Prema Baghti (Punjabi Article) : Principal Ganga Singh
ਪ੍ਰੇਮਾ ਭਗਤੀ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ
ਇਹ ਇਕ ਜਗਤ ਪ੍ਰਸਿੱਧ ਸਚਾਈ ਹੈ ਕਿ ਦ੍ਰਿਸ਼ਟਮਾਨ ਜਗਤ ਦੇ ਨਿਜ਼ਾਮ ਨੂੰ ਕੋਈ ਅਦ੍ਰਿਸ਼ਟ ਸੱਤਾ ਚਲਾ ਰਹੀ ਹੈ। ਇਸਦੀ ਅਨੇਕਤਾ ਦੀ ਮਾਲਾ ਦੇ ਮਣਕੇ ਕਿਸੇ ਏਕਤਾ ਦੇ ਧਾਗੇ ਵਿਚ ਪਰੋਏ ਹੋਏ ਹਨ। ਇਸ ਦੇ ਅਣਗਿਣਤ ਰੰਗ ਕਿਸੇ ਬੇਰੰਗ ਦੀ ਝਲਕ ਤੋਂ ਪੈਦਾ ਹੋ ਰਹੇ ਹਨ। ਇਸ ਦਾ ਬੇਚੈਨ ਚਲ ਰਿਹਾ ਪਰਵਾਹ ਕਿਸੇ ਸ਼ਾਂਤ (ਸਕੂਨਤ) ਦੇ ਆਸਰੇ ਹੈ।
ਇਹ ਜੜ੍ਹ ਮਾਦੇ ਦਾ ਪਸਾਰਾ ਕਿਸੇ ਚੇਤਨਤਾ ਦੀ ਨਿਗਰਾਨੀ ਹੇਠ ਹੀ ਕੰਮ ਕਰ ਰਿਹਾ ਹੈ, ਜਿਸ ਕਰਕੇ ਇਸ ਦੇ ਬੁਨਿਆਦੀ ਨਿਯਮ ਬੱਧੇ ਹੋਏ ਇਕਸਾਰ ਚਲ ਰਹੇ ਹਨ। ਇਸ ਦੀਆਂ ਰਾਤਾਂ, ਰੁੱਤਾਂ, ਥਿੱਤਾਂ, ਵਾਰ, ਪਉਣ, ਪਾਣੀ, ਅਗਨੀ ਤੇ ਪਾਤਾਲ ਇਕ ਨਿਯਮ ਵਿਚ ਬੱਧੇ ਜਾ ਰਹੇ ਹਨ:
ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥
(ਜਪੁ ਜੀ ਸਾਹਿਬ, ਪੰਨਾ ੭)
ਇਹ ਨਿਯਮ ਬੰਨ੍ਹਣੇ ਚੇਤਨਤਾ ਦਾ ਹੀ ਕੰਮ ਹੈ। ਜਨਤਾ ਨਿਯਮਬੱਧ ਨਹੀਂ ਹੁੰਦੀ, ਬਾਕਾਇਦਗੀ ਨਹੀਂ ਜਾਣਦੀ, ਤਰਤੀਬ ਵਿਚ ਨਹੀਂ ਤੁਰਦੀ। ਸੰਸਾਰ ਦੇ ਇਸ ਪ੍ਰਤੱਖ ਪਰਮਾਣ ਨੂੰ ਦੇਖ ਕੇ ਹੀ ਇਹ ਮੰਨਣਾ ਪਿਆ ਕਿ ਦ੍ਰਿਸ਼ਟਮਾਨ ਦੇ ਪਿਛੇ ਕੋਈ ਅਦ੍ਰਿਸ਼ਟ ਹੈ। ਨਾ ਵੇਖਿਆ ਜਾਣ ਵਾਲਾ ਹੋਣ ਕਰਕੇ ਹੀ ਉਸ ਦੇ ਨਾਂ ਵੀ ਆਪਣੀ ਥਾਂ ਸਿਆਣਿਆਂ ਨੇ ਕਲਪ ਲਏ, ਕੋਈ ਉਸ ਨੂੰ ਵਿਅਕਤੀਗਤ (Personal) ਤੇ ਕੋਈ ਵਿਅਕਤੀ-ਰਹਿਤ (Impersonal) ਜਾਣ ਆਪਣੇ ਆਪਣੇ ਜਜ਼ਬੇ ਅਨੁਸਾਰ ਸਮਝਣ ਤੇ ਖੋਜਣ ਲੱਗਾ।
ਇਹ ਖੋਜ ਪੈਰੋਂ ਪੈਰ ਡੂੰਘੇਰੀ ਹੁੰਦੀ ਗਈ ਤੇ ਓੜਕ ਖੋਜੀ ਕਿਸੇ ਰਸ ਵਿਚ ਮਸਤ ਹੋ ਚੁਪ ਹੋ ਗਏ। ਜਿਨ੍ਹਾਂ ਨੂੰ ਨਾ ਲੱਭਾ ਉਹਨਾਂ ਮੰਨਣੋਂ, ਤੇ ਜਿਨ੍ਹਾਂ ਨੂੰ ਲੱਭ ਪਿਆ ਉਹਨਾਂ ਕੁਝ ਕਹਿਣੋਂ ਇਨਕਾਰ ਕਰ ਦਿਤਾ। ਅਰਸਤੂ ਜਿਹੇ ਫ਼ਲਸਫ਼ੀ ਅੱਕ ਕੇ ਇਨਕਾਰੀ ਹੋ ਗਏ ਅਤੇ ਕਬੀਰ ਜਿਹੇ ਰਸਕਾਂ ਨੇ ਕੁਝ ਕਹਿਣ ਤੋਂ ਅਸਮਰਥਾ ਪ੍ਰਗਟ ਕੀਤੀ:
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ॥
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥
(ਸਲੋਕ ਕਬੀਰ, ਪੰਨਾ ੧੩੭੦)
ਇਸ ਕਸ਼ਮਕਸ਼ ਦੀ ਦੁਨੀਆ ਨੇ ਕਈ ਫ਼ਲਸਫ਼ੇ, ਮਜ਼ਹਬ, ਸ਼ਰੀਅਤਾਂ ਤੇ ਪੰਥ ਖੜੇ ਕੀਤੇ। ਇਹਨਾਂ ਦੀ ਸਮਝ ਆਪੋ ਆਪਣੀ, ਤਰੀਕੇ ਅੱਡੋ ਅੱਡ ਅਤੇ ਨਿਸ਼ਚੇ ਵਖੋ ਵਖਰੇ ਸਨ, ਪਰ ਨਿਸ਼ਾਨਾ ਅਦ੍ਰਿਸ਼ਟ ਦੀ ਢੂੰਡ ਦਾ ਇਕੋ ਹੋਣ ਕਰਕੇ, ਇਕ ਸਦ ਸਾਰਿਆਂ ਦੇ ਮੂੰਹੋਂ ਨਿਕਲੀ ਕਿ ਉਹ ਭਗਤੀ ਬਿਨਾ ਨਹੀਂ ਪਾਇਆ ਜਾਂਦਾ ਤੇ ਭਗਤੀ ਪ੍ਰੇਮ ਬਿਨਾ ਨਹੀਂ ਹੁੰਦੀ। ਖੋਜੀਆਂ ਦੇ ਇਸ ਸਾਂਝੇ ਫ਼ੈਸਲੇ ਨੂੰ ਰਸਕ ਸ਼ਾਹ-ਸਵਾਰ ਨੇ ਦਮਾਮੇ 'ਤੇ ਚੋਟ ਮਾਰ ਕੇ ਸੁਣਾ ਦਿਤਾ, “ਸਾਰੇ ਸੁਣ ਲੌ! ਮੈਂ ਸਚ ਕਹਿੰਦਾ ਹਾਂ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ।”
ਸਾਚ ਕਹੂੰ ਸੁਨਿ ਲੇਹੁ ਸਭੈ ਜਿਨਿ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ॥
(ਸਵਯੇ ਪਾਤਸ਼ਾਹੀ ੧੦)
ਇਹ ਪ੍ਰੇਮ ਹੀ ਜੀਵਨ ਦਾ ਰਾਜ਼ ਸੀ। ਪ੍ਰਾਣਾਂ ਦੀ ਜੋਤੀ ਇਸ ਦੇ ਆਸਰੇ ਹੀ ਪ੍ਰਜ੍ਵਲਤ ਹੁੰਦੀ। ਇਹ ਕਈਆਂ ਦੇ ਅੰਦਰ ਉਤਸ਼ਾਹ ਬਣ ਕੇ ਖਿੜਦਾ, ਸੰਗੀਤ ਬਣ ਕੇ ਸੁਆਦ ਤੇ ਪੀੜਾਂ ਬਣ ਕੇ ਕਸਕਾਂ ਦੇਂਦਾ, ਅੱਥਰੂ ਬਣ ਤੁਰਦਾ ਤੇ ਗੀਤ ਬਣ ਬੰਸਰੀਆਂ, ਸਾਰੰਗੀਆਂ ਤੇ ਸਰੰਦਿਆਂ ਦੀ ਰਾਹੀਂ ਗਾਇਆ ਜਾਂਦਾ ਰਿਹਾ। ਇਸ ਦਾ ਸਰੂਰ ਸਾਰੇ ਸਰੂਰਾਂ ਤੋਂ ਵਧੇਰੇ ਰਸੀਲਾ, ਇਸ ਦੇ ਸੰਗੀਤ ਦੀ ਮਧੁਰਤਾ ਮਨਮੋਹਣੀ, ਇਸਦੇ ਨਸ਼ੱਈਆਂ ਨੇ ਇਕ ਇਕ ਘੁੱਟ ਤੋਂ ਸਲਤਨਤਾਂ ਵਾਰ ਦਿਤੀਆਂ:
ਬਾਦਸ਼ਾਹਾਂ ਸਲਤਨਤ ਬਿਗਸ਼ਾਤੰਦ ਤਾ ਬਿਆਬੰਦ ਜੁਗ ਅਜ਼ ਮੀਨਾਏ ਇਸ਼ਕ।
(ਮੁਲਾਨਾ ਰੂਮੀ)
ਇਸ ਦੇ ਮਸਤਾਨਿਆਂ ਨੇ ਸੂਲੀਆਂ ਨੂੰ ਸੁਰਾਹੀਆਂ ਜਾਣ ਪੀਤਾ। ਸਲੀਬਾਂ ਕੰਧਿਆਂ 'ਤੇ ਚੁਕ ਟੁਰ ਪਏ, ਜੋ ਸਿਰ ਪਈ ਸਹੀ, ਪਰ ਪਿਛਾਂਹ ਨਾ ਹਟੇ। ਆਖ਼ਰ ਅਜਿਹਾ ਕਿਉਂ ਹੋਇਆ?
ਸੱਚ ਤਾਂ ਇਹ ਹੈ ਕਿ ਕਰਤਾ ਨੇ ਜਗਤ ਦੀ ਕ੍ਰਿਤ ਆਪਣੇ ਆਪ ਵਿਚੋਂ ਕੀਤੀ। ਇਸ ਆਪੇ ਦੇ ਪ੍ਰਕਾਸ਼ ਨੂੰ ਭਾਵੇਂ ‘ਕੁੰਨ’ ਤੋਂ ਕਹੋ ਤੇ ਭਾਵੇਂ ‘ਓਮ’ ਤੋਂ, ਇਹ ਅੱਖਰਾਂ ਦੀ ਗੱਲ ਹੈ ਜੋ ਜੀਭਾਂ ਤੋਂ ਬੋਲੇ ਜਾਂਦੇ ਹਨ। ਇਹਨਾਂ ਵਿਚ ਭੇਦ ਪੈ ਸਕਦਾ ਹੈ ਪਰ ਭਾਵ ਵਿਚ ਭੇਦ ਨਹੀਂ, ਆਪੇ ਤੋਂ ਕੀਤਿਓਸੁ, ਆਪ ਵੇਖਿਓਸੁ ਤਾਂ ਸੋਹਣੀ ਲੱਗੀ। ਸੁੰਦਰ ਟਿਕਾਣਾ ਤੱਕ, ਵਿਚ ਆਪ ਟਿਕ ਬੈਠਾ:
ਨਿਦਾਂ ਨਿਸਤੇਮ ਅਜ਼ ਰੇਜ਼ੇ ਅਜ਼ਲ ਈ ਨਕਸ਼ੇ ਆਦਮ ਰਾ।
ਕਿ ਨੱਕਾਸ਼ ਅਜ਼ ਬਰਾਏ ਬੂਦਨੇ ਖ਼ੁਦ ਖ਼ਾਨਾ ਮੇ ਸ਼ਾਜਦਿ।
(ਭਾਈ ਨੰਦ ਲਾਲ)
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
(ਆਸਾ ਦੀ ਵਾਰ ਮ: ੧, ਪੰਨਾ ੪੬੩)
ਜੀਆਂ ਦਾ ਜੀਵਨ ਹੋ ਗਿਆ:
ਰਾਮ ਗੁਸਈਆ ਜੀਅ ਕੇ ਜੀਵਨਾ
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ॥
(ਗਉੜੀ ਰਵਿਦਾਸ, ਪੰਨਾ ੩੪੫)
ਟਿਕਿਆ ਕੁਲ ਵਿਚ ਤੇ ਸਮਾਇਆ ਹਰ ਅੰਗ ਵਿਚ, ਕੀ ਜਲ, ਕੀ ਥਲ, ਪ੍ਰਿਥਵੀ ਤੇ ਅਕਾਸ਼, ਵਣ ਤ੍ਰਿਣ, ਸਭ ਵਿਚੋਂ ਝਾਤੀਆਂ ਮਾਰਨ ਲੱਗਾ।
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥
ਗਉੜੀ ਸੁਖਮਨੀ ਮ: ੫, ਪੰਨਾ ੨੯੬)
ਇਹ ਲੁਕਣ-ਮੀਚੀ ਵੀ ਸੋਹਣੀ ਸੀ। ਤਾਲਬ ਲਭਦੇ ਤੇ ਮਤਲੂਬ ਹਰ ਪਾਸਿਓਂ ਝਾਤ ਪਾ ਪਾ ਛੁਪ ਜਾਂਦਾ। ਉਹ ਸਰੂ ਦੀ ਉਚਾਈਆਂ ਵਿਚ ਖੜੋਤਾ, ਵਿਛਿਆ ਹੋਇਆ, ਘਾਵਾਂ ਵਿਚ ਲੇਟਿਆ, ਬੁਲਬੁਲ ਵਿਚ ਬੋਲਦਾ ਤੇ ਕਲੀਆਂ ਵਿਚ ਚੁੱਪ ਧਾਰ ਬਣਾਂ 'ਚ ਪਸਰ ਰਿਹਾ ਹੈ:
ਇਸਤਾਦਹ ਸਰਵ ਮੇਂ ਹੈ ਸਬਜ਼ਾ ਮੇਂ ਸੋ ਰਹਾ ਹੈ
ਬੁਲਬੁਲ ਮੇਂ ਨਗ਼ਮਾ ਜ਼ਨ ਹੈ ਖ਼ਾਮੋਸ਼ ਹੈ ਕਲੀ ਮੈਂ।
(ਇਕਬਾਲ)
ਗੱਲ ਕੀ, ਹਰ ਸ਼ੈਅ ਤੇ ਹਰ ਪਾਸੇ ਪਿਆਰ ਬਣ ਕੇ ਵਿਆਪ ਰਿਹਾ ਹੈ। ਉਸ ਦੇ ਨਿਜ ਸਰੂਪ ਨੂੰ ਹੀ ਪ੍ਰੇਮ ਕਿਹਾ ਜਾਂਦਾ ਹੈ:
ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ॥
(ਜਾਪ ਸਾਹਿਬ ਪਾ: ੧੦)
ਉਸਦੀ ਨਿਜ, ਆਤਮ ਜੀਵਨ ਹੈ, ਇਸ ਕਰਕੇ ਜੀਵਨ ਵੀ ਪ੍ਰੇਮ ਦਾ ਹੀ ਦੂਸਰਾ ਨਾਮ ਹੈ। ਜੀਵਨ ਜਿਨ੍ਹਾਂ ਜਿਨ੍ਹਾਂ ਅਵਸਥਾਵਾਂ ਵਿਚੋਂ ਲੰਘਦਾ ਜਾਂਦਾ ਹੈ, ਪ੍ਰੇਮ ਭੀ ਓਹੋ ਓਹੋ ਰੂਪ ਲਈ ਜਾਂਦਾ ਹੈ, ਕੀ ਆਤਮਵਾਦੀ ਤੇ ਕੀ ਵਿਕਾਸਵਾਦੀ, ਜੀਵਨ ਨੂੰ ਦੋਵੇਂ ਪ੍ਰਵਾਹ-ਰੂਪ ਮੰਨਦੇ ਹਨ। ਚੱਕਰ ਨੂੰ ਕਿਸੇ ਇਕ ਮੁਕਾਮ ਤੋਂ ਸ਼ੁਰੂ ਹੋਣਾ ਸਮਝ ਕੇ ਇਕ ਦਾ ਦ੍ਰਿਸ਼ਟੀਕੋਣ ਹੋਰ ਹੈ ਤੇ ਦੂਜੇ ਦਾ ਹੋਰ।
ਮਨਸੂਰ ਪੁਕਾਰਾ ਕੇ ਖ਼ੁਦਾ ਹੂੰ ਮੈਂ
ਬੋਲਾ ਡਾਰਵਿਨ ਕਿ ਬੁਜ਼ਨਾ ਹੁੰ ਮੈਂ
ਸੁਨ ਕੇ ਹਾਤਫ਼ ਨੇ ਕਹਾ ਐ ਦੋਸਤ
ਫ਼ਿਕਰੇ ਹਰ ਕਸ਼ ਬਕਦਰੇ ਹਿੰਮਤੇ ਓਸਤ।
(ਅਕਬਰੀ)
ਆਤਮਵਾਦੀ ਸੁਧ ਬ੍ਰਹਮ ਤੋਂ ਜੀਵਨ ਨੂੰ ਥੱਲੇ ਉਤਰਦਾ ਤਕਦਾ ਹੈ ਤੇ ਵਿਕਾਸਵਾਦੀ ਜੜ੍ਹ ਅਵਸਥਾ ਤੋਂ ਉਤਾਂਹ ਉਠਦੇ ਨੂੰ। ਇਹ ਦੋਹਾਂ ਦੀ ਨਿਗਾਹ ਦਾ ਭੇਦ ਹੈ, ਨਹੀਂ ਤਾਂ ਕੀ ਉਤੋਂ ਥਲੇ ਆਉਣਾ ਤੇ ਕੀ ਥਲਿਓਂ ਉਤਾਂਹ ਜਾਣਾ, ਚੱਕਰ ਵਿਚ ਦੋਵੇਂ ਇੱਕੋ ਹਲਕੇ ਦੇ ਹੀ ਦੋ ਭੇਦ ਹੁੰਦੇ ਹਨ। ਬਹਰ ਸੂਰਤ ਜੀਵਨ ਪ੍ਰਵਾਹ ਦੀ ਤਰ੍ਹਾਂ ਚਲਦਾ ਹੈ, ਮਸਾਫ਼ਰ ਦੀ ਤਰ੍ਹਾਂ ਸਰਾਵਾਂ ਵਿਚ ਰਾਤਾਂ ਗੁਜ਼ਾਰਦਾ ਚਲ ਰਿਹਾ ਹੈ, ਪਰ ਜਿਥੇ ਟਿਕਦਾ, ਹੈ, ਆਪਾ ਪ੍ਰਗਟ ਕਰਦਾ ਹੈ, ਹੋਂਦ ਨੂੰ ਦਰਸਾਂਦਾ ਹੈ। ਇਹ ਆਪੇ ਦੀ ਹੋਂਦ ਦਾ ਦਰਸ਼ਨ ਹੀ ਪ੍ਰੇਮ ਹੈ। ਜਿਸ ਜਿਸ ਡਿਗਰੀ ਤੇ ਜੀਵਨ ਅਪੜਦਾ ਹੈ ਉਸੇ ਤਰ੍ਹਾਂ ਇਹ ਉਤਾਂਹ ਚੜ੍ਹਦਾ ਜਾਂਦਾ ਹੈ। ਜੀਵਨ ਦੀ ਪੂਰਨਤਾ ਪ੍ਰੇਮ ਦੀ ਪੂਰਨ ਅਵਸਥਾ ਹੈ ਜਾਂ ਇਉਂ ਕਹਿ ਲਈਏ, ਪ੍ਰੇਮ ਦੀ ਪੂਰਨ ਅਵਸਥਾ ਵਿਚ ਹੀ ਜੀਵਨ ਦੀ ਸੰਪੂਰਨਤਾ ਹੈ।
ਜੀਵਨ ਭਾਵੇਂ ਅਣਗਿਣਤ ਜਾਮੇਂ ਧਾਰ ਵਿਚਰਦਾ ਹੈ, ਪਰ ਜਗਤ ਦੇ ਮਰਯਾਦਾ ਪ੍ਰਸ਼ੋਤਮ ਸਿਆਣਿਆਂ ਨੇ ਇਸ ਦੇ ਸ਼ਫ਼ਰ ਨੂੰ ਚਹੁੰ ਮੰਜ਼ਲਾਂ ਵਿਚ ਵੰਡ ਦਿਤਾ ਹੈ।
ਭਾਵੇਂ ਇਕ ਮੰਜਲ ਵਿਚ ਕਈ ਪੜਾਅ ਪੈਂਦੇ ਹਨ, ਪਰ ਫਿਰ ਭੀ ਚਾਰ ਸ਼ਰਤਾਂ ਪ੍ਰਧਾਨ ਕਹੀਆਂ ਗਈਆਂ ਹਨ: ਪ੍ਰਕ੍ਰਿਤਕ, ਬਨਸਪਤੀ, ਪਸ਼ੂ ਪੰਛੀ ਤੇ ਮਨੁੱਖਤਾ। ਭਾਵੇਂ ਇਹਨਾਂ ਚੌਹਾਂ ਦੀ ਵੰਡ ਲੰਬੇਰੀ ਹੈ, ਪਰ ਜਗਤ ਦੇ ਚਤੁਰ ਫ਼ਲਸਫ਼ੀ ਬ੍ਰਾਹਮਣ ਨੇ ਉਸ ਨੂੰ ਚੌਰਾਸੀ ਲੱਖ ਕਿਹਾ ਹੈ। ਪਰ ਗਿਣਤੀ (ਚੌਰਾਸੀ ਲੱਖ) ਵੀ ਤਸੱਵਰ ਦੀ ਥਕਾਵਟ ਤੋਂ ਪੈਦਾ ਹੋਈ ਹੈ। ਬੁੱਧੀ ਨੇ ਹਾਰ ਕੇ ਮਨੌਤ ਮੰਨ ਲਈ, ਪਰ ਭਾਵੇਂ ਚੌਰਾਸੀ ਲੱਖ ਮੰਨ ਲਉ ਭਾਵੇਂ ਚੌਰਾਸੀ ਕ੍ਰੋੜ, ਇਹ ਤਾਂ ਅੱਖਰਾਂ ਦੀ ਪਾਬੰਦ ਦੁਨੀਆ ਨੇ ਆਪਣਾ ਵਿਹਾਰ ਚਲਾਉਣ ਲਈ ਸੰਖਿਆ ਬੰਨ੍ਹੀ ਹੈ। ਵਾਸਤਵ ਵਿਚ ਹੈ ਤਾਂ ਬੇਅੰਤ, ਪਰ ਜੀਵਨ ਰੌ ਦੇ ਮਾਹਿਰਾਂ ਨੇ ਵਿਗਿਆਨਿਕ ਨੁਕਤਾ-ਨਿਗਾਹ ਨਾਲ ਇਸ ਦੇ ਚਾਰ ਭੇਦ ਕਾਇਮ ਕਰ ਦਿਤੇ। ਇਹਨਾਂ ਚੌਹਾਂ ਵਿਚ ਜੀਵਨ ਅੱਡੋ ਅੱਡ ਰੂਪ ਲੈਂਦਾ ਹੈ, ਜਿਸ ਕਰਕੇ ਪਿਆਰ ਭੀ ਨਵੇਂ ਨਵੇਂ ਰੂਪ ਵਿਚ ਦਿਸ ਆਉਂਦਾ ਹੈ। ਉਹ ਕਿੱਦਾਂ?
ਜੀਵਨ ਵਿਕਾਸ ਵਿਚ ਮੁਢਲੀ ਪ੍ਰਕ੍ਰਿਤਕ ਅਵਸਥਾ ਧੁੰਧਲੀ ਤੇ ਧੀਮੀ ਜਿਹੀ ਮੰਨੀ ਗਈ ਹੈ। ਬਾਹਰਲਾ ਜਾਮਾ ਭਾਵੇਂ ਇਹ ਹੀ ਹੋਵੇ, ਪਰ ਪ੍ਰੇਮ ਦੀ ਤੜਪ ਵਿਚ ਕਮੀ ਨਹੀਂ। ਪਿਆਰ ਦੀ ਬਿਹਬਲਤਾ, ਮੁਹੱਬਤ ਦੀ ਬੇਚੈਨੀ, ਇਸ਼ਕ ਦੀ ਤੀਬਰਤਾ ਬੜੀ ਸ਼ੋਖ਼ ਦਿਸ ਆਉਂਦੀ ਹੈ। ਆਓ, ਇਸ ਜੀਵਨ ਦੇ ਇਕ ਅਤਿ ਛੋਟੇ ਚਮਤਕਾਰ ਪਾਣੀ ਦੇ ਕਤਰੇ ਵਿਚ ਝਾਤ ਮਾਰੀਏ। ਉਹ ਸ਼ਾਮ ਦੇ ਵੇਲੇ ਜੋ ਚੜ੍ਹਦੇ ਵੱਲ, ਅਸਮਾਨ ਦੇ ਨੀਲੇ ਫ਼ਰਸ਼ 'ਤੇ ਕਾਲਾ ਭੂਰਾ ਜਿਹਾ ਛੱਤਰ ਵਿਛਿਆ ਦਿਸਿਆ ਸੀ, ਖੋਜਿਆਂ ਪਤਾ ਲੱਗਾ ਕਿ ਓਹ ਬੂੰਦਾਂ ਦੀ ਇਕ ਪੰਚਾਇਤ ਜੁੜੀ ਬੈਠੀ ਸੀ। ਉਤਾਵਲੀਆਂ ਬੂੰਦਾਂ, ਕਾਹਲੀਆਂ ਕੁੜੀਆਂ ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਹਿੱਕਾਂ ਵਿਚ ਜੋਸ਼ ਦੇ ਬੜੇ ਬੜੇ ਤੂਫ਼ਾਨ ਉਠ ਰਹੇ ਸਨ, ਇਸ਼ਕ ਇਸ਼ਾਰਿਆਂ ਨਾਲ ਉਛਾਲ ਰਿਹਾ ਸੀ, ਕਿਸੇ ਦੀ ਪ੍ਰੀਤ ਬੇਚੈਨ ਕਰ ਰਹੀ ਸੀ। ਪ੍ਰੀਤਮ, ਫ਼ਰਸ਼ ਦੀਆਂ ਡੂੰਘਾਈਆਂ ਵਿਚ ਬਿਰਾਜਿਆ ਹੋਇਆ ਤੇ ਪ੍ਰੇਮਣਾਂ ਅਕਾਸ਼ ਦੀਆਂ ਉਚਾਈਆਂ ਵਿਚ ਲਟਕ ਰਹੀਆਂ ਸਨ। ਮਿਲਣ ਦੀ ਤਾਂਘ ਤੀਬਰ ਸੀ, ਪਰ ਅਕਾਸ਼ ਦਾ ਲੰਮਾ ਪੈਂਡਾ ਪਰਬਤ ਦੀਆਂ ਚੱਟਾਨਾਂ ਦੀ ਕਰੜਾਈ ਥੱਲੇ ਆਉਣ ਵਾਲੀਆਂ ਨੂੰ ਡਰਾ ਰਿਹਾ ਸੀ। ਸਿਆਣਪ ਕਹਿੰਦੀ ਸੀ– ਠਹਿਰੋਂ, ਤੇ ਸੋਚੋ। ਪ੍ਰੇਮ ਕਹਿੰਦਾ ਸੀ– ਉਠੋ ਤੇ ਤੁਰੋ, ਓੜਕ ਪ੍ਰੇਮ ਅਕਲ ਤੇ ਪ੍ਰਬਲ ਹੋਇਆ।
ਮਤਵਾਲੀਆਂ ਨੇ ਮਤੇ ਪਕਾ ਲਏ, ਇਕਸੁਰ ਹੋ ਬੋਲ ਉਠੀਆਂ ਕਿ ਮਾਹੀ ਦੇ ਦੇਸ ਜ਼ਰੂਰ ਜਾਣਾ ਹੈ। ਰਸ-ਰਹਿਤ ਦਰਸ਼ਕ ਦੁਨੀਆ ਨੇ, ਪ੍ਰੇਮੀਆਂ ਦੀ ਇਕ ਹੋ ਬੋਲੀ ਇਸ਼ਕ ਦੀ ਉਚੇਰੀ ਸਦ ਨੂੰ ਬੱਦਲ ਦੀ ਗਰਜ ਕਿਹਾ। ਬਿਰਹੋਂ ਬਿਜਲੀ ਬਣ ਚਮਕੀ, ਓੜਕ ਸਿਰ ਸੁੱਟੀ ਤੁਰ ਪਈਆਂ। ਅਕਾਸ਼ ਦੀਆਂ ਗਹਿਰਾਈਆਂ, ਹਵਾ ਦੇ ਤੇਜ਼ ਬੁਲ੍ਹਿਆਂ ਤੇ ਚਟਾਨਾਂ ਦੀਆਂ ਸਖ਼ਤੀਆਂ ਨੇ ਚੀਣਾ ਚੀਣਾ ਕਰ ਸੁੱਟਿਆ, ਪਰ ਇਸ਼ਕ ਅੰਗ ਅੰਗ ਵਿਚੋਂ ਜੋਸ਼ ਮਾਰ ਉਠਿਆ, ਉਸ ਨੇ ਜ਼ਿੰਦਗੀ ਦਿਤੀ, ਰਿੜ ਖਿੜ ਇਕੱਠੀਆਂ ਹੋਈਆਂ, ਆਬਸ਼ਾਰਾਂ ਹੋ ਨਦੀਆਂ ਬਣ ਸਾਗਰ ਵੱਲ ਵਹਿ ਤੁਰੀਆਂ। ਚਾਲ ਵਿਚ
ਰਵਾਨੀ ਤੇ ਸ਼ੋਖ਼ੀ ਸੀ ਜੋ ਕਿਸੇ ਦੇ ਰੋਕੇ ਨਾ ਰੁਕੀਆਂ। ਕਿਸੇ ਚੱਕਰਵਰਤੀ ਸਾਹਿਬੇ ਕਿਰਾਨੀ ਸ਼ਹਿਨਸ਼ਾਹ ਦਾ ਰੋਹਬ ਵੀ ਉਹਨਾਂ ਨੂੰ ਨਾ ਰੋਕ ਸਕਿਆ। ਕਿਸੇ ਹੁਸੀਨ ਦੇ ਮਸਤ ਨੈਣ, ਕਿਸੇ ਗਵੱਈਏ ਦੇ ਮਧੁਰ ਬੈਨ, ਦਰੱਖ਼ਤਾਂ ਦੇ ਭਾਰੇ ਤਣੇ, ਪੱਥਰਾਂ ਦੀਆਂ ਵੱਡੀਆਂ ਗੀਟੀਆਂ, ਵੱਟਾਂ-ਬੰਨੇ ਅਤੇ ਘਾਟੀਆਂ ਸਭ ਅਸਰ ਪਾ ਤੇ ਜ਼ੋਰ ਲਾ ਥੱਕੇ ਪਰ ਕਤਰੇ ਦੇ ਛੋਟੇ ਜੀਵਨ ਵਿਚ ਉਪਜੇ ਹੋਏ ਪ੍ਰੇਮ ਨੇ ਕਿਸੇ ਵਲ ਤਵੱਜੋ ਨਾ ਕੀਤੀ, ਕਿਸੇ ਦੀ ਪਰਵਾਹ ਨਾ ਕੀਤੀ। ਉਹ ਮਸਤਾਨਿਆਂ ਵਾਂਗ ਉੱਛਲਦਾ, ਨੱਚਦਾ ਟੱਪਦਾ ਤੁਰਿਆ ਹੀ ਗਿਆ। ਭਲਾ ਹੋਰ ਕਿਸੇ ਨੇ ਕੀ ਰੋਕਣਾ ਸੀ, ਉਸਦੀ ਰਵਾਨੀ ਨੂੰ ਸਮਾਂ ਭੀ ਪ੍ਰਭਾਵਿਤ ਨਾ ਕਰ ਸਕਿਆ। ਸ਼ਾਮਾਂ ਪੈ ਗਈਆਂ, ਦਿਨ ਦੇ ਚਾਨਣ ਨੂੰ ਰਾਤ ਨੇ ਆਪਣੀਆਂ ਜ਼ੁਲਫ਼ਾਂ ਦੇ ਹਨੇਰੇ ਥੱਲੇ ਲੁਕਾ ਲਿਆ, ਉਸ ਦੀਆਂ ਲਿਟਾਂ ਵਿਚੋਂ ਨਿਕਲੀ ਹੋਈ ਨੀਂਦ ਦੀ ਖ਼ੁਸ਼ਬੂ ਨੇ ਕੁਲ ਆਲਮ ਨੂੰ ਮਸਤ ਕਰ ਸੁਲਾ ਦਿਤਾ। ਸਾਜ਼ਿੰਦਿਆਂ ਦੇ ਕੰਧਿਆਂ 'ਤੇ ਸੁਰ ਹੋਏ ਸਾਜ਼ ਟਿਕੇ ਹੀ ਰਹਿ ਗਏ। ਗਵੱਈਆਂ ਦੇ ਮਧੁਰ ਗੀਤ ਤੇ ਨਗ਼ਮੇਂ ਨੀਂਦ ਦੀ ਲੈਅ ਵਿਚ ਲਹਿ ਗਏ। ਸਾਕੀ ਦੇ ਮਹਿੰਦੀ ਰੰਗਲੇ ਹੱਥਾਂ ਵਿਚ ਜਾਮ ਟਿਕੇ ਟਿਕਾਏ ਹੀ ਇਕ ਪਾਸੇ ਡਿਗ ਡੁਲ੍ਹ ਗਏ, ਇਹ ਸਾਰੀ ਮਹਿਫ਼ਲ ਕਿਸ ਨੇ ਮਦਹੋਸ਼ ਕੀਤੀ, ਇਕ ਨੀਂਦ ਦੀ ਜਾਦੂਗਰੀ ਨੇ:
ਸੁਰ ਹੋਏ ਸਾਜ਼ ਤਊਸਾਂ ਤੇ ਰਾਜ਼ ਰਖੇ ਹੀ ਰਹਿ ਜਾਂਦੇ ਨੇ।
ਨਗ਼ਮੇ ਤੇ ਤਾਲ ਤਰਾਨੇ ਸਭ ਜਿਸ ਲੈ ਵਿਚ ਲਹਿ ਜਾਂਦੇ ਨੇ।
ਸਾਕੀ ਦੇ ਰੰਗਲੇ ਹੱਥਾਂ ਤੋਂ ਤਦ ਜਾਮ ਭਰੇ ਢਹਿ ਜਾਂਦੇ ਨੇ।
ਰਸੀਏ ਮਸਨਦ ਤੇ ਬੈਠੇ ਹੀ ਕਿਸ ਵਹਿਣ ਅੰਦਰ ਵਹਿ ਜਾਂਦੇ ਨੇ।
ਕੁਲ ਆਲਮ ਹੀ ਸੁੰਨ ਕਰਦੀ ਏ ਜਿਹੀ ਜਾਦੂ ਛੜੀ ਫਰਾਂਦੀ ਏ।
ਨੀਂਦਰ ਦੀ ਗੋਦੀ ਮਿਠੀ ਏ ਕੁਲ ਆਲਮ ਥਪਕ ਸੁਲਾਂਦੀ ਏ।
(ਕਰਤਾ)
ਪਰ ਇਹ ਕੁਲ ਆਲਮ 'ਤੇ ਛਾ ਜਾਣ ਵਾਲੀ ਨੀਂਦ ਭੀ ਇਸ਼ਕਬਾਜ਼ ਬੂੰਦਾਂ ਨੂੰ ਤੁਰਨੋਂ ਬੰਦ ਨਾ ਕਰ ਸਕੀ। ਰਾਤ ਦੀ ਚੁਪੀਤੀ ਫ਼ਿਜ਼ਾ ਵਿਚ ਇਹਨਾਂ ਬੂੰਦਾਂ ਦੇ ਕਾਫ਼ਲੇ ਦੇ ਇਕ-ਰਸ ਉਚੇ ਉਚੇ ਗੀਤ, ਹਰ ਜਾਗ ਰਹੇ ਅਤੇ ਜਾਗੋ ਮੀਟੇ ਜਾਨਦਾਰ ਨੇ ਸੁਣੇ। ਸ਼ਾਇਰ ਨਦੀ ਦੀ ਇਸ ਇਕ-ਰਸ ਰਵਾਨੀ ਨੂੰ ਤੱਕ ਹੈਰਾਨ ਹੋ ਗਿਆ, ਤੇ ਕਹਿ ਉਠਿਆ, “ਓ ਬੇਚੈਨ ਬੂੰਦਾਂ ਦੀ ਬੇਪਰਵਾਹ ਨਦੀ! ਕੀ ਤੂੰ ਨਹੀਂ ਤੱਕ ਰਹੀ, ਸ਼ਾਮਾਂ ਪੈ ਗਈਆਂ ਨੇ, ਸਾਰੇ ਸੰਸਾਰ ਨੇ ਆਪਣੇ ਕੰਮ ਸਮੇਟ ਲਏ ਨੇ, ਮੁਸਾਫ਼ਰ ਸਰਾਵਾਂ ਦੇ ਸ਼ਾਂਤ ਗੋਸ਼ਿਆਂ ਵਿਚ ਜਾ ਬਿਰਾਜੇ ਨੇ, ਪਰ ਤੂੰ ਕਿਉਂ ਨਹੀਂ ਅਟਕਦੀ, ਸਾਹ ਕਿਉਂ ਨਹੀਂ ਕੱਢ ਲੈਂਦੀ, ਰਾਤ ਦੀ ਰਹਿਮਤ, ਸ਼ਾਂਤੀ ਤੇ ਨੀਂਦ ਵਿਚੋਂ ਹਿੱਸਾ ਕਿਉਂ ਨਹੀਂ ਵੰਡਾ ਲੈਂਦੀ।” “ਨਾਦਾਨ ਕਵੀ”, ਨਦੀ ਨੇ ਕਿਹਾ, “ਜਗਤ ਦੇ ਮੁਸਾਫ਼ਰਾਂ ਦੇ ਪੈਂਡੇ ਤ੍ਰਿਸ਼ਨਾ ਤੋਂ ਪੈਦਾ ਹੋਈਆਂ ਗ਼ਰਜ਼ਾਂ ਦੇ ਆਸਰੇ ਹਨ, ਉਹਨਾਂ ਦੀ ਚਾਲ ਵਿਚ ਤੋਟਾ ਆ ਸਕਦਾ ਹੈ, ਪਰ ਸਾਡਾ ਕਾਫ਼ਲਾ ਸੀਨੇ ਵਿਚ ਖਿੱਚ ਖਾ ਚੁੱਕੇ ਪਾਂਧੀਆਂ ਦਾ ਹੈ। ਇਥੇ ਸੁਸਤਾਉਣ ਕੀ, ਸਾਡੇ ਦਸਤੂਰ ਹੀ ਅਵੱਲੇ ਹਨ:
ਸੀਨੇ ਖਿਚ ਜਿਨ੍ਹਾਂ ਨੇ ਖਾਧੀ ਉਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ।
(ਭਾਈ ਵੀਰ ਸਿੰਘ)
ਦਿਨ ਹੋਏ ਚਾਹੇ ਰਾਤ, ਤੁਰੀ ਹੀ ਜਾਣਾ, ਨਾ ਥੱਕਣਾ, ਨਾ ਠਹਿਰਨਾ ਤੇ ਨਾ ਮੁੜਨਾ, ਇਹ ਤਿੰਨੇ ਸਾਡੇ ਜੀਵਨ ਵਿਚ ਤਾਪ ਸਮਝੇ ਜਾਂਦੇ ਹਨ। ਇਹਨਾਂ ਤੋਂ ਪ੍ਰਭੂ ਬਖ਼ਸ਼ੇ, ਸਾਡੀ ਚਾਲ ਵਿਚ ਅਟਕ ਨਹੀਂ ਹੋ ਸਕਦੀ:
ਇਥੇ ਦਿਨੇ ਤੁਰਨ, ਇਥੇ ਰਾਤ ਤੁਰਨ, ਇਥੇ ਸ਼ਾਮ ਤੁਰਨ,
ਪ੍ਰਭਾਤ ਤੁਰਨ, ਨਹੀਂ ਹੁਟਣ ਅਟਕਣ ਨਾਹਿ ਮੁੜਨ ਇਥੇ
ਤੁਰੀ ਗਿਆਂ ਬਨ ਆਂਦੀ ਏ।
(ਕਰਤਾ)
ਹਾਂ, ਵਸਲ ਵਿਚ ਠਹਿਰਾਓ ਹੋਵੇਗਾ। ਜਿਸ ਵੇਲੇ ਬੂੰਦਾਂ ਦਾ ਇਹ ਪ੍ਰੇਮ-ਰਸ-ਭਿੰਨਾ ਕਾਫ਼ਲਾ ਸਾਗਰ ਦੇ ਸੀਤਲ ਸੀਨੇ ਨੂੰ ਜਾ ਮਿਲੇਗਾ, ਤਦੋਂ ਵਿਸਮਾਦ ਦੀਆਂ ਬੇਹੋਸ਼ੀਆਂ ਵਿਚ, ਨਿਜ ਆਪੇ ਸਮਾਅ ਜਾਣਗੇ ਤੇ ਪੂਰਨ ਅਵਸਥਾ ਆ ਜਾਏਗੀ:
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥
(ਬਿਲਾਵਲੁ ਮ: ੫, ਪੰਨਾ ੮੪੬)
ਜੀਵਨ ਦੀ ਇਸ ਅਵਸਥਾ ਵਿਚ ਪ੍ਰੇਮ-ਪੰਧ ਇਸ ਤਰ੍ਹਾਂ ਹੀ ਨਿਬੜਦਾ ਹੈ। ਏਸੇ ਤਰ੍ਹਾਂ ਹੀ ਜੀਵਨ ਦੀ ਅੰਤਮ ਅਵਸਥਾ ਵਿਚ, ਜੋੜੀ ਵਿਚ ਜੋਤ ਮਿਲੇਗੀ। ਅੱਜ ਪਾਣੀ ਦੀ ਬੂੰਦ ਹੀ ਪਾਣੀ ਦਾ ਸਾਗਰ ਹੈ, ਉਦੋਂ ਕੇਵਲ ਜੀਵਨ ਦੀ ਜੋਤ ਤੇ ਜੋਤੀ ਸਰੂਪ ਸਾਗਰ ਹੋਵੇਗਾ। ਇਹਨਾਂ ਅਵਸਥਾਵਾਂ ਵਿਚ ਭੇਦ ਹੈ ਪਰ ਵਰਤਾਰਾ ਇਕੋ ਹੈ।" ਕਵੀ ਚੁਪ ਕਰ ਗਿਆ। ਕਰਦਾ ਭੀ ਕਿਉਂ ਨਾ, ਪ੍ਰਸ਼ਨ ਜੋ ਗ਼ਲਤ ਪੁੱਛ ਬੈਠਾ ਸੀ। ਆਲਸ ਦੀ ਦੁਨੀਆਂ ਨੂੰ ਉੱਦਮ ਦੇ ਅੰਬਰ ਤੋਂ ਇਹੋ ਹੀ ਉੱਤਰ ਮਿਲਣਾ ਸੀ।
ਇਹ ਤਾਂ ਜ਼ਿਕਰ ਸੀ ਦੁਨੀਆਂ ਦੇ ਇਕ ਅੰਗ ਦਾ, ਪਰ ਇਹ ਪ੍ਰੇਮ-ਸਿੱਕ, ਇਕੱਲੇ ਪਾਣੀ ਦੇ ਕਤਰੇ ਦੀ ਹੀ ਵਿਰਾਸਤ ਨਹੀਂ, ਇਸ ਨੇ ਤਾਂ ਪ੍ਰਕਿਰਤੀ ਦੇ ਜ਼ੱਰੇ ਜ਼ੱਰੇ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿੰਨੀ ਤੇਜ਼ੀ ਨਾਲ ਕਤਰਾ ਸਾਗਰ ਵੱਲ ਵਹਿੰਦਾ ਹੈ, ਉਤਨੀ ਹੀ ਤੀਬਰਤਾ ਨਾਲ ਮਿੱਟੀ ਦਾ ਕੋਈ ਢੇਲਾ ਅਕਾਸ਼ ਵਲੋਂ ਧਰਤੀ ਵੱਲ ਡਿਗਦਾ ਹੈ। ਮਿੱਟੀ ਦੇ ਜ਼ੱਰਿਆਂ ਦੀ ਆਪਣੀ ਧਰਤੀ ਮਾਤਾ ਵੱਲ ਖਿੱਚੇ ਜਾਣ ਦੇ ਜਜ਼ਬੇ ਤੋਂ ਹੀ ਵਿਗਿਆਨਕ ਨੇ ਆਕਰਸ਼ਣ ਸ਼ਕਤੀ (Gravity) ਦਾ ਭੇਦ ਲੱਭਾ ਹੈ। ਡਾਲੀ ਤੋਂ ਟੁਟੇ ਹੋਏ ਧਰਤੀ 'ਤੇ ਬੇਵਸ ਹੋ ਡਿਗਦੇ ਸੇਬ ਨੇ ਹੀ, ਨਿਊਟਨ (Neuton) ਨੂੰ ਦਰਸ਼ਨ ਕਲਾ ਦੀ ਕੁੰਜੀ ਦਿੱਤੀ ਸੀ। ਜ਼ੱਰਿਆਂ ਦੀਆਂ ਇਹ ਪ੍ਰਸਪਰ ਪ੍ਰੇਮ-ਖਿੱਚਾਂ ਹੀ ਬੇਅੰਤ ਸਿਆਰਿਆਂ ਤੇ ਸਿਤਾਰਿਆਂ ਨੂੰ ਆਪਣੀ ਆਪਣੀ ਥਾਂ ਖਲ੍ਹਿਆਰ, ਜਗਤ ਦੀ ਸੁੰਦਰਤਾ ਨੂੰ ਸੰਭਾਲੀ ਖਲੋਤੀਆਂ ਹਨ। ਨਿਰੇ ਮਿੱਟੀ ਦੇ ਜ਼ੱਰਿਆਂ ਤੇ ਗੱਲ ਨਹੀਂ ਮੁੱਕ ਜਾਂਦੀ। ਕੀ ਅੱਗ ਦਾ ਨਿੰਮ੍ਹੇ ਤੋਂ ਨਿੰਮ੍ਹਾ ਸ਼ੋਅਲਾ ਤੇ ਛੋਟੇ ਤੋਂ ਛੋਟਾ ਚੰਗਿਆੜਾ ਸੂਰਜ ਵੱਲ ਛਾਲਾਂ ਨਹੀਂ ਮਾਰਦਾ? ਕੀ ਅੱਗ ਮਚਾਣ ਸਮੇਂ ਸਿਆਣੇ ਇਹ ਨਹੀਂ ਆਖਦੇ ਕਿ ਲੱਕੜੀ ਨੂੰ ਉਲਟਾ ਲਵੋ ਤਾਂ ਜੋ ਅੱਗ ਉਤਾਂਹ ਤਕ ਲਗਦੀ ਜਾਵੇ। ਇਸ ਵਿਚ ਕੋਈ ਬਾਰੀਕੀ ਨਹੀਂ, ਸਾਫ਼ ਤੇ ਸਿੱਧੀ ਗੱਲ ਹੈ, ਲੱਕੜੀ ਸਿਧੀ ਰਹੇ ਭਾਵੇਂ ਉਲਟੀ, ਅੱਗ ਦੇ ਸ਼ੋਅਲੇ ਨੇ ਤਾਂ ਉਤਾਂਹ ਅੰਬਰ ਵਿਚ ਖੜੋਤੇ ਸੂਰਜ ਵੱਲ ਚੜ੍ਹਨਾ ਹੈ। ਉਹ ਸ਼ੋਅਲਿਆਂ ਦਾ ਸੋਹਣਾ ਮਾਹੀ ਜੁ ਹੋਇਆ। ਉਹ ਚੰਗਿਆੜਿਆਂ ਦਾ ਚਮਕੀਲਾ ਮਹਿਬੂਬ ਜੁ ਹੋਇਆ। ਜੋ ਤੜਪ ਪਾਣੀ ਦੇ ਕਤਰਿਆਂ ਵਿਚ ਸਾਗਰ ਲਈ ਤੇ ਜੋ ਤਾਂਘ ਖ਼ਾਕ ਦੇ ਜ਼ੱਰਿਆਂ ਵਿਚ ਧਰਤੀ ਲਈ ਹੈ, ਉਹੋ ਹੀ ਤੀਬਰਤਾ ਚੰਗਿਆੜਿਆਂ ਵਿਚ ਸੂਰਜ ਲਈ ਹੈ। ਇਹ ਖਿੱਚਾਂ, ਤਾਂਘਾਂ ਅਤੇ ਬੇਚੈਨੀਆਂ ਪ੍ਰਕ੍ਰਿਤਕ ਮਾਦੇ ਦੀ ਦੁਨੀਆਂ ਵਿਚ ਜੀਵਨ ਦੇ ਮੁਢਲੇ ਪ੍ਰਕਾਸ਼ ਦੇ ਨਿਸ਼ਾਨ ਹਨ। ਰਸੀਆਂ ਨੇ ਇਹਨਾਂ ਤੋਂ ਸਬਕ ਲੈ ਲੈ ਪ੍ਰੇਮ ਦੀ ਸੰਧਾ ਪਕਾਈ ਹੈ ਤੇ ਕਿਹਾ ਹੈ, ਜਿਸ ਤਰ੍ਹਾਂ ਅੱਗ ਦੇ ਚੰਗਿਆੜੇ, ਅੱਗ ਦੇ ਕੇਂਦਰ ਸੂਰਜ ਵਿਚ, ਧੂੜ ਦੇ ਕਿਣਕੇ ਧੂੜ ਵਿਚ ਅਤੇ ਪਾਣੀ ਦੀਆਂ ਲਹਿਰਾਂ ਸਾਗਰ ਵਿਚ ਸਮਾ ਰਹੀਆਂ ਹਨ, ਏਸੇ ਤਰ੍ਹਾਂ ਹੀ ਵਿਆਪਕ ਜੀਵਨ ਦੇ ਅੰਗ ਅੱਡੋ ਅੱਡ ਹੋ ਕੇ ਓੜਕ ਉਹਦੇ ਵਿਚ ਆ ਮਿਲਣਗੇ।”
ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ
ਨਿਆਰੇ ਨਿਆਰੇ ਹੋਇ ਕੈ ਫੇਰਿ ਆਗ ਮੈ ਮਿਲਾਹਿੰਗੇ।
ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈਂ
ਧੂਰਿ ਕੇ ਕਨੂਕਾ ਫੇਰ ਧੂਰਿ ਹੀ ਸਮਾਹਿੰਗੇ।
ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ
ਪਾਨ ਕੇ ਤਰੰਗ ਸਬੈ ਪਾਨ ਹੀ ਸਮਾਹਿੰਗੇ।
ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਇ
ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿੰਗੇ।
(ਅਕਾਲ ਉਸਤਤਿ, ਪਾਤਸ਼ਾਹੀ ੧੦)
ਹੁਣ ਬਨਸਪਤੀ ਵਿਚ ਨਿਗਾਹ ਮਾਰੋ, ਜੀਵਨ ਨੇ ਦੂਸਰਾ ਰੂਪ ਲਿਆ, ਧਰਤੀ ਵਿਚੋਂ ਸਿਰ ਕਢ ਖਲੋਤਾ, ਧੁੱਪ, ਛਾਂ, ਗਰਮੀ ਤੇ ਸਰਦੀ ਦਾ ਅਸਰ ਵਧੇਰੇ ਮਹਿਸੂਸ ਕਰਨ ਲੱਗਾ, ਪ੍ਰੇਮ ਭੀ ਨਾਲ ਹੀ ਪਲਟ ਖਲੋਤਾ, ਜਾਤ ਨਾ ਜੀਵਨ ਦੀ ਬਦਲੀ, ਨਾ ਪ੍ਰੇਮ ਦੀ, ਰੂਪ ਦੋਹਾਂ ਨੇ ਨਵੇਂ ਲੈ ਲਏ। ਜਿਥੇ ਪਾਣੀ ਵਿਚ ਕਤਰਾ ਤੇ ਸਾਗਰ ਨੇ ਸੀਮਾ ਰਖ ਕੇ ਪ੍ਰੇਮ ਦੀ ਬਾਜ਼ੀ ਸ਼ੁਰੂ ਕੀਤੀ ਸੀ, ਉਥੋਂ ਹੁਣ ਬੀਜ ਤੋਂ ਬੀਜ ਤਕ ਅਪੜਨਾ, ਪਿਆਰ ਲੀਲ੍ਹਾ ਦਾ ਕਰਤੱਬ ਬਣ ਗਿਆ। ਅਸਲ ਵਿਚ ਤਾਂ ਆਪ ਤੋਂ ਆਪ ਵੱਲ ਆਉਣਾ ਹੀ ਸਾਰੀ ਖੇਡ ਸੀ।
ਇਸ ਖੇਡ ਨੂੰ ਖੇਡਣ ਲਈ ਕਿਤਨੇ ਹੀ ਭੇਸ ਵਟਾਣੇ ਪਏ, ਕਿਤਨੀਆਂ ਹੀ ਮੰਜ਼ਲਾਂ ਤਹਿ ਕਰਨੀਆਂ ਪਈਆਂ। ਪਹਿਲਾਂ ਪਿਆਰ ਵਿਚ ਬੀਜ ਨੇ ਛਾਤੀ ਪਾੜੀ, ਉਹ ਕੁਝ ਕਰੜੀ ਸੀ, ਮਿੱਟੀ ਵਿਚ ਦੱਬ ਪੋਲੀ ਕਰ ਲਈ। ਫੁਟੇ ਹੋਏ ਸੀਨੇ ਵਿਚੋਂ ਅੰਗੂਰ ਨਿਕਲਿਆ, ਹਰੀ ਅੰਗੂਰੀ ਤੋਂ ਬੂਟਾ, ਬੂਟਿਓਂ ਫੁੱਲ, ਫੁੱਲ ਤੋਂ ਫਲ ਤੇ ਫਲ ਤੋਂ ਫਿਰ ਬੀਜ ਬਣ ਖੇਡ ਜਾ ਮੁਕੀ। ਇਸ ਪ੍ਰੇਮ-ਲੀਲ੍ਹਾ ਵਿਚ ਜਜ਼ਬੇ ਦਾ ਜੋਸ਼, ਤਾਂਘ ਦੀ ਤੀਬਰਤਾ ਤੇ ਸ਼ੌਕ ਦੀ ਸ਼ੋਖ਼ੀ ਭਰ-ਜੋਬਨ ਵਿਚ ਕਾਇਮ ਰਹੀ, ਮਿਲਾਪ ਦੀਆਂ ਤਾਂਘਾਂ ਨੇ ਹਰ ਮੰਜ਼ਲ ਦੇ ਪੂਰਾ ਕਰਨ 'ਤੇ ਨਵੇਂ ਖੇੜੇ ਦਿਤੇ। ਕਦਮ ਕਦਮ 'ਤੇ ਚਾਅ ਆਏ, ਥਾਂ ਥਾਂ ਤੇ ਖੇੜੇ ਮਿਲੇ, ਸਫਲਤਾ ਦੀਆਂ ਖ਼ੁਸ਼ੀਆਂ ਹਰ ਪਲ ਤੇ ਆਪਣਾ ਪ੍ਰਕਾਸ਼ ਦੇਂਦੀਆਂ ਰਹੀਆਂ।
ਉਹ ਕਦੀ ਡਾਲੀਆਂ ਵਿਚੋਂ ਮਸਤੀ ਬਣ ਝੂੰਮੀਆਂ, ਪੱਤਿਆਂ ਵਿਚੋਂ ਸਬਜ਼ਾ ਬਣ ਲਹਿਰਾਈਆਂ, ਕਰੂੰਬਲਾਂ ਵਿਚੋਂ ਕੋਮਲਤਾ ਬਣ ਲਿਸ਼ਕੀਆਂ, ਕਲੀਆਂ ਵਿਚ ਜੋਬਨ ਹੋ ਉਭਰੀਆਂ, ਫੁੱਲਾਂ ਵਿਚੋਂ ਖ਼ੁਸ਼ਬੂ ਹੋ ਉਡੀਆਂ, ਫਲਾਂ ਵਿਚੋਂ ਰਸ ਬਣ ਸਵਾਦੀ ਲੱਗੀਆਂ ਤੇ ਬੀਜ ਵਿਚ ਨਿੱਜ ਜੀਵਨ ਦਾ ਨਵਾਂ ਰੂਪ ਲੈ, ਲੱਗੀਆਂ ਨੂੰ ਤੋੜ ਨਿਭਾ ਗਈਆਂ।
ਇਸ ਪਿਆਰ ਲੀਲ੍ਹਾ ਵਿਚ ਅਟਕਾਂ ਨੂੰ ਜਿੱਤਣਾ ਪਿਆ, ਰੋਕਾਂ ਨੂੰ ਉਲੰਘਣਾ ਪਿਆ, ਬੇਵਫ਼ਾਂ ਦੀ ਸੰਗਤ ਤੋਂ ਪਰਹੇਜ਼ ਕਰਨਾ ਪਿਆ। ਕਹਿੰਦੇ ਹਨ ਬਨਸਪਤੀ ਦੇ ਜੀਵਨ ਵਿਚ ਪਿਆਰ, ਰਸ-ਭਰੀ ਜੋਬਨ ਮਦਮਤੀ ਚੰਬੇ ਦੀ ਸੁੰਦਰ ਕਲੀ ਦੇ ਪਾਸ, ਭੰਵਰ ਦੀ ਗੁੰਜਾਰ ਨਾ ਪੈਂਦੀ ਤਕ, ਇਕ ਕਵੀ ਨੇ ਉਸ ਤੋਂ ਪੁੱਛਿਆ, “ਬਾਗ਼ ਦੀ ਸਿਰਤਾਜ ਸੁੰਦਰੀ! ਤੂੰ ਬਨਸਪਤੀ ਦੇ ਸਭ ਗੁਣਾਂ ਨਾਲ ਸ਼ਿੰਗਾਰੀ ਹੋਈ ਹੈਂ। ਤੇਰਾ ਰੂਪ ਮਨ-ਮੋਹਣਾ, ਰੰਗ ਨਿੱਖਰਵਾਂ ਤੇ ਸੁਗੰਧੀ ਅਤਿ ਸੁੰਦਰ ਹੈ। ਫਿਰ ਕਾਰਨ ਕੀ ਕਿ ਭੰਵਰ ਤੇਰੇ ਕੋਲ ਨਹੀਂ ਬਹਿੰਦਾ? ਆਪਣੀ ਗੁੰਜਾਰ ਨਾਲ ਤੇਰੇ ਵਿਹੜੇ ਰੌਣਕਾਂ ਕਿਉਂ ਨਹੀਂ ਲਾਉਂਦਾ?”
ਚੰਪਾ ਤੁਝ ਮੇਂ ਤੀਨ ਗੁਣ ਰੂਪ ਰੰਗ ਅਰ ਬਾਸ।
ਇਹ ਅਵਗੁਣ ਕਿਉਂ ਤੁਝ ਵਿਖੇ ਭੰਵਰ ਨਾ ਬੈਠੇ ਪਾਸ।
ਕਲੀ ਨੇ ਮੁਸਕਰਾ ਕੇ ਕਿਹਾ, “ਕਵੀ ਤੂੰ ਨਹੀਂ ਜਾਣਦਾ, ਉਹ ਹਰ ਥਾਂ ਥਾਂ 'ਤੇ ਬਹਿਣ ਵਾਲਾ ਹਰਜਾਈ ਹੈ। ਪ੍ਰੀਤ ਦੀ ਰੀਤ ਤੋਂ ਨਾਵਾਕਫ਼, ਨਿਰੇ ਰੂਪ ਦਾ ਗਾਹਕ, ਤਨ ਨੂੰ ਤਾੜਨ ਵਾਲਾ, ਵਫ਼ਾ ਤੋਂ ਅਨਜਾਣ, ਲੋਭੀ ਕੀੜਾ ਹੈ। ਕੀ ਤੂੰ ਉਸਦੇ ਪੀਲੇ ਤੂੰ ਮੁਖ ਤੋਂ ਕੁਦਰਤ ਦੀ ਦਰਸਾਈ ਹੋਈ ਇਹ ਲਿਖਤ ਨਹੀਂ ਪੜ੍ਹੀ ਕਿ ਇਹ ਬੇਵਫ਼ਾ ਹੈ? ਫਿਰ ਦੱਸ ਅਸੀਂ ਪ੍ਰੀਤ-ਰਸ-ਮੱਤੇ ਲੋਕ, ਅਜਿਹੇ ਬੇਵਫ਼ਾ ਦੇ ਕੁਸੰਗ ਨੂੰ ਕਿਸ ਤਰ੍ਹਾਂ ਸਹਾਰ ਸਕਦੇ ਹਾਂ:
ਮਾਲੀ ਤੋਂ ਇਕ ਦਿਨ ਮੈਂ ਪੁਛਿਆ, ਇਹ ਭੰਵਰੇ ਮਤਵਾਲੇ।
ਫੁਲਾਂ ਦੇ ਆਸ਼ਕ ਫਿਰ ਕਿਉਂ ਨੇ ਮੁਖ ਪੀਲੇ ਤਨ ਕਾਲੇ।
ਆਸ਼ਕ ਨਹੀਂ ਇਹ ਲੋਭੀ ਕੁੰਵਰ ਕਲੀ ਕਲੀ ਰਸ ਮਾਣਨ,
ਮੁਖ ਪੀਲੇ, ਕਾਇਰ ਉਹ ਧੁਰ ਤੋਂ, ਜੋ ਲਾ ਕੇ ਨਾ ਪਾਲੇ।
(ਕਰਤਾ)
ਮੇਰਾ ਰੂਪ, ਰੰਗ ਤੇ ਵਾਸ਼ਨਾ, ਪਿਆਰ ਦੀ ਸਚਾਈ ਦੇ ਆਸਰੇ ਕਾਇਮ ਹਨ। ਸੱਚ ਪੁੱਛੇਂ ਤਾਂ ਸਿਦਕ ਹੀ ਸੁਗੰਧੀ ਬਣ ਕੇ, ਅਹਿੱਲਤਾ ਰਸ ਬਣ ਕੇ ਤੇ ਦ੍ਰਿੜਤਾ ਹੀ ਰੂਪ ਬਣ ਮੇਰੇ ਵਿਚੋਂ ਚਮਕਦੀ ਹੈ, ਫਿਰ ਥਾਂ ਥਾਂ ਦੇ ਭਟਕਣ ਵਾਲੇ ਲੋਭੀਆਂ ਨੂੰ ਕੋਲ ਕੌਣ ਬਹਿਣ ਦੇਵੇ।
ਸਾਜਨ ਮੁਝ ਮੇ ਤੀਨ ਗੁਣ, ਰੂਪ ਰੰਗ ਅਰ ਬਾਸ।
ਜਗ੍ਹਾ ਜਗ੍ਹਾ ਕੇ ਮੀਤ ਕੋ, ਕੌਣ ਬਿਠਾਵੇ ਪਾਸ।
ਇਹ ਪਿਆਰ ਦੀ ਵਿਕਾਸ ਲੀਲ੍ਹਾ, ਇਤਨਾ ਡੂੰਘਾ ਅਸਰ ਰਖਦੀ ਹੈ ਕਿ ਬੂਟੇ ਮੁਆਫ਼ਕ ਪੌਣ-ਪਾਣੀ ਵਾਲੇ ਦੇਸ਼ ਵਿਚ ਵਸਣੋਂ ਇਨਕਾਰ ਕਰ ਦੇਂਦੇ ਹਨ। ਸਾਨੂੰ ਇਕ ਵੇਰ ਨੈਨੀਤਾਲ ਜਾਣ ਦਾ ਇਤਫ਼ਾਕ ਹੋਇਆ, ਗੌਰਮਿੰਟ ਹਾਊਸ ਦੇ ਬਗ਼ੀਚੇ ਵਿਚ ਇਕ ਬੜਾ ਸੁੰਦਰ ਫੁਲ ਖਿੜਿਆ ਹੋਇਆ ਸੀ। ਜਾਂ ਮਾਲੀ ਕੋਲੋਂ ਉਸ ਫੁੱਲ ਦਾ ਬੀਜ ਮੰਗਿਆ ਤਾਂ ਬੂਟਿਆਂ ਦੇ ਮਹਿਰਮ ਮਾਲੀ ਨੇ ਕਿਹਾ, “ਬੀਜ ਤਾਂ ਜੀ ਸਦਕੇ ਲੈ ਜਾਓ, ਪਰ ਇਹ ਬੂਟਾ ਪੰਜਾਬ ਦੇ ਮੈਦਾਨਾਂ ਵਿਚ ਫੁਲੇਗਾ ਨਹੀਂ। ਭਾਵੇਂ ਤਨਾਂ ਦੀ ਦੁਨੀਆ 'ਤੇ ਨਿਗਾਹ ਰੱਖਣ ਵਾਲਾ ਮਾਲੀ ਇਸ ਗੱਲ ਦੇ ਵਿਗਿਆਨਿਕ ਕਾਰਨ ਦੱਸ ਰਿਹਾ ਸੀ, ਪਰ ਰਮਜ਼ਾਂ ਦੇ ਰਾਜ਼ਦਾਰ ਲਈ ਸਾਫ਼ ਪਿਆ ਨਜ਼ਰ ਆਉਂਦਾ ਸੀ ਕਿ ਬੂਟਿਆਂ ਨੂੰ ਉਹੋ ਦੇਸ਼ ਪਿਆਰਾ ਲਗਦਾ ਹੈ, ਜਿਥੇ ਮਾਹੀ ਦਾ ਮਿਲਣ ਸੁਖਾਲਾ ਹੋਵੇ। ਉਸ ਮਿੱਟੀ ਵਿਚ ਹੀ ਟਿਕ ਬਹਿਣਾ ਪਸੰਦ ਕਰਦੇ ਹਨ, ਜਿਸ ਵਿਚੋਂ ਜੀਵਨ-ਯਾਤਰਾ ਦੀ ਸਫਲਤਾ ਵਿਚ ਸਹਾਇਤਾ ਮਿਲ ਸਕੇ। ਕੌਣ ਨਹੀਂ ਜਾਣਦਾ ਕਿ ਕੇਸਰ ਦੇ ਮਨਹਰਨ ਫੁੱਲਾਂ ਨੇ, ਕਸ਼ਮੀਰ ਦੀਆਂ ਕਿਆਰੀਆਂ ਤੋਂ ਬਿਨਾਂ, ਭਾਰਤ ਦੇਸ਼ ਦੀ ਹੋਰ ਕਿਸੇ ਵੀ ਥਾਂ ਨੂੰ ਨਹੀਂ ਕਬੂਲਿਆ।
ਸੰਸਾਰ ਦੀਆਂ ਹੋਰ ਪ੍ਰੀਤ ਲੀਲ੍ਹਾਵਾਂ ਵਾਂਗ ਬਨਸਪਤੀ ਦੁਨੀਆ ਵਿਚ ਵੀ ਨਿਸ਼ਾਨੇ ਤੋਂ ਵਿਛੋੜਨ ਵਾਲੇ ਵੈਰੀ, ਦੋਸਤ ਤੋਂ ਤੋੜ ਦੇਣ ਵਾਲੇ ਦੁਸ਼ਮਣ ਆ ਹੀ ਮਿਲਦੇ ਹਨ। ਪਰ ਹਰ ਮੁਕਾਮ 'ਤੇ ਨਿਸ਼ਾਨੇ ਤੋਂ ਖੁੰਝੇ ਹੋਏ, ਨਿੱਜ ਸਰੂਪ ਤੋਂ ਨਿੱਖੜੇ ਹੋਏ ਤੇ ਪ੍ਰੀਤ ਤੋਂ ਪਰੇ ਹਟੇ, ਬਨਸਪਤੀ ਦੇ ਅੰਗਾਂ ਨੇ ਰਸ-ਹੀਣ ਹੋ ਚੁੱਕੇ ਜਗਤ ਨੂੰ ਦਸਿਆ ਕਿ ਬੇਵਫ਼ਾ ਦਾ ਕੀ ਅੰਤ ਹੁੰਦਾ ਹੈ। ਜਦੋਂ ਆਪਣੇ ਦੰਦਾਂ ਨੂੰ ਚਮਕਾਉਣ, ਸਿਹਤ ਨੂੰ ਸੰਵਾਰਨ ਤੇ ਨੈਣਾਂ ਦੀ ਜੋਤ ਨੂੰ ਜਗਦੀ ਰੱਖਣ ਲਈ, ਖ਼ੁਦਗ਼ਰਜ਼ ਮਨੁੱਖ ਕਿੱਕਰ, ਫਲਾਹ, ਨਿੰਮ, ਸੁਖਚੈਨ ਜਾਂ ਕਿਸੇ ਹੋਰ ਬਿਰਖ ਦੀ ਕੋਮਲ ਲੰਬੀ ਰਸ-ਭਰੀ ਟਹਿਣੀ ਨੂੰ ਕੱਟਣ ਦਾ ਇਰਾਦਾ ਕਰਦਾ ਹੈ ਤਾਂ ਉਹ ਪਹਿਲਾਂ ਉਸਦੀ ਕਿਤਨੀ ਵਡਿਆਈ ਕਰਦਾ ਹੈ। ਸਾਥੀਆਂ ਨੂੰ ਉਸਦੀ ਤਾਰੀਫ਼ ਦੇ ਸੋਹਿਲੇ ਸੁਣਾਦਾ ਤੇ ਮਾਸੂਮ ਟਾਹਣੀਆਂ ਨੂੰ ਇਹ ਆਖ ਕੇ ਕਿ ਇਸ ਬਨਸਪਤੀ ਦੇ ਮਨੋਰਥ ਰਹਿਤ ਜੀਵਨ ਵਿਚੋਂ ਨਿੱਖੜ ਕੇ, ਕਿਸੇ ਹੁਸੀਨ ਦੇ ਦੰਦਾਂ ਦੀ ਸੋਭਾ ਨੂੰ ਵਧਾਉਣ ਦਾ ਕਾਰਨ ਬਣਨਾ, ਤੁਹਾਡੇ ਜੀਵਨ ਨੂੰ ਕਿਤਨਾ ਸਫਲ ਕਰ ਦੇਵੇਗਾ, ਵੱਢ ਲੈਂਦਾ ਹੈ। ਭਾਵੇਂ ਚੁੱਪ ਦੀ ਬੋਲੀ ਬੋਲਣ ਵਾਲੀਆਂ ਲਗਰਾਂ ਉਸ ਨੂੰ ਆਪਣਾ ਮਨ ਨਹੀਂ ਪੜ੍ਹਾ ਸਕਦੀਆਂ, ਇਨਕਾਰ ਦਾ ਨਿਸਚਾ ਨਹੀਂ ਦਿਵਾ ਸਕਦੀਆਂ, ਪਰ ਦੂਜੇ ਦਿਨ ਸੁੱਕ, ਰਸ-ਰਹਿਤ ਹੋ, ਇਹ ਗੱਲ ਦੱਸ ਜਾਂਦੀਆਂ ਹਨ ਕਿ ਉਹਨਾਂ ਨੇ ਆਪਣੀ ਪ੍ਰੀਤ-ਪੰਧ ਦੀ ਚਾਲ ਤੋਂ ਉੱਖੜੇ ਜੀਵਨ ਨਾਲੋਂ ਮਰ ਜਾਣਾ ਚੰਗਾ ਸਮਝਿਆ ਹੈ।
ਜਦੋਂ ਪੈਸਿਆਂ ਦਾ ਲੋਭੀ ਫੁਲੇਰਾ, ਜੋਬਨ-ਮਦਮੱਤੇ ਤੇ ਭੋਲੇ ਫੁੱਲਾਂ ਦੇ ਕੰਨ, ਡਾਲੀ ਦੀ ਚੁਗ਼ਲੀ ਮਾਰਦਾ ਤੇ ਕਹਿੰਦਾ ਹੈ, "ਉੱਚੀ ਸ਼ਾਨ ਵਾਲੇ ਬਾਗ਼ ਦੀ ਰੌਣਕ, ਸੋਹਣਿਓਂ! ਤੁਸੀਂ ਇਸ ਡਾਲੀ ਦੇ ਗ਼ੁਲਾਮ ਕਿਉਂ ਹੋ ਰਹੇ ਹੋ? ਇਸ ਨੂੰ ਸੁਹੱਪਣ ਦੀ ਸਾਰ ਕੀ ਹੈ, ਇਹ ਤੁਹਾਨੂੰ ਕੰਡਿਆਂ ਦੇ ਸਮਾਨ ਹੀ ਖ਼ੁਰਾਕ ਦੇਂਦੀ ਹੈ। ਜਿਧਰ ਨੂੰ ਝੁਕਦੀ ਹੈ, ਨਾਲ ਤੁਹਾਨੂੰ ਝੁਕਾਅ ਦੇਂਦੀ ਹੈ। ਤੱਕਣ ਵਾਲੀ ਦੁਨੀਆ ਤੁਹਾਡੀ ਦਸ਼ਾ ਦੇਖ ਹੱਸ ਕੇ ਕਹਿੰਦੀ ਹੈ ਕਿ ਇਸ ਜਗਤ ਨੂੰ ਪਿੱਛੇ ਲਾਉਣ ਵਾਲੇ ਸੋਹਣੇ ਕਿਸੇ ਦੇ ਪਿੱਛੇ ਕਿਉਂ ਲੱਗ ਤੁਰੇ ਹਨ।”
ਫੁੱਲ ਨੂੰ ਕਿਹਾ ਫੁਲੇਰੇ ਬਾਂਕੀ ਓ ਸ਼ਾਨ ਵਾਲੇ।
ਬਗ਼ੀਚਿਆਂ ਦੀ ਰੌਣਕ ਕੋਮਲ ਜਿਹੀ ਜਾਨ ਵਾਲੇ।
ਹੁਸਨਾਂ ਦੇ ਪਾਤਸ਼ਾਹ ਹੋ, ਹੋ ਮੋਹਣਿਆਂ ਦੇ ਸਾਈਂ,
ਡਾਲੀ ਦੇ ਕਿਉਂ ਹੋ ਤੰਦੇ ਦਿਸਦੇ ਹੋ ਆਨ ਵਾਲੇ।
ਡਾਲੀ ਕੀ ਸਾਰ ਜਾਣੇ ਸੰਗ ਕੰਡਿਆਂ ਦੇ ਪਾਲੇ।
ਇਕੋ ਖੁਰਾਕ ਦੇਂਦੀ ਹੱਸਦੇ ਤਕਾਣ ਵਾਲੇ।
ਡਾਲੀ ਜਿਧਰ ਨੂੰ ਝੁਕਦੀ ਝੁਕਦੇ ਓਧਰ ਤੁਸੀਂ ਵੀ,
ਪਿਛੇ ਕਿਸੇ ਦੇ ਲਗੇ ਪਿਛੇ ਸੀ ਲਾਣ ਵਾਲੇ।
(ਕਰਤਾ)
ਦੂਤੀ ਦੀਆਂ ਗੱਲਾਂ ਸੁਣ ਫੁੱਲ ਨੇ ਪੁੱਛਿਆ, “ਹੇ ਚਤਰ! ਜੇ ਮੈਂ ਡਾਲੀ ਦਾ ਸੰਗ ਛੱਡ ਦਿਆਂ, ਆਪੇ ਤੋਂ ਵਿਛੜਾਂ ਤਾਂ ਮੇਰਾ ਠਿਕਾਣਾ ਕਿੱਥੇ।” ਚਲਾਕ ਫੁਲੇਰੇ ਨੇ ਸਮਝਿਆ ਮੇਰਾ ਕੰਮ ਬਣ ਗਿਐ, ਉਸਤਤ ਨੇ ਭੋਲੇ ਫੁੱਲ ਨੂੰ ਉਖੇੜ ਸੁੱਟਿਆ, ਵਡਿਆਈ ਦੇ ਵਹਿਣ ਵਿਚ ਵਹਿ ਤੁਰਿਆ ਹੈ। ਇੱਕ ਧੱਕਾ ਹੋਰ ਮਾਰਾਂ, ਇਹ ਸੋਚ ਕਹਿਣ ਲਗਾ, “ਹੁਸੀਨਾਂ ਨੂੰ ਠਿਕਾਣਿਆਂ ਦੀ ਕੀ ਥੁੜ। ਰਸਕ, ਦੁਨੀਆਂ ਦੇ ਬਜ਼ਾਰ ਵਿਚ ਜੋਬਨ ਦੀ ਖ਼ਰੀਦਾਰੀ ਲਈ ਧਨ ਦੀਆਂ ਥੈਲੀਆਂ ਫੜੀ ਫਿਰਦੇ ਹਨ। ਤੇਰਾ ਮੁੱਲ ਭਾਰਾ ਪਵੇਗਾ, ਤੂੰ ਜ਼ੇਵਰ ਬਣ ਸੋਹਲਾਂ ਦੀਆਂ ਕਲਾਈਆਂ ਤੇ ਜੋਬਨਵੰਤੀਆਂ ਦੀਆਂ ਛਾਤੀਆਂ ਤੇ ਟਿਕੇਂਗਾ। ਸੇਜ ਤੇ ਵਿਛ, ਤਨਾਂ ਨੂੰ ਗਲਵਕੜੀਆਂ ਪਾਏਂਗਾ, ਜਿਨ੍ਹਾਂ ਦੀ ਤਾਂਘ ਵਿਚ ਕਈ ਤੜਪ ਮੋਏ। ਏਥੇ ਹੀ ਬੱਸ ਨਹੀਂ, ਮੰਦਰਾਂ ਵਿਚ ਚੜ੍ਹ ਇਸ਼ਟ ਦੇਵਤਾ ਦੇ ਸਿਰ 'ਤੇ ਜਾ ਟਿਕੇਂਗਾ।"
ਚਲ ਖਾਂ ਪਰੇ, ਸਜਾ ਕੇ, ਜ਼ੇਵਰ ਤੇਰੇ ਬਣਾਵਾਂ।
ਫਿਰ ਪਾ ਕੇ ਛਾਬੇ ਅੰਦਰ ਤੇਰਾ, ਮੈਂ ਮੁਲ ਪੁਆਵਾਂ।
ਪਰੀਆਂ ਤੇ ਅਪਛਰਾਂ ਦੀ ਸੇਜੀਂ ਤੂੰ ਜਾ ਚੜ੍ਹੇਂਗਾ।
ਸੁਣ ਸੋਹਣਿਆਂ, ਮੈਂ ਤੈਨੂੰ, ਗਲ ਸੋਹਣਿਆਂ ਦੇ ਲਾਵਾਂ।
ਮੰਦਰ ਪੁਜਾਰੀਆਂ ਨੂੰ ਦੇਸਾਂ ਮੈਂ ਤੇਰਾ ਢੋਆ,
ਭਗਤਾਂ ਦੇ ਸਿਰ ਦੇ ਠਾਕਰ, ਉਹਨਾਂ ਦੇ ਸਿਰ ਚੜ੍ਹਾਵਾਂ।
ਜਦ ਖ਼ੁਦਗ਼ਰਜ਼, ਖ਼ੁਸ਼ਾਮਦੀ ਤੇ ਮਤਲਬੀ ਆਪਣਾ ਪੂਰਾ ਟਿਲ ਲਾ ਚੁੱਕਾ, ਜਿੰਨੀਆਂ ਬਣ ਆਈਆਂ, ਫੁਲਹਿਣੀਆਂ ਦੇ ਚੁੱਕਾ ਤਾਂ ਫੁੱਲ ਨੇ ਸਹਿਜ ਨਾਲ ਕਿਹਾ, “ਇਹ ਗੱਲਾਂ ਤਾਂ ਸਭ ਸੱਚ ਨੇ, ਪਰ ਕੀ ਤੂੰ ਨਹੀਂ ਜਾਣਦਾ ਕਿ ਡਾਲੀ ਨਾਲੋਂ ਟੁੱਟਦਿਆਂ ਹੀ ਮੈਂ ਆਪੇ ਤੋਂ ਉੱਖੜ ਜਾਸਾਂ। ਪ੍ਰੀਤੋ ਮੂੰਹ ਮੋੜ ਚੁੱਕੇ ਬੇਵਫ਼ਾ ਵਾਂਗ, ਮੇਰਾ ਰਸ ਰੂਪ ਉੱਡ ਜਾਸੀ ਤੇ ਰਾਤ ਸੇਜਾ 'ਤੇ ਗੁਜ਼ਾਰ ਸਵੇਰੇ ਕੂੜੇ ਦੇ ਢੇਰ 'ਤੇ ਜਾ ਪੈਣਾ ਹੀ ਮੇਰੀ ਤਕਦੀਰ ਬਣਸੀ।"
ਡਾਲੀ ਤੋਂ ਟੁਟਦਿਆਂ ਹੀ ਮੈਥੋਂ ਚਮਨ ਛੁਟੇਗਾ,
ਹੋਸਾਂ ਨਿਮਾਣਾ ਜੱਗ ਤੇ, ਥੀਸਾਂ ਜਦੋਂ ਨਥਾਵਾਂ।
ਜੋਬਨ ਸੁਗੰਧ ਸੁਹੱਪਣ ਇਕ ਰਾਤ ਦੇ ਪਰਾਹੁਣੇ,
ਪਿਛੋਂ ਜੇ ਰਸ ਨਾ ਪੁਜਾ ਸਭ ਤੋੜਸਨ ਤਣਾਵਾਂ।
ਹੋਇਆ ਕੀ ਰਾਤ ਭਰ ਜੇ, ਸੇਜਾ ਤੇ ਜਾ ਸੰਵਾਂਗਾ,
ਹੋ ਕੇ ਨਕਾਰਾ ਤੜਕੇ ਕੂੜੇ ਤੇ ਜਾ ਪਵਾਂਗਾ।
(ਕਰਤਾ)
ਹੁਣ ਜੀਵਨ ਤੀਜੇ ਜ਼ੀਨੇ 'ਤੇ ਚੜ੍ਹਿਆ, ਹਰਕਤ ਹੋਰ ਵਧੀ, ਇਕ ਥਾਂ ਤੋਂ ਦੂਜੀ ਥਾਂ ਤੁਰਨ ਲੱਗਾ। ਚੇਤਨਤਾ ਹੋਰ ਚਮਕੀ, ਪਿਆਰ ਨੇ ਭੀ ਰੂਪ ਵਟਾਇਆ। ਉਹ ਵੀ ਤੁਰ ਫਿਰਿਆ, ਕਿਸੇ ਸੁੰਦਰ ਆਬਸ਼ਾਰ ਦੀਆਂ ਅੱਡੋ-ਅੱਡ ਧਾਰਾਂ ਵਾਂਗ ਕਈ ਥਾਵਾਂ ਤੋਂ ਝਾਤੀ ਪਾ, ਖਿੱਚਾਂ ਪਾਣ ਲੱਗਾ। ਭੰਬਟ ਨੂੰ ਸ਼ਮ੍ਹਾਂ ਵਿਚੋਂ ਚਮਕ, ਭੰਵਰ ਨੂੰ ਕਮਲ ਵਿਚੋਂ ਸੁਗੰਧ ਬਣ, ਮਿਰਗ ਨੂੰ ਨਾਦ ਵਿਚੋਂ ਸ਼ਬਦ ਹੋ ਤੇ ਮੀਨ ਨੂੰ ਜਲ ਵਿਚੋਂ ਠੰਢਕ ਬਣ ਭਰਮਾਉਣ ਲੱਗਾ। ਕੁਦਰਤ ਦਾ ਪ੍ਰਬੰਧ ਇਕ-ਰਸ ਚਲ ਰਿਹਾ ਹੈ, ਉਛਾਲੇ ਇਕੋ ਜਿਹੇ ਹੁੰਦੇ ਹਨ, ਜੀਵਨ ਉਤਾਂਹ ਉਠਿਆ ਤੇ ਸ਼ੌਕ ਭੀ ਤੇਜ਼ ਹੋਇਆ। ਜੀਵਨ ਘਟਾਂ ਬਣ ਛਾਇਆ ਤਾਂ ਪ੍ਰੀਤਾਂ ਨੇ ਭੀ ਪੀਂਘਾਂ ਉੱਚੀਆਂ ਚੜ੍ਹਾਈਆਂ। ਹੁਣ ਤਾਂ ਲੋਹੜਾ ਹੀ ਆ ਗਿਆ, ਲਿਖਾਰੀ ਲਿਖਦੇ, ਕਵੀ ਕਹਿੰਦੇ ਤੇ ਮੁਸੱਵਰ ਤਸਵੀਰਾਂ ਖਿੱਚਦੇ ਥੱਕ ਗਏ, ਪਰ ਇਸ ਪਿਆਰ-ਤੜਪ ਨੂੰ ਕੋਈ ਭੀ ਪੂਰਾ ਪੂਰਾ ਲਿਖ ਜਾਂ ਚਿਤਰ ਨਾ ਸਕਿਆ। ਮੈਦਾਨ ਵਿਚ ਆਇਆ ਇਕ ਛੋਟਾ ਜਿਹਾ ਕੀੜਾ, ਪਿਆਰ ਨੇ ਪੰਖ ਲਾ ਦਿੱਤੇ, ਪੰਖਾਂ ਨੇ ਉਡਾਰੀ ਦਿੱਤੀ, ਬੱਝ ਗਿਆ ਚੱਕਰ, ਬੇਪਰਵਾਹ ਸ਼ਮ੍ਹਾ ਦੀ ਲਾਟ ਦੇ ਗਿਰਦ, ਜੋ ਨੇੜੇ ਗਿਆ, ਸੜ ਗਿਆ। ਇਸ ਦੁਨੀਆਂ ਵਿਚ ਇਕ ਇਕ ਤੂਰ ਦੇ ਥੱਲੇ ਲੱਖਾਂ ਹੀ ਮੂਸਿਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਭਲਾ ਮਰਨ ਤੋਂ ਡਰ ਕੇ ਕੌਣ ਮੁੜਦਾ, ਇਹ ਪ੍ਰਵਾਨਿਆਂ ਦੀ ਰੀਤ ਹੀ ਨਹੀਂ ਸੀ।
ਕਾਲੀ ਦਾਸ ਚਰਾਗ ਨੂੰ ਦੇਖ ਅਖੀਂ,
ਨਹੀਂ ਪਰਤ ਪਰਵਾਨਿਆਂ ਆਵਣਾ ਏਂ।
ਸੜਨ ਦੇ ਭੈ ਤੋਂ ਪਿਆਰਾਂ ਨੂੰ ਸੁੱਟ ਪਾਣਾ ਅਜਿਹੀ ਰਸਮ ਸੀ, ਜਿਸ ਤੋਂ ਸ਼੍ਰੇਣੀ ਹੀ ਨਾਵਾਕਫ਼ ਸੀ, ਸਿਰਾਂ ਨਾਲ ਨਿਭਾ ਗਏ। ਤੋੜ ਚਾੜ੍ਹ ਗਏ। ਰਸ ਕੀ ਆਇਆ, ਇਹ ਉਹੀ ਜਾਣਨ ਜਿਨ੍ਹਾਂ ਮਾਣਿਆਂ। ਹਾਂ, ਪ੍ਰੀਤ ਦੇ ਵਿਦਿਆਰਥੀਆਂ ਨੂੰ ਪੂਰਨ ਸਬਕ ਪੜ੍ਹਾ ਗਏ।
ਦੂਜੇ ਉਡੇ ਸੁਗੰਧ ਦੇ ਸ਼ੈਦਾਈ, ਜਲ ਦੀ ਸੀਤਲਤਾ ਤੇ ਧਰਤੀ ਦੀ ਸੁਗੰਧੀ ਨੇ, ਸੂਰਜ ਦੀ ਕਿਰਨ ਨੂੰ ਤਪਸ਼ ਦੇ ਇਕ ਹੁਸਨ ਦੀ ਮੂਰਤੀ ਬਣਾਈ, ਧਰਤੀ ਵਿਚੋਂ ਉੱਠ, ਪਾਣੀ ਨੂੰ ਚੀਰ, ਅਕਾਸ਼ ਵਿਚ ਖਿੜ ਖਲੋਤੀ। ਲੋਹੜੇ ਦਾ ਹੁਸਨ, ਇਹਨੂੰ ਕੰਵਲ ਕਹਿੰਦੇ ਸਨ। ਰਸਕ ਚੁਤਰਫ਼ੋਂ ਧਾ ਪਏ। ਕਿਸੇ ਨੇ ਕਿਹਾ, “ਮਾਹੀ ਦੇ ਮੁੱਖ ਵਰਗਾ ਸੋਹਣਾ ਮੁੱਖ ਕੰਵਲ।” ਕੋਈ ਬੋਲਿਆ, “ਮਹਿਬੂਬ ਦੇ ਰੰਗਲੇ ਹਥਾਂ ਵਰਗਾ ਹੁਸੀਨ, ਹਸਤ ਕੰਵਲ।” ਕਿਸੇ ਮਸਤਾਨੇ ਨਾਹਰਾ ਮਾਰਿਆ, ‘ਪ੍ਰੀਤਮ ਦੇ ਨੈਣਾਂ ਦੀ ਨੁਹਾਰ, ਕੇਵਲ-ਨੈਨ।” ਕੌਣ ਸੀ ਜਿਸ ਨੇ ਵੇਖਿਆ ਤੇ ਸਲਾਹਿਆ ਨਾ, ਪਰ ਇਹ ਗੱਲਾਂ ਹੀ ਕਰਦੇ ਰਹੇ; ਏਨੇ ਨੂੰ ਭੂੰ ਭੂੰ ਕਰਦਾ, ਭੀੜਾਂ ਨੂੰ ਚੀਰਦਾ ਮਸਤ ਭੰਵਰ, ਸੋਹਣੇ ਦੀ ਛਾਤੀ 'ਤੇ ਜਾ ਬੈਠਾ। ਰਸ ਵਿਚ ਗੁੱਟ ਹੋ ਅਜਿਹਾ ਬੇਸੁੱਧ ਹੋਇਆ ਕਿ ਸਮੇਂ ਦੀ ਸਾਰ ਨਾ ਰਹੀ। ਸਦਾ ਤੋਂ ਛੜਾ, ਸੂਰਜ ਮਿਲਾਪ ਦੀ ਇਸ ਰਸ-ਭਰੀ ਅਵਸਥਾ ਨੂੰ ਕਿਸ ਤਰ੍ਹਾਂ ਸਹਾਰ ਸਕਦਾ ਸੀ।
ਚੰਨ ਰਲ ਬੈਠੇ ਦੋ ਸੂਰਜ ਨੂੰ ਭਾਏ ਨਾ।
ਛੜਾ ਉਹ ਸਦੀਆਂ ਦਾ ਓਹਨੂੰ ਜੋੜ ਸੁਖਾਏ ਨਾ।
ਕਰੋਧ ਵਿਚ ਆਇਆ ਬਹੁ ਉਚੇਰਾ ਅਤਿ ਲਾਲ ਹੋਇਆ।
ਕਿਰਨਾਂ ਦੇ ਨੇਜ਼ੇ ਫੜ ਰੂਪ ਬਿਕਰਾਲ ਹੋਇਆ।
ਕਾਟ ਕੁਝ ਕੀਤੀ ਨਾ ਉਹਦੇ ਕੀਤੇ ਵਾਰਾਂ ਨੇ।
ਗੱਲ ਕੁਝ ਗੌਲੀ ਨਾ ਰਸ ਗੁਝੇ ਯਾਰਾਂ ਨੇ।
ਪੇਸ਼ ਕੁਝ ਚਲੀ ਨਾ ਪੱਛਮ ਜਾ ਛੁੱਪ ਗਿਆ।
ਚਾਨਣ ਚੁਕ ਲੈ ਗਿਆ ਉਹ ਹਨੇਰ ਤਦ ਘੁਪ ਪਿਆ।
ਉਸ ਨੇ ਕਿਰਨਾਂ ਦੀਆਂ ਚੋਭਾਂ ਲਾ ਲਾ ਸਮਝਾਣਾ ਸ਼ੁਰੂ ਕੀਤਾ। ਰਸ-ਮੱਤੇ ਮੂਰਖ! ਮਿਲਾਪ ਨੂੰ ਢੇਰ ਚਿਰ ਹੋ ਗਿਆ ਹੈ। ਬਸ ਕਰ, ਛੱਡ ਦੇ ਗਲਵਕੜੀ, ਪਰੇ ਹਟ ਜਾ, ਸ਼ਾਮਾਂ ਪੈਣ ਵਾਲੀਆਂ ਨੇ। ਮੈਂ ਆਪਣੇ ਜਾਣ ਤੋਂ ਪਹਿਲਾਂ ਇਹ ਪ੍ਰੀਤਾਂ ਦੇ ਪਾਗ਼ਲਖ਼ਾਨੇ ਬੰਦ ਕਰ ਜਾਣਾ ਚਾਹੁੰਦਾ ਹਾਂ, ਪਰ ਨਸੀਹਤਾਂ ਸੁਣਨ ਲਈ ਮਸਤ ਨਹੀਂ ਬਣੇ, ਉਪਦੇਸ਼ ਆਕਲਾਂ ਲਈ ਨੇ, ਬਉਰਿਆਂ ਲਈ ਨਹੀਂ। ਸੂਰਜ ਦੀ ਕਿਸੇ ਨਾ ਸੁਣੀ, ਗੁੱਸੇ ਵਿਚ ਲਾਲ ਹੋ, ਆਪਣੇ ਰਾਹੇ ਤੁਰ ਗਿਆ। ਰਾਤ ਪੈ ਗਈ, ਹਨੇਰਾ ਹੋ ਗਿਆ, ਕੰਵਲ ਜੋ ਆਪਣੇ ਪਿਤਾ ਪਾਣੀ ਨੂੰ ਸੂਰਜ ਦੀ ਧੁੱਪ ਤੋਂ ਬਚਾਉਣ ਲਈ ਪੰਖੜੀਆਂ ਵਿਛਾ, ਵਿਛਿਆ ਹੋਇਆ ਸੀ, ਹੁਣ ਇਸ ਖ਼ਿਆਲ ਨਾਲ ਇਕੱਲਾ ਹੋ ਗਿਆ ਕਿ ਚੰਦਰਮਾ ਦੀਆਂ ਮਿੱਠੀਆਂ ਰਿਸ਼ਮਾਂ ਵਿਚੋਂ ਪਾਣੀ ਅੰਮ੍ਰਿਤ ਲੈ ਸਕੇ। ਉਸ ਵਿਚ ਜੀਵਨ ਆਵੇ ਤੇ ਉਹ ਜਗਤ ਨੂੰ ਵੰਡ ਸਕੇ।
ਜਲਜ ਪ੍ਰੀਤ, ਜਲ ਰਵ ਨਹੀਂ ਖਿਲ ਨਿਵਾਰਨ ਘਾਮ।
ਨਿਸ ਕੋ ਅੰਮ੍ਰਿਤ ਪੀਵਹੀ, ਯਹਿ ਜਾਨ ਮੁੰਧੇ ਅਭਿਰਾਮ।
ਕੰਵਲ ਮੁੰਧ ਹੋ ਗਿਆ, ਪੌਣ ਅੰਦਰ ਆਉਣੋਂ ਰੁਕ ਗਈ, ਸਾਹ ਘੁਟ ਗਿਆ ਤੇ ਭੰਵਰ ਸਮਾ ਗਿਆ। ਕੰਵਲ ਪੱਤੀਆਂ ਦਾ ਸੋਹਣਾ ਗੁੰਬਜ ਇਸ਼ਕਬਾਜ਼ ਦੀ ਮਜ਼ਾਰ ਬਣ ਚੰਦ ਦੀ ਚਾਨਣੀ ਵਿਚ ਤਾਜ ਮਹੱਲ ਦੇ ਗੁੰਬਜਾਂ ਨੂੰ ਸ਼ਰਮਾਉਣ ਲੱਗਾ।
ਕੁਲ ਮਖ਼ਲੂਕ ਵਿਚੋਂ ਆਪ ਅਤਿ ਸੁੰਦਰ ਨੈਣ ਰੱਖਣ ਵਾਲਾ ਮ੍ਰਿਗ, ਭਾਵੇਂ ਕਿਸੇ ਦੇ ਨੈਣਾਂ ਦੀ ਨੁਹਾਰ ਨੇ ਤਾਂ ਨਾ ਮੋਹਿਆ ਪਰ ਪਿਆਰ ਹੁਰੀਂ, ਕੰਨਾਂ ਦੇ ਰਾਹੀਂ ਅੰਦਰ ਜਾ ਸਮਾਏ, ਅਵਾਜ਼ ਮਨ ਮੋਹ ਗਈ, ਨਾਦ ਨਿਵਾ ਗਿਆ। ਚੁੰਗੀਆਂ ਭੁਲ ਗਈਆਂ, ਬੇਖ਼ੁਦ ਕਾਬੂ ਆਇਆ ਤੇ ਕੋਹਿਆ ਗਿਆ ਪਰ ਟਲਿਆ ਨਾ, ਪਿਛਾਂਹ ਨਾ ਮੁੜਿਆ।
ਹੁਣ ਆਈ ਇਸ ਸ਼੍ਰੇਣੀ ਦੀ ਸਿਰਮੌਰ ਸਖੀ ਮੀਨ, ਜੋ ਕੀ ਮਹਿਬੂਬ ਦੇ ਸਾਹਮਣੇ, ਤੇ ਕੀ ਉਹਲੇ, ਅਹਿੱਲ ਰਹੀ। ਦਿਨ ਚੜ੍ਹਿਆ, ਸੂਰਜ ਨੇ ਕਿਰਨਾਂ ਦੀ ਚਾਂਦੀ ਬਖੇਰ ਦਿਤੀ। ਗ਼ਰੀਬ ਦੁਨੀਆਂ ਹੂੰਝਣ ਨੂੰ ਉਠ ਪਈ, ਹਰ ਕੋਈ ਆਹਰੇ ਲੱਗਾ। ਤਕੜਿਆਂ ਬਾਹਲੀ ਇਕੱਠੀ ਕਰ ਲਈ ਤੇ ਮਾੜਿਆਂ ਥੋੜ੍ਹੀ 'ਤੇ ਸਬਰ ਕੀਤਾ। ਮਨੁੱਖ ਦੀ ਇਸ ਕਾਣੀ ਵੰਡ ਦਾ ਮਾਰਿਆ ਹੋਇਆ ਗ਼ਰੀਬ ਮਛੇਰਾ ਆਪਣਾ ਜਾਲ ਲੈ ਛੱਪੜ, ਨਦੀ ਜਾਂ ਦਰਿਆ ਵੱਲ ਧਾਇਆ। ਪਾਣੀ ਵਿਚ ਸੁਟਿਆਂ ਕੁਝ ਹਿੱਲ-ਜੁਲ ਹੋਈ, ਉਤਾਂਹ ਖਿਚਿਆ, ਮਾਲ ਦਾ ਭਰਿਆ ਹੋਇਆ ਸੀ, ਉਛਲਦੀਆਂ ਤੜਪਦੀਆਂ ਬਿਹਬਲ ਹੋ ਰਹੀਆਂ ਮੱਛੀਆਂ ਦਾ ਪੂਰ ਕਿਨਾਰੇ 'ਤੇ ਭੁਆ ਮਾਰਿਆ। ਕੁਝ ਦਮਾਂ ਵਿਚ ਦਮ ਨਿਕਲ ਗਏ, ਤੇ ਮੰਡੀ ਲਿਜਾ ਦਮ ਵੱਟ ਲਏ। ਸ਼ੁਕੀਨ ਘਰ ਲੈ ਗਏ। ਤਾਜ਼ੀ ਮੱਛੀ ਹੈ, ਕਹਿਣ ਲੱਗੇ ਕਿ ਸੋਹਣੇ ਦਾਣੇ ਲੱਭੇ ਹਨ। ਜ਼ਰਾ ਪਕਾਣਾ ਵੀ ਸਹਿਜ ਨਾਲ, ਕੁਛ ਕਸਰ ਨਾ ਰਹੇ। ਰਸੋਈਏ ਨੇ ਵੀ ਆਪਣੀ ਕਲਾ ਦਿਖਾਉਣ ਵਿਚ ਕਮੀ ਨਾ ਰੱਖੀ। ਪਹਿਲੇ ਛਿੱਲ ਖਲੜੀ ਲਾਹੀ, ਫਿਰ ਕੰਡੇ (ਹੱਡੀਆਂ) ਕੱਢੇ, ਮੱਠੀ ਮੱਠੀ ਅੱਗ 'ਤੇ ਭੁੰਨੀ, ਕਈ ਤਰ੍ਹਾਂ ਦੇ ਮਸਾਲਿਆਂ ਵਿਚ ਵਾਰੀ ਵਾਰੀ ਰਾਹੜ ਲਾਈ, ਰਸੀਆਂ ਦੇ ਸਾਹਮਣੇ ਪਰੋਸੀ ਗਈ। ਸਹਿਜ ਸਹਿਜ ਨਾਲ਼ ਖਾਧੀ, ਮਤੇ ਕੋਈ ਰਿਹਾ ਹੋਇਆ ਕੰਡਾ ਹਲਕ ਵਿਚ ਚੁਭ ਜਾਏ। ਖਾ ਕੇ ਲੰਮੇ ਹੀ ਪਏ ਸਨ ਕਿ ਪਾਣੀ ਦੀ ਤਲਬ ਹੋਈ। ਪਿਆਲਾ ਭਰ ਕੇ ਦਿਤਾ, ਪੀ ਲਿਆ। ਪਲ ਪਿਛੋਂ ਫਿਰ ਪਾਣੀ, ਘੜੀ ਪਿਛੋਂ ਫਿਰ ਪਾਣੀ, ਘੰਟੇ ਬਾਅਦ ਫੇਰ ਪਾਣੀ। ਪਾਣੀ! ਪਾਣੀ!! ਪਾਣੀ!!!
ਪਿਆਉਣ ਵਾਲੇ ਨੇ ਹੈਰਾਨ ਹੋ ਪੁੱਛਿਆ, “ਇਹ ਮੁੜ-ਮੁੜ ਪਾਣੀ ਦੀ ਤਲਬ ਕੀ, ਘੜੀ ਮੁੜੀ ਪਾਣੀ ਦੀ ਤਾਂਘ ਕਾਹਦੀ?" ਪਿਆਸੇ ਨੇ ਕਿਹਾ, “ਮੱਛੀ ਜੋ ਖਾ ਲਈ, ਉਹ ਪਈ ਪਾਣੀ ਪਾਣੀ ਕਰਦੀ ਐ। ਮੈਂ ਕੀ ਕਰਾਂ, ਆਹ ਤਕੋ ਨਾ ਇਸਦਾ ਪਿਆਰ। ਪਾਣੀ 'ਚੋਂ ਪਕੜੀ ਗਈ, ਕੱਟੀ ਗਈ, ਫਾਂਕ-ਫਾਂਕ ਹੋ ਗਈ, ਕਈ ਕਈ ਵੇਰਾਂ ਭੁੰਨੀ, ਚਿੱਥ ਚਿੱਥ ਖਾਧੀ, ਪਰ ਇਹਨੂੰ ਪਾਣੀ ਅਜੇ ਵੀ ਨਹੀਂ ਭੁਲਦਾ।”
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥
(ਸੋਰਠਿ ਰਵਿਦਾਸ, ਪੰਨਾ ੬੫੮)
ਇਹ ਤਾਂ ਸੀ ਪ੍ਰਤੱਖ ਪਾਣੀ ਦੇ ਪਿਆਰ ਦਾ ਨਮੂਨਾ। ਹੁਣ ਤੱਕੋ, ਤੁਰ ਗਏ ਮਾਹੀ ਦੀ ਉਡੀਕ ਵਿਚ ਟਿਕਾਓ। ਬਹਾਰ ਦੇ ਮੌਸਮ ਵਿਚ ਭਰੇ ਹੋਏ ਸਰ ਦੇ ਕਿਨਾਰੇ ਦਰੱਖ਼ਤ ਮੌਲੇ ਹੋਏ, ਫੁੱਲ ਖਿੜੇ ਹੋਏ ਅਤੇ ਪੰਛੀ ਮਸਤ ਹੋ ਗਾ ਰਹੇ ਸਨ। ਹਰ ਪਾਸੇ ਗੀਤ, ਹਰ ਤਰਫ਼ ਖੇੜੇ, ਹਰ ਬੰਨੇ ਸੁਗੰਧੀਆਂ, ਪੌਣ ਦੇ ਛੋਟੇ ਛੋਟੇ ਹੁਲਾਰਿਆਂ ਨਾਲ ਉਠ ਰਹੀਆਂ ਨਿਕੀਆਂ ਨਿਕੀਆਂ ਲਹਿਰਾਂ ਦੀਆਂ ਬਲੌਰੀ ਜ਼ੰਜੀਰਾਂ ਦੇ ਹੇਠੋਂ ਮੱਛੀਆਂ ਦੀਆਂ ਡਾਰਾਂ ਦੌੜਾਂ ਲਗਾ ਰਹੀਆਂ, ਕਿਆ ਸ਼ੋਭਾ ਦੇ ਰਹੀਆਂ ਸਨ। ਕਵੀ-ਮਨ ਤਕ, ਸਰੂਰ ਪੂਰਤ ਹੋ ਕਾਵਿ-ਰਸ ਨਾਲ ਭਰ ਗਿਆ। ਉਹ ਢੇਰ ਚਿਰ ਸੁਆਦ ਲੈਂਦਾ ਰਿਹਾ। ਓੜਕ ਰਾਹੀ ਸੀ, ਰਾਹੇ ਪੈ ਗਿਆ। ਸਮਾਂ ਪਾ ਫਿਰ ਏਧਰ ਮੁੜਿਆ। ਹੁਣ ਸਿਆਲ ਦੀ ਸੀਤ ਰੁੱਤ ਸੀ, ਉਸਨੇ ਸਰ ਝੁਕਾ ਦਿੱਤਾ ਸੀ:
ਸਰ ਸੂਕੇਂ ਪੰਛੀ ਉੜੇਂ ਔਰਨ ਦੇਸ ਸਿਧਾਏ।
ਦੀਨ ਮੀਨ ਬਿਨ ਪੰਖ ਕੇ ਕਹੁ ਰਹੀਮ ਕਤ ਜਾਏ।
ਪਤਝੜ ਦੇ ਤਿਖੇ ਵੇਗਾਂ ਨੇ ਸੁੰਦਰ ਬ੍ਰਿਛਾਂ ਦੇ ਪੱਤੇ ਝਾੜ ਉਹਨਾਂ ਨੂੰ ਭੀਹਾਵਲੇ ਰੁੰਡ-ਮੁੰਡ ਬਣਾ ਦਿਤਾ ਸੀ। ਫੁੱਲਾਂ ਦੇ ਨਾ ਰਹਿਣ ਕਰਕੇ, ਭੰਵਰ ਤੇ ਪੱਤਿਆਂ ਦੇ ਝੜ ਜਾਣ ਕਰਕੇ, ਪੰਛੀ ਉਡ ਕੇ ਜਿਧਰ ਸਿੰਗ ਸਮਾਏ ਤੁਰ ਗਏ। ਸ਼ੋਰ ਦੀ ਥਾਂ ਚੁੱਪ, ਜੋਬਨ ਦੀ ਥਾਂ ਸੋਕੇ ਤੇ ਰੌਣਕਾਂ ਦੀ ਥਾਂ ਉਜਾੜ ਨੇ ਮੱਲ ਲਈ ਸੀ। ਕਵੀ ਨੇ ਚੁਫ਼ੇਰੇ ਨਿਗਾਹ ਮਾਰੀ, ਨਾ ਕੋਈ ਖਿੜ ਰਿਹਾ ਸੀ ਤੇ ਨਾ ਕੋਈ ਗਾ ਰਿਹਾ ਸੀ।
ਇਸ ਸੁੰਨ-ਮੁੰਨ ਨਗਰੀ ਵਿਚ ਸੁਕੇ ਹੋਏ ਸਰ ਦੇ ਚਿੱਕੜ ਵਿਚੋਂ ਕਿਸੇ ਦੇ ਹਿੱਲਣ ਦੀ ਆਹਟ ਆ ਰਹੀ ਸੀ। ਉਸ ਨੇ ਨੀਝ ਲਾ ਤਕਿਆ ਤਾਂ ਅਧਮੋਈ ਜਿਹੀ ਮੱਛੀ ਬੇਚੈਨ ਹੋ ਕਰਵਟ ਬਦਲਦੀ ਦਿਸੀ। ਉਹ ਘੜੀ-ਮੁੜੀ ਹਿਲਦੀ, ਪਾਸੇ ਪਰਤਦੀ ਸੀ। ਚਿੱਕੜ ਦੀ ਠੰਢੀ ਤਹਿ ਵਿਚ ਬਿਰਹੋਂ ਨੇ ਅੱਗ ਦੇ ਭੱਠ ਭਖਾਏ ਹੋਏ ਸਨ, ਵਿਛੋੜੇ ਵਿਚ ਭੁੱਜ ਰਹੀ ਮੱਛੀ, ਕਬਾਬ ਦੀ ਸੀਖ ਵਾਂਗ ਪਾਸੇ ਪਰਤ ਰਹੀ ਸੀ। ਕਵੀ ਨੇ ਕਿਹਾ, “ਧੰਨ ਇਸਦਾ ਇਸ਼ਕ! ਸੁੱਕੇ ਸਰ ਨੂੰ ਸਾਰੇ ਛੱਡ ਗਏ, ਪਰ ਪਿਆਰ-ਪ੍ਰੋਤੀ, ਪਰ-ਹੀਣ ਮੱਛੀ ਕਿਥੇ ਜਾ ਸਕਦੀ ਸੀ।”
ਹੁਣ ਆਈ ਜੀਵਨ ਦੀ ਆਖ਼ਰੀ ਅਵਸਥਾ, ਮਨੁੱਖ-ਜਾਮਾ। ਬ੍ਰਾਹਮਣ ਨੇ ਇਸ ਨੂੰ ਜਨਮ ਕਿਹਾ, ਮੁੱਲਾਂ ਨੇ ਫ਼ਰਿਸ਼ਤਿਆਂ ਤੋਂ ਉੱਚਾ ਮਖ਼ਲੂਕ ਦਾ ਸਰਦਾਰ, ਪਾਦਰੀ ਬੋਲਿਆ, ਖ਼ੁਦਾ ਦਾ ਬੇਟਾ। ਜੋ ਕਿਸੇ ਦੇ ਜੀਅ ਵਿਚ ਆਈ ਕਹਿ ਉਠਿਆ ਪਰ ਜ਼ੋਰ ਸਾਰਿਆਂ ਵਡਿਆਈ ਕਰਨ 'ਤੇ ਲਾਇਆ। ਲਾਉਂਦੇ ਵੀ ਕਿਉਂ ਨਾ, ਮਾਹੀ ਮਿਲਾਪ ਦੀ ਆਖ਼ਰੀ ਮੰਜ਼ਲ ਸੀ, ਜੀਵਨ ਮੁਕੰਮਲ ਹੋਣ ਵਾਲਾ ਸੀ, ਚੇਤਨਤਾ ਨਿਖ਼ਰ ਚਮਕੀ। ਸਭ ਨੇ ਮਹਿਸੂਸ ਕੀਤਾ ਕਿ ਯਾਰ ਦੇ ਦਰ ਜਾਣ ਦੇ ਪੈਂਡੇ ਦਾ ਆਖ਼ਰੀ ਪੜਾਅ ਹੈ। ਮੁਕਤੀ ਦੇ ਮਹੱਲ ਦਾ ਦਰਵਾਜ਼ਾ ਹੈ। ਕੁਲ ਮਖ਼ਲੂਕ ਤੋਂ ਇਹ ਜਾਮਾ ਉਚਾ ਹੈ।
ਅਵਰਿ ਜੋਨਿ ਤੇਰੀ ਪਨਿਹਾਰੀ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
(ਆਸਾ ਮ: ੫, ਪੰਨਾ ੩੭੪)
ਪੁਨਾ–
ਬਨਾਇਆ ਐ ਜ਼ਫ਼ਰ ਖ਼ਾਲਕ ਨੇ ਕਬ ਇਨਸਾਨ ਸੇ ਬੜ੍ਹ ਕਰ।
ਮਲਕ ਕੋ, ਦੇਵ ਕੋ, ਜਿੰਨ ਕੋ, ਪਰੀ ਕੋ, ਹੂਰੋ ਗ਼ੁਲਮਾ ਕੋ।
ਇਹੋ ਆਖ਼ਰੀ ਵਾਰੀ ਮਾਹੀ ਦੇ ਮਿਲਣ ਦੀ ਹੈ:
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
(ਆਸਾ ਮ: ੫, ਪੰਨਾ ੧੨)
ਉਚਿਆਂ ਦੀਆਂ ਉਚੀਆਂ ਗੱਲਾਂ, ਵਡਿਆਂ ਦੇ ਵੱਡੇ ਫ਼ਰਜ਼, ਮਖ਼ਲੂਕ ਦੇ ਸਰਦਾਰ ਨੂੰ ਵੀ ਸਿਰ ਆਈ ਨਿਭਾਣੀ ਪਈ। ਜੀਵਨ-ਚੋਟੀ 'ਤੇ ਚੜ੍ਹਿਆ ਤਾਂ ਪ੍ਰੇਮ ਦੀ ਸਿਖ਼ਰ 'ਤੇ ਪੁੱਜ ਖਲੋਤਾ। ਹੁਣ ਚੇਤਨਤਾ ਚਮਕੀ ਹੋਈ ਸੀ। ਉਸ ਨੇ ਤਨ ਨੂੰ ਤਾੜ ਲਿਆ, ਜੋ ਨਾ ਰਹਿਣ ਵਾਲਾ ਸੀ, ਉਠਣ, ਉਭਰਣ, ਹੰਢਣ ਤੇ ਜਾਣ ਵਾਲਾ ਸੀ। ਇਸ ਵਿਚ ਪ੍ਰੀਤ ਕਿਉਂ ਪਾਈ ਜਾਂਦੀ, ਰੇਤ 'ਤੇ ਮਹੱਲ ਕਿਉਂ ਉਸਾਰੇ ਜਾਂਦੇ, ਕੱਚੀਆਂ ਟਹਿਣੀਆਂ 'ਤੇ ਆਲ੍ਹਣੇ ਨਾਦਾਨ ਪੰਛੀ ਹੀ ਪਾ ਸਕਦੇ ਹਨ। ਮਨੁੱਖਤਾ ਨੇ ਪ੍ਰੀਤ ਦਾ ਕੇਂਦਰ ਅਦ੍ਰਿਸ਼ਟ ਅਮਰ ਦੇ ਆਸਰੇ ਕਾਇਮ ਕੀਤਾ। ਇਕ ਦੂਜੇ ਨੂੰ ਸਮਝਾਉਣ ਲਈ, ਮਾਹੀ ਦੇ ਨਾਮ ਭੀ ਰਖੇ। ਪਿਆਰ ਡੂੰਘਾ ਸੀ, ਲਗਨ ਲਹਿਰਾਂ ਮਾਰ ਰਹੀ ਸੀ, ਨਾਮ ਵਿਚ ਸੁਆਦ ਆਇਆ, ਹੋਰ ਹੋਰ ਰਖੀ ਗਏ। ਰਖ ਰਖ ਥੱਕੇ ਤੇ ਥੱਕ ਕੇ ‘ਬੇਅੰਤ ਕਹਿ ਉਠੇ:
ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ।
ਸਿਤਸੁਤੀ ਤਪਸਪਤੀ ਬਨਸਪਤੀ ਜਪਸ ਸਦਾ।
ਅਗਸਤ ਆਦਿ ਜੇ ਬੜੇ, ਤਪਸਪਤੀ ਬਸੇਖੀਏ।
ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ।
(ਦਸਮ ਗ੍ਰੰਥ)
ਮੋਟੇ ਮੋਟੇ ਨਾਮ ਮਸ਼ਹੂਰ ਹੋਏ। ਰਾਮ, ਅੱਲਾਹ, ਰੱਬ, ਵਾਹਿਗੁਰੂ, ਗੋਬਿੰਦ, ਹਰਿ, ਪਰ ਇਥੇ ਗੱਲ ਮੁਕੀ ਕੋਈ ਨਾ। ਮਨੁੱਖ ਜਾਂ ਨਾਮ ਲੈਂਦਾ ਲੈਂਦਾ ਥੱਕ ਗਿਆ ਤਾਂ ਕਹਿਣ ਲੱਗਾ ਕਿ ਮੇਰੀ ਇਕ ਜੀਭ ਕੀ ਕਹਿ ਸਕਦੀ ਹੈ:
ਜਿਹਵਾ ਏਕ ਕਵਨ ਗੁਨ ਕਹੀਐ॥
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨਹੀ ਲਹੀਐ॥
(ਧਨਾਸਰੀ ਮ: ੫, ਪੰਨਾ ੬੭੪)
ਓਸ ਬੇਅੰਤ ਦਾ ਅੰਤ ਨਹੀਂ ਲਿਆ ਜਾ ਸਕਦਾ। ਅੱਛਾ! ਮੈਂ ਹਰਿ ਹਰਿ, ਗੁਰ ਗੁਰ ਕਰ ਹੀ ਗੁਜ਼ਾਰਾ ਕਰ ਲਵਾਂਗਾ:
ਹਰਿ ਆਰਾਧਿ ਨ ਜਾਨਾ ਰੇ॥
ਹਰਿ ਹਰਿ ਗੁਰੁ ਗੁਰੁ ਕਰਤਾ ਰੇ॥
(ਸੋਰਠਿ ਮ: ੫, ਪੰਨਾ ੬੧੨)
ਇਹ ਤਾਂ ਸੀ ਮਹਿਬੂਬ ਦੇ ਨਾਵਾਂ ਦੀ ਕਲਪਨਾ ਜੋ ਹਰ ਮੁਕਾਮ ’ਤੇ ਸੁਆਦ ਦੇਂਦੀ ਅਤੇ ਵਧਦੀ ਹੀ ਗਈ ਤੇ ਓੜਕ ਵਿਸਮਾਦ ਦੀ ਅਫ਼ੁਰ ਅਵਸਥਾ ਵਿਚ ਜਾ ਟਿਕੀ:
ਵਿਸਮਾਦੁ ਨਾਦ ਵਿਸਮਾਦੁ ਵੇਦ॥
ਵਿਸਮਾਦੁ ਜੀਅ ਵਿਸਮਾਦੁ ਭੇਦ॥
(ਆਸਾ ਦੀ ਵਾਰ, ਮ: ੧, ਪੰਨਾ ੪੬੩)
ਪੁਨਾ–
ਖ਼ਬਰੇ ਤਰੀਅਰੇ ਇਸ਼ਕ ਸੁਨ ਨਾ ਜਨੂੰ ਰਹਾ ਨਾ ਦਰੀ ਰਹੀ।
ਨਾ ਹੀ ਤੂੰ ਰਹਾ, ਨਾ ਹੀ ਮੈਂ ਰਹਾ, ਜੋ ਰਹੀ, ਸੋ ਬੇਖ਼ਬਰੀ ਰਹੀ।
ਪਰ ਇਸ ਉਚੇਰੇ ਜੀਵਨ ਨੇ ਪਿਆਰ ਦਾ ਪਿੱਛਾ ਵੀ ਪੜਤਾਲਿਆ। ਪਤਾ ਲਗਾ ਅਤਿ ਪੁਰਾਣਾ ਹੈ, ਪਹਿਲੇ ਦਿਨ ਦਾ ਹੈ, ਜੀਵਨ ਦੀ ਪੈਦਾਇਸ਼ ਨਾਲ ਹੀ ਪੈਦਾ ਹੋਇਆ ਸੀ, ਜੀਵਨ ਦਾ ਨਿਜ-ਸਰੂਪ ਸੀ। ਇਹ ਗੱਲ ਸਮਝਦਿਆਂ ਹੀ ਮਨੁੱਖ ਪੁਕਾਰ ਉਠਿਆ: ਤਨਾਂ ਨਾਲ ਬੱਝਾ ਹੋਇਆ ਤਾਂ ਮੋਹ ਹੈ ਅਤੇ ਆਪੇ ਨਾਲ ਜੁੜਿਆ ਹੋਇਆ ਪ੍ਰੇਮ ਤਨ ਬਿਨਸਣਗੇ, ਮੋਹ ਟੁੱਟੇਗਾ। ਆਪਾ ਅਮਰ ਹੈ, ਪ੍ਰੇਮ ਅਟੱਲ ਰਹੇਗਾ, ਮੋਹ ਦੀ ਉਮਰ ਹੈ, ਉਮਰ ਨੂੰ ਮੌਤ ਹੈ, ਪਰ ਪ੍ਰੇਮ ਦੀ ਜੜ੍ਹ ਕਾਲ ਦੀ ਸੀਮਾ ਤੋਂ ਪਰੇ, ਅਕਾਲ ਦੇ ਨਿਜ-ਸਰੂਪ ਵਿਚ ਇਸਥਿਤ ਹੈ। ਪੂਰਨ ਪੁਰਖਾਂ ਨੇ ਕਿਹਾ, "ਪਿਆਰ ਕੋਈ ਨਵੀਂ ਸੰਥਾ ਨਹੀਂ, ਕੁਦਰਤ ਦੀ ਪਹਿਲੀ ਪੱਟੀ 'ਤੇ ਲਿਖੀ ਹੋਈ ਪੈਂਤੀ ਹੈ। ਇਹ ਕੋਈ ਨਵੇਂ ਸਾਕ ਨਹੀਂ ਗੰਢਦੀ, ਪੁਰਾਣੀ ਸਾਂਝ ਨੂੰ ਕਾਇਮ ਰੱਖਦੀ ਹੈ। ਇਹ ਕੋਈ ਨਵੀਂ ਬਾਜ਼ੀ ਨਹੀਂ, ਦਿਨ ਪਹਿਲੇ ਦੀ ਖੇਡ ਹੈ।” ਕਿਸੇ ਨੇ ਕਿਹਾ, “ਅਜੇ ਜ਼ਮੀਨ ਅਸਮਾਨ ਦਾ ਕੋਈ ਨਿਸ਼ਾਨ ਭੀ ਨਹੀਂ ਸੀ ਬਣਿਆ, ਜਦੋਂ ਮੈਂ ਮਾਹੀ ਮਿਲਾਪ ਲਈ ਤਾਂਘ ਉਠਿਆ ਸਾਂ।"
ਨਬੂਦ ਹੇਚ ਨਿਸ਼ਾ ਹਾ ਜ਼ਿ ਅਸਮਾਨੋ ਜ਼ਮੀ।
ਕਿ ਸ਼ੌਕਿ ਬੰਦਗੀਏ ਤੋ ਆਬੁਰਦ ਦਰ ਸਜੂਦ ਮਰਾ।
(ਭਾਈ ਨੰਦ ਲਾਲ ਜੀ)
ਕੋਈ ਬੋਲਿਆ, “ਅਜੇ ਪੁਰਾਣਕ ਮਨੌਤ ਦੇ ਕਲਪਿਤ ਦੰਪਤੀ, ਆਦਮ ਤੇ ਹਵਾ ਭੀ ਨਹੀਂ ਹੋਏ ਸਨ ਜਦੋਂ ਤੋਂ ਮੈਂ ਪਿਆਰ ਕਮਾ ਰਿਹਾ ਹਾਂ।
ਆਦਮ ਨਾ ਬੂਦੋ, ਮਨ ਬੁਦਮ ਹਵਾ ਨਾ ਬੂਦੋ ਮਨ ਬੂਦਮ।
ਈਂ ਕਸ ਨਾ ਬੂਦੋ, ਮਨ ਬੂਦਮ ਮਨ ਆਸ਼ਕ ਦੇਰੀਨਾ ਅਮ।
(ਸ਼ੰਮਸ)
ਕਿਸੇ ਨੇ ਨਾਹਰਾ ਮਾਰਿਆ, “ਦੁਨੀਆਂ ਦੇ ਝੂਠੇ ਭੋਗ, ਖੇੜਿਆਂ ਵਾਂਗ ਮੇਰੇ 'ਤੇ ਦਾਅਵਾ ਕਿਉਂ ਕਰਦੇ ਨੇ? ਮੈਂ ਹੀਰ ਤਾਂ ਚੂਚਕ ਦੇ ਜੰਮਣ ਤੋਂ ਵੀ ਪਹਿਲਾਂ ਰਾਂਝੇ ਦੀ ਹੋ ਚੁਕੀ ਸਾਂ।’
ਖੇੜੇ ਕੂੜ ਕਰੇਂਦੇ ਨੇ ਦਾਵਾ, ਮੈਂ ਕਦ ਖੇੜਿਆਂ ਦੀ ਆਹੀ।
ਮੈਡੀ ਤੇ ਮਾਹੀ ਦੀ ਪ੍ਰੀਤ ਚਰੋਕੀ, ਜਦ ਚੂਚਕ ਮੂਚਕ ਨਾਹੀ।
(ਸੰਤ ਖ਼ੁਸ਼ੀ ਰਾਮ)
ਪ੍ਰੀਤ ਰਮਜ਼ਾਂ ਨੂੰ ਜਾਣਨਹਾਰ ਮਨੁੱਖ ਨੇ ਜਦ ਇਸ਼ਕ ਦੇ ਸੱਦ ਲਾਏ, ਤਾਂਘ-ਭਰੀਆਂ ਕੂਕਾਂ ਮਾਰੀਆਂ, ਤਾਂ ਇਸ ਲੀਲ੍ਹਾ ਨੂੰ ਸੁਆਦਲੀ ਬਣਾਣ ਦੇ ਸਾਮਾਨ ਵੀ ਪੈਦਾ ਹੋ ਗਏ।
ਭਲਾ ਪਿਆਸ ਬਿਨ ਪਾਣੀ ਦੀ ਕੀ ਕਦਰ, ਧੁੱਪ ਬਿਨ ਛਾਂ ਦਾ ਕੀ ਸੁਆਦ, ਕੜਵਾਹਟ ਬਿਨਾਂ ਮਿੱਠਾ ਕੀ, ਕੰਡੇ ਦੀ ਚੋਭ ਬਿਨਾਂ ਫੁੱਲ ਦਾ ਕੀ ਮੁੱਲ। ਓਦਾਂ ਹੀ ਬਿਰਹੋਂ, ਵਿਜੋਗ, ਚੀਕਾਂ, ਚਸਕਾਂ, ਪੀੜਾਂ, ਦਰਦਾਂ, ਸੂਲਾਂ, ਸਲੀਬਾਂ ਤੋਂ ਬਿਨਾਂ ਪ੍ਰੇਮ ਦਾ ਕੀ ਰਸ। ਇਸ ਪੈਂਡੇ ਵਿਚ ਤਾਂ ਸੁਆਦ ਹੀ ਓਹਨਾਂ ਮਾਣਿਆ, ਜਿਹੜੇ ਇਹ ਸਮਝ ਕੇ ਤੁਰੇ ਕਿ ਮਾਹੀ ਦੇ ਮਾਰਗ ਵਿਚ ਲੱਖ ਬਲਾਵਾਂ ਪੈਣਗੀਆਂ, ਸ਼ੇਰ ਦਹਾੜਨਗੇ ਤੇ ਨਾਗ ਫੁੰਕਾਰਨਗੇ, ਸਭ ਤੋਂ ਬੇਪਰਵਾਹ ਹੋ ਕੇ ਤੁਰਨਾ ਪਵੇਗਾ।
ਮੁਸ਼ਕਲ ਮਿਲਣ ਮਾਹੀ ਨੂੰ ਹੀਰੇ, ਲਖ ਔਝੜ ਝੰਗ ਬਲਾਈਂ।
ਕਰ ਕਰ ਸ਼ੇਰ ਜਮਾਤੀਂ ਬੈਠ, ਨਾਗ ਬੈਠੇ ਵਲ ਖਾਹੀ।
ਪੰਧ ਮੁਹਾਲ ਨ ਦੇਂਦੇ ਜਾਵਣ, ਬੈਠੇ ਸ਼ੀਂਹ ਅਟਕਾਹੀ।
(ਹਜ਼ੂਰੀ ਕਵੀ)
ਪੁਨਾ–
ਔਕੜ ਪੰਧ ਪ੍ਰੇਮ ਦੇ ਪੈਂਡੇ, ਮੈਂ ਇਕ ਅਕੱਲੜੀ ਮੁਠੀ।
ਗੁਝੀ ਸਾਂਗ ਲਗੀ ਤਨ ਮੇਰੇ, ਕਰਕੇ ਕਲੇਜਿਓਂ ਉਠੀ।
ਇਸ ਰਾਹ ਤੇ ਕਈ ਚੀਰੇ ਆਰੇ, ਤੇ ਲਖੀ ਖੱਲ ਉਪੱਠੀ।
(ਵਲੀ ਰਾਮ)
ਬੇਲੇ ਗਾਹਣੇ, ਦਰਿਆ ਚੀਰਨੇ ਤੇ ਅੰਗਿਆਰਾਂ ਦੀਆਂ ਸੇਜਾਂ ਨੂੰ ਫੁਲ ਕਰ ਲਿਤਾੜਨਾ ਪਵੇਗਾ। ਜਿਹੜੇ ਇਸ ਤਿਆਰੀ ਤੋਂ ਬਿਨਾਂ ਤੁਰੇ ਉਹ ਰਾਹ ਵਿਚੋਂ ਮੁੜ ਆਏ। ਉਹ ਟੁਟ ਗਏ ਤੇ ਮੁਰਝਾਏ ਹੋਏ ਫੁੱਲ ਵਾਂਗ ਭੋਗਾਂ ਦੇ ਕੂੜੇ 'ਤੇ ਸੁਟੇ ਗਏ। ਇਹ ਸਭ ਕੁਝ ਹੋਇਆ ਪ੍ਰੀਤਮ ਦੇ ਚੋਜਾਂ ਰਾਹੀਂ। ਇਹ ਲੁਕਣ-ਮੀਚੀ ਦੀ ਆਖ਼ਰੀ ਖੇਡ ਸੀ, ਰੱਜ ਕੇ ਖੇਡੀ ਜਾਣੀ ਸੀ। ਇਹ ਗਲਵਕੜੀਆਂ ਪੈਣ ਦੀ ਆਖ਼ਰੀ ਵਾਰੀ ਸੀ, ਇਸ ਵਿਚ ਸ਼ੌਕ ਨੇ ਕੁਦਰਤੀ ਤੌਰ 'ਤੇ ਤੇਜ਼ ਹੋ ਜਾਣਾ ਸੀ:
ਵਾਇਦਾ ਏ ਵਸਲ ਚੂੰ ਸ਼ਵਦ ਨਜ਼ਦੀਕ ਆਤਸੇ ਸ਼ੌਕ ਤੇਜ਼ ਤਰ ਗਰਦਦ।
ਮਰਦ ਮੈਦਾਨ ਵਿਚ ਨਿੱਤਰੇ, ਰਵਾਂ ਹੋਏ ਤੇ ਰੋਕਾਂ ਵੀ ਆ ਗਈਆਂ। ਪਹਿਲਾਂ ਅਟਕਾ ਆ ਕੇ ਪਾਇਆ–ਟੁੱਟਿਆਂ ਹੋਇਆਂ ਦੇ ਰੌਲੇ-ਗੋਲੇ ਨੇ; ਹੁਟੇ ਹੋਏ ਲੋਕ ਛੇਲਾਂ ਦੀ ਚਾਲ ਵਿਚ ਤਰੁੱਟੀ ਲਿਆਉਣ ਦੇ ਜਤਨ ਕਰਨ ਲੱਗੇ, ਉਹਨਾਂ ਦੇ ਹੱਥ ਹਥਿਆਰ ਸਨ: ਤਾਹਨੇ, ਮੋਹਣੇ, ਨਾ-ਮਿਲਵਰਤਨ, ਨਿੰਦਿਆ ਤੇ ਗਿਲਾਨੀ। ਸਾਰੇ ਤੀਰ ਤਰਕਸ਼ ਵਿਚੋਂ ਕੱਢ ਖੜੋਤੇ ਪਰ ਪ੍ਰੇਮ-ਰਸ-ਮੱਤੇ ਮਾਹੀ ਦੇ ਮਤਵਾਲਿਆਂ ਨੇ ਇਕ ਨਾ ਗੋਲੀ। ਉਹਨਾਂ ਨੇ ਆਪਣੇ ਕਾਫ਼ਲਾ-ਸਰਦਾਰ ਦੇ ਰਾਹੀਂ ਐਲਾਨ ਕਰ ਦਿੱਤਾ, “ਅਸੀਂ ਲੋਕਾਂ ਦੀ ਉਸਤਤ ਨਿੰਦਾ ਨੂੰ ਅੱਗ ਵਿਚ ਫੂਕਦੇ ਹਾਂ, ਸਾਨੂੰ ਕੋਈ ਬੁਰਾ ਭਲਾ ਜੋ ਜੀਅ ਆਏ ਕਹਿ ਲਵੇ, ਅਸਾਂ ਤਾਂ ਆਪਣਾ ਪਾਸਾ ਵਿੱਛਾ ਦਿੱਤਾ ਹੈ।”
ਉਸਤਤਿ ਨਿੰਦਾ ਨਾਨਕ ਜੀ
ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥
(ਵਾਰ ਰਾਮਕਲੀ ਮ: ੫, ਪੰਨਾ ੯੬੩)
ਪੁਨਾ–
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥
(ਦੇਵਗੰਧਾਰੀ ਮ: ੪, ਪੰਨਾ ੫੨੮)
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ॥
(ਬਿਲਾਵਲੁ ਮ: ੫, ਪੰਨਾ ੮੦੮)
ਪੁਨਾ–
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
(ਗਉੜੀ ਮ:੯, ਪੰਨਾ ੨੧੯)
ਪੁਠੀ ਖੱਲ ਲੁਹਾਂਦੇ ਹੋਏ ਸ਼ਮਸ ਨੇ ਕਿਹਾ, “ਮੈਨੂੰ ਕਹਿੰਦੇ ਨੇ, ਤੂੰ ਬਦਨਾਮ ਬੁਰਿਆਰ ਆਸ਼ਕ ਹੈਂ। ਮੈਂ ਮੁਕਰਦਾ ਨਹੀਂ ਤੇ ਇਕਰਾਰ ਕਰਦਾ ਹਾਂ ਕਿ ਤੁਸੀਂ ਸੱਚ ਕਹਿੰਦੇ ਹੋ।”
ਗੋਇਦ ਮਰਾ ਆਸ਼ਕੋਂ ਬਦਨਾਮ ਤੁਈ।
ਮੁਨਕਰ ਨਾ ਤਵਾਨਮ ਬੂਦ ਕਿ ਹਸਤਮ ਹਸਤਮ
ਖੁਸਰੋ ਬੋਲਿਆ, “ਖ਼ਲਕਤ ਕਹਿੰਦੀ ਹੈ, ਤੂੰ ਮੁਸਲਮਾਂ ਹੋ ਕੇ ਬੁੱਤ-ਪ੍ਰਸਤ ਹੈਂ।”
ਖਲਕ ਮੀਂ ਗੋਇਦ ਕਿ ਖੁਸਰੋ ਬੁਤ ਪ੍ਰਸਤੀ ਮੇਂ ਕੁਨਦ।
ਆਰ ਆਰੇ ਮੇਂ ਕੁਨਮ ਬਾ ਖਲਕੋ ਆਲਮ ਕਾਰ ਨੇਸਤ।
ਮੈਂ ਕਹਿੰਦਾ ਹਾਂ, ‘ਹੈਗਾ ਜੇ! ਹੈਗਾ ਜੇ!! ਮੇਰਾ ਤੁਹਾਡੇ ਨਾਲ ਕੀ ਕੰਮ।” ਅਤਾਰ ਨੇ ਆਖਿਆ, “ਮੈਨੂੰ ਮੋਮਨ, ਕਾਫ਼ਰ ਕਹਿ ਕੇ, ਗ਼ੈਰ ਮੁਸਲਮ ਦੀਨਦਾਰ ਆਖ ਤ੍ਰਿਸਕਾਰਦੇ ਨੇ, ਪਰ ਮੈਨੂੰ ਕੀ। ਮੈਂ ਤਾਂ ਦਰਦੇ-ਦਿਲ ਦਾ ਇਕ ਕਤਰਾ ਚਾਹੁੰਦਾ ਹਾਂ।”
ਕੁਫ਼ਰ ਕਾਫ਼ਰ ਰਾ, ਵਾਦੀਂ ਦੀਦਾਰ ਰਾ, ਕਤਰਾਏ, ਦਰਦੇ ਦਿਲੇ ਆਜ਼ਾਰ ਰਾ।
ਭਗਤ ਨਾਮਦੇਵ ਜੀ ਲਲਕਾਰ ਕੇ ਆਖਦੇ ਹਨ, “ਲੋਕੋਂ! ਮੇਰੀ ਨਿੰਦਾ ਕਰੋ, ਮੇਰਾ ਤਨ ਮਾਹੀ ਦਾ ਹੋ ਚੁੱਕਾ ਹੈ। ਮੈਨੂੰ ਤੇ ਨਿੰਦਾ ਪਿਆਰੀ ਲੱਗਦੀ ਹੈ।”
ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥
ਤਨੁ ਮਨ ਰਾਮ ਪਿਆਰੇ ਜੋਗੁ॥
(ਭੈਰਉ ਨਾਮਦੇਉ, ਪੰਨਾ ੧੧੬੪)
ਪੁਨਾ–
ਨਿੰਦਾ ਜਨ ਕਉ ਖਰੀ ਪਿਆਰੀ॥
(ਗਉੜੀ ਕਬੀਰ, ਪੰਨਾ ੩੩੯)
ਇਹ ਉਸਤਤ ਨਿੰਦਾ ਤੋਂ ਬੇਪ੍ਰਵਾਹੀਆਂ, ਇਹ ਗਿਲਿਆਂ-ਤਾਹਨਿਆਂ ਤੋਂ ਬੇਨਿਆਜ਼ੀਆਂ, ਨਿਰਾ ਨਰ ਜਾਮੇ ਦਾ ਹਿੱਸਾ ਹੀ ਨਾ ਰਹੀਆਂ, ਸਗੋਂ ਮਲੂਕ ਸ਼੍ਰੇਣੀ ਨੇ ਵੀ ਪਿਆਰ ਪਿਆਲੇ ਪੀ, ਮਸਤੀ ਵਿਚ ਆ, ਲੋਕ-ਲਾਜ ਦੀਆਂ ਜ਼ੰਜੀਰਾਂ ਟੋਟੇ ਕਰ ਸੁੱਟੀਆਂ। ਇਹ ਸੂਰਤ ਦਾ ਫ਼ਰਕ ਤੇ ਜਿਨਸ ਦਾ ਭੇਦ, ਮਨੁੱਖਤਾ ਦੇ ਦੋ ਹਿਸੇ ਤਾਂ ਜਗਤ-ਮਰਯਾਦਾ ਕਾਇਮ ਕਰਨ ਹਿੱਤ ਮਾਲਕ ਨੇ ਬਣਾਏ ਸਨ, ਨਹੀਂ ਤੇ ਛਾਤੀਆਂ ਵਿਚ ਦਿਲ, ਦਿਲਾਂ ਵਿਚ ਜਜ਼ਬੇ, ਜਜ਼ਬੇ ਵਿਚ ਤਾਂਘ ਤੇ ਤਾਂਘ ਵਿਚ ਤੀਬਰਤਾ ਤਾਂ ਦੋਹਾਂ ਧਿਰਾਂ ਨੂੰ ਇਕੋ ਜਿਹੀ ਦਿੱਤੀ ਸੀ। ਇਰਾਕ ਦੀ ਰਾਬੀਆ, ਇਰਾਨ ਦੀ ਕੁਰਤੁਲ ਐਨ ਤੇ ਭਾਰਤ ਦੀ ਮੀਰਾ, ਇਸ ਸ਼ਰੇਣੀ ਦੀਆਂ ਸ਼ਾਹ ਸਵਾਰਾਂ ਦਿਸ ਆਉਂਦੀਆਂ ਹਨ। ਹਿੰਦਵੀਅਤ ਦੀ ਪੁਰਾਤਨਤਾ, ਰਾਜਪੂਤਾਂ ਦੇ ਕੁਲ ਅਭਿਮਾਨ ਅਤੇ ਆਮ ਜਨਤਾ ਦੀ ਡੰਡ-ਰੌਲੇ ਨੇ ਨਿੰਦਿਆ ਦੇ ਕਟਕ ਚਾੜ੍ਹੇ, ਤਾਹਨਿਆਂ ਦੇ ਤੀਰ ਮਾਰੇ, ਗਿਲਿਆਂ ਦੇ ਗੁਲੇਲੇ ਚਲਾਏ, ਪਰ ਮਤਵਾਲੀ ਮੀਰਾਂ ਨੇ ਕੋਈ ਪਰਵਾਹ ਨਾ ਕੀਤੀ। ਉਸਦਾ ਇਸ਼ਕ ਨਾ ਅਟਕਿਆ, ਉਸਦਾ ਪ੍ਰੇਮ ਪਿਛਾਂਹ ਨਾ ਮੁੜਿਆ। ਉਸ ਨੇ ਉਚੀ ਪੁਕਾਰ ਕੇ ਕਿਹਾ, “ਮੈਨੂੰ ਮੰਦੀ ਆਖ ਲਉ, ਕਮੀਨੀ ਕਹਿ ਲਉ, ਸੂਪਨਖ਼ਾ ਸਮਝ ਲਉ, ਮੈਨੂੰ ਇਸ ਤੇ ਉਸ ਜਹਾਨ ਵਿਚ ਅੱਗੇ ਪਿਛੇ ਤੋਂ ਟੁਟੀ ਹੋਈ ਜਾਣ ਲਉ, ਪਰ ਮੈਂ ਮਹਿਬੂਬ ਦੀ ਮੂਰਤੀ ਤੋਂ ਪ੍ਰਾਣ ਵਾਰ ਚੁਕੀ, ਬਉਰੀ, ਪ੍ਰੇਮ ਪੰਥ ਤੋਂ ਪਿਛੇ ਨਹੀਂ ਮੁੜ ਸਕਦੀ।
ਕੋਊਂ ਕਹੋ ਕੁਟਲਾ ਕੁਲੀਨ ਅ-ਕਲੀਨ ਕੋਊ,
ਕੋਊ ਕਹਿਓ ਲੰਕਨੀ ਕੁਲੰਕਨੀ ਕੁਨਾਰੀ ਹੂੰ।
ਊਧੋ ਮਾਤ ਲੋਕ ਦੇ ਲੋਕ ਪ੍ਰਲੋਕ ਹੂੰ ਮੈਂ,
ਰਹਿਤ ਹੂੰ ਅਲੋਕ ਲੋਕ ਲੋਕਨ ਸੇ ਨਿਆਰੀ ਹੂੰ।
ਤਨ ਜਾਹੋ ਧਨ ਜਾਹੋ, ਦੇਵ ਗੁਰੂ ਜਨ ਜਾਹੋ,
ਪ੍ਰਾਨ ਕਿਉਂ ਨਾ ਜਾਹੋ ਨੇਕ ਟਰਤ ਨ ਟਾਰੀ ਹੂੰ।
ਬਿੰਦਰਾ ਬਨਵਾਰੀ, ਬਨਵਾਰ ਕੇ ਮੁਕਟ ਵਾਰੀ,
ਪ੍ਰੀਤ ਪਟਵਾਰੀ ਵਾਕੀ ਮੂਰਤੀ ਕੇ ਵਾਰੀ ਹੂੰ।
ਅਟਕਾਂ ਦਾ ਅੰਤ ਏਥੇ ਹੀ ਨਾ ਹੋਇਆ। ਸੰਸਾਰ ਨਿੰਦਾ ਦੀ ਪਰਵਾਹ ਨਾ ਹੁੰਦੀ ਦੇਖ, ਗਿਲਿਆਂ ਦੀ ਗੱਲ ਨਾ ਗੌਲੀ ਜਾਂਦੀ ਤੱਕ, ਮੇਹਣਿਆਂ ਦੀ ਮਾਰ ਨਾ ਮੁੜਦੀ ਸਮਝ, ਹੋਰ ਭੀ ਹੋਛੇ ਹਥਿਆਰਾਂ 'ਤੇ ਉਤਰ ਪਿਆ। ਉਸ ਨੇ ਮਜ਼ਹਬ ਨੂੰ ਨਾਲ ਮਿਲਾ ਲਿਆ ਤੇ ਮਜ਼ਹਬ ਨੇ ਹਕੂਮਤਾਂ ਨੂੰ ਚੁੱਕਿਆ, ਸ਼ਰਹ ਦੇ ਜ਼ੇਰ ਤੇ ਰਾਜ-ਬਲ ਨੇ ਰਲ ਕੇ ਉਹ ਉਹ ਕਹਿਰ ਢਾਏ ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਮਨੁੱਖ-ਸੰਤਾਨ ਸ਼ਰਮਿੰਦੀ ਹੁੰਦੀ ਹੈ। ਆਸ਼ਕਾਂ ਨੂੰ ਆਰੇ ਹੇਠ ਰੱਖ ਚੀਰਨਾ, ਸਾਦਕਾਂ ਨੂੰ ਸਲੀਬ 'ਤੇ ਟੰਗਣਾ, ਸੋਹਣਿਆਂ ਨੂੰ ਸੂਲ਼ੀ ਚਾੜ੍ਹਨਾ, ਪਿਆਰ ਦੇ ਮੁਜੱਸਮੇ ਤੱਤੀਆਂ ਤਵੀਆਂ 'ਤੇ ਤਲਣੇ, ਗਰਮ ਦੇਗਾਂ ਵਿਚ ਉਬਾਲਣੇ, ਨੂਰੀਆਂ ਨੂੰ ਨਾਰ 'ਤੇ ਤੋਰਨਾ, ਇਹੋ ਜਿਹੀਆਂ ਹੋਰ ਬੇਅੰਤ ਦਰਦ-ਭਰੀਆਂ ਹੋਣੀਆਂ ਟੁੱਟੀ ਹੋਈ ਮਨੁੱਖਤਾ ਦੇ ਹੱਥੋਂ ਹੋਈਆਂ।
ਮਜ਼ਹਬ ਭਾਵੇਂ ਮੇਵਾ ਤਾਂ ਮਿੱਠਾ ਸੀ, ਪਰ ਅੰਗੂਰ ਨੂੰ ਤੱਰਕਾ, ਸ਼ਰਾਬ ਬਣਾ ਲੈਣ ਵਾਂਗ, ਮਜ਼ਹਬੀ ਪਰੋਹਤਾਂ ਨੇ ਇਸ ਨੂੰ ਤੱਰਕਾ, ਤੁਅੱਸਬ ਦੀ ਸ਼ਰਾਬ ਵਿਚ ਬਦਲ ਦਿੱਤਾ ਸੀ। ਜਿਸ ਦੇ ਨਸ਼ੇ ਕਰ ਬਿਬੇਕ-ਬੁੱਧ-ਹੀਣ ਪੁਜਾਰੀ ਧਰਮ ਦੇ ਨਾਮ ਤੋਂ ਧਰਮੀਆਂ ਨੂੰ ਮਾਰਦੇ, ਦੀਨ ਦੇ ਨਾਂ 'ਤੇ ਦੀਨਦਾਰਾਂ ਨੂੰ ਕਤਲ ਕਰਦੇ ਅਤੇ ਭਲੇ ਦੇ ਬਹਾਨੇ ਭਲਿਆਂ ਨੂੰ ਸਜ਼ਾਵਾਂ ਦੇਂਦੇ ਸਨ। ਇਸ਼ਕ ਦੇ ਇਤਿਹਾਸ ਵਿਚ ਤੱਤੇ ਥੰਮ੍ਹ ਨੂੰ ਜੱਫੀ ਪਾ ਰਿਹਾ ਮਾਸੂਮ ਪ੍ਰਹਿਲਾਦ, ਆਪਣਿਆਂ ਮੋਢਿਆਂ 'ਤੇ ਸਲੀਬ ਚੁਕੀ ਜਾ ਰਿਹਾ ਖ਼ਾਮੋਸ਼ ਈਸਾ, ਵੱਟਿਆਂ ਦੀ ਮਾਰ ਕਰਕੇ ਲੱਗੇ ਹੋਏ ਜ਼ਖ਼ਮਾਂ ਵਿਚੋਂ ਵਗੇ ਲਹੂ ਦੀ ਭਰੀ ਹੋਈ ਜੁੱਤੀ ਵਿਚ ਪੈਰ ਪਾਈ ਬੈਠਾ ਮੁਹੰਮਦ, ਸੁਰਖ਼ ਤਪੀ ਹੋਈ ਲੋਹ 'ਤੇ ਅਹਿੱਲ ਸ਼ਾਂਤ ਬੈਠੇ ਸ੍ਰੀ ਗੁਰੁ ਅਰਜਨ ਦੇਵ ਜੀ ਇਸ ਮੁਕੱਦਮੇ ਦੇ ਵੱਡੇ ਗਵਾਹ ਹਨ। ਪਰ ਇਹਨਾਂ ਗੱਲਾਂ ਨੇ ਕੁਝ ਅਸਰ ਨਾ ਕੀਤਾ; ਜਿਉਂ ਜਿਉਂ ਮਾਰਾਂ ਪਈਆਂ, ਉਹ ਹੋਰ ਮੱਚੇ, ਜਿਉਂ ਜਿਉਂ ਤਕਲੀਫ਼ਾਂ ਪਈਆਂ ਹੋਰ ਤਾਂਘੜੇ; ਜਿਉਂ ਜਿਉਂ ਦੁੱਖ ਆਏ ਹੋਰ ਅਗਾਂਹ ਨੂੰ ਦੌੜੇ; ਉਹਨਾਂ ਸੂਲ-ਸੁਰਾਹੀਆਂ ਅਤੇ ਖ਼ੰਜਰ-ਪਿਆਲੇ ਕਰ ਜਾਣੇ।
ਮੁਰਦਾ ਮਨੁੱਖ, ਮਿਰਤਕ ਸਰੀਰ ਦਾ ਮੁਦੱਈ ਸੀ। ਉਹ ਮੋਹ-ਮਾਰਿਆ ਮੰਨੀ ਬੈਠਾ ਸੀ ਕਿ ਤਨਾਂ ਦੇ ਟੁੱਟਣ ਨਾਲ ਨਿਹੁੰ ਵੀ ਟੁਟ ਜਾਏਗਾ, ਪਰ ਇਹ ਉਸਦੀ ਭੁੱਲ ਸੀ। ਇਸ ਭੁੱਲ ਦੀ ਚਿਤਾਵਨੀ ਘੁਮਿਆਰਾਂ ਦੀ ਕੁੜੀ ਸੋਹਣੀ ਨੇ ਛੱਲਾਂ ਮਾਰ ਰਹੇ ਝਨਾਂ ਨੂੰ ਕੇਹੀ ਸੋਹਣੀ ਕਰਾਈ ਸੀ, ਜਦੋਂ ਉਹ ਮੁਟਿਆਰ ਨੂੰ ਮਾਹੀ ਵੱਲ ਜਾਣ ਤੋਂ ਹੜਨ ਲਈ ਡੋਬਣ ਦੇ ਦਬਕੇ ਮਾਰ ਰਿਹਾ ਸੀ:
ਬੋੜ ਵੇ ਖਾਜਿਆ ਬੋੜ, ਕੀ ਬੋੜੇਂ ਮਾਸ ਤੇ ਹਡੀਆਂ।
ਸੋਹਣੀ ਵੈਸੀ ਜਾਨੀ ਕੋਲ, ਜਿਥੇ ਪ੍ਰੇਮ ਤਨਾਵਾਂ ਗੱਡੀਆਂ।
(ਭਾਈ ਵੀਰ ਸਿੰਘ)
ਇਸਦੀ ਹੀ ਗਵਾਹੀ ਮਕਬਰੇ ਵਿਚ ਮਸਤ ਸੁਤੀ ਪਈ ਹੀਰ ਵੱਲੋਂ ਕਿਸੇ ਕਵੀ ਨੇ ਦਿੱਤੀ ਸੀ:
ਬਾਂਕੇ ਸੀ ਤਨ ਸੋਹਣੇ ਸਾਡੇ, ਵਾਂਗਰ ਹਾਰ ਸ਼ਿੰਗਾਰਾਂ।
ਆ ਜਾਂਦੇ ਵਿਚਕਾਰ ਹਾਰ ਜਿਉਂ, ਮਿਲਣ ਨ ਦੇਂਦੇ ਯਾਰਾਂ।
ਭਲਾ ਭਇਆ ਤਨ ਤੁਟੇ ਸਾਡੇ, ਜਾਨ ਅਜਾਬੋਂ ਛੁਟੀ।
ਤਾ ਦਿਨ ਦੀ ਮਾਹੀ ਗਲ ਲਗਕੇ, ਨੈਨ ਨੀਂਦ ਭਰ ਸਤੀ।
(ਕਰਤਾ)
ਓੜਕ ਮੁਰਦਾ ਜੱਗ ਹਾਰਿਆ ਤੇ ਜੀਊਂਦੇ ਜਿਤੇ, ਉਹ ਬੇਪਰਵਾਹ ਹੋ ਅਗਾਂਹ ਵਧੀ ਗਏ। ਪ੍ਰੇਮ ਦੀਆਂ ਅਉਘਟ ਘਾਟੀਆਂ 'ਤੇ ਚੜ੍ਹਨ ਵਾਲਿਆਂ ਛੈਲਾਂ ਦਾ ਕੁਝ ਦੂਰ ਤਕ ਪਿੱਛਾ ਕੀਤਾ, ਪਰ ਓੜਕ ਹੁੱਟ ਕੇ ਬਹਿ ਗਿਆ। ਨਿਹੁੰ ਦੀ ਨੈਂ ਨੂੰ ਚੀਰਨ ਵਾਲੀਆਂ ਨੱਢੀਆਂ ਦੇ ਮਗਰ ਦੂਤੀ ਨਨਾਣਾਂ ਕੁਝ ਦੂਰ ਤਕ ਭੱਜੀਆਂ, ਪਰ ਆਖ਼ਰ ਰਹਿ ਗਈਆਂ। ਪੁੱਗੇ ਹੋਏ ਪ੍ਰੇਮੀ ਕੁਠਾਰੀ ਵਿਚੋਂ ਢਲੇ ਹੋਏ ਸੋਨੇ ਵਾਂਗ ਬਾਰ੍ਹਾਂ ਵੰਨੀ ਦੇ ਹੋ ਨਿਕਲੇ, ਪ੍ਰੀਤਾਂ ਦੀਆਂ ਬਾਜ਼ੀਆਂ ਪੁੱਗ ਗਈਆਂ।
ਰਾਨਾ ਜੀ ਜ਼ਹਿਰ ਦੀਨੀ ਮੋ ਜਾਨੀ,
ਜਬ ਲਗ ਕੰਚਨ ਕਸੀਏ ਨਾਹੀ, ਹੋਤ ਨਾ ਬਾਰਾ ਬਾਨੀ॥
(ਮੀਰਾ ਬਾਈ)
ਪ੍ਰੇਮੀ ਤੇ ਪ੍ਰੀਤਮ ਇਕ ਹੋ ਗਏ, ਜੀਵਨ ਮੁਕੰਮਲ ਹੋਇਆ, ਚੱਕਰ ਮੁੱਕ ਗਿਆ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥
(ਸਿਰੀਰਾਗੁ ਰਵਿਦਾਸ, ਪੰਨਾ ੯੩)
ਪੁਨਾ–
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ॥
ਅਨਲ ਅਗਮ ਜੈਸੇ ਲਹਰਿ ਮਇਓ ਦਧਿ ਜਲ ਕੇਵਲ ਜਲ ਮਾਹੀ।
(ਸੋਰਠਿ ਰਵਿਦਾਸ, ਪੰਨਾ ੬੫੭)
ਜੋਤ ਵਿਚ ਜੋਤ ਰਲੀ, ਸੂਰਜ ਕਿਰਨ ਮਿਲੀ, ਬੁਲਬੁਲਾ ਸਾਗਰ ਹੋ ਨਿੱਬੜਿਆ:
ਐ ਜ਼ਾਹਦ ਜ਼ਾਹਿਰ ਬੀ ਅਜ਼ ਕੁਰਬ ਚੇ ਪੁਰਸੀ।
ਓ ਦਰਮਨੋ ਮਨ ਦਰਵੇ ਚੂੰ ਦਰਯਾ ਬਾ ਹੁਬਾਬ ਅੰਦਰ।
ਏਸੇ ਹੀ ਬਾਜ਼ੀ ਨੂੰ ਖੇਡਣ ਦਾ ਨਾਮ ਪ੍ਰੇਮਾ ਭਗਤੀ, ਜਗਤ ਦੀ ਉਸਤਤ-ਨਿੰਦਾ, ਮਜ਼ਹਬ ਦੇ ਫ਼ਤਵਿਆਂ ਤੇ ਹਕੂਮਤ ਦੀਆਂ ਧਮਕੀਆਂ ਨੂੰ ਲਿਤਾੜ, ਇਕ-ਰਸ ਮਾਹੀ ਦੇ ਰਾਹ ਵਿਚ ਤੁਰੇ ਜਾਣ ਦਾ ਨਾਮ ਹੀ ਪ੍ਰੇਮ ਪਥ ਹੈ।
('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)