Rehat Di Lor (Punjabi Article) : Principal Ganga Singh

ਰਹਿਤ ਦੀ ਲੋੜ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਰਹਤ ਰਹਤ ਰਹਿ ਜਾਹਿ ਬਿਕਾਰਾ॥
ਗੁਰ ਪੂਰੇ ਕੈ ਸਬਦਿ ਅਪਾਰਾ॥
(ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੯)

ਇਹ ਰੱਬੀ ਹੁਕਮ ਜੋ ਪੰਜਵੀਂ ਪਾਤਸ਼ਾਹੀ ਜੀ ਦੇ ਸ੍ਰੀ ਮੁਖਵਾਕ ਰਾਹੀਂ ਸੰਸਾਰ ਨੂੰ ਦਿੱਤਾ ਗਿਆ ਹੈ, ਆਪਣੇ ਅੰਦਰ ਰਹਿਤ ਦੇ ਸਾਰੇ ਭੇਦ ਨੂੰ ਬੰਦ ਕਰੀ ਬੈਠਾ ਹੈ। ਆਖ਼ਰੀ ਅਰਥ ਸਪੱਸ਼ਟ ਹਨ ਕਿ ਗੁਰ ਪੂਰੇ ਦੇ ਅਪਾਰ ਬਚਨਾਂ ਦੀ ਰਹਿਤ ਵਿਚ ਜੋ ਰਹੇਗਾ, ਉਸ ਦੇ ਵਿਕਾਰ ਮੁਕ ਜਾਣਗੇ। ਜੇ ਭਾਵ ਵੱਲ ਜ਼ਰਾ ਗਹੁ ਕਰੀਏ ਤਾਂ ਪ੍ਰਾਣੀ-ਮਾਤ੍ਰ ਦੀ ਜੀਵਨ ਮਰਯਾਦਾ ਵਿਚ ਕਾਮਯਾਬੀ ਦਾ ਮੁਢਲਾ ਕਾਰਨ ਪਤਾ ਲਗ ਜਾਂਦਾ ਹੈ। ਇਹ ਗੱਲ ਬਿਨਾਂ ਕਿਸੇ ਸੰਦੇਹ ਦੇ ਸਿੱਧ ਹੈ ਕਿ ਮਨੁੱਖ-ਜੀਵਨ ਵਿਕਾਰਾਂ ਦੀ ਮਾਰ ਦਾ ਮਾਰਿਆ ਹੋਇਆ ਹੀ ਸਫਲਤਾ ਦੀ ਸਿਖ਼ਰ ਤੋਂ ਡਿਗਦਾ ਹੈ। ਜੇ ਕਦੀ ਉਹ ਆਪਣੀ ਚਾਲ ਵਿਚ ਵਿਕਾਰ ਦੇ ਹਮਲਿਆਂ ਤੋਂ ਖ਼ਬਰਦਾਰ ਰਹਿੰਦਾ ਤਾਂ ਕਦੇ ਵੀ ਅਸਫਲਤਾ, ਉਦਾਸੀਨਤਾ ਤੇ ਨਿਰਾਸਤਾ ਦੀਆਂ ਨਿਵਾਣਾਂ ਵਿਚ ਨਾ ਡਿਗਦਾ। ਸੰਸਾਰ ਦੇ ਇਤਿਹਾਸ ਤੇ ਸਤਿ-ਪੁਰਸ਼ਾਂ ਦੀ ਬਾਣੀ ਵਿਚ ਇਸ ਗੱਲ ਨੂੰ ਬਾਰ ਬਾਰ ਦਰਸਾਇਆ ਗਿਆ ਹੈ। ਬੜੇ ਬੜੇ ਰਾਜ-ਪ੍ਰਬੰਧ ਤੇ ਸ਼ੁਹਰਤ ਦੀ ਟੀਸੀ 'ਤੇ ਪੁੱਜੀਆਂ ਹੋਈਆਂ ਕੌਮਾਂ ਵਿਕਾਰੀ ਆਦਮੀਆਂ ਦੇ ਹੱਥੋਂ ਸਦਾ ਲਈ ਤਬਾਹ ਹੋ ਗਈਆਂ।

ਹਿੰਦ ਦੇ ਇਤਿਹਾਸ ਵਿਚ ਮੁਗ਼ਲਾਂ ਦਾ ਐਸ਼੍ਵਰਜੀ ਰਾਜ-ਪ੍ਰਬੰਧ ਜਿਸ ਤਰ੍ਹਾਂ ਨਸ਼ਟ ਹੋਇਆ, ਉਹ ਸਾਡੇ ਲਈ ਸੰਸਾਰ ਦੀਆਂ ਬੇਅੰਤ ਮਿਸਾਲਾਂ ਵਿਚੋਂ ਇਕ ਘਰੋਗੀ ਪ੍ਰਮਾਣ ਹੈ। ਬਿਖਮ ਤਪਾਂ ਵਿਚ ਰੁੱਝੇ ਹੋਏ ਤਪੀ, ਆਸਣਾਂ 'ਤੇ ਬੈਠੇ ਸਿੱਧ, ਜੰਗਲਾਂ, ਪਹਾੜਾਂ, ਕੁੰਦਰਾਂ ਤੇ ਬੀਆਬਾਨਾਂ ਵਿਚ ਰਮਣ ਕਰਨ ਵਾਲੇ ਤਿਆਗੀ ਵਿਕਾਰ ਦੀ ਇਕ ਚੋਟ ਨੇ ਚੂਰ ਕਰ ਸੁਟੇ। ਰਾਜਪਾਟ ਤਿਆਗ ਉਦਾਸੀਨ ਫਿਰਦੇ ਭਰਥਰੀ ਦਾ ਪਾਨ ਦੀ ਥੁੱਕ ਨੂੰ ਲਾਲ ਸਮਝ ਕੇ ਹੱਥ ਪਾਉਣਾ, ਰਾਣੀ ਸੁੰਦਰਾਂ ਦੀ ਇਕ ਦਰਸ਼ਨ-ਝਲਕ ਨਾਲ ਸਿੱਧ ਮੰਡਲੀ ਦੇ ਆਸਣਾਂ ਦਾ ਉੱਖੜ ਜਾਣਾ, ਧਾਰਮਕ ਇਤਿਹਾਸ ਵਿਚ ਬ੍ਰਹਮਾ, ਸ਼ਿਵਜੀ ਤੇ ਇੰਦਰ ਆਦਿਕਾਂ ਦੀਆਂ ਗਿਰਾਵਟਾਂ, ਪੁਰਾਣਾਂ ਵਿਚ ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ ਕਿ ਵਿਕਾਰ ਤੋਂ ਬਚੋ।

ਬਾਈਬਲ ਵਿਚ ਵਿਕਾਰਾਂ ਦੇ ਸਰਦਾਰ ਸ਼ੈਤਾਨ ਅਤੇ ਹਿੰਦੂ ਗ੍ਰੰਥਾਂ ਵਿਚ ਕਲਜੁਗ ਤੋਂ ਸਦਾ ਹੀ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ। ਗੁਰਬਾਣੀ ਵਿਚ ਜ਼ੋਰਦਾਰ ਚੇਤਾਵਨੀ ਆਈ ਹੈ:

ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ॥
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥
ਜਿਨਿ ਮਿਲਿ ਮਾਰੇ ਪੰਚ ਸੂਰ ਬੀਰ ਐਸੋ ਕਉਨੁ ਬਲੀ ਰੇ॥
ਜਿਨਿ ਪੰਚ ਮਾਰਿ ਬਿਦਾਰਿ ਗੁਦਾਰਿ ਸੋ ਪੂਰਾ ਇਹ ਕਲੀ ਰੇ॥੧॥ਰਹਾਉ॥
ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ॥
ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧ ਸੰਗਤਿ ਕੈ ਝਲੀ ਰੇ॥੨॥੩॥
(ਆਸਾ ਮਹਲਾ ੫, ਪੰਨਾ ੪੦੪)

ਇਸ਼ ਮੋਹਕਮ ਤੇ ਹਠਲੀ ਫ਼ੌਜ ਕੋਲੋਂ ਬਚਣਾ ਜਿਤਨਾ ਕਠਨ ਹੈ, ਉਤਨਾ ਹੀ ਜ਼ਰੂਰੀ ਵੀ ਹੈ, ਕਿਉਂਜੋ ਇਹਨਾਂ ਦੀ ਰਾਸ ਪੂੰਜੀ ਦੁੱਖ ਹੈ। ਜਿਥੇ ਵੀ ਇਹਨਾਂ ਦਾ ਰਾਜ ਹੋਵੇਗਾ, ਦੁੱਖ ਦਾ ਸਿੱਕਾ ਚਲੇਗਾ ਤੇ ਮਨੁੱਖ ਦੀ ਸ਼ਾਂਤੀ ਤੇ ਰਸ-ਸੁਆਦ ਕੂਚ ਕਰ ਜਾਣਗੇ। ਜਿਥੇ ਇਹਨਾਂ ਦੇ ਡੇਰੇ ਜੰਮੇ, ਉਥੇ ਹੀ ਇਹ ਵਰਤਾਰਾ ਵਰਤਿਆ। ਬਾਣੀ ਵਿਚ ਆਇਆ ਹੈ:

ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ॥
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ॥
ਜਤ ਦੇਖਉ ਤਤ ਦੁਖ ਕੀ ਰਾਸੀ॥
ਅਜੌਂ ਨ ਪਤਹਾਇ ਨਿਗਮ ਭਏ ਸਾਖੀ॥
ਗੋਤਮ ਨਾਰਿ ਉਮਾਪਤਿ ਸ੍ਵਾਮੀ॥
ਸੀਸੁ ਧਰਨਿ ਸਹਸ ਭਗ ਗਾਮੀ॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ॥
ਬਡੋ ਨਿਲਾਜੁ ਅਜਹੂ ਨਹੀ ਹਾਰਿਓ॥
(ਜੈਤਸਰੀ ਰਵਿਦਾਸ, ਪੰਨਾ ੭੧੦)

ਕਿਆ ਸੋਹਣਾ ਉਦਾਹਰਣ ਹੈ। ਕਹਾਵਤ ਹੈ ਕਿ ਫਲਾਣਾ ਚਲਾਕ ਆਦਮੀ ਇਕ ਪੱਥਰ ਨਾਲ ਦੋ ਸ਼ਿਕਾਰ ਮਾਰ ਰਿਹਾ ਹੈ, ਪਰ ਏਥੇ ਛਲੀ ਵਿਕਾਰ ਨੇ ਇਕ ਚੋਟ ਨਾਲ ਕਿਤਨਿਆਂ ਨੂੰ ਦਾਗ਼ੀ ਕੀਤਾ। ਕੁੱਕੜ ਦੀ ਬੇਇਤਬਾਰੀ, ਚੰਦਰਮਾ ਦੇ ਨੂਰੀ ਬਦਨ 'ਤੇ ਕਾਲਾ ਦਾਗ਼, ਇੰਦਰ ਨੂੰ ਸਹਸ ਭਗ ਦਾ ਕਲੰਕ, ਅਹੱਲਿਆ ਨੂੰ ਪੱਥਰ ਤੇ ਉਸਦੀ ਮੁਨਿਆਦ ਗੁਜ਼ਾਰਨ ਲਈ ਯੁਗਾਂ ਦਾ ਪਲਟਾ ਅਤੇ ਨਿਸਤਾਰੇ ਦੇ ਬਹਾਨੇ ਰਾਮ ਜੀ ਦਾ ਬਣਵਾਸ। ਗੱਲ ਕੀ, ਵਿਕਾਰ ਦੀ ਇਕ ਲਹਿਰ ਨੇ ਬੇਅੰਤ ਲੰਬੀ ਗੀਤਾ ਪਸਾਰ ਦਿਤੀ। ਭਾਵੇਂ ਕਿੱਸਾ ਪੁਰਾਣਕ ਹੀ ਹੈ, ਪਰ ਸਿਖਿਆ ਸੋਹਣੀ ਦੇਂਦਾ ਹੈ। ਵਾਜਦ ਅਲੀ੧ ਸ਼ਾਹ ਲਖਨਊ ਵਾਲੇ ਤੇ ਰੋਮ ਦੇ ਨੀਰੋ੧ (Nero) ਦੇ ਜੀਵਨ ਸਾਕੇ ਮਨੁੱਖ ਜਾਤੀ ਨੂੰ ਵਿਕਾਰਾਂ ਤੋਂ ਬਚਣ ਦਾ ਕਿਤਨਾ ਜ਼ੋਰ ਦਾ ਸੰਦੇਸ਼ ਦੇਂਦੇ ਹਨ।

(੧. ਇਹ ਦੋਵੇਂ ਬੜੇ ਅੱਯਾਸ਼ ਹੁਕਮਰਾਨ ਸਨ ਤੇ ਇਹਨਾਂ ਦੇ ਅੰਤ ਬੜੇ ਭਿਆਨਕ ਹੋਏ ਹਨ।)

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਿਕਾਰ ਹੈ ਕੀ ਤੇ ਇਸ ਦਾ ਮੁੱਢ ਕਿਵੇਂ ਅਰੰਭ ਹੁੰਦਾ ਹੈ? ਪੁਰਾਣੀਆਂ ਧਾਰਮਕ ਪੁਸਤਕਾਂ ਨੇ ਇਸ ਵਿਚਾਰ ਨੂੰ ਸੰਖੇਪ ਕਰਦਿਆਂ ਹੋਇਆਂ ਕੋਈ ਵਿਅਕਤੀ ਜਾਂ ਸ਼ਕਤੀ ਕਲਪ ਕਰ ਲਈ ਹੈ, ਜਿਸਦੇ ਪ੍ਰਭਾਵ ਤੇ ਯਤਨ ਨਾਲ ਮਨੁੱਖ ਔਝੜ 'ਚ ਪੈ ਜਾਂਦਾ ਹੈ। ਪਾਰਸੀਆਂ ਦਾ ਅਹਿਰਮਨ, ਸਾਮੀ (Semitic) ਮਜ਼ਹਬਾਂ ਦਾ ਸ਼ੈਤਾਨ ਤੇ ਹਿੰਦੂਆਂ ਦੀ ਮਾਇਆ ਇਸ ਸੰਬੰਧ ਵਿਚ ਬਿਆਨ ਕੀਤੀਆਂ ਗਈਆਂ ਵਿਕਾਰ ਦੀਆਂ ਵੱਡੀਆਂ ਵੱਡੀਆਂ ਏਜੰਸੀਆਂ ਦੇ ਨਾਉਂ ਹਨ। ਅਹਿਰਮਨ ਤੇ ਸ਼ੈਤਾਨ ਤਾਂ ਪਰਮੇਸ਼ਰ ਨਾਲ ਗੁੱਸੇ ਹੋ ਗਏ ਸਨ ਤੇ ਉਸ ਪੁਰਾਣੇ ਰੰਜ ਕਰਕੇ ਉਸ ਦੇ ਪਿਆਰੇ ਮਨੁੱਖ ਨੂੰ ਸਦਾ ਗੁਮਰਾਹ ਕਰਦੇ ਹਨ, ਤੇ ਮਾਇਆ ਭਗਵਾਨ ਦੀ ਘਰਵਾਲੀ ਹੋਣ ਕਰਕੇ ਪਸਾਰਾ ਪਸਾਰਨ ਲਈ ਮਨੁੱਖ ਨੂੰ ਵਿਵੇਕ ਤੋਂ ਉਖੇੜ ਕੇ ਮਹਾਂ ਮੋਹ ਦੇ ਅਧੀਨ ਕਰਦੀ ਤੇ ਜਨਮ ਲੈਣ ਦਾ ਭਾਗੀ ਬਣਾ ਕੇ ਬੇਅੰਤ ਜੂਨੀਆਂ ਵਿਚ ਫਿਰਾਂਦੀ ਰਹਿੰਦੀ ਹੈ।

ਪੁਰਾਣੀਆਂ ਗੱਲਾਂ ਭਾਵੇਂ ਕਿੰਨੀਆਂ ਹੀ ਭਾਵਪੂਰਤ ਤੇ ਭਲੇ ਸੰਕਲਪਾਂ ਨਾਲ ਮਨੁੱਖ ਨੂੰ ਉੱਚਿਆਂ ਕਰਨ ਲਈ ਜੋੜੀਆਂ ਗਈਆਂ ਸਨ, ਪਰ ਓੜਕ ਪੁਰਾਣੀਆਂ ਹੀ ਹਨ। ਐਵੋਲਿਊਸ਼ਨ (evolution) ਦੀ ਥਿਊਰੀ ਦੇ ਅਨੁਸਾਰ ਮਨੁੱਖ ਬੁੱਧੀ ਮੰਡਲ (realm of intellect) ਵਿਚ ਦਾਖ਼ਲ ਹੋ ਰਿਹਾ ਹੈ ਤੇ ਹੁਣ ਉਹ ਸ਼ਬਦ ਪ੍ਰਮਾਣ (school of authority) ਵੱਲ ਵਧੇਰੇ ਗਹੁ ਨਹੀਂ ਕਰਦਾ। ਉਹ ਹਰ ਇਕ ਸ਼ੈ ਨੂੰ ਅਕਲ ਤੇ ਦਲੀਲ ਦੀ ਕਸਵੱਟੀ 'ਤੇ ਪਰਖਣਾ ਚਾਹੁੰਦਾ ਹੈ। ਉਹ ਆਪਣੇ ਧਾਰਮਕ ਆਗੂ ਤੋਂ ਵੀ:

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ॥
(ਵਾਰ ਸਾਰੰਗ, ਮ: ੧, ਪੰਨਾ ੧੨੪੫)

ਦੀ ਰਹੁ-ਰੀਤ ਅਨੁਸਾਰ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਵਿਅਕਤੀਗਤ ਸ਼ੈਤਾਨ ਤੇ ਕਲਪਿਤ ਮਾਇਆ ਦੇ ਅਕਲੀ ਸਬੂਤ ਮੰਗਦਾ ਹੈ। ਇਸ ਲਈ ਵਿਕਾਰ ਦੀ ਵਿਆਖਿਆ ਲਈ ਸਾਨੂੰ ਹੁਣ ਪੁਰਾਣੇ ਖ਼ਿਆਲ ਛੱਡ ਕੇ ਕੁਝ ਵਧੇਰੇ ਸਮਝ ਤੋਂ ਕੰਮ ਲੈਣਾ ਪਵੇਗਾ।

ਸਿੱਖ ਧਰਮ ਦੀ ਇਹ ਖ਼ਾਸ ਖ਼ੂਬੀ ਹੈ ਤੇ ਗੁਰਮਤਿ ਦਾ ਇਹ ਇਕ ਨਿਰਾਲਾ ਲੱਛਣ ਹੈ ਕਿ ਉਹ ਵਿਸਮਾਦ ਮੰਡਲ ਤੋਂ ਹੇਠਲੇ ਦਰਜੇ ਦੀਆਂ ਸਾਰੀਆਂ ਗੱਲਾਂ ਦੀ ਅਕਲੀ ਛਾਣ-ਬੀਣ ਕਰਦਾ ਹੈ। ਗੁਰਬਾਣੀ ਨੇ ਸਾਨੂੰ ਕੇਵਲ ਸ਼ੈਤਾਨ ਜਾਂ ਮਾਇਆ ਦਾ ਨਾਉਂ ਦੱਸ ਕੇ ਹੀ ਨਹੀਂ ਵਰਚਾ ਛੱਡਿਆ ਸਗੋਂ ਵਧੇਰੇ ਗਹਿਰਾਈ ਵੱਲ ਲੈ ਗਈ ਹੈ।

ਮਨੁੱਖ ਜੀਵਨ ਵਿਚ ਵਿਕਾਰਾਂ ਦੀ ਵੰਡ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਹੀ ਕੀਤੀ ਗਈ ਹੈ। ਬਾਣੀ ਵਿਚ ਭੀ ਆਇਆ ਹੈ:

ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ, ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ॥
ਅੰਮ੍ਰਿਤ ਲੂਟਹਿ ਮਨਮੁਖ ਨਹੀ ਬੂਝਹਿ ਕੋਈ ਨ ਸੁਣੈ ਪੂਕਾਰਾ॥
(ਸੋਰਠਿ ਮ: ੩, ਪੰਨਾ ੬੦੦)

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨੁੱਖ-ਜੀਵਨ ਦੀ ਨਗਰੀ ਵਿਚ ਚੋਰ ਹਨ। ਇਹ ਜੀਵਨ-ਅੰਮ੍ਰਿਤ ਲੁੱਟ ਰਹੇ ਹਨ, ਮਨਮੁਖ ਨਹੀਂ ਬੁੱਝਦਾ, ਜਦੋਂ ਲੁਟਿਆ ਗਿਆ ਫਿਰ ਪਛਤਾਏਗਾ ਤੇ ਪੁਕਾਰ ਕਰੇਗਾ, ਪਰ ਸਮਾਂ ਬੀਤ ਜਾਣ ਕਰ ਕੇ ਕੋਈ ਬਹੁੜੀ ਨਹੀਂ ਕਰੇਗਾ। ਹੁਣ ਕਾਮ ਕ੍ਰੋਧ ਆਦਿਕ ਜਿਥੇ ਜੀਵਨ-ਨਾਸ਼ਕ ਦਸੇ ਗਏ ਹਨ, ਉਥੇ ਇਹ ਵੀ ਸੋਚਣਾ ਹੈ ਕਿ ਕੀ ਮਨੁੱਖ ਇਹਨਾਂ ਤੋਂ ਪਰੇ ਹੋ ਕੇ ਜੀਵਨ ਕਾਇਮ ਰਖ ਸਕਦਾ ਹੈ? ਇਸ ਦਾ ਉੱਤਰ ਇਕ ਛਿਣ ਦੀ ਵਿਚਾਰ ਦੇਵੇਗੀ ਕਿ ਨਹੀਂ, ਪਰ ਜੀਊਣ ਇਸਥਿਤੀ ਲਈ ਇਹਨਾਂ ਦਾ ਹੋਣਾ ਅਜਿਹਾ ਹੀ ਜ਼ਰੂਰੀ ਹੈ ਜਿਹਾ ਕਿ ਕਿਸੇ ਹੋਰ ਸ਼ੈਅ ਦਾ। ਲੋਭ ਤੋਂ ਬਿਨਾਂ ਸ਼ੁਭ ਗੁਣਾਂ ਦੀ ਪ੍ਰਾਪਤੀ ਲਈ ਯਤਨ ਕਿਥੇ? ਮੋਹ ਤੋਂ ਬਿਨਾਂ ਸਨੇਹੀਆਂ ਨਾਲ ਲਗਾਉ ਕਿਵੇਂ? ਕ੍ਰੋਧ ਤੋਂ ਬਿਨਾਂ ਦੈਂਤਾਂ ਤੇ ਦੁਸ਼ਟਾਂ ਤੋਂ ਦੀਨ ਦੀ ਰਖਿਆ ਕਿੱਦਾਂ? ਹੰਕਾਰ ਤੋਂ ਬਿਨਾਂ ਸ੍ਵੈ-ਸਤਿਕਾਰ ਅਤੇ ਕਾਮ ਤੋਂ ਬਿਨਾਂ ਸੰਤਾਨ ਦੀ ਉਤਪਤੀ ਤੇ ਜਗਤ ਮਰਯਾਦਾ ਕਿਸ ਤਰ੍ਹਾਂ ਕਾਇਮ ਰਹਿ ਸਕਦੀ ਹੈ? ਹੁਣ ਇਕ ਅਜਬ ਵਿਚਾਰ ਪੈਦਾ ਹੁੰਦੀ ਹੈ ਕਿ ਮਨੁੱਖ ਇਹਨਾਂ ਪੰਜਾਂ ਨੂੰ ਛੱਡ ਕੇ ਬਚ ਵੀ ਨਹੀਂ ਸਕਦਾ ਹੈ ਅਤੇ ਨਾਲ ਹੀ ਇਹਨਾਂ ਪੰਜਾਂ ਕਰਕੇ ਲੁਟਿਆ ਵੀ ਜਾਂਦਾ ਹੈ। ਤਾਂ ਫਿਰ ਕਰੇ ਤਾਂ ਕੀ ਕਰੇ? ਇਸ ਦਾ ਉੱਤਰ ਬਾਣੀ ਵਿਚ ਬੜਾ ਸੁੰਦਰ ਦਿੱਤਾ ਗਿਆ ਹੈ ਕਿ ਲੋੜਾਂ ਨੂੰ ਪੂਰਿਆਂ ਕਰੇ ਤੇ ਖਾਹਸ਼ਾਂ ਤੋਂ ਬਚੇ। ਲੋੜਾਂ ਨੂੰ ਪੂਰਾ ਕਰਨਾ ਪ੍ਰਮਾਰਥ ਦੇ ਯਤਨਾਂ ਦਾ ਅਰੰਭ ਦਸਿਆ ਗਿਆ ਹੈ:

ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥
ਹਉ ਮਾਂਗਉ ਸੰਤਨ ਰੇਨਾ॥ ਮੈ ਨਾਹੀ ਕਿਸੀ ਕਾ ਦੇਨਾ॥੧॥
ਮਾਧੋ ਕੈਸੀ ਬਨੈ ਤੁਮ ਸੰਗੇ॥ ਆਪਿ ਨ ਦੇਹੁ ਤ ਲੇਵਉ ਮੰਗੇ॥ਰਹਾਉ॥
ਦੁਇ ਸੇਰ ਮਾਂਗਉ ਚੂਨਾ॥ ਪਾਉ ਘੀਉ ਸੰਗਿ ਲੂਨਾ॥
ਅਧ ਸੇਰੁ ਮਾਂਗਉ ਦਾਲੇ॥ ਮੋਕਉ ਦੋਨਉ ਵਖਤ ਜਿਵਾਲੇ॥੨॥
ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ॥
ਊਪਰ ਕਉ ਮਾਂਗਉ ਖੀਂਧਾ॥ ਤੇਰੀ ਭਗਤਿ ਕਰੈ ਜਨੁ ਬੀਧਾ॥੩॥
ਮੈ ਨਾਹੀ ਕੀਤਾ ਲਬੋ॥ ਇਕ ਨਾਉ ਤੇਰਾ ਮੈ ਫਬੋ॥
ਕਹਿ ਕਬੀਰ ਮਨੁ ਮਾਨਿਆ॥ ਮਨੁ ਮਾਨਿਆ ਤਉ ਹਰਿ ਜਾਨਿਆ॥੪॥੧੧॥
(ਰਾਗੁ ਸੋਰਠਿ ਕਬੀਰ ਜੀ, ਪੰਨਾ ੬੫੬)

ਇਹਨਾਂ ਸ਼ਬਦਾਂ ਵਿਚ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਦਾ ਭਾਵ ਕਿਤਨੀ ਪੂਰਨਤਾ ਨਾਲ ਦਰਸਾਇਆ ਗਿਆ ਹੈ। ਪਰੰਤੂ ਸ਼ਬਦ ਦੀ ਪਿਛਲੀ ਤੁਕ ਖ਼ਾਸ ਵਿਚਾਰਗੋਚਰੀ ਹੈ। ਕਬੀਰ ਜੀ ਕਹਿੰਦੇ ਹਨ:

ਮੈਂ ਨਾਹੀਂ ਕੀਤਾ ਲਬੋ॥ ਇਕ ਨਾਉ ਤੇਰਾ ਮੈ ਫਬੋ॥
(ਸੋਰਠਿ ਕਬੀਰ, ਪੰਨਾ ੬੫੬)

ਹੇ ਪ੍ਰਭੂ, ਵਸਤਾਂ ਮੰਗਣ ਵਿਚ ਮੈਂ ਲੋਭ ਨਹੀਂ ਕੀਤਾ ਕਿਉਂ ਜੁ ਇਹ ਤਾਂ ਮੇਰੀਆਂ ਲੋੜਾਂ ਹੀ ਸਨ। ਮੇਰੀ ‘ਫਬਨ' ਤਾਂ ਤੇਰਾ ਨਾਮ ਹੀ ਹੈ। ਇਸ ਲਈ ਇਕ-ਰਸ ਅਤੁਟ ਪ੍ਰਵਿਰਤੀ ਮੈਂ ਤੇਰੇ ਨਾਮ ਵਿਚ ਹੀ ਲੋੜਦਾ ਹਾਂ, ਪਰ ਨਿਰਬਾਹ ਮਾਤਰ ਲੋੜਾਂ ਪੂਰੀਆਂ ਕਰਨ ਲਈ ਮੈਂ ਪਿਛਲੀਆਂ ਵਸਤਾਂ ਤੇਰੇ ਕੋਲੋਂ ਪਹਿਲਾਂ ਮੰਗ ਲੈਂਦਾ ਹਾਂ।

ਪਰ ਸੰਸਾਰ ਵਿਚ ਇਸਦੇ ਮੁਕਾਬਲੇ 'ਤੇ ਮਨੁੱਖ ਉਲਟੀ ਚਾਲ ਚਲਦਾ ਦਿਸ ਆ ਰਿਹਾ ਹੈ। ਉਸ ਦੀ ‘ਫਬਨ’ ਨਾਮ ਨਹੀਂ, ਸਗੋਂ ਲੋੜਾਂ ਦੇ ਪੂਰਨ ਹੋਣ ਉਤੇ ਜੋ ਆਰਜ਼ੀ (Temporary) ਜਿਹਾ ਸੁਆਦ ਆਉਂਦਾ ਹੈ, ਉਸ ਉਤੇ ਮੋਹਿਤ ਹੋ ਕੇ ਇਹਨਾਂ ਪਦਾਰਥਾਂ ਦਾ ਲੋਭ ਕਰਦਾ ਹੈ ਤੇ ਸਦੈਵੀ ਪ੍ਰਵਿਰਤੀ ਨਾਮ ਵਲੋਂ ਉਖੇੜ ਕੇ ਇਹਨਾਂ ਰਸਾਂ ਵਿਚ ਲਗਾ ਲੈਂਦਾ ਹੈ। ਮਰਯਾਦਾ ਛੱਡ ਬਹਿੰਦਾ ਹੈ, ਜਿਸ ਵਸਤ ਦੀ ਥੋੜ੍ਹੀ ਲੋੜ ਸੀ, ਉਸ ਨੂੰ ਵਿਹਾਜਣਾ ਚਾਹੁੰਦਾ ਹੈ ਤੇ ਜਿਸ ‘ਨਾਮ’ ਵਸਤ ਦੀ ਅਤਿਅੰਤ ਜ਼ਰੂਰਤ ਸੀ ਉਸ ਨੂੰ ਬਾਹਲਾ ਗੌਣ ਕਰ ਛੱਡਦਾ ਹੈ। ਇਹ ਬੇਤਰਤੀਬੀ ਹੀ ਵਿਕਾਰ ਦਾ ਮੁੱਢ ਹੈ। ਕੀ ਸਰੀਰਕ ਰੋਗ ਤੇ ਕੀ ਮਾਨਸਕ ਕਸ਼ਟ, ਸਭ ਇਸ ਕੁਚਾਲ ਤੋਂ ਹੀ ਉਪਜਦੇ ਹਨ। ਰਸਾਂ ਵਿਚ ਅਤਿਅੰਤ ਪ੍ਰਵਿਰਤੀ ਹੀ ਵਿਕਾਰ ਹੈ। ਭਾਵੇਂ ਸਾਰੇ ਜਾਨਦਾਰ ਅੱਖਾਂ ਰਖਦੇ ਹਨ, ਕੁਲ ਮਖ਼ਲੂਕ ਖਾਂਦੀ ਹੈ, ਹਰ ਕੋਈ ਸੁੰਘਦਾ ਹੈ, ਸਭ ਕਿਸੇ ਨੂੰ ਸਪਰਸ਼ ਭਾਉਂਦੀ ਹੈ ਤੇ ਜਣਾ ਖਣਾ ਸੁਣਦਾ ਹੈ ਪਰ ਇਸ ਸੁਣਨ, ਸੁੰਘਣ, ਖਾਣ, ਛੋਹਣ ਤੇ ਵੇਖਣ ਦੀ ਮਰਯਾਦਾ ਨੂੰ ਛੱਡ ਕੇ ਜੋ ਓੜਕ ਤਕ ਪੁਜੇ ਉਹ ਵਿਕਾਰੀ ਹੋ ਗਏ। ਗੁਰਬਾਣੀ ਨੇ ਸਾਨੂੰ ਖੋਲ੍ਹ ਕੇ ਸਮਝਾਇਆ ਹੈ:

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾਕੀ ਕੇਤਕ ਆਸ॥
(ਆਸਾ ਰਵਿਦਾਸ, ਪੰਨਾ ੪੮੬)

ਸਾਹਿਬ ਫ਼ੁਰਮਾਉਂਦੇ ਹਨ ਕਿ ਸੁਣਦਾ ਤਾਂ ਹਰ ਕੋਈ ਸੀ, ਪਰ ਮਿਰਗ ਕੰਨ-ਰਸ ਵਿਚ ਅਤਿਅੰਤ ਪ੍ਰਵਿਰਤ ਹੋ ਗਿਆ, ਇਸੇ ਤਰ੍ਹਾਂ ਮੱਛੀ ਜੀਭਾ ਦੇ ਰਸ, ਭਰਿੰਗੀ ਸੁਗੰਧੀ ਦੇ ਲੋਭ, ਪਤੰਗ ਰੂਪ ਦੇ ਮੋਹ ਤੇ ਕੁੰਚਰ ਸਪਰਸ਼ ਵਿਚ ਪਚ ਮੋਇਆ। ਇਹ ਪੰਜੇ ਵਿਕਾਰੀ ਹਨ। ਇਹਨਾਂ ਨੇ ਲੋੜਾਂ ਤੋਂ ਵੱਧ ਖ਼ਾਹਸ਼ਾਂ ਦੇ ਬਿਖੈ-ਬਣ ਵਿਚ ਪ੍ਰਵੇਸ਼ ਕੀਤਾ। ਉਹ ਫਿੱਕਾ ਤੇ ਬੇ-ਸੁਆਦਾ ਕੰਡਿਆਂ ਵਾਲਾ ਜੰਗਲ ਸੀ, ਥੱਕ ਹੁੱਟ ਕੇ ਓੜਕ ਢਹਿ ਢੇਰੀ ਹੋਏ। ਇਹਨਾਂ ਵਿਚ ਤਾਂ ਇੱਕੋ ਇਕ ਰਸ ਦੀ ਵਧੀ ਹੋਈ ਲਾਲਸਾ ਸੀ, ਪਰ ਮਨੁੱਖ ਤਾਂ ਪੰਜਾਂ ਦੇ ਮਗਰ ਹੀ ਬਾਵਲਾ ਹੋ ਦੌੜ ਰਿਹਾ ਹੈ, ਇਸ ਦੇ ਬਚਾਅ ਦੀ ਕੀ ਆਸ ਹੋ ਸਕਦੀ ਹੈ। ਗੁਰਬਾਣੀ ਵਿਚ ਕਥਨ ਕੀਤਾ ਗਿਆ ਹੈ ਕਿ ਇਹ ਗਿਆਨ ਰੋਜ਼ ਸਾਡੇ ਵਿਚ ਵਾਪਰਦਾ ਹੈ। ਅਸੀਂ ਰੋਜ਼ ਵੇਖਦੇ ਹਾਂ ਕਿ ਸੁਆਦਲਾ ਤੇ ਬਲਦਾਇਕ ਭੋਜਨ, ਮਰਯਾਦਾ ਤੋਂ ਵੱਧ ਖਾਧਾ ਹੋਇਆ, ਰੋਗ-ਜਨਕ ਬਿਖਿਆ ਬਣ ਜਾਂਦਾ ਹੈ। ਤਰਨ-ਤੇਜ ਵਿਚ ਮਸਤ ਹੋਇਆ ਭੋਗੀ ਮਨੁੱਖ ਮਰਯਾਦਾਹੀਣ ਪ੍ਰਵਿਰਤੀ ਕਰਦਾ ਹੋਇਆ ਛੇਤੀ ਹੀ ਆਪਣੇ ਸੁੰਦਰ ਸਰੂਪ ਨੂੰ ਭਾਂਤ-ਭਾਂਤ ਦਿਆਂ ਰੋਗਾਂ ਦੇ ਹੱਥੋਂ ਲੁਟਾ ਬਹਿੰਦਾ ਹੈ ਤੇ:

ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧਵਾਨੀ॥
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ॥
(ਸੋਰਠਿ ਭੀਖਨ, ਪੰਨਾ ੬੫੯)

ਦੇ ਮਹਾਂਵਾਕ ਅਨੁਸਾਰ ਬਾਕੀ ਰਹਿੰਦੀ ਠੰਢਿਆਂ ਹਉਕਿਆਂ ਤੇ ਪਛਤਾਵਿਆਂ ਵਿਚ ਲੰਘਾਉਂਦਾ ਹੈ।

ਉਤਲੀ ਵਿਚਾਰ ਤੋਂ ਪਤਾ ਲਗਦਾ ਹੈ ਕਿ ਵਿਕਾਰ ਕਿਸੇ ਬਾਹਰਲੀ ਸ਼ਕਤੀ ਦੀ ਸ਼ਹਾਹਤ ਤੋਂ ਸਾਡੇ ਵਿਚ ਪੈਦਾ ਨਹੀਂ ਹੁੰਦਾ, ਸਗੋਂ ਉਹ ਜੀਵਨ ਦੀ ਬੇਕਾਇਦਗੀ ਤੇ ਰਸਾਂ ਦੇ ਅਧੀਨ ਹੋ ਕੇ, ਜੋ ਅਸੀਂ ਮਰਯਾਦਾ ਭੰਗ ਕਰ ਦੇਂਦੇ ਹਾਂ, ਉਸ ਤੋਂ ਪੈਦਾ ਹੁੰਦਾ ਹੈ। ਜੇ ਅਸੀਂ ਸੱਚ-ਮੁੱਚ ਵਿਕਾਰਾਂ ਤੋਂ ਬਚਣਾ ਚਾਹੁੰਦੇ ਹਾਂ ਤੇ ਆਪਣੀ ਸੁਖਾਂ ਦੀ ਪੂੰਜੀ ਨੂੰ ਇਸ ਤੋਂ ਬਚਾਣਾ ਲੋੜਦੇ ਹਾਂ ਤਾਂ ਜ਼ਰੂਰੀ ਹੈ ਕਿ ਜੀਵਨ ਨੂੰ ਕਿਸੇ ਮਰਯਾਦਾ ਤੇ ਰਹਿਤ ਵਿਚ ਲਿਆਂਦਾ ਜਾਵੇ। ਉਹ ਮਰਯਾਦਾ ਗੁਰ-ਪੂਰੇ ਦੇ ਸ਼ਬਦ ਵਿਚੋਂ ਹੀ ਲੱਭ ਸਕਦੀ ਹੈ, ਕਿਉਂਜੁ ਗੁਰ-ਪੂਰਾ ਆਪ ਸੁਖੀ ਹੈ ਤੇ ਆਪਣੇ ਪਿਛੇ ਆਉਣ ਵਾਲਿਆਂ ਨੂੰ ਵੀ ਸੁਖੀ ਕਰਦਾ ਹੈ।

ਉਹ ਇਕ ਜੀਵਨ-ਮਰਯਾਦਾ ਆਪਣੇ ਸਿੱਖਾਂ ਦੇ ਅਗੇ ਰਖਦਾ ਹੈ, ਜਿਸ ਨੂੰ ਧਾਰਨ ਕਰ ਕੇ ਸਿੱਖ ਆਪਣੀ ਜੀਵਨ-ਯਾਤਰਾ ਸਫਲ ਕਰ ਸਕਦਾ ਹੈ। ਇਸੇ ਹੀ ਮਰਯਾਦਾ ਤੇ ਰਹਿਤ ਵੱਲ ਇਸ਼ਾਰਾ ਕਰਦਿਆਂ ਹੋਇਆਂ ਇਹ ਤੁਕ ਆਖੀ ਗਈ ਹੈ;

ਰਹਤ ਰਹ ਰਹਿ ਜਾਹਿ ਬਿਕਾਰਾ॥
ਗੁਰ ਪੂਰੈ ਕੈ ਸਬਦਿ ਅਪਾਰਾ॥
(ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੯)

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ