Parde (Story in Punjabi) : Ram Lal
ਪਰਦੇ (ਕਹਾਣੀ) : ਰਾਮ ਲਾਲ
ਸਾਜ਼ਿਦ ਦਾ ਬਰਮਿੰਗਮ ਵਿਚ ਬੱਸ ਕੰਡਕਟਰੀ ਦਾ ਦੂਜਾ ਦਿਨ ਸੀ। ਜਦੋਂ ਉਹ ਹੋਰ ਮੁਸਾਫਰਾਂ ਦੀਆਂ ਟਿਕਟਾਂ ਕੱਟ ਕੇ ਵਿਹਲਾ ਹੋਇਆ, ਉਹਦੀ ਨਜ਼ਰ ਇਕ ਮੁਸਾਫਰ ਉੱਤੇ ਪਈ। ਜਿਸ ਬਾਰੇ ਉਹਨੇ ਗੱਲਾਂ ਸੁਣੀਆਂ ਹੋਈਆਂ ਸਨ। ਤਸਵੀਰਾਂ ਵੇਖੀਆਂ ਸਨ। ਪਰ ਨੇੜਿਓਂ ਨਹੀਂ ਸੀ ਤੱਕਿਆ। ਉਹ ਬੁੱਲ੍ਹਾਂ 'ਚ ਹੀ ਕੁਝ ਬਰੜਾ ਰਿਹਾ ਸੀ। ਜਦੋਂ ਸਾਜਿਦ ਉਸ ਕੋਲ ਪਹੁੰਚਿਆ, ਉਸ ਆਪਣੀ ਜੇਬ ਵਿਚ ਹੱਥ ਪਾਇਆ। ਮੰਥਲੀ ਪਾਸ ਕੱਢਿਆ। ਤੇ ਉਹਦੇ ਹਵਾਲੇ ਕਰ ਦਿੱਤਾ। ਪਰ ਇਸ ਦੌਰਾਨ ਬੁੱਲ੍ਹ ਉਸ ਦੇ ਓਵੇਂ ਹੀ ਹਿਲਦੇ ਰਹੇ। ਸਾਜਿਦ ਨੇ ਪਾਸ ਉੱਤੇ ਇਕ ਸਰਸਰੀ ਨਜ਼ਰ ਮਾਰੀ। ਨਾਂ ਲਿਖਿਆ ਸੀ 'ਕਰਤਾਰ ਸਿੰਘ ਚੀਮਾ'। ਸਾਜਿਦ ਦੇ ਦਿਲ ਵਿਚ ਨਫ਼ਰਤ ਦੀ ਅੱਗ ਭੜਕ ਉਠੀ, ਜੋ ਉਹਦੇ ਬੁੱਲ੍ਹਾਂ ਤਕ ਆ ਕੇ ਅਟਕ ਗਈ। ਇੰਜ ਲੱਗਦਾ ਸੀ, ਜਿਵੇਂ ਅਜਿਹੇ ਦੁਸ਼ਮਣ ਦੇ ਵਿਰੁੱਧ ਜੋ ਲਾਵਾ ਪਿਛਲੇ ਬਾਈ ਵਰ੍ਹਿਆਂ ਤੋਂ ਉਹਦੀ ਹਿੱਕ ਵਿਚ ਲੁਕਿਆ ਹੋਇਆ ਸੀ, ਉਹ ਇਕੋ ਦਮ ਫੁੱਟ ਪਏਗਾ। ਪਰ ਆਲੇ-ਦੁਆਲੇ ਦੇ ਵਾਤਾਵਰਣ, ਓਪਰੇ ਮੁਲਕ ਤੇ ਨਵੀਂ ਨੌਕਰੀ ਨੇ ਉਹਦੇ ਜਜ਼ਬਿਆਂ ਦੀ ਰੌ ਨੂੰ ਬੰਨ੍ਹ ਮਾਰ ਦਿੱਤਾ। ਜਿਵੇਂ ਇਕ ਤੇਜ਼ ਰਫ਼ਤਾਰ ਵਾਲਾ ਟਰਕ ਸੜਕ ਉੱਤੇ ਇਕ ਮਹਿੰ ਆ ਜਾਣ ਕਾਰਣ ਬਰੇਕ ਲਾ ਦਿੰਦਾ ਹੈ। ਸਾਜਿਦ ਦਾ ਚਿਹਰਾ ਲਾਲ ਹੋ ਗਿਆ। ਉਹਨੇ ਦਿਲ ਹੀ ਦਿਲ ਵਿਚ ਆਪਣੀ ਕੌਮ ਦੇ ਦੁਸ਼ਮਣ ਨੂੰ ਸੈਂਕੜੇ ਸਿਲਵਤਾਂ ਸੁਣਾਈਆਂ। ਜਿਵੇਂ ਸੈਆਂ ਵਰ੍ਹੇ ਪੁਰਾਣੀ ਦੁਸ਼ਮਣੀ ਦਾ ਬਦਲਾ ਲੈ ਰਿਹਾ ਹੋਵੇ। ਉਹਨੂੰ ਆਪਣੀ ਮਜ਼ਬੂਰੀ ਉੱਤੇ ਖਿਝ ਚੜ੍ਹ ਗਈ। ਐਨ ਉਸੇ ਤਰ੍ਹਾਂ ਜਿਵੇਂ ਉਹ ਆਪਣੇ ਪਿਤਰੀ ਪਿੰਡ ਵਿਚ ਇਕ ਟਰੱਕ ਦੀ ਫੇਟ ਵਿਚ ਆ ਜਾਣ ਤੋਂ ਬਚ ਗਿਆ ਸੀ। ਤੇ ਡਰਾਈਵਰ ਉਹਦੀ ਬੇਬਸੀ ਉੱਤੇ ਹੱਸ ਕੇ ਟਰੱਕ ਭਜਾ ਕੇ ਲੈ ਗਿਆ ਸੀ। ਉਹ ਟਰੱਕ ਵਾਲੇ ਨੂੰ ਤਾਂ ਕੁਝ ਨਹੀਂ ਸੀ ਕਹਿ ਸਕਿਆ ਪਰ ਟਰੱਕ ਦੇ ਮਾਲਕ ਦਾ ਨਾਂ ਜਿਹੜਾ ਟਰੱਕ ਦੇ ਇਕ ਪਾਸੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਉਸਦੀ ਮਾਂ ਭੈਣ ਦੀ ਸ਼ਾਨ ਵਿਚ, ਠੇਠ ਪੰਜਾਬੀ ਜ਼ਬਾਨ ਵਿਚ, ਕਸੀਦਾ ਕਹਿ ਛੱਡਿਆ ਸੀ। ਭਾਵੇਂ ਏਨੇ ਚਿਰ ਵਿਚ ਟਰੱਕ ਕਈ ਸੌ ਗਜ ਦੂਰ ਆਮ ਵਾਂਗ ਅੱਧ ਕੱਚੀ ਸੜਕ ਉੱਤੇ ਧੂੜ ਉਡਾ ਰਿਹਾ ਸੀ। ਜਿਵੇਂ ਕਹਿ ਰਿਹਾ ਹੋਵੇ, 'ਸ਼ੁਕਰ ਕਰ ਬੱਚੂ, ਬਚ ਗਿਐਂ। ਗਾਲ੍ਹਾਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ।' ਤੇ ਉਦੋਂ ਉਹਨੂੰ ਯਾਦ ਆਇਆ...ਟਰੱਕ ਮਾਲਕ ਦਾ ਨਾਂ ਵੀ ਗੁਲਾਮ ਰਸੂਲ ਚੀਮਾ ਸੀ। ਅੱਜ ਵੀ ਉਹਦਾ ਜੀਅ ਚਾਹਿਆ ਕਿ ਉਹ ਬੱਸ ਵਿਚੋਂ ਸਿਰ ਕੱਢ ਕੇ, ਸੜਕ ਉੱਥੇ ਥੁੱਕ ਕੇ, ਆਪਣੇ ਗ਼ਮ ਤੇ ਗੁੱਸੇ ਨੂੰ ਪ੍ਰਗਟਾਵੇ। ਪਰ ਇਹ ਪਾਕਿਸਤਾਨ ਦੇ ਜ਼ਿਲੇ ਸਿਆਲ ਕੋਟ ਵਿਚ ਉਹਦਾ ਪਿੰਡ ਨਹੀਂ ਸੀ। ਅਜਿਹੀ ਹਰਕਤ ਬਰਮਿੰਗਮ ਵਿਚ ਨੌਕਰੀਓਂ ਹੱਥ ਧੋ ਬਹਿਣ ਬਰਾਬਰ ਸੀ। ਉਸ ਪਾਸ ਉੱਤੇ ਉਸ ਤਾਰੀਖ਼ ਨੂੰ ਕੱਟ ਕੇ ਦਸਤਖ਼ਤ ਕੀਤੇ ਤੇ ਪਾਸ ਨੂੰ ਉਸਦੇ ਮਾਲਕ ਦੇ ਹਵਾਲੇ ਇਸ ਢੰਗ ਨਾਲ ਕੀਤਾ ਜਿਵੇਂ ਇਕ ਸੜਾਂਦ ਮਾਰੇ ਕੁਲਬਲਾਂਦੇ ਕੀੜੇ ਨੂੰ ਡਾਢੀ ਨਫ਼ਰਤ ਨਾਲ ਪਰ੍ਹਾਂ ਸੁੱਟ ਰਿਹਾ ਹੋਵੇ। ਉਹ ਸਿੱਖ ਏਸ ਦੌਰਾਨ ਦੁਨੀਆਂ-ਜਹਾਨ ਤੋਂ ਅਵੇਸਲਾ ਹੋ ਕੇ ਸਿਰਫ ਆਪਣੇ ਬੁੱਲ੍ਹ ਹਿਲਾਂਦਾ ਰਿਹਾ ਸੀ। ਸਾਜਿਦ ਨੇ ਹੈਰਾਨੀ ਨਾਲ ਉਸ ਵੱਲ ਤੱਕਿਆ। ਭਲਾ ਇਸ ਬੰਦੇ ਨੂੰ ਹੋ ਕੀ ਗਿਆ ਸੀ ਜੋ ਆਪ-ਮੂਹਾਰਾ ਹੀ ਬੋਲੀ ਜਾ ਰਿਹਾ ਸੀ! ਉਸ ਧਿਆਨ ਨਾਲ ਸੁਣਿਆ। ਉਹ ਕਹਿ ਰਿਹਾ ਸੀ...:
ੴ ਸਤਿਗੁਰੂ ਪ੍ਰਸਾਦਿ !
ਭਾਵੇਂ ਸ਼ਬਦ ਉਹਦੇ ਕੌਮੀ ਦੁਸ਼ਮਣ ਦੇ ਮੂੰਹੋਂ ਨਿਕਲ ਰਹੇ ਸਨ, ਪਰ ਹੁਣ ਲੱਗਦਾ ਸੀ ਜਿਵੇਂ ਸ਼ਾਜਿਦ ਲਈ ਇਹ ਸ਼ਬਦ ਓਪਰੇ ਨਾ ਹੋਣ। ਉਸ ਬੀਤੇ ਦੀ ਧੁੰਦ ਵਿਚ ਨਜ਼ਰ ਮਾਰੀ ਤਾਂ ਉਹਦੇ ਪਿਤਾ ਮਾਸਟਰ ਆਬਿਦ ਹਸਨ ਦੀਆਂ ਕਿਤਾਬਾਂ ਵਿਚ ਇਕ ਕਿਤਾਬ ਖਵਾਜਾ ਦਿਲ ਮੁਹੰਮਦ ਦੀ ਸੀ, ਤੇ ਉਹਦੇ ਪਿਤਾ ਉਸ ਕਿਤਾਬ ਦਾ ਵੀ ਓਨਾਂ ਹੀ ਸਤਿਕਾਰ ਕਰਦੇ ਸਨ ਜਿੰਨਾ ਹੋਰ ਮਜ਼੍ਹਬੀ ਕਿਤਾਬਾਂ ਦਾ। ਉਸ ਬਚਪਨ ਵਿਚ ਇਕ ਵਾਰੀ ਉਸਨੂੰ ਪੜ੍ਹਨ ਦਾ ਯਤਨ ਵੀ ਕੀਤਾ ਸੀ। ਪਰ ਸਮਝ ਨਹੀਂ ਸੀ ਸਕਿਆ। ਉਹ ਆਪਣੇ ਅੱਬਾ ਦੇ ਏਸ ਵਤੀਰੇ ਉੱਤੇ ਹੈਰਾਨ ਸੀ ਕਿ ਉਹ ਗੁਰੂ ਨਾਨਕ ਦੀ ਕਿਤਾਬ ਦੀ ਕਿਉਂ ਇੱਜ਼ਤ ਕਰਦੇ ਨੇ! ਪਰ ਕੋਈ ਇਕ ਗੱਲ ਹੁੰਦੀ ਤਾਂ ਉਹ ਆਪਣੇ ਪਿਤਾ ਨਾਲ ਬਹਿਸਦਾ ਵੀ—ਉਹਨਾਂ ਦੀ ਹਰ ਗੱਲ ਨਿਰਾਲੀ ਸੀ। ਉਹ ਉਰਦੂ ਨਾਵਲਕਾਰਾਂ ਵਿਚੋਂ ਕਿਸੇ ਪੰਡਤ ਰਤਨ ਨਾਥ ਸਰਸ਼ਾਰ ਨੂੰ ਉਹਦਾ ਬਾਨੀ ਮੰਨਦੇ ਸਨ। ਕਿਸੇ ਮੁਨਸ਼ੀ ਪਰੇਮ ਚੰਦ ਨੂੰ ਕਹਾਣੀਆਂ ਦਾ ਪਿਤਾਮਾਂ ਮੰਨਦੇ ਸਨ। ਨਵੇਂ ਲਿਖਾਰੀਆਂ ਵਿਚੋਂ ਉਹ ਕ੍ਰਿਸ਼ਨ ਚੰਦਰ ਤੇ ਕਿਸੇ ਸਿੱਖ ਰਾਜਿੰਦਰ ਸਿੰਘ ਬੇਦੀ ਨੂੰ ਵਧੀਆ ਮੰਨਦੇ ਸਨ। ਉਸ ਕਈ ਵਾਰ ਉਹਨਾਂ ਨੂੰ ਉਹਨਾਂ ਦੀਆਂ ਗ਼ਲਤੀਆਂ ਦਾ ਅਹਿਸਾਸ ਕਰਵਾਉਣਾ ਚਾਹਿਆ ਪਰ ਉਹ ਬਸ ਮੁਸਕਰਾ ਕੇ ਟਾਲ ਗਏ ਤੇ ਉਸ ਮੁਸਕੁਰਾਹਟ ਦਾ ਉਹਦੀ ਖਿਝ ਉਤਰ ਨਾ ਟੋਲ ਸਕੀ। ਉਸ ਅੱਬਾ ਨੂੰ ਆਪਣੀ ਕਿਸਮ ਦਾ ਆਦਮੀ ਸਮਝ ਕੇ ਉਹਨਾਂ ਦੇ ਹਾਲ 'ਤੇ ਛੱਡ ਦਿੱਤਾ।
ਪਰ ਜਦੋਂ ਇਕ ਦਿਨ ਉਹਦੀ ਅੰਮਾਂ ਕੁਰਾਨ ਸ਼ਰੀਫ ਦੀ ਤਲਾਵਤ ਤੋਂ ਵਿਹਲਿਆਂ ਹੋਈ ਤਾਂ ਉਸ ਖਵਾਜਾ ਦਿਲ ਮੁਹੰਮਦ ਦੀ ਕਿਤਾਬ ਦੀ ਗੱਲ ਤੋਰ ਲਈ। ਤੇ ਉਹਦੀ ਅੰਮਾਂ ਨੇ ਉਸ ਕਿਤਾਬ ਨੂੰ ਬੜੇ ਸਤਿਕਾਰ ਨਾਲ ਚੁੱਕਿਆ ਤੇ ਬਹੁਤ ਸਾਰੀਆਂ ਪਉੜੀਆਂ ਉਹਨੂੰ ਸੁਣਾ ਦਿੱਤੀਆਂ ਤਾਂ ਉਹਦੀ ਹੈਰਾਨੀ ਦਾ ਕੋਈ ਅੰਤ ਨਾ ਰਿਹਾ। ਪਰ ਅੰਮਾਂ ਜਦੋਂ ਇਹ ਸੁਣਾ ਰਹੀ ਸੀ ਤਾਂ ਉਹਦਾ ਦਿਲ ਕਹਿ ਰਿਹਾ ਸੀ ਕਿ ਕੁਰਾਨ ਦੀਆਂ ਆਇਤਾਂ ਤੇ ਜਪੁਜੀ ਸਾਹਿਬ ਦੀਆਂ ਪਉੜੀਆਂ ਇਕੋ-ਜਿਹੀ ਸ਼ਾਂਤੀ ਦਿੰਦੀਆਂ ਹਨ। ਭੋਲੇ-ਭਾ ਉਹਨੇ ਅੰਮਾਂ ਤੋਂ ਪੁੱਛ ਹੀ ਲਿਆ ਕਿ ਉਸ ਇਹ ਕਾਫ਼ਰਾਂ ਵਾਲੀ ਦੁਆ (ਬੰਦਗੀ) ਕਿੱਥੋਂ ਸਿੱਖੀ ਏ? ਤੇ ਉਸ ਦੀ ਅੰਮਾਂ ਨੇ ਓਸ ਦਿਨ ਜਿਹੜੀ ਗੱਲ ਆਖੀ, ਉਹ ਉਹਨੂੰ ਹੁਣ ਤਾਈਂ ਯਾਦ ਸੀ—
“ਬੇਟਾ! ਦੁਆ ਕਾਫ਼ਰਾਂ ਦੀ ਹੋਵੇ ਜਾਂ ਮੋਮਨਾਂ ਦੀ—ਬਾਰਗਾਹੇ-ਆਲੀ ਵਿਚ ਹਰੇਕ ਦੁਖੀ ਦਿਲ ਦੀ ਫ਼ਰਿਆਦ ਸੁਣੀ ਜਾਂਦੀ ਏ।” ਉਹਦੀ ਮਾਂ ਨੇ ਇਹ ਸਾਰਾ ਜਪੁਜੀ ਸਾਹਿਬ ਬਚਪਨ ਵਿਚ ਨੰਬਰਦਾਰ ਸਾਧੂ ਸਿੰਘ ਦੀ ਕੁੜੀ ਜੀਤੋ ਪਾਸੋਂ ਸਿਖਿਆ ਸੀ। ਤੇ ਜੀਤੋ ਨੇ ਕੁਰਾਨ ਸ਼ਰੀਫ ਦੀਆਂ ਬਹੁਤ ਸਰੀਆਂ ਅਇਤਾਂ ਮੂੰਹ ਜ਼ਬਾਨੀ ਪਕਾ ਲਈਆਂ ਸਨ। ਏਨਾ ਕੁਝ ਹੋਣ 'ਤੇ ਵੀ ਉਹਦੀ ਮੁਸਲਮਾਨੀ ਤੇ ਉਹਦੀ ਸਿੱਖੀ ਵਿਚ ਫ਼ਰਕ ਨਹੀਂ ਸੀ ਆਇਆ।
ਸਾਜਿਦ ਨੂੰ ਉਹਨਾਂ ਦੋਵਾਂ 'ਤੇ ਗੁੱਸਾ ਸੀ। ਉਹਦਾ ਨੌਜਵਾਨ ਦਿਮਾਗ਼ ਇਹਨਾਂ ਗੱਲਾਂ ਨੂੰ ਮੰਨਣ ਤੋਂ ਆਕੀ ਸੀ। ਜਦੋਂ ਦੀ ਉਹਨੇ ਸੁਰਤ ਸੰਭਾਲੀ ਸੀ ਉਸ ਆਪਣੇ ਆਲੇ-ਦੁਆਲੇ ਬਸ ਇਕੋ ਗੱਲ ਸੁਣੀ ਸੀ—ਗੁਆਂਢੀ ਹਨ। ਕਾਫ਼ਰ ਹਨ। ਦੁਸ਼ਮਣ ਦੇਸ਼ ਹੈ। ਸਾਡਾ ਹੱਕ ਸਾਨੂੰ ਨਹੀਂ ਦਿੰਦੇ। ਸੰਨ 1965 ਵਿਚ ਉਸ ਦਸਵੀਂ ਕੀਤੀ ਸੀ ਤੇ ਉਹਦਾ ਪਿੰਡ ਜਿਹੜਾ ਸਰਹੱਦ ਦੇ ਲਾਗੇ ਹੀ ਸੀ, ਉੱਥੇ ਉਸ ਕਈ ਬੇਚੈਨ ਰਾਤਾਂ ਜਾਗ ਕੇ ਕੱਟੀਆਂ ਸਨ, ਤੇ ਉਸ ਜੰਗ ਵਿਚ ਉਹਦਾ ਭਰਾ ਇਕ ਲੱਤ ਗੁਆ ਆਇਆ ਸੀ। ਅਖ਼ਬਾਰਾਂ, ਰੇਡੀਓ ਤੇ ਲੀਡਰਾਂ ਨੇ ਗੁਆਂਢੀ ਦੇਸ਼ ਦੀ ਧੋਖਾਦਹੀ ਤੇ ਮੁੱਕਾਰੀ ਦੇ ਪਰਦੇ ਲਾਹ ਸੁੱਟੇ ਸਨ। ਫੇਰ ਵੀ ਉਹਦੇ ਮਾਂ-ਪਿਉ ਅਜੇ ਤੱਕ ਉਹਨਾਂ ਦਰਿਆ-ਦਿਲ ਸਿੱਖਾਂ ਤੇ ਹਿੰਦੂਆਂ ਦੇ ਕਿੱਸੇ ਸੁਣਾਉਂਦੇ ਰਹਿੰਦੇ ਸਨ ਜਿਹਨਾਂ ਨਾਲ ਉਹਨਾਂ ਕਈ ਵਰ੍ਹੇ ਬਿਤਾਏ ਸਨ। ਪਰ ਸਾਜਿਦ ਨੇ ਆਪਣੀ ਬਾਈ ਵਰ੍ਹਿਆਂ ਦੀ ਉਮਰ ਤੀਕ ਨਾ ਕਿਸੇ ਸਿੱਖ ਨਾਲ ਮੁਲਕਾਤ ਕੀਤੀ ਸੀ, ਤੇ ਨਾ ਕਿਸੇ ਹਿੰਦੂ ਦੀ ਸ਼ਕਲ ਵੇਖੀ ਸੀ। ਸਗੋਂ ਉਹ ਤਾਂ ਇਹ ਸਮਝਦਾ ਸੀ ਕਿ ਮੁਸ਼ਕਲਾਂ ਦੀ ਜੜ ਹੀ ਇਹ ਹਿੰਦੂ ਤੇ ਸਿੱਖ ਨੇ। ਤੇ ਸ਼ਇਦ ਉਹਨਾਂ ਦਾ ਹੀ ਕਸੂਰ ਸੀ ਕਿ ਬੀ.ਏ. ਪਾਸ ਕਰ ਲੈਣ ਪਿੱਛੋਂ ਵੀ ਉਹਨੂੰ ਇਕ ਸਾਲ ਤਕ ਨੌਕਰੀ ਨਹੀਂ ਸੀ ਮਿਲੀ। ਤੇ ਉਹਨੂੰ ਲਾਚਾਰ ਹੋ ਕੇ ਜਲਾਵਤਨੀ ਨੂੰ ਅਪਣਾਉਣਾ ਪਿਆ ਸੀ। ਅਣਪੜ੍ਹ ਤੇ ਪੜ੍ਹੇ ਹੋਏ ਸਭ ਬਾਹਰ ਜਾ ਰਹੇ ਸਨ। ਸਾਜਿਦ ਨੇ ਵੀ ਹੱਥ-ਪੈਰ ਮਾਰੇ। ਉਹਦਾ ਇਕ ਦੋਸਤ ਚਾਰ ਸਾਲਾਂ ਤੋਂ ਵਲਾਇਤ ਵਿਚ ਰਹਿ ਰਿਹਾ ਸੀ। ਸਾਜਿਦ ਨੇ ਉਹਨੂੰ ਲਿਖਿਆ।
ਉਸ ਨੇ ਆਉਣ ਦੀ ਸਲਾਹ ਦਿੱਤੀ। ਤੇ ਕੁਝ ਦਿਨ ਉਸ ਕੋਲ ਰਹਿ ਕੇ ਅੰਤ ਸਾਜਿਦ ਨੂੰ ਨੌਕਰੀ ਮਿਲ ਹੀ ਗਈ। ਵਤਨ ਵਿਚ ਸ਼ਾਇਦ ਉਹ ਕਦੀ ਵੀ ਬੱਸ-ਕੰਡਕਟਰ ਨਾ ਲੱਗਦਾ। ਕਿਉਂਕਿ ਇਹ ਗਰੈਜੂਏਟ ਨੂੰ ਸ਼ੋਭਦਾ ਨਹੀਂ ਸੀ। ਪਰ ਵਲਾਇਤ ਵਿਚ ਜੋ ਵੀ ਮਿਲ ਜਾਏ ਸੁੱਖ ਹੈ। ਤੇ ਫੇਰ ਇਸ ਵਿਚ ਏਨੇ ਪੈਸੇ ਮਿਲ ਜਾਂਦੇ ਸਨ ਜਿੰਨੇ ਆਪਣੇ ਵਤਨ ਵਿਚ ਕਿਸੇ ਵੱਡੇ ਅਫ਼ਸਰ ਨੂੰ ਵੀ ਨਹੀਂ ਮਿਲਦੇ ਹੋਣੇ। ਤੇ ਫੇਰ ਉਹਦੇ ਆਲੇ-ਦੁਆਲੇ ਸੈਂਕੜੇ ਏਸ਼ੀਆਈ ਸਨ ਜਿਹੜੇ ਉਸ ਨਾਲੋਂ ਵੱਧ ਪੜ੍ਹੇ ਹੋਏ ਸਨ ਤੇ ਉਸ ਨਾਲੋਂ ਘਟੀਆ ਕੰਮ ਕਰਦੇ ਸਨ। ਉਹ ਫੇਰ ਵੀ ਖ਼ੁਸ਼ਕਿਸਮਤ (ਵੱਡਭਾਗੀ) ਸੀ।
ਜਿੰਨੇ ਦਿਨ ਵੀ ਸਾਜਿਦ ਉਸ ਰੂਟ ਉਪਰ ਰਿਹਾ, ਉਹ ਸਿੱਖ ਨੇਮ ਨਾਲ ਉਹਦੀ ਬੱਸ ਵਿਚ ਇਕ ਖਾਸ ਸਟੈਂਡ ਤੋਂ ਚੜ੍ਹਦਾ ਤੇ ਪੰਦਰਾਂ ਮਿੰਟਾਂ ਪਿੱਛੋਂ ਇਕ ਫੈਕਟਰੀ ਸਾਹਮਣੇ ਉਤਰ ਜਾਂਦਾ। ਤੇ ਇਹ ਪੰਦਰਾਂ ਮਿੰਟ ਸਾਜਿਦ ਲਈ ਬੜੇ ਦੁਖਦਾਈ ਹੁੰਦੇ ਸਨ। ਬੱਸ ਦੇ ਸਾਰੇ ਸਵਾਰ ਚੁੱਪ-ਚਾਪ ਸਫ਼ਰ ਕਰਦੇ, ਕੋਈ ਅਖ਼ਬਾਰ ਦੇ ਵਰਕੇ ਫਰੋਲਦਾ ਜਾਂ ਇਕ ਅੱਧੇ ਵਾਕ ਨਾਲ ਮੌਸਮ ਉਲੀਕ ਛੱਡਦਾ। ਪਰ ਕਰਤਾਰ ਸਿੰਘ ਦੇ ਬੁੱਲ੍ਹ ਪੂਰੇ ਪੰਦਰਾਂ ਮਿੰਟ ਲਗਾਤਾਰ ਹਿੱਲਦੇ ਰਹਿੰਦੇ। ਨਾ ਹੀ ਕਦੀ ਉਸ ਕਿਸੇ ਨਾਲ ਗੱਲ ਕੀਤੀ, ਨਾ ਉਹ ਚੁੱਪ ਰਿਹਾ—ਅਜੀਬ ਬੰਦਾ ਸੀ ਇਹ ਆਦਮੀ ਵੀ। ਪਰ ਕੁਝ ਦਿਨਾਂ ਪਿੱਛੋਂ ਸਾਜਿਦ ਇਸ ਵਤੀਰੇਦਾ ਆਦਿ ਜਿਹਾ ਹੋ ਗਿਆ।
ਫੇਰ ਕੁਝ ਦਿਨਾਂ ਪਿੱਛੋਂ ਸਾਜਿਦ ਦਾ ਰੂਟ ਬਦਲ ਗਿਆ। ਹੁਣ ਉਹਦੀ ਮੁਲਾਕਾਤ ਕਰਤਾਰ ਸਿੰਘ ਨਾਲ ਨਹੀਂ ਸੀ ਹੁੰਦੀ ਤੇ ਉਹ ਖੁਸ਼ ਸੀ, ਜਿਵੇਂ ਦਿਮਾਗ਼ ਤੋਂ ਇਕ ਭਾਰ ਲੱਥ ਗਿਆ ਹੋਵੇ। ਉਹਨੇ ਆਪਣੀ ਇਸ ਨਾ-ਪਸੰਦ ਮੁਲਕਾਤਾ ਦਾ ਜ਼ਿਕਰ ਆਪਣੇ ਦੋਸਤ ਨਾਲ ਕੀਤਾ, ਜਿਸਦਾ ਉਹ ਅਜੇ ਤਾਈਂ ਪ੍ਰਾਹੁਣਾ ਹੀ ਸੀ। ਉਸ ਆਖਿਆ, “ਬਰਮਿੰਗਮ ਤਾਂ ਇਹਨਾਂ ਲੋਕਾਂ ਨਾਲ ਭਰਿਆ ਹੋਇਆ ਏ—ਕਿਸ ਕਿਸ ਬਾਰੇ ਸੋਚੇਂਗਾ ਤੇ ਕਿਸ ਕਿਸ ਤੋਂ ਬਚੇਂਗਾ। ਆਪਣੇ ਕੰਮ ਨਾਲ ਕੰਮ ਰੱਖੀਏ ਜੀ। ਤੁਸਾਂ ਤਾਂ ਬੱਸ ਦਾ ਟਿਕਟ ਕੱਟਣੈ...ਮੁਸਾਫਰ ਚਾਹੇ ਹਬਸ਼ੀ ਹੋਏ, ਅੰਗਰੇਜ਼ ਹੋਵੇ ਜਾਂ ਹਿੰਦੁਸਤਾਨੀ, ਤੁਹਾਨੂੰ ਕੀ?” ਪਰ ਸਾਜਿਦ ਦੀ ਇਸ ਉਤਰ ਨਾਲ ਤਸੱਲੀ ਨਾ ਹੋਈ। ਉਸ ਸੋਚਿਆ ਸ਼ਾਇਦ ਪਿਛਲੇ ਚਾਰ ਸਾਲਾਂ ਵਿਚ ਉਹਦੇ ਦੋਸਤ ਦੀ ਦੇਸ਼-ਪਿਆਰ ਵਾਲੀ ਹਿਸ ਮਰ ਚੁੱਕੀ ਹੈ। ਪਰ ਜਦੋਂ ਉਹਦਾ ਦੋਸਤ ਬੜੇ ਮਾਣ ਨਾਲ ਆਪਣੇ-ਆਪ ਨੂੰ ਪਾਕਿਸਤਾਨੀ ਕਹਿੰਦਾ; ਕਾਇਦੇ-ਆਜ਼ਮ ਦੇ ਜੀਵਨ ਤੋਂ ਸਿਖਿਆ ਲੈਣ ਲਈ ਆਖਦਾ। ਪੱਛਮੀ ਸ਼ਾਇਰ ਇਲਾਮਾ ਇਕਬਾਲ ਦੇ ਕਲਾਮ ਉਪਰ ਸਿਰ ਹਿਲਾਉਂਦਾ ਤੇ ਪਾਕਿਸਤਾਨੀ ਅਖ਼ਬਾਰਾਂ ਤੇ ਰਸਾਲਿਆਂ ਨੂੰ ਘੋਖਦਾ ਤਾਂ ਸਾਜਿਦ ਸਮਝਦਾ ਕਿ ਸ਼ਾਇਦ ਉਹਨੇ ਆਪਣੇ ਦੋਸਤ ਨੂੰ ਗ਼ਲਤ ਸਮਝਿਆ ਹੈ।
ਅੱਜ ਛੁੱਟੀ ਸੀ। ਸਾਜਿਦ ਤੇ ਉਹਦਾ ਦੋਸਤ ਦੋਵੇਂ ਸੈਰ-ਸਪਾਟਾ ਕਰਨ ਦੇ ਮੂਡ ਵਿਚ ਸਨ। ਸਾਜਿਦ ਦਾ ਵਿਚਾਰ ਸੀ ਕਿ ਸਮੁੰਦਰ ਦੇ ਕਿਨਾਰੇ ਸੈਰ ਕੀਤੀ ਜਾਏ, ਤੇ ਰੋਟੀ ਵੀ ਉੱਥੇ ਹੀ ਖਾਧੀ ਜਾਏ। ਛੜਿਆਂ ਨੂੰ ਕੌਣ ਉੜੀਕਦਾ ਹੈ। ਬੱਸ ਵਿਚ ਬਹਿ ਕੇ ਪਹਿਲਾਂ ਤਾਂ ਉਹਨਾਂ ਇਧਰ-ਉਧਰ ਦੀਆਂ ਗੱਲਾਂ ਮਾਰੀਆਂ। ਫੇਰ ਉਹ ਪੁਰਾਤਨ ਤੇ ਅਧੁਨਿਕ ਪੰਜਾਬੀ ਸ਼ਾਇਰੀ ਉਪਰ ਬਹਿਸ ਕਰਨ ਲੱਗ ਪਏ। ਪਹਿਲਾਂ ਹੌਲੀ ਹੌਲੀ, ਫੇਰ ਆਮ ਆਵਾਜ਼ਾਂ ਵਿਚ ਧੜਲੇਦਾਰ ਠੇਠ ਪੰਜਾਬੀ ਰੌ ਵਿਚ। ਜਿਵੇਂ ਉਹ ਸਿਆਲਕੋਟ ਤੋਂ ਲਾਹੌਰ ਜਾਣ ਵਾਲੀ ਬੱਸ ਵਿਚ ਬੈਠੇ ਹੋਏ ਹੋਣ। ਤੇ ਫੇਰ ਉਹਨਾਂ ਦੀਆਂ ਆਵਾਜ਼ਾਂ ਨੂੰ ਯਕਦਮ ਕਾਠ ਮਾਰ ਗਿਆ, ਜਦੋਂ ਬੱਸ ਵਿਚੋਂ ਕਿਸੇ ਨੇ ਹੌਲੀ ਜਿਹੀ ਆਖਿਆ, “ਜਾਣ ਦਿਓ ਪਾਤਸ਼ਾਹੋ...ਇਹ ਪਿੰਡ ਨਹੀਂ ਆਪਣਾ।”
ਉਹਨਾਂ ਹੈਰਾਨੀ ਨਾਲ ਛਿੱਥਿਆਂ ਜਿਹੇ ਹੋ ਕੇ ਆਲੇ-ਦੁਆਲੇ ਝਾਕਿਆ ਕਿ ਉਹਨਾਂ ਨੂੰ ਹੋੜਨਾ ਕਰਨ ਵਾਲਾ ਕੌਣ ਹੈ? ਪਰ ਉਸ ਬੱਸ ਵਿਚ ਕੋਈ ਅਜਿਹਾ ਨਜ਼ਰ ਨਾ ਆਇਆ ਜਿਸ ਉੱਤੇ ਸ਼ੱਕ ਵੀ ਕੀਤਾ ਜਾ ਸਕਦਾ ਹੋਏ। ਉਂਜ ਇਕ ਨੌਜਵਾਨ ਉਹਨਾਂ ਵੱਲ ਵੇਖ ਕੇ ਮੁਸਕੜੀਏਂ ਹੱਸ ਰਿਹਾ ਸੀ। ਉਹਨਾਂ ਨੂੰ ਸ਼ੱਕ ਤਾਂ ਹੋਇਆ ਕਿ ਇਹੀ ਹੋ ਸਕਦਾ ਹੈ ਪਰ ਉਸ ਨੌਜਵਾਨ ਦੇ ਚਿਹਰੇ-ਮੋਹਰੇ ਤੋਂ ਕਿਸੇ ਇਤਾਲਵੀ ਜਾਂ ਸਪੇਨੀ ਹੋਣ ਦਾ ਝੋਲਾ ਜਿਹਾ ਤਾਂ ਪੈਂਦਾ ਸੀ ਪਰ ਪੰਜਾਬੀ ਹੋਣ ਦਾ ਨਹੀਂ। ਬੱਸ ਚੁੱਪ ਚੁਪੀਤੇ ਆਪਣਾ ਰਾਹ ਕੱਛਦੀ ਰਹੀ। ਤੇ ਜਦੋਂ ਬੱਸ ਸਮੁੰਦਰ ਕਿਨਾਰੇ ਕੋਲ ਰੁਕੀ ਤਾਂ ਉਹ ਨੌਜਵਾਨ ਵੀ ਉਹਨਾਂ ਨਾਲ ਹੀ ਉਤਰ ਪਿਆ। ਬੱਸ ਸਟੈਂਡ ਉਪਰ ਕੋਈ ਦਸ-ਪੰਦਰਾਂ ਬੰਦੇ-ਤੀਵੀਂਆਂ ਦੀ ਇਕ ਟੋਲੀ ਜਿਹੀ ਖੜ੍ਹੀ ਸੀ। ਜਿਹਨਾਂ ਵਿਚ ਪੰਜ-ਛੇ ਸਿੱਖ ਵੀ ਸਨ। ਉਹਨਾਂ ਵਿਚੋਂ ਕਿਸੇ ਨੇ ਹੋਕਰਾ ਮਾਰਿਆ—
“ਓਇ ਮੀਤਿਆ, ਕਿੱਥੇ ਮਰ ਗਿਆ ਸੈਂ...”
ਤੇ ਉਹ ਨੌਜਵਾਨ ਭੱਜ ਕੇ ਉਹਦੇ ਕਲਾਵੇ ਵਿਚ ਜਾਂਦਾ ਰਿਹਾ। ਸ਼ਾਜਿਦ ਤੇ ਉਹਦਾ ਦੋਸਤ ਕੁੱਣਖਾ-ਜਿਹਾ ਇਕ ਦੂਜੇ ਵੱਲ ਝਾਕੇ ਜਿਵੇਂ ਕਹਿ ਰਹੇ ਹੋਣ, 'ਤੋ ਬੱਸ ਵਿਚ ਟੋਕਣ ਵਾਲੇ ਇਹੋ ਸੱਜਣ ਸਨ।'
ਸਾਜਿਦ ਨੇ ਉਸ ਟੋਲੀ ਵੱਲ ਵੇਖਿਆ ਤਾਂ ਇਕ ਜਾਣਿਆ-ਪਛਾਣਿਆ ਚਿਹਰਾ ਨਜ਼ਰੀਂ ਪਿਆ। ਉਸ ਆਪਣੇ ਦੋਸਤ ਦੀ ਵੱਖੀ ਵਿਚ ਹੁਜ ਮਾਰਦਿਆਂ ਕਿਹਾ, “ਇਹ ਐ ਉਹ ਸਿੱਖ।” ਉਹਦੇ ਦੋਸਤ ਨੇ ਸਰਸਰੀ ਨਜ਼ਰ ਮਾਰੀ। “ਔਹ!” ਉਸ ਕਿਹਾ, “ਮੈਂ ਜਾਣਦਾਂ, ਉਹਨੂੰ। ਫਲਾਣੇ ਕਾਰਖ਼ਾਨੇ ਵਿਚ ਫੋਰਮੈਨ ਏ।” 'ਹੋਣੈ।' ਸਾਜਿਦ ਨੇ ਸੋਚਿਆ। ਤੇ ਉਹਦੇ ਦੋਸਤ ਨੂੰ ਕੁਝ ਸਿਆਣੂ ਮਿਲ ਪਏ। ਫੇਰ ਉਹ ਸਿੱਖ ਤੇ ਨੌਜਵਾਨ ਮੀਤਾ ਉਹਨਾਂ ਦੇ ਦਿਮਾਗ਼ ਵਿਚੋਂ ਨਿਕਲ ਗਏ। ਦੋ-ਇਕ ਘੰਟੇ ਘੁੰਮ-ਫਿਰ ਲੈਣ ਪਿੱਛੋਂ ਉਹ ਇਕ ਉਜਾੜ ਜਿਹੇ ਸਥਾਨ ਵੱਲ ਵਧ ਰਹੇ ਸਨ ਕਿ ਕੁਝ ਚਿਰ ਰੈਸਟ ਮਾਰ ਲੈਣਗੇ ਪਰ ਇਸ ਓਪਰੇ ਦੇਸ਼ ਵਿਚ ਕੁਝ ਜਾਣੀਆਂ-ਪਛਾਣੀਆਂ ਆਵਾਜ਼ਾਂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ। 'ਬੱਲੇ-ਬੱਲੇ, ਸ਼ਾਵਾ-ਸ਼ਾਵਾਂ' ਦੀਆਂ ਜ਼ਨਾਨੀਆਂ ਤੇ ਮਰਦਾਵੀਆਂ ਆਵਾਜ਼ਾਂ ਦਾ ਰਲਗੱਡ ਜਿਹਾ ਸੀ ਇਹ, ਜਿਵੇਂ ਉਹਨਾਂ ਦੇ ਆਪਣੇ ਦੇਸ਼ ਵਿਚ ਭੰਗੜਾ, ਗਿੱਧਾ ਪਾਉਣ ਸਮੇਂ ਮਰਦ ਤੇ ਤੀਵੀਂਆਂ ਆਪਣੇ ਲੋਕ ਗੀਤਾਂ ਵਿਚ ਖਿੱਚ ਭਰਣ ਲਈ ਕਰਦੇ ਨੇ; ਹੱਲਾ-ਸ਼ੇਰੀ ਦਿੰਦੇ ਨੇ। ਉਹਨਾਂ ਦੇ ਪੈਰ ਮੱਲੋ-ਮੱਲੀ ਉਧਰ ਹੋ ਲਏ। ਬੱਸ ਸਟੈਂਡ ਵਾਲੀ ਟੋਲੀ ਉੱਥੇ ਬਿਰਾਜਮਾਨ ਸੀ। ਕਰਤਾਰ ਸਿੰਘ ਚੀਮਾ ਕੰਨ ਉੱਤੇ ਹੱਥ ਰੱਖ ਕੇ ਉਚੀਆਂ ਹੇਕਾਂ ਵਿਚ ਮਿਰਜ਼ਾ-ਸਾਹਿਬਾ ਗਾ ਰਿਹਾ ਸੀ। ਉਹਦੀ ਆਵਾਜ਼ ਵਿਚ ਲਚਕ ਸੀ, ਦਰਦ ਸੀ, ਨਿਘਾਸ ਸੀ। ਸਾਜਿਦ ਤੇ ਉਹਦੇ ਦੋਸਤ ਨੂੰ ਜਿਵੇਂ ਸੁੱਧ ਨਾ ਰਹੀ। ਵਤਨ ਤੋਂ ਹਜ਼ਾਰਾਂ ਮੀਲ ਦੂਰ, ਇਸ ਓਪਰੇ ਮੁਲਕ ਵਿਚ ਆਪਣੀ ਮਾਂ-ਬੋਲੀ...ਕਿੱਡਾ ਅਲੋਕਾਰ ਦ੍ਰਿਸ਼ ਸੀ! ਤੇ ਜਦੋਂ ਉਸ ਉਹ ਕਲੀ ਛੇੜੀ...:
'ਹੱਸ ਕੇ ਲਾਂਵਦੀਆਂ ਯਾਰੀਆਂ ਤੇ ਰੋ ਕੇ ਦਿੰਦੀਆਂ ਦੱਸ।'
ਉਦੋਂ ਮੀਤੇ ਨੇ ਲਾਗੇ ਬੈਠੀ ਕੁੜੀ ਵੱਲ ਵੇਖ ਕੇ ਮੁਸਕਰਾਂਦਿਆਂ ਹੋਇਆਂ ਕਿਹਾ...:
“ਕਿਓਂ ਅੜੀਏ, ਅਹਿ ਸੱਚ ਏ?”
ਤਾਂ ਸਾਰੀ ਜੁੰਡਲੀ ਖਿੜ-ਖਿੜ ਕਰਕੇ ਹੱਸ ਪਈ। ਤੇ ਉਸ ਕੁੜੀ ਦੇ ਮੂੰਹ ਉਪਰ ਇਕ ਅਜਿਹੀ ਸੰਗਲੂ ਭਾ ਛਾ ਗਈ, ਜਿਸ ਉੱਤੇ ਸਿਰਫ ਪੱਛਮ ਦਾ ਹੱਕ ਹੈ। ਸਾਜਿਦ ਨੇ ਚਾਹਿਆ ਕਿ ਉਹ ਆਪ ਜਾ ਕੇ ਕੁੜੀ ਵੱਲੋਂ ਆਖੇ ਕਿ ਉਹ ਆਪਣੇ ਪਿਆਰੇ ਵਾਸਤੇ ਕੀ ਨਹੀਂ ਕਰ ਸਕਦੀ। ਉਹਨੂੰ ਵੀ ਮਿਰਜ਼ਾ-ਸਾਹਿਬਾਂ ਦਾ ਉਹ ਬੰਦ ਯਾਦ ਸੀ ਜਿਸ ਵਿਚ ਸਾਹਿਬਾਂ ਆਪਣੇ ਮਿਰਜ਼ੇ ਉੱਤੋਂ ਸਭ ਕਝ ਵਾਰ ਦੇਣਾ ਲੋਚਦੀ ਹੈ। ਉਹ ਸੁਤੇ-ਸਿਧ ਗੁਣਗੁਣਾਉਣ ਲੱਗਾ—
'ਗਲੀਆਂ ਹੋਵਣ ਸੁਨੀਆਂ,
ਵਿਚ ਮਿਰਜਾ ਯਾਰ ਫਿਰੇ ।'
ਉਹਦਾ ਦੋਸਤ ਉਹਦੀ ਗੁਣਗੁਣਾਹਟ ਉੱਤੇ ਤੁੜਕਿਆ—“ਕਿਉਂ ਕੀ ਇਰਾਦਾ ਏ?” 'ਇਰਾਦਾ' ਸਾਜਿਦ ਸੋਚੀਂ ਪੈ ਗਿਆ। ਉਹ ਜਾਵੇ ਜਾਂ ਨਾ ਜਾਵੇ! ਇਹ ਲੋਕ ਨੇ ਜਿਹਨਾਂ ਬਾਰੇ ਉਹ ਬਚਪਨ ਤੋਂ ਸੁਣਦਾ ਆਇਆ ਸੀ ਕਿ ਉਹ ਦੁਸ਼ਮਣ ਨੇ। ਪਰ ਉਹਨਾਂ ਦੀ ਬੋਲ-ਚਾਲ, ਪਹਿਣ-ਪਹਿਰਾਵਾ, ਗੀਤ ਤੇ ਨਾਚ ਏਨੇ ਜਾਣੇ-ਪਛਾਣੇ ਹੈਨ ਜਿਵੇਂ ਉਹ ਆਪਣੇ ਘਰ ਵਿਚ ਹੋਵੇ। ਉਹ ਚੁੱਪ-ਜਿਹਾ ਹੋ ਗਿਆ। ਅਜੇ ਉਹ ਸੋਚਾਂ ਵਿਚ ਹੀ ਪਿਆ ਹੋਇਆ ਸੀ ਕਿ ਉਹਨਾਂ ਦੇ ਕੰਨੀਂ ਇਕ ਕੁੜੀ ਦੀ ਆਵਾਜ਼ ਗੂੰਜੀ। ਉਹ ਗਾ ਰਹੀ ਸੀ...:
'ਬਾਰੀ ਬਰਸੀ ਖਟਣ ਗਿਆ
ਤੇ ਕੀ ਖਟ ਲਿਆਂਦਾ...ਛੋਲੇ
ਅਜ ਮੇਰੇ ਵੀਰਾਂ ਦੇ,
ਕੌਣ ਸਾਹਮਣੇ ਬੋਲੇ।'
ਸਾਜਿਦ ਨੂੰ ਇੰਜ ਜਾਪਿਆ ਜਿਵੇਂ ਉਹ ਉਹਨੂੰ ਸੁਣਾ ਕੇ ਕਹਿ ਰਹੀ ਹੋਵੇ ਕਿ ਅੱਜ ਉਸ ਕੁੜੀ ਦੇ ਬਹਾਦਰ ਭਰਾਵਾਂ ਦਾ ਮੁਕਾਬਲਾ ਕੌਣ ਕਰ ਸਕਦਾ ਹੈ! ਤੇ ਉਸ ਦੇਖਿਆ ਕਿ ਉਹ ਸਾਰੀ ਜੁੰਡਲੀ ਉਸ ਲੋਕ ਗੀਤ ਦੀ ਬੋਲੀ ਉੱਤੇ ਨੱਚ ਰਹੀ ਹੈ। ਕੀ ਇਹ ਉਸ ਲਈ ਚੈਲਿੰਜ ਹੈ? ਉਹਦੇ ਭਰਵੱਟੇ ਖਿੱਚੇ ਗਏ। ਪੱਠੇ-ਫੜਕਣ ਲੱਗੇ। ਉਹ ਉਹਨਾਂ ਨਾਲ ਟਕਰਾ ਜਾਣ ਲਈ ਪਰ ਤੋਲਣ ਲੱਗਾ। ਕੀ ਹੋਇਆ ਉਹ ਕੁਲ ਦੋ ਹੀ ਨੇ ਤੇ ਮੁਕਾਬਲੇ ਵਿਚ ਦਸ-ਬਾਰਾਂ। ਮੁਹੰਮਦ ਬਿਨ ਕਾਸਮ ਤੇ ਬਖ਼ਤਿਆਰ ਖਿਲਜੀ ਨਾਲ ਕਿੰਨੇ ਆਦਮੀ ਸਨ। ਇਤਿਹਾਸਕ ਯੋਧੇ ਉਹਦੀਆਂ ਨਜ਼ਰਾਂ ਅੱਗੇ ਘੁੰਮਣ ਲੱਗੇ ਤੇ ਉਹਦੀ ਬਦਲੀ ਹੋਈ ਹਾਲਤ ਵੇਖ ਕੇ ਉਹਦੇ ਦੋਸਤ ਨੇ ਉਹਦੇ ਜਜ਼ਬਿਆਂ ਦਾ ਅੰਦਾਜ਼ਾ ਕਰ ਲਿਆ। ਤੇ ਉਹਨੂੰ ਤਾੜਨਾ ਕੀਤੀ “ਵਾਹ, ਵਾਹ, ਇਹ ਕੀ ਝੱਲ ਏ!” ਸਾਜਿਦ ਜਦੋਂ ਆਪੇ ਵਿਚ ਆਇਆ ਉਹਨੂੰ ਆਪ ਹੀ ਮਹਿਸੂਸ ਹੋਇਆ ਜਿਵੇਂ ਉਹ ਲੋੜੋਂ ਵਧ ਭਾਵੁਕ ਹੋ ਗਿਆ ਹੋਵੇ।
ਬਹੁਤ ਦਿਨਾਂ ਤਾਈਂ ਸਾਜਿਦ ਦਾ ਮੂਡ ਆਫ ਰਿਹਾ। ਇੱਥੋਂ ਤਕ ਕਿ ਇਕ ਦਿਨ ਉਹਨੇ ਪੜ੍ਹਿਆ ਕਿ ਬਾਰਸਲੋਨਾਂ ਵਿਚ ਪਾਕਿਸਤਾਨ ਦੀ ਹਾਕੀ ਦੀ ਟੀਮ ਨੇ ਹਿੰਦੁਸਤਾਨ ਦੀ ਟੀਮ ਨੂੰ ਭਾਂਜ ਦਿੱਤੀ। ਉਸ ਦਿਨ ਉਹ ਕਿਸੇ ਹਿੰਦੁਸਤਾਨੀ ਨੂੰ ਭਾਲ ਰਿਹਾ ਸੀ ਜਿਸ ਨੂੰ ਉਹ ਆਪਣੀ ਜਿੱਤ ਦੀ ਖ਼ੁਸ਼ਖ਼ਬਰੀ ਸੁਣਾ ਸਕੇ। ਜੇ ਕਿਤੇ ਉਹਨੂੰ ਕਰਤਾਰ ਸਿੰਘ ਲੱਭ ਪਵੇ! ਉਸ ਟੋਲੇ ਦਾ ਕੋਈ ਵੀ ਮੈਂਬਰ ਮਿਲ ਜਾਵੇ ਤਾਂ ਪੁੱਛਾਂ—'ਕਿੱਥੇ ਗਏ, ਤੁਹਾਡੇ ਵੀਰ...' ਪਰ ਉਹਨੂੰ ਕੋਈ ਵੀ ਨਜ਼ਰ ਨਾ ਆਇਆ। ਉਹ ਮਨ ਮਸੌਸ ਕੇ ਰਹਿ ਗਿਆ। ਪਰ ਉਹਦੇ ਦਿਲ ਤੇ ਦਿਮਾਗ਼ ਉਪਰ ਇਕ ਤਰ੍ਹਾਂ ਦਾ ਵੱਡਪਣ ਦਾ ਅਹਿਸਾਸ ਜ਼ਰੂਰ ਛਾ ਗਿਆ। ਤੇ ਫੇਰ ਉਹਨੂੰ ਇਕ ਦਿਨ ਇਕ ਸਿੱਖ ਨਜ਼ਰੀਂ ਪਿਆ। ਜਿਹੜਾ ਸ਼ਕਲ-ਸੂਰਤ ਤੋਂ ਗੰਵਾਰ ਤੇ ਉਜੱਡ ਜਾਪਦਾ ਸੀ। ਸਾਜਿਦ ਜਾਣ-ਬੁੱਝ ਕੇ ਉਸ ਨਾਲ ਜਾ ਟਕਰਾਇਆ, “ਸਰਦਾਰ ਜੀ! ਤੁਹਾਡੀ ਹਾਕੀ ਦੀ ਟੀਮ ਹਾਰ ਗਈ।” ਉਹਨੇ ਮਾਣ ਭਰੇ ਲਹਿਜੇ ਵਿਚ ਕਿਹਾ। “ਔਹ, ਹਾਰ ਗਈ ਹੋਊ ਪਾਦਸ਼ਾਹੋ! ਮੈਨੂੰ ਕਾਰਖਾਨਿਓਂ ਦੇਰ ਗਈ ਏ।” ਤੇ ਉਹ ਕਾਹਲ ਨਾਲ ਤੁਰ ਗਿਆ। ਅਜੀਬ ਬੰਦਾ ਏ!...ਸਾਜਿਦ ਨੇ ਸੋਚਿਆ। ਪਰ ਉਸ ਏਨੀ ਜਲਦੀ ਹਾਰ ਮੰਨ ਲੈਣੀ ਸਵੀਕਾਰ ਨਾ ਕੀਤੀ। ਉਹ ਕਰਤਾਰ ਸਿੰਘ ਨੂੰ ਲੱਭਣਾ ਚਾਹੁੰਦਾ ਸੀ ਤੇ ਇਕ ਦਿਨ ਉਹ ਉਹਨੂੰ ਮਿਲ ਹੀ ਗਿਆ। ਉਸ ਨੇ ਉਹਨੂੰ ਵੀ ਇਹੀ ਕਿਹਾ ਤਾਂ ਕਰਤਾਰ ਸਿੰਘ ਚੀਮੇ ਦੇ ਮੂੰਹੋ ਉਪਰ ਇਕ ਹਲਕੀ ਜਿਹੀ ਸ਼ਰਮਿੰਦਗੀ ਦੀ ਝਲਕ ਨਜ਼ਰ ਆਈ ਤੇ ਕਹਿਣ ਲੱਗਾ, “ਦੋ ਭਲਵਾਨ (ਮੱਲ) ਘੁਲਦੇ ਨੇ, ਇਕ ਦੀ ਪਿੱਠ ਤਾਂ ਲੱਗਦੀ ਈ ਏ।” ਸਾਜਿਦ ਖ਼ੁਸ਼ ਸੀ ਕਿ ਚਲੋ ਉਸ ਹਾਰ ਤਾਂ ਮੰਨ ਲਈ। ਸਾਜਿਦ ਨੇ ਗੱਲ ਵਧਾਉਣੀ ਚਾਹੀ ਪਰ ਚੀਮੇ ਨੇ ਗੋਲਿਆ ਨਾ ਤੇ ਕੰਨੀ ਖਿਸਕਾ ਕੇ ਤੁਰ ਗਿਆ। ਸਾਜਿਦ ਦਾ ਜੀਅ ਚਾਹਿਆ ਕਿ ਉਹ ਜ਼ੋਰ ਨਾਲ 'ਓਇ-ਓਇ' ਕਰੇ ਤੇ ਸ਼ਾਇਦ ਉਹ ਕਰ ਵੀ ਬਹਿੰਦਾ ਕਿ ਉਸ ਦੇ ਮੋਢੇ ਉਪਰ ਕਿਸੇ ਨੇ ਹੱਥ ਨਾ ਰੱਖ ਦਿੱਤਾ ਹੁੰਦਾ। ਇਹ ਮੀਤਾ ਸੀ...
“ਪਾਕਿਸਤਾਨੀ ਟੀਮ ਨੂੰ ਹਾਕੀ ਵਰਡ ਕੱਪ ਜਿੱਤਣ ਲਈ ਵਧਾਈ...” ਅਜੀਬ ਬੰਦਾ ਸੀ ਇਹ ਮੀਤਾ ਵੀ! ਸਾਜਿਦ ਨੇ ਸੋਚਿਆ ਤੇ ਉਹਦਾ ਹੱਥ ਝਟਕ ਦਿੱਤਾ। ਜਿਵੇਂ ਉਹਨੇ ਮੁਬਾਰਕਬਾਦ ਨਹੀਂ ਸੀ ਦਿੱਤੀ ਸਗੋਂ ਵਧਾਈ ਦੇਣ ਦੀ ਪਹਿਲ ਕਰਕੇ ਉਹਨੂੰ ਦਿਮਾਗ਼ੀ ਹਾਰ ਦਿੱਤੀ ਹੋਵੇ। ਮੀਤੇ ਨੇ ਆਪਣਾ ਹੱਥ ਅਗਾਂਹ ਕੱਢ ਕੇ ਆਖਿਆ, “ਮੈਨੂੰ ਗੁਰਮੀਤ ਸਿੰਘ ਮਾਨ ਆਖਦੇ ਨੇ।”
“ਤਾਂ ਤੂੰ ਵੀ ਸਿੱਖ ਏਂ?” ਸਾਜਿਦ ਨੇ ਵਧੇ ਹੋਏ ਹੱਥ ਵੱਲ ਹੱਥ ਨਾ ਵਧਾਇਆ।
“ਫੇਰ ਕੀ ਹੋਇਆ—ਬੰਦਾ ਵੀ ਤਾਂ ਹਾਂ।”
“ਸਿੱਖ ਤੇ ਬੰਦਾ...” ਸਾਜਿਦ ਦੇ ਮੂੰਹੋਂ ਅਚਾਨਕ ਨਿਕਲਿਆ। ਮੀਤਾ ਹੱਸ ਪਿਆ। “ਤੂੰ ਠੀਕ ਆਖਦੈਂ।”
ਸਾਜਿਦ ਨੇ ਗਹੁ ਨਾਲ ਉਸਦੀਆਂ ਅੱਖਾਂ ਵਿਚ ਤੱਕਿਆ। ਉਹਨਾਂ ਵਿਚ ਸ਼ਰਾਫ਼ਤ ਤੇ ਸ਼ਰਾਰਤ ਦੋਵੇਂ ਰਲਗੱਡ ਹੋਈਆਂ ਹੋਈਆਂ ਸਨ। ਮੀਤੇ ਨੇ ਦੋਵਾਂ ਹੱਥਾਂ ਵਿਚ ਉਹਦਾ ਹੱਥ ਫੜ੍ਹ ਲਿਆ ਤੇ ਕਹਿਣ ਲੱਗਾ, “ਆਓ—ਚਾਹ ਪੀਵੀਏ।”
ਸਾਜਿਦ ਦਾ ਚਿੱਤ ਤਾਂ ਨਹੀਂ ਸੀ ਮੰਨਦਾ ਪਰ ਉਹ ਯਕੋਤਕੀ ਜਿਹੀ ਵਿਚ ਨਾਲ ਤੁਰ ਪਿਆ। ਗੁਰਮੀਤ ਨੇ ਉਹਨੂੰ ਉਸ ਦਿਨ ਜੀਅ ਭਰ ਕੇ ਸਿੱਖਾਂ ਦੇ ਚੁਟਕਲੇ ਸੁਣਾਏ, ਤੇ ਸਾਜਿਦ ਹੱਸਦਾ ਰਿਹਾ ਤੇ ਉਸ ਕਿਹਾ—“ਤੂੰ ਸਿੱਖ ਹੋ ਕੇ ਖ਼ੁਦ ਆਪਣਾ ਮਜ਼ਾਕ ਉਡਾਅ ਰਿਹੈਂ?” “ਕੀ ਹਰਜ਼ ਏ?” ਮੀਤੇ ਨੇ ਫਿਲਾਸਫਰਾਂ ਵਾਲੇ ਅੰਦਾਜ਼ ਵਿਚ ਕਿਹਾ, “ਜਿਹੜਾ ਖ਼ੁਦ ਆਵਦੇ 'ਤੇ ਨਹੀਂ ਹੱਸ ਸਕਦਾ, ਉਹਨੂੰ ਦੂਜਿਆਂ ਦਾ ਮਜ਼ਾਕ ਉਡਾਉਣ ਦਾ ਕੋਈ ਹੱਕ ਨਹੀਂ।”
ਤੇ ਸ਼ਾਇਦ ਸਾਜਿਦ ਦੇ ਦਿਲੋਂ ਨਫ਼ਰਤ ਦਾ ਇਹ ਜਜ਼ਬਾ ਖ਼ਤਮ ਹੋ ਜਾਂਦਾ ਪਰ ਸੰਨ 71 ਦੀ ਜੰਗ ਨੇ ਉਹਦੇ ਦੱਬੇ ਹੋਏ ਜਜ਼ਬੇ ਨੂੰ ਭੜਕਾ ਦਿੱਤਾ। ਉਸ ਆਪਣੇ ਪੂਰੇ ਹਫ਼ਤੇ ਦੀ ਤਨਖ਼ਾਹ ਪਾਕਿਸਤਾਨ ਵਾਰ ਫੰਡ ਵਿਚ ਪਾ ਦਿੱਤੀ। ਆਪਣੇ ਸਾਰੇ ਸਿਆਣੁਆਂ ਤੋਂ ਚੰਦਾ ਉਘਰਾ ਕੇ ਦਿੱਤਾ ਤੇ ਇਕ ਦਿਨ ਜਦ ਉਹ ਗੁਰਮੀਤ ਨੂੰ ਮਿਲਿਆ ਤਾਂ ਵਿਅੰਗ ਨਾਲ ਕਹਿਣ ਲੱਗਾ, “ਤੁਹਾਡੇ ਉਸ ਇਨਸਾਨੀਅਤ (ਮਨੁੱਖਤਾ) ਵਾਲੇ ਜਜ਼ਬੇ ਦਾ ਕੀ ਬਣਿਆ ਭਲਾ...” ਗੁਰਮੀਤ ਨੇ ਉਸ ਵੱਲ ਗਹੁ ਨਾਲ ਤੱਕਦਿਆਂ ਆਖਿਆ, “ਮੇਰੇ ਦੋਸਤ—ਜੰਗ ਨਾਲ ਇਨਸਾਨੀਅਤ ਜਖ਼ਮੀ ਹੁੰਦੀ ਏ...ਭਾਵੇਂ ਉਹ ਹਿੰਦੁਸਤਾਨ ਵਿਚ ਹੋਵੇ, ਭਾਵੇਂ ਪਾਕਿਸਤਾਨ ਵਿਚ...” ਸਾਜਿਦ ਇਸ ਤੱਥ ਬਾਰੇ ਸੋਚਣ ਲੱਗਾ।
ਤੇ ਫੇਰ ਇਕ ਦਿਨ ਉਸ ਕੋਲ ਗੁਰਮੀਤ ਆਇਆ ਤੇ ਕਹਿਣ ਲੱਗਾ, “ਸਾਜਿਦ ਸਾਹਬ—ਚੱਲੋ, ਅੱਜ ਸਾਡੀ ਮੀਟਿੰਗ ਏ।”
“ਤੁਹਾਡੀ ਮੀਟਿੰਗ ਤੇ ਮੈਂ...” ਸਾਜਿਦ ਨੇ ਪੁੱਛਿਆ।
“ਜੀ! ਤੁਸੀਂ ਹੀ ਨਹੀਂ...ਹਰ ਉਹ ਇਨਸਾਨ ਜੀਹਨੂੰ ਮਨੁੱਖਤਾ, ਇਨਸਾਨੀਅਤ ਨਾਲ ਪਿਆ ਏ...ਉਸਨੂੰ ਆਉਣ ਦਾ ਸੱਦਾ ਹੈ।”
ਇਕ ਵੱਡੇ ਚੌਕ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ। ਉਹਨਾਂ ਵਿਚ ਬਹੁਤ ਸਾਰੇ ਸਿੱਖ ਵੀ ਸਨ। ਤੇ ਹੋਰ ਹਿੰਦੁਸਤਾਨੀ, ਪਾਕਿਸਤਾਨੀ ਵੀ ਸਨ। ਇਹਨਾਂ ਤੋਂ ਬਿਨਾਂ ਅੰਗਰੇਜ਼ ਵੀ ਸਨ ਤੇ ਹਬਸ਼ੀ ਵੀ। ਇਹ ਮੀਟਿੰਗ ਨਸਲੀ-ਵਿਤਕਰੇ ਦੇ ਵਿਰੁੱਧ ਸੀ।
ਯੋਗੇਂਡਾ ਵਿਚੋਂ ਜਿਹੜੇ ਹਜ਼ਾਰਾਂ ਏਸ਼ੀਆਈ ਆ ਰਹੇ ਸਨ ਉਹਨਾਂ ਵਾਸਤੇ ਕੁਝ ਤਾਂ ਕਰਨਾ ਪੈਣਾ ਸੀ।
ਸਰਦਾਰ ਕਰਤਾਰ ਸਿੰਘ ਹੁਰਾਂ ਦੇਸ਼ ਛੱਡਣ ਵਾਲਿਆਂ ਉਪਰ ਇਕ ਜਜ਼ਬਾਤੀ ਸਪੀਚ ਕੀਤੀ ਤੇ ਉਹ ਸਭ ਦੁਹਰਾਇਆ ਜੋ (1947) ਵਿਚ ਉਹਨਾਂ ਨਾਲ ਵਾਪਰਿਆ ਸੀ। ਇਕ ਹਬਸ਼ੀ ਨੇ ਪੱਛਮੀ ਅਫ਼ਰੀਕਾ ਵਿਚ ਨਸਲੀ-ਵਿਤਕਰੇ ਦੀ ਆਪ-ਬੀਤੀ ਬਿਆਨ ਕੀਤੀ। ਇਕ ਅੰਗਰੇਜ਼ ਨੇ ਆਖਿਆ ਕਿ ਨਸਲੀ ਊਚਤਾ ਤੇ ਨੀਚਤਾ ਦਾ ਜ਼ਹਿਰ ਫੈਲਾਣ ਵਾਲੇ ਗੋਰੇ ਨਹੀਂ ਸਗੋਂ ਉਹ ਹੈਨ ਜਿਹਨਾਂ ਦੇ ਦਿਲ ਕਾਲੇ ਨੇ।
ਤੇ ਜਦੋਂ ਸਾਜਿਦ ਤੋਂ ਨਾ ਰਿਹਾ ਗਿਆ ਤਾਂ ਉਹ ਸਟੇਜ ਉੱਤੇ ਜਾ ਪਹੁੰਚਿਆ ਤੇ ਕਹਿਣ ਲੱਗਾ, “ਮੇਰੇ ਤੰਗ ਦ੍ਰਿਸ਼ਟੀਕੋਨ ਨੇ ਅੱਜ ਤਕ ਮੈਨੂੰ ਸਿਰਫ ਏਨਾ ਸਿਖਇਆ ਸੀ ਕਿ ਇਹ ਮੁਸਲਮਾਨ ਹਨ, ਇਹ ਹਿੰਦੂ ਹਨ...ਪਰ ਮੈਨੂੰ ਪਤਾ ਲੱਗ ਗਿਆ ਏ ਕਿ ਇਨਸਾਨੀਅਤ ਜਦੋਂ ਹਾਰ ਜਾਂਦੀ ਹੈ ਤਾਂ ਕੋਈ ਇਕ ਜਾਤ, ਇਕ ਕੌਮ ਜ਼ਖ਼ਮੀ ਨਹੀਂ ਹੁੰਦੀ—ਸ਼ੈਤਾਨੀ ਤਾਕਤਾਂ ਦੇ ਹੱਥੀਂ ਕੁਝ ਚਿਰ ਲਈ ਰੱਬੀ ਤਾਕਤਾਂ ਨੂੰ ਹਾਰ ਹੁੰਦੀ ਹੈ—ਪਰ ਇਹ ਗੱਲ ਥੋੜ੍ਹ ਦਿਨੀਂ ਹੈ—ਅੰਤ ਵਿਚ ਹਮੇਸ਼ਾ ਹੱਕ ਦੀ ਫਤਿਹ ਹੁੰਦੀ ਹੈ।”
ਕਰਤਾਰ ਸਿੰਘ ਚੀਮੇ ਦੇ ਮਕਾਨ ਵਿਚ ਸਾਜਿਦ ਤੇ ਉਹਦੇ ਦੋਸਤ ਨੇ ਗੁਰਮੀਤ ਨੂੰ ਆਖਿਆ—
“ਸੁਣਿਐ ਤੂੰ ਵਾਪਸ ਹਿੰਦੁਸਤਾਨ ਜਾ ਰਿਹੈਂ।”
“ਸੁਣਿਆ ਤਾਂ ਮੈਂ ਵੀ ਇਸੇ ਤਰ੍ਹਾਂ ਏਂ।” ਮੀਤੇ ਨੇ ਹੱਸ ਕੇ ਉਤਰ ਦਿੱਤਾ।
“ਕਿਉਂ ਇੰਗਲਿਸ਼ਤਾਨੋਂ ਜੀਅ ਭਰ ਗਿਆ ਕਿ?” ਸਾਜਿਦ ਨੇ ਹੱਸ ਕੇ ਪੁੱਛਿਆ।
“ਜੀਅ ਤਾਂ ਨਹੀਂ ਭਰਿਆ—ਪਰ ਹਿੰਦੁਸਤਾਨ ਵੇਖਣ ਨੂੰ ਜੀਅ ਕਰਦੈ।”
“ਕਿਉਂ ਪਹਿਲੋਂ ਨਹੀਂ ਵੇਖਿਆ ਕਦੇ?”
“ਵੇਖਿਆ ਤਾਂ ਹੈ—ਮੁੜ ਵੇਖਣ ਦੀ ਹਿਰਸ ਐ।” ਮੀਤੇ ਨੇ ਹਾਤਮਤਾਈ ਦੇ ਅੰਦਾਜ਼ ਵਿਚ ਆਖਿਆ।
“ਗੱਲ ਕੀ ਏ—ਕੁਝ ਤਾਂ ਹੋਣੈ ਜਿਸਦਾ ਓਹਲਾ ਰੱਖਿਆ ਜਾ ਰਿਹੈ?” ਸਾਜਿਦ ਨੇ ਪੁੱਛਿਆ।
ਉਸੇ ਵੇਲੇ ਕਰਤਾਰ ਸਿੰਘ ਤੇ ਇਕ ਹੋਰ ਨੌਜਵਾਨ ਕਮਰੇ ਵਿਚ ਆਏ। ਚੀਮੇ ਨੇ ਆਉਂਦਿਆਂ ਹੀ ਗੁਰਮੀਤ ਨੂੰ ਕਿਹਾ—
“ਕਾਦਰ ਨੂੰ ਅਪੁੰਆਇੰਟਮੈਂਟ ਲੈਟਰ ਮਿਲ ਗਿਐ। ਅਖੀਰ ਤੇਰੀ ਗੱਲ ਰੱਖ ਈ ਲਈ ਉਹਨਾਂ।”
ਸਾਜਿਦ ਤੇ ਉਹਦਾ ਦੋਸਤ ਹੈਰਾਨੀ ਨਾਲ ਉਸ ਵੱਲ ਤੱਕ ਰਹੇ ਸਲ। ਚੀਮੇ ਨੇ ਵਿਸਥਾਰ ਨਾਲ ਦੱਸਦਿਆਂ ਕਿਹਾ, “ਇਹ ਯੋਗੇਂਡਾ ਦੇ ਰਹਿਣ ਵਾਲੇ ਪਾਕਿਸਤਾਨੀ ਨੇ। ਗੁਰਮੀਤ ਨੇ ਰਜਾਇਨ ਦੇ ਕੇ ਇਹਨਾਂ ਲਈ ਜਗ੍ਹਾ ਖਾਲੀ ਕਰ ਦਿੱਤੀ ਏ। ਕਹਿੰਦੈ, ਮੇਰੇ ਤਾਂ ਜ਼ਮੀਨ ਵੀ ਹੈ, ਜਾਇਦਾਦ ਵੀ। ਇਹ ਜੋ ਸਭ ਕੁਝ ਵੇਚ-ਵੱਟ ਕੇ ਅਫ਼ਰੀਕਾ 'ਚੋਂ ਆਏ ਨੇ, ਇਹਨਾਂ ਦਾ ਕੌਣ ਏਂ? ਨਾ ਇਹਨਾ ਦੀ ਹਿੰਦੁਸਤਾਨ ਵਿਚ ਕੋਈ ਠਾਹਰ, ਨਾ ਪਾਕਿਸਤਾਨ ਵਿਚ। ਬ੍ਰਿਟਿਸ਼ ਪਾਸਪੋਰਟ ਇੰਗਲਿਸਤਾਨ ਵਿਚ ਲਿਆ ਤਾਂ ਸਕਦੈ ਪਰ ਰੋਟੀਆਂ ਦਾ ਹੀਲਾ ਤਾਂ ਆਪ ਹੀ ਕਰਨਾ ਪਏਗਾ।”
ਸਾਜਿਦ ਕੁਝ ਚਿਰ ਸੋਚੀਂ ਪਿਆ ਰਿਹਾ ਤੇ ਫੇਰ ਉਸ ਕਿਹਾ, “ਜੇ ਕੋਈ ਬੱਸ ਕੰਡਕਟਰੀ ਕਰਨਾ ਚਾਹੇ ਤਾਂ ਮੈਨੂੰ ਦੱਸ ਦੇਣਾ ਬਈ।” ਫੇਰ ਗੁਰਮੀਤ ਕੋਲੋਂ ਪਰ੍ਹਾਂ ਹਟਦਿਆਂ ਬੋਲਿਆ, “ਸਿੱਖ ਬੰਦੇ ਨਹੀਂ, ਮਨੁੱਖ ਨੇ ਬਾਈ-ਜੀ! ਅਸਲੀ-ਮਨੁੱਖ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)