Pura Adhura (Punjabi Story) : Zubair Ahmad
ਪੂਰਾ ਅਧੂਰਾ (ਕਹਾਣੀ) : ਜ਼ੁਬੈਰ ਅਹਿਮਦ
ਉਹ ਆਪਣਿਆਂ ਵਿੱਚੋਂ ਉੱਠ ਉਹਦੇ ਨਾਲ ਤੁਰ ਪਿਆ।
ਬਸ ਉਹ ਮੇਰੇ ਕੋਲ ਆ ਖਲੋਈ। ਕਿੰਨਾਂ ਚਿਰ ਤੱਕਦੀ ਰਹੀ ਉਹ ਮੈਂਨੂੰ। ਖ਼ਿਆਲਦੀ ਰਹੀ ਅੰਦਰ ਪਾ ਮਧਾਣੀ ਕਰਦੀ ਰਹੀ। ਅੱਖਾਂ ਪਾਰਸਾਂਦੀ ਰਹੀ ਦਿਲੇ ਸਮਾਂਦੀ ਰਹੀ। ਨੇੜੇ ਆ ਆ ਖਲੋਂਦੀ ਦੂਰੋਂ ਝਾਕਦੀ ਰਹੀ। ਕੋਲੋਂ ਲੰਘ ਲੰਘ ਜਾਂਦੀ ਕਿਤੇ ਓਹਲੇ ਖਲੋ ਧਿਆਂਦੀ ਰਹੀ। ਹੋਰਾਂ ਕੋਲੋਂ ਚੋਰ ਅੱਖ ਨਾਲ ਤਕਦੀ ਨੀਲੇ ਅਸਮਾਨ ਥੱਲੇ ਇਕੱਲ ਮੇਰੇ ਨੂੰ ਮਸੋਸਦੀ ਰਹੀ। ਰਾਤੀਂ ਸੌਣ ਤੋਂ ਪਹਿਲਾਂ ਸੋਚਦੀ, ਚਤਾਰਦੀ ਰਹੀ ਲੰਮੇ ਦਿਨਾਂ ਦੇ ਸੱਖਣੇ ਪਲਾਂ ਵਿੱਚ।
"ਤੂੰ ਕੱਲ ਨਹੀਂ ਆਇਆ?"
"ਰੁਝੇਵਾਂ ਸੀ ਇੱਕ । ਤੂੰ ਕਾਹਨੂੰ ਪੁਛਦੀ ਏਂ।"
"ਤੇਰਾ ਹੋਵਣ ਚੰਗਾ ਲਗਦਾ ਏ।"
ਪਹਿਲੀ ਵਾਰ ਆਪਣੇ ਦੁੱਖ ਦੱਸ ਉਹ ਕਿੰਨਾਂ ਰੋਈ। ਤੂੰ ਤਾਂ ਮੈਂਨੂੰ ਵੀ ਦੁਖੀ ਕਰ ਦਿੱਤਾ ਏ।ਕਿਸੇ ਨਾਲ ਤਾਂ ਕਰਨੀਆਂ ਸਨ ਸੋ ਤੇਰੇ ਨਾਲ ਕਰ ਲਈਆਂ।ਮੇਰੇ ਚੱਵੀ ਵਰ੍ਹਿਆਂ ਵਿੱਚ ਤੂੰ ਪਹਿਲਾ ਏਂ। ਕਦੀ ਦਿਲ ਨਹੀਂ ਕੀਤਾ, ਕਈਆਂ ਨੇ ਆਹਰ ਕੀਤਾ, ਕਈ ਅਗਾਂਹ ਹੋਏ। ਪਰ ਤੂਹੀਉਂ ਚੰਗਾ ਲੱਗਾ ਏਂ, ਤੇਰਾ ਚੁੱਪ ਜੇਹਾ ਹੋਵਣ, ਤੇਰਾ ਲਾਪਰਵਾਹ ਹੋਵਣ, ਤੇਰਾ ਕੰਮ ਨਾਲ ਕੰਮ ਰੱਖਣ। ਮੈਂ ਤਾਂ ਕਿਤਾਬ ਈ ਲੈਣ ਆਈ ਸਾਂ, ਲੋੜੇਂਦੀ ਸੀ ਮੈਂਨੂੰ ਡਾਢੀ।
ਤੂੰ ਕਿਤਾਬ ਤਾਂ ਦੇ ਦਿੱਤੀ ਪਰ ਨਜ਼ਰਾਂ ਚੁੱਕ ਕੇ ਤੱਕਿਆ ਨਾ। ਮੈਨੂੰ ਤੇਰੇ ਵਾਲ ਤੇ ਹੱਥ ਬੜੇ ਚੰਗੇ ਲੱਗੇ ਸਨ। ਚਿੱਟੀਆਂ ਮੁੱਛਾਂ ਮੈਂ ਨਾ ਗੌਲੀਆਂ।ਗੌਲ ਵੀ ਲੈਂਦੀ ਤਾਂ ਕੀ ਹੋਣਾ ਸੀ। ਏਹੋ ਹੋਣਾ ਸੀ। ਵਾਲ ਮੇਰੇ ਵੀ ਬੜੇ ਸੋਹਣੇ ਤੇ ਲੰਮੇ ਸਨ। ਯੂਨੀਵਰਸਿਟੀ ਯੂਨੀਫ਼ਾਰਮ ਵਿੱਚ ਤੂੰ ਮੇਰੇ ਜ਼ਨਾਨੀ ਹੋਵਣ ਦਾ ਧਿਆਨ ਨਾ ਕੀਤਾ। ਤੇਰੇ ਬੁੱਲ੍ਹਾਂ ਦਾ ਨੇੜੇ ਦਾ ਤਿਲ ਤਾਂ ਮੈਨੂੰ ਖਾ ਗਿਆ ਸੀ। ਮੇਰਾ ਦਿਲ ਕੀਤਾ ਆਖਾਂ ਇਹ ਤਿਲ ਮੈਨੂੰ ਦੇ ਦੇ।
ਗੁਲਾਬੀ ਜੇਹੀ ਰੁੱਤ ਸੀ ਜਦ ਮੈਂ ਤੈਨੂੰ ਮੁੜ ਤੱਕਿਆ। ਬੱਦਲ ਆਂਦੇ ਸਨ ਤੇ ਮਾਰੂ ਹਵਾ ਸੀ ਅੱਗ ਲਾਂਦੀ। ਮੇਰਾ ਚਿੱਤ ਉਸ ਦਿਨ ਘਰ ਜਾਵਣ ਨਾ ਕਰੇ। ਘਰ ਜਾ ਮੈਂ ਕਈ ਮਹੀਨੇ ਪਹਿਲਾਂ ਤੇਰਾ ਦਿੱਤਾ ਫ਼ੋਨ ਲੱਭ ਤੈਨੂੰ ਟੱਲੀ ਮਾਰੀ। ਬੜੀ ਓਪਰੀ ਲੱਗੀ ਤੇਰੀ ਵਾਜ। ਇੱਕ ਦਿਲ ਕੀਤਾ ਬੰਦ ਕਰ ਦਿਆਂ ਫ਼ੋਨ। ਤੂੰ ਹੌਲੀ ਹੌਲੀ ਫ਼ੋਨ ਉੱਤੇ ਬੋਲਦਾ ਰਿਹਾ। ਫਿਰ ਤੇਰੀ ਵਾਜ਼ ਵਿੱਚ ਨਿੱਘ ਆਵਣ ਲੱਗ ਪਿਆ। ਤੂੰ ਦੱਸਿਆ ਤੂੰ ਫ਼ੋਨ ਦੇ ਕੇ ਕਈ ਦਿਨ ਉਡੀਕਦਾ ਰਿਹਾ ਤੇ ਮੁੜ ਭੁੱਲ ਗਿਆ। ਤੂੰ ਆਖਿਆ ਤੈਨੂੰ ਆਸ ਮੁੱਕ ਗਈ ਸੀ। ਏਹੋ ਗੱਲ ਤੇਰੀ ਸੋਹਣੀ ਏ। ਤੂੰ ਪਿੱਛੇ ਨਹੀਂ ਆਇਆ।
ਸੁੰਜੀਆਂ ਸ਼ਾਮਾਂ ਦੀ ਇਕ ਲੜੀ ਏ ਜਿਸ ਮਗਰੋਂ ਤੂੰ ਮਿਲੀ ਏਂ। ਇੱਕ ਹੋਰ ਸਹੇਲੜੀ ਏ ਮੇਰੀ। ਐਵੇਂ ਕੋਈ ਗ਼ਲਤ ਮਤਲਬ ਨਾ ਲਈਂ ਬੁੱਢੀ ਮਾਈ ਏ ਅੰਗਰੇਜ਼ੀ ਅਖ਼ਬਾਰਾਂ ਵਿੱਚ ਕਦੀ ਕਦਾਈਂ ਲਿਖਦੀ ਏ। ਇਕ ਦਿਨ ਆਖਣ ਲੱਗੀ "ਤੂੰ ਚੰਗਾ ਏਂ ਤੈਨੂੰ ਚੰਗੇ ਲੋਕ ਮਿਲਸਨ। ਆਸ ਰੱਖ।" ਪਰ ਮੈਂ ਕੀ ਕਰਾਂ। ਖਾਲੀ ਥਾਂ ਨਹੀਂ ਭਰਦੀ, ਦਿਲ ਮਘੋਰਾ ਜਾਨ ਕੱਢ ਲੈਂਦਾ ਏ। ਘਰ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਦੂਜਿਆਂ ਮਰਦਾਂ ਹਾਰ ਕੂੜ ਨਹੀਂ ਮਾਰਾਂਗਾ ਪਈ ਮੇਰੀ ਸਵਾਨੀ ਬਿਮਾਰ ਏ।
ਚੰਗੀ ਏ ਬੜੀ ਚੰਗੀ ਏ ਘਰਵਾਲੀ, ਬਾਲ ਵੀ ਚੰਗੇ ਨੇ, ਰੱਬ ਦਾ ਦਿੱਤਾ ਸਭੇ ਕੁਝ ਏ। ਖ਼ਾਲੀ ਥਾਂ ਨਹੀਂ ਭਰਦੀ। ਚਿਟਿਆਈ ਕਿਵੇਂ ਖੁਰਚਾਂ, ਇੱਕ ਹੂਕ ਜੇਹੀ ਉਠਦੀ ਏ ਇਨ੍ਹਾਂ ਖ਼ਾਲੀ ਬੈਂਚਾ ਉੱਤੇ ਜਿੱਥੇ ਅੱਜ ਬੈਠੇ ਆਂ। ਮੈਂ ਵਰ੍ਹਿਆਂ ਤੋਂ ਬੈਠਾ ਹੋਇਆਂ ਆਂ। ਅੱਜ ਪਹਿਲੀ ਵਾਰ ਝਾੜ ਪੂੰਝ ਕੇ ਬੈਠਾ ਹਾਂ ਤੇਰੇ ਸਾਫ਼ ਕੱਪੜਿਆਂ ਪਾਰੋਂ। ਹੁਣ ਛੱਡ ਕੇ ਨਾ ਜਾਵੀਂ ਮੈਥੋਂ ਜਰ ਨਹੀਂ ਹੋਣਾ।
ਮੈਂ ਪੱਕੀ ਯਾਰੀ ਲਾਨੀ ਆਂ। ਮੇਰੀਆਂ ਸਾਰੀਆਂ ਸਹੇਲੜੀਆਂ ਪੱਕੀਆਂ ਨੇਂ। ਮੈਨੂੰ ਆਪਣੇ ਕੋਲ ਰੱਖ ਲੈ, ਆਪਣੇ ਵਿੱਚ ਸਮਾ ਲੈ ਮੈਂਨੂੰ।
ਪਰ ਨਹੀਂ। ਜਦ ਮੇਰਾ ਦਿਲ ਕਰਦਾ ਏ ਤੂੰ ਆਪਣੇ ਘਰੀਂ ਹੁੰਦਾ ਏਂ। ਆਪਣੇ ਬਾਲਾਂ ਨਾਲ, ਆਪਣੀ ਜ਼ਨਾਨੀ ਨਾਲ ਤਦ ਮੈਂ ਕੇ ਕਰਾਂ।
ਉਸ ਦੂਰੋਂ ਆਪਣੇ ਆਪ ਨੂੰ ਤੱਕਿਆ, ਉਸ ਕੁੜੀ ਨਾਲ ਬੈਠੀ ਆਪਣੇ ਪਰਛਾਂਵੇਂ ਹੋਂਦ ਨੂੰ। ਸੁਫ਼ਨਿਆਂ ਮਾਰੇ ਵਜ਼ੂਦ ਨੂੰ, ਕਹਾਣੀਆਂ ਅੰਦਰ ਜੀਊਂਦੇ ਪੱਤਰ ਨੂੰ। ਉਸਨੂੰ ਦੋਵੇਂ ਓਪਰੇ ਲੱਗੇ। ਕਿੰਨੇ ਨੇੜੇ ਤੇ ਕਿੰਨੇ ਦੁਰਾਡੇ।
ਮੈਂ ਵੀ ਹੈਰਾਨ ਰਹਿ ਗਈ ਸਾਂ ਜਦ ਤੂੰ ਮੇਰੇ ਕੋਲ ਆਇਆ ਏਂ। ਛੋਹਿਆ ਏ ਜਦ ਤੂੰ ਮੈਂਨੂੰ। ਏਨਾ ਤਿਰਹਾਇਆ, ਏਨਾ ਉਤਾਵਲਾ, ਏਨਾ ਕਾਹਲਾ। ਮੈਂ ਬੇਵਸ ਹੋ ਜਾਨੀ ਆਂ, ਬੇਹੱਥਲ, ਨਿੱਸਲ। ਜੋ ਕੁਝ ਤੂੰ ਇਹ ਕਰਨਾ ਏਂ ਤੇ ਮੇਰਾ ਇਕ ਪਾਸਾ ਤੇਰੇ ਨਾਲ ਨਹੀਂ ਤੁਰਦਾ ਪਰ ਦੂਜਾ ਤੈਨੂੰ ਛੱਡਦਾ ਨਹੀਂ। ਜਦ ਤੂੰ ਗੱਲਾਂ ਕਰਨਾ ਏਂ ਸ਼ੈਵਾਂ ਨੂੰ ਪਰਖਦਾ ਏਂ ਤੇ ਮੈਂਨੂੰ ਚਾਨਣ ਹੁੰਦਾ ਏ। ਪਰ ਫੇਰ ਤੂੰ ਮੈਂਨੂੰ ਬੇਬੱਸ ਕਰ ਦੇਂਦਾ ਏਂ। ਮੈਂ ਇਹ ਕਦੇ ਨਹੀਂ ਚਾਹਿਆ ਮੈਂ ਤਾਂ ਇੰਜ ਨਹੀਂ ਸੀ ਸੋਚਿਆ। ਬਾਹਰ ਤੂੰ ਉੱਕਾ ਹੋਰ ਏਂ, ਮੇਰੇ ਕੋਲ ਹੋਰ। ਪਤਾ ਨਹੀਂ ਜ਼ਨਾਨੀ ਕੋਲ ਤੂੰ ਕਿਵੇਂ ਦਾ ਏਂ।
ਮੈਂ ਏਹੋ ਸੋਚਨੀ ਆਂ ਪਈ ਮੈਂ ਤੇਰੇ ਕੋਲ ਉਨ੍ਹਾਂ ਚਿਰ ਆਂ ਜਦ ਤੀਕ ਤੂੰ ਮੇਰੇ ਨਾਲ ਏਂ। ਮੁੜ ਤੂੰ ਤੁਰ ਜਾਣਾ ਏਂ ਹੋਰ ਜਹਾਨੀ ਜਿੱਥੇ ਮੈਂ ਨਹੀਂ ਆਂ। ਪਰ ਮੈਂ ਤੈਨੂੰ ਕੋਲ ਰੱਖਣਾ ਚਾਹੁੰਦੀ ਆਂ। ਮੈਂ ਹਰ ਪਲ ਤੈਨੂੰ ਮਾਨਣਾ ਚਾਹੁੰਦੀ ਆਂ। ਕਦ ਤੀਕ ਇਹ ਚਲਸੀ। ਅਖ਼ੀਰ ਅਖ਼ੀਰ ........... ਨਹੀਂ ਨਹੀਂ ਮੈਂ ਵਿਆਹ ਪਿੱਛੋਂ ਵੀ ਤੈਨੂੰ ਮਿਲਾਂਗੀ। ਤੂੰ ਮੈਂਨੂੰ ਕੁੱਛੜ ਵਿਚੋਂ ਲਾਹਵੇਂ ਤਾਂ ਮੈਂ ਕੁਝ ਕਰਾਂ।
ਉਹ ਤਰੱਬਕਿਆ ਰਹਿੰਦਾ, ਡਰਿਆ, ਡੌਰ ਭੌਰਾ। ਸ਼ੈਵਾਂ ਏਧਰ ਉਧਰ ਰੱਖ ਭੁੱਲ ਜਾਂਦਾ, ਫ਼ਾਈਲਾਂ ਅੱਗੇ ਪਿੱਛੇ ਕਰ ਦੇਂਦਾ। ਉਹ ਆਪੇ ਇੱਕ ਨਿੱਕਾ ਜੇਹਾ ਅਫ਼ਸਰ ਸੀ ਪਰ ਵੱਡਾ aਹਨੂੰ ਇਕੱਲੇ ਨੂੰ ਇੱਕ ਅੱਧ ਝਾੜ ਪਾ ਦਿੰਦਾ ਤੇ ਮੁੜ ਚਾਹ ਵੀ ਪਿਲਾ ਦੇਂਦਾ। ਘਰੇ ਆ ਉਹਨੂੰ ਚੁੱਪ ਲੱਗ ਜਾਂਦੀ।ਬਾਲਾਂ ਨੂੰ ਵੇਖ ਖਿੜ ਜਾਂਦਾ ਪਰ ਸਵਾਣੀ ਨੂੰ ਵੇਖ ਮਸੋਸਿਆ ਜਾਂਦਾ।ਕਦੀ aਹਨੂੰ ਰੱਜ ਮਿਲ ਕੇ ਆਂਦਾ ਤਾਂ ਘਰੀਂ ਵੀ ਬਾਲਾ ਖ਼ੁਸ਼ ਹੋ ਜਾਂਦਾ। ਸਵਾਣੀ ਤੇ ਬਾਲਾਂ ਨੂੰ ਲੈ ਸੈਰ ਨੂੰ ਨਿੱਕਲ ਜਾਂਦਾ।
ਪਰ ਰਾਤੀਂ ਮੁੜ ਔਖਾ ਹੋ ਜਾਂਦਾ, ਸਵਾਣੀ ਨਾਲ ਸੁੱਤਾ ਜਾਗਦਾ ਰਹਿੰਦਾ। ਘਰ ਮੁੜ ਆ ਪਿਆਰਿਆ, ਘਰ ਮੁੜ ਆ, ਝੱਖੜਾਂ ਅੰਦਰੀਂ ਰੁਲ ਜਾਵੇਂਗਾ, ਕੱਖਾਂ ਹਾਰ ਉੱਡ ਜਾਵੇਂਗਾ। ਉਹਦੇ ਕੰਨ ਸੁੰਨ ਹੋ ਜਾਂਦੇ, ਸੁਫ਼ਨਿਆਂ ਅੰਦਰ ਉਹ ਡਰ ਜਾਂਦਾ। ਪਰ ਅਗਲੇ ਦਿਹਾੜੇ ਜਦ ਉਹ ਸਲਾਮਾਂ ਕਰਦੀ ਕਮਰੇ ਵਿੱਚ ਆਂਦੀ ਉਹ ਸਭੇ ਕੁਝ ਭੁਲ ਜਾਂਦਾ। ਬਾਹਰ ਦੀ ਦੁਨੀਆਂ ਗ਼ੈਰ ਹਾਜ਼ਿਰ ਹੋ ਜਾਂਦੀ।ਮਿਰਾ ਉਹਦੇ ਨਾਲ ਲੰਘਦਾ ਵੇਲਾ aਹਨੂੰ ਉਡਾਈ ਰੱਖਦਾ। ਉਹ ਅੱਖਾਂ ਵਿੱਚ ਅੱਖਾਂ ਪਾ ਕਿੰਨਾ ਚਿਰ ਚੁੱਪ ਬੈਠੇ ਕਿੰਨ੍ਹਾਂ ਕਿੰਨ੍ਹਾਂ ਹੱਸਦੇ ਰਹਿੰਦੇ। aਹਦੇ ਨਰੋਏ ਧੋਤੇ ਵਾਲਾਂ ਵਿੱਚੋਂ ਅਣਛੁਹੀ ਜੇਹੀ ਖ਼ੁਸ਼ਬੋਈ ਸਿੰਮਦੀ ਰਹਿੰਦੀ। ਦਫ਼ਤਰ ਤੋਂ ਛੁੱਟੀ ਮਗਰੋਂ ਉਹ ਬਾਗ਼ ਵਿੱਚ ਮਿੱਥੀ ਥਾਂ ਆ ਮਿਲਦੇ। ਕੁਝ ਚਿਰ ਪਿੱਛੋਂ ਉਸਨੂੰ ਜਾਣ ਦੀ ਕਾਹਲ ਪੈ ਜਾਂਦੀ।ਉਸਦੀ ਪੜ੍ਹਾਈ ਅਜੇ ਰਹਿੰਦੀ ਸੀ। ਨਾਲ ਨਾਲ ਉਹ ਨੌਕਰੀ ਵੀ ਕਰਦੀ ਪਈ ਸੀ ਤੇ ਉਹਦੇ ਕੋਲ ਤਾਂ ਐਂਵੇ ਕੰਮ ਦੀ ਪੌਂਦ ਵਿੱਚ ਲੋੜੀਂਦੀ ਸਿਖਲਾਈ ਲੈਣ ਆ ਗਈ ਸੀ।
ਪੂਰਾ ਇੱਕ ਵਰ੍ਹਾ ਉਹ ਉਹਨੂੰ ਤੱਕਦੀ ਰਹੀ ਸੀ। ਇਹ ਉਹਨੇ ਗੂੜੀਆਂ ਪਾਵਣ ਪਿੱਛੋਂ ਦੱਸਿਆ ਸੀ। ਪੂਰਾ ਇਕ ਵਰ੍ਹਾ ਕੋਈ ਉਹਨੂੰ ਇੰਝ ਨੀਝ ਨਾਲ ਤੱਕਦਾ ਰਿਹਾ ਏ ਏਸ ਗੱਲ ਨੇ ਉਸ ਨੂੰ ਝੱਲਾ ਈ ਤਾਂ ਕਰ ਦਿੱਤਾ ਸੀ। ਉਹਨੇ ਸਾਰੀਆਂ ਪੜ੍ਹਾਈਆਂ ਕੀਤੀਆਂ ਹੋਈਆਂ ਸਨ।ਉਹ ਲਾਇਕ ਅਫ਼ਸਰ ਸੀ ਤੇ ਕਿਸੇ ਨੇ ਕੁੜੀ ਨੂੰ ਉਹਦੇ ਵੱਲ ਟੋਰ ਦਿੱਤਾ ਸੀ। ਉਹ ਉਹਨੂੰ ਕੁਝ ਚਿਰ ਮਿਲਣ ਮਗਰੋਂ ਪਿੱਛੇ ਹਟ ਗਈ ਸੀ।
ਉਹਨੂੰ ਅਚੰਬਾ ਹੋਇਆ ਪਰ ਮੁੜ ਉਹ ਭੁੱਲ ਗਿਆ। ਪਰ ਜੀ ਕਿਤੇ ਪਿਆ ਰਹਿ ਗਿਆ। ਜਿਹੜਾ ਸਹਿਜੇ ਸਹਿਜੇ ਮੌਲਦਾ ਰਿਹਾ। ਵਰ੍ਹੇ ਪਿੱਛੋਂ ਜਦ ਉਹ ਪਰਤੀ ਤਾਂ ਉਸ ਜੂੜਾ ਖੋਲ੍ਹ ਕੇ ਸਾਰੇ ਵਾਲ ਖਿਲਾਰ ਦਿੱਤੇ। ਉਹਦੇ ਖਾਲੀ ਹੱਥਾਂ ਨੂੰ ਭਰ ਦਿੱਤਾ। ਪਰ ਵਿੱਚ ਵਿੱਚ ਉਹ ਡਰ ਜਿਹਾ ਜਾਂਦਾ। ਹੱਥ ਪਿੱਛੇ ਖਿੱਚ ਲੈਂਦਾ। ਉਹ ਸੇਕ ਨਾਲ ਤਪਦੀ ਰਹਿੰਦੀ। ਮਰਦ ਨੂੰ ਇਹ ਸਮਝ ਕਦੀ ਨਹੀਂ ਆਂਦੀ ਪਈ ਸਵਾਣੀ ਟੁੱਟੇ ਸਾਹਵਾਂ ਦੀ ਪਰਵਾਹ ਨਹੀਂ ਕਰਦੀ ਪਰ ਪਿਆਰ ਦੀ ਘਾਟ ਨੂੰ ਕਦੀ ਨਹੀਂ ਬਖ਼ਸ਼ਦੀ। ਉਹ ਅੱਧਖੜ ਉਮਰ ਵਿੱਚ ਮਸਾਂ ਆਨੇ ਬਹਾਨੇ ਅੱਧ ਕਾਲੇ ਅੱਧ ਧੌਲਿਆਂ ਨੂੰ ਢੱਕੀ ਖਲਾਸੀ ਉਹਦੇ ਨਾਲ ਪੂਰਾ ਕਿਵੇਂ ਵਗ ਪੈਂਦਾ।
ਇਕ ਵਰ੍ਹੇ ਗਿਆਰਾਂ ਮਹੀਨੇ ਤੇਰਾਂ ਦਿਨਾਂ ਮਗਰੋਂ aਹਦੀ ਅਚਨਚੇਤ ਦੂਜੇ ਦਫ਼ਤਰ ਬਦਲੀ ਹੋ ਗਈ। ਪਰ ਏਸ ਤੋਂ ਪਹਿਲਾਂ ਈ ਉਨ੍ਹਾਂ ਵਿਚਕਾਰ ਕੋਈ ਸ਼ੈਅ ਟੁੱਟ ਗਈ ਸੀ। ਨਾ ਉਹ ਖੁੱਲ੍ਹ ਕੇ ਮਿਲ ਸਕਦੇ ਸਨ ਤੇ ਲੁਕਣ ਲਈ ਕੋਈ ਥਾਂ ਨਹੀਂ ਸੀ। ਬਾਗ਼ ਵਿੱਚ ਉਹ ਥਾਂਵਾਂ ਬਦਲ ਬਦਲ ਅਖ਼ੀਰ ਹਾਰ ਕੇ ਘਰੀਂ ਤੁਰ ਜਾਂਦੇ। ਉਹਦੇ ਘਰ ਵਾਲਿਆਂ ਨੂੰ ਵੀ ਕੁਝ ਸ਼ੱਕ ਪੈ ਗਿਆ। ਇੱਕ ਵਾਰੀ ਉਹਦੇ ਭਰਾ ਘਰੋਂ ਫ਼ੋਨ ਚੁੱਕਿਆ ਤੇ "ਆਇੰਦਾ ਸੇ ਫ਼ੋਨ ਨਾ ਕਰਨਾ।" ਕਹਿ ਕੇ ਬੰਦ ਕਰ ਦਿੱਤਾ। ਛੇ ਮਹੀਨੇ ਪਿੱਛੋਂ ਉਹਨੇ ਫ਼ੋਨ ਕਰ ਕੇ ਦੱਸਿਆ ਕਿ ਉਹਦਾ ਵਿਆਹ ਪਿਆ ਹੁੰਦਾ ਏ।
ਚਲੋ ਜਾਨ ਛੁੱਟੀ ਉਹ ਸੁਖੀ ਹੋ ਕੇ ਦੁਖੀ ਹੋ ਗਿਆ, ਬਰੀ ਹੋ ਕੇ ਕੈਦ ਹੋ ਗਿਆ, ਕੈਦ ਹੋ ਗਿਆ ਬਰੀ ਹੋ ਗਿਆ।
ਉਹਦੇ ਵਿੱਚੋਂ ਇਕ ਪਰਛਾਂਵਾਂ ਨਿਕਲ ਬਾਗ਼ੀਂ ਖਾਲੀ ਬੈਂਚਾਂ ਉੱਤੇ ਬੈਠਾ ਰਹਿੰਦਾ। ਆਪੇ ਉਹ ਘਰੀਂ ਬਾਲਾਂ ਨਾਲ ਹੱਸਦਾ ਹੱਸਦਾ ਚੁੱਪ ਕਰ ਜਾਂਦਾ।
ਵਗਦੀ ਹਵਾ ਦਾ ਲੜ ਫੜਦਾ ਫੜਦਾ, ਉਹਦਾ ਹੱਥ ਖਿਸਕ ਜਾਂਦਾ। ਸਾਰੀਆਂ ਥਾਂਵਾਂ ਉੱਤੇ ਉਹ ਕਿੰਨਾ ਪੂਰਾ, ਕਿੰਨਾ ਅਧੂਰਾ ਸੀ। ਉਹਨੇ ਨਾਂਹ ਤਾਂ ਨਾਂ ਕੀਤੀ ਪਰ ਹੌਲੀ ਹੌਲੀ ਉਹਦੀ ਹਾਂ ਮੁਕਦੀ ਗਈ।