Poh Di Raat (Story in Punjabi) : Munshi Premchand

ਪੋਹ ਦੀ ਰਾਤ (ਕਹਾਣੀ) : ਮੁਨਸ਼ੀ ਪ੍ਰੇਮਚੰਦ

ਹਲਕੂ ਨੇ ਪਤਨੀ ਨੂੰ ਕਿਹਾ, “ਸਹਿਣਾ ਆਇਆ ਹੈ। ਜਿਹੜੇ ਪੈਸੇ ਤੂੰ ਜੋੜੇ ਨੇ, ਮੈਨੂੰ ਦੇ, ਉਸ ਨੂੰ ਦੇ ਦਿਆਂ। ਕਿਸੇ ਤਰ੍ਹਾਂ ਗਲ਼ੋਂ ਲੱਥੇ।” ਮੁੰਨੀ ਝਾੜੂ ਨਾਲ ਥਾਂ ਸੁੰਭਰ ਰਹੀ ਸੀ। ਪਿਛਾਂਹ ਤੱਕਦਿਆਂ ਬੋਲੀ, “ਤਿੰਨ ਰੁਪਈਏ ਨੇ, ਉਸ ਨੂੰ ਦੇ ਦਿਤੇ ਤਾਂ ਕੰਬਲ ਕਿੰਜ ਖਰੀਦਾਂਗੇ? ਪੋਹ ਮਾਘ ਦੀਆਂ ਰਾਤਾਂ ਕਿਵੇਂ ਕੱਟਾਂਗੇ? ਆਖਦੇ ਉਸ ਨੂੰ ਕਿ ਫਸਲ ਆਈ ‘ਤੇ ਦਿਆਂਗੇ, ਅਜੇ ਨਹੀਂ।”

ਹਲਕੂ ਨੇ ਥੋੜ੍ਹਾ ਚਿਰ ਸੋਚਿਆ। ਪੋਹ ਦਾ ਮਹੀਨਾ ਸਿਰ ‘ਤੇ ਸੀ। ਕੰਬਲ ਬਿਨਾ ਬੜਾ ਔਖਾ ਹੋ ਜਾਣਾ ਸੀ। ਸਹਿਣਾ ਮੰਨੇਗਾ ਜਾਂ ਨਹੀਂ! ਹੋ ਸਕਦਾ ਉਹ ਮੈਨੂੰ ਘੂਰੇ ਜਾਂ ਗਾਲ੍ਹਾਂ ਕੱਢੇ। ਜੇ ਥੋੜ੍ਹੇ ਪੈਸੇ, ਉਸ ਦੇ ਮੱਥੇ ਮਾਰ ਦਿੰਦਾ ਤਾਂ ਬਲਾ ਤਾਂ ਟਲ਼ ਜਾਂਦੀ, ਸੋਚਦਾ ਉਹ ਮੁੰਨੀ ਦੇ ਨੇੜੇ ਹੋ ਕੇ ਖਲੋ ਗਿਆ! ਬੋਲਿਆ, “ਦੇ ਵੀ ਦੇæææ ਗਲੋਂ ਲੱਥੇ। ਕੰਬਲ ਖਾਤਰ ਕਿਤੋਂ ਹੋਰ ਹੀਲਾ ਕਰ ਲਵਾਂਗੇ।”

ਮੁੰਨੀ ਉਸ ਕੋਲੋਂ ਦੂਰ ਖਲੋ ਗਈ ਤੇ ਅੱਖਾਂ ਲਾਲ ਕਰਦੀ ਬੋਲੀ, “ਕਰ ਚੁੱਕਿਆ ਤੂੰ ਹੀਲਾ! ਜ਼ਰਾ ਦੱਸੇਂਗਾ, ਤੂੰ ਕਿਹੜਾ ਹੀਲਾ ਕਰੇਂਗਾ? ਕੋਈ ਭੀਖ ‘ਚ ਦੇਵੇਗਾ ਕੰਬਲ? ਖੇਤ ‘ਤੇ ਕਰਜ਼ਾ ਇੰਨਾ ਰਹਿੰਦਾ ਹੈ ਕਿ ਮੁੱਕਦਾ ਹੀ ਨਹੀਂ। ਮੈਂ ਤਾਂ ਕਹਿੰਦੀ ਹਾਂ, ਤੂੰ ਖੇਤੀ ਛੱਡ ਕਿਉਂ ਨਹੀਂ ਦਿੰਦਾ। ਮਰ ਮਰ ਕੰਮ ਕਰਦੈਂ। ਫਸਲ ਹੋਣ ‘ਤੇ ਰਹਿੰਦੇ ਪੈਸੇ ਮੋੜ ਕੇ, ਛੁਟਕਾਰਾ ਪਾ ਲੈ। ਆਪਾਂ ਤਾਂ ਜੰਮੇ ਹੀ ਰਿਣ ਲਾਹੁਣ ਖਾਤਰ ਹਾਂ। ਅਜਿਹੀ ਖੇਤੀ ਤੋਂ ਬਾਜ਼ ਆਏ। ਮੈਂ ਪੈਸੇ ਨਹੀਂ ਦੇਣੇ, ਨਹੀਂ ਦੇਣੇ।” ਹਲਕੂ ਉਦਾਸ ਹੋ ਬੋਲਿਆ, “ਤਾਂ ਹੁਣ ਮੈਂ ਗਾਲ੍ਹਾਂ ਖਾਵਾਂ?”

ਮੁੰਨੀ ਤੜਫ ਕੇ ਬੋਲੀ, “ਗਾਲ੍ਹਾਂ ਕਿਉਂ ਕੱਢੂ, ਘਰ ਦਾ ਰਾਜ ਹੈ।” ਉਸ ਦੀਆਂ ਅੱਖਾਂ ‘ਤੇ ਭਿੱਫਣਾਂ ਢਿੱਲੀਆਂ ਪੈ ਗਈਆਂ। ਉਹ ਆਲੇ ‘ਚੋਂ ਪੈਸੇ ਲੈ ਆਈ ਤੇ ਹਲਕੂ ਦੇ ਹਥ ‘ਤੇ ਰੱਖ ਕੇ ਬੋਲੀ, “ਤੂੰ ਹੁਣ ਛੱਡ ਦੇ ਖੇਤੀ। ਮਜ਼ਦੂਰੀ ਕਰਾਂਗੇ ਤੇ ਸੁੱਖ ਦੀ ਖਾਵਾਂਗੇ। ਕਿਸੇ ਦੀ ਧੌਂਸ ਤਾਂ ਨਾ ਹੋਊ? ਕਿਹੋ ਜਿਹੀ ਖੇਤੀ ਹੈ ਕਿ ਮਜ਼ਦੂਰੀ ਕਰ ਕੇ ਲਿਆਉ ਤੇ ਝੋਕ ਦਿਉ। ਉਪਰੋਂ ਧੌਂਸ।” ਹਲਕੂ ਮੁੰਨੀ ਤੋਂ ਪੈਸੇ ਲੈ ਕੇ ਬਾਹਰ ਆ ਗਿਆ। ਜਿਵੇਂ ਆਪਣਾ ਜਿਗਰ ਕੱਢ ਕੇ ਕਿਸੇ ਨੂੰ ਦੇਣ ਆਇਆ ਹੋਵੇ। ਮਜ਼ਦੂਰੀ ‘ਚੋਂ ਉਸ ਨੇ ਤਿੰਨ ਰੁਪਈਏ ਕੰਬਲ ਲਈ ਜੋੜੇ ਸਨ। ਉਹੀ ਤਿੰਨ ਰੁਪਈਏ ਸਹਿਣੇ ਨੂੰ ਦੇ ਰਿਹਾ ਸੀ। ਕਦਮ ਕਦਮ ‘ਤੇ ਗਰੀਬੀ ਦੇ ਭਾਰ ਥੱਲੇ ਉਹ ਲਗਾਤਾਰ ਦਬਦਾ ਜਾ ਰਿਹਾ ਸੀ।

ਪੋਹ ਦੀ ਹਨੇਰੀ ਰਾਤ ਵਿਚ ਅੰਬਰ ਦੇ ਤਾਰੇ ਠਰੇ ਹੋਏ ਜਾਪਦੇ ਸਨ। ਹਲਕੂ ਆਪਣੇ ਖੇਤ ਕਿਨਾਰੇ ਗੰਨਿਆਂ ਦੇ ਆਗਾਂ ਦੀ ਛਤਰੀ ਥੱਲੇ, ਬਾਂਸ ਦੀ ਮੰਜੀ ‘ਤੇ ਚਾਦਰ ਲਈ ਬੈਠਾ ਕੰਬ ਰਿਹਾ ਸੀ। ਮੰਜੀ ਥੱਲੇ ਜਬਰਾ, ਢਿੱਡ ਅੰਦਰ ਮੂੰਹ ਵਾੜ ਕੇ, ਠੰਢ ਵਿਚ ਚੂੰ-ਚੂੰ ਕਰੀ ਜਾਂਦਾ ਸੀ। ਦੋਹਾਂ ਨੂੰ ਨੀਂਦ ਨਹੀਂ ਆ ਰਹੀ ਸੀ। ਹੇਠਾਂ ਵੱਲ ਝਾਤੀ ਮਾਰਦਾ ਹਲਕੂ ਬੋਲਿਆ, “ਕਿਉਂ ਜਬਰੇ, ਪਾਲ਼ਾ ਲੱਗਦੈ? ਘਰ ਹੀ ਪਰਾਲੀ ‘ਤੇ ਪਿਆ ਰਹਿੰਦਾ। ਏਥੇ ਕੀ ਕਰਨ ਆਇਐਂ? ਹੁਣ ਮਰ ਠੰਢ ‘ਚ, ਮੈਂ ਕੀ ਕਰਾਂ? ਤੈਨੂੰ ਪਤਾ ਹੈ, ਮੈਂ ਇਥੇ ਕੜਾਹ ਪੂਰੀਆਂ ਤਾਂ ਖਾਣ ਨਹੀਂ ਆਇਆ। ਤੂੰ ਅੱਗੇ ਅੱਗੇ ਭੱਜ ਆਇਆ ਏਂ।” ਜਬਰੇ ਨੇ ਪੂਛ ਹਿਲਾਈ, ਉਬਾਸੀ ਲਈ ਤੇ ਚੁੱਪ ਹੋ ਗਿਆ। ਹਲਕੂ ਨੇ ਠੰਢਾ ਹੱਥ ਕੱਢ ਕੇ ਜਬਰੇ ਦੀ ਪਿੱਠ ਉਤੇ ਫੇਰਿਆ, “ਕੱਲ੍ਹ ਤੋਂ ਮੇਰੇ ਨਾਲ ਨਾ ਆਈਂ, ਨਹੀਂ ਤਾਂ ਮਰ ਜਾਏਂਗਾ।” ਫਿਰ ਬੋਲਿਆ, “ਪਤਾ ਨਹੀਂ, ਪੱਛੋਂ ਦੀ ਪੌਣ ਕਿਧਰੋਂ, ਬਰਫ਼ ਚੁੱਕੀ ਤੁਰੀ ਆ ਰਹੀ ਹੈ? ਉਠਾਂ ਤੇ ਚਿਲਮ ਭਰਾਂ। ਕਿਮੇਂ ਨਾ ਕਿਮੇਂ ਰਾਤ ਤਾਂ ਲੰਘੇ। 8 ਚਿਲਮਾਂ ਭਰ ਚੁੱਕਾਂ। ਇਹ ਹੈ ਖੇਤੀ ਦਾ ਸਵਾਦ। ਉਪਰੋਂ ਭਾਗਵਾਨ ਐਦਾਂ ਕੁੱਦ ਕੇ ਪੈਂਦੀ ਹੈ ਕਿ ਜੇ ਉਸ ਕੋਲ ਪਾਲ਼ਾ ਵੀ ਚਲਾ ਜਾਵੇ, ਉਸ ਦੀ ਗਰਮੀ ਕੋਲੋਂ ਡਰ ਕੇ ਭੱਜ ਨਿਕਲੇਗਾ। ਮਜ਼ਦੂਰੀ ਅਸੀਂ ਕਰਦੇ ਹਾਂ, ਐਸ਼ ਕੋਈ ਦੂਜਾ ਕਰਦਾ ਹੈ।”

ਹਲਕੂ ਉਠਿਆ। ਸੁਆਹ ਦੇ ਢੇਰ ‘ਚੋਂ ਭੋਰਾ ਅੱਗ ਲਈ, ਚਿਲਮ ਭਰੀ ਅਤੇ ਬੋਲਿਆ, “ਪੀਏਂਗਾ ਚਿਲਮ, ਠੰਢ ਤਾਂ ਕੀ ਘਟਣੀ ਆ, ਬਸ ਥੋੜ੍ਹਾ ਮਨ ਦੂਜੇ ਪਾਸੇ ਲੱਗ ਜਾਊ।” ਜਬਰਾ ਉਸ ਵੱਲ ਮੋਹ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਾ। ਹਲਕੂ ਕਹਿੰਦਾ, “ਜਬਰੇ! ਅੱਜ ਠੰਢ ਕੱਟ ਲੈ, ਕੱਲ੍ਹ ਮੈਂ ਤੇਰੇ ਲਈ ਪਰਾਲੀ ਵਿਛਾ ਦੇਵਾਂਗਾ। ਉਸ ਵਿਚ ਵੜ ਕੇ ਬੈਠੀਂ, ਠੰਢ ਨੇੜੇ ਨਹੀਂ ਆਵੇਗੀ।” ਜਬਰੇ ਨੇ ਪੈਰ ਉਸ ਦੇ ਮੋਢਿਆਂ ‘ਤੇ ਰੱਖ ਕੇ, ਹਲਕੂ ਵੱਲ ਗਰਮ ਸਾਹ ਲਿਆ। ਚਿਲਮ ਪੀ ਕੇ ਹਲਕੂ ਮੰਜੀ ‘ਤੇ ਪੈ ਗਿਆ, ਸੋਚਣ ਲੱਗਾ, ਹੁਣ ਸੌਂ ਲਵਾਂ ਥੋੜ੍ਹਾ; ਪਰ ਦੂਜੇ ਪਲ ਉਸ ਦਾ ਦਿਲ ਕੰਬ ਉਠਿਆ। ਪਾਸੇ ਪਲਟਦਾ ਰਿਹਾ। ਪਾਲ਼ਾ ਪ੍ਰੇਤ ਬਣ ਕੇ ਉਸ ਦੀ ਛਾਤੀ ਦੱਬੀ ਬੈਠਾ ਸੀ। ਜਦੋਂ ਕੋਈ ਵਾਹ ਨਾ ਚੱਲੀ ਤਾਂ ਜਬਰੇ ਨੂੰ ਉਸ ਗੋਦੀ ‘ਚ ਸੁਲਾ ਲਿਆ। ਕੁੱਤੇ ਤੋਂ ਬਦਬੂ ਆ ਰਹੀ ਸੀ। ਗੋਦੀ ‘ਚੋਂ ਜਬਰੇ ਨੂੰ ਸੁੱਖ ਮਹਿਸੂਸ ਹੋਣ ਲੱਗਾ। ਇਸ ਸਾਥ ਨੇ ਉਸ ਦੀ ਰੂਹ ਦੇ ਦਰ ਖੋਲ੍ਹ ਦਿਤੇ।

ਜਬਰੇ ਨੂੰ ਕਿਸੇ ਜਾਨਵਰ ਦੀ ਪੈੜ-ਚਾਲ ਸੁਣੀ। ਉਹ ਝੱਟ ਉਠਿਆ ਅਤੇ ਬਾਹਰ ਆ ਕੇ ਭੌਂਕਣ ਲੱਗਾ। ਹਲਕੂ ਨੇ ਕਈ ਵਾਰ ਪੁਚਕਾਰਿਆ, ਪਰ ਉਹ ਉਸ ਕੋਲ ਨਹੀਂ ਸੀ ਆਇਆ। ਫਿਰ ਉਹ ਚਾਰੇ ਪਾਸੇ ਦੌੜਦਾ ਰਿਹਾ, ਭੌਂਕਦਾ ਰਿਹਾ। ਪਲ ਭਰ ਕੋਲ ਆਉਂਦਾ, ਫਿਰ ਦੌੜ ਜਾਂਦਾ।

ਘੰਟਾ ਬੀਤ ਗਿਆ। ਸੀਤ ਹਵਾ ਤੇ ਹਨੇਰਾ ਡਰਾਉਣ ਲੱਗਾ। ਹਲਕੂ ਉਠ ਕੇ ਬੈਠ ਗਿਆ। ਸਿਰ ਮੋਢਿਆਂ ‘ਚ ਦੇ ਲਿਆ। ਠੰਢ ਫਿਰ ਵੀ ਨਾ ਘਟੀ। ਖੂਨ ਜਮ ਗਿਆ ਜਾਪਦਾ ਸੀ। ਧਮਣੀਆਂ ਵਿਚ ਜਿਵੇਂ ਬਰਫ਼ ਤੁਰੀ ਫਿਰਦੀ ਸੀ। ਆਕਾਸ਼ ਵੱਲ ਨਿਗ੍ਹਾ ਮਾਰੀ, ਖਿੱਤੀਆਂ ਅਜੇ ਆਕਾਸ਼ ਵਿਚ ਅੱਧੀਆਂ ਵੀ ਨਹੀਂ ਚੜ੍ਹੀਆਂ, ਉਤਾਂਹ ਹੋ ਜਾਣਗੀਆਂ ਤਾਂ ਸਵੇਰਾ ਹੋਊ। ਅਜੇ ਪਹਿਰ ਰਾਤ ਬਾਕੀ ਸੀ। ਹਲਕੂ ਦੇ ਖੇਤ ਲਾਗੇ ਅੰਬਾਂ ਦਾ ਬਾਗ ਸੀ। ਉਸ ਸੋਚਿਆ, ਉਥੇ ਚੱਲਦਾਂ ਤੇ ਪੱਤੇ ਜਲਾ ਕੇ ਸੇਕਦਾਂ। ਲਾਗਿਉਂ ਅਰਹਰ ਦੇ ਬੂਟੇ ਪੁੱਟ ਕੇ ਝਾੜੂ ਬਣਾ ਲਿਆ। ਸੁਲਗ਼ਦਾ ਗੋਹਾ ਲੈ ਕੇ ਬਾਗ ਵੱਲ ਤੁਰ ਪਿਆ। ਜਬਰਾ ਵੀ ਪੂਛ ਹਿਲਾਂਦਾ ਨਾਲ ਤੁਰ ਪਿਆ। ਹਲਕੂ ਨੇ ਕਿਹਾ, “ਹੁਣ ਨਹੀਂ ਸਹਿ ਹੁੰਦਾ ਜਬਰੂ? ਚੱਲ ਬਾਗ ਵਿਚ ਪੱਤੇ ਬਾਲ ਕੇ ਅੱਗ ਸੇਕੀਏ। ਆ ਕੇ ਸੌਂ ਜਾਵਾਂਗੇ। ਅਜੇ ਰਾਤ ਕਾਫ਼ੀ ਬਾਕੀ ਹੈ। ਬਾਗ ‘ਚ ਬੜਾ ਹਨੇਰਾ ਸੀ। ਹਵਾ ਪੱਤੇ ਉਡਾਉਂਦੀ, ਲੰਘ ਜਾਂਦੀ। ਪੌਣ ਦਾ ਬੁੱਲਾ, ਮਹਿੰਦੀ ਦੇ ਫੁੱਲਾਂ ਦੀ ਖੁਸ਼ਬੂ ਲੈ ਕੋਲੋਂ ਦੀ ਲੰਘਿਆ। ਹਲਕੂ ਬੋਲਿਆ, “ਇਹ ਤਾਂ ਬੜੀ ਚੰਗੀ ਸੁਗੰਧ ਹੈ ਜਬਰੂ; ਤੈਨੂੰ ਵੀ ਚੰਗੀ ਲੱਗੀ?” ਜਬਰੂ ਕਿਧਰੋਂ ਹੱਡੀ ਲੱਭ ਲਿਆਇਆ ਅਤੇ ਲੱਗਾ ਇਸ ਨੂੰ ਚੂੰਡਣ। ਧੁਖਦਾ ਗੋਹਾ ਧਰਤੀ ‘ਤੇ ਰੱਖ ਕੇ, ਹਲਕੂ ਪੱਤੇ ਫਰੋਲਣ ਲੱਗਾ। ਅੱਗ ਲਾਈ ਤਾਂ ਪੱਤੇ ਜਲਣ ਲੱਗੇ। ਲਾਟਾਂ ਰੁੱਖਾਂ ਦੇ ਪੱਤਿਆਂ ਨੂੰ ਛੂਹਣ ਲੱਗੀਆਂ। ਚਾਨਣ ਵਿਚ ਇੰਜ ਜਾਪ ਰਿਹਾ ਸੀ ਜਿਵੇਂ ਵੱਡੇ ਵੱਡੇ ਰੁੱਖ, ਹਨੇਰੇ ਨੂੰ ਆਪਣੇ ਸਿਰਾਂ ਉਪਰ ਚੁੱਕ ਕੇ ਖਲੋਤੇ ਹੋਣ। ਜਬਰਾ ਜੀਕੂੰ ਕਹਿ ਰਿਹਾ ਸੀ, “ਹੁਣ ਠੰਢ ਲੱਗਦੀ ਹੀ ਰਹੂ? ਪਹਿਲਾਂ ਨਹੀਂ ਸੁੱਝਿਆ, ਐਵੇਂ ਠੰਢ ਵਿਚ ਠਰੀ ਗਏ।” ਜਬਰੇ ਨੇ ਪੂਛ ਹਿਲਾਈ।

“ਆ ਜਾ, ਅੱਗ ਦੀ ਢੇਰੀ ਨੂੰ ਕੁੱਦ ਕੇ ਪਾਰ ਕਰੀਏ। ਦੇਖਦੇ ਆਂ ਕੌਣ ਪਾਰ ਜਾਂਦਾ।” ਜਬਰੇ ਨੇ ਅੱਗ ਵੱਲ ਨਜ਼ਰ ਮਾਰੀ।

“ਜਾ ਕੇ ਮੁੰਨੀ ਨੂੰ ਨਾ ਦੱਸ ਦੇਈਂ, ਮੇਰੇ ਨਾਲ ਲੜੂ।” ਹਲਕੂ ਨੇ ਕਿਹਾ। ਇਹ ਆਖ ਉਸ ਨੇ ਛਾਲ ਮਾਰੀ ਅਤੇ ਢੇਰੀ ਤੋਂ ਪਾਰ ਪਹੁੰਚ ਗਿਆ। ਪੈਰਾਂ ਨੂੰ ਥੋੜ੍ਹਾ ਸੇਕ ਜ਼ਰੂਰ ਲੱਗਿਆ। ਜਬਰਾ ਅੱਗ ਦੁਆਲੇ ਘੁੰਮ ਕੇ, ਉਸ ਕੋਲ ਆ ਕੇ ਖਲੋ ਗਿਆ।

ਹਲਕੂ ਕਹਿੰਦਾ, “ਚੱਲ ਚੱਲ, ਇਹ ਠੀਕ ਨਹੀਂ, ਉਤੋਂ ਕੁੱਦ ਕੇ ਆ।” ਉਹ ਅੱਗ ਦੀ ਫੇਰੀ ‘ਤੋਂ ਦੀ ਕੁੱਦਿਆ ਤੇ ਦੂਜੇ ਪਾਸੇ ਜਾ ਖੜ੍ਹਾ ਹੋਇਆ।

ਪੱਤੇ ਜਲ ਚੁੱਕੇ ਸਨ। ਫਿਰ ਹਨੇਰਾ ਛਾ ਗਿਆ। ਸੁਆਹ ਥੱਲੇ ਅੰਗਿਆਰੇ ਹਵਾ ਚੱਲਣ ‘ਤੇ ਪਲ ਭਰ ਲਈ ਚਮਕਦੇ ਤੇ ਬੁਝ ਜਾਂਦੇ। ਹਲਕੂ ਨੇ ਚਾਦਰ ਲੈ ਲਈ। ਸੁਆਹ ਨੇੜੇ ਬੈਠਾ, ਕਿਸੇ ਗੀਤ ਦੇ ਬੋਲ ਗੁਣਗਣਾਉਣ ਲੱਗਾ। ਸਰੀਰ ‘ਚ ਤਪਸ਼ ਆ ਚੁੱਕੀ ਸੀ। ਠੰਢ ਵਧਣ ਨਾਲ ਸੁਸਤੀ ਪੈ ਗਈ। ਜਬਰਾ ਜ਼ੋਰ ਨਾਲ ਭੌਂਕਦਾ ਖੇਤ ਵੱਲ ਦੌੜਿਆ। ਹਲਕੂ ਨੂੰ ਲੱਗਾ ਜਿਵੇਂ ਜਾਨਵਰ ਖੇਤ ਵਿਚ ਆ ਵੜੇ ਸਨ। ਸ਼ਾਇਦ ਨੀਲ ਗਊਆਂ ਦਾ ਝੁੰਡ ਸੀ। ਪਹਿਲਾਂ ਉਛਲਣ-ਕੁੱਦਣ ਦੀ ਆਵਾਜ਼ ਆਈ, ਫਿਰ ਖੇਤ ਵਿਚ ਚਰਨ ਦੀ ਆਵਾਜ਼ ਸੁਣੀ। ਉਸ ਦੇ ਦਿਲੋਂ ਆਵਾਜ਼ ਆਈ- ਜਬਰਾ ਕਿਸੇ ਨੂੰ ਖੇਤ ‘ਚ ਵੜਨ ਨਹੀਂ ਦੇਣ ਲੱਗਾ। ਪਾੜ ਕੇ ਰੱਖ ਦੇਊ। ਹੁਣ ਕੁਝ ਵੀ ਨਹੀਂ ਸੀ ਸੁਣ ਰਿਹਾ। ਕਿਹਾ ਧੋਖਾ ਸੀ? ਉਸ ਨੇ ਉਚੀ ਦੇਣੇ ਆਵਾਜ਼ ਮਾਰੀ, “ਜਬਰੇ, ਜਬਰੇ।” ਜਬਰਾ ਭੌਂਕਦਾ ਰਿਹਾ, ਪਰ ਕੋਲ ਨਾ ਆਇਆ। ਫਿਰ ਚਰਨ ਦੀ ਆਵਾਜ਼ ਆਈ, ਪਰ ਹਲਕੂ ਨੂੰ ਆਪਣੀ ਥਾਂ ਤੋਂ ਹਿੱਲਣਾ ਔਖਾ ਲੱਗ ਰਿਹਾ ਸੀ, ਉਥੇ ਹੀ ਬੈਠਾ ਰਿਹਾ। ਉਸ ਨੇ ਜ਼ੋਰ ਦੀ ਆਵਾਜ਼ ਮਾਰੀ, “ਚਰ ਗਏ, ਚਰ ਗਏ!”

ਜਬਰਾ ਭੌਂਕਣ ਲੱਗਾ। ਜਾਨਵਰ ਖੇਤ ਚਰ ਰਹੇ ਸਨ। ਫਸਲ ਪੂਰੀ ਤਿਆਰ ਸੀ, ਪਰ ਜਾਨਵਰ ਉਜਾੜਾ ਕਰ ਰਹੇ ਸਨ। ਹਲਕੂ ਇਰਾਦਾ ਧਾਰ ਕੇ ਦੋ ਕਦਮ ਤੁਰਿਆ, ਪਰ ਹਵਾ ਬਿੱਛੂ ਬਣ ਕੇ ਡੰਗ ਮਾਰਨ ਲੱਗੀ। ਉਹ ਬੁਝੀ ਅੱਗ ਦੀ ਢੇਰੀ ਕੋਲ ਆ ਬੈਠਾ ਅਤੇ ਸੁਆਹ ਫਰੋਲ ਕੇ ਠੰਢਾ ਬਦਨ ਗਰਮਾਉਣ ਲੱਗਾ। ਜਬਰਾ ਭੌਂਕਦਾ ਰਿਹਾ, ਦੌੜਦਾ ਰਿਹਾ। ਨੀਲ ਗਊਆਂ ਖੇਤ ਦਾ ਸਫਾਇਆ ਕਰ ਗਈਆਂ। ਹਲਕੂ ਗਰਮ ਰਾਖ ਕੋਲ ਬੈਠਾ, ਚਾਦਰ ਲੈ ਕੇ ਸੌਂ ਗਿਆ। ਸਵੇਰੇ ਜਾਗ ਉਸ ਵਕਤ ਖੁੱਲ੍ਹੀ, ਜਦੋਂ ਚਾਰੇ ਪਾਸੇ ਧੁੱਪ ਬਿਖਰੀ ਪਈ ਸੀ ਤੇ ਮੁੰਨੀ ਕਹਿ ਰਹੀ ਸੀ, “ਅੱਜ ਸੁੱਤੇ ਹੀ ਰਹਿਣਾ? ਤੂੰ ਸੌਂ ਗਿਆ, ਉਧਰ ਸਾਰਾ ਖੇਤ ਚੌਪਟ ਹੋ ਗਿਆ। ਹਲਕੂ ਉਠ ਕੇ ਬੋਲਿਆ, “ਤੂੰ ਖੇਤੋਂ ਆਈ ਏ?” ਮੁੰਨੀ ਬੋਲੀ, “ਹਾਂ! ਖੇਤ ਉਜੜਿਆ ਪਿਆ ਹੈ। ਭਲਾ ਐਂ ਵੀ ਕੋਈ ਸੌਂਦਾ? ਤੇਰਾ ਝੌਂਪੜੀ ਪਾਉਣ ਦਾ ਕੀ ਲਾਭ?” ਹਲਕੂ ਨੇ ਬਹਾਨਾ ਬਣਾਇਆ, “ਮੈਂ ਮਰਦਾ ਮਰਦਾ ਬਚਿਆਂ ਰਾਤੀਂ, ਐਂ ਦਰਦ ਉਠਿਆ, ਮੈਂ ਹੀ ਜਾਣਦਾਂ। ਧਰਤੀ ‘ਤੇ ਲਿਟਦਾ ਰਿਹਾ ਹਾਂ, ਜਿਵੇਂ ਸਵੇਰ ਨੂੰ ਸਾਹ ਨਾ ਪੂਰੇ ਹੋ ਜਾਣ।”

ਖੇਤ ਦੀ ਹਾਲਤ ਦੇਖ ਕੇ ਮੁੰਨੀ ਦੇ ਚਿਹਰੇ ‘ਤੇ ਉਦਾਸੀ ਫੈਲ ਗਈ, ਪਰ ਅੰਦਰੋਂ ਹਲਕੂ ਖੁਸ਼ ਸੀ। ਮੁੰਨੀ ਨੇ ਚਿੰਤਾ ਜ਼ਾਹਰ ਕੀਤੀ, “ਹੁਣ ਫਿਰ ਮਾਲ-ਮੁਜ਼ਾਰੀ ਮਜ਼ਦੂਰੀ ਕਰ ਕੇ ਭਰਨੀ ਪਊ।” ਹਲਕੂ ਖੁਸ਼ ਹੋ ਕੇ ਬੋਲਿਆ, “ਹੁਣ ਠੰਢ ਵਿਚ ਖੇਤਾਂ ‘ਚ ਸੌਣ ਤੋਂ ਤਾਂ ਖਹਿੜਾ ਛੁੱਟ ਜਾਵੇਗਾ।


(ਅਨੁਵਾਦ: ਹਰੀ ਕ੍ਰਿਸ਼ਨ ਮਾਇਰ)

  • ਮੁੱਖ ਪੰਨਾ : ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ