ਪ੍ਰਾਕਥਨ : ਪ੍ਰੋ. ਅਵਤਾਰ ਸਿੰਘ

ਹੂਏ ਨਾਮਵਰ ਬੇਨਿਸ਼ਾਂ ਕੈਸੇ ਕੈਸੇ
ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ
(ਅਮੀਰ ਮਿਨਾਈ)

ਖ਼ੰਜਰ ਚਲੇ ਕਿਸੀ ਪੇ ਤੜਪਤੇ ਹੈਂ ਹਮ ‘ਅਮੀਰ’
ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ।

ਸਮਰਪਣ
ਜ਼ਿੰਦਗੀ ਦੇ ਉਦਾਸ ਰੰਗਾਂ ਨੂੰ

ਸਾਡੀ ਜ਼ਿੰਦਗੀ ਕੁਝ ਸੋਚਾਂ ਤੇ ਸਮਝਾਂ ਦੇ ਜਮ੍ਹਾਂ ਘਟਾਓ ਦਾ ਨਿਚੋੜ ਹੀ ਨਹੀਂ, ਇਹਦੇ ਵਿੱਚ ਕੁਝ ਰੀਝਾਂ ਤੇ ਰਮਜ਼ਾਂ ਦੀਆਂ ਜ਼ਰਬਾਂ ਦਾ ਵਿਸਤਾਰ ਵੀ ਹੈ। ਇੱਥੋਂ ਤੱਕ ਕਿ ਇਹਤੋਂ ਕੁਝ ਉਰੇ ਅਤੇ ਪਰੇ ਵੀ ਹੈ, ਜਿਹਦੇ ਵਿੱਚ ਕੁਝ ਲੋਕਾਂ ਦਾ ਮਿਲਣਾ, ਵਿਛੜਨਾ ਤੇ ਕੁਝ ਘਟਨਾਵਾਂ ਦਾ ਵਾਪਰਨਾ ਤੇ ਨਾ ਵਾਪਰਨਾ ਵੀ ਹੈ, ਜਿਨ੍ਹਾਂ ਨੂੰ ਅਸੀਂ ਚੰਗੇ ਮਾੜੇ ਲੋਕ ਅਤੇ ਅੱਛੇ ਬੁਰੇ ਵਾਕਿਆ ਵਜੋਂ ਯਾਦ ਰਖਦੇ ਹਾਂ। ਸਾਡੇ ਮੁਲੰਕਣ ਦਾ ਤਰੀਕਾ ਅਤੇ ਸਲੀਕਾ ਬੜਾ ਹੀ ਸਰਲ ਹੈ। ਸਾਨੂੰ ਉਹੀ ਇਨਸਾਨ ਤੇ ਉਹੀ ਵਾਕਿਆਤ ਚੰਗੇ ਲੱਗਦੇ ਹਨ, ਜਿਹੜੇ ਕਿਤੇ ਨਾ ਕਿਤੇ ਜਾਂ ਕਿਸੇ ਨਾ ਕਿਸੇ ਤਰਾਂ ਸਾਡਾ ਪੱਖ ਪੂਰਦੇ ਹੋਣ; ਹੋਰਨਾ ਬਾਰੇ ਅਸੀਂ ਅਕਸਰ ਕਹਿ ਦਿੰਦੇ ਹਾਂ ‘ਅਸੀਂ ਕੀ ਲੈਣਾ’।

ਸਾਡੀ ਭਾਸ਼ਾ ਕੋਲ਼ ਕਿਸੇ ਤੱਥ ਦਾ ਮੁਲੰਕਣ ਕਰਨ ਲਈ ਬਹੁਤੇ ਲਫ਼ਜ਼ ਨਹੀਂ। ਕਿਸੇ ਨੂੰ ਅਸੀਂ ਚੰਗਾ ਕਹਿ ਦਿੰਦੇ ਹਾਂ ਤੇ ਕਿਸੇ ਨੂੰ ਮਾੜਾ। ਹੋਰ ਵੀ ਸ਼ਬਦ ਹਨ, ਪਰ ਉਹ ਚੰਗੇ ਮਾੜੇ ਦੇ ਪਰਿਆਏ ਹੀ ਹਨ। ਏਨੇ ਨਾਲ ਗੱਲ ਨਾ ਬਣੇ ਤਾਂ ਇਨ੍ਹਾਂ ਸ਼ਬਦਾਂ ਨਾਲ਼ ਅਸੀਂ ਦੋਹਰੇ ਦੋਹਰੇ ਵਿਸ਼ੇਸ਼ਣ ਜੋੜ ਲੈਂਦੇ ਹਾਂ ਤੇ ਚੰਗਾ ਮਾੜਾ ਬਹੁਤ ਚੰਗਾ ਜਾਂ ਬਹੁਤ ਮਾੜਾ ਹੋ ਜਾਂਦਾ ਹੈ। ਫਿਰ ਵੀ ਕੰਮ ਨਾ ਸਰੇ ਤਾਂ ਬਹੁਤ ਜ਼ਿਆਦਾ ਚੰਗਾ ਤੇ ਬਹੁਤ ਜ਼ਿਆਦਾ ਮਾੜਾ ਕਹਿ ਲਈਦਾ। ਵਿਸ਼ੇਸ਼ਣ ਦੀ ਵਰਤੋਂ ਦਾ ਕੋਈ ਅੰਤ ਨਹੀਂ ਹੁੰਦਾ। ਇਨ੍ਹਾਂ ਦੀ ਗਿਣਤੀ ਏਨੀ ਕੁ ਹੋ ਸਕਦੀ ਹੈ ਕਿ ਬਸ ਏਨਾ ਕੁ ਖਿਆਲ ਰੱਖਣਾ ਹੁੰਦਾ ਹੈ ਕਿ ਗੱਲ ਸਾਡੀ ਸਮਝ ਤੋਂ ਬਾਹਰ ਨਾ ਹੋ ਜਾਵੇ। ਇਸ ਤੋਂ ਅੱਗੇ ਅਸੀਂ ‘ਬਹੁਤ ਅੱਛੇ’, ‘ਵਾਹ ਬਈ ਵਾਹ’, ‘ਕਿਆ ਬਾਤਾਂ’ ਜਾਂ ‘ਕਮਾਲ ਕਮਾਲ’ ਜਹੇ ਮਨੋਭਾਵ ਇਸਤੇਮਾਲ ‘ਚ ਲੈ ਆਉਂਦੇ ਹਾਂ।

ਦਰਅਸਲ ਕਿਸੇ ਤੱਥ ਨੂੰ ਚੰਗਾ ਮਾੜਾ ਕਹਿਣ ਦੇ ਸਾਡੇ ਨਿਜੀ ਅਧਾਰ ਹੁੰਦੇ ਹਨ। ਹਰ ਸਮਾਜਿਕ ਸਮੂਹ ਦੂਸਰਿਆਂ ਦੀ ਨਿਸਬਤ, ਆਪਣੀਆਂ ਰੀਤਾਂ ਰਸਮਾਂ ਤੇ ਵਸਤਾਂ ਨੂੰ ਚੰਗੀਆਂ ਸਮਝਦਾ ਹੈ। ਇਸੇ ਕਰਕੇ ਵੱਖ ਵੱਖ ਸੱਭਿਅਤਾਵਾਂ ਆਪਸ ਵਿੱਚ ਭਿੜ ਪੈਂਦੀਆਂ ਹਨ ਤੇ ਭਿੜਦੀਆਂ ਭਿੜਦੀਆਂ ਗ਼ਰਕ ਹੋ ਜਾਂਦੀਆਂ ਹਨ। ਸਵਾਲ ਉੱਠਦਾ ਹੈ ਕਿ ਕਿਸੇ ਤੱਥ ਨੂੰ ਚੰਗਾ ਮਾੜਾ ਸਾਬਤ ਕਰਨ ਜਾਂ ਮੰਨਣ ਦਾ ਕਿਹੜਾ ਸਿਧਾਂਤ ਹੋਵੇ, ਜਿਹਦੇ ਨਾਲ਼ ਸਾਰੇ ਸਹਿਮਤ ਹੋ ਸਕਣ ਤੇ ਸੱਭਿਅਤਾਵਾਂ ਕਿਸੇ ਸਾਂਝੇ ਸੱਚ ਦੇ ਇਰਦ ਗਿਰਦ ਆਪਸੀ ਭਿੜੰਤ ਤੋਂ ਨਿਜਾਤ ਪਾ ਸਕਣ।

ਇਸ ਸਵਾਲ ਦੇ ਦਾਰਸ਼ਨਿਕ ਪਹਿਲੂ ‘ਤੇ ਨਿਗਾਹ ਮਾਰੀਏ ਤਾਂ ਪੱਛਮੀ ਚਿੰਤਕਾਂ ਨੇ ਬੜੇ ਮਾਰਮਕ ਨੁਕਤੇ ਉਜਾਗਰ ਕੀਤੇ ਹਨ। ਉਨ੍ਹਾਂ ਮੁਤਾਬਕ ਪ੍ਰਕਿਰਤੀ ਵਿੱਚ ਸਿਰਫ਼ ਤੱਥ ਹੁੰਦੇ ਹਨ। ਜਿਵੇਂ ਕੁੜੀ ਤੇ ਮੁੰਡਾ ਕੁਦਰਤ ਦੇ ਦੋ ਤੱਥ ਜਾਂ ਅਸੂਲ ਹਨ, ਪਰ ਇਨ੍ਹਾਂ ਵਿੱਚੋਂ ਕਿਸੇ ਇਕ ਨੂੰ ਪਸੰਦ ਜਾਂ ਨਾਪਸੰਦ ਕਰਨ ਪਿੱਛੇ ਕੋਈ ਪ੍ਰਕਿਰਤਕ ਨਿਯਮ ਜਾਂ ਕੁਦਰਤ ਦਾ ਹੱਥ ਨਹੀਂ ਹੈ, ਬਲਕਿ ਸਾਡੀਆਂ ਸੱਭਿਆਚਾਰਕ ਮਾਨਤਾਵਾਂ, ਇਤਿਹਾਸਕ ਹਕੀਕਤਾਂ, ਆਰਥਿਕ ਮਜਬੂਰੀਆਂ ਤੇ ਮਾਨਸਿਕ ਕਮਜ਼ੋਰੀਆਂ ਹਨ, ਜੋ ਕਿਸੇ ਹਕੀਕਤ, ਅਸੂਲ ਜਾਂ ਤੱਥ ਨੂੰ ਅੱਛੇ ਬੁਰੇ ਅਹਿਸਾਸ ਵਿੱਚ ਜਕੜ ਦਿੰਦੀਆਂ ਹਨ।

ਸਾਡੇ ਸੱਭਿਆਚਾਰ ਵਿੱਚ ਬੱਚੇ ਦੇ ਕੁੜੀ ਮੁੰਡਾ ਹੋਣ ਦੀ ਦੁਫਰਕੀ ਕਿੱਡਾ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਹੈ ਕਿ ਇਨਸਾਨ ਨੇ ਵਿਗਿਆਨ ਨੂੰ ਵੀ ਮਾਂ ਦੀ ਕੁੱਖ ਵਿਚਲੇ ਭਰੂਣ ਦੇ ਮੁੰਡਾ ਕੁੜੀ ਹੋਣ ਦਾ ਪਤਾ ਲਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਸਰਕਾਰਾਂ ਨੂੰ ਇੰਨੀ ਸਖ਼ਤੀ ਕਰਨੀ ਪਈ ਹੈ ਕਿ ਹਰ ਹਸਪਤਾਲ ਵਿੱਚ ਲਿਖ ਕੇ ਲਾਉਣਾ ਲਾਜ਼ਮੀ ਹੋ ਗਿਆ ਕਿ ‘ਇੱਥੇ ਲਿੰਗ ਨਿਰਧਾਰਣ ਟੈਸਟ ਨਹੀਂ ਹੁੰਦਾ’। ਕਾਰਨ ਇਹ ਹੈ ਕਿ ਇਕ ਸ਼ਰੀਫ਼ ਲੜਕੀ ਵੀ ਸਾਡੇ ਸਮਾਜਿਕ ਰੁਤਬੇ ਲਈ ਖ਼ਤਰੇ ਦਾ ਘੁੱਗੂ ਬਣੀ ਰਹਿੰਦੀ ਹੈ ਤੇ ਮੁੰਡਾ ਕਿੰਨਾ ਵੀ ਵਿਗੜਿਆ ਹੋਵੇ ਉਹ ਸਾਡੇ ਸਮਾਜਿਕ ਰੁਤਬੇ ਵਿੱਚ ਗੱਡਿਆ ਖੰਭ ਸਮਝਿਆ ਜਾਂਦਾ ਹੈ।

ਇਤਿਹਾਸਕ ਹਕੀਕਤਾਂ ਬਦਲ ਸਕਦੀਆਂ ਹਨ ਤੇ ਆਰਥਿਕ ਮਜਬੂਰੀਆਂ ਵੀ ਸਦਾ ਇਕੋ ਜਹੀਆਂ ਨਹੀਂ ਰਹਿੰਦੀਆਂ। ਪਰ ਮਾਨਸਿਕ ਕਮਜ਼ੋਰੀਆਂ ਸਾਡਾ ਖਹਿੜਾ ਨਹੀਂ ਛੱਡਦੀਆਂ ਤੇ ਸੱਭਿਆਚਾਰਕ ਮਾਨਤਾਵਾਂ ਤਾਂ ਇਸ ਕਦਰ ਸਾਡੇ ਸੀਰਮੇਂ ‘ਚ ਰਚ ਜਾਂਦੀਆਂ ਹਨ ਕਿ ਅਸਤੀਆਂ ਨਾਲ਼ ਵੀ ਜਲ-ਪ੍ਰਵਾਹ ਨਹੀਂ ਹੁੰਦੀਆਂ; ਬਲਕਿ ਪੁਸ਼ਤ ਦਰ ਪੁਸ਼ਤ ਠੁਮਕ ਠੁਮਕ ਸਾਡੇ ਨਾਲ਼ ਚੱਲਦੀਆਂ ਹਨ।

ਜਰਮਨ ਚਿੰਤਕ ਹੇਗਲ ਨੇ ਸਾਨੂੰ ਦੱਸਿਆ ਕਿ ਮਾਨਵੀ ਸੋਚ ਨਾਗ ਦੀ ਨਿਆਈਂ ਵਲ ਖਾ ਕੇ ਜਾਂ ਪਾ ਕੇ ਅੱਗੇ ਵਧਦੀ ਹੈ। ਸੋਚ ਦੇ ਪਹਿਲੇ ਵਲ਼, ਕਦਮ ਜਾਂ ਗਤੀ ਨੂੰ ਉਹਨੇ ‘ਥੀਸਿਸ’ ਕਿਹਾ, ਦੂਸਰੇ ਨੂੰ ਪਹਿਲੇ ਦੇ ਵਿਪਰੀਤ ਹੋਣ ਕਾਰਨ ‘ਐਂਟੀ ਥੀਸਿਸ’ ਤੇ ਤੀਸਰੇ ਨੂੰ ਪਹਿਲੇ ਦੋਹਾਂ ਦਾ ਸੁਮੇਲ ਹੋਣ ਸਦਕਾ ‘ਸਿੰਥੀਸਿਸ’ ਦਾ ਨਾਂ ਦਿੱਤਾ। ਉਹਨੇ ਆਪਣੇ ਇਸ ਸਿਧਾਂਤ ਤੋਂ ਇਹ ਨਤੀਜਾ ਕੱਢਿਆ ਕਿ ਪਹਿਲਾਂ ਵਾਲ਼ੀ ਸੋਚ ਦੇ ਮੁਕਾਬਲੇ ਬਾਦ ਵਾਲ਼ੀ ਸੋਚ ਦਾ ਸੱਚ ਬਿਹਤਰ ਹੁੰਦਾ ਹੈ। ਇਸੇ ਕਰਕੇ ਮਾਰਕਸੀ ਵਿਚਾਰਾਂ ਦੇ ਧਾਰਣੀ ਸਮੇਂ ਦੇ ਲਿਹਾਜ਼ ਨਾਲ਼ ਨਵੀਂ ਸੋਚ ਵਾਲ਼ੇ ਇਨਸਾਨ ਨੂੰ ਅਗਾਂਹਵਧੂ ਸਮਝਦੇ ਹਨ ਤੇ ਪੁਰਾਣੀ ਸੋਚ ਵਾਲ਼ੇ ਨੂੰ ਪਿਛਾਂਹ ਖਿਚੂ ਸਮਝਕੇ ਬੁਰੀ ਤਰਾਂ ਭੰਢਦੇ ਹਨ। ਉਨ੍ਹਾਂ ਮੁਤਾਬਕ ਸਮੇਂ ਦੇ ਲਿਹਾਜ਼ ਨਾਲ਼ ਨਵੀਂ ਸੋਚ ਹੀ ਬਿਹਤਰ ਹੁੰਦੀ ਹੈ। ਕਿੱਡੀ ਹਾਸੋਹੀਣੀ ਗੱਲ ਹੈ ਕਿ ਤੱਥ ਦੇ ਅੱਛੇ ਬੁਰੇ ਹੋਣ ਦਾ ਸੰਬੰਧ ਸਮੇਂ ਦੇ ਹਿਸਾਬ ਨਾਲ਼ ਅੱਗੇ ਪਿੱਛੇ ਹੋਣ ਨਾਲ਼ ਜੋੜ ਦਿੱਤਾ ਗਿਆ। ਅੱਜ ਦਾ ਤੱਥ, ਸਿਰਫ ਅੱਜ ਦਾ ਹੋਣ ਕਰਕੇ, ਕੱਲ੍ਹ ਦੇ ਤੱਥ ਤੋਂ ਬਿਹਤਰ ਨਹੀਂ ਹੋ ਸਕਦਾ ਤੇ ਇਸੇ ਤਰਾਂ ਕੱਲ੍ਹ ਦਾ ਤੱਥ, ਸਿਰਫ ਕੱਲ੍ਹ ਦਾ ਹੋਣ ਕਰਕੇ, ਅੱਜ ਦੇ ਤੱਥ ਨਾਲ਼ੋਂ ਨਿਕੰਮਾਂ ਨਹੀਂ ਹੋ ਸਕਦਾ।

ਇਹ ਤਾਂ ਕੱਲ੍ਹ ਦੀ ਗੱਲ ਹੈ ਕਿ ਹੇਗਲ ਨੂੰ ਸਮਾਂ ਸੱਪ ਦੀ ਚਾਲ ਚੱਲਦਾ ਨਜ਼ਰ ਆਇਆ। ਸਦੀਆਂ ਪਹਿਲਾਂ ਭਗਵਾਨ ਮਹਾਂਵੀਰ ਨੇ ਵੀ ਸਮੇਂ ਦੀਆਂ ‘ਅਵਸਰਪਨੀ’ ਤੇ ‘ਉਤਸਰਪਨੀ’ ਦੋ ਦਿਸ਼ਾਵਾਂ ਦੱਸੀਆਂ ਸਨ। ‘ਅਵਸਰਪਨੀ’ ਵਿੱਚ ਸਮਾਂ ਅੱਛੇ ਤੋਂ ਬੁਰੇ ਵੱਲ੍ਹ ਡਿਗਦਾ ਹੈ ਤੇ ‘ਉਤਸਰਪਨੀ’ ਵਿੱਚ ਸਮਾਂ ਬੁਰੇ ਤੋਂ ਅੱਛੇ ਵੱਲ ਚੜ੍ਹਾਈ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਵੀ ਸਮੇਂ ਨੂੰ ਸੱਪ ਦੇ ਰੂਪਕ ਵਿੱਚ ਹੀ ਦਰਸਾਇਆ। ‘ਅਵਸਰਪਨੀ’ ਦਾ ਮਤਲਬ ਉਤਰਨ ਵਾਲ਼ੀ ਸੱਪਣੀ ਤੇ ‘ਉਤਸਰਪਨੀ’ ਦਾ ਭਾਵ ਚੜ੍ਹਨ ਵਾਲ਼ੀ ਸੱਪਣੀ। ਇਨ੍ਹਾਂ ਦਰਮਿਆਨ ਸਮੇਂ ਦੇ ਹੋਰ ਵੀ ਕਈ ਮੁਕਾਮ ਦੱਸੇ ਹਨ। ਇਹ ਦੋਹਵੇਂ ਗਤੀਆਂ, ਪ੍ਰਗਤੀਆਂ ਜਾਂ ਦਿਸ਼ਾਵਾਂ ਸੱਤ ਅਸੱਤ ਨੂੰ ਇਕੱਠੇ ਦਰਸਾਉਂਦੀਆਂ ਹਨ, ਜਿਵੇਂ ਘੜੀ ਦੀਆਂ ਸੂਈਆਂ, ਜਿਸ ਰਫਤਾਰ ਨਾਲ਼ ਬਾਰਾਂ ਤੋਂ ਦੂਰ ਜਾ ਰਹੀਆਂ ਹੁੰਦੀਆਂ ਹਨ, ਉਸੇ ਰਫ਼ਤਾਰ ਨਾਲ਼ ਬਾਰਾਂ ਦੇ ਨਜ਼ਦੀਕ ਵੀ ਆ ਰਹੀਆਂ ਹੁੰਦੀਆਂ ਹਨ। ਉਨ੍ਹਾਂ ਦੇ ਜਾਣ ਅਤੇ ਆਉਣ ਦੀ ਗਤੀ ਇਕ ਹੀ ਹੁੰਦੀ ਹੈ।

ਸ਼ੇਸ਼ਨਾਗ ਦੀ ਮਿੱਥ ਵਿੱਚ ਵੀ ਸਮੇਂ ਨੂੰ ਹਜ਼ਾਰਾਂ ਮੂੰਹਾਂ ਤੇ ਦਿਸ਼ਾਵਾਂ ਵਾਲ਼ਾ ਦਰਸਾਇਆ ਗਿਆ ਹੈ। ਜਦ ਸ਼ੇਸ਼ਨਾਗ ਆਪਣੇ ਕੁੰਡਲ਼ ਖੋਲ੍ਹਦਾ ਹੈ ਤਾਂ ਸਮਾਂ ਚੱਲ ਪੈਂਦਾ ਹੈ ਤੇ ਜਦ ਸਮੇਟ ਲੈਂਦਾ ਹੈ ਤਾਂ ਸਮਾਂ ਮੁੜ ਪੈਂਦਾ ਹੈ। ਇੱਥੇ ਵੀ ਸਮੇਂ ਦੀ ਚਾਲ ਤੇ ਮੋੜਾ ਇੱਕ ਹੀ ਦਰਸਾਇਆ ਗਿਆ ਹੈ। ਸ਼ੇਸ਼ਨਾਗ ਦੇ ਹਜ਼ਾਰਾਂ ਸਿਰ ਸਮੇਂ ਦੀ ਬਹੁਪਰਤੀ ਤੇ ਬਹੁਦਿਸ਼ਾਵੀ ਪ੍ਰਗਤੀ ਦਾ ਸੰਕੇਤ ਹਨ। ਦਸਮੇਸ਼ ਜੀ ਨੇ ਵੀ ‘ਚੌਪਈ’ ਵਿੱਚ ਸਮੇਂ ਦੀਆਂ ‘ਉਦਕਰਖ’ ਅਤੇ ‘ਅਕਰਖ’ ਦੋ ਹਾਲਤਾਂ ਜਾਂ ਦਿਸ਼ਾਵਾਂ ਦੱਸੀਆਂ ਹਨ।

ਸਾਡੀ ਸਾਹਿਤ ਪਰੰਪਰਾ ਨੇ ਵੀ ਸੱਤ ਅਤੇ ਅਸੱਤ ਨੂੰ, ਨੇਕੀ ਅਤੇ ਬਦੀ ਨੂੰ ਰਾਮ ਅਤੇ ਰਾਵਣ ਵਜੋਂ ਦੇਖਿਆ। ਇਸ ਕਰਕੇ ਸਾਡਾ ਸਾਹਿਤ ਆਪਣੇ ਪਾਤਰਾਂ ਵਿੱਚੋਂ ਹਮੇਸ਼ਾਂ ਰਾਮ ਅਤੇ ਰਾਵਣ ਨੂੰ ਹੀ ਤਰਾਸ਼ਦਾ ਅਤੇ ਤਲਾਸ਼ਦਾ ਹੈ। ਇਹ ਤਲਾਸ਼ ਅਤੇ ਤਰਾਸ਼ੀ ਇਸ ਕਦਰ ਸਾਡੀ ਮਾਨਸਿਕਤਾ ਦਾ ਹਿੱਸਾ ਬਣੀ ਹੋਈ ਹੈ ਕਿ ਅਸੀਂ ਹਰ ਕਿਸੇ ਨੂੰ ਨੇਕ ਅਤੇ ਬਦ ਜਾਂ ਰਾਮ ਅਤੇ ਰਾਵਣ ਦੇ ਰੂਪ ਵਿੱਚ ਦੇਖਣ ਦੇ ਆਦੀ ਹੋ ਗਏ।

ਨੀਝ ਨਾਲ ਤੱਕਿਆਂ ਭੇਤ ਖੁੱਲ੍ਹਦੇ ਹਨ ਕਿ ਰਾਮ ਅਤੇ ਰਾਵਣ ਇਕੋ ਸਿੱਕੇ ਦੇ ਦੋ ਪਹਿਲੂ ਹਨ। ਹਰ ਕਿਰਦਾਰ ਵਿੱਚ ਰਾਮ ਅਤੇ ਰਾਵਣ ਦੇਖੇ ਜਾ ਸਕਦੇ ਹਨ। ਕੋਈ ਵੀ ਸ਼ਖ਼ਸ ਕਦੀ ਰਾਮ ਹੁੰਦਾ ਹੈ ਤੇ ਕਦੀ ਰਾਵਣ। ਸਾਨੂੰ ਲੱਗਦਾ ਹੈ ਕਿ ਹਰ ਕਿਸੇ ਦੀ ਇਹ ਆਪਣੀ ਚੋਣ ਹੁੰਦੀ ਹੈ ਕਿ ਉਹਨੇ ਕਦ ਰਾਵਣ ਹੋਣਾ ਹੈ ਤੇ ਕਦ ਰਾਮ। ਅਸਲ ਵਿੱਚ ਸਾਡੀ ਵੀ ਚੋਣ ਹੁੰਦੀ ਹੈ ਕਿ ਅਸੀਂ ਕਦ ਕਿਸੇ ਵਿੱਚੋਂ ਰਾਮ ਦੇਖਣਾ ਹੈ ਤੇ ਕਦ ਰਾਵਣ। ਸਾਡੀ ਮਨੋਬਿਰਤੀ ਦੀ ਇਹੀ ਰਾਮਲੀਲ੍ਹਾ ਹੈ।

ਹੁਣ ਸਾਡੇ ਸਾਹਿਤ ਨੇ ਏਨਾ ਕੁ ਵਿਕਾਸ ਕਰ ਲਿਆ ਹੈ ਕਿ ਇਹ ਕਿਸੇ ਇਕੋ ਪਾਤਰ ਵਿੱਚ ਰਾਮ ਅਤੇ ਰਾਵਣ ਨੂੰ ਇਕੱਠਿਆਂ ਦੇਖ ਸਕੇ। ਇਹ ਸਮਰੱਥਾ ਸਾਡੇ ਸਾਹਿਤ ਵਿੱਚ ਤਾਂ ਆ ਰਹੀ ਹੈ, ਪਰ ਦਿਲ ਵਿੱਚ ਨਹੀਂ। ਇਸੇ ਕਰਕੇ ਸਾਹਿਤ ਵਿੱਚ ਦਿਲ ਨੂੰ ਧੂਹ ਪਾਉਣ ਵਾਲ਼ੇ ਪਾਤਰ, ਸਾਨੂੰ ਅਸਲ ਜ਼ਿੰਦਗੀ ‘ਚ ਮਿਲ ਪੈਣ ਤਾਂ ਅਸੀਂ ਦੂਰ ਹੋ ਜਾਂਦੇ ਹਾਂ। ਅਸਲ ਜ਼ਿੰਦਗੀ ਵਿੱਚ ਉਹ ਸਾਡੇ ਨਾਇਕ ਨਹੀਂ ਬਣਦੇ। ਦੇਵਦਾਸ ਸਾਨੂੰ ਫ਼ਿਲਮ ਵਿੱਚ ਹੀ ਚੰਗੇ ਲੱਗਦੇ ਹਨ।

ਅੱਜ ਤੱਕ ਮੈਂ ਜਿਨ੍ਹਾਂ ਲੋਕਾਂ ਨੂੰ ਮਿਲ਼ਿਆ, ਉਨ੍ਹਾਂ ਵਿੱਚ ਬਹੁਤੇ ਲੋਕ ਉਹ ਸਨ, ਜਿਨ੍ਹਾਂ ਨੂੰ ਹਰ ਕੋਈ ਪਸੰਦ ਨਹੀਂ ਸੀ ਕਰਦਾ। ਪਰ ਮੈਨੂੰ ਉਹ ਬਹੁਤ ਚੰਗੇ ਲੱਗਦੇ ਸਨ। ਉਨ੍ਹਾਂ ਦੇ ਅਵਗੁਣ ਵੀ ਗੁਣਾਂ ਵਰਗੇ ਸਨ। ਉਹ ਲੋਕ ਨਿੱਕੇ ਨਿੱਕੇ ਨਾਇਕ ਸਨ, ਜਿਨ੍ਹਾਂ ਨਾਲ਼ ਜੀ ਲਗਦਾ ਸੀ ਤੇ ਮਿਲਣ ਦੀ ਤਾਂਘ ਰਹਿੰਦੀ ਸੀ। ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਜਦ ਵੀ ਮਿਲ਼ੀ ਤਾਂ ਮੇਰੀਆਂ ਅੱਖਾਂ ਭਰ ਆਈਆਂ ਤੇ ਮੈਂ ਕਈ ਕਈ ਵਾਰ ਰੋਇਆ।

ਮੇਰੀਆਂ ਅੱਖਾਂ ‘ਚੋਂ ਵਗੇ ਉਹੀ ਅੱਥਰੂ ਇਸ ਕਿਤਾਬ ਵਿੱਚ ਉਨ੍ਹਾਂ ਲੋਕਾਂ ਦੀ ਕਹਾਣੀ ਬਣ ਗਏ, ਜਿਨ੍ਹਾਂ ਵਿਚੋਂ ਕਿਸੇ ਨੂੰ ਮੈਂ ਬੇਪਨਾਹ ਮੁਹੱਬਤ ਕੀਤੀ, ਕਿਸੇ ਦਾ ਸੰਗ ਮਾਣਿਆਂ ਤੇ ਕਿਸੇ ਦੀ ਸੁਹਬਤ ਲਈ ਤਰਸਦਾ ਰਿਹਾ। ਇਹ ਲੋਕ ਉਹ ਸਨ ਜੋ ਅੱਗ ਦੀਆਂ ਲਪਟਾਂ ਜਾਂ ਮਚਦੇ ਭਾਂਬੜ ਨਾ ਬਣੇ, ਬਲਕਿ ਜੁਗਨੂਆਂ ਦੀ ਤਰਾਂ ਟਿਮਟਿਮਾਉਂਦੇ ਰਹੇ, ਜਿਨ੍ਹਾਂ ਵਿੱਚ ਮਿੰਨ੍ਹੀ ਮਿੰਨ੍ਹੀ ਲੋ ਵੀ ਸੀ, ਮੱਠਾ ਮੱਠਾ ਨਿੱਘ ਵੀ ਸੀ ਤੇ ਮਿੱਠੀ ਮਿੱਠੀ ਅਪਣੱਤ ਵੀ।

ਜ਼ਿੰਦਗੀ ਯਾਦਾਂ ਦੀ ਰੇਲ ਹੈ, ਜਿਹਦੇ ਵਿਚ ਯਾਤਰੀ ਚੜ੍ਹਦੇ ਉਤਰਦੇ ਰਹਿੰਦੇ ਹਨ। ਰੇਲ ਚੱਲਦੀ ਹੀ ਚੰਗੀ ਲੱਗਦੀ ਹੈ; ਰੁਕਦੀ ਹੈ ਤਾਂ ਦਿਲ ਨੂੰ ਡੋਬੂ ਪੈਂਦੇ ਹਨ, ਮਨ ਬੁਝ ਜਾਂਦਾ ਹੈ ਤੇ ਯਾਦਾਂ ਦੇ ਧੂੰਏਂ ਵਿੱਚ ਗੁਆਚ ਜਾਂਦਾ ਹੈ।

ਉੱਚੇ ਅੰਬਰੀ ਉੜਦੇ ਜਹਾਜ਼ ਦੇ ਪਿੱਛੇ, ਜਿਵੇਂ ਧੂਏਂ ਦੀ ਲੀਕ ਵਗਦੀ ਹੈ ਤੇ ਜਿਵੇਂ ਉੜਦੇ ਪੰਛੀ ਆਪਣੇ ਪਿੱਛੇ ਅਦਿੱਖ ਜਹੀਆਂ ਲੀਕਾਂ ਛੱਡਦੇ ਹਨ, ਇਵੇਂ ਇਨਸਾਨ ਵੀ ਆਪਣੇ ਪਿੱਛੇ, ਪਿੱਛੇ ਰਹਿ ਗਿਆਂ ਦੇ ਉਦਾਸ ਹੋਣ ਲਈ, ਯਾਦਾਂ ਦੇ ਧੁੰਦਲ਼ੇ ਪਰਛਾਵੇਂ ਛੱਡ ਜਾਂਦਾ ਹੈ। ਸੰਵੇਦਨਸ਼ੀਲ ਤੇ ਜਜ਼ਬਾਤੀ ਲੋਕ ਇਨ੍ਹਾਂ ਪਰਛਾਵਿਆਂ ਵਿੱਚ ਹੀ ਬੌਰੇ ਹੋਏ ਰਹਿੰਦੇ ਹਨ।

ਜ਼ਿੰਦਗੀ ਦੀ ਕਥਾ ਬੜੀ ਵਚਿੱਤਰ ਹੈ ਤੇ ਸਾਡਾ ਦਿਲ ਕਲਾਇਡੋਸਕੋਪ ਦੀ ਤਰਾਂ ਜ਼ਿੰਦਗੀ ਦੇ ਨਿੱਕੇ ਨਿੱਕੇ ਟੁਕੜਿਆਂ ਨੂੰ ਵਚਿਤਰਤਾ ਬਖ਼ਸ਼ ਦਿੰਦਾ ਹੈ। ਇਹੀ ਟੁਕੜੇ ਹੀ ਜ਼ਿੰਦਗੀ ਹੁੰਦੇ ਹਨ ਜਾਂ ਕਹਿ ਲਉ ਜ਼ਿੰਦਗੀ ਟੁਕੜਿਆਂ ਵਿਚ ਹੀ ਹੁੰਦੀ ਹੈ, ਜੋ ਸਾਡੇ ਦਿਲ ਨੂੰ ਕਲਾਇਡੋਸਕੋਪ ਹੋਣ ਦਾ ਭਰਮ ਬਖ਼ਸ਼ ਦਿੰਦੀ ਹੈ। ਮੈਂ ਆਪਣੀ ਜ਼ਿੰਦਗੀ ਵਿਚ ਇਸ ਹੁਸੀਨ ਭਰਮ ਨੂੰ ਖੂਬ ਪਾਲ਼ਿਆ ਤੇ ਤੁਰ ਗਿਆਂ ਦੇ ਪਰਛਾਵੇਂ ਫੜਨ ਦੀ ਕੋਸ਼ਿਸ਼ ਕਰਦਾ ਰਿਹਾ, ਜਿਵੇਂ ਕੋਈ ਬੱਚਾ ਟਿਮਟਿਮਾਉਂਦੇ ਜੁਗਨੂਆਂ ਪਿੱਛੇ ਦੌੜਦਾ ਹੈ ਜਾਂ ਰੰਗ-ਬਰੰਗੇ ਫੁੱਲਾਂ ‘ਤੇ ਉੱਡਦੀਆਂ ਤਿਤਲੀਆਂ ਨੂੰ ਤੱਕਦਾ ਹੈ। ਇਹ ਪਰਛਾਵੇਂ, ਉਹ ਜੁਗਨੂੰ ਤੇ ਤਿਤਲੀਆਂ ਜਹੇ ਲੋਕ ਮੇਰੀ ਜ਼ਿੰਦਗੀ ਦੇ ਹਾਸਲ ਹਨ।

ਪ੍ਰਾਚੀਨ ਭਾਰਤੀ ਰਾਜੇ ਆਪਣੇ ਦਰਬਾਰ ਦੇ ਚੋਣਵੇਂ ਗੁਣੀ ਜਨਾਂ ਨੂੰ ਰਤਨ ਕਹਿੰਦੇ ਸਨ, ਜਿਨ੍ਹਾਂ ਦੀ ਗਿਣਤੀ ਅਕਸਰ ਨੌਂ ਹੁੰਦੀ ਸੀ ਤੇ ਉਨ੍ਹਾਂ ਨੂੰ ਨਵਰਤਨ ਕਿਹਾ ਜਾਂਦਾ ਸੀ। ਪ੍ਰਾਚੀਨ ਭਾਰਤੀ ਮਿੱਥ ਅਨੁਸਾਰ ਸੁਰਾਂ ਤੇ ਅਸੁਰਾਂ ਨੇ ਰਲ਼ਕੇ ਸਮੁੰਦਰ ਰਿੜਕਿਆ ਸੀ, ਜਿਹਦੇ ਵਿੱਚੋਂ ਚੌਦਾਂ ਰਤਨ ਨਿਕਲ਼ੇ ਸਨ।

ਮੇਰੇ ਸੰਪਰਕ ਵਿੱਚ ਜਿਹੜੇ ਲੋਕ ਆਏ, ਜਿਨ੍ਹਾਂ ਵਿੱਚ ਮੈਨੂੰ ਕੁਝ ਵਿਸ਼ੇਸ਼ ਨਜ਼ਰ ਆਇਆ, ਜਿਨ੍ਹਾਂ ਦੇ ਤੁਰ ਜਾਣ ‘ਤੇ ਮੇਰੇ ਨੇਤਰ ਨਮ ਹੋਏ, ਦਿਲ ਨੂੰ ਡੋਬੂ ਪਏ ਤੇ ਮਨ ਉਦਾਸ ਹੋਇਆ, ਉਹ ਚੌਦਾਂ ਹਨ ਤੇ ਮੇਰੇ ਲਈ ਚੌਦਾਂ ਰਤਨ। ਇਹ ਕਿਸੇ ਰਾਜੇ ਮਹਾਰਾਜੇ ਦੇ ਰਤਨ ਨਹੀਂ ਹਨ, ਨਾ ਕਿਸੇ ਮਿੱਥ ਦਾ ਹਿੱਸਾ ਹਨ, ਇਹ ਮੇਰੇ ਨਿਮਰ ਹਾਸਲ ਹਨ। ਆਉ ਇਸ ਰਤਨਾਵਲੀ ਲਈ ਨੇਤਰ ਨਮ ਕਰੀਏ ਤੇ ਰਤਾ ਉਦਾਸ ਹੋਈਏ ...

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ