Paurian Te Dhupp (Story in Punjabi) : Ram Lal

ਪੌੜੀਆਂ 'ਤੇ ਧੁੱਪ (ਕਹਾਣੀ) : ਰਾਮ ਲਾਲ

ਰਾਤ ਦੇ ਦੋ ਵੱਜੇ ਸਨ ਪਰ ਅਸੀਂ ਸਾਰੇ ਅਜੇ ਤਕ ਜਾਗ ਰਹੇ ਸਾਂ। ਥੋੜ੍ਹੀ ਦੇਰ ਪਹਿਲਾਂ ਹੀ ਅਸੀਂ ਉਰਦੂ ਦੇ ਇਕ ਜਲਸੇ 'ਚੋਂ ਆਏ ਸਾਂ ਤੇ ਸਵੇਰੇ ਚਾਰ ਵਜੇ ਅਸੀਂ ਟੈਕਸੀ ਵਿਚ ਸੌ ਮੀਲ ਦੂਰ ਇਕ ਹੋਰ ਉਰਦੂ ਦੀ ਬਸਤੀ ਵਿਚ ਪਹੁੰਚਣਾ ਸੀ। ਇਸ ਲਈ ਸੌਣ ਦਾ ਖ਼ਿਆਲ ਛੱਡ ਕੇ ਹਰੇਕ ਨੇ ਆਪੋ-ਆਪਣੇ ਬਿਸਤਰੇ ਬੰਨ੍ਹ ਲਏ ਸਨ, ਜਿਹਨਾਂ ਨੂੰ ਸਾਡਾ ਟੈਕਸੀ ਡਰਾਇਵਰ ਅਫ਼ਜ਼ਲ ਚੁੱਕ-ਚੁੱਕ ਕੇ ਡਿੱਕੀ ਵਿਚ ਰੱਖ ਆਇਆ ਸੀ। ਹੁਣ ਉਹ ਇਸ ਉਡੀਕ ਵਿਚ ਸੀ ਕਿ ਅਸੀਂ ਆਪਣੇ ਸੂਟਕੇਸ, ਏਅਰ-ਬੈਗ ਤੇ ਬਰੀਫ-ਕੇਸ ਵੀ ਪੈਕ ਕਰ ਦੇਈਏ ਤਾਂਕਿ ਉਹ ਉਹਨਾਂ ਨੂੰ ਵੀ ਚੁੱਕ ਕੇ ਲੈ ਜਾਏ। ਪਰ ਪ੍ਰੋਫ਼ੈਸਰ ਮਲਿਕਜ਼ਾਦਾ ਮੰਜ਼ੂਰ ਅਹਿਮਦ ਆਪਣੇ ਅਸਿਸਟੈਂਟ ਨੂੰ ਉਸ ਦਿਨ ਦੇ ਚਾਰ ਜਲਸਿਆਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਲਿਖਵਾਉਣ ਵਿਚ ਰੁੱਝੇ ਹੋਏ ਸਨ। ਮੈਂ ਆਪਣੇ ਬੂਟਾਂ ਨੂੰ ਪਾਲਿਸ਼ ਕਰ ਰਿਹਾ ਸਾਂ ਤੇ ਨੌਜਵਾਨ ਸ਼ਾਇਰ ਕਲੀਮ ਕੈਸਰ ਜਿਹੜਾ ਹੁਣੇ-ਹੁਣੇ ਬਾਥਰੂਮ ਵਿਚੋਂ ਆਪਣੀਆਂ ਦੋ ਸ਼ਰਟਾਂ ਤੇ ਪਤਲੂਨਾਂ ਧੋ ਕੇ ਨਿਕਲਿਆ ਸੀ, ਆਪਣੇ ਚਿਹਰੇ ਉੱਤੇ ਇਕ ਮਾਸੂਮ ਮੁਸਕਾਨ ਲਿਆਉਂਦਾ ਹੋਇਆ ਬੋਲਿਆ, “ਅੱਜ ਤਾਂ ਮੈਨੂੰ ਆਪਣੇ ਇਸ ਸ਼ਿਅਰ ਉੱਤੇ ਬੜੀ ਦਾਦਾ ਮਿਲੀ—
'ਕਿਆ ਕਹਾ ਆਪ ਨੇ, ਉਂਗਲੀਆਂ ਜਲ ਗਈਂ!
ਦੇਖੀਏ, ਉਸ ਤਰਫ਼ ਬਸਤੀਆਂ ਜਲ ਗਈਂ...'”
“ਤੁਸਾਂ ਇਹ ਸ਼ਿਅਰ ਦੰਗਿਆਂ ਬਾਰੇ ਕਿਹਾ ਏ, ਇਸ ਲਈ ਲੋਕਾਂ ਦੇ ਦਿਲਾਂ ਵਿਚ ਸਿੱਧਾ ਉਤਰ ਗਿਆ...ਪਰ ਇਹ ਨਾ ਭੁੱਲਨਾ ਕਿ ਇਸ ਲਈ ਮਾਹੌਲ ਮੈਂ ਹੀ ਬੰਨ੍ਹਿਆਂ ਸੀ। ਜਦ ਮੇਰਾ ਭਾਸ਼ਣ ਬੇ-ਅਖ਼ਤਿਆਰ ਇਹਨਾਂ ਸ਼ਬਦਾਂ ਤੇ ਵਾਕਾਂ ਤੋਂ ਸ਼ੁਰੂ ਹੋ ਗਿਆ ਸੀ ਕਿ ਅੱਜ ਮੈਂ ਇਕ ਅਜਿਹੇ ਸਹਿਮੇ ਹੋਏ ਸ਼ਹਿਰ ਵਿਚ ਖੜ੍ਹਾ ਹਾਂ ਜਿਹੜਾ ਛੇ ਸਾਲ ਬਾਅਦ ਵੀ ਹਕੂਮਤ ਤੋਂ ਦਿਮਾਗ਼ੀ ਸ਼ਾਂਤੀ ਦੀ ਮੰਗ ਕਰ ਰਿਹਾ ਹੈ।'”
ਮੁਸਾਫ਼ਰ ਖ਼ਾਨੇ ਦੀ ਖੁਰਦਰੀ ਮੰਜੀ ਉੱਤੇ ਲੇਟੇ-ਲੇਟੇ ਮਲਿਕ ਜ਼ਾਦਾ ਬੋਲੇ, “ਰਾਮ ਲਾਲ ਸਾਹਬ, ਤੁਸਾਂ ਅਚਾਨਕ ਸ਼ਹਿਰ ਵਾਸੀਆਂ ਦੀ ਦੁਖਦੀ ਰਗ ਉੱਤੇ ਉਂਗਲ ਰੱਖ ਦਿੱਤੀ ਤੇ ਉਹ ਸਿਲ-ਪੱਥਰ ਹੀ ਹੋ ਗਏ...ਉਹਨਾਂ ਦੇ ਮਨਾ ਵਿਚ ਦੰਗਿਆਂ ਦੀ ਯਾਦ ਫੇਰ ਤਾਜ਼ੀ ਹੋ ਗਈ।”
ਪ੍ਰੋਫ਼ੈਸਰ ਮਲਿਕਜ਼ਾਦਾ ਦੀ ਗੱਲ ਸੁਣ ਕੇ ਅਸੀਂ ਸਾਰੇ ਕੁਝ ਪਲ ਲਈ ਚੁੱਪ ਹੋ ਗਏ ਸਾਂ। ਉਸ ਚੁੱਪ ਨੂੰ ਆਖ਼ਰ ਯੂਨੀਵਰਸਟੀ ਦੇ ਵਿਦਿਆਰਥੀ ਲੀਡਰ ਕੋਕਿਬ ਨੇ ਤੋੜਿਆ, “ਸਰ, ਇਹ ਲਿਖ ਲਿਆ ਕਿ 'ਉਹਨਾਂ ਦੇ ਮਨਾ ਵਿਚ ਦੰਗਿਆਂ ਦੀ ਯਾਦ ਫੇਰ ਤਾਜ਼ਾ ਹੋ ਗਈ...' ਅੱਗੇ ਲਿਖਾਓ...”
ਮਲਿਕਜ਼ਾਦਾ ਜਿਵੇਂ ਕਿੱਤੋਂ ਵਾਪਸ ਆਉਂਦੇ ਹੋਏ ਬੋਲੇ, “ਪਾਗਲ ਕਿਤੋਂ ਦਾ! ਇਹ ਗੱਲ ਮੈਂ ਰਾਮ ਲਾਲ ਸਾਹਬ ਨੂੰ ਕਹਿ ਰਿਹਾ ਸਾਂ, ਕੱਟ ਦੇਅ, ਪਿਛਲਾ ਪਹਿਰਾ ਫੇਰ ਪੜ੍ਹ ਜ਼ਰਾ...”
ਮੈਂ ਆਪਣੇ ਚਮਕਦੇ ਹੋਏ ਬੂਟ ਦਾ ਗਹੁ ਨਾਲ ਮੁਆਇਨਾ ਕਰਦਿਆਂ ਕਿਹਾ, “ਕੈਸਰ, ਆਪਣੀ ਉਹੀ ਗ਼ਜ਼ਲ ਫੇਰ ਸੁਣਾਅ ਯਾਰ...ਜਿਹੜੀ ਮੈਨੂੰ ਪਸੰਦ ਏ, ਪਰ ਜ਼ਰਾ ਤਰੰਨੁਮ ਵਿਚ!”
ਕਲੀਮ ਕੈਸਰ ਦੇ ਚਿਹਰੇ ਉੱਤੇ ਫੇਰ ਉਹੀ ਮਾਸੂਮ ਮੁਸਕਰਾਹਟ ਜਾਗ ਪਈ। ਉਹ ਆਪਣੇ ਧੋਤੇ ਹੋਏ ਕੱਪੜੇ ਇਕ ਇਕ ਕਰਕੇ ਪੱਖੇ ਹੇਠ ਖਿਲਾਰਦਾ ਹੋਇਆ ਗੁਣਗੁਣਾਉਣ ਲੱਗਾ...:
“ਅਬ ਤੋ ਯਹ ਮਾਮੂਲ ਹੈ ਆਪਣਾ, ਤਨਹਾਈ ਕੇ ਗਾਓਂ ਮੇਂ
ਚਾਂਦ ਸੇ ਬੈਠੇ ਬਾਤੇਂ ਕਰਨਾ, ਪਿਆਰ ਕੀ ਠੰਡੀ ਛਾਓਂ ਮੇਂ
ਪਾਪ ਤੋ ਹਰ ਸੂਰਤ ਮੁਮਕਿਨ ਥਾ, ਜਿਸਮੋਂ ਯੂੰ ਕਰਹਤ ਥੀ
ਜਾਨੇ ਕੌਣ ਸੀ ਹਸਤੀ ਹਮਕੋ, ਬਾਂਧ ਗਈ ਸੀਮਾਓਂ ਮੇਂ
ਜਬ ਸੇ ਉਸ ਕੋ ਪਿਆਰ ਹੁਆ ਹੈ, ਜਯੋਤਸ਼ੀਓਂ ਸੇ ਕਹਤੀ ਹੈ
ਦੇਖੋ ਕਿਆ ਅੰਜਾਮ ਲਿਖਾ ਹੈ, ਹਾਥੋਂ ਕੀ ਰੇਖਾਓਂ ਮੇਂ
ਧਰਤੀ ਮਾਂ ਕੀ ਲਾਜ ਬਚਾਨੇ, ਜੰਗ ਮੇਂ ਭੇਜੇਂ ਬੇਟੋਂ ਕੋ
ਜਾਨੇ ਕਿਤਨਾ ਸਬਰ ਹੈ ਕੈਸਰ, ਹਿੰਦੁਸਤਾਨੀ ਮਾਓਂ ਮੇਂ।”
ਕੈਸਰ ਦੀ ਗ਼ਜ਼ਲ ਦੇ ਵਹਾਅ ਦੇ ਅੱਗੇ ਸਮਾਂ ਵੀ ਜਿਵੇਂ ਰੁਕ ਗਿਆ ਸੀ। ਅਸੀਂ ਸਾਰੇ ਆਪੋ-ਆਪਣਾ ਕੰਮ ਛੱਡ ਕੇ ਸ਼ੁੰਨ ਵਿਚ ਘੂਰ ਰਹੇ ਸਾਂ। ਉਸਨੂੰ ਸਾਡੇ ਹਰ ਜਲਸੇ ਵਿਚ ਗ਼ਜ਼ਲ ਸੁਣਾਉਣ ਦਾ ਮੌਕਾ ਨਹੀਂ ਸੀ ਮਿਲਦਾ, ਕਿਉਂਕਿ ਸਾਡੇ ਭਾਸ਼ਣ ਬੜੇ ਲੰਮੇ ਹੋ ਜਾਂਦੇ ਸਨ। ਫੇਰ ਵੀ ਕਿਤੇ ਕਿਤੇ ਕੋਈ ਉੱਖੜ ਰਿਹਾ ਜਲਸਾ ਵੇਖ ਕੇ ਕੈਸਰ ਨੂੰ ਕਲਾਮ ਪੇਸ਼ ਕਰਨ ਦੀ ਤਕਲੀਫ਼ ਦੇ ਦਿੱਤੀ ਜਾਂਦੀ ਸੀ। ਪਿੱਛਲੇ ਚਾਰ ਦਿਨਾਂ ਦਾ ਉਹ ਸਾਡੇ ਨਾਲ ਸਫ਼ਰ ਕਰ ਰਿਹਾ ਸੀ ਤੇ ਉਸਨੇ ਸੰਘਣੇ ਜੰਗਲਾਂ ਦੀਆਂ ਰਾਤਾਂ ਦੀ ਗੂੜੀ ਚੁੱਪ ਵਿਚ ਕਦੀ ਆਪਣੀ ਗ਼ਜ਼ਲ ਸੁਣਾ ਕੇ, ਕਦੀ ਹੋਰ ਸ਼ਾਇਰਾਂ ਦੇ ਕਲਾਮ ਪੜ੍ਹਨ ਦੇ ਅੰਦਾਜ ਦੀ ਕਾਮਯਾਬ ਨਕਲ ਲਾਹ ਕੇ, ਸਾਡਾ ਦਿਲ ਲਾਈ ਰੱਖਿਆ ਸੀ। ਫ਼ੈਜ਼, ਜਿਗਰ, ਫ਼ਰਾਕ, ਜਗਨਨਾਥ ਆਜ਼ਾਦ, ਅਨਵਰ ਜਲਾਲ ਪੁਰੀ, ਵਸੀਮ ਬਰੇਲਵੀ, ਬੇਕਲ ਅਤਸਾਹੀ, ਕੋਈ ਵੀ ਉਸ ਤੋਂ ਬਚ ਨਹੀਂ ਸਕਿਆ ਸੀ।
ਮਲਿਕਜ਼ਾਦਾ ਮੰਜ਼ੂਰ ਅਹਿਮਦ ਨੇ ਆਪਣੇ ਅਸਿਸਟੈਂਟ ਦੇ ਲਿਖੇ ਹੋਏ ਰਫ਼ ਕਾਗਜ਼ਾਂ ਦਾ ਥੱਬਾ ਪਰ੍ਹੇ ਰੱਖਦਿਆਂ ਹੋਇਆਂ ਕਿਹਾ, “ਛੱਡੋ, ਹੁਣ ਕੱਲ੍ਹ ਲਿਖਵਾਵਾਂਗਾ...ਸਵੇਰੇ ਗੱਡੀ 'ਚ ਬੈਠੇ-ਬੈਠੇ ਹੀ।” ਤੇ ਫੇਰ ਅਚਾਨਕ ਜਿਵੇਂ ਕੁਝ ਯਾਦ ਕਰਕੇ ਬੋਲੇ, “ਅੱਜ ਕਿੰਨੇ ਪੈਸੇ ਇਕੱਠੇ ਹੋਏ? ਪੋਟਲੀ ਖੋਹਲ ਕੇ ਗਿਣ ਲਓ ਜ਼ਰਾ।”
ਕਿਸੇ ਕਿਸੇ ਜਲਸੇ ਤੋਂ ਬਾਅਦ ਹਾਜ਼ਰ ਹੋਏ ਸ਼ਰੋਤਿਆਂ ਸਾਹਮਣੇ ਪੈਟਰੋਲ ਦੇ ਖਰਚੇ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਂਦੀ ਸੀ। ਉਦੋਂ ਜਿਸ ਦੀ ਜੇਬ ਵਿਚ ਚੁਆਨੀ, ਅਠਿਆਨੀ, ਰੁਪਈਆਂ, ਦੋ ਰੁਪਏ ਹੁੰਦੇ ਸਨ ਉਹਨਾਂ ਨੂੰ ਉਹ ਲੋਕ ਉਰਦੂ ਦੇ ਨਾਂਅ ਉੱਤੇ ਕੋਕਿਬ ਦੇ ਫੈਲਾਏ ਹੋਏ ਰੁਮਾਲ ਵਿਚ ਖੁਸ਼ੀ ਖੁਸ਼ੀ ਪਾ ਦਿੰਦੇ ਸਨ। ਕੋਕਿਬ ਨੇ ਫਰਸ਼ ਉੱਤੇ ਸਿੱਕਿਆਂ ਦੀ ਢੇਰੀ ਜਿਹੀ ਲਾ ਦਿੱਤੀ ਤੇ ਉਹਨਾਂ ਨੂੰ ਵੱਖ-ਵੱਖ ਕਰਕੇ ਗਿਣਦਾ ਹੋਇਆ ਬੋਲਿਆ, “ਅਹਿ ਕਾਗਜ਼ ਪਤਾ ਨਹੀਂ ਕਿਹੜਾ ਪਾ ਗਿਆ? ਸ਼ਾਇਦ ਨੋਟ ਦੇ ਭੁਲੇਖੇ ਵਿਚ ਜੇਬ ਵਿਚੋਂ ਨਿਕਲ ਆਇਆ ਹੋਏਗਾ!”
ਉਸਨੇ ਕਾਗਜ਼ ਦਾ ਟੁਕੜਾ ਮੇਰੇ ਵੱਲ ਵਧਾ ਦਿੱਤਾ। ਉਸ ਉਪਰ ਕਿਸੇ ਨੇ ਮੇਰੇ ਨਾਂਅ ਜਲਦੀ-ਜਲਦੀ ਇਹ ਸੱਤਰਾਂ ਘਸੀਟੀਆਂ ਹੋਈਆਂ ਸਨ...:
'ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਦੋ ਦਿਨਾਂ ਵਾਸਤੇ ਸਾਡੇ ਘਰ ਆ ਜਾਓ। ਪਤਾ ਲਿਖ ਰਹੀ ਹਾਂ, ਗਰੀਬ-ਖ਼ਾਨਾ ਇੱਥੋਂ ਸਿਰਫ ਪੰਜਾਹ ਕਿਲੋਮੀਟਰ ਦੂਰ ਹੈ। ਫੇਰ ਖ਼ੁਦਾ ਜਾਣੇ ਕਦ ਮੁਲਾਕਾਤ ਹੋਵੇ! ਇਸ ਤਕਲੀਫ਼ ਲਈ ਮੁਆਫ਼ੀ ਚਾਹੁੰਦੀ ਹਾਂ—ਸ਼ਰਵਤ।'
ਸ਼ਰਵਤ ਦਾ ਨਾਂਅ ਮੇਰੇ ਦਿਮਾਗ਼ ਵਿਚ ਬਾਰੂਦ ਭਰੀ ਚੱਕਰੀ ਵਾਂਗ ਘੁੰਮ ਰਿਹਾ ਸੀ, ਚਾਰੇ ਪਾਸੇ ਰੰਗ-ਬਿਰੰਗੀਆਂ ਨਿੱਕੀਆਂ-ਨਿੱਕੀਆਂ ਚੰਗਿਆੜੀਆਂ ਖਿਲਾਰਦਾ ਹੋਇਆ। ਬਰੂਦ ਖ਼ਤਮ ਹੋ ਗਿਆ ਤਾਂ ਚੱਕਰ ਕੱਟਦੀ ਹੋਈ ਚੱਕਰੀ ਵੀ ਰੁਕ ਗਈ। ਪਰ ਮੈਂ ਇਸ ਨਾਂਅ ਦੀ ਕਿਸੇ ਜ਼ਨਾਨੀ ਨੂੰ ਨਹੀਂ ਸਾਂ ਜਾਣਦਾ। ਜਿਸ ਅਪਣੱਤ ਨਾਲ ਉਸਨੇ ਖ਼ਤ ਲਿਖਿਆ ਉਹ ਵੀ ਹੈਰਾਨ ਕਰ ਦੇਣ ਵਾਲੀ ਸੀ। ਜਿਸ ਲੋਕ ਜਲਸੇ ਵਿਚੋਂ ਅਸੀਂ ਥੋੜ੍ਹੀ ਦੇਰ ਪਹਿਲਾਂ ਉੱਠ ਕੇ ਆਏ ਸਾਂ, ਹੱਦ ਨਜ਼ਰ ਤੱਕ ਮਰਦ ਹੀ ਮਰਦ ਸਨ। ਸ਼ਾਇਦ ਕਾਗਜ਼ ਦਾ ਇਹ ਟੁਕੜਾ ਉਸਨੇ ਕਿਸੇ ਦੇ ਹੱਥ ਕੋਕਿਬ ਦੇ ਫੈਲਾਏ ਹੋਏ ਕੱਪੜੇ ਵਿਚ ਪਾ ਦਿੱਤਾ ਹੋਵੇਗਾ! ਇਸ ਉਮੀਦ ਨਾਲ ਕਿ ਮੇਰੇ ਤਕ ਜ਼ਰੂਰ ਪਹੁੰਚ ਜਾਏਗਾ।
ਦਿਮਾਗ਼ ਛਿਆਲੀ ਸਾਲ ਪਿੱਛੇ ਵੱਲ ਦੌੜਨ ਲੱਗਾ। ਲਾਹੌਰ ਦੇ ਮੈਕਲੋਡ ਰੋਡ ਵਾਲੇ ਮਕਾਨ ਵਿਚ ਮਜੀਦ ਰਹਿੰਦਾ ਸੀ, ਮੇਰਾ ਇਕ ਦੋਸਤ ਜਿਸਨੂੰ ਮਿਲਨ ਲਈ ਮੈਂ ਅਕਸਰ ਚਲਾ ਜਾਂਦਾ ਸਾਂ। ਉਸਦੇ ਗੁਆਂਢ ਵਿਚ ਇਕ ਅਫ਼ਸਰ ਦਾ ਖ਼ਾਨਦਾਨ ਰਹਿੰਦਾ ਸੀ। ਉੱਥੇ ਕਈ ਕੁੜੀਆਂ ਤੇ ਬੁੱਢੀਆਂ ਔਰਤਾਂ ਰਹਿੰਦੀਆਂ ਸਨ। ਉਸੇ ਭੀੜ ਵਿਚ ਇਕ ਕੁੜੀ ਸ਼ਰਵਤ ਨਾਂਅ ਦੀ ਵੀ ਸੀ ਜਿਸਨੂੰ ਮਜੀਦ ਸ਼ਰਬਤ ਆਖਦਾ ਹੁੰਦਾ ਸੀ ਤੇ ਉਸਨੂੰ ਖਿੜਕੀ ਦੇ ਸ਼ੀਸ਼ਿਆਂ ਉੱਤੇ ਚਿਪਕੇ ਖਾਕੀ ਰੰਗ ਦੇ ਕਾਗਜ਼ ਦੀ ਇਕ ਮੋਰੀ ਵਿਚੋਂ ਦੇਖਦਾ ਹੁੰਦਾ ਸੀ। ਇਕ ਵਾਰੀ ਉਸਨੇ ਮੈਨੂੰ ਵੀ ਆਪਣੀ ਮਹਿਬੂਬਾ ਦੇ ਦਰਸ਼ਨ ਕਰਵਾਏ ਸਨ—ਇਕ ਉੱਚੇ ਲੰਮੇ ਕੱਦ ਬੁੱਤ ਵਾਲੀ ਰੋਅਬਦਾਰ ਕੁੜੀ ਆਪਣੇ ਅਲੀਸ਼ੇਸ਼ਨ ਨਾਲ ਲਾਨ ਵਿਚ ਟਹਿਲ ਰਹੀ ਸੀ। ਮੈਂ ਲੰਮੇ ਝੂਲਦੇ ਹੋਏ ਵਾਲਾਂ ਦੀ ਖੂਬਸੂਰਤੀ ਦਾ ਅਹਿਸਾਸ ਪਹਿਲੀ ਵਾਰ ਉਸ ਕੁੜੀ ਨੂੰ ਦੇਖ ਕੇ ਕੀਤਾ ਸੀ। ਹੁਣ ਉਹ ਤੇ ਮਜੀਦ ਕਿੱਥੇ ਨੇ ਮੈਨੂੰ ਕੁਝ ਪਤਾ ਨਹੀਂ। ਆਦਮੀ ਬੜਾ ਕੁਝ ਭੁੱਲ ਜਾਂਦਾ ਹੈ ਪਰ ਖੂਬਸੂਰਤੀ ਦੀ ਨੂਰਾਨੀ ਝਲਕ ਨੂੰ ਕਦੀ ਨਹੀਂ ਭੁੱਲ ਸਕਦਾ। ਕੁਝ ਛਿਣ ਪਲ ਲਈ ਇਕ ਵਾਰੀ ਫੇਰ ਸ਼ਰਵਤ ਮੈਨੂੰ ਉਸੇ ਲਾਨ ਵਿਚ ਆਹਿਸਤਾ-ਆਹਿਸਤਾ ਟਹਿਲਦੀ ਹੋਈ ਨਜ਼ਰ ਆਈ...ਫੇਰ ਘਬਰਾ ਕੇ ਮੈਂ ਮੰਜ਼ੂਰ ਅਹਿਮਦ ਤੇ ਦੋਵਾਂ ਨੌਜਵਾਨ ਸਾਥੀਆਂ ਵੱਲ ਦੇਖਿਆ ਪਰ ਉਹਨਾਂ ਦਾ ਧਿਆਨ ਮੇਰੇ ਵੱਲ ਨਹੀਂ ਸੀ। ਉਹਨਾਂ ਕਾਗਜ਼ ਦੇ ਉਸ ਟੁਕੜੇ ਵੱਲ ਵੀ ਧਿਆਨ ਨਹੀਂ ਸੀ ਦਿੱਤਾ ਜਿਹੜਾ ਮੈਨੂੰ ਮੇਰੀ ਬੰਦ ਮੁੱਠੀ ਵਿਚ ਇਕ ਅੰਗਿਆਰ ਵਾਂਗ ਮਘਦਾ ਹੋਇਆ ਮਹਿਸੂਸ ਹੋ ਰਿਹਾ ਸੀ।
ਜਦ ਸਾਰੇ ਜਣੇ ਠੀਕ ਚਾਰ ਵਜੇ ਟੈਕਸੀ ਵਿਚ ਬੈਠ ਕੇ ਅਗਲੇ ਸਫ਼ਰ ਲਈ ਰਵਾਨਾ ਹੋਣ ਲੱਗੇ ਤਾਂ ਮੈਂ ਅਚਾਨਕ ਉਹਨਾਂ ਦਾ ਸਾਥ ਦੇਣ ਤੋਂ ਮੁਆਫ਼ੀ ਮੰਗ ਲਈ, “ਮੈਨੂੰ ਰੇਲਵੇ ਸਟੇਸ਼ਨ 'ਤੇ ਉਤਾਰ ਦੇਣਾ, ਦੋ ਦਿਨਾਂ ਬਾਅਦ ਬਰੇਲੀ ਦੇ ਡਾਕ ਬੰਗਲੇ ਵਿਚ ਆਣ ਮਿਲਾਂਗਾ...ਜਦ ਤਕ ਤੁਸੀਂ ਸੰਭਲ, ਸੀਵਾਨ ਤੇ ਬਦਾਯੂੰ ਹੁੰਦੇ ਹੋਏ ਉੱਥੇ ਪਹੁੰਚੋਗੇ।”
ਸਾਰਿਆਂ ਨੇ ਮੇਰੇ ਵੱਲ ਹੈਰਾਨੀ ਨਾਲ ਤੱਕਿਆ। ਉਹਨਾਂ ਦੀ ਸਮਝ ਵਿਚ ਫੌਰਨ ਕੁਝ ਨਾ ਆ ਸਕਿਆ। ਭਾਵੇਂ ਇਸ ਤੋਂ ਪਹਿਲਾਂ ਮੰਜ਼ੂਰ ਸਾਹਬ ਵੀ ਇਕ ਮੁਸ਼ਾਇਰੇ ਵਿਚ ਸ਼ਾਮਲ ਹੋਣ ਲਈ ਸਾਡੇ ਨਾਲੋਂ ਵੱਖ ਹੋ ਗਏ ਸਨ ਤੇ ਫੇਰ ਦੂਜੇ ਦਿਨ ਬਸ ਰਸਤੇ ਸਫਰ ਕਰਦੇ ਹੋਏ ਸਾਡੇ ਕਾਫ਼ਲੇ ਨਾਲ ਆਣ ਮਿਲੇ ਸਨ। ਮੈਂ ਮੁਸਕਰਾ ਕੇ ਉਹਨਾਂ ਨੂੰ ਦੱਸਿਆ—“ਅਚਾਨਕ ਇਕ ਬੜਾ ਜ਼ਰੂਰੀ ਕੰਮ ਯਾਦ ਆ ਗਿਐ, ਕਿਸੇ ਨੂੰ ਮਿਲਣਾ ਏਂ...ਦੋ ਦਿਨ ਬਾਅਦ ਬਰੇਲੀ ਵਿਚ ਅਸੀਂ ਫੇਰ ਇਕੱਠੇ ਹੋ ਜਾਵਾਂਗੇ, ਬਿਲਕੁਲ ਬੇਫ਼ਿਕਰ ਰਹਿਣਾ।”
ਮੇਰਠ ਤੋਂ ਆਉਣ ਵਾਲੀ ਸਵੇਰ ਦੀ ਪਹਿਲੀ ਪਸਿੰਜਰ ਗੱਡੀ ਰਾਹੀਂ ਮੈਂ ਹਕੀਮ ਪੁਰ ਜਾ ਉਤਰਿਆ, ਜਿਹੜਾ ਬੜਾ ਹੀ ਨਿੱਕਾ ਜਿਹਾ ਤੇ ਅਣਗੌਲਿਆ ਜਿਹਾ ਸਟੇਸ਼ਨ ਸੀ। ਉੱਥੇ ਮੇਰੇ ਇਲਾਵਾ ਕੁੱਲ ਤਿੰਨ ਸਵਾਰੀਆਂ ਹੋਰ ਉਤਰੀਆਂ ਸਨ। ਦੋ ਪੈਂਡੂ ਬੰਦੇ ਆਪਣਾ ਸਾਮਾਨ ਸਿਰ ਉੱਤੇ ਚੁੱਕ ਕੇ ਰੇਲਵੇ ਲਾਈਨ ਦੇ ਨਾਲ ਪੂਰਬ ਵੱਲ ਤੁਰ ਗਏ ਸੀ ਤੇ ਇਕ ਯਾਤਰੀ ਚਾਹ ਪੀਣ ਦੀ ਗਰਜ਼ ਨਾਲ ਸੜਕ ਦੇ ਕਿਨਾਰੇ ਬਣੇ ਹੋਏ ਟੀ ਸਟਾਲ ਉਪਰ ਰੁਕ ਗਿਆ ਸੀ। ਉੱਥੇ ਉਸਦੀ ਮੋਟਰ ਸਾਈਕਲ ਖੜ੍ਹੀ ਸੀ। ਉਹ ਅਕਸਰ ਹੀ ਉਸਨੂੰ ਉੱਥੇ ਖੜ੍ਹੀ ਕਰਕੇ ਸ਼ਹਿਰ ਜਾਂਦਾ ਹੁੰਦਾ ਸੀ। ਮੈਂ ਵੀ ਉੱਥੇ ਹੀ ਚਾਹ ਪੀਣ ਵਾਸਤੇ ਰੁਕ ਗਿਆ ਤੇ ਜੇਬ ਵਿਚੋਂ ਕਾਗਜ਼ ਕੱਢ ਕੇ ਮਹਿਤਾਬ ਪੁਰੇ ਜਾਣ ਦਾ ਰੱਸਤਾ ਪੁੱਛਣ ਲੱਗਿਆ।
ਮੋਟਰ ਸਾਈਕਲ ਵਾਲੇ ਤੇ ਟੀ ਸਟਾਲ ਦੇ ਮਾਲਕ ਦੋਵਾਂ ਨੇ ਹੀ ਮੇਰੇ ਵੱਲ ਹੈਰਾਨੀ ਨਾਲ ਵੇਖਿਆ। ਚਾਹ ਵਾਲੇ ਨੇ ਕਿਹਾ—“ਇਹ ਬਸਤੀ ਤਾਂ ਇੱਥੋਂ ਬੜੀ ਦੂਰ ਏ ਸਾਹਬ ਤੇ ਤੁਹਾਡੇ ਕੋਲ ਆਪਣੀ ਕੋਈ ਸਵਾਰੀ ਵੀ ਨਹੀਂ...”
ਕੁਝ ਪਲ ਚੁੱਪ ਵਿਚ ਬੀਤੇ। ਫੇਰ ਚਾਹ ਵਾਲੇ ਨੇ ਚਾਹ ਲਈ ਉਬਦੇ ਪਾਣੀ ਵਿਚ ਚਾਹ ਪੱਤੀ ਪਾਂਦਿਆਂ ਦੂਜੇ ਆਦਮੀ ਨੂੰ ਕਿਹਾ—“ਅੱਜ ਕੋਈ ਯੱਕਾ-ਟਾਂਗਾ ਵੀ ਨਹੀਂ ਦੇਖਿਆ, ਸ਼ਾਇਦ ਥੋੜ੍ਹੀ ਦੇਰ ਵਿਚ ਕੋਈ ਆ ਈ ਜਾਏ! ਉਡੀਕਣਾ ਪਏਗਾ ਬਾਊਜੀ।”
ਮੋਟਰ ਸਾਈਕਲ ਵਾਲਾ ਬੜੀ ਬੇਧਿਆਨੀ ਜਿਹੀ ਨਾਲ ਆਪਣੀ ਮੋਟਰ ਸਾਈਕਲ ਨੂੰ ਝਾੜਨ ਪੂੰਝਣ ਵਿਚ ਰੁੱਝਿਆ ਹੋਇਆ ਸੀ। ਅਸਾਂ ਦੋਵਾਂ ਨੇ ਆਪੋ-ਆਪਣੀ ਚਾਹ ਵੀ ਚੁੱਪਚਾਪ ਹੀ ਪੀਤੀ। ਸਟਾਲ ਦੇ ਇਕ ਪਾਸੇ, ਖੁੱਲ੍ਹੇ ਰੈਕ ਵਿਚ, ਕੁਝ ਸਸਤੀ ਕਿਸਮ ਦੀਆਂ ਸਿਗਰੇਟਾਂ ਦੀਆਂ ਡੱਬੀਆਂ ਤੇ ਬੀੜੀਆਂ ਦੇ ਬੰਡਲ ਸਜੇ ਹੋਏ ਸਨ। ਮੈਂ ਤਿੰਨ ਡੱਬੀਆਂ ਖਰੀਦੀਆਂ ਤੇ ਸਿਗਰੇਟ ਸੁਲਗਾਂਦਿਆਂ ਹੋਇਆਂ ਉਸ ਵੱਲ ਵੀ ਡੱਬੀ ਵਧਾ ਦਿੱਤੀ ਤਾਂ ਉਹ ਬੋਲਿਆ—“ਨਾ ਭਾਈ ਸਾਹਬ, ਮੈਂ ਸਿਗਰੇਟ ਨਹੀਂ ਪੀਂਦਾ...ਸ਼ੁਕਰੀਆ।”
ਫੇਰ ਜ਼ਰਾ ਆਪਣੱਤ ਜਿਹੀ ਨਾਲ ਬੋਲਿਆ—“ਮੈਂ ਜ਼ਰਾ ਦੂਜੇ ਪਾਸੇ ਵੱਲ ਦੀ ਜਾਣਾ ਏਂ, ਜ਼ਰਾ ਜਲਦੀ ਵੀ ਪਹੁੰਚਣਾ ਏਂ...ਤੁਸੀਂ ਆਖੋਂ ਤਾਂ ਨਦੀ ਦੇ ਪੁਲ ਤੱਕ ਛੱਡ ਦਿਆਂਗਾ, ਓਧਰੋਂ ਕੋਈ ਟਾਂਗਾ-ਯੱਕਾ ਜਾਂ ਕੋਈ ਹੋਰ ਸਵਾਰੀ ਮਿਲ ਜਾਂਦੀ ਐ, ਪਰ ਆਮ ਕਰਕੇ ਲੋਕੀ ਪੈਦਲ ਜਾਂ ਸਾਈਕਲ 'ਤੇ ਹੀ ਆਉਂਦੇ-ਜਾਂਦੇ ਨੇ।”
ਮੈਨੂੰ ਆਪਣੇ ਆਪ ਉੱਤੇ ਖਿਝ ਜਿਹੀ ਆਉਣ ਲੱਗ ਪਈ ਕਿ ਮੈਨੂੰ ਅਜਿਹੇ ਉਜਾੜ-ਓਪਰੇ ਇਲਾਕੇ ਵਿਚ ਆਉਣ ਦਾ ਰਿਸਕ ਹੀ ਨਹੀਂ ਸੀ ਲੈਣਾ ਚਾਹੀਦਾ। ਜਿੱਥੇ ਜਾ ਰਿਹਾ ਹਾਂ ਉਹ ਵੀ ਪਤਾ ਨਹੀਂ ਕਿਹੋ-ਜਿਹੇ ਲੋਕ ਹੋਣ! ਇਹ ਕਿਸੇ ਕਿਸਮ ਦੀ ਆਸ਼ਕੀ ਦੀ ਮੁਹਿੰਮ ਨਹੀਂ ਸੀ, ਬਸ ਇਕ ਅਣਜਾਣ ਜਿਹੀ ਖਿੱਚ ਉਸ ਲਿਖਤ ਵਿਚ ਸੀ ਜਿਹੜੀ ਮੈਨੂੰ ਇੱਥੋਂ ਤੀਕ ਖਿੱਚ ਲਿਆਈ ਸੀ। ਇੱਥੋਂ ਹੀ ਵਾਪਸ ਵੀ ਹੋ ਜਾਵਾਂ ਪਰ ਆਪਣੇ ਸਾਥੀਆਂ ਨਾਲ ਜਾ ਮਿਲਣ ਲਈ ਤਾਂ ਅਜੇ ਦੋ ਦਿਨ ਬਾਕੀ ਸਨ, ਮੈਂ ਮੋਟਰ ਸਾਈਕਲ ਵਾਲੇ ਦੀ ਪੇਸ਼ਕਸ਼ ਝੱਟ ਮੰਜ਼ੂਰ ਕਰ ਲਈ।
ਸੜਕ ਤੰਗ ਪਰ ਪੱਕੀ ਤੇ ਸਾਫ ਸੀ। ਦੋਵੇਂ ਪਾਸੇ ਉੱਚੇ-ਉੱਚੇ ਸਰਕੜੇ ਉੱਗੇ ਹੋਏ ਸਨ। ਕਿਤੇ ਕਿਤੇ ਵਲਾਇਤੀ ਕੁਆਰ ਤੇ ਲਾਲਟੀਨਾ ਦੀਆਂ ਸਦਾ ਬਹਾਰ ਝਾੜੀਆਂ ਦੇ ਝੁੰਡ ਵੀ ਸਨ। ਉਹਨਾਂ ਦੇ ਪਾਰ ਮੀਲਾਂ ਤੀਕ ਮੱਕੀ ਤੇ ਗੰਨੇ ਦੇ ਖੇਤ ਵਿਛੇ ਹੋਏ ਸਨ। ਸੜਕ ਦੇ ਕਿਨਾਰੇ-ਕਿਨਾਰੇ ਬਲਦ ਗੱਡੀਆਂ ਦੇ ਡੂੰਘੇ ਲੀਹੇ ਸਨ। ਤੇ ਕਿੱਕਰ ਤੇ ਯੂਕਲਿਪਟਸ ਦੇ ਉੱਚੇ ਰੁੱਖ ਵੀ ਲਾਏ ਹੋਏ ਸਨ। ਰਸਤੇ ਵਿਚ ਸਾਡੇ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਹੋ ਵੀ ਨਹੀਂ ਸੀ ਸਕਦੀ ਕਿਉਂਕਿ ਮੋਟਰ ਸਾਈਕਲ ਦੇ ਇੰਜਨ ਦਾ ਰੌਲਾ ਹੀ ਏਨਾ ਉੱਚਾ ਸੀ। ਲਗਪਗ ਤਿੰਨ ਚਾਰ ਕਿਲੋਮੀਟਰ ਕਰ ਜਾਣ ਪਿੱਛੋਂ ਇਕ ਨਦੀ ਆਈ, ਜਿਸਦੇ ਪੁਲ ਉੱਤੇ ਉਸਨੇ ਮੈਨੂੰ ਲਾਹ ਦਿੱਤਾ। ਉਸ ਤੋਂ ਵੱਖ ਹੋਣ ਲੱਗਿਆਂ ਮੈਂ ਉਸਦਾ ਧੰਨਵਾਦ ਕੀਤਾ ਤੇ ਉਸਨੂੰ ਉਸ ਨਦੀ ਦਾ ਨਾਂ ਪੁੱਛਿਆ।
“ਇਸ ਨੂੰ ਬਾਨ ਨਦੀ ਕਹਿੰਦੇ ਐ ਜੀ।”
ਬਾਨ ਦਾ ਨਾਂ ਸੁਣਦਿਆਂ ਹੀ ਮੈਨੂੰ ਜੌਨ ਏਲੀਆ ਤੇ ਰਈਸ ਨਜਮੀ ਦੋਵੇਂ ਇਕੱਠੇ ਚੇਤੇ ਆ ਗਏ। ਜੌਨ ਨੇ ਇਸ ਨਦੀ ਬਾਰੇ ਬੜੇ ਹੀ ਜਜ਼ਬਾਤੀ ਸ਼ਿਅਰ ਕਹੇ ਸਨ ਜਿਵੇਂ ਇਹ ਨਦੀ ਉਸਦੀ ਮਹਿਬੂਬਾ ਹੋਵੇ। ਰਈਸ ਦੀ ਜ਼ਬਾਨੀ ਸੁਣੇ ਉਸੇ ਦੇ ਸ਼ਿਅਰਾਂ ਨੇ ਮੈਨੂੰ ਹਮੇਸ਼ਾ ਇਕ ਉਦਾਸੀ ਨਾਲ ਭਰ ਦਿੱਤਾ ਸੀ...:
'ਇਸ ਸਮੁੰਦਰ ਮੇਂ ਤਸ਼ਨੇ ਕਾਮ ਹੂੰ ਮੈਂ
ਬਾਨ ਤੁਮ ਅਬ ਭੀ ਬਹਿ ਰਹੀ ਹੋ ਕਿਆ?'
--- --- ---
ਬਾਨ ਨਦੀ ਕੋਲ ਅਮਰੋਹੇ ਵਿਚ ਜਿਹੜਾ ਮੁੰਡਾ ਰਹਿੰਦਾ ਸੀ। ਉਹ ਤਾਂ ਉਹੀ ਹੈ। ਮੈਂ ਹਾਂ ਕਿੱਥੇ 'ਗੰਗਾ ਜੀ ਤੇ ਜਮਨਾ ਜੀ!'
ਮੈਂ ਨਦੀ ਦੇ ਪੁਲ ਉੱਤੇ ਬੈਠ ਕੇ ਉਸਨੂੰ ਬੜੀ ਖਾਮੋਸ਼ੀ ਨਾਲ ਵਗਦਿਆਂ ਦੇਖਦਾ ਰਿਹਾ। ਦੇਸ਼ ਦੀ ਵੰਡ ਪਿੱਛੋਂ ਜੌਨ ਕਰਾਚੀ ਵਿਚ ਜਾ ਵੱਸਿਆ ਸੀ, ਪਰ ਇਸ ਨੂੰ ਭੁੱਲ ਨਹੀਂ ਸੀ ਸਕਿਆ। ਜੌਨ ਦੇ ਸ਼ਿਅਰ ਮੈਂ ਪਹਿਲੀ ਵਾਰੀ ਉਸੇ ਦੀ ਜ਼ਬਾਨੀ ਸੁਣੇ ਸਨ। ਉਸਦੀ ਭਰੜਾਈ ਹੋਈ ਆਵਾਜ਼ ਆਪਣੀ ਪੂਰੀ ਥਰਥਰਾਹਟ ਦੇ ਨਾਲ ਮੇਰੇ ਅੰਦਰ ਅੱਜ ਤੀਕ ਮੌਜ਼ੂਦ ਸੀ। ਪਰ ਉਸਦੀ ਸ਼ਾਇਰੀ ਦੇ ਸੱਚੇ ਆਸ਼ਿਕ ਰਈਸ ਨਜਮੀ ਦੀ ਗੰਭੀਰ ਆਵਾਜ਼ ਉਸ ਉੱਤੇ ਵਾਰ-ਵਾਰ ਹਾਵੀ ਹੋ ਜਾਂਦੀ ਸੀ। ਇੰਜ ਵੀ ਲੱਗਦਾ ਸੀ ਜਿਵੇਂ ਦੋਵਾਂ ਦੀ ਇਕੋ ਮਹਿਬੂਬਾ ਹੋਵੇ ਤੇ ਦੋਵੇਂ ਇਕੋ ਤਾਣ ਵਿਚ ਸ਼ਿਅਰ ਪੜ੍ਹ ਰਹੇ ਹੋਣ...:
ਜੌਨ ਬੜਾ ਹਰਜਾਈ ਨਿਕਲਿਆ ਪਰ ਉਹ ਤਾਂ ਬੈਰਾਗੀ ਸੀ—ਇਕ ਅਨੀਲੀ, ਇਕ ਸਜੀਲੀ, ਅਲਬੇਲੀ ਅਮਰੋਹਨ ਦਾ।
ਸ਼ਰਮ, ਦਹਿਸ਼ਤ, ਝਿਜਕ, ਪ੍ਰੇਸ਼ਾਨੀ
ਜਬਤ ਸੇ ਕਾਮ ਕਿਊਂ ਨਹੀਂ ਲੇਤੀਂ!
'ਆਪ' 'ਵੋਹ' 'ਤੁਮ !' ਮਗਰ ਯਹ ਸਬ ਕਿਆ ਹੈ!
ਤੁਮ ਮੇਰਾ ਨਾਮ ਕਿਉਂ ਨਹੀਂ ਲੇਤੀਂ?
ਅਚਾਨਕ ਮੈਨੂੰ ਇੰਜ ਲੱਗਿਆ ਪੁਲ 'ਤੇ ਬੈਠਿਆਂ ਬੜੀ ਦੇਰ ਹੋ ਗਈ ਹੈ। ਮਹਿਤਾਬ ਪੁਰ ਨੂੰ ਜਾਣ ਵਾਲੀ ਖੜ੍ਹੀਆਂ ਇੱਟਾਂ ਦੇ ਖੜਵੰਜੇ ਦੀ ਸੜਕ 'ਤੇ ਵੀ ਕੋਈ ਆਉਂਦਾ-ਜਾਂਦਾ ਦਿਖਾਈ ਨਹੀਂ ਸੀ ਦੇ ਰਿਹਾ। ਮੇਰੇ ਅੰਦਰ ਜਿਹੜੀ ਇੱਥੋਂ ਤਕ ਆ ਪਹੁੰਚਣ ਦੀ ਕਸ਼ਮਕਸ਼ ਜਾਰੀ ਹੈ, ਉਹ ਮੈਨੂੰ ਫੇਰ ਬੇਚੈਨ ਕਰਨ ਲੱਗ ਪਈ ਹੈ। ਹੁਣ ਮੈਂ ਵਾਪਸ ਵੀ ਨਹੀਂ ਜਾ ਸਕਦਾ। ਮੈਂ ਆਪਣਾ ਏਅਰ ਬੈਗ ਮੋਢੇ ਉੱਤੇ ਟੰਗਿਆ ਤੇ ਯਕਦਮ ਉਠ ਕੇ ਖੜ੍ਹਾ ਹੋ ਗਿਆ ਤੇ ਨਦੀ ਦੇ ਸ਼ਾਂਤ ਪਾਣੀ ਵਿਚ ਉਤਰ ਗਿਆ...ਬੂਟਾਂ ਸਮੇਤ ਤੇ ਕੱਪੜਿਆਂ ਦੇ ਭਿੱਜ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਝੁਕ ਕੇ ਪਾਣੀ ਨੂੰ ਛੂਹਿਆ। ਹੱਥ ਡੁਬੋ ਕੇ ਕਿੰਨੀ ਵਾਰੀ ਖੰਘਾਲਿਆ, ਜਿਸ ਨਾਲ ਨਿੱਕੀਆਂ ਨਿੱਕੀਆਂ ਲਹਿਰਾਂ ਦੇ ਅਣਗਿਣਤ ਦਇਰੇ ਜਿਹੇ ਬਣ ਗਏ ਤੇ ਫੈਲ ਕੇ ਵੱਡੇ ਹੁੰਦੇ ਗਏ...ਤੇ ਫੇਰ ਉਹ ਮਿਟ ਵੀ ਗਏ। ਸਿੱਧਾ ਖੜ੍ਹਾ ਕੇ ਮੈਂ ਉਸੇ ਖੜਵੰਜੇ ਵਾਲੀ ਸੜਕ ਵੱਲ ਦੇਖਿਆ ਜਿਸ ਉੱਤੇ ਹੁਣ ਦੂਰ ਇਕ ਸਾਈਕਲ ਸਵਾਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸਨੂੰ ਮੇਰੇ ਕੋਲ ਪਹੁੰਚਣ ਵਿਚ ਪੰਜ ਸਤ ਮਿੰਟ ਲੱਗ ਗਏ। ਉਹ ਨਦੀ ਦੇ ਇਸ ਪਾਰ ਹੀ ਸਾਈਕਲ ਉਤੋਂ ਉਤਰ ਕੇ ਖੜ੍ਹਾ ਹੋ ਗਿਆ ਤੇ ਮੇਰੇ ਵੱਲ ਸ਼ੱਕੀ ਜਿਹੀਆਂ ਨਿਗਾਹਾਂ ਨਾਲ ਵੇਖਣ ਲੱਗਾ। ਉਹ ਇਕ ਸਿੱਧਾ ਸਾਦਾ ਜਿਹਾ ਪਿੰਡ ਦਾ ਬੰਦਾ ਸੀ। ਤੇੜ ਧੋਤੀ ਤੇ ਕਮੀਜ਼ ਸੀ ਤੇ ਸਿਰ ਉੱਤੇ ਟੋਪੀ। ਰਤਾ ਉੱਚੀ ਆਵਾਜ਼ ਵਿਚ ਉਸਨੇ ਮੈਨੂੰ ਪੁੱਛਿਆ, “ਸਾਹਬ-ਜੀ, ਕੀ ਤੁਸੀਂ ਓ ਮਹਿਤਾਬ ਪੁਰ ਜਾਣ ਲਈ ਆਏ ਓ ਕਿ...?”
ਉਸਦਾ ਸਵਾਲ ਸੁਣ ਕੇ ਮੈਂ ਖਿੜ ਗਿਆ ਸਾਂ। ਕਾਹਲ ਨਾਲ ਪਾਣੀ ਵਿਚੋਂ ਬਾਹਰ ਨਿਕਲ ਆਇਆ। ਪੁਲ ਉਤੋਂ ਦੀ ਹੁੰਦਾ ਹੋਇਆ ਉਸ ਕੋਲ ਪਹੁੰਚਿਆ। ਉਸਦੀ ਸਾਈਕਲ ਦੇ ਪਿੱਛੇ ਲੱਗੇ ਕੈਰੀਅਰ ਨੂੰ ਦੇਖਿਆ ਜਿਸ ਉੱਤੇ ਨੀਲੇ ਸੂਤ ਦਾ ਬੰਡਲ ਟੰਗਿਆ ਹੋਇਆ ਸੀ।
“ਹਾਂ ਮੈਨੂੰ ਹੀ ਉੱਥੇ ਆਉਣ ਲਈ ਕਿਹਾ ਗਿਆ ਸੀ।”
“ਤਾਂ ਫੇਰ ਚੱਲੋ ਸਾਹਬ ਜੀ, ਪਰ ਤੁਹਾਨੂੰ ਇਹ ਸੁਤ ਫੜ੍ਹ ਕੇ ਬੈਠਣਾ ਪਏਗਾ। ਹੋਰ ਕੋਈ ਸਵਾਰੀ ਨਹੀਂ ਅੱਜ ਇੱਥੇ।”
ਮੈਂ ਏਅਰ ਬੇਗ ਉਸਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਝੁੱਕ ਕੇ ਪਾਣੀ ਨਾਲ ਭਿੱਜੇ ਹੋਏ ਪੈਂਟ ਦੇ ਪਹੁੰਚਿਆਂ ਨੂੰ ਨਿਚੋੜਿਆ ਤੇ ਬੂਟਾਂ ਨੂੰ ਜ਼ੋਰ ਜ਼ੋਰ ਨਾਲ ਜ਼ਮੀਨ ਉੱਤੇ ਮਾਰ ਕੇ ਉਹਨਾਂ ਵਿਚ ਭਰਿਆ ਹੋਇਆ ਪਾਣੀ ਵੀ ਛੰਡਿਆ। ਫੇਰ ਉਸਦੇ ਸੂਤ ਦਾ ਬੰਡਲ ਗੋਦੀ ਵਿਚ ਰੱਖ ਕੇ ਉਸਦੇ ਪਿੱਛੇ ਬੈਠ ਗਿਆ।
ਉਰਦੂ ਭਾਸ਼ਾ ਦੇ ਪਰਚਾਰ-ਪਰਸਾਰ ਦੇ ਸਿਲਸਿਲੇ ਵਿਚ ਉਤਰ ਪ੍ਰਦੇਸ਼ ਦੇ ਪਿੰਡ-ਪਿੰਡ ਘੁੰਮਦਿਆਂ ਹੋਇਆਂ ਮੈਨੂੰ ਕਈ ਤਜ਼ੁਰਬਿਆਂ ਵਿਚੋਂ ਲੰਘਣਾ ਪਿਆ ਸੀ। ਕਈ ਵੰਨੀਆਂ ਦੀ ਭਾਸ਼ਾ ਤੇ ਸੰਸਕ੍ਰਿਤੀ ਵਾਲੇ ਪਿੰਡਾਂ ਨੂੰ ਜਾਣਨ ਦਾ ਪਹਿਲੀ ਵਾਰ ਮੌਕਾ ਮਿਲਿਆ ਸੀ। ਉਹਨਾਂ ਦੀਆਂ ਛੋਟੀਆਂ-ਵੱਡੀਆਂ, ਕੱਚੀਆਂ-ਪੱਕੀਆਂ ਝੌਂਪੜੀਆਂ ਦੇਖੀਆਂ ਸਨ, ਉਹਨਾਂ ਨਾਲ ਜ਼ਮੀਨ ਉੱਤੇ ਵਿਛੇ ਟਾਟ ਉੱਤੇ ਬੈਠ ਕੇ ਚਾਹ ਪੀਤੀ ਸੀ ਤੇ ਰੋਟੀ ਖਾਧੀ ਸੀ। ਉਹਨਾਂ ਦੇ ਖੇਤਾਂ-ਬੰਨਿਆਂ ਉੱਤੇ ਉਹਨਾਂ ਨੂੰ ਗੰਨਾਂ ਪੀੜਦਿਆਂ ਤੇ ਗੁੜ ਬਣਾਉਂਦਿਆਂ ਦੇਖਿਆ ਸੀ। ਕਈ ਛੋਟੇ-ਛੋਟੇ ਮਦਰੱਸਿਆਂ ਵਿਚ ਮੌਲਵੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰਵਾਉਂਦਿਆਂ ਤੇ ਉਰਦੂ ਪੜ੍ਹਾਉਂਦਿਆਂ ਦੇਖਿਆ ਸੀ। ਇਕ ਵਾਰੀ ਮੈਂ ਰਾਤ ਵੇਲੇ ਇਕ ਨਦੀ ਦੇ ਕਿਨਾਰੇ ਟੈਕਸੀ ਛੱਡ ਕੇ ਆਪਣੇ ਸਾਥੀਆਂ ਨਾਲ ਇਕ ਕਿਸ਼ਤੀ ਵਿਚ ਬੈਠ ਕੇ ਮਗਨ ਪੁਰ ਦੀ ਦਰਗਾਹ ਵਿਚ ਪਹੁੰਚਿਆ ਸਾਂ ਜਿੱਥੇ ਹਜ਼ਾਰਾਂ ਲੋਕੀ ਸਾਡੀ ਉਡੀਕ ਕਰ ਰਹੇ ਸਨ। ਇਕ ਹੋਰ ਦਰਗਾਹ ਜਿਹੜੀ ਸ਼ਾਮ ਵੇਲੇ ਅਗਰਬੱਤੀਆਂ ਤੇ ਲੂਬਾਨ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਦੇ ਵਿਸ਼ਾਲ ਅਹਾਤੇ ਵਿਚ ਮਜ਼ਾਰ ਸ਼ਰੀਫ਼ ਦੀਆਂ ਪੌੜੀਆਂ ਦੇ ਸਾਹਮਣੇ ਹਜ਼ਾਰਾਂ ਅਜਿਹੀਆਂ ਔਰਤਾਂ ਦੇਖੀਆਂ ਜਿਹਨਾਂ ਆਪਣੇ ਵਾਲ ਖੋਹਲੇ ਹੋਏ ਸਨ ਤੇ ਉਹਨਾਂ ਵਿਚ ਕਸਰ ਆਈ ਹੋਈ ਸੀ ਤੇ ਉਹ ਇਕ ਖਾਸ ਤਰੀਕੇ ਨਾਲ ਸਿਰ ਘੁੰਮਾਅ ਰਹੀਆਂ ਸਨ। ਕਿਸੇ ਕਿਸੇ ਦੀ ਗੋਦ ਵਿਚ ਲੇਟੇ ਹੋਏ ਅਪਾਹਿਜ ਬੱਚੇ ਜਾਂ ਮਰਦ ਵੀ ਸਨ ਜਿਹੜੇ ਬੜੀ ਬੇਬਸੀ ਜਿਹੀ ਨਾਲ ਆਸਮਾਨ ਵੱਲ ਦੇਖ ਰਹੇ ਸਨ। ਉਹਨਾਂ ਦੇ ਚਾਰੇ ਪਾਸੇ ਮਜ਼ਾਰ ਤੇ ਕਬਰਾਂ ਸਨ ਤੇ ਖ਼ਾਨਗਾਹਾਂ ਸਨ ਤੇ ਧਾਰਮਿਕ ਸਿੱਖਿਆ ਦੇ ਸਿੱਖਿਆ ਕੇਂਦਰ ਤੇ ਨਵੀਆਂ ਵੀਰਨ ਮਸਜਿਦਾਂ ਦੇ ਗੁੰਦ ਤੇ ਉੱਚੇ-ਉੱਚੇ ਮੀਨਾਰ ਸਨ। ਲੋਬਾਨ ਤੇ ਅਗਰਬੱਤੀਆਂ ਤੇ ਜਗਾਉਣ ਲਈ ਤੇਲ ਦੇ ਦੀਵੇ ਤੇ ਪਤਾਸੇ ਵੇਚਣ ਵਾਲਿਆਂ ਦੀਆਂ ਬੇਸ਼ੁਮਾਰ ਦੁਕਾਨਾ ਸਨ ਜਿਹਨਾਂ ਦੇ ਫੱਟਿਆਂ ਉੱਤੇ ਕਾਂਗਰਸ, ਲੋਕ ਦਲ, ਜਨਤਾ ਪਾਰਟੀ, ਸੀ.ਪੀ.ਆਈ ਤੇ ਮੁਸਲਿਮ ਮਜਲਿਸ ਵਗ਼ੈਰਾ ਦੇ ਪੋਸਟਰ ਤੇ ਕਿਸੇ ਮੁਸ਼ਇਰੇ ਵਗ਼ੈਰਾ ਦੇ ਇਸ਼ਤਿਹਾਰ ਵੀ ਚਿਪੇ ਸਨ।
ਮੈਨੂੰ ਮਹਿਤਾਬ ਪੁਰ ਲੈ ਜਾਣ ਵਾਲੇ ਪੇਂਡੂ ਬੰਦੇ ਦੀ ਪਿੱਠ ਪਸੀਨੇ ਨਾਲ ਤਰਬਤਰ ਹੋ ਗਈ ਤੇ ਮੈਂ ਉਸਨੂੰ ਹਫਦਿਆਂ ਹੋਇਆਂ ਦੇਖਿਆ ਤਾਂ ਮੈਂ ਸਾਈਕਲ ਦੇ ਕੈਰੀਅਰ ਤੋਂ ਉਤਰ ਗਿਆ ਤੇ ਕਿਹਾ, “ਹੁਣ ਤੁਸੀਂ ਪਿੱਛੇ ਬੈਠੋ, ਮੈਂ ਸਾਈਕਲ ਚਲਾਂਦਾ ਆਂ।”
“ਓ ਨਹੀਂ ਸਾਹਬ-ਜੀ! ਕਿਉਂ ਸ਼ਰਮਿੰਦਾ ਕਰਦੇ ਓ! ਮਾਲਕਿਨ ਨੂੰ ਪਤਾ ਲੱਗ ਗਿਆ ਤਾਂ ਸਾਨੂੰ ਮੂੰਹ ਲਕੋਣ ਦੀ ਥਾਂ ਵੀ ਨਹੀਂ ਲੱਭਣੀ। ਤੁਸੀਂ ਸਾਡੇ ਮਹਿਮਾਨ ਓ ਸਾਹਬ। ਮਾਲਕਿਨ ਨੇ ਕਿਹੈ ਸਾਡੇ ਭਾਈ ਦੀ ਜੀਪ ਖ਼ਰਾਬ ਹੋ ਗਈ ਐ, ਨਹੀਂ ਤਾਂ ਅਸੀਂ ਤੁਹਾਨੂੰ ਉਸ ਉੱਤੇ ਲਿਜਾਂਦੇ...ਸਾਈਕਲ ਦੀ ਸਵਾਰੀ ਕਤਈ ਨਾ ਭੇਜਦੇ। ਅੱਛਾ ਬੈਠੋ, ਤੁਹਾਨੂੰ ਛੱਡ ਕੇ ਮੈਂ ਪਿਤੰਬਰ ਪੁਰ ਵੀ ਜਾਣਾ ਐਂ।”
ਅਸੀਂ ਮਹਿਤਾਬ ਪੁਰ ਪਹੁੰਚੇ ਤਾਂ ਸਾਈਕਲ ਤੋਂ ਉਤਰਨਾ ਪਿਆ ਕਿਉਂਕਿ ਬਸਤੀ ਕਾਫੀ ਉੱਚੀ ਜਗ੍ਹਾ ਵੱਸੀ ਹੋਈ ਸੀ। ਅਣਗਿਣਤ ਰੁੱਖ—ਯੂਕਲਿਪਟਸ ਤੇ ਬਾਂਸ—ਆਸਮਾਨ ਨੂੰ ਛੂੰਹਦੇ ਹੋਏ! ਮੈਂ ਆਪਣਾ ਏਅਰ ਬੈਗ ਫੇਰ ਮੋਢੇ ਉੱਤੇ ਟੰਗ ਲਿਆ ਸੀ। ਸਾਈਕਲ ਸਵਾਰ ਮੇਰੇ ਅੱਗੇ-ਅੱਗੇ ਤੁਰ ਰਿਹਾ ਸੀ। ਹਫਿਆ ਹੋਇਆ ਆਪਣੇ ਆਪ ਦੱਸੀ ਜਾ ਰਿਹਾ ਸੀ, “ਕਈ ਸਦੀਆਂ ਪਹਿਲਾਂ ਇੱਥੇ ਜੰਗਲੀ ਕਬੀਲੇ ਆਬਾਦ ਸਨ, ਜਿਹੜੇ ਬੜੇ ਵੱਡੇ-ਵੱਡੇ ਜ਼ਹਿਰੀਲੇ ਤੀਰ ਕਮਾਨ ਬਣਾ ਕੇ ਰਾਜਿਆਂ ਨੂੰ ਸਪਲਾਈ ਕਰਦੇ ਸੀ। ਜਦ ਰੋਹਿਲੇ ਆਏ, ਉਹਨਾਂ ਨਾਲ ਨਹੀਂ ਨਿਭੀ ਉਹਨਾਂ ਦੀ। ਉਹਨਾਂ ਜੰਗਲਾਂ ਦਾ ਬਿਲਕੁਲ ਸਫਾਇਆ ਹੀ ਕਰ ਦਿੱਤਾ। ਉਦੋਂ ਦੀ ਇਹ ਮੁਸਲਮਾਨਾਂ ਦੀ ਬਸਤੀ ਦੋ ਨਦੀਆਂ ਵਿਚਕਾਰ ਵੱਸੀ ਹੋਈ ਏ। ਇਕ ਉਹੀ ਬਾਨ ਨਦੀ, ਜਿਹੜੀ ਰਸਤੇ ਵਿਚ ਤੁਸੀਂ ਦੇਖੀ ਸੀ, ਦੂਜੀ ਨਦੀ ਇਕ ਮੁੱਦਤ ਹੋਈ ਅਲੋਪ ਹੋ ਚੁੱਕੀ ਏ। ਖ਼ੁਦਾ ਜਾਣੇ ਕੀ ਨਾਂਅ ਹੋਏਗਾ ਉਸਦਾ! ਹੁਣ ਤਾਂ ਭੁੱਲ-ਭੱਲ ਗਏ ਅਸੀਂ ਲੋਕ।”
ਵਿੰਗੇ ਟੇਢੇ ਜੰਗਲੀ ਝਾੜੀਆਂ ਵਾਲੇ ਰਸਤੇ ਤੋਂ ਲੰਘ ਕੇ ਅਸੀਂ ਇਕ ਬੜੀ ਪੁਰਾਤਨ ਜਿਹੀ ਇਮਾਰਤ ਦੇ ਸਾਹਮਣੇ ਜਾ ਨਿਕਲੇ ਜਿਹੜੀ ਇਕ ਉੱਚੇ ਚਬੂਤਰੇ ਉੱਤੇ ਬਣੀ ਹੋਈ ਸੀ। ਮੈਂ ਦੂਰੋਂ ਹੀ, ਦਰਖ਼ਤਾਂ ਦੀ ਓਟ ਵਿਚ ਇਕ ਪ੍ਰਛਾਵੇਂ ਨੂੰ ਸਰਕਦਾ ਹੋਇਆ ਦੇਖ ਲਿਆ ਸੀ।
“ਇਹੀ ਸਲੀਮ ਪੁਰਾ ਹਾਊਸ ਐ ਸਾਹਬ। ਉਪਰ ਚਲੇ ਜਾਓ। ਸਲਾਮ ਆਲੇਕੁਮ।” ਇਹ ਕਹਿ ਕੇ ਉਹ ਅਹਿ-ਜਾਹ ਔਹ-ਜਾਹ ਹੋ ਗਿਆ।
ਮੇਰੇ ਪੈਰਾਂ ਹੇਠ ਪੀਲੇ ਪੱਤਿਆਂ ਦਾ ਇਕ ਫਰਸ਼ ਜਿਹਾ ਵਿਛਿਆ ਹੋਇਆ ਸੀ। ਉਪਰ ਜਾਣ ਵਾਲੀਆਂ ਪੌੜੀਆਂ ਦੀ ਗਿਣਤੀ ਪੰਜਾਹ ਤੋਂ ਘੱਟ ਨਹੀਂ ਸੀ ਹੋਣੀ। ਦੋਵੇਂ ਪਾਸੇ ਛੋਟੇ-ਵੱਡੇ ਬੇਸ਼ੁਮਾਰ ਗਮਲੇ ਰੱਖੇ ਹੋਏ ਸਨ—ਕੁਝ ਸਾਬਤ ਸਨ, ਕੁਝ ਖਸਤਾ ਹਾਲ। ਕੁਝ ਹਰੇ ਭਰੇ ਸਨ, ਕੁਝ ਸੁੱਕੇ ਹੋਏ। ਵਰਾਂਡੇ ਵਿਚ ਕੰਧ ਦੇ ਨਾਲ ਨਾਲ ਬੈਂਤ ਦੀਆਂ ਕੁਰਸੀਆਂ ਪਈਆਂ ਸਨ ਜਿਹਨਾਂ ਦੇ ਛਿਲਕੇ ਖੁੱਲ ਕੇ ਫਰਸ਼ ਨੂੰ ਛੂਹ ਰਹੇ ਸਨ। ਸਾਹਮਣੇ ਵਾਲੇ ਦੋਵੇਂ ਦਰਵਾਜ਼ੇ ਬੰਦ ਸਨ। ਸਭ ਪਾਸੇ ਇਕ ਹੈਰਾਨ ਕਰ ਦੇਣ ਵਾਲੀ ਚੁੱਪ ਵਾਪਰੀ ਹੋਈ ਸੀ। ਮੇਰੇ ਕਦਮ ਅਚਾਨਕ ਰੁਕ ਗਏ। ਘਬਰਾ ਕੇ ਇਧਰ ਉਧਰ ਦੇਖਿਆ। ਅਚਾਨਕ ਕਿਸੇ ਪਾਸਿਓਂ ਇਕ ਜ਼ਨਾਨਾ ਆਵਾਜ਼ ਸੁਣਾਈ ਦਿੱਤੀ ਸੀ।
“ਤਸ਼ਰੀਫ਼ ਲੈ ਆਓ...ਖੱਬੇ ਹੱਥ ਵਾਲਾ ਦਰਵਾਜ਼ਾ ਖੁੱਲ੍ਹਾ ਏ...ਬੇਗ਼ਮ ਸਹਿਬਾ ਮੁਲਾਕਾਤ ਲਈ ਉੱਥੇ ਹੀ ਹਾਜ਼ਰ ਹੋਣਗੇ।”
ਮੈਂ ਆਸੇ-ਪਾਸੇ ਦੇਖੇ ਬਿਨਾਂ ਅੱਗੇ ਵਧ ਗਿਆ। ਉਸ ਜ਼ਨਾਨੀ ਨੇ ਕਾਹਲ ਨਾਲ ਦਰਵਾਜ਼ੇ ਦਾ ਪਰਦਾ ਹਟਾਅ ਦਿੱਤਾ, “ਆਦਾਬ, ਮੈਂ ਸ਼ਰਵਤ ਆਂ। ਤੁਹਾਨੂੰ ਖਾਸੀ ਤਕਲੀਫ਼ ਦਿੱਤੀ। ਬੜੀ ਸ਼ਰਮਿੰਦਾ ਆਂ।”
ਕਦੀ ਕਦੀ ਇੰਜ ਵੀ ਹੁੰਦਾ ਹੈ ਕਿ ਆਉਣ ਵਾਲਾ ਘਰ ਦੇ ਮਾਲਕ...ਤੇ ਉਸਦੇ ਆਸ-ਪਾਸ ਦੇ ਮਾਹੌਲ ਨੂੰ ਇਕੋ ਸਮੇਂ ਦੇਖਣ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਠੀਕ ਢੰਗ ਨਾਲ ਕਿਸੇ ਨੂੰ ਵੀ ਨਹੀਂ ਦੇਖ ਸਕਦਾ। ਨੰਗੀਆਂ ਇੱਟਾਂ ਦੇ ਫਰਸ਼ ਉੱਤੇ ਵਿਛੀ ਇਕ ਪੁਰਾਣੀ ਦਰੀ ਤੇ ਵਿਚਕਾਰ ਵਿਛਿਆ ਹੋਇਆ ਖਸਤਾ ਹਾਲ ਭੁਸਲਾ ਕਾਲੀਨ; ਧੂੜ ਮਿੱਟੀ ਨਾਲ ਬਦਰੰਗ ਹੋਏ ਚਮੜੇ ਦੇ ਵੱਡੇ-ਵੱਡੇ ਸੋਫੇ। ਜ਼ਨਾਨੀ ਦਾ ਰੰਗ ਖਾਸਾ ਸਾਫ ਸੀ ਪਰ ਪੰਜਾਹ ਪਚਵੰਜਾ ਦੀ ਉਮਰ ਸਿਰ ਦੇ ਵਾਲ ਗਹਿਰੇ ਭੂਰੇ ਰੰਗ ਦੇ। ਉੱਚੀਆਂ ਤੇ ਵੱਡੀਆਂ-ਵੱਡੀਆਂ ਖਿੜਕੀਆਂ ਤੇ ਰੌਸ਼ਨਦਾਨ। ਬੋਗਨ ਵਿਲੀਆ ਦੀ ਇਕ ਟਾਹਣੀ ਖਿੜਕੀ ਰਸਤੇ ਅੰਦਰ ਆ ਗਈ ਸੀ ਜਿਸ ਦੀਆਂ ਲਾਲ-ਲਾਲ ਪੱਤੀਆਂ ਬੜੀਆਂ ਭਲੀਆਂ ਲੱਗੀਆਂ। ਉਸਦੇ ਤਨ ਉੱਤੇ ਸਲਵਾਰ ਕਮੀਜ਼ ਦੇ ਇਲਾਵਾ ਦੁਪੱਟਾ ਸੀ ਜਿਹੜਾ ਉਸਦੇ ਸਿਰ ਤੋਂ ਵਾਰੀ-ਵਾਰੀ ਢਿਲਕ ਜਾਂਦਾ ਸੀ।
“ਤਸ਼ਰੀਫ ਰੱਖੋ। ਮੈਂ ਬੜੀ ਸ਼ਰਮਿੰਦਾ ਆਂ ਸੱਚਮੁੱਚ। ਕੱਲ੍ਹ ਰਾਤੀਂ ਵਾਪਸ ਆ ਕੇ ਬੜੀ ਪਛਤਾਈ ਕਿ ਮੈਂ ਕਿਉਂ ਤੁਹਾਡੇ ਵੱਲ ਰੁੱਕਾ ਭੇਜਿਆ!”
ਮੈਂ ਅਚਾਨਕ ਇਧਰ-ਉਧਰ ਕੋਨਿਆਂ ਵਿਚ ਪਈਆਂ ਤਿਪਾਈਆਂ ਤੇ ਸਟੂਲਾਂ ਉਪਰ ਰੱਖੇ ਹੋਏ ਰੰਗੀਨ ਸ਼ੀਸ਼ੇ ਤੇ ਪਿੱਤਲ ਦੇ ਬਿਨਾਂ ਫੁੱਲਾਂ ਵਾਲੇ ਫੁਲਦਾਰ ਗੁਲਦਸਤਿਆਂ ਤੋਂ ਨਿਗਾਹਾਂ ਹਟਾਅ ਕੇ ਸਿਰਫ ਉਸੇ ਵੱਲ ਦੇਖਣ ਦੀ ਹਿੰਮਤ ਪੈਦਾ ਕਰ ਲੈਂਦਾ ਹਾਂ ਤੇ ਕਹਿੰਦਾ ਹਾਂ, “ਬੀਬੀ, ਤੁਸੀਂ ਪ੍ਰੇਸ਼ਾਨ ਨਾ ਹੋਵੋ। ਇੱਥੇ ਪਹੁੰਚ ਗਿਆ ਤਾਂ ਸ਼ਾਂਤੀ ਵੀ ਮਹਿਸੂਸ ਹੋਣ ਲੱਗੀ ਏ। ਪਰ ਕੀ ਤੁਹਾਨੂੰ ਯਕੀਨ ਸੀ ਕਿ ਮੈਂ ਜ਼ਰੂਰ ਆਵਾਂਗਾ?”
“ਕਿਉਂ ਨਹੀਂ! ਹਾਲਾਂਕਿ ਮੇਰੀ ਜ਼ਿੰਦਗੀ ਵਿਚ ਮਾਯੂਸੀਆਂ ਦੀ ਕਮੀ ਨਹੀਂ ਰਹੀ ਪਰ ਹੁਣ ਇੰਜ ਲੱਗਦਾ ਏ ਜੋ ਮੰਗਾਂਗੀ ਜ਼ਰੂਰ ਮਿਲੇਗਾ।”
ਉਸਦੇ ਚਿਹਰੇ ਉੱਤੇ ਵਾਕਈ ਇਕ ਆਤਮ ਵਿਸ਼ਵਾਸ ਦੀ ਝਲਕ ਸੀ।
ਇਕ ਮੁਲਾਜ਼ਮਾਂ ਚੁੱਪਚਾਪ ਅੰਦਰ ਆ ਕੇ ਸਾਡੇ ਸਾਹਮਣੇ ਇਕ ਤਸ਼ਤ ਰੱਖ ਕੇ ਚਲੀ ਗਈ। ਮੈਂ ਆਪ ਹੀ ਹੱਥ ਵਧਾ ਕੇ ਇਕ ਗ਼ਲਾਸ ਵਿਚ ਪਾਣੀ ਭਰ ਲਿਆ ਤੇ ਬੜੇ ਸਹਿਜ ਭਾਅ ਕਿਹਾ, “ਫਰਮਾਓ, ਮੈਨੂੰ ਕਿੰਜ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਏ?”
“ਜੀ ਹੁਣੇ ਅਰਜ਼ ਕਰਦੀ ਆਂ। ਇਹ ਵੇਲਾ ਉਹਨਾਂ ਦੇ ਦਵਾਈ ਲੈਣ ਦਾ ਵੀ ਏ। ਉਹਨਾਂ ਨੂੰ ਵੀ ਲੈ ਕੇ ਆਉਂਦੀ ਆਂ।”
ਆਮ ਤੌਰ 'ਤੇ ਲੰਮੇ ਕੱਦ ਦੀਆਂ ਔਰਤਾਂ ਦੀ ਚਾਲ ਵਿਚ ਆਕੜ ਦੀ ਝਲਕ ਨਹੀਂ ਹੁੰਦੀ ਤਾਂ ਇਕ ਸ਼ਾਹੀ ਸ਼ਿਕਵਾ ਜ਼ਰੂਰ ਹੁੰਦਾ ਹੈ, ਪਰ ਉਹ ਇੰਜ ਤੁਰਦੀ ਹੋਈ ਬਾਹਰ ਨਿਕਲੀ ਜਿਵੇਂ ਕੋਈ ਉੱਚਾ ਲੰਮਾਂ ਰੁੱਖ ਲਹਿਰਾਂਦਾ ਹੋਇਆ ਹੁਣ ਡਿੱਗਿਆ ਹੁਣੇ ਡਿੱਗਿਆ। ਉਸਦੇ ਸਿਰ ਉੱਤੇ ਸਜਿਆ ਹੋਇਆ ਹੁਸੀਨ ਜੂੜਾ ਮੇਰੀਆਂ ਨਜ਼ਰਾਂ ਤੋਂ ਪਰ੍ਹੇ ਹੋਇਆ ਤਾਂ ਮੈਂ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਮੇਰੇ ਪਿਛਲੇ ਪਾਸੇ ਕੰਧ ਨਾਲ ਲੱਗੀਆਂ ਹੋਈਆਂ ਚਾਰ ਵੱਡੀਆਂ-ਵੱਡੀਆਂ ਅਲਮਾਰੀਆਂ ਨੇ ਜਿਹਨਾਂ ਵਿਚ ਕਿਤਾਬਾਂ ਹੀ ਕਿਤਾਬਾਂ ਭਰੀਆਂ ਹੋਈਆਂ ਨੇ। ਉਹਨਾਂ ਦੇ ਸਾਹਮਣੇ ਦੋ ਚੌੜੇ ਸ਼ੈਲਫ਼ਾਂ ਉੱਤੇ ਵੀ ਬੇਸ਼ੁਮਾਰ ਕਿਤਾਬਾਂ ਤੇ ਰਸਾਲੇ ਤਰਤੀਬ ਨਾਲ ਸਜੇ ਹੋਏ ਨੇ।
ਮੇਰੇ ਪਿਛਲੇ ਪੰਦਰਾਂ ਦਿਨ ਬੜੀ ਭੀੜ-ਭਾੜ ਵਿਚ ਬੀਤੇ ਸਨ। ਹਜ਼ਾਰਾਂ ਲੋਕ ਮਿਲੇ ਸਨ। ਸਾਰੇ ਅਜ਼ਨਬੀ ਲੋਕਾਂ ਦੇ ਚਿਹਰਿਆਂ ਨੂੰ ਯਾਦ ਰੱਖਣਾ ਆਸਾਨ ਨਹੀਂ ਹੁੰਦਾ ਹਾਲਾਂਕਿ ਉਹਨਾਂ ਤੇ ਪਿਆਰ ਭਰੇ ਵਤੀਰੇ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ। ਇਹਨਾਂ ਕਿਤਾਬਾਂ ਦੀ ਭੀੜ ਵਿਚ ਵਧੇਰੇ ਕਰਕੇ ਅਜਿਹੇ ਨਾਂਅ ਸਨ ਜਿਹਨਾਂ ਨੂੰ ਮੈਂ ਕਿਤਾਬਾਂ ਦੀਆਂ ਰੰਗੀਨ ਪਿੱਠਾਂ ਦੇ ਰੰਗਾਂ ਦੀ ਮਦਦ ਨਾਲ ਹੀ ਪਛਾਣ ਲਿਆ ਸੀ। ਜਿਵੇਂ ਦਵਾਈਆਂ ਦੀ ਦੁਕਾਨ 'ਤੇ ਮੈਨੂੰ ਇਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉੱਥੇ ਕੰਮ ਕਰਨ ਵਾਲਿਆਂ ਦੇ ਹੱਥ ਆਪ-ਮੁਹਾਰੇ ਹੀ ਸੰਬੰਧਤ ਸ਼ੀਸ਼ੀਆਂ ਜਾਂ ਡੱਬਿਆਂ ਤੀਕ ਜਾ ਪਹੁੰਚਦੇ ਨੇ। ਉਹ ਅੱਖਾਂ ਬੰਦ ਕਰਕੇ ਵੀ ਇੰਜ ਕਰਨਾ ਚਾਹੁੰਣ ਤਾਂ ਗਲਤੀ ਨਹੀਂ ਕਰਦੇ। ਸਾਡਾ ਲੇਖਕਾਂ ਦਾ ਵੀ ਇਕ ਆਪਣਾ ਮਾਹੌਲ ਹੁੰਦਾ ਹੈ, ਜਿਸ ਵਿਚ ਕਿਤਾਬਾਂ ਦੀ ਦੁਨੀਆਂ ਆਬਾਦ ਹੁੰਦੀ ਹੈ। ਮੈਂ ਸੋਫੇ ਤੋਂ ਉਠ ਕੇ ਫ਼ੈਜ਼, ਫ਼ਿਰਾਕ, ਕ੍ਰਿਸ਼ਨ ਚੰਦਰ, ਮੰਟੋ, ਬੇਦੀ ਤੇ ਜਿਲਾਨੀ ਬਾਨੋ ਕੋਲ ਚਲਾ ਗਿਆ। ਉੱਥੇ ਕਰਤੁਲ ਐਨ ਹੈਦਰ, ਜੋਗਿੰਦਰਪਾਲ ਤੇ ਜਮੀਲ ਹਾਸ਼ਮੀ ਵੀ ਮੌਜ਼ੂਦ ਸਨ। ਆਪਣੀਆਂ ਸਾਰੀਆਂ ਕਿਰਤਾਂ ਦੇ ਨਾਲ ਇਕ ਤਰਤੀਬ ਵਿਚ। ਮੈਂ ਕਿੱਥੇ ਹਾਂ?
ਆਪਣੇ ਸਾਰੇ ਕਲਮੀ ਸਾਥੀਆਂ ਵਿਚ ਆਪਣੀ ਮੌਜ਼ੂਦਗੀ ਕਿੰਨੀ ਮਹੱਤਵਪੂਰਨ ਹੁੰਦੀ ਹੈ, ਇਸ ਦਾ ਅਹਿਸਾਸ ਉਸ ਦਿਨ ਹੋਇਆ, ਜਦ ਮੈਂ ਬੜੀ ਹੈਰਾਨੀ ਨਾਲ ਆਪਣੀਆਂ ਕਿਤਾਬਾਂ ਨੂੰ ਵੀ ਵੇਖਿਆ। ਏਨਾ ਮੁਕੰਮਲ ਸੈੱਟ ਤਾਂ ਖ਼ੁਦ ਮੇਰੇ ਕੋਲ ਵੀ ਨਹੀਂ ਸੀ। ਮੈਂ ਸੁਤੇ-ਸੁਧ ਆਪਣੇ ਆਪ ਨੂੰ ਆਪਣੀਆਂ ਕਿਤਾਬਾਂ ਵਿਚ ਛੂਹ-ਛੂਹ ਕੇ ਮਹਿਸੂਸ ਕਰਨ ਲੱਗਾ ਤੇ ਆਪਣੀ ਇਹ ਹਰਕਤ ਮੈਨੂੰ ਬੜੀ ਹੀ ਮਾਸੂਮ ਤੇ ਅਜੀਬ ਜਿਹੀ ਲੱਗੀ।
ਅਚਾਨਕ ਆਪਣੇ ਪਿੱਛੇ ਕਿਸੇ ਦੇ ਹੋਣ ਦਾ ਅਹਿਸਾਸ ਹੋਣ ਤੇ ਮੈਂ ਪਰਤਿਆ ਤਾਂ ਸ਼ਰਵਤ ਜਹਾਂਗੀਰ ਨੂੰ ਮੁਸਕਰਾਂਦਿਆਂ ਹੋਇਆ ਦੇਖਿਆ। ਪਰ ਇਹ ਦੇਖ ਕੇ ਹੋਰ ਵੀ ਹੈਰਾਨ ਹੋਇਆ ਕਿ ਉਹ ਤੇ ਉਸਦਾ ਪਤੀ ਬਿਨਾਂ ਕੋਈ ਖੜਾਕ ਕੀਤੇ ਕਮਰੇ ਵਿਚ ਆ ਚੁੱਕੇ ਸਨ। ਜਹਾਂਗੀਰ ਖ਼ਾਨ ਇਕ ਸੋਫੇ 'ਤੇ ਬੈਠੇ ਖ਼ਾਲੀ ਖ਼ਾਲੀ ਨਜ਼ਰਾਂ ਨਾਲ ਮੈਨੂੰ ਤੱਕ ਰਹੇ ਸਨ। ਉਹਨਾਂ ਦੀਆਂ ਅੱਖਾਂ ਵਿਚ ਹੈਰਾਨੀ ਸੀ, ਨਾ ਖੁਸ਼ੀ। ਅੱਗੇ ਵਧ ਕੇ ਉਹਨਾਂ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਇਹ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਦੇ ਹੱਥਾਂ ਵਿਚ ਏਨੀ ਜਾਨ ਹੀ ਨਹੀਂ ਹੈ ਕਿ ਮੇਰੇ ਨਾਲ ਹੱਥ ਮਿਲਾ ਸਕਣ। ਸ਼ਰਵਤ ਜਹਾਂਗੀਰ ਨੇ ਫੌਰਨ ਅੱਗੇ ਵਧ ਕੇ ਕਿਹਾ, “ਇਹ ਹੁਣ ਬਿਲਕੁਲ ਆਹਰੀ ਹੋ ਚੁੱਕੇ ਨੇ। ਕਈ ਸਾਲਾਂ ਦੇ ਬਿਲਕੁਲ ਬੋਲ ਸੁਣ ਨਹੀਂ ਸਕਦੇ।”
ਮੁਲਾਜ਼ਮਾਂ ਨੇ ਆ ਕੇ ਚਾਹ ਤੇ ਨਾਸ਼ਤਾ ਵੀ ਲਾ ਦਿੱਤਾ ਸੀ। ਮੈਂ ਚਾਹ ਦਾ ਪਿਆਲਾ ਹੱਥ ਵਿਚ ਫੜ੍ਹ ਕੇ ਜਹਾਂਗੀਰ ਖ਼ਾਨ ਵੱਲ ਦੇਖਦਾ ਰਿਹਾ। ਉਹ ਵੀ ਮੇਰੇ ਵੱਲ ਇਕ ਟੱਕ ਦੇਖ ਰਹੇ ਸਨ। ਕੁਝ ਬੋਲ ਨਹੀਂ ਸਕਦੇ ਸਨ ਪਰ ਉਹਨਾਂ ਦੇ ਹੌਲੀ ਹੌਲੀ ਕੰਬਦੇ ਹੋਏ ਹੱਥ ਕੁਝ ਕਹਿ ਲੱਗੇ। ਮੇਰੇ ਚਿਹਰੇ ਉੱਤੇ ਵਧ ਰਹੀ ਹੈਰਾਨੀ ਨੂੰ ਦੇਖ ਕੇ ਸ਼ਰਵਤ ਬੋਲੀ, “ਇਕ ਮਸ਼ਹੂਰ ਅਦੀਬ ਵੀ ਕਿਸੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਤੁਸੀਂ ਆਪਣੀ ਡਾਇਰੀ ਵਿਚ ਕਈ ਜਗ੍ਹਾ ਲਿਖਿਆ ਹੈ ਕਿ ਫਲਾਨੇ ਸ਼ਖ਼ਸ ਨੇ ਨੌਕਰੀ ਲਈ ਮੈਨੂੰ ਸਿਫਾਰਸ਼ ਕਰਵਾਈ, ਫਲਾਨੇ ਸ਼ਖ਼ਸ ਨੇ ਆਪਣੇ ਖ਼ਾਨਦਾਨੀ ਹਾਲਾਤ ਲਿਖ ਕੇ ਤੁਹਾਥੋਂ ਇਕ ਮਸਲੇ ਦਾ ਹੱਲ ਜਾਣਨਾ ਚਾਹਿਆ। ਤੁਹਾਨੂੰ ਚੇਤੇ ਐ ਕਿ ਤੁਸੀਂ ਆਪਣੇ ਕਿਸੇ ਚਾਹੁਣ ਵਾਲੇ ਦਾ ਰਿਸ਼ਤਾ ਕਰਵਾਉਣ ਵਿਚ ਵੀ ਇਕ ਖਾਸ ਰੋਲ ਕੀਤਾ ਸੀ?”
ਅਸੀਂ ਦੋਵੇਂ ਹੱਸ ਪਏ। ਮੈਂ ਕਿਹਾ, “ਜੀ ਮੈਨੂੰ ਕੁਛ ਯਾਦ ਨਹੀਂ। ਸ਼ਾਇਦ ਖ਼ਤਾਂ ਰਾਹੀਂ ਮੈਂ ਦੋ ਦਿਲਾਂ ਨੂੰ ਮਿਲਾ ਦਿੱਤਾ ਹੋਵੇ!”
“ਤੇ ਤੁਹਾਨੂੰ ਇਹ ਤਾਂ ਯਾਦ ਹੋਵੇਗਾ ਜਦ ਤੁਸੀਂ ਪਾਕਿਸਤਾਨ ਗਏ ਸੀ ਤਾਂ ਇਕ ਅਪਾਹਜ ਨੇ ਤੁਹਾਨੂੰ ਦਰਖ਼ਵਾਸਤ ਕੀਤੀ ਸੀ ਕਿ ਤੁਸੀਂ ਬਿਜਨੌਰ ਜਾ ਕੇ ਉਸਦੀ ਅੰਮਾਂ ਦੀ ਕਬਰ ਉੱਤੇ ਫਤਿਹਾ ਜ਼ਰੂਰ ਪੜ੍ਹ ਆਉਣਾ।”
“ਹਾਂ, ਉਹ ਅਪਾਹਜ ਨਹੀਂ ਸੀ। ਇਕ ਹਾਦਸੇ ਵਿਚ ਉਸਦੀ ਲੱਤ 'ਤੇ ਸੱਟ ਲੱਗੀ ਸੀ ਜਿਸ ਕਰਕੇ ਪਲਸਤਰ ਚੜ੍ਹਿਆ ਹੋਇਆ ਸੀ। ਹੁਣ ਉਹ ਮੁੰਡਾ ਬਿਲਕੁਲ ਠੀਕ ਠਾਕ ਏ ਤੇ ਪਿਛਲੇ ਮਹੀਨੇ ਉਹ ਚਾਣਚਕ ਈ ਮੈਨੂੰ ਅਜ਼ਮਗੜ੍ਹ ਦੇ ਇਕ ਜਲਸੇ ਵਿਚ ਆ ਕੇ ਮਿਲਿਆ ਸੀ। ਛੇ ਸਾਲ ਵਿਚ ਉਹ ਏਨਾ ਵੱਡਾ ਹੋ ਗਿਆ ਏ ਕਿ ਮੈਂ ਉਸਨੂੰ ਪਹਿਲੀ ਨਜ਼ਰ ਵਿਚ ਪਛਾਣ ਹੀ ਨਹੀਂ ਸਾਂ ਸਕਿਆ।”
“ਮੈਂ ਤੁਹਾਨੂੰ ਇਕ ਮਸਲੇ ਦੇ ਸਿਲਸਿਲੇ ਵਿਚ ਹੀ ਇੱਥੇ ਬੁਲਾਇਆ ਏ...ਤੇ ਬੜੀ ਸ਼ਰਮਿੰਦਗੀ ਵੀ ਮਹਿਸੂਸ ਕਰ ਰਹੀ ਆਂ।”
“ਤੁਸੀਂ ਵਾਰੀ ਵਾਰੀ ਇੰਜ ਮੁਆਫ਼ੀ ਜਿਹੀ ਕਿਉਂ ਮੰਗਣ ਲੱਗ ਪੈਂਦੇ ਓ? ਹੁਣ ਮੈਨੂੰ ਖ਼ੁਦ ਸ਼ਰਮਿੰਗੀ ਮਹਿਸੂਸ ਹੋਣ ਲੱਗੀ ਏ। ਰੱਬ ਜਾਣੇ ਮੈਂ ਇਸ ਕਾਬਿਲ ਹਾਂ ਵੀ ਜਾਂ ਨਹੀਂ!”
“ਤੁਹਾਨੂੰ ਨਹੀਂ ਪਤਾ ਤੁਸੀਂ ਸਾਡੀ ਜ਼ਿੰਦਗੀ ਵਿਚ ਕਿੱਡਾ ਵੱਢਾ ਪਰਿਵਤਨ ਲੈ ਆਂਦਾ ਏ। ਕੋਈ ਲੇਖਕ ਨਹੀਂ ਜਾਣਦਾ ਕਿ ਉਹ ਜੋ ਕੁਝ ਲਿਖ ਰਿਹਾ ਏ, ਉਸਦਾ ਅਸਰ ਦੂਜਿਆਂ ਤੇ ਕਿੰਨਾ ਪੈਂਦਾ ਏ!”
ਕੁਝ ਪਲ ਲਈ ਮੈਂ ਉਸ ਵੱਲ ਦੇਖਦਾ ਹੀ ਰਹਿ ਗਿਆ ਸਾਂ। ਸਾਡੀਆਂ ਲਿਖਤਾਂ, ਸਾਡੇ ਆਪਣੇ ਦ੍ਰਿਸ਼ਟੀਕੋਨ ਤੇ ਤਜ਼ੁਰਬੇ ਦਾ ਨਤੀਜ਼ਾ ਹੁੰਦੀਆਂ ਨੇ। ਇਸ ਨਾਲ ਜਿਹੜੀ ਸ਼ਾਂਤੀ ਮਿਲਦੀ ਹੈ ਉਸਦਾ ਸੰਬੰਧ ਵੀ ਸਾਡੇ ਅੰਤਰ ਮਨ ਨਾਲ ਵਧੇਰੇ ਹੁੰਦਾ ਹੈ। ਫੇਰ ਅਚਾਨਕ ਇਹ ਵੀ ਯਾਦ ਆਇਆ ਕਿ ਸਾਡੇ ਕੁਝ ਬਜ਼ੁਰਗ ਲੇਖਕਾਂ ਨੇ ਮੇਰੇ ਸਾਹਮਣੇ ਕਿੰਨੀਆਂ ਨਵੀਆਂ ਖਿੜਕੀਆਂ ਖੋਹਲ ਦਿੱਤੀਆਂ ਸਨ ਤੇ ਮੈਂ ਜ਼ਿੰਦਗੀ ਨੂੰ ਇਕ ਵੱਖਰੇ ਕੋਨ ਤੋਂ ਦੇਖਣ ਦੇ ਕਾਬਿਲ ਹੋ ਗਿਆ ਸਾਂ।
ਸ਼ਰਵਤ ਜਾਹਾਂਗੀਰ ਅਚਾਨਕ ਉਠ ਕੇ ਕਿਤਾਬਾਂ ਕੋਲ ਚਲੀ ਗਈ। ਕੁਝ ਕਿਤਾਬਾਂ ਨੂੰ ਉਲਟ-ਪਲਟ ਕੇ ਦੇਖਿਆ ਫੇਰ ਵਾਪਸ ਆ ਕੇ ਬੋਲੀ, “ਇਸਮਤ ਚੁਗ਼ਤਾਈ ਦਾ ਇਹ ਕਹਿਣਾ ਸਹੀ ਏ ਕਿ ਅਲੀਗੜ੍ਹ ਦੀਆਂ ਬਹੁਤ ਸਾਰੀਆਂ ਕੁੜੀਆਂ ਮਿਜਾਜ਼ ਦੇ ਨਾਲ ਸ਼ਾਦੀ ਕਰਨ ਦੇ ਸੁਪਨੇ ਦੇਖਦੀਆਂ ਹੁੰਦੀਆਂ ਸੀ, ਪਰ ਜਦ ਉਹਨਾਂ ਸਾਹਵੇਂ ਭਵਿੱਖ ਦਾ ਫੈਸਲਾ ਕਰਨ ਦੀ ਘੜੀ ਆਈ ਤਾਂ ਕਿਸੇ ਨੇ ਆਪਣੇ ਲਈ ਡਿਪਟੀ ਕਲਕਟਰ ਨੂੰ ਚੁਣਿਆਂ, ਕਿਸੇ ਨੇ ਕਸਟਮ ਆਫ਼ਿਸਰ ਦੀ ਜੀਵਨ ਸਾਥਣ ਬਣਨ ਨੂੰ ਪਹਿਲ ਦਿੱਤੀ। ਮਿਜਾਜ਼ ਗਰੀਬ ਨੂੰ ਸਭ ਭੁੱਲ ਗਈਆਂ ਤੇ ਉਹ ਕੁਆਰਾ ਮਰ ਗਿਆ। ਪਰ ਸਾਹਿਤ ਦੇ ਮਾਮਲੇ ਵਿਚ ਮੇਰਾ ਕਿੱਸਾ ਉਹਨਾਂ ਕੁੜੀਆਂ ਨਾਲੋਂ ਬਿਲਕੁਲ ਵੱਖਰਾ ਏ। ਮੈਂ ਬਚਪਨ ਤੋਂ ਹੀ ਆਪਣੀਆਂ ਮਨਪਸੰਦ ਕਹਾਣੀਆਂ ਦਾ ਖਜਾਨਾ ਇਕੱਤਰ ਕਰਨ ਦੀ ਆਦਤ ਪਾ ਲਈ ਸੀ। ਜਦ ਤਕ ਸ਼ਾਦੀ ਨਹੀਂ ਸੀ ਹੋਈ, ਮੇਰੀਆਂ ਦੋਸਤ ਇਸ ਸ਼ੌਕ ਵਿਚ ਸ਼ਰੀਕ ਰਹੀਆਂ। ਸ਼ਾਦੀ ਪਿੱਛੋਂ ਮੈਂ ਬਿਲਕੁਲ ਇਕੱਲੀ ਰਹਿ ਗਈ। ਮੇਰੇ ਹਸਬੈਂਡ ਨੂੰ ਅਦਬ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਇਸਨੂੰ ਵਿਹਲੇ ਤੇ ਫਜ਼ੂਲ ਖਰਚ ਆਦਮੀ ਦਾ ਸ਼ੂਗਲ ਮੰਨਦੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਉਹਨਾਂ ਇਹ ਸਭ ਬੜੇ ਸ਼ਾਂਤ ਮਨ ਨਾਲ ਬਰਦਾਸ਼ਤ ਕੀਤਾ ਫੇਰ ਹੌਲੀ-ਹੌਲੀ ਉਹਨਾਂ ਦੇ ਦਿਲ ਵਿਚ ਇਹ ਵਹਿਮ ਬੈਠ ਗਿਆ ਕਿ ਮੈਂ ਅਦਬੀ ਲੇਖਕਾਂ ਤੇ ਸ਼ਾਇਰਾਂ ਨਾਲ ਇਸ਼ਕ ਕਰਦੀ ਆਂ, ਹਾਲਾਂਕਿ ਮੈਂ ਕਦੀ ਕਿਸੇ ਲੇਖਕ ਜਾਂ ਸ਼ਾਇਰ ਨੂੰ ਚਿੱਠੀ ਪੱਤਰ ਨਹੀਂ ਪਾਇਆ। ਅੱਜ ਤਕ ਕਿਸੇ ਨੂੰ ਮਿਲੀ ਵੀ ਨਹੀਂ...ਇਸ ਘਰ ਵਿਚ ਆਉਣ ਵਾਲੇ ਤੁਸੀਂ ਪਹਿਲੇ ਲੇਖਕ ਓ। ਪਰ ਜਹਾਂਗੀਰ ਲਈ ਇਹਨਾਂ ਹਜ਼ਾਰਾਂ ਕਿਤਾਬਾਂ ਤੇ ਰਸਾਲਿਆਂ ਦੀ ਹੈਸੀਅਤ ਇਕ ਅਜਿਹੇ ਬੇਨਾਮ, ਅਣਜਾਣ ਆਸ਼ਿਕ ਦੀ ਬਣ ਗਈ ਜਿਸਨੂੰ ਉਸਨੇ ਆਪਣਾ ਦੁਸ਼ਮਣ ਸਮਝ ਲਿਆ ਤੇ ਉਸ ਨਾਲ ਦਿਨੋਂ-ਦਿਨ ਨਫ਼ਤਰ ਕਰਨ ਲੱਗਾ। ਇਕ ਵਾਰੀ ਉਸਨੇ ਮੇਰੀਆਂ ਕਈ ਕਿਤਾਬਾਂ ਪਾੜ ਕੇ ਹੀ ਸੁੱਟ ਦਿੱਤੀਆਂ ਸਨ। ਸਾਡੇ ਵਿਚਕਾਰ ਬੜਾ ਝਗੜਾ ਹੋਇਆ ਸੀ। ਮੈਂ ਆਪਣੀ ਸਾਰੀ ਲਾਇਬਰੇਰੀ ਚੁੱਕ ਕੇ ਪੈਕੇ ਚਲੀ ਗਈ ਸਾਂ ਤੇ ਕਿਹਾ ਸੀ ਉਹ ਮੈਨੂੰ ਤਲਾਕ ਦੇ ਦੇਏ। ਸਾਡੇ ਬਜ਼ੂਰਗਾਂ ਨੇ ਵਿਚ ਪੈ ਕੇ ਇਹ ਕਰਾਈਸਸ ਟਾਲਿਆ ਸੀ। ਉਸ ਪਿੱਛੋਂ ਉਸਨੇ ਮੇਰੇ ਪੜ੍ਹਨ ਦੇ ਇਸ ਅਥਾਹ ਸ਼ੌਕ ਉਪਰ ਕਦੀ ਇਤਰਾਜ਼ ਤਾਂ ਨਹੀਂ ਕੀਤਾ ਪਰ ਉਸਦਾ ਸ਼ੱਕ ਹਮੇਸ਼ਾ ਓਦਾਂ ਈ ਰਿਹਾ—ਉਸ ਜ਼ਮਾਨੇ ਵਿਚ ਖ਼ੁਦ ਮੇਰੇ ਅੰਦਰ ਇਹ ਅਹਿਸਾਸ ਪੈਦਾ ਹੋ ਗਿਆ ਕਿ ਮੈਂ ਵਾਕਈ ਕਿਸੇ ਹੋਰ ਦੇ ਇਸ਼ਕ ਵਿਚ ਵੱਝ ਗਈ ਆਂ, ਮੇਰੀ ਦਿਲਚਸਪੀ ਦਾ ਕੇਂਦਰ ਉਹੀ ਏ, ਮੇਰਾ ਪਤੀ ਉੱਕਾ ਹੀ ਨਹੀਂ। ਮੇਰੇ ਅੰਦਰ ਗੁਨਾਹ ਦਾ ਇਕ ਅਹਿਸਾਸ ਵੀ ਪੈਦਾ ਹੋਇਆ ਤੇ ਮੈਂ ਜਹਾਂਗੀਰ ਵੱਲ ਵਧੇਰੇ ਧਿਆਨ ਦੇਣ ਲੱਗ ਪਈ। ਪਰ ਕਿਤਾਬਾਂ ਦੇ ਪਿਆਰ ਨੇ ਜਿਵੇਂ ਮੇਰੇ ਬੀਤੇ ਦਿਨਾਂ ਦੇ ਇਸ਼ਕ ਦਾ ਰੂਪ ਧਾਰਨਾ ਸ਼ੁਰੂ ਕਰ ਦਿੱਤਾ। ਤੇ ਇਹ ਇਸ਼ਕ ਇਕ ਹਕੀਕਤ ਬਣਨ ਲੱਗਾ। ਉਹ ਕੋਈ ਮੁਕੰਮਲ ਵਜ਼ੂਦ ਬਿਲਕੁਲ ਨਹੀਂ ਸੀ। ਫੇਰ ਵੀ ਉਸਦੀ ਮੌਜ਼ੂਦਗੀ ਮੈਨੂੰ ਉਸੇ ਵੱਲ ਖਿੱਚਦੀ ਸੀ। ਮੇਰੀ ਇਸ ਖਿੱਚ ਨੂੰ ਜਹਾਂਗੀਰ ਵਰਗਾ ਬੰਦਾ ਕਦੀ ਨਹੀਂ ਸਮਝ ਸਕਦਾ। ਉਹ ਕਿਸੇ ਦੂਸਰੇ ਸਾਂਚੇ ਦਾ ਬਣਿਆਂ ਹੋਇਆ ਏ। ਮੈਨੂੰ ਉਸ ਨਾਲ ਨਫ਼ਰਤ ਜਿਹੀ ਹੋਣ ਲੱਗ ਪਈ, ਮੇਰੇ ਅੰਦਰ ਉਸ ਨਾਲ ਲੜਨ-ਝਗੜਨ ਲਈ ਇਕ ਤੇਜ਼ ਵਰੋਲਾ ਉਠਦਾ ਰਹਿੰਦਾ, ਤੇ ਹੁਣ ਮੈਂ ਪੂਰੀ ਤਰ੍ਹਾਂ ਬਗ਼ਾਵਤ ਕਰਨ ਲਈ ਤਿਆਰ ਹੋ ਗਈ ਸਾਂ।
“ਤੁਸੀਂ ਅੰਦਾਜ਼ਾ ਲਾ ਸਕਦੇ ਓ ਕਿ ਮੈਂ ਆਪਣਾ ਉਹ ਸਮਾਂ ਕਿੰਜ ਬਿਤਾਇਆ ਹੋਏਗਾ। ਫੇਰੇ ਮੇਰੀ ਬੱਚੀ ਪੈਦਾ ਹੋਈ। ਬੜੀ ਹੀ ਪਿਆਰੀ ਤੇ ਖ਼ੂਬਸੂਰਤ ਬੱਚੀ। ਬਿਲਕੁਲ ਮੇਰੀ ਹਮਸ਼ਕਲ। ਜਹਾਂਗੀਰ ਨੇ ਸਿਰਫ ਇਸ ਕਰਕੇ ਉਸਦਾ ਨਾਂਅ ਵੀ ਸ਼ਰਵਤ ਰੱਖ ਲਿਆ; ਕਹਿੰਦਾ ਸੀ ਕਿ ਅਸਲੀ ਸ਼ਰਵਤ ਇਹ ਹੈ ਜਿਹੜੀ ਵੱਡੀ ਹੋ ਕੇ ਮੇਰੀ ਹਮ ਖ਼ਿਆਲ ਬਣੇਗੀ। ਤੇਰੇ ਜਨੂੰਨ ਦਾ ਇਸ ਉੱਤੇ ਪਰਛਾਵਾਂ ਵੀ ਨਹੀਂ ਪਏਗਾ, ਤੂੰ ਵੇਖੀਂ। ਪਰ ਮੈਂ ਇਹ ਗੱਲ ਨਹੀਂ ਮੰਨਦੀ ਕਿ ਮਾਂ-ਬਾਪ ਆਪਣੀ ਔਲਾਦ ਨੂੰ ਵਾਕਈ ਓਹੋ-ਜਿਹਾ ਬਣਾਅ ਸਕਦੇ ਨੇ ਜਿਹਾ ਉਹ ਚਾਹੁੰਦੇ ਨੇ। ਹਰ ਬੱਚਾ ਆਪਣੇ ਚੁਫੇਰੇ ਦੇ ਪ੍ਰਭਾਵ ਨੂੰ ਆਪਣੇ ਹਿਸਾਬ ਨਾਲ ਕਬੂਲ ਕਰਦਾ ਏ ਤੇ ਉਹੀ ਕੁਝ ਬਣਦਾ ਏ ਜੋ ਉਸਨੂੰ ਕੁਦਰਤ ਬਣਾਉਣਾ ਚਾਹੁੰਦੀ ਏ। ਸ਼ਰਵਤ ਨੇ ਪਹਿਲਾਂ ਪਹਿਲਾਂ ਖਿਡੌਣਿਆਂ ਵਿਚ ਦਿਲਚਸਪੀ ਲਈ, ਜਿਵੇਂ ਕਿ ਆਮ ਤੌਰ 'ਤੇ ਬੱਚਿਆਂ ਦੀ ਆਦਤ ਹੁੰਦੀ ਐ। ਜਦ ਵੱਡੀ ਹੋਣ ਲੱਗੀ ਤਾਂ ਉਸਨੇ ਕਲਾ ਦੇ ਬਜਾਏ ਪੜ੍ਹਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸਾਡੇ ਘਰ ਇਕ ਯਤੀਮ ਮੁੰਡਾ ਵੀ ਆਉਂਦਾ ਹੁੰਦਾ ਸੀ। ਸਬੱਬ ਨਾਲ ਉਸਦਾ ਨਾਂਅ ਵੀ ਜਹਾਂਗੀਰ ਸੀ। ਉਸਦੇ ਮਾਂ-ਬਾਪ ਇਕ ਧਾਰਮਿਕ ਦੰਗੇ ਦੀ ਲਪੇਟ ਵਿਚ ਆ ਕੇ ਮਾਰੇ ਗਏ ਸਨ। ਉਸਦੇ ਦੂਰ ਨਜ਼ਦੀਕ ਦੇ ਸਾਰੇ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਸਨ। ਅਸੀਂ ਉਸਨੂੰ ਆਪਣੇ ਕੋਲ ਰੱਖ ਲਿਆ। ਸ਼ਰਵਤ ਦਾ ਹਮ-ਉਮਰ ਸੀ ਉਹ। ਉਸਦੇ ਨਾਲ ਪੜ੍ਹਦਾ ਤੇ ਖੇਡਦਾ ਸੀ। ਪਰ ਉਹ ਪੜ੍ਹਾਈ ਨਾਲੋਂ ਵੱਧ ਲਿਟਰੇਚਰ ਦੇ ਨੇੜੇ ਹੋ ਗਿਆ। ਇਸੇ ਕਰਕੇ ਉਹ ਮੇਰੇ ਵੀ ਨੇੜੇ ਹੋ ਗਿਆ ਸੀ। ਮੇਰੇ ਨਾਲ ਅਦਬ ਉੱਤੇ ਬਹਿਸਾਂ ਕਰਦਾ ਤੇ ਮੇਰੇ ਲਈ ਦਿੱਲੀ ਜਾ ਕੇ ਮੇਰੀਆਂ ਮਨਪਸੰਦ ਕਿਤਾਬਾਂ ਵੀ ਖਰੀਦ ਲਿਆਉਂਦਾ, ਜਿਹੜੀਆਂ ਉਸਦੀ ਆਪਣੀ ਪਸੰਦ ਦੀਆਂ ਵੀ ਹੁੰਦੀਆਂ। ਉਸ ਕਰਕੇ ਮੈਨੂੰ ਆਪਣੇ ਪਤੀ ਦੀ ਕਮੀ ਮਹਿਸੂਸ ਹੋਣੀ ਬੰਦ ਹੋ ਗਈ, ਜਿਸਨੇ ਅਦਬ ਨਾਲ ਮੇਰੇ ਦੋਸਤਾਨੇ ਨੂੰ ਅੱਜ ਤਕ ਦਿਲੋਂ ਕਬੂਲ ਨਹੀਂ ਸੀ ਕੀਤਾ। ਉਹ ਜਹਾਂਗੀਰ ਨੂੰ ਵੀ ਨਫ਼ਰਤ ਕਰਨ ਲੱਗ ਪਿਆ। ਉਹ ਚਾਹੁੰਦਾ ਸੀ ਉਸ ਮੁੰਡੇ ਨੂੰ ਜਿੰਨੀ ਛੇਤੀ ਹੋ ਸਕੇ ਇੱਥੋਂ ਤੁਰਦਾ ਕਰ ਦਿੱਤਾ ਜਾਏ—ਪਰ ਉਹ ਕਾਨੂੰਨ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ। ਸਾਡੀ ਸ਼ਰਵਤ ਨੂੰ ਵੀ ਇਮਤਿਹਾਨਾਂ ਦਾ ਬੁਖ਼ਾਰ ਹੋਇਆ ਹੋਇਆ ਸੀ। ਉਂਜ ਉਹਨਾਂ ਦੀ ਬੜੀ ਚੰਗੀ ਦੋਸਤੀ ਸੀ, ਪਰ ਸਾਹਿਤ ਦੇ ਮਾਮਲੇ ਵਿਚ ਦੋਵੇਂ ਇਕ ਦੂਜੇ ਤੋਂ ਬੜੇ ਦੂਰ ਸਨ। ਮੇਰੀਆਂ ਤੇ ਜਹਾਂਗੀਰ ਦੀਆਂ ਗੱਲ ਵਿਚ ਸ਼ਰਵਤ ਬਸ ਏਨਾ ਕੁ ਹਿੱਸਾ ਲੈਂਦੀ ਸੀ ਕਿ ਉਹ ਉਹਨਾਂ ਨੂੰ ਸੁਣ ਲੈਂਦੀ ਸੀ। ਸ਼ਾਮਲ ਕਦੀ ਨਹੀਂ ਸੀ ਹੁੰਦੀ।”
ਸ਼ਰਵਤ ਜਹਾਂਗੀਰ ਦੀ ਨਿਗਾਹ ਅਚਾਨਕ ਉਸਦੇ ਪਤੀ ਉੱਤੇ ਜਾ ਟਿਕੀ ਜਿਹੜਾ ਸਿਰ ਹਿਲਾ ਹਿਲਾ ਕੇ ਕੋਈ ਇਸ਼ਾਰਾ ਕਰ ਰਿਹਾ ਸੀ। ਉਹ ਕਾਹਲ ਨਾਲ ਉੱਠ ਕੇ ਉਸ ਕੋਲ ਚਲੀ ਗਈ। ਫੇਰ ਇਕ ਸਿਗਰੇਟ ਉਸਦੇ ਬੁੱਲ੍ਹਾਂ ਵਿਚ ਲਾਈ ਤੇ ਉਸਨੂੰ ਸੁਲਗਾ ਵੀ ਦਿੱਤਾ। ਕੁਝ ਮਿੰਟ ਉਸਦੇ ਕੋਲ ਖੜ੍ਹੀ ਰਹੀ, ਜਦ ਤਕ ਉਸਨੇ ਪੂਰੀ ਸਿਗਰੇਟ ਨਹੀਂ ਪੀ ਲਈ, ਉਹ ਆਪਣੀ ਹਥੇਲੀ ਉੱਤੇ ਸਿਗਰੇਟ ਦੀ ਸਵਾਹ ਲੈ ਲੈ ਕੇ ਉਗਲਦਾਨ ਵਿਚ ਸੁੱਟਦੀ ਰਹੀ। ਫੇਰ ਸਿਗਰੇਟ ਦਾ ਆਖ਼ਰੀ ਟੋਟਾ ਵੀ ਉਸਦੇ ਬੁੱਲ੍ਹਾਂ ਵਿਚੋਂ ਕੱਢ ਕੇ ਸੁੱਟ ਦਿੱਤਾ ਤੇ ਮੇਰੇ ਕੋਲ ਵਾਪਸ ਆ ਗਈ।
ਕੁਝ ਚਿਰ ਨੀਵੀਂ ਪਾਈ ਖੜ੍ਹੀ ਕੁਝ ਸੋਚਦੀ ਰਹੀ। ਫੇਰ ਬੋਲੀ, “ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆਂ ਕਿ ਸ਼ਰਵਤ ਨੇ ਲਿਟਰੇਚਰ ਤੋਂ ਦੂਰ ਰਹਿ ਕੇ ਆਪਣੇ ਬਾਪ ਨੂੰ ਖ਼ੁਸ਼ ਰੱਖਿਆ ਤੇ ਜਹਾਂਗੀਰ ਲਿਟਰੇਚਰ ਦਾ ਦੀਵਾਨਾ ਬਣ ਕੇ ਮੇਰੇ ਦਿਲ ਤੇ ਦਿਮਾਗ਼ ਦੀ ਸ਼ਾਂਤੀ ਦਾ ਕਾਰਨ ਬਣਿਆਂ...ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਇਕ ਦਿਨ ਅਚਾਨਕ ਸਾਨੂੰ ਦੋਵਾਂ ਨੂੰ ਹਰਾ ਕੇ ਇੱਥੋਂ ਗ਼ਾਇਬ ਹੋ ਜਾਣਗੇ। ਇੰਜ ਕਿਉਂ ਹੋਇਆ, ਮੈਂ ਨਹੀਂ ਜਾਣਦੀ। ਮੈਨੂੰ ਬੜਾ ਜ਼ਿਆਦ ਦੁੱਖ ਹੋਇਆ। ਮੇਰੇ ਪਤੀ ਦੇ ਦਿਮਾਗ਼ ਉੱਤੇ ਇਸ ਨਾਲੋਂ ਵੀ ਵੱਧ ਅਸਰ ਹੋਇਆ। ਉਹ ਸੋਚਣ ਸਮਝਣ ਤੇ ਤੁਰਨ ਫਿਰਨ ਦੀ ਤਾਕਤ ਵੀ ਗੰਵਾਅ ਬੈਠੇ। ਸ਼ਾਇਦ ਇਹ ਅਧਰੰਗ ਦੀ ਕੋਈ ਕਿਸਮ ਹੋਏ। ਅਸੀਂ ਦੋਵੇਂ ਇਸ ਹਾਦਸੇ ਨੂੰ ਭੁੱਲ ਨਹੀਂ ਸਕਦੇ। ਮੇਰੇ ਲਈ ਹੁਣ ਆਪਣੀਆਂ ਜਮ੍ਹਾਂ ਕੀਤੀਆਂ ਕਿਤਾਬਾਂ ਨੂੰ ਪੜ੍ਹਨਾ ਵੀ ਮੁਸ਼ਕਿਲ ਹੋ ਗਿਆ ਏ ਇਹਨਾਂ ਨੂੰ ਚੁੱਕਦੀ ਆਂ, ਉਲਟਦੀ ਪਲਟਦੀ ਆਂ ਤੇ ਰੱਖ ਦੇਂਦੀ ਆਂ।” ਇਹ ਕਹਿੰਦੀ ਹੋਈ ਉਹ ਗੋਡਿਆਂ ਵਿਚ ਸਿਰ ਦੇ ਕੇ ਰੋਣ ਲੱਗ ਪਈ। ਉਸਦੇ ਲਾਲ ਵਾਲਾਂ ਦਾ ਜੂੜਾ ਖੁੱਲ੍ਹ ਕੇ ਖਿੱਲਰ ਗਿਆ। ਰੋਂਦੀ-ਰੋਂਦੀ ਉਹ ਹਟਕੋਰੇ ਲੈਣ ਲੱਗੀ ਤਾਂ ਉਸਦੇ ਵਾਲ ਵੀ ਹਰ ਹਰਕਤ ਦੇ ਨਾਲ ਝੂਲਣ ਲੱਗੇ। ਮੈਂ ਉਸਦੇ ਪਤੀ ਵੱਲ ਦੇਖਿਆ। ਉਹ ਉਸੇ ਤਰ੍ਹਾਂ ਸੱਖਣੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਰਿਹਾ ਸੀ ਤੇ ਉਸਦੇ ਹੱਥ ਕੰਬ ਰਹੇ ਸਨ। ਇੰਜ ਲੱਗਦਾ ਸੀ ਜਿਵੇਂ ਦੋਵੇਂ ਝੱਲੇ ਹੋ ਗਏ ਹੋਣ।
ਸ਼ਰਵਤ ਨੇ ਅਚਾਨਕ ਸਿਰ ਚੁੱਕਿਆ ਤੇ ਇਕ ਝਟਕੇ ਨਾਲ ਆਪਣੇ ਵਾਲ ਪਿੱਠ ਪਿੱਛੇ ਸੁੱਟਦੀ ਹੋਈ ਬੋਲੀ, “ਮੈਂ ਤੁਹਾਨੂੰ ਇਸ ਲਈ ਇੱਥੇ ਬੁਲਾਇਆ ਏ ਕਿ ਤੁਸੀਂ ਮੇਰੀ ਮਦਦ ਕਰੋ। ਜਦ ਤੁਸੀਂ ਪਾਕਿਸਤਾਨ ਗਏ ਸੌ ਤਾਂ ਮੈਨੂੰ ਦੱਸੋ ਕੀ ਉੱਥੇ ਜਹਾਂਗੀਰ ਤੇ ਸ਼ਰਵਤ ਵੀ ਤੁਹਾਨੂੰ ਮਿਲਣ ਆਏ ਸਨ? ਉਹ ਜ਼ਰੂਰ ਆਏ ਹੋਣਗੇ। ਮੈਂ ਤੁਹਾਡੇ ਸਫਰਨਾਮੇ ਵਿਚ ਪੜ੍ਹਿਆ ਏ ਕਿ ਉੱਥੇ ਬਹੁਤ ਸਾਰੇ ਲੋਕ ਤੁਹਾਨੂੰ ਮਿਲਣ ਆਏ ਸਨ। ਜਹਾਂਗੀਰ ਵੀ ਤੁਹਾਡਾ ਬੜਾ ਪ੍ਰਸ਼ੰਸਕ ਸੀ। ਪਰ ਤੁਸੀਂ ਉਹਨਾਂ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ! ਕੀ ਉਹਨਾਂ ਨੇ ਮਨ੍ਹਾਂ ਕਰ ਦਿੱਤਾ ਸੀ ਕਿ ਉਹਨਾਂ ਦਾ ਪਤਾ ਕਿਸੇ ਨੂੰ ਨਾ ਲੱਗੇ!”
ਮੈਂ ਆਪਣੇ ਦਿਮਾਗ਼ ਉੱਤੇ ਜ਼ੋਰ ਪਾਇਆ। ਇਸ ਵਿਚ ਕੋਈ ਸ਼ੱਕ ਨਹੀਂ ਉੱਥੇ ਬਹੁਤ ਸਾਰੇ ਲੋਕ ਮਿਲਣ ਆਏ ਸਨ, ਆਪਣੇ ਮਿੱਤਰ ਪਿਆਰਿਆਂ ਦਾ ਹਾਲ ਚਾਲ ਪੁੱਛਣ ਜਾਂ ਉਹਨਾਂ ਤਕ ਆਪਣੀ ਖ਼ੈਰੀਅਤ ਦੀ ਖ਼ਬਰ ਪਹੁੰਚਾਉਣ ਲਈ—ਪਰ ਉਹਨਾਂ ਵਿਚੋਂ ਕਿਸੇ ਨੇ ਆਪਣਾ ਨਾਂਅ ਜਹਾਂਗੀਰ ਜਾਂ ਸ਼ਰਵਤ ਨਹੀਂ ਸੀ ਦੱਸਿਆ।
“ਜਿਹਨਾਂ ਕੁਝ ਮੈਨੂੰ ਪਹੁੰਚਾਉਣ ਲਈ ਕਿਹਾ ਗਿਆ ਸੀ ਮੈਂ ਪਹੁੰਚਾ ਦਿੱਤਾ ਏ...ਉਹਨਾਂ ਸਾਰਿਆਂ ਦਾ ਜ਼ਿਕਰ ਵੀ ਕੀਤਾ ਏ ਤੇ ਜਿਵੇਂ ਕਿ ਤੁਸੀਂ ਕਹਿ ਰਹੇ ਓ, ਹੋ ਸਕਦਾ ਏ ਕਿਤੇ ਆ ਕੇ ਮਿਲੇ ਹੋਣ...”
ਅਚਾਨਕ ਉਹ ਉੱਠ ਕੇ ਖੜ੍ਹੀ ਹੋ ਗਈ। ਜਲਦੀ ਜਲਦੀ ਵਾਲ ਸਮੇਟਦੀ ਹੋਈ ਦੂਸਰੇ ਕਮਰੇ ਵਿਚ ਚਲੀ ਗਈ। ਉਦੋਂ ਹੀ ਬਾਹਰੋਂ ਹਾਰਨ ਸੁਣਾਈ ਦਿੱਤਾ। ਇਕ ਆਦਮੀ ਵਰਾਂਡੇ ਵਿਚ ਆਣ ਕੇ ਬੋਲਿਆ, “ਮੈਂ ਸ਼ਹਿਰ ਜਾ ਰਿਹਾਂ ਜਨਾਬ, ਅੱਜ ਸਵੇਰੇ ਤੁਹਾਨੂੰ ਸਟੇਸ਼ਨ 'ਤੇ ਰਸੀਵ ਕਰਨ ਲਈ ਨਹੀਂ ਪਹੁੰਚ ਸਕਿਆ। ਬਾਜੀ ਨੇ ਤੁਹਾਨੂੰ ਦੱਸਿਆ ਹੋਏਗਾ।”
ਮੈਂ ਉੱਠ ਕੇ ਉਸ ਕੋਲ ਵਰਾਂਡੇ ਵਿਚ ਚਲਾ ਗਿਆ ਤੇ ਕਿਹਾ, “ਕੀ ਤੁਸੀਂ ਹੁਣ ਵੀ ਮੈਨੂੰ ਨਾਲ ਲੈ ਜਾ ਸਕਦੇ ਓ!”
“ਇਸੇ ਲਈ ਤਾਂ ਆਇਆ ਵਾਂ ਜਨਾਬ। ਜੇ ਤਿਆਰ ਓ ਤਾਂ ਫੌਰਨ ਚੱਲੋ।”
ਸ਼ਰਵਤ ਜਹਾਂਗੀਰ ਇਕ ਫਰੇਮ ਵਿਚ ਮੜ੍ਹੀ ਹੋਈ ਤਸਵੀਰ ਚੁੱਕ ਲਿਆਈ ਤੇ ਆਪਣੇ ਦੁਪੱਟੇ ਨਾਲ ਉਸ ਉੱਤੇ ਪਈ ਧੂੜ ਨੂੰ ਸਾਫ ਕਰਦਿਆਂ ਬੋਲੀ, “ਦੇਖ ਲਓ, ਸ਼ਾਇਦ ਇਹਨਾਂ ਨੂੰ ਪਛਾਣ ਸਕੋਂ!”
ਤਸਵੀਰ ਵਿਚ ਮਾਂ ਧੀ ਦੋਹੇਂ ਨਜ਼ਰ ਆ ਰਹੀਆਂ ਸਨ; ਹੈਰਾਨ ਕਰ ਦੇਣ ਦੀ ਹੱਦ ਤਕ ਇਕ ਦੂਜੀ ਨਾਲ ਮਿਲਦੀਆਂ ਵੀ ਸਨ...ਫਰਕ ਸਿਰਫ ਇਹ ਸੀ ਮਾਂ ਦੀਆਂ ਅੱਖਾਂ ਵਿਚੋਂ ਅਥਾਹ ਗਿਆਨ ਤੇ ਤਜ਼ੁਰਬਾ ਛਲਕ ਰਿਹਾ ਸੀ ਤੇ ਧੀ ਦੇ ਪੂਰੇ ਚਿਹਰੇ ਉੱਤੇ ਇਕ ਅੱਲੜ੍ਹਪਣ ਤੇ ਉਹਨਾਂ ਦੇ ਪਿੱਛੇ ਸਾਈਕਲ ਦਾ ਹੈਂਡਲ ਫੜ੍ਹੀ ਖੜ੍ਹਾ ਇਕ ਨੌਜਵਾਨ ਮੁਸਕਰਾ ਰਿਹਾ ਸੀ।
“ਇਹੀ ਉਹ ਜਹਾਂਗੀਰ ਏ।” ਸ਼ਰਵਤ ਦੀ ਆਵਾਜ਼ ਹੁਣ ਅਫ਼ਸੋਸ ਦੀ ਝਲਕ ਨਹੀਂ ਬਲਕਿ ਮਾਣ ਦੀ ਪੁੱਠ ਸੀ।
ਮੈਂ ਉਸਨੂੰ ਤਸਵੀਰ ਵਾਪਸ ਕਰਦਿਆਂ ਕਿਹਾ, “ਹੁਣ ਮੈਂ ਚੱਲਦਾਂ, ਤੁਹਾਡੇ ਭਾਈ ਸਾਹਬ ਲਿਫਟ ਦੇ ਰਹੇ ਨੇ।”
ਉਹ ਚੁੱਪਚਾਪ ਖੜ੍ਹੀ ਰਹੀ। ਮੈਂ ਪਲਟ ਕੇ ਕਮਰੇ ਦੇ ਅੰਦਰ ਦੇਖਿਆ...ਉਸਦਾ ਪਤੀ ਗਰਦਨ ਭੁਆਂ ਕੇ ਇਕਟਕ ਮੇਰੇ ਵੱਲ ਦੇਖ ਰਿਹਾ ਸੀ ਤੇ ਉਸਦੇ ਦੋਵੇਂ ਹੱਥ ਕੰਬ ਰਹੇ ਸਨ। ਮੈਂ ਜੀਪ ਵੱਲ ਜਾਣ ਤੋਂ ਪਹਿਲਾਂ ਇਕ ਵਾਰ ਫੇਰ ਸ਼ਰਵਤ ਜਹਾਂਗੀਰ ਵੱਲ ਦੇਖਿਆ ਤੇ ਕਿਹਾ, “ਮੇਰਾ ਇਤਫਾਕਆਤ ਉੱਤੇ ਬਹੁਤਾ ਯਕੀਨ ਤਾਂ ਨਹੀਂ—ਹਾਂ ਏਨਾ ਜ਼ਰੂਰ ਪਤਾ ਏ ਕਿ ਕਦੀ ਕਦੀ ਇਹ ਜ਼ਿੰਦਗੀ ਨਾਲ ਅਜੀਬ-ਅਜੀਬ ਮਜ਼ਾਕ ਵੀ ਕਰ ਦਿੰਦੇ ਨੇ। ਜੇ ਤੁਸੀਂ ਆਪਣੇ ਬੱਚਿਆਂ ਨੂੰ ਮੁਆਫ਼ ਕਰ ਦਿਓ ਤਾਂ ਮੈਂ ਉਹਨਾਂ ਦਾ ਪਤਾ ਤੁਹਾਨੂੰ ਦੇ ਸਕਦਾ ਆਂ। ਉਹ ਆਪਣੇ ਹੀ ਮੁਲਕ ਵਿਚ ਨੇ ਤੇ ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ।”
ਇਹ ਕਹਿ ਕੇ ਮੈਂ ਵਰਾਂਡੇ ਦੇ ਸਾਹਮਣੇ ਹੇਠਾਂ ਤਕ ਜਾਣ ਵਾਲੀ ਪੌੜੀ ਵਲ ਵਧ ਗਿਆ...ਇਸ ਉਮੀਦ ਨਾਲ ਕਿ ਉਹ ਛੇਤੀ ਹੀ ਆਪਣੀ ਹੈਰਾਨੀ ਉੱਤੇ ਕਾਬੂ ਪਾ ਲਏਗੀ ਤੇ ਦੌੜਦੀ ਹੋਈ ਮੇਰੇ ਪਿੱਛੇ-ਪਿੱਛੇ ਆ ਜਾਏਗੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ