ-ਪਛਾਣ ਹੋਈ। ਜਾਣਕਾਰੀ ਮਿਲੀ ਕਿ ਯੂਸੁਫ ਸਾਹਬ ਪਾਕਿਸਤਾਨ ਸਿਵਿਲ ਸਰਵਿਸ ਦੇ ਬੜੇ ਸੀਨੀਅਰ ਲੋਕਾਂ ਵਿਚੋਂ ਨੇ।
ਕਾਰਜ-ਕਰਮ ਦੇ ਦੋ ਬੜੇ ਰੌਚਕ ਪੱਖ ਸਨ। ਪਹਿਲਾ ਇਹ ਕਿ ਸਥਾਨਕ ਸਕੂਲ ਦੀਆਂ ਕੁੜੀਆਂ ਨੇ 'ਫ਼ੈਜ਼' ਦੀ ਕਵਿਤਾ 'ਲਾਜ਼ਿਮ ਹੈ ਕਿ ਹਮ ਭੀ ਦੇਖੇਂ' ਦਾ ਨਾਟਕੀ ਰੂਪਾਂਤਰ ਪੇਸ਼ ਕੀਤਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ ਵਿਚ ਇਸਲਾਮੀਕਰਨ ਦਾ ਜਿਹੜਾ ਜਨੂਨ ਆਇਆ ਹੋਇਆ ਹੈ ਉਸਦਾ ਅਸਰ ਜੀਵਨ ਦੇ ਹਰੇਕ ਖੇਤਰ ਵਿਚ ਦੇਖਿਆ ਜਾ ਸਕਦਾ ਹੈ। 'ਫ਼ੈਜ਼' ਦੀ ਇਸ ਕਵਿਤਾ ਦਾ ਇਸਲਾਮੀਕਰਨ ਦੇਖ ਕੇ ਮੈਂ ਡਰ ਗਿਆ। ਮੈਂ ਸੋਚਿਆ, ਇਸਲਾਮ ਦੇ ਨਾਂ 'ਤੇ ਜਿਸ ਦੇਸ਼ ਵਿਚ ਏਨੀ ਘਿਰਣਾ ਤੇ ਹਿੰਸਾ ਫੈਲਾਈ ਜਾ ਰਹੀ ਹੈ, 'ਮਨੁੱਖਤਾ' ਦੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ, ਉਸਦਾ ਨਤੀਜਾ ਬੜਾ ਹੀ ਭਿਅੰਕਰ ਹੋਵੇਗਾ।
'ਫ਼ੈਜ਼' ਦੀ ਕਵਿਤਾ 'ਲਾਜ਼ਿਮ ਹੈ ਕਿ ਹਮ ਭੀ...' ਡਿਕਟੇਟਰਸ਼ਿਪ ਤੇ ਨਿਰੰਕੁਸ਼ ਹਾਕਮਾਂ ਦੇ ਵਿਰੋਧ ਵਿਚ ਲਿਖੀ ਗਈ ਕਵਿਤਾ ਹੈ, ਜਿਸ ਵਿਚ ਕਵੀ ਇਹ ਭਵਿੱਖਬਾਣੀ ਕਰਦਾ ਹੈ ਕਿ ਤਾਨਾਸ਼ਾਹੀ ਦਾ ਪਤਨ ਜ਼ਰੂਰ ਹੋਵੇਗਾ। ਕਵੀ ਤੇ ਜਨਤਾ ਇਸ ਪਤਨ ਨੂੰ ਆਪਣੀਆਂ ਅੱਖਾਂ ਨਾਲ ਦੇਖਣਗੇ।
ਕਵਿਤਾ ਦੀ ਨਾਟਕੀ-ਪੇਸ਼ਕਾਰੀ ਕਰਨ ਲਈ ਮੰਚ-ਸੱਜਾ ਇਸ ਤਰ੍ਹਾਂ ਦੀ ਕੀਤੀ ਗਈ ਸੀ ਕਿ ਮੰਚ ਦੇ ਇਕ ਪਾਸੇ ਪਰਦੇ ਉੱਤੇ ਮੱਕੇ ਮਦੀਨੇ ਦਾ ਚਿੱਤਰ ਬਣਿਆ ਸੀ, ਜਿਸਦੇ ਸਾਹਮਣੇ ਸਾੜ੍ਹੀ ਬੰਨ੍ਹੀ ਤੇ ਬਿੰਦੀ ਲਾਈ ਦੋ ਕੁੜੀਆਂ ਬੈਠੀਆਂ ਸਨ। ਮੇਰਾ ਖ਼ਿਆਲ ਵਿਚ ਇਸ ਦਾ ਮੰਤਕ ਸੀ ਕਿ 'ਜਬ ਅਰਜ਼ੇ ਖ਼ੁਦਾ ਕੇ ਕਾਬੇ ਸੇ ਸਬ ਬੁਤ ਉਠਵਾਏ ਜਾਏਂਗੇ।' ਫ਼ੈਜ਼ ਨੇ ਇਸ ਸਤਰ ਨੂੰ ਜਿੰਨਾ ਲੋਕ ਪੱਖੀ ਤੇ ਕਲਾਤਮਕ ਬਣਾਇਆ ਹੈ, ਉਸਦੇ ਉਲਟ ਨਾਟਕੀ ਪੇਸ਼ਕਾਰੀ ਵਾਲਿਆਂ ਨੇ ਉਸਨੂੰ ਸਥੂਲ, ਕਲਾਹੀਣ ਤੇ ਥੋਥਾ ਬਣਾ ਦਿੱਤਾ ਸੀ। 'ਅਨਲਹਕ' ਦੇ ਨਾਅਰੇ ਨੂੰ, ਜਿਸਦਾ ਅਰਥ ਅਹਮ ਬ੍ਰਹਮਾ ਹੈ, ਅੱਲਾਹੋ ਅਕਬਰ ਦਾ ਨਾਅਰਾ ਬਣਾ ਦਿੱਤਾ ਗਿਆ ਸੀ। ਮੰਚ 'ਤੇ ਕੁਝ ਕੁਰਸੀਆਂ ਰੱਖੀਆਂ ਸਨ, ਜਿਹਨਾਂ ਉੱਤੇ ਕੋਟ ਪੈਂਟ ਪਾਈ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਪ੍ਰਤੀਕ ਬੈਠੇ ਸਨ। ਕਵਿਤਾ ਵਿਚ ਜਦੋਂ ਇਹ ਪੰਗਤੀ ਆਈ ਕਿ 'ਜਬ ਤਖਤ ਗਿਰਾਏ ਜਾਏਂਗੇ ਜਬ ਤਾਜ ਉਛਾਲੇ ਜਾਏਂਗੇ' ਤਾਂ ਕੁਰਸੀਆਂ ਉੱਤੇ ਬੈਠੇ ਅਮਰੀਕਾ ਤੇ ਯੂਰਪ ਦੇ ਪ੍ਰਤੀਨਿਧੀਆਂ ਨੂੰ, ਅਰਬੀ ਕੱਪੜਿਆਂ ਦੇ ਦਾੜ੍ਹੀ ਵਿਚ ਆਏ ਕੁਝ ਲੋਕਾਂ ਨੇ, ਜਿਹੜੇ ਨਿਸ਼ਚਿਤ ਰੂਪ ਵਿਚ ਮੁਸਲਮਾਨਾਂ ਦੇ ਪ੍ਰਤੀਕ ਸਨ, ਕੁਰਸੀਆਂ ਤੋਂ ਡੇਗ ਦਿੱਤਾ ਤੇ ਉਹਨਾਂ ਉੱਤੇ ਮੁਸਲਮਾਨ ਬੈਠ ਗਏ। ਇਹ ਇਕਾਂਗੀ ਏਨੀ ਅਸਹਿ ਹੋ ਗਈ ਕਿ ਦੇਖੀ ਨਹੀਂ ਸੀ ਜਾ ਰਹੀ। ਨਾਲੇ ਇਹ ਵੀ ਰੜਕ ਰਿਹਾ ਸੀ ਕਿ ਇਹ ਦੇਸ਼ ਆਪਣੀ ਨੌਜਵਾਨ ਪੀੜ੍ਹੀ ਨੂੰ ਕੇਹੇ ਸੰਸਕਾਰ ਦੇ ਰਿਹਾ ਹੈ?
ਕਾਰਜ ਕਰਮ ਦੇ ਅੰਤ ਵਿਚ ਯੂਸੁਫ ਜਮਾਲ ਸਾਹਬ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੱਚਿਆਂ ਨੂੰ ਕਿਸੇ ਹੋਰ ਕਵਿਤਾ ਦਾ ਨਾਟ ਰੂਪਾਂਤਰ ਕਰਨਾ ਚਾਹੀਦਾ ਹੈ। ਇਹ ਕਵਿਤਾ ਕੁਝ ਕਠਿਨ ਹੈ।
ਯੂਸੁਫ ਜਮਾਲ ਸਾਹਬ ਨੇ ਆਪਣੇ ਭਾਸ਼ਣ ਵਿਚ ਫ਼ੈਜ਼ ਦੀਆਂ ਕੁਝ ਕਵਿਤਾਵਾਂ ਜ਼ੁਬਾਨੀ ਸੁਣਾ ਦਿੱਤੀਆਂ। ਇਹ ਮੇਰੇ ਲਈ ਆਨੰਦਦਾਈ ਹੈਰਾਨੀ ਵਾਲੀ ਗੱਲ ਸੀ। ਮੈਂ ਪ੍ਰੋਗਰਾਮ ਪਿੱਛੋਂ ਉਹਨਾਂ ਨੂੰ ਕਿਹਾ ਵੀ ਭਾਰਤ ਵਿਚ ਉਹਨਾਂ ਵਰਗੇ ਸਾਹਿਤ ਪ੍ਰੇਮੀ ਸਿਵਿਲ ਸਰਵੈਂਟ ਬੜੇ ਘੱਟ ਨੇ।
ਸਵੇਰੇ-ਸਵੇਰੇ ਉਸ ਹਿੰਦੂ ਮੁੰਡੇ ਨੂੰ ਫੋਨ ਕੀਤਾ ਜਿਸ ਬਾਰੇ ਫੱਰੁਖੀ ਸਾਹਬ ਨੇ ਦੱਸਿਆ ਸੀ। ਫੋਨ ਦੀ ਘੰਟੀ ਦੀ ਆਵਾਜ਼ ਦੀ ਜਗ੍ਹਾ ਇਕ ਗੀਤ ਜਾਂ ਗਾਣਾ ਵੱਜਣ ਲੱਗਿਆ ਜਿਸਦਾ ਮੁਖੜਾ ਸੀ, 'ਜਬ ਜੀਵਨ ਰਾਹ ਅੰਧੇਰੀ ਹੋ...।' ਮੈਂ ਸੋਚਿਆ, ਹਾਂ ਹਿੰਦੂਆਂ ਦੇ ਹੋਰਨਾਂ ਘੱਟ-ਗਿਣਤੀ ਵਾਲਿਆਂ ਦੀ ਜੀਵਨ ਰਾਹ ਪਾਕਿਸਤਾਨ ਵਿਚ ਹਨੇਰੀ ਹੀ ਹੈ। ਭਾਰਤੀ ਮੁਸਲਮਾਨ ਭਾਰਤ ਵਿਚ ਆਪਣੇ ਲਈ ਸਰਕਾਰ ਤੋਂ ਅਨੇਕਾਂ ਮੰਗਾਂ ਕਰਦੇ ਰਹਿੰਦੇ ਨੇ। ਆਪਣੀ ਸੁਰੱਖਿਆ ਤੇ ਵਿਕਾਸ ਲਈ ਸਰਕਾਰਾਂ 'ਤੇ ਜ਼ੋਰ ਪਾਉਂਦੇ ਨੇ, ਪਰ ਪਾਕਿਸਤਾਨ ਦੇ ਘੱਟ-ਗਿਣਤੀ ਵਾਲਿਆਂ ਦੀ ਕੋਈ ਕਿਉਂ ਚਿੰਤਾ ਨਹੀਂ ਕਰਦਾ? ਭਾਰਤ ਸਰਕਾਰ ਜਾਂ ਯੂ.ਐਨ. ਵਾਲੇ ਸਭ ਉਹਨਾਂ ਨੂੰ ਵਿਸਾਰੀ ਬੈਠੇ ਨੇ।
ਕਰੀਮ ਦੋ ਵਜੇ ਤੋਂ ਬਾਅਦ ਆਇਆ ਕਿਉਂਕਿ ਉਹ ਜਿਸ ਰੇਸਤਰਾਂ ਵਿਚ ਕੰਮ ਕਰਦਾ ਹੈ, ਉੱਥੋਂ ਉਸਨੂੰ ਸਿਰਫ ਦੋ ਘੰਟੇ ਦੀ ਛੁੱਟੀ ਮਿਲੀ ਸੀ। ਉਹ ਆਟੋ ਕਰ ਕੇ ਆਇਆ ਸੀ। ਮੈਂ ਤਿਆਰ ਬੈਠਾ ਸਾਂ। ਅਸੀਂ ਸਭ ਤੋਂ ਪਹਿਲਾਂ 'ਕਲਿਫਟਨ' ਦੇ ਸ਼੍ਰੀ ਰਤਨੇਸ਼ਰ ਮਹਾਦੇਵ ਮੰਦਰ ਪਹੁੰਚੇ। ਇਹ ਉਹੀ ਮੰਦਰ ਹੈ ਜਿੱਥੇ ਪਾਕਿਸਤਾਨ ਦੇ ਪਿਛਲੇ ਰਾਸ਼ਟਰ ਪਤੀ ਜਨਰਲ ਮੁਸ਼ੱਰਫ ਆਏ ਸਨ। ਪਾਕਿਸਤਾਨ ਯਾਤਰਾ ਦੌਰਾਨ ਘੱਟ-ਗਿਣਤੀ ਵਾਲਿਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਜਨਰਲ ਮੁਸ਼ੱਰਫ ਉਹਨਾਂ ਲੋਕਾਂ ਦੇ ਸਤਿਕਾਰਤ ਨੇਤਾ ਨੇ।
ਮੰਦਰ ਦੇ ਦਰਵਾਜ਼ੇ ਉਪਰ ਪਹਿਲਾਂ ਅੰਗਰੇਜ਼ੀ ਤੇ ਫੇਰ ਹਿੰਦੀ ਵਿਚ 'ਸ਼੍ਰੀ ਰਤਨੇਸ਼ਵਰ ਮਹਾਦੇਵ' ਦੇ ਹੇਠਾਂ 'ਮੰਦਿਰ' ਲਿਖਿਆ ਸੀ। ਆਸਪਾਸ ਫੁੱਲ ਵੇਚਣ ਵਾਲਿਆਂ ਦੀਆਂ ਦੁਕਾਨਾਂ ਸਨ। ਅਸੀਂ ਅੰਦਰ ਜਾਣ ਲੱਗੇ ਤਾਂ ਇਕ ਆਦਮੀ ਨੇ ਰੋਕ ਦਿੱਤਾ ਤੇ ਕਿਹਾ, “ਤੁਸੀਂ ਲੋਕ ਕੌਣ ਓ?”
ਕਰੀਮ ਨੇ ਆਪਣੇ ਬਾਰੇ ਦੱਸਿਆ ਤੇ ਫੇਰ ਮੇਰੇ ਬਾਰੇ ਦੱਸਿਆ ਕਿ ਮੈਂ ਇੰਡੀਆ ਤੋਂ ਆਇਆ ਹਾਂ ਤੇ ਮੰਦਰ ਦੇਖਣਾ ਚਾਹੁੰਦਾ ਹਾਂ।
ਕਾਫੀ ਦੇਰ ਤਕ ਬਹਿਸ ਹੁੰਦੀ ਰਹੀ। ਕਰੀਮ ਨੇ ਮੈਨੂੰ ਕਿਹਾ ਕਿ ਉਹ ਅੰਦਰ ਜਾ ਰਿਹਾ ਹੈ ਤੇ ਵੱਡੇ ਪੰਡਿਤ ਜੀ ਦੀ 'ਪਰਮਿਸ਼ਨ' ਲੈ ਆਏਗਾ। ਉਹ ਅੰਦਰ ਚਲਾ ਗਿਆ। ਮੈਂ ਮੰਦਰ ਦੇ ਬਾਹਰ ਫੋਟੋ ਖਿੱਚਣ ਲੱਗਾ ਤਾਂ ਮਨ੍ਹਾਂ ਕਰ ਦਿੱਤਾ ਗਿਆ ਕਿ ਫੋਟੋ ਨਹੀਂ ਖਿੱਚ ਸਕਦੇ। ਵਾਹ, ਅਜੀਬ ਜਬਰਦਸਤੀ ਸੀ। ਚਲੋ ਖ਼ੈਰ, ਇਕ ਦੋ ਫੋਟੋਆਂ ਤਾਂ ਮੈਂ ਖਿੱਚ ਹੀ ਲਈਆਂ। ਮੈਂ ਮੰਦਰ ਦੇ ਬਾਹਰ ਹੀ ਖੜ੍ਹਾ ਸੀ ਕਿ ਸਫੇਦ ਸਲਵਾਰ ਕਮੀਜ਼, ਪਾਈ, ਪੂਰੀ ਤਰ੍ਹਾਂ ਸਿੰਧੀ ਲੱਗਣ ਵਾਲੇ ਇਕ ਪੰਤਾਲੀ-ਪੰਜਾਹ ਸਾਲ ਦੇ ਸੱਜਣ ਫੁੱਲਾਂ ਦੀ ਦੁਕਾਨ 'ਤੇ ਆਏ। ਉਹਨਾਂ ਨਾਲ ਉਹਨਾਂ ਦੀ ਪਤਨੀ ਵੀ ਸੀ, ਜਿਸਨੇ ਸਲਵਾਰ ਸੂਟ ਪਾਇਆ ਹੋਇਆ ਸੀ। ਪਰ ਔਰਤ ਦੇ ਚਿਹਰੇ ਉੱਤੇ ਹਿੰਦੂ ਹੋਣ ਦੀ ਕੋਈ ਨਿਸ਼ਾਨੀ ਨਹੀਂ ਸੀ। ਨਾ ਤਾਂ ਬਿੰਦੀ ਸੀ, ਨਾ ਸੰਧੂਰ ਸੀ, ਨਾ ਗਲ਼ੇ ਵਿਚ ਮੰਗਲ ਸੂਤਰ ਹੀ ਸੀ। ਇਹ ਦੇਖ ਕੇ ਪਤਾ ਨਹੀਂ ਕਿੰਨੀਆਂ ਗੱਲਾਂ ਸਾਫ਼ ਹੋ ਗਈਆਂ। ਫੁੱਲ ਲੈ ਕੇ ਦੋਵੇਂ ਮੰਦਰ ਅੰਦਰ ਚਲੇ ਗਏ।
ਕੁਝ ਚਿਰ ਬਾਅਦ ਕਰੀਮ ਮੂੰਹ ਲਟਕਾਈ ਮੰਦਰ ਵਿਚੋਂ ਬਾਹਰ ਨਿਕਲਿਆ। ਮੈਂ ਉਸਦੀ ਬਾਡੀ ਲੈਂਗਵੇਜ ਤੋਂ ਸਮਝ ਗਿਆ ਕਿ ਕੰਮ ਨਹੀਂ ਬਣਿਆ, ਪਰ ਕੀਤਾ ਕੀ ਜਾ ਸਕਦਾ ਸੀ। ਬੋਲਿਆ, “ਚੱਲੋ ਦੂਜੇ ਮੰਦਰ ਚਲਦੇ ਆਂ।”
“ਦੂਜੇ?”
“ਹਾਂ ਬੰਦ ਰੋਡ 'ਤੇ ਵੱਡਾ ਮੰਦਰ ਏ।”
ਸਮੁੰਦਰ ਦੇ ਕਿਨਾਰੇ ਤੋਂ ਅਸੀਂ ਲੋਕ ਸ਼ਹਿਰ ਦੀ ਕਾਵਾਂ-ਰੌਲੀ ਵਿਚ ਆ ਗਏ। ਧੂੜ-ਧੂੰਆਂ। ਸੜਕ ਦੇ ਦੋਵੇਂ ਪਾਸੇ ਦੁਕਾਨਾਂ ਸਨ। ਇਕ ਪਾਸੇ ਦੁਕਾਨਾਂ ਦੇ ਵਿਚਕਾਰੋਂ ਹੁੰਦਾ ਹੋਇਆ ਇਕ ਚੌੜਾ ਰਸਤਾ ਮੰਦਰ ਤਕ ਚਲਾ ਗਿਆ ਸੀ। ਗੇਟ ਦੇ ਸਾਹਵੇਂ ਕੁਝ ਲੋਕ ਖੜ੍ਹੇ ਸਨ, ਪਰ ਕਰੀਮ ਨੇ ਆਟੋ ਵਾਲੇ ਨੂੰ ਕਿਹਾ, ਉਹ ਅੰਦਰ ਲੈ ਚੱਲੇ, ਗੇਟ 'ਤੇ ਨਾ ਰੁਕੇ।
ਦਿਨ ਦੇ ਤਿੰਨ ਵੱਜੇ ਸਨ। ਮੰਦਰ ਦੇ ਅਹਾਤੇ ਵਿਚ, ਜੋ ਕਾਫੀ ਵੱਡਾ ਹੈ, ਲੋਕ ਘੱਟ ਸਨ। ਪਰ ਮੈਨੂੰ ਡਰ ਸੀ ਕਿ ਕਿਤੇ ਪਛਾਣ-ਪੱਤਰ ਨਾ ਮੰਗ ਲਿਆ ਜਾਵੇ। ਫੋਟੋ ਲੈਣ ਦੀ ਮਨਾਹੀ ਨਾ ਦੱਸ ਦਿੱਤੀ ਜਾਵੇ। ਇਸ ਲਈ ਮੈਂ ਡਰਦਾ-ਡਰਦਾ ਕਰੀਮ ਦੇ ਪਿੱਛੇ-ਪਿੱਛੇ ਪੌੜੀਆਂ ਚੜ੍ਹ ਕੇ ਉਪਰ ਮੰਦਰ ਦੇ ਮੁੱਖ ਦਰਵਾਜ਼ੇ ਤਕ ਆ ਗਿਆ। ਗਰਭਗ੍ਰਹਿ ਬੰਦ ਸੀ। ਕਰੀਮ ਨੇ ਦੱਸਿਆ ਕਿ 2004 ਵਿਚ ਮੰਦਰ ਸਥਾਪਨਾ ਦੇ 150 ਸਾਲ ਪੂਰੇ ਹੋਏ ਨੇ।
ਕਰਾਚੀ ਵਿਚ ਇਹ ਇਕੱਲਾ ਸਵਾਮੀ ਨਾਰਾਇਣ ਮੰਦਰ ਹੈ, ਜਿਹੜਾ ਸਵਾਮੀ ਨਾਰਾਇਣ ਦੇ ਸ਼ਰਧਾਲੂਆਂ ਦਾ ਹੈ। ਮੰਦਰ ਦੇ ਅਹਾਤੇ ਵਿਚ ਹਿੰਦੂ ਤਿਓਹਾਰ ਮਨਾਏ ਜਾਂਦੇ ਨੇ।
ਮੰਦਰ ਤੋਂ ਹੀ ਸਾਨੂੰ ਇਕ ਵੱਡੇ ਜਾਲ ਹੇਠ ਕੁਝ ਮੋਰ ਦਿਖਾਈ ਦਿੱਤੇ। ਕੁਝ ਹੋਰ ਚਿੜੀਆਂ ਵੀ ਸਨ। ਕਰੀਮ ਨੇ ਦੱਸਿਆ ਕਿ ਇੱਥੇ ਗਊਸ਼ਾਲਾ ਵੀ ਹੈ। ਯਾਤਰੀਆਂ ਲਈ ਧਰਮਸ਼ਾਲਾ ਦਾ ਵੀ ਇੰਤਜ਼ਾਮ ਹੈ। ਮੈਂ ਸੁਣਦਾ ਰਿਹਾ ਤੇ ਮੰਦਰ ਦੇ ਫੋਟੋ ਲੈਂਦਾ ਰਿਹਾ। ਸਵਾਮੀ ਨਾਰਾਇਣ ਮੰਦਰ ਦੀ ਚਰਚਾ ਅਹਿਮਦਾਬਾਦ ਵਿਚ ਵੀ ਹੈ। ਉੱਥੋਂ ਦੇ ਭਗਤ ਵੀ ਇੱਥੇ ਆਉਂਦੇ ਰਹਿੰਦੇ ਨੇ। ਪ੍ਰਭੂ ਸਵਾਮੀ ਨਾਰਾਇਣ ਦੀ 'ਓਰੀਜਨਲ' ਮੂਰਤੀ ਇੱਥੇ ਨਹੀਂ ਹੈ। ਉਹ 1947 ਵਿਚ ਇੰਡੀਆ ਚਲੀ ਗਈ ਸੀ...ਇੱਥੇ ਹਿੰਦੂਆਂ ਦੇ ਸਮੂਹਕ ਵਿਆਹ ਵੀ ਹੁੰਦੇ ਨੇ...
ਮੈਂ ਚਾਹੁੰਦਾ ਸੀ ਕਰੀਮ ਨਾਲ ਦੋ ਚਾਰ ਹੋਰ ਮੁਲਾਕਾਤਾਂ ਹੋਣ ਤਾਕਿ ਗੱਲਬਾਤ ਦਾ ਹੋਰ ਮੌਕਾ ਵੀ ਮਿਲੇ। ਪਰ ਮੇਰੇ ਚਾਹੁਣ ਦੇ ਬਾਵਜੂਦ ਇੰਜ ਨਹੀਂ ਹੋ ਸਕਿਆ।
ਅਮਾਦਉੱਦੀਨ ਸਈਦ ਨੇ 1968 ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਤੋਂ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਉਹ ਮੇਰੇ ਛੋਟੇ ਭਰਾ ਦੇ ਕਲਾਸ ਫੈਲੋ ਸਨ। ਉਹਨਾਂ ਦਾ ਪਿੱਛਾ ਹੈਦਰਾਬਾਦ (ਭਾਰਤ) ਦਾ ਹੈ ਤੇ ਇਹਨਾਂ ਦੀ ਉਰਦੂ ਵਿਚ ਅਛੋਪਲੇ ਹੀ, ਬੜੇ ਪਿਆਰੇ ਢੰਗ ਨਾਲ, ਹੈਦਰਾਬਾਦੀ ਲਹਿਜਾ ਆ ਜਾਂਦਾ ਹੈ ਤਾਂ ਲੱਗਦਾ ਹੈ , ਮਾਤ੍ਰਭਾਸ਼ਾ ਕਦੀ ਪਿੱਛਾ ਨਹੀਂ ਛੱਡਦੀ।
ਪ੍ਰੋਗਰਾਮ ਇਹ ਬਣਿਆ ਸੀ ਕਿ ਅਸੀਂ ਲੋਕ ਯਾਨੀ ਤਿੰਨੇ ਪੁਰਾਣੇ ਦੋਸਤ, ਇਕ ਦਿਨ ਇਕੱਠੇ ਬਿਤਾਵਾਂਗੇ ਤੇ ਅਮਾਦ ਸਾਡੇ ਮੇਜ਼ਬਾਨ ਹੋਣਗੇ। ਸਾਰਾ ਦਿਨ ਗੱਡੀ, ਡਰਾਈਵਰ ਤੇ ਅਮਾਦ ਸਾਡੇ, ਮਤਲਬ ਕਿ ਮੇਰੇ ਤੇ ਡਾ. ਜਮਾਲ ਨਕਵੀ ਦੇ, 'ਡਿਸਪੋਜ਼ਲ' 'ਤੇ ਸਨ।
“ਤੁਸੀਂ ਕੀ-ਕੀ ਨਹੀਂ ਦੇਖਿਆ? ਜਾਂ ਕੀ ਦੇਖਣਾ ਚਾਹੁੰਦੇ ਓ? ਕਿਉਂਕਿ ਮੈਂ ਤਾਂ ਇਕ ਪ੍ਰੋਗਰਾਮ ਬਣਾਇਆ ਈ ਹੋਇਆ ਏ, ਪਰ...।”
“ਤੁਸੀਂ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਘੁਮਾਓ...।” ਮੈਂ ਕਿਹਾ।
“ਠੀਕ ਐ ਤੋ ਜ਼ਿਮਖ਼ਾਨਾ ਕਲਬ ਚਲਦੇ ਆਂ, ਉਹ ਵੀ ਤੁਸੀਂ ਦੇਖਣਾ...ਤਾਰੀਖ਼ੀ (ਇਤਿਹਾਸਕ) ਜਗ੍ਹਾ ਏ।”
ਕਰਾਚੀ ਦਾ ਜ਼ਿਮਖ਼ਾਨਾ ਕਲਬ 'ਕਾਲੋਨਿਯਲ' ਸ਼ਾਨ-ਸ਼ੌਕਤ, ਵਿਸ਼ਾਲ, ਲੰਮਾ-ਚੋੜਾ ਵਰਾਂਡਾ...ਸਾਹਮਣੇ ਸਾਫ਼-ਸੁਥਰਾ ਹਰਾ ਭਰਿਆ ਲਾਨ ਜਿਸਦੇ ਪਿੱਛੇ ਪਾਮ ਤੇ ਨਾਰੀਅਲ ਦੇ ਸੰਘਣੇ ਰੁੱਖ...ਵਰਾਂਡੇ ਵਿਚ ਸੋਫੇ ਪਏ ਸਨ...ਫ਼ਰਸ਼ ਚਾਂਦੀ ਵਾਂਗ ਲਿਸ਼ਕ ਰਿਹਾ ਸੀ। ਲੱਗਦਾ ਸੀ ਕਿਸੇ ਨੁੱਕਰੋਂ ਚੁਰਟ ਪੀਂਦਾ ਹੋਇਆ ਕੋਈ ਗੋਰਾ ਸਾਹਬ ਬਹਾਦਰ ਨਿਕਲ ਕੇ ਯਕਦਮ ਸਾਹਵੇਂ ਆ ਜਾਵੇਗਾ...।
“ਚਲੋ ਤੁਹਾਨੂੰ ਕਲਬ ਦਿਖਾਲ ਦਿਆਂ...ਇਹਨਾਂ ਨੇ ਤਾਂ ਦੇਖਿਆ ਹੋਵੇਗਾ।”
“ਹਾਂ, ਤੁਸੀਂ ਲੋਕ ਹੋ ਆਓ, ਮੈਂ ਬੈਠਾ ਆਂ।” ਅਸੀਂ ਜਮਾਲ ਨੂੰ ਛੱਡ ਕੇ ਕਲਬ ਘੁੰਮਣ ਨਿਕਲ ਪਏ।
“ਇੱਥੇ ਸਭ ਕੁਝ ਹੈ...।”
“ਬਾਰ ਵੀ ਹੈ?”
ਉਹ ਹੱਸਣ ਲੱਗੇ...“ਨਹੀਂ, ਬਾਰ ਤਾਂ ਨਹੀਂ ਏ।”
“ਯਾਰ ਉਹ ਕਲਬ ਹੀ ਕੀ ਜਿੱਥੇ ਬਾਰ ਨਾ ਹੋਵੇ।”
“ਹਾਂ ਇਹ ਤਾਂ ਹੈ...ਪਹਿਲਾਂ ਹੁੰਦਾ ਹੁੰਦਾ ਸੀ...ਜ਼ਿਯਾਉਲ ਹੱਕ ਨੇ ਸਭ ਬੰਦ ਕਰਵਾ ਦਿੱਤਾ...ਇਸਲਾਮਾਇਜ਼ੇਸ਼ਨ।”
ਅਸੀਂ ਬਿਲਯਰਡ ਰੂਮ ਦੇਖਿਆ, ਲਾਇਬਰੇਰੀ ਦੇਖੀ, ਸਵਿਮਿੰਗ ਪੂਲ ਦੇਖਿਆ ਤੇ ਪਤਾ ਨਹੀਂ ਕੀ-ਕੀ ਦੇਖ ਕੇ ਵਾਪਸ ਆ ਗਏ।
ਅਮਾਦ ਨਾਲ ਮੇਰੀ ਮੁਲਾਕਾਤ 1968 ਪਿੱਛੋਂ ਪਹਿਲੀ ਵਾਰ ਹੋ ਰਹੀ ਸੀ। ਵਿਚਕਾਰ ਕੀ-ਕੀ ਨਹੀਂ ਸੀ। ਸਾਡਾ ਪੂਰਾ ਕੈਰੀਅਰ ਸੀ। ਸਾਡਾ ਕੰਮ ਸੀ...ਸਾਡਾ ਪ੍ਰੇਮ ਸੀ...ਸਾਡੀਆਂ ਸ਼ਾਦੀਆਂ ਸਨ...ਸਾਡੇ ਬੱਚੇ...ਬੱਚਿਆਂ ਦੀਆਂ ਸ਼ਾਦੀਆਂ...ਬੱਚਿਆਂ ਦੇ ਬੱਚੇ...ਪੂਰੇ ਤਰਤਾਲੀ ਸਾਲ ਬਾਅਦ...ਅਸੀਂ ਵੰਡੇ ਹੋਏ ਬਦਨਸੀਬ ਜੀਵ ਤੇ ਬੁਰੀ ਤਰ੍ਹਾਂ ਵੰਡੇ ਹੋਏ ਦੇਸ਼। ਦੁਸ਼ਮਣ ਦੇਸ਼। ਇਕ ਦੂਜੇ ਨਾਲ ਤਿੰਨ ਯੁੱਧ ਕਰਨ ਵਾਲੇ ਦੇਸ਼...ਇਕ ਦੂਜੇ ਉੱਤੇ ਸ਼ੱਕ ਕਰਨ ਵਾਲੇ ਦੇਸ਼...ਕੀ ਸਾਡੇ ਨੇਤਾਵਾਂ ਨੇ ਇਹੀ ਸੁਪਨਾ ਦੇਖਿਆ ਸੀ? ਪਤਾ ਨਹੀਂ ਕੀ ਸੀ ਜਾਂ ਕੀ ਨਹੀਂ ਸੀ, ਪਰ ਦੋ ਗੱਲਾਂ ਯਾਦ ਆਉਂਦੀਆਂ ਨੇ। ਵੰਡ ਪਿੱਛੋਂ ਭਾਰਤੀ ਸੰਸਦ ਵਿਚ ਵਿਰੋਧੀ ਦਲ ਦੇ ਲੋਕ ਸਰਕਾਰ 'ਤੇ ਇਹ ਦਬਾਅ ਪਾਉਂਦੇ ਸਨ ਕਿ ਮੁਹੰਮਦ ਅਲੀ ਜਿੱਨਾ ਦੀ ਕੋਠੀ ਨੂੰ ਕਸਟੋਡਿਯਨ ਵਿਚ ਕਿਉਂ ਨਹੀਂ ਲਿਆ ਜਾਂਦਾ। ਨਹਿਰੂ ਬੜੇ ਡੂੰਘੇ ਆਦਮੀ ਸਨ—ਪੁਰਾਣੇ ਸੰਬੰਧਾਂ ਤੇ ਜਿੱਨਾ ਦੇ ਵਿਅਕਤੀਤਵ ਤੇ ਆਪਣੇ ਪਿਤਾ ਨਾਲ ਉਹਨਾਂ ਦੀ ਦੋਸਤੀ ਨੂੰ ਸਾਹਵੇਂ ਰੱਖ ਕੇ ਇਹ ਨਹੀਂ ਚਾਹੁੰਦੇ ਸਨ ਕਿ ਜਿੱਨਾ ਦਾ ਬੰਗਲਾ ਉਹਨਾਂ ਤੋਂ ਖੋਹ ਲਿਆ ਜਾਵੇ। ਹਿੰਦੀ ਦੇ ਜਾਣੇ-ਮਾਣੇ ਲੇਖਕ ਵੀਰੇਂਦਰ ਕੁਮਾਰ ਬਰਨਵਾਲ ਨੇ ਆਪਣੀ ਕਿਤਾਬ 'ਜਿੱਨਾ : ਏਕ ਪੁਨਰਦ੍ਰਿਸ਼ਟੀ' ਵਿਚ ਇਸ ਦਾ ਪੂਰਾ ਵੇਰਵਾ ਦਿੱਤਾ ਹੈ—“ਨਹਿਰੂ ਨਾਲ ਹੋਈ ਗੱਲਬਾਤ ਦਾ ਜ਼ਿਕਰ ਜਦੋ ਵੀ ਸ਼੍ਰੀ ਪ੍ਰਕਾਸ਼ (ਭਾਤਰੀ ਉੱਚ ਆਯੋਗ ਪਾਕਿਸਤਾਨ) ਨੇ ਜਿੱਨਾ ਨਾਲ ਕੀਤਾ ਤਾਂ ਉਹ ਯਕਦਮ ਹੈਰਾਨ ਤੇ ਚੁੱਪ-ਗੱੜੁਪ ਜਿਹੇ ਹੋ ਗਏ। ਫੇਰ ਥੋੜ੍ਹਾ ਸੰਭਲਦੇ ਹੋਏ ਉਹਨਾਂ ਨੇ ਲਗਭਗ ਕਾਤਰ ਸੁਰ ਵਿਚ ਕਿਹਾ ਸੀ, 'ਸ਼੍ਰੀ ਪ੍ਰਕਾਸ਼, ਜਵਾਹਰਲਾਲ ਨੂੰ ਕਹੋ ਕਿ ਮੇਰਾ ਦਿਲ ਨਾ ਤੋੜਣ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਮੈਂ ਬੰਬਈ ਨੂੰ ਕਿੰਨਾ ਪਿਆਰ ਕਰਦਾ ਹਾਂ। ਅਜੇ ਤਾਂ ਮੇਰੀ ਮੰਸ਼ਾ ਬੰਬਈ ਜਾ ਕੇ ਉਸ ਬੰਗਲੇ ਵਿਚ ਰਹਿਣ ਦੀ ਹੈ'।” ਜਿੱਨਾ ਵਾਂਗ ਹੀ ਵੰਡ ਪਿੱਛੋਂ ਗਾਂਧੀ ਨੇ ਲਾਹੌਰ ਵਿਚ ਰਹਿਣ ਦੀ ਗੱਲ ਆਖੀ ਸੀ। ਦੋਵਾਂ ਦੇਸ਼ਾਂ ਦੇ ਸਭ ਤੋਂ ਵੱਡੇ ਨੇਤਾਵਾਂ ਦੇ ਦਿਮਾਗ਼ ਵਿਚ ਵੰਡ ਦੀ ਕੀ ਤਸਵੀਰ ਸੀ ਤੇ ਹੁਣ ਅਸੀਂ ਉਸਨੂੰ ਕੀ ਬਣਾ ਦਿੱਤਾ ਹੈ।
ਸ਼ਹਿਰ ਦੇ ਚੱਕਰ ਲਾਉਂਦੇ ਅਸੀਂ ਅਮਾਦ ਦੇ ਦੂਜੇ ਅੱਡੇ...ਸਮੁੰਦਰ ਦੇ ਕਿਨਾਰੇ ਬਣੇ ਇਕ ਬੜੇ ਸ਼ਾਨਦਾਰ ਕਲਬ, ਰਿਜਾਟ ਕੰਪਲੈਕਸ ਪਹੁੰਚੇ। ਇਸ ਦੌਰਾਨ ਸਮੁੰਦਰ ਦੇ ਕਿਨਾਰੇ ਦੀ ਜ਼ਮੀਨ ਦਿਖਾ ਕੇ ਅਮਾਦ ਨੇ ਕਿਹਾ, “ਇਹ ਆਰਮੀ ਦੀ ਏ।”
“ਕੀ ਮਤਲਬ?”
“ਆਰਮੀ ਨੇ ਸਰਕਾਰ ਤੋਂ ਖ਼ਰੀਦ ਲਈ ਏ।”
“ਕਿਉਂ?”
“ਕੁਝ ਤਾਂ ਉਹਨਾਂ ਦੇ ਕੰਮ ਆਏਗੀ...ਬਾਕੀ ਵੇਚ ਦੇਣਗੇ।” ਉਹ ਬੋਲੇ।
“ਕੌਣ ਵੇਚ ਦਏਗਾ?”
“ਅਰਮੀ...ਮਤਲਬ ਪਾਕਿਸਤਾਨੀ ਮਿਲਟਰੀ। ਇੱਥੇ ਮਿਲਟਰੀ ਨੇ ਕਈ ਅਜਿਹੇ ਟਰਸਟ ਬਣਾਏ ਹੋਏ ਨੇ ਜਿਹਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਕੰਮ ਹੁੰਦੇ ਨੇ। ਇਕ ਤਰ੍ਹਾਂ ਨਾਲ ਮਿਲਟਰੀ ਬਿਜਨੇਸ ਕਰਦੀ ਏ ਤੇ ਉਸਦਾ 'ਪ੍ਰਾਫਿਟ' ਵੱਡੇ-ਵੱਡੇ ਜਰਨਲਾਂ ਤੋਂ ਲੈ ਕੇ ਛੋਟੇ-ਮੋਟੇ ਅਫ਼ਸਰਾਂ ਤਕ ਨੂੰ ਜਾਂਦਾ ਏ।”
ਸਾਡੀ ਗੱਡੀ ਕੰਪਲੈਕਸ ਵਿਚ ਵੜੀ ਤਾਂ ਲੱਗਿਆ ਕਿ ਵਾਹ ਕਿਆ ਸ਼ਾਨਦਾਰ ਜਗ੍ਹਾ ਹੈ। ਇਕ ਪਾਸੇ ਸਮੁੰਦਰ ਠਾਠਾਂ ਮਾਰ ਰਿਹਾ ਸੀ। ਦੂਜੇ ਪਾਸੇ ਹਰੀ ਘਾਹ ਦੇ ਫੈਲੇ ਹੋਏ ਲਾਨ ਤੇ ਅੱਗੇ ਧੋਤੇ ਹੋਏ ਪਾਮ ਤੇ ਨਾਰੀਅਲ ਦੇ ਝੁੰਡ। ਵਿਚਕਾਰ 'ਕੇਕ ਪੀਸ' ਕਿਸਮ ਦੀ ਅਤਿ ਆਧੁਨਿਕ ਇਮਾਰਤ ਸੀ। ਡਰਾਈਵ-ਵੇ ਦੇ ਨਾਲ ਸਿਲਸਿਲੇ ਵਾਰ ਕਾਟੇਜ ਬਣੇ ਹੋਏ ਸਨ।
ਅਸੀਂ ਇਕ ਸ਼ਾਨਦਾਰ ਰੇਸਤਰਾਂ ਵਿਚ ਆਏ, ਪਰ ਜਮਾਲ ਦਾ ਕਹਿਣਾ ਸੀ ਇਸ ਨਾਲੋਂ ਚੰਗਾ ਇਕ ਹੋਰ ਰੇਸਤਰਾਂ ਵੀ ਹੈ ਜਿੱਥੇ ਸਾਨੂੰ ਜਾਣਾ ਚਾਹੀਦਾ ਹੈ। ਅਸੀਂ ਦੂਜੇ ਵੱਧ ਵੱਡੇ ਤੇ ਸ਼ਾਨਦਾਰ ਰੇਸਤਰਾਂ ਵਿਚ ਆ ਗਏ, ਜਿੱਥੋਂ ਦੂਰ ਤਕ ਫੈਲਿਆ ਸਮੁੰਦਰ ਦਿਖਾਈ ਦੇ ਰਿਹਾ ਸੀ।
ਆਰਮੀ ਤੇ ਡਿਫੈਂਸ ਫੋਰਸਜ਼ ਹਰ ਮੁਲਕ ਵਿਚ ਮਜ਼ੇ ਕਰਦੀਆਂ ਨੇ। ਇੰਡੀਆ ਵਿਚ ਆਰਮੀ ਅਫ਼ਸਰਾਂ ਦੇ ਜਿਹੜੇ ਠਾਠ ਨੇ, ਅਸੀਂ ਸਾਰੇ ਜਾਣਦੇ ਹਾਂ। ਤੇ ਹੁਣ ਤਾਂ ਡਿਫੈਂਸ ਫੋਰਸਜ਼ ਦਾ ਰੁਤਬਾ ਹੋਰ ਵੀ ਵਧ ਗਿਆ ਹੈ। ਅੱਜ ਭਾਰਤ ਵਿਚ ਘੱਟੋਘੱਟ ਪੰਜ ਰਾਜਾਂ ਦੇ ਰਾਜਪਾਲ ਐਕਸ ਲੈਫ਼ਟੀਨੈਂਟ ਜਨਰਲ ਜਾਂ ਆਈ.ਪੀ.ਐਸ. ਸਰਵਿਸ ਦੇ ਉੱਚੇ ਅਧਿਕਾਰੀ ਜਿਵੇਂ ਰਿਟਾਇਰਡ ਡਾਇਰੈਕਟਰ ਜਨਰਲ ਬਾਰਡਰ ਸੈਕਿਊਰਟੀ ਫੋਰਸ, ਡਾਇਰੈਕਟਰ ਆਈ.ਬੀ. ਵਗ਼ੈਰਾ ਨੇ। ਮਤਲਬ ਭਾਰਤੀ ਲੋਕਤੰਤਰ ਵਿਚ ਅੱਜ ਨੌਕਰਸ਼ਾਹੀ ਤੇ ਸੈਨਾ ਨੂੰ ਹਕੂਮਤ ਵਿਚ ਜਿਹੜਾ ਹਿੱਸਾ ਮਿਲ ਰਿਹਾ ਹੈ, ਉਹ ਪਹਿਲਾਂ ਨਹੀਂ ਸੀ ਮਿਲਦਾ। ਪਹਿਲਾਂ ਹਕੂਮਤ ਵਿਚ ਸਿਵਲ ਸੋਸਾਇਟੀ ਨੂੰ ਵੀ ਕੁਝ ਹਿੱਸਾ ਮਿਲ ਜਾਂਦਾ ਸੀ, ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਬੰਦ ਹੋ ਗਿਆ ਹੈ। ਅੱਜ ਭਾਰਤੀ ਰਾਜ-ਨੇਤਾਵਾਂ ਨੂੰ ਸੈਨਾ, ਪੁਲਿਸ, ਆਈ.ਏ.ਐਸ. ਅਧਿਕਾਰੀਆਂ ਦੀ ਮਦਦ ਚਾਹੀਦੀ ਹੈ। ਸਿਵਲ ਸੁਸਾਇਟੀ ਦਾ ਸਹਿਯੋਗ ਨਹੀਂ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਦੇ ਭਰਿਸ਼ਟਾਚਾਰ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ, ਉਹ ਪਹਿਲਾਂ ਕਦੀ ਨਹੀਂ ਸੀ ਆਏ।
ਪਾਕਿਸਤਾਨ ਦੀ ਸੈਨਾ ਦੇ ਕਾਰੋਬਾਰ ਤੇ ਵਪਾਰ ਉੱਤੇ ਆਯਸ਼ਾ ਸਿੱਦੀਕੀ ਨੇ ਇਕ ਬੜੀ ਮਹੱਤਵਪੂਰਨ ਕਿਤਾਬ 'ਮਿਲਟਰੀ ਐਨਕਲੇਵ ਇਨ ਸਾਈਡ ਪਾਕਿਸਤਾਨ ਮਿਲਟਰੀ ਇਕੋਨਾਮੀ' ਲਿਖੀ ਹੈ। ਆਕਸਫੋਰਡ ਪ੍ਰੈੱਸ ਤੋਂ ਛਪੀ ਇਸ ਕਿਤਾਬ ਦੀ ਲੇਖਕਾ ਨੇ ਪਾਕਿਸਤਾਨ ਦੀ ਸੈਨਾ ਉੱਤੇ ਇਕ ਹੋਰ ਕਿਤਾਬ 'ਪਾਕਿਸਤਾਨ ਆਰਮਸ ਪ੍ਰੋਕਯੋਰਮੈਂਟ ਐਂਡ ਮਿਲਟਰੀ ਬਿਲਡਅਪ' ਵੀ ਲਿਖੀ ਹੈ।
ਪਾਕਿਸਤਾਨ ਦੀ ਫੌਜ ਉੱਤੇ ਕਰਾਚੀ ਵਿਚ ਹੀ ਇਕ ਰਿਟਾਇਰਡ ਮੇਜਰ ਨੇ ਮੈਨੂੰ ਇਕ ਚੁਟਕਲਾ ਸੁਣਾਇਆ ਸੀ। ਚੁਟਕਲਾ ਕੀ ਸਿਰਫ ਇਕ ਵਾਕ—'ਪਾਕਿਸਤਾਨ ਦੀ ਫੌਜ ਨੇ ਸਭ ਤੋਂ ਵੱਡਾ ਕਾਰਨਾਮਾ ਇਹ ਕੀਤਾ ਹੈ ਕਿ ਪਾਕਿਸਤਾਨ ਨੂੰ ਜਿੱਤ ਲਿਆ ਏ।' ਇਹ ਚੁਟਕਲਾ ਨਹੀਂ ਸੱਚਾਈ ਹੈ। ਪਾਕਿਸਤਾਨ ਵਿਚ ਲੋਕਤੰਤਰ ਜਿਵੇਂ-ਜਿਵੇਂ ਕਮਜ਼ੋਰ ਹੁੰਦਾ ਗਿਆ ਸੀ; ਰਾਜਨੀਤਕ ਦਲਾਂ ਤੋਂ ਲੋਕਾਂ ਦਾ ਵਿਸ਼ਵਾਸ ਤਿਵੇਂ-ਤਿਵੇਂ ਉਠਦਾ ਗਿਆ ਸੀ। ਓਵੇਂ-ਓਵੇਂ ਫੌਜ ਦਾ ਅਮਲੀ ਦਖ਼ਲ ਵਧਦਾ ਗਿਆ ਤੇ 1958 ਤੋਂ ਫੌਜ ਇਕ ਹਾਕਮ-ਸੈਨਾ ਬਣ ਗਈ ਹੈ।
ਪਾਕਿਸਤਾਨ ਦੀ ਸੈਨਾ ਵਿਚ 75 ਪ੍ਰਤੀਸ਼ਤ ਭਰਤੀ ਪੰਜਾਬ ਦੇ ਤਿੰਨ ਜ਼ਿਲਿਆਂ ਤੋਂ ਹੁੰਦੀ ਹੈ। 20 ਪ੍ਰਤੀਸ਼ਤ ਭਰਤੀ ਉਤਰ ਪਛਮੀ ਸੀਮਾਵਰਤੀ ਪ੍ਰਾਂਤਾਂ ਤੋਂ, 2 ਪ੍ਰਤੀਸ਼ਤ ਬਿਲੋਚਿਸਤਾਨ ਤੇ ਸਿੰਧ ਤੇ ਬਾਕੀ ਹੋਰ ਜਗਾਹਾਂ ਤੋਂ ਹੁੰਦੀ ਹੈ। ਇਸ ਤਰ੍ਹਾਂ ਪਾਕਿਸਤਾਨ ਸੈਨਾ ਦਾ ਬੁਨਿਆਦੀ ਚਰਿੱਤਰ ਪੰਜਾਬੀ ਹੈ। ਤੇ ਇਸ ਕਾਰਨ ਬਿਲੋਚ ਲੀਡਰ ਪਾਕਿਸਤਾਨੀ ਸੈਨਾ ਨੂੰ ਪਾਕਿਸਤਾਨੀ ਨਹੀਂ ਬਲਕਿ ਪੰਜਾਬੀ ਸੈਨਾ ਕਹਿੰਦੇ ਨੇ।
ਬੰਗਲਾ ਦੇਸ਼ ਯੁੱਧ ਵਿਚ ਹਾਰਨ ਤੇ ਅਪਮਾਨਤ ਹੋਣ ਪਿੱਛੋਂ ਪਾਕਿਸਤਾਨ ਸੈਨਾ 1977 ਵਿਚ ਫੇਰ ਸੱਤਾ ਵਿਚ ਆ ਗਈ ਸੀ। ਇਸ ਪਿੱਛੋਂ ਸੈਨਿਕ ਨੇਤਰਤਵ ਨੇ ਆਪਣੀ ਤੇ ਸੈਨਾ ਦੀ ਪੜਤ ਤੇ ਧਾਕ ਜਮਾਉਣ ਲਈ ਇਕ ਨਰੋਏ ਫੌਜੀ ਵਪਾਰ ਤੇ ਉਦਯੋਗ ਜਗਤ ਨੂੰ ਜਨਮ ਦਿੱਤਾ, ਜਿਹੜਾ ਐਗਰੀਕਲਚਰ, ਮੈਨੁਫੈਕਚਰਿੰਗ ਤੇ ਸਰਵਿਸ ਸੈਕਟਰ ਵਿਚ ਫੈਲਿਆ ਹੋਇਆ ਹੈ। ਰੱਖਿਆ ਮੰਤਰਾਲੇ ਦੀਆਂ ਬੁਨਿਆਦੀ ਇਕਾਈਆਂ ਫੌਜੀ ਫਾਊਂਡੇਸ਼ਨ, ਆਰਮੀ ਵੈਲਫੇਅਰ ਟਰਸਟ, ਸ਼ਾਹੀਨ ਫਾਊਂਡੇਸ਼ਨ ਤੇ ਸਮੁੰਦਰੀ ਫਾਊਂਡੇਸ਼ਨ, ਕਈ ਸਤਹਾਂ 'ਤੇ ਧਨ ਕਮਾਉਣ ਵਿਚ ਵਿਅਸਤ ਹੋ ਗਈਆਂ, ਜਿਸਦਾ ਸਿੱਧਾ ਲਾਭ ਸੈਨਾ ਦੇ ਅਧਿਕਾਰੀਆਂ ਨੂੰ ਹੁੰਦਾ ਸੀ।
ਜਨਰਲ ਜ਼ਿਯਾਉਲ ਹੱਕ ਦੇ ਕਾਰਜ ਕਾਲ ਵਿਚ ਨਾ ਸਿਰਫ਼ ਸੈਨਾ ਦੇ ਕਾਰੋਬਾਰ ਤੇ ਅਧਿਕਾਰੀਆਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ/ਤੋਹਫ਼ਿਆਂ ਵਿਚ ਵਾਧਾ ਹੋਇਆ, ਬਲਕਿ ਚੁਣੇ ਗਏ ਰਾਸ਼ਟਰਪਤੀ ਜੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਚੜ੍ਹਾ ਕੇ ਸੈਨਾ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਚੁਣੀਆਂ ਹੋਈਆਂ ਸਰਕਾਰਾਂ ਵੀ ਉਸਦੇ ਪ੍ਰਭਾਵ ਤੋਂ ਸੁਤੰਤਰ ਨਹੀਂ ਹੈਨ। ਇਹੀ ਕਾਰਨ ਹੈ ਕਿ ਬੇਨਜੀਰ ਭੁੱਟੋ (1988-90, 1993-96) ਤੇ ਨਵਾਜ ਸ਼ਰੀਫ (1990-93, 1997-99) ਦੀਆਂ ਸਰਕਾਰਾਂ ਨੇ ਫੌਜ ਦੇ ਕਾਰੋਬਾਰ ਵੱਲ ਨਿਗਾਹ ਚੁੱਕ ਕੇ ਨਹੀਂ ਦੇਖਿਆ ਤੇ ਉਹ ਫਲਦਾ-ਫੁੱਲਦਾ ਰਿਹਾ। ਡਾਕਟਰ ਆਯਸ਼ਾ ਸਿੱਦੀਕੀ ਨੇ ਇਸ ਤੱਥ 'ਤੇ ਵੀ ਜ਼ੋਰ ਦਿੱਤਾ ਹੈ ਕਿ ਸਿੱਖਿਆ ਤੇ ਸਿਹਤ ਸੇਵਾਵਾਂ ਦੀ ਤੁਲਨਾ ਵਿਚ ਪਾਕਿਸਤਾਨ ਦਾ ਸੁਰੱਖਿਆ ਉੱਤੇ ਖਰਚਾ ਬੜਾ ਵੱਧ ਰਿਹਾ ਹੈ। ਉਦਾਹਰਨ ਲਈ 2004-05 ਵਿਚ ਸਿਹਤ ਸੇਵਾਵਾਂ ਉੱਤੇ 0.6 ਪ੍ਰਤੀਸ਼ਤ, ਸਿੱਖਿਆ ਉੱਤੇ 2.1 ਪ੍ਰਤੀਸ਼ਤ ਤੇ ਸੁਰੱਖਿਆ ਉੱਤੇ 3.2 ਪ੍ਰਤੀਸ਼ਤ ਖਰਚ ਹੋਇਆ ਸੀ।
ਪਾਕਿਸਤਾਨ ਵਿਚ ਸਭ ਤੋਂ ਵੱਧ ਜ਼ਮੀਨ ਸੈਨਾ ਕੋਲ ਹੈ। ਲਗਭਗ 70,000 ਏਕੜ ਜ਼ਮੀਨ 'ਤੇ ਸੈਨਾ ਦਾ ਕਬਜਾ ਹੈ, ਜਿਸ ਉੱਤੇ ਨਾ ਸਿਰਫ਼ ਸੈਨਾ ਦੇ ਠਿਕਾਣੇ ਨੇ ਬਲਕਿ ਉਸਨੂੰ ਵੇਚ ਕੇ, ਲੀਜ ਜਾਂ ਕਿਰਾਏ 'ਤੇ ਦੇ ਕੇ ਮੋਟਾ ਲਾਭ ਕਮਾਇਆ ਜਾਂਦਾ ਹੈ। ਸੈਨਾ ਦੇ ਅਧਿਕਾਰੀਆਂ ਨੂੰ ਭੋਇੰ ਦੇਣ ਲਈ 1912 ਦਾ ਲੈਂਡ ਐਕਟ ਹੁਣ ਤਕ ਜਾਰੀ ਹੈ—ਜਿਸਦੇ ਤਹਿਤ ਸੈਨਾ ਅਧਿਕਾਰੀਆਂ ਨੂੰ ਵੀਹ ਰੁਪਏ ਤੋਂ ਸੱਠ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵੇਚੀ ਜਾਂਦੀ ਹੈ। ਮੇਜਰ ਜਨਰਲ ਜਾਂ ਉਸ ਤੋਂ ਵੱਡੇ ਅਹੁਦੇ ਦਾ ਅਧਿਕਕਾਰੀ 240 ਏਕੜ, ਬਿਰਗੇਡੀਅਰ ਤੇ ਕਰਨਲ 150 ਏਕੜ, ਲੈਫਟੀਨੈਂਟ 124 ਏਕੜ ਤੇ ਜੇ.ਸੀ.ਓ.ਐਨ.ਸੀ.ਓ. 32 ਤੋਂ 64 ਤਕ ਏਕੜ ਜ਼ਮੀਨ ਖ਼ਰੀਦ ਸਕਦੇ ਨੇ। ਜ਼ਮੀਨ ਖ਼ਰੀਦਨ ਪਿੱਛੋਂ ਉਹ ਖ਼ੁਦ ਖੇਤੀ ਕਰ ਸਕਦੇ ਨੇ ਜਾਂ ਜ਼ਮੀਨ ਵੇਚ ਸਕਦੇ ਨੇ।
'ਆਰਮੀ ਵੈਲ ਫੇਅਰ ਟਰਸਟ' ਸੀਮਿੰਟ, ਦਵਾਈਆਂ, ਖੰਡ, ਬੂਟ, ਕੱਪੜੇ ਦੀਆਂ ਕਈ-ਕਈ ਫੈਕਟਰੀਆਂ ਦੇ ਇਲਾਵਾ 'ਰੀਅਲ ਸਟੇਟ' ਦੇ ਕਾਰੋਬਾਰ ਵਿਚ ਸ਼ਾਮਲ ਨੇ, ਪਰ ਇਹ 'ਭੱੜਮਲ ਸੰਗਠਨ' ਲਗਾਤਾਰ ਘਾਟੇ ਵਿਚ ਹੀ ਰਿਹਾ ਹੈ। ਘਾਟੇ ਦਾ ਕਾਰਨ ਪ੍ਰਸ਼ਾਸ਼ਨ ਦੀਆਂ ਕਮਜ਼ੋਰੀਆਂ ਦੱਸੀਆਂ ਜਾਂਦੀਆਂ ਨੇ। ਇਹ ਸੰਗਠਨ ਲਗਾਤਾਰ ਸਰਕਾਰ ਤੋਂ ਸਹਾਇਤਾ ਤੇ ਬੈਂਕ ਕਰਜੇ ਲੈਣ ਲਈ ਸਰਕਾਰ ਦੀ ਗਰੰਟੀ ਹਾਸਲ ਕਰਦਾ ਰਹਿੰਦਾ ਹੈ। ਅਰਬਾਂ ਰੁਪਏ ਦੇ ਕਰਜ਼ੇ ਵਿਚ ਡੁੱਬੇ ਆਰਮੀ ਟਰਸਟ ਨੂੰ ਆਪਣਾ 2.74 ਬਿਲੀਅਨ ਰੁਪਏ ਦਾ ਕਰਜ਼ਾ ਲਾਹੁਣ ਲਈ ਰਾਵਲਪਿੰਡੀ ਦਾ ਪਲਾਜ਼ਾ ਵੇਚਣਾ ਪਿਆ ਸੀ।
ਸੈਨਾ ਦੀਆਂ ਦੂਜੀਆਂ ਸੰਸਥਾਵਾਂ ਫੌਜੀ ਫਾਊਂਡੇਸ਼ਨ, ਸ਼ਾਹੀਨ ਫਾਊਂਡੇਸ਼ਨ ਆਦਿ ਵੀ ਵੱਖ-ਵੱਖ ਵਪਾਰ ਕਰਦੀਆਂ ਨੇ। ਤੇ ਘਾਟੇ ਵਿਚ ਚੱਲ ਰਹੀਆਂ ਨੇ, ਜਿਹਨਾਂ ਦਾ ਘਾਟਾ ਸਰਕਾਰ ਝੱਲਦੀ ਹੈ। ਪਾਕਿਸਤਾਨ ਦੀ ਸੈਨਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਦੇਸ਼ ਦੀ ਅਰਥ ਵਿਵਸਥਾ ਨੂੰ, ਜਿਹੜੀ ਬੜੇ ਵੱਡੇ ਸੰਕਟ ਵਿਚ ਫਸੀ ਹੋਈ ਹੈ, ਹੋਰ ਭੁੰਜੇ ਲਾਹ ਰਹੀ ਹੈ।
ਪੂਰੇ ਸੰਸਾਰ ਨੂੰ ਹਿੰਦੀ ਪੜ੍ਹਾਉਣ ਵਾਲੀ ਭਾਰਤ ਸਰਕਾਰ, ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਹਿੰਦੀ ਕਿਉਂ ਨਹੀਂ ਪੜ੍ਹਾਉਂਦੀ?' ਇਹ ਸਵਾਲ ਕੀਤਾ ਉਰਦੂ ਦੇ ਜਾਣੇ-ਮਾਣੇ ਲੇਖਕ ਤੇ ਉਰਦੂ ਦੇ ਪ੍ਰਸਿੱਧ ਪਰਚੇ ਦੇ ਸੰਪਾਦਕ ਅਜਮਲ ਕਮਾਲ ਨੇ ਜਿਹੜੇ ਆਪਣੇ ਪਰਚੇ ਦੇ ਹਿੰਦੀ ਸਾਹਿਤ ਉੱਤੇ ਕੇਂਦਰਤ ਕਈ ਵਿਸ਼ੇਸ਼-ਅੰਕ ਕੱਢ ਚੁੱਕੇ ਨੇ ਤੇ ਆਪਣੇ ਪ੍ਰਕਾਸ਼ਨ ਵਿਚ ਕਈ ਹਿੰਦੀ ਕਿਤਾਬਾਂ ਦੇ ਉਰਦੂ ਐਡੀਸ਼ਨ ਛਾਪ ਚੁੱਕੇ ਨੇ।
ਮੈਂ ਤੇ ਜਮਾਲ ਨਕਵੀ ਕਰਾਚੀ ਦੇ ਮੁੱਖ ਸ਼ਹਿਰ ਦੇ ਬਾਜ਼ਾਰ ਵਾਲੇ ਇਲਾਕੇ ਵਿਚ ਸਥਿਤ ਅਜਮਲ ਕਮਾਲ ਦੇ ਆਫਿਸ ਪਹੁੰਚੇ ਸਾਂ। ਉਹਨਾਂ ਦੇ ਪ੍ਰਕਾਸ਼ਨ ਦਾ ਸ਼ੌਅ-ਰੂਮ, ਉਹਨਾਂ ਦਾ ਦਫ਼ਤਰ ਤੇ ਉਹਨਾਂ ਦੀ ਰਹਾਇਸ਼ ਇਹੋ ਨੇ। ਉਹਨਾਂ ਨੂੰ ਦੇਖ ਕੇ ਲੱਗਿਆ ਕਿ ਭਾਸ਼ਾ, ਸਾਹਿਤ ਤੇ ਸਮਾਜ ਦੇ ਪ੍ਰਤੀ ਨਿਹਚਾਵਾਨ ਤੇ ਸਮਰਪਿਤ ਲੋਕਾਂ ਨੂੰ ਜੇ ਕੋਈ ਅੱਜ ਦੇਖਣਾ ਚਾਹੇ ਤਾਂ ਅਜਮਲ ਕਮਾਲ ਨੂੰ ਦੇਖ ਲਵੇ। ਉਹਨਾਂ ਦੀ ਲਗਨ, ਮਿਹਨਤ, ਉਤਸਾਹ, ਸਾਦਗੀ ਤੇ ਸਹਿਜਤਾ ਮੱਲੋਮੱਲੀ ਆਪਣੇ ਵੱਲ ਖਿੱਚਦੇ ਨੇ। ਅਜਮਲ ਕਮਾਲ ਉਰਦੂ-ਹਿੰਦੀ ਜਾਂ ਕਹਿਣਾ ਚਾਹੀਦਾ ਹੈ ਸੰਸਾਰ-ਸਾਹਿਤ ਵਿਚ ਡੂੰਘੀ ਰੁਚੀ ਲੈਣ ਦੇ ਨਾਲ ਨਾਲ ਸਾਮਾਜਿਕ, ਆਰਥਕ ਤੇ ਰਾਜਨੀਤਕ ਵਿਸ਼ਿਆਂ ਬਾਰੇ ਵੀ ਡੂੰਘਾਈ ਤਕ ਜਾਣਦੇ ਨੇ।
“ਪਾਕਿਸਤਾਨ ਵਿਚ ਹਿੰਦੀ ਕਿਤੇ ਨਹੀਂ ਪੜ੍ਹਾਈ ਜਾਂਦੀ?” ਮੈਂ ਉਹਨਾਂ ਨੂੰ ਪੁੱਛਿਆ।
“ਹਾਂ...ਕਿਤੇ ਨਹੀਂ...ਸਾਨੂੰ ਲੋਕਾਂ ਨੂੰ ਬੜੀ ਮੁਸ਼ਕਲ ਹੁੰਦੀ ਏ। ਇੱਥੇ ਇਕ ਗਰੁੱਪ ਏ, ਜਿਸਨੇ ਹਿੰਦੀ ਸਿਖ ਲਈ ਏ। ਇਸ ਵਿਚ ਡਾ. ਆਸਿਫ ਫੱਰੁਖੀ, ਡਾ. ਰਫੀਕ ਅਹਿਮਦ ਨਕਸ਼ ਤੇ ਉਹਨਾਂ ਦੀ ਪਤਨੀ ਹੈਨ। ਇਕ ਦੋ ਲੋਕ ਹੋਰ ਹੈਨ। ਜਮਾਲ ਸਾਹਬ ਤਾਂ ਹਿੰਦੁਸਤਾਨ ਤੋਂ ਹਿੰਦੀ ਪੜ੍ਹ ਕੇ ਆਏ ਸੀ। ਇਹਨਾਂ ਨੇ ਇੱਥੇ ਨਹੀਂ ਸਿਖੀ। ਤੋ ਅਸੀਂ ਲੋਕ ਮਿਲਜੁਲ ਕੇ ਹਿੰਦੀ ਅਦਬ ਦਾ ਉਰਦੂ 'ਚ ਤਰਜੁਮਾ ਕਰਦੇ ਆਂ।”
“ਕੀ ਇੱਥੇ ਉਰਦੂ ਦੇ ਪਾਠਕ ਭਾਰਤੀ ਜਾਂ ਹਿੰਦੀ ਸਾਹਿਤ ਵਿਚ ਦਿਲਚਸਪੀ ਲੈਂਦੇ ਨੇ?” ਮੈਂ ਪੁੱਛਿਆ।
“ਬਹੁਤ ਜ਼ਿਆਦਾ।”
ਏਨੀ ਦੇਰ ਵਿਚ ਅਜਮਲ ਕਮਾਲ ਦੀ ਪਤਨੀ ਗੌਰੀ ਆ ਗਈ ਜਿਹੜੀ ਮਹਾਰਾਸ਼ਟਰ ਦੀ ਹੈ। ਉਹਨਾਂ ਪੂਨਾ ਫਿਲਮ ਸੰਸਥਾਨ ਤੋਂ ਫਿਲਮ ਸੰਪਾਦਨ ਦਾ ਕੋਰਸ ਕੀਤਾ ਹੈ। ਅਜਮਲ ਕਮਾਲ ਨੇ ਆਪਣੀ ਪਤਨੀ ਨਾਲ ਸਾਡੀ ਪਛਾਣ ਕਰਵਾਈ ਤਾਂ ਮੈਂ ਜੁਗਿਆਸਾ ਦਾ ਇਕ ਪਹਾੜ ਖੜ੍ਹ ਕਰ ਦਿੱਤਾ, ਜਿਸਦਾ ਫੌਰੀ ਸਮਾਧਾਨ ਹੋ ਸਕਣਾ ਔਖਾ ਸੀ।
ਮੈਂ ਪਾਕਿਸਤਾਨ ਵਿਚ ਵਧਦੇ ਹੋਏ ਤਾਲਿਬਾਨੀ ਖਤਰੇ ਦਾ ਜਿਕਰ ਛੇੜਿਆ ਤਾਂ ਅਜਮਲ ਦੱਸਣ ਲੱਗੇ ਕਿ ਤਾਲਿਬਾਨ ਵਿਚ ਏਨੀ ਤਾਕਤ ਤੇ ਏਕਤਾ ਨਹੀਂ ਹੈ ਕਿ ਉਹ ਪਾਕਿਸਤਾਨ ਦੀ ਸੱਤਾ ਹਥਿਆ ਸਕਣ। ਉਹ ਖ਼ੁਦ ਬੜੇ 'ਡਿਵਾਇਡੇਡ' ਨੇ। ਦੂਜੀ ਗੱਲ ਇਹ ਕਿ ਪਾਕਿਤਸਾਨ ਦੀ ਆਰਮੀ ਕਦੀ ਨਹੀਂ ਚਾਹੇਗੀ ਕਿ ਤਾਲਿਬਾਨ ਸੱਤਾ ਵਿਚ ਆਉਣ ਕਿਉਂਕਿ ਡੈਮੋਕਰੇਸੀ ਨਾਲ ਤਾਂ ਆਰਮੀ ਭਲੀ ਭਾਂਤ ਡੀਲ ਕਰ ਲੈਂਦੀ ਏ, ਪਰ ਤਾਲਿਬਾਨ ਨਾਲ ਇੰਜ ਨਹੀਂ ਹੋ ਸਕੇਗਾ।
“ਪਰ ਪਾਕਿਸਤਾਨ ਸੈਨਾ 'ਚ ਧਾਰਮਕ-ਕੱਟੜਤਾ ਏ...ਘੱਟੋਘੱਟ ਆਮ ਸਿਪਾਹੀ ਤਾਂ ਤਾਲਿਬਾਨ ਨੂੰ ਸਪੋਰਟ ਕਰੇਗਾ?”
“ਨਹੀਂ, ਧਾਰਮਕ-ਕੱਟੜਤਾ ਦੇ ਵੀ ਇੱਥੇ ਕਈ ਰੂਪ ਨੇ ਤੇ ਫੌਜ ਤਾਂ ਕਮਾਂਡਰ ਦੇ ਹੁਕਮ 'ਤੇ ਲੜਦੀ ਏ।”
ਪਾਕਿਸਤਾਨ ਦੇ ਸਾਰੇ ਪੜ੍ਹੇ-ਲਿਖੇ ਸਮਝਦਾਰ ਲੋਕ ਪਾਕਿਸਤਾਨ ਦੀਆਂ ਮੁੱਖ ਸਮੱਸਿਆਵਾਂ ਤੇ ਧਾਰਮਕ-ਕੱਟੜਤਾ ਪਿੱਛੇ ਜਨਰਲ ਜ਼ਿਯਾਉਲ ਹੱਕ ਦੀ ਕੇਂਦਰੀ ਭੂਮਿਕਾ ਮੰਨਦੇ ਨੇ। ਜ਼ਿਯਾਉਲ ਹੱਕ ਨੇ ਸੱਤਾ ਹਥਿਆਉਣ ਲਈ ਇਸਲਾਮ ਧਰਮ ਦਾ ਸਹਾਰਾ ਲਿਆ ਸੀ ਕਿਉਂਕਿ 'ਲੇਜੀਟਿਮੇਸੀ' ਕਿਸੇ ਤਰ੍ਹਾਂ ਸਿੱਧ ਨਹੀਂ ਸੀ ਹੁੰਦੀ। ਸੱਤਾ ਉੱਤੇ ਉਹਨਾਂ ਦਾ ਕਾਨੂੰਨੀ ਜਾਂ ਨੈਤਿਕ ਜਾਂ ਸੰਵਿਧਾਨਕ ਕੋਈ ਅਧਿਕਾਰ ਨਹੀਂ ਬਣਦਾ ਸੀ। ਜੁਲਾਈ 1977 ਵਿਚ ਜ਼ਿਯਾਉਲ ਹੱਕ ਨੇ ਨੱਬੇ ਦਿਨ ਦੇ ਅੰਦਰ-ਅੰਦਰ ਚੋਣਾ ਕਰਾ ਦੇਣ ਦਾ ਵਿਸ਼ਵਾਸ ਦਿਵਾਅ ਕੇ ਸੱਤਾ ਸੰਭਾਲੀ ਸੀ, ਪਰ ਮਰਦੇ ਦਮ ਤਕ ਸੱਤਾ ਨਾਲ ਚਿਪਕੇ ਰਹੇ।
ਜਨਰਲ ਜ਼ਿਯਾ ਦੇ ਇਸਲਾਮੀਕਰਨ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਵੰਡ ਦਿੱਤਾ ਸੀ। ਨਾ ਸਿਰਫ਼ ਅਹਿਮਦੀਆਂ ਨੂੰ ਗ਼ੈਰ-ਮੁਸਲਿਮ ਕਹਿ ਕੇ ਉਹਨਾਂ ਨੂੰ ਝੂਠੇ ਮਕੱਦਮਿਆਂ ਵਿਚ ਸਜ਼ਾਵਾਂ ਦਿੱਤੀਆਂ ਗਈਆਂ ਤੇ ਦੰਗਿਆਂ ਵਿਚ ਉਹਨਾਂ ਦਾ ਨਰਸੰਘਾਰ ਕੀਤਾ ਗਿਆ, ਬਲਕਿ ਸ਼ੀਆ-ਸੁੰਨੀ ਫਸਾਦਾਂ ਨੂੰ ਵੀ ਬਹੁਤ ਜ਼ਿਆਦਾ ਵਧਾਇਆ। ਸੁੰਨੀਆਂ ਦੇ ਦੋ ਧਾਰਮਕ ਸਕੂਲਾਂ ਦੇਵਬੰਦੀ ਤੇ ਬਰੇਲੀਆਂ ਵਿਚ ਵੀ ਖ਼ੂਨੀ ਸੰਘਰਸ਼ ਸ਼ੁਰੂ ਹੋ ਗਿਆ ਸੀ। ਕਾਦਯਾਨੀਆਂ ਨੂੰ ਇਸਲਾਮ 'ਚੋ ਬਾਹਰ ਕਰ ਦਿੱਤਾ ਗਿਆ ਸੀ। 1984 ਦੇ ਕਾਨੂੰਨ ਅਨੁਸਾਰ ਉਹ ਆਪਣੇ ਆਪ ਨੂੰ ਮੁਸਲਮਾਨ ਤੇ ਆਪਣੇ ਧਾਰਮਕ ਸਥਾਨ ਨੂੰ ਮਸਜਿਦ ਨਹੀਂ ਕਹਿ ਸਕਦੇ ਸਨ।
ਆਤੰਕਵਾਦ ਨਾਲ ਨਿਬੜਨ ਲਈ ਅਮਰੀਕੀ ਧਨ ਤੇ ਹਥਿਆਰਾਂ ਨੇ ਪਾਕਿਸਤਾਨ ਦੀ ਰਾਜਨੀਤੀ ਵਿਚ ਇਕ ਨਵੀਂ ਖੇਡ ਸ਼ੁਰੂ ਕਰ ਦਿੱਤੀ ਸੀ। ਜ਼ਿਯਾ ਉੱਤੇ ਗੰਭੀਰ ਦੋਸ਼ ਹੈ ਕਿ ਮੋਹਾਜਿਰਾਂ ਤੇ ਪਠਾਨਾਂ ਦੇ ਸੰਘਰਸ਼ ਨੂੰ ਵੀ ਉਹਨਾਂ ਨੇ ਹਵਾ ਦਿੱਤੀ ਸੀ। ਪਾਕਿਸਤਾਨੀ ਸਮਾਜ ਦੀ ਇਸ ਵੰਡ ਨੇ ਜਨਤਾ ਵਿਚ ਏਕਤਾ ਹੋਣ ਤੇ ਜਾਇਜ਼ ਮੰਗਾਂ ਲਈ ਲੜਨ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ ਸੀ। ਜਨਰਲ ਜ਼ਿਯਾ ਇਹੀ ਚਾਹੁੰਦੇ ਸਨ, ਜਿਸ ਵਿਚ ਉਹਨਾਂ ਨੂੰ ਸਫਲਤਾ ਮਿਲੀ।
ਜਨਰਲ ਜ਼ਿਯਾ ਨੇ ਹਰ ਆਫਿਸ ਵਿਚ ਮਸਜਿਦ ਬਣਾਉਣ ਦੇ ਹੁਕਮ ਦਿੱਤੇ ਸਨ, ਨਮਾਜ ਸਮੇਂ ਆਫਿਸਾਂ ਵਿਚ ਛੁੱਟੀ ਦੀ ਹਦਾਇਤ ਕੀਤੀ ਗਈ ਸੀ। 10 ਫਰਬਰੀ, 1979 ਨੂੰ ਉਹਨਾਂ ਨੇ ਇਕ ਸੋਧ ਰਾਹੀਂ ਚਾਰ ਕਿਸਮ ਦੇ ਅਪਰਾਧਾਂ ਲਈ ਇਸਲਾਮੀ ਸਜ਼ਾਵਾਂ ਦਾ ਐਲਾਨ ਕੀਤਾ—ਚੋਰੀ ਦੀ ਸਜ਼ਾ ਹੱਥ ਕੱਟਣਾ ਤੈਅ ਕੀਤੀ ਗਈ, ਵਿਆਹੁਤਾ ਔਰਤ ਦੇ ਪਰਾਏ ਮਰਦ ਨਾਲ ਸੰਭੋਗ ਦੀ ਸਜ਼ਾ 'ਰਜਮ' ਯਾਨੀ ਔਰਤ ਦੀ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦੇਣਾ, ਕੁਆਰੀ ਦੇ ਲਈ ਸੰਭੋਗ ਦੀ ਸਜ਼ਾ ਸੌ ਕੋੜੇ, ਸ਼ਰਾਬ ਪੀਣ ਵਾਲੇ ਦੀ ਸਜ਼ਾ ਅੱਸੀ ਕੋੜੇ, ਝੂਠਾ ਇਲਜਾਮ ਲਾਉਣ ਦੀ ਸਜ਼ਾ ਵੀ ਅੱਸੀ ਕੋੜੇ ਤੈਅ ਕਰ ਦਿੱਤੀ ਗਈ ਸੀ।
ਜ਼ਿਯਾਉਲ ਹੱਕ ਦੇ ਇਸਲਾਮੀ ਕਾਨੂੰਨ ਵਿਚ ਸਭ ਤੋਂ ਵੱਧ ਵਿਵਾਦ ਪੈਦਾ ਕਰਨ ਵਾਲਾ ਕਾਨੂੰਨ ਜ਼ਿਨਾ ਯਾਨੀ ਬਲਾਤਕਾਰ ਬਾਰੇ ਸੀ। ਇਸ ਅਧੀਨ ਪੁਲਿਸ ਵਿਚ ਰਿਪੋਰਟ ਲਿਖਵਾਉਣ ਲਈ ਪੀੜਤ ਨੂੰ ਚਾਰ ਗਵਾਹਾਂ ਦੇ ਨਾਂ ਦੇਣੇ ਪੈਂਦੇ ਸਨ। ਜੇ ਪੀੜਤ ਚਾਰ ਗਵਾਹਾਂ ਦੇ ਨਾਂ ਨਾ ਦੇ ਸਕਦੀ ਤਾਂ ਬਲਾਤਕਾਰ ਨੂੰ ਅਨੈਤਿਕ ਜਾਂ ਗ਼ੈਰ-ਕਾਨੂੰਨੀ ਸੰਭੋਗ ਮੰਨ ਲਿਆ ਜਾਂਦਾ ਸੀ। ਔਰਤਾਂ ਨੂੰ ਨਾਜਾਇਜ਼ ਸੈਕਸ (ਐਡਲਟਰੀ) ਦੇ ਅਪਰਾਧ ਵਿਚ ਗਿਰਫਤਾਰ ਕਰਕੇ ਮੁਕੱਦਮਾ ਚਲਾਇਆ ਜਾਂਦਾ ਸੀ। ਇਸ ਕਾਨੂੰਨ ਦੀ ਏਨੀ ਆਲੋਚਨਾ ਹੋਈ ਕਿ ਜਨਰਲ ਮੁਸ਼ੱਰਫ ਨੇ ਸੱਤਾ ਵਿਚ ਆਉਣ ਤੋਂ ਬਾਅਦ (2006) ਵਿਚ ਇਸਨੂੰ ਬਦਲ ਦਿੱਤਾ ਸੀ।
ਪਾਕਿਸਤਾਨ ਦੇ ਇਸਲਾਮੀ ਕਾਨੂੰਨ ਅੱਜ ਵੀ ਪਾਕਿਸਤਾਨ ਦੇ ਉਸ ਇਲਾਕੇ ਵਿਚ ਲਾਗੂ ਨੇ ਜਿੱਥੇ ਤਾਲਿਬਾਨ ਦਾ ਪ੍ਰਭਾਵ ਹੈ। ਵਰਤਮਾਨ ਸਰਕਾਰ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਤਾਲਿਬਾਨ ਦੀ ਮੰਗ 'ਤੇ, ਉਹਨਾਂ ਨੂੰ ਖ਼ੁਸ਼ ਕਰਨ ਲਈ, ਪਾਕਿਸਤਾਨ ਦੇ ਉਤਰ-ਪੱਛਮ ਦੇ ਇਲਾਕੇ ਸਵਾਤ ਵਿਚ ਇਸਲਾਮੀ ਕਾਨੂੰਨਾਂ ਦੇ ਜਾਰੀ ਰਹਿਣ ਦਾ ਹੁਕਮ 2009 ਵਿਚ ਦਿੱਤਾ ਸੀ। ਇਸ ਉੱਤੇ ਤਿੱਖੀਆਂ ਪ੍ਰਤੀਕ੍ਰਿਆਵਾਂ ਹੋਈਆਂ ਸਨ। ਇਹ ਕਿਹਾ ਗਿਆ ਸੀ ਕਿ ਇਕ ਦੇਸ਼ ਵਿਚ ਦੋ ਕਾਨੂੰਨ ਕਿੰਜ ਚੱਲ ਸਕਦੇ ਨੇ? ਇਹ ਗੱਲ ਵੀ ਹੋਈ ਸੀ ਕਿ ਦੇਸ਼ ਦੇ ਹੋਰ ਖੇਤਰਾਂ ਵਿਚ ਧਰਮ-ਅੰਧਲੇ ਵੀ ਇਹ ਮੰਗ ਕਰ ਸਕਦੇ ਨੇ ਕਿ ਉਹਨਾਂ ਦੇ ਖੇਤਰ ਵਿਚ ਵੀ ਉਹੀ ਕਾਨੂੰਨ ਲਾਗੂ ਕੀਤੇ ਜਾਣ ਜਿਹੜੇ ਸਵਾਤ ਵਿਚ ਲਾਗੂ ਕੀਤੇ ਗਏ ਨੇ। ਹਾਸੋਹੀਣਾ ਤੇ ਅੰਤਰ-ਵਿਰੋਧੀ ਬਿਆਨ ਦੇਂਦਿਆਂ ਹੋਇਆ ਆਫਿਸ ਜਰਦਾਰੀ ਨੇ ਚੇਤਾਵਨੀ ਦਿੱਤੀ ਸੀ ਕਿ ਤਾਲਿਬਾਨੀ ਪਾਕਿਸਤਾਨ ਉੱਤੇ ਅਧਿਕਾਰ ਜਮਾਉਣਾ ਚਾਹੁੰਦੇ ਨੇ। ਅਸੀਂ ਪਾਕਿਤਾਨ ਦੀ ਬਹਾਲੀ ਲਈ ਲੜ ਰਹੇ ਹਾਂ।
ਲਾਹੌਰ ਦੇ ਨੌਜਵਾਨ ਪੱਤਰਕਾਰ ਤੇ ਸਾਹਿਤਕਾਰ ਪ੍ਰੇਮੀ ਮਹਿਮੂਦੁਲ ਹਸਨ ਨੇ ਕਿਹਾ ਸੀ ਕਿ ਤੁਸੀਂ ਕਰਾਚੀ ਵਿਚ ਰਫੀਕ ਅਹਿਮਦ ਨਕਸ਼ ਨੂੰ ਜ਼ਰੂਰ ਮਿਲਣਾ। ਮੈਂ ਕਰਾਚੀ ਵਿਚ ਜਮਾਲ ਸਾਹਬ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ 'ਨਕਸ਼' ਇੱਥੇ ਨੇੜੇ ਹੀ ਰਹਿੰਦਾ ਹੈ। ਮਤਲਬ ਨਾਰਥ ਨਾਜਿਮਾਬਾਦ ਦੇ ਨੇੜੇ ਹੀ ਕਿਤੇ ਉਸਦਾ ਘਰ ਹੈ। ਮੈਂ ਜਮਾਲ ਸਾਹਬ ਨੂੰ ਕਿਹਾ ਕਿ ਉੱਥੇ ਜਾਣ ਤੋਂ ਪਹਿਲਾਂ ਕੀ ਅਸੀਂ ਨਾਜਿਮਾਬਾਦ ਕਾਲੋਨੀ ਜਾ ਸਕਦੇ ਹਾਂ? ਕਿਉਂਕਿ ਇਹ ਨਾਂ ਬਚਪਨ ਤੋਂ ਮੇਰੇ ਕੰਨ ਸੁਣਦੇ ਰਹੇ ਨੇ। ਪਾਕਿਸਤਾਨ ਆਉਣ ਪਿੱਛੋਂ ਵੀ ਇਸਨੂੰ ਨਾ ਦੇਖਿਆ ਤਾਂ ਦਿਲ ਵਿਚ ਇਕ ਕਸਕ ਰਹਿ ਜਾਵੇਗੀ।
ਨਾਜਿਮਾਬਾਦ ਵਿਚ ਅਸੀਂ ਕਿਤੇ ਨਹੀਂ ਸੀ ਜਾਣਾ, ਬਸ ਦੇਖਣਾ ਸੀ ਕਿ ਇਲਾਕਾ ਕੈਸਾ ਹੈ। ਇਹ ਮੋਹਾਜਿਰਾਂ ਦੀਆਂ ਓਹਨਾਂ ਬਸਤੀਆਂ ਵਿਚੋਂ ਇਕ ਹੈ ਜਿਹੜੀਆਂ 1950-60 ਦੇ ਆਸਪਾਸ ਬਣੀਆਂ ਸਨ। ਮੇਰੇ ਮਾਮੂਜਾਨ ਨੇ ਇੱਥੇ ਹੀ ਘਰ ਬਣਵਾਇਆ ਸੀ। ਇਸ ਪਿੱਛੋਂ ਉਹਨਾਂ ਨੇ ਗੁਲਸ਼ਨ ਇਕਬਾਲ ਵਿਚ ਕੋਠੀ ਬਣਵਾਈ ਸੀ। ਬੜੇ ਵੱਡੇ-ਵੱਡੇ ਅਹੁਦਿਆਂ 'ਤੇ ਰਹਿਣ ਪਿੱਛੋਂ 1979 ਵਿਚ ਆਖ਼ਰੀ ਵਾਰ ਭਾਰਤ ਆਏ ਸਨ ਤੇ ਮੇਰੇ ਸਫਦਰਜੰਗ ਐਨਕਲੇਵ ਵਾਲੇ ਮਕਾਨ ਵਿਚ ਠਹਿਰੇ ਸਨ। ਉਸ ਸਮੇਂ ਦੀਆਂ ਦੋ ਗੱਲਾਂ ਯਾਦ ਨੇ। ਪਹਿਲੀ ਤਾਂ ਮਾਮੂਜਾਨ ਤੇ ਮੁਮਾਨੀਜਾਨ ਦੇ ਸੋਣ ਦਾ ਇੰਤਜ਼ਾਮ ਇਕ ਛੋਟੇ ਜਿਹੇ ਕੰਪਾਊਂਡ ਵਿਚ ਕੀਤਾ ਗਿਆ ਤਾਂ ਉਹਨਾਂ ਨੂੰ ਬੜੀ ਹੈਰਾਨੀ ਹੋਈ ਸੀ। ਕਹਿਣ ਲੱਗੇ ਸਨ ਕਿ 'ਤੁਸੀਂ ਲੋਕ ਬਾਹਰ ਵਿਹੜੇ 'ਚ ਸੌਂ ਜਾਂਦੇ ਓ? ਉੱਥੇ ਕਰਾਚੀ 'ਚ ਤਾਂ ਲੋਕ ਨਹੀਂ ਸੌਂਦੇ।' ਉਹਨਾਂ ਦਾ ਮਤਲਬ ਸੀ ਲਾ ਐਂਡ ਆਰਡਰ ਏਨਾ ਖ਼ਰਾਬ ਹੈ। ਦੂਜੀ ਗੱਲ ਜਿਹੜੀ ਯਾਦ ਹੈ ਉਹ ਇਹ ਹੈ ਕਿ ਮਾਮੂਜਾਨ ਨੇ ਗੱਲਾਂਬਾਤਾਂ ਦੌਰਾਨ ਕਿਹਾ ਸੀ ਕਿ 'ਮੈਥੋਂ ਗ਼ਲਤੀ ਹੋ ਗਈ ਕਿ ਪਾਕਿਸਤਾਨ ਗਿਆ। ਮੈਨੂੰ ਇੰਡੀਆ 'ਚ ਈ ਰਹਿਣਾ ਚਾਹੀਦਾ ਸੀ। ਭਾਵੇਂ ਕਲਰਕੀ ਕਰਦਾ ਪਰ ਇੰਡੀਆ 'ਚ ਰਹਿੰਦਾ ਤਾਂ ਚੰਗਾ ਹੁੰਦਾ।'
ਕਰਾਚੀ ਤੋਂ ਮਾਮੂਜਾਨ ਨੇ ਕਨਾਡਾ ਸ਼ਿਫਟ ਕੀਤਾ ਸੀ। ਹੁਣ ਉਹ ਨਹੀਂ ਰਹੇ ਪਰ, ਦੂਜੀ ਹਿਜਰਤ ਪਿੱਛੋਂ, ਉਹਨਾਂ ਦਾ ਪਰਿਵਾਰ ਕਨਾਡਾ ਵਿਚ ਹੈ।
ਨਾਜਿਮਾਬਾਦ ਪੁਰਾਣੀ ਮੱਧਵਰਗੀ ਸ਼ਰਨਾਰਥੀਆਂ ਦੀ ਕਾਲੋਨੀ ਲੱਗੀ, ਜਿਵੇਂ ਦਿੱਲੀ ਵਿਚ ਕਈ ਨੇ। ਗਰਾਉਂਡ ਫਲੋਰ 'ਤੇ ਬਾਜ਼ਾਰ ਨੇ। ਦੁਕਾਨਾਂ ਹੀ ਦੁਕਾਨਾਂ। ਕਦੀ ਇਹ ਮਕਾਨਾਂ ਦੇ ਗਰਾਉਂਡ ਫਲੋਰ ਹੁੰਦੇ ਹੋਣਗੇ। ਚਲੋ ਖ਼ੈਰ, ਕਾਲੋਨੀ ਦਾ ਪੂਰਾ ਸਰੂਪ ਬਦਲ ਗਿਆ ਹੈ। ਮੈਂ ਮਕਾਨਾਂ ਨੂੰ ਉਹਨਾਂ ਦੇ 'ਓਰਿਜਨਲ ਫਾਰਮ' ਵਿਚ ਦੇਖਣ-ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਫੇਰ ਅਚਾਨਕ ਮਨ ਉਚਾਟ ਹੋ ਗਿਆ। ਮੈਂ ਕਿਹਾ, “ਚੱਲ ਯਾਰ, 'ਨਕਸ਼' ਸਾਹਬ ਕੇ ਚੱਲਦੇ ਆਂ।”
ਜੇ ਇਹ ਕਿਹਾ ਜਾਵੇ ਕਿ 'ਨਕਸ਼' ਸਾਹਬ ਲਾਇਬਰੇਰੀ ਵਿਚ ਰਹਿੰਦੇ ਨੇ ਤਾਂ ਕੋਈ ਅੱਤ-ਕਥਨੀ ਨਹੀਂ ਹੋਵੇਗੀ। ਅਸੀਂ ਲੋਕ ਉਹਨਾਂ ਦੇ ਘਰ ਪਹੁੰਚੇ ਤਾਂ ਲਗਭਗ ਚਾਲੀ ਵਰ੍ਹਿਆਂ ਦੇ 'ਨਕਸ਼' ਸਾਹਬ ਸਾਦਗੀ ਤੇ ਮੋਹ ਨਾਲ ਮਿਲੇ। ਵੱਡੀ ਸੁਖਦਾਈ ਹੈਰਾਨੀ ਇਹ ਹੋਈ ਕਿ ਉਹਨਾਂ ਦੀ ਪਤਨੀ ਮੇਰੀ ਇਕ ਕਹਾਣੀ ਦਾ ਉਰਦੂ ਅਨੁਵਾਦ ਲੈ ਆਈ। ਉਹਨਾਂ ਨੇ ਕਿਹਾ ਕਿ ਇਹ ਕਹਾਣੀ ਉਹਨਾਂ 'ਹੰਸ' ਵਿਚ ਪੜ੍ਹੀ ਸੀ ਤੇ ਏਨੀ ਪਸੰਦ ਆਈ ਸੀ ਕਿ ਉਰਦੂ ਵਿਚ ਅਨੁਵਾਦ ਕਰ ਦਿੱਤੀ ਸੀ।
“ਕੀ ਹਿੰਦੀ ਦੇ ਰਸਾਲੇ ਤੁਹਾਨੂੰ ਮਿਲ ਜਾਂਦੇ ਨੇ?” ਮੈਂ ਪੁੱਛਿਆ।
“ਨਹੀਂ...ਬੜੀ ਮੁਸ਼ਕਲ ਨਾਲ ਕਦੀ-ਕਦਾਰ ਕੁਛ ਮੈਗ਼ਜੀਂਨ ਮਿਲਦੇ ਨੇ।” ਨਕਸ਼ ਸਾਹਬ ਨੇ ਕਿਹਾ।
“ਤੁਸੀਂ ਹਿੰਦੀ ਕਿੰਜ ਸਿਖੀ?” ਮੈਂ ਨਕਸ਼ ਸਾਹਬ ਦੀ ਪਤਨੀ ਨੂੰ ਪੁੱਛਿਆ। ਉਹ ਥੋੜ੍ਹਾ ਮੁਸਕੁਰਾ ਕੇ ਬੋਲੀ, “ਇਹਨਾਂ ਤੋਂ।” ਮਤਲਬ 'ਨਕਸ਼' ਸਾਹਬ ਤੋਂ।
“ਤੇ ਤੁਸੀਂ ਕਿੰਜ ਸਿਖੀ?” ਮੈਂ 'ਨਕਸ਼' ਸਾਹਬ ਨੂੰ ਪੁੱਛਿਆ।
“ਮੈਂ...ਆਸਿਫ ਫੱਰੁਖੀ ਸਾਹਬ ਤੋਂ।”
“ਤੇ ਉਹਨਾਂ ਨੇ?”
“ਉਹ ਇੰਡੀਆ ਗਏ ਸਨ...।”
“ਮਤਲਬ ਇਹ ਕਿ ਇੱਥੇ ਪਾਕਿਸਤਾਨ ਵਿਚ ਹਿੰਦੀ ਪੜ੍ਹਨ/ਪੜ੍ਹਾਉਣ ਦਾ ਕੋਈ ਇੰਤਜ਼ਾਮ ਨਹੀਂ ਏ...” ਮੈਂ ਪੁੱਛਿਆ।
“ਨਹੀਂ, ਇੱਥੇ ਨਹੀਂ ਏ।”
ਇਸ ਦੌਰਾਨ ਚਾਹ ਵਗ਼ੈਰਾ ਆਈ। ਅਸੀਂ ਚਾਹ ਪੀਤੀ। ਉਸ ਪਿੱਛੋਂ 'ਨਕਸ਼' ਸਾਹਬ ਬੋਲੇ, “ਸਾਡੇ ਕੋਲ ਤੁਹਾਨੂੰ ਦਿਖਾਉਣ ਲਈ ਸਿਰਫ਼ ਕਿਤਾਬਾਂ ਨੇ...ਜਿਹੜੀਆਂ ਅਸਾਂ ਦੋਵਾਂ ਨੇ ਪਿਛਲੇ ਪੱਚੀ ਸਾਲਾਂ 'ਚ ਇਕੱਠੀਆਂ ਕੀਤੀਆਂ ਨੇ।”
ਜਿਵੇਂ ਕਿ ਮੈਂ ਪਹਿਲਾਂ ਲਿਖਿਆ ਹੈ, ਨਕਸ਼ ਸਾਹਬ ਲਾਇਬਰੇਰੀ ਵਿਚ ਰਹਿੰਦੇ ਨੇ। ਉਹਨਾਂ ਦੇ ਘਰ ਦੇ ਹਰ ਕਮਰੇ 'ਚ ਕਿਤਾਬਾਂ ਨੇ। ਜ਼ਮੀਨ ਤੋਂ ਲੈ ਕੇ ਛੱਤ ਤਕ ਬਣੀਆਂ ਅਲਮਾਰੀਆਂ ਵਿਚ ਸਿਰਫ਼ ਕਿਤਾਬਾਂ ਨੇ। ਲੱਗਿਆ ਉਹ ਕਿਤਾਬਾਂ ਵਿਛਾਉਂਦੇ ਨੇ, ਪਾਉਂਦੇ ਨੇ ਤੇ ਉੱਤੇ ਲੈਂਦੇ ਨੇ। ਪਹਿਲਾ ਕਮਰਾ ਤੇ ਦੂਜਾ ਤੇ ਤੀਜਾ ਤੇ ਚੌਥਾ ਤੇ ਸਟਡੀ ਤੇ ਕਿਚਨ ਤੇ ਵਰਾਂਡੇ, ਸਭ ਕਿਤਾਬਾਂ ਨਾਲ ਭਰੇ ਹੋਏ ਨੇ। ਤੇ ਕਿਤਾਬਾਂ ਕਾਫੀ ਢੰਗ ਨਾਲ ਰੱਖੀਆਂ ਗਈਆਂ ਨੇ। ਲੱਗਿਆ ਉਹਨਾਂ ਦੀ ਲਗਾਤਾਰ ਸਾਂਭ-ਸੰਭਾਲ ਕੀਤੀ ਜਾਂਦੀ ਹੈ।
ਕਰਾਚੀ ਵਿਚ ਜਿਸ ਹੋਟਲ ਵਿਚ ਮੈਂ ਠਹਿਰਿਆ ਸਾਂ, ਉਹ ਸ਼ਾਹਰਾਹੇ ਫੈਸਲ 'ਤੇ 'ਦਿੱਲੀ ਸਵੀਟਸ' ਦੇ ਸਾਹਮਣਿਓਂ ਅੰਦਰ ਜਾਂਦੀ ਇਕ ਪਤਲੀ ਸੜਕ ਉੱਤੇ ਸੀ। ਕਦੀ-ਕਦੀ ਮੁੱਖ ਸੜਕ ਤੋਂ ਹੋਟਲ ਤਕ ਟਹਿਲਦਾ ਹੋਇਆ ਆਉਂਦਾ ਸਾਂ।
ਕਰਾਸਿੰਗ 'ਤੇ ਸੜਕ ਦੇ ਕਿਨਾਰੇ ਇਕ ਮੋਚੀ ਦੀ ਦੁਕਾਨ ਸੀ। ਬਿਲਕੁਲ ਓਹੋ-ਜਿਹੀ ਜਿਹੋ-ਜਿਹੀ ਆਪਣੇ ਇਧਰ ਹੁੰਦੀ ਹੈ। ਦੁਕਾਨ ਤਾਂ ਓਹੋ-ਜਿਹੀ ਹੀ ਸੀ, ਪਰ ਮੋਚੀ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਸੀ। ਇਸ ਦੁਕਾਨ ਵਿਚ ਲੰਮਾ ਤਕੜਾ, ਗੋਰਾ ਚਿੱਟਾ, ਖਸ਼ਖਸ਼ੀ ਕਾਲੀ ਦਾੜ੍ਹੀ ਵਾਲਾ, ਸ਼ਲਵਾਰ ਕਮੀਜ਼ ਪਾਈ, ਬਿਲਕੁਲ ਸਿੱਧਾ ਤਣਿਆ ਹੋਇਆ ਬੈਠਾ ਮੋਚੀ ਇਕ ਪਠਾਨ ਸੀ। ਕਿਸੇ ਪੱਖੋਂ ਲੱਗਦਾ ਹੀ ਨਹੀਂ ਸੀ ਕਿ ਉਹ ਮੋਚੀ ਹੈ। ਮੇਰੇ ਦਿਮਾਗ਼ ਵਿਚ ਆਪਣੇ ਏਥੋਂ ਦੇ ਮੋਚੀ ਦੀ ਜਿਹੜੀ ਤਸਵੀਰ ਸੀ, ਉਹ ਡਿੱਗ ਕੇ ਟੋਟੇ-ਟੋਟੇ ਹੋ ਗਈ।
ਮੈਂ ਉਹਨਾਂ ਤੋਂ ਇਹ ਜਾਣਨ ਲਈ ਕਿ ਕੀ ਉਹ ਵਾਕੱਈ ਮੋਚੀ ਨੇ, ਬੂਟਾਂ 'ਤੇ ਪਾਲਸ਼ ਕਰਵਾਉਣ ਲਈ ਪੁੱਛਿਆ। ਉਹ ਫ਼ੌਰਨ ਤਿਆਰ ਹੋ ਗਏ। ਪਾਲਸ਼ ਕਰਨ ਲੱਗੇ। ਮੈਂ ਮੌਕਾ ਵੇਖ ਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਪਠਾਨ ਮੋਚੀ ਨੇ ਭਾਰਤ ਵਿਚ ਕੋਈ ਖਾਸ ਦਿਲਚਸਪੀ ਨਹੀਂ ਲਈ। ਜਾਹਰ ਹੈ ਮੈਂ ਉਹਦੀ ਨਜ਼ਰ ਵਿਚ ਮੋਹਾਜਿਰਾਂ ਦਾ ਆਦਮੀ ਸਾਂ।
ਉਹਨੇ ਬੂਟਾਂ ਉੱਤੇ ਅਜਿਹੀ ਪਾਲਸ਼ ਕੀਤੀ ਜਿਹੋ-ਜਿਹੀ ਸਾਡੇ ਮੋਚੀ ਨਹੀਂ ਕਰਦੇ। ਇਹ ਮੈਂ ਇਸ ਲਈ ਨਹੀਂ ਲਿਖ ਰਿਹਾ ਹਾਂ ਕਿ ਮੈਂ ਉਹਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਗਿਆ ਸਾਂ, ਬਲਕਿ ਇਹ ਹਕੀਕਤ ਸੀ।
ਮੈਂ ਉਹਨੂੰ ਧੰਨਵਾਦ ਕਿਹਾ। ਪੈਸੇ ਦਿੱਤੇ। ਹਿੰਮਤ ਕਰਕੇ ਮੈਂ ਉਸ ਪਠਾਨ ਮੋਚੀ ਤੋਂ ਪੁੱਛਿਆ, “ਤੁਹਾਡੀ ਇਕ ਤਸਵੀਰ ਖਿੱਚ ਸਕਦਾ ਆਂ।”
ਉਹਨੇ ਮੇਰੀ ਉਮੀਦ 'ਤੇ ਪਾਣੀ ਫੇਰਦਿਆਂ ਕਿਹਾ, “ਨਹੀਂ।”
ਹੁਣ ਮੈਂ ਕੀ ਕਰ ਸਕਦਾ ਸਾਂ। ਚਾਹੁੰਦਾ ਤਾਂ ਮੈਂ ਇਹ ਸਾਂ ਕਿ ਉਹਨਾਂ ਨੂੰ ਦੱਸਾਂ ਕਿ ਪਠਾਨ ਮੋਚੀ ਸਾਹਬ ਤੁਸੀਂ ਇਸਲਾਮ ਦੀ ਉਸ ਉੱਜਲ ਪਰੰਪਰਾ ਦਾ ਪ੍ਰਤੀਕ ਹੋ ਜਿਹੜੀ ਜਾਤੀ-ਵਾਦ ਨੂੰ ਸਵੀਕਾਰ ਨਹੀਂ ਕਰਦੀ। ਤੁਸੀਂ 'ਡਿਗਨਿਟੀ ਆਫ ਲੇਬਰ' ਦਾ ਪ੍ਰਤੀਕ ਹੋ। ਮੈਂ ਚਾਹੁੰਦਾ ਹਾਂ ਕਿ ਆਪਣੇ ਦੇਸ਼ ਨੂੰ ਤੁਹਾਡੀ ਤਸਵੀਰ ਦਿਖਾਵਾਂ ਤੇ ਪੁੱਛਾਂ ਕਿ ਤੁਸੀਂ ਉੱਥੇ ਕਿਉਂ ਨਹੀਂ ਹੋ?
ਰਾਤ ਦੇਰ ਤਕ ਹੋਟਲ ਦੇ ਕਮਰੇ ਵਿਚ ਮੈਂ ਪਠਾਨ ਮੋਚੀ ਤੇ ਉਹਦੇ ਵਤਨ ਬਿਲੋਚਿਸਤਾਨ ਬਾਰੇ ਸੋਚਦਾ ਰਿਹਾ। ਜਿਸ ਉੱਤੇ ਕੁਝ ਦਿਨ ਪਹਿਲਾਂ ਪਾਕਿਤਸਾਨ ਦੇ ਚੀਫ ਜਸਟਿਸ ਦਾ ਬੜਾ ਤਿੱਖਾ ਬਿਆਨ ਆਇਆ ਸੀ। ਉਹਨਾਂ ਨੇ ਕਿਹਾ ਸੀ ਬਿਲੋਚਿਸਤਾਨ ਵਿਚ ਉਹੀ ਹਾਲਾਤ ਪੈਦਾ ਹੋ ਰਹੇ ਨੇ ਜਿਹੜੇ ਬੰਗਲਾ ਦੇਸ਼ ਬਣਨ ਤੋਂ ਪਹਿਲਾਂ ਪੂਰਬੀ ਪਾਕਿਸਤਾਨ ਵਿਚ ਸਨ।

ਕਰਾਚੀ / ਬਿਲੋਚਿਸਤਾਨ

ਬਿਲੋਚਿਸਤਾਨ, ਪਾਕਿਸਤਾਨ ਦਾ ਸਭ ਤੋਂ ਵੱਡਾ ਤੇ ਧੱਨਡ ਰਾਜ ਹੈ ਕਿਉਂਕਿ ਉੱਥੇ ਸੋਨੇ ਤੇ ਗੈਸ ਦੇ ਬੜੇ ਭੰਡਾਰ ਨੇ। ਸਭ ਤੋਂ ਵੱਧ ਅਸ਼ਾਂਤ ਪ੍ਰਦੇਸ਼ ਵੀ ਹੈ ਕਿਉਂਕਿ ਉੱਥੇ ਬਿਲੋਚੀ-ਪਾਕਿਸਤਾਨੀ ਸੈਨਾ ਨਾਲ ਭਿੜ ਰਹੇ ਨੇ। ਬਿਲੋਚੀ ਬੱਚੇ ਪਾਕਿਸਤਾਨ ਦਾ ਰਾਸ਼ਟਰੀ ਗੀਤ ਨਹੀਂ ਗਾਉਂਦੇ, ਨਾ ਪਾਕਿਸਤਾਨੀ ਝੰਡਾ ਲਹਿਰਾਇਆ ਜਾਂਦਾ ਹੈ ਉੱਥੇ। ਬਿਲੋਚਸਤਾਨ ਵਿਚ ਸਕੂਲਾਂ ਤੇ ਯੂਨੀਵਰਸਟੀਆਂ ਦੇ ਅਧਿਆਪਕਾਂ ਦੀ 'ਟਾਰਗੇਟ ਕਿਲਿੰਗ' ਹੁੰਦੀ ਹੈ ਕਿਉਂਕਿ ਉਹਨਾਂ ਨੂੰ ਕੇਂਦਰ ਸਰਕਾਰ ਜਾਂ ਪੰਜਾਬੀ ਸੱਤਾ ਦੇ ਜਾਸੂਸ ਮੰਨਿਆਂ ਜਾਂਦਾ ਹੈ।
ਪਾਕਿਸਤਾਨ ਦੀ ਹਰ ਸਮੱਸਿਆ ਵਾਂਗ ਬਿਲੋਚਸਤਾਨ ਦੀ ਸਮੱਸਿਆ ਵੀ ਬਹੁਪੱਖੀ ਤੇ ਬੜੀ ਉਲਝੀ ਹੋਈ ਹੈ—ਜਿੱਥੇ ਬਿਲੋਚ ਰਾਸ਼ਟਰੀਤਾ, ਆਰਥਕ ਸ਼ੋਸ਼ਣ, ਜਾਤੀ ਸੰਘਰਸ਼, ਸੱਤਾ ਦਾ ਆਤੰਕ ਆਦਿ ਆਪਸ ਵਿਚ ਰਲਗਲ ਹੋ ਗਏ ਨੇ। ਪਾਕਿਸਤਾਨ ਸੈਨਾ ਦੇ ਹਵਾਲੇ ਕਰ ਦਿੱਤੇ ਗਏ ਬਿਲੋਚਿਸਤਾਨ ਵਿਚ ਸੈਨਾ ਨੇ ਅਜਿਹੀ ਹਿੰਸਾ ਤੇ ਆਤੰਕ ਫੈਲਾਇਆ ਹੋਇਆ ਹੈ ਕਿ ਉਸਦਾ ਦੂਜਾ ਉਦਾਹਰਨ ਪਾਕਿਸਤਾਨ ਵਿਚ ਨਹੀਂ ਮਿਲਦਾ।
ਬਿਲੋਚਿਸਤਾਨ ਦਾ ਪ੍ਰਾਚੀਨ ਇਤਿਹਾਸ, ਉਪ ਮਹਾਦੀਪਾਂ ਦੇ ਪ੍ਰਾਚੀਨ ਇਤਿਹਾਸ ਵਾਂਗ ਮਹਾਭਾਰਤ ਤਕ ਪਹੁੰਚ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਹਾਭਾਰਤ ਦੇ ਪ੍ਰਾਦਾਸ ਤੇ ਪਹਿਲੀ ਤੇ ਤੀਜੀ ਸਦੀ ਈਸਾ-ਪੂਰਵ (ਬੀ.ਸੀ.) ਬਿਲੋਚਿਸਤਾਨ ਖੇਤਰ ਉੱਤੇ ਰਾਜ ਕਰਨ ਵਾਲੇ ਪ੍ਰਾਤਾ ਰਾਜੇ ਇਕੋ ਹੀ ਹੈਨ। ਇਹ ਇੰਡੋ ਪ੍ਰਸੀਅਨ ਨਸਲ ਦੇ ਲੋਕ ਨੇ। ਈਸਾ ਤੋਂ 600 ਸਾਲ ਪਹਿਲਾਂ ਇਸ ਖੇਤਰ ਉੱਤੇ ਕਦੀ ਈਰਾਨ ਦਾ ਅਧਿਕਾਰ ਵੀ ਹੁੰਦਾ ਸੀ। ਚੰਗੇਜ ਖਾਂ ਦੇ ਹਮਲਿਆਂ ਦੌਰਾਨ ਇਸ ਖੇਤਰ ਵਿਚ ਈਰਾਨੀ ਲੋਕ ਆਏ ਸਨ। ਵੱਖ-ਵੱਖ ਆਦਿਵਾਸੀ ਲੋਕਾਂ ਵਿਚ ਵੰਡੇ ਇਸ ਖੇਤਰ ਨੂੰ ਅੰਗਰੇਜ਼ਾਂ ਨੇ ਬਿਲੋਚਿਸਤਾਨ ਨਾਂ ਦਿੱਤਾ ਸੀ। ਇੱਥੋਂ ਦੇ ਸਰਦਾਰਾਂ ਦਾ ਸੰਬੰਧ ਅਫਗਾਨਿਸਤਾਨ ਦੇ ਸ਼ਾਹ ਨਾਲ ਵੀ ਸੀ, ਜਿਸ ਨੇ ਉਹਨਾਂ ਨੂੰ ਨਵਾਬ ਦੀਆਂ ਉਪਾਧੀਆਂ ਦਿੱਤੀਆਂ ਸਨ। ਦਰਅਸਲ ਬਿਲੋਚਿਸਤਾਨ ਦਾ ਕ੍ਰਮਬਧ ਇਤਿਹਾਸ ਕਲਾਤ ਦੇ ਸ਼ਾਸਕਾਂ, ਜਿਹਨਾਂ ਨੂੰ ਖਾਨ ਕਿਹਾ ਜਾਂਦਾ ਸੀ, ਨਾਲ ਸ਼ੁਰੂ ਹੁੰਦਾ ਹੈ।
1947 ਵਿਚ ਭਾਰਤ ਛੱਡਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਆਪਣੇ ਅਧੀਨ ਰਹੇ ਮਹਾਰਾਜਿਆਂ, ਨਵਾਬਾਂ ਨੂੰ ਇਹ ਛੂਟ ਦਿੱਤੀ ਸੀ ਕਿ ਉਹ ਚਾਹੁਣ ਤਾਂ ਭਾਰਤ ਜਾਂ ਪਾਕ ਦੇ ਨਾਲ ਰਲ ਜਾਣ ਤੇ ਚਾਹੁਣ ਤਾਂ ਸੁਤੰਤਰ ਰੂਪ ਵਿਚ ਰਹਿਣ। ਇਹ ਛੂਟ ਬਿਲੋਚਿਸਤਾਨ ਦੇ ਸਭ ਤੋਂ ਵੱਡੇ ਸਾਮੰਤ ਕਲਾਤ ਦੇ ਖਾਨ ਨੂੰ ਵੀ ਦਿੱਤੀ ਗਈ ਸੀ। ਕਿਉਂਕਿ ਪਾਕਿਸਤਾਨ ਬਣਨ ਪਿੱਛੋਂ ਕਲਾਤ ਦਾ ਇਲਾਕਾ ਪਾਕਿਸਤਾਨ ਵਿਚ ਆਇਆ ਸੀ ਇਸ ਲਈ ਕਲਾਤ ਦੇ ਖਾਨ ਤੇ ਪਾਕ ਸਰਕਾਰ ਦੇ ਵਿਚਕਾਰ ਸਹਿਜ ਸਥਿਤੀ ਮੁਤਾਬਿਕ ਰਹਿਣ ਦਾ ਸਮਝੌਤਾ ਹੋਇਆ ਸੀ। ਭਾਰਤੀ ਰਾਸ਼ਟਰੀ ਅੰਦੋਲਨ ਦੇ ਪ੍ਰਭਾਵ ਕਾਰਨ ਕਲਾਤ ਵਿਚ ਅੰਜੁਮਨ-ਏ-ਵਤਨ ਪਾਰਟੀ ਹੋਂਦ ਵਿਚ ਆ ਚੁੱਕੀ ਸੀ, ਜਿਹੜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇੜੇ ਸੀ। ਇਸ ਪਾਰਟੀ ਦੇ ਨੇਤਾ ਮੁਹੰਮਦ ਅਮੀਨ ਖੋਸਾ ਤੇ ਅਬਦੁਲ ਸਮਦ ਅਚਾਕਜ਼ਈ ਰਾਸ਼ਟਰੀਤਾ ਤੇ ਆਜ਼ਾਦੀ ਦੇ ਪ੍ਰਤੀਕ ਸਨ। ਲੋਕ ਰਾਏ ਵੀ ਬਿਲੋਚ ਸੁਤੰਤਰਤਾ ਦੇ ਪੱਖ ਵਿਚ ਸੀ। ਹਾਲਾਤ ਵਿਗੜਦੇ ਦੇਖ ਕੇ ਪਾਕਿਸਤਾਨ ਸੈਨਾ ਨੇ 1948 ਵਿਚ ਦਖ਼ਲ ਦਿੱਤਾ। ਨੇਤਾਵਾਂ ਨੂੰ ਗਿਰਫਤਾਰ ਕਰ ਲਿਆ ਗਿਆ ਤੇ ਕਲਾਤ 'ਚ ਪਾਕਿਸਤਾਨੀ ਸੱਤਾ ਕਾਇਮ ਹੋ ਗਈ। ਪਰ ਕਲਾਤ ਦੇ ਖਾਨ ਦੇ ਛੋਟੇ ਭਰਾ ਪ੍ਰਿੰਸ ਅਬਦੁਨ ਕਰੀਮ ਖਾਂ ਨੇ ਵਿਦਰੋਹ ਕਰ ਦਿੱਤਾ। ਪਾਕਿਸਤਾਨ ਸੈਨਾ ਨਾਲ ਗੁਰੀਲਾ ਯੁੱਧ ਕਰਦੇ ਹੋਏ ਉਹ ਗਿਰਫਤਾਰ ਹੋਏ ਤੇ ਉਹਨਾਂ ਨੂੰ ਦਸ ਸਾਲ ਦੀ ਸਜ਼ਾ ਦਿੱਤੀ ਗਈ। ਕਲਾਤ ਦੇ ਵਿਦਰੋਹ ਦਾ ਦੂਜਾ ਦੌਰ 1958 ਵਿਚ ਨਵਾਬ ਨਵਰੋਜ਼ ਖਾਂ ਦਾ ਵਿਦਰੋਹ ਮੰਨਿਆਂ ਜਾਂਦਾ ਹੈ, ਜਿਸਨੂੰ ਪਾਕਿਸਤਾਨੀ ਸੈਨਾ ਨੇ ਕੁਚਲ ਦਿੱਤਾ ਸੀ ਤੇ ਨਵਾਬ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਸੀ।
ਬੰਗਲਾ ਦੇਸ਼ ਬਣ ਜਾਣ ਪਿੱਛੋਂ ਬਿਲੋਚਿਸਤਾਨ ਤੇ ਦੂਜੇ ਸਰਹੱਦੀ ਸੂਬੇ ਨਾਰਥ ਫਰਈਅਰ ਪ੍ਰਾਵਿੰਸ (ਹੁਣ ਇਸਨੂੰ 'ਖੈਬਰ ਪਖ਼ਤੂਨ ਖਾਂ' ਕਿਹਾ ਜਾਂਦਾ ਹੈ) ਦੇ ਨੇਤਾਵਾਂ ਦੀ ਇਹ ਰਾਏ ਬਣੀ ਕਿ ਪਾਕਿਸਤਾਨ ਦੀ ਹਕੂਮਤ ਤੇ ਫੌਜ ਆਪਣੀਆਂ ਸਾਮਰਾਜੀ ਨੀਤੀਆਂ ਕਾਰਨ ਨੁਕਸਾਨ ਉਠਾਉਣ ਕਰਕੇ ਵਧੇਰੇ ਲੋਕਤੰਤਰਿਕ ਹੋ ਗਏ ਹੋਣਗੇ ਤੇ ਸਰਹੱਦੀ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣੇ ਮੰਨ ਲੈਣਗੇ। ਦੋਵਾਂ ਸਰਹੱਦੀ ਸੂਬਿਆਂ ਦੇ ਨੇਤਾਵਾਂ, ਗੌਸ ਬਖ਼ਸ਼ ਬਿਜ਼ੇਨਜੋ, ਸਰਦਾਰ ਅਤਾ ਉੱਲਾ ਮਿੰਗਲ, ਗੁਲਖਾਨ ਨਾਸਿਰ, ਖ਼ੈਰ ਬਕਸ਼ ਮਾਰੀ, ਨਵਾਬ ਅਕਬਰ ਖਾਂ ਬੁਗਤੀ ਤੇ ਖਾਨ ਵਲੀ ਖਾਂ ਨੇ ਪ੍ਰਦੇਸ਼ ਦੀਆਂ ਸਰਕਾਰਾਂ ਲਈ ਵਧੇਰੇ ਅਧਿਕਾਰਾਂ ਦੀ ਮੰਗ ਕੀਤੀ, ਜਿਸਨੂੰ ਰਾਸ਼ਟਰਪਤੀ ਜੁਲਫਕਾਰ ਅਲੀ ਭੁੱਟੋ ਨੇ ਠੁਕਰਾ ਦਿੱਤਾ। ਕੇਂਦਰ ਨੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਨੂੰ ਭੰਗ ਕਰ ਦਿੱਤਾ। ਦੋਵੇਂ ਮੁੱਖ ਮੰਤਰੀ ਗਿਰਫਤਾਰ ਕਰ ਲਏ ਗਏ। ਰਾਜਨੀਤਕ ਦਲਾਂ ਉੱਤੇ ਪ੍ਰਤੀਬੰਧ ਲਾ ਦਿੱਤਾ ਗਿਆ। ਪਾਕਿਸਤਾਨ ਦੇ ਰਾਜਨੀਤਕ ਨੇਤਾਵਾਂ, ਸੈਨਾ ਤੇ ਹਾਕਮ ਵਰਗ ਨੇ ਬੰਗਲਾ ਦੇਸ਼ ਵਿਚ ਜੋ ਕੀਤਾ ਸੀ ਉਹੀ ਸਰਹੱਦੀ ਪ੍ਰਦੇਸ਼ਾਂ ਵਿਚ ਦੋਹਰਾਇਆ ਜਾਣ ਲੱਗਿਆ। ਸਿੱਟੇ ਵਜੋਂ ਮੀਰ ਹਜ਼ਾਰ ਖਾਂ ਮਾਰੀ, ਆਪਣੇ ਹਜ਼ਾਰਾਂ ਸਮਰਥਕਾਂ ਨਾਲ ਅਫਗਾਨਿਸਤਾਨ ਚਲੇ ਗਏ ਤੇ ਉੱਥੋਂ ਪਾਕਿਸਤਾਨ ਦੇ ਵਿਰੁੱਧ ਲੜਾਈ ਛੇੜ ਦਿੱਤੀ, ਜਿਹੜੀ ਆਤੰਕਵਾਦੀ ਗੁਰੀਲਾ ਢੰਗ ਨਾਲ ਅੱਜ ਤਕ ਜਾਰੀ ਹੈ। ਪਰ ਸੱਤਾ ਦੀ ਪ੍ਰਤੀ ਹਿੰਸਾ ਹੋਰ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ।
ਪੂਰੇ ਉਪ ਮਹਾਦੀਪ ਦੀਆਂ ਸਰਕਾਰਾਂ ਅਕਸਰ ਸਰਹੱਦੀ ਘੱਟ-ਗਿਣਤੀ ਸਮੂਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਨਹੀਂ ਕਰਦੀਆਂ ਤੇ ਸਾਮਰਾਜਵਾਦੀ ਢੰਗ ਨਾਲ ਉਹਨਾਂ 'ਤੇ ਆਪਣੇ ਫੈਸਲੇ ਲੱਦਦੀਆਂ ਰਹਿੰਦੀਆਂ ਨੇ। ਇਹੀ ਅਸੰਤੋਖ ਦਾ ਕਾਰਨ ਬਣ ਜਾਂਦਾ ਹੈ। ਬਿਲੋਚਿਸਤਾਨ ਵਿਚ ਤੇ ਇਸੇ ਤਰ੍ਹਾਂ ਦੇ ਹੋਰ ਇਲਾਕਿਆਂ ਵਿਚ ਸਿਖਿਆ ਨਹੀਂ ਹੈ, ਵਿਕਾਸ ਦੇ ਨਾਂ 'ਤੇ ਭਰਿਸ਼ਟਾਚਾਰ ਹੈ, ਅਪਰਾਧੀ ਤੱਤਾਂ ਨੂੰ ਹਕੂਮਤ ਦੀ ਸ਼ਹਿ ਮਿਲਦੀ ਹੈ, ਫੁੱਟ ਪਾਉਣ ਤੇ ਵੰਡੀਆਂ ਕਰਨ ਵਾਲੇ ਗਰੁੱਪਾਂ ਦਾ ਬੋਲਬਾਲਾ ਹੈ। ਸਥਾਨਕ ਕੁਦਰਤੀ ਸੋਮਿਆਂ ਨੂੰ ਲੁੱਟਿਆ-ਉਜਾੜਿਆ ਜਾ ਰਿਹਾ ਹੈ।
ਬਿਲੋਚਿਸਤਾਨ ਵਿਚ ਸੈਨਾ ਤੇ ਰਾਸ਼ਟਰਵਾਦੀਆਂ ਦੇ ਸੰਘਰਸ਼ ਕਾਰਨ ਆਮ ਆਦਮੀ ਦਾ ਜੀਵਨ ਨਰਕ ਬਣਿਆ ਹੋਇਆ ਹੈ। ਸੈਨਾ ਦੇ ਆਤੰਕ ਦਾ ਦਾਇਰਾ ਏਨਾ ਵੱਡਾ ਹੈ ਕਿ ਉਸਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਜ਼ਾਰਾਂ ਲੋਕ ਸੈਨਾ ਤੇ ਆਈ.ਐਸ.ਆਈ. ਦੀ ਕਸੱਟਡੀ ਵਿਚੋਂ ਗ਼ਾਇਬ ਹੋ ਜਾਂਦੇ ਨੇ। ਕੁਝ ਲੋਕ ਇਸ ਤਰ੍ਹਾਂ ਚੁੱਕ ਜਾਂ ਫੜ੍ਹ ਲਏ ਜਾਂਦੇ ਨੇ ਕਿ ਲੈ ਜਾਣ ਵਾਲਿਆਂ ਦੀ ਪਛਾਣ ਨਹੀਂ ਹੋ ਸਕਦੀ। ਇਹਨਾਂ ਚੁੱਕੇ ਗਏ ਲੋਕਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਜਿਹਨਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਭਿਆਨਕ ਸ਼ਰੀਰਕ ਤਸੀਹੇ ਦੇ ਕੇ ਮਾਰਿਆ ਗਿਆ ਹੈ। 2004 ਤੋਂ ਲੈ ਕੇ ਹੁਣ ਤਕ ਕਈ ਹਜ਼ਾਰ ਲੋਕ ਲਾਪਤਾ ਹੋ ਚੁੱਕੇ ਨੇ। ਬਿਲੋਚਿਸਤਾਨ ਦੇ ਮੁੱਖ ਮੰਤਰੀ ਮੁਹੰਮਦ ਅਸਲਮ ਰੈਸਾਨੀ ਨੇ ਕੇਂਦਰ ਨੂੰ ਚਿਤਾਵਨੀ ਦੇਂਦਿਆਂ ਹੋਇਆਂ ਇਹ ਕਿਹਾ ਸੀ ਕਿ ਲੋਕਾਂ ਦਾ ਇਸ ਤਰ੍ਹਾਂ ਲਾਪਤਾ ਹੋਣਾ ਗ੍ਰਹਿਯੁੱਧ ਨੂੰ ਭੜਕਾ ਸਕਦਾ ਹੈ। ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਬਿਲੋਚਿਸਤਾਨ ਦੀ ਕਾਨੂੰਨ ਵਿਵਸਥਾ ਬਾਰੇ ਰਿਪੋਰਟ ਮੰਗੀ ਸੀ। ਬਿਲੋਚਿਸਤਾਨ ਦੇ ਚੀਫ ਸਕੱਤਰ ਨੇ ਮਈ 2011 ਨੂੰ ਜਿਹੜੀ ਰਿਪੋਰਟ ਉਹਨਾਂ ਨੂੰ ਸੌਂਪੀ, ਉਸਨੂੰ ਚੀਫ ਜਸਟਿਸ ਨੇ ਤਸੱਲੀ ਬਖ਼ਸ਼ ਨਾ ਦੱਸਦਿਆਂ ਹੋਇਆਂ ਖਾਰਜ ਕਰ ਦਿੱਤਾ ਸੀ। ਚੀਫ ਜਸਟਿਸ ਨੇ ਚੀਫ ਸਕੱਤਰ ਨੂੰ ਕਿਹਾ ਸੀ ਕਿ ਪ੍ਰਦੇਸ਼ ਦੀ ਸੈਨਾ, ਤੇ ਪੁਲਿਸ ਤੇ ਪੂਰਾ ਪ੍ਰਸ਼ਾਸਨ ਉਹਨਾਂ ਦੇ ਅਧੀਨ ਹੈ ਫੇਰ ਵੀ ਉਹ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਸੰਭਾਲ ਨਹੀਂ ਸਕਦੇ। ਚੀਫ ਜਸਟਿਸ ਨੇ ਪ੍ਰਸ਼ਾਸਨ ਤੋਂ ਇਕ ਹਫ਼ਤੇ ਦੇ ਅੰਦਰ-ਅੰਦਰ ਵਿਸਥਾਰ ਨਾਲ ਇਹ ਜਾਣਕਾਰੀ ਚਾਹੀ ਸੀ ਕਿ 2008 ਤੋਂ 2011 ਤਕ ਟਾਰਗੇਟ ਕਿਲਿੰਗ ਵਿਚ ਕਿੰਨੇ ਲੋਕ ਮਾਰੇ ਗਏ ਨੇ, ਕਿੰਨੇ ਲੋਕ ਲਾਪਤਾ ਨੇ, ਕਿੰਨੇ ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ?
'ਗਾਰਡੀਅਨ' ਅਖ਼ਬਾਰ ਵਿਚ 29 ਮਾਰਚ, 2011 ਨੂੰ ਛਪੀ ਸੰਵਾਦਦਾਤਾ ਦੀ ਰਿਪੋਰਟ ਬਿਲੋਚਿਸਤਾਨ ਦੀ ਸਥਿਤੀ ਨੂੰ ਕਾਫੀ ਸਪਸ਼ਟ ਕਰਕੇ ਸਾਹਵੇਂ ਰੱਖ ਦੇਂਦੀ ਹੈ। ਰਿਪੋਰਟ ਦਾ ਕੁਝ ਹਿੱਸਾ ਇਸ ਤਰ੍ਹਾਂ ਹੈ—'ਕਾਰ ਇਕ ਵੱਡੇ ਗੇਟ ਦੇ ਸਾਹਮਣੇ ਰੁਕ ਗਈ, ਉਹ ਖੁੱਲ੍ਹਿਆ ਤੇ ਸਾਡੇ ਪਿੱਛੇ ਬੰਦ ਹੋ ਗਿਆ। ਅੰਦਰ 55 ਸਾਲ ਦੀ ਲਾਲ ਬੀਬੀ ਸ਼ਾਲ ਵਿਚ ਇਸ ਤਰ੍ਹਾਂ ਲਿਪਟੀ ਸੀ ਕਿ ਸਿਰਫ਼ ਦੋ ਅੱਖਾਂ ਦਿਸ ਰਹੀਆਂ ਸਨ; ਉਹ ਸਾਡੀ ਉਡੀਕ ਕਰ ਰਹੀ ਸੀ। ਉਹ ਕੰਬ ਰਹੀ ਸੀ। ਉਸਦੇ ਹੱਥਾਂ ਵਿਚ ਉਸਦੇ ਮਰੇ ਹੋਏ ਬੇਟੇ ਨਜੀਬਉੱਲਾਹ ਦੀ ਤਸਵੀਰ ਸੀ। ਉਸਨੇ ਦੱਸਿਆ ਕਿ ਉਸਦੇ ਵੀਹ ਸਾਲ ਦੇ ਬੇਟੇ ਦੀ ਮੋਟਰ ਸਾਈਕਲ ਪਾਰਟਸ ਦੀ ਦੁਕਾਨ ਸੀ। ਉਸਨੂੰ ਪਿਛਲੀ ਅਪ੍ਰੈਲ ਵਿਚ ਚੈਕ ਪੋਸਟ 'ਤੇ ਐਫ.ਸੀ. ਨੇ ਫੜ੍ਹਿਆ ਸੀ ਉਸ ਪਿੱਛੋਂ ਉਸਦਾ ਪਤਾ ਨਹੀਂ ਸੀ ਲੱਗਿਆ। ਤਿੰਨ ਮਹੀਨੇ ਬਾਅਦ ਕਵੇਟਾ ਦੇ ਬਾਹਰ ਇਕ ਪਾਰਕ ਵਿਚ ਉਸਦੀ ਲਾਸ਼ ਮਿਲੀ ਸੀ। ਉਸਦੇ ਜਿਸਮ ਉੱਤੇ ਬੜੀ ਬੁਰੀ ਤਰ੍ਹਾਂ 'ਟਾਰਚਰ' ਕੀਤੇ ਜਾਣ ਦੇ ਨਿਸ਼ਾਨ ਸਨ। ਉਸਨੇ ਦੁੱਖ ਪਰੱਚੀ ਆਵਾਜ਼ ਵਿਚ ਦੱਸਿਆ ਕਿ ਉਸਦੇ ਮੂੰਹ ਵਿਚ ਸਿਰਫ਼ ਦੋ ਦੰਦ ਬਚੇ ਸਨ। ਫੜ੍ਹੇ ਜਾਣ ਵਾਲੇ ਅਕਸਰ 20 ਤੋਂ 40 ਤਕ ਦੀ ਉਮਰ ਦੇ ਹੁੰਦੇ ਨੇ—ਰਾਸ਼ਟਰੀ ਵਿਚਾਰਾਂ ਵਾਲੇ ਵਿਦਿਆਰਥੀ, ਦੁਕਾਨਦਾਰ, ਮਜਦੂਰ। ਅਕਸਰ ਖੁੱਲ੍ਹੇ ਆਮ ਦਿਨ ਦਿਹਾੜੇ ਫੜ੍ਹ ਲਏ ਜਾਂਦੇ ਨੇ—ਬਸਾਂ ਵਿਚੋਂ ਲਾਹ ਲਏ ਜਾਂਦੇ ਨੇ, ਦੁਕਾਨਾ ਵਿਚੋਂ ਧੂ ਲਏ ਜਾਂਦੇ ਨੇ, ਐਫ.ਸੀ. ਚੈਕ ਪੋਸਟਾਂ 'ਤੇ ਰੋਕ ਲਏ ਜਾਂਦੇ ਨੇ। ਉਹਨਾਂ ਨੂੰ ਫੜ੍ਹਨ ਵਾਲੇ ਵਰਦੀਧਾਰੀ ਸਿਪਾਹੀ ਤੇ ਖ਼ੁਫੀਆ ਏਜੰਸੀਆਂ ਦੇ ਲੋਕ ਹੁੰਦੇ ਨੇ। ਉਹ ਗ਼ਾਇਬ ਹੋ ਜਾਂਦੇ ਨੇ, ਮਿਲਦੇ ਨੇ ਤਾਂ ਮਰੇ ਹੋਏ। ਲਗਭਗ 15 ਲਾਸ਼ਾਂ ਹਰ ਮਹੀਨੇ ਮਿਲਦੀਆਂ ਨੇ, ਅਹਿ ਪਿਛਲੇ ਛਨੀਵਾਰ ਨੂੰ ਹੀ ਬਿਲੋਚਿਸਤਾਨ ਦੀਆਂ ਵੱਖ-ਵੱਖ ਤਿੰਨ ਜਗਾਹਾਂ ਤੋਂ ਅੱਠ ਲਾਸ਼ਾਂ ਮਿਲੀਆਂ ਸਨ।'
ਸਿਰਫ਼ ਇਹੀ ਬਿਲੋਚਿਸਤਾਨ ਦਾ ਸੱਚ ਨਹੀਂ ਹੈ। ਉੱਥੇ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਇਲਾਵਾ, ਮੁਸਲਮਾਨਾਂ ਦੇ ਦੋ ਗਿਰੋਹ ਵੀ ਹੱਤਿਆਵਾਂ ਤੇ 'ਸੁਸਾਈਡ ਬਾਂਬਿੰਗ' ਕਰਦੇ ਰਹਿੰਦੇ ਨੇ। ਤਾਲਿਬਾਨ ਵੀ ਆਪਣੇ ਹਿੰਸਕ ਤਰੀਕੇ ਨਾਲ ਕਾਰਵਾਈਆਂ ਕਰਦੇ ਰਹਿੰਦੇ ਨੇ।
ਬਿਲੋਚਿਸਤਾਨ ਤੇ ਕਸ਼ਮੀਰ ਵਿਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਨੇ। ਜੇ ਬਿਲੋਚਿਸਤਾਨ ਵਿਚ ਪਾਕਿਸਤਾਨੀ ਸੈਨਾ ਤੇ ਅਰਧ ਸੈਨਿਕ ਬਲਾਂ ਨੇ ਆਤੰਕ ਦਾ ਤਾਂਡਵ ਕੀਤਾ ਹੈ ਤਾਂ ਇਹੋ ਕੰਮ ਕਸ਼ਮੀਰ ਵਿਚ ਭਾਰਤੀ ਸੈਨਾ ਤੇ ਅਰਧ ਸੈਨਿਕ ਬਲ ਕਰ ਰਹੇ ਨੇ। ਫ਼ਰਕ ਸ਼ਾਇਦ ਏਨਾ ਹੈ ਕਿ ਭਾਰਤੀ ਰਾਜਨੀਤਕ ਤੰਤਰ ਵਧੇਰੇ ਲੋਕਤਾਂਤਰਿਕ ਹੈ ਜਿਸ ਕਰਕੇ ਸੈਨਾ ਨੂੰ ਖੁੱਲ੍ਹੀ ਛੂਟ ਨਹੀਂ ਮਿਲ ਸਕੀ ਹੈ ਜਿਹੜੀ ਪਾਕਿਸਤਾਨੀ ਸੈਨਾ ਨੂੰ ਮਿਲੀ ਹੋਈ ਹੈ।
ਪਾਕਿਸਤਾਨ ਵਿਚ ਉੱਚ ਤੇ ਉੱਚ-ਮੱਧਵਰਗ ਦੀ ਖ਼ੁਸ਼ਹਾਲੀ ਕਾਫੀ ਹੱਦ ਤਕ ਸੋਚਣ 'ਤੇ ਮਜਬੂਰ ਕਰਦੀ ਹੈ। ਲਾਹੌਰ ਦੇ ਕਈ ਇਲਾਕੇ ਅਮੀਰੀ ਤੇ ਖ਼ੁਸ਼ਹਾਲੀ ਦੇ ਜਿਊਂਦੇ-ਜਾਗਦੇ ਨਮੂਨੇ ਨੇ। ਲਾਹੌਰ ਵਿਚ ਭੀਖ ਮੰਗਦੀ ਹੋਈ ਜਿਹੜੀ ਔਰਤ ਦਿਖਾਈ ਦੇਂਦੀ ਹੈ, ਉਹ ਵੀ ਬੜੀ ਬਣੀ-ਠਣੀ ਤੇ ਥੋੜ੍ਹੇ-ਬਹੁਤੇ ਮੇਕਅੱਪ ਵਿਚ ਦਿਖਾਈ ਦੇਂਦੀ ਹੈ। ਦੱਸਿਆ ਗਿਆ ਕਿ ਇਹਨਾਂ ਨੂੰ ਦਸ ਰੁਪਏ ਤੋਂ ਘੱਟ ਭੀਖ ਨਹੀਂ ਦਿੱਤੀ ਜਾਂਦੀ।
ਕਰਾਚੀ ਵਿਚ ਵੀ ਅਮੀਰੀ ਦੇਖੀ ਜਾ ਸਕਦੀ ਹੈ। ਸ਼ਹਿਰ ਆਪਣੀਆਂ ਭਿਆਨਕ ਸਮੱਸਿਆਵਾਂ ਦੇ ਨਾਲ ਨਾਲ ਧਨੱਡ ਲੋਕਾਂ ਦਾ ਸਵਰਗ ਹੈ। ਆਲੀਸ਼ਾਨ ਬਾਜ਼ਾਰ ਰਾਤ ਰਾਤ ਭਰ ਖੁੱਲ੍ਹੇ ਰਹਿੰਦੇ ਨੇ। ਦਰਸ਼ਨੀਂ ਰੇਸਤਰਾਂ ਦੇਰ ਰਾਤ ਤਕ ਮਹਿਮਾਨਾ ਦਾ ਸਵਾਗਤ ਕਰਦੇ ਨੇ। ਛੋਟੀਆਂ ਗੱਡੀਆਂ ਤਾਂ ਨਜ਼ਰ ਹੀ ਨਹੀਂ ਆਉਂਦੀਆਂ। ਸ਼ਾਨੋ ਸ਼ੌਕਤ ਦਾ ਇਹ ਆਲਮ ਹੈ ਕਿ ਪੈਸਾ ਪਾਣੀ ਵਾਂਗ ਵਹਿੰਦਾ ਦਿਖਾਈ ਦੇਂਦਾ ਹੈ।
ਵੈਸੇ ਵੀ ਪੂਰੇ ਪਾਕਿਸਤਾਨ ਵਿਚ ਮੈਂ ਕੋਈ ਭੁੱਖਮਰੀ ਵਾਲੀ ਗ਼ਰੀਬੀ ਨਹੀਂ ਦੇਖੀ ਜਿਹੜੀ ਸਾਡੇ ਬੜੀ ਸਾਫ਼ ਦਿਖਾਈ ਦੇਂਦੀ ਹੈ। ਗ਼ਰੀਬ ਲੋਕ ਤਾਂ ਨਜ਼ਰ ਆਉਂਦੇ ਨੇ ਪਰ ਭਾਰਤ ਵਰਗੀ ਗ਼ਰੀਬੀ—ਅਸਹਿ, ਬਰਬਰ, ਅਮਾਨਵੀ, ਵੀਭਤਸ, ਗ਼ਰੀਬੀ ਨਹੀਂ ਦਿਖਾਈ ਦਿੱਤੀ।
ਪੁੱਛਣ 'ਤੇ ਆਮ ਲੋਕ ਕਹਿੰਦੇ ਨੇ, 'ਸਾਡਾ ਇਸਲਾਮੀ ਦੇਸ਼ ਹੈ ਨਾ। ਅੱਲ੍ਹਾਹ ਦੀ ਮਿਹਰਬਾਨੀ ਹੈ।'
ਪੈਸਾ ਕਿੱਥੋਂ ਆਉਂਦਾ ਹੈ? ਤੇ ਉਹ ਵੀ ਸਾਡੇ ਲੋਕਾਂ ਦੇ ਪੈਸੇ ਨਾਲੋਂ ਦੁੱਗਣਾ ਕਿਉਂਕਿ ਪਾਕਿਸਤਾਨ ਦਾ ਰੁਪਈਆ ਸਾਡੇ ਰੁਪਈਏ ਨਾਲੋਂ 50 ਪ੍ਰਤੀਸ਼ਤ ਘਟ ਵੈਲਿਊ ਦਾ ਹੈ।
ਵੈਸੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਸਰਕਾਰ ਦੀ ਅਰਥ ਵਿਵਸਥਾ ਚਰਮਰਾ ਕੇ ਟੁੱਟ ਚੁੱਕੀ ਹੈ। ਪਾਕਿਸਤਾਨ ਏਨਾ ਵੱਧ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਕਿ ਉਸਨੂੰ ਲਾਹੁਣਾ ਲਗਭਗ ਅਸੰਭਵ ਹੈ। ਪਾਕਿਸਤਾਨ ਲਗਾਤਾਰ ਅਮਰੀਕੀ ਮਦਦ ਨਾਲ ਆਪਣਾ ਕੰਮ ਚਲਾ ਰਿਹਾ ਹੈ। ਜੇ ਅਮਰੀਕੀ ਸਹਾਇਤਾ ਬੰਦ ਹੋ ਜਾਵੇ ਤਾਂ ਪਾਕਿਸਤਾਨ ਦਾ ਦਿਵਾਲਾ ਨਿਕਲ ਜਾਵੇ। ਇਸ ਸਭ ਦੇ ਬਾਵਜੂਦ ਸਮਾਜ ਵਿਚ ਜਾਂ ਕਹਿਣਾ ਚਾਹੀਦਾ ਹੈ, ਸ਼ਹਿਰਾਂ ਦੇ ਉੱਚ-ਵਰਗ ਕੋਲ ਏਨਾ ਪੈਸਾ ਕਿੰਜ, ਕਿੱਥੋਂ ਤੇ ਕਿਸ ਤਰ੍ਹਾਂ ਆਉਂਦਾ ਹੈ...!
ਮੁਲਤਾਨ ਤੋਂ ਕਰਾਚੀ ਜਾਂਦਿਆਂ ਹੋਇਆ ਟਰੇਨ ਵਿਚ ਨਾਲ ਦੇ ਯਾਤਰੀਆਂ ਨੇ ਪਾਕਿਸਤਾਨ ਦੀ ਸਮਾਜ ਵਿਵਸਥਾ ਬਾਰੇ ਟਿੱਪਣੀਆਂ ਕਰਦਿਆਂ ਹੋਇਆਂ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਵਿਚ ਲੋਕ ਟੈਕਸ ਨਹੀਂ ਦੇਂਦੇ। ਟੈਕਸ ਨਾ ਦੇਣ ਵਾਲੀ ਗੱਲ ਕਈ ਜਗ੍ਹਾ ਸੁਣਨ ਵਿਚ ਆਈ। ਟਰੇਨ ਵਿਚ ਲੋਕ ਦੱਸ ਰਹੇ ਸਨ, ਜਿਹੜਾ ਹੋ ਸਕਦਾ ਹੈ ਗ਼ਲਤ ਹੋਵੇ, ਪਰ ਫੇਰ ਵੀ ਉਸ ਵਿਚ ਕੁਝ ਸੱਚਾਈ ਤਾਂ ਹੋ ਸਕਦੀ ਹੈ, ਕਿ ਪਾਕਿਸਤਾਨ ਦੇ ਪਹਿਲਾਂ ਵਾਲੇ ਰਾਸ਼ਟਰਪਤੀ ਨੇ ਜਿਹੜੇ ਚਾਲੀ ਮਿਲਾਂ ਦੇ ਮਾਲਕ ਨੇ, ਸਿਰਫ਼ ਪੰਜ ਹਜ਼ਾਰ ਰੁਪਏ ਟੈਕਸ ਦਿੱਤਾ ਹੈ। ਮਤਲਬ ਕਾਗਜ਼ਾਂ ਵਿਚ ਹੇਰ-ਫੇਰ ਤੇ ਭਰਿਸ਼ਟਾਚਾਰ ਏਨਾ ਵੱਧ ਹੈ ਕਿ ਲੋਕ, ਖਾਸ ਤੌਰ 'ਤੇ ਵੱਡੇ ਲੋਕ, ਟੈਕਸ ਤੋਂ ਬਚ ਜਾਂਦੇ ਨੇ। ਇਹ ਪਾਕਿਸਤਾਨੀ ਸਮਾਜ ਦਾ ਇਕ ਵੱਡਾ ਮਸਲਾ ਬਣਿਆ ਹੋਇਆ ਹੈ।
ਕਰਾਚੀ ਵਿਚ ਇਕ ਮਿੱਤਰ ਨੇ ਦੱਸਿਆ ਸੀ ਕਿ ਲੋਕ ਇੱਥੇ ਬੈਂਕ ਤੋਂ ਮੋਟੀ ਰਕਮ ਦੇ ਕਰਜ਼ੇ ਲੈਂਦੇ ਨੇ ਤੇ ਬੈਂਕ ਕਰਜ਼ੇ ਮੁਆਫ਼ ਕਰ ਦੇਂਦੇ ਨੇ। ਵੈਸੇ ਤਾਂ ਇੰਜ ਭਾਰਤ ਵਿਚ ਵੀ ਖ਼ੂਬ ਹੁੰਦਾ ਹੈ। ਪਰ ਇੱਥੇ ਇਹ ਸੌਖ ਸਿਰਫ਼ ਉਦਯੋਗ ਤੇ ਵਪਾਰ ਜਗਤ ਨੂੰ ਹੀ ਮਿਲਦੀ ਹੈ, ਜਦਕਿ ਪਾਕਿਸਤਾਨ ਵਿਚ ਇਹ 'ਸੇਵਾ' ਉੱਚ ਵਰਗ ਤੇ ਮੱਧ ਵਰਗ ਤਕ ਪਹੁੰਚ ਗਈ ਹੈ। 11 ਮਾਰਚ, 2011 ਦੇ ਡੇਲੀ ਟਾਈਮਸ ਦੇ ਇਸਲਾਮਾਬਾਦ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਬੈਂਕ 'ਲੋਨ' ਵਾਪਸ ਨਾ ਦੇ ਸਕਣ ਵਾਲਿਆਂ ਦੇ ਖ਼ਿਲਾਫ਼ ਕਰੜੇ ਕਦਮ ਚੁੱਕਣ ਦੀ ਹਦਾਇਤ ਕੀਤੀ ਸੀ। 1971 ਤੋਂ 2009 ਤਕ ਦਿੱਤੇ ਗਏ 256 ਬਿਲੀਅਨ ਰੁਪਏ ਕਰਜ਼ੇ ਨੂੰ ਮੁਆਫ਼ ਕਰਨ ਦੇ ਸੰਧਰਭ ਵਿਚ ਅਦਾਲਤ ਨੇ ਕਿਹਾ ਕਿ ਕਰਜ਼ਾ ਵਾਪਸ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕਰਨਾ ਚਾਹੀਦਾ ਹੈ। ਪਾਕਿਸਤਾਨ ਦੇ ਚੀਫ ਜਸਟਿਸ ਨੇ ਕਿਹਾ ਹੈ, ਬੈਂਕ ਦੇ ਉੱਚ ਅਧਿਕਾਰੀਆਂ ਤੇ ਮੈਨੇਜਰਾਂ ਨੂੰ ਕਰਜ਼ਾ ਮੁਆਫ਼ ਕਰਨ ਦਾ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਅੱਗੇ ਕਿਹਾ, ਇਸ ਦੇਸ਼ ਵਿਚ ਅਪਰਾਧੀ ਆਜ਼ਾਦੀ ਨਾਲ ਘੁੰਮਦੇ ਫਿਰਦੇ ਰਹਿੰਦੇ ਨੇ।
ਕਰਾਚੀ ਤਕ ਪਹੁੰਚ ਕੇ ਇਹ ਸੋਚਣਾ ਵਾਜਬ ਸੀ ਕਿ ਕਾਸ਼ ਮੈਂ ਸਿੰਧ ਦਾ ਪੇਂਡੂ ਇਲਾਕਾ ਦੇਖ ਸਕਾਂ ਕਿਉਂਕਿ ਸਿੰਧ ਦਾ ਪੇਂਡੂ ਇਲਾਕਾ ਵੀ ਕੁਝ ਬੁਨਿਆਦੀ ਸਵਾਲਾਂ ਵਿਚ ਉਲਝਿਆ ਹੋਇਆ ਹੈ। ਮੈਨੂੰ ਇਹ ਪਤਾ ਸੀ ਜਾਂ ਸੁਣਿਆ ਸੀ ਕਿ ਸਿੰਧ ਦੇ ਪੇਂਡੂ ਖੇਤਰ ਵਿਚ ਕਿਸੇ ਸਥਾਨਕ ਜ਼ਿਮੀਂਦਾਰ, ਜਿਸਨੂੰ ਸਿੰਧੀ ਵਿਚ 'ਵਡੇਰਾ' ਕਹਿੰਦੇ ਨੇ, ਦੀ ਮਦਦ ਦੇ ਬਗ਼ੈਰ ਕੋਈ ਨਹੀਂ ਜਾ ਸਕਦਾ।
ਮੇਰੇ ਕੋਲ ਸਿੰਧ ਵਿਚ ਕਰਾਚੀ ਦੇ ਇਲਾਵਾ ਹੋਰ ਕਿਤੇ ਜਾਣ ਦਾ ਵੀਜ਼ਾ ਨਹੀਂ ਸੀ। ਦਿਲ ਵਿਚ ਇਕ ਉਮੀਦ ਸੀ ਕਿ ਸ਼ਾਇਦ ਸਿੰਧ ਦੇ ਪੇਂਡੂ ਜੀਵਨ ਨੂੰ ਕਿਸੇ ਵਡੇਰੇ ਰਾਹੀਂ ਦੇਖ ਸਕਾਂ।
ਮੈਂ ਹੋਟਲ ਤੋਂ ਅਮਾਦ ਦੇ ਘਰ ਸਿਫਟ ਹੋ ਗਿਆ ਸਾਂ। ਮੈਨੂੰ ਯਕੀਨ ਸੀ ਕਿ ਕਰਾਚੀ ਦੇ ਮਹਿੰਗੇ ਤੋਂ ਮਹਿੰਗੇ ਕਲਬ ਦਾ ਮੈਂਬਰ ਤੇ ਕਰਾਚੀ ਦੀ ਸਭ ਤੋਂ ਮਹਿੰਗੀ ਕਾਲੋਨੀ ਵਿਚ ਰਹਿਣ ਵਾਲਾ ਅਮਾਦ ਜ਼ਰੂਰ ਕਿਸੇ ਸਿੰਧੀ ਵਡੇਰੇ ਨੂੰ ਜਾਣਦਾ ਹੋਵੇਗਾ, ਜਿਹੜਾ ਮੈਨੂੰ ਸਿੰਧ ਦੇ ਪੇਂਡੂ ਇਲਾਕੇ ਵਿਚ ਲੈ ਜਾਵੇਗਾ।
ਅਮਾਦ ਤੋਂ ਜਦੋਂ ਮੈਂ ਇਹ ਪੁੱਛਿਆ ਕਿ ਕੀ ਉਹ ਕਿਸੇ ਸਿੰਧੀ ਵਡੇਰੇ ਨੂੰ ਜਾਣਦਾ ਹੈ ਤਾਂ ਉਹ ਚੱਕਰਾਂ 'ਚ ਪੈ ਗਿਆ।
“ਮੈਂ ਸਿੰਧ ਦੇ ਪਿੰਡ ਦੇਖਣਾ ਚਾਹੁੰਦਾ ਆਂ। ਮੈਨੂੰ ਦੱਸਿਆ ਗਿਆ ਏ ਕਿ ਉੱਥੇ ਮੈਨੂੰ ਕੋਈ ਵਡੇਰਾ ਹੀ ਲੈ ਜਾ ਸਕਦਾ ਹੈ।”
“ਹਾਂ ਇਹ ਤਾਂ ਸੱਚ ਏ।”
“ਤਾਂ ਤੂੰ ਕਿਸੇ ਵਡੇਰੇ ਨੂੰ ਜਾਣਦਾ ਏਂ?”
ਉਹ ਸ਼ਾਇਦ 'ਨਹੀਂ' ਕਹਿਣਾ ਚਾਹੁੰਦਾ ਸੀ। ਉਸਨੇ ਪੁੱਛਿਆ, “ਤੁਸੀਂ ਉੱਥੇ ਕੀ ਦੇਖਣਾ ਏਂ?”
“ਬਸ ਯਾਰ, ਉਹਨਾਂ ਦੀ ਜ਼ਿੰਦਗੀ।” ਮੈਂ ਕਿਹਾ।
“ਬਸ ਸਮਝ ਲਓ ਕਿ ਆਪਣੇ ਇੱਥੇ, ਇੰਡੀਆ ਵਿਚ ਆਜ਼ਾਦੀ ਤੋਂ ਪਹਿਲਾਂ ਜਿਹੋ-ਜਿਹੇ ਪਿੰਡ ਸਨ ਓਹੋ-ਜਿਹੇ ਹੀ ਸਿੰਧ ਵਿਚ ਅੱਜ ਤੀਕ ਹੈਨ।” ਇਹ ਕਹਿ ਕੇ ਅਮਾਦ ਨੇ ਅਧਿਆਏ ਬੰਦ ਕਰ ਦਿੱਤਾ। ਮੈਂ ਸਮਝ ਗਿਆ ਕਿ ਮੈਂ ਨਹੀਂ ਜਾ ਸਕਦਾ, ਪਰ ਮੈਂ ਹਿੰਮਤ ਨਹੀਂ ਹਾਰੀ ਤੇ ਸੈਨਾ ਦੇ ਰਿਟਾਇਰਡ ਬਿਰਗੇਡੀਅਰ ਨੂੰ ਇਹੋ ਬੇਨਤੀ ਕੀਤੀ ਜਿਹੜੇ ਦੂਰ ਦੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਸਨ ਤੇ ਕਰਾਚੀ ਵਿਚ ਆਪਣਾ ਕਾਰੋਬਾਰ ਕਰਦੇ ਸਨ।
ਉਹਨਾਂ ਨੇ ਸਿੱਧੀ ਸਲਾਹ ਦਿੱਤੀ ਤੇ ਕਿਹਾ, “ਜੇ ਕੋਈ ਵਡੇਰਾ ਤੁਹਾਨੂੰ ਲੈ ਵੀ ਜਾਏ ਤਾਂ ਵੀ ਨਾ ਜਾਣਾ।”
“ਕਿਉਂ?”
“ਤੁਹਾਡੇ ਕੋਲ ਵੀਜ਼ਾ ਨਹੀਂ ਏ।”
“ਪਰ ਵਡੇਰੇ।”
“ਇਕ ਹੱਦ ਤਕ ਤੁਹਾਨੂੰ ਬਚਾਉਣਗੇ...ਹਾਈਵੇਜ਼ ਉੱਤੇ ਰੇਂਜਰ ਗੱਡੀਆਂ ਰੋਕਦੇ ਨੇ...ਤੁਸੀਂ ਜਾਣਦੇ ਓ ਇੱਥੋਂ ਦੇ ਹਾਲਾਤ ਕੀ ਨੇ...ਰੇਂਜਰ ਤੁਹਾਨੂੰ ਦੇਖ ਕੇ ਤੇ ਤੁਹਾਡੇ ਨਾਲ ਗੱਲ ਕਰਕੇ ਆਸਾਨੀ ਨਾਲ ਸਮਝ ਜਾਣਗੇ ਕਿ ਤੁਸੀਂ ਇੱਥੋਂ ਦੇ ਨਹੀਂ ਓ ਤੇ ਜਦੋਂ ਪਤਾ ਲੱਗੇਗਾ ਕਿ ਇਕ 'ਭਾਰਤੀ' ਚੋਰੀ-ਛਿੱਪੇ ਸਿੰਧ ਵਿਚ ਇੰਟਰ ਹੋ ਜਾਣਾ ਚਾਹੁੰਦੀ ਸੀ ਤਾਂ...।”
“ਠੀਕ ਏ...ਠੀਕ ਏ...” ਮੈਂ ਕਿਹਾ।
“ਤੁਸੀਂ ਕੁਝ ਅਜਿਹੇ ਲੋਕਾਂ ਨੂੰ ਕਰਾਚੀ ਵਿਚ ਮਿਲ ਸਕਦੇ ਓ ਜਿਹੜੇ ਸਿੰਧ ਬਾਰੇ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਨੇ।” ਉਹ ਬੋਲੇ।
ਸਿੰਧ ਦਾ ਪੇਂਡੂ ਇਲਾਕਾ ਮੱਧ-ਕਾਲੀਨ ਜਿਹਾ ਲਗਦਾ ਹੈ। ਸੁਣਿਆ ਜਾਂਦਾ ਹੈ ਉੱਥੇ ਹੁਣ ਵੀ ਹਜ਼ਾਰਾਂ ਏਕੜ ਜ਼ਮੀਨ ਵਾਲੇ ਜ਼ਿਮੀਂਦਰ ਨੇ। ਇਲਾਕੇ ਵਿਚ ਪਾਕਿਸਤਾਨ ਸਰਕਾਰ ਦਾ ਨਹੀਂ ਵਡੇਰਿਆਂ ਦਾ ਰਾਜ ਚੱਲਦਾ ਹੈ। ਭੁੱਟੋ ਪਰਿਵਾਰ ਕੋਲ ਏਨੀ ਜ਼ਮੀਨ ਹੈ ਕਿ ਟਰੇਨ ਉਹਨਾਂ ਦੀ ਜ਼ਮੀਨ ਉੱਤੇ ਦੋ ਘੰਟੇ ਚੱਲਦੀ ਹੈ। ਵਡੇਰਿਆਂ ਨੇ ਆਪਣੀਆਂ ਜੇਲ੍ਹਾਂ ਬਣਾਈਆਂ ਹੋਈਆਂ ਨੇ। ਪਾਕਿਸਤਾਨ ਦੇ ਸਰਕਾਰੀ ਕਰਮਚਾਰੀ ਉਹਨਾਂ ਦੇ ਹੁਕਮ ਵਿਚ ਹੀ ਕੰਮ ਕਰਦੇ ਨੇ ਆਦਿ ਆਦਿ। ਮੈਂ ਮੰਨਦਾ ਹਾਂ ਇਹਨਾਂ ਵਿਚੋਂ ਕਈ ਗੱਲਾਂ ਮਨ ਘੜੰਤ ਜਾਂ ਗ਼ਲਤ ਵੀ ਹੋ ਸਕਦੀਆਂ ਨੇ ਪਰ ਸਿੰਧ ਵਿਚ ਅੱਜ ਕੀ ਹੈ, ਇਹ ਜਾਣਨਾ ਤਾਂ ਜ਼ਰੂਰੀ ਹੈ ਨਾ।
ਮੁਸਲਿਮ ਲੀਗ ਸ਼ੁਰੂ ਤੋਂ ਹੀ ਵੱਡੇ ਸਾਮੰਤਾਂ ਦੀ ਪਾਰਟੀ ਰਹੀ ਹੈ। ਇਹੋ ਕਾਰਨ ਹੈ ਕਿ ਮੁਹੰਮਦ ਅਲੀ ਜਿੱਨਾ ਤੇ ਸਰਦਾਰ ਮੁਹੰਮਦ ਇਕਬਾਲ ਦੇ ਸਮਤਾਵਾਦੀ ਵਿਚਾਰਾਂ ਤੇ ਕੁਰਾਨ ਸ਼ਰੀਫ ਦੇ ਸਮਾਨਤਾ ਸੰਬੰਧੀ ਸੁਨੇਹਿਆਂ ਦੇ ਬਾਵਜੂਦ ਮੁਸਲਿਮ ਲੀਗ ਕਦੀ ਸਾਮੰਤਾਂ 'ਤੇ ਕੋਈ ਅੰਕੁਸ਼ ਨਹੀਂ ਲਾ ਸਕੀ। ਪਾਕਿਸਤਾਨ ਵਿਚ ਅੱਜ ਵੀ ਜ਼ਿਮੀਂਦਾਰੀ ਵਿਵਸਥਾ ਉਸੇ ਤਰ੍ਹਾਂ ਚਲਦੀ ਹੈ ਜਿਵੇਂ ਪਹਿਲਾਂ ਸੀ। ਸਿੰਧ ਦੀ ਰਾਜਨੀਤੀ ਤੇ ਸਰਕਾਰ ਦੀ ਧੁਰੀ ਸਾਮੰਤ ਨੇ।
ਸਨ 1959 ਵਿਚ ਨਿਜੀ ਜ਼ਮੀਨਾਂ ਉੱਤੇ ਸੀਲਿੰਗ ਲਾਈ ਗਈ ਸੀ ਜਿਸਦੇ ਤਹਿਤ ਇਕ ਵਿਅਕਤੀ 500 ਏਕੜ ਸਿੰਜਾਈ ਵਿਵਸਥਾ ਵਾਲੀ ਜ਼ਮੀਨ ਤੇ 1000 ਏਕੜ ਬਿਨਾਂ ਸਿੰਜਾਈ ਵਾਲੀ ਜ਼ਮੀਨ ਰੱਖ ਸਕਦਾ ਸੀ। ਇਹ ਕਾਨੂੰਨ ਪਰਿਵਾਰ ਨਹੀਂ, ਬਲਕਿ ਵਿਅਕਤੀ 'ਤੇ ਲਾਗੂ ਹੁੰਦਾ ਸੀ। ਸਾਮੰਤਾਂ ਨੇ ਆਪਣੀਆਂ ਜ਼ਮੀਨਾਂ ਦੇ ਝੂਠੇ-ਸੱਚੇ ਬੈਨਾਮੇ ਕਰਕੇ ਇਸ ਕਾਨੂੰਨ ਤੋਂ ਪੂਛ ਛੁਡਵਾਅ ਲਈ ਸੀ। ਇਹੋ ਨਹੀਂ, ਇਸ ਕਾਨੂੰਨ ਵਿਚ ਇਹ ਪੋਲ ਵੀ ਰੱਖੀ ਗਈ ਸੀ ਕਿ ਵੱਧ ਉਪਜਾਊ ਜ਼ਮੀਨਾਂ ਦੀ ਸੀਲਿੰਗ ਲਈ ਵੱਖਰਾ ਪੈਮਾਨਾ ਬਣਾਇਆ ਗਿਆ ਸੀ, ਜਿਹੜਾ ਸਾਮੰਤਾਂ ਦੇ ਪੱਖ ਵਿਚ ਸੀ।
ਸਨ 2000 ਦੇ ਭੂਮੀ ਸਰਵੇਖਣ ਅਨੁਸਾਰ ਪਾਕਿਸਤਾਨ ਦੀ 61 ਪ੍ਰਤੀਸ਼ਤ ਪ੍ਰਾਈਵੇਟ ਭੋਇੰ ਦੇ 88 ਪ੍ਰਤੀਸ਼ਤ ਭੂੰ-ਸਵਾਮੀਆਂ ਕੋਲ ਪੰਜ ਏਕੜ ਤੋਂ ਵੀ ਘੱਟ ਭੋਇੰ ਹੈ। ਤੇ 50 ਏਕੜ ਤੇ ਉਸ ਨਾਲੋਂ ਵਧ ਭੋਇੰ ਦੇ ਮਾਲਕ ਸਿਰਫ ਦੋ ਪ੍ਰਤੀਸ਼ਤ ਲੋਕ ਨੇ। ਮਾਲਕੀ ਦੇ ਇਸ ਜ਼ਮੀਨ ਤੇ ਆਸਮਾਨ ਜਿੱਡੇ ਪਾੜੇ ਕਰਕੇ ਹੀ ਸਿੰਧ ਦੇ ਪਿੰਡਾਂ ਵਿਚ ਭਿਆਨਕ ਗ਼ਰੀਬੀ ਹੈ। ਡੇਲੀ ਟਾਈਮਸ 12 ਅਗਸਤ, 2008 ਵਿਚ ਪ੍ਰਕਾਸ਼ਤ ਇਕ ਰਿਪੋਰਟ ਅਨੁਸਾਰ, ਵੰਡ ਵਿਵਸਥਾ ਹੀ ਸਿੰਧ ਦੇ ਵਧੇਰੇ ਬੇਜ਼ਮੀਨੇ ਕਿਸਾਨਾਂ ਦੀ ਦਲਿੱਦਤਾ ਦਾ ਕਾਰਨ ਹੈ। ਖੇਤੀ ਦੇ ਢੰਗ ਬਦਲ ਗਏ ਨੇ। ਟਰੈਕਟਰ, ਟਿਊਬਵੈੱਲ ਆ ਜਾਣ ਪਿੱਛੋਂ ਜ਼ਿਮੀਂਦਾਰ ਤੇ ਸੀਰੀ ਵਿਚਕਾਰ ਉਹੀ ਸਦੀਆਂ ਪੁਰਾਣਾ ਰਿਸ਼ਤਾ ਹੈ। ਅਜਿਹੀ ਸਮਾਜ ਵਿਵਸਥਾ ਵਿਚ ਬੰਧੁਆ ਮਜਦੂਰਾਂ ਦਾ ਹੋਣਾ ਲਾਜ਼ਮੀ ਹੈ। 1992 ਵਿਚ ਬੰਧੁਆ ਮਜਦੂਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਵਾਲੇ ਕਾਨੂੰਨ ਨੂੰ ਜ਼ਿਮੀਂਦਾਰ 1952 ਦੇ ਟੇਨੈਂਸੀ ਐਕਟ ਦੇ ਆਧਾਰ 'ਤੇ ਖ਼ਾਰਜ ਕਰਦੇ ਨੇ। ਅਦਾਲਤ ਨੇ ਇਸ ਆਧਾਰ 'ਤੇ ਬੰਧੁਆ ਮਜਦੂਰ ਨੂੰ ਬੰਧੁਆ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਦਰਅਸਲ ਸਿੰਧ ਵਿਚ ਸਭ ਕੁਝ ਸਥਾਨਕ ਸਾਮੰਤਾਂ ਦੇ ਹੱਥ ਵਿਚ ਹੈ। ਆਂਕੜੇ ਨਹੀਂ, ਪਰ ਪਾਕਿਸਤਾਨ ਵਿਚ ਸਭ ਜਾਣਦੇ ਨੇ ਕਿ ਫੌਜ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਜਗੀਰਦਾਰ ਲਿਯਾਕਤ ਅਲੀ ਜਟੋਈ ਹੈਨ ਜਿਹਨਾਂ ਕੋਲ 30,000 ਏਕੜ ਜ਼ਮੀਨ ਹੈ। ਜਟੋਈ ਇਕੱਲੇ ਨਹੀਂ, ਉਹਨਾਂ ਵਰਗੇ ਭੂੰ-ਸਵਾਮੀਆਂ ਨਾਲ ਸਿੰਧ ਭਰਿਆ ਪਿਆ ਹੈ। ਇਹ ਭੂੰ-ਸਵਾਮੀ ਪਿੰਡ, ਇਲਾਕੇ, ਕਸਬੇ ਤੇ ਸ਼ਹਿਰਾਂ ਉੱਤੇ ਪੂਰਾ ਕੰਟਰੋਲ ਕਰਦੇ ਨੇ, ਕਿਉਂਕਿ ਉਹੀ ਰਾਜਨੀਤੀ ਵਿਚ ਨੇ ਤੇ ਸਰਕਾਰਾਂ ਵੀ ਉਹੀ ਬਣਾਉਂਦੇ ਨੇ।
ਪਾਕਿਸਤਾਨ ਦੇ ਅਖ਼ਬਾਰਾਂ ਵਿਚ ਸਿੰਧ ਦੇ ਜ਼ਿਮੀਂਦਾਰਾਂ ਦੀਆਂ ਨਿਜੀ ਜੇਲ੍ਹਾਂ ਬਾਰੇ ਖ਼ਬਰਾਂ ਛਪਦੀਆਂ ਰਹਿੰਦੀਆਂ ਨੇ। ਮੋਨੂ ਭੀਲ ਦਾ ਮਾਮਲਾ ਇਸ ਦੀ ਇਕ ਵੱਡੀ ਉਦਾਹਰਨ ਬਣਿਆ ਹੈ। ਹਿੰਦੂ, ਦਲਿਤ ਆਦਿਵਾਸੀ ਮੋਨੂ ਭੀਲ ਜ਼ਿਲਾ ਸੰਘਾਰ ਦੇ ਇਕ ਪ੍ਰਭਾਵਸ਼ਾਲੀ ਸਾਮੰਤ ਅਬਦੁਲ ਰਹਿਮਾਨ ਮਾਰੀ ਦੀ ਜ਼ਮੀਨ 'ਤੇ ਵਰ੍ਹਿਆਂ ਤੋਂ ਕੰਮ ਰਿਹਾ ਸੀ। ਸਾਮੰਤ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਮੋਨੂ ਦੇ ਪਰਿਵਾਰ ਨੂੰ ਆਪਣੀ ਨਿੱਜੀ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਇਹ ਗੱਲ ਮਈ 1998 ਦੀ ਹੈ। ਮਾਨਵ ਅਧਿਕਾਰ ਆਯੋਗ, ਪਾਕਿਸਤਾਨ ਸਿੰਧ ਹਾਈ ਕੋਰਟ ਦੇ ਹੁਕਮ 'ਤੇ ਪੁਲਿਸ ਨੇ ਮੋਨੂ ਦੇ ਪਰਿਵਾਰ ਵਾਲਿਆਂ ਨੂੰ ਮੁਕਤ ਕਰਵਾ ਦਿੱਤਾ ਸੀ। ਪਰ ਸਾਮੰਤ ਦੇ ਗੁੰਡਿਆਂ ਨੇ ਫੇਰ ਉਹਨਾਂ ਨੂੰ ਅਗਵਾਹ ਕਰ ਲਿਆ ਸੀ। ਆਖ਼ਰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਿੰਧ ਦੇ ਮੁੱਖ ਸਕੱਤਰ ਤੇ ਇੰਸਪੈਕਟਰ ਜਰਨਲ ਪੁਲਿਸ ਨੂੰ ਹੁਕਮ ਦਿੱਤਾ ਸੀ ਕਿ ਮੋਨੂ ਦੇ ਪਰਿਵਾਰ ਨੂੰ ਬਰਾਮਦ ਕੀਤਾ ਜਾਵੇ। ਇਲਾਕੇ ਵਿਚ ਡੀ.ਆਈ.ਜੀ. ਰਾਣਾ ਸਲੀਮਉੱਲਾ ਖਾਂ ਦੇ ਅਨੁਸਾਰ, ਉਹਨਾਂ ਨੂੰ ਪਤਾ ਲੱਗਿਆ ਸੀ ਕਿ ਮੋਨੂ ਦੇ ਪਰਿਵਾਰ ਨੂੰ ਕਿੱਥੇ ਰੱਖਿਆ ਗਿਆ ਹੈ ਤਾਂ ਉਹ ਉਹਨਾਂ ਨੂੰ ਮੁਕਤ ਕਰਵਾਉਣਾ ਚਾਹੁੰਦੇ ਸਨ ਕਿ ਸਿੰਧ ਦੇ ਮੁੱਖ ਮੰਤਰੀ ਅਰਾਬਾਬ ਰਹੀਮ ਨੇ ਉਹਨਾਂ ਦੀ ਨਾ ਸਿਰਫ਼ ਬਦਲੀ ਕਰ ਦਿੱਤੀ, ਬਲਕਿ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ। ਕਾਰਨ ਇਹ ਸੀ ਕਿ ਸਰਕਾਰ ਜੇ ਸ਼ਕਤੀਸ਼ਾਲੀ ਸਾਮੰਤ ਅਬਦੁਲ ਰਹਿਮਾਨ ਮਾਰੀ ਨੂੰ ਹੱਥ ਵੀ ਲਾਉਂਦੀ ਤਾਂ 'ਡਿੱਗ' ਜਾਂਦੀ ਕਿਉਂਕਿ ਮਾਰੀ ਰਾਜਨੈਤਿਕ ਰੂਪ ਵਿਚ ਅਤਿ ਪ੍ਰਭਾਵਸ਼ਾਲੀ ਪੀਰ ਦੇ ਨੇੜੇ ਦਾ ਆਦਮੀ ਸੀ। ਤੇ ਉਦੋਂ ਦਾ ਇਹ ਮਾਮਲਾ ਠੰਡਾ ਪਿਆ ਹੋਇਆ ਹੈ।
ਸਿੰਧ ਖੇਤ ਬੰਧੁਆ ਮਜਦੂਰ ਦਲਿਤ ਸਮੁਦਾਏ ਦੇ ਨੇ, ਜਿਹਨਾਂ ਵਿਚ ਵਧੇਰੇ ਹਿੰਦੂ ਤੇ ਕੁਝ ਮੁਸਲਮਾਨ ਵੀ ਸ਼ਾਮਲ ਨੇ। ਇਕ ਮੋਟੇ ਅੰਦਾਜੇ ਮੁਤਾਬਕ ਪਾਕਿਸਤਾਨ ਦੇ 3 ਮਿਲੀਅਨ ਹਿੰਦੂਆਂ ਵਿਚੋਂ ਅੱਸੀ ਪ੍ਰਤੀਸ਼ਤ ਦਲਿਤ ਨੇ, ਤੇ ਕਹਿੰਦੇ ਨੇ ਕਿ ਉਹ ਬਿਆਲੀ ਗੋਤਾਂ ਵਿਚ ਵੰਡੇ ਹੋਏ ਨੇ। ਪ੍ਰਮੁੱਖ ਭੀਲ, ਮੇਧਵਾਲ, ਓਧ ਤੇ ਕੋਹਲੀ ਮੰਨੇ ਜਾਂਦੇ ਨੇ। ਇਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਸਿੰਧ ਦੇ ਮੁਸਲਮਾਨ ਸਾਮੰਤ ਮੁਸਲਮਾਨ ਦਲਿਤਾਂ ਦੀ ਤੁਲਾਂ ਵਿਚ ਹਿੰਦੂ ਦਲਿਤਾਂ ਨੂੰ ਆਪਣੇ ਕੰਮ 'ਤੇ ਲਾਉਣਾ ਵਧੇਰੇ ਪਸੰਦ ਕਰਦੇ ਨੇ ਕਿਉਂਕਿ ਮੁਸਲਮਾਨ ਦਲਿਤ ਨੂੰ ਇਸਲਾਮ ਦਾ ਇਕ ਸਹਾਰਾ ਤਾਂ ਹੁੰਦਾ ਹੈ, ਜਦਕਿ ਹਿੰਦੂ ਦਲਿਤ ਪੂਰੀ ਤਰ੍ਹਾਂ ਬੇਸਹਾਰਾ ਤੇ ਇਕ ਤਰ੍ਹਾਂ ਨਾਲ ਆਪਣੇ ਸਾਮੰਤ ਉੱਤੇ ਨਿਰਭਰ ਹੁੰਦੇ ਨੇ।
ਕਰਾਚੀ ਮੋਹਾਜਿਰਾਂ ਦੀ ਜ਼ਬਾਨ ਉਰਦੂ ਦਾ ਬੜਾ ਵੱਡਾ ਕੇਂਦਰ ਹੈ। ਦੇਸ਼ ਦੇ 75 ਪ੍ਰਤੀਸ਼ਤ ਲੋਕਾਂ ਦੀ ਭਾਸ਼ਾ ਰਾਜਭਾਸ਼ਾ ਤੇ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਕਰਾਚੀ ਪਰੰਪਰਿਕ ਤੌਰ ਤੇ ਉਰਦੂ ਦਾ ਗੜ੍ਹ ਕਦੀ ਨਹੀਂ ਸੀ। ਪਾਕਿਸਤਾਨ ਬਣਨ ਪਿੱਛੋਂ ਮੋਹਾਜਿਰ ਹੀ ਉਰਦੂ ਨੂੰ ਕਰਾਚੀ ਲੈ ਗਏ ਸਨ।
ਮੇਰਾ ਇਹ ਖ਼ਿਆਲ ਸੀ ਕਿ ਕਰਾਚੀ ਵਿਚ ਉਰਦੂ ਦਾ ਬੜਾ ਜ਼ਬਰਦਸਤ ਬੋਲਬਾਲਾ ਹੋਵੇਗਾ। ਘੱਟ-ਤੋਂ-ਘੱਟ ਉਸ ਨਾਲੋਂ ਬਿਹਤਰ ਹੋਵੇਗਾ ਜੋ ਦਿੱਲੀ ਵਿਚ ਹਿੰਦੀ ਦਾ ਹੈ। ਪਰ ਉਮੀਦਾਂ ਘੱਟ ਪੂਰੀਆਂ ਹੋਈਆਂ। ਵੈਸੇ ਉਰਦੂ ਅਦਬ ਤੇ ਪ੍ਰਕਾਸ਼ਨ ਦਾ ਇਕ 'ਸੀਨ' ਲਾਹੌਰ ਵਿਚ ਵੀ ਹੈ। ਜਿਹੜਾ ਕਰਾਚੀ ਨਾਲੋਂ ਪੁਰਾਣਾ ਹੈ ਤੇ ਅੱਲਾਮਾ ਇਕਬਾਲ ਤੇ ਫ਼ੈਜ਼ ਅਹਿਮਦ 'ਫ਼ੈਜ਼' ਵਰਗੇ ਕਵੀਆਂ ਉੱਤੇ ਮਾਣ ਕਰਦਾ ਹੈ।
ਡਾ. ਜਮਾਲ ਨਕਵੀ ਦੇ ਜ਼ਰੀਏ ਉਰਦੂ ਦੇ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਕਰਾਚੀ ਵਿਚ ਮਿਲਣ ਦਾ ਮੌਕਾ ਮਿਲਦਾ ਰਿਹਾ। ਪਾਕਿਸਤਾਨ ਪ੍ਰਗਤੀਸ਼ੀਲ ਲੇਖਕ ਸੰਘ ਤੇ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵਿਚ ਸਿਰਫ਼ ਇਹੋ ਸਮਤਾ ਨਹੀਂ ਲੱਗੀ ਕਿ ਇਹ ਦੋਵੇਂ ਸੰਗਠਨ ਇਕ ਵਿਚਾਰਧਾਰਾ ਤੇ ਸਾਂਝੇ ਇਤਿਹਾਸ ਦੇ ਪਾਲਕ ਨੇ ਬਲਕਿ ਇਹ ਸਮਾਨਤਾ ਵੀ ਲੱਗੀ ਕਿ ਜਿਸ ਤਰ੍ਹਾਂ ਤੇ ਜਿਵੇਂ ਸਾਹਿਤ ਨੂੰ ਭਾਰਤ ਦੇ ਪ੍ਰਗਤੀਸ਼ੀਲ ਰਚਦੇ ਨੇ, ਮਾਨਤਾ ਦੇਂਦੇ ਨੇ, ਤੇ ਉਤਸਾਹਿਤ ਕਰਦੇ ਨੇ, ਓਵੇਂ ਪਾਕਿਸਤਾਨ 'ਪ੍ਰਲੇਸ' ਵੀ ਕਰਦਾ ਹੈ। ਜੋ ਭਾਰਤੀ 'ਪ੍ਰਲੇਸ' ਦੇ ਅਹੁਦਾਬਰਦਾਰਾਂ ਦੇ ਸਰੋਕਾਰ ਨੇ, ਉਹੀ ਪਾਕਿਸਤਾਨੀ ਪ੍ਰਲੇਸ ਦੇ ਵੀ ਨੇ। ਮੈਨੂੰ ਸਵਰਗੀ ਕਮਲਾ ਪਰਸਾਦ ਜੀ ਭਾਰਤੀ ਪ੍ਰਲੇਸ ਦੇ ਮਹਾਮੰਤਰੀ ਤੇ ਪਾਕਿਸਤਾਨੀ ਪ੍ਰਲੇਸ ਦੇ ਮਹਾਮੰਤਰੀ ਡਾ. ਰਾਹਤ ਸਈਦ ਵਿਚ ਬੜੀਆਂ ਸਮਤਾਵਾਂ ਦਿਖਾਈ ਦਿੱਤੀਆ।
ਅਜਮਲ ਕਮਾਲ ਦੇ ਘਰ ਉਰਦੂ ਸਾਹਿਤਕਾਰਾਂ ਨਾਲ ਕੁਝ ਯਾਦਗਾਰ ਮੁਲਾਕਾਤਾਂ ਹੋਈਆਂ ਜਿਹਨਾਂ ਨਾਲ ਹਿੰਦੀ-ਉਰਦੂ ਅਦਬ ਹੀ ਨਹੀਂ ਬਲਕਿ ਭਾਰਤ-ਪਾਕ ਸਮਾਜ ਬਾਰੇ ਗੱਲਾਂ ਹੁੰਦੀਆ ਰਹੀਆਂ। ਦੋਵਾਂ ਦੇਸ਼ਾਂ ਤੇ ਦੋਵਾਂ ਭਾਸ਼ਾਵਾਂ ਦੇ ਲੇਖਕ, ਕਵੀ ਇਕੋ ਤਰ੍ਹਾਂ ਸੋਚਦੇ ਨੇ। ਜੇ ਭਾਰਤ ਦੇ ਲੇਖਕ ਆਪਣੇ ਸਮਾਜ ਵਿਚ ਆਪਣੇ ਆਪ ਨੂੰ 'ਆਈਸੋਲੇਟੇਡ' ਮਹਿਸੂਸ ਕਰਦੇ ਨੇ ਤਾਂ ਪਾਕਿਸਤਾਨ ਦੇ ਉਰਦੂ ਲੇਖਕ ਫੌਜੀ ਤਾਨਸ਼ਾਹੀ ਤੋਂ ਤੰਗ ਨਜ਼ਰ ਆਉਂਦੇ ਨੇ ਤੇ ਉਮੀਦ ਦੀ ਬੜੀ ਮੱਧਮ ਤੇ ਕਮਜੋਰ ਕਿਰਨ ਦੇਖਦੇ ਰਹਿੰਦੇ ਨੇ।
ਕਰਾਚੀ ਵਿਚ ਡਾ. ਜਮਾਲ ਨਕਵੀ ਉਰਦੂ ਦੀਆਂ ਕਈ ਸੰਸਥਾਵਾਂ ਵਿਚ ਲੈ ਕੇ ਗਏ। ਉੱਥੇ ਸਾਰੇ ਲੇਖਕ ਤੇ ਅਹੁਦੇਦਾਰ ਬੜੇ ਮੋਹ, ਪਿਆਰ ਨਾਲ ਮਿਲੇ, ਪਰ ਸੰਸਥਾਵਾਂ ਬਾਰੇ ਮੇਰੇ ਮਨ ਵਿਚ ਜਿਹੜੇ ਸ਼ੰਕੇ ਸਨ, ਉਹ ਓਵੇਂ ਦੀ ਜਿਵੇਂ ਰਹੇ। ਹੋ ਸਕਦਾ ਹੈ ਇਹ ਮੇਰੀ ਨਿੱਜੀ ਹੱਦ ਹੋਵੇ।
ਜਮਾਲ ਨਕਵੀ ਆਪਣੇ ਨਾਲ ਯੂਨੀਵਰਸਟੀ ਦੇ ਉਰਦੂ ਡਿਪਾਰਟਮੈਂਟ ਲੈ ਗਏ। ਉਸ ਤੋਂ ਪਹਿਲਾਂ ਪਾਕਿਸਤਾਨ ਸਟੱਡੀ ਸੈਂਟਰ ਵਿਚ ਡਾਇਰੈਕਟਰ ਵਗ਼ੈਰਾ ਨਾਲ ਮਿਲਵਾਇਆ। ਉਰਦੂ ਵਿਭਾਗ ਦੇ ਮੁਖੀ ਨਾਲ ਮਿਲਵਾਇਆ। ਸਭ ਨਾਲ ਮਿਲ ਜੁਲ ਕੇ ਇਹੀ ਲੱਗਿਆ, ਥੋੜ੍ਹਾ ਜਾਂ ਬਹੁਤਾ ਉਹੀ ਆਪਣੇ ਇੱਥੋਂ ਵਾਲਾ ਹਾਲ ਹੀ ਹੈ...:
'ਆ ਅੰਦਲੀਪ ਮਿਲ ਕੇ ਕਰੇਂ ਆਹੋ ਜਾਰਿਯਾ,
ਤੂ ਹਾਯ ਗੁਲ ਪੁਕਾਰ, ਮੈਂ ਚਿੱਲਾਊਂ ਹਾਯ ਦਿਲ।'
ਕੁਝ ਦਿਨਾਂ ਤੋਂ ਸ਼ਾਮ ਦੀ ਮਹਿਫਿਲ ਨਹੀਂ ਸੀ ਸਜ਼ੀ। ਇਕ ਰਾਤ ਅਸੀਂ ਅਜੀਬ ਹਾਲਾਤ ਵਿਚੋਂ ਲੰਘਦੇ ਹੋਏ ਕਈ ਲੋਕਾਂ ਦੇ ਘਰਾਂ ਤੇ ਇਲਾਕਿਆਂ ਦੇ ਚੱਕਰ ਕੱਟਦੇ ਇਕ ਇਮਾਰਤ ਦੇ ਅਜਿਹੇ ਫ਼ਲੈਟ ਵਿਚ ਪਹੁੰਚੇ ਜਿਹੜਾ ਦੇਖਣ ਵਿਚ ਇੰਜ ਲੱਗ ਰਿਹਾ ਸੀ ਕਿ ਉੱਥੇ ਉਹ ਕੰਮ ਕੀਤੇ ਜਾ ਸਕਦੇ ਨੇ ਜਿਹਨਾਂ ਨੂੰ ਗ਼ਲਤਫਹਿਮੀ ਦਾ ਸ਼ਿਕਾਰ ਹੋਣ ਕਰਕੇ ਸਮਾਜ ਮਮਨੂ (ਵਰਜਿਤ) ਕਰਾਰ ਦੇਂਦਾ ਹੈ। ਚਲੋ ਖ਼ੈਰ, ਉੱਥੇ ਕਈ ਮਿਹਰਬਾਨ, ਉਰਦੂ ਦੇ ਜਾਣੇ-ਮਾਣੇ ਆਲੋਚਕ ਮੁਹੰਮਦ ਅਲੀ ਸਿੱਦੀਕੀ, ਸੱਯਦ ਸ਼ਮਸਉੱਦੀਨ, ਹਬੀਬ ਹਯਾਤ ਤੇ ਭੱਟੀ ਸਾਹਬ ਆ ਗਏ। ਰਾਤ ਦੇਰ ਤਕ ਅਦਬ, ਆਰਟ ਤੇ ਸਮਾਜ ਉੱਤੇ ਗੱਲਬਾਤ ਹੁੰਦੀ ਰਹੀ। ਸੱਯਦ ਸ਼ਮਸਉੱਦੀਨ ਨੇ ਮਿਹਰ ਕੀਤੀ ਤੇ ਮਾਨਵ ਅਧਿਕਾਰ ਆਯੋਗ ਪਾਕਿਸਤਾਨ ਦੀ 2009 ਦੀ ਇਕ ਰਿਪੋਰਟ ਸੌਂਪ ਦਿੱਤੀ, ਜਿਸਦੀ ਮਦਦ ਨਾਲ ਮੈਨੂੰ ਪਾਕਿਸਤਾਨ ਨੂੰ ਸਮਝਣ ਵਿਚ ਬੜੀ ਮਦਦ ਮਿਲੀ। ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਡਾ. ਆਸਿਫ ਫੱਰੁਖੀ ਨੇ ਭੇਂਟ ਕੀਤੀਆਂ ਸਨ। ਗੱਲਬਾਤ ਦੌਰਾਨ ਭੱਟੀ ਸਾਹਬ ਨੇ ਕਿਹਾ ਕਿ ਇੰਡੀਆ ਪਾਕਿਸਤਾਨ ਦੇ ਖ਼ਿਲਾਫ਼ ਹੈ। ਮੈਂ ਕਿਹਾ, “ਹਜੂਰ ਪਾਕਿਸਤਾਨ ਖ਼ੁਦ ਆਪਣੇ ਖ਼ਿਲਾਫ਼ ਏ, ਕਿਸੇ ਹੋਰ ਦੇ ਵਿਰੋਧ ਦੀ ਲੋੜ ਹੀ ਨਹੀਂ ਹੈ।” ਜਦ ਇਹ ਕਹਿ ਰਿਹਾ ਸਾਂ ਤਾਂ ਮੇਰੇ ਦਿਮਾਗ਼ ਵਿਚ ਸਵੇਰੇ ਹੋਟਲ ਦੇ ਕਮਰੇ ਵਿਚ ਟੈਲੀਵੀਜ਼ਨ ਚੈਨਲ ਉੱਤੇ ਦੇਖਿਆ ਇਕ ਫੋਨ-ਇਨ ਪ੍ਰੋਗਰਾਮ ਚੱਲ ਰਿਹਾ ਸੀ—ਜਿਸ ਵਿਚ ਫੋਨ 'ਤੇ ਸਟੂਡਿਓ ਵਿਚ 'ਐਂਕਰ' ਨੂੰ 'ਕਾਲਰ' ਕਹਿ ਰਿਹਾ ਸੀ—ਸਾਨੂੰ ਕੋਈ ਚੰਗੀ ਖ਼ਬਰ ਸੁਣਾਓ...ਅਸੀਂ ਪੱਚੀ ਸਾਲ ਤੋਂ ਕੋਈ ਚੰਗੀ ਖ਼ਬਰ ਨਹੀਂ ਸੁਣੀ।
ਉਰਦੂ ਦੇ ਇਕ ਹੋਰ ਸਰਕਲ ਵਿਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਉਰਦੂ ਦੇ ਫਿਕਸ਼ਨ ਰਾਈਟਰ ਸਬਾ ਦੀਵਾਨ ਦੇ ਘਰ ਬਹੁਤ ਸਾਰੇ ਚਰਚਿਤ ਲੇਖਕਾਂ, ਕਵੀਆਂ ਨਾਲ ਬੜੀ ਚੰਗੀ ਗੱਲਬਾਤ ਤੇ ਮੁਲਾਕਾਤ ਹੋਈ। ਇਹਨਾਂ ਵਿਚੋਂ ਇਕ ਗੁਜਰਾਤੀ ਦੇ ਲੇਖਕ ਖੱਤਰੀ ਇਸਮਤ ਅਜੀ ਪਟੇਲ ਨੇ ਆਪਣਾ ਵਿਜਿਟਿੰਗ ਕਾਰਡ ਦਿੱਤਾ ਜਿਸ ਉੱਤੇ ਉਹਨਾਂ ਦਾ ਨਾਂ ਗੁਜਰਾਤੀ ਲਿੱਪੀ ਵਿਚ ਵੀ ਲਿਖਿਆ ਹੋਇਆ ਸੀ। ਇਹਨਾਂ ਮੀਟਿੰਗਾਂ ਦੌਰਾਨ ਕਿਸੇ ਪਾਕਿਸਤਾਨੀ ਲੇਖਕ ਨੇ ਕਿਹਾ ਕਿ ਉਹ ਲੋਕ ਜਦੋਂ ਭਾਰਤ ਜਾਂਦੇ ਨੇ ਤਾਂ ਉਹਨਾਂ ਨੂੰ ਹੋਟਲ ਵਿਚ ਕਮਰਾ ਨਹੀਂ ਦਿੱਤਾ ਜਾਂਦਾ, ਇਸ ਗੱਲ ਉੱਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ।
2 ਮਾਰਚ, 2011 ਜਾਂ 3 ਮਾਰਚ, 2011 ਦੀ ਰਾਤ ਤਿੰਨ ਵਜੇ ਅੱਖ ਖੁੱਲ੍ਹ ਗਈ। ਖਿੜਕੀ 'ਚੋਂ ਬਾਹਰ ਦੇਖਿਆ। ਪੂਰਾ ਕਰਾਚੀ ਸ਼ਾਂਤੀ ਨਾਲ ਸੁੱਤਾ ਹੋਇਆ ਸੀ। ਮੈਂ ਉਠ ਕੇ ਲਾਈਟਾਂ ਜਗਾ ਦਿੱਤੀਆਂ। ਅਚਾਨਕ ਦਿਮਾਗ਼ ਵਿਚ ਖ਼ਿਆਲ ਆਉਂਦਾ ਹੈ ਕਿ ਹੁਣ ਤਕ ਪਾਕਿਸਤਾਨ ਵਿਚ ਜੋ ਦੇਖਿਆ ਹੈ ਤੇ ਉਸਦੇ ਜਿਹੜੇ 'ਇੰਪ੍ਰੈਸ਼ਨ' ਦਿਮਾਗ਼ ਵਿਚ ਪਏ ਨੇ, ਕਿਉਂ ਨਾ ਉਹਨਾਂ ਨੂੰ ਤਰਤੀਬ ਵਿਚ ਲਿਖ ਦਿਆਂ...:
...ਪਾਕਿਸਤਾਨ ਵਿਚ ਬਕਰਿਆਂ ਦੇ ਦਾੜ੍ਹੀ ਨਹੀਂ ਹੁੰਦੀ।
...ਪਾਕਿਸਤਾਨ ਵਿਚ ਕੁੱਤਿਆਂ ਦੀ ਥਾਂ ਬਿੱਲੀਆਂ ਨੇ ਲੈ ਲਈ ਹੈ।
...ਇਹ ਕਹਿਣਾ ਮੁਸ਼ਕਲ ਹੈ ਕਿ ਪਾਕਿਸਤਾਨ ਵਿਚ ਫੌਜ ਮੁਲਕ ਦੀ ਸੇਵਾ ਕਰ ਰਹੀ ਹੈ ਜਾਂ ਮੁਲਕ ਫੌਜ ਦੀ ਖਿਦਮਤ ਕਰ ਰਿਹਾ ਹੈ।
...ਪਾਕਿਸਤਾਨ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੇ ਖ਼ਿਲਾਫ਼ ਹੈ। ਜਦ ਨੁਕਸਾਨ ਪਹੁੰਚਾਉਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਲੈਂਦਾ ਹੈ।
...ਪਾਕਿਸਤਾਨ ਵਿਚ ਸੂਰਜ ਪੱਛਮ ਵਿਚੋਂ ਨਿਕਲਦਾ ਹੈ।
...ਪਾਕਿਸਤਾਨ ਵਿਚ ਟੀਚਰ ਤੇ ਉਹ ਵੀ ਇਤਿਹਾਸ ਦਾ ਟੀਚਰ ਹੋਣਾ ਖ਼ਤਰਨਾਕ ਹੈ।
...ਪਾਕਿਸਤਾਨ ਦੇ ਪ੍ਰਕਾਸ਼ਕ ਸਭ ਕੁਝ ਛਾਪ ਲੈਂਦੇ ਨੇ ਪਰ ਸੰਵਿਧਾਨ ਨਹੀਂ ਛਾਪਦੇ।
...ਪਾਕਿਸਤਾਨ ਵਿਚ ਗ਼ੈਰ ਇਸਲਾਮੀ ਟੈਕਸ ਨੂੰ ਇਸਲਾਮੀ ਬਣਾ ਦਿੱਤਾ ਗਿਆ ਹੈ।
...ਪਾਕਿਸਤਾਨ ਇਕ ਚੀਜ਼ ਨੂੰ ਦੋ ਕਰ ਦੇਣ ਵਿਚ ਮਾਹਰ ਹੈ।
'ਡਿਵਾਈਡ ਐਂਡ ਰੂਲ' ਸਿਰਫ਼ ਅੰਗਰੇਜ਼ੀ ਦੀ ਅਖਾਣ ਹੀ ਨਹੀਂ ਰਹੀ।
ਸਮੁੰਦਰ ਦੇ ਕਿਨਾਰੇ ਸ਼ਾਨਦਾਰ ਡਿਫੈਂਸ ਕਾਲੋਨੀ ਦੇ ਸ਼ਾਨਦਾਰ ਬੰਗਲਿਆਂ ਵਿਚ ਇਕ ਬੰਗਲਾ ਆਪਣੇ ਦੋਸਤ ਅਮਾਦਉੱਦੀਨ ਸਈਦ ਦਾ ਹੈ, ਜਿਹੜੇ ਅਲੀਗੜ੍ਹ ਵਿਚ ਮੇਰੇ ਛੋਟੇ ਭਰਾ ਦੇ ਕਲਾਸ ਫੈਲੋ ਸਨ ਤੇ ਪਿਛਲੇ 40 ਸਾਲ ਤੋਂ ਕਰਾਚੀ ਵਿਚ ਨੇ। ਪੀ.ਆਈ.ਏ. ਵਿਚ ਕੰਮ ਕਰਦੇ ਸਨ। ਕਿਸੇ ਉੱਚੇ ਅਹੁਦੇ ਤੋਂ ਰਿਟਾਇਰ ਹੋਏ ਨੇ। ਟਹਿਕਦੀ, ਮਹਿਕਦੀ ਤੇ ਨੌਕਰਾਂ ਨਾਲ ਭਰੀ ਕੋਠੀ ਦੇਖ ਕੇ ਖ਼ੁਸ਼ੀ ਹੋਈ। ਆਪਣਾ ਇਕ ਦੋਸਤ ਇੱਥੇ ਤਾਂ ਪਹੁੰਚਿਆ। ਅਮਾਦ ਨੇ ਮੈਨੂੰ ਇਕ ਕਮਰਾ ਦੇ ਦਿੱਤਾ ਤੇ ਆਪਣੇ ਨੌਕਰਾਂ ਨੂੰ ਮੇਰਾ ਪੂਰਾ ਖ਼ਿਆਲ ਰੱਖਣ ਲਈ ਕਿਹਾ। ਫੇਰ ਉਸਨੇ ਦੱਸਿਆ ਕਿ ਉਸਦਾ 'ਕੁੱਕ' ਦੁਨੀਆਂ ਦੇ ਲਗਭਗ ਸਾਰੇ ਨਾਮੀ ਦੇਸ਼ਾਂ ਦੇ ਖਾਣੇ ਬਣਾ ਲੈਂਦਾ ਹੈ। ਮੈਂ ਉਸਨੂੰ ਕੁਝ ਵੀ ਬਣਾਉਣ ਦੀ ਫਰਮਾਇਸ਼ ਕਰ ਸਕਦਾ ਹਾਂ। ਮੈਂ ਉਸ ਨੂੰ ਇਟੈਲੀਅਨ 'ਸਪੇਗੇਟੀ ਵਿਦ ਮੀਟ ਬਾਲਡ' ਬਣਾਉਣ ਦੀ ਫਰਮਾਇਸ਼ ਕੀਤੀ। ਕਿਉਂਕਿ ਦਿਨ ਦੇ ਗਿਆਰਾਂ ਵੱਜੇ ਸਨ ਤੇ ਦੁਪਹਿਰ ਦੇ ਖਾਣੇ ਵਿਚ ਕਾਫੀ ਦੇਰ ਸੀ ਇਸ ਲਈ ਅਮਾਦ ਨੇ ਕਿਹਾ ਕਿ ਮੈਂ ਚਾਹਾਂ ਤਾਂ ਉਸਦੇ ਨਾਲ ਇਕ ਬਾਜ਼ਾਰ ਵਿਚ ਚੱਲ ਸਕਦਾ ਹਾਂ। ਮੈਂ ਪਤਨੀ ਲਈ ਹਾਸ਼ਿਮ ਦਾ ਸੁਰਮਾ ਖ਼ਰੀਦਨਾ ਸੀ। ਅਮਾਦ ਨੇ ਕਿਹਾ, ਬੜਾ ਵੱਡਾ ਬਾਜ਼ਾਰ ਹੈ, ਮਿਲ ਜਾਏਗਾ। ਬਰੇਲੀ ਵਾਂਗ ਪਾਕਿਸਤਾਨ ਵਿਚ ਵੀ ਬੜੇ ਚੰਗੇ ਸੁਰਮੇ ਬਣਦੇ ਨੇ। ਲਾਹੌਰ ਵਿਚ ਮੈਂ ਇਕ ਬੋਰਡ ਦੇਖਿਆ ਸੀ 'ਐਨਕ ਤੋੜ ਸੁਰਮਾ' ਮਤਲਬ ਏਨਾ ਚੰਗਾ ਸੁਰਮਾ ਕਿ ਤੁਸੀਂ ਐਨਕ ਤੋੜ ਦਿਓਗੇ...ਮਤਲਬ ਉਸਦੀ ਜ਼ਰੂਰਤ ਹੀ ਨਹੀਂ ਰਹੇਗੀ। ਮੈਂ ਪ੍ਰਦੇਸ਼ ਵਿਚ ਐਨਕ ਤੋੜਨ ਦਾ ਰਿਸਕ ਨਹੀਂ ਸਾਂ ਲੈਣਾ ਚਾਹੁੰਦਾ, ਇਸ ਲਈ ਅੱਗੇ ਲੰਘ ਗਿਆ ਸਾਂ।
ਅਸੀਂ ਲੋਕ ਮਾਰਕੀਟ ਗਏ—ਸ਼ਾਨਦਾਰ, ਜੈਸੀ ਕਾਲੋਨੀ ਵੈਸੀ ਮਾਰਕੀਟ। ਅਮਾਦ ਨੇ ਆਪਣੇ ਡਰਾਈਵਰ ਨੂੰ ਇਕ ਜਗ੍ਹਾ ਗੱਡੀ ਰੋਕਣ ਲਈ ਕਿਹਾ ਮੇਰੇ ਵੱਲ ਭੌਂ ਕੇ ਬੋਲੇ, “ਚੱਲੋ...ਮੈਂ ਐਨਕ ਲੈਣੀ ਏਂ।” ਅਸੀਂ ਦੋਵੇਂ ਇਕ ਬਲਾਕ ਵੱਲ ਵਧੇ ਤਾਂ ਦੇਖਿਆ ਕਿ ਉੱਥੇ 'ਪੈਰਾ-ਮਿਲਟਰੀ ਫੋਰਸ਼' ਦੀਆਂ ਬਖਤਰਬੰਦ ਗੱਡੀਆਂ ਖੜ੍ਹੀਆਂ ਨੇ। ਇਕ ਐਂਬੂਲੈਂਸ਼ ਖੜ੍ਹੀ ਹੈ। ਅੱਗੇ ਜਾਣਦਾ ਰਸਤਾ ਬੰਦ ਕੀਤਾ ਹੋਇਆ ਹੈ।
“ਇਹ ਕੀ ਏ?” ਅਮਾਦ ਨੇ ਪੁਲਿਸ ਵਾਲੇ ਨੂੰ ਪੁੱਛਿਆ।
“ਬੰਦ ਏ...ਅੰਦਰ ਨਹੀਂ ਜਾਣਾ।”
“ਕਿਉਂ? ਮੈਂ ਸਾਹਮਣੀ ਦੁਕਾਨ ਤੋਂ ਐਨਕ ਲੈਣੀ ਏਂ।”
“ਉਧਰ ਤਾਂ ਨਹੀਂ ਜਾ ਸਕਦੇ।”
“ਕਿਉਂ?”
“ਆਰਡਰ ਨਹੀਂ ਹੈ।”
“ਗੱਲ ਕੀ ਏ...ਕੁਛ ਤਾਂ ਦੱਸੋ।” ਅਮਾਦ ਨੇ ਪਿਆਰ ਨਾਲ ਪੁੱਛਿਆ।
“ਉਧਰ ਇਕ ਅਮਰੀਕਨ ਐਨਕ ਲੈਣ ਆਇਆ ਏ।”
ਅਮਾਨ ਨੇ ਮੈਨੂੰ ਕਿਹਾ, “ਚੱਲੋ...ਜਦ ਤਕ ਉਹ ਨਹੀਂ ਚਲਾ ਜਾਂਦਾ, ਇਹ ਲੋਕ ਕਿਸੇ ਨੂੰ ਅੰਦਰ ਨਹੀਂ ਜਾਣ ਦੇਣਗੇ।”
“ਕਿਉਂ?” ਮੈਂ ਪੁੱਛਿਆ।
“ਪਾਕਿਸਤਾਨ ਵਿਚ ਅਮਰੀਕਨਾਂ ਦੀ ਜਾਨ ਨੂੰ ਖ਼ਤਰਾ ਏ।”
ਅਸੀਂ ਗੱਡੀ ਵਿਚ ਬੈਠ ਚੁੱਕੇ ਸੀ।
“ਕਿਉਂ?”
“ਲੋਕ ਅਮਰੀਕਨਾਂ ਨੂੰ ਨਫ਼ਰਤ ਕਰਦੇ ਨੇ।”
“ਯਾਰ ਪਾਕਿਸਤਾਨ ਦਾ ਸਭ ਤੋਂ ਵੱਡਾ ਦੋਸਤ ਅਮਰੀਕਾ ਏ।”
“ਹਾਂ, ਅਮਰੀਕਨ ਪੈਸੇ 'ਤੇ ਈ ਮੁਲਕ ਚੱਲ ਰਿਹਾ ਏ।”
“ਫੇਰ?”
“ਇਹੀ ਨਹੀਂ...ਇੱਥੇ ਜਿਹੜੇ ਚੰਗੇ ਵੱਡੇ ਖਾਂਦੇ-ਪੀਂਦੇ ਲੋਕ ਨੇ ਸਭ ਦੀ ਅਮਰੀਕਾ 'ਚ ਪ੍ਰਾਪਰਟੀ ਏ, ਬੱਚੇ ਉੱਥੇ ਈ ਪੜ੍ਹ ਰਹੇ ਨੇ...ਇੱਥੇ 'ਡਬਲ ਪਾਸਪੋਰਟ' ਦਾ ਸਿਸਟਮ ਏ ਨਾ? ਕਿ ਤੁਸੀਂ ਦੋ ਪਾਸਪੋਰਟ ਇਕੋ ਸਮੇਂ ਰੱਖ ਸਕਦੇ ਓ ਤੇ ਬਹੁਤਿਆਂ ਕੋਲ ਅਮਰੀਕਨ ਪਾਸਪੋਰਟ ਵੀ ਹੈਨ।”
“ਫੇਰ ਵੀ ਨਫ਼ਰਤ?”
“ਅਮਰੀਕਾ ਨੇ ਜਦੋਂ ਸੋਵੀਅਤ ਯੂਨੀਅਨ ਦੇ ਖ਼ਿਲਾਫ਼ ਇਸਲਾਮੀ ਮੁਜਾਹੇਦੀਨ ਨੂੰ ਖੜ੍ਹਾ ਕੀਤਾ ਸੀ ਤਾਂ ਸਾਰੇ ਖ਼ੁਸ਼ ਸਨ...ਹੁਣ...ਅਫਗਾਨਿਸਤਾਨ ਵਿਚ ਅਮਰੀਕਾ ਉਹਨਾਂ ਨਾਲ ਲੜ ਰਿਹਾ ਏ। ਡਰੋਨ ਹਮਲੇ, ਪਾਕਿਸਤਾਨ ਉੱਤੇ ਅਮਰੀਕੀ ਸੀ.ਆਈ.ਏ. ਦੀ ਗ੍ਰਿਫ਼ਤ...ਉਹ ਪਾਕਿਸਤਾਨ ਵਿਚ ਇਸ ਤਰ੍ਹਾਂ ਘੁੰਮਦੇ ਨੇ ਜਿਵੇਂ ਆਪਣੇ ਵਿਹੜੇ 'ਚ ਟਹਿਲ ਰਹੇ ਹੋਣ। ਇਸਲਾਮੀ ਜਿਹਾਦੀਆਂ ਨੂੰ ਏਨਾ ਉਪਰ ਚੁੱਕਣ ਪਿੱਛੋਂ ਅਮਰੀਕਾ ਚਾਹੁੰਦਾ ਏ ਹੁਣ ਉਹਨਾਂ ਨੂੰ ਧੂੜ ਚਟਾਅ ਦਿੱਤੀ ਜਾਵੇ ਤੇ ਇਸ ਕੰਮ ਵਿਚ ਪਾਕਿਸਤਾਨ ਉਹਨਾਂ ਦੀ ਮਦਦ ਕਰੇ। ਜਾਂ ਪਾਕਿਸਤਾਨ ਨੂੰ ਮਜਬੂਰ ਕਰ ਦਿੱਤਾ ਜਾਏ ਕਿ ਉਹਨਾਂ ਦੀ ਮਦਦ ਕਰੇ। ਅਜੇ ਕੋਈ ਮਹੀਨਾ ਕੁ ਪਹਿਲਾਂ ਪਾਕਿਤਸਾਨ ਵਿਚ ਅਮਰੀਕੀ ਸਫ਼ੀਰ (ਰਾਜਦੂਤ) ਨੇ ਬਿਆਨ ਦਿੱਤਾ ਸੀ ਕਿ ਅਮਰੀਕਾ ਦਾ ਇਹ ਹੱਕ ਏ ਕਿ ਉਹ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦਵੇ ਕਿਉਂਕਿ ਅਮਰੀਕਾ ਪਾਕਿਸਤਾਨ ਨੂੰ ਏਨਾ ਪੈਸਾ ਦੇਂਦਾ ਹੈ...”
“ਕੀ ਨਫ਼ਰਤ ਏਨੀ ਵਧ ਏ ਕਿ ਉਹਨਾਂ ਨੂੰ ਦੇਖਦੇ ਹੀ...।”
ਉਹ ਮੇਰੀ ਗੱਲ ਟੁੱਕ ਕੇ ਬੋਲਿਆ, “ਸ਼ਾਇਦ ਇੰਜ ਤਾਂ ਨਹੀਂ, ਪਰ ਹੁਣ ਲੋਕਾਂ ਦੀ ਸਮਝ ਵਿਚ ਆ ਰਿਹਾ ਏ ਕਿ ਅਮਰੀਕਾ ਜਾਂ ਕਹੋ 'ਵੈਸਟ' ਨੇ ਆਪਣੇ ਫਾਇਦੇ ਲਈ ਮੁਸਲਿਮ ਮੁਲਕਾਂ ਦੇ ਨਾਲ ਕੀ ਕੀਤਾ ਸੀ ਤੇ ਕੀ ਕਰ ਰਿਹਾ ਏ।”
“ਹਾਂ ਤੁਹਾਡੀ ਇਸ ਗੱਲ ਨਾਲ ਮੈਂ ਸਹਿਮਤ ਆਂ...ਦੇਖੋ ਤੁਰਕੀ ਵਿਚ ਖ਼ਲੀਫਾ ਨੂੰ ਹਟਾਅ ਦਿੱਤੇ ਜਾਣ ਪਿੱਛੋਂ ਕੱਟੜਪੰਥੀ ਇਸਲਾਮ ਜਾਂ ਇਹ ਵਿਚਾਰ ਕਿ ਇਸਲਾਮ ਦੇ ਨਾਂ 'ਤੇ ਰਾਜ ਬਣਾਇਆ ਜਾ ਸਕਦਾ ਏ ਬਿਲਕੁਲ 'ਬੈਕ ਗਰਾਊਂਡ' ਵਿਚ ਚਲਾ ਗਿਆ ਸੀ, ਪਰ ਈਰਾਨ ਦੀ ਇਸਲਾਮੀ ਕਰਾਂਤੀ ਨੇ ਉਸਨੂੰ ਫੇਰ 'ਫੋਰ ਫਰੰਟ' 'ਤੇ ਖੜ੍ਹਾ ਕਰ ਦਿੱਤਾ ਤੇ ਈਰਾਨ ਤੇ ਈਰਾਨ 'ਚ ਇਹ ਸਭ ਕਿਉਂ ਹੋਇਆ?...ਇਹ ਸਭ ਜਾਣਦੇ ਨੇ ਕਿ ਬ੍ਰਿਟੇਨ ਤੇ ਅਮਰੀਕਾ ਨੇ ਈਰਾਨ ਦੇ ਤੇਲ 'ਤੇ ਆਪਣਾ ਕਬਜ਼ਾ ਕਾਇਮ ਰੱਖਣ ਲਈ ਈਰਾਨ ਦੀ ਚੁਣੀ ਹੋਈ ਲੋਕਤੰਤਰੀ ਸਰਕਾਰ ਦਾ ਤਖ਼ਤਾ ਪਲਟ ਕੇ ਸ਼ਾਹ ਨੂੰ ਈਰਾਨ ਦੀ ਸੱਤਾ ਸੌਂਪੀ ਸੀ। ਉਸਦੀ ਪ੍ਰਤੀਕ੍ਰਿਆ ਵਿਚ ਈਰਾਨ ਦਾ ਇਸਲਾਮੀ ਇਨਕਲਾਬ ਹੋਇਆ ਸੀ। ਤੁਸੀਂ ਸੋਚੋ ਜੇ ਸਨ 1955 ਤੋਂ ਈਰਾਨ ਵਿਚ ਇਕ ਡੈਮੋਕ੍ਰੇਟਿਕ ਸਰਕਾਰ ਰਹੀ ਹੁੰਦੀ ਤਾਂ ਇਸਲਾਮੀ ਕੱਟੜਵਾਦ ਉੱਥੇ ਕਿੰਜ ਪੈਰ ਜਮਾਅ ਸਕਦਾ ਸੀ? ਜਿਵੇਂ ਤੁਰਕੀ ਵਿਚ ਨਹੀਂ ਜਮਾਅ ਸਕਿਆ...?”
“ਇਹੋ ਸਭ ਗੱਲਾਂ ਨੇ...ਈਰਾਕ ਹੈ...ਇਜਰਾਈਲ ਦੇ ਪਿੱਛੇ ਅਮਰੀਕੀ ਸਪੋਰਟ ਏ।” ਉਹ ਬੋਲੇ।
“ਇਹ ਦੱਸੋ ਬਈ ਕਿ ਕੀ ਪਾਕਿਸਤਾਨੀ ਫੌਜ ਸੱਚਮੁੱਚ ਤਾਲਿਬਾਨ ਨਾਲ ਲੜ ਰਹੀ ਏ? ਜਾਂ ਦਿਖਾਵਾ ਕਰ ਰਹੀ ਏ?” ਮੈਂ ਪੁੱਛਿਆ।
“ਸ਼ਾਇਦ ਦੋਵੇਂ ਗੱਲਾਂ ਹੋ ਰਹੀਆਂ ਨੇ।” ਉਹ ਬੋਲੇ।
“ਇਹ ਕਿੰਜ ਹੋ ਸਕਦਾ ਏ?”
“ਜਿਵੇਂ ਤੁਹਾਡਾ ਹੱਥ ਕਿਸੇ ਪੱਥਰ ਦੇ ਹੇਠਾਂ ਦਬਿਆ ਹੋਇਆ ਹੋਵੇ ਤੇ ਤੁਸੀਂ ਪੂਰੀ ਤਾਕਤ ਲਾ ਕੇ ਹੱਥ ਕੱਢ ਵੀ ਨਾ ਸਕਦੇ ਹੋਵੋ ਤੇ ਹੱਥ ਨੂੰ ਪੱਥਰ ਹੇਠ ਦਬਿਆ ਵੀ ਨਾ ਰੱਖ ਸਕਦੇ ਹੋਵੋ।”
ਪਾਕਿਸਤਾਨੀ ਤਾਲਿਬਾਨ ਨਾਰਥ ਵੈਸਟ, ਫਰੰਟੀਅਰ ਪ੍ਰਦੇਸ਼ ਦੇ ਸੱਤ ਜ਼ਿਲਿਆਂ ਵਿਚ ਆਪਣੀ ਸਰਕਾਰ ਚਲਾ ਰਹੇ ਨੇ। ਪਾਕਿਸਤਾਨ ਦੀ ਸਰਕਾਰ ਨੇ ਉਹਨਾਂ ਨੂੰ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਇਜਾਜ਼ਤ ਦੇ ਕੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਹੋਈ ਹੈ। ਇਸ ਦੇ ਨਾਲ ਨਾਲ ਤਾਲਿਬਾਨ ਤੇ ਪਾਕਿਸਤਾਨੀ ਸੈਨਾ ਵਿਚਕਾਰ ਯੁੱਧ ਵੀ ਚੱਲ ਰਿਹਾ ਹੈ। ਪਾਕਿਸਤਾਨੀ ਹਾਕਮ ਵਰਗ ਤੇ ਸੈਨਾ ਦੀ ਇਹ ਸੋਚ ਵੀ ਹੋ ਸਕਦੀ ਹੈ ਕਿ ਦੇਸ਼ ਦਾ ਇਕ ਛੋਟਾ ਜਿਹਾ ਟੁਕੜਾ ਦੇ ਕੇ ਤਾਲਿਬਾਨ ਨੂੰ ਸ਼ਾਂਤ ਰੱਖਿਆ ਜਾ ਸਕਦਾ ਹੋਏ ਤਾਂ ਕੋਈ ਖਾਸ ਗੱਲ ਨਹੀਂ।
ਮੁੱਦਾ ਇਹ ਨਹੀਂ ਹੈ ਕਿ ਤਾਲਿਬਾਨ ਇਕ ਦਿਨ ਪਾਕਿਸਤਾਨੀ ਸੈਨਾ ਨੂੰ ਹਰਾ ਕੇ ਪਾਕਿਸਤਾਨ ਉੱਤੇ ਕਬਜਾ ਕਰ ਲੈਣਗੇ। ਅਸਲ ਮੁੱਦਾ ਇਹ ਹੈ ਕਿ ਤਾਲਿਬਾਨ ਜਾਂ ਕਹੋ ਕੱਟੜਵਾਦੀ ਮੁਸਲਮਾਨ ਆਪਣੀਆਂ ਪ੍ਰਾਪਤੀਆਂ ਤੇ ਆਪਣੇ 'ਮਿਸ਼ਨ' ਦਾ ਅਜਿਹਾ ਡੂੰਘਾ ਪ੍ਰਭਾਵ ਪਾਕਿਸਤਾਨੀ ਜਨਤਾ ਉੱਤੇ ਪਾ ਰਹੇ ਨੇ, ਜਿਹੜਾ ਲੋਕਤੰਤਰੀ ਸ਼ਕਤੀਆਂ ਲਈ ਤੇ ਭਿੰਨ-ਭਿੰਨ ਆਸਥਾਵਾਂ ਦੀ ਸਹਿਣਸ਼ੀਲਤਾ ਦੀ ਹੱਦ ਤੇ ਸਾਂਝੀ ਵਿਰਾਸਤ ਦੇ ਤਾਲਮੇਲ ਲਈ ਬੜਾ ਵੱਡਾ ਖਤਰਾ ਬਣ ਜਾਵੇਗਾ। ਇਸਦਾ ਵੱਡਾ ਉਦਾਹਰਨ ਤੌਹੀਨੇ ਰਿਸਾਲਤ (ਬੈਲੇਸਫੈਮੀ) ਕਾਨੂੰਨ ਵਿਚ ਸਰਕਾਰ ਦੁਆਰਾ ਪਰੀਵਰਤਨ ਕਰਨ ਦੇ ਖ਼ਿਲਾਫ਼ ਕੀਤੇ ਗਏ ਵੱਡੇ-ਵੱਡੇ ਪ੍ਰਦਰਸ਼ਨ ਨੇ, ਜਿਹਨਾਂ ਪਿੱਛੋਂ ਸਰਕਾਰ ਨੂੰ ਮਜਬੂਰ ਹੋ ਕੇ ਇਹ ਕਹਿਣਾ ਪਿਆ ਸੀ ਕਿ ਉਹ ਤੌਹੀਨੇ ਰਿਸਾਲਤ ਕਾਨੂੰਨ ਵਿਚ ਕੋਈ ਪਰੀਵਰਤਨ ਨਹੀਂ ਕਰੇਗੀ। ਇਹੀ ਨਹੀਂ, ਸਰਕਾਰ ਦੇ ਮੰਤਰੀ ਜਨਤਾ ਦੇ ਦਬਾਅ ਵਿਚ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗੇ ਸਨ। ਦੂਜਾ ਛੋਟਾ ਉਦਾਹਰਨ ਇਹ ਹੈ ਕਿ ਲਾਹੌਰ ਵਿਚ ਬਸੰਤ ਦਾ ਤਿਓਹਾਰ ਆਦਿਕਾਲ ਤੋਂ, ਮਤਲਬ ਇਸਲਾਮ ਆਉਣ ਤੋਂ ਪਹਿਲਾਂ ਤੋਂ ਹੀ ਮਨਾਇਆ ਜਾਂਦਾ ਸੀ। ਬਸੰਤ ਦਾ ਇਸਲਾਮ ਨਾਲ ਕੋਈ ਧਾਰਮਕ ਸੰਬੰਧ ਨਹੀਂ ਹੈ, ਉਸੇ ਤਰ੍ਹਾਂ ਜਿਵੇਂ ਈਰਾਨ ਦੇ ਸਭ ਤੋਂ ਵੱਡੇ ਤਿਓਹਾਰ 'ਨੌਰੋਜ਼' ਦਾ ਸੰਬੰਧ ਇਸਲਾਮ ਨਾਲ ਨਹੀਂ ਹੈ। ਪਾਕਿਸਤਾਨ ਬਣਨ ਪਿੱਛੋਂ ਵੀ ਲਾਹੌਰ ਵਿਚ ਬਸੰਤ ਬੜੇ ਜ਼ੋਰ-ਸ਼ੋਰ ਤੇ ਉਤਸਾਹ, ਲਗਨ ਤੇ ਪਰੇਮ ਨਾਲ ਮਨਾਇਆ ਜਾਂਦਾ ਸੀ। ਉਹ ਇਕ ਲੋਕਤੰਤਰੀ ਸਮਾਰੋਹ ਬਣ ਗਿਆ ਸੀ। ਪਰ ਕੱਟੜਪੰਥੀਆਂ ਨੇ ਸਰਕਾਰ 'ਤੇ ਜ਼ੋਰ ਪਾ ਕੇ ਬਸੰਤ ਮਨਾਏ ਜਾਣ 'ਤੇ ਪਾਬੰਦੀ ਲਗਵਾ ਦਿੱਤੀ ਕਿਉਂਕਿ ਉਹ ਇਸਨੂੰ ਹਿੰਦੂ ਤਿਓਹਾਰ ਮੰਨਦੇ ਨੇ।
ਤਾਲਿਬਾਨ ਪਾਕਿਸਤਾਨ ਵਿਚੋਂ ਬਚੀ-ਖੁਚੀ 'ਡੈਮੋਕ੍ਰੇਟਿਕ ਸਪੇਸ' ਵੀ ਖ਼ਤਮ ਕਰ ਰਿਹਾ ਹੈ, ਜਿਸਦਾ ਅਸਰ ਪੂਰੇ ਸਮਾਜ 'ਤੇ ਬੜਾ ਨਕਾਰਾਤਮਕ ਤੇ ਹਿੰਸਕ ਹੋਵੇਗਾ। ਪਾਕਿਸਤਾਨ ਦੀ ਸਿਵਲ ਸੋਸਾਇਟੀ ਤੇ ਸਾਹਿਤ-ਸੰਸਕ੍ਰਿਤ ਕਰਮੀ ਇਹ ਜਾਣਦੇ ਨੇ ਤੇ ਚਿੰਤਤ ਤੇ ਭੈਭੀਤ ਨੇ।
ਬੜੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਮੈਂ ਸਿੰਧ ਦੇ ਪੇਂਡੂ ਇਲਾਕੇ ਨਹੀਂ ਦੇਖ ਸਕਿਆ ਸੀ, ਇਸ ਲਈ ਤੈਅ ਕੀਤਾ ਕਿ ਕਰਾਚੀ ਤੋਂ ਲਾਹੌਰ ਦੀ ਯਾਤਰਾ ਬੱਸ ਵਿਚ ਕਰਾਂਗਾ ਤਾਕਿ ਰਸਤੇ ਵਿਚ ਘੱਟੋਘੱਟ ਸਿੰਧ ਦੇ ਉਹ ਇਲਾਕੇ, ਬਸਵੇ, ਪਿੰਡ ਦੇਖ ਸਕਾਂ ਜਿਹੜੇ ਸੜਕ ਦੇ ਕਿਨਾਰੇ ਪੈਂਦੇ ਨੇ। ਅਮਾਦ ਦੇ ਘਰੋਂ ਮੈਂ ਸਿੱਧਾ ਡੇਬੂ ਬੱਸ ਸਟਾਪ ਜਾਣਾ ਸੀ, ਜਿੱਥੋਂ ਗਿਆਰਾਂ ਵਜੇ ਬੱਸ ਚਲਦੀ ਤੇ ਅਗਲੀ ਸਵੇਰ ਨੌਂ ਵਜੇ ਲਾਹੌਰ ਪਹੁੰਚਦੀ ਹੈ।
ਨਾਸ਼ਤਾ ਕਰਦਿਆਂ ਹੋਇਆਂ ਮੈਂ ਅਮਾਦ ਨੂੰ ਕਿਹਾ, “ਯਾਰ...ਇੱਥੇ ਹਿੰਦੂਆਂ ਨਾਲ ਮੁਲਾਕਾਤ ਨਹੀਂ ਹੋ ਸਕੀ।”
“ਬਈ ਹੁਣੇ ਲਓ...ਓਇ ਇਰਸ਼ਾਦ।” ਉਹਨਾਂ ਆਪਣੇ ਡਰਾਈਵਰ ਨੂੰ ਆਵਾਜ਼ ਮਾਰੀ, ਜਿਹੜਾ ਸਾਹਮਣੇ ਆ ਖੜ੍ਹਾ ਹੋਇਆ।
“ਇਹ ਸਾਡੇ ਡਰਾਈਵਰ ਇਰਸ਼ਾਦ ਨੇ...ਹਿੰਦੂ ਨੇ।”
“ਅੱਛਾ...ਪੂਰਾ ਨਾਂ ਕੀ ਏ?”
“ਇਰਸ਼ਾਦ ਅਰਜੁਨ।” ਇਰਸ਼ਾਦ ਨੇ ਦੱਸਿਆ।
“ਤੇ ਦੇਖੋ ਮਾਲੀਆਂ 'ਚ ਇਕ ਮਾਲੀ ਹਿੰਦੂ ਏ।”
ਇਰਸ਼ਾਦ ਹੀ ਮੈਨੂੰ ਲੈ ਕੇ ਡੇਵੂ ਬੱਸ ਸਟੈਂਡ ਛੱਡਣ ਗਏ ਸਨ। ਬੱਸ ਸਟੈਂਡ ਸ਼ਹਿਰ ਤੋਂ ਕਾਫੀ ਦੂਰ ਸੀ। ਅਮਾਦ ਨੇ ਕਿਧਰੇ ਹੋਰ ਜਾਣਾ ਸੀ, ਇਸ ਲਈ ਉਹ ਮੈਨੂੰ 'ਸੀ ਆਫ' ਕਰਨ ਡੇਵੂ ਦੇ ਸਟੇਸ਼ਨ ਨਹੀਂ ਆ ਸਕਿਆ ਸੀ। ਰਸਤੇ ਵਿਚ ਮੈਨੂੰ ਇਰਸ਼ਾਦ ਨਾਲ ਗੱਲਾਂ ਕਰਨ ਦਾ ਚੰਗਾ ਮੌਕਾ ਮਿਲ ਗਿਆ। ਪਰ ਉਹ ਬੜਾ ਸਾਵਧਾਨ ਸੀ।
“ਤੁਹਾਡਾ ਘਰ ਕਿੱਥੇ ਐ?” ਮੈਂ ਪੁੱਛਿਆ।
“ਥੱਟਾ 'ਚ ਏ।”
“ਕਰਾਚੀ 'ਚ ਕਦੋਂ ਦੇ ਓ?”
“ਬਾਰਾਂ ਸਾਲ ਹੋ ਗਏ।”
“ਗੱਡੀ ਉੱਥੇ ਈ ਸਿੱਖੀ ਸੀ ਜਾਂ ਇੱਥੇ?”
“ਓਥੇ ਈ ਸਿੱਖੀ ਸੀ ਜੀ।”
“ਕੀ ਜਾਤ ਏ ਤੁਹਾਡੀ?”
“ਠਾਕੁਰ...ਰਾਜਸਥਾਨ 'ਚ ਰਿਸ਼ਤੇਦਾਰੀ ਏ।”
“ਉੱਥੇ ਕਦੀ ਗਏ ਓ?”
“ਨਹੀਂ ਗਿਆ ਜੀ।”
“ਕਿਉਂ?”
“ਪਾਸਪੋਰਟ ਨਹੀਂ ਐ ਜੀ।”
“ਕਿਉਂ?”
“ਕਹਿੰਦੇ ਨੇ ਜੀ...ਬਣਾਉਂਦੇ ਨਹੀਂ।”
“ਸਾਹਬ ਨੂੰ ਕਹਿ ਕੇ ਪਾਸਪੋਰਟ ਬਣਵਾ ਲਓ। ਫੇਰ ਇੰਡੀਆ ਆਓ।”
“ਇੰਡੀਆ 'ਚ ਤੁਸੀਂ ਕਿੱਥੇ ਰਹਿੰਦੇ ਓ ਜੀ?”
“ਦਿੱਲੀ 'ਚ।”
“ਕਰਾਚੀ ਨਾਲੋਂ ਤਾਂ ਵੱਡੀ ਹੋਵੇਗੀ ਜੀ!”
“ਹਾਂ ਹੈ।”
ਮੈਂ ਇਰਸ਼ਦ ਵੱਲ ਦੇਖਿਆ। ਦੁੱਬੀ-ਕੁਚਲੀ ਸ਼ਖ਼ਸੀਅਤ ਵਾਲਾ ਆਦਮੀ। ਡਰਿਆ-ਡਰਿਆ ਜਿਹਾ ਅੰਦਾਜ਼ ਤੇ ਹਰ ਗੱਲ ਸਿਰਫ਼ 'ਜੀ' ਕਹਿਣ ਦੀ ਆਦਤ।
“ਤੁਹਾਨੂੰ ਲੋਕਾਂ ਨੂੰ ਪ੍ਰੇਸ਼ਾਨ ਤਾਂ ਨਹੀਂ ਕਰਦੇ?”
“ਇੱਥੇ ਨਹੀਂ ਜੀ...ਪਰ ਪਿੰਡ 'ਚ ਕਰਦੇ ਨੇ।”
“ਕਿਸ ਗੱਲ 'ਤੇ?”
“ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਜੀ।”
ਕੁਝ ਚਿਰ ਪਿੱਛੋਂ ਉਹ ਬੋਲਿਆ, “ਦਿੱਲੀ 'ਚ ਠਹਿਰਣ ਦੀ ਜਗ੍ਹਾ ਤਾਂ ਬੜੀ ਮਹਿੰਗੀ ਹੋਏਗੀ ਜੀ?”
“ਕਿਉਂ...ਕੀ ਤੁਸੀਂ ਆਉਣਾ ਚਾਹੁੰਦਾ ਓ?”
“ਪਤਾ ਨਹੀਂ ਜੀ।” ਉਹ ਨਿਰਾਸ਼ ਆਵਾਜ਼ ਵਿਚ ਬੋਲਿਆ।
“ਜਦੋਂ ਵੀ ਆਉਣਾ ਹੋਏ ਜਾਂ ਦਿੱਲੀ ਆ ਜਾਓ ਤਾਂ ਮੈਨੂੰ ਫੋਨ ਕਰਨਾ। ਇਹ ਲਓ ਮੇਰਾ ਕਾਰਡ।”
ਡੇਬੂ ਬੱਸ ਚੱਲੀ ਤਾਂ ਲਗਭਗ ਇਕ ਘੰਟੇ ਤਕ ਕਰਾਚੀ ਦੇ ਉਪਨਗਰ ਤੇ ਇੰਡਸਟਰੀਅਲ ਏਰੀਏ ਹੀ ਦਿਖਾਈ ਦੇਂਦੇ ਰਹੇ। ਮੈਂ ਖਾਸ ਤੌਰ 'ਤੇ ਬੱਸ ਦੀ ਸੱਜੇ ਪਾਸੇ ਵਾਲੀ 'ਵਿੰਡੋ ਸੀਟ' ਲਈ ਸੀ। ਤਿੰਨ ਘੰਟੇ ਬਾਅਦ ਕਸਬੇ ਤੇ ਪਿੰਡ ਆਉਣ ਲੱਗੇ। ਮੇਰੇ ਕੋਲ ਦੋ ਕੈਮਰਿਆਂ ਵਿਚ ਫੁੱਲ ਬੈਟਰੀ ਸੀ ਤੇ ਜਾਣਦਾ ਸਾਂ ਕਿ ਚੱਲਦੀ ਬੱਸ 'ਚੋਂ ਖਿੱਚੀਆਂ ਗਈਆਂ ਤਸਵੀਰਾਂ ਆਮ ਤੌਰ 'ਤੇ ਖ਼ਰਾਬ ਹੀ ਆਉਂਦੀਆਂ ਨੇ। ਪਰ ਸਵਾਲ ਸੀ ਦ੍ਰਿਸ਼ ਨੂੰ ਰਿਕਾਰਡ ਕਰਨ ਦਾ। ਸਾਰੇ ਜਾਣਦੇ ਨੇ ਕਿ ਸੜਕ ਦੇ ਕਿਨਾਰੇ ਦੇ ਪਿੰਡ ਤੇ ਕਸਬੇ ਵਧੇਰੇ ਖ਼ੁਸ਼ਹਾਲ ਤੇ ਬਿਹਤਰ ਹੁੰਦੇ ਨੇ ਕਿਉਂਕਿ ਉੱਥੇ ਆਉਣ-ਜਾਣ ਦੇ ਸਾਧਨ ਹੁੰਦੇ ਨੇ।
ਪਹਿਲਾਂ ਕੁਝ ਕਸਬੇ ਦਿਖਾਈ ਦਿੱਤੇ। ਛੋਟੇ-ਛੋਟੇ, ਦਬੀਆਂ-ਦਬੀਆਂ ਜਿਹੀਆਂ ਦੁਕਾਨਾਂ ਜਿਹਨਾਂ ਵਿਚ ਜ਼ਰੂਰਤ ਦਾ ਸਾਮਾਨ ਸੀ। ਇਹਨਾਂ ਦੁਕਾਨਾਂ ਵਿਚ ਕਦੀ ਕੋਈ ਛੋਟੀ ਜਿਹੀ ਇਮਾਰਤ ਵੀ ਨਜ਼ਰ ਆ ਜਾਂਦੀ ਸੀ। ਕਸਬਿਆਂ ਵਿਚ ਓਹੋ-ਜਿਹੀ ਕੋਈ ਸਮਾਨਤਾ ਦਿਖਾਈ ਨਹੀਂ ਸੀ ਦਿੱਤੀ, ਜਿਸ ਤੋਂ ਲੱਗੇ ਕਿ 'ਗਰੀਨ ਰੈਵੋਲਿਊਸ਼ਨ' ਆ ਗਿਆ ਹੈ। ਮੰਦਹਾਲੀ ਤੇ ਪੁਰਾਣਾਪਣ ਕਸਬਿਆਂ ਉੱਤੇ ਛਾਇਆ ਹੋਇਆ ਸੀ। ਹਾਂ ਵਿਚ-ਵਿਚ ਕਿਸੇ ਮਸਜਿਦ, ਦਰਗਾਹ ਵਗ਼ੈਰਾ ਦੀਆਂ ਲਿਸ਼ਕਦੀਆਂ ਇਮਾਰਤਾਂ ਤੇ ਮਿਨਾਰ ਇਹ ਜ਼ਰੂਰ ਦੱਸਦੇ ਸਨ ਕਿ ਲੋਕਾਂ ਦੀ ਧਰਮ ਵਿਚ ਬੜੀ ਆਸਥਾ ਤੇ ਸ਼ਰਧਾ ਹੈ। ਤੇ ਇਹ ਵੀ ਕਿ ਧਾਰਮਕ ਸੰਸਥਾਵਾਂ ਤੇ ਉਹਨਾਂ ਨਾਲ ਜੁੜੇ ਲੋਕਾਂ ਕੋਲ ਚੋਖਾ ਪੈਸਾ ਹੈ।
ਕਸਬੇ ਲੰਘੇ ਤਾਂ ਕੁਝ ਰੇਤਲੇ ਮੈਦਾਨ ਦਿਖਾਈ ਦੇਂਦੇ ਰਹੇ, ਜਿਹਨਾਂ ਵਿਚ ਝਾੜੀਆਂ ਜਾਂ ਕਿੱਕਰਾਂ ਦੇ ਦਰਖ਼ਤਾਂ ਦੇ ਇਲਾਵਾ ਕੁਝ ਨਹੀਂ ਸੀ। ਬੜੀ ਦੂਰ ਕੁਝ ਪਿੰਡ ਜਿਹੇ ਨਜ਼ਰ ਆਉਂਦੇ ਸਨ। ਫੂਸ ਦੇ ਛੱਪਰ ਤੇ ਕੱਚੀਆਂ ਇੱਟਾਂ ਦੀਆਂ ਕੰਧਾਂ। ਮਕਾਨ ਕੱਚੇ ਸਨ, ਜਿਹਨਾਂ ਦੇ ਅੱਗੇ ਛਪਰ ਪਾਏ ਹੋਏ ਸਨ। ਰੇਤਲਾ ਇਲਾਕਾ ਕੋਈ ਦੁਪਹਿਰ ਤਕ ਚਲਦਾ ਰਿਹਾ। ਬੱਸ ਇਸ ਦੌਰਾਨ ਕੁਝ ਕਸਬਿਆਂ ਦੇ ਬਾਜ਼ਾਰਾਂ ਵਿਚ ਰੁਕੀ, ਜਿੱਥੇ ਖਾਣਾ ਵਗ਼ੈਰਾ ਖਾਧਾ ਗਿਆ। ਬੜਾ ਬੇਤਰਤੀਬ ਤੇ ਉੱਖੜਿਆ-ਪੁਖੜਿਆ ਜਿਹਾ ਮਾਹੌਲ ਸੀ।
ਇਕ ਗੱਲ ਖਾਸ ਤੌਰ 'ਤੇ ਨੋਟ ਕਰਨ ਵਾਲੀ ਲੱਗੀ ਕਿ ਕਸਬਿਆਂ ਵਿਚ ਔਰਤਾਂ ਬੜੀਆਂ ਘੱਟ ਦਿਖਾਈ ਦਿੱਤੀਆਂ। ਕਿਸੇ ਆਟੋ ਰਿਕਸ਼ਾ 'ਤੇ ਬੈਠੀ, ਆਉਂਦੀ-ਜਾਂਦੀ ਤਾਂ ਦਿਖਾਈ ਦੇ ਜਾਂਦੀ ਸੀ। ਪਰ ਬਾਜ਼ਾਰ ਵਿਚ ਸਾਮਾਨ ਖ਼ਰੀਦਦੀ ਜਾਂ ਟਹਿਲਦੀ ਘੁੰਮਦੀ ਤਾਂ ਬਿਲਕੁਲ ਨਹੀਂ ਦਿਖਾਈ ਦਿੱਤੀ ਸੀ। ਇਸ ਇਲਾਕੇ ਵਿਚ ਸ਼ਾਇਦ ਬੁਰਕੇ ਦਾ ਵੀ ਰਿਵਾਜ਼ ਨਹੀਂ ਹੈ ਕਿਉਂਕਿ ਵਧੇਰੇ ਔਰਤਾਂ ਚਾਦਰਾਂ ਲਈ ਦਿਖਾਈ ਦਿੱਤੀਆ। ਉਹਨਾਂ ਦੇ ਮੂੰਹ ਨੰਗੇ ਸਨ।
ਸੜਕ 'ਤੇ ਹੈਦਰਾਬਾਦ ਦੇ ਬੋਰਡ ਨਜ਼ਰ ਆਉਣ ਲੱਗੇ। ਵੰਡ ਤੋਂ ਪਹਿਲਾਂ ਇਸ ਨੂੰ ਹੈਦਰਾਬਾਦ ਸਿੰਧ ਕਿਹਾ ਜਾਂਦਾ ਸੀ ਕਿਉਂਕਿ ਦੱਖਣ ਵਿਚ ਨਿਜਾਮ ਦਾ ਹੈਦਰਾਬਾਦ ਵੀ ਸੀ। ਹੁਣ ਪਾਕਿਸਤਾਨੀ ਹੈਦਰਾਬਾਦ ਨੂੰ ਸਿਰਫ਼ ਹੈਦਰਾਬਾਦ ਕਿਹਾ ਜਾਂਦਾ ਹੈ। ਹੈਦਰਾਬਾਦ ਸ਼ਹਿਰ ਦੇ ਅੰਦਰ ਤਾਂ ਬੱਸ ਨਹੀਂ ਗਈ, ਪਰ 'ਆਊਟ ਸਰਕਟ' ਤੋਂ ਲੰਘੀ ਜਿੱਥੇ ਅਜੀਬ ਤਰ੍ਹਾਂ ਦੀ ਸਿੱਲ੍ਹ, ਵੱਡੀਆਂ, ਬੇਢੰਗੀਆਂ ਇਮਾਰਤਾਂ ਜਿਵੇਂ ਆਮ ਤੌਰ 'ਤੇ ਆਪਣੇ ਇੱਥੇ ਵੀ ਹੁੰਦੀਆਂ ਨੇ, ਨਜ਼ਰ ਆਈਆਂ। ਕੁਝ ਮਿੰਟਾਂ ਬਾਅਦ ਹੀ ਬੱਸ ਨੇ ਸਿੰਧ ਨਦੀ ਨੂੰ ਪਾਰ ਕਰਨਾ ਸ਼ੁਰੂ ਕੀਤਾ। ਨਦੀ ਵਿਚ ਹਾਲਾਂਕਿ ਪਾਣੀ ਬੜਾ ਘੱਟ ਸੀ, ਪਰ ਉਸਦਾ ਪਾਟ ਕਾਫੀ ਚੌੜਾ ਸੀ। ਲੱਗਦਾ ਸੀ ਜਦੋਂ ਪੂਰਾ ਪਾਣੀ ਹੁੰਦਾ ਹੋਵੇਗਾ ਤਾਂ ਇਹ ਵਿਸ਼ਾਲ ਨਦੀ ਆਪਣੇ ਪੂਰੇ ਇਤਿਹਾਸ ਨੂੰ ਸਮੇਟੀ, ਪੂਰੇ ਮਾਣ ਨਾਲ ਵਹਿੰਦੀ ਹੋਵੇਗੀ।
ਇਹ ਕਾਫੀ ਰੌਚਕ ਸੀ ਕਿ ਮੈਂ ਇਸ ਤੋਂ ਪਹਿਲਾਂ ਸਿੰਧ ਨਦੀ ਲੱਦਾਖ ਵਿਚ ਦੇਖੀ ਸੀ, ਲੇਹ ਤੋਂ ਕੁਝ ਕਿਲੋਮੀਟਰ ਦੂਰ। ਸਿੰਧ ਨਦੀ ਪਹਾੜੀ ਤੋਂ ਉਤਰ ਕੇ ਹੇਠਾਂ ਆਉਂਦੀ ਹੈ ਤੇ ਫੇਰ ਪਾਕਿਸਤਾਨ ਦੀ ਹੱਦ ਵਿਚ ਚਲੀ ਜਾਂਦੀ ਹੈ। ਭਾਰਤ ਸਰਕਾਰ ਨੇ ਸਿੰਧ ਨੂੰ ਮਹੱਤਵ ਦੇਂਦਿਆਂ ਹੋਇਆਂ ਇੱਥੇ 'ਸਿੰਧ ਦਰਸ਼ਨ' ਸਮਾਰਕ ਬਣਾਇਆ ਹੋਇਆ ਹੈ, ਜਿੱਥੇ ਹੋਰ ਕਾਰਜ ਕਰਮਾਂ ਦੇ ਇਲਾਵਾ ਇਕ ਸਾਲਾਨਾ ਮੇਲਾ ਵੀ ਲੱਗਦਾ ਹੈ। ਲੇਹ ਤੋਂ ਹੈਦਰਾਬਾਦ ਸਿੰਧ ਕਿੰਨੀ ਦੂਰ ਹੋਵੇਗਾ? ਘੱਟੋਘੱਟ ਤਿੰਨ ਹਜ਼ਾਰ ਕਿਲੋਮੀਟਰ ਦਾ ਫ਼ਾਸਲਾ ਤਾਂ ਹੋਵੇਗਾ ਹੀ। ਮਨ ਵਿਚ ਖ਼ਿਆਲ ਆਇਆ, ਇੱਥੋਂ ਸਿੰਧ ਨੂੰ ਦੇਖਣਾ ਜ਼ਰੂਰੀ ਹੈ ਕਿਉਂਕਿ ਲੇਹ ਵਾਲੀ ਸਿੰਧ ਇੱਥੇ ਪਹੁੰਚ ਕੇ ਅਸਲ ਸਿੰਧ ਅਖਵਾਈ ਹੈ। ਸਿੰਧ ਦੇ ਜਿੰਨੇ ਚਿੱਤਰ ਲੈ ਸਕਦਾ ਸਾਂ ਲਏ ਤੇ ਬੱਸ ਅੱਗੇ ਵਧ ਗਈ।
ਸ਼ਾਮ ਹੁੰਦਿਆਂ ਹੁੰਦਿਆਂ ਸਿੰਧ ਦਾ ਉਹ ਇਲਾਕਾ ਸ਼ੁਰੂ ਹੋਇਆ, ਜਿਹੜਾ ਵਧੇਰੇ ਹਰਾ-ਭਰਿਆ ਹੈ। ਦੋਵੇਂ ਪਾਸੇ ਹਰੇ-ਭਰੇ ਖੇਤ, ਖਜੂਰਾਂ ਦੇ ਦਰਖ਼ਤਾਂ ਦੀਆਂ ਦੂਰ ਤਕ ਜਾਂਦੀਆਂ ਲੰਮੀਆਂ ਕਤਾਰਾਂ ਜਾਂ ਬਾਗ਼ ਦਿਖਾਈ ਦੇਣ ਲੱਗੇ। ਸੂਰਜ ਡੁੱਬ ਰਿਹਾ ਸੀ। ਮੈਂ ਜਿਸ ਪਾਸੇ ਦੀ ਖਿੜਕੀ ਕੋਲ ਬੈਠਾ ਸਾਂ, ਸੂਰਜ ਉਧਰ ਹੀ ਡੁੱਬ ਰਿਹਾ ਸੀ। ਕੁਝ ਬਹੁਤ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲੇ। ਡੁੱਬਦੇ ਸੂਰਜ ਦੀ ਸੁਨਹਿਰੀ ਰੋਸ਼ਨੀ ਵਿਚ ਹਰੇ ਖੇਤ ਚਮਕਣ ਲੱਗੇ ਸਨ। ਖਜੂਰਾਂ ਦੇ ਦਰਖ਼ਤਾਂ ਦੀਆਂ ਉਪਰਲੀਆਂ ਟਾਹਣੀਆਂ ਪਿੱਛੇ ਲਾਲ ਆਸਮਾਨ ਦਿਖਾਈ ਦੇਣ ਲੱਗਾ ਸੀ। ਵੱਡੇ-ਵੱਡੇ ਤਲਾਵਾਂ ਦੇ ਪਾਣੀ ਵਿਚ ਲਾਲੀ ਘੁਲ਼ ਗਈ ਜਾਪਦੀ ਸੀ।
ਅੱਧੀ ਰਾਤ ਦੇ ਲਗਭਗ ਬੱਸ ਬਹਾਵਲਪੁਰ ਦੇ ਡੇਬੂ ਬੱਸ ਅੱਡੇ ਉੱਤੇ ਰੁਕੀ। ਬਹਾਵਲਪੁਰ ਦਾ ਨਾਂ ਪੜ੍ਹ ਕੇ ਫੇਰ ਦਿੱਲੀ ਦੇ ਬਹਾਵਲਪੁਰ ਹਾਊਸ ਦੀ ਯਾਦ ਆ ਗਈ। ਮੁਲਤਾਨ ਵਿਚ ਮੀਆਂ ਆਸਿਫ ਤੇ ਰਸ਼ੀਦ ਨੇ ਦੱਸਿਆ ਸੀ ਕਿ ਬਹਾਵਲਪੁਰ ਵਿਚ ਕੁਝ ਬੜੀਆਂ ਖ਼ੂਬਸੂਰਤ ਤੇ ਪੂਰਾਣੀਆਂ ਇਮਾਰਤਾਂ ਨੇ। ਪਰ ਬਹਾਵਲਪੁਰ ਪਹੁੰਚ ਕੇ ਵੀ ਮੈਂ ਉਹਨਾਂ ਨੂੰ ਨਹੀਂ ਸਾਂ ਦੇਖ ਸਕਿਆ। ਕਿਉਂਕਿ ਉੱਥੋਂ ਦਾ ਵੀਜ਼ਾ ਨਹੀਂ ਸੀ। ਸਟੇਸ਼ਨ ਦੇ ਉਪਰ ਬਹਾਵਲਪੁਰ ਸ਼ਟੇਸ਼ਨ ਦਾ ਵੱਡਾ ਸਾਰਾ ਬੋਰਡ ਲੱਗਿਆ ਸੀ, ਉਸਦੀ ਤਸਵੀਰ ਲੈ ਲਈ ਤੇ ਬੱਸ ਵਿਚ ਬੈਠ ਗਿਆ।

ਫੇਰ ਲਾਹੌਰ ਵਿਚ

ਲਾਹੌਰ ਦੇ ਡੇਬੂ ਬੱਸ ਸਟਾਪ ਉੱਤੇ ਆਟੋ ਰਿਕਸ਼ਾ ਵਾਲਿਆਂ ਨਾਲ ਕਹਾ-ਸੁਣੀ ਹੋ ਗਈ। ਮੈਂ ਜਿੱਥੇ ਜਾਣਾ ਚਾਹੁੰਦਾ ਸੀ, ਉਹ ਜਗ੍ਹਾ ਮਤਲਬ ਗੁਲਬਰਗ 'ਡੇਬੂ ਸਟੇਸ਼ਨ' ਤੋਂ ਮੁਸ਼ਕਲ ਨਾਲ ਇਕ ਕਿਲੋਮੀਟਰ ਸੀ ਤੇ ਆਟੋ ਵਾਲੇ ਸੌ ਰੁਪਏ ਮੰਗ ਰਹੇ ਸਨ। ਇਹਨਾਂ ਵਿਚੋਂ ਬਹੁਤਿਆਂ ਦੇ ਲੰਮੀਆਂ ਦਾੜ੍ਹੀ ਸਨ ਤੇ ਨਮਾਜ ਪੜ੍ਹਨ ਕਰਕੇ ਮੱਥੇ ਉੱਤੇ ਅੱਟਣ ਦੇ ਨਿਸ਼ਾਨ ਸਨ। ਏਨਾਂ ਤਾਂ ਸਾਰੇ ਜਾਣਦੇ ਹੀ ਨੇ ਕਿ ਹੁਣ ਜਾਂ ਪਤਾ ਨਹੀਂ ਕਦੋਂ ਤੋਂ, ਇਮਾਨਦਾਰੀ ਤੇ ਧਰਮ ਦਾ ਕੋਈ ਰਿਸ਼ਤਾ ਨਹੀਂ ਹੈ, ਬਲਕਿ ਦੋਵੇਂ ਇਕ ਦੂਜੇ ਦੇ ਵਿਰੋਧੀ ਨੇ। ਮੈਂ ਚਾਹੁੰਦਾ ਤਾਂ ਸਾਂ ਕਿ ਧਾਰਮਕ ਲੱਗਣ ਵਾਲੇ ਆਟੋ ਰਿਕਸ਼ਾ ਚਲਾਕਾਂ ਨੂੰ ਧਰਮ ਤੇ ਨੈਤਿਕਤਾ 'ਤੇ ਇਕ ਛੋਟਾ ਜਿਹਾ ਲੈਕਚਰ ਦੇ ਦੇਵਾਂ ਪਰ ਪ੍ਰਦੇਸ਼ ਤੇ ਫੇਰ ਧਰਮ ਦਾ ਮਾਮਲਾ, ਇਸ ਲਈ ਖ਼ੂਨ ਦੇ ਘੁੱਟ ਪੀ ਕੇ ਰਹਿ ਗਿਆ ਤੇ ਬਾਕੀ ਖ਼ੂਨ ਬਚਾਅ ਕੇ ਆਪਣੇ ਸੂਟਕੇਸ ਨੂੰ ਪਹੀਆਂ ਉੱਤੇ ਘਸੀਟਦਾ ਹੋਇਆ ਪੈਦਲ ਤੁਰ ਪਿਆ। ਇਹ ਦੇਖ ਕੇ ਇਕ ਆਟੋ ਵਾਲੇ ਨੂੰ ਤਰਸ ਆ ਗਿਆ। ਲੱਗਦਾ ਸੀ ਕਿ ਸੱਚਾ ਧਾਰਮਕ ਹੈ। ਚਲੋ ਮੈਂ ਅੱਸੀ ਰੁਪਏ ਲੈ ਲਵਾਂਗਾ। ਵੀਹ ਰੁਪਏ ਦੀ ਬਚਤ ਮੇਰੇ ਲਈ ਬੜੀ ਵੱਡੀ ਗੱਲ ਨਹੀਂ ਸੀ, ਪਰ ਤਮਾਸ਼ਾ ਬਣਨ ਤੋਂ ਬਿਹਤਰ ਸੀ। ਮੈਂ ਕਿੱਥੋਂ ਤਕ ਖੱਲ ਬਚਾਅ ਸਕਦਾ ਸਾਂ, ਆਉਂਦੇ ਜਾਂਦੇ ਲੋਕ ਮੈਨੂੰ ਦੇਖ ਰਹੇ ਸਨ।
ਆਟੋ ਵਾਲੇ ਨੇ ਏ.ਐਸ.ਆਰ. ਰਿਸੋਰਸ ਸੈਂਟਰ ਸਾਹਵੇਂ ਲਾਹ ਦਿੱਤਾ। 'ਫ਼ੈਜ਼' ਜਨਮ-ਸ਼ਤੀ ਸਮਾਰੋਹ ਲਈ ਆਇਆ ਪੂਰਾ ਡੈਲੀਗੇਸ਼ਨ ਵੀ ਪੰਜ ਦਿਨ ਇੱਥੇ ਹੀ ਠਹਿਰਿਆ ਸੀ। ਇਹ ਇਕ ਸਵੈ-ਸੇਵੀ ਸੰਸਥਾ ਹੈ ਜਿਹੜੀ ਵਿਆਪਕ ਸਤਰ 'ਤੇ ਕਈ ਸਮਾਜਕ ਮੁੱਦਿਆਂ 'ਤੇ ਕੰਮ ਕਰਦੀ ਹੈ। ਸੰਸਥਾ ਦਾ ਆਪਣਾ ਗੈਸਟ ਹਾਊਸ, ਦਫ਼ਤਰ, ਲਾਇਬਰੇਰੀ ਵਗ਼ੈਰਾ ਹੈ। ਡੈਲੀਗੇਸ਼ਨ ਦੇ ਚਲੇ ਜਾਣ ਪਿੱਛੋਂ ਸੰਸਥਾ ਦੀ ਪ੍ਰਮੁੱਖ ਸੁਸ਼੍ਰੀ ਨਿਗਹਤ ਸਈਦ ਖਾਂ ਨੇ ਮੈਨੂੰ ਮਿਹਰਬਾਨੀ ਕਰਕੇ ਗੈਸਟ ਹਾਊਸ ਵਿਚ ਰਹਿਣ ਦੀ ਸਹੂਲਤ ਦੇ ਦਿੱਤੀ ਸੀ, ਜਿਸ ਨਾਲ ਮੈਨੂੰ ਬੜੀ ਸੌਖ ਰਹੀ ਸੀ। ਇਹ ਇਕ ਵੱਡੀ ਬਦਕਿਸਮਤੀ ਰਹੀ ਕਿ ਨਿਗਹਤ ਸਈਦ ਖਾਂ ਨਾਲ ਮੁਲਾਕਾਤ ਨਾ ਹੋ ਸਕੀ ਕਿਉਂਕਿ ਜਦੋਂ ਮੈਂ ਲਾਹੌਰ ਵਿਚ ਸਾਂ, ਉਦੋਂ ਉਹ ਵਿਦੇਸ਼ ਵਿਚ ਸਨ। ਖ਼ੈਰ, ਸੰਸਦਾ ਦੇ ਦੂਜੇ ਅਹੁਦਾਰਾਂ ਨੇ ਮੇਰੀ ਬੜੀ ਮਦਦ ਕੀਤੀ ਤੇ ਪੂਰਾ ਧਿਆਨ ਰੱਖਿਆ।
ਏ.ਐਸ.ਆਰ. ਗੈਸਟ ਹਾਊਸ ਦੇ ਜਿਹਨਾਂ ਲੋਕਾਂ ਨਾਲ ਮੇਰਾ ਲਗਾਤਾਰ ਵਾਸਤਾ ਪੈਂਦਾ ਸੀ, ਉਹਨਾਂ ਵਿਚ ਕੇਅਰਟੇਕਰ ਅਬਦੁਨ ਰੱਜ਼ਾਕ ਤੇ ਸਫ਼ਾਈ ਕਰਨ ਵਾਲੀ ਇਕ ਔਰਤ, ਜਿਸਦਾ ਨਾਂ ਭੁੱਲ ਗਿਆ ਹਾਂ, ਪ੍ਰਮੁੱਖ ਸਨ। ਸਫ਼ਾਈ ਕਰਨ ਵਾਲੀ ਔਰਤ, ਸਫ਼ਾਈ ਵਗ਼ੈਰਾ ਕਰਕੇ ਡਾਇਨਿੰਗ ਹਾਲ ਵਿਚ ਕਿਸੇ ਮੇਜ਼ ਉੱਤੇ ਚਾਹ ਲੈ ਕੇ ਬੈਠ ਜਾਂਦੀ ਸੀ। ਕਦੀ ਕਦੀ ਮੈਂ ਉਸ ਨਾਲ ਕੁਝ ਗੱਲਾਂਬਾਤਾਂ ਵੀ ਕਰ ਲੈਂਦਾ ਸਾਂ ਤੇ ਸੋਚਦਾ ਸਾਂ, ਜੇ ਉਹ ਦਿੱਲੀ ਵਿਚ ਹੁੰਦੀ ਤਾਂ ਸ਼ਾਇਦ ਡਾਇਨਿੰਗ ਹਾਲ ਵਿਚ ਇਸ ਤਰ੍ਹਾਂ ਚਾਹ ਨਹੀਂ ਸੀ ਪੀ ਸਕਦੀ ਜਿਵੇਂ ਇੱਥੇ ਪੀਦੀਂ ਹੈ। ਕੇਅਰ ਟੇਕਰ ਅਬਦੁਨ ਰੱਜ਼ਾਕ ਨਾਲ ਵੀ ਚੰਗੀ ਦੋਸਤੀ ਹੋ ਗਈ ਸੀ। ਉਹਨਾਂ ਮੈਨੂੰ ਦੱਸ ਦਿੱਤਾ ਸੀ ਕਿ ਜੇ ਮੈਂ ਰਾਤ ਨੂੰ ਦੇਰ ਨਾਲ ਵਾਪਸ ਆਵਾਂ ਤਾਂ ਗੇਟ ਦੀ ਚਾਬੀ ਕਿਸ ਦਰਖ਼ਤ ਹੇਠ, ਕਿਸ ਇੱਟ ਹੇਠ, ਰੱਖੀ ਹੋਵੇਗੀ ਤਾਂਕਿ ਮੈਂ ਆਸਾਨੀ ਨਾਲ ਫਾਟਕ ਖੋਹਲ ਸਕਾਂ ਤੇ ਮੈਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਕ ਦਿਨ ਮੈਂ ਤੇ ਅਬਦੁਨ ਰੱਜ਼ਾਕ ਨਾਲ ਵਾਲੇ ਬਾਜ਼ਾਰ ਵਿਚ ਖਾਣਾ ਖਾਣ ਵੀ ਗਏ ਸੀ।
ਲਾਹੌਰ ਮਿਹਰਬਾਨ ਲੋਕਾਂ ਦਾ ਸ਼ਹਿਰ ਹੈ, ਇਸਦਾ ਇਹ ਮਤਲਬ ਨਹੀਂ ਕਿ ਕਰਾਚੀ ਜਾਂ ਮੁਲਤਾਨ ਬੇਮਿਹਰਬਾਨ ਲੋਕਾਂ ਦੇ ਸ਼ਹਿਰ ਨੇ। ਮੈਨੂੰ ਹਰ ਜਗ੍ਹਾ ਆਮ ਤੌਰ 'ਤੇ ਭਲੇ ਲੋਕ ਹੀ ਮਿਲੇ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਚੰਗੇ ਲੋਕਾਂ ਦੀ ਹੀ ਭਾਲ ਕੀਤੀ। ਚਲੋ ਖ਼ੈਰ, ਬਕੌਲ ਸ਼ਾਇਰ, “ਹਜ਼ਰਹਾ ਸ਼ਜਰੇ ਸਾਯਾਦਾਰ ਰਾਹ ਮੇਂ ਹੈਂ।” ਹਜ਼ਾਰਾਂ ਛਾਂਦਾਰ ਰੁੱਖ ਰਸਤੇ ਵਿਚ ਹੈਨ।
ਲਾਹੌਰ ਦੇ ਜਾਣੇ-ਮਾਣੇ ਕਵੀ ਇਫ਼ਤਿਖਾਰ ਜਾਫ਼ਰੀ ਵੈਸੇ ਤਾਂ ਪੁਲਿਸ ਵਿਚ ਨੇ, ਪਰ ਬੁਨਿਆਦੀ ਤੌਰ 'ਤੇ ਉਹ ਸ਼ਾਇਰ ਨੇ। ਹਿੰਦੀ ਸਾਹਿਤ ਵਿਚ ਅਜਿਹੇ ਪੁਲਿਸ ਅਧਿਕਾਰੀ ਖਾਸੀ ਤਾਦਾਦ ਵਿਚ ਨੇ ਜਿਹੜੇ ਸਾਹਿਤਕਾਰ ਨੇ। ਇਹਨਾਂ ਸਾਰਿਆਂ ਵਿਚੋਂ ਇਕ ਵਿਭੂਤਿ ਨਾਰਾਇਣ ਰਾਏ ਨੇ। ਇਫ਼ਤਿਖਾਰ ਜਾਫ਼ਰੀ ਨਾਲ ਲਾਹੌਰ ਵਿਚ ਮੈਨੂੰ ਦਿੱਲੀ ਦੇ ਉਰਦੂ ਸ਼ਾਇਰ ਓਬੈਦ ਸਿੱਦੀਕੀ ਨੇ ਮਿਲਵਾਇਆ ਸੀ। ਜਿਸ ਦਾਵਤੇ-ਸ਼ੀਰਾਜ਼ (ਨਿੱਘੀ-ਮਿਲਣੀ) ਵਿਚ ਮੈਨੂੰ ਉਹਨਾਂ ਨਾਲ ਮਿਲਣ ਦਾ ਸ਼ਰਫ਼ (ਮਾਣ) ਹਾਸਲ ਹੋਇਆ ਉਸ ਵਿਚ ਬੀ.ਬੀ.ਸੀ. ਦੇ ਦੋ ਪੱਤਰਕਾਰ ਸ਼ਾਹਿਦ ਮਲਿਕ ਤੇ ਆਰਿਫ਼ ਵਿਕਾਰ ਦੇ ਇਲਾਵਾ ਉਰਦੂ ਦੇ ਮਸ਼ਹੂਰ ਕਵੀ ਜਫ਼ਰ ਇਕਬਾਲ ਵੀ ਸਨ। ਇਹਨਾਂ ਸ਼ਾਇਰਾਂ ਤੋਂ ਕੁਝ ਸੁਣਨ ਦਾ ਮੌਕਾ ਵੀ ਮਿਲਿਆ। ਇਫ਼ਤਿਖਾਰ ਜਾਫ਼ਰੀ ਨੂੰ ਇਕ ਵਾਰੀ ਗੱਲਾਂ-ਗੱਲਾਂ ਵਿਚ ਹੀ ਮੈਂ ਕਹਿ ਦਿੱਤਾ ਸੀ ਕਿ ਭਰਾ ਤੁਹਾਡਾ ਕਲਾਮ ਪੜ੍ਹ ਕੇ ਮੈਨੂੰ ਲੱਗਿਆ ਕਿ ਕਾਸ਼ ਤੁਹਾਡਾ ਹਿੰਦੁਸਤਾਨ ਨਾਲ ਰਿਸ਼ਤਾ ਹੋਰ ਪੀਢਾ ਹੁੰਦਾ। ਕਿਉਂਕਿ ਮਹਿਫਲਾਂ ਬੇਬਾਕ ਤੇ ਬੇਖ਼ਤਰ ਸਨ ਇਸ ਲਈ ਅਸੀਂ ਖੁੱਲ੍ਹ ਕੇ ਗੱਲਾਂ ਕਰ ਰਹੇ ਸਾਂ।
ਇਹ ਮੇਰੀ ਗ਼ਲਤੀ ਹੋ ਸਕਦੀ ਹੈ। ਮੈਂ ਮੰਨਦਾ ਹਾਂ ਕਿ ਮੈਂ ਜੋ ਕਹਿਣ ਲੱਗਿਆ ਹਾਂ ਉਹ ਕੁਝ ਲੋਕ ਪਹਿਲਾਂ ਵੀ ਕਹਿ ਚੁੱਕੇ ਨੇ। ਪਰ ਕਿਉਂਕਿ ਮਹਿਸੂਸ ਕੀਤਾ ਇਸ ਲਈ ਕਹਿ ਰਿਹਾ ਹਾਂ। ਲਾਹੌਰ ਦੇ ਉਰਦੂ ਸ਼ਾਇਰ ਦਿਨ-ਰਾਤ ਪੰਜਾਬੀ ਬੋਲਦੇ ਨੇ ਤੇ ਸ਼ਾਇਰੀ ਉਰਦੂ ਵਿਚ ਕਰਦੇ ਨੇ। ਮੈਂ ਸੋਚਿਆ 'ਬਈ, ਇਹ ਬਾਈ-ਜੀ, ਸ਼ਾਇਰੀ ਵੀ ਪੰਜਾਬੀ ਵਿਚ ਕਿਉਂ ਨਹੀਂ ਕਰਦੇ?'
ਮੈਂ ਕਿਸੇ ਨੂੰ ਇਹ ਸਵਾਲ ਪੁੱਛਿਆ ਤਾਂ ਉਸਨੇ ਮੈਨੂੰ ਉਲਟਾ ਸਵਾਲ ਕੀਤਾ ਸੀ ਕਿ ਤੁਸੀਂ ਇਹ ਗੱਲ ਅੱਲਾਮਾ 'ਇਕਾਬਾਲ' ਬਾਰੇ ਤਾਂ ਕਹਿੰਦੇ ਨਹੀਂ ਤੇ ਫ਼ੇਜ਼ ਅਹਿਮਦ ਫ਼ੈਜ਼ ਨੂੰ ਕਿਉਂ ਨਹੀਂ ਪੁੱਛਦੇ? ਅੱਲਾਮਾ ਇਕਬਾਲ ਬਾਰੇ ਤਾਂ ਕਹਿੰਦੇ ਨੇ ਕਿ ਉਹ ਖਾਟੀ ਪੰਜਾਬੀ ਸਨ। ਮੰਜ਼ੇ 'ਤੇ ਬੈਠੇ ਹੁੱਕਾ ਪੀਂਦੇ ਰਹਿੰਦੇ ਸਨ ਤੇ ਪੰਜਾਬੀ ਦੇ ਸ਼ਬਦਾਂ ਦੇ ਇਲਾਵਾ ਹੋਰ ਕੁਝ ਮੂੰਹੋਂ ਨਹੀਂ ਸੀ ਕੱਢਦੇ ਹੁੰਦੇ। ਪਰ ਸ਼ਾਇਰੀ ਕਰਦੇ ਸਨ ਫ਼ਾਰਸੀ ਤੇ ਉਰਦੂ ਵਿਚ।
ਤੱਥਾਂ ਦੀ ਭਾਲ ਵਿਚ ਅਤੀਤ ਦੀ ਡੂੰਘੀ ਤੇ ਹਨੇਰੀ ਸੁਰੰਗ ਵਿਚੋਂ ਲੰਘਣਾ ਪੈਂਦਾ ਹੈ। ਪੰਜਾਬ, ਅਫਗਾਨਿਸਤਾਨ ਤੇ ਈਰਾਨ ਦੀਆਂ ਹੱਦਾਂ ਨਾਲ ਲੱਗਦਾ ਇਕ ਅਜਿਹਾ ਇਲਾਕਾ ਹੈ ਜਿਸ ਵਿਚ ਹਮੇਸ਼ਾ ਹਲਚਲ ਰਹੀ ਹੈ। ਹਮਾਲਾਵਰ, ਵਪਾਰੀ, ਵਿਦਵਾਨ, ਸੂਫੀ, ਦਸਤਕਾਰ, ਕਲਾਕਾਰ ਤੇ ਸ਼ਾਇਰ ਸਭੇ ਇਸ ਰਸਤਿਓਂ ਭਾਰਤ ਆਉਂਦੇ ਰਹੇ ਨੇ। ਰਸਤੇ ਦਾ ਉਹ ਮਤਲਬ ਨਹੀਂ ਹੈ ਜਿਹੜਾ ਅੱਜ ਕਲ੍ਹ ਹੇ। ਮੱਧਕਾਲ ਜਾਂ ਉਸ ਤੋਂ ਪਹਿਲਾਂ ਰਸਤੇ ਦਾ ਮਤਲਬ 'ਅੱਧਾ ਘਰ' ਹੁੰਦਾ ਸੀ। ਇੱਸਹਾਨ ਤੋਂ ਦਿੱਲੀ ਤਕ ਦਾ ਸਫ਼ਰ ਦੋ ਸਾਲ ਤੋਂ ਤਿੰਨ ਸਾਲ ਦਾ ਸਫ਼ਰ ਹੁੰਦਾ ਹੁੰਦਾ ਸੀ। ਸੈਨਾਵਾਂ ਨੂੰ ਆਉਣ ਵਿਚ ਵੱਧ ਸਮਾਂ ਲੱਗਦਾ ਸੀ, ਤੇ ਵਪਾਰੀ ਤੇ ਸਾਧਾਰਨ ਲੋਕ ਜਲਦੀ ਆ ਜਾਂਦੇ ਸਨ...ਪਰ ਕਿਸੇ ਇਕ ਪੜਾਅ ਉੱਤੇ ਮਹੀਨਿਆਂ ਬੱਧੀ ਰਹਿਣਾ ਜ਼ਰੂਰੀ ਹੁੰਦਾ ਸੀ। ਕੁਝ ਯਾਤਰੀ ਜਾਂ ਵਪਾਰੀ ਥੱਕ ਕੇ ਕਿਸੇ ਪੜਾਅ 'ਤੇ ਇੰਜ ਟਿਕ ਜਾਂਦੇ ਸਨ ਕਿ ਉੱਥੋਂ ਦੇ ਹੋ ਕੇ ਹੀ ਰਹਿ ਜਾਂਦੇ ਸਨ। ਕੁਝ ਵਪਾਰੀ ਆਪਣੇ ਖੇਤਰੀ ਠਿਕਾਣਿਆਂ ਉੱਤੇ ਵਰ੍ਹਿਆਂ ਬੱਧੀ ਟਿਕੇ ਰਹਿੰਦੇ ਸਨ। ਕਈ ਸੌ ਸਾਲ ਤਕ ਪੰਜਾਬ ਦੀ ਇਹੋ ਸਥਿਤੀ ਰਹੀ, ਜਿਸਦਾ ਅਸਰ ਇਹ ਪਿਆ ਕਿ ਪੰਜਾਬ ਵਿਚ ਹਾਕਮ ਵਰਗ ਤੇ ਮੁੱਖ ਵਪਾਰੀ ਵਰਗ ਦੀ ਭਾਸ਼ਾ ਫ਼ਾਰਸੀ ਬਣੀ ਰਹੀ। ਮੁਗਲਾਂ ਦੇ ਅਧਿਕਾਰ ਵਿਚ ਆ ਜਾਣ ਪਿੱਛੋਂ ਤਾਂ ਫ਼ਾਰਸੀ ਸਦੀਆਂ ਤਕ ਪੰਜਾਬ ਦੀ ਸਰਕਾਰੀ ਭਾਸ਼ਾ ਬਣੀ ਰਹੀ। ਸਥਾਨਕ ਪੰਜਾਬੀ ਭਾਸ਼ਾ ਵਿਚ ਮਹਾਕਾਵਿ ਰਚੇ ਜਾਂਦੇ ਰਹੇ, ਪਰ ਉਹ ਹਕੂਮਤ ਤੇ ਵਣਜ-ਵਪਾਰ ਦੀ ਭਾਸ਼ਾ ਨਹੀਂ ਸੀ ਬਣ ਸਕੀ। ਉਹੀ ਹਾਲ ਰਿਹਾ ਜਿਹੜਾ ਬ੍ਰਜ ਤੇ ਅਵਧੀ ਦਾ ਵੀ।
ਪੰਜਾਬ ਵਿਚ ਪਹਿਲੀ ਵਾਰੀ ਪੰਜਾਬੀ ਭਾਸ਼ੀ ਸਾਮਰਾਜ ਮਹਾਰਾਜਾ ਰਣਜੀਤ ਸਿੰਘ (1783-1839) ਨੇ ਬਣਾਇਆ ਸੀ। ਇਸ ਸਾਮਰਾਜ ਦੀ ਸਰਕਾਰੀ ਭਾਸ਼ਾ ਵੀ ਫ਼ਾਰਸੀ ਸੀ ਕਿਉਂਕਿ ਸਾਮਰਾਜ ਬੜਾ ਵੱਡਾ ਸੀ ਤੇ ਉਸ ਵਿਚ ਧਰਮ, ਜਾਤ, ਰਾਸ਼ਟਰੀਅਤਾ ਦਾ ਭੇਦ-ਭਾਵ ਨਹੀਂ ਸੀ। ਇਸ ਲਈ ਉਸ ਯੁੱਗ ਦੀ ਪ੍ਰਚਲਤ ਹੁਕਮਰਾਨ ਭਾਸ਼ਾ ਫ਼ਾਰਸੀ ਨੂੰ ਹੀ ਸਵੀਕਾਰ ਕਰਨਾ ਇਕ ਤਰ੍ਹਾਂ ਦੀ ਮਜ਼ਬੂਰੀ ਰਹੀ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੀ ਭਾਸ਼ਾ ਨੀਤੀ ਦੀ ਤੁਲਨਾ ਜੇ ਸ਼ਿਵਾਜੀ (1642-1680) ਦੀ ਭਾਸ਼ਾ ਨੀਤੀ ਨਾਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸ਼ਿਵਾਜੀ ਨੇ ਫ਼ਾਰਸੀ ਦੀ ਜਗ੍ਹਾ ਮਰਾਠੀ ਨੂੰ ਅੱਗੇ ਲਿਆਉਣ ਤੇ ਅਖ਼ੀਰ ਰਾਜ ਭਾਸ਼ਾ ਬਣਾਉਣ ਦਾ ਕੰਮ ਕੀਤਾ ਸੀ। ਇਹਨਾਂ ਪ੍ਰਯਤਨਾਂ ਕਰਕੇ ਮਰਾਠੀ ਇਕ ਸੁਤੰਤਰ ਭਾਸ਼ਾ ਦੇ ਰੂਪ ਵਿਚ ਵਟ ਗਈ ਸੀ।
ਪੰਜਾਬ ਵਿਚ ਕਿਉਂਕਿ ਇੰਜ ਨਹੀਂ ਸੀ ਹੋ ਸਕਿਆ ਇਸ ਲਈ 1849 ਵਿਚ ਪੰਜਾਬ ਦੇ ਨਵੇਂ ਵਿਜੇਤਾਵਾਂ ਨੂੰ ਮਤਲਬ ਅੰਗਰੇਜ਼ਾਂ ਨੂੰ ਇਹ ਸਮਝ ਵਿਚ ਹੀ ਨਹੀਂ ਆਇਆ ਕਿ ਪੰਜਾਬੀ ਕੋਈ ਸੁਤੰਤਰ ਭਾਸ਼ਾ ਹੈ। ਇਸਦੇ ਦੋ ਕਾਰਨ ਮੰਨੇ ਜਾਂਦੇ ਨੇ। ਪੰਜਾਬ ਅੰਗਰੇਜ਼ਾਂ ਦੇ ਭਾਰਤੀ ਸਾਮਰਾਜ ਵਿਚ ਜੋੜਿਆ ਜਾਣ ਵਾਲਾ ਆਖ਼ਰੀ ਸੂਬਾ ਸੀ। ਇਸ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਲਗਭਗ ਸੌ ਸਾਲ ਭਾਰਤ ਉੱਤੇ ਰਾਜ ਕਰ ਚੁੱਕੀ ਸੀ ਤੇ ਭਾਰਤ ਸੰਬੰਧੀ ਬੁਨਿਆਦੀ ਨੀਤੀਆਂ, ਜਿਹਨਾਂ ਵਿਚ ਭਾਸ਼ਾ ਨੀਤੀ ਵੀ ਸ਼ਾਮਲ ਸੀ, ਬਣਾ ਚੁੱਕੀ ਸੀ। ਦੂਜਾ ਕਾਰਨ ਸੀ ਕਿ ਪੰਜ ਬੋਲੀਆਂ ਕਾਰਨ ਅੰਗਰੇਜ਼ ਭਾਸ਼ਾ ਵਿਗਿਆਨੀ ਗ੍ਰੀਅਰਸਨ ਨੇ ਆਪਣੇ 1901 ਸਰਵੇਖਣ ਵਿਚ ਪੰਜਾਬੀ ਨੂੰ ਸ਼ੁੱਧ ਭਾਸ਼ਾ ਨਹੀਂ ਮੰਨਿਆਂ ਸੀ। ਅੰਗਰੇਜ਼ ਸਰਕਾਰ ਨੇ ਉਰਦੂ ਨੂੰ ਸੈਨਾ ਦੀ ਭਾਸ਼ਾ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਸੀ—ਕਿਉਂਕਿ ਸੈਨਾ ਦੇ ਵਧੇਰੇ ਸਿਪਾਹੀਆਂ ਦੀ ਭਰਤੀ ਉਰਦੂ/ਹਿੰਦੀ ਖੇਤਰ ਵਿਚੋਂ ਹੁੰਦੀ ਸੀ। ਅੰਗਰੇਜ਼ਾਂ ਦੀ ਸਮਝ ਤੇ ਨੀਤੀਆਂ ਨੇ ਵਿਸ਼ੇਸ਼ ਖੇਤਰ ਤੇ ਜਾਤਾਂ ਨੂੰ ਮਾਰਸ਼ਲ ਰੇਸ ਮੰਨਿਆਂ ਸੀ ਤੇ ਉਹਨਾਂ ਨੂੰ ਸੈਨਾ ਵਿਚ ਭਰਤੀ ਕੀਤਾ ਜਾਂਦਾ ਸੀ। 1857 ਵਿਚ ਦਿੱਲੀ ਦੀਆਂ ਗਲੀਆਂ ਵਿਚ ਹੋਣ ਵਾਲੀ ਖ਼ੂਨੀ ਲੜਾਈ ਵਿਚ ਪੰਜਾਬੀ ਸਿਪਾਹੀਆਂ ਨੂੰ ਅੱਗੇ ਕਰ ਦਿੱਤਾ ਸੀ। ਆਹਮਣੇ-ਸਾਹਮਣੇ ਦੀ ਖ਼ੂੰਖਾਰ ਲੜਾਈ ਵਿਚ ਪੰਜਾਬੀ ਸੈਨਾ ਦਾ ਹੌਸਲਾ ਤੇ ਤਾਕਤ ਦੇਖ ਕੇ ਅੰਗਰੇਜ਼ ਸਾਮਰਾਜ ਨੇ ਪੰਜਾਬ ਤੋਂ ਵੀ ਸੈਨਿਕ ਦੀ ਭਰਤੀ ਸ਼ੁਰੂ ਕਰ ਦਿੱਤੀ ਸੀ ਜਿਹੜੀ ਲਗਾਤਾਰ ਵਧਦੀ ਗਈ ਸੀ। ਇਸਦੇ ਸਬੂਤ ਲਈ ਦਿੱਲੀ ਦੇ ਯੁੱਧ-ਸਮਾਰਕ 'ਇੰਡੀਆ ਗੇਟ' ਉੱਤੇ ਉਕਰੇ ਪਹਿਲੀ ਸੰਸਾਰ ਜੰਗ ਵਿਚ ਮਾਰੇ ਗਏ ਸਿਪਾਹੀਆਂ ਦੇ ਨਾਂ ਦੇਖੇ ਜਾ ਸਕਦੇ ਨੇ। ਤੇ ਦੂਜੀ ਸੰਸਾਰ ਜੰਗ ਦਾ 'ਕੋਹਿਮਾ' ਨਾਗਾਲੈਂਡ ਵਿਚ ਸਥਾਪਤ 'ਵਾਰ ਮੈਮੋਰੀਅਲ' ਵੀ ਇਸਦਾ ਗਵਾਹ ਹੈ।
ਪੰਜਾਬੀ ਸੈਨਕਾਂ ਨੂੰ ਸੈਨਾ ਵਿਚ ਸ਼ਾਮਲ ਕਰਨ ਨਾਲ ਭਾਸ਼ਾ ਦੀ ਔਖਿਆਈ ਆਉਂਦੀ ਸੀ, ਜਿਸ ਨੂੰ ਅੰਗਰੇਜ਼ਾਂ ਨੇ ਇਸ ਤਰ੍ਹਾਂ ਦੂਰ ਕੀਤਾ ਕਿ ਪੰਜਾਬ ਵਿਚ ਭਾਸ਼ਾ ਦੇ ਰੂਪ ਵਿਚ ਪੰਜਾਬੀ ਨੂੰ ਨਹੀਂ, ਬਲਕਿ ਉਰਦੂ ਨੂੰ ਮਾਨਤਾ ਦਿੱਤੀ ਗਈ। ਵੀਹਵੀਂ ਸਦੀ ਦੇ ਸ਼ੁਰੂ ਹੁੰਦੇ ਹੁੰਦੇ ਇਹ ਸਥਿਤੀ ਪੂਰੇ ਪੰਜਾਬ ਵਿਚ ਲਾਗੂ ਹੋ ਗਈ।
ਇਸ ਪਿੜ ਵਿਚ ਖਲੋ ਕੇ ਪੰਜਾਬ ਦੀ ਉਰਦੂ ਸ਼ਾਇਰੀ ਨੂੰ ਸਮਝਣ ਦੀ ਲੋੜ ਹੈ। ਮਹਾਕਾਵਿ ਲਿਖਣ ਦਾ ਯੁੱਗ ਸਮਾਪਤ ਹੋ ਗਿਆ ਸੀ। ਪੰਜਾਬੀ ਮਹਾਕਾਵਿ ਲੋਕ ਸਾਹਿਤ ਭਾਸ਼ਾ ਦੇ ਰੂਪ ਵਿਚ ਸੀਮਿਤ ਹੋ ਚੁੱਕੇ ਸਨ। ਉਰਦੂ ਪੜ੍ਹਾਈ ਜਾਂਦੀ ਸੀ ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਲਈ ਉਰਦੂ ਨੂੰ ਚੁਣਿਆ ਸੀ। ਅਜਿਹੀਆਂ ਪ੍ਰਸਥਿਤੀਆਂ ਵਿਚ ਸਰ ਮੁਹਮੰਦ 'ਇਕਬਾਲ', ਅਫ਼ੀਜ ਜਾਲੰਧਰੀ, ਸਾਹਿਰ ਲੁਧਿਆਣਵੀ, ਫ਼ੈਜ਼ ਅਹਿਮਦ 'ਫ਼ੈਜ਼', ਅਹਿਮਦ ਫਰਾਜ਼, ਨਾਸਿਰ ਕਾਜ਼ਮੀ, ਜ਼ਫ਼ਰ ਇਕਬਾਲ ਵਰਗੇ ਸ਼ਾਇਰਾਂ ਦਾ ਹੋਣਾ ਸੁਭਾਵਿਕ ਹੈ।
ਲਾਹੌਰ ਵਿਚ ਸ਼ਾਇਰਾਂ, ਅਦੀਬਾਂ, ਕਲਾਕਾਰਾਂ, ਅਭਿਨੇਤਾਵਾਂ ਵਿਚਕਾਰ ਇਕ ਨਾਂ ਹੈ, ਜਿਹੜਾ ਬੜਾ 'ਆਪਣਾ' ਜਿਹਾ ਮੰਨਿਆਂ ਜਾਂਦਾ ਹੈ। ਇਹ ਨਾਂ ਹੈ—'ਕਾਸਿਮ ਜਾਫ਼ਰੀ।' ਇਹ ਅਸੰਭਵ ਮੰਨਿਆਂ ਜਾਂਦਾ ਹੈ ਕਿ ਲਾਹੌਰ ਵਿਚ ਕੋਈ ਕਲਾਕਾਰ, ਪੱਤਰਕਾਰ, ਕਵਿ ਆਵੇ ਤੇ ਉਹ ਕਾਸਿਮ ਜਾਫ਼ਰੀ ਦੀ ਮਹਿਮਾਨ ਨਿਵਾਜੀ ਤੋਂ ਵਾਂਝਾ ਰਹਿ ਜਾਵੇ। ਜਿਵੇਂ ਕਿ ਮੈਂ ਕਹਿ ਚੁੱਕਿਆ ਹਾਂ, ਲਾਹੌਰ ਮਿਹਰਬਾਨ ਦੋਸਤਾਂ ਦਾ ਸ਼ਹਿਰ ਹੈ। ਇਹਨਾਂ ਦੋਸਤਾਂ ਵਿਚ ਨਾਸਿਰ ਸਾਹਬ ਵੀ ਨੇ ਜਿਹਨਾਂ ਦਾ ਲਾਹੌਰ ਦੇ ਬੜੇ ਚੰਗੇ ਇਲਾਕੇ ਵਿਚ ਕਿਤਾਬਾਂ ਦਾ ਇਕ ਵੱਡਾ ਸ਼ੋਅ-ਰੂਮ ਤੇ ਸੇਲ ਆਊਟਲੇਟ ਹੈ। ਨਾਸਿਰ ਸਾਹਬ ਨਾ ਸਿਰਫ ਕਿਤਾਬਾਂ ਦੇ ਬਿਜਨੇਸ ਵਿਚ ਨੇ, ਬਲਕਿ ਪ੍ਰਕਾਸ਼ਕ ਤੇ ਸਾਹਿਤਕਾਰਾਂ ਦੇ ਬੜੇ ਅੱਛੇ ਮਿੱਤਰ ਵੀ ਨੇ। ਉਹਨਾਂ ਦੇ ਸ਼ੋਅ-ਰੂਮ 'ਰੀਡਿੰਗਸ' ਵਿਚ ਲੇਖਕਾਂ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ। 'ਰੀਡਿੰਗਸ' ਵਿਚ ਭਾਰਤੀ ਸਾਹਿਤ ਮਤਬਲ ਅੰਗਰੇਜ਼ੀ ਅਨੁਵਾਦ ਵਿਚ ਭਾਰਤੀ ਸਾਹਿਤ ਵੀ ਹਾਜ਼ਰ ਹੈ। ਨਾਸਿਰ ਸਾਹਬ ਨੇ ਬੱਚਿਆਂ ਵੱਲ ਖਾਸ ਧਿਆਨ ਦਿੱਤਾ ਹੈ। ਉਹਨਾਂ ਦੇ ਸ਼ੋਅ-ਰੂਮ ਵਿਚ ਬੱਚਿਆਂ ਦੀਆਂ ਕਿਤਾਬਾਂ ਬੜੀ ਗਿਣਤੀ ਵਿਚ ਦੇਖੀਆਂ ਜਾ ਸਕਦੀਆਂ ਨੇ।
ਲਾਹੌਰ ਦੇ ਨੌਜਵਾਨ ਪੱਤਰਕਾਰ ਸਾਹਿਤਕਾਰ ਮਹਿਮੂਦੁਲ ਹਸਨ ਨਾਲ ਪਹਿਲਾਂ ਵੀ ਕਈ ਮੁਲਾਕਤਾਂ ਹੋ ਚੁੱਕੀਆਂ ਸਨ। ਉਹਨਾਂ ਨੇ ਮੇਰਾ ਇਕ ਲੰਮਾ ਇੰਟਰਵਿਊ ਵੀ ਲਿਆ ਸੀ। ਹੁਣ ਉਹਨਾਂ ਸੋਚਿਆ ਕਿ ਮੈਨੂੰ ਲਾਹੌਰ ਇਕ ਨਵੇਂ ਢੰਗ ਨਾਲ ਘੁਮਾਇਆ ਜਾਵੇ। ਮੈਂ ਉਹਨਾਂ ਦੀ ਮੋਟਰ-ਸਾਈਕਲ 'ਤੇ ਬੈਠ ਕੇ ਲਾਹੌਰ ਦੇ ਉਹਨਾਂ ਇਲਾਕਿਆਂ ਵਿਚ ਗਿਆ, ਉਹ ਸਭ ਦੇਖਿਆ, ਜੋ ਸਾਂਝੀ ਵਿਰਾਸਤ ਕਿਹਾ ਜਾ ਸਕਦਾ ਹੈ। ਮਹਿਮੂਦ ਸਾਹਬ ਨੇ ਸ਼ਹੀਦ ਭਗਤ ਸਿੰਘ ਦਾ ਕਾਲਜ ਦਿਖਾਇਆ, ਗੰਗਾਰਾਮ ਹਸਪਾਤਲ ਦਿਖਾਇਆ, ਦਿਆਲ ਸਿੰਘ ਕਾਲਜ ਤੇ ਲਾਇਬਰੇਰੀ ਦਿਖਾਈ। ਮੈਨੂੰ ਦਿੱਲੀ ਦਾ ਦਿਆਲ ਸਿੰਘ ਕਾਲਜ ਯਾਦ ਆ ਗਿਆ। ਉਸ ਪਿੱਛੋਂ ਭੀੜੀਆਂ ਸੜਕਾਂ ਤੇ ਪੇਚਦਾਰ ਗਲੀਆਂ ਵਿਚੋਂ ਹੁੰਦੇ ਹੋਏ ਅਸੀਂ ਇਕ ਇਤਿਹਾਸਕ ਇਮਾਰਤ ਦੇਖਣ ਪਹੁੰਚੇ। ਇਹ ਸੁਲਤਾਨ ਕੁਤੁਬਉੱਦੀਨ ਐਬਕ ਦਾ ਮਕਬਰਾ ਸੀ। ਦੋਵੇਂ ਪਾਸੇ ਬਾਜ਼ਾਰ ਸਨ। ਇਕ ਪਾਸੇ ਸੜਕ ਦੇ ਕਿਨਾਰੇ ਇਤਿਹਾਸ ਆਪਣੀ ਕਹਾਣੀ ਸੁਣਾ ਰਿਹਾ ਸੀ। ਮਕਬਰੇ ਦੇ ਗੇਟ 'ਤੇ ਜਿਹੜਾ ਪੱਥਰ ਲੱਗਿਆ ਸੀ, ਉਸ ਅਨੁਸਾਰ ਮੌਤ ਦਾ ਸਮਾਂ 1210 ਲਿਖਿਆ ਸੀ।

ਵਤਨ ਵਾਪਸੀ

ਵਾਘਾ ਬਾਰਡਰ ਉੱਤੇ ਦੋਸਤਾਂ ਨੇ 'ਦੋਸਤਾਨਾ ਕਿਸਮ' ਦਾ ਇੰਤਜ਼ਾਮ ਕੀਤਾ ਹੋਇਆ ਸੀ। ਕਸਟਮ ਤੇ ਇਮੀਂਗਰੇਸ਼ਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਕੁਲੀ ਦੇ ਪਿੱਛੇ ਪਾਕਿਸਤਾਨ ਦੀ ਸਰਹਦ ਪਾਰ ਕੀਤੀ ਤੇ ਸਮਾਨ ਇੰਡੀਅਨ ਕੁਲੀ ਨੇ ਚੁੱਕ ਲਿਆ। ਦੋਵਾਂ ਕੁਲੀਆਂ ਦੀ ਵਰਦੀ ਇਕ ਨਹੀਂ ਸੀ, ਪਰ ਉਸ ਨਾਲ ਕੀ ਫ਼ਰਕ ਪੈਂਦਾ ਹੈ—ਦੋਵੇਂ ਕੁਲੀ ਸਨ।
ਅੰਮ੍ਰਿਤਸਰ ਵਿਚ ਇਕ ਹੋਟਲ ਦੇ ਰਿਸੈਪਸ਼ਨ 'ਤੇ ਪੁੱਛਿਆ ਗਿਆ ਕਿ ਮੈਂ ਕਿੱਥੋਂ ਆ ਰਿਹਾ ਹਾਂ। ਮੈਂ ਦੱਸਿਆ, ਲਾਹੌਰ ਤੋਂ। ਰਿਸੈਪਸ਼ਨ 'ਤੇ ਬੈਠੇ ਸਰਦਾਰ ਦੇ ਚਿਹਰੇ 'ਤੇ ਪ੍ਰੇਸ਼ਾਨੀ ਦੇ ਝੱਖੜ ਝੁੱਲਣ ਲੱਗੇ।
“ਪਾਸਪੋਰਟ ਕਿੱਥੋਂ ਦਾ ਏ?” ਉਹਨਾਂ ਨੇ ਪੁੱਛਿਆ।
“ਇੰਡੀਅਨ ਏਂ।” ਮੈਂ ਜਵਾਬ ਦਿੱਤਾ।
ਸਰਦਾਰ ਜੀ ਦੇ ਚਿਹਰੇ ਤੋਂ ਪ੍ਰੇਸ਼ਾਨੀ ਦੇ ਆਸਾਰ ਗ਼ਾਇਬ ਹੋ ਗਏ ਤੇ ਉਹਨਾਂ ਨੇ ਖ਼ੁਦ ਕਿਹਾ, “ਪਾਕਿਸਤਾਨੀ ਪਾਸਪੋਰਟ ਹੁੰਦਾ ਤਾਂ ਸਾਨੂੰ ਹੱਥ ਜੋੜ ਕੇ ਮਨ੍ਹਾਂ ਕਰਨਾ ਪੈਂਦਾ।”
“ਮਤਬਲ ਮੇਰੇ ਕੋਲ ਪਾਕਿਸਤਾਨੀ ਪਾਸਪੋਰਟ ਹੁੰਦਾ ਤਾਂ ਤੁਸਾਂ ਕਮਰਾ ਨਹੀ ਸੀ ਦੇਣਾ?”
“ਹਾਂ-ਜੀ”
“ਪਰ ਕਿਉਂ? ਪਾਕਿਸਤਾਨ ਪਾਸਪੋਰਟ ਉੱਤੇ ਕਰੜੀ ਪੁੱਛਗਿੱਛ ਤੋਂ ਬਾਅਦ ਵੀਜ਼ਾ ਲੱਗਦਾ ਏ, ਮਤਲਬ ਭਾਰਤ ਸਰਕਾਰ ਆਉਣ ਦੀ ਇਜਾਜ਼ਤ ਦੇ ਦੇਂਦੀ ਏ ਤਾਂ ਤੁਸੀਂ ਕਮਰਾ ਕਿਉਂ ਨਹੀਂ ਦੇਂਦੀ?”
“ਦੇਖੋ ਜੀ...ਇੰਜ ਏ...ਕਾਨੂੰਨ ਇਹ ਜੇ ਕਿ ਕੋਈ ਵਿਦੇਸ਼ੀ ਠਹਿਰਦਾ ਏ ਤਾਂ ਉਸਦੇ ਪਾਸਪੋਰਟ ਵੀਜ਼ੇ ਦੀ ਕਾਪੀ 'ਉਹਨਾਂ' ਨੂੰ ਭੇਜ ਦੇਂਦੇ ਵਾਂ। ਪਰ ਪਾਕਿਸਤਾਨ ਦੇ ਮਾਮਲੇ 'ਚ 'ਉਹ' ਸਾਨੂੰ ਬੜਾ ਪ੍ਰੇਸ਼ਾਨ ਕਰਦੇ ਜੇ। ਕਿੱਥੇ ਗਿਆ ਸੀ? ਕਿਸਨੂੰ ਮਿਲਿਆ ਸੀ? ਉਸਨੂੰ ਮਿਲਣ ਕੌਣ ਆਇਆ ਸੀ?...ਕਿੰਨੇ ਵਜੇ ਨਿਕਲਿਆ ਸੀ? ਕਦੋਂ ਵਾਪਸ ਆਇਆ...?” ਸਰਦਾਰ ਜੀ ਦੱਸਣ ਲੱਗੇ।
ਮੈਨੂੰ ਯਾਦ ਆਇਆ ਕਿ ਪਾਕਿਸਤਾਨ ਵਿਚ ਕਿਸੇ ਨੇ ਇਹ ਸ਼ਿਕਾਇਤ ਵੀ ਕੀਤੀ ਸੀ ਕਿ ਪਾਕਿਸਤਾਨੀਆਂ ਨੂੰ ਭਾਰਤ ਦੇ ਹੋਟਲਾਂ 'ਚ ਕਮਰੇ ਨਹੀਂ ਮਿਲਦੇ। ਫੇਰ ਯਾਦ ਆਇਆ ਕਿ ਵਾਘਾ ਬਾਰਡਰ ਕਰਾਸ ਕਰਕੇ ਜਿਵੇਂ ਹੀ ਭਾਰਤੀ ਹੱਦ ਵਿਚ ਆਉਂਦੇ ਹਾਂ, ਇਕ ਵੱਡਾ ਸਾਰਾ ਬੋਰਡ ਲੱਗਿਆ ਹੈ ਜਿਸ ਉੱਤੇ ਲਿਖਿਆ ਹੈ—'ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਤੁਹਾਡਾ ਸਵਾਗਤ ਹੈ।'
ਹੋਟਲ ਵਿਚ ਸਾਮਾਨ ਰੱਖ ਕੇ, ਨਹਾਅ-ਧੋ ਕੇ ਬਾਹਰ ਆਇਆ। ਅੰਮ੍ਰਿਤਸਰ ਦੀ ਦੁਪਹਿਰ, ਲਾਹੌਰ ਦੀ ਦੁਪਹਿਰ ਵਰਗੀ ਸੀ। ਫ਼ਰਕ ਇਹ ਸੀ ਕਿ ਅੰਮ੍ਰਿਤਸਰ ਲਾਹੌਰ ਜਿੰਨਾ ਖ਼ੂਬਸੂਰਤ ਨਹੀਂ ਸੀ ਨਜ਼ਰ ਆ ਰਿਹਾ। ਪਰ ਜਾਣ-ਪਛਾਣ ਦਾ ਰਿਸ਼ਤਾ ਉਸਨੂੰ ਖ਼ੂਬਸੂਰਤ ਬਣਾ ਰਿਹਾ ਸੀ। ਇਹ ਸੜਕਾਂ ਤੇ ਬਾਜ਼ਾਰ ਅਨੇਕਾਂ ਵਾਰੀ ਦੇਖੇ ਨੇ। ਇਸ ਸੜਕ ਉੱਤੇ ਅੱਗੇ ਜਾ ਕੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਹੈ ਜਿਸ ਉੱਤੇ ਭੀਸ਼ਮ ਸਾਹਨੀ ਦੀ ਕਹਾਣੀ ਹੈ—'ਅੰਮ੍ਰਿਤਸਰ ਆ ਗਿਆ'।
ਮੈਂ ਅੰਮ੍ਰਿਤਸਰ ਵਿਚ ਆਮ ਤੌਰ 'ਤੇ ਤੰਦੂਰੀ ਪਰੌਂਠਾ ਤੇ ਛੋਲੇ ਖਾਂਦਾ ਹਾਂ, ਪਰ ਇਸ ਵੇਲੇ ਪਤਾ ਨਹੀਂ ਕਿਉਂ ਕਿਸੇ ਏਅਰਕੰਡੀਸ਼ਨ ਰੇਸਤਰਾਂ ਵਿਚ ਬੈਠਣ ਦਾ ਮੂਡ ਬਣ ਗਿਆ ਸੀ। ਨੇੜੇ ਹੀ ਇਕ ਫੈਂਸੀ ਕਿਸਮ ਦੇ ਹੋਟਲ ਤੇ ਰੇਸਤਰਾਂ ਵਿਚ ਜਾ ਬੈਠਾ। ਦੂਜੀ ਮੰਜ਼ਿਲ ਦੇ ਸ਼ੀਸ਼ੇ ਦੀਆਂ ਖਿੜਕੀਆਂ ਵਿਚੋਂ ਬਾਹਰਲਾ ਦ੍ਰਿਸ਼ ਕੁਝ ਸੁੰਦਰ ਨਜ਼ਰ ਆ ਰਿਹਾ ਸੀ। ਅੰਦਰ ਏ.ਸੀ. ਨੇ ਮਾਹੌਲ ਕਾਫੀ ਖ਼ੁਸ਼ਗਵਾਰ ਬਣਾਇਆ ਹੋਇਆ ਸੀ। 'ਬਾਰ' ਵਿਚ ਸੰਨਾਟਾ ਸੀ। ਦੁਪਹਿਰ 'ਮੈਕਸ਼ਾਂ' (ਪੀਣ ਵਾਲਿਆਂ) ਲਈ ਮੁਨਾਸਿਬ ਸਮਾਂ ਨਹੀਂ ਹੈ।
ਕੁਝ ਚਿਰ ਬਾਅਦ ਲੱਗਿਆ ਕਿ ਡੇਢ ਮਹੀਨੇ ਦੇ ਇਸ ਸਫ਼ਰ ਨੂੰ ਪੂਰਾ ਕਰਕੇ ਪਰਤ ਆਇਆ ਹਾਂ—ਖ਼ੁਸ਼ੀ ਤੇ ਆਰਾਮ ਨਾਲ।
ਮੈਂ ਇਕ ਇਸਲਾਮੀ ਮੁਲਕ ਦੇਖ ਆਇਆ ਹਾਂ। ਮੈਂ ਮੁਸਲਮਾਨ ਹਾਂ। ਹੁਣ ਮੈਂ ਵਾਪਸ ਲੋਕਤੰਤਰ ਵਿਚ ਆ ਗਿਆ ਹਾਂ। ਭਾਵੇਂ ਕਿੰਨੀਆਂ ਖ਼ਰਾਬੀਆਂ ਹੋਣ ਪਰ ਮੈਂ ਇਸ ਲੋਕਤੰਤਰ ਵਿਚ ਪਾਕਿਸਤਾਨ ਦਾ 'ਹਿੰਦੂ' ਜਾਂ 'ਈਸਾਈ' ਨਹੀਂ ਹਾਂ। ਮੈਂ ਕਾਦਯਾਨੀ ਵੀ ਨਹੀਂ ਹਾਂ...ਮੈਂ ਜੋ ਹਾਂ, ਉਹ ਹਾਂ...ਮੈਨੂੰ ਨਾ ਤਾਂ ਆਪਣੇ ਧਾਰਮਕ ਵਿਸ਼ਵਾਸਾਂ ਕਰੇ ਕੋਈ ਡਰ ਹੈ ਤੇ ਨਾ ਆਪਣੇ ਵਿਚਾਰਾਂ ਕਰਕੇ ਕੋਈ ਭੈ ਹੈ...ਮੈਂ ਇਕ ਲੰਮਾ ਸਾਹ ਖਿੱਚਿਆ ਤੇ ਸੋਫੇ ਦੀ ਢੋਅ ਨਾਲ ਟਿਕ ਗਿਆ...।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਅਸਗ਼ਰ ਵਜਾਹਤ ਹਿੰਦੀ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ