Pala Isai (Punjabi Story) : Prem Gorkhi
ਪਾਲਾ ਇਸਾਈ (ਕਹਾਣੀ) : ਪ੍ਰੇਮ ਗੋਰਖੀ
ਜਿਸ ਪਾਤਰ ਨੂੰ ਲੈ ਕੇ ਮੈਂ ਰਚਨਾ ਸ਼ੁਰੂ ਕਰਦਾ ਹਾਂ, ਰਚਨਾ ਦੇ ਮੁੱਕਣ ਤਕ ਜ਼ਰੂਰੀ ਨਹੀਂ ਮੇਰਾ ਪਾਤਰ ਉਸੇ ਰੂਪ ਵਿਚ ਤੁਰੇ-ਫਿਰੇ ਜਿਸ ਰੂਪ ਵਿਚ ਉਹਨੂੰ ਆਰੰਭ ਵਿਚ ਦਿਖਾਇਆ ਸੀ। ਪਾਤਰ ਦਾ ਨਾਂ ਹੋਰ ਹੋ ਸਕਦਾ ਹੈ, ਰੰਗ-ਰੂਪ ਬਦਲ ਸਕਦਾ ਹੈ, ਵਾਰਤਾਲਾਪ ਬਦਲ ਸਕਦੀ ਹੈ ਤੇ ਨਾਂ ਵੀ ਬਦਲ ਸਕਦਾ ਹੈ। ਉਹ ਪਾਤਰ ਵੀ ਤਾਂ ਇਨਸਾਨੀ ਰੂਪ ਹੀ ਹੈ। ਉਹਦਾ ਟੁੱਟਣਾ-ਭੱਜਣਾ ਗ਼ੈਰ-ਕੁਦਰਤੀ ਨਹੀਂ। ਮੇਰੇ ਨਾਲ ਤਾਂ ਇਉਂ ਹੀ ਹੁੰਦਾ ਹੈ। ਹਰ ਲੇਖਕ ਹੀ ਆਪਣੇ ਪਾਤਰਾਂ ਨੂੰ ਬਹੁਤ ਮੋਹ ਕਰਦਾ ਹੈ। ਪਾਤਰਾਂ ਨੂੰ ਸਿਰਜਣ ਸਮੇਂ ਲੇਖਕ ਆਪਣੀ ਕਲਾ ਦਾ ਕਮਾਲ ਦਿਖਾਉਂਦਾ ਹੈ। ਨਾਨਕ ਸਿੰਘ ਦੇ ਕਿਸੇ ਵੀ ਨਾਵਲ ਦੇ ਪਾਤਰਾਂ ਨੂੰ ਦੇਖ ਲਵੋ, ਗੁਰਬਖ਼ਸ਼ ਸਿੰਘ ਦੇ ਨਾਵਲ ‘ਰੁੱਖਾਂ ਦੀ ਜਿਰਾਂਦ’ ਦੇ ਪਾਤਰਾਂ ਨੂੰ ਲੈ ਲਵੋ, ਗੁਰਦਿਆਲ ਸਿੰਘ ਦੇ ਨਾਵਲਾਂ ਦੇ ਪਾਤਰਾਂ ਬਾਰੇ ਚਰਚਾ ਕਰ ਲਵੋ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਪਾਤਰਾਂ ਵੱਲ ਧਿਆਨ ਮਾਰ ਲਵੋ, ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦੇ ਪਾਤਰ ਹਨ, ਸੁਖਬੀਰ ਦੇ ਨਾਵਲਾਂ, ਕਹਾਣੀਆਂ ਦੇ ਪਾਤਰਾਂ ਨੂੰ ਜ਼ਿਹਨ ’ਚ ਬਿਠਾ ਕੇ ਚਰਚਾ ਕਰ ਲਵੋ, ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੇ ਪਾਤਰ ਦੇਖੋ, ਰਾਮ ਸਰੂਪ ਅਣਖੀ ਦੇ ਨਾਵਲਾਂ ਦੇ ਪਾਤਰ ਦੇਖ ਲਵੋ। ਸਾਨੂੰ ਲੇਖਕਾਂ ਦੀ ਕੋਈ ਸੀਮਾ ਨਜ਼ਰ ਹੀ ਨਹੀਂ ਆਉਂਦੀ। ਉਨ੍ਹਾਂ ਦੇ ਪਾਤਰਾਂ ਦਾ ਐਨਾ ਪਸਾਰ ਦੇਖ ਕੇ ਬਹੁਤ ਮਾਣ ਹੁੰਦਾ ਹੈ।
ਆਓ ਆਪਾਂ ਇਕ ਬੜੇ ਕਮਾਲ ਦੇ ਬੰਦੇ ‘ਪਾਲੇ’ ਦੀ ਗੱਲ ਕਰੀਏ ਜਿਹਨੇ ਮੇਰੀ ਗਲੀ ਦੇ ਇਕ ਘਰ ਵਿਚ ਜਨਮ ਲਿਆ ਤੇ ਮਾੜੇ ਭਾਗਾਂ ਨੂੰ ਉਹ ਬਹੁਤੀ ਲੰਮੀ ਉਮਰ ਨਹੀਂ ਸੀ ਭੋਗ ਸਕਿਆ। ਚਾਚੀ ਚੰਨੋ ਨੂੰ ਪਤਾ ਨਈਂ ਕਿੱਥੋਂ ਸੂਹ ਮਿਲੀ ਪਾਲੇ ਦੀ, ਉਹ ਮੇਰੇ ਕੋਲ ਦੌੜੀ ਆਈ। ਮੇਰੇ ਹੱਥਾਂ ’ਤੇ ਦੋ ਸੌ ਰੁਪਏ ਰੱਖ ਕੇ ਕਹਿੰਦੀ, ‘‘ਪੁੱਤ ਚੁੱਕ ਪੈਹੇ ਤੇ ਕਿਹੜੀ ਘੜੀ ਤੂੰ ਜਲਾਲਾਬਾਦ ਜਾ ਪਹੁੰਚ… ਮੇਰਾ ਪੁੱਤ ਉਹਨੂੰ ਥੇਹ ਪੈਣੇ ਪਾਲੇ ਨੂੰ ਲੈ ਕੇ ਆ… ਭਾਵੇਂ ਕੁਸ਼ ਹੋ ਜਾਏ ਖਾਲੀ ਹੱਥ ਨਾ ਮੁੜੀਂ… ਉੱਥੇ ਇਕ ਮਸਜਿਦ ’ਚ ਬੈਠਾ… ਇਸਾਈ ਬਣਿਆ ਫਿਰਦਾ… ਉਹਨੇ ਵਿਆਹ ਵੀ ਕਰਾ ਲਿਆ ਤੇ ਉਹਦੇ ਨਿਆਣੇ ਵੀ ਆ… ਕੁਸ਼ ਵੀ ਕਹਿ ਦਈਂ ਤੂੰ… ਕਹਿ ਦਈਂ ਤੇਰੀ ਮਾਂ ਮਰਨ ਕੰਢੇ ਪਈ ਆ… ਤੇਰੇ ਵਾਸਤੇ ਤੜਫਦੀ ਆ… ਉਹਦਾ ਸਾਹ ਤੈਨੂੰ ਦੇਖੇ ਬਿਨਾਂ ਨਈਂ ਨਿਕਲਣਾ…। ਕਾਕਾ ਪ੍ਰੇਮ… ਇਹ ਕੰਮ ਤੂੰਹੇਂ ਕਰ ਸਕਦਾ… ਤੂੰਹੇਂ ਸ਼ੇਰ ਪੁੱਤ ਐਂ ਸਾਡਾ… ਜਾਹ ਮੇਰਾ ਬੱਚਾ ਕਿਹੜੀ ਘੜੀ ਵਗ ਜਾ… ਪੁੱਤ ਮੇਰੇ ਪਾ ਹੋਰ ਪੈਸੇ ਹੈਨੀ… ਆਹ ਵੀ ਪਤਾ ਨਈਂ ਮੈਂ ਕਿੱਦਾਂ ਕੱਠੇ ਕੀਤੇ ਆ ਮੰਗ-ਤੰਗ ਕੇ।’’
ਮੈਂ ਕ੍ਰਾਂਤੀਕਾਰੀ ਜੋਸ਼ ਵਿਚ ਫ਼ਿਰੋਜ਼ਪੁਰ ਤਾਂ ਕਈ ਵਾਰੀ ਘੁੰਮ-ਫਿਰ ਆਇਆ ਸੀ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਤਕ ਜਾਣਾ ਤੇ ਮੱਥਾ ਟੇਕ ਕੇ ਸਹੁੰ ਖਾਣੀ, ਪ੍ਰਣ ਕਰਨਾ ਤੇ ਨਾਹਰੇ ਮਾਰ ਕੇ ਮੁੜਨਾ। ਜਲਾਲਾਬਾਦ ਦਾ ਇਹ ਤਾਂ ਪਤਾ ਸੀ ਕਿ ਫ਼ਿਰੋਜ਼ਪੁਰ ਦੇ ਕੋਲ ਹੀ ਹੈ ਪਰ ਓਧਰ ਕਦੇ ਗਿਆ ਨਹੀਂ ਸੀ।
ਦੂਜੇ ਦਿਨ ਮੂੰਹ ਨ੍ਹੇਰੇ ਹੀ ਮੈਂ ਬੱਸ ਜਾ ਫੜੀ ਤੇ ਦੁਪਹਿਰ ਤਕ ਜਲਾਲਾਬਾਦ ਜਾ ਪਹੁੰਚਾ। ਉੱਥੇ ਪਹੁੰਚ ਕੇ ਗਿਰਜਾਘਰ ਜਾ ਲੱਭਿਆ ਤੇ ਨਾਲ ਹੀ ਪਾਲੇ ਦਾ ਘਰ। ਉਹਦੀ ਬਹੂ ਨੂੰ ਜਦੋਂ ਮੈਂ ਜਲੰਧਰੋਂ ਆਉਣ ਬਾਬਤ ਦੱਸਿਆ ਤਾਂ ਉਹਨੇ ਇਕਦਮ ਘੁੰਡ ਕੱਢ ਲਿਆ ਤੇ ਮੇਰੇ ਪੈਰੀਂ ਮੱਥਾ ਟੇਕਿਆ। ਉਹਨੇ ਦੋਹਾਂ ਮੁੰਡਿਆਂ ਨੂੰ ਵੀ ਕੋਲ ਬੁਲਾ ਕੇ ਦੱਸਿਆ, ‘‘ਪੁੱਤ ਇਹ ਤੁਹਾਡੇ ਤਾਇਆ ਜੀ ਆ, ਮੱਥਾ ਟੇਕੋ।’’
ਬਹੂ ਚਾਹ ਧਰਨ ਲੱਗੀ ਤਾਂ ਮੈਂ ਉਹਨੂੰ ਰੋਕ ਦਿੱਤਾ, ‘‘ਬੀਬਾ ਚਾਹ ਤਾਂ ਰਹਿਣ ਦੇ… ਪਾਲਾ ਕਿੱਥੇ ਆ?’’
‘‘ਬਾਈ ਜੀ ਬੁਲਾਉਂਦੀ ਆਂ ਮੈਂ… ਉਹਨੇ ਪਾਣੀ ਛੱਡਿਆ ਚਟਾਲੇ ਨੂੰ… ਮੈਂ ਮਾਰਦੀ ਆਂ ਵਾਜ।’’
ਇਸ ਤੋਂ ਪਹਿਲਾਂ ਕਿ ਬਹੂ ਪਾਲੇ ਨੂੰ ਹਾਕ ਮਾਰਦੀ, ਮੈਂ ਉੱਠ ਕੇ ਖੇਤਾਂ ਵੱਲ ਤੁਰ ਪਿਆ। ‘‘ਕਿੱਧਰ ਆ ਭਲਾ?’’ ਮੈਂ ਤੁਰਦਿਆਂ ਪੁੱਛਿਆ।
‘‘ਬਾਈ ਜੀ ਓਹ ਆ… ਖੱਬੇ ਹੱਥ… ਸਾਫਾ ਬੰਨ੍ਹਿਆ ਵਾ… ਮੁਖਤਾਰ ਕਰਕੇ ਵਾਜ ਮਾਰ ਲਿਓ… ਉਂਜ ਪਛਾਣ ਤਾਂ ਹੈ ਈ ’ਧਾਨੂੰ।’’
ਪਾਲੇ ਨੇ ਤਾਂ ਮੈਨੂੰ ਪਛਾਣ ਲਿਆ, ਮੈਂ ਈ ਨਹੀਂ ਪਛਾਣਿਆ। ਬਹੁਤ ਸਾਲਾਂ ਬਾਅਦ ਤਾਂ ਮੈਂ ਉਹਨੂੰ ਦੇਖ ਰਿਹਾ ਸੀ ਜੋ ਹੁਣ ਮੁਖਤਾਰ ਬਣਿਆ ਫਿਰਦਾ ਸੀ। ਮੈਂ ਇਸੇ ਲਈ ਤਾਂ ਆਪਣੇ ਆਪ ਨੂੰ ਈ ਪੁੱਛ ਰਿਹਾ ਸੀ ਪਈ ਇਹ ਪਾਲਾ ਈ ਆ, ਚਾਚੀ ਚੰਨੋ ਦਾ ਪੁੱਤਰ?
ਬਹੁਤ ਸਾਲ ਪਹਿਲਾਂ ਪਾਲਾ ਮਾੜੀ ਸੰਗਤ ਵਿਚ ਪੈ ਗਿਆ। ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਪਿੰਡ ਚੌਗਿੱਟੀ ਦੇ ਇਕ ਬੰਦੇ ਕੋਲੋਂ ਉਹਨੇ ਗੁਲਜ਼ਾਰੀ ਦਾ ਨਾਂ ਲੈ ਕੇ ਵੱਡੀ ਦੇਗ ਮੰਗ ਲਈ ਤੇ ਨਾਲ ਦੋ ਕੜਛੇ ਤੇ ਪਿੱਤਲ ਦੀਆਂ ਦੋ ਬਾਲਟੀਆਂ ਵੀ ਲੈ ਗਿਆ। ਅੱਗੋਂ ਦੇਣ ਵਾਲੇ ਭੁੱਲ-ਭੁਲਾ ਗਏ। ਯਾਦ ਤਾਂ ਉਨ੍ਹਾਂ ਨੂੰ ਉਦੋਂ ਆਇਆ ਜਦੋਂ ਕਿਸੇ ਦੇ ਘਰ ਵਿਆਹ ਧਰਿਆ ਗਿਆ। ਭਾਂਡਿਆਂ ਦੀ ਲੋੜ ਪਈ ਤਾਂ ਭਾਲ ਕਰਦਿਆਂ ਨੂੰ ਚੇਤਾ ਆਇਆ। ਗੁਲਜ਼ਾਰੀ ਦੇ ਘਰ ਆ ਗਏ। ਪਰ ਗੁਲਜ਼ਾਰੀ ਨੇ ਭਾਂਡੇ ਕੀ ਕਰਨੇ ਸੀ। ਫਿਰ ਇਹ ਨਾ ਪਤਾ ਲੱਗੇ ਕਿਹੜਾ ਮੁੰਡਾ ਸੀ ਜਿਹੜਾ ਗੁਲਜ਼ਾਰੀ ਦਾ ਨਾਂ ਲੈ ਕੇ ਭਾਂਡੇ ਲਿਆਇਆ। ਫਿਰ ਜਦੋਂ ਤਕ ਪਾਲੇ ਦਾ ਪਤਾ ਲੱਗਾ ਪਾਲਾ ਤਾਂ ਘਰੋਂ ਜਾ ਚੁੱਕਾ ਸੀ, ਦੂਜੇ ਪਾਸੇ ਪੁਲੀਸ ਤਾਂ ਉਹਦੇ ਉਪਰ ਕਈ ਕੇਸ ਬਣਾਈ ਬੈਠੀ ਸੀ। ਪਾਲੇ ਦੇ ਬਦਲੇ ਪੁਲੀਸ ਉਸ ਦੇ ਵੱਡੇ ਭਰਾ ਨੂੰ ਥਾਣੇ ਲੈ ਗਈ। ਚੰਨੋ ਉਦੋਂ ਦੌੜੀ ਦੌੜੀ ਰਾਮ ਨਗਰੀਏ ਦੇਵ ਰਾਜ ਕੋਲ ਗਈ ਤੇ ਉਹ ਮੁੰਡੇ ਨੂੰ ਥਾਣਿਓਂ ਛੁਡਾ ਕੇ ਲਿਆਇਆ। ਉਹਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਮੁੰਡਾ ਤਾਂ ਪਹਿਲਾਂ ਹੀ ਬੇਦਖਲ ਕੀਤਾ ਹੋਇਆ… ਹੁਣ ਘਰ ਵਾਲਿਆਂ ਦੀ ਕੋਈ ਉਹਦੀ ਜ਼ਿੰਮੇਵਾਰੀ ਨਈਂ ਬਣਦੀ, ਉਹ ਬਾਹਰ ਕੁਸ਼ ਕਰਦਾ ਫਿਰੇ।
ਇਧਰ ਪਾਲਾ ਹੋਰ ਅੱਗੇ ਵਧਦਾ ਗਿਆ। ਉਹਦਾ ਦੋ ਸਾਲ ਤਾਂ ਕੋਈ ਪਤਾ ਨਾ ਲੱਗਾ, ਤੀਜੇ ਸਾਲ ਉਹਦੀ ਭਿਣਕ ਪਈ ਕਿ ਉਹ ਫਿਰੋਜ਼ਪੁਰ ਜੇਲ੍ਹ ਵਿਚ ਹੈ। ਕਿਤੇ ਫਸ ਗਿਆ ਤੇ ਸਜ਼ਾ ਹੋ ਗਈ। ਫਿਰ ਖ਼ਬਰ ਮਿਲੀ ਉਹਦੀ ਜੇਲ੍ਹ ਬਦਲੀ ਜਲੰਧਰ ਹੋ ਗਈ। ਚਾਚੀ ਨੇ ਮੈਨੂੰ ਛੇਤੀ ਜਲੰਧਰ ਪਹੁੰਚਣ ਨੂੰ ਕਿਹਾ। ਮੈਂ ਜਲੰਧਰ ਪਹੁੰਚਾ ਤਾਂ ਕਹਿੰਦੀ ਆਪਾਂ ਪਾਲੇ ਨੂੰ ਮਿਲ ਕੇ ਆਉਣਾ। ਮੈਂ ਉਹਨੂੰ ਬਥੇਰਾ ਸਮਝਾਇਆ ਕਿ ਇਕ ਪਾਸੇ ਤੂੰ ਉਹਨੂੰ ਘਰੋਂ ਬੇਦਖਲ ਕਰਦੀ ਏਂ, ਦੂਜੇ ਪਾਸੇ ਤੂੰ ਉਹਨੂੰ ਮੋਹ ਵੀ ਬਹੁਤ ਕਰਦੀ ਏਂ…।
‘‘ਪੁੱਤਰ ਉਹ ਢਿੱਡ ਦੀ ਆਂਦਰ ਆ… ਕਿੱਦਾਂ ਦੂਰ ਹੋ ਜਾਂ।’’
ਮੈਂ ਤੇ ਚਾਚੀ ਨੇ ਫਾਰਮ ਭਰਿਆ ਤੇ ਪਾਲੇ ਨਾਲ ਮੁਲਾਕਾਤ ਜਾ ਕੀਤੀ। ਮੈਂ ਦੇਖ ਕੇ ਹੀ ਹਿੱਲ ਗਿਆ… ਉਹ ਤਾਂ ਜੁਆਨ ਈ ਬੜਾ ਨਿਕਲਿਆ ਸੀ… ਅੱਖਾਂ ਬਿੱਲੀਆਂ ਚਾਚੀ ਵਾਂਗ ਹੀ… ਗੋਰਾ ਨਿਛੋਹ, ਛੇ ਫੁੱਟ ਤੋਂ ਵੀ ਉੱਚਾ ਕੱਦ… ਸਾਡੇ ਵੱਲ ਦੇਖ ਕੇ ਹੱਸੀ ਜਾਵੇ… ਮੈਂ ਹੈਰਾਨ ਹੋ ਕੇ ਦੇਖਾਂ… ਚੱਜ ਦੇ ਕੰਮ ਕਰਦਾ ਇਹਨੂੰ ਪੁਲੀਸ ਵਾਲਿਆਂ ਨੇ ਹੱਸ ਕੇ ਲੈਣਾ ਸੀ, ਜੇਲ੍ਹਾਂ ’ਚ ਤਾਂ ਨਾ ਰੁਲਣਾ ਪੈਂਦਾ।
ਅਸੀਂ ਜਦੋਂ ਮੁਲਾਕਾਤ ਕਰਕੇ ਮੁੜੇ ਤਾਂ ਚਾਚੀ ਹੱਸ ਕੇ ਕਹਿੰਦੀ, ‘‘ਪ੍ਰੇਮ, ਇਹ ਮੇਰਾ ਪਾਲਾ ਤਾਂ ਲਗਦਾ ਈ ਨਈਂ… ਇਹ ਤਾਂ ਕੋਈ ਬਦਮਾਸ਼ ਸੀ… ਗੁੰਡਾ ਦਸ ਨੰਬਰੀਆ… ਰੁਲੂ ਹੁਣ ਜੇਲ੍ਹਾਂ ’ਚ ਈ… ਹਾਏ ਓਏ ਮੇਰਿਆ ਰੱਬਾ…!’’ ਤੇ ਚਾਚੀ ਰੋਣ ਲੱਗ ਪਈ।
ਮਹੀਨੇ ਕੁ ਬਾਅਦ ਮੈਂ ਇਕ ਪੁਲੀਸ ਵਾਲੇ ਨੂੰ ਮਿਲ ਕੇ ਗੱਲ ਕੀਤੀ ਤਾਂ ਉਹਨੇ ਇਕ ਤਰਕੀਬ ਦੱਸੀ ਕਿ ਤੂੰ ਉਹਨੂੰ ਮਹੀਨੇ ਵਾਸਤੇ ਪੈਰੋਲ ’ਤੇ ਲਿਆ ਸਕਦਾਂ। ਮੈਂ ਜਲੰਧਰ ਘਰ ਪਹੁੰਚਿਆ। ਨਾ ਚਾਚੀ ਨੂੰ ਦੱਸਿਆ ਤੇ ਨਾ ਮੈਂ ਘਰ ਕਿਸੇ ਨਾਲ ਗੱਲ ਕੀਤੀ। ਮੈਂ ਜਲੰਧਰੀਆਂ ਨੂੰ ਭਿਣਕ ਹੀ ਨਹੀਂ ਪੈਣ ਦਿੱਤੀ ਤੇ ਪਾਲੇ ਨੂੰ ਜੇਲ੍ਹ ’ਚੋਂ ਸਿੱਧਾ ਬੱਸ ਬਿਠਾਇਆ ਤੇ ਚੰਡੀਗੜ੍ਹ ਆ ਗਏ। ਉਨ੍ਹੀਂ ਦਿਨੀਂ ਹਰਬੰਸ ਭੌਰ ਮੇਰੇ ਨਾਵਲ ‘ਤਿੱਤਰ ਖੰਭੀ ਜੂਹ’ ’ਤੇ ਨਾਟਕ ਤਿਆਰ ਕਰ ਰਿਹਾ ਸੀ ਜਿਹਦੇ ਵਿਚ ਦਲਬੀਰ (ਪੱਤਰਕਾਰ), ਰਾਜਿੰਦਰ ਸੋਢੀ (ਕਵੀਂ), ਬੀਬਾ ਕੁਲਵੰਤ (ਕਹਾਣੀ ਲੇਖਕਾ), ਪ੍ਰਕਾਸ਼ ਚਿੱਤਰਕਾਰ, ਸਵੈਰਾਜ ਸੰਧੂ (ਕਹਾਣੀ ਲੇਖਕ), ਦਲਬੀਰ ਦੀ ਪਤਨੀ ਜਸਬੀਰ, ਅਜਾਇਬ ਟੱਲੇਵਾਲੀਆ (ਕਹਾਣੀ ਲੇਖਕ) ਆਪੋ ਆਪਣਾ ਰੋਲ ਕਰਨ ਲਈ ਤਿਆਰ ਹੋ ਰਹੇ ਸਨ। ਮੈਂ ਪਾਲੇ ਨੂੰ ਵੀ ਹਰਬੰਸ ਭੌਰ ਦੇ ਸਪੁਰਦ ਕਰ ਦਿੱਤਾ। ਨਾਟਕ ਬੜਾ ਕਾਮਯਾਬ ਰਿਹਾ। ਉਹਦੇ ਤਿੰਨ ਸ਼ੋਅ ਹੋਏ। ਪਹਿਲੇ ਦਿਨ ਟ੍ਰਿਬਿਊਨ ਅਖ਼ਬਾਰ ਦੇ ਚੀਫ਼ ਐਡੀਟਰ ਪ੍ਰੇਮ ਭਾਟੀਆ, ਜਨਰਲ ਮੈਨੇਜਰ, ਦੋ ਟਰੱਸਟੀ ਤੇ ‘ਟ੍ਰਿਬਿਊਨ’ ਵਿਚ ਕੰਮ ਕਰਦੇ ਹੋਰ ਬਹੁਤ ਸਾਰੇ ਵਰਕਰ। ਅਗਲੇ ਦਿਨ ਪੰਜਾਬ ਸਰਕਾਰ ਦਾ ਇਕ ਮੰਤਰੀ ਬੁਲਾ ਲਿਆ। ਅਖ਼ਬਾਰ ਨਾਲ ਜੁੜੇ ਹੋਣ ਕਰਕੇ ਮੰਤਰੀ ਦੌੜਾ ਆਇਆ ਤੇ ਮੋਟੀ ਸਾਰੀ ਰਕਮ ਦੇਣ ਦਾ ਵੀ ਐਲਾਨ ਕਰ ਗਿਆ। ਕਈ ਦਿਨ ਨਾਟਕ ਸਬੰਧੀ
ਖ਼ਬਰਾਂ ਛਪਦੀਆਂ ਰਹੀਆਂ ਤੇ ਵਿਸ਼ੇਸ਼ ਜ਼ਿਕਰ ਇਸ ਗੱਲ ਦਾ ਹੁੰਦਾ ਕਿ ਟ੍ਰਿਬਿਊਨ ਅਦਾਰੇ ਦਾ ਹੀ ਨਾਟਕ ਲੇਖਕ, ਅਦਾਰੇ ਦਾ ਹੀ ਡਾਇਰੈਕਟਰ ਤੇ ਐਕਟਰ ਵੀ ਬਹੁਤੇ ਅਦਾਰੇ ਦੇ ਹੀ।
ਪਾਲੇ ਨੂੰ ਮਹੀਨੇ ਬਾਅਦ ਮੈਂ ਛੱਡਣ ਗਿਆ ਤਾਂ ਜੇਲ੍ਹ ਪਹੁੰਚਣ ਤੋਂ ਪਹਿਲਾਂ ਲਾਡੋਵਾਲੀ ਘਰ ਵੀ ਫੇਰਾ ਪੁਆ ਦਿੱਤਾ। ਸਭ ਨੂੰ ਨਾਟਕ ਵਿਚ ਕੰਮ ਕਰਨ ਦੀਆਂ ਪਾਲੇ ਦੀਆਂ ਫੋਟੋ ਦਿਖਾਈਆਂ ਤਾਂ ਸਾਰੇ ਹੈਰਾਨ ਘੱਟ, ਪਰੇਸ਼ਾਨ ਬਹੁਤਾ ਹੋ ਗਏ।
ਫਿਰ ਇਕ ਦਿਨ ਪਤਾ ਲੱਗਾ ਕਿ ਜੇਲ੍ਹ ਅੰਦਰ ਕੈਦੀਆਂ ਵਿਚੋਂ ਹੀ ਕੋਈ ਐਸਾ ਭਲਾ ਪੁਰਸ਼ ਪਾਲੇ ਨੂੰ ਟੱਕਰ ਗਿਆ ਜਿਹੜਾ ਪਾਲੇ ਨੂੰ ਸਜ਼ਾ ਕੱਟਣ ਬਾਅਦ ਜਲਾਲਾਬਾਦ ਲੈ ਗਿਆ। ਰੱਬ ਜਾਣੇ ਉਹ ਵੀ ਕੋਈ ਸਜ਼ਾ ਕੱਟ ਰਿਹਾ ਸੀ ਜਾਂ ਕੋਈ ਜੇਲ੍ਹ ਮੁਲਾਜ਼ਮ ਸੀ। ਸੀ ਉਹ ਕੋਈ ਭਲਾ ਆਦਮੀ ਹੀ। ਉਸ ਬੰਦੇ ਨੇ ਹੀ ਪਾਲੇ ਦਾ ਵਿਆਹ ਕਰ ਦਿੱਤਾ ਤੇ ਉਹਨੂੰ ਈਸਾਈ ਬਣਾ ਕੇ ਇਕ ਗਿਰਜੇ ਵਿਚ ਬਿਠਾ ਦਿੱਤਾ।
ਹੌਲੀ ਹੌਲੀ ਉਹ ਚਾਚੀ ਚੰਨੋ ਨੂੰ ਮਿਲਣ ਲੱਗ ਪਿਆ। ਇਕ ਦਿਨ ਚਾਚੀ ਨੂੰ ਉਹਦੀ ਨੂੰਹ ਦਾ ਜਲਾਲਾਬਾਦ ਤੋਂ ਟੈਲੀਫੋਨ ਆਇਆ ਕਿ ਪਾਲਾ ਬਹੁਤ ਸਖ਼ਤ ਬਿਮਾਰ ਹੈ ਤੇ ਉਹ ਵਾਰ ਵਾਰ ਕਹਿ ਰਿਹਾ ਕਿ ਮੈਨੂੰ ਜਲੰਧਰ ਪਹੁੰਚਾ ਦਿਓ। ਹੁਣ ਜਲਾਲਾਬਾਦ ਜਾਵੇ ਕਿਹੜਾ? ਮਦਨ ਤਾਂ ਦੋ ਸਾਲ ਪਹਿਲਾਂ, ਕਈ ਦਿਨ ਬਿਮਾਰ ਰਹਿ ਕੇ ਗੁਜ਼ਰ ਗਿਆ ਸੀ। ਦੇਖਭਾਲ ਵਿਚੋਂ ਹੰਭ ਕੇ ਚਾਚੀ ਨੂੰ ਮੈਂ ਹੀ ਦਿਸਿਆ ਜਿਹਨੇ ਨਾਂਹ ਨਹੀਂ ਸੀ ਕਰਨੀ।
ਪਾਲੇ ਨੂੰ ਮੈਂ ਤਿਆਰ ਕਰ ਲਿਆ। ਉਹਦੀ ਵਹੁਟੀ ਤੇ ਛੋਟਾ ਮੁੰਡਾ ਵੀ ਨਾਲ ਜਾਣ ਲਈ ਤਿਆਰ ਹੋ ਗਏ। ਅਸੀਂ ਗੱਡੀ ਫੜੀ ਤੇ ਰਾਤ ਦੇ ਦਸ ਵਜੇ ਜਲੰਧਰ ਘਰ ਆ ਪਹੁੰਚੇ।
ਪਾਲੇ ਨੇ ਸ਼ਹਿਰੋਂ ਡਾਕਟਰ ਕੋਲੋਂ ਹਫ਼ਤਾ ਭਰ ਦਵਾਈ ਖਾਧੀ ਤੇ ਉਹ ਘੋੜੇ ਵਾਂਗ ਤੁਰਨ ਫਿਰਨ ਲੱਗਾ। ਚਾਚੀ ਚੰਨੋ ਵੀ ਨੂੰਹ ਨਾਲ ਰਚਮਿਚ ਗਈ। ਪਿਛਿਊਂ ਜਲਾਲਾਬਾਦ ਤੋਂ ਨਿੱਤ ਦਿਹਾੜੀ ਚਿੱਠੀਆਂ ਆਉਣ ਲੱਗੀਆਂ। ਅਖੀਰ ਚਾਚੀ ਨੇ ਹੀ ਕਹਿ ਦਿੱਤਾ, ‘‘ਜਾਓ ਭਾਈ ਆਪਣਾ ਘਰ-ਬਾਰ ਸਾਂਭੋ ਜਾ ਕੇ… ਚਿੱਠੀ ਪੱਤਰ ਪਾਈ ਜਾਈਂ…।’’
ਅਖੀਰ ਉਨ੍ਹਾਂ ਨੂੰ ਚਾਚੀ ਨੇ ਬੱਸੇ ਚੜ੍ਹਾ ਦਿੱਤਾ। ਇਕ ਮਹੀਨਾ, ਤਿੰਨ ਮਹੀਨੇ… ਛੇ ਮਹੀਨੇ… ਫਿਰ ਤਾਂ ਸਾਲ ਵੀ ਟੱਪ ਗਿਆ। ਪਾਲਾ ਠੀਕ ਠਾਕ ਸੀ।
ਇਕ ਦਿਨ ਅੱਧੀ ਰਾਤੀਂ ਪਾਲੇ ਦੀ ਵਹੁਟੀ ਦਾ ਟੈਲੀਫੋਨ ਆ ਗਿਆ। ਰੋਈ ਜਾਵੇ ਤੇ ਗੱਲ ਵੀ ਸਾਫ਼ ਨਾ ਹੋਵੇ। ਪਾਲਾ ਬਹੁਤ ਢਿੱਲਾ ਸੀ ਤੇ ਉਹਦੀਆਂ ਲੱਤਾਂ ਵੀ ਕੰਮ ਨਹੀਂ ਸੀ ਕਰ ਰਹੀਆਂ। ਜ਼ਬਾਨ ਵੀ ਖਰਾਬ ਹੋ ਗਈ ਸੀ।
ਚਾਚੀ ਚੰਨੋ ਨੇ ਹਿੰਮਤ ਕੀਤੀ ਤੇ ਪੈਸੇ ਉਧਾਰ ਫੜ ਕੇ ਗੱਡੀ ਜਾ ਬੈਠੀ ਤੇ ਅਗਲੇ ਦਿਨ, ਦਿਨ ਖੜ੍ਹੇ ਖੜ੍ਹੇ ਘਰ ਆ ਪਹੁੰਚੀ ਸਮੇਤ ਪਾਲੇ ਦੇ ਟੱਬਰ।
ਮੈਨੂੰ ਛੋਟੇ ਭਰਾ ਬਿੱਲੇ ਨੇ ਫੋਨ ’ਤੇ ਪਾਲੇ ਦੇ ਘਰ ਆ ਜਾਣ ਬਾਰੇ ਸੰਖੇਪ ’ਚ ਦੱਸਿਆ। ਮੈਂ ਸਵੇਰੇ ਹੀ ਜਲੰਧਰ ਆ ਪਹੁੰਚਾ। ਬੀਬੀ ਕੋਲ ਬੈਠਦਿਆਂ ਮੈਂ ਪਾਲੇ ਬਾਰੇ ਪੁੱਛਿਆ ਤਾਂ ਬੀਬੀ ਬੋਲੀ, ‘‘ਕਾਕਾ, ਮੈਨੂੰ ਤਾਂ ਲੱਗਦਾ ਨਈਂ ਉਹ ਮਹੀਨਾ ਖੰਡ ਕੱਢੇ…’’
ਮੈਂ ਚਾਚੀ ਕੇ ਘਰ ਆਇਆ। ਚਾਚੀ ਨੇ ਬਹਿਣ ਲਈ ਮੈਨੂੰ ਕੁਰਸੀ ਦਿੱਤੀ। ਮੇਰੇ ਵੱਲ ਦੇਖ ਕੇ ਪਾਲਾ ਰੋਣ ਲੱਗ ਪਿਆ। ਮੈਂ ਉੱਠ ਕੇ ਉਹਦਾ ਸਿਰ ਪਲੋਸਿਆ ਤੇ ਹੌਸਲਾ ਦਿੰਦਿਆਂ ਕਿਹਾ, ‘‘ਐਵੇਂ ਨੀ ਦਿਲ ਛੱਡੀਦਾ… ਤੂੰ ਤਾਂ ਬਈ ਅਜੇ ਤਕੜਾਂ… ਤੁਰਨ ਫਿਰਨ ਜੋਗਾ ਹੋ ਆਪਾਂ ਤੈਨੂੰ ਚੰਡੀਗੜ੍ਹ ਲੈ ਜਾਣਾ… ਪੀ.ਜੀ.ਆਈ. ਤੇਰਾ ਇਲਾਜ ਕਰਾਉਂਦੇ ਆਂ… ਹਾਲੇ ਤਾਂ ਬਈ ਆਪਾਂ ਨਵਾਂ ਨਾਟਕ ਖੇਡਣਾ…।’’
ਪਾਲਾ ਮੇਰਾ ਹੱਥ ਘੁੱਟਦਾ ਫਿਰ ਰੋਣ ਲੱਗ ਪਿਆ ਤੇ ਮੇਰੇ ਵੱਲ ਗਹੁ ਨਾਲ ਦੇਖਦਾ ਬੋਲਿਆ, ‘‘ਭਾਅ… ਮੈਂ ਬੜੇ ਗ਼ਲਤ ਕੰਮ ਕੀਤੇ… ਪੁਲੀਸ ਦੀ ਬੜੀ ਕੁੱਟ ਖਾਧੀ… ਭਾ ਮੈਂ ਮਰਨਾ ਨਈਂ ਚਾਹੁੰਦਾ… ਪਰ ਡਾਕਟਰ ਨੇ ਦੱਸਿਆ ਤੈਨੂੰ ਤੇਰੇ ਡੈਡੀ ਵਾਲੀ ਬਿਮਾਰੀ ਚਿੰਬੜ ਗਈ… ਉਹੀ ਤੇਰੇ ਵੱਡੇ ਭਰਾ ਨੂੰ ਚਿੰਬੜ ਗਈ ਸੀ ਇਹ ਨਈਂ ਬੰਦੇ ਨੂੰ ਜੀਂਦਾ ਛੱਡਦੀ… ਦੇਖ ਭਾ ਮੈਂ ਤਾਂ ਏਸ ਘਰ ’ਚ ਵੀ ਨਈਂ ਰਹਿੰਦਾ… ਦੇਖ ਲਾ ਤੂੰ ਕਿੱਥੇ ਜਾ ਕੇ ਜਲਾਲਾਬਾਦ ਆ… ਪਤਾ ਨਈਂ ਦੋ ਸੌ ਮੀਲ ਆ ਕਿ ਤਿੰਨ ਸੌ ਮੀਲ… ਇਹ ਬਿਮਾਰੀ ਉੱਥੇ ਕਿੱਦਾਂ ਜਾ ਪਹੁੰਚੀ…?’’ ਫਿਰ ਉਹ ਚੁੱਪ ਕਰ ਗਿਆ ਤੇ ਸੋਚਾਂ ਵਿਚ ਘਿਰ ਗਿਆ।
ਇਸੇ ਸਮੇਂ ਪਾਲੇ ਦੀ ਪਤਨੀ ਦੱਸਣ ਲੱਗੀ ਕਿ ਗਿਰਜਾਘਰ ਦੇ ਨਾਂ ਕਈ ਖੇਤ ਆ… ਸਾਰੀ ਵਾਹੀ ਸਤਨਾਮ ਈ ਸਾਂਭਦਾ… ਕਦੇ ਹੰਭਦਾ, ਥੱਕਦਾ ਨਈਂ… ਕਣਕ ਵੱਢਣੀ ਹੋਵੇ ਚਾਹੇ ਕਮਾਦ, ਝੋਨਾ… ਜਾਹ ਤਾਂ ਕਦੇ ਥੱਕ ਕੇ ਖਲੋ ਜਾਵੇ… ਡਾਕਟਰ ਪਤਾ ਨਈਂ ਕਿਹੜੀ ਬਿਮਾਰੀ ਦੱਸੀ ਜਾਂਦਾ…’’
ਮੈਨੂੰ ਛੋਟਾ ਭਰਾ ਰੋਟੀ ਨੂੰ ਕਹਿਣ ਆਇਆ ਤਾਂ ਮੈਂ ਉੱਠਦਾ ਹੋਇਆ ਬੋਲਿਆ, ‘‘ਪਾਲੇ ਸੌਂ ਜਾ ਬਈ… ਅੱਧੀ ਰਾਤ ਹੋਣ ਨੂੰ ਆ…।’’
‘‘ਬਹਿ ਜਾ ਭਾ… ਆਪਾਂ ਕਿਹੜਾ ਨਿੱਤ ਨਿੱਤ ਗੱਲਾਂ ਕਰਨੀਆਂ… ਏਸ ਭੌਰ ਦਾ ਕੋਈ ਪਤਾ ਨਈਂ ਕਦੋਂ ਉਡਾਰੀ ਮਾਰ ਜਾਏ…।’’
ਮਰਨ ਤੋਂ ਪਹਿਲਾਂ ਹਰ ਬੰਦਾ ਈ ਜਜ਼ਬਾਤੀ ਗੱਲਾਂ ਕਰਨ ਲੱਗ ਜਾਂਦਾ ਹੈ। ਮੈਂ ਉਹਨੂੰ ਸ਼ਾਂਤ ਹੋ ਕੇ ਸੌਣ ਲਈ ਕਹਿ ਕੇ ਆ ਗਿਆ।
ਮੈਂ ਆ ਕੇ ਬੀਬੀ ਤੇ ਬਿੱਲੇ ਨਾਲ ਗੱਲਾਂ ਕਰਦੇ ਹੀ ਰੋਟੀ ਖਾਧੀ। ਉਦੋਂ ਹੀ ਮਦਨ ਦਾ ਮੁੰਡਾ ਆ ਗਿਆ ਤੇ ਮੇਰੇ ਕੋਲ ਹੋ ਕੇ ਰੋਂਦਾ ਕਹਿਣ ਲੱਗਾ, ‘‘ਤਾਇਆ ਘਰ ਨੂੰ ਚੱਲੋ… ਚਾਚਾ ਤੁਰ ਗਿਆ… ਤੁਹਾਡੇ ਆਉਣ ਬਾਅਦ ਮਾਂ ਜੀ ਨਾਲ ਤੇ ਚਾਚੀ ਨਾਲ ਗੱਲਾਂ ਕਰਨ ਲੱਗ ਪਿਆ… ਫੇਰ ਲੰਮਾ ਜਿਹਾ ਸਾਹ ਲਿਆ ਤੇ ਧੌਣ ਲੁੜਕ ਗਈ…’’ ਦੱਸਦਾ-ਦੱਸਦਾ ਲਾਡੀ ਉੱਚੀ ਉੱਚੀ ਰੌਣ ਲੱਗ ਪਿਆ।
(ਕਹਾਣੀਆਂ ਵਰਗੇ ਲੋਕ)