ਸਾਇਕੌਲੋਜੀ ਦੀ ਓਵਰਡੋਜ਼ - ਬਲਜੀਤ : ਪ੍ਰੋ. ਅਵਤਾਰ ਸਿੰਘ
ਮੈਨੂੰ ਪਤਾ ਸੀ ਉਹ ਬਿਮਾਰ ਹੈ। ਪਰ ਇੰਨਾਂ ਅੰਦਾਜ਼ਾ ਨਹੀਂ ਸੀ ਕਿ ਇੰਨੀ ਛੇਤੀ ਉਹਨੂੰ ਇਸ ਰੂਪ ‘ਚ ਦੇਖਣਾ ਪੈ ਜਾਣਾ ਹੈ। ਉਹ ਬਹੁਤ ਰਹਿ ਗਿਆ ਸੀ। ਇਵੇ ਲੱਗਦਾ ਸੀ, ਜਿਵੇਂ ਕੋਈ ਧਾਗਾ ਝੁਕਿਆ ਹੋਵੇ। ਉਹਨੂੰ ਦੇਖ ਕੇ ਮੈਂ ਸੋਚਾਂ ਵਿੱਚ ਉਤਰ ਗਿਆ। ਉਹਦੀ ਜ਼ਿੰਦਗੀ ਗ਼ਾਲਿਬ ਦੇ ਕਥਨ “ਕੋਈ ਉਮੀਦ ਬਰ ਨਹੀਂ ਆਤੀ” ਅਤੇ ਕਬੀਰ ਦੀ ਇਸ ਤੁਕ “ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ” ਦੀ ਪਰਿਆਇ ਹੋ ਚੁੱਕੀ ਸੀ।
ਮੈਂ ਉਹਦੀ ਖ਼ਬਰ ਨੂੰ ਖਰੜ ਗਿਆ ਤਾਂ ਪਤਾ ਲੱਗਾ ਕਿ ਜਗਦੀਸ਼ ਉਹਦੇ ਟੈਸਟ ਕਰਾਉਣ ਲਈ ਉਹਨੂੰ ਸਤਾਰਾਂ ਸੈਕਟਰ ਲੈ ਕੇ ਗਿਆ ਹੈ। ਮੈਂ ਉੱਥੇ ਉਨ੍ਹਾਂ ਨੂੰ ਲੱਭ ਲਿਆ ਤੇ ਜਗਦੀਸ਼ ਉਹਨੂੰ ਮੇਰੇ ਕੋਲ਼ ਛੱਡ ਕੇ ਚਲਾ ਗਿਆ। ਅਸੀਂ ਗੁਲ੍ਹਾਟੀ ਰੇਡੀਓ ਦੇ ਸਾਹਮਣੇ ਡੱਠੇ ਬੈਂਚ ‘ਤੇ ਬਹਿ ਗਏ। ਮੇਰੇ ਕੋਲ ਉਹਦੀ ਖ਼ਬਰ ਲੈਣ ਜੋਗਾ ਕੋਈ ਸ਼ਬਦ ਨਹੀਂ ਸੀ ਤੇ ਨਾ ਹੀ ਹੌਸਲਾ ਸੀ। ਮੈਂ ਚੁੱਪ-ਚਾਪ ਉਡੀਕ ਰਿਹਾ ਸੀ ਕਿ ਉਹ ਕੁਝ ਬੋਲੇ।
ਆਪਣੇ ਅੰਦਰ ਚੱਲਦੀ ਕਿਸੇ ਕਸ਼ਮਕਸ਼ ਤੋਂ ਖਹਿੜਾ ਛੁਡਾ ਕੇ ਉਹ ਇਕ ਸਾਂਝੇ ਦੋਸਤ ਬਾਰੇ ਕਹਿਣ ਲੱਗਾ ਕਿ ਉਹ ਆਪਣੇ ਚੇਲਿਆਂ ਦੇ ਹੱਥ ਬਹੁਤ ਵੱਡਾ ਲੀਵਰ ਫੜਾ ਦਿੰਦਾ, ਪਰ ਸਪੋਰਟ ਆਪਣੇ ਕੋਲ਼ ਰੱਖ ਲੈਂਦਾ। ਮੈਂ ਮਤਲਬ ਪੁੱਛਿਆ ਤਾਂ ਕਹਿਣ ਲੱਗਾ ਕਿ ਉਹਦੇ ਚੇਲੇ ਹਰੇਕ ਗੱਲ ਹੇਠ ਲੀਵਰ ਫਸਾ ਲੈਂਦੇ ਹਨ ਤੇ ਸਪੋਰਟ ਲਈ ਇਧਰ ਉਧਰ ਝਾਕਣ ਲੱਗ ਪੈਂਦੇ ਹਨ। ਫਿਰ ਕੁਝ ਚਿਰ ਰੁਕ ਕੇ ਕਹਿਣ ਲੱਗਾ ਕਿ ਆਪ ਉਹਦੇ ਕੋਲ਼ ਬਹੁਤ ਵੱਡੀ ਸਪੋਰਟ ਹੁੰਦੀ ਹੈ, ਜਿਹਦੇ ਨਾਲ ਉਹ ਬੜੀਆਂ ਬੜੀਆਂ ਚੀਜ਼ਾਂ ਉਲਟਾ ਦਿੰਦਾ। ਮੈਂ ਉਹਦੀ ਬਰੀਕ ਸਮਝ ਤੇ ਉਸ ਵਿਦਵਾਨ ਦੋਸਤ ਦੀ ਬੇਜੋੜ ਸਮਰੱਥਾ ’ਤੇ ਹੈਰਾਨ ਹੋਇਆ।
ਫਿਰ ਮੈਂ ਉਹਨੂੰ ਉਹਦੀ ਸਿਹਤ ਬਾਬਤ ਪੁੱਛਿਆ ਤਾਂ ਕਹਿਣ ਲੱਗਾ ਕਿ ਡਾਕਟਰ ਕੱਖ ਨਹੀਂ ਦੱਸਦੇ। ਉਹ ਸੋਚਾਂ ਵਿੱਚ ਪੈ ਗਿਆ ਤੇ ਮੈਂ ਵੀ ਸੋਚਣ ਲੱਗ ਪਿਆ ਕਿ ਡਾਕਟਰ ਕੀ ਦੱਸਣ! ਫਿਰ ਉਹ ਕਹਿਣ ਲੱਗਾ ਕਿ ਉਹਨੂੰ ਲੱਗਦਾ ਹੈ ਕਿ ਉਹਦੀ ਅੰਦਰਲੀ ਬਿਮਾਰੀ ਨੇ ਬਾਹਰਲੀ ਬਿਮਾਰੀ ਨੂੰ ਅੰਦਰ ਖਿੱਚ੍ਹ ਲਿਆ ਹੈ। ਮੈਂ ਉਹਦੀ ਇਹ ਗੱਲ ਸਮਝ ਨਾ ਸਕਿਆ।
ਮੈਨੂੰ ਪੰਜਾਬੀ ਯੂਨੀਵਰਸਿਟੀ ਤੋਂ ਚਿੱਠੀ ਆਈ ਕਿ ‘ਮਹਾਨਕੋਸ਼’ ਦੇ ਅੰਗਰੇਜ਼ੀ ਅਨੁਵਾਦ ਲਈ ਕੋਈ ਨਾਂ ਤਜਵੀਜ਼ ਕਰੋ। ਮੈਂ ਪ੍ਰੋ ਹਰਪਾਲ ਸਿੰਘ, ਬਲਜੀਤ ਅਤੇ ਆਪਣਾ ਨਾਂ ਭੇਜ ਦਿੱਤਾ। ਉੱਥੇ ਮੀਟਿੰਗ ਬੁਲਾਈ ਤਾਂ ਅਸੀਂ ਤਿੰਨੋ ਜਣੇ ਗਏ। ਸਾਨੂੰ ਮਹਾਨਕੋਸ਼ ਦੇ ਤੀਹ ਤੀਹ ਪੰਨੇ ਅਨੁਵਾਦ ਲਈ ਮਿਲ਼ੇ। ਯੂਨੀਵਰਸਿਟੀ ਵਿੱਚ ਘੁੰਮਦਿਆਂ ਮੈਂ ਦੇਖਿਆ ਕਿ ਵਾਰ ਵਾਰ ਬਲਜੀਤ ਦਾ ਹੱਥ ਉਹਦੀ ਵੱਖੀ ਵੱਲ੍ਹ ਉਠਦਾ ਸੀ। ਉਹਨੇ ਦੱਸਿਆ ਕਿ ਉਹਦੇ ਲਗਾਤਾਰ ਵੱਖੀ ‘ਚ ਦਰਦ ਹੁੰਦੀ ਹੈ ਤੇ ਪੇਨਕਿੱਲਰ ਵੀ ਕੋਈ ਅਸਰ ਨਹੀਂ ਕਰਦੇ। ਪ੍ਰੋ ਹਰਪਾਲ ਸਿੰਘ ਨੇ ਮੁਕੰਮਲ ਚੈਕੱਪ ਕਰਾਉਣ ਦੀ ਸਲਾਹ ਦਿੱਤੀ।
ਉਹਦੇ ਦਾਦੇ ਪੜਦਾਦੇ ਬਟਾਲ਼ੇ ਨੇੜਿਓਂ ਉੱਠ ਕੇ ਟਾਟਾਨਗਰ ਜਮਸ਼ੇਦਪੁਰ ਜਾ ਵਸੇ ਸਨ। ਬਲਜੀਤ ਦਾ ਜਨਮ ਤਾਂ ਉੱਥੇ ਹੀ ਹੋਇਆ ਸੀ, ਪਰ ਉਹਦਾ ਚਾਚਾ ਭਾਗੋਵਾਲ ਤੋਂ ਨਵਾਂ ਨਵਾਂ ਗਿਆ ਸੀ। ਚਾਚੇ ਭਤੀਜੇ ਵਿੱਚ ਦੋਸਤੀ ਹੋ ਗਈ ਤੇ ਚਾਚਾ ਆਪਣੇ ਭਤੀਜੇ ਨੂੰ ਪੰਜਾਬ ਦੇ ਖ਼ੂਬਸੂਰਤ ਨਜ਼ਾਰੇ ਪੇਸ਼ ਕਰਦਾ ਰਹਿੰਦਾ। ਬਲਜੀਤ ਦੇ ਮਨ ਵਿੱਚ ਪੰਜਾਬ ਲਈ ਖਿੱਚ੍ਹ ਪੈਦਾ ਹੋ ਗਈ, ਜਿਸ ਕਰਕੇ ਉਹਦੇ ਬਾਪ ਨੇ ਬਲਜੀਤ ਨੂੰ ਦਸਵੀਂ ਕਰਾ ਕੇ ਚੰਡੀਗੜ੍ਹ ਭੇਜ ਦਿੱਤਾ। ਉਹਨੇ ਗਿਆਰਾਂ ਸੈਕਟਰ ਦੇ ਸਰਕਾਰੀ ਕਾਲਜ ਵਿੱਚੋਂ ਬੀ ਏ ਕੀਤੀ ਤੇ ਯੂਨੀਵਰਸਿਟੀ ਜਾ ਕੇ ਐਮ ਏ ਸਾਇਕੌਲੋਜੀ ਵਿਚ ਦਾਖ਼ਲਾ ਲੈ ਲਿਆ।
ਫਿਰ ਉਹ ਸਾਇਕੌਲੋਜੀ ਦੇ ਮਗਰ ਹੱਥ ਧੋ ਕੇ ਪੈ ਗਿਆ। ਨਾਲ਼ ਨਾਲ਼ ਫਿਲੌਸੋਫੀ ਉਹਦਾ ਮਨਭਾਉਂਦਾ ਵਿਸ਼ਾ ਹੋ ਗਿਆ। ਵਿੱਲਡਿਓਰਾਂ ਦੀ ‘ਸਟੋਰੀ ਔਫ ਫ਼ਿਲੌਸਫ਼ੀ’ ਹਮੇਸ਼ਾ ਉਹਦੇ ਹੱਥ ਵਿਚ ਰਹਿੰਦੀ। ਉਹ ਫਰੌਇਡ, ਯੁੰਗ ਅਤੇ ਐਡਲਰ ਦੀਆਂ ਗੱਲਾਂ ਬੜੇ ਅਧਿਕਾਰ ਨਾਲ਼ ਕਰਨ ਲੱਗ ਪਿਆ। ਉਹ ਬੜੀ ਛੇਤੀ ਹੀ ਆਪਣੇ ਅੱਛੇ ਅਧਿਆਪਕਾਂ ਦਾ ਚਹੇਤਾ ਬਣ ਗਿਆ ਤੇ ਅਕਸਰ ਉਨ੍ਹਾਂ ਨਾਲ਼ ਸਟੂਡੈਂਟਸ ਸੈਂਟਰ ਬੈਠਾ ਨਜ਼ਰ ਆਉਂਦਾ। ਪ੍ਰੋ ਲਖਵਿੰਦਰ ਸਿੰਘ ਮਿਨਹਾਸ ਦਾ ਤਾਂ ਉਹ ਮਿੱਤਰ ਬਣ ਗਿਆ ਸੀ।
ਮੈਨੂੰ ਉਹ ਮੇਰੇ ਸੀਨੀਅਰ ਸੁਰਿੰਦਰ ਖੰਨੇ ਨਾਲ਼ ਮਿਲ਼ਿਆ ਸੀ। ਮੈਂ ਉਹਨੂੰ ਮਿਲ਼ਦਿਆਂ ਹੀ ਉਹਦੇ ਵੱਲ੍ਹ ਖਿੱਚਿਆ ਗਿਆ। ਸ਼ੁਰੂ ਸ਼ੁਰੂ ਵਿੱਚ ਮੈਂ ਖੰਨੇ ‘ਤੋਂ ਬਲਜੀਤ ਬਾਬਤ ਪੁੱਛਦਾ। ਬਸ ਥੋੜ੍ਹੇ ਦਿਨਾਂ ਵਿੱਚ ਹੀ ਖੰਨਾ ਮੇਰੇ ਕੋਲੋਂ ਬਲਜੀਤ ਬਾਬਤ ਪੁੱਛਦਾ। ਫਿਰ ਉਹਨੂੰ ਪੁੱਛਣਾ ਵੀ ਨਾ ਪੈਂਦਾ, ਕਿਉਂਕਿ ਬਲਜੀਤ ਸਦਾ ਮੇਰੇ ਨਾਲ਼ ਹੀ ਹੁੰਦਾ। ਉਹਦੇ ਕੋਲ਼ੋਂ ਸਾਇਕੌਲੋਜੀ ਦਾ ਸਾਰਾ ਗਿਆਨ ਡੀਕ ਲਾ ਕੇ ਪੀ ਜਾਣ ਨੂੰ ਜੀ ਕਰਦਾ। ਉਹਦੇ ਨਾਲ਼ ਹਰ ਗੱਲ ਕਰਕੇ ਅਨੰਦ ਆਉਂਦਾ। ਉਹ ਮੇਰੇ ਕੋਲ਼ੋਂ ਤਰਾਂ ਤਰਾਂ ਦੇ ਸਵਾਲ ਪੁੱਛਦਾ ਤੇ ਸਵਾਲ ਜਵਾਬ ਦਾ ਸਿਲਸਿਲਾ ਜਾਰੀ ਰਹਿੰਦਾ।
ਮੈਂ ਉਹਦੇ ਕਮਰੇ ‘ਚ ਜਾਣਾ ਤਾਂ ਉਹਨੇ ਇੱਕ ਨਿੱਕਾ ਜਿਹਾ ਟੇਬਲ ਲੈਂਪ ਬਾਲ਼ ਕੇ ਪੜ੍ਹਦਾ ਹੋਣਾ। ਮੈਨੂੰ ਉਹਦਾ ਟੇਬਲ ਲੈਂਪ ਬੜਾ ਸੋਹਣਾ ਲੱਗਦਾ ਸੀ, ਜਿਹਦੇ ਨਾਲ਼ ਦਾ ਸਾਰੇ ਚੰਡੀਗੜ੍ਹ ‘ਚ ਕਿਤੇ ਨਹੀਂ ਸੀ ਮਿਲ਼ਦਾ। ਦਰਅਸਲ ਉਹ ਜਮਸ਼ੇਦਪੁਰੋਂ ਲੈ ਕੇ ਆਇਆ ਸੀ। ਇਕ ਦਿਨ ਕਹਿਣ ਲੱਗਾ ‘ਮੈਂ ਇਹ ਟੇਬਲ ਲੈਂਪ ਤੈਨੂੰ ਦੇ ਜਾਣਾ’। ਮੈਂ ਪੁੱਛਿਆ ਕਿ ਉਹਨੇ ਕਿੱਥੇ ਜਾਣਾ। ਉਹਨੇ ਕੋਈ ਜਵਾਬ ਨਾ ਦਿੱਤਾ ਤੇ ਸੋਚਣ ਲੱਗ ਪਿਆ।
ਕਪੂਰ ਸਿੰਘ ਦੀਆਂ ਲਿਖਤਾਂ ਲਈ ਮੈਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਛਾਣ ਮਾਰੀਆਂ। ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਤੇ ਲੁਧਿਆਣੇ ਦੀਆਂ ਕਿਤਾਬਾਂ ਦੀਅ ਦੁਕਾਨਾਂ ਗਾਹੀਆਂ। ਮੈਂ ਉਨ੍ਹਾਂ ਦਾ ਲਿਖਿਆ ਅੱਖਰ ਅੱਖਰ ਲੱਭਦਾ ਅਤੇ ਪੜ੍ਹਦਾ ਰਹਿੰਦਾ। ਨਵੀਆਂ ਨਵੀਆਂ ਗੱਲਾਂ ਬਲਜੀਤ ਨਾਲ਼ ਸਾਂਝੀਆਂ ਕਰਨੀਆਂ ਤਾਂ ਉਹਨੇ ਬੜਾ ਖ਼ੁਸ਼ ਹੋਣਾ। ਮੈਂ ਉਹਨੂੰ ਕਪੂਰ ਸਿੰਘ ਦੇ ਲੇਖ ਪੜ੍ਹਾਉਣੇ ਤਾਂ ਉਹਨੇ ਬੜਾ ਹੈਰਾਨ ਹੋਣਾ ਕਿ ਸਿਖਇਜ਼ਮ ਬਾਬਤ ਇੰਨੇ ਵੱਡੇ ਦਰਸ਼ਨਵੇਤਾ ਵੱਲੋਂ ਇੰਨਾ ਅੱਛਾ ਲਿਖਿਆ ਜਾ ਚੁੱਕਾ ਹੈ। ਮੈਂ ਉਹਦਾ ਉਪਾਸ਼ਕ ਤੇ ਉਹ ਮੇਰਾ ਉਪਾਸ਼ਕ ਹੋ ਗਿਆ।
ਮੇਰੇ ਕੋਲ਼ ਪ੍ਰੋ ਹਰਪਾਲ ਸਿੰਘ ਅਕਸਰ ਆਉਂਦੇ ਤਾਂ ਅਸੀਂ ਬਲਜੀਤ ਨੂੰ ਲੱਭ ਕੇ ਇਕੱਠੇ ਮਿਲ਼ ਕੇ ਖੂਬ ਗੱਲਾਂ ਕਰਦੇ ਤੇ ਹੱਸਦੇ। ਕਦੀ ਕਦੀ ਅਸੀਂ ਅੰਗਰੇਜ਼ੀ ਵਾਲ਼ੇ ਦਰਸ਼ਣ ਕੋਲ਼ ਚਲੇ ਜਾਂਦੇ। ਉਹ ਚਾਹ ਮੰਗਵਾ ਲੈਂਦਾ ਤੇ ਫਰੀਦਕੋਟੀ ਬਿਸਕੁਟਾਂ ਦਾ ਡੱਬਾ ਸਾਡੇ ਸਾਹਮਣੇ ਖੋਲ੍ਹ ਦਿੰਦਾ। ਦਰਸ਼ਣ ਦੇ ਕਮਰੇ ਵਿੱਚ ਖ਼ੂਬ ਠਹਾਕੇ ਵੱਜਦੇ। ਜ਼ਿੰਦਗੀ ਦੀਆਂ ਗੱਲਾਂ ਹੁੰਦੀਆਂ, ਸਾਹਿਤ ਦੇ ਚਰਚੇ ਹੁੰਦੇ ਤੇ ਬੇਦੀ, ਮੰਟੋ, ਚੈਖਵ ਤੇ ਕਾਫਕਾ ‘ਤੇ ਬਹਿਸ ਛਿੜਦੀ। ਸੰਗੀਤ ਦੀ ਗੱਲ ਛਿੜਦੀ ਤਾਂ ਜਗਜੀਤ ਸਿੰਘ, ਗ਼ੁਲਾਮ ਅਲੀ, ਮਹਿਦੀ ਹਸਨ, ਇਕਬਾਲ ਬਾਨੋ ਤੇ ਮਲਕਾ ਪੁਖਰਾਜ਼ ਤੱਕ ਗੱਲ ਚਲੀ ਜਾਂਦੀ। ਪ੍ਰੋ ਹਰਪਾਲ ਸਿੰਘ ਖਰੀਆਂ ਅਤੇ ਸਿੱਕੇਬੰਦ ਗੱਲਾਂ ਕਰਦੇ, ਦਰਸ਼ਣ ਦੀਆਂ ਗੱਲਾਂ ਗਿਆਨ ਦੇ ਨਵੇਂ ਦਿਸਹੱਦੇ ਛੋਂਹਦੀਆਂ ਤੇ ਵਿੱਚ ਵਿੱਚ ਬਲਜੀਤ ਸਾਇਕੌਲੋਜੀ ਦੇ ਤੜਕੇ ਲਗਾ ਦਿੰਦਾ।
ਬਲਜੀਤ ਦੀਆਂ ਕਈ ਗੱਲਾਂ ਸਾਡੀ ਸਮਝ ਤੋਂ ਬਾਹਰ ਹੁੰਦੀਆਂ ਤੇ ਕਦੀ ਕਦੀ ਉਹ ਅਜੀਬ ਜਿਹਾ ਵਿਉਹਾਰ ਕਰਨ ਲੱਗ ਜਾਂਦਾ। ਦਰਸ਼ਣ ਨੇ ਕਹਿਣਾ ਇਹਦੀ ਓਵਰਸਾਇਕੋਲਾਈਜ਼ੇਸ਼ਨ ਹੋ ਗਈ ਹੈ। ਉਹਨੇ ਇੰਨਾਂ ਲੰਮਾਂ ਸ਼ਬਦ ਦੋ ਤਿੰਨ ਹਿੱਸਿਆਂ ‘ਚ ਬੋਲਣਾ ਤਾਂ ਮੈਂ ਕਹਿਣਾ ਕਿ ਅਸਲ ਵਿੱਚ ਇਹਨੇ ਸਾਇਕੌਲੋਜੀ ਦੀ ਓਵਰਡੋਜ਼ ਲੈ ਲਈ ਹੈ, ਜਿਸ ਕਰਕੇ ਇਹ ਬੇਹੱਦ ਸੰਵੇਦਨਸ਼ੀਲ ਹੋ ਗਿਆ ਹੈ। ਇਸੇ ਤਰਾਂ ਅਸੀਂ ਰਾਤ ਦੇ ਬਾਰਾਂ ਬਾਰਾਂ ਵਜੇ ਤੱਕ ਬੈਠੇ ਰਹਿਣਾ। ਚਾਹ ਦੀ ਤਲ਼ਬ ਲੱਗਣੀ ਤਾਂ ਪੀ ਜੀ ਆਈ ਦੀ ਕੰਟੀਨ ‘ਚ ਚਲੇ ਜਾਣਾ। ਰਾਤ ਦੇ ਹਨੇਰੇ ‘ਚ ਦੁਧੀਆ ਸੂਟਾਂ ’ਚ ਦੌੜਦੀਆਂ ਰੂਹਾਂ ਵਰਗੀਆਂ ਨਰਸਾਂ ਦੇਖਣੀਆਂ ਤਾਂ ਅਸੀਂ ਦੇਖਦੇ ਹੀ ਰਹਿ ਜਾਣਾ ਤੇ ਗੁਆਚੇ ਗੁਆਚੇ ਜਹੇ ਵਾਪਸ ਕਮਰੇ ‘ਚ ਆ ਕੇ ਸੌਂ ਜਾਣਾ।
ਸਾਡਾ ਇਕ ਦੋਸਤ ਸੀ, ਜਿਹਨੂੰ ਸਾਰੇ ਗੁਰੀ ਕਹਿੰਦੇ ਸਨ ਤੇ ਜੋ ਬੜਾ ਤੇਜ਼ ਤਰਾਰ, ਹੋਣਹਾਰ ਤੇ ਸਿਆਣਾ ਸੀ। ਉਹਨੇ ਪੰਦਰਾਂ ਸੈਕਟਰ ‘ਚ ਕਮਰਾ ਲਿਆ ਹੋਇਆ ਸੀ ਤੇ ਆਪਣੇ ਕੋਲ਼ ਇਕ ਅੱਛਾ ਟੇਪ-ਰਿਕਾਰਡਰ ਰੱਖਿਆ ਹੋਇਆ ਸੀ। ਉਹਦੇ ਕੋਲ਼ ਜਗਜੀਤ ਸਿੰਘ ਦੀ ਕੈਸੇਟ ਸੀ, ਜਿਹਦੇ ਵਿੱਚ ਇਕ ਗ਼ਜ਼ਲ ਸੀ ‘ਮੈਂ ਖ਼ਯਾਲ ਹੂੰ ਕਿਸੀ ਔਰ ਕਾ, ਮੁਝੇ ਸੋਚਤਾ ਕੋਈ ਔਰ ਹੈ’।ਬਲਜੀਤ ਉਦਾਸ ਹੁੰਦਾ ਤਾਂ ਆ ਕੇ ਕਹਿੰਦਾ ‘ਚੱਲ ਗੁਰੀ ਕੋਲ਼ ਚੱਲੀਏ’। ਉੱਥੇ ਜਾ ਕੇ ਅਸੀਂ ਉਹੀ ਗ਼ਜ਼ਲ ਤਿੰਨ ਚਾਰ ਵਾਰ ਰੀਵਾਈਂਡ ਕਰ ਕਰ ਸੁਣਦੇ। ਉਹ ਸਾਨੂੰ ਇਲੈਕਟ੍ਰਿਕ ਕੈਟਲ ਵਿੱਚ ਬਣਾ ਕੇ ਟੀ ਬੈਗਜ਼ ਵਾਲ਼ੀ ਚਾਹ ਪਿਲ਼ਾਉਂਦਾ। ਅਸੀਂ ਉਸ ਗ਼ਜ਼ਲ ਦੀ ਵੱਖ ਵੱਖ ਵਿਆਖਿਆ ਕਰਦੇ ਵਾਪਸ ਆਉਂਦੇ।
ਬਲਜੀਤ ਦੀ ਉਦਾਸੀ ਦੇ ਸਬੱਬ ਕਈ ਸਨ। ਇਕ ਤਾਂ ਟਾਟਾ ਨਗਰ ਦੀ ਕੋਈ ਕੁੜੀ ਉਹਨੂੰ ਮੁਹੱਬਤ ਕਰਦੀ ਸੀ, ਜੋ ਆਪਣੇ ਮਾਂ ਬਾਪ ਨੂੰ ਦੱਸ ਨਾ ਸਕੀ ਤੇ ਉਹਦਾ ਬਲਜੀਤ ਦੇ ਕਿਸੇ ਰਿਸ਼ਤੇਦਾਰ ਨਾਲ਼ ਹੀ ਵਿਆਹ ਹੋ ਗਿਆ। ਯੂਨੀਵਰਸਿਟੀ ਦੀ ਕੋਈ ਕੁੜੀ ਉਹਨੂੰ ਮੁਹੱਬਤ ਨਹੀਂ ਸੀ ਕਰਦੀ, ਜਿਸਦਾ ਕਾਰਣ ਸ਼ਾਇਦ ਉਹਦਾ ਸੋਹਣਾ ਸੁਨੱਖਾ ਹੋਣ ਦੇ ਨਾਲ਼ ਸਿਆਣਾ ਹੋਣਾ ਵੀ ਸੀ।
ਯੂਨੀਵਰਸਿਟੀ ਵਿੱਚ ਸ਼ਾਇਦ ਇਕ ਮੈਂ ਹੀ ਸਾਂ, ਜਿਹਨੂੰ ਚਿੱਠੀਆਂ ਬਹੁਤ ਆਉਂਦੀਆਂ ਸਨ ਤੇ ਮੈਂ ਆਪ ਵੀ ਬਹੁਤ ਚਿੱਠੀਆਂ ਲਿਖਦਾ ਸੀ। ਮੈਂ ਕਈ ਕਈ ਪੋਸਟ-ਕਾਰਡ ਤੇ ਪੀਲ਼ੇ ਲਿਫ਼ਾਫ਼ੇ ਲੈ ਰੱਖਦਾ। ਮੈਂ ਚਿੱਠੀ ਲਿਖਣੀ ਤੇ ਡਾਕਖ਼ਾਨੇ ਦੇ ਲੈਟਰ-ਬਕਸ ਵਿੱਚ ਪਾਉਣ ਚਲੇ ਜਾਣਾ। ਅੰਦਰ ਫਿਲਟੈਲਿਕ ਬਿਓਰੋ ‘ਚ ਨਵੀਂਆਂ ਟਿਕਟਾਂ ਜਾਂ ਲਿਫ਼ਾਫ਼ੇ ਪੁੱਛਣ ਵੜ ਜਾਣਾ। ਉੱਥੇ ਇਕ ਬੜੀ ਸੁਨੱਖੀ ਕੁੜੀ ਲੱਗੀ ਹੋਈ ਸੀ, ਜਿਹੜੀ ਬਲਜੀਤ ਨੂੰ ਹੋਰ ਸੁਨੱਖੀ ਲੱਗਦੀ ਸੀ। ਕਈ ਬਾਰ ਬਲਜੀਤ ਨੇ ਪੰਜ ਵਜੇ ਮੇਰੇ ਕੋਲ਼ ਆਉਣਾ ਤੇ ਅਸੀਂ ਉਹਨੂੰ ਦੇਖਣ ਚਲੇ ਜਾਣਾ। ਪੁੱਛ ਪੁਛਾ ਕੇ ਪਤਾ ਲੱਗਾ ਕਿ ਉਹਦੇ ਘਰਦੇ ਗਹਿਣਿਆਂ ਦਾ ਮਾੜਾ-ਮੋਟਾ ਕਾਰੋਬਾਰ ਕਰਦੇ ਸਨ। ਅਸੀਂ ਉਹਦੇ ਬਾਬਤ ਹੁਸੀਨ ਅੰਦਾਜ਼ੇ ਲਗਾਉਂਦੇ। ਸਾਡੇ ਵਿੱਚੋਂ ਕੋਈ ਵੀ ਬਦਤਮੀਜ਼ ਨਹੀਂ ਸੀ, ਜੋ ਉਹਨੂੰ ਛੇੜਦੇ ਜਾਂ ਪਰੇਸ਼ਾਨ ਕਰਦੇ। ਉਹਦੇ ਵਲ੍ਹੋਂ ਸਾਨੂੰ ਕਿਸੇ ਕਿਸਮ ਦਾ ਕੋਈ ਸੰਕੇਤ ਨਹੀਂ ਸੀ। ਬਲਜੀਤ ਨੇ ਉਹਦਾ ਨਾਂ ਪੋਸਟ ਗਰਲ ਰੱਖ ਲਿਆ ਤੇ ਅਸੀਂ ਇਸੇ ਨਾਂ ਨਾਲ ਉਹਦੀ ਗੱਲ ਕਰਦੇ।
ਇਕ ਦਿਨ ਅਸੀਂ ਚਿਠੀ ਪਾਉਣ ਗਏ ਤਾਂ ਉਹਨੇ ਸਾਡੇ ਕੋਲ਼ ਪੀਅਨ ਭੇਜਿਆ ਕਿ ਨਵੀਆਂ ਟਿਕਟਾਂ ਆਈਆਂ ਹਨ। ਅਸੀਂ ਟਿਕਟਾਂ ਖ਼ਰੀਦੀਆਂ ਤੇ ਕਿਆਫ਼ੇ ਲਾਉਣ ਲੱਗ ਪਏ ਕਿ ਇਹ ਸੰਕੇਤ ਕਿਹਦੇ ਲਈ ਹੈ। ਮੈਂ ਉਸ ਹੁਸੀਨ ਸੰਕੇਤ ਦੀ ਸੂਈ ਉਹਦੇ ਵੱਲ੍ਹ ਘੁਮਾ ਦਿੰਦਾ ਤੇ ਉਹ ਮੇਰੇ ਵੱਲ੍ਹ ਕਰ ਦਿੰਦਾ। ਅਸੀਂ ਕੋਈ ਫੈਸਲਾ ਨਾ ਕਰ ਸਕੇ। ਕਈ ਦਿਨ ਉਹ ਸੰਕੇਤ ਸਾਡੇ ਲਈ ਦੁਨੀਆਂ ਭਰ ਦੇ ਸਾਹਿਤ ਤੋਂ ਵੀ ਵੱਧ ਮਹੱਤਵਪੂਰਣ ਬਣਿਆ ਰਿਹਾ। ਇਕ ਦਿਨ ਸਾਡੇ ਮਸੀਹਾ ਪ੍ਰੋ ਹਰਪਾਲ ਸਿੰਘ ਨੇ ਉਹਨੂੰ ਦੇਖ ਕੇ ‘ਸ਼ੀ ਇਜ਼ ਔਲ ਗੋਲ਼ਡ ਕਿਹਾ’ ਤਾਂ ਅਸੀਂ ਕਿਸੇ ਹੋਰ ਹੀ ਦੁਨੀਆਂ ਵਿੱਚ ਪੁੱਜ ਗਏ। ਉਹ ਸੱਚਮੁਚ ਸੋਨੇ ਦੀ ਛੜੀ ਜਹੀ ਸੀ। ਅਚਾਨਕ ਉਹਦੀ ਕਿਤੇ ਬਦਲੀ ਹੋ ਗਈ ਤੇ ਬਲਜੀਤ ਉਦਾਸ ਹੋ ਗਿਆ, ਜਿਵੇਂ ਉਹਦੀ ਸੋਨੇ ਦੀ ਲੰਕਾ ਲੁੱਟੀ ਗਈ ਹੋਵੇ।
ਫਿਰ ਬਲਜੀਤ ਦੀ ਦੋਸਤੀ ਓਂਕਾਰ ਸਿੰਘ ਨਾਲ਼ ਹੋ ਗਈ। ਉਹ ਮੇਰੇ ਨਾਲ਼ ਉਹਦੀਆਂ ਗੱਲਾਂ ਕਰਦਾ ਰਹਿੰਦਾ। ਮੈਨੂੰ ਉਹਨੇ ਮਿਲ਼ਾਇਆ ਤਾਂ ਮੈਂ ਇੰਨਾ ਪੜ੍ਹਿਆ ਤੇ ਗੁੜ੍ਹਿਆ ਹੋਇਆ ਸਿਆਣਾ ਪਹਿਲੀ ਵਾਰ ਦੇਖਿਆ। ਇੰਨੀ ਕੁ ਉਮਰ ਵਿੱਚ ਇੰਨੀ ਸਟੱਡੀ! ਮੈਂ ਹੈਰਾਨ ਹੀ ਹੋ ਗਿਆ। ਮੈਂ ਬਲਜੀਤ ਨੂੰ ਕਿਹਾ ਕਿ ਇਹ ਤਾਂ ਯੱਕ ਦੈਰਿਦਾ ਦਾ ਛੋਟਾ ਭਾਈ ਲੱਗਦਾ ਹੈ। ਉਹ ਇਸਤਰਾਂ ਹੱਸਿਆ ਜਿਸਤਰਾਂ ਉਹ ਕਦੀ ਕਦੀ ਹੀ ਹੱਸਦਾ ਸੀ।
ਓਂਕਾਰ ਸਿੰਘ ਆਪਣੀ ਭੈਣ ਮਨਜੀਤ ਇੰਦਰਾ ਕੋਲ਼ ਰਹਿੰਦਾ ਸੀ। ਉਹ ਬਲਜੀਤ ਨੂੰ ਵੀ ਉੱਥੇ ਲੈ ਗਿਆ ਤੇ ਬਲਜੀਤ ਮੈਨੂੰ ਲੈ ਗਿਆ। ਓਂਕਾਰ ਸਿੰਘ ਦੇ ਪਿਤਾ ਜੀ ਵੀ ਉੱਥੇ ਹੀ ਸਨ। ਉਹ ਦੋਹਵੇਂ ਕਿਸੇ ਨਸ਼ਾ ਛਡਾਊ ਕੇਂਦਰ ਵਿੱਚ ਲੱਗੇ ਹੋਏ ਸਨ ਤੇ ਹਮੇਸ਼ਾਂ ਨਸ਼ਿਆਂ ਦੀਆਂ ਗੱਲਾਂ ਕਰਦੇ ਰਹਿੰਦੇ। ਨਸ਼ਿਆਂ ਦੀ ਗੱਲ ਮੁੱਕਦੀ ਤਾਂ ਅਮਲੀਆਂ ਦੁਆਲ਼ੇ ਹੋ ਜਾਂਦੇ। ਮੈਂ ਉੱਥੇ ਇਕ ਰਾਤ ਅਤੇ ਦੋ ਦੁਪਹਿਰੇ ਕੱਟੇ ਤੇ ਵਾਪਸ ਆ ਗਿਆ। ਪਰ ਬਲਜੀਤ ਉੱਥੇ ਕਾਫੀ ਦੇਰ ਰਹਿੰਦਾ ਰਿਹਾ। ਓਂਕਾਰ ਸਿੰਘ ਨਾਲ਼ ਬਲਜੀਤ ਦੀ ਬਹੁਤ ਬਣਦੀ ਸੀ ਤੇ ਮਨਜੀਤ ਇੰਦਰਾ ਵੀ ਉਹਨੂੰ ਓਂਕਾਰ ਸਿੰਘ ਤੋਂ ਘੱਟ ਨਹੀਂ ਸੀ ਸਮਝਦੀ। ਓਂਕਾਰ ਸਿੰਘ ਦੇ ਪਿਤਾ ਜੀ ਵੀ ਬਲਜੀਤ ਨਾਲ਼ ਦਿਲ ਖੋਲ੍ਹ ਲੈਂਦੇ ਤੇ ਆਪਣੇ ਧੀ ਪੁੱਤ ਦਾ ਗ਼ੁੱਸਾ ਬਲਜੀਤ ਨਾਲ਼ ਸਾਂਝਾ ਕਰ ਲੈਂਦੇ।
ਫਿਰ ਬਲਜੀਤ ਦੇ ਘਰਦੇ ਉਹਦਾ ਵਿਆਹ ਕਰਨ ਲਈ ਜ਼ੋਰ ਪਾਉਣ ਲੱਗੇ। ਮੈਨੂੰ ਦੱਸਿਆ ਤਾਂ ਮੈਂ ਉਹਨੂੰ ਹਾਂ ਕਰਨ ਦੀ ਸਲਾਹ ਦਿੱਤੀ। ਕੁੜੀ ਟਾਟਾ ਨਗਰ ਦੇ ਸਰਕਾਰੀ ਸਕੂਲ ’ਚ ਪੜ੍ਹਾਉਂਦੀ ਸੀ। ਉਹ ਵਿਆਹ ਕਰਾਉਣ ਚਲਿਆ ਗਿਆ ਤੇ ਚਾਰ ਮਹੀਨੇ ਮੁੜਿਆ ਹੀ ਨਾ। ਮੁੜਿਆ ਤਾਂ ਆਪਣੀ ਘਰ ਵਾਲ਼ੀ ਦੀ ਨੌਕਰੀ ਛੁਡਾ ਕੇ। ਉਹ ਮੁਹਾਲ਼ੀ ਰਹਿਣ ਲੱਗ ਪਿਆ ਤੇ ਦੋਨੇ ਕਿਸੇ ਸਕੂਲ ‘ਚ ਪੜ੍ਹਾਉਣ ਲੱਗ ਪਏ। ਘਰ ਵਾਲ਼ੀ ਘਰ ਸਾਂਭਦੀ ਤੇ ਬਲਜੀਤ ਗ਼ਾਲਿਬ, ਇਕਬਾਲ, ਰੂਮੀਂ, ਗ਼ਜ਼ਾਲੀ ਤੇ ਅੱਤਾਰ ਪੜ੍ਹਦਾ ਪੜ੍ਹਦਾ ਫ਼ਾਰਸੀ ਦੀ ਐਮ ਏ ਅਤੇ ਪੀਐੱਚ ਡੀ ਕਰ ਗਿਆ। ਫਿਰ ਉਹਨੇ ਫ਼ਾਰਸੀ ਸਾਹਿਤ ਦੀਆਂ ਦੋ ਕਿਤਾਬਾਂ ਦਾ ਸਰਲ ਅਤੇ ਸਾਹਿਤਕ ਅੰਗਰੇਜ਼ੀ ਵਿੱਚ ਬੜਾ ਅੱਛਾ ਅਨੁਵਾਦ ਕੀਤਾ।
ਇਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਫਗਵਾੜੇ ਨੌਕਰੀ ਮਿਲ਼ ਗਈ ਸੀ ਤੇ ਮੇਰਾ ਵਿਆਹ ਹੋ ਗਿਆ। ਉਹ ਮੇਰੇ ਵਿਆਹ ‘ਤੇ ਨਾ ਆਇਆ, ਕਿਉਂਕਿ ਟਾਟਾਨਗਰ ਦੂਰ ਹੋਣ ਕਾਰਣ ਮੈਂ ਉਹਦੇ ਵਿਆਹ ‘ਤੇ ਨਹੀਂ ਸੀ ਗਿਆ। ਉਹ ਮੇਰੇ ਨਾਲ਼ ਨਰਾਜ਼ ਹੋ ਗਿਆ ਸੀ ਤੇ ਸਾਡਾ ਰਾਬਤਾ ਘਟ ਗਿਆ।
ਮੈਂ ਚੰਡੀਗੜ੍ਹ ਗਿਆ ਤਾਂ ਪ੍ਰੋ ਹਰਪਾਲ ਸਿੰਘ ਨਾਲ਼ ਮਿਲ਼ ਕੇ ਉਨ੍ਹਾਂ ਨੂੰ ਮਿਲਣ ਚਲੇ ਗਏ। ਉਨ੍ਹਾਂ ਦੇ ਘਰ ਬੇਟੀ ਹੋਈ ਸੀ ਤੇ ਉਹ ਬੜੇ ਖ਼ੁਸ਼ ਸਨ। ਪਰ ਆਪਣੀ ਇਕੱਲਤਾ ਕਰਕੇ ਉਦਾਸ ਵੀ ਸਨ। ਬਲਜੀਤ ਕਹਿਣ ਲੱਗਾ ਕਿ ਘਰਵਾਲ਼ੀ ਹਮੇਸ਼ਾ ਸ਼ਿਕਾਇਤ ਕਰਦੀ ਹੈ ਕਿ ਤੂੰ ਸਦਾ ਅਵਤਾਰ ਅਵਤਾਰ ਕਰਦਾ ਰਹਿੰਨਾ, ਉਹ ਸਾਨੂੰ ਮਿਲਣ ਤਾਂ ਆਇਆ ਨਹੀਂ। ਉਹਦਾ ਇਹ ਰੰਜ ਪ੍ਰੋ ਹਰਪਾਲ ਸਿੰਘ ‘ਤੇ ਵੀ ਸੀ। ਉਹਨੇ ਦੱਸਿਆ ਕਿ ਉਹ ਹੁਣ ਸਭ ਕੁਝ ਛੱਡ ਛੁਡਾ ਕੇ ਵਾਪਸ ਜਮਸ਼ੇਦਪੁਰ ਜਾ ਰਹੇ ਹਨ। ਆਉਣ ਲੱਗਿਆਂ ਗੇਟ ‘ਤੇ ਖੜ੍ਹੇ ਖੜ੍ਹੇ ਹੀ ਪੌਣਾਂ ਘੰਟਾ ਗੱਲਾਂ ਕਰਦਿਆਂ ਲੰਘ ਗਿਆ ਤਾਂ ਉਹਨੇ ਸ਼ਾਇਦ ਚੈਖਵ ਦੀ ਗੱਲ ਦੱਸੀ ਕਿ ‘ਸਾਡੀਆਂ ਅਸਲੀ ਗੱਲਾਂ ਗੇਟ ‘ਤੇ ਹੀ ਹੁੰਦੀਆਂ ਹਨ’।
ਮੈਂ ਆਪਣੀ ਨੌਕਰੀ ਤੇ ਗ੍ਰਿਹਸਤੀ ਵਿੱਚ ਗੁਆਚ ਗਿਆ ਤੇ ਉਹ ਟਾਟਾਨਗਰ ਦੀਆਂ ਸੜਕਾਂ ‘ਤੇ ਚੰਡੀਗੜ੍ਹ ਵਾਲ਼ੀਆਂ ਗੱਲਾਂ ਭਾਲ਼ਦਾ ਰਹਿੰਦਾ। ਉਹਦੀਆਂ ਚਿੱਠੀਆਂ ਆਉਂਦੀਆਂ ਤਾਂ ਮੈਂ ਜਵਾਬ ਦਿੰਦਾ। ਸਾਡੀ ਖਤੋਕਿਤਾਬਤ ਸ਼ਿਅਰੋ ਸ਼ਾਇਰੀ, ਦੋਸਤਾਂ ਦੀਆਂ ਖ਼ੁਸ਼ਮਿਜ਼ਾਜ ਗੱਲਾਂ ਤੇ ਖੂਬ ਹਾਸਾ ਠੱਠਾ ਹੁੰਦਾ। ਉਨ੍ਹਾਂ ਦੋਹਾਂ ਨੂੰ ਉੱਥੇ ਕੋਈ ਚੱਜਦਾ ਕੰਮ ਨਾ ਮਿਲ਼ਿਆ ਤੇ ਨਾ ਬਲਜੀਤ ਦਾ ਉੱਥੇ ਜੀ ਲੱਗਿਆ। ਉਹ ਮੁੜ ਘਿੜ ਕੇ ਫਿਰ ਆ ਗਏ ਤੇ ਖਰੜ ਰਹਿਣ ਲੱਗ ਪਏ।
ਉਹਦੇ ਘਰ ਵਾਲ਼ੀ ਕਿਸੇ ਸਕੂਲ ਵਿੱਚ ਪੜ੍ਹਾਉਣ ਲੱਗ ਪਈ ਤੇ ਉਹਨੂੰ ਪ੍ਰੋ ਹਰਪਾਲ ਸਿੰਘ ਨੇ ਕਹਿ ਕਹਾ ਕੇ ਨਵੀਂ ਨਵੀਂ ਬਣੀ ਚੰਡੀਗੜ੍ਹ ਦੀ ਇਕ ਸਿੱਖ ਸੰਸਥਾ ਵਿੱਚ ਰਿਸਰਚ ਸਕੌਲਰ ਰਖਵਾ ਦਿੱਤਾ। ਪਰ ਸਿੱਖਾਂ ਨੂੰ ਰਿਸਰਚ ਸਕੌਲਰਾਂ ਦੀ ਜ਼ਰੂਰਤ ਕਿੱਥੇ। ਉਹ ਬਲਜੀਤ ਨੂੰ ਪੀਅਨ ਸਮਝਦੇ ਤੇ ਉਹਨੂੰ ਚਾਹ ਬਣਾਉਣ ਲਾਈ ਰੱਖਦੇ। ਇਕ ਦਿਨ ਵਰ੍ਹਦੇ ਮੀਂਹ ’ਚ ਉਹਨੂੰ ਛੱਤ ‘ਤੇ ਚਾੜ੍ਹ ਦਿੱਤਾ ਕਿ ਦੇਖ ਪਾਣੀ ਕਿੱਥੇ ਖੜ੍ਹਾ ਹੈ। ਬਲਜੀਤ ਦੀ ਖ਼ੁਦਦਾਰੀ ਜਾਗ ਪਈ ਤੇ ਉਹਨੇ ਨੌਕਰੀ ਛੱਡ ਦਿੱਤੀ।
ਉਹਦੇ ਕੋਲ਼ ਕੋਈ ਤੀਰਕਮਾਨ ਦਲੀਆ ਆਇਆ ਤੇ ਕਹਿਣ ਲੱਗਾ ਕਿ ਦਿੱਲੀ ਵਿਖੇ ਇਰਾਨੀ ਸਫ਼ੀਰ ਨੂੰ ਮਿਲਣ ਜਾਣਾ ਹੈ। ਫ਼ਾਰਸੀ ਕਰਕੇ ਉਹ ਬਲਜੀਤ ਨੂੰ ਨਾਲ਼ ਲੈ ਗਏ। ਇਰਾਨੀ ਸਫ਼ੀਰ ਨੇ ਤੀਰਕਮਾਨੀਏ ਵੱਲ੍ਹ ਤਾਂ ਮੂੰਹ ਨਾ ਕੀਤਾ, ਉਹ ਬਲਜੀਤ ਨਾਲ਼ ਇਰਾਨੀ ਸਾਹਿਤ ਦੀਆਂ ਲੰਮੀਆਂ ਕਹਾਣੀਆਂ ਛੇੜ ਕੇ ਬਹਿ ਗਿਆ। ਤੀਰਕਮਾਨੀਏ ਦੇਖਣ ਤਾਹਾਂ ਠਾਹਾਂ ਕਿ ਕਿਥੇ ਬਲਜੀਤ ਨੂੰ ਲੈ ਆਏ। ਅੰਦਰੋਂ ਉਹ ਬਲਜੀਤ ਦੀ ਲਿਆਕਤ ਤੋਂ ਕਾਇਲ ਹੋ ਗਏ ਤੇ ਉਨ੍ਹਾਂ ਨੇ ਉਹਨੂੰ ਲੁਧਿਆਣੇ ਆਪਣੇ ਰਸਾਲੇ ‘ਚ ਸਹਿ ਸੰਪਾਦਕ ਭਰਤੀ ਕਰ ਲਿਆ।
ਪਹਿਲਾਂ ਕਹਿੰਦੇ ਕਿ ਹਫਤੇ ‘ਚ ਇਕ ਦਿਨ ਆਉਣਾ ਹੈ। ਫਿਰ ਵਧਦੇ ਵਧਦੇ ਰੋਜ਼ ਬੁਲਾਉਣ ਲੱਗ ਪਏ। ਬਲਜੀਤ ਲਈ ਰੋਜ਼ ਆਉਣਾ ਵਾਰਾ ਨਹੀਂ ਸੀ ਖਾਂਦਾ। ਉਹਦੀ ਫ਼ਾਰਸੀ ਦਾ ਉਹ ਰੱਜ ਰੱਜ ਇਸਤੇਮਾਲ ਕਰਦੇ ਪਰ ਉਹਨੂੰ ਢਿੱਡ ਭਰ ਕੇ ਖਾਣ ਜੋਗਾ ਮਿਹਨਤਾਨਾ ਦੇਣ ਲਈ ਰਾਜ਼ੀ ਨਾ ਹੁੰਦੇ। ਉੱਥੇ ਵੀ ਉਹੀ ਪੀਅਨ ਵਾਲ਼ੀ ਗੱਲ ਹੋਣ ਲੱਗ ਪਈ। ਬਲਜੀਤ ਦੀ ਖ਼ੁਦਦਾਰੀ ਇੱਥੇ ਵੀ ਜਾਗ ਪਈ ਤੇ ਉਹਨੇ ਨੌਕਰੀ ਛੱਡ ਦਿੱਤੀ।
ਫਿਰ ਉਹ ਘਰੇ ਰਹਿਣ ਲੱਗ ਪਿਆ। ਘਰ ਵਾਲ਼ੀ ਕੰਮ ਕਰਦੀ ਤੇ ਉਹ ਘਰੇ ਕਪੂਰ ਸਿੰਘ ਦੀ ਕਿਤਾਬ ‘ਪ੍ਰਾਸ਼ਰਪ੍ਰਸ਼ਨ’ ਦਾ ਪੰਜਾਬੀ ਅਨੁਵਾਦ ਕਰਨ ਲੱਗ ਪਿਆ। ਉਹਨੇ ਸਭ ਤੋਂ ਪਹਿਲਾਂ ਸਭ ਤੋਂ ਔਖੇ ਚੈਪਟਰ ‘ਆਰਕੀਟਾਈਪਲ ਫੌਰਮ ਆਫ ਗੁਰੂ ਗੋਬਿੰਦ ਸਿੰਘ’ ਤੋਂ ਸ਼ੁਰੂ ਕੀਤਾ। ਉਹਨੇ ਮੈਨੂੰ ਦੱਸਿਆ ਤਾਂ ਮੇਰਾ ਧਰਤੀ ‘ਤੇ ਪੈਰ ਨਾ ਲੱਗੇ ਕਿ ਹੁਣ ਗੱਲ ਬਣ ਗਈ। ਉਹ ਕਹਿਣ ਲੱਗਾ ਕਿ ਕੋਈ ਪਬਲਿਸ਼ਰ ਉਹਨੂੰ ਇਸ ਕੰਮ ਲਈ ਅਡਵਾਂਸ ਦੇ ਦੇਵੇ ਤੇ ਉਹ ਸਾਰੀ ਕਿਤਾਬ ਦਾ ਅਨੁਵਾਦ ਕਰ ਸਕਦਾ ਹੈ।
ਮੈਂ ਉਹਨੂੰ ਫਗਵਾੜੇ ਸੱਦਿਆ ਤੇ ਉਹ ਰਾਤ ਨੂੰ ਮੇਰੇ ਕੋਲ਼ ਆ ਗਿਆ। ਉਹ ਮੇਰੇ ਲਈ ਉਹੀ ਟੇਬਲ ਲੈਂਪ ਤੇ ਵਿੱਲਡਿਓਰਾਂ ਦੀ ‘ਸਟੋਰੀ ਔਫ ਫਿਲੌਸਫੀ’ ਲੈ ਕੇ ਆਇਆ ਸੀ ਤੇ ਉਹਨੇ ਆਉਂਦੇਸਾਰ ਹੀ ਮੈਨੂੰ ਦੋਹਵੇਂ ਚੀਜ਼ਾਂ ਫੜਾ ਦਿੱਤੀਆਂ। ਮੈਂ ਕਿਹਾ ਤੂੰ ਤਾਂ ਕਹਿੰਦਾ ਸੀ ਜਾਣ ਲੱਗਾ ਦੇ ਕੇ ਜਾਊਂਗਾ। ਕਹਿੰਦਾ ਆਪਾਂ ਸਵੇਰੇ ਜਾਣਾ ਹੀ ਹੈ। ਸਵੇਰੇ ਉਠਕੇ ਅਸੀਂ ਅੰਮ੍ਰਿਤਸਰ ਚਲੇ ਗਏ। ਕਹਿੰਦੇ ਕਹਾਉਂਦੇ ਪਬਲਿਸ਼ਰਾਂ ਕੋਲ਼ ਗਏ। ਕਿਸੇ ਨੇ ਕੋਈ ਹਾਮ੍ਹੀ ਨਾ ਭਰੀ ਤੇ ਅਸੀਂ ਨਿਰਾਸ਼ ਪਰਤ ਆਏ।
ਫਿਰ ਉਹਨੇ ਸਾਰੇ ਹਥਿਆਰ ਸੁੱਟ ਦਿੱਤੇ ਤੇ ਟੁਈਸ਼ਨਾਂ ਪੜ੍ਹਾਉਣ ਲੱਗ ਪਿਆ। ਪਰ ਨਾਲ਼ ਹੀ ਉਹਦੀ ਵੱਖੀ ਵਿੱਚ ਦਰਦ ਹੋਣ ਅਤੇ ਰਹਿਣ ਲੱਗ ਪਿਆ। ਕਈ ਤਰਾਂ ਦੇ ਓਹੜ ਪੋਹੜ, ਦੁਆ ਦਾਰੂ ਕੀਤੇ ਪਰ ਕੋਈ ਫਰਕ ਨਾ ਪਿਆ। ਉਦੋਂ ਹੀ ਮੈਂ ‘ਮਹਾਨਕੋਸ਼’ ਦੇ ਅਨੁਵਾਦ ਲਈ ਉਹਨੂੰ ਪਟਿਆਲੇ ਲੈ ਕੇ ਗਿਆ ਸਾਂ। ਉਹ ਕੰਮ ਤਾਂ ਸਾਨੂੰ ਮਿਲ਼ ਹੀ ਗਿਆ ਸੀ ਤੇ ਮੈਂ ਆਪਣੇ ਹਿੱਸੇ ਦੇ ਪੰਨੇ ਵੀ ਉਹਨੂੰ ਸੌਂਪ ਦਿੱਤੇ ਸਨ ਕਿ ਉਹਦਾ ਘਰ ਪੂਰਾ ਹੋ ਜਾਵੇ। ਪਰ ਉਹਦੀ ਖ਼ਰਾਬ ਸਿਹਤ ਨੇ ਸਾਥ ਨਾ ਦਿੱਤਾ।
ਉਨ੍ਹੀ ਦਿਨੀ ਮੇਰਾ ਦੋਸਤ ਜਗਦੀਸ਼ ਨੌਕਰੀ ਛੱਡ ਕੇ ਚੰਡੀਗੜ੍ਹ ਰਹਿਣ ਲੱਗ ਪਿਆ ਤੇ ਰੋਜ਼ ਬਲਜੀਤ ਨੂੰ ਮਿਲਣ ਗਿਲਣ ਲੱਗ ਪਿਆ ਤੇ ਉਹਦੀ ਬਿਮਾਰੀ ਦਾ ਇਲਾਜ਼ ਕਰਾਉਣ ਦਾ ਤਹੱਈਆ ਕਰ ਲਿਆ। ਆਪ ਉਹ ਨੌਕਰੀ ਛੱਡ ਚੁੱਕਾ ਸੀ ਤੇ ਇਲਾਜ਼ ਲਈ ਪੈਸਾ ਬਹੁਤ ਚਾਹੀਦਾ ਸੀ। ਉਹ ਚੰਡੀਗੜ੍ਹ ਦੇ ਰਈਸ ਸਿੱਖਾਂ ਕੋਲ਼ ਗਿਆ ਪਰ ਇਕ ਸਕੌਲਰ ਸਿੱਖ ਦੀ ਜਾਨ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਜਗਦੀਸ਼ ਨੇ ਉਹਦੇ ਇਲਾਜ਼ ਲਈ ਘਰ ਦਾ ਸਮਾਨ ਤੱਕ ਵੇਚ ਦਿੱਤਾ ਤੇ ਰੱਜਨੀ ਦੀ ਤਰਾਂ ਉਹਨੂੰ ਲੈ ਕੇ ਦਰ ਦਰ ਫਿਰਿਆ। ਸਿਰਫ ਡਾ ਕੁਲਦੀਪ ਸਿੰਘ ਨੇ ਉਹਦੀ ਗੱਲ ਸੁਣੀ ਤੇ ਇਲਾਜ਼ ਲਈ ਹਾਮ੍ਹੀ ਭਰੀ। ਹੁਣ ਉਹਦਾ ਇਲਾਜ਼ ਚੱਲ ਰਿਹਾ ਸੀ ਤੇ ਕੀਮੋਥਰੈਪੀ ਦਾ ਅਸਰ ਹੋ ਰਿਹਾ ਸੀ।
ਇਨ੍ਹਾਂ ਦਿਨਾਂ ਵਿੱਚ ਹੀ ਮੈਂ ਉਹਦੀ ਖ਼ਬਰਸਾਰ ਲਈ ਉਹਨੂੰ ਮਿਲਣ ਗਿਆ ਸੀ। ਪਤਾ ਲੱਗਾ ਕਿ ਜਗਦੀਸ਼ ਉਹਨੂੰ ਟੈਸਟਾਂ ਲਈ ਸਤਾਰਾਂ ਸੈਕਟਰ ਲੈ ਕੇ ਗਿਆ ਹੈ ਤੇ ਮੈਂ ਉੱਥੇ ਹੀ ਪਹੁੰਚ ਗਿਆ ਸੀ। ਜਗਦੀਸ਼ ਉਹਨੂੰ ਮੇਰੇ ਕੋਲ਼ ਛੱਡ ਕੇ ਕਿਤੇ ਚਲਾ ਗਿਆ ਸੀ ਤੇ ਅਸੀਂ ਗੁਲ੍ਹਾਟੀ ਰੇਡੀਓ ਦੇ ਸਾਹਮਣੇ ਬਣੇ ਬੈਂਚ ‘ਤੇ ਚੁੱਪ ਗੜੁੱਪ ਬੈਠ ਗਏ ਸਾਂ ਤੇ ਉਹਨੇ ਇਕ ਵਿਦਵਾਨ ਦੋਸਤ ਦੀ ਉਹ ਗੱਲ ਦੱਸੀ ਸੀ ਕਿ ਉਹ ਆਪਣੇ ਚੇਲਿਆਂ ਨੂੰ ਬਹੁਤ ਵੱਡਾ ਲੀਵਰ ਫੜਾ ਦਿੰਦਾ ਹੈ ਤੇ ਸਪੋਰਟ ਆਪਣੇ ਕੋਲ਼ ਰੱਖ ਲੈਂਦਾ। ਫਿਰ ਜਗਦੀਸ਼ ਉਹਨੂੰ ਮੇਰੇ ਕੋਲ਼ੋਂ ਲੈ ਗਿਆ ਸੀ। ਮੈਂ ਦੇਖਿਆ ਕਿ ਬਲਜੀਤ ਦਾ ਸਾਰਾ ਫਿਕਰ ਅਤੇ ਦਰਦ ਜਗਦੀਸ਼ ਦੇ ਸਿਰ ਵਿੱਚ ਦਾਖਲ ਹੋ ਚੁਕਾ ਸੀ।
ਮੈਂ ਹਸਪਤਾਲ ਵਿੱਚ ਉਹਨੂੰ ਮਿਲਣ ਗਿਆ ਤਾਂ ਉਹਨੇ ਸਾਰਿਆਂ ਨੂੰ ਪਰੇ ਭੇਜ ਦਿੱਤਾ। ਮੈਂ ਉਹਦੇ ਕੋਲ਼ ਬਹਿ ਗਿਆ ਤਾਂ ਉਹਨੇ ਦੱਸਿਆ ਕਿ ਉਹ ਆਪਣੇ ਛੋਟੇ ਭਾਈ ਦੇ ਹੱਥ ‘ਤੇ ਕਦੀ ਦਸ ਰੁਪਏ ਤੱਕ ਨਹੀਂ ਰੱਖ ਸਕਿਆ। ਉਹ ਆਪਣੀ ਬੇਟੀ ਤੇ ਘਰ ਵਾਲ਼ੀ ਲਈ ਫਿਕਰਮੰਦ ਸੀ। ਸਿੱਖ ਇੰਸਟੀਚੂਟ ਅਤੇ ਤੀਰਕਮਾਨ ਦਲੀਆਂ ਨੂੰ ਉਹ ਆਪਣੇ ਰੋਗ ਲਈ ਜ਼ੁੰਮੇਵਾਰ ਮੰਨਦਾ ਸੀ। ਉਹਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ ਸਿੱਖਾਂ ਨੂੰ ਆਪਣੀਆਂ ਸੰਸਥਾਵਾਂ ਦੇ ਸਿਰ ‘ਤੇ ਬਹਾਲਣ ਲਈ ਹੜਬੋਚ ਚਾਹੀਦੇ ਹਨ, ਸਕੌਲਰਸ਼ਿੱਪ ਲਈ ਟੁੱਕੜਬੋਚ ਤੇ ਸਕੌਲਰ ਤਾਂ ਸਿਰਫ ਚਾਹ ਬਣਾਉਣ ਲਈ ਚਾਹੀਦੇ ਹਨ।
ਉਹਨੇ ਦੱਸਿਆ ਕਿ ਡਾਕਟਰ ਉਹਨੂੰ ਓਪਰੇਸ਼ਨ ਥੀਏਟਰ ਵਿੱਚ ਲੈ ਗਏ। ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ ਤੇ ਐਵੇਂ ਹੀ ਪੇਟ ਚੀਰ ਕੇ ਬਹਿ ਗਏ। ਪਰ ਜਗਦੀਸ਼ ਨੇ ਮੈਨੂੰ ਦੱਦਿਆ ਕਿ ਉਹਦਾ ਪੇਟ ਚੀਰ ਕੇ ਡਾਕਟਰਾਂ ਨੂੰ ਪਤਾ ਲੱਗਾ ਕਿ ਨਾਮੁਰਾਦ ਬਿਮਾਰੀ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਇਲਾਜ਼ ਸੰਭਵ ਹੀ ਨਹੀਂ।
ਫਿਰ ਉਹਦੀ ਉਹ ਖ਼ਬਰ ਆਈ, ਜਿਹੜੀ ਆਉਣੀ ਹੀ ਸੀ ਤੇ ਜਿਹੜੀ ਮੇਰੇ ਲਈ ਕਿਸੇ ਕਹਿਰ ਤੋਂ ਘੱਟ ਨਹੀਂ ਸੀ। ਸੁਣਿਆ ਕਿ ਜਗਦੀਸ਼ ਉਹਦੇ ਤੁਰ ਜਾਣ ‘ਤੇ ਧਾਹਾਂ ਮਾਰ ਰਿਹਾ ਸੀ। ਸੰਸਕਾਰ ‘ਤੇ ਜਾਣ ਲਈ ਮੈਂ ਆਪਣੇ ਆਪ ਨੂੰ ਕਾਇਮ ਨਾ ਕਰ ਸਕਿਆ। ਖਰੜ ਦੇ ਗੁਰਦੁਆਰੇ ਉਹਦਾ ਭੋਗ ਪਿਆ। ਮੈਂ ਗਿਆ ਤਾਂ ਸਾਰੇ ਦੋਸਤ ਆਏ ਹੋਏ ਸਨ। ਪ੍ਰੋ ਦਰਸ਼ਣ ਸਿੰਘ ਨੇ ਕੀਰਤਨ ਕੀਤਾ। ਡਾ. ਸੱਚਰ ਸਾਹਿਬ ਨੇ ਸ਼ਰਧਾਂਜਲੀ ਦਿੱਤੀ। ਉਹਦੇ ਅਧਿਆਪਕ ਡਾ ਜੇ ਐੱਮ ਜੈਰਥ ਨੇ ਆਪਣੇ ਚਹੇਤੇ ਵਿਦਿਆਰਥੀ ਬਾਬਤ ਭਾਵਕ ਹੁੰਦਿਆਂ ਆਖਿਆ ‘ਹੀ ਵਾਜ਼ ਅ ਫਾਈਨ ਮਾਈਂਡ। ਜਗਦੀਸ਼ ਨੇ ਦੱਸਿਆ ਕਿ ਸਿੱਖ ਸੰਸਥਾਵਾਂ ਉੱਜੜ ਚੁਕੀਆਂ ਹਨ, ਜੋ ਕਿਸੇ ਸਕੌਲਰ ਨੂੰ ਸਾਂਭ ਨਹੀਂ ਸਕਦੀਆਂ। ਮੈਂ ਚੁੱਪ-ਗੜੁੱਪ ਬੈਠਾ ਸੋਚ ਰਿਹਾ ਸਾਂ ਤੇ ਬਲਜੀਤ ਨਾਲ਼ ਬਿਤਾਇਆ ਸਮਾਂ ਮੇਰੇ ਸਾਹਮਣੇ ਫ਼ਿਲਮ ਵਾਂਗ ਚੱਲ ਰਿਹਾ ਸੀ। ਕੁਝ ਸਮਝ ਨਹੀਂ ਸੀ ਲੱਗ ਰਹੀ ਕਿ ਸਾਡੇ ਜੀਣ ਮਰਨ ਵਿੱਚ ਫਰਕ ਕੀ ਹੈ। ਅਸੀਂ ਤਾਂ ਜਿਉਂਦੇ ਵੀ ਮਰੇ ਹੋਏ ਹਾਂ। ਮੈਨੂੰ ਆਪਣਾ ਜੀਣਾ ਲਾਹਣਤ ਜਿਹਾ ਲੱਗਿਆ ਤੇ ਮੈਂ ਬਸ ਫੜ ਕੇ ਫਗਵਾੜੇ ਆ ਗਿਆ।
ਮੈਂ ਉਹਨੂੰ ਕਦੀ ਭੁਲਾ ਨਹੀਂ ਸਕਿਆ। ਕਦੀ ਕਦੀ ਉਹਦੀਆਂ ਚਿੱਠੀਆਂ ਪੜ੍ਹਦਾ ਹਾਂ ਤਾਂ ਉਹਦੇ ਨਾਲ਼ ਬਿਤਾਏ ਸਮੇਂ ਦੀ ਫ਼ਿਲਮ ਮੁੜ ਚੱਲ ਪੈਂਦੀ ਹੈ ਤੇ ਰੁਕਣ ਦਾ ਨਾਂ ਨਹੀਂ ਲੈਂਦੀ। ‘ਪ੍ਰਾਸ਼ਰਪ੍ਰਸ਼ਨ’ ਵਾਲ਼ਾ ਉਹਦਾ ਉਹ ਚੈਪਟਰ ਅੱਜ ਵੀ ਮੇਰੇ ਕੋਲ਼ ਪਿਆ ਹੈ ਤੇ ਮੈਂ ਜਦ ਵੀ ਪੜ੍ਹਦਾ ਹਾਂ ਤਾਂ ਉਹਦੀ ਬੇਮੇਚ ਲਿਆਕਤ ਦੀ ਦਾਦ ਦਿੰਦਾ ਹਾਂ। ਉਹਦਾ ਉਹ ਟੇਬਲ ਲੈਂਪ ਤੇ ‘ਸਟੋਰੀ ਔਫ ਫਿਲੌਸਫੀ’ ਅੱਜ ਵੀ ਉਹਦੀ ਯਾਦ ਦੀਆਂ ਅਣਮੁੱਲੀਆਂ ਨਿਸ਼ਾਨੀਆਂ ਵਜੋਂ ਮੇਰੇ ਕੋਲ਼ ਪਈਆਂ ਹਨ।
ਸੋਚਦਾ ਹਾਂ ਕਿ ਕੁਝ ਲੋਕ ਸਿਰਫ ਦੁਖੀ ਹੋਣ ਲਈ ਹੀ ਕਿਉਂ ਜਨਮ ਲੈਂਦੇ ਹਨ। ਮੇਰੇ ਸਾਹਮਣੇ ਸਿੱਖ ਸੰਸਥਾਵਾਂ ਦੇ ਹੜਬੋਚ, ਟੁੱਕੜਬੋਚ ਤੇ ਤੀਰਕਮਾਨ ਦਲੀਏ ਸਿਆਸਤਦਾਨ ਆ ਜਾਂਦੇ ਹਨ ਕਿ ਇਨ੍ਹਾਂ ਦੇ ਹੁੰਦੇ ਹੋਏ ਕੋਈ ਸਿੱਖ ਸਕੌਲਰ ਸੁਖੀ ਕਿਵੇਂ ਰਹਿ ਸਕਦਾ ਹੈ! ਮੈਂ ਸੋਚਦਾ ਹਾਂ ਕਿੰਨਾਂ ਫਰਕ ਪੈ ਗਿਆ ਹੈ ਉਹਦੇ ਚਾਚੇ ਦੇ ਪੇਸ਼ ਕੀਤੇ ਦ੍ਰਿਸ਼ ਅਤੇ ਇਨ੍ਹਾਂ ਹੜਬੋਚਾਂ ਦੇ ਪੰਜਾਬ ਵਿੱਚ, ਜਿੱਥੇ ਬਲਜੀਤ ਜਹੇ ਸਿਆਣੇ ਅਤੇ ਸੰਵੇਦਨਸ਼ੀਲ ਲੋਕ ਹੁਣ ਸਿਰਫ ਮਰਨ ਲਈ ਆਉਂਦੇ ਹਨ।