Panjah Varhe Magron Miliaa Maal (Punjabi Story) : Akmal Shehzad Ghumman
ਪੰਜਾਹ ਵਰ੍ਹੇ ਮਗਰੋਂ ਮਿਲ਼ਿਆ ਮਾਲ (ਕਹਾਣੀ) : ਅਕਮਲ ਸ਼ਹਿਜ਼ਾਦ ਘੁੰਮਣ
ਉਹ ਰਾਤ ਨੂੰ ਕੁਝ ਚਿਰਕਾ ਪਿੰਡ ਤਰੱਗੇ ਵਿੱਚ ਵੜਿਆ ਤੇ ਉਹਨੇ ਕਿਸੇ ਕੋਲੋਂ ਗਨੀ ਬੋਤੇ ਦਾ ਪੁੱਛਿਆ। ਪਤਾ ਲੱਗਾ ਉਹ ਤੇ ਮਰ ਗਿਆ ਏ। ਫ਼ੇਰ ਉਹ ਪੁੱਛ-ਪੁਛਾ ਕੇ ਸ਼ਫ਼ੀ ਗਾਡੀ ਦੇ ਘਰ ਜਾ ਅੱਪੜਿਆ। ਉਹਨੇ ਬੂਹਾ ਖੜਕਾਇਆ ਤੇ ਅੰਦਰੋਂ ਇੱਕ ਵਡੇਰੀ ਜਿਹੀ ਭਾਰੀ ‘ਵਾਜ਼ ਆਈ।
‘ਕੇਹੜਾ ਜੀ ਏ? ਅੰਦਰ ਈ ਲੰਘ ਆਓ, ਬੂਹਾ ਖੁੱਲ੍ਹ ਈ ਏ।’
ਅੰਦਰ ਵੜਿਆ ਤੇ ਉਹਨੇ ਵੇਖਿਆ ਵਿਹੜੇ ਵਿੱਚ ਮੰਜੀ ’ਤੇ ਬੈਠਾ ਇੱਕ ਬਾਬਾ ਹੁੱਕਾ ਛਕਦਾ ਪਿਆ ਏ। ਦੂਰ ਪਰ੍ਹਾਂ ਚੌਂਤਰੇ ’ਤੇ ਚੁੱਲ੍ਹੇ ਕੋਲ ਇੱਕ ਮਾਈ ਤੇ ਦੁਆਲੇ ਦੋ-ਤਿੰਨ ਸੁਆਣੀਆਂ ਤੇ ਦੋ ਜਣੇ ਰੋਟੀ ਪਏ ਖਾਂਦੇ ਨੇ। ਉਹਨੇ ਸਲਾਮ ਕੀਤਾ ਤੇ ਬੁੱਢੇ ਨਾਲ਼ ਹੱਥ ਮਿਲ਼ਾ ਕੇ ਉਹਦੀ ਪਵਾਂਧੀ ਬਹਿ ਗਿਆ। ਬਾਬੇ ਸੂਫ਼ੀ ਪੁੱਛਿਆ, ‘ਪੁੱਤਰ ਮੈਂ ਤੈਨੂੰ ਸਿੰਞਾਣਿਆ ਨਹੀਂ।’
‘ਚਾਚਾ! ਮੈਂ ਹਿੰਦੋਸਤਾਨੋਂ ਆਇਆ ਵਾਂ, ਵਧਾਵਾ ਸਿੰਘ ਦਾ ਪੁੱਤਰ ਹਰਨਾਮ ਸਿੰਘ…’
ਪਹਿਲਾਂ ਤਾਂ ਇੱਕ ਵਾਰ ਬਾਬੇ ਦੇ ਤੌਰ ਈ ਭੌਂ ਗਏ। ਫ਼ੇਰ ਉਹਨੀਂ ਪੈਰੀਂ ਉੱਠ ਖਲੋਤਾ, ‘ਓਏ! ਚਾਚੇ ਨੂੰ ਖਾਣਿਆ! ਤੂੰ ਆਉਂਦਿਆਂ ਸਾਰ ਦੱਸਿਆ ਕਿਉਂ ਨਹੀਂ? ਉਤਾਂਹ ਉੱਠ, ਓਏ! ਮੇਰੇ ਕਲੇਜੇ ਠੰਡ ਪਾ, ਮੇਰੇ ਭਰਾ ਦੀਆਂ ਪੁੱਤਰਾ, ਮੇਰਿਆ ਭਤੀਜਿਆ।’ ਦੋਹਾਂ ਜੱਫੀ ਪਾ ਲਈ। ‘ਨੀ ਸ਼ਰੀਫਾਂ! ਵੇਖ ਮੇਰਾ ਪੁੱਤਰ ਆਇਆ ਈ ਹਿੰਦੋਸਤਾਨੋਂ, ਭਰਾ ਵਧਾਵੇ ਤੇ ਭੈਣ ਪਿਆਰੋ ਦਾ ਪੁੱਤਰ ਈ,’ ਬਾਬੇ ਤਾਂ ਡੰਡ ਈ ਪਾ ਦਿੱਤੀ ਸੀ।
ਮਾਈ ਦੌੜਦੀ ਆਈ ਤੇ ਉਹਦਾ ਲੀੜਾ ਉੱਡ ਕੇ ਪਿਛਾਂਹ ਨੂੰ ਲਮਕ ਗਿਆ। ਉਹਨੇ ਹਰਨਾਮ ਨੂੰ ਪਿਆਰ ਦਿੱਤਾ, ਮੱਥਾ ਚੁੰਮਿਆ। ‘ਵੇ ਪੁੱਤਰ! ਕਿਵੇਂ ਰਾਹ ਭੁੱਲ ਗਿਆ ਏਂ!’ ਪਿਆਰੋ ਵੀ ਹੁਣ, ‘ਏਧਰ ਆਓ ਏ, ਤੁਹਾਡਾ ਭਰਾ ਆਇਆ ਜੇ!’ ਆਪਣੇ ਪੁੱਤਰਾਂ ਨੂੰ ਬੁਲਾਉਂਦੀ ਮਾਈ ਤਾਂ ਬਾਬੇ ਤੋਂ ਵੀ ਵੱਧ ਜਜ਼ਬਾਤੀ ਹੋਈ ਜਾਪਦੀ ਸੀ। ਸ਼ਰੀਫਾਂ ਦੇ ਦੋਵੇਂ ਮੁੰਡਿਆਂ ਆ ਕੇ ਹਰਨਾਮ ਨਾਲ਼ ਘੁੱਟ-ਘੁੱਟ ਕੇ ਜੱਫੀਆਂ ਪਾਈਆਂ। ਦੋਹਾਂ ਹਰਨਾਮ ਕੋਲੋਂ ਸੁੱਖ ਸਾਂਦ ਪੁੱਛੀ ਤੇ ਸ਼ਰੀਫਾਂ ਢਾਰੇ ਵਿੱਚੋਂ ਮੰਜੀਆਂ ਲਿਆ ਵਿਹੜੇ ਵਿੱਚ ਡਾਹੁਣ ਲੱਗੀ।
‘ਉੱਠ ਸ਼ਰੀਫਾਂ! ਹਰਨਾਮੇ ਲਈ ਨੁਆਰੀ ਮੰਜੀ ਲਿਆ,’ ਬਾਬਾ ਬੋਲਿਆ।
ਨੁਆਰੀ ਮੰਜੀ ਡਾਹਕੇ ਸ਼ਰੀਫਾਂ ਨੇ ਡੋਰੀਏ ਵਾਲਾ ਖੇਸ ਪਾਇਆ। ਸਰਹਾਂਦੀ ਰੇਸ਼ਮੀ ਗਦੈਲਾ ਪੇਟੀ ਵਿੱਚੋਂ ਕੱਢ ਕੇ ਧਰਿਆ।
‘ਬੇਬੇ, ਤੁਸੀਂ ਐਵੇਂ ਖੇਚਲ ਕਰਦੇ ਓ। ਮੈਂ ਇਥੇ ਚਾਚੇ ਕੋਲ ਜੁ ਬੈਠਾਂ’, ਹਰਨਾਮ ਕੂਇਆ।
‘ਵੀਰਾ ਖੇਚਲ ਕਾਹਦੀ ਏ, ਤੇਰੇ ਤੋਂ ਸਕਾ ਸਾਡਾ ਕਿਹੜਾ ਪਰਾਹੁਣਾ ਹੋਣਾ ਏਂ?’
ਬਾਬੇ ਦੇ ਦੋਵੇਂ ਮੁੰਡੇ ਬੜੇ ਚਾਅ ਨਾਲ਼ ਬੋਲੇ। ਹਰਨਾਮ ਮੰਜੀ ’ਤੇ ਬੈਠਾ ਤੇ ਸ਼ਰੀਫਾਂ ਆਖਿਆ, ‘ਚੰਨਾ! ਪੈਰ ਉੱਤੇ ਧਰਕੇ ਬਹੁ, ਤੂੰ ਥੱਕਿਆ-ਟੁੱਟਿਆ ਆਇਆ ਏਂ।’
ਬਾਬੇ ਸ਼ਫ਼ੀ ਇੱਕ ਖੰਘੂਰਾ ਮਾਰ ਕੇ ਪੁੱਛਿਆ, ‘ਹੁਣ ਦੱਸ ਖਾਂ ਮੇਰੇ ਭਰਾ ਤੇ ਭਾਬੀ ਦਾ ਕੀ ਹਾਲ ਏ ?’
‘ਖ਼ੈਰੀਂ ਮੇਹਰੀਂ ਨੇ, ਬੱਸ ਹੁਣ ਉਮਰ ਦੇ ਕਰਕੇ ਕੁਝ ਲਿੱਸੇ ਹੋ ਗਏ ਨੇ। ਬਾਪੂ ਦੀ ਆਪਣੀ ਮਰਜ਼ੀ ਸੀ ਆਵਣ ਦੀ, ਪਰ ਮਾੜੀ ਨਜ਼ਰ ਪਾਰੋਂ ਨਹੀਂ ਆਇਆ।’
ਬਾਬੇ ਪੁੱਛਿਆ, ‘ਹੋਰ ਦੱਸ ਸੁੱਖਾ ਸਿੰਘ, ਕਰਮਾਂ, ਕੇਸਰ ਸਿੰਘ, ਕੇਹਰ ਅਮਲੀ ਆਪਣੇ ਛਵ੍ਹਾਟੇ ਵਾਲੇ ਖਾਲਸੇ ਰਾਜ਼ੀ-ਬਾਜ਼ੀ ਤੇ ਨੇ ਨਾ।’
‘ਆਹੋ ਚਾਚਾ, ਵੱਡੇ ਜੀਅ ਤੇ ਐਵੇਂ ਟਾਂਵੇਂ-ਟਾਂਵੇਂ ਰਹਿ ਗਏ ਨੇ। ਪਰ ਅਗਲੇ ਸਾਰੇ ਠੀਕ ਨੇ। ਵਾਹਿਗੁਰੂ ਦੀ ਬੜੀ ਕਿਰਪਾ ਏ। ਤੁਸੀਂ ਆਪਣਾ ਸੁਣਾਓ,’ ਹਰਨਾਮ ਨੇ ਗੱਲ ਟੋਰੀ।
‘ਜਿਹੜਾ ਵੇਲਾ ਲੰਘਦਾ ਏ ਸ਼ੁਕਰ ਏ ਮੌਲਾ ਦਾ। ਪੰਜਾਹ ਸਾਲ ਲੰਘ ਗਏ ਨੇ ਤੁਹਾਨੂੰ ਗਿਆਂ, ’ ਬਾਬਾ ਕਿਸੇ ਸੋਚੀਂ ਪੈ ਗਿਆ। ਫਿਰ ਬੋਲਿਆ, ‘ਉਦੋਂ ਕਿਸੇ ਦਾ ਵੀ ਪਿੰਡ ਛੱਡਣ ਨੂੰ ਦਿਲ ਨਹੀਂ ਸੀ ਕਰਦਾ। ਬੱਸ, ਇੱਕ ਡਰ ਜਿਹਾ ਤੇਰੇ ਵਡਿਕਿਆਂ ਅੰਦਰ ਵੜਦਾ ਜਾ ਰਿਹਾ ਸੀ। ਅਸਾਂ ਏਹ ਡਰ ਜਿਹਾ ਉਹਨਾਂ ਦੇ ਅੰਦਰੋਂ ਕੱਢਣ ਦਾ ਬਥੇਰਾ ਚਾਰਾ ਕੀਤਾ ਪਰ ਉਹ ਈ ਸੱਚੇ ਸਨ। ਹਰ ਪਾਸੇ ਅੰਨ੍ਹੀਂ-ਬੋਲੀ ਹਨ੍ਹੇਰੀ ਜੋ ਝੁੱਲੀ ਹੋਈ ਸੀ। ਏਸੇ ਲਈ ਉਹਨਾਂ ਗੁਪਤ ਮਤਾ ਪਕਾਇਆ ਤੇ ਇੱਕ ਦੜ ਵੱਟੀ ਰਾਤ ਨੂੰ ਸਾਰੇ ਸਰਦਾਰ ਮੋਢਿਆਂ ’ਤੇ ਨਿਰੀਆਂ ਆਪਣੀਆਂ ਜਾਨਾਂ ਈ ਚੁੱਕੀ….ਚੁਪੀਤੇ ਏਥੋਂ ਨਿਕਲ ਗਏ।’
‘ਪੁੱਤਰ ਹਰਨਾਮਿਆ! ਪਿੰਡ ਦੇ ਮੁਸਲਮਾਨਾਂ ਨੂੰ ਤੇ ਸਵੇਰੇ ਉੱਠ ਕੇ ਪਤਾ ਲੱਗਾ ਕਿ ਰਾਤੀਂ ਸਰਦਾਰ ਤਰੱਗਾ ਛੱਡ ਗਏ ਨੇ। ਪਰ ਬਹੁਤਿਆਂ ਨੂੰ ਫੇਰ ਵੀ ਯਕੀਨ ਨਹੀਂ ਸੀ। ਸਾਰਾ ਮਾਲ-ਡੰਗਰ, ਖੂਹ-ਬੰਨਾ, ਕੁੱਲੀ-ਜੁੱਲੀ, ਬੂਹਾ-ਛੰਨਾ ਓਸਰਾਂ ਦਾ ਓਸਰਾਂ ਈ ਸੀ, ਜਿਵੇਂ ਪਹਿਲਾਂ ਸੀ। ਸਾਰੇ ਆਖਦੇ ਸਨ, ‘ਉਹਨਾਂ ਨੂੰ ਇੰਝ ਈ ਖਾਲੀ ਹੱਥੀਂ ਤੇ ਨਹੀਂ ਸੀ ਜਾਣਾ ਚਾਹੀਦਾ। ਉਹ ਆਪਣਾ ਸਭ ਕੁਝ ਲੈ ਕੇ ਤੇ ਮਿਲ਼ ਮਿਲ਼ਾ ਕੇ ਜਾਂਦੇ।….ਆਖ਼ਰ ਇੱਕੋ ਈ ਰੱਤ ਏ ਸਾਡੀ, ਇੱਕੋ ਈ ਗੋਤ…ਇੱਕੋ ਈ ਪਿਉ ਦਾਦਾ…ਵੱਖਰਾ ਤੇ ਸਿਰਫ਼ ਧਰਮ ਈ ਸੀ….ਫੇਰ ਧਰਮ ਵੀ ਰੱਤ ਦੀ ਸਾਂਝ ਤੇ ਨਹੀਂ ਮੁਕਾਂਦਾ।’ ਬਾਬਾ ਸ਼ਫ਼ੀ ਕਿੰਨੇ ਚਿਰ ਤੀਕ ਚੁੱਪ ਰਹਿਆ ਤੇ ਫੇਰ ਆਖਣ ਲੱਗਾ, ‘ਹਰਨਾਮ ਸਿਆਂ! ਸਾਡੀ ਤੇ ਹੁਣ ਆਸ ਉਮੀਦ ਮੁੱਕ ਗਈ ਸੀ, ਪਈ ਕਦੀ ਹਯਾਤੀ ਵਿੱਚ ਤੁਹਾਡੇ ’ਚੋਂ ਕੋਈ ਮਿਲੇਗਾ ਵੀ, ਕਿ ਅੱਜ ਤੂੰ ਆ ਗਿਆ।’
ਬਾਬੇ ਕੋਲੋਂ ਏਦੂੰ ਅੱਗੇ ਕੋਈ ਗੱਲ ਨਾ ਹੋ ਸਕੀ ਤੇ ਉਹ ਆਪਣੀ ਪੱਗ ਦੇ ਪੱਲੇ ਨਾਲ਼ ਆਪਣੀਆਂ ਅੱਖਾਂ ਪੂੰਝਣ ਲੱਗ ਪਿਆ। ਹਰਨਾਮ ਸਿੰਘ ਵੀ ਉਦਾਸ ਜਿਹਾ ਹੋ ਗਿਆ। ਏਨੇ ਚਿਰ ਨੂੰ ਬੇਬੇ ਸ਼ਰੀਫਾਂ ਨੇ ਹਰਨਾਮ ਅੱਗੇ ਰੋਟੀ ਲਿਆ ਰੱਖੀ। ਅੰਨ-ਪਾਣੀ ਖਾਧਾ ਤੇ ਫੇਰ ਇੱਕ ਵਾਰ ਸਾਰੇ ਗੱਲਾਂ ਨੂੰ ਜੁੱਟ ਪਏ। ਏਧਰ ਆਉਣ ਦਾ ਕਾਰਨ ਹਰਨਾਮ ਨੇ ਇਹ ਦੱਸਿਆ ‘ਜ਼ਮੀਨ ਦਾ ਕੋਈ ਰੌਲ਼ਾ ਸੀ ਪੰਜਾਹਵਾਂ ਸਾਲ ਏ ਕੇਸ ਚਲਦਿਆਂ। ਪੁਰਾਣੇ ਕਾਗਤਾਂ ਦੀ ਲੋੜ ਸੀ। ਮੈਂ ਸੋਚਿਆ ਚਲੋ ਪਿਉ ਦਾਦੇ ਦੀ ਜੂਹ ਵੇਖ ਆਉਨੇ ਆਂ ਨਾਲ਼ੇ ਕਾਗਤ ਬਣਵਾ ਲਿਆਵਾਂਗਾ।’ ਸ਼ਫ਼ੀ ਪੁੱਛਿਆ, ‘ਸਾਨੂੰ ਤੇ ਤੁਹਾਡਾ ਕੋਈ ਥਹੁ ਪਤਾ ਈ ਨਹੀਂ। ਤੁਸਾਂ ਕਦੀ ਖ਼ਤ ਪੱਤਰ ਈ ਨਾ ਲਿਖਿਆ ਤੇ ਨਾ ਕੋਈ ਪਿਛਾਂਹ ਪਰਤਿਆ। ਅੱਜ ਤੂੰ ਆਇਆ ਏਂ।’
‘ਏਧਰ ਆਵਣ ਕੌਣ ਦੇਂਦਾ ਏ ਚਾਚਾ! ਜਿਵੇਂ ਮੈਨੂੰ ਵੀਜ਼ਾ ਮਿਲਿਐ ਉਹ ਮੈਂ ਈ ਜਾਣਦਾਂ। ਹੋਰ, ਦਿਲ ਤੇ ਸਾਰਿਆਂ ਦਾ ਈ ਬੇ-ਬਹਾ ਕਰਦਾ ਏ, ਕਿ ਆਪਣੇ ਪਿੰਡ ਦੇ ਦਰਸ਼ਨ ਕਰੀਏ,’ ਹਰਨਾਮ ਬੋਲਿਆ।
ਸਵੇਰੇ ਬਾਬੇ ਸ਼ਫ਼ੀ ਦੇ ਘਰ ਸ਼ਾਹ ਵੇਲੇ ਲੋਕਾਂ ਦੀ ਤਰਾਹ ਟੁੱਟੀ ਸੀ। ਬੁੱਢੜੇ, ਮਾਈਆਂ, ਬਾਲ ਇੰਞਾਣੇ, ਸਿਆਣੇ ਸਾਰੇ ਲੋਕ ਹਰਨਾਮ ਨੂੰ ਮਿਲ਼ਣ ਤੇ ਵੇਖਣ ਆਏ ਸਨ। ਪੂਰੇ ਪਿੰਡ ਵਿੱਚ ਦੁਹਾਈ ਪਈ ਹੋਈ ਸੀ ਕਿ ਸਾਡੇ ਪਿੰਡ ਸਿੱਖਾਂ ਦਾ ਜਾਤਕ ਆਇਆ ਏ। ਹਰਨਾਮ ਨੇ ਲੋਕਾਂ ਦਾ ਮੋਹ ਵੇਖਿਆ ਤੇ ਦਿਲ ਵਿੱਚ ਸੋਚਿਆ – ਰਹਿਣਾ ਤੇ ਅੱਠ ਦਸ ਦਿਹਾੜੇ ਸੀ ਪਰ ਹੁਣ ਵੀਜ਼ਾ ਮੁਕਾ ਕੇ ਈ ਜਾਵਾਂਗਾ। ਪਿਛਲੇ ਭਾਵੇਂ ਪਏ ਰੋਣ।
ਹਰਨਾਮ ਦੀ ਸਾਰੇ ਪਿੰਡ ਵਾਰੋ-ਵਾਰੀ ਰੋਟੀ ਪਕਾਈ। ਸਾਰਿਆਂ ਉਹਨੂੰ ਆਪਣੇ-ਆਪਣੇ ਖੂਹ ਤੇ ਡੇਰੇ ਵਿਖਾਏ। ਪਾਰ ਵਾਲ਼ੀ ਰੋਹੀ, ਰੌਸ਼ਨੀ ਆਲਾ ਡੇਰਾ, ਸਿੱਖਾਂ ਵਾਲਾ ਖੂਹ, ਸਿਆਣਾ ਖੂਹ, ਬਿੱਲਿਆਂ ਵਾਲਾ ਖੂਹ, ਡ੍ਹਵਾਟਾ ਖੂਹ, ਨਵਾਂ ਖੂਹ। ਉਹਨੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ, ਦੁੱਖ-ਸੁੱਖ ਫੋਲੇ।
ਆਪਣੇ ਵਡੇਰਿਆਂ ਵੱਲੋਂ ਉਹਨਾਂ ਦੇ ਪੁਰਾਣੇ ਬੇਲੀਆਂ ਦੀ ਖੈਰ-ਸੁੱਖ ਪੁੱਛੀ ਤੇ ਸੁਨੇਹੇ ਅਪੜਾਏ।
ਪਿੰਡ ਦੇ ਜੁਆਨ ਮੁੰਡੇ ਹਰਨਾਮ ਸਿੰਘ ਨੂੰ ਚਿੰਬੜੇ ਰਹਿੰਦੇ। ਉਹਨਾਂ ਨੂੰ ਤੇ ਕੁਝ ਚੋਖੇ ਈ ਚਾਅ-ਮਲ ਚੜ੍ਹੇ ਹੋਏ ਸਨ। ਇੱਕ ਦਿਨ ਬਾਬੇ ਸ਼ਫ਼ੀ ਦੇ ਪੁੱਤਰਾਂ ਨਾਲ਼ ਆਏ ਦੋ ਗੱਭਰੂ ਹਰਨਾਮ ਨੂੰ ਮਿਲ਼ੇ। ਪਹਿਲੋਂ ਤੇ ਉਹ ਝੱਕਦੇ ਈ ਰਹੇ ਪਰ ਫੇਰ ਉਹਨਾਂ ਆਪਣੇ ਮਨ ਦੀ ਗੱਲ ਖੋਲ੍ਹ ਸੁਣਾਈ। ਆਖਣ ਲੱਗੇ, ‘ਵੀਰਾ! ਗੁੱਸਾ ਨਾ ਕਰੀਂ, ਸਾਥੋਂ ਇੱਕ ਮੰਦਾ ਕੰਮ ਹੋ ਗਿਆ ਸੀ।’ ਫੇਰ ਉਹਨਾਂ ਦੱਸਿਆ, ‘ਪਈ ਜਿਨ੍ਹਾਂ ਦਿਨਾਂ ਵਿੱਚ ਓਧਰ ਬਾਬਰੀ ਮਸੀਤ ਢਾਹੀ ਗਈ ਸੀ, ਉਦੋਂ ਏਧਰ ਪਿੰਡਾਂ ਦੀ ਮੁੰਡੀਰ ਲੱਭ-ਲੱਭ ਕੇ ਮੰਦਰ ਢਾਹ ਰਹੀ ਸੀ। ਸਾਡੇ ਅੰਦਰ ਵੀ ਭਾਂਬੜ ਬਲਦੇ ਸਨ। ਪਰ ਸਾਨੂੰ ਨੇੜਿਓਂ ਕਿਤੇ ਕੋਈ ਮੰਦਰ ਈ ਨਾ ਲੱਭਾ। ਇੱਕ ਡੰਗ ਜਦ ਵੱਡੇ-ਵਡੇਰੇ ਖੂਹਾਂ ਵੱਲ ਗਏ ਹੋਏ ਸਨ ਅਸਾਂ ਪਿੰਡ ਦੇ ਮੁੰਡਿਆਂ ਨੂੰ ਨਾਲ਼ ਰਲ਼ਾਇਆ ਤੇ ਕਹੀਆਂ, ਗੈਂਤੀਆਂ ਕਸਕੇ ਏਥੇ ਦੇ ਉੱਜੜੇ ਪਏ ਗੁਰਦੁਆਰੇ ’ਤੇ ਜਾ ਚੜ੍ਹਾਈ ਕੀਤੀ ਪਰ ਏਹ ਸੂਹ ਮਿਲ਼ਣ ਉੱਤੇ ਸਾਡੇ ਚਾਚੇ-ਤਾਏ ਤੁਰਤ ਪਿੰਡ ਆ ਪਹੁੰਚੇ ਤੇ ਲੱਗ ਪਏ ਵੱਡੇ-ਵੱਡੇ ਫੱਕੜ ਤੋਲਣ – ਅਖੇ ਏਹ ਤਾਂ ਸਾਡੇ ਸਰਦਾਰ ਭਰਾਵਾਂ ਦੀ ਬਚੀ ਕੱਲਮ-ਕੱਲੀ ਨਿਸ਼ਾਨੀ ਏ। ਖਾਨਿਓਂ ਡਿੱਗਿਓ! ਤੁਸੀਂ ਏਹਨੂੰ ਈ ਮੁਕਾ ਦੇਣ ਲੱਗੇ ਓ!’
‘ਮੁੜ ਉਹਨਾਂ ਉਦੋਂ ਈ ਸਾਡੀ ਜਾਨ ਛੱਡੀ ਜਦੋਂ ਅਸੀਂ ਗੁਰਦੁਆਰੇ ਤੋਂ ਪੁੱਟੀ ਇੱਕ ਇੱਕ ਇੱਟ ਅਸਲ ਥਾਂ ’ਤੇ ਨਾ ਲਾ ਦਿੱਤੀ।’ ਪੱਛੀ ਹੋਏ ਗੱਭਰੂਆਂ ਨੀਵੀਆਂ ਅੱਖਾਂ ਨਾਲ਼ ਗੱਲ ਮੁਕਾਈ। ਏਹ ਕਥਾ ਸੁਣਕੇ ਹਰਨਾਮ ਸਿੰਘ ਦਾ ਮੂੰਹ ਤਾਂ ਖੁੱਲ੍ਹੇ ਦਾ ਖੁੱਲ੍ਹਾ ਈ ਰਹਿ ਗਿਆ।
ਜਿਹੜਾ ਮਹੀਨਾ ਖੰਡ ਉਹ ਪਿੰਡ ਤਰੱਗੇ ਵਿੱਚ ਰਿਹਾ ਸੀ ਉਥੇ ਇੰਝ ਸੀ ਜਿਵੇਂ ਮੇਲਾ ਲੱਗਾ ਹੁੰਦਾ ਏ। ਸਵੇਰੇ ਸ਼ਾਮੀਂ, ਦਿਨੇ-ਰਾਤੀਂ, ਘਰਾਂ ਵਿੱਚ, ਖੂਹਾਂ ’ਤੇ ਨਿਰੀਆਂ ਉਹਦੀਆਂ ਗੱਲਾਂ ਸਨ – ‘ਬੜਾ ਬੀਬਾ ਮੁੰਡਾ ਏ ਵਈ, ਚੰਗਾ ਤਕੜਾ ਜਣਾ ਏ। ਏਹਦਾ ਪਿਉ ਵੀ ਬੜੀ ਲੱਕੜ ਚੁੱਕਦਾ ਸੀ ਤੇ ਏਹ ਵੀ। ਏਹਦੀ ਤੇ ਬੋਲੀ ਵਿੱਚ ਈ ਉੱਕਾ ਫ਼ਰਕ ਨਹੀਂ। ਸਾਡੇ ਵਾਂਗ ਈ ਬੋਲਦਾ ਏ…’
‘…ਦਾਹੜੀ ਕੇਸ ਵੀ ਲੰਮੇ ਨਹੀਂ ਸੁ ਵਧਾਏ। ਬਗੈਰ ਪੱਗ ਦੇ ਤਾਂ ਅਸਲੋਂ ਮੁਸਲਮਾਨ ਮੁੰਡਿਆਂ ਜਿਹਾ ਈ ਜਾਪਦਾ ਏ।‘ਹਰਨਾਮ ਜਿੰਨੇ ਦਿਨ ਰਿਹਾ ਨਿਰੀ ਇੱਕ ਗੱਲ ਈ ਸੋਚਦਾ ਰਿਹਾ, ‘ਸਭ ਕੁਝ ਏਥੇ ਓਂਝ ਦਾ ਈ ਏ ਜਿਵੇਂ ਦਾ ਓਥੇ ਏ! ਉੱਖੜੀਆਂ ਸੜਕਾਂ, ਟੁੱਟੇ-ਭੱਜੇ ਰਾਹ, ਖੂਹ ਡੇਰੇ, ਕੁੜਾਂ-ਕੋਠੇ, ਮੱਝਾਂ-ਗਾਵਾਂ, ਪਹਿਰਾਵਾ, ਪੈਲੀਆਂ, ਰਸਮਾਂ ਰੀਤਾਂ, ਸ਼ਕਲਾਂ. ਚਿਹਰੇ-ਮੋਹਰੇ, ਬੋਲੀ-ਠੋਲੀ ਸਭੋ ਕੁਝ ਇੱਕੋ ਜਿਹੀਆਂ। ਵਖਰੇਵਾਂ ਨਿਰਾ ਧਰਮ ਦਾ ਈ ਏ ਤੇ ਬਾਬੇ ਸ਼ਫ਼ੀ ਮੂਜਬ ਧਰਮ ਵੀ ਤਾਂ ਰੱਤ ਦੀ ਸਾਂਝ ਨਹੀਂ ਮੁਕਾਂਦਾ?’
ਪਿੰਡ ਵਾਲਿਆਂ ਰਲ਼-ਮਿਲ਼ ਕੇ ਹਰਨਾਮ ਨੂੰ ਜ਼ਮੀਨ ਦੇ ਕਾਗਜ਼ ਬਣਵਾ ਦਿੱਤੇ ਸਨ ਤੇ ਉਹਦਾ ਇੱਕ ਟਕਾ ਵੀ ਨਹੀਂ ਸੀ ਲੱਗਣ ਦਿੱਤਾ। ਅਖੀਰਲੀ ਰਾਤੀਂ ਉਹ ਸੌਂ ਕੇ ਉੱਠਿਆ ਤੇ ਮਾਈ ਸ਼ਰੀਫਾਂ ਆਖਣ ਲੱਗੀ, ‘ਪੁੱਤਰ ਹਰਨਾਮ! ਏਹ ਮਾਈ ਨਾਗਰੀ, ਬੇਬੇ ਮੰਦਾਂ, ਮਾਂ ਚੀਮੀ, ਦਾਰੀ ਜੱਟੀ ਤੇ ਸੂਦਾਂ ਚੱਠੀ ਕੱਪੜਿਆਂ ਦਾ ਇੱਕ-ਇੱਕ ਜੋੜਾ ਤੇ ਹੋਰ ਖਾਣ-ਪੀਣ ਲਈ ਸ਼ੈਵਾਂ ਦੇ ਗਈਆਂ ਨੇ ਤੇ ਏਹ ਮੇਰੇ ਵੱਲੋਂ ਬੋਸਕੀ ਦਾ ਇੱਕ ਜੋੜਾ ਏ।’ ‘ਬੇਬੇ ਕੱਪੜੇ ਤੇ ਚਲੋ ਮੈਂ ਲੈ ਲਵਾਂਗਾ, ਪਰ ਏਹ ਦੂਜੀਆਂ ਸ਼ੈਵਾਂ ਓਧਰ ਵੀ ਬਥੇਰੀਆਂ ਨੇ। ਇਹਨਾਂ ਦਾ ਐਵੇਂ ਭਾਰ ਚੁੱਕਣਾ ਏ।’ ਹਰਨਾਮ ਨੇ ਆਖਿਆ।
ਮਾਂ ਆਖਣ ਲੱਗੀ, ‘ਚੱਲ ਵੇ, ਰੱਖ ਲੈ – ਹੇਜ ਨਾਲ਼ ਦੇ ਗਈਆਂ ਨੇ।’
‘ਨਹੀਂ ਅੰਮਾਂ! ਕਸਟਮ ਵਾਲੇ ਤੰਗ ਪਏ ਕਰਨਗੇ। ਉਹਨਾਂ ਵੱਲੋਂ ਇਹ ਚੀਜ਼ਾਂ ਪੁੱਜ ਗਈਆਂ’, ਹਰਨਾਮ ਨੇ ਮਿੱਠੇ ਜਿਹੇ ਤਰਲੇ ਨਾਲ਼ ਕਿਹਾ। ਪਰ ਬੇਬੇ ਸ਼ਰੀਫਾਂ ਨੇ ਉਹਦੇ ਰੋਕਦੇ-ਰੋਕਦੇ ਵੀ ਉਹ ਸਾਰੀਆਂ ਸ਼ੈਵਾਂ ਦੀ ਗੰਢ ਬੰਨ੍ਹਕੇ ਉਹਦੇ ਹਵਾਲੇ ਕਰ ਦਿੱਤੀ। ਸ਼ਾਹ ਵੇਲੇ ਜਦੋਂ ਉਹ ਵਿਦਿਆ ਹੋਣ ਲੱਗਾ ਤੇ ਕੰਧਾਂ ਕੋਠੇ ਕਾਲ਼ੇ ਹੋਏ ਸਨ। ਕੁੜੀਆਂ-ਚਿੜੀਆਂ ਕੋਠਿਆਂ ’ਤੇ ਚੜ੍ਹੀਆਂ ਸਨ, ਇੰਞਾਣੇ ਮੁੰਡੇ-ਖੁੰਡੇ, ਅੱਧਖੜ ਬੰਦੇ, ਮਾਈਆਂ ਬੁੱਢੇ ਉਹਦੇ ਨਾਲ਼-ਨਾਲ਼ ਗਲੀਆਂ ਵਿੱਚੋਂ ਲੰਘ ਰਹੇ ਸਨ। ਸਾਰੇ ਪਿੰਡ ਦੇ ਲੋਕ ਉਹਨੂੰ ਵਿਦਿਆ ਕਰਨ ਹਰਨਾਮ ਦੇ ਨਾਲ਼-ਨਾਲ਼ ਪਏ ਟੁਰਦੇ ਸਨ।
ਪਿੰਡੋਂ ਨਿੱਕਲ ਕੇ ਜਦੋਂ ਪਹਿਆ ਸ਼ੁਰੂ ਹੋਣ ਲੱਗਾ ਤੇ ਸਾਰੀਆਂ ਮਾਈਆਂ ਹਰਨਾਮ ਨੂੰ ਪਿਆਰ ਦਿੱਤੇ ਤੇ ਪਾਰ ਦੀਆਂ ਮਾਈਆਂ ਲਈ ਸਲਾਮ ਦੁਆ ਤੇ ਸੁਨੇਹੇ ਘੱਲੇ। ਮੁੰਡਿਆਂ ਤੇ ਜਣਿਆਂ ਘੁੱਟ-ਘੁੱਟ ਜੱਫੀਆਂ ਪਾਈਆਂ ਤੇ ਹਰਨਾਮ ਨੂੰ ਫੇਰ ਆਵਣ ਲਈ ਆਹਂਦੇ ਰਹੇ। ਅਖੀਰ ਤੇ ਵਡੇਰੇ ਸ਼ੁਰੂ ਹੋਏ, ਉਹ ਆਪਣੇ ਪੁਰਾਣੇ ਸੰਗੀ-ਸਾਥੀਆਂ ਨੂੰ ਸੁੱਖ-ਸੁਨੇਹੇ ਘੱਲਦੇ ਰਹੇ।
ਬਾਬਾ ਸ਼ਫ਼ੀ ਹਰਨਾਮ ਨੂੰ ਜੱਫੀ ਪਾ ਕੇ ਆਖਣ ਲੱਗਾ, ‘ਓਏ! ਲੇਖਾਂ ਵਿੱਚ ਲਿਖਿਆ ਸੀ ਤੇ ਇਹ ਲੀਕ ਵੱਜ ਗਈ। ਲੀਕਾਂ ਪਾਈਆਂ ਵੀ ਜੇ ਮੋਹ ਵਧਦਾ ਏ, ਉਦਰੇਵਾਂ ਵਧਦਾ ਏ ਤੇ ਫੇਰ ਲੀਕ ਵੀ ਮਾੜੀ ਨਹੀਂ। ਪਰ ਸਾਨੂੰ ਸੁੱਖ-ਸਾਂਦ ਪੁੱਛਣ ਤੇ ਮਿਲ਼ਣ-ਗਿਲ਼ਣ ਦਾ ਡੱਕਾ, ਵਾਰਾ ਨਹੀਂ ਖਾਂਦਾ।’ ਏਨਾ ਆਖਦਿਆਂ ਬਾਬੇ ਦੀਆਂ ਚੀਕਾਂ ਨਿਕਲ ਗਈਆਂ। ਹਰਨਾਮ ਵੀ ਰੱਜ ਕੇ ਰੋਇਆ। ਅਗਾਂਹ ਜਾ ਕੇ ਹਰਨਾਮ ਆਖ਼ਰੀ ਵਾਰ ਪਿੰਡ ’ਤੇ ਝਾਤੀ ਮਾਰੀ। ਸਾਰੇ ਲੋਕ ਉਂਝ ਦੇ ਉਂਝ ਆਪਣੇ-ਆਪਣੇ ਥਾਂ ’ਤੇ ਖਲੋਤੇ ਸਨ। ਹਰਨਾਮ ਨੂੰ ਇੰਝ ਲੱਗਾ ਜਿਵੇਂ ‘…ਉਹ ਸਾਰਾ ਮਾਲ ਡੰਗਰ, ਖੂਹ ਬੰਨਾ, ਬੂਹਾ-ਛੰਨਾ, ਕੁੱਲੀ-ਜੁੱਲੀ, ਸਾਰੀ ਦੌਲਤ ਤੇ ਸਾਰਾ ਮਾਲ ਜਿਹੜਾ ਉਹਦੇ ਵੱਡ-ਵਡੇਰੇ ਆਪਣੇ ਨਾਲ਼ ਨਹੀਂ ਸਨ ਲੈ ਜਾ ਸਕੇ, ਓਦੂੰ ਦੂਣਾ ਤਰੀਣਾ ਮਾਲ ਦੌਲਤ ਪੰਜਾਹ ਵਰ੍ਹੇ ਮਗਰੋਂ ਉਹ ਇਕੱਲਾ ਈ ਲੈ ਚੱਲਿਆ…ਮੋਹ ਪਿਆਰ ਤੇ ਨਿੱਘੀਆਂ ਯਾਦਾਂ ਦਾ ਮਾਲ।’