Panj Bhaina (Punjabi Story): Amrita Pritam

ਪੰਜ ਭੈਣਾਂ (ਕਹਾਣੀ) : ਅੰਮ੍ਰਿਤਾ ਪ੍ਰੀਤਮ

ਇੱਕ ਵਿਸ਼ਾਲ ਦੇਸ਼ ਦੀ ਗੱਲ ਹੈ, ਇੱਕ ਦਿਨ ਠੰਢੇ ਬਲੌਰੀ ਪਾਣੀਆਂ ਨੇ ਜ਼ਿੰਦਗੀ ਦੇ ਖ਼ੂਬਸੂਰਤ ਅੰਗਾਂ ਨੂੰ ਮਲ-ਮਲ ਕੇ ਧੋਤਾ। ਫੁੱਲਾਂ ਨੇ ਰੱਜ-ਰੱਜ ਨੇ ਸੁਗੰਧੀ ਲਾਈ ਤੇ ਸੱਤਾਂ ਰੰਗਾਂ ਨੇ ਜ਼ਿੰਦਗੀ ਵਾਸਤੇ ਇੱਕ ਪੁਸ਼ਾਕ ਆਂਦੀ। ਸੂਰਜ ਨੇ ਆਪਣੀਆਂ ਕਿਰਨਾਂ ਨਾਲ ਫਲਾਂ ਵਿਚ ਰਸ ਪਾਇਆ, ਤੇ ਜ਼ਿੰਦਗੀ ਨੇ ਆਪਣੀਆਂ ਅੱਖਾਂ ਵਿਚ ਇੱਕ ਰੱਜ ਭਰ ਕੇ ਪੌਣ ਨੂੰ ਆਖਿਆ :

‘‘ਮੈਂ ਸੁਣਿਆ ਏਂ ਸਦੀ ਦੀਆਂ ਪੰਜ ਧੀਆਂ ਨੇ, ਜਵਾਨ ਤੇ ਖ਼ੂਬਸੂਰਤ।’’

‘‘ਹਾਂ।’’

‘‘ਅੱਜ ਮੈਂ ਉਹਨਾਂ ਦੇ ਘਰ ਜਾਵਾਂਗੀ।’’

ਪੌਣ ਹੱਸ ਪਈ।

‘‘ਮੇਰੇ ਕੋਲ ਪੰਜ ਸੁਗਾਤਾਂ ਨੇ, ਇੱਕੋ ਜਹੀਆਂ ਕੀਮਤੀ, ਮੈਂ ਉਹਨਾਂ ਸਾਰੀਆਂ ਨੂੰ ਇੱਕ -ਇੱਕ ਸੁਗ਼ਾਤ ਦੇਵਾਂਗੀ। ਤੂੰ ਮੇਰੇ ਨਾਲ ਚੱਲੇਂਗੀ ?’’

‘‘ਜਿਵੇਂ ਤੂੰ ਆਖੇਂ।’’

‘‘ਸਾਰਿਆਂ ਤੋਂ ਪਹਿਲਾਂ ਮੈਂ ਪੰਜਾਂ ਭੈਣਾਂ ਵਿੱਚੋਂ ਵੱਡੀ ਭੈਣ ਦੇ ਘਰ ਜਾਵਾਂਗੀ।’’

‘‘ਚੰਗਾ, ਪਰ ਉਹਦੇ ਘਰ ਨੂੰ ਬਾਰੀਆਂ ਤੇ ਬੂਹੇ ਕੋਈ ਨਹੀਂ। ਸਿਰਫ਼ ਇੱਕੋ ਦਰਵਾਜ਼ਾ ਏ। ਉਹਦਾ ਮਰਦ ਬਾਹਰ ਜਾਂਦਾ ਏ, ਤਾਂ ਜਾਂਦੀ ਵਾਰ ਉਹ ਦਰਵਾਜ਼ੇ ਨੂੰ ਬਾਹਰੋਂ ਦੀ ਲੋਹੇ ਦਾ ਜੰਦਰਾ ਮਾਰ ਜਾਂਦਾ ਏ, ਫੇਰ ਜਦੋਂ ਘਰ ਆਉਂਦਾ ਏ, ਉਹੀ ਜੰਦਰਾ ਬਾਹਰੋਂ ਖੋਲ੍ਹ ਕੇ ਉਹ ਘਰ ਦੇ ਅੰਦਰੋਂ ਮਾਰ ਲੈਂਦਾ ਏ।’’

‘‘ਤੂੰ ਮੈਨੂੰ ਆਪਣੇ ਅੰਦਰ ਭਰ ਲੈ, ਇੱਕ ਖ਼ੁਸ਼ਬੂ ਵਾਕੁਰ, ਮੈਂ ਤੇਰੇ ਨਾਲ ਉਹਦੇ ਘਰ ਚਲੀ ਜਾਵਾਂਗੀ।’’

‘‘ਨਹੀਂ ਨਹੀਂ, ਖੁਸ਼ਬੂਆਂ ਨਾਲ ਮੈਂ ਭਾਰੀ ਹੋ ਜਾਂਦੀ ਹਾਂ, ਤੇ ਫੇਰ ਮੈਂ ਕਿਸੇ ਝੀਥ ਵਿਚੋਂ ਵੀ ਅੰਦਰ ਨਹੀਂ ਲੰਘ ਸਕਦੀ। ਜਿੰਨੇ ਚਿਰ ਵਿਚ ਮੈਂ ਕੰਧਾਂ ਨੂੰ ਲੰਘ-ਲੰਘ ਕੇ ਉਹਦੇ ਘਰ ਜਾਂਦੀ ਹਾਂ, ਉੱਨੇ ਚਿਰ ਵਿਚ ਮੇਰਾ ਵੀ ਅੰਗ-ਅੰਗ ਟੁੱਟਣ ਲੱਗ ਪੈਂਦਾ ਏ।’’.....

ਪੌਣ ਜ਼ਿੰਦਗੀ ਨੂੰ ਪੰਜਾਂ ਭੈਣਾਂ ਵਿਚੋਂ ਵੱਡੀ ਦੇ ਘਰ ਲੈ ਗਈ।

‘‘ਐਸ ਵੱਡੀ ਦੀਵਾਰ ਉੱਤੇ ਬੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ, ਸੈਂਕੜੇ ਤਸਵੀਰਾਂ....ਹਜ਼ਾਰਾਂ ਤਸਵੀਰਾਂ....,’’ ਜ਼ਿੰਦਗੀ ਨੇ ਹੈਰਾਨ ਹੋ ਕੇ ਵੇਖਿਆ।

‘‘ਇਹ ਦੀਵਾਰ ਸਦੀਆਂ ਤੋਂ ਬਣੀ ਹੋਈ ਏ। ਜਦੋਂ ਘਰ ਦੀ ਕੋਈ ਇਸਤਰੀ ਇਨ੍ਹਾਂ ਮੁਹਾਠਾਂ ਨੂੰ ਲੰਘੇ ਬਿਨਾਂ ਇਸ ਘਰ ਵਿਚ ਮਰ ਜਾਂਦੀ ਏ, ਇਸ ਦੇਸ਼ ਦੇ ਲੋਕ ਉਹਦੀ ਤਸਵੀਰ ਇਸ ਦੀਵਾਰ ਉੱਤੇ ਬਣਾ ਦੇਂਦੇ ਨੇ।’’

‘‘ਇਸ ਘਰ ਦੀ ਕੋਈ ਇਸਤਰੀ ਵੀ ਇਨ੍ਹਾਂ ਮੁਹਾਠਾਂ ਤੋਂ ਬਾਹਰ ਨਹੀਂ ਆਉਂਦੀ?’’

‘‘ਨਹੀਂ ਜ਼ਿੰਦਗੀ! ਕਦੇ ਨਹੀਂ।’’

‘‘ਇਨ੍ਹਾਂ ਦੀਵਾਰਾਂ ਦਾ ਕੀ ਨਾਂ ਏਂ ?’’

‘‘ਰਵਾਇਤਾਂ। ਕੋਈ ਕੁਲ ਦੀ ਰਵਾਇਤ ਏ, ਕੋਈ ਧਰਮ ਦੀ ਏ, ਕੋਈ ਸਮਾਜ ਦੀ ਰਵਾਇਤ ਏ.....।’’

‘‘ਪਰ ਮੈਂ ਇਸ ਘਰ ਦੀ ਇਸਤਰੀ ਨੂੰ ਇੱਕ ਵਾਰ ਵੇਖਣਾ ਚਾਹੁੰਦੀ ਹਾਂ।’’

‘‘ਸੂਰਜ ਦੀ ਕਿਰਨ ਨੇ ਵੀ ਕਦੇ ਇਸ ਘਰ ਦੀ ਇਸਤਰੀ ਨੂੰ ਨਹੀਂ ਵੇਖਿਆ, ਤੂੰ ਭਲਾ ਕਿਵੇਂ ਵੇਖੇਂਗੀ ?’’

‘‘ਪਰ ਇਹ ਵੀਹਵੀਂ ਸਦੀ ਏ ਪੌਣ! ਤੂੰ ਕਿਹੜੀ ਸਦੀ ਦੀਆਂ ਗੱਲਾਂ ਕਰਨੀ ਏਂ ?’’

‘‘ਏਥੇ ਸਦੀਆਂ ਘਰ ਦੇ ਬਾਹਰੋਂ ਦੀ ਲੰਘ ਜਾਂਦੀਆਂ ਨੇ, ਤੇ ਭਾਵੇਂ ਦਸ ਸਦੀਆਂ ਏਧਰ ਓਧਰ ਹੋ ਜਾਣ, ਏਸ ਘਰ ਵਿਚ ਰਹਿਣ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ।’’

‘‘ਮੈਂ ਉਹਦੇ ਵਾਸਤੇ ਸੁਗ਼ਾਤ ਆਂਦੀ ਏ.....।’’

‘‘ਤੇਰੀ ਸੁਗ਼ਾਤ ਜੇ ਉਹਦੇ ਤੱਕ ਪਹੁੰਚ ਵੀ ਜਾਏ ਤਾਂ ਉਹ ਕਦੇ ਹੱਥ ਨਹੀਂ ਲਾਏਗੀ।’’

‘‘ਕਿਉਂ ?’’

‘‘ਕਿਉਂਕਿ ਦੁਨੀਆ ਦੀਆਂ ਸਭ ਚੀਜ਼ਾਂ ਉਹਦੇ ਲਈ ਵਰਜਿਤ ਨੇ।’’

‘‘ਉਹ ਮੇਰੀ ਆਵਾਜ਼ ਨਹੀਂ ਸੁਣੇਂਗੀ ?’’

‘‘ਨਹੀਂ, ਉਹਦੇ ਕੰਨਾਂ ਲਈ ਇਸ ਦੀਵਾਰ ਦੇ ਬਾਹਰੋਂ ਆਉਣ ਵਾਲੀਆਂ ਸਭ ਆਵਾਜ਼ਾਂ ਮਨ੍ਹਾਂ ਨੇ।’’

‘‘ਤੂੰ ਕੀ ਗੱਲਾਂ ਕਰਨੀ ਏਂ ਪੌਣ! ਆਖ਼ਰ ਉਹ ਜਵਾਨ ਏਂ।’’

‘‘ਤੂੰ ਵਰ੍ਹਿਆਂ ਦਾ ਹਿਸਾਬ ਲਾਂਦੀ ਹੋਵੇਂਗੀ ਜ਼ਿੰਦਗੀ, ਪਰ ਇਸ ਘਰ ਦੀ ਔਰਤ ਕਦੇ ਜਵਾਨ ਨਹੀਂ ਹੁੰਦੀ, ਜਦੋਂ ਉਹ ਬਾਲੜੀ ਹੁੰਦੀ ਏ, ਉਦੋਂ ਹੀ ਉਹਦੇ ਉੱਤੇ ਬੁਢੇਪਾ ਆ ਜਾਂਦਾ ਏ।’’

ਜ਼ਿੰਦਗੀ ਦੇ ਪੈਰਾਂ ਵਿਚ ਇੱਕ ਕੰਬਣੀ ਆਾਈ, ਤੇ ਉਹ ਹਾਰੀ ਹੋਈ, ਸਹਿਮੀ ਹੋਈ ਅਗਾਂਹ ਤੁਰ ਪਈ।

‘‘ਇਹ ਧੀ ਇਸ ਸਦੀ ਦੀ ਦੂਸਰੀ ਧੀ ਏ,’’ ਪੌਣ ਨੇ ਆਖਿਆ।

‘‘ਕਿਹੜੀ ?’’

‘‘ਅਹੁ ਸਾਹਮਣੇ ਰੇਲ ਦੀ ਪਟੜੀ ਉੱਤੇ ਕੋਲੇ ਚੁਣਦੀ ਪਈ ਏ।’’

ਇੱਕ ਤੀਹਾਂ ਕੁ ਵਰ੍ਹਿਆਂ ਦੀ ਇਸਤਰੀ ਨੇ ਖੱਬੇ ਹੱਥ ਨਾਲ ਵੱਖੀ ਤੋਂ ਪਾਟੀ ਹੋਈ ਕਮੀਜ਼ ਨੂੰ ਦੁਪੱਟੇ ਦੇ ਪੱਲੇ ਨਾਲ ਕੱਜਿਆ ਤੇ ਸੱਜੇ ਹੱਥ ਨਾਲ ਪੱਛੀ ਵਿਚ ਕੋਲਿਆਂ ਦੀ ਮੁੱਠ ਪਾ ਕੇ, ਕੋਈ ਦਸਾਂ ਕੁ ਗਜ਼ਾਂ ਦੀ ਵਿੱਥ ਉੱਤੇ ਪਈ ਹੋਈ ਆਪਣੀ ਕੁੜੀ ਨੂੰ ਵੇਖਿਆ। ਉਹਦੇ ਰੋਣ ਦੀ ਆਵਾਜ਼ ਹੁਣ ਹੋਰ ਤਿੱਖੀ ਹੋ ਗਈ ਸੀ। ਇਸਤਰੀ ਨੇ ਪੱਛੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਕੁੜੀ ਨੂੰ ਆਪਣੀ ਝੋਲੀ ਵਿਚ ਲੈ ਲਿਆ। ਕੁੜੀ ਨੇ ਮਾਂ ਦੀ ਛਾਤੀ ਨਾਲ ਕਈ ਵਾਰ ਮੂੰਹ ਮਾਰਿਆ ਪਰ ਉਹਨੂੰ ਦੁੱਧ ਦਾ ਭੁਲੇਖਾ ਨਾ ਪੈ ਸਕਿਆ, ਤੇ ਉਹ ਫੇਰ ਡਡਿਆ ਕੇ ਰੋ ਪਈ।

ਜ਼ਿੰਦਗੀ ਨੇ ਕੋਲ ਜਾ ਕੇ ਆਵਾਜ਼ ਦਿੱਤੀ, ‘‘ਭੈਣ!’’

ਇਸਤਰੀ ਨੇ ਖੌਰੇ ਸੁਣੀ ਨਾ, ਜ਼ਿੰਦਗੀ ਹੋਰ ਨੇੜੇ ਹੋਈ, ਤੇ ਫੇਰ ਆਖਿਓ ਸੁ ‘‘ਭੈਣ!’’ ਇਸਤਰੀ ਨੇ ਉਪਰਾਈਆਂ ਅੱÎਖਾਂ ਨਾਲ ਇੱਕ ਵਾਰੀ ਵੇਖਿਆ, ਤੇ ਫੇਰ ਧਿਆਨ ਪਰ੍ਹੇ ਕਰ ਲਿਆ, ਜਿਵੇਂ ਉਸ ਨੇ ਸੋਚਿਆ ਹੋਵੇ ਕਿ ਆਵਾਜ਼ ਕਿਸੇ ਹੋਰ ਨੂੰ ਪਈ ਹੋਣੀ ਏਂ।

ਜ਼ਿੰਦਗੀ ਦੇ ਹੋਂਠ ਜਿਵੇਂ ਤੜਪ ਗਏ, ‘‘ਮੇਰੀ ਭੈਣ।’’ ਇਸਤਰੀ ਨੇ ਫੇਰ ਉਹਦੇ ਵੱਲ ਵੇਖਿਆ ਤੇ ਉਪਰੇ ਜਹੇ ਦਿਲ ਨਾਲ ਪੁੱਛਿਆ, ‘‘ਤੂੰ ਕੌਣ ਏਂ ?’’

‘‘ਮੈਨੂੰ ਜ਼ਿੰਦਗੀ ਆਖਦੇ ਨੇ।’’

ਇਸਤਰੀ ਨੇ ਫੇਰ ਆਪਣਾ ਧਿਆਨ ਰੋਂਦੀ ਕੁੜੀ ਵੱਲ ਕਰ ਲਿਆ ਜਿਵੇਂ ਰਾਹ ਜਾਂਦਿਆਂ ਦੀਆਂ ਗੱਲਾਂ ਨਾਲ ਉਹਦਾ ਕੀ ਵਾਸਤਾ।

‘‘ਮੈਂ ਤੇਰੇ ਦੇਸ਼ ਆਈ ਹਾਂ, ਤੇਰੇ ਸ਼ਹਿਰ, ਤੇਰੇ ਘਰ....।’’

ਦੇਸ਼, ਸ਼ਹਿਰ ਤੇ ਘਰ ਵਾਲੀ ਗੱਲ ਜਿਵੇਂ ਇਸਤਰੀ ਨੂੰ ਸਮਝ ਨਾ ਲੱਗੀ।

‘‘ਅੱਜ ਮੈਂ ਤੇਰੇ ਘਰ ਰਵ੍ਹਾਂਗੀ।’’

ਇਸਤਰੀ ਨੇ ਗ਼ੁੱਸੇ ਨਾਲ ਜ਼ਿੰਦਗੀ ਦੇ ਮੂੰਹ ਵੱਲ ਵੇਖਿਆ, ਜਿਵੇਂ ਜ਼ਿੰਦਗੀ ਨੂੰ ਅਜਿਹਾ ਮਖ਼ੌਲ ਨਹੀਂ ਸੀ ਕਰਨਾ ਚਾਹੀਦਾ।

‘‘ਤੂੰ ਕੁੜੀ ਨੂੰ ਦੁੱਧ ਕਿਉਂ ਨਹੀਂ ਦੇਂਦੀ, ਵਿਚਾਰੀ ਰੋਂਦੀ ਪਈ ਏ।’’

ਇਸਤਰੀ ਨੇ ਇੱਕ ਵਾਰ ਆਪਣੇ ਸੁੱਕੇ ਹੋਏ ਪਿੰਡੇ ਵੱਲ ਵੇਖਿਆ, ਦੂਸਰੀ ਵਾਰ ਕੁੜੀ ਦੇ ਰੋਂਦੇ ਮੂੰਹ ਵੱਲ, ਤੇ ਫੇਰ ਉਸ ਨੂੰ ਸਮਝ ਨਾ ਲੱਗੀ ਕਿ ਏਸ ਸਵਾਲ ਦਾ ਕੀ ਮਤਲਬ ਸੀ। ਭਲਾ ਜੇ ਉਹਦੇ ਕੋਲ ਦੁੱਧ ਹੁੰਦਾ, ਤਾਂ ਉਹ ਕੁੜੀ ਨੂੰ ਦੇਂਦੀ ਨਾ.....

‘‘ਤੇਰਾ ਘਰ ਕਿੱਡੀ ਕੁ ਦੂਰ ਏ ?’’

‘‘ਐਸ ਗੰਦੇ ਨਾਲੇ ਦੇ ਪਾਰ।’’

‘‘ਮੈਂ ਤੇਰੇ ਨਾਲ ਚੱਲਾਂਗੀ।’’

‘‘ਪਰ ਉੱਥੇ ਘਰ ਕੋਈ ਨਹੀਂ, ਕਾਨਿਆਂ ਦਾ ਇੱਕ ਛੱਪਰ ਏ।’’

‘‘ਉੱਥੇ ਹੀ ਸਹੀ......।’’

‘‘ਪਰ ਉੱਥੇ ਮੰਜੀ ਕੋਈ ਨਹੀਂ, ਸਿਰਫ਼ ਦੋ ਬੋਰੀਆਂ ਨੇ।’’

‘‘ਤੇਰਾ ਪਤੀ.....।’’

‘‘ਉਹ ਬੀਮਾਰ ਏ।’’

‘‘ਕੰਮ ਕੀ ਕਰਦਾ ਏ ?’’

‘‘ਕਾਰਖ਼ਾਨੇ ਵਿਚ ਮਜ਼ਦੂਰ ਹੁੰਦਾ ਸੀ, ਪਰ ਪਿਛਲੇ ਵਰ੍ਹੇ ਜਦੋਂ ਛਾਂਟੀ ਹੋਈ ਸੀ, ਉਹ ਕੱਢਿਆ ਗਿਆ ਸੀ।’’

‘‘ਤੇ ਫੇਰ।’’

‘‘ਉਹਨੂੰ ਵਰ੍ਹਾ ਹੋ ਗਿਆ ਏ ਤਾਪ ਚੜ੍ਹਦਿਆਂ।’’

‘‘ਇਹ ਇੱਕੋ ਤੇਰੀ ਕੁੜੀ ਏ ?’’

‘‘ਇੱਕ ਮੇਰਾ ਮੁੰਡਾ ਵੀ ਏ ਪਰ....।’’

‘‘ਉਹ ਕਿੱਥੇ ਵੇ ?’’

‘‘ਇੱਕ ਦਿਨ ਉਹ ਭੁੱਖਾ ਸੀ। ਉਸ ਨੇ ਇੱਕ ਅਮੀਰ ਆਦਮੀ ਦੀ ਮੋਟਰ ਵਿੱਚੋਂ ਸੇਬ ਚੁਰਾ ਲਿਆ ਸੀ। ਪੁਲਸ ਵਾਲਿਆਂ ਨੇ ਉਹਨੂੰ ਜੇਲ੍ਹ ਵਿਚ ਦੇ ਦਿੱਤਾ ਏ।’’

‘‘ਮੈਂ ਤੇਰੇ ਘਲ ਚੱਲਾਂ ?’’

‘‘ਪਰ ਤੂੰ ਕੌਣ ਏਂ ?’’

‘‘ਮੈਨੂੰ ਜ਼ਿੰਦਗੀ ਆਖਦੇ ਨੇ।’’

‘‘ਮੈਂ ਤੇ ਕਦੇ ਤੇਰਾ ਨਾਂ ਨਹੀਂ ਸੁਣਿਆ।’’

‘‘ਕਦੇ....ਕਦੇ ਛੋਟਿਆਂ ਹੁੰਦਿਆਂ.....ਛੋਟਿਆਂ ਹੁੰਦਿਆਂ ਤੂੰ ਕਹਾਣੀਆਂ ਸੁਣਦੀ ਹੋਵੇਗੀ।’’

‘‘ਮੇਰੀ ਮਾਂ ਨੂੰ ਬੜੀਆਂ ਕਹਾਣੀਆਂ ਆਉਂਦੀਆਂ ਸਨ। ਮੇਰਾ ਪਿਓ ਕਿਰਸਾਨ ਸੀ। ਪਰ ਉਹ ਉਹਨਾਂ ਕਿਰਸਾਨਾਂ ਵਿੱਚੋਂ ਸੀ, ਜਿਨ੍ਹਾਂ ਕੋਲ ਆਪਣੀ ਜ਼ਮੀਨ ਕੋਈ ਨਹੀਂ ਹੁੰਦੀ। ਮੇਰੀ ਵੱਡੀ ਭੈਣ ਦੇ ਵਿਆਹ ਵੇਲੇ ਅਸਾਂ ਕਰਜ਼ਾ ਲਿਆ ਸੀ, ਤੇ ਫੇਰ ਸਾਡੇ ਕੋਲੋਂ ਮੋੜ ਨਹੀਂ ਸੀ ਹੋਇਆ। ਸ਼ਾਹੂਕਾਰ ਨੇ ਸਾਡਾ ਮਾਲ ਡੰਗਰ ਖੋਹ ਲਿਆ ਸੀ, ਤੇ ਮੇਰਾ ਪਿਓ ਕਿਧਰੇ ਦੂਰ ਖੱਟਣ ਟੁਰ ਗਿਆ ਸੀ। ਮੇਰੀ ਮਾਂ ਨੂੰ ਰਾਤੀਂ ਨੀਂਦਰ ਨਹੀਂ ਸੀ....ਜਿੰਨਾਂ ਦੀਆਂ....ਭੂਤਾਂ ਦੀਆਂ.....ਦਿਓਆਂ ਦੀਆਂ.....ਪਰ ਮੈਂ ਤੇਰਾ ਨਾਂ ਕਦੇ ਨਹੀਂ ਸੀ ਸੁਣਿਆ।’’

‘‘ਫੇਰ ਤੇਰਾ ਪਿਉ ਕੀ ਖੱਟ ਕੇ ਲਿਆਇਆ ਸੀ ?’’

‘‘ਮੇਰੀ ਮਾਂ ਆਂਹਦੀ ਹੁੰਦੀ ਸੀ ਕਿ ਜਦੋਂ ਉਹ ਆਵੇਗਾ ਬੜਾ ਸੋਨਾ ਲਿਆਵੇਗਾ, ਪਰ ਉਹ ਕਦੀ ਆਇਆ ਹੀ ਨਾ ਮੁੜ ਕੇ,’’ ਤੇ ਫੇਰ ਇਸਤਰੀ ਨੇ ਠਠੰਬਰ ਕੇ ਆਖਿਆ, ‘‘ਪਰ ਤੂੰ ਕੀ ਲੈਣਾ ਏਂ ਮੇਰੇ ਘਰ ਜਾ ਕੇ ?’’

‘‘ਮੈਂ......,’’ ਜ਼ਿੰਦਗੀ ਕੋਲੋਂ ਹੋਰ ਕੁਝ ਨਾ ਆਖਣ ਹੋਇਆ।

ਇਸਤਰੀ ਕੋਲਿਆਂ ਦੀ ਪੱਛੀ ਫੜ ਕੇ ਉੱਠ ਪਈ।

‘‘ਮੈਂ ਤੇਰੇ ਜੋਗੀ ਸੁਗ਼ਾਤ ਆਂਦੀ ਏ,’’ ਜ਼ਿੰਦਗੀ ਨੇ ਰੰਗਾਂ ਤੇ ਸੁਗੰਧਾਂ ਦੀ ਇੱਕ ਪਟਾਰੀ ਇਸਤਰੀ ਦੇ ਸਾਹਮਣੇ ਰੱਖੀ।

‘‘ਨਾ ਭੈਣ.....ਇਹ ਤੂੰ ਆਪਣੇ ਕੋਲ ਹੀ ਰੱਖ......,’’ ਇਸਤਰੀ ਨੇ ਜਿਵੇਂ ਤ੍ਰਹਿ ਕੇ ਅੱਖਾਂ ਪਰ੍ਹੇ ਕਰ ਲਈਆਂ।

‘‘ਮੈਂ ਤੇਰੇ ਜੋਗੀ ਆਂਦੀ ਏ।’’

‘‘ਨਾ ਭੈਣ....ਕੱਲ੍ਹ ਪੁਲਸ ਵਾਲੇ ਆਖਣਗੇ ਤੂੰ ਕਿਸੇ ਦੀ ਚੋਰੀ ਕਰ ਲਈ ਏ।’’ ਇਸਤਰੀ ਛੇਤੀਛੇਤੀ ਆਪਣੇ ਘਰ ਵੱਲ ਮੁੜੀ, ਪਰ ਥੋੜ੍ਹੀ ਜਿਹੀ ਦੂਰ ਜਾ ਕੇ ਜਦੋਂ ਉਸ ਨੇ ਵੇਖਿਆ ਕਿ ਜ਼ਿੰਦਗੀ ਅਜੇ ਵੀ ਉਸਦੇ ਪਿੱਛੇ-ਪਿੱਛੇ ਆਉਂਦੀ ਪਈ ਹੈ ਤਾਂ ਉਹ ਡਰ ਕੇ ਖਲੋ ਗਈ :

‘‘ਤੂੰ ਮੁੜ ਜਾ ਭੈਣ! ਮੇਰੇ ਨਾਲ ਨਾ ਆ। ਮੈਨੂੰ ਬਗਾਨਿਆਂ ਤੋਂ ਬੜਾ ਡਰ ਲੱਗਦਾ ਏ। ਅੱਗੇ ਵੀ ਇੱਕ ਵਾਰੀ.....ਇੱਕ ਵਾਰੀ ਇੱਕ ਜਵਾਨ ਜਿਹਾ ਸ਼ਹਿਰੀਆ ਆਇਆ ਸੀ, ਆਂਹਦਾ ਸੀ ਮੈਂ ਤੇਰੇ ਘਰ ਵਾਲੇ ਨੂੰ ਕੰਮ ਲੈ ਦਿਆਂਗਾ, ਤੇ ਨਾਲੇ ਤੇਰੇ ਮੁੰਡੇ ਨੂੰ ਜੇਲ੍ਹੋਂ ਛੁਡਾ ਦਿਆਂਗਾ.....ਮੈਂ ਗਵਾਂਢੀਆਂ ਤੋਂ ਆਟਾ ਮੰਗ ਕੇ ਉਹਦੇ ਲਈ ਰੋਟੀ ਪਕਾਈ.....ਤੇ ਜਦੋਂ ਮੈਂ ਆਪਣੇ ਮੁੰਡੇ ਨੂੰ ਵੇਖਣ ਲਈ ਉਹਦੇ ਨਾਲ ਸ਼ਹਿਰ ਗਈ....ਰਾਹ ਵਿਚ.....ਰਾਹ ਵਿਚ ਉਹ......,’’ ਇਸਤਰੀ ਦਾ ਅੰਗ-ਅੰਗ ਬਲ ਉੱਠਿਆ, ਤੇ ਵਾਹੋ ਦਾਹੀ ਉੱਥੋਂ ਦੌੜ ਪਈ।

ਜ਼ਿੰਦਗੀ ਦੀ ਅੱਖ ਵਿਚ ਛਲਕਦੇ ਅੱਥਰੂ ਨੂੰ ਪੌਣ ਨੇ ਆਪਣੀ ਤਲੀ ਨਾਲ ਪੂੰਝਿਆ, ‘‘ਚੱਲ ਮੈਂ ਤੈਨੂੰ ਤੀਸਰੀ ਭੈਣ ਦੇ ਘਰ ਲੈ ਚਲਾਂ।’’ ਤੇ ਜ਼ਿੰਦਗੀ ਜਦੋਂ ਇੱਕ ਮਹੱਲ ਵਰਗੇ ਘਰ ਅੱਗੋਂ ਲੰਘੀ, ਤਾਂ ਪੌਣ ਨੇ ਹੌਲੇ ਜਹੇ ਉਹਦੇ ਕੰਨਾਂ ਵਿਚ ਆਖਿਆ, ‘‘ਇਹੋ ਘਰ ਏ ਉਸ ਦਾ।’’

ਬੂਹੇ ਅੱਗੇ ਖਲੋਤੇ ਦਰਬਾਨ ਨੇ ਜ਼ਿੰਦਗੀ ਦਾ ਰਾਹ ਰੋਕ ਲਿਆ। ਫੇਰ ਦਾਸੀ ਦੇ ਹੱਥ ਸੁਨੇਹਾ ਭੇਜਿਆ ਗਿਆ। ਜ਼ਿੰਦਗੀ ਬਾਹਰ ਉਡੀਕਦੀ ਰਹੀ- ਉਡੀਕਦੀ ਰਹੀ- ਤੇ ਫੇਰ ਜਦੋਂ ਉਸ ਨੂੰ ਅੰਦਰ ਜਾਣ ਦਾ ਇਸ਼ਾਰਾ ਹੋਇਆ, ਉਹ ਉਸ ਦਾਸੀ ਦੇ ਪਿੱਛੇ-ਪਿੱਛੇ ਕੱਚ ਦੇ ਕਈ ਬੂਹਿਆਂ ਨੂੰ ਲੰਘਦੀ ਤੇ ਰੇਸ਼ਮ ਦੇ ਕਈ ਪਰਦਿਆਂ ਨੂੰ ਚੁੱਕਦੀ ਖ਼ਾਸ ਕਮਰੇ ਵਿਚ ਪਹੁੰਚੀ।

ਚਿੱਟੇ ਸੰਗਮਰਮਰ ਦਾ ਇੱਕ ਔਰਤ ਦਾ ਬੁੱਤ ਕਮਰੇ ਦੀ ਇੱਕ ਗੁੱਠੇ ਖਲੋਤਾ ਹੋਇਆ ਸੀ, ਪਾਣੀ ਦੀ ਫੁਹਾਰ ਉਸ ਦੇ ਪਿੰਡੇ ਨੂੰ ਢੱਕਦੀ ਪਈ ਸੀ। ਚਿੱਟੇ ਸੰਗਮਰਮਰ ਜਹੀ ਇੱਕ ਔਰਤ ਦਾ ਬੁੱਤ ਇੱਕ ਨਰਮ ਕੁਰਸੀ ਉੱਤੇ ਪਿਆ ਹੋਇਆ ਸੀ। ਸਿਲਕ ਦੀਆਂ ਤਾਰਾਂ ਉਸ ਦੇ ਪਿੰਡੇ ਨੂੰ ਕੱਜਣ ਦਾ ਜਤਨ ਕਰ ਰਹੀਆਂ ਸਨ। ਔਰਤਾਂ ਦੇ ਖਲੋਤੇ ਹੋਏ ਬੁੱਤ ਵਿੱਚੋਂ, ਆਵਾਜ਼ ਕੋਈ ਨਾ ਆਈ ਪਰ ਔਰਤ ਦੇ ਬੈਠੇ ਹੋਏ ਬੁੱਤ ਵਿੱਚੋਂ ਆਵਾਜ਼ ਆਈ, ‘‘ਤੂੰ ਕੌਣ ਏਂ ? ਮੈਂ ਪਛਾਣਿਆ ਨਹੀਂ।’’

ਜ਼ਿੰਦਗੀ ਨੇ ਤ੍ਰਭਕ ਕੇ ਚਾਰੇ ਪਾਸੇ ਵੇਖਿਆ, ਪਰ ਉੱਥੇ ਕੋਈ ਇਸਤਰੀ ਨਹੀਂ ਸੀ। ਫੇਰ ਜ਼ਿੰਦਗੀ ਨੇ ਖਲੋਤੇ ਹੋਏ ਬੁੱਤ ਨੂੰ ਹੱਥ ਲਾਇਆ, ਉਹ ਪੱਥਰ ਵਰਗਾ ਸਖ਼ਤ ਸੀ। ਫੇਰ ਜ਼ਿੰਦਗੀ ਨੇ ਬੈਠੇ ਹੋਏ ਬੁੱਤ ਨੂੰ ਹੱਥ ਲਾਇਆ, ਉਹ ਰਬੜ ਵਰਗਾ ਕੂਲਾ ਸੀ।

‘‘ਮੈਨੂੰ ਜ਼ਿੰਦਗੀ ਆਖਦੇ ਨੇ।’’

‘‘ਮੈਨੂੰ ਯਾਦ ਨਹੀਂ ਪੈਂਦਾ ਪਰ ਇਹ ਨਾਂ ਕਿਤੇ ਸੁਣਿਆ ਹੋਇਆ ਲੱਗਦਾ ਏ, ਸ਼ਾਇਦ ਛੋਟਿਆਂ ਹੁੰਦਿਆਂ ਕਿਸੇ ਕਿਤਾਬ ਵਿਚ ਪੜਿ·ਆ ਸੀ।’’

‘‘ਕਿਤਾਬ ਵਿਚ ?’’

‘‘ਹਾਂ, ਮੈਨੂੰ ਯਾਦ ਆ ਗਿਆ ਏ....ਮੇਰੇ ਨਾਲ ਇੱਕ ਲੜਕਾ ਪੜ੍ਹਦਾ ਹੁੰਦਾ ਸੀ, ਉਹ ਗੀਤ ਲਿਖਦਾ ਹੁੰਦਾ ਸੀ, ਇੱਕ ਵਾਰ ਉਸ ਨੇ ਮੈਨੂੰ ਆਪਣੇ ਗੀਤਾਂ ਦੀ ਇੱਕ ਕਾਪੀ ਦਿੱਤੀ ਸੀ, ਉਹਦੇ ਵਿਚ ਇਹ ਨਾਂ ਆਉਂਦਾ ਸੀ।’’

‘‘ਉਹ ਹੁਣ ਕਿੱਥੇ ਰਹਿੰਦਾ ਏ ?’’

‘‘ਗ਼ਰੀਬ ਜਿਹਾ ਲੜਕਾ ਸੀ, ਪਤਾ ਨਹੀਂ ਕਿੱਥੇ ਰਹਿੰਦਾ ਏ।’’

‘‘ਤੇ ਉਹਦੀ ਕਾਪੀ ?’’

‘‘ਮੈਂ ਏਸ ਨਵੀਂ ਕੋਠੀ ਵਿਚ ਆਉਣ ਲੱਗਿਆਂ ਪੁਰਾਣਾ ਸਾਮਾਨ ਨਾਲ ਨਹੀਂ ਆਂਦਾ। ਅਸਾਂ ਇਹ ਸਾਰਾ ਸਾਮਾਨ ਨਵਾਂ ਖ਼ਰੀਦਿਆ ਏ।’’

‘‘ਬਹੁਤ ਮਹਿੰਗਾ ਖ਼ਰੀਦਿਆ ਏ।’’

‘‘ਮੇਰਾ ਪਤੀ ਮੁਲਕ ਦਾ ਬਹੁਤ ਵੱਡਾ ਆਦਮੀ ਏ। ਐਤਕੀਂ ਦੀਆਂ ਚੋਣਾਂ ਵਿਚ ਵੀ ਮੈਨੂੰ ਉਮੀਦ ਏ ਉਹ ਫੇਰ ‘ਵੱਡਾ ਆਦਮੀ’ ਚੁਣਿਆ ਜਾਏਗਾ। ਅਸੀਂ ਜਦੋਂ ਚਾਹੀਏ ਇਹੋ ਜਿਹਾ ਤੇ ਇਸ ਤੋਂ ਵੀ ਚੰਗਾ ਸਾਮਾਨ ਖ਼ਰੀਦ ਸਕਨੇ ਆਂ।’’

ਰਬੜ ਵਰਗੀ ਕੂਲੀ ਇਸਤਰੀ ਦੇ ਬੁੱਤ ਨੇ ਮੇਜ਼ ਉੱਤੇ ਪਏ ਹੋਏ ਫਲਾਂ ਨੂੰ ਜ਼ਿੰਦਗੀ ਦੇ ਅੱਗੇ ਰੱਖਿਆ। ਫਲਾਂ ਨੂੰ ਹੱਥ ਲਾਂਦਿਆਂ ਹੀ ਜ਼ਿੰਦਗੀ ਨੂੰ ਇੱਕ ਹਵਾੜ੍ਹ ਆਈ। ‘‘ਮੈਂ ਹੁਣੇ ਹੀ ਕਾਮਿਆਂ ਕੋਲੋਂ ਤਾਜ਼ੇ ਫਲ ਤੁੜਵਾਏ ਨੇ, ਦਾਸੀ ਨੇ ਸ਼ਾਇਦ ਧੋਤੇ ਨਹੀਂ, ਕਾਮਿਆਂ ਦੇ ਹੱਥਾਂ ਦੀ ਹਵਾੜ੍ਹ ਆਉਂਦੀ ਹੋਵੇਗੀ....ਅੱਜ ਗਰਮੀ ਨਹੀਂ ? ਮੇਰੀ ਤਬੀਅਤ ਕੁਝ ਠੀਕ ਨਹੀਂ ਅੱਜ....’’

‘‘ਜੇ ਤੈਨੂੰ ਚੰਗਾ ਲਗੇ, ਮੈਂ ਤੈਨੂੰ ਬਾਹਰ ਖੁੱਲ੍ਹੀ ਤੇ ਠੰਢੀ ਹਵਾ ਵਿਚ ਲੈ ਚਲਨੀ ਆਂ।’’ ਜ਼ਿੰਦਗੀ ਨੇ ਇੱਕ ਸਾਹ ਭਰ ਕੇ ਆਖਿਆ।

‘‘ਨਹੀਂ ਨਹੀਂ, ਇਸ ਤਰ੍ਹਾਂ ਮੈਂ ਬਾਹਰ ਨਹੀਂ ਜਾ ਸਕਦੀ, ਆਪਣੀ ਸ਼੍ਰੇਣੀ ਤੋਂ ਬਾਹਰ ਦੇ ਲੋਕਾਂ ਵਿਚ ਤੁਰਿਆਂ ਬੈਠਿਆਂ ਸਾਡੀ ਇੱਜ਼ਤ ਨਹੀਂ ਰਹਿੰਦੀ.....ਅਸਲ ਵਿਚ ਜਦੋਂ ਮੇਰਾ ਆਪ੍ਰੇਸ਼ਨ ਹੋਇਆ ਸੀ, ਕੁਝ ਕਸਰ ਰਹਿ ਗਈ ਸੀ, ਕਦੇ-ਕਦੇ ਮੈਨੂੰ ਦਰਦ ਹੁੰਦੀ ਏ....।’’

ਜ਼ਿੰਦਗੀ ਨੇ ਉੱਠ ਕੇ ਉਸ ਰਬੜ ਵਰਗੀ ਕੂਲੀ ਇਸਤਰੀ ਦੀ ਬਾਂਹ ਵੇਖੀ ਤੇ ਫੇਰ ਉਹਦੇ ਪਿੰਡੇ ਉੱਤੇ ਹੱਥ ਰੱਖਿਆ, ‘‘ਤੇਰਾ ਦਿਲ ਕਿਉਂ ਨਹੀਂ ਧੜਕਦਾ.....ਪੱਥਰ ਵਾਂਗ ਚੁੱਪ ਤੇ ਠੰਢਾ ਏ.....।’’

‘‘ਇੱਥੇ ਹੀ ਤਾਂ ਨੁਕਸ ਰਹਿ ਗਿਆ ਏ। ਮੇਰਾ ਪਤੀ ਆਖਦਾ ਏ ਹੁਣ ਅਸੀਂ ਕਿਸੇ ਬਾਹਰਲੇ ਮੁਲਕ ਜਾਵਾਂਗੇ....ਸ਼ਾਇਦ ਅਮਰੀਕਾ.....ਉੱਥੋਂ ਦੇ ਡਾਕਟਰ ਬੜੇ ਸਿਆਣੇ ਨੇ.....ਮੇਰਾ ਆਪ੍ਰੇਸ਼ਨ ਫੇਰ ਹੋਵੇਗਾ.....।’’

‘‘ਕਾਹਦਾ ਆਪ੍ਰੇਸ਼ਨ ?’’

‘‘ਜਦੋਂ ਕੋਈ ਕੁੜੀ ‘ਵੱਡੇ ਘਰ’ ਵਿਚ ਵਿਆਹੀ ਆਉਂਦੀ ਏ, ਵਿਆਹ ਦੀ ਪਹਿਲੀ ਰਾਤ ਨੂੰ ਮੁਲਕ ਦੇ ਸਿਆਣੇ ਡਾਕਟਰ ਉਹਦਾ ਆਪ੍ਰੇਸ਼ਨ ਕਰਦੇ ਨੇ, ਇਹ ਵੱਡਿਆਂ ਘਰਾਂ ਦੀ ਰੀਤ ਹੁੰਦੀ ਏ.....।’’

‘‘ਹਾਂ, ਤੇ ਉਸ ਕੁੜੀ ਦੇ ਪਿੰਡੇ ਨੂੰ ਚੀਰ ਕੇ ਉਸਦਾ ਦਿਲ ਬਾਹਰ ਕੱਢ ਲੈਂਦੇ ਨੇ। ਉਸਦੀ ਥਾਵੇਂ ਸੋਨੇ ਦੀ ਇੱਕ ਸਿਲ ਧਰਦੇ ਨੇ, ਬੜੀ ਖ਼ੂਬਸੂਰਤ....ਬੜੀ ਮਹਿੰਗੀ ਹੁੰਦੀ ਏ....ਮੇਰੇ ਆਪ੍ਰੇਸ਼ਨ ਵਿਚ ਥੋੜ੍ਹੀ ਜਿਹੀ ਕਸਰ ਰਹਿ ਗਈ ਸੀ, ਕਦੇ-ਕਦੇ ਤ੍ਰਾਟ ਜਹੀ ਪੈਂਦੀ ਏ....ਇਨ੍ਹਾਂ ਚੋਣਾਂ ਵਿਚ ਜੇ ਮੇਰਾ ਪਤੀ ਜਿੱਤ ਗਿਆ ਤਾਂ ਅਸੀਂ ਅਗਲੇ ਮਹੀਨੇ ਹਵਾਈ ਜਹਾਜ਼ ਵਿਚ ਬਾਹਰ ਜਾਵਾਂਗੇ....ਫੇਰ ਮੇਰਾ ਆਪ੍ਰੇਸ਼ਨ ਹੋਵੇਗਾ ਤੇ ਮੈਂ ਬਿਲਕੁਲ ਠੀਕ ਹੋ ਜਾਵਾਂਗੀ।’’

‘‘ਮੈਂ ਤੇਰੇ ਲਈ ਇੱਕ ਸੁਗ਼ਾਤ ਆਂਦੀ ਏ।’’

‘‘ਨਹੀਂ ਨਹੀਂ - ਮੇਰੇ ਪਤੀ ਨੇ ਆਖਿਆ ਹੋਇਆ ਏ ਅੱਜਕੱਲ੍ਹ ਕਿਸੇ ਕੋਲੋਂ ਕੋਈ ਚੀਜ਼ ਨਹੀਂ ਲੈਣੀ, ਚੋਣਾਂ ਨੇੜੇ ਆ ਰਹੀਆਂ ਨੇ- ਨਾਲੇ ਦੇਸ਼ ਦੀਆਂ ਵੱਡੀਆਂ ਮਿੱਲਾਂ ਵਿਚ ਸਾਡੀ ਪੱਤੀ ਹੁੰਦੀ ਏ, ਸਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਲੈਣ ਦੀ ਕੀ ਲੋੜ ਏ...’’

ਟੈਲੀਫ਼ੋਨ ਦੀ ਘੰਟੀ ਖੜਕੀ ਤੇ ਰਬੜ ਵਰਗੀ ਕੂਲੀ ਇਸਤਰੀ ਨੇ ਟੈਲੀਫ਼ੋਨ ਵਿਚ ਦੋ ਤਿੰਨ ਮਿੰਟ ਗੱਲਾਂ ਕਰ ਕੇ, ਕੋਲ ਬੈਠੀ ਜ਼ਿੰਦਗੀ ਨੂੰ ਆਖਿਆ, ‘‘ਭੈਣ ਤੈਨੂੰ ਜੇ ਮੇਰੇ ਨਾਲ ਕੋਈ ਕੰਮ ਹੋਵੇ, ਫਿਰ ਕਦੇ ਆਵੀਂ, ਇਸ ਵੇਲੇ ਮੇਰਾ ਪਤੀ ਤੇ ਉਹਦੀ ਸਭਾ ਦੇ ਕੁਝ ਲੋਕ ਘਰ ਆ ਰਹੇ ਨੇ....।’’

ਪੌਣ ਨੇ ਜ਼ਿੰਦਗੀ ਦਾ ਹੱਥ ਥੰਮਿ·ਆ ਅਤੇ ਉਸ ਨੂੰ ਆਸਰਾ ਦੇ ਕੇ ਚੌਥੀ ਭੈਣ ਦੇ ਘਰ ਲੈ ਗਈ। ਬੜਾ ਸਾਧਾਰਨ ਘਰ ਸੀ, ਪਰ ਘਰ ਦੇ ਬੂਹੇ ਅੱਗੇ ਇੱਕ ਚਮਕਦੀ ਗੱਡੀ ਦਾ ਮੂੰਹ ਅੱਖਾਂ ਨੂੰ ਚੁੰਧਿਆਉਂਦਾ ਸੀ। ਤਰਕਾਲਾਂ ਪੈਣ ਵਾਲੀਆਂ ਸਨ, ਜ਼ਿੰਦਗੀ ਨੇ ਮੁਹਾਠਾਂ ਕੋਲ ਹੋ ਕੇ ਅੰਦਰ ਨੂੰ ਵੇਖਿਆ। ਬਾਈਆਂ ਤਰੇਈਆਂ ਵਰ੍ਹਿਆਂ ਦੀ ਇੱਕ ਮੁਟਿਆਰ ਇੱਕ ਬਾਲ ਨੂੰ ਥਾਪੜ ਕੇ ਸੁਆਂਦੀ ਪਈ ਸੀ, ਕਮਰੇ ਦਾ ਸਾਰਾ ਸਾਮਾਨ ਮਸਾਂ ਗੁਜ਼ਾਰੇ ਜੋਗਾ ਸੀ, ਪਰ ਉਸ ਮੁਟਿਆਰ ਦੇ ਕੱਪੜੇ ਝਿਲ-ਮਿਲ ਕਰਦੇ ਸਨ।

ਜ਼ਿੰਦਗੀ ਨੇ ਹੌਲੀ ਜਹੀ ਬੂਹੇ ਨੂੰ ਖੜਕਾਇਆ।

‘‘ਕੌਣ....ਹੌਲੀ.....,’’ ਮੁਟਿਆਰ ਦਹਿਲੀਜ਼ਾਂ ਕੋਲ ਆਈ। ‘‘ਬੱਚਾ ਜਾਗ ਪਵੇਗਾ।’’ ਤੇ ਫੇਰ ਮੁਟਿਆਰ ਨੇ ਤ੍ਰਭਕ ਕੇ ਆਖਿਆ, ‘‘ਤੂੰ....ਤੂੰ’’ ਤੇ ਉਹਦੇ ਬੋਲ ਲੜਖੜਾ ਗਏ।

‘‘ਮੈਨੂੰ ਜ਼ਿੰਦਗੀ ਆਖਦੇ ਨੇ।’’

‘‘ਮੈਨੂੰ ਪਤਾ ਏ।’’

‘‘ਤੈਨੂੰ ਪਤਾ ਏ ?’’

‘‘ਮੈਂ ਸਾਰੀ ਉਮਰ ਤੇਰੇ ਪਰਛਾਵਿਆਂ ਪਿੱਛੇ ਦੌੜਦੀ ਰਹੀ ਹਾਂ....ਹੁਣ ਮੈਂ ਹਫ਼ ਲੱਥੀ ਹਾਂ, ਹੁਣ ਮੈਂ ਤੇਰਾ ਰਾਹ ਛੱਡ ਦਿੱਤਾ ਏ....ਤੂੰ ਚਲੀ ਜਾ, ਜਿੱਥੋਂ ਆਈ ਏਂ ਉੱਥੇ ਮੁੜ ਜਾ.....ਵੇਖਦੀ ਨਹੀਂ....ਮੇਰੇ ਬੂਹੇ ਅੱਗੇ ਹੁਣ ਸਰਾਪ ਦੀ ਇੱਕ ਲਕੀਰ ਪਈ ਹੋਈ ਏ.....ਤੂੰ ਇਸ ਲਕੀਰ ਨੂੰ ਨਹੀਂ ਲੰਘ ਸਕਦੀ.....ਤੂੰ ਇਸ ਲਕੀਰ ਨੂੰ ਨਹੀਂ ਮੇਟ ਸਕਦੀ.....ਤੂੰ ਚਲੀ ਜਾ.....ਤੂੰ ਚਲੀ ਜਾ.....।’’ ਮੁਟਿਆਰ ਸਾਹੋ ਸਾਹੀ ਹੋ ਗਈ।

‘‘ਮੇਰੀ ਚੰਗੀ ਭੈਣ.....।’’

‘‘ਭੈਣ ?....ਮੈਂ ਕਿਸੇ ਦੀ ਭੈਣ ਨਹੀਂ, ਮੈਂ ਕਿਸੇ ਦੀ ਧੀ ਨਹੀਂ, ਮੈਂ ਕਿਸੇ ਦੀ ਕੁਝ ਨਹੀਂ.....।’’

‘‘ਇਹ ਤੇਰਾ ਬੱਚਾ.....ਮੇਰਾ ਬੱਚਾ.....ਪਰ ਇਸ ਦਾ ਬਾਪ ਕੋਈ ਨਹੀਂ।’’

‘‘ਮੈਂ ਸਮਝੀ ਨਹੀਂ।’’

‘‘ਜਦੋਂ ਮੇਰੇ ਦੇਸ਼ ਵਿਚ ਆਜ਼ਾਦੀ ਦੀਆਂ ਨੀਹਾਂ ਰੱਖੀਆਂ ਗਈਆਂ ਸਨ, ਨੀਹਾਂ ਵਿਚ ਮੇਰੀਆਂ ਹੱਡੀਆਂ ਚੁਣੀਆਂ ਗਈਆਂ ਸਨ....ਜਦੋਂ ਮੇਰੇ ਦੇਸ਼ ਵਿਚ ਸੁਤੰਤਰਤਾ ਦਾ ਬੂਟਾ ਲਾਇਆ ਗਿਆ ਸੀ, ਮੇਰੇ ਲਹੂ ਦਾ ਪਾਣੀ ਉਸ ਬੂਟੇ ਨੂੰ ਪਾਇਆ ਗਿਆ ਸੀ....ਜਿਸ ਰਾਤ ਮੇਰੇ ਦੇਸ਼ ਵਿਚ ਖੁਸ਼ੀ ਦਾ ਚਿਰਾਗ਼ ਬਲਿਆ ਸੀ, ਉਸ ਰਾਤ ਮੇਰੀ ਇੱਜ਼ਤ ਤੇ ਮੇਰੀ ਆਬਰੂ ਦੇ ਪੱਲੇ ਨੂੰ ਅੱਗ ਲੱਗੀ ਸੀ.....ਇਹ ਬੱਚਾ....ਇਹ ਬੱਚਾ ਉਸ ਰਾਤ ਦੀ ਨਿਸ਼ਾਨੀ ਏ, ਉਸ ਅੱਗ ਦੀ ਰਾਖ ਏ, ਉਸ ਜ਼ਖ਼ਮ ਦਾ ਨਿਸ਼ਾਨ ਏ.....।’’

‘‘ਮੇਰੀ ਦੁਖੀ ਭੈਣ.....।’’

‘‘ਫਿਰ ਮੇਰੀਆਂ ਸਾਰੀਆਂ ਰਾਤਾਂ ਉਸ ਰਾਤ ਵਰਗੀਆਂ ਹੋ ਗਈਆਂ......ਮੈਂ ਤੇਰੇ ਸੁਪਨੇ ਵੇਖਦੀ ਹੁੰਦੀ ਸਾਂ, ਮੈਂ ਸੋਚਿਆ ਸੀ ਤੂੰ ਮੇਰੇ ਕੁਆਰੇ ਸੁਪਨਿਆਂ ਨੂੰ ਮਹਿੰਦੀ ਲਾਵੇਂਗੀ, ਮੇਰੀ ਮਾਂ ਦੇ ਵਿਹੜੇ ਵਿਚ ਮੇਰੇ ਦੇਸ਼ ਦੇ ਗੀਤ ਗਾਏ ਜਾਣਗੇ, ਤੇ ਫੇਰ ਮੈਂ ਆਪਣੇ ਕੰਨਾਂ ਨਾਲ ਸ਼ਹਿਨਾਈਆਂ ਦੀ ਆਵਾਜ਼ ਸੁਣਾਂਗੀ....ਮੇਰੇ ਪਿੰਡ ਦਾ ਇੱਕ ਕੁੜੀ ਵਰਗਾ ਜਵਾਨ ਮੁੰਡਾ ਮੇਰੇ ਸੁਪਨਿਆਂ ਦਾ ਰਾਜਾ ਸੀ....ਮੈਂ ਤੇਰੇ ਪਰਛਾਵਿਆਂ ਨਾਲ ਖੇਡਦੀ ਪਈ ਸਾਂ, ਜਦੋਂ ਮੇਰਾ ਪਿੰਡ ਲੁੱਟਿਆ ਗਿਆ, ਮੇਰਾ ਪਿਓ ਕੋਹਿਆ ਗਿਆ, ਮੇਰੇ ਭਰਾ ਮਾਰੇ ਗਏ, ਤੇ ਇੱਕ ਸੱਪ ਨੇ ਮੈਨੂੰ ਡੱਸ ਲਿਆ। ਫੇਰ ਇੱਕ ਹੋਰ ਸੱਪ ਨੇ.....ਫੇਰ ਇੱਕ ਹੋਰ ਸੱਪ ਨੇ.....ਮਨੁੱਖਾਂ ਦੇ ਮੂੰਹ ਵਾਲੇ ਇਹ ਕਿਹੋ ਜਿਹੇ ਸਨ ਨੇ, ਜਿਨ੍ਹਾਂ ਦਾ ਡੰਗਿਆ ਕੋਈ ਮਰਦਾ ਨਹੀਂ ਪਰ ਸਾਰੀ ਉਮਰ ਉਹਨਾਂ ਦੇ ਜ਼ਹਿਰ ਵਿਚ ਸੜਦਾ ਰਹਿੰਦਾ ਏ....ਫੇਰ ਮੈਂ ਤੇਰਾ ਇੱਕ ਹੋਰ ਪਰਛਾਵਾਂ ਵੇਖਿਆ, ਮੇਰੇ ਦੇਸ਼ ਦੇ ਲੋਕ ਆਖਣ ਲੱਗੇ ਕਿ ਇਹਨਾਂ ਸੱਪਾਂ ਤੋਂ ਮੈਨੂੰ ਬਚਾ ਲਿਆ ਜਾਵੇਗਾ.....ਇਨ੍ਹਾਂ ਦਾ ਜ਼ਹਿਰ ਮੇਰੇ ਪਿੰਡੇ ਤੋਂ ਲਾਹ ਦਿੱਤਾ ਜਾਵੇਗਾ....ਮੈਂ ਫੇਰ ਪਹਿਲਾਂ ਵਰਗੀ ਭੋਲੀ ਤੇ ਸੁੱਚੀ ਕੁੜੀ ਬਣ ਜਾਵਾਂਗੀ.....ਮੈਂ ਦੌੜੀ, ਤੇਰੇ ਪਰਛਾਵਿਆਂ ਦੇ ਪਿੱਛੇ ਦੌੜੀ....ਪਰ ਇਹ ਝੂਠ ਸੀ, ਸਭ ਝੂਠ ਸੀ.....ਮੇਰੇ ਸੁਪਨਿਆਂ ਦੇ ਰਾਜੇ ਨੇ ਮੈਨੂੰ ਕਬੂਲਿਆ ਕੋਈ ਨਾ, ਮੈਨੂੰ ਆਪਣੀਆਂ ਮੁਹਾਠਾਂ ਤੋਂ ਮੋੜ ਦਿੱਤਾ, ਮੈਨੂੰ ਆਪਣੇ ਪੈਰਾਂ ਨਾਲੋਂ ਤਰੇੜ ਦਿੱਤਾ....ਮੈਂ ਫੇਰ ਉਸੇ ਜ਼ਹਿਰ ਵਿਚ ਸੜਨ ਲੱਗ ਪਈ। ਉਹਨਾਂ ਹੀ ਸੱਪਾਂ ਵਰਗੇ ਹੋਰ ਸੱਪ ਮੇਰੇ ਦੁਆਲੇ ਲਿਪਟ ਗਏ.....ਤੂੰ ਬਾਹਰ ਅਹੁ ਗੱਡੀ ਨਹੀਂ ਵੇਖਦੀ ? ਕਿੱਡੀ ਚਮਕਦੀ ਏ....ਇਹ ਇੱਕ ਬਹੁਤ ਵੱਡੇ ਸੱਪ ਦੀ ਗੱਡੀ ਏ....ਅੱਜ ਰਾਤ ਮੈਨੂੰ ਇਹ ਡੱਸੇਗਾ।.....’’

ਜ਼ਿੰਦਗੀ ਕੋਲੋਂ ਬੋਲ ਨਾ ਹੋਇਆ। ਉਸ ਦੇ ਹੱਥ ਵਿਚ ਫੜੀ ਹੋਈ ਸੁਗ਼ਾਤ ਉਸ ਦੇ ਹੰਝੂਆਂ ਨਾਲ ਭਿੱਜ ਗਈ।

‘‘ਇਹ ਤੂੰ ਕੀ ਆਂਦਾ ਏ, ਸੁਗ਼ਾਤ....ਮੇਰੇ ਲਈ ? ਤੂੰ ਵੇਖਦੀ ਨਹੀਂ, ਮੇਰੇ ਸਾਰੇ ਸਰੀਰ ਨੂੰ ਜ਼ਹਿਰ ਚੜਿ·ਆ ਹੋਇਆ ਏ....ਮੈਂ ਜਦੋਂ ਤੇਰੀ ਸੁਗ਼ਾਤ ਨੂੰ ਹੱਥ ਲਾਵਾਂਗੀ, ਇਸ ਨੂੰ ਵੀ ਜ਼ਹਿਰ ਚੜ੍ਹ ਜਾਵੇਗਾ.....ਇਨ੍ਹਾਂ ਰੰਗਾਂ ਨੂੰ, ਇਨ੍ਹਾਂ ਸੁਗੰਧਾਂ ਨੂੰ.... ਮੇਰੇ ਰੋਮ-ਰੋਮ ਵਿਚ ਜ਼ਹਿਰ ਰਚਿਆ ਹੋਇਆ ਏ....ਜ਼ਹਿਰ....ਜ਼ਹਿਰ....।’’

ਪੌਣ ਨੇ ਬੇਸੁਰਤ ਜ਼ਿੰਦਗੀ ਦੇ ਮੂੰਹ ਉੱਤੇ ਆਪਣੇ ਪੱਲੇ ਦੀ ਹਵਾ ਕੀਤੀ, ਤੇ ਜਦੋਂ ਜ਼ਿੰਦਗੀ ਨੂੰ ਕੁਝ ਸੁਰਤ ਆਈ, ਪੌਣ ਉਸ ਨੂੰ ਸਾਰਿਆਂ ਤੋਂ ਛੋਟੀ ਪੰਜਵੀਂ ਭੈਣ ਦੇ ਘਰ ਲੈ ਗਈ। ਵੀਹਾਂ ਵਰ੍ਹਿਆਂ ਦੀ ਇੱਕ ਸੁਨੱਖੀ ਕੁੜੀ ਦੇ ਦੁਆਲੇ ਬੜੀਆਂ ਕਿਤਾਬਾਂ, ਸਾਜ਼ ਤੇ ਰੰਗ ਖਿਲਰੇ ਹੋਏ ਸਨ। ਜ਼ਿੰਦਗੀ ਨੇ ਇੱਕ ਸੌਖਾ ਜਿਹਾ ਸਾਹ ਭਰਿਆ। ਸਾਹਮਣੇ ਉਸ ਸੁਨੱਖੀ ਕੁੜੀ ਨੇ ਉਂਗਲ ਦੀਆਂ ਤਾਰਾਂ ਛੋਹੀਆਂ, ਤੇ ਇੱਕ ਮਿੱਠਾ ਗੀਤ ਪੌਣਾਂ ਵਿਚ ਖਿੱਲਰ ਗਿਆ। ਕੁੜੀ ਗੌਂਦੀ ਰਹੀ.....ਤਾਰਿਆਂ ਵਰਗੇ ਹੰਝੂ ਉਸ ਦੀਆਂ ਅੱਖਾਂ ਵਿਚ ਲਿਸ਼ਕਦੇ ਰਹੇ, ਤੇ ਫੇਰ ਉਸ ਨੇ ਰੰਗਾਂ ਦੀ ਪਤਲੀ-ਪਤਲੀ ਲਕੀਰ ਨਾਲ ਇੱਕ ਕਾਗਜ਼ ਉੱਤੇ ਰੰਗਲੀ ਤਸਵੀਰ ਬਣਾਈ।

ਜ਼ਿੰਦਗੀ ਦਾ ਜੀਅ ਕੀਤਾ, ਉਸ ਕੁੜੀ ਦੇ ਕਲਾਕਾਰ ਹੱਥਾਂ ਨੂੰ ਚੁੰਮ ਲਵੇ। ਸੁਰਾਂ ਦਾ, ਲਫ਼ਜਾਂ ਦਾ, ਤੇ ਨਕਸ਼ਾਂ ਦਾ ਇੱਕ ਜਾਦੂ ਪੌਣ ਵਿਚ ਘੁਲਿਆ ਹੋਇਆ ਸੀ। ਜ਼ਿੰਦਗੀ ਨੇ ਇੱਕ ਡੂੰਘਾ ਸਾਹ ਭਰਿਆ ਤੇ ਹੱਥ ਵਿਚ ਰੰਗਾਂ ਤੇ ਸੁਗੰਧਾਂ ਦੀ ਪਟਾਰੀ ਲੈ ਕੇ ਅਗਾਂਹ ਹੋਈ।

ਕੁੜੀ ਦੀਆਂ ਅੱਖਾਂ ਵਿਚ ਅਚੰਭਾ ਭਰ ਗਿਆ। ‘‘ਮੈਨੂੰ ਜ਼ਿੰਦਗੀ ਆਖਦੇ ਨੇ।’’

‘‘ਮੈਨੂੰ ਪਤਾ ਏ.....,’’ ਕੁੜੀ ਨੇ ਆਖਿਆ ਪਰ ਉਸ ਨੂੰ ਅੱਗੋਂ ਦੀ ਲੈਣ ਵਾਸਤੇ ਕੋਈ ਨਾ ਉੱਠੀ।

ਅਚਾਨਕ ਜ਼ਿੰਦਗੀ ਦੇ ਪੈਰ ਅਟਕ ਗਏ। ਲੋਹੇ ਦੀਆਂ ਪਤਲੀਆਂ ਤਾਰਾਂ ਕਮਰੇ ਦੇ ਬੂਹੇ ਅੱਗੇ ਉਣੀਆਂ ਹੋਈਆਂ ਸਨ।

‘‘ਮੈਂ ਇਸ ਵੇਲੇ ਤੇਰਾ ਸਵਾਗਤ ਨਹੀਂ ਕਰ ਸਕਦੀ,’’ ਕੁੜੀ ਨੇ ਸਿਰ ਨੀਵਾਂ ਪਾ ਲਿਆ।

‘‘ਕਿਉਂ ?’’ ਜ਼ਿੰਦਗੀ ਹੈਰਾਨ ਸੀ।

‘‘ਜੇ ਤੂੰ ਕਦੇ ਰਾਤ ਨੂੰ ਆਵੇਂ, ਜਿਸ ਵੇਲੇ ਮੈਂ ਸੌਂ ਜਾਵਾਂ, ਮੇਰੇ ਸੁਪਨਿਆਂ ਵਿਚ, ਤੇ ਜਿਸ ਵੇਲੇ ਮੈਂ ਜਾਗਦੀ ਹੋਵਾਂ, ਮੇਰੀ ਕਲਪਨਾ ਵਿਚ, ਮੈਂ ਤੇਰੇ ਨਾਲ ਬੜੀਆਂ ਗੱਲਾਂ ਕਰਾਂਗੀ....ਬੜਾ ਕੁਝ ਸੁਣਾਵਾਂਗੀ, ਬੜਾ ਕੁਝ ਸੁਣਾਂਗੀ.....ਅੱਗੇ ਵੀ ਤਾਂ ਰੋਜ਼ ਮੈਂ ਤੇਰੇ ਪਰਛਾਵਿਆਂ ਨੂੰ ਫੜਨੀ ਆਂ, ਐਹ ਵੇਹ ਅਹਿਨਾਂ ਰੰਗਾਂ ਨਾਲ ਮੈਂ ਤੇਰਾ ਪੱਲਾ ਬਣਾਇਆ ਏ....ਅਹਿਨਾਂ ਤਾਰਾਂ ਨਾਲ ਛੁਹਾ ਕੇ ਮੈਂ ਤੇਰੇ ਗੀਤ ਗਾਏ ਨੇ....ਐਸ ਕਲਮ ਨਾਲ ਮੈਂ ਤੇਰੇ ਪਿਆਰ ਦੀਆਂ ਕਹਾਣੀਆਂ ਕੀਤੀਆਂ ਨੇ....।’’

‘‘ਅੱਜ ਜਦੋਂ ਮੈਂ ਆਪ ਤੇਰੇ ਕੋਲ ਆਈ ਹਾਂ.....ਤੂੰ....।’’

‘‘ਹੌਲੀ.....ਬਹੁਤ ਹੌਲੀ.....ਮੇਰੇ ਘਰ ਦੀਆਂ ਸਾਰੀਆਂ ਦੀਵਾਰਾਂ ਨੂੰ ਛੇਕ ਨੇ....ਸੈਂਕੜੇ ਤੇ ਹਜ਼ਾਰਾਂ ਅੱਖੀਆਂ ਮੇਰੀ ਰਾਖੀ ਕਰਦੀਆਂ ਨੇ....ਅਹੁ ਵੇਖ ਉਹਨਾਂ ਛੇਕਾਂ ਵਿਚ....ਤੈਨੂੰ ਹਰ ਇੱਕ ਛੇਕ ਵਿਚੋਂ ਭਿਆਨਕ ਅੱਖਾਂ ਵਿਖਾਈ ਦੇਣਗੀਆਂ। ਇਹ ਅੱਖਾਂ ਲਾਵੇ ਦੀਆਂ ਭਰੀਆਂ ਹੋਈਆਂ ਨੇ....ਜੇ ਮੈਂ ਤੇਰੇ ਕੋਲ ਬਹਿ ਜਾਵਾਂ.....ਤੇਰੇ ਕੋਲ....ਇਨ੍ਹਾਂ ਦੇ ਤੀਰ ਹੁਣੇ ਮੇਰੇ ਰੰਗਾਂ ਦੇ ਪਿਆਲੇ ਮੂਧੇ ਕਰ ਦੇਣਗੇ....ਮੇਰੇ ਸਾਜ਼ ਦੀਆਂ ਤਾਰਾਂ ਉਖੇੜ ਦੇਣਗੇ....ਮੇਰੇ ਗੀਤਾਂ ਦੇ ਇੱਕ -ਇੱਕ ਅੱਖਰ ਨੂੰ ਵਿੰਨ ਦੇਣਗੇ.....ਤੇ ਇਨ੍ਹਾਂ ਦਾ ਲਾਵਾ.....।’’

‘‘ਪਰ ਇਹ ਲੋਕ ਤੇਰੇ ਗੀਤ ਸੁਣਦੇ ਨੇ, ਤੇਰੀਆਂ ਕਹਾਣੀਆਂ ਪੜ੍ਹਦੇ ਨੇ, ਤੇਰੇ ਚਿੱਤਰਾਂ ਨੂੰ ਵੇਖਦੇ ਨੇ.....।’’

‘‘ਇੱਥੋਂ ਦੇ ਕਲਾਕਾਰ ਤੇਰੀਆਂ ਗੱਲਾਂ ਕਰ ਸਕਦੇ ਨੇ, ਪਰ ਤੇਰਾ ਮੂੰਹ ਨਹੀਂ ਵੇਖ ਸਕਦੇ। ਤੇ ਜਿਹੜਾ ਤੇਰਾ ਮੂੰਹ ਵੇਖ ਲਵੇ, ਉਸ ਮਨਸੂਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਏ, ਤੂੰ ਹੁਣ ਚਲੀ ਜਾ ਜ਼ਿੰਦਗੀ, ਕੋਈ ਵੇਖ ਲਵੇਗਾ.....ਮੇਰੇ ਸੁਪਨਿਆਂ ਤੋਂ ਸਿਵਾ ਮੇਰੇ ਕੋਲ ਕੋਈ ਥਾਂ ਨਹੀਂ ਜਿੱਥੇ ਮੈਂ ਤੈਨੂੰ ਬਿਠਾ ਸਕਾਂ....।’’

‘‘ਮੈਂ ਤੇਰੇ ਲਈ ਇੱਕ ਸੁਗ਼ਾਤ ਆਂਦੀ ਹੈ....।’’

‘‘ਉਹ ਵੀ ਮੈਂ ਉਸੇ ਵੇਲੇ ਲਵਾਂਗੀ.....ਜ਼ਰੂਰ ਆਵੀਂ.....ਮੈਂ ਸੁੱਤੇ ਬਹਿਸ਼ਤਾਂ ਉਸਾਰਾਂਗੀ.....ਤੂੰ ਆਵੀਂ ਜ਼ਿੰਦਗੀ, ਮੈਂ ਤੇਰੀਆਂ ਸੁਗ਼ਾਤਾਂ ਨਾਲ ਆਪਣੇ ਸਵਰਗਾਂ ਨੂੰ ਸਜਾਵਾਂਗੀ....ਤੂੰ ਜ਼ਰੂਰ ਆਵੀਂ....ਤੇ ਫੇਰ ਸਵੇਰ ਉੱਠ ਕੇ ਮੈਂ ਤੇਰੇ ਪਿਆਰ ਦਾ ਨਗ਼ਮਾ ਲਿਖਾਂਗੀ, ਤੇਰੇ ਰੂਪ ਦਾ ਚਿੱਤਰ ਬਣਾਵਾਂਗੀ, ਤੇਰੀ ਸੁੰਦਰਤਾ ਦਾ ਗੀਤ ਗਾਵਾਂਗੀ....ਪਰ ਹੁਣ ਤੂੰ ਚਲੀ ਜਾ......ਕੋਈ ਵੇਖ ਲਏਗਾ.....,’’ ਤੇ ਕੁੜੀ ਨੇ ਜ਼ਿੰਦਗੀ ਵਾਲੇ ਪਾਸੇ ਪਿੱਠ ਕਰ ਲਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ