Patthar De Bande (Story in Punjabi) : Ram Lal

ਪੱਥਰ ਦੇ ਬੰਦੇ (ਕਹਾਣੀ) : ਰਾਮ ਲਾਲ

ਉਹ ਪੇਸ਼ਾਵਰ ਰੰਡੀ ਸੀ। ਵੇਸ਼ਵਾ ਦੀ ਧੀ ਵੇਸ਼ਵਾ।
ਤੇ ਉਹ ਪੇਸ਼ਾਵਰ ਮੁਜਰਿਮ ਸੀ—ਆਦੀ ਚੋਰ, ਸਧਿਆ ਹੋਇਆ ਜੇਬ ਕਤਰਾ ਤੇ ਹੰਢਿਆ ਹੋਇਆ ਧੰਦੇਬਾਜ਼।
ਦੋਵੇਂ ਸਮਾਜ ਦੇ ਰਿਸਦੇ ਹੋਏ ਨਾਸੂਰ ਤੇ ਸਭਿਅਤਾ ਦੀ ਕੋਰੀ ਚਾਦਰ ਉੱਤੇ ਕਾਲੇ ਦਾਗ਼ ਸਨ। ਚੰਪਾ ਬਾਈ ਕੋਠੇ ਦੀ ਦੁਨੀਆਂ ਦੇ ਤੌਰ ਤਰੀਕਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ, ਤੇ ਪੂਰੀ ਤਰ੍ਹਾਂ ਪਾਬੰਦ ਵੀ ਸੀ ਉਹਨਾਂ ਦੀ। ਉਸਦਾ ਕੋਈ ਵੀ ਗਾਹਕ ਉਹ ਚਾਹੇ ਮੁੰਡਾ-ਮਛੋਹਰ ਹੁੰਦਾ ਜਾਂ ਬੁੱਢਾ-ਠੇਰਾ, ਛੈਲ-ਬਾਂਕਾ ਹੁੰਦਾ ਜਾਂ ਬਦਸੂਰਤੀ ਦਾ ਪੁਤਲਾ, ਕਿਸੇ ਵੀ ਖਾਸ ਰਿਆਇਤ ਨਾਲ ਨਿਵਾਜਿਆ ਨਹੀਂ ਸੀ ਜਾਂਦਾ। ਬਾਂਕੀਆਂ ਅਦਾਵਾਂ, ਦਿਲ ਲੁਭਾਊ ਨਾਜ਼ -ਖਰੇ, ਸਭੋ ਕੁਝ ਉਸ ਨੇ ਬਚਪਨ ਵਿਚ ਹੀ ਆਪਣੀ ਮਾਂ ਪਾਸੋਂ ਸਿਖ ਲਿਆ ਹੋਇਆ ਸੀ। ਤੇ ਨਾਲੇ ਉਸ ਨੂੰ ਮਾਣ ਵੀ ਸੀ ਕਿ ਉਹ ਖਾਨਦਾਨੀ ਕੋਠੇ ਵਾਲੀ ਸੀ।
ਤੇ ਇਸ ਦੇ ਐਨ ਉਲਟ ਜੱਗੂ ਆਪਣੀ ਕਿਸਮਤ ਦਾ ਧਨੀ ਆਪ ਸੀ। ਉਸ ਧੰਦਾ ਬਚਪਨ ਤੋਂ ਆਪ ਈ ਸਿਖਿਆ ਸੀ। ਜਦੋਂ ਉਹ ਸਭ ਵੱਲੋਂ ਫਿਟਦਾਰਿਆ ਗਿਆ ਤਾਂ ਉਸ ਨੇ ਆਪਣੇ ਪੈਰੀਂ ਆਪ ਖਲੋਣ ਦਾ ਨਿਸ਼ਚਾ ਕੀਤਾ ਸੀ। ਤੇ ਫੇਰ ਭੀਖ ਮੰਗਣ ਤੋਂ ਲੈ ਕੇ ਅੱਜ ਤਕ ਜੇਬ ਕਟਣਾ, ਚੋਰੀ ਚਕਾਰੀ, ਅਫੀਮ ਤੇ ਸ਼ਰਾਬ ਦੀ ਬਲੈਕ ਕਰਨੀ, ਛੁਰੇਬਾਜ਼ੀ ਤੇ ਫਸਾਦਾਂ ਦੇ ਦਿਨੀਂ ਅੱਗਾਂ ਲਾਉਣੀਆ, ਲੁੱਟਮਾਰ, ਧੋਖੇਬਾਜ਼ੀ ਤੇ ਦਾਦਗੀਰੀ, ਪਤਾ ਨਹੀਂ ਕੀ ਕੁਝ ਉਹ ਕਰ ਚੁੱਕਿਆ ਸੀ। ਗੱਲ ਕੀ ਏਸ ਹਨੇਰੀ ਦੁਨੀਆਂ ਦਾ ਕੋਈ ਵੀ ਦਾਅ-ਪੇਚ ਉਸ ਤੋਂ ਗੁੱਝਾ ਨਹੀਂ ਸੀ ਰਿਹਾ। ਤੇ ਹੁਣ ਏਸ ਰਾਹ 'ਤੇ ਨਵੇਂ ਤਾਂ ਕੀ ਪੁਰਾਣੇ ਗੁਰਗੇ ਵੀ ਉਸ ਨੂੰ ਉਸਤਾਦ ਮੰਨ ਕੇ ਸਲਾਮ ਕਰਦੇ ਸਨ। ਤੇ ਉਸਨੂੰ ਵੀ ਆਪਣੇ ਰੁਤਬੇ ਦਾ ਪੂਰਾ-ਪੂਰਾ ਅਹਿਸਾਸ ਸੀ।
ਜੱਗੂ ਤੇ ਚੰਪਾ ਮਿਲੇ ਕਿਵੇਂ?
ਉਸੇ ਤਰ੍ਹਾਂ ਜਿਵੇਂ ਏਸ ਤਬਕੇ ਦੇ ਲੋਕ ਆਮ ਤੌਰ 'ਤੇ ਮਿਲ ਜਾਇਆ ਕਰਦੇ ਨੇ, ਪਰ ਇਸ ਮੁਲਾਕਾਤ ਤੋਂ ਬਾਅਦ ਉਹਨਾਂ ਵਿਚ ਇਕ ਅਜੀਬ ਤਰ੍ਹਾਂ ਦਾ ਸਮਝੌਤਾ ਹੋ ਗਿਆ। ਜਿਸ ਲਈ ਨਾ ਤਾਂ ਕੋਈ ਲਿਖਤ ਪੜ੍ਹਤ ਕੀਤੀ ਗਈ ਤੇ ਨਾ ਹੀ ਦਸਖ਼ਤ ਅੰਗੂਠੇ ਦੀ ਲੋੜ ਪਈ। ਪਰ ਹਾਂ, ਸਮਝੌਤਾ ਜ਼ਰੂਰ ਹੋ ਗਿਆ ਤੇ ਦੋਵੇਂ ਉਸ ਉੱਤੇ ਕਾਇਮ ਵੀ ਸਨ।
ਤੇ ਉਹ ਸਮਝੌਤਾ ਕੀ ਸੀ?
ਮਹੀਨੇ ਵਿਚ ਇਕ ਵਾਰ, ਇਕ ਰਾਤ ਜਾਂ ਸਿਰਫ ਇਕ ਸ਼ਾਮ, ਦੋਵਾਂ ਦੇ ਸੁਖਦ ਮਿਲਾਪ ਸਮੇਂ ਕੋਈ ਦਖਲ ਨਹੀਂ ਸੀ ਦਿੰਦਾ ਤੇ ਉਸ ਰਾਤ ਜਾਂ ਉਸ ਸ਼ਾਮ ਜਿਨਸੀ ਪਸ਼ੂਪੁਣੇ ਤੋਂ ਵਧੇਰੇ ਮਾਨਸਿਕ ਉਲਝਣਾ ਬਹਿਸ ਦਾ ਮੁੱਖ ਵਿਸ਼ਾ ਹੁੰਦੀਆਂ। ਦੋਵੇਂ ਇਕ ਦੂਜੇ ਦੇ ਜੀਵਨ ਨੂੰ ਨਿਰਖਦੇ-ਪਰਖਦੇ ਤੇ ਆਪੋ-ਆਪਣੀਆਂ ਔਕੜਾਂ ਬਿਆਨ ਕਰਦੇ। ਉਹ ਆਪਣੇ ਗਾਹਕਾਂ ਦੇ ਕਿੱਸੇ ਚਟਪਟੇ ਬਣਾ ਕੇ ਸੁਣਾਉਂਦੀ ਤੇ ਉਹ ਆਪਣੇ 'ਸ਼ਿਕਾਰ' ਦੀਆਂ ਗੱਲਾਂ ਦਸਦਾ। ਉਹ ਹੱਸਦੀ ਤਾਂ ਉਹ ਝੰਜਲਾ ਉਠਦਾ। ਉਹ ਠਹਾਕਾ ਮਾਰਦਾ ਤਾਂ ਉਹ ਬੁਸਿਆ ਜਿਹਾ ਮੂੰਹ ਬਣਾ ਲੈਂਦੀ।
ਤੇ—
ਉਸ ਸ਼ਾਮ ਦੇ ਨਾ ਉਹ ਪੈਸੇ ਮੰਗਦੀ ਤੇ ਨਾ ਹੀ ਉਹ ਦਿੰਦਾ ਪਰ ਕਦੇ ਕਦਾਈਂ ਇਕ ਅੱਧ ਗਜਰਾ ਤੇ ਕੁਝ ਚੂੜੀਆਂ ਜਾਂ ਕੋਈ ਸਸਤਾ ਜਿਹਾ ਦੁਪੱਟਾ ਜਾਂ ਸੁਰਮੇਂ ਦੀ ਸ਼ੀਸ਼ੀ ਤੇ ਜਾਂ ਨਕਲੀ ਹਾਥੀ ਦੰਦ ਦੀ ਕੰਘੀ ਖਰੀਦ ਲਿਆਉਂਦਾ। ਜਿਸ ਨੂੰ ਉਹ ਝੋਲੀ ਅੱਡ ਕੇ ਲੈ ਲੈਂਦੀ। ਪਰ ਚੰਪਾ ਨੇ ਇਹ ਸਭ ਵਸਤਾਂ ਸਿਰਫ ਉਸੇ ਸ਼ਾਮ ਲਈ ਸਾਂਭ ਛੱਡੀਆਂ ਸਨ, ਹੋਰ ਦਿਨੀਂ ਉਹ ਉਸਦੇ ਸੰਦੂਕ ਵਿਚ ਬੰਦ ਰਹਿੰਦੀਆਂ।
ਨਿੱਤ-ਵਰਤੋਂ ਦੇ ਭੜਕੀਲੇ ਕੱਪੜਿਆਂ ਤੇ ਗੂੜ੍ਹੇ ਰੰਗਾਂ ਦੀ ਲਿੱਪਾ-ਪੋਚੀ ਦੇ ਸਾਜ਼-ਸਾਮਾਨ ਦਾ ਪ੍ਰਛਾਵਾਂ ਵੀ ਉਹ ਇਹਨਾਂ ਉੱਤੇ ਨਾ ਪੈਣ ਦਿੰਦੀ।
ਉਸ ਸ਼ਾਮ ਚੰਪਾ ਆਪਣੇ ਹੱਥੀ ਗੁੱਤ ਕਰਦੀ। ਮਾਂ, ਭੜੂਏ ਤੇ ਹੋਟਲ—ਜੋ ਰੋਜ਼-ਰੋਜ਼ ਦਾ ਢਿੱਡ ਭਰਨ ਦਾ ਜ਼ਰੀਆ ਸਨ, ਉਸ ਦਿਨ ਉਹ ਉਹਨਾਂ ਸਾਰਿਆਂ ਨੂੰ ਭੁੱਲ ਜਾਂਦੀ। ਮੱਚੀਆਂ ਰੋਟੀਆਂ, ਬੇ-ਸੁਆਦੀ ਸਬਜ਼ੀ ਤੇ ਨਮਦੇ-ਹਲਾਲ ਕਰਨ ਵਾਲੀ ਦਾਲ ਜਦ ਉਹ ਆਪਦੇ ਜੱਗੂ ਅੱਗੇ ਪਰੋਸਦੀ ਤਾਂ ਉਹ ਇੰਜ ਪੱਚਾਕੇ ਮਾਰ-ਮਾਰ, ਤੇ ਉਂਗਲਾਂ ਚਟ-ਚਟ ਕੇ ਖਾਂਦਾ ਜਿਵੇਂ ਇਹ ਖਾਣਾ ਉਹਨਾਂ ਹੋਟਲਾਂ ਦੇ ਪਕਵਾਨਾਂ ਨਾਲੋਂ ਕਿਤੇ ਵਧ ਸੁਆਦੀ ਹੋਵੇ, ਜਿਹਨਾਂ ਵਿਚ ਉਹ ਕਦੇ ਭਾਰੀ ਜੇਬ ਕੱਟ ਕੇ ਜਾਂ ਅਫ਼ੀਮ ਸਪਲਾਹੀ ਕਰਨ ਤੋਂ ਬਾਅਦ ਬੜੇ ਠਾਠ ਤੇ ਰੋਅਬ ਨਾਲ ਹੁਕਮ ਦੇ ਕੇ ਖਾਂਦਾ ਹੁੰਦਾ ਸੀ।
ਅਜਿਹੀ ਹੀ ਇਕ ਸ਼ਾਮ ਨੂੰ ਦੋਵਾਂ ਨੇ ਇਕ ਫਿਲਮ ਦੇਖੀ। ਜੱਗੂ ਨੇ ਟਿਕਟਾਂ ਲਈਆਂ ਪਰ ਕੁਝ ਏਸ ਧੁੜਕੂ ਨਾਲ ਕਿ ਕਿਤੇ ਜੇਬ ਹੀ ਨਾ ਕੱਟੀ ਜਾਏ, ਕਿਉਂਕਿ ਟਿਕਟ-ਖਿੜਕੀ ਦੇ ਐਨ ਉਪਰ ਇਕ ਇਸ਼ਤਿਹਾਰ ਲੱਗਾ ਹੋਇਆ ਸੀ—
'ਜੇਬ ਕਤਰਿਆਂ ਤੋਂ ਬਚੋ ।'
ਤੇ ਕੁਝ ਦੂਰੀ 'ਤੇ ਚੰਪਾ ਕੁਝ ਇੰਜ ਸਿਮਟੀ ਖੜ੍ਹੀ ਸੀ ਜਿਵੇਂ ਕਿਸੇ ਓਪਰੇ ਬੰਦੇ ਦਾ ਪਰਛਾਵਾਂ ਪੈ ਜਾਣ ਦਾ ਵੀ ਉਸਨੂੰ ਡਰ ਸੀ।
ਦੋ-ਤਿੰਨ ਮੁੰਡਿਆਂ ਨੇ ਜਦ ਕੁਝ ਚਿਰ ਲਈ ਉਸ ਵਲ ਘੂਰ ਘੂਰ ਕੇ ਵੇਖਿਆ ਤਾਂ ਜਵਾਬੀ ਮੁਸਕਰਾਹਟ ਦੀ ਥਾਂ ਪਤਾ ਨਹੀਂ ਕਿੱਥੋਂ ਸਾਰੀ ਦੁਨੀਆਂ ਦੀ ਸੰਗਾਊ, ਲਾਲ ਭਾਅ ਉਸਦੇ ਚਿਹਰੇ ਉੱਤੇ ਆ ਗਈ।
ਫਿਲਮ ਘਰੇਲੂ ਕਿਸਮ ਦੀ ਸੀ ਤੇ ਉਸ ਵਿਚ ਇਕ ਬੰਦਾ ਤੇ ਤੀਵੀਂ ਆਪਣਾ ਟੱਬਰ ਕਾਇਮ ਰੱਖਣ ਖਾਤਰ ਸਾਰੇ ਸਮਾਜ ਨਾਲ ਟਕਰ ਲੈਂਦੇ ਦਰਸਾਏ ਗਏ ਸਨ। ਫਿਲਮ ਮੁਕਣ 'ਤੇ ਰਬ ਜਾਣੇ ਦੋਵਾਂ ਨੂੰ ਕੀ ਸੱਪ ਸੁੰਘ ਗਿਆ ਕਿ ਨਾ ਤਾਂ ਜੱਗੂ ਨੇ ਕੋਈ ਗੀਤ ਗੁਣਗੁਣਾਇਆ ਤੇ ਨਾ ਹੀ ਚੰਪਾ ਨੇ ਹੀਰੋਇਣ ਬਾਰੇ ਟੀਕਾ-ਟਿਪਣੀ ਕੀਤੀ।
ਆਖ਼ਰ ਕੁਝ ਚਿਰ ਦੀ ਚੁੱਪ ਮਗਰੋਂ ਚੰਪਾ ਨੇ ਹੀ ਪਹਿਲ ਕੀਤੀ—
“ਜੱਗੂ !” ਚੰਪਾ ਇੰਜ ਬੋਲੀ ਜਿਵੇਂ ਮੂੰਹ ਵਿਚ ਬੋਲ ਨਾ ਹੋਵੇ।
“ਹੂੰ !” ਜੱਗੂ ਤ੍ਰਬਕਿਆ ਜਿਵੇਂ ਹੁਣੇ ਜਾਗਿਆ ਹੋਵੇ।
“ਚਲ, ਰਹਿਣ-ਦੇ, ਕੁਝ ਨਹੀਂ।” ਚੰਪਾ ਦਾ ਮਨ ਜਿਵੇਂ ਕੁਝ ਬੁਝ ਗਿਆ।
ਜੱਗੂ ਹੁਣ ਪੂਰੀ ਤਰ੍ਹਾਂ ਚੇਤੰਨ ਸੀ। ਉਸ ਕਰਾਰ ਨਾਲ ਕਿਹਾ—“ਨਹੀਂ ਕੋਈ ਗੱਲ ਤਾਂ ਹੈ।”
“ਤੂੰ ਮਖੌਲ ਕਰੇਂਗਾ।” ਚੰਪਾ ਦੇ ਚਿਹਰੇ ਉੱਤੇ ਇਕ ਅਜੀਬ ਜਿਹੀ ਚਮਕ ਸੀ ਜਿਵੇਂ ਕੁਝ ਕਹਿਣ ਲਈ ਬੇਚੈਨ ਹੋਵੇ। “ਤੇਰੀ ਸਹੁੰ ਨਹੀਂ।” ਜੱਗੂ ਨੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ ਤੇ ਚੰਪਾ ਨੂੰ ਇੰਜ ਲੱਗਿਆ ਜਿਵੇਂ ਉਸਦੇ ਸਿਰ 'ਤੇ ਕੋਈ ਮਿਹਰਬਾਨ ਆਸਰਾ ਹੋਵੇ, ਤੇ ਉਹ ਬੋਲੀ, “ਉਹ ਬੱਚਾ ਸੀ ਨਾ? ਕੇਡਾ ਪਿਆਰਾ ਸੀ, ਗੋਭਲਾ ਜਿਹਾ—” ਚੰਪਾ ਇਕਦਮ ਚੁੱਪ ਹੋ ਗਈ।
“ਔਹ! ਉਹ ਬੱਚਾ।” ਜੱਗੂ ਜਿਵੇਂ ਚੰਪਾ ਨਾਲ ਨਹੀਂ ਆਪਣੇ ਆਪ ਨਾਲ ਬੋਲਿਆ ਸੀ, ਤੇ ਫੇਰ ਦੋਵੇਂ ਚੁੱਪ ਹੋ ਗਏ। ਸਾਰੀ ਰਾਹ ਉਹ ਗੁੰਮਸੁੰਮ ਤੁਰਦੇ ਰਹੇ।
ਉਸ ਰਾਤ ਨਾ ਤਾਂ ਉਹ ਖਹਿਬੜੇ, ਨਾ ਹੱਸੇ। ਬਸ ਬੈਠੇ ਰਹੇ, ਪਏ ਰਹੇ ਤੇ ਫੇਰ ਦੋਵਾਂ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਗੂੜ੍ਹੀ ਨੀਂਦ ਆ ਗਈ ਹੋਵੇ ਤੇ ਕਈ ਘੰਟੇ ਇਸੇ ਹਾਲਤ ਵਿਚ ਬੀਤ ਗਏ। ਅੱਧੀ ਰਾਤੀਂ ਅਚਾਨਕ ਹੀ ਜੱਗੂ ਨੇ ਚੰਪਾ ਨੂੰ ਝੰਜੋੜ ਸੁੱਟਿਆ।
“ਚੰਪਾ !”
ਪਰ ਏਨਾ ਝੰਜੋੜਨ ਦੀ ਲੋੜ ਈ ਨਹੀਂ ਸੀ। ਚੰਪਾ ਇੰਜ ਉਠੀ ਜਿਵੇਂ ਉਹਨੂੰ ਪਹਿਲਾਂ ਹੀ ਕਿਸੇ ਗੱਲ ਦੀ ਉਡੀਕ ਹੋਵੇ। ਜੱਗੂ ਨੇ ਚਿਹਰੇ ਉੱਤੇ ਇਕ ਅਜੀਬ ਜਿਹੀ ਸੰਜੀਦਗੀ ਲਿਆ ਕੇ ਕਿਹਾ, “ਇਕ ਗੱਲ ਏ।”
“ਕੀ?” ਚੰਪਾ ਚੇਤੰਨ ਹੋ ਗਈ।
“ਨਹੀਂ ਤੂੰ ਹੰਸੇਂਗੀ।”
ਜੱਗੂ ਦੀ ਆਵਾਜ਼ ਵਿਚ ਮਜ਼ਾਕ ਨਹੀਂ ਸੰਜੀਦਗੀ ਸੀ।
“ਤੇਰੀ ਸਹੁੰ ਨਹੀਂ।” ਤੇ ਐਤਕੀਂ ਚੰਪਾ ਨੇ ਉਸਦੇ ਸਿਰ 'ਤੇ ਹੱਥ ਰੱਖ ਦਿੱਤਾ।
ਜੱਗੂ ਨੇ ਉਸਦੇ ਹੱਥ ਉੱਤੇ ਹੱਥ ਰਖਦਿਆਂ ਕਿਹਾ...:
“ਓਹ ਨੰਦੂ ਐ ਨਾ ?”
ਚੰਪਾ ਨੇ ਝੱਟ ਆਪਣਾ ਹੱਥ ਖਿੱਚ ਲਿਆ। ਜਿਵੇਂ ਬਿੱਛੂ ਨੇ ਡੰਗ ਮਰ ਦਿੱਤਾ ਹੋਵੇ। ਜੱਗੂ ਤਾੜ ਗਿਆ, ਉਹਨੇ ਮਿੱਠੀ ਝਿੜਕੀ ਭਰੀ ਆਵਾਜ਼ ਵਿਚ ਕਿਹਾ, “ਤੀਵੀਂ 'ਚ ਇਸੇ ਲਈ ਅਕਲ ਦੀ ਕਮੀ ਮਸ਼ਹੂਰ ਏ, ਗੱਲ ਤਾਂ ਸੁਣ ਲਈ ਹੁੰਦੀ ਪਹਿਲੋਂ।”
“ਕਿਹੜਾ ਨੰਦੂ?” ਚੰਪਾ ਦੇ ਮੱਥੇ ਦੀ ਤਿਊੜੀ ਅਜੇ ਤਕ ਮਿਟੀ ਨਹੀਂ ਸੀ।
“ਨੌਕਰ ਏ ਕਿਸੇ ਬਹੁਤ ਵੱਡੇ ਆਦਮੀ ਦਾ।”
“ਹੋਏ—ਸਾਨੂੰ ਕੀ? ਤੂੰ ਵੀ ਕੀ ਕੁਵੇਲੇ ਦੀ ਭੈਰਵੀ ਛੇੜ ਬੈਠਾ ਏਂ।”
“ਬਈ ਉਸਨੇ ਛੁੱਟੀ ਤੇ ਜਾਣਾ ਏਂ। ਉਸ ਦੀ ਭੈਣ ਦਾ ਵਿਆਹ ਏ। ਉਸ ਦਾ ਮਾਲਕ ਉਸਨੂੰ ਛੁੱਟੀ ਨਹੀਂ ਦਿੰਦਾ।”
“ਤਾਂ ਤੂੰ ਸਿਫਾਰਸ਼ ਪਾਉਣ ਜਾਏਗਾ?” ਚੰਪਾ ਨੇ ਚਿੜਾਉਣ ਖਾਤਰ ਕਿਹਾ।
“ਓਇ ਸਾਡੀ ਬਾਤ ਕੌਣ ਪੁੱਛਦਾ ਏ ਭਾਗਵਾਨੇ। ਸਾਡੀ ਜੀਭ ਤਾਂ ਚਾਕੂ ਹੋਈ।”
“ਤਾਂ ਡਰਾਏਂਗਾ ਕਿ?” ਚੰਪਾ ਦੀ ਆਵਾਜ਼ ਵਿਚ ਕੰਬਣੀ ਸੀ।
“ਓ ਨਹੀਂ ਬਈ। ਉਸ ਦਾ ਮਾਲਕ ਕਹਿੰਦਾ ਏ ਕਿ ਉਸਨੇ ਓਹਨੀਂ ਦਿਨੀ ਵਾਹਵਾ ਸਾਰੇ ਬੰਦਿਆਂ ਦੀ ਰੋਟੀ ਕਰਨੀਂ ਏ। ਏਸ ਤੋਂ ਬਿਨਾਂ ਕਈ ਹੋਰ ਵੀ ਅਜਿਹੇ ਹੀ ਕੰਮ ਨੇ ਜੋ ਨੰਦੂ ਜਿਮੇਂ ਨੇ। ਨੰਦੂ ਤੇ ਉਸਦੀ ਘਰਵਾਲੀ ਦਾ ਕਹਿਣਾ ਏਂ ਕਿ ਜੇ ਉਹ ਨਾ ਅਪੜੇ ਤਾਂ ਬਰਾਦਰੀ ਨੇ ਜਿਊਣ ਨਹੀਂ ਦੇਣਾ। ਪਿਓ ਉਸਦਾ ਮਰ ਚੁੱਕਿਆ ਏ। ਮਾਂ ਵਿਚਾਰੀ 'ਕੱਲੀ ਏ।”
ਜੱਗੂ ਇੰਜ ਬੋਲ ਰਿਹਾ ਸੀ ਜਿਵੇਂ ਆਪ ਸਾਰੀ ਉਮਰ ਉਹ ਬਰਾਦਰੀ ਦੇ ਡਰੋਂ ਸਹਿਮਿਆ-ਸਹਿਮਿਆ ਜਿਊਂਦਾ ਰਿਹਾ ਹੋਵੇ। ਜੱਗੂ ਨੇ ਉਸੇ ਰੋਂ ਵਿਚ ਕਿਹਾ—
“ਨੰਦੂ ਕਹਿੰਦਾ ਸੀ ਕਿ...”
ਉਹ ਬੋਲਦਿਆਂ ਬੋਲਦਿਆਂ ਚੁੱਪ ਕਰ ਗਿਆ। “ਕੀ ਕਹਿੰਦਾ ਸੀ ਨੰਦੂ?” ਇਸ ਵਾਰੀ ਚੰਪਾ ਨੇ ਇੰਜ ਪੁੱਛ ਰਹੀ ਸੀ ਜਿਵੇਂ ਉਹ ਜਨਮ-ਜਨਮਾਂਤਰ ਦੀ ਨੰਦੂ, ਉਸਦੀ ਭੈਣ ਤੇ ਉਸਦੇ ਹੋਣ ਵਾਲੀ ਪਤੀ ਦੀ ਸਿਆਣੂ ਹੋਵੇ।
ਜੱਗੂ ਨੇ ਕਿਹਾ, “ਕਹਿੰਦਾ ਸੀ ਕਿ ਜੇ ਮੈਂ ਤੇ ਤੂੰ ਉਸ ਦੀ ਥਾਂ ਇਹ ਅੱਠ ਕੁ ਦਿਨ ਘਰ ਭੁਗਤਾ ਦੇਈਏ ਤਾਂ...”
“ਭੁਗਤਾ ਦੇਈਏ ?” ਚੰਪਾ ਸਵਾਲ ਬਣੀ ਹੋਈ ਸੀ।
“ਇਉਂ,” ਗੱਲ ਕਰਨ ਤੋਂ ਪਹਿਲਾਂ ਜੱਗੂ ਨੇ ਇਕ ਭਰਪੂਰ ਨਿਗਾਹ ਚੰਪਾ ਉਪਰ ਮਾਰੀ ਜਿਵੇਂ ਗੱਲ ਕਹਿਣ ਤੋਂ ਪਹਿਲਾਂ ਉਸ ਦਾ ਪ੍ਰਭਾਵ ਜਾਚਣਾ ਚਾਹੁੰਦਾ ਹੋਏ, “ਕਿ ਉਹਦੀ ਥਾਂ ਦੋਵੇਂ ਮੀਆਂ-ਬੀਵੀ ਬਣ ਕੇ ਕੰਮ ਸਾਂਭ ਲਈਏ। ਇਕ ਹਫਤੇ ਦੀ ਤਾਂ ਗੱਲ ਐ ਸਾਰੀ।”
ਜੱਗੂ ਨੂੰ ਉਮੀਦਾ ਤਾਂ ਨਹੀਂ ਸੀ ਪਰ ਚੰਪਾ ਦੀ ਮੁਸਕਰਾਹਟ ਤੋਂ ਇਸ ਗੱਲ ਦਾ ਪਤਾ ਲੱਗਦਾ ਸੀ ਕਿ ਉਹ ਮੁਦਤਾਂ ਤੋਂ ਇਹਨਾਂ ਸਭ ਦਿਨਾਂ ਦੀ ਉਡੀਕ ਵਿਚ ਸੀ।
ਲਾਲਾ ਖੁਸ਼ਬਖ਼ਸ਼ ਰਾਏ ਦੀ ਕੋਠੀ ਬੜੀ ਸ਼ਾਨਦਾਰ ਸੀ। ਇਸੇ ਕਰਕੇ ਉਸ ਦੇ ਮੁਲਾਜ਼ਮਾਂ ਦੇ ਕੁਆਰਟਰ ਵੀ ਸਾਫ ਸੁਥਰੇ ਸਨ। ਚੰਪਾ ਦੇ ਕੋਠੇ ਦੀ ਘੁਟਣ ਤੇ ਜੱਗੂ ਦੇ ਫੁਟਪਾਥ ਦਾ ਖੁਰਦਰਾਪਣ ਇੱਥੇ ਨਹੀਂ ਸੀ। ਉਹਨਾਂ ਦੋਵਾਂ ਕੁਝ ਦਿਨਾਂ ਲਈ ਆਪਣਾ ਸਮਾਨ ਤਾਂ ਇੱਥੇ ਲਿਆਉਣਾ ਸੀ, ਹਾਂ ਨੰਦੂ ਦੇ ਘਰ ਦੀਆਂ ਚੀਜ਼ਾਂ ਦਾ ਰੱਖ-ਰਖਾ ਚੰਪਾ ਨੂੰ ਪਸੰਦ ਨਹੀਂ ਸੀ ਆਇਆ।
ਉਂਜ ਜੱਗੂ ਭਾਣੇ ਤਾਂ ਸਭ ਠੀਕ ਈ ਸੀ। “ਓਇ ਵੇਲਾ ਈ ਪੂਰਾ ਕਰਨਾ ਏ। ਕੁਝ ਦਿਨਾਂ ਦੀ ਤਾਂ ਗੱਲ ਏ ਸਾਰੀ।” ਜੱਗੂ ਨੇ ਬੇਪ੍ਰਵਾਹੀ ਨਾਲ ਕਿਹਾ।
“ਕੁਝ ਦਿਨਾਂ ਦੀ ਸਹੀ, ਪਰ ਬੈਠਣ ਤੋਂ ਪਹਿਲਾਂ ਤਾਂ ਕੁੱਤਾ ਵੀ ਪੂਛ ਮਾਰ ਕੇ ਥਾਂ ਸਾਫ ਕਰ ਲੈਂਦੈ।”
“ਕਰਦਾ ਹੋਊ।” ਜੱਗੂ ਨੇ ਬੂਹੇ ਕੋਲ ਖਲੋ ਕੇ ਕਿਹਾ, “ਮੈਂ ਜ਼ਰਾ ਆਪਣੇ ਨਵੇਂ ਮਾਲਕ ਦੇ ਦਰਸ਼ਨ ਤਾਂ ਕਰ ਆਵਾਂ, ਜਿਹਦੀ ਗੁਲਾਮੀ ਕਰਨੀ ਏਂ।” ਜੱਗੂ ਦੀ ਆਵਾਜ਼ ਵਿਚ ਵਿਅੰਗ ਸੀ।
“ਜ਼ਰਾ ਜਲਦੀ ਆਵੀਂ।” ਚੰਪਾ ਜਿਹੜੀ ਨੰਦੂ ਕੀ ਰਸੋਈ ਦੇਖ ਚੁੱਕੀ ਸੀ ਕਹਿਣ ਲੱਗੀ, “ਠੰਡੀ ਰੋਟੀ ਦਾ ਸਵਾਦ ਮਾਰਿਆ ਜਾਂਦੈ।”
ਜੱਗੂ ਨੇ ਆਪਣੇ ਹੱਥ ਉਸਦੇ ਮੋਢਿਆਂ 'ਤੇ ਟਿਕਾਅ ਕੇ ਬੜੇ ਅੰਦਾਜ਼ ਨਾਲ ਕਿਹਾ, “ਤੇ ਆਉਣ ਵੇਲੇ ਦੁਆਨੀ ਦੇ ਬੈਂਗਨ, ਇਕ ਆਨੇ ਦੀ ਮੇਥੀ ਲੈਂਦਾ ਆਵਾਂ ਤੇ ਥੋੜ੍ਹਾ ਜਿੰਨਾ ਹਰਾ ਧਨੀਆਂ ਤੇ ਨਾਲ ਹਰੀ ਮਿਰਚ ਵੀ ਮੰਗ ਲਿਆਵਾਂ ਨਾ...”
“ਹਰਜ ਈ ਕੀ ਏ।” ਚੰਪਾ ਮਟਕ ਕੇ ਬੋਲੀ, “ਟੱਬਰ ਟੀਹਰ ਵਾਲੇ ਬੰਦੇ ਨੂੰ ਸਭ ਕੁਝ ਕਰਨਾ ਈ ਪੈਂਦਾ ਏ।”
ਜੱਗੂ ਨੇ ਗੱਲ ਦਾ ਸਵਾਦ ਮਾਣਦਿਆਂ ਕਿਹਾ...:
“ਜੋ ਹੁਕਮ ਸਰਕਾਰ।” ਤੇ ਤੁਰ ਗਿਆ। “ਮੈਂ ਕਿਹਾ ਜੀ,” ਚੰਪਾ ਨੇ ਇੰਜ 'ਵਾਜ ਮਾਰੀ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ।
“ਜੀ।” ਜੱਗੂ ਨੇ ਮੁੜ ਕੇ ਦੁਹਰਾਇਆ ਜਿਵੇਂ ਸ਼ਬਦ 'ਜੀ' ਵਿਚ ਸਾਰੀ ਦੁਨੀਆਂ ਸਿਮਟੀ ਹੋਈ ਹੋਵੇ। ਤੇ ਫੇਰ ਭੌਂ ਕੇ ਬੜੇ ਅੰਦਾਜ਼ ਵਿਚ ਕਿਹਾ, “ਸੌ ਵਾਰ ਕਿਹਾ ਏ, ਪਿੱਛੋਂ 'ਵਾਜ ਨਾ ਮਾਰਿਆ ਕਰੋ।”
ਚੰਪਾ ਨੇ ਦੁਰ-ਬਲਾ ਦੇ ਅੰਦਾਜ਼ ਵਿਚ ਉਸ ਦੀਆਂ ਬਲਾਈਆਂ ਲੈਂਦਿਆਂ ਕਿਹਾ...:
“ਹਾਂ, ਸੱਚ ਇਕ ਸੀਤਾ ਤੇ ਰਾਮ ਜੀ ਵਾਲੀ ਤਸਵੀਰ ਵੀ ਲੈਂਦੇ ਆਉਣਾ, ਮੈਨੂੰ ਚੰਗੀ ਲੱਗਦੀ ਐ।”
ਵੱਡੀ ਰਾਤੀਂ ਜਦ ਜੱਗੂ ਮੁੜਿਆ ਤਾਂ ਪੂਰਾ ਲੱਦਿਆ ਹੋਇਆ ਸੀ। ਚੰਪਾ ਜੋ ਲੈਂਪ ਬਾਲੀ ਰਸੋਈ ਦੀ ਦੇਹਲੀ ਉੱਤੇ ਬੈਠੀ ਉਹਦੀ ਰਾਹ ਤੱਕ ਰਹੀ ਸੀ, ਇਊਂ ਝੱਟ ਦੇਣੇ ਉਠੀ ਜਿਵੇਂ ਬੜੇ ਚਿਰ ਤੋਂ ਸਹਾਰਾ ਲੁਆਉਣ ਦੀ ਆਦੀ ਰਹੀ ਹੋਵੇ ਤੇ ਫੇਰ ਗੁਟਕ ਕੇ ਬੋਲੀ, “ਭਲਾ ਏਨੇ ਲਟੇ-ਪਟੇ ਦੀ ਕੀ ਲੋੜ ਪਈ ਸੀ।”
“ਲੋੜ ਤਾਂ ਕਿਸੇ ਚੀਜ਼ ਦੀ ਵੀ ਲਈ ਸੀ, ਪਰ...” ਜੱਗੂ ਨੇ ਪਿਆਰ ਨਾਲ ਉਹਦੀਆਂ ਗੱਲ੍ਹਾਂ ਥਾਪੜਦਿਆਂ ਕਿਹਾ, “ਬਸ ਇਕੋ ਚੀਜ਼ ਦੀ ਲੋੜ ਸੀ।”
ਜੱਗੂ ਵੱਲ ਹੈਰਾਨੀ ਨਾਲ ਤੱਕਦਿਆਂ ਚੰਪਾ ਨੇ ਕਿਹਾ—
“ਕਿਸ ਚੀਜ਼ ਦੀ !”
“ਤੇਰੀ ।” ਜੱਗੂ ਨੇ ਬੜੇ ਪਿਆਰ ਨਾਲ ਚੂੰਢੀ ਭਰਦਿਆਂ ਕਿਹਾ।
“ਹਟ ਪਰੇ।” ਚੰਪਾ ਸ਼ਰਮਾ ਗਈ, “ਤੈਨੂੰ ਹਰ ਵੇਲੇ ਮਜ਼ਾਕ ਸੁਝਦੇ ਐ। ਕੋਈ ਦੇਖ ਲਏ ਤਾਂ ਕੀ ਕਹੇ...”
“ਦੇਖ ਲਏ,” ਜੱਗੂ ਨੇ ਆਕੜ ਕੇ ਕਿਹਾ, “ਕੋਈ ਭਜਾ ਕੇ ਤਾਂ ਨਹੀਂ ਲਿਆਇਆ।”
ਤੇ ਫੇਰ—
ਦੋਵਾਂ ਨੂੰ ਅਚਾਨਕ ਚੇਤਾ ਆ ਗਿਆ ਕਿ ਇਹ ਤਾਂ ਸਿਰਫ ਇਕ ਨਾਟਕ ਹੈ ਤੇ ਦੋਵੇਂ ਚੁੱਪ ਕਰ ਗਏ।
ਥੋੜ੍ਹੇ ਚਿਰ ਪਿੱਛੋਂ ਚੰਪਾ ਨੇ ਬੁਝੀ ਜਿਹੀ ਆਵਾਜ਼ ਵਿਚ ਪੁੱਛਿਆ, “ਫੇਰ ਜੇਬ ਕੱਟੀ ਐ ਕਿਸੇ ਦੀ? ਸਵੇਰੇ ਤਾਂ ਤੇਰੀ ਜੇਬ 'ਚ ਮੋਰੀ ਵਾਲਾ ਪੈਸਾ ਵੀ ਨਹੀਂ ਸੀ।”
“ਨਹੀਂ,” ਜੱਗੂ ਇਕ ਦਮ ਜੋਸ਼ ਵਿਚ ਆ ਗਿਆ, “ਤੇਰਾ ਨੰਦੂ ਬੜਾ ਭਾਗਵਾਨ ਐ। ਇਹੋ ਜਿਹਾ ਮਾਲਕ ਬੜੀ ਕਿਸਮਤ ਵਾਲਿਆਂ ਨੂੰ ਮਿਲਦੈ। ਮੈਂ ਸਲਾਮ ਕਰਨ ਗਿਆ ਤਾ ਮੈਨੂੰ ਪੰਜਾਹ ਰੁਪਈਏ ਕੱਢ ਕੇ ਫੜਾਏ। ਕਹਿਣ ਲੱਗਿਆ, “ਸੁਣਿਐ ਤੂੰ ਆਪਣੇ ਟੱਬਰ ਸਣੇ ਆਇਐਂ। ਰਾਸ਼ਨ ਪਾਣੀ ਲੈ ਆ, ਤੇ ਕਿਸੇ ਗੱਲ ਦੀ ਤਕਲੀਫ਼ ਹੋਏ ਤਾਂ ਦੱਸੀਂ। ਜਿਵੇਂ ਆਪਣੇ ਬੱਚਿਆਂ ਨਾਲ ਹਮਦਰਦੀ ਕਰਦਾ ਏ, ਇੰਜ ਕੀਤਾ।”
ਚੰਪਾ ਬੁੱਲ੍ਹਾਂ 'ਚ ਬੜਬੜਾਈ, “ਜੱਗੂ ਜੇ ਆਪਣਾ ਵੀ ਇਕ ਅਜਿਹਾ ਘਰ ਹੋਏ, ਤੂੰ ਨੌਕਰੀ ਕਰੇਂ, ਮੈਂ ਰੋਟੀਆਂ ਪਕਾਵਾਂ...”
ਜੱਗੂ ਹੱਸ ਕੇ ਬੋਲਿਆ, “ਮੈਂ ਥੱਕਿਆ-ਟੁੱਟਿਆ ਆਵਾਂ ਤੇ ਤੂੰ ਨਿਆਣੇ ਖਿਡਾਵੇਂ।”
“ਹਟ ਬੇਸ਼ਰਮ ਕਿਸੇ ਥਾਂ ਦਾ।” ਚੰਪਾ ਨੇ ਕਿਹਾ ਤੇ ਫੇਰ ਹੱਸ ਕੇ ਬੋਲੀ, “ਨਿਆਣੇ ਵੀ ਤਾਂ ਖਿਡਾਉਣੇ ਈ ਪੈਂਦੇ ਐ ਨਾ।”
ਦੋ ਦਿਨਾਂ ਬਾਅਦ ਰਾਏ ਸਾਹਬ ਦੇ ਘਰ ਪਾਰਟੀ ਸੀ। ਘਰ ਦੇ ਨੌਕਰਾਂ ਨੇ ਦੱਸਿਆ ਕਿ ਅਜਿਹੀਆਂ ਪਾਰਟੀਆਂ ਤਾਂ ਸਾਹਬ ਦੇ ਘਰ ਮਹੀਨੇ ਵਿਚ ਇਕ ਦੋ ਵਾਰੀ ਹੁੰਦੀਆਂ ਹੀ ਰਹਿੰਦੀਆਂ ਨੇ। ਸ਼ਹਿਰ ਦੇ ਵੱਡੇ ਵੱਡੇ ਆਦਮੀ ਆਉਂਦੇ ਨੇ। ਰਾਤ ਨੂੰ ਦੋ-ਤਿੰਨ ਵਜੇ ਤੱਕ ਹੁੱਲੜ ਮੱਚਿਆ ਰਹਿੰਦਾ ਹੈ।
ਜੱਗੂ ਤੇ ਚੰਪਾ ਲਈ ਇਹ ਬਹਾਰ ਦੇਖਣ ਦਾ ਪਹਿਲਾ ਮੌਕਾ ਸੀ।
ਰਾਏ ਸਾਹਬ ਦਾ ਆਪਣਾ ਪਰਿਵਾਰ ਬਹੁਤਾ ਵੱਡਾ ਨਹੀਂ ਸੀ...ਬਸ ਰਾਏ ਸਾਹਬ, ਸ਼੍ਰੀਮਤੀ ਰਾਏ ਸਾਹਬ, ਕੁੱਕੂ ਤੇ ਡੌਲੀ ਸਨ। ਲੋਕ ਕਹਿੰਦੇ ਸਨ ਕਿ ਪੱਚੀ ਸਾਲ ਪਹਿਲਾਂ ਰਾਏ ਸਾਹਬ ਕੁਝ ਵੀ ਨਹੀਂ ਸੀ। ਕਿਤੇ ਕਰਲਕ ਹੁੰਦੇ ਸੀ। ਜਦੋਂ ਬੀਬੀ ਘਰ ਆਈ ਲਕਸ਼ਮੀ ਨਾਲ ਲੈ ਕੇ ਆਈ। ਵਿਆਹ ਤੋਂ ਦੋ ਸਾਲ ਬਾਅਦ ਨੌਕਰੀ ਛੱਡ ਦਿੱਤੀ ਤੇ ਠੇਕੇਦਾਰੀ ਵਿਚ ਪੈ ਗਏ।
ਤੇ ਹੁਣ ਰੱਬ ਦਾ ਦਿੱਤਾ ਸਭ ਕੁਝ ਸੀ।
ਰਾਏ ਸਾਹਬ ਕੋਈ ਵੱਡੀ ਉਮਰ ਦੇ ਨਹੀਂ ਸਨ, ਮਸਾਂ ਪੰਤਾਲੀ-ਪੰਜਾਹ ਦੇ ਵਿਚਕਾਰ ਹੋਣਗੇ। ਕੰਧਾਰੀ ਅਨਾਰ ਵਾਂਗ ਦਗਦਾ ਰੰਗ, ਫਿਕਸੋ ਲਾ ਕੇ ਅਕੜਾਈਆਂ ਕੁੰਢੀਆਂ ਮੁੱਛਾਂ ਤੇ ਆਪਣੀ ਪਹਿਨਣ-ਪੱਚਰਨ ਦੀ ਖੂਬੀ ਕਰਕੇ ਸੈਂਕੜਿਆਂ ਵਿਚੋਂ ਪਛਾਣੇ ਜਾਣ ਵਾਲੇ ਬੰਦੇ ਸਨ ਤੇ ਸ਼੍ਰੀਮਤੀ ਰਾਏ ਦੀ ਤਾਂ ਕੁਝ ਪੁੱਛੋ ਹੀ ਨਾ। ਜਵਾਨੀ ਵੇਲੇ ਪਤਾ ਨਹੀਂ ਕੀ ਬਲਾ ਹੁੰਦੀ ਹੋਏਗੀ। ਇਸ ਉਮਰੇ ਵੀ ਕਸ਼ਮੀਰੀ ਸਿਓ ਨੂੰ ਮਾਤ ਪਾਉਂਦੀ ਸੀ। ਕੁੱਕੂ ਚੌਵੀਆਂ ਤੀਹਾਂ ਦੀ ਉਮਰ ਨੂੰ ਪਹੁੰਚ ਕੇ ਵੀ ਕੁੱਕੂ ਹੀ ਸੀ, ਉਂਜ ਅਸ਼ੋਕ ਨਾਂ ਸੀ। ਇੰਜੀਨੀਅਰ ਬਣਨ ਵਾਲਾ ਸੀ। ਤੇ ਡਾਲੀ ਜਿਸ ਦਾ ਜਨਮ ਦਿਨ ਅੱਜ ਸੀ ਤੇ ਅੱਜ ਤੋਂ ਛੇ ਮਹੀਨੇ ਪਹਿਲਾਂ ਵੀ ਮਨਾਇਆ ਜਾ ਚੁੱਕਿਆ ਸੀ, ਬੀ.ਏ. ਪਾਸ ਕਰਨ ਪਿੱਛੋਂ ਐਮ.ਏ. ਦੇ ਪਹਿਲੇ ਸਾਲ ਵਿਚ ਪੜ੍ਹਦੀ ਸੀ। ਉਹ ਅੱਗ ਸੀ, ਨਿਰਾ ਭਾਂਬੜ।
ਚਾਰੇ ਪਾਸੇ ਹਾਸੇ ਸਨ, ਖੁਸ਼ੀਆਂ ਸਨ ਜਿਵੇਂ ਰਾਏ ਸਾਹਬ ਨੇ ਕੋਠੀਓਂ ਬਾਹਰ ਲਿਖਵਾ ਕੇ ਟੰਗਾ ਛੱਡਿਆ ਹੋਏ...:
“ਦੁੱਖ-ਤਕਲੀਫ਼ ਦਾ ਅੰਦਰ ਆਉਣਾ ਮਨ੍ਹਾਂ ਹੈ।”
ਚੰਪਾ ਕੰਮ ਧੰਦਿਆਂ ਵਿਚ ਇੰਜ ਰੁੱਝੀ ਦਿਸਦੀ ਸੀ ਜਿਵੇਂ ਕਿਸੇ ਵਿਆਹ ਵਾਲੇ ਘਰ ਦੀ ਨੈਣ। ਤੇ ਜਦੋਂ ਸ਼੍ਰੀਮਤੀ ਰਾਏ ਪਾਸੋਂ ਉਸਨੇ ਇਜਾਜ਼ਤ ਮੰਗੀ ਕਿ ਡਾਲੀ ਦਾ ਬਣਾ-ਸ਼ਿੰਗਾਰ ਅੱਜ ਉਸ ਨੂੰ ਕਰਨ ਦਿੱਤਾ ਜਾਏ ਤਾਂ ਡਾਲੀ ਨੇ ਨੱਕ-ਬੁੱਲ੍ਹ ਵੱਟੇ ਕਿਉਂਕਿ ਉਸ ਦਾ ਆਪਣਾ ਕਮਰਾ ਮੈਕਸ ਕੰਪਨੀ ਦੀ ਕਿਸੇ ਵੱਡੀ ਵਰਕਸ਼ਾਪ ਨਾਲੋਂ ਘੱਟ ਨਹੀਂ ਸੀ—ਪਰ ਜਦੋਂ ਸ਼੍ਰੀਮਤੀ ਰਾਏ ਨੇ ਹੱਸ ਕੇ...“ਆਪਣਾ ਸ਼ਿੰਗਾਰ ਆਪਣੇ ਹੱਥੀਂ ਤਾਂ ਰੋਜ਼ ਈ ਹੁੰਦਾ ਏ, ਕੁਝ ਪੇਂਡੂ ਕਿਸਮ ਦਾ ਸਿਧੜ-ਸ਼ਿੰਗਾਰ ਵੀ ਕਦੀ-ਕਦਾਈਂ ਫੱਬ ਉਠਦਾ ਏ।” ਕਿਹਾ ਤਾਂ ਉਹ ਮੰਨ ਗਈ।
ਜਦੋਂ ਚੰਪਾ ਨੇ ਪਿਛਲੇ ਪੰਜਾਹ ਸਾਲਾਂ ਦੀ ਖਾਨਦਾਨੀ ਮੁਹਾਰਤ ਦੇ ਜੌਹਰ ਉਸ ਉਪਰ ਪੇਸ਼ ਕੀਤੇ ਤਾਂ ਡਾਲੀ ਮੰਨ ਗਈ। ਡਾਲੀ ਦਾ ਸ਼ਿੰਗਾਰ ਦੇਖ ਕੇ ਤਾਂ ਰਾਏ ਸਾਹਬ ਨੇ ਲਗਭਗ ਚੰਪਾ ਨੂੰ ਹਿੱਕ ਨਾਲ ਹੀ ਘੁੱਟ ਲਿਆ ਤੇ ਜੱਗੂ ਦੀ ਖੁਸ਼ਕਿਸਮਤੀ ਉਪਰ ਉਹਨਾਂ ਨੂੰ ਕੋਈ ਸ਼ੱਕ ਨਾ ਰਿਹਾ।
ਏਧਰ ਜੱਗੂ ਨੇ ਥਕਾਵਟ ਦੇ ਕੰਨ ਵਿਚ ਜਿਵੇਂ ਕਹਿ ਛੱਡਿਆ ਸੀ ਕਿ 'ਅੱਜ ਮੇਰੇ ਲਾਗੇ ਨਾ ਢੁੱਕੀਂ, ਵਿਹਲ ਨਹੀਂਓਂ।'
ਉਹ ਅਜਿਹਾ ਜੁਟਿਆ ਕਿ ਬਸ ਪੁੱਛੋ ਨਾ। ਚਿੱਟੀ ਪੈਂਟ, ਕਾਲੇ ਬੂਟ, ਚਿੱਟੀ ਕਮੀਜ਼ ਤੇ ਕਾਲੀ ਟਾਈ ਵਿਚ ਅਜਿਹਾ ਫਬਦਾ ਸੀ ਕਿ ਮਿਸਜ਼ ਰਾਏ ਨੇ ਚੰਪਾ ਦੀ ਖੁਸ਼ਕਿਸਮਤੀ ਉੱਤੇ ਇਕ ਠੰਡੀ ਆਹ ਭਰੀ।
ਡਾਲੀ ਚਹਿਕ ਰਹੀ ਸੀ ਤੇ ਉਸ ਨਾਲ ਭੀੜੀਆਂ ਪੈਂਟਾ ਤੇ ਰੰਗ-ਬਰੰਗੀਆਂ ਟਾਈਆਂ ਝੂਮ ਰਹੀਆਂ ਸੀ। ਕੁੱਕੂ ਥਿਰਕ ਰਿਹਾ ਸੀ ਤੇ ਉਸ ਦੁਆਲੇ ਸਾੜ੍ਹੀਆਂ, ਸਲਵਾਰਾਂ, ਸਕਰਟਾਂ ਤੇ ਗਰਾਰੇ ਮਹਿਕ ਰਹੇ ਸਨ।
ਰਾਤ ਜਵਾਨ ਹੋ ਰਹੀ ਸੀ ਤੇ ਲੋਕੀਂ ਰੌਸ਼ਨੀ ਤੋਂ ਕਾਹਲੇ ਪੈਂਦੇ ਜਾ ਰਹੇ ਜਾਪਦੇ ਸਨ। ਜਦੋਂ ਅਚਾਨਕ ਹੀ ਬਿਜਲੀ ਬੁਝ ਗਈ ਤਾਂ ਜੱਗੂ ਤੇ ਚੰਪਾ ਦੇ ਤਾਂ ਜਿਵੇਂ ਖਾਨਿਓਂ ਗਈ। ਉਹਨਾਂ ਸੋਚਿਆ, ਬਈ ਏਸ ਹਨੇਰੇ 'ਚ ਤਾਂ ਸਾਰੇ ਕੀਤੇ-ਕਰਾਏ ਤੇ ਪਾਣੀ ਫਿਰ ਗਿਆ ਹੋਊ।
ਆਪਣੀ ਡੱਬੀ ਦੇ ਸਹਾਰੇ ਜੱਗੂ ਫਿਊਜ ਠੀਕ ਕਰਨ ਵਧਿਆ। 'ਚਟ' ਦੀ ਆਵਾਜ਼ ਨਾਲ ਸੀਖ ਬਲੀ ਤਾਂ ਜੱਗੂ ਨੇ ਦੇਖਿਆ ਕਿ ਰਾਬਰਟ ਸਾਹਬ, ਸ਼੍ਰੀਮਤੀ ਰਾਏ ਲਾਗੇ ਖੜ੍ਹੇ ਸਨ। ਉਹ ਦਾ ਚਾਨਣ ਦੇਖ ਕੇ ਠਠੰਬਰੇ ਪਰ ਮਿਸਜ ਰਾਏ ਦੀਆਂ ਖੁਮਾਰੀ ਭਰਪੂਰ ਅੱਖਾਂ ਨੇ ਜੱਗੂ ਵੱਲ ਕੁਝ ਇਸ ਅੰਦਾਜ਼ ਵਿਚ ਤੱਕਿਆ ਕਿ ਉਹ ਕੰਬ ਗਿਆ। ਉਸਦੇ ਭੱਜੇ ਜਾਂਦੇ ਪੈਰਾਂ ਦਾ ਪਿੱਛਾ ਦੋ ਮਿਲੇ-ਜੁਲੇ ਠਹਾਕੇ ਕਰ ਰਹੇ ਸਨ।
ਉਧਰ ਰਾਏ ਸਾਹਬ ਜਿਹਨਾਂ ਦੀਆਂ ਨਜ਼ਰਾਂ ਚਾਨਣ ਨਾਲੋਂ ਵੱਧ ਹਨੇਰੇ ਵਿਚ ਮਾਰ ਕਰਨ ਦੀਆਂ ਆਦੀ ਸਨ, ਚੰਪਾ ਦੇ ਮੋਢੇ ਉੱਤੇ ਹੱਥ ਰੱਖੀ ਬੜੇ ਪਿਆਰ ਨਾਲ ਕਹਿ ਰਹੇ ਸਨ ਕਿ ਬਹੁਤ ਥੱਕ ਗਈ ਏ ਥੋੜ੍ਹੀ ਦੇਰ ਬੈਡ ਰੂਮ ਵਿਚ ਚਲ ਕੇ ਆਰਾਮ ਕਰ ਲਏ।
ਤੇ...
ਚੰਪਾ ਇੰਜ ਖੜ੍ਹੀ ਸੀ ਜਿਵੇਂ ਸੱਪ ਮੂਹਰੇ ਕੋਈ ਮਾੜੇ ਦਿਲ ਦਾ ਆਦਮੀ ਸਿਲ-ਪੱਥਰ ਹੋ ਜਾਇਆ ਕਰਦਾ ਹੈ। ਉਹ ਉਸ ਨੂੰ ਧੂ ਹੀ ਖੜਦੇ ਜੇ ਘਬਰਾਇਆ ਹੋਇਆ ਜੱਗੂ ਉਸ ਨਾਲ ਨਾ ਆ ਟਕਰਾਉਂਦਾ।
“ਚੰਪਾ...ਚੰਪਾ...ਲੈ”
ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ। ਰਾਏ ਸਾਹਬ ਜਿਹਨਾਂ ਨੂੰ ਆਪਣੇ ਤੇ ਪੂਰਾ ਪੂਰਾ ਕਾਬੂ ਸੀ, ਚੁੱਪ ਚਾਪ ਉੱਥੋਂ ਖਿਸਕ ਗਏ। ਤੇ ਚੰਪਾ ਕੱਟੇ ਹੋਏ ਮੁੱਢ ਵਾਂਗ ਜੱਗੂ ਦੀ ਗੋਦ ਵਿਚ ਢਹਿ ਪਈ।
ਕੁਝ ਚਿਰ ਬਾਅਦ ਜਦੋਂ ਬਿਜਲੀ ਆਈ ਤਾਂ ਹਰੇਕ ਨਸ਼ਿਆਈ ਅੱਖ ਵਿਚ ਪਹਿਲਾਂ ਨਾਲੋਂ ਕੁਝ ਵਧੇਰੇ ਮਸਤੀ ਸੀ। ਫਰਕ ਸਿਰਫ਼ ਏਨਾ ਸੀ ਕਿ ਲਿਪਸਟਿਕ ਦੀ ਲਾਲੀ ਕੁਝ ਮੱਠੀ ਪੈ ਗਈ ਜਾਪਦੀ ਸੀ ਤੇ ਬਹੁਤ ਸਾਰੇ ਮਰਦਾਂ ਦੀਆਂ ਗੱਲ੍ਹਾਂ ਉਪਰ ਸੁਰਖ-ਸੁਰਖ ਚਟਾਕ ਪਤਾ ਨਹੀਂ ਕਿਵੇਂ ਪੈ ਗਏ ਸਨ।
ਘੜਿਆਲ ਨੇ ਇਕ ਦਾ ਘੰਟ ਵਜਾਇਆ ਤਾਂ 'ਟਾ-ਟਾ', 'ਬਾਏ-ਬਾਏ' ਦੀ ਕਾਵਾਂ-ਰੌਲੀ ਜਿਹੀ ਮੱਚ ਗਈ। ਇਸ ਦੇ ਨਾਲ ਹੀ ਵਿਦਾ ਹੋਣ ਵਾਲਿਆਂ ਤੇ ਵਿਦਾ ਕਰਨ ਵਾਲਿਆਂ ਦੇ ਮਦ-ਮਸਤ ਨਜ਼ਾਰੇ ਨਜ਼ਰੀਂ ਪਏ।
ਕਾਰਾਂ ਦੀ ਗਰ-ਗਰਾਹਟ, ਸਕੂਟਰਾਂ ਦੀਆਂ ਚੁੱਪੀ-ਚੀਰਵੀਆਂ ਆਵਾਜ਼ਾਂ ਦੇ ਨਾਲ ਨਾਲ 'ਸ਼ੁਭ-ਰਾਤਰੀ' ਦੇ ਪੱਛਮੀ ਅੰਗਰੇਜ਼ੀ ਤੇ ਫਰਾਂਸੀਸੀ ਸ਼ਬਦ ਗੂੰਜ ਉਠੇ। ਚੰਪਾ ਤੇ ਜੱਗੂ ਲਈ ਤਾਂ ਇਹ ਸਭ ਕਿਸੇ ਕਹਾਣੀ ਨਾਲੋਂ ਘੱਟ ਨਹੀਂ ਸੀ।
ਰਾਤ ਦੇ ਤਿੰਨ ਵਜੇ ਜਦੋਂ ਚੰਪਾ ਤੇ ਜੱਗੂ ਵਿਹਲੇ ਹੋਏ ਤੇ ਆਪਣੇ ਕੁਆਟਰ ਵਿਚ ਪਹੁੰਚੇ ਤਾਂ ਉਹ ਹੱਦੋਂ ਵੱਧ ਥੱਕੇ ਹੋਏ ਸਨ।
ਇਕੋ ਗੱਲ ਹੀ ਸੋਚੀ ਜਾ ਰਹੇ ਸਨ ਦੋਵੇਂ।
ਦੋਵਾਂ ਵਿਚ ਇਕ ਪ੍ਰਤੱਖ ਰੰਡੀ ਸੀ ਤੇ ਦੂਜਾ ਆਦੀ ਮੁਜਰਿਮ। ਦੋਵੇਂ ਸਮਾਜ ਦਾ ਕੋੜ੍ਹ ਤੇ ਕਲੰਕ ਸਨ। ਏਨਾਂ ਹੁੰਦਿਆਂ ਵੀ ਅੱਜ ਰਾਤ ਦੇ ਹੰਗਾਮੇ ਬਾਰੇ ਦੋਵੇਂ ਕੁਝ ਕਹਿਣ ਲਈ ਉਤਾਵਲੇ ਜਾਪਦੇ ਸਨ। ਪਰ ਆਖਿਆ ਕੁਝ ਵੀ ਨਹੀਂ ਸੀ ਜਾ ਰਿਹਾ। ਇਹ ਰੰਗ-ਢੰਗ ਉਹਨਾਂ ਦੇ ਪੇਸ਼ੇ ਨਾਲੋਂ ਏਨੇ ਨਿਆਰੇ ਸਨ ਕਿ ਉਹ ਦੋਵੇਂ ਇਹਨਾਂ ਦੀ ਧੂੜ ਨੂੰ ਵੀ ਨਹੀਂ ਸਨ ਪਹੁੰਚ ਸਕਦੇ। ਅੰਤ ਕੁਝ ਚਿਰ ਮਗਰੋਂ ਚੰਪਾ ਨੇ ਹੀ ਪਹਿਲ ਕੀਤੀ...:
“ਥੱਕ ਗਿਆ ਕਿ?”
“ਥੱਕਿਆ ਤਾਂ ਨਹੀਂ, ਹਾਂ ਹਾਰ ਜ਼ਰੂਰ ਗਿਆਂ।” ਜੱਗੂ ਨੇ ਫਿਲਾਸਫਰਾਂ ਵਾਂਗ ਕਿਹਾ।
“ਹੂੰ...” ਚੰਪਾ ਨੇ ਇਕ ਲੰਬੀ ਹੂੰਗਰ ਮਾਰੀ ਜਿਵੇਂ ਸਭ ਕੁਝ ਸਮਝ ਗਈ ਹੋਵੇ। “ਮੈਂ ਹੁਣ ਸਮਝੀ ਆਂ ਕਿ ਬਈ ਸਾਡਾ ਰੰਡੀਆਂ ਦਾ ਧੰਦਾ ਕਿਉਂ ਮੰਦਾ ਪੈ ਗਿਆ ਏ?”
ਦੋਵੇਂ ਸੋਚ ਰਹੇ ਸਨ ਕਿ ਜੇ ਇਹ ਵੱਡਾਪਣ ਹੈ ਤਾਂ ਛੋਟਾਪਣ ਕੀ ਹੋਊ? ਪਰ ਇਹ ਪੰਝੀ ਸਾਲਾ ਬਦਮਾਸ਼ ਤੇ ਉਹ ਵੀਹ ਸਾਲ ਤੋਂ ਤਨ ਵੇਚਣ ਵਾਲੀ ਦੋਵੇਂ ਇਹ ਗੁੰਝਲ ਨਾ ਸੁਲਝਾ ਸਕੇ।
ਦੂਜੇ ਦਿਨ ਮਾਹੌਲ ਬਿਲਕੁਲ ਸਾਫ ਸੀ। ਇਉਂ ਲੱਗਦਾ ਸੀ ਜਿਵੇਂ ਰਾਤੀਂ ਕੁਝ ਵਾਪਰਿਆ ਹੀ ਨਹੀਂ ਸੀ। ਚੰਪਾ ਤੇ ਜੱਗੂ ਏਸ ਗਿਰਗਟ ਵਰਗੀ ਜ਼ਿੰਦਗੀ ਤੇ ਹੈਰਾਨ ਸਨ ਕਿਉਂ ਜੋ ਇਹ ਸਭ ਉਹਨਾਂ ਲਈ ਕਿਸੇ ਅਣਹੋਣੀ ਤੋਂ ਘੱਟ ਨਹੀਂ ਸੀ।
ਆਪਣੇ ਕੋਠੇ ਵਿਚ ਚੰਪਾ ਜਦ ਸਵੇਰ ਨੂੰ ਉਠਦੀ ਸੀ ਤਾਂ ਉਸ ਦੀ ਜ਼ਿੰਦਗੀ ਕੁਝ ਏਸ ਹੱਦ ਤਕ ਵੀਰਾਨ, ਬੇਰੰਗ ਤੇ ਫਿੱਕੀ-ਫਿੱਕੀ ਜਿਹੀ ਹੋਈ ਹੁੰਦੀ ਸੀ ਕਿ ਘੰਟਿਆਂ ਬੱਧੀ ਬਿਸਤਰੇ ਤੇ ਪਈ ਆਪਣੀ ਪਿਛਲੀ ਰਾਤ ਦੀ ਜ਼ਿੰਦਗੀ ਨੂੰ ਕੁਰੇਦਦੀ ਉਧੇੜਦੀ ਰਹਿੰਦੀ ਤੇ ਫੇਰ ਉਦਾਸ ਹੋ ਜਾਂਦੀ।
ਤੇ...
ਜੱਗੂ ਦਾ ਦਿਲ ਇਕ ਮੁਜਰਮਾਨਾਂ ਕੰਮ ਕਰਨ ਉਪਰੰਤ ਘੰਟਿਆਂ ਬੱਧੀ ਫੜਕਦਾ ਰਹਿੰਦਾ। ਪਰ ਏਥੇ ਕੁਝ ਵੀ ਨਹੀਂ ਸੀ। ਉਸ ਦਿਨ ਕਿਸੇ ਨੌਕਰ, ਮਾਲਕ ਜਾਂ ਮਾਲਕਿਨ ਕਿਸੇ ਨੇ ਐਵੇਂ-ਮੁੱਚੀ ਵੀ ਉਸ ਰਾਤ ਦਾ ਜ਼ਿਕਰ ਨਾ ਛੇੜਿਆ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਪਰ ਉਹਨਾਂ ਦੋਵਾਂ ਦੇ ਦਿਲਾਂ ਉਪਰ ਇਕ ਬੋਝ ਜਿਹਾ ਸੀ।
ਉਸੇ ਸ਼ਾਮ ਚੰਪਾ ਨੇ ਸੁਤੇ ਸੁਭਾਅ ਹੀ ਜੱਗੂ ਦਾ ਹੱਥ ਫੜ ਕੇ ਕਿਹਾ, “ਜੱਗੂ, ਤੂੰ ਉਸ ਦਿਨ ਸੀਤਾ ਰਾਮ ਵਾਲੀ ਤਸਵੀਰ ਲਿਆਇਆ ਸੀ ਨਾ?”
“ਹਾਂ” ਜੱਗੂ ਨੇ ਟਾਂਡ ਉੱਤੇ ਪਈ ਸ਼ੀਸ਼ੇ ਵਿਚ ਮੜ੍ਹੀ ਸੀਤਾ ਰਾਮ ਦੀ ਜੋੜੀ ਉੱਤੇ ਸਰਸਰੀ ਨਜ਼ਰ ਮਾਰ ਕੇ ਕਿਹਾ।
“ਕਹਿੰਦੇ ਨੇ ਉਹਨਾਂ ਮੂਹਰੇ ਮੱਥਾ ਟੇਕਣ ਨਾਲ ਇਕ ਤਸੱਲੀ ਜਿਹੀ ਹੁੰਦੀ ਐ, ਚੈਨ ਜਿਹਾ ਮਿਲਦਾ ਐ।”
“ਤਾਂ ਫੇਰ?” ਜੱਗੂ ਦੀਆਂ ਬੇਚੈਨ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ।
“ਤੂੰ ਮੈਨੂੰ ਉਹਨਾਂ ਦੀ ਕਹਾਣੀ ਸੁਣਾ। ਥੋੜ੍ਹੀ ਬਹੁਤ ਤਾਂ ਮੈਨੂੰ ਵੀ ਆਉਂਦੀ ਐ। ਉਹ ਦੁਸ਼ਹਿਰੇ ਨੂੰ ਕੱਢੀਆਂ ਜਾਣ ਵਾਲੀਆਂ ਝਾਕੀਆਂ, ਮੈਂ ਵੀ ਵੇਖਦੀ ਹੁੰਦੀ ਸਾਂ। ਪਰ ਸਾਨੂੰ ਇਹਨਾਂ ਗੱਲਾਂ ਦਾ ਲੋਭ ਹੀ ਨਹੀਂ ਸੀ।”
ਤੇ...
ਜੱਗੂ ਨੂੰ ਇੰਜ ਲੱਗਿਆ ਜਿਵੇਂ ਪੂਰੇ ਜ਼ੋਰ-ਸ਼ੋਰ ਨਾਲ ਉਸਦਾ ਬਚਪਨ ਫੇਰ ਪਰਤ ਆਇਆ ਹੋਵੇ ਤੇ ਉਹ ਆਪਣੀ ਮਾਂ ਦੀ ਗੋਦੀ ਵਿਚ ਪਿਆ ਤੁਲਸੀ ਦਾਸ ਦੀ ਰਮਾਇਣ ਦੀਆਂ ਚੌਪਾਈਆਂ ਸੁਣ ਰਿਹਾ ਹੋਵੇ। ਉਸਨੇ ਹੌਲੀ ਹੌਲੀ ਕਹਾਣੀ ਦੁਹਰਾਉਣੀ ਸ਼ੁਰੂ ਕਰ ਦਿੱਤੀ।
“ਤਾਂ ਮਾਂ ਸੀਤਾ ਨੇ ਸਾਰੀ ਜ਼ਿੰਦਗੀ ਇਕ ਆਦਰਸ਼ ਨਾਰੀ ਦਾ ਸਬਕ ਦੁਨੀਆਂ ਨੂੰ ਦਿੱਤਾ?”
“ਹਾਂ! ਤੇ ਭਗਵਾਨ ਰਾਮ ਨੇ ਸਾਰੀ ਉਮਰ ਇਕ ਆਦਰਸ਼ ਪੁਰਸ਼ ਦਾ।”
ਦੋਵਾਂ ਨੂੰ ਇੰਜ ਜਾਪਿਆ ਜਿਵੇਂ ਰਾਤ ਵਾਲਾ ਸਾਰਾ ਬੋਝ ਉਹਨਾਂ ਦੇ ਦਿਮਾਗ਼ ਤੋਂ ਲੱਥ ਗਿਆ ਹੋਵੇ।
ਕਹਾਣੀ ਮੁੱਕਣ ਪਿੱਛੋਂ ਦੋਵਾਂ ਦੇ ਚਿਹਰਿਆਂ ਉੱਤੇ ਇਕ ਅਜੀਬ ਜਿਹੀ ਮੁਸਕੁਰਾਹਟ ਆ ਗਈ। ਜਿਵੇਂ ਉਹਨਾਂ ਦੇ ਜਨਮਾਂ-ਜਨਮਾਂਤਰਾਂ ਦੇ ਪਾਪ ਸਿਰਫ ਇਸ ਨਵੀਂ ਸੋਚ ਨੇ ਧੋ ਸੁੱਟੇ ਹੋਣ। ਤੇ ਦੇਵਾਂ ਦੇ ਹੱਥ ਆਪ ਮੁਹਾਰੇ ਤਸਵੀਰ ਵੱਲ ਉਠੇ ਤੇ ਸਿਰ ਝੁਕ ਗਏ। ਤੇ ਫੇਰ ਚੰਪਾ ਭੌਂ ਕੇ ਰਸੋਈ 'ਚੋਂ ਥੋੜ੍ਹੀ ਜਿਹੀ ਖੰਡ ਲੈ ਆਈ ਤੇ ਜੱਗੂ ਦੇ ਮੂੰਹ ਵਿਚ ਪਾਉਂਦਿਆਂ ਬੋਲੀ...:
“ਪ੍ਰਸ਼ਾਦ।”
ਇਹ ਨਵੀਂ ਕਿਸਮ ਦਾ ਨਸ਼ਾ ਪਤਾ ਨਹੀਂ ਹੋਰ ਕਿੰਨਾ ਕੁ ਚਿਰ ਰਹਿੰਦਾ। ਜੇ ਬਾਹਰੀ ਦਰਵਾਜ਼ੇ ਉਪਰ ਹੋਏ ਖੜਾਕ ਨਾਲ ਉਹਨਾਂ ਦੀ ਬਿਰਤੀ ਨਾ ਟੁੱਟਦੀ।
“ਮਾਲਕ ਜੱਗੂ ਨੂੰ ਬੁਲਾਉਂਦੇ ਪਏ ਐ।” ਕਿਸੇ ਨੇ ਕਿਹਾ।
---
ਜਗਮਗਾਉਂਦੇ ਡਰਾਇੰਗ ਰੂਮ ਵਿਚ ਮਾਲਕ ਨੇ ਕਾਫੀ ਲੰਮੀ ਚੌੜੀ ਮੁਸਕਰਾਹਟ ਤੋਂ ਬਾਅਦ ਜੱਗੂ ਨੂੰ ਕਿਹਾ, “ਬਈ ਆਹ, ਕੱਲ ਰਾਤ ਦਾ ਇਨਾਮ ਤੇ ਕੰਮ ਦੇ ਸੌ ਰੁਪਏ ਮਿਹਨਤਾਨਾ।”
“ਪਰ ਹਜ਼ੂਰ—” ਜੱਗੂ ਹਕਲਾਇਆ।
“ਪਰ ਵਰ ਕੁਝ ਨਹੀਂ।” ਮਾਲਕ ਦੇ ਚਿਹਰੇ ਉੱਤੇ ਮੁਸਕਾਨ ਓਵੇਂ ਹੀ ਚਿਪਕੀ ਰਹੀ, “ਚੰਪਾ ਨੂੰ ਅਸੀਂ ਇਨਾਮ ਵੱਖਰਾ ਦੇਵਾਂਗੇ, ਇਹ ਸਿਰਫ ਤੇਰਾ ਏ। ਡਾਲੀ ਤੇ ਬੀਬੀ ਜੀ ਉਸ ਉੱਤੇ ਬਹੁਤ ਪ੍ਰਸੰਨ ਹੈਨ ਤੇ ਹਾਂ—” ਜੱਗੂ ਕੁਝ ਨਾ ਬੋਲਿਆ, ਬਸ ਸੁਣਦਾ ਰਿਹਾ।
ਮਾਲਕ ਨੇ ਇਕ ਵਾਰ ਫੇਰ ਜੱਗੂ ਨੂੰ ਇਉਂ ਨਿਰਖਿਆ ਜਿਵੇਂ ਉਹਨੂੰ ਪਰਖ ਰਿਹਾ ਹੋਵੇ ਤੇ ਫੇਰ ਅਲਮਾਰੀ ਵਿਚੋਂ ਇਕ ਬੰਡਲ ਕੱਢ ਕੇ ਉਸਨੂੰ ਪਕੜਾਂਦਿਆਂ ਕਿਹਾ, “ਇਹ ਜ਼ਰਾ ਚੌਧਰੀ ਨਸੀਬ ਸਿੰਘ ਤੱਕ ਪਹੁੰਚਾ ਆਵੀਂ।” ਤੇ ਫੇਰ ਇਕ ਖਾਨੇ ਵਿਚੋਂ ਇਕ ਬਾਰਾਂ ਇੰਚ ਲੰਮੇ ਫਲ ਦਾ ਬਟਨ ਵਾਲਾ ਚਾਕੂ ਕੱਢ ਕੇ ਉਸਨੂੰ ਫੜਾਉਂਦਿਆਂ ਬੋਲਿਆ, “ਇਸ ਨੂੰ ਵੀ ਨਾਲ ਲਈ ਜਾਹ, ਕਿਤੇ ਲੋੜ ਪੈ ਸਕਦੀ ਏ।”
ਹੁਣ ਪੁਰਾਣਾ ਜੱਗੂ ਜਾਗ ਚੁੱਕਿਆ ਸੀ। ਉਸ ਮੁਸਕੁਰਾ ਕੇ ਕਿਹਾ, “ਮਾਲਕ, ਏਸ ਬੰਡਲ ਤੇ ਚਾਕੂ ਦਾ ਕੀ ਮੇਲ ਭਲਾ?” ਤੇ ਫੇਰ ਉਸ ਬਣਦਿਆਂ ਹੋਇਆਂ ਕਿਹਾ, “ਮੈਥੋਂ ਗਰੀਬ ਤੋਂ ਤਾਂ ਇਹ ਖੋਲ੍ਹਿਆ ਵੀ ਨਹੀਂ ਜਾਣਾ।”
“ਸਭ ਸਿਖ ਜਾਏਂਗਾ।” ਮਾਲਕ ਨੇ ਹੱਸਦਿਆਂ ਹੋਇਆਂ ਕਿਹਾ, “ਜੇ ਇਹ ਕੰਮ ਠੀਕ ਠਾਕ ਕਰ ਆਇਆ ਤਾਂ ਨੰਦੂ ਦੇ ਆਉਣ ਤੇ ਵੀ ਅਸੀਂ ਥੋਨੂੰ ਦੋਵਾਂ ਨੂੰ ਨਹੀਂ ਜਾਣ ਦਿਆਂਗੇ। ਜਿੱਥੇ ਏਨੇ ਖਾਂਦੇ ਐ, ਉੱਥੇ ਤੁਸੀਂ ਵੀ ਸਹੀ।”
ਬੰਡਲ ਚੁੱਕਦਿਆਂ ਹੋਇਆ ਜੱਗੂ ਨੇ ਕਿਹਾ, “ਮਾਲਕ ਚਾਕੂ ਰੱਖ ਲਓ, ਅੱਜ ਇਕ ਕੰਮ ਤਾਂ ਨਿਪਟਾ ਲਵਾਂ।”
ਮਾਲਕ ਨੇ ਹੱਸ ਕੇ ਚਾਕੂ ਆਪਣੀ ਜੇਬ ਵਿਚ ਪਾ ਲਿਆ ਤੇ ਜੇਬ ਥਾਪੜਦਿਆਂ ਹੋਇਆ ਬੋਲੇ—
“ਡਰਪੋਕ...”
“ਡਰਪੋਕ,” ਜੱਗੂ ਬੜਬੜਾਇਆ ਪਰ ਬਿਨਾਂ ਕੁਝ ਹੋਰ ਕਿਹਾਂ ਕਮਰੇ 'ਚੋਂ ਬਾਹਰ ਨਿਕਲ ਗਿਆ।
ਚੌਧਰੀ ਸਾਹਬ ਨੂੰ ਜੱਗੂ ਅੱਜ ਤੋਂ ਨਹੀਂ ਬਲਕਿ ਵਰ੍ਹਿਆਂ ਤੋਂ ਜਾਣਦਾ ਸੀ। ਨੰਦੂ ਨਾਲ ਵੀ ਤਾਂ ਉਹਦਾ ਮੇਲ ਉਹਨਾਂ ਦੇ ਘਰ ਹੀ ਹੋਇਆ ਸੀ।
'ਤਾਂ ਇਹ ਨੰਦੂ ਵੀ ਆਪਣੇ ਈ ਭਾਈਚਾਰੇ 'ਚੋਂ ਏ?' ਹਨੇਰੇ-ਹਨੇਰੇ ਵਿਚ ਹੀ ਸੜਕ ਦੇ ਕਿਨਾਰੇ ਤੁਰਦਿਆਂ ਜੱਗੂ ਨੇ ਸੋਚਿਆ।
ਤੇ ਫੇਰ ਉਹ ਸੋਚਣ ਲੱਗਾ ਇਹ ਮਾਲਕ ਤਾਂ ਲੰਡਿਆਂ ਦਾ ਖੁੰਡਾ ਨਿਕਲਿਆ। ਉਸਨੇ ਬੰਡਲ ਨੂੰ ਸਖ਼ਤੀ ਨਾਲ ਟੋਹਿਆ ਤੇ ਉਸਦੀਆਂ ਤਜ਼ਰਬਾਕਾਰ ਉਂਗਲਾਂ ਨੇ ਅੰਦਾਜ਼ਾ ਲਾ ਲਿਆ ਕਿ ਘਟੋਘਟ ਵੀਹ ਹਜ਼ਾਰ ਦਾ ਮਾਲ ਹੋਣਾ ਹੈ।
ਤੇ ਫੇਰ ਉਸਨੂੰ ਧੁੜਧੁੜੀ ਜਿਹੀ ਆਈ। 'ਮੈਂ ਕਿਹੜੀ ਰਸੀਦ ਦਿੱਤੀ ਏ।' ਉਸਨੇ ਬੰਡਲ ਇਕ ਵਾਰ ਫੇਰ ਟੋਹਿਆ। 'ਤੇ ਸਾਰੇ ਸੌਦੇ ਵਿਚੋਂ ਮੇਰਾ ਹਿੱਸਾ ਕੁਲ ਸੌ ਰੁਪਏ ਈ ਤਾਂ ਕੱਢਿਆ ਏ ਮਿਹਰਬਾਨ ਮਾਲਕ ਨੇ—' ਤੇ ਸ਼ਬਦ 'ਮਿਹਰਬਾਨ' ਉਸਨੇ ਇੰਜ ਕਿਹਾ, ਜਿਸ ਉਪਰੋਂ ਸੈਕੜੇ ਵਾਰੀ ਕੁਰਬਾਨ ਹੋਇਆ ਜਾ ਸਕਦਾ ਸੀ। 'ਤਾਂ ਇਹਨਾਂ ਬੰਗਲਿਆਂ ਦੀ ਆਨ ਬਾਨ ਤੇ ਨਿੱਤ ਦੀਆਂ ਪਾਰਟੀਆਂ ਸਾਡੇ ਜੇਲ੍ਹ 'ਚ ਸੜਨ ਦੇ ਬਦਲੇ ਵਿਚ ਦਿੱਤੀਆਂ ਜਾਂਦੀਆਂ ਨੇ।' ਜੱਗੂ ਨੇ ਕੁਝ ਧਾਰ ਲਿਆ ਤੇ ਉਸਦੇ ਕਦਮ ਪਲਟ ਪਏ।
ਮਾਲਕ ਆਪਣੇ ਡਰਾਇੰਗ ਰੂਮ ਵਿਚ ਨਹੀਂ ਸਨ।
'ਹੋਏਗਾ ਕਿਤੇ।' ਜੱਗੂ ਨੇ ਲਾਪ੍ਰਵਾਹੀ ਨਾਲ ਕਿਹਾ। ਉਹ ਚੰਪਾ ਕੋਲ ਇਹਨਾਂ ਵੱਡੇ ਆਦਮੀਆਂ ਦੀਆਂ ਨਵੀਆਂ ਕਰਤੂਤਾਂ ਦਾ ਜ਼ਿਕਰ ਕਰਨ ਲਈ ਉਤਾਵਲਾ ਸੀ।
ਕੁਆਟਰ ਦਾ ਬਾਰ ਬੰਦ ਸੀ।
ਪਰ...
ਕੁੰਡਾ ਨਹੀਂ ਸੀ ਵੱਜਾ ਹੋਇਆ। ਉਹ ਪੋਲੇ ਪੈਰੀਂ ਕਮਰੇ ਵਿਚ ਵੜ ਕੇ ਚੰਪਾ ਨੂੰ ਹੈਰਾਨ ਕਰ ਦੇਣਾ ਚਾਹੁੰਦਾ ਸੀ।
ਪਰ ਚੰਪਾ...ਉਹ ਸੀਤਾ ਰਾਮ ਦੀ ਤਸਵੀਰ ਕੋਲ ਸਹਿਮੀ ਖੜ੍ਹੀ ਸੀ।
ਤੇ ਮਾਲਕ...ਇਨ ਬਿਨ ਰਾਵਨ, ਸ਼ਾਇਦ ਚੰਪਾ ਨੂੰ ਪਿਛਲੀ ਰਾਤ ਦਾ ਇਨਾਮ ਏਸ ਰਾਤ ਦੇਣ ਆਏ ਸਨ।
ਚੰਪਾ ਜਿਹੜੀ ਇਕ ਵੇਲਿਆਂ ਵਿਚ ਅਜਿਹੇ ਗਾਹਕ ਉਪਰ ਆਪਣੇ ਸਾਰੇ ਦਾਅ-ਪੇਚ ਅਜ਼ਮਾਉਂਦੀ ਹੁੰਦੀ ਸੀ, ਇਸ ਵੇਲੇ ਇਸ ਘਰੇਲੂ ਵਾਤਾਵਰਣ ਦੇ ਬੰਧਨਾਂ ਨੂੰ ਨਹੀਂ ਸੀ ਤੋੜ ਸਕਦੀ। ਮਾਲਕ ਅੱਖਾਂ ਵਿਚ ਹਵਸ ਦੀ ਜਵਾਲਾ ਤੇ ਹੱਥ ਵਿਚ ਓਹੀ ਚਾਕੂ ਲਈ ਉਸ ਵਲ ਵਧ ਰਹੇ ਸਨ।
“ਜੱਗੂ...”
ਪਹਿਲਾਂ ਚੰਪਾ ਦੀ ਨਜ਼ਰ ਉਸ ਉੱਤੇ ਪਈ ਸੀ। ਉਸ ਦੀ ਆਵਾਜ਼ ਵਿਚ ਕੁਝ ਅਜਿਹਾ ਭੈ ਸੀ ਜਿਵੇਂ ਕਿਸੇ ਮਰਦ ਦੀ ਨੇੜਤਾ ਦਾ ਉਸ ਲਈ ਪਹਿਲਾ ਤਜ਼ਰਬਾ ਹੋਵੇ।
“ਜੱਗੂ...।”
ਇਹ ਮਾਲਕ ਦੀ ਆਵਾਜ਼ ਸੀ...ਡਰ ਤੇ ਰੋਅਬ ਦਾ ਮਿਲਗੋਭਾ ਜਿਹਾ।
“ਜੀ ਹਾਂ ਮੈਂ।” ਜੱਗੂ ਦੀਆਂ ਅੱਖਾਂ ਵਿਚੋਂ ਪੁਰਾਣੇ ਮੁਜਰਮਾਨਾ ਭਾਵ ਛਲਕਣ ਲੱਗੇ।
“ਦਫ਼ਾ ਹੋ ਜਾਅ।”
ਮਾਲਕ ਨੇ ਚਾਕੂ ਦਾ ਫਲ ਹਵਾ ਵਿਚ ਲਹਿਰਾਂਦਿਆਂ ਕਿਹਾ।
“ਬਹੁਤ ਖ਼ੂਬ ਸਰਕਾਰ,” ਉਸਦੇ ਲਹਿਜੇ ਵਿਚ ਵਿਅੰਗ ਸੀ, “ਪਰ ਤੁਹਾਡੇ ਹੱਥ ਵਿਚ ਜਚਦਾ ਨਹੀਂ।”
ਉਕਾਬ ਜਿਹੀ ਤੇਜ਼ੀ ਤੇ ਚੀਤੇ ਵਰਗੀ ਫੁਰਤੀ ਨਾਲ ਜੋ ਉਸਦੇ ਪੇਸ਼ੇ ਕਰਕੇ ਸ਼ਰੀਰ ਦਾ ਇਕ ਗੁਣ ਸੀ, ਉਸਨੇ ਅੱਖ ਦੇ ਫੋਰੇ ਵਿਚ ਚਾਕੂ ਦੀ ਜਗ੍ਹਾ ਬਦਲ ਦਿੱਤੀ। ਜੱਗੂ ਨੇ ਬੇਪਰਵਾਹੀ ਨਾਲ ਚਾਕੂ ਬੰਦ ਕਰਕੇ ਜੇਬ ਵਿਚ ਪਾ ਲਿਆ ਤੇ ਬੰਡਲ ਮਾਲਕ ਵੱਲ ਵਧਾ ਦੇ ਬੋਲਿਆ...:
“ਦੂਜੀ ਪਾਰਟੀ ਦੀ ਤਿਆਰੀ ਅੱਜ ਸਾਥੋਂ ਨਹੀਂ ਹੋ ਸਕੀ, ਕਿਉਂ ਜੋ ਮੈਂ ਸਮਝਦਾ ਸੀ ਕਿ ਨਿਚਲੀ ਦੁਨੀਆਂ ਦਾ ਬਦਾਸ਼ਾਹ ਮੈਂ ਹਾਂ। ਮੈਨੂੰ ਕੀ ਪਤਾ ਸੀ ਬਈ ਮੈਂ ਤਾਂ ਬਸ ਸ਼ਤਰੰਜ ਦਾ ਇਕ ਮੋਹਰਾ ਹੀ ਆਂ।”
ਮਾਲਕ ਬੁੱਤ ਬਣੇ ਉਸ ਵੱਲ ਤੱਕ ਰਹੇ ਸਨ। ਚੰਪਾ ਦਾ ਹੱਥ ਖਿਚ ਕੇ ਉਸ ਕਿਹਾ...:
“ਚੱਲ ਨੀ...ਮੈਂ ਤੇ ਤੂੰ ਤਾਂ ਰਾਮ ਤੇ ਸੀਤਾ ਦੀਆਂ ਪੈੜਾਂ ਕਦੀ ਨਾ ਲੱਭ ਸਕੇ।” ਉਸਨੇ ਬੜੀ ਨਫ਼ਰਤ ਨਾਲ ਮਾਲਕ ਵੱਲ ਦੇਖ ਕੇ ਕਿਹਾ, “ਪਰ...ਰਾਵਣਾਂ ਦੀ ਅੱਜ ਵੀ ਕਮੀ ਨਹੀਂ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ