Rajjo Kajjo (Punjabi Story) : Maqsood Saqib

ਰੱਜੋ ਕੱਜੋ (ਕਹਾਣੀ) : ਮਕ਼ਸੂਦ ਸਾਕ਼ਿਬ

1
ਸੋਚਿਆ, 'ਅੱਜ ਕੀਹਦੀ ਕਹਾਣੀ ਹੋਵੇ?' ਹਜਾਜ ਬਿਨ ਯੂਸਫ਼ ਸਾਹਮਣੇ ਆ ਗਿਆ। ਅਖੇ, "ਮੇਰੀ"। ਮੈਂ ਕਿਹਾ, "ਬਣਦੀ ਤੇ ਹੈ"। ਬੋਲਿਆ, "ਬਣਾਅ ਫੇਰ"। ਮੈਂ ਆਖਿਆ, "ਬਣਾਉਨੇ ਆਂ"। "ਐਵੇਂ ਟਾਲਦਾ ਪਿਆ ਏਂ"। "ਨਹੀਂ ਟਾਲਣਾ ਕਿਉਂ ਏ"। "ਏਨਾ ਚਿਰ ਟਾਲੀ ਈ ਰੱਖਿਆ ਈ। ਅਖ਼ੀਰ ਆਪ ਈ ਆਉਣਾ ਪਿਆ ਏ।" "ਇਹ ਕਹਾਣੀਕਾਰੀ ਦਾ ਅਲੋਕਾਰ ਏ। ਉਸੇ ਤੁਹਾਨੂੰ ਚੇਤੇ ਦੀਆਂ ਭੁੱਲੀਆਂ ਵਿਸਰੀਆਂ ਪਰਤਾਂ ਵਿਚੋਂ ਕੱਢ ਲਿਆਂਦਾ ਏ"। ਉਹ ਮੇਰੀ ਗੱਲ ਸੁਣਦਾ ਪਿਆ ਸੀ ਤੇ ਨਾਲੇ ਮੈਨੂੰ ਘੂਰੀ ਪਾ ਕੇ ਵੇਖਦਾ ਸੀ ਪਿਆ। ਮੈਂ ਹੌਲੀ ਹੌਲੀ ਆਪਣੇ ਆਪ ਨੂੰ ਈ ਪਿਆ ਦੱਸਦਾ ਸਾਂ- ਕਹਾਣੀ ਲਿਖਣਾ ਜਿਵੇਂ ਜਿਵੇਂ ਗੁੜ੍ਹਦਾ ਜਾਂਦਾ ਏ, ਤਾਂ ਵੀਂ ਕਿੰਨਾ ਕੁਝ ਅਣਗੌਲਿਆ ਕਹਾਣੀ ਬਣਨ ਲਈ ਟੁਰਿਆ ਆਉਂਦਾ ਏ। ਹੈ ਨਾ ਅਚੰਭਾ ਗੱਲ, ਬੰਦੇ ਨੇ ਕਦੀਂ ਆਪਣੇ ਚੇਤੇ ਅਚੇਤੇ ਦੀ ਹਾਥ ਈ ਨਹੀਂ ਲਈ। ਇਹ ਹਾਥ ਤੇ ਮੇਰੀ ਜਾਚੇ ਆਪਣੀ ਬੋਲੀ ਈ ਦਵਾਉਂਦੀ ਏ। ਬੋਲੀ, ਕਹਾਣੀ, ਚੇਤਾ ਕਿੰਨਾ ਇੱਕ ਮਿਕ ਏ....ਇਸੇ ਨਾਲ਼ ਹੀ ਤਾਂ ਸਾਰੀ ਉਪਜ ਹੁੰਦੀ ਏ। ਜੀ ਜੀਆਂ ਨਾਲ਼ ਜੁੜਦੇ ਨੇਂ, ਸਾਂਝਾ ਰਿਜ਼ਕ ਉਗਦਾ ਏ ਬਣਦਾ ਏ ਤੇ ਫੇਰ ਸਾਂਝਾ ਈ ਵਰਤਿਆ ਜਾਂਦਾ ਏ। ਪਰ ਅੰਤਲੀਆਂ ਦੋਵੇਂ ਗੱਲਾਂ ਅੱਤ ਪੁਰਾਣੀਆਂ ਨੇ। ਵਰਤੋਂ ਵਿਚੋਂ ਨਿਕਲ਼ ਕੇ ਅਚੇਤ ਦੇ ਪਤਾਲਾਂ ਵਿਚ ਵਿਛ ਗਈਆਂ ਹੋਈਆਂ। ਉਹ ਖਰਵ੍ਹਾ ਹੁੰਦਾ ਬੋਲਿਆ, "ਇਹ ਕੀ ਬੁੜਬੁੜ ਲਾਈ ਹੋਈ ਊ! ਕਹਾਣੀ ਲਿਖ ਮੇਰੀ। ਤੈਨੂੰ ਆਖਿਆ ਏ"। ਮੈਂ ਆਖਿਆ, "ਹਾਂ ਜੀ ਜ਼ਰੂਰ"। "ਬੈਠਾ ਰਵ੍ਹਾਂ ਇੱਥੇ ਈ?" "ਬੈਠੋ ਯਾ ਨਾ ਬੈਠੋ। ਤੁਸੀਂ ਹੁਣ ਇੱਥੇ ਈ ਓ"। "ਨਾ ਹੁੰਦਿਆਂ ਵੀ ਇੱਥੇ ਈ?" "ਸਗੋਂ ਬਹੁਤੇ ਇੱਥੇ"। ਮੈਂ ਕਾਗ਼ਜ਼ ਸਿੱਧੇ ਕਰਨ ਲੱਗ ਪਿਆ।

2
ਜੱਬਾਰ ਦਰਜ਼ੀ ਹੁੰਦਾ ਸੀ ਸਾਡੇ ਮੁਹੱਲੇ ਦੀ ਨਿੱਕੀ ਜਿਹੀ ਬਜ਼ਾਰੀ ਵਿਚ। ਪੰਜ ਛੇ ਦੁਕਾਨਾਂ ਸਨ ਵਿਰਲੀਆਂ ਵਿਰਲੀਆਂ। ਡੇੜ੍ਹ ਦੋ ਪਰਚੂਨ ਦੀਆਂ, ਇੱਕ ਪਾਨ ਸਿਗਟਾਂ ਦੀ, ਇੱਕ ਖੋਖਾ ਦੁੱਧ ਦਹੀਂ ਦਾ, ਇੱਕ ਵੱਡੀ ਸਾਰੀ ਡੱਲ ਜਿਹਦੇ ਵਿਚ ਕਈਂ ਸਬਜ਼ੀਆਂ ਪਈਆਂ ਹੁੰਦੀਆਂ ਸਨ ਤੇ ਫੇਰ ਇੱਕ ਦਰਜ਼ੀ ਦੀ ਦੁਕਾਨ। ਜੱਬਾਰ ਦਰਜ਼ੀ ਦੀ। ਥੋੜ੍ਹਾ ਕੁ ਅਧਖੜ ਹੋਣ ਦਾ ਭੁਲਾਵਾ ਪਾਂਦਾ, ਨੀਝ ਕੇ ਵੇਖਿਆਂ। ਕੱਦ ਬਹੁਤ ਈ ਛੋਟਾ, ਰੰਗ ਗੋਰਾ ਪਰ ਪਿਲੱਤਣ ਚੋਖੀ। ਉਤਲੇ ਦੋ ਦੰਦ ਅਗਾਂਹ ਨੂੰ ਵਧੇ ਹੋਏ। ਹੇਠਲਾ ਬੁੱਲ੍ਹ ਉਨ੍ਹਾਂ ਥੱਲੇ ਈ ਆਇਆ ਹੁੰਦਾ। ਕੱਪੜੇ ਵਾਹਵਾ ਸੀਂਦਾ ਸੀ ਯਾ ਉੱਥੇ ਇਕੱਲਾ ਉਹ ਈ ਦਰਜ਼ੀ ਸੀ ਏਸ ਲਈ, ਉਹਦੇ ਕੋਲ਼ ਕੰਮ ਦਾ ਘਾਟਾ ਨਹੀਂ ਸੀ ਹੁੰਦਾ। ਹਰ ਵੇਲੇ ਕੰਮ ਵਿਚ ਈ ਲੱਗਾ ਰਹਿੰਦਾ ਸੀ। ਸਿਆਲਾਂ ਵਿਚ ਗਰਮ ਕੰਮ ਵੀ ਮਿਲ ਜਾਂਦਾ ਸਾਸੂ। ਗਾਉਂਦਾ ਬੜਾ ਚੰਗਾ ਸੀ। ਵਾਜ ਢੇਰ ਸੁਰੀਲੀ ਸੀ। ਨਾ ਕੰਮ ਤੋਂ ਉਕਦਾ ਸੀ ਨਾ ਗਾਣੇ ਤੋਂ। ਇੰਜ ਈ ਲਗਦਾ ਸੀ ਜਿਵੇਂ ਉਹਦਾ ਕੰਮ ਉਹਦੇ ਗਾਣੇ ਤੋਂ ਏ ਤੇ ਗਾਣਾ ਕੰਮ ਤੋਂ ਏ। ਕੰਮ ਨਾ ਕਰਦਾ ਪਿਆ ਹੁੰਦਾ ਤੇ ਗਾਣਾ ਵੀ ਚੁੱਪ ਹੁੰਦਾ। ਪਰ ਇਹੋ ਜਿਹੇ ਵੇਲੇ ਘੱਟ ਈ ਹੁੰਦੇ। ਮੇਰਾ ਉਹਦੀ ਦੁਕਾਨ ਤੇ ਬਹਿਣ-ਖਲੋਣ ਸੀ। ਪਰ ਬਹੁਤ ਚੋਖਾ ਨਹੀਂ। ਹਾਂ ਇੱਕ ਵੇਲੇ ਕੁਝ ਚੋਖਾ ਹੋ ਚੱਲਿਆ ਸੀ, ਉਹ ਮੇਰੇ ਵੱਡੇ ਭਰਾ ਨੇ ਡੱਕ ਦਿੱਤਾ। ਉਹਨੇ ਮੇਰੀ ਅੰਮੀ ਨੂੰ ਕਿਹਾ, "ਇਹ ਜੱਬਾਰ ਦਰਜ਼ੀ ਕੋਲ਼ ਵੜਿਆ ਰਹਿੰਦਾ ਜੇ, ਇਹਦਾ ਕੁਝ ਕਰ ਲਓ। ਉਹਨੂੰ ਤੇ ਟੀ ਬੀ ਏ। ਹਰ ਵੇਲੇ ਖੰਘਦਾ ਤੇ ਖੰਘਾਰ ਥੁੱਕਦਾ ਰਹਿੰਦਾ ਏ। ਛੂਤ ਦਾ ਰੋਗ ਏ, ਇਹਨੂੰ ਪ੍ਰਹੇਜ਼ ਕਰਨਾ ਚਾਹੀਦਾ ਏ"। ਅੰਮੀ ਮੈਨੂੰ ਟਿਕਾਅ ਕੇ ਗ਼ੁੱਸੇ ਹੋਏ, "ਸੋਦੋ ਉਹਦੀਆਂ ਤੇ ਵੱਖੀਆਂ ਅੰਦਰ ਪੈ ਗਈਆਂ ਹੋਈਆਂ ਨੇ ਕੁੱਟੈਹਰਾ ਖਾਣ ਨਾਲ਼। ਤੂੰ ਕੀ ਓਥੇ ਲੈਣ ਵੜਿਆ ਰਹਿਨਾ ਏਂ"। ਘਰ ਵਿਚ ਏਨੀ ਖੱਪ ਪਈ ਜੋ ਮੈਂ ਜੱਬਾਰ ਕੋਲ਼ ਬਹਿਣਾ ਅਸਲੋਂ ਈ ਘੱਟ ਕਰ ਦਿੱਤਾ। ਪਰ ਛੱਡਿਆ ਕੋਈ ਨਾ। ਛੱਡਣ ਔਖਾ ਸੀ। ਉਹਨੂੰ ਕੰਮ ਕਰਦੇ ਨੂੰ ਵੇਖਣਾ ਤੇ ਨਾਲ਼ ਉਹਦਾ ਗਾਣਾ ਸੁਣਨਾ ਮੈਨੂੰ ਦੁਨੀਆ ਜਹਾਨ ਦਾ ਸਭ ਤੋਂ ਸਵਾਦੀ ਕੰਮ ਲਗਦਾ ਸੀ.... ਮੈਨੂੰ ਹੋਸ਼ ਈ ਨਹੀਂ ਸੀ ਰਹਿੰਦਾ ਕੁਝ.... ਕਈਂ ਵਾਰੀਂ ਮੇਰਾ ਦਿਲ ਭਰ ਆਉਂਦਾ ਸੀ ਤੇ ਮੇਰੀਆਂ ਅੱਖਾਂ ਛਲਕ ਪੈਂਦੀਆਂ ਸਨ। ਗਾਣਾ ਉਹ ਇੰਜ ਨਹੀਂ ਸੀ ਬਈ ਹੁਣ ਇਹ ਪਿਆ ਗਾਉਂਦਾ ਏ ਤੇ ਘੜੀ ਨੂੰ ਕੋਈ ਦੂਜਾ ਤੇ ਫੇਰ ਝੱਟ ਪਾ ਕੇ ਕੋਈ ਤ੍ਰੀਜਾ। ਨਹੀਂ, ਉਹ ਇਕੋ ਈ ਗਾਣਾ ਗਾਉਂਦਾ ਸੀ ਜਦੋਂ ਵੇਖੋ ਜਦੋਂ ਸੁਣੋ:

ਤੇਰੇ ਅੱਥਰੂ ਡੱਕ ਕੇ ਵੈਰੀਆ ਵੇ
ਅੱਖੀਆਂ ਵਿਚ ਰੜਕਾਂ ਕੱਜੀਆਂ ਨੇਂ
ਇਹ ਮਿੱਠੀਆਂ ਸੂਲਾਂ ਪਿਆਰ ਦੀਆਂ
ਮੇਰੇ ਲੂੰ ਲੂੰ ਦੇ ਵਿਚ ਵੱਜੀਆਂ ਨੇਂ
ਨਾ ਬੇਦਰਦਾਂ ਨਾਲ਼ ਗੱਲ ਕੀਤੀ
ਨਾ ਵੇਖ ਕੇ ਅੱਖੀਆਂ ਰੱਜੀਆਂ ਨੇਂ
ਇਹ ਮਿੱਠੀਆਂ ਸੂਲਾਂ ਪਿਆਰ ਦੀਆਂ

ਮੈਂ ਕਦੀ ਨਹੀਂ ਸੀ ਪੁੱਛਿਆ ਉਹਨੂੰ, 'ਜੱਬਾਰ ਏਸ ਇੱਕ ਗਾਣੇ ਵਿਚ ਅਜਿਹੀ ਕਿਹੜੀ ਸ਼ੈ ਏ, ਜਿਹੜੀ ਤੈਨੂੰ ਕੋਈ ਹੋਰ ਗਾਣਾ ਨਹੀਂ ਗਾਵਣ ਦਿੰਦੀ'। ਮੈਂ ਉਹਨੂੰ ਪੁੱਛਦਾ ਕੀ ਮੈਨੂੰ ਸਾਫ਼ ਲਗਦਾ ਸੀ ਕਿ ਮੈਂ ਉਹਨੂੰ ਇਹ ਗੱਲ ਪੁੱਛਣ ਜੋਗਾ ਈ ਨਹੀਂ ਸਾਂ।

ਉਹਦੀ ਦੁਕਾਨ ਵਿਚ ਦੋ ਅਲਮਾਰੀਆਂ ਸਨ, ਕੰਧ ਨਾਲ਼ ਬਣੀਆਂ ਲੱਕੜ ਦੀਆਂ ਤੇ ਦੋ ਵੱਡੇ-ਵੱਡੇ ਸ਼ੋ ਕੇਸ ਸਨ ਬੜੇ ਸੋਹਣੇ, ਉਹਦੇ ਕੰਮ ਵਾਲੇ ਫੱਟੇ ਦੇ ਨਾਲ਼ ਪਏ, ਪਰ ਕਿਸੇ ਨੂੰ ਵੀ ਕੋਈ ਸ਼ੀਸ਼ਾ ਨਹੀਂ ਸੀ। ਸ਼ੋ ਕੇਸਾਂ ਵਿਚ ਮੁਨਿਆਰੀ ਦੇ ਸਾਮਾਨ ਦੇ ਡੱਬੇ ਡੱਬੀਆਂ ਪਏ ਹੋਏ ਸਨ। ਅੰਦਰੋਂ ਖ਼ਾਲੀ। ਕਿਸੇ ਵਿਚ ਵੀ ਕੋਈ ਸ਼ੈ ਨਹੀਂ ਸੀ। ਮੈਨੂੰ ਇੰਝ ਲੱਗਾ ਬਈ ਮੇਰੇ ਬੈਠਿਆਂ ਈ ਇੱਕ ਦਿਨ ਇੱਕ ਬੁੱਢੜੀ ਆਈ ਝੁਰੜੀਆਂ ਨਾਲ਼ ਭਰੇ ਚਿਹਰੇ, ਪੋਪਲੇ ਮੂੰਹ ਤੇ ਚਿੱਟੇ ਦੁੱਧ ਭਰਵੱਟਿਆਂ ਵਾਲੀ, ਸਿਰ ਤੇ ਟੋਪੀ ਵਾਲਾ ਬੁਰਕਾ... ਬੱਸ ਅੜਾਇਆ ਈ ਹੋਇਆ...ਜੱਬਾਰ ਉਹਨੂੰ ਲੈ ਕੇ ਪਰਚੂਨ ਦੀ ਦੁਕਾਨ ਵੱਲ ਗਿਆ। ਤੇ ਮੈਂ ਮਗਰੋਂ ਕੋਈ ਦੋ ਚਾਰ ਡੱਬੀਆਂ ਚੁੱਕ ਕੇ ਵੇਖੀਆਂ, ਅਸਲੋਂ ਹੌਲੀਆਂ ਫੁੱਕ, ਕਿਸੇ ਵਿਚ ਵੀ ਕੁਝ ਨਹੀਂ ਸੀ... ਮੈਂ ਜੱਬਾਰ ਦੇ ਆ ਜਾਣ ਦਾ ਖ਼ਿਆਲ ਕਰ ਕੇ ਛੇਤੀ ਨਾਲ਼ ਬੰਚ 'ਤੇ ਬਹਿ ਗਿਆ। ਇਹ ਬੰਚ ਉਹਦੇ ਅੱਡੇ ਦੇ ਸਾਹਮਣੀ ਕੰਧ ਨਾਲ਼ ਪਿਆ ਹੁੰਦਾ ਸੀ। ਇਹਦੇ ਪਿੱਛੇ ਕੁਝ ਉੱਚੀ ਕਰ ਕੇ ਇੱਕ ਤਸਵੀਰ ਲੱਗੀ ਹੁੰਦੀ ਸੀ- ਨੇੜਿਓਂ ਵੇਖੋ ਤੇ ਮੋਰੀਆਂ ਮੋਰੀਆਂ ਦੂਰ ਹੋ ਕੇ ਵੇਖੋ ਤਾਂ ਇੱਕ ਸ਼ਕਲ ਜ਼ਨਾਨੀ... ਵਧੀਆ ਨੈਣ ਨਕਸ਼ਾਂ ਵਾਲੀ, ਵਾਲ਼ ਵੀ ਬੜੇ ਸੋਹਣੇ ਬਣੇ ਹੋਏ...ਇਹ ਕਲ਼ਪਨਾ ਕਾਰਤਿਕ ਸੀ। ਫ਼ਿਲਮ "ਹਾਊਸ ਨੰਬਰ 44" ਦੀ ਹੀਰੋਇਨ... ਕੋਈ ਪੁੱਛਦਾ ਤੇ ਉਹ ਏਨਾ ਈ ਆਖ ਛੱਡਦਾ, ਪਰ ਮੈਂ ਉਹਨੂੰ ਕਦੀਂ ਏਸ ਤਸਵੀਰ ਵੱਲ ਵੇਖਦਿਆਂ ਨਹੀਂ ਸੀ ਡਿੱਠਾ...

ਪਰ ਅਲਮਾਰੀਆਂ ਤੇ ਸ਼ੋ ਕੇਸਾਂ ਦੇ ਸ਼ੀਸ਼ਿਆਂ ਦੇ ਨਾ ਹੋਣ ਵਾਲੀ ਗੱਲ ਮੈਨੂੰ ਅੰਦਰ ਅੱਚਵੀ ਜਿਹੀ ਲਾ ਦਿੰਦੀ, ਪਤਾ ਨਹੀਂ ਕਿਉਂ। ਬੱਸ ਮੇਰੀ ਸੂਈ ਇਥੇ ਫਸ ਗਈ ਹੋਈ ਸੀ। ਖ਼ਬਰੇ ਕਿਉਂ ਮੈਨੂੰ ਇਹਦੀ ਟੋਹ ਜਿਹੀ ਲੱਗ ਗਈ ਜਾਨਣ ਦੀ। ਕਿਸੇ ਹੋਰ ਤੋਂ ਵੀ ਪੁੱਛ ਸਕਦਾ ਸਾਂ ਪਰ ਨਹੀਂ, ਮੈਂ ਉਹਦੇ ਤੋਂ ਈ ਪੁੱਛਣਾ ਚਾਹੁੰਦਾ ਸਾਂ। ਦੱਸੀਂ ਪੰਦਰੀਂ ਦਿਨੀਂ ਜਦੋਂ ਵੀ ਮੈਂ ਉਹਦੀ ਦੁਕਾਨ ਵਿਚ ਆ ਕੇ ਬਹਿੰਦਾ, ਉਹ ਆਪਣੇ ਕੰਮ ਤੇ ਗਾਣੇ ਦੀ ਲੋਰ ਵਿਚ ਮਗਨ ਹੁੰਦਾ:
ਤੇਰੇ ਰਾਹਵਾਂ ਦੇ ਵਿਚ ਰੁਲ਼ ਗਈ ਆਂ
ਦਿਲ ਦੇ ਕੇ ਸਭ ਕੁਝ ਭੁੱਲ ਗਈ ਆਂ
ਮੈਨੂੰ ਹੋਸ਼ ਨਹੀਂ ਮੇਰਾ ਰੱਬ ਜਾਣੇ
ਕਿਹੜੇ ਪਾਸੇ ਨੀਂਦਰਾਂ ਭੱਜੀਆਂ ਨੇਂ

ਇੱਕ ਦਿਨ ਮੇਰੇ ਬੈਠਿਆਂ ਉਹ ਕੱਪੜਾ ਪਿਆ ਮਿਣਦਾ ਸੀ। ਮੈਂ ਉਹਨੂੰ ਪੁੱਛ ਲਿਆ, "ਜੱਬਾਰ ਸਾਹਿਬ ਗ਼ੁੱਸੇ ਨਾ ਹੋਇਆ ਜੇ..."
ਉਹਨੇ ਚੁਚਰੀਆਂ ਅੱਖਾਂ ਨਾਲ਼ ਮੈਨੂੰ ਵੇਖਿਆ, "ਕਿਉਂ?" "ਇੱਕ ਗੱਲ ਪੁੱਛਣੀ ਏਂ"। ਉਹਨੇ ਦੋਵੇਂ ਭਰਵੱਟੇ ਸੁੰਗੇੜ ਲਏ। "ਹਾਂ ਪੁੱਛੋ"।
"ਇਨਾਂ ਚੀਜ਼ਾਂ ਦੇ ਸ਼ੀਸ਼ੇ ਕਿਉਂ ਨਹੀਂ?"
ਜੱਬਾਰ ਕੱਪੜਾ ਇੱਕ ਪਾਸੇ ਕਰ ਕੇ ਗਲ਼ ਵਿਚ ਇੰਚੀ ਟੇਪ ਲਮਕਾਈ ਆਪਣੀ ਥਾਂ 'ਤੇ ਬੈਠਾ ਮੇਰੀ ਸ਼ਕਲ ਪੜ੍ਹਨ ਲੱਗ ਪਿਆ...ਫੇਰ ਜਿਵੇਂ ਉਹਨੂੰ ਕੋਈ ਤਸੱਲੀ ਜਿਹੀ ਹੋ ਗਈ,

"ਟੁੱਟ ਗਏ ਬੱਸ.." "ਕਿਉਂ? ਆਪਣੇ ਆਪ?" "ਨਹੀਂ, ਆਪਣੇ ਆਪ ਤੇ ਨਹੀਂ!" "ਕਿਸੇ ਕੋਲੋਂ ਤਰੁੱਟੇ?" "ਹਾਂ ਕਿਸੇ ਨੇ ਤਰੋੜ ਦਿੱਤੇ"। "ਤੇ ਮਾਲ?" "ਲੁੱਟਿਆ ਗਿਆ"। ਉਹ ਚੁੱਪ ਕਰ ਗਿਆ। ਅੱਖਾਂ ਉਸ ਦੀਆਂ ਜਿਵੇਂ ਕਿਸੇ ਹੋਰ ਵੇਲੇ ਵਿਚ ਝਾਕਣ ਲੱਗ ਪਈਆਂ, ਉਂਜੇ ਈ ਪੂਰੀਆਂ ਨਾ ਖੁੱਲ੍ਹਦੀਆਂ ਹੋਈਆਂ। ਲੱਗਾ, ਦਿਲ ਨੂੰ ਆਕਰਿਆਂ ਪਿਆ ਕਰਦਾ ਸੀ। ਫੇਰ ਵਾਜ ਸਾਂਭਦਿਆਂ ਬੋਲਿਆ, "ਹਜਾਜ ਬਿਨ ਯੂਸਫ਼ ਨੇ"। ਅਚੰਭੇ ਨਾਲ਼ ਮੇਰਾ ਮੂੰਹ ਅੱਡਿਆ ਰਹਿ ਗਿਆ। "ਹਾਂ ਹਜਾਜ ਬਿਨ ਯੂਸਫ਼ ਨੇ।" "ਅੱਛਾ..." "ਉਸ ਦੀਆਂ ਅੱਖਾਂ ਵਿਚ ਹਰ ਵੇਲੇ ਖ਼ੂਨ ਰਹਿੰਦਾ ਸੀ। ਚਮੜੇ ਦੀ ਜੈਕਟ ਤੇ ਚਮੜੇ ਦੇ ਬੂਟ ਹੁੰਦੇ ਸਨ ਉਹਦੇ। ਮੂੰਹ ਉਹਦੇ ਨੂੰ ਕੋਈ ਬੰਦਾ ਵੀ ਵੇਖ ਨਹੀਂ ਸੀ ਸਕਦਾ। ਸੁੱਥਣ ਐਡੀ ਵੱਡੀ ਹੁੰਦੀ ਸੀ ਜੋ ਮੇਰੇ ਜਿੱਡੇ ਦੋ ਤਿੰਨ ਬੰਦੇ ਵੀ ਲੁਕ ਜਾਣ ਤੇ ਕਿਸੇ ਨੂੰ ਨਾ ਲੱਭਣ। ਮੂੰਹ ਤੇ ਦਾੜ੍ਹੀ, ਸਿਰ ਤੇ ਉੱਚਾ ਤੁਰਲਾ ਬਣਾਅ ਕੇ ਘੁੱਟ ਕੇ ਬੱਧਾ ਰੁਮਾਲ"।

ਜੱਬਾਰ ਕਿਸੇ ਬੱਚਿਆਂ ਦੀ ਕਹਾਣੀ ਵਿਚ ਅੱਪੜ ਗਿਆ ਸੀ ਤੇ ਓਥੇ ਉਹਨੂੰ ਬੱਚਿਆਂ ਨੂੰ ਖਾ ਜਾਣ ਵਾਲਾ ਜਿਹੜਾ ਜਿੰਨ ਪਿਆ ਵਿਖਾਲੀ ਦਿੰਦਾ ਸੀ ਉਹਦਾ ਹੁਲੀਆ ਤੇ ਡੀਲ-ਡੌਲ ਪਿਆ ਉਲੀਕਦਾ ਸੀ।
"ਉਹ ਅੱਗ ਦਾ ਭਬਾਕਾ ਬਣ ਕੇ ਆਇਆ ਤੇ ਬੱਸ ਫੇਰ ਉਹਨੇ ਮੈਨੂੰ ਤੇ ਸਾਰੀ ਦੁਕਾਨ ਨੂੰ ਮਿੱਧ-ਮਧੋਲ਼ ਕੇ ਰੱਖ ਦਿੱਤਾ। ਲੋਕਾਂ ਨੂੰ ਕਹਿਣ ਲਗਾ ਲੁਟ ਲੌ ਜੋ ਕੁਝ ਹੈ ਵੇ। ਉਹ ਤੇ ਕਿਸੇ ਨੇ ਦੂਰੋਂ ਉਹਨੂੰ ਕੜਾਕੇਦਾਰ ਵਾਜ ਵਿਚ ਕੁਝ ਆਖਿਆ ਤੇ ਉਹਦਾ ਮਾੜਾ ਜਿਹਾ ਧਿਆਨ ਓਧਰ ਹੋਇਆ ਤੇ ਮੈਂ ਓਥੋਂ ਨੱਸ ਸਕਿਆ। ਕੋਈ ਥਾਂ ਨਹੀਂ ਸੀ ਮੇਰੇ ਲਈ। ਮੈਂ ਖ਼ੂਨੀ ਕਬਰਾਂ ਵਿਚ ਜਾ ਕੇ ਲੁਕ ਗਿਆ"।
ਜੱਬਾਰ ਏਸ ਤੋਂ ਅੱਗੇ ਕੁਝ ਨਹੀਂ ਸੀ ਬੋਲਣਾ ਚਾਹੁੰਦਾ। ਮੇਰੇ ਹੋਠਾਂ ਨੂੰ ਵੀ ਜੰਦਰਾ ਵੱਜ ਗਿਆ।

3
ਮੁਹੱਲੇ ਸਾਰੇ ਦੀਆਂ ਕੁੜੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ ਬਣਾਅ ਕੇ ਜੱਬਾਰ ਦੀ ਹੱਟੀ ਵਿਚ ਕੋਈ ਹੋਰ ਬੰਦਾ ਨਾ ਹੁੰਦਾ ਤਾਂ ਝੁਰਮਟ ਪਾਈ ਰੱਖਦੀਆਂ। ਗੁੱਡੀਆਂ ਦੇ ਪਟੋਲੇ ਲੈਣ ਲਈ। ਜੱਬਾਰ ਉਨ੍ਹਾਂ ਨੂੰ ਨਾ ਦਿੰਦਾ ਤੇ ਉਹ ਜੱਬਾਰ ਦੇ ਹੱਥੀਂ ਪੈ ਜਾਂਦੀਆਂ ਤੇ ਉਹਦੇ ਫੱਟੇ ਥੱਲਿਓਂ ਆਪ ਕੱਢ ਲੈਂਦੀਆਂ। ਜੱਬਾਰ ਝੂਠ-ਮੂਠ ਦਾ ਗ਼ੁੱਸਾ ਬਣਾਅ ਕੇ ਉਨ੍ਹਾਂ ਦੀ ਝਾੜ ਝੰਬ ਕਰਦਾ ਉਨ੍ਹਾਂ ਨੂੰ ਨਸਾਅ ਦਿੰਦਾ ਤੇ ਕੋਈ ਹੋਰ ਟੁਕੜੀ ਆਣ ਲੱਥਦੀ।

ਇੱਕ ਟੁਕੜੀ ਵਿਚ ਰਜ਼ੀਆ ਵੀ ਆਉਂਦੀ ਹੁੰਦੀ ਸੀ। ਸਭ ਤੋਂ ਵੱਡੀ- ਵੱਡੀਆਂ ਕਾਲੀਆਂ ਸ਼ਾਹ ਅੱਖਾਂ, ਖ਼ੁਰਮਾਨੀ ਵਰਗਾ ਰੰਗ। ਉਹਨੇ ਚਾਦਰ ਦੀ ਬੁੱਕਲ ਮਾਰੀ ਹੁੰਦੀ ਸੀ। ਫੇਰ ਵੀ ਉਹਦੇ ਕੁਝ ਸਿਆਣੀ ਉਮਰ ਦੇ ਹੋਣ ਦਾ ਪਤਾ ਲਗਦਾ ਪਿਆ ਹੁੰਦਾ ਸੀ ਚਾਦਰ ਦੀ ਕੱਸੀ ਬੁੱਕਲ ਵਿਚੋਂ।
ਇੱਕ ਦੁਪਹਿਰੇ ਜਦੋਂ ਸੂਰਜ ਆਪਣੇ ਸਿਖਰ 'ਤੇ ਸੀ, ਹਰ ਪਾਸੇ ਇੰਝ ਸੀ ਜਿਵੇਂ ਅੱਗ ਦੇ ਭਾਂਬੜ ਪਏ ਬਲਦੇ ਸਨ, ਬੰਦੇ ਤਾਂ ਕੀ ਸੜਕਾਂ ਮਕਾਨ ਤੇ ਰੁੱਖ ਵੀ ਸੜਦੇ ਪਏ ਜਾਪਦੇ ਸਨ, ਉਹ ਇਕੱਲੀ ਈ ਆ ਗਈ ਪਟੋਲੇ ਲੈਣ। ਜੱਬਾਰ ਦੀ ਹੋਸ਼ ਮਾਰੀ ਗਈ ਉਹਨੂੰ ਵੇਖ ਕੇ, ਫੇਰ ਵੀ ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਦੋਵਾਂ ਹੱਥਾਂ ਨਾਲ਼ ਬੁੱਕਾਂ ਭਰ-ਭਰ ਉਹਦੀ ਚਾਦਰ ਵਿਚ ਪਟੋਲੇ ਪਾਣ ਲੱਗ ਪਿਆ। ਇੱਕ ਵਾਰੀ ਤਾਂ ਉਹਦਾ ਹੱਥ ਕਿਸੇ ਉਭਰੀ ਹੋਈ ਸਖ਼ਤ ਥਾਵੇਂ ਵੀ ਜਾ ਲੱਗਾ। ਰਜ਼ੀਆ ਥੋੜ੍ਹੀ ਹੋਰ ਅੱਗੇ ਹੋ ਗਈ। ਜੱਬਾਰ ਹੱਥ ਪਿੱਛੇ ਰੱਖਣ ਲੱਗ ਪਿਆ।
"ਤੂੰ ਪਟੋਲੇ ਖੇਡਨੀ ਏਂ?"
"ਹਾਂ, ਪਰ ਚੋਰੀ। ਉਹ ਗ਼ੁੱਸੇ ਹੁੰਦਾ ਏ।" ਉਹ ਉੱਕਾ ਈ ਕਨਸੋਅ ਕਰਦੀ ਬੋਲੀ।
"ਕੌਣ?" "ਅੱਬਾ"।
"ਕੀ ਕਹਿੰਦਾ ਏ?"
"ਕਹਿੰਦਾ ਏ ਤੂੰ ਵੱਡੀ ਹੋ ਗਈ ਏਂ ਘਰ ਦਾ ਕੰਮ ਕਾਰ ਸੰਭਾਲ਼ ਹੁਣ"। "ਤੇ ਤੇਰੀ ਮਾਂ?" "ਉਹ ਮਰ ਗਈ ਹੋਈ ਏ"। "ਭੈਣ ਭਰਾ?" "ਦੋ ਭੈਣਾਂ ਇੱਕ ਭਰਾ, ਮੇਰੇ ਮਾਓਂ ਸੱਕੇ..." ਜੱਬਾਰ ਨੇ ਬੁੱਕ ਪਟੋਲਿਆਂ ਦੀ ਉਹਦੀ ਚਾਦਰ ਵਿਚ ਉਲਾਰੀ....ਰਜ਼ੀਆ ਦੀਆਂ ਅੱਖਾਂ ਉਹਨੂੰ ਵੇਖਦਿਆਂ ਪਈਆਂ ਸਨ ਡੂੰਘੀ ਨੀਝ ਨਾਲ਼। ਜੱਬਾਰ ਨੂੰ ਆਪਣੇ ਪਿੰਡੇ ਵਿਚ ਝਰਨਾਟ ਜਿਹੀ ਛਿੜਦੀ ਜਾਪੀ... ਉਹ ਆਪਣੀ ਥਾਵੇਂ ਈ ਖਲੋਤੀ ਸੀ ਪਰ ਉਹਦੀ ਵਾਜ ਜੱਬਾਰ ਨੂੰ ਬੜੀ ਨੇੜਿਓਂ ਸੁਣੀਜੀ... "ਨਾਲੇ ਆਖਦਾ ਏ, ਮੈਨੂੰ ਹੁਣ ਤੂੰ ਅੱਬਾ ਨਾ ਆਖਿਆ ਕਰ...." ਇਹ ਲਫ਼ਜ਼ ਜੱਬਾਰ ਨੂੰ ਬਾਹਰ ਵਰ੍ਹਦੀ ਅੱਗ ਤੋਂ ਵੀ ਚੋਖੇ ਤੱਤੇ ਲੱਗੇ। ਉਹਨੇ ਦੋਵੇਂ ਹੱਥ ਝਾੜ ਕੇ ਆਖਿਆ, "ਬੱਸ"। ਉਹ ਪੁੱਛਣ ਲੱਗੀ, "ਚਲੀ ਜਾਵਾਂ?" "ਤੇ ਹੋਰ ਕੀ!"। ਉਹ ਟੁਰ ਗਈ। ਥੋੜ੍ਹੀ ਢਿੱਲ ਮਗਰੋਂ ਜੱਬਾਰ ਨੇ ਬਾਹਰ ਮੂੰਹ ਕੱਢ ਕੇ ਝਾਤੀ ਮਾਰੀ- ਇੱਕ ਨਿੱਕਰ ਸ਼ਰਟ ਵਾਲਾ ਬਚੂੰਗੜਾ ਰਜ਼ੀਆ ਨਾਲ਼ ਲੜਦਾ ਪਿਆ ਸੀ।

"ਤੂੰ ਪਟੋਲੇ ਲੈਣ ਆਈ ਹੋਈ ਸੈਂ ਨਾ। ਮੈਨੂੰ ਲੈ ਕੇ ਨਹੀਂ ਆਈ, ਆ ਲਵੇ ਅੱਬਾ ਮੈਂ ਉਹਨੂੰ ਦਸਾਂਗਾ! ਰੱਜੋ ਕੱਜੋ!" ਰਜ਼ੀਆ ਨੇ ਪਟੋਲੇ ਹਿੱਕ ਨਾਲ਼ ਲਾਂਦਿਆਂ ਦੂਜੀ ਬਾਂਹ ਦੇ ਕਲਾਵੇ ਨਾਲ਼ ਉਹਨੂੰ ਢਾਕੇ ਚੁੱਕ ਲਿਆ....
ਡੇਢ ਦੋ ਘੰਟਿਆਂ ਮਗਰੋਂ ਈ ਜੱਬਾਰ ਤੇ ਉਹਦੀ ਦੁਕਾਨ ਉਤੇ ਹਜਾਜ ਬਿਨ ਯੂਸਫ਼ ਦਾ ਧਾਵਾ ਹੋ ਗਿਆ।

(ਹਜਾਜ ਬਿਨ ਯੂਸਫ਼ ਉਮਵੀ ਰਾਜ ਵੇਲੇ ਬਸਰੇ ਦਾ ਗਵਰਨਰ ਸੀ। ਇਹ ਇਸਲਾਮੀ ਤਵਾਰੀਖ਼ ਦਾ ਬੜਾ ਜ਼ਾਲਿਮ ਹਾਕਮ ਗਿਣਿਆ ਗਿਆ ਏ। ਸਿੰਧ ਉਤੇ ਧਾਵਾ ਵੀ ਇਸੇ ਨੇ ਕਰਵਾਇਆ ਸੀ। ਮੁਹੰਮਦ ਬਿਨ ਕਾਸਮ ਇਹਦਾ ਭਤੀਜਾ ਤੇ ਜਵਾਈ ਸੀ।)

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ