Quarantine (Story in Punjabi) : Rajinder Singh Bedi
ਕੁਆਰੰਟਾਈਨ (ਕਹਾਣੀ) : ਰਾਜਿੰਦਰ ਸਿੰਘ ਬੇਦੀ
ਹਿਮਾਲਿਆ ਦੇ ਪੈਰਾਂ ਵਿਚ ਫੈਲੇ ਮੈਦਾਨਾਂ ’ਤੇ ਫੈਲ ਕੇ ਹਰ ਚੀਜ਼ ਨੂੰ ਧੁੰਦਲਾ ਬਣਾ ਦੇਣ ਵਾਲੀ ਧੁੰਦ ਵਾਂਗ ਪਲੇਗ ਦੇ ਡਰ ਨੇ ਚਾਰੇ ਪਾਸੇ ਆਪਣੀਆਂ ਜੜ੍ਹਾਂ ਜੰਮਾ ਲਈਆਂ ਸਨ। ਸ਼ਹਿਰ ਦਾ ਬੱਚਾ-ਬੱਚਾ ਉਸ ਦਾ ਨਾਂ ਸੁਣ ਕੇ ਕੰਬ ਜਾਂਦਾ ਸੀ।
ਪਲੇਗ ਤਾਂ ਖ਼ਤਰਨਾਕ ਸੀ ਹੀ, ਪਰ ਕੁਆਰੰਟਾਈਨ ਉਸ ਤੋਂ ਵੀ ਜ਼ਿਆਦਾ ਖ਼ਤਰਨਾਕ ਸੀ। ਲੋਕ ਪਲੇਗ ਤੋਂ ਓਨੇ ਤੰਗ ਨਹੀਂ ਸਨ ਜਿੰਨੇ ਕੁਆਰੰਟਾਈਨ ਤੋਂ। ਇਹੀ ਕਾਰਨ ਸੀ ਕਿ ਸਿਹਤ ਮਹਿਕਮੇ ਨੇ ਨਾਗਰਿਕਾਂ ਨੂੰ ਚੂਹਿਆਂ ਤੋਂ ਬਚਾਉਣ ਲਈ ਆਦਮ-ਕੱਦ ਇਸ਼ਤਿਹਾਰ ਛਪਵਾ ਕੇ ਦਰਵਾਜ਼ਿਆਂ, ਸੜਕਾਂ ਅਤੇ ਮਾਰਗਾਂ ’ਤੇ ਲਗਾਏ ਸਨ। ਉਨ੍ਹਾਂ ਉੱਪਰ ‘‘ਨਾ ਚੂਹਾ ਨਾ ਪਲੇਗ’’ ਸਿਰਲੇਖ ਵਿਚ ਵਾਧਾ ਕਰਦਿਆਂ ‘‘ਨਾ ਪਲੇਗ ਨਾ ਚੂਹਾ, ਨਾ ਕੁਆਰੰਟਾਈਨ’’ ਲਿਖਿਆ ਸੀ।
ਕੁਆਰੰਟਾਈਨ ਬਾਰੇ ਲੋਕਾਂ ਦਾ ਡਰ ਸਹੀ ਸੀ। ਇਕ ਡਾਕਟਰ ਦੀ ਹੈਸੀਅਤ ਨਾਲ ਮੇਰੀ ਰਾਇ ਵਿਸ਼ਵਾਸਯੋਗ ਹੈ ਅਤੇ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਜਿੰਨੀਆਂ ਮੌਤਾਂ ਸ਼ਹਿਰ ਵਿਚ ਕੁਆਰੰਟਾਈਨ ਨਾਲ ਹੋਈਆਂ, ਓਨੀਆਂ ਪਲੇਗ ਨਾਲ ਨਹੀਂ ਹੋਈਆਂ। ਜਦੋਂਕਿ ਕੁਆਰੰਟਾਈਨ ਕੋਈ ਬਿਮਾਰੀ ਨਹੀਂ ਸਗੋਂ ਇਹ ਉਸ ਖੇਤਰ ਦਾ ਨਾਂ ਹੈ ਜਿੱਥੇ ਹਵਾ ’ਚ ਫੈਲੀ ਹੋਈ ਮਹਾਮਾਰੀ ਦੇ ਦਿਨਾਂ ਵਿਚ ਬਿਮਾਰ ਲੋਕਾਂ ਨੂੰ ਤੰਦਰੁਸਤ ਲੋਕਾਂ ਤੋਂ ਕਾਨੂੰਨਨ ਵੱਖਰਾ ਰੱਖਿਆ ਜਾਂਦਾ ਹੈ ਤਾਂ ਕਿ ਬਿਮਾਰੀ ਵਧੇ ਨਾ। ਹਾਲਾਂਕਿ ਕੁਆਰੰਟਾਈਨ ਵਿਚ ਡਾਕਟਰਾਂ ਤੇ ਨਰਸਾਂ ਦਾ ਕਾਫ਼ੀ ਇੰਤਜ਼ਾਮ ਸੀ, ਫੇਰ ਵੀ ਮਰੀਜ਼ਾਂ ਦੇ ਵੱਡੀ ਗਿਣਤੀ ਵਿਚ ਉੱਥੇ ਆ ਜਾਣ ਕਾਰਨ ਹਰ ਮਰੀਜ਼ ’ਤੇ ਵੱਖਰਾ ਧਿਆਨ ਨਹੀਂ ਦਿੱਤਾ ਜਾ ਸਕਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨੇੜੇ-ਤੇੜੇ ਨਾ ਹੋਣ ਕਰਕੇ ਮੈਂ ਬਹੁਤ ਮਰੀਜ਼ਾਂ ਨੂੰ ਹੌਸਲਾ ਹਾਰਦੇ ਦੇਖਿਆ। ਕਈ ਲੋਕ ਤਾਂ ਆਪਣੇ ਕੋਲ ਮਰਦਿਆਂ ਨੂੰ ਦੇਖ ਕੇ, ਮਰਨ ਤੋਂ ਪਹਿਲਾਂ ਹੀ ਮਰ ਗਏ। ਕਈ ਵਾਰ ਤਾਂ ਅਜਿਹਾ ਵੀ ਹੋਇਆ ਕਿ ਮਾਮੂਲੀ ਬਿਮਾਰ ਬੰਦਾ, ਓਥੋਂ ਦੇ ਕੀਟਾਣੂਆਂ ਨਾਲ ਮਰ ਗਿਆ। ਮ੍ਰਿਤਕਾਂ ਦੀ ਵੱਡੀ ਤਾਦਾਦ ਕਾਰਨ ਉਨ੍ਹਾਂ ਦਾ ਸਸਕਾਰ ਵੀ ਕੁਆਰੰਟਾਈਨ ਦੇ ਆਪਣੇ ਤਰੀਕਿਆਂ ਨਾਲ ਹੀ ਸੰਭਵ ਹੁੰਦਾ ਸੀ, ਯਾਨੀ ਸੈਂਕੜੇ ਲੋਥਾਂ ਨੂੰ ਮਰੇ ਕੁੱਤਿਆਂ ਦੀਆਂ ਲਾਸ਼ਾਂ ਵਾਂਗ ਘਸੀਟ ਕੇ ਵੱਡੇ ਢੇਰ ਵਿਚ ਸੁੱਟ ਦਿੱਤਾ ਜਾਂਦਾ ਅਤੇ ਬਿਨਾਂ ਕਿਸੇ ਧਾਰਮਿਕ ਰਸਮ ਰਿਵਾਜ ਦੀ ਪਰਵਾਹ ਕੀਤਿਆਂ, ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਜਾਂਦੀ। ਆਥਣ ਵੇਲੇ ਉੱਠਣ ਵਾਲੇ ਭਾਂਬੜ ਦੇਖ ਕੇ, ਮਰੀਜ਼ ਇਹੀ ਸਮਝਦੇ ਕਿ ਸਾਰੀ ਦੁਨੀਆ ਮੱਚ ਰਹੀ ਹੈ।
ਕੁਆਰੰਟਾਈਨ ਇਸ ਲਈ ਜ਼ਿਆਦਾ ਮੌਤਾਂ ਦਾ ਕਾਰਨ ਬਣੀ ਕਿ ਬਿਮਾਰੀ ਦੇ ਲੱਛਣ ਦਿਸਦਿਆਂ ਹੀ ਬਿਮਾਰ ਦੇ ਪਰਿਵਾਰਕ ਮੈਂਬਰ ਉਹਨੂੰ ਲੁਕਾਉਣ ਲੱਗਦੇ ਤਾਂ ਜੋ ਕਿਧਰੇ ਮਰੀਜ਼ ਨੂੰ ਜ਼ਬਰਦਸਤੀ ਕੁਆਰੰਟਾਈਨ ਨਾ ਲੈ ਜਾਣ। ਹਰ ਡਾਕਟਰ ਨੂੰ ਇਹ ਤਾਕੀਦ ਕੀਤੀ ਗਈ ਸੀ ਕਿ ਮਰੀਜ਼ ਦੀ ਸੂਚਨਾ ਮਿਲਦੇ ਹੀ ਤੁਰੰਤ ਸੂਚਿਤ ਕੀਤਾ ਜਾਵੇ। ਇਸ ਲਈ ਲੋਕ ਡਾਕਟਰਾਂ ਤੋਂ ਇਲਾਜ ਨਾ ਕਰਵਾਉਂਦੇ ਅਤੇ ਕਿਸੇ ਘਰ ਦਾ ਮਹਾਮਾਰੀ ਦੀ ਚਪੇਟ ਵਿਚ ਆਉਣਾ ਉਦੋਂ ਹੀ ਪਤਾ ਲੱਗਦਾ, ਜਦੋਂ ਦਿਲ ਹਿਲਾ ਦੇਣ ਵਾਲੇ ਚੀਕ-ਚਿਹਾੜੇ ਨਾਲ ਲਾਸ਼ ਉਸ ਘਰੋਂ ਨਿਕਲਦੀ।
ਉਨ੍ਹਾਂ ਦਿਨਾਂ ਵਿਚ ਮੈਂ ਕੁਆਰੰਟਾਈਨ ਵਿਚ ਬਤੌਰ ਡਾਕਟਰ ਕੰਮ ਕਰ ਰਿਹਾ ਸੀ। ਪਲੇਗ ਦਾ ਡਰ ਮੇਰੇ ਦਿਲ ਦਿਮਾਗ਼ ’ਤੇ ਛਾਇਆ ਹੋਇਆ ਸੀ। ਸ਼ਾਮ ਨੂੰ ਘਰ ਆਉਣ ’ਤੇ ਮੈਂ ਖਾਸਾ ਚਿਰ ਸਾਬਣ ਨਾਲ ਹੱਥ ਧੋਂਦਾ ਤੇ ਗਰਾਰੇ ਕਰਦਾ ਰਹਿੰਦਾ, ਜਾਂ ਢਿੱਡ ’ਚ ਸਾੜ ਪਾਉਣ ਵਾਲੀ ਬਰਾਂਡੀ ਪੀ ਲੈਂਦਾ। ਹਾਲਾਂਕਿ ਮੈਨੂੰ ਨੀਂਦ ਉੱਡਣ ਤੇ ਅੱਖਾਂ ਚੁੰਧਿਆਉਣ ਦੀ ਸ਼ਿਕਾਇਤ ਹੋ ਗਈ ਸੀ। ਜਦੋਂ ਜ਼ਿਆਦਾ ਗਰਮ ਕੌਫ਼ੀ ਜਾਂ ਬਰਾਂਡੀ ਪੀਣ ਨਾਲ ਢਿੱਡ ਵਿਚ ਉਬਾਲ ਪੈਦਾ ਹੁੰਦੇ ਅਤੇ ਭਾਫ਼ ਦੇ ਗੋਲੇ ਉੱਠ-ਉੱਠ ਕੇ ਦਿਮਾਗ਼ ਨੂੰ ਚੜ੍ਹਦੇ ਤਾਂ ਅਕਸਰ ਮੈਂ ਕਿਸੇ ਹੋਸ਼ ਉੱਡੇ ਬੰਦੇ ਵਾਂਗ ਤਰ੍ਹਾਂ ਤਰ੍ਹਾਂ ਦੇ ਵਹਿਮਾਂ ਦਾ ਸ਼ਿਕਾਰ ਹੋ ਜਾਂਦਾ। ਗਲ਼ ਵਿਚ ਥੋੜ੍ਹੀ ਜਿਹੀ ਖਰਾਸ਼ ਹੁੰਦੀ ਤਾਂ ਮੈਨੂੰ ਲੱਗਦਾ, ‘ਹਾਏ! ਮੈਂ ਵੀ ਇਸ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਵਾਂਗਾ… ਪਲੇਗ! …ਅਤੇ ਫੇਰ …ਕੁਆਰੰਟਾਈਨ!’
ਉਨ੍ਹੀਂ ਦਿਨੀਂ ਨਵਾਂ ਇਸਾਈ ਬਣਿਆ ਵਿਲਿਅਮ ਭਾਗਵ ਝਾੜੂ ਵਾਲਾ, ਜਿਹੜਾ ਮੇਰੀ ਗਲੀ ਵਿਚ ਸਫ਼ਾਈ ਕਰਦਾ ਸੀ, ਮੇਰੇ ਕੋਲ ਆਇਆ ਅਤੇ ਬੋਲਿਆ: ‘‘ਬਾਬੂ ਜੀ, ਬਹੁਤ ਮਾੜਾ ਹੋਇਆ, ਅੱਜ ਐਂਬੂਲੈਂਸ ਇਸੇ ਮੁਹੱਲੇ ’ਚੋਂ ਵੀਹ ਦੇ ਕਰੀਬ ਬੰਦੇ ਲੈ ਗਈ।’’ ‘‘ਵੀਹ? ਐਂਬੂਲੈਂਸ ਵਿਚ…?’’ ਮੈਂ ਹੈਰਾਨੀ ਨਾਲ ਪੁੱਛਿਆ।
‘‘ਹਾਂ ਜੀ… ਪੂਰੇ ਵੀਹ, ਹਾਏ! ਵਿਚਾਰੇ ਕਦੇ ਵਾਪਸ ਨਹੀਂ ਆ ਸਕਣੇ?’’
ਪੁੱਛਣ ’ਤੇ ਪਤਾ ਲੱਗਿਆ ਕਿ ਭਾਗਵ ਰਾਤ ਨੂੰ ਤਿੰਨ ਵਜੇ ਉੱਠਦਾ ਹੈ। ਅਧੀਆ ਸ਼ਰਾਬ ਦਾ ਚੜ੍ਹਾ ਲੈਂਦਾ ਹੈ। ਨਿਰਦੇਸ਼ਾਂ ਮੁਤਾਬਿਕ ਕਮੇਟੀ ਦੀਆਂ ਗਲੀਆਂ ਅਤੇ ਨਾਲੀਆਂ ਵਿਚ ਚੂਨਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਕੀਟਾਣੂ ਨਾ ਫੈਲਣ। ਭਾਗਵ ਨੇ ਮੈਨੂੰ ਦੱਸਿਆ ਕਿ ਉਸ ਦੇ ਤਿੰਨ ਵਜੇ ਉੱਠਣ ਦਾ ਇਹ ਵੀ ਮਤਲਬ ਹੈ ਕਿ ਬਾਜ਼ਾਰ ’ਚ ਪਈਆਂ ਲੋਥਾਂ ਨੂੰ ’ਕੱਠਾ ਕਰੇ। ਉਸ ਮੁਹੱਲੇ ਵਿਚ ਜਿੱਥੇ ਉਹ ਕੰਮ ਕਰਦਾ ਹੈ, ਉਨ੍ਹਾਂ ਲੋਕਾਂ ਦੇ ਛੋਟੇ-ਮੋਟੇ ਕੰਮ ਵੀ ਕਰੇ ਜਿਹੜੇ ਬਿਮਾਰੀ ਦੇ ਡਰ ਤੋਂ ਬਾਹਰ ਨਹੀਂ ਨਿਕਲਦੇ। ਭਾਗਵ ਨੂੰ ਬਿਮਾਰੀ ਤੋਂ ਥੋੜ੍ਹਾ ਜਿਹਾ ਵੀ ਡਰ ਨਹੀਂ ਸੀ ਲੱਗਦਾ। ਉਸ ਦਾ ਵਿਚਾਰ ਸੀ ਕਿ ਜੇ ਮੌਤ ਆਉਣੀ ਹੋਵੇ ਤਾਂ ਚਾਹੇ ਉਹ ਕਿਤੇ ਵੀ ਚਲਾ ਜਾਵੇ ਬਚ ਨਹੀਂ ਸਕਦਾ।
ਉਨ੍ਹਾਂ ਦਿਨਾਂ ਵਿਚ ਜਦ ਕੋਈ ਕਿਸੇ ਦੇ ਨੇੜੇ ਵੀ ਨਹੀਂ ਸੀ ਜਾਂਦਾ, ਭਾਗਵ ਸਿਰ ਅਤੇ ਮੂੰਹ ’ਤੇ ਮੜਾਸਾ ਮਾਰੀ ਬੜੀ ਲਗਨ ਨਾਲ ਲੋਕਾਂ ਦੀ ਸੇਵਾ ਵਿਚ ਲੱਗਿਆ ਰਹਿੰਦਾ। ਹਾਲਾਂਕਿ ਉਸ ਦਾ ਗਿਆਨ ਬਹੁਤ ਸੀਮਤ ਸੀ। ਆਪਣੇ ਅਨੁਭਵ ਦੇ ਸਿਰ ’ਤੇ ਉਹ ਨਿਪੁੰਨ ਵਕਤਾ ਵਾਂਗ ਲੋਕਾਂ ਨੂੰ ਬਿਮਾਰੀ ਤੋਂ ਬਚਣ ਦੀਆਂ ਤਰਕੀਬਾਂ ਦੱਸਦਾ। ਆਮ ਸਫ਼ਾਈ, ਚੂਨਾ ਖਿਲਾਰਣ ਅਤੇ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੰਦਾ। ਇਕ ਦਿਨ ਮੈਂ ਉਸ ਨੂੰ ਲੋਕਾਂ ਨੂੰ ਖ਼ੂਬ ਸ਼ਰਾਬ ਪੀਣ ਦੀ ਸਲਾਹ ਦਿੰਦਾ ਵੀ ਦੇਖਿਆ। ਉਸ ਦਿਨ ਜਦ ਉਹ ਮੇਰੇ ਕੋਲ ਆਇਆ ਤਾਂ ਮੈਂ ਪੁੱਛਿਆ: ‘‘ਭਾਗਵ, ਤੈਨੂੰ ਪਲੇਗ ਤੋਂ ਡਰ ਨੀ ਲੱਗਦਾ?’’
‘‘ਨਹੀਂ ਬਾਬੂ ਜੀ… ਬਿਨ ਆਈ, ਵਾਲ਼ ਵੀ ਵਿੰਗਾ ਨਹੀਂ ਹੋਵੇਗਾ। ਤੁਸੀਂ ਏਨੇ ਵੱਡੇ ਹਕੀਮ ਹੋ, ਹਜ਼ਾਰਾਂ ਤੁਹਾਡੇ ਹੱਥੋਂ ਠੀਕ ਹੋਏ ਨੇ। ਪਰ ਜਦੋਂ ਮੇਰੀ ਆਈ ਹੋਵੇਗੀ ਤਾਂ ਦਵਾ-ਦਾਰੂ ਵੀ ਅਸਰ ਨਹੀਂ ਕਰੇਗੀ… ਹਾਂ ਬਾਬੂ ਜੀ… ਤੁਸੀਂ ਬੁਰਾ ਨਾ ਮਨਾਉਣਾ। ਮੈਂ ਸਹੀ ਤੇ ਸਾਫ਼-ਸਾਫ਼ ਕਹਿ ਰਿਹਾ ਹਾਂ।’’ ਅਤੇ ਗੱਲ ਬਦਲਦਿਆਂ ਬੋਲਿਆ: ‘‘ਕੁਝ ਕੋਨਟੀਨ (ਕੁਆਰੰਟਾਈਨ) ਦੀ ਦੱਸੋ ਬਾਬੂ ਜੀ… ਕੋਨਟੀਨ ਦੀ…।’’
‘‘ਓਥੇ ਕੁਆਰੰਟਾਈਨ ਵਿਚ ਹਜ਼ਾਰਾਂ ਮਰੀਜ਼ ਆ ਗਏ ਨੇ। ਅਸੀਂ ਜਿੱਥੇ ਤਕ ਹੋ ਸਕੇ ਉਨ੍ਹਾਂ ਦਾ ਇਲਾਜ ਕਰਦੇ ਹਾਂ। ਪਰ ਕਿੱਥੋਂ ਤਕ, ਅਤੇ ਮੇਰੇ ਨਾਲ ਕੰਮ ਕਰਨ ਵਾਲ਼ੇ ਖ਼ੁਦ ਵੀ ਜ਼ਿਆਦਾ ਚਿਰ ਤਕ ਉਨ੍ਹਾਂ ਵਿਚ ਰਹਿਣ ਤੋਂ ਘਬਰਾਉਂਦੇ ਨੇ। ਡਰ ਨਾਲ ਉਨ੍ਹਾਂ ਦੇ ਬੁੱਲ੍ਹ ਤੇ ਗਲ਼ ਸੁੱਕੇ ਰਹਿੰਦੇ ਨੇ। ਫੇਰ ਤੇਰੇ ਵਾਂਗੂੰ ਕੋਈ ਮਰੀਜ਼ ਦੇ ਮੂੰਹ ਨਾਲ ਮੂੰਹ ਨਹੀਂ ਲਗਾਉਂਦਾ। ਨਾ ਤੇਰੇ ਵਾਂਗੂ ਏਨੀ ਜਾਨ ਮਾਰਦਾ ਹੈ… ਭਾਗਵ! ਰੱਬ ਤੇਰਾ ਭਲਾ ਕਰੇ, ਜਿਹੜਾ ਤੂੰ ਮਨੁੱਖ ਜਾਤੀ ਦੀ ਏਨੀ ਸੇਵਾ ਕਰਦਾ ਏਂ।’’
ਭਾਗਵ ਨੇ ਨੀਵੀਂ ਪਾ ਲਈ ਅਤੇ ਮੜਾਸੇ ਦੇ ਇਕ ਪੱਲੇ ਨੂੰ ਮੂੰਹ ਤੋਂ ਹਟਾ ਕੇ ਸ਼ਰਾਬ ਦੇ ਅਸਰ ਨਾਲ ਲਾਲ ਹੋਏ ਚਿਹਰੇ ਨੂੰ ਦਿਖਾਉਂਦਿਆਂ ਬੋਲਿਆ: ‘‘ਬਾਬੂ ਜੀ, ਮੈਂ ਕਿਸ ਲੈਕ ਹਾਂ। ਮੈਥੋਂ ਕਿਸੇ ਦਾ ਭਲਾ ਹੋ ਜਾਏ। ਮੇਰਾ ਇਹ ਨਿਕੰਮਾ ਸਰੀਰ ਕਿਸੇ ਦੇ ਕੰਮ ਆ ਜਾਏ। ਇਸ ਤੋਂ ਜ਼ਿਆਦਾ ਖੁਸ਼ਕਿਸਮਤੀ ਕੀ ਹੋ ਸਕਦੀ ਹੈ। ਬਾਬੂ ਜੀ, ਵੱਡੇ ਪਾਦਰੀ ਲਾਬੇ ਜਿਹੜੇ ਮੁਹੱਲੇ ਵਿਚ ਅਕਸਰ ਪ੍ਰਚਾਰ ਕਰਨ ਆਉਂਦੇ ਨੇ, ਕਹਿੰਦੇ ਨੇ, ਪ੍ਰਭੂ ਈਸਾ ਮਸੀਹ ਇਹੀ ਸਿਖਾਉਂਦਾ ਹੈ ਕਿ ਬਿਮਾਰ ਦੀ ਮਦਦ ਵਿਚ ਜਾਨ ਲੜਾ ਦੇਓ… ਮੈਂ ਸਮਝਦਾ…।’’
ਮੈਂ ਭਾਗਵ ਦੀ ਹਿੰਮਤ ਦੀ ਵਡਿਆਈ ਕਰਨੀ ਚਾਹੀ, ਪਰ ਭਾਵਨਾਵਾਂ ਦੇ ਬੋਝਲ ਹੋਣ ਕਾਰਨ ਰੁਕ ਗਿਆ। ਉਸ ਦੀ ਨੇਕਨਾਮੀ ਅਤੇ ਸਾਰਥਕ ਜ਼ਿੰਦਗੀ ਦੇਖ ਕੇ ਮੇਰੇ ਅੰਦਰ ਈਰਖਾ ਪੈਦਾ ਹੋਈ। ਮੈਂ ਫ਼ੈਸਲਾ ਕੀਤਾ ਕਿ ਅੱਜ ਕੁਆਰੰਟਾਈਨ ਵਿਚ ਪੂਰੇ ਯਤਨਾਂ ਨਾਲ ਕੰਮ ਕਰਕੇ ਬਹੁਤ ਸਾਰੇ ਮਰੀਜ਼ਾਂ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਨੂੰ ਆਰਾਮ ਪਹੁੰਚਾਉਣ ਲਈ ਆਪਣੀ ਜਾਨ ਲੜਾ ਦੇਵਾਂਗਾ। ਪਰ ਕਹਿਣ ਤੇ ਕਰਨ ਵਿਚ ਬਹੁਤ ਫ਼ਰਕ ਹੁੰਦਾ ਹੈ। ਕੁਆਰੰਟਾਈਨ ਪੁੱਜ ਕੇ ਜਦ ਮੈਂ ਮਰੀਜ਼ਾਂ ਦੀ ਖ਼ੌਫ਼ਨਾਕ ਹਾਲਤ ਦੇਖੀ ਅਤੇ ਉਨ੍ਹਾਂ ਦੇ ਮੂੰਹੋਂ ਨਿਕਲਣ ਵਾਲੀ ਬਦਬੂ ਮੇਰੇ ਨੱਕ ਵਿਚ ਪਹੁੰਚੀ ਤਾਂ ਰੂਹ ਕੰਬ ਗਈ ਅਤੇ ਭਾਗਵ ਵਾਂਗ ਕੰਮ ਕਰਨ ਦੀ ਹਿੰਮਤ ਨਾ ਕਰ ਸਕਿਆ।
ਫੇਰ ਵੀ ਉਸ ਦਿਨ ਭਾਗਵ ਨੂੰ ਨਾਲ ਲੈ ਕੇ ਮੈਂ ਕੁਆਰੰਟਾਈਨ ਵਿਚ ਬਹੁਤ ਕੰਮ ਕੀਤਾ। ਜੋ ਕੰਮ ਮਰੀਜ਼ਾਂ ਦੇ ਨੇੜੇ ਰਹਿ ਕੇ ਹੋ ਸਕਦਾ ਸੀ, ਉਹ ਮੈਂ ਭਾਗਵ ਤੋਂ ਕਰਵਾਇਆ ਅਤੇ ਉਸ ਨੇ ਉਹ ਬਿਨਾਂ ਨਾਂਹ-ਨੁੱਕਰ ਤੋਂ ਕੀਤਾ… ਖ਼ੁਦ ਮੈਂ ਮਰੀਜ਼ਾਂ ਤੋਂ ਦੂਰ ਦੂਰ ਹੀ ਰਹਿੰਦਾ, ਇਸ ਲਈ ਕਿ ਮੈਂ ਮੌਤ ਤੋਂ ਬਹੁਤ ਡਰਦਾ ਸੀ ਅਤੇ ਉਸ ਤੋਂ ਵੀ ਜ਼ਿਆਦਾ ਕੁਆਰੰਟਾਈਨ ਤੋਂ।
ਪਰ ਕੀ ਭਾਗਵ ਮੌਤ ਤੇ ਕੁਆਰੰਟਾਈਨ ਦੋਵਾਂ ਤੋਂ ਉੱਪਰ ਸੀ?
ਉਸ ਦਿਨ ਕੁਆਰੰਟਾਈਨ ਵਿਚ ਚਾਰ ਸੌ ਮਰੀਜ਼ ਦਾਖ਼ਲ ਹੋਏ ਅਤੇ ਢਾਈ ਸੌ ਦੇ ਕਰੀਬ ਮੌਤ ਦਾ ਸ਼ਿਕਾਰ ਹੋਏ। ਇਹ ਭਾਗਵ ਦੀ ਜਾਂਬਾਜ਼ੀ ਦਾ ਨਤੀਜਾ ਸੀ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਸਿਹਤਮੰਦ ਕੀਤਾ।
ਉਹ ਗਰਾਫ ਜੋ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਦੀ ਤਾਜ਼ਾ ਜਾਣਕਾਰੀ ਲਈ ਚੀਫ਼ ਮੈਡੀਕਲ ਅਫ਼ਸਰ ਦੇ ਕਮਰੇ ਵਿਚ ਟੰਗਿਆ ਹੋਇਆ ਸੀ। ਉਸ ਵਿਚ ਮੇਰੀ ਨਿਗਰਾਨੀ ਵਿਚ ਰੱਖੇ ਮਰੀਜ਼ਾਂ ਦੀ ਔਸਤ ਸਿਹਤ ਦੀ ਲਕੀਰ ਸਭ ਤੋਂ ਉੱਚੀ ਚੜ੍ਹੀ ਹੋਈ ਦਿਖਾਈ ਦਿੰਦੀ ਸੀ। ਮੈਂ ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਉਸ ਕਮਰੇ ਵਿਚ ਜਾਂਦਾ ਅਤੇ ਉਸ ਲਕੀਰ ਨੂੰ ਸੌ ਫ਼ੀਸਦੀ ਉੱਪਰ ਵੱਲ ਵਧਦੀ ਦੇਖ ਕੇ ਬਹੁਤ ਖ਼ੁਸ਼ ਹੁੰਦਾ।
ਇਕ ਦਿਨ ਮੈਂ ਬਰਾਂਡੀ ਜ਼ਰੂਰਤ ਤੋਂ ਜ਼ਿਆਦਾ ਪੀ ਲਈ। ਮੇਰਾ ਦਿਲ ਧੱਕ ਧੱਕ ਕਰਨ ਲੱਗਾ। ਨਬਜ਼ ਘੋੜੇ ਵਾਂਗੂੰ ਦੌੜਨ ਲੱਗੀ ਅਤੇ ਇਕ ਪਾਗਲ ਵਾਂਗੂੰ ਏਧਰ ਓਧਰ ਭੱਜਣ ਲੱਗਾ। ਮੈਨੂੰ ਖ਼ੁਦ ’ਤੇ ਸ਼ੱਕ ਹੋਣ ਲੱਗਾ ਕਿ ਪਲੇਗ ਦੇ ਕੀਟਾਣੂਆਂ ਨੇ ਅਖ਼ੀਰ ਮੈਨੂੰ ਫੜ ਹੀ ਲਿਆ ਅਤੇ ਜਲਦੀ ਹੀ ਗਿਲਟੀਆਂ ਮੇਰੇ ਗਲੇ ਜਾਂ ਪੱਟਾਂ ਵਿਚ ਨਿਕਲ ਆਉਣਗੀਆਂ। ਮੈਂ ਇਕਦਮ ਹੈਰਾਨ ਪ੍ਰੇਸ਼ਾਨ ਹੋ ਗਿਆ। ਉਸ ਦਿਨ ਮੈਂ ਕੁਆਰੰਟਾਈਨ ਵਿਚੋਂ ਭੱਜ ਜਾਣਾ ਚਾਹਿਆ। ਜਿੰਨਾ ਚਿਰ ਮੈਂ ਓਥੇ ਰੁਕਿਆ, ਕੰਬਦਾ ਰਿਹਾ। ਉਸ ਦਿਨ ਮੈਨੂੰ ਭਾਗਵ ਨੂੰ ਮਿਲਣ ਦਾ ਸਿਰਫ਼ ਦੋ ਵਾਰ ਮੌਕਾ ਮਿਲਿਆ।
ਦੁਪਹਿਰੇ ਮੈਂ ਉਹਨੂੰ ਕਿਸੇ ਮਰੀਜ਼ ਨਾਲ ਲਿਪਟਿਆ ਦੇਖਿਆ। ਉਹ ਬੜੇ ਪਿਆਰ ਨਾਲ ਉਸ ਨੂੰ ਹੱਥ ਨਾਲ ਥਾਪੜ ਰਿਹਾ ਸੀ। ਮਰੀਜ਼ ਵਿਚ ਜਿੰਨੀ ਵੀ ਤਾਕਤ ਸੀ ਉਹਨੂੰ ’ਕੱਠੀ ਕਰਕੇ ਉਹ ਬੋਲਿਆ: ‘‘ਭਰਾਵਾ, ਅੱਲ੍ਹਾ ਹੀ ਮਾਲਕ ਹੈ, ਇਸ ਥਾਵੇਂ ਤਾਂ ਰੱਬ ਦੁਸ਼ਮਣ ਨੂੰ ਵੀ ਨਾ ਲਿਆਵੇ। ਮੇਰੀਆਂ ਦੋ ਕੁੜੀਆਂ…’’ ਭਾਗਵ ਨੇ ਉਹਦੀ ਗੱਲ ਕੱਟਦਿਆਂ ਕਿਹਾ: ‘‘ਪ੍ਰਭੂ ਈਸਾ ਮਸੀਹ ਦਾ ਸ਼ੁਕਰ ਕਰ ਭਰਾਵਾ… ਤੂੰ ਤਾਂ ਚੰਗਾ-ਭਲਾ ਦਿਖਾਈ ਦਿੰਦੈਂ।’’ ‘‘ਹਾਂ, ਭਰਾਵਾ, ਮਿਹਰਬਾਨੀ ਹੈ ਉੱਪਰ ਵਾਲੇ ਦੀ। …ਪਹਿਲਾਂ ਨਾਲੋਂ ਕੁਝ ਚੰਗਾ ਹਾਂ। ਜੇ ਕੁਆਰੰਟਾਈਨ…’’ ਅਜੇ ਇਹ ਸ਼ਬਦ ਉਸ ਦੇ ਮੂੰਹ ਵਿਚ ਹੀ ਸਨ ਕਿ ਉਹਦੀ ਨਾੜ ਖਿੱਚੀ ਗਈ। ਉਹਦੇ ਮੂੰਹ ਵਿਚੋਂ ਖਾਸੀ ਖੰਘ ਨਿਕਲੀ। ਅੱਖਾਂ ਪਥਰਾ ਗਈਆਂ। ਕਈ ਝਟਕੇ ਆਏ ਅਤੇ ਉਹ ਮਰੀਜ਼ ਜਿਹੜਾ ਇਕ ਪਲ ਪਹਿਲਾਂ ਸਭ ਨੂੰ, ਖ਼ਾਸ ਕਰਕੇ ਖ਼ੁਦ ਨੂੰ ਚੰਗਾ ਦਿਖਾਈ ਦੇ ਰਿਹਾ ਸੀ, ਸਦਾ ਲਈ ਚੁੱਪ ਹੋ ਗਿਆ। ਭਾਗਵ ਉਸ ਦੀ ਮੌਤ ’ਤੇ ਨਾ ਦਿਖਾਈ ਦੇਣ ਵਾਲੇ ਖ਼ੂਨ ਦੇ ਹੰਝੂ ਵਹਾਉਣ ਲੱਗਿਆ। ਹੋਰ ਕੌਣ ਉਸ ਲਈ ਹੰਝੂ ਵਹਾਉਂਦਾ? ਕੋਈ ਉਹਦਾ ਓਥੇ ਹੁੰਦਾ ਤਾਂ ਵਿਰਲਾਪ ਕਰਕੇ ਧਰਤੀ ਦੀ ਹਿੱਕ ਪਾੜ ਦਿੰਦਾ। ਇਕ ਭਾਗਵ ਹੀ ਸੀ ਜੋ ਸਭ ਦਾ ਰਿਸ਼ਤੇਦਾਰ ਸੀ। ਸਭ ਲਈ ਉਸ ਦੇ ਦਿਲ ਵਿਚ ਦਰਦ ਸੀ। ਉਹ ਸਭ ਲਈ ਰੋਂਦਾ ਤੇ ਕੁੜ੍ਹਦਾ ਸੀ। ਇਕ ਦਿਨ ਉਸ ਨੇ ਆਪਣੇ ਪ੍ਰਭੂ ਈਸਾ ਮਸੀਹ ਸਾਹਮਣੇ ਬੜੀ ਨਿਮਰਤਾ ਨਾਲ ਆਪਣੇ ਆਪ ਨੂੰ ਸਾਰੀ ਮਨੁੱਖ ਜਾਤੀ ਦੇ ਗੁਨਾਹ ਦੀ ਭਰਪਾਈ ਲਈ ਪੇਸ਼ ਕੀਤਾ।
ਉਸੇ ਦਿਨ ਸ਼ਾਮ ਦੇ ਕਰੀਬ ਭਾਗਵ ਮੇਰੇ ਕੋਲ ਭੱਜਿਆ ਭੱਜਿਆ ਆਇਆ। ਸਾਹ ਫੁੱਲਿਆ ਹੋਇਆ ਸੀ ਅਤੇ ਦਰਦਨਾਕ ਆਵਾਜ਼ ਵਿਚ ਤੜਫ਼ ਰਿਹਾ ਸੀ। ਬੋਲਿਆ: ‘‘ਬਾਬੂ ਜੀ, ਇਹ ਕੋਨਟੀਨ ਤਾਂ ਨਰਕ ਹੈ ਨਰਕ। ਪਾਦਰੀ ਲਾਬੇ ਇਸੇ ਤਰ੍ਹਾਂ ਦੇ ਨਰਕ ਦਾ ਨਕਸ਼ਾ ਖਿੱਚਿਆ ਕਰਦਾ ਸੀ…’’ ਮੈਂ ਕਿਹਾ: ‘‘ਹਾਂ ਭਾਈ, ਇਹ ਨਰਕ ਤੋਂ ਵੀ ਵਧ ਕੇ ਹੈ… ਮੈਂ ਤਾਂ ਇੱਥੋਂ ਭੱਜਣ ਦੀ ਤਰਕੀਬ ਸੋਚ ਰਿਹਾ ਹਾਂ… ਮੇਰੀ ਤਬੀਅਤ ਅੱਜ ਬਹੁਤ ਖ਼ਰਾਬ ਹੈ।’’
‘‘ਬਾਬੂ ਜੀ, ਇਸ ਤੋਂ ਵਧ ਕੇ ਨਰਕ ਕੀ ਹੋ ਸਕਦਾ ਹੈ… ਅੱਜ ਇਕ ਮਰੀਜ਼ ਜੋ ਬਿਮਾਰੀ ਦੇ ਡਰ ਨਾਲ ਬੇਹੋਸ਼ ਹੋ ਗਿਆ ਸੀ, ਉਹਨੂੰ ਮੁਰਦਾ ਸਮਝ ਕੇ ਕਿਸੇ ਨੇ ਲਾਸ਼ਾਂ ਦੇ ਢੇਰ ਵਿਚ ਸੁੱਟ ਦਿੱਤਾ। ਜਦੋਂ ਪੈਟਰੋਲ ਛਿੜਕਿਆ ਗਿਆ ਅਤੇ ਅੱਗ ਨੇ ਸਭ ਨੂੰ ਆਪਣੀ ਚਪੇਟ ਵਿਚ ਲੈ ਲਿਆ ਤਾਂ ਮੈਂ ਉਸ ਨੂੰ ਲਾਟਾਂ ਵਿਚ ਹੱਥ ਪੈਰ ਮਾਰਦਿਆਂ ਦੇਖਿਆ। ਮੈਂ ਛਾਲ ਮਾਰ ਕੇ ਉਸ ਨੂੰ ਚੁੱਕ ਲਿਆਇਆ। ਬਾਬੂ ਜੀ! ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ… ਉਹਨੂੰ ਬਚਾਉਂਦੇ ਹੋਏ ਮੇਰੀ ਸੱਜੀ ਬਾਂਹ ਬਿਲਕੁਲ ਮੱਚ ਗਈ।’’ ਮੈਂ ਭਾਗਵ ਦੀ ਬਾਂਹ ਦੇਖੀ। ਉਸ ’ਤੇ ਪੀਲੀ-ਪੀਲੀ ਚਰਬੀ ਨਜ਼ਰ ਆ ਰਹੀ ਸੀ। ਮੈਂ ਉਸ ਨੂੰ ਦੇਖ ਕੇ ਪਸੀਜ ਗਿਆ। ਮੈਂ ਉਸ ਨੂੰ ਪੁੱਛਿਆ: ‘‘ਕੀ ਉਹ ਆਦਮੀ ਬਚ ਗਿਆ ਫੇਰ…?’’ ‘‘ਬਾਬੂ ਜੀ… ਉਹ ਕੋਈ ਬਹੁਤ ਸ਼ਰੀਫ਼ ਆਦਮੀ ਸੀ। ਜਿਸ ਦੀ ਨੇਕੀ ਦਾ ਦੁਨੀਆ ਫੈਦਾ ਨੀ ਉਠਾ ਸਕੀ, ਏਨੇ ਦਰਦ ਤੇ ਤਕਲੀਫ਼ ਦੀ ਹਾਲਾਤ ਵਿਚ ਵੀ ਉਸ ਨੇ ਮੂੰਹ ਉੱਪਰ ਚੁੱਕਿਆ ਅਤੇ ਕਮਜ਼ੋਰ ਜਿਹੀ ਨਿਗ੍ਹਾ ਮੇਰੇ ’ਤੇ ਪਾ ਕੇ ਮੇਰਾ ਧੰਨਵਾਦ ਕੀਤਾ।’’
‘‘ਅਤੇ ਬਾਬੂ ਜੀ,’’ ਭਾਗਵ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ, ‘‘ਇਸ ਦੇ ਕੁਝ ਚਿਰ ਬਾਅਦ ਉਹ ਏਨਾ ਤੜਫਿਆ, ਏਨਾ ਤੜਫਿਆ ਕਿ ਅੱਜ ਤਕ ਮੈਂ ਕਿਸੇ ਮਰੀਜ਼ ਨੂੰ ਏਨਾ ਜਾਨ ਤੋੜਦੇ ਨਹੀਂ ਦੇਖਿਆ… ਇਸ ਤੋਂ ਬਾਅਦ ਉਹ ਮਰ ਗਿਆ। ਉਹਨੂੰ ਬਚਾ ਕੇ ਮੈਂ ਉਸ ਨੂੰ ਹੋਰ ਦੁੱਖ ਸਹਿਣ ਲਈ ਜਿਉਂਦਾ ਰੱਖਿਆ ਤੇ ਫੇਰ ਉਹ ਬਚਿਆ ਵੀ ਨਹੀਂ। ਫੇਰ ਮੈਂ ਇਨ੍ਹਾਂ ਮੱਚੀਆਂ ਹੋਈਆਂ ਬਾਂਹਾਂ ਨਾਲ ਉਸ ਨੂੰ, ਉਸੇ ਢੇਰ ਵਿਚ ਸੁੱਟ ਆਇਆ…’’
ਇਸ ਮਗਰੋਂ ਭਾਗਵ ਕੁਝ ਬੋਲ ਨਾ ਸਕਿਆ। ਪੀੜ ਦੀਆਂ ਚੀਸਾਂ ਵਿਚ ਉਸ ਨੇ ਰੁਕਦੇ ਰੁਕਦੇ ਕਿਹਾ: ‘‘ਤੁਸੀਂ ਜਾਣਦੇ ਹੋ… ਉਹ ਕਿਹੜੀ ਬਿਮਾਰੀ ਨਾਲ ਮਰਿਆ? ਪਲੇਗ ਨਾਲ ਨਹੀਂ… ਕੋਨਟੀਨ ਨਾਲ… ਕੋਨਟੀਨ ਨਾਲ!’’
ਇਸ ਬਿਪਤਾ ਵਿਚ ਲੋਕਾਂ ਦੀਆਂ ਆਸਮਾਨ ਚੀਰਵੀਂਆਂ ਚੀਕਾਂ ਸਾਰੀ ਰਾਤ ਕੰਨਾਂ ਵਿਚ ਗੂੰਜਦੀਆਂ ਰਹਿੰਦੀਆਂ। ਮਾਵਾਂ ਦੀਆਂ ਆਹਾਂ ਅਤੇ ਵਿਰਲਾਪ, ਭੈਣਾਂ ਦੀਆਂ ਚੀਕਾਂ, ਪਤਨੀਆਂ ਦਾ ਮਾਤਮ ਅਤੇ ਬੱਚਿਆਂ ਦੀ ਚੀਕ-ਪੁਕਾਰ ਨਾਲ ਸ਼ਹਿਰ ਦੇ ਉਸ ਮਾਹੌਲ ਵਿਚ, ਜਿਸ ਵਿਚ ਅੱਧੀ ਰਾਤ ਦੇ ਕਰੀਬ ਉੱਲੂ ਵੀ ਬੋਲਣ ਤੋਂ ਝਕਦੇ ਸਨ। ਜਦੋਂ ਸਹੀ ਸਲਾਮਤ ਲੋਕਾਂ ਦੀਆਂ ਛਾਤੀਆਂ ’ਤੇ ਭਾਰ ਪੈ ਜਾਂਦਾ, ਤਾਂ ਉਨ੍ਹਾਂ ਲੋਕਾਂ ’ਤੇ ਕੀ ਗੁਜ਼ਰਦੀ ਹੋਵੇਗੀ ਜਿਹੜੇ ਘਰਾਂ ਵਿਚ ਬਿਮਾਰ ਪਏ ਸਨ। ਫੇਰ ਕੁਆਰੰਟਾਈਨ ਦੇ ਮਰੀਜ਼ ਜਿਨ੍ਹਾਂ ਨੂੰ ਯਮਰਾਜ ਸਾਖਸ਼ਾਤ ਦਿਖਾਈ ਦੇ ਰਿਹਾ ਸੀ। ਉਹ ਜ਼ਿੰਦਗੀ ਨਾਲ ਇਉਂ ਚਿੰਬੜੇ ਹੋਏ ਸਨ ਜਿਵੇਂ ਕਿਸੇ ਤੂਫ਼ਾਨ ਵਿਚ ਕੋਈ ਦਰੱਖ਼ਤ ਦੀ ਟੀਸੀ ਨਾਲ ਚਿੰਬੜਿਆ ਹੋਇਆ ਹੋਵੇ ਅਤੇ ਪਾਣੀ ਦੀਆਂ ਤੇਜ਼ ਲਹਿਰਾਂ ਉੱਪਰ ਚੜ੍ਹਦੀਆਂ ਹੋਈਆਂ ਉਸ ਟੀਸੀ ਨੂੰ ਵੀ ਡੁਬੋ ਦੇਣਾ ਚਾਹੁੰਦੀਆਂ ਹੋਣ।
ਮੈਂ ਉਸ ਦਿਨ ਬਿਮਾਰੀ ਦੇ ਵਹਿਮ ਕਾਰਨ ਕੁਆਰੰਟਾਈਨ ਵੀ ਨੀ ਗਿਆ। ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਦਿੱਤਾ। ਅਸਲ ਵਿਚ ਮੈਨੂੰ ਜ਼ਬਰਦਸਤ ਦਿਮਾਗ਼ੀ ਪਰੇਸ਼ਾਨੀ ਹੋ ਰਹੀ ਸੀ… ਕਿਉਂਕਿ ਇਹ ਬਹੁਤ ਮੁਮਕਿਨ ਸੀ ਕਿ ਮੇਰੀ ਮਦਦ ਨਾਲ ਕਿਸੇ ਮਰੀਜ਼ ਨੂੰ ਫਾਇਦਾ ਹੋ ਜਾਂਦਾ। ਪਰ ਉਸ ਡਰ ਨੇ ਜਿਹੜਾ ਮੇਰੇ ਦਿਲ ਦਿਮਾਗ਼ ’ਤੇ ਛਾਇਆ ਹੋਇਆ ਸੀ, ਮੇਰੇ ਪੈਰਾਂ ਨੂੰ ਆਪਣੀ ਜ਼ੰਜੀਰ ਵਿਚ ਜਕੜ ਰੱਖਿਆ ਸੀ। ਸ਼ਾਮ ਨੂੰ ਸੌਂਦੇ ਵਕਤ ਮੈਨੂੰ ਖ਼ਬਰ ਮਿਲੀ ਅੱਜ ਸ਼ਾਮ ਕੁਆਰੰਟਾਈਨ ਵਿਚ ਪੰਜ ਸੌ ਦੇ ਕਰੀਬ ਮਰੀਜ਼ ਪੁੱਜੇ ਹਨ।
ਮੈਂ ਹੁਣੇ-ਹੁਣੇ ਢਿੱਡ ’ਚ ਸਾੜਾ ਪਾ ਦੇਣ ਵਾਲੀ ਗਰਮ ਕੌਫ਼ੀ ਪੀ ਕੇ ਸੌਣ ਹੀ ਲੱਗਾ ਸੀ ਕਿ ਦਰਵਾਜ਼ੇ ’ਤੇ ਭਾਗਵ ਦੀ ਆਵਾਜ਼ ਆਈ। ਨੌਕਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਭਾਗਵ ਹੌਂਕਦਾ ਹੋਇਆ ਆਇਆ। ਬੋਲਿਆ: ‘‘ਬਾਬੂ ਜੀ… ਮੇਰੀ ਪਤਨੀ ਬਿਮਾਰ ਹੋ ਗਈ… ਉਹਦੇ ਗਲ਼ ਵਿਚ ਗਿਲਟੀਆਂ ਨਿਕਲ ਆਈਆਂ ਨੇ… ਰੱਬ ਵਾਸਤੇ ਉਸ ਨੂੰ ਬਚਾ ਲਵੋ… ਉਹਦੇ ਤੋਂ ਡੇਢ ਸਾਲ ਦਾ ਬੱਚਾ ਦੁੱਧ ਪੀਂਦਾ ਹੈ, ਉਹ ਵੀ ਮਰ ਜਾਏਗਾ।’’ ਬਜਾਏ ਡੂੰਘੀ ਹਮਦਰਦੀ ਜਤਾਉਣ ਦੇ, ਮੈਂ ਗੁੱਸੇ ਵਿਚ ਕਿਹਾ: ‘‘ਇਸ ਤੋਂ ਪਹਿਲਾਂ ਕਿਉਂ ਨਾ ਆਇਆ… ਕੀ ਬਿਮਾਰੀ ਹੁਣੇ-ਹੁਣੇ ਸ਼ੁਰੂ ਹੋਈ ਹੈ?’’ ‘‘ਸਵੇਰੇ ਮਮੂਲੀ ਬੁਖ਼ਾਰ ਸੀ… ਜਦੋਂ ਕੋਨਟੀਨ ਗਿਆ…’’ ‘‘ਅੱਛਾ… ਉਹ ਘਰ ਬਿਮਾਰ ਸੀ ਤੇ ਤੂੰ ਫੇਰ ਵੀ ਕੁਆਰੰਟਾਈਨ ਗਿਆ?’’ ‘‘ਜੀ ਬਾਬੂ ਜੀ…’’ ਭਾਗਵ ਨੇ ਕੰਬਦੇ ਹੋਏ ਕਿਹਾ, ‘‘ਉਸ ਨੂੰ ਬਹੁਤ ਥੋੜ੍ਹਾ ਬੁਖ਼ਾਰ ਸੀ, ਮੈਂ ਸਮਝਿਆ ਸ਼ਾਇਦ ਦੁੱਧ ਚੜ੍ਹ ਗਿਆ ਹੈ… ਇਸ ਤੋਂ ਬਿਨਾਂ ਕੋਈ ਤਕਲੀਫ਼ ਨਹੀਂ… ਅਤੇ ਮੇਰੇ ਦੋਵੇਂ ਭਰਾ ਘਰੇ ਹੀ ਸੀ। …ਅਤੇ ਸੈਂਕੜੇ ਮਰੀਜ਼ ਕੋਨਟੀਨ ਵਿਚ ਬੇਬੱਸ…’’ ‘‘ਤੂੰ ਤਾਂ ਆਪਣੀ ਹੱਦੋਂ ਜ਼ਿਆਦਾ ਮਿਹਰਬਾਨੀ ਅਤੇ ਕੁਰਬਾਨੀ ਨਾਲ ਕੀਟਾਣੂਆਂ ਨੂੰ ਘਰ ਹੀ ਲੈ ਆਇਆ ਨਾ। ਮੈਂ ਤੈਨੂੰ ਕਿਹਾ ਸੀ ਕਿ ਮਰੀਜ਼ਾਂ ਦੇ ਏਨਾ ਨੇੜੇ ਨਾ ਰਿਹਾ ਕਰ… ਦੇਖ ਮੈਂ ਇਸੇ ਵਜ੍ਹਾ ਕਰਕੇ ਓਥੇ ਨਹੀਂ ਗਿਆ। ਇਸ ਵਿਚ ਸਭ ਤੇਰਾ ਕਸੂਰ ਹੈ। ਹੁਣ ਮੈਂ ਕੀ ਕਰ ਸਕਦਾ ਹਾਂ। ਤੇਰੇ ਜਿਹੇ ਦਲੇਰ ਬੰਦੇ ਨੂੰ ਆਪਣੀ ਦਲੇਰੀ ਦਾ ਸੁਆਦ ਲੈਣਾ ਹੀ ਚਾਹੀਦਾ। ਜਿੱਥੇ ਸ਼ਹਿਰ ਵਿਚ ਸੈਂਕੜੇ ਮਰੀਜ਼ ਪਏ ਨੇ… ਚੱਲ ਹਟ… ਵੱਡਾ ਆਇਆ ਕਿਤੋਂ ਦਾ… ਤੂੰ ਜਾਣਬੁੱਝ ਕੇ ਅੱਗ ਵਿਚ ਹੱਥ ਪਾਇਆ ਹੈ। ਇਹਦੀ ਸਜ਼ਾ ਮੈਂ ਭੁਗਤਾਂ? ਕੁਰਬਾਨੀ ਇਵੇਂ ਥੋੜ੍ਹੇ ਹੀ ਹੁੰਦੀ ਹੈ? ਮੈਂ ਏਨੀ ਰਾਤ ਨੂੰ ਤੇਰੀ ਸਹਾਇਤਾ ਨਹੀਂ ਕਰ ਸਕਦਾ…’’ ‘‘ਪਰ ਪਾਦਰੀ ਲਾਬੇ…’’ ‘‘ਜਾ… ਪਾਦਰੀ ਲਾਬੇ ਦੇ ਕੁਛ ਲਗਦਿਆ…’’ ਭਾਗਵ ਨੀਵੀਂ ਪਾਈ ਚਲਿਆ ਗਿਆ। ਅੱਧੇ ਘੰਟੇ ਬਾਅਦ ਮੇਰਾ ਗੁੱਸਾ ਗ਼ਾਇਬ ਹੋ ਗਿਆ ਤਾਂ ਮੈਂ ਆਪਣੀ ਹਰਕਤ ’ਤੇ ਸ਼ਰਮਸ਼ਾਰ ਹੋਇਆ। ਮੈਂ ਏਨਾ ਸਮਝਦਾਰ ਕਿੱਥੇ ਸੀ ਕਿ ਬਾਅਦ ਵਿਚ ਅਫ਼ਸੋਸ ਪ੍ਰਗਟ ਕਰਦਾ। ਬੇਸ਼ੱਕ ਮੇਰੇ ਲਈ ਇਹ ਸਭ ਤੋਂ ਵੱਡੀ ਸਜ਼ਾ ਸੀ ਕਿ ਸਵੈਮਾਣ ਨੂੰ ਮਿੱਧ ਕੇ ਭਾਗਵ ਤੋਂ ਆਪਣੇ ਵਿਹਾਰ ਲਈ ਮੁਆਫ਼ੀ ਮੰਗਦਿਆਂ ਉਹਦੀ ਪਤਨੀ ਦਾ ਇਲਾਜ ਪੂਰੀ ਲਗਨ ਨਾਲ ਕਰਾਂ। ਮੈਂ ਛੇਤੀ-ਛੇਤੀ ਕੱਪੜੇ ਬਦਲੇ ਅਤੇ ਭੱਜਿਆ ਭੱਜਿਆ ਭਾਗਵ ਦੇ ਘਰ ਪਹੁੰਚਿਆ… ਓਥੇ ਪਹੁੰਚਣ ’ਤੇ ਮੈਂ ਦੇਖਿਆ ਕਿ ਭਾਗਵ ਦੇ ਛੋਟੇ ਭਰਾ ਆਪਣੀ ਭਰਜਾਈ ਨੂੰ ਮੰਜੇ ’ਤੇ ਪਾਈ ਬਾਹਰ ਕੱਢ ਰਹੇ ਸਨ।
ਮੈਂ ਭਾਗਵ ਨੂੰ ਸੰਬੋਧਿਤ ਹੋਏ ਪੁੱਛਿਆ, ‘‘ਇਹਨੂੰ ਕਿੱਥੇ ਲੈ ਕੇ ਜਾ ਰਿਹਾ ਹੈਂ?’’ ਭਾਗਵ ਨੇ ਹੌਲ਼ੀ ਜਿਹੇ ਜਵਾਬ ਦਿੱਤਾ, ‘‘ਕੋਨਟੀਨ ’ਚ…’’ ‘‘ਤਾਂ ਕੀ ਹੁਣ ਤੇਰੀ ਸਮਝ ’ਚ ਕੁਆਰੰਟਾਈਨ ਨਰਕ ਨਹੀਂ… ਭਾਗਵ…?’’
‘‘ਤੁਸੀਂ ਜੋ ਆਉਣ ਤੋਂ ਮਨ੍ਹਾਂ ਕਰ ਦਿੱਤਾ ਸੀ, ਬਾਬੂ ਜੀ… ਹੋਰ ਹੱਲ ਹੀ ਕੀ ਸੀ। ਮੇਰਾ ਖ਼ਿਆਲ ਸੀ ਓਥੇ ਹਕੀਮ ਦੀ ਮਦਦ ਮਿਲ ਜਾਏਗੀ ਅਤੇ ਦੂਜੇ ਮਰੀਜ਼ਾਂ ਨਾਲ ਇਸ ਦਾ ਖ਼ਿਆਲ ਰੱਖਾਂਗਾ।’’
‘‘ਏਥੇ ਰੱਖੋ ਮੰਜਾ… ਅਜੇ ਤਕ ਤੇਰੇ ਦਿਮਾਗ਼ ’ਚੋਂ ਦੂਜੇ ਮਰੀਜ਼ਾਂ ਦਾ ਖ਼ਿਆਲ ਨਹੀਂ ਗਿਆ…? ਮੂਰਖ…’’
ਮੰਜਾ ਅੰਦਰ ਰੱਖ ਦਿੱਤਾ ਗਿਆ ਅਤੇ ਮੇਰੇ ਕੋਲ ਜਿਹੜੀ ਕਾਰਗਰ ਦਵਾਈ ਸੀ, ਮੈਂ ਭਾਗਵ ਦੀ ਪਤਨੀ ਨੂੰ ਪਿਆਈ ਅਤੇ ਅਦਿੱਖ ਵਿਰੋਧੀ ਨਾਲ ਮੁਕਾਬਲਾ ਕਰਨ ਲੱਗਾ। ਭਾਗਵ ਦੀ ਪਤਨੀ ਨੇ ਅੱਖਾਂ ਖੋਲ੍ਹ ਲਈਆਂ। ਭਾਗਵ ਨੇ ਕੰਬਦੀ ਆਵਾਜ਼ ਵਿਚ ਕਿਹਾ, ‘‘ਤੁਹਾਡਾ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗਾ, ਬਾਬੂ ਜੀ।’’ ਮੈਂ ਕਿਹਾ, ‘‘ਮੈਨੂੰ ਆਪਣੇ ਪਿਛਲੇ ਵਿਹਾਰ ਪ੍ਰਤੀ ਸਖ਼ਤ ਅਫ਼ਸੋਸ ਹੈ ਭਾਗਵ… ਰੱਬ ਤੈਨੂੰ ਤੇਰੀ ਸੇਵਾ ਦਾ ਬਦਲਾ ਤੇਰੀ ਪਤਨੀ ਦੇ ਠੀਕ ਹੋਣ ਜਾਣ ਦੇ ਰੂਪ ਵਿਚ ਦੇਵੇ।’’ ਉਸੇ ਸਮੇਂ ਮੈਂ ਆਪਣੇ ਲੁਕੇ ਹੋਏ ਵਿਰੋਧੀ ਨੂੰ ਆਪਣਾ ਆਖ਼ਰੀ ਹਥਿਆਰ ਚਲਾਉਂਦੇ ਦੇਖਿਆ। ਭਾਗਵ ਦੀ ਪਤਨੀ ਦੇ ਬੁੱਲ੍ਹ ਫੜਕਣ ਲੱਗੇ। ਨਾੜੀ ਜਿਹੜੀ ਮੇਰੇ ਹੱਥ ਵਿਚ ਸੀ ਹੌਲੀ ਹੋ ਕੇ ਮੋਢੇ ਵੱਲ ਸਰਕਣ ਲੱਗੀ। ਮੇਰੇ ਲੁਕੇ ਵਿਰੋਧੀ ਜਿਸ ਦੀ ਆਮ ਕਰਕੇ ਜਿੱਤ ਹੁੰਦੀ ਸੀ, ਇਕ ਵਾਰ ਮੈਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਮੈਂ ਸ਼ਰਮਿੰਦਗੀ ਨਾਲ ਸਿਰ ਝੁਕਾ ਕੇ ਕਿਹਾ, ‘‘ਭਾਗਵ, ਬਦਨਸੀਬ ਭਾਗਵ! ਤੈਨੂੰ ਆਪਣੀ ਕੁਰਬਾਨੀ ਦਾ ਇਹ ਅਜੀਬ ਫ਼ਲ ਮਿਲਿਆ ਹੈ… ਆਹ!’’
ਭਾਗਵ ਫੁੱਟ ਫੁੱਟ ਕੇ ਰੋਣ ਲੱਗਿਆ। ਉਹ ਦ੍ਰਿਸ਼ ਬਹੁਤ ਦਰਦ ਭਰਿਆ ਸੀ ਜਦੋਂਕਿ ਭਾਗਵ ਨੇ ਆਪਣੇ ਰੋਂਦੇ ਬੱਚੇ ਨੂੰ ਉਸ ਦੀ ਮਾਂ ਤੋਂ ਅੱਡ ਕਰ ਦਿੱਤਾ ਅਤੇ ਮੈਨੂੰ ਨਿਮਰਤਾ ਨਾਲ ਜਾਣ ਲਈ ਕਿਹਾ।
ਮੇਰਾ ਖ਼ਿਆਲ ਸੀ ਕਿ ਹੁਣ ਭਾਗਵ ਆਪਣੀ ਦੁਨੀਆ ਨੂੰ ਹਨੇਰੀ ਮੰਨ ਕੇ ਕਿਸੇ ਦਾ ਖ਼ਿਆਲ ਨਹੀਂ ਕਰੇਗਾ… ਪਰ ਉਸ ਤੋਂ ਅਗਲੇ ਦਿਨ ਮੈਂ ਉਹਨੂੰ ਪਹਿਲਾਂ ਨਾਲੋਂ ਜ਼ਿਆਦਾ ਮਰੀਜ਼ਾਂ ਦੀ ਮਦਦ ਕਰਦਿਆਂ ਦੇਖਿਆ। ਉਸ ਨੇ ਸੈਂਕੜੇ ਘਰਾਂ ਦੇ ਚਿਰਾਗ਼ ਬੁਝਣ ਤੋਂ ਬਚਾ ਲਏ… ਅਤੇ ਆਪਣੀ ਜ਼ਿੰਦਗੀ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ। ਮੈਂ ਵੀ ਭਾਗਵ ਦੀ ਪੈਰਵੀ ਕਰਦਿਆਂ ਪੂਰੀ ਮੁਸਤੈਦੀ ਨਾਲ ਕੰਮ ਵਿਚ ਜੁਟ ਗਿਆ। ਕੁਆਰੰਟਾਈਨ ਅਤੇ ਹਸਪਤਾਲਾਂ ਦੇ ਕੰਮ ਤੋਂ ਵਿਹਲਾ ਹੋ ਕੇ ਆਪਣੇ ਫਾਲਤੂ ਵਕਤ ਵਿਚ ਸ਼ਹਿਰ ਦੇ ਗ਼ਰੀਬ ਲੋਕਾਂ ਦੇ ਘਰ, ਜੋ ਨਾਲਿਆਂ ਦੇ ਕੰਢੇ ਹੋਣ ਕਾਰਨ, ਜਾਂ ਗੰਦਗੀ ਕਾਰਨ ਬਿਮਾਰੀ ਪੈਦਾ ਹੋਣ ਦੀ ਥਾਂ ਸੀ, ਵੱਲ ਧਿਆਨ ਦਿੱਤਾ।
ਹੁਣ ਵਾਤਾਵਰਣ, ਬਿਮਾਰੀ ਕੀਟਾਣੂਆਂ ਤੋਂ ਬਿਲਕੁਲ ਪਵਿੱਤਰ ਹੋ ਚੁੱਕਾ ਸੀ। ਸ਼ਹਿਰ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਗਿਆ ਸੀ। ਚੂਹਿਆਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਸਾਰੇ ਸ਼ਹਿਰ ਵਿਚ ਇਕ-ਅੱਧਾ ਕੇਸ ਹੁੰਦਾ ਜਿਸ ਵੱਲ ਤੁਰੰਤ ਧਿਆਨ ਦੇਣ ’ਤੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਜਾਂਦਾ। ਸ਼ਹਿਰ ਵਿਚ ਕਾਰੋਬਾਰ ਆਮ ਵਾਂਗ ਹੋ ਗਏ। ਸਕੂਲ, ਕਾਲਜ, ਦਫ਼ਤਰ ਖੁੱਲ੍ਹਣ ਲੱਗੇ। ਇਕ ਗੱਲ ਜਿਹੜੀ ਮੈਂ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ, ਉਹ ਇਹ ਸੀ ਕਿ ਬਾਜ਼ਾਰ ’ਚੋਂ ਲੰਘਦੇ ਸਮੇਂ ਚਾਰੇ ਪਾਸਿਓਂ ਲੋਕ ਮੇਰੇ ਵੱਲ ਸ਼ਰਧਾ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ। ਅਖ਼ਬਾਰਾਂ ਵਿਚ ਤਾਰੀਫ਼ੀ ਲਿਖਤਾਂ ਸਮੇਤ ਮੇਰੀਆਂ ਤਸਵੀਰਾਂ ਛਪੀਆਂ। ਇਸ ਚਾਰੇ ਪਾਸਿਓਂ ਮਿਲ ਰਹੀ ਵਡਿਆਈ ਤੇ ਵਾਹਵਾਹੀ ਨੇ ਮੇਰੇ ਅੰਦਰ ਹਉਮੈ ਪੈਦਾ ਕਰ ਦਿੱਤੀ।
ਅਖ਼ੀਰ ਇਕ ਵੱਡਾ ਸਮਾਗਮ ਹੋਇਆ ਜਿਸ ਵਿਚ ਸ਼ਹਿਰ ਦੇ ਵੱਡੇ-ਵੱਡੇ ਅਮੀਰ ਅਤੇ ਡਾਕਟਰ ਬੁਲਾਏ ਗਏ ਸਨ। ਨਗਰਪਾਲਿਕਾ ਨਾਲ ਸਬੰਧਿਤ ਮੰਤਰੀ ਨੇ ਇਸ ਦੀ ਪ੍ਰਧਾਨਗੀ ਕੀਤੀ। ਮੈਨੂੰ ਪ੍ਰਧਾਨ ਦੇ ਨਾਲ ਬਿਠਾਇਆ ਗਿਆ ਕਿਉਂਕਿ ਉਹ ਸਮਾਗਮ ਅਸਲ ਵਿਚ ਮੇਰੇ ਹੀ ਸਨਮਾਨ ਵਿਚ ਆਯੋਜਿਤ ਕੀਤਾ ਗਿਆ ਸੀ। ਹਾਰਾਂ ਦੇ ਭਾਰ ਨਾਲ ਮੇਰੀ ਧੌਣ ਝੁਕ ਰਹੀ ਸੀ। ਸਨਮਾਨਿਤ ਮਹਿਸੂਸ ਕਰਕੇ ਮੈਂ ਕਦੀ ਏਧਰ ਦੇਖਦਾ ਕਦੀ ਓਧਰ… ਮਨੁੱਖ ਜਾਤੀ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਬਦਲੇ, ਕਮੇਟੀ ਇਕ ਹਜ਼ਾਰ ਰੁਪਏ ਦੀ ਛੋਟੀ ਜਿਹੀ ਰਕਮ ਮੈਨੂੰ ਭੇਂਟ ਕਰ ਰਹੀ ਸੀ। ਜਿੰਨੇ ਵੀ ਲੋਕ ਸ਼ਾਮਿਲ ਸਨ, ਸਭ ਨੇ ਆਮ ਤੌਰ ’ਤੇ ਮੇਰੇ ਸਹਿਯੋਗੀਆਂ ਖ਼ਾਸ ਕਰਕੇ ਮੇਰੀ ਵਡਿਆਈ ਕਰਦੇ ਹੋਏ ਕਿਹਾ ਕਿ ਬਿਪਤਾ ਵਿਚ ਜਿੰਨੀਆਂ ਜਾਨਾਂ ਮੇਰੀ ਮਿਹਨਤ ਨਾਲ ਬਚੀਆਂ ਨੇ, ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮੈਂ ਦਿਨ ਦੇਖਿਆ ਨਾ ਰਾਤ, ਆਪਣੀ ਜਾਨ ਨੂੰ ਦੇਸ਼ ਦੇ ਪ੍ਰਾਣ ਅਤੇ ਆਪਣੇ ਧਨ ਨੂੰ ਸਮਾਜ ਦੀ ਦੌਲਤ ਸਮਝਿਆ ਅਤੇ ਬਿਮਾਰੀ ਦੇ ਗੜ੍ਹ ਵਿਚ ਜਾ ਕੇ ਲੋਕਾਂ ਨੂੰ ਸਿਹਤ ਦਾ ਅੰਮ੍ਰਿਤ ਪਿਆਇਆ। ਇਸ ਤੋਂ ਬਾਅਦ ਮੰਤਰੀ ਜੀ ਨੇ ਆਪਣੇ ਭਾਸ਼ਨ ਵਿਚ ਮੇਰੀ ਹਿੰਮਤ ਨੂੰ ਬਹੁਤ ਸਰਾਹਿਆ ਅਤੇ ਕਿਹਾ ਕਿ ਲੋਕ ਇਹ ਜਾਣ ਕੇ ਬਹੁਤ ਖ਼ੁਸ਼ ਹੋਣਗੇ ਕਿ ਬਖ਼ਸ਼ੀ ਜੀ ਨੂੰ ਉਨ੍ਹਾਂ ਦੀ ਸੇਵਾ ਬਦਲੇ ਲੈਫਟੀਨੈਂਟ ਕਰਨਲ ਬਣਾਇਆ ਜਾ ਰਿਹਾ ਹੈ। ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਸੇ ਦਿਨ ਸਮਾਗਮ ਤੋਂ ਬਾਅਦ ਜਦ ਮੈਂ ਬਤੌਰ ਲੈਫਟੀਨੈਂਟ ਕਰਨਲ ਦੀ ਸਨਮਾਨਿਤ ਗਰਦਣ ਚੁੱਕੀ, ਹਾਰਾਂ ਨਾਲ ਲੱਦਿਆ, ਲੋਕਾਂ ਦੇ ਤੋਹਫ਼ੇ ਤੇ ਇਕ ਹਜ਼ਾਰ ਰੁਪਇਆਂ ਦੀ ਥੈਲੀ ਪਾਈ ਘਰ ਪੁੱਜਾ ਤਾਂ ਮੈਨੂੰ ਇਕ ਪਾਸਿਓਂ ਹੌਲੀ ਜਿਹੀ ਆਵਾਜ਼ ਆਈ, ‘‘ਬਾਬੂ ਜੀ… ਬਹੁਤ ਬਹੁਤ ਮੁਬਾਰਕ ਹੋਵੇ।’’ ਅਤੇ ਭਾਗਵ ਨੇ ਮੁਬਾਰਕਬਾਦ ਦਿੰਦੇ ਸਮੇਂ ਉਹੀ ਝਾੜੂ ਗੰਦੇ ਹੌਜ ਦੇ ਢੱਕਣ ’ਤੇ ਰੱਖ ਦਿੱਤਾ ਅਤੇ ਦੋਵਾਂ ਹੱਥਾਂ ਨਾਲ ਮੜਾਸਾ ਖੋਲ੍ਹਿਆ। ਮੈਂ ਹੈਰਾਨ ਜਿਹਾ ਖੜ੍ਹਾ ਰਹਿ ਗਿਆ।
‘‘ਤੂੰ ਹੈਂ…? ਭਾਗਵ ਭਾਈ!’’ ਮੈਂ ਬੜੀ ਔਖ ਨਾਲ ਕਿਹਾ, ‘‘ਦੁਨੀਆ ਤੈਨੂੰ ਨਹੀਂ ਜਾਣਦੀ ਭਾਗਵ, ਤਾਂ ਨਾ ਜਾਣੇ… ਮੈਂ ਤਾਂ ਜਾਣਦਾ ਹਾਂ। ਤੇਰਾ ਈਸਾ ਤਾਂ ਜਾਣਦਾ ਹੈ… ਪਾਦਰੀ ਲ..ਆਬੇ ਦੇ ਬੇਮਿਸਾਲ ਚੇਲੇ… ਤੇਰੇ ’ਤੇ ਮਾਲਕ ਦੀ ਕਿਰਪਾ ਹੋਵੇ!’’ ਉਸ ਵਕਤ ਮੇਰਾ ਗਲ਼ ਸੁੱਕ ਗਿਆ। ਭਾਗਵ ਦੀ ਮਰਦੀ ਹੋਈ ਪਤਨੀ ਅਤੇ ਬੱਚੇ ਦੀ ਤਸਵੀਰ ਮੇਰੀਆਂ ਅੱਖਾਂ ਅੱਗੇ ਆ ਗਈ। ਹਾਰਾਂ ਦੇ ਭਾਰ ਨਾਲ ਮੇਰੀ ਧੌਣ ਟੁੱਟਦੀ ਹੋਈ ਲੱਗੀ ਅਤੇ ਬਟੂਏ ਦੇ ਭਾਰ ਨਾਲ ਮੇਰੀ ਜੇਬ੍ਹ ਫਟਣ ਲੱਗੀ ਅਤੇ… ਏਨਾ ਸਨਮਾਨ ਹਾਸਲ ਕਰਨ ਦੇ ਬਾਵਜੂਦ ਖ਼ੁਦ ਨੂੰ ਨਿਕੰਮਾ ਸਮਝਦਿਆਂ ਇਸ ਕਦਰਦਾਨ ਦੁਨੀਆ ਦਾ ਮਾਤਮ ਕਰਨ ਲੱਗਾ।
(ਪੰਜਾਬੀ ਰੂਪ: ਜਗਦੀਪ ਸਿੱਧੂ)