Rehat Data (Punjabi Article) : Principal Ganga Singh

ਰਹਿਤ ਦਾਤਾ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਪੰਦਰ੍ਹਵੀਂ ਸਦੀ ਵਿਚ ਜੋ ਪੈਗ਼ਾਮ ਮਨੁੱਖ ਜਾਤੀ ਨੂੰ ਸੁਲਤਾਨਪੁਰ ਦੀ ਜੂਹ ਵਿਚ ਬਹਿ ਕੇ ਜੀਵਨ ਦਾਤਾ ਜੀ ਨੇ ਇਕ ਅਰਸ਼ੀ ਗੀਤ ਵਿਚ ਗਾ ਕੇ ਸੁਣਾਇਆ ਸੀ, ਉਸ ਦੀ ਅਸਥਾਈ, ਜੋ ਬਾਰ ਬਾਰ ਦੁਹਰਾਈ ਗਈ ਏਹ ਸੀ:

ਹਰਿ ਬਿਨੁ ਜੀਉ ਜਲਿ ਬਲਿ ਜਾਉ॥

ਜੀਉ ਹਰੀ ਤੋਂ ਬਿਨਾਂ ਜਲ ਜਾਵੇਗਾ, ਇਸ ਲਈ ਇਸ ਨੂੰ ਹਰਿਆ ਭਰਿਆ ਰੱਖਣ ਲਈ ਹਰਿ ਨਾਮ ਦੀ ਸੰਚਣ ਅਤਿ ਜ਼ਰੂਰੀ ਹੈ। ਇਸ ਨੂੰ ਨਾ ਭੁੱਲਣਾ। ਹੋਰ ਕੋਈ ਦੂਜੀ ਥਾਂ ਨਹੀਂ ਹੈ। ਦੇਖਣਾ! ਮੋਤੀਆਂ ਦੇ ਮੰਦਰ, ਖ਼ੂਬਸੂਰਤ ਅਪੱਛਰਾਂ, ਰਾਜ ਮਦ ਤੇ ਰਿਧੀਆਂ ਸਿਧੀਆਂ ਆ ਆ ਕੇ ਭਰਮਾਣਗੀਆਂ, ਪਰ ਇਹਨਾਂ ਨੂੰ ਦੇਖ ਕੇ ਹਰੀ ਨੂੰ ਨਾ ਭੁੱਲ ਜਾਣਾ।

ਜੀਵਨ ਜੁਗਤੀ ਦੇ ਇਸ ਸੱਚੇ ਸੰਦੇਸ਼ ਨੂੰ ਖ਼ਲਕਤ ਨੇ ਸੁਣਿਆ, ਭਾਗਾਂ ਵਾਲਿਆਂ ਨੇ ਮਨ ਵਿਚ ਵਸਾਇਆ, ਜਿਨ੍ਹਾਂ 'ਤੇ ਬਖ਼ਸ਼ਿਸ਼ ਹੋਈ ਉਹ ਤੋੜ ਚੜ੍ਹੇ। ਦੋ ਸਦੀਆਂ ਤਕ ਇਸ ਦਾ ਅਭਿਆਸ ਹੁੰਦਾ ਰਿਹਾ। ਹੁਣ ਸੰਥਾ, ਵਿਦਿਆਰਥੀ ਨੂੰ ਦ੍ਰਿੜ ਹੋ ਗਈ ਸੀ, ਉਹ ਇਸ ਦੇ ਤੱਤ ਨੂੰ ਸਮਝ ਗਿਆ ਸੀ ਤੇ ਇਸ 'ਤੇ ਈਮਾਨ ਲੈ ਆਇਆ ਸੀ। ਉਸਨੂੰ ਜੀਅ ਦੇ ਜੀਵਨ ਦੀ ਸਮਝ ਆ ਗਈ ਸੀ ਤੇ ਇਸ ਜੀਵਨ ਵਿਚ ਜੀਵਣ ਲਈ ਤੱਤਪਰ ਸੀ। ਜੀਵਨ ਜੁਗਤੀ ਨੂੰ ਇਸ ਕੁਠਾਲੀ ਵਿਚ ਢਾਲਣ ਦਾ ਸਮਾਂ ਆ ਪੁੱਜਾ ਸੀ।

ਹੇਮਕੁੰਟ ਪਰਬਤ ਦੀ ਸਪਤ ਸ੍ਰਿੰਗ ਚੋਟੀ ਤੋਂ ਇਕ ਪੁੱਗੀ ਹੋਈ ਰੂਹ ਕੁਲ-ਮਾਲਕ ਨੇ ਆਪਣੇ ਦਰਬਾਰ ਸੱਦੀ ਤੇ ਕਿਹਾ, “ਮਾਤ ਲੋਕ ਜਾਓ, ਧਾਤੂ ਤੇ ਕੁਠਾਲੀ ਤਿਆਰ ਹੈ। ਰੂਹਾਨੀ ਜੀਵਨ ਦੇ ਪੁਤਲੇ ਤਿਆਰ ਕਰੋ। ਇਕ ਰੰਗਣ ਵਿਚ ਰੰਗੋ ਤੇ ਸ਼ਖ਼ਸੀ ਚਲਨ ਨੂੰ ਜਮਾਤੀ ਬਣਾ ਦਿਉ। ਸਾਦਕਾਂ ਦੀ ਜਮਾਤ ਤਿਆਰ ਕਰੋ ਤੇ ਪ੍ਰੇਮ ਦਾ ਪੰਥ ਤਿਆਰ ਕਰੋ।”

ਸੱਚਖੰਡ ਦੇ ਅਲੌਕਿਕ ਰਸ ਦੇ ਸੁਆਦ ਵਿਚੋਂ ਆਉਣ ਨੂੰ ਕਿਸ ਦਾ ਚਿਤ ਕਰਦਾ ਸੀ, ਪਰ ਹੁਕਮ ਅੱਗੇ ਸਦਾ ਸਿਰ ਝੁਕਾਣਾ ਹੀ ਬਣਿਆ ਹੈ। ਆਗਿਆ ਪਾ, ਥੱਲੇ ਮਾਤ ਲੋਕ ਵਿਚ ਉਤਰੇ, ਸ੍ਰੀ ਪਟਨੇ ਪ੍ਰਕਾਸ਼ ਹੋਇਆ, ਨਗਾਰਿਆਂ 'ਤੇ ਚੋਟਾਂ ਪਾਈਆਂ, ਅਤੇ ਸਾਜ਼ਾਂ ਦੀ ਧੁਨੀ ਵਿਚ ਆਪਣੇ ਆਉਣ ਦਾ ਉਦੇਸ਼ ਖ਼ਲਕਤ ਨੂੰ ਸੁਣਾਇਆ:

ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥੪੨॥
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥੪੩॥
(ਬਚਿਤ੍ਰ ਨਾਟਕ, ਪਾ: ੧੦)

ਸੱਚੇ ਪਾਤਸ਼ਾਹ ਜੀ ਦਾ ਸ਼ਾਹੀ ਫ਼ੁਰਮਾਨ ਸੁਭਾਗ ਸਿੱਖਾਂ ਨੇ ਸੁਣਿਆ ਤੇ ਪੁੱਛਿਆ, “ਧਰਮ ਕੀ ਹੈ?” ਤਾਂ ਸ੍ਰੀ ਮੁੱਖ ਤੋਂ ਉੱਤਰ ਮਿਲਿਆ, “ਜੋ ਅੱਜ ਤੋਂ ਦੋ ਸਦੀਆਂ ਪਹਿਲਾਂ ਦੱਸਿਆ ਗਿਆ ਸੀ।”

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

ਚੌਪਈ॥ ਤਿਨ ਇਹ ਕਲ ਮੋ ਧਰਮੁ ਚਲਾਯੋ॥
ਸਭ ਸਾਧਨ ਕੋ ਰਾਹੁ ਬਤਾਯੋ॥
(ਬਚਿਤ੍ਰ ਨਾਟਕ, ਪਾ: ੧੦)

ਧਰਮ ਸਤਿਗੁਰ ਨਾਨਕ ਨੇ ਦੱਸਿਆ ਹੈ, ਸੰਗਤ ਨੇ ਸੁਣਿਆ ਤੇ ਮੰਨਿਆ ਹੈ, ਹੁਣ ਉਸ ਧਰਮ ਦਾ ਪੰਥ ਚਲਾਇਆ ਜਾਵੇਗਾ। ਦਿਲਾਂ ਦੀਆਂ ਪੱਟੀਆਂ 'ਤੇ ਪੂਰਨੇ ਪੈਣਗੇ ਤੇ ਸਾਧੂ ਉਹਨਾਂ 'ਤੇ ਚੱਲ ਕੇ ਧਰਮ ਦ੍ਰਿੜ੍ਹ ਕਰਨਗੇ। ਧਰਮ ਜੀਅ ਦੇ ਜੀਵਨ ਨੂੰ ਸੰਭਾਲਣਾ ਸੀ, ਪਰ ਮੰਦਿਆਂ ਭਾਗਾਂ ਨੂੰ ਮਨੁੱਖ ਚਿਰਾਂ ਤੋਂ ਤਨ ਦੇ ਜਾਂ ਮਨ ਦੇ ਜੀਵਨ ਵਿਚ ਜੀਊਂਦਾ ਸੀ, ਖਾਣਾ ਪੀਣਾ ਤੇ ਸੰਤਾਨ ਪੈਦਾ ਕਰਨਾ, ਤਨ ਦਾ ਜੀਵਨ ਅਤੇ ਕਥਾ ਵਾਰਤਾ, ਗਿਆਨ ਧਿਆਨ ਦਾ ਪਠਨ ਪਾਠਨ ਮਾਨਸਕ ਜੀਵਨ ਸੀ, ਸੰਸਾਰ ਇਹਦੇ ਵਿਚ ਬੱਝ ਰਿਹਾ ਸੀ। ਬਾਬੇ ਨੇ ਆਣ ਕੇ ਜੀਅ ਦਾ ਜੀਵਨ ਦੱਸਿਆ। ਪਰ ਨਿਸ਼ਾਨੇ ਹੋਰ ਗੱਲ ਤੇ ਸਾਧਨ ਹੋਰ ਗੱਲ ਹੁੰਦੀ ਹੈ। ਸਾਧਨ ਤੋਂ ਬਿਨਾਂ ਨਿਸ਼ਾਨੇ 'ਤੇ ਨਹੀਂ ਪੁੱਜਿਆ ਜਾਂਦਾ, ਸਾਧਨ ਦੀ ਰਹਿਣੀ ਰਹਿਣ ਵਾਲੇ ਹੀ ਅੱਪੜ ਸਕਦੇ ਹਨ। ਸੋ ਹੁਣ ਨਿਸ਼ਾਨੇ 'ਤੇ ਲੈ ਜਾਣ ਦਾ ਸਾਧਨ, ਜੀਵਨ ਵਿਚ ਬਿਆਨ ਕੀਤਾ ਗਿਆ।

ਅਨੰਦਪੁਰ ਦੀਆਂ ਉੱਚੀਆਂ ਘਾਟੀਆਂ 'ਤੇ ਉੱਚੇ ਭਾਗਾਂ ਵਾਲੇ ਗੁਰਸਿੱਖਾਂ ਦਾ ਦੀਵਾਨ ਸਜ ਰਿਹਾ ਸੀ। ਉੱਚ ਦਮਾਲੇ ਵਾਲੇ ਉੱਚੇ ਸ਼ਹਿਨਸ਼ਾਹ ਕਲਗੀਆਂ ਵਾਲੇ ਨੇ ਸ੍ਰੀ ਸਾਹਿਬ ਸੰਭਾਲ ਉੱਚੀ ਅਵਾਜ਼ ਵਿਚ ਕਿਹਾ, “ਕੋਈ ਹੈ, ਜੋ ਸਰੀਰ ਤੇ ਮਨ ਦੇ ਜੀਵਨ ਤੋਂ ਉਤਾਂਹ ਚੜ੍ਹਿਆ ਹੋਵੇ? ਉੱਠੇ, ਜੁ ਮੈਂ ਉਸਦਾ ਠੀਕਰਾ ਆਪਣੀ ਤਲਵਾਰ ਨਾਲ ਤੋੜ ਦਿਆਂ।” ਇਕ ਉਠਿਆ, ਫਿਰ ਦੂਜਾ, ਤੀਜਾ, ਚੌਥਾ। ਜਦ ਪੰਜਵਾਂ ਵੀ ਉੱਠ ਖੜੋਤਾ ਤਾਂ ਫ਼ੁਰਮਾਣ ਲੱਗੇ, “ਬਸ! ਜਿਥੇ ਪੰਜ ਹਨ ਉਥੇ ਸਭ ਕੁਝ ਹੈ।” ‘ਪੰਜੀਂ ਪਰਮੇਸ਼ਰ' ਭਾਈ ਗੁਰਦਾਸ ਜੀ ਨੇ ਕਿਹਾ ਸੀ। ਹੁਕਮ ਹੋਇਆ, ਹੇਠਲੇ ਮੰਡਲਾਂ ਨੂੰ ਤਿਆਗ ਆਏ ਤੁਸੀਂ, ਜੀਵਨ ਦੇਸ਼ ਦੇ ਵਾਸੀ, ਮੇਰੇ ਹਮ ਸ਼ਹਿਰੀ ਮੀਤ ਹੋ, ਮੈਂ ਤੁਹਾਨੂੰ ਆਪਣੇ ‘ਪਿਆਰੇ’ ਕਹਿੰਦਾ ਹਾਂ। ਅੱਜ ਤੋਂ ਤੁਸੀਂ ਪਿਆਰੇ ਹੋ ਤੇ ਸਦਾ ਪਿਆਰੇ ਰਹੋਗੇ। ਜੀਵਨ ਜੁਗਤੀ ਤੁਹਾਨੂੰ ਸਮਝਾਂਦਾ ਹਾਂ, ਤੁਸਾਂ ਜਗਤ ਨੂੰ ਦੱਸਣੀ। ਪਹਿਲਾਂ ਤਨ ਮਨ ਤੋਂ ਉੱਤੇ ਉੱਠ ਅੰਮ੍ਰਿਤਪਾਨ ਕਰਨਾ ਹੈ, ਇਹ ਜੀਵਨ ਪੂੰਜੀ ਹੈ, ਇਕ ਦਾਤ ਇਲਾਹੀ ਹੈ। ਇਸ ਜਗਤ ਦੇ ਉਦਿਆਨ ਬਣ ਵਿਚ ਅਮੀਰਾਂ ਨੂੰ ਚੋਰ ਪੈਂਦੇ ਹਨ, ਸੁਦਾਗਰਾਂ ਦੇ ਕਾਫ਼ਲਿਆਂ 'ਤੇ ਡਕੈਤੀ ਹੁੰਦੀ ਹੈ, ਇਹ ਮਾਲਕ ਦੀ ਰਜ਼ਾ ਹੈ। ਤੁਸਾਂ ਧਨ ਪਾਇਆ ਹੈ, ਤੁਹਾਨੂੰ ਦਾਤ ਲੱਭੀ ਹੈ; ਹੁਣ ਅਮੀਰ ਹੋ, ਸ਼ਹਿਜ਼ਾਦੇ ਹੋ, ਚੋਰਾਂ ਤੋਂ ਬਚ ਕੇ ਰਹਿਣਾ ਤੇ ਉਹ ਬਚਾਉ, ਸਦਾ ਰਹਿਤ ਦੇ ਜੀਵਨ ਵਿਚ ਹੈ।

ਰਣਭੂਮੀ ਵਿਚ ਦਬਾ ਦਬ ਤੋਪਾਂ, ਬੰਦੂਕਾਂ ਤੇ ਰਹਿਕਲੇ ਚਲ ਰਹੇ ਸਨ। ਇਕ ਸੁਆਰ ਘੋੜਾ ਦੌੜਾਈ ਕਿਲ੍ਹੇ ਦੇ ਦਰਵਾਜ਼ੇ 'ਤੇ ਪੁੱਜਾ ਤੇ ਕਿਲ੍ਹੇਦਾਰ ਨੂੰ ਕਹਿਣ ਲੱਗਾ, “ਛੇਤੀ ਬੂਹਾ ਖੋਲ੍ਹ ਤੇ ਮੈਨੂੰ ਅੰਦਰ ਵਾੜ ਲੈ।” ਦਰਬਾਨ ਨੇ ਕਿਹਾ, “ਇਹ ਤਾਂ ਛੋਟਾ ਜਿਹਾ ਕਿਲ੍ਹਾ ਹੈ, ਇਸ ਦੇ ਸਿਹਨ ਵਿਚ ਤਾਂ ਖੁਲ੍ਹੇ ਦਾਲਾਨ ਤੇ ਮੈਦਾਨ ਵੀ ਨਹੀਂ। ਜੇ ਅੰਦਰ ਆ ਗਿਓਂ ਤਾਂ ਘੋੜਾ ਕਿਥੇ ਦੌੜਾਏਂਗਾ?” ਸੁਆਰ ਬੋਲਿਆ, “ਬਾਹਰ ਗੋਲੀ ਚਲ ਰਹੀ ਹੈ, ਦਮ-ਬ-ਦਮ ਮੌਤ ਦਾ ਖ਼ਤਰਾ ਹੈ, ਮੈਂ ਕੀ ਕਰਾਂ, ਖੁਲ੍ਹਿਆਂ ਮੈਦਾਨਾਂ ਤੇ ਲੰਮੀਆਂ ਦੌੜਾਂ ਨੂੰ? ਛੇਤੀ ਬੂਹਾ ਖੋਲ੍ਹ ਤੇ ਮੈਨੂੰ ਇਸ ਨਿਕੇ ਜਿਹੇ ਪਰ ਮੌਤ ਤੋਂ ਬੇਫ਼ਿਕਰ ਕਰ ਦੇਣ ਵਾਲੇ ਕਿਲ੍ਹੇ ਵਿਚ ਦਾਖ਼ਲ ਹੋਣ ਦੇ। ਜੇ ਜੀਵਨ-ਆਸ ਬੱਝ ਗਈ ਤਾਂ ਦੋੜਾਂ ਨਾਲੋਂ ਥੋੜ੍ਹਾ ਟਹਿਲ ਲੈਣਾ ਹੀ ਗ਼ਨੀਮਤ ਹੋਵੇਗਾ।” ਦਰਬਾਨ ਨੇ ਦਰਵਾਜ਼ਾ ਖੋਲ੍ਹਿਆ ਤੇ ਆਜ਼ਾਦ ਸੁਆਰ ਨੇ ਕਿਲ੍ਹੇ ਦਾ ਕੈਦੀ ਹੋ ਸੁਖ ਦਾ ਸਾਹ ਲਿਆ।

ਪਿਤਾ ਨੇ ਦੱਸਿਆ ਕਿ ਜਗਤ ਦੇ ਇਸ ਬੇਅੰਤ ਖੁਲ੍ਹੇ ਮੈਦਾਨ ਵਿਚ ਜੋ ਸ਼ੈਤਾਨੀਅਤ ਦੀਆਂ ਤੋਪਾਂ ਤੇ ਬੰਦੂਕਾਂ ਚਲ ਰਹੀਆਂ ਹਨ, ਵਿਕਾਰਾਂ ਦੇ ਗੋਲੇ ਤੇ ਗੋਲੀਆਂ ਮੀਂਹ ਵਾਂਗ ਬਰਸ ਰਹੀਆਂ ਹਨ, ਇਹਨਾਂ ਤੋਂ ਬਚਾਅ ਉਹਨਾਂ ਦਾ ਹੀ ਹੋਵੇਗਾ ਜੋ ਭੱਜ ਕੇ ਸੰਗਤ ਦੇ ਕਿਲ੍ਹੇ ਵਿਚ ਵੜ ਗਏ ਤੇ ਜੀਵਨ ਨੂੰ ਕਿਸੇ ਰਹਿਤ ਵਿਚ ਰਖ ਲਿਆ:

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ॥
ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ॥
(ਸਲੋਕ ਫਰੀਦ, ਪੰਨਾ ੧੩੮੨)

ਕੇਹਾ ਉੱਤਮ, ਫ਼ਰੀਦ ਜੀ ਨੇ ਕਿਹਾ ਹੈ ਕਿ ਇਸ ਵਸੂਲੇ ਬਾਗ਼ ਵਿਚੋਂ ਉਹੀ ਬਚਣਗੇ ਜਿਨ੍ਹਾਂ ਨੂੰ ਪੀਰ ਨੇ ਨਿਵਾਜਿਆ ਹੈ। ਪੀਰ ਦੀ ਨਿਵਾਜ਼ਸ਼ ਕੀ ਸੀ? ਉਹ ਪੀਰਾਨ ਪੀਰ ਦੇ ਇਸ ਇਲਾਹੀ ਕੌਤਕ' ਤੋਂ ਪ੍ਰਗਟ ਹੋ ਰਹੀ ਹੈ—ਪਹਿਲੇ ਅੰਮ੍ਰਿਤ ਪਿਲਾਇਆ, ਧਨੀ ਮਾਮੂਰ ਕੀਤਾ ਤੇ ਫੇਰ ਰਹਿਤ ਦਾ ਜੀਵਨ ਦੇ ਕੇ ਅਗਾਂਹ ਆਉਣ ਵਾਲਿਆਂ ਖ਼ਤਰਿਆਂ ਤੋਂ ਇਕ ਬਚਾਅ ਦੀ ਸੂਰਤ ਪੈਦਾ ਕਰ ਦਿੱਤੀ। ਜਾਂ ਐਦਾਂ ਕਹੋ ਕਿ ਉਸ ਅਰਜ਼ੀ ਮਾਲੀ ਨੇ ਸਿੱਖ ਦੇ ਮਨ ਵਿਚ ਅੰਮ੍ਰਿਤ ਦਾ ਬੀਜ ਬੀਜਿਆ ਤੇ ਰਹਿਤ ਦੀ ਵਾੜ ਉਦਾਲੇ ਦੇ ਦਿੱਤੀ, ਕਿਉਂਜੋ ਇਥੇ ਹਰਨਾਂ ਦੀਆਂ ਡਾਰਾਂ ਅੰਗੂਰੀ ਚੁਗਣ ਲਈ ਫਿਰ ਰਹੀਆਂ ਸਨ। ਹੁਕਮ ਹੋਇਆ, “ਮਨ ਤੇ ਤਨ ਦੋਹਾਂ ਨੂੰ ਮਰਯਾਦਾ ਵਿਚ ਰਖੋ। ਤੁਸੀਂ ਸਿਪਾਹੀ ਹੋ, ਸੂਤ ਵਿਚ ਰਹਿਣਾ ਸਿਪਾਹੀ ਦਾ ਸਦਾ ਕਰਤਵ ਹੈ। ਸੂਤ ਨੂੰ ਸਮਝੋ ਤੇ ਸਦਾ ਧਿਆਨ ਵਿਚ ਰਖੋ।” ਬਾਣੀ ਵਿਚ ਆਇਆ ਹੈ:

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥
ਇਸ ਹਸਤ ਬਿਨੋਦ ਬਿਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ॥
(ਰਾਮਕਲੀ ਨਾਮਦੇਉ, ਪੰਨਾ ੯੭੨)

ਸਖੀਆਂ ਨਾਲ ਪਾਣੀ ਭਰਨ ਆਈ ਕੁੜੀ ਗੱਲਾਂ-ਬਾਤਾਂ ਵੀ ਕਰਦੀ ਰਹੀ, ਹਾਸੇ ਵੀ ਪੈਂਦੇ ਰਹੇ, ਅਠਖੇਲੀਆਂ ਹੁੰਦੀਆਂ ਰਹੀਆਂ, ਪਰ ਸੁਰਤ ਗਾਗਰ ਵਿਚ ਰਹੀ ਤੇ ਉਸ ਨੂੰ ਡਿਗਣ ਨਾ ਦਿਤਾ। ਗੁੱਡੀ ਉਡਾਉਂਦੇ ਮੁੰਡੇ ਤੇ ਪਾਣੀ ਭਰਦੀ ਸੁੰਦਰੀ ਨੇ ਜਗਤ ਦੀ ਦਸ਼ਾ ਦਾ ਨਕਸ਼ਾ ਖਿਚਿਆ ਹੈ, ਜੋ ਮਨ ਦੇ ਹਿਸਿਆਂ ਵਿਚ ਤਕਸੀਮ ਹੋਇਆ, ਅੰਦਰ ਤੇ ਬਾਹਰ ਕੰਮ ਕਰੀ ਜਾਂਦਾ ਹੈ। ਸਾਹਿਬ ਨੇ ਫ਼ੁਰਮਾਇਆ ਕਿ ਜਗਤ ਤਨ ਦੀ ਜ਼ਿੰਦਗੀ ਬਿਤਾਂਦਾ ਹੈ, ਕਥਾ ਕਰੀ ਜਾਂਦਾ ਹੈ, ਗਿਆਨ ਸੁਣਾਈ ਜਾਂਦਾ ਹੈ, ਤਪ ਸਾਧਦਾ ਤੇ ਜੋਗ ਕਮਾਉਂਦਾ ਹੈ, ਪਰ ਇਹ ਸਭ ਕੁਝ ਕਰਦਾ ਹੋਇਆ ਧਿਆਨ ਵਿਚ ਤਨ, ਤੇ ਸੁਰਤ ਸੰਬੰਧੀਆਂ ਵਿਚ ਜੋੜੀ ਰਖਦਾ ਹੈ। ਗੁਰਦੁਆਰੇ ਵਿਚ ਕਥਾ ਸੁਣਦਿਆਂ ਧਿਆਨ ਘਰ ਦੇ ਪਸ਼ੂਆਂ ਦੀਆਂ ਖੁਰਲੀਆਂ ਵਿਚ ਫਿਰਦਾ ਹੈ। ਬਾਣੀ ਪੜ੍ਹਦਿਆਂ ਪੈਸੇ ਗਿਣੀ ਜਾਣ ਦੀ ਬਾਣ ਪਈ ਹੋਈ ਹੈ। ਇਹੋ ਹੀ ਤਰੁਟੀ ਸੁਲਤਾਨਪੁਰ ਦੇ ਕਾਜ਼ੀ ਤੇ ਨਵਾਬ ਦੀ ਨਮਾਜ਼ ਵਿਚ ਸੀ, ਇਹੋ ਹੀ ਤੋਟਾ ਅੱਚਲ ਵਟਾਲੇ ਦੇ ਭਗੌਤੀਆਂ ਵਿਚ ਸੀ। ਪਰ ਇਹ ਸਭ ਕੁਝ ਕਿਉਂ ਸੀ? ਅਰਸ਼ 'ਤੇ ਖੜੋਤਾ ਮਨੁੱਖ ਫ਼ਰਸ਼ ਵੱਲ ਕਿਉਂ ਤਕਦਾ ਸੀ? ਚੋਟੀ ਚੜ੍ਹੇ ਦੀ ਰਸਾਤਲ ਵਿਚ ਕਿਉਂ ਰੁਚੀ ਸੀ? ਇਸ ਦਾ ਉੱਤਰ ਇੱਕੋ ਸੀ ਕਿ ਤਨ ਰਾਹੀਂ ਨਿੰਮਿਆ ਗਿਆ, ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪਲਿਆ, ਸਦਾ ਤਨ ਦਾ ਹੀ ਹੋ ਰਿਹਾ ਸੀ। ਅੱਜ ਕੇਸਗੜ੍ਹ ਸਾਹਿਬ ਦੇ ਟਿੱਲੇ 'ਤੇ ਨਵਾਂ ਜਨਮ ਦਿੱਤਾ ਗਿਆ। ਹੱਡ, ਮਾਸ ਤੇ ਚੰਮ ਵਿਚੋਂ ਜੰਮੇ ਹੋਏ ਨੂੰ ਕਲਗੀਧਰ ਪਿਤਾ ਦੀ ਤਲਵਾਰ ਨੇ ਝਟਕਾ ਦਿੱਤਾ ਸੀ। ਪਿਛਲੇ ਜੀਵਨ ਦਾ ਭੋਗ ਪੈ ਗਿਆ ਸੀ। ਹੁਣ ਤਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮਕ ਪਤਨੀ ਸਾਹਿਬ ਦੇਵਾਂ ਦੀ ਰੂਹਾਨੀ ਕੁੱਖ ਥਾਣੀ ਇਹਨੂੰ ਪੈਦਾ ਕੀਤਾ ਸੀ। ਇਸ ਆਤਮਕ-ਜਨਕ (Spirit Born) ਪੁੱਤਰ ਨੂੰ ਪਹਿਲੀ ਗੁੜ੍ਹਤੀ ਹੀ ਇਹ ਦਿੱਤੀ ਗਈ:

ਉਲਟੀ ਰੇ ਮਨ ਉਲਟੀ ਰੇ॥
ਸਾਕਤ ਸਿਉ ਕਰਿ ਉਲਟੀ ਰੇ।
(ਦੇਵਗੰਧਾਰੀ ਮ: ੫, ਪੰਨਾ ੫੩੫)

ਸਾਕਤ ਤਾਂ ਤਨ ਥਾਣੀ ਜੰਮਿਆ ਤੇ ਤਨ ਵਿਚ ਹੀ ਪ੍ਰਵਿਰਤ ਰਿਹਾ, ਪਰ ਖ਼ਾਲਸੇ ਨੇ ਤਾਂ ਆਤਮਾ ਵਿਚੋਂ ਜਨਮ ਲਿਆ ਹੈ, ਇਸ ਨੇ ਤਾਂ ਆਤਮ ਪਰਵਿਰਤੀ ਹੀ ਕਰਨੀ ਹੈ। ਲੀਲ੍ਹਾ ਪਨਿਹਾਰੀ ਵਾਂਗ ਹੀ ਰਹੇਗੀ, ਖੇਲ੍ਹ ਗੁੱਡੀ ਉਡਾਉਣ ਵਾਲੀ ਹੀ ਹੈ, ਪਰ ਤਰੀਕਾ ਸਾਕਤ ਤੋਂ ਉਲਟਾ ਹੈ। ਉਹ ਭਜਨ ਕਰਦਾ, ਬਾਣੀ ਪੜ੍ਹਦਾ ਤੇ ਅਧਿਆਤਮ ਕਰਮ ਕਰਦਾ ਹੋਇਆ ਸੁਰਤ ਪ੍ਰਭੂ ਦੇ ਚਰਨਾਂ ਵਿਚ ਰਖੇਗਾ। ਉਹ ਇਸ ਮਾਤ ਲੋਕ ਵਿਚ ਗੁਸਾਈਂ ਦਾ ਪਹਿਲਵਾਨ ਉਤਰਿਆ ਹੈ, ਸੇਵਾ ਲਈ ਆਇਆ ਹੈ, ਉਪਕਾਰ ਕਮਾਉਣਾ ਹੈ। ਫਿਰਨਾ ਧਰਤ 'ਤੇ ਹੈ, ਰਹਿਣਾ ਫ਼ਰਸ਼ 'ਤੇ ਅਤੇ ਨਿਗਾਹ ਅਰਸ਼ ਵੱਲ ਰਖਣੀ ਹੈ। ਹੋਰ ਕਾਰ-ਵਿਹਾਰ ਕਰਨੇ ਹਨ, ਪਰ ਅੰਦਰੋਂ ਜੁੜੇ ਰਹਿਣਾ ਹੈ। ਇਹ ਉਸਦਾ ਜੀਵਨ-ਆਦਰਸ਼ ਹੈ। ਇਸੇ ਆਦਰਸ਼ ਵਿਚ ਟਿਕ ਕੇ ਖ਼ਾਲਸੇ ਨੇ ਜਗਤ ਤੋਂ ਨਿਆਰਾ ਰਹਿਣਾ ਹੈ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ