Punar Janam (Punjabi Story) : Ajmer Sidhu
ਪੁਨਰ ਜਨਮ (ਕਹਾਣੀ) : ਅਜਮੇਰ ਸਿੱਧੂ
ਮੈਂ ਨਿੱਕਾ ਹੁੰਦਾ ਨਾਨਕੀਂ ਰਹਿੰਦਾ ਰਿਹਾਂ । ਮੇਰੇ ਡੈਡੀ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਸੀ । ਇਸ ਕਰਕੇ ਮੇਰਾ ਪਾਲਣ ਪੋਸ਼ਣ ਤੇ ਸਕੂਲੀ ਪੜ੍ਹਾਈ ਉਥੇ ਹੀ ਹੋਏ ਹਨ ।
ਸਾਡੇ ਨਾਲ ਦਾ ਘਰ ਕਰਮ ਸਿੰਘ ਦਾ ਸੀ । ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ । ਉਨ੍ਹਾਂ ਨਾਲ ਸਾਡੀ ਕੰਧ ਸਾਂਝੀ ਸੀ । ਉਨ੍ਹਾਂ ਦੀ ਅੱਲ 'ਕੁੱਬਿਆਂ ਦੇ' ਪਈ ਹੋਈ ਸੀ । ਕਰਮ
ਸਿੰਘ ਦੀ ਅਚਾਨਕ ਮੌਤ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕੀਤਾ ਸੀ । ਮੇਰੀ ਨਾਨੀ ਭੱਜੀ-ਭੱਜੀ ਉਨ੍ਹਾਂ ਦੇ ਘਰ ਜਾ ਅੱਪੜੀ ਸੀ । ਨਾਨੀਆਂ ਮਾਮੀਆਂ ਦੇ ਵੈਣ ਸੁਣ ਮੇਰਾ ਵੀ
ਮਨ ਭਰ ਆਇਆ ਸੀ । ਮੈਂ ਵੀ ਰੋਂਦਾ ਰਿਹਾ ।
ਥੋੜ੍ਹੇ ਚਿਰ ਬਾਅਦ ਨਾਨੇ ਕਰਮ ਸਿੰਘ ਦੀ ਲਾਸ਼ ਹਿਲਣ ਲੱਗ ਪਈ । ਸਾਰੇ ਚੁੱਪ ਹੋ ਗਏ । ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ । ਨਾਨਾ ਜੀ ਔਖੇ-ਔਖੇ ਸਾਹ ਲੈਣ ਲੱਗੇ ।
ਜਿਉਂ ਅੱਖਾਂ ਖੁੱਲ੍ਹੀਆਂ, ਉਨ੍ਹਾਂ ਚਾਰੇ ਪਾਸੇ ਨਿਗ੍ਹਾ ਦੌੜਾਈ । ਉੱਠ ਕੇ ਬੈਠ ਗਏ । ਮੇਰੀ ਨਾਨੀ ਦੇ ਸਿਰ 'ਤੇ ਹੱਥ ਰੱਖ ਕੇ ਬੋਲੇ :-
''ਭਾਈ ਬੀਬਾ, ਮੈਂ ਮੰਗਲ ਸੁੰਹ ਨੂੰ ਮਿਲ ਕੇ ਆਇਆਂ ।''
''ਚੰਦ ਦੇ ਨਾਨੇ ਨੂੰ?'' ਮੇਰੇ ਸਕੇ ਨਾਨੇ ਦਾ ਨਾਂ ਸੁਣ ਕੇ ਨਾਨੀ ਨੂੰ ਅਚੰਭਾ ਲੱਗਿਆ ।
''ਭਾਈਆ ਕਿਵੇਂ ਆ, ਮੇਰੇ ਹਰਚੰਦ ਸੁੰਹ ਦਾ ਨਾਨਾ?'' ਨਾਨੀ ਨੇ ਘੁੰਡ ਵਾਲਾ ਪੱਲਾ ਥੋੜ੍ਹਾ ਉੱਤੇ ਨੂੰ ਕਰਦਿਆਂ ਉਤਸੁਕਤਾ ਨਾਲ ਪੁੱਛਿਆ ।
''...ਬੱਸ ਸੁੱਖ ਦੀ ਜ਼ਿੰਦਗੀ ਕੱਟਦਾ । ਸੁਰਗ 'ਚ ਤਾਂ ਬੱਸ ਮੌਜ ਮੇਲੇ ਹੀ ਨੇ ।'' ਕਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ ।
ਉਨ੍ਹਾਂ ਕੁਝ ਹੋਰ ਮਰੇ ਗੁਆਂਢੀਆਂ ਅਤੇ ਸਾਕ ਸੰਬੰਧੀਆਂ ਦੇ ਨਾਂ ਵੀ ਗਿਣਾਏ । ਜਿਨ੍ਹਾਂ ਨੂੰ ਉਹ ਮਿਲ ਕੇ ਆਏ ਸਨ । ਫਿਰ ਉਨ੍ਹਾਂ ਅੱਖਾਂ ਮੀਟ ਕੇ ਭਗਤੀ
ਕਰਨੀ ਸ਼ੁਰੂ ਕਰ ਦਿੱਤੀ ।
ਉਸੇ ਵੇਲੇ ਧਤਲਿਆਂ ਵਾਲੀ ਗਲੀ ਚੀਕ ਚਿਹਾੜਾ ਪੈ ਗਿਆ ਸੀ । ਲੋਕ ਉੱਧਰ ਨੂੰ ਭੱਜ ਲਏ । ਬਹੁਤੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿਚ ਜੁੱਟੀਆਂ ਰਹੀਆਂ ।
ਕੁਝ ਦੇਰ ਬਾਅਦ ਫਿੱਡਿਆਂ ਦੀ ਸਾਰੋ ਤੇ ਦੋ ਚਾਰ ਹੋਰ ਬੁੜ੍ਹੀਆਂ ਵਾਪਸ ਆ ਗਈਆਂ ।
''ਨੀ ਸਾਰੋ, ਕੀ ਭਾਣਾ ਵਰਤ ਗਿਆ?'' ਨਾਨੀ ਨੇ ਚੀਕ ਚਿਹਾੜੇ ਦਾ ਕਾਰਨ ਜਾਣਨਾ ਚਾਹਿਆ ।
''ਧਤਲਿਆਂ ਦਾ ਕਰਮ ਸੁੰਹ ਚੱਲ ਵਸਿਆ ।'' ਸਾਰੋ ਦੇ ਹਉਂਕੇ ਦੇ ਨਾਲ ਹੀ ਹੰਝੂ ਵੀ ਵਹਿ ਤੁਰੇ ।
''ਇਹ ਤੇ ਹੋਣਾ ਹੀ ਸੀ ।...ਮੈਂ ਤੇ ਬਥੇਰਾ ਪਾਠ ਕੀਤਾ । ਬਈ ਕਰਮ ਸੁੰਹ ਬਚ ਹੀ ਜਾਏ । ਪਰ ਉਹਦੇ
ਲਿਖੇ ਨੂੰ ਕੋਈ ਕਿੱਦਾਂ ਟਾਲੇ ।'' ਉਨ੍ਹਾਂ ਅੱਖਾਂ ਖੋਲ੍ਹ ਕੇ ਉਪਰ ਵੱਲ ਹੱਥ ਜੋੜੇ ਸਨ ।
ਸਾਰੇ ਜਣੇ ਇਕਦਮ ਚੁੱਪ ਹੋ ਗਏ । ਉਨ੍ਹਾਂ ਨੂੰ ਧਿਆਨ ਨਾਲ ਸੁਣਨ ਲੱਗ ਪਏ ।
''ਜਮਦੂਤ ਮੈਨੂੰ ਗਲਤੀ ਨਾਲ ਦੂਜੇ ਕਰਮ ਸੁੰਹ ਦੀ ਜਗ੍ਹਾ ਲੈ ਗਏ ਸੀ ।''
''ਕਰਮ ਸਿਆਂ, ਤੈਨੂੰ?...ਨਾ ਚਿਤਰ ਗੁਪਤ ਕਿੱਦਾ ਧੋਖਾ ਖਾਗੇ । ਇਹ ਦੋਨੋਂ ਜਮਦੂਤ ਤਾਂ ਹਮੇਸ਼ਾ ਬੰਦੇ
ਦੇ ਮੋਢਿਆਂ 'ਤੇ ਬੈਠੇ ਰਹਿੰਦੇ ਨੇ । ਬੰਦੇ ਦਾ ਹਿਸਾਬ ਕਿਤਾਬ ਲਿਖਦੇ ਨੇ ।...ਨਾ ਬਈ ਮਨ ਨੀ ਮੰਨਦਾ ।''
ਅਮਰੂ ਬੁੜ੍ਹਾ ਅੜ ਗਿਆ ਸੀ । ਉਹ ਨਾ ਮੰਨਿਆ ।
''ਚੁੱਪ ਕਰਕੇ ਬਹਿ ਜਾਹ ਅਮਰੂ । ਨਾ ਸਾਰੀ ਦੁਨੀਆਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ । ਕਿਤੇ ਟਪਲਾ ਵੀ ਲੱਗ
ਜਾਂਦੈ । ...ਇੱਦਾਂ ਇਕ ਵਾਰ ਬਾਰ ਵਿਚ ਹੋਈ ਸੀ । ਜਮਦੂਤ ਗਲਤੀ ਨਾਲ ਮੀਆਂ ਮੀਰ ਨੂੰ ਲੈ ਗਏ । ਜਦੋਂ ਕਬਰ
ਵਿਚ ਦੱਬਣ ਲੱਗੇ । ਭਾਈ, ਮੀਆਂ ਮੀਰ ਉੱਠ ਕੇ ਬਹਿ ਗਿਆ । ਸਾਰੇ ਹੈਰਾਨ ਪ੍ਰੇਸ਼ਾਨ । ਜਦੋਂ ਰੌਲੇ ਪਏ, ਉਦੋਂ ਉਹ
ਬੁੜ੍ਹਾ ਜਿਉਂਦਾ ਸੀ । ਮੇਰਾ ਖਿਆਲ ਸੌਆਂ ਤੋਂ ਵੀਹ ਟੱਪ ਗਿਆ ਸੀ ਉਦੋਂ ।'' ਮੇਰੇ ਨਾਨੇ ਦਾ ਭਰਾ ਪਾਕਿਸਤਾਨ ਦੇ ਬਾਰ
ਇਲਾਕੇ ਦੀ ਗੱਲ ਸੁਣਾਉਣ ਲੱਗ ਪਿਆ ਸੀ ।
''ਭਾਈਆ, ਫੇਰ ਕਿੱਦਾਂ ਹੋਈ?'' ਸਾਰੋ ਪੈਰਾਂ ਭਾਰ ਬਹਿ ਗਈ ਸੀ ।
''ਜਦੋਂ ਮੇਰੀ ਰੂਹ ਨੂੰ ਧਰਮ ਰਾਜ ਦੇ ਦਰਬਾਰ ਵਿਚ ਪੇਸ਼ ਕੀਤਾ । ਉਨ੍ਹਾਂ ਬਹੀ ਖਾਤਾ ਖੋਲ੍ਹਿਆ । ਪਤਾ ਲੱਗਿਆ
ਬਈ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ । ਮੈਨੂੰ ਗਲਤੀ ਨਾਲ ਕਰਮ ਸੁੰਹ ਬਲਦ ਮੀਹਾਂ ਸੁੰਹ ਦੀ ਜਗ੍ਹਾ ਲੈ ਗਏ ਸੀ ।
ਜਦਕਿ ਮੇਰੇ ਬਾਪ ਦਾ ਨਾਂ ਤਾਂ ਜੀਉਣ ਸੁੰਹ ਆ ।''
''ਵਾਹ ਤੇਰੀ ਲ਼ੀਲਾ ਨਿਆਰੀ'' ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਭਰਾ ਉੱਪਰ ਨੂੰ ਹੱਥ ਜੋੜ ਕੇ ਬਹਿ ਗਿਆ ।
''ਫ਼ੇ' ਧਰਮ ਰਾਜ ਨੇ ਜਮਦੂਤਾਂ ਨੂੰ ਹੁਕਮ ਚਾੜ੍ਹਿਆ ਕਿ ਮੈਨੂੰ ਮਿੰਟਾਂ ਸਕਿੰਟਾਂ ਵਿੱਚ ਮਾਤ ਲੋਕ ਪਹੁੰਚਾਇਆ ਜਾਵੇ ।
ਮੇਰੀ ਜਗ੍ਹਾ ਧਤਲਿਆਂ ਦੇ ਕਰਮ ਸੁੰਹ ਨੂੰ ਲਿਆਉਣ ਦਾ ਹੁਕਮ ਦਿੱਤਾ ।'' ਕਰਮ ਸਿੰਘ ਜੀ ਦੇ ਮੂੰਹੋਂ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ।
ਸਾਰੇ ਉਨ੍ਹਾਂ ਨਾਲ ਗੱਲੀਂ ਜੁੱਟ ਗਏ । ਸਾਨੂੰ ਸਵਰਗ ਦੀਆਂ ਗੱਲਾਂ
ਸੁਣਾ-ਸੁਣਾ ਹੈਰਾਨ ਕੀਤਾ । ਉਨ੍ਹਾਂ ਇਹ ਵੀ ਦੱਸਿਆ-
''ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੋ ਗਈ ਆ । ਮੇਰੀ ਉਮਰ ਤਾਂ
ਥੋੜ੍ਹੇ ਦਿਨ ਬਚਦੀ ਸੀ । ਪਰ ਉਨ੍ਹਾਂ ਮੈਨੂੰ ਹੋਰ ਕਈ ਸਾਲ ਬਖਸ਼ ਦਿੱਤੇ ਹਨ ।
ਕਹਿਣ ਲੱਗੇ-ਜਾਹ ਤੇਰਾ ਦੁਬਾਰਾ ਜਨਮ ਹੋ ਗਿਆ । ਦੁਨੀਆਂ ਨੂੰ ਜਾ ਕੇ ਤਾਰ ।
ਕਿਸੇ ਨਾਲ ਮਾੜਾ ਨਾ ਕਰੀਂ । ਜੋ ਕੁਝ ਬਖਸ਼ ਹੁੰਦਾ, ਦੁਨੀਆਂ ਨੂੰ ਬਖਸ਼ ਦੇ ।''
ਇਹ ਸੁਣ ਕੇ ਸਾਰਿਆਂ ਨੇ ਉਨ੍ਹਾਂ ਨੂੰ ਮੱਥਾ ਟੇਕਿਆ ਤੇ ਉਨ੍ਹਾਂ ਦੇ ਚਰਨਾਂ ਵਿਚ
ਬਹਿ ਗਏ ।
ਪੁਨਰ ਜਨਮ ਅਤੇ ਦੁਨੀਆਂ ਨੂੰ ਤਾਰਨ ਵਾਲੀ ਖ਼ਬਰ ਅੱਗ ਵਾਂਗ ਫ਼ੈਲ
ਗਈ । ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਧੜਾਧੜ ਆਉਣ ਲੱਗੇ । ਇਹ ਕਹਾਣੀ
ਅਖ਼ਬਾਰਾਂ ਦੇ ਮੁੱਖ ਪੰਨੇ 'ਤੇ ਛਪ ਗਈ । ਲੋਕ ਦੂਰ-ਦੁਰਾਡੇ ਤੋਂ ਆਉਣ ਲੱਗੇ ।
ਦਿੱਲੀ ਬੰਬਈ ਤੋਂ ਵੀ ਸੰਗਤ ਆਉਣ ਲੱਗ ਪਈ । ਬਾਬਾ ਜੀ ਨੂੰ ਸੱਚੀਂ ਧਰਮ
ਰਾਜ ਨੇ ਵਰ ਦਿੱਤਾ ਸੀ । ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋਣ ਲੱਗ ਪਈਆਂ
ਸਨ । ਥੋੜ੍ਹੇ ਦਿਨਾਂ ਵਿਚ ਹੀ ਮੇਰਾ ਨਾਨਕਾ ਪਿੰਡ ਚਰਚਾ ਵਿਚ ਆ ਗਿਆ ਸੀ ।
ਮੈਂ ਸਕੂਲ ਜਾਂਦਾ । ਬਾਕੀ ਸਾਰਾ ਸਮਾਂ ਉਨ੍ਹਾਂ ਦੇ ਨੇੜੇ ਰਹਿ ਕੇ ਗੁਜ਼ਾਰਦਾ । ਮੇਰੇ
ਵਰਗੇ ਬਾਪ ਬਾਹਰੇ ਨੂੰ ਤਾਂ ਸਹਾਰੇ ਦੀ ਬਹੁਤ ਲੋੜ ਸੀ ।
ਬਾਬਾ ਜੀ ਨੇ ਹਰ ਰੋਜ਼ ਕਮਰੇ 'ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ।
ਹਫ਼ਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ । ਬਾਕੀ ਦਿਨ ਭਗਤੀ ਵਿਚ ਲੀਨ
ਰਹਿੰਦੇ । ਸੰਗਤ ਲੰਗਰ ਲਾਉਣ ਲੱਗ ਪਈ । ਸੰਗਤ ਦਰਸ਼ਨਾਂ ਲਈ ਕਈ-ਕਈ
ਦਿਨ ਬੈਠੀ ਰਹਿੰਦੀ । ਉਹ ਜਦੋਂ ਕਿਤੇ ਬਾਹਰ ਨਿਕਲਦੇ, ਲੋਕ ਟੁੱਟ ਕੇ ਪੈ ਜਾਂਦੇ ।
ਹਰੇਕ ਸ਼ਰਧਾਲੂ ਦਰਸ਼ਨ ਕਰਨ ਲਈ ਅੱਗੇ ਹੋਣਾ ਚਾਹੁੰਦਾ । ਕਈਆਂ ਨੂੰ ਦਰਸ਼ਨ
ਨਾ ਹੁੰਦੇ ਤਾਂ ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਪਰ ਘਰਾਂ ਨੂੰ ਨਾ ਜਾਂਦੇ ।
''ਦੇਖੋ ਜੀ, ਇਹ ਤਾਂ ਕਰਮਾਂ ਦੀ ਗੱਲ ਏ । ਜਿਹਨਾਂ ਚੰਗੇ ਕਰਮ ਕੀਤੇ ।
ਬਾਬਾ ਜੀ ਉਨ੍ਹਾਂ ਨੂੰ ਹੀ ਦਰਸ਼ਨ ਦਿੰਦੇ ਨੇ ।'' ਇਹ ਸੰਗਤ ਦੀ ਆਮ ਰਾਇ ਸੀ ।
ਚੜ੍ਹਾਵੇ ਪੱਖੋਂ ਵੀ ਮਿਹਰ ਹੋ ਗਈ ਸੀ । ਫਿਰ ਸਿਆਣੇ ਬੰਦਿਆਂ ਨੇ ਇਕ
ਕਮੇਟੀ ਬਣਾ ਦਿੱਤੀ । ਕਮੇਟੀ ਨੇ ਸੰਗਤ ਦੇ ਪੈਸਿਆਂ ਨਾਲ ਦੋ-ਤਿੰਨ ਸਾਲ ਵਿਚ
ਗੁਰਦੁਆਰਾ ਸਾਹਿਬ ਦੀ ਇਮਾਰਤ ਖੜ੍ਹੀ ਕਰ ਦਿੱਤੀ । ਸੰਗਰਾਂਦ ਵਾਲੇ ਦਿਨ ਮੇਲਾ
ਜੁੜਨ ਲੱਗਾ । ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਤੇ ਸੰਗਤ ਨੂੰ ਪ੍ਰਵਚਨ
ਵੀ ਸੁਣਾਉਂਦੇ ।
ਗੁਰਦੁਆਰਾ ਸਾਹਿਬ ਦੀ ਵਾਗਡੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ
ਲਈ ਸੀ । ਉਹ ਸਾਊ ਬੰਦੇ ਹਨ । ਰੱਬ ਦੀ ਕਰਨੀ ਤੋਂ ਡਰਨ ਵਾਲੇ । ਹਰ ਤਰ੍ਹਾਂ
ਸੰਗਤ ਦੀ ਸੇਵਾ ਕਰਨ ਵਾਲੇ । ਖੁੱਲ੍ਹਾ ਲੰਗਰ ਲਾਂਦੇ । ਸਾਧ ਸੰਗਤ ਨੂੰ ਨਿਹਾਲ
ਕਰ ਦਿੰਦੇ ।
ਮੈਂ ਪਟਿਆਲੇ ਜਾ ਕੇ ਪੜ੍ਹਨ ਲੱਗ ਪਿਆ । ਬਾਬਾ ਜੀ ਹੌਲੀ-ਹੌਲੀ
ਜਗਤ ਪ੍ਰਸਿੱਧੀ ਵਾਲੇ ਬਣ ਗਏ । ਹਰ ਪਾਸੇ ਉਨ੍ਹਾਂ ਦੇ ਨਾਮ ਦੀ ਚਰਚਾ ਸੀ ।
ਪੇਪਰਾਂ ਤੋਂ ਪਹਿਲਾਂ ਮੈਂ ਉਨ੍ਹਾਂ ਤੋਂ ਆਸ਼ੀਰਵਾਦ ਜ਼ਰੂਰ ਲੈਂਦਾ । ਗੁਰਦੁਆਰਾ ਸਾਹਿਬ
ਸੁੱਖ ਵੀ ਸੁੱਖਦਾ । ਪਾਸ ਹੋ ਜਾਂਦਾ । ਮੈਨੂੰ ਬਿਜਲੀ ਬੋਰਡ ਵਿਚ ਕਲਰਕੀ ਦੀ
ਨੌਕਰੀ ਮਿਲ ਗਈ । ਮੈਂ ਪੜ੍ਹਾਈ ਛੱਡ ਦਿੱਤੀ ਤੇ ਬਾਬਿਆਂ ਦੀ ਕਿਰਪਾ ਨਾਲ
ਨੌਕਰੀ ਕਰਨ ਲੱਗਾ ।
ਦਸ ਕੁ ਸਾਲ ਪਹਿਲਾਂ ਦੀ ਗੱਲ ਦਸਦਾਂ । ਉਨ੍ਹਾਂ ਦਿਨਾਂ ਵਿਚ ਮੈਂ
ਨਾਨਕੀਂ ਗਿਆ ਹੋਇਆ ਸੀ । ਪਿੰਡ ਦੇ ਕੁਝ ਲੋਕ ਉਨ੍ਹਾਂ ਦੇ ਵਿਰੁੱਧ ਗੱਲਾਂ ਕਰਨ ।
ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਨਾਮ ਜਪਣ ਵਾਲੇ ਹਨ । ਪਰ ਨਵੀਂ ਪੀੜ੍ਹੀ
ਨੂੰ ਖੰਭ ਨਿਕਲ ਆਏ ਹਨ । ਬਾਬਾ ਜੀ ਦਾ ਸਤਿਕਾਰ ਕਰਨਾ ਤਾਂ ਉਹ ਭੁੱਲ
ਹੀ ਗਏ ਸਨ । ਉਨ੍ਹਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਦਾ ਨਹੀਂ ਪਤਾ ।
ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮ ਰਾਜ ਨੇ ਭੇਜੇ ਸਨ । ਫਿਰ ਜੇ ਸੰਤ
ਮਹਾਤਮਾ ਵਿਗੜ ਜਾਣ ਤਾਂ ਉਪਰ ਥੱਲੇ ਦੀ ਇਕ ਕਰ ਦਿੰਦੇ ਹਨ । ਮੰਨਿਆ
ਗੁਰਦੁਆਰਾ ਸਾਹਿਬ ਵਿਚ ਦੋ ਤਿੰਨ ਗਲਤ ਘਟਨਾਵਾਂ ਵਾਪਰ ਗਈਆਂ । ਬਾਬਾ
ਜੀ ਨੇ ਕਿਹਾ ਵੀ, ਉਹ ਦੋਸ਼ੀਆਂ ਨੂੰ ਨਰਕ ਵਿਚ ਭੇਜ ਕੇ ਕੋੜੇ ਮਰਵਾਉਣਗੇ ।
ਇਹ ਮੁੰਡੇ ਕੌਣ ਹੁੰਦੇ ਹਨ ਗੱਲਾਂ ਕਰਨ ਵਾਲੇ? ਬਣਾਈ ਫ਼ਿਰਦੇ ਆ ਸਭਾਵਾਂ ।
ਭਲਾ ਪੰਚਾਇਤ ਇਨ੍ਹਾਂ ਦੇ ਮਤਿਆਂ ਨੂੰ ਮੰਨ ਲਵੇਗੀ?
ਪਿੰਡ ਦੇ ਮਾਹੌਲ ਵਿਚ ਤਣਾਅ ਬਣਿਆ ਹੋਇਆ । ਅਸਲ ਬਿਮਾਰੀ
ਉਦੋਂ ਫੈਲੀ, ਜਦੋਂ ਪਿੰਡ ਵਿਚ ਇਕ ਡਾਕਟਰ ਆਇਆ । ਉਹ ਬੜੀਆਂ-ਬੜੀਆਂ
ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ । ਮੁੰਡਿਆਂ ਨੂੰ ਰੋਜ਼ ਨਵੀਂ ਪੱਟੀ
ਪੜ੍ਹਾਉਂਦਾ ਹੈ । ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖ਼ਰਾਬ ਹੋਇਆ ਪਿਆ । ਬਾਬਾ
ਜੀ ਦਾ ਪੁਨਰ ਜਨਮ ਮੰਨਣ ਲਈ ਤਿਆਰ ਨਹੀਂ ।
''ਡਾਕਟਰ ਸਾਹਿਬ, ਬਾਬਾ ਜੀ ਦਾ ਪੁਨਰ ਜਨਮ ਮੇਰੀਆਂ ਅੱਖਾਂ
ਸਾਹਮਣੇ ਹੋਇਆ ਸੀ ।'' ਮੈਂ ਬਾਬਾ ਜੀ ਤੇ ਧਤਲਿਆਂ ਦੇ ਕਰਮ ਸਿੰਘ ਵਾਲੀ
ਸਾਰੀ ਘਟਨਾ ਸੁਣਾਈ ।
''ਡਾਕਟਰੀ ਵਿਗਿਆਨ ਦੇ ਖੇਤਰ ਵਿਚ ਇਕ ਖੂਬ ਜਾਣੀ ਪਛਾਣੀ
ਸੱਚਾਈ ਏ ਕਿ ਦਿਲ ਦੀ ਧੜਕਣ ਬੰਦ ਹੋ ਜਾਣ ਤੋਂ ਬਾਅਦ ਵੀ ਦਿਮਾਗ ਕੁਝ
ਸਮੇਂ ਲਈ ਜੀਵਿਤ ਰਹਿੰਦਾ ।'' ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜ੍ਹਾਉਣ
ਲੱਗ ਪਿਆ ਸੀ ।
ਉਂਝ ਡਾਕਟਰ ਦਲੀਲ ਨਾਲ ਗੱਲ ਕਰ ਰਿਹਾ ਸੀ । ਉਹਨੇ ਪੁਨਰ ਜਨਮ
ਦੇ ਖਿਲਾਫ਼ ਦਲੀਲਾਂ ਵੀ ਦਿੱਤੀਆਂ ਤੇ ਕਈ ਉਦਾਹਰਣਾਂ ਵੀ ਸੁਣਾਈਆਂ । ਪਰ
ਮੇਰਾ ਮਨ ਨੀ ਮੰਨਿਆ । ਵਿਸ਼ਵਾਸ ਤੇ ਦਲੀਲ ਦਾ ਆਪਸ ਵਿਚ ਕੋਈ ਸੰਬੰਧ
ਨਹੀਂ । ਤਰਕ ਵਾਲੇ ਲੋਕ ਰੂਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ ।
''ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ
ਵਿਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਕੁਝ ਵੀ ਨਹੀਂ ।'' ਡਾਕਟਰ ਆਪਣੀ
ਗੱਲ ਮੰਨਵਾਉਣ ਲਈ ਹਰ ਤਰੱਦਦ ਕਰ ਰਿਹਾ ਸੀ ।
ਪਿਛਲੇ ਦਸ ਸਾਲਾਂ ਵਿਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ।
ਮਨੁੱਖ ਮਨਮੁੱਖ ਹੋ ਗਿਆ ਹੈ । ਬਾਬਾ ਜੀ ਦਾ ਪੁਨਰ ਜਨਮ ਤਾਂ ਹੋਇਆ ਹੀ
ਮਨੁੱਖਤਾ ਦੇ ਭਲੇ ਲਈ ਸੀ । ਇਹ ਕੁਝ ਵੀ ਹੋਏਗਾ, ਕਦੇ ਸੋਚਿਆ ਹੀ ਨਹੀਂ
ਸੀ ।
ਮੈਂ ਕੱਲ੍ਹ ਦਾ ਨਾਨਕੀਂ ਆਇਆ ਹੋਇਆਂ । ਬਾਬਾ ਜੀ ਦਾ ਡੇਰਾ ਬੰਦ
ਕਰਨ ਬਾਰੇ ਅੱਜ ਇਕੱਠ ਹੋਣਾ ਹੈ । ਲੋਕਾਂ ਵਿਚ ਤਣਾਅ ਬਣਿਆ ਹੋਇਆ ।
ਝਗੜਾ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ । ਰਾਜਨੀਤੀ ਕਾਰਨ ਸਰਪੰਚ
ਸਮੇਤ ਪੰਚਾਇਤ ਦੇ ਬਹੁਤੇ ਮੈਂਬਰ ਮੁੰਡਿਆਂ ਦੇ ਪੱਖ ਵਿਚ ਬੋਲ ਰਹੇ ਹਨ । ਪੁਲਿਸ
ਵੀ ਸੱਦੀ ਹੋਈ ਹੈ ।
ਸਕੂਲ ਦੀ ਗਰਾਊਾਡ ਵਿਚ ਪੰਚਾਇਤ ਜੁੜ ਗਈ ਹੈ । ਗੱਲ ਸ਼ੁਰੂ
ਹੁੰਦਿਆਂ ਹੀ ਕਾਵਾਂ ਰੌਲੀ ਵੱਧ ਗਈ ਹੈ । ਗੱਲ ਕਿਸੇ ਕੰਢੇ ਨਹੀਂ ਲੱਗ ਰਹੀ ।
ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਹਨ । ਵਿਗਿਆਨ ਦੀਆਂ, ਜੰਮਣ ਮਰਨ
ਦੀਆਂ । ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀਆਂ । ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂ
ਅੱਗੇ ਭਾਵੇਂ ਲਾਜਵਾਬ ਹਨ । ਪਰ ਡੇਰਾ ਚੁੱਕਣ ਲਈ ਨਹੀਂ ਮੰਨ ਰਹੇ । ਅਸੀਂ
ਸਾਰੇ ਅੜੇ ਹੋਏ ਹਾਂ ।
ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਹੈ । ਪੰਚਾਇਤ
ਦੇ ਫ਼ੈਸਲੇ 'ਤੇ ਖੱਪ ਵੱਧ ਗਈ ਹੈ । ਹੱਥੋਂ ਪਾਈ ਵਿਚ ਪੱਗਾਂ ਲੱਥ ਗਈਆਂ ਹਨ ।
ਪੁਲਿਸ ਨੇ ਦਖ਼ਲ ਦਿੱਤਾ ਹੈ । ਪੰਚਾਇਤ ਨੇ ਰੇਜੂਲੇਸ਼ਨ ਵੀ ਪਾਸ ਕਰ ਦਿੱਤਾ
ਹੈ । ਪੁਲਿਸ ਦੋਨੋਂ ਧਿਰਾਂ ਤੋਂ ਦਸਤਖ਼ਤ ਕਰਾਉਣ ਲਈ ਜ਼ੋਰ ਪਾ ਰਹੀ ਹੈ । ਪਰ
ਸਾਡੇ ਵਾਲੀ ਧਿਰ ਮੰਨ ਨਹੀਂ ਰਹੀ ।
ਅਸੀਂ ਫ਼ੈਸਲਾ ਸੁਣ ਕੇ ਡੇਰੇ ਆਏ ਹਾਂ । ਬਾਬਾ ਕਰਮ ਸਿੰਘ ਭਗਤੀ
ਵਿਚ ਲੀਨ ਬੈਠੇ ਹਨ । ਇਹ ਤਾਂ ਜਾਣੀ ਜਾਣ ਹਨ । ਇਨ੍ਹਾਂ ਨੂੰ ਫ਼ੈਸਲੇ ਦਾ
ਪਹਿਲਾਂ ਹੀ ਪਤਾ ਹੋਣਾ । ਅਸੀਂ ਤਾਂ ਇਹ ਸੋਚਦੇ ਹਾਂ ਬਾਬਾ ਜੀ ਵਿਰੋਧੀਆਂ ਨੂੰ
ਤਬਾਹ ਕਰ ਦੇਣ । ਹੁਣੇ ਚਮਤਕਾਰ ਦਿਖਾਉਣ, ਚਾਹੇ ਅੰਨ੍ਹੇ ਕਰ ਦੇਣ । ਉਹ
ਇਥੇ ਆ ਕੇ ਮਾਫ਼ੀ ਮੰਗਣ । ਪਰ ਮਾਫ਼ੀ ਦੇਣੀ ਨਹੀਂ ਚਾਹੀਦੀ । ਸੰਤਾਂ ਦਾ ਕੀ
ਪਤਾ ਮਾਫ਼ ਕਰ ਈ ਦੇਣ । ਅੱਖਾਂ ਖੋਲ੍ਹ ਤਾਂ ਲਈਆਂ ਹਨ ।
''ਬਾਬਾ ਜੀ, ਧਰਮਰਾਜ ਨੂੰ ਕਹੋ ਇਨ੍ਹਾਂ ਖੜ੍ਹੇ ਖੜਪੰਚਾਂ ਦਾ ਫਾਹਾ
ਵੱਢੇ ।...ਰੱਬ ਦੇ ਦੁਸ਼ਮਣਾਂ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਐ ।'' ਨਾਨੇ
ਦੇ ਭਰਾ ਨੇ ਪੰਚਾਇਤ ਦਾ ਫ਼ੈਸਲਾ ਬਾਬਾ ਜੀ ਨੂੰ ਸੁਣਾਇਆ ਹੈ ।
ਬਾਬਾ ਜੀ ਨੇ ਅੱਖਾਂ ਮੀਟ ਲਈਆਂ ਹਨ । ਮਾਲਾ ਫੇਰਨੀ ਸ਼ੁਰੂ ਕੀਤੀ ਹੈ ।
ਧਰਮਰਾਜ ਨਾਲ ਲਿਵ ਲਾ ਲਾਈ ਹੈ ।... ਅੱਖਾਂ ਖੋਲ੍ਹੀਆਂ ਹਨ ।
''ਧਰਮਰਾਜ ਜੀ ਨੇ ਕਿਹਾ ਹੈ ਕਿ ਇਸ ਜਗ੍ਹਾ ਕਲਯੁਗੀ ਲੋਕ ਆ ਗਏ
ਹਨ । ਉਨ੍ਹਾਂ ਦੀ ਗਿਣਤੀ ਵੀ ਵੱਧ ਗਈ ਹੈ । ਨਵੀਂ ਜਗ੍ਹਾ ਜਾਓ ਤੇ ਲੋਕਾਂ ਦਾ
ਪਰਉਪਕਾਰ ਕਰੋ ।...ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਹਦਾ
ਕਬਜ਼ਾ ਵੀ ਕੋਲ ਰੱਖਾਂਗੇ ।''
ਮੈਂ ਕਰਮ ਸਿੰਘ ਦਾ ਪ੍ਰਵਚਨ ਸੁਣ ਕੇ ਸਿੱਥਾ ਪੈ ਗਿਆ ਹਾਂ । ਹੁਣ ਮੇਰਾ
ਮਨ ਕਰਦਾ-ਮੈਂ ਵੀ ਡਾਕਟਰ ਤੇ ਉਨ੍ਹਾਂ ਮੁੰਡਿਆਂ ਨਾਲ ਜਾ ਰਲਾਂ ।