Pakki Vand (Punjabi Story) : Harnam Singh Narula

ਪੱਕੀ ਵੰਡ (ਕਹਾਣੀ) : ਹਰਨਾਮ ਸਿੰਘ ਨਰੂਲਾ

ਦਿਨ ਦਾ ਚੌਥਾ ਕੁ ਪਹਿਰ ਸੀ। ਖਿਝੇ ਹੋਏ ਜਾਹਨੇ ਨੇ ਭਾਰੀ ਪੱਠਿਆਂ ਦੀ ਪੰਡ ਮਸ਼ੀਨ ਕੋਲ ਵਗਾਹ ਕੇ ਮਾਰੀ। ਸਿਰ ਤੋਂ ਚਾਦਰ ਦਾ ਮੰਡਾਸਾ ਲਾਹ ਕੇ ਲੱਕੜਾਂ ਤੇ ਸੁੱਟਿਆ ਅਤੇ ਖਰਵੇ ਰੁਖ ਵਿੱਚ ਖਿਝ ਕੇ ਕਿਹਾ, “ਆਹ ਸਾਂਭ ਭਾਬੀ ਪੱਠੇ। ਨਾ ਮੈਥੋਂ ਕੁਤਰੇ ਜਾਂਦੇ ਨੇ ਨਾ ਡੰਗਰਾਂ ਨੂੰ ਪਾਏ ਜਾਂਦੇ ਨੇ। ਤੂੰ ਜਾਣ ਤੇਰਾ ਕੰਮ ਜਾਣੇ ....” ਅਤੇ ਬਾਕੀ ਗੱਲ ਮੁੰਹ ਵਿੱਚ ਹੀ ਘੱਟ ਕੋਲ ਪਈ ਮੰਜੀ ਤੇ ਵੱਟੇ ਵਾਂਗ ਡਿੱਗ ਪਿਆ।

ਛਰੇਰੇ ਦਰਮਿਆਨੇ ਕੱਦ, ਕੋਮਲ ਮਲਕ ਜੁੱਸੇ, ਅਤੇ ਇਕਹਿਰੇ ਸਰੀਰ ਪਰ ਅਤਿ ਸਾਊ ਅਤੇ ਹਸਮੁੱਖ ਸੁੰਦਰ ਮੁਖੜੇ ਵਾਲੀ ਭਾਬੀ ਬਸ਼ੀਰਾਂ ਨੇ ਹੱਥੋਂ ਦੁੱਧ ਵਾਲੀ ਅਣਕੂਚੀ ਕਾੜ੍ਹਨੀ ਉਵੇਂ ਹੀ ਰੱਖ ਦਿੱਤੀ ਅਤੇ ਉਹਦੇ ਵੱਲ ਵੱਧਦੀ ਨੇ ਕਿਹਾ, “ਵੇਂ ਫਿਰ ਕਿਸੇ ਚੰਦਰੇ ਨੇ ਕੁੱਝ ਆਖ ਦਿੱਤਾ?” ਅਤੇ ਪੱਲੇ ਨਾਲ ਹੱਥ ਪੂੰਝਦੀ ਜਾ ਦੇ ਕੋਲ ਮੰਜੇ ਉੱਤੇ ਆ ਬੈਠੀ।

ਜਾਹਨੇ ਹੋਰੀਂ ਚਾਰ ਭਰਾ ਸਨ। ਸਭ ਤੋਂ ਵੱਡਾ ਉਮਰਦੀਨ ਜਿਸਨੂੰ ਆਮ ਲੋਕ ਪਿੰਡ ਵਿਚ ਉਮਰਾ ਕਹਿੰਦੇ ਸਨ। ਛੋਟਾ ਦਿਲਾਵਰ ਖਾਂ ਉਰਫ ਦੁੱਲਾ, ਉਸ ਤੋਂ ਛੋਟਾ ਮੁਹੰਮਦ ਸ਼ਦੀਕ ਅਤੇ ਸਭ ਤੋਂ ਛੋਟਾ ਚੌਥੇ ਥਾਂ ਰਮਜਾਨ ਉਰਫ ਜਾਹਨਾ।

ਬਸ਼ੀਰਾਂ ਜਦੋਂ ਉਮਰੇ ਨਾਲ ਵਿਆਹੀ ਉਦੋਂ ਜਾਹਨੇ ਦੀ ਉਮਰ 13-14 ਸਾਲ ਸੀ। ਬਸ਼ੀਰਾਂ ਨੇ ਵਿਹੜੇ ਪੈਰ ਕੀ ਪਾਇਆ ਘਰ ਦੀ ਕਾਇਆ ਹੀ ਪਲਟ ਗਈ। ਨਾਜੁਕ ਮਲੂਕ ਜੁੱਸਾ, ਸੁੰਦਰ ਨੈਣ ਨਕਸ਼, ਮਿੱਠਾ ਸੁਭਾਅ, ਗੰਦਮੀ ਗੋਰਾ ਰੰਗ। ਵਿਹੜੇ ਵਿੱਚ ਜਿਵੇਂ ਚਾਨਣੀ ਦਾ ਬੂਟਾ ਖਿੜ ਪਿਆ ਹੋਵੇ। ਬਸ਼ੀਰਾਂ ਜਿੰਨੀ ਸੁੰਦਰ ਸੀ ਉਨੀ ਹੀ ਉਹ ਸਿਆਣੀ, ਸਾਉ, ਸੁਘੜ ਤੇ ਹਸਮੁੱਖ ਸੀ। ਮਿੱਠੀ ਜੁਬਾਨ ਨਾਲ ਘਰ ਨੂੰ ਭਾਗ ਤਾਂ ਲੱਗਣਾ ਹੀ ਸੀ ਸਗੋਂ ਬਾਹਰ ਖੇਤੀ ਨੂੰ ਵੀ ਗਏ। ਉਹਦਾ ਅਸੂਲ ਸੀ ਹਾਲੀ ਪਾਲੀ ਨੂੰ ਵੇਲੇ ਸਿਰ ਲੱਸੀ ਰੋਟੀ ਮਿਲੇ ਤਾਂ ਕੰਮ ਵਿੱਚ ਬਰਕਤ ਹੁੰਦੀ ਏ। ਫਸਲ ਭਰਵੀਂ ਹੋਣ ਤੇ ਘਰ ਵਿੱਚ ਕਿਸੇ ਚੀਜ਼ ਦੀ ਥੁੜ ਨਾ ਰਹੀ। ਗੁੜ-ਗੰਨਾਂ ਦਾਣਾ-ਫੱਕਾ ਭੜੋਲੇ ਭਰੇ ਰਹਿੰਦੇ। ਪਰ ਪੰਜ ਸਾਲ ਲੰਘ ਜਾਣ ਤੇ ਵੀ ਬਸ਼ੀਰਾਂ ਦੀ ਗੋਦ ਹਰੀ ਨਾ ਹੋਈ। ਵੈਦਾਂ ਹਕੀਮਾਂ ਤੋਂ ਛੁੱਟ ਦੱਸ ਪੈਂਦੇ ਸਾਧਾਂ ਸੰਤਾਂ, ਪੀਰਾਂ ਫਕੀਰਾਂ ਦੀਆਂ ਭਬੂਤੀਆਂ, ਤਵੀਤ, ਧਾਗੇ ਕੋਈ ਰਾਸ ਨਾ ਆਏ।

ਕਈ ਵਾਰ ਉਮਰਾ ਉਦਾਸ ਹੋ ਜਾਂਦਾ ਤਾਂ ਬਸ਼ੀਰਾਂ ਕਹਿੰਦੀ “ਮੇਰੀ ਮੰਨ ਤੇ ਹੋਰ ਵਿਆਹ ਕਰਾਲੈ।”

ਪਰ ਉਮਰਾ ਦੁਖੀ ਹੋ ਜਾਦਾ ਤੇ ਕਹਿੰਦਾ, “ਸ਼ੀਰੀ, ਮੈਨੂੰ ਔਲਾਦ ਦੀ ਕੋਈ ਭੁੱਖ ਨਹੀਂ। ਮੇਰੇ ਭਰਾ ਹੀ ਮੇਰੇ ਪੁੱਤਰ ਨੇ। ਮੈਂ ਹੋਰ ਵਿਆਹ ਲਈ ਨਹੀਂ ਸੋਚਦਾ। ਮੈਂ ਤਾਂ ਇਸ ਲਈ ਦੁਖੀ ਹਾਂ ਕਿਤੇ ਤੂੰ ਦੁਖੀ ਹੋ ਕੇ ਕੋਈ ਗਮ ਦਾ ਰੋਗ ਨਾ ਲਾ ਲਵੇਂ।”

ਅਤੇ ਬਸ਼ੀਰਾਂ ਦਾ ਗੁਲਾਬੀ ਚਿਹਰਾ ਹੋਰ ਗੁਲਾਬੀ ਹੋ ਜਾਂਦਾ। ਉਹ ਕਿਹੜਾ ਦਿਉਰਾਂ ਨਾਲ ਘੱਟ ਮੋਹ ਕਰਦੀ ਸੀ। ਘਰੋਂ ਖੇਤ ਤੇ ਖੇਤੋਂ ਘਰ ਤੁਰੀ ਰਹਿੰਦੀ। ਕੰਮ ਕਰਦੀ ਉਹ ਨਾ ਕਦੇ ਅੱਕਦੀ ਨਾ ਥੱਕਦੀ।

ਫਿਰ ਉਸ ਆਪਣੇ ਰਿਸ਼ਤੇਦਾਰਾਂ ਵਿੱਚੋਂ ਦੋ ਸਕੀਆਂ ਭੈਣਾਂ ਦੇ ਰਿਸ਼ਤੇ ਲਿਆ ਦੋਹਾਂ ਦਿਉਰਾਂ ਦੂਲੇ ਅਤੇ ਸ਼ਦੀਕ ਨੂੰ ਵਿਆਹ ਲਿਆ ਸੀ ਅਤੇ ਵਿਆਹ ਤੇ ਸਭ ਸੱਧਰਾਂ, ਸਭ ਰੀਝਾਂ ਪੂਰੀਆਂ ਕਰ ਲਈਆਂ ਸਨ ਅਤੇ ਨਿਰੇ ਭਰਜਾਈਆਂ ਵਾਲੇ ਹੀ ਨਹੀਂ ਮਾਵਾਂ ਵਾਲੇ ਵੀ ਸਾਰੇ ਸ਼ਗਨ ਕੀਤੇ ਸਨ। ਦੂਲੇ ਦੀ ਘਰਵਾਲੀ ਕਾਦਰੀ ਦਾ ਤਾਂ ਵਿਆਹ ਮੁਕਲਾਵਾ 'ਕੱਠਾ ਹੀ ਮਿਲ ਗਿਆ ਪਰ ਸ਼ਦੀਕ ਦੀ ਘਰਵਾਲੀ ਪੰਦਰਵੇਂ, ਚੌਦਵੇਂ ਹੋਣ ਕਰਕੇ ਨਿਰਾ ਨਿਕਾਹ ਹੀ ਹੋਇਆ ਅਤੇ ਡੋਲੀ ਮੁਕਲਾਵਾ ਨਾ ਮਿਲਿਆ।

ਕਾਦਰੀ ਵਾਹਵਾ ਬਣਦੀ ਫੱਬਦੀ ਸੀ ਪਰ ਸੁਭਾ ਦੀ ਚੰਦਰੀ ਹੀ ਨਿਕਲੀ। ਕੰਘੀ ਪੱਟੀ ਕਰ ਫੁੱਲ ਚਿੜੀਆਂ ਤਾਂ ਉਹ ਵਾਹਵਾ ਕੱਢ ਲੈਂਦੀ। ਸੱਤ ਸੁਰਮਾ ਪਾ ਡੋਰੇ ਖਿੱਚ ਲੈਂਦੀ ਪਰ ਘਰਦੇ ਕੰਮ ਦਾ ਡੱਕਾ ਤੋੜ ਕੇ ਖੁਸ਼ ਨਹੀਂ ਸੀ। ਪੂਰੀ ਹੱਡ ਹਰਾਮ ਸੀ। ਰੰਗ ਢੰਗ ਦੀ ਚੰਗੀ ਹੋਣ ਕਰਕੇ ਉਸ ਦੁਲੇ ਅਤੇ ਸ਼ਦੀਕ ਦੋਹਾਂ ਨੂੰ ਹੱਥ ਕਰ ਲਿਆ ਸੀ। ਉਹ ਵੀ ਮੱਧ ਮਹਿਕ ਵਿੱਚ ਐਸੇ ਫਸੇ ਕਿ ਕਾਦਰੀ ਦੇ ਗੋਡੇ ਮੁੱਢ ਹੀ ਬੈਠੇ ਰਹਿੰਦੇ ਅਤੇ ਮਾਰੀਆਂ ਹੀ ਖੁਹ ਖੇਤ ਜਾਂਦੇ। ਅਤੇ ਖੇਤੀ ਦਿਨੋ ਦਿਨ ਕਮਜ਼ੋਰ ਹੋਣ ਲੱਗੀ।

ਜੇ ਕਦੇ ਬਸ਼ੀਰਾਂ ਆਖ ਦਿੰਦੀ, “ਵੇ ਸ਼ਦੀਕ ਹੁਣ ਖੇਤ ਬੰਨੇ ਦਾ ਵੀ ਕੁੱਝ ਖਿਆਲ ਕਰੋ” ਤਾਂ ਕਾਦਰੀ ਬੁੜ-ਬੁੜ ਕਰਦੀ। ਕੰਢੇ ਲੂਹਣ ਲੱਗ ਪੈਂਦੀ। ਉਂਝ ਵੀ ਜੇਕੋਈ ਗੱਲ ਨਾ ਹੋਵੇ ਤਾਂ ਉਹ ਲੜਨ ਲਈ ਕੋਈ ਨਾ ਕੋਈ ਰਾਹ ਬਣਾ ਲੈਂਦੀ ਅਤੇ ਬਾਤ ਦਾ ਬਤੰਗੜ ਖੜਾ ਕਰ ਲੈਂਦੀ। ਬਣੇ ਘਰ ਵਿੱਚ ਕੋਈ ਵਿਘਨ ਨਾ ਪੈ ਜਾਵੇ ਇਸ ਲਈ ਬਸ਼ੀਰਾਂ ਕਿਸੇ ਗੱਲ ਦਾ ਉਤਾਹ ਨਾ ਕਰਦੀ ਤੇ ਦਰ ਗੁਜਰ ਕਰੀ ਜਾਂਦੀ। ਮਿੱਠੇ ਸੁਭਾਅ ਮੁਤਾਬਕ ਉਹ ਕਈ ਵਾਰੀ ਕਾਦਰੀ ਦੀ ਕੌੜੀ ਗੱਲ ਨੂੰ ਵੀ ਮਿੱਠੀ ਕਰਨ ਦੀ ਕੋਸ਼ਿਸ਼ ਕਰਦੀ।

ਪਰ ਤੂੰਮੇ ਅਮ੍ਰਿਤ ਸਿੰਚ, ਕੁੜਿਤ ਨਾ ਜਾਇ।

ਆਖਰ ਤੰਮਾਂ ਤਾਂ ਹੁੰਮਾਂ ਹੀ ਹੁੰਦਾ ਹੈ। ਖੰਡ ਪਾਇਆਂ ਉਹਦੀ ਕੌੜ ਨਹੀਂ ਜਾਂਦੀ। ਫਿਰ ਇੱਕ ਦਿਨ ਕਾਦਰੀ ਦੇ ਕੌੜੇ ਕੁਰੱਖਤ ਬੋਲ ਉਮਰੇ ਦੇ ਕੰਨੀ ਪੈ ਗਏ। ਉਸ · ਦੂਲੇ ਅਤੇ ਸ਼ਦੀਕ ਦੋਹਾਂ ਨੂੰ ਬੁਲਾ ਖੇਤ ਦੀ ਵੱਟ ਤੇ ਬਿਠਾ ਲਿਆ: ⁠“ਵੇਖੋ ਵੀਰੋ, ਘਰ ਤੁਹਾਡਾ, ਬਾਹਰ ਤੁਹਾਡਾ, ਸਾਡਾ ਦੋਹਾਂ ਜੀਆਂ ਦਾ ਕੀ ਏ। ਅੱਜ ਅੱਖਾਂ ਮੀਟੀਆਂ ਕੱਲ੍ਹ ਨੂੰ ਦੂਜਾ ਦਿਨ। ਪਰ ਤੁਸੀ ਜਰਾ ਕਾਦਰੀ ਨੂੰ ਸਮਝਾਉ। ਜਿੱਨਾ ਹੁੰਦਾ ਏ, ਜਿੱਨਾ ਦਿਲ ਮੰਨੇ ਕਰੇ ਪਰ ਘਰ ਵਿੱਚ ਕਲੇਸ਼ ਨਾ ਪਾਵੇ। ਕਲੇਸ਼ ਵਾਲੇ ਘਰ 'ਚੋਂ ਬਰਕਤ ਉਡ ਜਾਂਦੀ ਏ। ਨਾਲੇ ਬਸ਼ੀਰਾਂ ਤੁਹਾਡੀ ਮਾਂ ਵਰਗੀ ਏ।”

ਦੁਲੇ ਨੇ ਹੱਥ ਵਿੱਚ ਫੜੇ ਡੱਕੇ ਨਾਲ ਲਕੀਰ ਖਿੱਚੀ ਤੇ ਡੱਕਾ ਤੋੜਿਆ ਅਤੇ ਅੰਨਾ ਸੋਟਾ ਗੱਲ ਵਾਹੀ ਤੇ ਕਿਹਾ, “ਵੇਖ ਭਾ, ਭਾਬੀ ਸਾਨੂੰ ਵੀ ਨਿੱਤ ਟੋਕਾ ਟਾਕੀ ਕਰਦੀ ਰਹਿੰਦੀ ਏਂ। ਅਸੀਂ ਕਿਹੜਾ ਕੰਮ ਨਹੀਂ ਕਰਦੇ। ਗੱਲ ਸਿੱਧੀ ਏ। ਭਾਬੀ ਦਾ ਸੁਭਾਅ ਨਹੀਂ ਰਿਹਾ ਠੀਕ। ਨਾਲੇ ਸੌ ਹੱਥ ਰੱਸਾ ਸਿਰੇ ਤੇ ਗੰਢ। ਜੇ ਅਸੀਂ ਘਰ ਵਿੱਚ ਨਹੀਂ ਖੱਪਦੇ ਤਾਂ ਸਾਨੂੰ ਅੱਡ ਕਰ ਦਿਓ।”

ਉਮਰੇ ਦੇ ਮੱਥੇ ਤੇ ਤਰੇਲੀ ਆ ਗਈ। ਉਹਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ ਕਿ ਬੁਰਕੀਆਂ ਦੇ ਕੇ ਪਾਲੇ ਹੋਏ ਭਰਾ ਮੂੰਹ ਪਾੜ ਬੋਲਣਗੇ। ਉਸ ਉਡਦੇ ਹਵਾਸ ਕਾਬੂ ਕੀਤੇ ਅਤੇ ਸ਼ਦੀਕ ਨੂੰ ਕਿਹਾ, “ਕਿਉਂ ਸਦੀਕ ਮੈਂ ਕੋਈ ਕੋੜੀ ਫਿਕੀ ਗਲ ਕੀਤੀ ਏ?”

“ਪਰ ਦੁਲੇ ਨੇ ਕਿਹੜੀ ਮਾੜੀ ਆਖੀ ਏ? ਨਹੀਂ ਕੱਟਦੀ ਤਾਂ ਸਾਨੂੰ ਅੱਡ ਕਰ ਦਿਉ। ਸਾਲ ਛਿਮਾਹੀ ਮੇਰਾ ਵੀ ਟੱਬਰ ਆਉਣਾ ਏ। ਭਾਬੀ ਇੱਕ ਨੂੰ ਨਹੀਂ ਝੱਲ ਸਕੀ ਫਿਰ ਦੋਹਾਂ ਨੂੰ ਕਿਵੇਂ ਝੱਲੇਗੀ।” ਸ਼ਦੀਕ ਇੱਕ ਸਾਹੇ ਗੱਲ ਸਿਰੇ ਲਾ ਗਿਆ।

ਅਤੇ ਦੁੱਲੇ ਨੇ ਗੱਲ ਟੱਕ ਲਈ, “ਨਾਲੇ ਭਾ, ਸਦੋ ਸਦੀ ਕਿਹੜਾ ਕਿਸੇ ਦੀ ਲੰਘੀ ਏ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਅਗਲੇ ਦਿਨ। ਇਹ ਤਾਂ ਹੁੰਦਾ ਹੀ ਆਇਆ ਏ, ਮੁੱਢ ਕਦੀਮ ਤੋਂ।”

ਉਮਰਾ ਕੁੱਝ ਨਾ ਬੋਲ ਸਕਿਆ। ਹੂੰ ਨਾ ਹਾਂ। ਉਹਨੂੰ ਤਾਂ ਅੰਦਰੇ-ਅੰਦਰ ਡੋਬੂ ਜਿਹਾ ਪੈ ਗਿਆ। ਜਦੋਂ ਉਹ ਘਰ ਆਇਆ ਤਾਂ ਮੱਧਿਆ ਮਿਲਿਆ ਜਿਹਾ ਸੀ। ਉਹਦੀਆਂ ਅੱਖਾਂ ਅਗੇ ਹਨੇਰੇ ਸਾਏ ਨੱਚ ਰਹੇ ਸਨ। ਜਦੋਂ ਬਸ਼ੀਰਾਂ ਨੇ ਕਾਰਨ ਪੁੱਛਿਆ ਤਾਂ ਉਮਰੇ ਨੇ ਸਾਰੀ ਗੱਲ ਦੱਸੀ। “ਬਸ਼ੀਰਾਂ, ਬਗਾਨੀ ਧੀ ਨੂੰ ਕੀ ਦੋਸ਼ ਦਈਏ। ਮੇਰੇ ਭਰਾ ਹੀ ਕੁਰਾਹੇ ਪੈ ਰਹੇ ਨੇ।”

ਅਤੇ ਫਿਰ ਰਾਤੀ ਤਿੰਨਾਂ ਨੂੰ ਬਿਠਾ ਬਸ਼ੀਰਾਂ ਨੇ ਹੱਥ ਬੰਨੇ।

“ਵੇ ਵਾਸਤਾ ਜੇ ਕਿਸੇ ਵੱਡ ਵਡੇਰੇ ਦਾ। ਘਰ ਵਿੱਚ ਤਰੇੜ ਨਾ ਪਾਉ। ਪਾਟੇ ਘਰਾਂ ਤੇ ਖੁਦਾ ਰਸੂਲ ਵੀ ਕਹਿਰ ਨਾਜ਼ਲ ਕਰਦਾ ਏ। ਕੁੱਝ ਲੋਕ ਚਰਚਾ ਦਾ ਹੀ ਧਿਆਨ ਕਰੋ। ਏਕੇ ਵਿੱਚ ਬਰਕਤਾਂ ਹੁੰਦੀਆਂ ਨੇ। ਸਾਲ ਨਾ ਛਮਾਹੀ ਘੱਟੋ ਘੱਟ ਰਮਜਾਨ ਨੂੰ ਤਾਂ ਵਿਆਹ ਲੈਣ ਦਿਉ।”

ਪਰ ਉਹਨਾ ਤਿੰਨਾਂ ਹੀ ਇਕ ਸੁਰ ਕਰ ਲਈ ਅਤੇ ਕਾਦਰੀ ਤਾਂ ਹੋਰ ਵੀ ਅੱਗੇ ਲੰਘ ਗਈ।

“ਬੱਸ-ਬੱਸ ਬੀਬੀ। ਘਰ ਖੇਤ ਅਸੀਂ ਖਪੀਏ ਤੇ ਚੌਧਰਾਂ ਤੁਸੀਂ ਮਾਲਕ ਸੁਆਣੀ ਕਰੋ।”

“ਨੀ ਤੁਸੀਂ ਸਾਂਭੋ ਚੌਧਰਾਂ ਤੇ ਸਾਨੂੰ ਦੱਸੋ ਕੰਮ। ਪਰ ਵਾਸਤਾ ਮੰਨੋ ਘਰ ਨਾ ਪਾੜੋ। ਮੁੱਠੀ ਬੰਦ ਹੀ ਚੰਗੀ ਜੇ।”

ਪਰ ਅੜੀਅਲ ਖੋਤੇ ਤੇ ਸਵਾਰ ਉਹ ਤਿੰਨੇ ਹੀ ਅੜੇ ਰਹੇ ਅਤੇ ਇੱਕ ਨਾ ਮੰਨੀ। ਹੱਥ ਜੋੜੇ ਮਿੰਨਤਾਂ ਤਰਲੇ ਕੀਤੇ ਪਰ ਸਭ ਵਿਅਰਥ ਗਏ ਅਤੇ ਜਦੋਂ ਦੁਬਾਰਾ ਕਾਦਰੀ ਦੀ ਜੁਬਾਨ ਖੁੱਲਣ ਲੱਗੀ ਤਾਂ ਉਮਰੇ ਨੇ ਕਿਹਾ:

“ਬੱਸ-ਬੱਸ ਭਾਈ ਬਹੁਤ ਹੋ ਗਈ। ਆਉ ਇੱਧਰ।” ਅਤੇ ਉਸ ਕੋਲਾ ਲੈ ਕੇ ਧਰਤੀ ਤੇ ਲਕੀਰਾਂ ਖਿੱਚ ਕੇ ਸੋਲਾਂ ਘੁੰਮਾਂ ਜ਼ਮੀਨ ਦੇ ਦੋ ਟੁੱਕ ਬਣਾਏ। “ਲਉ ਭਾਈ, ਤੁਹਾਡੀ ਖੁਸ਼ੀ ਜੇ। ਜੇ ਤੁਸੀਂ ਨਹੀਂ ਰਹਿੰਦੇ ਤਾਂ ਦੋ ਟੱਕਾਂ ਵਿੱਚੋਂ ਮਨ ਮਰਜੀ ਦਾ ਟੱਕ· ਸਾਂਭ ਲਉ”।

ਅਤੇ ਉਹਨਾਂ ਮਰਜ਼ੀ ਦਾ ਟੱਕ ਮੱਲ ਲਿਆ। “ਦੋਹਾਂ ਘਰਾਂ ਵਿਚੋਂ ਇੱਕ ਘਰ ਲੈ ਲਉ।”

ਅਤੇ ਉਹਨਾਂ ਬਾਹਰਲਾ ਘਰ ਮੱਲ ਲਿਆ ਜਿਹੜਾ ਕਾਫੀ ਚੰਗਾ ਤੇ ਮੋਕਲਾ ਸੀ। ਚਾਰ ਬਲਦਾਂ ਚੋਂ ਚੰਗੀ ਜੋੜੀ ਮੱਲ ਲਈ। ਮੱਝਾਂ ਝੋਟੀਆਂ ਮਨ ਮਰਜ਼ੀ ਦੀਆਂ ਸਾਂਭੀਆਂ।

ਉਮਰੇ ਨੇ ਬਸ਼ੀਰਾਂ ਨੂੰ ਆਖਿਆ, “ਲੈ ਬਸ਼ੀਰਾਂ, ਖੇਤ ਬੰਨਾ, ਡੰਗਰ, ਵੱਛਾ, ਘਰ ਤਾਂ ਮੈਂ ਵੰਡ ਦਿੱਤਾ ਏ। ਹੁਣ ਘਰ ਦਾ ਸਮਾਨ ਤੂੰ ਵੰਡਦੇ।” ⁠ਅਤੇ ਬਸ਼ੀਰਾਂ, ਨੇ ਬੂਹੇ ਖੋਲ੍ਹ ਦਿੱਤੇ, “ਲੈ ਜਾਉ ਜਿਸਨੂੰ ਜੋ ਚਾਹੀਦਾ ਏ।” ⁠ਅਤੇ ਬੁਰੀ ਬੁੱਧ ਹੋਈ ਜਿਸਨੂੰ ਜੋ ਚੀਜ਼ ਦਿਸੀ ਹੱਥ ਧਰਿਆ ਤੇ ਲੈ ਗਏ ਅਤੇ ਰਾਤੋ ਰਾਤ ਇੱਕ, ਘਰ ਦੇ ਦੋ ਘਰ ਹੋ ਗਏ।

ਉਮਰਾ ਤਾਂ ਸ਼ਮੀ ਸੰਝ ਹੀ ਮੰਜੇ ਉੱਤੇ ਪੈ ਗਿਆ ਸੀ। ਭਰਾਵਾਂ ਦੇ ਪਰ੍ਹਾਂ ਹੋਣ ਦਾ ਦੁੱਖ ਉਹਦਾ ਜਾਨ ਲੇਵਾ ਰੋਗ ਬਣ ਗਿਆ। ਸਵੇਰੇ ਤੋਂ ਸ਼ਾਮ ਹੋ ਗਈ। ਉਹ ਗੁੰਮ-ਸੁੰਮ ਪਿਆ ਰਿਹਾ। ਸਾਰੇ ਘਰ ਤੇ ਸੋਗ ਭਰੀ ਉਦਾਸੀ ਸੀ। ਨਾ ਚੁਲੇ ਅੱਗ ਨਾ ਮੱਘੇ ਪਾਣੀ।

ਘਰ ਦੇ ਤਿੰਨ ਜੀਅ ਉਦਾਸੀ ਵੱਸ ਸਨ। ਉਮਰਾ ਤਾਂ ਪਲੋ ਪਲ ਨਿਘਰਦਾ ਜਾਂਦਾ ਸੀ। ਬਸ਼ੀਰਾਂ ਦੇ ਓਹੜ ਪੋਹੜ ਤੋੜ ਤੇ ਤਸੱਲੀਆਂ ਵੀ ਉਹਦਾ ਧੀਰਜ ਨਾ ਬੰਨ੍ਹ ਸਕੀਆਂ।

“ਕੀ ਹੋਇਆ? ਹੋਂਸਲਾ ਕਰ। ਦਿਲ ਧਰ। ਕਿਹੜਾ ਦੇਸ਼ ਗਏ ਨੇ। ਸਾਡੇ ਕੋਲ ਹੀ ਨੇ। ਜਿਉਂਦਾ ਰਹੇ, ਰਮਜਾਨ! ਸਾਨੂੰ ਇੱਕੋ ਹੀ ਤਿੰਨਾਂ ਵਰਗਾ ਏ”

ਪਰ ਉਮਰਾ ਨੂੰ ਨਾ ਹਾਂ। ਪੂਰੇ ਅੱਠ ਦਿਨ ਲੰਘ ਗਏ ਅਤੇ ਉਮਰਾ ਉਠਕੇ ਪਿਸ਼ਾਬ ਕਰਨ ਜੋਗਾ ਵੀ ਨਾ ਰਿਹਾ। ਪਿੰਡ ਦਾ ਬੱਚਾ-ਬੱਚਾ ਉਹਦੀ ਖ਼ਬਰ ਸੁਰਤ ਲੈਣ ਆਇਆ ਪਰ ਉਮਰੇ ਦੀਆਂ ਬੇਨੂਰ ਧੁੰਦਲਾਈਆਂ ਅੱਖਾਂ ਇੱਕ ਟੱਕ ਦੁੱਲੇ ਤੇ ਸ਼ਦੀਕ ਨੂੰ ਤਾਂਘਦੀਆਂ ਰਹੀਆਂ ਅਤੇ ਫਿਰ ਨੌਵੇਂ ਦਿਨ ਤੜਕਸਾਰ ਉਸ ਪਾਣ ਤਿਆਗ ਦਿੱਤੇ।

ਬੀਮਾਰੀ ਵਿੱਚ ਪਿੰਡ ਦੇ ਕਈ ਸਿਆਣਿਆਂ ਨੇ ਦੁੱਲੇ ਤੇ ਸ਼ਦੀਕ ਨੂੰ ਕਿਹਾ ਸੀ। “ਕਮਲਿਉ, ਐਨੇ ਪੱਥਰ ਦਿਲ ਨਾ ਬਣੋ। ਭਰਾ ਬੀਮਾਰ ਜੇ। ਖ਼ਬਰ ਸੁਰਤ ਤਾਂ ਲੈ ਆਉ।"

ਪਰ ਓਹਨਾਂ ਦਾ ਕੈਹਦਾ ਸੀ “ਹਾਂ, ਭਾਈ ਵੰਡ ਕੇ ਦੇਣਾ ਪਵੇ ਤਾਂ ਬੰਦਾ ਬੀਮਾਰ ਹੋ ਹੀ ਜਾਂਦਾ ਏ। ਬਗਾਨੇ ਸਿਰ ਮੌਜ਼ਾ ਲੈਂਦੇ ਸਨ। ਹੁਣ ਅੱਗੋਂ ਕੰਮ ਕਰਨਾ ਦਿਸਦਾ ਏ। ਪਤਾ ਤਾਂ ਹੁਣ ਲੱਗੇਗਾ ਜਦੋਂ ਹੱਥੀਂ ਕਰਨਾ ਪਿਆ।”

ਪਰ ਬਸ਼ੀਰਾਂ ਦੀ ਚੀਕ ਨੇ ਸਾਰਾ ਪਿੰਡ ਇਕੱਠਾ ਕਰ ਲਿਆ। ਸਾਉ ਸ਼ਰੀਫ ਅਤੇ ਚੰਗੇ ਬੰਦੇ ਦੀ ਬੇਵਕਤ ਮੌਤ ਉੱਤੇ ਹਰ ਕੋਈ ਰੋਇਆ। ਬੱਚੇ-ਬੱਚੇ ਦੱਖ ਕੀਤਾ। ਦੁੱਲੇ ਹੋਰੀਂ ਵੀ ਲੱਜੋਂ ਕਲੱਜੋਂ ਆ ਗਏ। ਕਾਦਰੀ ਨੇ ਅੱਖੋਂ ਪਾਣੀ ਕੱਢਣ ਲਈ ਨੱਕ ਦੀ ਫੁੰਗਲੀ ਵਾਰ-ਵਾਰ ਮਰੋੜੀ ਪਰ ਜੇ ਦਿਲ ਨਾ ਪਿਘਰੇ ਤੇ ਹੰਝ ਕਿੱਥੋਂ ਆਉਣ। ਪਰ ਨੱਕ ਤਾਂ ਉਸ ਕਈ ਵਾਰ ਸਿਣਕ, ਸਵਾਂਗ ਰਚਿਆ। ਮਈਅਤ ਤਿਆਰ ਹੋਈ ਤਾਂ ਬਸ਼ੀਰਾਂ ਨੇ ਦੋਹਾਂ ਭਰਾਵਾਂ ਨੂੰ ਵਰਜ ਦਿੱਤਾ।

“ਸ਼ਾਇਦ ਤੁਹਾਡੇ ਦਿਲ ਦੀ ਹੋਈ ਹੋਵੇ। ਜਿਉਂਦੇ ਰਹੋ। ਜਾਉ ਆਪਣੇ ਘਰ ਵਸੋ ਰਸੋ” ਅਤੇ ਕਾਦਰੀ ਨੂੰ ਉਸ ਬਾਹੋਂ ਫੜਕੇ ਦੇਹਲੀ ਟਪਾ ਦਿੱਤਾ। “ਜਾਉ ਭਲਾ ਹੋਵੇ ਜੇ। ਬਥੇਰਾਂ ਰੋ ਲਿਆ।”

ਫਿਰ ਰਾਤ ਨੂੰ ਨਾ ਚੁੱਲ੍ਹੇ ਅੱਗ ਨਾ ਦੀਵੇ ਬੱਤੀ। ਸੋਗ ਦੀ ਮਾਰੂ ਲਹਿਰ, ਖੁਲ੍ਹਾ ਘਰ ਅਤੇ ਦੋ ਸੋਗੀ ਜੀਅ - ਬਸ਼ੀਰਾਂ ਤੇ ਜਾਹਨਾਂ। ਨਾਂ ਗੱਲ ਨਾ ਕਲਾਮ। ਦੋਵੇਂ ਜੀਅ ਸਿਰ ਸੁੱਟੀ ਪਏ ਰਹੇ। ਅੱਧੀ ਰਾਤ ਟੱਪੀ। ਬਸ਼ੀਰਾਂ ਨੇ ਡੁਸਕਦੇ ਜਾਹਨੇ ਦੇ ਹਟਕੋਰੇ ਸੁਣੇ। ਉਹਦਾ ਦਿਲ ਪੰਘਰਿਆ। ਉਹ ਚੁੱਪ ਚਾਪ ਮੰਜੇ ਤੋਂ ਉਠੀ ਅਤੇ ਜਾਹਨੇ ਦੇ ਮੰਜੇ ਤੇ ਜਾ ਬੈਠੀ। ਪਿਆਰ ਨਾਲ ਜਾਹਨੇ ਦਾ ਸਿਰ ਛਾਤੀ ਨਾਲ ਘੁੱਟ ਲਿਆ। “ਹੋਂਸਲਾ ਕਰ, ਮੇਰੇ ਬੱਚੇ। ਨਾ ਰੋ, ਮੇਰਾ ਸ਼ੇਰ ਪੁੱਤਰ। ਖੁਦਾ ਨੇ ਦੁੱਖ ਦਿੱਤਾ ਏ ਇਸਨੂੰ ਹੌਸਲੇ ਨਾਲ ਕਟਾਂਗੇ। ਹਿੰਮਤ ਰੱਖ। ਅਸੀਂ ਇਸ ਮੁਸੀਬਤ ਦਾ ਟਾਕਰਾ ਕਰਾਂਗੇ।”

ਫਿਰ ਬਸ਼ੀਰਾਂ ਨੇ ਲੱਕ ਬੰਨ੍ਹ ਲਿਆ। ਘਰ ਦਾ ਕੰਮ ਮੁਕਾ ਉਹ ਖੇਤ ਚਲੀ ਜਾਂਦੀ। ਕਹੀ, ਕੁਹਾੜੀ, ਖੁਰਪਾ, ਦਾਤੀ ਚੱਲ ਸੋ ਚੱਲ। ਦਿਨ ਰਾਤ ਇੱਕ ਕਰ ਦਿੱਤਾ। ਜਾਹਨਾ ਵੀ ਕੰਮ ਨੂੰ ਚੰਗਾ ਤੁਰਿਆ। ਘਰ ਵਿੱਚ ਜਿੰਨਾ ਦੁੱਧ-ਘਿਉ ਹੁੰਦਾ, ਬਸ਼ੀਰਾਂ ਧੱਕੇ-ਧੱਕੀ ਜਾਹਨੇ ਦੇ ਸੰਘੋਂ ਲਾਹੀ ਜਾਂਦੀ।

“ਬੱਸ ਭਾਬੀ, ਬੱਸ।”

“ਵੇ ਬੱਸ ਕਿਉਂ, ਦੱਬ ਕੇ ਖਾਹ ਤੇ ਜੁਆਨ ਹੋ ਜਾ। ਮੇਰਾ ਤਾਂ ਇੱਕੋ ਹੀ ਸੁੱਖ ਨਾਲ ਤਿੰਨਾਂ ਵਰਗਾ ਏ”

ਅਤੇ ਸੱਚ ਮੁੱਚ ਹੀ ਉਹ ਦਿਨਾਂ ਵਿੱਚ ਹੀ ਨਿੱਖਰ ਆਇਆ। ਉਸ ਵਿਚ ਹੋਂਸਲਾ ਤੇ ਹਿੰਮਤ ਐਨੀ ਸੀ ਕਿ ਅਕੇਵਾਂ ਥਕੇਵਾਂ ਹੁੰਦਾ ਕੀ ਏ। ਤਕੜੀ ਪੰਡ ਪੱਠਿਆਂ ਦੀ ਉਹ ਕਲਾਵਾ ਭਰ ਕੇ ਸਿਰ ਤੇ ਧਰ ਲੈਂਦਾ। ਕਹੀ ਫੜੇ ਤਾਂ ਜੋਤਾ ਪੂਰਾ ਕਰਕੇ ਹੀ ਲੱਕ ਸਿੱਧਾ ਕਰਦਾ। ਅੱਧੀ ਰਾਤ ਢਲੇ ਉਹ ਤੇਲ ਮਲ ਡੰਡ ਬੈਠਕਾਂ ਜ਼ਰੂਰ ਮਾਰਦਾ। ਇਹ ਉਹਦਾ ਨਿੱਤ-ਨੇਮ ਸੀ।

ਕਦੇ-ਕਦੇ ਵੇਲੇ ਨਾਲ ਕੰਮ ਨਬੇੜ ਸ਼ਾਮ ਵੇਲੇ ਹਾਣੀ ਮੁੰਡਿਆਂ ਨਾਲ ਕਬੱਡੀ ਦੀ ਝੱਟ ਵੀ ਲਾ ਆਉਂਦਾ। ਹਲ ਵਾਹੁੰਦਾ ਹੁੰਦਾ ਤਾਂ ਬਸ਼ੀਰਾਂ ਰੋਟੀ ਲੈ ਕੇ ਆ ਜਾਂਦੀ।

“ਆ ਮੇਰਾ ਸ਼ੇਰ, ਰੋਟੀ ਖਾਹ ਪਹਿਲਾਂ।”

ਉਹ ਬਲਦਾਂ ਨੂੰ ਤਿੱਖਾ ਕਰਦਿਆਂ ਕਹਿੰਦਾ, “ਭਾਬੀ, ਆਹ ਚਾਰ ਸਿਆੜ ਨੇ। ਕੱਢ ਲਵਾਂ ਜਰਾ।”

ਅਤੇ ਬਸ਼ੀਰਾਂ ਵੱਟ ਤੇ ਰੋਟੀ ਲੱਸੀ ਰੱਖ, ਚੋਹਲੇ ਚੂਰੀ ਦਾ ਛੰਨਾਂ ਚੁੱਕ ਵਾਹਣ ਵਿੱਚ ਉਹਦੇ ਮਗਰ ਹੋ ਤੁਰਦੀ।

“ਚੱਲ ਫਿਰ ਮੇਰਾ ਸ਼ੇਰ, ਮੈਂ ਤੇਰੇ ਮੂੰਹ ਵਿੱਚ ਬੁਰਕੀਆਂ ਪਾਵਾਂ।”

ਅਤੇ ਉਹ ਨਾਲ ਤੁਰਦੀ ਉਹਦੇ ਮੂੰਹ ਵਿੱਚ ਬੁਰਕੀ, ਧੱਕ ਦਿੰਦੀ ਤਾਂ ਜਾਹਨੇ ਨੂੰ ਵਾਹਣ ਵਿੱਚ ਤੁਰਦੀ ਭਾਬੀ ਉੱਤੇ ਤਰਸ ਆ ਜਾਂਦਾ ਅਤੇ ਉਹ ਨੱਥਾਂ ਖਿੱਚ ਹੱਲ ਖਲ੍ਹਾਰ ਦਿੰਦਾ।

“ਚੱਲ ਭਾਬੀ, ਪਹਿਲਾਂ ਰੋਟੀ ਹੀ ਖਾ ਲੈਂਦੇ ਹਾਂ”। ਅਤੇ ਜਦੋਂ ਰੋਟੀ ਖਾਣ ਬਹਿੰਦਾ ਤਾਂ ਚੂਰੀ ਚੋਹਲੇ ਦੀ ਘਿਉ ਨਾਲ ਗੱਚ ਵੱਡੀ ਬੁਰਕੀ ਭਰ ਬਸ਼ੀਰਾਂ ਦੇ ਮੂੰਹ ਅੱਗੇ ਲੈ ਜਾਂਦਾ। “ਲੈ ਭਾਬੀ ਪਹਿਲਾਂ ਤੂੰ ਖਾਹ”

“ਨਹੀਂ-ਨਹੀਂ ਰਮਜਾਨ ਇਹ ਤੇਰੇ ਲਈ ਏ। ਮੇਰਾ ਕੀ ਏ।” ਜਾਹਨਾ ਮੂੰਹ ਵੱਟ ਲੈਂਦਾ ਤੇ ਕਹਿੰਦਾ,

“ਭਾਬੀ, ਜੋ ਮੇਰੇ ਲਈ ਏ ਉਹ ਤੇਰੇ ਲਈ ਕਿਉਂ ਨਹੀਂ ਅਤੇ ਜੋ ਤੇਰੇ ਲਈ ਨਹੀਂ ਉਹ ਮੇਰੇ ਲਈ ਕਿਉਂ ਏ?”

ਬਸ਼ੀਰਾ ਮੂੰਹ ਖੋਲ ਕੇ ਬੁਰਕੀ ਲੈ ਲੈਂਦੀ ਤੇ ਕਹਿੰਦੀ,

“ਲੈ ਹੁਣ ਤੂੰ ਰੋਟੀ ਖਾਹ। ਮੈਂ ਬਲਦਾਂ ਨੂੰ ਪੇੜੇ ਦੇ ਆਵਾਂ।” ਅਤੇ ਵੇਸਣ ਆਟੇ ਦੇ ਲੂਣੇ ਪੇੜੇ ਲੈ ਬਲਦਾਂ ਵੱਲ ਤੁਰ ਪੈਂਦੀ। ਜਦੋਂ ਰੋਟੀ ਖਾ ਜਾਹਨਾਂ ਦੁਬਾਰਾ ਬਲਦ ਹਿੱਕਦਾ ਤਾਂ ਉਹ ਕਹਿੰਦੀ:

“ਰਮਜਾਨ, ਮੈਨੂੰ ਦਾਤਰੀ ਦੱਸ। ਮੈਂ ਥੱਬਾ ਪੱਠੇ ਵੱਡ ਦਿਆਂ ਬਲਦਾਂ ਵਾਸਤੇ। ਹੱਲ ਛੱਡ ਕੇ ਪਾ ਲਈਂ”

ਅਤੇ ਜਾਹਨਾਂ ਕਹਿੰਦਾ, “ਭਾਬੀ, ਜਾਂ ਤਾਂ ਘਰ ਜਾਹ ਜਾਂ ਛਾਵੇਂ ਝੱਟ ਅਰਾਮ ਕਰ ਲੈ। ਵੇਖ ਤੇਰਾ ਪੁੱਤਰ ਹੁਣ ਜਵਾਨ ਹੋ ਗਿਆ ਏ। ਉਹ ਦਿਨ ਗਏ ਜਦੋਂ ਤੈਨੂੰ ਕੰਮ ਕਰਨਾ ਪੈਂਦਾ ਸੀ ਅਤੇ ਭਾਬੀ ਹੁਣ ਵੀ ਜੇ ਤੂੰ ਕੰਮ ਈ ਕਰਨਾ ਏ ਤਾਂ ਮੈਂ ਬਹਿ ਰਹਿਨਾਂ।”

ਅਤੇ ਬਸ਼ੀਰਾਂ ਗੱਦ-ਗੱਦ ਹੋ ਸਾਗ ਪੱਤਰ ਤੋੜ ਪਿੰਡ ਨੂੰ ਤੁਰ ਪੈਂਦੀ।

ਜਾਹਨਾਂ ਹੁਣ ਕੰਮ ਵੀ ਦੋ ਬੰਦਿਆਂ ਜਿਨਾਂ ਕਰਦਾ ਸੀ। ਸਗੋਂ ਦੋ ਤੋਂ ਵੀ ਵੱਧ ਅਤੇ ਦੁੱਲੇ ਹੋਰੀਂ ਪਰਾਂ ਬੇਰੀ ਦੀ ਠੰਡੀ ਛਾਵੇਂ ਬੈਠੇ ਵੇਖ ਅੰਦਰ ਹੀ ਅੰਦਰ ਕੁੜੀ ਜਾਂਦੇ ਸਨ। ਮਿਹਨਤ ਦਾ ਫਲ ਪਹਿਲੀ ਹੀ ਛਮਾਹੀ ਘਰ ਭਰ ਗਿਆ ਅਤੇ ਖੇਤਾਂ ਨਾਲ ਖੇਤ ਦੁੱਲੇ ਹੋਰਾਂ ਦੇ ਤਿਮਾਹੀ ਜੋਗੇ ਦਾਣੇ ਵੀ ਨਾ ਹੋਏ ਇੱਕ ਛਮਾਹੀ ਨੂਠੇ ਨਾਲ ਨਾਲਾ ਖੜਕ ਗਿਆ। ਕੋਲੇ ਤਾਂ ਉਹ ਪਹਿਲਾਂ ਹੀ ਹੋਏ ਪਏ ਸਨ ਪਰ ਜਾਹਨੇ ਦੀ ਭਰਵੀਂ ਫਸਲ ਦੇਖ ਕੇ ਤਾਂ ਉਹ ਸਵਾਹ ਹੀ ਹੋ ਗਏ। ਉਹਨਾਂ ਮਨ ਬਣਾਇਆ ਕਿਵੇਂ ਨਾ ਕਿਵੇਂ ਜਾਹਨੇਂ ਨੂੰ ਪੱਟੀਏ। ਫਿਰ ਕੱਲੀ ਬਸ਼ੀਰੋ ਦਾ ਕੀ ਏ। ਕੋਈ ਉਂਝ ਖੜੀ ਕਰਾਂਗੇ। ਆਪੇ ਚੁੰਨੀ ਚੱਕ ਕੇ ਤੁਰ ਜਾਏਗੀ ਕਿਤੇ। ਫਿਰ ਸਾਰੇ ਸੋਲਾਂ ਕਿੱਲਿਆਂ ਉੱਤੇ ਆਪਣਾ ਹੀ ਹੱਲ ਚੱਲੇਗਾ।

ਫਿਰ ਇੱਕ ਦਿਨ ਕਾਦਰੀ ਨੇ ਜਾਹਨੇ ਨੂੰ ਵੱਟ ਤੇ ਖਲੋ ਕੇ ਕਿਹਾ, “ਵੇ ਦਿਉਰਾ, ਕਾਹਦੇ ਪਿੱਛੇ ਮਿੱਟੀ ਨਾਲ ਮਿੱਟੀ ਹੁੰਦਾ ਏਂ? ਇਸ ਰਾਂਡ ਨੇ ਤੇਰਾ ਕੁੱਝ ਨਹੀਂ ਬਣਾਉਣਾ। ਭਾਬੀ ਵਾਰੀ ਤੂੰ ਸਾਡੇ ਨਾਲ ਆ। ਦੋ ਦੋ ਭਰਜਾਈਆਂ ਸੇਵਾ ਕਰਨ ਨੂੰ। ਖਾਹ ਪੀ ਐਸ਼ ਕਰ। ਜੀਅ ਕਰੇ ਤਾਂ ਡੱਕਾ ਤੋੜੀਂ।”

ਪਰ ਜਾਹਨੇ ਨੇ ਵਿੱਚੋਂ ਹੀ ਟੋਕ ਲਈ, “ਮੈਂ ਭਾਬੀ, ਤੈਨੂੰ ਕਹਿਣਾ ਤਾਂ ਨਹੀਂ ਸੀ। ਪਰ ਆਖਣਾ ਪੈ ਰਿਹਾ ਏ। ਜਦੋਂ ਮੈਂ ਕਦੀ ਤੁਹਾਨੂੰ ਬੁਲਾਉਂਦਾ ਕਵਾਉਂਦਾ ਨਹੀਂ ਤਾਂ ਤੁਹਾਨੂੰ ਮੇਰਾ ਦਰਦ ਕਿਧਰੋਂ ਜਾਗ ਪਿਆ ਏ। ਦੂਜੇ ਭਾਬੀ ਬਾਰੇ ਜੋ ਕੋਈ ਮੰਦਾ ਚੰਗਾ ਬੋਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਜੇ।”

ਕਾਦਰੀ ਚੁੱਪ ਕਰਕੇ ਵੱਟੇ ਵੱਟ ਲੰਘ ਗਈ। ਗੱਲ ਜਾਹਨੇ ਦੀ ਸੀ ਵੀ ਠੀਕ। ਵੱਟ ਨਾਲ ਵੱਟ ਤੇ ਸਾਂਝਾ ਖੂਹ ਹੁੰਦਿਆਂ ਉਸ ਦੀ ਪੰਡ ਸੁਹਾਗਾ ਚੁੱਕਣ ਲੱਗਿਆਂ ਵਾਜ ਨਹੀਂ ਸੀ ਮਾਰੀ। ਕਾਦਰੀ ਨੇ ਤੀਰ ਤਾਂ ਚਲਾਇਆ ਸੀ ਪਰ ਨਿਸ਼ਾਨੇ ਤੋਂ ਫੇਲ ਹੋ ਜਾਣ ਨਾਲ ਉਹ ਹੀਣੀ ਜਿਹੀ ਹੋ ਗਈ। ਆਪਣੀ ਖਸਿਆਹਟ ਛੁਪਾਉਣ ਦੇ ਮਾਰੇ ਉਹ ਲੋਕਾਂ ਵਿੱਚ ਕਹਿੰਦੇ, “ਭਾਈ, ਫਸਲ ਤਾਂ ਖੇਤਾਂ ਦੇ ਸਿਰ ਤੇ ਹੀ ਹੋਣੀ ਸੀ। ਚੰਗੇ ਚੰਗੇ ਖੇਤ ਉਹਨਾਂ ਕੋਲ ਨੇ, ਮਾੜੇ ਸਾਡੇ ਕੋਲ।” ਹਾਲਾਂਕਿ ਸਾਰਾ ਪਿੰਡ ਇਹ ਜਾਣਦਾ ਸੀ ਕਿ ਖੇਤ ਸਾਰੇ ਇੱਕੋ ਜਿਹੇ ਸਨ ਤੇ ਟੱਕ ਵੀ ਉਹਨਾਂ ਮਨ-ਮਰਜ਼ੀ ਦਾ ਛਾਂਟਿਆ ਸੀ। ਲੋਕ ਇਹ ਵੀ ਜਾਣਦੇ ਸਨ ਕਿ ਰਮਜਾਨ ਤਾਂ ਦਿਨ ਰਾਤ ਟੁੱਟ ਟੁੱਟ ਮਰਦਾ ਏ। ਨਾ ਧੁੱਪ ਵੇਖੇ ਨਾਂ ਮੀਂਹ, ਪਾਲਾ ਨਾਂ ਗਰਮੀ ਪਰ ਦੁੱਲੇ ਹੋਰੀਂ ਤਾਂ ਅਸਲੋਂ ਹੀ ਹੱਡ ਹਰਾਮੀ ਹੋ ਗਏ ਸਨ। ਮਾੜਾ ਮੋਟਾ ਪੱਠਾ ਦੱਥਾ ਕੀਤਾ ਕਾਦਰੀ ਰੋਟੀ ਲੈ ਕੇ ਆਈ ਤਾਂ ਤਿੰਨੇ ਬੇਰੀ ਹੇਠ ਬੈਠ ਦਿਹਾੜੀ ਲੰਘਾ ਦਿੰਦੇ।

ਇੱਕ ਦਿਨ ਦੁਪਹਿਰ ਵੇਲੇ ਉਹ ਤਿੰਨੇ ਬੇਰੀ ਹੇਠਾਂ ਬੈਠੇ ਸਨ ਕਿ ਜਾਹਨੇ ਨੇ ਹੱਲ ਛੱਡ ਬਲਦਾਂ ਨੂੰ ਪੱਠੇ ਪਾ ਕਹੀ ਫੜੀ ਤੇ ਆਪਣੇ ਖੇਤ ਦੇ ਵਿਚਾਲੇ ਦੀ ਵੱਟ ਵੱਢਣ ਲੱਗਾ। ਦੁੱਲਾ ਤੇ ਸ਼ਦੀਕ ਦੋਵੇਂ ਉਠ ਕੇ ਉਹਦੇ ਕੋਲ ਆਏ, “ਜਾਹਨਿਆ, ਵੱਟ ਨਾ ਵੱਢੀ,” ਦੁੱਲੇ ਨੇ ਕੁਰੱਖਤ ਜਿਹੇ ਕਿਹਾ।

ਜਾਹਨੇ ਨੇ ਲੱਕ ਸਿੱਧਾ ਕੀਤਾ ਤੇ ਕਿਹਾ, ”ਦੋਹੀਂ ਪਾਸੀਂ ਖੇਤ ਮੇਰਾ। ਵੱਟ ਮੇਰੀ। ਵੱਟ ਮੈਂ ਆਪਣੀ ਵੱਢਦਾਂ ਹਾਂ। ਤੁਹਾਨੂੰ ਕੀ ਤਕਲੀਫ ਹੋਈ”

ਸ਼ਦੀਕ ਨੇ ਚਮਕ ਕੇ ਆਖਿਆ, “ਖੇਤ ਤੇਰੇ ਕਿਧਰੋਂ ਹੋ ਗਏ? ਅਸੀਂ ਪੱਕੀ ਵੰਡ ਕਰਾਣੀ ਏ ਪਟਵਾਰੀ ਨੂੰ ਬੁਲਾ ਕੇ।”

ਜਹਾਨੇ ਨੇ ਕਹੀ ਸੰਭਾਲਦਿਆਂ ਕਿਹਾ, “ਵੰਡ ਪਹਿਲਾਂ ਕਿਹੜਾ ਕੱਚੀ ਹੋਈ ਏ। ਟੱਕ ਤੁਸਾਂ ਆਪ ਮੱਲਿਆ, ਖੇਤਾਂ ਨਾਲ ਖੇਤ ਨੇ। ਵਾਹੀ ਜ਼ੋਰ ਤੇ ਮਿਹਨਤ ਮੰਗਦੀ ਏ। ਦਾਤੀਆਂ ਵਟਾਇਆਂ ਵਾਢੀ ਨਹੀਂ ਹੁੰਦੀ।” ਅਤੇ ਉਸ ਦੋ ਟੁੱਕ ਕਹੀ ਦੇ ਮਾਰੇ।

ਸ਼ਦੀਕ ਨੇ ਖਿੱਝ ਕੇ ਕਿਹਾ, “ਤੈਨੂੰ ਕਿਹਾ ਏ ਨਾਂ, ਵੱਟ ਨਾਂ ਵੱਢ। ਤੂੰ ਬੰਦੇ ਦੇ ਪੁੱਤਰਾਂ ਵਾਂਗ ਹੱਟਣਾ ਏ ਜਾਂ ਦੂਜੀ ਤਰ੍ਹਾਂ ਹਟਾਈਏ।”

ਜਾਹਨੇ ਨੇ ਇੱਕ ਟੱਕ ਹੋਰ ਮਾਰਿਆ ਤੇ ਕਿਹਾ, “ਜਾਉ, ਜਾਉ ਆਪਣਾ ਕੰਮ ਕਰੋ। ਬੇਰੀ ਉਡੀਕਦੀ ਜੇ।”

ਦੁੱਲੇ ਨੇ ਕਿਹਾ, “ਫਿਰ ਦੂਜਾ ਹੱਥ ਈ ਕਰੀਏ।”

ਤੇ ਸਦੀਕ ਨੇ ਹੁੱਲੀ ਕਰਕੇ ਕਹੀ ਨੂੰ ਹੱਥ ਜਾ ਪਾਇਆ। ਪਰ ਜਾਹਨੇ ਨੇ ਮਰੋੜਾ ਦੇ ਕੇ ਕਹੀ ਛੁਡਾ ਲਈ। ਮਤੇ ਕਿਸੇ ਦੇ ਲੱਗ ਜਾਏ। ਉਸ ਕਹੀ ਪਰਾਂ ਚਲਾ ਕੇ ਮਾਰੀ ਅਤੇ ਕਲਾਵਾ ਭਰਕੇ ਸ਼ਦੀਕ ਨੂੰ ਪਟਕਾ ਕੇ ਮਾਰਿਆ | ਐਨੇ ਨੂੰ ਦੁੱਲੇ ਨੇ ਪਿੱਛੋਂ ਜੱਫਾ ਆ ਮਾਰਿਆ ਪਰ ਜਾਹਨੇ ਨੇ ਹੱਥ ਉਤਾਂਹ ਕਰਕੇ ਅਤੇ ਨੀਵਾਂ ਹੋ ਖਿੱਚ ਕੇ ਅੱਗੇ ਸੁੱਟ ਲਿਆ। ਫਿਰ ਉਸਨੇ ਦੋਹਾਂ ਨੂੰ ਚੁੱਕ-ਚੁੱਕ ਮਾਰਿਆ। ਫਿਰ ਸ਼ਦੀਕ ਦੇ ਉੱਤੇ ਦੁੱਲੇ ਨੂੰ ਸੁੱਟ ਕੇ ਦੋਹਾਂ ਦੇ ਉੱਤੇ ਬੈਠ ਗਿਆ ਅਤੇ ਦੋਹਾਂ ਨੂੰ ਗੋਡਿਆਂ ਤੇ ਘਸੁੰਨਾਂ ਨਾਲ ਭੁੰਨ ਸੁੱਟਿਆ।

ਬੇਰੀ ਹੇਠੋਂ ਕਾਦਰੀ ਹਨੇਰੀ ਵਾਂਗ ਆਈ ਅਤੇ ਪਰ੍ਹਾਂ ਪਈ ਕਹੀ ਚੁੱਕੀ। “ਖੜੀ ਨਾਂ ਮੇਰੇ ਪਿਉ ਦਿਆ ਸਾਲਿਆ।” ਅਤੇ ਕਹੀ ਪੂਰੇ ਜੋਰ ਨਾਲ ਸਿਰੋਂ ਕੱਢ ਕੇ ਦੋਹਾਂ ਦੇ ਉੱਤੇ ਪਏ ਜਾਹਨੇ ਦੇ ਸਿਰ ਦਾ ਨਿਸ਼ਾਨਾ ਕੀਤਾ। ਪਰ ਜਾਹਨੇ ਨੇ ਬਿਜਲੀ ਦੀ ਤੇਜ਼ੀ ਵਾਂਗ ਉਛਲ ਕੇ ਲੱਤ ਮਾਰੀ। ਛਾਤੀ ਵਿੱਚ ਲੱਤ ਲੱਗੀ ਅਤੇ ਕਾਦਰੀ ਚੁਫਾਲ ਡਿੱਗ ਪਈ। “ਬੂ ਵੇ, ਬਚਾਉ। ਮੈਂ ਮਰ ਗਈ।”

ਫਿਰ ਦੋਹਾਂ ਤੇ ਪਏ ਜਾਹਨੇ ਨੇ ਛੇਤੀ ਨਾਲ ਬਾਂਹ ਲੰਬੀ ਕਰ ਲੱਤੋਂ ਫੜ ਖਿੱਚੀ ਤੇ ਦੋਹਾਂ ਦੇ ਉੱਤੇ ਸੁੱਟ ਦਿੱਤੀ। ਦੋ ਚਟਾਕੇ ਮਾਰੇ ਤੇ ਉਠ ਕੇ ਪਰ੍ਹਾਂ ਪਈ ਕਹੀ ਚੁੱਕੀ। ਕ੍ਰੋਧ ਨਾਲ ਉਹਦਾ ਸਰੀਰ ਬਲ ਉੱਠਿਆ। ਉਹਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। “ਵੱਢ ਦਿਆਂ ਤਿੰਨਾਂ ਨੂੰ ਇਕੋ ਟੱਕ ਤੇ ਵੱਢ ਦਿਆਂ ਫਸਤਾ।” ਤੇ ਉਸ ਪੂਰੇ ਜ਼ੋਰ ਨਾਲ ਕਹੀ ਸਿਰੋਂ ਉਪਰ ਕੱਢੀ।

ਪਰ ਐਨ ਉਸੇ ਵੇਲੇ ਉਹਦੀਆਂ ਬਾਹਵਾਂ ਨੂੰ ਹੱਥ ਪੈ ਗਿਆ।

“ਨਾ ਮਾਰੀ, ਜਾਹਨਿਆ ਵੇ। ਏਹ ਤੇਰੇ ਭਰਾ ਨੇ।” ਅਤੇ ਦੂਜੇ ਪਲ ਬਸ਼ੀਰਾਂ ਨੇ ਜਾਹਨੇ ਨੂੰ ਘੁੱਟ ਲਿਆ।

“ਹੱਟ ਜਾ ਭਾਬੀ, ਵੱਢ ਦੇਣ ਦੇ ਰੋਜ਼-ਰੋਜ਼ ਦਾ ਕਜੀਆ।” ਜਾਹਨਾਂ ਚੀਕਿਆ।

“ਤੈਨੂੰ ਮੇਰੇ ਸਿਰ ਦੀ ਸਹੁੰ ਜੇ ਇਹਨਾਂ ਤੇ ਹੱਥ ਚੁੱਕੇ। ਮੇਰਾ ਮਰੀ ਦਾ ਮੂੰਹ ਵੇਖੇ।” ਅਤੇ ਜਾਹਨੇ ਨੂੰ ਉਬਲਦਾ ਵੇਖ ਬਸ਼ੀਰਾਂ ਨੇ ਕਾਹੜ ਕਰਦੀ ਚਪੇੜ ਜਾਹਨੇ ਦੇ ਮੂੰਹ ਉੱਤੇ ਮਾਰੀ।

ਜਾਹਨੇ ਦਾ ਉਬਲਦਾ ਸਰੀਰ ਜੋਸ਼ ਦੱਬਣ ਨਾਲ ਝੂਠਾ ਜਿਹਾ ਹੋ ਗਿਆ। ਅੱਖਾਂ ਅੱਗੇ ਸਿਆਹੀ ਫਿਰ ਗਈ। ਉਬਾਲ ਵਿੱਚ-ਵਿੱਚ ਦੱਬਣ ਨਾਲ ਉਹਦਾ ਸਰੀਰ ਇਸ ਤਰ੍ਹਾਂ ਕੰਬਣ ਲੱਗ ਪਿਆ ਜਿਵੇਂ ਨਮੂਨੀਏਂ ਦੇ ਬੁਖਾਰ ਦਾ ਮਰੀਜ਼ ਹੋਵੇ। ਫਿਰ ਵੀ ਉਸਨੇ ਬਸ਼ੀਰਾਂ ਦੀਆਂ ਬਾਹਾਂ ਵਿਚੋਂ ਆਪਣਾ ਆਪ ਛੁਡਾਉਣ ਦਾ ਯਤਨ ਕੀਤਾ।

ਕਾਦਰੀ ਟੁੱਟੀ ਤੰਬਰੀ ਜਿਹੀ ਉੱਠੀ ਅਤੇ ਹੁੱਕਦੀ ਨੇ ਕਿਹਾ, “ਔਂਤਰੀ ਰਾਂਡ ਨੇ ਸਾਨ੍ਹ ਪਾਲਿਆ ਹੋਇਆ ਏ।”

‘ਚੰਦਰੀ' ਅਜੇ ਉਹਦੇ ਮੂੰਹ ਵਿਚੋਂ ਹੀ ਸੀ ਕਿ ਜਾਹਨੇ ਨੇ ਝਪਟ ਕੇ ਚੁੱਕੀ ਅਤੇ ਸਿਰੋਂ ਕੱਢ ਕੇ ਵਾਹਣ ਵਿਚ ਇਸ ਤਰ੍ਹਾਂ ਰੇੜ੍ਹ ਦਿੱਤੀ ਜਿਵੇਂ ਗੋਪੀਏ 'ਚੋਂ ਗਲੇਲਾ।

“ਖਬਰਦਾਰ ਜੇ ਭਾਬੀ ਬਾਰੇ ਕੋਈ ਗੱਲ ਕਹੀ।” ਉਸ ਪੈਰ ਗੱਡ ਕੇ ਖਲੋਤੇ ਨੇ ਕਿਹਾ।

ਦੂਜੇ ਪਲ ਬਸੀਰਾਂ ਫਿਰ ਜਾਹਨੇ ਦੇ ਅੱਗੇ ਹੋ ਗਈ ਤੇ ਚੀਕ ਕੇ ਕਿਹਾ, “ਜਾਹਨਿਆਂ, ਤੈਨੂੰ ਮੇਰੇ ਸਿਰ ਦੀ ਸਹੁੰ”

“ਹਾਂ ਹਾਂ ਭਾਬੀ, ਤੇਰੇ ਸਿਰ ਦੀ ਸਹੁੰ ਹੀ ਤਾਂ ਬਚਾ ਗਈ ਇਹਨਾਂ ਨੂੰ।” ਜਾਹਨੇ ਨੇ ਥੱਕ ਸੁੱਟ ਕੇ ਕਿਹਾ।

ਸ਼ਦੀਕ ਦੁਲੇ ਦੇ ਹੇਠੋਂ ਨਿਕਲਿਆ ਤੇ ਸਿੱਧਾ ਬੇਰੀ ਵੱਲ ਭੱਜਾ ਅਤੇ ਦੁੱਲਾ ਟੁੱਟਾ ਜਿਹਾ ਮਸਾਂ ਉੱਠਿਆ ਤੇ ਕਾਦਰੀ ਨੂੰ ਉਠਾਉਣ ਲੱਗ ਪਿਆ ਜਿਹੜੀ ਅਜੇ ਵੀ ਵਾਹਣ ਵਿੱਚ ਚੁਫਾਲ ਪਈ ਸੀ। ਨਾ ਕਾਦਰੀ ਅਤੇ ਨਾ ਦੁੱਲਾ ਮੂੰਹੋਂ ਕੁੱਝ ਬੋਲੇ ਅਤੇ ਦੋਵੇਂ ਲੱਤਾਂ ਹੁੰਦੇ ਬੇਰੀ ਵੱਲ ਤੁਰ ਪਏ। ਕਾਦਰੀ ਵਾਰ-ਵਾਰ ਸੀਨੇ ਤੇ ਹੱਥ ਧਰ ਰਹੀ ਸੀ। ਸ਼ਾਇਦ ਛਾਤੀ ਉੱਤੇ ਲੱਗੀ ਲੱਤ ਦੀ ਪੀੜ ਰੜਕਦੀ ਸੀ।

ਸ਼ਦੀਕ ਸੁੰਭ ਵਾਲੀ ਕਾਲੀ ਡਾਂਗ ਲੈ ਕੇ ਕਿੱਲਾ ਕੁ ਹਟਵਾਂ ਆ ਖਲੋਤਾ ਸੀ। “ਤੇਰੀ ਮਾਂ .... ਤੇਰੀ ਭੈਣ .... ਦੀ। ਹੁਣ ਆ ਜੇ ਮਰਦ ਦਾ ਪੁੱਤਰ ਏਂ। ਲਾ ਮੱਥਾ।” ਪਰ ਜਦ ਜਾਹਨੇ ਨੇ ਦੋ ਪੈਰ ਉਹਦੇ ਵੱਲ ਪੱਟੇ ਤਾਂ ਉਹ ਦਸ ਕਦਮ ਪਿੰਡ ਵੱਲ ਸਰਕ ਗਿਆ।

ਬਸ਼ੀਰਾਂ ਨੇ ਜਾਹਨੇ ਤੋਂ, ਮਿੱਟੀ ਝਾੜਦਿਆਂ ਕਿਹਾ, “ਹੌਂਸਲਾ ਕਰ, ਮੇਰਾ ਸ਼ੇਰ।”

ਪਰ ਜਾਹਨੇ ਦਾ ਕਹਿਣਾ ਸੀ ਕਿ “ਜੇ ਤੂੰ ਨਾਂ ਵਿੱਚ ਆਉਂਦੀ ਮੈਂ ਤਿੰਨਾਂ ਨੂੰ ਜੰਨਤ ਦੇ ਬੂਹੇ ਧੱਕ ਦੇਣਾ ਸੀ।”

ਬਸ਼ੀਰਾਂ ਨੇ ਉਹਦੇ ਮੂੰਹ ਅੱਗੇ ਹੱਥ ਰੱਖ ਲਿਆ, “ਨਾਂਹ-ਨਾਂਹ ਮੇਰਾ ਪੁੱਤਰ ਮਾੜੇ ਬੋਲ ਨਹੀਂ ਹੋਂ ਕੱਢੀਦੇ। ਆਖਰ ਤੇਰੇ ਭਰਾ ਨੇ। ਲੋਕ ਕੀ ਕਹਿਣਗੇ? ਹੌਂਸਲਾ ਈ ਚੰਗਾ ਹੁੰਦਾ ਏ।”

ਅਸਲ ਵਿਚ ਦੁੱਲੇ ਹੋਰਾਂ ਦਾ ਲੜਨ ਦਾ ਕੋਈ ਇਰਾਦਾ ਨਹੀਂ ਸੀ। ਉਹ ਤਾਂ ਆਏ ਸਨ ਡਰਾ ਧਮਕਾ ਕੇ ਉਹਨੂੰ ਨੇੜੇ ਲਾਉਣ ਲਈ ਅਤੇ ਬਸ਼ੀਰਾਂ ਨੂੰ ਕੱਲਿਆਂ ਕਰ ਇੱਥੋਂ ਖਦੇੜਨ ਦਾ ਮਨ ਬਣਾ ਕੇ। ਪਰ ਇੱਥੇ ਗੱਲ ਹੀ ਪੁੱਠੇ ਚੱਕਰ ਚਲ ਗਈ ਅਤੇ ਸਗੋਂ ਤਿੰਨਾਂ ਦੀ ਹੀ ਗਿੱਦੜ ਕੁੱਟ ਹੋ ਗਈ। ਉਹਨਾਂ ਨੂੰ ਇਸ ਗੱਲ ਦਾ ਕੋਈ ਚਿਤ ਚੇਤਾ ਵੀ ਨਹੀਂ ਸੀ ਕਿ ਜਾਹਨਾ ਐਨਾਂ ਬਾਲੇ ਹੋਵੇਗਾ। ਇਹ ਤੀਰ ਵੀ ਫੇਲ੍ਹ ਹੋਇਆ। ਸਗੋਂ ਉਹਨਾਂ ਉੱਤੇ ਐਨਾ ਛੱਪਾ ਪਿਆ ਕਿ ਵੱਟ ਲਾ ਕੇ ਲੰਘਣ ਲੱਗ ਪਏ। ਜਾਹਨਾ ਵੱਟੇ-ਵੱਟ ਆਉਂਦਾ ਹੋਵੇ ਤਾਂ ਉਹ ਵੱਟ ਵਲਾ ਜਾਂਦੇ। ਕਾਦਰੀ ਤਾਂ ਦੋ ਤਿੰਨ ਖੇਤ ਪਰਿਉਂ ਹੀ ਰਾਹ ਵਲਾ ਜਾਂਦੀ ਕਿਉਂਕਿ ਜਾਹਨੇ ਨੂੰ ਵੇਖਦਿਆਂ ਹੀ ਉਹਦੀ ਛਾਤੀ ਚਸਕਣ ਲੱਗ ਪੈਂਦੀ। ਐਨਾ ਹੋਣ ਤੋਂ ਬਾਦ ਵੀ ਬਦ ਵਿਉਂਤਾਂ ਉਹ ਫਿਰ ਵੀ ਬਣਾਈ ਜਾਂਦੇ। ਜਾਹਨੇ ਵਾਸਤੇ ਰਿਸ਼ਤੇ ਕਈ ਆਉਂਦੇ ਪਰ ਜਿਹੜਾ ਵੀ ਆਉਂਦਾ ਵੱਡੇ ਭਰਾ ਹੋਣ ਦੇ ਨਾਤੇ ਉਹਨਾਂ ਕੋਲ ਜ਼ਰੂਰ ਜਾਂਦਾ। ਉਹ ਆਉਣ ਵਾਲੇ ਨੂੰ ਇਹ ਆਖ ਕੇ ਮੋੜ ਦਿੰਦੇ, “ਭਾਈ ਰਿਸ਼ਤਾ ਤਾਂ ਲੈ ਲੈਂਦੇ ਪਰ ਮੁੰਡਾ ਤਾਂ ਵੱਡੀ ਭਾਬੀ ਨੇ ਉਂਗਲੀ ਚਾੜ੍ਹਿਆ ਹੋਇਆ ਏ। ਉਹ ਤਾਂ ਉਸੇ ਨਾਲ ਹੀ ਚਾਦਰ ਪਾਉਣ ਨੂੰ ਫਿਰਦਾ ਏ। ਅਤੇ ਆਉਣ ਵਾਲਾ ਬਿਨਾਂ ਦੂਜੀ ਗੱਲ ਕੀਤੇ ਮੁੜ ਜਾਂਦਾ। ਇਹ ਉਹਨਾਂ ਦੀ ਲੰਬੀ ਡੂੰਘੀ ਚਾਲ ਸੀ। ਚਲੋ ਉਂਝ ਨਹੀਂ ਤਾਂ ਇੰਝ ਸਹੀ। ਲੋਕਾਂ ਦੀ ਦੰਦ ਕਥਾ ਬਣੀ ਤਾਂ ਦੋਵੇਂ ਨੇੜੇ ਲੱਗਣਗੇ। ਬਾਲ-ਬੱਚਾ ਕੋਈ ਹੋਣਾ ਨਹੀਂ। ਦੋਵੇਂ ਔਂਤਰ ਜਾਣਗੇ। ਫਿਰ ਹੱਕੀ ਤਾਂ ਅਸੀਂ ਹੀ ਹਾਂ।

ਫਿਰ ਅਗਲੀ ਛਮਾਹੀ ਸ਼ਦੀਕ ਦਾ ਮੁਕਲਾਵਾ ਮਿਲ ਗਿਆ। ਨਰਮ ਜਿਹੀ ਦੁਪਹਿਰੇ ਜਾਹਨਾਂ ਵੱਟ ਤੇ ਬੈਠਾ ਕਹੀ ਦੀ ਫਾਲ੍ਹ ਠੋਕ ਰਿਹਾ ਸੀ ਕਿ ਅੱਗੇ ਕਾਦਰੀ ਅਤੇ ਪਿੱਛੇ ਨਵੀਂ ਮੁਕਲਾਵੇ ਆਈ ਸ਼ਦੀਕ ਦੀ ਘਰਵਾਲੀ ਨੂਰੀ ਦੋਵੇਂ ਵੱਟੇ-ਵੱਟ ਰੋਟੀ ਲਈ ਆਉਂਦੀਆਂ ਦਿਸੀਆਂ। ਜਾਹਨੇ ਦਾ ਖਿਆਲ ਸੀ ਕਿ ਪਰਲੀ ਵੱਟ ਮੁੜ ਜਾਣਗੀਆਂ। ਪਰ ਕਾਦਰੀ ਸਿੱਧੀ ਵੱਟ ਹੀ ਤੁਰੀ ਆਈ ਅਤੇ ਜਦੋਂ ਉਹ ਨੇੜੇ ਆ ਗਈਆਂ ਤਾਂ ਜਾਹਨਾਂ ਡੰਡੀ ਖਾਲੀ ਛੱਡ ਖੇਤ ਵਿੱਚ ਹੋ ਗਿਆ।

ਗਿੱਦੜ ਕੁੱਟ ਹੋਣ ਤੋਂ ਮਗਰੋਂ ਇਹ ਪਹਿਲਾ ਦਿਨ ਸੀ ਜਦ ਕਾਦਰੀ ਏਸ ਵੱਟੇ ਉਹਦੇ ਨੇੜਿਉਂ ਦੀ ਲੰਮੀ। ਸ਼ਾਇਦ ਨੂਰੀ ਦੇ ਆਸਰੇ ਜਾਂ ਨੂਰੀ ਦੇ ਨਾਲ ਹੋਣ ਕਰਕੇ। ਕੋਲੋਂ ਲੰਘਣ ਲੱਗਿਆਂ ਨੂਰੀ ਨੇ ਓਪਰੀ ਨਜ਼ਰ ਜਾਹਨੇ ਵੱਲ ਵੇਖਿਆ ਪਰ ਉਹ ਆਪਣੇ ਖਿਆਲ ਕਹੀ ਵਾਹ ਰਿਹਾ ਸੀ। ਫਿਰ ਕਾਦਰੀ ਨੇ ਵੱਟੇ ਵੱਟ ਫਿਰਕੇ ਨੂਰੀ ਨੂੰ ਖੇਤਾਂ ਤੋਂ ਜਾਣੂ ਕਰਵਾਇਆ।

ਉਸ ਤੋਂ ਅਗਲੇ ਦਿਨ ਉਹ ਵੱਟ ਦੇ ਨੇੜੇ ਪੱਠੇ ਵੱਢ ਰਿਹਾ ਸੀ ਕਿ ਨੂਰੀ ਰੋਟੀ ਲੈ ਕੇ ਉਹਦੇ ਕੋਲੋਂ ਲੰਘਦੀ ਖਲੋ ਗਈ। ਭਰਵੀਂ ਨਜ਼ਰ ਉਸ ਵੱਲ ਵੇਖਿਆ, ਹੌਕਾ ਭਰਿਆ ਅਤੇ ਅੱਗੇ ਤੁਰ ਪਈ। ਜਾਹਨੇ ਨੇ ਪਿੱਠ ਭੁਆ ਕੇ ਜਾਂਦੀ ਨੂੰ ਵੇਖਿਆ। ਉਹਦੇ ਦਿਲ ਨੂੰ ਵੀ ਧੱਕਾ ਜਿਹਾ ਲੱਗਾ। ਕਿੱਥੇ ਕਾਦਰੀ ਦੀ ਮੱਦ ਮਹਿਕ ਵਿੱਚ ਡੁੱਬਕੇ ਅਮਲੀ ਹੋਇਆ ਸ਼ਦੀਕ ਅਤੇ ਕਿੱਥੇ ਨੂਰੋ-ਨੂਰ ਦੀ ਖਾਣ ਨੂਰੀ। ਸੋਲਾਂ ਸਤਾਰਾਂ ਸਾਲ ਦੀ, ਗੋਲ ਮਟੋਲ ਕਤਾਬੀ ਮੁਖੜਾ, ਸੰਧੂਰੀ ਸੇਬ ਵਾਂਗ ਭਖਦੀਆਂ ਗੱਲਾਂ, ਗੋਲੇ ਕਬੂਤਰ ਵਰਗੀ ਭੋਲੀ ਭਾਲੀ ਮੁਟਿਆਰ। ਉਹਦੇ ਦਿਸਦੇ ਅੰਗ ਪੁੰਨਿਆ ਦੇ ਚੰਦ ਵਾਂਗ ਚਮਕ ਰਹੇ ਸਨ।

ਫਿਰ ਇਹ ਅਮਲ ਨੂਰੀ ਦਾ ਨਿੱਤ ਦਿਨ ਹੋ ਗਿਆ। ਨੂਰੀ ਆਉਂਦੀ। ਕੰਮ ਕਰਦੇ ਜਾਹਨੇ ਦੇ ਬਾਰਬਰ ਖਲੋਂਦੀ। ਭਰਵੀਂ ਨਜ਼ਰ ਵੇਖਦੀ। ਹੌਕਾ ਭਰਦੀ ਅਤੇ ਤੁਰ ਪੈਂਦੀ। ਨੂਰੀ ਦੀਆਂ ਝੀਲ ਵਾਂਗ ਨੀਲੀਆਂ ਅੱਖਾਂ ਵਿੱਚ ਜਿਵੇਂ ਜਾਹਨਾਂ ਸਮਾ ਗਿਆ ਹੋਵੇ। ਪਰ ਸ਼ਾਇਦ ਉਸਨੂੰ ਬੁਲਾਉਣ ਦਾ ਹੀਆ ਨਾ ਪੈਂਦਾ ਹੋਵੇ। ਉਹ ਦੂਰ ਬੈਠੀ ਵੀ ਹੱਡ ਭੰਨ ਕੰਮ ਕਰਦੇ ਜਾਹਨੇ ਵੱਲ ਵੇਖਦੀ ਰਹਿੰਦੀ ਅਤੇ ਕਿਸੇ ਪਾਸੇ ਵੀ ਜਾਣਾ ਹੋਵੇ ਉਹ ਵਲ ਪਾ ਕੇ ਵੀ ਜਾਹਨੇ ਦੇ ਨੇੜਿਓਂ ਲੰਘਦੀ। ਘਰ ਵਿੱਚ ਜਾਹਨੇ ਬਾਰੇ ਸਦਾ ਚਰਚਾ ਤੇ ਮੰਦੇ ਚਕਰ ਉਲੀਕੇ ਜਾਂਦੇ। ਪਰ ਨੂਰੀ ਤੇ ਖਿੱਝ ਹਾਵੀ ਹੋਈ ਜਾਂਦੀ।

ਇੱਕ ਰਾਤ ਦੁੱਲਾ ਕਾਦਰੀ ਅਤੇ ਸ਼ਦੀਕ ਆਪੇ ਵਿੱਚ ਸਲਾਹ ਕਰਦੇ ਉਸ ਸੁਣੇ। ਜਦ ਦੁੱਲੇ ਨੇ ਸ਼ਦੀਕ ਨੂੰ ਕਿਹਾ, “ਉਏ ਸ਼ਦੀਕ, ਅਸੀਂ ਤਾਂ ਕਮਲਿਆ ਜਿਉਂਦੇ ਹੀ ਮਰ ਗਏ। ਭਲਾ, ਕੱਲਾ ਮੁੰਡਾ ਨਹੀਂ ਸਾਥੋਂ ਲਿਆ ਜਾਂਦਾ?

ਸ਼ਦੀਕ ਦਾ ਕਹਿਣਾ ਸੀ ਕਿ "ਭਲੋਕੇ, ਗਲ ਪੈ ਕੇ, ਬਦਨਾਮ ਕਰਕੇ ਤਾਂ ਵੇਖ ਲਿਆ। ਹੁਣ ਕੋਈ ਹੋਰ ਚਾਰਾ ਕਰੀਏ।

ਦੁੱਲੇ ਨੇ ਕਿਹਾ, “ਮੈਂ ਦਸਦਾਂ। ਬਸ਼ੀਰੋ ਗਈ ਐ ਪੇਕਿਆਂ ਨੂੰ। ਜਾਹਨਾ ਕੱਲਾ ਐ। ਮੂੰਹ ਬੰਨ੍ਹ ਪਿੱਠ ਪਿੱਛੋਂ ਵਾਰ ਕਰੀਏ। ਮਾਰੀਏ ਨਾ ਪਰ ਆਝਾ ਕਰ ਬੇਹੋਸ਼ ਹੋਏ ਨੂੰ ਘਰ ਲੈ ਆਈਏ ਅਤੇ ਆਪੇ ਸਾਂਭ ਕੇ ਨੇੜੇ ਲਾ ਲਵਾਂਗੇ।”

ਦੋਹਾਂ ਸਲਾਹ ਬਣਾ ਲਈ ਕਿ ਖੂਹ ਦੇ ਰਾਹ ਵਿਚ ਜਿੱਥੇ ਸੂਏ ਦਾ ਖਾਲ੍ਹ ਏ, ਸੁੰਨੀ ਥਾਂ ਤੇ ਦੋਹੀਂ ਪਾਸੀਂ ਝਾੜ ਨੇ, ਛੁੱਪ ਕੇ ਬੈਠ ਜਾਈਏ ਅਤੇ ਜਦ ਜਾਹਨਾਂ ਪੱਠਿਆਂ ਦੀ ਪੰਡ ਜਾਂ ਤੂੜੀ ਦੀ ਪੰਡ ਚੁੱਕੀ ਘਰ ਨੂੰ ਆਉਂਦਾ ਹੋਵੇ ਪਿੱਛੇ ਹੋ ਨਰਾਂ ਕੁੱਟ ਦਈਏ। ਬੇਹੋਸ਼ ਪਏ ਨੂੰ ਛੱਡ ਘਰ ਆ ਜਾਈਏ। ਜਦ ਲੋਕ ਰੌਲਾ ਪਾਉਣ ਤਾਂ ਚੁੱਕ ਲਿਆਵਾਂਗੇ। ਕੌਣ ਮਾਰ ਗਿਆ? ਕਿਹਨੂੰ ਪਤਾ?

ਚੌਂਕੇ ਵਿੱਚ ਬੈਠੀ ਨੂਰੀ ਨੇ ਵੀ ਸਾਰਾ ਪਲਾਨ ਸੁਣ ਲਿਆ ਅਤੇ ਉਹਨੂੰ ਕਾਂਬਾ ਛਿੜ ਗਿਆ ਪਰ ਉਹ ਆਖ ਕੁੱਝ ਨਾ ਸਕੀ। ਪਰ ਸਾਰੀ ਰਾਤ ਉਹਦੀ ਸੋਚਾਂ ਸੋਚਦਿਆਂ ਲੰਘੀ। ਜਦੋਂ ਉਹ ਦੁਪਹਿਰ ਰੋਟੀ ਲੈ ਕੇ ਖੇਤ ਨੂੰ ਗਈ ਤਾਂ ਰਾਹ ਵਿੱਚ ਖਾਲ੍ਹ ਕੋਲ ਦੋਹੀਂ ਪਾਸੀਂ ਦੁੱਲਾ ਅਤੇ ਸ਼ਦੀਕ ਲੁਕੇ ਬੈਠੇ ਸਨ। ਉਹਨਾਂ ਇਸ਼ਾਰਾ ਕੀਤਾ ਕਿ ਰੋਟੀ ਲੈ ਕੇ ਪਿਛਾਂਹ ਘਰ ਨੂੰ ਮੁੜ ਜਾਵੇ। ਪਰ ਉਹ ਬਿਨਾਂ ਉਹਨਾਂ ਵੱਲ ਵੇਖੇ ਸਿੱਧੀ ਖੇਤ ਨੂੰ ਲੰਘ ਗਈ।

ਦੋਹਾਂ ਸੋਚਿਆ ਇਹ ਵੀ ਚੰਗਾ ਹੋਇਆ। ਕੁੱਟ ਕੇ ਖੇਤ ਨੂੰ ਲੰਘ ਜਾਵਾਂਗੇ। ਉੱਥੇ ਨੂਰੀ ਦੇ ਹੁੰਦਿਆਂ ਸਾਡੇ ਉੱਤੇ ਸ਼ੱਕ ਵੀ ਕੋਈ ਨਹੀਂ ਕਰੇਗਾ। ਖੂਹ ਨਾਲ ਲਗਵੇਂ ਦੋ ਕਿੱਲੇ ਕਮਾਦ ਸੀ ਜਿਹਦੀ ਓਟ ਵਿੱਚ ਜਾਹਨਾਂ ਪੈਲੀ ਵਾਹ ਰਿਹਾ ਸੀ।

ਉਹ ਰੋਟੀ ਰੱਖ ਹੱਲ ਕੋਲ ਚਲੀ ਗਈ ਅਤੇ ਝਿਜਕ ਤੋੜਦਿਆਂ ਕਿਹਾ, "ਰਮਜਾਨ, ਮੈਨੂੰ ਐਨਾ ਚਿਰ ਹੋਇਆ ਆਈ ਨੂੰ। ਮੈਂ ਰੋਜ਼ ਤੇਰੇ ਕੋਲ ਖਲੋਂਦੀ ਆਂ ਅਤੇ ਤਾਂਘਦੀ ਆਂ ਕਿ ਤੂੰ ਮੈਨੂੰ ਬੁਲਾਵੇਂ ਪਰ ਤੂੰ ਸਿਰ ਨਹੀਂ ਚੁੱਕਦਾ। ਤੇਰਾ ਕੋਈ ਗੁੱਸਾ ਹੋਣਾ ਏ ਉਹਨਾਂ ਨਾਲ। ਮੇਰੇ ਨਾਲ ਕਾਹਦਾ?”

ਜਾਹਨੇ ਨੇ ਬਲਦਾਂ ਦੇ, ਰੱਸੇ ਖਿੱਚੇ ਤੇ ਹਲ ਥੰਮਿਆਂ।

“ਨਹੀਂ ਭਾਬੀ, ਨਹੀਂ, ਉਹਨਾਂ ਨਾਲ ਵੀ ਗੁੱਸਾ ਗਿਲਾ ਕਾਹਦਾ ਏ। ਉਹ ਆਪਣੇ ਘਰ ਖੇਤ ਤੇ ਮੈਂ ਆਪਣੇ ਘਰ। ਉਹ ਹੀ ਕਰਤੂਤਾਂ ਤੋਂ ਬਾਝ ਨਹੀਂ ਆਉਂਦੇ। ਰਹੀ ਤੇਰੀ ਗੱਲ। ਭਾਬੀ, ਤੇਰੀ ਮੇਰੀ ਵਾਕਫੀ ਨਹੀਂ। ਡਰਦਾ ਕਿਤੇ ਮਰਵਾ ਈ ਨਾ ਦੇਈਂ।”

ਨੂਰੀ ਰੋਣ ਹਾਕੀ ਹੋ ਗਈ ਤੇ ਕਿਹਾ, “ਮੈਂ ਕੀ ਆਂ? ਤੈਨੂੰ ਫਿਰ ਦੱਸਾਂਗੀ ਪਰ ਪਿੰਡ ਨੂੰ ਜਾਂਦਾ ਖਾਲ ਕੋਲੋਂ ਵਲਾ ਕੇ ਜਾਂਈਂ।”

“ਕਿਉਂ?

“ਦੋਵੇਂ ਮਰਦੂਦ ਸੋਟੇ ਲਈ ਲੁਕੇ ਬੈਠੇ ਨੇ। ਲੁਕ ਕੇ ਵਾਰ ਕਰਨਗੇ ਪਿੱਠ ਪਿੱਛੋਂ।”

ਜਾਹਨੇ ਨੇ ਬਲਦ ਪੰਜਾਲੀਉਂ ਕੱਢ ਛਾਵੇਂ ਬੰਨੇ ਤੇ ਕਿਹਾ, “ਲੈ ਭਾਬੀ, ਕਿਤੇ ਬੈਠੇ ਥੱਕ ਈ ਨਾ ਜਾਣ ਅਤੇ ਇਧਰ ਤੂੰ ਉਡੀਕਦੀ ਰਵੇਂ ਰੋਟੀਆਂ ਲੈ ਕੇ।”

ਨੂਰਾਂ ਨੇ ਦਿਲ ਅੱਖਾਂ ਵਿੱਚ ਭਰਕੇ ਤਰਲਾ ਮਾਰਿਆ। “ਨਾ ਜਾਹਨਿਆ, ਉਧਰ ਦੀ ਨਾ ਲੰਘੀ। ਦੋਵੇਂ ਮਲੰਗ ਬੁਰੀ ਧਾਰੀ ਬੈਠੇ ਨੇ।”

ਪਰ ਜਾਹਨੇ ਨੇ ਤੰਗੜ ਵਿੱਚ ਪਾਈ ਤੂੜੀ ਦੀ ਪੰਡ ਚੁੱਕੀ ਤੇ ਵੱਟ ਪੈ ਗਿਆ।

ਨੂਰੀ ਦਿਲ ਹੀ ਦਿਲ ਰੋ ਪਈ। ਮੈਂ ਪਾਪਣ ਕੀ ਕੀਤਾ। ਉਹ ਸਿੱਧੀ ਵੱਟ ਤੇ ਆ ਗਈ। ਉਹਨੂੰ ਹੌਲ ਪੈ ਰਹੇ ਸਨ। ਉਹਦਾ ਦਿਲ ਕੀਤਾ ਚੀਕ ਮਾਰਾਂ ਅਤੇ ਅੱਗੇ ਹੋ ਰਮਜਾਨ ਨੂੰ ਰੋਕ ਲਵਾਂ। ਪਰ ਬੇਵੱਸ ਕੁਝ ਨਾ ਕਰ ਸਕੀ ਸਿਵਾਏ ਉਹਨੂੰ ਭਿੱਜੀਆਂ ਅੱਖਾਂ ਤੇ ਹੌਲਦੇ ਦਿਲ ਨਾਲ ਜਾਂਦਾ ਵੇਖਣ ਦੇ। ਉਸ ਵੇਖਿਆ ਜਾਹਨੇ ਨੇ ਐਨ ਖਾਲ ਕੋਲ ਜਾ ਕੇ ਪੰਡ ਸਿਰੋਂ ਲਾਹ ਦਿੱਤੀ ਜਿੱਥੇ ਦੋਹੀਂ ਪਾਸੀਂ ਦੁੱਲਾ ਤੇ ਸ਼ਦੀਕ ਲੁਕੇ ਹੋਏ ਸਨ। ਇੱਕ, ਇੱਕ ਪਾਸੇ ਅਤੇ ਦੂਜਾ, ਦੂਜੇ ਪਾਸੇ। ਉਹਨਾਂ ਸੋਟੇ ਥਾਂ ਹੀ ਛੱਡ ਦਿੱਤੇ ਅਤੇ ਦੋਵੇਂ ਦੋਹਾਂ ਪਾਸਿਆਂ ਤੋਂ ਇਸ ਤਰ੍ਹਾਂ ਨਿਕਲ ਖੂਹ ਨੂੰ ਤੁਰ ਪਏ ਜਿਵੇਂ ਜੰਗਲ ਪਾਣੀ ਜਾਂ ਪਿਸ਼ਾਬ ਬੈਠੇ ਹੋਣ ਅਤੇ ਖੁਹ ਤੱਕ ਜਾਂਦਿਆਂ ਉਹਨਾਂ ਇੱਕ ਵਾਰ ਵੀ ਪਿਛਾਂਹ ਮੁੜਕੇ ਨਾ ਵੇਖਿਆ। ਪਰ ਨੂਰੀ ਨੇ ਵੇਖਿਆ ਜਹਾਨੇ ਨੇ ਦੋਹਾਂ ਪਾਸਿਆਂ ਤੋਂ ਸੋਟੇ ਚੱਕੇ ਤੇ ਅਰਾਮ ਨਾਲ ਪੰਡ ਚੱਕ ਪਿੰਡ ਨੂੰ ਤੁਰ ਗਿਆ। ਨੂਰੀ ਦਾ ਸਾਹ ਵਿੱਚ ਸਾਹ ਤਾਂ ਆਉਣਾ ਹੀ ਸੀ। ਓਹ ਦਿਲੋਂ ਖੁਸ਼ੀ ਨਾਲ ਫੁੱਲ ਵਾਂਗ ਖਿੜ ਗਈ।

ਦੁੱਲਾ ਅਤੇ ਸ਼ਦੀਕ ਰੋਟੀ ਖਾਂਦੇ ਵੀ ਪਲਿਤਨ ਵੱਸ ਸਨ ਅਤੇ ਆਪੋ ਵਿੱਚ ਵੀ ਅੱਖ ਨਹੀਂ ਸਨ ਮਿਲਾ ਰਹੇ। ਰਾਤੀਂ ਜਦ ਕਾਦਰਾ ਦਿੱਤਾ “ਕੁੱਟਣ ਗਏ ਸੋਟੇ ਵੀ ਖੁਹਾ ਆਏ ਓ।”

ਤਾਂ ਦੋਹਾਂ ਨੇ ਖੱਸਿਆ ਕੇ ਕਿਹਾ, “ਕਰਦੇ ਕੀ ਉਸ ਸਾਨੂੰ ਪਿੱਠ ਈ ਨਹੀਂ ਦਿੱਤੀ ਸਗੋਂ ਪੰਡ ਸਾਡੇ ਵਿਚਾਲੇ ਆ ਸੁੱਟੀ। ਇੰਝ ਸੀ ਜਿਵੇਂ ਕਿਤੇ ਉਹਨੂੰ ਸੂਹ ਮਿਲ ਗਈ ਹੋਵੇ।”

ਪਰ ਖਿਝੀ ਜਿਹੀ ਕਾਦਰੀ ਨੇ ਆਖਿਆ, “ਤੁਹਾਥੋਂ ਨਹੀਂ ਇਹ ਸਾਨ੍ਹ ਵਲਿਆ ਜਾਣਾ। ਤੁਸੀਂ ਦਮ ਰੱਖੋ ਤੇ ਸਾਨੂੰ ਛੁੱਟੀ ਦਿਉ।”

ਫਿਰ ਉਹ ਅੰਦਰੋਂ ਬਾਹਰ ਆਈ ਅਤੇ ਚੌਂਕੇ ਵਿੱਚ ਬੈਠੀ ਨੂਰੀ ਨੂੰ ਕਿਹਾ, “ਨੀ ਨੂਰੋ, ਤੇਰੇ ਭਾਵੇਂ ਹੱਥ ਚੜ੍ਹ ਜਾਏ। ਰੱਬ ਨੇ ਰੂਪ ਦੀ ਤੇਰੇ ਤੇ ਰਹਿਮਤ ਕੀਤੀ ਤੇ ਏ। ਮਾਰ ਰੂਪ ਦਾ ਤੀਰ ਤੇ ਪੱਟ ਲੈ। ਤੈਨੂੰ ਖੁੱਲ੍ਹੀ ਛੁੱਟੀ ਏ। ਨਾਲੇ ਕਾਮਾ ਨਾਲੇ ਜ਼ਮੀਨ। ਨਾਲੇ ਕਿਹੜਾ ਕਥਾਉਂ ਏ। ਛੋਟਾ ਦਿਉਰ ਹੀ ਲਗਦਾ ਏ।”

ਨੂਰੀ ਦੇ ਮਨ ਹੀ ਮਨ ਲੱਡੂ ਤਾਂ ਫੁੱਟੇ ਪਰ ਉੱਤੋਂ ਕਿਹਾ, “ਆਹੋ ਭੈਣਾਂ ਕਲ੍ਹ ਨੂੰ ਤੁਸਾਂ ਈ ਗੱਲਾਂ ਬਣਾਉਂਣੀਆਂ ਨੇ।”

“ਨੀ ਗੱਲਾਂ ਕਾਹਦੀਆਂ? ਕੋਈ ਬਿਗਾਨਾ ਏ। ਮੈਂ ਤੇਰੇ ਆਉਣ ਤੱਕ ਸ਼ਦੀਕ ਨਾਂ ਸਾਂਭਦੀ ਇਹ ਕਿੱਥੇ ਹੁੰਦਾ, ਜਰਾ ਸੋਚ।” ਕਾਦਰੀ ਖੁਲ੍ਹ ਕੇ ਗੱਲ ਕਹਿ ਗਈ।

ਫਿਰ ਇੱਕ ਦਿਨ ਜਾਹਨੇ ਦਾ ਖੂਹ ਚਲਦਾ ਸੀ ਤੇ ਪਾਣੀ ਸੀ ਕਮਾਦ ਨੂੰ। ਉਹ ਕਿਆਰਾ ਵੇਖਣ ਕਮਾਦ ਵਿੱਚ ਵੜਿਆ। ਆਸੇ ਪਾਸੇ ਵੇਖ ਨੂਰੀ ਵੀ ਮਗਰ ਚਲੀ ਗਈ। ਕਿਆਰਾ ਵੇਖ ਉਹ ਪਿੱਛੇ ਮੁੜਨ ਲੱਗਾ ਤਾਂ ਅੱਗੇ ਨੂਰੀ ਖਲੋਤੀ ਸੀ। ਉਹਦਾ ਸਰੀਰ ਕੰਬ ਗਿਆ। ਅੱਜ ਫੇਰ ਕੋਈ ਕਰਤੂਤ। ਪਰ ਨੂਰੀ ਤਾਂ ਅਡੋਲ ਖਲੋਤੀ ਸੀ ਅਤੇ ਵੇਗਮਈ ਸੁੰਦਰ ਅੱਖਾਂ ਉਸ ਉੱਤੇ ਲੱਗੀਆਂ ਹੋਈਆਂ ਸਨ।

“ਭਾਬੀ, ਤੈਨੂੰ ਕਮਾਦ ਵਿੱਚ ਮੇਰੇ ਮਗਰ ਨਹੀਂ ਸੀ ਆਉਣਾ ਚਾਹੀਦਾ।”

ਨੂਰੀ ਦੇ ਮੱਥੇ ਤੇ ਪਾਣੀ ਦੇ ਤੁਪਕੇ ਸਿਮ ਆਏ ਸਨ ਅਤੇ ਹੋਂਠ ਫਰਕ ਰਹੇ ਸਨ।

“ਮੇਰੇ ਚੰਨਾਂ, ਮੈਨੂੰ ਭਾਬੀ ਨਾ ਆਖ। ਮੇਰਾ ਨਾਂ ਨੂਰੀ ਏ।”

ਜਾਹਨੇ ਨੇ ਫਿਰ ਕਿਹਾ, “ਕੋਈ ਵੇਖੇਗਾ ਤਾਂ ਕੀ ਆਖੇਗਾ?”

ਨੂਰੀ ਨੇ ਵੇਗਮਈ ਹੋ ਕੇ ਕਿਹਾ, “ਮੈਂ ਨਹੀਂ ਡਰਦੀ।”

ਜਾਹਨੇ ਨੇ ਫਿਰ ਕਿਹਾ, “ਅੱਜ ਫਿਰ ਕੋਈ ਨਵੀਂ ਚਾਲ ਚੱਲਣ ਲੱਗੇ ਨੇ?”

ਨੂਰੀ ਨੇ ਸਾਹ ਰਗ ਤੇ ਚੂੰਡੀ ਵੱਡੀ ਤੇ ਕਿਹਾ, “ਮੈਨੂੰ ਕਸਮ ਏ ਜਵਾਨੀ ਦੀ ਜੇ ਝੂਠ ਬੋਲਾਂ। ਘੱਲਿਆ ਤਾਂ ਮੈਨੂੰ ਤੇਰੇ ਉੱਤੇ ਰੂਪ ਜਾਲ, ਕਾਮ ਜਾਲ ਸੁੱਟਣ ਅਤੇ ਤੈਨੂੰ ਫਸਾਣ ਲਈ ਸੀ ਪਰ ਮੈਂ ਆਪ ਤੇਰੇ ਜਾਲ ਵਿੱਚ ਫਸ ਗਈ ਆਂ। ਤੇਰੇ ਉੱਤੇ ਮਰ ਮਿਟੀ ਆਂ।”

ਅਤੇ ਪਿਆਰ ਵੇਗ ਵਿਚ ਆਈ ਨੂਰੀ ਜਾਹਨੇ ਵੱਲ ਉੱਲਰੀ ਤੇ ਜਾਹਨੇ ਨੇ ਬਾਹਾਂ ਵਿੱਚ ਸੰਭਾਲ ਲਈ ਤੇ ਦੋਹਾਂ ਨੇ ਇਕ ਦੂਜੇ ਨੂੰ ਬਾਹਾਂ ਵਿੱਚ ਕੱਸ ਲਿਆ।

“ਤੇਰੀ ਮਰਜੀ ਨੂਰੋ”, ਉਹਦੀਆਂ ਅੱਖਾਂ ਵਿੱਚ ਪਿਆਰ ਦੇ ਡੋਰੇ ਸੂਹਾ ਰੰਗ ਫੜ ਗਏ। ਦੋਹਾਂ ਦੇ ਸਾਹ ਤਿੱਖੇ ਹੋ ਗਏ।

"ਹੁਕਮ ਕਰ ਮੇਰੇ ਚੰਨਾਂ, ਜਾਨ ਤੇ ਖੇਡ ਜਾਂਵਾਂਗੀ। ਦਮ-ਦਮ ਤੇਰੀ ਹਾਂ।"

ਕਮਾਦੋਂ ਬਾਹਰ ਆ ਨੂਰੀ ਨੇ ਪੱਲੇ ਨਾਲ ਮੁੜਕਾ ਪੂੰਝਿਆ।

ਜਾਹਨੇ ਬਲਦ ਪੰਜਾਲੀਓ ਕੱਢੇ। ਪੱਠਿਆਂ ਦੀ ਪੰਡ ਚੁੱਕੀ ਤੇ ਪਿੰਡ ਆ ਕੇ ਟੋਕੇ ਦੇ ਅੱਗੇ ਵਗਾਹ ਮਾਰੀ।

“ਨਾਂ ਭਾਬੀ ਮੈਥੋਂ ਕੰਮ ਹੁੰਦਾ ਏ ਨਾਂ ਮੈਂ ਕਰਨਾ ਏ। ਤੂੰ ਜਾਣ ਤੇਰਾ ਕੰਮ ਜਾਣੇ। ਕਾਮਾ ਰਖ, ਸੀਰੀ ਰੱਖ। ਮੇਰੀ ਛੁੱਟੀ।”

ਠੰਡਾ ਸੁਭਾਅ ਅਤੇ ਨਿੱਘਾ ਹਿੱਤ ਰੱਖਣ ਵਾਲੀ ਬਸੀਰਾਂ ਨੇ ਸਿਰ ਪਿੱਠ ਪਲੋਸਦਿਆਂ ਪੁੱਛਿਆ, “ਮੈਂ ਸਦਕੇ, ਮੈਂ ਵਾਰੀ, ਮੈਨੂੰ ਗੱਲ ਤਾਂ ਦੱਸ। ਮੈਨੂੰ ਕੋਈ ਥਹੁ ਪਤਾ ਤਾਂ ਲੱਗੇ।”

“ਭਾਬੀ, ਥਹੁ ਕੀ ਤੇ ਪਤਾ ਕੀ। ਬੱਸ ਗੱਲਾਂ ਦੋਈ ਨੇ। ਜਾਂ ਤਾਂ ਮੇਰੇ ਸਿਰ ਤੋਂ ਆਪਣੀ ਸਹੂ ਲਾਹ ਦੇ ਜਾਂ ਆਪਦਾ ਕੰਮ ਸੰਭਾਲ ਲੈ। ਮੈਥੋਂ ਕੰਮ ਨਹੀਂ ਹੋਣਾ।”

ਬਸ਼ੀਰਾਂ ਨੇ ਭਰੇ ਦਿਲ ਨਾਲ ਆਖਿਆ, “ਜਾਹ ਮੇਰੇ ਬੱਚੇ, ਮੇਰੇ ਲਾਲ, ਮੈਂ ਤੇਰੇ ਸਿਰ ਤੋਂ ਆਪਣੀ ਸਹੁੰ ਵਾਪਸ ਲੈਂਦੀ ਹਾਂ” ਅਤੇ ਨਾਲ ਹੀ ਬਸੀਰਾਂ ਦੀਆਂ ਅੱਖਾਂ ਭਰ ਆਈਆਂ।

ਜਾਹਨੇ ਨੇ ਬਸ਼ੀਰਾਂ ਦੇ ਪੈਰ ਫੜ ਲਏ। “ਮਾਂ, ਮੈਨੂੰ ਮਾਫ ਕਰ ਦੇ। ਮੈਂ ਤੇਰਾ ਦਿਲ ਦੁਖਾਇਆ। ਤੂੰ ਮਹਾਨ ਏਂ। ਮੈਂ ਤੇਰੀ ਕਿਸੇ ਤਰ੍ਹਾਂ ਵੀ ਹੇਠੀ ਨਹੀਂ ਹੋਣ ਦਿਆਂਗਾ।” ⁠ਅਤੇ ਉਹ ਇਹ ਕਹਿੰਦਾ ਕਹਿੰਦਾ ਗਲੀ ਪੈ ਗਿਆ। ⁠“ਮੈਂ ਆ ਕੇ ਪੱਠੇ ਕੁਤਰਦਾਂ।”

ਦਿਨ ਦਾ ਚੌਥਾ ਪਹਿਰ ਸੀ। ਉਹ ਰਵਾਂ-ਰਵੀਂ ਦੁੱਲੇ ਹੋਰਾਂ ਦੇ ਬੂਹੇ ਅੱਗੇ ਜਾ ਖਲੋਤਾ। ਬਾਹਰਲੇ ਬੂਹੇ ਦੇ ਕੋਲ ਹੀ ਕਾਦਰੀ ਭਾਂਡੇ ਸਾਫ ਕਰ ਰਹੀ ਸੀ। ਸਾਹਮਣੀ ਕੰਧ ਨਾਲ ਦੁੱਲਾ ਅਤੇ ਸ਼ਦੀਕ ਮੰਜੇ ਉੱਤੇ ਸੱਜੇ-ਖੱਬੇ ਲੇਟੇ ਹੋਏ ਸਨ। ਕਾਦਰੀ ਨੇ ਜਾਹਨੇ ਨੂੰ ਹੇ ਅੱਗੇ ਖਲੋਤਾ ਦੇਖਿਆ ਤਾਂ ਚੰਬੇ ਵਾਂਗ ਖਿੜ ਗਈ।

ਉਸਨੂੰ ਇਹ ਤਾਂ ਵਿਸ਼ਵਾਸ ਸੀ ਕਿ ਨੂਰੀ ਦੇ ਰੂਪ ਦਾ ਤੀਰ ਚੱਲ ਜਾਵੇਗਾ, ਪਰ ਇਹ ਨਹੀਂ ਸੀ ਪਤਾ ਕਿ ਐਨੀ ਛੇਤੀ ਚਲ ਜਾਏਗਾ ਤੇ ਜਾਹਨਾ ਖਿੱਚਿਆ ਚਲਿਆ ਆਏਗਾ। ਉਹ ਭਾਂਡੇ ਛੱਡ ਕੇ ਉਠ ਖਲੋਤੀ, “ਜੀ ਆਇਆਂ ਨੂੰ। ਮੈਂ ਉਹਨਾਂ ਰਾਹਾਂ ਤੋਂ ਸਦਕੇ ਜਿੰਨੀ ਰਾਹੀਂ ਮੇਰਾ ਦਿਉਰ ਰਾਜਾ ਚੱਲ ਕੇ ਆਇਆ ਏ। ਲੰਘ ਆ। ਨਹੀਂ ਠਹਿਰ, ਮੈਂ ਤੇਲ ਚੋਵਾਂ” ਤੇ ਹਰਫਲੀ ਜਿਹੀ ਅੰਦਰੋਂ ਤੇਲ ਦਾ ਕੁੱਜਾ ਚੁੱਕ ਲਿਆਈ। ਤੇ ਖੁੱਲ੍ਹੇ ਦਿਲ ਤੇਲ ਦੇਹਲੀ ਉਤੇ ਚੋਇਆ। “ਲੰਘ ਆ, ਭਾਬੀ ਸਦਕੇ।”

ਦੁੱਲਾ ਅਤੇ ਸ਼ਦੀਕ ਵੀ ਉਠਕੇ ਬੈਠ ਗਏ।

ਜਾਹਨੇ ਨੇ ਥਾਂ ਖਲੋਤੇ ਹੀ ਪੁੱਛਿਆ, “ਨੂਰੀ ਕਿੱਥੇ ਏ?”

“ਭਾਬੀ ਵਾਰੀ। ਘਰੇ ਈ ਏ।” ਕਾਦਰੀ ਨੇ ਕਿਹਾ, “ਹੁਣੇ ਖੇਤੋਂ ਸਾਗ ਤੋੜ ਕੇ ਆਈ ਏ। ਅੰਦਰ ਕੱਪੜੇ ਬਦਲਦੀ ਏ।” ਅਤੇ ਨਾਲ ਹੀ ਉਸ ਵਾਜ ਮਾਰੀ, “ਨੀ ਨੂਰਾਂ, ਬਾਹਰ ਆ। ਵੇਖ ਸਾਡੇ ਵਿਹੜੇ ਚੰਨ ਅਕਾਸ਼ੋਂ ਉਤਰ ਆਇਆ ਏ।” ਫਿਰ ਜਾਹਨੇ ਨੂੰ ਕਿਹਾ, “ਲੰਘ ਆ, ਭਾਬੀਆਂ ਵਾਰੀ। ਪਾ ਸਾਡੇ ਗਰੀਬਾਂ ਦੇ ਵਿਹੜੇ ਪੈਰ। ਸ਼ਾਲਾਂ! ਤੇਰੀ ਉਮਰ ਲੰਬੀ ਹੋਵੇ।”

ਗੂੜੇ ਹੇ ਮੁਕਲਾਵੇ ਵਾਲੇ ਸੂਟ ਵਿੱਚ ਸਜੀ ਧਜੀ ਨੂਰਾਂ ਕਾਦਰੀ ਦੇ ਕੋਲ ਆ ਖਲੋਤੀ।

ਜਾਹਨੇ ਨੇ ਕਿਹਾ, “ਨੂਰੀ, ਕੀ ਮਰਜ਼ੀ ਏ ਤੇਰੀ?”

“ਮੇਰੇ ਰਾਜਾ, ਜੋ ਮਰਜ਼ੀ ਤੇਰੀ ਉਹ ਨੂਰੀ ਦੀ।”

ਜਾਹਨੇ ਨੇ ਕਿਹਾ, “ਪੁੱਟ ਪੈਰ ਫੇਰ?”

ਪੈਰ ਦੀ ਪੰਜ਼ੇਬ ਛਣਕੀ, ਨੂਰੀ ਨੇ ਪੈਰ ਦਹਿਲੀਜ਼ ਤੋਂ ਬਾਹਰ ਰੱਖਿਆ, ਹੋਰ ਹੁਕਮ, ਮੇਰੇ ਰਾਜਾ।”

ਕਾਦਰੀ ਵਿੱਚੇ ਵਿਚ ਗਦ-ਗਦ ਹੋ ਰਹੀ ਸੀ। ਨੂਰੀ ਨੇ ਦੂਜਾ ਪੈਰ ਵੀ ਦਹਿਲੀਜੋਂ ਬਾਹਰ ਕੱਢਿਆ ਅਤੇ ਜਾਹਨੇ ਦੇ ਕੋਲ ਆ ਖਲੋਤੀ।

“ਹੋਰ ਹੁਕਮ ਕਰ, ਮੇਰੇ ਚੰਨਾਂ।”

“ਹੋਰ ਅੱਗੇ।”

ਅਤੇ ਨੂਰਾਂ ਚਾਰ ਕਦਮ ਗਲੀ ਵਿੱਚ ਚਲੀ ਗਈ।

ਫਿਰ ਜਾਹਨੇ ਨੇ ਕਾਦਰੀ ਨੂੰ ਕਿਹਾ, “ਭਾਬੀ, ਤੁਸੀਂ ਰੋਜ਼ ਕਹਿੰਦੇ ਸੀ ਪੱਕੀ ਵੰਡ ਕਰਨੀ ਏਂ। ਅੱਜ ਹੋ ਗਈ ਜੇ ਪੱਕੀ ਵੰਡ। ਤਿੰਨ ਤੁਸੀਂ ਤੇ ਤਿੰਨ ਅਸੀਂ। ਫਿਰ ਨਾਂ ਆਖਿਓ ਦੱਸਿਆ ਨਹੀਂ। ਮੈਂ ਨੂਰੀ ਨੂੰ ਲੈ ਚੱਲਿਆਂ।”

ਅਤੇ ਉਹ ਦੋਵੇਂ ਗਲੀ ਵਿੱਚੋਂ ਅੱਗੇ ਪਿੱਛੇ ਤੁਰ ਪਏ। ⁠ਕਾਦਰੀ ਦਾ ਮੂੰਹ ਟੱਡਿਆ ਰਹਿ ਗਿਆ। ਉਹਦੇ ਹੱਥੋਂ ਤੇਲ ਵਾਲਾ ਕੁੱਜਾ ਤਿਲਕ ਕੇ ਡਿੱਗਾ ਤੇ ਚਕਨਾਚੂਰ ਹੋ ਗਿਆ। ਹੱਕੀ ਬੱਕੀ ਨੇ ਦੁੱਲੇ ਹੋਰਾਂ ਨੂੰ ਕਿਹਾ, “ਵੇ ਨੂਰੀ ਗਈ!”

ਪਰ ਉਹਨਾਂ ਉੱਤੇ ਤਾਂ ਜਿਵੇਂ ਸੌ ਸੌ ਘੜੇ ਪਾਣੀ ਪੈ ਗਿਆ ਹੋਵੇ। ਦੋਵੇਂ ਪਜ਼ਲ ਹੋਏ ਬੈਠੇ ਰਹੇ।

ਬੂਹੇ ਅੱਗੇ ਖਲੋ ਜਾਹਨੇ ਨੇ ਵਾਜ਼ ਮਾਰੀ। “ਭਾਬੀ ਮਾਂ, ਲਿਆ ਪਾਣੀ ਵਾਰ”

ਅਤੇ ਬਸ਼ੀਰਾਂ ਨੇ ਦੋਹਾਂ ਤੋਂ ਪਾਣੀ ਵਾਰ ਕੇ ਪੀਤਾ ਤੇ ਨੂਰੀ ਨੂੰ ਘੱਟਕੇ ਛਾਤੀ ਲਾ ਲਿਆ।

ਦੁੱਲੇ ਹੋਰਾਂ ਸਵੇਰੇ ਪੰਚਾਇਤ ਕੀਤੀ ਪਰ ਬਸ਼ੀਰਾਂ ਨੇ ਉਹਨਾਂ ਦੀਆਂ ਅੱਜ ਤੱਕ ਦੀਆਂ ਕੁਚਾਲਾਂ ਨੰਗੀਆਂ ਕੀਤੀਆਂ। ਇਕ ਵੀ ਮੋੜ, ਦੁੱਲੇ ਹੋਰਾਂ ਤੋਂ ਨਾ ਆਇਆ।

ਪਰ੍ਹੇ ਦਾ ਕਹਿਣਾ ਸੀ, “ਸਬਰ ਕਰੋ ਭਾਈ, ਮੀਆਂ ਬੀਬੀ ਰਾਜੀ ਤਾਂ ਕੀ ਕਰੇਗਾ ਕਾਜੀ।”

ਪਰ ਇੱਕ ਗੱਲ ਸ਼ਦੀਕ ਹੋਰਾਂ ਦੇ ਪੱਖ ਵਿੱਚ ਗਈ ਉਹ ਇਹ ਕਿ ਉਹ ਕੰਮ ਹੱਡ ਭੰਨ ਕੇ ਕਰਨ ਲੱਗ ਪਏ।

  • ਮੁੱਖ ਪੰਨਾ : ਕਹਾਣੀਆਂ, ਹਰਨਾਮ ਸਿੰਘ ਨਰੂਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ