Prem (Essay) : Bhai Jodh Singh
ਪ੍ਰੇਮ (ਲੇਖ) : ਭਾਈ ਜੋਧ ਸਿੰਘ
ਇਹ ਪਦ ਲਿਖਣ ਵਿਚ ਤਾਂ ਦੋ ਅੱਖਰਾਂ ਦਾ ਜੋੜ ਤੇ ਨਿੱਕਾ ਜੇਹਾ ਪਦ ਹੈ ਪਰ ਵਰਤੋਂ ਵਿਚ ਇਸ ਦੇ ਸਿੱਟੇ ਵਡੇ ਤੋਂ ਵਡੇ ਤੇ ਅਸਚਰਜ ਤੋਂ ਅਸਚਰਜ ਨਿਕਲਦੇ ਹਨ। ਜੀਵ ਨੂੰ ਆਪਣੇ ਮਾਲਕ ਤਕ ਪੁਚਾਣ ਦਾ ਸਭ ਤੋਂ ਵਡਾ ਵਸੀਲਾ ਇਹ ਹੀ ਦਸਿਆ ਗਿਆ ਹੈ:
"ਸਾਚ ਕਹੌ ਸੁਨ ਲੇਹੁ ਸਬੈ ਜਿਨ ਪ੍ਰੇਮ ਕੀਯੌ ਤਿਨ ਹੀ ਪ੍ਰਭੁ ਪਾਯੋ।"
ਪਰ ਮਨੁਖਾਂ ਦਾ ਆਮ ਕਾਇਦਾ ਹੈ ਕਿ ਜੋ ਪਦ ਉਹ ਬਹੁਤਾ ਵਰਤਦੇ ਹਨ ਉਸ ਦਾ ਅਸਲੀ ਮਤਲਬ ਬਹੁਤ ਘਟ ਸਮਝਦੇ ਹਨ।
ਆਮ ਮਨੁਖਾਂ ਨੇ ਤਾਂ ਪ੍ਰੇਮ ਨੂੰ ਆਪਣੇ ਸੁਆਰਥ ਸਿੱਧ ਕਰਨ ਦਾ ਇਕ ਵਸੀਲਾ ਬਣਾਇਆ ਹੋਇਆ ਹੈ। ਇਕ ਮਨੁਖ ਦੂਜੇ ਨਾਲ ਪ੍ਰੇਮ ਪਾਂਦਾ ਹੈ, ਕਾਹਦੇ ਲਈ? ਮਨੁਖਾਂ ਇਕ ਅਖਾਣ ਬਣਾਇਆ ਹੋਇਆ ਹੈ, "ਮਿਤ੍ਰ ਉਹ ਜੋ ਵੇਲੇ ਸਿਰ ਕੰਮ ਆਵੇ" ਭਾਵ ਇਹ ਕਿ ਕਿਸੇ ਦੂਜੇ ਨਾਲ ਪ੍ਰੇਮ ਇਸ ਲਈ ਪਾਈਦਾ ਹੈ ਕਿ ਜਿਸ ਵੇਲੇ ਸਾਨੂੰ ਕਿਸੇ ਸੰਸਾਰਕ ਵਸਤ ਦੀ ਲੋੜ ਹੋਵੇ ਜਾਂ ਕੋਈ ਅਪਦਾ ਆ ਬਣੇ ਤਾਂ ਉਸ ਮਨੁੱਖ ਦੀ ਜਾਇਦਾਦ ਜਾਂ ਉਸ ਦਾ ਸਰੀਰ ਆਪਣੇ ਪ੍ਰਯੋਜਨ ਦੇ ਸਿਰੇ ਚੜ੍ਹਾਨ, ਲੋੜ ਦੇ ਪੂਰਾ ਕਰਨ ਜਾਂ ਅਪਦਾ ਦੇ ਦੂਰ ਕਰਨ ਲਈ ਵਰਤੀਏ। ਵਾਹ! ਕੇਹਾ ਸੁਹਣਾ ਪ੍ਰੇਮ ਦਾ ਨਕਸ਼ਾ ਹੈ! ਪ੍ਰੇਮ ਕਰਨ ਵਾਲਾ ਆਪਣੇ ਪਿਆਰੇ ਨੂੰ ਵਰਤ ਰਿਹਾ ਹੈ। ਪਰ ਇਸ ਦਾ ਨਾਉਂ ਪ੍ਰੇਮ ਨਹੀਂ, ਇਹ ਤਾਂ ਸੁਆਰਥ ਸਿੱਧੀ ਦਾ ਇਕ ਸ੍ਵਾਂਗ ਹੈ। ਭੰਡ ਨੇ ਰਾਜਾ-ਰੂਪ ਵਟਾਇਆ ਹੋਇਆ ਹੈ। ਸ੍ਵਾਂਗੀ ਰਾਜਾ ਕੋਲੋਂ ਸੁਖ ਕਦੀ ਲੱਭ ਸਕਦਾ ਹੈ? ਇਹ ਪ੍ਰੇਮ ਜਿਸ ਦੀ ਜੜ ਹੇਠਾਂ ਸ੍ਵਾਰਬ ਸਿੱਧੀ ਹੈ, ਨਾ ਤੋੜ ਨਿਭਦਾ ਹੈ ਨਾ ਇਸ ਦੇ ਵਿਚ ਸੁਖ ਹੈ।
"ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ॥
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ॥"
ਅਸਲੀ ਪ੍ਰੇਮ ਦਾ ਪਿਆਲਾ ਕਿਸੇ ਵਿਰਲੇ ਨੇ ਹੀ ਪੀਤਾ ਹੈ ਇਹ ਰਸ ਕਿਸੇ ਵਿਰਲੇ ਨੇ ਜਾਣਿਆ ਹੈ। ਜਿਸ ਨੂੰ ਇਹ ਸ੍ਵਾਦ ਆ ਗਿਆ ਹੈ ਉਸ ਦੇ ਸ੍ਵਾਦ ਅਗੇ:-
"ਗੁਰਮੁਖ ਸੁਖ ਫਲ ਪਿਰਮ ਰਸ ਛਿਆ ਰਸ ਹੈਰਾਣਾ।
ਫਤੀਹ ਅੰਮ੍ਰਿਤ ਤਰਸਦੇ ਵਿਸਮਾਦਿ ਵਿਡਾਣਾ॥
ਨਿਝਰ ਧਾਰਿ ਹਜਾਰ ਹੋਇ ਭੈ ਚਕਤ ਲੁਭਾਣਾ।"
ਛੇ ਰਸ ਸੰਸਾਰ ਦੇ ਤੁਛ ਹਨ। ਛੱਤੀ ਪ੍ਰਕਾਰ ਦੇ ਸ੍ਵਾਦੀ ਭੋਜਨ ਉਸ ਸ੍ਵਾਦ ਨੂੰ ਦੇਖ ਕੇ ਅਸਚਰਜਤਾ ਵਿਚ ਡੁੱਬੇ ਹੋਏ ਹਨ। ਕਦੀ ਹਜ਼ਾਰ ਧਾਰਾਂ ਭੀ ਅੰਮ੍ਰਿਤ ਦੀਆਂ ਵਗਣ ਤਾਂ ਉਹਨਾਂ ਸਾਰੀਆਂ ਦਾ ਸ੍ਵਾਦ ਪ੍ਰੇਮ ਦੇ ਰਸ ਨਾਲ ਨਹੀਂ ਪੁਜ ਸਕਦਾ। ਉਹ ਹੈਰਾਨੀ ਵਿਚ ਗਈਆਂ ਹੋਈਆਂ ਇਸ ਲੋਭ ਵਿਚ ਹਨ ਕਿ ਹੇ ਰੱਬਾ! ਇਹ ਸ੍ਵਾਦ ਕਿਵੇਂ ਸਾਡੇ ਵਿਚ ਭੀ ਆ ਜਾਵੇ। ਪਰ ਅੰਮ੍ਰਿਤ ਜੜ੍ਹ ਹੈ, ਪ੍ਰੇਮ ਚੇਤੰਨ ਹੈ, ਭਲਾ ਬਰਾਬਰ ਕਿਥੋਂ ਹੋਵੇ? ਅਸਲੀ ਪ੍ਰੇਮ ਕੀ ਹੈ? ਇਹ ਕਥਨੀ ਵਿਚ ਨਹੀਂ ਆ ਸਕਦਾ।
"ਗੁਰਮੁਖ ਸੁਖ ਫਲ ਪਿਰਮ ਰਸ ਕਿਉਂ ਆਖ ਵਖਾਣੇ।"
ਲੋਕੀ ਸੁਣ ਸੁਣ ਕੇ ਵਰਣਨ ਕਰਦੇ ਹਨ ਪਰ ਸੁਣਨ ਵਿਚ ਉਹ ਸਵਾਦ ਕਿਥੇ?
"ਸੁਣ ਸੁਣ ਆਖਣ ਆਖਣਾ ਓਹ ਸਾਉ ਨ ਜਾਣੈ।"
ਪ੍ਰੇਮ ਦੀ ਅਵਸਥਾ ਤਾਂ ਹੈ ਹੀ ਅਬੋਲ। ਇਕ ਮਨੁਖ ਤੇ ਤੀਵੀਂ ਜਦ ਪਿਆਰ ਕਰਦੇ ਹਨ ਤਾਂ ਲੋਕਾਂ ਦੀ ਨਜ਼ਰ ਤੋਂ ਆਪਣਾ ਆਪ ਲੁਕਾਂਦੇ ਹਨ। ਅਸਲੀ ਪ੍ਰੇਮ ਦੀ ਨਿਸ਼ਾਨੀ ਹੀ ਇਹ ਹੈ ਕਿ ਪ੍ਰੇਮ ਕਰਨ ਵਾਲਾ ਕਥਨ ਕਰਨੋ ਰਹਿ ਜਾਂਦਾ ਹੈ।
"ਪੀਤੇ ਬੋਲ ਨ ਹੰਘਈ ਆਖਾਣ ਵਖਾਣਾ।"
ਕਿਉਂ?
"ਗਲੀ ਸਾਦ ਨ ਆਵਈ ਜਿਚਰ ਮੁਹੁ ਖਾਲੀ॥
ਮੁਹੁ ਭਰਿਐ ਕਿਉਂ ਬੋਲੀਐ ਰਸ ਜੀਭ ਰਸਾਲੀ"।
ਪ੍ਰੇਮੀ ਰਸ ਲਵੇ ਕਿ ਲੋਕਾਂ ਨੂੰ ਦਸੇ ਕਿ ਆਓ, ਵੇਖੋ, ਮੈਂ ਰਸ ਲੈ ਰਿਹਾ ਹਾਂ, ਮੇਰਾ ਪਿਆਰਾ ਮੈਨੂੰ ਮਿਲ ਰਿਹਾ ਹੈ? ਰਸੀਏ ਨੂੰ ਤਾਂ ਰਸ ਦੀ ਲੋੜ ਹੈ ਇਸ਼ਤਿਹਾਰ ਦੀ ਨਹੀਂ।
ਇਸ ਪਰ ਸਵਾਲ ਉਠਦਾ ਹੈ ਕਿ ਫਿਰ ਅਸੀਂ ਕੀ ਸਮਝੀਏ, ਪ੍ਰੇਮ ਕੀ ਹੈ?
ਇਸ ਦਾ ਜਵਾਬ ਹੈ ਕਿ ਅਸਲੀ ਰੂਪ ਤਾਂ ਅਨੁਭਵ ਕੀਤਿਆਂ ਹੀ ਪਤਾ ਲਗੇਗਾ। ਪਰ ਭਾਈ ਗੁਰਦਾਸ ਜੀ ਇਸ ਦਾ ਕੁਝ ਖ਼ਿਆਲ ਇਕ ਮਸਾਲ ਦੇ ਕੇ ਦਸਦੇ ਹਨ:
"ਪਾਣੀ ਕਾਠ ਨ ਡੋਬਈ ਪ ਲੈ ਦੀ ਲਜੈ। ਸਿਰ ਕਲਵਤ੍ਰ ਧਰਾਇਕੈ ਸਿਰ ਚੜ੍ਹਿਆ ਭਜੈ। ਲੋਹੇ ਜੜੀਐ ਬਹਿਥਾ ਭਾਰ ਭਰ ਨ ਤਜੈ। ਪੇਟੇ ਅੰਦਰ ਅੱਗ ਰਖ ਉਸ ਪੜਦਾ ਕੱਜੈ।"
ਪਾਣੀ ਕਾਠ ਨਾਲ ਪ੍ਰੇਮ ਕਰਦਾ ਹੈ। ਆਪਣੇ ਆਪ ਨੂੰ ਬੂਟੇ ਦਾ ਖਾਜ ਬਣਾਂਦਾ ਹੈ। ਇਹ ਪ੍ਰੇਮ ਦਾ ਅਸਲੀ ਰੂਪ ਹੈ, ਪਿਆਰੇ ਤੋਂ ਆਪਣਾ ਆਪ ਵਾਰ ਸੁਟਣਾ, ਆਪਾ ਘਟਾਣਾ ਪਿਆਰ ਵਧਾਣਾ ਹੈ। ਆਪੇ ਦਾ ਪੂਰਨ ਨਾਸ਼ ਪ੍ਰੇਮ ਦਾ ਪੂਰਨਤਾ ਦਾ ਜ਼ਰੂਰੀ ਚਿਨ੍ਹ ਹੈ। ਬੂਟਾ ਵਡਾ ਹੁੰਦਾ ਹੈ ਪਾਣੀ ਦੇ ਸਿਰ ਤੇ ਫਲਦਾ, ਫੁਲਦਾ ਹੈ। ਫਿਰ ਸੁਕ ਕੇ ਕਾਠ ਬਣ ਜਾਂਦਾ ਹੈ। ਬੂਟੇ ਦੀ ਸ਼ਕਲ ਬਦਲ ਗਈ ਹੈ, ਉਹ ਹਰਾ ਚੁਹ ਚੁਹਾ ਨਹੀਂ ਰਿਹਾ, ਕੀ ਪਾਣੀ ਉਸ ਨੂੰ ਹੁਣ ਲੱਤ ਮਾਰ ਕੇ ਕਹੇ, ਪਰਾਂ ਜਾ, ਤੇਰਾ ਉਹ ਜੋਬਨ ਨਹੀਂ ਰਿਹਾ, ਸਾਡਾ ਤੇਰਾ ਕੀ ਕੰਮ?" ਪਰ ਨਹੀਂ, ਪਾਣੀ ਦਾ ਪ੍ਰੇਮ ਸੱਚਾ ਹੈ। ਉਹ ਕਾਠ ਵਿਚ ਆਪਣੇ ਪਿਆਰੇ ਦੀ ਬਦਲੀ ਹੋਈ ਹਾਲਤ ਵੇਖਦਾ ਹੈ। ਬੇੜੀ ਬਣ ਕੇ ਉਹ ਕਾਠ ਹੁਣ ਪਾਣੀ ਨੂੰ ਹੋਰ ਦੁਖ ਦੇਣਾ ਅਰੰਭਦਾ ਹੈ। ਉਸ ਦੀ ਛਾਤੀ ਤੇ ਭੱਜਾ ਫਿਰਦਾ ਹੈ। ਉਸ ਦੇ ਸਿਰ ਨੂੰ ਕਲਵਤ੍ਰ ਵਾਂਗ ਚਪਿਆਂ ਨਾਲ ਮਾਰਦਾ ਹੈ। ਪਰ ਉਹ ਪਾਣੀ ਪਿਆਰ ਨਿਬਾਹੁੰਦਾ ਹੈ। ਪਿਆਰ ਦਾ ਹੋਰ ਰੂਪ ਲਵੋ! ਲੋਹੇ ਨਾਲ ਪਾਣੀ ਦਾ ਸਦਾ ਵੈਰ ਸੀ, ਉਹ ਸਦਾ ਉਸ ਨੂੰ ਡੋਬ ਦੇਂਦਾ ਸੀ, ਪਰ ਹੁਣ ਲੋਹਾ ਕਾਠ ਨਾਲ ਜੜੀ ਕੇ ਆਇਆ ਹੈ ਪਿਆਰੇ ਦੀ ਓਟ ਲੈ ਕੇ ਆਇਆ ਹੈ। ਪਾਣੀ ਸਾਰਾ ਵੈਰ ਭੁਲ ਗਿਆ ਹੈ, ਕਾਠ ਦੀ ਖ਼ਾਤਰ ਲੋਹੇ ਦਾ ਪੁਰਾਣਾ ਵੈਰ ਭੁਲਾ ਦਿੱਤਾ ਹੈ ਤੇ ਉਸ ਦਾ ਭਾਰ ਵੀ ਹੁਣ ਸਿਰ ਤੇ ਸਹਾਰਦਾ ਹੈ।
ਇਹ ਨਾ ਸਮਝਣਾ ਕਿ ਪਾਣੀ ਦੇ ਵਿਚ ਕਾਠ ਦਾ ਨੁਕਸਾਨ ਕਰਨ ਦੀ ਸ਼ਕਤੀ ਨਹੀਂ। ਸਮੁੰਦਰ ਵਿਚ ਤਾਂ ਬੜਵਾਨਲ ਹੈ। ਪਰ ਪਿਆਰੇ ਦੇ ਸਾਹਮਣੇ ਉਸ ਨੇ ਕੋਈ ਤਾਣ ਦਸਣਾ ਹੈ? ਤਾਣ ਰਖ ਕੇ ਨਿਤਾਣਾ ਹੋਣਾ ਹੀ ਤਾਂ ਪਿਆਰ ਦੀ ਨਿਸ਼ਾਨੀ ਹੈ। ਇਸ ਲਈ ਨੁਕਸਾਨ ਪੁਚਾਣ ਦੀ ਸ਼ਕਤੀ ਰੱਖਦਾ ਹੋਇਆ ਭੀ ਜਰਦਾ ਹੈ। ਪ੍ਰੇਮ ਜੋ ਹੋਇਆ।
ਇਹ ਹੈ ਪ੍ਰੇਮ ਦਾ ਕੁਝ ਰੂਪ, ਜਿਸ ਦੀ ਸਿਖਿਆ ਸਿਖਾਂ ਨੂੰ ਗੁਰੂ ਜੀ ਨੇ ਦਿਤੀ ਹੈ। ਇਹ ਪ੍ਰੇਮ ਹੈ, ਜਿਸ ਨੂੰ ਪਾ ਕੇ ਸਿਖ ਸਭ ਕੁਝ ਵਾਰ ਸੁਟਣਾ ਇਕ ਬਾਲਕ ਦੀ ਖੇਡ ਵਾਂਗ ਜਾਣਦੇ ਸਨ। ਪਰ ਜਦੋਂ ਉਸਤਾਦ ਸਬਕ ਦੇਂਦਾ ਹੈ ਤਾਂ ਨਵਾਂ ਕਾਇਦਾ ਪੜ੍ਹਾਣ ਦਾ ਇਹ ਹੈ ਕਿ ਮੁੰਡਿਆਂ ਦੀ ਸਮਝ ਵਿਚ ਚੰਗੀ ਤਰ੍ਹਾਂ ਖੋਭਣ ਲਈ ਤਜਰਬੇ ਕਰਕੇ ਉਨ੍ਹਾਂ ਨੂੰ ਦੱਸੇ ਜਾਂਦੇ ਹਨ। ਇਹ ਉਹ ਪ੍ਰੇਮ ਹੈ, ਜਿਸ ਦੀ ਸੰਥਾ ਦੇਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਤਨ, ਮਨ, ਧਨ ਵਾਰਿਆ ਤਾਂ ਜੋ ਆਪਣੀ ਪਾਠਸ਼ਾਲਾ ਦੇ ਚਾਟੜਿਆਂ ਦੀਆਂ ਅੱਖਾਂ ਗੋਚਰੇ ਕਰਨ ਭਈ ਇਸ ਦੋ-ਅੱਖਰੇ ਨਾਂਵ ਤੋਂ, ਜਿਸ ਨੂੰ ਉਨ੍ਹਾਂ ਇਤਨੀ ਉੱਚੀ ਪਦਵੀ ਦਿੱਤੀ ਹੈ, ਉਨਾ ਦਾ ਭਾਵ ਕੀ ਹੈ? ਇਸੇ ਪ੍ਰੇਮ ਦੇ ਬਦਲੇ ਪਿਤਾ, ਪੁਤਰ, ਮੁਕਦੀ ਗੱਲ ਸਰਬੰਸ ਵਾਰਨਾ ਉਨ੍ਹਾਂ ਇਕ ਖੱਬੇ ਹੱਥ ਦੀ ਖੇਡ ਸਮਝੀ। ਇਹ ਪ੍ਰੇਮ ਹੈ ਕਿ ਜਿਸ ਨੂੰ ਦਿਲ ਵਿਚ ਵਸਾ ਲਿਆ ਹੈ ਤਾਂ ਉਹ ਕਹਿ ਸਕਦਾ ਹੈ:-
"ਕਹਾ ਭਯ ਜੋ ਦੋਊ ਲੋਚਨ ਮੂੰਦਕੈ ਬੈਠਿ ਰਹਿਓ ਬਕ ਧਿਆਨ ਲਗਾਯੋ।
ਨਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਯੋ ਪਰਲੋਕ ਗਵਾਯੋ।
ਬਾਸ ਕੀਯੋ ਬਿਖਆਨ ਸੌ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਯੋ।
ਸਾਚ ਕਹੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਯੋ ਤਿਨਹੀ ਪ੍ਰਭ ਪਾਯੋ"।
ਹੇ ਜੀਵ! ਇਸ ਜੀਵਣ ਦੇ ਹਾਲ ਤੂੰ ਕਈ ਵੇਰ ਅੱਗੇ ਸੁਣੇ ਹੋਏ ਹਨ, ਕਈ ਵੇਰ ਇਸ ਪ੍ਰੇਮ ਦਾ ਵਰਣਨ ਸੁਣ ਕੇ ਤੂੰ ਹੰਝੂ ਭੀ ਕੇਰੇ ਹੋਣੇ ਹਨ, ਪਰ ਹੰਝੂ ਕੇਰਨ ਦਾ ਕੀ ਲਾਹਾ ਜਦ ਉਸ ਪਿਆਲੇ ਵਿਚੋਂ ਅਜੇ ਬੂੰਦ ਵੀ ਨਸੀਬ ਨਹੀਂ ਹੋਈ? ਮੂੰਹ ਬਣਾਣ ਦਾ ਕੀ ਫਲ ਜਦ ਉਸ ਲਹਿਰ ਵਿਚ ਆਪੇ ਦਾ ਬੇੜਾ ਇਕ ਵਾਰੀ ਵੀ ਨਹੀਂ ਠੇਹਲਿਆ?
ਆ ਪਿਆਰੇ! ਅੱਜ ਫਿਰ ਅਵਸਰ ਹੈ। ਇਸ ਪੀਂਘ ਤੇ ਚੜ੍ਹ ਲੰਮਾ ਹਟਾ ਲੈ ਤਾਂ ਜੋ ਹਉਮੈ ਦਿਸਣੋਂ ਰਹਿ ਜਾਵੇ ਤੇ ਫਿਰ ਵੇਖ ਕੀ ਸਵਾਦ ਆਉਂਦਾ ਹੈ। ਉਲਟੇ ਪਾਸੇ ਨਾ ਚਲੀਂ, ਮਤਾਂ ਕੂੜੀ ਪੰਥ ਉੱਨਤੀ ਪਿਛੇ ਕਿਸੇ ਦਾ ਦਿਲ ਦੁਖਾ ਦੇਵੇਂ, ਮਤਾਂ ਕਿਸੇ ਦੇ ਸਾੜੇ ਸੜੇਂ। ਮਤਾਂ ਕਿਸੇ ਨੂੰ ਕਠੋਰ ਬਚਨ ਬੋਲੇਂ। ਅੱਜ ਪ੍ਰੇਮ ਦੇ ਉਸ ਅਵਤਾਰ ਨੂੰ ਯਾਦ ਕਰ, ਜਿਸ ਨੇ ਬਿਪਤਾ ਝੱਲਣਾ ਹੀ ਸੱਚੀ ਖੁਸੀ ਸਮਝਿਆ, ਆਪਾ ਵਾਰਨਾ ਹੀ ਸੱਚੀ ਪਾਤਿਸ਼ਾਹੀ।
ਬੇਸ਼ਕ ਤੇਰੀ ਸੰਸਾਰਕ ਅਕਲ ਇਹ ਸੁਨੇਹਾ ਸੁਣ ਕੇ
ਚਕਰਾਵੇਗੀ, ਤੈਨੂੰ ਭਾਣਾ ਮੰਨਣਾ ਕਮ-ਹਿੰਮਤੀ,ਸਹਾਰਨਾ ਬੁਜ਼ਦਿਲ
ਤੇ ਆਪਾ ਵਾਰਨਾ ਉੱਕਾ ਨਾਸ਼ ਨਜ਼ਰ ਪਵੇਗਾ । ਪਰ ਇਹ ਉਦੋਂ
ਤਕ ਹੀ ਹੈ, ਜਦ ਤਕ ਕਰਨਾ ਨਹੀਂ ਅਰੰਭਿਆ।
ਪੰਛੀ ਦਾ ਬੱਚਾ ਜਦੋਂ ਜਵਾਨ ਹੁੰਦਾ ਹੈ, ਖੁਲ੍ਹ ਕੇ ਨਹੀਂ ਉਡਦਾ,
ਜ਼ਿਮੀਂ ਤੋਂ ਉਠਦਾ ਹੈ, ਫਿਰ ਡਰ ਕੇ ਹੇਠਾਂ ਆ ਜਾਂਦਾ ਹੈ ਉਸ
ਦਾ ਖਿਆਲ ਹੈ, ਜ਼ਿਮੀਂ ਛੱਡਾਂਗਾ ਤਾਂ ਮਰ ਜਾਵਾਂਗਾ । ਹੇ ਪੰਛੀ!
ਇਹ ਜ਼ਿਮੀਂ ਤੇਰਾ ਅਸਲੀ ਘਰ ਨਹੀਂ ਤੇਰਾ ਵਾਸ ਅਕਾਸ਼
ਵਿਚ ਹੈ। ਇਕੇਰਾਂ ਖੰਭ ਖਿਲਾਰ, ਨਿਡਰ ਹੋ ਕੇ ਉਡਾਰੀ ਲੈ,
ਜਿਉਂ ਉਡੇਂਗਾ ਇਹ ਨਿਰਬਲ ਖੰਭ ਤਕੜੇ ਹੋਣਗੇ । ਅਕਾਸ਼ਾਂ
ਵਿਚ ਰਹਿੰਦਾ ਹੋਇਆ ਫਿਰ ਜ਼ਮੀਨ ਦਾ ਬੀ ਰਸ ਲੈ, ਉਹ ਰਸ
ਕੁਝ ਤੈਨੂੰ ਹੋਰ ਹੀ ਲਭੇਗਾ ।
ਜੀਵ ! ਤੂੰ ਭੀ ਪੰਛੀ ਹੈਂ, ਤੂੰ ਭੁਲ ਨਾਲ ਸਮਝ ਬੈਠਾ ਹੈਂ ਕਿ
ਤੇਰੇ ਖੰਭ ਨਹੀਂ । ਤੈਨੂੰ ਤੇਰੀ ਭੁਲ ਦੱਸਣ ਲਈ ਹੀ ਉਹ ਦੁਨੀਆਂ
ਵਿਚ ਆਇਆ, ਜਿਹੜਾ ਦਿੱਸਣ ਵਿਚ ਤੇਰੇ ਜਿਹਾ ਸੀ, ਪਰ ਖੰਭਾਂ
ਦਾ ਭੀ ਜਾਣੂ ਸੀ।। ਪ੍ਰੇਮ ਦੇ ਹੁਲਾਰੇ ਵਿਚ ਉਡਦਾ ਉਹ ਤੈਨੂੰ ਰਾਹ
ਦਸ ਗਿਆ ਹੈ। ਅੱਜ ਭੋਲਿਆ ! ਇਕੋ ਹੀ ਚਾ ਉਡਾਰੀ ਲੈ,
ਕੇਵਲ ਇਕੋ ਹੀ ।