Pissu (Punjabi Story) : Iqbal Singh Hamjapur

ਪਿੱਸੂ (ਕਹਾਣੀ) : ਇਕਬਾਲ ਸਿੰਘ ਹਮਜਾਪੁਰ

ਇਸ ਸਕੂਲ ਵਿੱਚ ਮੈਂ ਨਵਾਂ-ਨਵਾਂ ਆਇਆ ਸੀ। ਨਵਾਂ ਹੋਣ ਕਰਕੇ ਮੈਨੂੰ ਇਸ ਪਿੰਡ ਵਿੱਚ ਕੋਈ ਨਹੀਂ ਜਾਣਦਾ ਸੀ। ਸਕੂਲ ਪਿੰਡ ਤੋਂ ਮੀਲ ਕੁ ਹਟਵਾਂ ਸੀ। ਇਸ ਲਈ ਮੈਂ ਸਕੂਲ ਵਿੱਚ ਹੀ ਰਹਿਣਾ ਪਸੰਦ ਕੀਤਾ। ਰੋਟੀ-ਪਾਣੀ ਤੇ ਦੁੱਧ ਦੀ ਤੰਗੀ ਜ਼ਰੂਰ ਮਹਿਸੂਸ ਹੁੰਦੀ ਪਰ ਜਲਦੀ ਹੀ ਇਨ੍ਹਾਂ ਚੀਜ਼ਾਂ ਦਾ ਮੈਂ ਪ੍ਰਬੰਧ ਕਰ ਲਿਆ ਸੀ। ਰੋਟੀਆਂ ਬਣਾਉਣ ਦਾ ਤਾਂ ਮੈਨੂੰ ਪਹਿਲਾਂ ਤੋਂ ਹੀ ਚੱਜ ਸੀ। ਦੁੱਧ ਲਿਆਉਣ ਦੀ ਡਿਊਟੀ ਆਪਣੇ ਹੀ ਇੱਕ ਵਿਦਿਆਰਥੀ ਦੀ ਮੈਂ ਲਾ ਦਿੱਤੀ। ਉਹ ਸਵੇਰੇ ਸਕੂਲ ਆਉਂਦਾ ਘਰੋਂ ਦੁੱਧ ਦੀ ਬੋਲਤ ਭਰ ਲਿਆਉਂਦਾ ਤੇ ਛੁੱਟੀ ਹੋਣ ਵੇਲੇ ਖਾਲੀ ਬੋਤਲ ਫੜ ਕੇ ਲੈ ਜਾਂਦਾ।
ਇਸ ਤਰ੍ਹਾਂ ਮੈਨੂੰ ਇੱਥੇ ਰਿਹਾਇਸ਼ ਦੀ ਕੋਈ ਤੰਗੀ ਨਹੀਂ ਸੀ। ਪਹਿਲੇ ਦਿਨ ਮੈਂ ਇਸ ਸਕੂਲ ਵਿੱਚ ਆਇਆ ਸਾਂ ਤਾਂ ਹੈੱਡਮਾਸਟਰ ਨੇ ਆਪਣੇ ਦਫ਼ਤਰ ਵਿੱਚ ਸੱਦ ਕੇ ਮੈਨੂੰ ਆਖਿਆ ਸੀ, ‘‘ਵੇਖੋ ਮਾਸਟਰ ਗੁਰਮੁਖ ਸਿੰਘ ਜੀ! ਇਸ ਸਕੂਲ ਵਿੱਚ ਤੁਸੀਂ ਇਕੱਲੇ ਹੀ ਦੂਰ ਦੇ ਹੋ, ਬਾਕੀ ਸਭ ਇੱਥੇ ਆਸੇ-ਪਾਸੇ ਦੇ ਹੀ ਹਨ। ਪਿੰਡ ਉਂਜ ਬੜਾ ਵਧੀਐ। ਫਿਰ ਵੀ ਜਿਹੜੀ ਸ਼ਾਂਤੀ ਬੰਦੇ ਨੂੰ ਸ਼ਾਮ ਨੂੰ ਆਪਣੇ ਘਰ ਪਹੁੰਚ ਕੇ ਮਿਲਦੀ ਹੈ, ਉਹ ਤਾਂ ਅਸੀਂ ਨਹੀਂ ਦੇ ਸਕਦੇ ਪਰ... ਖਾਣ-ਪੀਣ ਦੀ ਥੋੜ੍ਹ ਨਹੀਂ ਆਉਣ ਦਿਆਂਗੇ। ਬਸ ਜਿਹੜੀ ਸ਼ੈਅ ਚਾਹੀਦੀ ਹੋਵੇ, ਸੰਗਣ ਦੀ ਲੋੜ ਨਹੀਂ।’’
ਹੈੱਡਮਾਸਟਰ ਦੇ ਕਹਿਣ ਵਾਂਗ ਇੱਥੇ ਖਾਣ-ਪੀਣ ਦੀ ਕੋਈ ਤੰਗੀ ਨਹੀਂ ਸੀ। ਬਸ ਛੁੱਟੀ ਤੋਂ ਬਾਅਦ ਵਕਤ ਲੰਘਾਉਣਾ ਮੁਸ਼ਕਲ ਹੁੰਦਾ। ਸਕੂਲ ਦੀ ਛੁੱਟੀ ਹੋਣ ’ਤੇ ਜੁਆਕ ਚਾਂਗਰਾਂ ਤੇ ਸੀਟੀਆਂ ਮਾਰਦੇ ਆਪਣੀ-ਆਪਣੀ ਬੋਰੀ ਵਲ੍ਹੇਟ ਕੇ ਗੇਟ ਵੱਲ ਨੂੰ ਭੱਜਦੇ। ਅਧਿਆਪਕ ਵੀ ਹਾਜ਼ਰੀ ਰਜਿਸਟਰ ਦਾ ਖਾਨਾ ਭਰ ਕੇ ਤੁਰਦੇ ਬਣਦੇ ਤੇ ਪਿੱਛੇ ਭਾਂਅ-ਭਾਂਅ ਕਰਦੀ ਕਿਲ੍ਹੇਨੁਮਾ ਇਮਾਰਤ ਵਿੱਚ ਰਹਿ ਜਾਂਦਾ ਮੈਂ ਇਕੱਲਾ।

ਦਿਨ ਵੇਲੇ ਤਾਂ ਮੈਂ ਕਿੱਸੇ-ਕਹਾਣੀਆਂ ਪੜ੍ਹ ਕੇ ਬਹੁਤਾ ਵਕਤ ਗੁਜ਼ਾਰ ਲੈਂਦਾ ਪਰ ਰਾਤ ਨੂੰ ਜਦੋਂ ਕੁੱਤੇ ਭੌਂਕਦੇ ਜਾਂ ਗਿੱਦੜ ਹੁਆਂਕਦੇ ਤਾਂ ਮੈਂ ਸੁੱਤਾ ਪਿਆ ਤ੍ਰਬਕ ਜਾਂਦਾ।
‘‘ਹੁਣ ਜੇ ਇੱਥੇ ਮੈਨੂੰ ਦੋ ਬੰਦੇ ਪੈ ਜਾਣ ਤਾਂ ਮੈਂ ਕੀ ਕਰਾਂਗਾ? ਉਂਜ ਵੀ ਜੇ ਬਿਮਾਰ ਹੋ ਜਾਵਾਂ, ਪਾਣੀ ਫੜਾਉਣ ਵਾਲਾ ਵੀ ਕੋਲ ਕੋਈ ਨਹੀਂ ਹੈ।’’ ਅਜਿਹੇ ਵਿਚਾਰ ਮੇਰੇ ਮਨ ਵਿੱਚ ਆਉਂਦੇ ਤੇ ਮੈਂ ਡਰ ਜਾਂਦਾ। ਡਰਦਾ ਕਮਰੇ ਦੀ ਬੱਤੀ ਸਾਰੀ ਰਾਤ ਬੰਦ ਨਾ ਕਰਦਾ।

ਫਿਰ ਇੱਕ ਦਿਨ ਅੱਧੀ ਛੁੱਟੀ ਮਗਰੋਂ ਸਕੂਲ ਵਿੱਚ ਦੋ ਭਗਵੇਂ ਕੱਪੜਿਆਂ ਵਾਲੇ ਸਾਧੂ ਖੀਰ ਦੀਆਂ ਬਾਲਟੀਆਂ ਫੜੀ ਆਏ। ਉਨ੍ਹਾਂ ਨੇ ਹਰ ਜਮਾਤ ਵਿੱਚ ਜਾ ਕੇ ਬੱਚਿਆਂ ਨੂੰ ਖੀਰ ਵਰਤਾਈ। ਅਧਿਆਪਕਾਂ ਨੇ ਵੀ ਸਟਾਫ਼ ਰੂਮ ਵਿੱਚ ਬੈਠ ਕੇ ਰੱਜ ਕੇ ਖੀਰ ਖਾਧੀ। ਖੀਰ ਬਹੁਤ ਸੁਆਦ ਹੋਣ ਕਰਕੇ ਉਦੋਂ ਤਾਂ ਮੈਂ ਕੁਝ ਨਾ ਪੁੱਛਿਆ ਪਰ ਬਾਅਦ ਵਿੱਚ ਆਪਣੀ ਆਦਤ ਮੁਤਾਬਕ ਮੈਂ ਇਨ੍ਹਾਂ ਭਗਵੇਂ ਕੱਪੜਿਆਂ ਵਾਲੇ ਸਾਧਾਂ ਦੇ ਪਿਛੋਕੜ ਨੂੰ ਫਰੋਲਣਾ ਚਾਹੁੰਦਾ ਸਾਂ।
‘‘ਇਹ ਖੀਰ ਕਿੱਥੋਂ ਆਈ ਸੀ? ਤੇ ਇਹ ਖੀਰ ਕਿਸ ਖ਼ੁਸ਼ੀ ਵਿੱਚ ਸਭ ਨੂੰ ਖੁਆਈ ਗਈ ਸੀ?’’
‘‘ਸਕੂਲ ਦੇ ਨੇੜੇ ਹੀ ਸਾਧਾਂ ਦਾ ਇੱਕ ਡੇਰਾ ਹੈ। ਇਹ ਸਾਧੂ ਬੜੇ ਬੀਬੇ ਬੰਦੇ ਹਨ। ਸਾਰਾ ਦਿਨ ਢੋਲਕੀਆਂ-ਛੈਣਿਆਂ ਨਾਲ ਕੀਰਤਨ ਕਰਦੇ ਹਨ। ਨਗਰ ਖੇੜੇ ’ਤੇ ਇਨ੍ਹਾਂ ਦੀ ਬੜੀ ਕਿਰਪਾ ਹੈ। ਜਦੋਂ ਦੇ ਇਹ ਇੱਥੇ ਆਏ ਹਨ, ਪਿੰਡ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਨ੍ਹਾਂ ਕੋਲ ਹਰ ਰੋਗ ਦਾ ਇਲਾਜ ਹੈ। ਇਹ ਆਏ ਸਾਲ ਅੱਜ ਦੇ ਦਿਨ ਭੰਡਾਰਾ ਕਰਦੇ ਹਨ।’’ ਸਾਥੀ ਮਾਸਟਰਾਂ ਨੇ ਦੱਸਿਆ। ਆਪਣੀ ਆਦਤ ਤੋਂ ਮਜਬੂਰ ਮੈਂ ਇਨ੍ਹਾਂ ਸਾਧਾਂ ਦਾ ਡੇਰਾ ਵੇਖਣ ਲਈ ਉਤਸਕ ਸਾਂ। ਇਸ ਲਈ ਸਕੂਲ ਦੀ ਛੁੱਟੀ ਤੋਂ ਬਾਅਦ ਸ਼ਾਮ ਨੂੰ ਘੁੰਮਣ ਦਾ ਬਹਾਨਾ ਬਣਾ ਕੇ ਮੈਂ ਡੇਰੇ ਵੱਲ ਨੂੰ ਹੋ ਗਿਆ।

ਡੇਰਾ ਸਕੂਲ ਦੀ ਚਾਰਦੀਵਾਰੀ ਤੋਂ ਬਹੁਤੀ ਦੂਰ ਨਹੀਂ ਸੀ। ਕੱਚੀਆਂ ਇੱਟਾਂ ਦੀ ਲੱਕ-ਲੱਕ ਜਿੰਨੀ ਡੇਰੇ ਦੀ ਕੰਧ ਸੀ। ਚੜ੍ਹਦੇ ਪਾਸੇ ਵੱਲ ਨੂੰ ਇੱਕ ਨਿੱਕਾ ਜਿਹਾ ਦਰਵਾਜ਼ਾ ਛੱਡਿਆ ਹੋਇਆ ਸੀ। ਦਰਵਾਜ਼ੇ ਦੇ ਦੋਵੇਂ ਪਾਸੇ ਤ੍ਰਿਸ਼ੂਲ, ਖੰਡੇ ਤੇ ਓਮ ਦੇ ਮਿਲਵੇਂ-ਜੁਲਵੇਂ ਆਕਾਰ ਦੇ ਚਿੱਤਰ ਵਾਹੇ ਹੋਏ ਸਨ। ਇਹ ਭਾਸਦਾ ਸੀ ਕਿ ਇੱਥੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਆਉਂਦੇ ਸਨ। ਕੱਚੀ ਕੰਧ ਉੱਤੋਂ ਝਾਤੀ ਮਾਰ ਕੇ ਕਿਸੇ ਪਾਸਿਓਂ ਵੀ ਕੁਝ ਨਹੀਂ ਦਿਸਦਾ ਸੀ ਪਰ ਢੋਲਕੀਆਂ-ਛੈਣੇ ਖੜਕਣ ਦੀ ਆਵਾਜ਼ ਆ ਰਹੀ ਸੀ।
ਕੁਝ ਚਿਰ ਮੈਂ ਖੜ੍ਹਾ ਸੁਣਦਾ ਰਿਹਾ ਤੇ ਫਿਰ ਚੁੱਪਚਾਪ ਵਾਪਸ ਆ ਗਿਆ। ਅੰਦਰ ਜਾਣ ਦਾ ਮੇਰਾ ਹੌਸਲਾ ਨਾ ਪਿਆ।
ਹੁਣ ਮੈਂ ਰੋਜ਼ਾਨਾ ਡੇਰੇ ਵੱਲ ਨੂੰ ਘੁੰਮਣ ਜਾਂਦਾ ਸੀ। ਰੋਜ਼ਾਨਾ ਡੇਰੇ ਦੇ ਹੋਰ ਨੇੜੇ ਜਾਣ ਦੀ ਕੋਸ਼ਿਸ਼ ਕਰਦਾ। ਕਈ ਵਾਰ ਮੈਂ ਡੇਰੇ ਦੇ ਬੂਹੇ ਅੱਗੇ ਜਾ ਕੇ ਖੜ੍ਹਾ ਹੋ ਜਾਂਦਾ। ਹਰ ਆਉਣ-ਜਾਣ ਵਾਲੇ ਨੂੰ ਨਿਹਾਰਦਾ। ਕਿਸ ਤਰ੍ਹਾਂ ਦੇ ਲੋਕ ਡੇਰੇ ਵਿੱਚ ਆਉਂਦੇ ਹਨ ਤੇ ਉਹ ਆ ਕੇ ਕੀ ਕਰਦੇ ਹਨ? ਮੈਂ ਸਭ ਕੁਝ ਨੋਟ ਕਰੀ ਜਾਂਦਾ। ਉਂਜ ਨਾ ਮੈਂ ਕਦੇ ਡੇਰੇ ਦੇ ਅੰਦਰ ਗਿਆ ਤੇ ਨਾ ਹੀ ਮੈਂ ਕਦੇ ਕਿਸੇ ਨੂੰ ਬੁਲਾਇਆ।
ਡੇਰੇ ਅੰਦਰ ਆਉਣ-ਜਾਣ ਵਾਲਿਆਂ ਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਕਿ ਸਵੇਰ ਵੇਲੇ ਵੀ ਪਿੰਡ ਦੇ ਲੋਕ ਡੇਰੇ ਆਉਂਦੇ ਹਨ। ਖ਼ਾਸ ਕਰਕੇ ਜ਼ਨਾਨੀਆਂ ਸਵੇਰੇ ਹੀ ਆਉਂਦੀਆਂ ਹਨ।
ਫਿਰ ਮੈਂ ਸਵੇਰੇ ਵੀ ਆਉਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਉੱਥੇ ਜ਼ਨਾਨੀਆਂ ਹੀ ਹੁੰਦੀਆਂ। ਡੇਰੇ ਦੇ ਸਾਧਾਂ ਲਈ ਖ਼ਾਲਸ ਦੁੱਧ ਦੀਆਂ ਗੜਵੀਆਂ ਤੇ ਪਰੌਂਠੇ ਆਉਂਦੇ। ਇੱਕ ਜ਼ਨਾਨੀ ਘਰੋਂ ਬਹੁਕਰ ਲਿਆ ਕੇ ਸਾਰੇ ਡੇਰੇ ਨੂੰ ਅੰਦਰੋਂ-ਬਾਹਰੋਂ ਹੂੰਝ ਜਾਂਦੀ।
‘‘ਇਸ ਵਿਚਾਰੀ ਨੂੰ ਕੋਈ ਦੁੱਖ ਹੋਣਾ ਤਾਂ ਹੀ ਸਾਧੂਆਂ ਦੀ ਏਨੀ ਸੇਵਾ ਕਰਦੀ ਆ।’’ ਮੈਂ ਸੋਚਦਾ ਪਰ ਕਿਸੇ ਨੂੰ ਇਸ ਬਾਰੇ ਪੁੱਛਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ।
‘‘ਇਨ੍ਹਾਂ ਸਾਧਾਂ ਕੋਲ ਕਾਲਾ ਇਲਮ ਹੁੰਦੈ। ਕਾਲੇ ਇਲਮ ਨਾਲ ਭੂਤਾਂ ਇਨ੍ਹਾਂ ਵੱਸ ਵਿੱਚ ਕੀਤੀਆਂ ਹੁੰਦੀਐਂ। ਵੱਸ ਵਿੱਚ ਕੀਤੀਆਂ ਭੂਤਾਂ ਤੋਂ ਇਹ ਕਿਸੇ ਦਾ ਵੀ ਨੁਕਸਾਨ ਕਰਵਾ ਸਕਦੇ ਹਨ।’’ ਇਹ ਵਹਿਮ ਪਤਾ ਨਹੀਂ ਕਿਸ ਨੇ ਬਚਪਨ ਵਿੱਚ ਮੇਰੇ ਅੰਦਰ ਕੁੱਟ-ਕੁੱਟ ਕੇ ਭਰ ਦਿੱਤਾ ਸੀ। ਉਂਜ ਮੈਂ ਅਗਾਂਹਵਧੂ ਵਿਚਾਰਾਂ ਵਾਲਾ ਅਧਿਆਪਕ ਹਾਂ ਪਰ ਆਪਣੀ ਇਸ ਸੋਚ ਨੂੰ ਅੱਜ ਤਕ ਨਹੀਂ ਬਦਲ ਸਕਿਆ।

ਹੌਲੀ-ਹੌਲੀ ਜਿਵੇਂ ਡੇਰੇ ਵਿੱਚ ਰਹਿਣ ਵਾਲੇ ਸਾਧਾਂ ਨੂੰ ਮੇਰੀ ਪਛਾਣ ਹੋ ਗਈ ਹੋਵੇ। ਉਹ ਮੈਨੂੰ ਡੇਰੇ ਦੇ ਬਾਹਰ ਖੜ੍ਹੇ ਨੂੰ ਅਣਗੌਲਿਆ ਕਰ ਛੱਡਦੇ। ਆਪਣੇ ਕੰਮਾਂ ਵਿੱਚ ਲੱਗ਼ੇ ਰਹਿੰਦੇ ਤੇ ਕਦੇ-ਕਦਾਈਂ ਮੈਨੂੰ ਵੀ ਆਵਾਜ਼ ਮਾਰ ਲੈਂਦੇ।
‘‘ਮਾਸਟਰ ਜੀ ਅੰਦਰ ਲੰਘ ਆਓ।’’
ਪਹਿਲਾਂ-ਪਹਿਲ ਤੇ ਇੱਕ-ਦੋ ਵਾਰ ਮੈਂ ਝਕਦਾ ਰਿਹਾ। ਫਿਰ ਅੰਦਰ ਜਾਣ ਲੱਗ ਪਿਆ। ਜਿੱਥੇ ਬਾਕੀ ਸੰਗਤ ਬੈਠੀ ਹੁੰਦੀ, ਮੈਂ ਵੀ ਉਸੇ ਤੱਪੜ ’ਤੇ ਸਿਰ ਨਿਵਾ ਕੇ ਬਹਿ ਜਾਂਦਾ।

ਸਾਧਾਂ ਨੇ ਇੱਕ ਪਾਸੇ ਧੂਣੀ ਧੁਖਾਈ ਹੁੰਦੀ। ਇੱਕ ਜਣਾ ਕੁਝ ਭੋਰ-ਝੋਰ ਜਿਹਾ ਧੂਣੀ ’ਤੇ ਪਾਈ ਜਾਂਦਾ। ਸ਼ਾਇਦ ਗੁੱਗਲ ਹੋਵੇ ਕਿਉਂਕਿ ਧੂਣੀ ਦਾ ਧੂੰਆਂ ਨੱਕ ਨੂੰ ਚੜ੍ਹਨ ਦੀ ਥਾਂ ਵਾਤਾਵਰਨ ਨੂੰ ਸੁਗੰਧਿਤ ਕਰਦਾ ਜਾਪਦਾ। ਮੈਨੂੰ ਆਪਣੇ ਕਾਲਜ ਦੇ ਦਿਨਾਂ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਯਾਦ ਆ ਜਾਂਦੇ। ਉਹ ਕੱਵਾਲਾਂ ਵਾਂਗ ਸੱਤ-ਅੱਠ ਜਣੇ ਢੋਲਕੀ-ਛੈਣਿਆਂ ਨਾਲ ਮਿਲ ਕੇ ਗਾਉਂਦੇ। ਉਹ ਕੀ ਗਾਉਂਦੇ ਹਨ? ਇਹ ਮੈਂ ਕਦੀ ਧਿਆਨ ਨਾ ਦਿੱਤਾ। ਉਂਜ ਉਨ੍ਹਾਂ ਦੀਆਂ ਸਾਰੀਆਂ ਹਰਕਤਾਂ ਮੈਂ ਨੋਟ ਕਰੀ ਜਾਂਦਾ।
ਇਸ ਤੋਂ ਬਾਅਦ ਇੱਕ ਵੱਡਾ ਭਾਰਾ ਸਾਧੂ ਕੁਟੀਆ ਵਿੱਚੋਂ ਬਾਹਰ ਆਉਂਦਾ ਤੇ ਆਸਣ ’ਤੇ ਆ ਬਿਰਾਜਮਾਨ ਹੁੰਦਾ। ਸੰਗਤ ਆਪਣੀਆਂ ਸਮੱਸਿਆਵਾਂ ਤੇ ਹੋਰ ਰੋਗ ਵੱਡੇ ਸਾਧੂ ਨਾਲ ਸਾਂਝੇ ਕਰਦੀ।
ਵੱਡਾ ਬਾਬਾ ਕੁਝ ਨਾ ਬੋਲਦਾ। ਉਹ ਸੁਆਲ ਕਰਨ ਵਾਲੇ ਹਰ ਇੱਕ ਦੇ ਹੱਥ ’ਤੇ ਸੁਆਹ ਵਰਗੀ ਇੱਕੋ ਜਿਹੀ ਸ਼ੈਅ ਰੱਖਦਾ। ਸੁਆਹ ਲੈਣ ਵਾਲਾ ਸੁਆਹ ਦੀ ਚੁਟਕੀ ਨੂੰ ਮੱਥੇ ਲਾਉਂਦਾ। ਹੱਥ ਜੋੜ ਕੇ ਮੱਥਾ ਟੇਕਦਾ ਤੇ ਤੁਰਦਾ ਬਣਦਾ।

ਇਹ ਸਾਰਾ ਕੁਝ ਮੈਂ ਐਤਵਾਰ ਤੇ ਸੋਮਵਾਰ ਨੂੰ ਛੱਡ ਕੇ ਬਾਕੀ ਸਾਰਾ ਹਫ਼ਤਾ ਵੇਖਦਾ। ਐਤਵਾਰ ਛੁੱਟੀ ਹੋਣ ਕਾਰਨ ਮੈਂ ਸ਼ਨੀਵਾਰ ਸ਼ਾਮ ਨੂੰ ਘਰ ਆ ਜਾਂਦਾ ਤੇ ਸੋਮਵਾਰ ਨੂੰ ਜਦੋਂ ਪਹੁੰਚਦਾ, ਸਕੂਲ ਲੱਗਿਆ ਹੁੰਦਾ। ਦੁਪਹਿਰ ਚੜ੍ਹੀ ਹੁੰਦੀ।
ਹੌਲੀ-ਹੌਲੀ ਸਾਰੀ ਸੰਗਤ ਆਪਣੇ-ਆਪਣੇ ਰੋਗ ਦੀ ਦਵਾਈ ਲੈ ਕੇ ਤੁਰ ਜਾਂਦੀ। ਇਕੱਲਾ ਮੈਂ ਰਹਿ ਜਾਂਦਾ ਜਾਂ ਫਿਰ ਡੇਰੇ ਨੂੰ ਹੂੰਝਣ ਵਾਲੀ ਉਹ ਜ਼ਨਾਨੀ। ਹੁਣ ਮੈਂ ਡੇਰੇ ਦੇ ਸਾਧੂਆਂ ਨਾਲ ਕਾਫ਼ੀ ਘੁਲਮਿਲ ਗਿਆ ਸਾਂ।

ਹੁਣ ਮੈਨੂੰ ਇਨ੍ਹਾਂ ਕੋਲੋਂ ਡਰ ਘੱਟ ਲੱਗਦਾ ਸੀ। ਸਾਧੂ, ਮੈਨੂੰ ਬਾਕੀ ਸੰਗਤ ਦੇ ਜਾਣ ਤੋਂ ਬਾਅਦ ਪਿੰਡ ਵਿੱਚੋਂ ਆਏ ਦੁੱਧ ਤੇ ਪਰੌਂਠਿਆਂ ਨਾਲ ਨਾਸ਼ਤਾ ਵੀ ਕਰਾ ਦਿੰਦੇ ਸਨ। ਇਸ ਤਰ੍ਹਾਂ ਸਵੇਰੇ ਮੈਨੂੰ ਰੋਟੀ ਬਣਾਉਣ ਲਈ ਹੱਥ ਨਹੀਂ ਫੂਕਣੇ ਪੈਂਦੇ। ਡੇਰੇ ਵਿੱਚ ਆਇਆ ਖ਼ਾਲਸ ਦੁੱਧ ਪੀ ਕੇ ਤੇ ਦੇਸੀ ਘਿਉ ਦੇ ਪਰੌਂਠੇ ਖਾ ਕੇ ਮੈਂ ਸਾਧਾਂ ਦਾ ਮਨ ਹੀ ਮਨ ਸ਼ੁਕਰੀਆ ਕਰਦਾ। ਜਦੋਂ ਸਕੂਲ ਦੀ ਘੰਟੀ ਵੱਜਦੀ, ਮੈਂ ਉੱਠਣ ਲੱਗਦਾ ਤੇ ਵੱਡੇ ਸਾਧੂ ਨੂੰ ਨਿੱਤ ਇਹ ਪ੍ਰਸ਼ਨ ਕਰਦਾ, ‘‘ਬਾਬਾ ਜੀ ਤੁਹਾਡੀ ਸੁਆਹ ਦੀ ਚੁਟਕੀ ਸਿਰ ਦੀ ਪੀੜ ਕਿਵੇਂ ਹਟਾਊ? ਬਾਬਾ ਜੀ ਤੁਸੀਂ ਪਸ਼ੂਆਂ ਤੇ ਬੰਦਿਆਂ ਨੂੰ ਇੱਕੋ ਸੂਆ ਲਾਈ ਜਾਂਦੇ ਹੋ।’’
ਵੱਡਾ ਬਾਬਾ ਮੇਰੇ ਸਾਰੇ ਪ੍ਰਸ਼ਨਾਂ ਦਾ ਨਿੱਤ ਇੱਕੋ ਜੁਆਬ ਦਿੰਦਾ, ‘‘ਮਾਸਟਰ ਜੀ ਤੁਸੀਂ ਸਾਰੀ ਉਮਰ ਕਿਤਾਬਾਂ ਫਰੋਲੀਆਂ। ਤੁਸੀਂ ਸੁਆਹ ਦੀ ਚੁਟਕੀ ਦਾ ਰਾਜ਼ ਨਹੀਂ ਸਮਝ ਸਕਦੇ।’’
ਇੱਕ ਸੁਆਲ ਹੋਰ ਮੈਂ ਨਿੱਤ ਪੁੱਛਣ ਦੀ ਕੋਸ਼ਿਸ਼ ਕਰਦਾ ਪਰ ਅਣਪੁੱਛਿਆ ਨਾਲ ਲੈ ਆਉਂਦਾ। ਇਹ ਸੁਆਲ ਜਿਵੇਂ ਕੰਡੇ ਵਾਂਗ ਸਾਰਾ ਦਿਨ ਮੇਰੇ ਮਨ ਵਿੱਚ ਚੁੱਭਦਾ ਰਹਿੰਦਾ ਕਿ ‘ਉਹ ਜਿਹੜੀ ਜ਼ਨਾਨੀ ਰੋਜ਼ ਡੇਰੇ ਨੂੰ ਹੂੰਝਦੀ ਹੈ, ਉਹ ਕੌਣ ਹੋਈ? ਗੋਰੀ-ਚਿੱਟੀ, ਲੰਮ-ਸਲੰਮੀ, ਨੀਲੀਆਂ ਚਮਕਦੀਆਂ ਅੱਖਾਂ ਤੇ ਭਰ ਜਵਾਨੀ। ਕੋਈ ਰੋਗ ਵੀ ਨਹੀਂ ਜਾਪਦਾ। ਘਰੋਂ ਵੀ ਸੌਖੀ ਜਾਪਦੀ ਏ।’ ਮੈਂ ਡੇਰੇ ਨੂੰ ਹੂੰਝਣ ਵਾਲੀ ਉਸ ਔਰਤ ਦੀ ਤਸਵੀਰ ਆਪਣੇ ਦਿਮਾਗ਼ ਵਿੱਚ ਮੁੜ ਤੋਂ ਉਲੀਕਦਾ ਪਰ ਮੈਨੂੰ ਮੇਰੇ ਸੁਆਲ ਦਾ ਜੁਆਬ ਕਦੇ ਵੀ ਨਾ ਲੱਭਦਾ।
‘‘ਇਹ ਕਿਸੇ ਵੱਡੇ ਘਰ ਦੀ ਨੂੰਹ ਹੈ। ਵਾਹਵਾ ਪੜ੍ਹੀ-ਲਿਖੀ ਜਾਪਦੀ ਹੈ।’’ ਇਹ ਮੇਰਾ ਅੰਦਾਜ਼ਾ ਸੀ।
‘‘ਪਰ ਇੱਥੇ ਡੇਰੇ ਵਿੱਚ ਇਸ ਦਾ ਕੀ ਕੰਮ?’’ ਮੈਂ ਸਾਰਾ ਦਿਨ ਚਾਕ ਹੱਥ ਵਿੱਚ ਲੈ ਕੇ ਬੋਰਡ ’ਤੇ ਕੁਝ ਲਿਖਣ ਦੇ ਬਹਾਨੇ ਇਹ ਸੁਆਲ ਹੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਕਦੇ ਵੀ ਸਫ਼ਲ ਨਾ ਹੁੰਦਾ।

ਇੱਕ ਦਿਨ ਸਵੇਰੇ ਡੇਰੇ ਦੇ ਕੰਮ ਤੋਂ ਵਿਹਲੀ ਹੋ ਕੇ ਉਹ ਸਕੂਲ ਮੂਹਰਿਓਂ ਲੰਘੀ। ਉਸ ਨੂੰ ਵੇਖ ਕੇ ਮੇਰੇ ਮੂੰਹੋਂ ਸਹਿਜ-ਸੁਭਾਅ ਨਿਕਲ ਗਿਆ, ‘‘ਇਹ ਕੌਣ ਆ?’’ ‘‘ਇਹ ਤਾਂ ਸੁਰਜਣ ਦੀ ਘਰਵਾਲੀ ਆ’’ ਕਿਸੇ ਬੱਚੇ ਨੇ ਦੱਸਿਆ। ਪਿੰਡ ਦੀ ਨੂੰਹ ਹੋਣ ਕਰਕੇ ਸਾਰੇ ਬੱਚੇ ਉਸ ਨੂੰ ਜਾਣਦੇ ਸਨ।
‘‘ਕਿਹੜਾ ਸੁਰਜਣ?’’ ਗੁੰਝਲ ਕੁਝ ਖੁੱਲ੍ਹਦੀ ਵੇਖ ਕੇ ਮੈਂ ਉਸੇ ਬੱਚੇ ਨੂੰ ਦੂਜਾ ਪ੍ਰਸ਼ਨ ਕੀਤਾ। ‘‘ਸ਼ਰਾਬੀ ਸੁਰਜਣ, ਉਹ ਜਿਹੜਾ ਨੌਕਰੀ ’ਚੋਂ ਕੱਢਿਆ ਹੋਇਐ।’’
‘‘ਇਹ ਸੁਰਜਣ ਦੀ ਸ਼ਰਾਬ ਛੁਡਾਉਣ ਖ਼ਾਤਰ ਡੇਰੇ ਵਿੱਚ ਆਉਂਦੀ ਹੋਣੀ ਐ?’’
‘ਹੋ ਸਕਦੈ ਵੱਡੇ ਸਾਧੂ ਅੱਗੇ ਸੁਰਜਣ ਦੀ ਨੌਕਰੀ ’ਤੇ ਬਹਾਲੀ ਲਈ ਅਰਦਾਸ ਵੀ ਕਰਦੀ ਹੋਵੇ!’ ਮੈਂ ਸੋਚਣ ਲੱਗਾ।
ਹੁਣ ਮੈਂ ਹੋਰ ਉਤਸੁਕਤਾ ਨਾਲ ਸਵੇਰੇ ਡੇਰੇ ਜਾਂਦਾ। ਹੁਣ ਮੇਰੀ ਅੱਖ ਸਾਧਾਂ ਦੇ ਕੰਮਾਂ ਤੋਂ ਹਟ ਕੇ ਡੇਰੇ ਨੂੰ ਹੂੰਝਣ ਵਾਲੀ ਉਸ ਜ਼ਨਾਨੀ ਵਿੱਚ ਹੁੰਦੀ। ਮੈਨੂੰ, ਉਹ ਭੋਲੀ-ਭੋਲੀ, ਚੰਗੀ ਲੱਗਦੀ। ਮੈਂ ਉਸ ਨੂੰ ਬੁਲਾਉਣਾ ਚਾਹੁੰਦਾ ਪਰ ਸਾਧਾਂ ਦੇ ਚਿਮਟਿਆਂ ਤੋਂ ਡਰਦਾ ਦੜ ਵੱਟ ਜਾਂਦਾ।
ਇੱਕ ਦਿਨ ਕਿਸੇ ਫਾਰਮ ’ਤੇ ਹੈੱਡਮਾਸਟਰ ਤੋਂ ਤਸਦੀਕ ਕਰਵਾਉਣ ਲਈ ਉਹੀ ਜ਼ਨਾਨੀ ਸਕੂਲ ਆਈ। ਸ਼ਾਇਦ ਉਸ ਨੇ ਰਾਸ਼ਨ ਕਾਰਡ ਬਣਵਾਉਣਾ ਸੀ। ਮੈਨੂੰ ਸਬੱਬੀਂ ਗੱਲ ਕਰਨ ਦਾ ਮੌਕਾ ਮਿਲ ਗਿਆ।
‘‘ਮੈਂ ਪ੍ਰਭਾਕਰ ਪਾਸ ਹਾਂ। ਪਤੀ ਡਾਕਖਾਨੇ ਵਿੱਚ ਨੌਕਰੀ ਕਰਦਾ ਸੀ ਪਰ ਆਪਣੇ ਐਬਾਂ ਕਾਰਨ ਉਸ ਨੂੰ ਨੌਕਰੀ ਰਾਸ ਨਾ ਆਈ। ਮੁਅੱਤਲ ਹੋਏ ਨੂੰ ਤਿੰਨ ਸਾਲ ਹੋ ਗਏ ਹਨ। ਲੋਕਾਂ ਦੇ ਕੱਪੜੇ ਸੀ ਕੇ ਗੁਜ਼ਾਰਾ ਕਰ ਰਹੀ ਹਾਂ।’’ ਉਸ ਨੇ ਦੱਸਿਆ।
‘‘ਪਰ ਮੈਂ ਵੇਖਦਾਂ, ਰੋਜ਼ ਸਵੇਰੇ ਆ ਕੇ ਤੂੰ ਸਾਰੇ ਡੇਰੇ ਨੂੰ ਹੂੰਝਦੀ ਏਂ। ਇਹ ਸਾਧੂ ਲੋਕ ਆਪਣੇ ਚਾਰ ਅੱਖਰ ਪੜ੍ਹਿਆਂ-ਲਿਖਿਆਂ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ ਸਗੋਂ ਹੋਰ ਉਲਝਾਉਂਦੇ ਹਨ।’’ ਮੈਂ ਉਸ ਨੂੰ ਹੋਰ ਉਧੇੜਨ ਦੇ ਇਰਾਦੇ ਨਾਲ ਜਿਵੇਂ ਸਲਾਹ ਦਿੱਤੀ।
‘‘ਵੀਰੇ ਇਹ ਸਾਧੂ ਮੈਨੂੰ ਵਾਹਵਾ ਕਰਾਮਾਤੀ ਜਾਪਦਾ। ਜਿਸ ਦਿਨ ਡੇਰੇ ਦੀ ਸੇਵਾ ਨਾ ਕਰਾਂ, ਉਸ ਦਿਨ ਮੇਰਾ ਪਤੀ ਘਰ ਸਿਰ ’ਤੇ ਚੁੱਕ ਲੈਂਦੈ। ਮੈਨੂੰ ਤੇ ਜੁਆਕਾਂ ਨੂੰ ਕੁਟਾਪਾ ਵੱਖ ਚਾੜ੍ਹਦੈ। ਇਹ ਸਾਧੂ ਦੀ ਹੀ ਕਰਾਮਾਤ ਆ ਕਿ ਸਾਡਾ ਘਰ ਵਸਦਾ। ਨਹੀਂ ਤਾਂ ਹੁਣ ਨੂੰ ਕਦੋਂ ਦਾ ਉੱਜੜ ਗਿਆ ਹੁੰਦਾ।’’ ਉਹ ਉੱਠਣ ਲੱਗੀ ਇੱਕੋ ਸਾਹੇ ਸਾਰਾ ਕੁਝ ਦੱਸ ਗਈ। ਚਪੜਾਸੀ ਰਾਸ਼ਨ ਕਾਰਡ ਵਾਲਾ ਫਾਰਮ ਮੋਹਰ ਲਗਵਾ ਕੇ ਹੈੱਡਮਾਸਟਰ ਤੋਂ ਲੈ ਆਇਆ ਸੀ।
ਮੈਨੂੰ ਸੁਰਜਣ ਦੀ ਜ਼ਨਾਨੀ ਨੂੰ ਕੁੱਟ ਪੈਣ ਤੇ ਸਾਧੂ ਦੀ ਕਰਾਮਾਤ ਨਾਲ ਸੁਰਜਣ ਦੇ ਨਰਮ ਹੋਣ ਦੀ ਕਹਾਣੀ ਸਮਝ ਨਾ ਲੱਗੀ।
ਨਿੱਤ ਵਾਂਗ ਮੈਂ ਸਵੇਰੇ ਸਾਧਾਂ ਦੇ ਡੇਰੇ ਗਿਆ। ਉਹ ਫਿਰ ਡੇਰੇ ਨੂੰ ਹੂੰਝ ਰਹੀ ਸੀ। ਉਸ ਨਾਲ ਸਕੂਲ ਵਿੱਚ ਮੁਲਾਕਾਤ ਹੋਣ ਕਰਕੇ ਹੁਣ ਮੈਂ ਗੱਲ ਕਰ ਸਕਦਾ ਸਾਂ। ‘‘ਮੈਨੂੰ ਤੁਹਾਡੇ ਪਤੀ ਦੇ ਸੁਭਾਅ ਦੀ ਸਮਝ ਨਹੀਂ ਆਈ...’’ ਮੈਂ ਉਸ ਦੇ ਨੇੜੇ ਜਾ ਕੇ ਉਂਜ ਹੀ ਪੁੱਛ ਲਿਆ।
‘‘ਵੀਰੇ ਨਹੀਂ ਸਮਝ ਆਈ ਤਾਂ ਸ਼ਾਮ ਨੂੰ ਆਪ ਪੁੱਛ ਲਵੀਂ। ਉਹ ਨਿੱਤ ਸ਼ਾਮ ਨੂੰ ਇੱਥੇ ਆਉਂਦਾ।’’ ਉਸ ਨੇ ਦੱਸਿਆ।
ਮੈਂ ਸ਼ਾਮ ਹੋਣ ਦੀ ਉਡੀਕ ਕਰਨ ਲੱਗਾ।
ਸ਼ਾਮ ਨੂੰ ਜਦੋਂ ਪਿੰਡ ਦੇ ਲੋਕ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਡੇਰੇ ਵਿੱਚ ਆਉਣ ਲੱਗੇ ਤਾਂ ਮੈਂ ਇੱਕ ਜਣੇ ਨੂੰ ਪੁੱਛਿਆ, ‘‘ਸੁਰਜਣ ਕਿਹੜੈ?’’

ਉਸ ਨੇ ਮੈਨੂੰ ਹੱਥ ਦੇ ਇਸ਼ਾਰੇ ਨਾਲ ਸਮਝਾ ਦਿੱਤਾ। ਮੈਂ ਡੇਰੇ ਵਿੱਚੋਂ ਸੁਰਜਣ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗਾ। ਆਖਰ ਘੁਸਮੁਸੇ ਜਿਹੇ ਸੁਰਜਣ ਲੜਖੜਾਉਂਦਾ ਡੇਰੇ ’ਚੋਂ ਨਿਕਲਿਆ।
ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਿਆ। ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਡੇਰੇ ਦੇ ਸਾਧੂ ਸੁਰਜਣ ਅਤੇ ਉਸ ਦੀ ਜ਼ਨਾਨੀ ਦੋਵਾਂ ਨੂੰ ਖਰਾਬ ਕਰ ਰਹੇ ਸਨ। ਸੁਰਜਣ ਨੂੰ ਉਹ ਨਸ਼ਾ-ਪੱਤਾ ਦਿੰਦੇ ਸਨ। ਸਾਧਾਂ ਨੇ ਹੀ ਸੁਰਜਣ ਨੂੰ ਨਸ਼ੇ-ਪੱਤੇ ਦਾ ਆਦੀ ਬਣਾਇਆ ਸੀ। ਸੁਰਜਣ ਦੀ ਘਰਵਾਲੀ ਡੇਰੇ ਦੀ ਸੇਵਾ ਕਰਨ ਨਹੀਂ ਆਉਂਦੀ ਸੀ ਤਾਂ ਉਸ ਦਾ ਨਸ਼ਾ-ਪੱਤਾ ਸਾਧੂ ਬੰਦ ਕਰ ਦਿੰਦੇ ਸਨ ਤੇ ਉਸ ਦਿਨ ਉਹ ਘਰ ਜਾ ਕੇ ਸਾਰੇ ਟੱਬਰ ਨੂੰ ਕੁਟਾਪਾ ਚਾੜ੍ਹਦਾ।
ਮੈਂ ਰਾਤੋ-ਰਾਤ ਫ਼ੈਸਲਾ ਕਰ ਲਿਆ ਕਿ ਹੁਣ ਸੁਰਜਣ ਦੀ ਘਰਵਾਲੀ ਨਾ ਕੁੱਟ ਖਾਵੇਗੀ ਤੇ ਨਾ ਹੀ ਉਹ ਡੇਰੇ ਦੇ ਸਾਧਾਂ ਦੀ ਸੇਵਾ ਕਰੇਗੀ।
ਸਵੇਰੇ ਡੇਰੇ ਆ ਕੇ ਮੈਂ ਆਪਣਾ ਫ਼ੈਸਲਾ ਸੁਰਜਣ ਦੀ ਘਰਵਾਲੀ ਦੇ ਕੰਨ ਵਿੱਚ ਪਾ ਦਿੱਤਾ। ਉਸ ਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਸਾਧਾਂ ਦੀ ਟਹਿਲ ਸੇਵਾ ਤੋਂ ਛੁਟਕਾਰਾ ਮਿਲ ਜਾਵੇਗਾ। ਉਹ ਸਾਧਾਂ ਨੂੰ ਮੇਰੇ ਤੋਂ ਵੱਧ ਜਾਣਦੀ ਸੀ।
‘‘ਵੀਰੇ ਹੁਣ ਜਦੋਂ ਮੈਨੂੰ ਕੁੱਟ ਪਈ ਤੇ ਘਰ ਦੇ ਭਾਂਡੇ ਵਿਕਣ ਲੱਗੇ ਤਾਂ...।’’ ਉਹ ਆਪਣੀ ਗੱਲ ਪੂਰੀ ਨਾ ਕਰ ਸਕੀ।
ਇੰਨਾ ਕਹਿ ਕੇ ਉਹ ਚਲੀ ਗਈ। ਉਸ ਨੇ ਕੱਲ੍ਹ ਤੋਂ ਡੇਰੇ ਨਾ ਆਉਣ ਦਾ ਵਾਅਦਾ ਕੀਤਾ।
‘ਜਦੋਂ ਸੁਰਜਣ ਹੀਲ-ਹੁੱਜਤ ਕਰੇਗਾ, ਮੈਂ ਸ਼ਹਿਰ ਦੇ ਮਹਿਲਾ ਮੰਡਲ ਦੀ ਸਹਾਇਤਾ ਲੈ ਕੇ ਉਸ ਨੂੰ ਸਿੱਧੇ ਰਾਹ ਪਾ ਦੇਵਾਂਗਾ।’ ਇਹ ਮੇਰੀ ਭਵਿੱਖ ਦੀ ਯੋਜਨਾ ਸੀ।
ਅਗਲੇ ਦਿਨ ਮੈਂ ਫਿਰ ਨਿਯਤ ਸਮੇਂ ਡੇਰੇ ਗਿਆ ਪਰ ਅੱਜ ਕੋਈ ਵੀ ਡੇਰੇ ਨੂੰ ਹੂੰਝ ਨਹੀਂ ਰਿਹਾ ਸੀ। ਮੈਂ ਅੰਦਰੋਂ ਖ਼ੁਸ਼ ਸਾਂ ਕਿ ਮੇਰੀ ਯੋਜਨਾ ਸਿਰੇ ਚੜ੍ਹਨ ਵਾਲੀ ਸੀ।

ਸਾਰੀ ਸੰਗਤ ਦੇ ਜਾਣ ਤੋਂ ਬਾਅਦ ਵੀ ਮੈਂ ਬੈਠਾ ਰਿਹਾ ਪਰ ਅੱਜ ਮੈਨੂੰ ਕਿਸੇ ਨੇ ਵੀ ਦੁੱਧ ਤੇ ਪਰੌਠਿਆਂ ਦਾ ਨਾਸ਼ਤਾ ਨਾ ਕਰਵਾਇਆ। ਡੇਰੇ ਦੇ ਸਾਧੂ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੇ ਸਨ। ਉਹ ਮੇਰੇ ਨਾਲ ਘੁੱਟੇ-ਵੱਟੇ ਜਿਹੇ ਬੋਲੇ। ‘‘ਇਨ੍ਹਾਂ ਨੂੰ ਮੇਰੀ ਸਕੀਮ ਦਾ ਪਤਾ ਲੱਗ ਗਿਆ ਹੋਣਾ।’’ ਮੈਂ ਹੌਲੀ ਜਿਹੇ ਆਖਿਆ।
ਉਸ ਦਿਨ ਮੈਂ ਨਾਸ਼ਤਾ ਨਾ ਕੀਤਾ। ਸਕੂਲ ਦੀ ਘੰਟੀ ਵੱਜ ਗਈ। ਮੈਂ ਉਂਜ ਹੀ ਉੱਠ ਕੇ ਸਕੂਲ ਆ ਗਿਆ। ਸਾਰਾ ਦਿਨ ਮੈਂ ਕੋਈ ਘੰਟੀ ਨਾ ਲਾਈ ਤੇ ਸਾਰੀ ਰਾਤ ਜਾਗ ਕੇ ਕੱਟੀ। ਇੱਕ ਵਾਰ ਮਾੜੀ ਜਿਹੀ ਅੱਖ ਲੱਗੀ, ਮੈਂ ਫਿਰ ਤ੍ਰਬਕ ਕੇ ਉੱਠ ਬੈਠਾ।
ਸਾਧੂ ਗੰਡਾਸੇ ਤੇ ਟਕੂਏ ਲਈ ਬੂਹੇ ਮੂਹਰੇ ਖੜ੍ਹੇ ਸਨ। ਉਹ ਮੇਰੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਮੈਂ ਕਿੰਨਾ ਭੈੜਾ ਸੁਪਨਾ ਵੇਖ ਰਿਹਾ ਸੀ। ਸਵੇਰੇ ਉੱਠਿਆ ਤਾਂ ਨੀਂਦ ਨਾ ਆਉਣ ਕਾਰਨ ਅੱਖਾਂ ਸੁੱਜੀਆਂ ਹੋਈਆਂ ਸਨ। ਅੱਜ ਮੈਂ ਘੁੰਮਣ-ਫਿਰਨ ਵੀ ਕਿਧਰੇ ਨਾ ਗਿਆ। ਲੰਮੀ ਛੁੱਟੀ ਦੀ ਅਰਜ਼ੀ ਲਿਖੀ ਅਤੇ ਸਿੱਧਾ ਹੈੱਡਮਾਸਟਰ ਦੇ ਕਮਰੇ ’ਚ ਪਹੁੰਚ ਗਿਆ।
‘‘ਕੀ ਗੱਲ ਮਾਸਟਰ ਗੁਰਮੁਖ ਸਿੰਘ ਜੀ ਅੱਜ ਅੱਖਾਂ ਕਿਵੇਂ ਚੜ੍ਹਾਈਆਂ?’’
‘‘ਬਸ ਰਾਤੀਂ ਨੀਂਦ ਨਹੀਂ ਆਈ, ਸਾਰੀ ਰਾਤ ਪਿੰਡੇ ਨੂੰ ਪਿੱਸੂ ਜਿਹੇ ਲੜਦੇ ਰਹੇ।’’ ਮੈਂ ਬਹਾਨਾ ਮਾਰਿਆ।
‘‘ਇੱਥੇ ਪਿੱਸੂ ਕਿੱਥੋਂ ਆ ਗਏ?’’ ਹੈੱਡਮਾਸਟਰ ਨੇ ਐਨਕ ਉੱਤੋਂ ਦੀ ਝਾਕਦਿਆਂ ਮੈਨੂੰ ਸੁਆਲ ਕੀਤਾ।
‘‘ਸਰ ਤੁਹਾਨੂੰ ਪਤਾ ਨਹੀਂ ਪਿੱਸੂਆਂ ਨੇ ਤਾਂ ਸਾਰੇ ਪਿੰਡ ਨੂੰ ਵੱਢ-ਵੱਢ ਖਾ ਲਿਆ ਹੈ।’’ ਮੈਂ ਟਿੱਚਰ ਨਹੀਂ ਕੀਤੀ ਸਗੋਂ ਵਿੰਗ ਪਾ ਕੇ ਹਕੀਕਤ ਬਿਆਨ ਕਰ ਦਿੱਤੀ। ਪਤਾ ਨਹੀਂ ਹੈੱਡਮਾਸਟਰ ਨੂੰ ਸਮਝ ਆਈ ਕਿ ਨਾ।
ਲੰਮੀ ਛੁੱਟੀ ਦੀ ਅਰਜ਼ੀ ਫੜਦਿਆਂ ਹੈੱਡਮਾਸਟਰ ਨੇ ਇਸ ਦਾ ਕਾਰਨ ਪੁੱਛਿਆ। ਮੈਂ ਉਂਜ ਹੀ, ਉਂਜ ਹੀ ਕਹਿੰਦਾ ਆਪਣਾ ਬੈਗ ਚੁੱਕ ਕੇ ਬੱਸ ਅੱਡੇ ਵੱਲ ਨੂੰ ਹੋ ਗਿਆ।

  • ਮੁੱਖ ਪੰਨਾ : ਕਹਾਣੀਆਂ, ਇਕਬਾਲ ਸਿੰਘ ਹਮਜਾਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ