Rehat Ki Hai ? (Punjabi Article) : Principal Ganga Singh

ਰਹਿਤ ਕੀ ਹੈ? (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥
(ਰਾਮਕਲੀ ਮਹਲਾ ੩, ਪੰਨਾ ੯੧੮)

ਮਨੁੱਖ ਕਹਿਣ ਨੂੰ ਤਾਂ ਇਕ ਵਿਅਕਤੀ ਹੈ ਪਰ ਜੇ ਜ਼ਰਾ ਕੁ ਵਧੇਰੇ ਗਹੁ ਕਰੀਏ ਤਾਂ ਘੱਟ ਤੋਂ ਘੱਟ ਤਿੰਨ ਵਿਅਕਤੀਆਂ ਦਾ ਇਕ ਇਕੱਠ ਹੈ ਜੋ ਕਿਸੇ ਹੁਕਮੀ ਦੇ ਹੁਕਮ ਅਨੁਸਾਰ ਇਕੱਠੀਆਂ ਹੋਈਆਂ ਹਨ। ਇਹ ਵਿਚਾਰ ਬੜੀ ਡੂੰਘੀ ਤੇ ਆਪਣੇ ਆਪ ਵਿਚ ਇਕ ਅੱਡ ਮਜ਼ਮੂਨ ਹੈ ਪਰ ਅਸੀਂ ਸੰਖੇਪ ਤੋਂ ਕੰਮ ਲੈਂਦੇ ਹਾਂ ਕਿਉਂਜੁ ਏਥੇ ਸਾਡੀ ਵਿਚਾਰ ਦਾ ਕੇਂਦਰ ਕੇਵਲ ਰਹਿਤ ਹੈ। ਮਨੁੱਖ ਨੂੰ ਬਾਣੀ ਨੇ ਇਕ ਥਾਂ ਦੋ ਹਿਸਿਆਂ ਵਿਚ ਵੰਡਿਆ ਹੈ:

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ॥
(ਸੋਰਠਿ ਰਵਿਦਾਸ, ਪੰਨਾ ੬੫੯)

ਇਕ ਪੌਣ-ਪਾਣੀ ਤੇ ਹੱਡ ਚੰਮ ਦਾ ਪਿੰਜਰ ਹੈ ਅਤੇ ਦੂਸਰੀ ਜੋ ਪੰਛੀ ਵਾਂਗਰ ਵਿਚ ਟਿਕੀ ਹੋਈ ਹੈ। ਪਰ ਗਹੁ ਕੀਤਿਆਂ ਪਤਾ ਲਗਦਾ ਹੈ ਕਿ ਇਹਨਾਂ ਦੋਹਾਂ ਦਾ ਪ੍ਰਸਪਰ ਸੰਬੰਧ ਤੇ ਲਗਾਉ ਪੈਦਾ ਕਰਨ ਲਈ ਦੋਹਾਂ ਦੇ ਜੁੜਨ ਦੇ ਸਮੇਂ ਤੋਂ ਹੀ ਇਕ ਤੀਸਰੀ ਸ਼ੈ ‘ਮਨ’ ਪੈਦਾ ਹੋ ਜਾਂਦੀ ਹੈ। ਬਾਣੀ ਦੀ ਵਿਚਾਰ ਤੇ ਆਮ ਵਰਤਾਰਾ ਸਾਨੂੰ ਇਸ ਨਤੀਜੇ 'ਤੇ ਪੁਚਾਂਦਾ ਹੈ ਕਿ ਜੀਵ ਆਪਣੀ ਮੁਖ਼ਤਾਰੀ ਮਨ ਨੂੰ ਸੌਂਪਦਾ ਤੇ ਮਨ ਆਪਣੀ ਇੱਛਾ ਅਨੁਸਾਰ ਤਨ ਨੂੰ ਚਲਾਉਂਦਾ ਹੈ। ਪਰ ਮਨ ਤੇ ਤਨ ਪ੍ਰਸਪਰ ਮਿਲਵਰਤਣ ਹੋਣ ਕਰਕੇ ਇਕ ਦੂਜੇ ਦੇ ਅਸਰ ਕਬੂਲ ਕਰਦੇ ਰਹਿੰਦੇ ਹਨ। ਭਾਵੇਂ ਵਿਸ਼ੇਸ਼ ਕਰਕੇ ਮਨ ਦੀ ਹਕੂਮਤ ਹੀ ਤਨ 'ਤੇ ਪ੍ਰਭਾਵ ਪਾਉਂਦੀ ਹੈ ਪਰ ਮਨ ਦਾ ਸੁਭਾਉ ਕੁਝ ਅਲਬੇਲਾ ਜਿਹਾ ਹੈ, ਕਦੀ ਇਹ ਆਤਮ ਪ੍ਰਾਇਣ ਹੋ ਜਾਂਦਾ ਹੈ ਤੇ ਕਦੀ ਸਰੀਰ ਵੱਲ ਵਿਸ਼ੇਸ਼ ਝੁਕਾਉ ਕਰਦਾ:

ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥
(ਰਾਮਕਲੀ ਮ: ੧, ਪੰਨਾ ੮੭੬)

ਗੁਰਬਾਣੀ ਦੇ ਇਸ ਮਹਾਂਵਾਕ ਵਿਚ ਮਨ ਦੀ ਅਵਸਥਾ ਦਾ ਸਹੀ ਨਕਸ਼ਾ ਖਿੱਚਿਆ ਗਿਆ ਹੈ। ਇਹ ਬੜਾ ਸ਼ੋਖ਼ ਤੇ ਚੰਚਲ ਹੈ। ਜਿਤਨੇ ਜ਼ੋਰ ਨਾਲ ਉਤਾਂਹ ਚੜ੍ਹਦਾ ਹੈ ਉਤਨੀ ਹੀ ਤੇਜ਼ੀ ਨਾਲ ਥੱਲੇ ਡਿਗਦਾ ਹੈ। ਉਤੇ ਤਾਂ ਗਗਨ 'ਤੇ ਜੀਵਨ ਜੋਤੀ ਦਾ ਸੂਰਜ ਚਮਕਦਾ ਹੈ, ਪਰ ਥੱਲੇ ਪ੍ਰਿਥਵੀ 'ਤੇ ਘੋਰ ਹਨੇਰੇ ਮੰਡਲ ਹਨ। ਜੇ ਸੂਰਤ ਉਤਾਂਹ ਰਖੇ, ਪ੍ਰਕਾਸ਼ ਪਾਉਂਦਾ ਹੈ, ਜੇ ਉਲਟਾ ਹੋ ਲਹਿੰਦੀਆਂ ਕਲਾਂ ਵਿਚ ਉਤਰ ਜਾਵੇ ਤਾਂ ਤਿਮਰ ਅਗਿਆਨ ਦੇ ਅਧੀਨ ਠੋਕਰ ਖਾਂਦਾ ਹੈ। ਜੀਵਨ ਦੀ ਸਹੀ ਚਾਲ ਤਾਂ ਇਹ ਹੈ ਕਿ ਮਨ ਆਤਮ ਪ੍ਰਾਇਣ ਰਹੇ ਤੇ ਉਸ ਰੋਸ਼ਨੀ ਵਿਚ ਜੋ ਇਸ ਨੂੰ ਆਤਮਾ ਤੋਂ ਪ੍ਰਾਪਤ ਹੋਵੇ, ਤਨ ਨੂੰ ਚਲਾਵੇ। ਪਰ ਆਪਣੀ ਚੰਚਲਤਾ ਕਰਕੇ ਬਹੁਤ ਵੇਰੀ ਇਹ ਚਾਲੋਂ ਉੱਖੜ ਜਾਂਦਾ ਹੈ।

ਸੰਸਾਰ ਦੀ ਹਰ ਇਕ ਜੀਊਂਦੀ ਜਾਗਦੀ ਹਸਤੀ ਦੀ ਚਾਲ ਕਿਸੇ ਨਿਯਮ ਵਿਚ ਬੱਝੀ ਹੋਈ ਹੈ। ਚਾਲ ਤੋਂ ਉਖੜਿਆਂ ਬੜੇ ਬੜੇ ਸਿਆਰੇ ਤੇ ਸਿਤਾਰੇ ਇਕ ਅੱਖ ਦੇ ਪਲਕਾਰੇ ਵਿਚ ਅਸਮਾਨ ਤੋਂ ਟੁੱਟ ਕੇ ਚੀਣੀ ਚੀਣੀ ਹੋ ਖਿੰਡ ਜਾਂਦੇ ਹਨ। ਚਾਲ ਦਾ ਇਕ-ਰਸ ਤੇ ਇਕ ਨਿਯਮ ਵਿਚ ਰਹਿਣਾ ਹੀ ਸਾਰੀ ਮਕੈਨੀਕਲ (mechanical) ਦੁਨੀਆਂ ਦਾ ਭੇਦ ਹੈ। ਛੋਟੀ ਜੇਹੀ ਘੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਸਟੀਮ ਇੰਜਣਾਂ ਤਕ ਸਾਰੇ ਚਾਲ ਦੀ ਨਿਯਮਾਵਲੀ ਅੰਦਰ ਹੀ ਕੰਮ ਕਰਦੇ ਹਨ! ਮਨੁੱਖੀ ਸਰੀਰ ਵੀ ਖ਼ੂਨ ਦੀ ਬਾਕਾਇਦਾ ਚਾਲ ਕਰਕੇ ਹੀ ਕਾਇਮ ਰਹਿੰਦਾ ਹੈ।

ਗੱਲ ਕੀ, ਚਾਲ ਦੀ ਬਾਕਾਇਦਗੀ ਤੇ ਤਰਤੀਬ ਦੀ ਹਰ ਥਾਂ ਲੋੜ ਹੈ ਤੇ ਉਹ ਕਿਸੇ ਨਾ ਕਿਸੇ ਸੂਤ (discipline) ਵਿਚ ਬੱਝ ਕੇ ਹੀ ਠੀਕ ਰਹਿ ਸਕਦੀ ਹੈ। ਕਈ ਵੇਰਾਂ ਇਹ ਵੀ ਪ੍ਰਸ਼ਨ ਹੁੰਦਾ ਹੈ ਕਿ ਤਨ ਤਾਂ ਨਿਰਾ ਪੁਰਾ ਮਨ ਦੇ ਅਧੀਨ ਹੈ, ਮਾਨਸਕ ਭਾਵ ਸ਼ੁੱਧ ਹੋਣ ਨਾਲ ਤਨ ਦੀ ਚਾਲ ਆਪੇ ਹੀ ਦਰੁਸਤ ਹੋ ਜਾਵੇਗੀ। ਇਹ ਗੱਲ ਬਹੁਤ ਹਦ ਤਕ ਤਾਂ ਸਹੀ ਹੈ, ਪਰ ਇਸ ਨੂੰ ਦੋ ਤੇ ਦੋ ਚਾਰ ਵਾਂਗ ਨਹੀਂ ਆਖ ਸਕਦੇ।

ਢਹਿੰਦੀਆਂ ਕਲਾਂ ਵਾਲਾ ਮਨ, ਤਨ 'ਤੇ ਅਸਰਾਂ ਨੂੰ ਕਬੂਲ ਕਰਦਾ ਦਿਸ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਪੱਕ ਅਵਸਥਾ ਵਾਲੇ ਮਨ ਉਤੇ ਤਨ ਦਾ ਪ੍ਰਭਾਵ ਨਹੀਂ ਪੈ ਸਕਦਾ, ਪਰ ਪ੍ਰਪੱਕ ਅਵਸਥਾ ਨਿਰਾ ਪੁਰਾ ਕਹਿਣ ਸੁਣਨ ਤੇ ਸਮਝਣ ਨਾਲ ਨਹੀਂ ਹੋ ਜਾਂਦੀ, ਇਸ ਅਭਿਆਸ ਲਈ ਯਤਨ ਤੇ ਸਮੇਂ ਦੀ ਲੋੜ ਹੈ। ਸੰਤਾਂ ਨੇ ਇਸ ਗੱਲ ਲਈ ਜਨਮ-ਜਨਮਾਂਤਰਾਂ ਦਾ ਲਗ ਜਾਣਾ ਕਥਨ ਕੀਤਾ ਹੈ:

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ॥
(ਧਨਾਸਰੀ ਰਵਿਦਾਸ, ਪੰਨਾ ੬੯੪)

ਰਵਿਦਾਸ ਜੀ ਨੇ ਇਸ ਅੰਮ੍ਰਿਤ ਵਚਨ ਵਿਚ ਕਈ ਜਨਮ ਆਸ ਵਿਚ ਬਿਤਾਏ ਦੱਸੇ ਹਨ।

ਸਰਮੱਦ ਜੀ ਦਾ ਕਥਨ ਹੈ:

ਉਮਰੇ ਬਾਯਦ ਕਿ ਆਯਦ ਯਾਰੇ ਬਕਨਾਰ
(ਉਮਰਾਂ ਚਾਹੀਦੀਆਂ ਹਨ, ਤਾਂ ਯਾਰ ਬੁੱਕਲ ਵਿਚ ਆਉਂਦਾ ਹੈ।)

ਮਸਤ ਸ਼ਮਸ ਵੀ ਕਈ ਜਨਮਾਂ ਦਾ ਜ਼ਿਕਰ ਕਰਦਾ ਹੈ:

ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾ ਮੇਹਮਾਂ ਕੁਨਮ॥
ਹਰ ਕਿ ਜੁਜ਼ ਦਿਲਬਰ ਬਵਦ ਅਜ਼ ਸ਼ਹਿਰੇ ਦਿਲ ਬੇਰੂੰ ਕੁਨਮ॥

‘ਮੈਂ ਮੁੜ ਮੁੜ ਆਉਂਦਾ ਹਾਂ ਕਿ ਆਪਣੇ ਯਾਰ ਨੂੰ ਘਰ ਸੱਦਾਂ, ਪਰ ਪਹਿਲਾਂ ਇਹ ਯਤਨ ਹੈ ਕਿ ਬਿਗਾਨੇ ਨੂੰ ਘਰੋਂ ਕੱਢ ਦਿਆਂ'। ਪਰ ਉਹ ਬਿਗਾਨੇ ਘਰੋਂ ਕਿੱਦਾਂ ਨਿਕਲਣ? ਤੇ ਉਹ ਏਥੋਂ ਦੇ ਪੁਰਾਣੇ ਵਸਨੀਕ ਹਨ ਤੇ ਉਹਨਾਂ ਦਾ ਕਬਜ਼ਾ ਚਿਰਾਕਾ ਹੈ। ਯਤਨ ਕਰ ਕੱਢੀਦੇ ਹਨ, ਪਰ ਭਉਂ ਭਉਂ ਕੇ ਫਿਰ ਅੰਦਰ ਆ ਵੜਦੇ ਹਨ। ਲਓ ਸੁਣੋ ਕਬੀਰ ਜੀ ਕੀ ਆਖਦੇ ਹਨ:

ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ॥
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ॥
(ਬਿਲਾਵਲੁ ਕਬੀਰ, ਪੰਨਾ ੮੫੫)

ਵਾਸ਼ਨਾਵਾਂ ਤਾਂ ਖਹਿੜਾ ਨਹੀਂ ਛਡਦੀਆਂ, ਫਿਰ ਪ੍ਰਪੱਕ ਅਵਸਥਾ ਕਿੱਦਾਂ ਹੋਵੇਗੀ? ਮਨ ਤਾਂ ਮੁੱਦਤ ਤੋਂ ਤਨ ਪ੍ਰਾਇਣ ਹੋਇਆ ਹੋਇਆ ਹੈ, ਜਿਹਬਾ ਭਾਂਤ ਭਾਂਤ ਦੇ ਸੁਆਦਾਂ ਦੀ ਗਿੱਝੀ ਹੋਈ ਮਨ ਨੂੰ ਸੁਆਨ ਵਤ ਬੂਹੇ ਬੂਹੇ ਡੁਲਾ ਰਹੀ ਹੈ। ਹੁਣ ਤਾਂ ਹੀ ਗੱਲ ਬਣ ਸਕਦੀ ਹੈ ਜੇ ਮਨ ਤੇ ਤਨ ਦੋਹਾਂ ਨੂੰ ਹੀ ਕਿਸੇ ਕੁੰਡੇ ਹੇਠਾਂ ਕੀਤਾ ਜਾਏ, ਦੋਹਾਂ ਦੀ ਚਾਲ ਇਕ ਬਣੇ, ਦੋਵੇਂ ਹੀ ਹੁਕਮ ਹੇਠ ਚੱਲਣ ਦੀ ਜਾਚ ਸਿੱਖਣ, ਤਾਂ ਹੀ ਜੀਵਨ ਤੇ ਸਹੀ ਆਦਰਸ਼ 'ਤੇ ਪੁੱਜਣਗੇ। ਫ਼ਰਸ਼ਾਂ ਵਿਚ ਸੁਰਤ ਰਖ ਕੇ ਅਰਸ਼ਾਂ 'ਤੇ ਪੁੱਜਣ ਦੀ ਇੱਛਾ ਕਰਨਾ ਪਾਗਲਪੁਣਾ ਹੈ:

ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ ਇਹ ਹਉਮੈ ਕੀ ਢੀਠਾਈ॥
(ਮਲਾਰ ਮ: ੫, ਪੰਨਾ ੧੨੬੭)

‘ਪੀਆ ਰੰਗ-ਰਤੀਆਂ ਦੀ ਬਰਾਬਰੀ ਚਾਹੁਣੀ ਤੇ ਰਹਿਣਾ ਗ਼ਾਫ਼ਲ' ਇਹ ਢੀਠਪੁਣਾ ਹੈ।

ਜਿੱਦਾਂ ਮਸ਼ੀਨਾਂ ਦੀ ਚਾਲ ਨੂੰ ਬਾਕਾਇਦਾ (regular) ਕਰਨਾ ਇੰਜੀਨੀਅਰ ਦੇ ਹੱਥ ਗੋਚਰਾ ਹੈ, ਓਦਾਂ ਹੀ ਮਨੁੱਖ-ਵਿਅਕਤੀ ਦੀ ਵਿਗੜੀ ਹੋਈ ਚਾਲ ਵਾਲੀ ਮਸ਼ੀਨਰੀ ਨੂੰ ਦਰੁੱਸਤ ਕਰਨਾ ਗੁਰ-ਪੂਰੇ ਦੇ ਅਧੀਨ ਹੈ। ਇਤਿਹਾਸ ਦਸਦਾ ਹੈ ਕਿ ਆਤਮ ਜਨਮਦਾਤਾ ਸਾਹਿਬ ਕਲਗੀਧਰ ਜੀ ਨੇ ਆਪਣੇ ਸਿੱਖਾਂ ਨੂੰ ਅਮਰ ਖ਼ਾਲਸੇ ਦੀ ਉੱਚੀ ਪਦਵੀ 'ਤੇ ਪੁਚਾਉਣ ਲਈ ਜ਼ਿੰਦਗੀ ਦੀ ਚਾਲ ਨੂੰ ਇਕ ਖ਼ਾਸ ਸੂਤ ਵਿਚ ਬੰਨ੍ਹਿਆ ਸੀ। ਉਹਨਾਂ ਨੇ ਕਿਹਾ ਸੀ, “ਖ਼ਾਲਸਾ ਮੇਰਾ ਪੁੱਤਰ ਅਮਰ ਹੋਵੇਗਾ। ਦੀਨ ਦੁਨੀਆ ਵਿਚ ਸੁਰਖ਼ਰੂ ਤੇ ਨਿਸ਼ਾਨੇ 'ਤੇ ਪੁੱਜਣ ਵਾਲਾ ਆਦਰਸ਼ਕ ਮਨੁੱਖ ਹੋਵੇਗਾ।"

ਜਦ ਪ੍ਰਸ਼ਨ ਹੋਇਆ ਕਿ ਮਨੁੱਖ ਦੀ ਚਾਲ ਤਾਂ ਬਿਗੜੀ ਹੋਈ ਹੈ, ਉਹ ਆਤਮ ਜੀਵਨ ਦੇ ਉਦੇਸ਼ ਨੂੰ ਕਿੱਦਾਂ ਪੂਰਾ ਕਰੇਗਾ? ਆਲੇ ਦੁਆਲੇ ਭਾਂਬੜ ਬਲ ਰਹੇ ਹਨ, ਜਗਤ ਕਾਲਖ ਦੀ ਕੋਠੜੀ ਹੈ, ਇਸ ਵਿਚ ਵੜ ਕੇ ਬੇਦਾਗ਼ ਰਹਿਣਾ ਕਿੱਦਾਂ ਹੋਵੇਗਾ?

ਤਾਂ ਪਿਤਾ ਨੇ ਫ਼ੁਰਮਾਇਆ—“ਸੁਚੇਤ ਰਹਿ ਕੇ।” ਖ਼ਾਲਸਾ ਸਿਪਾਹੀ ਹੈ, ਸਿਪਾਹੀ ਦੀ ਚਾਲ ਬੱਝਵੀਂ! ਸਿਪਾਹੀ ਦੀ ਕਿਰਿਆ ਉੱਦਮ ਵਾਲੀ! ਉਹ ਨਿਸ਼ਾਨੇ ਵਿਚ ਟਕ ਰਖ ਕੇ ਚਲਦਾ ਹੈ। ਚਾਲ ਨੂੰ ਸੂਤ ਵਿਚ ਬੰਨ੍ਹੋਂ , ਤਨ ਤੇ ਮਨ ਨੂੰ ਇਕ ਕਤਾਰ ਵਿਚ ਖੜਾ ਕਰੋ। ਮਨ ਖਿੰਡੇਗਾ, ਸ਼ਬਦ ਨਾਲ ਬੰਨ੍ਹੋਂ; ਤਨ ਲਪਕੇਗਾ, ਹੋੜ ਦਿਓ; ਖ਼ਾਹਸ਼ਾਂ ਵੱਲ ਵਧੇ ਤਾਂ ਡਾਂਟ ਦੇਣਾ। ਅਜੇ ਅੰਞਾਣਾ ਹੈ, ਸਮਝਦਾ ਸਮਝ ਜਾਏਗਾ, ਪਰ ਅਰੰਭ ਏਦਾਂ ਈ ਕਰਨਾ ਹੈ। ਬਾਲਕ ਦੀਆਂ ਲੱਤਾਂ ਵਿਚ ਬਲ ਕਿਸੇ ਟੇਕ ਦੇ ਆਸਰੇ ਤੁਰਨ ਨਾਲ ਹੀ ਆਉਂਦਾ ਹੈ। ਰਹਿਤ ਧਾਰਨ ਕਰੋ, ਮਨ ਵਿਚ ਉਸ ਦੀ ਟੇਕ ਟਿਕਾਓ। ਇਹ ਬਾਣੀ ਨਹੀਂ, ਵਰਦੀ ਹੈ। ਪਹਿਨੋ ਤੇ ਪਹਿਰੇ 'ਤੇ ਹੁਸ਼ਿਆਰ ਰਹੋ, ਜਦੋਂ ਕਮਜ਼ੋਰੀ ਆਵੇ, ਵਰਦੀ ਵੱਲ ਤੱਕੋ ਤੇ ਸਿਪਾਹੀ ਹੋਣ ਦੇ ਮਾਣ ਵਿਚ ਸਵੈ-ਤਾਣ ਨਾਲ ਭਰ ਜਾਓ। ਜਲਾਲ ਨਾਲ ਕਮਜ਼ੋਰੀ ਨੂੰ ਜਲਾ ਦਿਉ। ਮਨ ਦਾ ਪਹਿਰਾ ਮਜ਼ਬੂਤ ਰਖਣਾ, ਇਹ ਬੜਾ ਚੰਚਲ ਹੈ; ਤਿਲਕੇਗਾ, ਸ਼ਬਦ ਦੇ ਕਿੱਲੇ ਨਾਲ ਬੰਨ੍ਹਣਾ:

ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ।
ਭਰੀਐ ਮਤਿ ਪਾਪਾ ਕੈ ਸੰਗਿ॥
ਓਹੁ ਧੋਪੈ ਨਾਵੈ ਕੈ ਰੰਗਿ॥
(ਜਪੁ ਜੀ ਸਾਹਿਬ, ਪੰਨਾ ੪)

ਜਿਵੇਂ ਰੋਜ਼ ਗਰਦ ਉਡਦੀ ਹੈ ਤੇ ਰਸੋਈ ਦੇ ਝਰੋਖਿਆਂ ਥਾਣੀ ਭਾਂਡਿਆਂ 'ਤੇ ਪੈਂਦੀ ਹੈ, ਪਰ ਸੁਘੜ ਸਿਆਣੀ ਰੋਜ਼ ਹੀ ਉਹਨਾਂ ਤੇ ਹੱਥ ਫੇਰ ਛਡਦੀ ਹੈ, ਤਾਹੀਓਂ ਚਮਕਦੇ ਨੇ। ਹੁਸ਼ਿਆਰ ਸਿਪਾਹੀ ਆਪਣੇ ਸ਼ਸਤਰਾਂ 'ਤੇ ਰੋਜ਼ ਟਾਕੀ ਫੇਰ ਛਡਦਾ ਹੈ, ਤਾਹੀਓਂ ਜੰਗ ਨਹੀਂ ਲਗਦਾ। ਖ਼ਾਲਸਾ! ਤੂੰ ਸਿਪਾਹੀ ਹੈਂ, ਮਨ ਨੂੰ ਰੋਜ਼ ਸ਼ਬਦ ਦੇ ਪਾਣੀ ਨਾਲ ਧੋਣਾ ਹੈ, ਇਕਾਂਤ ਥਾਂ ਲੱਭਣੀ ਹੈ, ਜਿਥੇ ਬਹਿ ਸੰਧਾ ਪਕਾਈ ਜਾਵੇ। ਉਹ ਜੰਗਲਾਂ, ਪਹਾੜਾਂ, ਬਣਾਂ, ਉਦਿਆਨਾਂ ਵਿਚ ਨਹੀਂ, ਜਿਥੇ ਬਣਚਰ ਤੇ ਪੰਛੀ ਰੌਲਾ ਪਾਉਂਦੇ ਹਨ। ਇਕਾਂਤ ਪਿਛਲ ਰਾਤ ਦੀ ਗੋਦ ਵਿਚ ਹੈ, ਜਦੋਂ ਨੀਂਦ ਨੇ ਸਭ ਰੌਲੇ ਪਾਉਣ ਵਾਲਿਆਂ ਨੂੰ ਸੁਆਇਆ ਹੁੰਦਾ ਹੈ, ਤੂੰ ਉਦੋਂ ਉੱਠ ਕੇ ਬਹਿਣਾ ਹੈ:

ਭਿੰਨੀ ਰੈਨੜੀਐ ਚਾਮਕਨਿ ਤਾਰੇ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ॥
(ਆਸਾ ਮ: ੫, ਪੰਨਾ ੪੫੯)

ਚਮਕਦੀ ਰੈਣ ਵਿਚ ਜਦੋਂ ਸੂਰਜ ਦਾ ਦੀਵਾ ਬੁਝਣ ਕਰਕੇ ਆਪਣੀ ਧਰਤੀ ਦੇ ਵੇਹੜੇ ਵਿਚ ਹਨੇਰਾ ਹੋਣ ਨਾਲ ਸਾਰੇ ਰੌਸ਼ਨ ਦੀਪ ਦਿਸਦੇ ਪਏ ਹੋਣ, ਕੁਦਰਤ ਦੀਆਂ ਮਜਲਿਸਾਂ ਗਰਮ ਹੋਣ, ਗੁੰਚੇ ਖਿੜ ਕੇ ਫੁੱਲ ਬਣਨ ਦੀ ਤਿਆਰੀ ਕਰ ਰਹੇ ਹੋਣ, ਖ਼ਾਲਸਾ ਰਸਿਕ ਸਿਪਾਹੀ! ਤੂੰ ਉਦੋਂ ਉਠ ਕੇ ਬੈਠ। ਤੂੰ ਜਦੋਂ ਤੋਂ ਆਤਮਕ ਜਨਮ ਲਿਆ ਹੈ, ਪਿੰਡੀ ਨਹੀਂ ਰਿਹਾ, ਬ੍ਰਹਿਮੰਡੀਆਂ ਵਿਚ ਹੋ ਗਿਆ ਹੈਂ। ਦੇਖ! ਦੁਨੀਆ ਦੀ ਹੂ ਹਾ ਤੋਂ ਬਚ ਕੇ ਭਰੇ ਸ਼ੌਕ ਨਾਲ ਇਕ ਦੂਜੇ ਵੱਲ ਤਕਦੇ ਹੋਏ ਚਮਕਦੇ ਸਿਤਾਰੇ ਕੁਝ ਰਸ-ਭਿੰਨੀਆਂ ਗੱਲਾਂ ਚੁਪ ਦੀ ਬੋਲੀ ਵਿਚ ਕਰ ਰਹੇ ਹਨ। ਉਹ ਡਲ੍ਹਕਦੇ ਨੈਣਾਂ ਨਾਲ ਤੇਰੇ ਵਲ ਤੱਕ ਰਹੇ ਨੇ, ਸਾਰੀ ਕੁਦਰਤ ਚੁੱਪ ਖੜੋਤੀ ਤੇਰੇ' ਤੇ ਟਿਕ ਲਾਈ ਬੈਠੀ ਹੈ। ਹੁਣ ਤੂੰ ਆਪਣਾ ਇਲਾਹੀ ਨਗ਼ਮਾ ਛੇੜ। ਧੁਰ ਦੀ ਬਾਣੀ ਦਾ ਅਲਾਪ ਕਰ, ਪਰ ਕੋਈ ਨੀਂਦ ਦਾ ਝੂਟਾ ਨਾ ਆ ਜਾਵੇ, ਸੁਸਤੀ ਨਾ ਪਵੇ, ਪਹਿਲਾਂ ਇਸ਼ਨਾਨ ਕਰ ਲੈ। ‘ਦਰਿਆਵਾਂ ਸਿਉਂ ਦੋਸਤੀ', ਆਸ਼ਕਾਂ ਦੀ ਨਿਤ ਕਾਰ ਧੁਰੋਂ ਚਲੀ ਆਈ ਹੈ। ਇਸ਼ਨਾਨ ਕਰ ਤੇ ਗਾਉਣ ਲਗ ਜਾ, ਰਸ ਲੈ ਤੇ ਕੁਦਰਤ ਨੂੰ ਰਸ ਦੇ। ਤਾਰਿਆਂ ਤੋਂ ਇੰਤਜ਼ਾਰ ਤੇ ਬਿਹਬਲਤਾ, ਦਰੱਖ਼ਤਾਂ ਪਹਾੜਾਂ ਤੋਂ ਟਿਕਾਉ, ਫੁੱਲਾਂ ਤੋਂ ਖੇੜੇ ਤੇ ਦਰਿਆਵਾਂ ਤੋਂ ਨਿਸ਼ਾਨੇ ਵੱਲ ਵਹਿਣਾ ਸਿੱਖ, ਉਹਨਾਂ ਤੋਂ ਫ਼ੈਜ਼ ਲੈ ਤੇ ਗੁਰੂ ਦੀ ਬਖ਼ਸ਼ੀ ਹੋਈ ਬਾਣੀ ਦਾ ਫ਼ੈਜ਼ ਉਹਨਾਂ ਨੂੰ ਦੇ। ਟਿਕਿਆ ਰਹੁ ਜਦ ਤਕ ਪਹੁ ਨਾ ਫੁੱਟੇ, ਕਿਰਨ ਨਾ ਚਮਕੇ ਤੇ ਚਿੜੀਆਂ ਰੌਲਾ ਨਾ ਪਾਉਣ।

ਦਿਨ ਚੜ੍ਹੇ, ‘ਵਗਣ ਬਹੁਤ ਤਰੰਗ' ਦੇ ਸਮੇਂ ਉੱਠ, ਕਿਰਤ ਵਿਚ ਲੱਗ, ਜਗਤ ਨੂੰ ਕੰਮ ਕਰਨ ਦੀ ਜਾਚ ਦੱਸ, ਤਾਂ ਜੋ ਉਹ ਹੱਕ ਸੱਚ ਦੀ ਕਮਾਈ ਕਰਨ, ਦਸਾਂ ਨਹੁੰਆਂ ਦੀ ਘਾਲ ਘਾਲਣ ਤੇ ਲੋਭ ਤੋਂ ਬਚ ਲੋੜਾਂ ਪੂਰੀਆਂ ਕਰਨ ਦੀ ਜਾਚ ਸਿਖਾ। ਤੂੰ ਤਕੜਾ ਹੈਂ, ਤੇਰੀ ਦੇਹ ਸੁੰਦਰ ਹੈ, ਅੰਗਾਂ ਵਿਚ ਬਲ ਹੈ, ਪਰ ਤੇਰੀ ਬਰਾਦਰੀ ਵੱਡੀ ਹੈ, ਤੇਰੇ ਪਿਤਾ ਦਾ ਪਰਵਾਰ ਬਾਹਲਾ ਹੈ। ਕਈ ਭਰਾ ਮਾੜੇ ਵੀ ਹਨ ਤੇ ਕਈ ਆਪਣੀ ਚੰਚਲਤਾ ਕਰਕੇ ਛੋਟਿਆਂ ਹੁੰਦਿਆਂ ਤੋਂ ਹੀ ਅੰਗਹੀਣ ਹੋ ਬੈਠੇ ਹਨ, ਉਹਨਾਂ ਦਾ ਵੀ ਫ਼ਿਕਰ ਕਰਨਾ ਹੈ। ਭਾਵੇਂ ਉਹ ਕਿਰਤ ਕਰਨ ਜੋਗੇ ਨਹੀਂ ਰਹੇ, ਪਰ ਕੀ ਕਰਨ? ਅਸਮਰਥ ਜੋ ਹੋਏ, ਤੇ ਹੋਏ ਭਰਾ, ਸੂਟ ਤਾਂ ਨਹੀਂ ਪਾਉਣੇ। ਓੜਕ ਇੱਕੋ ਪਿਤਾ ਦੇ ਪੁੱਤਰ ਹਾਂ। ਉਹਨਾਂ ਦੇ ਗੁਜ਼ਾਰੇ ਲਈ ਹਰ ਸ਼ਾਮ ਨੂੰ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਰੱਖ ਲੈਣਾ ਹੈ। ਬ੍ਰਾਹਮਣ ਦੇ ਦਾਨ ਪੁੰਨ ਤੇ ਮੌਲਵੀ ਦੇ ਸਦਕੇ ਖ਼ੈਰਾਤ ਦੀਆਂ ਗੱਲਾਂ ਨਹੀਂ ਸੁਣਨੀਆਂ, ਦਾਨ ਪੁੰਨ ਤੇ ਖ਼ੈਾਰਾਤਾਂ ਉਥੇ ਹੁੰਦੀਆਂ ਹਨ ਜਿਥੇ ਭਾਂਤ-ਭਾਂਤ ਦੇ ਮਨੁੱਖ ਕੋਈ, ਅਮੀਰ ਤੇ ਕੋਈ ਮੰਗਤਾ, ਕੋਈ ਧਨੀ ਤੇ ਕੋਈ ਕੰਗਾਲ ਹੋਵੇ, ਖ਼ਾਲਸੇ ਨੇ ਤਾਂ ਹੱਦਾਂ ਢਾਹ ਘਤੀਆਂ ਹਨ, ਸਾਡਾ ਤਾਂ ਘਰ ਹੀ ਇਕ ਬਣ ਗਿਐ। ਕਲਗੀਆਂ ਵਾਲੇ ਤੇ ਸਾਹਿਬ ਦੇਵਾਂ ਦੇ ਜਣੇ ਸਾਰੇ ਹੀ ਭਰਾ ਹੋਏ। ਹੁਣ ਦਾਨ ਕਿਹਨੂੰ ਦੇਣਾ ਤੇ ਖ਼ੈਰਾਤ ਕੀਹਦੀ ਝੋਲੀ ਪਾਉਣੀ? ਛੋਟਿਆਂ ਤੇ ਮਾੜਿਆਂ ਭਰਾਵਾਂ ਨੂੰ ਪਾਲਣਾ ਤਾਂ ਤਕੜਿਆਂ ਤੇ ਵੱਡਿਆਂ ਦਾ ਫ਼ਰਜ਼ ਹੁੰਦਾ ਹੈ। ਜੇ ਉਹ ਕਰਤਵ ਨੂੰ ਨਾ ਪਾਲਣ ਤਾਂ ਨਿਸ਼ਾਨਿਓਂ ਉੱਕ ਗਏ। ਫੇਰ ਪਿਤਾ ਦੀਆਂ ਖ਼ੁਸ਼ੀਆਂ ਕਿੱਥੇ? ਇਸ ਲਈ ਦਸਵੰਧ ਜ਼ਰੂਰ ਕੱਢਣਾ ਹੈ।

ਮਨ ਅਤੇ ਧਨ ਤਾਂ ਸੁੰਦਰ ਮਰਯਾਦਾ ਵਿਚ ਲਗਾਏ ਗਏ, ਪਰ ਹੁਣ ਤਨ ਸੂਤ ਕਰਨਾ ਵੀ ਬੜਾ ਜ਼ਰੂਰੀ ਸੀ। ਭਾਵੇਂ ਜੀਵਨ-ਯਾਤਰਾ ਵਿਚ ਤਨ ਨੂੰ ਬਹੁਤ ਥੱਲੇ ਜਗ੍ਹਾ ਦਿੱਤੀ ਗਈ ਹੈ, ਪਰ ਇਸਦੀ ਲੋੜ ਤੋਂ ਤਾਂ ਇਨਕਾਰ ਨਹੀਂ ਹੋ ਸਕਦਾ। ਇਹੋ ਹੀ ਇਕ ਸ਼ੀਸ਼ਾ ਹੈ ਜਿਸ ਥਾਣੀਂ ਆਤਮਾ ਦਾ ਅਕਸ ਬਾਹਰ ਦਿਸ ਆਉਂਦਾ ਹੈ। ਭਾਵੇਂ ਇਸ ਉਤੇ ਸਿੱਧੀ ਮਨ ਦੀ ਹੀ ਚੌਧਰ ਹੈ ਪਰ ਫਿਰ ਵੀ ਜਿਵੇਂ ਕੈਂਪ ਦੇ ਪ੍ਰਕਾਸ਼ ਲਈ ਸਾਫ਼ ਚਿਮਨੀ ਦੀ ਜ਼ਰੂਰਤ ਹੁੰਦੀ ਹੈ, ਓਦਾਂ ਹੀ ਆਤਮ ਜੀਵਨ ਦੇ ਅਭਿਆਸ ਲਈ ਤਨ ਨੂੰ ਵੀ ਖ਼ਾਸ ਮਰਯਾਦਾ ਵਿਚ ਰੱਖ ਕੇ ਦਰੁਸਤ ਕਰਨਾ ਪਵੇਗਾ, ਆਮ ਤੌਰ 'ਤੇ ਸਰੀਰ ਰਾਹੀਂ ਤਿੰਨ ਕਿਸਮ ਦੀ ਕਿਰਿਆ ਹੀ ਕੀਤੀ ਜਾਂਦੀ ਹੈ, ਅਰਥਾਤ ਖਾਣਾ, ਸੰਤਾਨ ਉਤਪਤੀ ਤੇ ਸੁੰਦਰਤਾ ਦੀ ਨੁਮਾਇਸ਼। ਇਹਨਾਂ ਤਿੰਨਾਂ ਨੂੰ ਖ਼ਾਸ ਮਰਯਾਦਾ ਵਿਚ ਰਖਿਆਂ ਹੀ ਕੰਮ ਚਲ ਸਕਦਾ ਹੈ। ਜੀਵਨ-ਯਾਤਰਾ ਵਿਚ ਜੋ ਲੋੜ ਹੈ, ਉਸਨੂੰ ਜ਼ਰੂਰ ਪੂਰਨ ਕਰਨਾ ਚਾਹੀਦਾ ਹੈ। ਭਾਵੇਂ ਲਗਦੇ ਵਾਹ ਲੋੜਾਂ ਨੂੰ ਵੀ ਘਟਾਣਾ ਚਾਹੀਦਾ ਹੈ, ਪਰ ਦੂਜੇ ਪਾਸੇ ਖ਼ਾਹਸ਼ਾਂ ਦੇ ਉਦਿਆਨ ਬਣ ਵਿਚ ਵੜਨੋਂ ਤਾਂ ਬਚਣਾ ਅਤਿ ਜ਼ਰੂਰੀ ਹੈ। ਪਹਿਲਾਂ ਜੀਭ ਦੇ ਸੁਆਦ ਨੂੰ ਹੀ ਲੈ ਲਓ:

ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥
(ਆਸਾ ਦੀ ਵਾਰ, ਮ: ੧, ਪੰਨਾ ੪੭੨)

ਖਾਣਾ ਪੀਣਾ ਤਾਂ ਪਵਿੱਤਰ ਹੈ, ਤਾਂ ਹੀ ਰਿਜਕ ਮਾਲਕ ਨੇ ਦਿੱਤਾ ਹੈ, ਪਹ ਜੀਭ ਦੇ ਸੁਆਦ ਵਿਚ ਪ੍ਰਵਿਰਤ ਹੋ ਕੇ ਹੱਕ ਨਾਹੱਕ ਦੀ ਕਮਾਈ ਦੀ ਵਿਚਾਰ ਹੀ ਨਾ ਕਰਨੀ, ਸੂਰਤ ਵਿਚ ਗਿਰਾਉ ਪੈਦਾ ਕਰਦੀ ਹੈ। ਪਿਤਾ ਨੇ ਕਿਹਾ ਹੈ, “ਜਹਿੰ ਕਹਿੰ ਦਾ ਪ੍ਰਸ਼ਾਦ ਛਕਣ ਵਾਲਾ ਮੇਰਾ ਸਿਖ ਨਹੀਂ।”

ਇਤਿਹਾਸ ਵਿਚ ਭਾਈ ਲਾਲੋ ਕੋਧਰੇ ਦੀ ਰੋਟੀ ਤੇ ਮਲਕ ਭਾਗੋ ਦੀਆਂ ਪੂਰੀਆਂ ਦੀ ਕਥਾ ਇਸ ‘ਜਿਹਬਾ’ ਦੀ ਰਹਿਤ ਨੂੰ ਦ੍ਰਿੜ ਕਰਾਉਣ ਲਈ ਕਾਫ਼ੀ ਹੈ। ਮਲਕ ਭਾਗੋ ਦੀਆਂ ਸੁਆਦੀ ਪੂਰੀਆਂ ਤੇ ਕੜਾਹ, ਜਬਰ ਤੇ ਧੱਕੇ ਦੀ ਕਮਾਈ ਦਾ ਹੋਣ ਕਰਕੇ, ਗ਼ਰੀਬਾਂ ਦਾ ਖ਼ੂਨ ਚੂਸ ਕੇ ਆਏ ਹੋਏ ਰੁਪਏ ਦਾ, ਸਤਿਗੁਰਾਂ ਦੇ ਨਿਆਇਕਾਰੀ ਹੱਥ ਵਿਚ ਖ਼ੂਨ ਬਣ ਕੇ ਹੀ ਵਹਿ ਤੁਰਿਆ। ਸੋ, ਰਹਿਤਵਾਨ ਸਿੱਖ ਨੇ ਨਾਹੱਕ ਦੀ ਕਮਾਈ ਤੇ ਧੱਕੇ ਦੇ ਧਨ ਤੋਂ ਖ਼ਰੀਦੇ ਗਏ ਅੰਨ ਪਾਣੀ ਤੇ ਸ੍ਵਾਦਿਸ਼ਟ ਖਾਣਿਆਂ ਤੋਂ ਸਦਾ ਪਰਹੇਜ਼ ਕਰਨਾ ਹੈ, ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਪ੍ਰਸ਼ਾਦਾ ਛਕਣਾ ਹੈ, ਅਤੇ ਨਸ਼ੇ ਤਾਂ ਨਿਰਾ ਵਿਕਾਰ ਹਨ, ਉਹਨਾਂ ਦੇ ਵਰਤਣ ਨਾਲ ਤਾਂ ਪੁਰਸ਼ ਅਲਪ ਰਸ ਦੀ ਖ਼ਾਤਰ ਆਪਣੀ ਬੁੱਧੀ, ਧਨ ਤੇ ਧਰਮ ਤੇ ਹੱਥ ਧੋ ਬਹਿੰਦਾ ਹੈ। ਰਹਿਤਵਾਨ ਸਿੱਖ ਨੇ ਉਹਨਾਂ ਦਾ ਤਿਆਗ ਕਰਨਾ ਹੈ, ਰਸ ਨਾਮ ਦਾ ਤੇ ਸਰੂਰ ਭਜਨ ਦਾ ਹੀ ਕਾਫ਼ੀ ਹੈ:

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥
(ਆਸਾ ਮ: ੫, ਪੰਨਾ ੩੯੯)

ਪਾਤਸ਼ਾਹ ਦਾ ਫ਼ੁਰਮਾਨ ਹੈ।

ਸਰੀਰ ਦਾ ਦੂਜਾ ਕਰਤਵ ਸਪਰਸ਼ ਹੈ। ਸ਼ੁਭ ਸੰਤਾਨ ਜਗਤ ਵਿਚ ਇਕ ਨਿਸ਼ਾਨ ਹੈ, ਦੰਪਤੀ ਦੇ ਪਿਆਰ ਦੀ ਗੰਢ ਹੈ:

ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥
(ਵਾਰ ਮਾਝ, ਮ: ੧, ਪੰਨਾ ੧੪੩)

ਰੱਬੀ ਹੁਕਮ ਹੈ। ਸੋ ਇਸ ਕਰਤਵ ਦੀ ਪਾਲਣਾ ਲਈ ਰਹਿਤਵਾਨ ਸਿੰਘ ਸਿੰਘਣੀ ਦਾ ਆਨੰਦ ਕਾਰਜ ਗੁਰੂ ਕੀ ਆਗਿਆ ਹੈ। ਪਰ ਜੇ ਸਿੱਖ ਵਿਸ਼ੇ ਅਧੀਨ ਹੋ ਇਸ ਸੰਧੀ ਤੋਂ ਟੱਪੇ, ਬਦ-ਪਰਹੇਜ਼ੀ ਕਰੇ, ਤਦ ਉਹ ਨਿਸ਼ਾਨਿਓਂ ਗਿਰ ਜਾਂਦਾ ਹੈ। ਤਿਆਰ-ਬਰ-ਤਿਆਰ ਰਹਿਤਵਾਨ ਉਹੀ ਹੈ ਜੋ ਸੰਜਮ ਦਾ ਜੀਵਨ ਬਸਰ ਕਰੇ। ਦੰਪਤੀ ਦੇ ਜੋੜ ਦਾ ਮੁੱਖ ਪਰਯੋਜਨ ਸਭ ਸੰਗ ਹੈ। ਭੋਗ ਲੰਪਟ ਹੋਣਾ ਤੇ ਇਸ ਰਸ ਦੇ ਅਧੀਨ ਹੋ ਥੱਲੇ ਗਿਰ ਜਾਣਾ, ਰਹਿਤਹੀਣ ਤੇ ਟੁਟਿਆਂ ਹੋਇਆਂ ਲਈ ਬਣਿਆ ਹੈ। ਰਹਿਤਵਾਨ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਹ ਘਾਟੀ ਬਿਖਮ ਤੇ ਤਿਲਕਣੀ ਹੈ, ਪਰ ਇਹਨਾਂ ਬਿਖਮ ਘਾਟੀਆਂ ਤੇ ਤਿਲਕਣਾਂ ਨੂੰ ਸੁਚੇਤ ਹੋ ਕੇ ਲੰਘ ਜਾਣ ਲਈ ਹੀ ‘ਸਿੰਘ ਸਿਪਾਹੀ’ ਬਣਾਇਆ ਗਿਆ ਹੈ। ਬਾਕੀ ਰਿਹਾ ਸੁੰਦਰਤਾ ਦਾ ਸੁਆਲ, ਸੋ ਸਰੀਰ ਨੂੰ ਸਵੱਛ ਤੇ ਉਜਲਾ ਰੱਖਣਾ ਹੁਕਮ ਹੈ, ਨਿੱਤ ਇਸ਼ਨਾਨ ਇਸਦਾ ਸਾਧਨ ਹੈ। ਉਜਲਾ ਤੇ ਸਵੱਛ ਇਸ ਲਈ ਰੱਖਣਾ ਹੈ, ਕਿਉਂਜੋ ਇਸ ਵਿਚ ਬੈਠ ਕੇ ਕੀਰਤਨ ਕਰਨਾ ਹੈ, ਸਤਿਗੁਰਾਂ ਦਾ ਧਿਆਨ ਧਰਨਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੋਣਾ ਹੈ, ਪਵਿੱਤਰ ਰੁਮਾਲੇ ਤੇ ਮਹਾਰਾਜ ਦੀ ਪਾਵਨ ਦੇਹ ਨੂੰ ਹੱਥ ਲਗਾਉਣੇ ਹਨ, ਪਰ ਸੁੰਦਰਤਾ ਦਾ ਖ਼ਿਆਲ ਹੁਕਮ ਤੇ ਰਜ਼ਾ ਦੇ ਅੰਦਰ ਹੀ ਰਹੇ ਤਾਂ ਯੋਗ ਹੈ। ਤਨ ਪ੍ਰਾਇਣ ਹੋਇਆਂ ਤੇ ਮਨੋਂ ਵਾਸ਼ਨਾ ਨੂੰ ਪੂਰਨ ਕਰਨ ਲੱਗਿਆਂ ਤਾਂ ਕਿਤੇ ਟਿਕਾਣਾ ਹੀ ਨਹੀਂ। ਸੂਰਤ ਸੰਵਾਰਨੀ, ਇਸ਼ਨਾਨ ਕਰਨਾ ਤੇ ਸਵੱਛ ਉਜਲ ਰਹਿਣਾ ਲੋੜ ਹੈ, ਪਰ ਵਾਲ ਮੁਨਾਉਣੇ, ਸੂਰਤ ਨੂੰ ਹੋਰ ਦਾ ਹੋਰ ਕਰਨਾ, ਮਨ ਦੀਆਂ ਵਧੀਆਂ ਹੋਈਆਂ ਮਾਰਾਂ ਦਾ ਫਲ ਹੈ, ਇਸ ਨੂੰ ਠਾਕਣਾ ਹੈ, ਬਾਣੀ ’ਤੇ ਸ਼ਾਕਰ ਰਹਿਣ ਦਾ ਸੁਭਾਉ ਪਾਉਣਾ ਹੈ।

ਇਹ ਗੁਰਮਤਿ ਦੇ ਦੱਸੇ ਹੋਏ ਢੰਗਾਂ ਦਾ ਸਾਰੰਸ਼ ਹੈ, ਜਿਨ੍ਹਾਂ ਰਾਹੀਂ ਮਨੁੱਖੀ ਜੀਵਨ ਦੀ ਚਾਲ ਸੂਤ ਵਿਚ ਬੱਝਦੀ ਹੈ। ਪਰ ਜ਼ਰੂਰੀ ਇਹ ਹੈ ਕਿ ਤਨ ਮਨ ਧਨ ਤਿੰਨੇ ਹੀ ਕਿਸੇ ਕਰਮ ਵਿਚ ਆਉਣ। ਇਕ ਨੂੰ ਛੱਡ ਦੂਜਿਆਂ ਦਾ ਮੰਜ਼ਲ 'ਤੇ ਪਹੁੰਚਣਾ ਕਠਨ ਹੈ। ਕਈ ਵੇਰਾਂ ਇਹ ਹੁੰਦਾ ਤਾਂ ਹੈ ਕਿ ਮੰਜ਼ਲ 'ਤੇ ਤੁਰੇ ਮੁਸਾਫ਼ਰਾਂ ਵਿਚੋਂ ਕੋਈ ਥੱਕ ਜਾਵੇ ਜਾਂ ਕੰਡਾ ਚੁਭਣ ਦੇ ਕਾਰਨ ਲੰਗੜਾਉਣ ਲਗ ਪਵੇ ਤਾਂ ਦੂਜਾ ਬਲੀ ਸਾਥੀ ਉਸ ਨੂੰ ਮੋਢਾ ਦੇ ਕੇ ਮੰਜ਼ਲ ਤੇ ਲੈ ਅੱਪੜੇ, ਪਰ ਇਹ ਖ਼ਾਸ ਖ਼ਾਸ ਹਾਲਤਾਂ ਵਿਚ ਹੀ ਹੁੰਦਾ ਹੈ, ਜਗਤ ਦੀ ਆਮ ਮਰਯਾਦਾ ਨਹੀਂ। ਸਾਰੇ ਮਨਸੂਰ ਨਹੀਂ ਹੁੰਦੇ, ਸ਼ਮਸ ਜਿਤਨਾ ਤਾਣ ਤੇ ਕਬੀਰ ਜੈਸਾ ਬਲ ਨਹੀਂ ਰੱਖ ਸਕਦੇ। ਸਰਲ ਤੇ ਸੁਖ਼ੈਨ ਪੈਂਡਾ ਤਾਂ ਹੀ ਮੁਕਦਾ ਹੈ ਜੋ ਸਾਰੇ ਸਾਥੀ ਹੀ ਮਿਲ ਕੇ ਉੱਦਮ ਕਰਨ ਤੇ ਤੁਰੀ ਜਾਣ। ਸੋ, ਤਨ ਮਨ ਧਨ ਤਿੰਨਾਂ ਨੂੰ ਗੁਰੂ ਦੇ ਹਵਾਲੇ ਕਰਨਾ ਤੇ ਸੰਜਮ ਵਿਚ ਲਿਆਉਣਾ ਹੀ ਸੱਚੀ ਰਹਿਤ ਹੈ, ਜਿਨ੍ਹਾਂ ਨੇ ਰੱਖੀ ਹੈ ਉਹਨਾਂ ਪ੍ਰਤੀ ਹੀ ਇਸ਼ਾਰਾ ਕਰ ਕੇ ਪਿਤਾ ਨੇ ਕਿਹਾ ਹੈ:

ਰਹਿਣੀ ਰਹੈ ਸੋਈ ਸਿਖ ਮੇਰਾ॥
ਓਹੁ ਠਾਕੁਰੁ ਮੈ ਉਸ ਕਾ ਚੇਰਾ॥
(ਰਹਿਤਨਾਮਾ, ਭਾ: ਦੇਸਾ ਸਿੰਘ)

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ