Prabha (Punjabi Story) : Gulzar Singh Sandhu

ਪ੍ਰਭਾ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਸ਼ਾਇਦ ਮੈਂ ਪ੍ਰਭਾ ਨੂੰ ਨਾ ਵੀ ਪਿਆਰ ਕਰਦਾ ਜੇ ਕਦੀ ਉਸ ਦੀ ਤੱਕਣੀ ਵਿਚ ਇਕ ਮੋਹਣੀ ਜਿਹੀ ਤਲਖੀ ਨਾ ਹੁੰਦੀ। ਅਜਿਹੀ ਤੱਕਣੀ ਦਾ ਪ੍ਰਸ਼ੰਸਕ ਮੇਰਾ ਇਕ ਮਿੱਤਰ ਮੈਨੂੰ ਕਿਹਾ ਕਰਦਾ ਸੀ, "ਐਵੇਂ ਤੈਨੂੰ ਵਹਿਮ ਹੈ ਸ਼ਰਮਾ, ਉਸ ਕੁੜੀ ਵਿਚ ਕੁਝ ਵੀ ਤਾਂ ਨਹੀਂ, ਸਿਵਾਇ ਇਸ ਦੇ ਕਿ ਉਸ ਦੇ ਦੋਨਾਂ ਨੈਣਾਂ ਵਿਚ ਦੋ ਕੋਲੇ ਜਿਹੇ ਮਘਦੇ ਰਹਿੰਦੇ ਹਨ ਅਤੇ ਗੋਰੀ ਗੱਲ੍ਹ 'ਤੇ ਇਕ ਲਾਖਾ ਜਿਹਾ ਤਿਲ ਹੈ।"
ਮੇਰੇ ਮਿੱਤਰ ਦੇ ਇਹ ਵਾਕ ਭਾਵ ਰਹਿਤ ਨਹੀਂ ਸਨ, ਇਨ੍ਹਾਂ ਵਾਕਾਂ ਵਿਚ ਈਰਖਾ ਤੇ ਸ਼ਰਧਾ ਸੀ ਪ੍ਰਭਾ ਦੇ ਹੁਸਨ ਲਈ। ਇਹ ਗੱਲ ਮੈਂ ਚੰਗੀ ਤਰ੍ਹਾਂ ਸਮਝਦਾ ਸਾਂ। ਸੱਚਮੁਚ ਓਪਰੀ ਅੱਖ ਲਈ ਉਹ ਵਧੇਰੇ ਹੁਸਨ ਦੀ ਮਾਲਕ ਨਹੀਂ ਸੀ। ਕੱਕੇ ਜਿਹੇ ਉਸਦੇ ਵਾਲ ਸਨ, ਚੁੱਪ-ਗੜੁੱਪ ਜਿਹੀ ਉਹ ਰਹਿੰਦੀ ਸੀ, ਤੱਕਣੀ ਉਸਦੀ ਵਿਚ ਸੇਕ ਸੀ। ਕੇਵਲ ਤਿਲ ਹੀ ਤਿਲ ਉਸ ਦਾ ਬੋਲਦਾ ਸੀ ਅਤੇ ਤਿਲ ਹੀ ਹੁੰਗਾਰਾ ਭਰਦਾ ਸੀ। ਤਿਲ ਦੇ ਦਾਣੇ ਸਮਾਨ ਲਾਖਾ ਜਿਹਾ ਇਹ ਤਿਲ ਸੀ। ਮੇਰੇ ਮਿੱਤਰ ਉਸ ਦੀ ਤੱਕਣੀ ਅਤੇ ਤਿਲ ਨੂੰ ਵਡਿਆਉਂਦੇ ਸਨ, ਮੈਨੂੰ ਪ੍ਰਭਾ ਉਤੇ ਰਸ਼ਕ ਆ ਜਾਂਦਾ ਸੀ। ਇਹੋ ਰਸ਼ਕ ਮੈਨੂੰ ਪ੍ਰਭਾ ਨੂੰ ਆਪਣੀ ਬਣਾਉਣ ਲਈ ਪ੍ਰੇਰਦਾ ਰਿਹਾ। ਮੈਂ ਉਸ ਨੂੰ ਆਪਣੀ ਬਣਾਉਣ ਦੇ ਯਤਨ ਕਰਦਾ ਰਿਹਾ। ਉਹ ਮੇਰੀ ਹੋ ਗਈ… ਮੈਂ ਉਸ ਦਾ। ਪ੍ਰਭਾ ਵਫਾ ਦੀ ਪੁਤਲੀ ਸੀ। ਉਸ ਦੀ ਵਫਾ, ਉਸ ਦਾ ਈਮਾਨ ਸੀ। ਪਰ ਇਸਤਰੀ ਦੇ ਮਨ ਸਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ। ਆਪਣਾ ਸਭ ਕੁਝ ਕਿਸੇ ਹੋਰ ਤੋਂ ਵਾਰ ਕੇ ਵੀ, ਉਹ ਤੁਹਾਡੇ ਨਾਲ ਰੱਜ ਕੇ ਵਫਾਦਾਰ ਹੋ ਸਕਦੀ ਹੈ। ਪ੍ਰਭਾ ਨੇ ਕਿਸੇ ਨੂੰ ਪਿਆਰ ਕੀਤਾ ਸੀ ਅਤੇ ਰੱਜ ਕੇ ਉਸ ਦੇ ਪਿਆਰ ਨੂੰ ਮਾਣਿਆ ਸੀ, ਉਸ ਨੇ ਇਕ ਦਿਨ ਮੈਨੂੰ ਦੱਸਿਆ। ਉਸ ਦੇ ਕਥਨ ਅਨੁਸਾਰ ਉਸਦੀ ਪ੍ਰੀਤ ਦੇ ਪਾਤਰ ਨੂੰ ਮਨੁੱਖੀ ਮਨ ਦੇ ਜਜ਼ਬਿਆਂ ਦਾ ਪੂਰਨ ਸਤਿਕਾਰ ਸੀ। ਇਸ ਤੋਂ ਵਧੇਰੇ ਉਸ ਨੇ ਆਪਣੀ ਪ੍ਰੀਤ ਦੇ ਪਾਤਰ ਸਬੰਧੀ ਮੇਰੇ ਲੱਖ ਤਰਲੇ ਕਰਨ 'ਤੇ ਵੀ ਕੁਝ ਨਹੀਂ ਸੀ ਦੱਸਿਆ। ਉਹ ਆਪਣੇ ਪ੍ਰੇਮੀ ਦੇ ਸਤਿਕਾਰ ਨੂੰ ਸੰਭਾਲ-ਸੰਭਾਲ ਪਈ ਰਖਦੀ ਸੀ। ਆਪਣੇ ਇਸ ਅਮਲ 'ਤੇ ਉਸਨੂੰ ਮਾਣ ਸੀ ਤੇ ਉਸ ਦੇ ਇਸ ਅਮਲ ਨਾਲ ਮੈਨੂੰ ਈਰਖਾ ਸੀ। ਉਸ ਨੂੰ ਵੇਖ ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ। ਉਸ ਦੇ ਨੇੜੇ ਹੋਣ ਨਾਲ ਮੇਰੇ ਸਰੀਰ ਵਿਚੋਂ ਇਕ ਝਰਨਾਟ ਜਿਹੀ ਲੰਘ ਜਾਂਦੀ ਸੀ ਪਰ ਮੈਂ ਬੇਬਸ ਸਾਂ। ਉਹ ਮੈਨੂੰ ਪਿਆਰ ਕਰਦੀ ਸੀ, ਮੇਰਾ ਸਤਿਕਾਰ ਕਰਦੀ ਸੀ, ਜੇ ਮੈਂ ਉਸ ਦੇ ਉਸ ਪ੍ਰੇਮੀ ਸਬੰਧੀ ਕੁਝ ਪੁੱਛਾਂ ਤੇ ਬੱਸ ਮੁਸਕਰਾ ਦੇਂਦੀ ਸੀ। ਉਸ ਦਾ ਇਹ ਵਤੀਰਾ ਮੈਨੂੰ ਚੰਗਾ ਵੀ ਲਗਦਾ ਸੀ ਅਤੇ ਨਹੀਂ ਵੀ। ਪਰ ਉਹ ਇਸ ਨੂੰ ਬਦਲਣ ਲਈ ਤਿਆਰ ਨਹੀਂ ਸੀ।
ਪੂਰਾ ਇਕ ਵਰ੍ਹਾ ਉਹ ਇਸੇ ਤਰ੍ਹਾਂ ਆਪਣੇ ਪਿਆਰੇ ਦੇ ਸਤਿਕਾਰ ਨੂੰ ਆਪਣੇ ਅੰਦਰ ਹੀ ਰਚਾਉਂਦੀ ਰਹੀ ਅਤੇ ਇਸ ਪ੍ਰੀਤ ਚੰਗਿਆੜੀ ਨੂੰ ਆਪਣੀ ਹਿੱਕ ਵਿਚ ਦਬਾਈ ਰੱਖਣ 'ਤੇ ਉਸ ਨੂੰ ਮਾਣ ਵੀ ਸੀ। ਮੇਰੇ ਅਤੇ ਪ੍ਰਭਾ ਦੇ ਸਬੰਧ ਕੁਝ ਫਿੱਕੇ ਪੈਣ ਲੱਗ ਪਏ, ਸ਼ਾਇਦ ਇਸ ਲਈ ਕਿ ਪ੍ਰਭਾ ਹੁਣ ਇਕ ਬੱਚੀ ਦੀ ਮਾਂ ਬਣ ਗਈ ਸੀ। ਸਾਡੀ ਇਸ ਬੱਚੀ ਦੀਆਂ ਹਰਕਤਾਂ ਬੜੀਆਂ ਅਜੀਬ ਸਨ। ਉਹ ਬੜੀ ਲਾਪ੍ਰਵਾਹ ਜਾਪਦੀ ਸੀ, ਬੜੀ ਉਦਾਰ ਜਾਪਦੀ ਸੀ, ਬਹੁਤ ਘੱਟ ਰੋਂਦੀ ਸੀ, ਬਹੁਤ ਘੱਟ ਖੇਡਦੀ ਸੀ। ਉਸ ਦੇ ਨਕਸ਼ ਨਾ ਮੇਰੇ 'ਤੇ ਸਨ ਅਤੇ ਨਾ ਆਪਣੀ ਮਾਂ 'ਤੇ। ਉਸ ਦੇ ਨਕਸ਼ ਸਾਦਾ ਅਤੇ ਉਸ ਦੇ ਨੈਣਾਂ ਦੀਆਂ ਟੋਪੀਆਂ ਉਸ ਦੇ ਮੱਥੇ ਨਾਲੋਂ ਜ਼ਰਾ ਉਭਰਵੀਆਂ ਸਨ। ਅੱਖਾਂ ਜਿਵੇਂ ਉਸ ਦੀਆਂ ਬਾਹਰ ਹੀ ਪਈਆਂ ਹੋਣ। ਪਤਾ ਨਹੀਂ ਮੇਰੀ ਇਹ ਬੱਚੀ ਕਿਸ 'ਤੇ ਗਈ ਸੀ, ਮੈਂ ਸੋਚਦਾ ਰਹਿੰਦਾ। ਜਿਹੜਾ ਵੀ ਕੋਈ ਮਾਂ ਦੇ ਦਿਲ ਵਿਚ ਸਮਾਇਆ ਹੋਇਆ ਹੋਵੇ, ਮਾਂ ਦਾ ਬੱਚਾ ਉਸੇ 'ਤੇ ਜਾਂਦਾ ਹੈ, ਮੈਂ ਸੁਣ ਰੱਖਿਆ ਸੀ। ਪਰ ਮੇਰੀ ਜਾਣ-ਪਛਾਣ ਦੇ ਘੇਰੇ ਵਿਚ ਕੋਈ ਵੀ ਅਜਿਹਾ ਇਸਤਰੀ ਪੁਰਸ਼ ਨਹੀਂ ਸੀ, ਜਿਸ ਦੇ ਨਕਸ਼ ਇਸ ਬੱਚੀ ਨਾਲ ਮਿਲਦੇ ਹੋਣ। ਪ੍ਰਭਾ ਉਸ ਨੂੰ ਲਾਡ ਲਡਾਉਂਦੀ ਨਹੀਂ ਸੀ ਥੱਕਦੀ। ਮੈਨੂੰ ਵੀ ਉਹ ਬੁਰੀ ਨਹੀਂ ਸੀ ਲਗਦੀ ਪਰ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਕਦੀ ਵੀ ਉਸ ਨਾਲ ਪਿਆਰ ਨਹੀਂ ਸੀ ਆਉਂਦਾ। ਮੈਨੂੰ ਪ੍ਰਭਾ ਦੀ ਉਸ ਬੱਚੀ ਨਾਲ ਵੀ ਈਰਖਾ ਸੀ।
ਹਾਲੀਂ ਉਹ ਇਕ ਵਰ੍ਹੇ ਦੀ ਵੀ ਨਹੀਂ ਸੀ ਹੋਈ ਕਿ ਉਸ ਨੂੰ ਕੋਈ ਰੋਗ ਲੱਗ ਗਿਆ। ਉਸ ਦੀ ਮਾਂ ਬਿਲਕੁੱਲ ਚੁੱਪ-ਚੁੱਪ ਰਹਿਣ ਲੱਗ ਪਈ। ਮੰਨੇ ਪ੍ਰਮੰਨੇ ਡਾਕਟਰਾਂ ਤੇ ਹਕੀਮਾਂ ਤੋਂ ਇਲਾਜ ਕਰਵਾਇਆ, ਪਰ ਉਸ ਨੂੰ ਕੋਈ ਮੋੜ ਨਾ ਪਿਆ। ਜਿਉਂ-ਜਿਉਂ ਬੱਚੀ ਕਮਜ਼ੋਰ ਹੁੰਦੀ ਗਈ, ਪ੍ਰਭਾ ਫਿਕਰਮੰਦ ਹੁੰਦੀ ਗਈ। ਹੌਲੀ-ਹੌਲੀ ਪ੍ਰਭਾ ਦੇ ਫੇਫੜਿਆਂ ਵਿਚ ਕੋਈ ਨੁਕਸ ਠਹਿਰ ਗਿਆ। ਇਸ ਦੀ ਪ੍ਰਭਾ ਬਹੁਤ ਘੱਟ ਪ੍ਰਵਾਹ ਕਰਦੀ ਸੀ। ਮੈਂ ਵੀ ਉਸ ਬਾਰੇ ਸੋਚਣਾ ਛੱਡ ਦਿੱਤਾ। ਮੈਂ ਬਾਹਰ ਦੇ ਕੰਮਾਂ ਵਿਚ ਦਿਲਚਸਪੀ ਲੈਣ ਲੱਗ ਪਿਆ। ਹੁਣ ਉਹ ਵੀ ਮੇਰੇ ਬਾਰੇ ਬਹੁਤ ਘੱਟ ਸੋਚਦੀ ਸੀ। ਪਰ ਇਸ ਗੱਲ ਦੀ ਮੈਨੂੰ ਈਰਖਾ ਨਹੀਂ ਸੀ। ਜੇ ਹੁੰਦੀ ਵੀ, ਤਾਂ ਮੈਂ ਉਸ ਨੂੰ ਭੁਲਾ ਦਿੰਦਾ ਸਾਂ ਤੇ ਆਪਣੇ ਆਪ 'ਚ ਸੰਤੁਸ਼ਟ ਰਹਿਣ ਦੀ ਕੋਸ਼ਿਸ਼ ਕਰਦਾ ਸਾਂ।
ਇਕ ਦਿਹਾੜੇ ਬੱਚੀ ਦੀ ਹਾਲਤ ਠੀਕ ਨਹੀਂ ਸੀ। ਮੈਂ ਉਸ ਨੂੰ ਪ੍ਰਭਾ ਦੀ ਗੋਦ ਵਿਚ ਹੀ ਲੇਟੀ ਹੋਈ ਛੱਡ ਗਿਆ ਸਾਂ। ਜਦ ਮੈਂ ਘਰੋਂ ਤੁਰਿਆ ਤਾਂ ਪ੍ਰਭਾ ਚੁੱਪ ਸੀ, ਨਿਰੀ ਮਿੱਟੀ ਦੀ ਇਕ ਮੂਰਤੀ। ਤੁਰਨ ਤੋਂ ਪਹਿਲਾਂ ਮੈਂ ਉਸ ਵਲ ਇਕ ਵਾਰੀ ਪਿਛਾਂਹ ਪਰਤ ਕੇ ਵੇਖਿਆ ਸੀ। ਉਹ ਆਪਣੇ ਹਾਲ ਵਿਚ ਮਸਤ ਬੈਠੀ ਸੀ। ਮੈਥੋਂ ਉਸ ਦੀ ਇਹ ਅਵਸਥਾ ਸਹਾਰੀ ਨਹੀਂ ਸੀ ਜਾਂਦੀ।ਇਸੇ ਕਾਰਨ ਮੈਂ ਛੇਤੀ ਘਰ ਨਹੀਂ ਸੀ ਪਰਤਣਾ ਚਾਹੁੰਦਾ। ਸਾਰੀ ਸ਼ਾਮ ਮੈਂ ਕਾਫੀ ਹਾਊਸ ਵਿਚ ਕਾਫੀ ਪੀਂਦਿਆਂ ਲੰਘਾ ਦਿੱਤੀ ਸੀ। ਦੇਰ ਨਾਲ ਜਦ ਮੈਂ ਘਰ ਪਰਤਿਆ ਤਾਂ ਪ੍ਰਭਾ ਉਸੇ ਤਰ੍ਹਾਂ ਆਪਣੀ ਬੱਚੀ ਨੂੰ ਗੋਦ ਵਿਚ ਲਈ ਬੈਠੀ ਸੀ। ਮੈਂ ਉਸ ਨੂੰ ਬੁਲਾਇਆ, ਉਹ ਬੋਲਦੀ ਨਹੀਂ ਸੀ। ਮੈਂ ਉਸ ਨੂੰ ਹਿਲਾਇਆ, ਉਹ ਹਿਲਦੀ ਨਹੀਂ ਸੀ। ਉਹ ਸੁੰਨ ਸੀ। ਅੱਖਾਂ ਉਸ ਦੀਆਂ ਪਥਰਾ ਗਈਆਂ ਸਨ। ਬੱਚੀ ਉਸ ਦੀ ਗੋਦ ਵਿਚ ਸੀ। ਮੈਂ ਉਸ ਨੂੰ ਪ੍ਰਭਾ ਕੋਲੋਂ ਫੜ ਲੈਣਾ ਚਾਹਿਆ। ਉਹ ਠੰਡੀ ਹੋ ਚੁੱਕੀ ਸੀ। ਉਸ ਵਿਚ ਜਾਨ ਨਹੀਂ ਸੀ। ਪ੍ਰਭਾ ਸ਼ਾਇਦ ਰਾਤ ਦੀ ਹੀ ਇਸੇ ਤਰ੍ਹਾਂ ਬੈਠੀ ਸੀ। ਘਰ ਸਾਡੇ ਨਾ ਕੋਈ ਆਉਂਦਾ ਸੀ ਤੇ ਨਾ ਆਇਆ। ਆਉਂਦਾ ਵੀ ਕਿਸ ਤਰ੍ਹਾਂ? ਬੱਚੀ ਦੇ ਬੀਮਾਰ ਹੋਣ ਤੋਂ ਪਿੱਛੋਂ ਪ੍ਰਭਾ ਕਿਸੇ ਨਾਲ ਗੱਲ ਹੀ ਨਹੀਂ ਸੀ ਕਰਦੀ। ਜਿਸ ਕਿਸੇ ਨੂੰ ਥੋੜ੍ਹੀ ਬਹੁਤ ਦਿਲਚਸਪੀ ਹੁੰਦੀ, ਬਾਹਰੋਂ ਹੀ ਹਾਲ ਪੁੱਛ ਲੈਂਦਾ ਤੇ ਮੈਂ ਦੱਸ ਛਡਦਾ ਸਾਂ।
ਬੱਚੀ ਦੀ ਮੌਤ ਤੋਂ ਪਿੱਛੋਂ ਪ੍ਰਭਾ ਬੇਹੱਦ ਉਦਾਸ ਰਹਿਣ ਲੱਗੀ। ਉਸ ਦੇ ਫੇਫੜਿਆਂ ਵਿਚ ਨੁਕਸ ਵਧਦਾ ਗਿਆ। ਕੋਈ ਉਸ ਦੇ ਰੋਗ ਨੂੰ ਤਪਦਿਕ ਕਹਿੰਦਾ ਅਤੇ ਕੋਈ ਬੱਚੀ ਦੀ ਮੌਤ ਦਾ ਸਦਮਾ। ਪਰ ਇਸ ਗੱਲ ਨਾਲ ਸਾਰੇ ਹੀ ਸਹਿਮਤ ਸਨ ਕਿ ਪ੍ਰਭਾ ਨੂੰ ਇਹ ਰੋਗ ਕਿਸੇ ਡਾਢੇ ਭਾਰੇ ਸਦਮੇ ਵਜੋਂ ਲੱਗਿਆ ਸੀ। ਵੇਖਣ ਨੂੰ ਉਹ ਪਹਿਲਾਂ ਨਾਲੋਂ ਤਕੜੀ ਜਾਪਦੀ ਸੀ। ਉਸ ਦੇ ਜਿਸਮ ਤੋਂ ਕਿਸੇ ਕਿਸਮ ਦੀ ਕਮਜ਼ੋਰੀ ਦਾ ਭੁਲੇਖਾ ਨਹੀਂ ਸੀ ਪੈਂਦਾ ਪਰ ਉਸ ਦੀ ਤੱਕਣੀ ਆਏ ਦਿਨ ਬੁੱਢੀ ਹੁੰਦੀ ਜਾਂਦੀ ਸੀ। ਇਸ ਵਿਚ ਪਹਿਲਾਂ ਵਾਲੀ ਲੋਅ ਵਾਪਸ ਨਾ ਆ ਸਕੀ। ਨੈਣਾਂ ਦੀ ਚਮਕ ਜਾਂਦੀ ਰਹੇ ਤਾਂ ਬੰਦੇ ਵਿਚ ਰਹਿ ਹੀ ਕੀ ਜਾਂਦਾ ਹੈ? ਪ੍ਰਭਾ ਮੈਨੂੰ ਹਵਾ ਦਾ ਬੇਜਾਨ ਗੁਬਾਰਾ ਜਾਪਣ ਲੱਗ ਪਈ ਸੀ। ਉਹ ਅੱਗੇ ਨਾਲੋਂ ਮੋਟੀ ਹੋ ਗਈ ਸੀ। ਉਸ ਦਾ ਚਿਹਰਾ ਪਹਿਲਾਂ ਨਾਲੋਂ ਲਾਲ ਹੋ ਗਿਆ ਸੀ। ਪਰ ਉਸ ਵਿਚ ਕਿਸੇ ਕਿਸਮ ਦੀ ਖਿੱਚ ਨਹੀਂ ਸੀ ਰਹੀ ਕਿਉਂਕਿ ਉਸ ਦੀ ਤੱਕਣੀ ਨਿਰਜਿੰਦ ਸੀ, ਬੇਹਿੱਸ ਤੇ ਉਦਾਸੀ ਸੀ।
ਅੰਤ ਹਾਰ ਕੇ ਮੈਂ ਉਸ ਦੀ ਨਬਜ਼ ਇਕ ਮਨੋਵਿਗਿਆਨ ਦੀ ਮਾਹਰ ਲੇਡੀ ਈਲੀਆ ਨੂੰ ਵਿਖਾਈ। ਉਸ ਦਾ ਅਨੁਮਾਨ ਵੀ ਇਹੀਓ ਸੀ ਕਿ ਪ੍ਰਭਾ ਨੂੰ ਕਿਸੇ ਦਾ ਵਿਜੋਗ ਲੱਗਾ ਹੈ ਪਰ ਕਿਸ ਦਾ ਵਿਯੋਗ? ਇਹ ਉਸਨੂੰ ਵੀ ਪਤਾ ਨਹੀਂ ਸੀ ਲਗਦਾ ਪਿਆ। ਉਸ ਨੇ ਪ੍ਰਭਾ ਤੋਂ ਉਸ ਦੇ ਬਚਪਨ ਦਾ ਹਾਲ ਪੁਛਿਆ। ਉਸ ਦੀ ਪੜ੍ਹਾਈ ਦੇ ਜ਼ਮਾਨੇ ਦਾ ਹਾਲ ਪੁੱਛਿਆ। ਉਸ ਦੀ ਸ਼ਾਦੀ ਦਾ ਅਤੇ ਉਸਦੀ ਬੱਚੀ ਦੀ ਮੌਤ ਦਾ ਹਾਲ ਪੁਛਿਆ। ਉਹ ਸਾਰਾ ਦਿਨ ਪ੍ਰਭਾ ਨੂੰ ਅਜੀਬ ਜਿਹੇ ਸਵਾਲ ਪੁੱਛਦੀ ਰਹਿੰਦੀ। ਪੂਰਾ ਡੇਢ ਮਹੀਨਾ ਈਲੀਆ ਪ੍ਰਭਾ ਦਾ ਰੋਗ ਪਛਾਨਣ ਦਾ ਯਤਨ ਕਰਦੀ ਰਹੀ।
ਹੌਲੀ-ਹੌਲੀ ਪ੍ਰਭਾ ਦੀ ਹਾਲਤ ਬਹੁਤ ਨਾਜ਼ੁਕ ਹੁੰਦੀ ਗਈ। ਜੋ ਕੁਝ ਵੀ ਉਹ ਖਾਂਦੀ, ਉਸ ਨੂੰ ਹਜ਼ਮ ਨਾ ਹੁੰਦਾ। ਈਲੀਆ ਦੇ ਹੁਕਮ ਅਨੁਸਾਰ ਮੈਂ ਉਸ ਨੂੰ ਲੇਡੀ ਡਾਕਟਰ ਦੇ ਕਲੀਨਿਕ ਵਿਚ ਹੀ ਛੱਡ ਆਇਆ। ਮੈਂ ਉਸ ਨੂੰ ਪਿਆਰ ਕਰਦਾ ਸਾਂ। ਉਸ ਤੋਂ ਕੁਝ ਵੀ ਕੁਰਬਾਨ ਕਰਨ ਲਈ ਤਿਆਰ ਸੀ। ਸ਼ਾਇਦ ਇਸੇ ਵਾਸਤੇ ਲੇਡੀ ਡਾਕਟਰ ਨੇ ਮੈਨੂੰ ਆਪਣੇ ਕਲੀਨਿਕ ਵਿਚ ਕਦੀ-ਕਦਾਈਂ ਵੀ ਜਾਣ ਤੋਂ ਵਰਜ ਦਿੱਤਾ ਸੀ। ਦਿਨ ਵਿਚ ਕੇਵਲ ਇਕ ਵਾਰੀ ਸ਼ਾਮ ਨੂੰ ਜਾ ਕੇ ਮੈਂ ਉਸ ਦੀ ਖ਼ਬਰ ਲੈ ਆਉਂਦਾ ਸਾਂ।
ਇਕ ਦਿਨ ਲੇਡੀ ਡਾਕਟਰ ਨੇ ਤੜਕਸਾਰ ਹੀ ਮੈਨੂੰ ਆਣ ਜਗਾਇਆ। ਮੈਨੂੰ ਜਾਪਿਆ ਕਿ ਪ੍ਰਭਾ ਨੇ ਆਪਣੇ ਅੰਤਿਮ ਸੁਆਸ ਪੂਰੇ ਕਰ ਲਏ ਹਨ ਪਰ ਪਤਾ ਲੱਗਿਆ ਕਿ ਪ੍ਰਭਾ ਹਾਲੇ ਤੱਕ ਜੀਉਂਦੀ ਹੀ ਸੀ ਅਤੇ ਲੇਡੀ ਡਾਕਟਰ ਦੀ ਘੋਖ ਅਨੁਸਾਰ ਉਸ ਨੂੰ ਬਚਾਉਣ ਦਾ ਇੱਕੋ ਇਕ ਸਾਧਨ, ਊਸ਼ਾ ਨਾਂ ਦੀ ਕਿਸੇ ਲੜਕੀ ਨੂੰ ਮਿਲ ਸਕਣਾ ਸੀ। ਇਹ ਰਾਜਪੁਰੇ ਵਿਚ ਹੀ ਕਿਸੇ ਸਕੂਲ ਦੀ ਅਧਿਆਪਕਾ ਸੀ। ਮੈਂ ਲੇਡੀ ਡਾਕਟਰ ਨਾਲ ਉਸੇ ਦੀ ਕਾਰ ਵਿਚ ਰਾਜਪੁਰੇ ਨੂੰ ਚੱਲ ਪਿਆ। ਮੈਂ ਉਦੋਂ ਵੀ ਇਥੇ ਪਟਿਆਲੇ ਵਿਚ ਹੀ ਰਹਿੰਦਾ ਸਾਂ। ਪਰ ਉਦੋਂ ਮੇਰਾ ਮਕਾਨ ਲੋਅਰ ਮਾਲ 'ਤੇ ਸੀ। ਮੇਰੀ ਹੁਣ ਵਾਲੀ ਥਾਂ ਤੋਂ ਦੋ ਮੀਲ ਦੂਰ। ਹੁਣ ਮੈਂ ਉਸ ਮਕਾਨ ਵਿਚ ਰਹਿ ਹੀ ਨਹੀਂ ਸਕਦਾ। ਮੈਂ ਉਧਰੋਂ ਲੰਘਦਾ ਵੀ ਹਾਂ ਤਾਂ ਮੈਨੂੰ ਡੋਲ ਪੈਣ ਲੱਗ ਜਾਂਦੇ ਹਨ। ਹਾਲਾਂਕਿ ਇਹ ਸਭ ਕੁਝ ਵਿਅਰਥ ਹੈ। ਡੋਲ ਪੈਣ ਦਾ ਭਾਵ ਵੀ ਕੀ ਹੈ? ਮੈਨੂੰ ਸਮਝ ਨਹੀਂ ਆਉਂਦੀ।
ਲੇਡੀ ਡਾਕਟਰ ਨੇ ਦੱਸਿਆ ਕਿ ਊਸ਼ਾ ਪ੍ਰਭਾ ਦੇ ਨਾਲ ਹੀ ਪੜ੍ਹਦੀ ਹੁੰਦੀ ਸੀ। ਉਹ ਦੋਨੋਂ ਪੱਕੀਆਂ ਸਹੇਲੀਆਂ ਸਨ ਅਤੇ ਊਸ਼ਾ ਨੇ ਪ੍ਰਭਾ ਦੀ ਸ਼ਾਦੀ ਵਿਚ ਵੀ ਉਸ ਦਾ ਹੱਥ ਵਟਾਇਆ ਸੀ। ਸ਼ਾਇਦ ਪ੍ਰਭਾ ਇਸੇ ਅਹਿਸਾਨ ਥੱਲੇ ਦੱਬੀ ਜਾ ਰਹੀ ਸੀ। ਜੇ ਊਸ਼ਾ ਪ੍ਰਭਾ ਦੀ ਲੋੜੀਂਦੀ ਸਹਾਇਤਾ ਨਾ ਕਰਦੀ ਤਾਂ ਪ੍ਰਭਾ ਦੇ ਰਾਜਪੂਤ ਮਾਪੇ ਸ਼ਰਮਾ-ਕੁਲ ਵਿਚ ਉਸ ਨੂੰ ਕਿਵੇਂ ਵਿਆਹ ਸਕਦੇ ਸਨ? ਮੈਨੂੰ ਯਾਦ ਹੈ ਕਿ ਇਕ ਵਾਰੀ ਮੇਰੇ ਨਾਲ ਸ਼ਾਦੀ ਕਰਾਉਣ ਦਾ ਫੈਸਲਾ ਕਰ ਕੇ ਪ੍ਰਭਾ ਨੇ ਆਪਣੀ ਮਾਂ ਅਤੇ ਪਿਤਾ ਜੀ ਦੀ ਇਕ ਵੀ ਨਹੀਂ ਸੀ ਸੁਣੀ। ਫੇਰ ਵੀ ਇਹ ਕਿੱਡਾ ਕੁ ਵੱਡਾ ਅਹਿਸਾਨ ਸੀ, ਇਹ ਮੈਨੂੰ ਸਮਝ ਨਹੀਂ ਸੀ ਆਉਂਦਾ ਪਿਆ। ਰਾਜਪੁਰੇ ਵਿਚ ਜਦ ਸਾਡੀ ਕਾਰ ਇਕ ਸਾਧਾਰਨ ਜਿਹੇ ਫਲੈਟ ਕੋਲ ਪਹੁੰਚੀ ਤਾਂ ਮੈਂ ਬਾਹਰ ਨਿਕਲ ਕੇ ਹੱਥ ਵਿਚ ਫੜੀ ਹੋਈ ਚਿਟ ਨਾਲ, ਉਸ ਫਲੈਟ ਦਾ ਨੰਬਰ ਮਿਲਾਇਆ। ਠੀਕ ਇਹੋ ਮਕਾਨ ਸੀ, ਜਿਸ ਦੀ ਭਾਲ ਵਿਚ ਦਸੰਬਰ ਦੇ ਮਹੀਨੇ ਵੀ ਮੇਰੇ ਮੱਥੇ 'ਤੇ ਮੁੜ੍ਹਕਾ ਆ ਗਿਆ। ਮੈਂ ਦਰਵਾਜ਼ਾ ਖੜਕਾਇਆ ਤਾਂ ਇਕ ਸਾਧਾਰਨ ਜਿਹੇ ਨਕਸ਼ਾਂ ਵਾਲੀ ਤੀਹ ਕੁ ਵਰ੍ਹੇ ਦੀ ਸੁਆਣੀ ਨੇ ਦਰਵਾਜ਼ਾ ਖੋਲ੍ਹਿਆ। ਉਸ ਦਾ ਪਹਿਰਾਵਾ ਅਤਿਅੰਤ ਸਾਦਾ ਸੀ। ਉਸ ਦੇ ਸੈਂਡਲਾਂ 'ਤੇ ਪਾਲਿਸ਼ ਹੋਇਆਂ ਜੁਗੜੇ ਹੀ ਬੀਤ ਚੁੱਕੇ ਹੋਣਗੇ। ਉਸ ਦੇ ਚਿਹਰੇ ਤੋਂ ਕੁਝ ਇਹੋ ਜਿਹਾ ਪ੍ਰਭਾਵ ਪੈਂਦਾ ਸੀ ਜਿਵੇਂ ਉਸ ਨੇ ਉਮਰ ਭਰ ਕਿਸੇ ਨੂੰ ਪਿਆਰ ਨਹੀਂ ਸੀ ਕੀਤਾ। ਉਹ ਮੁਹੱਬਤ-ਗਮ ਤੋਂ ਕੋਰੀ ਹੀ ਜੰਮੀ ਸੀ ਤੇ ਉਸਨੇ ਕੋਰੀ ਹੀ ਮਰ ਜਾਣਾ ਸੀ। ਮੈਨੂੰ ਉਸ ਦਾ ਚਿਹਰਾ ਵਾਕਫ ਜਿਹਾ ਜਾਪਦਾ ਸੀ ਪਰ ਇਹ ਚੇਤਾ ਨਹੀਂ ਆ ਰਿਹਾ ਸੀ ਕਿ ਮੈਂ ਉਸ ਨੂੰ ਕਿਥੇ ਦੇਖਿਆ ਸੀ।
"ਤੁਹਾਡਾ ਸ਼ੁਭ ਨਾਂ…?" ਮੈਂ ਪੁੱਛਣਾ ਚਾਹਿਆ।
"ਹਾਂ, ਮੈਂ ਊਸ਼ਾ ਹੀ ਹਾਂ, ਅੰਦਰ ਲੰਘ ਆਓ", ਉਸ ਨੇ ਮੇਰੇ ਹੱਥ ਵਿਚੋਂ ਚਿਟ ਫੜਦਿਆਂ ਆਖਿਆ।
"ਮੈਂ ਠਹਿਰ ਨਹੀਂ ਸਕਦਾ। ਸਮਾਂ ਹੈ ਨਹੀਂ ਤੇ ਮੈਨੂੰ ਤੁਹਾਡੇ ਨਾਲ ਇਕ ਬਹੁਤ ਜ਼ਰੂਰੀ ਕੰਮ ਹੈ।"
"ਮੈਨੂੰ ਤੁਹਾਡੇ ਕੰਮ ਆ ਕੇ ਬੜੀ ਖੁਸ਼ੀ ਹੋਵੇਗੀ। ਹਾਂ ਮੈਂ ਤੁਹਾਨੂੰ ਪਹਿਚਾਣਿਆ ਨਹੀਂ।"
"ਮੈਂ ਪਹਿਲਾਂ ਕਦੀ ਤੁਹਾਨੂੰ ਮਿਲ ਨਹੀਂ ਸਕਿਆ। ਤੁਸੀਂ ਪ੍ਰਭਾ ਨੂੰ ਜਾਣਦੇ ਹੋਵੋਗੇ?"
"ਹਾਂ, ਹਾਂ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਮੇਰੀ ਜਮਾਤਣ ਸੀ ਤੇ ਸਹੇਲੀ ਵੀ।"
"ਮੈਂ ਪ੍ਰਭਾ ਦਾ ਪਤੀ ਹਾਂ।"
"ਉਹੋ! ਤਾਂ ਤੁਸੀਂ ਸ਼ਰਮਾ ਜੀ ਹੋ। ਬੜੀ ਕਿਰਪਾ ਕੀਤੀ। ਕੀ ਹਾਲ ਏ ਪ੍ਰਭਾ ਦਾ? ਵੱਲ ਤੇ ਹੈ ਨਾ? ਪਤਾ ਨਹੀਂ ਕਿਸ ਨੇ ਦੱਸਿਆ ਸੀ, ਉਸ ਦੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ। ਹੁਣ ਤੇ ਉਸ ਕੋਲ ਬੱਚੀ ਵੀ ਹੈ ਇਕ, ਮੈਂ ਸੁਣਿਐ।" ਉਹ ਇੱਕੋ ਸਾਹ ਕਈ ਕੁਝ ਗਿਣ ਗਈ।
ਬੱਚੀ ਦਾ ਜ਼ਿਕਰ ਸੁਣ ਕੇ ਮੈਨੂੰ ਖਿਆਲ ਆਇਆ ਕਿ ਊਸ਼ਾ ਦੇ ਨਕਸ਼ ਉਸ ਬੱਚੀ ਵਰਗੇ ਹੀ ਤਾਂ ਸਨ ਜਾਂ ਇਉਂ ਕਹਿ ਲਵੋ ਕਿ ਪ੍ਰਭਾ ਦੀ ਬੱਚੀ ਊਸ਼ਾ 'ਤੇ ਗਈ ਸੀ। ਪਰ ਬੱਚੀ ਦਾ ਜ਼ਿਕਰ ਕਰਨਾ ਮੈਂ ਉਚਿਤ ਨਾ ਸਮਝਿਆ। ਮੈਂ ਉਸਨੂੰ ਝੂਠ ਮੂਠ ਹੀ ਦਸਿਆ ਕਿ ਪ੍ਰਭਾ ਉਸ ਨੂੰ ਬਹੁਤ ਚੇਤੇ ਕਰਦੀ ਸੀ ਅਤੇ ਇਹ ਕਿ ਉਸ ਦੀ ਤਬੀਅਤ ਠੀਕ ਨਹੀਂ। ਅਸਲ ਵਿਚ ਪ੍ਰਭਾ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਹੀ। ਉਪਰਲੇ ਦਿਲੋਂ ਤਾਂ ਉਸ ਨੇ ਇਕ ਪਲ ਵੀ ਊਸ਼ਾ ਨੂੰ ਚੇਤੇ ਨਹੀਂ ਕੀਤਾ।
"ਉਸ ਦੀ ਤਬੀਅਤ ਨੂੰ ਪਤਾ ਨਹੀਂ ਕੀ ਹੋ ਜਾਂਦਾ ਏ। ਥੋੜੀ ਜਿਹੀ ਮੂਰਖ ਏ। ਮੈਨੂੰ ਚੇਤੇ ਕੀਤਾ ਹੈ? ਮੈਂ ਬਿਲਕੁਲ ਤਿਆਰ ਹਾਂ।" ਏਨਾ ਕਹਿ ਕੇ ਉਹ ਉਸੇ ਪਹਿਰਾਵੇ ਵਿਚ ਮੇਰੇ ਨਾਲ ਪਿਛਲੀ ਸੀਟ 'ਤੇ ਬੈਠ ਗਈ। "ਬੜੀ ਜਿੱਦਲ ਕੁੜੀ ਏ। ਉਸ ਦੀ ਜਾਨ ਲੈਣ ਲਈ ਵੀ ਫਰਿਸ਼ਤਿਆਂ ਨੂੰ ਉਚੇਚਾ ਯਤਨ ਕਰਨਾ ਪਏਗਾ। ਤੁਸੀਂ ਚਿੰਤਾ ਨਾ ਕਰੋ। ਉਸ ਦਾ ਕੁਝ ਵੀ ਨਹੀਂ ਵਿਗੜਦਾ। ਤੁਹਾਨੂੰ ਆਪਣੀ ਸ਼ਾਦੀ ਦਾ ਨਹੀਂ ਚੇਤਾ? ਮੇਰੇ ਕਹਿਣ 'ਤੇ ਇਕ ਵਾਰੀ ਹਾਂ ਕਹਿ ਕੇ ਉਸ 'ਤੇ ਡਟ ਗਈ ਸੀ।"
ਤੇ ਫੇਰ ਉਸ ਨੇ ਮੇਰੇ ਚਿਹਰੇ 'ਤੇ ਮਾਯੂਸੀ ਤੱਕ ਕੇ ਮੈਨੂੰ ਪ੍ਰਸ਼ਨ ਕਰਨ ਦੇ ਆਸ਼ੇ ਨਾਲ ਕਿਹਾ,
"ਉਂਜ ਪਤਾ ਨਹੀਂ ਤੁਹਾਡੇ ਹੁਸਨ ਵਿਚ ਕੀ ਜਾਦੂ ਸੀ" ਤੇ ਮੈਨੂੰ ਜਾਪਿਆ ਜਿਵੇਂ ਉਹ ਮੇਰੇ ਬੇਡੋਲੇ ਜਿਹੇ ਨਕਸ਼ਾਂ 'ਤੇ ਮੁਸਕਰਾ ਰਹੀ ਹੋਵੇ।
"ਜਾਦੂ ਤਾਂ ਉਸ ਦੀ ਤੱਕਣ ਵਾਲੀ ਅੱਖ ਵਿਚ ਸੀ। ਕਿਸੇ ਦੇ ਹੁਸਨ ਵਿਚ ਕਿੰਨਾ ਕੁ ਜਾਦੂ ਹੋ ਸਕਦਾ ਹੈ।" ਮੈਂ ਉਸ ਦੇ ਚਿਹਰੇ ਵਲ ਤਕਦਿਆਂ ਕਿਹਾ। ਇਸ ਵੇਲੇ ਸਾਡੀ ਕਾਰ ਹਰੀਆਂ ਪੈਲੀਆਂ ਦੇ ਵਿਚਕਾਰਲੀ ਸੜਕ ਪਾਰ ਰਹੀ ਸੀ।
"ਉਂਜ ਮਨ ਦੀ ਖੋਟੀ ਨਹੀਂ। ਉਸ ਦਾ ਦਿਲ ਬੇਅੰਤ ਹੁਸੀਨ ਹੈ। ਉਸਦੇ ਗੁਸਤਾਖ ਨੈਣਾਂ ਵਿਚ ਸਾਰੇ ਸੰਸਾਰ ਦੀ ਵਫਾ ਨੂੰ ਡੀਕ ਲਾ ਕੇ ਪੀ ਜਾਣ ਦੀ ਯੋਗਤਾ ਹੈ ਤੇ ਉਸ ਦੇ ਨਿਸ਼ਚਿੰਤ ਮਨ ਵਿਚ ਗਮ ਦਾ ਸਾਗਰ ਖਪਾ ਸਕਣ ਦੀ। ਮੈਂ ਉਸ ਦੀ ਰਗ-ਰਗ ਤੋਂ ਜਾਣੂ ਹਾਂ। ਮਰ ਜਾਣੀ ਵਿਚ ਆਕੜ ਨਾ ਹੋਵੇ ਤਾਂ ਲੱਖਾਂ ਦੀ ਏ, ਨਿਰੀ ਫ਼ਰਿਸ਼ਤਾ। ਉਂਜ ਉਸ ਦੀ ਆਕੜ ਵੀ ਓਨੀ ਹੀ ਸੁਹਣੀ ਹੈ, ਜਿੰਨਾ ਸੁਹਣਾ ਉਸਦਾ ਦਿਲ। ਉਸ ਦੀ ਆਕੜ ਦਾ ਭਾਰ ਚੁੱਕਣਾ ਔਖਾ ਭਾਵੇਂ ਹੋਵੇ ਪਰ ਸੁਆਦੀ ਹੁੰਦਾ ਹੈ।" ਊਸ਼ਾ ਇੰਜ ਬਉਰੀ ਜਿਹੀ ਹੋ ਕੇ ਬੋਲੀ ਜਾ ਰਹੀ ਸੀ ਜਿਵੇਂ ਅੱਜ ਵਰ੍ਹਿਆਂ ਪਿੱਛੋਂ ਕਿਸੇ ਨੇ ਉਸ ਦੀ ਵਫਾ ਦੇ ਬੂਟੇ ਨੂੰ ਗੋਡ ਦਿੱਤਾ ਹੋਵੇ ਤੇ ਗੁਡਾਈ ਤੋਂ ਪਿੱਛੋਂ ਉਹ ਬੂਟਾ ਇਕਦਮ ਜੁਆਨ ਹੋ ਜਾਣਾ ਚਾਹੇ। ਸਾਡੀ ਕਾਰ ਇਕ ਬਗੀਚੇ ਕੋਲੋਂ ਲੰਘੀ ਜਿਥੇ ਬਾਗ ਦਾ ਮਾਲੀ ਬੜੇ ਪ੍ਰੇਮ ਨਾਲ ਸੂਰਜਮੁਖੀ ਦੇ ਬੂਟੇ ਦੀ ਗੁਡਾਈ ਕਰ ਰਿਹਾ ਸੀ।
"ਰੁੜ੍ਹ ਜਾਣੀ, ਕਿਸੇ ਨਾਲ ਤੋੜ ਬੈਠੇ ਤਾਂ ਓਨੀ ਦੇਰ ਨਹੀਂ ਬੋਲਦੀ, ਜਿੰਨਾ ਚਿਰ ਦੂਜੀ ਧਿਰ ਤਰਲੇ ਮਿੰਨਤਾਂ 'ਤੇ ਨਾ ਉਤਰ ਆਵੇ ਪਰ ਮੇਰੇ ਨਾਲ ਵਿਚਾਰੀ ਦਾ ਕੀ ਟਾਕਰਾ। ਇਸ ਨਿਕੰਮੇ ਮਾਣ ਦਾ ਵਲ ਤਾਂ ਉਸ ਨੇ ਮੈਥੋਂ ਹੀ ਸਿੱਖਿਆ ਸੀ। ਮੈਂ ਉਸ ਨੂੰ ਇਕ ਵਾਰੀ ਹਾਸੇ ਵਿਚ ਕਿਹਾ ਕਿ ਮੇਰੇ ਕੋਲ ਮਾਣ ਦਾ ਖਜ਼ਾਨਾ ਹੈ, ਜਿੰਨਾ ਚੁਰਾ ਸਕਦੀ ਏਂ, ਚੁਰਾ ਲੈ। ਤੇ ਟੁੱਟ ਜਾਣੀ ਬਿਨਾਂ ਸੋਚੇ-ਸਮਝੇ ਸਾਰਾ ਹੀ ਚੁਰਾ ਲੈ ਗਈ।" ਊਸ਼ਾ ਨੂੰ ਪ੍ਰਭਾ ਦੀਆਂ ਰੁਚੀਆਂ 'ਤੇ ਏਨਾ ਮਾਣ ਸੀ ਜਿੰਨਾ ਕਿਸੇ ਚੰਗੇ ਅਧਿਆਪਕ ਨੂੰ ਆਪਣੇ ਚੰਗੇ ਵਿਦਿਆਰਥੀ 'ਤੇ ਹੁੰਦਾ ਹੈ।
ਖੱਬੇ ਹੱਥ ਦੇ ਸਕੂਲ ਵਿਚ ਇਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਖਿਡਾ ਰਿਹਾ ਸੀ। ਈਲੀਆ ਤੇ ਮੈਂ ਨਿਰਜਿੰਦ ਜਿਹੇ ਹੋ ਕੇ ਊਸ਼ਾ ਦੀਆਂ ਗੱਲਾਂ ਸੁਣ ਰਹੇ ਸਾਂ। ਕਾਰ ਦੀ ਰਫਤਾਰ ਕੋਈ ਪੰਜਾਹ ਮੀਲ ਫੀ ਘੰਟਾ ਹੋਵੇਗੀ। ਮੈਨੂੰ ਇਹ ਬੁੱਝਣਾ ਅਸੰਭਵ ਹੋ ਗਿਆ ਸੀ ਕਿ ਊਸ਼ਾ ਦਾ ਦਿਲ ਹੀ ਏਨਾ ਸੁੰਦਰ ਹੈ ਜਾਂ ਉਸ ਦੇ ਦਿਲ ਵਿਚ ਪ੍ਰਭਾ ਦੇ ਦਿਲ ਦੀ ਸੁੰਦਰਤਾ ਨੱਕੋ-ਨੱਕ ਭਰੀ ਪਈ ਹੈ। ਮੈਨੂੰ ਵੀ ਪ੍ਰਭਾ ਦੀ ਬੇਰੁਖੀ ਵਿਚੋਂ ਏਨਾ ਸੁਆਦ ਨਹੀਂ ਸੀ ਆਇਆ ਜਿੰਨਾ ਅੱਜ ਊਸ਼ਾ ਨੂੰ ਪ੍ਰਭਾ ਦੀ ਜ਼ਿੱਦ ਵਿਚੋਂ ਆ ਰਿਹਾ ਸੀ।
ਉਹ ਉਸੇ ਰਫਤਾਰ ਨਾਲ ਬੋਲਦੀ ਗਈ, "ਬੜੀਆਂ ਅਜੀਬ ਜਿਹੀਆਂ ਸੋਚਾਂ ਹੁੰਦੀਆਂ ਨੇ ਉਸ ਦੀਆਂ। ਉਸ ਨੂੰ ਰੋਗੀ ਬਣ ਕੇ ਸੁਆਦ ਆਉਂਦਾ ਹੈ ਤਾਂ ਕਿ ਉਸ ਦੇ ਸਨੇਹੀ ਉਸ ਨੂੰ ਰੋਗੀ ਤੱਕ ਕੇ ਤੜਫਦੇ ਫਿਰਨ। ਮੈਂ ਸਭ ਕੁਝ ਜਾਣਦੀ ਹਾਂ, ਉਹ ਜਾਣ ਬੁੱਝ ਕੇ ਰੋਗੀ ਹੋਈ ਪਈ ਏ ਤਾਂ ਕਿ ਉਸ ਨੂੰ ਵੇਖ ਕੇ ਊਸ਼ਾ ਤੜਫਦੀ ਫਿਰੇ, ਸ਼ਰਮਾ ਜੀ ਤੜਫਦੇ ਫਿਰਨ ਤੇ ਉਸ ਦੀਆਂ ਗੂੜ੍ਹੀਆਂ ਸਹੇਲੀਆਂ ਤੜਫਦੀਆਂ ਫਿਰਨ। ਉਹ ਜਾਣਦੀ ਹੈ ਕਿ ਮੈਂ ਉਸ ਦਾ ਦੁੱਖ ਨਹੀਂ ਝੱਲ ਸਕਦੀ? ਤਾਹੀਓਂ ਤਾਂ ਉਸ ਨੇ ਪਰਸੋਂ ਦੋ ਕੁ ਸ਼ਬਦਾਂ ਵਾਲੀ ਚਿੱਠੀ ਲਿਖੀ ਸੀ, 'ਊਸ਼ਾ ਮੈਂ ਜੀਉਂਦੀ ਹਾਂ ਅਤੇ ਤੇਰੀ ਸਹੇਲੀ ਵੀ ਹਾਂ।' ਚਿੱਠੀ 'ਤੇ ਉਸ ਨੇ ਆਪਣਾ ਨਾਂ ਵੀ ਨਹੀਂ ਸੀ ਲਿਖਿਆ। ਪਰ ਇਹੋ ਜਿਹੀ ਚਿੱਠੀ ਹੋਰ ਕੌਣ ਲਿਖ ਸਕਦਾ ਹੈ? ਇਹ ਵੀ ਕੋਈ ਚਿੱਠੀ ਹੈ? ਇਹ ਤਾਂ ਇਕ ਤੀਰ ਹੈ ਜਿਹੜਾ ਕਿਸੇ ਦੁਖੀ ਨੂੰ ਹੋਰ ਦੁਖੀ ਕਰਨ ਲਈ ਮਾਰਿਆ ਜਾਵੇ ਤੇ ਜਾਂ ਕਿਸੇ ਨੂੰ ਸ਼ਰਮਿੰਦਾ ਕਰਨ ਦਾ ਢੰਗ।"
ਊਸ਼ਾ ਨੂੰ ਬੋਲਦੀ-ਬੋਲਦੀ ਨੂੰ ਗੱਚ ਆ ਗਿਆ ਪਰ ਉਸ ਦੇ ਚਿਹਰੇ 'ਤੇ ਸ਼ਰਮਿੰਦਗੀ ਦਾ ਕੋਈ ਪ੍ਰਭਾਵ ਨਹੀਂ ਸੀ। ਉਸ ਦੀਆਂ ਗੱਲਾਂ ਵਿਚ ਇਹੋ ਜਿਹੀ ਮੂਰਖਤਾ ਸੀ, ਜਿਹੋ ਜਿਹੀ ਕਿਸੇ ਪ੍ਰੇਮੀ ਦੀ ਆਪਣੀ ਪਹਿਲੀ ਪ੍ਰੀਤ ਵਿਚ ਆਪਣੀ ਪਹਿਲੀ ਪ੍ਰੇਮਿਕਾ ਨੂੰ ਕਹੀਆਂ ਗੱਲਾਂ ਵਿਚ ਹੁੰਦੀ ਹੈ। ਇਸ ਤੋਂ ਪਿਛੋਂ ਊਸ਼ਾ ਚੁੱਪ ਹੋ ਗਈ। ਮੇਰੇ ਕੋਲ ਉਸ ਸਮੇਂ ਕਹਿਣ ਵਾਸਤੇ ਕੁਝ ਵੀ ਨਹੀਂ ਸੀ। ਹੋ ਵੀ ਕੀ ਸਕਦਾ ਸੀ?
"ਤੁਹਾਡਾ ਵਹਿਮ ਹੀ ਹੈ। ਉਹ ਤਾਂ ਤੁਹਾਨੂੰ ਦੁਖੀ ਕਰਨ ਵਿਚ ਭੋਰਾ ਸਵਾਦ ਨਹੀਂ ਲੈਂਦੀ। ਉਹ ਤਾਂ ਤੁਹਾਡਾ ਬਹੁਤ ਸਤਿਕਾਰ ਕਰਦੀ ਏ।" ਮੈਨੂੰ ਤੇ ਊਸ਼ਾ ਨੂੰ ਚੁੱਪ ਵੇਖ ਲੇਡੀ ਡਾਕਟਰ ਈਲੀਆ ਬੋਲੀ। ਇਸ ਸਮੇਂ ਸਾਡੀ ਕਾਰ ਨੇ ਇਕ ਬਹੁਤ ਹੀ ਟੇਢਾ ਮੋੜ ਕੱਟਿਆ।
"ਨਿਰੀ ਇੱਜ਼ਤ ਨੂੰ ਕੀ ਕਰਾਂ। ਇੱਜ਼ਤ ਤਾਂ ਉਸ ਦੀ ਮੈਂ ਵੀ ਕਰਦੀ ਹਾਂ। ਮੈਂ ਉਸ ਦਾ ਵਿਗਾੜਿਆ ਹੀ ਕੀ ਸੀ ਕਿ ਉਹ ਮੈਨੂੰ ਨਫਰਤ ਕਰਦੀ। ਜਿਹੜਾ ਤੁਹਾਨੂੰ ਨਫਰਤ ਨਾ ਕਰੇ, ਉਹ ਤੁਹਾਡੀ ਇੱਜ਼ਤ ਹੀ ਤਾਂ ਕਰ ਸਕਦਾ ਹੈ।" ਊਸ਼ਾ ਬੋਲੀ।
"ਜੇ ਤੁਹਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਤਾਂ ਤੁਸੀਂ ਏਨਾ ਅਰਸਾ ਸਾਡੇ ਘਰ ਕਿਉਂ ਨਹੀਂ ਆਏ, ਰੁੱਸੇ ਕਿਉਂ ਰਹੇ" ਮੈਂ ਊਸ਼ਾ ਨੂੰ ਹਿਰਖ ਵਜੋਂ ਕਿਹਾ।
"ਮੈਂ ਥੋੜ੍ਹੀ ਰੁੱਸੀ ਆਂ। ਉਸ ਨੂੰ ਤੇ ਗੁੱਸਾ ਹੀ ਬੜੀ ਛੇਤੀ ਆਉਂਦਾ ਹੈ। ਲਾਜਵੰਤੀ ਤਾਂ ਉਹ ਹੈ ਨਿਰੀ, ਹੱਥ ਲਾਇਆਂ ਮੁਰਝਾ ਜਾਂਦੀ ਏ। ਜਿੰਨਾ ਚਿਰ ਉਸ ਦੀ ਸ਼ਾਦੀ ਨਹੀਂ ਸੀ ਹੋਈ, ਮੇਰੀ ਉਸ ਨਾਲ ਹਮਦਰਦੀ ਸੀ, ਮੈਂ ਉਸ ਦੇ ਨਖਰੇ ਸਹਾਰਦੀ ਰਹੀ। ਹੁਣ ਜਦ ਉਸ ਦੀ ਸ਼ਾਦੀ ਵੀ ਹੋ ਗਈ ਹੈ, ਨੌਕਰੀ ਵੀ ਲੱਗ ਗਈ ਹੈ, ਉਸ ਨੂੰ ਮੇਰੀ ਕੀ ਲੋੜ ਹੈ?…" ਊਸ਼ਾ ਇਸ ਤਰ੍ਹਾਂ ਦਾ ਕਈ ਕੁਝ ਕਹਿੰਦੀ ਗਈ। ਲੇਡੀ ਡਾਕਟਰ ਨੇ ਸਭ ਕੁਝ ਪੂਰੇ ਧਿਆਨ ਨਾਲ ਸੁਣਿਆ। ਉਹ ਸ਼ਾਇਦ ਪੂਰਾ ਰੋਗ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ।
"ਪਰ ਹੁਣ ਇਨ੍ਹਾਂ ਗੱਲਾਂ ਦਾ ਕੀ ਭਾਵ? ਛੱਡੋ ਪਰੇ। ਉਸ ਦੀ ਜਾਨ ਦੀ ਖ਼ੈਰ ਮੰਗੋ।" ਕਾਰ ਦੇ ਪਟਿਆਲੇ ਵਿਚ ਪ੍ਰਵੇਸ਼ ਕਰਦਿਆਂ ਸਾਰ ਹੀ ਮੈਨੂੰ ਪ੍ਰਭਾ ਦੀ ਹਾਲਤ ਚੇਤੇ ਆ ਗਈ ਅਤੇ ਮੈਂ ਊਸ਼ਾ ਦਾ ਧਿਆਨ ਇਸ ਪਾਸੇ ਦਿਵਾਣਾ ਚਾਹਿਆ।
"ਉਸ ਦੀ ਜਾਨ?" ਊਸ਼ਾ ਨੇ ਮੁਸਕਰਾ ਕੇ ਕਿਹਾ, "ਇਸ ਦੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ। ਉਹ ਮਰ ਨਹੀਂ ਸਕਦੀ। ਮਰਨ 'ਤੇ ਵੀ ਨਹੀਂ ਮਰਦੀ। ਮਰਨ ਤੋਂ ਪਿੱਛੋਂ ਵੀ ਉਸ ਦੀ ਕਿਸੇ ਨਾ ਕਿਸੇ ਨਾੜੀ ਵਿਚ ਸਾਹ ਰੁਕਿਆ ਹੋਇਆ ਤੱਕੋਗੇ।"
ਮੈਨੂੰ ਊਸ਼ਾ ਦੀ ਇਸ ਲਾਪ੍ਰਵਾਹ ਫਿਲਾਸਫੀ 'ਤੇ ਗੁੱਸਾ ਜਿਹਾ ਆ ਰਿਹਾ ਸੀ। ਊਸ਼ਾ ਨੇ ਜਦ ਮੇਰੇ ਵਲ ਤੱਕਿਆ ਤਾਂ ਉਸ ਦਾ ਬੇਰੋਕ ਹਾਸਾ ਨਿਕਲ ਗਿਆ। ਉਸਦੇ ਹੱਸਣ ਤੋਂ ਇੰਜ ਜਾਪਦਾ ਸੀ ਜਿਵੇਂ ਸਾਡੀ ਕਾਰ ਬਿਰਖਾਂ ਦੀਆਂ ਝੁਕੀਆਂ ਹੋਈਆਂ ਟਹਿਣੀਆਂ ਨਾਲ ਘਸਰ ਕੇ ਲੰਘ ਰਹੀ ਹੋਵੇ। ਮੈਨੂੰ ਕੁਝ ਏਸ ਤਰ੍ਹਾਂ ਵੀ ਲੱਗਿਆ ਜਿਵੇਂ ਊਸ਼ਾ ਪ੍ਰਭਾ ਨੂੰ ਮਾਰਨ ਦਾ ਯਤਨ ਕਰ ਰਹੀ ਸੀ ਅਤੇ ਪ੍ਰਭਾ ਉਸ ਦੇ ਮਾਰਨ 'ਤੇ ਵੀ ਨਹੀਂ ਸੀ ਮਰਦੀ ਪਈ।
ਇਕ ਦਮ ਬਰੇਕ ਲੱਗੀ ਅਤੇ ਕਾਰ ਲੇਡੀ ਡਾਕਟਰ ਦੇ ਕਲੀਨਿਕ ਸਾਹਮਣੇ ਜਾ ਖਲੋਤੀ। ਇਕੋ ਸਾਹ ਅਸੀਂ ਸਾਰੇ ਦੇ ਸਾਰੇ ਪ੍ਰਭਾ ਦੇ ਕਮਰੇ ਵਲ ਨੂੰ ਵਧੇ।
"ਮੇਰਾ ਵਿਚਾਰ ਸੀ ਕਿ ਤੂੰ ਮਰ ਗਈ ਹੋਵੇਂਗੀ। ਤੂੰ ਤੇ ਹਾਲੀਂ ਤੱਕ ਜੀਊਂਦੀ ਪਈ ਏਂ" ਊਸ਼ਾ ਨੇ ਪ੍ਰਭਾ ਦੇ ਬਿਸਤਰੇ ਕੋਲ ਪਹੁੰਚਦਿਆਂ ਹੀ ਪ੍ਰਭਾ ਨੂੰ ਆਖਿਆ।
ਵੇਖਣ ਨੂੰ ਤਾਂ ਪ੍ਰਭਾ ਦੀ ਸਿਹਤ ਚੰਗੀ ਭਲੀ ਲੱਗਦੀ ਸੀ ਅਤੇ ਹੈ ਵੀ ਉਹ ਊਸ਼ਾ ਨਾਲੋਂ ਪੰਜ-ਛੇ ਵਰ੍ਹੇ ਛੋਟੀ ਹੀ ਸੀ ਪਰ ਉਸ ਦੀ ਤੱਕਣੀ ਤੋਂ ਉਹ ਊਸ਼ਾ ਨਾਲੋਂ ਪੰਜ-ਛੇ ਵਰ੍ਹੇ ਵਡੇਰੀ ਜਾਪਦੀ ਸੀ। ਇਸ ਪੰਝੀ ਕੁ ਵਰ੍ਹੇ ਦੀ ਉਮਰ ਵਿਚ ਹੀ ਉਸ ਦੇ ਸਿਰ ਦੇ ਇਕ ਚੌਥਾਈ ਵਾਲ ਚਿੱਟੇ ਹੋ ਗਏ ਸਨ। ਹੁਣ ਊਸ਼ਾ ਨੂੰ ਤੱਕਦਿਆਂ ਹੀ ਪ੍ਰਭਾ ਦੇ ਬੁਲ੍ਹਾਂ 'ਤੇ ਮੁਸਕਾਨ ਦੌੜ ਗਈ।
"ਨਾ, ਨਾ, ਤੂੰ ਹੱਸਣ ਦੀ ਕੋਸ਼ਿਸ਼ ਨਾ ਕਰ। ਤੇਰੇ ਚਿਹਰੇ 'ਤੇ ਉਦਾਸੀ ਬੜੀ ਚੰਗੀ ਲਗਦੀ ਏ। ਹਾਂ, ਤੂੰ ਆਪਣੇ ਚਿਹਰੇ ਨੂੰ ਉਸੇ ਤਰ੍ਹਾਂ ਨਿਮੋਝੂਣਾ ਬਣਾਈ ਰੱਖ।" ਇਹ ਵਾਕ ਊਸ਼ਾ ਨੇ ਇੰਜ ਕਹੇ ਜਿਵੇਂ ਕੋਈ ਚਿੱਤਰਕਾਰ ਆਪਣਾ ਚਿੱਤਰ ਖਰਾਬ ਹੋ ਜਾਣ ਦੇ ਡਰ ਤੋਂ, ਚਿੱਤਰ ਖਿੱਚਦੇ ਸਮੇਂ ਆਪਣੇ ਮਾਡਲ ਨੂੰ ਕਹਿੰਦਾ ਹੈ।
"ਤੂੰ ਚਿੰਤਾ ਨਾ ਕਰ। ਮੇਰੀ ਮੌਤ ਸਮੇਂ ਮੇਰਾ ਚਿਹਰਾ ਅਤਿਅੰਤ ਉਦਾਸ ਹੋਵੇਗਾ। ਫੋਟੋ ਲੈ ਕੇ ਸੰਭਾਲ ਰੱਖੀਂ। ਹਾਂ ਇਹ ਦੱਸ ਕਿ ਪਹਿਲਾਂ ਕੀ ਹੋ ਗਿਆ ਸੀ? ਹੁਣ ਵੀ ਤਾਂ ਭੱਜੀ ਆਈ ਏਂ" ਪ੍ਰਭਾ ਬੋਲੀ, ਪਰ ਉਸ ਦਾ ਏਨਾ ਦੁਖਦਾਈ ਬਿਆਨ ਵੀ ਊਸ਼ਾ ਦੇ ਚਿਹਰੇ ਦੇ ਪ੍ਰਭਾਵ ਨੂੰ ਬਦਲ ਨਾ ਸਕਿਆ।
"ਕੇਵਲ ਇਸ ਲਈ ਕਿ ਤੂੰ ਮੈਨੂੰ ਸੱਦਿਆ ਸੀ", ਊਸ਼ਾ ਨੇ ਮੁਸਕਰਾ ਕੇ ਕਿਹਾ।
"ਮੈਂ ਸੱਦਿਆ ਏ? ਕੌਣ ਕਹਿੰਦਾ ਏ?" ਪ੍ਰਭਾ ਨੇ ਗੰਭੀਰ ਹੋ ਕੇ ਪੁੱਛਿਆ। ਇਸ ਪ੍ਰਸ਼ਨ ਵਿਚ ਅਮੋੜਤਾ ਸੀ। ਇਕ ਬੱਚਿਆਂ ਵਾਲੀ ਜ਼ਿੱਦ ਸੀ।
"ਸ਼ਰਮਾ ਜੀ ਕਹਿੰਦੇ ਹਨ। ਇਹ ਮੈਨੂੰ ਲੈ ਕੇ ਆਏ ਹਨ, ਭੈਣ ਜੀ ਨਾਲ ਸਨ," ਊਸ਼ਾ ਨੇ ਲੇਡੀ ਡਾਕਟਰ ਵਲ ਤੱਕਿਆ ਤੇ ਪ੍ਰਭਾ ਨੂੰ ਚਿੜਾਇਆ। "ਹਾਂ! ਹਾਂ! ਮਿਸਟਰ ਸ਼ਰਮਾ ਨੇ ਕਿਹਾ ਸੀ ਤੇ ਅਸੀਂ ਇਨ੍ਹਾਂ ਨੂੰ ਲੈ ਕੇ ਆਏ ਹਾਂ। ਤੁਸੀਂ ਸੱਦਿਆ ਹੋਵੇ ਜਾਂ ਨਾ ਸੱਦਿਆ ਹੋਵੇ, ਇਨ੍ਹਾਂ ਨੂੰ ਚਾਹੁੰਦੇ ਤਾਂ ਹੋ ਨਾ।" ਲੇਡੀ ਡਾਕਟਰ ਨੇ ਸਮਝੌਤੇ ਦਾ ਯਤਨ ਕੀਤਾ।
"ਗੱਲ ਚਾਹੁਣ ਜਾਂ ਨਾ ਚਾਹੁਣ ਦੀ ਨਹੀਂ" ਪ੍ਰਭਾ ਨੇ ਨਰਸ ਦੇ ਰੋਕਦਿਆਂ-ਰੋਕਦਿਆਂ ਬਿਸਤਰੇ 'ਚੋਂ ਉਠਦਿਆਂ ਆਖਿਆ, " ਮੈਂ ਨਹੀਂ ਚਾਹੁੰਦੀ ਕਿ ਇਸ ਪ੍ਰਕਾਰ ਧੋਖਾ ਦੇ ਕੇ ਮੇਰੇ ਮਾਣ ਨੂੰ ਜ਼ਖਮੀ ਕੀਤਾ ਜਾਵੇ ਤੇ ਮੇਰੇ ਅਸੂਲ ਤੋੜੇ ਜਾਣ।"
ਮੈਂ ਤੱਕਿਆ ਪ੍ਰਭਾ ਦੀਆਂ ਅੱਖਾਂ ਵਿਚ ਹਾਕਮਾਨਾ ਜਲਾਲ ਸੀ, ਉਸ ਦਾ ਬੋਲ ਧੀਮਾ ਸੀ ਪਰ ਇਸ ਦਾ ਭਾਵ ਇਹ ਨਹੀਂ ਸੀ ਕਿ ਉਸਦਾ ਆਖਿਆ ਭਾਵ ਰਹਿਤ ਹੋਵੇ। ਮੈਨੂੰ ਜਾਪਿਆ ਜਿਵੇਂ ਉਹ ਗੁੱਸੇ ਵਿਚ ਫਟ ਜਾਵੇਗੀ। ਇਸ ਵੇਲੇ ਉਹ ਬੇਕਰਾਰ ਸੀ।
"ਕਈ ਅਸੂਲ ਚੰਗੇ ਹੁੰਦੇ ਹਨ, ਕਈ ਮੰਦੇ। ਮੰਦੇ ਅਸੂਲ ਛੱਡ ਦੇਣੇ ਚਾਹੀਦੇ ਹਨ। ਜ਼ਿੱਦ ਕਰਨ ਦੀ ਕੀ ਲੋੜ ਹੈ," ਲੇਡੀ ਡਾਕਟਰ ਨੇ ਸਮਝਾਉਣਾ ਚਾਹਿਆ। ਉਸ ਦਾ ਮੋਨੋਵਿਗਿਆਨਕ ਵਿਸ਼ਲੇਸ਼ਣ ਦਸਦਾ ਸੀ ਕਿ ਪ੍ਰਭਾ ਊਸ਼ਾ ਦੇ ਅਹਿਸਾਨ ਥੱਲੇ ਦੱਬੀ ਜਾ ਰਹੀ ਸੀ। ਭਾਵੇਂ ਉਹ ਹੱਠ ਕਰਕੇ ਇਸ ਕਮਜ਼ੋਰੀ ਨੂੰ ਪ੍ਰਗਟ ਨਹੀਂ ਸੀ ਹੋਣ ਦਿੰਦੀ। ਉਹ ਊਸ਼ਾ ਦਾ ਅਹਿਸਾਨ ਨਾ ਵੀ ਮੰਨਦੀ ਜੇ ਮੇਰਾ ਜੀਵਨ ਸਾਥ ਉਸ ਨੂੰ ਏਨਾ ਨਾ ਸੁਖਾਂਦਾ। ਉਹ ਕਈ ਵਾਰ ਊਸ਼ਾ ਨਾਲ ਗ਼ਲਤਫਹਿਮੀ ਨੂੰ ਸੁਲਝਾਉਣ ਲਈ ਕਾਰ ਲੈ ਕੇ ਰਾਜਪੁਰੇ ਵਲ ਚੱਲੀ ਸੀ ਪਰ ਜਦ ਵੀ ਸਾਡੀ ਕਾਰ ਰਾਜਪੁਰੇ ਦੇ ਨੇੜੇ ਪਹੁੰਚਦੀ, ਉਸਦੀ ਖੁਦੀ ਜਾਂ ਹੱਠ ਉਸ ਨੂੰ ਵਾਪਸ ਪਰਤਣ ਲਈ ਪ੍ਰੇਰਦਾ ਤੇ ਉਹ ਪਰਤ ਆਉਂਦੀ। ਮੈਂ ਇਸ ਨੂੰ ਸੈਰ ਹੀ ਸਮਝਦਾ ਰਿਹਾ। ਹੁਣ ਵੀ ਲੇਡੀ ਡਾਕਟਰ ਨੇ ਕਾਰ ਵਿਚ ਊਸ਼ਾ ਨੂੰ ਸਮਝਾਇਆ ਸੀ ਕਿ ਉਹ ਪ੍ਰਭਾ ਨੂੰ ਉਸ ਦੀ ਕਮਜ਼ੋਰੀ ਦਾ ਅਹਿਸਾਸ ਨਾ ਹੋਣ ਦੇਵੇ। ਪਰ ਊਸ਼ਾ ਲੇਡੀ ਡਾਕਟਰ ਦੇ ਸੁਝਾਵਾਂ ਨੂੰ ਗੰਭੀਰਤਾ ਸਹਿਤ ਨਹੀਂ ਸੀ ਲੈ ਰਹੀ। ਫੇਰ ਵੀ ਪ੍ਰਭਾ ਦੇ ਆਪਣੇ ਅਸੂਲ ਸਨ ਤੇ ਲੇਡੀ ਡਾਕਟਰ ਕੌਣ ਹੁੰਦੀ ਸੀ ਉਨ੍ਹਾਂ ਵਿਚ ਦਖਲ ਦੇਣ ਵਾਲੀ।
"ਚੰਗੇ-ਮੰਦੇ ਅਸੂਲਾਂ ਨੂੰ ਕੌਣ ਨਿਖੇੜ ਸਕਦਾ ਹੈ? ਕਈ ਚੰਗੇ ਅਸੂਲ ਵੀ ਮੰਦੇ ਹਨ ਤੇ ਕਈ ਮੰਦੇ ਵੀ ਚੰਗੇ। ਮੇਰੇ ਅਸੂਲ ਤੁਹਾਨੂੰ ਮੰਦੇ ਲਗਦੇ ਹਨ ਤੇ ਮੈਨੂੰ ਚੰਗੇ।" ਪ੍ਰਭਾ ਨੇ ਉਤਰ ਦਿੱਤਾ,
"ਤੁਹਾਡੇ ਆਪਣੇ ਵਿਚਾਰ ਨੇ ਤੇ ਮੇਰੇ ਆਪਣੇ," ਉਹ ਹੋਰ ਵੀ ਗੰਭੀਰ ਹੋ ਗਈ।
"ਕੇਵਲ ਏਨਾ ਹੀ ਅੰਤਰ ਹੈ ਕਿ ਤੇਰੇ ਵਿਚਾਰ ਗਲਤ ਨੇ ਤੇ ਇਨ੍ਹਾਂ ਦੇ ਠੀਕ," ਊਸ਼ਾ ਨੇ ਆਖਿਆ ਤੇ ਇਸ ਪ੍ਰਕਾਰ ਹੱਸਣ ਲੱਗੀ ਜਿਵੇਂ ਬੱਜਰੀ ਦਾ ਭਰਿਆ-ਭਰਾਇਆ ਟਰੱਕ ਪੱਕੀ ਸੜਕ 'ਤੇ ਉਲਟ ਗਿਆ ਹੋਵੇ। ਊਸ਼ਾ ਦੇ ਇਸ ਅਮਲ ਉਤੇ ਪ੍ਰਭਾ ਦੀ ਹਾਲਤ ਅਤਿਅੰਤ ਨਾਜ਼ੁਕ ਹੋ ਗਈ। ਇਕ ਵਾਰ ਤਾਂ ਉਸ ਦੇ ਚਿਹਰੇ ਦਾ ਰੰਗ ਸੰਝ ਦੇ ਸੂਰਜ ਦੀ ਵਿਦਾਇਗੀ ਕਿਰਨ ਵਰਗਾ ਹੋ ਗਿਆ। ਇਕ ਨਰਸ ਪ੍ਰਭਾ ਦੇ ਫੇਫੜਿਆਂ ਵਿਚ ਹਵਾ ਭਰਨ ਲੱਗ ਪਈ। ਇਹ ਸਭ ਕੁਝ ਨੂੰ ਤੱਕ ਕੇ ਊਸ਼ਾ ਦਾ ਚਿਹਰਾ ਪੂਣੀ ਵਰਗਾ ਹੋ ਗਿਆ। ਨਰਸ ਪ੍ਰਭਾ ਦੇ ਫੇਫੜਿਆਂ ਵਿਚ ਹਵਾ ਭਰ ਰਹੀ ਸੀ ਤਾਂ ਊਸ਼ਾ ਬੇਰੋਕ ਬੋਲੀ ਜਾ ਰਹੀ ਸੀ। ਉਸ ਦੀ ਆਵਾਜ਼ ਪਿਘਲ ਚੁੱਕੀ ਸੀ, "ਮੈਂ ਆਪਣੀ ਮਰਜ਼ੀ ਨਾਲ ਹੀ ਤੈਨੂੰ ਮਿਲਣ ਆਈ ਹਾਂ। ਤੂੰ ਨਾਰਾਜ਼ ਹੋ ਗਈ ਏਂ… ਪ੍ਰਭਾ ਤੂੰ ਗੁੱਸੇ ਹੋ ਗਈ ਏਂ ਹਾਸੇ ਵਿਚ ਗੁੱਸਾ ਕਾਹਦਾ? ਮੈਂ ਤਾਂ ਮਖੌਲ ਵਿਚ ਕਿਹਾ ਸੀ ਕਿ ਤੂੰ ਮੈਨੂੰ ਸੱਦਿਆ ਹੈ। ਤੂੰ ਥੋੜ੍ਹੀ ਸੱਦਿਆ ਸੀ… ਜੇ ਤੁਹੀਉਂ ਸੱਦਣਾ ਹੁੰਦਾ ਤਾਂ ਹੁਣ ਤੱਕ ਕਦੋਂ ਦੀ ਸੱਦ ਬੈਠੀ ਹੁੰਦੀ। ਤੂੰ ਮੇਰੀ ਫਿਤਰਤ ਨੂੰ ਚੰਗੀ ਭਲੀ ਜਾਣਦੀ ਏਂ, ਹਾਸੇ ਵਿਚ ਮੈਂ ਕਈ ਗੱਲਾਂ ਇਹੋ ਜਿਹੀਆਂ ਕਹਿ ਜਾਂਦੀ ਹਾਂ, ਜਿਹੜੀਆਂ ਬਿਲਕੁਲ ਸੱਚੀਆਂ ਨਹੀਂ ਹੁੰਦੀਆਂ। ਪ੍ਰਭਾ, ਭੋਲੀ ਪ੍ਰਭਾ! ਕੀ ਤੂੰ ਜਾਣਦੀ ਨਹੀਂ…?"
ਮੇਰੇ ਲਈ ਇਹ ਬਿਲਕੁਲ ਨਵਾਂ ਦ੍ਰਿਸ਼ ਸੀ। ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ ਤੇ ਇਕ ਬੁੱਤ ਵਾਂਗ ਖੜਾ ਸਾਂ। ਲੇਡੀ ਡਾਕਟਰ ਇਸ ਸਾਰੇ ਪ੍ਰਤੀਕਰਮ ਨੂੰ ਬੜੇ ਗਹੁ ਨਾਲ ਵੇਖ ਰਹੀ ਸੀ। ਬੜੇ ਸਬਰ ਨਾਲ। ਊਸ਼ਾ ਉਸ ਦੀ ਜਾਨ ਹੀ ਲੈ ਕੇ ਛੱਡੇਗੀ, ਮੈਨੂੰ ਜਾਪਿਆ। ਫੇਰ ਵੀ ਮੈਂ ਨਾ ਊਸ਼ਾ ਨੂੰ ਘ੍ਰਿਣਾ ਕਰ ਸਕਿਆ ਤੇ ਨਾ ਹੀ ਸਤਿਕਾਰ। ਕੋਈ ਵੀਹ ਮਿੰਟ ਇਹੋ ਹਾਲਤ ਰਹੀ ਤੇ ਫੇਰ ਪ੍ਰਭਾ ਨੂੰ ਹੋਸ਼ ਪਰਤੀ। ਪੀੜ ਘਟ ਰਹੀ ਸੀ ਉਸ ਦੇ ਮਸਤਕ 'ਤੇ ਪ੍ਰਸੰਨਤਾ ਦੇ ਚਿੰਨ੍ਹ ਸਾਫ ਵਿਖਾਈ ਦੇ ਰਹੇ ਸਨ ਜਿਨ੍ਹਾਂ ਨੂੰ ਛੁਪਾਣ ਦਾ ਉਹ ਨਿਸਫਲ ਯਤਨ ਕਰ ਰਹੀ ਸੀ।
ਊਸ਼ਾ ਦੇ ਬੋਲਾਂ ਵਿਚ ਵੀ ਪਹਿਲਾਂ ਜਿੰਨੀ ਅਚੋਤਾਈ ਨਹੀਂ ਸੀ, "ਤੂੰ ਸ਼ਾਇਦ ਇਹ ਨਹੀਂ ਜਾਣਦੀ ਕਿ ਮੇਰੇ ਮਨ ਵਿਚ ਤੇਰੇ ਲਈ ਕਿੰਨਾ ਸਤਿਕਾਰ ਹੈ। ਕੋਈ ਦੂਰ ਰਹਿਣ ਨਾਲ ਸਤਿਕਾਰ ਘਟ ਤਾਂ ਨਹੀਂ ਜਾਂਦਾ, ਵਧ ਭਾਵੇਂ ਜਾਵੇ। ਇਕ ਵਾਰੀ ਚੰਗਾ ਲੱਗ ਕੇ ਕੋਈ ਭੁੱਲ ਥੋੜ੍ਹੀ ਜਾਂਦਾ ਏ?"
ਹੁਣ ਪ੍ਰਭਾ ਦਾ ਚਿਹਰਾ ਨਿਰਜਿੰਦ ਨਹੀਂ ਸੀ ਜਾਪਦਾ। ਉਸ ਦਾ ਸਾਹ ਦੂਰ ਤੱਕ ਸੁਣਿਆ ਜਾ ਸਕਦਾ ਸੀ। ਉਸ ਦੇ ਚਿਹਰੇ 'ਤੇ ਨਿਮਾਣੀ ਜਿਹੀ ਜਿੱਤ ਦਾ, ਨਿਮਾਣਾ ਜਿਹਾ ਨਸ਼ਾ ਸੀ। ਉਸ ਨੇ ਊਸ਼ਾ ਦੇ ਹੱਥਾਂ ਨੂੰ ਚੁੰਮਿਆ ਤੇ ਬੋਲੀ "ਮੈਂ ਤੇਰੀ ਇੱਜ਼ਤ ਦਾ ਭਾਰ ਨਹੀਂ ਚੁੱਕ ਸਕਦੀ ਊਸ਼ਾ। ਤੂੰ ਮੇਰੀ ਇੱਜ਼ਤ ਕਰ ਕੇ ਮੇਰੇ 'ਤੇ ਅਹਿਸਾਨ ਦਾ ਭਾਰ ਸੁੱਟਦੀ ਏਂ। ਤੂੰ ਅਹਿਸਾਨ ਕਰਨ ਦਾ ਵੱਲ ਜਾਣਦੀ ਏਂ ਤੇ ਮੈਂ ਜਾਣਦੀ ਨਹੀਂ। ਪਰ ਇਸ ਦਾ ਭਾਵ ਇਹ ਤਾਂ ਨਹੀਂ ਕਿ ਮੈਂ…," ਕਹਿੰਦੀ ਪ੍ਰਭਾ ਰੁਕ ਗਈ। ਉਸ ਦੇ ਚਿਹਰੇ ਦੀ ਗੰਭੀਰਤਾ ਦੱਸਦੀ ਸੀ ਕਿ ਜੋ ਕੁਝ ਉਸ ਨੇ ਕਿਹਾ ਸੀ, ਉਹ ਉਸ ਦੇ ਗੰਭੀਰ ਨੈਣਾਂ ਦਾ ਗੰਭੀਰ ਸੱਚ ਸੀ। "ਅਸਲ ਵਿਚ ਪਤਾ ਨਹੀਂ ਕਿਉਂ ਮੈਂ ਮਰ ਜਾਣਾ ਚਾਹੁਦੀ ਹਾਂ।" ਏਨਾ ਕਹਿ ਕੇ ਉਹ ਸ਼ਾਂਤ ਅਡੋਲ ਆਪਣੇ ਬਿਸਤਰੇ 'ਤੇ ਲੇਟ ਗਈ, ਜਿਵੇਂ ਮੌਤ ਨੂੰ ਉਡੀਕ ਰਹੀ ਹੋਵੇ।
ਮੈਂ ਉਸ ਦੀ ਚਾਰਪਾਈ 'ਤੇ ਬੈਠ ਗਿਆ। ਫੇਰ ਉਸ ਨੇ ਆਪਣਾ ਹੱਥ ਮੇਰੇ ਹੱਥਾਂ ਵਿਚ ਦੇ ਕੇ ਕਿਹਾ, "ਮਰ ਜਾਣਾ ਕੋਈ ਏਡਾ ਵੱਡਾ ਗੁਨਾਹ ਵੀ ਨਹੀਂ। ਮੈਂ ਤੁਹਾਡੀ ਰਿਣੀ ਹਾਂ, ਤੁਸੀਂ ਮੇਰੀ ਜਾਨ ਬਚਾਉਣ ਵਾਸਤੇ ਏਨੇ ਕਸ਼ਟ ਝੱਲੇ।"
ਤੇ ਫੇਰ ਉਸ ਨੇ ਊਸ਼ਾ ਨੂੰ ਸੰਬੋਧਨ ਕਰ ਕੇ ਆਖਿਆ, "ਤੂੰ ਅਹਿਸਾਨ ਕਰਨ ਦਾ ਵੱਲ ਜਾਣਦੀ ਏਂ, ਮੈਂ ਨਹੀਂ ਜਾਣਦੀ। ਤੇ ਇਸ ਦਾ ਭਾਵ ਇਹ ਤਾਂ ਨਹੀਂ ਕਿ…" ਉਸਨੇ ਦੁਬਾਰਾ ਕੁਝ ਕਹਿਣ ਦਾ ਯਤਨ ਕੀਤਾ ਪਰ ਅਸਫਲ। ਇਸ ਤੋਂ ਅੱਗੇ ਉਸ ਨੇ ਕੁਝ ਨਾ ਕਿਹਾ। ਕੇਵਲ ਮੁਸਕਰਾਈ ਤੇ ਉਸ ਦੀਆਂ ਅੱਖਾਂ ਮੁਸਕਰਾਉਂਦੀਆਂ ਹੀ ਸੌਂ ਗਈਆਂ, ਇਕ ਸਦੀਵੀ ਨੀਂਦ।
ਛਿਣ ਭਰ ਲਈ ਚੁਫੇਰੇ ਚੁੱਪ ਪਸਰ ਗਈ। ਪ੍ਰਭਾ ਦੇ ਠੰਡੇ ਜਿਸਮ ਨੂੰ ਊਸ਼ਾ ਨਿਸਫਲ ਹੀ ਜੱਫੀਆਂ ਪਾਉਂਦੀ ਰਹੀ।
ਇਸ ਤੋਂ ਪਿੱਛੋਂ ਊਸ਼ਾ ਬੜੇ ਸਬਰ ਤੇ ਸੰਤੋਖ ਨਾਲ ਉਠੀ ਅਤੇ ਹਸਪਤਾਲ ਦੇ ਵਰਾਂਡੇ ਵਿਚ ਟਹਿਲਣ ਲੱਗ ਪਈ। ਉਹ ਇੰਜ ਸੰਤੁਸ਼ਟ ਜਾਪਦੀ ਸੀ ਜਿਵੇਂ ਕੋਈ ਅਨਹੋਣੀ ਨਹੀਂ, ਸਗੋਂ ਬਿਲਕੁਲ ਕੁਦਰਤੀ ਘਟਨਾ ਵਾਪਰੀ ਹੋਵੇ। ਜਦੋਂ ਮੈਂ ਪਲ ਕੁ ਭਰ ਪ੍ਰਭਾ ਕੋਲ ਬੈਠ ਕੇ ਬਾਹਰ ਨਿਕਲਿਆ ਤਾਂ ਊਸ਼ਾ ਸੱਜੇ ਪੈਰ ਦਾ ਸੈਂਡਲ ਲਾਹ ਕੇ ਵਰਾਂਡੇ ਦੇ ਫ਼ਰਸ਼ 'ਤੇ ਆਪਣਾ ਅੰਗੂਠਾ ਘੁਮਾ ਰਹੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ