ਪੰਜਾਬੀ ਯੂਨੀਵਰਸਿਟੀ ਹੋਈ ਸਿਰੋਂ ਨੰਗੀ! (ਵਿਅੰਗ) : ਬੁੱਧ ਸਿੰਘ ਨੀਲੋਂ
ਸਮਾਜ ਦੇ ਵਿੱਚ ਔਰਤ ਦਾ ਸਿਰੋਂ ਨੰਗੀ ਹੋ ਜਾਣਾ ਬਹੁਤ ਬੁਰਾ ਮੰਨਿਆ ਜਾਂਦਾ ਹੈ। ਕਿਉਂਕਿ ਔਰਤ ਜਿੰਨੀ ਮਰਜ਼ੀ ਆਪਣੇ ਆਪ ਨੂੰ ਰੁਤਬੇ ਵਜੋਂ ਵੱਡੀ ਸਮਝੇ ਪਰ ਮਰਦ ਦੇ ਬਗੈਰ ਉਸ ਦੀ ਸ਼ਾਮਲਾਟ ਜ਼ਮੀਨ ਵਰਗੀ ਹੁੰਦੀ ਹੈ। ਸਿਰੋਂ ਨੰਗੀ ਔਰਤ ਤੇ ਸ਼ਾਮਲਾਟ ਜ਼ਮੀਨ ਉਤੇ ਹਰ ਕਿਸੇ ਦੀ ਅੱਖ ਲੱਗੀ ਰਹਿੰਦੀ ਹੈ। ਪਰ ਜਦੋਂ ਕੋਈ ਸਿੱਖਿਆ ਅਦਾਰਾ ਖ਼ਸਮ ਵਿਹੂਣਾ ਹੋ ਜਾਵੇ ਫੇਰ ਲੱਲੂ ਪੰਜੂ ਸਭ ਸਿਰ ਚੱਕ ਲੈਂਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਹੈ ਹੀ ਕੁੱਝ ਨਾਮਵਰ ਗੋਤਾਂ ਦੀ ਯੂਨੀਵਰਸਿਟੀ ਬਣ ਕੇ ਰਹਿ ਗਈ ਹੈ। ਇਸ ਯੂਨੀਵਰਸਿਟੀ ਦੇ ਵਿੱਚ ਮਲਾਈ ਵਾਲੇ ਵਿਭਾਗਾਂ ਉੱਤੇ ਉਹਨਾਂ ਦਾ ਜੱਦੀ ਪੁਸ਼ਤੀ ਕਬਜ਼ਾ ਹੈ। ਇਸ ਕਬਜ਼ੇ ਨੂੰ ਬਰਕਰਾਰ ਰੱਖਣ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਹੀਂ ਹੋਈ ਕਿ ਪੰਜਾਬੀ ਯੂਨੀਵਰਸਿਟੀ ਨੂੰ ਕਦੋਂ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਬਦਲ ਦਿੱਤਾ। ਯੂਨੀਵਰਸਿਟੀ ਦੇ ਤਿੰਨ ਅਹਿਮ ਆਹੁਦੇ ਡੀਨ ਅਕਾਦਮਿਕ ਮਾਮਲੇ , ਰਜਿਸਟਰਾਰ,ਤੇ ਕੰਟਰੋਲ ਪ੍ਰੀਖਿਆ ਖ਼ਾਲੀ ਹਨ। ਇਸ ਯੂਨੀਵਰਸਿਟੀ ਨੂੰ ਹੁਣ ਕੌਣ ਚਲਾ ਰਿਹਾ ਹੈ?ਕੀ ਬਣੇਗਾ ਪੰਜਾਬ ਦੀ ਇਸ ਯੂਨੀਵਰਸਿਟੀ ਦਾ ? ਇਸ ਯੂਨੀਵਰਸਿਟੀ ਦੇ ਮਾਲਕ ਬਣੇ ਜੁਗਾੜੀਆਂ ਨੇ ਆਪੋ ਆਪਣੀ ਫਿਰਕੀਆਂ ਘੁੰਮਾਉਣੀਆਂ ਤਾਂ ਪਹਿਲਾਂ ਹੀ ਕਰ ਦਿੱਤੀਆਂ ਸਨ। ਜਦੋਂ ਉਹਨਾਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਇਸ ਟੈਕਨੀਕਲ ਵਿਭਾਗਾਂ ਦੇ ਵਿੱਚ ਫਲਾਨੇ ਵਾਂਗੂੰ ਫਿੱਟ ਕਰ ਦਿੱਤਾ। ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹੁ ਗਿਣਤੀ ਤਾਂ ਸਧਾਰਨ ਲੋਕਾਂ ਦੇ ਬੱਚੇ ਪੜ੍ਹਾਈ ਕਰਦੇ ਹਨ ਪਰ ਇਸ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਧੜੱਲੇਦਾਰ ਧਨਾਡ ਹਨ। ਉਹ ਕਿਵੇਂ ਆਪਣੀ ਮਨਮਰਜ਼ੀ ਕਰਦੇ ਹਨ ਇਸ ਦੀ ਕੋਈ ਇੱਕ ਉਦਾਹਰਣ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਨ। ਇਸ ਯੂਨੀਵਰਸਿਟੀ ਦੇ ਵਿੱਚ ਖੋਜ ਕਾਰਜ ਤਾਂ ਸਭ ਠੱਪ ਹਨ। ਪਰ ਇੱਕ ਦੂਜੇ ਦੀ ਖੁੰਬ ਕਿਵੇਂ ਠੱਪਣੀ ਹੈ ਤੇ ਦੇਖੋ ਅਗਲੇ ਦਿਨਾਂ ਵਿੱਚ ਕੀ ਭਾਣਾ ਵਰਤਦਾ ਹੈ। ਜਿਹੜਾ ਭਾਣਾ ਵਰਤ ਗਿਆ ਹੈ ਉਹ ਪੜ੍ਹ ਲਵੋ।
ਪੰਜਾਬੀ ਯੂਨੀਵਰਸਿਟੀ ਵਿੱਚ ਫਿਰਕੀ ਘੁਮਾਉਣ ਵਾਲੇ ਦੀ ਘੁੰਮੀ ਫਿਰਕੀ: ਨਵੇਂ ਅਹੁਦੇ ਦੀ ਜੁਗਾੜਬੰਦੀ ਵਾਈਸ ਚਾਂਸਲਰ ਦੀ ਨੀਮ ਗ਼ੈਰ-ਹਾਜ਼ਰੀ ਵਿੱਚ ਦਾਖਲੇ ਕਰ ਰਹੀ ਪੰਜਾਬੀ ਯੂਨੀਵਰਸਿਟੀ ਯਤੀਮ ਜਾਪਦੀ ਹੈ। ਪਿਛਲੇ ਦਿਨਾਂ ਵਿੱਚ ਪ੍ਰਸ਼ਾਸਨਿਕ ਅਹੁਦਿਆਂ ਦੀ ਘਰਾਣਿਆਂ ਅਤੇ ਆਪਣੇ ਧੜੇ ਵਿੱਚ ਕਾਣੀ ਵੰਡ ਲਈ ਚਰਚਾ ਵਿੱਚ ਰਹੇ ਪ੍ਰੋ. ਤਿਵਾੜੀ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਡੀਨ ਅਕਾਦਮਿਕ ਮਾਮਲੇ ਹਨ ਅਤੇ ਨਾਲ ਰਜਿਸਟਰਾਰ ਤੋਂ ਇਲਾਵਾ ਕੰਟਰੋਲਰ ਪ੍ਵੀਖੀਆਵਾਂ ਦਾ ਵਾਧੂ ਕਾਰਜ ਦੇਖ ਰਹੇ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਨਸਟੀਚਿਉਂਟ ਕਾਲਜਾਂ ਅਤੇ ਨੇਵਰਹੁੱਡ ਕੈਂਪਸਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਮੰਗਾਂ ਲਈ ਧਰਨਾਕਾਰੀਆਂ ਨਾਲ ਗੱਲਬਾਤ ਤਲਖ਼ ਹੋ ਜਾਣ ਕਾਰਨ ਉਨ੍ਹਾਂ ਨੇ ਮੌਕੇ ਉੱਤੇ ਅਸਤੀਫਾ ਦੇ ਦਿੱਤਾ। ਸਾਰੇ ਫੈਸਲਿਆਂ ਦਾ ਬੋਝਾ ਦੂਜਿਆਂ ਵੱਲ ਖਿਸਕਾਉਣ ਲਈ ਜਾਣੇ ਜਾਂਦੇ ਤਿਵਾੜੀ ਸਾਹਿਬ ਕੋਲ ਹੋਰਾਂ ਦੀ ਸਹੂਲਤ ਨਹੀਂ ਸੀ ਕਿਉਂਕਿ ਬਾਕੀ ਅਹਿਮ ਅਹੁਦੇ ਵੀ ਉਨ੍ਹਾਂ ਕੋਲ ਹਨ ਅਤੇ ਉਹ ਇਹ ਬੋਝਾ ਮੌਜੂਦਾ ਕਾਰਜਕਾਰੀ ਵਾਈਸ ਚਾਂਸਲਰ ਕੇ. ਕੇ. ਯਾਦਵ ਉੱਤੇ ਪਾਉਣ ਦੀ ਹਾਲਤ ਵਿੱਚ ਨਹੀਂ ਹਨ ਕਿਉਂਕਿ ਅਗਲੇ ਅਹੁਦੇ ਦੀ ਝਾਂਕ ਲੱਗੀ ਹੋਈ ਹੈ। ਚਰਚਾ ਜ਼ੋਰਾਂ ਉੱਤੇ ਹੈ ਕਿ ਫਿਰਕੀ ਘੁਮਾਉਣ ਵਾਲੇ ਦੀ ਇੱਕ ਪਾਸੇ ਆਪਣੀ ਫਿਰਕੀ ਘੁੰਮ ਗਈ ਹੈ ਅਤੇ ਦੂਜੇ ਪਾਸੇ ਉਹ ਆਪਣੀ ‘ਡਰਾਮਾ ਚਾਲ’ ਨਾਲ ਫਿਰਕੀ ਘੁੰਮਾਂ ਰਹੇ ਹਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਅਸਤੀਫਾ ਪ੍ਰਵਾਨ ਨਹੀਂ ਹੋਣਾ ਪਰ ਰੁੱਸਣ-ਮਨਾਉਣ ਦੀ ਖੇਡ ਵਿੱਚ ਉਨ੍ਹਾਂ ਨੇ ਨਵੇਂ ਅਹੁਦੇ ਉੱਤੇ ਦਾਅ ਮਾਰ ਲੈਣਾ ਹੈ। ਸੱਚ ਕੁਝ ਵੀ ਹੋਵੇ ਪਰ ਉਨ੍ਹਾਂ ਦੀ ਸੰਜੀਦਗੀ ਸੁਆਲਾਂ ਦੇ ਘੇਰੇ ਵਿੱਚ ਹੈ। ਜਦੋਂ ਪੰਜਾਬੀ ਯੂਨੀਵਰਸਿਟੀ ਯਤੀਮ ਹੋਈ ਪਈ ਹੈ ਤਾਂ ਉਹ ਆਪਣੀ ਫਿਰਕੀ ਘੁਮਾਉਣ ਵਿੱਚ ਲੱਗੇ ਹੋਏ। ਬੱਲੇ ਜੀ! ਤਿਵਾੜੀ ਸਾਹਿਬ ਦੀ ਜਿੰਮੇਵਾਰੀ ਤੋਂ ਭੱਜਣ ਅਤੇ ਅਹੁਦੇ ਦੀ ਕਾਮਨਾ ਦੇ ਸਾਹਮਣੇ ਪੰਜਾਬੀ ਯੂਨੀਵਰਸਿਟੀ ਦਾ ਭਲਾ ਹੋਣਾ ਤਾਂ ਮੁਸ਼ਕਲ ਹੈ। ਤਿਵਾੜੀ ਸਾਹਿਬ ਨਾਅਰੇਬਾਜੀ ਕਰਦੇ ਜਾਪਦੇ ਹਨਃ ਜਿੰਮੇਵਾਰੀ ਮੁਰਦਾਬਾਦ, ਕੁਰਸੀ ਜ਼ਿੰਦਾਬਾਦ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੁਣ ਬਣੇਗਾ ਕੀ ਇਹ ਤਾਂ ਦਿੱਲੀ ਵਿਚਲੇ ਸੂਤਰ ਹੀ ਜਾਣਦੇ ਹਨ ?
ਤੁਸੀਂ ਅਜੇ ਇਹ ਪੜ੍ਹ ਕੇ ਸੋਚੋ ਕਿ ਪੰਜਾਬ, ਪੰਜਾਬੀ ਭਾਸ਼ਾ ਤੇ ਖੋਜ ਕਾਰਜਾਂ ਦਾ ਕੀ ਬਣੇਗਾ?