Pani Te Pul (Punjabi Story) : Dr. Maheep Singh
ਪਾਣੀ ਤੇ ਪੁਲ (ਕਹਾਣੀ) : ਡਾ. ਮਹੀਪ ਸਿੰਘ
ਗੱਡੀ ਲਾਹੌਰ ਤੋਂ ਚੱਲੀ ਤਾਂ ਅਚਾਨਕ ਮੇਰਾ ਮਨ ਕੰਬ ਉਠਿਆ। ਅਸੀਂ ਹੁਣ ਉਸ ਪਾਸੇ ਜਾ ਰਹੇ ਸਾਂ, ਜਿਥੇ ੧੪ ਸਾਲ ਪਹਿਲੇ ਇਹੋ ਜਿਹੀ ਅੱਗ ਲੱਗੀ ਸੀ, ਜਿਸ ਵਿਚ ਲੱਖਾਂ ਸੜ ਗਏ ਸਨ ਤੇ ਲੱਖਾਂ 'ਤੇ ਜਲਣ ਦੇ ਨਿਸ਼ਾਨ ਅੱਜ ਤੱਕ ਬਣੇ ਹੋਏ ਹਨ। ਮੈਨੂੰ ਲੱਗਾ, ਸਾਡੀ ਗੱਡੀ ਕਿਸੇ ਗਹਿਰੀ, ਲੰਮੀ, ਹਨੇਰੀ ਘੁੱਪ ਗੁਫਾ 'ਚ ਜਾ ਰਹੀ ਹੈ ਤੇ ਅਸੀਂ ਆਪਣਾ ਸਭ ਕੁਝ ਇਸ ਹਨੇਰੇ ਨੂੰ ਸੌਂਪ ਰਹੇ ਹਾਂ। ਅਸੀਂ ਸਭ ਤਕਰੀਬਨ ਤਿੰਨ ਸੌ ਮੁਸਾਫ਼ਿਰ ਸਾਂ। ਔਰਤਾਂ ਤੇ ਬੱਚਿਆਂ ਦੀ ਗਿਣਤੀ ਵੀ ਸਾਡੇ ਵਿਚ ਕਾਫੀ ਸੀ। ਲਾਹੌਰ 'ਚ ਅਸਾਂ ਸਭ ਗੁਰਦੁਆਰਿਆਂ ਦੇ ਦਰਸ਼ਨ ਕੀਤੇ। ਉਥੇ ਸਾਡਾ ਜਿਹੋ ਜਿਹਾ ਸੁਆਗਤ ਕੀਤਾ ਗਿਆ ਸੀ, ਉਸ ਤੋਂ ਅੱਗੇ ਹੁਣ ਪੰਜਾ ਸਾਹਿਬ ਦੀ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਘਟਨਾ ਹੋਣ ਦੀ ਸੰਭਾਵਨਾ ਤਾਂ ਨਹੀਂ ਸੀ, ਪਰ ਮਨੁੱਖ ਦੇ ਅੰਦਰ ਦਾ ਪਸ਼ੂ ਕਦੋਂ ਜਾਗ ਕੇ ਸਭ ਸੰਭਾਵਨਾਵਾਂ ਨੂੰ ਡਕਾਰ ਜਾਏਗਾ, ਕੌਣ ਜਾਣਦਾ ਹੈ? ਇਹ ਸਭ ਸੋਚਦੇ-ਸੋਚਦੇ ਮੈਂ ਬੇਜੀ ਵੱਲ ਤੱਕਿਆ, ਉਹ ਹਥੇਲੀ 'ਤੇ ਮੂੰਹ ਟਿਕਾ ਕੇ, ਅਰਕ ਨੂੰ ਖਿੜਕੀ ਦਾ ਸਹਾਰਾ ਦੇ ਕੇ ਲਗਾਤਾਰ ਬਾਹਰ ਦੇਖੀ ਜਾ ਰਹੇ ਸਨ। ਫਸਲਾਂ ਕੱਟ ਚੁੱਕੀਆਂ ਸਨ, ਦੂਰ-ਦੂਰ ਤੱਕ ਸਪਾਟ ਧਰਤੀ ਦਿਖਾਈ ਦੇ ਰਹੀ ਸੀ। ਮੈਨੂੰ ਲੱਗਾ ਕਿ ਬੇਜੀ ਦੀਆਂ ਅੱਖਾਂ ਤੋਂ ਉਤਰ ਕੇ ਇਹ ਸਪਾਟਤਾ ਉਨ੍ਹਾਂ ਦੇ ਮਨ 'ਤੇ ਪੂਰੀ ਤਰ੍ਹਾਂ ਛਾ ਗਈ ਸੀ। ਫਿਰ ਮੈਂ ਡੱਬੇ ਦੇ ਦੂਜੇ ਮੁਸਾਫਿਰਾਂ ਵੱਲ ਤੱਕਿਆ। ਉਨ੍ਹਾਂ 'ਤੇ ਵੀ ਗਹਿਰੀ ਉਦਾਸੀ ਛਾਈ ਹੋਈ ਸੀ। ਸਮਝ ਨਹੀਂ ਸੀ ਆ ਰਿਹਾ ਕਿ ਸਭ 'ਤੇ ਅਚਾਨਕ ਇਹ ਉਦਾਸੀ ਕਿਉਂ ਛਾ ਗਈ ਸੀ।
'ਬੇਜੀ ਤੁਹਾਨੂੰ ਤਾਂ ਇਹ ਰਸਤਾ ਚੰਗੀ ਤਰ੍ਹਾਂ ਯਾਦ ਹੋਵੇਗਾ?' ਮੈਂ ਬੇਜੀ ਦਾ ਧਿਆਨ ਤੋੜਦੇ ਹੋਏ ਪੁੱਛਿਆ, 'ਤੁਹਾਡਾ ਤਾਂ ਇਸ ਪਾਸੇ ਆਉਣ-ਜਾਣ ਕਈ ਵਾਰ ਹੋਇਆ ਹੋਵੇਗਾ?'
ਬੇਜੀ ਮੇਰੇ ਵੱਲ ਦੇਖ ਕੇ ਮੁਸਕਰਾਏ। ਸਭ ਕੁਝ ਗੁਆ ਕੇ ਪਾਈ ਹੋਈ ਮੁਸਕਰਾਹਟ ਸੀ। ਕਹਿਣ ਲੱਗੇ, 'ਮੈਨੂੰ ਤਾਂ ਇਸ ਰਸਤੇ ਦਾ ਇਕ-ਇਕ ਸਟੇਸ਼ਨ ਯਾਦ ਹੈ, ਪਰ ਅੱਜ ਇਹ ਇਲਾਕਾ ਇੰਨਾ ਬਿਗਾਨਾ-ਬਿਗਾਨਾ ਜਿਹਾ ਲੱਗ ਰਿਹਾ ਹੈ। ਅੱਜ ੧੪ ਸਾਲਾਂ ਬਾਅਦ ਇਧਰੋਂ ਜਾ ਰਹੀ ਹਾਂ। ਪਹਿਲਾਂ ਵੀ ਜਾਂਦੀ ਸੀ। ਲਾਹੌਰ ਪਾਰ ਕਰਦੇ ਹੀ ਅਜੀਬ ਜਿਹੀ ਖੁਸ਼ੀ ਨਸ-ਨਸ ਵਿਚ ਦੌੜ ਜਾਂਦੀ ਸੀ। ਸਰਾਈਂ (ਸਾਡਾ ਪਿੰਡ) ਜਿਉਂ-ਜਿਉਂ ਨੇੜੇ ਆਉਂਦਾ, ਉਥੋਂ ਦੀ ਇਕ-ਇਕ ਸ਼ਕਲ ਮੇਰੇ ਸਾਹਮਣੇ ਫਿਰਨ ਲੱਗ ਪੈਂਦੀ ਸੀ। ਸਟੇਸ਼ਨ 'ਤੇ ਬਹੁਤੇ ਲੋਕੀਂ ਆਏ ਹੁੰਦੇ ਸਨ।' ਬੇਜੀ ਦੀਆਂ ਅੱਖਾਂ 'ਚ ੧੪ ਸਾਲ ਪਹਿਲਾਂ ਦੀ ਯਾਦ ਤਾਜ਼ਾ ਹੋ ਗਈ ਸੀ। ਪਿਤਾ ਜੀ ਨੇ ਆਪਣਾ ਕੰਮ ਉਤਰ ਪ੍ਰਦੇਸ਼ ਵਿਚ ਹੀ ਜਮਾ ਲਿਆ ਸੀ। ਸਾਡਾ ਸਾਰੇ ਭੈਣ-ਭਰਾਵਾਂ ਦਾ ਜਨਮ ਪੰਜਾਬ ਤੋਂ ਬਾਹਰ ਹੀ ਹੋਇਆ ਸੀ। ਮੈਨੂੰ ਯਾਦ ਹੈ, ਪਿਤਾ ਜੀ ਤਾਂ ਸ਼ਾਇਦ ਸਾਲ ਵਿਚ ਇਕ-ਅੱਧ ਵਾਰ ਹੀ ਪੰਜਾਬ ਜਾਂਦੇ ਹੋਣ, ਪਰ ਬੇਜੀ ਦੇ ਦੋ-ਤਿੰਨ ਚੱਕਰ ਜ਼ਰੂਰ ਲੱਗ ਜਾਂਦੇ ਸਨ। ਸਾਡੇ ਵਿਚੋਂ ਜੋ ਨਿੱਕਾ ਹੁੰਦਾ, ਉਹ ਬੇਜੀ ਦੇ ਨਾਲ ਜਾਂਦਾ ਤੇ ਜਿਥੋਂ ਤੱਕ ਮੈਨੂੰ ਯਾਦ ਹੈ, ਮੇਰੀ ਨਿੱਕੀ ਭੈਣ ਹੀ ਉਨ੍ਹਾਂ ਨਾਲ ਜਾਂਦੀ ਹੁੰਦੀ ਸੀ। ਉਨ੍ਹਾਂ ਦਿਨਾਂ ਵਿਚ ਜਦੋਂ ਪੰਜਾਬ ਦੀ ਵੰਡ ਹੋ ਰਹੀ ਸੀ, ਪੰਜਾਬ ਦੀਆਂ ਪੰਜ ਨਦੀਆਂ ਦਾ ਪਾਣੀ ਵਹਿਸ਼ੀਪੁਣੇ ਦੀ ਤੇਜ਼ ਸ਼ਰਾਬ ਬਣ ਚੁੱਕਾ ਸੀ, ਬੇਜੀ ਨੇ ਫਿਰ ਪੰਜਾਬ ਜਾਣ ਦਾ ਫੈਸਲਾ ਕੀਤਾ। ਸਭ ਨੇ ਇਸ ਤਰ੍ਹਾਂ ਵਿਰੋਧ ਕੀਤਾ ਜਿਸ ਤਰ੍ਹਾਂ ਉਹ ਬਲਦੀ ਅੱਗ ਵਿਚ ਕੁੱਦਣ ਜਾ ਰਹੇ ਹੋਣ ਤੇ ਉਨ੍ਹਾਂ ਦਾ ਇਸ ਤਰ੍ਹਾਂ ਜਾਣਾ ਸੱਚਮੁੱਚ ਅੱਗ ਵਿਚ ਕੁੱਦਣ ਵਾਂਗ ਹੀ ਤਾਂ ਸੀ, ਪਰ ਪਿਤਾ ਜੀ ਸਮੇਤ ਅਸੀਂ ਸਭ ਜਾਣਦੇ ਸਾਂ ਕਿ ਬੇਜੀ ਨੂੰ ਆਪਣੇ ਨਿਸ਼ਚੇ ਤੋਂ ਹਟਾਉਣਾ ਆਸਾਨ ਨਹੀਂ ਸੀ। ਉਨ੍ਹਾਂ ਨੇ ਸਭ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਦਿੱਤਾ। ਵੀਹ-ਬਾਈ ਦਿਨਾਂ 'ਚ ਉਹ ਵਾਪਸ ਆ ਗਏ। ਪਿੰਡ ਦੇ ਘਰ ਦਾ ਬਹੁਤ ਸਾਰਾ ਸਾਮਾਨ ਉਹ ਬੁੱਕ ਕਰਾ ਆਏ ਸਨ। ਆਪਣੇ ਨਾਲ ਉਹ ਆਪਣਾ ਪੁਰਾਣਾ ਚਰਖਾ ਤੇ ਲੱਸੀ ਰਿੜਕਣ ਵਾਲੀ ਮਧਾਣੀ ਵੀ ਲੈ ਆਏ ਸਨ। ਫਿਰ ਸਾਰੇ ਪੰਜਾਬ 'ਚ ਅੱਗ ਲੱਗ ਗਈ। ਘਰਾਂ ਦੇ ਘਰ, ਪਿੰਡਾਂ ਤੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਉਸ ਅੱਗ 'ਚ ਸੜਨ ਲੱਗ ਪਏ। ਅੱਗ ਬੁਝੀ ਤਾਂ ਇੰਜ ਲੱਗਾ ਕਿ ਪਸ਼ੌਰ ਤੱਕ ਸਪਾਟ ਫੈਲੀ ਹੋਈ ਜ਼ਮੀਨ ਅੰਮ੍ਰਿਤਸਰ ਤੇ ਲਾਹੌਰ ਦੇ ਵਿਚੋਂ ਫਟ ਗਈ ਹੈ; ਤੇ ਉਸ ਪਾਸੇ ਦਾ ਫਟਿਆ ਹੋਇਆ ਹਿੱਸਾ ਵਿਚੋਂ ਗਹਿਰੀ ਖਾਈ ਛੱਡ ਕੇ ਪਤਾ ਨਹੀਂ ਕਿੰਨਾ ਉਸ ਪਾਸੇ ਖਿਸਕ ਗਿਆ ਹੈ। ਅਸੀਂ ਸਭ ਭੁੱਲ ਗਏ ਕਿ ਉਸ ਡੂੰਘੀ ਖਾਈ ਦੇ ਉਸ ਪਾਰ ਸਾਡਾ ਪਿੰਡ ਸੀ, ਪੱਕੀ ਸੜਕ ਦੇ ਕੰਢੇ, ਪਿਛਲੇ ਪਾਸੇ ਨਹਿਰ ਸੀ ਤੇ ਕੋਲ ਹੀ ਜਿਹਲਮ ਦਰਿਆ, ਅਲ੍ਹੜ ਮੁਟਿਆਰ ਵਾਂਗ ਉਛਲਦਾ-ਕੁੱਦਦਾ, ਮਸਤ ਚਾਲ ਚਲੀ ਜਾ ਰਿਹਾ ਸੀ। ਅੱਜ ਮੈਂ ਬੇਜੀ ਦੇ ਨਾਲ ਉਸ ਪਾਸੇ ਜਾ ਰਿਹਾ ਸਾਂ ਜੋ ਕੱਲ੍ਹ ਸਾਡਾ ਕਿੰਨਾ ਆਪਣਾ ਸੀ, ਅੱਜ ਕਿੰਨਾ ਬਿਗਾਨਾ ਸੀ। ਮੈਂ ਕਿਤਾਬ ਦੇ ਪੰਨੇ ਪਲਟ ਰਿਹਾ ਸਾਂ। ਬੇਜੀ ਨੇ ਪੁੱਛਿਆ, 'ਇਹ ਗੱਡੀ ਸਰਾਈਂ ਸਟੇਸ਼ਨ 'ਤੇ ਰੁਕੇਗੀ?' ਮੈਂ ਕਿਹਾ, 'ਹਾਂ ਸ਼ਾਇਦ! ਪਰ ਪਹੁੰਚੇਗੀ ਰਾਤ ਨੂੰ। ਅਸੀਂ ਉਦੋਂ ਗਹਿਰੀ ਨੀਂਦ 'ਚ ਸੁੱਤੇ ਹੋਵਾਂਗੇ। ਸਟੇਸ਼ਨ ਕਦੋਂ ਆ ਕੇ ਨਿਕਲ ਜਾਵੇਗਾ, ਪਤਾ ਵੀ ਨਹੀਂ ਲੱਗੇਗਾ ਤੇ ਹੁਣ ਸਾਡਾ ਹੈ ਕੀ ਉਥੇ?' ਬੇਜੀ ਦੇ ਚਿਹਰੇ 'ਤੇ ਖਿਝ ਜਿਹੀ ਦੌੜ ਗਈ। ਕਹਿਣ ਲੱਗੇ, 'ਤੇਰੇ ਲਈ ਪਹਿਲੇ ਵੀ ਉਥੇ ਕੀ ਰੱਖਿਆ ਸੀ?' ਮੇਰੀ ਗੱਲ ਤੋਂ ਬੇਜੀ ਨੂੰ ਦੁੱਖ ਹੋਇਆ ਸੀ। ਮੈਂ ਚੁੱਪ ਕਰ ਗਿਆ ਤੇ ਸਿਰ ਝੁਕਾਅ ਕੇ ਕਿਤਾਬ ਦੇ ਪੰਨਿਆਂ ਵਿਚ ਉਲਝ ਗਿਆ। ਹੌਲੀ-ਹੌਲੀ ਹਨੇਰਾ ਪਸਰਨ ਲੱਗਾ, ਬੇਜੀ ਨੇ ਪੋਟਲੀ ਕੱਢ ਕੇ ਖਾਣ ਲਈ ਕੁਝ ਕੱਢਿਆ। ਮੇਰੇ ਇਕ ਦੂਰ ਦੇ ਮਾਮਾ ਜੀ ਵੀ ਨਾਲ ਸਨ। ਤਿੰਨਾਂ ਨੇ ਮਿਲ ਕੇ ਖਾਣਾ ਖਾਧਾ ਤੇ ਸੌਣ ਦੀ ਤਿਆਰੀ ਕਰਨ ਲੱਗੇ। ਮਾਮਾ ਜੀ ਤਾਂ ਦਸ ਮਿੰਟ ਵਿਚ ਹੀ ਘੁਰਾੜੇ ਮਾਰਨ ਲੱਗ ਪਏ। ਮੈਂ ਵੀ ਇਕ ਪਾਸੇ ਜ਼ਰਾ ਢੋਹ ਲਾ ਲਈ। ਬੇਜੀ ਉਸੇ ਤਰ੍ਹਾਂ ਬੈਠੇ ਰਹੇ। ਕੁਝ ਦੇਰ ਬਾਅਦ ਅਚਾਨਕ ਮੇਰੀ ਅੱਖ ਖੁੱਲ੍ਹੀ। ਮੈਂ ਦੇਖਿਆ ਕਿ ਬੇਜੀ ਪਹਿਲਾਂ ਵਾਂਗ ਹੀ ਬਾਹਰ ਫੈਲੇ ਹੋਏ ਹਨੇਰੇ ਨੂੰ ਇਕ ਟੱਕ ਦੇਖ ਰਹੇ ਸਨ। ਘੜੀ ਦੇਖੀ, ਸਾਢੇ ਦਸ ਵੱਜ ਗਏ ਸਨ। ਮੈਂ ਕਿਹਾ, 'ਬੇਜੀ, ਤੁਸੀਂ ਵੀ ਲੇਟ ਜਾਓ।'
'ਅੱਛਾ!' ਉਨ੍ਹਾਂ ਦੇ ਮੂੰਹੋਂ ਨਿਕਲਿਆ ਤੇ ਉਹ ਵੀ ਅੱਧ ਲੰਮੇ ਪੈ ਗਏ। ਉਸ ਅਧੋ-ਨੀਂਦੀ ਦੀ ਹਾਲਤ 'ਚ ਮੈਂ ਇਕ ਸੁਪਨਾ ਦੇਖਿਆ। ਮੈਨੂੰ ਪੂਰਾ ਯਾਦ ਤਾਂ ਨਹੀਂ, ਪਰ ਉਸ ਨੀਂਦ 'ਚ ਵੀ ਮੈਨੂੰ ਕੁਝ ਘਬਰਾਹਟ ਹੋ ਰਹੀ ਸੀ। ਕੋਈ ਲਾਲ ਜਿਹੀ, ਗਿੱਲੀ ਜਿਹੀ ਚੀਜ਼ ਮੈਨੂੰ ਆਪਣੇ ਚਾਰੇ ਪਾਸੇ ਘੁੰਮਦੀ ਹੋਈ ਮਹਿਸੂਸ ਹੋ ਰਹੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਉਸ ਲਾਲ-ਲਾਲ ਗਾੜ੍ਹੀ ਜਿਹੀ ਚੀਜ਼ 'ਤੇ ਮੇਰੇ ਪੈਰ ਫਚ-ਫਚ ਪੈ ਰਹੇ ਸਨ। ਫਿਰ ਅਚਾਨਕ ਮੈਂ ਘਬਰਾ ਕੇ ਉਠ ਪਿਆ। ਬੇਜੀ ਮੈਨੂੰ ਝੰਜੋੜ ਰਹੇ ਸਨ। ਅਜੀਬ ਜਿਹੀ ਘਬਰਾਹਟ ਤੇ ਉਤੇਜਨਾ ਨਾਲ ਉਨ੍ਹਾਂ ਦੇ ਹੱਥ ਕੰਬ ਰਹੇ ਸਨ।
'ਕੀ ਹੈ?'
'ਦੇਖੋ ਨਾ ਇਹ ਬਾਹਰ ਸ਼ੋਰ ਕਾਹਦਾ ਏ?' ਮੈਂ ਬਾਹਰ ਝਾਕ ਕੇ ਦੇਖਿਆ। ਸਾਡੀ ਗੱਡੀ ਨਿੱਕੇ ਜਿਹੇ ਸਟੇਸ਼ਨ 'ਤੇ ਖੜ੍ਹੀ ਸੀ। ਪਲੇਟਫਾਰਮ 'ਤੇ ਲੈਂਪ ਪੋਸਟਾਂ ਦੀ ਹਲਕੀ-ਹਲਕੀ ਰੌਸ਼ਨੀ ਸੀ ਤੇ ਅਜੀਬ ਜਿਹਾ ਸ਼ੋਰ ਮਚਿਆ ਹੋਇਆ ਸੀ। ਡਰ ਨਾਲ ਮੇਰੇ ਰੌਂਗਟੇ ਖੜ੍ਹੇ ਹੋ ਗਏ। ਚੌਦਾਂ ਸਾਲ ਪਹਿਲਾਂ ਦੀਆਂ ਸੁਣੀਆਂ ਹੋਈਆਂ ਘਟਨਾਵਾਂ ਬਿਜਲੀ ਬਣ ਕੇ ਚਮਕ ਗਈਆਂ, ਜਦੋਂ ਫਸਾਦੀਆਂ ਨੇ ਕਿੰਨੀਆਂ ਹੀ ਗੱਡੀਆਂ ਰੋਕ ਕੇ ਲੋਕਾਂ ਨੂੰ ਗਾਜਰਾਂ-ਮੂਲੀਆਂ ਵਾਂਗ ਕੱਟ ਕੇ ਬੋਟੀ-ਬੋਟੀ ਕਰ ਦਿੱਤਾ ਸੀ। ਮਾਮਾ ਜੀ ਵੀ ਜਾਗ ਕੇ ਮੈਨੂੰ ਹਲੂਣ ਰਹੇ ਸਨ। 'ਕੀ ਗੱਲ ਏ?' ਤਾਂ ਹੀ ਮੇਰੇ ਕੰਨਾਂ ਵਿਚ ਆਵਾਜ਼ ਪਈ। ਉਸ ਭੀੜ ਵਿਚੋਂ ਕੋਈ ਚੀਕ ਰਿਹਾ ਸੀ, 'ਇਸ ਗੱਡੀ ਵਿਚ ਕੋਈ ਸਰਾਈਂ ਦਾ ਹੈ?'
'ਇਹ ਕਿਹੜਾ ਸਟੇਸ਼ਨ ਹੈ?' ਮੈਂ ਬੇਜੀ ਨੂੰ ਪੁੱਛਿਆ।
ਬੇਜੀ ਨੇ ਕਿਹਾ, 'ਸਰਾਈਂ ਆਪਣੇ ਪਿੰਡ ਦਾ ਸਟੇਸ਼ਨ।' ਬਾਹਰੋਂ ਫਿਰ ਆਵਾਜ਼ ਆਈ, 'ਇਸ ਗੱਡੀ ਵਿਚ ਕੋਈ ਸਰਾਈਂ ਦਾ ਹੈ?' ਮੈਂ ਬੇਜੀ ਵੱਲ ਦੇਖਿਆ। ਉਨ੍ਹਾਂ ਦੇ ਚਿਹਰੇ 'ਤੇ ਪੂਰਾ ਭਰੋਸਾ ਸੀ।
'ਪੁੱਛ ਇਨ੍ਹਾਂ ਨੂੰ, ਕੀ ਗੱਲ ਏ?'
ਮੈਂ ਬਾਰੀ ਤੋਂ ਮੂੰਹ ਬਾਹਰ ਕੱਢਿਆ, ਬਹੁਤ ਸਾਰੇ ਲੋਕ ਘੁੰਮਦੇ ਹੋਏ ਕਹਿ ਰਹੇ ਸਨ, 'ਬਾਈ, ਕੋਈ ਸਰਾਈਂ ਦਾ ਹੈ?' ਕੋਲੋਂ ਜਾਂਦੇ ਆਦਮੀ ਨੂੰ ਬੁਲਾ ਕੇ ਮੈਂ ਪੁੱਛਿਆ, 'ਕੀ ਗੱਲ ਏ ਜੀ?'
'ਤੁਹਾਡੇ ਵਿਚੋਂ ਕੋਈ ਇਸ ਪਿੰਡ ਦਾ ਹੈ?'
'ਹਾਂ, ਅਸੀਂ ਇਸ ਪਿੰਡ ਦੇ ਹਾਂ!' ਬੇਜੀ ਨੇ ਅੱਗੇ ਹੋ ਕੇ ਕਿਹਾ।
'ਤੁਸੀਂ ਸਰਾਈਂ ਦੇ ਹੋ?' ਉਸ ਆਦਮੀ ਨੇ ਜ਼ੋਰ ਦੇ ਕੇ ਪੁੱਛਿਆ।
'ਹਾਂ ਜੀ!' ਬੇਜੀ ਦੇ ਇੰਨਾ ਕਹਿੰਦਿਆਂ ਹੀ ਸਟੇਸ਼ਨ 'ਤੇ ਚਾਰੇ ਪਾਸੇ ਸ਼ੋਰ ਪੈ ਗਿਆ। ਇਧਰ-ਉਧਰ ਘੁੰਮਦੇ ਹੋਏ ਬਹੁਤ ਸਾਰੇ ਆਦਮੀ ਸਾਡੇ ਡੱਬੇ ਦੇ ਸਾਹਮਣੇ ਜਮ੍ਹਾਂ ਹੋ ਗਏ। ਫਿਰ ਕਈ ਇਕੱਠੀਆਂ ਆਵਾਜ਼ਾਂ ਆਈਆਂ- 'ਤੁਸੀਂ ਸਰਾਈਂ ਦੇ ਹੋ?'
'ਹਾਂ ਜੀ, ਅਸੀਂ ਸਰਾਈਂ ਦੇ ਹਾਂ!' ਬੇਜੀ ਨੇ ਜ਼ੋਰ ਦੇ ਕੇ ਕਿਹਾ, 'ਇਸੇ ਪਿੰਡ ਦੇ।'
ਉਸ ਭੀੜ ਵਿਚੋਂ ਇਕ ਆਵਾਜ਼ ਆਈ, 'ਤੁਸੀਂ ਕਿਹਦੇ ਘਰੋਂ ਹੋ?' ਬੇਜੀ ਨੇ ਮੇਰੇ ਵੱਲ ਦੇਖਿਆ, ਮੈਂ ਕਿਹਾ, 'ਮੇਰੇ ਪਿਤਾ ਜੀ ਦਾ ਨਾਂ ਸਰਦਾਰ ਮੂਲਾ ਸਿੰਘ ਹੈ। ਇਹ ਮੇਰੀ ਮਾਂ ਹੈ।'
'ਤੂੰ ਮੂਲਾ ਸਿੰਘ ਦਾ ਲੜਕਾ ਹੈਂ?' ਕਈ ਲੋਕ ਇਕੱਠੇ ਚੀਕੇ, 'ਤੂੰ ਮੂਲਾ ਸਿੰਘ ਦੇ ਘਰੋਂ ਏਂ? ਰਵੇਲ ਸਿੰਘ ਦੀ ਭਾਬੀ? ਠੀਕ ਹਨ ਲੋਕ ਸਭ?' ਕਹਿੰਦੇ-ਕਹਿੰਦੇ ਕਿੰਨੇ ਹੀ ਹੱਥ ਸਾਡੇ ਵੱਲ ਵਧਣ ਲੱਗੇ। ਲੋਕ ਸਾਡੇ ਰਿਸ਼ਤੇਦਾਰਾਂ ਵਿਚੋਂ ਸਭ ਦਾ ਹਾਲ-ਚਾਲ ਪੁੱਛਦੇ ਹੋਏ ਆਪਣੇ ਹੱਥ ਦੀਆਂ ਪੋਟਲੀਆਂ ਮੈਨੂੰ ਤੇ ਬੇਜੀ ਨੂੰ ਦੇਈ ਜਾ ਰਹੇ ਸਨ। ਉਨ੍ਹਾਂ ਵਿਚ ਪਿੰਡ ਦੀਆਂ ਸੁਗਾਤਾਂ ਬੰਨ੍ਹੀਆਂ ਹੋਈਆਂ ਸਨ। ਮੈਂ ਤੇ ਬੇਜੀ ਗੁੰਮ-ਸੁੰਮ ਹੋਏ ਚੀਜ਼ਾਂ ਲੈ-ਲੈ ਕੇ ਆਪਣੀ ਸੀਟ 'ਤੇ ਰੱਖੀ ਜਾ ਰਹੇ ਸਾਂ। ਦੇਖਦਿਆਂ-ਦੇਖਦਿਆਂ ਸਾਡੀ ਸੀਟ ਛੋਟੀਆਂ ਪੋਟਲੀਆਂ ਨਾਲ ਭਰ ਗਈ। ਮੈਂ ਹੱਕਾ-ਬੱਕਾ, ਇਹ ਸਭ ਦੇਖ ਰਿਹਾ ਸਾਂ। ਬੇਜੀ ਆਪਣੇ ਸਿਰ ਦਾ ਪੱਲਾ ਵਾਰ-ਵਾਰ ਸੰਭਾਲਦੇ ਹੋਏ ਹੱਥ ਜੋੜ ਰਹੇ ਸਨ। ਖੁਸ਼ੀ ਨਾਲ ਉਨ੍ਹਾਂ ਦੇ ਬੁੱਲ੍ਹ ਫਰਕ ਰਹੇ ਸਨ। ਮੂੰਹੋਂ ਕੁਝ ਵੀ ਨਹੀਂ ਸੀ ਨਿਕਲ ਰਿਹਾ ਤੇ ਲਗਦਾ ਸੀ ਅੱਖਾਂ ਹੁਣੇ ਚੋਅ ਪੈਣਗੀਆਂ। ਉਥੇ ਖੜ੍ਹੇ ਗਾਰਡ ਨੇ ਹਰੀ ਲਾਲਟੈਣ ਉਪਰ ਉਠਾਈ ਤੇ ਕੋਟ ਦੀ ਜੇਬ ਵਿਚੋਂ ਸੀਟੀ ਕੱਢੀ। ਤਿੰਨ-ਚਾਰ ਆਦਮੀਆਂ ਨੇ ਉਹਨੂੰ ਫੜ ਲਿਆ।
'ਓਏ ਬਾਊ, ਦੋ-ਚਾਰ ਮਿੰਟ ਹੋਰ ਗੱਡੀ ਖੜ੍ਹੀ ਰਹਿਣ ਦੇ। ਦੇਖਦਾ ਨਹੀਂ, ਇਹ ਬੀਬੀ ਇਸੇ ਪਿੰਡ ਦੀ ਏ।' ਤੇ ਇਕ ਨੇ ਉਸ ਦਾ ਲਾਲਟੈਣ ਵਾਲਾ ਹੱਥ ਥੱਲੇ ਕਰ ਦਿੱਤਾ।
'ਭਰਜਾਈ, ਸਰਦਾਰ ਜੀ ਦਾ ਕੀ ਹਾਲ ਏ? ਉਨ੍ਹਾਂ ਨੂੰ ਕਿਉਂ ਨਹੀਂ ਲਿਆਈ, ਪੰਜੇ ਸਾਹਿਬ ਦੇ ਦਰਸ਼ਨਾਂ ਨੂੰ।' ਬੁੱਢਾ ਜਿਹਾ ਮੁਸਲਮਾਨ ਪੁੱਛ ਰਿਹਾ ਸੀ। ਬੇਜੀ ਨੇ ਦੋਵਾਂ ਹੱਥਾਂ ਨਾਲ ਸਿਰ ਦਾ ਕੱਪੜਾ ਹੋਰ ਅੱਗੇ ਕਰ ਲਿਆ, ਉਨ੍ਹਾਂ ਦੇ ਮੂੰਹੋਂ ਹੌਲੀ ਜਿਹੀ ਨਿਕਲਿਆ, 'ਸਰਦਾਰ ਜੀ ਨਹੀਂ ਰਹੇ।'
'ਕੀ? ਸਰਦਾਰ ਮੂਲਾ ਸਿੰਘ ਗੁਜ਼ਰ ਗਏ? ਕੀ ਹੋਇਆ ਸੀ ਉਨ੍ਹਾਂ ਨੂੰ?'
ਬੇਜੀ ਚੁੱਪ ਰਹੇ, ਮੈਂ ਜਵਾਬ ਦਿੱਤਾ, 'ਉਨ੍ਹਾਂ ਦੇ ਪੇਟ ਵਿਚ ਰਸੌਲੀ ਹੋ ਗਈ ਸੀ। ਇਕ ਦਿਨ ਅਚਾਨਕ ਫੁੱਟ ਪਈ ਤੇ ਦੂਜੇ ਦਿਨ ਪੂਰੇ ਹੋ ਗਏ।'
'ਓ! ਬੜੇ ਹੀ ਨੇਕ ਬੰਦੇ ਸਨ, ਉਨ੍ਹਾਂ ਨੂੰ ਖੁਦਾ ਦੀ ਦਰਗਾਹ ਵਿਚ ਜਗ੍ਹਾ ਮਿਲੇਗੀ।' ਉਨ੍ਹਾਂ ਵਿਚੋਂ ਇਕ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ। ਪਲ ਭਰ ਲਈ ਸਭ ਖਾਮੋਸ਼ ਹੋ ਗਏ ਸਨ।
'ਭਰਜਾਈ ਤੇਰੇ ਬੱਚੇ ਠੀਕ ਹਨ?'
'ਵਾਹਿਗੁਰੂ ਦੀ ਕਿਰਪਾ ਹੈ, ਸਭ ਠੀਕ ਹੈ।' ਬੇਜੀ ਨੇ ਹੌਲੀ ਜਿਹੀ ਆਖਿਆ।
'ਅੱਲਾ ਉਨ੍ਹਾਂ ਦੀ ਉਮਰ ਦਰਾਜ਼ ਕਰੇ।' ਕਈ ਆਵਾਜ਼ਾਂ ਇਕੱਠੀਆਂ ਆਈਆਂ। 'ਭਰਜਾਈ, ਤੂੰ ਆਪਣੇ ਬੱਚਿਆਂ ਨੂੰ ਲੈ ਕੇ ਇਥੇ ਆ ਜਾ।' ਕਿਸੇ ਇਕ ਨੇ ਕਿਹਾ ਤੇ ਹੋਰ ਕਈਆਂ ਨੇ ਦੁਹਰਾਇਆ, 'ਭਰਜਾਈ, ਹੁਣ ਤੁਸੀਂ ਲੋਕ ਵਾਪਸ ਆ ਜਾਓ ਵਾਪਸ ਆ ਜਾਓ।' ਪਲੇਟਫਾਰਮ 'ਤੇ ਖੜ੍ਹੀਆਂ ਕਿੰਨੀਆਂ ਹੀ ਆਵਾਜ਼ਾਂ ਕਹਿ ਰਹੀਆਂ ਸਨ- 'ਵਾਪਸ ਆ ਜਾਓ।' 'ਵਾਪਸ ਆ ਜਾਓ।' ਮੈਂ ਸੁਣਿਆ ਕਿ ਮੇਰੇ ਪਿੱਛੇ ਬੈਠੇ ਹੋਏ ਮਾਮਾ ਜੀ ਕੁੜ੍ਹਦੇ ਹੋਏ ਕਹਿ ਰਹੇ ਸਨ, 'ਹੂੰ! ਬਦਮਾਸ਼ ਕਿਤੋਂ ਦੇ। ਪਹਿਲੇ ਤਾਂ ਸਾਨੂੰ ਮਾਰ-ਮਾਰ ਕੇ ਇਥੋਂ ਕੱਢ ਦਿੱਤਾ, ਹੁਣ ਕਹਿੰਦੇ ਨੇ ਵਾਪਸ ਆ ਜਾਓ ਲੁੱਚੇ!' ਪਰ ਪਲੇਟਫਾਰਮ 'ਤੇ ਖੜ੍ਹੇ ਲੋਕਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੀ ਸੁਣੀ। ਉਹ ਕਹੀ ਜਾ ਰਹੇ ਸਨ- 'ਭਰਜਾਈ, ਤੂੰ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਆ ਜਾ। ਬੋਲ ਭਰਜਾਈ ਕਦ ਆਏਂਗੀ। ਆਪਣਾ ਪਿੰਡ ਤਾਂ ਤੈਨੂੰ ਯਾਦ ਆਉਂਦਾ ਹੈ ਨਾ? ਭਰਜਾਈ ਵਾਪਸ ਆ ਜਾ।' ਬੇਜੀ ਦੇ ਮੂੰਹੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ। ਉਹ ਸਿਰ ਦਾ ਪੱਲਾ ਸੰਭਾਲਦੇ ਹੋਏ ਹੱਥ ਜੋੜੀ ਜਾ ਰਹੇ ਸਨ। ਦੂਰ ਖੜ੍ਹਾ ਗਾਰਡ ਹਰੀ ਲਾਲਟੈਣ ਦਿਖਾਉਂਦਾ ਹੋਇਆ ਸੀਟੀ ਮਾਰ ਰਿਹਾ ਸੀ। ਇੰਜਣ ਗਰਜਿਆ ਤੇ ਗੱਡੀ ਫ਼ਕ-ਫ਼ਕ ਕਰਦੀ ਚੱਲ ਪਈ, ਭੀੜ ਦੀ ਭੀੜ ਡੱਬੇ ਦੇ ਨਾਲ ਚੱਲ ਪਈ।
'ਅੱਛਾ ਭਰਜਾਈ ਸਲਾਮ ਅੱਛਾ ਬੇਟੇ ਸਲਾਮ ਰਵੇਲ ਸਿੰਘ ਨੂੰ ਸਾਡਾ ਸਲਾਮ ਦੇਣਾ ਸਭ ਨੂੰ ਸਾਡਾ ਸਲਾਮ ਦੇਣਾ।' ਬੇਜੀ ਦੇ ਹੱਥ ਜੁੜੇ ਹੋਏ ਸਨ ਤੇ ਮੂੰਹ ਵਿਚੋਂ ਗਦਗਦ ਸੁਰ 'ਚ ਕੁਝ ਨਿਕਲ ਰਿਹਾ ਸੀ। ਹੌਲੀ-ਹੌਲੀ ਗੱਡੀ ਕੁਝ ਤੇਜ਼ ਹੋ ਗਈ। ਅਸੀਂ ਦੋਵੇਂ ਖਿੜਕੀ ਵਿਚੋਂ ਸਿਰ ਕੱਢੀ ਹੱਥ ਜੋੜਦੇ ਰਹੇ। ਭੀੜ ਦੇ ਲੋਕ ਉਥੇ ਹੀ ਖੜ੍ਹੇ ਹੱਥ ਉਠਾ ਕੇ ਚੀਕਦੇ ਰਹੇ। ਗੱਡੀ ਸਟੇਸ਼ਨ ਤੋਂ ਬਾਹਰ ਨਿਕਲ ਆਈ। ਮੈਂ ਸੀਟ ਤੋਂ ਪੋਟਲੀਆਂ ਸਰਕਾ ਕੇ ਇਕ ਪਾਸੇ ਕਰ ਦਿੱਤੀਆਂ ਤੇ ਬੇਜੀ ਦੇ ਮੂੰਹ ਵੱਲ ਦੇਖਿਆ ਕਿ ਸ਼ਾਇਦ ਕੁਝ ਕਹਿਣ। ਬੇਜੀ ਦੀਆਂ ਅੱਖਾਂ ਵਿਚੋਂ ਪਰਲ-ਪਰਲ ਅੱਥਰੂ ਵਹਿ ਰਹੇ ਸਨ। ਉਹ ਵਾਰ-ਵਾਰ ਦੁਪੱਟੇ ਨਾਲ ਅੱਖਾਂ ਪੂੰਝ ਰਹੇ ਸਨ, ਪਰ ਟੁੱਟੇ ਹੋਏ ਬੰਨ੍ਹ ਦਾ ਪਾਣੀ ਵਹਿੰਦਾ ਜਾ ਰਿਹਾ ਸੀ। ਸਾਡੀ ਗੱਡੀ ਜਿਹਲਮ ਦੇ ਪੁਲ 'ਤੇ ਆ ਗਈ ਸੀ। ਰਾਤ ਦੀ ਉਸ ਖਾਮੋਸ਼ੀ ਵਿਚ ਖੜ ਖੜ ਖੜ ਦੀ ਤੇਜ਼ ਆਵਾਜ਼ ਆ ਰਹੀ ਸੀ। ਮੈਂ ਖਿੜਕੀ ਤੋਂ ਝਾਕ ਕੇ ਜਿਹਲਮ ਦਾ ਪੁਲ ਦੇਖਣ ਲੱਗਾ। ਮੈਂ ਸੁਣਿਆ ਸੀ ਕਿ ਜਿਹਲਮ ਦਾ ਪੁਲ ਬੜਾ ਮਜ਼ਬੂਤ ਹੈ। ਪੱਥਰ ਤੇ ਲੋਹੇ ਦੇ ਬਣੇ ਉਸ ਮਜ਼ਬੂਤ ਪੁਲ ਨੂੰ ਹਨੇਰੇ ਵਿਚ ਮੈਂ ਦੇਖ ਰਿਹਾ ਸਾਂ। ਮੇਰੀ ਨਜ਼ਰ ਹੋਰ ਥੱਲੇ ਜਾ ਰਹੀ ਸੀ, ਜਿਥੇ ਹਨੇਰਾ ਘੁੱਪ ਸੀ, ਪਰ ਮੈਂ ਜਾਣਦਾ ਸਾਂ ਉਥੇ ਪਾਣੀ ਹੈ, ਜਿਹਲਮ ਦਰਿਆ ਦਾ ਠਾਠਾਂ ਮਾਰਦਾ ਹੋਇਆ ਸਾਫ਼-ਸੁਥਰਾ ਪਾਣੀ ਜੋ ਪੱਥਰ ਤੇ ਲੋਹੇ ਦੇ ਬਣੇ ਹੋਏ ਪੁਲ ਤੋਂ ਥੱਲੇ ਵਹਿ ਰਿਹਾ ਸੀ।