Rangan Da Tiuhaar : Holi (Punjabi Article): Amrit Kaur

ਰੰਗਾਂ ਦਾ ਤਿਉਹਾਰ : ਹੋਲੀ (ਲੇਖ) : ਅੰਮ੍ਰਿਤ ਕੌਰ

ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਕਈ ਕਥਾਵਾਂ ਜੋੜੀਆਂ ਹੋਈਆਂ ਹਨ। ਸ਼ਿਵ ਜੀ ਵੱਲੋਂ ਕਾਮਦੇਵ ਨੂੰ ਭਸਮ ਕਰਨ ਦੀ, ਭਗਵਾਨ ਕ੍ਰਿਸ਼ਨ ਵੱਲੋਂ ਪੂਤਨਾ ਨੂੰ ਮਾਰਨ ਦੀ ਕਥਾ ਆਦਿ। ਪਰ ਮੁੱਖ ਤੌਰ ’ਤੇ ਵਰਣਨ ਹੋਲਿਕਾ ਅਤੇ ਪ੍ਰਹਿਲਾਦ ਦੀ ਪੌਰਾਣਿਕ ਕਥਾ ਦਾ ਹੀ ਹੁੰਦਾ ਹੈ। ਹੋਲਿਕਾ ਹਰਨਾਖਸ਼ ਦੀ ਭੈਣ ਅਤੇ ਵਿਸ਼ਨੂੰ ਭਗਤ ਪ੍ਰਹਿਲਾਦ ਦੀ ਭੂਆ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਵਰ ਪ੍ਰਾਪਤ ਸੀ ਜੇਕਰ ਉਹ ਆਪਣੀ ਚਾਦਰ ਵਿੱਚ ਲਿਪਟ ਕੇ ਅੱਗ ਵਿੱਚ ਵੀ ਬੈਠ ਜਾਵੇ ਤਾਂ ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀ। ਉਸ ਨੇ ਆਪਣੇ ਰਾਖ਼ਸ਼ ਭਰਾ ਦੇ ਮੋਹ ਵਿੱਚ ਫਸ ਕੇ ਆਪਣੇ ਹੀ ਪਵਿੱਤਰ ਰੂਹ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦੀ ਯੋਜਨਾ ਬਣਾਈ। ਆਪਣੇ ਆਲੇ ਦੁਆਲੇ ਚਾਦਰ ਲਪੇਟ ਕੇ ਲੱਕੜੀਆਂ ਚਿਣਾ ਕੇ ਵਿਚਕਾਰ ਬੈਠ ਗਈ ਅਤੇ ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਲਿਆ। ਲੱਕੜੀਆਂ ਨੂੰ ਅੱਗ ਲਾ ਦਿੱਤੀ ਗਈ। ਕਹਿੰਦੇ ਨੇ ਭਗਵਾਨ ਦੀ ਐਸੀ ਕਰਨੀ ਹੋਈ ਕਿ ਚਾਦਰ ਉਡ ਕੇ ਪ੍ਰਹਿਲਾਦ ਉੱਪਰ ਜਾ ਪਈ ਅਤੇ ਹੋਲਿਕਾ ਆਪ ਸੜ ਮਰੀ। ਇਸ ਲਈ ਇਸ ਤਿਉਹਾਰ ਨੂੰ ਬੁਰਿਆਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਅਤੇ ਖੁਸ਼ੀਆਂ ਵੰਡਦੇ ਹਨ। ਮਨਾਂ ਦੀ ਕੜਵਾਹਟ ਦੂਰ ਹੁੰਦੀ ਹੈ ਅਤੇ ਨੱਚਦੇ ਟੱਪਦੇ ਬੱਚੇ, ਬੁੱਢੇ ਅਤੇ ਜਵਾਨ ਇੱਕ ਦੂਜੇ ਉੱਤੇ ਰੰਗ ਪਾਉਂਦੇ ਹਨ।

ਭਾਵੇਂ ਇਸ ਦਿਨ ਕਈ ਲੋਕ ਢੋਲ-ਢਮੱਕਿਆਂ ਨਾਲ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ। ਵੱਖਰੇ ਵੱਖਰੇ ਸੁਭਾਅ ਹੋਣ ਕਾਰਨ ਹਰ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾ। ਕਈ ਇਸ ਤਰ੍ਹਾਂ ਖੁਸ਼ੀ ਮਨਾਉਂਦੀ ਭੀੜ ਨੂੰ ਦੇਖ ਕੇ ਹੀ ਖੁਸ਼ ਹੋ ਲੈਂਦੇ ਹਨ। ਕਈ ਆਪਣੇ ਬੂਹੇ ਭੇੜ ਲੈਂਦੇ ਹਨ। ਉਹਨਾਂ ਨੂੰ ਡਰ ਹੁੰਦਾ ਹੈ ਕਿ ਐਵੇਂ ਨਾ ਕੋਈ ਰੰਗ ਅੱਖਾਂ ਵਿੱਚ ਪਾ ਜਾਵੇ। ਕਈ ਅਕਲ ਵਿਹੂਣੇ ਆਪਣਾ ਮੂੰਹ ਸਿਰ ਰੰਗ ਕੇ ਹੁੱਲੜ੍ਹਬਾਜ਼ੀ ਕਰਦੇ ਹਨ, ਆਪਣੇ ਦੋ ਪਹੀਆ ਵਾਹਨਾਂ ਨੂੰ ਤੇਜ਼ੀ ਨਾਲ ਭਜਾਉਂਦੇ ਰੌਲਾ ਰੱਪਾ ਕਰਦੇ ਅਣਜਾਣ ਲੋਕਾਂ ਉੱਤੇ ਵੀ ਰੰਗ ਸੁੱਟਦੇ ਜਾਂਦੇ ਹਨ। ਉਹਨਾਂ ਦੇ ਦਿਮਾਗ਼ ਉੱਤੇ ਫਤੂਰ ਛਾਇਆ ਹੁੰਦਾ ਹੈ। ਉਹ ਇਹ ਨਹੀਂ ਸੋਚਦੇ ਕਿ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਮਿਸ਼ਰਣ ਹੈ, ਹੋ ਸਕਦਾ ਹੈ ਕੋਈ ਬੰਦਾ ਘਰੋਂ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਨਿਕਲਿਆ ਹੋਵੇ। ਖੁਸ਼ੀ ਮਨਾਉਣੀ ਠੀਕ ਹੈ ਪਰ ਦਾਇਰੇ ਵਿੱਚ ਰਹਿ ਕੇ ਮਨਾਈ ਜਾਵੇ ਤਾਂ ਚੰਗੀ ਗੱਲ ਹੈ। ਇੱਕ ਦੂਜੇ ਉੱਤੇ ਸੁੱਟੇ ਜਾਣ ਵਾਲੇ ਰੰਗ ਬਨਾਵਟੀ ਹੁੰਦੇ ਹਨ। ਇਹਨਾਂ ਵਿਚਲੇ ਕੈਮੀਕਲ ਅੱਖਾਂ ਵਿੱਚ ਚਲੇ ਜਾਣ ਅੱਖਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਈਆਂ ਦੀ ਚਮੜੀ ਨੂੰ ਜਲਣ ਹੋਣ ਲੱਗ ਪੈਂਦੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਨੂੰ ਇਸ ਖੂਬਸੂਰਤ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ। ਬਹੁਤੀ ਵਾਰ ਇਹ ਹੁੰਦਾ ਹੈ ਕਿ ਉਸ ਸਮੇਂ ਚਾਂਭਲ ਕੇ ਕੀਤੀਆਂ ਗਲਤੀਆਂ ਡਾਕਟਰਾਂ ਦੇ ਵੱਸ ਪਾ ਦਿੰਦੀਆਂ ਹਨ। ਕਈ ਲੋਕ ਬੜੇ ਸਲੀਕੇ ਨਾਲ ਪਲੇਟ ਵਿੱਚ ਰੰਗ ਰੱਖਣਗੇ, ਦੂਜਿਆਂ ਦੇ ਘਰ ਜਾਣਗੇ ਜਾਂ ਫਿਰ ਆਪਣੇ ਘਰ ਆਉਣ ਵਾਲਿਆਂ ਦੇ ਉਂਗਲੀਆਂ ਦੇ ਪੋਟਿਆਂ ਨਾਲ ਥੋੜ੍ਹਾ ਥੋੜ੍ਹਾ ਰੰਗ ਲਗਾ ਦੇਣਗੇ। ਖ਼ੈਰ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ। ਛੋਟੇ ਬੱਚੇ ਇਸ ਦਿਨ ਬਹੁਤ ਖੁਸ਼ ਹੁੰਦੇ ਹਨ। ਉਹਨਾਂ ਨੂੰ ਪਾਣੀ ਵਿੱਚ ਭਿੱਜਣਾ ਬੜਾ ਚੰਗਾ ਲਗਦਾ ਹੈ। ਭਾਵੇਂ ਇਸ ਤੋਂ ਬਾਅਦ ਕਈ ਕਈ ਦਿਨ ਇਹਨਾਂ ਦੇ ਨੱਕ ਕਿਉਂ ਨਾ ਵਗਦੇ ਰਹਿਣ ਪਰ ਮਾਪੇ ਵੀ ਉਹਨਾਂ ਦੀ ਖੁਸ਼ੀ ਲਈ ਉਹਨਾਂ ਨੂੰ ਮਸਤੀ ਕਰਨ ਦਿੰਦੇ ਹਨ। ਉਹਨਾਂ ਅਣਭੋਲ ਬੱਚਿਆਂ ਨਾਲ ਉਹਨਾਂ ਦੇ ਮਾਪਿਆਂ ਜਾਂ ਕਿਸੇ ਵੀ ਸਿਆਣੇ ਬੰਦੇ ਦਾ ਰਹਿਣਾ ਬਹੁਤ ਜ਼ਰੂਰੀ ਹੈ।

ਅਸਲ ਵਿੱਚ ਸਰਦੀ ਰੁੱਤ ਜਾ ਰਹੀ ਹੁੰਦੀ ਹੈ ਅਤੇ ਗਰਮੀ ਦੀ ਆਮਦ ਸ਼ੁਰੂ ਹੁੰਦੀ ਹੈ। ਸਰਦੀਆਂ ਦੀ ਝੰਬੀ ਬਨਸਪਤੀ ਐਸੀ ਅੰਗੜਾਈ ਭਰਦੀ ਹੈ, ਕਰੂੰਬਲਾਂ ਫੁੱਟ ਪੈਂਦੀਆਂ ਹਨ, ਫੁੱਲ ਖਿੜਦੇ ਹਨ, ਪੰਛੀ ਚਹਿਚਹਾਉਂਦੇ ਹਨ। ਕੁਦਰਤ ਨੇ ਧਰਤੀ ਉੱਤੇ ਭਾਂਤ-ਸੁਭਾਂਤੇ ਰੰਗਾਂ ਦਾ ਅਜਿਹਾ ਛਿੱਟਾ ਮਾਰਿਆ ਹੁੰਦਾ ਹੈ, ਜਿਸ ਨਾਲ ਰੁੱਖਾਂ, ਵੇਲ ਬੂਟਿਆਂ ਦੇ ਨਵੇਂ ਪੁੰਗਰੇ ਪੱਤੇ ਲਿਸ਼ਕਾਂ ਮਾਰਦੇ ਹਨ, ਜਿਵੇਂ ਕੁਦਰਤ ਮਾਂ ਨੇ ਉਹਨਾਂ ਨੂੰ ਨੁਹਾ ਧੁਆ ਕੇ ਤੇਲ ਲਾ ਕੇ ਲਿਸ਼ਕਾਇਆ ਹੋਵੇ, ਸੁਹਣੇ ਸੁਹਣੇ ਰਿਬਨਾਂ ਦੇ ਫੁੱਲ ਬਣਾ ਕੇ ਸਿਰ ਗੁੰਦੇ ਹੋਣ। ਬਸੰਤ ਰੁੱਤ ਪੂਰੇ ਜੋਬਨ ’ਤੇ ਹੁੰਦੀ ਹੈ। ਇਹਨਾਂ ਫੁੱਲ-ਪੱਤਿਆਂ ਨੂੰ ਨਿਹਾਰਨ ਨਾਲ ਹੀ ਮਨ ਅਨੰਦਿਤ ਹੋ ਜਾਂਦਾ ਹੈ, ਅੱਖਾਂ ਚਮਕ ਪੈਂਦੀਆਂ ਹਨ। ਬੁੱਲ੍ਹਾਂ ’ਤੇ ਮੁਸਕਰਾਹਟ ਫੈਲ ਜਾਂਦੀ ਹੈ। ਮਨ ਵਿਸਮਾਦ ਵਿੱਚ ਆ ਜਾਂਦਾ ਹੈ, ਕੁਦਰਤ ਅਤੇ ਕਾਦਰ, ਦੋਵਾਂ ਅੱਗੇ ਸਿਰ ਝੁਕਦਾ ਹੈ। ਜਦੋਂ ਕਾਦਰ ਦੇ ਬਣਾਏ ਬੇਅੰਤ ਰੰਗ ਮਨ ਨੂੰ ਖੁਸ਼ੀ ਨਾਲ ਭਰ ਦੇਣ, ਅੰਦਰ ਸੰਗੀਤ ਦੀਆਂ ਧੁਨਾਂ ਗੂੰਜਣ ਲੱਗ ਪੈਣ, ਫਿਰ ਨਕਲੀ ਰੰਗ ਬੇਮਤਲਬ ਲੱਗਦੇ ਹਨ। ਗੁਰੂ ਨਾਨਕ ਪਾਤਸ਼ਾਹ ਤਾਂ ਹੀ ਤਾਂ ਇਸ ਕੁਦਰਤ ਨੂੰ ਬਣਾਉਣ ਵਾਲੇ ਕਾਦਰ ਤੋਂ ਸਦਕੇ ਜਾਂਦੇ ਆਖ ਰਹੇ ਨੇ - ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥

ਇਹ ਤਿਉਹਾਰ ਸਿਰਫ਼ ਨੱਚਣ ਕੁੱਦਣ ਜਾਂ ਰੰਗ ਉਡਾਉਣ ਲਈ ਹੀ ਨਹੀਂ ਹੁੰਦੇ ਸਗੋਂ ਜਿੰਨਾ ਕੁ ਸਾਡੇ ਵੱਸ ਹੈ, ਖੁਸ਼ੀਆਂ ਵੰਡੀਏ। ਆਪਣੇ ਹੱਕਾਂ ਦੀ ਗੱਲ ਕਰਦੇ ਹੋਏ ਆਪਣੇ ਫਰਜ਼ਾਂ ਨੂੰ ਵੀ ਨਿਭਾਈਏ। ਸੁਹਣਾ ਸੋਚੀਏ, ਸੁਹਣਾ ਬੋਲੀਏ ਅਤੇ ਸੁਹਣੇ ਕੰਮ ਕਰੀਏ। ਜੋ ਸਮੱਸਿਆਵਾਂ ਮਨੁੱਖਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਉਹਨਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਲੱਭ ਕੇ ਅਮਲ ਵਿੱਚ ਲਿਆਈਏ। ਇਹ ਰੁੱਤ ਖੇੜਿਆਂ ਦੀ ਰੁੱਤ ਹੈ, ਇਸ ਨੂੰ ਖਿੜੀ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ। ਰੁੱਖਾਂ ਨੂੰ ਵਧਣ ਫੁੱਲਣ ਲਈ ਹਵਾ, ਮਿੱਟੀ, ਪਾਣੀ ਦੀ ਜ਼ਰੂਰਤ ਹੈ, ਉਹਨਾਂ ਨੂੰ ਸਾਫ਼ ਸੁਥਰੇ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਐਸੇ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਈਏ, ਜਿੱਥੇ ਇਨਸਾਨ ਦੀ ਜ਼ਿੰਦਗੀ ਅਸਲੀ ਰੰਗਾਂ ਨਾਲ ਭਰੀ ਹੋਵੇ, ਚਿਹਰਿਆਂ ਉੱਤੇ ਨਕਲੀ ਰੰਗਾਂ ਦੀਆਂ ਪਰਤਾਂ ਚੜ੍ਹਾਉਣ ਦੀ ਲੋੜ ਹੀ ਨਾ ਪਵੇ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ