Ratt Bhijje Din (Punjabi Story) : Aziz Sroay

ਰੱਤ ਭਿੱਜੇ ਦਿਨ (ਕਹਾਣੀ) : ਅਜ਼ੀਜ਼ ਸਰੋਏ

(ਸੰਨ ਸੰਤਾਲੀ ਪੰਜਾਬ ਦੇ ਇਤਿਹਾਸ ਦਾ ਕਾਲਾ ਵਰਕਾ ਹੈ। ਇਹ ਉਹ ਸਮਾਂ ਸੀ ਜਦ ਧਰਤੀ ਨੂੰ ਧਰਮ ਦਾ ਬੁਖਾਰ ਹੋ ਗਿਆ ਸੀ। ਇਨਸਾਨੀਅਤ ਸ਼ਰਮਸਾਰ ਹੋਈ। ਲੱਖਾਂ ਹੀ ਧੀਆਂ ਭੈਣਾਂ ਬੱਚੀਆਂ ਬੇਪੱਤ ਹੋਈਆਂ। ਭਰੇ-ਭਰਾਏ ਘਰਾਂ ਨੂੰ ਛੱਡ ਕੇ ਹਿਜਰਤ ਕਰਨ ਵਾਲੇ ਲੋਕ ਅੱਗ ਦਾ ਦਰਿਆ ਲੰਘ ਕੇ ਸਿਰਨਾਮਿਆਂ ਦੀ ਤਲਾਸ਼ ’ਚ ਨਿਕਲ ਆਏ ਸੀ। ‘ਰੱਤ ਭਿੱਜੇ ਦਿਨ’ ਸੰਤਾਲੀ ਦੇ ਕਾਲ਼ੇ ਦਿਨਾਂ ਦਾ ਦਰਦ ਬਿਆਨ ਕਰਦੀ ਕਹਾਣੀ ਹੈ। ਇਹ ਕਹਾਣੀ ‘ਆਪਣੇ ਲੋਕ’ ਨਾਵਲ ਦਾ ਇੱਕ ਛੋਟਾ ਹਿੱਸਾ ਹੈ।)

ਘੱਗਰ ਦੀ ਬੁੱਕਲ ’ਚ ਵਸਿਆ ਪਿੰਡ ਪੀਰਾਂਵਾਲੀ ਰਿਉਂਦ ਮੁਸਲਿਮ ਰੰਗਤ ਦਾ ਪਿੰਡ ਸੀ। ਮੁਸਲਮਾਨ ਪੀਰ ਹੀ ਪਿੰਡ ਦੇ ਮਾਲਕ ਸੀ, ਪਿੰਡ ਦੇ ਮੋੜ੍ਹੀ ਗੱਡ। ਉਹ ਸਿਰਫ ਪੀਰਾਂਵਾਲੀ ਦੇ ਹੀ ਨਹੀਂ, ਸਗੋਂ ਪੀਰਾਂਵਾਲੀ ਸਮੇਤ ਰਿਉਂਦ ਖੁਰਦ, ਸਤੀਕੇ, ਸਨਾਲ ਅਤੇ ਕਨਾਲ ਦੇ ਵੀ ਮਾਲਕ ਸੀ। ਰਮਦਾਸੀਏ, ਮਜ੍ਹਬੀ, ਨਾਈ, ਤਰਖਾਣ ਉਹਨਾਂ ਦੇ ਲਾਗੀ-ਸੇਪੀ ਵਜੋਂ ਕੰਮ ਕਰਦੇ ਜਦ ਕਿ ਵਾਹੀਯੋਗ ਕਿਸਾਨ ਪੀਰਾਂ ਦੇ ਮਹਿਜ ਮੁਜਾਰੇ ਸੀ। ਪੰਜੇ ਪਿੰਡ ਆਪਣੀ ਫਸਲ ਦਾ ਚੌਥਾ ਹਿੱਸਾ ਬਟਾਈ ਵਜੋਂ ਪੀਰਾਂ ਨੂੰ ਦਿੰਦੇ। ਪੀਰ ਠਾਠ-ਬਾਠ ਤੇ ਸ਼ਾਨੋ-ਸ਼ੌਕਤ ਨਾਲ ਜ਼ਿੰਦਗੀ ਬਸਰ ਕਰਦੇ ਆ ਰਹੇ ਸੀ। ਗਰਮੀ ਸਰਦੀ ਹੁੱਕੇ ਗੁੜਗੁੜਾਂਦੇ, ਬਾਜ਼ੀਆਂ ਦਾ ਆਨੰਦ ਲੈਂਦੇ, ਘੋੜ-ਦੌੜਾਂ ਹੁੰਦੀਆਂ, ਸਵਾਂਗ ਰਚਣ ਵਾਲੇ ਰੰਗ ਬੰਨਦੇ। ਪਿੰਡ ਦੇ ਮਾਲਕ ਕਿਸੇ ਨੂੰ ਘਰੋਂ-ਦਰੋਂ ਖਾਲੀ ਨਾ ਮੋੜਦੇ। ਵਕਤ ਮਿਲਦਾ ਤਾਂ ਘੋੜਿਆਂ ’ਤੇ ਸਵਾਰ ਹੋ ਕੇ ਖੇਤਾਂ ਵੱਲ ਗੇੜਾ ਮਾਰਦੇ। ਇਕੱਲੇ ਰਿਉਂਦ ਖੁਰਦ ਦਾ ਮਾਲਕ, ਮੇਹਰ ਮੁਲਤਾਨੀ ਚੀਨੀ ਘੋੜੀ ਤੇ ਸਵਾਰ ਹੋ ਕੇ, ਕੁਲ੍ਹੇ ਵਾਲੀ ਪੱਗ ਬੰਨ ਜਦ ਲੰਘਦਾ ਤਾਂ ਲੋਕ ਰਾਹ ਛੱਡ ਦਿੰਦੇ। ‘ਰੌਸ਼ਨੀ ਦੇ ਮੇਲੇ’ ਦਾ ਉਹ ਕਰਤਾ-ਧਰਤਾ ਹੁੰਦਾ। ਸਾਰੇ ਮੁਸਲਮਾਨ ਪਰਿਵਾਰ ਉਸ ਦੀ ਗੱਲ ਹੇਠਾਂ ਨਾ ਡਿੱਗਣ ਦਿੰਦੇ। ਉਹਨਾਂ ਲਈ ‘ਪੀਰ ਬਾਬਾ ਕੁਤਬ ਸ਼ਾਹ ਹੁਸੈਨ ਦੀ ਦਰਗਾਹ’ ਕਿਸੇ ਮੱਕੇ ਤੋਂ ਘੱਟ ਨਹੀਂ। ਪੀਰ ਦੀ ਮਜਾਰ ’ਤੇ ਹਾੜ ਦੇ ਪਹਿਲੇ ਤਿੰਨ ਦਿਨ ਰੋਸ਼ਨੀ ਦਾ ਮੇਲਾ ਭਰਦਾ। ਪੂਰਾ ਵਿਸਾਖ ਤਿਆਰੀਆਂ ਵਿੱਚ ਲੰਘ ਜਾਂਦਾ। ਪੀਰਾਂ ਲਈ ਰੋਸ਼ਨੀ ਦਾ ਮੇਲਾ ਕਿਸੇ ਦੀਵਾਲੀ-ਦੁਸਹਿਰੇ ਤੋਂ ਘੱਟ ਨਹੀਂ ਸੀ। ਪੰਜਾਹ ਕੋਹ ਤੋਂ ਖਲਕਤ ਰੋਸ਼ਨੀ ਦਾ ਮੇਲਾ ਵੇਖਣ ਆਉਂਦੀ। ਨੇੜਲੇ ਪਿੰਡ ਸਸਪਾਲੀ, ਸਤੀਕਾ, ਦੋਵੇਂ ਗੰਢੂਆਂ, ਕਾਹਨਗੜ-ਕੁਲਰੀਆਂ ਤਕ ਦੇ ਲੋਕ ਮੇਲੇ ਦੀ ਸ਼ੋਭਾ ਵਧਾਉਣ ਆਉਂਦੇ। ਮੇਹਰ ਮੁਲਤਾਨੀ ਦੀ ਰਹਿਨੁਮਾਈ ’ਚ ਇਸ ਵਾਰ ਵੀ ਹਾੜ ਰੋਸ਼ਨੀ ਦੇ ਮੇਲੇ ਦੀਆਂ ਤਿਆਰੀਆਂ ਆਰੰਭ ਹੋ ਗਈਆਂ।

ਇਸ ਵਾਰ ਮੇਲੇ ਦਾ ਰੰਗ ਪਹਿਲਾਂ ਵਾਲਾ ਨਹੀਂ ਸੀ। ਸੰਤਾਲੀ ਦੇ ਭੈਅ ਨੇ ਮੇਲੇ ਦੇ ਨਕਸ਼ ਵਿਗਾੜ ਦਿੱਤੇ ਸੀ। ਸੰਤਾਲੀ ਦਾ ਵਰ੍ਹਾ ਚੜ੍ਹਿਆ ਤਾਂ ਆਮ ਵਰ੍ਹਿਆਂ ਵਾਂਗ ਸੀ ਪਰ ਇਸ ਦਾ ਹਰ ਮਹੀਨਾ ਗਿਰਗਿਟ ਵਾਂਗ ਰੰਗ ਬਦਲਦਾ ਆ ਰਿਹਾ ਸੀ। ਖੇਤਾਂ-ਖਲਿਆਣਾਂ, ਸੱਥਾਂ, ਘਰਾਂ-ਦਰਾਂ ਵਿੱਚ ਅਕਸਰ ਰੋਸ਼ਨੀ ਦੇ ਮੇਲੇ ਦੀਆਂ ਗੱਲਾਂ ਹੁੰਦੀਆਂ -

“ਦੇਖੋ ਬਈ ਏਸ ਵਾਰ ਮੇਲਾ ਭਰੂ ਕੇ ਨਾ ...”
“ਮੇਲਾ ਤਾਂ ਭਰੂ, ਪੀਰ ਬੀ ਗੜਸ ਵਾਲੇ ਨੇ। ਰੌਲਾ-ਗੌਲਾ ਨੀ ਹੋਣ ਦਿੰਦੇ।”
“ਰੌਲਾ ਵੀ ਪਿਆ ਹੋਇਐ , ਬਈ ਮੁਸਲਮਾਨ ਤਾਂ ਨਵੇਂ ਮੁਲਕ ’ਚ ਜਾਣਗੇ।”
“ਉਏ ਕਹਿਣ ਦੀਆਂ ਗੱਲਾਂ ਨੇ, ਮੁਦਤਾਂ ਬੀਤ ਗਈਆਂ ... ਪਹਿਲਾਂ ਕਦੇ ਹੋਇਐ ... ਐਂ।”
“ਮੇਲੇ ਦੀ ਰੌਣਕ ਵਧੌਣ ਦੇਖੋ ਇਸ ਵਾਰ ਕੌਣ ਆਊ।”
“ਚੱਲਾਂਗੇ ਫਿਰ ... ਰੌਣਕ ਮੇਲਾ ਦੇਖਣ ...” ਹਾਲ਼ੀ ਪਾਲ਼ੀ ਜਾਣ ਦੀਆਂ ਵਿਚਾਰਾਂ ਕਰਦੇ।

ਬੇਸ਼ੱਕ ਮੁਲਕ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਸੀ ਪਰ ਰੋਸ਼ਨੀ ਦੇ ਮੇਲੇ ਦਾ ਰੰਗ ਜਿਉਂ ਦਾ ਤਿਉਂ ਸੀ। ਹਾੜ ਦੀ ਸੰਗਰਾਂਦ ਵਾਲੇ ਦਿਨ ਮੇਲਾ ਸ਼ੁਰੂ ਹੋ ਗਿਆ। ਨੇੜਲੇ ਪਿੰਡਾਂ ਦੀ ਖਲਕਤ ਊਠਾਂ, ਗੱਡਿਆਂ, ਘੋੜਿਆਂ ’ਤੇ ਸਵਾਰ ਹੋ ਕੇ ਪੀਰਾਂਵਾਲੀ ਵੱਲ ਉਲਰ ਪਈ। ਬਹੁਤੇ ਪੈਦਲ ਵਾਹਨੋਂ-ਵਾਹਨੀ ਨੱਕ ਦੀ ਸੇਧ ਤੁਰੇ ਆ ਰਹੇ ਸੀ। ਸੂਰਜ ਦੀ ਪਹਿਲੀ ਕਿਰਨ ਨਾਲ ਹੀ ਮੇਲਾ ਭਖ ਗਿਆ। ਕਾਲੇ ਡੋਰੀਏ, ਲਾਲ ਪਰਾਂਦੇ, ਗੋਟੇ ਵਾਲੀਆਂ ਚੁੰਨੀਆਂ, ਤਿੱਖੇ ਕਟਾਰ ਵਰਗੇ ਨੈਣ, ਨੈਣਾਂ ’ਚ ਸੁਰਮੇ ਦੀ ਧਾਰੀ, ਅੱਲੜ ਮੁਟਿਆਰਾਂ, ਸੰਮਾਂ ਵਾਲੀ ਡਾਂਗ ਚੁੱਕੀ ਫਿਰਦੇ ਗੱਭਰੂਆਂ ਦੇ ਕਾਲਜੇ ਧੂਹ ਪਾ ਰਹੀਆਂ ਸੀ। ਦੁਪਹਿਰ ਢਲਣ ਕਾਰਨ ਉਹ ਤਾਂ ਘਰਾਂ ਨੂੰ ਪਰਤਣੀਆਂ ਵੀ ਸ਼ੁਰੂ ਹੋ ਗਈਆਂ। ਕੈਂਠੇ ਵਾਲੇ ਗੱਭਰੂ, ਉਨ੍ਹਾਂ ਨੂੰ ਵੇਖ, ਨੱਚ ਨੱਚ ਧੂੜ ਪੱਟ ਰਹੇ ਸੀ, ਮਸਤੀ ਅਤੇ ਲੋਰ ’ਚ ਆਏ ਉਹ ਮਲਵਈ ਬੋਲੀਆਂ ਦੀ ਲੜੀ ਟੁੱਟਣ ਹੀ ਨਹੀਂ ਸੀ ਦੇ ਰਹੇ -

“ਆਰੀ .. ਆਰੀ .. ਆਰੀ
ਬਈ ਪੀਰਾਂਵਾਲੀ ਪਿੰਡ ਸੁਣਿਆ
ਜਿੱਥੇ ਲੱਗਦੀ ਰੋਸ਼ਨੀ ... ਭਾਰੀ
ਉਏ ਰਸਦ ਮੁਹੰਮਦ ਨਾਂ ਸੁਣੀਦਾ
ਕਹਿੰਦੇ ਉਹ ਪਿੰਡ ਦਾ ... ਪਟਵਾਰੀ
ਬਈ ਮੇਹਰ ਮੁਲਤਾਨੀ ਘੱਟ ਨੀ
ਛੋਟੀ ਰਿਉਂਦ ਕੱਲੇ ਦੀ ਸਾਰੀ
ਬਈ ਪਿੰਡ ਦਿਆਂ ਪੀਰਾਂ ਦੀ
ਪੰਜ ਪਿੰਡਾਂ ਤੇ ਸਰਦਾਰੀ
ਬਈ ਪਿੰਡ ਦਿਆਂ ਪੀਰਾਂ ਦੀ .........”
ਪਿੱਛੋਂ ਆ ਕੇ ਮੁੰਡਿਆਂ ਨੇ ਬੋਲੀ ਚੱਕ ਲਈ, ਢੋਲ ’ਤੇ ਡੱਗਾ ਤੇਜੀ ਨਾਲ ਵੱਜਣ ਲੱਗਾ।

ਜਲੇਬੀਆਂ ਅਤੇ ਵੇਸਣ ਦੇ ਲੱਡੂਆਂ ਦੀ ਖੁਸ਼ਬੂ, ਹਰ ਮੇਲੀ ਨੂੰ ਆਪਣੇ ਵੱਲ ਖਿੱਚ ਰਹੀ ਸੀ। ਸਿਰਸਾ ਰਾਣੀਆਂ ਤੋਂ ਆਏ ਜੋਗੀਆਂ ਦਾ, ਸਪੇਰਾ ਨਾਚ ਹਰੇਕ ਨੂੰ ਹੀ ਮੰਤਰ ਮੁਗਧ ਕਰ ਰਿਹਾ ਸੀ। ਬੁਘਤੂ, ਢੋਲ, ਕਾਟੋ ਦੇ ਸੰਗੀਤ ਵਿੱਚ ਜਿਵੇਂ ਬੋਲੀਆਂ ਦਾ ਮੀਂਹ ਪੈ ਰਿਹਾ ਸੀ। ਬੋਲੀਆਂ ਦੇ ਰਸ ਨੇ ਸਾਰੀ ਭੀੜ ਆਪਣੇ ਵੱਲ ਖਿੱਚ ਲਈ।

ਉਧਰ ਘੋੜਿਆਂ ਤੇ ਬਲਦਾਂ ਦੀਆਂ ਦੌੜਾਂ ਹੋ ਕੇ ਹਟੀਆਂ ਤਾਂ ਖੁੱਲ੍ਹੇ ਪਿੜ੍ਹ ਵਿੱਚ ਛਿੰਝ ਦੀ ਤਿਆਰੀ ਹੋਣ ਲੱਗੀ। ਦੂਰੋਂ ਨੇੜਿਓਂ ਮੇਲੇ ਦੀ ਸ਼ੋਭਾ ਵਧਾਉਣ ਲਈ ਪਹਿਲਵਾਨ ਵੀ ਪਿੜ੍ਹ ਵਿੱਚ ਆ ਕੁੱਦੇ। ਰੰਗ-ਬਿਰੰਗੇ ਜਾਂਘੀਏ ਪਾ ਕੇ ਪਹਿਲਵਾਨ, ਅਖਾੜੇ ’ਚ ਪੱਟਾਂ ’ਤੇ ਥਾਪੀਆਂ ਮਾਰਨ ਲੱਗੇ, ਆਪਣੀ ਤਾਕਤ ਤੇ ਮਾਣ ਕਰਨ ਲੱਗੇ। ਅੱਜ ਪਹਿਲੇ ਦਿਨ ਮੰਢਾਲੀ ਵਾਲੇ ਸੁੱਚੇ ਅਤੇ ਨੰਗਲੀਏ ਜਮੇਰ ਦਾ ਘੋਲ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਨੰਗਲ ਵਾਲੇ ਜਮੇਰ ਨੇ ਸੁੱਚੇ ਨੂੰ ਵੰਗਾਰਿਆ ਸੀ। ਪੱਟਾਂ ਤੇ ਹੱਥ ਮਾਰ ਕਹਿੰਦਾ ਸੀ ‘ਸੁੱਚਿਆ, ਘੋਲ ਬੰਨ ਲੈ। ਜੇ ਮੇਰੀ ਢੂੰਈ ਲਾ ’ਤੀ, ਮੈਂ ਆਪਣਾ ਲੰਗੋਟ ਕਿੱਲੀ ’ਤੇ ਟੰਗ ਦੂੰ ।’

“ਰੋਸ਼ਨੀ ਦੇ ਮੇਲੇ ਤੇ ਵੇਖਾਂਗੇ ਝੱਟ ...” ਸਮਾਂ ਅਤੇ ਸਥਾਨ ਤੈਅ ਸੀ - ਪੀਰਾਂਵਾਲੀ ਰੋਸ਼ਨੀ ਦਾ ਮੇਲਾ। ਸੁੱਚੇ ਨੇ ਚੁਣੌਤੀ ਸਵੀਕਾਰ ਕਰ ਲਈ ਸੀ। ਪਰ ਸੁੱਚੇ ਨੂੰ ਵੰਗਾਰ ਕੇ ਜਮੇਰ ਨੇ ਸ਼ੇਰ ਦੇ ਜਬਾੜੇ ’ਚ ਹੱਥ ਪਾਉਣ ਵਾਲਾ ਕੰਮ ਕਰ ਲਿਆ। ਆਲੇ-ਦੁਆਲੇ ਪੰਜਾਹ ਕੋਹ ਤਕ ਖਬਰ ਫੈਲ ਗਈ। ਪੰਜਾਹ ਪਿੰਡਾਂ ਦੇ ਲੋਕ ਅਖਾੜੇ ਵੱਲ ਆ ਪਹੁੰਚੇ। ਭੀੜ ਵੇਖ ਕੇ ਹਰ ਕੋਈ ‘ਵਾਖਰੂ ਵਾਖਰੂ’ ਕਰਨ ਲੱਗਾ। ਤਿਲ ਸੁੱਟਣ ਨੂੰ ਵੀ ਥਾਂ ਨਾ ਰਹੀ। ਆਖਰ ਫਸਵਾਂ ਘੋਲ ਸ਼ੁਰੂ ਹੋ ਗਿਆ। ਢੋਲ ਦੇ ਡੱਗੇ ’ਤੇ ‘ਦੈਂਗੜ ਦੈਂਗੜ’ ਹੋਣ ਲੱਗੀ। ਪਿੱਲੂ ਬਾਜੀਗਰ ਨੇ ਢੋਲ ਦਾ ਤਲਾ ਪਾਟਣ ਵਾਲਾ ਕਰ ਦਿੱਤਾ। ਉਸ ਦਾ ਦਮ ਉਖੜ ਗਿਆ ਪਰ ਡੱਗਾ ਵੱਜਣੋ ਨਾ ਰੁਕਿਆ। ਕੁਸ਼ਤੀ ਪੂਰੀ ਰੌਚ ਕ ਬਣ ਗਈ। ਕਿੰਨਾ ਹੀ ਚਿਰ ਦੋਵੇਂ ਪਹਿਲਵਾਲ ਆਪਸ ਵਿੱਚ ਗੁੱਥਮ ਗੁੱਥੀ ਹੁੰਦੇ ਰਹੇ। ਢੂੰਈ ਲੱਗਣ ’ਤੇ ਹੀ ਨਹੀਂ ਸੀ ਆ ਰਹੀ। ਜਦ ਢੂੰਈ ਲੱਗਣ ਵਿੱਚ ਮਾਮੂਲੀ ਜਿਹੀ ਵਿੱਥ ਰਹਿ ਜਾਂਦੀ ਤਾਂ ਮੱਲਾਂ ਨਾਲੋਂ ਦਰਸ਼ਕਾਂ ਦਾ ਜ਼ੋਰ ਹੋਰ ਵੀ ਵੱਧ ਲੱਗਦਾ। ਇਹ ਘੋਲ ਸ਼ਾਨਾਂ ਦੇ ਭੇੜ ਤੋਂ ਜ਼ਰਾ ਵੀ ਘੱਟ ਨਹੀਂ ਸੀ।

ਭੀੜ ਐਨੀ ਕਿ ਲੋਕ ਦਰੱਖਤਾਂ ’ਤੇ ਚੜ੍ਹ ਗਏ। ਸੁੱਚੇ ਦਾ ਸਰੀਰ ਵੀ ਸੁੱਚਾ ਸੀ, ਉਸਦਾ ਸਾਹ ਬਹੁਤ ਪੱਕਾ ਸੀ। ਦੇਖਣ ਵਾਲਿਆਂ ਦੀ ਦੰਦਾਂ ਹੇਠ ਜੀਭ ਆਈ ਹੋਈ ਸੀ। ਆਖਰ ਦਰੱਖਤਾਂ ਤੇ ਚੜੇ ਦਰਸ਼ਕਾਂ ਦਾ ਭਾਰ ਨਾ ਸਹਾਰਦਿਆਂ ਮੋਟੇ ਡਾਹਣ ਵੀ ਟੁੱਟ ਗਏ। ‘ਲਲਾ ਉਏ ... ਲਲਾ ਉਏ ..’ ਹੋ ਗਈ। ਕੂਕਾਂ ਕਿਲਕਾਰੀਆਂ ਦੱਸ ਰਹੀਆਂ ਸੀ।

“ਜਮੇਰ ਢਹਿ ਗਿਆ ਬਈ ... ਸੁੱਚੇ ਨੇ ਚਿੱਤ ਕਰਤਾ।” ਆਖਰ ਜਮੇਰ ਦੇ ਹੰਕਾਰ ਦਾ ਕਿਲਾ ਢਹਿ ਗਿਆ। ਉਸ ਨੇ ਆਪਣਾ ਲੰਗੋਟ ਕਿੱਲੇ ਟੰਗ ਦਿੱਤਾ। ਪੀਰਾਂਵਾਲੀ ਦੇ ਮੇਲੇ ’ਚ ਵੀ ਸੁੱਚੇ ਦੀ ‘ਬੱਲੇ ਬੱਲੇ’ ਹੋ ਗਈ ਸੀ। ਮੇਹਰ ਮੁਲਤਾਨੀ ਨੇ ਖੁਸ਼ ਹੋ ਕੇ ਆਪਣੀਆਂ ਮੋਹਰਾਂ ਵਾਲੀ ਗੁਥਲੀ ਉਸ ਤੋਂ ਵਾਰ ਦਿੱਤੀ। ਪੀਰਾਂ ਦੇ ਪਿਆਰ ਨਾਲ ਸੁੱਚਾ ਗਦਗਦ ਹੋ ਗਿਆ।

ਆਖਰੀ ਕੁਸ਼ਤੀ ਹੋਣ ਤੱਕ ਸੂਰ ਜ ਢਲ ਗਿਆ। ਮੰਡੇਰ ਦਾ ਗੱਠੇ ਸਰੀਰ ਵਾਲਾ ਪਹਿਲਵਾਨ ਝੰਡੀ ਲੈ ਗਿਆ। ਖਲਕਤ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਲਿਆ। ਉਸ ਦੀ ਬੱਲੇ ਬੱਲੇ ਹੋ ਗਈ, ਝੰਡੀ ਉਸ ਦੇ ਹੱਥ ਜੁ ਆ ਗਈ ਸੀ। ਪੀਰਾਂ ਦੇ ਪਿਆਰ ਅਤੇ ਪੈਸੇ ਦੀ ਵਾਛੜ ਨਾਲ ਉਹ ਮਾਲੋਮਾਲ ਹੋ ਗਿਆ।

ਸ਼ਾਮ ਦਾ ਸੂਰਜ ਛੋਟੇ ਗੰਢੂਆਂ ਵੱਲ ਮੂੰਹ ਕਰਕੇ ਡੁੱਬ ਗਿਆ। ਦੂਰ-ਦੁਰੇਡੇ ਪਿੰਡਾਂ ਦੇ ਲੋਕ ਤਾਂ ਆਖਰੀ ਕੁਸਤੀ ਵੇਖ ਵਾਪਸ ਆਪਣੇ ਟਿਕਾਣਿਆਂ ਵੱਲ ਚਲੇ ਗਏ। ਰਾਤ ਦਾ ਪਹਿਲਾ ਤਾਰਾ ਨਿਕਲਦਿਆਂ ਹੀ, ਰੌਸ਼ਨੀ ਦੇ ਮੇਲੇ ਦਾ ਦੂਜਾ ਦੌਰ ਸ਼ੁਰੂ ਹੋ ਗਿਆ। ਦੂਜਾ ਦੌਰ ਦਿਨ ਵਾਲੇ ਭੀੜ-ਭੜੱਕੇ ਤੇ ਸ਼ੋਰ-ਸ਼ਰਾਬੇ ਤੋਂ ਬਿਲਕੁਲ ਵੱਖਰਾ। ਸਰੋਤੇ ਤੇ ਦਰਸ਼ਕ ਸੱਭਾ ਦੇ ਚਿਹਰੇ ਦਾ ਨੂਰ ਵੇਖਣ ਲਈ ਕਦੋਂ ਦੇ ਸਟੇਜ ਕੋਲ ਬੈਠੇ ਸੀ। ਪਹਿਲਾਂ ਆਉਣ ਵਾਲਿਆਂ ਨੇ ਬਿਲਕੁਲ ਸਟੇਜ ਕੋਲ ਹੀ ਥਾਂ ਮੱਲ ਲਈ। ਦਰਸ਼ਕਾਂ ਦੀਆਂ ਅੱਖਾਂ ਪੱਕ ਗਈਆਂ ਪਰ ਅਜੇ ਤਕ ਸੱਭਾ ਸਟੇਜ ਦੇ ਨੇੜੇ ਨਾ ਤੇੜੇ। ਢੋਲਕ, ਵਾਜਾ ਅਤੇ ਖੰਜਰੀ ਵਾਲੇ ਆਪਣੇ ਸ਼ਾਜ ਲੈ ਕੇ ਅੱਗੜ-ਪਿਛੜ ਸਟੇਜ਼ ਤੇ ਪਹੁੰਚ ਗਏ। ਉਹਨਾਂ ਨੇ ਆਪੋ-ਆਪਣਾ ਸਾਜ ਤਿਆਰ-ਬਰ-ਤਿਆਰ ਕਰਕੇ ਸੁਰ ’ਚ ਕਰ ਲਿਆ। ਸੱਭਾ ਦੇ ਆਉਣ ਤੋਂ ਪਹਿਲਾਂ ਉਹ ਆਪਸੀ ਤਾਲਮੇਲ ਕਰਕੇ, ਸਾਜ਼ਾਂ ਨੂੰ ਮੱਥਾ ਟੇਕ ਕੇ ਅਭਿਆਸ ਕਰਨ ਲੱਗ ਪਏ। ਵਾਜਾ, ਖੰਜਰੀ ਅਤੇ ਢੋਲਕ ਇਕਸੁਰ ਵਿੱਚ ਵੱਜਣ ਲੱਗੇ ਪਰ ਸਰੋਤਿਆਂ ਦੀਆਂ ਨਜ਼ਰਾਂ ਸੱਭਾ ਦੀ ਤਲਾਸ਼ ਕਰ ਰਹੀਆਂ ਸੀ। ਅਜੇ ਉਹਨਾਂ ਦੇ ਸਬਰ ਦਾ ਬੰਨ ਟੁੱਟਣ ਵਾਲਾ ਹੀ ਸੀ, ਘੁੰਗਰੂਆਂ ਦੀ ਮਿੱਠੀ ਆਵਾਜ਼ ਸੁਣਾਈ ਦਿੱਤੀ। ਸੱਭਾ ਦੇ ਹੁਸਨ ਨਾਲ ਰਾਤ ਦੀ ਕਾਲਖ ਦੂਰ ਹੋ ਗਈ, ਚਿੱਟਾ ਚਾਨਣ ਚਾਰ ਚੁਫੇਰੇ ਫੈਲ ਗਿਆ। ਸੀਟੀਆਂ ਤੇ ਲਲਕਾਰੇ ਵੱਜਣੇ ਸ਼ੁਰੂ ਹੋ ਗਏ। ਜਿਵੇਂ ਜਿਵੇਂ ਸੱਭਾ ਆਪਣੇ ਹਾਸਿਆਂ ਦੇ ਫੁੱਲ ਖਿਲੇਰਦੀ ਸਟੇਜ਼ ’ਤੇ ਆ ਰਹੀ ਸੀ, ਸ਼ਜਿੰਦਿਆਂ ਵਿੱਚ ਜ਼ੋਸ਼ ਲਗਾਤਾਰ ਵੱਧਦਾ ਜਾ ਰਿਹਾ ਸੀ। ਮੇਲੇ ਦੀ ਸ਼ੋਭਾ ਵਧਾਉਣ ਲਈ ਸੱਭਾ ਨ੍ਰਤਕੀ ਪਹੁੰਚ ਗਈ। ਜਦ ਸੱਭਾ ਨ੍ਰਤਕੀ ਪੀਲੇ, ਚਮਕੀਲੇ ਅਤੇ ਭੜਕੀਲੇ ਕੱਪੜਿਆਂ ਵਿੱਚ, ਅਖਾੜੇ ’ਚ ਆਈ ਤਾਂ ਉਸਨੇ ਦਰਸ਼ਕਾਂ ਵੱਲ ਮਿੱਠਾ-ਮਿੱਠਾ ਹਾਸਾ ਬਖੇਰਿਆ, ਉਸਦੀ ਮੁਸਕਰਾਹਟ ਨੇ ਕਈਆਂ ਦੇ ਸੀਨੇ ਵਿੰਨ ਦਿੱਤੇ। ਮਰਾਸੀ ਮਸ਼ਾਲ ਫੜ ਕੇ ਰੋਸ਼ਨੀ ਕਰਨ ’ਚ ਜੁਟੇ ਪਏ ਸੀ, ਮਸ਼ਾਲਾਂ ਦੀ ਪੀਲੀ ਰੋਸ਼ਨੀ ਸੱਭਾ ਦੇ ਚਿਹਰੇ ਨਾਲ ਪਰਵਰਤਿਤ ਹੋ ਕੇ ਪੰਡਾਲ ਵਿੱਚ ਖਿੰਡ ਰਹੀ ਸੀ, ਘੁੰਗਰੂਆਂ ਦੀ ਛਣ ਛਣ ਦਾ ਮਧੁਰ ਸੰਗੀਤ ਦਿਲਾਂ ਨੂੰ ਟੁੰਬ ਕੇ ਉਹਨਾਂ ਨੂੰ ਭਰਿਆੜ ਕਰ ਰਿਹਾ ਸੀ। ਸਰੋਤੇ ‘ਅਸ਼ ਅਸ਼’ ਕਰ ਉੱਠੇ -

“ਵਾਹ ਬਈ ਵਾਹ ! ਹੀਰ ਦੀ ਸਕੀ ਭੈਣ ਲੱਗਦੀ ਐ !!”
“ਹੈ ਕਮਲਾ ! ਹੀਰ ਕੀ ਰੀਸ ਕਰੂ ਇਹਦੀ !!”
“ਸੇਲੀਆਂ ਤਾਂ ਦੇਖੋ ਬਈ, ਤੀਰ ਕਮਾਨ ਵਾਂਗੂ ਨੇ।”ਸੱਭਾ ਦੀ ਸੁੰਦਰਤਾ ਵੇਖ ਸਰੋਤਿਆਂ ਦੇ ਮੂੰਹ ਅੱਡੇ ਰਹਿ ਗਏ।

ਸੱਚਮੁੱਚ ਹੀ ਸੱਭਾ ਦੇ ਨੈਣਾਂ ਵਿੱਚ ਝੀਲਾਂ ਦੀ ਗਹਿਰਾਈ ਸੀ। ਇਸ ਗਹਿਰਾਈ ਵਿੱਚ ਅੱਜ ਸਭ ਨੇ ਹੜ ਜਾਣਾ ਸੀ। ਦੇਖਣ ਵਾਲੇ ਨਜਰ ਹੀ ਨਹੀਂ ਸੀ ਹਟਾ ਰਹੇ। ਉਹਨਾਂ ਲਈ ਸਵਰਗ ਦਾ ਦਰਵਾਜ਼ਾ ਖੁੱਲ ਗਿਆ। ਪਿਛਲੇ ਸਾਲ ਮਲੇਰਕੋਟਲੇ ਵਾਲਾ ਨੂਰ ਮੁਹੰਮਦ ਆਇਆ ਸੀ। ਉਹਨੂੰ ਖਲਕਤ ਨੇ ਐਨਾ ਪਸੰਦ ਨਾ ਕੀਤਾ ਪਰ ਇਸ ਵਾਰ ਸੱਭਾ ਦੇ ਆਉਣ ਨਾਲ ਮੇਲੇ ਦੀ ਰੌਣਕ ਪਹਿਲਾਂ ਨਾਲੋਂ ਦੁਗਣੀ ਚੌਗੁਣੀ ਹੋ ਗਈ।

ਸੱਭਾ ਨੇ ਅਜੇ ਪਹਿਲਾ ਠੁਮਕਾ ਹੀ ਲਾਇਆ, ਦੇਖਣ ਵਾਲਿਆਂ ਵਿੱਚ ਜੋ ਸਾਹ ਸਤ ਬਚਿਆ ਵੀ, ਉਸਨੇ ਉਹ ਵੀ ਸੂਤ ਲਿਆ। ਇੱਕ ਦੋ ਜਣੇ ਆਪੇ ਤੋਂ ਬਾਹਰ ਹੋ ਕੇ ਸੱਭਾ ਵੱਲ ਵਧਣ ਲੱਗੇ ਤਾਂ ਮੂਹਰੇ ਬੈਠੇ ਵੱਡੇ ਗੰਢੂਆਂ ਦੇ ਵੈਲੀਆਂ ਨੇ ਉਹਨਾਂ ਦੀ ਵੱਖੀਆਂ ਭੰਨ ਦਿੱਤੀਆਂ ਪਰ ਨਸ਼ੇ ਦੀ ਲੋਰ ’ਚ ਉਹਨਾਂ ‘ਸੀ’ ਤਕ ਨਾ ਕੀਤੀ। ਸੱਭਾ ਦੇ ‘ਹੁਸ਼ਨ ਏ ਸ਼ਰਾਬ’ ਦੇ ਕੀਲੇ ਲੋਕ ਮੱਟਾਂ ਦੇ ਮੱਟ ਦਾਰੂ ਡਕਾਰ ਗਏ।

ਸੱਭਾ ਦੋਵੇਂ ਹੱਥ ਹੇਠਾਂ ਲਾ ਕੇ ਤੀਰ ਕਮਾਨ ਵਾਂਗ ਤਣ ਗਈ, ਚੱਕਰ ਆਸਣ ਦੀ ਸਥਿਤੀ ’ਚ ਆਉਣ ਕਰਕੇ ਉਸਦਾ ਬਦਨ ਉਲਟ ਗਿਆ। ਜਦ ਉਸ ਦੇ ਬਰਫ ਵਰਗੇ ਉਭਾਰ ਸਰੋਤਿਆਂ ਨੂੰ ਵਿਖਾਈ ਦਿੱਤੇ ਤਾਂ ਉਹਨਾਂ ਦੀ ਵਾਸਨਾ ਹੋਰ ਭੜਕ ਗਈ। ਸਾਰਾ ਪੰਡਾਲ ਹੀ ਉਠ ਕੇ ਤਾੜੀਆਂ ਮਾਰਨ ਲੱਗਾ।

ਬਾਰ੍ਹਾਂ ਵਜੇ ਤੱਕ ਅਖਾੜਾ ਚੱਲਿਆ। ਖਿੱਤੀਆਂ ਸਿਰਾਂ ਤੋਂ ਪਰਾਂ ਚਲੀਆਂ ਗਈਆਂ। ਸੱਭਾ ਸਟੇਜ ਤੋਂ ਉਤਰ ਗਈ। ਜਾਂਦੀ ਵਾਰ ਵੀ ਉਸ ਨੇ ਸਰੋਤਿਆਂ ਵੱਲ ਅੰਗੜਾਈ ਭੰਨ ਕੇ ਹਾਸੇ ਦੀ ਇਤਰ ਖਿੰਡਾਈ। ਉਸਦੇ ਉਹਲੇ ਹੁੰਦਿਆਂ ਹੀ ਕਲਪਿਤ ਸਵਰਗ ਢਹਿ-ਢੇਰੀ ਹੋ ਗਿਆ। ਦਰਸ਼ਕਾਂ ਦੀਆਂ ਅੱਖਾਂ ਅਜੇ ਰੱਜੀਆਂ ਨਹੀਂ ਸੀ, ਮਨ ਵਿੱਚ ਖਲਾਅ ਬਾਕੀ ਸੀ। ਉਹਨਾਂ ਨੂੰ ਅਜੇ ਵੀ ਸੱਭਾ ਘੁੰਗਰੂ ਛਣਕਾਉਂਦੀ, ਨੈਣ ਮਟਕਾਉਂਦੀ ਤੇ ਆਪਣੇ ਛਾਤੀ ਦੇ ਉਭਾਰ ਨੂੰ ਦਬਾਉਂਦੀ ਨਜਰ ਆ ਰਹੀ ਸੀ।

ਲੋਕ ਆਪਣੇ ਗੀਝੇ ਤੇ ਦਾਰੂ ਦੇ ਮੱਟ ਖਾਲੀ ਕਰਕੇ ਘਰਾਂ ਨੂੰ ਤੁਰ ਗਏ। ਮੇਲਾ ਵਿੱਝੜ ਗਿਆ। ਪੀਰਾਂ ਲਈ ਇਸ ਵਾਰ ਰੋਸ਼ਨੀ ਦਾ ਮੇਲਾ ਆਖਰੀ ਸੀ, ਇਹ ਗੱਲ ਪਿੰਡ ਦੀ ਮੋੜੀ ਗੱਡਣ ਵਾਲੇ ਮਾਲਕਾਂ ਦੇ ਵੀ ਚਿਤ ਚੇਤੇ ਨਹੀਂ ਸੀ। ਪਿੰਡ ਉਹਨਾਂ ’ਤੇ ਹੱਸ ਰਿਹਾ ਸੀ, ਆਖ ਰਿਹਾ ਸੀ, ‘ਕਰ ਲੋ ਮੌਜ ਮੇਲਾ, ਅਗਲੇ ਹਾੜ ਤਕ ਤਾਂ ਮੈਨੂੰ ਅਧਰੰਗ ਹੋ ਜਾਣਾ ਹੈ।”

ਫਿਰ ਪਿੰਡ ਉਦਾਸ ਹੋ ਗਿਆ, “ਪੀਰਾਂਵਾਲੀ ਦੇ ਮਾਲਕੋ, ਥੋਡੇ ਬਿਨਾਂ ਅਗਲੇ ਸਾਲ, ਸੱਭਾ ਦੇ ਠੁਮਕੇ ਮੇਰਾ ਕਾਲਜਾ ਨੀ ਵਿੰਨ ਦੇਣਗੇ ! ਉਸਦੇ ਘੁੰਗਰੂਆਂ ਦੀ ਛਣ ਛਣ ਮੈਨੂੰ ਲਹੂ-ਲੁਹਾਣ ਨੀ ਕਰ ਦੇਵੇਗੀ !! ਜਦ ਪਿੰਡ ਦੀ ਰੂਹ ਹੀ ਨਿਕਲ ਗਈ ਤਾਂ ਸੱਭਾ ਕਿਹੜੇ ਮੂੰਹ ਠੁਮਕੇ ਲਾਏਗੀ ! ਕੀਹਨੂੰ ਹੱਸ ਕੇ ਵਿਖਾਏਗੀ !!ਸੱਭਾ ਵੀ ਸ਼ਾਇਦ ਲੰਘ ਜਾਵੇਗੀ ਹੱਦਾਂ ਸਰਹੱਦਾਂ। ਥੋਡੇ ਜਾਣ ਤੋਂ ਬਾਅਦ ਪਿੰਡ, ਅਤੇ ਸੱਭਾ ਦੇ ਜਾਣ ਤੋਂ ਬਾਅਦ ਪੰਜਾਬ ਦੀ ਰੂਹ ਉਡਾਰੀ ਮਾਰ ਜਾਵੇਗੀ। ਵੰਡਣ ਵਾਲੇ ਕੀ ਜਾਣਨ ਕਿ ਸੱਭਾ ਖੁਸ਼ੀਆਂ-ਖੇੜਿਆਂ ਦੀ ਪ੍ਰਤੀਕ ਹੈ ! ਉਹਨਾਂ ਤਾਂ ਉਸਦੇ ਮੱਥੇ ਤੇ ਜਾਤ ਜਾਂ ਧਰਮ ਦਾ ਠੱਪਾ ਲਾ ਕੇ ਤੋਰ ਦੇਣਾ ਹੈ ਨਵੇਂ ਮੁਲਕ, ਪਰ ਸੱਭਾ ਨੇ ਉਥੇ ਜਾ ਕੇ ਵੀ ਖੁਸ਼ੀਆਂ ਤੇ ਹਾਸੇ ਹੀ ਵੰਡਣੇ ਨੇ।”

ਸੱਭਾ ਦੇ ਜਾਣ ਤੋਂ ਬਾਅਦ ਸਭ ਸੌਂ ਗਏ, ਪੀਰ ਵੀ। ਜੇ ਜਾਗਦਾ ਸੀ ਤਾਂ ਸਿਰਫ ਤੇ ਸਿਰਫ ਪੀਰਾਂਵਾਲੀ ਰਿਉਂਦ।

ਰੋਸ਼ਨੀ ਦੇ ਮੇਲੇ ਤੋਂ ਬਾਅਦ ਤਾਂ ਮੁਲਕ ਦੇ ਹਾਲਾਤ ਹੋਰ ਵੀ ਬਦਲਣ ਲੱਗੇ। ਸਿਆਣੇ ਤੇ ਸਮਝਦਾਰ ਪਰਿਵਾਰ ਚੁੱਪ ਚੁਪੀਤੇ ਮੁਲਕ ਛੱਡਣ ਲੱਗੇ। ਲਾਹੌਰ, ਅੰਮ੍ਰਿਤਸਰ, ਕੈਮਲਪੁਰ, ਕਸੂਰ ਆਦਿਕ ਵੱਡੇ ਸ਼ਹਿਰਾਂ ਵਿੱਚ ਭਿਆਨਕ ਘਟਨਾਵਾਂ ਵਾਪਰਨ ਲੱਗੀਆਂ। ਹਾੜ ਤੋਂ ਬਾਅਦ ਸਾਉਣ ਦੇ ਭਾਰੇ ਬੱਦ ਲ ਵੀ ਬਰਸ ਕੇ ਹੰਭ ਗਏ, ਪਿਆਸੀ ਧਰਤੀ ਦੀ ਤੇਹ ਮਰ ਗਈ। ਵਕਤ ਦੇ ਘੋੜੇ ਭਾਦੋਂ ਵਿੱਚ ਦਾਖਲ ਹੋ ਗਏ। ਭਾਦੋਂ ਵਿੱਚ ਵੱਖਰੀ ਕਿਸਮ ਦੇ ਬੱਦਲ ਚੜੇ ਆ ਰਹੇ ਸੀ, ਬੱਦਲਾਂ ਦੇ ਨਾਲ-ਨਾਲ ਤਕੜਾ ਝੱਖੜ, ਵਾ-ਵਰੋਲਾ, ਗੜੇ ਕਾਕੜੇ, ਸੁਨਾਮੀ ਵੀ ਆ ਰਹੀ ਸੀ। ਇਸ ਕੁਲਹਿਣੀ ਰੁੱਤੇ ਅਸਮਾਨੀ ਬਿਜਲੀ ਨੇ ਮਾਮੇ ਭਾਣਜੇ ’ਤੇ ਨਹੀਂ ਸਗੋਂ ਭਾਈਚਾਰਕ ਸਾਂਝ ’ਤੇ ਡਿੱਗਣਾ ਸੀ। ਸਾਉਣ ਦੀਆਂ ਬਾਰਸਾਂ ਨਾਲ ਆਫਰੀ ਧਰਤੀ ਨੂੰ ਧਰਮ ਦਾ ਬੁਖਾਰ ਚੜਣ ਜਾ ਰਿਹਾ ਸੀ। ਸੰਤਾਲੀ ਦਾ ਵਰ੍ਹਾ ਚੜਿਆ ਤਾਂ ਆਮ ਵਰ੍ਹਿਆਂ ਵਾਂਗ ਸੀ ਪਰ ਉਤਰਨਾ ਸੀ, ਇਸ ਨੇ ਇਤਿਹਾਸ ਦੇ ਸਗ਼ਿਆਂ ’ਤੇ ਆਪਣੀ ਅਮਿੱਟ ਛਾਪ ਛੱਡ ਕੇ।

ਆਖਰ ਅੰਗਰੇਜਾਂ ਨੇ ਮੁਲਕ ਦੀ ਬਰਬਾਦੀ ਤੇ ਵੰਡ ਦਾ ਐਲਾਨ ਕਰ ਦਿੱਤਾ। ਰੈਡਕਲਿਫ ਦੀ ਇੱਕ ਝਰੀਟ ਨੇ ਗੁਰੂਆਂ-ਪੀਰਾਂ ਦੀ ਸਾਂਝੀ ਧਰਤੀ ਪੰਜਾਬ ਨੂੰ ਚੀਰ ਦਿੱਤਾ। ਨਨਕਾਨਾ ਸਾਹਿਬ ਤੇ ਸੁਲਤਾਨਪੁਰ ਲੋਧੀ ਅੱਡ ਹੋਣ ਨਾਲ ਪੰਜਾਬ ਦੀ ਆਤਮਾ ਮਰ ਗਈ। ਵੰਡ ਦੇ ਕੁਹਾੜੇ ਨਾਲ ਪੈਦਾ ਹੋਈ ਉਥਲ-ਪੁਥਲ ਨੇ ਚੇਤੰਨ ਸ਼ਕਤੀਆਂ ਦਾ ਦਿਮਾਗ ਸੁੰਨ ਕਰ ਦਿੱਤਾ।

ਉਜਾੜੇ ਦਾ ਸ਼ਿਕਾਰ ਧਿਰਾਂ ‘ਤੇਰਾ ਭਾਣਾ ਮੀਠਾ ਲਾਗੇ’ ਨਾਲ ਸਬਰ ਕਰਕੇ, ਰਾਹਾਂ ਵਿਚ ਰੁਲਣ ਲਈ ਤਿਆਰ ਹੋ ਗਈਆਂ। ਦੁਸ਼ਮਣ ਦੇ ‘ਮੂਲ ਮੰਤਰ’ ਨੂੰ ਸਮਝਣ ਦਾ, ਅੱਜ ਦੀ ਘੜੀ ਕਿਸੇ ਕੋਲ ਸਮਾਂ ਹੀ ਨਹੀਂ ਸੀ, ਸਿਵਾਇ ਰਾਹਾਂ ਦੀਆਂ ਖੱਜਲ ਖੁਆਰੀਆਂ ਤੇ ਦੁਸ਼ਵਾਰੀਆਂ ਦੇ।

ਸਾਰੇ ਮੁਲਕ ਵਿੱਚ ਆਜਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਪਰ ਪੀਰਾਂਵਾਲੀ ਦੇ ਮਾਲਕ ਗੰਭੀਰ ਸੋਚ ਵਿੱਚ ਡੁੱਬ ਗਏ। ਅੰਮ੍ਰਿਤਸਰ-ਲਾਹੌਰ ਵੱਲੋਂ ਆ ਰਹੀਆਂ ਜ਼ਹਿਰੀਲੀਆਂ ਹਵਾਵਾਂ ਨਾਲ ਉਹਨਾਂ ਦੇ ਬੁੱਲ੍ਹਾਂ ’ਤੇ ਸਿਕਰੀ ਆਈ ਹੋਈ ਸੀ। ਜਦ ਸਾਰੇ ਪਾਸੇ ਹੀ ਹਵਾਵਾਂ ਪੁੱਠੀਆਂ ਚੱਲ ਪਈਆਂ ਤਾਂ ਪੀਰਾਂਵਾਲੀ ਇਸ ਅੱਗ ਦੇ ਸੇਕ ਤੋਂ ਕਿਵੇਂ ਬਚ ਸਕਦਾ ਸੀ ? ਪੀਰਾਂਵਾਲੀ ਦੇ ਸਿੱਖ-ਹਿੰਦੂ ਪਰਿਵਾਰ ਵੀ ਮੁਸਲਮਾਨ ਪਰਿਵਾਰਾਂ ਦੇ ਨਾਲ ਭੈਅ-ਭੀਤ ਹੋ ਗਏ। ਦੋਹਾਂ ਧਿਰਾਂ ਦੇ ਮਿਲਵਰਤਨ ਵਿੱਚ ਚਾਹੇ ਕਮੀ ਨਾ ਆਈ ਪਰ ਦਿਲ ਅੰਦਰੋ-ਅੰਦਰੀ ਦੂਰ ਹੁੰਦੇ ਜਾ ਰਹੇ ਸੀ। ਦੋਵੇਂ ਧਿਰਾਂ ਇੱਕ ਦੂਜੀ ਤੋਂ ਹੀ ਡਰ ਕੇ ਵਕਤ ਟਪਾ ਰਹੀਆਂ ਸੀ।

ਪੀਰਾਂਵਾਲੀ ਦੇ ਨੇੜਲੇ ਪਿੰਡਾਂ ਦੇ ਮੁਸਲਮਾਨ ਪਿੰਡ ਛੱਡਣ ਲੱਗੇ ਪਰ ਪੀਰਾਂ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਬਹੁਤ ਔਖੀ ਘੜੀ ਸੀ। ਉਹ ਫਿਰਕੂ ਫਸਾਦਾਂ ਦੀ ਕਾਲੀ ਹਨੇਰੀ ਰੁਕਣ ਦਾ ਇੰਤਜਾਰ ਕਰ ਰਹੇ ਸੀ ਪਰ ਰਾਜਸੱਤਾ ਦੇ ਭੁੱਖੜ ਨੇਤਾ, ਧਰਮ ਦਾ ਛਿੱਟਾ ਦੇ ਕੇ ਅੱਗ ਦੂਣ ਸਵਾਈ ਕਰ ਰਹੇ ਸੀ। ਆਖਰ ਉਹ ਮਨਹੂਸ ਸਮਾਂ ਆ ਗਿਆ ਜਦ ਪਿੰਡ ਦੇ ਪੀਰ, ਪੀਰਾਂਵਾਲੀ ਛੱਡਣ ਲਈ ਰਾਜੀ ਹੋ ਗਏ। ਬਾਰ੍ਹਾਂ ਭਾਦੋਂ ਦੀ ਰਾਤ ਕਹਿਰ ਦੀ ਰਾਤ ਸੀ। ਸਾਰੇ ਘਰਾਂ ਨੇ ਰਾਤ ਹੀ ਗੱਡੇ ਅਤੇ ਸਮਾਨ ਤਿਆਰ ਕਰ ਲਿਆ। ਚੁੱਲ੍ਹਿਆਂ ਦੀ ਅੱਗ ਬੁੱਝ ਗਈ।

ਤੜਕਸਾਰ ਕੁੱਕੜ ਨੇ ਬਾਂਗ ਦਿੱਤੀ। ਕੁੱਕੜ ਦੀ ਬਾਂਗ ਦੇ ਨਾਲ ਹੀ ਕਾਜੀ ਉਠਿਆ, ਨਮਾਜ-ਏ-ਸ਼ੁਬ੍ਹਾ (ਸਲਾਤ ਉਲ ਫਜ਼ਰ) ਪੜ੍ਹਣ ਲੱਗਾ, ਪਰ ਅੱਜ ਉਸ ਦਾ ਮਨ ਨਮਾਜ ਪੜ੍ਹਣ ’ਚ ਨਹੀਂ ਸੀ ਲੱਗ ਰਿਹਾ। ਨਮਾਜ ਪੜ੍ਹਣ ਤੋਂ ਬਾਅਦ ਉਸ ਨੇ ਹੋਕ ਰਾ ਮਾਰਿਆ, ਮੁਸਲਮਾਨਾਂ ਨੂੰ ਰਵਾਨਗੀ ਪਾਉਣ ਦੀ ਸੂਚਨਾ ਦਿੱਤੀ। ਤਾਰੇ ਛਿਪਣ ਤੋਂ ਪਹਿਲਾਂ ਹੀ ਮੁਸਲਮਾਨਾਂ ਨੇ ਪਿੰਡ ਛੱਡ ਦਿੱਤਾ ਪਰ ਘਰਾਂ ਦਾ ਮੋਹ, ਅਗਾਂਹ ਪੈਰ ਹੀ ਨਹੀਂ ਸੀ ਪੁੱਟਣ ਦੇ ਰਿਹਾ। ਉਹ ਮੁੜ ਮੁੜ ਪਿਛਾਂਹ ਨੂੰ ਜਿੰਦਰੇ ਲੱਗੇ ਘਰਾਂ ਵੱਲ ਤੱਕ ਰਹੇ ਸੀ। ਪੀਰਾਂ ਦੇ ਹਿਜਰਤ ਕਰਨ ਤੋਂ ਬਾਅਦ ਪਿੰਡ ਦੀ ਰੂਹ ਨਿਕਲ ਗਈ, ਪਿੰਡ ਨੂੰ ਪਹਿਲੀ ਵਾਰ ਅਧਰੰਗ ਹੋਇਆ। ਮੂਲ ਵਾਸੀ ਕੰਧਾਂ ਨਾਲ ਟੱਕਰਾਂ ਮਾਰ ਮਾਰ ਰੋ ਰਹੇ ਸੀ। ਅੱਜ ਕਿਸੇ ਘਰ ਰੋਟੀ ਨਹੀਂ ਸੀ ਪੱਕੀ। ਮੇਹਰ ਮੁਲਤਾਨੀ, ਹਸਨ ਮੁਹੰਮਦ ਪਟਵਾਰੀ, ਕਾਲੀ ਪੋਸ਼, ਨੀਰੂ ਸਭ ਅੱਖੋਂ ਉਹਲੇ ਹੋ ਗਏ।

ਭਰੇ-ਭਰਾਏ ਗੱਡੇ ਅਜੇ ਬਾਜੀਗਰਾਂ ਦੀ ਬਸਤੀ ਹੀ ਲੰਘੇ ਸੀ, ਕਾਫਲੇ ’ਤੇ ਹਮਲਾ ਹੋ ਗਿਆ। ਹਮਲਾਵਰ ਪਹਿਲਾਂ ਹੀ ਤਾਕ ’ਚ ਬੈਠੇ ਸੀ। ਹਮਲਾ ਹੁੰਦਿਆਂ ਸਾਰ ਚੀਕ-ਚਿਹਾੜਾ ਮੱਚ ਗਿਆ। ਡਰਦੇ ਜਵਾਕ ਮਾਂਵਾਂ ਦੀਆਂ ਛਾਤੀਆਂ ਨਾਲ ਚਿੰਬੜਦੇ ਜਾਣ। ਮੁਸਲਮਾਨ ਵੀ ਆਪਣੇ ਹਥਿਆਰ ਲੈ ਕੇ ਚੁਕੰਨੇ ਹੋ ਗਏ।

ਮੂੰਹ ’ਤੇ ਮੰਡਾਸੇ ਮਾਰੀ ਹਮਲਾਵਰ, ਪਿਛਲੇ ਗੱਡਿਆਂ ਤਕ ਅੱਪੜ ਗਏ। ਕਾਲੇ ਮੱਥੇ ਵਾਲੇ ਲੁਟੇਰੇ ਨੇ ਬੇਗੋ ਦੀ ਕੁੱਛੜ ’ਚ ਦੁੱਧ ਚੁੰਘ ਰਹੀ ਬੱਚੀ ਦੇ ਪੇਟ ਕੋਲ ਛੁਰਾ ਕੀਤਾ।
“ਝਾਂਜਰਾਂ ਕੱਢ ......” ਉਸ ਨੇ ਮੋਟੇ-ਮੋਟੇ ਡੇਲੇ ਬਾਹਰ ਕੱਢੇ।

ਬੇਗੋ ਨੇ ਕੰਬਦੇ ਹੱਥਾਂ ਨਾਲ ਝਾਂਜਰਾਂ ਕੱਢ ਕੇ ਉਸਦੇ ਹੱਥ ’ਚ ਫੜਾਈਆਂ। ਬੇਗੋ ਦਾ ਕੂਲਾ ਹੱਥ, ਕਾਲੇ ਅਤੇ ਬੇਢੱਬੇ ਹੱਥ ਨਾਲ ਛੂਹਣ ’ਤੇ ਮੱਝ ਵਰਗੇ ਮਰਦ ਦੀ ਰੂਹ ਨਸ਼ਿਆ ਗਈ। ਉਹ ਬੇਗੋ ਵੱਲ ਲੁੱਚਾ ਹਾਸਾ ਹੱਸਿਆ।
“ਕੱਢ ਦੋ ਜੋ ਵੀ ਹੈ ....।” ਦੂਜਾ ਲੁਟੇਰਾ ਅਗਲੇ ਗੱਡੇ ਨੂੰ ਘੇਰ ਕੇ ਖੜਾ ਸੀ।
“ਭੈਣ ਮਰਾਣ ਮੋਹਰਾਂ ... ਤੁਸੀ ਲੈਜੋ ... ਸਾਡੀ ਜਾਨ ਬਖਸੋ।”
ਬੇਗੋ ਦੇ ਪਤੀ ਨੇ, ਡਰੀ ਹੋਈ ਪਤਨੀ ਨੂੰ ਵੇਖ, ਛੋਟੀ ਜਿਹੀ ਸੰਦੂਕ ’ਚੋਂ ਮੋਹਰਾਂ ਵਾਲੀ ਥੈਲੀ ਕੱਢ ਕੇ ਦੇ ਦਿੱਤੀ।
ਬਾਕੀ ਗੱਡੇ ਵੀ ਲੁੱਟੇ ਜਾ ਚੁੱਕੇ ਸੀ, ਗੱਡਿਆਂ ਦੀ ਰਫਤਾਰ ਵੀ ਘੱਟ ਗਈ। ਹਮਲਾਵਰਾਂ ਨਾਲ ਲੜ੍ਹਦਿਆਂ ਕਈ ਜਵਾਨ ਫੱਟੜ ਹੋ ਗਏ।
“ਰੰਨ ਤਾਂ ਘੈਂਟ ਐ ਬਈ।” ਪਿੱਛੋਂ ਦੂਜੇ ਗੱਡੇ ਕੋਲ ਖੜਾ ਮੱਧਰਾ ਜਿਹਾ ਬੰਦਾ, ਲਲਚਾਈਆਂ ਅੱਖਾਂ ਨਾਲ ਬੇਗੋ ਨੂੰ ਟਿਕਟਿਕੀ ਲਾ ਕੇ ਤੱਕਣ ਲੱਗਾ। ਉਸਦੇ ਬੁੱਲਾਂ ’ਤੇ ਕਮੀਨੀ ਮੁਸਕਰਾਹਟ ਫੈਲ ਰਹੀ ਸੀ।
“ਵੇਖਦਾ ਕੀ ਐਂ ! ਖਿੱਚ ਲੈ ਬਾਂਹ ਫੜ ਕੇ।” ਨਾਲ ਵਾਲੇ ਨੇ ਹੱਲਾਸ਼ੇਰੀ ਦਿੱਤੀ।
“ਹੱਥ ਤਾਂ ਲਾ ਕੇ ਦੇਖੋ ਦਾਨਵੋ।” ਗੱਡੇ ’ਚ ਬੈਠੇ ਬਜੁਰਗ ਅਤੇ ਬੇਗੋ ਦੇ ਖਾਵੰਦ ਦੀਆਂ ਅੱਖਾਂ ’ਚ ਖੂਨ ਉਤਰ ਆਇਆ।
“ਕਿਉਂ ! ਜਾਨ ਨੀ ਪਿਆਰੀ !” ਕਾਲੇ ਮੱਥੇ ਵਾਲੇ ਮਰਦ ਨੇ ਬੱਚੀ ਦੇ ਪੇਟ ’ਤੇ ਛੁਰਾ ਰੱਖ ਕੇ ਆਪਣੀ ਮਨਸ਼ਾ ਸਪੱਸ਼ਟ ਕੀਤੀ।
“ਸਾਨੂੰ ਇੱਜਤਾਂ ਪਿਆਰੀਆਂ ਨੇ, ਜਾਨਾਂ ਨਹੀਂ।” ਬਜੁਰਗ ਦੇ ਬੋਲਾਂ ਵਿੱਚ ਗੜਸ ਸੀ।

ਬੱਚੀ ਦੀ ਮਾਂ ਦਾ ਦਿਲ ਫੜਾਕ ਫੜਾਕ ਵੱਜ ਰਿਹਾ ਸੀ। ਉਹ ਆਉਣ ਵਾਲੀ ਹੋਣੀ ਨੂੰ ਭਾਂਪ ਰਹੀ ਸੀ। ਦੋ ਸਾਲਾ ਬੱਚੀ, ਖੱਬੀ ਦੁੱਧੀ ਚੋਂ ਦੁੱਧ ਚੁੰਘ ਰਹੀ ਸੀ। ‘ਪਚਾਕ ਪਚਾਕ’ ਦੀ ਆ ਰਹੀ ਆਵਾਜ਼ ਲੁਟੇਰਿਆਂ ਤੇ ਉਹਨਾਂ ਵਿਚਲੀ ਚੁੱਪ ਦੀ ਵਿੱਥ ਨੂੰ ਦੂਰ ਕਰ ਰਹੀ ਸੀ। ਦੂਰ ਖੜ੍ਹੇ ਲੁਟੇਰੇ ਦੀਆਂ ਨਜ਼ਰਾਂ ਦੁੱਧੀ ’ਤੇ ਜੰਮੀਆਂ ਪਈਆਂ ਸੀ, ਬੱਚੀ ਦੁੱਧੀ ’ਚੋਂ ਭੋਜਨ ਤੇ ਉਹ ਨਗਨ ਦੁੱਧੀ ’ਚੋਂ ਕਾਮ ਰਸ ਲੈ ਰਿਹਾ ਸੀ।

“ਥੋਡੀ ਉਏ ਭੈਣ ਦੀ ! ਸਾਲੇ ਇੱਜਤਾਂ ਦੇ !” ਕਚੀਚੀ ਵੱਟਦਿਆਂ ਕਾਲੇ ਮੱਥੇ ਵਾਲੇ ਨੇ ਜਵਾਕ ਦੀ ਵੱਖੀ ’ਚ ਛੁਰਾ ਖੁਭੋ ਕੇ, ਮਧਾਣੀ ਵਾਂਗ ਘੁੰਮਾ ਦਿੱਤਾ। ਪੇਟ ਵਿੱਚ ਛੁਰਾ ਇੰਝ ਖੁਭ ਗਿਆ ਜਿਵੇਂ ਰਾਜਸਥਾਨੀ ਤਰਬੂਜ ਵਿੱਚ ਕਟਾਰ ਲੰਘ ਜਾਂਦੀ ਹੈ।

ਛੁਰਾ ਖੁੱਭਣ ਦੀ ਦੇਰ ਸੀ, ਬੱਚੀ ਨੇ ਦੁੱਧ ਬਾਹਰ ਉਲਟ ਦਿੱਤਾ, ਚੀਕ ਚਿਹਾੜਾ ਮੱਚ ਗਿਆ। ਮਾਂ ਭੁੱਬਾਂ ਮਾਰ ਮਾਰ ਰੋਣ ਲੱਗੀ। ਉਸਦਾ ਤਾਂ ਕਾਲਜਾ ਹੀ ਫਟ ਗਿਆ ਸੀ। ਉਸ ਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ। ਉਸ ਨੂੰ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ।ਉਸਦੇ ਹੱਥਾਂ ਵਿਚਲਾ ਸੋਨਾ ਪਲ ਵਿੱਚ ਮਿੱਟੀ ਬਣ ਗਿਆ ਤੇ ਉਸਦੇ ਹੱਥ ਪੈਰ ਸੁੰਨ ਹੋ ਗਏ, ਗਸ਼ ਖਾ ਕੇ ਗੱਡੇ ’ਚ ਹੀ ਨਿੱਸਲ ਹੋ ਕੇ ਡਿੱਗ ਪਈ। ਹੱਥੋਂ ਬੱਚੀ ਵੀ ਛੁੱਟ ਕੇ ਮੂਧੇ ਮੂੰਹ ਡਿੱਗ ਗਈ।

“ਬਹੁਤੀ ਚਲਾਕੀ ਨੀ ਕਰਨੀ .. ਖਾਖਾਂ ਪਾੜ ਦਿਆਂਗੇ।” ਉਹਨਾਂ ਦੀ ਕੜਕਵੀਂ ਆਵਾਜ ਪੁੜਪੁੜੀਆਂ ਵਿੱਚ ਹਥੌੜੇ ਵਾਂਗ ਵੱਜੀ। ਪਿਉ-ਪੁੱਤ ਚਾਹੁੰਦਿਆਂ ਵੀ ਕੁੱਝ ਨਾ ਕਰ ਸਕੇ।

ਬੱਚੀ ਮਮਤਾ ਨਾਲੋਂ ਟੁੱਟ ਕੇ ਕਿੰਨੀ ਦੂਰ ਹੋ ਗਈ ! ਮਾਂ ਦੀ ਨਗਨ ਦੁੱਧੀ ’ਤੇ, ਦੁੱਧ ਦੀਆਂ ਬੂੰਦਾਂ ਜੰਮ ਗਈਆਂ। ਗੱਡੇ ’ਤੇ ਟਿਕਾਈਆਂ ਕੱਪੜਿਆਂ ਦੀਆਂ ਗੱਠੜੀਆਂ, ਖੂਨ ਦਾ ਰੰਗ ਚੜਣ ਕਾਰਨ ਲਾਲ ਹੋ ਗਈਆਂ। ਖੂਨ ਦੀਆਂ ਬੂੰਦਾਂ ਗੱਡੇ ਦੇ ਫੱਟਿਆਂ ਦੀਆਂ ਬਿਰਲਾਂ ਥਾਣੀਂ, ਕੱਕੇ ਰੇਤ ’ਚ ਜਾ ਜਜ਼ਬ ਹੋਈਆਂ।

ਪੱਚੀ ਲੁਟੇਰਿਆਂ ਦੀ ਟੋਲੀ ਮੌਕਾ ਤਾੜ ਕੇ ਖਿੰਡ ਗਈ। ਲੁਟੇਰਿਆਂ ਦੀ ਇੱਕ ਨਹੀਂ, ਕਈ ਟੋਲੀਆਂ ਸੀ। ਪਿਛਲੇ ਗੱਡਿਆਂ ਕੋਲ ਖੜੇ ਤਿੰਨ ਲੁਟੇਰਿਆਂ ਨੇ ਵੀ ਜਾਣ ਵਿੱਚ ਭਲਾਈ ਸਮਝੀ-
“ਚਲੋ ਹੁਣ, ਬਥੇਰਾ ਸੋਨਾ ਸੱਪਾ ਮਿਲ ਗਿਆ।”
ਚੌੜੇ ਮੱਥੇ ਵਾਲੇ ਦੇ ਆਖਣ ਦੀ ਦੇਰ ਸੀ, ਉਹ ਸੂਏ ਦੀ ਪੱਟੜੀ ਪੈ ਗਏ।
“ਤੁਰ ਪਏ ਕਿ ਹਲੇ ਖੜੇ ਨੇ ?” ਸੂਏ ਤੋਂ ਪਰ੍ਹਾਂ ਜਾ ਕੇ ਉਨਾਂ ਫਿਰ ਗੱਡਿਆਂ ਦਾ ਜਾਇਜਾ ਲਿਆ।
“ਨਾ ... ਜਵਾਕ ਚੱਕੀ ਫਿਰਦੇ ਨੇ।”
“ਚੱਲ ਭੈਣ ਮਰਾਣ ..., ਆਪਾਂ ਸਮਾਨ ਵੰਡੀਏ।” ਕਾਲੇ ਮੱਥੇ ਵਾਲਾ, ਮੱਧਰਾ ਜਿਹਾ ਬੰਦਾ, ਲੁੱਟ ਦਾ ਸਮਾਨ ਲੈਣ ਲਈ ਤਰਲੋ ਮੱਛੀ ਹੋਣ ਲੱਗਾ। ਸਮਾਨ ਵੰਡਦਿਆਂ ਉਨ੍ਹਾਂ ਇੱਕ ਵਾਰ ਧੌਣ ਚੁੱਕ ਕੇ ਵੇਖਿਆ, ਗੱਡੇ ਬਾਹਮਣਵਾਲੇ ਨੂੰ ਚੱਲ ਪਏ ਸੀ। ਬਲਦ ਚੁੱਪ ਚਾਪ ਤੁਰੇ ਜਾ ਰਹੇ ਸੀ ਪਰ ਗੱਡਿਆਂ ਦੀ ‘ਚੂੰ ਚੂੰ’ ਦੀ ਆਵਾਜ਼ ਕਿਸੇ ਵੇਲੇ ਵੀ ਮੌਤ ਨੂੰ ਦਾਅਵਤ ਦੇ ਸਕਦੀ ਸੀ।
“ਜੀ ਕਰਦੈ, ਕਿਸੇ ਖੂਹ ’ਚ ਛਾਲ ਮਾਰਾਂ !” ਗੱਡੇ ’ਚ ਬੇਚੈਨ ਬੈਠੇ ਵਡੇਰੇ ਬਜੁਰਗ ’ਚ ਜਿੰਦਗੀ ਜਿਉਣ ਦੀ ਇੱਛਾ ਨਹੀਂ ਸੀ ਰਹੀ।

“ਹੂੰ ... ਕਿਸੇ ਤੋਂ, ਸਾਲੇ ਤੋਂ, ਉਏ ਨੀ ਕਹਾਈ, ਕਦੇ।” ਬੇਗੋ ਦੇ ਖਸਮ ਨੂੰ ਆਪਣੀ ਪਿਛਲੀ ਐਸ਼ੋ ਇਸ਼ਰਤ ਵਾਲੀ ਜਿੰਦਗੀ ਯਾਦ ਆਈ। “ਕਿੱਥੋਂ ਦੇ ਸੀ, ਸਾਲੇ ਆਹ ਮਲੰਗ ?” ਬਜੁਰਗ ਨੇ ਫਿਰ ਉਸ ਟਿੱਬੀ ਵੱਲ ਤੱਕਿਆ, ਜਿਸ ਪਾਸੇ ਉਹ ਅਲੋਪ ਹੋਏ ਸੀ।
“ਕੀ ਪਤਾ, ਮੂੰਹ ਤਾਂ ਲਪੇਟੀ ਬੈਠੇ ਸੀ। ਬੋਲੀ ਤੋਂ ਤਾਂ ਲਠੇਰੇ ਦੇ ਲੱਗੇ।” ਬੇਗੋ ਦਾ ਖਸਮ ਬੋਲਿਆ। ਪਾਣੀ ਦੇ ਛਿੱਟੇ ਮਾਰਨ ਨਾਲ ਬੇਗੋ ਨੂੰ ਹੋਸ਼ ਆ ਗਈ।
“ਹਾਏ ਮੇਰੀ ਬੱਚੀ ! ਹਾਏ ਮੇਰੀ ਬੱਚੀ !” ਉਹ ਬੱਚੀ ਬਿਨਾਂ ਪਾਗਲ ਹੋ ਗਈ ਸੀ। ਉਸਨੂੰ ਜਾਪਿਆ, ਕਾਲੇ ਮੱਥੇ ਵਾਲਾ ਹੈਵਾਨ ਅਜੇ ਵੀ ਉਸ ਦਾ ਪਿੱਛਾ ਕਰਦਾ ਆ ਰਿਹਾ ਹੈ।
“ਚੁੱਪ ਕਰ ਮੇਰੀ ਧੀ, ਚੁੱਪ ਕਰ, ਸਾਨੂੰ ਕਿਹੜਾ ਪਿਆਰੀ ਨੀ ਸੀ ਤਾਨੀਆਂ !” ਬੇਗੋ ਦੇ ਕੋਲ ਬੈਠੀ ਸੱਸ ਆਪ ਰੋਂਦੀ-ਰੋਂਦੀ ਵੀ ਉਸ ਨੂੰ ਚੁੱਪ ਕਰਾਉਣ ਦਾ ਅਸਫਲ ਯਤਨ ਕਰ ਰਹੀ ਸੀ।
“ਉਤਲੇ ਨੂੰ ਵੀ ਕੱਢ ਲੈਣ ਦੇ ਰੜਕਾਂ।” ਬਜੁਰਗ ਨੇ ਰੱਬ ਨੂੰ ਵੰਗਾਰਿਆ। ਇੱਕ ਪਾਸੇ ਭਾਦੋਂ ਦੀ ਤਿੱਖੀ ਧੁੱਪ ਭੱਠੀ ਵਿੱਚ ਭੁੱਜਦੇ ਮੱਕੀ ਦੇ ਦਾਣਿਆਂ ਵਾਂਗ ਭੁੰਨ ਰਹੀ ਸੀ ਤੇ ਦੂਜੇ ਪਾਸੇ ਭੁੱਖ ਨਾਲ ਖੋਹ ਪੈਣ ਲੱਗੀ।

ਦੁਪਹਿਰਾ ਹੋ ਗਿਆ। ਗੱਡੇ ਬਾਹਮਣਵਾਲੇ ਦੇ ਵੱਡੇ ਪਹੇ ’ਤੇ ਜਾ ਚੜ੍ਹੇ। ਬੁਢਲਾਡੇ ਵਾਲੇ ਪਾਸਿਓਂ ਵੀ ਕਿੰਨੇ ਹੀ ਗੱਡੇ ਤੁਰੇ ਆਉਂਦੇ ਸੀ। ਬਹੁਤੇ ਮੁਸਾਫਰ ਬੱਚਿਆਂ ਨੂੰ ਮੋਢਿਆਂ ’ਤੇ ਟੰਗੀ, ਸਿਰਾਂ ’ਤੇ ਸਮਾਨ ਰੱਖ ਕੇ ਪੈਦਲ ਵੀ ਤੁਰੇ ਆਉਂਦੇ ਸੀ। ਬਾਹਮਣਵਾਲੇ ਕੋਲ ਤਾਂ ਲਗਭਗ ਵੀਹ ਪਿੰਡਾਂ ਦਾ ਤਕੜਾ ਕਾਫਲਾ ਬਣ ਗਿਆ।

ਪਸ਼ੂ-ਡੰਗਰ ਵੀ ਨਾਲ ਹੀ ਤੁਰੇ ਆਉਂਦੇ ਸੀ। ਆਉਂਦੇ-ਆਉਂਦੇ ਬਾਥੂ, ਖੱਬਲ ਦੀਆਂ ਤਿੜਾਂ ਨੂੰ ਵੀ ਮੂੰਹ ਮਾਰ ਰਹੇ ਸੀ। ਅੱਜ ਤਾਂ ਬੱਕਰੀਆਂ, ਗਾਵਾਂ, ਲਵੇਰੀਆਂ, ਕੁੱਕੜ, ਊਠ, ਬਲਦ ਸਭ ਇੱਕ ਹੋ ਕੇ ਤੁਰੇ ਆ ਰਹੇ ਸੀ। ਡੰਗਰਾਂ ਵਿੱਚ ਏਕਾ ਹੋ ਗਿਆ ਸੀ, ਖਿੰਡ ਗਈ ਸੀ ਤਾਂ ਸਿਰਫ ਤੇ ਸਿਰਫ ਮਨੁੱਖਤਾ।

ਮੂਹਰਲੇ ਗੱਡਿਆਂ ’ਤੇ ਬੈਠੇ ਮਰਦ ਔਰਤਾਂ, ਦੂਰੋਂ ਆਏ ਗੱਡਿਆਂ ਜਾਂ ਰਾਹਗੀਰਾਂ ਵੱਲ ਗੌਰ ਨਾਲ ਤੱਕ ਰਹੇ ਸੀ, ਨਿਗਾਹ ਲਾ ਕੇ ਤੱਕਣ ਦਾ ਮਤਲਬ - ਅਪਣੇ ਅੰਗੀ ਸਾਕੀ ਦੀ ਪਛਾਣ ਕਰਨਾ ਸੀ। ਦਿਸ਼ਾਹੀਣ ਗੱਡੇ, ਮੂਹਰੇ ਜਾ ਰਹੇ ਗੱਡੇ ਦੀ ਪੈੜ ’ਚ ਪੈੜ ਧਰਦਿਆਂ, ਮਗਰ ਹੀ ਤੁਰੇ ਜਾ ਰਹੇ ਸੀ।
ਨੰਗਲ ਅਤੇ ਲਠੇਰੇ ਵਿਚਾਲੇ ਜਾ ਕੇ ਬੱਦਲਵਾਈ ਹੋ ਗਈ। ਅਸਮਾਨ ਅਤੇ ਉਜੜ ਕੇ ਜਾ ਰਹੇ ਲੋਕਾਂ ਦੇ ਮਨਾਂ ’ਤੇ ਘੋਰ ਬੱਦਲ ਫੈਲ ਗਏ।
“ਏਹਨੇ ਵੀ ਅੱਜ ਹੀ ਦੁਸ਼ਮਣੀ ਕੱਢਣੀ ਸੀ !” ਪੀਰਾਂਵਾਲੀ ਨੇ ਬਜੁਰਗ ਨੇ ਉਤਾਂਹ ਮੂੰਹ ਕਰਕੇ, ਰੱਬ ਨੂੰ ਮੇਹਣਾ ਮਾਰਿਆ।

ਅਚਾਨਕ ਇੱਕਦਮ ਮੋਟੀ ਕਣੀ ਡਿੱਗੀ ਤਾਂ ਪਸ਼ੂਆਂ ਨੇ ਰਿੰਗਣਾ ਸ਼ੁਰੂ ਕਰ ਦਿੱਤਾ। ਬੱਕਰੀਆਂ ਇੱਕ ਦੂਜੀ ਵਿੱਚ ਵੜ੍ਹਣ ਤੱਕ ਜਾਣ। ਮੀਂਹ ਵਾਲਾ ਮਾਹੌਲ ਵੇਖ ਗੱਡਿਆਂ ਦੀ ਰਫਤਾਰ ਵੱਧ ਗਈ। ਪੁਲਿਸ ਦੀ ਸ਼ੈਅ ’ਤੇ ਸਰਦੇ-ਪੁੱਜਦੇ ਘਰਾਂ ਦੀ ਹਮਾਇਤ ਮਿਲਣ ਤੇ ਇਲਾਕੇ ਦੇ ਚੋਰ, ਡਾਕੂ, ਧਾੜਵੀ, ਲਸੰਸੀ ਅਸਲੇ ਵਾਲੇ ਕਾਫਲੇ ਨੂੰ ਖਤਮ ਕਰਨ ਲਈ ਕਈ ਦਿਨ ਤੋਂ ਤਿਆਰੀਆਂ ਕਰ ਰਹੇ ਸੀ। ਇਨਸਾਨੀਅਤ ਨੂੰ ਧਰਮ ਦਾ ਬੁਖਾਰ ਚੜ ਗਿਆ ਸੀ। ਅਖੌਤੀ ਹਿੰਦੂ ਤੇ ਸਿੱਖਾਂ ਨੇ ਬੇ-ਘਰਿਆਂ ਨੂੰ ਘੇਰ ਘੇਰ ਮਾਰਨਾ ਸ਼ੁਰੂ ਕਰ ਦਿੱਤਾ। ਪੂਰੀ ਯੋਜਨਾ ਨਾਲ ਵੱਢਾ ਟੁੱਕੀ ਤੇ ਲੁੱਟ ਖੋਹ ਹੋਣ ਲੱਗੀ। ਤੇਂ ਮੀਂਹ ਵਿੱਚ ਦੁਸ਼ਮਣ ਨੂੰ ਦੇਖ ਕੇ ਮੁਸਲਮਾਨਾਂ ਦੇ ਚਿਹਰੇ ਫਿੱਕੇ ਪੈ ਗਏ। ਪਰ ‘ਮਰੇ ਤਾਂ ਪਏ ਆਂ’ ਸਮਝ ਕੇ, ਮੌਤ ਨੂੰ ਪਛਾੜਣ ਲਈ ਉਹ ਸ਼ੇਰਾਂ ਵਾਂਗ ਦਹਾੜਣ ਲੱਗੇ। ਚੋਣਵੇਂ ਨੌਜਵਾਨ ‘ਕਰੋ ਜਾਂ ਮਰੋ’ ਦੀ ਨੀਤੀ ਅਨੁਸਾਰ ਟੱਕਰ ਲੈਣ ਲਈ ਅੱਗੇ ਆਏ। ਬੰਦੂਕਾਂ ਦੀਆਂ ਗੋਲੀਆਂ ਅਤੇ ਤਿੱਖੇ ਹਥਿਆਰਾਂ ਨਾਲ ਜਵਾਨਾਂ ਦੀਆਂ ਛਾਤੀਆਂ ਭਰਿਆੜ ਹੋ ਰਹੀਆਂ ਸੀ ਪਰ ਫਿਰ ਵੀ ਬਹਾਦਰ ਜਵਾਨ ਫੌਲਾਦੀ ਕੰਧ ਬਣ ਕੇ ਰੱਖਿਆ ਕਰਦੇ ਜਾ ਰਹੇ ਸੀ। ਮੂਹਰਲੀ ਕਤਾਰ ਦੇ ਜਖਮੀ ਜਾਂ ਢਹਿ-ਢੇਰੀ ਹੋਣ ਤੇ ਪਿਛਲੇ ਜਵਾਨ ਉਹਨਾਂ ਦੀ ਥਾਂ ਲੈ ਰਹੇ ਸੀ। ਜਾਨ ਅਤੇ ਇੱਜਤ ਬਣਾਉਣ ਲਈ ਕਈ ਕੁਆਰੀਆਂ ਤੇ ਔਰਤਾਂ ਨੇ ਟੋਭੇ ਵਾਲੇ ਖੂਹ ਵਿੱਚ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵੀਹ ਫੁੱਟ ਡੂੰਘਾ ਖੂਹ ਲੋਥਾਂ ਨਾਲ ਆਫਰ ਗਿਆ। ਹਮਲਾਵਾਰ ਦੇ ਤੇਜ਼ ਰੁੱਖ ਵਾਂਗ ਮੀਂਹ ਵੀ ਤੇਜ਼ ਹੁੰਦਾ ਜਾ ਰਿਹਾ ਸੀ। ਵਡੇਰੀਆਂ ਔਰਤਾਂ ਘਬਰਾ ਕੇ ਬੇਸ਼ੁੱਧ ਹੋ ਗਈਆਂ। ਪਿੰਡੋਂ ਦਸ ਕੋਹ ਦੂਰ ਕੀ ਆਏ ! ਆਪਣੀਆਂ ਜੜਾਂ ਨਾਲੋਂ ਕੀ ਟੁੱਟੇ !! ਕਈਆਂ ਵਿੱਚ ਜਿਉਣ ਦੀ ਇੱਛਾ ਹੀ ਖਤਮ ਹੋ ਗਈ। ਰਿਸ਼ਤਿਆਂ ਦਾ ਮੋਹ ਵੀ ਤੜਫ ਤੜਫ ਕੇ ਮਰ ਗਿਆ।

ਕੂਕਾਂ ਵੱਜਣ, ਕਿਲਕਾਰੀਆਂ ਵੱਜਣ, ਬਿਜਲੀ ਦੀ ਚਮਕ ਨਾਲ ਹਥਿਆਰ ਹੋਰ ਵੀ ਲਿਸ਼ਕਣ। ਜਵਾਕਾਂ ਅਤੇ ਬਜੁਰਗਾਂ ਦਾ ਵੀ ਲਿਹਾਜ ਨਹੀਂ ਸੀ ਕੀਤਾ ਜਾ ਰਿਹਾ। ਗੁਰੂਆਂ ਪੀਰਾਂ ਦੀ ਧਰਤੀ ’ਤੇ, ਸਿੱਖੀ ਦੇ ਭੇਸ ਵਿੱਚ, ਫਿਰ ਜਕਰੀਆ ਖਾਨ ਤੇ ਮੀਰ ਮਨੂੰ ਪਤਾ ਨਹੀਂ ਕਿੱਥੋਂ ਪੈਦਾ ਹੋ ਗਏ ! ਨਿੱਕੇ ਨਿੱਕੇ ਬਲੂਰਾਂ ਨੂੰ ਮਾਵਾਂ ਦੀਆਂ ਕੁੱਛੜਾਂ ਚੋਂ, ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ। ਅੱਧੇ ਘੰਟੇ ਦੀ ਜੱਦੋ- ਜਹਿਦ ਬਾਅਦ ਚੋਟੀ ਦੇ ਜਵਾਨ ਮੂਧੇ ਮੂੰਹ ਡਿੱਗ ਪਏ, ਜਵਾਨੀ ਖਾਕ ਹੋ ਗਈ। ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਲੱਗਦੀ ਵਾਹ ਲਾਈ। ਤਲਵੰਡੀ ਦੀ ਇੱਥ ਮਰਦਾਨੀ ਔਰਤ ਹੱਥ ਵਿੱਚ ਤਲਵਾਰ ਫੜ ਕੇ ਮਾਈ ਭਾਗੋ ਵਾਂਗ ਧਾੜਵੀਂਆਂ ਵੱਲ ਵਧੀ। ਉਸਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਸਨੇ ਦੁਸ਼ਮਣ ਨੂੰ ਲਲਕਾਰਿਆ ਅਤੇ ਵੰਗਾਰਿਆ।
“ਆਓ ... ਵਧੋ ਅੱਗੇ .. ਕਰੋ ਹਮਲਾ ... ਤੇ ਨਿਭਾਓ ਆਪਣਾ ਧਰਮ ! ਤੁਸੀਂ ਪਿੱਛੇ ਕਿਉਂ ਰਹਿੰਦੇ ਹੋ !”

ਉਸਦੀ ਦਹਾੜ ਨੇ ਸਾਰੇ ਹਮਲਾਵਰਾਂ ਨੂੰ ਪਿੱਛੇ ਧੱਕ ਦਿੱਤਾ। ਇਹ ਮਰਦਾਨੀ ਤਲਵੰਡੀ ( ਬੁਢਲਾਡਾ ਨੇੜੇ) ਦੇ ਪਟਵਾਰੀ ਮੁਹੰਮਦ ਅਲੀ ਦੀ ਪਤਨੀ ਸੀ। ਮੁਹੰਮਦ ਤੇ ਉਸਦੇ ਦੋ ਮੁੰਡਿਆਂ ਨੂੰ ਤਾਂ ਤਲਵੰਡੀ ਦੇ ਹੀ ਪੁਰਾਣੀ ਰੰਜ਼ਸ ਵਾਲੇ ਸਰਦਾਰਾਂ ਨੇ ਮਾਰ ਮੁਕਾਇਆ ਸੀ। ਪ੍ਰਵੀਨ ਬੇਗਮ ਦਾ ਸਭ ਕੁੱਝ ਖਤਮ ਹੋ ਗਿਆ ਪਰ ਗੁਰਬਾਣੀ ਵਿੱਚ ਅਥਾਹ ਵਿਸ਼ਵਾਸ਼ ਰੱਖਣ ਵਾਲੀ ਬੇਗਮ ‘ਪੁਰਜਾ ਪੁਰਜਾ ਕਟ ਕੇ’ ਵੀ ਮੈਦਾਨ ਨਹੀਂ ਸੀ ਛੱਡਣਾ ਚਾਹੁੰਦੀ। ਜ਼ਖਮੀ ਹੋਈ ਬੇਗਮ ਦੀ ਤਲਵਾਰ ਅਜੇ ਵੀ ਹਵਾ ਵਿੱਚ ਲਹਿਰਾ ਰਹੀ ਸੀ। ਉਸਦੀ ਤਲਵਾਰ ਉਤੇ ਲਹੂ ਅਤੇ ਮੀਂਹ ਦੀਆਂ ਰਲਵੀਆਂ-ਮਿਲਵੀਆਂ ਬੂੰਦਾਂ ਟਪਕ ਰਹੀਆਂ ਸੀ। ਉਸ ਦੀ ਤਲਵਾਰ ਦੀ ਨੋਕ ਅਸਮਾਨ ਵੱਲ ਕੀ ਹੋਈ ! ਬੱਦਲੀਆਂ ਖਿੰਡ ਗਈਆਂ, ਸਤਰੰਗੀ ਪੀਂਘ ਅਸਮਾਨ ਵਿੱਚ ਹੀ ਘੁਲ ਗਈ। ਅਚਾਨਕ ਪੀਰਾਂਵਾਲੀ ਵੱਲੋਂ ਆਏ ਲੁਟੇਰਿਆਂ ਦੇ ਦਲ ਨੇ ਪਿੱਛੋਂ ਕਾਇਰਾਨਾ ਹਮਲਾ ਕੀਤਾ।

ਤੇਜੀ ਨਾਲ ਕੀਤੇ ਵਾਰ ਨੇ ਬੇਗਮ ਨੂੰ ਚਿੱਤ ਕਰ ਦਿੱਤਾ। ਚੌੜੇ ਅਤੇ ਕਾਲੇ ਮੱਥੇ ਵਾਲੇ ਨੇ ਦੋਵੇਂ ਹੱਥ ਜੋੜ ਕੇ ਐਨੀ ਤੇਜੀ ਅਤੇ ਤਾਕਤ ਨਾਲ ਹਮਲਾ ਕੀਤਾ ਕਿ ਉਸਦਾ ਬਰਛਾ ਬੇਗਮ ਦੀ ਨਾਭੀ ਪਾੜ ਕੇ ਬਾਹਰ ਆ ਨਿਕਲਿਆ।
ਸਵੇਰ ਵਾਲੇ ਲੁਟੇਰੇ ਤਾਜ਼ੀਆਂ ਲੋਥਾਂ ਵਿੱਚੋਂ ਲੰਘਦੇ ਹੋਏ ਪੀਰਾਂਵਾਲੀ ਦੀ ਬੇਗੋ ਨੂੰ ਲੱਭਣ ਲੱਗੇ। ਅਜੇ ਤਕ ਸਹਿਕ ਰਹੀਆਂ ਰੂਹਾਂ ਨੂੰ ਆਖਰੀ ਵਾਰ ਨਾਲ ਟਿਕਾਣੇ ਲਾਉਣ ਵਿੱਚ ਵੀ ਢਿੱਲ ਨਹੀਂ ਸੀ ਵਰਤ ਰਹੇ। ਉਹ ਅਗਲੇ ਗੱਡਿਆਂ ਵੱਲ ਵੱਧ ਰਹੇ ਸੀ।
“ਵੇਖ, ਅੱਗੇ ਹੋ ਕੇ ਵੇਖ ...!”
“ਸਿਆਣ ਚੀ ਨੀ ਆਉਂਦੀ !”
“ਅਗਲਿਆਂ ਗੱਡਿਆਂ ਕੋਲ ਤਾਂ ਵੇਖ।”
“ਆਜਾ ਆਜਾ ... ਹਿੰਮਤ ਨਾਲ, ਲੱਭ ਗਈ, ਲੱਭ ਗਈ।”

ਉਹ ਬੇਗੋ ਤਕ ਅੱਪੜ ਗਏ ਪਰ ਗੁਲਾਬ ਦੇ ਫੁੱਲ ਵਰਗਾ, ਮਹਿਕਾਂ ਵੰਡਦਾ ਬੇਗੋ ਦਾ ਚਿਹਰਾ ਹੁਣ ਤਕ ਆਪਣੀ ਸੁੰਦਰਤਾ ਗੁਆ ਬੈਠਾ ਸੀ। ਆਖਰ ਹਿਰਨੀ ਬਘਿਆੜਾਂ ਦੇ ਵੱਸ ਪੈ ਗਈ। ਉਹ ਬੇਗੋ ਨੂੰ ਗੱਡੇ ’ਚੋਂ ਸਿਸਕਦੀ ਹੋਈ ਨੂੰ ਘੜੀਸ ਕੇ ਲੈ ਗਏ। ਬੇਗੋ ਛੁਡਾ ਛੁਡਾ ਕੇ ਗੱਡੇ ਵੱਲ ਜਾਣ ਦਾ ਅਸਫਲ ਯਤਨ ਕਰਦੀ ਰਹੀ।

“ਸਾਲੀ ਚੱਚਰ ਕਰਦੀ ਐ। ਮੈਨੂੰ ਕਰਨੀ ਪਊ ਲੋਟ।” ਆਖ ਮਧਰੇ ਕੱਦ ਵਾਲੇ ਨੇ, ਕਮਰ ਕੋਲੋਂ ਵਲ੍ਹੇਵਾਂ ਪਾ, ਜੱਫਾ ਮਾਰਿਆ ਤੇ ਚੁੱਕ ਕੇ ਕਮਾਦ ਵਿੱਚ ਲੈ ਗਿਆ। ਸਿਰ ਤੋਂ ਪਰਨਾ ਉਤਾਰ ਕੇ, ਉਸਦਾ ਮੂੰਹ ਬੰਨ੍ਹ ਦਿੱਤਾ। ਬੇਗੋ ਦਾ ਸਾਹ ਘੁੱਟਿਆ ਗਿਆ। ਉਹ ਅੰਤਮ ਦਮ ਤੱਕ ਲੜਦੀ ਗਈ।

ਅਚਾਨਕ ਬਿਜਲੀ ਲਿਸਕੀ, ਬਿਜਲੀ ਲਿਸ਼ਕਣ ਤੋਂ ਬਾਅਦ ਹਨੇਰਾ ਜਿਹਾ ਹੋ ਗਿਆ। ਕਮਾਦ ’ਚ ਲਾਸ਼ ਬਣ ਲਿਟੀ ਪਈ ਬੇਗੋ, ਆਪਣੇ ਲਈ ਮੌਤ ਮੰਗਣ ਲੱਗੀ ਪਰ ਹਵਸ਼ ਦੇ ਭੁੱਖੇ ਸ਼ਿਕਾਰੀ, ਉਸ ’ਤੇ ਜੰਗਲੀ ਕੁੱਤਿਆਂ ਵਾਂਗੂ ਟੁੱਟ ਕੇ ਪੈ ਗਏ। ਖੁੱਲ੍ਹੀ ਮੂਹਰੀ ਵਾਲੀ ਸਲਵਾਰ ਅਤੇ ਟਿੱਚ ਬਟਨਾਂ ਵਾਲੀ ਕਮੀਜ ਲੀਰੋ ਲੀਰ ਹੋ ਗਈ।
ਜੇ ਬਾਹਰ ਮੁਸਲਮਾਨਾਂ ਦਾ ਯੁੱਧ ਚੱਲ ਰਿਹਾ ਸੀ ਤਾਂ ਇੱਧਰ ਬੇਗੋ ਦੇ ਅੰਦਰ ਵੀ ਇੱਕ ਯੁੱਧ ਚੱਲ ਰਿਹਾ ਸੀ। ਆਖਰ ਬੇਗੋ ਉਸ ਗੰਨੇ ਵਾਂਗ ਹੋ ਗਈ, ਜਿਸ ਦਾ ਰਸ ਕੱਢ ਲਿਆ ਗਿਆ ਹੋਵੇ।

ਕੁੱਝ ਸਮੇਂ ਬਾਅਦ ਮੀਂਹ ਰੁਕ ਗਿਆ। ਬੱਦਲ ਵੀ ਆਪਣੇ ਰਾਹ ਪੈ ਗਏ। ਸਭ ਕੁੱਝ ਸ਼ਾਂਤ ਹੋ ਗਿਆ। ਪਿੱਛੇ ਬਾਕੀ ਰਹਿ ਗਈ ਸੀ, ਲੋਥਾਂ ਦੀ ਨੁਮਾਇਸ। ਧੋਰੀ ਖਾਲ ਵਿੱਚ ਵਗਦੇ ਪਾਣੀ ਵਾਂਗ ਲਹੂ ਨਿਵਾਣ ਵੱਲ ਰਸਤਾ ਬਣਾ ਕੇ ਛੱਪੜ ਵਿੱਚ ਜਾ ਮਿਲਿਆ। ਛੱਪੜ ਦਾ ਪਾਣੀ ਵੀ ਰੰਗ ਵਟਾ ਗਿਆ। ਸਰਮਸ਼ਾਰ ਹੋਏ ਪਾਣੀ ਨੇ ਆਪਣੀ ਹੋਂਦ ਗੁਆ ਲਈ ਸੀ।

“ਹੁਣ ਤਾਂ ਤੇਰੇ ਵੀ ਕਾਲਜੇ ਠੰਡ ਪੈਗੀ ਹੋਣੀ ! ਤੂੰ ਵੀ ਜ਼ਸਨ ਮਨਾ ਲੈ ਵੈਰੀਆ।” ਪੀਰਾਂਵਾਲੀ ਦੇ ਬਜੁਰਗ ਨੇ ਰੱਬ ਨੂੰ ਮੇਹਣਾ ਮਾਰਿਆ। ਬੁੱਢੇ ਬਜੁਰਗ ਤੋਂ ਇਹ ਸਭ ਆਪਣੀਆਂ ਅੱਖਾਂ ਦੇ ਸਾਹਮਣੇ ਝੱਲਿਆ ਨਹੀਂ ਸੀ ਜਾ ਰਿਹਾ। ਜਵਾਨ ਪੁੱਤ ਫਸਾਦੀਆਂ ਨੇ ਮਾਰ ਦਿੱਤਾ, ਪੋਤੀ ਰਸਤੇ ’ਚ ਹੀ ਮਾਰ ਦਿੱਤੀ ਗਈ। ਕਿੰਨੀ ਚੁਲਬੁਲੀ ਸੀ, ਉਸਦੀ ਪੋਤੀ- ਤਾਨੀਆ। ਦਾਦੇ ਦੇ ਗਲ ਦਾ ਹਾਰ ਬਣੀ ਰਹਿੰਦੀ ਸੀ। ਚੌੜ ਚੌੜ ਵਿੱਚ ਦਾਦੇ ਦੀ ਦਾੜੀ ਵਿੱਚ ਕੂਲੇ ਕੂਲੇ ਹੱਥ ਮਾਰਦੀ। ਦਾਦਾ ਲੱਕੜ ਦੇ ਮੂੜ੍ਹੇ ’ਤੇ ਬੈਠਾ, ਉਸਨੂੰ ਉਤਾਂਹ ਨੂੰ ਉਲਾਰਦਾ, ਤਾਂ ਹੋਰ ਵੀ ਜਿਆਦਾ ਖਿੜਖਿੜਾਉਂਦੀ। ਪੁੱਤ ਅਤੇ ਪੋਤੀ ਨੂੰ ਗੁਆਉਣ ਤੋਂ ਬਾਅਦ, ਨੂੰਹ ਬੇਗੋ ਵੀ ਕਾਮ ਦੇ ਭੁੱਖਿਆ ਦੇ ਵੱਸ ਪੈ ਗਈ। ਹੁਣ ਰਹਿ ਵੀ ਕੀ ਗਿਆ ਸੀ, ਉਸ ਕੋਲ ਲੁਟਾਉਣ ਨੂੰ !
ਹੁਣ ਤਾਂ ਲੁੱਟਣ ਵਾਲਾ ਵੀ ਕੋਈ ਨਹੀਂ ਸੀ, ਲੁੱਟਣ ਵਾਲੇ ਲੁੱਟ ਕੇ ਜਾ ਚੁੱਕੇ ਸੀ। ਹੁਣ ਤਾਂ ਸਿਰਫ ਲੁੱਟੇ ਜਾਣ ਵਾਲੇ ਹੀ ਬਾਕੀ ਬਚੇ ਸੀ।

ਬਚਿਆ-ਖੁਚਿਆ ਕਾਫਲਾ ਘੱਗਰ ਨਦੀ ਕੋਲ ਪਹੁੰਚ ਗਿਆ। ਬਰਸਾਤਾਂ ਕਾਰਨ ਘੱਗਰ ਦਾ ਪਾਣੀ ਵੀ ਚੜ੍ਹ ਗਿਆ। ਤੰਗ ਪੁਲ ਤੋਂ ਲੰਘਦਿਆਂ ਕਈਆਂ ਨੇ ਹੌਸਲੇ ਨਾਲ ਪੁਲ ਸਰ ਕੀਤਾ। ਬਹੁਤੇ ਅਣਖ ਵਾਲੇ, ਜਿੰਨ੍ਹਾਂ ਦਾ ਲਾਹੌਰ ਲੁੱਟਿਆ ਜਾ ਚੁੱਕਾ ਸੀ, ਉਹ ਘੱਗਰ ਦੇ ਪਾਣੀ ’ਚ ਹੀ ਛਾਲ ਮਾਰ ਕੇ ਮਰ ਗਏ।
ਪੀਰਾਂਵਾਲੀ ਦਾ ਬਜੁਰਗ ਵੀ ਘੱਗਰ ਕੋਲ ਜਾ ਕੇ ਆਪਣੇ ਆਪ ਨਾਲ ਬੋਲਿਆ -“ਜੇ ਇਨਸਾਨ ਤੋਂ ਪਹਿਲਾਂ ਮੈਂ ਮੁਸਲਮਾਨ ਹਾਂ ਤਾਂ ਨਹੀਂ ਚਾਹੀਦਾ ਮੈਨੂੰ ਇਹ ਜੀਵਨ।”

ਫਿਰ ਉਸਨੇ ਅੱਖਾਂ ਮੀਚ ਘੱਗਰ ’ਚ ਛਾਲ ਮਾਰੀ। ਘੱਗਰ ਨੂੰ ਕੀ ਫਰਕ ਪੈਣਾ ਸੀ ! ਉਹ ਤਾਂ ਵਗਦਾ ਹੀ ਜਾ ਰਿਹਾ ਸੀ। ਪਿਛਲੇ ਪਿੰਡਾਂ ’ਚ ਹੋਈ ਵੱਢਾ ਟੁੱਕੀ ਕਾਰਨ, ਘੱਗਰ ਦਾ ਨਿਰਮਲ ਪਾਣੀ ਵੀ ਲਾਲ ਹੋ ਗਿਆ। ਘੱਗਰ ਦੇ ਪਾਣੀ ਵਾਂਗ, ਬਚਿਆ ਖੁਚਿਆ ਕਾਫਲਾ ਵੀ, ਦਿਸ਼ਾਹੀਣ ਹੋ ਅੱਗੇ ਨੂੰ ਚੱਲ ਪਿਆ, ਕਿਸੇ ਨਵੀਂ ਜਿੰਦਗੀ ਦੀ ਤਲਾਸ਼ ਵਿੱਚ। ਪੀਰਾਂਵਾਲੀ ’ਚੋਂ ਤਾਂ ਖੁਰਾ ਖੋਂ ਮਿਟ ਗਿਆ ਸੀ। ਦੁਪਹਿਰ ਤਕ ਪੀਰਾਂਵਾਲੀ ਅੱਧਾ ਖਾਲੀ ਹੋ ਗਿਆ। ਨਹੀਂ .. ਨਹੀਂ .. ਅੱਧਾ ਨਹੀਂ ... ਸਾਰਾ ਹੀ। ਪੀਰ ਪਿੰਡ ਦੇ ਮਾਲਕ ਸੀ, ਮਾਲਕ ਹੀ ਘਰ ਛੱਡ ਗਏ। ਪੀਰ ਬਾਬਾ ਸ਼ਾਹ ਹੁਸੈਨ ਦੀ ਕਬਰ ਅਤੇ ਮਸੀਤ ਸੁੰਨੀ ਹੋ ਗਈ। ਅੱਜ ਮਸੀਤ ਵਿੱਚ ਕਿਸੇ ਮੁਸਲਮਾਨ ਦੀ ਆਵਾਜ ਸੁਣਾਈ ਨਹੀਂ ਸੀ ਦੇ ਰਹੀ।

ਪੀਰਾਂਵਾਲੀ ’ਚ ਇੱਕ ਖਾਸ ਕਿਸਮ ਦੀ ਚੁੱਪ ਪਸਰ ਗਈ, ਜਿਹੜੀ ਚੁੱਪ ਰਹਿ ਕੇ ਵੀ ਕਿੰਨਾ ਸ਼ੋਰ ਕਰ ਰਹੀ ਸੀ ।

  • ਮੁੱਖ ਪੰਨਾ : ਅਜ਼ੀਜ਼ ਸਰੋਏ : ਪੰਜਾਬੀ ਨਾਵਲ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ