Pio Dian Akkhan : Dhanjall Zira
ਪਿਓ ਦੀਆਂ ਅੱਖਾਂ : ਧੰਜਲ ਜ਼ੀਰਾ
ਗੱਲ ਬਹੁਤੀ ਪੁਰਾਣੀ ਨਹੀਂ ਜਦੋਂ ਕਰਨੈਲ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨੇ ਤੇ ਉਹਦੀ ਘਰਵਾਲੀ
ਨੇ ਰੋਜ ਗੁਰੂਦੁਆਰੇ ਜਾਣਾ ਤੇ ਸੱਚੇ ਦਿਲੋਂ ਉਸ ਰੱਬ ਅੱਗੇ ਅਰਦਾਸਾਂ ਕਰਨੀਆਂ ਕਿ ਰੱਬਾ ਸਾਨੂੰ ਔਲਾਦ ਬਖਸ਼ਦੇ।
ਤੇ ਇਕ ਦਿਨ ਰੱਬ ਨੇ ਉਹਨਾਂ ਦੀ ਸੁਣ ਹੀ ਲਈ ਅਤੇ ਉਹਨਾਂ ਘਰ ਮੁੰਡਾ ਹੋਇਆ। ਕਰਨੈਲ ਤੇ ਉਹਦੀ ਘਰਦੀ
ਬਹੁਤ ਖੁਸ਼ ਸਨ। ਸਾਰੇ ਪਿੰਡ 'ਚ ਲੱਡੂ ਵੰਡੇ ਉਹਨਾਂ ਚਾਈਂ-ਚਾਈਂ। ਕਰਨੈਲ ਬਹੁਤਾ ਅਮੀਰ ਤਾਂ ਨਹੀਂ ਸੀ ਪਰ
ਜਿੰਨੇ ਕੁ ਜੋਗਾ ਸੀ, ਉਹਨੇ ਆਪਣੇ ਪੁੱਤ ਨੂੰ ਲਾਡਾ ਪਿਆਰਾਂ ਨਾਲ ਪਾਲਿਆ ਤੇ ਪੜ੍ਹਾਇਆ ਲਿਖਾਇਆ। ਉਹਦੇ
ਸਾਰੇ ਸੁਪਨੇ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਮੁੰਡੇ ਨੂੰ ਵੱਡੇ ਕਾਲਜ ਲਾਉਣ ਵਾਸਤੇ ਘਰ ਕੋਈ ਪੈਸਾ ਨਹੀਂ
ਸੀ। ਅਤੇ ਪਿਓ ਨੇ ਆੜ੍ਹਤੀਏ ਤੋਂ ਵਿਆਜੂ ਪੈਸੇ ਫੜ ਕਿ ਪੁੱਤ ਨੂੰ ਪੜ੍ਹਾਇਆ। ਉਹਦੀ ਪੜ੍ਹਾਈ ਨਹੀਂ ਰੁਕਣ ਦਿੱਤੀ।
ਤੇ ਨਾ ਹੀ ਪੁੱਤ ਨੂੰ ਤੱਤੀ ਵਾਅ ਲੱਗਣ ਦਿੱਤੀ। ਮੁੰਡਾ ਨੋਜਵਾਨ ਹੋ ਗਿਆ ਵਧੀਆ ਪੜ੍ਹ ਲਿਖ ਗਿਆ। ਪਿਓ ਦਾ
ਇਕ ਹੀ ਸੁਪਨਾ ਸੀ ਕਿ ਮੇਰਾ ਪੁੱਤ ਵੱਡਾ ਹੋ ਕਿ ਵਧੀਆ ਅਫਸਰ ਬਣੇ। ਤੇ ਸਾਰੇ ਪਿੰਡ ਵਾਲੇ ਮੈਨੂੰ ਵਧਾਈਆਂ
ਦੇਣ।
ਕੀ ਹੋਇਆ? ਪੁੱਤ ਨੇ ਅੱਜ ਤਿਆਰ ਹੋ ਕਿ ਨੌਕਰੀ ਲਈ ਇੰਟਰਵਿਓ ਦੇਣ ਜਾਣਾ ਸੀ। ਮਾਂ ਨੇ ਪੁੱਤ ਨੂੰ
ਚਾਈਂ-ਚਾਈਂ ਮਿੱਠਾ ਦਹੀਂ ਖਵਾਇਆ ਅਤੇ ਉਸ ਦਾਤੇ ਅੱਗੇ ਅਰਦਾਸ ਕੀਤੀ ਕਿ ਰੱਬਾ ਸਾਡੇ ਪੁੱਤ ਨੂੰ ਵਧੀਆ
ਨੌਕਰੀ ਮਿਲ ਜਾਵੇ। ਪੁੱਤ ਜਦੋਂ ਨੌਕਰੀ ਲਈ ਗਿਆ ਤਾਂ ਨੌਕਰੀ ਵਾਲਿਆ ਨੇ ਪਹਿਲਾਂ ਇੰਟਰਵਿਓ ਕੀਤੀ, ਉਸਤੋਂ
ਬਾਅਦ ਮੈਡੀਕਲ ਹੋਇਆ, ਮੈਡੀਕਲ ਵਿੱਚੋਂ ਮੁੰਡੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਤੇਰੀਆਂ ਅੱਖਾਂ ਠੀਕ
ਨਹੀਂ ਤੇ ਨਜ਼ਰ ਵੀ ਕਮਜ਼ੋਰ ਆ। ਮੁੰਡਾ ਰੋਂਦਾ ਕੁਰਲਾਉਂਦਾ ਮੈਡੀਕਲ 'ਚੋਂ ਬਾਹਰ ਹੋ ਗਿਆ।
ਮੁੰਡਾ ਬਹੁਤ ਉਦਾਸ ਹੁੰਦਾ, ਮਾਂ ਪਿਓ ਤੋਂ ਪੁੱਤ ਦੀ ਉਦਾਸੀ ਦੇਖੀ ਨਾ ਜਾਂਦੀ ਤੇ ਉਹਨੂੰ ਪੁੱਛਦੇ ਕਿ ਪੁੱਤ ਕੀ ਹੋਇਆ?
ਉਦਾਸ ਕਿਓਂ ਹੈਂ? ਤਾਂ ਮੁੰਡਾ ਰੋਂਦਾ ਕੁਰਲਾਉਂਦਾ ਦੱਸਦਾ ਕਿ ਮੈਨੂੰ ਉਹਨਾ (ਨੌਕਰੀ ਵਾਲਿਆਂ) ਮੈਡੀਕਲ 'ਚੋਂ ਕੱਢ
ਦਿੱਤਾ। ਪਿਓ ਨੇ ਪੁੱਛਿਆ, ਕਿ ਕਿਓਂ ਪੁੱਤ? ਤਾਂ ਮੁੰਡੇ ਨੇ ਅੱਗੋਂ ਜਵਾਬ ਦਿੱਤਾ ਕਿ ਮੇਰੀਆਂ ਅੱਖਾਂ ਠੀਕ ਨਹੀਂ ਤੇ
ਨਜ਼ਰ ਵੀ ਕਮਜ਼ੋਰ ਆ। ਇਹ ਗੱਲ ਸੁਣ ਕੇ ਮਾਂ ਪਿਓ ਦੇ ਵੀ ਅੱਖਾਂ 'ਚ ਹੰਝੂ ਆ ਜਾਂਦੇ। ਪਰ ਪਿਓ ਨੇ ਪੁੱਤ ਨੂੰ
ਹੱਲਾਸ਼ੇਰੀ ਦਿੱਤੀ ਤੇ ਕਿਹਾ ਕਿ ਇਹ ਕਿੱਡੀ ਕੁ ਗੱਲ ਆ ਪੁੱਤਰਾ ! ਤੂੰ ਫਿਕਰ ਨਾ ਕਰ, ਆਪਾਂ ਕੱਲ ਨੂੰ ਹੀ ਅੱਖਾਂ
ਵਾਲੇ ਹਸਪਤਾਲ ਜਾਵਾਂਗੇ, ਤੇ ਸੱਭ ਠੀਕ ਹੋ ਜਾਵੇਗਾ।
ਅਗਲਾ ਦਿਨ ਚੜ੍ਹਿਆ ਪੁੱਤ ਤੇ ਪਿਓ ਦੋਨੋਂ ਅੱਖਾਂ ਵਾਲੇ ਹਸਪਤਾਲ ਗਏ। ਉੱਥੇ ਡਾਕਟਰ ਨੇ ਮੁੰਡੇ ਦੀਆਂ
ਅੱਖਾਂ ਦਾ ਚੈਕੱਪ ਵਗੈਰਾ ਕੀਤਾ ਤੇ ਦੱਸਿਆ, ਕਿ ਇਹਨਾਂ ਦੀ ਨਜ਼ਰ ਕਮਜੋਰ ਹੈ ਤੇ ਅੱਖਾਂ ਵੀ ਠੀਕ ਨਹੀਂ।
ਇਹਨਾਂ ਦੇ ਇਲਾਜ ਤੇ ਤਿੰਨ ਕੁ ਲੱਖ ਰੁਪਏ ਖਰਚਾ ਆਵੇਗਾ। ਪਿਓ ਨੇ ਪੁੱਤ ਨੂੰ ਕਮਰੇ ਚੋਂ ਬਾਹਰ ਭੇਜ ਦਿੱਤਾ ਤੇ
ਡਾਕਟਰ ਨਾਲ ਸਾਰੀ ਗੱਲਬਾਤ ਕੀਤੀ, ਕਿ ਅੱਖਾਂ ਤੁਸੀਂ ਮੇਰੀਆਂ ਪਾ ਦਵੋ। ਪਰ ਫੀਸ ਘੱਟ ਕਰ ਲਵੋ। ਡਾਕਟਰ
ਨੇ ਕਿਹਾ ਠੀਕ ਹੈ, ਤੁਸੀਂ ਅੱਧੀ ਫੀਸ ਦੇ ਦਿਓ ਫਿਰ ਓਪਰੇਸ਼ਨ ਦੀ। ਪਿਓ ਲਈ ਅੱਧੀ ਫੀਸ ਵੀ ਬਹੁਤ ਜਿਆਦਾ
ਸੀ। ਉਹਨੇ ਕੀ ਕੀਤਾ? ਕਿਵੇਂ ਨਾ ਕਿਵੇਂ ਆਪਣੀ ਪੈਲੀ, ਡੰਗਰ ਵੇਚ ਕੇ ਅੱਧੀ ਫੀਸ ਇਕੱਠੀ ਕੀਤੀ ਤੇ ਮੁੰਡੇ ਦਾ
ਇਲਾਜ ਸ਼ੁਰੂ ਕਰਵਾਇਆ। ਡਾਕਟਰਾਂ ਨੇ ਪਿਓ ਦੀਆਂ ਅੱਖਾਂ ਕੱਢ ਕੇ ਮੁੰਡੇ ਦੇ ਪਾ ਦਿੱਤੀਆਂ ਅਤੇ ਮੁੰਡਾ ਪੂਰਾ
ਠੀਕ ਹੋ ਗਿਆ। ਉਹਨੂੰ ਵਧੀਆ ਦਿਖਣ ਲੱਗ ਗਿਆ।
ਥੋੜ੍ਹੇ ਦਿਨਾਂ ਬਾਅਦ ਮੁੰਡਾ ਫਿਰ ਨੌਕਰੀ ਲਈ ਉਹਨਾਂ ਕੋਲ ਗਿਆ, ਜਿਨ੍ਹਾਂ ਕੋਲ ਪਹਿਲਾਂ ਗਿਆ ਸੀ।
ਉਹਨੇ ਇੰਟਰਵਿਊ ਦਿੱਤੀ ਤੇ ਮੈਡੀਕਲ ਹੋਇਆ। ਮੁੰਡਾ ਦੋਨਾਂ 'ਚੋਂ ਪਾਸ ਹੋ ਗਿਆ। ਵਧੀਆ ਨੌਕਰੀ ਮਿਲ ਗਈ।
ਸਮਾਂ ਬੀਤਿਆ ਮੁੰਡਾ ਵੱਡਾ ਅਫਸਰ ਬਣ ਗਿਆ। ਮਾਂ-ਪਿਓ ਦੋਨੋ ਬਹੁਤ ਖੁਸ਼ ਸਨ।
ਇਕ ਦਿਨ ਮੁੰਡੇ ਦਾ ਪਿਓ
ਪਿੰਡ ਦੇ ਕਿਸੇ ਬੰਦੇ ਨੂੰ ਨਾਲ ਲੈ ਕੇ ਆਪਣੇ ਪੁੱਤ ਨੂੰ ਮਿਲਣ ਉਹਦੇ ਦਫਤਰ ਜਾਂਦਾ। ਤੇ ਮੁੰਡਾ ਅੱਗੋਂ ਪਿਓ ਦੇ ਪਾਟੇ
ਜਿਹੇ ਲੀੜੇ (ਕੱਪੜੇ) ਪਾਏ ਦੇਖ ਕੇ ਪਿਓ ਨੂੰ ਗੁੱਸੇ ਨਾਲ ਦਫਤਰ 'ਚੋਂ ਬਾਹਰ ਕੱਢ ਦਿੰਦਾ ਹੈ।
ਪਿਓ ਬਹੁਤ ਦੁਖੀ
ਹੁੰਦਾ ਤੇ ਮੁੰਡੇ ਨੂੰ ਕਹਿੰਦਾ, "ਕਿ ਪੁੱਤਰਾ ਜਿਹਦੇ ਕਰਕੇ ਤੈਨੂੰ ਇਹ ਨੌਕਰੀ ਮਿਲੀ ਆ, ਓਹ ਮੇਰੀਆਂ ਹੀ ਅੱਖਾਂ ਸੀ,
ਉਹ ਮੈਂ ਹੀ ਹਾਂ।" ਮੁੰਡਾ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਤੇ ਘਮੰਡ ਦਾ ਮਾਰਿਆ ਦਫਤਰ 'ਚ ਜਾ ਬੈਠਦਾ
ਹੈ।
ਥੋੜ੍ਹੇ ਸਮੇਂ ਬਾਅਦ ਪਤਾ ਚਲਦਾ ਹੈ, ਕਿ ਉਹ ਮੁੰਡੇ ਦਾ ਪਿਓ ਅੱਖਾਂ ਦੀ ਨਜ਼ਰ ਕਮਜੋਰ ਹੋਣ ਕਰਕੇ ਕਿਸੇ
ਟਰੱਕ ਦੀ ਟੱਕਰ ਵੱਜਣ ਨਾਲ ਮੌਕੇ 'ਤੇ ਹੀ ਮਰ ਜਾਂਦਾ ਹੈ। ਤਾਂ ਜਦੋਂ ਉਸ ਮੁੰਡੇ ਨੂੰ ਇਸ ਗੱਲ੍ਹ ਦਾ ਪਤਾ ਚੱਲਦਾ
ਤਾਂ ਉਹ ਬਹੁਤ ਰੋਂਦਾ ਹੈ, ਕਿ ਅੱਜ ਮੈਂ ਇਹ ਕੀ ਕਰਤਾ? ਜਿਹਦੇ ਕਰਕੇ ਮੈਂ ਏਥੋਂ ਤੱਕ ਪਹੁੰਚਿਆ ਸੀ, ਜਿੰਨੇ ਸੀ
ਨਹੀਂ ਕੀਤੀ ਆਪਣੀਆਂ ਅੱਖਾਂ ਵੀ ਮੈਨੂੰ ਦੇ ਦਿੱਤੀਆਂ ਤੇ ਅੱਜ ਮੈਂ ਆਹ ਮੁੱਲ ਪਾਇਆ ਉਹਦੀ ਕੁਰਬਾਨੀ ਦਾ।