Parineeta (Bangla Novel in Punjabi) : Sharat Chandra Chattopadhyay

ਪਰਿਣੀਤਾ (ਬੰਗਾਲੀ ਨਾਵਲ) : ਸ਼ਰਤ ਚੰਦਰ ਚੱਟੋਪਾਧਿਆਏ

੧.
ਛਾਤੀ ਵਿਚ ਸ਼ਕਤੀ ਬਾਣ ਲੱਗਣ ਨਾਲ ਸ੍ਰੀ ਲਛਮਣ ਜੀ ਦਾ ਚਿਹਰਾ ਵੀ ਕੁਮਲਾ ਗਿਆ ਹੋਵੇਗਾ, ਪਰ ‘ਗੁਰਚਰਣ' ਦਾ ਚਿਹਰਾ ਸ੍ਰੀ ਲਛਮਣ ਜੀ ਨਾਲੋਂ ਵੀ ਵੱਧ ਕੁਮਲਾ ਗਿਆ ਜਦ ਉਹਨੇ ਇਹ ਸੁਣਿਆਂ ਕਿ ਉਹਨਾਂ ਦੇ ਘਰ ਪੰਜਵੀਂ ਕੰਨਿਆਂ ਨੇ ਜਨਮ ਲਿਆ ਹੈ।
ਗੁਰਚਰਣ ਬੈਂਕ ਵਿਚ ਸੱਠ ਰੁਪੈ ਮਹੀਨੇ ਦੀ ਨੌਕਰੀ ਕਰਦੇ ਹਨ। ਕਲਰਕ ਬਾਬੂ ਹੋਣ ਕਰਕੇ ਉਹਨਾਂ ਦਾ ਸਰੀਰ ਸੁਕੜੂ ਜਿਹਾ ਹੈ। ਅੱਖਾਂ, ਚਿਹਰਾ, ਸਭ ਅੰਗਾਂ ਤੋਂ ਟਾਂਗੇ ਦੇ ਘੋੜੇ ਵਾਂਗੂ ਮੱਚ ਮਰਿਆ ਹੋਇਆ ਮਲੂਮ ਹੁੰਦਾ ਹੈ। ਇਹ ਦੁਖਦਾਈ ਖਬਰ ਸੁਣ ਕੇ ਉਨਾਂ ਦੇ ਹੁੱਕੇ ਦੀ ਨਲੀ ਹੱਥ ਵਿੱਚ ਹੀ ਫੜੀ ਰਹਿ ਗਈ। ਦਾਦੇ ਬਾਬੇ ਦੇ ਵੇਲੇ ਦੇ ਪੁਰਾਣੇ ਸਿਰਹਾਣੇ ਦੇ ਸਹਾਰੇ ਉਹ ਮੁਰਦੇ ਜਹੇ ਵਾਂਗ ਡਿਗ ਪਏ ਤੇ ਉਨਾਂ ਦੀ ਹਿੰਮਤ ਹੌਕਾ ਲੈਣ ਦੀ ਵੀ ਨ ਰਹੀ।
ਇਹ ਸ਼ੁਭ ਖਬਰ ਉਨਾਂ ਦੀ ਤੀਸਰੀ ਲੜਕੀ, ਜੋ ਦਸਾਂ ਸਾਲਾਂ ਦੀ ਸੀ, ਲਿਆਈ ਸੀ। ਇਹਦਾ ਨਾਂ 'ਐਨਾਕਾਲੀ' ਸੀ। ਉਸਨੇ ਆਖਿਆ, “ਬਾਬੂ ਜੀ ਚਲੋ ਨ ਵੇਖ ਆਓ।"
ਗੁਰਚਰਨ ਨੇ ਉਸਦੇ ਚਿਹਰੇ ਵੱਲ ਵੇਖਕੇ ਆਖਿਆ, ਬੇਟੀ ਇੱਕ ਗਲਾਸ ਪਾਣੀ ਤਾਂ ਲੈ ਆ, ਮੈਂ ਪੀਣਾ ਹੈ।"
ਲੜਕੀ ਪਾਣੀ ਲੈਣ ਚਲੀ ਗਈ, ਉਹਦੇ ਚਲੇ ਜਾਣ ਪਿੱਛੋਂ ਗੁਰਚਰਨ ਨੂੰ ਸਭ ਤੋਂ ਪਹਿਲਾਂ ਸੌਰੀ ਦੇ ਕਈ ਤਰ੍ਹਾਂ ਦੇ ਖਰਚਾਂ ਦਾ ਚੇਤਾ ਆਇਆ ਫੇਰ ਜਿਦਾਂ ਭੀੜ ਹੋਣ ਤੇ ਗੱਡੀ ਸਟੇਸ਼ਨ ਤੇ ਆਉਂਦਿਆਂ ਹੀ ਬਰਡ ਕਲਾਸ ਦੀਆਂ ਸਵਾਰੀਆਂ, ਆਪਣਾ ਲਟਾ ਪਟਾ ਲੈ ਕੇ ਦਬਾ ਸੱਟ ਵਿਚ ਚੜ੍ਹ ਆਉਂਦੀਆਂ ਹਨ, ਏਸੇ ਤਰ੍ਹਾਂ ਉਹਦੇ ਦਿਮਾਗ ਵਿਚ ਸੋਚਾਂ ਦਾ ਹੜ ਆਗਿਆ। ਯਾਦ ਆਗਿਆ ਕਿ ਪਿਛਲੇ ਸਾਲ, ਦੂਜੀ ਕੰਨਿਆਂ ਦੇ ਵਿਵਾਹ ਤੇ ਆਪਣਾ ਇੱਕ ਪਿਓ ਦਾਦੇ ਦਾ ਦੋ ਮੰਜ਼ਲਾ ਮਕਾਨ ਗਹਿਣੇ ਪੌਣਾ ਪਿਆ ਸੀ। ਇਸਦਾ ਅੱਜੇ ਛੇ ਮਹੀਨਿਆਂ ਦਾ ਬਿਆਜ ਬਾਕੀ ਸੀ! ਮਹੀਨੇ ਤੱਕ ਦੁਰਗਾ ਪੂਜਾ ਆਉਣ ਵਾਲੀ ਸੀ, ਵਿਚਕਾਰਲੀ ਲੜਕੀ ਦੇ ਘਰ ਸੌਗਾਤ ਭੇਜਣੀ ਹੈ। ਦਫਤਰ ਵਿਚ ਇਸ ਵੇਲੇ ਤਾਂ ਜਮਾ ਖਰਚ ਦਾ ਜੋੜ ਨਹੀਂ ਮਿਲ ਸਕਿਆ। ਅੱਜ ਬਾਰਾਂ ਵੱਜੇ ਤੱਕ ਵਲਾਇਤ ਨੂੰ ਹਿਸਾਬ ਭੇਜਣਾ ਹੈ। ਸਾਹਿਬ ਨੇ ਹੁਕਮ ਦਿੱਤਾ ਹੈ ਕਿ ਕੋਈ ਮੈਲੇ ਕਪੜੇ ਪਾਕੇ ਦਫਤਰ ਨਹੀਂ ਆ ਸਕਦਾ। ਸੁਆਦੀ ਗਲ ਇਹ ਹੈ ਕਿ ਪਿਛਲੇ ਹਫਤੇ ਤੋਂ ਧੋਬੀ ਦਾ ਪਤਾ ਨਹੀਂ, ਖਬਰੇ ਕਪੜੇ ਮਾਰ ਕੇ ਹੀ ਨ ਨੱਠ ਗਿਆ ਹੋਵੇ? ਅਧਿਉਂ ਵੱਧ ਕਪੜੇ ਉਸ ਪਾਸ ਹਨ।
ਗੁਰਚਰਣ ਪਾਸੋਂ ਸਿਰ੍ਹਾਣੇ ਦੇ ਆਸਰੇ ਬੈਠਾ ਨਹੀਂ ਗਿਆ, ਹੁੱਕਾ ਇਕ ਪਾਸੇ ਰੱਖ ਕੇ ਲੰਮੇ ਪੈ ਗਏ। ਮਨ ਹੀ ਮਨ ਵਿਚ ਆਖਣ ਲੱਗਾ, "ਭਗਵਾਨ! ਇਸ ਕਲਕਤੇ ਵਰਗੇ ਸ਼ਹਿਰ ਵਿਚ, ਪਤਾ ਨਹੀਂ ਹਰ ਰੋਜ਼ ਕਿੰਨੇ ਆਦਮੀ, ਗੱਡੀਆਂ ਮੋਟਰਾਂ ਥੱਲੇ ਆ ਕੇ ਮਰਦੇ ਹੋਣਗੇ। ਕੀ ਮੈਂ ਉਹਨਾਂ ਨਾਲੋਂ ਵੀ ਪਾਪੀ ਹਾਂ ਜੋ ਦੁਖ ਭੋਗਣ ਲਈ ਜੀਊਂਦਾ ਬੈਠਾ ਹੋਇਆ ਹਾਂ। ਕ੍ਰਿਪਾਲੂ ਪਿਤਾ, ਕਿਰਪਾ ਕਰ ਤੇ ਕੋਈ ਭਾਰਾ ਜਿਹਾ ਟਰੱਕ ਮੇਰੀ ਛਾਤੀ ਉਤੋਂ ਦੀ ਵੀ ਲੰਘਾ ਦਿਹ।"
ਅਨਾਕਾਲੀ ਪਾਣੀ ਲੈ ਆਈ। ਕਹਿਣ ਲੱਗੀ, "ਉਠੋ ਪਾਣੀ ਪੀ ਲਓ।"
ਗੁਰਚਰਨ ਨੂੰ ਉਠ ਕੇ ਸਾਰਾ ਪਾਣੀ ਇਕੋ ਸਾਹੇ ਪੀ ਲਿਆ। ਕਹਿਣ ਲੱਗੇ, “ਆ, ਫੂੰ! ਜਾ ਬੱਚੀ ਗਲਾਸ ਲੈ ਜਾ।” ਇਹਦੇ ਜਾਣ ਪਿਛੋਂ ਫੇਰ ਲੰਮਾ ਪੈ ਗਿਆ।
ਲਲਿਤਾ ਨੇ ਕਮਰੇ ਵਿਚ ਆ ਕੇ ਆਖਿਆ, “ਮਾਮਾ ਜੀ ਚਾਹ ਲਿਆਈ ਹਾਂ, ਉਠੋ।"
ਚਾਹ ਦਾ ਨਾਂ ਸੁਣ ਕੇ ਗੁਰਚਰਣ ਇਕ ਵਾਰੀ ਫੇਰ ਉਠ ਬੈਠਾ। ਲਲਿਤਾ ਦੇ ਮੂੰਹ ਵਲ ਵੇਖ ਕੇ ਉਹਦੀ ਅੱਧੀ ਅੱਗ ਬੁਝ ਗਈ। ਕਹਿਣ ਲੱਗਾ, ਰਾਤ ਜਾਗਦੀ ਰਹੀ ਏਂ ਆ ਬਚੀ ਜ਼ਰਾ ਮੇਰੇ ਕੋਲ ਬਹਿਜਾ।"
ਲਲਿਤਾ ਸੰਗਾਊ ਹਾਸਾ ਹਸ ਦੀ ਹੋਈ ਕੋਲ ਆ ਕੇ ਬਹਿ ਗਈ ਆਖਣ ਲੱਗੀ, "ਮਾਮਾ ਜੀ ਮੈਂ ਰਾਤ ਨੂੰ ਬਹੁਤਾ ਨਹੀਂ ਜਾਗੀ।”
ਇਸ ਦੁਖ ਦਰਦ ਦੇ ਭਾਰੀ ਬੋਝ ਥੱਲੇ ਦਬਾਏ ਹੋਏ, ਘੁਣ ਖਾਧੇ ਆਦਮੀ ਦੀ ਹਾਲਤ ਨੂੰ ਇਸ ਲੜਕੀ ਤੋਂ ਵੱਧ ਕੋਈ ਨਹੀਂ ਸਮਝਦਾ। ਇਹਦੇ ਹਿਰਦੇ ਵਿਚ ਛਿਪੇ ਹੋਏ ਚਿੰਤਾ ਦੇ ਰੋਗ ਨੂੰ ਇਹੋ ਹੀ ਜਾਣਦੀ ਹੈ।
ਗੁਰਚਰਨ ਨੇ ਆਖਿਆ, “ਨਾ ਸਹੀ ਤੂੰ ਓਦਾਂ ਹੀ ਮੇਰੇ ਕੋਲ ਆ ਬਹੁ। ਲਲਿਤਾ ਦੇ ਪਾਸ ਬਹਿਣ ਤੇ ਗੁਰਚਰਣ ਨੇ ਉਸਦੇ ਮੱਥੇ ਤੇ ਹੱਥ ਰੱਖ ਕੇ ਆਖਿਆ, “ਆਪਣੀ ਏਸ ਧੀ ਨੂੰ ਜੇ ਰਾਜੇ ਦੇ ਘਰ ਮੰਗ ਸਕਦਾ ਤਾਂ ਸਮਝਦਾ ਕਿ ਮੈਂ ਇਕ ਚੰਗਾ ਕੰਮ ਕੀਤਾ ਹੈ।"
ਲਲਿਤਾ ਸਿਰ ਨੀਵਾਂ ਕਰਕੇ ਚਾਹ ਪਾਉਣ ਲੱਗ ਪਈ। ਗੁਰਚਰਣ ਆਖਣ ਲੱਗਾ, ਕਿਉਂ ਧੀਏ, ਤੈਨੂੰ ਏਸ ਦੁਖੀ ਮਾਮੇ ਦੇ ਘਰ ਆਕੇ ਰਾਤ ਦਿਨ ਮਿਹਨਤ ਹੀ ਕਰਨੀ ਪੈਂਦੀ ਹੈ, ਇਹ ਕਿਉਂ?
ਲਲਿਤਾ ਨੇ ਸਿਰ ਹਿਲਾਕੇ ਆਖਿਆ, “ਮਾਮਾ ਜੀ ਮੈਂ ਕੋਈ ਇਕੱਲੀ ਕੰਮ ਕਰਦੀ ਹਾਂ ਸਾਰੇ ਲੋਕੀ ਹੀ ਕਰਦੇ ਹਨ।"
ਹੁਣ ਗੁਰਚਰਣ ਦੇ ਬੁਲ੍ਹਾਂ ਤੇ ਥੋੜਾ ਹਾਸਾ ਆ ਗਿਆ। ਚਾਹ ਪੀਂਦਿਆਂ ਹੋਇਆਂ ਕਹਿਣ ਲੱਗਾ! ਹੱਛਾ ਲਲਿਤਾ ਅਜ ਰੋਟੀ ਦਾ ਕੀ ਬਣੇਗਾ?
ਲਲਿਤਾ ਨੇ ਮੂੰਹ ਚੱਕ ਕੇ ਆਖਿਆ, “ਮਾਮਾਂ ਮੈਂ ਬਣਾਉਂਗੀ?"
ਗੁਰਚਰਣ ਨੇ ਹੈਰਾਨ ਹੋ ਕੇ ਪੁਛਿਆ, ਤੂੰ ਕਿੱਦਾਂ ਬਣਾਏਂਗੀ ਧੀਏ, ਤੈਨੂੰ ਕੀ ਕੀ ਬਣਾਉਣਾ ਆਉਂਦਾ ਹੈ? “ਸਭ ਕੁਝ ਆਉਂਦਾ ਹੈ ਮਾਮਾਂ ਜੀ, ਮੈਂ ਭਾਬੀ ਪਾਸੋਂ ਸਭ ਸਿਖ ਲਿਆ ਹੈ।"
ਗੁਰਚਰਣ ਨੇ ਚਾਹ ਦਾ ਗਿਲਾਸ ਥੱਲੇ ਰੱਖ ਕੇ ਆਖਿਆ, “ਸੱਚੀਂ?"
'ਸੱਚੀਂ, ਮੈਂ ਤਾਂ ਕਈ ਵਾਰੀ ਰਸੋਈ ਕਰ ਚੁਕੀ ਹਾਂ।'
ਇਹ ਆਖ ਕੇ ਉਹਨੇ ਨੀਵੀਂ ਪਾ ਲਈ। ਉਹਦੇ ਝੁਕੇ ਹੋਏ ਸਿਰ ਤੇ ਹੱਥ ਰੱਖ ਕੇ ਗੁਰਚਰਣ ਨੇ ਅਸ਼ੀਰਵਾਦ ਦਿੱਤੀ। ਉਹਦੀ ਇਕ ਭਾਰੀ ਚਿੰਤਾ ਹਟ ਗਈ।
ਇਹਦਾ ਮਕਾਨ ਗਲੀ ਦੇ ਉਤੇ ਹੀ ਹੈ। ਚਾਹ ਪੀਂਦਿਆਂ ਪੀਂਦਿਆਂ ਬਾਰੀ ਤੋਂ ਬਾਹਰ ਨਜ਼ਰ ਪੈਂਦਿਆਂ ਹੀ ਉਸ ਨੇ ਚਿੱਲਾਅ ਕੇ ਆਖਿਆ, "ਸ਼ੇਖਰ ਏਂ? ਸੁਣੋ! ਸਣੋ!"
ਇਕ ਲੰਮੇ ਕੱਦ ਕਾਠ ਦਾ ਸੁਹਣਾ ਜਿਹਾ ਗਭਰੂ ਅੰਦਰ ਆ ਗਿਆ।
ਗੁਰਚਰਨ ਨੇ ਆਖਿਆ, “ਬਹਿ ਜਾਹ! ਅਜ ਤੂੰ ਆਪਣੀ ਚਾਚੀ ਦੀ ਸੁਵੇਰ ਦੀ ਕਰਤੂਤ ਤਾਂ ਸੁਣ ਹੀ ਲਈ ਹੋਵੇਗੀ?
ਸ਼ੇਖਰ ਨੇ ਮੁਸਕ੍ਰਾਉਂਦਿਆਂ ਹੋਇਆਂ ਕਿਹਾ, ਕੀ ਕਰਤੂਤ? ਲੜਕੀ ਹੋਈ ਹੈ?
ਗੁਰਚਰਣ ਨੇ ਹੌਕਾ ਲੈ ਕੇ ਆਖਿਆ, “ਤੇਰੇ ਭਾ ਦੀ ਤਾਂ ਕੋਈ ਗਲ ਨਹੀਂ। ਪਰ ਜੋ ਕੁਝ ਹੋਇਆ ਹੈ, ਇਹ ਮੈਂ ਹੀ ਜਾਣਦਾ ਹਾਂ।"
ਸ਼ੇਖਰ ਨੇ ਆਖਿਆ, “ਚਾਚਾ ਜੀ ਏਦਾਂ ਨਾ ਆਖੋ,"ਚਾਚੀ ਸੁਣੇਗੀ ਤਾਂ ਉਹਨੂੰ ਬੜਾ ਹਿਰਖ ਹੋਵੇਗਾ।" ਇਸ ਤੋਂ ਬਿਨਾਂ ਜੇ ਰੱਬ ਨੇ ਜੀ ਭੇਜਿਆ ਹੈ, ਉਸ ਨੂੰ ਜੀ ਆਇਆਂ ਆਖਣਾ ਚਾਹੀਦਾ ਹੈ।
ਗੁਰਚਰਣ ਥੋੜਾ ਚਿਰ ਚੁੱਪ ਹੋਕੇ ਬੋਲਿਆ, “ਲਾਡ ਪਿਆਰ ਕਰਨਾ ਚਾਹੀਦਾ ਹੈ ਜਾਂ ਜੀ ਆਇਆਂ ਨੂੰ ਆਖਣਾ ਚਾਹੀਦਾ ਹੈ ਇਹ ਤਾਂ ਮੈਂ ਹੀ ਚੰਗੀ ਤਰ੍ਹਾਂ ਜਾਣਦਾ ਹਾਂ। ਪਰ ਕਾਕਾ ਭਗਵਾਨ ਵੀ ਤਾਂ ਇਨਸਾਫ ਨਹੀਂ ਕਰਦੇ। ਮੈਂ ਗਰੀਬ ਹਾਂ ਮੇਰੇ ਘਰ ਇਹ ਕੁੜੀਆਂ ਦੀ ਧਾੜ ਕਿਉਂ? ਰਹਿਣ ਦਾ ਮਕਾਨ ਤਾਂ ਤੇਰੇ ਪਿਓ ਪਾਸ ਗਹਿਣੇ ਰੱਖ ਚੁੱਕਾ ਹਾਂ। ਪਰ ਕੋਈ ਗਲ ਨਹੀਂ। ਇਹਦਾ ਮੈਨੂੰ ਕੋਈ ਦੁਖ ਨਹੀਂ। ਪਰ ਇਹ ਤਾਂ ਸੋਚ ਕਾਕਾ? ਇਹ ਜੋ ਸਾਡੀ ਲਲਿਤਾ ਹੈ, ਜਿਹਦਾ ਮਾਂ ਪਿਉ ਕੋਈ ਨਹੀਂ, ਇਹ ਸੋਨੇ ਦੀ ਪੁਤਲੀ ਤਾਂ ਕਿਸੇ ਰਾਜ ਘਰਾਣੇ ਅੰਦਰ ਹੀ ਸੋਭਾ ਪਾ ਸਕਦੀ ਹੈ। ਮੈਂ ਕਿੱਦਾਂ ਇਸਨੂੰ ਥਾਂ ਕੁਥਾਂ ਦੇ ਦਿਆਂ? ਰਾਜਾ ਦੇ ਮੁਕਟ ਤੇ ਜੋ ਕੋਹਨੂਰ ਹੀਰਾ ਚਮਕਦਾ ਹੈ, ਐਹੋ ਜਹੇ ਹਜ਼ਾਰਾਂ ਹੀਰੇ ਵੀ ਮੇਰੀ ਇਸ ਬੇਟੀ ਦਾ ਟਾਕਰਾ ਨਹੀਂ ਕਰ ਸਕਦੇ, ਇਹ ਗੱਲ ਕੌਣ ਸਮਝੇਗਾ? ਪੈਸਿਆਂ ਦੇ ਘਾਟੇ ਕਰਕੇ ਮੈਨੂੰ ਇਹ ਜਹੇ ਰਤਨ ਵੀ ਗੁਆਉਣੇ ਪੈਣਗੇ? ਤੂੰਹੀ ਦੱਸ ਬੇਟਾ, ਇਸ ਹਾਲਤ ਵਿਚ ਕਿੱਡਾ ਵੱਡਾ ਤੀਰ ਕਲੇਜੇ ਵਿਚ ਲਗਦਾ ਹੈ? ਇਹ ਤੇਰਾਂ ਸਾਲਾਂ ਦੀ ਹੋ ਚੁੱਕੀ ਹੈ, ਪਰ ਇਸ ਵੇਲੇ ਮੇਰੇ ਹੱਥ ਵਿਚ ਤੇਰ੍ਹਾਂ ਪੈਸੇ ਵੀ ਨਹੀਂ ਹਨ ਤਾਂ ਜੋ ਮੈਂ ਇਸਦਾ ਕੋਈ ਸਬੰਧ ਹੀ ਬਣਾ ਸਕਾਂ।
ਗੁਰਚਰਨ ਦੀਆਂ ਅੱਖਾਂ ਵਿਚ ਅਥਰੂ ਭਰ ਆਏ। ਸ਼ੇਖਰ ਚੁੱਪ ਚਾਪ ਬੈਠਾ ਰਿਹਾ। ਗੁਰਚਰਨ ਆਖਣ ਲੱਗਾ, ਸ਼ੇਖਰ ਨਾਥ ਵੇਖਣਾ ਤਾਂ ਸਹੀ ਜੇ ਮਿੱਤਰਾਂ ਵਿੱਚੋਂ ਕੋਈ ਇਸ ਲੜਕੀ ਦੀ ਬਾਂਹ ਫੜ ਸਕੇ। ਸੁਣਿਆਂ ਹੈ ਕਿ ਅੱਜ ਕੱਲ ਬਹੁਤ ਸਾਰੇ ਲੜਕੇ ਸਿਰਫ ਲੜਕੀ ਨੂੰ ਵੇਖ ਕੇ ਹੀ ਪਸੰਦ ਕਰ ਲੈਂਦੇ ਹਨ ਤੇ ਰੁਪੈ ਪੈਸੇ ਦਾ ਖਿਆਲ ਨਹੀਂ ਕਰਦੇ। ਜੇ ਇਹੋ ਜਿਹਾ ਕੋਈ ਲੜਕਾ ਮੇਰੇ ਮੱਥੇ ਲਾ ਦਿਉ ਤਾਂ ਮੈਂ ਸੱਚ ਆਖਦਾ ਹਾਂ ਕਿ ਮੇਰੀ ਅਸੀਸ ਨਾਲ ਤੁਸੀਂ ਰਾਜਾ ਬਣ ਜਾਉਗੇ। ਹੋਰ ਕੀ ਆਖਾਂ ਕਾਕਾ, ਤੇਰਾ ਪਿਉ ਮੈਨੂੰ ਛੋਟਾ ਭਰਾ ਹੀ ਸਮਝਦਾ ਹੈ।"
ਸ਼ੇਖਰ ਨੇ ਸਿਰ ਹਿਲਾ ਕੇ ਆਖਿਆ, “ਚੰਗਾ ਮੈਂ ਲਭਾਂਗਾ।"
ਗੁਰਚਰਨ ਨੇ ਆਖਿਆ, ਭੁਲਣਾ ਨਹੀਂ ਬੱਚਾ, ਧਿਆਨ ਰੱਖਣਾ। ਲਲਿਤਾ ਤਾਂ ਅੱਠਾਂ ਸਾਲਾਂ ਤੋਂ ਤੇਰੇ ਕੋਲ ਹੀ ਪੜ੍ਹ ਲਿਖ ਕੇ ਮੁਟਿਆਰ ਹੋਈ ਹੈ। ਤੂੰ ਤਾਂ ਜਾਣਦਾ ਈਏਂ ਕਿਹੋ ਜਹੀ ਸਿਆਣੀ ਤੇ ਸ਼ਾਂਤ ਸੁਭਾ ਦੀ ਹੈ। ਭਾਵੇਂ ਉਮਰ ਦੀ ਛੋਟੀ ਹੈ, ਪਰ ਅੱਜ ਤੋਂ ਇਹੋ ਰੋਟੀ ਪਾਣੀ ਕਰੇਗੀ। ਖ਼ੁਆਏਗੀ, ਪਿਲਾਏਗੀ, ਸਭ ਘਰ ਇਸੇ ਦੇ ਜੁੰਮੇ ਹੈ!"
ਇਸ ਵੇਲੇ ਲਲਿਤਾ ਨੇ ਅੱਖਾਂ ਚੁੱਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ। ਉਸਦੇ ਬੁਲ੍ਹਾਂ ਦੇ ਦੋਵੇਂ ਕੰਢੇ ਕੁਝ ਚੌੜੇ ੨ ਹੋ ਗਏ। ਗੁਰਚਰਨ ਨੇ ਇਕ ਹੌਕਾ ਲਿਆ, ਇਸਦੇ ਪਿਉ ਨੇ ਕੋਈ ਘੱਟ ਕਮਾਈ ਕੀਤੀ ਸੀ, ਪਰ ਸਭ ਕੁਝ ਏਦਾਂ ਪੁੰਨ ਕਰ ਗਏ ਕਿ ਆਪਣੀ ਲੜਕੀ ਵਾਸਤੇ ਵੀ ਕੁਝ ਨਹੀਂ ਛਡਿਆ।
ਸ਼ੇਖਰ ਚੁਪ ਕਰ ਰਿਹਾ। ਗੁਰਚਰਨ ਆਪਣੇ ਆਪ ਹੀ ਕਹਿਣ ਲੱਗਾ, ਇਹ ਵੀ ਕਿੱਦਾਂ ਕਿਹਾ ਜਾਏ ਕਿ ਕੁਝ ਨਹੀਂ ਛੱਡ ਗਏ? ਉਹਨਾਂ ਜਿੰਨੇ ਦੁਖੀਆਂ ਦੇ ਦੁਖ ਦੂਰ ਕੀਤੇ ਹਨ, ਸਭ ਦਾ ਫਲ ਵੀ ਤਾਂ ਇਸ ਧੀ ਲਈ ਹੀ, ਛਡ ਗਏ ਹਨ। ਨਹੀਂ ਤਾਂ ਐਡੀ ਛੋਟੀ ਉਮਰ ਦੀ ਲੜਕੀ ਐਹੋ ਜਹੀ ਸੁਘੜ ਹੋਸਕਦੀ ਸੀ? ਤੂੰ ਹੀ ਸੋਚ ਕੇ ਦੱਸ,ਠੀਕ ਹੈ ਕਿ ਨਹੀਂ?
ਸ਼ੇਖਰ ਹੱਸ ਪਿਆ ਤੇ ਕੋਈ ਜੁਵਾਬ ਨ ਦਿੱਤਾ।
ਉਹ ਉਠਣ ਲੱਗਾ ਤਾਂ ਗੁਰਚਰਨ ਨੇ ਪੁਛਿਆ: ਐਨੇ ਸੁਵੇਰੇ ਕਿਧਰ ਚਲੇ ਓ?
ਸ਼ੇਖਰ ਨੇ ਆਖਿਆ, 'ਬੈਰਿਸਟਰ ਦੇ ਘਰ, ਇਕ ਮੁਕਦਮਾਂ ਹੈ।' ਇਹ ਆਖਕੇ ਉਹ ਉਠ ਖਲੋਤਾ, ਗੁਰਬਚਨ ਨੇ ਫੇਰ ਇਕ ਵਾਰੀ ਯਾਦ ਕਰਵਾਕੇ ਆਖਿਆ, 'ਜ਼ਰਾ ਧਿਆਨ ਰੱਖ’ ਕਾਕਾ! ਲਲਿਤਾ ਵੇਖਣ ਵਿਚ ਕੁਝ ਪੱਕੇ ਰੰਗ ਦੀ ਜਰੂਰ ਹੈ, ਪਰ ਐਹੋ ਜਹੀਆਂ ਅਖੀਆਂ ਐਹੋ ਜਿਹਾ ਚਿਹਰਾ, ਇਹੋ ਜਹੀ ਮੁਸਕਰਾਹਟ, ਐਨੀ ਦਇਆ ਭਰਪੂਰ ਲੜਕੀ ਦੁਨੀਆਂ ਵਿਚ ਢੂੰਡਿਆਂ ਵੀ ਨਹੀਂ ਮਿਲੇਗੀ।'
ਸ਼ੇਖਰ ਸਿਰ ਹਿਲਾਂਦਾ ਤੇ ਹੱਸਦਾ ਹੋਇਆ ਬਾਹਰ ਚਲਿਆ ਗਿਆ।
ਇਸ ਮੁੰਡੇ ਦੀ ਉਮਰ ਪੰਝੀ ਛਬੀ ਵਰ੍ਹੇ ਦੀ ਹੋਵੇਗੀ, ਐਮ. ਏ. ਪਾਸ ਕਰਕੇ ਅਜੇ ਤੱਕ ਹੋਰ ਵਧ ਲਿਖ ਪੜ੍ਹ ਰਿਹਾ ਜੀ, ਪਿਛਲੇ ਸਾਲ ਤੋਂ ਅਟਰਨੀ ਹੋਇਆ ਹੈ, ਇਹਦੇ ਪਿਤਾ ਨਵੀਨ ਚੰਦਰ ਗੁੜ ਦੇ ਕੰਮ ਵਿਚੋਂ ਲਖਪਤੀ ਹੋ ਕੇ ਹੁਣ ਕੁਝ ਸਾਲਾਂ ਤੋਂ ਘਰ ਬੈਠੇ ਹੀ ਬਪਾਰ ਦਾ ਕੰਮ ਕਰ ਰਹੇ ਹਨ, ਵਡਾ ਲੜਕਾ ਅਵਨਾਸ ਚੰਦ੍ਰ ਵਕੀਲ ਹੈ। ਛੋਟਾ ਸ਼ੇਖਰ ਅਟਰਨੀ ਹੋ ਗਿਆ ਹੈ। ਇਹਨਾਂ ਦਾ ਤਿੰਨਮਜ਼ਲਾ ਮਕਾਨ ਮਹੱਲੇ ਵਿਚੋਂ ਸਭ ਤੋਂ ਉੱਚਾ ਹੈ, ਗੁਰਚਰਣ ਦੀ ਛੱਤ ਤੇ ਓਸਦੀ ਛੱਤ ਦੋਵੇਂ ਮਿਲੀਆਂ ਹੋਈਆਂ ਹੋਣ ਕਰਕੇ ਦੋਹਾਂ ਪਰਵਾਰਾਂ ਵਿਚ ਪੱਕੀ ਮਿੱਤਰਤਾ ਹੋ ਗਈ ਹੈ, ਘਰਦੀਆਂ ਜਨਾਨੀਆਂ ਏਸ ਛੱਤ ਤੋਂ ਹੀ ਇਕ ਦੂਜੇ ਵਲ ਆਉਂਦੀਆਂ ਜਾਂਦੀਆਂ ਹਨ।

੨.
ਸ਼ਿਆਮ ਬਾਜ਼ਾਰ ਦੇ ਇੱਕ ਬਹੁਤ ਵੱਡੇ ਆਦਮੀ ਦੇ ਘਰ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਸੀ। ਉਸ ਦਿਨ ਜਦੋਂ ਉਹ ਸ਼ੇਖਰ ਨੂੰ ਵੇਖਣ ਆਏ ਤਾਂ ਉਹਨਾਂ ਚਾਹਿਆ ਕਿ ਆਉਣ ਵਾਲੇ ਮਾਘ ਵਿਚ ਹੀ ਕੋਈ ਸ਼ੁਭ ਮਹੂਰਤ ਵੇਖਕੇ ਵਿਆਹ ਪੱਕਾ ਕਰ ਦਿੱਤਾ ਜਾਏ। ਪਰ ਸ਼ੇਖਰ ਦੀ ਮਾਂ ਨ ਮੰਨੀ, ਮਹਿਰੀ ਪਾਸੋਂ ਅਖਵਾਇਆ ਕਿ ਲੜਕਾ ਆਪ ਵੇਖਕੇ ਪਸੰਦ ਕਰੇਗਾ ਤਾਂ ਵਿਆਹ ਪੱਕਾ ਹੋਵੇਗਾ।
ਨਵੀਨ ਚੰਦ ਦਾ ਧਿਆਨ ਦਾਤ ਵਲ ਸੀ। ਉਨ੍ਹਾਂ ਆਪਣੀ ਘਰ ਵਾਲੀ ਦੀ ਇਸ ਗਲ ਤੋਂ ਨਾਰਾਜ਼ ਹੋਕੇ ਆਖਿਆ, 'ਇਹ ਕੀ ਗੱਲ ਹੈ ਕੁੜੀ ਵੇਖੀ ਵਾਖੀ ਤਾਂ ਹੈ ਗੱਲ ਪੱਕੀ ਕਰ ਲਓ ਮਿਲਣੀ ਵੇਲੇ ਹੋਰ ਵੇਖ ਲਈਂ।
ਫੇਰ ਵੀ ਘਰ ਵਾਲੀ ਨੇ ਹਾਂ ਵਿਚ ਹਾਂ ਨਾ ਮਿਲਾਈ। ਗੱਲ ਪੱਕੀ ਨ ਹੋ ਸਕੀ। ਨਵੀਨ ਚੰਦ੍ਰ ਗੁੱਸੇ ਦੇ ਮਾਰਿਆਂ ਬੜਾ ਚਿਰਾਕਾ ਭੋਜਨ ਕੀਤਾ ਤੇ ਦੁਪਹਿਰ ਨੂੰ ਬੈਠਕੇ ਹੀ ਅਰਾਮ ਕੀਤਾ।
ਸ਼ੇਖਰ ਨਾਥ ਜ਼ਰਾ ਕੁਝ ਸ਼ੌਕੀਨ ਤਬੀਅਤ ਦਾ ਹੈ। ਉਹ ਤੀਜੀ ਮੰਜ਼ਲੇ ਜਿਸ ਕਮਰੇ ਵਿੱਚ ਰਹਿੰਦਾ ਹੈ, ਉਹ ਬਹੁਤ ਹੀ ਸਜਿਆ ਹੋਇਆ ਹੈ। ਪੰਜ ਛੇ ਦਿਨਾਂ ਪਿਛੋਂ ਇੱਕ ਵੱਡੇ ਸ਼ੀਸ਼ੇ ਦੇ ਸਾਹਮਣੇ ਖਲੋਕੇ, ਸ਼ੇਖਰ ਲੜਕੀ ਵੇਖਣ ਜਾਣ ਲਈ ਤਿਆਰ ਹੋ ਰਿਹਾ ਸੀ, ਏਨੇ ਚਿਰ ਨੂੰ ਲਲਿਤਾ ਅੰਦਰ ਆ ਗਈ, ਕੁਝ ਚਿਰ ਚੁੱਪ ਚਾਪ ਖਲੋਤੀ ਰਹਿਕੇ ਉਸਨੇ ਪੁਛਿਆ, "ਵਹੁਟੀ ਵੇਖਣ ਜਾ ਰਹੇ ਹੋ?"
ਸ਼ੇਖਰ ਨੇ ਆਖਿਆ, "ਚੰਗਾ ਆਗਈ ਏਂ, ਚੰਗੀ ਤਰ੍ਹਾਂ, ਮੈਨੂੰ ਬਣਾ ਸਵਾਰ ਦਿਹ ਤਾਂ ਜੋ ਵਹੁਟੀ ਦੇ ਪਸੰਦ ਆ ਜਾਵਾਂ।
ਲਲਿਤਾ ਹੱਸ ਪਈ। ਬੋਲੀ, “ਅਜੇ ਤਾਂ ਮੈਨੂੰ ਵਿਹਲ ਨਹੀਂ ਭਰਾਵਾ, ਰੁਪੈ ਲੈਣ ਆਈ ਹਾਂ। ਇਹ ਆਖਕੇ ਉਹਨੇ ਸਿਰਹਾਣੇ ਦੇ ਥੱਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਦਰਾਜ਼ ਖੋਲ੍ਹੀ, ਗਿਣ ਗਿਣ ਕੇ ਕੁਝ ਰੁਪੈ ਪੱਲੇ ਬੰਨ੍ਹ ਦੀ ਹੋਈ ਨੇ, ਬਹੁਤ ਹੌਲੀ ਹੌਲੀ ਮਨ ਹੀ ਮਨ ਵਿੱਚ ਆਖਿਆ, "ਲੋੜ ਪੈਣ ਤੇ ਰੁਪੈ ਤਾਂ ਲੈ ਹੀ ਜਾਂਦੀ ਹਾਂ, ਇਹ ਉਤਰਨਗੇ ਕਿੱਦਾਂ?
ਸ਼ੇਖਰ ਨੇ ਇੱਕ ਪਾਸੇ ਦੇ ਵਾਲਾਂ ਨੂੰ ਢੰਗ ਨਾਲ ਉਤਾਹਾਂ ਚੁੱਕ ਕੇ ਆਖਿਆ, "ਉਤਰਨਗੇ ਜਾਂ ਉਤਰ ਰਹੇ ਹਨ।"
ਲਲਿਤਾ ਸਮਝ ਨ ਸਕੀ, ਵੇਖਦੀ ਰਹੀ।
ਸ਼ੇਖਰ ਨੇ ਆਖਿਆ, ਵੇਖਦੀ ਕੀ ਏਂ, ਸਮਝ ਨਹੀਂ ਸਕੀ?
ਲਲਿਤਾ ਨੇ ਸਿਰ ਹਿਲਾਕੇ ਆਖਿਆ, "ਨਹੀਂ।
"ਜ਼ਰਾ ਹੋਰ ਵੱਡੀ ਹੋਵੇਗੀ ਤਾਂ ਪਤਾ ਲੱਗ ਜਾਇਗਾ।" ਇਹ ਆਖਦਾ, ਸ਼ੇਖਰ ਜੁੱਤੀ ਪਾਕੇ ਚਲਿਆ ਗਿਆ। ਰਾਤ ਨੂੰ ਸ਼ੇਖਰ ਇਕ ਕੌਚ ਤੇ ਚੁੱਪ ਚਾਪ ਲੰਮਾ ਪਿਆ ਹੋਇਆ ਸੀ ਕਿ ਏਨੇ ਚਿਰ ਨੂੰ ਮਾਂ ਕਮਰੇ ਵਿਚ ਆ ਗਈ। ਉਹ ਝੱਟ ਪੱਟ ਉਠਕੇ ਬਹਿ ਗਿਆ, ਮਾਂ ਇੱਕ ਚੌਂਂਕੀ ਤੇ ਬਹਿ ਗਈ। ਕਹਿਣ ਲੱਗੀ, “ਦੱਸ ਕੁੜੀ ਕਿਹੋ ਜਹੀ ਹੈ?"
ਸ਼ੇਖਰ ਦੀ ਮਾਂ ਦਾ ਨਾਂ ‘ਭਵਨੇਸ਼ਵਰੀ' ਹੈ। ਉਮਰ ਪੰਜਾਹਾਂ ਦੇ ਲਗਭਗ ਹੋਵੇਗੀ। ਪਰ ਸਰੀਰ ਐਹੋ ਜਿਹਾ ਗੁੰਦਿਆ ਹੋਇਆ ਹੈ ਕਿ ਵੇਖਣ ਵਿੱਚ ਪੈਂਤੀਆਂ ਛੱਤੀਆਂ ਤੋਂ ਵੱਧ ਨਹੀਂ ਜਾਪਦੀ। ਇਸ ਸੁੰਦ੍ਰ ਸਰੀਰ ਵਿਚਕਾਰ ਜੋ ਮਾਂ ਦਾ ਹਿਰਦਾ ਸੀ ਉਹ ਹੋਰ ਵੀ ਜੁਵਾਨ ਤੇ ਕੋਮਲ ਸੀ। ਇਹ ਪਿੰਡਾਂ ਦੀ ਲੜਕੀ ਸੀ, ਪਿੰਡ ਵਿੱਚ ਪਲਕੇ ਹੀ ਜਵਾਨ ਹੋਈ ਸੀ, ਪਰ ਸ਼ਹਿਰ ਵਿੱਚ ਇੱਕ ਦਿਨ ਵੀ ਓਪਰੀ ਨਹੀਂ ਲੱਗੀ। ਸ਼ਹਿਰ ਦੀ ਚੰਚਲਤਾ, ਬਣਾ ਤਣਾਹੋਰ ਚੱਜ ਅਚਾਰ ਨੂੰ ਜਿੰਨੀ ਸੁਖਾਲੀ ਤਰ੍ਹਾਂ ਇਸਨੇ ਧਾਰਨ ਕਰ ਲਿਆ ਸੀ, ਉਸੇ ਤਰ੍ਹਾਂ ਜਨਮ ਭੂਮੀ ਦੀ ਸਾਦਗੀ, ਮਿਲਾਪੜਾ ਸੁਭਾ ਵੀ ਨਹੀਂ ਸੀ ਛਡਿਆ।
ਮਾਂ ਸ਼ੇਖਰ ਵਾਸਤੇ ਕਿੰਨੀ ਮਾਣ ਦੀ ਥਾਂ ਹੈ, ਇਹ ਗੱਲ ਉਸਦੀ ਮਾਂ ਵੀ ਨਹੀਂ ਜਾਣਦੀ। ਜਗਦੀਸ਼ਰ ਨੇ ਸ਼ੇਖਰ ਨੂੰ ਬਹੁਤੇਰੀਆਂ ਚੀਜ਼ਾਂ ਦਿੱਤੀਆਂ ਹਨ। ਵਧੀਆ ਸਿਹਤ, ਰੂਪ, ਪਦਾਰਥ ਤੇ ਬੁੱਧੀ, ਪਰ ਐਹੋ ਜਹੀ ਮਾਂ ਦੀ ਉਲਾਦ ਹੋਣ ਵਿਚ ਉਹ ਪ੍ਰਮਾਤਮਾਂ ਦਾ ਬਹੁਤ ਧੰਨਵਾਦੀ ਹੈ।
ਮਾਂ ਨੇ ਆਖਿਆ 'ਚੰਗੀ' ਆਖਕੇ ਚੁੱਪ ਕਿਉਂ ਹੋ ਗਿਆ ਏਂ?"
ਸ਼ੇਖਰ ਫੇਰ ਜ਼ਰਾ ਹੱਸ ਕੇ ਤੇ ਨੀਵੀਂ ਪਾ ਕੇ ਬੋਲਿਆ "ਤੁਸਾਂ ਜੋ ਪੁਛਿਆ ਮੈਂ ਦਸ ਦਿੱਤਾ।"
ਮਾਂ ਹੱਸ ਪਈ, ਕਹਿਣ ਲੱਗੀ, ਕੀ ਦਸਿਆ? ਰੰਗ ਕਿਹੋ ਜਿਹਾ ਹੈ? ਕਿਹਦੇ ਵਰਗਾ ਹੈ, ਆਪਣੀ ਲਲਿਤਾ ਵਰਗਾ?"
ਸ਼ੇਖਰ ਨੇ ਆਖਿਆ, ਲਲਿਤਾ ਤਾਂ "ਕਾਲੀ ਹੈ, ਉਹ ਇਸ ਨਾਲੋਂ ਗੋਰੀ ਹੈ।"
"ਮੂੰਹ ਮੱਥਾ ਕਿਹੋ ਜਿਹਾ ਸੋ?"
‘‘ਚੰਗਾ ਏ, ਕੋਈ ਬੁਰਾ ਨਹੀਂ"
"ਆਖ ਦਿਆਂ ਤੇਰੇ ਬਾਬੂ ਨੂੰ?"
ਸ਼ੇਖਰ ਚੁੱਪ ਹੋ ਗਿਆ।
ਮਾਂ ਝੱਟ ਕੁ ਪੁੱਤ ਵੱਲ ਵੇਖ ਕੇ ਪੁਛਣ ਲੱਗੀ, "ਕਿਉਂ ਵੇ ਉਹ ਪੜ੍ਹੀ ਲਿਖੀ ਵੀ ਹੈ?"
ਸ਼ੇਖਰ ਨੇ ਆਖਿਆ, “ਮਾਂ ਇਹ ਤਾਂ ਨਹੀਂ ਪੁਛਿਆ।"
ਬੜੀ ਹੈਰਾਨ ਹੋਕੇ ਮਾਂ ਨੇ ਕਿਹਾ, ਪੁਛਿਆ ਕਿਉਂ ਨਹੀਂ? ਅੱਜ ਕੱਲ ਤੁਹਾਡੇ ਮੁੰਡਿਆਂ ਲਈ ਜੋ ਸਾਰਿਆਂ ਤੋਂ ਜ਼ਰੂਰੀ ਗੱਲ ਹੈ, ਉਹ ਤਾਂ ਪੁੱਛੀ ਹੀ ਨਹੀਂ?
ਸ਼ੇਖਰ ਨੇ ਹੱਸ ਕੇ ਆਖਿਆ, “ਨਹੀਂ ਮਾਂ ਮੈਨੂੰ ਇਹ ਗੱਲ ਪੁਛਣੀ ਚੇਤੇ ਹੀ ਨਹੀਂ ਰਹੀ।"
ਲੜਕੇ ਦੀ ਗੱਲ ਸੁਣਕੇ ਉਹ ਇਸਦੇ ਵੱਲ ਹੈਰਾਨੀ ਨਾਲ ਵੇਖਦੀ ਰਹੀ। ਫੇਰ ਹੱਸ ਕੇ ਬੋਲੀ, ਮਲੂੰਮ ਹੁੰਦਾ ਹੈ ਕਿ ਤੂੰ ਕਿਤੇ ਵੀ ਵਿਆਹ ਨਹੀਂ ਕਰਵਾਏਂਗਾ।"
ਸ਼ੇਖਰ ਕੁਝ ਆਖਣਾ ਚਾਹੁੰਦਾ ਸੀ ਕਿ ਉਸੇ ਵੇਲੇ ਲਲਿਤਾ ਦੇ ਆਉਣ ਕਰਕੇ ਚੁੱਪ ਹੋ ਗਿਆ। ਲਲਿਤਾ ਹੌਲੀ ਜਹੀ 'ਭਵਨੇਸ਼ਵਰੀ' ਦੇ ਪਿੱਛੇ ਆ ਖਲੋਤੀ। ਉਹਨੇ ਖੱਬੇ ਹੱਥ ਨਾਲ ਉਹਨੂੰ ਅਗਾਂਹ ਨੂੰ ਖਿੱਚ ਕੇ ਆਖਿਆ, "ਕੀ ਹੈ ਬੱਚੀ!"
ਲਲਿਤਾ ਨੇ ਹੌਲੀ ਜਹੀ ਆਖਿਆ, “ਕੁਝ ਨਹੀਂ ਮਾਂ!"
ਲਲਿਤਾ ਪਹਿਲੇ ‘ਭਵਨੇਸ਼ਵਰੀ' ਨੂੰ ਮਾਸੀ ਆਖਦੀ ਹੁੰਦੀ ਸੀ। ਪਰ ਉਸ ਮਨ੍ਹਾਂ ਕਰ ਦਿੱਤਾ ਤੇ ਆਖਿਆ, “ਮੈਂ ਤਾਂ ਤੇਰੀ ਮਾਸੀ ਨਹੀਂ ਲਲਿਤਾ, ਮਾਂ ਹਾਂ?" ਤਦੋਂ ਤੋਂ ਇਹ ਉਸਨੂੰ ਮਾਂ ਆਖਦੀ ਹੈ। ਭਵਨੇਸ਼ਵਰੀ ਨੇ ਉਹਨੂੰ ਪਿਆਰ ਨਾਲ ਛਾਤੀ ਦੇ ਨਾਲ ਲਾ ਕੇ ਆਖਿਆ, “ਕੁਝ ਨਹੀਂ? ਤਾਂ ਸ਼ਾਇਦ ਮੈਨੂੰ ਵੇਖਣ ਹੀ ਆਈ ਹੋਵੇਂਗੀ, ਠੀਕ ਹੈ?"
ਲਲਿਤਾ ਚੁੱਪ ਰਹੀ।
ਸ਼ੇਖਰ ਨੇ ਆਖਿਆ, ਵੇਖਣ ਆਈਂ ਹੈ ਤਾਂ ਰੋਟੀ ਟੁੱਕ ਕਦੋਂ ਕਰੇਂਗੀ?
ਮਾਂ ਨੇ ਆਖਿਆ, ਇਹ ਰੋਟੀ ਟੁੱਕ ਕਿਉਂ ਕਰੇਗੀ?
ਸ਼ੇਖਰ ਨੇ ਅਸਚਰਜ ਨਾਲ ਪੁਛਿਆ, ਫੇਰ ਰੋਟੀ ਟੁੱਕ ਕੌਣ ਕਰੇਗਾ? ਇਹਦੇ ਮਾਮੇ ਨੇ ਵੀ ਆਖਿਆ ਸੀ ਕਿ ਇਹਨਾਂ ਦੇ ਘਰ ਇਹੋ ਰੋਟੀ ਟੁੱਕ ਕਰਦੀ ਹੈ।
ਮਾਂ ਹੱਸਣ ਲੱਗੀ, 'ਇਹਦੇ ਮਾਮੇ ਦੀ ਕੀ ਗੱਲ ਹੈ, ਜੋ ਮੂੰਹ ਆਇਆ ਆਖ ਦਿੱਤਾ, ਇਹ ਅਜੇ ਵਿਆਹੀ ਨਹੀਂ ਗਈ, ਇਹਦੇ ਹਥੋਂ ਕੌਣ ਖਾਏਗਾ? ਆਪਣੀ ਮਿਸ਼ਰਾਣੀ ਨੂੰ ਭੇਜ ਦਿਤਾ ਹੈ, ਉਹੋ ਰੋਟੀ ਟੁੱਕ ਕਰੇਗੀ। ਸਾਡੇ ਘਰ ਵਡੀ ਨੋਂਹ ਬਣਾ ਰਹੀ ਹੈ, ਮੈਂ ਤਾਂ ਅੱਜ ਦੇ ਕੋਲ ਉਹਦੇ ਪਾਸੋਂ ਹੀ ਖਾਂਦੀ ਹਾਂ।
ਸ਼ੇਖਰ ਸਮਝ ਗਿਆ ਕਿ ਇਸ ਟੱਬਰ ਦਾ ਵਡਾ ਭਾਰ ਆਪਣੇ ਜੁਮੇ ਲੈ ਲਿਆ ਗਿਆ ਹੈ। ਉਹ ਇਕ ਤਸੱਲੀ ਦਾ ਸਾਹ ਲੈਕੇ ਚੁੱਪ ਹੋ ਗਿਆ।
ਮਹੀਨਾ ਪਿਛੋਂ ਇਕ ਦਿਨ ਸ਼ੇਖਰ ਸ਼ਾਮ ਨੂੰ ਆਪਣੇ ਕਮਰੇ ਵਿੱਚ ਕੌਂਚ ਤੇ ਅੱਧ-ਸੁੱਤੀ ਹਾਲਤ ਵਿਚ ਪਿਆ ਇਕ ਅੰਗਰੇਜ਼ੀ ਦਾ ਨਾਵਲ ਪੜ੍ਹ ਰਿਹਾ ਸੀ, ਕਾਫੀ ਮਨ ਲੱਗਾ ਹੋਇਆ ਸੀ, ਏਨੇ ਚਿਰ ਨੂੰ ਲਲਿਤਾ ਕਮਰੇ ਵਿਚ ਆਕੇ ਸਿਰਹਾਣੇ ਥਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਖੜਾਕ ਕਰਦੀ ਹੋਈ ਦਰਾਜ਼ ਖੋਲ੍ਹਣ ਲੱਗ ਪਈ, ਸ਼ੇਖਰ ਨੇ ਕਿਤਾਬ ਵਿਚ ਹੀ ਧਿਆਨ ਲਾਏ ਹੋਏ ਨੇ ਆਖਿਆ ਕੀ ਗੱਲ ਹੈ।
ਲਲਿਤਾ ਨੇ ਆਖਿਆ, “ਰੁਪੈ ਲੈ ਰਹੀ ਹਾਂ'
ਸ਼ੇਖਰ, 'ਹਾਂ' ਆਖਕੇ ਪੜ੍ਹਨ ਲੱਗ ਪਿਆ, ਲਲਿਤਾ ਪੱਲੇ ਰੁਪਏ ਬੰਨ੍ਹ ਕੇ ਉੱਠ ਖਲੋਤੀ। ਅੱਜ ਉਹ ਬਣ ਤਣਕੇ ਆਈ ਸੀ। ਉਹਦਾ ਖਿਆਲ ਸੀ ਕਿ ਸ਼ੇਖਰ ਉਸ ਵੱਲ ਜਰੂਰ ਵੇਖੇ। ਕਹਿਣ ਲੱਗੀ, 'ਦਸ ਰੁਪੈ ਲੈ ਜਾ ਰਹੀ ਹਾਂ।'
ਸ਼ੇਖਰ ਨੇ ‘ਚੰਗਾ ਆਖ ਦਿਤਾ ਪਰ ਉਹਦੇ ਵੱਲ ਵੇਖਿਆ ਨਹੀਂ। ਕੋਈ ਹੋਰ ਉਪਾ ਨ ਵੇਖਕੇ ਉਹ ਐਧਰ ਊਧਰ ਚੀਜ਼ਾਂ ਵਸਤਾਂ ਧਰਨ ਚੁਕਣ ਲੱਗ ਪਈ। ਏਸਤਰਾਂ ਉਹ ਝੂਠ ਮੂਠ ਹੀ ਚਿਰ ਕਰਨ ਲੱਗ ਪਈ ਪਰ ਕਿਸੇ ਤਰਾਂ ਵੀ ਕੋਈ ਨਤੀਜਾ ਨਾ ਨਿਕਲਿਆ, ਤਦ ਉਹ ਹੌਲੀ ਹੌਲੀ ਬਾਹਰ ਚਲੀ ਗਈ। ਪਰ ਬਾਹਰ ਚਲੀ ਜਾਣ ਨਾਲ ਉਹ ਜਾ ਥੋੜਾ ਸਕਦੀ ਸੀ, ਉਸ ਨੂੰ ਫੇਰ ਦਰਵਾਜ਼ੇ ਕੋਲ ਆ ਕੇ ਖਲੋਣਾ ਪਿਆ। ਅਜ ਸਾਰਿਆਂ ਨਾਲ ਉਸ ਨੇ ਥੀਏਟਰ ਵੇਖਣ ਜਾਣਾ ਸੀ।
ਇਹ ਉਹ ਜਾਣਦੀ ਹੈ ਕਿ ਸ਼ੇਖਰ ਤੋਂ ਬਿਨਾਂ ਪੁਛੇ ਉਹ ਕਿਤੇ ਨਹੀਂ ਜਾ ਸਕਦੀ।ਇਸ ਗੱਲ ਉਹਨੂੰ ਕਿਸੇ ਦਸੀ ਨਹੀਂ ਸੀ ਤੇ ਨਾ ਹੀ ਕਦੇ ਇਸ ਗਲ ਬਾਰੇ ਉਹਦੇ ਮਨ ਵਿਚ ਕੋਈ ਖਿਆਲ ਆਇਆ ਸੀ, ਪਰ ਹਰ ਜੀਵ ਵਿਚ ਜੋ ਸੁਭਾਵਕ ਬੁੱਧੀ ਹੈ, ਉਸੇ ਬੁੱਧੀ ਅਨੁਸਾਰ ਹੀ ਇਹ ਜਾਣ ਲਿਆ ਸੀ ਕਿ ਕੋਈ ਭਾਵੇਂ ਜੋ ਮਰਜ਼ੀ ਹੈ ਕਰ ਲਏ ਜਾਂ ਜਿਥੇ ਮਰਜ਼ੀ ਹੋ ਚਲਿਆ ਜਾਏ, ਪਰ ਉਹ ਏਦਾਂ ਨਹੀਂ ਕਰ ਸਕਦੀ, ਨਾਹੀ ਕਿਤੇ ਜਾ ਸਕਦੀ ਹੈ। ਨਾਂ ਤਾਂ ਉਹ ਆਜ਼ਾਦ ਹੈ ਤੇ ਨਾਂ ਹੀ ਮਾਮੇ ਤੇ ਭਰਾ ਦੀ ਆਗਿਆ ਉਸ ਲਈ ਕਾਫੀ ਹੈ। ਉਸਨੇ ਦਰਵਾਜ਼ੇ ਦੇ ਉਹਲਿਉਂ ਹੌਲੀ ਜਹੀ ਆਖਿਆ, 'ਅਸੀਂ ਸਾਰੇ ਥੀਏਟਰ ਜਾ ਰਹੇ ਹਾਂ।'
ਇਹ ਮਿੱਠੀ ਜਹੀ ਤੇ ਨਿੰਮੀ, ਜਹੀ ਅਵਾਜ਼ ਸ਼ੇਖਰ ਦੇ ਕੰਨਾਂ ਤੋਂ ਉਰੇਉਰੇ ਹੀ ਰਹਿ ਗਈ। ਉਹਨੇ ਕੋਈ ਜਵਾਬ ਨਾ ਦਿੱਤਾ।
ਲਲਿਤਾ ਨੇ ਫੇਰ ਜ਼ਰਾ ਜ਼ੋਰ ਦੀ ਆਖਿਆ, 'ਸਾਰੀਆਂ ਮੈਨੂੰ ਉਡੀਕ ਰਹੀਆਂ ਹਨ'।
ਹੁਣ ਸ਼ੇਖਰ ਨੇ ਸੁਣ ਲਿਆ। ਕਿਤਾਬ ਇਕ ਪਾਸੇ ਰੱਖਕੇ ਬੋਲਿਆ, 'ਕੀ ਗਲ ਹੈ?'
ਲਲਿਤਾ ਨੇ ਰੋਸੇ ਜਹੇ ਨਾਲ ਆਖਿਆ, 'ਐਨੇ ਚਿਰ ਪਿਛੋਂ ਸੁਣਿਆ ਹੈ? ਅਸੀਂ ਥੀਏਟਰ ਜਾ ਰਹੀਆਂ ਹਾਂ।'
ਸ਼ੇਖਰ ਨੇ ਆਖਿਆ, ਕੌਣ ਕੌਣ?'
ਮੈਂ, ਅਨਾਕਾਲੀ, ਚਾਰੂਬਾਲਾ, ਚਾਰੂ ਬਾਲਾ ਦਾ ਭਰਾ ਉਸਦੇ ਮਾਮਾ ਜੀ ........ ਮਾਮਾ ਕਿਹੜਾ?'
ਲਲਿਤਾ ਨੇ ਆਖਿਆ, 'ਉਹਦਾ ਨਾਮ ਗਰੀਨ ਬਾਬੂ ਹੈ।' ਪੰਜ ਦਿਨ ਹੋਏ ਮੁੰਗੇਰ ਤੋਂ ਆਏ ਹਨ। ਏਥੇ ਬੀ. ਏ, ਵਿਚ ਪੜ੍ਹਨਗੇ। ਚੰਗੇ ਆਦਮੀ ਹਨ।'
ਵਾਹ! ਨਾਂ, ਥਾਂ, ਕੰਮ, ਸਭ ਕੁਝ ਮਲੂਮ ਹੋ ਗਿਆ ਹੈ। ਮਲੂਮ ਹੁੰਦਾ ਹੈ ਕਿ ਚੰਗੀ ਵਾਕਫੀ ਹੋਗਈ ਹੈ। ਏਸੇ ਕਰਕੇ ਚੌਹਾਂ ਪੰਜਾਂ ਦਿਨਾਂ ਤੋਂ ਗਰੜ ਹੋਗਈ ਏਂ। ਸ਼ਾਇਦ ਤਾਸ਼ ਖੇਡਦੇ ਰਹੇ ਹੋਵੋਗੇ।
ਸ਼ੇਖਰ ਦੇ ਇਸ ਗੱਲ ਬਾਤ ਦੇ ਢੰਗ ਤੋਂ ਲਲਿਤਾ ਡਰ ਗਈ। ਉਹਨੇ ਸੋਚਿਆ ਵੀ ਨਹੀਂ ਸੀ ਕਿ ਇਹੋ ਜਹੇ ਸਵਾਲ ਵੀ ਹੋ ਸਕਦੇ ਹਨ। ਉਹ ਚੁਪ ਰਹੀ।
ਸ਼ੇਖਰ ਨੇ ਆਖਿਆ, “ਕਈਆਂ ਦਿਨਾਂ ਤੋਂ ਖੂਬ ਤਾਸ਼ ਖੇਡੀ ਜਾ ਰਹੀ ਸੀ ਨਾਂ? ਲਲਿਤਾ ਨੇ ਗਲੂਟੂ ਜਿਹਾ ਭਰਕੇ ਆਖਿਆ, ਚਾਰੂ ਨੇ ਦਸਿਆ ਸੀ?
ਚਾਰੂ ਨੇ ਦਸਿਆ ਸੀ, ਕੀ ਦਸਿਆ ਸੀ? ਆਖ ਕੇ ਸ਼ੇਖਰ ਨੇ ਮੂੰਹ ਚੁੱਕ ਕੇ ਵੇਖਿਆ ਫੇਰ ਕਹਿਣ ਲੱਗਾ।' "ਵਾਹ ਇਕ ਦਮ ਕਪੜੇ ਪਾਕੇ ਤਿਆਰ ਹੋਕੇ ਆਗਈ ਏਂ?" “ਚੰਗਾ ਜਾਓ।"
ਲਲਿਤਾ ਗਈ ਨਹੀਂ, ਉੱਥੇ ਹੀ ਚੁੱਪ ਚਾਪ ਖੜੀ ਰਹੀ।
ਲਾਗਲੇ ਮਕਾਨ ਦੀ ਚਾਰੂ ਬਾਲਾ ਉਹਦੀ ਹਾਨਣ ਸਹੇਲੀ ਹੈ। ਇਹ ਲੋਕ ਬ੍ਰਹਮ ਸਮਾਜੀ ਹਨ। ਸ਼ੇਖਰ ਸਿਰਫ ਇਕ ਗਿਰੀ ਨੰਦ ਨੂੰ ਛਡਕੇ ਬਾਕੀ ਸਾਰਿਆਂ ਨੂੰ ਜਾਣਦਾ ਹੈ। ਗਿਰੀ ਨੰਦ ਪੰਜ ਸੱਤ ਸਾਲ ਪਹਿਲਾਂ ਕੁਝ ਦਿਨਾਂ ਵਾਸਤੇ ਏਧਰ ਆਇਆ ਸੀ। ਏਨੇ ਚਿਰ ਦਾ ਬਾਂਕੀ ਪੁਰ ਪੜ੍ਹ ਰਿਹਾ ਸੀ। ਫੇਰ ਉਹਨੂੰ ਕਲਕਤੇ ਆਉਣ ਦੀ ਲੋੜ ਨ ਪਈ! ਤੇ ਨਾ ਹੀ ਉਹ ਆਇਆ,ਇਸੇ ਕਰਕੇ ਸ਼ੇਖਰ ਉਹਨੂੰ ਨਹੀਂ ਸੀ ਪਛਾਣਦਾ। ਲਲਿਤਾ ਨੂੰ ਫੇਰ ਵੀ ਖਲੋਤੀ ਵੇਖ ਕੇ ਉਸਨੇ ਆਖਿਆ, 'ਐਵੇਂ ਝੂਠ ਮੂਠ ਕਿਉਂ ਖਲੋਤੀ ਏਂ? ਜਾਹ।' ਇਹ ਆਖਕੇ ਆਪਣੀ ਕਿਤਾਬ ਚੁੱਕ ਲਈ।
ਪੰਜਕੁ ਮਿੰਟ ਚਪ ਚਾਪ ਖਲੋਣ ਪਿਛੋਂ, ਲਲਿਤਾ ਨੇ ਹੌਲੀ ਜਹੀ ਪੁਛਿਆ, 'ਜਾਵਾਂ?'
ਜਾਣ ਵਾਸਤੇ ਆਖ ਤਾਂ ਦਿੱਤਾ ਹੈ।
ਸ਼ੇਖਰ ਦਾ ਰੁਖ ਵੇਖਕੇ ਲਲਿਤਾ ਦਾ ਥੀਏਟਰ ਦੇਖਣ ਦਾ ਸ਼ੌਕ ਜਾਂਦਾ ਰਿਹਾ ਪਰ ਹੁਣ ਜਾਣ ਤੋਂ ਬਿਨਾਂ ਰਹਿ ਨਹੀਂ ਸੀ ਹੁੰਦਾ।
ਇਹ ਗੱਲ ਹੋ ਚੁੱਕੀ ਸੀ ਕਿ ਉਹ ਅੱਧਾ ਖਰਚ ਕਰੇਗੀ ਤੇ ਅੱਧਾ ਚਾਰੂ ਦਾ ਮਾਮਾ ਕਰੇਗਾ।
ਚਾਰੂ ਦੇ ਘਰ ਸਾਰੇ ਬੇਸਬਰ ਹੋਕੇ ਉਹਦਾ ਰਾਹ ਵੇਖ ਰਹੇ ਸਨ, ਜਿਉਂ ਜਿਉਂ ਚਿਰ ਹੁੰਦਾ ਸੀ, ਉਹ ਹੋਰ ਵੀ ਬੇਚੈਨ ਹੁੰਦੇ ਜਾ ਰਹੇ ਸਨ, ਇਹ ਗੱਲ ਉਹਨੂੰ ਸਾਫ ਦਿਸ ਰਹੀ ਸੀ। ਬਿਨਾਂ ਆਗਿਆ ਤੋਂ ਚਲੇ ਜਾਣ ਦਾ ਉਹਨੂੰ ਹੌਸਲਾ ਨਹੀਂ ਸੀ ਪੈਂਦਾ। ਫੇਰ ਦੋ ਚਾਰ ਮਿੰਟ ਚੁੱਪ ਰਹਿਕੇ ਬੋਲੀ, 'ਸਿਰਫ ਅੱਜ ਵਾਸਤੇ ਹੀ ਜਾਵਾਂ?'
ਸ਼ੇਖਰ ਨੇ ਕਿਤਾਬ ਇਕ ਪਾਸੇ ਕਰਕੇ ਜ਼ਰਾ ਧਮਕਾਕੇ ਆਖਿਆ, ਲਲਿਤਾ ਪਰੇਸ਼ਾਨ ਨਾ ਕਰ। ਜੇ ਦਿਲ ਕਰਦਾ ਹੈ ਤਾਂ ਚਲੀ ਜਾਹ। ਚੰਗਾ ਮੰਦਾ ਵਿਚਾਰਨ ਦੀ ਤੇਰੀ ਉਮਰ ਹੋ ਗਈ ਹੈ।
ਲਲਿਤਾ ਚੌਂਕ ਪਈ, ਸ਼ੇਖਰ ਦੀ ਡਾਂਟ ਫਿਟਕਾਰ ਖਾਣਾ ਇਹ ਕੋਈ ਨਵਾਂ ਕੰਮ ਨਹੀਂ ਹੈ, ਇਹ ਦਾ ਇਹਨੂੰ ਅਭਿਆਸ ਵੀ ਸੀ ਪਰ ਦੋਂਹ ਤਿੰਨਾਂ ਸਾਲਾਂ ਤੋਂ ਇਹੋ ਜਹੀ ਡਾਂਟ ਕਦੇ ਨਹੀਂ ਸੀ ਮਿਲੀ। ਇਕ ਪਾਸੇ ਉਸਦੀਆਂ ਸਹੇਲੀਆਂ ਉਸਨੂੰ ਉਡੀਕ ਰਹੀਆਂ ਹਨ, ਉਹ ਖੁਦ ਤਿਆਰ ਹੋਕੇ ਰੁਪੈ ਲੈਣ ਆਈ ਹੈ। ਇਹ ਝਿੜਕ ਝੰਬ ਦੀ ਬਿਪਤਾ ਉਸਦੇ ਗਲ ਵਾਧੂ ਪੈ ਗਈ ਹੈ। ਹੁਣ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਵੇਗੀ?
ਕਿਤੇ ਜਾਣ ਆਉਣ ਬਦਲੇ ਉਸ ਨੂੰ ਸ਼ੇਖਰ ਵਲੋਂ ਖੁਲ੍ਹੀਆਂ ਛੁਟੀਆਂ ਸਨ। ਏਸੇ ਕਰਕੇ ਹੀ ਉਹ ਤਿਆਰ ਹੋਕੇ ਰੁਪੈ ਲੈਣ ਆਈ ਸੀ, ਹੁਣ ਉਹਦੀ ਖੁਲ ਹੀ ਨਸ਼ਟ ਨਹੀਂ ਸੀ ਹੋਈ, ਸਗੋਂ ਜਿਸ ਸਬੱਬ ਕਰਕੇ ਇਹ ਝਿੜਕ ਪਈ ਸੀ। ਉਹ ਐਨੀ ਜ਼ਿਆਦਾ ਸ਼ਰਮ ਭਰੀ ਸੀ ਕਿ ਅੱਜ ਤੇਰਾਂ ਸਾਲ ਦੀ ਉਮਰ ਵਿਚ ਇਸਦਾ ਅਨਭਵ ਕਰਕੇ ਅੰਦਰੋ ਅੰਦਰ ਮਰ ਮਿਟਣ ਲੱਗੀ, ਮਾਰੇ ਅਭਿਮਾਨ ਦੇ ਅੱਖੀਂ ਅੱਥਰੂ ਭਰਕੇ ਉਹ ਹੋਰ ਵੀ ਪੰਜ ਕੁ ਮਿੰਟ ਅੱਖਾਂ ਪੂੰਝਦੀ ਹੋਈ ਉਥੋਂ ਚਲੀ ਗਈ, ਘਰ ਪਹੁੰਚਕੇ ਉਹਨੇ ਮਹਿਰੀ ਨੂੰ ਸੱਦ ਕੇ ਉਹਦੇ ਰਾਹੀਂ ਅਨਾਕਾਲੀ ਨੂੰ ਸੱਦ ਕੇ ਦੱਸ ਰੁਪੈ ਉਹਦੇ ਹੱਥ ਵਿਚ ਦੇ ਕੇ ਆਖਿਆ, “ਅੱਜ ਤੁਸੀਂ ਚਲੇ ਜਾਓ!" ਕਾਲੀ, ਮੇਰਾ। ਦਿਲ ਖਰਾਬ ਹੋਗਿਆ ਹੈ। ਸਹੇਲੀ ਨੂੰ ਆਖ ਦੇਣਾ ਮੈਂ ਨਹੀਂ ਜਾ ਸਕਦੀ।'
ਕਾਲੀ ਨੇ ਪੁਛਿਆ, 'ਦਿਲ ਖਰਾਬ ਹੈ ਬੀਬੀ?'
ਸਿਰ ਵਿੱਚ ਦਰਦ ਹੁੰਦਾ, ਜੀ ਕੱਚਾ ਹੋ ਰਿਹਾ ਏ! ਦਿਲ ਬੜਾ ਹੀ ਖਰਾਬ ਹੋ ਰਿਹਾ ਹੈ। ਇਹ ਆਖਕੇ ਉਹ ਬਿਸਤਰੇ ਤੇ ਪਾਸਾ ਮਰੋੜਕੇ ਸੌਂ ਰਹੀ। ਇਹਦੇ ਪਿਛੋਂ ਚਾਰੂ ਨੇ ਆਕੇ ਮਨਾਇਆ ਸਮਝਾਇਆ, ਜਿੱਦ ਕੀਤੀ, ਮਾਸੀ ਦੀ ਫਰਮਾਇਸ਼ ਪੁਆਈ, ਪਰ ਕਿਸੇ ਤਰਾਂ ਵੀ ਉਹ ਜਾਣ ਤੇ ਰਾਜ਼ੀ ਨ ਹੋਈ।
ਅੱਨਾਕਾਲੀ ਦਸ ਰੁਪੈ ਲੈ ਕੇ ਜਾਣ ਵਾਸਤੇ ਤਰਸ ਰਹੀ ਸੀ। ਕਿਤੇ ਏਸ ਝਗੜੇ ਵਿਚ ਜਾ ਹੀ ਨ ਸਕੀਏ, ਇਸ ਡਰ ਤੋਂ ਉਸਨੇ ਚਾਰੂ ਨੂੰ ਅੱਡ ਖੜਕੇ ਰੁਪੈ ਵਿਖਾਕੇ ਆਖਿਆ, 'ਬੀਬੀ ਦਾ ਦਿਲ ਖਰਾਬ ਹੈ, ਓਹ ਨ ਜਾਏਗੀ' ਤਾਂ ਫੇਰ ਕੀ ਹੋਇਆ। ਓਹਨੇ ਮੈਨੂੰ ਰੁਪੈ ਦੇ ਦਿਤੇ ਹਨ। ਚਲੋ ਅਸੀਂ ਚਲੀਏ।' ਚਾਰੂ ਸਮਝ ਗਈ।ਅਨਾਕਲੀ ਉਮਰ ਵਿਚ ਛੋਟੀ ਹੋਣ ਤੇ ਵੀ ਕਿਸੇ ਨਾਲੋਂ ਅਕਲ ਵਿਚ ਛੋਟੀ ਨਹੀਂ। ਉਹ ਖੁਸ਼ ਹੋਕੇ ਉਹਨੂੰ ਨਾਲ ਲੈਕੇ ਚਲੀ ਗਈ।

੩.
ਚਾਰੂ ਬਾਲਾ ਦੀ ਮਾਂ ਮਨੋਰਮਾ ਨੂੰ ਤਾਸ਼ ਖੇਡਨ ਵਰਗੀ ਪਿਆਰੀ ਚੀਜ਼ ਦਨੀਆਂ ਵਿਚ ਹੋਰ ਕੋਈ ਨਹੀਂ ਸੀ। ਪਰ ਖੇਲਣ ਦਾ ਜਿੰਨਾ ਸ਼ੌਕ ਸੀ ਉੱਨੀ ਜਾਚ ਨਹੀਂ ਸੀ। ਉਸਦਾ ਇਹ ਘਾਟਾ ਲਲਿਤਾ ਪੂਰਾ ਕਰ ਦੇਂਂਦੀ ਸੀ। ਇਹ ਬਹੁਤ ਚੰਗਾ ਖੇਲਣਾ ਜਾਣਦੀ ਸੀ, ਮਨੋਰਮਾ ਦੇ ਮਾਮੇ ਦੇ ਪੁਤ ਭਰਾ ਗਿਰੀ ਨੰਦ ਦੇ ਆਉਣ ਤੇ ਇਹਨਾਂ ਦੇ ਘਰ ਦੁਪਹਿਰ ਨੂੰ ਖੂਬ ਤਾਸ਼ ਖੇਲ ਜਾਂਦੀ ਸੀ। ਗਿਰੀ ਨੰਦ ਆਦਮੀ ਸੀ ਤੇ ਖੇਲਦਾ ਵੀ ਚੰਗਾ ਸੀ ਸੋ ਉਹਦੇ ਟਾਕਰੇਤੇ ਲਲਿਤਾ ਦੀ ਲੋੜ ਜਰੂਰ ਪੈ ਜਾਂਦੀ ਸੀ। ਥੀਏਟਰ ਵੇਖਣ ਤੋਂ ਦੂਜੇ ਦਿਨ ਜਦ ਤੀਕ ਸਮੇਂ ਸਿਰ ਲਲਿਤਾ ਮਨੋਰਮਾ ਦੇ ਕੋਲ ਨ ਪੁਜ ਸਕੀ ਤਾਂ ਉਹਨਾਂ ਸੱਦਣ ਲਈ ਮਹਿਰੀ ਭੇਜੀ। ਲਲਿਤਾ ਉਸ ਵੇਲੇ ਕਿਸੇ ਛੋਟੀ ਜਹੀ ਕਾਪੀ ਤੇ ਅੰਗ੍ਰੇਜ਼ੀ ਵਿਚ ਅਨੁਵਾਦ ਕਰ ਰਹੀ ਸੀ। ਸੋ ਨ ਗਈ।
ਉਹਦੀ ਸਹੇਲੀ ਵੀ ਆਈ ਪਰ ਕੁਝ ਨ ਕਰ ਸਕੀ। ਅਖੀਰ ਨੂੰ ਮਨੋਰਮਾ ਆਪ ਆਈ ਤੇ ਉਹਦੀ ਕਾਪੀ ਕੂਪੀ ਪਰ੍ਹਾਂ ਸੁੱਟ ਕੇ ਆਖਣ ਲੱਗੀ, ਉਠ! ਵੱਡੀ ਹੋਕੇ ਤੂੰ ਮਜਿਸਟਰੇਟੀ ਨਹੀਂ ਕਰਨੀ, ਤਾਸ਼ ਹੀ ਖੇਲਣੀ ਹੈ। ਚਲ!'
ਲਲਿਤਾ ਬੜੀ ਕੁੜਿਕੀ ਵਿਚ ਫਸ ਗਈ। ਰੋਣਹਾਕੀ ਹੋਕੇ ਬੋਲੀ, 'ਅੱਜ ਤਾਂ ਕਿਸੇ ਤਰਾਂ ਵੀ ਨਹੀਂ ਜਾਇਆ ਜਾਂਦਾ ਕੱਲ ਆ ਜਾਵਾਂਗੀ।' ਮਨੋਰਮਾ ਨੇ ਇਕ ਨ ਸੁਣੀ ਤੇ ਉਸਦੀ ਮਾਸੀ ਨੂੰ ਆਖਕੇ ਲੈ ਗਈ। ਏਸਤਰਾਂ ਜਾਕੇ ਉਹਨੂੰ ਗਿਰੀ ਨੰਦ ਦੇ ਮੁਕਾਬਲੇ ਵਿਚ ਤਾਸ਼ ਖੇਡਣੀ ਪਈ। ਪਰ ਖੇਲ ਸੁਆਦੀ ਨਹੀਂ ਹੋਇਆ। ਉਹ ਆਪਣਾ ਮਨ ਹੀ ਨਹੀਂ ਲਾ ਸਕੀ। ਜਿਨਾਂ ਚਿਰ ਬੈਠੀ ਦੋ ਚਿਤੀ ਜਿਹੀ ਬੈਠੀ ਰਹੀ ਤੇ ਫੇਰ ਉਠਕੇ ਤੁਰ ਪਈ। ਜਾਂਦੀ ਵਾਰੀ ਗਿਰੀਨੰਦ ਨੇ ਆਖਯਾ,'ਕੱਲ ਤੁਸਾਂ ਪੈਸੇ ਭੇਜ ਦਿਤੇ ਪਰ ਗਏ ਨਹੀਂ ਕਲ ਫੇਰ ਚਲੋ?"
ਲਲਿਤਾ ਨੇ ਹੌਲੀ ਜਹੀ ਸਿਰ ਹਿਲਾਕੇ ਆਖਿਆ, "ਨਹੀਂ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ। ਇਹ ਆਖਕੇ ਲਲਿਤਾ ਛੇਤੀ ਨਾਲ ਚਲੀ ਗਈ। ਅੱਜ ਸਿਰਫ ਸ਼ੇਖਰ ਦੇ ਡਰ ਨਾਲ ਹੀ ਉਹਦਾ ਮਨ ਖੇਲ ਵਿਚ ਨਹੀਂ ਸੀ ਲੱਗਾ, ਇਹ ਗੱਲ ਨਹੀਂ ਸੀ। ਉਹਨੂੰ ਖੁਦ ਵੀ ਬੜੀ ਸ਼ਰਮ ਆ ਰਹੀ ਸੀ।
ਸ਼ੇਖਰ ਦੇ ਘਰ ਵਾਂਗੂੰ ਇਸ ਘਰ ਵਿਚ ਵੀ ਉਹ ਛੋਟੀ ਹੁੰਦੀ ਹੀ ਆ ਜਾ ਰਹੀ ਹੈ। ਜਿੱਦਾਂ ਘਰ ਵਾਲਿਆਂ ਦੇ ਸਾਹਮਣੇ ਫਿਰਦੀ ਰਹੀ ਹੈ ਇਸੇ ਤਰ੍ਹਾਂ ਇੱਥੇ ਵੀ ਸਾਰਿਆਂ ਦੇ ਸਾਹਮਣੇ ਫਿਰ ਰਹੀ ਹੈ। ਇਸੇ ਕਰਕੇ ਚਾਰੂ ਦੇ ਮਾਮੇ ਦੇ ਸਾਹਮਣੇ ਆਉਣੋ ਜਾਂ ਗੱਲ ਬਾਤ ਕਰਨੋਂ ਉਹਨੇ ਕੋਈ ਸੰਕੋਚ ਨਹੀਂ ਕੀਤਾ। ਅਜ ਸਾਰਾ ਦਿਨ ਤਾਸ਼ ਖੇਡਦਿਆਂ ੨ ਉਹਨੂੰ ਇਹੋ ਹੀ ਮਲੂਮ ਹੁੰਦਾ ਰਿਹਾ ਹੈ ਕਿ ਬਹੁਤ ਸਾਰੀ ਵਾਕਫੀ ਪੈ ਜਾਣ ਨਾਲ ਗਿਰੀਨੰਦ ਉਸਨੂੰ ਬਹੁਤ ਪਿਆਰ ਨਾਲ ਵੇਖਦਾ ਰਿਹਾ ਹੈ। ਪੁਰਸ਼ ਦਾ ਕਿਸੇ ਇਸਤਰੀ ਨੂੰ ਪਿਆਰ ਦੀ ਨਿਗਾਹ ਨਾਲ ਵੇਖਣਾ ਕਿੰਨੀ ਸ਼ਰਮ ਦੀ ਗੱਲ ਹੈ, ਇਸਦਾ ਇਹਨੂੰ ਪਹਿਲਾਂ ਕਦੇ ਖਿਆਲ ਵੀ ਨਹੀਂ ਸੀ ਆਇਆ।
ਘਰ ਵਿਚ ਜਰਾ ਚਿਰ ਹੋਣ ਕਰਕੇ ਉਹ ਝੱਟ ਪੱਟ ਸ਼ੇਖਰ ਦੇ ਕਮਰੇ ਵਿਚ ਜਾ ਪੁਜੀ ਤੇ ਕੰਮ ਵਿਚ ਲੱਗ ਗਈ। ਛੋਟੀ ਹੁੰਦੀ ਤੋਂ ਹੀ ਇਸ ਕਮਰੇ ਦਾ ਛੋਟਾ ਮੋਟਾ ਕੰਮ ਇਸੇ ਨੂੰ ਕਰਨਾ ਪੈਂਦਾ ਸੀ । ਕਿਤਾਬਾਂ ਚੁੱਕ ਕੇ ਠੀਕ ਠਾਕ ਤਰੀਕੇ ਤੇ ਰੱਖਣੀਆਂ, ਮੇਜ਼ ਸਜਾ ਦੇਣਾ, ਦਵਾਤਾਂ ਕਾਗਜ਼ ਝਾੜ ਪੂੰਝਕੇ ਨਵੇਂ ਸਿਰਿਓ ਰੱਖ ਦੇਣੇ, ਇਹ ਸਭ ਕੰਮ ਇਹਦੇ ਬਿਨਾਂ ਹੋਰ ਕੋਈ ਨਹੀਂ ਸੀ ਕਰਦਾ । ਸੱਤਾਂ ਦਿਨਾਂ ਦੀ ਲਾਪਰਵਾਹੀ ਕਰਕੇ ਬਹੁਤ ਸਾਰਾ ਕੰਮ ਇਕੱਠਾ ਹੋਗਿਆ ਸੀ। ਇਹ ਸਭ ਕੁਝ ਉਹ ਸ਼ੇਖਰ ਦੇ ਆਉਣ ਤੋਂ ਪਹਿਲਾਂ ਠੀਕ ਕਰ ਦੇਣ ਦੇ ਖਿਆਲ ਤੋਂ ਖੂਬ ਕਮਰਕਸੇ ਕਰਕੇ ਲੱਗ ਗਈ ਸੀ।
ਲਲਿਤਾ ਭਵਨੇਸ਼ਰੀ ਨੂੰ ਮਾਂ ਆਖਦੀ ਸੀ। ਮੌਕਾ ਮਿਲਣ ਤੇ ਇਹ ਇਹਦੇ ਕੋਲ ਹੀ ਰਿਹਾ ਕਰਦੀ ਸੀ। ਉਹ ਇਸ ਘਰ ਦੇ ਕਿਸੇ ਨੂੰ ਵੀ ਗੈਰ ਨਹੀਂ ਸੀ ਸਮਝਦੀ ਹੁੰਦੀ, ਏਸ ਕਰਕੇ ਉਹਨੂੰ ਵੀ ਕੋਈ ਗੈਰ ਨਹੀਂ ਜਾਣਦਾ। ਅੱਠਾਂ ਸਾਲਾਂ ਦੀ ਉਮਰ ਵਿਚ ਹੀ ਉਹਦੇ ਮਾਂ ਪਿਉ ਮਰ ਗਏ ਸਨ। ਤੇ ਵਿਚਾਰੀ ਨਾਨਕੇ ਆ ਟਿਕੀ ਸੀ। ਤਦੋਂ ਤੋਂ ਹੀ ਭੈਣਾਂ ਵਾਂਗ ਉਹ ਸ਼ੇਖਰ ਦੇ ਲਾਗੇ ਚਾਗੇ ਫਿਰ ਫਿਰਾਕੇ ਪੜ੍ਹਨਾ ਲਿਖਣਾ ਸਿਖ ਕੇ ਜਵਾਨ ਹੋ ਰਹੀ ਸੀ।
ਉਹ ਸ਼ੇਖਰ ਦੇ ਪਿਆਰ ਦੀ ਹੱਕਦਾਰ ਹੈ, ਇਹ ਗਲ ਸਾਰੇ ਜਾਣਦੇ ਸਨ, ਪਰ ਇਹ ਗੱਲ ਕੋਈ ਨਹੀਂ ਸੀ ਜਾਣਦਾ ਕਿ ਇਹ ਪਿਆਰ ਹੁਣ ਕਿੱਥੋਂ ਤੱਕ ਪਹੁੰਚ ਚੁੱਕਾ ਹੈ। ਹੋਰ ਤਾਂ ਇਕ ਪਾਸੇ ਰਹੇ, ਲਲਿਤਾ ਨੂੰ ਖੁਦ ਵੀ ਪਤਾ ਨਹੀਂ ਸੀ। ਛੋਟੀ ਉਮਰ ਤੋਂ ਹੀ ਦੁਨੀਆਂ ਉਸਨੂੰ ਸ਼ੇਖਰ ਨਾਲ ਲਾਡ ਪਿਆਰ ਕਰਦਿਆਂ ਵੇਖਦੀ ਆਈ ਹੈ ਤੇ ਦੁਨੀਆਂ ਦੀ ਨਜ਼ਰ ਵਿਚ ਇਹ ਪਿਆਰ ਕਦੇ ਰੜਕਿਆ ਨਹੀਂ। ਨਾ ਕੋਈ ਹਰਕਤ ਹੀ ਐਹੋ ਜਹੀ ਹੋਈ ਹੈ ਕਿ ਲੋਕੀ ਸਿਰ ਹੋ ਜਾਣ। ਸੋ ਕਿਸੇ ਦਿਨ ਇਹ ਇਸ ਘਰ ਵਿਚ ਨੋਂਹ ਬਣ ਕੇ ਆ ਸਕਦੀ ਹੈ, ਇਹ ਤਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਨ ਲਲਿਤਾ ਦੇ ਘਰ ਵਾਲਿਆਂ ਨੂੰ, ਨ ਭਵਨੇਸ਼ਵਰੀ ਦੇ ਮਨ ਵਿਚ ਹੀ।
ਲਲਿਤਾ ਨੇ ਸੋਚਿਆ ਸੀ ਕਿ ਕੰਮ ਕਰਕੇ ਸ਼ੇਖਰ ਦੇ ਆਉਣ ਤੋਂ ਪਹਿਲਾਂ ਹੀ ਚਲੀ ਜਾਵਾਂਗੀ। ਪਰ ਕੁਝ ਮਗਨ ਜਹੀ ਹੋਣ ਕਰਕੇ ਉਹ ਘੜੀ ਨੂੰ ਵੇਖ ਹੀ ਨਹੀਂ ਸਕੀ। ਇਕ ਵਾਰੀ ਦਰਵਾਜ਼ੇ ਵਲੋਂ ਪੈਰਾਂ ਦਾ ਖੜਾਕ ਸੁਣਕੇ ਉਹ ਇਕ ਪਾਸੇ ਹੋ ਕੇ ਖਲੋ ਗਈ।
ਸ਼ੇਖਰ ਨੇ ਆਖਿਆ, "ਆ ਗਈ? ਕੱਲ ਕਿੰਨੀ ਕੁ ਰਾਤ ਗਈ ਮੁੜੇ ਸਾਓ ?"
ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ! ਸ਼ੇਖਰ ਇਕ ਆਰਾਮ ਕੁਰਸੀ ਤੇ ਸਹਾਰਾ ਲੈ ਕੇ ਲੇਟ ਗਿਆ। ਬੋਲਿਆ, “ਮੁੜੇ ਕਦੋਂ? ਦੋ ਬਜੇ ਜਾਂ ਤਿੰਨ ਬਜੇ? ਮੂੰਹੋਂ ਗਲ ਕਿਉਂ ਨਹੀਂ ਨਿਕਲਦੀ?"
ਲਲਿਤਾ ਉਸੇ ਤਰਾਂ ਚੁਪ ਚਾਪ ਖਲੋਤੀ ਰਹੀ।
ਸ਼ੇਖਰ ਗੁੱਸੇ ਜਹੇ ਹੋਕੇ ਬੋਲਿਆ, ਥੱਲੇ ਜਾਓ ਮਾਂ ਸੱਦ ਰਹੀ ਹੈ।"
ਭਵਨੇਸ਼ਵਰੀ ਲੰਗਰ ਦੇ ਸਾਹਮਣੇ ਬੈਠੀ ਜਲ ਪਾਣੀ ਤਿਆਰ ਕਰ ਰਹੀ ਸੀ | ਲਲਿਤਾ ਕੋਲ ਜਾਕੇ ਆਖਣ ਲੱਗੀ, “ਮਾਂ ਮੈਨੂੰ ਸਦਿਆ ਸੀ?"
"ਨਹੀਂ।" ਇਹ ਆਖਕੇ ਉਹਨੇ ਲਲਿਤਾ ਦੇ ਚਿਹਰੇ ਵੱਲ ਵੇਖਦਿਆਂ ਹੀ ਆਖਿਆ, "ਤੇਰਾ ਚਿਹਰਾ ਇਹੋ ਜਿਹਾ ਰੁਖਾ ਰੁਖਾ ਕਿਉਂ ਹੈ? ਕੀ ਅਜੇ ਤੱਕ ਕੁਝ ਖਾਧਾ ਪੀਤਾ ਨਹੀਂ?
ਲਲਿਤਾ ਨੇ ਸਿਰ ਹਿਲਾ ਦਿੱਤਾ।
ਭਵਨੇਸ਼ਵਰੀ ਨੇ ਆਖਿਆ, “ਚੰਗਾ । ਜਾਹ ਆਪਣੇ ਭਰਾ ਨੂੰ ਜਲ ਪਾਣੀ ਦੇ ਕੇ ਮੇਰੇ ਕੋਲ ਆ।"
ਲਲਿਤਾ ਥੋੜੇ ਚਿਰ ਨੂੰ ਜਲ ਪਾਣੀ ਦੀ ਤਸ਼ਤਰੀ ਲੈਕੇ ਉੱਡ ਗਈ। ਵੇਖਿਆ ਕਿ ਸ਼ੇਖਰ ਉਸੇ ਤਰਾਂ ਅੱਖਾਂ ਬੰਦ ਕਰਕੇ ਪਿਆ ਹੋਇਆ ਹੈ। ਦਫਤਰ ਵਾਲੇ ਕੱਪੜੇ ਵੀ ਨਹੀਂ ਬਦਲੇ। ਮੂੰਹ ਹੱਥ ਵੀ ਨਹੀਂ ਧੋਤਾ। ਕੋਲ ਜਾਕੇ ਉਹਨੇ ਹੌਲੀ ਜਹੀ ਆਖਿਆ, “ਜਲ ਪਾਣੀ ਲਿਆਈ ਹਾਂ।"
ਸ਼ੇਖਰ ਨੇ ਬਿਨਾਂਵੇਖੇ ਦੇ ਹੀ ਕਿਹਾ "ਕਿਤੇ ਏਥੇ ਰਖ ਜਾਹ।"
ਪਰ ਲਲਿਤਾ ਨੇ ਤਸ਼ਤਰੀ ਰੱਖੀ ਨਹੀ, ਖੜੀ ਰਹੀ। "ਕਦੋਂ ਤੱਕ ਖੜੀ ਰਹੇਂਗੀ ਲਲਿਤਾ, ਮੈਂ ਅੱਜੇ ਚਿਰਾਕਾ ਖਾਣਾ ਪੀਣਾਂ ਹੈ। ਤੂੰ ਰੱਖ ਕੇ ਚਲੀ ਜਾਹ।" ਦੋ ਤਿੰਨ ਮਿੰਟ ਚੁਪ ਰਹਿ ਕੇ ਸ਼ੇਖਰ ਬੋਲਿਆ।
ਲਲਿਤਾ ਚੁਪ ਚਾਪ ਖੜੀ ਮਨ ਹੀ ਮਨ ਵਿਚ ਗੁੱਸੇ ਹੋ ਰਹੀ ਸੀ । ਮਿੱਠੀ ਜਹੀ ਅਵਾਜ਼ ਵਿਚ ਕਹਿਣ ਲੱਗੀ, ਜਿੰਨਾ ਚਿਰ ਹੁੰਦਾ ਹੈ ਹੋ ਲੈਣ ਦਿਓ। ਮੈਨੂੰ ਵੀ ਥੱਲੇ ਕੋਈ ਕੰਮ ਨਹੀਂ।
ਸ਼ੇਖਰ ਅੱਖਾਂ ਖੋਲ ਕੇ ਹਸਦਾ ਹੋਇਆ ਬੋਲਿਆ, "ਖੈਰ ਮੂੰਹੋਂ ਗੱਲ ਤਾਂ ਨਿਕਲੀ। ਥੱਲੇ ਕੰਮ ਨਹੀਂ ਤਾਂ ਆਪਣੇ ਘਰ ਤਾਂ ਹੋ ਰਵੇਗਾ ਹੀ। ਜੇ ਉਥੇ ਵੀ ਨਹੀਂ ਤਾਂ ਪਰਲੇ ਗੁਆਂਢ ਵਾਲੇ ਘਰ ਹੀ ਹੋਵੇਗਾ, ਕਿਤੇ ਤਾਂ ਜ਼ਰੂਰ ਹੋਵੇਗਾ। ਕੋਈ ਇਕ ਘਰ ਤਾਂ ਤੇਰਾ ਹੈ ਨਹੀਂ ਲਲਿਤਾ?"
"ਹਾਂ ਇਹ ਤਾਂ ਹੈ ਈ।" ਇਹ ਆਖ ਕੇ ਜਲ ਪਾਣੀ ਦੀ ਤਸ਼ਤਰੀ ਮੇਜ਼ ਤੇ ਸੁੱਟ ਕੇ ਲਲਿਤਾ ਬੁੜ ਬੁੜ ਕਰਦੀ ਬਾਹਰ ਨੂੰ ਚਲੀ ਗਈ।
ਸ਼ੇਖਰ ਨੇ ਉੱਚੀ ਸਾਰੀ ਕਿਹਾ, “ਸ਼ਾਮ ਦੇ ਪਿੱਛੋਂ ਇਕ ਵਾਰੀ ਜ਼ਰੂਰ ਆਉਣਾ।"
"ਸੌ ਸੌ ਵਾਰ ਮੈਂ ਤਾਣਾ ਨਹੀਂ ਤਣ ਸਕਦੀ", ਆਖਦੀ ਹੋਈ ਲਲਿਤਾ ਚਲੀ ਗਈ ।
ਥੱਲੇ ਜਾਂਦਿਆਂ ਹੀ ਮਾਂ ਨੇ ਫੇਰ ਮੋੜਿਆ, ਭਰਾ ਨੂੰ ਜਲ ਪਾਣੀ ਤਾਂ ਦੇ ਆਈ, ਪਰ ਪਾਨ ਨਹੀਂ ਦਿੱਤਾ।
ਮੈਨੂੰ ਹੁਣ ਭਖ ਲੱਗੀ ਹੈ ਮਾਂ, ਮੈਥੋਂ ਨਹੀਂ ਜਾਇਆਂ ਜਾਂਦਾ। ਕੋਈ ਹੋਰ ਦੇ ਆਵੇ। ਇਹ ਆਖਕੇ ਉਹ ਬਹਿ ਗਈ।
ਮਾਂ ਨੇ ਉਹਦੇ ਰੁੱਸੇ ਹੋਏ ਮੂੰਹ ਵੱਲ ਵੇਖ ਕੇ ਆਖਿਆ, "ਚੰਗਾ ਤੂੰ ਖਾ ਪੀ ਲੈ ਮਹਿਰੀ ਹੱਥ ਭੇਜ ਦੇਂਦੀ ਹਾਂ।"
ਲਲਿਤਾ ਬਿਨਾ ਕਿਸੇ ਜਵਾਬ ਤੋਂ ਹੀ ਖਾਣ ਬਹਿ ਗਈ। ਉਹ ਥੀਏਟਰ ਦੇਖਣ ਨਹੀਂ ਗਈ ਫੇਰ ਵੀ ਸ਼ੇਖਰ ਨੇ ਉਹਨੂੰ ਡਾਂਟਿਆ ਸੀ, ਏਸ ਗੁਸੇ ਦੀ ਮਾਰੀ ਚਾਰ ਪੰਜ ਦਿਨ ਉਹ ਸ਼ੇਖਰ ਦੇ ਸਾਹਮਣੇ ਨਹੀਂ ਗਈ। ਸੁਵਾਦੀ ਗੱਲ ਇਹ ਕਿ ਉਂਞ ਉਹਦੇ ਕਮਰੇ ਦਾ ਸਾਰਾ ਕੰਮ ਉਹ ਕਰ ਦੇਂਦੀ ਰਹੀ ਹੈ, ਸ਼ੇਖਰ ਨੇ ਆਪਣੀ ਗਲਤੀ ਸਮਝਕੇ ਉਹਨੂੰ ਸਦਿਆ ਵੀ ਹੈ, ਪਰ ਉਹ ਨਹੀਂ ਗਈ।

੪.
ਇਸ ਮਹੱਲੇ ਵਿਚ ਇਕ ਬਹੁਤ ਬੁੱਢਾ ਕਦੇ ਭੀਖ ਮੰਗਣ ਆਇਆ ਕਰਦਾ ਸੀ ਇਹਦੇ ਤੇ ਲਲਿਤਾ ਬੜਾ ਤਰਸ ਕਰਦੀ ਹੁੰਦੀ ਸੀ, ਰੁਪਇਆ ਪੈਸਾ ਮਿਲਦਿਆਂ ਹੀ ਉਹ ਬਹੁਤ ਸਾਰੀਆਂ ਅਗੇ ਵਾਸਤੇ ਨ ਹੋ ਸਕਣ ਵਾਲੀਆਂ ਅਸੀਸਾਂ ਦਿਆ ਕਰਦਾ ਸੀ, ਤੇ ਉਹਨਾਂ ਦਾ ਸੁਣਨਾ ਲਲਿਤਾ ਨੂੰ ਸੁਆਦੀ ਲਗਦਾ ਸੀ। ਉਹ ਆਖਦਾ, ਲਲਿਤਾ ਪਿਛਲੇ ਜਨਮ ਵਿਚ ਉਸਦੀ ਮਾਂ ਸੀ ਤੇ ਇਹ ਗੱਲ ਉਹ ਲਲਿਤਾ ਨੂੰ ਵੇਖਦਿਆ ਹੀ ਸਮਝ ਗਿਆ ਸੀ। ਸੋ ਇਹ ਉਸਦਾ ਬੁੱਢਾ ਪੁੱਤ ਸਵੇਰੇ ਹੀ ਬੂਹੇ ਅਗੇ ਆ ਖੜਾ ਹੋਇਆ ਤੇ ਪੁਕਾਰਨ ਲਗਾ 'ਮੇਰੀ ਮਾਂ ਕਿਥੇ ਹੈ?'
ਸਨਤਾਨ ਦੇ ਧਿਆਨ ਨਾਲ ਲਲਿਤਾ ਕੁਝ ਪਰੇਸ਼ਾਨੀ ਵਿਚ ਪੈ ਗਈ, ਅਜੇ ਸ਼ੇਖਰ ਕਮਰੇ ਵਿਚ ਹੈ ਉਹ ਰੁਪੈ ਲੈਣ ਕਿਦਾਂ ਜਾਵੇ? ਐਧਰ ਉਧਰ ਵੇਖਕੇ ਉਹ ਮਾਸੀ ਕੋਲ ਚਲੀ ਗਈ, ਮਾਸੀ ਅਜੇ ਹੁਣ ਵੀ ਮਹਿਰੀ ਦੀ ਭੁਗਤ ਸਵਾਰਕੇ ਰੋਟੀ ਟੁੱਕ ਲਗੀ ਸੀ। ਸੋ ਉਹ ਉਸਨੂੰ ਕੁਝ ਕਹਿ ਨ ਸੱਕੀ, ਮੁੜ ਕੇ ਆਕੇ ਜਾਂ ਚੰਗੀ ਤਰਾਂ ਲੁਕ ਕੇ ਵੇਖਿਆ ਤਾਂ ਭਿਖਾਰੀ ਲਾਠੀ ਰਖਕੇ ਚੰਗੀ ਤਰਾਂ ਆਸਣ ਜਮਾਕੇ ਬੈਠ ਗਿਆ ਸੀ, ਇਸ ਤੋਂ ਪਹਿਲਾਂ ਲਲਿਤਾ ਨੇ ਇਹਨੂੰ ਕਦੇ ਨਰਾਸ ਨਹੀਂ ਸੀ ਮੋੜਿਆ। ਅੱਜ ਉਹਨੂੰ ਖਾਲੀ ਹੱਥੋਂ ਮੋੜਨ ਦਾ ਖਿਆਲ ਕਰਕੇ ਉਹਦਾ ਦਿਲ ਵੱਢੂੰ ਟੁੱਕੂੰ ਹੋਣ ਲੱਗ ਪਿਆ।
ਭਿਖਾਰੀ ਨੇ ਫੇਰ ਅਵਾਜ਼ ਦਿਤੀ।
ਅੱਨਾਕਾਲੀ ਭੱਜੀ ਆਈ ਤੇ ਆਕੇ ਪਤਾ ਦਿੱਤਾ ਕਿ ਤੇਰਾ ਉਹ ਬੁੱਢਾ ਪੁੱਤਰ ਫੇਰ ਆਇਆ ਹੈ।
ਲਲਿਤਾ ਨੇ ਆਖਿਆ, ਇਕ ਕੰਮ ਕਰੇਂਗੀ ਭੈਣ ?' ਮੈਂ ਜ਼ਰਾ ਰੁਝੀ ਹੋਈ ਹਾਂ ਤੇ ਭੱਜੀ ਜਾਹ ਤੇ ਸ਼ੇਖਰ ਬਾਬੂ ਪਾਸੋਂ ਇਕ ਰੁਪਇਆ ਲੈ ਆ।
ਕਾਲੀ ਭੱਜੀ ਗਈ ਤੇ ਭੱਜੀ ਹੀ ਆ ਗਈ। ਆਖਣ ਲੱਗੀ? 'ਆਹ ਲੌ।'
ਲਲਿਤਾ ਨੇ ਪੁਛਿਆ, ਸ਼ੇਖਰ ਬਾਬੂ ਨੇ ਕੀ ਆਖਿਆ? 
‘ਕੁਝ ਨਹੀਂ ਕਿਹਾ ਉਹਨਾ ਆਖਿਆ, ਅਚਕਨ ਦੀ ਜੇਬ ਵਿਚੋਂ ਰੁਪਇਆ ਕੱਢ ਲੈ ਮੈਂ ਕੱਢ ਲਿਆਈ।
'ਹੋਰ ਕੁਝ?'
‘ਕੁਝ ਨਹੀਂ।' ਇਹ ਆਖ ਕੇ ਅੱਨਾਕਾਲੀ ਧੌਣ ਹਿਲਾਕੇ ਖੇਡਣ ਚਲੀ ਗਈ।
ਲਲਿਤਾ ਨੇ ਭਿਖਾਰੀ ਨੂੰ ਦਾਨ ਦੇਕੇ ਵਿਦਿਆ ਕਰ ਦਿਤਾ ਪਰ ਹੋਰਨਾਂ ਦਿਨਾਂ ਵਾਂਗ ਖਲੋਕੇ ਉਹ ਉਸਦੀ ਅਸੀਸ ਨਹੀਂ ਸੁਣ ਸਕੀ, ਉਹਨੂੰ ਕੁਝ ਚੰਗਾ ਨਾ ਲੱਗਾ।
ਦੂਜੇ ਪਾਸੇ ਕੁਝ ਦਿਨਾਂ ਤੋਂ ਤਾਸ਼ ਦੀ ਖੇਲ ਬੜੀ ਤੇਜ਼ੀ ਨਾਲ ਚਲ ਰਹੀ ਸੀ, ਅੱਜ ਦੁਪਹਿਰ ਨੂੰ ਲਲਿਤਾ ਉਥੇ ਨਹੀਂ ਗਈ। ਸਿਰ ਦਰਦ ਦਾ ਬਹਾਨਾ ਕਰਕੇ ਪੈ ਰਹੀ ਅੱਜ ਸੱਚ ਮੁੱਚ ਹੀ ਉਸਦਾ ਮਨ ਬਹੁਤ ਖਰਾਬ ਸੀ। ਸਾਮਨੇ ਉਹਨੇ ਕਾਲੀ ਨੂੰ ਸਦਕੇ ਪੁਛਿਆ, 'ਕਾਲੀ ਤੂੰ ਪੜ੍ਹਨ ਵਾਸਤੇ ਸ਼ੇਖਰ ਦੇ ਕੋਲ ਜਾਨੀ ਹੁੰਨੀਏਂ?
ਕਾਲੀ ਨੇ ਸਿਰ ਹਲਾਕੇ ਆਖਿਆ, ਹਾਂ ਜਾਂਦੀ ਹੁੰਨੀਆਂ।
ਮੇਰੀ ਬਾਬਤ ਸ਼ੇਖਰ ਬਾਬੂ ਕਦੇ ਨਹੀਂ ਪੁਛਦੇ?
ਨਹੀਂ, ਪਰਸੋਂ ਪੁੱਛ ਰਹੇ ਸਨ ਤੂੰ ਦੁਪਹਿਰ ਨੂੰ ਤਾਸ਼ ਖੇਡਣ ਜਾਂਦੀ ਏਂ ਜਾਂ ਨਹੀਂ?
ਲਲਿਤਾ ਨੇ ਕੁਝ ਕਾਹਲੀ ਜਹੀ ਪੈਕੇ ਆਖਿਆ, "ਤੂੰ ਕੀ ਦਸਿਆ?"
ਮੈਂ ਆਖਿਆ ਤੂੰ ਚਾਰੂ ਬੀਬੀ ਦੇ ਘਰ ਤਾਸ਼ ਖੇਡਣ ਜਾਂਦੀ ਹੁੰਨੀ ਏਂ।’’ ਸ਼ੇਖਰ ਨੇ ਆਖਿਆ, “ਕੌਣ ਕੌਣ ਖੇਲਦਾ ਹੁੰਦਾ ਏ ?" ਮੈਂ ਆਖਿਆ, "ਤੂੰ, ਚਾਰੂ ਬੀਬੀ, ਉਸਦੀ ਮਾਂ ਤੇ ਉਹਦਾ ਮਾਮਾ ਜੀ।" ‘ਤੂੰ ਦੱਸ ਤਾ ਸਹੀ ਤੂੰ ਚੰਗਾ ਖੇਡਦੀ ਏਂ ਜਾਂ ਚਾਰੂ ਜੀ ਦੇ ਮਾਮਾ ਜੀ? ਸਹੇਲੀ ਮਾਂ ਆਖਦੀ ਸੀ ਕਿ ਤੂੰ ਚੰਗਾ ਖੇਡਦੀ ਏਂ ਠੀਕ ਹੈ ?'
ਲਲਿਤਾ ਨੇ ਉਹਦੀ ਗੱਲ ਦਾ ਕੋਈ ਜਵਾਬ ਨ ਦੇਕੇ ਨਾਰਾਜ਼ਗੀ ਨਾਲ ਆਖਿਆ, “ਤੂੰ ਐਨੀਆਂ ਗੱਲਾਂ ਕਿਉਂ ਕਰ ਦਿਤੀਆਂ? ਇਹਨਾਂ ਗੱਲਾਂ ਨਾਲ ਤੈਨੂੰ ਕੀ ਲਗੇ। ਹੁਣ “ਮੈਂ ਕਦੇ ਤੈਨੂੰ ਕੋਈ ਚੀਜ਼ ਨਹੀਂ ਦਿਆਂਗੀ।" ਇਹ ਆਖਕੇ ਉਹ ਗੁੱਸੇ ਹੋ ਕੇ ਚਲੀ ਗਈ।
ਕਾਲੀ ਦੰਗ ਰਹਿ ਗਈ । ਲਲਿਤਾ ਦੀ ਇਸ ਅਚਾਨਕ ਤਬਦੀਲੀ ਨੂੰ ਉਹ ਕੁਝ ਵੀ ਨ ਸਮਝ ਸਕੀ।
ਮਨੋਰਮਾ ਦੇ ਘਰ ਦੋ ਦਿਨ ਤੋਂ ਤਾਸ਼ ਬੰਦ ਹੈ। ਲਲਿਤਾ ਨਹੀਂ ਜਾਂਦੀ । ਲਲਿਤਾ ਨੂੰ ਵੇਖਕੇ ਗਿਰੀ ਨੰਦ ਉਸ ਵਲ ਖਿੱਚਿਆ ਗਿਆ ਹੈ, ਇਹਦਾ ਮਨੋਰਮਾ ਨੂੰ ਸ਼ੱਕ ਸੀ, ਪਰ ਅੱਜ ਇਹ ਸ਼ੱਕ ਹੋਰ ਵੀ ਪੱਕਾ ਹੋ ਗਿਆ। ਸ਼ਾਮ ਨੂੰ ਤੁਰਨ ਫਿਰਨ ਨਹੀਂ ਜਾਂਦਾ ਸਗੋਂ ਘਰ ਵਿੱਚ ਹੀ ਐਧਰ ਉਧਰ ਫਿਰਦਾ ਰਹਿੰਦਾ ਹੈ। ਅੱਜ ਦੁਪਹਿਰ ਨੂੰ ਉਸਨੇ ਆਕੇ ਮਨੋਰਮਾ ਨੂੰ ਕਿਹਾ, 'ਬੀਬੀ ਅੱਜ ਵੀ ਖੇਲ ਨਹੀਂ ਹੋਵੇਗਾ?'
ਮਨੋਰਮਾਂ ਨੇ ਆਖਿਆ ਕਿੱਦਾਂ ਹੋਵੇਗਾ, ਜਦ ਕਿ ਹਾਣੀ ਹੀ ਪੂਰੇ ਨਹੀਂ। ਜੇ ਬਹੁਤਾ ਜੀ ਕਰਦਾ ਹੈ ਤਾਂ ਆਓ ਤਿੰਨੇ ਹੀ ਖੇਲ ਲੈਂਦੇ ਹਾਂ।"
ਗਿਰੀ ਨੰਦ ਨੇ ਨਿਰਾਸ ਹੋਕੇ ਆਖਿਆ, “ਤਿੰਨਾਂ ਜਣਿਆਂ ਦੀ ਕਾਹਦੀ ਖੇਡ ਹੈ, ਬੀਬੀ ! ਲਲਿਤਾ ਨੂੰ ਕਿਉਂ ਨਹੀਂ ਸੱਦ ਲੈਂਦੀ ?"
"ਉਹ ਨਹੀਂ ਆਏਗੀ।"
ਗਿਰੀ ਨੰਦ ਨੇ ਉਦਾਸ ਹੋਕੇ ਪੁਛਿਆ, ਕਿਉਂ ਨਹੀਂ ਆਏਗੀ, ਕੀ ਉਹਦੇ ਘਰ ਵਾਲਿਆਂ ਮਨ੍ਹਾਂ ਕਰ ਦਿਤਾ ਹੈ ?"
ਮਨੋਰਮਾ ਨੇ ਸਿਰ ਹਿਲਾਕੇ ਆਖਿਆ, “ਨਹੀਂ, ਉਹਦੇ ਘਰ ਵਾਲੇ ਤਾਂ ਏਦਾਂ ਦੇ ਨਹੀਂ, ਉਹ ਆਪ ਹੀ ਨਹੀਂ ਆਉਂਦੀ।"
ਗਿਰੀ ਨੰਦ ਨੇ ਖੁਸ਼ ਹੋ ਕੇ ਆਖਿਆ, “ਤੇਰੇ ਆਪ ਸੱਦਣ ਨਾਲ ਉਹ ਨਹੀਂ ਆਏਗੀ?" ਇਹ ਗੱਲ ਕਹਿਕੇ ਉਹ ਖੁਦ ਹੀ ਬਹੁਤ ਸ਼ਰਮਿੰਦਾ ਹੋ ਗਿਆ।
ਮਨੋਰਮਾ ਹੱਸ ਪਈ । ਆਖਣ ਲੱਗੀ, "ਚੰਗਾ ਮੈਂ ਆਪ ਵੀ ਜਾਂਦੀ ਹਾਂ।" ਇਹ ਆਖਕੇ ਚਲੀ ਗਈ ਤੇ ਥੋੜੇ ਚਿਰ ਪਿਛੋਂ ਲਲਿਤਾ ਨੂੰ ਲਿਆਕੇ ਤਾਸ਼ ਖੇਡਣ ਬਹਿ ਗਈ।
ਦੋ ਦਿਨਾਂ ਤੋਂ ਖੇਡ ਹੋਈ ਨਹੀਂ ਸੀ ਇਸ ਕਰਕੇ ਅੱਜ ਬਹੁਤ ਛੇਤੀ ਖੇਲ ਜੰਮ ਗਿਆ ਲਲਿਤਾ ਦਾ ਪਾਸਾ ਜਿੱਤ ਰਿਹਾ ਸੀ।
ਦੋ ਘੰਟਿਆ ਪਿਛੋਂ ਅਚਾਨਚੱਕ ਹੀ ਕਾਲੀ ਆ ਖਲੋਤੀ ਕਹਿਣ ਲੱਗੀ, "ਲਲਿਤਾ ਸ਼ੇਖਰ ਬਾਬੂ ਛੇਤੀ ਹੀ ਸਦ ਰਹੇ ਹਨ।"
ਲਲਿਤਾ ਦਾ ਚਿਹਰਾ ਪੀਲਾ ਪੈ ਗਿਆ। ਤਾਸ਼ ਵੰਡਣਾ ਬੰਦ ਕਰਕੇ, ਬੋਲੀ "ਸ਼ੇਖਰ ਬਾਬੂ ਦਫਤਰ ਨਹੀਂ ਗਏ?"
ਕੀ ਪਤਾ ਹੈ ਫੇਰ ਮੁੜ ਆਏ ਹੋਣਗੇ। ਇਹ ਆਖ ਕੇ ਉਹ ਸਿਰ ਹਿਲਾਉਂਦੀ ਹੋਈ ਚਲੀ ਗਈ।
ਲਲਿਤਾ ਤਾਸ਼ ਰਖ ਕੇ ਮਨੋਰਮਾਂ ਦੇ ਮੂੰਹ ਵਲ ਵੇਖ ਕੇ ਆਖਣ ਲੱਗੀ, "ਚੰਗਾ ਮਾਂ ਜਾਂਦੀ ਹਾਂ।
ਮਨੋਰਮਾ ਨੇ ਕਾਹਲੀ ਜਹੀ ਕਿਹਾ, "ਕਿਉਂ ਐਡੀ ਛੇਤੀ? ਹੋਰ ਦੋ ਬਾਜ਼ੀਆਂ ਖੇਲ ਜਾਹ।"
ਲਲਿਤਾ ਵੀ ਕਾਹਲੀ ਨਾਲ ਉਠ ਖਲੋਤੀ । ਬੋਲੀ, "ਨਹੀਂ ਮਾਂ ਉਹ ਬਹੁਤ ਗੁਸੇ ਹੋਣਗੇ ਤੇ ਇਹ ਆਖ ਕੇ ਦਬਾ ਦਬ ਚਲੀ ਗਈ।"
ਗਿਰੀ ਨੰਦ ਨੇ ਪੁਛਿਆ, "ਸ਼ੇਖਰ ਬਾਬੂ ਕੌਣ ਭੈਣ?"
ਮਨੋਰਮਾ ਨੇ ਕਿਹਾ, ਉਹ ਜੋ ਸਾਹਮਣੇ ਫਾਟਕ ਵਾਲਾ ਮਕਾਨ ਹੈ, ਉਸ ਵਿਚ ਰਹਿੰਦੇ ਹਨ।
ਗਿਰੀ ਨੰਦ ਨੇ ਸਿਰ ਹਲਾਉਂਦਿਆਂ ਹੋਇਆਂ ਕਿਹਾ ਚੰਗਾ, “ਇਹ ਫਾਟਕਵਾਲੇ ਨਵੇਂ ਬਾਬੂ ਇਹਦੇ ਸਾਕ ਹੋਣਗੇ।"
ਮਨੋਰਮਾ ਨੇ ਆਖਿਆ, "ਸਾਕ ਕੀ, ਉਹ ਤਾਂ ਲਲਿਤਾ ਦੇ ਰਹਿਣ ਵਾਲੇ ਮਕਾਨ ਨੂੰ ਸਮੂਲਚਾ ਹੜੱਪ ਕਰਨ ਦੇ 'ਫਿਕਰ ਵਿਚ ਹਨ।'
ਗਿਰੀ ਨੰਦ ਹੈਰਾਨਗੀ ਨਾਲ ਵੇਖਦਾ ਰਹਿ ਗਿਆ।
ਮਨੋਰਮਾ ਕਿੱਸਾ ਫੋਲਣ ਲੱਗ ਪਈ। "ਪਿਛਲੇ ਸਾਲ ਰੂਪੈ ਨਾ ਹੋਣ ਕਰਕੇ ਗੁਰਚਰਨ ਬਾਬੂ ਦੀ ਵਿਚਕਾਰਲੀ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ। ਉਸ ਨੇ ਬਹੁਤ ਜ਼ਿਆਦਾ ਵਿਆਜ ਤੇ ਨਵੀਨ ਬਾਬੂ ਪਾਸ ਇਹ ਮਕਾਨ ਗਹਿਣੇ ਪਾਕੇ ਰੁਪੈ ਕਰਜ਼ ਲਏ ਸਨ। ਇਹ ਕਰਜ਼ਾ ਮੁੱਕ ਨਹੀਂ ਸਕਦਾ ਤੇ ਅਖੀਰ ਨੂੰ ਇਹ ਮਕਾਨ ਨਵੀਨ ਬਾਬੂ ਦਾ ਹੀ ਹੋ ਜਾਏਗਾ।"
ਮਨੋਰਮਾ ਨੇ ਸਾਰਾ ਕਿੱਸਾ ਸੁਣਾ ਕੇ ਅੰਤ ਵਿਚ ਆਪਣੀ ਰਾਏ ਜ਼ਾਹਰ ਕੀਤੀ, ਬੁਢੇ ਦੀ ਕਈ ਚਿਰ ਦੀ ਖਾਹਸ਼ ਹੈ ਕਿ ਗੁਰਚਰਨ ਬਾਬੂ ਦਾ ਮਕਾਨ ਢਾਹਕੇ ਉਸੇ ਆਪਣੇ ਸ਼ੇਖਰ ਬਾਬੂ ਲਈ ਇਕ ਬਹੁਤ ਆਲੀਸ਼ਾਨ ਮਕਾਨ ਬਣਾਵਾਂ, ਦੋਹਾਂ ਮੁੰਡਿਆਂ ਦੇ ਅੱਡ ਅੱਡ ਮਕਾਨ ਹੋ ਜਾਣਗੇ, ਇਰਾਦਾ ਬੁਰਾ ਨਹੀਂ।
ਇਹ ਪ੍ਰਸੰਗ ਸੁਣਕੇ ਗਿਰੀ ਨੰਦ ਕੁਝ ਦੁਖੀ ਹੋਇਆ। ਉਹਨੇ ਪੁਛਿਆ, ਬੀਬੀ ਗੁਰਚਰਨ ਬਾਬੂ ਦੇ ਹੋਰ ਵੀ ਤਾਂ ਲੜਕੀਆਂ ਹਨ; ਉਹਨਾਂ ਦਾ ਵਿਆਹ ਕਿਦਾਂ ਕਰੇਗਾ?
ਮਨੋਰਮਾ ਨੇ ਆਖਿਆ ਇਹ ਤਾਂ ਹੈ ਈ। ਕੁੜੀਆਂ ਤੋਂ ਬਿਨਾਂ ਇਹ ਲਲਿਤਾ ਦਾ ਭਾਰ ਵੀ ਉਸੇ ਸਿਰ ਹੈ। ਇਹਦੇ ਮਾਂ ਪਿਉ ਮਰ ਗਏ ਹਨ। ਇਸ ਸਾਲ ਇਹਦਾ ਵਿਆਹ ਹੋ ਜਾਣਾ ਚਾਹੀਦਾ ਹੈ। ਇਹਨਾਂ ਦੀ ਬਰਾਦਰੀ ਵਿਚ ਇਸ ਵੇਲੇ ਸਹਾਇਤਾ ਦੇਣ ਵਾਲਾ ਕੋਈ ਨਹੀਂ, ਹੱਥ ਅੱਡਣ ਵਾਲੇ ਸਾਰੇ ਹਨ। ਇਹਨਾਂ ਲੋਕਾਂ ਨਾਲੋਂ ਅਸੀਂ ਲੋਕ ਚੰਗੇ ਹਾਂ ਗਰੀਬ।
ਗਰੀਨ ਚੁੱਪ ਹੋ ਰਿਹਾ ਮਨੋਰਮਾ ਆਖਣ ਲੱਗੀ, ਉਸ ਦਿਨ ਲਲਿਤਾ ਦੀਆਂ ਗਲਾਂ ਕਰ ਕਰ ਕੇ ਉਸਦੀ ਮਾਮੀ ਮੇਰੇ ਅਗੇ ਰੋਣ ਲਗ ਪਈ ਸੀ। ਇਹਦਾ ਵਿਆਹ ਕਿਦਾਂ ਹੋਵੇਗਾ ਕੁਝ ਪਤਾ ਨਹੀਂ। ਇਹਦੇ ਫਿਕਰ ਵਿਚ ਗੁਰਚਰਨ ਦਾ ਅੰਨ ਜਲ ਵੀ ਛੁੱਟ ਗਿਆ ਹੈ। ਅੱਛਾ ਗਰੀਨ ਤੇਰੇ ਮੁੰਗੇਰਾਂ ਵਿੱਚ ਕੋਈ ਐਹੋ ਜਿਹਾ ਨਹੀਂ ਜੋ ਸਿਰਫ ਲੜਕੀ ਵੇਖਦੇ ਹੀ ਸ਼ਾਦੀ ਕਰ ਸਕੇ? ਇਹੋ ਜਹੀ ਲੜਕੀ ਮਿਲਨੀ ਮੁਸ਼ਕਲ ਹੈ।
ਗਿਰੀਨੰਦ ਉਦਾਸੀ ਜਹੀ ਦਾ ਹਾਸਾ ਹਸਦਾ ਹੋਇਆ ਬੋਲਿਆ ਮਿੱਤ੍ਰ ਮੁੱਤ੍ਰ ਕੋਈ ਨਹੀਂ ਬੀਬੀ, ਮਗਰ ਹਾਂ ਰੁਪਏ ਪੈਸੇ ਦੀ ਮੈਂ ਖੁਦ ਸਹਾਇਤਾ ਕਰ ਸਕਦਾ ਹਾਂ।"
ਗਰੀਨ ਦੇ ਪਿਤਾ ਡਾਕਟਰੀ ਕਰਦੇ ਸਨ। ਬਹੁਤ ਸਾਰੀ ਜਾਇਦਾਦ ਜ਼ਮੀਨ ਤੇ ਰੁਪਿਆ ਛਡ ਗਏ ਹਨ ਤੇ ਇਹਦਾ ਵਾਰਸ ਗਰੀਨ ਹੀ ਏ।
ਮਨੋਰਮਾ ਨੇ ਆਖਿਆ, 'ਕਿੰਨਾ ਉਧਾਰ ਦੇ ਸਕੇਗਾ?'
"ਉਧਾਰ ਕੋਈ ਨਹੀਂ ਬੀਬੀ ਜੀ, ਜੇ ਉਹ ਦੇ ਸਕਣ ਤਾਂ ਵਾਹਵਾ ਨਹੀਂ ਤੇ ਨਾ ਸਹੀ।"
ਮਨੋਰਮਾ ਹੈਰਾਨ ਹੋ ਗਈ। ਕਹਿਣ ਲੱਗੀ, “ਤੈਨੂੰ ਕੀ ਫਾਇਦਾ?" ਉਹ ਨਾ ਸਾਡੇ ਸਾਕ ਹਨ ਤੇ ਨਾ ਹੀ ਭਾਈਚਾਰੇ ਵਿਚੋਂ ਏਦਾਂ ਕੋਈ ਕਿਸੇ ਨੂੰ ਰੁਪਿਆ ਦੇਂਦਾ ਹੈ?
ਗਿਰੀ ਨੰਦ ਆਪਣੀ ਭੈਣ ਦੇ ਮੂੰਹ ਵੱਲ ਵੇਖ ਕੇ ਹੱਸਣ ਲਗ ਪਿਆ। ਫੇਰ ਬੋਲਿਆ, “ਜੇ ਸਾਕ ਜਾਂ ਭਾਈ ਚਾਰੇ ਵਿਚੋਂ ਨਾ ਹੋਏ ਤਾਂ ਫੇਰ ਕੀ ਹੋਇਆ ਹਨ ਤਾਂ ਆਪਣੇ ਹੀ ਦੇਸ ਦੇ। ਉਹਨਾਂ ਦਾ ਹੱਥ ਤੰਗ ਹੈ ਤੇ ਮੇਰੇ ਕੋਲ ਰੁਪਏ ਬਹੁਤ ਹਨ। ਤੂੰ ਇਕ ਵਾਰੀ ਪੁੱਛ ਵੇਖ ਜੇ ਉਹ ਲੈਣ ਨੂੰ ਤਿਆਰ ਹੋਣ ਤਾਂ ਮੈਂ ਦੇ ਸਕਦਾ ਹਾਂ। ਲਲਿਤਾ ਇਹਨਾਂ ਦੀ ਵੀ ਕੋਈ ਨਹੀਂ ਤੇ ਸਾਡੀ ਵੀ ਕੁਝ ਨਹੀਂ ਲਗਦੀ? ਉਹਦੇ ਵਿਆਹ ਦਾ ਸਾਰਾ ਖਰਚ ਮੈਂ ਹੀ ਦੇ ਦਿਆਂਗਾ।
ਉਹਦੀ ਗੱਲ ਸੁਣ ਕੇ ਮਨੋਰਮਾ ਦੀ ਬਹੁਤੀ ਤਸੱਲੀ ਨਾ ਹੋਈ। ਇਸ ਵਿਚ ਭਾਵੇਂ ਉਸ ਦਾ ਲਾਹਾ ਤੋਟਾ ਕੋਈ ਨਹੀਂ ਸੀ, ਪਰ ਐਨਾਂ ਰੁਪਇਆਂ ਕੋਈ ਆਦਮੀ ਕਿਸੇ ਇਸਤ੍ਰੀ ਨੂੰ ਦੇ ਦੇਵੇ ਇਹਨੂੰ ਕੋਈ ਵੀ ਨਹੀਂ ਸੀ ਮੰਨ ਸਕਦਾ।
ਚਾਰੂ ਹੁਣ ਤੱਕ ਚੁਪ ਬੈਠੀ ਸਭ ਕੁਝ ਸੁਣ ਰਹੀ ਸੀ। ਉਹ ਬਹੁਤ ਹੀ ਖੁਸ਼ ਹੋਕੇ ਉੱਛਲ ਪਈ ਤੇ ਕਹਿਣ ਲੱਗੀ, “ਹਾਂ ਮਾਮਾ ਦੇ ਦਿਹ, ਮੈਂ ਮਾਂ ਨੂੰ ਆਖ ਆਉਂਦੀ ਹਾਂ।'
ਪਰ ਉਹਦੀ ਮਾਂ ਨੇ ਉਹਨੂੰ ਡਾਂਟ ਦਿੱਤਾ। “ਤੂੰ ਚੁਪ ਰਹਿ ਚਾਰੂ, ਲੜਕੀਆਂ ਨੂੰ ਇਹਨਾਂ ਗੱਲਾਂ ਵਿਚ ਨਹੀਂ ਪੈਣਾ ਚਾਹੀਦਾ। ਜੇ ਆਖਣਾ ਹੋਵੇਗਾ ਤਾਂ ਮੈਂ ਜਾ ਕੇ ਆਖਾਂਗੀ।"
ਗਿਰੀ ਨੰਦ ਨੇ ਆਖਿਆ, “ਚੰਗਾ ਬੀਬੀ ਤੂੰ ਹੀ ਆਖਣਾ। ਪਰਸੋਂ ਰਾਹ ਵਿਚ ਖਲੋਤਿਆਂ ਖਲੋਤਿਆਂ ਗੁਰਚਰਨ ਬਾਬੂ ਨਾਲ ਮੇਰੀ ਗਲ ਬਾਤ ਹੋਈ ਸੀ। ਗੱਲਾਂ ਬਾਤਾਂ ਤੋਂ ਪਤਾ ਲਗਦਾ ਸੀ ਕਿ ਉਹ ਬੜੇ ਸਿੱਧੇ ਆਦਮੀ ਹਨ, ਤੂੰ ਕੀ ਸਮਝਦੀ ਏਂ ਬੀਬੀ?"
ਮਨੋਰਮਾ ਨੇ ਆਖਿਆ, “ਮੈਂ ਵੀ ਇਹੋ ਸਮਝਦੀ ਹਾਂ ਤੇ ਸਭ ਲੋਕੀਂਂ ਵੀ ਇਹੋ ਆਖਦੇ ਹਨ। ਇਹ ਦੋਵੇਂ ਜੀਅ ਹੀ ਬੜੇ ਸਿੱਧੇ ਸੁਭਾ ਦੇ ਹਨ। ਇਸੇ ਕਰਕੇ ਦੁਖ ਹੁੰਦਾ ਹੈ, ਕਿਸੇ ਦਿਨ ਵਿਚਾਰਿਆਂ ਨੂੰ ਘਰ ਬਾਹਰ ਛੱਡ ਕੇ ਤਖੀਆ ਮਲਣਾ ਪੈ ਜਾਇਗਾ। ਇਹ ਦਾ ਸਬੱਬ ਤੂੰ ਨਹੀਂ ਵੇਖਿਆ? ਸ਼ੇਖਰ ਬਾਬੂ ਬੁਲਾ ਰਹੇ ਹਨ, ਸੁਣਦੇ ਹੀ ਲਲਿਤਾ ਝਟ ਪਟ ਉਠ ਕੇ ਚਲੀ ਗਈ। ਸਾਰੇ ਘਰ ਵਾਲੇ ਉਹਨਾਂ ਦੇ ਬੇਮੁੱਲੇ ਨੌਕਰ ਬਣ ਰਹੇ ਹਨ। ਇਹ ਭਾਵੇਂ ਕਿੰਨੀ ਹੀ ਖੁਸ਼ਾਮਦ ਕਿਉਂ ਨ ਕਰਨ ਪਰ ਨਵੀਨ ਰਾਏ ਦੇ ਜੋ ਪੰਜੇ ਵਿਚ ਆਗਿਆ ਹੈ, ਉਸ ਦੇ ਛੁੱਟਣ ਦੀ ਕੋਈ ਆਸ ਨਹੀਂ ਹੋ ਸਕਦੀ।
ਗਿਰੀ ਨੰਦ ਨੇ ਪੁਛਿਆ, "ਫੇਰ ਤੂੰ ਆਖੇਂਗੀ ਨ ਬੀਬੀ?
"ਚੰਗਾ ਮੈਂ ਆਖ ਦਿਆਂਗੀ। ਰੁਪੈ ਦੇਕੇ ਜੇ ਤੂੰ ਨੇਕੀ ਕਰ ਦੇਵੇਂ ਤਾਂ ਚੰਗਾ ਹੀ ਹੈ। ਇਹ ਆਖਕੇ ਉਹ ਥੋੜਾ ਜਿਹਾ ਹੱਸ ਪਈ। ਫੇਰ ਕਹਿਣ ਲੱਗੀ, ਤੈਨੂੰ ਐਹੋ ਜਹੀ ਕੀ ਲੋੜ ਪੈ ਗਈ ਹੈ, ਗਰੀਨ...।
"ਗਰਜ਼ ਕਾਹਦੀ, ਦੁੱਖ ਦਰਦ ਵਿਚ ਇੱਕ ਦੂਜੇ ਦੀ ਸਹਾਇਤਾ ਕਰਨਾ ਆਦਮੀ ਦਾ ਧਰਮ ਹੁੰਦਾ ਹੈ। ਇਹ ਆਖਦਾ ਹੋਇਆ ਉਹ ਸ਼ਰਮਾਉਂਦਾ ਹੋਇਆ ਬਾਹਰ ਚਲਿਆ ਗਿਆ ਪਰ ਦਰਵਾਜ਼ਿਉਂ ਬਾਹਰ ਜਾ ਕੇ ਫੇਰ ਮੁੜ ਆਇਆਂ ਤੇ ਆਕੇ ਬਹਿ ਗਿਆ।
ਉਸ ਦੀ ਭੈਣ ਨੇ ਆਖਿਆ, “ਫੇਰ ਬਹਿ ਗਏ ਹੋ?"
ਗਿਰੀ ਨੰਦ ਨੇ ਹਸਦੇ ਹੋਏ ਕਿਹਾ, "ਤੁਸਾਂ ਜੋ ਐਨਾਂ ਰੋਣਾ ਰੋਇਆ ਹੈ, ਇਹ ਤਾਂ ਮੈਨੂੰ ਝੂਠ ਹੀ ਮਲੂਮ ਹੁੰਦਾ ਹੈ?
ਮਨੋਰਮਾ ਨੇ ਹੈਰਾਨ ਹੋਕੇ ਆਖਿਆ ਕਿੱਦਾਂ?
ਗਿਰੀ ਨੰਦ ਆਖਣ ਲੱਗਾ, “ਲਲਿਤਾ ਜਿਸ ਤਰ੍ਹਾਂ ਖਰਚ ਕਰਦੀ ਹੈ, ਇਸ ਤੋਂ ਤਾਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਮਾਇਕ ਹਾਲਤ ਜ਼ਰਾ ਵੀ ਖਰਾਬ ਨਹੀਂ। ਉਸ ਦਿਨ ਮਾਸੀ ਥੀਏਟਰ ਵੇਖਣ ਗਏ ਸਾਂ। ਉਹ ਆਪ ਨਹੀਂ ਸੀ ਗਈ ਪਰ ਫੇਰ ਵੀ ਦਸ ਰੁਪੈ ਆਪਣੀ ਭੈਣ ਦੇ ਹੱਥ ਭੇਜ ਦਿੱਤੇ ਸਨ।ਚਾਰੂ ਕੋਲੋਂ ਪਛਣਾ ਕਿੰਨਾ ਖਰਚ ਕਰਦੀ ਹੈ।ਮਹੀਨੇ ਵਿੱਚ ਵੀਹ ਪੰਝੀ ਰੂਪੈ ਤਾਂ ਉਹਦਾ ਖਰਚ ਜ਼ਰੂਰ ਹੋਵੇਗਾ।"
ਮਨੋਰਮਾ ਨੂੰ ਯਕੀਨ ਨਾ ਆਇਆ।
ਚਾਰੂ ਨੇ ਆਖਿਆ, “ਸੱਚੀ ਮਾਂ! ਸਭ ਸ਼ੇਖਰ ਬਾਬੂ ਪਾਸੋਂ ਲੈ ਕੇ ਖਰਚ ਕਰਦੀ ਹੈ। ਹੁਣ ਵੀ ਨਹੀਂ ਛੋਟੇ ਹੁੰਦਿਆਂ ਤੋਂ ਹੀ ਉਹ ਸ਼ੇਖਰ ਬਾਬੂ ਦੀ ਅਲਮਾਰੀ ਖੋਲ੍ਹ ਕੇ “ਰੁਪੈ ਕਢ ਲਿਆਉਂਦੀ ਰਹੀ ਹੈ, ਕੋਈ ਕੁਝ ਨਹੀਂ ਆਖਦਾ।"
ਮਨੋਰਮਾਂ ਨੇ ਹੈਰਾਨਗੀ ਨਾਲ ਪੁਛਿਆ, ਰੁਪੈ ਕੱਢ ਲਿਆਉਦੀ ਹੈ? ਸ਼ੇਖਰ ਬਾਬੂ ਨੂੰ ਪਤਾ ਹੈ?"
ਚਾਰੂ ਨੇ ਸਿਰ ਹਿਲਾਕੇ ਆਖਿਆ, "ਸ਼ੇਖਰ ਬਾਬੂ ਜਾਣਦੇ ਹਨ। ਉਨ੍ਹਾਂ ਦੇ ਸਾਹਮਣੇ ਹੀ ਤਾਂ ਕੱਢਦੀ ਹੈ। ਪਹਿਲੇ ਮਹੀਨੇ ਜੋ ਅੱਨਾਕਾਲੀ ਦੀ ਗੁੱਡੀ ਦਾ ਵਿਆਹ ਹੋਇਆ ਸੀ ਉਸ ਵਿਚ ਰੁਪੈ ਕਿਸ ਦਿੱਤੇ ਸਨ? ਸਭ ਇਸਨੇ ਹੀ ਦਿਤੇ ਹਨ।
ਮਨੋਰਮਾ ਨੇ ਕੁਝ ਸੋਚ ਕੇ ਆਖਿਆ, "ਕੀ ਪਤਾ ਹੈ! ਪਰ ਇੱਕ ਗਲ ਹੈ, ਬੁੱਢੇ ਦੇ ਮੁੰਡੇ ਪਿਉ ਵਰਗੇ ਮੱਖੀ ਚੂਸ ਨਹੀਂ। ਉਨ੍ਹਾਂ ਤੇ ਮਾਂ ਦਾ ਅਸਰ ਪੈ ਰਿਹਾ ਹੈ। ਇਸ ਕਰਕੇ ਉਨ੍ਹਾਂ ਵਿੱਚ ਦਇਆ ਧਰਮ ਹੈ। ਇਸ ਤੋਂ ਬਿਨਾਂ ਲਲਿਤਾ ਲੜਕੀ ਵੀ ਬਹੁਤ ਚੰਗੀ ਹੈ। ਛੋਟੇ ਹੁੰਦਿਆਂ ਤੋਂ ਇਕੱਠੇ ਰਹੇ ਹਨ। ਇਸ ਕਰਕੇ ਸਭ ਦਾ ਪਿਆਰ ਹੋਗਿਆ ਹੈ। ਚੰਗਾ, ਚਾਰੂ ਤੂੰ ਤਾਂ ਆਉਂਦੀ ਜਾਂਦੀ ਰਹਿਨੀ ਏਂ, ਤੈਨੂੰ ਪਤਾ ਹੋਣਾ ਏਂ ਅਗਲੇ ਮਹੀਨੇ ਸ਼ੇਖਰ ਬਾਬੂ ਦਾ ਵਿਆਹ ਹੋਵੇਗਾ ਕਿ ਨਹੀਂ? ਸੁਣਿਆਂ ਹੈ ਕਿ ਲੜਕੀ ਵਾਲੇ ਪਾਸੋਂ ਬੁੱਢੇ ਨੂੰ ਕਾਫੀ ਰੁਪਇਆ ਮਿਲੇਗਾ।"
ਚਾਰੂ ਨੇ ਆਖਿਆ, ਹਾਂ ਮਾਂ ਅਗਲੇ ਮਹੀਨੇ ਹੀ। ਵਿਆਹ ਹੋਵੇਗਾ, ਸਭ ਪੱਕੀ ਹੋ ਗਈ ਹੈ।

੫.
ਗੁਰਚਰਨ ਉਹਨਾਂ ਆਦਮੀਆਂ ਵਿਚੋਂ ਹੈ ਜਿਨਾਂ ਨਾਲ ਉਹਨਾਂ ਦੀ ਉਮਰ ਦਾ ਹੋਰ ਕੋਈ ਬਿਨਾਂ ਝਿਜਕਦੇ ਗਲ ਬਾਤ ਕਰ ਸਕਦਾ ਹੈ, ਦੋ ਤਿੰਨਾਂ ਦਿਨਾਂ ਦੀ ਗਲ ਬਾਤ ਮਗਰੋਂ ਹੀ ਗਿਰੀ ਨੰਦ ਨਾਲ ਉਹਨਾਂ ਦੀ ਚੰਗੀ ਮਿਤ੍ਰਤਾ ਹੋਗਈ ਹੈ। ਗੁਰਚਰਨ ਦੇ ਦਿਲ ਵਿਚ ਜਰਾ ਵੀ ਦ੍ਰਿੜਤਾ ਨਹੀਂ ਇਸ ਕਰਕੇ ਬਹਿਸ ਵਿਚ ਹਾਰ ਜਾਣ ਕਰਕੇ ਵੀ ਉਹਨਾਂ ਨੂੰ ਜ਼ਰਾ ਭੀ ਘਬਰਾਹਟ ਨਹੀਂ ਹੁੰਦੀ ਸੀ।
ਗਿਰੀ ਨੰਦ ਨੂੰ ਉਹਨਾਂ ਸ਼ਾਮ ਤੋਂ ਪਿਛੋਂ ਚਾਹ ਪੀਣ ਦਾ ਸੱਦਾ ਦਿੱਤਾ ਹੋਇਆ ਸੀ, ਦਫਤਰੋਂ ਆਉਂਦਿਆਂ ਦਿਨ ਛਿੱਪ ਜਾਂਦਾ ਸੀ। ਘਰ ਆਕੇ ਮੂੰਹ ਹਥ ਧੋਕੇ ਜਲਦੀ ਨਾਲ ਕਹਿਣ ਲੱਗੇ, ਲਲਿਤਾ ਚਾ ਤਿਆਰ ਹੋਈ ਹੈ? ‘ਕਾਲੀ ਜਾਹ ਆਪਣੇ ਗਰੀਨ ਮਾਮੇ ਨੂੰ ਸੱਦ ਲਿਆ।' ਇਸ ਦੇ ਪਿਛੋਂ ਦੋਵੇ ਚਾਹ ਪੀਂਦੇ ਪੀਂਦੇ ਹੀ ਬਹਿਸ ਕਰਨ ਲਗ ਪਏ।
ਲਲਿਤਾ ਕਿਸੇ ਕਿਸੇ ਦਿਨ ਮਾਮੇ ਦੀ ਉਹਲੇ ਬਹਿਕੇ ਬਹਿਸ ਸੁਣਿਆਂ ਕਰਦੀ ਸੀ। ਉਸ ਦਿਨ ਗਿਰੀਨੰਦ ਦੀਆਂ ਦਲੀਲਾਂ ਸੌ ਗੁਣਾ ਜ਼ਿਆਦਾ ਚੰਗੀਆਂ ਹੁੰਦੀਆਂ ਸਨ, ਆਮ ਤੌਰ ਤੇ ਇਸ ਸਮਾਜ ਦੇ ਬਰਖਿਲਾਫ ਹੀ ਨੁਕਤਾ ਚੀਨੀ ਹੁੰਦੀ ਹੁੰਦੀ ਸੀ, ਸਮਾਜ ਦਾ ਕਠੋਰ ਹਿਰਦਾ, ਬੇਜੋੜ ਉਪਦੱਰ ਸਾਰੀਆਂ ਗੱਲਾਂ ਤੇ ਵਿਚਾਰ ਹੁੰਦੀ ਹੁੰਦੀ ਸੀ।
ਪਹਿਲਾਂ ਤਾਂ ਸਾਬਤ ਕਰਨ ਵਾਲੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਇਸ ਤੋਂ ਬਿਨਾ ਗੁਰਚਰਨ ਦੇ ਦੁਖਾਂ ਨਾਲ ਪੀੜਤ ਹਿਰਦੇ ਨਾਲ ਗਿਰੀਨ ਦੀਆਂ ਗੱਲਾਂ ਇਨ ਬਿਨ ਮੇਲ ਖਾ ਜਾਂਦੀਆਂ ਸਨ। ਉਹ ਸਿਰ ਹਿਲਾਕੇ ਆਖਦੇ, ਸਚੀ ਗਲ ਹੈ ਗਰੀਨ ਕੀਹਦਾ ਜੀ ਨਹੀਂ ਕਰਦਾ ਕਿ ਉਹ ਆਪਣੀਆਂ ਲੜਕੀਆਂ ਨੂੰ ਚੰਗੇ ਥਾਂ ਤੇ ਸਮੇਂ ਸਿਰ ਨ ਵਿਆਹ ਦੇਵੇ। ਪਰ ਵਿਆਹ ਕਿੱਦਾਂ ਦੇਵੇ? ਸਮਾਜ ਆਖਦਾ ਹੈ ਕਿ ਲੜਕੀ ਵਿਆਹੁਣ ਵਾਲੀ ਹੋ ਗਈ ਹੈ, ਵਿਆਹ ਦਿਹ, ਪਰ ਵਿਆਹਣ ਦਾ ਪ੍ਰਬੰਧ ਨਹੀਂ ਹੋ ਸਕਦਾ, ਤੁਸੀ ਬਿਲਕੁਲ ਠੀਕ ਆਖਦੇ ਹੋ, ਮੇਰੇ ਵੱਲ ਹੀ ਵੇਖੋ ਨਾ, ਮਕਾਨ ਵੀ ਗਹਿਣੇ ਪਾਉਣਾ ਪਿਆ ਤਾਂ ਜਾਕੇ ਕੁੜੀ ਨੂੰ ਬੂਹਿਓਂ ਉਠਾਇਆ, ਪਤਾ ਨਹੀਂ ਏਹ ਚੌਂਹ ਦਿਨਾਂ ਨੂੰ ਬਾਲ ਬੱਚਾ ਲੈਕੇ ਕਿਸੇ ਤਖੀਏ ਡੇਰਾ ਕਰਨਾ ਪਏਗਾ, ਸਮਾਜ ਇਹ ਥੋੜਾ ਆਖੇ ਗਾ ਕਿ ਸਾਡੇ ਘਰ ਸਿਰ ਲੁਕਾ ਲੈ। ਦਸੋ ਤਾਂ ਸਹੀ?
ਗਿਰੀ ਨੰਦ ਚੁੱਪ ਰਹਿੰਦਾ, ਗੁਰਚਰਨ ਆਪ ਹੀ ਕਰਦਾ ਜਾਂਦਾ ਬਿਲਕੁਲ ਠੀਕ ਗੱਲ ਹੈ। ਇਹੋ ਜਹੇ ਸਮਾਜ ਨਾਲੋਂ ਤਾਂ ਬੇ ਜਾਤ ਹੋ ਜਾਣਾ ਹੀ ਚੰਗਾ ਹੈ, ਢਿੱਡ ਭਰੇ ਜਾਂ ਨਾਂ ਪਰ ਸ਼ਾਂਤੀ ਤਾਂ ਮਿਲ ਸਕਦੀ ਹੈ। ਜੇ ਸਮਾਜ ਦੁਖੀਏ ਦਾ ਦੁੱਖ ਨਹੀਂ ਸਮਝਦਾ, ਮੁਸ਼ਕਲ ਵੇਲੇ ਕੰਮ ਨਹੀਂ ਆਉਂਦਾ। ਉਹ ਸਮਾਜ ਮੇਰਾ ਨਹੀਂ - ਮੇਰੇ ਵਰਗੇ ਗਰੀਬਾਂ ਦਾ ਨਹੀਂ। ਸਮਾਜ ਤਾਂ ਮੋਟੇ ਢਿੱਡਾਂ ਵਾਲਿਆਂ ਦਾ ਹੈ। ਓਹੋ ਰਹਿਣ ਸਮਾਜ ਵਿਚ, ਅਸਾਂ ਸਮਾਜ ਪਾਸੋਂ ਕੀ ਲੱਡੂ ਲੈਣੇ ਹਨ, ਸਾਨੂੰ ਇਸਦੀ ਜ਼ਰੂਰਤ ਨਹੀਂ। ਇਹ ਆਖ ਕੇ ਗੁਰਚਰਨ ਬਾਬੂ ਇਕ ਵਾਰੀ ਹੀ ਚੁੱਪ ਹੋ ਜਾਂਦੇ।
ਇਹਨਾਂ ਦਲੀਲਾਂ ਨੂੰ ਲਲਿਤਾ ਸਿਰਫ ਸੁਣਦੀ ਹੀ ਨਾ ਸੀ, ਸਗੋਂ ਰਾਤ ਨੂੰ ਬਿਸਤਰੇ ਤੇ ਪੈਕੇ ਨੀਂਦ ਨ ਆਉਣ ਤਕ ਸੋਚਦੀ ਵੀ ਰਹਿੰਦੀ ਸੀ, ਹਰ ਇਕ ਗਲ ਉਹਦੇ ਦਿਲ ਤੇ ਚੰਗੀ ਤਰਾਂ ਜੰਮ ਦੀ ਜਾਂਦੀ ਸੀ, ਉਹ ਮਨ ਹੀ ਮਨ ਵਿੱਚ ਆਖਦੀ, ਸੱਚੀ ਮੁੱਚੀ ਗਰੀਨ ਬਾਬੂ ਦੀਆਂ ਗਲਾਂ ਕਿੰਨੀਆ ਇਨਸਾਫ ਭਰੀਆਂ ਹਨ।
ਮਾਮੇ ਨਾਲ ਉਹਦਾ ਬਹੁਤ ਹੀ ਪਿਆਰ ਸੀ, ਬਸ ਮਾਮੇ ਦੇ ਪੱਖ ਵਿੱਚ ਗਿਰੀ ਨੰਦ ਜੋ ਭੀ ਆਖਦਾ, ਲਲਿਤਾ ਨੂੰ ਸਭ ਕੁਝ ਹੀ ਪਿਆਰਾ ਮਲੂਮ ਹੁੰਦਾ, ਉਹਦੇ ਮਾਮਾ ਸਿਰਫ ਓਹਦੇ ਵਾਸਤੇ ਹੀ ਐਨੇ ਫਿਕਰ ਮੰਦ ਹਨ ਕਿ ਰੋਟੀ ਪਾਣੀ ਤੱਕ ਛੱਡ ਚੁੱਕੇ ਹਨ, ਇਹਦੇ ਦੁਖੀ ਮਾਮਾ ਇਹਨੂੰ ਆਸਰਾ ਦੇਕੇ ਹੀ ਤਾਂ ਐਨੇ ਔਖੇ ਹੋ ਰਹੇ ਹਨ, ਪਰ ਕਿਉਂ? ਮਾਮੇ ਦੀ ਜਾਤ ਕਿਉ ਬਦਲੇਗੀ? ਜੇ ਮੈਂ ਵਿਆਹ ਕਰਵਾਕੇ ਕਲ ਹੀ ਰੰਡੀ ਹੋਕੇ ਆ ਜਾਵਾਂ ਤਾਂ ਫੇਰ ਜਾਤ ਦਾ ਕੀ ਬਣੇਗਾ? ਫੇਰ ਵਿਆਹ ਕਰਵਾਉਣ ਤੇ ਨਾ ਕਰਵਾਉਣ ਵਿਚ ਫਰਕ ਕੀ ਹੋਇਆ? ਗਿਰੀ ਨੀਂਦ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਉਲਟਵੀਂ ਗਲ ਜੋ ਉਹਦੇ ਕੋਮਲ ਭਾਵਾਂ ਭਰੇ ਦਿਲ ਵਿਚ ਜਾਕੇ ਗੂੰਜਦੀ, ਓਹ ਇਸ ਨੂੰ ਬਾਹਰ ਕੱਢਕੇ ਉਸਤੇ ਚੰਗੀ ਤਰਾਂ ਵਿਚਾਰ ਕਰਦੀ ਤੇ ਵਿਚਾਰ ਕਰਦੀ ਕਰਦੀ ਹੀ ਸੌਂ ਜਾਂਦੀ।
ਉਹਦੇ ਮਾਮੇ ਦੇ ਦੁੱਖ ਨੂੰ ਸਮਝਕੇ ਜਿਹੜਾ ਵੀ ਕੋਈ ਗਲ ਕਰਦਾ, ਉਹਦੀ ਹਾਂ ਨਾਲ ਹਾਂ ਮਿਲਾਉਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ, ਉਹ ਗਿਰੀ ਨੰਦ ਤੇ ਬਹੁਤ ਹੀ ਸ਼ਰਧਾ ਕਰਨ ਲਗ ਪਏ।
ਪਹਿਲੇ ਗਿਰੀ ਨੰਦ ਲਲਿਤਾ ਨੂੰ ਤੁਸੀਂ ਆਖਕੇ ਬੁਲਾ ਲਿਆ ਕਰਦਾ ਸੀ, ਗੁਰਚਰਨ ਨੇ ਕਿਹਾ ਇਹਨੂੰ ਤੁਸੀ ਕਿਉਂ ਆਖਦੇ ਹੋ ਗਰੀਨ? ਤੂੰ ਆਖਿਆ ਕਰੋ। ਉਸ ਦਿਨ ਤੋਂ ਉਸਨੇ ਇਹਨੂੰ ਤੂੰ ਹੀ ਕਹਿਣਾ ਸ਼ੁਰੂ ਕਰ ਦਿਤਾ ਹੈ।
ਇਕ ਦਿਨ ਗਰੀਨ ਨੇ ਪੁਛਿਆ 'ਤੂੰ ਚਾਹ ਕਿਉਂ ਨਹੀਂ ਪੀਂਦੀ ਲਲਿਤਾ?'
ਲਲਿਤਾ ਦੇ ਮੂੰਹ ਨੀਵਾਂ ਕਰਕੇ ਸਿਰ ਹਿਲਾਉਣ ਤੇ ਗੁਰਚਰਨ ਨੇ ਕਿਹਾ, “ਓਹਨੂੰ ਸ਼ੇਖਰ ਬਾਬੂ ਨੇ ਰੋਕ ਦਿੱਤਾ ਹੈ। ਲੜਕੀਆਂ ਦਾ ਚਾਹ ਪੀਣਾ ਉਹਨੂੰ ਚੰਗਾ ਨਹੀਂ ਲਗਦਾ।'
ਸਬੱਬ ਸੁਣ ਕੇ ਗਰੀਨ ਖੁਸ਼ ਨਹੀਂ ਹੋਇਆ, ਲਲਿਤਾ ਇਸ ਗੱਲ ਨੂੰ ਸਮਝ ਗਈ। ਅਜ ਸ਼ਨੀ ਵਾਰ ਹੈ, ਇਸ ਕਰਕੇ ਹੋਰਨਾਂ ਦਿਨਾਂ ਤੇ ਇਸ ਦਿਨ ਜ਼ਰਾ ਚਾਹ ਤੇ ਗੱਪ ਸ਼ੱਪ ਜ਼ਿਆਦਾ ਚਿਰ ਵਜਦੀ ਰਹਿੰਦੀ ਸੀ।
ਚਾਹ ਪੀਣਾ ਬੰਦ ਹੋ ਚੁੱਕਾ ਸੀ, ਗੁਰਚਰਨ ਅਜੇ ਗਲ ਬਾਤ ਵਿਚ ਸ਼ੌਕ ਨਹੀਂ ਸਨ ਦਸ ਰਹੇ। ਵਿਚੇ ਵਿਚ ਕਿਸੇ ਹੋਰ ਪਾਸੇ ਹੀ ਧਿਆਨ ਚਲਿਆ ਜਾਂਦਾ ਸੀ।
ਗਰੀਨ ਇਸ ਗਲ ਨੂੰ ਤਾੜ ਗਿਆ, ਕਹਿਣ ਲੱਗਾ, ‘ਸ਼ਾਇਦ ਤੁਹਾਡੀ ਤਬੀਅਤ ਠੀਕ ਨਹੀਂ ਹੈ?'
ਗੁਰਚਰਨ ਨੇ ਸਿਰ ਉਤਾਹਾਂ ਚੁਕ ਕੇ ਆਖਿਆ, ਕਿਉਂ? ਤਬੀਅਤ ਤਾਂ ਠੀਕ ਹੈ।
ਗਿਰੀ ਨੰਦ ਨੇ ਸੰਗਦੇ ਸੰਗਦੇ ਕਿਹਾ, ਤੇ ਆਪੇ ਵਿਚ ਦੀ ਕੀ ਕੁਝ.......
'ਨਹੀਂ ਉਹ ਕੋਈ ਗਲ ਨਹੀਂ।' ਆਖਕੇ ਗੁਰਚਰਨ ਬਾਬੂ ਨੇ ਕੁਝ ਅਸਚਰਜ ਨਾਲ ਉਸ ਦੇ ਮੂੰਹ ਵੱਲ ਵੇਖਿਆ। ਉਹਨਾਂ ਦੇ ਅੰਦਰ ਦੀ ਹਿਲ ਜੁਲ ਬਾਹਰ ਪ੍ਰਗਟ ਹੋ ਰਹੀ ਸੀ, ਇਸ ਗਲ ਨੂੰ ਇਹ ਸਿੱਧਾ ਸਾਦਾ ਆਦਮੀ ਸਮਝ ਹੀ ਨਹੀਂ ਸਕਿਆ ਸੀ।
ਲਲਿਤਾ ਪਹਿਲਾਂ ਬਿਲਕੁਲ ਚੁੱਪ ਰਹਿੰਦੀ ਸੀ, ਹੁਣ ਕਦੇ ਕਦੇ ਵਿਚਕਾਰ ਵਿਚਕਾਰ ਇਕ ਦੋ ਗੱਲਾਂ ਕਰ ਜਾਂਦੀ ਹੈ। ਉਸ ਨੇ ਆਖਿਆ-'ਮਾਮਾ ਅੱਜ ਸ਼ਾਇਦ ਤੁਹਾਡਾ ਦਿਲ ਠੀਕ ਨਹੀਂ ਹੈ।'
ਗੁਰਚਰਨ ਹੱਸਦਾ ਹੋਇਆ ਉਠ ਬੈਠਾ ਤੇ ਕਹਿਣ ਲੱਗਾ ‘ਚੰਗਾ ਇਹ ਗਲ ਹੈ, ਹਾਂ ਬੇਟਾ ਠੀਕ ਆਖਦੀ ਹੈਂ ਤੂੰ। ਅਜ ਮੇਰਾ ਮਨ ਸਚ ਮੁਚ ਹੀ ਠੀਕ ਨਹੀਂ।'
ਲਲਿਤਾ ਤੇ ਗਿਰੀ ਨੰਦ ਦੋਵੇਂ ਇਸਦੇ ਮੂੰਹ ਵੱਲ ਵੇਖਦੇ ਰਹੇ।
ਗੁਰਚਰਨ ਨੇ ਆਖਿਆ, 'ਨਵੀਨ ਬਾਬੂ ਨੇ ਸਭ ਕੁਝ ਜਾਣਦਿਆਂ ਹੋਇਆਂ ਵੀ, ਰਾਹ ਵਿਚ ਪੰਜ ਚਾਰ ਸਖਤ ਗੱਲਾਂ ਕਰ ਦਿੱਤੀਆਂ ਹਨ। ਉਹਨਾਂ ਨੂੰ ਵੀ ਕੀ ਦੋਸ਼ ਦਿਆਂ? ਛੇ ਮਹੀਨੇ ਹੋ ਗਏ ਇਕ ਪੈਸਾ ਵੀ ਤਾਂ ਨਹੀਂ ਮੋੜਿਆ ਜਾ ਸਕਿਆ।'
ਗੱਲ ਨੂੰ ਸਮਝਕੇ ਲਲਿਤਾ ਉਸਨੂੰ ਦਬਾ ਦੇਣ ਲਈ ਘਾਬਰ ਉਠੀ। ਉਹਨੂੰ ਫਿਕਰ ਪੈ ਗਿਆ ਕਿ ਉਹਦੇ ਦੂਰ ਦੀ ਨ ਸੋਚਣ ਵਾਲੇ ਮਾਮਾ ਜੀ ਕਿਤੇ ਘਰ ਦੀਆਂ ਸਾਰੀਆਂ ਗੱਲਾਂ ਹੀ ਦੂਜੇ ਆਦਮੀ ਪਾਸ ਨ ਕਹਿ ਦੇਣ। ਇਸਤੋਂ ਡਰਦੀ ਮਾਰੀ ਉਹ ਝੱਟ ਪਟ ਕਹਿਣ ਲੱਗੀ, ਮਾਮਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਸਭ ਕੁਝ ਠੀਕ ਹੋ ਜਾਇਗਾ।
ਪਰ ਗੁਰ ਚਰਨ ਇਸ ਗੱਲ ਨੂੰ ਸਮਝਿਆ ਹੀ ਨਹੀਂ। ਉਦਾਸੀ ਭਰਿਆ ਹਾਸਾ ਹਸਦਾ ਹੋਇਆ, ਕਹਿਣ ਲੱਗਾ, 'ਕੀ ਠੀਕ ਹੋ ਜਾਇਗਾ, ਬੱਚੀ?' ਅਸਲ ਵਿੱਚ ਗਲ ਇਹ ਹੈ ਗਰੀਨ ਮੇਰੀ ਧੀ ਤਾਂ ਚਾਹੁੰਦੀ ਹੈ ਕਿ ਮੇਰਾ ਬੁੱਢਾ ਮਾਮਾ ਕੋਈ ਫਿਕਰ ਨ ਕਰੇ ਬੇਫਿਕਰ ਰਹੇ। ਪਰ ਬਾਹਰ ਦੇ ਲੋਕ ਤਾਂ ਤੇਰੇ ਦੁਖੀ ਮਾਮੇ ਨੂੰ ਦੁਖ ਵਾਲੇ ਪਾਸੇ ਆਇਆ ਵੀ ਵੇਖਣਾ ਨਹੀਂ ਚਾਹੁੰਦੇ ਲਲਿਤਾ।
ਗਿਰੀਨੰਦ ਨੇ ਪੁਛਿਆ, ਨਵੀਨ ਬਾਬੂ ਨੇ ਅੱਜ ਕੀ ਆਖਿਆ ਸੀ?
ਲਲਿਤਾ ਨਹੀਂ ਜਾਣਦੀ ਸੀ ਕਿ ਗਿਰੀਨੰਦ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਇਸ ਕਰਕੇ ਉਹ ਇਹਨਾਂ ਗੱਲਾਂ ਦਾ ਗਿਰੀ ਨੰਦ ਨੂੰ ਪਤਾ ਲੱਗ ਜਾਣ ਦੇ ਡਰ ਤੇ ਬੜੀ ਖਿਝ ਰਹੀ ਸੀ।
ਗੁਰਚਰਨ ਨੇ ਸਾਰੀਆਂ ਗੱਲਾਂ ਖੋਲ੍ਹ ਦਿੱਤੀਆਂ। ਨਵੀਨ ਦੀ ਘਰ ਵਾਲੀ ਕਈਆਂ ਦਿਨਾਂ ਤੋਂ ਬਦਹਾਜ਼ਮੇ ਦੀ ਬੀਮਾਰੀ ਨਾਲ ਔਖੀ ਹੋ ਰਹੀ ਹੈ। ਦੁਖ ਵਧ ਜਾਣ ਤੇ ਡਾਕਟਰਾਂ ਨੇ ਜਲ ਪਾਣੀ ਦੀ ਬਦਲੀ ਲਈ ਆਖਿਆ ਹੈ। ਇਸ ਕਰਕੇ ਉਹਨਾਂ ਨੂੰ ਰੁਪੈ ਦੀ ਲੋੜ ਹੈ। ਇਸ ਕਰਕੇ ਉਹਨਾਂ ਗੁਰਚਰਨ ਪਾਸੋਂ ਸਾਰਾ ਬਿਆਜ ਤੇ ਕੁਝ ਅਸਲ ਵਿਚੋਂ ਵੀ ਮੰਗਿਆ ਹੈ।
ਗਿਰੀ ਨੰਦ ਕੁਝ ਚਿਰ ਅਡੋਲ ਰਹਿਕੇ ਹੌਲੀ ਜਹੀ ਬੋਲਿਆ, 'ਇਕ ਗੱਲ ਮੈਂ ਤੁਹਾਡੇ ਨਾਲ ਕਈਆਂ ਦਿਨਾਂ ਤੋਂ ਕਰਨ ਵਾਲਾ ਹਾਂ, ਪਰ ਕਰ ਨਹੀਂ ਸਕਿਆ, ਜੇ ਤੁਸੀਂ ਬੁਰਾ ਨਾ ਮੰਨੋ ਤਾ ਅਜੋ ਕਰ ਲਵਾ?'
ਗੁਰਚਰਨ ਹੱਸ ਪਿਆ। ਕਹਿਣ ਲੱਗਾ! ਮੇਰੇ ਨਾਲ ਗਲ ਕਰਨ ਲਗਾ ਤਾਂ ਕਦੇ ਕੋਈ ਵੀ ਨਹੀਂ ਸੰਗਿਆ ਕੀ ਗੱਲ ਹੈ?
ਗਿਰੀਨੰਦ ਨੇ ਆਖਿਆ, ਬੀਬੀ ਜੀ ਪਾਸੋਂ ਸੁਣਿਆਂ ਹੈ ਕਿ ਨਵੀਨ ਬਾਬੂ ਬਿਆਜ ਬਹੁਤ ਹੀ ਲੈਂਦੇ ਹਨ। ਮੇਰੇ ਪਾਸ ਬਹੁਤ ਸਾਰੇ ਰੁਪੈ ਵਾਧੂ ਪਏ ਹੋਏ ਹਨ। ਕਿਸੇ ਕੰਮ ਨਹੀਂ ਆਉਂਦੇ, ਨਵੀਨ ਬਾਬੂ ਨੂੰ ਰੁਪਇਆਂ ਦੀ ਲੋੜ ਵੀ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੇ ਰੁਪੈ ਤੁਸੀਂ ਮੁਕਦੇ ਕਰ ਦਿਓ।
ਲਲਿਤਾ ਤੇ ਗੁਰਚਰਨ ਦੋਵੇਂ ਹੈਰਾਨਗੀ ਨਾਲ ਉਹਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀਨੰਦ ਸੰਗਦਿਆਂ ਕਹਿਣ ਲੱਗਾ, 'ਮੈਨੂੰ ਹੁਣ ਰੁਪਇਆਂ ਦੀ ਕੋਈ ਖਾਸ ਲੋੜ ਨਹੀਂ ਇਸੇ ਕਰਕੇ ਕਹਿ ਰਿਹਾ ਹਾਂ ਕਿ ਜਦੋਂ ਤੁਹਾਥੋਂ ਮੋੜੇ ਜਾ ਸਕਣਗੇ ਤਾਂ ਮੋੜ ਦੇਣੇ। ਉਹਨਾਂ ਲੋਕਾਂ ਨੂੰ ਵੀ ਲੋੜ ਹੈ ਜੇ ਦੇ ਦਿਉ ਤਾਂ ਚੰਗਾ ਹੀ ਹੈ, ਪਰ..... ... .....
ਗੁਰਚਰਨ ਨੇ ਪੁਛਿਆ, ਸਾਰੇ ਰੁਪੈ ਤੁਸੀਂ ਦੇ ਦਿਉਗੇ?
ਗੁਰਚਰਨ ਨੇ ਮੂੰਹ ਨੀਵਾਂ ਕਰਕੇ ਆਖਿਆ, 'ਹਾਂ! ਹਾਂ!' ਇਸ ਵਕਤ ਤੱਕ ਜੋ ਭੀ ਤੁਸਾਂ ਉਹਨਾਂ ਦਾ ਦੇਣਾ ਹੈ, ਸਭ ਨਿਬੜ ਜਾਇਗਾ।'
ਗੁਰਚਰਨ ਕੁਝ ਕਹਿਣਾ ਹੀ ਚਾਹੁੰਦੇ ਸਨ ਕਿ ਏਨੇ ਚਿਰ ਨੂੰ ਅੱਨਾਕਾਲੀ ਭੱਜੀ ਆਈ। ਕਹਿਣ ਲੱਗੀ, 'ਬੀਬੀ! ਬੀਬੀ! ਛੇਤੀ ਕਰ। ਸ਼ੇਖਰ ਬਾਬੂ ਨੇ ਕਪੜੇ ਪਾਉਣ ਲਈ ਕਿਹਾ ਹੈ, ਥੀਏਟਰ ਵੇਖਣ ਜਾਣਾ ਹੋਵੇਗਾ’ ਇਹ ਆਖਕੇ ਉਹ ਜਿੱਦਾਂ ਆਈ ਸੀ ਉਸੇਤਰਾਂ ਹੀ ਚਲੀ ਗਈ। ਉਹਦੇ ਸ਼ੌਕ ਨੂੰ ਵੇਖਕੇ ਗੁਰਚਰਨ ਹੱਸ ਪਿਆ, ਲਤਾ ਟਿੱਕਕੇ ਬੈਠੀ ਰਹੀ।
ਅਨਾਕਾਲੀ ਪਲ ਮਗਰੋਂ ਹੀ ਫੇਰ ਆ ਗਈ ਤੇ ਆਖਣ ਲੱਗੀ, 'ਛੇਤੀ ਵੀ ਕਰ ਬੀਬੀ, ਸਾਰੇ ਖੜੇ ਤੈਨੂੰ ਉਡੀਕ, ਰਹੇ ਹਨ।'
ਫੇਰ ਵੀ ਲਲਿਤਾ ਉੱਠਣ ਨੂੰ ਤਿਆਰ ਨ ਹੋਈ। ਉਹ ਉਸ ਰੁਪਇਆਂ ਦੀ ਗੱਲ ਨੂੰ ਅਖੀਰ ਤੱਕ ਸੁਣਕੇ ਜਾਣਾ ਚਾਹੁੰਦੀ ਸੀ, ਪਰ ਗੁਰਚਰਨ ਨੇ ਕਾਲੀ ਦੇ ਮੂੰਹ ਵੱਲ ਵੇਖਦਿਆਂ ਹੋਇਆ ਲਲਿਤਾ ਦੇ ਮੱਥੇ ਤੇ ਹੱਥ ਰੱਖਕੇ ਆਖਿਆ,'ਜਾਹ ਬੱਚੀ ਚਿਰ ਨਾਂ ਲਾ,ਤੇਰੇ ਵਾਸਤੇ ਹੀ ਸਾਰੇ ਖੜੇ ਹਨ।' ਅਖੀਰ ਲਲਿਤਾ ਨੂੰ ਜਾਣਾ ਹੀ ਪਿਆ,ਜਾਂਚਿਆਂ ਹੋਇਆਂ ਉਸ ਨੇ ਗਿਰੀ ਨੰਦ ਦੇ ਮੂੰਹ ਵੱਲ ਧੰਨਵਾਦ ਭਰੀਆਂ ਅੱਖਾਂ ਨਾਲ ਤੱਕਿਆ ਤੇ ਹੌਲੀ ਜਹੀ ਬਾਹਰ ਚਲੀ ਗਈ। ਇਹ ਗੱਲ ਗਿਰੀ ਨੰਦ ਵੀ ਤਾੜ ਗਿਆ।
ਦਸਾਂ ਕੁ ਮਿੰਟਾਂ ਪਿਛੋਂ ਤਿਆਰ ਹੋਕੇ ਉਹ ਪਾਨ ਦੇਣ ਦੇ ਬਹਾਨੇ ਇਕਵਾਰ ਫੇਰ ਬੈਠਕ ਵਿਚ ਆਈ।
ਗਿਰੀ ਨੰਦ ਚਲਿਆ ਗਿਆ ਇਕੱਲਾ ਗੁਰਚਰਨ ਹੀ ਮੋਟੇ ਸਿਰਹਾਣੇ ਤੇ ਸਿਰ ਧਰੀ ਪਿਆ ਸੀ। ਉਹਦੀਆਂ ਮੀਟੀਆਂ ਹੋਈਆਂ ਅੱਖਾਂ ਦੇ ਕੰਢਿਆਂ ਤੋਂ ਅੱਥਰੂ ਵਹਿ ਰਹੇ ਸਨ। ਇਹ ਖੁਸ਼ੀ ਦੇ ਅੱਥਰੂ ਸਨ। ਇਹ ਗਲ ਲਲਿਤਾ ਸਮਝ ਗਈ। ਸਮਝ ਜਾਣ ਕਰਕੇ ਹੀ ਉਸਨੇ ਇਹਨਾਂ ਦਾ ਧਿਆਨ ਨਹੀਂ ਉਖੇੜਿਆ। ਜਿੱਦਾਂ ਚੁਪਚਾਪ ਆਈ ਸੀ ਓਦਾਂ ਹੀ ਚਲੀ ਗਈ। ਥੋੜੇ ਚਿਰ ਪਿਛੋਂ ਜਦ ਉਹ ਸ਼ੇਖਰ ਬਾਬੂ ਦੇ ਘਰ ਪੁੱਜੀ ਤਾਂ, ਉਸਦੀਆਂ ਦੀਆਂ ਅੱਖਾਂ ਵਿਚੋਂ ਵੀ ਅਥਰੂ ਵਗ ਰਹੇ ਸਨ। ਕਾਲੀ ਉਥੇ ਨਹੀਂ ਸੀ। ਉਹ ਸਾਰਿਆਂ ਨਾਲੋਂ ਪਹਿਲਾਂ ਹੀ ਗੱਡੀ ਵਿੱਚ ਜਾ ਬੈਠੀ ਸੀ।ਸ਼ੇਖਰ ਇਕੱਲਾ ਕਮਰੇ ਵਿਚ ਖਲੋਤਾ ਖਬਰੇ ਇਸੇ ਨੂੰ ਉਡੀਕ ਰਿਹਾ ਸੀ।
ਉਹ ਅੱਠ ਦਸ ਦਿਨ ਲਲਿਤਾ ਨੂੰ ਨ ਵੇਖ ਸਕਣ ਦੇ ਕਾਰਣ ਬਹੁਤ ਹੀ ਉਦਾਸ ਹੋ ਰਿਹਾ ਸੀ। ਪਰ ਹੁਣ ਉਹ ਇਹ ਗੱਲ ਭੁਲ ਗਿਆ ਤੇ ਕਹਿਣ ਲੱਗਾ, 'ਕੀ ਰੋ ਰਹੇ ਹੋ?
ਲਲਿਤਾ ਨੇ ਨੀਵੀਂ ਪਾਕੇ ਜ਼ੋਰ ਨਾਲ ਧੌਣ ਹਿਲਾਈ।
ਏਧਰ ਲਲਿਤਾ ਨੂੰ ਨ ਵੇਖਕੇ ਸ਼ੇਖਰ ਦੇ ਮਨ ਵਿਚ ਇਕ ਤਬਦੀਲੀ ਹੋ ਰਹੀ ਸੀ। ਇਸੇ ਕਰ ਕੇ ਉਹ ਕੋਲ ਆਕੇ: ਦੋਹਾਂ ਹੱਥਾਂ ਨਾਲ ਲਲਿਤਾ ਦਾ ਮੁੰਹ ਉਤਾਂਹਾਂ ਚੁਕਕੇ ਉਹ ਬੋਲਿਆ, 'ਤੂੰ ਸੱਚੀ ਮੁੱਚੀ ਰੋ ਰਹੀ ਏਂ, ਕੀ ਗੱਲ ਹੈ?'
ਲਲਿਤਾ ਪਾਸੋਂ ਆਪਣੇ ਆਪ ਨੂੰ ਸੰਭਾਲਿਆ ਨ ਗਿਆ, ਉਹ ਉਥੋਂ ਹੀ ਮੂੰਹ ਢੱਕ ਕੇ ਰੋਣ ਲਗ ਪਈ।

੬.
ਨਵੀਨ ਬਾਬੂ ਨੇ ਪੂਰੇ ਰੁਪੈ, ਪਾਈ ਪਾਈ ਗਿਣਕੇ, ਗਹਿਣੇ ਦਾ ਕਾਗਜ਼ ਵਾਪਸ ਕਰਦੇ ਹੋਏ ਨੇ ਕਿਹਾ, ਇਹ ਰੁਪੈ ਆਏ ਕਿਥੋਂ ਹਨ ਦੱਸੋ ਤਾਂ ਸਹੀ? ਗੁਰਚਰਨ ਨੇ ਨਿਮਰਤਾ ਨਾਲ ਕਿਹਾ, "ਇਹ ਗੱਲ ਨ ਪੁਛੋ ਕਿਸੇ ਨੇ ਦਸਣੋ ਰੋਕ ਦਿਤਾ ਹੈ।"
ਰੁਪੈ ਲੈਕੇ ਨਵੀਨ ਬਾਬੂ ਜ਼ਰਾ ਵੀ ਖੁਸ਼ ਨਹੀਂ ਹੋਏ ਨਾ ਤਾਂ ਉਨਾਂ ਨੂੰ ਰੁਪੈ ਮਿਲਣ ਦੀ ਆਸ ਹੀ ਸੀ ਤੇ ਨਾ ਲੈਣ ਦੀ ਇੱਛਾ। ਸਗੋਂ ਉਹ ਇਹ ਮਕਾਨ ਢੁਆ ਕੇ ਨਵੇਂ ਢੰਗ ਦਾ ਬਣਵਾਉਣ ਦਾ ਫਿਕਰ ਕਰ ਰਹੇ ਸਨ। ਉਨ੍ਹਾਂ ਗੱਲ ਲਾਕੇ ਆਖਿਆ, ਸੋ ਹੁਣ ਤਾਂ ਮਨਾਹੀ ਹੋਵੇਗੀ ਹੀ ਭਾਈ ਜੀ, ਦੋਸ਼ ਤੇਰਾ ਨਹੀਂ ਦੋਸ਼ ਮੇਰਾ ਹੈ, ਰੁਪਈਆ ਵਾਪਸ ਮੰਗਣਾ ਵੀ ਗੁਨਾਹ ਹੈ, ਕਲੂ ਕਾਲ ਜੂ ਹੋਇਆ?
ਗੁਰਚਰਨ ਨੇ ਉਦਾਸ ਜਹੇ ਹੋਕੇ ਆਖਿਆ, “ਇਹ ਗੱਲ ਨ ਆਖੋ ਸੇਠ ਜੀ, ਤੁਹਾਡਾ ਰੁਪਇਆ ਦਿੱਤਾ ਹੈ "ਜੋ ਤੁਸਾਂ ਕ੍ਰਿਪਾ ਕੀਤੀ ਸੀ, ਉਹਦਾ ਮੁੱਲ ਤਾਂ ਨਹੀਂ ਮੋੜਿਆਂ ਜਾ ਸਕਦਾ।"
ਨਵੀਨ ਹੱਸ ਪਿਆ। ਉਹ ਬੜਾ ਸਿਆਣਾ ਸੀ। ਜੋ ਇਹੋ ਜਹੀਆਂ ਗੱਲਾਂ ਨੂੰ ਦਿੱਲ ਤੇ ਲਿਆਉਣ ਵਾਲੇ ਹੁੰਦੇ ਤਾਂ ਗੁੜ ਵੇਚ ਕੇ ਲਖਾਂ ਪਤੀ ਕਿੱਦਾਂ ਬਣ ਜਾਂਦੇ? ਕਹਿਣ ਲੱਗੇ,"ਜੇ ਸਚ ਮੁਚ ਹੀ ਇਹ ਗੱਲ ਸੀ ਤਾਂ ਐਡੀ ਛੇਤੀ ਰੁਪੈ ਕਿਉਂ ਮੋੜ ਦਿੱਤੇ? ਮੰਨ ਲਿਆ ਮੈਂ ਰੁਪੈ ਮੰਗੇ ਸਨ ਉਹ ਵੀ ਤੁਹਾਡੀ ਭਰਜਾਈ ਲਈ, ਆਪਣੇ ਵਾਸਤੇ ਨਹੀਂ। ਤੁਸਾਂ ਜੋ ਮੇਰੇ ਨੱਕ ਤੇ ਰੁਪੈ ਲਿਆ ਰਖੇ, ਇਸ ਦੀ ਕੀ ਲੋੜ ਸੀ? ਇਹ ਤਾਂ ਦੱਸ ਅਗਾਂਹ ਇਹ ਮਕਾਨ ਕਿੰਨੇ ਬਿਆਜ ਤੇ ਗਹਿਣੇ ਪਾਇਆ ਹੈ?"
ਗੁਰਚਰਨ ਨੇ ਸਿਰ ਹਿਲਾਕੇ ਆਖਿਆ, "ਗਹਿਣੇ ਨਹੀਂ ਪਾਇਆ ਤੇ ਨਾ ਹੀ ਬਿਆਜ ਦੀ ਕੋਈ ਗੱਲ ਬਾਤ ਹੋਈ ਹੈ।"
ਨਵੀਨ ਬਾਬੂ ਨੂੰ ਯਕੀਨ ਨ ਆਇਆ। ਉਹਨੇ ਆਖਿਆ, ਕੀ ਆਖਦੇ ਹੋ ਮੁਫਤ ਹੀ? 'ਹਾਂ' ਜੀ ਇੱਕ ਤਰ੍ਹਾਂ ਦਾ ਮੁਫਤ ਹੀ ਸਮਝੋ। ਲੜਕਾ ਬੜਾ ਚੰਗਾ ਹੈ, ਬੜਾ ਹੀ ਦਿਆਲੂ ਹੈ।"
"ਲੜਕਾ। ਲੜਕਾ ਕੌਣ?"
ਗੁਰਚਰਨ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਜਿੰਨਾ ਦਸ ਦਿਤਾ ਹੈ ਇਹ ਵੀ ਦੱਸਣਾ ਠੀਕ ਨਹੀਂ ਸੀ।
ਨਵੀਨ ਬਾਬੂ ਉਸਦੇ ਮਨ ਦੀ ਗੱਲ ਨੂੰ ਤਾੜ ਕੇ ਮਨ ਹੀ ਮਨ ਮੁਸਕਾਉਂਦੇ ਹੋਏ ਕਹਿਣ ਲੱਗੇ, ਜਦ ਕਹਿਣ ਦੀ ਆਗਿਆ ਨਹੀਂ ਤਾਂ ਕਹਿਣ ਦੀ ਲੋੜ ਕੀ ਹੈ। ਪਰ ਦੁਨੀਆਂ ਵਿਚ ਮੈਂ ਬਹੁਤ ਕੁਝ ਵੇਖ ਚੁੱਕਾ ਹਾਂ। ਉਹ ਭਾਵੇਂ ਕੋਈ ਹੋਵੇ, ਮੈਂ ਤੁਹਾਨੂੰ ਹੁਸ਼ਿਆਰ ਕਰਦਾ ਹਾਂ ਕਿ ਉਹ ਤੁਹਾਡੇ ਨਾਲ ਨੇਕੀ ਕਰਦਾ ਕਰਦਾ ਕਿਤੇ ਜਾਲ ਵਿਚ ਹੀ ਨ ਫਸਾ ਲਏ।
ਗੁਰਚਰਨ ਨੇ ਇਹਦਾ ਕੋਈ ਜੁਵਾਬ ਨਹੀਂ ਦਿੱਤਾ ਕਾਗਜ਼ ਲੈ ਕੇ ਸਿੱਧਾ ਘਰ ਆਗਿਆ ਹਰ ਸਾਲ ਇਨ੍ਹਾਂ ਦਿਨਾਂ ਵਿਚ ਭਵਨੇਸ਼ਵਰੀ ਕੁਝ ਚਿਰ ਵਾਸਤੇ ਪਛਮ ਦੇ ਪਾਸੇ ਫਿਰਨ ਤੁਰਨ ਚਲੀ ਜਾਂਦੀ ਹੁੰਦੀ ਹੈ। ਇਹਨੂੰ ਬਦਹਜ਼ਮੀ ਦੀ ਸ਼ਕਾਇਤ ਰਹਿੰਦੀ ਹੈ। ਇਸ ਕਰਕੇ ਏਸ ਸੈਲ ਸਪੱਟੇ ਦਾ ਇਹਨੂੰ ਫਾਇਦਾ ਰਹਿੰਦਾ ਹੈ। ਬੀਮਾਰੀ ਐਨੀ ਨਹੀਂ ਸੀ, ਜਿੰਨੀ ਨਵੀਨ ਨੇ ਰੁਪੈ ਲੈਣ ਬਦਲੇ ਗੁਰਚਰਨ ਨੂੰ ਕਹੀ ਸੀ। ਖੈਰ ਕੁਝ ਵੀ ਹੋਵੇ ਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ।
ਉਸ ਦਿਨ ਚਮੜੇ ਦੇ ਬਕਸ ਵਿਚ ਸ਼ੇਖਰ ਆਪਣੀ ਸ਼ੌਕੀਨੀ ਦੀਆਂ ਚੀਜ਼ਾਂ ਜਮਾਕੇ ਰਖ ਰਿਹਾ ਸੀ।
ਅਨਾਕਾਲੀ ਨੇ ਕਮਰੇ ਵਿਚ ਆਕੇ ਕਿਹਾ, ਸ਼ੇਖਰ ਬਾਬੂ ਤੁਸੀਂ ਕਲ ਜਾਓਗੇ?
ਸ਼ੇਖਰ ਨੇ ਝਟ ਸਿਰ ਉੱਚਾ ਕਰਕੇ ਆਖਿਆ, 'ਕਾਲੀ ਤੂੰ ਆਪਣੀ ਬੀਬੀ ਨੂੰ ਘਲ ਦਿਹ ਉਹ ਆਕੇ ਵੇਖ ਲਏ ਕਿ ਕੀ ਕੀ ਚੀਜ਼ ਨਾਲ ਖੜਨੀ ਹੈ।
ਲਲਿਤਾ ਹਰ ਸਾਲ ਇਸ ਮਾਂ ਨਾਲ ਜਾਂਦੀ ਹੈ, ਇਸ ਵਾਰੀ ਜਰੂਰ ਜਾਇਗੀ, ਇਹ ਗਲ ਸ਼ੇਖਰ ਸਮਝਦਾ ਸੀ।
ਕਾਲੀ ਨੇ ਗਰਦਨ ਹਿਲਾਕੇ ਆਖਿਆ, 'ਬੀਬੀ ਤਾਂ ਨਹੀਂ ਜਾਇਗੀ।'
'ਕਿਉਂ ਨਹੀਂ ਜਾਇਗੀ?'
ਕਾਲੀ ਨੇ ਆਖਿਆ, ਵਾਹ! ਮਾਘ ਫਗਣ ਵਿਚ ਤਾਂ ਉਹਦਾ ਵਿਆਹ ਹੋਵੇਗਾ, ਬਾਬੂ ਜੀ ਵਰ ਘਰ ਦਰ ਘਰ ਲਭ ਰਹੇ ਹਨ।
ਸ਼ੇਖਰ ਸਾਰੀ ਗਲ ਨੂੰ ਸਮਝਣ ਦਾ ਯਤਨ ਕਰ ਰਹੀ ਨਜ਼ਰ ਨਾਲ ਉਸਦੇ ਮੂੰਹ ਵਲ ਵੇਖਦਾ ਰਿਹਾ।
ਕਾਲੀ ਨੇ ਘਰ ਜੋ ਸੁਣਿਆਂ ਸੀ, ਸ਼ੌਕ ਨਾਲ ਸਭ ਕੁਝ ਕਹਿਣ ਲਗ ਪਈ। 'ਗਿਰੀਨ ਬਾਬੂ' ਨੇ ਆਖਿਆ ਹੈ, ਜਿੰਨੇ ਰੁਪੈ ਲਗਣਗੇ ਅਸੀਂ ਦੇਵਾਂਗੇ। ਚੰਗਾ ਵਰ ਘਰ ਚਾਹੀਦਾ ਹੈ। ਬਾਬੂ ਜੀ ਅਜ ਦਫਤਰ ਨਹੀਂ ਜਾਣਗੇ। ਰੋਟੀ ਟੁਕ ਖਾਕੇ ਕਿਤੇ ਘਰ ਲਭਣ ਜਾਣਗੇ। ਗਿਰੀਨ ਬਾਬੂ ਵੀ ਨਾਲ ਹੀ ਰਹਿਣਗੇ।
ਸ਼ੇਖਰ ਚੁਪਚਾਪ ਸੁਣਦਾ ਰਿਹਾ ਤੇ ਲਲਤਾ ਕਿਉ ਨਹੀਂ ਆਈ ਇਹਦਾ ਵੀ ਓਹਨੂੰ ਪਤਾ ਲਗ ਗਿਆ।
ਕਾਲੀ ਆਖਣ ਲਗੀ, ਗਿਰੀਨ ਬਾਬੂ ਬੜੇ ਚੰਗੇ ਆਦਮੀ ਹਨ। ਵਿਚਕਾਰਲੀ ਭੈਣ ਦੇ ਵਿਆਹ ਤੇ ਬਾਬੂ ਜੀ ਨੇ ਮਕਾਨ ਗਹਿਣੇ ਪਾਇਆ ਸੀ ਨਾ ਤਾਏ ਜੀ ਦੇ ਕੋਲ? ਬਾਬੂ ਜੀ ਕਹਿ ਰਹੇ ਸਨ ਕਿ ਕੁਝ ਦਿਨਾਂ ਤਕ ਸਾਨੂੰ ਸਭ ਨੂੰ ਕਿਸੇ ਤਖੀਏ ਡੇਰੇ ਲਾਉਣੇ ਪੈਣਗੇ। ਇਹ ਸੁਣਕੇ ਗਰੀਨ ਬਾਬੂ ਨੇ ਰੁਪੈ ਦੇ ਦਿਤੇ ਹਨ। ਕਲ ਬਾਬੂ ਜੀ ਨੇ ਸਭ ਰੁਪੈ ਤਾਏ ਜੀ ਨੂੰ ਮੋੜ ਦਿਤੇ ਹਨ। ਬੀਬੀ ਜੀ ਆਖ ਰਹੇ ਸਨ, ਹੋਣ ਸਾਨੂੰ ਕਿਸੇ ਗਲ ਦਾ ਡਰ ਨਹੀਂ। ਠੀਕ ਹੈ ਨਾ?
ਸ਼ੇਖਰ ਕੋਈ ਜਵਾਬ ਨ ਦੇ ਸਕਿਆ, ਉਸੇਤਰਾਂ ਇਕ ਟੁੱਕ ਵੇਖਦਾ ਰਿਹਾ।
ਕਾਲੀ ਨੇ ਪੁਛਿਆ ਕੀ ਸੋਚ ਰਹੇ ਹੋ ਸ਼ੇਖਰ ਬਾਬੂ?
ਹੁਣ ਸ਼ੇਖਰ ਦਾ ਧਿਆਨ ਉਟਕਿਆ ਸੀ ਛੇਤੀ ਨਾਲ ਬੋਲ ਪਿਆ, 'ਕੁਝ ਨਹੀਂ ਕਾਲੀ ਆਪਣੀ ਭੈਣ ਨੂੰ ਜ਼ਰਾ ਛੇਤੀ ਘਲ ਦਿਹ! ਆਖਣਾ ਬਾਬੂ ਸਦ ਰਿਹਾ ਏ। ਜਾਹ ਭੱਜੀ ਜਾਹ।
ਕਾਲੀ ਭੱਜੀ ਗਈ।
ਸ਼ੇਖਰ ਖੁਲੇ ਹੋਏ ਸੂਟ ਕੇਸ ਵਲ ਇਕ ਟਕ ਵੇਖਦਾ ਰਿਹਾ। ਕਿਹੜੀ ਚੀਜ਼ ਚਾਹੀਦੀਹੈ ਤੇ ਕਿਹੜੀ ਨਹੀਂ ਇਹਦੀਆਂ ਨਜ਼ਰਾਂ ਅਗੋਂ ਸਭ ਲੁਕ ਗਈਆਂ।
ਸੱਦਾ ਸੁਣਕੇ ਲਲਤਾ ਨੇ ਉਤੇ ਆਕੇ ਖਿੜਕੀ ਵਿਚੋਂ ਝਾਕ ਕੇ ਵੇਖਿਆ ....................... ਕਿ ਸ਼ੇਖਰ ਬਾਬੂ ਥੱਲੇ ਨੂੰ ਨਿਗਾਹ ਕਰੀ ਚੁਪਚਾਪ ਬੈਠੇ ਹੋਏ ਹਨ। ਉਸਨੇ ਇਹਨਾਂ ਦੇ ਚਿਹਰੇ ਦਾ ਇਹ ਭਾਵ ਪਹਿਲਾਂ ਕਦੇ ਨਹੀਂ ਸੀ ਵੇਖਿਆ, ਲਲਿਤਾ ਹੈਰਾਨ ਹੋ ਗਈ ਤੇ ਡਰ ਗਈ। ਹੌਲੀ ਹੌਲੀ ਲਾਗੇ ਪਹੁੰਚ ਗਈ,ਸ਼ੇਖਰ 'ਆਈਏ' ਆਖਕੇ ਉਠਕੇ ਖਲੋ ਗਿਆ।
ਲਲਿਤਾ ਨੇ ਹੌਲੀ ਜਹੀ ਪੁਛਿਆ, 'ਮੈਨੂੰ ਸੱਦਿਆ ਸੀ?'
ਹਾਂ ਆਖਕੇ ਸ਼ੇਖਰ ਘੜੀ ਕੁ ਚੁਪ ਰਿਹਾ। ਫੇਰ ਕਹਿਣ ਲੱਗਾ, 'ਕੱਲ ਸੁਵੇਰ ਦੀ ਗੱਡੀ ਮੈਂ ਮਾਂ ਨਾਲ ਸੈਰ ਵਾਸਤੇ ਜਾ ਰਿਹਾ ਹਾਂ। ਇਸਵਾਰੀ ਖਬਰੇ ਛੇਤੀ ਨ ਮੁੜਿਆ ਜਾਏ। ਆਹ ਕੁੰਜੀ ਲੈ ਲਓ । ਤੁਹਾਡੇ ਖਰਚ ਵਾਸਤੇ ਜਿੰਨੇ ਰੁਪਇਆਂ ਦੀ ਜ਼ਰੂਰਤ ਹੋਵੇ, ਇਸ ਦਰਾਜ਼ ਵਿਚੋਂ ਲੈ ਲੈਣੇ ।'
ਹਰਵਾਰ ਲਲਿਤਾ ਵੀ ਨਾਲ ਜਾਂਦੀ ਸੀ । ਪਿਛਲੇ ਸਾਲ ਉਸਨੇ ਏਸ ਮੌਕੇ ਤੇ ਕਿੰਨੇ ਚਾ ਨਾਲ ਚੀਜ਼ਾਂ ਤਿਆਰ ਕੀਤੀਆਂ ਸਨ ਤੇ ਸਾਮਾਨ ਬੱਧਾ ਸੀ । ਇਸ ਵਾਰੀ ਇਹ ਸਾਰਾ ਕੰਮ ਸ਼ੇਖਰ ਬਾਬੂ ਇਕੱਲਾ ਹੀ ਕਰ ਰਿਹਾ ਹੈ। ਖੁਲੇ ਸੂਟ ਕੇਸ ਨੂੰ ਵੇਖਦਿਆਂ ਹੀ ਲਲਿਤਾ ਨੂੰ ਉਹ ਗਲ ਯਾਦ ਆ ਗਈ।
ਸ਼ੇਖਰ ਨੇ ਲਲਿਤਾ ਵਲੋਂ ਮੂੰਹ ਦੂਜੇ ਪਾਸੇ ਕਰਕੇ, ਗੱਲ ਵਿਚ ਅਟਕ ਰਹੇ ਖੰਘਾਰ ਨੂੰ ਸਾਫ ਕਰਕੇ ਕਿਹਾ, "ਜ਼ਰਾ ਹੁਸਿਆਰ ਹੋਕੇ ਰਹਿਣਾ, ਜੋ ਕਦੇ ਕੋਈ ਖਾਸ ਲੋੜ ਪਏ ਤਾਂ ਭਰਾ ਪਾਸੋਂ ਪਤਾ ਕਰਕੇ ਮੈਨੂੰ ਚਿੱਠੀ ਪਾ ਦੇਣੀ ।''
ਇਹਦੇ ਪਿਛੋਂ ਦੋਵੇਂ ਚੁੱਪ ਰਹੇ। ਇਸ ਵਾਰੀ ਲਲਿਤਾ ਨਾਲ ਨਹੀਂ ਜਾਇਗੀ, ਇਹ ਗਲ ਸ਼ੇਖਰ ਨੂੰ ਮਲੂਮ ਹੋ ਗਈ ਹੈ ਤੇ ਸ਼ਾਇਦ ਇਸ ਦੀ ਵਜ੍ਹਾ ਦਾ ਵੀ ਪਤਾ ਲੱਗ ਗਿਆ ਹੈ। ਇਸ ਗਲ ਦਾ ਖਿਆਲ ਕਰਕੇ ਲਲਿਤਾ ਸ਼ਰਮ ਦੀ ਮਾਰੀ ਜ਼ਮੀਨ ਵਿਚ ਗੱਡੀ ਜਾ ਰਹੀ ਹੈ।
ਸ਼ੇਖਰ ਨੇ ਕਿਹਾ, ਚੰਗਾ ਹੁਣ ਜਾਓ, ਮੈਨੂੰ ਚਿਰ ਹੋ ਰਿਹਾ ਹੈ। ਸਾਰਾ ਸਾਮਾਨ ਸੰਭਾਲਨਾ ਹੈ, ਫੇਰ ਇਕ ਵਾਰੀ ਦਫਤਰ ਵੀ ਜਾਣਾ ਹੈ।
ਲਲਿਤਾ, ਖੁਲ੍ਹੇ ਹੋਏ ਸੂਟ ਕੇਸ ਕੋਲ ਗੋਡੇ ਮਾਰ ਕੇ ਬਹਿ ਗਈ ਤੇ ਕਹਿਣ ਲੱਗੀ, "ਤੁਸੀਂ ਜਾਕੇ ਇਸ਼ਨਾਨ ਕਰੋ ਮੈਂ ਆਪ ਹੀ ਸਾਮਾਨ ਸੰਭਾਲ ਦੇਂਦੀ ਹਾਂ ।"
"ਚੰਗਾ ਹੀ ਹੈ, ਆਖ ਕੇ ਸ਼ੇਖਰ ਚਾਬੀਆਂ ਦਾ ਗੁੱਛਾ ਲਲਿਤਾ ਦੇ ਸਾਹਮਣੇ ਸੁੱਟ ਕੇ ਦਰਵਾਜ਼ੇ ਦੇ ਬਾਹਰ ਜਾਕੇ ਖੜਾ ਹੋ ਗਿਆ ਤੋ ਕਹਿਣ ਲੱਗਾ, ਮੈਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਭੁੱਲ ਤਾਂ ਨਹੀਂ ਗਈ ?"
ਲਲਿਤਾ ਸਿਰ ਨੀਵਾਂ ਪਾਈ ਖੁਲ੍ਹੇ ਹੋਏ ਸੂਟ ਕੇਸ ਦੀਆਂ ਚੀਜ਼ਾਂ ਵੇਖਦੀ ਰਹੀ ਪਰ ਜਵਾਬ ਕੁਝ ਨਹੀ ਦਿੱਤਾ ।
ਸ਼ੇਖਰ ਨੇ ਥਲੇ ਜਾਕੇ ਪੁੱਛ ਕੇ ਪਤਾ ਕਰ ਲਿਆ ਕਿ ਕਾਲੀ ਦੀਆਂ ਸਾਰੀਆਂ ਗੱਲਾਂ ਠੀਕ ਹਨ । ਗੁਰਚਰਨ ਨੇ ਕਰਜ਼ ਲਾਹ ਦਿੱਤਾ ਹੈ। ਇਹ ਗੱਲ ਵੀ ਸੱਚ ਹੈ। ਲਲਿਤਾ ਵਾਸਤੇ ਵਰ ਘਰ ਲੱਭਣ ਦੀ ਖਾਸ ਕੋਸ਼ਸ਼ ਹੋ ਰਹੀ ਹੈ, ਇਹ ਵੀ ਠੀਕ ਹੈ । ਇਹ ਹੋਰ ਕੁਝ ਪੁੱਛੇ ਤੋ ਬਿਨਾਂ ਹੀ ਨ੍ਹਾਉਣ ਚਲਿਆ ਗਿਆ ।
ਕਰੀਬ ਦੋ ਘੰਟਿਆਂ ਪਿੱਛੋ, ਨਹਾ ਧੋ, ਖਾ ਪੀ ਕੇ ਦਫਤਰ ਜਾਣ ਦੇ ਕਪੜੇ ਪਾਕੇ ਜਦ ਉਹ ਉਪਰ ਆਇਆ ਤਾਂ ਸੱਚ ਮੁੱਚ ਹੀ ਚੁੱਪ ਦਾ ਚੁੱਪ ਹੀ ਰਹਿ ਗਿਆ ।
ਇਹਨਾਂ ਦੋ ਘੰਟਿਆਂ ਵਿਚ ਲਲਿਤਾ ਨੇ ਕੁਝ ਵੀ ਨਹੀਂ ਕੀਤਾ ਸੀ । ਉਹ ਸੂਟ ਕੇਸ ਉਤੇ ਸਿਰ ਰਖ ਕੇ ਚੁੱਪ ਚਾਪ ਬੈਠੀ ਹੋਈ ਸੀ । ਸ਼ੇਖਰ ਦੇ ਪੈਰਾਂ ਦੀ ਅਵਾਜ਼ ਸੁਣਕੇ ਉਹ ਤ੍ਰਹਿਕੀ ਤੇ ਫੇਰ ਉਸ ਨੇ ਛੇਤੀ ਹੀ ਨੀਵੀਂ ਪਾ ਲਈ, ਉਹਦੀਆਂ ਦੋਵੇਂ ਅੱਖਾਂ ਲਾਲ ਹੋ ਰਹੀਆਂ ਸਨ ।
ਪਰ ਸ਼ੇਖਰ ਨੇ ਉਹ ਨੂੰ ਵੇਖਕੇ ਵੀ ਅਣਡਿਠਨ ਕਰ ਦਿੱਤਾ ਓਹਨੇ ਦਫਤ੍ਰ ਦਾ ਸੂਟ ਪਾਇਆ ਹੋਇਆ ਸਹਿਜ ਸੁਭਾ ਹੀ ਕਿਹਾ, ਹੁਣ ਤੇਰੇ ਪਾਸੋਂ ਕੁਝ ਨਹੀਂ ਹੋ ਸਕਣਾ ਲਲਿਤਾ ! ਦੁਪਹਿਰਾਂ ਨੂੰ ਆਕੇ ਠੀਕ ਠਾਕ ਕਰ ਦੇਣਾ।ਇਹ ਆਖ ਕੇ ਉਹ ਦਫਤਰ ਚਲਿਆ ਗਿਆ। ਉਹ ਲਲਤਾ ਦੀਆਂ ਲਾਲ ਅੱਖਾਂ ਦੀ ਵਜਾ ਚੰਗੀ ਤਰ੍ਹਾਂ ਸਮਝ ਗਿਆ ਸੀ, ਪਰ ਚੰਗੀ ਤਰ੍ਹਾਂ ਤਸੱਲੀ ਕਰ ਲੈਣ ਤੋਂ ਬਿਨਾਂ ਕੁਝ ਕਹਿਣ ਦਾ ਹੌਂਸਲਾ ਨਹੀਂ ਸੀ ਕਰ ਸਕਦਾ।
ਉਸ ਦਿਨ ਸ਼ਾਮ ਨੂੰ ਮਾਮੇ ਨੂੰ ਚਾਹ ਦੇਣ ਗਈ ਤਾਂ ਲਲਿਤਾ ਗੁੱਛਾ ਮੁੱਛਾ ਜਹੀ ਹੋ ਗਈ, ਅੱਜ ਸ਼ੇਖਰ ਵੀ ਉਥੇ ਸੀ ਕਿਉਂਕਿ ਉਹ ਗੁਰਚਰਨ ਪਾਸੋਂ ਛੁੱਟੀ ਮੰਗਣ ਆਇਆ ਸੀ।
ਲਲਿਤਾ ਨੀਵੀਂ ਪਾਈ ਦੋ ਪਿਆਲੀਆਂ ਚਾਹਦੀਆਂ, ਆਪਣੇ ਮਾਮੇ ਤੇ ਗਰੀਨ ਅੱਗੇ ਰੱਖ ਆਈ। ਇਹ ਵੇਖਕੇ ਗਰੀਨ ਨੇ ਆਖਿਆ, 'ਸ਼ੇਖਰ ਬਾਬੂ ਨੂੰ ਚਾਹ ਕਿਉਂ ਨਹੀਂ ਦਿਤੀ?'
ਲਲਿਤਾ ਨੇ ਨੀਵੀਂ ਪਾਈ ਹੀ ਕਿਹਾ, ਸ਼ੇਖਰ ਬਾਬੂ ਚਾਹ ਨਹੀਂ ਪੀਂਦੇ। ਗਰੀਨ ਨੇ ਹੋਰ ਕੁਝ ਨ ਕਿਹਾ ਲਲਿਤਾ ਦੀ ਚਾਹ ਨ ਪੀਣ ਦੀ ਗੱਲ ਉਹਨੂੰ ਚੇਤੇ ਆਗਈ। ਸ਼ੇਖਰ ਆਪ ਚਾਹ ਨਹੀਂ ਸੀ ਪੀਦਾ, ਤੇ ਹੋਰ ਕਿਸੇ ਨੂੰ ਪੀਦਿਆਂ ਵੇਖਕੇ ਖੁਸ਼ ਨਹੀਂ ਸੀ ਹੁੰਦਾ।
ਚਾਹਦਾ ਪਿਆਲਾ ਹੱਥ ਵਿਚ ਫੜਕੇ ਗੁਰਚਰਨ ਦੇ ਮੁੰਡੇ ਦੀ ਗਲ ਛੇੜ ਦਿੱਤੀ, ਮੁੰਡਾ ਬੀ. ਏ. ਵਿਚ ਪੜ੍ਹ ਰਿਹਾ ਹੈ ਆਦਿ। ਬਹੁਤ ਹੀ ਵਡਿਆਈ ਕਰਨ ਤੋਂ ਪਿਛੋਂ ਉਸਨੇ ਕਿਹਾ, ਫੇਰ ਵੀ ਸਾਡੇ ਗਰੀਨ ਬਾਬੂ ਉਸਨੂੰ ਪਸੰਦ ਨਹੀਂ ਕਰਦੇ।‘ਹਾਂ ਇਹ ਗਲ ਜ਼ਰੂਰ ਹੈ ਕਿ ਲੜਕਾ ਵੇਖਣ ਵਿਚ ਐਨਾ ਚੰਗਾ ਨਹੀਂ ਜਾਪਦਾ, ਪਰ ਆਦਮੀ ਦਾ ਨਿਰਾ ਰੂਪ ਹੀ ਨਹੀਂ ਵੇਖਣਾ ਚਾਹੀਦਾ, ਗੁਣ ਵੇਖਣੇ ਚਾਹੀਦੇ ਹਨ।'
ਸ਼ੇਖਰ ਦੇ ਨਾਲ ਗਰੀਨ ਦੀ ਐਵੇਂ ਮਾਮੂਲੀ ਜਹੀ ਵਾਕਫੀ ਹੋਈ ਸੀ, ਸ਼ੇਖਰ ਨੇ ਉਸ ਵੱਲ ਵੇਖਕੇ ਹਸਦਿਆਂ ਹੋਇਆਂ ਕਿਹਾ-ਗਰੀਨ ਬਾਬੂ ਨੂੰ ਪਸੰਦ ਕਿਉਂ ਨਹੀਂ ਆਇਆ! ਲੜਕਾ ਪੜ੍ਹ ਰਿਹਾ ਹੈ, ਉਮਰ ਚੰਗੀ ਹੈ ਇਹੋ ਤਾਂ ਸੁਪਾਤ੍ਰ ਦੇ ਲੱਛਣ ਹਨ।
ਸ਼ੇਖਰ ਨੇ ਪੁਛ ਤਾਂ ਠੀਕ ਲਿਆ, ਪਰ ਉਸਤਰਾਂ ਉਹ ਜਾਣਦਾ ਸੀ ਕਿ ਗਰੀਨ ਨੂੰ ਲੜਕਾ ਪਸੰਦ ਕਿਉਂ ਨਹੀਂ ਆਉਂਦਾ ਤੇ ਨਾ ਹੀ ਕੋਈ ਆਵੇਗਾ, ਪਰ ਗਿਰੀ ਨੰਦ ਛੇਤੀ ਨਾਲ ਕੋਈ ਜਵਾਬ ਨ ਦੇ ਸਕਿਆ। ਉਹਦਾ ਮੂੰਹ ਲਾਲ ਹੋਗਿਆ, ਸ਼ੇਖਰ ਨੇ ਇਹ ਗੱਲ ਤਾੜ ਲਈ, ਉਹ ਉਠ ਕੇ ਖਲੋ ਗਿਆ ਤੇ ਕਹਿਣ ਲੱਗਾ, ਚਾਚਾ ਜੀ ਮੈਂ ਤਾਂ ਕੱਲ ਮਾਂ ਨੂੰ ਨਾਲ ਲੈਕੇ ਫਿਰਨ ਤੁਰਨ ਜਾ ਰਿਹਾ ਹਾਂ। ਵੇਲੇ ਸਿਰ ਪਤਾ ਦੇਣਾ ਨਾ ਭੁਲ ਜਾਣਾ!
ਗੁਰਚਰਨ ਨੇ ਆਖਿਆ, “ਏਦਾਂ ਕਿਉਂ ਕਹਿੰਦਾ ਏਂ ਕਾਕਾ, ਸਾਡਾ ਤਾਂ ਸਭ ਕੁਝ ਤੂੰਈਂ ਏਂ। ਇਸਤੋਂ ਬਿਨਾਂ ਲਲਿਤਾ ਦੀ ਮਾਂ ਤੋਂ ਬਿਨਾਂ ਕੋਈ ਕੰਮ ਵੀ ਨਹੀਂ ਹੋ ਸਕਣਾ। ਕਿਉਂ ਧੀਏ ਠੀਕ ਹੈ ਕਿ ਨਹੀਂ?” ਆਖਕੇ ਜਦ ਪਿਛਾਂਹ ਵੇਖਿਆ ਤਾਂ ਲਲਿਤਾ ਜਾ ਚੁੱਕੀ ਸੀ। ਕਹਿਣ ਲੱਗੇ, “ਕਦੋਂ ਚਲੀ ਗਈ?"
ਸ਼ੇਖਰ ਨੇ ਆਖਿਆ, "ਵਿਆਹ ਦੀ ਗੱਲ ਛਿੜਦਿਆਂ ਹੀ ਭੱਜ ਗਈ।"
ਗੁਰਚਰਨ ਨੇ ਗੰਭੀਰ ਹੋਕੇ ਆਖਿਆ, “ਭੱਜ ਤਾਂ ਜਾਇਗੀ, ਭਾਵੇਂ, ਪਰ ਸਮਝ ਤਾਂ ਆ ਹੀ ਗਈ ਹੋਵੇਗੀ।"
ਇਹ ਆਖਕੇ ਇਕ ਛੋਟਾ ਜਿਹਾ ਹੌਕਾ ਲੈਕੇ ਕਿਹਾ, 'ਮੇਰੀ ਧੀ ਲਖਸ਼ਮੀ ਵੀ ਹੈ ਤੇ ਸਰਸਤੀ ਵੀ ਹੈ।ਇਹੋ ਜਹੀਆ ਧੀਆਂ ਕਿਤੇ ਕਿਤੇ ਹੀ ਮਿਲਦੀਆਂ ਹੁੰਦੀਆਂ ਹਨ। ਇਹ ਆਖਦਿਆਂ ਆਖਦਿਆਂ ਉਨ੍ਹਾਂ ਦੇ ਖੁਸ਼ਕ ਚਿਹਰੇ ਤੇ ਡੂੰਘੇ ਪਿਆਰ ਦੀ ਇੱਕ ਐਹੋ ਜਹੀ ਰੇਖਾ ਪੈ ਗਈ ਕਿ ਜਿਸਨੂੰ ਵੇਖਕੇ, ਗਰੀਨ ਤੇ ਸ਼ੇਖਰ ਦੋਵੇਂ ਹੀ ਸ਼ਰਧਾ ਨਾਲ ਸਿਰ ਨਵਾਉਣੋ ਨ ਰਹਿ ਸਕੇ।'

੭.
ਚਾਹ ਦੀ ਮਜਲਸ ਵਿਚੋਂ ਚੁੱਪ ਚਾਪ ਭੱਜਕੇ ਲਲਿਤ ਸ਼ੇਖਰ ਦੇ ਕਮਰੇ ਵਿਚ ਆਕੇ ਗੈਸ ਬੱਤੀ ਬਾਲ ਕੇ ਇਕ ਬਕਸ ਵਿਚ ਸ਼ੇਖਰ ਦੇ ਗਰਮ ਕਪੜੇ ਰੱਖ ਰਹੀ ਸੀ। ਸ਼ੇਖਰ ਦੇ ਆਉਣ ਤੇ ਲਲਿਤਾ ਨੇ ਜੋ ਉਸਦੇ ਮੂੰਹ ਵੱਲ ਵੇਖਿਆ ਤਾਂ ਉਹ ਦੰਗ ਰਹਿ ਗਈ।
ਮੁਕੱਦਮੇ ਵਿੱਚ ਸਭ ਕੁਝ ਹਾਰ ਕੇ ਆਦਮੀ ਜਿਹੋ ਜਹੀ ਸ਼ਕਲ ਲੈਕੇ ਅਦਾਲਤ ਵਿਚੋਂ ਬਾਹਰ ਨਿਕਲਦਾ ਹੈ, ਤੇ ਸਵੇਰ ਦੇ ਆਦਮੀ ਨੂੰ ਰਾਤ ਨੂੰ ਸਿਆਨਣਾਮੁਸ਼ਕਲ ਹੋ ਜਾਂਦਾ ਹੈ-ਇਸੇ ਤਰ੍ਹਾਂ ਇੱਕ ਘੰਟੇ ਦੇ ਅੰਦਰ ਅੰਦਰ ਠੀਕ ਉਸੇ ਤਰ੍ਹਾਂ ਲਲਿਤਾ ਸ਼ੇਖਰ ਬਾਬੂ ਨੂੰ ਨ ਸਿਆਣ ਸਕੀ। ਉਹਦੇ ਮੂੰਹ ਤੇ ਸਭ ਕੁਝ ਗੁਆ ਦੇਣ ਦੇ ਨਿਸ਼ਾਨ ਇਸ ਤਰ੍ਹਾਂ ਪ੍ਰਗਟ ਹੋ ਰਹੇ ਸਨ ਜਿਵੇਂ ਕਿਸੇ ਨੇ ਚੱਪਾ ਲਾ ਦਿੱਤਾ ਹੋਵੇ।
ਸ਼ੇਖਰ ਨੇ ਖੁਸ਼ਕ ਗਲ ਵਿਚੋਂ ਭਰੀ ਹੋਈ ਅਵਾਜ਼ ਕੱਢ ਕੇ ਆਖਿਆ, “ਕੀ ਹੋ ਰਿਹਾ ਏ ਲਲਿਤਾ?
ਲਲਿਤਾ ਕੋਈ ਜਵਾਬ ਨੇ ਦੇਕੇ, ਆਪਣੇ ਦੋਹਾਂ ਹੱਥਾਂ ਵਿਚ ਉਸਦਾ ਹਥ ਫੜ ਕੇ ਰੋਣ ਹਾਕੀ ਜਹੀ ਹੋਕੇ ਬੋਲੀ, ਕੀ ਹੋ ਰਿਹਾ ਏ, ਸ਼ੇਖਰ ਬਾਬੂ?"
'ਕੁੱਝ ਨਹੀਂ' ਆਖ ਕੇ ਉਹਨੇ ਬਦੋ ਬਦੀ ਥੋੜਾ ਜਿਹਾ ਹੱਸਣ ਦੀ ਕੋਸ਼ਸ਼ ਕੀਤੀ। ਲਲਿਤਾ ਦੇ ਹੱਥ ਦੀ ਛੋਹ ਨਾਲ ਉਹਦਾ ਚਿਹਰਾ ਕੁਝ ਥੋੜਾ ਜਿਹਾ ਚਮਕ ਉਠਿਆ। ਉਸਨੇ ਆਪ ਹੀ ਇੱਕ ਚੌਂਕੀ ਤੇ ਬਹਿਕੇ ਆਖਿਆ, “ਤੂੰ "ਕੀ ਕਰ ਰਹੀ ਏਂਂ?"
ਲਲਿਤਾ ਨੇ ਆਖਿਆ, ਮੋਟਾ ਓਵਰ ਕੋਟ ਰਖਣਾ ਭੁੱਲ ਗਈ ਸੀ, ਉਹ ਨੂੰ ਰੱਖਣ ਆਈ ਹਾਂ। ਸ਼ੇਖਰ ਸੁਣਨ ਲੱਗਾ, ਹੁਣ ਉਹ ਹੋਰ ਵੀ ਆਪਣੇ ਆਪ ਨੂੰ ਸੰਭਾਲ ਦੀ ਹੋਈ ਕਹਿਣ ਲੱਗੀ, "ਪਿਛਲੀ ਵਾਰੀ ਤੁਹਾਨੂੰ ਰੇਲ ਵਿਚ ਬੜੀ ਤਕਲੀਫ ਹੋਈ ਸੀ। ਵਡੇ ਕੋਟ ਤਾਂ ਕਈ ਸਨ, ਪਰ ਪਾਲਾ ਢੱਕਣ ਵਾਲਾ ਭਾਰਾ ਕੋਟ ਕੋਈ ਵੀ ਨਹੀਂ ਸੀ। ਇਸ ਕਰਕੇ ਮੈਂ ਆਕੇ ਤੁਹਾਡਾ ਇਹ ਕੋਟ ਸੁਆ ਛਡਿਆ ਸੀ।
ਇਹ ਆਖ ਕੇ ਉਹਨੇ ਇਕ ਵਡਾ ਸਾਰਾ ਕੋਟ ਚੁਕ ਕੇ ਸ਼ੇਖਰ ਦੇ ਸਾਹਮਣੇ ਰਖ ਦਿਤਾ।
ਸ਼ੇਖਰ ਨੇ ਕੋਟ ਨੂੰ ਚੁਕ ਕੇ ਵੇਖਿਆ ਤੇ ਕਿਹਾ, "ਇਹ ਕਦੋਂ ਸੁਆਇਆ ਸੀ, ਤੂੰ ਤਾਂ ਕਦੇ ਮੈਨੂੰ ਦੱਸਿਆ ਭੀ ਨਹੀਂ?"
ਲਲਿਤਾ ਨੇ ਆਖਿਆ, “ਤੁਸੀਂ ਬਾਬੂ ਹੋ, ਜੇ ਮੈਂ ਦੱਸ ਦੇਂਦੀ ਤਾਂ ਤੁਸੀਂ ਐਨਾ ਮੋਟਾ ਕੋਟ ਕਦ ਸੁਆਉਣ ਦੇਣਾ ਸੀ, ਇਸੇ ਕਰਕੇ ਬਿਨਾਂ ਦੱਸੇ ਤੋਂ ਹੀ ਸੁਆ ਛਡਿਆ ਹੈ।" ਇਹ ਆਖਕੇ ਕੋਟ ਨੂੰ ਆਪਣੀ ਥਾਂ ਤੇ ਰੱਖ ਦਿਤਾ। ਫੇਰ ਆਖਿਆ, "ਸਾਰਿਆਂ ਕਪੜਿਆਂ ਤੋਂ ਉਤੇ ਰੱਖ ਦਿਤਾ ਹੈ, ਟਰੰਕ ਖੋਲ੍ਹਦਿਆਂ ਹੀ ਲੱਭ ਪਵੇਗਾ। ਪਾਲੇ ਵੇਲੇ ਜ਼ਰੂਰ ਪਾ ਲੈਣਾ ਸੁਸਤੀ ਨਾ ਕਰਨੀ।"
ਅੱਛਾ ਆਖ ਕੇ, ਕੁਝ ਚਿਰ ਤਕ ‘ਸ਼ੇਖਰ’ ਕੁਝ ਜਾਨਣ ਦੀ ਕੋਸ਼ਸ਼ ਕਰਦੀ ਹੋਈ ਨਜ਼ਰ ਨਾਲ ਉਸ ਵਲ ਵੇਖਦਾ ਰਿਹਾ। ਫੇਰ ਉਹ ਅਚਾਨਕ ਹੀ ਬੋਲ ਪਿਆ, "ਨਹੀਂ ਇਹ ਨਹੀਂ ਹੋ ਸਕਦਾ?" 
“ਕੀ ਨਹੀਂ ਹੋ ਸਕਦਾ, ਕੀ ਪਾਓਗੇ ਨਹੀਂ?"
ਸ਼ੇਖਰ ਨੇ ਛੇਤੀ ਨਾਲ ਕਿਹਾ, “ਨਹੀਂ ਇਹ ਗੱਲ ਨਹੀਂ, ਹੋਰ ਗੱਲ ਹੈ। ਚੰਗਾ ਲਲਿਤਾ, ਮਾਂ ਦੀਆਂ ਸਾਰੀਆਂ ਚੀਜ਼ਾਂ ਸੰਭਾਲੀਆਂ ਜਾ ਚੁੱਕੀਆਂ ਹਨ ਜਾਂ ਕਿ ਨਹੀਂ?"
ਲਲਿਤਾ ਨੇ ਆਖਿਆ, “ਹਾਂ ਦੁਪਹਿਰਾਂ ਨੂੰ ਮੈਂ ਹੀ ਸਭ ਚੀਜ਼ਾਂ ਸੰਭਾਲਕੇ ਗਈ ਸਾਂ। ਉਹ ਸਾਰੇ ਸਾਮਾਨ ਨੂੰ ਸੰਭਾਲਕੇ ਜੰਦਰਾ ਮਾਰਨ ਲਗੀ ਹੈ।"
ਸ਼ੇਖਰ ਨੇ ਕੁਝ ਚਿਰ ਤਕ ਚੁਪ ਚਾਪ ਉਸ ਵਲ ਵੇਖਦੇ ਹੋਏ ਨੇ ਕਿਹਾ, “ਕਿਉਂ ਲਲਿਤਾ ਤੂੰ ਨਹੀਂ ਜਾਣਦੀ ਕਿ ਅਗਲੇ ਸਾਲ ਮੇਰੀ ਹਾਲਤ ਕਿਹੋ ਜਹੀ ਹੋਵੇਗੀ?"
ਲਲਿਤਾ ਨੇ ਅੱਖਾਂ ਉੱਚੀਆਂ ਕਰ ਕੇ ਆਖਿਆ "ਕਿਉਂ?"
"ਕਿਉਂ ਦਾ ਤਾਂ ਮੈਨੂੰ ਪਤਾ ਨਹੀਂ। ਇਹ ਆਖ ਕੇ ਆਪਣੀ ਗੱਲ ਨੂੰ ਦਬਾ ਦੇਣ ਲਈ ਉਹਨੇ ਆਪਣੇ ਚਿਹਰੇ ਤੇ ਬਦੋਬਦੀ ਖੁਸ਼ੀ ਲਿਆ ਕੇ ਆਖਿਆ, "ਬਿਗਾਨੇ ਘਰ ਜਾਣ ਤੋਂ ਪਹਿਲਾਂ ਮੈਨੂੰ ਦੱਸ ਜਾਣਾ ਕਿ ਫਲਾਣੀ ਫਲਾਣੀ ਚੀਜ਼ ਕਿਥੇ ਹੈ। ਨਹੀਂ ਤਾਂ ਕੋਈ ਚੀਜ਼ ਵੀ ਸੌਖੀ ਨਹੀਂ ਲੱਭ ਸਕੇਗੀ।"
ਲਲਿਤਾ ਗੁੱਸੇ ਹੋਕੇ ਕਹਿਣ ਲੱਗੀ, ਚਲੋ ਏਦਾਂ ਦੀਆਂ ਗੱਲਾਂ ਨਾ ਕਰੋ।'
ਸ਼ੇਖਰ ਨੂੰ ਹੁਣ ਕੁਝ ਹਾਸਾ ਆ ਗਿਆ। ਕਹਿਣ ਲੱਗਾ "ਚਲਿਆ ਤਾਂ ਜਾਣਾ ਹੀ ਹੈ, ਪਰ ਸੱਚ ਦੱਸ ਮੇਰਾ ਏਦਾਂ ਕੀ ਬਣੇਗਾ। ਸ਼ੌਕ ਤਾਂ ਮੈਨੂੰ ਵੀ ਸੋਲਾਂ ਆਨੇ ਪੂਰਾ ਹੈ, ਪਰ ਤਾਕਤ ਕੌਡੀ ਦੀ ਵੀ ਨਹੀਂ। ਇਹ ਸਭ ਕੰਮ ਨੌਕਰਾਣੀ ਨਹੀਂ ਕਰ ਸਕਣੇ। ਹੁਣ ਤੋਂ ਹੀ ਵੇਖ ਰਿਹਾ ਹਾਂ ਕਿ ਤੇਰੇ ਮਾਮੇ ਵਰਗਾ ਬਣਨਾ ਪਏਗਾ। ਇਕ ਧੋਤੀ, ਇਕ ਦੁਪੱਟਾ-ਫੇਰ ਜੋ ਹੋਵੇਗੀ ਵੇਖੀ ਜਾਏਗੀ।
ਲਲਿਤਾ ਚਾਬੀਆਂ ਦਾ ਗੁੱਛਾ ਜ਼ਮੀਨ ਤੇ ਸੁੱਟ ਕੇ ਭੱਜ ਗਈ।
ਸ਼ੇਖਰ ਨੇ ਉੱਚੀ ਸਾਰੀ ਆਖਿਆ, ਇਕ ਵਾਰੀ ਕਲ ਸਵੇਰੇ ਜ਼ਰੂਰ ਆਉਣਾ। ਲਲਿਤਾ ਨੇ ਸੁਣਕੇ ਵੀ ਅਨਸੁਣਿਆਂ ਕਰ ਦਿਤਾ ਤੇ ਛੇਤੀ ਛੇਤੀ ਪੌੜੀਆਂ ਉਤਰ ਗਈ।
ਘਰ ਜਾਕੇ ਵੇਖਿਆ ਕਿ ਛੱਤ ਉਤੇ ਚੰਦ ਦੀ ਚਾਨਣੀ ਵਿਚ ਬੈਠੀ ਅੱਨਾਕਾਲੀ ਗੇਂਦੇ ਦੇ ਫੁੱਲਾਂ ਦੇ ਹਾਰ ਗੁੰਦ ਰਹੀ ਹੈ। ਲਲਿਤਾ ਉਹਦੇ ਕੋਲ ਜਾ ਬੈਠੀ। ਕਹਿਣ ਲੱਗੀ, "ਤ੍ਰੇਲ ਵਿਚ ਬੈਠੀ ਕੀਕਰ ਰਹੀ ਏਂ ਕਾਲੀ?"
ਕਾਲੀ ਨੇ ਆਖਿਆ, “ਹਾਰ ਪਰੋ ਰਹੀ ਹਾਂ ਅੱਜ ਰਾਤ ਨੂੰ ਮੇਰੀ ਗੁੱਡੀ ਦਾ ਵਿਆਹ ਹੈ।”
ਕਦੋਂ? ਮੈਨੂੰ ਤਾਂ ਤੂੰ ਦਸਿਆ ਈ ਨਹੀਂ?
"ਪਹਿਲਾਂ ਕੋਈ ਫੈਸਲਾ ਨਹੀਂ ਸੀ। ਬਾਬੂ ਜੀ ਨੇ ਹੁਣੇ ਈ ਪਤਰਾ ਵੇਖ ਕੇ ਆਖਿਆ ਸੀ ਕਿ ਅਜ ਰਾਤ ਤੋਂ ਬਿਨਾਂ ਏਸ ਮਹੀਨੇ ਵਿਚ ਵਿਆਹ ਦਾ ਹੋਰ ਮਹੂਰਤ ਨਹੀਂ ਨਿਕਲ ਸਕਦਾ। ਗੁੱਡੀ ਹੁਣ ਵਡੀ ਹੋ ਗਈ ਹੈ, ਹੁਣ ਘਰ ਨਹੀਂ ਰੱਖੀ ਜਾ ਸਕਦੀ। ਜਿਦਾਂ ਵੀ ਹੋਵੇ ਇਹਨੂੰ ਸਹੁਰੇ ਤੋਰ ਦੇਣਾ ਚਾਹੀਦਾ ਹੈ। "ਬੀਬੀ ਜੀ! ਕੁਝ ਰੁਪਏ ਦਿਓ ਨਾ ਮੈਂ ਜ਼ਰਾ ਕੁਝ ਮਿਠਾ ਮੰਗਵਾ ਲਵਾਂ।"
ਲਲਿਤਾ ਨੇ ਹੱਸ ਕੇ ਆਖਿਆ, "ਰੁਪਿਆ ਦੇਣ ਵੇਲੇ ਮੈਂ ਤੇਰੀ ਬੀਬੀ ਬਣ ਜਾਂਦੀ ਹਾਂ। ਜਾਹ ਮੇਰੇ ਸਰ੍ਹਾਣੇ ਥੱਲਿਓਂਂ ਕੱਢ ਲੈ। ਕਿਉਂ ਨੀ ਕਾਲੀ, ਕਿਤੇ ਫੁੱਲਾਂ ਨਾਲ ਵੀ ਵਿਆਹ ਹੋ ਜਾਂਦਾ ਹੈ?"
ਕਾਲੀ ਨੇ ਆਖਿਆ, 'ਹਾਂ ਹੋ ਜਾਂਦਾ ਹੈ। ਜੇ ਕੋਈ ਹੋਰ ਫੁਲ ਨਾ ਮਿਲੇ ਤਾਂ ਗੇਂਦੇ ਨਾਲ ਹੀ ਹੋ ਜਾਂਦਾ ਹੈ। ਮੈਂ ਕਈਆਂ ਗੁੱਡੀਆਂ ਨੂੰ ਸਹੁਰੇ ਤੋਰ ਚੁਕੀ ਹਾਂ ਬੀਬੀ ਜੀ, ਮੈਂ ਸਭ ਕੁਝ ਜਾਣ ਦੀ ਹਾਂ। ਇਹ ਆਖ ਕੇ ਉਹ ਮਿੱਠਾ ਲੈਣ ਚਲੀ ਗਈ।
ਲਲਿਤਾ ਉਥੇ ਬਹਿਕੇ ਮਾਲਾ ਪਰੋਣ ਲੱਗ ਪਈ।
ਥੋੜੇ ਚਿਰ ਪਿਛੋਂ ਕਾਲੀ ਨੇ ਮੁੜ ਕੇ ਆ ਕੇ ਆਖਿਆ, "ਹੋਰ ਤਾਂ ਸਾਰਿਆਂ ਨੂੰ ਗੁੱਡੀ ਦੇ ਵਿਆਹ ਦਾ ਸੱਦਾ ਦੇ ਆਈ ਹਾਂ, ਸ਼ੇਖਰ ਬਾਬੂ ਰਹਿ ਗਏ ਨੇ। ਜਾ ਕੇ ਆਖ ਆਵਾਂ, ਨਹੀਂ ਤਾਂ ਉਹ ਜ਼ਰੂਰ ਗੁੱਸਾ ਕਰਨਗੇ।" ਇਹ ਆਖ ਕੇ ਉਹ ‘ਸ਼ੇਖਰ ਦੇ ਘਰ ਕਹਿਣ ਵਾਸਤੇ ਚਲੀ ਗਈ।
ਕਾਲੀ ਪੂਰੀ ਪੂਰੀ ਘਰ ਦੇ ਕੰਮ ਕਾਰ ਤੋਂ ਵਾਕਿਫ ਹੋ ਚੁਕੀ ਹੈ। ਉਹ ਜੋ ਕੰਮ ਕਰਦੀ ਹੈ, ਸਿਲਸਿਲੇ ਵਾਰ ਕਰਦੀ ਹੈ। 'ਸ਼ੇਖਰ’ ਨੂੰ ਆਖ ਕੇ ਉਹ ਥੱਲੇ ਆ ਗਈ ਤੇ ਕਹਿਣ ਲੱਗੀ, ਉਹ ਇਕ ਹਾਰ ਮੰਗਦੇ ਹਨ। ਜਾਹ ਨਾ ਬੀਬੀ ਛੇਤੀ ਨਾਲ ਜਾ ਕੇ ਦੇ ਆ, ਏਨੇ ਚਿਰ ਨੂੰ ਮੈਂ ਏਧਰ ਦਾ ਪ੍ਰਬੰਧ ਕਰ ਲਵਾਂਗੀ। ਲਗਨ ਸ਼ੁਰੂ ਹੋਣ ਵਾਲਾ ਹੈ, ਹੁਣ ਚਿਰ ਲਾਉਣ ਦਾ ਸਮਾਂ ਨਹੀਂ।
ਲਲਿਤਾ ਨੇ ਸਿਰ ਹਿਲਾ ਕੇ ਆਖਿਆ, “ਕਾਲੀ ਮੈਂ ਨਹੀਂ ਜਾਣਾ ਤੂੰ ਆਪ ਹੀ ਜਾਕੇ ਦੇ ਆ।" "ਚੰਗਾ ਮੈਂ ਜਾਂਦੀ ਹਾਂ। ਤੂੰ ਮੈਨੂੰ ਵੱਡਾ ਹਾਰ ਦੇ ਦਿਹ।" ਇਹ ਆਖ ਕੇ ਕਾਲੀ ਨੇ ਆਪਣਾ ਹਥ ਅਗਾਂਹ ਕਰ ਦਿੱਤਾ।
ਲਲਿਤਾ ਨੇ ਦੇਣ ਵਾਸਤੇ ਹਾਰ ਚੁਕਿਆ ਈ ਸੀ ਕਿ ਉਹ ਰੁਕ ਗਈ। ਉਹਦੇ ਮਨ ਵਿਚ ਕੁਝ ਖਿਆਲ ਆਇਆ ਤੇ ਕਹਿਣ ਲੱਗੀ, "ਚੰਗਾ ਮੈਂ ਹੀ ਦੇ ਆਉਂਦੀ ਹਾਂ।"
ਕਾਲੀ ਨੇ ਸਿਆਣਿਆਂ ਵਾਂਗੂੰ ਆਖਿਆ, 'ਚੰਗਾ ਬੀਬੀ ਜੀ ਤੁਸੀ ਆਪ ਹੀ ਚਲੀ ਜਾਓ, ਮੈਨੂੰ ਤਾਂ ਮਰਨ ਦੀ ਵਿਹਲ ਵੀ ਨਹੀਂ।'
ਉਹਦੇ ਚਿਹਰੇ ਦਾ ਭਾਵ ਤੇ ਗੱਲ ਕਰਨ ਦੇ ਢੰਗ ਨੂੰ ਵੇਖਕੇ ਲਲਿਤਾ ਨੂੰ ਹਾਸਾ ਆਗਿਆ ਇਹ ਇਕੋ ਵੇਰਾਂ ਹੀ ਬੁੱਢੀਆਂ ਠੇਰੀਆਂ ਵਰਗੀ ਸਿਆਣੀ ਹੋ ਗਈ ਹੈ। ਇਹ ਆਖਕੇ ਉਹ ਹੱਸਦੀ ਹੋਈ ਮਾਲਾ ਲੈ ਕੇ ਚਲੀ ਗਈ, ਬੂਹੇ ਪਾਸ ਜਾਕੇ ਵੇਖਿਆ ਕਿ ਸ਼ੇਖਰ ਇਕ ਮਨ ਹੋਕੇ ਚਿੱਠੀ ਲਿਖ ਰਿਹਾ ਹੈ। ਉਹ ਦਰਵਾਜਾ ਖੋਲ੍ਹਕੇ ਪਿੱਛੇ ਆ ਖਲੋਤੀ, ਫੇਰ ਵੀ ਸ਼ੇਖਰ ਨੂੰ ਪਤਾ ਨਾ ਲੱਗਾ। ਉਸ ਨੇ ਸ਼ੇਖਰ ਦਾ ਧਿਆਨ ਆਪਣੇ ਵੱਲ ਕਰਨ ਤੇ ਉਸਨੂੰ ਆਪਣੇ ਆਏ ਦਾ ਪਤਾ ਦੇਣ ਦੇ ਖਿਆਲ ਨਾਲ ਬੜੀ ਸਹਿਜ ਨਾਲ ਹਾਰ ਉਹਦੇ ਗਲ ਵਿਚ ਪਾ ਦਿੱਤਾ ਆਪ ਛੇਤੀ ਨਾਲ ਪਿਛੇ ਹੱਟ ਗਈ।
ਸ਼ੇਖਰ ਪਹਿਲਾਂ ਬੋਲਿਆ 'ਕਾਲੀ!' ਫੇਰ ਝਟ ਪੱਟ ਹੀ ਮੂੰਹ ਭੁਆਂ ਕੇ ਵੇਖਿਆ ਤੇ ਬਹੁਤ ਹੀ ਸਿਆਣਿਆਂ ਵਾਂਗ ਬੋਲਿਆ, ਇਹ ਕੀ ਕੀਤਾ ਲਲਿਤਾ?
ਲਲਿਤਾ ਉਠ ਕੇ ਖਲੋ ਗਈ ਤੇ ਸ਼ੇਖਰ ਦੇ ਚੇਹਰੇ ਦੇ ਭਾਵ ਤੋਂ ਕੁਝ ਸ਼ੱਕ ਕਰਦੀ ਹੋਈ ਬੋਲੀ, ਕਿਉਂ ਕੀ ਹੋਗਿਆ?
ਸ਼ੇਖਰ ਨੇ ਪੂਰੇ ਤੌਰ ਤੇ ਆਪਣੇ ਆਪ ਨੂੰ ਸੰਭਾਲ ਕੇ ਕਿਹਾ, ਜਾਣਦੀ ਨਹੀਂ ਕੀ ਹੋ ਗਿਆ ਹੈ? ਕਾਲੀ ਨੂੰ ਪੁਛ ਆਓ ਅੱਜ ਗੱਲ ਵਿਚ ਮਾਲਾ ਪਾ ਦੇਣ ਨਾਲ ਕੀ ਹੋ ਜਾਂਦਾ ਹੈ।
ਹੁਣ ਲਲਿਤਾ ਸਮਝ ਗਈ, ਪਲ ਵਿਚ ਹੀ ਉਹਦਾ ਸਾਰਾ ਮੂੰਹ ਸ਼ਰਮ ਦੇ ਮਾਰਿਆਂ ਲਾਲ ਹੋ ਗਿਆ। ਉਹ, 'ਕਦੇ ਨਹੀਂ ਕਦੇ ਨਹੀਂ' ਆਖਦੀ ਹੋਈ ਭੱਜ ਕੇ ਕਮਰਿਉਂ ਬਾਹਰ ਹੋ ਗਈ।
ਸ਼ੇਖਰ ਨੇ ਸੱਦਕੇ ਆਖਿਆ, "ਜਾਹ ਨਾ ਲਲਿਤਾ,ਅਜ ਬਹੁਤ ਜ਼ਰੂਰੀ ਕੰਮ ਹੈ।"
ਸ਼ੇਖਰ ਦੀ ਅਵਾਜ਼ ਉਹਦੇ ਕੰਨੀ ਪਈ ਜ਼ਰੂਰ ਪਰ ਉਹਨੂੰ ਸੁਣਨ ਦੀ ਕੀ ਲੋੜ ਸੀ? ਉਹ ਕਿਤੇ ਵੀ ਨਾ ਰੁਕੀ ਤੇ ਸਿੱਧੀ ਆਪਣੇ ਕਮਰੇ ਵਿਚ ਆਕੇ ਅਖਾਂ ਬੰਦ ਕਰਕੇ ਲੰਮੀ ਪੈ ਗਈ।
ਪਿਛੇ ਪੰਜਾਂ ਛੇਆਂ ਸਾਲਾਂ ਤੋਂ ਉਸਦਾ ਤੇ ਸ਼ੇਖਰ ਦਾ ਐਨ ਨੇੜੇ ਦਾ ਸਬੰਧ ਰਿਹਾ ਹੈ, ਇਹਦੇ ਕੋਲ ਰਹਿਕੇ ਹੀ ਉਹ ਜੁਵਾਨ ਹੋਈ ਹੈ, ਪਰ ਇਸ ਤੋਂ ਪਹਿਲਾਂ ਉਹਨੇ ਕਦੇ ਸ਼ੇਖਰ ਪਾਸੋਂ ਇਹ ਗੱਲ ਨਹੀਂ ਸੁਣੀ, ਇਕ ਤਾਂ ਸ਼ੇਖਰ ਕੁਦਰਤੀ ਤੌਰ ਤੇ ਹੀ ਬੜਾ ਗੰਭੀਰ ਜਿਹਾ ਹੋਣੇ ਕਰਕੇ ਕਦੇ ਠੱਠਾ ਮਖੌਲ ਨਹੀਂ ਸੀ ਕਰਦਾ। ਦੂਜਾ ਜੇ ਕਰੇ ਵੀ ਤਾਂ ਉਸ਼ ਦੇ ਮੰਹੋਂ ਐਨੀ ਬੇਸ਼ਰਮੀ ਦੀ ਗੱਲ ਨਿਕਲਣ ਦੀ ਕਦੇ ਵੀ ਆਸ ਨਹੀਂ ਸੀ ਹੋ ਸਕਦੀ। ਸ਼ਰਮ ਨਾਲ ਗੁੱਛਾ ਮੁੱਛਾ ਹੋਕੇ ਵੀਹ ਕੁ ਮਿੰਟ ਪਈ ਰਹਿਣ ਤੋਂ ਪਿਛੋਂ ਉਹ ਉੱਠ ਕੇ ਬਹਿ ਗਈ, ਅਸਲ ਵਿਚ ਸ਼ੇਖਰ ਪਾਸੋਂ ਉਹ ਅੰਦਰ ਹੀ ਅੰਦਰ ਡਰਦੀ ਸੀ। ਇਸ ਕਰਕੇ ਜਦ ਉਸ ਜਰੂਰੀ ਕੰਮ ਕਿਹਾ ਤਾਂ ਇਹ ਸੋਚਣ ਲਗ ਪਈ, ਜਾਏ ਕਿ ਨਾਂ ਜਾਏ। ਏਨੇ ਚਿਰ ਨੂੰ ਘਰ ਦੀ ਮਹਿਰੀ ਦੀ ਅਵਾਜ਼ ਸੁਣੀ, 'ਲਲਤਾ ਬੀਬੀ ਕਿੱਥੇ ਹੈ ਛੋਟੇ ਬਾਬੂ ਸਦ ਰਹੇ ਹਨ।'
ਲਲਿਤਾ ਨੇ ਬਾਹਰ ਆਕੇ ਹੌਲੀ ਜਹੀ ਕਿਹਾ, ਮੈਂ ਆ ਰਹੀ ਹਾਂ ਤੁੱਸੀ ਜਾਓ।
ਉਤੇ ਪੁੱਜ ਕੇ ਉਸਨੇ ਦਰਵਾਜੇ ਦੀਆਂ ਝੀਤਾਂ ਥਾਣੀ ਵੇਖਿਆ, ਸ਼ੇਖਰ ਹਾਲੇ ਤੱਕ ਚਿਠੀ ਹੀ ਲਿਖ ਰਿਹਾ ਹੈ। ਕੁਝ ਚਿਰ ਚੁਪ ਰਹਿਕੇ ਉਹਨੇ ਹੌਲੀ ਜਹੀ ਕਿਹਾ, 'ਕੀ ਹੈ?'
ਸ਼ੇਖਰ ਨੇ ਲਿਖਦਿਆਂ ਲਿਖਦਿਆਂ ਕਿਹਾ, "ਕੋਲ ਆਉ ਹੁਣੇ ਦਸਦਾ ਹਾਂ।"
"ਨਹੀਂ ਏਥੋਂ ਹੀ ਦੱਸੇ।"
ਸ਼ੇਖਰ ਮਨ ਹੀ ਮਨ ਵਿਚ ਹੱਸ ਕੇ ਬੋਲਿਆ, ਅਚਾਣਚੱਕ ਹੀ ਤੁਸਾਂ ਇਹ ਕੀ ਕਰ ਸੁਟਿਆ ਹੈ?"
ਲਲਿਤਾ ਰੁੱਖੀ ਜਹੀ ਹੋਕੇ ਬੋਲੀ, 'ਹਟੋ ਪਰੋ ਫੇਰ ਉਹੋ।'
ਸ਼ੇਖਰ ਨੇ ਉਹ ਦੇ ਵੱਲ ਮੂੰਹ ਫੇਰ ਕੇ ਆਖਿਆ, 'ਮੇਰਾ ਕੀ ਕਸੂਰ ਹੈ, ਤੂੰ ਆਪ ਹੀ ਤਾਂ ਕਰ ਗਈ ਏਂ।
"ਮੈਂ ਕੁਝ ਨਹੀਂ ਕੀਤਾ, ਤੂੰ ਇਹਨੂੰ ਮੋੜ ਦਿਹ!"
ਸ਼ੇਖਰ ਨੇ ਆਖਿਆ, 'ਇਸੇ ਕਰਕੇ ਤਾਂ ਸਦਿਆ ਹੈ। ਜੇ ਕੋਲ ਆਵੇਂ ਤਾਂ ਮੋੜ ਦਿਆਂ। ਤੂੰ ਅੱਧਾ ਕੰਮ ਕਰ ਗਈ ਏਂਂ। ਏਧਰ ਆ ਮੈਂ ਪੂਰਾ ਕਰ ਦਿਆਂ।'
ਲਲਿਤਾ ਦਰਵਾਜੇ ਕੋਲ ਪਲ ਕ ਚੁਪ ਚਾਪ ਖਲੋਤੀ ਰਹੀ। ਫੇਰ ਕਹਿਣ ਲੱਗੀ, 'ਮੈਂ ਸੱਚ ਆਖਦੀ ਹਾਂ ਜੇ ਤੁਸੀਂ ਏਦਾਂ ਹੀ ਠੱਠਾ ਮਖੌਲ ਕਰੋਗੇ ਤਾਂ ਮੈਂ ਫੇਰ ਤੁਹਾਡੇ ਕੋਲ ਕਦੇ ਨ ਆਵਾਂਗੀ, ਮੈਂ ਆਖਦੀ ਹਾਂ ਕਿ 'ਮੇਰਾ ਹਾਰ ਨੂੰ ਮੋੜ ਦਿਉ।'
ਸ਼ੇਖਰ ਨੇ ਮੇਜ਼ ਵੱਲ ਮੁੰਹ ਕਰਕੇ ਤੇ ਹਾਰ ਫੜ ਕੇ ਆਖਿਆ, 'ਆਕੇ ਲੈ ਜਾਉ।'
'ਤੁਸੀਂ ਕਿਸੇ ਤਰ੍ਹਾਂ ਏਥੋਂ ਹੀ ਸੁੱਟ ਦਿਉ।'
ਸ਼ੇਖਰ ਨੇ ਸਿਰ ਹਿਲਾਕੇ ਆਖਿਆ, ਕੋਲ ਆਇਆਂਂ ਬਗੈਰ ਨਹੀਂ ਮਿਲ ਸਕਦਾ।
'ਮੈਨੂੰ ਇਹਦੀ ਕੋਈ ਲੋੜ ਨਹੀਂ ਆਖ ਕੇ ਲਲਿਤਾ ਗੱਸੇ ਹੋਕੇ ਚਲੀ ਗਈ। ਸ਼ੇਖਰ ਨੇ ਉੱਚੀ ਸਾਰੀ ਆਖਿਆ, 'ਕੰਮ ਅਧੂਰਾ ਹੀ ਰਹਿ ਗਿਆ।'
'ਰਹਿ ਗਿਆ ਤਾਂ ਰਹਿਣ ਦਿਉ।' ਆਖ ਕੇ ਲਲਿਤਾ ਸੱਚ ਮੁੱਚ ਹੀ ਗੁੱਸੇ ਹੋਕੇ ਚਲੀ ਗਈ।
ਉਹ ਚਲੀ ਤਾਂ ਗਈ ਪਰ ਥੱਲੇ ਨਹੀਂ ਗਈ। ਚੜ੍ਹਦੇ ਵੱਲ ਖੁੱਲ੍ਹੀ ਛੱਤ ਤੇ ਜਾ ਕੇ ਜੰਗਲਾ ਫੜ ਕੇ ਖਲੋ ਗਈ। ਉਸ ਵੇਲੇ ਆਸਮਾਨ ਵਿਚ ਚੰਦ ਚੜ੍ਹ ਰਿਹਾ ਸੀ। ਠੰਡੀ ਠੰਡੀ ਚੰਦ ਦੀ ਚਾਨਣੀ ਸਭ ਪਾਸੇ ਫੈਲ ਰਹੀ ਸੀ। ਉਤੇ ਸਾਫ ਧੋਤਾ ਹੋਇਆ ਨੀਲਾ ਅਕਾਸ਼ ਸੀ। ਉਹ ਇਕ ਵਾਰੀ ਸ਼ੇਖਰ ਦੇ ਕਮਰੇ ਵੱਲ ਧਿਆਨ ਕਰਕੇ ਉਤੇ ਵੇਖਦੀ ਰਹੀ। ਹੁਣ ਉਹ ਦੀਆਂ ਅੱਖਾਂ ਸੜਨ ਲੱਗ ਪਈਆਂ ਸ਼ਰਮ ਤੇ ਅਭਿਮਾਨ ਦੇ ਮਾਰਿਆਂ ਉਸਦੇ ਅੱਥਰੂ ਵਗ ਤੁਰੇ। ਉਹ ਐਨੀ ਹੀ ਨਿਆਣੀ ਨਹੀਂ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਨ ਸਕੇ। ਫੇਰ ਕਿਉਂ ਉਹਦੇ ਨਾਲ ਐਡਾ ਦਿਲ ਨੂੰ ਚੋਟ ਲਾਉਣ ਵਾਲਾ ਮਖੌਲ ਕੀਤਾ ਗਿਆ? ਹੁਣ ਉਨ੍ਹਾਂ ਗੱਲਾਂ ਨੂੰ ਸਮਝਣ ਵਾਲੀ ਉਹਦੀ ਉਮਰ ਹੋ ਗਈ ਹੈ।
ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਨਾਥ ਤੇ ਆਸਰਾ ਹੀਣ ਹੋਣ ਕਰਕੇ ਹੀ ਉਸ ਨਾਲ ਹਰ ਕੋਈ ਪਿਆਰ ਕਰਦਾ ਹੈ। ਸ਼ੇਖਰ ਵੀ ਪਿਆਰ ਕਰਦਾ ਹੈ। ਉਹਦੀ ਮਾਂ ਵੀ ਮੁਹੱਬਤ ਕਰਦੀ ਹੈ। ਉਹਦਾ ਆਪਣਾ ਤਾਂ ਕੋਈ ਹੈ ਨਹੀਂ। ਉਸਦਾ ਅਸਲ ਆਸਰਾ ਕੋਈ ਨ ਹੋਣ ਕਰਕੇ ਹੀ ਗਿਰੀ ਨੰਦ ਨੇ ਐਨੀ ਦਇਆ ਕਰਕੇ ਉਹਦਾ ਭਲਾ ਕਰਨ ਦੀ ਗੱਲ ਬਾਤ ਛੇੜ ਬੈਠਾ ਹੈ।
ਲਲਿਤਾ ਅੱਖਾਂ ਬੰਦ ਕਰਕੇ ਮਨ ਹੀ ਮਨ ਆਖਣ ਲੱਗੀ, ਇਸ ਕਲਕੱਤੇ ਦੀ ਬ੍ਰਾਦਰੀ ਵਿਚ ਓਹਦੇ ਮਾਮੇ ਦੀ ਹਾਲਤ ਸ਼ੇਖਰ ਬਾਬੂ ਦੇ ਘਰਾਣੇ ਨਾਲੋਂ ਕਿੰਨੀ ਨੀਵੀਂ ਹੈ। ਉਹ ਇਸੇ ਮਾਮੇ ਦੇ ਆਸਰੇ ਉਹਦੇ ਸਿਰ ਤੇ ਬੋਝ ਬਣ ਕੇ ਬੈਠੀ ਹੋਈ ਹੈ। ਦੂਜੇ ਪਾਸੇ ਉਹਨਾਂ ਦੇ ਬਰਾਬਰ ਦੇ ਘਰਾਣੇ ਵਿਚ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਹੈ। ਦੌਂਹ ਚੌਂਂਹ ਦਿਨਾਂ ਤਕ ਇਸਦਾ ਵਿਆਹ ਉਥੇ ਹੋ ਹੀ ਜਾਏਗਾ। ਏਸ ਸਾਕ ਕਰਕੇ ਨਵੀਨ ਚੰਦ ਕਿੰਨੇ ਰੁਪੈ ਲਵੇਗਾ। ਇਹ ਗੱਲਾਂ ਵੀ ਉਹ ਸ਼ੇਖਰ ਦੀ ਮਾਂ ਦੇ ਮੂੰਹੋਂ ਸੁਣ ਚੁਕੀ ਹੈ।
ਫੇਰ ਸ਼ੇਖਰ ਨੇ ਅਚਾਨਚੱਕ ਹੀ ਉਹਦੀ ਕਿਉਂ ਨਿਰਾਦਰੀ ਕਰ ਦਿਤੀ ਹੈ? ਇਹ ਸਭ ਗੱਲਾਂ ਲਲਿਤਾ ਇਕੇ ਟਕ ਨਜ਼ਰ ਜਮਾਈ, ਆਪਣੇ ਦਿਲ ਹੀ ਦਿਲ ਵਿਚ ਸੋਚ ਰਹੀ ਸੀ। ਅਚਨਚੇਤ ਹੀ ਉਹਨੇ ਪਿਛੇ ਮੁੜਕੇ ਵੇਖਿਆ, ਸ਼ੇਖਰ ਚੁਪਚਾਪ ਖਲੋਤਾ ਹੱਸਰਿਹਾ ਸੀ ਤੇ ਉਹ ਹਾਰ ਜਿਹੜਾ ਉਸਨੇ ਸ਼ੇਖਰ ਦੇ ਗਲ ਵਿਚ ਪਾਇਆ ਸੀ, ਉਸੇ ਤਰ੍ਹਾਂ ਹੀ ਉਸਦੇ ਗਲ ਵਿਚ ਪਿਆ ਹੋਇਆ ਸੀ। ਰੋਣ-ਹਾਕੀ ਹੋਕੇ ਉਸਦਾ ਗਲ ਭਰ ਗਿਆ ਸੀ। ਪਰ ਫੇਰ ਵੀ ਉਸਨੇ ਰੋਣ-ਹਾਕੀ ਹੋ ਕੇ ਆਖਿਆ, “ਏਦਾਂ ਕਿਉਂ ਕੀਤਾ ਜੇ?"
"ਤੁਸਾਂ ਕਿਉਂ ਕੀਤਾ?"
"ਮੈਂ ਕੁਝ ਨਹੀਂ ਕੀਤਾ।" ਇਹ ਆਖਕੇ ਉਸਨੇ ਹਾਰ ਤੋੜ ਕੇ ਸੁਟ ਪਾਉਣ ਲਈ ਹੱਥ ਚੁਕੇ ਹੀ ਸਨ ਕਿ ਅਚਾਨਚੱਕ ਸ਼ੇਖਰ ਦੀਆਂ ਅੱਖਾਂ ਵਲ ਵੇਖਕੇ ਠਠੰਬਰ ਕੇ ਰਹਿ ਗਈ। ਹਾਰ ਤੋੜਨ ਦਾ ਉਹਦਾ ਹੌਸਲਾ ਨਾ ਪਿਆ, ਰੋਂਦੀ ਹੋਈ ਆਖਣ ਲੱਗੀ, “ਮੇਰਾ ਕੋਈ ਨਹੀਂ ਹੈ, ਇਸੇ ਕਰਕੇ ਖਬਰੇ ਤੁਸੀਂ ਮੇਰਾ ਨਿਰਾਦਰ ਕਰ ਰਹੇ ਹੋ?"
ਸ਼ੇਖਰ ਏਸ ਵੇਲੇ ਤਕ ਮੱਠਾ ਮੱਠਾ ਮੁਸਕਰਾ ਰਿਹਾ ਸੀ, ਲਲਤਾ ਦੀ ਗੱਲ ਸੁਣ ਕੇ ਉਹ ਚੁਪ ਰਹਿ ਗਿਆ। ਇਹ ਕੋਈ ਨਿਆਣੀ ਬੱਚਿਆਂ ਵਾਲੀ ਗੱਲ ਨਹੀਂ ਸੀ। ਕਹਿਣ ਲੱਗਾ, "ਮੈਂ ਤਾਂ ਸਗੋਂ ਤੁਹਾਡਾ ਆਦਰ ਕਰਦਾ ਹਾਂ। ਤੁਸੀਂ ਮੇਰਾ ਨਿਰਾਦਰ ਕਰ ਰਹੇ ਹੋ।
ਲਲਿਤਾ ਡਰਦੀ ਮਾਰੀ ਅੱਖਾਂ ਪੁੰਝ ਕੇ ਬੋਲੀ, "ਮੈਂ ਕੀ ਨਿਰਾਦਰ ਕੀਤਾ ਹੈ?"
ਸ਼ੇਖਰ ਪਲ ਕੁ ਚੁਪ ਰਹਿਕੇ ਸਹਿਜ ਸੁਭਾ ਬੋਲਿਆ, ਹੁਣ ਜ਼ਰਾ ਵਿਚਾਰ ਕੇ ਵੇਖੋ ਤਾਂ ਪਤਾ ਲਗ ਜਾਏਗਾ, ਲਲਿਤਾ! ਅਜੇ ਕਲ ਤੂੰ ਬਹੁਤ ਵਧੀਕੀ ਕਰ ਰਹੀ ਸੈਂ ਲਲਿਤਾ, ਪਰਦੇਸ ਜਾਣ ਤੋਂ ਪਹਿਲਾਂ ਮੈਂ ਉਸਨੂੰ ਰੋਕ ਦਿੱਤਾ ਹੈ। ਇਹ ਆਖਕੇ ਉਹ ਚੁਪ ਹੋ ਗਿਆ।
ਲਲਿਤਾ ਨੇ ਅਗੋਂ ਕੋਈ ਜੁਵਾਬ ਨਹੀਂ ਦਿਤਾ। ਨੀਵੀਂ ਪਾਈ ਖਲੋਤੀ ਰਹੀ, ਦੋਵੇਂ ਇਕ ਦੂਜੇ ਦੇ ਸਾਹਮਣੇ ਬੁਤ ਬਣੇ ਖਲੋਤੇ ਰਹੇ। ਥਲਿਓਂ ਕਾਲੀ ਦੀ ਗੁੱਡੀ ਦੇ ਵਿਆਹ ਵਿਚ ਬਜ ਰਹੇ ਸੰਖਾਂ ਤੇ ਘੰਟਿਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ।
ਕੁਝ ਚਿਰ ਚੁਪ ਰਹਿਕੇ ਸ਼ੇਖਰ ਬੋਲਿਆ, “ਹੁਣ ਤ੍ਰੇਲ ਵਿਚ ਖਲੋਤੇ ਕੀ ਕਰਦੇ ਹੋ, ਥੱਲੇ ਚਲੇ ਜਾਓ।"
"ਜਾਂਦੀ ਹਾਂ" ਕਹਿ ਕੇ ਲਲਿਤਾ ਨੇ ਸ਼ੇਖਰ ਦੇ ਪੈਰਾਂ ਤੇ ਪੈਕੇ ਪਰਵਾਨ ਕੀਤਾ ਤੇ ਕਿਹਾ, "ਮੈਨੂੰ ਕੀ ਕਰਨਾ ਪਏਗਾ, ਦੱਸ ਤਾਂ ਜਾਓ।"
ਸ਼ੇਖਰ ਹੱਸ ਪਿਆ। ਪਹਿਲਾਂ ਤਾਂ ਕੁਝ ਵਿਚਾਰਾਂ ਜਿਹਾਂ ਵਿਚ ਪੈ ਗਿਆ। ਫੇਰ ਦੋਵੇਂ ਹੱਥ ਅਗਾਂਹ ਕਰਕੇ ਉਹਨੂੰ ਆਪਣੇ ਸੀਨੇ ਨਾਲ ਲਾਕੇ ਉਹਦੇ ਬੁਲ੍ਹਾਂ ਤੇ ਆਪਣੇ ਬੁਲ੍ਹ ਰਖ ਕੇ ਕਹਿਣ ਲਗਾ। 
“ਕੁਝ ਕਹਿਣ ਸੁਣਨ ਦੀ ਲੋੜ ਨਹੀਂ, ਅਜ ਤੋਂ ਲਲਿਤਾ ਤੂੰ ਸਭ ਕੁਝ ਜਾਣ ਜਾਇਆ ਕਰੇਂਂਗੀ।"
ਲਲਿਤਾ ਦਾ ਸਾਰਾ ਸਰੀਰ ਲੂੰਈ ਕੰਡੇ ਹੋਕੇ ਮੁੜ੍ਹਕੇ ਨਾਲ ਤਰ ਹੋ ਗਿਆ। ਉਹ ਛੇਤੀ ਨਾਲ ਪਰੇ ਹਟ ਕੇ ਖਲੋ ਕੇ ਬੋਲੀ, “ਮੈਂ ਅਚਨਚੇਤ ਹੀ ਤੁਹਾਡੇ ਗਲ ਵਿਚ ਮਾਲਾ ਪਾ ਦਿਤੀ ਸੀ, ਖਬਰੇ ਇਸੇ ਕਰਕੇ ਤੁਸੀਂ ਏਦਾਂ ਕੀਤਾ ਹੈ!
ਸ਼ੇਖਰ ਨੇ ਹਸ ਕੇ ਸਿਰ ਹਿਲਾਉਂਦੇ ਹੋਏ ਨੇ ਕਿਹਾ, “ਨਹੀਂ ਮੈਂ ਕਈਆਂ ਦਿਨਾਂ ਦਾ ਸੋਚ ਰਿਹਾ ਸਾਂ ਪਰ ਫੈਸਲਾ ਨਹੀਂ ਸਾਂ ਕਰ ਸਕਿਆ। ਅੱਜ ਫੈਸਲਾ ਕਰ ਲਿਆ ਹੈ ਕਿਉਂਂਕਿ ਅੱਜ ਹੀ ਠੀਕ ਤਰ੍ਹਾਂ ਮੈਂ ਸਮਝ ਸਕਿਆ ਹਾਂ ਕਿ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ।
ਪਰ ਤੁਹਾਡੇ ਪਿਤਾ ਜੀ ਸੁਣਨਗੇ ਤਾਂ ਬਹੁਤ ਗੁਸੇ ਹੋਣਗੇ, ਮਾਂ ਸੁਣੇਗੀ ਤਾਂ ਉਹ ਵੀ ਔਖੀ ਹੋਵੇਗੀ। ਇਹ ਹੋ ਨਹੀਂ ਸਕਣਾ ..........।
ਪਿਤਾ ਜੀ ਸੁਣ ਕੇ ਗੁਸੇ ਹੋਣਗੇ, ਇਹ ਤਾਂ ਠੀਕ ਹੈ; ਪਰ ਮਾਂ ਬਹੁਤ ਖੁਸ਼ ਹੋਵੇਗੀ। ਚਲੋ ਇਹਦਾ ਕੀ ਹੈ, ਜੋ ਹੋਣਾ ਸੀ ਸੋ ਹੋ ਗਿਆ। ਹੁਣ ਤਾਂ ਨਾ ਤੂੰ ਹੀ ਪਲਾ ਛੁਡਾ ਸਕਦੀ ਏਂ ਤੇ ਨਾ ਹੀ ਮੈਂ ਛਡ ਸਕਦਾ ਹਾਂ। ਜਾਹ ਹੁਣ ਥਲੇ ਚਲੀ ਜਾਹ।"

੮.
ਤਿੰਨਾਂ ਕੁ ਮਹੀਨਿਆਂ ਪਿੱਛੋਂ ਇਕ ਦਿਨ ਗੁਰਚਰਨ ਉਦਾਸ ਜਿਹਾ ਮੂੰਹ ਬਣਾ ਕੇ ਨਵੀਨ ਰਾਏ ਦੇ ਫਰਸ਼ ਤੇ ਬੈਠਨਾ ਹੀ ਚਾਹੁੰਦਾ ਸੀ ਕਿ ਨਵੀਨ ਬਾਬੂ ਨੇ ਉੱਚੀ ਸਾਰੀ ਆਖਿਆ, “ਨਹੀਂ ਨਹੀਂ ਇੱਥੇ ਨਾ ਬਹੋ, ਪਰ੍ਹਾਂ ਜਾਕੇ ਚੌਕੀ ਤੇ ਬੈਠੋ। ਮੇਰੇ ਪਾਸੋਂ ਇਸ ਵਕਤ ਨ੍ਹਾਤਾ ਨਹੀਂ ਜਾਣਾ, ਕਿਉਂ ਤੂੰ ਠੀਕ ਹੀ ਜਾਤੋਂ ਬੇਜ਼ਾਤ ਹੋਗਿਆ ਏਂਂ?
ਗੁਰਚਰਨ ਦੂਰ ਇਕ ਚੌਂਕੀ ਤੇ ਨੀਵੀਂ ਪਾਈ ਬਹਿ ਗਿਆ। ਚਾਰ ਦਿਨ ਪਹਿਲਾਂ ਉਹ ਨਿਯਮ ਅਨੁਸਾਰ ਉਪਦੇਸ਼ ਲੈਕੇ ਬ੍ਰਹਮ ਹੋਗਿਆ ਹੈ। ਅੱਜ ਇਹੋ ਗਲ ਕਈਆਂ ਵਰਨਾਂ ਵਿਚੋਂ ਦੀ ਘੁਮ ਘੁਮਾ ਕੇ ਕੱਟੜ ਹਿੰਦੂ 'ਨਵੀਨ' ਦੇ ਕੰਨੀਂ ਪਈ ਹੈ। ਨਵੀਨ ਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਣ ਲੱਗ ਪਏ, ਪਰ ਗੁਰਚਰਨ ਉਸੇ ਤਰ੍ਹਾਂ ਨੀਵੀਂ ਪਾਈ ਬੈਠਾ ਰਿਹਾ। ਉਹਨੇ ਕਿਸੇ ਨੂੰ ਬਿਨਾਂ ਪੁਛੇ ਹੀ, ਇਹ ਕੰਮ ਕਰ ਸੁਟਿਆ ਸੀ। ਇਸ ਕਰਕੇ ਇਹਦੇ ਆਪਣੇ ਘਰ ਵੀ ਰੋਣਾ ਧੋਣਾ ਪਿਆ ਹੋਇਆ ਸੀ।
ਨਵੀਨ ਰਾਏ ਫੇਰ ਗੱਜਿਆ, "ਦੱਸਦਾ ਕਿਉਂ ਨਹੀਂ, ਕੀ ਇਹ ਠੀਕ ਹੈ?"
ਗੁਰਚਰਨ ਨੇ ਪਾਣੀ ਭਰੀਆਂ ਅੱਖੀਆਂ ਨਾਲ ਸਿਰ ਉੱਚਾ ਕਰਕੇ ਕਿਹਾ, "ਜੀ ਹਾਂ ਠੀਕ ਹੈ।"
“ਇਹ ਕੰਮ ਕਰ ਸਟਿਆਂ ਹੈ?” ਤੁਹਾਡੀ ਤਨਖਾਹ ਤਾਂ ਸਭੋ ਸੱਠ ਰੁਪਏ ਹੈ। ਨਵੀਨ ਰਾਏ ਦੇ ਮੂੰਹੋਂ ਗੁਸੇ ਨਾਲ ਗਲ ਨਹੀਂ ਸੀ ਨਿਕਲਦੀ।
ਗੁਰਚਰਨ ਨੇ ਅੱਖਾਂ ਪੂੰਝਦੇ ਹੋਏ ਨੇ ਕਿਹਾ,ਕੋਈ ਸਮਝ ਨਹੀਂ ਸੀ। ਦੁੱਖੀ ਜਾਨ ਸੀ,ਫਾਹਾ ਲੈਕੇ ਮਰ ਜਾਵਾਂ ਜਾਂ ਬ੍ਰਹਮਸਮਾਜੀ ਹੋ ਜਾਵਾਂ, ਉਸ ਵਕਤ ਦਿਮਾਗ ਫੈਸਲਾ ਨਹੀਂ ਕਰ ਸਕਿਆ ਸੋ ਬ੍ਰਹਮ ਸਮਾਜੀ ਹੋ ਗਿਆ। ਇਹ ਆਖਕੇ ਗੁਰਚਰਨ ਅਖਾਂ ਪੂੰਝਦਾ ਹੋਇਆ ਬਾਹਰ ਚਲਿਆ ਗਿਆ।
ਨਵੀਨ ਉੱਚੀ ਸਾਰੀ ਕਹਿਣ ਲੱਗਾ। ਚੰਗਾ ਕੀਤਾ ਆਪਣੇ ਗਲ ਫਾਹ ਨ ਲੈਕੇ ਜਾਤ ਦੇ ਗਲ ਫਾਹ ਪਾ ਦਿੱਤਾ, ਚੰਗਾ ਜਾਉ ਅੱਜ ਤੋਂ ਪਿਛੋਂ ਸਾਡੇ ਲੋਕਾਂ ਦੇ ਸਾਹਮਣੇ ਆਪਣਾ ਕਾਲਾ ਮੂੰਹ ਲੈਕੇ ਨ ਆਉਣਾ। ਹੁਣ ਜਿਹੜੇ ਲੋਕ ਸਲਾਹ ਕਾਰ ਮੰਤਰੀ ਬਣੇ ਹੋਏ ਹਨ ਉਨ੍ਹਾਂ ਦੇ ਕੋਲ ਹੀ ਰਹਿਣਾ, ਲੜਕੀਆਂ ਨੂੰ ਡੂੰਮ ਚਮਿਆਰਾਂ ਦੇ ਘਰ ਵਿਆਹ ਦੇਣਾ। ਇਹ ਆਖਕੇ ਉਹਨਾਂ ਗੁਰਚਰਨ ਨੂੰ ਵਿਦਿਆ ਕਰਕੇ ਮੂੰਹ ਭੁਆ ਲਿਆ।
ਨਵੀਨ ਗੁੱਸੇ ਤੇ ਅਭਿਮਾਨ ਕਰਕੇ ਕੋਈ ਫੈਸਲਾ ਨ ਕਰ ਸਕੇ ਕਿ ਕੀ ਕਰਨਾ ਚਾਹੀਦਾ ਹੈ, ਗੁਰਚਰਨ ਉਨ੍ਹਾਂ ਦੇ ਹੱਥ ਵਿਚੋਂ ਨਿਕਲ ਚੁੱਕਾ ਸੀ ਤੇ ਮੁੜ ਕੇ ਹੱਥਾਂ ਵਿਚ ਆਉਣ ਦੀ ਆਸ ਵੀ ਨਹੀਂ ਸੀ, ਏਸ ਕਰਕੇ ਐਵੇਂ ਵਾਧੂ ਦਾ ਗੁਸਾ ਕੱਢਣ ਲੱਗੇ, ਗੁਰਚਰਨ ਨੂੰ ਰੋਜ ਤੰਗ ਕਰਨ ਦੀ ਹੋਰ ਕੋਈ ਤਰਕੀਬ ਨ ਬਣ ਸਕਣ ਤੇ ਰਾਜ ਨੂੰ ਸੱਦ ਕੇ ਕੋਠੇ ਤੇ ਕੰਧ ਕਰਵਾ ਦਿੱਤੀ ਤਾਂ ਜੋ ਆਉਣ ਜਾਣ ਦਾ ਰਾਹ ਬੰਦ ਹੋ ਜਾਏ।
ਦੂਰ ਬੈਠੀ ਭਵਨੇਸ਼ਵਰੀ ਨੇ ਜਦ ਇਹ ਗੱਲ ਸੁਣੀ ਤਾਂ ਉਹ ਰੋ ਪਈ, ਲੜਕੇ ਨੂੰ ਕਹਿਣ ਲੱਗੀ, ਸ਼ੇਖਰ ਪਤਾ ਨਹੀਂ ਉਹਨਾਂ ਨੂੰ ਇਹੋ ਜਹੀ ਮਤ ਕਿਸਨੇ ਦੇ ਦਿਤੀ ਹੈ।
ਇਹ ਖੋਟੀ ਮੱਤ ਜਿਨ ਦਿਤੀ ਸੀ, ਸ਼ੇਖਰ ਉਸ ਨੂੰ ਸਮਝ ਗਿਆ ਸੀ, ਪਰ ਗੱਲ ਖੋਲ੍ਹਕੇ ਨ ਦਸਦੇ ਹੋਏ ਨੇ ਕਿਹਾ, ਮਾਂ ਦੋਂਹ ਚੌਹ ਦਿਨਾਂ ਨੂੰ ਤੁਸਾਂ ਆਪ ਹੀ ਤਾਂ ਉਹਨਾਂ ਨੂੰ ਜਾਤ ਵਿਚੋਂ ਛੇਕ ਕੇ ਅਡ ਕਰ ਦੇਣਾ ਸੀ। ਐਨੀਆਂ ਕੁੜੀਆਂ ਦਾ ਵਿਆਹ ਉਹ ਕਿਦਾਂ ਕਰ ਸਕਦਾ, ਮੇਰੀ ਸਮਝ ਵਿਚ ਤਾਂ ਕੁਝ ਨਹੀਂ ਆਉਂਦਾ।
ਭਵਨੇਸ਼ਵਰੀ ਨੇ ਸਿਰ ਹਿਲਾਉਂਦੀ ਹੋਈ ਨੇ ਕਿਹਾ, ਕੋਈ ਕੰਮ ਵੀ ਨਹੀਂ ਰੁਕਿਆ ਰਹਿ ਸਕਦਾ, ਸ਼ੇਖਰ! ਜੇ ਇਸ ਗਲਬਦਲੇ ਹੀ ਜ਼ਾਤ ਤਿਆਗ ਦੇਣੀ ਪੈਂਦੀ ਤਾਂ ਅਜੇ ਤੱਕ ਕਈ ਦੀਨੋਂ ਬੇਦੀਨ ਹੋ ਗਏ ਹੁੰਦੇ। ਰੱਬ ਨੇ ਜਿਨਾਂ ਨੂੰ ਦੁਨੀਆਂ ਵਿੱਚ ਪੈਦਾ ਕੀਤਾ ਹੈ, ਸਭ ਦਾ ਫਿਕਰ ਉਸਨੂੰ ਹੈ।
ਸ਼ੇਖਰ ਚੁੱਪ ਕਰ ਰਿਹਾ। ਭਵਨੇਸ਼ਵਰੀ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਲਲਿਤਾ ਨੂੰ ਜੇ ਨਾਲ ਲੈ ਆਉਂਦੀ ਤਾਂ ਉਹਦਾ ਸਬੰਧ ਮੈਨੂੰ ਹੀ ਕਰਨਾ ਪੈਣਾ ਸੀ ਤੇ ਮੈਂ ਕਰ ਵੀ ਦੇਂਦੀ। ਪਰ ਮੈਨੂੰ ਨਹੀਂ ਸੀ ਪਤਾ ਕਿ ਗੁਰਚਰਨ ਨੇ ਇਸੇ ਕਰਕੇ ਹੀ ਉਹਨੂੰ ਨਹੀਂ ਸੀ ਭੇਜਿਆ, ਮੈਂ ਤਾਂ ਸੋਚਦੀ ਸਾਂ ਕਿ ਸੱਚ ਮੁੱਚ ਹੀ ਉਸਦੀ ਕੁੜਮਾਈ ਹੋਣ ਵਾਲੀ ਹੈ।
ਸ਼ੇਖਰ ਮਾਂ ਦੇ ਮੂੰਹ ਵੱਲ ਵੇਖਕੇ ਕੁਝ ਸ਼ਰਮਿੰਦਾ ਜਿਹਾ ਹੋਕੋ ਬੋਲਿਆ ਠੀਕ ਹੈ ਮਾਂ, ਹੁਣ ਘਰ ਜਾਕੇ ਏਦਾਂ ਹੀ ਕਰਨੀ, ਉਹ ਤਾਂ ਬ੍ਰਹਮ ਸਮਾਜੀ ਨਹੀਂ ਹੋਈ ਉਹਦਾ ਮਾਮਾ ਹੀ ਹੋਇਆ ਹੈ, ਜੇ ਸੱਚ ਪੁਛੋ ਤਾਂ ਇਹ ਵੀ ਕੋਈ ਉਸਦੇ ਆਪਣੇ ਨਹੀਂ। ਲਲਿਤਾ ਦਾ ਕੋਈ ਵੀ ਨਹੀਂ ਤਾਂ ਹੀ ਤਾਂ ਇਹਨਾਂ ਦੇ ਘਰ ਪਲ ਰਹੀ ਹੈ।
ਭਵਨੇਸ਼ਵਰੀ ਨੇ ਸੋਚ ਵਿਚਾਰਕੇ ਆਖਿਆ, ਇਹ ਤਾਂ ਠੀਕ ਹੈ ਪਰ ਤੇਰੇ ਬਾਬੂ ਜੀ ਦਾ ਮਿਜਾਜ਼ ਕੁਝ ਹੋਰ ਹੈ। ਉਹ ਕਦੇ ਵੀ ਰਾਜ਼ੀ ਨਹੀਂ ਹੋਣਗੇ। ਇਹ ਵੀ ਹੋ ਸਕਦਾ ਹੈ ਕਿ ਉਹਉਨ੍ਹਾਂ ਲੋਕਾਂ ਨਾਲੋਂ ਮੇਲ ਮਿਲਾਪ ਹੀ ਨ ਬੰਦ ਕਰ ਦੇਣ।
ਸ਼ੇਖਰ ਦੇ ਮਨ ਹੀ ਮਨ ਵਿਚ ਇਸ ਗੱਲ ਦੀ ਵੱਡੀ ਆਸ ਸੀ ਸੋ ਉਸਨੇ ਹੋਰ ਕੁਝ ਨ ਕਿਹਾ ਤੇ ਕਿਧਰੇ ਬਾਹਰ ਚਲਿਆ ਗਿਆ।
ਇਹਦੇ ਪਿਛੋਂ ਇੱਕ ਮਿੰਟ ਵਾਸਤੇ ਵੀ ਉਹਦਾ ਪ੍ਰਦੇਸ ਵਿਚ ਦਿਲ ਨ ਲੱਗਾ। ਦੋ ਤਿੰਨ ਦਿਨ ਉਦਾਸ ਜਿਹਾ ਹੋਕੇ, ਐਧਰ ਊਧਰ ਫਿਰ ਫਿਰਾਕੇ ਇਕ ਦਿਨ ਰਾਤ ਨੂੰ ਮਾਂ ਨੂੰ ਕਹਿਣ ਲੱਗਾ, “ਮਾਂ ਹੁਣ ਕੁਝ ਵੀ ਚੰਗਾ ਨਹੀਂ ਲਗਦਾ, ਚਲ ਘਰ ਨੂੰ ਚਲੀਏ।"
ਘਰ ਆ ਕੇ ਮਾਂ ਪੁੱਤ ਦੋਹਾਂ ਨੇ ਵੇਖਿਆ ਕਿ ਜਿਹੜਾ ਇਕ ਦੂਜੇ ਦੇ ਘਰ ਆਉਣ ਜਾਣ ਦਾ ਰਾਹ ਸੀ ਉਥੇ ਕੰਧ ਕੱਢ ਦਿਤੀ ਹੈ। ਇਹ ਗੱਲ ਦੋਹਾਂ ਮਾਂ ਪੁੱਤਾਂ ਨੂੰ ਬਿਨਾਂ ਪੁਛਿਆਂ ਗਿਛਿਆਂ ਹੀ ਸੁਝ ਗਈ ਕਿ ਗੁਰਚਰਨ ਨਾਲ ਕਿਸੇ ਤਰ੍ਹਾਂ ਦਾ ਸਬੰਧ ਰਖਣਾ, ਇਥੋਂ ਤੱਕ ਖਾਲੀ ਗਲ ਬਾਤ ਕਰਨਾ ਵੀ ਨਵੀਨ ਰਾਏ ਨ ਸਹਾਰ ਸਕੇਗਾ।
ਰਾਤ ਨੂੰ ਸ਼ੇਖਰ ਦੇ ਰੋਟੀ ਖਾਣ ਸਮੇਂ ਉਸ ਪਾਸ ਉਸਦੀ ਮਾਂ ਮੌਜੂਦ ਸੀ। ਦੋ ਤਿੰਨਾਂ ਗੱਲਾਂ ਪਿਛੋਂ ਉਸ ਆਖਿਆ ਮਾਂ, "ਮਲੂਮ ਹੁੰਦਾ ਹੈ ਕਿ ਲਲਿਤਾ ਦੀ ਮੰਗਣੀ ਗਿਰੀਨ ਬਾਬੂ ਦੇ ਨਾਲ ਹੀ ਹੋ ਰਹੀ ਹੈ। ਮੈਂ ਇਹ ਗਲ ਪਹਿਲਾਂ ਹੀ ਜਾਣਦਾ ਸਾਂ।"
ਸ਼ੇਖਰ ਨੇ ਬਿਨਾਂ ਸੁਰ ਚੁੱਕੇ ਹੀ ਕਿਹਾ, ਕਿੰਨ ਆਖਿਆ ਹੈ?"
"ਉਹਦੀ ਮਾਮੀ ਨੇ।" ਕਲ ਦੁਪਹਿਰ ਨੂੰ, ਜਦੋਂ ਤੇਰੇ ਬਾਬੂ ਜੀ ਸੌਂ ਗਏ ਸਨ, ਮੈਂ ਆਪੇ ਉਨ੍ਹਾਂ ਦੇ ਘਰ ਮਿਲਣ ਗਈ ਸਾਂ। ਉਹਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਹਨ।" ਥੋੜਾ ਚਿਰ ਚੁੱਪ ਰਹਿਕੇ ਪੱਲੇ ਨਾਲ ਅੱਖਾਂ ਪੂੰਝ ਕੇ ਉਹ ਬੋਲੀ!” ਕਿਸਮਤ ਹੈ, ਕਿਸਮਤ! ਕਿਸਮਤ ਦਾ ਲਿਖਿਆ ਕੋਈ ਨਹੀਂ ਮੇਟ ਸਕਦਾ। ਕਿਹਨੂੰ ਦੋਸ਼ ਦੇਈਏ? ਫੇਰ ਵੀ ਗਰੀਨ ਚੰਗਾ ਮੁੰਡਾ ਹੈ! ਪੈਸੇ ਵਾਲਾ ਹੈ ਲਲਿਤਾ ਨੂੰ ਕੋਈ ਤਕਲੀਫ ਨਹੀਂ ਹੋਵੇਗੀ।" ਇਹ ਆਖ ਕੇ ਉਹ ਚੁੱਪ ਹੋ ਗਈ।
ਜਵਾਬ ਵਿਚ ਸ਼ੇਖਰ ਨੇ ਕੁਝ ਨਹੀਂ ਆਖਿਆ। ਨੀਵੀਂ ਪਾਈ ਥਾਲੀ ਵਿਚ ਚੀਜ਼ਾਂ ਐਧਰ ਊਧਰ ਕਰਨ ਲੱਗ ਪਿਆ। ਥੋੜੇ ਚਿਰ ਪਿਛੋਂ ਮਾਂ ਦੇ ਉਠ ਜਾਣ ਨਾਲ ਉਹ ਵੀ ਉਠ ਬੈਠਾ ਤੇ ਹੱਥ ਮੂੰਹ ਧੋਕੇ ਬਿਸਤਰੇ ਤੇ ਜਾ ਪਿਆ।
ਦੂਜੇ ਦਿਨ ਜ਼ਰਾ ਟਹਿਲਣ ਲਈ ਉਹ ਸੜਕ ਤੇ ਨਿਕਲਿਆ ਸੀ। ਉਸ ਵੇਲੇ ਗੁਰਚਰਨ ਦੀ ਬਾਹਰ ਵਾਲੀ ਬੈਠਕ ਵਿਚ ਰੋਜ਼ ਵਾਂਗੂੰ ਚਾਹ-ਪਾਨ ਦੀ ਸਭਾ ਬੈਠੀ ਹੋਈ ਸੀ, ਬੜੇ ਜੋਸ਼ ਨਾਲ ਹਾਸਾ ਠੱਠਾ ਤੇ ਗਪ ਸ਼ੱਪ ਹੋ ਰਹੀ ਸੀ। ਇਹ ਰੌਲਾ ਸੁਣਕੇ ਸ਼ੇਖਰ ਨੇ ਕੁਝ ਚਿਰ ਸੋਚਿਆ ਤੇ ਫੇਰ ਅੱਗੇ ਵਧਕੇ ਉਨ੍ਹਾਂ ਸ਼ਬਦਾਂਨੂੰ ਚੇਤੇ ਕਰਦਾ ਹੋਇਆ ਗੁਰਚਰਨ ਦੀ ਬਾਹਰ ਵਾਲੀ ਬੈਠਕ ਵਿਚ ਜਾ ਵੜਿਆ। ਉਹਦੇ ਪਹੰਚਦਿਆਂ ਹੀ ਸਭ ਦੇ ਸਿਰ ਪਾਣੀ ਪੈ ਗਿਆ ਤੇ ਸਭ ਰੌਲਾ ਬੰਦ ਹੋ ਗਿਆ। ਉਹਦੇ ਮੂੰਹ ਵੱਲ ਵੇਖਦਿਆਂ ਹੀ ਸਭ ਦੇ ਮੂੰਹ ਫਿੱਕੇ ਪੈ ਗਏ।
ਲਲਿਤਾ ਤੋਂ ਬਿਨਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਸ਼ੇਖਰ ਆਗਿਆ ਹੈ। ਅੱਜ ਇੱਥੇ ਗਿਰੀ ਨੰਦ ਤੋਂ ਬਿਨਾ ਇਕ ਹੋਰ ਸਜਣ ਵੀ ਆਏ ਹੋਏ ਸਨ। ਉਹ ਹੈਰਾਨਗੀ ਨਾਲ ਸ਼ੇਖਰ ਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀ ਨੰਦ ਦਾ ਚਿਹਰਾ ਬਹੁਤ ਹੀ ਗੰਭੀਰ ਹੋਗਿਆ। ਉਹ ਦੀਵਾਰ ਵੱਲੇ ਵੇਖਣ ਲੱਗ ਪਿਆ। ਸਭ ਨਾਲੋਂ ਬਹੁਤ ਹੀ ਖੱਪ ਗੁਰਚਰਨ ਖੁਦ ਪਾ ਰਿਹਾ ਸੀ, ਉਹਦਾ ਚਿਹਰਾ ਵੀ ਇਕ ਵਾਰੀ ਹੀ ਪੀਲਾ ਪੈ ਗਿਆ। ਲਲਿਤਾ ਉਸ ਪਾਸ ਬੈਠੀ ਚਾਹ ਬਣਾ ਰਹੀ ਸੀ। ਉਹਨੇ ਇਕ ਵੇਰਾਂ ਸਿਰ ਚੁਕ ਕੇ ਵੇਖਿਆ ਤੇ ਫੇਰ ਨੀਵੀਂ ਪਾ ਲਈ।
ਸ਼ੇਖਰ ਨੇ ਅਗਾਂਹ ਹੋਕੇ ਸਿਰ ਨਵਾਕੇ ਸਾਰਿਆਂ ਨੂੰ ਪ੍ਰਨਾਮ ਕੀਤੀ। ਇਕ ਪਾਸੇ ਬਹਿਕੇ ਹਸਦਾ ਹਸਦਾ ਬੋਲਿਆ, “ਕੀ ਗੱਲ ਹੈ, ਇਕ ਵਾਰੀ ਸਾਰੇ ਕਿਉਂ ਚੁਪ ਹੋ ਗਏ ਹੋ?"
ਗੁਰਚਰਨ ਨੇ ਹੌਲੀ ਜਹੀ,ਖਬਰੇ ਅਸ਼ੀਰਵਾਦ ਦਿਤੀ, ਪਤਾ ਕੁਝ ਨਾ ਲਗ ਸਕਿਆ।
ਉਹਦੇ ਮਨ ਦਾ ਭਾਵ ਸ਼ੇਖਰ ਸਮਝ ਗਿਆ। ਇਸ ਕਰਕੇ ਉਹਨੂੰ ਆਪਣਾ ਆਪ ਸੰਭਾਲਣ ਦਾ ਮੌਕਾ ਦੇਣ ਲਈ ਉਸ ਆਪ ਹੀ ਗਲ ਛੇੜੀ। ਸਵੇਰ ਦੀ ਗੱਡੀ ਆ ਜਾਣ ਦੀਆਂ ਗੱਲਾਂ, ਮਾਂ ਦੀ ਬੀਮਾਰੀ ਨੂੰ ਆਰਾਮ ਆ ਜਾਣ ਦੀਆਂ ਗੱਲਾਂ, ਪਛਮ ਦੀ ਜਲ ਪੌਣ ਦੇ ਅਸਰ ਦੀਆਂ ਗਲਾਂ ਤੇ ਏਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਇਕ ਵਾਰੀ ਹੀ ਛੇੜ ਬੈਠਾ। ਅਖੀਰ ਨੂੰ ਉਸ ਅਨਜਾਣੇ ਗੱਭਰੂ ਦੇ ਮੂੰਹ ਵੱਲ ਵੇਖ ਕੇ ਚੁਪ ਹੋਗਿਆ।
ਗੁਰਚਰਨ ਨੇ ਹੁਣ ਤਕ ਆਪਣੇ ਆਪ ਨੂੰ ਸੰਭਾਲ ਲਿਆ ਸੀ। ਉਸ ਲੜਕੇ ਦੀ ਸਿਆਣ ਦਸਦਾ ਹੋਇਆ ਬੋਲਿਆ, "ਇਹ ਸਾਡੇ ਗਿਰੀਨ ਬਾਬੂ ਦੇ ਦੋਸਤ ਹਨ। ਇਕ ਹੀ ਥਾਂ ਦੇ ਰਹਿਣ ਵਾਲੇ ਹਨ। ਇਕਠੇ ਹੀ ਪੜ੍ਹਦੇ ਰਹੇ ਹਨ। ਬਹੁਤ ਹੀ ਚੰਗੇ ਲਾਇਕ ਹਨ, ਸ਼ਾਮ ਬਾਜ਼ਾਰ ਰਹਿੰਦੇ ਹਨ। ਫੇਰ ਵੀ ਸਾਡੇ ਨਾਲ ਜਾਣ ਪਛਾਣ ਹੋਣ ਕਰਕੇ ਕਦੇ ਕਦੇ ਆ ਕੇ ਮਿਲ ਗਿਲ ਜਾਂਦੇ ਹਨ।
ਸ਼ੇਖਰ ਸਿਰ ਹਿਲਾਕੇ ਮਨ ਹੀ ਮਨ ਵਿਚ ਕਹਿਣ ਲੱਗਾ, ਹਾਂ ਬਹੁਤ ਹੀ ਚੰਗੇ ਤੇ ਲਾਇਕ ਹਨ ਕੁਝ ਚਿਰ ਚੁਪ ਰਹਿਕੇ ਬੋਲਿਆ, ਚਾਚਾ ਜੀ ਹੋਰ ਤਾਂ ਸਭ ਠੀਕ ਠਾਕ ਹੈ ਨਾਂ?
ਗੁਰਚਰਨ ਨੇ ਕੋਈ ਜੁਵਾਬ ਨਾ ਦਿਤਾ। ਨੀਵੀਂ ਪਾਈ ਚੁਪ ਚਾਪ ਬੈਠਾ ਰਿਹਾ। ਸ਼ੇਖਰ ਨੂੰ ਉਠ ਕੇ ਜਾਂਦਾ ਵੇਖ ਕੇ ਰੋਣ ਹਾਕਾ ਹੋ ਕੇ ਬੋਲਿਆ, "ਕਦੇ ਕਦੇ ਆ ਜਾਇਆ ਕਰੋ ਬੱਚਾ, ਬਿਲਕੁਲ ਹੀ ਨਾ ਛੱਡ ਦੇਣਾ। ਸਭ ਗਲ ਬਾਤ ਸੁਣ ਤਾਂ ਲਈ ਹੋਵੇਗੀ?"
"ਹਾਂ ਸੁਣੀ ਕਿਉਂ ਨਹੀਂ। ਇਹ ਆਖ ਕੇ 'ਸ਼ੇਖਰ' ਘਰ ਚਲਿਆ ਗਿਆ।
ਦੂਜੇ ਪਲ ਹੀ ਅੰਦਰੋਂ ਗੁਰਚਰਨ ਦੀ ਘਰ ਵਾਲੀ ਦੀ ਰੋਣ ਦੀ ਅਵਾਜ਼ ਆਉਣ ਲੱਗ ਪਈ। ਬਾਹਰ ਬੈਠੇ ਗੁਰਚਰਨ ਧੋਤੀ ਦੇ ਪਲੇ ਨਾਲ ਆਪਣਾ ਮੂੰਹ ਪੂੰਝਣ ਲਗ ਪਏ। ਗਿਰੀਨੰਦ ਦੋਸ਼ੀ ਵਾਂਗੂੰ ਮੂੰਹ ਬਣਾ ਕੇ ਬਾਰੀ ਵੱਲ ਵੇਖਦੇ ਰਹੇ। ਲਲਿਤਾ ਪਹਿਲਾਂ ਹੀ ਉਠਕੇ ਚਲੀ ਗਈ ਸੀ।
ਕੁਝ ਚਿਰ ਪਿਛੋਂ ਸ਼ੇਖਰ ਰਸੋਈ ਪਾਸੇ ਦੀ ਹੋਕੇ, ਬਰਾਂਡੇ ਵਿਚੋਂ ਲੰਘਕੇ ਵਿਹੜੇ ਵਿਚ ਦਾਖਲ ਹੋ ਰਿਹਾ ਸੀ। ਵੇਖਿਆ ਕਿ ਹਨੇਰੇ ਵਿਚ ਬੂਹੇ ਦੇ ਉਹਲੇ ਲਲਿਤਾ ਖੜੀ ਹੈ। ਉਹਨੇ ਧਰਤੀ ਤੇ ਮੱਥਾ ਟੇਕਕੇ ਪ੍ਰਨਾਮ ਕੀਤੀ ਤੇ ਉਠ ਕੇ ਖਲੋ ਗਈ। ਉਹਦਾ ਮੂੰਹ ਸ਼ੇਖਰ ਦੀ ਛਾਤੀ ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ। ਉਹ ਪਲ ਕੁ ਖਲੋਤੀ ਪਤਾ ਨਹੀਂ ਕੀ ਸੋਚਦੀ ਰਹੀ। ਫੇਰ ਪਿਛੇ ਹਟਦੀ ਹੋਈ ਬੋਲੀ, “ਮੇਰੀ ਚਿਠੀ ਦਾ ਜਵਾਬ ਕਿਉਂ ਨਹੀਂ ਦਿਤਾ?" 
‘‘ਕਦੋਂ ਮੈਨੂੰ ਤਾਂ ਕੋਈ ਚਿਠੀ ਨਹੀਂ ਮਿਲੀ ਕੀ ਲਿਖਿਆ ਸੀ?"
ਲਲਿਤਾ ਨੇ ਆਖਿਆ, 'ਕਈ ਗੱਲਾਂ, ਖੈਰ ਜਾਣ ਦਿਓ। ਸਾਰੀਆਂ ਗੱਲਾਂ ਸੁਣ ਤਾਂ ਲਈਆਂ ਹਨ ਉਹ ਤੁਸੀਂ ਹੀ ਦਸੋ ਤੁਹਾਡੀ ਕੀ ਆਗਿਆ ਹੈ।"
ਸ਼ੇਖਰ ਨੇ ਅਸਚਰਜ ਭਰੀ ਅਵਾਜ਼ ਵਿਚ ਆਖਿਆ, ਮੇਰੀ ਆਗਿਆ! ਮੇਰੀ ਆਗਿਆ ਨਾਲ ਕੀ ਹੋਵੇਗਾ?
ਲਲਿਤਾ ਸ਼ੱਕ ਦੀਆਂ ਨਜ਼ਰਾਂ ਨਾਲ ਉਸਨੂੰ ਦੇਖਦੀ ਹੋਈ ਬੋਲੀ, ਕਿਉਂ?
ਹੋਰ ਕੀ! ਲਲਤਾ ਮੈਂ ਕਿਸ ਨੂੰ ਆਗਿਆ ਦੇਵਾਂ?
ਮੈਨੂੰ ਹੋਰ ਕਿਸ ਨੂੰ!
ਤੈਨੂੰ ਕੀ ਆਖਾਂ ਜੇ ਆਖਾਂ ਵੀ ਤਾਂ ਤੂੰ ਕਦੋਂ ਮੰਨਣ ਲੱਗੀ ਏਂ?’ ਸ਼ੇਖਰ ਦਾ ਅਵਾਜ਼ ਭੈੜਾ ਜਿਹਾ ਹੋ ਗਿਆ।
ਹੁਣ ਤਾਂ ਲਲਿਤਾ ਆਪਣੇ ਮਨ ਵਿਚ ਹੋਰ ਵੀ ਡਰ ਗਈ। ਫੇਰ ਇਕੋ ਵੇਰਾਂ ਬਿਲਕੁਲ ਪਾਸ ਆਕੇ ਰੋਣ ਵਾਲੀ ਅਵਾਜ਼ ਨਾਲ ਬੋਲੀ, 'ਜਾਓ ਏਸ ਵੇਲੇ ਤੁਹਾਡਾ ਮਖੌਲ ਚੰਗਾ ਨਹੀਂ ਲਗਦਾ। ਤੁਹਾਡੇ ਪੈਰਾਂ ਤੇ ਪੈਨੀ ਹਾਂ ਕਿਵੇਂ ਹੋਵੇਗੀ, ਇਹ ਤਾਂ ਦਸੋ ਮੈਨੂੰ ਤਾਂ ਰਾਤ ਫਿਕਰ ਨਾਲ ਨੀਂਦ ਵੀ ਨਹੀਂ ਆਉਂਦੀ।'
ਫਿਕਰ ਤੇ ਡਰ ਕਿਸ ਗੱਲ ਦਾ ਹੈ?
ਤੁਸੀਂ ਚੰਗੇ ਹੋ! ਡਰ ਨ ਆਵੇ ਤਾਂ ਹੋਰ ਕੀ ਹੋਵੇ, ਤੁਸੀਂ ਕੋਲ ਨਹੀਂ ਸਾਓ। ਮਾਂ ਵੀ ਇਥੇ ਨਹੀਂ ਸੀ। ਪਿਛੋਂ ਪਤਾ ਨਹੀਂ ਮਾਮਾ ਜੀ ਕੀ ਕਰ ਬੈਠੇ। ਹੁਣ ਜੇ ਮੈਨੂੰ ਮਾਂ ਆਪਣੇ ਘਰ ਨ ਲਵੇ ਤਾਂ ਫੇਰ?
ਸ਼ੇਖਰ ਪਲ ਕੁ ਪਿਛੋਂ ਬੋਲਿਆ, ਇਹ ਤਾਂ ਠੀਕ ਹੈ ਮਾਂ ਹੁਣ ਨਹੀਂ ਲੈਣਾ ਚਾਹੇਗੀ। ਤੁਹਾਡੇ ਮਾਮੇ ਨੇ ਦੂਜੇ ਪਾਸੋਂ ਰੁਪੈ ਲਏ ਹਨ-ਇਹ ਸਭ ਗੱਲਾਂ ਉਹਨੂੰ ਮਲੂਮ ਹੋ ਗਈਆਂ ਹਨ, ਇਸ ਤੋਂ ਬਿਨਾਂ ਤੂੰ ਹੁਣ ਬ੍ਰਹਮ ਸਮਾਜੀ ਹੋ ਗਈ ਹੈਂ, ਅਸੀਂ ਹਿੰਦੂ ਹਾਂ।
ਅੱਨਾਕਾਲੀ ਨੇ ਉਸੇ ਵੇਲੇ ਰਸੋਈ ਵਿਚੋਂ ਅਵਾਜ਼ ਦਿੱਤੀ, ਬੀਬੀ ਜੀ ਏਧਰ-ਆਉਣਾ ਮਾਂ ਜੀ ਸਦੇ ਰਹੇ ਹਨ।
ਲਲਿਤਾ ਨੇ ਉੱਚੀ ਸਾਰੀ ਕਿਹਾ, 'ਮੈਂ ਹੁਣੇ ਆਉਂਦੀ ਹਾਂ।' ਫੇਰ ਹੌਲੀ ਜਹੀ ਅਵਾਜ਼ ਵਿਚ ਕਿਹਾ, 'ਮਾਮਾ ਭਾਵੇਂ ਕੁਝ ਬਣ ਜਾਵੇ, ਜੋ ਤੂੰ ਏਂ ਸੋ ਮੈਂ ਹਾਂ ਤੇ ਜੋ ਮੈ ਹਾਂ ਸੋ ਤੂੰ ਏਂ! ਜੇ ਮਾਂ ਤੈਨੂੰ ਨਹੀਂ ਛੱਡ ਸਕਦੀ ਤਾਂ ਮੈਨੂੰ ਕਿਦਾਂ ਛਡ ਸਕੇਗੀ? ਬਾਕੀ ਰਹਿ ਗਈ ਗਰੀਨ ਬਾਬੂ ਦੇ ਰੁਪਇਆਂ ਵਾਲੀ ਗਲ ਸੋ ਉਸਦੇ ਰੁਪੈ ਮੋੜ ਦਿੱਤੇ ਜਾਣਗੇ, ਕਰਜ ਦਾ ਰੁਪਇਆ, ਇਕ ਦਿਨ ਪਹਿਲਾਂ ਹੋਇਆ ਜਾ ਪਿਛੋਂ ਦੇਣਾ ਤਾਂ ਪਏਗਾ ਹੀ।
ਸ਼ੇਖਰ ਨੇ ਪੁਛਿਆ, 'ਐਨੇ ਰੁਪੈ ਕਿਥੋਂ ਮਿਲਣਗੇ?'
ਲਲਿਤਾ ਸ਼ੇਖਰ ਦੇ ਮੂੰਹ ਵਲ ਵੇਖਦੀ ਹੋਈ ਪਲਕੁ ਚੁਪ ਰਹਿਕੇ ਬੋਲੀ ਜਾਣਦੇ ਨਹੀਂ ਤੀਵੀਆਂ ਨੂੰ ਰੁਪੈ ਕਿਥੋਂ ਮਿਲਦੇ ਹਨ ਤੇ ਮੈਨੂੰ ਵੀ ਤਾਂ ਕਿਤਿਓਂ ਮਿਲ ਹੀ ਜਾਣਗੇ।
ਹੁਣ ਤੱਕ 'ਸ਼ੇਖਰ’ ਦਾ ਦਿਲ ਗੱਲਾਂ ਕਰਦਾ ਕਰਦਾ ਹੀ ਸੜ ਰਿਹਾ ਸੀ। ਹੁਣ ਮਖੌਲ ਨਾਲ ਕਹਿਣ ਲੱਗਾ,ਮਾਮਾ ਜੀ ਨੇ ਤੁਹਾਨੂੰ ਵੇਚ ਤਾਂ ਦਿੱਤਾ ਹੈ।
ਲਲਿਤਾ ਅੰਨ੍ਹੇਰੇ ਵਿਚ ਸ਼ੇਖਰ ਦੇ ਚਿਹਰੇ ਦਾ ਭਾਵ ਤਾਂ ਨ ਦੇਖ ਸਕੀ, ਪਰ ਬਦਲੀ ਹੋਈ ਅਵਾਜ਼ ਨੂੰ ਸਮਝ ਗਈ। ਉਸਨੇ ਵੀ ਉਸੇ ਤਰਾਂ ਹੀ ਪੱਕੇ ਇਰਾਦੇ ਨਾਲ ਜਵਾਬ ਦਿੱਤਾ, ‘ਇਹ ਸਭ ਝੂਠ ਹੈ! ਮੇਰੇ ਮਾਮੇ ਵਰਗੇ ਆਦਮੀ ਦੁਨੀਆਂ ਵਿੱਚ ਬਹੁਤ ਘਟ ਹਨ, ਉਹਨਾਂ ਦਾ ਮਖੌਲ ਨ ਉਡਾਉ। ਉਨ੍ਹਾਂ ਦੇ ਦੁਖੀ ਦਿਲ ਤੋਂ ਤੁਸੀਂ ਭਾਵੇਂ ਵਾਕਿਫ ਨਾ ਹੋਵੋ, ਪਰ ਦੁਨੀਆਂ ਜਾਣਦੀ ਹੈ।' ਇਹ ਆਖਕੇ ਇਕ ਘੁਟ ਜਿਹਾ ਭਰਕੇ ਫੇਰ ਬੋਲੀ, ਇਸਤੋਂ ਬਿਨਾਂ ਉਨ੍ਹਾਂ ਰੁਪੈ ਮੇਰੇ ਵਿਆਹ ਤੋਂ ਪਹਿਲਾਂ ਲਏ ਹਨ। ਮੈਨੂੰ ਵੇਚਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਤੇ ਨਾ ਉਨ੍ਹਾਂ ਨੇ ਵੇਚਿਆ ਈ ਹੈ। ਇਹ ਅਖਤਿਆਰ ਤੁਹਾਨੂੰ ਹੈ, ਤੁਸੀਂ ਜੇ ਚਾਹੋ ਤਾਂ ਮੈਨੂੰ ਰੁਪੈ ਦੇਣ ਦੇ ਡਰ ਤੋਂ ਵੇਚ ਸਕਦੇ ਹੋ।
ਇਹ ਆਖਕੇ ਉਹ ਜਵਾਬ ਉਡੀਕਣ ਤੋਂ ਬਿਨਾਂ ਹੀ ਚਲੀ ਗਈ।

੯.
ਉਸ ਦਿਨ ਸ਼ੇਖਰ ਕਈ ਚਿਰ ਤੱਕ ਰਾਹ ਵਿਚ ਹੀ ਘੁਮਦਾ ਰਿਹਾ ਤੇ ਘਰ ਜਾਕੇ ਸੋਚਣ ਲੱਗਾ, “ਇਹ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀ ਲਲਿਤਾ, ਇਹ ਗੱਲਾਂ ਕਿੱਥੋਂ ਸਿਖ ਗਈ? ਇਸ ਤਰ੍ਹਾਂ ਖੁਲ੍ਹ ਕੇ ਉਹ ਮੇਰੇ ਸਾਹਮਣੇ ਕਿੱਦਾਂ ਬੋਲਣ ਲਗ ਪਈ?"
ਅੱਜ ਲਲਿਤਾ ਦੇ ਵਰਤਾਵੇ ਤੋਂ ਉਹ ਸੱਚੀਂ ਮੁੱਚੀ ਹੀ ਬੜਾ ਗੁੱਸੇ ਹੋ ਰਿਹਾ ਸੀ। ਪਰ ਜੇ ਉਹ ਠੰਡੇ ਦਿਲ ਨਾਲ ਸੋਚ ਕੇ ਵੇਖਦਾ ਤਾਂ ਉਸ ਦਾ ਗੁੱਸਾ ਲਲਿਤਾ ਤੇ ਨਹੀਂ ਸੀ ਬਣ ਸਕਦਾ, ਸਗੋਂ ਆਪਣੇ ਆਪ ਤੇ ਬਣਦਾ ਸੀ। ਕਿਉਂਕਿ ਇਹ ਸਭ ਉਸੇ ਦੀ ਕਾਰਸਤਾਨੀ ਸੀ।
ਲਲਿਤਾ ਨੂੰ ਛੱਡ ਕੇ, ਇਸ ਇਕ ਮਹੀਨੇ ਦੇ ਪ੍ਰਦੇਸ ਰੱਟਨ ਸਮੇਂ, ਉਹਨੇ ਆਪਣਿਆਂ ਖਿਆਲਾਂ ਵਿਚ ਆਪਣੇ ਆਪ ਨੂੰ ਬੰਨ ਲਿਆ ਸੀ। ਸਿਰਫ ਬਾਲਪਨ ਦੇ ਦੁਖ ਸੁਖ ਦਾ ਹਿਸਾਬ ਲਾਕੇ ਹੀ ਉਹ ਸੋਚ ਰਿਹਾ ਸੀ ਕਿ ਲਲਿਤਾ ਦਾ ਉਹਦੇ ਜੀਵਨ ਵਿਚ ਕਿਨਾ ਕੁ ਹਿੱਸਾ ਹੈ। ਅੱਗੇ ਆਉਣ ਵਾਲੀ ਉਮਰ ਵਿਚ, ਲਲਿਤਾ ਦਾ ਉਸ ਨਾਲ ਕਿੰਨਾ ਨਾ ਟੁੱਟ ਸਕਣ ਵਾਲਾ ਸਬੰਧ ਪੈਦਾ ਹੋ ਚੁੱਕਾ ਹੈ। ਉਸਦੇ ਨਾ ਹੋਣ ਨਾਲ ਇਸਦਾ ਜੀਉਣਾ ਕਠਨ ਹੋ ਜਾਇਗਾ। ਲਲਿਤਾ ਛੋਟੇ ਹੁੰਦਿਆਂ ਹੀ ਉਸ ਨਾਲ ਘੁਲ ਮਿਲ ਗਈ ਸੀ। ਇਸ ਕਰਕੇ ਉਹ ਉਹਨੂੰ ਨਾ ਤਾਂ ਪਿਉ ਜੈਸਾ ਤੇ ਨਾ ਹੀ ਭਰਾ ਜੈਸਾ ਜਾਣ ਸਕੀ ਸੀ। ਇਸੇ ਤਰ੍ਹਾਂ ਸ਼ੇਖਰ ਵੀ ਉਸ ਨਾਲ ਪਿਆਰ ਕਰਦਾ ਹੋਇਆ ਆਪਣੇ ਪਿਆਰ ਦੇ ਦਰਜੇ ਨੂੰ ਨਹੀਂ ਸੀ ਸਮਝ ਸਕਿਆ। ਉਹ ਨੂੰ ਖਿਆਲ ਸੀ ਕਿ ਸ਼ਾਇਦ ਉਹ ਲਲਿਤਾ ਨੂੰ ਨਹੀਂ ਹਾਸਲ ਕਰ ਸਕੇਗਾ।ਸੋ ਪ੍ਰਦੇਸ ਜਾਣ ਤੋਂ ਪਹਿਲਾਂ ਉਹ ਉਹਦੇ ਗੱਲ ਵਿਚ ਹਾਰ ਪਾਕੇ, ਉਸ ਨਾਲ ਆਤਮਕ ਸਬੰਧ ਜੋੜ ਗਿਆ ਸੀ ਤੇ ਇਸ ਵਿੱਥ ਨੂੰ ਮੇਲ ਗਿਆ ਸੀ।
ਬਾਹਰ ਪ੍ਰਦੇਸ ਵਿਚ ਬੈਠਾ, ਗੁਰਚਰਨ ਦੇ ਧਰਮ ਬਦਲਣ ਨੂੰ ਸੁਣਕੇ ਉਹ ਇਹੋ ਚਿੰਤਾ ਕਰਦਾ ਰਹਿੰਦਾ ਸੀ ਕਿ ਕਿਤੇ ਸੱਚ ਮੁਚ ਹੀ ਲਲਿਤਾ ਹੱਥੋਂ ਨ ਚਲੀ ਜਾਏ। ਔਖੀ ਹੋਵੇ ਜਾਂ ਸੌਖੀ, ਉਹ ਇਸ ਹੀ ਦੁਬਧਾ ਵਿਚ ਪਿਆ ਹੋਇਆ ਸੀ। ਅੱਜ ਲਲਿਤਾ ਦੇ ਸਾਫ ਸਾਫ ਕਹਿਣ ਤੇ ਉਸਨੇ ਵਿਚਾਰਾਂ ਨੂੰ ਉਲਟ ਕੇ ਬਿਲਕੁਲ ਦੂਜੇ ਪਾਸੇ ਬਦਲ ਦਿਤਾ। ਪਹਿਲੇ ਤਾਂ ਉਸ ਨੂੰ ਚਿੰਤਾ ਸੀ ਕਿ ਸ਼ਾਇਦ ਲਲਿਤਾ ਨ ਮਿਲ ਸਕੇ ਪਰ ਹੁਣ ਚਿੰਤਾ ਸੀ ਕਿ ਸ਼ਾਇਦ ਇਹ ਬਿੱਜ ਗਲੋਂ ਨਾ ਹੀ ਲਹਿ ਸਕੇ।
ਸਿਆਮ ਬਾਜ਼ਾਰ ਵਾਲਾ ਸਾਕ ਵੀ ਰਹਿ ਚੁੱਕਾ ਸੀ। ਸ਼ਾਇਦ ਉਹ ਲੋਕ ਐਨਾ ਰੁਪਇਆ ਦੇਣ ਵਾਸਤੇ ਤਿਆਰ ਨਹੀਂਂ ਸਨ। ਸ਼ੇਖਰ ਦੀ ਮਾਂ ਨੂੰ ਵੀ ਉਹ ਲੜਕੀ ਪਸੰਦ ਨਹੀਂ ਆਈ ਸੀ ਭਾਵੇਂ ਸ਼ੇਖਰ ਨੂੰ ਉਸ ਬਲਾ ਪਾਸੋਂ ਛੁਟਕਾਰਾ ਮਿਲ ਗਿਆ ਸੀ, ਪਰ ਨਵੀਨ ਰਾਏ ਦਸ ਵੀਹ ਹਜ਼ਾਰ ਦੇ ਸੁਪਨੇ ਹਾਲੀ ਵੀ ਲੈ ਰਹੇ ਸਨ। ਤੇ ਉਹਨਾਂ ਨੂੰ ਇਸ ਸਾਕ ਦੇ ਟੁਟ ਜਾਣ ਦਾ ਯਕੀਨ ਵੀ ਨਹੀਂ ਸੀ।
ਸ਼ੇਖਰ ਸੋਚ ਰਿਹਾ ਸੀ ਕੀ ਕੀਤਾ ਜਾਏ । ਉਹਦਾ ਉਸ ਦਿਨ ਦਾ ਉਹ ਮਖੌਲ ਜਿਹਾ ਇਹ ਸ਼ਕਲ ਫੜ ਲਏਗਾ ਤੇ ਲਲਿਤਾ ਸਚ ਮੁੱਚ ਹੀ ਸਮਝ ਲਏਗੀ ਕਿ ਉਸ ਦਾ ਵਿਆਹ ਹੋ ਚੁਕਾ ਹੈ, ਉਸ ਨੂੰ ਇਸ ਦੀ ਬਿਲਕੁਲ ਆਸ ਨਹੀਂ ਸੀ । ਲਲਿਤਾ ਸਮਝ ਲਏਗੀ ਕਿ ਕਿਸੇ ਸਬੰਧ ਨਾਲ ਵੀ ਇਸ ਤਰ੍ਹਾਂ ਦੇ ਵਿਆਹ ਵਿਚ ਫਰਕ ਨਹੀਂ ਪੈ ਸਕਦਾ, ਇਹ ਸਾਰੀਆਂ ਗੱਲਾਂ ਸ਼ੇਖਰ ਨੇ ਪਹਿਲਾਂ ਨਹੀਂ ਸਨ ਸੋਚੀਆਂ। ਇਹ ਵੀ ਉਹ ਆਪਣੇ ਮੂੰਹੋਂ ਕਹਿ ਚੁਕਾ ਸੀ ਕਿ 'ਜੋ ਹੋਣਾ ਹੈ ਹੋ ਚੁਕਾ, ਹੁਣ ਤਾਂ ਨਾ ਤੂੰ ਹੀ ਪਲਾ ਛੁਡਾ ਸਕਦੀ ਏਂ ਤੇ ਨਾ ਮੈਂ ਹੀ ਛੱਡ ਸਕਦਾ ਹਾਂ ।' ਪਰ ਅੱਜ ਜਿਦਾਂ ਉਹ ਵਿਚਾਰ ਕੇ ਵੇਖ ਰਿਹਾ ਹੈ ਨਾ ਤਾਂ ਉਸ ਦਿਨ ਉਸ ਵਿਚ ਐਨੀ ਵਿਚਾਰਨ ਦੀ ਸ਼ਕਤੀ ਹੀ ਸੀ ਤੇ ਨਾ ਹੀ ਹੌਂਸਲਾ।
ਉਸ ਵੇਲੇ ਸਿਰ ਤੇ ਚੰਦ ਦੀ ਚਾਨਣੀ ਤੇ ਠੰਡੀ ਰਾਤ ਸੀ। ਸਭ ਪਾਸੇ ਅਨੰਦ ਹੀ ਅਨੰਦ ਖਿੜਿਆ ਹੋਇਆ ਸੀ। ਗਲ ਵਿਚ ਫੁਲਾਂ ਦੀ ਮਾਲਾ ਪਿਆਰੀ ਦਾ ਕੋਮਲ ਮੁਖੜਾ ਆਪਣੀ ਛਾਤੀ ਤੇ ਰੱਖ ਕੇ ਉਸ ਦੀਆਂ ਬੁਲ੍ਹੀਆਂ ਦੀ ਛੋਹ ਦਾ ਨਸ਼ਾ, ਜਿਹਨੂੰ ਸ਼ੰੰਗਾਰ ਰਸ ਵਾਲਿਆਂ ‘ਅੰਮਿਤ' ਆਖਿਆ ਹੈ, ਪੀਕੇ ਉਹ ਮਸਤ ਹੋ ਰਿਹਾ ਸੀ। ਉਸ ਵੇਲੇ ਆਪਣੀਆਂ ਓੜਾਂ ਥੋੜਾਂ ਜਾਂ ਭਲਾਈ ਬੁਰਾਈ ਦਾ ਕੋਈ ਖਿਆਲ ਨਹੀਂ ਸੀ। ਨਾ ਆਪਣੇ ਪੈਸੇ ਦੇ ਪੁਤ੍ਰ ਪਿਓ ਦੀ ਭੈੜੀ ਸ਼ਕਲ ਹੀ ਅੱਖਾਂ ਅਗੇ ਆਈ ਸੀ, ਸੋਚਿਆ ਸੀ ਕਿ ਮਾਂ ਤਾਂ ਲਲਿਤਾ ਨੂੰ ਪਿਆਰ ਕਰਦੀ ਹੈ, ਉਹਨੂੰ ਮਨਾ ਲੈਣ ਵਿਚ ਕੋਈ ਔਖਿਆਈ ਨਹੀਂ ਆਉਣ ਲਗੀ। ਪਿਤਾ ਜੀ ਨੂੰ ਮਾਂ ਦੀ ਰਾਹੀਂ ਮਨਾ ਲਿਆ ਜਾਵੇਗਾ। ਇਸ ਤੋਂ ਬਿਨਾਂ ਗੁਰਚਰਨ ਨੇ ਆਪਣਾ ਧਰਮ ਬਦਲ ਕੇ ਇਹਨਾਂ ਦੋਹਾਂ ਦੇ ਰਾਹ ਵਿਚ ਪੱਥਰ ਨਹੀਂ ਸਨ ਰੱਖ ਦਿਤੇ। ਉਸ ਵੇਲੇ ਇਹ ਸਭ ਕੁਝ ਠੀਕ ਤੇ ਸੌਖਾ ਲਗਦਾ ਸੀ।
ਅਸਲ ਵਿਚ ਸ਼ੇਖਰ ਨੂੰ ਫਿਕਰ ਕਰਨ ਦੀ ਕੋਈ ਖਾਸ ਲੋੜ ਨਹੀਂ ਸੀ। ਹੁਣ ਉਹ ਸਮਝ ਰਿਹਾ ਸੀ ਕਿ ਪਿਤਾ ਨੂੰ ਮਨਾਉਣਾ ਤਾਂ ਇਕ ਪਾਸੇ ਰਿਹਾ, ਮਾਂ ਨੂੰ ਹੀ ਨਹੀਂ ਮਨਾਇਆ ਜਾ ਸਕਣਾ। ਇਹ ਵਿਆਹ ਦੀ ਗੱਲ ਤਾਂ ਹੁਣ ਉਹ ਮੂੰਹੋ ਹੀ ਨਹੀਂ ਸੀ ਕੱਢ ਸਕਦਾ।
ਸ਼ੇਖਰ ਨੇ ਇਕ ਠੰਢਾ ਹੌਕਾ ਲੈਕੇ ਫੇਰ ਗੱਲ ਨੂੰ ਦੁਹਰਾਇਆ, ਕੀ ਕੀਤਾ ਜਾਏ, ਉਹ ਲਲਤਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਸਨੇ ਇਹਨੂੰ ਆਪ ਹੀ ਬਚਾਇਆ ਹੈ-ਇਕ ਵਾਰੀ ਜਿਸਨੂੰ ਉਹ ਧਰਮ ਸਮਝਕੇ ਅੰਗੀਕਾਰ ਕਰ ਚੁੱਕੀ ਹੈ ਉਹਨੂੰ ਕਿਦਾਂ ਛੱਡ ਦੇਵੇ। ਉਹ ਸਮਝੀ ਬੈਠੀ ਹੈ ਕਿ ਮੈਂ ਸ਼ੇਖਰ ਦੀ ਧਰਮਪਤਨੀ ਹਾਂ, ਇਸੇ ਕਰਕੇ ਉਹ ਅੰਨ੍ਹੇਰੇ ਵਿਚ ਉਹਦੇ ਪਾਸ ਛਾਤੀ ਨਾਲ ਮੂੰਹ ਲਾਕੇ ਆ ਖੜੀ ਹੋਈ ਸੀ।
ਗਿਰੀ ਨੰਦ ਨਾਲ ਉਸਦੇ ਵਿਆਹ ਦੀ ਗਲ ਬਾਤ ਤਾਂ ਹੋ ਰਹੀ ਹੈ, ਪਰ ਕੋਈ ਵੀ ਉਸ ਨੂੰ ਇਸ ਗੱਲ ਵਾਸਤੇ ਰਾਜੀ ਨਹੀਂ ਕਰ ਸਕਦਾ। ਹੁਣ ਤਾਂ ਉਹ ਕਿਸੇ ਤਰ੍ਹਾਂ ਵੀ ਚੁੱਪ ਨਹੀਂ ਰਹਿ ਸਕੇਗੀ। ਹੁਣ ਉਹ ਸਭ ਕੁਝ ਪ੍ਰਗਟ ਕਰ ਦੇਵੇਗੀ ਸ਼ੇਖਰ ਦਾ ਮੂੰਹ ਤੇ ਅੱਖਾਂ ਚਮਕ ਪਈਆਂ। ਅਸਲ ਵਿਚ ਗੱਲ ਵੀ ਠੀਕ ਹੈ, ਉਹ ਸਿਰਫ ਹਾਰ ਪਾਕੇ ਹੀ ਬੱਸ ਨਹੀਂ ਸੀ ਕਰ ਗਿਆ,ਉਸਨੇ ਉਹਨੂੰ ਚੁੰਮਿਆ ਵੀ ਸੀ ਤੇ ਛਾਤੀ ਨਾਲ ਵੀ ਲਾਇਆ ਸੀ ਉਸ ਨੂੰ ਏਸਦਾ ਬੀ ਹੱਕ ਸੀ, ਲਲਿਤਾ ਨੇ ਕੋਈ ਨਾਂਹ ਨਕਰ ਨਹੀਂ ਸੀ ਕੀਤੀ। ਇਸੇ ਕਰਕੇ ਨਹੀਂ ਸੀ ਕੀਤੀ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ ਸੀ।ਇਸਦਾ ਉਸ ਨੂੰ ਪਤਨੀ ਦੇ ਰੂਪ ਵਿਚ ਅਖਤਿਆਰ ਸੀ, ਇਸੇ ਕਰਕੇ ਉਸਨੇ ਨਾਂਹ ਨੁਕਰ ਨਹੀਂ ਸੀ ਕੀਤੀ। ਹੁਣ ਇਹਨਾਂ ਗੱਲਾਂ ਦਾ ਉਹ ਕਿਸੇ ਦੇ ਸਾਹਮਣੇ ਕੀ ਜਵਾਬ ਦੇਵੇਗਾ?
ਇਹ ਵੀ ਪੱਕੀ ਹੈ ਕਿ ਬਿਨਾਂ ਮਾਂ ਬਾਪ ਨੂੰ ਰਾਜ਼ੀ ਕੀਤੇ ਦੇ ਉਹ ਲਲਿਤਾ ਨਾਲ ਵਿਆਹ ਨਹੀਂ ਕਰਵਾ ਸਕਦਾ। ਪਰ ਗਿਰੀ ਨੰਦ ਨਾਲ ਲਲਿਤਾ ਦਾ ਵਿਆਹ ਨਾ ਹੋਣ ਵਿਚ ਉਹ ਘਰ ਬਾਹਰ ਕਿੱਦਾਂ ਮੂੰਹ ਦਿਖਾ ਸਕੇਗਾ।

੧੦.
ਨਾ ਹੋ ਸਕਣ ਦੇ ਖਿਆਲ ਨਾਲ ਸ਼ੇਖਰ ਨੇ ਲਲਿਤਾ ਦੀ ਆਸ ਬਿਲਕੁਲ ਹੀ ਲਾਹ ਛਡੀ ਸੀ। ਸ਼ੁਰੂ ਵਿਚ ਉਹ ਕੁਝ ਦਿਨ ਮਨ ਵਿਚ ਡਰਦਾ ਰਿਹਾ ਕਿ ਜੇ ਕਿਤੇ ਅਚਾਨਕ ਉਹ ਆ ਜਾਏ ਤਾਂ ਸਾਰੀਆਂ ਗੱਲਾਂ ਪ੍ਰਗਟ ਨਾ ਕਰ ਦੇਵੇ। ਇਸ ਤੇ ਉਹਨੂੰ ਸਾਰਿਆਂ ਦੇ ਸਾਹਮਣੇ ਜਵਾਬ ਦੇਣਾ ਨਾ ਪੈ ਜਾਏ। ਪਰ ਕਿਸੇ ਨੇ ਉਸ ਪਾਸੋਂ ਕੁਝ ਨਹੀਂ ਪੁਛਿਆ। ਕੋਈ ਗਲ ਨਹੀਂ ਹੋਈ, ਇਥੋਂ ਤਕ ਕਿ ਇਸ ਘਰ ਵਾਲਿਆਂ ਦਾ ਉਸ ਘਰ ਆਉਣਾ ਜਾਣਾ ਵੀ ਨਹੀਂ ਹੋ ਸਕਿਆ।
ਸ਼ੇਖਰ ਦੇ ਕਮਰੇ ਦੇ ਸਾਹਮਣੇ ਜੋ ਖੁਲ੍ਹੀ ਹੋਈ ਛੱਤ; ਹੈ, ਉਸਤੇ ਖੜੇ ਹੋਣ ਨਾਲ ਲਲਿਤਾ ਦੇ ਘਰ ਦੀ ਛੱਤ ਦਾ ਬਹੁਤ ਸਾਰਾ ਹਿੱਸਾ ਦਿੱਸਦਾ ਹੈ। ਕਿਤੇ ਲਲਿਤਾ ਮੱਥੇ ਨਾ ਲੱਗ ਜਾਏ, ਏਸ ਡਰ ਦੇ ਮਾਰਿਆਂ ਸ਼ੇਖਰ ਛੱਤ ਤੇ ਵੀ ਖੜਾ ਨਹੀਂ ਹੁੰਦਾ। ਪਰ ਜਦੋਂ ਬਿਨਾਂ ਕਿਸੇ ਵਿਘਨ ਦੇ ਮਹੀਨਾ ਲੰਘ ਗਿਆ ਤਾਂ ਉਹ ਬੇਫਿਕਰੀ ਦਾ ਸਾਹ ਲੈ ਕੇ ਮਨ ਹੀ ਮਨ ਵਿਚ ਆਖਣ ਲੱਗਾ, ਭਾਵੇਂ ਕੁਝ ਵੀ ਹੈ, ਔਰਤਾਂ ਦੀ ਸ਼ਰਮ ਦੀ ਪ੍ਰਸਿੱਧੀ ਹੀ ਹੈ। ਉਹ ਇਹ ਸਾਰੀਆਂ ਗੱਲਾਂ ਕਦੇ ਵੀ ਪ੍ਰਗਟ ਨਹੀਂ ਕਰ ਸਕਦੀ। ਸ਼ੇਖਰ ਨੇ ਸੁਣ ਰਖਿਆ ਸੀ ਕਿ ਔਰਤਾਂ ਦੀ ਛਾਤੀ ਭਾਵੇਂ ਫੱਟ ਜਾਏ, ਪਰ ਇਹ ਮੂੰਹੋ ਨਹੀਂ ਫੁੱਟ ਦੀਆਂ। ਇਸ ਗਲ ਦਾ ਉਹਨੂੰ ਪੱਕਾ ਯਕੀਨ ਹੋ ਗਿਆ ਹੈ। ਰੱਬ ਨੇ ਉਨ੍ਹਾਂ ਨੂੰ ਐਨਾਂ ਸਿਦਕ ਦਿਤਾ ਹੈ। ਇਸ ਗੱਲ ਦੀ ਉਹਨੇ ਮਨ ਹੀ ਮਨ ਵਿਚ ਵਡਿਆਈ ਵੀ ਕੀਤੀ। ਪਰ ਫੇਰ ਵੀ ਉਹ ਸ਼ਾਂਤ ਨ ਹੋ ਸਕਿਆ। ਜਦੋਂ ਤੋਂ ਉਹ ਸਮਝ ਗਿਆ ਹੈ ਕਿ ਹੁਣ ਕੋਈ ਡਰ ਦੀ ਗੱਲ ਨਹੀਂ, ਉਸ ਵੇਲੇ ਤੋਂ ਉਸਦੀ ਛਾਤੀ ਵਿਚ ਇਕ ਅਸਹਿ ਜਲਨ ਹੋ ਰਹੀ ਹੈ। ਰਹਿ ਰਹਿ ਕੇ ਉਸਦਾ ਦਿਲ ਇਸ ਤੜਪ ਨਾਲ ਤੜਪ ਉਠਦਾ ਹੈ। ਕੀ ਹੁਣ ਲਲਿਤਾ ਕੁਝ ਨਹੀਂ ਆਖੇਗੀ? ਹੋਰ ਕਿਸੇ ਦੇ ਹੱਥ ਵਿਚ ਆਪਣੇ ਆਪ ਨੂੰ ਸੌਂਪਣ ਵੇਲੇ ਤਕ ਉਹ ਚੁੱਪ ਹੀ ਕਰ ਰਹੇਗੀ? ਇਹ ਸੋਚਕੇ ਕਿ ਉਹਦਾ ਵਿਆਹ ਹੋ ਚੁਕਿਆ ਹੈ, ਉਹ ਆਪਣੇ ਪਤੀ ਦੇ ਘਰ ਚਲੀ ਗਈ ਹੈ, ਉਸਦੇ ਤਨ, ਮਨ ਨੂੰ ਅਗ ਕਿਉਂ ਲੱਗ ਜਾਂਦੀ ਹੈ?
ਪਹਿਲਾਂ ਇਹ ਬਾਹਰ ਨੂੰ ਨਾ ਜਾਣ ਕਰਕੇ ਛੱਤ ਤੇ ਹੀ ਟਹਿਲ ਲਿਆ ਕਰਦਾ ਸੀ, ਹੁਣ ਵੀ ਉਹ ਛੱਤ ਤੇ ਟਹਿਲਣ ਲਗਾ ਹੈ, ਪਰ ਕਿਸੇ ਦਿਨ ਵੀ ਉਹਨੂੰ ਉਸ ਘਰ ਦਾ ਕੋਈ ਵੀ ਨਹੀਂ ਦਿਸਿਆ। ਸਿਰਫ ਇਕ ਦਿਨ 'ਕਾਲੀ' ਕਿਸੇ ਕੰਮ ਛੱਤ ਤੇ ਆਈ ਸੀ। ਉਹਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਸ਼ੇਖਰ ਦੇ ਇਰਾਦਿਆਂ ਕਰਦਿਆਂ ਕਰਦਿਆਂ ਉਹ ਇਹਨੂੰ ਬੁਲਾਏ ਜਾਂ ਕੇ ਨਾ ਬੁਲਾਏ, ਉਹ ਅੱਖਾਂਤੋਂ ਦੂਰ ਹੋ ਗਈ, ਉਸਨੇ ਸਮਝ ਲਿਆ ਕਿ ਅਸਾਂ ਜੋ ਛੱਤ ਦਾ ਰਾਹ ਬੰਦ ਕਰ ਲਿਆ ਹੈ, ਇਸ ਦਾ ਮਤਲਬ ਛੋਟੀ ਜਹੀ ਕਾਲੀ ਵੀ ਸਮਝ ਗਈ ਹੈ।
ਇਕ ਮਹੀਨਾ ਹੋਰ ਲੰਘ ਗਿਆ।
ਇਕ ਦਿਨ ਭਵਨੇਸ਼ਰੀ ਨੇ ਆਖਿਆ, 'ਏਧਰ ਤੂੰ ਲਲਿਤਾ ਨੂੰ ਵੇਖਿਆ ਹੈ ਸ਼ੇਖਰ ਸ਼ੇਖਰ ਨੇ ਸਿਰ ਹਿਲਾਕੇ ਆਖਿਆ, ਨਹੀਂ ਕੀ ਗੱਲ ਹੈ।
ਮਾਂ ਨੇ ਕਿਹਾ, ਦੋ ਮਹੀਨਿਆਂ ਪਿਛੋਂ ਮੈਂ ਕਲ ਉਹਨੂੰ ਕੋਠੇ ਚੜ੍ਹਕੇ ਵੇਖਿਆ ਸੀ ਤਾਂ ਮੈਂ ਸੱਦਿਆ। ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ, ਮਾੜੀ ਜਹੀ ਹੋ ਗਈ ਹੈ, ਇਉਂ ਮਲੂਮ ਹੁੰਦਾ ਹੈ, ਜਿਦਾਂ ਦੱਸ ਸਾਲ ਵੱਡੀ ਹੋ ਗਈ ਹੈ। ਐਨੀ ਸਿਆਣੀ ਜਹੀ ਤੇ ਕੋਈ ਨਹੀਂ ਆਖ ਸਕਦਾ ਜੋ ਇਹ ਚੌਦਾਂ ਸਾਲਾਂ ਦੀ ਕੁੜੀ ਹੈ, ਆਖਦਿਆਂ ਆਖਦਿਆਂ ਉਹਦੀਆਂ ਅੱਖਾਂ ਭਰ ਆਈਆਂ, ਹੱਥਾਂ ਨਾਲ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਮੈਲੀ ਜਹੀ ਧੋਤੀ ਪਹਿਨੀ ਹੋਈ, ਪੱਲੇ ਤੇ ਟਾਕੀ ਲੱਗੀ ਹੋਈ। ਮੈਂ ਪੁਛਿਆ ਤੇਰੇ ਕੋਲ ਹੋਰ ਧੋਤੀ, ਕੋਈ ਨਹੀਂ?
ਉਸਨੇ ਆਖਿਆ ਹੈ, ਪਰ ਮੈਨੂੰ ਯਕੀਨ ਨਾ ਆਇਆ ਕਦੇ ਵੀ ਉਸਨੇ ਆਪਣੇ ਮਾਮੇ ਦੇ ਦਿੱਤੇ ਹੋਏ ਕਪੜੇ ਨਹੀਂ ਸਨ ਪਾਏ, ਮੈਂ ਹੀ ਕਪੜੇ ਦੇਂਦੀ ਹੁੰਦੀ ਸਾਂ, ਸੋ ਮੈਂ ਛੇਆਂ ਸੱਤਾਂ ਮਹੀਨਿਆਂ ਤੋਂ ਕੁਝ ਦੇ ਵੀ ਨਹੀਂ ਸਕੀ, ਇਸ ਤੋਂ ਅਗੋਂ ਉਸ ਪਾਸੋਂ ਕੁਝ ਵੀ ਨ ਬੋਲਿਆ ਗਿਆ ਉਹ ਪਲੇ ਨਾਲ ਅਖਾਂ ਪੂੰਝਣ ਲਗ ਪਈ, ਅਸਲ ਵਿੱਚ ਉਹ ਲਲਿਤਾ ਨੂੰ ਆਪਣੀ ਧੀ ਵਾਂਗ ਹੀ ਪਿਆਰ ਕਰਦੀ ਸੀ।
ਸ਼ੇਖਰ ਦੂਜੇ ਪਾਸੇ ਧਿਆਨ ਕਰਕੇ ਚੁੱਪ ਚਾਪ ਬੈਠਾ ਰਿਹਾ।
ਕਈਆਂ ਚਿਰਾਂ ਪਿਛੋਂ ਮਾਂ ਫਿਰ ਆਖਣ ਲੱਗੀ, ਮੇਰੇ ਬਿਨਾਂ ਉਸਨੇ ਹੋਰ ਕਿਸੇ ਪਾਸੋਂ ਕੁਝ ਮੰਗਿਆ ਵੀ ਨਹੀਂ ਸੀ ਕਦੇ ਵੇਲੇ ਕੁਵੇਲੇ ਭੁੱਖ ਲੱਗੇ ਤਾਂ ਉਹ ਮੂੰਹੋਂ ਕਦੇ ਕਿਸ ਪਾਸੋਂ ਕੁਝ ਨਹੀਂ ਸੀ ਮੰਗਦੀ, ਮੈਂ ਹੀ ਉਹਨੂੰ ਖਾਣ ਨੂੰ ਦੇਂਂਦੀ ਹੁੰਦੀ ਸਾਂ, ਉਹ ਮੇਰੇ ਲਾਗੇ ਚਾਗੇ ਹੀ ਘੁੰਮਦੀ ਰਹਿੰਦੀ ਸੀ, ਮੈਂ ਉਹਦਾ ਮੂੰਹ ਵੇਖਕੇ ਹੀ ਸਮਝ ਜਾਂਦੀ ਸਾਂ ਕਿ ਇਹ ਭੁੱਖੀ ਹੈ ਜਾਂ ਰੱਜੀ ਹੋਈ ਹੈ, ਮੈਨੂੰ ਹੁਣ ਵੀ ਖਿਆਲ ਆਉਂਦਾ ਹੈਕਿ ਸ਼ਾਇਦ ਉਹ ਹੁਣ ਵੀ ਉਸੇਤਰਾਂ ਭੁੱਖੀਪਈ ਫਿਰਦੀ ਹੋਵੇਗੀ, ਪਰ ਕਿਸੇ ਨੂੰ ਉਸਦਾ ਕੁਝ ਖਿਆਲ ਨਹੀਂ ਆਉਂਦਾ ਹੋਵੇਗਾ ਨ ਤਾਂ ਕੋਈ ਉਹਦੀ ਗੱਲ ਹੀ ਸਮਝ ਸਕਦਾ ਹੈ ਤੇ ਨਾ ਹੀ ਕੋਈ ਪੁੱਛਦਾ ਹੈ, ਮੈਨੂੰ ਹੀ ਉਹ 'ਮਾਂ' ਆਖਦੀ ਹੁੰਦੀ ਸੀ ਤੇ ਮਾਂ ਵਾਂਗੂੰ ਹੀ ਸਮਝਦੀ ਹੁੰਦੀ ਸੀ।
ਸ਼ੇਖਰ ਨੇ ਹੌਂਸਲਾ ਕੀਤਾ ਕਿ ਉਹ ਮਾਂ ਦੇ ਮੂੰਹ ਵੱਲ ਵੇਖ ਸਕੇ, ਪਰ ਨ ਵੇਖ ਸਕਿਆ,ਜਿਸ ਪਾਸੇ ਵੇਖ ਰਿਹਾ ਸੀ ਉਧਰ ਹੀ ਵੇਖਦਾ ਹੋਇਆ ਕਹਿਣ ਲੱਗਾ, ਮੰਨਿਆਂ ਲਾਲੇ ਹੋਰਾਂ ਔਖੇ ਹੋਕੇ ਇਕ ਗਲ ਤਾਂ ਕਰ ਲਈ ਹੈ, ਅਸੀਂ ਲੋਕ ਤਾਂ ਬਗਾਨੇ ਨਹੀਂ ਹੋ ਗਏ। ਚਾਹੀਦਾ ਤਾਂ ਇਹ ਸੀ ਕਿ ਕੁਝ ਪ੍ਰਾਸਚਿਤ ਕਰਵਾ ਕੇ ਮੁਆਮਲੇ ਨੂੰ ਅੰਦਰੇ ਅੰਦਰ ਹੀ ਦਬਾ ਦੇਂਦੇ। ਇਹ ਤਾਂ ਕੀਤਾ ਨਹੀਂ ਸਗੋਂ ਤੋੜਕੇ ਪਿਛਾਂਹ ਬਿਠਾ ਦਿਤਾ ਹੈ। ਸੱਚ ਤਾਂ ਇਹ ਹੈ ਕਿ ਬਾਬੂ ਜੀ ਹੋਰਾਂ ਪਾਸੋਂ ਹੀ ਤੰਗ ਆਕੇ ਵਿਚਾਰੇ ਨੂੰ ਦੀਨੋਂ ਬੇਦੀਨ ਹੋਣਾ ਪਿਆ ਹੈ। ਲੜਾਈ ਹਰ ਵੇਲੇ ਦੀ ਲੜਾਈ-ਜੇ ਦਿਲ ਪਾਟ ਜਾਣ ਤਾਂ ਆਦਮੀ ਸਭ ਕੁਝ ਕਰ ਦੇਂਦਾ ਹੈ! ਮੈਂ ਤਾਂ ਆਖਦਾ ਹਾਂ ਕਿ ਉਹਨੇ ਇਕ ਗਲੋਂ ਚੰਗਾ ਹੀ ਕੀਤਾ ਹੈ। ਉਹ ਗਰੀਨ ਲੜਕਾ ਕਿਤੇ ਉਹਨੂੰ ਸਾਡੇ ਨਾਲੋਂ ਜ਼ਿਆਦਾ ਸਕਾ ਹੈ? ਜੇ ਉਸ ਨਾਲ ਲਲਿਤਾ ਦਾ ਵਿਆਹ ਹੋ ਜਾਵੇ ਤਾਂ....... ਸੱਚ ਮਾਂ ਲਲਿਤਾ ਨੂੰ ਸਦ ਕੇ ਪੁੱਛ ਕਿਉਂ ਨਹੀਂ ਲੈਂਦੇ। ਕਿ ਉਸ ਨੂੰ ਕੀ ਕੀ ਚਾਹੀਦਾ ਹੈ?
ਪਰ ਉਹ ਲਏਗੀ ਨਹੀਂ, ਮੈਂ ਵੀ ਕਿਸ ਮੂੰਹ ਨਾਲ ਆਖਾਂ, ਲਾਲੇ ਹੋਰਾਂ ਤਾਂ ਉਹਨਾਂ ਦੇ ਆਉਣ ਜਾਣ ਦਾ ਰਾਹ ਹੀ ਬੰਦ ਕਰ ਦਿੱਤਾ ਹੈ।
ਸੁਣਿਆਂ ਹੈ ਕਿ ਅਗਲੇ ਮਹੀਨੇ ਵਿਆਹ ਹੋ ਜਾਇਗਾ।
ਇਕ ਵਾਰੀ ਹੀ ਸ਼ੇਖਰ ਨੇ ਮਾਂ ਵੱਲ ਮੂੰਹ ਕਰਕੇ ਆਖਿਆ, ਸੱਚ! ਅਗਲੇ ਮਹੀਨੇ ਹੋ ਜਾਇਗਾ?
'ਸੁਣ ਤਾਂ ਏਦਾਂ ਹੀ ਰਹੀ ਹਾਂ।'
ਸ਼ੇਖਰ ਨੇ ਹੋਰ ਕੁਝ ਨ ਪੁਛਿਆ।
ਮਾਂ ਕੁਝ ਚਿਰ ਚੁਪ ਰਹਿਕੇ ਆਖਣ ਲੱਗੀ, "ਲਲਿਤਾ ਦੇ ਮੂੰਹੋਂ ਹੀ ਸੁਣਿਆਂ ਸੀ ਕਿ ਉਸਦੇ ਮਾਮੇ ਦੀ ਤਬੀਅਤ ਅੱਜ ਕੱਲ ਠੀਕ ਨਹੀਂ ਰਹਿੰਦੀ। ਇਹ ਠੀਕ ਈ ਹੋਣਾ ਹੈ। ਇੱਕ ਤਾਂ ਉਹਦਾ ਮਨ ਅੱਗੇ ਦੁਖੀ ਹੈ, ਦੂਜਾ ਘਰ ਵਿੱਚ ਹਰ ਵੇਲੇ ਰੋਣਾ ਪਿੱਟਣਾ ਪਿਆ ਰਹਿੰਦਾ ਹੈ। ਵਿਚਾਰੇ ਨੂੰ ਇੱਕ ਮਿੰਟ ਵੀ ਤਾਂ ਸ਼ਾਂਤੀ ਨਹੀਂ ਮਿਲਦੀ।"
ਸ਼ੇਖਰ ਚੁੱਪ ਚਾਪ ਸੁਣ ਰਿਹਾ ਸੀ ਤੇ ਉਹ ਹੁਣ ਵੀ ਚੁੱਪ ਕਰ ਰਿਹਾ। ਥੋੜੇ ਚਿਰ ਪਿੱਛੋਂ ਉਹ ਉਠਕੇ ਆਪਣੇ ਬਿਸਤਰੇ ਤੇ ਜਾ ਪਿਆ ਤੇ ਲਲਿਤਾ ਦੀ ਬਾਬਤ ਸੋਚਣ ਲੱਗਾ।
ਜਿਸ ਗਲੀ ਵਿਚ ਸ਼ੇਖਰ ਦਾ ਮਕਾਨ ਸੀ, ਉਹ ਐਨੀ ਖੁਲ੍ਹੀ ਨਹੀਂ ਸੀ ਕਿ ਉਸ ਵਿਚ ਦੋ ਗੱਡੀਆਂ ਸੌਖੀ ਤਰ੍ਹਾਂ ਜਾ ਸਕਣ। ਇਕ ਗੱਡੀ ਜਿਨਾਂ ਚਿਰ ਚੰਗੀ ਤਰ੍ਹਾਂ ਇੱਕ ਪਾਸੇ ਅੜਕੇ ਨਾ ਖਲੋ ਜਾਵੇ, ਦੂਜੀ ਗੱਡੀ ਉਸਦੇ ਪਾਸ ਦੀ ਨਹੀਂ ਸੀ ਗੁਜ਼ਰ ਸਕਦੀ। ਅੱਠਾਂ ਦਸਾਂ ਦਿਨਾਂ ਪਿੱਛੋਂ ਇੱਕ ਦਿਨ ਸ਼ੇਖਰ ਦੀ ਦਫਤਰ ਦੀ ਗੱਡੀ ਕਿਸੇ ਰੋਕ ਦੇ ਕਾਰਨ, ਗੁਰਚਰਨ ਦੇ ਮਕਾਨ ਦੇ ਸਾਹਮਣੇ ਰੁੱਕ ਕੇ ਖਲੋ ਗਈ। ਸ਼ੇਖਰ ਦਫਤਰੋਂ ਆ ਰਿਹਾ ਸੀ ਉਤਰ ਕੇ ਪੁਛਣ ਤੇ ਪਤਾ ਲਗਾ ਕਿ ਡਾਕਟਰ ਆਇਆ ਹੈ।
ਉਸਨੇ ਕੁਝ ਦਿਨ ਪਹਿਲਾਂ ਮਾਂ ਪਾਸੋਂ ਸੁਣਿਆਂ ਸੀ ਕਿ ਗੁਰਚਰਨ ਦੀ ਤਬੀਅਤ ਠੀਕ ਨਹੀਂ। ਇਸ ਗਲ ਦਾ ਖਿਆਲ ਕਰਕੇ ਉਹ ਆਪਣੇ ਘਰ ਨਹੀਂ ਗਿਆ। ਸਿੱਧਾ ਗੁਰਚਰਨ ਦੇ ਕਮਰੇ ਵਿੱਚ ਜਾ ਪਹੁੰਚਾ। ਗਲ ਬਿਲਕੁਲ ਸੱਚੀ ਨਿਕਲੀ ਗੁਰਚਰਨ ਮੁਰਦਿਆਂ ਵਾਂਗੂੰ ਬਿਸਤਰੇ ਉੱਤੇ ਪਿਆ ਹੋਇਆ ਸੀ। ਇਕ ਪਾਸੇ ਲਲਿਤਾ ਤੇ ਗਿਰੀਨੰਦ ਸੁੱਕੇ ਮੂੰਹਾਂ ਨਾਲ ਬੈਠੇ ਹੋਏ ਹਨ ਦੂਜੇ ਪਾਸੇ ਡਾਕਟਰ ਬੈਠਾ ਰੋਗੀ ਨੂੰ ਵੇਖ ਰਿਹਾ ਹੈ।
ਗੁਰਚਰਨ ਨੇ ਉਸਨੂੰ ਲੜ ਖੜਾਉਂਦੀ ਹੋਈ ਅਵਾਜ਼ ਵਿਚ ਬਹਿਣ ਲਈ ਕਿਹਾ ਤੇ ਲਲਿਤਾ ਜਰਾ ਪੱਲਾ ਠੀਕ ਕਰਕੇ ਦੂਜੇ ਪਾਸੇ ਮੂੰਹ ਕਰਕੇ ਬੈਠ ਗਈ।
ਡਾਕਟਰ ਮਹੱਲੇ ਦਾ ਹੀ ਹੈ ਤੇ ਸ਼ੇਖਰ ਨੂੰ ਜਾਣਦਾ ਹੈ। ਰੋਗੀ ਨੂੰ ਵੇਖ ਕੇ ਤੇ ਦਵਾ ਆਦਿ ਦੱਸ ਕੇ ਉਹ ਬਾਹਰ ਸ਼ੇਖਰ ਪਾਸ ਆ ਕੇ ਬਹਿ ਗਿਆ ਹੈ। ਪਿੱਛੋਂ ਗਿਰੀ ਨੰਦ ਜਦ ਰੂਪੈ ਦੇਕੇ ਡਾਕਟਰ ਨੂੰ ਵਿਦਿਆ ਕਰਨ ਲੱਗਾ ਤਾਂ ਉਸਨੇ ਸਾਰਿਆਂ ਨੂੰ ਸਵਾਧਾਨ ਕਰਦੇ ਹੋਏ ਨੇ ਕਿਹਾ ਕਿ ਬੀਮਾਰੀ ਹਾਲੀ ਜ਼ਿਆਦਾ ਨਹੀਂ ਵਧੀ ਇਸ ਵੇਲੇ ਹਵਾ ਬਦਲਣ ਦੀ ਲੋੜ ਹੈ।
ਡਾਕਟਰ ਦੇ ਚਲੇ ਜਾਣ ਤੇ ਦੋਵੇਂ ਫੇਰ ਗੁਰਚਰਨ ਦੇ ਪਾਸ ਆਕੇ ਖਲੋ ਗਏ, ਲਲਿਤਾ ਇਸ਼ਾਰੇ ਨਾਲ ਗਿਰੀ ਨੰਦ ਨੂੰ ਬੁਲਾ ਕੇ ਹੌਲੀ ਹੌਲੀ ਕੁਝ ਕਹਿਣ ਲੱਗੀ।
ਸ਼ੇਖਰ ਸਾਹਮਣੇ ਦੀ ਕੁਰਸੀ ਤੇ ਬਹਿ ਕੇ ਸੁੰਨ ਹੋਕੇ ਗੁਰਚਰਨ ਵੱਲ ਵੇਖਦਾ ਰਿਹਾ।
ਗੁਰਚਰਣ ਪਹਿਲਾਂ ਤੋਂ ਹੀ ਸ਼ੇਖਰ ਵੱਲ ਪਾਸਾ ਮੋੜ ਕੇ ਸੌਂ ਰਹੇ ਸਨ। ਸ਼ੇਖਰ ਦੇ ਦੁਬਾਰਾ ਆਉਣ ਦੀ ਉਹਨਾਂ ਨੂੰ ਕੁਝ ਪਤਾ ਨਹੀਂ ਸੀ।
ਥੋੜਾ ਚਿਰ ਚੁਪ ਚਾਪ ਬਹਿ ਕੇ ਸ਼ੇਖਰ ਉਠ ਕੇ ਤੁਰ ਗਿਆ। ਤਦੋਂ ਤੱਕ ਗਿਰੀ ਨੰਦ ਤੇ ਲਲਿਤਾ ਉਸੇ ਤਰ੍ਹਾਂ ਹੌਲੀ ਹੌਲੀ ਆਪੋ ਵਿਚ ਦੀ ਘੁਸਰ ਮਸੋਰੀਆਂ ਕਰ ਰਹੇ ਸਨ। ਨਾ ਤਾਂ ਉਸਨੂੰ ਕਿਸੇ ਬਹਿਣ ਵਾਸਤੇ ਹੀ ਆਖਿਆ ਤੇ ਨਾ ਹੀ ਕਿਸੇ ਉਹਨਾਂ ਦੀ ਵਾਤ ਹੀ ਪੁਛੀ।
ਅਜ ਉਹ ਚੰਗੀ ਤਰ੍ਹਾਂ ਸਮਝ ਗਿਆ ਕਿ ਲਲਿਤਾ ਨੇ ਹੁਣ ਉਸਨੂੰ ਉਸ ਨਾ ਟੁੱਟ ਸਕਣ ਵਾਲੇ ਬੰਧਨ ਤੋਂ ਖਲਾਸੀ ਦੇ ਦਿੱਤੀ ਹੈ। ਹੁਣ ਉਹ ਅਰਾਮ ਦਾ ਸਾਹ ਲੈ ਸਕਦਾ ਹੈ। ਹੁਣ ਕੋਈ ਸ਼ੱਕ ਨਹੀਂ। ਹੁਣ ਲਲਿਤਾ ਉਹਨੂੰ ਕਦੇ ਨਾ ਫਸਾਏਗੀ। ਘਰ ਆ ਕੇ ਉਹਨੂੰ ਘੜੀ ਮੁੜੀ ਖਿਆਲ ਆਉਣ ਲੱਗੇ, ਉਹ ਆਪਣੀ ਅੱਖੀਂ ਵੇਖ ਆਇਆ ਸੀ ਕਿ ਗਿਰੀ ਨੰਦ ਹੀ ਉਹਨਾਂ ਦੇ ਘਰ ਦਾ ਸੱਕਾ ਸੋਧਰਾ ਹੈ। ਸਾਰਿਆਂ ਦਾ ਭਰੋਸਾ ਉਸੇ ਤੇ ਹੈ,ਲਲਿਤਾ ਦੀ ਆਉਣ ਵਾਲੀ ਜ਼ਿੰਦਗੀ ਦਾ ਵੀ ਉਹੋ ਸਹਾਰਾ ਹੈ। ਹੁਣ ਮੈਂ ਉਹਦਾ ਕੋਈ ਨਹੀਂ ਲਗਦਾ ਇਹੋ ਜਹੀ ਔਖਿਆਈ ਵੇਲੇ ਲਲਿਤਾ ਮੇਰੀ ਸਲਾਹ ਦੀ ਵੀ ਜ਼ਰੂਰਤ ਨਹੀਂ ਸਮਝਦੀ।
ਉਹ ਇਕ ਵਾਰੀ ਹੀ ‘ਆਹ!' ਆਖਕੇ ਇਕ ਗੱਦੀ ਦਾਰ ਕੁਰਸੀ ਤੇ ਸਿਰ ਝੁਕਾ ਕੇ ਬੈਠ ਗਿਆ। ਲਲਿਤਾ ਨੇ ਉਹਨੂੰ ਵੇਖ ਕੇ, ਮੱਥੇ ਦਾ ਪੱਲਾ ਨੀਵਾਂ ਕਰਕੇ ਮੂੰਹ ਭੁਆ ਲਿਆ ਸੀ, ਜਾਣੀਦਾ ਉਹ ਬਿਲਕੁਲ ਹੀ ਓਪਰਾ ਸੀ। ਫੇਰ ਉਸੇ ਦੇ ਸਾਹਮਣੇ ਗਰੀਨ ਨੂੰ ਬੁਲਾ ਕੇ ਪਤਾ ਨਹੀਂ ਕੀ ਸਲਾਹਾਂ ਹੁੰਦੀਆਂ ਰਹੀਆਂ ਸਨ। ਸੁਵਾਦ ਦੀ ਗੱਲ ਇਹ ਕਿ ਇਕ ਦਿਨ ਉਸੇ ਦੇ ਨਾਲ ਥੀਏਟਰ ਜਾਣ ਤੋਂ ਲਲਿਤਾ ਨੂੰ ਰੋਕ ਦਿੱਤਾ ਸੀ।
ਉਸ ਨੇ ਫੇਰ ਇਕ ਵਾਰੀ ਸੋਚਣ ਦੀ ਕੋਸ਼ਸ਼ ਕੀਤੀ ਕਿ ਸ਼ਾਇਦ ਉਸਨੇ ਆਪੋ ਵਿਚ ਦੀ ਗੁਪਤ ਸਬੰਧ ਹੋ ਜਾਣ ਦੇ ਕਾਰਨ ਸ਼ਰਮ ਦੇ ਮਾਰਿਆਂ ਇਹ ਸਲੂਕ ਕੀਤਾ ਹੋਵੇਗਾ। ਪਰ ਇਹ ਵੀ ਕਿੱਦਾਂ ਹੋ ਸਕਦਾ ਸੀ। ਕੀ ਉਹ ਐਨਾ ਹੋ ਜਾਣ ਤੇ ਕਿਸੇ ਬਹਾਨੇ ਇਕ ਗਲ ਵੀ ਉਸ ਪਾਸੋਂ ਨਹੀਂਂ ਪੁਛ ਸਕਦੀ?
ਅਚਨਚੇਤ ਹੀ ਦਰਵਾਜ਼ੇ ਦੇ ਬਾਹਰੋਂ ਮਾਂ ਦੀ ਅਵਾਜ਼ ਸੁਣੀ ਗਈ। ਉਹ ਅਵਾਜ਼ਾਂ ਮਾਰ ਰਹੀ ਸੀ, "ਕਿਥੇ ਹੈਂ ਤੂੰ ਅਜੇ ਤਕ ਹਥ ਮੂੰਹ ਵੀ ਨਹੀਂ ਧੋਤਾ। ਰਾਤ ਪੈ ਰਹੀ ਹੈ।"
ਸ਼ੇਖਰ ਛੇਤੀ ਨਾਲ ਉੱਠ ਖਲੋਤਾ ਤੇ ਝੱਟ ਮੂੰਹ ਭੁਆ ਕੇ ਇਸ ਢੰਗ ਨਾਲ ਥੱਲੇ ਉਤਰ ਗਿਆ, ਜਿਦਾਂ ਕਿ ਮਾਂ ਉਹਦਾ ਚਿਹਰਾ ਨਾ ਵੇਖ ਸਕੇ।
ਏਧਰ ਕਈਆਂ ਦਿਨਾਂ ਤੋਂ ਉਹਦੇ ਮਨ ਅੰਦਰ ਕਈ ਗੱਲਾਂ ਕਈ ਤਰ੍ਹਾਂ ਦਾ ਰੂਪ ਧਾਰ ਕੇ ਆ ਰਹੀਆਂ ਹਨ। ਪਰ ਉਹ ਇਕੋ ਗੱਲ ਹੀ ਨਹੀਂ ਸੋਚਦਾ ਕਿ ਕਸੂਰ ਕਿਸਦਾ ਹੈ। ਨਾ ਇਕ ਗੱਲ ਆਸ਼ਾ ਦੀ ਉਸਨੇ ਕਹੀ ਤੇ ਨਾ ਕਹਿਣ ਦਾ ਮੌਕਾ ਦਿੱਤਾ। ਸਗੋਂ ਏਸ ਡਰ ਨਾਲ ਕਿ ਉਹ ਕਿਤੇ, ਭਾਂਡਾ ਨਾ ਭੰਨ ਦੇਵੇ ਜਾਂ ਦਾਅਵਾ ਨਾ ਕਰ ਦੇਵੇ, ਉਹ ਪੱਥਰ ਵਾਗੂੰ ਗੁਮਰੁੱਠ ਜਿਹਾ ਹੋ ਰਿਹਾ ਸੀ। ਫੇਰ ਵੀ ਸਾਰਾ ਕਸੂਰ ਲਲਿਤਾ ਦੇ ਮੱਥੇ ਮੜ ਕੇ ਉਹ ਇਸ ਗੱਲ ਨੂੰ ਵਿਚਾਰ ਰਿਹਾ ਸੀ ਆਪਣੀ ਹੀ ਅੱਗੇ ਵਿਚ ਆਪ ਸੜ ਰਿਹਾ ਸੀ। ਸ਼ਾਇਦ ਏਸੇ ਤਰ੍ਹਾਂ ਸਾਰੇ ਪੁਰਸ਼ ਇਸਤਰੀਆਂ ਦਾ ਵਿਚਾਰ ਕਰਦੇ ਹਨ ਤੇ ਆਪਣੀ ਅੱਗ ਵਿਚ ਆਪ ਹੀ ਸੜਦੇ ਰਹਿੰਦੇ ਹਨ।
ਇਸ ਤਰ੍ਹਾਂ ਸੜਦਿਆਂ ਭੁਜਦਿਆਂ ਉਸ ਦੇ ਸੱਤ ਦਿਨ ਲੰਘ ਗਏ। ਅੱਜ ਵੀ ਉਹ ਆਪਣੇ ਇਕੱਲੇ ਕਮਰੇ ਵਿਚ ਬੈਠਾ ਇਸ ਅਗ ਵਿਚ ਸੜ ਰਿਹਾ ਸੀ। ਅੱਚਨਚੇਤ ਹੀ ਦਰਵਾਜ਼ੇ ਦੇ ਖੜਾਕ ਨੂੰ ਸੁਣ ਕੇ ਤੇ ਉਸ ਵੱਲ ਵੇਖ ਕੇ ਉਸ ਦਾ ਹਿਰਦਾ ਉੱਛਲ ਪਿਆ। ਕਾਲੀ ਦਾ ਹੱਥ ਫੜੀ ਲਲਿਤਾ ਆਕੇ ਥੱਲੇ ਗਰੀਲੇ ਤੇ ਬਹਿ ਗਈ। ਕਾਲੀ ਨੇ ਆਖਿਆ,"ਸ਼ੇਖਰ ਬਾਬੂ ਅਸੀਂ ਦੋਵੇਂ ਤਹਾਨੂੰ ਪ੍ਰਨਾਮ ਕਰਨ ਆਈਆਂ ਹਾਂ, ਕੱਲ ਅਸਾਂ ਚਲੀਆਂ ਜਾਣਾ ਹੈ।’’
ਸ਼ੇਖਰ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੀ, ਉਹ ਇਕ ਟੱਕ ਨੀਝ ਲਾਈ ਵੇਖਦਾ ਰਿਹਾ।
ਕਾਲੀ ਨੇ ਆਖਿਆ, “ਸ਼ੇਖਰ ਬਾਬੂ! ਤੇਰੇ ਚਰਨਾਂ ਵਿਚ ਰਹਿ ਕੇ ਕਈ ਕਸੂਰ ਕੀਤੇ ਹਨ, ਸਭ ਭੁਲ ਜਾਣੇ।"
ਸ਼ੇਖਰ ਸਮਝ ਗਿਆ ਕਿ ਇਸ ਵਿਚ ਇਕ ਗਲ ਵੀ ਕਾਲੀ ਦੀ ਆਪਣੀ ਨਹੀਂ ਹੈ। ਉਹ ਸਿਖਾਈ ਹੋਈ ਬੋਲ ਰਹੀ ਹੈ, ਉਸਨੇ ਪੁਛਿਆ, ਕੱਲ ਤੁਸੀਂ ਕਿਉਂ ਜਾ ਰਹੇ ਹੋ?
'ਬਾਬੂ ਜੀ ਨੂੰ ਲੈਕੇ ਅਸੀਂ ਸਭ ਮੁੰਗੇਰ ਜਾ ਰਹੇ ਹਾਂ' ਉਥੇ ਗਰੀਨ ਬਾਬੂ ਦਾ ਮਕਾਨ ਹੈ। ਬਾਬੂ ਜੀ ਦੇ ਹੱਛਿਆਂ ਹੋ ਜਾਣ ਤੇ ਵੀ ਅਸੀਂ ਸ਼ਾਇਦ ਇੱਥੇ ਨ ਆ ਸਕੀਏ। ਡਾਕਟਰ ਜੀ ਨੇ ਕਿਹਾ ਹੈ ਕਿ 'ਇੱਥੇ ਬਾਬੂ ਜੀ ਦੀ ਤਬੀਅਤ ਕਦੇ ਠੀਕ ਨਹੀਂ ਹੋ ਸਕਦੀ।'
ਸ਼ੇਖਰ ਨੇ ਪੁਛਿਆ, 'ਹੁਣ ਉਹਨਾਂ ਦੀ ਤਬੀਅਤ ਕਿਹੋ ਜਹੀ ਹੈ?' 
‘ਕੁਝ ਚੰਗੀ ਹੈ।' ਕਹਿਕੇ ਕਾਲੀ ਨੇ ਪੱਲਿਓ ਕਈ ਸਾੜ੍ਹੀਆਂ ਕੱਢਕੇ ਵਿਖਾਉਂਦੀ ਹੋਈ ਨੇ ਕਿਹਾ, 'ਇਹ ਤਾਈ ਜੀ ਨੇ ਦਿੱਤੀਆਂ ਹਨ।'
ਲਲਿਤਾ ਹੁਣ ਤੱਕ ਚੁੱਪ ਬੈਠੀ ਸੀ, ਮੇਜ਼ ਤੇ ਚਾਬੀਆਂ ਰਖ ਕੇ ਕਹਿਣ ਲੱਗੀ, “ਇਸ ਅਲਮਾਰੀ ਦੀ ਚਾਬੀ ਕਈਆਂ ਦਿਨਾਂ ਤੋਂ ਮੇਰੇ ਪਾਸ ਹੀ ਸੀ, ਪਰ ਰੁਪਇਆ ਏਸ ਵਿੱਚ ਇਕ ਵੀ ਨਹੀਂ ਸੀ, ਸਭ ਖਰਚ ਹੋ ਗਏ ਹਨ।’
ਸ਼ੇਖਰ ਚੁੱਪ ਕਰ ਗਿਆ।
ਕਾਲੀ ਨੇ ਆਖਿਆ, 'ਚੱਲ ਬੀਬੀ ਹੁਣ ਰਾਤ ਪੈ ਰਹੀ ਹੈ।'
ਲਲਿਤਾ ਦੇ ਕੁਝ ਕਹਿਣ ਤੋਂ ਬਿਨਾ ਹੀ, ਸ਼ੇਖਰ ਕੁਝ ਕਾਹਲਾ ਜਿਹਾ ਪੈਕੇ ਬੋਲ ਪਿਆ, ਕਾਲੀ ਜਰਾ ਥੱਲਿਓ ਮੇਰੇ ਵਾਸਤੇ ਪਾਨ ਤਾਂ ਲੈ ਆ!
ਲਲਿਤਾ ਨੇ ਉਹਦਾ ਹੱਥ ਘੁੱਟ ਕੇ ਆਖਿਆ, 'ਤੂੰ ਇਥੇ ਬਹੁ ਕਾਲੀ ਮੈਂ ਲਿਆ ਦੇਂਦੀ ਹਾਂ। ਇਹ ਆਖਕੇ ਛੇਤੀ ਨਾਲ ਥੱਲੇ ਚਲੀ ਗਈ। ਥੋੜਾ ਚਿਰ ਪਿਛੋਂ ਪਾਨ ਲਿਆਕੇ ਉਹਨੇ ਕਾਲੀ ਨੂੰ ਫੜਾ ਦਿਤੇ ਤੇ ਉਸਨੇ ਅਗਾਂਹ ਫੜਾ ਦਿਤੇ।'
ਪਾਨ ਹੱਥ ਵਿੱਚ ਫੜਕੇ ਸ਼ੇਖਰ ਬੁੱੱਤ ਜਿਹਾ ਬਣਕੇ ਬਹਿ ਗਿਆ।
'ਚਲਦੀਆਂ ਸ਼ੇਖਰ ਬਾਬੂ' ਕਹਿਕੇ ਕਾਲੀ ਨੇ ਪੈਰਾਂ ਦੇ ਪਾਸ ਆਕੇ ਪ੍ਰਨਾਮ ਕੀਤੀ ਤੇ ਲਲਿਤਾ ਨੇ ਜਿਥੇ ਖੜੀ ਸੀ ਉਥੋਂ ਹੀ ਪ੍ਰਨਾਮ ਕੀਤੀ। ਫੇਰ ਦੋਵੇਂ ਹੌਲੀ ਹੌਲੀ ਚਲੀਆਂ ਗਈਆਂ।
ਸ਼ੇਖਰ ਆਪਣੀ ਭਲਿਆਈ ਬੁਰਿਆਈ ਲੈਕੇ, ਆਤਮ ਸਨਮਾਨ ਲੈਕੇ, ਬੁੱਤ ਵਾਂਗੂ ਚੁਪ ਚਾਪ ਬੈਠਾ ਰਿਹਾ। ਲਲਿਤਾ ਆਈ ਤੇ ਜੋ ਕੁਝ ਆਖਣਾ ਸੀ ਆਖਕੇ ਹਮੇਸ਼ਾ ਵਾਸਤੇ ਚਲੀ ਗਈ,ਏਸਤਰਾਂ ਉਹ ਵਕਤ ਲੰਘ ਗਿਆ ਜਾਣੀ ਦਾ ਉਸ ਪਾਸ ਆਖਣ ਵਾਸਤੇ ਕੁਝ ਵੀ ਨਹੀਂ ਸੀ। ਇਸ ਗਲ ਨੂੰ ਸ਼ੇਖਰ ਮਨ ਹੀ ਮਨ ਵਿਚ ਸਮਝ ਗਿਆ ਸੀ ਕਿ ਲਲਿਤਾ ਜਾਣਕੇ ਹੀ ਕਾਲੀ ਨੂੰ ਨਾਲ ਲਿਆਈ ਸੀ ਤਾਂ ਜੋ ਕੋਈ ਫਸਾਦ ਨ ਖੜਾ ਹੋ ਜਾਏ, ਉਸ ਤੋਂ ਪਿਛੋਂ ਓਹਦਾ ਸਾਰਾ ਸਰੀਰ ਸੁੰਨ ਜਿਹਾ ਹੋਣ ਲਗ ਪਿਆ। ਜੀ ਕੱਚਾ ਹੋਣ ਲੱਗਾ ਤੇ ਸਿਰ ਨੂੰ ਚੱਕਰ ਆਉਣ ਲਗ ਪਏ। ਅਖੀਰ ਨੂੰ ਉਹ ਉੱਠਕੇ ਬਿਸਤਰੇ ਤੇ ਜਾ ਪਿਆ ਤੇ ਅੱਖਾਂ ਬੰਦ ਕਰਕੇ ਸੌਂਂਗਿਆ।

੯.
ਗੁਰਚਰਨ ਦਾ ਟੁੱਟਾ ਹੋਇਆ ਸਰੀਰ ਮੁੰਗੇਰ ਦੇ ਜਲ ਪਾਣੀ ਨਾਲ ਵੀ ਨਾ ਗੰਢਿਆ ਜਾ ਸਕਿਆ। ਸਾਲ ਭਰ ਪਿਛੋਂ ਉਹ ਆਪਣੇ ਦੁੱਖਾਂ ਦੀ ਪੰਡ ਸਿਰੋਂ ਲਾਹਕੇ ਹਮੇਸ਼ਾ ਵਾਸਤੇ ਸੁੱਖ ਦੀ ਨੀਂਦ ਸੌਂ ਗਏ। ਗਰੀਨ ਸੱਚ ਮੁੱਚ ਹੀ ਉਹਨਾਂ ਨੂੰ ਚੰਗਾ ਜਾਣਨ ਲੱਗ ਪਿਆ ਸੀ। ਅਖੀਰ ਦਮ ਤੱਕ ਉਹ ਇਹਨਾਂ ਦੇ ਬਚਾਉਣ ਦੀ ਕੋਸ਼ਸ਼ ਕਰਦਾ ਰਿਹਾ ਪਰ ਕੁਝ ਨ ਹੋ ਸਕਿਆ।
ਮਰਨ ਤੋਂ ਕੁਝ ਚਿਰ ਪਹਿਲਾਂ ਗੁਰਚਰਨ ਨੇ ਗਿਰੀ ਨੰਦ ਦਾ ਹੱਥ ਫੜਕੇ ਅਥਰੂਆਂ ਭਰੀ ਅਵਾਜ਼ ਨਾਲ ਕਿਹਾ ਸੀ ਕਿ ਤੂੰ ਵੀ ਕਿਸੇ ਦਿਨ ਨੂੰ ਓਪਰਾ ਨ ਹੋ ਜਾਵੀਂ। ਇਹ ਗੰਭੀਰ ਰਿਸ਼ਤਾ ਰੱਬ ਕਰੇ ਆਤਮਕ ਤੌਰ ਤੇ ਅੱਤ ਨੇੜੇ ਹੋਕੇ ਨਿਭ ਸਕੇ। ਉਹ ਆਪਣੀਆਂ ਅੱਖਾਂ ਨਾਲ ਇਹ ਨ ਵੇਖ ਸਕੇ। ਬੀਮਾਰੀ ਦੇ ਟੰਟਿਆਂ ਨੇ ਉਹਨਾਂ ਨੂੰ ਮੋਹਲਤ ਨਹੀਂ ਸੀ ਦਿੱਤੀ, ਉਹਨਾਂ ਦੇ ਸੁਰਗ ਵਿਚੋਂ ਦੇਖ ਲਿਆ ਕਿ ਉਸ ਵੇਲੇ ਗਿਰੀ ਨੰਦ ਨੇ ਖੁਸ਼ੀ ਖੁਸ਼ੀ ਤੇ ਸੱਚੇ ਦਿਲੋਂ ਹੀ ਉਹਨਾਂ ਨੂੰ ਬਚਨ ਦਿਤਾ ਸੀ।
ਗੁਰਚਰਨ ਦੇ ਕਲਕਤੇ ਵਾਲੇ ਮਕਾਨ ਵਿਚ ਜੋ ਕਰਾਏ ਦਾਰ ਸਨ ਉਹ ਉਹਨਾਂ ਦੀ ਰਾਹੀਂ ਭੁਵਨੇਸ਼ਵਰੀ ਨੂੰ ਕਦੀ ਕਦੀ ਇਹਦਾ ਪਤਾ ਮਿਲਦਾ ਰਹਿੰਦਾ ਸੀ। ਗੁਰਚਰਨ ਦੇ ਮਰਨ ਦੀ ਖਬਰ ਵੀ ਇਸਨੂੰ ਕਰਾਏਦਾਰਾਂ ਪਾਸੋਂ ਹੀ ਮਿਲ ਸਕੀ ਸੀ।
ਇਸ ਤੋਂ ਪਿਛੋਂ ਇਕ ਜ਼ਬਰਦਸਤ ਘਟਨਾ ਹੋਈ। ਨਵੀਨ ਰਾਏ ਵੀ ਅਚਨਚੇਤ ਹੀ ਮਰ ਗਿਆ। ਭਵਨੇਸ਼ਵਰੀ ਦੁੱਖ ਨਾਲ ਪਾਗਲ ਜਹੀ ਹੋਕੇ ਨੋਂਹ ਨੂੰ ਘਰ ਦਾ ਭਾਰ ਸੌਂਪ ਕੇ ਆਪ ਕਾਂਸ਼ੀ ਚਲੀ ਗਈ, ਜਾਂਦੀ ਹੋਈ ਆਖ ਗਈ, ਆਵਣ ਵਾਲੇ ਸਾਲ ਵਿਚ ਮੈਂ ਸਭ ਕੁਝ ਠੀਕ ਕਰਕੇ ਸ਼ੇਖਰ ਦਾ ਵਿਆਹ ਕਰ ਜਾਵਾਂਗੀ।
ਵਿਆਹ ਦਾ ਪ੍ਰਬੰਧ ਨਵੀਨ ਰਾਏ ਖੁਦ ਹੀ ਕਰ ਗਏ ਸਨ। ਹੁਣ ਤੱਕ ਵਿਆਹ ਹੋ ਜਾਣਾ ਸੀ ਪਰ ਉਹਨਾਂ ਦੀ ਅਚਾਨਕ ਮੌਤ ਨੇ ਵਿਆਹ ਨੂੰ ਇਕ ਸਾਲ ਹੋਰ ਪਿਛੇ ਪਾ ਦਿੱਤਾ। ਪਰ ਧੀ ਵਾਲੇ ਹੁਣ ਕੁਝ ਜ਼ਿਆਦਾ ਦੇਰ ਨਹੀਂ ਸਨ ਕਰ ਸਕਦੇ। ਉਹ ਕਲ ਆਪ ਆਕੋ ਲੜਕੇ ਨੂੰ ਅਸ਼ੀਰਬਾਦ ਕਰ ਗਏ ਸਨ, ਕਿਉਂਕਿ ਉਸੇ ਮਹੀਨੇ ਵਿਆਹ ਹੋ ਜਾਣਾ ਸੀ ਸੋ ਸ਼ੇਖਰ ਮਾਂ ਨੂੰ ਲਿਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਅਲਮਾਰੀ ਵਿਚੋਂ ਚੀਜਾਂ ਕੱਢ ਬਕਸ ਵਿਚ ਸਜਾ ਰਿਹਾ ਸੀ।
ਕਈਆਂ ਦਿਨਾਂ ਪਿਛੋਂ ਸ਼ੇਖਰ ਨੂੰ ਅਜ ਲਲਿਤਾ ਦੀ ਯਾਦ ਫੇਰ ਆਈ। ਕਿਉਂਕਿ ਇਹ ਸਭ ਕੰਮ ਲਲਿਤਾ ਹੀ ਕਰਿਆ ਕਰਦੀ ਸੀ।
ਤਿੰਨ ਸਾਲ ਤੋਂ ਜ਼ਿਆਦਾ ਚਿਰ ਹੋ ਗਿਆ ਉਹ ਸਾਰੇ ਇਥੋਂ ਚਲੇ ਗਏ ਸਨ। ਇਨੇ ਲੰਮੇ ਸਮੇਂ ਵਿਚ ਉਸਨੂੰ ਇਹਨਾਂ ਦਾ ਕੋਈ ਪਤਾ ਹੀ ਨ ਮਿਲ ਸਕਿਆ ਮਲੂਮ ਕਰਨ ਦੀ ਕੋਸ਼ਸ਼ ਵੀ ਨਹੀਂ ਕੀਤੀ ਤੇ ਸ਼ਾਇਦ ਹੁਣ ਉਹਨੂੰ ਕੋਈ ਦਿਲਚਸਪੀ ਵੀ ਨਹੀਂ ਸੀ ਰਹੀ। ਲਲਿਤਾ ਨਾਲ ਉਹਨੂੰ ਹੌਲੀ ਹੌਲੀ ਘਿਰਣਾ ਜਹੀ ਹੁੰਦੀ ਜਾਂਦੀ ਸੀ, ਪਰ ਅਜ ਅਚਾਨਕ ਹੀ ਉਹਦੇ ਮਨ ਵਿਚ ਆਈ, ਚੰਗਾ ਹੁੰਦਾ ਜੇ ਉਹਦੀ ਖਬਰ ਮਿਲ ਜਾਂਦੀ। ਕੋਈ ਕਿਸਤਰਾਂ ਰਹਿ ਰਿਹਾ ਹੈ, ਹਾਲਾਂ ਕਿ ਉਹ ਇਹ ਗਲ ਜਾਣਦਾ ਸੀ ਕਿ ਉਹ ਸਾਰੇ ਖੁਸ਼ਹੀ ਹੋਣਗੇ, ਕਿਉਂਂਕਿ ਗਿਰੀਨੰਦ ਦੇ ਕੋਲ ਰੁਪਿਆ ਹੈ। ਲਲਿਤਾ ਨੂੰ ਕੋਈ ਤਕਲੀਫ ਨਾ ਹੋਵੇਗੀ। ਫੇਰ ਵੀ ਉਹਦਾ ਇਹ ਸੁਣਨ ਨੂੰ ਜੀ ਕਰਦਾ ਸੀ ਕਿ ਉਹਦਾ ਵਿਆਹ ਕਦੋਂ ਹੋਇਆ ਗਿਰੀ ਨੰਦ ਦੇ ਨਾਲ ਉਹ ਕਿੱਦਾਂ ਰਹਿ ਰਹੀ ਹੈ, ਆਦਿ।
ਗੁਰਚਰਨ ਦੇ ਮਕਾਨ ਵਿਚ ਹੁਣ ਕੋਈ ਕਰਾਏਦਾਰ ਨਹੀਂ ਰਹਿੰਦਾ। ਦੋਂਹ ਮਹੀਨਿਆਂ ਤੋਂ ਮਕਾਨ ਖਾਲੀ ਪਿਆ ਹੈ। ਸ਼ੇਖਰ ਦੇ ਮਨ ਵਿਚ ਆਈ ਕਿ ਇਕ ਵੇਰਾਂ ਚਾਰੂ ਦੇ ਪਿਉ ਕੋਲੋਂ ਜਾਕੇ ਹੀ ਪੁਛ ਆਵੇ। ਕਿਉਂਕਿ ਉਸਨੂੰ ਗਿਰੀ ਨੰਦ ਦੀ ਸਾਰੀ ਗਲ ਬਾਤ ਦਾ ਜ਼ਰੂਰ ਪਤਾ ਹੋਵੇਗਾ। ਪਰ ਕੁਝ ਚੀਜ਼ਾਂ ਬਕਸ ਵਿਚ ਪਾਉਣੋ ਰੋਕਕੇ ਉਹ ਇਕੇ ਟੱਕ ਦਰਵਾਜ਼ਿਓਂ ਬਾਹਰ ਵੱਲ ਵੇਖਦਾ ਰਿਹਾ ਤੇ ਇਹੋ ਹੀ ਸੋਚਦਾ ਰਿਹਾ। ਏਨੇ ਚਿਰ ਨੂੰ ਦਰਵਾਜ਼ੇ ਵਿਚੋਂ ਪੁਰਾਣੀ ਮਹਿਰੀ ਆਕੇ ਬੋਲੀ, 'ਛੋਟੇ ਬਾਬੂ ਕਾਲੀ ਦੀ ਮਾਂ ਨੇ ਤੁਹਾਨੂੰ ਇਕ ਵਾਰ ਸਦਿਆ ਹੈ।'
ਸ਼ੇਖਰ ਨੇ ਮੂੰਹ ਭੁਆਕੇ ਉਸ ਵਲ ਵੇਖਕੇ ਆਖਿਆ, 'ਕਾਲੀ ਦੀ ਮਾਂ?' ਮਹਿਰੀ ਨੇ ਹੱਥ ਨਾਲ ਗੁਰਚਰਨ ਦੇ ਮਕਾਨ ਵੱਲ ਇਸ਼ਾਰਾ ਕਰਦੀ ਨੇ ਕਿਹਾ, ‘ਆਪਣੀ ਕਾਲੀ ਦੀ ਮਾਂ, ਛੋਟੇ ਬਾਬੂ ਉਹ ਕਲ ਰਾਤ ਨੂੰ ਸਭ ਮੂਗੇਰ ਤੋਂ ਵਾਪਸ ਆ ਗਏ ਹਨ।'
'ਚਲ ਮੈਂ ਆਉਂਦਾ ਹਾਂ।' ਇਹ ਆਖਕੇ ਉਹ ਉਸਵੇਲੇ ਉਠਕੇ ਚਲਿਆ ਗਿਆ। ਉਸਵੇਲੇ ਦਿਨ ਢਾਲੇ ਪੈਰਿਹਾ ਸੀ। ਸ਼ੇਖਰ ਦੇ ਘਰ ਪਹੁੰਚਦਿਆਂ ਹੀ ਉਥੋਂ ਦਿਲ ਪਾੜ ਦੇਣ ਵਾਲੇ ਰੋਣ ਕੁਰਲਾਣ ਦੀ ਆਵਾਜ਼ ਆਈ। ਵਿਧਵਾ ਦੇ ਕਪੜੇ ਪਾਈ ਗੁਰਚਰਣ ਦੀ ਘਰ ਵਾਲੀ ਪਾਸ ਇਹ ਭੁੰਜੇ ਜਾਕੇ ਬੈਠ ਗਿਆ ਤੇ ਧੋਤੀ ਦੇ ਪਲੇ ਨਾਲ ਚੁਪਚਾਪ ਆਪਣੀਆਂ ਅਖਾਂ ਪੂੰਝਣ ਲੱਗ ਪਿਆ। ਸਿਰਫ ਗੁਰਚਰਨ ਵਾਸਤੇ ਹੀ ਨਹੀਂ, ਆਪਣੇ ਪਿਉ ਦੀ ਯਾਦ ਆਕੇ ਉਹ ਫੇਰ ਇਕ ਵਾਰੀ ਬੇਚੈਨ ਹੋਗਿਆ।
ਸ਼ਾਮ ਹੋਣ ਤੇ ਲਲਿਤਾ ਆਕੇ ਦੀਵਾ ਜਗਾ ਗਈ। ਦੂਰੋਂ ਹੀ ਗਲ ਵਿਚ ਪੱਲਾ ਪਾਕੇ ਸ਼ੇਖਰ ਨੇ ਉਸਨੂੰ ਸਲਾਮ ਕੀਤਾ,ਪਲਕੁ ਖਲੋਕੇ ਉਹ ਹੌਲੀ ਹੌਲੀ ਚਲੀ ਗਈ। ਸ਼ੇਖਰ ਸਤਾਰਾਂ ਸਾਲ ਦੀ ਮੁਟਿਆਰ ਬਗਾਨੀ ਇਸਤਰੀ ਵਲ ਅੱਖਾਂ ਉੱਚੀਆਂ ਕਰਕੇ ਵੀ ਨ ਵੇਖ ਸਕਿਆ ਤੇ ਨਾ ਹੀ ਉਹਨੂੰ ਸਦ ਕੇ ਉਸ ਨਾਲ ਕੋਈ ਗਲ ਬਾਤ ਹੀ ਕਰ ਸਕਿਆ। ਫੇਰ ਵੀ ਹੋਰ ਅੱਖਾਂ ਨਾਲ ਉਹ ਜਿੰਨਾਂ ਕੁ ਵੇਖ ਸਕਿਆ ਉਸਨੂੰ ਇਹੋ ਪਤਾ ਲਗਾ ਕਿ ਉਹ ਅਗੇ ਨਾਲੋਂ ਹੋਰਵੀ ਦੁਬਲੀ ਹੋਗਈ ਹੈ।
ਬਹੁਤ ਰੋਣ ਪਿੱਟਣ ਦੇ ਪਿਛੋਂ ਗੁਰਚਰਨ ਦੀ ਵਿਧਵਾ ਇਸਤਰੀ ਨੇ ਜੋ ਕੁਝ ਆਖਿਆ ਉਹਦਾ ਸਿੱਟਾ ਇਹ ਸੀ ਕਿ ਇਸ ਮਕਾਨ ਨੂੰ ਵੇਚਕੇ ਉਹ ਮੁੰਗੇਰ ਵਿਚ ਆਪਣੇ ਜੁਆਈ ਪਾਸ ਰਹੇਗੀ, ਇਹੋ ਉਹਨਾਂ ਦਾ ਖਿਆਲ ਹੈ। ਮਕਾਨ ਕਈਆਂ ਚਿਰਾਂ ਤੋਂ ਸ਼ੇਖਰ ਦੇ ਪਿਤਾ ਖਰੀਦਣ ਦਾ ਇਰਾਦਾ ਰਖਦੇ ਸਨ। ਉਸ ਵੇਲੇ ਮੁਨਾਸਬ ਕੀਮਤ ਤੇ ਖਰੀਦ ਲੈਣ ਨਾਲ ਮਕਾਨ ਘਰ ਦਾ ਘਰ ਰਹਿ ਜਾਣਾ ਸੀ। ਇਹਨਾਂ ਨੂੰ ਕਿਸੇ ਤਰਾਂ ਦਾ ਦੁਖ ਨਹੀਂ ਸੀ ਹੋਣਾ ਤੇ ਅਗਾਂਹ ਜੇ ਕਦੇ ਆਉਂਦੇ ਤਾਂ ਦੋ ਚਾਰ ਦਿਨ ਲਈ ਸਿਰ ਲੁਕਾਵਾ ਵੀ ਕਰ ਸਕਦੇ। ਸ਼ੇਖਰ ਨੇ ਆਖਿਆ 'ਮਾਂ ਪਾਸੋਂ ਪੁਛਕੇ ਇਸ ਵਾਸਤੇ ਜੋ ਹੋ ਸਕੇ ਕੋਸ਼ਸ਼ ਕਰਾਂਗਾ।' ਇਸਤੇ ਉਹਨੇ ਅੱਥਰੂ ਪੂੰਝਦੀ ਹੋਈ ਨੇ ਕਿਹਾ, 'ਕੀ ਬੀਬੀ ਇਸ ਵਿੱਚ ਆ ਜਾਇਗੀ? ਕਦੇ ਨਹੀਂ ਸ਼ੇਖਰ।'
ਸ਼ੇਖਰ ਨੇ ਦਸਿਆ ਕਿ ਅਜ ਰਾਤ ਨੂੰ ਹੀ ਮੈਂ ਉਹਨਾਂ ਨੂੰ ਲੈਣ ਜਾ ਰਿਹਾ ਹਾਂ, ਇਸਤੋਂ ਪਿਛੋਂ ਉਹਨਾਂ ਇਕ ਇਕ ਕਰਕੇ ਘਰ ਦੀਆਂ ਸਾਰੀਆਂ ਗਲਾਂ ਬੁਝ ਲਈਆਂ। ਸ਼ੇਖਰ ਦਾ ਵਿਆਹ ਕਦੋਂ ਹੈ, ਕਿੱਥੇ ਢੁਕਾ ਹੋਣਾ ਹੈ, ਕਿੱਨਾ ਗਹਿਣਾ ਪਾਉਣਾ ਹੈ, ਕੀ ਦਾਜ ਮਿਲਣਾ ਹੈ, ਕਿੰਨਾ ਖਰਚ ਆਵੇਗਾ, ਜੇਠ ਜੀ ਕਿੱਦਾਂ ਮਰੇ ਸਨ, ਬੀਬੀ ਜੀ ਨੇ ਕੀ ਕੀਤਾ ਤੇ ਇਹੋ ਜਹੀਆਂ ਹੋਰ ਕਈ ਗੱਲਾਂ ਪੁਛੀਆਂ ਤੇ ਉਹਦੇ ਉੱਤਰ ਲਏ।
ਸ਼ੇਖਰ ਨੂੰ ਜਦੋਂ ਇਸ ਪਾਸਿਓਂ ਛੁਟਕਾਰਾ ਮਿਲਿਆ। ਤਾਂ ਚੰਦ ਦੀ ਚਾਨਣੀ ਚੰਗੀਤਰਾਂ ਫੈਲ ਚੁਕੀ ਸੀ। ਇਸ ਵੇਲੇ | ਗਿਰੀਨੰਦ ਉਤੋਂ ਉਤਰਕੇ ਸ਼ਾਇਦ ਆਪਣੀ ਭੈਣ ਵਲ ਜਾ ਰਿਹਾ ਸੀ। ਗੁਰਚਰਨ ਦੀ ਵਿਧਵਾ ਪਤਨੀ ਉਹਨੂੰ ਵੇਖਕੇ - ਸ਼ੇਖਰ ਨੂੰ ਆਖਣ ਲਗੀ, 'ਮੇਰੇ ਜਵਾਈ ਨਾਲ ਤੇਰੀ ਗਲ ਬਾਤ ਨਹੀਂ ਹੋਈ ਸ਼ੇਖਰ ! ਇਹੋ ਜਿਹਾ ਲੜਕਾ ਦੁਨੀਆਂ ਵਿਚ ਮਿਲਣਾ ਮੁਸ਼ਕਲ ਹੈ ।'
ਸ਼ੇਖਰ ਨੇ ਆਖਿਆ, 'ਬੇਸ਼ਕ ਇਹ ਠੀਕ ਹੈ । ਮੇਰੀ ਗੱਲ ਬਾਤ ਉਸ ਨਾਲ ਹੋ ਚੁਕੀ ਹੈ।' ਇਹ ਆਖਕੇ ਉਹ ਬਾਹਰ ਚਲਿਆ ਗਿਆ। ਪਰ ਬਾਹਰ ਦੀ ਬੈਠਕ ਦੇ ਕੋਲ ਆਕੇ ਉਹਨੂੰ ਅਚਾਨਕ ਹੀ ਠਹਿਰਨਾ ਪੈਗਿਆ | ਹਨੇਰੇ ਵਿਚ ਦਰਵਾਜੇ ਦੇ ਪਿਛੇ ਲਲਿਤਾ ਖੜੀ ਸੀ। ਉਸਨੇ, ਕਿਹਾ, 'ਖਲੋ ਜਾਓ ! ਸੁਣੋ ਮਾਂ ਨੂੰ ਲੈਣ ਅੱਜ ਹੀ ਜਾ ਰਹੇ ਹੋ?'
ਸ਼ੇਖਰ ਨੇ ਆਖਿਆ, ਹਾਂ।
ਉਹ ਕੀ ਬਹੁਤ ਜ਼ਿਆਦਾ ਘਬਰਾ ਗਈ ਹੈ ?
'ਹਾਂ ਲਗਪਗ ਪਾਗਲ ਹੀ ਹੋ ਗਈ ਹੈ।'
'ਤੁਹਾਡੀ ਤਬੀਅਤ ਕਿਹੋ ਜਹੀ ਹੈ?'
ਚੰਗੀ ਹੈ ਆਖਕੇ ਸ਼ੇਖਰ ਝਟਪਟ ਉਥੋਂ ਚਲਿਆ ਗਿਆ ।
ਰਾਹ ਵਿਚ ਆ ਕੇ ਉਹ ਸਿਰ ਤੇ ਪੈਰਾਂ ਤਕ ਲੱਜਾ ਤੇ ਘਿਰਣਾ ਨਾਲ ਕੰਬ ਉਠਿਆ, ਉਹਨੂੰ ਇਉਂ ਮਲੂਮ ਹੋਇਆ ਕਿ ਲਲਿਤਾ ਦੇ ਕੋਲ ਖਲੋਕੇ ਉਸਦਾ ਸਾਰਾ ਸਰੀਰ ਅਪਵਿਤ੍ਰ ਹੋਗਿਆ ਹੈ । ਘਰ ਆਕੇ ਉਹਨੇ ਸਭ ਕੁਝ ਪਾਕੇ ਬਕਸ ਬੰਦ ਕਰ ਦਿਤਾ ਤੇ ਗਡੀ ਵਿੱਚ ਅਜੇ ਦੇਰ ਸੀ ਸੋ ਉਹ ਮੰਜੇ ਤੇ ਲੰਮਾ ਪੈ ਗਿਆ ।
ਲਲਿਤਾ ਦੀ ਵਿਸਾਹ ਘਾਤਕ ਯਾਦ ਨੂੰ ਨਸ਼ਟ ਕਰਨ ਵਾਸਤੇ ਉਸਨੇ ਆਪਣੇ ਮਨ ਅੰਦਰ ਸਾੜੇ ਦੇ ਭਾਂਬੜ ਬਾਲ ਲਏ। ਸਾੜ ਸੁਟਣ ਦੇ ਖਿਆਲ ਨਾਲ ਉਸਨੇ ਮਨ ਹੀ ਮਨ ਵਿਚ ਉਹਨੂੰ ਕਈ ਗਾਲਾਂ ਕਢੀਆਂ ਤੇ ਨਿਰਾਦਰੀ ਕੀਤੀ। ਏਥੋਂ ਤਕ ਕਿ ਉਹ ਉਸਨੂੰ ਬਜਾਰੀ ਔਰਤ ਵੀ ਕਹਿਣੋ ਨ ਸੰਗਿਆ। ਗੁਰਚਰਨ ਦੀ ਘਰ ਵਾਲੀ ਨੇ ਗਲਾਂ ਹੀ ਗਲਾਂ ਵਿਚ ਆਖਿਆ ਸੀ ਕਿ ਲੜਕੀ ਦਾ ਵਿਆਹ ਕੋਈ ਖੁਸ਼ੀਆਂ ਦਾ ਵਿਆਹ ਥੋੜਾ ਸੀ । ਏਸ ਵਾਸਤੇ ਖਿਆਲ ਨਹੀਂ ਆਇਆ, ਨਹੀਂ ਤਾਂ ਲਲਿਤਾ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਲਈ ਆਖਿਆ ਸੀ। ਲਲਿਤਾ ਦੀ ਇਹ ਬੇਵਕੂਫੀ ਸਾਰੀ ਘਿਰਣਾ ਦੀ ਅੱਗ ਉਤੇ ਲਾਟਾਂ ਬਣਕੇ ਉੱਚੀ ਉੱਡਣ ਲੱਗੀ।

੧੨.
ਸ਼ੇਖਰ ਜਿਸ ਵੇਲੇ ਮਾਂ ਨੂੰ ਲੈ ਕੇ ਮੁੜਿਆ ਉਸ ਦਿਨ ਵੀ ਉਹਦੇ ਵਿਆਹ ਵਿਚ ਦਸ ਬਾਰਾਂ ਦਿਨਾਂ ਦੀ ਦੇਰ ਸੀ।
ਤਿੰਨ ਚਾਰ ਦਿਨ ਪਿਛੋਂ ਇਕ ਦਿਨ ਸਵੇਰੇ ਲਲਿਤਾ ਸ਼ੇਖਰ ਦੀ ਮਾਂ ਕੋਲ ਬੈਠੀ ਇਕ ਟੋਕਰੀ ਵਿਚ ਕੁਝ ਰੱਖ ਰਹੀ ਸੀ । ਸ਼ੇਖਰ ਨੂੰ ਪਤਾ ਨਹੀਂ ਸੀ ਇਸ ਕਰਕੇ ਉਹ ਕਿਸੇ ਕੰਮ ਲਈ 'ਮਾਂ' ਆਖ ਕੇ ਅੰਦਰ ਆ ਈ ਵੜਿਆ ਤੇ ਠਠੰਬਰ ਕੇ ਖਲੋ ਗਿਆ। ਲਲਿਤਾ ਥੱਲੇ ਮੂੰਹ ਕੀਤੇ ਕੰਮ ਕਰੀ ਗਈ।
ਮਾਂ ਨੇ ਪੁਛਿਆ, "ਕੀ ਗੱਲ ਹੈ?"
ਉਹ ਜਿਸ ਕੰਮ ਵਾਸਤੇ ਆਇਆ ਸੀ, ਉਹ ਉਸਨੂੰ ਭੁਲ ਗਿਆ । 'ਨਹੀ ਹੁਣ ਰਹਿਣ ਦੇਹ' ਆਖ ਕੇ ਛੇਤੀ ਨਾਲ ਬਾਹਰ ਨਿਕਲ ਗਿਆ। ਲਲਿਤਾ ਦਾ ਚਿਹਰਾ ਉਹਨੂੰ ਨਹੀਂ ਦਿਸਿਆ, ਪਰ ਦੋਵੇਂ ਹੱਥ ਦਿਸ ਪਏ। ਉਹਬਿਲਕੁਲ ਸੁੰਞੇ ਸਨ ਸਿਰਫ ਕੱਚ ਦੀਆਂ ਦੋ ਦੋ ਚੂੜੀਆਂ ਪਈਆਂ ਹੋਈਆਂ ਸਨ। ਸ਼ੇਖਰ ਮਨ ਹੀ ਮਨ ਵਿਚ ਗੁੱਸੇ ਨਾਲ ਹੱਸਣ ਲੱਗਾ, ਇਹ ਵੀ ਇਕ ਤਰਾਂ ਦਾ ਪਖੰਡ ਹੈ। ਗਰੀਨ ਪੈਸੇ ਵਾਲਾ ਹੈ, ਉਸਦੀ ਘਰ ਵਾਲੀ ਦੇ ਏਦਾਂ ਗਹਿਣੇ ਤੇ ਖਾਲੀ ਹੱਥ ਹੋਣ ਦਾ ਉਹਨੂੰ ਕੋਈ ਪੱਕਾ ਸਬੂਤ ਨਾ ਸੁਝ ਸਕਿਆ। ਉਸਦਿਨ ਸ਼ਾਮ ਨੂੰ ਉਹ ਛੇਤੀ ਛੇਤੀ ਪੌੜੀਆਂ ਤੋਂ ਥੱਲੇ ਉਤਰ ਰਿਹਾ ਸੀ ਤੇ ਲਲਿਤਾ ਥਲਿਉਂ ਉਤੇ ਜਾ ਰਹੀ ਸੀ। ਉਹ ਇਕ ਪਾਸੇ ਕੰਧ ਨਾਲ ਲੱਗ ਕੇ ਖਲੋ ਗਈ, ਮਗਰ ਸ਼ੇਖਰ ਦੇ ਕੋਲ ਆਉਣ ਤੇ ਉਸਨੇ ਬਿਲਕੁਲ ਮੱਠੀ ਜਹੀ ਅਵਾਜ਼ ਨਾਲ ਆਖਿਆ, "ਤੁਹਾਨੂੰ ਇਕ ਗੱਲ ਆਖਣੀ ਹੈ।"
ਸ਼ੇਖਰ ਪਲ ਭਰ ਚੁੱਪ ਰਹਿਕੇ ਹਰਾਨੀ ਨਾਲ ਬੋਲਿਆ, “ਕਿਸਨੂੰ, ਮੈਨੂੰ ?"
ਲਲਿਤਾ ਪਹਿਲੇ ਵਾਂਗੂੰ ਹੀ ਹੌਲੀ ਜਹੀ ਬੋਲੀ, ਹਾਂ, ਤੁਹਾਨੂੰ?"
“ਮੈਨੂੰ ਤੁਸਾਂ ਕੀ ਆਖਣਾ ਹੈ।" ਇਹ ਆਖ ਕੇ ਸ਼ੇਖਰ ਪਹਿਲਾਂ ਨਾਲੋਂ ਵੀ ਤੇਜ਼ ਤੇਜ਼ ਪੌੜੀਆਂ ਉਤਰ ਗਿਆ।
ਲਲਿਤਾ ਕੁਝ ਚਿਰ ਉਥੇ ਹੀ ਬੁੱਤ ਬਣੀ ਖਲੋਤੀ ਰਹੀਂ ਤੇ ਮਾੜਾ ਜਿਹਾ ਹੌਕਾ ਲੈ ਕੇ ਚਲੀ ਗਈ ।
ਦੂਜੇ ਦਿਨ ਸ਼ੇਖਰ ਆਪਣੇ ਬਾਹਰ ਦੇ ਕਮਰੇ ਵਿਚ ਖਲੋਤਾ ਅੱਜ ਦਾ ਅਖਬਾਰ ਪੜ੍ਹ ਰਿਹਾ ਸੀ । ਪੜ੍ਹਦਿਆਂ ੨ ਉਸਨੇ ਬੜੀ ਹੈਰਾਨੀ ਨਾਲ ਵੇਖਿਆ ਕਿ ਗਿਰੀ ਨੰਦ ਉਹਦੇ ਕਮਰੇ ਵਿਚ ਆ ਰਿਹਾ ਸੀ । ਗਿਰੀ ਨੰਦ ਨਮਸਕਾਰ ਕਰਕੇ ਇਕ ਕੁਰਸੀ ਤੇ ਬਹਿਗਿਆ, ਸ਼ੇਖਰ ਨੇ ਵੀ ਮੋੜਵੀਂ ਨਮਸਕਾਰ ਕਹਿਕੇ ਅਖਬਾਰ ਨੂੰ ਇਕ ਪਾਸੇ ਕਰਕੇ, ਕੁਝ ਸਮਝਣ ਜਾਂ ਪੁਛਣ ਵਾਲੀ ਤੱਕਣੀ ਨਾਲ ਉਸ ਵੱਲ ਤੱਕਣ ਲਗ ਪਿਆ । ਦੋਹਾਂ ਦੀ ਜਾਣ ਪਛਾਣ ਅੱਖਾਂ ਕਰਕੇ ਹੀ ਸੀ, ਪਰ ਅਜ ਤਕ ਕੋਈ ਗਲ ਬਾਤ ਨਹੀਂ ਹੋ ਸਕੀ ਸੀ । ਨਾਹੀ ਕਿਸੇ ਨੇ ਇਕ ਦੂਜੇ ਨਾਲ ਗਲ ਬਾਤ ਕਰਨ ਦਾ ਸ਼ੌਕ ਹੀ ਪ੍ਰਗਟ ਕੀਤਾ ਸੀ ।
ਗਿਰੀ ਨੰਦ ਨੇ ਇਕ ਵੇਰਾਂ ਹੀ ਕੰਮ ਦੀ ਗਲ ਛੁਹ ਦਿਤੀ। ਕਹਿਣ ਲੱਗਾ, ਇਕ ਖਾਸ ਜ਼ਰੂਰੀ ਕੰਮ ਵਾਸਤੇ ਤੁਹਾਨੂੰ ਖੇਚਲ ਦੇਣ ਆਇਆ ਹਾਂ । ਮੇਰੀ ਸਸ ਦਾ ਇਰਾਦਾ ਤਾਂ ਤੁਸਾਂ ਸੁਣ ਹੀ ਲਿਆ ਹੋਵੇਗਾ। ਆਪਣਾ ਮਕਾਨ ਉਹ ਤੁਹਾਡੇ ਪਾਸ ਵੇਚ ਦੇਣਾ ਚਾਹੁੰਦੀ ਹੈ ।
ਅੱਜ ਮੇਰੀ ਰਾਹੀਂ ਉਸਨੇ ਤੁਹਾਨੂੰ ਅਖਵਾ ਭੇਜਿਆ ਹੈ ਕਿ ਛੇਤੀ ਹੀ ਜੇ ਇਸਦਾ ਕੋਈ ਉਪਾ ਹੋ ਜਾਵੇ ਤਾਂ ਇਹ ਮੁੰਗੇਰ ਚਲੀ ਜਾਏ ।
ਗਿਰੀ ਨੰਦ ਨੂੰ ਵੇਖਦਿਆਂ ਹੀ ਉਹਦੀ ਛਾਤੀ ਵਿਚ ਇਕ ਤੁਫਾਨ ਉਠ ਖਲੋਤਾ ਸੀ । ਉਹਦੀਆਂ ਗਲਾਂ ਉਹਨੂੰ ਜਰਾ ਵੀ ਚੰਗੀਆਂ ਨਹੀਂ ਸਨ ਲੱਗ ਰਹੀਆਂ, ਉਸਨੇ ਗੁਸੇ ਜਹੇ ਨਾਲ ਆਖਿਆ, ਹੈ ਤਾਂ ਠੀਕ, ਪਰ ਪਿਤਾ ਜੀ ਦੇ ਥਾਂ ਹੁਣ ਤਾਂ ਭਾਬੀ ਜੀ ਹੀ ਮਾਲਕ ਹਨ। ਤੁਹਾਨੂੰ ਉਹਨਾਂ ਨੂੰ ਆਖਣਾ ਚਾਹੀਦਾ ਹੈ।
ਗਿਰੀ ਨੰਦ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, ਇਹ ਤਾਂ ਮੈਂ ਵੀ ਜਾਣਦਾ ਹਾਂ ਪਰ ਜੇ ਉਹਨਾਂ ਨੂੰ ਤੁਸੀ ਭੀ ਆਖੋ ਤਾਂ ਚੰਗਾ ਹੈ ।
ਸ਼ੇਖਰ ਨੇ ਉਸੇ ਤਰਾਂ ਜਵਾਬ ਦਿੱਤਾ। ਤੁਸੀਂ ਆਪ ਹੀ ਆਖੋ ਤਾਂ ਇਹ ਕੰਮ ਹੋ ਸਕਦਾ ਹੈ, ਓਸ ਪਾਸੇ ਵਲੋਂ ਕਾਰ ਮੁਖਤਾਰ ਤਾਂ ਤੁਸੀਂ ਹੀ ਹੋ ।
ਗਿਰੀ ਨੰਦ ਨੇ ਆਖਿਆ, ਜੇ ਮੇਰੇ ਕਹਿਣ ਦੀ ਲੋੜ ਹੋਵੇ ਤਾਂ ਮੈਂ ਵੀ ਆਖ ਸਕਦਾ ਹਾਂ । ਪਰ ਕਲ ਭੈਣ ਜੀ ਕਹਿ ਰਹੇ ਸਨ ਕਿ ਜੇ ਤੁਸੀਂ ਧਿਆਨ ਦਿਉ ਤਾਂ ਕੰਮ ਛੇਤੀ ਹੋ ਸਕਦਾ ਹੈ ।
ਸ਼ੇਖਰ ਹੁਣ ਤੱਕ ਇਕ ਮੋਟੇ ਸਿਰਹਾਣੇ ਦੇ ਆਸਰੇ ਬੈਠਾ ਗੱਲ ਬਾਤ ਕਰ ਰਿਹਾ ਸੀ, ਇਹ ਸੁਣਦਿਆਂ ਹੀ ਸੰਭਲ ਕੇ ਬਹਿ ਗਿਆ, ਕਹਿਣ ਲੱਗਾ, ਕੌਣ ਆਖਦੀ ਸੀ ?
ਗਿਰੀਨੰਦ ਨੇ ਕਿਹਾ, ਲਲਿਤਾ ਭੈਣ ਜੀ ਆਖ ਰਹੀ ਸੀ ।
ਸ਼ੇਖਰ ਅਸਚਰਜ ਨਾਲ ਬੁੱਤ ਜਿਹਾ ਬਣ ਗਿਆ । ਅੱਗੇ ਜੋ ਜੋ ਗਿਰੀ ਨੰਦ ਆਖਦਾ ਗਿਆ ਉਹ ਭੋਰਾ ਵੀ ਨਾ ਸੁਣ ਸਕਿਆ। ਓਹ ਹਰਾਨੀ ਨਾਲ ਇਕ ਟੱਕ ਉਹਦੇ ਮੂੰਹ ਵੱਲ ਵੇਖਦਾ ਰਿਹਾ, ਫੇਰ ਕਹਿਣ ਲੱਗਾ, ਮੈਨੂੰ ਮੁਆਫ ਕਰਨਾ ਗਿਰੀਨ ਬਾਬੂ, ਕੀ ਤੁਹਾਡੇ ਨਾਲ ਲਲਿਤਾ ਵਿਆਹੀ ਨਹੀਂ?
ਗਿਰੀ ਨੰਦ ਨੇ ਦੰਦਾਂ ਥਲੇ ਜਬਾਨ ਦੇਕੇ ਆਖਿਆ, ‘ਜੀ ਨਹੀਂ ! ਉਹਨਾਂ ਦੇ ਘਰ ਦੇ ਸਾਰੇ ਜੀਆਂ ਨੂੰ ਤੁਸੀਂ ਜਾਣਦੇ ਹੋ। ਮੇਰਾ ਵਿਆਹ ਤਾਂ ਕਾਲੀ ਨਾਲ ਹੋਇਆ ਹੈ ।'
'ਪਰ ਇਹ ਗੱਲ ਤਾਂ ਨਹੀਂ ਸੀ ।'
ਗਿਰੀ ਨੰਦ ਨੇ ਲਲਿਤਾ ਦੇ ਮੂੰਹੋਂ ਸਾਰੀਆਂ ਗਲਾਂ ਸੁਣ ਰਖੀਆਂ ਸਨ, ਉਸਨੇ ਆਖਿਆ, 'ਨਹੀਂ ਇਹ ਠੀਕ ਹੈ ਕਿ ਇਹ ਗਲ ਬਾਤ ਨਹੀਂ ਸੀ, ਗੁਰਚਰਨ ਬਾਬੂ ਮਰਨ ਸਮੇਂ ਮੈਨੂੰ ਕਹਿ ਗਏ ਸਨ ਕਿ ਸ਼ਾਦੀ ਦੂਸਰੇ ਥਾਂ ਨਹੀਂ ਕਰਨੀ, ਮੈਂ ਵੀ ਇਹ ਬਚਨ ਦੇ ਚੁੱਕਾ ਸਾਂ । ਉਹਨਾਂ ਦੇ ਮਰਨ ਤੋਂ ਪਿਛੋਂ ਭੈਣ ਜੀ ਨੇ ਮੈਨੂੰ ਸਾਰੀਆਂ ਗਲਾਂ ਸਮਝਾਕੇ ਕਿਹਾ, ਹਾਲਾਂ ਕਿ ਇਹ ਸਾਰੀਆਂ ਗਲਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਵਿਆਹ ਪਹਿਲਾਂ ਹੋ ਚੁੱਕਾ ਹੈ, ਤੇ ਉਹਨਾ ਦੇ ਪਤੀ ਜੀਉਂਦੇ ਹਨ, ਇਹਨਾਂ ਗੱਲਾਂ ਨੂੰ ਸ਼ਾਇਦ ਕੋਈ ਵੀ ਨ ਮੰਨਦਾ, ਪਰ ਮੈਂ ਉਹਨਾਂ ਦੀ ਕਿਸੇ ਗਲ ਤੇ ਬੇ ਪ੍ਰਤੀਤੀ ਨਹੀਂ ਕੀਤੀ, ਇਸ ਤੋਂ ਬਿਨਾਂ ਇਸਤਰੀਆਂ ਦਾ ਇਕ ਵਾਰੀ ਹੀ ਵਿਆਹ ਹੁੰਦਾ ਹੈ, ਘੜੀ ਮੁੜੀ ਨਹੀਂ। 'ਓਹ ਇਹ ਕੀ?'
ਸ਼ੇਖਰ ਦੀਆਂ ਅੱਖਾਂ ਅਥਰੂਆਂ ਨਾਲ ਭਰ ਆਈਆਂ ਤੇ ਉਹਨਾਂ ਵਿਚੋਂ ਗਰੀਨ ਦੇ ਸਾਹਮਣੇ ਹੀ ਕੜ ਪਾਟ ਗਏ! ਉਹਨਾਂ ਨੂੰ ਇਹ ਖਿਆਲ ਹੀ ਨਾ ਰਿਹਾ ਕਿ ਆਦਮੀ ਦੇ ਸਾਹਮਣੇ ਆਦਮੀ ਦੀ ਇਹ ਕਮਜ਼ੋਰੀ ਜ਼ਾਹਿਰ ਹੋ ਜਾਣੀ ਕਿੰਨੀ ਸ਼ਰਮ ਦੀ ਗੱਲ ਹੈ ।
ਗਿਰੀ ਨੰਦ ਚੁਪਚਾਪ ਬੈਠਾ ਉਸ ਵਲ ਵੇਖਦਾ ਰਿਹਾ। ਉਸਦੇ ਮਨ ਵਿਚ ਸ਼ੱਕ ਤਾਂ ਸੀ, ਅੱਜ ਉਸਨੇ ਲਲਿਤਾ ਦੇ ਪਤੀ ਨੂੰ ਸਿਆਣ ਲਿਆ, ਸ਼ੇਖਰ ਨੇ ਭਰੇ ਹੋਏ ਗਲੇ ਨਾਲ ਆਖਿਆ,ਤੁਸੀ ਤਾਂ ਲਲਿਤਾ ਨੂੰ ਪਿਆਰ ਕਰਦੇ ਹੋ ?
ਗਿਰੀ ਨੰਦ ਦੇ ਚਿਹਰੇ ਤੇ ਉਸ ਦੀ ਦਿਲੀ ਪੀੜ ਦਾ ਅਕਸ ਆਗਿਆ। ਪਰ ਦੂਜੇ ਪਲ ਹੀ ਫੇਰ ਹੌਲੀ ਹੌਲੀ ਮੁਸਕਰਾਉਣ ਲੱਗ ਪਿਆ, ਹੌਲੀ ਹੌਲੀ ਆਖਣ ਲੱਗਾ, ਇਸ ਗਲ ਦਾ ਜੁਆਬ ਦੇਣਾ ਕੋਈ ਜਰੂਰੀ ਨਹੀਂ । ਪਿਆਰ ਭਾਵੇਂ ਕਿੰਨਾ ਹੀ ਡੂੰਘਾ ਕਿਉਂ ਨ ਹੋਵੇ, ਜਾਣ ਬੁੱਝ ਕੇ ਕੋਈ ਪਰਾਈ ਇਸਤ੍ਰੀ ਨਾਲ ਸ਼ਾਦੀ ਨਹੀਂ ਕਰ ਸਕਦਾ। ਪਰ ਖੈਰ ਵਡਿਆਂ ਦੀ ਬਾਬਤ ਮੈਂ ਇਹੋ ਜਹੀ ਗੱਲ ਬਾਤ ਕਰਨਾ ਨਹੀਂ ਚਾਹੁੰਦਾ, ਇਹ ਆਖਕੇ ਉਹ ਮੁਸਕਰਾਉਂਦਾ ਹੋਇਆ ਉਠ ਖਲੋਤਾ ਕਹਿਣ ਲੱਗਾ, ਅੱਜ ਜਾਂਦਾ ਹਾਂ ਫੇਰ ਕਦੇ ਮੁਲਾਕਾਤ ਕਰਾਂਗਾ । ਇਹ ਆਖਕੇ ਉਹ ਨਮਸਕਾਰ ਕਰਕੇ ਚਲਿਆ ਗਿਆ।
ਗਿਰੀ ਨੰਦ ਨਾਲ ਸ਼ੇਖਰ ਮੁੱਢ ਤੋਂ ਦਵੈਤ ਰਖਦਾ ਆਇਆ ਸੀ ਤੇ ਇਹ ਦਵੈਤ ਹੁਣ ਘਿਰਣਾ ਵਿਚ ਬਦਲ ਚੁੱਕੀ ਸੀ । ਪਰ ਅੱਜ ਉਸਦੇ ਚਲੇ ਜਾਣ ਪਿਛੋਂ ਸ਼ੇਖਰ ਉਸ ਨੌਜਵਾਨ ਨੂੰ ਜ਼ਮੀਨ ਤੇ ਮੱਥਾ ਰਗੜਨ ਨਮਸਕਾਰ ਕਰਨ ਲਗ ਪਿਆ। ਸਚ ਮੁੱਚ ਕਿੰਨਾ ਸਵਾਰਥ ਤਿਆਗ ਕੋਈ ਕਰ ਸਕਦਾ ਹੈ, ਹਸਦਿਆਂ ਹਸਦਿਆਂ ਆਪਣੇ ਬਚਨਾ ਨੂੰ ਕਿੰਨੀ ਸਖਤੀ ਨਾਲ ਕੋਈ ਪਾਲ ਸਕਦਾ ਹੈ, ਇਹ ਉਸਨੇ ਅੱਜ ਵੀ ਵੇਖਿਆ ਸੀ ।
ਦੁਪਹਿਰ ਨੂੰ ਭਵਨੇਸ਼ਵਰੀ ਫਰਸ਼ ਤੇ ਬੈਠੀ ਲਲਿਤਾ ਦੀ ਮਦਦ ਨਾਲ ਢੇਰ ਸਾਰਾ ਕਪੜਿਆਂ ਦਾ ਸੰਭਾਲ ਸੰਭਾਲਕੇ ਰੱਖ ਰਹੀ ਸੀ । ਸ਼ੇਖਰ ਅੰਦਰ ਆਕੇ ਮਾਂ ਦੇ ਬਿਸਤਰੇ ਤੇ ਬਹਿ ਗਿਆ ਅੱਜ ਉਹ ਲਲਿਤਾ ਨੂੰ ਵੇਖਕੇ ਬੇਚੈਨ ਹੋਕੇ ਭੱਜਾ ਨਹੀਂ। ਮਾਂ ਨੇ ਉਹਨੂੰ ਵੇਖ ਕੇ ਆਖਿਆ, ਕੀ ਗੱਲ ਹੈ ?
ਸ਼ੇਖਰ ਨੇ ਕੋਈ ਜਵਾਬ ਨ ਦਿੱਤਾ ਚੁੱਪ ਚਾਪ ਬਹਿਕੇ ਕਪੜਿਆਂ ਦੀਆਂ ਤਹਿਆ ਲੱਗਦੀਆਂ ਦੇਖਦਾ ਰਿਹਾ, ਬੜੇ ਚਿਰ ਪਿਛੋਂ ਬੋਲਿਆ, ਇਹ ਕੀ ਹੋ ਰਿਹਾ ਏ ਮਾਂ ?
ਮਾਂ ਨੇ ਆਖਿਆ। ਨਵੇਂ ਕਪੜਿਆਂ ਵਿਚੋਂ ਕਿਸੇ ਨੂੰ ਕੀ ਦੇਣਾ ਹੈ, ਹਿਸਾਬ ਲਾਕੇ ਵੇਖ ਰਹੀ ਹਾਂ। ਸ਼ਾਇਦ ਹੋਰ ਵੀ ਬਣਾਉਣੇ ਪੈਣਗੇ ।
ਲਲਿਤਾ ਨੇ ਸਿਰ ਹਲਾਕੇ ਪ੍ਰੋੜਤਾ ਕੀਤੀ ।
ਸ਼ੇਖਰ ਨੇ ਹਸਦਿਆਂ ਹਸਦਿਆਂ ਆਖਿਆ, ਜੇ ਮੈਂ ਵਿਆਹ ਹੀ ਨ ਕਰਵਾਵਾਂ ਤਾਂ ?
ਭਵਨੇਸ਼ਵਰੀ ਹੱਸ ਪਈ । ਬੋਲੀ ਤੂੰ ਕਰ ਸਕਦਾ ਏਂ ਬੇਟਾ, ਤੇਰੇ ਵਿਚ ਕਿਹੜੀ ਗੱਲ ਦਾ ਘਾਟਾ ਹੈ ?
ਸ਼ੇਖਰ ਹੱਸ ਕੇ ਬੋਲਿਆ, ਸ਼ਾਇਦ ਕੋਈ , ਘਾਟਾ ਹੋਵੇ ਈ ਮਾਂ ?
ਮਾਂ ਗੰਭੀਰ ਹੋਕੇ ਆਖਣ ਲੱਗੇ, ਇਹ ਕਿਹੋ ਜਹੀਆਂ ਗੱਲਾਂ ਕਰ ਰਿਹਾ ਏਂ ਇਹੋ ਜਹੀਆਂ ਗੱਲਾਂ ਜ਼ਬਾਨੋਂ ਨ ਕੱਢ।
ਸ਼ੇਖਰ ਨੇ ਆਖਿਆ, ਐਨਾਂ ਚਿਰ ਤਾਂ ਮੈਂ ਮੂੰਹੋਂ ਕੱਢੀ ਨਹੀਂ ਮਾਂ, ਪਰ ਹੁਣ ਬਿਨਾਂ ਕੱਢੇ ਰਿਹਾ ਨਹੀਂ ਜਾਂਦਾ। ਜੇ ਮੈਂ ਹੁਣ ਵੀ ਨਾ ਕੱਢਾਂ ਤਾਂ ਇਹ ਬੜਾ ਭਾਰੀ ਪਾਪ ਹੋਵੇਗਾ।
ਭਵਨੇਸ਼ਵਰੀ ਨਾ ਸਮਝ ਸਕਣ ਦੇ ਕਾਰਨ ਉਸ ਦੇ ਮੂੰਹ ਵਲ ਸ਼ਕ ਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਈ ।
ਸ਼ੇਖਰ ਨੇ ਆਖਿਆ, ਤੁਸੀ ਆਪਣੇ ਏਸ ਲੜਕੇ ਦੇ ਕਈ ਕਸੂਰ ਮਾਫ ਕਰਦੇ ਆਏ ਹੋ । ਮੇਰਾ ਇਹ ਕਸੂਰ ਵੀ ਮਾਫ ਕਰਨਾ ਪਵੇਗਾ। ਮਾਂ ਮੈਂ ਸੱਚ ਮੁਚ ਹੀ ਇਹ ਵਿਆਹ ਨਹੀਂ ਕਰਾਂਗਾ।
ਪੁਤ੍ਰ ਦੀ ਗੱਲ ਤੇ ਉਹਦੇ ਚੇਹਰੇ ਦੇ ਭਾਵ ਨੂੰ ਵੇਖਕੇ ਭਵਨੇਸ਼ਵਰੀ ਸੱਚ ਮੁੱਚ ਹੀ ਤਲਖ ਹੋ ਪਈ।ਪਰ ਉਹ ਗੁੱਸੇ ਨੂੰ ਰੋਕਕੇ ਕਹਿਣ ਲੱਗੀ, ਚੰਗਾ ਚੰਗਾ ! ਨਾ ਕਰੀਂ, ਪਰ ਹੁਣ ਤੂੰ ਇੱਥੋਂ ਚਲਿਆ ਜਾਹ । ਮੈਨੂੰ ਪਰੇਸ਼ਾਨ ਨਾ ਕਰ ਸ਼ੇਖਰ, ਤੈਨੂੰ ਪਤਾ ਨਹੀਂ ਮੈਂ ਕਿੰਨੇ ਕੰਮ ਕਰਨੇ ਹਨ ?
ਸ਼ੇਖਰ ਫੇਰ ਇਕ ਵਾਰੀ ਹੱਸਣ ਦੀ ਕੋਸ਼ਸ਼ ਕਰਦਾ ਸੁਕੇ ਜਹੇ ਗਲ ਨਾਲ ਬੋਲ ਪਿਆ, "ਨਹੀਂ ਮਾਂ ਮੈਂ ਸੱਚ ਆਖਦਾ ਹਾਂ ਕਿ ਮੈਂ ਇਹ ਵਿਆਹ ਨਹੀਂ ਕਰਾਂਗਾ।”
"ਕਿਉਂ ! ਕੀ ਵਿਆਹ ਬੱਚਿਆਂ ਦਾ ਖੇਲ ਹੈ ?"
“ਖੇਲ ਨਹੀਂ, ਏਸੇ ਕਰਕੇ ਤਾਂ ਆਖਦਾ ਹਾਂ ।"
ਭਵਨੇਸ਼ਵਰੀ ਇਸ ਵਾਰੀ ਕ੍ਰੋਧ ਵਿਚ ਆ ਗਈ । ਗੁੱਸੇ ਨਾਲ ਆਖਣ ਲੱਗੀ, "ਵਿੱਚੋਂ ਗੱਲ ਕੀਏ ਖੋਲ ਕੇ ਦੱਸ।" ਇਹ ਸਾਰੀਆਂ ਗੜਬੜੀ ਦੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲਗਦੀਆਂ ।
ਸ਼ੇਖਰ ਨੇ ਹੌਲੀ ਜਹੀ ਆਖਿਆ, “ਫੇਰ ਕਿਸੇ ਦਿਨ ਸੁਣਨਾ ਮਾਂ ਫੇਰ ਦੱਸਾਂਗਾ।”
"ਫੇਰ ਕਿਸ ਦਿਨ ਦੱਸੇਂਗਾ ।" ਉਹਨੇ ਕਪੜੇ ਦੀ ਤਹਿ ਦੂਜੇ ਪਾਸੇ ਕਰਦੀ ਹੋਈ ਨੇ ਕਿਹਾ, ਹੁਣ ਹੀ ਮੈਨੂੰ ਕਾਂਸ਼ੀ ਭੇਜ ਦਿਹ, ਇਹੋ ਜਹੇ ਟੱਬਰ ਵਿਚ ਮੈਂ ਇਕ ਰਾਤ ਵੀ ਨਹੀਂ ਰਹਿਣਾ ਚਾਹੁੰਦੀ ।”
ਸ਼ੇਖਰ ਨੀਵੀਂ ਪਾਈ ਬੈਠਾ ਰਿਹਾ । ਭਵਨੇਸ਼ਵਰੀ ਹੋਰ ਭੀ ਭੜਕ ਕੇ ਕਹਿਣ ਲੱਗੀ, ਲਲਿਤਾ ਵੀ ਮੇਰੇ ਨਾਲ ਜਾਣਾ ਚਾਹੁੰਦੀ ਹੈ। ਮੈਂ ਵੇਖਾਂਗੀ ਕਿ ਇਸਦਾ ਬੰਦੋਬਸਤ ਕਰ ਸਕੀ ਤਾਂ ਜ਼ਰੂਰ ਕਰ ਦਿਆਂਗੀ।
ਇਸ ਵਾਰੀ ਸ਼ੇਖਰ ਸਿਰ ਉਠਾ ਕੇ ਹੱਸ ਪਿਆ । ਕਹਿਣ ਲੱਗਾ, ਤੁਸੀਂ ਇਹਨੂੰ ਨਾਲ ਲੈ ਜਾਉਗੇ ਤੇ ਇਹਦਾ ਹੋਰ ਬੰਦੋਬਸਤ ਕਿੱਥੇ ਕਰ ਦਿਉਗੇ ? ਮਾਂ ਇਸਨੂੰ ਤੇਰੀ ਗੋਦੀ ਤੋਂ ਬਿਨਾਂ ਹੋਰ ਕਿੱਥੇ ਥਾਂ ਮਿਲ ਸਕੇਗਾ?"
ਲੜਕੇ ਦੇ ਮੂੰਹ ਤੇ ਹਾਸਾ ਵੇਖ ਕੇ ਮਾਂ ਕੁਝ ਮਨ ਹੀ ਮਨ ਵਿਚ ਅਸ਼ਾਂਤ ਜਹੀ ਹੋਈ । ਲਲਿਤਾ ਵੱਲ ਵੇਖ ਕੇ ਕਹਿਣ ਲੱਗੀ, “ਸੁਣ ਲਈ ਧੀਏ ਇਹਦੀ ਗੱਲ ਸੁਣ ਲਈ ? ਇਹ ਸਮਝਦਾ ਹੈ ਕਿ ਜੇ ਮੈਂ ਚਾਹਾਂ ਤਾਂ ਤੈਨੂੰ ਜਿਥੇ ਮਰਜ਼ੀ ਹੋਵੇ ਲੈ ਜਾ ਸਕਦੀ ਹਾਂ ! ਇਹਦੀ ਮਾਮੀ ਪਾਸੋਂ ਨਹੀਂ ਪੁਛਣਾ ਪਏਗਾ?"
ਲਲਿਤਾ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ੇਖਰ ਦੀ ਗੱਲ ਬਾਤ ਦੇ ਢੰਗ ਤੋਂ ਉਹ ਮਨ ਹੀ ਮਨ ਵਿਚ ਬਹੁਤ ਸ਼ਰਮਾ ਰਹੀ ਸੀ।
ਸ਼ੇਖਰ ਨੇ ਅਖੀਰ ਨੂੰ ਆਖ ਹੀ ਦਿੱਤਾ, “ਜੇ ਇਹਦੀ ਮਾਮੀ ਨੂੰ ਪੁਛਣਾ ਹੈ ਤਾਂ ਪੁਛ ਲੈ ਤੇਰੀ ਮਰਜ਼ੀ। ਪਰ ਜੋ ਤੂੰ ਆਖੇਂਗੀ ਉਹੋ ਹੀ ਹੋਵੇਗਾ। ਮਾਂ-ਮੈਂ ਵੀ ਸਮਝਦਾ ਹਾਂ ਤੇ ਜਿਸਨੂੰ ਨਾਲ ਖੜਨਾ ਚਾਹੁੰਦੀ ਹੈ, ਉਹ ਵੀ ਜਾਣਦੀ ਹੈ, ਇਹ ਤੇਰੀ ਹੀ ਨੂੰਹ ਹੈ, ਇਹ ਆਖ ਕੇ ਉਹਨੇ ਨੀਵੀਂ ਪਾ ਲਈ ।
ਭਵਨੇਸ਼ਵਰੀ ਅਸਚਰਜ ਰਹਿ ਗਈ। ਮਾਂ ਦੇ ਸਾਹਮਣੇ ਉਲਾਦ ਦਾ ਇਹ ਮਖੌਲ ? ਇਕ ਟੱਕ ਉਸ ਵੱਲ ਵੇਖਦੀ ਹੋਈ ਬੋਲੀ, ਕੀ ਕਿਹਾ ਈ, ਇਹ ਕੀ ਹੈ ਮੇਰੀ ?"
ਸ਼ੇਖਰ ਮੂੰਹ ਉਤਾਂਹ ਨ ਕਰ ਸਕਿਆ, ਪਰ ਹੌਲੀ ਜਹੀ ਜਵਾਬ ਦਿੱਤਾ, “ਇਕ ਵਾਰੀ ਆਖ ਜੁ ਦਿੱਤਾ ਹੈ। ਅੱਜ ਨਹੀਂ ਚਾਰ ਸਾਲ ਤੋਂ ਵੱਧ ਹੋ ਗਏ ਹਨ ਜਦੋਂ ਦੀ ਤੂੰ ਸੱਚ ਮੁੱਚ ਹੀ ਉਸ ਦੀ ਮਾਂ (ਸੱਸ) ਹੋ, ਮਾਂ ਮੇਰੇ ਕੋਲੋਂ ਕਿਹਾ ਨਹੀਂ ਜਾਂਦਾ ਉਸ ਕੋਲੋਂ ਪੁਛ ਲੈ, ਓਹੋ ਹੀ ਦਸੇਗੀ ।' ਆਖਕੇ ਜਿਉਂ ਹੀ ਉਸ ਨੇ ਲਲਿਤਾ ਵਲ ਵੇਖਿਆ ਕਿ ਲਲਿਤਾ ਗਲ ਵਿਚ ਕਪੜਾ ਪਾਕੇ ਮਾਂ ਨੂੰ ਪ੍ਰਨਾਮ ਕਰਨ ਲਈ ਤਿਆਰ ਹੋ ਰਹੀ ਹੈ । ਉਹ ਉਠਕੇ ਉਸਦੇ ਪਾਸ ਆ ਖਲੋਤਾ, ਅਰ ਦੋਹਾਂ ਨੇ ਇਕਠੇ ਹੋਕੇ ਮਾਂ ਦੇ ਚਰਨਾਂ ਤੇ ਸਿਰ ਰਖਕੇ ਪ੍ਰਣਾਮ ਕੀਤਾ । ਇਸ ਦੇ ਪਿਛੋਂ ਸ਼ੇਖਰ ਚੁਪ ਚਾਪ ਹੌਲੀ ਜਹੀ ਬਾਹਰ ਚਲਾ ਗਿਆ।
ਤਦ ਭਵਨੇਸ਼ਵਰੀ ਦੀਆਂ ਦੋਹਾਂ ਅਖਾਂ ਵਿਚੋਂ ਖੁਸ਼ੀ ਦੇ ਅਥਰੂ ਡਿਗਣ ਲਗ ਪਏ। ਉਹ ਲਲਿਤਾ ਨੂੰ ਬਹੁਤ ਹੀ ਪਿਆਰ ਕਰਦੀ ਹੁੰਦੀ ਸੀ । ਸੰਦੂਕ ਖੋਹਲਕੇ ਆਪਣੇ ਸਭ ਦੇ ਸਭ ਗਹਿਣੇ ਕੱਢ ਕੇ ਉਨ੍ਹਾਂ ਨੇ ਉਸਨੂੰ ਪੁਆਕੇ ਹੌਲੀ ਹੌਲੀ ਇਕ ਇਕ ਕਰਕੇ ਸਭ ਗੱਲਾਂ ਜਾਣ ਲਈਆਂ। ਸਭ ਸੁਣ ਸੁਣਾ ਕੇ ਉਨਾਂ ਨੇ ਕਿਹਾ “ਇਸੇ ਕਰਕੇ ਸ਼ਾਇਦ ਗਰੀਨ ਦਾ ਵਿਆਹ ਕਾਲੀ ਨਾਲ ਹੋਇਆ ਸੀ ।``
ਲਲਿਤਾ ਨੇ ਕਿਹਾ-"ਹਾਂ ਮਾਂ ਇਸੀ ਨਾਲ ਹੀ । ਗਰੀਨ ਬਾਬੂ ਜਹੇ ਆਦਮੀ ਦੁਨੀਆਂ ਵਿਚ ਹੋਰ ਹਨ ਜਾ ਨਹੀਂ, ਮਾਲੂਮ ਨਹੀਂ । ਮੈਂ ਉਸ ਨੂੰ ਸਮਝਾ ਕੇ ਕਿਹਾ ਅਤੇ ਸੁਣਦੇ ਹੀ ਉਨਾ ਨੇ ਵਿਸ਼ਵਾਸ ਕਰ ਲਿਆ ਕਿ ਸਚ ਮੁਚ ਹੀ ਮੇਰਾ ਵਿਆਹ ਹੋ ਚੁਕਾ ਹੈ, ਪਤੀ ਮੈਨੂੰ ਸਵੀਕਾਰ ਕਰਨ ਜਾ ਨਾ ਕਰਨ, ਇਹ ਉਨਾਂ ਦੀ ਇੱਛਾ ਪਰ ਉਹ ਮੇਰੇ ਪਤੀ ਜ਼ਰੂਰ ਹਨ ।"
ਭਵਨੇਸ਼ਰੀ ਨੇ ਲਲਿਤਾ ਦੇ ਮਥੇ ਤੇ ਹਥ ਰਖ ਕੇ ਕਿਹਾ - 'ਜ਼ਰੂਰ ਹੈ ਬੇਟੀ ਮੈਂ ਅਸ਼ੀਰਬਾਦ ਦਿੰਦੀ ਹਾਂ ਕਿ ਜਨਮ ਜਨਮ ਵਡੀ ਉਮਰ ਵਾਲੀ ਹੋਕੇ ਰਹੇਂ। ਜ਼ਰਾ ਠਹਿਰਨਾ ਬੇਟੀ! ਅਬਨਾਸ਼ ਨੂੰ ਖਬਰ ਦੇ ਆਵਾਂ ਕਿ ਵਿਆਹ ਦੀ ਵਹੁਟੀ ਬਦਲ ਗਈ ਹੈ।" ਇਤਨਾ ਆਖ ਕੇ ਉਹ ਹਸਦੀ ਹੋਈ ਵਡੇ ਲੜਕੇ ਦੇ ਕਮਰੇ ਵਲ ਚਲੀ ਗਈ ।
-ਸਮਾਪਤ-
(ਅਨੁਵਾਦਕ : ਸ: ਦਸੌਂਧਾ ਸਿੰਘ 'ਮੁਸ਼ਤਾਕ`)

  • ਮੁੱਖ ਪੰਨਾ : ਸ਼ਰਤ ਚੰਦਰ ਚੱਟੋਪਾਧਿਆਏ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ