Pension (Punjabi Story) : Gulzar Singh Sandhu

ਪੈਨਸ਼ਨ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਦਲੀਪ ਕੌਰ ਨੂੰ ਆਪਣੇ ਵੱਡੇ ਪੁੱਤਰ ਚਰਨ ਸਿੰਘ ਕੋਲ ਆਇਆਂ ਛੇ ਮਹੀਨੇ ਹੋ ਗਏ ਸਨ। ਚਰਨ ਸਿੰਘ ਦਾ ਇਕੋ ਇਕ ਬੱਚਾ ਵੱਡਾ ਹੋ ਰਿਹਾ ਸੀ। ਮਾਂ ਨੇ ਪ੍ਰਸੂਤੀ ਛੁੱਟੀ ਕੱਟ ਕੇ ਆਪਣੇ ਦਫ਼ਤਰ ਹਾਜ਼ਰ ਹੋਣਾ ਸੀ। ਬੱਚੇ ਨੂੰ ਸਾਂਭਣ ਦਾ ਕੰਮ ਦਲੀਪ ਕੌਰ ਹੀ ਕਰ ਸਕਦੀ ਸੀ। ਬਾਪ ਵੀ ਨੌਕਰੀ ਕਰਦਾ ਸੀ। ਮਾਪੇ ਬੱਚੇ ਦੀ ਜ਼ਿੰਮੇਵਾਰੀ ਘਰ ਵਿਚ ਕੰਮ ਕਰਨ ਵਾਲੀ ਸੇਵਾਦਾਰਨੀ ਨੂੰ ਨਹੀਂ ਸੀ ਦੇਣਾ ਚਾਹੁੰਦੇ। ਵਿਆਹ ਤੋਂ ਦਸ ਸਾਲ ਪਿਛੋਂ ਹੋਇਆ ਇਹ ਉਨ੍ਹਾਂ ਦਾ ਪਹਿਲਾ ਬੱਚਾ ਸੀ। ਮਸਾਂ ਮਸਾਂ ਦੀ ਦਾਤ।
ਬੱਚੇ ਪਾਲਣਾਂ ਦਲੀਪ ਕੌਰ ਲਈ ਔਖਾ ਨਹੀਂ ਸੀ। ਉਸ ਨੇ ਆਪਣੇ ਪੰਜ ਧੀਆਂ-ਪੁੱਤਰਾਂ ਤੋਂ ਬਿਨਾਂ ਪਿੰਡ ਵਿਚ ਰਹਿੰਦਿਆਂ ਆਪਣੀ ਛੋਟੀ ਨੂੰਹ ਦੇ ਦੋ ਬੱਚੇ ਪਾਲ ਕੇ ਵੱਡੇ ਕੀਤੇ ਸਨ। ਛੋਟੀ ਅਧਿਆਪਕਾ ਸੀ ਤੇ ਉਸ ਨੂੰ ਪ੍ਰਸੂਤੀ ਛੁੱਟੀ ਤੋਂ ਬਿਨਾਂ ਹੋਰ ਛੁੱਟੀ ਨਹੀਂ ਸੀ ਮਿਲਦੀ।
ਜਿਥੇ ਛੋਟੀ ਨੂੰਹ ਪਿੰਡ ਦੇ ਸਕੂਲ ਵਿਚ ਅਧਿਆਪਕਾ ਸੀ, ਵੱਡੀ ਸ਼ਹਿਰ ਦੇ ਡਿਗਰੀ ਕਾਲਜ ਵਿਚ ਮਨੋਵਿਗਿਆਨ ਦੀ ਪ੍ਰੋਫੈਸਰ। ਉਸ ਦੀ ਵਿਦਿਆ ਨੇ ਉਸ ਨੂੰ ਵੱਡੀ ਉਮਰ ਵਾਲਿਆਂ ਨੂੰ ਖੁਸ਼ ਕਰਨ ਦੇ ਢੰਗ-ਤਰੀਕੇ ਦੱਸੇ ਹੋਏ ਸਨ। ਉਹ ਉਂਝ ਵੀ ਪੰਜਾਬ ਤੋਂ ਨਹੀਂ, ਦੱਖਣੀ ਭਾਰਤ ਤੋਂ ਸੀ। ਕੇਰਲ ਤੋਂ।
ਦਲੀਪ ਕੌਰ ਨੂੰ ਭਾਵੇਂ ਸ਼ਹਿਰੀ ਜੀਵਨ ਠੀਕ ਨਹੀਂ ਸੀ ਲਗਦਾ, ਪਰ ਉਹ ਆਪਣੇ ਪੁੱਤਰ ਤੇ ਨੂੰਹ ਦੀ ਮਜਬੂਰੀ ਸਮਝਦੀ ਸੀ। ਉਸ ਨੇ ਆਪਣੇ ਆਂਢ-ਗੁਆਂਢ ਵਿਚ ਆਪਣੇ ਵਰਗੀਆਂ ਦੋ ਮਹਿਲਾਵਾਂ ਲੱਭ ਲਈਆਂ ਸਨ ਜਿਨ੍ਹਾਂ ਨਾਲ ਵਕਤ ਮਿਲਣ ਉਤੇ ਆਪਣਾ ਦੁੱਖ-ਸੁੱਖ ਫਰੋਲ ਲੈਂਦੀ ਸੀ।
ਦਾਦੀ ਦੀ ਦੇਖ-ਰੇਖ ਵਿਚ ਭਾਵੇਂ ਬੱਚਾ ਠੀਕ ਪਾਲ ਰਿਹਾ ਸੀ, ਫਿਰ ਵੀ ਬੱਚੇ ਦੀ ਮਾਂ ਆਪਣੇ ਮਸਾਂ ਮਸਾਂ ਪ੍ਰਾਪਤ ਹੋਏ ਬਾਲਕ ਨੂੰ ਆਪਣੇ ਢੰਗ ਨਾਲ ਪਾਲਣਾ ਚਾਹੁੰਦੀ ਸੀ। ਪਿੰਡ ਤੋਂ ਆਈ ਦਲੀਪ ਕੌਰ ਇੰਨੀ ਸਾਂਭ-ਸੰਭਾਲ ਵਿਚ ਯਕੀਨ ਨਹੀਂ ਸੀ ਰੱਖਦੀ।
ਛੇ ਕੁ ਮਹੀਨੇ ਪਿਛੋਂ ਵੱਡੀ ਨੂੰਹ ਨੇ ਬੱਚੇ ਦੀ ਚੰਗੇਰੀ ਦੇਖ-ਭਾਲ ਵਾਸਤੇ ਆਇਆ ਲੱਭ ਲਈ। ਉਹ ਦਿਨ ਵਿਚ ਤਿੰਨ ਵਾਰੀ ਬੱਚੇ ਨੂੰ ਦੇਖਣ ਆਉਂਦੀ ਸੀ। ਸ਼ਹਿਰ ਦੇ ਬੱਚਿਆਂ ਦੀ ਦੇਖ-ਭਾਲ ਦਾ ਅਨੁਭਵ ਰੱਖਣ ਵਾਲੀ ਇਸ ਆਇਆ ਦਾ ਮਾਂ ਦੀ ਦੇਖ-ਭਾਲ ਨਾਲ ਟਕਰਾਅ ਹੋਣਾ ਕੁਦਰਤੀ ਸੀ। ਉਹ ਜਦੋਂ ਵੀ ਸਮਾਂ ਲਗਦਾ, ਨੂੰਹ ਕੋਲ ਦਾਦੀ ਦੀਆਂ ਸ਼ਿਕਾਇਤਾਂ ਲਾਉਣ ਲੱਗੀ।
ਸਮਾਂ ਪਾ ਕੇ, ਆਇਆ ਇਹ ਵੀ ਸੋਚਣ ਲੱਗੀ ਕਿ ਜੇ ਉਸ ਨੂੰ ਇਸ ਘਰ ਵਿਚ ਕੁੱਲਵਕਤੀ ਕੰਮ ਮਿਲ ਜਾਵੇ ਤਾਂ ਬਹੁਤ ਚੰਗਾ ਹੈ। ਉਹ ਇਸ ਘਰ ਵਿਚ ਇਕੱਲੀ ਰਹੇਗੀ ਤਾਂ ਉਸ ਦੀ ਪੂਰੀ ਸਰਦਾਰੀ ਹੋਵੇਗੀ। ਇਹ ਸਰਦਾਰੀ ਬੱਚੇ ਦੀ ਦਾਦੀ ਦੇ ਘਰ ਹੁੰਦਿਆਂ ਨਹੀਂ ਸੀ ਹੋ ਸਕਦੀ। ਦਾਦੀ ਦੇ ਕੰਮ ਵਿਚ ਨੁਕਸ ਕੱਢਣੇ ਔਖੇ ਨਹੀਂ ਸਨ। ਆਇਆ ਆਪਣੇ ਪੈਰ ਜਮਾਉਣ ਵਿਚ ਸਫ਼ਲ ਹੋ ਰਹੀ ਸੀ। ਘਰ ਵਿਚ ਜਿਉਂ ਜਿਉਂ ਆਇਆ ਦੇ ਪੈਰ ਜੰਮਣੇ ਸਨ, ਦਾਦੀ ਦੇ ਉਖੜਨੇ ਹੀ ਸਨ।
ਦਾਦੀ ਨੇ ਇਹ ਸਮੱਸਿਆ ਗੁਆਂਢੀ ਸਹੇਲੀਆਂ ਨੂੰ ਦੱਸੀ ਤਾਂ ਉਨ੍ਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ। ਉਹ ਦਲੀਪ ਕੌਰ ਦੀ ਕੀ ਮਦਦ ਕਰ ਸਕਦੀਆਂ ਸਨ! ਉਹ ਖੁਦ ਇਸ ਪੜਾਅ ਵਿਚੋਂ ਲੰਘ ਕੇ ਨੂੰਹਾਂ ਪੁੱਤਰਾਂ ਦੀ ਮੰਨਣ ਲੱਗ ਪਈਆਂ ਸਨ।
ਉਂਝ ਦਲੀਪ ਕੌਰ ਇਕ ਗੱਲੋਂ ਸੁਭਾਗੀ ਸੀ। ਉਹ ਆਪਣੇ ਪਿੰਡ ਵਾਲੇ ਘਰ ਜਾ ਸਕਦੀ ਸੀ। ਪਿੰਡ ਚੇਤੇ ਆਉਣ ਸਾਰ ਉਸ ਦੇ ਮਨ ਉਤੇ ਇਹ ਗੱਲ ਭਾਰੂ ਹੋ ਗਈ ਕਿ ਉਸ ਦੇ ਸ਼ਹਿਰ ਪਹੁੰਚਣ ਤੋਂ ਦੋ ਮਹੀਨੇ ਦੇ ਅੰਦਰ ਅੰਦਰ ਉਸ ਦਾ ਪਤੀ ਚਲਾਣਾ ਕਰ ਗਿਆ ਸੀ। ਉਸ ਵੇਲੇ ਉਸ ਨੂੰ ਪਤੀ ਦੇ ਤੁਰ ਜਾਣਾ ਦਾ ਇੰਨਾ ਗਮ ਨਹੀਂ ਸੀ ਹੋਇਆ, ਕਿਉਂਕਿ ਉਹ ਨਵਜੰਮੇ ਬਾਲ ਨੂੰ ਪਾਲਣ ਵਿਚ ਪੂਰੀ ਤਰ੍ਹਾਂ ਰੁੱਝੀ ਹੋਈ ਸੀ। ਨੂੰਹ ਪੁੱਤਰ ਵੀ ਬੱਚੇ ਵੀ ਸਾਂਭ-ਸੰਭਾਲ ਦੇ ਹਿੱਤ ਵਿਚ ਮਾਂ ਨੂੰ ਵੱਧ ਤੋਂ ਵੱਧ ਆਦਰ ਮਾਣ ਦੇ ਰਹੇ ਸਨ। ਉਹ ਨਹੀਂ ਸੀ ਜਾਣਦੀ ਕਿ ਇਕ ਦਿਨ ਇਸ ਘਰ ਵਿਚ ਆਇਆ ਦੇ ਪਰਵੇਸ਼ ਕਰਨ ਨਾਲ ਪਾਸਾ ਹੀ ਪਲਟ ਜਾਣਾ ਸੀ।
ਇਨ੍ਹਾਂ ਦਿਨਾਂ ਵਿਚ ਹੀ ਉਸ ਨੇ ਆਪਣੀ ਨੂੰਹ ਨੂੰ ਚਰਨ ਸਿੰਘ ਨਾਲ ਆਇਆ ਨੂੰ ਪੱਕੇ ਤੌਰ 'ਤੇ ਘਰ ਰੱਖਣ ਦੀ ਗੱਲ ਕਰਦੇ ਸੁਣ ਲਿਆ। ਇਸ ਗੱਲਬਾਤ ਵਿਚ ਭਾਵੇਂ ਦਲੀਪ ਕੌਰ ਦਾ ਕੋਈ ਜ਼ਿਕਰ ਨਹੀਂ ਸੀ, ਪਰ ਉਹ ਜਾਣਦੀ ਸੀ ਕਿ ਆਇਆ ਦੇ ਰਾਤ ਦਿਨ ਘਰ ਰਹਿਣ ਦੀ ਸੂਰਤ ਵਿਚ ਇਸ ਘਰ ਵਿਚ ਉਸ ਦੀ ਹੋਂਦ ਫਾਲਤੂ ਹੋ ਜਾਣੀ ਸੀ।
ਇਹ ਗੱਲ ਮਨ ਵਿਚ ਆਉਂਦੇ ਸਾਰ ਉਹ ਆਪਣੇ ਪਿੰਡ ਵਾਲੇ ਘਰ ਪਿਛਲੇ ਇਕ ਸਾਲ ਵਿਚ ਆਈ ਤਬਦੀਲੀ ਬਾਰੇ ਸੋਚਣ ਲੱਗੀ। ਹੁਣ ਉਥੇ ਨਾ ਉਹਦਾ ਪਤੀ ਸੀ ਤੇ ਨਾ ਉਹ ਆਪ। ਨਿਸਚੇ ਹੀ ਉਸ ਘਰ ਹੁਣ ਉਸ ਦੀ ਛੋਟੀ ਨੂੰਹ ਦੀ ਸਰਦਾਰੀ ਸੀ। ਉਹ ਇਹ ਵੀ ਜਾਣਦੀ ਸੀ ਕਿ ਉਸ ਦੇ ਛੋਟੇ ਪੁੱਤਰ ਨੂੰ ਅਜਿਹੀ ਸਰਦਾਰੀ ਦਾ ਕੋਈ ਸ਼ੌਕ ਨਹੀਂ ਸੀ। ਸਹੁਰੇ ਦੇ ਅਕਾਲ ਚਲਾਣੇ ਤੋਂ ਪਿਛੋਂ ਘਰ ਦੀ ਸਾਰੀ ਜ਼ਿੰਮੇਵਾਰੀ ਛੋਟੀ ਨੂੰਹ ਨੇ ਸੰਭਾਲ ਲਈ ਸੀ। ਦਾਣਾ-ਫੱਕਾ, ਦੁੱਧ-ਦਹੀਂ ਤੇ ਘੀ-ਸ਼ੱਕਰ, ਖੁਦ ਹੀ ਸਾਂਭਦੀ ਸੀ। ਭਲੇ ਸਮਿਆਂ ਵਿਚ ਇਨ੍ਹਾਂ ਵਸਤਾਂ ਦੀ ਮਾਲਕ ਦਲੀਪ ਕੌਰ ਸੀ। ਉਸ ਦਾ ਪਤੀ ਭਾਰਤੀ ਸੈਨਾ ਵਿਚ ਨੌਕਰ ਹੋਣ ਕਾਰਨ ਸਾਲ ਵਿਚੋਂ ਕੇਵਲ ਉਦੋਂ ਹੀ ਘਰ ਆਉਂਦਾ ਸੀ ਜਦੋਂ ਉਸ ਨੂੰ ਛੁੱਟੀ ਮਿਲਦੀ ਸੀ। ਜਦੋਂ ਦੂਜੀ ਵੱਡੀ ਜੰਗ ਦੇ ਦਿਨਾਂ ਵਿਚ ਉਸ ਨੂੰ ਤਿੰਨ ਸਾਲ ਛੁੱਟੀ ਨਹੀਂ ਸੀ ਮਿਲੀ, ਤਾਂ ਉਹ ਉੁਪਜ ਤੇ ਉਸ ਤੋਂ ਪ੍ਰਾਪਤ ਹੋਈ ਆਮਦਨ ਦੀ ਖੁਦ ਮਾਲਕ ਹੁੰਦੀ ਸੀ।
ਪਿੰਡ ਦੀਆਂ ਬਾਕੀ ਮਹਿਲਾਵਾਂ ਦੀ ਹਾਲਤ ਉਹਦੇ ਵਾਲੀ ਨਹੀਂ ਸੀ। ਉਨ੍ਹਾਂ ਵਿਚੋਂ ਬਹੁਤੀਆਂ ਘਰ ਦੇ ਦਾਣੇ ਅਤੇ ਘੀ ਚੋਰੀ ਚੋਰੀ ਵੇਚ ਕੇ ਕੁਝ ਪੈਸੇ ਆਪਣੀ ਮਰਜ਼ੀ ਨਾਲ ਵਰਤਣ ਲਈ ਛੁਪਾ ਕੇ ਰੱਖਦੀਆਂ ਸਨ।
ਵੱਡੀ ਨੂੰਹ ਦੀ ਚਰਨ ਸਿੰਘ ਨਾਲ ਹੋਈ ਗੱਲਬਾਤ ਨੇ ਉਸ ਨੂੰ ਉਦਾਸ ਕਰ ਦਿੱਤਾ ਸੀ। ਹੁਣ ਉਸ ਨੂੰ ਸ਼ਹਿਰ ਵਾਲਾ ਘਰ ਛੱਡ ਕੇ ਆਪਣੇ ਪਿੰਡ ਵਾਲੇ ਘਰ ਜਾਣਾ ਪੈ ਸਕਦਾ ਸੀ। ਉਸ ਘਰ ਜਿਥੇ ਸਾਲ ਭਰ ਗੈਰ-ਹਾਜ਼ਰ ਰਹਿਣ ਕਾਰਨ ਉਸ ਦੀ ਛੋਟੀ ਨੂੰਹ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਸੀ। ਉਸ ਦਿਨ ਜਦੋਂ ਨੂੰਹ ਦਫਤਰੋਂ ਘਰ ਆਈ ਤਾਂ ਬੱਚਾ ਮੂੰਹ ਵਿਚ ਪਾਇਆ ਨਿੱਪਲ ਚੂਸ ਰਿਹਾ ਸੀ। ਨੂੰਹ ਨੇ ਬੱਚੇ ਦੇ ਮੂੰਹ ਵਿਚੋਂ ਨਿੱਪਲ ਕੱਢ ਕੇ ਇਕ ਪਾਸੇ ਵਗਾਹ ਮਾਰਿਆ ਤੇ ਦਲੀਪ ਕੌਰ ਵੱਲ ਇੱਦਾਂ ਘੂਰ ਕੇ ਦੇਖਿਆ ਜਿਵੇਂ ਉਸ ਨੇ ਬੱਚੇ ਦੇ ਮੂੰਹ ਵਿਚ ਜ਼ਹਿਰੀਲੀ ਚੀਜ਼ ਦੇ ਰੱਖੀ ਸੀ। ਨੂੰਹ ਦਾ ਮੱਤ ਸੀ ਕਿ ਨਿੱਪਲ ਚੂਸਣ ਦੀ ਆਦਤ ਪੈ ਗਈ ਤਾਂ ਬੱਚੇ ਦੇ ਦੰਦ ਨਿਕਲਣ ਸਮੇਂ ਉਸ ਦੇ ਦੰਦ ਉਚੇ ਹੋ ਜਾਣਗੇ ਤੇ ਉਹ ਵੇਖਣ ਨੂੰ ਕਰੂਪ ਹੋ ਜਾਵੇਗਾ। ਇਹ ਗੱਲ ਤਾਂ ਦਲੀਪ ਕੌਰ ਵੀ ਜਾਣਦੀ ਸੀ, ਪਰ ਅੱਜ ਵਾਲੀ ਨਿਰਾਸ਼ਤਾ ਕਾਰਨ ਉਹ ਬੱਚੇ ਵਲ ਧਿਆਨ ਨਹੀਂ ਸੀ ਦੇ ਸਕੀ।
"ਜੇ ਤੁਹਾਡਾ ਇਸ ਘਰ ਵਿਚ ਜੀ ਨਹੀਂ ਲਗਦਾ ਤੇ ਪਿੰਡ ਵਾਲਾ ਘਰ ਵਧੇਰੇ ਚੇਤੇ ਆਉਂਦਾ ਹੈ ਤਾਂ ਮੈਂ ਤੁਹਾਨੂੰ ਉਥੇ ਹੀ ਛੱਡ ਆਉਂਦੀ ਹਾਂ।" ਨੂੰਹ ਦੇ ਇਸ ਵਾਕ ਨੇ ਸੱਸ ਦੇ ਪੈਰਾਂ ਥੱਲਿਓਂ ਧਰਤੀ ਖਿੱਚ ਲਈ। ਨਿਸਚੇ ਹੀ ਉਹ ਘੜੀ ਨੇੜੇ ਆ ਗਈ ਸੀ ਜਿਸ ਦਾ ਉਸ ਨੂੰ ਡਰ ਸੀ। ਉਸ ਦੇ ਕੰਨਾਂ ਵਿਚ ਨੂੰਹ ਅਤੇ ਚਰਨ ਸਿੰਘ ਦੀ ਸਵੇਰ ਵਾਲੀ ਘੁਸਰ-ਮੁਸਰ ਵੀ ਗੂੰਜਣ ਲੱਗੀ।
ਦਲੀਪ ਕੌਰ ਆਪਣੇ ਚਿਹਰੇ ਦੀ ਨਮੋਸ਼ੀ ਛੁਪਾਉਣ ਵਾਸਤੇ ਬੱਚੇ ਕੋਲੋਂ ਉਠ ਕੇ ਆਪਣੇ ਕਮਰੇ ਵਿਚ ਚਲੀ ਗਈ। ਉਸ ਨੂੰ ਹੁਣ ਪੱਕਾ ਯਕੀਨ ਹੋ ਗਿਆ ਸੀ ਕਿ ਉਹਦੇ ਲਈ ਇਸ ਘਰ ਵਿਚ ਕੋਈ ਥਾਂ ਨਹੀਂ। ਇਹ ਵੀ ਕਿ ਆਪਣੇ ਵੱਡੇ ਪੁੱਤਰ ਦਾ ਬੱਚਾ ਪਾਲਣ ਦੇ ਸ਼ੌਕ ਵਿਚ ਉਹ ਆਪਣਾ ਪਿੰਡ ਵਾਲਾ ਘਰ ਗਵਾ ਬੈਠੀ ਸੀ। ਇਕ ਸਾਲ ਲੰਘਣ ਨਾਲ ਉਸ ਘਰ ਉਤੇ ਉਸ ਦਾ ਰਹਿੰਦਾ-ਖੂੰਹਦਾ ਹੱਕ ਵੀ ਜਾਂਦਾ ਰਿਹਾ ਸੀ। ਖੇਤੀ ਦੀ ਉਪਜ ਤੋਂ ਆਉਣ ਵਾਲੀ ਆਮਦਨ ਵਿਚੋਂ ਉਸ ਨੂੰ ਜੋ ਕੁਝ ਮਿਲ ਸਕਦਾ ਸੀ, ਮੰਗ ਕੇ ਲੈਣਾ ਪੈਣਾ ਸੀ। ਆਪਣਿਆਂ ਦੀ ਸੇਵਾ ਕਰਨ ਵਾਸਤੇ ਵੀ ਛੋਟੀ ਨੂੰਹ ਦੇ ਮੂੰਹ ਵੱਲ ਤਕਣਾ ਪੈਣਾ ਸੀ।
ਹੁਣ ਉਹਦੇ ਵਾਸਤੇ ਵਾਪਸ ਆਪਣੇ ਪਿੰਡ ਵਾਲੇ ਘਰ ਜਾਣਾ ਇੰਨਾ ਔਖਾ ਲੱਗ ਰਿਹਾ ਸੀ ਕਿ ਉਸ ਨੂੰ ਆਪਣੀ ਵੱਡੀ ਨੂੰਹ ਦੀਆਂ ਚੰਗੀਆਂ ਗੱਲਾਂ ਚੇਤੇ ਆਉਣ ਲੱਗੀਆਂ। ਪਹਿਲੇ ਹੀ ਦਿਨ ਆਪਣਾ ਬੱਚਾ ਉਸ ਨੂੰ ਸੰਭਾਲ ਕੇ ਜਾਣ ਲੱਗਿਆਂ ਵੱਡੀ ਨੂੰਹ ਨੇ ਉਸ ਦੀ ਤਲੀ ਉਤੇ ਜਿਹੜਾ ਸੌ ਰੁਪਏ ਦਾ ਨੋਟ ਰੱਖਿਆ ਸੀ, ਉਹ ਮੁੜ ਮੁੜ ਚੇਤੇ ਆ ਰਿਹਾ ਸੀ; ਖਾਸ ਕਰ ਕੇ ਉਸ ਦਾ ਇਹ ਕਹਿਣਾ, "ਮੈਂ ਕੇਰਲ ਦੇ ਕਾਮਰੇਡਾਂ ਦੀ ਧੀ ਹਾਂ, ਕਿਸੇ ਧਰਮ ਅਸਥਾਨ ਨੂੰ ਨਹੀਂ ਪੂਜਦੀ, ਪਰ ਆਪਣਾ ਦਸਵੰਧ ਕੱਢ ਰਹੀ ਹਾਂ", ਡੇਢ ਹਜ਼ਾਰ ਰੁਪਏ ਮਹੀਨੇ ਕਮਾ ਰਹੀ ਨੂੰਹ ਲਈ ਸੌ ਰੁਪਿਆ ਦੇਣਾ ਕੋਈ ਔਖਾ ਨਹੀਂ ਸੀ।
ਦਸਵੰਧ ਇਕੋ ਇਕ ਸ਼ਬਦ ਸੀ ਜਿਹੜਾ ਕਿਸੇ ਕਾਰਨ ਪਹਿਲੇ ਦਿਨ ਤੋਂ ਹੀ ਉਸ ਦੀ ਨੂੰਹ ਨੂੰ ਭਾ ਗਿਆ ਸੀ। ਉਹ ਭਾਵੇਂ ਰਹੁ-ਰੀਤਾਂ ਨਹੀਂ ਸੀ ਮੰਨਦੀ, ਪਰ ਉਸ ਨੂੰ ਸਿੱਖੀ ਮਰਯਾਦਾ ਅਨੁਸਾਰ ਦਸਵੰਧ ਕੱਢਣ ਦੀ ਰੀਤ ਚੰਗੀ ਲੱਗੀ ਸੀ। ਉਸ ਨੂੰ ਇਸ ਸ਼ਬਦ ਦੀ ਵਰਤੋਂ ਕਰਨੀ ਵੀ ਚੰਗੀ ਲਗਦੀ ਸੀ। ਉਹ ਹਰ ਮਹੀਨੇ ਦਲੀਪ ਕੌਰ ਨੂੰ ਇਹ ਪੈਸੇ ਦੇਣ ਸਮੇਂ ਇਨ੍ਹਾਂ ਨੂੰ ਦਸਵੰਧ ਕੱਢਣਾ ਕਹਿੰਦੀ ਹੁੰਦੀ ਸੀ। ਦਲੀਪ ਕੌਰ ਇਸ ਨੂੰ ਹਰ ਮਹੀਨੇ ਮਿਲਦੀ ਪੈਨਸ਼ਨ ਕਹਿੰਦੀ ਸੀ।
ਪਿੰਡ ਨੂੰ ਵਾਪਸ ਜਾਣ ਦਾ ਖਿਆਲ ਆਉਂਦਿਆਂ ਉਸ ਨੂੰ ਵੱਡੀ ਨੂੰਹ ਹੋਰ ਵੀ ਚੰਗੀ ਲੱਗ ਰਹੀ ਸੀ, ਉਸ ਦਾ ਕਾਮਰੇਡਾਂ ਦੀ ਧੀ ਹੋਣਾ, ਖਾਸ ਕਰ ਕੇ ਆਪਣਾ ਦਸਵੰਧ ਕਿਸੇ ਪੂਜ ਸਥਾਨ ਦੀ ਥਾਂ ਅਪਣੀ ਸੱਸ ਲਈ ਕੱਢਣਾ ਕੋਈ ਛੋਟੀ ਗੱਲ ਨਹੀ ਸੀ ਜਿਸ ਨੂੰ ਦਲੀਪ ਕੌਰ ਪੈਨਸ਼ਨ ਕਹਿੰਦੀ ਸੀ। ਪਹਿਲੇ ਦਿਨ ਤਾਂ ਦਲੀਪ ਕੌਰ ਨੂੰ ਇਹ ਪੈਸੇ ਬਹੁਤ ਓਪਰੇ ਜਾਪੇ ਸਨ, ਪਰ ਜਦੋਂ ਹਰ ਮਹੀਨੇ ਮਿਲਣ ਲੱਗੇ ਤਾਂ ਉਸ ਨੂੰ ਚੰਗੇ ਲੱਗਣ ਲੱਗ ਪਏ। ਇਸ ਪੈਨਸ਼ਨ ਨੇ ਉਸ ਨੂੰ ਉਨ੍ਹਾਂ ਨੂੰਹਾਂ ਧੀਆਂ ਦੇ ਬਰਾਬਰ ਕਰ ਦਿੱਤਾ ਸੀ ਜਿਨ੍ਹਾਂ ਦੀ ਬੱਧੀ ਤਨਖਾਹ ਉਤੇ ਉਸ ਨੂੰ ਰਸ਼ਕ ਆਉਂਦਾ ਸੀ।
ਦਲੀਪ ਕੌਰ ਜਾਣਦੀ ਸੀ ਕਿ ਉਸ ਦੀ ਵੱਡੀ ਨੂੰਹ ਬਹੁਤ ਥੋੜ੍ਹੇ ਸ਼ਬਦ ਬੋਲਣ ਵਾਲਾ ਜੀਵ ਹੈ ਤੇ ਜਦੋਂ ਬੋਲਦੀ ਹੈ, ਉਸ ਉਤੇ ਪਹਿਰਾ ਦਿੰਦੀ ਹੈ। ਜੇ ਉਸ ਨੇ ਕਿਹਾ ਸੀ ਕਿ ਦਲੀਪ ਕੌਰ ਨੂੰ ਪਿੰਡ ਛੱਡ ਆਉਂਦੇ ਹਾਂ ਤਾਂ ਪੁੱਤ ਨੇ ਇਸ ਤਰਾਂ੍ਹ ਕਰ ਹੀ ਦੇਣਾ ਸੀ, ਉਹ ਉਸ ਦਾ ਕਿਹਾ ਮੰਨਦਾ ਸੀ। ਇਹ ਸੋਚ ਉਹ ਹੋਰ ਵੀ ਉਦਾਸ ਹੋ ਗਈ। ਇਸ ਘਰ ਆ ਕੇ ਅੱਜ ਪਹਿਲੀ ਵਾਰ ਸੀ ਕਿ ਉਸ ਦੀ ਰਾਤ ਦੀ ਨੀਂਦ ਉਚਾਟ ਹੋਈ ਸੀ।
ਉਹੀਓ ਹੋਇਆ ਜੋ ਹੋਣਾ ਸੀ। ਸਵੇਰੇ ਦਫਤਰ ਜਾਣ ਤੋਂ ਪਹਿਲਾਂ ਉਸ ਦੇ ਪੁੱਤਰ ਨੇ ਉਸ ਨੂੰ ਕਹਿ ਹੀ ਦਿੱਤਾ ਕਿ ਉਹ ਆਉਂਦੇ ਐਤਵਾਰ ਪੱਕੇ ਤੌਰ 'ਤੇ ਪਿੰਡ ਜਾਣ ਦੀ ਤਿਆਰੀ ਕਰ ਲਵੇ।
ਚਰਨ ਸਿੰਘ ਦੇ ਦੋ-ਟੁੱਕ ਐਲਾਨ ਤੋਂ ਪਿਛੋਂ ਅਗਲਾ ਸਾਰਾ ਦਿਨ ਦਲੀਪ ਕੌਰ ਆਇਆ ਦੇ ਚਿਹਰੇ ਵੱਲ ਤੱਕਦੀ ਰਹੀ। ਉਸ ਦੇ ਜਿੱਤ ਗਈ ਹੋਣ ਦਾ ਪ੍ਰਭਾਵ ਚਿਹਰੇ ਤੋਂ ਸਪਸ਼ਟ ਸੀ। ਉਹ ਘਰ ਵਿਚ ਮਾਲਕਾਂ ਵਾਂਗ ਵਿਚਰ ਰਹੀ ਸੀ।
ਦਲੀਪ ਕੌਰ ਨੂੰ ਆਪਣੇ ਨੂੰਹ ਪੁੱਤ ਦਾ ਫੈਸਲਾ ਬੁਰਾ ਤਾਂ ਲੱਗਿਆ, ਪਰ ਉਹ ਪੀ ਗਈ। ਉਸ ਨੇ ਆਪਣੇ ਹੁਣ ਤੱਕ ਜਮ੍ਹਾਂ ਹੋਏ ਪੈਸੇ ਤੇ ਬਾਕੀ ਦਾ ਸਾਮਾਨ ਬੰਨ੍ਹ ਲਿਆ ਤੇ ਐਤਵਾਰ ਦੀ ਉਡੀਕ ਕਰਨ ਲੱਗੀ। ਅਣਮੰਗੀ ਪੈਨਸ਼ਨ ਦੇ ਪੈਸੇ ਸਾਂਭਦਿਆਂ ਉਸ ਨੂੰ ਜਾਪਿਆ ਕਿ ਅੱੱਗੇ ਤੋਂ ਇਹ ਪੈਸੇ ਉਸ ਨੂੰ ਨਹੀਂ ਮਿਲਣੇ। ਉਹ ਹੋਰ ਉਦਾਸ ਹੋ ਗਈ।
ਐਤਵਾਰ ਨੂੰ ਵੱਡੇ ਪੁੱਤਰ ਦਾ ਘਰ ਛੱਡਣ ਵੇਲੇ ਪਹਿਲਾਂ ਉਸ ਨੇ ਆਪਣੇ ਪੁੱਤਰ ਨੂੰ ਪਿਆਰ ਦਿੱਤਾ, ਫਿਰ ਨੂੰਹ ਨੂੰ, ਫਿਰ ਬੱਚੇ ਨੂੰ ਗੋਦ ਲੈ ਕੇ ਇੰਝ ਚੁੰਮਿਆ ਜਿਵੇਂ ਕੋਈ ਆਪਣੇ ਕੋਲੋਂ ਜ਼ਬਰਦਸਤੀ ਖੋਹੇ ਗਏ ਬੱਚੇ ਨੂੰ ਚੁੰਮਦਾ ਹੈ।
ਇਸ ਤੋਂ ਪਿਛੋਂ ਉਸ ਨੇ ਉਹ ਵਾਕ ਬੋਲ ਹੀ ਦਿੱਤਾ ਜਿਸ ਨੂੰ ਬੋਲਣ ਤੋਂ ਝਿਜਕਦੀ ਸੀ। ਬੋਲਦੀ ਵੀ ਕਿਉਂ ਨਾ? ਇਹ ਘਰ ਉਸ ਦੇ ਪੁੱਤਰ ਦਾ ਸੀ ਜਿਸ ਨੂੰ ਉਸ ਨੇ ਪਾਲਿਆ ਸੀ। ਉਸ ਦੀ ਪਤਨੀ ਵੀ ਪੁੱਤਰ ਦੇ ਉਸ ਸੁਭਾਅ ਦੇ ਪਿਛੇ ਲੱਗੀ ਸੀ ਜਿਹੜਾ ਉਸ ਨੇ ਜਾਂ ਉਸ ਦੇ ਸੈਨਿਕ ਪਿਤਾ ਨੇ ਉਸ ਨੂੰ ਦਿੱਤਾ ਸੀ। ਫਿਰ ਵੀ ਉਹ ਪੁੱਤਰ ਦੀ ਥਾਂ ਨੂੰਹ ਨੂੰ ਸੰਬੋਧਨ ਹੋ ਕੇ ਬੋਲੀ: "ਧੀਏ! ਮੈਨੂੰ ਪਿੰਡ ਵਾਲੇ ਘਰ ਹੋਰ ਕਿਸੇ ਚੀਜ਼ ਦਾ ਘਾਟਾ ਨਹੀਂ, ਸਿਵਾਏ ਨਕਦ ਪੈਸਿਆਂ ਦੇ। ਮੇਰੇ ਪਿੰਡ ਗਿਆਂ ਮੇਰੀ ਪੈਨਸ਼ਨ ਨਾ ਬੰਦ ਕਰੀਂ। ਤੇਰਾ ਬੱਚਾ ਭਾਗਾਂ ਵਾਲਾ ਹੋਊ", ਕਹਿ ਕੇ ਉਸ ਨੇ ਉਹ ਬੱਚਾ ਆਪਣੀ ਨੂੰਹ ਨੂੰ ਫੜਾਇਆ ਤੇ ਨੂੰਹ ਦੇ ਸਿਰ ਉਤੇ ਦੁਬਾਰਾ ਪਿਆਰ ਦਿੱਤਾ।
ਨੂੰਹ ਦਾ ਵੀ ਗਲਾ ਭਰ ਆਇਆ, ਖਾਸ ਕਰ ਕੇ ਇਹ ਸੋਚ ਕੇ, ਕਿ ਉਸ ਦੀ ਸੱਸ ਲਈ ਸੌ ਰੁਪਿਆ ਮਹੀਨਾ ਕਿੰਨਾ ਮਹੱਤਵ ਰੱਖਦਾ ਸੀ। ਪੈਸੇ ਦੇ ਮਹੱਤਵ ਬਾਰੇ ਸੋਚ ਕੇ ਉਸ ਦਾ ਗੱਚ ਭਰ ਆਇਆ। ਮਨੋਵਿਗਿਆਨ ਦੀ ਵਿਦਿਆ ਅਤੇ ਪੈਸੇ ਲਈ ਤਰਲੇ ਲੈਂਦੇ ਕਈ ਹੋਰ ਬਜ਼ੁਰਗਾਂ ਤੋਂ ਜਾਣੂ ਹੋਣ ਕਾਰਨ ਉਹ ਇਸ ਦਾ ਮਹੱਤਵ ਆਮ ਲੋਕਾਂ ਨਾਲੋਂ ਵੱਧ ਜਾਣਦੀ ਸੀ। "ਚਿੰਤਾ ਨਾ ਕਰੋ ਮਾਤਾ ਸੀ। ਜੇ ਇਕੱਠੇ ਲੈਣੇ ਹਨ ਤਾਂ ਹੁਣੇ ਲੈ ਜਾਵੋ। ਨਹੀਂ ਤਾਂ ਹਰ ਮਹੀਨੇ ਪਹੁੰਚ ਜਾਇਆ ਕਰਨਗੇ।" ਕਹਿ ਕੇ ਉਸ ਨੇ ਪਰਸ ਆਪਣੀ ਸੱਸ ਵਲ ਵਧਾਇਆ। ਉਹ ਜਾਣਦੀ ਸੀ ਕਿ ਉਸ ਦੀ ਸੱਸ ਦਿਲ ਦੀ ਮਾੜੀ ਨਹੀਂ ਸੀ। ਉਹ ਤਾਂ ਕੇਵਲ ਹਾਲਤ ਦੀ ਸ਼ਿਕਾਰ ਸੀ। ਪੀੜ੍ਹੀ ਪਾੜੇ ਦੀ।
"ਮੈਨੂੰ ਕੋਈ ਬੇਇਤਬਾਰੀ ਐ ਧੀਏ? ਤੁਸੀਂ ਜਿਉਂਦੇ ਵੱਸਦੇ ਰਹੋ", ਕਹਿ ਕੇ ਦਲੀਪ ਕੌਰ ਨੇ ਨੂੰਹ ਦਾ ਪਰਸ ਸੱਜੇ ਹੱਥ ਨਾਲ ਪਰ੍ਹੇ ਕਰਦਿਆਂ ਆਪਣੀ ਨੂੰਹ ਅਤੇ ਪੋਤਰੇ ਨੂੰ ਇਕ ਵਾਰੀ ਫਿਰ ਪਿਆਰ ਦਿੱਤਾ ਤੇ ਨੇੜੇ ਖਲੋਤੀ ਆਇਆ ਵੱਲ ਮੂੰਹ ਕੀਤੇ ਬਿਨਾਂ ਬਾਹਰ ਖੜ੍ਹੀ ਕਾਰ ਵੱਲ ਤੁਰ ਪਈ।
ਪੁੱਤਰ ਦੀ ਕਾਰ ਵਿਚ ਆਪਣੇ ਪਿੰਡ ਨੂੰ ਜਾਂਦਿਆਂ ਉਸ ਦੇ ਮਨ ਵਿਚ ਵੱਡੀ ਨੂੰਹ ਦੀ ਵਡਿਆਈ ਘੁੰਮ ਰਹੀ ਸੀ। ਉਹ ਜਾਣਦੀ ਸੀ ਕਿ ਨੂੰਹ ਬਚਨਾਂ ਦੀ ਪੱਕੀ ਹੈ। ਉਸ ਦੇ ਬੋਲਾਂ ਨੇ ਦਲੀਪ ਕੌਰ ਲਈ ਪਿੰਡ ਵਾਲਾ ਘਰ ਉਨਾ ਹੀ ਪਿਆਰਾ ਬਣਾ ਦਿੱਤਾ ਜਿੰਨਾ ਉਸ ਦੇ ਪਤੀ ਦੇ ਜੀਵਤ ਹੁੰਦਿਆਂ ਸੀ। ਖਾਣ ਪਹਿਨਣ ਦੀ ਤਾਂ ਪਹਿਲਾਂ ਵੀ ਕੋਈ ਦਿੱਕਤ ਨਹੀਂ ਸੀ। ਫੁਟਕਲ ਖਰਚਿਆਂ ਲਈ ਛੋਟੇ ਨੂੰਹ-ਪੁੱਤ ਦੇ ਹੱਥਾਂ ਵੱਲ ਵੇਖਣ ਦੀ ਲੋੜ ਨਹੀਂ ਸੀ ਰਹੀ।
ਮਨ ਹੀ ਮਨ ਵਿਚ ਨੂੰਹ ਦੇ 'ਦਸਵੰਧਾਂ' ਬਾਰੇ ਸੋਚਦਿਆਂ ਉਸ ਨੂੰ ਰਸਤੇ ਦੇ ਸਾਰੇ ਰੁੱਖ ਅਤੇ ਖੇਤ ਆਪਣੇ ਲੱਗ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ