Resurrection (Russian Novel in Punjabi) : Leo Tolstoy (Translator : Prof. Puran Singh)

ਮੋਇਆਂ ਦੀ ਜਾਗ (ਰੂਸੀ ਨਾਵਲ) : ਲਿਉ ਤਾਲਸਤਾਏ (ਅਨੁਵਾਦ : ਪ੍ਰੋ. ਪੂਰਨ ਸਿੰਘ)

ਕਿਤਾਬ ਪਹਿਲੀ

ਮੋਇਆਂ ਦੀ ਜਾਗ-ਕਾਂਡ ੧. : ਲਿਉ ਤਾਲਸਤਾਏ

ਭਾਵੇਂ ਲੱਖਾਂ ਹੀ ਬੰਦਿਆਂ ਨੇ ਉਸ ਧਰਤੀ ਦੇ ਨਿਕੇ ਜੇਹੇ ਟੁਕੜੇ ਨੂੰ ਜਿੱਥੇ ਉਹ ਸਾਰੇ ਇਕੱਠੇ ਰਹਿ ਰਹੇ ਸਨ, ਕਰੂਪ ਕਰਨ ਵਿੱਚ ਆਪਣਾ ਸਾਰਾ ਜੋਰ ਲਾ ਲਇਆ ਸੀ; ਧਰਤੀ ਦੇ ਮੂੰਹ ਨੂੰ ਪੱਥਰਾਂ ਦੇ ਫਰਸ਼ਾਂ ਨਾਲ ਬੰਦ ਕਰ ਕਰ ਕੇ , ਬਨਸਪਤੀ ਦੇ ਸਬ ਨਿਸ਼ਾਨ ਰਗੜ ਰਗੜ ਕੇ, ਮਿਟਾ ਮਿਟਾ ਕੇ, ਬ੍ਰਿਛਾਂ ਨੂੰ ਕਟ ਕਟ ਕੇ, ਪੰਛੀਆਂ, ਪਸ਼ੂਆਂ ਨੂੰ ਕਢ ਕਢ ਕੇ, ਤੇ ਹਵਾ ਨੂੰ ਭੈੜੇ ਕਾਲੇ ਕੋਇਲੇ ਤੇ ਮਿੱਟੀ ਦੇ ਤੇਲ ਦੇ ਧੂੰ ਨਾਲ ਭਰ ਭਰ ਕੇ-ਤਦ ਵੀ ਇਸ ਸ਼ਹਿਰ ਵਿੱਚ ਬਸੰਤ ਰਿਤੂ ਬਸੰਤ ਹੀ ਸੀ।

ਧੁੱਪ ਗਰਮ ਗਰਮ ਚਮਕ ਰਹੀ ਸੀ, ਹਵਾ ਵਿੱਚ ਮਸੀਹਆਈ ਅਸਰ ਸੀ, ਘਾਹ ਜਿੱਥੇ ਜਿੱਥੇ ਕਿਧਰੇ ਖਨੋਤਰਿਆ ਨਹੀਂ ਸੀ ਗਇਆ, ਉੱਠ ਖੜਾ ਹੋਇਆ ਸੀ ਤੇ ਹਰ ਥਾਂ ਲਹਿ ਲਹਿ ਕਰ ਰਿਹਾ ਸੀ-ਲੱਗੇ ਪੱਥਰਾਂ ਦੀਆਂ ਵਿੱਥਾਂ ਵਿੱਚ ਉਹਦੀ ਸਬਜ਼ੀ ਝਲਕ ਮਾਰ ਰਹੀ ਸੀ, ਨਾਲੇ ਚੁਰਾਹਿਆਂ ਵਿੱਚ ਬਣੇ ਚਬੂਤ੍ਰਿਆਂ ਚੌਗਾਨਾਂ ਵਿੱਚ ਦੀ ਛੱਡੀਆਂ ਨੰਗੀਆਂ ਧਰਤੀ ਦੀਆਂ ਧਾਰੀਆਂ ਉੱਪਰ ਇਹ ਰੱਬੀ ਸਬਜ਼ੇ ਡਲਕ ਰਹੇ ਹਨ। ਬਰਚ ਦੇ ਬੂਟੇ, ਸਫੈਦੇ ਤੇ ਜੰਗਲੀ ਪਦਮ ਦੇ ਬ੍ਰਿਛ ਆਪਣੇ ਗੋਂਦ ਭਰੇ ਖ਼ੁਸ਼ਬੂਦਾਰ ਪੱਤੇ ਖੋਲ੍ਹ ਰਹੇ ਸਨ, ਤੇ ਸੰਗਤਰੇ ਤੇ ਨਿੰਬੂਆਂ ਦੀਆਂ ਸ਼ਾਖਾਂ ਉੱਪਰ ਕਰਨੇ ਦਾ ਸ਼ਗੂਫ਼ਾ ਸੋਹਣਾ ਝੁਰਮਟ ਪਾ ਰਹਿਆ ਸੀ। ਕਾਂ, ਚਿੜੀਆਂ ਤੇ ਕਬੂਤਰ ਬਸੰਤ-ਰਿਤੂ ਦੀ ਉਮਾਹੂ ਖ਼ੁਸ਼ੀ ਵਿੱਚ ਚਾਈਂ ਚਾਈਂ ਆਪਣੇ ਆਪਣੇ ਆਲਣੇ ਤਿਆਰ ਕਰ ਰਹੇ ਸਨ, ਤੇ ਧੁੱਪ ਦੀ ਨਿੱਘ ਨਾਲ ਜੀ ਪਈਆਂ ਮੱਖੀਆਂ ਨੇ ਆਪਣੇ ਪਰਾਂ ਦਾ ਅਲਾਪ ਛੇੜਿਆ ਹੋਇਆ ਸੀ, ਹਰ ਕੋਈ ਖੁਸ਼ੀ ਸੀ: ਬੂਟੇ , ਪੰਛੀ, ਕੀੜੇ ਤੇ ਬੱਚੇ। ਪਰ ਮਨੁਖ-ਪੱਕੀ ਉਮਰ ਦੇ ਮਰਦ ਤੇ ਤੀਮੀਆਂ ਆਪਣੀ ਖੋਆਂ ਵਿੱਚ ਗਲਤਾਨ ਸਨ, ਉਨ੍ਹਾਂ ਲਈ ਬਸੰਤ ਨਹੀਂ ਸੀ ਆਈ, ਉਹ ਉਸੀ ਤਰ੍ਹਾਂ ਇਕ ਦੂਜੇ ਨੂੰ ਧੋਖੇ ਦੇਣ, ਤੇ ਹਰ ਤਰ੍ਹਾਂ ਇਕ ਦੂਜੇ ਨੂੰ ਤੰਗ ਕਰਨ ਦੀਆਂ ਖੋਆਂ ਵਿੱਚ ਲੱਗੇ ਸਨ, ਇਨ੍ਹਾਂ ਆਪਣੀਆਂ ਕਰੂਪ ਕਰਤੂਤਾਂ ਇਸ ਸੁਭਾਗਯ ਬਸੰਤ ਰੁੱਤ ਵਿੱਚ ਨਹੀਂ ਸਨ ਛੱਡੀਆਂ। ਇਨ੍ਹਾਂ ਨੂੰ ਇਹ ਭਾਨ ਨਹੀਂ ਸੀ ਹੁੰਦਾ ਕਿ ਇਹ ਬਸੰਤ ਦੀ ਸ਼ੁਭ ਪ੍ਰਭਾਤ ਹੈ, ਕੋਈ ਰੱਬੀ ਮਿਹਰ ਹੈ ਤੇ ਕਿਸੀ ਸ਼ੁਕਰ ਤੇ ਵਿਸਮਾਦ ਤੇ ਸਿਫਤ ਭਰੇ ਵਿਚਾਰ ਵਿੱਚ ਜਾਈਏ, ਇਨ੍ਹਾਂ ਲਈ ਇਹ ਰੱਬ ਦੀ ਸੋਹਣੀ ਦੁਨੀਆਂ ਕੋਈ ਸੋਹਣੀ ਚੀਜ਼ ਨਹੀਂ ਸੀ ਦਿਸ ਰਹੀ, ਇਹ ਪਤਾ ਨਹੀਂ ਸੀ ਲਗ ਰਹਿਆ ਕਿ ਇਹ ਰੱਬੀ ਮਿਹਰ ਸਭ ਚਰ ਅਚਰ ਨੂੰ ਖ਼ਸ਼ੀ, ਚਾ, ਉਮਾਹ, ਬਰਕਤ ਦੇਣ ਲਈ ਆਈ ਹੈ-ਇਹ ਰੱਬੀ ਸੁਹਣਪ ਜਿਹੜੀ ਦਿਲ ਨੂੰ ਜੋੜਦੀ ਹੈ, ਪਿਆਰ, ਰਾਗ ਤੇ ਰੂਹ ਦੀ ਠੰਢ ਵਲ ਮੋੜਦੀ ਹੈ। ਨਹੀਂ, ਉਨਾਂ ਨੂੰ ਬਸ ਆਪਣੀਆਂ ਹੀ ਇਕ ਦੂਜੇ ਨੂੰ ਗੁਲਾਮ ਬਣਾਉਣ ਦੀਆਂ ਤਦਬੀਰਾਂ ਤੇ ਫਰੇਬ ਬਸ ਸੂਝਦੇ ਸਨ।

ਇਉਂ ਇਸ ਗਵਰਨਮਿੰਟੀ ਸ਼ਹਿਰ ਦੇ ਜੇਲ੍ਹ ਦੇ ਦਫ਼ਤਰ ਵਿੱਚ ਇਹ ਗੱਲ ਉੱਕਾ ਨਹੀਂ ਸੀ ਸੁਝ ਰਹੀ ਕਿ ਮਨੁੱਖਾਂ ਤੇ ਪਸ਼ੂਆਂ ਲਈ ਬਸੰਤ ਰੁੱਤ ਦੀ ਖੁਸ਼ੀ ਤੇ ਬਰਕਤ ਕੇਹੀ ਰੱਬੀ ਦਾਤ ਹੈ ਤੇ ਕੇਹੀ ਜੀਆਂ ਵਿੱਚ ਰਸ ਭਰਨ ਵਾਲੀ ਬਰਕਤ ਹੈ ਜਿਦੇ ਖਿੜੇ ਸਮੇਂ ਦੇ ਮੁਕਾਬਲੇ ਤੇ ਅੱਜ ਹੋਰ ਕੋਈ ਦੁਨੀਆਂਦਾਰੀ ਦਾ ਮਾਮਲਾ ਇਸ ਜੇਹਾ ਜ਼ਰੂਰੀ ਨਹੀਂ ਹੋ ਸੱਕਦਾ। ਪਰ ਨਹੀਂ, ਓਥੇ ਤਾਂ ਉਨ੍ਹਾਂ ਲੋਕਾਂ ਲਈ ਜ਼ਰੂਰੀ ਬਸ ਇਕ ਨੋਟਿਸ ਸੀ ਜਿਹੜਾ ਕਲ ਦਫਤਰ ਵਿੱਚ ਆਇਆ ਸੀ। ਇਸ ਨੋਟਿਸ ਉੱਪਰ ਦਫ਼ਤਰੀ ਨੰਬਰ ਸੀ, ਉਸ ਵਿੱਚ ਹੁਲੀਆ ਦਿੱਤਾ ਹੋਇਆ ਸੀ, ਤੇ ਹੁਕਮ ਲਿਖਿਆ ਹੋਇਆ ਸੀ ਕਿ ੨੮ ਅਪ੍ਰੈਲ ੯ ਵਜੇ ਤਿੰਨ ਦੋਸੀ ਜੋ ਉਸ ਵਕਤ ਜੇਲ ਦੀ ਹਵਾਲਾਤ ਵਿੱਚ ਸਨ-ਇਕ ਮਰਦ ਤੇ ਦੋ ਤੀਮੀਆਂ - (ਇਨ੍ਹਾਂ ਤੀਮੀਆਂ ਵਿੱਚੋਂ ਇਕ ਜੋ ਮੁਖੀ ਦੋਸੀ ਸੀ, ਵੱਖਰੀ ਗਾਰਦ ਦੇ ਪਹਿਰੇ ਵਿੱਚ ਲਿਆਈ ਜਾਵੇ) ਅਦਾਲਤ ਵਿਚ ਪੇਸ਼ ਕੀਤੇ ਜਾਣ। ਇਸ ਕਰਕੇ ਉਸ ਦਿਨ ੨੮ ਅਪ੍ਰੈਲ ਸਵੇਰੇ ੮ ਵਜੇ ਵੱਡਾ ਜੇਲ੍ਹ ਦਾ ਦਰੋਗਾ ਜੇਲ੍ਹ ਦੇ ਜਨਾਨੇ ਹਿੱਸੇ ਦੇ ਹਨੇਰੇ ਘੁੱਪ, ਸੜੇ, ਗੰਦੇ, ਕੌਰੀਡੋਰ ਵੱਲ ਗਇਆ। ਉਹਦੇ ਉੱਥੇ ਜਾਣ ਦੇ ਮਗਰੋਂ ਤੁਰਤ ਹੀ ਕੁੰਡਲਦਾਰ ਚਿੱਟੇ ਵਾਲਾਂ ਵਾਲੀ ਇਕ ਤੀਮੀ, ਕੌਰੀਡੋਰ ਵਿੱਚ ਆਈ ਤੇ ਇਹਦੇ ਚਿਹਰੇ ਥੀਂ ਇਉਂ ਜਾਪਦਾ ਸੀ ਕਿ ਉਹ ਬੜੀ ਦੁਖੀ ਹੈ। ਉਸ ਇਕ ਜੈਕਟ ਪਾਈ ਹੋਈ ਸੀ ਜਿਹਦੀਆਂ ਕਫਾਂ ਉੱਪਰ ਸੋਨੇ ਦੀ ਕਿਨਾਰੀ ਲੱਗੀ ਹੋਈ ਸੀ ਤੇ ਉਸ ਉੱਪਰ ਕਮਰ ਦੇ ਦਵਾਲੇ ਇਕ ਨੀਲੇ ਕਿਨਾਰੇ ਵਾਲੀ ਪੇਟੀ ਬੱਧੀ ਹੋਈ ਸੀ।

ਜੇਲ੍ਹ ਦੇ ਦਰੋਗੇ ਨੇ ਕਾਲ ਕੋਠੜੀ ਦਾ ਦਰਵਾਜਾ ਲੋਹੇ ਦੇ ਭਾਰੇ ਜੰਦਰੇ ਨੂੰ ਖੜਕਾਉਂਦਿਆਂ ਖੋਲ੍ਹਿਆ ਤੇ ਅੰਦਰੋਂ ਬਾਹਰ ਦੇ ਛੱਤੇ ਬਰਾਮਦੇ (ਕੌਰੀਡੋਰ) ਥੀਂ ਵੀ ਵਧ ਬਦਬੂ ਦਾ ਹੁੱਲਾ ਆਇਆ, ਤੇ ਦਰੋਗੇ ਨੇ ਉੱਚੀ ਆਵਾਜ਼ ਦਿੱਤੀ "ਮਸਲੋਵਾ ਅਦਾਲਤ ਨੂੰ", ਤੇ ਦਰਵਾਜਾ ਫਿਰ ਬੰਦ ਕਰ ਦਿੱਤਾ।

ਇਸ ਜੇਲ੍ਹਖਾਨੇ ਦੇ ਅਹਾਤੇ ਵਿੱਚ ਵੀ ਸਵੇਰ ਸਾਰ ਦੀ ਚਲਦੀ ਸਮੀਰ ਨੇ ਤਾਜ਼ਾ ਜਾਨ ਪਾਣ ਵਾਲਾ ਬਸੰਤ ਦੀ ਹਵਾ ਦਾ ਝੋਕਾ ਬਾਹਰ ਦੇ ਖੁਲ੍ਹੇ ਖੇਤਾਂ ਥੀਂ ਅੰਦਰ ਲਿਆ ਸੁੱਟਿਆ ਸੀ। ਪਰ ਜੇਲ੍ਹ ਖਾਨੇ ਦੀ ਕੌਰੀਡੋਰ ਦੀ ਹਵਾ ਟਾਈਫਾਈਡ ਦੇ ਜਿਰਮਾਂ ਨਾਲ ਭਰੀ ਹੋਈ ਸੀ, ਤੇ ਨਾਲੇ ਟੱਟੀਆਂ ਦੀ ਬਦਬੂ ਤੇ ਤਰਕਾਹਣ ਅਤੇ ਕੋਲਤਾਰ ਦੀ ਬਦਬੂ ਨਾਲ ਸੜੀ ਪਈ ਸੀ, ਇਸੇ ਕਰਕੇ ਜੋ ਵੀ ਨਵਾਂ ਬੰਦਾ ਉੱਥੇ ਜਾਂਦਾ ਸੀ ਆਪ ਮੁਹਾਰਾ ਉਦਾਸ ਹੋ ਜਾਂਦਾ ਸੀ ਤੇ ਉਹਦਾ ਰੂਹ ਨਿੰਮਝੂਣਾ ਹੋ ਜਾਂਦਾ ਸੀ। ਉੱਥੇ ਦੀ ਤੀਮੀ ਵਾਰਡ ਕੁਲੀ ਨੇ ਵੀ ਇਹ ਬਦਬੂ ਅਸਹ ਜਾਤੀ ਭਾਵੇਂ ਉਹ ਏਹੋ ਜੇਹੀ ਗੰਦੀ ਹਵਾ ਦੀ ਕੀੜੀ ਹੀ ਸੀ। ਉਹ ਓਸੇ ਵੇਲੇ ਹੀ ਬਾਹਰੋਂ ਆਈ ਸੀ ਤੇ ਅੰਦਰ ਆਉਂਦਿਆਂ ਹੀ ਉਹਨੂੰ ਚੱਕਰ ਜੇਹਾ ਆਇਆ ਤੇ ਗਸ਼ ਜੇਹੀ ਆਉਂਦੀ ਪ੍ਰਤੀਤ ਹੋਈ।

ਕਾਲ ਕੋਠੜੀ ਦੇ ਅੰਦਰੋਂ ਜਨਾਨੀਆਂ ਦੀ ਗੱਲ ਬਾਤ ਦੇ ਰੌਲੇ ਤੇ ਭੀੜ ਭੜੱਕੇ ਦੀ ਆਵਾਜ਼ ਆਈ ਜਿਸ ਵਿੱਚ ਫਰਸ਼ ਉੱਪਰ ਨੰਗੇ ਪੈਰਾਂ ਦੇ ਚੱਲਣ ਦੀ ਆੱਹਟ ਮਿਲ ਰਹੀ ਸੀ।

"ਹੁਣ ਫਿਰ ਜਲਦੀ ਕਰੋ!" ਜੇਲਰ ਨੇ ਲਲਕਾਰ ਦਿੱਤੀ, ਤੇ ਬਸ ਇਕ ਅੱਧੇ ਮਿੰਟ ਦੇ ਅੰਦਰ ਹੀ ਇਕ ਛੋਟੇ ਕੱਦ ਦੀ ਭਰਵੀਂ ਤੇ ਉਭਰੀ ਛਾਤੀ ਵਾਲੀ ਜਵਾਨ ਤੀਮੀ ਦਰਵਾਜਿਓਂ ਬਾਹਰ ਨਿਕਲ ਆਈ ਤੇ ਜੇਲਰ ਕੋਲ ਜਾ ਖਲੋਤੀ। ਇਕ ਸਫੈਦ ਜੈਕਟ ਤੇ ਪੈਟੀਕੋਟ ਉੱਪਰ ਉਸ ਭੂਰਾ ਜੇਹਾ ਓਵਰਕੋਟ ਪਾਇਆ ਹੋਇਆ ਸੀ ਪੈਰਾਂ ਵਿੱਚ ਸੂਤੀ ਜੁਰਾਬਾਂ ਤੇ ਕੈਦਖਾਨੇ ਵਾਲੀ ਜੁੱਤੀ, ਸਿਰ ਉੱਪਰ ਉਸ ਇਕ ਚਿੱਟਾ ਰੁਮਾਲ ਬੱਧਾ ਹੋਇਆ ਸੀ ਤੇ ਓਸ ਰੁਮਾਲ ਵਿੱਚੋਂ ਉਹਦੇ ਕਾਲੇ ਕੇਸਾਂ ਦੀ ਸੰਵਰੀ ਪੱਟੀ ਦਿੱਸ ਰਹੀ ਸੀ, ਜੋ ਦਿਖਾਣ ਲਈ ਹੀ ਸ਼ਾਯਦ ਹੁਣੇ ਉਸ ਸੰਵਾਰੀ ਸੀ। ਇਸ ਜਨਾਨੀ ਦਾ ਚਿਹਰਾ ਖਾਸ ਉਸ ਕਿਸਮ ਦੇ ਬੱਗੇ ਰੰਗ ਦਾ ਸੀ ਜਿਹੜਾ ਬੱਗਾਪਨ ਲੰਮੀ ਕੈਦ ਦੇ ਹਨੇਰੇ ਵਿੱਚ ਰਹਿੰਦਿਆਂ ਆ ਜਾਂਦਾ ਹੈ, ਤੇ ਜਿਸ ਬੱਗੇਪਨ ਨੂੰ ਵੇਖ ਕੇ ਆਲੂਆਂ ਦੇ ਉਹ ਅੰਗੂਰ ਯਾਦ ਆ ਜਾਂਦੇ ਹਨ ਜਿਹੜੇ ਤਹਿ ਖਾਨੇ ਦੇ ਹਨੇਰੇ ਵਿੱਚ ਰੱਖੇ ਆਲੂਆਂ ਤੋਂ ਫੁੱਟ ਪੈਂਦੇ ਹਨ। ਉਸ ਤੀਮੀ ਦੇ ਛੋਟੇ ਛੋਟੇ ਬਾਹਰ ਕੱਢੇ ਹੱਥ ਤੇ ਉਹਦੀ ਪੂਰੀ ਨੰਗੀ ਗਰਦਨ ਜਿਹੜੀ ਉਹਦੇ ਓਵਰਕੋਟ ਦੇ ਕਾਲਰ ਵਿੱਚ ਦੀ ਦਿੱਸ ਰਹੀ ਸੀ, ਬੱਸ ਇੱਕੋ ਰੰਗ ਦੇ ਸਨ। ਉਹਦੀਆਂ ਕਾਲੀਆਂ ਸ਼ੋਖ ਚਮਕਦੀਆਂ ਅੱਖਾਂ, ਜਿਨ੍ਹਾਂ ਵਿੱਚ ਇਕ ਬੇ ਮਲੂਮਾ ਜੇਹਾ ਭੈਂਗ ਕਿਸੀ ਵੇਲੇ ਆਣ ਪੈਂਦਾ ਸੀ, ਉਹਦੇ ਚਿਹਰੇ ਦੀ ਮੁਰਦਾ ਪਿਲੱਤਣ ਦੇ ਮੁਕਾਬਲੇ ਵਿੱਚ ਦਿਲ ਨੂੰ ਹਲੂਣਦੀਆਂ ਸਨ। ਜਦ ਉਹ ਖੜੀ ਹੁੰਦੀ ਸੀ, ਯਾ ਚਲਦੀ ਸੀ ਤਦ ਉਹ ਆਪਣੀ ਪੂਰੀ ਕਦਾਮਤ ਵਿੱਚ ਖੁੱਲੀ ਉੱਚੀ ਉਠਦੀ ਸੀ ਤੇ ਆਪਣੀ ਛਾਤੀ ਕੱਢ ਕੇ ਚਲਦੀ ਸੀ।

ਉਸ ਵੇਲੇ ਉਹ ਆਪਣਾ ਸਿਰ ਜਰਾਕੂ ਪਿੱਛੇ ਸੁੱਟਕੇ ਕੌਰੀਡੋਰ ਵਿੱਚ ਖੜੀ ਸੀ ਤੇ ਜੇਲਰ ਦੀਆਂ ਅੱਖਾਂ ਵਲ ਸਿੱਧਾ ਦੇਖ ਰਹੀ ਸੀ ਤੇ ਇਉਂ ਸੀ ਜਿਵੇਂ ਉਹਦੇ ਹੁਕਮ ਨੂੰ ਮੰਨਣ ਲਈ ਬੱਸ ਤਿਆਰ ਖੜੀ ਹੈ।

ਦਰੋਗਾ ਤਾਲਾ ਲਾਣ ਨੂੰ ਹੀ ਸੀ ਜਦ ਇਕ ਝੁਰੜੀਆਂ ਪਈ ਪਰ ਜਬਰਦਸਤ ਜੇਹੀ ਦਿਸਦੀ ਬੁੱਢੀ ਜਨਾਨੀ ਨੇ ਆਪਣਾ ਚਿੱਟਾ ਸਿਰ ਬਾਹਰ ਕੱਢਿਆ ਤੇ ਮਸਲੋਵਾ, ਨਾਲ ਗੱਲ ਕਰਨ ਹੀ ਲੱਗੀ ਸੀ ਕਿ ਦਰੋਗੇ ਨੇ ਬੁੱਢੀ ਜਨਾਨੀ ਦਾ ਸਿਰ ਅੰਦਰ ਵਾਰ ਖਿੱਚ ਕੇ ਬੂਹਾ ਬੰਦ ਕਰ ਦਿੱਤਾ। ਅੰਦਰੋਂ ਇਕ ਤੀਮੀ ਦੇ ਹਾਸੇ ਦੀ ਆਵਾਜ਼ ਆਈ ਤੇ ਮਸਲੋਵਾ ਵੀ ਕਾਲ ਕੋਠੜੀ ਦੇ ਦਰਵਾਜੇ ਦੀ ਝੀਤ ਵਲ ਤੱਕ ਕੇ ਹੱਸ ਪਈ। ਬੁੱਢੀ ਜਨਾਨੀ ਆਪਣਾ ਚਿਹਰਾ ਉਸ ਝੀਤ ਵਿੱਚ ਦੀ ਦਬਾ ਕੇ ਇਕ ਕਰਖਤ ਆਵਾਜ਼ ਵਿੱਚ ਬੋਲੀ:-

"ਦੇਖੀਂ, ਜਦ ਉਹ ਤੈਨੂੰ ਸਵਾਲ ਪੁੱਛਣ ਤੂੰ ਬਸ ਇੱਕੋ ਗੱਲ ਮੁੜ ਮੁੜ ਕਹੀ ਜਾਵੀਂ ਤੇ ਉਸ ਆਪਣੀ ਗੱਲ ਥੀਂ ਪਰਤੀ ਨਾਹ। ਤੇ ਬੇਫਾਇਦਾ ਗੱਲਾਂ ਨ ਕਰੀਂ। ਉੱਨਾਂ ਹੀ ਉੱਤਰ ਦੇਈਂ ਜਿੰਨਾਂ ਕੋਈ ਪੁੱਛੇ, ਵਾਧੂ ਗੱਲ ਕਦੀ ਨ ਕਰੀਂ।"

"ਭਾਈ, ਇਸ ਹਾਲਤ ਥੀਂ ਹੋਰ ਕੋਈ ਵੀ ਹਾਲਤ ਵਧ ਹੋਣਾ ਬੁਰੀ ਤਾਂ ਹੋ ਨਹੀਂ ਸੱਕਦੀ। ਮੈਂ ਤਾਂ ਚਾਹੁੰਦੀ ਹਾਂ ਜੋ ਫੈਸਲਾ ਹੈ ਛੇਤੀ ਹੋਵੇ। ਆਹ ਸਿਆਪਾ ਮੁੱਕੇ"।

"ਫੈਸਲਾ ਇਕ ਪਾਸੇ ਯਾ ਦੂਜੇ ਪਾਸੇ ਹੋਣਾ ਹੀ ਹੈ" ਦਰੋਗੇ ਨੇ ਕਹਿਆ, ਪਰ ਉਹਦਾ ਸੁਰ ਇਕ ਐਸੇ ਆਦਮੀ ਦਾ ਸੀ ਜਿਹੜਾ ਆਪਣੀ ਜਾਤ ਨੂੰ ਉਨ੍ਹਾਂ ਥਾਂ ਸਹਿਜੇ ਹੀ ਉੱਚਾ ਸਮਝ ਰਹਿਆ ਸੀ ਤੇ ਜਿਸ ਨੂੰ ਆਪਣੀ ਦਾਨਾਈ ਦਾ ਆਪੇ ਹੀ ਯਕੀਨ ਜੇਹਾ ਬੱਝਾ ਹੁੰਦਾ ਹੈ ਤੇ ਇਹ ਕਹਿ ਕੇ ਮੁੜ ਉਸੀ ਹਾਕਮੀ ਸੁਰ ਵਿੱਚ ਕਹਿੰਦਾ ਹੈ, "ਹੁਣ ਫਿਰ ਚਲ ਅਗਾਹਾਂ।"

ਓਸ ਦਰਵਾਜੇ ਦੀ ਝੀਤ ਵਿੱਚ ਦਿੱਤਾ ਬੁਢੀ ਦਾ ਸਿਰ ਛਿਪ ਗਇਆ, ਤੇ ਮਸਲੋਵਾ ਕੌਰੀਡੋਰ ਦੇ ਵਿਚਕਾਰ ਹੋ ਟੁਰ ਪਈ। ਵੱਡਾ ਦਰੋਗਾ ਮੋਹਰੇ, ਤੇ ਉਹ ਦੋਵੇਂ ਮਗਰ ਪਹੁੜੀਆਂ ਥੀਂ ਉਤਰੇ ਤੇ ਮਰਦਾਂ ਦੀਆਂ ਕਾਲ ਕੋਠੜੀਆਂ ਜਿਹੜੀਆਂ ਤੀਮੀਆਂ ਦੀਆਂ ਕੋਠੜੀਆਂ ਥੀਂ ਵੀ ਵਧ ਸ਼ੋਰੀਲੀਆਂ ਤੇ ਓਨ੍ਹਾਂ ਥੀਂ ਵੀ ਵਧ ਸੜੀ ਗੰਦੀ ਬੂ ਛੱਡ ਰਹੀਆਂ ਸਨ, ਦੀ ਅਗੇ ਦੀ ਲੰਘੇ, ਤੇ ਉਨ੍ਹਾਂ ਦਰਵਾਜਿਆਂ ਦੀਆਂ ਝੀਤਾਂ ਤੇ ਮੋਰੀਆਂ ਵਿੱਚ ਦੀ ਅਨੇਕ ਅੱਖਾਂ ਇਨ੍ਹਾਂ ਲੰਘਦਿਆਂ ਵਲ ਤੱਕ ਰਹੀਆਂ ਸਨ। ਜੇਲ੍ਹਖਾਨੇ ਦੇ ਦਫਤਰ ਅੱਪੜੇ ਜਿੱਥੇ ਅੱਗੇ ਹੀ ਦੋ ਸਿਪਾਹੀ ਮਸਲੋਵਾ ਨੂੰ ਅਦਾਲਤ ਲੈ ਜਾਣ ਲਈ ਖੜੇ ਸਨ। ਇਕ ਬਾਬੂ ਨੇ ਉਨ੍ਹਾਂ ਵਿੱਚੋਂ ਇਕ ਸਿਪਾਹੀ ਨੂੰ ਤਮਾਕੂ ਦੀ ਬਦਬੂ ਨਾਲ ਭਰਿਆ ਕਾਗਜ਼ ਦਾ ਫੜਕਾ ਫੜਾਇਆ, ਤੇ ਕੈਦੀ ਵਲ ਇਸ਼ਾਰਾ ਕਰ ਕੇ ਕਹਿਆ "ਲੈ ਜਾਉ।"

ਓਹ ਸਿਪਾਹੀ ਨਿਜ਼ਨੀ ਨੌਵਗੋਰੋਡ ਦਾ ਵਸਨੀਕ ਇਕ ਕਿਸਾਨ ਸੀ ਜਿਸਦਾ ਚਿਹਰਾ ਲਾਲ ਤੇ ਮਾਤਾ ਦੇ ਦਾਗਾਂ ਨਾਲ ਭਰਿਆ ਸੀ। ਉਸ ਪਰਵਾਨਾ ਆਪਣੇ ਕੋਟ ਦੀ ਆਸਤੀਨ ਵਿੱਚ ਤੁੰਨ ਲਿਆ, ਤੇ ਆਪਣੇ ਨਾਲ ਦੇ ਸਿਪਾਹੀ ਨੂੰ ਜਿਹੜਾ ਤਕੜੇ ਚੌੜੇ ਮੋਹਢਿਆਂ ਵਾਲਾ ਚੂਵਾਸ਼ (ਇਕ ਰੂਸੀ ਕੌਮ) ਕੌਮ ਦਾ ਮਰਦ ਸੀ, ਕੈਦੀ ਵਲ ਤੱਕ ਕੇ ਅੱਖ ਮਾਰੀ ਤੇ ਫਿਰ ਕੈਦੀ ਤੇ ਸਿਪਾਹੀ ਸਾਹਮਣੇ ਦੇ ਵੱਡੇ ਦਰਵਾਜੇ ਥੀਂ ਲੰਘ ਕੇ ਜੇਲ੍ਹਖਾਨੇ ਦੇ ਅਹਾਤੇ ਥੀਂ ਬਾਹਰ ਚਲੇ ਗਏ। ਸ਼ਹਿਰ ਦੇ ਵਿੱਚ ਦੀ ਓਹ ਖਹੁਰੀ ਉੱਚੇ ਨੀਵੇਂ ਪੱਥਰਾਂ ਦੇ ਫਰਸ਼ ਵਾਲੀ ਗਲੀ ਵਿੱਚ ਲੰਘਦੇ ਗਏ।

ਕੋਚਵਾਨ, ਤਾਜਰ ਲੋਕ, ਬਵਰਚੀ, ਮਜੂਰ ਤੇ ਗਵਰਨਮਿੰਟ ਦੇ ਦਫ਼ਤਰਾਂ ਦੇ ਬਾਬੂ ਲੋਕ ਖਲੋ ਖਲੋ ਬੜੀ ਗੌਹ ਨਾਲ ਕੈਦੀ ਵੱਲ ਤੱਕਦੇ ਸਨ। ਕਈ ਤਾਂ ਆਪਣੇ ਸਿਰ ਹਿਲਾਂਦੇ ਸਨ ਤੇ ਸੋਚਦੇ ਸਨ-"ਇਹ ਨਤੀਜੇ ਹਨ ਬਦਚਲਨੀ ਦੇ। ਬਦਚਲਨੀ ਜਿਹੜੀ ਅਸੀਂ ਨਹੀਂ ਕਰਦੇ"-ਬਚੇ ਓਹ ਚੋਰ ਹੈ ਸਮਝ ਕੇ ਡਰ ਗਈਆਂ ਅੱਖਾਂ ਨਾਲ ਕੈਦੀ ਵੱਲ ਵੇਂਹਦੇ ਸਨ ਪਰ ਨਾਲੇ ਹੀ ਉਨ੍ਹਾਂ ਨੂੰ ਇਹ ਖਿਆਲ ਆ ਜਾਂਦਾ ਸੀ ਕਿ ਨਾਲ ਦੇ ਜਿਹੜੇ ਸਿਪਾਹੀ ਸਨ ਓਹ ਓਨ੍ਹਾਂ ਨੂੰ ਓਸ ਪਾਸੋਂ ਬਚਾ ਲੈਣਗੇ ਤੇ ਇਹ ਖਿਆਲ ਓਨ੍ਹਾਂ ਦੇ ਡਰਾਂ ਨੂੰ ਚੁੱਪ ਕਰਾਂਦਾ ਸੀ। ਇਕ ਜਟ ਜਿਹੜਾ ਆਪਣੇ ਕੋਇਲੇ ਦਾ ਪਿੱਠੂ ਹੁਣੇ ਸ਼ਹਿਰ ਵਿੱਚ ਵੇਚ ਕੇ ਤੇ ਚਾਹ ਪੀਕੇ ਟੁਰੀ ਆਉਂਦਾ ਸੀ ਕੈਦੀ ਕੋਲ ਆ ਗਇਆ, ਤੇ ਆਪਣੇ ਆਪ ਉੱਪਰ ਸਲੀਬ ਦੀ ਨਿਸ਼ਾਨੀ ਆਪਣੇ ਹੱਥਾਂ ਨਾਲ ਵਾਹ ਕੇ ਓਸ ਕੈਦੀ ਤੀਮੀਂ ਨੂੰ ਇਕ ਧੇਲਾ ਦਾਨ ਦਿੱਤਾ। ਕੈਦੀ ਨੂੰ ਸ਼ਰਮ ਆ ਗਈ ਤੇ ਮੂੰਹ ਵਿੱਚ ਕੁਝ ਬਚਨ ਪਪੋਲਿਆ। ਇਹ ਵੇਖਕੇ ਕਿ ਸਬ ਲੋਕਾਂ ਦੀਆਂ ਨਿਗਾਹਾਂ ਓਸ ਵਲ ਲੱਗੀਆਂ ਹਨ, ਮਸਲੋਵਾ ਬਿਨਾ ਸਿਰ ਦੂਜੇ ਪਾਸੇ ਮੋੜੇ ਦੇ ਹੀ ਇਕ ਟੇਢੀ ਨਜ਼ਰ ਉਨ੍ਹਾਂ ਵਲ ਤੱਕਦੀ ਜਾਂਦੀ ਸੀ ਜੋ ਓਸ ਵੱਲ ਵੇਖ ਰਹੇ ਸਨ। ਇਉਂ ਲੋਕਾਂ ਦਾ ਓਸ ਵਲ ਧਿਆਨ ਕਰਨਾ ਓਹਦੇ ਦਿਲ ਨੂੰ ਚੰਗਾ ਲਗ ਰਹਿਆ ਸੀ। ਨਾਲੇ ਬਾਹਰ ਦੀ ਖੁੱਲ੍ਹੀ ਹਵਾ ਨੇ ਵੀ ਓਹਨੂੰ ਖੁਸ਼ੀ ਕੀਤਾ ਸੀ, ਪਰ ਕੈਦ ਵਿੱਚ ਰਹਿ ਕੇ ਓਹਦੇ ਪੈਰਾਂ ਨੂੰ ਚੱਲਣ ਦੀ ਆਦਤ ਨਹੀਂ ਰਹੀ ਸੀ, ਤੇ ਓਨ੍ਹਾਂ ਭੈੜੀਆਂ ਜੇਲ੍ਹ ਦੀਆਂ ਜੁੱਤੀਆਂ ਨਾਲ ਸਖਤ ਪੱਥਰਾਂ ਤੇ ਟੁਰਨਾ ਔਖਾ ਹੋ ਰਹਿਆ ਸੀ। ਇਕ ਅਨਾਜ ਵੇਚਣ ਵਾਲੇ ਦੀ ਦੁਕਾਨ ਕੋਲੋਂ ਲੰਘਦਿਆਂ ਜ੍ਹਿਦੇ ਸਾਹਮਣੇ ਕਈ ਕਬੂਤਰ ਆਪਣੀਆਂ ਛਾਤੀਆਂ ਕੱਢੇ ਬਿਨਾਂ ਕਿਸੇ ਦੇ ਛੇੜੇ, ਟਹਿਲ ਰਹੇ ਸਨ, ਇਹਦਾ ਪੈਰ ਇਕ ਸਲੇਟੀ ਨੀਲੇ ਰੰਗ ਦੇ ਕਬੂਤਰ ਨੂੰ ਬਸ ਲੱਗਾ ਹੀ ਸੀ ਕਿ ਓਹ ਕਬੂਤਰ ਘਬਰਾ ਕੇ ਇਹਦੇ ਕੰਨ ਦੇ ਕੋਲੋਂ ਫੜਕਦਾ ਉੱਡ ਗਇਆ। ਆਪਣੇ ਫੰਘਾਂ ਨਾਲ ਉੱਤੋਂ ਜਾਂਦਿਆਂ ਉੱਡਦਿਆਂ ਮਾਨੋਂ ਪੱਖਾ ਕਰਦਾ ਗਇਆ। ਓਹ ਮੁਸਕ੍ਰਾਈ ਤੇ ਨਾਲੇ ਹੀ ਇਕ ਡੂੰਘਾ ਸਾਹ ਭਰਿਆ, ਓਸ ਵੱਲ ਤੱਕਿਆ ਤੇ ਨਾਲੇ ਆਪਣੀ ਉਲਝੀ ਅਵਸਥਾ ਦਾ ਖਿਆਲ ਆਇਆ।

ਮੋਇਆਂ ਦੀ ਜਾਗ-ਕਾਂਡ ੨. : ਲਿਉ ਤਾਲਸਤਾਏ

ਕੈਦੀ ਮਸਲੋਵਾ ਦੀ ਜੀਵਨ ਕਥਾ ਇਕ ਆਮ ਕਹਾਣੀ ਸੀ।

ਮਸਲੋਵਾ ਦੀ ਮਾਂ ਇਕ ਗਰਾਮੀਨ ਤੀਮੀ ਦੀ ਅਣਵਿਆਹੀ ਧੀ ਸੀ। ਉਹ ਦੋ ਸ਼ਰੀਫ ਕੰਵਾਰੀ ਸਵਾਣੀਆਂ, ਜੋ ਜਿਮੀਂਦਾਰ ਸਨ ਤੇ ਜਿਨ੍ਹਾਂ ਡੇਰੀ ਵੀ ਖੋਲ੍ਹੀ ਹੋਈ ਸੀ, ਦੀ ਨੌਕਰਾਨੀ ਸੀ। ਇਹ ਉਹਦੀ ਅਣਵਿਆਹੀ ਕੁੜੀ ਹਰ ਸਾਲ ਇਕ ਬੱਚਾ ਜਣ ਦਿੰਦੀ ਸੀ, ਤੇ ਜਿੰਵੇਂ ਗਰਾਮੀਨ ਲੋਕਾਂ ਵਿੱਚ ਹੁੰਦਾ ਹੈ ਕਿ ਇਹੋ ਜੇਹੇ ਅਣਚਾਹੇ ਬੱਚਿਆਂ ਨੂੰ ਜਿਹੜੇ ਉਨ੍ਹਾਂ ਦੇ ਕੰਮ ਕਾਜ ਵਿੱਚ ਰੁਕਾਵਟ ਪਾਂਦੇ ਹਨ, ਬਿਪਤਿਸਮਾ ਦੇਣ ਦੇ ਮਗਰੋਂ ਮਾਰ ਦਿੰਦੇ ਹਨ, ਉਹ ਮਾਂ ਰੋਲ ਕੇ ਮਾਰ ਦਿੱਤਾ ਕਰਦੀ ਸੀ। ਵੇਲੇ ਸਿਰ ਦੁੱਧ ਨ ਦਿੱਤਾ, ਭੁੱਖੇ ਮਰਨ ਦਿੱਤਾ ਤੇ ਇਹੋ ਜੇਹੇ ਹਰ ਸਾਲ ਆਏ ਬੱਚੇ ਆਪੇ ਮਰ ਜਾਂਦੇ ਸਨ। ਇਸ ਕੁੜੀ ਦਾ ਛੇਵਾਂ ਬੱਚਾ, ਜ੍ਹਿਦਾ ਪਿਓ ਇਕ ਖਾਨਾ ਬਿਦੋਸ਼ ਜਿਪਸੀ ਕੌਮ ਦਾ ਬੰਦਾ ਸੀ, ਵੀ ਉਸੀ ਤਰਾਂ ਅਗਲਿਆਂ ਵਾਂਗ ਮਰ ਜਾਂਦਾ, ਜੇ ਇਕ ਇਤਫਾਕ ਕੁਦਰਤ ਵੱਲੋਂ ਉਹਦੇ ਬਚਣ ਦਾ ਨਾਂ ਹੋ ਜਾਂਦਾ-ਉਹ ਇਓਂ ਹੋਇਆ, ਉਨ੍ਹਾਂ ਦੋਹਾਂ ਜ਼ਿਮੀਂਦਾਰ ਕੰਵਾਰੀ ਸਵਾਣੀਆਂ ਵਿੱਚੋਂ ਇਕ ਉਸ ਦਿਨ ਡੇਰੀ ਵਿੱਚ ਅਪਣੀਆਂ ਨੌਕਰਾਣੀਆਂ ਨੂੰ ਝਾੜ ਪਾਣ ਗਈ ਸੀ ਕਿਉਂਕਿ ਮਲਾਈ ਜਿਹੜੀ ਉਨ੍ਹਾਂ ਬਣਾਈ ਸੀ ਉਸ ਵਿੱਚ ਗਊਆਂ ਦੀ ਬੋ ਆਉਂਦੀ ਸੀ। ਤਾਂ ਉੱਥੇ ਫਾਰਮ ਦੇ ਅਹਾਤੇ ਵਿੱਚ ਇਕ ਜਵਾਨ ਕੁੜੀ ਲੇਟੀ ਹੋਈ ਸੀ, ਤੇ ਉਸ ਅੱਗੇ ਇਕ ਸੋਹਣਾਂ ਅਰੋਗ ਤੇ ਨਵਾਂ ਜੰਮਿਆ ਬੱਚਾ ਲੇਟਿਆ ਹੋਇਆ ਸੀ। ਇਹ ਵੇਖ ਕੇ ਉਸ ਬੁੱਢੀ ਕੰਵਾਰੀ ਸਵਾਣੀ ਨੇ ਆਪਣੀਆਂ ਨੌਕਰਾਣੀਆਂ ਨੂੰ ਝਾੜਨਾ ਸ਼ੁਰੂ ਕੀਤਾ ਕਿ ਉਨ੍ਹਾਂ ਕਿਉਂ ਇਕ ਸੱਜਰ ਸੂ ਜਨਾਨੀ ਨੂੰ ਗਉਆਂ ਦੇ ਛੱਪਰ ਹੇਠ ਲੇਟਣ ਦੀ ਇਜਾਜ਼ਤ ਦਿੱਤੀ ਹੈ। ਜਾਣ ਹੀ ਲੱਗੀ ਸੀ ਕਿ ਉਸ ਨੰਨ੍ਹੀ ਜੇਹੀ ਜਾਨ ਨੂੰ ਵੇਖਕੇ ਉਹਨੂੰ ਤਰਸ ਆਇਆ ਤੇ ਉਸ ਆਪ ਉੱਥੇ ਹੀ ਕਹਿ ਦਿੱਤਾ ਕਿ ਉਸ ਨਿੱਕੀ ਬੱਚੀ ਦੀ ਬਿਪਤਿਸਮੇ ਦੇ ਦੀ ਧਰਮ-ਮਾਂ ਓਹ ਆਪ ਬਣੇਗੀ, ਤੇ ਇਓਂ, ਧਰਮ ਦੀ ਧੀ ਬਣਾ ਉਹਨੂੰ ਹੋਰ ਤਰਸ ਆਇਆ ਤੇ ਕੁਛ ਦੁੱਧ ਦਿੱਤੇ ਜਾਣ ਦਾ ਹੁਕਮ ਦਿੱਤਾ। ਕੁਝ ਰੁਪੈ ਮਾਂ ਨੂੰ ਦਿੱਤੇ ਕਿ ਉਹ ਉਸ ਬੱਚੀ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰੇ। ਇਸ ਤਰਾਂ ਇਹ ਛੇਵਾਂ ਬੱਚਾ ਉਹਦਾ ਜੀਵਿਆ। ਉਹ ਦੋਵੇਂ ਬੁਢੀਆਂ ਮਿੱਸਾਂ ਹਮੇਸ਼ਾਂ ਇਸ ਬੱਚੀ ਨੂੰ "ਬੱਚ ਗਿਆ ਬੱਚਾ" ਕਹਿ ਕੇ ਯਾਦ ਕਰਦੀਆਂ ਸਨ। ਜਿਸ ਵਕਤ ਇਹ ਲੜਕੀ ਤਿੰਨ ਸਾਲ ਦੀ ਹੋਈ ਓਹਦੀ ਮਾਂ ਮਰ ਗਈ, ਤੇ ਬੱਚੀ ਹੁਣ ਆਪਣੀ ਦਾਦੀ ਪਾਸੋਂ ਔਖੀ ਸੀ। ਇਸ ਕਰਕੇ ਉਨ੍ਹਾਂ ਮਿਸਾਂ ਨੇ ਓਹਨੂੰ ਦਾਦੀ ਪਾਸੋਂ ਲੈ ਕੇ ਆਪ ਪਾਲਣਾ ਸ਼ੁਰੂ ਕਰ ਦਿੱਤਾ। ਸੱਚ ਆਪਣੀ ਦਾਦੀ ਪਾਸ ਤਾਂ ਓਹ ਇਕ ਕਿਸਮ ਦਾ ਬੋਝ ਹੀ ਸੀ ਨਾ। ਇਹ ਨਿੱਕੀ ਜੇਹੀ ਕਾਲੀ ਅੱਖਾਂ ਵਾਲੀ ਕੁੜੀ ਬੜੀ ਹੀ ਸੋਹਣੀ ਆਣ ਨਿਕਲੀ ਤੇ ਇਹਦੀ ਕੁਦਰਤੀ ਤਬੀਅਤ ਇੰਨੀ ਖਿਲਾੜੀ ਸੀ ਕਿ ਉਨ੍ਹਾਂ ਬੁਢੀਆਂ ਮਿੱਸਾਂ ਦਾ ਇਕ ਪਰਚਾਵਾ ਆਣ ਹੋਈ।

ਸੋਫੀਆ ਈਵਾਨੋਵਨਾ- ਉਨ੍ਹਾਂ ਦੋਹਾਂ ਮਿੱਸਾਂ ਵਿਚੋਂ ਛੋਟੀ ਜਿਹੜੀ ਇਸ ਕੁੜੀ ਦੀ ਧਰਮ ਮਾਂ ਬਣੀ ਸੀ, ਦਾ ਦਿਲ ਆਪਣੀ ਦੂਜੀ ਭੈਣ ਕੋਲੋਂ ਜ਼ਿਆਦਾ ਦਯਾਵਾਨ ਸੀ। ਮੇਰੀ ਈਵਾਨੋਵਨਾ ਜਿਹੜੀ ਵੱਡੀ ਸੀ, ਕੁਛ ਕੜੀ ਜੇਹੀ ਜਨਾਨੀ ਸੀ। ਸੋਫੀਆ ਈਵਾਨੋਵਨਾ ਇਸ ਨਿੱਕੀ ਕੁੜੀ ਨੂੰ ਸੋਹਣੇ ਕੱਪੜੇ ਪਹਿਨਾਂਦੀ ਸੀ ਤੇ ਨਾਲੇ ਓਹਨੂੰ ਲਿਖਣਾ ਪੜ੍ਹਨਾ ਸਿਖਾਂਦੀ ਸੀ। ਉਹਦਾ ਖਿਆਲ ਸੀ ਕਿ ਇਹਨੂੰ ਖੂਬ ਪੜ੍ਹਾ ਕੇ ਇਕ ਸ਼ਰੀਫ ਖਾਨਦਾਨ ਦੀ ਜਵਾਨ ਕੰਵਾਰੀ ਵਾਂਗ ਵੱਡਾ ਕੀਤਾ ਜਾਵੇ। ਮੇਰੀ ਈਵਾਨੋਵਨਾ ਬੱਸ ਇੰਨਾ ਚਾਹੁੰਦੀ ਸੀ ਕਿ ਓਹਨੂੰ ਘਰ ਬਾਹਰ ਦਾ ਕੰਮ ਕਾਜ ਸਿਖਲਾਇਆ ਜਾਵੇ ਕਿ ਓਹ ਚੰਗੀ ਨੌਕਰਾਨੀ ਤਿਆਰ ਹੋਵੇ, ਤੇ ਇਸ ਕਰਕੇ ਓਹਦੀ ਨਜ਼ਰ ਉਸ ਕੁੜੀ ਵਲ ਕੁਛ ਵਿਹਾਰੀ ਜੇਹੀ ਸੀ। ਇਓਂ ਉਹ ਸਖਤ ਵਰਤਾ ਕਰਦੀ ਸੀ, ਕਦੀ ਕਦੀ ਸਜ਼ਾ ਦਿੰਦੀ ਸੀ ਜੇ ਗੁੱਸਾ ਚੜ ਜਾਏ ਤਦ ਠੋਕ ਵੀ ਦਿੰਦੀ ਸੀ। ਇਕੋ ਘਰ ਇਨ੍ਹਾਂ ਦੋਹਾਂ ਅਸਰਾਂ ਹੇਠ ਵਿਚਾਰੀ ਕੁੜੀ ਨਾ ਇਧਰ ਦੀ ਰਹੀ ਨਾ ਉਧਰ ਦੀ। ਅੱਧੀ ਤਾਂ ਨੌਕਰ ਬਣੀ ਤੇ ਅਧ ਪਚੱਧੀ ਸ਼ਰੀਫ ਜਵਾਨ ਸਵਾਣੀ। ਦੋਵੇਂ ਮਿੱਸਾਂ ਓਹਨੂੰ ਲਾਡ ਨਾਲ ਕਾਤੂਸ਼ਾ ਕਰਕੇ ਬੁਲਾਂਦੀਆਂ ਸਨ। ਇਹ ਨਿੱਕਾ ਨਾਂ ਕਾਤਿਨਕਾ ਨਾਮ ਥੀਂ (ਰੂਸੀ ਜਬਾਨ ਦਾਨੀ ਵਿੱਚ) ਘੱਟ ਮਾਂਝਿਆ ਹੋਇਆ ਨਾਮ ਸੀ ਪਰ ਕਤਿਕਾ ਆਮ ਸਾਧਾਰਨ ਨਾਮ ਥੀਂ ਜ਼ਿਆਦਾ ਚੰਗਾ ਸੀ। ਇਹ ਕੁੜੀ ਕੱਪੜੇ ਸੀਂਦੀ ਤ੍ਰਪਦੀ ਸੀ, ਕਮਰਿਆਂ ਨੂੰ ਝਾਤੂ ਦੇ ਸਾਫ ਸੁਥਰਾ ਕਰ ਰੱਖਦੀ ਸੀ, ਤੇ ਹੋਰ ਘਰ ਦਾ ਨਿੱਕਾ ਮੋਟਾ ਸਾਰਾ ਕੰਮ ਕਰਦੀ ਸੀ ਤੇ ਜਦ ਕਦੀ ਕਦੀ ਓਹਨੂੰ ਵਿਹਲ ਮਿਲਦੀ ਤਾਂ ਬੈਠ ਕੇ ਪੜ੍ਹਦੀ, ਯਾ ਪੜ੍ਹ ਕੇ ਇਨ੍ਹਾਂ ਦੋਹਾਂ ਸਵਾਣੀਆਂ ਨੂੰ ਕਥਾ ਕਰ ਸੁਣਾਂਦੀ ਸੀ।

ਭਾਵੇਂ ਚੜ੍ਹੀ ਜਵਾਨੀ ਇਸ ਕੁੜੀ ਨੂੰ ਇਕ ਥੀਂ ਵੱਧ ਲੜਕਿਆਂ ਨੇ ਵਿਆਹ ਲਈ ਕਹਿਆ ਸੀ, ਪਰ ਉਸ ਵਿਆਹ ਕਰਨ ਥੀਂ ਇਨਕਾਰ ਕਰ ਦਿੱਤਾ ਸੀ। ਉਸ ਨੂੰ ਇਹ ਭਾਨ ਹੋਇਆ ਕਿ ਇਨ੍ਹਾਂ ਮਜੂਰ ਲੋਕਾਂ ਵਿੱਚੋਂ ਕਿਸੀ ਇਕ ਦੀ ਘਰ ਵਾਲੀ ਬਣ ਜਾਣ ਨਾਲ, ਤੇ ਉਹਨੂੰ ਚਾਹੁਣ ਵਾਲੇ ਓਹੋ ਹੀ ਠੁਲ੍ਹੇ ਸਾਧਾਰਨ ਕਿਸਾਨ ਲੋਕੀ ਹੀ ਸਨ, ਉਸ ਨੂੰ ਕੋਈ ਸੁਖ ਨਹੀਂ ਪ੍ਰਾਪਤ ਹੋ ਸਕੇਗਾ, ਹੁਣ ਜਦ ਕਿ ਉਹ ਇਕ ਵੱਡੇ ਸ਼ਰੀਫ ਘਰਾਨੇ ਵਿੱਚ ਉਪਰਲੇ ਦਰਜੇ ਦੇ ਸੁੱਖਾਂ ਤੇ ਲਾਡਾਂ ਵਿੱਚ ਪਲੀ ਸੀ ਤੇ ਉਸੀ ਕਿਸਮ ਦੇ ਅਕਲਾਂ ਵਾਲੇ ਸੁਖ ਦੀ ਆਦੀ ਹੋ ਚੁਕੀ ਸੀ। ਓਹਨੂੰ ਦੁੱਖ ਤੇ ਮਿਹਨਤ ਮੁਸ਼ੱਕਤ ਦੇ ਜੀਵਨ ਦਾ ਕੋਈ ਸੁਖ ਸਵਾਦ ਨਹੀਂ ਸੀ ਦਿੱਸ ਆਉਂਦਾ।

ਇਓਂ ਉੱਸੇ ਘਰ ਵਿੱਚ ਉਸੀ ਤਰਾਂ ਰਹਿੰਦੀ ਦੀ ਉਮਰ ੧੬ ਸਾਲ ਦੀ ਆਣ ਹੋਈ। ਜਦ ਇਹ ਸੋਲਾਂ ਸਾਲਾਂ ਦੇ ਭਰ ਜੋਬਨ ਵਿੱਚ ਸੀ, ਤਦ ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਮਿੱਸਾਂ ਦਾ ਭਤਰੀਆ ਇਕ ਅਮੀਰ ਨੌਜਵਾਨ ਸ਼ਾਹਜ਼ਾਦਾ ਯੂਨੀਵਰਸਟੀ ਵਿੱਚ ਪੜ੍ਹਣ ਵਾਲਾ ਮੁੰਡਾ ਆਪਣੀਆਂ ਫੁੱਫੀਆਂ ਪਾਸ ਛੁੱਟੀਆਂ ਦੇ ਦਿਨ ਗੁਜ਼ਾਰਨ ਨੂੰ ਆਇਆ। ਤੇ ਕਾਤੂਸ਼ਾ ਆਪਣੇ ਰੂਹ ਨੂੰ ਵੀ ਨਹੀਂ ਸੀ ਦੱਸਣਾ ਚਾਹੁੰਦੀ ਪਰ ਅੰਦਰੋ ਅੰਦਰ ਹੀ ਉਹ ਇਸ ਨੌਜਵਾਨ ਨੂੰ ਵੇਖਦੇ ਸਾਰ ਹੀ ਉਹਦੇ ਪਿਆਰ ਵਿੱਚ ਡੁੱਬ ਗਈ ਸੀ।

ਇਸ ਥੀਂ ਦੋ ਸਾਲ ਪਿੱਛੇ ਇਹੋ ਉਨਾਂ ਦਾ ਭਤਰੀਆ ਆਪਣੀਆਂ ਫੁੱਫੀਆਂ ਪਾਸ ਆਪਣੀ ਰੈਜਮਿੰਟ ਵਿੱਚ ਨਾਂ ਲਵਾਣ ਨੂੰ ਜਾਣ ਥੀਂ ਪਹਿਲਾਂ ਚਾਰ ਰੋਜ ਆਕੇ ਰਹਿਆ ਸੀ ਤੇ ਉੱਥੋਂ ਜਾਣ ਥੀਂ ਇਕ ਰਾਤ ਪਹਿਲਾਂ ਉਸ ਨੇ ਕਤੂਸ਼ਾ ਨੂੰ ਭਰਮਾ ਲਇਆ ਸੀ ਤੇ ਉਹਨੂੰ ਆਪਣੀ ਕੀਤੀ ਬਦਮਾਸ਼ੀ ਬਦਲੇ ਇਕ ਸੌ ਰੂਬਲ ਦਾ ਨੋਟ ਦੇ ਕੇ ਟੁਰ ਗਇਆ ਸੀ। ਉਸ ਥੀਂ ਪੰਜ ਮਹੀਨੇ ਮਗਰੋਂ ਕਾਤੂਸ਼ਾ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਜਦ ਉਹਨੂੰ ਇਹ ਗੱਲ ਪਤਾ ਲੱਗੀ ਤਦ ਓਹਨੂੰ ਕੁਛ ਵੀ ਚੰਗਾ ਨਹੀਂ ਸੀ ਲੱਗਦਾ। ਉਹਦਾ ਬੱਸ ਇੱਕੋ ਖਿਆਲ ਸੀ ਕਿ ਇਸ ਸ਼ਰਮਸਾਰੀ ਥੀਂ ਕਿਸ ਤਰਾਂ ਬਚੇ ਨਾ ਸਿਰਫ ਉਹ ਆਪਣੇ ਘਰ ਦੇ ਕੰਮ ਕਾਜ ਤੇ ਉਨ੍ਹਾਂ ਮਿੱਸਾਂ ਦੀ ਸੇਵਾ ਆਦਿ ਕਰਨ ਵਿੱਚ ਢਿੱਲੀ ਹੋ ਗਈ ਸੀ, ਬਲਕਿ ਮਿਜਾਜ਼ ਦੀ ਚਿੜਚਿੜੀ ਹੋ ਗਈ ਸੀ। ਇਕ ਵੇਰੀ ਉਨ੍ਹਾਂ ਨੂੰ ਖਹੁਰੀ ਬੋਲੀ ਤੇ ਉਨ੍ਹਾਂ ਨਾਲ ਲੜ ਵੀ ਪਈ। ਆਖ਼ਰ ਉਸ ਆਖਿਆ ਕਿ ਮੈਨੂੰ ਛੁੱਟੀ ਦੇਵੋ ਮੈਂ ਹੁਣ ਨੌਕਰੀ ਨਹੀਂ ਕਰਨੀ। ਭਾਵੇਂ ਇਸ ਬੇਅਦਬੀ ਕਰਨ ਦਾ ਪਿੱਛੋਂ ਉਹਨੂੰ ਮੰਦਾ ਵੀ ਲੱਗਾ ਪਰ ਆਖ਼ਰ ਉਸ ਉਨ੍ਹਾਂ ਦੀ ਨੌਕਰੀ ਛੱਡ ਹੀ ਦਿੱਤੀ। ਉਹ ਮਿੱਸਾਂ ਆਪਣੀ ਥਾਂ ਉਸ ਥੀਂ ਔਖੀਆਂ ਹੀ ਸਨ, ਉਨ੍ਹਾਂ ਛੁੱਟੀ ਵੀ ਦੇ ਦਿੱਤੀ।

ਇਸ ਥੀਂ ਮਗਰੋਂ ਉਸ ਨੇ ਇਕ ਪੋਲੀਸ ਅਫਸਰ ਦੇ ਘਰ ਨੌਕਰਾਨੀ ਦਾ ਕੰਮ ਚੁੱਕਿਆ, ਪਰ ਓਥੇ ਵੀ ਤਿੰਨ ਮਹੀਨੇ ਲਈ ਹੀ ਰਹਿ ਸਕੀ। ਉਹ ਪੋਲੀਸ ਅਫਸਰ ਭਾਵੇਂ ਸੀ ਤਾਂ ਪੰਜਾਹ ਸਾਲਾਂ ਦਾ ਬੁੱਢਾ, ਪਰ ਕਾਤੂਸ਼ਾ ਨੂੰ ਛੇੜਦਾ ਸੀ ਤੇ ਤੰਗ ਕਰਦਾ ਸੀ। ਇਕ ਵੇਰੀ ਉਹ ਇਸ ਦੇ ਮਗਰ ਪਇਆ ਤੇ ਛੇੜਨ ਲੱਗਾ ਕਾਤੂਸ਼ਾ ਉਸ ਵਕਤ ਖਾਸ ਦਲੇਰੀ ਦੀ ਤਬੀਅਤ ਵਿੱਚ ਸੀ। ਉਹਦੇ ਛੇੜਨ ਉੱਪਰ ਇਹ ਤੈਸ਼ ਵਿੱਚ ਆਈ ਤੇ ਉਹਨੂੰ ਬੜੀਆਂ ਗਾਲ੍ਹਾਂ ਕੱਢੀਆਂ। "ਬੇਵਕੂਫ" "ਮਰਦੂਦ" "ਬੁੱਢਾ ਸ਼ੈਤਾਨ"-ਨਾਲੇ ਦੋਹਾਂ ਹੱਥਾਂ ਨਾਲ ਇੰਨੇ ਜੋਰ ਨਾਲ ਧੱਕਾ ਦਿੱਤਾ ਕਿ ਉਹ ਬੁਰੀ ਤਰਾਂ ਡਿੱਗਣ ਥੀਂ ਮਸੇਂ ਹੀ ਬਚਿਆ-ਇਸ ਗੁਸਤਾਖੀ ਲਈ ਉਹ ਉਸ ਘਰੋਂ ਕੱਢੀ ਗਈ। ਹੁਣ ਹੋਰ ਕੋਈ ਨੌਕਰੀ ਕਰਨੀ ਬੇਫਾਇਦਾ ਸੀ, ਉੱਦੋਂ ਬੱਚਾ ਜਣਨ ਦਾ ਵਕਤ ਨੇੜੇ ਆ ਪਹੁਤਾ ਸੀ। ਇਸ ਕਰਕੇ ਉਹ ਇਕ ਨਾਜਾਇਜ਼ ਸ਼ਰਾਬ ਦੀ ਖੁਰਦਾ ਫਿਰੋਸ਼ ਤੀਮੀ ਦੇ ਘਰ, ਜਿਹੜੀ ਦਾਈ ਦਾ ਕੰਮ ਵੀ ਕਰਦੀ ਸੀ, ਚਲੀ ਗਈ। ਬੱਚਾ ਬਿਨਾ ਤਕਲੀਫ ਦੇ ਪੈਦਾ ਹੋਇਆ, ਪਰ ਉਸ ਦਾਈ ਦਾ ਏਹੋ ਜੇਹਾ ਇਕ ਹੋਰ ਵੀ ਮਰੀਜ਼ ਸ਼ਹਿਰ ਵਿੱਚ ਸੀ। ਜਿਦ੍ਹੇ ਬੱਚੇ ਨੂੰ ਬੁਖਾਰ ਸੀ ਤੇ ਉਸ ਥੀਂ ਜ਼ਹਿਰੀਲੀ ਛੋ ਉਸ ਦਾਈ ਨੇ ਕਾਤੂਸ਼ਾ ਨੂੰ ਵੀ ਲਾ ਦਿੱਤੀ, ਤੇ ਕਾਤੂਸ਼ਾ ਥੀਂ ਉਸ ਬੱਚੇ ਨੂੰ ਵੀ ਲੱਗ ਗਈ। ਨਤੀਜਾ ਇਹ ਹੋਇਆ ਕਿ ਉਹਦਾ ਮਾਸੂਮ ਬੱਚਾ ਬੱਚਿਆਂ ਦੇ ਹਸਪਤਾਲੇ ਘਲਣਾ ਪਿਆ; ਤੇ ਉਸ ਬੁੱਢੀ ਜਨਾਨੀ ਨੇ ਕੁਛ ਚਿਰ ਮਗਰੋਂ ਆ ਕੇ ਦੱਸ ਦਿੱਤਾ ਕਿ ਉਹ ਬੱਚਾ ਹਸਪਤਾਲ ਜਾਂਦਿਆਂ ਹੀ ਮਰ ਗਇਆ ਸੀ। ਕਾਤੂਸ਼ਾ ਪਾਸ ਜਦ ਉਹ ਉਸ ਚੋਰੀ ਦੀ ਸ਼ਰਾਬ ਵੇਚੂ ਤੀਮੀ ਦੇ ਘਰ ਗਈ ਸੀ,, ੧੨੭ ਰੂਬਲ ਸਨ। ੨੭ ਤਾਂ ਉਸ ਆਪ ਕਮਾਏ ਸਨ ਤੇ ੧੦੦) ਉਹਦੇ ਨਾਲ ਉਸ ਧ੍ਰੋਹ ਕਮਾਣ ਵਾਲੇ ਨੇ ਉਹਨੂੰ ਦਿੱਤੇ ਸਨ। ਜਦ ਉਹਦੇ ਘਰੋਂ ਨ੍ਹਾ ਧੋ ਕੇ ਉਹ ਬਾਹਰ ਨਿਕਲੀ, ਕਾਤੂਸ਼ਾ ਪਾਸ ਸਿਰਫ ਛੇ ਰੂਬਲ ਸਨ, ਉਹਨੂੰ ਰੁਪੈ ਰੱਖਣ ਦੀ ਜਾਚ ਹੀ ਨਹੀਂ ਸੀ। ਉਹ ਤਾਂ ਯਾ ਆਪਣੇ ਉੱਪਰ ਖਰਚ ਕਰ ਦਿੰਦੀ ਸੀ ਯਾ ਜੋ ਉਸ ਪਾਸੋਂ ਮੰਗੇ ਉਸਨੂੰ ਦੇ ਦਿੰਦੀ ਸੀ। ਉਸ ਦਾਈ ਨੇ ਦੋ ਮਹੀਨੇ ਦੇ ਘਰ ਰੱਖਣ ਤੇ ਦਾਈਆਂ ਵਾਲੀ ਸੇਵਾ ਕਰਨ ਲਈ ੪੦) ਰੂਬਲ ਫੀਸ ਲੀਤੀ, ੨੫) ਬੱਚੇ ਦੇ ਇਲਾਜ ਲਈ ਬੱਚਿਆਂ ਦੇ ਹਸਪਤਾਲ ਵਾਲਿਆਂ ਲਏ ਤੇ ੪੦) ਰੂਬਲ ਉਸ ਦਾਈ ਨੇ ਇਕ ਗਊ ਖਰੀਦਣ ਲਈ ਕਾਤੂਸ਼ਾ ਪਾਸੋਂ ਕਰਜ਼ਾ ਲੀਤੇ, ਤੇ ੨੦) ਰੂਬਲ ਕੱਪੜੇ ਤੇ ਹੋਰ ਲੋੜਵੰਦੀ ਚੀਜਾਂ ਆਦਿ ਦੀ ਖਰੀਦ ਵਿੱਚ ਲੱਗ ਗਏ। ਜਦ ਹੁਣ ਬਾਹਰ ਆਕੇ ਪੱਲੇ ਕੁਛ ਨ ਰਹਿਆ ਤਦ ਕਾਤੂਸ਼ਾ ਨੂੰ ਮੁੜ ਕਿਸੀ ਨੌਕਰੀ ਦੀ ਤਲਾਸ਼ ਕਰਨੀ ਪਈ ਤੇ ਇਕ ਜੰਗਲ ਦੇ ਦਰੋਗੇ ਦੇ ਘਰ ਨੌਕਰੀ ਲੱਝੀ। ਇਹ ਦਰੋਗਾ ਸੀ ਤਾਂ ਵਿਆਹਿਆ ਹੋਇਆ, ਪਰ ਪਹਿਲੇ ਦਿਨ ਥੀਂ ਹੀ ਉਸ ਨੇ ਕਾਤੂਸ਼ਾ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਕਾਤੂਸ਼ਾ ਉਹਨੂੰ ਦਿਲੋਂ ਘ੍ਰਿਣਾ ਕਰਦੀ ਸੀ ਤੇ ਉਸ ਥੀਂ ਪਰੇ ਪਰੇ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਪਰ ਉਹ ਉਸਦਾ ਅੰਨ ਦਾਤਾ ਸੀ ਤੇ ਕਾਤੂਸ਼ਾ ਨਿਰੀ ਨੌਕਰਾਨੀ ਸੀ, ਉਹ ਉਹਨੂੰ ਜਿਸ ਪਾਸੇ ਉਹ ਚਹੇ ਬੁਲਾ ਲੈਂਦਾ ਸੀ। ਨਾਲੇ ਉਹ ਬੜਾ ਹੀ ਸਿਆਣਾ ਤੇ ਚਾਲਾਕ ਆਦਮੀ ਸੀ, ਉਹਨੂੰ ਫਸਾਣ ਦੇ ਸਾਰੇ ਢੰਗ ਆਉਂਦੇ ਸਨ। ਆਖਰ ਉਸ ਨੇ ਮੌਕਾ ਪਾਕੇ ਕਾਤੂਸ਼ਾ ਨੂੰ ਕਾਬੂ ਕਰਕੇ ਖਰਾਬ ਕਰ ਹੀ ਦਿੱਤਾ। ਉਹਦੀ ਵਹੁਟੀ ਨੂੰ ਇਸ ਗੱਲ ਦੀ ਖਬਰ ਲੱਗ ਗਈ ਤੇ ਇਕ ਦਿਨ ਆਪਣੇ ਖਾਵੰਦ ਤੇ ਕਾਤੂਸ਼ਾ ਨੂੰ ਇਕ ਕੱਲੇ ਕਮਰੇ ਵਿੱਚ ਇਕੱਠਾ ਬੈਠਿਆਂ ਪਕੜ ਕੇ ਉਸ ਨੇ ਕਾਤੂਸ਼ਾ ਨੂੰ ਖੂਬ ਕੁੱਟਿਆ। ਕਾਤੂਸ਼ਾ ਵੀ ਅੱਗੋਂ ਮੁਕਾਬਲੇ ਤੇ ਖਲੋ ਗਈ, ਦੋਹਾਂ ਦੀ ਖੂਬ ਲੜਾਈ ਹੋਈ ਤੇ ਕਾਤੂਸ਼ਾ ਨੂੰ ਬਿਨਾਂ ਤਨਖ਼ਾਹ ਦਿੱਤੇ ਦੇ ਘਰੋਂ ਬਾਹਰ ਕੱਢ ਦਿੱਤਾ ਗਇਆ।

ਇਸ ਥੀਂ ਪਿੱਛੇ ਉਹ ਆਪਣੀ ਭੂਆ ਪਾਸ ਰਹਿਣ ਨੂੰ ਸ਼ਹਿਰ ਟੁਰ ਗਈ, ਓਹਦਾ ਫੁੱਫੜ ਜਿਲਦਗਰ ਸੀ। ਕਦੀ ਚੰਗੇ ਪੈਸੇ ਵਾਲਾ ਹੋ ਚੁੱਕਾ ਸੀ, ਪਰ ਉਹਦੇ ਗਾਹਕ ਕੁਛ ਪਤਲੇ ਪੈ ਗਏ। ਉਹ ਸ਼ਰਾਬ ਪੀਣ ਲੱਗ ਪਇਆ, ਤੇ ਜੋ ਕੁਝ ਉਹਨੂੰ ਲਭਦਾ ਉਹ ਕਲਾਲ ਖਾਨੇ ਬਹਿ ਚੱਟ ਕਰ ਜਾਂਦਾ ਸੀ। ਭੂਆ ਨੇ ਕੱਪੜੇ ਧੋਣ ਦਾ ਕੰਮ ਚੁੱਕਿਆ ਹੋਇਆ ਸੀ, ਤੇ ਇਸ ਤਰ੍ਹਾਂ ਉਹ ਮਿਹਨਤ ਮਜੂਰੀ ਕਰਕੇ ਉਹ ਆਪਣੇ ਬਾਲ ਬੱਚੇ ਦਾ ਨਿਰਬਾਹ ਟੋਰਦੀ ਸੀ। ਉਹ ਨਾਲੇ ਆਪਣੇ ਨਸ਼ਈ ਖਾਵੰਦ ਨੂੰ ਵੀ ਪਾਲਦੀ ਸੀ। ਭੂਆ ਨੇ ਕਾਤੂਸ਼ਾ ਨੂੰ ਆਪਣੇ ਪਾਸ ਕੱਪੜੇ ਧੋਣ ਤੇ ਰੱਖ ਲਇਆ, ਪਰ ਕਾਤੂਸ਼ਾ ਇਹ ਵੇਖ ਕੇ ਕਿ ਉਸ ਦੀ ਭੂਆ ਕਿਸ ਬਿਪਤਾ ਤੇ ਦੁੱਖ ਵਿੱਚ ਰੁਪਈਏ ਕਮਾਂਦੀ ਸੀ ਤੇ ਕਿਸ ਭੈੜੀ ਹਾਲਤ ਵਿੱਚ ਰਹਿੰਦੀ ਸੀ, ਓਥੋਂ ਟੁਰ ਗਈ। ਨੌਕਰੀ ਲਈ ਨੌਕਰ ਰੱਖਣ ਵਾਲੇ ਏਜੰਟਾਂ ਦੇ ਦਫਤਰ ਵਿੱਚ ਅਰਜ਼ੀ ਜਾ ਦਿੱਤੀ, ਤੇ ਉਨਾਂ ਦਫਤਰ ਵਾਲਿਆਂ ਉਸ ਲਈ ਇਕ ਥਾਂ ਲੱਭ ਦਿੱਤੀ। ਇਹ ਨੌਕਰੀ ਇਕ ਸਵਾਣੀ ਦੀ ਸੀ ਜਿਹੜੀ ਆਪਣੇ ਦੋਹਾਂ ਪੁੱਤਰਾਂ ਨੂੰ ਪਬਲਿਕ ਸਕੂਲ ਵਿੱਚ ਪੜ੍ਹਾਣ ਦੀ ਖਾਤਰ ਸ਼ਹਿਰ ਆ ਰਹੀ ਸੀ। ਹਾਲੇਂ ਇਸ ਨੌਕਰੀ ਦੇ ਸੱਤ ਦਿਨ ਵੀ ਨਹੀਂ ਸਨ ਲੰਘੇ, ਕਿ ਉਸ ਸਵਾਣੀ ਦੇ ਦੋਹਾਂ ਮੁੰਡਿਆਂ ਵਿੱਚੋਂ ਵੱਡੇ ਮੁੰਡੇ ਨੇ ਜਿਹਦੀਆਂ ਮੁੱਛਾਂ ਮਸਾਂ ਫੁੱਟੀਆਂ ਹੀ ਸਨ, ਪੜ੍ਹਨਾ ਪੜ੍ਹਾਣਾ ਉੱਕਾ ਛੱਡ ਦਿੱਤਾ ਤੇ ਲੱਗਾ ਕਾਤੂਸ਼ਾ ਨੂੰ ਛੇੜਨ ਤੇ ਤੰਗ ਕਰਨ, ਜਿਧਰ ਕਾਤੂਸ਼ਾ ਜਾਵੇ ਮਗਰ ਹੀ ਮਗਰ ਮੁੰਡਾ। ਮਾਂ ਨੇ ਸਾਰਾ ਕਸੂਰ ਕਾਤੂਸ਼ਾ ਦੇ ਮੱਥੇ ਲਾਇਆ ਤੇ ਉਸ ਨੂੰ ਨੌਕਰੀਓਂ ਬਰਖ਼ਾਸਤ ਕਰ ਦਿੱਤਾ।

ਕੁਝ ਚਿਰ ਹੋਰ ਨੌਕਰੀ ਢੂੰਡਦਿਆਂ ਢੂੰਡਦਿਆਂ ਲੰਘ ਗਇਆ, ਪਰ ਨੌਕਰੀ ਮੁੜ ਕੋਈ ਨਾ ਮਿਲੀ। ਆਖਰ ਕਾਤੂਸ਼ਾ ਓਸੇ ਨੌਕਰ ਰਖਾਣ ਵਾਲੇ ਏਜੰਟਾਂ ਦੇ ਦਫਤਰ ਗਈ, ਓਥੇ ਇਕ ਮੁਟਿਆਰ ਜਿਦੀਆਂ ਨੰਗੀਆਂ ਤੇ ਮੋਟੀਆਂ ਬਾਹਾਂ ਵਿੱਚ ਕੜੇ ਸਨ ਤੇ ਹੱਥਾਂ ਦੀਆਂ ਬਹੁਤ ਸਾਰੀਆਂ ਉਂਗਲਾਂ ਵਿੱਚ ਛਾਪਾਂ ਸਨ, ਕਾਤੂਸ਼ਾ ਨੂੰ ਮਿਲੀ। ਇਹ ਸੁਣ ਕੇ ਕਿ ਕਾਤੂਸ਼ਾ ਨੌਕਰੀ ਦੀ ਤਲਾਸ਼ ਵਿੱਚ ਹੈ, ਉਸ ਮੁਟਿਆਰ ਨੇ ਉਹਨੂੰ ਆਪਣੇ ਘਰ ਦਾ ਪਤਾ ਦੱਸਿਆ, ਤੇ ਕਹਿਆ ਕਿ ਉਹ ਉਹਦੇ ਘਰ ਜੇ ਆ ਜਾਵੇ ਤਾਂ ਉਹ ਉਹਨੂੰ ਕੰਮ ਲਾ ਦੇਵੇਗੀ। ਕਾਤੂਸ਼ਾ ਉੱਥੇ ਹੀ ਅੱਪੜੀ, ਉਹ ਤੀਮੀ ਉਹਨੂੰ ਬੜੀ ਹੀ ਮਿਹਰਬਾਨੀ ਨਾਲ ਮਿਲੀ ਤੇ ਕੇਕ ਖਾਣ ਲਈ ਤੇ ਅੰਗੂਰ ਦੀ ਸ਼ਰਾਬ ਪੀਣ ਲਈ ਅੱਗੇ ਰੱਖੀ, ਤੇ ਉਥੇ ਹੀ ਉਸ ਮੁਟਿਆਰ ਨੇ ਇਕ ਖਤ ਲਿਖਿਆ। ਤੇ ਆਪਣੇ ਨੌਕਰ ਨੂੰ ਦਿੱਤਾ ਕਿ ਫਲਾਣੇ ਨੂੰ ਦੇ ਆ। ਸ਼ਾਮ ਪੈਣ ਤੇ ਇਕ ਬੜਾ ਲੰਮਾ ਆਦਮੀ, ਲੰਮੇ ਸਫੇਦ ਵਾਲ ਸਿਰ ਦੇ ਸਨ ਤੇ ਲੰਮੀ ਉਹਦੀ ਦਾਹੜੀ ਸੀ, ਉੱਸੇ ਕਮਰੇ ਵਿੱਚ ਆ ਵੜਿਆ, ਤੇ ਇਕ ਨ ਕੀਤੀ ਦੋ ਨ ਕੀਤੀ ਤੇ ਕਾਤੂਸ਼ਾ ਪਾਸ ਝਟਾ ਪਟ ਆਣ ਕੇ ਬਹਿ ਨਹੀ ਗਇਆ। ਅੱਖਾਂ ਉਹਦੀਆਂ ਕਿਸੀ ਸ਼ਰਾਰਤ ਦੇ ਇਰਾਦੇ ਨਾਲ ਚਮਕਦੀਆਂ ਸਨ ਤੇ ਹੱਸ ਹੱਸ ਕੇ ਉਹ ਕਾਤੂਸ਼ਾ ਵਲ ਤੱਕਦਾ ਸੀ, ਇਓਂ ਉਸ ਕੋਲ ਬਹਿ ਕੇ ਉਹ ਉਸ ਨਾਲ ਮਖੌਲ ਤੇ ਛੇੜਖਾਨੀ ਕਰਨ ਲੱਗ ਪਇਆ।

ਇਹ ਵੇਖ ਕੇ ਓਹ ਮੁਟਿਆਰ ਓਸ ਮਰਦ ਨੂੰ ਉਠਾ ਕੇ ਦੂਜੇ ਕਮਰੇ ਵਿੱਚ ਲੈ ਗਈ ਤੇ ਕਾਤੂਸ਼ਾਨੇ ਸੁਣ ਲਇਆ ਜਦ ਓਸਨੇ ਓਹਨੂੰ ਜਾਕੇ ਕਹਿਆ "ਨਵੀਂ ਆਈ ਗਰਾਮੀਨ ਹੈ।" ਫਿਰ ਉਸ ਮੁਟਿਆਰ ਨੇ ਕਾਤੂਸ਼ਾਨੂੰ ਬੁਲਾਇਆ ਤੇ ਆਖਣ ਲੱਗੀ "ਇਹ ਮਰਦ ਬੜਾ ਭਾਰੀ ਮੁਸੱਨਫ ਹੈ ਤੇ ਬੜਾ ਅਮੀਰ ਆਦਮੀ ਹੈ ਤੇ ਜੇ ਤੈਨੂੰ ਕੁੜੀਏ ਪਸੰਦ ਕਰ ਲਵੇਗਾ ਤਾਂ ਬਸ ਜੋ ਤੂੰ ਮੰਗੇਂ ਹਾਜ਼ਰ ਭਰੇਗਾ।" ਕਾਤੂਸ਼ਾ ਉਸ ਮਰਦ ਦੇ ਪਸੰਦ ਆ ਗਈ, ਓਸਨੇ ਓਹਨੂੰ ੨੫) ਰੂਬਲ ਦਿੱਤੇ ਤੇ ਕਹਿਆ ਕਿ ਮੈਂ ਅਕਸਰ ਤੇਰੇ ਪਾਸ ਆਇਆ ਕਰਸਾਂ। ੨੫) ਰੂਬਲ ਵੀ ਬੜੇ ਹੀ ਛੇਤੀ ਪਿਘਲੇ। ਕੁਝ ਤਾਂ ਉਹ ਆਪਣੀ ਭੂਆ ਦਾ ਜੋ ਰਹਿਣ ਬਹਿਣ ਦਾ ਦੇਣਾ ਸੀ ਦੇ ਆਈ, ਤੇ ਕੁਝ ਕੰਘੀ, ਪੱਟੀ, ਫੀਤਾ, ਟੋਪੀ ਆਦਿ ਖਰੀਦਣ ਵਿੱਚ ਲਗ ਗਏ। ਕੁਝ ਦਿਨਾਂ ਪਿੱਛੋਂ ਓਸ ਮੁਸਨੱਫ ਨੇ ਕਾਤੂਸ਼ਾਨੂੰ ਸਦ ਭੇਜਿਆ ਤੇ ਓਹ ਓਸ ਪਾਸ ਚਲੀ ਗਈ। ਓਸ ਮਰਦ ਨੇ ਮੁੜ ਓਹਨੂੰ ੨੫) ਰੂਬਲ ਦਿੱਤੇ ਤੇ ਇਕ ਵੱਖਰਾ ਮਕਾਨ ਖਾਸ ਓਹਦੇ ਰਹਿਣ ਲਈ ਲੈ ਦੇਣ ਲਈ ਕਹਿਆ। ਫਿਰ ਲੈ ਦਿੱਤਾ, ਤੇ ਕਾਤੂਸ਼ਾਇਸ ਨਵੇਂ ਵੱਖਰੇ ਮਕਾਨ ਵਿੱਚ ਰਹਿਣ ਲੱਗੀ।

ਇਸ ਮਕਾਨ ਦੇ ਗਵਾਂਢ, ਬੂਹੇ ਨਾਲ ਬੂਹਾ, ਚੰਨੇ ਨਾਲ ਚੰਨਾ, ਇਕ ਬੜਾ ਹੀ ਖੁਸ਼ ਰਹਿਣਾ ਗਭਰੂ ਦੁਕਾਨਦਾਰ ਰਹਿੰਦਾ ਸੀ, ਤੇ ਕਾਤੂਸ਼ਾ ਇਸ ਉੱਪਰ ਮੋਹਤ ਹੋ ਗਈ। ਇਸ ਗੱਲ ਦੀ ਖ਼ਬਰ ਓਸ ਆਪੇ ਓਸ ਮੁਸੱਨਫ ਨੂੰ ਜਾ ਦੱਸੀ ਤੇ ਓਸ ਪਾਸੋਂ ਆਪਣਾ ਪੱਲਾ ਛੁੜਾ ਕੇ ਇਕ ਨਿਕੇ ਜੇਹੇ ਆਪ ਲਏ ਮਕਾਨ ਵਿੱਚ ਜਾਕੇ ਰਹਿਣ ਲੱਗ ਪਈ। ਉਸ ਦੁਕਾਨਦਾਰ ਨੇ ਕਾਤੂਸ਼ਾਨਾਲ ਕੌਲ ਇਕਰਾਰ ਕੀਤਾ ਸੀ ਕਿ ਉਸ ਨਾਲ ਸ਼ਾਦੀ ਕਰ ਲਵੇਗਾ ਪਰ ਓਹ ਆਪਣੇ ਕੰਮੀਂ ਕਾਜੀਂ ਨਿਜ਼ਮੀ ਨੂੰ ਗਇਆ ਮੁੜ ਨ ਬਹੁੜਿਆ। ਤੇ ਕਾਤੂਸ਼ਾਨੂੰ ਉੱਕਾ ਕੋਈ ਸੋ ਨ ਦੇ ਗਇਆ। ਸਿੱਧੀ ਗੱਲ ਇਹ ਸੀ ਕਿ ਓਹ ਕਾਤੂਸ਼ਾਨੂੰ ਛੱਡ ਕੇ ਟੁਰ ਹੀ ਗਇਆ। ਕਾਤੂਸ਼ਾਮੁੜ ਕੱਲੀ ਹੋ ਗਈ। ਕਾਤੂਸ਼ਾਦੀ ਦਿਲੀ ਮਰਜੀ ਸੀ ਕਿ ਓਹ ਓਸੇ ਮਕਾਨ ਵਿੱਚ ਕੱਲੀ ਹੀ ਟਿਕੀ ਰਵ੍ਹੇ, ਪਰ ਪੋਲੀਸ ਨੇ ਓਹਨੂੰ ਨੋਟਿਸ ਦਿੱਤਾ ਕਿ ਜੇ ਓਹ ਕਲੀ, ਤੀਮੀ ਇਸ ਤਰ੍ਹਾਂ ਰਹਿਣ ਦਾ ਵਿਚਾਰ ਕਰ ਰਹੀ ਹੋਵੇ ਤਦ ਓਹਨੂੰ ਇਕ ਪੀਲਾ ਪਾਸ (ਕੰਜਰੀਆਂ ਵਾਲਾ ਲੈਸੰਸ) ਲੈਣਾ ਪੈਸੀ, ਤੇ ਡਾਕਟਰੀ ਮੁਲਾਹਿਜ਼ਾ ਵੀ ਕਰਵਾਨਾ ਪੈਸੀ। ਬਿਨਾ ਪੀਲੇ ਪਾਸ ਦੇ ਓਹ ਉਸ ਹਾਲਤ ਵਿੱਚ ਓਸੇ ਤਰ੍ਹਾਂ ਨਹੀਂ ਰਹਿ ਸੱਕੇਗੀ। ਬਿਚਾਰੀ ਮੁੜ ਆਪਣੀ ਭੂਆ ਪਾਸ ਗਈ ਪਰ ਓਹਦੀ ਲਟਕ ਮਟਕ ਤੇ ਪੁਸ਼ਾਕ ਦੇਖ ਕੇ ਓਹਦੀ ਟੋਪੀ, ਓਹਦਾ ਗੁਲਬੰਦ ਆਦਿ ਇੰਨਾਂ ਬਾਂਕਾ ਦੇਖ ਕੇ ਓਹਦੀ ਭੂਆ ਨੇ ਓਹਨੂੰ ਆਪਣੇ ਕੱਪੜੇ ਧੋਣ ਵਾਲੇ ਕਾਰਖਾਨੇ ਵਿੱਚ ਕੋਈ ਥਾਂ ਨਾ ਦਿੱਤੀ, ਤੇ ਓਸ ਨੇ ਓਹਨੂੰ ਆਖਿਆ ਕਿ "ਤੂੰ ਹੁਣ ਮੇਰੀ ਭੁੜੀ ਮਜੂਰੀ ਦੀ ਗਰੀਬ ਅਵੱਸਥਾ ਥੀਂ ਉਚੇਰੀ ਜਾ ਪਹੁੰਚੀ ਹੈਂ।" ਤੇ ਨਾਂ ਹੀ ਕਾਤੂਸ਼ਾਕਦੀ ਧੋਬਣ ਬਣਨੇ ਦੀ ਚਿਤਵਨੀ ਕਰ ਹੀ ਸੱਕਦੀ ਸੀ, ਓਹ ਤਾਂ ਆਪਣੀ ਭੂਆ ਦੀਆਂ ਪਤਲੀਆਂ, ਪੀਲੀਆਂ, ਮੋਈਆਂ ਮਾਰੀਆਂ ਧੋਬਣਾਂ ਵੇਖ ਵੇਖ ਬੜਾ ਹੀ ਤਰਸ ਖਾਂਦੀ ਸੀ। ਉਨ੍ਹਾਂ ਵਿੱਚੋਂ ਕਈਆਂ ਨੂੰ ਤਪਦਿੱਕ ਦੀ ਬੀਮਾਰੀ ਵੀ ਹੋਈ ਹੋਈ ਸੀ। ਬਿਚਾਰੀਆਂ ਆਪਣੀਆਂ ਸੁੱਕੀਆਂ ਸੜੀਆਂ ਬਾਹਾਂ ਨਾਲ ਓਸ ਬੜੇ ਹੀ ਤੱਤੇ ਕਮਰੇ ਵਿੱਚ ਖੜੀਆਂ ਕੱਪੜਿਆਂ ਨੂੰ ਇਸਤਰੀ ਕਰ ਰਹੀਆਂ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਕਮਰੇ ਵਿੱਚ ਸਾਬਨ ਦੀ ਬਦਬੂ ਨਾਲ ਭਰੀ ਭਾਪ ਤੇ ਹਵਾ ਦੋਵੇਂ ਇਕੱਠੀਆਂ ਲੱਗਦੀਆਂ ਸਨ। ਇਹ ਵੇਖ ਵੇਖ ਕਾਤੂਸ਼ਾਨੂੰ ਨਾਲੇ ਤਰਸ ਆਉਂਦਾ ਸੀ ਤੇ ਨਾਲੇ ਓਹ ਸਹਮ ਖਾ ਜਾਂਦੀ ਸੀ, ਤੇ ਉਸਨੂੰ ਡਰ ਲੱਗਦਾ ਸੀ ਕਿ ਓਹਨੂੰ ਵੀ ਇਹ ਕਠਨ ਮਜੂਰੀ ਰੋਟੀ ਕਮਾਣ ਲਈ ਕਰਨੀ ਪਵੇਗੀ। ਸੋ ਇਸ ਕਰਕੇ ਧੋਬਣ ਬਣਨ ਦਾ ਤਾਂ ਓਹਦਾ ਉੱਕਾ ਖ਼ਿਆਲ ਹੀ ਨਹੀਂ ਸੀ। ਬਸ ਠੀਕ ਇਸ ਵਕਤ ਜਦ ਕਾਤੂਸ਼ਾਬੜੀ ਗਰੀਬੀ ਦੀ ਹਾਲਤ ਵਿੱਚ ਸੀ, ਤੇ ਸਾਹਮਣੇ ਓਹਦਾ ਰਖਿਕ ਨਜ਼ਰੀ ਨਹੀਂ ਸੀ ਪਿਆ ਆਉਂਦਾ, ਤਦ ਇਕ ਫੱਫੇਕੁੱਟਣ ਨੇ ਓਸ ਉੱਪਰ ਆਪਣਾ ਜਾਲ ਆਣ ਪਾਇਆ।

ਕਾਤੂਸ਼ਾ ਕੁਛ ਚਿਰ ਤੋਂ ਤਮਾਕੂ ਤਾਂ ਪੀਣ ਲੱਗ ਹੀ ਪਈ ਸੀ, ਪਰ ਜਦ ਥੀਂ ਉਸ ਨੌਜਵਾਨ ਦੁਕਾਨਦਾਰ ਨੇ ਇਕਰਾਰ ਕਰਕੇ ਓਹਨੂੰ ਧੋਖਾ ਦਿਤਾ, ਤੇ ਇਕੱਲਾ ਛੱਡਕੇ ਕਿਧਰੇ ਟੁਰ ਗਇਆ ਸੀ, ਤਦ ਥੀਂ ਓਹ ਸ਼ਰਾਬ ਪੀਣ ਲੱਗ ਪਈ ਸੀ। ਸ਼ਰਾਬ ਦਾ ਰੰਗ ਯਾ ਸਵਾਦ ਓਹਨੂੰ ਇੰਨਾ ਚੰਗਾ ਨਹੀਂ ਸੀ ਲੱਗਦਾ ਜਿੰਨੀ ਇਹ ਗੱਲ ਕਿ ਸ਼ਰਾਬ ਪੀ ਕੇ ਓਹ ਆਪਣਾ ਦੁਖ ਭੁਲ ਜਾਣ ਦਾ ਸਮਾ ਲੱਭਣਾ ਚਾਹੁੰਦੀ ਸੀ, ਤੇ ਇਹ ਕਿ ਸ਼ਰਾਬ ਪੀ ਕੇ ਓਹ ਕੁਛ ਖੁਲ੍ਹ ਜੇਹੀ ਜਾਂਦੀ ਸੀ ਤੇ ਆਪਣੇ ਆਪ ਵਿਚ ਮਸਤ ਹੁੰਦੀ ਸੀ ਤੇ ਸਮਝਦੀ ਸੀ ਕਿ ਮੈਂ ਵੀ ਕੋਈ ਕੀਮਤੀ ਚੀਜ਼ ਹਾਂ। ਤੇ ਜਦ ਓਸ ਸ਼ਰਾਬ ਨਹੀਂ ਸੀ ਪੀਤੀ ਹੁੰਦੀ ਤਾਂ ਉਹ ਇਹ ਹੁਲਾਰਾ ਨਹੀਂ ਸੀ ਖਾ ਸਕਦੀ। ਕੁਝ ਨਿਮੋਝੂਣ, ਉਦਾਸ ਤੇ ਸ਼ਰਮਸਾਰ ਹਾਲਤ ਵਿਚ ਮੋਈ ਮਾਰੀ ਜੇਹੀ ਹੁੰਦੀ ਸੀ, ਓਹ ਫੱਫੇਕੁੱਟਣ ਕਾਤੂਸ਼ਾ ਨੂੰ ਖਾਣ ਦੀਆਂ ਚੀਜ਼ਾਂ ਲਿਆ ਕੇ ਦੇਂਦੀ ਰਹਿੰਦੀ ਸੀ ਤੇ ਕਾਤੂਸ਼ਾ ਆਪਣੀ ਭੂਆ ਨਾਲ ਵੰਡ ਕੇ ਖਾਂਦੀ ਸੀ। ਨਾਲੇ ਓਹ ਓਹਨੂੰ ਸ਼ਰਾਬ ਲਿਆ ਕੇ ਦਿੰਦੀ ਸੀ ਤੇ ਜਦ ਕਾਤੂਸ਼ਾ ਥੋੜੀ ਪੀ ਲੈਂਦੀ ਸੀ ਤਦ ਓਹ ਫੱਫੇਕੁੱਟਣ ਓਹਨੂੰ ਪੱਟੀ ਪੜ੍ਹਾਂਦੀ ਸੀ ਕਿ ਸ਼ਹਿਰ ਦੇ ਇਕ ਸਬ ਥੀਂ ਵੱਡੀ ਸ਼ਾਨਦਾਰ ਥਾਂ ਤੇ ਓਹ ਓਹਨੂੰ ਚੰਗੀ ਨੌਕਰੀ ਲੈ ਦੇਵੇਗੀ, ਤੇ ਨਾਲੇ ਦੱਸਦੀ ਸੀ ਕਿ ਓਸ ਨੌਕਰੀ ਵਿਚ ਕਿੰਨੇ ਫਾਇਦੇ ਤੇ ਸੁਖ ਹੁੰਦੇ ਨੇ। ਹੁਣ ਕਾਤੂਸ਼ਾ ਦੇ ਸਾਹਮਣੇ ਦੋ ਚੀਜ਼ਾਂ ਸਨ, ਯਾ ਤਾਂ ਮੁੜ ਕਿਸੀ ਘਰ ਦੀ ਜਾ ਕੇ ਨੌਕਰਾਨੀ ਬਣੇ ਤੇ ਮੁੜ ਓਹੋ ਹੀ ਬਦਸਲੂਕੀਆਂ, ਗਾਲਾਂ, ਮਾਰਾਂ, ਤੇ ਮਰਦਾਂ ਦੀਆਂ ਨਿਤ ਨਵੀਆਂ ਯਾਰੀਆਂ ਤੇ ਛੇੜ ਖਾਨੀਆਂ ਦੀਆਂ ਤੰਗੀਆਂ ਸਹੇ ਤੇ ਕਦੀ ਕਦੀ ਉਨ੍ਹਾਂ ਦੇ ਕਾਬੂ ਆ ਕੇ ਛੁਪੇ ਲੁਕੇ ਆਪਣਾ ਸ਼ਰੀਰ ਉਨ੍ਹਾਂ ਅਗੇ ਧਰੇ, ਯਾ ਓਹ ਸਿੱਧੀ ਐਸੀ ਥਾਂ ਤੇ ਹੀ ਚਲੀ ਜਾਵੇ ਜਿਥੇ ਉਸੀ ਖਰਾਬੀ ਦੀ ਇਕ ਉੱਘੀ ਸੁਖੱਲੀ ਨੌਕਰੀ ਚੁਣ ਲਵੇ, ਜਿਸ ਨੂੰ ਮੁਲਕ ਦਾ ਕਾਨੂੰਨ ਵੀ ਮੰਨਦਾ ਹੈ ਤੇ ਖੁਲ੍ਹਾ ਰੁਪਈਏ ਪੈਦਾ ਕਰਨ ਵਾਲਾ ਬਾਕਾਇਦਾ ਸ਼ਰੀਰ ਵੇਚਣ ਦਾ ਕੰਮ ਹੀ ਚੁੱਕ ਲਵੇ। ਕਾਤੂਸ਼ਾ ਨੇ ਇਹ ਦੂਜੀ ਗੱਲ ਆਖਰ ਤਹਿਕੀਕ ਕੀਤੀ ਤੇ ਨਾਲੇ ਉਸ ਕਹਿਆ ਕਿ ਇਓ ਵੇਸ਼ਿਆ ਹੋ ਜਾਣ ਨਾਲ ਓਹ ਕਿਸੀ ਨ ਕਿਸੀ ਤਰਾਂ, ਤੇ ਕਿਸੀ ਨ ਕਿਸੀ ਸ਼ਕਲ ਵਿਚ ਆਪਣੇ ਧੋਖਾ ਦੇਣ ਵਾਲਿਆਂ ਕੋਲੋਂ ਵੀ ਕੋਈ ਨਾ ਕੋਈ ਬਦਲਾ ਲੈ ਹੀ ਲਵੇਗੀ। ਨ ਸਿਰਫ਼ ਇਕ ਦੁਕਾਨਦਾਰ ਜਿਹੜਾ ਓਹਨੂੰ ਆਖਰ ਛਡ ਕੇ ਟੁਰ ਗਇਆ ਸੀ ਪਰ ਹੋਰਨਾਂ ਸਾਰਿਆਂ ਤੋਂ ਵੀ ਓਹ ਕਿਸੀ ਨ ਕਿਸੀ ਸ਼ਕਲ ਵਿਚ ਆਪਣਾ ਬਦਲਾ ਕੱਢ ਸਕੇਗੀ। ਓਹਨੂੰ ਇਉਂ ਭਾਸਿਆ ਪਰ ਓਹ ਬਿਚਾਰੀ ਇਸ ਤਰ੍ਹਾਂ ਕੀ ਬਦਲਾ ਲੈ ਸਕਦੀ ਸੀ। ਗਲ ਜਿਹੜੀ ਓਹਨੂੰ ਬੜੀ ਪਸੰਦ ਆਈ ਸੀ ਤੇ ਜਿਸ ਖਾਸ ਕਰ ਓਹਦੇ ਮਨ ਨੂੰ ਲਲਚਾਯਾ ਸੀ, ਉਹ ਇਹ ਸੀ, ਕਿ ਫੱਫੇਕੁਟਣ ਨੇ ਓਹਨੂੰ ਦਸਿਆ ਸੀ ਕਿ ਓਹ ਆਪਣੇ ਮਨ ਭਾਣੇ ਕੱਪੜੇ ਖਰੀਦ ਸਕਿਆ ਕਰੇਗੀ, ਮਖਮਲ, ਰੇਸ਼ਮ ਸਟੀਨ, ਨੰਗੇ ਗਲ ਵਾਲੀਆਂ ਪੋਸ਼ਾਕਾਂ ਆਦਿ। ਹਾਂ ਜੋ ਓਹਦਾ ਜੀ ਕਰੇਗਾ ਓਹ ਖਾ ਸਕੇਗੀ, ਪਹਿਨ ਸਕੇਗੀ!! ਤੇ ਓਹਦੇ ਸਾਹਮਣੇ ਆਪਣੇ ਧਿਆਨ ਵਿਚ ਆਪਣੀ ਹੀ ਓਹ ਤਸਵੀਰ ਆਣ ਖੜੋਂਦੀ ਸੀ, ਕਾਲੀ ਮਖਮਲ ਦੀ ਕਿਨਾਰੀ ਵਾਲੀ ਚਮਕਦੀ ਬਸੰਤੀ ਰੇਸ਼ਮ ਦੀ ਛੋਟੀਆਂ ਬਾਹਾਂ ਵਾਲੀ, ਨੰਗੇ ਗਲੇ ਵਾਲੀ ਪੋਸ਼ਾਕ ਪਾਈ ਓਹ ਆਪ ਖੜੀ ਹੈ, ਤੇ ਇਸ ਆਪਣੀ ਦਿਸਦੀ ਤਸਵੀਰ ਨੇ ਓਹਨੂੰ ਕਾਬੂ ਕਰ ਲਇਆ ਸੀ, ਜਾ ਕੇ ਓਸ ਪੀਲਾ ਪਾਸ ਪੋਰਟ ਲੈ ਲਇਆ, ਤੇ ਉਸੀ ਰਾਤੀਂ ਓਸ ਫੱਫੇਕੁਟਣ ਨੇ ਓਹਨੂੰ ਕੈਰੋਲੀਨ ਐਲਬਰਟੋਵਨਾ ਕਿਤਾਈਵਾ ਦੇ ਬਦਮਾਸ਼ੀ ਦੇ ਰੰਗ ਮਹਿਲ ਵਿਚ ਪਹੁੰਚਾ ਦਿੱਤਾ।

ਓਸ ਦਿਨ ਥੀਂ ਕਾਤੁਸ਼ਾ ਮਸਲੋਵਾ ਲਈ ਓਹ ਘੋਰ ਪਾਪ ਤੇ ਨਰਕ ਕੁੰਭੀ ਦਾ ਜੀਵਨ ਸ਼ੁਰੂ ਹੋ ਗਇਆ ਜਿਹੜਾ ਜੀਵਨ ਰੱਬ ਤੇ ਮਨੁੱਖਾਂ ਦੇ ਦਿੱਵਯ ਕਾਨੂੰਨਾਂ ਦੇ ਬਰਖ਼ਲਾਫ਼ ਗੁਨਾਹ ਕਰਦਾ ਹੈ, ਉਹ ਨਰਕ ਜੀਵਨ ਜੋ ਇਸ ਜੇਹੀਆਂ ਹਜ਼ਾਰਾਂ ਜਨਾਨੀਆਂ ਦੇ ਪੱਲੇ ਪੈ ਜਾਂਦਾ ਹੈ। ਗਵਰਨਮਿੰਟ ਨ ਸਿਰਫ਼ ਇਜਾਜ਼ਤ ਦਿੰਦੀ ਹੈ ਬਲਕਿ ਕਹਿਆ ਜਾਂਦਾ ਹੈ ਕਿ ਰਈਅਤ ਤੇ ਮਖ਼ਲੂਕ ਦੇ ਸੁਖ ਲਈ ਇਹ ਨਰਕ ਕੁੰਡ ਤੇ ਇਨ੍ਹਾਂ ਬਦਕਿਸਮਤਾਂ ਦਾ ਇਹ ਘੋਰ ਪਾਪ ਜੀਵਨ ਜੀਣਾ ਜ਼ਰੂਰੀ ਹੈ, ਕਿਹੜਾ ਜੀਵਨ? ਜਿਹੜਾ ਦਸ ਵਿਚੋਂ ਨੌਂ ਜਵਾਨ ਲੜਕੀਆਂ ਨੂੰ ਆਖ਼ਰ ਹੌਲਨਾਕ ਬੀਮਾਰੀਆਂ ਦਾ ਸ਼ਿਕਾਰ ਬਣਾ ਦਿੰਦਾ ਹੈ ਤੇ ਜਵਾਨੀ ਵਿਚ ਹੀ ਵਿਚਾਰੀਆਂ ਬੁਢੇਪੇ ਦੀਆਂ ਕਮਜ਼ੋਰੀਆਂ ਤੇ ਤ੍ਰੋਟਾਂ ਵਿਚ ਗੁੰਮ ਜਾਂਦੀਆਂ ਹਨ ਤੇ ਆਖ਼ਰ ਓਨਾਂ ਨੂੰ ਛੇਤੀ ਹੀ ਮੌਤ ਆ ਕੇ ਭੁੰਝੇ ਲਿਟਾ ਦੇਂਦੀ ਹੈ।

ਰਾਤਾਂ ਸਾਰੀਆਂ ਨਾਚ, ਸ਼ਰਾਬ, ਵਿਸ਼ੇ ਵਿਕਾਰ ਵਿਚ ਲੰਘ ਜਾਂਦੀਆਂ ਹਨ, ਤੇ ਦੋਪਹਿਰ ਥੀਂ ਵੀ ਪਿੱਛੇ ਤਕ ਭਾਰੀ ਥਕਾਵਟ ਭਰੀ ਨੀਂਦਰ ਵਿਚ ਸੌਣਾ ਪੈਂਦਾ ਹੈ ਤੇ ਦਿਨ ਦੇ ਤ੍ਰੈ ਯਾ ਚਾਰ ਵਜੇ ਇਕ ਗੰਦੇ ਬਿਸਤਰੇ ਥੀਂ ਇਕ ਹੰਗਾਵਾਂ ਨੂੰ ਤ੍ਰੋੜਦੀ ਜਾਗ ਜਾਗਣੀ ਪੈਂਦੀ ਹੈ, ਥੱਕੇ, ਟੁੱਟੇ ਉਠਣਾ ਪੈਂਦਾ ਹੈ, ਅੰਗ ਅੰਗ ਟੁੱਟ ਰਹਿਆ ਹੁੰਦਾ ਹੈ, ਠੰਡਾ ਪਾਣੀ, ਕਾਫੀ ਪੀਣਾ, ਤੇ ਬੇਅਰਥ ਰਾਤ ਦੇ ਸੌਣ ਵਾਲਿਆਂ ਕਪੜਿਆਂ ਵਿਚ ਹੀ ਕਮਰਿਆਂ ਵਿਚ ਅਗੇ ਪਿਛੇ ਟਹਿਲਣਾ, ਤਨੇ ਪਰਦਿਆਂ ਦੇ ਵਿਚ ਦੇ ਹੀ ਬਾਰੀਆਂ ਵਿਚੋਂ ਬੇਅਰਥ ਬਾਹਰ ਨੂੰ ਝਾਤੀਆਂ ਲੈਣੀਆਂ, ਇਕ ਦੂਜੇ ਨਾਲ ਨਿਕੰਮੇ ਝਗੜੇ ਝੇੜੇ ਲੜਾਈਆਂ, ਖੋਹ ਪਤੋਹੀਆਂ, ਫਿਰ ਉੱਠ ਓਸ ਜੁੱਸੇ ਨੂੰ ਧੋਣਾ, ਪੂੰਝਣਾ, ਇਤਰ ਫੁਲੇਲ ਲਾਉਣਾ, ਸਿਰ ਦੇ ਵਾਲਾਂ ਨੂੰ ਕੰਘੀ ਪੱਟੀ ਕਰਕੇ ਸੰਵਾਰਨਾਂ, ਸੋਹਣੀਆਂ ਪੋਸ਼ਾਕਾਂ ਪਾ ਪਾ ਵੇਖਣੀਆਂ ਤੇ ਓਸ ਘਰ ਦੀ ਰਖਣ ਵਾਲੀ ਨਾਲ ਕਪੜਿਆਂ ਬਾਬਤ ਜੰਗ ਤੇ ਗੁੱਸੇ, ਸ਼ੀਸ਼ਿਆਂ ਵਿਚ ਆਪਣੇ ਕਪੜੇ ਗਹਿਣੇ, ਰੂਪ ਰੰਗ ਨੂੰ ਵੇਖਣਾ, ਅੱਖਾਂ ਦੇ ਪਲਕਾਂ ਤੇ ਭਰਵਟਿਆਂ ਨੂੰ ਕੁਝ ਲਾਣਾ, ਚਿਹਰੇ ਉੱਪਰ ਸਵਾਹ ਖੇਹ ਮਲਣੀ, ਬੜੇ ਮਿਠੇ ਤੇ ਸਕੀਲ ਖਾਣੇ ਖਾਣੇ, ਤੇ ਫਿਰ ਬੜੇ ਸ਼ੋਖ ਰੰਗ ਦੇ ਰੇਸ਼ਮ ਇਉਂ ਪਹਿਨਣੇ ਜਿਨ੍ਹਾਂ ਵਿਚ ਦੀ ਅੱਧਾ ਸਰੀਰ ਨੰਗਾ ਦਿੱਸੇ ਤੇ ਅੱਧਾ ਕੱਜਿਆ ਦਿਸੇ, ਤੇ ਇਉਂ ਬਣ ਤਣ ਕੇ ਬੜੇ ਬੜੇ ਝਾੜ ਫਾਨੂਸਾਂ ਨਾਲ ਸਜੇ ਤੇ ਰੋਸ਼ਨ ਕਮਰਿਆਂ ਵਿਚ ਆਣ ਆਣ ਬਹਿਣਾ ਤੇ ਫਿਰ ਓਨ੍ਹਾਂ ਨੂੰ ਵੇਖਣ ਵਾਲੇ ਗਾਹਕਾਂ ਦਾ ਆਵਣਾ, ਤੇ ਫਿਰ ਰਾਗ, ਰੰਗ, ਨਾਚ, ਆਖਰ ਸ਼ਰੀਰ ਦਾ ਵੇਚਣਾ, ਤੇ ਜੋ ਵੀ ਕੋਈ, ਬੁੱਢੇ, ਜਵਾਨ, ਅਧਖੜ ਅਞਾਂਣੇ ਮੁੰਡਿਆਂ ਨਾਲ ਤੇ ਕਬਰ ਵਿਚ ਲਟਕਾਏ ਪੈਰਾਂ ਵਾਲੇ ਪੀਰ ਸਾਲਾਂ ਨਾਲ ਜੋ ਆਵੈ ਭੋਗ ਕਰਨਾ। ਕੰਵਾਰੇ, ਵਿਆਹੇ, ਸੌਦਾਗਰ, ਬਾਬੂ ਲੋਕ, ਆਰਮਿਨੀਆ ਦੇ ਬਦੇਸ਼ੀ ਲੋਕ, ਯਹੂਦੀ, ਤਰ੍ਹਾਂ ਤਰ੍ਹਾਂ ਦੇ ਲੋਕਾਂ ਗਰੀਬਾਂ, ਅਮੀਰਾਂ, ਰੋਗੀਆਂ, ਚੰਗਿਆਂ ਭਲਿਆਂ, ਸ਼ਰਾਬੀਆਂ ਕਬਾਬੀਆਂ ਨਾਲ ਤੇ ਸ਼ਰਾਬ ਨ ਪੀਣ ਵਾਲਿਆਂ ਨਾਲ ਨਰਮ, ਸਖਤ, ਫੌਜੀ ਸਿਪਾਹੀਆਂ, ਸਿਵਲ ਦੇ ਸ਼ਹਿਰੀ ਲੋਕਾਂ ਨਾਲ, ਸਕੂਲ ਪੜ੍ਹਨ ਵਾਲੇ ਮੁੰਡਿਆਂ ਨਾਲ, ਸਭ ਨਾਲ, ਸਭ ਜਾਤਾਂ ਕੁਜਾਤਾਂ ਨਾਲ, ਸਭ ਉਮਰਾਂ ਚਾਲ ਚਲਨਾਂ ਨਾਲ ਓਹੇ ਖੈਹ ਛਾਣਨੀ ਤੇ ਮਖੌਲ ਤੇ ਠੱਠੇ ਤੇ ਉੱਚੀਆਂ ਬੇਹੂਦਾ ਗੰਦੀਆਂ ਬੋਲੀਆਂ ਪਾਣੀਆਂ, ਸ਼ਰਾਬੀਆਂ ਦੀਆਂ ਬੇਤੁਕੀਆਂ ਬੇਥਵ੍ਹੀਆਂ ਗਾਲੀ ਗਲੋਚ, ਤਮਾਕੂ ਤੇ ਸ਼ਰਾਬ, ਮੁੜ ਸ਼ਰਾਬ ਤੇ ਤਮਾਕੂ, ਸ਼ਾਮਾਂ ਥੀਂ ਸਵੇਰ ਤਕ ਇਹੋ ਕਾਰ, ਇਹੋ ਗੰਦ ਮੰਦ, ਸਵੇਰ ਤਕ ਵਿਚਾਰੀਆਂ ਬਦ ਕਿਸਮਤਾਂ ਨੂੰ ਕੋਈ ਵਿਹਲ ਨਾਂ, ਤੇ ਫਿਰ ਚੂਰ ਹੋਈਆਂ ਦੀ ਓਹੋ, ਭਾਰੀ ਸ਼ਰਾਬੀ ਨੀਂਦਰ, ਹਰ ਰੋਜ਼ ਮੁੜ ਓਹੋ, ਤੇ ਹਰ ਦਿਨ, ਹਰ ਹਫ਼ਤੇ ਓਹੋ ਕਾਰ, ਸਵਾਹ ਛਾਣਨੀਂ ਤੇ ਹਫਤੇ ਪਿਛੇ ਇਨ੍ਹਾਂ ਸਾਰੀਆਂ ਨੇ ਜਾਣਾ ਥਾਣੇ। ਇਹ ਜਾਣਾ ਗਵਰਨਮਿੰਟ ਵਲੋਂ ਬਧਾ ਹੋਇਆ ਹੈ, ਜਿਥੇ ਡਾਕਟਰਾਂ ਨੇ ਇਨ੍ਹਾਂ ਬਦਕਿਸਮਤ ਤੀਵੀਆਂ ਦਾ ਆਣ ਕੇ ਮੁਲਾਹਿਜ਼ਾ ਕਰਨਾ ਹੈ ਇਹ ਵੇਖਣ ਨੂੰ ਕਿ ਕੋਈ ਬੀਮਾਰ ਨ ਹੋ ਗਈ ਹੋਵੇ। ਇਹ ਡਾਕਟਰ ਗਵਰਨਮਿੰਟ ਦੋ ਨੌਕਰ ਜ਼ਰੂਰ ਹੁੰਦੇ ਹਨ ਤੇ ਕਦੀ ਤਾਂ ਸੰਜ਼ੀਦਾ ਤਰਾਂ ਦੇਖਦੇ ਹਨ, ਕਦੀ ਮਖੌਲ ਨਾਲ ਛੇੜ ਖਾਨੀਆਂ ਕਰਦੇ ਹਨ ਤੇ ਇਹ ਡਾਕਟਰ ਲੋਕ ਇਨ੍ਹਾਂ ਔਰਤਾਂ ਦੇ ਸ਼ਰਮ ਹਯਾ ਨੂੰ ਸਭ ਦੇ ਸਾਹਮਣੇ ਖੜੇ ਕਰ ਬਰਬਾਦ ਕਰਦੇ ਹਨ- ਓਹ ਸ਼ਰਮ ਹਯਾ ਜਿਹੜਾ ਪਸ਼ੂਆਂ ਨੂੰ ਵੀ ਰੱਬ ਨੇ ਬਖਸ਼ਿਆ ਹੋਇਆ ਹੈ ਤੇ ਚੰਗੇ ਮੰਦੇ ਹਰ ਕਿਸੀ ਦਾ ਆਪਣਾ ਆਪਣਾ ਹੁੰਦਾ ਹੈ। ਇਹ ਲੋਕੀ ਇਨ੍ਹਾਂ ਨੂੰ ਇਉਂ ਬੇਇਜ਼ਤ ਕਰਕੇ ਗਵਰਨਮਿੰਟ ਵਲੋਂ ਇਜਾਜ਼ਤ ਦੇਂਦੇ ਹਨ ਕਿ ਓਹ ਜਾਣ ਤੇ ਮੁੜ ਕੇ ਓਹੋ ਪਾਪ ਜਿਹੜੇ ਓਹ ਤੇ ਉਨ੍ਹਾਂ ਦੇ ਗਾਹਕ ਇਕ ਹਫਤਾ ਪਿਛੇ ਕਰਦੇ ਰਹੇ ਹਨ ਅੱਗੇ ਨੂੰ ਇਕ ਹਫਤਾ ਹੋਰ ਕਰਦੇ ਜਾਣ। ਬਸ ਇਉਂ ਓਹੋ ਹੀ ਪਾਪ ਚੱਕਰ ਚਲੀ ਚਲਦਾ ਹੈ, ਦੂਸਰਾ ਹਫਤਾ ਮੁੜ ਓਸੀ ਰੰਗ ਦਾ ਬੀਤਦਾ ਹੈ। ਹੁਨਾਲ ਸਿਆਲ ਓਹੋ ਹੀ ਮਿਹਨਤ ਮਜੂਰੀ ਵਾਲੇ ਦਿਨ, ਛੁਟੀ ਵਾਲੇ ਦਿਨ ਇਕੋ ਹੀ ਜੇਹਾ।

ਇਸ ਤਰਾਂ ਕਾਤੂਸ਼ਾ ਨੇ ਆਪਣੀ ਜਵਾਨੀ ਦੇ ਸੱਤ ਸਾਲ ਇਥੇ ਕੱਟੇ, ਇਨ੍ਹਾਂ ਸਾਲਾਂ ਵਿਚ ਇਕ ਦੋ ਘਰ ਬਦਲੇ, ਹਸਪਤਾਲ ਵੀ ਪਹੁੰਚੀ। ਇਉਂ ਕੰਜਰਾਂ ਦੇ ਘਰ ਵਿਚ ਇਸ ਭਿਆਨਕ ਜੀਵਨ ਦੇ ਸਤਵੇਂ ਸਾਲ ਜਦ ਓਹ ੨੮ ਬਰਸ ਦੀ ਹੋਈ ਸੀ ਤਦ ਇਕ ਐਸਾ ਵਾਕਿਆ ਹੋਇਆ ਜਿਸ ਲਈ ਉਹ ਜੇਲ੍ਹ ਦੀ ਹਵਾਲਾਤ ਵਿਚ ਦਿੱਤੀ ਹੋਈ ਸੀ ਤੇ ਓਸ ਉੱਪਰ ਮੁਕੱਦਮਾਂ ਬਣਿਆ ਹੋਇਆ ਸੀ, ਤੇ ਓਸ ਅੱਜ ਦੋਸੀ ਬਣੀ ਅਦਾਲਤ ਕਰਾਣ ਨੂੰ ਸਿਪਾਹੀਆਂ ਨਾਲ ਕਚਹਿਰੀ ਨੂੰ ਜਾ ਰਹੀ ਸੀ। ਓਹਨੂੰ ਅੱਜ ਹਵਾਲਾਤ ਵਿੱਚ ਡੱਕਿਆਂ ਤਿੰਨ ਮਹੀਨੇ ਹੋਣ ਲੱਗੇ ਸਨ ਤੇ ਤਿੰਨ ਮਹੀਨੇ ਬਾਦ ਅੱਜ ਓਹਦੀ ਪੇਸ਼ੀ ਸੀ। ਦੇਖ ਲਵੋ ਤਿੰਨ ਮਹੀਨੇ ਓਸ ਜੇਲ੍ਹ ਵਿਚ ਓਸ ਬਦਬੂਦਾਰ ਸੜੀ ਹਵਾ ਵਿੱਚ, ਖੂਨੀਆਂ, ਚੋਰਾਂ, ਰਾਹਜ਼ਨਾ ਨਾਲ ਉਹ ਕੈਦ ਵਿੱਚ ਰੱਖੀ ਗਈ ਸੀ।

ਮੋਇਆਂ ਦੀ ਜਾਗ-ਕਾਂਡ ੩. : ਲਿਉ ਤਾਲਸਤਾਏ

ਇੱਧਰ ਤਾਂ ਮਸਲੋਵਾ ਦੋ ਸਿਪਾਹੀਆਂ ਦੀ ਗਾਰਦ ਦੇ ਪਹਿਰੇ ਵਿੱਚ ਕਚਹਿਰੀ ਪਹੁੰਚ ਚੁਕੀ ਸੀ। ਜ਼ਾਲਮ ਓਹਨੂੰ ਕਾਫ਼ੀ ਦੁਰਾਡੇ ਪੰਧ ਪੈਦਲ ਟੁਰਾ ਕੇ ਲੈ ਗਏ ਸਨ, ਚਲਣ ਦੀ ਵਾਦੀ ਨਾ ਹੋਣ ਕਰਕੇ ਮਸਲੋਵਾ ਬਹੁਤ ਥੱਕ ਗਈ ਸੀ। ਉਧਰ ਸ਼ਾਹਜ਼ਾਦਾ ਦਮਿਤ੍ਰੀ ਆਈਵਿਨਇਚ ਨਿਖਲੀ ਊਧਵ ਜਿਸ ਓਹਨੂੰ ਖਰਾਬ ਤੇ ਬਰਬਾਦ ਕੀਤਾ ਸੀ, ਹਾਲੇ ਤਕ ਆਪਣੇ ਉੱਚੇ ਗੱਦੇ ਵਾਲੇ ਬਿਸਤਰੇ ਤੇ ਪਲਸੇਟੇ ਮਾਰ ਰਹਿਆ ਸੀ, ਗਦੇਲਿਆਂ ਉੱਪਰ ਇਕ ਫੰਗਾਂ ਨਾਲ ਭਰੀ ਨਰਮ ਤੁਲਾਈ ਸੀ, ਇਕ ਨਿਹਾਇਤ ਨਫੀਸ, ਸਾਫ, ਭਲੀ ਪ੍ਰਕਾਰ ਇਸਤ੍ਰੀ ਕੀਤੀ ਹੋਈ ਚਿੱਟੀ ਰਾਤ ਦੇ ਸੌਣ ਵਾਲੀ ਕਮੀਜ਼ ਉਹਦੇ ਗਲੇ ਸੀ ਤੇ ਸਿਗਰਟ ਪੀ ਰਹਿਆ ਸੀ ਤੇ ਨਾਲੇ ਸੋਚ ਰਹਿਆ ਸੀ ਕਿ ਅੱਜ ਦਿਹਾੜੀ ਓਸ ਕੀ ਕੀ ਕੰਮ ਕਰਨੇ ਹਨ। ਓਹਦੇ ਮਨ ਵਿਚ ਕਲ ਜੋ ਜੋ ਕੰਮ ਕੀਤੇ ਸਨ ਓਹਨਾਂ ਦਾ ਵੇਰਵਾ ਵੀ ਆਪ ਮੁਹਾਰੇ ਗੇੜੇ ਲਾ ਰਹਿਆ ਸੀ।

ਕਲ ਸ਼ਾਮਾਂ ਦੀਆਂ ਗੱਲਾਂ ਯਾਦ ਆਈਆਂ, ਕਿਸ ਤਰਾਂ ਕੋਰਚਾਗਿਨਾ ਨਾਲ ਸ਼ਾਮ ਗੁਜ਼ਾਰੀ ਸੀ। ਕੋਰਚਾਗਿਨ ਇਕ ਧਨੀ ਰਈਸੀ ਟੱਬਰ ਸੀ ਤੇ ਹਰ ਇਕ ਨੂੰ ਸ਼ਹਿਰ ਵਿੱਚ ਇਹ ਉਡੀਕ ਹੋ ਰਹੀ ਸੀ ਕਿ ਸ਼ਾਹਜ਼ਾਦਾ ਓਹਨਾਂ ਦੀ ਲੜਕੀ ਨਾਲ ਸ਼ਾਦੀ ਕਰੇਗਾ। ਇਹ ਕੁਝ ਸੋਚ ਕੇ ਇਸ ਠੰਡਾ ਸਾਹ ਲਇਆ ਆਪਣੀ ਸਿਗਰਟ ਦਾ ਰਹਿੰਦਾ ਹਿੱਸਾ ਸੁੱਟ ਪਾਇਆ ਤੇ ਚਾਂਦੀ ਦੀ ਡੱਬੀ ਹੱਥ ਵਿਚ ਲੈ ਕੇ ਦਿਲ ਕੀਤਾ ਇਕ ਹੋਰ ਕੱਢ ਕੇ ਪੀਵੇ, ਪਰ ਫਿਰ ਇਰਾਦਾ ਬਦਲ ਦਿੱਤਾ ਤੇ ਆਪਣੀਆਂ ਲੰਮੀਆਂ ਗੋਰੀਆਂ ਜੰਘਾਂ ਬਿਸਤਰੇ ਥੀਂ ਬਾਹਰ ਕੱਢ, ਪਲੰਘ ਦੇ ਹੇਠਾਂ ਲਮਕਾ ਕੇ ਸਲੀਪਰਾਂ ਵਿਚ ਪੈਰ ਰੱਖੇ ਤੇ ਭਾਰੇ ਆਲਸੀ ਜੇਹੇ ਕਦਮਾਂ ਨਾਲ ਛੇਤੀ ਛੇਤੀ ਆਪਣੇ ਕਪੜੇ ਪਾਣ ਵਾਲੇ ਕਮਰੇ ਵੱਲ ਚਲਾ ਗਇਆ। ਇਸ ਕਮਰੇ ਵਿੱਚ ਇਕ ਮੇਜ ਤੇ ਔਡੀਕੋਲੋਨ ਤੇ ਮੁੱਛਾਂ ਨੂੰ ਤਾਅ ਦੇਣ ਦੀਆਂ ਫਿਕਸੋ ਆਦਿ ਖੁਸ਼ਬੂਆਂ ਅਤੇ ਤੇਲਾਂ ਦਾ ਝੁਰਮਟ ਪਇਆ ਸੀ। ਓਥੇ ਜਾਂਦੇ ਓਸ ਪਹਿਲਾਂ ਤਾਂ ਆਪਣੇ ਦੰਦ ਅੱਛੀ ਤਰਾਂ ਸਾਫ ਕੀਤੇ। ਇਹਦੇ ਕਈ ਇਕ ਦੰਦ ਭਾਵੇਂ ਓਹ ਦੰਦਾਂ ਦਾ ਮੰਜਨ ਬਰਾਬਰ ਇਸਤੇਮਾਲ ਕਰਦਾ ਸੀ ਭਰਾਏ ਹੋਏ ਸਨ। ਮੰਜਨ ਕਰਕੇ ਫਿਰ ਓਸ ਖੁਸ਼ਬੂਦਾਰ ਅਰਕ ਨਾਲ ਆਪਣੇ ਮੂੰਹ ਨੂੰ ਅੰਦਰੋਂ ਚੰਗੀ ਤਰਾਂ ਗਰਾਰੇ ਕਰਕੇ ਧੋਤਾ, ਓਹਦੇ ਮਗਰੋਂ ਫਿਰ ਖੁਸ਼ਬੂਦਾਰ ਸਾਬਣ ਨਾਲ ਆਪਣੇ ਹੱਥ ਧੋਤੇ, ਤੇ ਮੁੜ ਆਪਣੇ ਲੰਮੇ ਨੌਹਾ ਨੂੰ ਬੜੀ ਗਹੁ ਨਾਲ ਓਸ ਚੰਗੀ ਤਰਾਂ ਸਾਫ ਕੀਤਾ। ਮੁੜ ਸੰਗਮਰਮਰ ਦੀ ਚਿਲਮਚੀ ਵਿੱਚ ਪਏ ਪਾਣੀ ਨਾਲ ਆਪਣੀ ਮੋਟੀ ਗਰਦਨ ਨੂੰ ਮਲ ਮਲ ਕੇ ਤੇ ਆਪਣੇ ਚਿਹਰੇ ਨੂੰ ਭਲੀ ਪ੍ਰਕਾਰ ਧੋਤਾ। ਫਿਰ ਤੀਸਰੇ ਕਮਰੇ ਵਿੱਚ ਗਇਆ ਜਿੱਥੇ ਸ਼ਾਵਰ ਬਾਥ ਤਿਆਰ ਸੀ, ਓਥੇ ਖੂਬ ਨਹਾਤਾ। ਇਉਂ ਉਸ ਆਪਣਾ ਚਰਬੀਲਾ ਚਿੱਟਾ, ਤਕੜਾ ਜੁੱਸਾ ਤਰੋਤਾਜ਼ਾ ਕਰਕੇ ਇਕ ਖਹੁਰੇ ਤੌਲੀਏ ਨਾਲ ਖੂਬ ਰਗੜਿਆ, ਤੇ ਤਲੇ ਦੇ ਕੱਪੜੇ ਤੇ ਬੂਟ ਪਾਣੇ ਸ਼ੁਰੂ ਕੀਤੇ। ਫਿਰ ਸ਼ੀਸ਼ੇ ਅੱਗੇ ਬਹਿ ਕੇ ਆਪਣੀ ਕਾਲੀ ਦਾਹੜੀ ਨੂੰ ਬੁਰਸ਼ ਕੀਤਾ, ਸੰਵਾਰਿਆ ਤੇ ਆਪਣੇ ਕੁੰਡਲ ਵਾਲੇ ਵਾਲਾਂ ਨੂੰ ਕੰਘੀ ਪੱਟੀ ਕੀਤੀ। ਇਹਦੇ ਸਿਰ ਦੇ ਵਾਲ ਮੱਥੇ ਉਪਰ ਦੀ ਕੁਛ ਕੁਛ ਗੰਜ ਜੇਹੇ ਦਿੱਸਣ ਲਗ ਪਏ ਸਨ।

ਇਨ੍ਹਾਂ ਅਸ਼ਨਾਨ ਤੇ ਕੰਘੀ ਪੱਟੀ ਤੇ ਕੱਪੜੇ ਪਾਣ ਦੇ ਕਮਰਿਆਂ ਵਿੱਚ ਜੋ ਕੁਝ ਸਾਮਾਨ ਪਇਆ ਹੋਇਆ ਸੀ, ਓਹ ਬੜਾ ਵਧੀਆ ਤੇ ਕੀਮਤੀ ਤੇ ਬਹੁਤ ਚਿਰ ਤੱਗਣ ਵਾਲਾ ਸਮਾਨ ਸੀ। ਉਹਦੇ ਤੌਲੀਏ, ਕੱਪੜੇ, ਬੂਟ ਨਕਟਾਈਆਂ, ਪਿੰਨ, ਸਟੱਡ, ਸਭ ਚੰਗੇ ਥੀਂ ਚੰਗੇ ਸਨ, ਵਧੀਆ ਕਿਸਮ ਦੇ ਸਨ, ਪਰ ਸ਼ੋਖ ਨਹੀਂ ਸਨ। ਸਾਦੇ ਹੰਡਨਸਾਰ ਤੇ ਬਹੁਮੁੱਲੇ ਕੋਈ ਦੱਸ ਕਿਸਮਾਂ ਦੀਆਂ ਟਾਈਆਂ ਤੇ ਗਲੁਬੰਦਾਂ ਵਿੱਚੋਂ ਇਕ ਜਿਸ ਤੇ ਓਹਦਾ ਹੱਥ ਪਇਆ ਓਸ ਚਕ ਲਈ। ਕੋਈ ਸਮਾ ਉਸ ਉਪਰ ਹੋ ਗੁਜ਼ਰਿਆ ਸੀ ਕਿ ਓਹਦਾ ਮਨ ਇਨ੍ਹਾਂ ਦੇ ਚੁਣਨ ਤੇ ਪਰਖਣ ਆਦਿ ਵਿੱਚ ਰਹਿੰਦਾ ਸੀ, ਪਰ ਹੁਣ ਇਨ੍ਹਾਂ ਗੱਲਾਂ ਦੇ ਵਲ ਓਹ ਉੱਕਾ ਧਿਆਨ ਨਹੀਂ ਸੀ ਦੇਂਦਾ।

ਨਿਖਲੀਊਧਵ ਨੇ ਕੁਰਸੀ ਉੱਪਰ ਠੀਕ ਤਿਆਰ ਪਇਆ ਬੁਰਸ਼ ਆਦਿ ਨਾਲ ਸਾਫ ਕੀਤਾ ਸੂਟ ਕੱਸ ਲਇਆ। ਇਉਂ ਨ੍ਹਾ ਧੋ ਕੇ ਸਾਫ ਸੁਥਰਾ ਹੋ ਕੇ ਖੁਸ਼ਬੂਆਂ, ਅਤਰਾਂ, ਫੁਲੇਲਾਂ, ਨਾਲ ਮਹਿਕਿਆ ਹੋਇਆ ਪਰ ਅੰਦਰਲਾ ਓਹਦਾ ਤਾਂ ਵੀ ਤਸੱਲੀ ਬਖਸ਼ ਤਾਜ਼ਾ ਨ ਹੋਇਆ ਹੋਇਆ, ਨਿਖਲੀਊਧਵ ਖਾਣੇ ਵਾਲੇ ਕਮਰੇ ਵਿੱਚ ਪਹੁੰਚਿਆ। ਇਹ ਕਮਰਾ ਅੱਧਾ ਗੋਲ ਸੀ, ਤੇ ਇਹਦਾ ਫਰਸ਼ ਕਲ ਹੀ ਨੌਕਰਾਂ ਪਾਲਸ਼ ਕਰਕੇ ਚਮਕਾਇਆ ਸੀ। ਇਸ ਵਿੱਚ ਰੱਖਿਆ ਇਕ ਬੜਾ ਦਰਸ਼ਨੀ ਮੇਜ਼ ਸੀ, ਜ੍ਹਿਦੇ ਪੈਰ ਸ਼ੇਰ ਦੇ ਪੰਜਿਆਂ ਦੀ ਸ਼ਕਲ ਵਿੱਚ ਉਕਰੇ ਹੋਏ ਸਨ ਤੇ ਨਾਲ ਉਸੀ ਰੰਗ ਦਾ ਮਿਲਵਾਂ ਬਰਤਨ ਰੱਖਣ ਦਾ ਬੋਰਡ ਸੀ। ਮੇਜ਼ ਉੱਪਰ ਇਕ ਬੜੀ ਨਫੀਸ ਚੰਗੀ ਮਾਇਆ ਲੱਗੀ ਚੱਦਰ ਖੂਬ ਤਣ ਕੇ ਵਿਛਾਈ ਹੋਈ ਸੀ। ਇਸ ਚੱਦਰ ਉੱਪਰ ਰਈਸੀ ਖਾਨਦਾਨ ਦਾ ਮੋਨੋਗ੍ਰਾਮ ਕੱਢਿਆ ਹੋਇਆ ਸੀ। ਇਉਂ ਸਾਦੇ ਸਜੇ ਮੇਜ਼ ਉੱਪਰ ਇਕ ਚਾਂਦੀ ਦਾ ਕਾਫੀ ਪਾਟ, ਇਕ ਖੰਡ ਦਾ ਬਰਤਨ, ਇਕ ਗਰਮ ਮਲਾਈ ਦਾ ਜਗ, ਇਕ ਡਬਲ ਰੋਟੀ ਦੀ ਟੋਕਰੀ ਜਿਸ ਵਿੱਚ ਤਾਜ਼ਾ ਬਣੇ ਟੋਸਟ ਰਖੇ ਸਨ, ਰਸਕ ਤੇ ਬਿਸਕੁਟ ਖੂਬ ਕਰੀਨੇ ਨਾਲ ਸਜਾਏ ਧਰੇ ਹੋਏ ਸਨ, ਨਾਲ ਹੀ ਰੋਜ਼ਾਨਾ ਅਖਬਾਰ ਤੇ ਇਕ ਮਾਹਵਾਰੀ ਰੀਵੀਊ ਤੇ ਕਛ ਖਤ ਪੱਤਰ ਰਖੇ ਹੋਏ ਸਨ।

ਨਿਖਲੀਊਧਵ ਅਪਣੇ ਖਤਾਂ ਨੂੰ ਪੋਹਲ੍ਹਣ ਲੱਗਾ ਹੀ ਸੀ ਕਿ ਇਕ ਮੋਟੀ ਅਧਖੜ ਉਮਰ ਦੀ ਜਨਾਨੀ ਜਿਸ ਸੋਗਦਾ ਲਿਬਾਸ ਪਾਇਆ ਹੋਇਆ ਸੀ, ਤੇ ਜਿਹਦੀਆਂ ਪੱਟੀਆਂ ਉੱਪਰ ਇਕ ਕਾਢਵੇਂ ਫੀਤੇ ਵਾਲੀ ਟੋਪੀ ਸੀ, ਕਮਰੇ ਵਿੱਚ ਆਣ ਵੜੀ। ਇਹ ਅਗਰੈਫਨਾ ਪੇਤਰੋਵਨਾ ਇਕ ਪੁਰਾਨੀ ਨੌਕਰਾਨੀ ਨਿਖਲਉਧਵ ਦੀ ਮਾਂ ਦੀ ਸੀ। ਓਹਦੀ ਮਾਲਕਾ ਸਵਾਣੀ ਇਸੇ ਹੀ ਘਰ ਵਿੱਚ ਹੁਣੇ ਹਾਂ ਪੂਰੀ ਹੋਈ ਸੀ ਤੇ ਇਹ ਹੁਣ ਓਦੇ ਪੁਤਰ ਦਾ ਘਰ ਸੰਭਾਲਣ ਵਾਲੀ ਨੌਕਰਾਨੀ ਦਾ ਕੰਮ ਭੁਗਤਾ ਰਹੀ ਸੀ। ਅਗਰੇਫੇਨਾਂ ਪੇਤਰੋਵਨਾ ਆਪਣੀ ਮਰ ਗਈ ਸਵਾਣੀ ਨਾਲ ਦੱਸ ਸਾਲ ਕਈ ਬਦੇਸ਼ਾਂ ਤੇ ਮੁਲਕਾਂ, ਟਾਪੂਆਂ ਦੇ ਸੈਰ ਕਰਦੀ ਫਿਰੀ ਸੀ ਤੇ ਇਸ ਤਬੀਅਤ ਕਰਕੇ ਉਹਦਾ ਚਿੰਨ ਚਿਹਰਾ ਤੇ ਬਹਿਣ ਉੱਠਣ ਰਈਸੀ ਸਵਾਣੀਆਂ ਵਾਲਾ ਸੀ, ਨਿਰੀ ਮਾਮੂਲੀ ਨੌਕਰਾਨੀ ਨਹੀਂ ਸੀ ਲਗਦੀ। ਨਿਖਲੀਉਧਵ ਨੂੰ ਇਸ ਆਪਣੇ ਹੱਥਾਂ ਵਿਚ ਖਿਡਾਇਆ ਤੇ ਪਾਲਿਆ ਸੀ ਤੇ ਇਹਨੂੰ ਦਿਮਤ੍ਰੀ ਈਵਾਨਿਚ ਨਿਖਲੀਉਧਵ ਨੂੰ ਤਦ ਥੀਂ ਜਾਣਦੀ ਸੀ ਜਦ ਘਰ ਵਾਲੇ ਇਸ ਨਿੱਕੇ ਜੇਹੇ ਮੁੰਡੇ ਨੂੰ ਮਿਤਿੰਕਾ ਕਰਕੇ ਸੱਦਦੇ ਹੁੰਦੇ ਸਨ।

"ਗੁਡ ਮਾਰਨਿੰਗ ਦਮਿਤ੍ਰੀ ਈਵਾਨਿਚ ਜੀ!"

"ਗੁਡ ਮਾਰਨਿੰਗ ਐਗਰੈਵੇਨਾ ਪੇਤਰੋਵਨਾ! ਕੀ ਗੱਲ ਹੈ?" ਨਿਖਲੀਉਧਵ ਨੇ ਪੁੱਛਿਆ |

"ਸ਼ਾਹਜ਼ਾਦੀ ਵੱਲੋਂ ਇਕ ਖਤ ਹੈ, ਮਾਂ ਵੱਲੋਂ ਹੋਵੇ ਚਾਹੇ ਧੀ ਵੱਲੋਂ ਉਨ੍ਹਾਂ ਦੀ ਨੌਕਰਾਣੀ ਕਿੰਨੇ ਚਿਰਾਂ ਥੀਂ ਇਹ ਲਿਆ ਕੇ ਦੂਜੇ ਮੇਰੇ ਕਮਰੇ ਵਿਚ ਬੈਠੀ ਉਡੀਕ ਰਹੀ ਹੈ, ਅਗਰੈਫੇਨਾ ਪੈਤਰੋਵਨਾ ਨੇ ਕਹਿਆ ਤੇ ਇਸ ਤਰਜ਼ ਨਾਲ ਮੁਸਕਰਾਈ ਜਿਵੇਂ ਓਹਨੂੰ ਕਿਸੀ ਸੋਹਣੀ ਹੋਣ ਵਾਲੀ ਗੱਲ ਦਾ ਭੇਤਲੱਭਾ ਹੈ, ਤੇ ਓਹ ਖਤ ਓਹਦੇ ਹੱਥ ਵਿਚ ਦਿੱਤਾ

ਬਹੁਤ ਅੱਛਾ, ਇਕ ਸੈਕੰਡ!" ਨਿਖਲੀਉਧਵ ਨੇ ਖਤ ਲੈਕੇ ਕਹਿਆ ਪਰ ਉਹਦੇ ਮੁਸਕਰਾਨ ਉੱਪਰ ਉਸ ਮੱਥੇ ਤੇ ਘੂਰ ਪਾਈ।

ਐਗਰਾਫੈਨਾ ਪੈਤਰੋਵਨਾ ਦੇ ਮੁਸਕਰਾਨ ਦਾ ਮਤਲਬ ਇਹ ਸੀ ਕਿ ਓਹਨੂੰ ਇਸ ਗਲ ਦਾ ਉਡੀਕਵਾਂ ਚਾ ਸੀ ਕਿ ਇਹ ਖਤ ਸ਼ਾਹਜ਼ਾਦੀ ਕੋਰਚਾਗਿਨਾ ਵੱਲੋਂ ਸੀ ਜਿਸ ਨਾਲ ਓਹਦਾ ਵਿਆਹ ਹੋਣਾ ਸੀ, ਤੇ ਨਿਖਲੀਉਧਵ ਨੇ ਵੀ ਘੂਰ ਇਸੇ ਲਈ ਪਾਈ ਸੀ।

"ਤੇ ਫਿਰ ਮੈਂ ਓਹਨੂੰ ਕੀ ਆਖਾਂ? ਉਡੀਕੇ!" ਇਹ ਕਹਿ ਕੇ ਐਗਰੇਫਨਾ ਪੈਤਰੋਵਨਾ ਕਮਰਿਓਂ ਬਾਹਰ ਖਿਸਕੰਤ ਹੋਈ ਤੇ ਜਾਂਦੀ ਜਾਂਦੀ ਇਕ ਬੁਰਸ਼ ਜਿਹੜਾ ਆਪਣੀ ਠੀਕ ਥਾਂ ਤੇ ਨਹੀਂ ਸੀ ਚੁਕ ਕੇ ਠੀਕ ਥਾਂ ਤੇ ਰਖ ਗਈ।

ਨਿਖਲੀਉਧਵ ਨੇ ਹਿਤ ਨਾਲ ਮਹਿਕਿਆ ਹੋਇਆ ਖਤ ਖੋਲ੍ਹਿਆ ਤੇ ਪੜ੍ਹਨ ਲਗ ਪਇਆ।

ਖਤ ਇਕ ਬੜੇ ਮੋਟੇ ਸਲੇਟੀ ਰੰਗ ਤੇ ਖੁਰਦਰੇ ਕਿਨਾਰੇ ਵਾਲੇ ਕਾਗਜ਼ ਤੇ ਲਿਖਿਆ ਹੋਇਆ ਸੀ। ਲਿਖਤ ਅੰਗਰੇਜ਼ੀ ਜਾਪਦੀ ਸੀ, ਤੇ ਇਓ ਸੀ:-"ਅੱਜ ਆਪ ਦੀ ਯਾਦਦਾਸ਼ਤ ਬਣਨ ਦਾ ਕੰਮ ਆਪਣੇ ਉੱਪਰ ਚੁੱਕ ਕੇ ਮੈਂ ਇਸ ਗਲ ਦੀ ਖੁੱਲ੍ਹ ਲੈਂਦੀ ਹਾਂ ਕਿ ਆਪ ਨੂੰ ਯਾਦ ਕਰਾਵਾਂ ਕਿ ਅੱਜ ੨੮ ਤਾਰੀਖ ਅਪ੍ਰੈਲ ਦੀ ਨੂੰ ਆਪ ਨੇ ਜੂਰੀ ਦਾ ਮੈਂਬਰ ਬਣ ਕੇ ਕਾਨੂੰਨ ਦੀ ਅਦਾਲਤ ਵਿੱਚ ਜਾਣਾ ਹੈ, ਤੇ ਇਸ ਕਰਕੇ ਆਪ ਮੇਰੇ ਤੇ ਕੋਲੋਸੋਵ ਨਾਲ ਤਸਵੀਰਾਂ ਵਾਲੇ ਅਜਾਇਬ ਘਰ ਨਹੀਂ ਜਾ ਸਕੋਗੇ, ਜਿਵੇਂ ਆਪ ਆਪਣੀ ਸਾਧਾਰਨ ਬੇਪਰਵਾਹ ਖੁਸ਼ੀ ਦੀ ਆਦਤ ਵਿਚ ਕਹਿ ਗਏ ਸਾਓ ਕਿ ਆਪ ਸਾਡੇ ਨਾਲ ਚੱਲੋਗੇ। ਤੇ ਜਾਂ ਵੀ ਸਕਦੇ ਹੋ ਜੇ ਆਪ ਦੀ ਇਹ ਮਰਜ਼ੀ ਹੋਵੇ ਕਿ ਕਚਿਹਰੀ ਵਿਚ ਆਪਣੀ ਗੈਰ ਹਾਜ਼ਰੀ ਦੇ ਬਦਲੇ ੩੦੦) ਰੂਬਲ ਹਰਜਾਨਾ ਭਰ ਦਿਓ। ਪਰ ਇਹ ਰਕਮ ਇਕ ਘੋੜੇ ਦੀ ਪੂਰੀ ਕੀਮਤ ਦੀ ਰਕਮ ਹੈ ਜਿਹੜਾ ਆਪਣੇ ਲਈ ਖਰੀਦਨ ਦੀ ਖਾਤਰ ਆਪ ਨੇ ਹੋਰ ਪਾਸਿਓਂ ਸੰਕੋਚ ਸਾਧਿਆ ਹੋਇਆ ਹੈ। ਇਹ ਗੱਲ ਰਾਤੀਂ ਹੀ ਚੇਤੇ ਆ ਗਈ ਸੀ ਪਰ ਆਪ ਚਲੇ ਗਏ ਸਾਓ ਸੋ ਹੁਣ ਆਪ ਨੇ ਭੁਲਣਾ ਨਹੀਂ ਸ਼ਾਹਜ਼ਾਦੀ ਐਮ. ਕੋਰਚਾਗੀਨਾ।"

ਖਤ ਦੇ ਦੂਜੇ ਪਾਸੇ ਇਕ ਲਿਖਣ ਬਾਦ ਚੇਤੇ ਆਇਆ ਖਿਆਲ ਪੀ-ਐਸ" ਕਰਕੇ ਲਿਖਿਆ ਹੋਇਆ ਸੀ:-

"ਮਾਂ ਜੀ ਕਹਿੰਦੇ ਹਨ ਕਿ ਆਪ ਨੂੰ ਲਿਖ ਦੇਵਾਂ ਕਿ ਆਪ ਦੀ ਥਾਂ ਖਾਣੇ ਉੱਪਰ ਰੱਖੀ ਹੋਵੇਗੀ ਤੇ ਆਪ ਜਦ ਵੀ ਵਿਹਲੇ ਹੋਵੋ ਆ ਜਾਵੋ ਭਾਵੇਂ ਆਪ ਨੂੰ ਕਿੰਨੀ ਹੀ ਦੇਰ ਕਿਉਂ ਨ ਹੋ ਜਾਵੇ।"

ਪੜ੍ਹ ਕੇ ਨਿਖਲੀਊਧਵ।" ਨੇ ਰਤਾਕੂ ਦੰਦ ਜੇਹੇ ਕੱਢੇ। ਇਹ ਖਤ ਓਹਨਾਂ ਚਾਲਾਕੀ ਦੀਆਂ ਚਾਲਾਂ ਵਿੱਚੋਂ ਇਕ ਸੀ, ਜਿਸ ਨਾਲ ਉਹ ਨਿਖਲੀਊਧਵ।" ਨੂੰ ਆਪਣੇ ਨਾਲ ਵਿਆਹ ਕਰਨ ਦੀ ਫਾਹੀ ਵਿਚ ਫਸਾਣਾ ਚਾਹੁੰਦੀ ਸੀ। ਸ਼ਾਹਜ਼ਾਦੀ ਕੋਰਚਾਗੀਨਾ ਅੱਜ ਦੋ ਮਹੀਨਿਆਂ ਥੀਂ ਓਹਦੇ ਅੱਗੇ ਪਿੱਛੇ ਬੇਮਲੂਮ ਧਾਗਿਆਂ ਦੀਆਂ ਫਾਹੀਆਂ ਤੇ ਜਾਲ ਤਣ ਰਹੀ ਸੀ। ਪਰ ਜਿਹੜੇ ਮਰਦ ਆਪਣੀ ਅਹਲ ਜਵਾਨੀ ਤੇ ਓਹਦੇ ਬੁੰਬ ਦਿੰਦੇ ਸ਼ੌਕ ਲੰਘ ਚੁਕੇ ਹੋਣ ਓਹ ਕੁਦਰਤੀ ਤੌਰ ਤੇ ਇਹੋ ਜੇਹੀਆਂ ਗੱਲਾਂ ਵਿਚ ਅੱਜ ਕਲ ਕਰਦੇ ਰਹਿੰਦੇ ਹਨ ਜਦ ਤਕ ਓਹ ਆਪ ਕਿਸੇ ਅੰਨ੍ਹੇ ਜੇਹੇ ਪਿਆਰ ਵਿਚ ਆਪਣੀ ਮਰਜ਼ੀ ਨਾਲ ਡਿੱਗ ਨ ਪਏ ਹੋਣ। ਇਸ ਫਿਤਰਤੀ ਗੱਲ ਦੇ ਇਲਾਵਾ, ਨਿਖਲੀਊਧਵ ਆਪ ਕਈ ਇਕ ਹੋਰ ਤਕੜੇ ਸਬੱਬਾਂ ਕਰਕੇ ਝਟਾ ਪੱਟ ਸ਼ਾਦੀ ਕਰਨ ਦੀ ਤਜਵੀਜ਼ ਸ਼ਾਹਜ਼ਾਦੀ ਅੱਗੇ ਰੱਖ ਹੀ ਨਹੀਂ ਸਕਦਾ, ਤੇ ਇਹ ਸਬੱਬ ਨਿਰਾ ਇਹੋ ਨਹੀਂ ਸੀ ਕਿ ਅੱਜ ਥੀਂ ਦੱਸ ਸਾਲ ਪਹਿਲਾਂ ਓਸ ਮਸਲੋਵਾ ਵਿਚਾਰੀ ਦਾ ਧਰਮ ਛੀਨ ਕੀਤਾ ਸੀ ਤੇ ਓਹਨੂੰ ਵਰਤ ਕੇ ਸੁੱਟ ਪਾਇਆ ਸੀ। ਓਹ ਗੱਲ ਤਾਂ ਓਹਨੂੰ ਹੋਈ ਬੀਤੀ ਕਦੀ ਦੀ ਭੁੱਲ ਚੁੱਕੀ ਸੀ। ਨਹੀਂ ਹੋਰ ਵੀ ਗੱਲ ਅੱਜ ਕਲ ਓਹਦੇ ਪਲੇ ਪਈ ਹੋਈ ਸੀ। ਇਨ੍ਹਾਂ ਦਿਨਾਂ ਵਿਚ ਵੀ ਓਹਦਾ ਗੁਪਤ ਯਾਰਾਨਾ ਇਕ ਵਪਾਰੀ ਤੀਮੀ ਨਾਲ ਲੱਗਾ ਹੋਇਆ ਸੀ, ਤੇ ਓਹ ਆਪਣੇ ਮਨ ਵਿੱਚ ਓਸ ਨਾਲੋਂ ਤੋੜ ਚੁੱਕਾ ਸੀ, ਪਰ ਉਸ ਤੀਮੀ ਵੱਲੋਂ ਬਰਾਬਰ ਜਾਰੀ ਸੀ। ਉਸ ਨੇ ਓਹਨੂੰ ਹਾਲੇਂ ਨਹੀਂ ਸੀ ਛੱਡਿਆ।

ਨਿਖਲੀਊਧਵ ਜਨਾਨੀਆਂ ਨਾਲ ਵਰਤਣ ਵਿਚ ਕੁਝ ਥੋੜਾ ਸ਼ਰਮਾਕਲ ਸੀ ਤੇ ਇਸ ਸ਼ਰਮਾਕਲਪੁਣੇ ਹੀ ਨੇ ਤਾਂ ਉਸ ਵਿਆਹੀ ਤੀਵੀਂ ਦੇ ਮਨ ਵਿਚ ਇਸ ਨਾਲ ਅੰਦਰ ਖਾਨੇ ਯਾਰੀ ਗੰਢਣ ਦੀ ਚਾਹ ਪੈਦਾ ਕਰ ਦਿੱਤੀ ਸੀ। ਤੇ ਜਦ ਉਹ ਇਕ ਵੇਰੀ ਇਲੈਕਸ਼ਨਾਂ ਲਈ ਇਕ ਜ਼ਿਲੇ ਵਿਚ ਗਇਆ ਸੀ, ਤਾਂ ਹੀ ਉਸ ਜ਼ਿਲੇ ਦੇ ਹਾਕਮ ਦੀ ਬੇਅਸੂਲੀ ਵਹੁਟੀ ਉਸ ਉੱਪਰ ਮੋਹਿਤ ਹੋ ਗਈ ਸੀ, ਉਸ ਨੇ ਚਾਹਿਆ ਸੀ ਕਿ ਇਹਨੂੰ ਆਪਣੇ ਕਾਬੂ ਕਰੇ। ਇਸ ਤੀਮੀ ਨੇ ਹੌਲੇਂ ਹੌਲੇਂ ਇਸ ਉੱਪਰ ਆਪਣੀ ਨਿੱਘੀ ਗੂਹੜੀ ਵਾਕਫ਼ੀਅਤ ਦਾ ਜਾਲ ਸੱਟਣਾਂ ਸ਼ੁਰੂ ਕੀਤਾ, ਤੇ ਜਿਆਦਾ ਹੀ ਜਿਆਦਾ ਉਹ ਇਸ ਉੱਪਰ ਕਾਬੂ ਪਾਂਦੀ ਤੁਰੀ ਗਈ, ਭਾਵੇਂ ਇਹਦਾ ਆਪਣਾ ਦਿਲ ਉਸ ਵੱਲੋਂ ਦਿਨ ਬਦਿਨ ਚੜ੍ਹਦਾ ਚਲਾ ਜਾਂਦਾ ਸੀ। ਪਰ ਉਸ ਤੀਮੀ ਨੇ ਇਹਨੂੰ ਪੂਰਾ ਆਪਣੇ ਉੱਪਰ ਪਾ ਲਿਆ ਸੀ। ਨਿਖਲੀਊਧਵ ਇਸ ਮਨੋ ਲਾਲਚ ਵਿਚ ਫਸ ਕੇ ਜਰੂਰ ਪੱਛੋਤਾਂਦਾ ਸੀ, ਪਰ ਉਸ ਵਿਚ ਇੰਨੀ ਦਲੇਰੀ ਨਹੀਂ ਸੀ ਆਉਂਦੀ ਕਿ ਉਹ ਉਸ ਤੀਮੀ ਨਾਲ ਆਪਣਾ ਨਾਜਾਇਜ਼ ਤਅੱਲਕ ਬਿਨਾ ਓਸ ਤੀਮੀ ਦੀ ਸਲਾਹ ਦੇ ਆਪ ਹੀ ਤੋੜ ਸਕੇ। ਇਉਂ ਸੀ ਅਸਲ ਅੰਦਰਲੀ ਗੱਲ ਜਿਸ ਕਰਕੇ ਭਾਵੇਂ ਉਹ ਆਪਣੀ ਮਰਜੀ ਕੋਰਚਾਗਿਨਾ ਨਾਲ ਸ਼ਾਦੀ ਕਰਨ ਦੀ ਹੁੰਦੀ ਵੀ, ਤਾਂ ਵੀ ਉਹ ਖੁੱਲ੍ਹਾ ਇਹ ਤਜਵੀਜ਼ ਨਹੀਂ ਸੀ ਕਰ ਸਕਦਾ।

ਮੇਜ਼ ਉੱਪਰ ਪਏ ਖਤਾਂ ਵਿੱਚੋਂ ਇਕ ਖਤ ਇਸ ਤੀਮੀ ਦੇ ਖਾਵੰਦ ਦਾ ਸੀ। ਉਹਦਾ ਦਸਖਤ ਪਹਿਚਾਨ ਕੇ ਤੇ ਉਹਦੇ ਡਾਕਖਾਨੇ ਦੀ ਮੋਹਰ ਪੜ੍ਹ ਕੇ ਨਿਖਲੀਊਧਵ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਇਆ, ਪਰ ਉਹਦਾ ਸੁਭਾ ਸੀ ਕਿ ਜਦ ਕੋਈ ਖਤਰਾ ਸਹਮਣੇ ਆ ਹੀ ਜਾਵੇ ਤਦ ਉਹ ਹੇਠ ਨਹੀਂ ਸੀ ਲਗਦਾ, ਉਹਦਾ ਸਾਹਮਣਾ ਕਰਨ ਨੂੰ ਤਤਪਰ ਹੋ ਜਾਂਦਾ ਸੀ। ਇਸ ਕਰਕੇ ਹੁਣ ਇਸ ਸ਼ਰਮਸਾਰੀ ਨਾਲ ਵੀ ਅੰਦਰੋਂ ਮੁਕਾਬਲਾ ਕਰਨ ਲਈ ਤਿਆਰ ਹੋ ਗਇਆ ਸੀ।

ਪਰ ਉਹਦਾ ਇਹ ਜੋਸ਼ ਫੌਰਨ ਉਤਰ ਵੀ ਗਇਆ, ਜਿਸ ਦੀ ਤੀਮੀ ਨਾਲ ਓਹਦਾ ਇਸ ਤਰਾਂ ਦਾ ਲੁਕਵਾਂ ਯਾਰਾਨਾ ਸੀ, ਉਹ ਉਹਦੇ ਆਪਣੇ ਜ਼ਿਲੇ ਦਾ ਅਫਸਰ ਸੀ। ਉਹਦੀ ਸਬ ਥੀਂ ਛੱਡੀ ਜਾਗੀਰ ਇਸ ਜ਼ਿਲੇ ਵਿਚ ਸੀ, ਤੇ ਉਸ ਨੇ ਨਿਖਲੀਊਧਵ ਨੂੰ ਬਸ ਇੰਨਾ ਹੀ ਲਿਖਿਆ ਸੀ ਕਿ ਮਈ ਦੇ ਆਖਰੀ ਹਫਤੇ ਜ਼ਿਲੇ ਵਿਚ ਇਕ ਜਲਸਾ ਹੈ ਜਿਸ ਲਈ ਓਹ ਜਰੂਰ ਓਥੇ ਜਾਵੇ, ਤੇ ਹਰ ਤਰਾਂ ਦੇ ਸਲਾਹ ਮਸ਼ਵਰੇ ਦੀ ਮੱਦਦ ਦੇਵੇ। ਉਸ ਜਲਸੇ ਵਿਚ ਕਈ ਇਕ ਜਰੂਰੀ ਪਬਲਿਕ ਮਾਮਲਿਆਂ, ਸੜਕਾਂ, ਸਕੂਲਾਂ ਬਾਬਤ ਬਹਿਸਾਂ ਹੋਣੀਆਂ ਹਨ। ਨਾਲੇ ਇਹ ਇਸ਼ਾਰਾ ਕੀਤਾ ਹੋਇਆ ਸੀ ਕਿ ਇਸ ਜਲਸੇ ਵਿਚ ਬਰਖਲਾਫ ਪਾਰਟੀ ਦੇ ਲੋਕਾਂ ਦਾ ਚੰਗਾ ਇਕੱਠ ਹੋਵੇਗਾ ਤੇ ਉਨ੍ਹਾਂ ਨਾਲ ਤਕੜਾ ਮੁਕਾਬਲਾ ਕਰਨਾ ਪਵੇਗਾ।

ਇਹ ਜ਼ਿਲੇ ਦਾ ਸਾਹਿਬ, ਮੁਲਕੀ ਖਿਆਲਾਂ ਦੀ ਵੰਡ ਅਨੁਸਾਰ "ਲਿਬਰਲ" ਸੀ, ਤੇ ਇਹ ਆਪਣੇ ਹਮਖਿਆਲਾਂ ਨਾਲ ਮਿਲ ਕੇ "ਕਨਜ਼ਰਵੈਟਿਵ" ਪਾਰਟੀ, ਜਿਹੜੀ ਮੁਲਕ ਦੀ ਚਾਲ ਨੂੰ ਪਿਛਾਹਾਂ ਸੁੱਟਣਾ ਚਾਹੁੰਦੀ ਸੀ, ਤੇ ਸਕੰਦਰ ਤੀਸਰੇ ਦੇ ਆਸਰੇ ਵਿੱਚ ਜੋਰ ਪਕੜ ਰਹੀ ਸੀ, ਦੇ ਵਿਰੁੱਧ ਸਦਾ ਜੱਦੋਜਹਿਦ ਕਰਦਾ ਰਹਿੰਦਾ ਸੀ। ਉਹ ਇਨ੍ਹਾਂ ਪੋਲਿਟੀਕਲ ਗੱਲਾਂ ਵਿੱਚ ਇੰਨਾ ਫਸਿਆ ਹੋਇਆ ਸੀ ਕਿ ਉਹਨੂੰ ਆਪਣੇ ਘਰ ਦੀ ਬਦਕਿਸਮਤੀ ਦੀ ਕੁਛ ਖਬਰ ਹੀ ਨਹੀਂ ਸੀ।

ਨਿਖਲੀਊਧਵ ਨੂੰ ਖਤ ਪੜ੍ਹ ਕੇ ਸਾਰੀਆਂ ਉਹ ਹੌਲ ਭਰੀਆਂ ਘੜੀਆਂ ਯਾਦ ਆਈਆਂ ਜਿਹੜੀਆਂ ਇਸ ਆਦਮੀ ਦੇ ਤਅਲੱਕ ਵਿੱਚ ਉਸ ਉੱਪਰ ਆਣ ਵਾਪਰੀਆਂ ਸਨ। ਉਹਨੂੰ ਯਾਦ ਆਇਆ ਕਿ ਇਕ ਦਿਨ ਉਹਨੂੰ ਡਰ ਲੱਗਾ ਸੀ ਕਿ ਅਹੁ! ਉਸ ਤੀਮੀ ਦਾ ਖਾਵੰਦ ਆ ਗਇਆ, ਤੇ ਮੈਂ ਪਾਪ ਕਰਦਾ ਫੜਿਆ ਗਇਆ ਹਾਂ ਤੇ ਉਸਨੇ ਆਣ ਕੇ ਮੈਨੂੰ ਵੰਗਾਰਿਆ, ਉਸ ਮੈਨੂੰ ਡਰਾਣ ਲਈ ਹਵਾ ਵਿੱਚ ਬੰਦੂਕ ਚਲਾਈ, ਤੇ ਉਹ ਦਿਹਾੜਾ ਵੀ ਯਾਦ ਆਇਆ ਜਦ ਉਹ ਤੀਮੀ ਉਸ ਨਾਲ ਲੜ ਪਈ ਸੀ, ਤੇ ਰੁੱਸ ਕੇ ਬਾਗ ਦੇ ਖੂਹ ਵਿੱਚ ਛਾਲ ਮਾਰਨ ਨੱਸ ਗਈ ਸੀ, ਤੇ ਇਹ ਉਹਦੇ ਪਿੱਛੇ ਪਿੱਛੇ ਉਹਨੂੰ ਢੂੰਡਣ ਗਿਆ ਸੀ। ਇਹੋ ਜੇਹੀਆਂ ਕਈ ਗੱਲਾਂ ਸਭ ਯਾਦ ਆਈਆਂ।

"ਹਾਂ, ਮੈਂ ਹੁਣ ਨਹੀਂ ਜਾ ਸੱਕਦਾ, ਨਾ ਹੀ ਕੁਛ ਫੈਸਲਾ ਕਰ ਸੱਕਦਾ ਹਾਂ, ਜਦੋਂ ਤਕ ਉਹ ਤੀਮੀ ਮੈਨੂੰ ਨਾ ਲਿਖੇ" ਨਿਖਲੀਊਧਵ ਇਓਂ ਸੋਚੀਂ ਪੈ ਗਇਆ। ਇਕ ਹਫਤਾ ਹੀ ਹਾਲੇਂ ਹੋਇਆ ਸੀ ਕਿ ਨਿਖਲੀਊਧਵ ਨੇ ਉਸ ਤੀਮੀ ਵਲ ਇਕ ਨਬੇੜੇ ਕਰ ਦੇਣ ਵਾਲਾ ਖਤ ਪਾਇਆ ਸੀ। ਜਿਸ ਵਿੱਚ ਇਸ ਨੇ ਉਸ ਅੱਗੇ ਮੰਨ ਲਇਆ ਸੀ, ਕਿ ਮੈਂ ਗਿਰਿਆ, ਗਲਤੀ ਕੀਤੀ, ਝਖ ਮਾਰੀ, ਪਰ ਹੁਣ ਮੈਂ ਇਸ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹਾਂ। ਤੇ ਇਸ ਦੋਸਤੀ ਦੇ ਤੋੜਨ ਵਿੱਚ ਉਹਦਾ ਆਪਣਾ ਹੀ ਭਲਾ ਹੈ, ਜਿਵੇਂ ਇਹ ਗੱਲ ਇਸ ਨੇ ਉਹਦੇ ਭਲੇ ਲਈ ਹੀ ਨਿਰੋਲ ਕੀਤੀ ਸੀ। ਇਸ ਖਤ ਦਾ ਹਾਲੇਂ ਕੋਈ ਜਵਾਬ ਨਹੀਂ ਸੀ ਆਇਆ। ਉਹਦੀ ਇਹ ਚੱਪ ਭਾਵੇਂ ਚੰਗੀ ਨਿਸ਼ਾਨੀ ਮਤੇ ਹੋਵੇ, ਕਿਓਂਕਿ ਜੇ ਉਹ ਤੋੜਨਾ ਨਾ ਚਾਹੁੰਦੀ ਤਦ ਯਾ ਤਾਂ ਛੇਤੀ ਉੱਤਰ ਦਿੰਦੀ ਯਾ ਜਿਸ ਤਰਾਂ ਉਹ ਇਹੋ ਜੇਹੇ ਖਤਾਂ ਤੇ ਇਸ ਥੀਂ ਪਹਿਲਾਂ ਕਰਦੀ ਹੁੰਦੀ ਸੀ, ਆਪ ਹੀ ਇਸ ਪਾਸ ਆ ਜਾਂਦੀ। ਨਿਖਲੀਊਧਵ ਨੂੰ ਨਾਲੇ ਇਹ ਵੀ ਪਤਾ ਲਗ ਗਇਆ ਸੀ, ਕਿ ਇਕ ਹੋਰ ਗਭਰੂ ਅਫਸਰ ਉਹਦੀ ਖੁਸ਼ਾਮਦ ਦਰਾਮਦ ਵਿੱਚ ਖੂਬ ਜੁੱਟਿਆ ਪਇਆ ਹੈ ਭਾਵੇਂ ਉਹਨੂੰ ਖਾਰ ਵੀ ਆਉਂਦੀ ਸੀ ਤੇ ਦਿਲ ਦੁਖਦਾ ਸੀ, ਤਾਂ ਵੀ ਉਸ ਨੂੰ ਕੁਛ ਢਾਰਸ ਹੁੰਦੀ ਸੀ ਕਿ ਸ਼ਾਯਦ ਇਸ ਨਵੀਂ ਦੋਸਤੀ ਕਰਕੇ ਉਹਨੂੰ ਇਸ ਛੁਪੇ ਕਪਟ ਥੀਂ ਛੁਟਕਾਰਾ ਮਿਲ ਜਾਏ। ਅੰਦਰ ਅੰਦਰ ਇਸ ਕੁੜੀ ਦੀ ਖੋਹ ਜੇਹੀ ਉਹਨੂੰ ਲੱਗੀ ਰਹਿੰਦੀ ਸੀ।

ਦੂਸਰਾ ਖਤ ਉਹਦੇ ਆਪਣੀ ਰਿਆਸਤ ਦੇ ਮੁਨਸ਼ੀ ਦਾ ਸੀ। ਮੁਨਸ਼ੀ ਨੇ ਲਿਖਿਆ ਸੀ ਕਿ ਉਹਦਾ ਜਾ ਕੇ ਆਪਣੀ ਰਿਆਸਤ ਨੂੰ ਵੇਖਣਾ ਬੜਾ ਜ਼ਰੂਰੀ ਹੈ ਤੇ ਕਬਜ਼ਾ ਵੀ ਲੈਣਾ ਚਾਹੀਏ, ਤੇ ਨਾਲੇ ਆ ਕੇ ਦੱਸੇ ਕਿ ਇਸ ਥੀਂ ਅੱਗੋਂ ਰਿਆਸਤ ਦੀ ਜਿਮੀਂਦਾਰੀ ਦਾ ਕੀ ਬੰਦੋਬਸਤ ਕਰਨਾ ਹੈ। ਰਾਹਕਾਂ ਨੂੰ ਦੇਣੀ ਹੈ ਯਾ ਮੁਨਸ਼ੀ ਨੇ ਆਪਣੇ ਬਲਦ ਰੱਖ ਕੇ ਖੁਦ ਕਾਸ਼ਤ ਵਿੱਚ ਲਿਆਉਣੀ ਹੈ। ਉਹਦੀ ਇਹ ਦੂਜੀ ਤਜਵੀਜ਼ ਸੀ, ਉਸ ਨੇ ਇਹ ਤਜਵੀਜ਼ ਪਹਿਲਾਂ ਮਾਂ ਨੂੰ ਲਿਖ ਘੱਲੀ ਸੀ, ਤੇ ਹੁਣ ਪੁਤ੍ਰ ਨੂੰ ਵੀ ਕਿ ਜਿਹੜੀ ਜਮੀਨ ਰਾਹਕਾਂ ਨੂੰ ਦਿੱਤੀ ਹੋਈ ਹੈ, ਉਹ ਆਪਣੇ ਹਲਾਂ ਹੇਠ ਲਿਆਉਣੀ ਚਾਹੀਦੀ ਹੈ।

ਮੁਨਸ਼ੀ ਨੇ ਲਿਖਿਆ ਕਿ ਇਓਂ ਕਰਨ ਨਾਲ ਜਮੀਨ ਵਿੱਚੋਂ ਬਹੁਤ ਜ਼ਿਆਦਾ ਨਫਾ ਹੋ ਸੱਕਦਾ ਹੈ, ਤੇ ਨਾਲੇ ਉਸ ਮਾਫੀਆਂ ਮੰਗੀਆਂ ਹੋਈਆਂ ਸਨ ਕਿ ਹਾਲੇ ਤਕ ਉਹ ਉਹਨੂੰ ੩੦੦੦) ਰੂਬਲ ਜਿਹੜੇ ਪਹਿਲੀ ਤਾਰੀਖ ਨੂੰ ਦਾਖਲ ਕਰਨੇ ਸਨ, ਨਹੀਂ ਭੇਜ ਸੱਕਿਆ। ਇਹ ਰਕਮ ਅਗਲੀ ਡਾਕੇ ਘੱਲੇਗਾ। ਸਬੱਬ ਇਸ ਦੇਰੀ ਦਾ ਇਹੋ ਸੀ ਕਿ ਰਾਹਕਾਂ ਪਾਸੋਂ ਵਸੂਲੀਆਂ ਠੀਕ ਨਹੀਂ ਸਨ ਹੋ ਰਹੀਆਂ, ਤੇ ਕਈ ਵੇਰੀ ਉਸ ਦੀ ਸਰਕਾਰੇ ਖਬਰ ਦੇਣੀ ਪਈ ਹੈ। ਨਿਖਲੀਊਧਵ ਨੂੰ ਇਹ ਖਤ ਕੁਛ ਤਾਂ ਚੰਗਾ ਲੱਗਾ ਤੇ ਕੁਛ ਬੁਰਾ। ਚੰਗਾ ਤਾਂ ਇਓਂ ਲੱਗਾ ਕਿ ਨਿਖਲੀਊਧਵ ਦੇ ਮਨ ਵਿੱਚ ਖੁਸ਼ੀ ਜੇਹੀ ਆਈ ਕਿ ਉਹ ਇੰਨੀ ਵੱਡੀ ਰਿਆਸਤ ਦਾ ਮਾਲਕ ਹੈ, ਤੇ ਬੁਰਾ ਇਓਂ ਲੱਗਾ ਕਿ ਉਹਦੇ ਅੰਦਰਲੇ ਨਿਹਚਿਆਂ ਨੂੰ ਕੁਛ ਸੱਟ ਜੇਹੀ ਵੱਜੀ। ਇਨ੍ਹਾਂ ਗੱਲਾਂ ਵਿੱਚ ਉਹਦੇ ਖਿਆਲ ਹਰਬਰਟ ਸਪੈਨਸਰ ਦੇ ਖਿਆਲ ਸਨ, ਇਕ ਤਰਾਂ ਦਾ ਉਹਦਾ ਚੇਲਾ ਸੀ, ਤੇ ਉਹਦੇ ਗੁਰੂ ਦੀ ਕਿਤਾਬ ਸੋਸ਼ਲ ਸਟੈਟਿਸਟਿਕਸ ਵਿੱਚ ਲਿਖਿਆ ਹੋਇਆ ਹੈ ਕਿ ਇਨਸਾਨੀ ਇਨਸਾਫ ਇਹ ਗੱਲ ਕਦੀ ਗਵਾਰਾ ਨਹੀਂ ਕਰ ਸੱਕਦਾ ਕਿ ਕਿਸੀ ਵੀ ਬੰਦੇ ਪਾਸ ਕੋਈ ਆਪਣੀ ਨਿਜੀ ਜਾਇਦਾਦ ਹੋਵੇ। ਖਾਸ ਕਰ ਜਮੀਨ ਨੂੰ ਆਪਣੀ ਨਿਜੀ ਮਾਲਕੀ ਵਿੱਚ ਰੱਖਣਾ ਤਾਂ ਉੱਥੇ ਖਾਸ ਤਰਾਂ ਵਰਜਿਆ ਹੋਇਆ ਹੈ, ਤੇ ਇਸ ਵਿਸ਼ੇ ਉੱਪਰ ਨਿਖਲੀਊਧਵ ਨੇ ਜੋਸ਼ ਵਿੱਚ ਆ ਕੇ ਨਿਰੀਆਂ ਗੱਲਾਂ ਤਕ ਹੀ ਨਹੀਂ ਸੀ ਬੱਸ ਕੀਤੀ ਹੋਈ। ਇਨ੍ਹਾਂ ਖਿਆਲਾਂ ਤੇ ਨਿਹਚਿਆਂ ਉੱਪਰ ਕਿਸੀ ਹੱਦ ਤਕ ਓਸ ਅਮਲ ਵੀ ਕੀਤਾ ਸੀ। ਇਹੋ ਖਿਆਲ ਕਰਕੇ ਕਿ ਭੋਂ ਆਪਣੀ ਜਾਇਦਾਦ ਮਲਕੀਅਤ ਨਹੀਂ ਬਣਾਉਣਾ, ਉਸ ਨੇ ਆਪਣੇ ਪਿਤਾ ਥੀਂ ਉਹਦੇ ਹਿੱਸੇ ਵਿਰਸੇ ਵਿੱਚ ਆਈ ੫੦੦ ਕਿੱਲੇ ਭੋਂ ਰਾਹਕਾਂ ਨੂੰ ਉੱਕਾ ਦੇ ਹੀ ਦਿੱਤੀ ਸੀ। ਹੁਣ ਜਦ ਮਾਂ ਦੇ ਮਰਨ ਤੇ ਮਾਂ ਵੱਲੋਂ ਹੋਰ ਵਧੇਰੀਆਂ ਰਿਆਸਤਾਂ ਉਹਨੂੰ ਢੇਹੀਆਂ ਤੇ ਉਹ ਇਕ ਵੱਡਾ ਜਿਮੀਂਦਾਰ, ਭੋਂ ਦਾ ਮਾਲਕ, ਬਣ ਗਇਆ ਤਦ ਦੋ ਗੱਲਾਂ ਵਿੱਚੋਂ ਇਕ ਦੀ ਉਸ ਨੇ ਚੋਣ ਕਰਨੀ ਸੀ, ਯਾ ਤਾਂ ਪਿਓ ਵੱਲੋਂ ਆਈ ਭੋਂ ਵਾਂਗੂੰ ਸਾਰੀ ਰਾਹਕਾਂ ਨੂੰ ਉੱਕਾ ਹੀ ਦੇ ਦੇਵੇ ਯਾ ਇਹ ਪ੍ਰਕਾਸ਼ਤ ਕਰੇ ਕਿ ਉਹਦੇ ਪਹਿਲੇ ਖਿਆਲ ਬਦਲ ਗਏ ਹਨ, ਤੇ ਨਾਲੇ ਉਹਦੇ ਇਹ ਪਹਿਲੇ ਖਿਆਲ ਗਲਤ ਤੇ ਝੂਠੇ ਸਨ।

ਪਹਿਲੀ ਚੋਣ ਤਾਂ ਹੁਣ ਉਹ ਨਹੀਂ ਸੀ ਕਰ ਸੱਕਦਾ, ਕਿਉਂਕਿ ਸਿਵਾਏ ਇਨ੍ਹਾਂ ਵਿਰਸੇ ਵਿੱਚ ਆਈਆਂ ਜਮੀਨਾਂ ਤੇ ਜਾਇਦਾਦਾਂ ਦੇ (ਗਵਰਨਮਿੰਟ ਦੀ ਨੌਕਰੀ ਕਰਨ ਦੀ ਹਾਲੇ ਤਕ ਉਸ ਪਰਵਾਹ ਨਹੀਂ ਸੀ ਕੀਤੀ) ਉਹਦੇ ਆਪਣੇ ਗੁਜਾਰੇ, ਨਹੀਂ ਆਪਣੇ ਗੁਲਛੱਰਿਆਂ ਲਈ ਕਹਿਣਾ ਚਾਹੀਦਾ ਹੈ, ਉਸ ਪਾਸ ਹੋਰ ਕੋਈ ਤੜਾ ਪੂੰਜੀ ਨਹੀਂ ਸੀ ਤੇ ਆਦਤਾਂ ਰਹਿਣ ਬਹਿਣ ਦੀਆਂ ਹੁਣ ਰਈਸੀ ਤੇ ਅਮੀਰਾਨਾ ਹੋ ਚੁੱਕੀਆਂ ਸਨ। ਇਨ੍ਹਾਂ ਨੂੰ ਤਿਆਗ ਕੇ ਤੇ ਗਰੀਬੀ ਧਾਰ ਕੇ ਜੀਣ ਦਾ ਖਿਆਲ ਵੀ ਉਹਨੂੰ ਚੰਗਾ ਨਹੀਂ ਸੀ ਲੱਗਦਾ। ਨਾਲੇ ਉਹਦੇ ਦਿਲ ਵਿੱਚ ਯੂਨੀਵਰਸਟੀ ਦੇ ਦਿਨਾਂ ਦੀਆਂ ਉਮਾਹੂ ਜਵਾਨ ਉਮੰਗਾਂ ਵੀ ਨਹੀਂ ਸਨ ਰਹੀਆਂ। ਉਹਦੇ ਉਹ ਮਜ਼ਬੂਤ ਨਿਹਚੇ, ਜਵਾਨੀ ਦੇ ਉਹ ਕੜੇ ਅਟਲ ਇਰਾਦੇ, ਤੇ ਉੱਠਦੇ ਉਭਰਦੇ ਜੀਵਨ ਦੀਆਂ ਉਹ ਵੱਡੇ ਵੱਡੇ ਚੰਗੇ ਪਰਉਪਕਾਰੀ ਕੰਮ ਕਰਨ ਦੀਆਂ ਖਾਹਿਸ਼ਾਂ, ਤਾਂਘਾਂ,— ਹਾਂ ਕਿ ਕੁਛ ਇਸ ਸੁੱਤੀ ਜੇਹੀ ਦੁਨੀਆਂ ਵਿੱਚ ਗੈਰ ਮਾਮੂਲੀ ਕੰਮ ਕਰਦੇ ਦਿੱਸੀਏ ਆਦਿ—ਸਭ ਹੁਣ ਸ਼ਿੱਥਲ ਤੇ ਮੱਧਮ ਹੋ ਚੁੱਕੇ ਸਨ। ਤੇ ਦੂਜੀ ਚੋਣ, ਕਿ ਉਹ ਸਾਰੇ ਖਿਆਲ ਕੂੜੇ ਤੇ ਗਲਤ ਦੱਸੇ, ਜਦ ਕਿ ਹਰਬਰਟ ਸਪੈਨਸਰ ਦੇ ਸੋਸ਼ਲ ਸਟੈਟਿਸਟਿਕਸ ਵਿੱਚ ਸਾਫ ਤੇ ਨਿਰਉਤਰ ਕਰ ਦੇਣ ਵਾਲੇ ਸਬੂਤ ਦੇ ਦੇ ਕੇ ਸਿੱਧ ਕੀਤਾ ਹੋਇਆ ਹੈ, ਕਿ ਨਿਜ ਦੀ ਕਿਸੇ ਕਿਸਮ ਦੀ ਜਾਇਦਾਦ ਦੀ ਮਲਕੀਅਤ ਦਾ ਰੱਖਣਾ ਇਨਸਾਨੀ ਇਨਸਾਫ ਥੀਂ ਦੂਰ ਹੈ, ਤੇ ਮੁੜ ਜਿਨ੍ਹਾਂ ਖਿਆਲ ਦਾ ਪ੍ਰਤੀਪਾਦਿਕ ਇਕ ਹੋਰ ਹੈਨਰੀ ਜਾਰਜ ਨਿਕਲ ਆਇਆ ਹੈ, ਤੇ ਜਿਸ ਹਰਬਰਟ ਸਪੈਨਸਰ ਦੀ ਬੜੀ ਸ਼ਾਨਦਾਰ ਤੇ ਚਮਕਦੀ ਪ੍ਰੋੜਤਾ ਕੀਤੀ ਹੈ, ਸੰਭਵ ਨਹੀਂ ਸੀ। ਉਨ੍ਹਾਂ ਸਾਰਿਆਂ ਖਿਆਲਾਂ ਨੂੰ ਕੂੜਾ ਯਾ ਗਲਤ ਕਹਿਣਾ ਯਾ ਦੱਸਣਾ, ਉਸ ਲਈ ਨਾਮੁਮਕਿਨ ਸੀ, ਤੇ ਇਹ ਕਾਰਨ ਸੀ ਕਿ ਮੁਨਸ਼ੀ ਦੇ ਖਤ ਦਾ ਇੱਕ ਹਿੱਸਾ ਉਹਨੂੰ ਬੜਾ ਭੈੜਾ ਲੱਗਾ।

ਮੋਇਆਂ ਦੀ ਜਾਗ-ਕਾਂਡ ੪. : ਲਿਉ ਤਾਲਸਤਾਏ

ਨਿਖਲੀਊਧਵ ਨੇ ਕਾਫੀ ਖਤਮ ਕੀਤੀ, ਆਪਣੇ ਦਫਤ੍ਰ ਵਿਚ ਗਇਆ ਤੇ ਕਚਹਿਰੀ ਦੇ ਸਮਨਾਂ ਨੂੰ ਤੱਕਿਆ ਕਿ ਕਿਸ ਵਕਤ ਉੱਥੇ ਅਪੜਨਾ ਹੈ, ਨਾਲੇ ਉਸ ਸ਼ਾਹਜ਼ਾਦੀ ਦੇ ਖਤ ਦਾ ਜਵਾਬ ਲਿਖਣਾ ਸਾ ਸੂ। ਤੇ ਉੱਥੇ ਜਾਣ ਲਈ ਜਦ ਉਹ ਆਪਣੀ ਤਸਵੀਰਾਂ ਬਨਾਣ ਦੀ ਸਟੂਡੀਓ ਵਿਚ ਦੀ ਲੰਘਿਆ, ਉੱਥੇ ਪਈਆਂ ਕੁਛ ਇਕ ਉਹਦੀਆਂ ਆਪਣੀਆਂ ਬਣੀਆਂ ਮਸ਼ਕ ਜੇਹੀ ਵਾਲੀਆਂ ਤਸਵੀਰਾਂ, ਦੀਵਾਰ ਉੱਪਰ ਲਟਕ ਰਹੀਆਂ ਸਨ ਤੇ ਇਕ ਅੱਧੀ ਖਿੱਚੀ ਤਸਵੀਰ ਵੀ ਪਈ ਹੋਈ ਸੀ। ਇਨ੍ਹਾਂ ਨੂੰ ਵੇਖ ਕੇ ਉਹਨੂੰ ਆਰਟ ਵਿਚ ਵਧਣ ਦੀ ਆਪਣੇ ਵਿਚ ਕਿਸੀ ਖਾਸ ਲਿਆਕਤ ਦਾ ਨਾ ਹੋਣਾ ਪ੍ਰਤੀਤ ਹੋਇਆ ਤੇ ਆਪਣੀ ਨਲੈਕੀ ਦੀ ਸਮਝ ਆ ਕੇ ਕੁਛ ਨਿੰਮੋਝੂਣਾ ਜੇਹਾ ਹੋਇਆ। ਇਹ ਆਪਣੀ ਆਰਟ ਵਿਚ ਵਧਣ ਦੀ ਲਿਆਕਤ ਨਾ ਹੋਣ ਦੀ ਪ੍ਰਤੀਤੀ ਇਨ੍ਹਾਂ ਦਿਨਾਂ ਵਿਚ ਕਈ ਵੇਰੀ ਉਸ ਉੱਪਰ ਆਈ ਸੀ ਤੇ ਉਹਨੂੰ ਸਤਾਂਦੀ ਸੀ, ਪਰ ਉਹ ਕਹਿ ਦਿੰਦਾ ਸੀ ਕਿ ਉਹਦਾ ਮਨ ਰਸਿਕ ਮੰਡਲਾਂ ਦਾ ਬਹੁਤ ਉੱਚਾ ਉਡਾਰੂ ਹੋ ਜਾਣ ਕਰਕੇ ਤਸਵੀਰਾਂ ਖਿੱਚਣ ਵਿਚ ਨਹੀਂ ਸੀ ਜੰਮਦਾ। ਪਰ ਤਾਂ ਵੀ ਆਰਟ ਵਿਚ ਨਿਪੁੰਨ ਨਾ ਹੋਣ ਦੀ ਬੇਚੈਨੀ ਉਹਨੂੰ ਜਰੂਰ ਦਿੱਕ ਕਰਦੀ ਸੀ। ਇਸ ਥੀਂ ਸੱਤ ਸਾਲ ਪਹਿਲੇ ਉਸ ਫੌਜ ਦੀ ਨੌਕਰੀ ਇਸ ਕਰ ਕੇ ਛੱਡ ਦਿੱਤੀ ਸੀ ਕਿ ਉਸ ਨੂੰ ਇਹ ਵਹਿਮ ਆਣ ਸਵਾਰ ਹੋਇਆ ਸੀ, ਕਿ ਉਹ ਆਰਟ ਵਿਚ ਬੜੀ ਨਿਪੁੰਨਤਾ ਹਾਸਲ ਕਰ ਸਕੇਗਾ। ਤੇ ਇਹ ਕਿ ਤਸਵੀਰ ਬਨਾਉਣ ਦਾ ਉਸ ਵਿਚ ਖਾਸ ਖੁਦਾਦਾਦ ਮਾਦਾ ਹੈ, ਤੇ ਇਸ ਆਰਟ ਦੀ ਉੱਚੀ ਖੂਬੀ ਥੀਂ ਆਪਣੇ ਜੀਵਨ ਨੂੰ ਵੇਖ ਵੇਖ ਉਹ ਹੋਰ ਸਭ ਅਮਲੀ ਕੰਮਾਂ ਕਾਜਾਂ ਨੂੰ ਨੀਵੇਂ ਦਰਜੇ ਦੇ ਕਮੀਨ ਕੰਮ ਸਮਝਦਾ ਸੀ। ਹੁਣ ਇਨ੍ਹਾਂ ਦਿਨਾਂ ਵਿਚ ਉਹਨੂੰ ਪਤਾ ਲਗ ਗਇਆ ਸੀ ਕਿ ਉਹਦਾ ਇਹ ਆਪਣੀ ਬਾਬਤ ਖਿਆਲ ਗਲਤ ਸੀ, ਤੇ ਇਸ ਤਰਾਂ ਦੇ ਉੱਚੇ ਵਿਚਾਰਾਂ ਦਾ ਆਸਰਾ ਲੈਣ ਦਾ ਉਹਦਾ ਕੋਈ ਹੱਕ ਨਹੀਂ ਸੀ। ਇਸ ਲਈ ਹਰ ਇਕ ਐਸੀ ਚੀਜ਼ ਜਿਹੜੀ ਉਹਦੇ ਅੱਗੇ ਆਰਟ ਨੂੰ ਲਿਆਂਦੀ ਯਾ ਆਰਟ ਦੀਆਂ ਕਿਰਤਾਂ ਨੂੰ ਯਾਦ ਦਿਵਾਂਦੀ ਸੀ, ਉਹਨੂੰ ਤੰਗ ਕਰਦੀ ਸੀ। ਸਟੂਡੀਓ ਅਤੇ ਆਪਣੀ ਰੰਗਸ਼ਾਲਾ ਦੇ ਕੀਮਤੀ ਸਾਮਾਨ ਆਦਿਕ ਵੇਖ ਕੇ ਉਹਦਾ ਦਿਲ ਉਦਾਸ ਅਤੇ ਭਾਰਾ ਹੋ ਜਾਂਦਾ ਸੀ, ਤੇ ਜਦ ਉਹ ਦਫ਼ਤਰ ਵਲ ਗਇਆ ਸੀ, ਉਥੋਂ ਅੱਜ ਲੰਘਣ ਕਰਕੇ ਉਹ ਇਸੀ ਕਰਕੇ ਖੁਸ਼ ਨਹੀਂ ਸੀ। ਉਹਦਾ ਦਫ਼ਤਰ ਇਕ ਵੱਡਾ, ਉੱਚਾ ਖੁੱਲ੍ਹਾ ਕਮਰਾ ਸੀ। ਉਸ ਵਿੱਚ ਸਭ ਸਾਮਾਨ ਡਾਢੇ ਕਰੀਨੇ ਸਿਰ ਲਗਾਇਆ ਹੋਇਆ ਸੀ, ਤੇ ਹਰ ਤਰਾਂ ਦੇ ਆਰਾਮ, ਸੁਹਜ ਤੇ ਦਿੱਖ ਲਈ ਸੋਹਣੇ ਜੋੜ ਜੋੜੇ ਹੋਏ ਪਏ ਸਨ।ਆਪਣੇ ਵੱਡੇ ਲਿਖਣ ਦੇ ਮੇਜ਼ ਦੇ ਇਕ ਖਾਨੇ ਵਿਚੋਂ ਜਿਸ ਉਪਰ "ਹੁਣੇ ਛੇਤੀ" ਦਾ ਟਿਕਟ ਲੱਗਾ ਹੋਇਆ ਸੀ, ਨਿਖਲੀਊਧਵ ਨੇ ਸਮਨ ਕੱਢਿਆ ਤੇ ਵੇਖਿਆ ਕਿ ਉਸ ਮੁਤਾਬਕ ਉਹਨੂੰ ਠੀਕ ੧੧ ਵਜੇ ਕਚਹਿਰੀ ਪਹੁੰਚਣਾ ਸੀ। ਨਿਖਲੀਊਧਵ ਫਿਰ ਸ਼ਾਹਜ਼ਾਦੀ ਦੇ ਖਤ ਦਾ ਉੱਤਰ ਲਿਖਣ ਬਹਿ ਗਇਆ। ਰੋਟੀ ਦੇ ਸੱਦੇ ਦਾ ਧੰਨਵਾਦ ਕੀਤਾ, ਤੇ ਲਿਖਿਆ ਕਿ ਉਹ ਰਾਤੀਂ ਖਾਣੇ ਉੱਪਰ ਪਹੁੰਚੇਗਾ। ਇਹ ਖਤ ਇਸ ਤਰਾਂ ਲਿਖ ਕੇ ਉਸ ਫਾੜ ਦਿੱਤਾ, ਉਹਦੀ ਇਬਾਰਤ ਕੁਛ ਬਹੁਤ ਜ਼ਿਆਦਾ ਅਪਣੱਤ ਵਾਲੀ ਲੱਗੀ। ਇਕ ਹੋਰ ਲਿਖਿਆ ਪਰ ਉਹ ਕੁਛ ਕਾਫੀ ਨਿੱਘਾ ਨਾ ਲਗਿਆ। ਡਰਿਆ ਕਿ ਜੇ ਇੰਨਾ ਕੋਰਾ ਖਤ ਲਿਖਿਆ ਤਦ ਉਹ ਖਫਾ ਹੋਣਗੇ, ਉਹ ਵੀ ਫਾੜ ਸੁੱਟਿਆ। ਮੁੜ ਬਿਜਲੀ ਦਾ ਬਟਨ ਦਬਾਇਆ ਤੇ ਇਕ ਬੁਢੇਰਾ ਜੇਹਾ ਬੜੀ ਰੁਖੀ ਰੁਖੀ ਸ਼ਕਲ ਵਾਲਾ ਆਦਮੀ ਹਾਜ਼ਰ ਹੋਇਆ। ਉਹਦੀ ਚੁੱਲ੍ਹਾ ਦਾਹੜੀ ਸੀ। ਉਪਰਲਾ ਹੋਠ ਤੇ ਠੋਡੀ ਸਾਫ ਮੁੰਨੀ ਹੋਈ ਸੀ ਤੇ ਆਪਣੀ ਪੋਸ਼ਾਕ ਉਪਰ ਭੂਰੇ ਜੇਹੇ ਰੰਗ ਦਾ ਠੰਢਾ ਐਪਰਨ ਪਾਇਆ ਹੋਇਆ ਸੀ ਸੂ।

"ਮਿਹਰਬਾਨੀ ਕਰਕੇ ਇਕ ਕਰਾਏ ਦੀ ਗੱਡੀ ਜਲਦੀ ਮੰਗਾਓ।"

"ਬਹੁਤ ਅੱਛਾ ਹਜੂਰ।"

"ਤੇ ਜਿਹੜਾ ਕੋਈ ਕੋਰਚਾਗਿਨਾਂ ਵੱਲੋਂ ਆਇਆ ਹੋਇਆ ਉਡੀਕ ਕਰ ਰਹਿਆ ਹੈ, ਉਹਨੂੰ ਕਹਿ ਦੇਣਾ ਕਿ ਮੈਂ ਉਨ੍ਹਾਂ ਦੇ ਬੁਲਾਵੇ ਦਾ ਧੰਨਵਾਦੀ ਹਾਂ ਤੇ ਮੈਂ ਹਾਜ਼ਰ ਹੋਣ ਦੀ ਕੋਸ਼ਿਸ਼ ਕਰਸਾਂ।"

ਬਹੁਤ ਅੱਛਾ ਹਜ਼ੂਰ।"

"ਕੁਛ ਬਹੁਤ ਸੋਹਣਾ ਤਾਂ ਨਹੀਂ ਲੱਗਦਾ ਕਿ ਖਤ ਦੇ ਜਵਾਬ ਵਿਚ ਮੈਂ ਇਓਂ ਜਬਾਨੀ ਸੁਨੇਹਾ ਹੀ ਭੇਜਿਆ ਹੈ, ਪਰ ਕੋਈ ਗੱਲ ਨਹੀਂ ਅੱਜ ਰਾਤੀਂ ਹੀ ਉਹਨੂੰ ਮੈਂ ਮਿਲ ਜੁ ਪਵਾਂਗਾ", ਇਓਂ ਸੋਚਦਾ ਨਿਖਲੀਊਧਵ ਆਪਣਾ ਓਵਰਕੋਟ ਲੈਣ ਚਲਾ ਗਇਆ।

ਜਦ ਇਓਂ ਉਹ ਘਰੋਂ ਬਾਹਰ ਨਿਕਲਿਆ, ਉਹਨੂੰ ਪਤਾ ਸੀ ਕਿ ਉਸ ਲਈ ਅੱਗੇ ਇਕ ਰਬਰ ਟੈਰ ਵਾਲੀ ਬੱਘੀ ਉਹਦੀ ਉਡੀਕ ਵਿਚ ਖੜੀ ਹੋਣੀ ਹੈ। ਸੋ ਬੂਹੇ ਬਾਹਰ ਬੱਘੀ ਖੜੀ ਸੀ, ਕੋਚਵਾਨ ਆਪਣਾ ਸਿਰ ਜਰਾਕੂ ਇਸ ਵਲ ਮੋੜ ਕੇ ਕਹਿਣ ਲਗਾ, "ਜਨਾਬ ਕਲ ਜਦ ਤੁਸੀਂ ਮਸੇਂ ਸ਼ਾਹਜ਼ਾਦਾ ਕੋਰਚਾਗਿਨ ਦੇ ਨਿਕਲੇ ਹੀ ਹੋਵੇਗਾ ਕਿ ਮੈਂ ਪਹੁੰਚ ਗਇਆ ਸਾਂ। ਪਰ ਉਨ੍ਹਾਂ ਦੇ ਸ੍ਵਿਸ ਦਰਬਾਨ ਨੇ ਮੈਨੂੰ ਕਹਿਆ, "ਉਹ ਚਲੇ ਗਏ ਹਨ।" ਬੱਘੀ ਵਾਲੇ ਨੂੰ ਪਤਾ ਸੀ ਕਿ ਨਿਖਲੀਊਧਵ ਕੋਰਚਾਗਿਨਾਂ ਦੇ ਜਾਂਦਾ ਹੁੰਦਾ ਹੈ ਤੇ ਉਸ ਵੇਲੇ ਉਹ ਇਤਫਾਕੀਆ ਹੀ ਇਸ ਥਾਂ ਉਪਰ ਆ ਗਇਆ ਹੋਇਆ ਸੀ, ਮਤੇ ਕਿਤੇ ਜਾਣਾ ਹੋਵੇ ਤੇ ਸਵੇਰ ਸਾਰ ਮੇਰਾ ਭਾੜਾ ਹੀ ਬਣ ਜਾਂਦਾ ਹੋਵੇ।

"ਕੋਚਵਾਨਾਂ ਨੂੰ ਵੀ ਕੋਰਚਾਗਿਨਾਂ ਦੇ ਟੱਬਰ ਨਾਲ ਮੇਰੇ ਕੀ ਤਅੱਲਕ ਹਨ ਪਤਾ ਹੈ" ਨਿਖਲੀਊਧਵਨੇ ਖਿਆਲ ਕੀਤਾ, ਤੇ ਮੁੜ ਉਹੋ ਸਵਾਲ ਕਿ ਕੀ ਉਹ ਸ਼ਾਹਜ਼ਾਦੀ ਕੋਰਚਾਗਿਨਾਂ ਨਾਲ ਵਿਆਹ ਕਰਨ ਦੀ ਤਜਵੀਜ਼ ਕਰੇ ਕਿ ਨ ਕਰੇ, ਉਹਦੇ ਮੱਥੇ ਵਿਚ ਵੜ ਬੈਠਾ, ਪਰ ਨਾ ਤਾਂ ਉਹ ਨਾਂਹ ਵਲ ਹੀ ਫੈਸਲਾ ਕਰ ਸਕਦਾ ਸੀ ਤੇ ਨਾਂਹ ਹਾਂ ਵਲ। ਇਸੀ ਤਰਾਂ ਦੇ ਹੋਰ ਕਈ ਸਵਾਲ ਆਏ ਪਰ ਉਨ੍ਹਾਂ ਦਾ ਉਹ ਕੋਈ ਵੀ ਫੈਸਲਾ ਨਹੀਂ ਸੀ ਕਰ ਸੱਕਦਾ। ਖਿਆਲ ਬਸ ਨਿਰੇ ਆਉਂਦੇ ਤੇ ਲੰਘਦੇ ਜਾਂਦੇ ਸਨ।

ਵਿਆਹ ਕਰਨ ਦੇ ਹੱਕ ਵਿਚ ਤਾਂ ਇਹ ਗੱਲ ਸੀ ਕਿ ਜੀਵਨ ਇਖਲਾਕੀ ਨੁਕਤੇ ਥੀਂ ਸਾਫ ਤੇ ਸਿੱਧਾ ਹੋ ਜਾਊ, ਤੇ ਖਾਸ ਕਰ ਇਹ ਕਿ ਉਹ ਘਰ ਵਾਲਾ ਹੋ ਸਕੇਗਾ। ਬਚਿਆਂ ਦੇ ਹੋ ਜਾਣ ਨਾਲ ਉਹਦੇ ਜੀਵਨ ਦਾ ਕੋਈ ਰਾਹ ਨਿਕਲ ਆਵੇਗਾ ਤੇ ਕੋਈ ਨਕ ਆਬਰੋ ਚੱਲਣ ਵਿਚ ਆਣ ਭਰੇਗਾ, ਕਿਸੇ ਆਹਰੇ ਲੱਗੇਗਾ। ਘੱਟੋ ਘੱਟੀ ਨਿਖਲੀਊਧਵ ਜੇਹੇ ਲਈ ਵਿਆਹ ਕਰਕੇ ਇਹੋ ਜੇਹੀ ਕੋਈ ਆਸ ਧਰਾਸ ਬੱਝਦੀ ਸੀ। ਆਮ ਤੌਰ ਤੇ ਵਿਆਹ ਦੇ ਬਰਖ਼ਲਾਫ ਇਹ ਡਰ ਸੀ ਜਿਹੜਾ ਡਰ ਕਿ ਜਵਾਨੀ ਵਿਚ ਪਹੁੰਚ ਕੇ ਅਧਖੜ ਜੇਹੇ ਕੰਵਾਰਿਆਂ ਨੂੰ ਹੁੰਦਾ ਹੈ, ਕਿ ਆਪਣੀ ਆਜ਼ਾਦੀ ਖੁੱਸ ਜਾਊਗੀ ਤੇ ਪਤਾ ਨਹੀਂ ਕਿ ਔਰਤ ਦੀ ਜ਼ਾਤ ਵਿਆਹ ਕਰਨ ਉੱਪਰ ਕਿਸ ਤਰਾਂ ਦੀ ਤੇ ਕੇਹੋ ਜੇਹੀ ਹੋ ਨਿਬੜੇ। ਔਰਤ ਥੀਂ ਇਹੋ ਜੇਹੇ ਲੋਕਾਂ ਨੂੰ ਇਕ ਅਚੇਤ ਜੇਹਾ ਭੈ ਲੱਗਦਾ ਹੈ।

ਪਰ ਇਸ ਖਾਸ ਮਾਮਲੇ ਵਿਚ ਮਿੱਸੀ (ਉਹਦਾ ਨਾਮ ਸੀ ਮੇਰੀ ਪਰ ਜਿਸ ਤਰਾਂ ਇਹੋ ਜਿਹੇ ਲੋਕਾਂ ਵਿਚ ਆਮ ਆਦਤ ਹੁੰਦੀ ਹੈ, ਕੁੜੀਆਂ ਮੁੰਡਿਆਂ ਨੂੰ ਪਿਆਰ ਦੇ ਨਿੱਕੇ ਨਾਂ ਦਿਤੇ ਹੁੰਦੇ ਹਨ, ਮਿੱਸੀ ਉਹਦਾ ਨਿੱਕਾ ਨਾਂ ਯਾ "ਅੱਲ" ਸੀ) ਨੂੰ ਵਿਆਹੁਣ ਦੇ ਹੱਕ ਵਿੱਚ ਇਹ ਸੋਚ ਜਰੂਰ ਸੀ, ਕਿ ਉਹ ਬੜੇ ਚੰਗੇ ਘਰਾਣੇ ਦੀ ਨੇਕਬਖ਼ਤ ਕੁੜੀ ਹੈ, ਤੇ ਉਸ ਵਿਚ ਤੇ ਆਮ ਤੀਮੀਆਂ ਵਿਚ ਬੜਾ ਭਾਰੀ ਅੰਤਰਾ ਹੈ, ਮਿੱਸੀ ਦੀ ਹਰ ਇਕ ਚੀਜਬੋਲਣ, ਚੱਲਣ, ਹੱਸਣ ਦਾ ਤਰੀਕਾ, ਆਮ ਲੋਕਾਂ ਕੋਲੋਂ ਵਖਰਾ ਸੀ (ਕਿਸੀ ਖਾਸ ਗੁਣ ਕਰਕੇ ਇਹ ਗੱਲ ਨਹੀਂ ਸੀ, ਇਕ ਰਈਸੀ ਘਰ ਦੇ ਅਦਬ ਲਿਹਾਜ ਵਿਚ ਪਲਿਆਂ ਹੀ ਉਸ ਵਿਚ ਇਹ ਗੁਣ ਆਪ ਮੁਹਾਰੇ ਸਨ)। ਇਸ ਉਹਦੀ ਸਿਫਤ ਨੂੰ ਨਾਂ ਦੇਣ ਲਈ ਉਸ ਪਾਸ ਕੋਈ ਖਾਸ ਲਫਜ਼ ਨਹੀਂ ਸਨ, ਨਿਰਾ ਬਸ ਇਹ ਕਿ ਉਹ ਚੰਗੀ ਖਾਨਦਾਨੀ ਹੈ। ਹੋਰ ਗੱਲਾਂ ਛੱਡ ਕੇ ਨਿਖਲੀਊਧਵ ਲਈ ਤਾਂ ਇਹ ਗੱਲ ਉਹਦੇ ਚੰਗਾ ਹੋਣ ਦਾ, ਤੇ ਨਾ ਸਿਰਫ ਚੰਗੀ ਸਮਝ ਬਲਕਿ ਸਹੀ ਨਤੀਜੇ ਪਰ ਪਹੁੰਚਣ ਦੀ ਅੱਕਲ ਦਾ, ਪਕਾ ਸਬੂਤ ਸੀ ਕਿ ਉਸ ਨੇ ਉਹਦਾ ਵੱਡਾ ਮੁਲ ਪਾਇਆ ਤੇ ਇਹ ਪਛਾਣਨ ਆਪੇ ਹੀ ਕੀਤੀ ਹੈ ਤੇ ਜਿਸ ਕਰਕੇ ਉਹਨੂੰ ਚੰਗੀ ਤਰਾਂ ਸਮਝ ਚੁੱਕੀ ਹੈ। ਅਕਲ ਵਾਲੀ ਹੈ ਹੀ ਤਾਂ ਹੀ ਤਾਂ ਉਸ ਇਸ ਨਿਖਲੀਊਧਵ ਦੀ ਕੀਮਤ ਹੋਰਨਾਂ ਸਾਰਿਆਂ ਮਰਦਾਂ ਥੀਂ ਵੱਧ ਪਾਈ ਹੈ! ਤੇ ਖਾਸ ਮਿੱਸੀ ਹੀ ਨਾਲ ਵਿਆਹ ਕਰਨ ਦੇ ਵਿਰੁਧ ਇਹ ਸੋਚਿਆ ਕਿ ਮੁਮਕਿਨ ਹੈ ਕੋਈ ਹੋਰ ਕੁੜੀ ਇਸ ਥੀਂ ਵੀ ਵੱਧ ਗੁਣਾਂ ਵਾਲੀ ਤੇ ਇਸ ਥੀਂ ਵੀ ਸੋਹਣੀ ਮਿਲ ਜਾਵੇ। ਉਹਦੀ ਉਮਰ ਉਸ ਵੇਲੇ ਕੋਈ ੨੭ ਸਾਲ ਦੀ ਸੀ ਤੇ ਅਗਲਬ ਹੈ ਕਿ ਉਸ ਕੁੜੀ ਦਾ ਨਿਖਲੀਊਧਵ ਕੋਈ ਪਹਿਲਾ ਹੀ ਪਿਆਰਾ ਤਾਂ ਨਹੀਂ ਹੋਣਾ। ਇਹ ਆਖਰੀ ਖਿਆਲ ਨਿਖਲੀਊਧਵ ਨੂੰ ਬੜਾ ਹੀ ਦੁਖ ਦਿੰਦਾ ਸੀ, ਹਾਇ ਉਸ ਥੀਂ ਪਹਿਲਾਂ ਹੋਰ ਵੀ ਕੋਈ ਉਹਦਾ ਪਿਆਰ ਲੈਣ ਵਾਲਾ ਹੋ ਚੁਕਾ ਹੋਊ। ਉਹਦਾ ਆਪਣਾ ਗਰੂਰ ਨਿਰੀ ਸੋਚ ਵਿੱਚ ਵੀ ਇਹ ਖਿਆਲ ਬਰਦਾਸ਼ਤ ਨਹੀਂ ਸੀ ਕਰ ਸੱਕਦਾ। ਮੁੜ ਆਪਣੇ ਹੀ ਖਿਆਲ ਵਿਚ ਨਿਖਲੀਊਧਵ ਇਹ ਸੋਚ ਕੇ ਕਿ ਇਹੋ ਜੇਹੀ ਕੋਈ ਗੱਲ ਨਹੀਂ ਹੋਈ ਹੋਣੀ, ਉਸ ਨਾਲ ਆਪੇ ਹੀ ਰਾਜ਼ੀ ਹੋ ਜਾਂਦਾ ਸੀ। ਠੀਕ ਹੈ, ਉਸ ਕੁੜੀ ਨੂੰ ਕੀ ਪਤਾ ਸੀ ਕਿ ਇੰਨੇ ਸਾਲਾਂ ਬਾਦ ਓਹ ਨਿਖਲੀਊਧਵ ਨੂੰ ਮਿਲੇਗੀ ਤੇ ਬੱਸ ਇਸ ਇਨਤਜ਼ਾਰ ਵਿੱਚ ਹੀ ਇਸ ਥੀਂ ਪਹਿਲਾਂ ਕਿਸੀ ਹੋਰ ਲੜਕੇ ਨਾਲ ਪਿਆਰ ਨ ਪਾਵੇ ਆਰ, ਪਰ ਫਿਰ ਵੀ ਇਹੋ ਜੇਹਾ ਨਿਰਾ ਖਿਆਲ ਮਾਤ੍ਰ ਵੀ ਚਿੱਤ ਵਿੱਚ ਲਿਆ ਕੇ ਕਿ ਸਵਾਏ ਉਹਦੇ ਕਿਸੀ ਹੋਰ ਨੂੰ ਵੀ ਪਿਆਰ ਸਕਦੀ ਸੀ ਯਾ ਹੈ, ਓਹ ਉਸ ਨਾਲ ਖਫਾ ਹੋ ਜਾਂਦਾ ਸੀ, ਇਸ ਤਰਾਂ ਉਹਦੇ ਚਿੱਤ ਵਿੱਚ ਉਸ ਨਾਲ ਵਿਆਹ ਕਰਨ ਦੇ ਹੱਕ ਵਿਚ ਤੇ ਬਰਖਲਾਫ਼ ਇੱਕੋ ਜੇਹੀਆਂ ਦਲੀਲਾਂ ਖਿਚੜੀ ਰਿੰਨ੍ਹਦੀਆਂ ਸਨ। ਕੁਛ ਹੋਵੇ ਸਾਡੇ ਨਿਖਲੀਊਧਵ ਲਈ ਉਨ੍ਹਾਂ ਦਲੀਲਾਂ ਦਾ ਵਜ਼ਨ ਦੋਹੀਂ ਪਾਸੀਂ ਇਕ ਬਰਾਬਰ ਸੀ, ਤੇ ਉਹ ਆਪਣੇ ਆਪ ਤੇ ਦਿਲ ਹੀ ਦਿਲ ਵਿਚ ਹੱਸਦਾ ਸੀ, ਤੇ ਕਹਿੰਦਾ ਸੀ ਕਿ ਮੈਂ ਕਹਾਣੀ ਦਾ ਓਹ ਖੋਤਾ ਹਾਂ ਜਿਹੜਾ ਫੈਸਲਾ ਨਹੀਂ ਸੀ ਕਰ ਸੱਕਦਾ ਕਿ ਘਾਹ ਦੇ ਕਿਹੜੇ ਢੇਰ ਵੱਲ ਜਾ ਕੇ ਮੂੰਹ ਮਾਰੇ।

"ਪਰ ਕਿਸੀ ਹਾਲਤ ਵਿੱਚ ਜਦ ਤਕ ਮੇਰੀ ਵੇਸੀਲੈਵਨਾ (ਉਹ ਜ਼ਿਲੇ ਦੇ ਸਾਹਿਬ ਦੀ ਮੇਮ) ਦਾ ਜਵਾਬ ਨਾ ਆ ਲਵੇ ਤੇ ਉਸ ਨਾਲ ਮੈਂ ਟੁੱਟੀ ਨ ਕਰ ਲਵਾਂ, ਮੈਂ ਇਨ੍ਹਾਂ ਮਾਮਲਿਆਂ ਵਿੱਚ ਕੁਛ ਕਰ ਹੀ ਨਹੀਂ ਸੱਕਦਾ," ਨਿਖਲੀਊਧਵ ਇਓਂ ਆਪਣੇ ਆਪ ਨੂੰ ਕਹਿਣ ਲੱਗ ਪਇਆ। ਤੇ ਇਹ ਨਿਹਚਾ ਕਿ ਇਸ ਅੜਬੈਂਗ ਕਾਰਨ ਕਰਕੇ ਓਹ ਵਿਆਹ ਕਰਨ ਦੇ ਸਵਾਲ ਦਾ ਛੇਤੀ ਫੈਸਲਾ ਨਹੀਂ ਸੀ ਕਰ ਸੱਕਦਾ, ਉਹ ਕੁਛ ਸੁਖੀ ਹੀ ਕਰਦਾ ਸੀ।

"ਚਲੋ ਜੀ! ਇਹ ਗੱਲਾਂ ਫਿਰ ਸੋਚਾਂਗੇ", ਉਸ ਆਪਣੇ ਆਪ ਨੂੰ ਕਹਿਆ ਤੇ ਇੰਨੇ ਵਿੱਚ ਬੱਘੀ ਕਚਹਿਰੀ ਦੇ ਬੂਹੇ ਅੱਗੇ ਜਾ ਪਹੁੰਚੀ, ਤੇ ਟਾਰ ਕੀਤੇ ਨਰਮ ਫਰਸ਼ ਉੱਤੇ ਤਿਲਕਦੀ ਬਿਨਾਂ ਪਹੀਆਂ ਦੇ ਕਰੀਚਣ ਦੀ ਆਵਾਜ਼ ਕੀਤੇ ਦੇ ਜਾ ਖੜੀ ਹੋਈ।

"ਹੁਣ ਚਲੋ ਆਪਣੀ ਅੰਦਰਲੀ ਜ਼ਮੀਰ ਦੀ ਆਵਾਜ ਅਨੁਸਾਰ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣਾ ਸ਼ਹਿਰੀ ਫਰਜ਼ ਤਾਂ ਪੂਰਾ ਕਰਾਂ, ਜਿਹੜਾ ਮੈਂ ਸਦਾ ਸ਼ੌਕ ਨਾਲ ਪੂਰਾ ਕਰਦਾ ਹੁੰਦਾ ਹਾਂ। ਤੇ ਠੀਕ ਧਰਮ ਸਮਝ ਕੇ ਜੋ ਠੀਕ ਕੀਤਾ ਜਾਂਦਾ ਹੈ ਉਹ ਠੀਕ ਹੁੰਦਾ ਹੈ। ਤੇ ਨਾਲੇ ਇਹੋ ਜਿਹੇ ਮੁਕੱਦਮੇਂ ਸਦਾ ਦਿਲਚਸਪ ਹੁੰਦੇ ਹਨ", ਇਉਂ ਸੋਚਦਾ ਦਰਵਾਜ਼ੇ ਵਿਚ ਖੜੇ ਅਰਦਲੀ ਦੇ ਮੋਢੇ ਨਾਲ ਖਹਿੰਦਾ ਅਦਾਲਤ ਦੇ ਅੰਦਰ ਚਲਾ ਗਇਆ।

ਮੋਇਆਂ ਦੀ ਜਾਗ-ਕਾਂਡ ੫. : ਲਿਉ ਤਾਲਸਤਾਏ

ਕਚਹਿਰੀ ਦੇ ਕੌਰੀਡੋਰ ਹਿਲ ਚਲ ਨਾਲ ਭਰ ਰਹੇ ਸਨ। ਬਾਬੂ ਸ਼ਾਬੂ ਅਰਦਲੀ, ਪਿਆਦੇ ਸਾਹੋਸਾਹ ਹੋਏ ਅੱਗੇ ਪਿੱਛੇ ਦੌੜਦੇ ਦਿੜਕਦੇ ਫਰਸ਼ਾਂ ਉਪਰ ਆਪਣੇ ਪੈਰਾਂ ਨੂੰ ਰਲਾ ਮਲਾ ਰਹੇ ਸਨ। ਕਈ ਕਿਸਮ ਦੇ ਕਾਗਜ਼ ਤੇ ਸੁਨੇਹੇ ਅੱਗੇ ਪਿੱਛੇ ਲਿਆ ਆ ਜਾ ਰਹੇ ਸਨ। ਵਕੀਲ, ਸਰਕਾਰੀ ਇਨਸਾਫੀ ਅਫਸਰ, ਤੇ ਕਚਹਿਰੀ ਦੇ ਸਿਪਾਹੀ ਸਾਇਲਾਂ ਨੂੰ ਅਵਾਜਾਂ ਮਾਰਨ ਵਾਲੇ ਇਧਰ ਉਧਰ ਲੰਘ ਰਹੇ ਸਨ। ਮੁਦੱਈ ਮੁਦਾਇਲੇ, ਇਸਤਗ਼ਾਸਾ ਕਰਨ ਵਾਲੇ ਤੇ ਮੁਜਰਿਮ ਜਿਹੜੇ ਹਾਲੇ ਹਵਾਲਾਤ ਵਿੱਚ ਨਹੀਂ ਸਨ ਤੁੰਨੇ ਗਏ, ਯਾ ਤਾਂ ਦੀਵਾਰਾਂ ਦੇ ਲਾਗੇ ਗ਼ਮਗੀਨ ਹੋਏ ਅੱਗੇ ਪਿੱਛੇ ਫਿਰ ਰਹੇ ਸਨ, ਯਾ ਉਡੀਕ ਵਿੱਚ ਬੈਠੇ ਸਨ। ਇਕ ਪਿਆਦੇ ਨੂੰ ਨਿਖਲੀਊਧਵ ਪੁੱਛਦਾ ਹੈ "ਕਨੂੰਨ ਦੀ ਅਦਾਲਤ ਕਿੱਧਰ ਹੈ?"

"ਕਿਹੜੀ ਜਨਾਬ? ਫੌਜਦਾਰੀ ਕਿ ਦੀਵਾਨੀ?"

"ਮੈਂ ਜੂਰੀ ਉੱਪਰ ਹਾਂ।"

"ਆਪ ਦਾ ਮਤਲਬ ਫੌਜਦਾਰੀ ਕਚਹਿਰੀ ਦਾ ਹੈ, ਇਧਰ ਸੱਜੇ ਜਾਓ ਤਾਂ ਫਿਰ ਖੱਬੇ ਮੁੜ ਜਾਣਾ, ਇੱਥੋਂ ਦੂਸਰਾ ਦਰਵਾਜਾ।"

ਨਿਖਲੀਊਧਵ ਉਸੀ ਦੱਸੀ ਸੇਧੇ ਚਲਾ ਗਇਆ। ਉਸ ਦੱਸੇ ਦਰਵਾਜੇ ਉੱਪਰ ਦੋ ਆਦਮੀ ਉਡੀਕ ਵਿੱਚ ਅੱਗੇ ਹੀ ਖੜੇ ਸਨ, ਇਕ ਤਾਂ ਲੰਮਾਂ ਉੱਚਾ ਮੋਟਾ ਸੌਦਾਗਰ ਬੰਦਾ ਸੀ, ਨਰਮ ਦਿਲ ਦਾ ਆਦਮੀ ਸੀ, ਪਰ ਇਹ ਸਹੀ ਹੁੰਦਾ ਸੀ ਕਿ ਚੰਗਾ ਚੋਖਾ ਕੁਝ ਖਾ ਕੇ ਆਇਆ ਹੈ ਤੇ ਪੀਤੀ ਹੋਈ ਵੀ ਸੂ ਤੇ ਚੰਗੇ ਖੁਸ਼ਖੁਸਾਂ ਰੋਂ ਵਿੱਚ ਸੀ, ਤੇ ਦੂਜਾ ਇਕ ਯਹੂਦੀ ਨਸਲ ਦਾ ਕੋਈ ਦੁਕਾਨਦਾਰ ਸੀ। ਜਦ ਨਿਖਲੀਊਧਵ ਅੱਪੜਿਆ ਤਦ ਓਹ ਦੋਵੇਂ ਉੱਨ ਦੇ ਬਾਜਾਰ ਤੇ ਭਾ ਉੱਪਰ ਗੱਲਾਂ ਕਰ ਰਹੇ ਸਨ। ਨਿਖਲੀਊਧਵ ਨੇ ਉਨ੍ਹਾਂ ਥੀਂ ਪੁੱਛਿਆ ਕਿ ਕੀ ਉਹੋ ਜੂਰੀ ਵਾਲਾ ਕਮਰਾ ਸੀ।

"ਜੀ ਮੇਰੇ ਪਿਆਰੇ ਸਾਹਿਬ ਜੀ! ਇਹੋ ਹੈ। ਆਪ ਸਾਡੇ ਵਿਚੋਂ ਹੀ ਹੋ? ਆਪ ਵੀ ਜੂਰੀ ਉੱਪਰ ਹੋ?" ਸੌਦਾਗਰ ਨੇ ਪੁੱਛਿਆ, ਨਾਲੇ ਇਕ ਖੁਸ਼ ਮਿਜ਼ਾਜ ਵਾਲਾ ਅਖ ਮਟੱਕਾ ਕੀਤਾ। ਜਦ ਨਿਖਲੀਊਧਵ ਨੇ ਓਹਦੇ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਤਦ ਓਹ ਸੌਦਾਗਰ ਬੋਲੀ ਹੀ ਗਇਆ, "ਆਹ! ਠੀਕ, ਤਦ ਅਸੀਂ ਸਾਰੇ ਅਕੱਠੇ ਬਹਿ ਕੇ ਕੰਮ ਕਰਾਂਗੇ—ਮੇਰਾ ਨਾਮ, ਜਨਾਬ, ਬਕਲਾਸ਼ੋਵ ਹੈ। ਮੈਂ ਦੂਸਰੀ ਗਿਲਡ ਦਾ ਸੌਦਾਗਰ ਹਾਂ," ਤੇ ਇਹ ਕਹਿ ਕੇ ਆਪਣਾ ਚੌੜਾ ਨਰਮ ਤੇ ਦਬ ਜਾਣ ਵਾਲਾ ਹੱਥ ਮਿਲਾਣ ਨੂੰ ਅੱਗੇ ਕੀਤਾ ਤੇ ਕਹਿਆ, "ਬੰਦੇ ਨੇ ਤਾਂ ਕੰਮ ਹੀ ਕਰਨਾ ਹੈ। ਮੈਨੂੰ ਕਿਸ ਨਾਲ ਹੱਥ ਮਿਲਾਉਣ ਦਾ ਫਖ਼ਰ ਹਾਸਲ ਹੋ ਰਹਿਆ ਹੈ।"

ਨਿਖਲੀਊਧਵ ਨੇ ਆਪਣਾ ਨਾਂ ਦੱਸਿਆ ਤੇ ਅੱਗੇ ਜੂਰੀ ਦੇ ਕਮਰੇ ਵਲ ਚਲਾ ਗਇਆ।

ਵੱਖਰੀ ਵੱਖਰੀ ਕਿਸਮ ਦੇ ਦਸ ਆਦਮੀ ਅੱਗੇ ਹੀ ਓਸ ਕਮਰੇ ਵਿੱਚ ਸਨ। ਓਹ ਵੀ ਹੁਣੇ ਹੀ ਪਹੁੰਚੇ ਸਨ। ਕੋਈ ਤਾਂ ਬੈਠੇ ਹੋਏ ਸਨ, ਕੋਈ ਉੱਪਰ ਤਲੇ ਟਹਿਲ ਰਹੇ ਸਨ। ਇਕ ਦੁਜੇ ਨੂੰ ਵੇਂਹਦੇ ਸਨ, ਆਪਸ ਵਿੱਚ ਵਾਕਫੀਅਤਾਂ ਤਾਂ ਕੱਢਦੇ ਤੇ ਪਾਉਂਦੇ ਸਨ। ਇਕ ਤਾਂ ਕੋਈ ਪਿਨਸ਼ਨ ਯਾਫਤਾ ਕਰਨੈਲ ਆਪਣੀ ਫੌਜੀ ਬਰਦੀ ਵਿਚ ਸੀ। ਕਈਆਂ ਨੇ ਕੋਟ ਪਾਏ ਹੋਏ ਸਨ, ਹੋਰ ਕਈ ਸਵੇਰ ਦੇ ਪਾਣ ਵਾਲੇ ਛੋਟੇ ਕੋਟਾਂ ਵਿੱਚ ਸਨ। ਇਕ ਨੇ ਜਟਕਾ ਜੇਹਾ ਲਿਬਾਸ ਪਾਇਆ ਹੋਇਆ ਸੀ ਤੇ ਸਭ ਦੇ ਚਿਹਰੇ ਇਸ ਤਸੱਲੀ ਜੇਹੀ ਦੇ ਰੰਗ ਵਿੱਚ ਰੋਸ਼ਨ ਸਨ ਕਿ ਅੱਜ ਓਹ ਮਿਲ ਕੇ ਕੋਈ ਮੁਲਕ ਤੇ ਮਖਲੂਕ ਦਾ ਪਬਲਿਕ ਕੰਮ ਕਰਨਗੇ। ਕੋਈ ਐਸੇ ਸਨ ਜੋ ਆਪਣਾ ਕੰਮ ਕਾਜ ਛੱਡ ਕੇ ਆਏ ਸਨ ਤੇ ਓਹ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਦੇ ਕੰਮ ਦਾ ਬੜਾ ਹਰਜ ਹੋਵੇਗਾ, ਤੇ ਬਾਹਲੇ ਇਹੋ ਜੇਹੇ ਸਨ ਜੋ ਆਪਣੇ ਕੰਮ ਦੇ ਨੁਕਸਾਨ ਦੇ ਹਨੇਰੇ ਵਿੱਚ ਸਨ।

ਜੂਰੀ ਉੱਪਰ ਬਹਿਣ ਵਾਲੇ ਰਈਸੀ ਬੰਦੇ ਆਪਸ ਵਿੱਚ ਮੌਸਮ ਦੇ ਠੰਡੇ ਤੱਤੇ ਹੋਣ ਦੀ ਪੁੱਛ ਗਿਛ ਕਰ ਰਹੇ ਸਨ। ਬਸੰਤ ਐਤਕੀ ਛੇਤੀ ਆ ਗਈ ਹੈ, ਤੇ ਬਿਉਪਾਰਾਂ ਦੇ ਹਾਲ ਕੀ ਹੋਣਗੇ ਆਦਿ—ਬਾਹਜੇ ਤਾਂ ਇਕ ਦੂਜੇ ਨਾਲ ਕਿਸੀ ਦੇ ਪਛਾਣ ਕਰਾਨ ਉੱਪਰ ਮਿਲ ਚੁੱਕੇ ਸਨ, ਤੇ ਬਾਹਜੇ ਆਪੇ ਵਿੱਚ ਹੀ ਫੁਹ ਮਾਰ ਰਹੇ ਸਨ ਤੇ ਬੁਝ ਰਹੇ ਸਨ ਕਿ ਫਲਾਣਾ ਕੌਣ ਹੈ ਤੇ ਫਲਾਣਾ ਕੌਣ ਹੋਊ। ਜਿਹੜੇ ਨਿਖਲੀਊਧਵ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਇਕ ਦੂਜੇ ਨਾਲ ਭੇਟ ਕਰਾਣ ਦੀ ਛੇਤੀ ਕੀਤੀ, ਕਿਉਂਕਿ ਨਿਖਲੀਊਧਵ ਨਾਲ ਹੱਥ ਮਿਲਾਉਣਾ ਓਹ ਆਪਣੀ ਇਜ਼ਤ ਸਮਝਦੇ ਸਨ। ਨਿਖਲੀਊਧਵ ਵੀ ਓਥੇ ਇਹ ਸਮਝ ਕੇ ਇਹ ਬਹੁਤ ਸਾਰਿਆਂ ਪਾਸੋਂ ਵੱਡਾ ਹੈ ਹੱਥ ਮਿਲਾਉਂਦਾ ਤੇ ਮਿਲਦਾ ਸੀ। ਜਦ ਕਦੀ ਓਹ ਅਣਜਾਤੇ ਅਣਪਛਾਤੇ ਲੋਕਾਂ ਵਿੱਚ ਜਾਂਦਾ ਸੀ ਓਹ ਆਪਣੇ ਆਪ ਨੂੰ ਵੱਡਾ ਰਈਸ ਹੀ ਸਮਝਦਾ ਸੀ, ਪਰ ਜੇ ਕਦੀ ਕੋਈ ਓਸ ਪਾਸੋਂ ਪੁੱਛੇ ਕਿ ਭਾਈ ਤੂੰ ਹੋਰਨਾਂ ਪਾਸੋਂ ਕਿਸ ਗੱਲ ਵਿੱਚ ਵੱਡਾ ਹੈਂ ਤਦ ਓਹ ਕੋਈ ਉੱਤਰ ਦੇ ਨਹੀਂ ਸੱਕਦਾ ਸੀ। ਖਾਸ ਕਰ ਜੇਹੋ ਜੇਹੀ ਅੰਦਰ ਦੀ ਆਪਣੀ ਜ਼ਿੰਦਗੀ ਓਹ ਉਨ੍ਹਾਂ ਦਿਨਾਂ ਵਿੱਚ ਜੀ ਰਹਿਆ ਸੀ ਓਹ ਤਾਂ ਕੋਈ ਇਸ ਤਰਾਂ ਦੇ ਖਾਸ ਕਿਸੀ ਵੱਡਿਅਤ ਵਾਲੀ ਨਹੀਂ ਸੀ, ਤੇ ਇੰਨਾਂ ਤਾਂ ਉਹ ਆਪ ਵੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਨ੍ਹਾਂ ਗੱਲਾਂ—ਕਿ ਓਹ ਅੰਗਰੇਜ਼ੀ, ਫਰਾਂਸੀਸੀ ਬੋਲੀਆਂ ਚੰਗੇ ਲਹਿਜੇ ਨਾਲ ਬੋਲ ਸੱਕਦਾ ਹੈ ਯਾ ਇਹ ਕਿ ਉਸਨੇ ਵਧੀਆ ਕੱਪੜੇ, ਟਾਈਆਂ, ਸਟੱਡ ਆਦਿ ਪਾਏ ਹੋਏ ਹਨ ਤੇ ਇਹ ਕਿ ਇਹ ਚੀਜ਼ਾਂ ਵੱਡੀਆਂ ਤੇ ਅਮੀਰ ਦੁਕਾਨਾਂ ਥੀਂ ਖਰੀਦ ਕੀਤੀਆਂ ਹੋਈਆਂ ਹਨ, ਆਦਿ ਦਾ, ਓਹਦੇ ਹੋਰਨਾਂ ਥੀਂ ਵੱਡਾ ਤੇ ਉੱਚਾ ਹੋਣ ਦੀ ਓਹਦੀ ਕਿਸੀ ਵੀ ਦਲੀਲ ਨਾਲ ਕੋਈ ਸੰਬੰਧ ਨਹੀਂ ਸੀ ਹੋ ਸਕਦਾ। ਪਰ ਤਦ ਵੀ ਓਹ ਇਸ ਵੱਡਿਅਤ ਦੀ ਪ੍ਰਤੀਤੀ ਦਾ ਨ ਸਿਰਫ਼ ਖਾਹਿਸ਼ਮੰਦ ਸੀ ਪਰ ਹਮੇਸ਼ਾਂ ਓਹ ਆਪਣੇ ਆਪ ਨੂੰ ਓਸ ਅਦਬ ਦਾ ਜਿਹੜਾ ਕਿ ਲੋਕੀ ਓਹਦਾ ਕਰਦੇ ਸਨ, ਦਾਹਵੇਦਾਰ ਸਮਝਦਾ ਸੀ ਤੇ ਓਸ ਅਦਬ ਨੂੰ ਆਪਣੇ ਆਪ ਨੂੰ ਵੱਡਾ ਸਮਝ ਕੇ ਲੈਂਦਾ ਸੀ, ਇੱਥੋਂ ਤਕ ਕਿ ਜਿਹੜਾ ਓਹਨੂੰ ਇਹ ਅਦਬ ਇੱਜ਼ਤ ਨ ਦੇਵੇ ਓਸ ਨਾਲ ਰੰਜਸ਼ ਕਰਦਾ ਸੀ।

ਜੂਰੀ ਦੇ ਕਮਰੇ ਵਿੱਚ ਜੋ ਕੋਈ ਵੀ ਬੇ ਅਦਬ ਤਰ੍ਹਾਂ ਵਰਤੋਂ ਕਰੇ, ਓਹਨੂੰ ਸਖਤ ਚੋਟ ਵੱਜਦੀ ਸੀ। ਇਤਫਾਕ ਨਾਲ ਜੂਰੀ ਵਿੱਚ ਇਕ ਆਦਮੀ ਸੀ ਜਿਹੜਾ ਓਹਦੀ ਭੈਣ ਦੇ ਬੱਚਿਆਂ ਦਾ ਪਹਿਲਾ ਉਸਤਾਦ ਸੀ, ਪੀਟਰ ਜਿਰਾਸੀਮੋਵਿਚ। ਨਿਖਲੀਊਧਵ ਨੂੰ ਇਸ ਉਸਤਾਦ ਦਾ ਸਿਰਨਾਵਾਂ ਆਉਂਦਾ ਹੀ ਨਹੀਂ ਸੀ ਤੇ ਓਹ ਮਾਨ ਕਰਦਾ ਹੁੰਦਾ ਸੀ ਕਿ ਓਹ ਇੰਨਾ ਉਚੇਰਾ ਬੰਦਾ ਹੈ ਕਿ ਇਹੋ ਜੇਹੇ ਨੀਵੇਂ, ਇਸ ਪੁਰਾਣੇ ਆਪਣੀ ਭੈਣ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਦਾ ਨਾਮ ਹੀ ਓਹਨੂੰ ਚੇਤੇ ਨਹੀਂ ਸੀ। ਇਹ ਆਦਮੀ ਹੁਣ ਪਬਲਿਕ ਸਕੂਲ ਦਾ ਮਾਸਟਰ ਸੀ। ਨਿਖਲੀਊਧਵ ਓਹਦੀ ਇਕ ਮਿਕ ਹੋ ਕੇ ਬਹਿਣ ਤੇ ਆਪੇ ਨੂੰ ਕੁਛ ਸਮਝ ਕੇ ਓਹਦੇ ਆਪ ਮੁਹਾਰੇ ਹੱਸਣ ਦੀਆਂ ਆਦਤਾਂ ਨੂੰ ਤੇ ਬੇਤਕੱਲਫੀ ਦੀਆਂ ਗੱਲਾਂ ਕਰਨ ਦੀ ਖੋ ਨੂੰ ਬਰਦਾਸ਼ਤ ਨਹੀਂ ਸੀ ਕਰ ਸੱਕਦਾ। ਮੁਕਦੀ ਗੱਲ ਨਿਖਲੀਊਧਵ ਆਪਣੇ ਰਈਸੀ ਮਦ ਵਿੱਚ ਕਿਸੀ ਤਰ੍ਹਾਂ ਦਾ ਗੰਵਾਰਪਨ ਬਰਦਾਸ਼ਤ ਨਹੀਂ ਸੀ ਕਰ ਸੱਕਦਾ।

"ਆਹਾ! ਆਹਾ! ਤੂੰ ਵੀ ਕੁੜੱਕੀ ਵਿੱਚ ਆ ਫਾਥਿਓ," ਇਹ ਲਫਜ਼ ਸਨ ਜਿਨ੍ਹਾਂ ਨਾਲ ਮਾਸਟਰ ਨੇ ਖਿੜ ਖਿੜਾ ਕੇ ਹੱਸ ਕੇ ਨਿਖਲੀਊਧਵ ਨਾਲ ਗੱਲ ਕਰਨੀ ਸ਼ੁਰੂ ਕੀਤੀ, "ਹੁਣ ਹਜੂਰ ਫਾਥੇ ਹੋਏ ਇਸ ਫਾਹੀ ਵਿਚੋਂ ਆਪਣੀ ਕਮਰ ਖਿਸਕਾ ਨਹੀਂ ਸੱਕਦੇ।"

ਨਿਖਲੀਊਧਵ ਨੇ ਇਸ ਬੇਤੱਕਲਫੀ ਦੀ ਗੱਲ ਦਾ ਕੁਝ ਖਫ਼ਗੀ ਤੇ ਕੁਝ ਸਖ਼ਤੀ ਨਾਲ ਜਵਾਬ ਦਿੱਤਾ, "ਮੈਂ ਫਾਹੀ ਵਿੱਚੋਂ ਨਿਕਲਣ ਦੀ ਕਦੀ ਕੋਸ਼ਸ਼ ਹੀ ਨਹੀਂ ਕੀਤੀ।"

"ਠੀਕ ਇਹੋ ਹੀ ਤਾਂ ਮੁਲਕ ਦੀ ਸੇਵਾ ਕਰਨ ਦਾ ਭਾਵ ਹੈ ਜਿਹਨੂੰ ਮੈਂ ਭਾਵ ਕਹਿਨਾ ਹਾਂ, ਪਰ ਜਰਾ ਉਡੀਕੋ, ਜਦ ਤਕ ਆਪ ਨੂੰ ਭੁੱਖ ਲੱਗ ਆਉਂਦੀ ਹੈ ਤੇ ਇੱਥੇ ਹੀ ਬੈਠੇ ਬੈਠੇ ਨੀਂਦਰ ਆ ਜਾਂਦੀ ਹੈ, ਤਦ ਤੁਸੀਂ ਹੋਰ ਹੀ ਰਾਗ ਛੱਡੋਗੇ।"

"ਇਹ ਪਾਦਰੀ ਦਾ ਬੱਚਾ ਮੈਨੂੰ ਫਿਰ ਵੀ "ਤੂੰ" "ਤੂੰ" "ਤੁਮ" "ਤੁਮ" ਕਰਕੇ ਸੱਦੇਗਾ", ਇਉਂ ਸੋਚ ਕੇ ਨਿਖਲੀਊਧਵ ਆਪਣੇ ਚਿਹਰੇ ਤੇ ਗੁੱਸੇ ਜੇਹੀ ਦੀ ਭਾਹ ਮਾਰਦਾ ਅੱਗੇ ਚਲਾ ਗਇਆ। ਇਉਂ ਜਾਪਦਾ ਸੀ ਕਿ ਉਹ ਇੰਨਾ ਭੈੜਾ ਪਇਆ ਹੈ ਜਿਵੇਂ ਓਹਦੇ ਸਾਰੇ ਰਿਸ਼ਤੇਦਾਰਾਂ ਦੇ ਮਰ ਜਾਣ ਦੀ ਖ਼ਬਰ ਆਈ ਹੈ।

ਅੱਗੇ ਜਾ ਕੇ ਕੀ ਵੇਖਦਾ ਹੈ ਕਿ ਇਕ ਆਦਮੀਆਂ ਦਾ ਹਜੂਮ ਖੜਾ ਸੀ, ਤੇ ਇਹ ਹਜੂਮ ਬੜੀ ਗਹੁ ਨਾਲ, ਇਕ ਸਾਫ਼ ਮੁੰਨੇ ਮੁੰਨੇ, ਲੰਮੇ ਤੇ ਰੋਹਬ ਵਾਲੇ ਨੌਜਵਾਨ ਆਦਮੀ ਦੇ ਅੱਗੇ ਪਿੱਛੇ ਖੜੇ ਓਹਦੀ ਜੋਸ਼ੀਲੀ ਗੱਲ ਬਾਤ ਨੂੰ ਸੁਣ ਰਹਿਆ ਸੀ। ਉਹ ਦੀਵਾਨੀ ਅਦਾਲਤ ਵਿੱਚ ਇਕ ਚਲਦੇ ਮੁਕੱਦਮੇ ਦੀ ਬਾਬਤ ਬੜੀ ਸਿਫਤ ਨਾਲ ਹਾਲ ਸੁਣਾ ਰਹਿਆ ਸੀ। ਜੱਜ ਦਾ ਨਾ, ਵਕੀਲਾਂ ਦੇ ਨਾਂ, ਸਾਰੇ ਵਾਕਿਆਤ ਇਉਂ ਦੱਸ ਰਹਿਆ ਸੀ ਜਿਵੇਂ ਮੁਕੱਦਮਾ ਓਹਦਾ ਆਪਣਾ ਸੀ। ਓਹ ਕਹਿ ਰਹਿਆ ਸੀ ਕਿ ਫਲਾਣੇ ਵਕੀਲ ਦੀ ਲਿਆਕਤ ਬਸ ਕਮਾਲ ਹੈ, ਓਸ ਵਕੀਲ ਨੇ ਅਸਲ ਮਾਮਲੇ ਨੂੰ ਇਹੋ ਜਿਹਾ ਚੱਕਰ ਦਿੱਤਾ ਕਿ ਲੈਣੇ ਦੇ ਦੇਣੇ ਪੈ ਗਏ। ਓਸ ਬੁੱਢੀ ਜਨਾਨੀ ਨੂੰ, ਜਿਹੜੀ ਇਹ ਸਮਝਦੀ ਸੀ ਕਿ ਸਚ ਓਸ ਵਲ ਹੈ ਤੇ ਓਹਨੂੰ ਬਹੁਤ ਕੁਛ ਮਿਲੇਗਾ, ਅੱਜ ਹੁਣ ਬਹੁਤ ਕੁਝ ਉਲਟਾ ਦੇਣਾ ਪੈ ਜਾਵੇਗਾ।

"ਇਹ ਵਕੀਲ ਬਸ ਇਕ ਅਫਾਤ ਹੈ, ਜੀਨਅਸ ਹੈ," ਓਸ ਕਹਿਆ। ਸੁਣਨ ਵਾਲੇ ਆਦਮੀਆਂ ਦੇ ਹਜੂਮ ਨੇ ਬੜੇ ਅਦਬ ਤੇ ਧਿਆਨ ਨਾਲ ਸੁਣਿਆ, ਤੇ ਕਈਆਂ ਨੇ ਕੁਝ ਅੱਗੋਂ ਕਹਿਣਾ ਵੀ ਚਾਹਿਆ ਪਰ ਓਸ ਕਿਸੀ ਹੋਰ ਨੂੰ ਬੋਲਣ ਹੀ ਨਾ ਦਿੱਤਾ, ਜਿਵੇਂ ਸਾਰੇ ਹਾਲ ਦਾ ਬਸ ਸਿਰਫ ਓਹਨੂੰ ਹੀ ਪਤਾ ਸੀ ਤੇ ਹੋਰ ਕਿਸੀ ਨੂੰ ਨਹੀਂ ਹੋ ਸਕਦਾ ਸੀ।

ਭਾਵੇਂ ਨਿਖਲੀਊਧਵ ਦੇਰ ਕਰਕੇ ਆਇਆ ਸੀ ਤਾਂ ਵੀ ਬੜਾ ਚਿਰ ਉਸ ਨੂੰ ਓਥੇ ਉਡੀਕਣਾ ਪਇਆ। ਅਦਾਲਤ ਦੇ ਮੈਂਬਰਾਂ ਵਿੱਚੋਂ ਇਕ ਹਾਲੇ ਵੀ ਨਹੀਂ ਪਹੁਤਾ ਸੀ, ਤੇ ਹੋਰ ਸਾਰੇ ਓਹਦੀ ਉਡੀਕ ਵਿੱਚ ਸਨ।

ਮੋਇਆਂ ਦੀ ਜਾਗ-ਕਾਂਡ ੬. : ਲਿਉ ਤਾਲਸਤਾਏ

ਅਦਾਲਤ ਦਾ ਪ੍ਰਧਾਨ ਤਾਂ ਸਵੇਲੇ ਹੀ ਆ ਚੁੱਕਾ ਸੀ, ਇਕ ਚਿੱਟੀ ਲੰਮੀ ਦਾਹੜੀ ਵਾਲਾ ਲੰਮਾ ਮੋਟਾ ਆਦਮੀ। ਭਾਵੇਂ ਓਹ ਟੱਬਰ ਵਾਲਾ ਸੀ ਪਰ ਓਹਦੀ ਓਹ ਗੱਲ ਸੀ, ਚਿੱਟੀ ਦਾਹੜੀ ਤੇ ਆਟਾ ਖਰਾਬ। ਓਹਦਾ ਵਿਕਾਰ ਦਾ ਜੀਵਨ ਸੀ ਤੇ ਓਹਦੀ ਵਹੁਟੀ ਓਸ ਥੀਂ ਵਧ ਖਰਾਬ ਸੀ। ਦੋਵੇਂ ਇਕ ਦੂਜੇ ਦੇ ਰਾਹ ਵਿੱਚ ਰੋਕ ਨਹੀਂ ਸਨ। ਓਹ ਆਪਣੀ ਮਨਮਾਣੀ ਮੌਜ ਕਰਦਾ ਸੀ ਤੇ ਓਹ ਆਪਣੀ। ਅੱਜ ਸਵੇਰੇ ਹੀ ਓਹਨੂੰ ਇਕ ਸਵਿਸ ਕੁੜੀ ਦਾ ਪਿਆਰ ਨਾਮਾ ਆਇਆ ਸੀ। ਇਹ ਕੁੜੀ ਕਦੀ ਓਹਦੇ ਘਰ ਰਹਿ ਚੁਕੀ ਸੀ, ਓਹਦੀ ਗਵਰਨੈਸ ਸੀ ਤੇ ਹੁਣ ਦਖਣੀ ਰੂਸ ਥੀਂ ਸੈਂਟ ਪੀਟਰਜ਼ਬਰਗ ਵਲ ਜਾ ਰਹੀ ਸੀ। ਉਸ ਲਿਖਿਆ ਸੀ ਕਿ ਓਹ ਇਟਾਲੀਆ ਹੋਟਿਲ ਵਿੱਚ ਸ਼ਾਮਾਂ ਦੇ ੫ ਤੇ ੬ ਬਜੇ ਦੇ ਦਰਮਿਆਨ ਓਹਦੀ ਉਡੀਕ ਕਰੇਗੀ। ਇਸ ਕਰਕੇ ਉਹ ਚਾਹੁੰਦਾ ਸੀ ਕਿ ਅਦਾਲਤ ਜਲਦੀ ਲੱਗੇ ਤੇ ਛੇਤੀ ਮੁੱਕੇ ਤੇ ਓਹਨੂੰ ੬ ਬਜੇ ਥੀਂ ਪਹਿਲਾਂ ਵਕਤ ਮਿਲ ਜਾਏ ਕਿ ਓਹ ਓਸ ਜਵਾਨ ਮੈਂਹਦੀ ਰੰਗ ਵਾਲੇ ਵਾਲਾਂ ਵਾਲੀ ਕਲਾਰਾ ਵੇਸੀਲੈਵਨਾ ਨੂੰ ਜਾ ਕੇ ਮਿਲ ਸਕੇ। ਓਸ ਨਾਲ ਪ੍ਰੇਮ ਦੀ ਛੇੜ ਛਾੜ ਤਾਂ ਆਪਣੇ ਗਰਾਂ ਦੇ ਪਾਸੇ ਵਲ ਜਾ ਜਾ ਪਿਛਲੀ ਗਰਮੀਆਂ ਦੀ ਰੁੱਤ ਥੀਂ ਹੀ ਓਸ ਸ਼ੁਰੂ ਕਰ ਰੱਖੀ ਹੋਈ ਸੀ। ਓਹ ਆਪਣੇ ਪ੍ਰਾਈਵੇਟ ਕਮਰੇ ਵਿੱਚ ਅੰਦਰ ਗਇਆ ਤੇ ਓਥੇ ਜਾਕੇ ਅਲਮਾਰੀ ਵਿੱਚੋਂ ਆਪਣੇ ਡੰਬਲ ਕੱਢ ਕੇ ਲੱਗਾ ਵਰਜ਼ਸ਼ ਕਰਨ। ਵੀਹ ਵੇਰੀ ਉਤਾਂਹ ਹੇਠਾਹਾਂ ਆਪਣੀਆਂ ਬਾਹਾਂ ਕੀਤੀਆਂ। ਫਿਰ ਡੰਬਲਾਂ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਜੁੜਵੀਂ ਤਰ੍ਹਾਂ ਸਿਰ ਦੇ ਉੱਪਰ ਦੀ ਕਰਕੇ ਆਪਣੇ ਗੋਡੇ ਤਿੰਨ ਵੇਰੀ ਰਤਾ ਕੂ ਝੁਕਾਏ। ਆਖਣ ਲੱਗਾ:—

"ਬਸ ਵਰਜ਼ਸ਼ ਤੇ ਠੰਡੇ ਪਾਣੀ ਦਾ ਅਸ਼ਨਾਨ ਇਨ੍ਹਾਂ ਦੋਹਾਂ ਜੇਹੀ ਹੋਰ ਕੋਈ ਗੱਲ ਨਹੀਂ", ਤੇ ਇਹ ਕਹਿ ਕੇ ਆਪਣੇ ਸੱਜੇ ਡੋਹਲੇ ਨੂੰ ਖੱਬੇ ਹੱਥ ਨਾਲ ਜੋਖਣ ਲਗ ਗਇਆ ਤੇ ਓਸੇ ਖੱਬੇ ਹੱਥ ਦੀ ਤੀਸਰੀ ਉਂਗਲ ਵਿੱਚ ਓਸ ਸੋਨੇ ਦੀ ਛਾਪ ਪਾਈ ਹੋਈ ਸੀ। ਹਾਲੇਂ ਓਸ ਕੋਈ ਵਰਜ਼ਸ਼ ਕਰਨੀ ਸੀ (ਓਹ ਹਮੇਸ਼ਾਂ ਲੰਮੀ ਬੈਠਕ ਤੋਂ ਪਹਿਲਾਂ ਵਰਜ਼ਸ਼ ਕਰ ਲੈਂਦਾ ਹੁੰਦਾ ਸੀ) ਕਿ ਦਰਵਾਜ਼ੇ ਉੱਪਰ ਕਿਸੀ ਹੱਥ ਦਿੱਤਾ, ਪ੍ਰਧਾਨ ਨੇ ਛੇਤੀ ਨਾਲ ਡੰਬਲਾਂ ਨੂੰ ਪਰੇ ਰੱਖਿਆ ਤੇ ਬੂਹਾ ਖੋਹਲਿਆ। ਕਹਿਣ ਲੱਗਾ "ਮੈਨੂੰ ਅਫਸੋਸ ਹੈ ਕਿ ਮੈਂ ਤੁਸਾਂ ਨੂੰ ਇੰਨੀ ਉਡੀਕ ਕਰਾਈ।" ਇੱਥੇ ਅਦਾਲਤ ਦੇ ਮੈਂਬਰਾਂ ਵਿੱਚੋਂ ਇਕ ਉੱਚੇ ਮੋਢਿਆਂ ਵਾਲਾ, ਬੇਚੈਨ ਜੇਹਾ ਸੜਿਆ ਹੋਇਆ ਆਦਮੀ ਸੋਨੇ ਦੀਆਂ ਫਰੇਮ ਵਾਲੀਆਂ ਐਨਕਾਂ ਪਾਈ ਅੰਦਰ ਆਇਆ:—

"ਮੈਥੀਉ ਨੀਕੀਟਿਚ ਮੁੜ ਹਾਲੇਂ ਤਕ ਨਹੀਂ ਬਹੁੜਿਆ", ਓਸ ਇਕ ਸੜੇ ਸਫਰਾਵੀ ਜੇਹੇ ਲਹਜੇ ਵਿੱਚ ਕਹਿਆ।

"ਹੈਂ! ਹਾਲੇ ਤੱਕ ਨਹੀਂ ਆਇਆ," ਤਾਂ ਪ੍ਰਧਾਨ ਬੋਲਿਆ ਤੇ ਨਾਲੇ ਆਪਣੀ ਵਰਦੀ ਪਾਈ ਗਇਆ—"ਓਹ ਹਮੇਸ਼ਾਂ ਦੇਰੀ ਨਾਲ ਆਉਂਦਾ ਹੈ।"

"ਮੈਂ ਸਮਝ ਨਹੀਂ ਸੱਕਦਾ ਕਿ ਓਹਨੂੰ ਆਪਣੇ ਆਪ ਤੇ ਸ਼ਰਮ ਵੀ ਨਹੀਂ ਆਉਂਦੀ", ਮੈਂਬਰ ਨੇ ਗੁੱਸੇ ਨਾਲ ਕਹਿਆ—ਬਹਿ ਗਇਆ, ਤੇ ਡੱਬੀ ਵਿਚੋਂ ਸਿਗਰਟ ਕੱਢੀ।

ਇਹ ਮੈਂਬਰ ਬੜਾ ਹੀ ਨੁਕਤਾਚੀਨ ਬੰਦਾ ਸੀ ਤੇ ਮਾਮਲਿਆਂ ਦੀ ਸਹੀ ਸਹੀ ਜਾਚ ਕਰਦਾ ਸੀ। ਇਹ ਅੱਜ ਸਵੇਰੇ ਆਪਣੀ ਵਹੁਟੀ ਨਾਲ ਲੜ ਕੇ ਆਇਆ ਸੀ ਤੇ ਓਸ ਨਾਲ ਬੜੀ ਬੁਰੀ ਤਰਾਂ ਲੜਿਆ ਸੀ। ਵਹੁਟੀ ਨੇ ਆਪਣਾ ਬੱਧਾ ਖਰਚ ਮਹੀਨੇ ਖਤਮ ਹੋਣ ਥੀਂ ਪਹਿਲਾਂ ਹੀ ਖਰਚ ਕਰ ਛੱਡਿਆ ਸੀ ਤੇ ਓਸਨੇ ਇਸ ਨੁਕਤਾਚੀਨ ਪਾਸੋਂ ਕੁਛ ਹੋਰ ਰੁਪਈਏ ਖਰਚ ਲਈ ਮੰਗੇ ਸਨ। ਪਰ ਇਸ ਨੇ ਵਹੁਟੀ ਦੀ ਇਹ ਗੱਲ ਨਹੀਂ ਸੀ ਮੰਨੀ ਤੇ ਦੇਹ ਜੰਗ ਤੇ ਤੂੰ ਤੂੰ ਤੇ ਮੈਂ ਮੇਂ ਹੋਈ ਸੀ। ਠੈਹੀਂ ਠਰਕ ਤੇਰਾ ਮੁੱਕਾ ਮੇਰੀ ਲੱਤ, ਤੇ ਵਹੁਟੀ ਨੇ ਕਹਿਆ ਜੇ ਉਹ ਇਹੋ ਜੇਹੀ ਕਰਤੂਤ ਕਰੇਗਾ ਤਦ ਰਾਤੀਂ ਰੋਟੀ ਦੀ ਆਸ ਲਾਹ ਸੁੱਟੇ। ਘਰ ਆਇਆ ਤਾਂ ਉਸ ਲਈ ਕੋਈ ਰੋਟੀ ਰਾਟੀ ਨਹੀਂ ਹੋਊ। ਇੱਥੇ ਤਕ ਝਗੜਾ ਪਹੁੰਚ ਜਾਣ ਤੇ ਓਹ ਟੁਰ ਆਇਆ ਸੀ ਕਿ ਮਤੇ ਗੱਲ ਵਧ ਜਾਏ ਤੇ ਓਹ ਆਪਣਾ ਦਿੱਤਾ ਡਰਾਵਾ ਮਤੇ ਪੂਰਾ ਹੀ ਨ ਕਰ ਦੱਸੇ, ਕਿਉਂਕਿ ਉਹ ਐਸੀ ਡਾਢੀ ਜਨਾਨੀ ਸੀ ਕਿ ਜੋ ਚਾਹੇ ਕਰ ਦਿੰਦੀ ਸੀ।

"ਬੱਸ ਆਹ ਕੁਛ ਮਿਲਦਾ ਜੇ ਇਖਲਾਕ ਅਨੁਸਾਰ ਜਿੰਦਗੀ ਗੁਜਾਰਨ ਨਾਲ," ਤੇ ਓਸ ਤਕੜੇ, ਚਮਕਦੇ, ਖ਼ੁਸ਼ਖ਼ੁਸ਼ਾਂ, ਨਰਮ ਦਿਲ ਵਾਲੇ ਪ੍ਰਧਾਨ ਵਲ ਵੇਖ ਕੇ ਓਸ ਆਪਣੇ ਮਨ ਵਿੱਚ ਖਿਆਲਿਆ। ਤੇ ਇਹ ਬੁੱਢਾ ਬਾਹਾਂ ਖਿਲਾਰ ਕੇ ਪ੍ਰਧਾਨ ਹੀ ਬਣਿਆ ਬੈਠਾ ਸੀ ਤੇ ਆਪਣੇ ਨਰਮ ਨਰਮ ਕੋਮਲ ਚਿੱਟੇ ਹੱਥਾਂ ਨਾਲ ਆਪਣੀ ਵਰਦੀ ਦੇ ਉੱਤੇ ਕੱਢੇ ਕਾਲਰ ਉਤੋਂ ਦੀ ਆਪਣੀ ਚਿੱਟੀ ਦਾਹੜੀ ਨੂੰ ਸੰਵਾਰ ਫਬਾ ਰਹਿਆ ਸੀ। "ਤੇ ਵੇਖੋ ਇਹ ਕੇਹਾ ਖ਼ੁਸ਼ਖੁਸ਼ਾਂ ਜੇ, ਨ ਇਹਨੂੰ ਲੱਥੇ ਦੀ ਨ ਚੜ੍ਹੇ ਦੀ, ਹਰ ਤਰਾਂ ਚੈਨ ਵਿੱਚ ਹੈ ਤੇ ਮੈਂ ਹਾਂ ਬਸ ਇਨ੍ਹਾਂ ਘਰ ਦੇ ਦੁੱਖਾਂ ਕਲੇਸ਼ਾਂ ਜੋਗਾ।"

ਸਕੱਤਰ ਹੁਣ ਕੋਈ ਕਾਗਜ਼ ਜੇਹੇ ਲੈਕੇ ਆਇਆ।

"ਮੈਂ ਆਪਦਾ ਧੰਨਵਾਦੀ ਹਾਂ", ਪ੍ਰਧਾਨ ਬੋਲਿਆ ਤੇ ਆਪਣੀ ਸਿਗਰਟ ਸੁਲਕਾਈ, "ਅਸਾਂ ਕਿਹੜਾ ਮੁਕੱਦਮਾ ਅੱਜ ਸੁਣਨਾ ਹੈ?"

"ਓਹ ਜ਼ਹਿਰ ਦਿੱਤੇ ਜਾਣ ਵਾਲਾ, ਮੇਰੀ ਜਾਚੇ ਓਹੋ ਹੀ ਹੈ", ਸਕੱਤਰ ਨੇ ਵੀ ਪਲਾਤਾ ਜੇਹਾ ਜਵਾਬ ਦਿੱਤਾ।

"ਠੀਕ—ਬਹੁਤ ਚੰਗਾ, ਓਹੋ ਜ਼ਹਿਰ ਦਿੱਤੇ ਜਾਣ ਦਾ ਮੁਕੱਦਮਾ ਹੀ ਸਹੀਂ", ਦਿਲ ਵਿੱਚ ਸੋਚਦਾ ਸੀ ਜੇ ਇਹ ਹੋਇਆ ਤਾਂ ਓਹ ੪ ਵਜੇ ਤੱਕ ਵਿਹਲਾ ਹੋ ਜਾਊ, ਮੈਥਿਊਨੀਕੀਟਿਚ, ਕੀ ਉਹ ਆ ਗਇਆ ਹੈ?" ਓਸ ਪੁੱਛਿਆ।

"ਹਾਲੇ ਨਹੀਂ।"

"ਓਹ ਆ ਗਿਆ ਹੈ", ਸਕੱਤਰ ਨੇ ਜਵਾਬ ਦਿੱਤਾ।

ਬਰੈਵੇ ਸਰਕਾਰੀ ਵਕੀਲ ਸੀ ਜਿਸ ਨੇ ਇਸ ਮੁਕੱਦਮੇਂ ਨੂੰ ਚਲਾਣਾ ਸੀ। ਬਾਹਰ ਛਤੇ ਬ੍ਰਾਮਦੇ, ਕੌਰੀਡੋਰ, ਵਿੱਚ ਸਕੱਤ੍ਰ ਬਰੈਵੇ ਨੂੰ ਮਿਲਿਆ ਸੀ। ਉਹ ਆਪਣੇ ਮੋਢੇ ਉਤਾਹਾਂ ਨੂੰ ਕੁੰਜੇ ਹੋਏ ਆ ਰਹਿਆ ਸੀ, ਇਕ ਕੱਛ ਵਿੱਚ ਬਸਤਾ ਜੇਹਾ ਦਬਾਇਆ ਹੋਇਆ, ਤੇ ਦੂਸਰੀ ਬਾਹਾਂ ਉਤਾਹਾਂ ਨੂੰ ਉਲਾਰੀ ਹੋਈ ਤੇ ਓਹਦੀ ਤਲੀ ਸਾਹਮਣੇ ਕਰ ਕਰ ਦਰਸਾਂਦਾ ਹੋਇਆ ਆਕੜ ਤੇ ਸ਼ਾਨ ਵਿੱਚ ਵਗੀ ਆ ਰਿਹਾ ਸੀ। ਤੇਜ ਤੇਜ ਕਦਮ ਪੁਟਦਾ ਸੀ ਤੇ ਜੁੱਤੀ ਦੇ ਨਰਮ ਚਮੜੇ ਦੀ ਚੀਂ ਚੀ, ਲਿਚਕ ਜੇਹੀ ਕੱਢਦਾ ਤੁਰਦਾ ਸੀ।

ਸਕੱਤਰ ਨੇ ਕਹਿਆ, "ਮਾਈਕੈਲ ਪੈਤਰੋਵਿਚ ਪੁਛਦਾ ਹੈ ਕਿ ਕੀ ਆਪ ਤਿਆਰ ਹੋ?"

"ਬਿਨ ਪੁੱਛੇ—ਮੈਂ ਤਿਆਰ ਹਾਂ—ਭਾਵੇਂ ਸਿੱਧਾ ਹੀ ਬੁਲਾ ਲਵੋ," ਸਰਕਾਰੀ ਵਕੀਲ ਬੋਲਿਆ, "ਕਿਹੜਾ ਮੁਕੱਦਮਾਂ ਪਹਿਲਾਂ ਲਇਆ ਜਾਵੇਗਾ?"

"ਓਹੋ ਜ਼ਹਿਰ ਵਾਲਾ।"

"ਹਾਂ-ਓਹ ਠੀਕ ਹੋਵੇਗਾ", ਸਰਕਾਰੀ ਵਕੀਲ ਨੇ ਕਹਿ ਦਿੱਤਾ ਭਾਵੇਂ ਓਹ ਜਾਣਦਾ ਸੀ ਕਿ ਓਸਨੇ ਓਹਦੀ ਠੀਕ ਤਿਆਰੀ ਨਹੀਂ ਸੀ ਕੀਤੀ ਹੋਈ। ਰਾਤ ਤਾਂ ਓਸ ਇਕ ਹੋਟਲ ਵਿੱਚ ਗੁਜਾਰੀ ਸੀ। ਇਕ ਦੋਸਤ ਨੇ ਜਾਣਾ ਸੀ ਤੇ ਓਹਦੀ ਵਿਦਾ ਕਰਨ ਦੀ ਪਾਰਟੀ ਵਿੱਚ ਸਾਰੀ ਰਾਤ ਤਾਸ਼ ਉੱਡੀ ਸੀ। ਸਵੇਰ ਦੇ ਪੰਜ ਬਜੇ ਤੱਕ ਜੂਆ ਤੇ ਸ਼ਰਾਬ ਹੀ ਚਲਦੀ ਰਹੀ ਸੀ। ਓਸਨੂੰ ਵਕਤ ਹੀ ਕੋਈ ਨਹੀਂ ਸੀ ਮਿਲਿਆ ਕਿ ਓਹ ਮੁਕੱਦਮਾਂ ਤਿਆਰ ਕਰਦਾ। ਪਰ ਜਦ ਓਸ ਕਹਿਆ ਸੀ ਠੀਕ ਹੈ, ਓਹਦਾ ਮਤਲਬ ਸੀ ਕਿ ਕਿਵੇਂ ਨਾ ਕਿਵੇਂ ਕੰਮ ਚਲ ਜਾਉ ਤੇ ਛੇਤੀ ਕਰਕੇ ਹਥ ਪੈਰ ਮਾਰ ਕੇ ਹਫੜਾ ਦਫੜੀ ਪਾ ਕੇ ਮੁਕਾ ਦੇਵੇਗਾ। ਸਕੱਤ੍ਰ ਨੂੰ ਇਸ ਸਾਰੀ ਗੱਲ ਦਾ ਪਤਾ ਸੀ ਤੇ ਓਸ ਜਾਣ ਕੇ ਪ੍ਰਧਾਨ ਨੂੰ ਕਹਿਆ ਸੀ ਕਿ ਪਹਿਲਾਂ ਜ਼ਹਿਰ ਵਾਲਾ ਮੁਕੱਦਮਾਂ ਸੁਣਿਆ ਜਾਵੇ। ਸਕੱਤਰ ਮੁਲਕੀ ਮਾਮਲਿਆਂ ਵਿੱਚ ਲਿਬਰਲ ਸੀ, ਨਹੀਂ ਸਗੋਂ ਕੁਛ ਵਧ ਕਹੋ ਰੈਡੀਕਲ ਸੀ ਤੇ ਬਰੈਵੇ ਕਨਜ਼ਰਵੈਟਿਵ ਸੀ ਖਾਸ ਕਰ ਪੁਰਾਨੇ ਜ਼ਮਾਨੇ ਦੇ ਸਨਾਤਨ ਮਜ੍ਹਬ ਦੇ ਰਸਮੋ ਰਵਾਜ ਦਾ ਭਗਤ ਸੀ। ਸਕੱਤਰ ਓਹਨੂੰ ਘ੍ਰਿਣਾ ਕਰਦਾ ਸੀ, ਤੇ ਨਾਲੇ ਓਹਦੀ ਸਰਕਾਰ ਵਿੱਦ ਬਣੀ ਪਦਵੀ ਤੇ ਇਜ਼ਤ ਤੇ ਅੰਦਰੋਂ ਈਰਖਾ ਰਖਦਾ ਸੀ।

"ਜੀ—ਪਰ ਓਸ ਸਕੋਪਟਸੀ ਬਾਬਤ, ਕਿਸ ਤਰ੍ਹਾਂ ਕਰਨਾ ਜੇ?" ਸਕੱਤਰ ਨੇ ਪੁੱਛਿਆ।

"ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਬਿਨਾਂ ਗਵਾਹਾਂ ਓਹ ਮੁਕੱਦਮਾ ਮੈਂ ਨਹੀਂ ਕਰ ਸੱਕਦਾ ਤੇ ਮੈਂ ਅਦਾਲਤ ਨੂੰ ਵੀ ਇਹ ਗੱਲ ਕਹਿ ਦਿਆਂਗਾ।"

"ਆਹ ਰੱਬਾ—ਇਹ ਕੀ ਗੱਲ ਹੋਈ।"

"ਬੱਸ ਮੈਂ ਨਹੀਂ ਕਰ ਸੱਕਦਾ", ਬਰੈਵੇ ਨੇ ਬੜੇ ਜ਼ੋਰ ਨਾਲ ਹੱਥ ਉਲਾਰ ਕੇ ਕਹਿਆ ਤੇ ਆਪਣੇ ਪ੍ਰਾਈਵੇਟ ਕਮਰੇ ਵੱਲ ਦੌੜ ਗਇਆ।

ਇਹ ਸਰਕਾਰੀ ਵਕੀਲ ਸਕੋਪਟਸੀ ਦੇ ਮੁਕੱਦਮੇਂ ਨੂੰ ਖਾਹਮਖਾਹ ਇਕ ਗੈਰਜ਼ਰੂਰੀ ਗਵਾਹੀ ਦੀ ਗੈਰ ਹਾਜ਼ਰੀ ਦੇ ਬਹਾਨੇ ਮੁਲਤਵੀ ਕਰ ਰਹਿਆ ਸੀ। ਅਸਲ ਸਬੱਬ ਇਹ ਸੀ ਕਿ ਓਹ ਨਹੀਂ ਸੀ ਚਾਹੁੰਦਾ ਕਿ ਓਹ ਮੁਕੱਦਮਾਂ ਇਕ ਪੜ੍ਹੀ ਲਿਖੀ ਜੂਰੀ ਦੇ ਸਾਹਮਣੇ ਪੇਸ਼ ਹੋਵੇ, ਮੁਮਕਿਨ ਹੈ ਕਿ ਇੱਥੇ ਮੁਲਜ਼ਿਮ ਬਰੀ ਹੋ ਜਾਣ। ਸੋ ਪ੍ਰਧਾਨ ਤੇ ਓਸਨੇ ਆਪੇ ਵਿੱਚ ਗੋਂਦ ਗੁੰਦ ਲਈ ਸੀ, ਕਿ ਓਹ ਮੁਕੱਦਮਾਂ ਬਾਹਰ ਕਿਸੀ ਸੂਬੇ ਦੇ ਸ਼ਹਿਰ ਵਿੱਚ ਜਾ ਕੇ ਕੀਤਾ ਜਾਏ, ਜਿੱਥੇ ਜੱਟ ਜਿਮੀਂਦਾਰ ਬਾਹਲੇ ਹੋਣ ਤੇ ਓਥੇ ਓਨ੍ਹਾਂ ਦੇ ਸਾਹਮਣੇ ਪੇਸ਼ ਕਰਨ ਨਾਲ ਮੁਲਜ਼ਮਾਂ ਨੂੰ ਸਜ਼ਾ ਹੋ ਜਾਣ ਦਾ ਜ਼ਿਆਦਾ ਮੌਕਾ ਮਿਲ ਸਕੇ।

ਕੌਰੀਡੋਰ ਵਿੱਚ ਸ਼ੋਰ ਤੇ ਭੀੜ ਭੜੱਕੇ ਦਾ ਰੌਲਾ ਕੁਛ ਵਧਿਆ। ਦੀਵਾਨੀ ਦੀ ਕਚਹਿਰੀ ਦੇ ਓਸ ਬੂਹੇ ਅੱਗੇ ਲੋਕੀ ਜਾ ਇਕੱਠੇ ਹੋਏ, ਜਿੱਥੇ ਓਹ ਮੁਕੱਦਮਾਂ ਹੋ ਰਿਹਾ ਸੀ ਜਿਸ ਬਾਬਤ ਓਸ ਸਾਫ ਚੱਟ ਮੁੰਨੇ ਬੰਦੇ ਨੇ ਗੱਲਾਂ ਕੀਤੀਆਂ ਸਨ। ਅਦਾਲਤ ਨੇ ਕੁਛ ਥੋੜੇ ਚਿਰ ਲਈ ਛੁੱਟੀ ਕੀਤੀ ਸੀ, ਤੇ ਅਦਾਲਤ ਦੇ ਕਮਰੇ ਵਿਚੋਂ ਓਹ ਬੁੱਢੀ ਜਨਾਨੀ ਬਾਹਰ ਆਈ ਸੀ ਜਿਹਦੀ ਜਾਇਦਾਦ ਓਸ ਫ਼ਿਤਨੇ ਜੇਹੇ ਵਕੀਲ ਨੇ ਕਿਸੀ ਕਾਨੂੰਨੀ ਨੁਕਤੇ ਦੀ ਚਾਲਾਕ ਕਾਢ ਨਾਲ ਓਸ ਪਾਸੋਂ ਖੋਹ ਕੇ ਆਪਣੇ ਮੁਵੱਕਲ ਨੂੰ ਦਿਵਾ ਦਿੱਤੀ ਸੀ। ਕੁਲ ਕਚਹਿਰੀ ਵਿਚ ਓਹਦੀ ਓਸ ਚਾਲਾਕ ਕਾਨੂੰਨੀ ਕਾਢ ਦੇ ਨੁਕਤੇ ਦੀ ਚਰਚਾ ਹੋ ਰਹੀ ਸੀ, ਓਹਦਾ ਮੁਵੱਕਲ ਵੀ ਭਾਵੇਂ ਬੜਾ ਕਾਨੂਨ ਜਾਣਦਾ ਸੀ, ਤਾਂ ਵੀ ਓਸਦਾ ਹੱਕ ਓਸ ਵਿਚਾਰੀ ਬੁੱਢੀ ਦੀ ਜਾਇਦਾਦ ਉੱਪਰ ਤਾਂ ਨਹੀਂ ਸੀ। ਬੁੱਢੀ ਦੀ ਜਾਇਦਾਦ ਠੀਕ ਓਹਦੀ ਸੀ। ਇਸ ਅੰਦਰਲੀ ਗੱਲ ਦੇ ਠੀਕ ਸੱਚ ਹੋਣ ਦਾ ਜੱਜਾਂ ਨੂੰ ਵੀ ਪੂਰਾ ਪਤਾ ਸੀ, ਤੇ ਇਸ ਫਿਤਨੇ ਦੇ ਮੁਵੱਕਲ ਨੂੰ ਵੀ ਚੰਗੀ ਤਰਾਂ ਪਤਾ ਸੀ ਕਿ ਓਹਦਾ ਕਿਸੀ ਕਿਸਮ ਦਾ ਕੋਈ ਹੱਕ ਓਸ ਜਾਇਦਾਦ ਪਰ ਨਹੀਂ ਸੀ, ਪਰ ਹੁਣ ਓਸ ਫਿਤਨੇ ਦੀ ਕਾਨੂਨੀ ਕਾਢ ਕਰਕੇ ਓਸ ਬੁੱਢੀ ਮਾਈ ਦੀ ਸਾਰੀ ਜਾਇਦਾਦ ਚਾਹੇ ਚੀਂ ਕਰੇ ਚਾਹੇ ਪੀਂ ਕਰੇ, ਓਸ ਬੰਦੇ ਨੂੰ ਮਿਲ ਜਾਣੀ ਠਹਿਰੀ ਜਿਹੜਾ ਕਾਨੂਨ ਦੀਆਂ ਹੁੱਜਤਾਂ ਦਾ ਵਾਕਫਕਾਰ ਸੀ।

ਬੁੱਢੀ ਜਨਾਨੀ ਚੰਗੀ ਮੋਟੀ ਸੀ ਤੇ ਉਸਨੇ ਅੱਛੇ ਲੀੜੇ ਪਾਏ ਹੋਏ ਸਨ। ਓਹਦੀ ਟੋਪੀ ਉਪਰ ਵੱਡੇ ਵੱਡੇ ਫੁੱਲ ਲੱਗੇ ਹੋਏ ਸਨ। ਜਦ ਓਹ ਅਦਾਲਤ ਦੇ ਬੂਹੇ ਥੀਂ ਬਾਹਰ ਨਿਕਲੀ ਤਦ ਆਪਣੀਆਂ ਦੋਵੇਂ ਮੋਟੀਆਂ ਬਾਹਾਂ ਫੈਲਾ ਕੇ ਆਪਣੇ ਵਕੀਲ ਨੂੰ ਪੁੱਛਦੀ ਹੈ, 'ਭਾਈ! ਇਹ ਕੀ ਗੱਲ ਬਣੀ ਹੈ? ਕੀ ਲੋਹੜਾ ਵਰਤ ਗਇਆ! ਓਹ ਕਿਹੜਾ ਖਿਆਲ ਨਵਾਂ ਆ ਨਿਕਲਿਆ?"

ਓਹਦਾ ਵਕੀਲ ਓਹਦੀ ਟੋਪੀ ਦੇ ਫੁੱਲਾਂ ਵੱਲ ਜਰੂਰ ਦੇਖ ਰਹਿਆ ਸੀ, ਪਰ ਓਹਦਾ ਧਿਆਨ ਕਿਧਰੇ ਹੋਧਰੇ ਸੀ, ਓਹ ਉਸ ਵੇਲੇ ਓਹਦੀ ਗੱਲ ਸੁਣਨ ਵਿੱਚ ਨਹੀਂ ਸੀ।

ਬੁੱਢੀ ਜਨਾਨੀ ਦੇ ਮਗਰੋਂ ਓਹ ਫਿਤਨਾ ਵਕੀਲ ਦੀਵਾਨੀ ਅਦਾਲਤ ਵਿੱਚੋਂ ਬਾਹਰ ਆਇਆ। ਓਹਦੀ ਨੀਵੀਂ ਕਾਟ ਵਾਲੀ ਵਾਸਕਟ ਵਿਚ ਦੀ ਓਹਦੀ ਖੂਬ ਚੰਗੀ ਤਰਾਂ ਮਾਯਾ ਲੱਗੀ ਤੇ ਇਸਤ੍ਰੀ ਕੀਤੀ ਆਕੜੀ ਕਮੀਜ਼ ਦਾ ਸਾਹਮਣਾ ਚਮਕ ਦਮਕ ਕਰਦਾ ਸੀ, ਇਹ ਸੀ ਫਿਤਨਾ ਜਿਹਦੀ ਸਭ ਕੋਈ ਤਾਰੀਫ਼ ਕਰ ਰਹਿਆ ਸੀ ਜਿਸ ਨੇ ਆਪਣੇ ਕਾਨੂਨ ਦੀਆਂ ਹੁੱਜਤਾਂ ਦੇ ਜਾਣੂ ਮੁਵੱਕਲ ਪਾਸੋਂ ੧੦੦੦੦) ਰੂਬਲ ਫੀਸ ਲੈ ਕੇ ਓਸ ਬੁੱਢੀ ਦਾ ਜੋ ਕੁਛ ਮਾਲ ਮਤਾਂ ਜਾਇਦਾਦ ਸੀ ਤੇ ਠੀਕ ਹੱਕ ਓਹਦਾ ਸੀ, ਆਪਣੇ ਮੁਵੱਕਲ ਨੂੰ ਪੂਰੀ ਦਵਾ ਦਿੱਤੀ। ਤਕਰੀਬਨ ਇਕ ਲੱਖ ਰੂਬਲ ਇਉਂ ਦਿਵਾ ਦਿੱਤਾ। ਆਪਣੀ ਇਸ ਫਤਹ ਦੀ ਬੜੀ ਖੁਸ਼ੀ ਵਿਚ "ਹਮ ਚੁ ਮਾ ਦੀਗਰੇ ਨੇਸਤ", ਵਾਂਗੂੰ ਤ੍ਰਿੱਖਾ ਟੁਰਦਾ ਸੀ। ਓਹਦਾ ਚਿਹਰਾ ਇਕ ਅੰਦਰ ਆਈ ਜ਼ਹਨੀ ਖੁਸ਼ੀ ਵਿਚ ਚਮਕ ਰਹਿਆਂ ਸੀ, ਤੇ ਸਭ ਅੱਖਾਂ ਨੂੰ ਆਪਣੇ ਵਲ ਲੱਗੀਆਂ ਤੇ ਉਹਨੂੰ ਤਾਂਘਦੀਆਂ ਦੇਖ ਕੇ ਓਹਦਾ ਸਾਰਾ ਤੌਰ ਤੇ ਤਰਜ਼ ਇਹ ਦਸ ਰਹਿਆ ਸੀ—"ਕੋਈ ਖਾਸ ਸ਼ਾਬਾਸ਼ ਦੇਣ ਦੀ ਜਰੂਰਤ ਨਹੀਂ।"

ਮੋਇਆਂ ਦੀ ਜਾਗ-ਕਾਂਡ ੭. : ਲਿਉ ਤਾਲਸਤਾਏ

ਆਖਰ ਮੈਥੀਊ ਨਿਕੀਟਿਚ ਹੋਰੀ ਵੀ ਅੱਪੜ ਹੀ ਪਏ, ਤੇ ਜੂਰੀ ਨੂੰ ਅੰਦਰ ਲਿਆਉਣ ਵਾਲਾ ਜਿਹਨੂੰ ਅਸ਼ਰ ਕਹਿੰਦੇ ਹਨ, ਜੂਰੀ ਦੇ ਕਮਰੇ ਵਿਚ ਆਇਆ। ਇਹ ਅਸ਼ਰ ਇਕ ਪਤਲਾ ਜੇਹਾ ਆਦਮੀ ਸੀ, ਗਰਦਨ ਲੰਮੀ ਤੇ ਟੋਰ ਉਹਦੀ ਕੁਛ ਇਕ ਪਾਸੇ ਵਲ ਝੁਕੀ ਹੋਈ ਜੇਹੀ ਸੀ। ਉਹਦਾ ਤਲਵਾਂ ਹੋਠ ਇਕ ਪਾਸੇ ਕੁਛ ਬਾਹਰ ਵਧ ਕੇ ਨਿਕਲਿਆ ਹੋਇਆ ਸੀ। ਈਮਾਨਦਾਰ, ਸੁੱਚਾ ਆਦਮੀ ਸੀ, ਯੂਨੀਵਰਸਟੀ ਤਕ ਪੜ੍ਹਿਆ ਹੋਇਆ ਸੀ। ਪਰ ਵਿਚਾਰਾ ਕਿਸੀ ਵੀ ਚੰਗੀ ਨੌਕਰੀ ਤੇ ਆਪਣੀ ਥਾਂ ਉੱਪਰ ਟਿਕ ਨਹੀਂ ਸੀ ਸੱਕਿਆ, ਕਿਉਂਕਿ ਉਹਨੂੰ ਸ਼ਰਾਬ ਪੀਣ ਦਾ ਚਸਕਾ ਲੱਗਾ ਹੋਇਆ ਸੀ। ਤੇ ਕਈ ਵੇਰੀ ਝੜੀ ਲਾ ਬੇਹੋਸ਼ ਹੋਇਆ ਰਹਿੰਦਾ ਸੀ। ਤਿੰਨ ਕੁ ਮਹੀਨੇ ਮਸਾਂ ਹੋਏ ਸਨ ਕਿ ਇਕ ਕਾਉਂਟੈਸ ਨੇ ਜਿਹੜੀ ਇਹਦੀ ਵਹੁਟੀ ਤੇ ਤਰਸ ਕਰਦੀ ਸੀ ਇਹਨੂੰ ਆਪਣੀ ਖਾਸ ਸਿਫਾਰਸ਼ ਨਾਲ ਆਖਰ ਇਹ ਥਾਂ ਲੈ ਦਿੱਤੀ ਸੀ। ਇਹ ਇਸ ਗੱਲ ਤੇ ਬੜਾ ਖੁਸ਼ ਸੀ ਕਿ ਇੰਨਾਂ ਚਿਰ ਲੰਘ ਗਇਆ ਹੈ, ਤੇ ਹਾਲੇਂ ਤਕ ਇਸ ਇਹ ਥਾਂ ਨਹੀਂ ਵੰਝਾਈ।

"ਸ੍ਰੀ ਮਾਨ ਜੀ! ਕੀ ਹਰ ਇਕ ਆਪ ਵਿੱਚੋਂ ਤਿਆਰ ਹੈ?" ਇਸ ਨੇ ਜਾ ਕੇ ਐਲਾਨ ਜੇਹਾ ਕੀਤਾ ਤੇ ਆਪਣੇ ਪਿਨਸਨੇਜ਼ ਆਪਣੇ ਨੱਕ ਤੇ ਮੁੜ ਚੰਗੀ ਤਰਾਂ ਟਿਕਾ ਕੇ ਰੱਖੀ ਤੇ ਚਾਰ ਚੁਫੇਰੇ ਨਿਗਾਹ ਮਾਰੀ।

"ਸਬ ਕੋਈ! ਮੇਰੇ ਖਿਆਲ ਵਿਚ" ਉਸ ਖੁਸ਼ ਮਿਜਾਜ਼ ਸੌਦਾਗਰ ਨੇ ਉੱਤਰ ਦਿੱਤਾ—

"ਚੰਗਾ ਜੀ! ਅਸੀ ਹੁਣੇ ਜਾਚ ਲੈਂਦੇ ਹਾਂ," ਤੇ ਆਪਣੀ ਜੇਬ ਵਿੱਚੋਂ ਉਸ ਨਾਵਾਂ ਦੀ ਫਹਿਰਿਸਤ ਕੱਢੀ ਤੇ ਹਾਜਰੀ ਜੇਹੀ ਲੈਣ ਲੱਗ ਗਇਆ, ਤੇ ਹਰ ਇਕ ਆਦਮੀ ਵਲ ਕਦੀ ਆਪਣੇ ਪਿਨਸਨੇਜ਼ ਵਿਚ ਦੀ, ਕਦੀ ਉਨ੍ਹਾਂ ਦੇ ਉੱਪਰੋਂ ਦੀ ਤੱਕਦਾ ਜਾਂਦਾ ਸੀ।

"ਸਰਕਾਰੀ ਕੌਂਸਲਰ ———ਆਈ. ਐਮ, ਨਿਕੀਫੋਰੋਵ।"

"ਮੈਂ ਹਾਂ," ਇਕ ਪਰ ਰੁਹਬ ਆਦਮੀ ਨੇ ਉੱਤਰ ਦਿੱਤਾ, ਇਹਨੂੰ ਕਾਨੂੰਨੀ ਅਦਾਲਤਾਂ ਦਾ ਤਰਜ਼ ਤਰੀਕਾ ਤੇ ਕਾਰਵਾਈ ਦੇ ਰਸਮ ਰਵਾਜ ਚੰਗੀ ਤਰਾਂ ਪਤਾ ਸਨ।

"ਆਈਵਨ ਸੈਮੀਨਿਚ ਈਵਾਨੋਵ———ਪਿਨਸ਼ਨ ਯਾਫਤਾ ਕਰਨੈਲ"।

"ਆਹ ਇੱਥੇ," ਇਕ ਪਤਲੇ ਦੁਬਲੇ ਆਦਮੀ ਨੇ ਜਿਸ ਫੌਜੀ ਵਰਦੀ ਪਾਈ ਹੋਈ ਸੀ ਜਵਾਬ ਦਿੱਤਾ।

"ਦੂਸਰੀ ਗਿਲਡ ਦਾ ਸੌਦਾਗਰ ਪੀਟਰ ਬਕਲਾਸ਼ੋਵ।"

"ਅਸੀ ਹਾਂ ਆਹ ਬੱਸ ਤਿਆਰ," ਉਸ ਮਖੌਲੀ ਤਬੀਅਤ ਵਾਲੇ ਸੌਦਾਗਰ ਨੇ ਚੰਗੀ ਖੁੱਲ੍ਹੀ ਮੁਸਕੜੀ ਭਰ ਕੇ ਉੱਤਰ ਦਿੱਤਾ।

"ਗਾਰਡਾਂ ਦਾ ਲਫਟੈਂਟ—ਸ਼ਾਹਜ਼ਾਦਾ ਦਮਿਤਰੀ ਨਿਖਲੀਊਧਵ।"

"ਮੈਂ ਆਹ ਹਾਂ," ਨਿਖਲੀਊਧਵ ਬੋਲਿਆ।

ਆਪਣੇ ਪਿਨਸਨੇਜ਼ ਦੇ ਕਿਨਾਰੇ ਥੀਂ ਉੱਤੋਂ ਦੀ ਨਿਖਲੀਊਧਵ ਵਲ ਵੇਖਕੇ, ਅਸ਼ਰ ਨੇ ਬੜੇ ਅਦਬ ਤੇ ਖੁਸ਼ ਅਸਲੂਬੀ ਨਾਲ ਸਿਰ ਝੁਕਾਇਆ, ਜਿੰਵੇਂ ਇਉਂ ਕਰਨ ਨਾਲ ਉਹ ਚਾਹੁੰਦਾ ਸੀ ਕਿ ਹੋਰਨਾਂ ਦੇ ਮੁਕਾਬਲੇ ਤੇ ਉਸ ਵਲ ਕੁਛ ਅਦਬ ਅਦਾਬ ਦਾ ਫ਼ਰਕ ਕਰਕੇ ਦੱਸੇ।

"ਕਪਤਾਨ ਓਰੀ ਦਮੀਤ੍ਰਿਚ ਦਾਨਚਿਨਕੋ; ਗਰੈਗਰੀ ਐਫੀਮਿਚ ਕੂਲੇਸ਼ੋਵ ਸੌਦਾਗਰ—ਆਦਿ—ਆਦਿ—"

ਸਵਾਏ ਦੋਹਾਂ ਦੇ ਸਾਰੇ ਹਾਜ਼ਰ ਸਨ।

ਅਸ਼ਰ ਨੇ ਆਪਣੀ ਬਾਂਹ ਬੜੀ ਹੀ ਪਿਆਰੀ ਜੇਹੀ ਉਲਾਰ ਨਾਲ ਉਤਾਹਾਂ ਕਰਕੇ ਬੂਹੇ ਵਲ ਇਸ਼ਾਰਾ ਕੀਤਾ ਤੇ ਕਿਹਾ, "ਸ਼ਰੀਫ ਜ਼ਾਦਿਓ! ਹੁਣ ਚਲੋ ਤੁਸੀ ਅਦਾਲਤ ਨੂੰ ਸੋਭਾਇਮਾਨ ਕਰੋ।" ਸਬ ਦਰਵਾਜੇ ਵਲ ਹਿੱਲੇ, ਤੇ ਇਕ ਦੂਜੇ ਨੂੰ ਪਹਿਲਾਂ ਲੰਘ ਜਾਣ ਦੇ ਅਦਬ ਵਿੱਚ ਕੋਈ ਠਹਿਰ ਜਾਂਦੇ ਸਨ, ਕੋਈ ਟੁਰ ਪੈਂਦੇ ਸਨ।

ਅਦਾਲਤ ਦਾ ਕਮਰਾ ਬੜਾ ਵੱਡਾ ਤੇ ਲੰਮਾ ਸੀ, ਉਸ ਦੇ ਇਕ ਸਿਰੇ ਵਲ ਤਿੱਨ ਕਦਮਾਂ ਵਾਲੀਆਂ ਪਉੜੀਆਂ ਸਨ ਜਿਹੜੀਆਂ ਡੈਸ ਉੱਪਰ ਲੈ ਜਾਂਦੀਆਂ ਸਨ। ਇਸ ਉਚੇਰੇ ਕੀਤੇ ਡੈਸ ਉੱਪਰ ਮੇਜ਼ ਧਰਿਆ ਹੋਇਆ ਸੀ। ਮੇਜ਼ ਉੱਪਰ ਇਕ ਸਬਜ਼ ਢੰਗ ਦਾ ਮੇਜ਼ ਪੋਸ਼ ਵਿਛਿਆ ਹੋਇਆ ਸੀ, ਜਿਹਦਾ ਸੰਜਾਫ ਹੋਰ ਗੂਹੜੇ ਸਬਜ਼ ਰੰਗ ਦਾ ਲੱਗਿਆ ਚੰਗਾ ਲੱਗ ਰਹਿਆ ਸੀ। ਮੇਜ਼ ਦੇ ਨਾਲ ਤਿੰਨ ਬਾਹਾਂ ਵਾਲੀਆਂ ਅੋਕ ਦੀ ਲੱਕੜੀ ਦੀਆਂ ਕੁਰਸੀਆਂ ਡੱਠੀਆਂ ਸਨ, ਇਨ੍ਹਾਂ ਕੁਰਸੀਆਂ ਦੀਆਂ ਪਿੱਠਾਂ ਬੜੀਆਂ ਉੱਚੀਆਂ ਸਨ, ਤੇ ਚੰਗਾ ਉੱਕਰਿਆ ਹੋਇਆ ਕੰਮ ਉਨ੍ਹਾਂ ਪਰ ਕੀਤਾ ਹੋਇਆ ਸੀ। ਤੇ ਪਿੱਛੇ ਦੀਵਾਰ ਉੱਪਰ ਸ਼ਾਹਨਸ਼ਾਹ ਜ਼ਾਰ ਰੂਸ ਦੀ ਅੱਧੇ ਕੂ ਕਾਮਤ ਦੀ ਵੱਡੀ ਤਸਵੀਰ ਲਟਕ ਰਹੀ ਸੀ। ਇਸ ਤਸਵੀਰ ਦੇ ਰੰਗ ਬੜੇ ਭੜਕਦੇ ਰੰਗ ਸਨ, ਤੇ ਜ਼ਾਰ ਨੇ ਆਪਣੀ ਸ਼ਾਹੀ ਵਰਦੀ ਪਾਈ ਹੋਈ ਸੀ। ਜ਼ਾਰ ਦੀ ਛਬੀ ਇਉਂ ਸੀ, ਇਕ ਕਦਮ ਅੱਗੇ ਕੁਝ ਵਧਿਆ ਹੋਇਆ ਹੈ, ਤੇ ਹੱਥ ਆਪਣੀ ਤਲਵਾਰ ਤੇ ਰੱਖਿਆ ਤਿਆਰ ਬਰ ਤਿਆਰ ਖੜਾ ਹੈ। ਤੇ ਕਮਰੇ ਦੀ ਸੱਜੀ ਨੁੱਕਰ ਵਿੱਚ ਈਸਾ ਮਸੀਹ ਦੀ ਤਸਵੀਰ ਸੀ। ਆਪਣਾ ਕੰਡਿਆਂ ਦਾ ਤਾਜ ਪਾਈ ਖੜਾ ਹੈ, ਤੇ ਉਸੇ ਪਾਸੇ ਸਰਕਾਰੀ ਵਕੀਲ ਦਾ ਡੈਸਕ ਟਿਕਾਇਆ ਹੋਇਆ ਸੀ। ਖੱਬੇ ਪਾਸੇ ਸਾਹਮਣੇ ਸਕੱਤਰ ਦਾ ਮੇਜ਼ ਸੀ, ਤੇ ਉਸ ਥਾਂ ਕੁਝ ਹੋਰ ਪਰੇ, ਪਬਲਿਕ ਵਾਲੇ ਪਾਸੇ ਇਕ ਅੋਕ ਦੀ ਲੱਕੜੀ ਦਾ ਜੰਗਲਾ ਸੀ। ਤੇ ਓਸ ਦੇ ਪਰੇ ਪਿੱਛੇ ਮੁਲਜ਼ਮਾਂ ਤੇ ਕੈਦੀਆਂ ਦੇ ਬਹਿਣ ਦਾ ਬੈਂਚ ਸੀ, ਜਿਹੜਾ ਉਸ ਵੇਲੇ ਤਕ ਹਾਲੇਂ ਖਾਲੀ ਸੀ। ਇਸ ਸਬ ਸਾਮਾਨ ਦੇ ਨਾਲ ਡੈਸ ਦੇ ਸੱਜੇ ਪਾਸੇ ਉੱਚੀਆਂ ਪਿੱਠਾਂ ਵਾਲੀਆਂ ਜੂਰੀ ਲਈ ਕੁਰਸੀਆਂ ਵਿਛੀਆਂ ਪਈਆਂ ਸਨ, ਤੇ ਓਸ ਥੀਂ ਹਿਠਾਹਾਂ ਤਲੇ ਵਕੀਲਾਂ ਲਈ ਮੇਜ਼ ਧਰੇ ਸਨ। ਇਹ ਸਬ ਕੁਛ ਅਦਾਲਤ ਦੇ ਸਾਹਮਣੇ ਪਾਸੇ ਸੀ, ਤੇ ਅਦਾਲਤ ਦੀ ਪਿਛੋਕੜ ਨੂੰ ਇਕ ਜੰਗਲਾ ਇਨ੍ਹਾਂ ਥੀਂ ਅੱਡ ਕਰ ਰਿਹਾ ਸੀ।

ਪਛੋਕੜ ਵਾਲੇ ਪਾਸੇ ਗੈਲਰੀ ਦੀਆਂ ਸੀਟਾਂ ਵਾਂਗ, ਇਕ ਕਿਤਾਰ ਥੀਂ, ਉੱਪਰ ਹੋਰ ਕਿਤਾਰ ਤੇ ਉਸ ਥਾਂ ਉੱਚੀ ਹੋਰ ਕਿਤਾਰ ਕੁਰਸੀਆਂ ਦੀ ਲੱਗੀ ਪਈ ਸੀ। ਤੇ ਉਨ੍ਹਾਂ ਉੱਪਰ ਅੱਗੇ ਦੀਆਂ ਸੀਟਾਂ ਤੇ ਚਾਰ ਮਜੂਰਨਾਂ ਬੈਠੀਆਂ ਹੋਈਆਂ ਸਨ। ਇਹ ਤੀਮੀਆਂ ਯਾ ਤਾਂ ਇਨ੍ਹਾਂ ਦੀਆਂ ਨੌਕਰਾਨੀਆਂ ਸਨ, ਯਾ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੀਆਂ ਜਨਾਨੀਆਂ ਹੋਣ ਗੀਆਂ। ਉਨ੍ਹਾਂ ਪਾਸ ਹੀ ਦੋ ਦੋ ਮਜੂਰ ਮਰਦ ਵੀ ਬੈਠੇ ਸਨ, ਤੇ ਇਹ ਸਾਰੇ ਅਦਾਲਤ ਦੀ ਆਨ ਬਾਨ ਤੇ ਸ਼ਾਨ ਸ਼ੌਕਤ ਵੇਖ ਕੇ ਕੁਛ ਸਹਿਮੇ ਕੁਛ ਦੱਬੇ ਜੇਹੇ ਬੈਠੇ ਸਨ। ਤੇ ਆਪਣੇ ਆਪ ਵਿੱਚ ਸਵਾਏ ਗੋਸ਼ਿਆਂ ਦੇ ਉੱਚੀ ਗੱਲ ਕਰਨ ਦੀ ਵੀ ਦਲੇਰੀ ਨਹੀਂ ਸਨ ਕਰ ਸਕਦੇ।

ਜਦ ਜੂਰੀ ਅਦਾਲਤ ਦੇ ਕਮਰੇ ਵਿੱਚ ਆ ਬੈਠੀ, ਤਦ ਉਸ ਵੇਲੇ ਹੀ ਪਿੱਛੋਂ ਅਸ਼ਰ ਆਪਣੇ ਇਕ ਪਾਸੇ ਝੁਕੀ ਹੋਈ ਟੋਰ ਨਾਲ ਆਇਆ, ਤੇ ਸਾਹਮਣੇ ਪਾਸੇ ਕਦਮ ਚੁੱਕ ਕੇ ਉੱਚੀ ਆਵਾਜ਼ ਵਿੱਚ ਇਤਲਾਹ ਕਰਨ ਲੱਗਾ, ਜਿਵੇਂ ਓਥੇ ਬੈਠੇ ਲੋਕਾਂ ਨੂੰ ਡਰਾਉਣ ਲੱਗਾ ਹੈ——"ਅਦਾਲਤ ਆ ਰਹੀ ਹੈ।"

ਸਬ ਕੋਈ ਉੱਠ ਖੜਾ ਹੋਇਆ, ਤੇ ਠੀਕ ਉਸ ਵੇਲੇ ਅਦਾਲਤ ਦੇ ਮਿੰਬਰਾਂ ਨੇ ਡੈਸ ਦੇ ਪਲੇਟਫਾਰਮ ਉੱਪਰ ਐਨ ਠੀਕ ਆਣ ਕਦਮ ਰੱਖੇ। ਸਬ ਥੀਂ ਮੋਹਰੇ ਪ੍ਰਧਾਨ——ਉਹਦੀ ਬੀਬੀ ਦਾਹੜੀ ਤੇ ਤੁਲੇ ਪੱਠੇ। ਉਸਦੇ ਪਿੱਛੇ ਸਾਡਾ ਉਹ ਉਦਾਸ ਅਦਾਲਤੀ ਜਿਹੜਾ ਵਹੁਟੀ ਨਾਲ ਸਵੇਰੇ ਲੜ ਕੇ ਆਇਆ ਸੀ। ਤੇ ਹੁਣ ਅਦਾਲਤ ਵਿੱਚ ਵੜਨ ਵੇਲੇ ਓਹ ਹੋਰ ਵੀ ਨਿੰਮੋਝੂਣ ਜੇਹਾ ਸੀ, ਕਿਉਂਕਿ ਇਤਨੇ ਚਿਰ ਵਿੱਚ ਓਹਦਾ ਸਾਲਾ ਉਹਨੂੰ ਆਣ ਕੇ ਮਿਲ ਗਇਆ ਸੀ, ਤੇ ਉਹਨੂੰ ਦੱਸ ਗਇਆ ਸੀ, ਕਿ ਮੈਂ ਆਪਣੀ ਭੈਣ ਨੂੰ ਘਰ ਮਿਲਣ ਗਇਆ, ਤਾਂ ਓਹ ਬੜੀ ਹੀ ਰੰਜਸ਼ ਵਿੱਚ ਖਫਾ ਬੈਠੀ ਸੀ, ਤੇ ਇਹ ਪੱਕ ਸੀ ਕਿ ਅੱਜ ਘਰ ਕੁਛ ਰਿੰਨ੍ਹਣਾ ਪੱਕਣਾ ਨਹੀਂ ਹੋਉਗਾ। "ਸੋ ਅੱਜ ਸਾਨੂੰ ਮੈਹਰਿਆਂ ਦੀ ਦੁਕਾਨ ਦਾ ਮੂੰਹ ਵੇਖਣਾ ਪਊ" ਸਾਲੇ ਨੇ ਹੱਸ ਕੇ ਇਕ ਹੋਰ ਬੋਲ ਕੱਸ ਦਿੱਤਾ। "ਇਹ ਕੋਈ ਹੱਸਣ ਦੀ ਗੱਲ ਹੈ," ਤਾਂ ਇਸ ਰੁੱਖੇ ਉਦਾਸ ਮਿੰਬਰ ਨੇ ਸਾਲੇ ਨੂੰ ਕਹਿਆ ਸੀ, ਤੇ ਇਹ ਕਹਿ ਕੇ ਉਸਦੀ ਹੋਰ ਵੀ ਖਾਨਿਓਂ ਗਈ ਸੀ। ਸਬ ਥੀਂ ਪਿੱਛੇ ਕੋਰਟ ਦਾ ਤੀਸਰਾ ਮਿੰਬਰ ਓਹੋ ਮੈਥੀਊ ਨਿਕੀਵਿਚ ਜਿਹੜਾ ਸਦਾ ਦੇਰ ਨਾਲ ਆਉਂਦਾ ਸੀ, ਆ ਵੜਿਆ। ਇਹ ਵੀ ਦਾਹੜੀ ਵਾਲਾ ਬੰਦਾ ਸੀ। ਇਹਦੀਆਂ ਅੱਖਾਂ ਗੋਲ ਤੇ ਨਰਮ ਤੇ ਦਯਾਵਾਨ ਸਨ। ਇਹਨੂੰ ਬਦ ਹਜ਼ਮੀ ਦੀ ਬੀਮਾਰੀ ਸੀ ਤੇ ਅੱਜ ਸਵੇਰੇ ਹੀ ਨਇਆ ਇਲਾਜ ਸ਼ੁਰੂ ਕਰਵਾਇਆ ਸੀ, ਤੇ ਇਸ ਕਰਕੇ ਆਪ ਮਾਮੂਲ ਕੋਲੋਂ ਜਿਆਦਾ ਪੱਛੜ ਕੇ ਪਹੁਤਾ

ਸੀ। ਜਦ ਓਹ ਡੈਸ ਦੇ ਪਲੈਟਫਾਰਮ ਉੱਪਰ ਚੜ੍ਹ ਰਹਿਆ ਸੀ, ਉਹ ਇਕ ਅਜੀਬ ਜੇਹੀ ਸੋਚ ਵਿੱਚ ਸੀ। ਉਹਦੀ ਆਦਤ ਸੀ, ਕਿ ਆਪਣੇ ਆਪ ਉੱਤੇ ਕੀਤੇ ਸਵਾਲਾਂ ਦਾ ਜਵਾਬ ਅਜੀਬ ਵਹਿਮੀ ਤ੍ਰੀਕਿਆਂ ਨਾਲ ਔਂਸੀਆਂ ਤੇ ਮਿਥਨਾਂ ਨਾਲ ਦਿੰਦਾ ਹੁੰਦਾ ਸੀ। ਉਸ ਹੁਣੇ ਹੀ ਆਪਣੇ ਮਨ ਵਿੱਚ ਇਕ ਗੱਲ ਮਿਥੀ ਸੀ ਕਿ ਕੀ ਅੱਜ ਸਵੇਰੇ ਦਾ ਇਲਾਜ ਓਹਨੂੰ ਠੀਕ ਬੈਠੁ ਕਿ ਨਹੀਂ, ਤੇ ਉਸ ਜਵਾਬ ਲਈ ਇਹ ਗੱਲ ਮਿਥੀ ਸੀ ਕਿ ਜੇ ਦਰਵਾਜੇ ਥੀਂ ਲੈ ਕੇ ਉਹਦੀ ਕੁਰਸੀ ਤਕ ਓਹਦੇ ਕਦਮ ਇਤਨੀ ਗਿਨਤੀ ਦੇ ਹੋਏ ਜਿਹੜੇ ਤਿੰਨ ਦੇ ਹਿੰਦਸੇ ਨਾਲ ਬਰਾਬਰ ਤਕਸੀਮ ਹੋ ਸੱਕਣ, ਤਾਂ ਠੀਕ ਬੈਠੂ, ਤੇ ਜੇ ਤਿੰਨ ਨਾਲ ਤਕਸੀਮ ਕੀਤਿਆਂ ਇਕ ਦਾ ਹਿੰਦਸਾ ਬਚੂ ਤਦ ਇਲਾਜ ਠੀਕ ਨਹੀਂ ਬੈਠੁਗਾ। ਓਹਦੇ ਕਦਮ ਕੁਰਸੀ ਤਕ ਪਹੁੰਚਦੇ ਕੁਲ ੨੬ ਹੋਏ ਸਨ, ਪਰ ਇਕ ਨਿੱਕਾ ਜੇਹਾ ਕਦਮ ਭਰਕੇ ਉਸਨੇ ੨੭ ਬਣਾ ਈ ਲਏ ਸਨ।

ਪ੍ਰਧਾਨ ਤੇ ਮਿੰਬਰ ਆਪਣੀਆਂ ਸੋਨੇ ਨਾਲ ਕੱਢੇ ਕਾਲਰਾਂ ਵਾਲੀਆਂ ਬਰਦੀਆਂ ਪਾਏ ਜਦੋਂ ਆਏ ਬੜਾ ਹੀ ਰੁਹਬ ਪੈ ਗਇਆ, ਤੇ ਕਮਰੇ ਵਿੱਚ ਇਕ ਸ਼ਾਨ ਝਲਕਦੀ ਸੀ। ਤੇ ਇਨ੍ਹਾਂ ਵਰਦੀਆਂ ਦੀ ਸ਼ਾਨ ਦੇ ਤੇ ਰੁਹਬ ਦੇ ਆਪ ਵੀ ਸਾਰੇ ਮਾਨੀ ਸਨ, ਤੇ ਇਓਂ ਜਾਪਦਾ ਸੀ ਕਿ ਆਪਣੀ ਮਨੀ ਵਡਿਆਈ ਦੀ ਖੁਮਾਰੀ ਦੇ ਭਾਵ ਨਾਲ ਓਹ ਸਾਰੇ ਛੇਤੀ ਛੇਤੀ ਸਬਜ਼ ਕੱਪੜੇ ਨਾਲ ਢੱਕੇ ਮੇਜ਼ ਨਾਲ ਵਿਛੀਆਂ ਕੁਰਸੀਆਂ ਉੱਪਰ ਬੈਠਕੇ—ਮਾਨੋ ਕੁਰਸੀਆਂ ਵਿੱਚ ਹੀ ਡੁੱਬ ਗਏ। ਉਨ੍ਹਾਂ ਦੇ ਸਾਹਮਣੇ ਮੇਜ਼ ਉੱਪਰ ਇਕ ਤਿਕੋਨੀ ਢਲੀ ਧਾਤੀ ਚੀਜ਼ ਰੱਖੀ ਸੀ, ਜਿਸ ਉੱਪਰ ਉਡਦੇ ਉਕਾਬ ਦਾ ਢਾਲਵਾਂ ਬੁੱਤ ਸੀ। ਇਹ ਇਕ ਓਹੋ ਜੇਹੀ ਕੋਈ ਤਸ਼ਤਰੀ ਸੀ, ਜਿਸ ਦੇ ਨਾਲ ਦੀਆਂ ਵਿੱਚ ਰਿਫਰੈਸ਼ਮਿੰਟ ਰੂਮਾਂ ਵਿੱਚ ਖਾਣ ਪੀਣ ਲਈ ਮਿਠਾਈ ਦੀਆਂ ਵਨਗੀਆਂ ਧਰੀਆਂ ਹੁੰਦੀਆਂ ਹਨ। ਦਵਾਤ ਸੀ, ਕਲਮਾਂ ਸਨ, ਸਾਫ ਸੁਥਰੇ ਕਾਗਜ਼, ਤੇ ਕਈ ਕਿਸਮ ਦੀਆਂ ਹੁਣੇ ਘੜੀਆਂ ਪਿਨਸਲਾਂ ਪਈਆਂ ਸਨ।

ਸਰਕਾਰੀ ਵਕੀਲ ਜੱਜਾਂ ਨਾਲ ਹੀ ਕਮਰੇ ਵਿੱਚ ਦਾਖਲ ਹੋਇਆ ਸੀ। ਓਹੋ ਆਪਣਾ ਬਸਤਾ ਇਕ ਕੱਛ ਵਿੱਚ ਲਈ ਤੇ ਦੂਜੀ ਬਾਂਹ ਉਸੀ ਤਰ੍ਹਾਂ ਉਲਾਰਦਾ ਲਟਕਾਉਂਦਾ ਮਚਕਾਊ ਜੇਹਾ ਬਾਰੀ ਲਾਗੇ ਆਪਣੀ ਥਾਂ ਤੇ ਜਾ ਬੈਠਾ, ਤੇ ਆਪਣੀਆਂ ਮਿਸਲਾਂ ਪੜ੍ਹਨ ਦੇ ਆਹਰ ਵਿੱਚ ਲੱਗ ਪਇਆ। ਇੰਝ ਦੱਸਣ ਲੱਗਾ ਕਿ ਜਿਵੇਂ ਉਸ ਪਾਸ ਇਕ ਸੈਕੰਡ ਵੀ ਵਿਅਰਥ ਗਵਾਣ ਨੂੰ ਨਹੀਂ ਸੀ, ਸ਼ਾਯਦ ਓਹ ਆਸ ਕਰਦਾ ਸੀ ਕਿ ਜਦ ਤਕ ਅਦਾਲਤ ਦਾ ਸਾਰਾ ਸਾਮਾਨ ਤੇ ਕਾਰਵਾਈ ਆਦਿ ਦਾ ਜਮਘਟ ਤਿਆਰ ਹੁੰਦਾ ਹੈ ਉਹ ਮੁਕੱਦਮੇਂ ਦੇ ਆਹਮ ਨੁਕਤੇ ਸਮਝ ਲਵੇਗਾ ਤੇ ਤਦ ਤਕ ਤਕਰੀਰ ਲਈ ਤਿਆਰ ਹੋ ਸੱਕੇਗਾ। ਓਹ ਹੁਣੇ ਹੀ ਸਰਕਾਰੀ ਵਕੀਲ ਬਣਿਆ ਸੀ, ਮਸੇਂ ਚਾਰ ਕੁ ਮੁਕੱਦਮੇ ਕੀਤੇ ਸਨ ਸੂ, ਤੇ ਉਹ ਕਿਸੀ ਬੜੇ ਉੱਚੇ ਹੁੱਦੇ ਤੇ ਅੱਪੜਨ ਦੀਆਂ ਦਲੀਲਾਂ ਓਲੇਲਾਂ ਕਰਦਾ ਸੀ। ਤੇ ਆਪਣੇ ਇਲਮ ਤੇ ਲਿਆਕਤ ਦੀ ਇਕ ਧਾਕ ਪਾਉਣਾ ਚਾਹੁੰਦਾ ਸੀ। ਇਸ ਕਰਕੇ ਉਹਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਸੀ, ਕਿ ਮੁਜਰਿਮ ਸਜ਼ਾ ਜ਼ਰੂਰ ਹੀ ਪਾ ਜਾਣ। ਜ਼ਹਿਰ ਦਿੱਤੇ ਜਾਣ ਵਾਲੇ ਮੁਕੱਦਮੇ ਦੀਆਂ ਮੋਟੀਆਂ ਮੋਟੀਆਂ ਗੱਲਾਂ ਉਹਨੂੰ ਯਾਦ ਸਨ, ਤੇ ਉਸ ਨੇ ਆਪਣੀ ਤਕਰੀਰ ਦਾ ਨਕਸ਼ਾ ਮਨ ਵਿੱਚ ਬਣਾ ਲਇਆ ਸੀ। ਪਰ ਤਦ ਵੀ ਓਸਨੂੰ ਕੁਛ ਇਕ ਹੋਰ ਵਾਕਿਆਤ ਤੇ ਵਿਚਲੀਆਂ ਗੱਲਾਂ ਦੇ ਦੇਖਣ ਦੀ ਲੋੜ ਸੀ, ਤੇ ਇਹ ਉਹ ਛੇਤੀ ਛੇਤੀ ਮਿਸਲ ਵਿੱਚੋਂ ਲੱਭ ਕੇ ਨੋਟ ਕਰ ਰਹਿਆ ਸੀ।

ਡੈਸ ਦੇ ਪਲੇਟਫਾਰਮ ਦੇ ਸਾਹਮਣੇ ਪਾਸੇ ਸਕੱਤਰ ਬੈਠਾ ਹੋਇਆ ਸੀ, ਤੇ ਆਪਣੇ ਲੋੜਵੰਦੇ ਸਭ ਕਾਗਜ਼ ਇਕੱਠੇ ਕਰਕੇ ਉਸ ਨੂੰ ਸਮਝੋ ਰਤਾ ਕੂ ਵਿਹਲ ਮਿਲੀਸੀ। ਉਸ ਵਿਹਲੇ ਸਮੇਂ ਦੀ ਵਿੱਥ ਵਿੱਚ ਇਕ ਅਖਬਾਰ ਦਾ ਆਰਟੀਕਲ ਪੜ੍ਹ ਰਹਿਆ ਸੀ, ਜਿਹੜਾ ਸਰਕਾਰੀ ਸੈਨਸਰ ਨੇ ਛਾਪਣਾ ਮਨਾ ਕਰ ਦਿੱਤਾ ਹੋਇਆ ਸੀ। ਪਰ ਓਹੋ ਹੀ ਆਰਟੀਕਲ ਇਸ ਨੇ ਛਪਿਆ ਹੋਇਆ ਕਿਧਰੋਂ ਨ ਕਿਧਰੋਂ ਆਪਣੇ ਪੜ੍ਹਨ ਲਈ ਲੱਭ ਲਿਆਂਦਾ ਹੋਇਆ ਸੀ, ਤੇ ਓਹਨੂੰ ਪਹਿਲਾਂ ਵੀ ਪੜ੍ਹ ਚੁੱਕਾ ਸੀ, ਪਰ ਇਸ ਵੇਲੇ ਓਹ ਇਸ ਫ਼ਿਕਰ ਵਿਚ ਸੀ ਕਿ ਕਿਸੀ ਵੇਲੇ ਇਸ ਆਰਟੀਕਲ ਬਾਬਤ ਉਸ ਦਾਹੜੀ ਵਾਲੇ ਅਦਾਲਤ ਦੇ ਮਿੰਬਰ ਨਾਲ ਗੱਲ ਬਾਤ ਕਰੇ, ਓਹਨੂੰ ਪਤਾ ਸੀ ਕਿ ਉਹ ਇਸ ਨਾਲ ਇਨ੍ਹਾਂ ਗੱਲਾਂ ਵਿਚ ਸਹਿਮਤ ਹੈ। ਪਰ ਗੱਲਾਂ ਕਰਨ ਥੀਂ ਪਹਿਲਾਂ ਉਹ ਇਸ ਲੇਖ ਨੂੰ ਇਕ ਵੇਰੀ ਮੁੜ ਆਪ ਪੜ੍ਹਨਾ ਚਾਹੁੰਦਾ ਸੀ।

ਮੋਇਆਂ ਦੀ ਜਾਗ-ਕਾਂਡ ੮. : ਲਿਉ ਤਾਲਸਤਾਏ

ਪ੍ਰਧਾਨ ਨੇ ਅੱਗੇ ਧਰੇ ਕਾਗਜ ਪਰਤਾ ਪਰਤੂ ਕੇ ਤੱਕੇ, ਤੇ ਅਸ਼ਰ ਤੇ ਸਕੱਤਰ ਦੋਹਾਂ ਉੱਪਰ ਕੁਛ ਪ੍ਰਸ਼ਨ ਕੀਤੇ, ਤੇ ਜਦ ਉਨ੍ਹਾਂ ਦੋਹਾਂ ਨੇ ਆਪਣੇ ਜਵਾਬ ਹਾਂ ਵਿਚ ਦਿਤੇ ਤਦ ਉਸ ਨੇ ਹੁਕਮ ਦਿੱਤਾ ਕਿ ਮੁਲਜ਼ਮਾਂ ਨੂੰ ਅੰਦਰ ਲਿਆਂਦਾ ਜਾਏ।

ਜੰਗਲੇ ਦੇ ਪਿੱਛੇ ਦਰਵਾਜ਼ਾ ਚੁਪਾਟ ਖੁੱਲ੍ਹਿਆ ਤੇ ਓਸੀ ਛਿਨ ਨੰਗੀਆਂ ਤਲਵਾਰਾਂ ਸੂਤੀਆਂ ਹੋਈਆਂ ਤੇ ਸਿਰਾਂ ਉੱਪਰ ਟੋਪੀਆਂ ਵਾਲੇ ਦੋ ਸਿਪਾਹੀ ਅੰਦਰ ਆਏ ਤੇ ਉਨ੍ਹਾਂ ਦੇ ਮਗਰ ਕੈਦੀ ਅੰਦਰ ਵੜੇ, ਇਕ ਲਾਲ ਵਾਲਾਂ ਵਾਲਾ ਮਾਤਾ ਦਾ ਦਾਗਿਆ ਮਰਦ ਤੇ ਦੋ ਤੀਮੀਆਂ ਸਨ। ਮਰਦ ਨੇ ਜੇਲ੍ਹ ਖਾਨੇ ਦਾ ਲੰਮਾਂ ਕੋਟ ਪਾਇਆ ਹੋਇਆ ਸੀ ਜਿਹੜਾ ਓਸ ਲਈ ਨ ਸਿਰਫ ਬਹੁਤ ਹੀ ਲੰਮਾ ਸੀ ਬਲਕਿ ਬੇਥਵਾ ਖੁੱਲ੍ਹਾ ਵੀ ਸੀ। ਓਸ ਕੈਦੀ ਨੇ ਆਪਣੇ ਦੋਵੇਂ ਅੰਗੂਠੇ ਬਾਹਰ ਕੱਢ ਕੇ ਤੇ ਆਪਣੀਆਂ ਦੋਹਾਂ ਬਾਹਾਂ ਨੂੰ ਆਪਣਿਆਂ ਪਾਸਿਆਂ ਨਾਲ ਘੁੱਟ ਕੇ ਤੇ ਦਬਾ ਕੇ ਆਪਣੇ ਹੱਥਾਂ ਦੇ ਅੱਗੇ ਖਿਸਕ ਜਾਣ ਥੀਂ ਰੋਕ ਰਖਿਆ ਹੋਇਆ ਸੀ। ਓਸ ਨ ਤਾਂ ਜੱਜਾਂ ਵਲ ਤੱਕਿਆ, ਨ ਅੱਗੇ ਪਿੱਛੇ ਕਿਧਰੇ ਹੋਰ ਦੇ ਤੱਕਿਆ। ਆਪਣੀ ਸੇਧ ਵਿਚ ਪਏ ਬੈਂਚ ਵਲ ਹੀ ਤੱਕਦਾ ਰਹਿਆ ਤੇ ਅਗੇ ਵਧ ਕੇ ਬੈਂਚ ਦੇ ਪਰਲੇ ਐਨ ਸਿਰੇ ਦੀ ਥਾਂ ਤੇ ਜਾ ਕੇ ਬਹਿ ਗਇਆ, ਤੇ ਇਉਂ ਸੁਕੜ ਕੇ ਬੈਠਾ ਕਿ ਹੋਰਨਾਂ ਲਈ ਥਾਂ ਕਾਫੀ ਛੱਡ ਦਿਤੀ। ਫਿਰ ਅੱਖਾਂ ਗੱਡ ਕੇ ਪ੍ਰਧਾਨ ਵਲ ਵਿਹਣ ਲਗ ਪਇਆ। ਤੇ ਆਪਣੀਆਂ ਖਾਖਾਂ ਦੇ ਪੱਠੇ ਇਸ ਤਰਾਂ ਹਿਲਾਣ ਲਗ ਪਇਆ ਜਿਵੇਂ ਕਿਸੇ ਨਾਲ ਗੋਸ਼ੇ ਕਰ ਰਿਹਾ ਹੁੰਦਾ ਹੋਵੇ। ਤੀਵੀਂ ਜਿਹੜੀ ਓਹਦੇ ਮਗਰੋਂ ਆਈ ਓਹ ਵੀ ਉਸੀ ਤਰਾਂ ਦੇ ਕੈਦੀਆਂ ਦੇ ਕੋਟ ਵਿਚ ਸੀ ਤੇ ਓਸ ਆਪਣੇ ਸਿਰ ਉੱਤੇ ਰੁਮਾਲ ਬੱਧਾ ਹੋਇਆ ਸੀ, ਕੁਛ ਵਡੇਰੀ ਉਮਰ ਦੀ ਜਨਾਨੀ ਸੀ, ਓਹਦਾ ਚਿਹਰਾ ਪੀਲਾ ਸੀ ਤੇ ਬਹੁਤ ਉਤਰਿਆ ਹੋਇਆ ਸੀ। ਓਹਦੇ ਭਰਵੱਟੇ ਤੇ ਪਲਕਾਂ ਦੇ ਵਾਲ ਸਨ ਹੀ ਨਹੀਂ। ਅੱਖਾਂ ਲਾਲ ਸਨ, ਓਹ ਪੂਰੇ ਤੌਰ ਤੇ ਸ਼ਾਂਤੀ ਵਿਚ ਸੀ। ਲੰਘਦਿਆਂ ਓਹਦਾ ਕੋਟ ਕਿਸੀ ਚੀਜ਼ ਨਾਲ ਅੜ ਗਇਆ ਸੀ, ਤੇ ਸਹਜੇ ਹੀ ਓਸਨੂੰ ਓਥੋਂ ਛੁੜਾ ਕੇ ਓਹ ਵੀ ਬੈਂਚ ਤੇ ਬਹਿ ਗਈ।

ਤੀਸਰਾ ਕੈਦੀ ਮਸਲੋਵਾ ਸੀ।

ਜਿਵੇਂ ਹੀ ਓਹ ਅਦਾਲਤ ਦੇ ਕਮਰੇ ਵਿਚ ਆਣ ਹੀ ਵੜੀ ਸੀ, ਸਭ ਦੀਆਂ ਅੱਖਾਂ ਓਸ ਵੱਲ ਮੁੜ ਪਈਆਂ ਤੇ ਓਹਦੇ ਸੋਹਣੇ ਗੋਰੇ ਚਿਹਰੇ ਵਿਚ ਬਸ ਗੱਡੀਆਂ ਹੀ ਗਈਆਂ ਤੇ ਵੇਖ ਕੀ ਰਹੇ ਹਨ! ਓਹ ਓਹਦੀਆਂ ਸ਼ੋਖ ਬਲਦੀਆਂ ਕਾਲੀਆਂ ਅੱਖਾਂ ਤੇ ਓਹ ਜੇਲ੍ਹ ਖਾਨੇ ਦੇ ਭੈੜੇ ਕੋਟ ਵਿਚ ਦੀ ਵੀ ਉਛਲ ਰਹੀ ਛਾਤੀ, ਓਹਦਾ ਭਰਿਆ ਜੋਬਨ। ਹੋਰ ਤੇ ਹੋਰ ਓਹ ਸਿਪਾਹੀ ਵੀ, ਜਿਸ ਪਾਸੋਂ ਲੰਘ ਕੇ ਓਹ ਬੈਂਚ ਉਪਰ ਬਹਿਣ ਆਈ ਸੀ, ਟੱਕ ਬੰਨ ਕੇ ਓਸ ਵਲ ਤੱਕਣ ਲੱਗ ਗਇਆ, ਮਾਨੋਂ ਬੁੱਤ ਹੋ ਗਿਆ ਹੈ, ਤੇ ਵੇਂਹਦਾ ਹੀ ਰਹਿਆ ਜਦ ਤਕ ਓਹ ਬਹਿ ਨਹੀਂ ਸੀ ਗਈ, ਤੇ ਫਿਰ ਇਉਂ ਜਿਵੇਂ ਓਸਨੂੰ ਝਟਾ ਪੱਟ ਹੋਸ਼ ਆਈ ਕਿ ਓਸ ਇਹ ਮਾੜੀ ਗੱਲ ਕੀਤੀ ਹੈ ਛੇਤੀ ਦੇ ਕੇ ਆਪਣੀਆਂ ਅੱਖਾਂ ਮੋੜ ਕੇ ਤੇ ਆਪਣੇ ਆਪ ਨੂੰ ਜਰਾ ਹਿਲੂਣ ਕੇ ਓਹ ਆਪਣੇ ਸਾਹਮਣੇ ਦੀ ਖਿੜਕੀ ਵਲ ਤੱਕਣ ਲਗ ਗਇਆ।

ਜਦ ਤਕ ਸਾਰੇ ਕੈਦੀ ਥਾਂ ਥਾਂ ਤੇ ਬਹਿ ਨਹੀਂ ਸਨ ਗਏ, ਪ੍ਰਧਾਨ ਠਹਿਰਿਆ ਰਹਿਆ। ਹੁਣ ਜਦ ਮਸਲੋਵਾ ਵੀ ਬਹਿ ਗਈ ਤਦ ਓਹ ਸਕੱਤਰ ਨੂੰ ਮੁਖਾਤਿਬ ਕਰਕੇ ਬੋਲਿਆ ਤੇ ਸਾਧਾਰਨ ਅਦਾਲਤ ਦੀ ਕਾਰਵਾਈ ਆਰੰਭ ਹੋਈ। ਜੂਰੀ ਦੇ ਮੈਂਬਰਾਂ ਦੀ ਮੁੜ ਗਿਣਤੀ ਹੋਈ। ਜਿਹੜੇ ਨਹੀਂ ਸਨ ਆਏ ਓਨ੍ਹਾਂ ਉੱਪਰ ਰੀਮਾਰਕ ਦਿੱਤੇ ਗਏ ਕਿ ਓਨ੍ਹਾਂ ਪਾਸੋਂ ਕਿੰਨਾ ਕਿੰਨਾ ਹਰਜਾਨਾ ਆਦਿ ਵਸੂਲ ਕਰਨਾ ਹੈ। ਤੇ ਜਿਨ੍ਹਾਂ ਆਪਣੀ ਗੈਰ ਹਾਜ਼ਰੀ ਦੀ ਮਜਬੂਰੀ ਦੱਸ ਕੇ ਅਰਜ਼ੀਆਂ ਘੱਲੀਆਂ ਹੋਈਆਂ ਸਨ ਕਿ ਉਹ ਕਿਸ ਕਿਸ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਸਨ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਯਾ ਨਾ ਮਨਜ਼ੂਰ ਕੀਤਾ ਗਇਆ, ਤੇ ਆਖ਼ਰ ਜੂਰੀ ਦੇ ਮੈਂਬਰਾਂ ਦੇ ਘਟ ਵਧ ਜਾਣ ਦੀ ਹਾਲਤ ਵਿਚ ਕੋਈ ਐਸੇ ਵਾਧੂ ਮੈਂਬਰ ਤਜਵੀਜ਼ ਕਰ ਰੱਖਣੇ, ਜਿਹੜੇ ਵੇਲੇ ਸਿਰ ਉਨ੍ਹਾਂ ਦੀ ਥਾਂ ਕੰਮ ਦੇ ਸੱਕਣ।

ਕੁਛ ਇਕ ਕਾਗਤਾਂ ਦੇ ਟੁਕੜੇ ਠੱਪ ਠਪਾ ਕੇ ਉੱਥੇ ਪਏ ਗਲਾਸ ਦੇ ਫੂਲਦਾਨਾਂ ਵਿੱਚੋਂ ਇਕ ਵਿਚ ਟੰਗ ਕੇ ਸਾਂਭ ਦਿੱਤੇ। ਪ੍ਰਧਾਨ ਸਾਹਿਬ ਨੇ ਆਪਣੀ ਕਮੀਜ਼ ਦੀਆਂ ਸੋਨੇ ਦੇ ਬਟਨਾਂ ਵਾਲੀਆਂ ਕਫਾਂ ਉੱਪਰ ਵਲ ਛੁੰਗੀਆਂ ਤੇ ਆਪਣੀਆਂ ਵਾਲਾਂ ਭਰੀਆਂ ਦੋਵੇਂ ਮਲੂਕ ਬੀਣੀਆਂ ਨੰਗੀਆਂ ਕੀਤੀਆਂ, ਤੇ ਜਿਵੇਂ ਇਕ ਖੇਲ ਕਰਨ ਵਾਲਾ ਜਾਦੂਗਰ ਆਪਣੇ ਹੱਥ ਉੱਚ ਕਰ ਤਾਸ਼ ਦੇ ਪੱਤੇ ਰਲਾਂਦਾ ਤੇ ਕੱਢਦਾ ਹੈ, ਉਸੀ ਤਰਾਂ ਪ੍ਰਧਾਨ ਨੇ ਪਰਚੀਆਂ ਜੇਹੀਆਂ ਪਾਈਆਂ, ਵਤ ਖੋਹਲ ਖੋਹਲ ਕੱਢੀਆਂ ਤੇ ਮੁੜ ਆਪਣੀਆਂ ਕਫਾਂ ਤਲੇ ਕਰਕੇ ਪਾਦਰੀ ਨੂੰ ਕਹਿਆ ਕਿ ਹਾਂ ਹੁਣ ਜੂਰੀ ਦੇ ਮੈਂਬਰਾਂ ਨੂੰ ਸੌਹਾਂ ਸੁਗੰਧਾਂ ਦੇਵੋ।

ਪਾਦਰੀ ਸਾਹਿਬ ਹੋਰੀ ਆਏ, ਜੀ ਆਇਆਂ ਨੂੰ। ਬੁੱਢਾ ਠੇਰਾ ਪਾਦਰੀ, ਫੁੱਲਿਆ ਸੁੱਜਿਆ ਚਿਹਰਾ, ਰੰਗ ਪੀਲਾ ਭੂਕ, ਭੂਰੇ ਰੰਗ ਦਾ ਲੰਮਾ ਚੋਲਾ, ਸੋਨੇ ਦੀ ਸਲੀਬ ਲਟਕਾਈ ਹੋਈ, ਤੇ ਕੋਈ ਇਕ ਤਮਗ਼ਾ ਵੀ ਸਜਾਇਆ ਹੋਇਆ, ਆਪਣੇ ਲੰਮੇ ਚੋਲੇ ਵਿਚ ਦੀ ਮੁਸ਼ਕਲ ਨਾਲ ਆਪਣੀਆਂ ਜੰਘਾਂ ਨੂੰ ਟੋਰਦਾਂ ਓਸ ਨਿੱਕੀ ਜੇਹੀ ਈਸਾ ਦੀ ਪ੍ਰਤਿਮਾ, ਜਿਹੜੀ ਇਕ ਪਾਸੇ ਅਦਾਲਤਾਂ ਵਿਚ ਨਿੱਕੇ ਮੰਦਰ ਜੇਹੇ ਰੂਪ ਵਿਚ ਸਥਾਪਨ ਕੀਤੀ ਹੁੰਦੀ ਹੈ, ਵਲ ਗਇਆ। ਜੂਰੀ ਦੇ ਸਾਰੇ ਮੈਂਬਰ ਉੱਠੇ ਤੇ ਓਹ ਵੀ ਉਸ ਪ੍ਰਤਿਮਾ ਪਾਸ ਜਾ ਇਕੱਠੇ ਹੋਏ।

"ਮਿਹਰਬਾਨੀ ਕਰਕੇ ਨੇੜੇ ਆਓ", ਪਾਦਰੀ ਨੇ ਅਵਾਜ਼ ਦਿੱਤੀ ਤੇ ਸੋਨੇ ਦੀ ਸਲੀਬ ਨੂੰ ਆਪਣੇ ਸੁੱਜੇ ਜੇਹੇ ਹੱਥ ਨਾਲ ਖਿੱਚ ਕੇ ਆਪਣੀ ਛਾਤੀ ਤੇ ਧਰਿਆ, ਤੇ ਉਡੀਕਣ ਲੱਗਾ ਕਿ ਸਾਰੇ ਆ ਲਵਣ।

ਇਹ ਪਾਦਰੀ ਕੋਈ ੪੬ ਸਾਲ ਥੀਂ ਲਗਾਤਾਰ ਬਸ ਇਹੋ ਕੰਮ ਕਰਦਾ ਚਲਾ ਆਇਆ ਸੀ ਤੇ ਹੁਣ ਓਹ ਇਸ ਆਉਣ ਵਾਲੀ ਖੁਸ਼ੀ ਦੀ ਉਡੀਕ ਵਿਚ ਸੀ ਕਿ ਹੋਰ ਤਿੰਨ ਸਾਲਾਂ ਨੂੰ ਓਹ ਵੀ ਆਪਣੀ ਜੁਬਲੀ ਮਨਾਵੇਗਾ ਜਿਵੇਂ ਥੋੜਾ ਚਿਰ ਹੀ ਹੋਇਆ ਸੀ ਓਹਦੇ ਲਾਟ ਪਾਦਰੀ ਨੇ ਆਪਣੀ ਮਨਾਈ ਸੀ। ਜਦ ਦੀ ਇਹ ਫੌਜਦਾਰੀ ਕਚਹਿਰੀ ਖੁਲ੍ਹੀ ਸੀ ਤਦ ਦਾ ਹੀ ਓਹ ਇੱਥੇ ਕੰਮ ਕਰਦਾ ਸੀ ਤੇ ਓਹਨੂੰ ਇਸ ਗੱਲ ਦਾ ਮਾਨ ਸੀ ਕਿ ਓਸਨੇ ਇਸ ਤਰਾਂ ਹਜਾਰਾਂ ਹੀ ਲੋਕਾਂ ਨੂੰ ਇਉਂ ਸੁਗੰਧ ਦਿੱਤੀ ਹੈ ਤੇ ਇੰਨੀ ਬ੍ਰਿਧ ਅਵਸਥਾ ਨੂੰ ਪਹੁੰਚ ਕੇ ਵੀ ਓਹ ਆਪਣੇ ਗਿਰਜੇਈ ਧਰਮ ਤੇ ਆਪਣੇ ਮੁਲਕ ਦੀ ਸੇਵਾ ਨਿਬਾਹ ਰਹਿਆ ਹੈ ਤੇ ਨਾਲੇ ਆਪਣੇ ਟੱਬਰ ਦੀ ਪਾਲਣਾ ਕਰ ਰਹਿਆ ਹੈ, ਤੇ ਉਹਨੂੰ ਨਾਲ ਲਗਦੇ ਇਹ ਵੀ ਆਸ ਸੀ ਕਿ ਇਸੀ ਕੰਮ ਦੀ ਬਰਕਤ ਨਾਲ ਓਨ੍ਹਾਂ ਲਈ ਕੁਛ ਪੂੰਜੀ ਵੀ ਵਿਰਸੇ ਵਿਚ ਛਡ ਜਾਏਗਾ। ਇਸ ਪਾਸ ਸੂਦ ਤੇ ਚੜ੍ਹੀ ਨਕਦੀ ਬੈਂਕਾਂ ਵਿਚ ੩੦੦੦੦) ਰੂਬਲ ਸਨ ਤੇ ਓਹਦੇ ਚਿਤ ਵਿਚ ਕਦੀ ਇਹ ਗਲ ਉੱਕੀ ਨਹੀਂ ਆਈ ਸੀ ਕਿ ਇਸ ਤਰਾਂ ਲੋਕਾਂ ਨੂੰ ਸੌਹਾਂ ਦੇਣਾ, ਜਿਨ੍ਹਾਂ ਲਈ ਈਸਾ ਦੀ ਅੰਜੀਲ ਵਿਚ ਸਖਤ ਮਨਾਹੀ ਹੈ, ਇਕ ਬੜਾ ਹੀ ਮਾੜਾ ਰੋਟੀ ਕਮਾਣ ਦਾ ਤ੍ਰੀਕਾ ਹੈ। ਇਸ ਗੱਲ ਦੀ ਓਹਨੂੰ ਕਦੀ ਕੋਈ ਪੀੜ ਹੀ ਨਹੀਂ ਸੀ ਹੋਈ, ਸਗੋਂ ਓਹਨੂੰ ਇਹ ਘਰੋਗੀ ਜੇਹਾ ਕੰਮ ਚੰਗਾ ਲਗਦਾ ਸੀ ਤੇ ਇਸ ਕਰਕੇ ਕਈ ਇਕ ਸ਼ਰੀਫਾਂ ਤੇ ਰਈਸਾਂ ਨਾਲ ਮੁਲਾਕਾਤਾਂ ਵਾਕਫ਼ੀਅਤਾਂ ਹੋ ਜਾਂਦੀਆਂ ਸਨ, ਤੇ ਅੱਜ ਜਿਹੜੀ ਵਾਕਫੀਅਤ ਓਹਦੀ ਓਸ ਫ਼ਿਤਨੇ ਵਕੀਲ ਨਾਲ ਹੋਈ ਸੀ ਓਹ ਓਹਨੂੰ ਬਿਨਾਂ ਅੰਦਰ ਗਦਗਦੀ ਦੇਣ ਦੇ ਤਾਂ ਨਹੀਂ ਸੀ ਹੋਈ। ਉਸ ਲਈ ਉਸਦੇ ਅੰਦਰ ਇਕ ਬੜੇ ਅਦਬ ਦੇ ਭਾਵ ਆਏ ਸਨ ਕਿ ਕਿੰਨਾ ਲਾਇਕ ਹੈ ਜਿਸ ੧੦੦੦੦) ਰੂਬਲ ਇਕ ਮੁਕੱਦਮੇਂ ਵਿਚ ਖੱਟਿਆ ਤੇ ਉਸ ਬੁਢੀ ਜਨਾਨੀ, ਜਿਹਦੀ ਟੋਪੀ ਵਿਚ ਵਡੇ ਵਡੇ ਫੁਲ ਲਗੇ ਸਨ, ਦੇ ਬਰਖ਼ਲਾਫ ਮੁਕੱਦਮਾਂ ਜਿਤਿਆ ਸੀ, ਬੱਲੇ ਓ ਪਾਦਰੀਆ!

ਜਦ ਓਹ ਸਾਰੇ ਪਲੈਟਫਾਰਮ ਦੀਆਂ ਪਉੜੀਆਂ ਚੜ੍ਹਕੇ ਉੱਪਰ ਆ ਗਏ, ਪਾਦਰੀ ਨੇ ਆਪਣਾ ਗੰਜਾ ਚਿੱਟਾ ਸਿਰ ਓਸ ਕਾਲੇ ਰੇਸ਼ਮੀ ਚੋਗ਼ੇ ਦੀ ਥਿੰਧੀ ਥਿੰਧਾਰ ਮੋਰੀ ਜੇਹੀ ਵਿਚੋਂ ਬਾਹਰ ਕੱਢਿਆ ਤੇ ਆਪਣੇ ਪਤਲੇ ਪਏ ਵਾਲਾਂ ਨੂੰ ਮੁੜ ਇਕ ਵੇਰੀ ਹੱਥ ਫੇਰ ਕੇ ਸਵਾਰ ਕੇ ਉਹ ਜੂਰੀ ਵਲ ਮੁਖਾਤਿਬ ਹੋਇਆ, "ਹੁਣ ਆਪਣੇ ਸੱਜੇ ਹੱਥ ਇਉਂ ਮੇਰੇ ਵਾਂਗ ਖੜੇ ਕਰੋ, ਤੇ ਆਪਣੀਆਂ ਉਂਗਲਾਂ ਇਉਂ ਮੇਰੇ ਵਾਂਗ ਕੱਠੀਆਂ ਕਰੋ"—ਇਹ ਆਪਣੀ ਕੰਬ ਰਹੀ ਆਵਾਜ਼ ਵਿਚ ਕਹਿ ਕੇ ਓਸ ਆਪਣਾ ਮੋਟਾ ਭੜੋਲਾ ਹੋਇਆ ਝੁਰਲੀਆਂ ਪਈਆਂ ਹੱਥ ਉੱਚਾ ਕੀਤਾ ਤੇ ਆਪਣਾ ਅੰਗੂਠਾ ਤੇ ਦੋ ਪਹਿਲੀਆਂ ਉਂਗਲਾਂ ਇਉਂ ਜੋੜੀਆਂ ਜਿਵੇਂ ਕੋਈ ਚੁਟਕੀ ਭਰਨ ਲੱਗਦਾ ਹੈ। "ਹਾਂ ਹੁਣ ਮੇਰੇ ਮਗਰ ਮਗਰ ਇਹ ਲਫਜ਼ ਦੁਹਰਾਈ ਜਾਵੋ"- "ਮੈਂ ਸਰਬ ਸ਼ਕਤੀਮਾਨ ਰੱਬ ਦੀ ਸੌਂਹ ਖਾ ਕੇ ਤੇ ਆਪਣੇ ਮਾਲਕ ਦੀ ਪਾਕ ਅੰਜੀਲ ਦੀ ਸੌਂਹ ਖਾ ਕੇ ਤੇ ਇਸ ਸਲੀਬ ਦੀ ਸੌਂਹ ਖਾ ਕੇ ਇਕਰਾਰ ਕਰਦਾ ਹਾਂ ਕਿ ਇਸ ਕੰਮ ਵਿਚ", ਓਹ ਕਹਿੰਦਾ ਇਉਂ ਸੀ ਕਿ ਹਰ ਇਕ ਲਫਜ਼ ਕਹਿਣ ਦੇ ਬਾਹਦ ਕੁਛ ਠਹਿਰ ਜਾਂਦਾ ਸੀ, (ਨਾਲੇ ਕਵਾਇਦ ਠੀਕ ਕਰਵਾਣ ਲਈ ਕਿਸੀ ਕਿਸੀ ਨੂੰ ਕਹੀ ਜਾਂਦਾ ਸੀ)-'ਭਾਈ, ਆਪਣੀ ਬਾਂਹ ਤਲੇ ਨ ਕਰ, ਇਉਂ ਸਿਧੀ ਉੱਚੀ ਰਖ", ਤੇ ਓਸ ਨੇ ਲੱਗਦੇ ਹੀ ਇਕ ਨੌਜਵਾਨ ਆਦਮੀ ਨੂੰ ਜਿਸ ਨੇ ਬਾਂਹ ਤਲੇ ਕਰ ਛੱਡੀ ਸੀ ਝਾੜਿਆ ਵੀ—"ਕਿ ਇਸ ਕੰਮ ਵਿਚ, ਜਿਹੜਾ......"।

ਓਸ ਪੁਰ ਰੋਹਬ ਦਾਹੜੀ ਵਾਲੇ ਆਦਮੀ, ਕਰਨੈਲ ਤੇ ਸੌਦਾਗਰ ਤੇ ਕੇਈ ਹੋਰਾਂ ਨੇ ਆਪਣੀਆਂ ਬਾਹਾਂ ਤੇ ਉਂਗਲਾਂ ਠੀਕ ਉਸੀ ਤਰਾਂ ਰੱਖੀ ਰਖੀਆਂ ਜਿਵੇਂ ਪਾਦਰੀ ਨੇ ਕਹਿਆ ਸੀ, ਜਿਵੇਂ ਓਹ ਇਸ ਕਵਾਇਦ ਕਰਨ ਦੇ ਸ਼ਾਇਕ ਹੀ ਸਨ, ਪਰ ਹੋਰਨਾਂ ਨੇ ਇਹ ਕਵਾਇਦ ਬੇਪਰਵਾਹੀ ਤੇ ਬਿਨਾਂ ਰਜ਼ਾਮੰਦੀ ਦੇ ਕੀਤੀ। ਕਈਆਂ ਨੇ ਤਾਂ ਉਹ ਲਫਜ਼ ਬੜੀ ਉੱਚੀ ਗੁਸਤਾਖ਼ੀ ਜੇਹੀ ਦੀ ਸੁਰ ਨਾਲ ਉਚਾਰੇ। ਬਾਜਿਆਂ ਨੇ ਤਾਂ ਮੁਕਾਬਲਾ ਜੇਹਾ ਕਰਨ ਦੀ ਤਬੀਅਤ ਨਾਲ ਬੋਲੇ ਜਿਵੇਂ ਓਨ੍ਹਾਂ ਦੇ ਮਨ ਵਿਚ ਇਹ ਗੱਲ ਆਈ ਸੀ ਕਿ ਆਹ ਲੌ ਜੇ ਤੁਸਾਂ ਇਹ ਬੋਲ ਬੁਲਾਣੇ ਹੀ ਹਨ ਤਦ ਅਸੀਂ ਬੋਲ ਦਿੰਦੇ ਹਾਂ। ਹੋਰਨਾਂ ਨੇ ਬੜੀ ਹੀ ਨੀਵੀਂ ਆਵਾਜ਼ ਤਕਰੀਬਨ ਗੋਸ਼ੇ ਵਾਂਗ ਦੁਹਰਾਏ ਤੇ ਫਿਰ ਜਿੰਵੇਂ ਡਰ ਗਏ, ਪਾਦਰੀ ਦੇ ਲਫਜ਼ਾਂ ਨੂੰ ਛੇਤੀ ਛੇਤੀ ਫੜਨ ਦੀ ਕੀਤੀ, ਬਾਜਿਆਂ ਤਾਂ ਆਪਣੀਆਂ ਚੁਟਕੀਆਂ ਘੁੱਟ ਕੇ ਰਖੀਆਂ ਜਿਵੇਂ ਕੋਈ ਨ ਦਿੱਸਦੀ ਚੀਜ ਓਨ੍ਹਾਂ ਉਂਗਲਾਂ ਵਿਚ ਓਵੇਂ ਫੜੀ ਹੋਈ ਹੈ ਤੇ ਢਿੱਲਾ ਕਰਨ ਨਾਲ ਓਹ ਤਲੇ ਢਹਿ ਪਵੇਗੀ। ਦੂਜੇ ਹੋਰ ਕਦੀ ਖੋਲ੍ਹਦੇ ਤੇ ਕਦੀ ਚੁਟਕੀ ਮਾਰ ਲੈਂਦੇ ਸਨ। ਇਕ ਪਾਦਰੀ ਦੇ ਸਵਾਏ ਸਾਰਿਆਂ ਨੂੰ ਇਹ ਕਵਾਇਦ ਕਰਨ ਵਿਚ ਅਲਖਤ ਜੇਹੀ ਆਈ ਸੀ ਪਰ ਪਾਦਰੀ ਆਪਣੇ ਮਨ ਵਿਚ ਨਿਸਚਿੰਤ ਸੀ ਕਿ ਓਹ ਇਕ ਬੜਾ ਹੀ ਜਰੂਰੀ ਤੇ ਲੋੜਵੰਦਾ ਕੰਮ ਕਰ ਰਹਿਆ ਹੈ।

ਸੌਂਹ ਖਵਾਣ ਦੀ ਰਸਮ ਪੂਰੀ ਹੋ ਜਾਨ ਮਗਰੋਂ ਪ੍ਰਧਾਨ ਜੂਰੀ ਨੂੰ ਕਹਿਆ ਕਿ ਹੁਣ ਓਹ ਕੋਈ ਆਪਣਾ ਫੋਰਮੈਨ ਚੁਣ ਲੈਣ। ਜੂਰੀ ਓਹ ਹੁਕਮ ਲੈਕੇ ਅਦਾਲਤ ਥੀਂ ਬਾਹਰ ਆਪਣੇ ਬਹਸ ਕਰਨ ਵਾਲੇ ਕਮਰੇ ਵਿਚ ਤੁਰ ਗਈ। ਓਥੇ ਜਾਕੇ ਸਾਰਿਆਂ ਨੇ ਆਪਣੀਆਂ ਸਿਗਰਟਾਂ ਦੀਆਂ ਡੱਬੀਆਂ ਖੋਲ੍ਹੀਆਂ, ਸਿਗਰਟ ਕੱਢੇ ਤੇ ਪੀਣ ਲੱਗ ਪਏ। ਇਕ ਨੇ ਓਸ ਪੁਰ ਰੋਹਬ ਆਦਮੀ ਨੂੰ ਫੋਰਮੈਨ ਚੁਣਨ ਦੀ ਤਜਵੀਜ਼ ਕੀਤੀ ਤੇ ਹੋਰਨਾਂ ਸਾਰਿਆਂ ਹਾਂ ਜੀ ਹਾਂ ਜੀ ਕਰ ਦਿਤੀ ਅਤੇ ਓਹਨੂੰ ਇਸ ਪਦਵੀ ਤੇ ਥਾਪ ਦਿੱਤਾ। ਆਪਣੀਆਂ ਸਿਗਰਟਾਂ ਸਭ ਨੇ ਬੁਝਾਈਆਂ ਤੇ ਸੁਟ ਪਾਈਆਂ। ਮੁੜ ਸਾਰੇ ਅਦਾਲਤ ਦੇ ਕਮਰੇ ਵਿਚ ਚਲੇ ਗਏ, ਓਸ ਪੁਰ ਰੋਹਬ ਆਦਮੀ ਨੇ ਪ੍ਰਧਾਨ ਨੂੰ ਇਤਲਾਹ ਦਿਤੀ, ਕਿ ਓਹ ਫੋਰਮੈਨ ਚੁਣਿਆ ਗਇਆ ਹੈ, ਤੇ ਸਾਰੇ ਫਿਰ ਉਨ੍ਹਾਂ ਬੜੀਆਂ ਉਚੀਆਂ ਪਿਠਾਂ ਵਾਲੀਆਂ ਕੁਰਸੀਆਂ ਤੇ ਸਜ ਗਏ।

ਕਾਰਵਾਈ ਦੀ ਹਰ ਗੱਲ ਬੇਰੋਕ ਟੋਕ ਤੁਰੀ ਜਾਂਦੀ ਸੀ, ਤੇ ਹਰ ਇਕ ਕੀਤੇ ਕੰਮ ਤੇ ਚੁੱਕੇ ਕਦਮ ਵਿਚ ਪ੍ਰਭਾਵ ਵਾਲੀ ਸੰਜੀਦਗੀ ਸੀ ਤੇ ਹਰ ਇਕ ਗਲ ਦਾ ਇਹ ਠੀਕ ਠੀਕ ਸਹੀ ਹੋਣਾ, ਨਫੀਸ ਤਰਤੀਬ, ਤੇ ਅਦਾਲਤ ਦੇ ਕਮਰੇ ਦੀ ਪੂਰੀ ਸੰਜੀਦਗੀ ਸਭ ਨੂੰ ਜਿਹੜੇ ੨ ਇਸ ਕੰਮ ਵਿਚ ਹਿੱਸਾ ਲੈ ਰਹੇ ਸਨ ਚੰਗੀ ਲਗ ਰਹੀ ਸੀ, ਤੇ ਇਸ ਕਰਕੇ ਵੀ ਓਨ੍ਹਾਂ ਦੇ ਅੰਦਰ ਦੇ ਓਸ ਨਿਹਚੇ ਨੂੰ ਤਾਕਤ ਮਿਲ ਰਹੀ ਸੀ ਕਿ ਓਹ ਦਰ ਹਕੀਕਤ ਕੋਈ ਬੜਾ ਹੀ ਜ਼ਰੂਰੀ ਤੇ ਸੰਜੀਦਾ ਖਲਕੇ ਖੁਦਾ ਦਾ ਕੰਮ ਸਿਰੇ ਚਾਹੜ ਰਹੇ ਹਨ। ਨਿਖਲੀਊਧਵ ਵੀ ਇਸੇ ਨਿਸਚੇ ਵਿਚ ਓਥੇ ਬੈਠਾ ਸੀ।

ਜਿਵੇਂ ਜੂਰੀ ਵਾਲੇ ਆਪਣੇ ਆਪਣੇ ਥਾਂ ਤੇ ਬੈਠੇ, ਪ੍ਰਧਾਨ ਹੋਰੀ ਉਠੇ, ਅਰ ਉਨ੍ਹਾਂ ਨੇ ਇਕ ਸਪੀਚ ਦਿਤੀ ਕਿ ਮਿੰਬਰਾਂ ਦੇ ਕੀ ਹੱਕ ਹਨ, ਕੀ ਫਰਜ਼ ਹਨ ਤੇ ਕੀ ਕੀ ਜ਼ਿੰਮੇਵਾਰੀਆਂ ਹਨ। ਨਾਲੇ ਬੋਲੀ ਜਾਂਦਾ ਸੀ ਤੇ ਨਾਲੇ ਆਪਣੇ ਜਿਸਮ ਨੂੰ ਲਚਕਾ ਪਚਕਾ ਕੇ ਕੁਛ ਬਤਾਵੇ ਜੇਹੇ ਕਰੀ ਜਾਂਦਾ ਸੀ। ਕਦੀ ਓਹ ਆਪਣੀ ਸੱਜੀ ਬਾਂਹ ਦੀ ਖੱਬੀ ਬਾਂਹ ਉਪਰ ਢਾਸਣਾ ਲਾ ਲੈਂਦਾ ਸੀ। ਕਦੀ ਕੁਰਸੀ ਦੀ ਪਿੱਠ ਉੱਪਰ ਪਿਛੇ ਢੋਹ ਲਾ ਲੈਂਦਾ ਸੀ, ਕਦੀ ਕੁਰਸੀ ਦੀਆਂ ਬਾਹਾਂ ਉੱਪਰ ਝੁਕ ਜਾਂਦਾ ਸੀ, ਕਦੀ ਕਾਗਤਾਂ ਨੂੰ ਸਿੱਧਾ ਕਰਨ ਲਗ ਜਾਂਦਾ ਸੀ, ਕਦੀ ਪਿਨਸਲ ਨੂੰ ਹੱਥ ਵਿਚ ਘੁੰਮਾਂਦਾ, ਤੇ ਕਦੀ ਕਾਗਤ ਕੱਟਣ ਵਾਲੀ ਛੁਰੀ ਚਕ ਓਸ ਨਾਲ ਖੇਡਣ ਜੇਹਾ ਲੱਗ ਜਾਂਦਾ ਸੀ।

ਓਸ ਨੇ ਕਿਹਾ ਕਿ ਮਿੰਬਰ ਜੋ ਪ੍ਰਸ਼ਨ ਮੁਲਜ਼ਮਾਂ ਤੇ ਕਰਨਾ ਚਾਹਣ ਪ੍ਰਧਾਨ ਦੇ ਰਾਹੀਂ ਕਰ ਸਕਦੇ ਹਨ, ਕਾਗਜ਼ ਤੇ ਪਿਨਸਲਾਂ ਸਰਕਾਰੀ ਵਰਤ ਸਕਦੇ ਹਨ, ਤੇ ਸ਼ਹਾਦਤ ਵਿਚ ਜੋ ਜੋ ਚੀਜ਼ ਆਣ ਕੇ ਪੇਸ਼ ਹੋਵੇ ਓਹ ਵੇਖ ਸੱਕਦੇ ਹਨ, ਤੇ ਓਨ੍ਹਾਂ ਦਾ ਫਰਜ਼ ਹੈ ਕਿ ਓਹ ਠੀਕ ਠੀਕ ਇਨਸਾਫ ਕਰਨ, ਕਈ ਤਰਾਂ ਦੇ ਅਸਰ ਹੇਠ ਇਨਸਾਫ ਥੀਂ ਪਰੇ ਨ ਜਾਣ, ਤੇ ਓਨ੍ਹਾਂ ਦੀ ਜਿੰਮੇਂਵਾਰੀ ਇਹ ਹੈ ਕਿ ਅਦਾਲਤ ਦੇ ਕਮਰੇ ਥੀਂ ਕਿਸੀ ਬਹਸ ਦਾ ਹਿੱਸਾ, ਯਾ ਕੋਈ ਹੋਰ ਭੇਤ ਵਾਲੀ ਗਲ ਓਹ ਕਿਸੀ ਨੂੰ ਜਾ ਕੇ ਨ ਦੱਸਣ ਤੇ ਜੇ ਦੱਸੀ ਤੇ ਸਜ਼ਾ ਦੇ ਓਹ ਭਾਗੀ ਬਣਨਗੇ। ਸਭ ਨੇ ਬੜੇ ਅਦਬ ਭਰੇ ਧਿਆਨ ਨਾਲ ਓਹ ਗੱਲਾਂ ਸੁਣੀਆਂ, ਤੇ ਓਹ ਸੌਦਾਗਰ ਜਿਦੇ ਨੇੜੇ ਦੇ ਆਲੇ ਦੁਆਲੇ ਓਹਦੇ ਮੂੰਹ ਵਿਚ ਦੀ ਆਂਦੀ ਬ੍ਰਾਂਡੀ ਦੀ ਬੂ ਫੈਲ ਰਹੀ ਸੀ, ਬੜੀ ਮੁਸ਼ਕਲ ਨਾਲ ਆਪਣੀ ਹਿਡਕੀ ਨੂੰ ਰੋਕਦਾ ਸੀ ਤੇ ਹਰ ਇਕ ਪ੍ਰਧਾਨ ਦੇ ਫਿਕਰੇ ਉੱਪਰ ਸਿਰ ਹਿਲਾਂਦਾ ਸੀ ਜਿਵੇਂ ਓਹ ਕਹਿ ਰਹਿਆ ਸੀ, ਜੀ ਠੀਕ, ਜੀ ਠੀਕ।

ਮੋਇਆਂ ਦੀ ਜਾਗ-ਕਾਂਡ ੯. : ਲਿਉ ਤਾਲਸਤਾਏ

ਜਦ ਪ੍ਰਧਾਨ ਆਪਣੀ ਗੱਲ ਖਤਮ ਕਰ ਚੁਕਾ ਤਦ ਓਹ ਮੁਲਜ਼ਿਮਾਂ ਵਲ ਮੁਖਾਤਿਬ ਹੋਇਆ, "ਸਾਈਮਨ ਕਾਰਤਿਨਕਿਨ, ਖੜਾ ਹੋ।"

ਸਾਈਮਨ ਕੁਦ ਕੇ ਉੱਠਿਆ, ਓਹਦੇ ਹੋਠ ਬੜੀ ਤੇਜੀ ਨਾਲ ਹਿਲ ਰਹੇ ਸਨ।

"ਤੇਰਾ ਨਾਂ?"

"ਸਾਈਮਨ ਪੈਤਰੋਵ ਕਾਰਤਿਨਕਿਨ", ਓਸ ਜਲਦੀ ਨਾਲ ਕਹਿਆ ਪਰ ਆਵਾਜ ਚਿਰੀ ਹੋਈ ਸੀ, ਤੇ ਸਾਫ ਦਿੱਸ ਰਹਿਆ ਸੀ, ਕਿ ਓਸ ਜਵਾਬ ਘਾੜਵਾਂ ਦਿੱਤਾ ਹੈ।

"ਕੀ ਜਾਤ?" "ਕਿਸਾਨ।" "ਕਿਹੜਾ ਸੂਬਾ, ਜ਼ਿਲਾ ਤੇਰਾ? ਕਿਹੜਾ ਗਿਰਜਈ ਜ਼ਿਲਾ ਅਰਥਾਤ ਕਿਹੜੇ ਪਾਦਰੀ ਦਾ ਇਲਾਕਾ ਤੇਰਾ?"

"ਤੂਲਾ ਸੂਬਾ, ਕਰਾਪੀਵੈਨਸਕੀ ਜ਼ਿਲਾ, ਕੁਪਆਨਸਕੀ ਪੈਰਿਸ਼ ( ਪਾਦਰੀ ਦਾ ਇਲਾਕਾ), ਗਰਾਂ ਬੋਰਕੀ।"

"ਤੇਰੀ ਉਮਰ?"

"੩੩ ਸਾਲ, ਮੈਂ ਜੰਮਿਆਂ ਸਾਂ ਇਕ ਹਜ਼ਾਰ ਅੱਠ———"।

"ਕੀ ਮਜ੍ਹਬ?"

"ਰੂਸੀ ਮਜ੍ਹਬ ਸਨਾਤਨੀ।"

"ਵਿਆਹਿਆ ਕਿ ਨਹੀਂ?"

"ਜਨਾਬ, ਨਹੀਂ।"

"ਕੀ ਕੰਮ ਕਰਦਾ ਹੈਂ?"

"ਹੋਟਲ ਮੌਰੀਟੇਨੀਆ ਵਿਚ ਨੌਕਰੀ।"

"ਕਦੀ ਪਹਿਲਾਂ ਵੀ ਤੇਰੇ ਉੱਪਰ ਮੁਕੱਦਮਾਂ ਬਣਿਆ?"

"ਨਹੀਂ ਜੀ, ਇਸ ਥੀਂ ਪਹਿਲਾਂ ਮੇਰੇ ਉੱਪਰ ਕਦੀ ਕੋਈ ਮੁਕੱਦਮਾਂ ਨਹੀਂ ਸੀ ਬਣਿਆ ਇਸ ਥੀਂ ਪਹਿਲਾਂ ਅਸੀ ਰਹਿੰਦੇ......."

"ਅੱਛਾ ਤੇਰੇ ਉੱਪਰ ਪਹਿਲਾਂ ਕਦੀ ਮੁਕੱਦਮਾਂ ਨਹੀਂ ਬਣਿਆ?"

"ਰੱਬ ਨਹੀਂ ਕੀਤਾ ਜੀ, ਕਦੀ ਨਹੀਂ।"

"ਫਰਦ ਜੁਰਮ ਦੀ ਕਾਪੀ ਤੈਨੂੰ ਮਿਲੀ ਹੈ?"

"ਮੇਰੇ ਪਾਸ ਹੈ।"

"ਬਹਿ ਜਾ।"

ਯੋਫੇਮੀਆ ਈਵਾਨੋਵਨਾ ਬੋਚਕੋਵਾ ਪ੍ਰਧਾਨ ਨੇ ਦੂਜੇ ਮੁਲਜ਼ਿਮ ਵਲ ਮੁਖਾਤਿਬ ਹੋ ਕੇ ਕਹਿਆ।

ਪਰ ਸਾਈਮਨ ਬੋਚਕੋਵਾ ਦੇ ਮੂਹਰੇ ਖੜੋਤਾ ਹੀ ਰਹਿਆ।

"ਕਾਰਤਿਨਕਿਨ-ਬਹਿ ਜਾ।"

ਪਰ ਕਾਰਤਿਨਕਿਨ ਤਦ ਹੀ ਜਾ ਕੇ ਬੈਠਾ ਜਦ ਅਸ਼ਰ ਸਾਹਿਬ ਆਪਣਾ ਸਿਰ ਇਕ ਪਾਸੇ ਸੁੱਟਿਆ ਹੋਇਆ ਤੇ ਅੱਖਾਂ ਭੈ ਦੇਣ ਲਈ ਚਪਾਟ ਖੋਲ੍ਹੀਆਂ ਹੋਈਆਂ ਦੌੜਦਾ ਓਸ ਵਲ ਆਇਆ ਤੇ ਓਹਨੂੰ ਗੋਸ਼ੇ ਵਿਚ ਐਸੀ ਤਰਾਂ ਕਹਿਆ ਜਿਵੇਂ ਹੁਣੇ ਕੋਈ ਖੂਨ ਹੋਣ ਲੱਗਾ ਹੈ—"ਬਹਿ ਜਾਹ, ਓਏ ਬਹਿ ਜਾਹ।" ਤਦ ਉਹ ਓਵੇਂ ਹੀ ਛੇਤੀ ਬਹਿ ਗਿਆ ਜਿਵੇਂ ਛੇਤੀ ਕੁੱਦ ਕੇ ਝਟ ਪਟ ਉੱਠਿਆ ਸੀ। ਆਪਣਾ ਵੱਡਾ ਕੋਟ ਆਪਣੇ ਅੱਗੇ ਪਿੱਛੇ ਭੰਨ ਕੇ ਬਹਿ ਗਿਆ ਤੇ ਚੁਪ ਚਾਪ ਆਪਣੇ ਹੋਠ ਹਿਲਾਣ ਲੱਗ ਪਇਆ।

"ਤੇਰਾ ਨਾਂ", ਪ੍ਰਧਾਨ ਨੇ ਕੈਦੀ ਨੂੰ ਪੁਛਿਆ, ਪਰ ਅੱਖ ਉਠਾ ਕੇ ਕੈਦੀ ਵਲ ਨਾਹ ਤੱਕਿਆ। ਆਪਣੇ ਅੱਗੇ ਧਰੇ ਕਾਗਤਾਂ ਵੱਲ ਹੀ ਵੇਂਹਦਾ ਰਿਹਾ। ਪ੍ਰਧਾਨ ਆਪਣੇ ਕੰਮ ਵਿਚ ਇੰਨਾਂ ਨਿਪੁੰਨ ਸੀ ਕਿ ਇੱਕੋ ਵਕਤ ਦੋ ਦੋ ਕੰਮ ਕਰ ਲੈਂਦਾ। ਸੀ ਤਾਕਿ ਕੰਮ ਜਲਦੀ ਨਿਪਟਾ ਸਕੇ।

ਬੋਚਕੋਵਾ ੪੩ ਸਾਲ ਦੀ ਉਮਰ ਦੀ ਸੀ ਤੇ ਰਹਿਣ ਵਾਲ ਕੋਲੋਮਨਾ ਸ਼ਹਿਰ ਦੀ ਸੀ। ਉਹ ਵੀ ਹੋਟਲ ਮੌਰੀਟੇਨੀਆ ਨੌਕਰ ਸੀ।

"ਮੈਂ ਇਸ ਥੀਂ ਪਹਿਲਾਂ ਕਦੀ ਨਹੀਂ ਸਾਂ ਫੜੀ ਗਈ ਮੇਰੇ ਪਾਸ ਫਰਦ ਜਰਮ ਦੀ ਕਾਪੀ ਹੈ", ਉਹ ਸਾਰੇ ਜਵਾਬ ਬੜੀ ਦਲੇਰੀ ਨਾਲ ਦਿੰਦੀ ਗਈ ਤੇ ਇਉਂ ਬੋਲਦੀ ਸੀ ਜਿਵੇਂ ਹਰ ਜਵਾਬ ਨਾਲ ਓਸ ਇਹ ਵੀ ਕਹਿਣਾ ਹੈ:—

"ਠੀਕ ਠੀਕ, ਯੋਫੇਮੀਆ ਬੋਚਕੋਵਾ! ਤੈਨੂੰ ਆਪਣੇ ਉਪਰ ਲੱਗੇ ਜੁਰਮ ਦਾ ਪਤਾ ਹੈ, ਤੈਨੂੰ ਏਸ ਗੱਲ ਦੀ ਕੋਈ ਪ੍ਰਵਾਹ ਨਹੀਂ ਜੇ ਹੋਰਨਾਂ ਨੂੰ ਤੇਰੇ ਜੁਰਮ ਦੀ ਖਬਰ ਹੋ ਜਾਵੇ ਤੇ ਤੂੰ ਕੋਈ ਹੋਰ ਫਜ਼ੂਲ ਗੱਲ ਨਹੀਂ ਬਰਦਾਸ਼ਤ ਕਰੇਂਗੀ।"

ਓਹ ਜਦ ਸਾਰੇ ਜਵਾਬ ਦੇ ਚੁਕੀ ਤਾਂ ਬਿਨਾਂ ਕਿਸੀ ਥੀਂ ਅਖਵਾਏ ਦੇ ਹੀ ਆਪਣੀ ਥਾਂ ਤੇ ਬਹਿ ਗਈ।

"ਤੇਰਾ ਨਾਂ?" ਓਸ ਜਨਾਨੀਆਂ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਨੇ ਤੀਸਰੇ ਕੈਦੀ ਵਲ ਖਾਸ ਨਰਮੀ ਦੀ ਨਿਗਾਹ ਨਾਲ ਵੇਖ ਕੇ ਪੁੱਛਿਆ।

"ਤੈਨੂੰ ਖੜਾ ਹੋਣਾ ਪਵੇਗਾ," ਤਾਂ ਪ੍ਰਧਾਨ ਨੇ ਮੁੜ ਬੜੀ ਨਰਮੀ ਨਾਲ ਬੜੇ ਹੌਲੇ ਜੇਹਾ ਕਹਿਆ, ਇਹ ਵੇਖ ਕੇ ਕਿ ਮਸਲੋਵਾ ਖੜੀ ਨਹੀਂ ਸੀ ਹੋਈ।

ਮਸਲੋਵਾ ਆਪਣੀ ਛਾਤੀ ਪੂਰੀ ਤਣ ਕੇ ਖੜੀ ਹੋ ਗਈ, ਤੇ ਪ੍ਰਧਾਨ ਵਲ ਵੇਖਣ ਲੱਗ ਗਈ। ਓਹਦੀਆਂ ਹਸੂ ਹਸੂ ਕਰਦੀਆਂ ਅੱਖਾਂ ਵਿਚ ਇਕ ਖਾਸ ਤਰ੍ਹਾਂ ਦੀ ਬੇਪਰਵਾਹੀ ਦਾ ਰੰਗ ਸੀ, ਜੋ ਹੋਵੇ ਸੋ ਹੋਵੇ ਓਹ ਹਰ ਗੱਲ ਲਈ ਤਿਆਰ ਸੀ।

"ਤੇਰਾ ਨਾਂ ਕੀ ਹੈ?"

"ਲੂਬੋਵ", ਛੇਤੀ ਦੇਕੇ ਉਸ ਕਹਿਆ।

ਨਿਖਲੀਊਧਵ ਨੇ ਆਪਣੇ ਪਿਨਸਨੇਜ਼ ਪਾ ਲਏ ਸਨ ਤੇ ਬੜੀ ਗਹੁ ਨਾਲ ਸਭ ਕੈਦੀਆਂ ਨੂੰ ਵੇਖੀ ਜਾਂਦਾ ਸੀ ਤੇ ਜਿਸ ਤਰਾਂ ਓਹ ਸਵਾਲਾਂ ਦੇ ਜਵਾਬ ਦਿੰਦੇ ਜਾਂਦੇ ਸਨ ਓਹ ਸੁਣੀ ਜਾਂਦਾ ਸੀ।

"ਨਹੀਂ ਇਹ ਹੋਣਾ ਨਾਮੁਮਕਨ ਹੈ", ਓਸ ਵਿਚਾਰਿਆ ਤੇ ਆਪਣੀਆਂ ਅੱਖਾਂ ਮਸਲੋਵਾ ਵਿਚ ਗੱਡੀ ਰੱਖੀਆਂ। ਤੇ ਕੈਦੀ ਦਾ ਜਵਾਬ ਸੁਣਕੇ ਓਸ ਆਪਣੇ ਆਪ ਨੂੰ ਕਹਿਆ, "ਲੂਬੋਵ! ਇਹ ਕਿੰਞ ਹੋ ਸਕਦਾ ਹੈ?"

ਪ੍ਰਧਾਨ ਆਪਣੇ ਸਵਾਲਾਂ ਨੂੰ ਅਗਾਂਹਾ ਤੋਰਨ ਹੀ ਲੱਗਾ ਸੀ ਕਿ ਐਨਕਾਂ ਵਾਲੇ ਮਿੰਬਰ ਨੇ ਓਹਨੂੰ ਰੋਕਿਆ ਤੇ ਓਹਦੇ ਕੰਨ ਵਚ ਗੁੱਸੇ ਨਾਲ ਕੁਛ ਗੋਸ਼ਾ ਕੀਤਾ। ਪ੍ਰਧਾਨ ਨੇ ਸਿਰ ਹਿਲਾਇਅ ਕੈਦੀ ਵਲ ਮੁਖਾਤਬ ਹੋਇਆ।

"ਇਹ ਕਿਸ ਤਰਾਂ ਹੋਇਆ?" ਓਸ ਕਹਿਆ "ਕਿ ਇਥੇ ਸਾਡੇ ਪਾਸ ਤੇਰਾ ਨਾਂ ਲੂਬੋਵ ਨਹੀਂ ਲਿਖਿਆ ਹੋਇਆ।"

ਕੈਦੀ ਚੁਪ ਰਹਿਆ।

"ਮੈਂ ਤੇਰਾ ਅਸਲੀ ਨਾਂ ਪੁੱਛਦਾ ਹਾਂ।"

"ਓਏ ਨੀ! ਤੇਰਾ ਬਿਪਤਿਸਮੇਂ ਦਾ ਕੀ ਨਾਂ ਹੈ?" ਓਸ ਗੁਸੀਲ ਐਨਕਾਂ ਵਾਲੇ ਮਿੰਬਰ ਨੇ ਪੁਛਿਆ।

"ਪਹਿਲਾਂ ਮੈਨੂੰ ਕਾਤੇਰੀਨਾ ਕਰਕੇ ਸੱਦਦੇ ਸਨ।"

"ਨਹੀਂ-ਇਹ ਗੱਲ ਕਦਾਚਿਤ ਨਹੀਂ ਹੋ ਸਕਦੀ," ਨਿਖਲੀਊਧਵ ਨੇ ਆਪਣੇ ਮਨ ਵਿਚ ਕਹਿਆ। ਪਰ ਤਦ ਵੀ ਓਹਨੂੰ ਨਿਸਚਾ ਹੋ ਚੁਕਾ ਸੀ ਕਿ ਇਹ ਉਹੋ ਕੁੜੀ ਹੈ—ਅੱਧੀ ਨੌਕਰ ਤੇ ਅੱਧੀ ਧੀ, ਜਿਸਨੂੰ ਓਸ ਨੇ ਇਕ ਵੇਰੀ ਪਿਆਰ ਕੀਤਾ ਸੀ, ਠੀਕ ਸੁਚਾ ਤੇ ਸੱਚਾ ਪਿਆਰ ਕੀਤਾ ਸੀ, ਤੇ ਇਕ ਬੇਹੋਸ਼ ਜੇਹੀ ਕਾਮਾਤੁਰ ਪਾਗਲ ਹੋਈ ਹੋਈ ਆਪਣੇ ਮਨ ਦੀ ਹਾਲਤ ਦੀ ਘੜੀ ਵਿਚ ਉਸ ਨੇ ਜਿਸ ਨੂੰ ਭਰਮਾਇਆ ਸੀ, ਖਰਾਬ ਕੀਤਾ ਸੀ, ਤੇ ਫਿਰ ਛੱਡ ਦਿਤਾ ਸੀ ਤੇ ਮੁੜ ਕਦੀ ਵੀ ਓਹਨੂੰ ਯਾਦ ਤਕ ਨਹੀਂ ਕੀਤਾ ਸੀ, ਇਸ ਲਈ ਕਿ ਓਸ ਗੱਲ ਨੂੰ ਯਾਦ ਰੱਖਣਾ ਓਹਦੀ ਸਾਰੀ ਉਮਰ ਦੇ ਦੁਖ ਦਾ ਕਾਰਨ ਹੁੰਦਾ, ਤੇ ਓਸ ਗੱਲ ਦੀ ਯਾਦ ਹਮੇਸ਼ਾਂ ਓਹਨੂੰ ਸੱਚਾ ਇਲਜ਼ਾਮ ਲਾਉਂਦੀ ਰਹਿੰਦੀ, ਤੇ ਓਹ ਯਾਦ ਓਹਨੂੰ ਆਪਣੇ ਆਪ ਨੂੰ ਸਾਬਤ ਕਰ ਕਰ ਦਸਦੀ ਕਿ ਓਸ ਜਿਸ ਨੂੰ ਆਪਣੇ ਚਾਲ ਚਲਨ ਦੀ ਸਫਾਈ ਤੇ ਸਚਾਈ ਦਾ ਇੰਨਾ ਮਾਨ ਸੀ, ਇਸ ਕੁੜੀ ਨੂੰ ਕਿਸ ਦਿਲ ਹਿਲਾ ਦੇਣ ਵਾਲੇ ਤੇ ਸਖਤ ਬਦਨਮੂਸ਼ੀ ਦੇ ਤ੍ਰੀਕੇ ਨਾਲ ਖਰਾਬ ਕੀਤਾ ਸੀ ਤੇ ਵਿਚਾਰੀ ਦੀ ਸਾਰੀ ਉਮਰ ਨੂੰ ਦਾਗੀ ਕਰ ਦਿੱਤਾ ਸੀ।

'ਠੀਕ ਇਹ ਓਹੋ ਹੀ ਹੈ', ਹੁਣ ਓਸ ਸਾਫ ਓਹਦੇ ਚਿਹਰੇ ਵਿੱਚ ਓਹ ਅਜੀਬ ਤੇ ਅਕਥਨੀਯ ਜੇਹਾ ਆਪੇ ਦਾ ਖਾਸ ਰੰਗ ਤੇ ਸਿੰਞਾਣ ਜਿਹੜੀ ਇਕ ਬੰਦੇ ਨੂੰ ਦੂਜੇ ਥੀਂ ਵਖ ਪ੍ਰਤੱਖ ਕਰ ਦੱਸਦੀ ਹੈ, ਜਾਚ ਲਈ ਸੀ, ਕੁਛ ਖਾਸ ਓਹਦੇ ਆਪਣੇ ਆਪੇ ਦੀ ਜ਼ਾਤ ਦਾ ਰੰਗ ਢੰਗ ਖਾਸ ਓਹਦਾ ਆਪਣਾ, ਜਿਹੜਾ ਹੋਰ ਕਿਸੀ ਦਾ ਕਦੀ ਹੋ ਨਹੀਂ ਸੀ ਸੱਕਦਾ, ਇਹ ਓਹਦਾ ਮਿੱਠਾ ਤੇ ਖਾਸ ਪ੍ਰਭਾਵ ਆਪਣਾ ਹਾਲੇਂ ਵੀ ਓਥੇ ਸੀ, ਭਾਵੇਂ ਚਿਹਰਾ ਕੁਝ ਫੁਲਿਆ ਸੀ ਤੇ ਉਸ ਉੱਪਰ ਰੋਗ ਰਹਤ ਨ ਹੋਣ ਦਾ ਪੀਲਾ ਪਣ ਛਾਇਆ ਹੋਇਆ ਸੀ। ਉਹ ਓਹਦਾ ਆਪਣਾ ਜਾਤੀ ਪ੍ਰਭਾਵ ਓਹਦੇ ਹੋਠਾਂ ਵਿੱਚ ਓਹੋ ਜੇਹਾ ਸੀ, ਓਹਦੀਆਂ ਅੱਖਾਂ ਵਿੱਚ ਪੈਂਦੇ ਓਸ ਰਤਾਕੂ ਭੈਂਗ ਵਿੱਚ ਸੀ, ਖਾਸ ਕਰ ਓਹਦੀ ਅਯਾਨਪੁਣੇ ਦੀ ਓਸ ਮੁਸਕਰਾਹਟ ਵਿੱਚ ਤੇ ਓਹਦੇ ਚਿਹਰੇ ਤੇ ਓਹਦੀ ਸ਼ਕਲ ਉੱਪਰ ਸਦਾ ਤਿਆਰ ਬਰ ਤਿਆਰ ਹੋਣ ਦੇ ਰੰਗ ਵਿੱਚ ਦਿੱਸ ਰਹਿਆ ਸੀ।

"ਤੈਨੂੰ ਇਉਂ ਪਹਿਲੇ ਹੀ ਦੱਸ ਦੇਣਾ ਚਾਹੀਦਾ ਸੀ", ਤਾਂ ਪ੍ਰਧਾਨ ਨੇ ਮੁੜ ਨਰਮ ਸੁਰ ਵਿੱਚ ਸਮਝਾਇਆ।

"ਤੇ ਤੇਰੇ ਪਿਉ ਦਾ ਨਾਂ?"

"ਮੈਨੂੰ ਆਪਣੇ ਪਿਉ ਦਾ ਪਤਾ ਨਹੀਂ।"

"ਕੀ ਤੇਰਾ ਨਾਮ ਤੇਰੇ ਬਿਪਤਿਸਮੇਂ ਦੇ ਪਿਉ ਵਾਲਾ ਨਾਮ ਨਹੀਂ ਸੀ ਦਿੱਤਾ ਗਇਆ?"

"ਹਾਂ ਮਿਖਯਾਲੋਵਨਾ!"

"ਪਰ ਕੀ ਕਸੂਰ ਇਸ ਕੀਤਾ ਹੋਣਾ ਹੈ ਤੇ ਕਿਹੜਾ ਜੁਰਮ ਇਸ ਉੱਪਰ ਲੱਗਾ ਹੋਣਾ ਹੈ?" ਨਿਖਲੀਊਧਵ ਨੇ ਆਪਣੇ ਮਨ ਹੀ ਮਨ ਵਿੱਚ ਸੋਚਿਆ, ਪਰ ਹੁਣ ਖੁੱਲ੍ਹੀ ਤਰਾਂ ਸਾਹ ਨਹੀਂ ਸੀ ਲੈ ਸੱਕਦਾ।

"ਤੇਰਾ ਟਬਰ ਵਾਲਾ ਨਾਂ, ਤੇਰਾ ਸਰਨਾਵਾਂ ਕੀ ਹੈ—ਇਹ ਪੁਛਦਾ ਹਾਂ", ਪ੍ਰਧਾਨ ਇਓਂ ਤੁਰੀ ਗਇਆ।

"ਮੈਨੂੰ ਸਾਰੇ ਮੇਰੀ ਮਾਂ ਦੇ ਸਰਨਾਂਵੇ ਨਾਲ ਬੁਲਾਉਂਦੇ ਸਨ, ਮਸਲੋਵਾ।"

"ਜ਼ਾਤ?"

ਮਿਸ਼ਾਂਕਾ", (ਸ਼ਹਿਰ ਵਿਚ ਆ ਗਏ ਮਜੂਰੀ ਕਰਨ ਵਾਲੇ ਕਿਸਾਨ ਲੋਕੀ)।

"ਮਜ੍ਹਬ? ਸਨਾਤਨ?"

"ਸਨਾਤਨ।"

"ਪੇਸ਼ਾ———ਤੇਰਾ ਪੇਸ਼ਾ ਕੀ ਹੈ"?

ਮਸਲੋਵਾਚੁਪ ਹੋ ਗਈ।

"ਤੇਰਾ ਰੋਜ਼ਗਾਰ ਕੀ ਹੈ?"

"ਮੈਂ ਇਕ ਥਾਂ ਨੌਕਰ ਸਾਂ।"

ਕਿਹੋ ਜੇਹੀ ਥਾਂ?" ਐਨਕ ਵਾਲੇ ਨੇ ਪੁਛਿਆ।

"ਆਪ ਜਾਣਦੇ ਹੀ ਹੋ," ਓਸ ਅੱਗੋਂ ਹੱਸ ਕੇ ਕਹਿਆ। ਫਿਰ ਸਾਰੇ ਕਮਰੇ ਦਵਾਲੇ ਇਕ ਨਜਰ ਵੇਖ ਕੇ ਮੁੜ ਪ੍ਰਧਾਨ ਵਲ ਤੱਕਣ ਲੱਗ ਗਈ।

ਇਸ ਵੇਲੇ ਓਹਦੇ ਚਿਹਰੇ ਦੀ ਦਿਖ ਵਿੱਚ ਕੋਈ ਐਸਾ ਗੈਰ ਮਾਮੂਲੀ ਅਸਰ ਸੀ, ਓਹਦੇ ਕਹੇ ਲਫ਼ਜ਼ਾਂ ਦੇ ਅਰਥਾਂ ਵਿੱਚ ਕੁਛ ਐਸਾ ਤਰਸ ਜੋਗ ਤੇ ਦਿਲ ਹਿਲਾ ਦੇਣ ਵਾਲਾ ਦਰਦ ਸੀ, ਓਹਦੀ ਮੁਸਕਰਾਹਟ ਵਿੱਚ ਤੇ ਓਹਦੀ ਓਸ ਨਿਗਾਹ ਵਿੱਚ ਜਿਹੜੀ ਓਸ ਕਮਰੇ ਦੇ ਚੁਫੇਰੇ ਪਾਈ ਸੀ, ਕੁਛ ਐਸਾ ਪ੍ਰਭਾਵ ਸੀ ਕਿ ਪ੍ਰਧਾਨ ਨੂੰ ਸ਼ਰਮ ਆ ਗਈ ਤੇ ਇਕ ਛਿਨ ਲਈ ਕੁਲ ਅਦਾਲਤ ਬਿਲਕੁਲ ਚੁਪ ਚਾਂ ਹੋ ਗਈ। ਇਕ ਸੁਨਸੁਨੀ ਛਾ ਗਈ ਤੇ ਇਹ ਚੁਪ ਤਾਂ ਤੁਟੀ ਜਦ ਕੋਈ ਬੈਠੀ ਪਬਲਿਕ ਵਿਚੋਂ ਹਸਿਆ, ਤੇ ਕਿਸੀ ਕਹਿਆ, "ਸ਼ੀ, ਸ਼ੀ!" ਤਦ ਪ੍ਰਧਾਨ ਨੇ ਉੱਪਰ ਤਕਿਆ ਤੇ ਅਗਲੀ ਕਾਰਵਾਈ ਕਰਨ ਲੱਗ ਪਇਆ:—

"ਕੀ ਤੂੰ ਪਹਿਲਾਂ ਵੀ ਕਦੀ ਅਦਾਲਤੇ ਚੜ੍ਹੀ ਸੈਂ?"

"ਕਦੀ ਨਹੀਂ," ਮਸਲੋਵਾ ਨੇ ਆਹਿਸਤਾ ਜੇਹਾ ਜਵਾਬ ਦਿੱਤਾ ਤੇ ਠੰਡਾ ਸਾਹ ਭਰਿਆ।

"ਫ਼ਰਦ ਜੁਰਮ ਦੀ ਕਾਪੀ ਮਿਲ ਗਈ ਹੈ?"

"ਮੇਰੇ ਪਾਸ ਹੈ", ਉਸ ਉੱਤਰ ਦਿੱਤਾ।

"ਬਹਿ ਜਾ।"

ਕੈਦੀ ਜਿਵੇਂ ਕੋਈ ਸ਼ਰੀਫ ਸਵਾਣੀ ਆਪਣਾ ਲਮਕਣ ਚੁਕਦੀ ਹੈ, ਆਪਣੇ ਘਘਰੇ ਨੂੰ ਚੁਕਣ ਲਈ ਜਰਾ ਕੂ ਪਿਛੇ ਮੁੜੀ ਤੇ ਘਘਰਾ ਹੱਥ ਵਿੱਚ ਸਾਂਭ ਕੇ ਬਹਿ ਗਈ। ਆਪਣੇ ਨਿਕੇ ਨਿਕੇ ਹੱਥ ਓਸ ਕੋਟ ਵਿੱਚ ਢ੍ਹਕ ਲਏ, ਉਹਦੀਆਂ ਅੱਖਾਂ ਹਾਲ਼ੇ ਵੀ ਪ੍ਰਧਾਨ ਵਲ ਟਕ ਬੰਨ੍ਹ ਤਕ ਰਹੀਆਂ ਸਨ।

ਗਵਾਹ ਸੱਦੇ ਜਾ ਚੁਕੇ ਸਨ, ਬਾਹਜ਼ੇ ਵਾਪਸ ਵੀ ਕਰ ਦਿਤੇ ਗਏ ਸਨ। ਉਹ ਡਾਕਟਰ ਜਿਸ ਨੇ ਡਾਕਟਰੀ ਇਲਮ ਵਿੱਚ ਨਿਪੁੰਨ ਹੋਣ ਕਰ ਕੇ ਆਪਣੀ ਸ਼ਹਾਦਤ ਦੇਣੀ ਸੀ ਚੁਣਿਆ ਜਾ ਚੁੱਕਾ ਸੀ, ਤੇ ਓਸ ਵਕਤ ਅਦਾਲਤ ਵਿੱਚ ਬੁਲਾਇਆ ਜਾ ਚੁੱਕਾ ਸੀ।

ਫਿਰ ਸਕੱਤਰ ਸਾਹਿਬ ਉੱਠੇ ਤੇ ਲਗੇ ਫਰਦ ਜੁਰਮ ਪੜ੍ਹ ਕੇ ਸੁਣਾਉਣ। ਓਹ ਪੜ੍ਹਦਾ ਤਾਂ ਬੜਾ ਸਪਸ਼ਟ ਸੀ, ਪਰ ਵਿਚਾਰੇ ਦਾ ‘ਰ’ ਤੇ ‘ਲ’ ਦਾ ਉਚਾਰਨ ਇਕੋ ਜੇਹਾ ਸੀ, ਤੇ ਓਹ ਇਉਂ ਤੇਜ਼ ਪੜ੍ਹੀ ਗਇਆ ਕਿ ਇਕ ਲਫਜ਼ ਦੂਜੇ ਨਾਲ ਬਣੀ ਚਲੀ ਜਾਂਦਾ ਸੀ ਜਿਵੇਂ ਜਬਾਨੀ ਯਾਦ ਕਰਕੇ ਕੋਈ ਪੜ੍ਹੀ ਜਾ ਰਿਹਾ ਹੁੰਦਾ ਹੈ, ਤੇ ਉਹਦੇ ਸੁਣਨ ਵਿੱਚ ਕਿਸੀ ਨੂੰ ਕੋਈ ਸਵਾਦ ਨਹੀਂ ਸੀ ਆ ਰਹਿਆ। ਇਕ ਕਾਰਵਾਈ ਕਰਨੀ ਸੀ ਜਿਹੜੀ ਪੂਰੀ ਕੀਤੀ ਜਾ ਰਹੀ ਸੀ, ਤੇ ਸੁਣਨ ਵਾਲੇ ਆਪਣੀ ਥਕਾਵਟ ਤੇ ਅਲਖਤ ਨੂੰ ਕੋਈ ਕਿਸ ਤਰਾਂ ਕੋਈ ਕਿਸ ਤਰਾਂ ਦੂਰ ਕਰਨ ਦੀ ਕਰ ਰਹੇ ਸਨ | ਜੱਜ ਲੋਕੀ ਕਦੀ ਆਪਣੇ ਉੱਪਰਲੇ ਜਿਸਮ ਦਾ ਭਾਰ ਇਕ ਬਾਂਹ ਤੇ, ਤੇ ਕਦੀ ਦੂਜੀ ਤੇ ਸੁਟਦੇ ਸਨ ਤੇ ਨਚੱਲੇ ਨਹੀਂ ਸਨ ਬਹਿ ਸੱਕਦੇ। ਕਦੀ ਮੇਜ਼ ਉੱਪਰ ਢਾਸਣਾ ਲਾਉਂਦੇ ਸਨ ਕਦੀ ਢੋਹ ਕੁਰਸੀ ਦੀ ਪਿਠ ਉੱਪਰ, ਕਦੀ ਅੱਖਾਂ ਖੋਲ੍ਹਦੇ ਸਨ, ਤੇ ਕਦੀ ਮੀਟਦੇ ਸਨ। ਕਦੀ ਝੁਕ ਝੁਕ ਇਕ ਦੂਜੇ ਦੇ ਕੰਨਾਂ ਵਿੱਚ ਗੋਸ਼ੇ ਕਰਦੇ ਸਨ। ਸਿਪਾਹੀਆਂ ਵਿੱਚੋਂ ਇਕ ਨੇ ਕਈ ਵਾਰੀ ਆਪਣੀ ਆਈ ਉਬਾਸੀ ਰੋਕੀ।

ਕੈਦੀ ਕਾਰਤਿਨਕਿਨ ਆਪਣੀਆਂ ਖਾਖਾਂ ਦੱਬੋ ਦਬ ਹਿਲਾਈ ਜਾ ਰਿਹਾ ਸੀ। ਇਹ ਹਿਲਾਣਾ ਉਹਦਾ ਲਗਾਤਾਰ ਸੀ ਕਦੀ ਨਹੀਂ ਸੀ ਮੱਠਾ ਹੁੰਦਾ।

ਬੋਚਕੋਵਾ ਚੁੱਪ ਚਾਪ ਬੈਠੀ ਹੋਈ ਸੀ ਤੇ ਕਦੀ ਕਦੀ ਰੁਮਾਲ ਦੇ ਅੰਦਰ ਹੱਥ ਖੜਕੇ ਸਿਰ ਨੂੰ ਖੁਰਕਦੀ ਸੀ।

ਮਸਲੋਵਾ ਅਹਿਲ ਬੈਠੀ ਸੀ ਤੇ ਫਰਦ ਜੁਰਮ ਪੜ੍ਹਨ ਵਾਲੇ ਵਲ ਨੀਝ ਲਾਕੇ ਤਕ ਰਹੀ ਸੀ, ਕਦੀ ਕਦੀ ਉਹਨੂੰ ਜੋਸ਼ ਦਾ ਬੁਲਾ ਉੱਠਦਾ ਸੀ ਤੇ ਉਹਦਾ ਮੂੰਹ ਲਾਲ ਹੋ ਜਾਂਦਾ ਸੀ। ਤੇ ਉੱਠ ਕੇ ਜਵਾਬ ਦੇਣ ਨੂੰ ਹੀ ਝਪਟੇ ਮਾਰਦੀ ਸੀ, ਪਰ ਫਿਰ ਠੰਡਾ ਸਾਹ ਭਰ ਕੇ ਚੁੱਪ ਰਹਿ ਜਾਂਦੀ ਸੀ। ਤੇ ਆਪਣੇ ਹੱਥਾਂ ਦੇ ਪਾਸੇ ਬਦਲ ਕੇ ਅੱਗੇ ਪਿੱਛੇ ਵਿਹੰਦੀ ਸੀ ਤੇ ਮੁੜ ਉਸ ਪੜ੍ਹਨ ਵਾਲੇ ਵਲ ਤੱਕਣ ਲੱਗ ਜਾਂਦੀ ਸੀ।

ਨਿਖਲੀਊਧਵ ਆਪਣੀ ਉੱਚੀ ਪਿੱਠ ਵਾਲੀ ਕੁਰਸੀ ਉੱਪਰ ਸਬ ਥੀਂ ਅੱਗੇ ਦੀ ਕਿਤਾਰ ਵਿੱਚ ਬੈਠਾ ਹੋਇਆ ਸੀ, ਤੇ ਉਸ ਨੇ ਆਪਣੇ ਪਿਨਸਨੇਜ਼ ਨਹੀਂ ਸਨ ਉਤਾਰੇ। ਮਸਲੋਵਾ ਵਲ ਤੱਕ ਰਹਿਆ ਸੀ ਪਰ ਉਹਦੇ ਅੰਦਰ ਡਾਢ੍ਹੇ ਘੇਰ ਪੈ ਰਹੇ ਸਨ ਤੇ ਉਹਦੇ ਅੰਦਰ ਇਕ ਤੀਖਣ ਤੇ ਪੇਚ ਦਰ ਪੇਚ ਕਸ਼ਮਕਸ਼ ਹੋ ਰਹੀ ਸੀ।

ਮੋਇਆਂ ਦੀ ਜਾਗ-ਕਾਂਡ ੧੦. : ਲਿਉ ਤਾਲਸਤਾਏ

ਫਰਦ ਜੁਰਮ ਇਉਂ ਸੀ:———

"੧੭ ਜਨਵਰੀ ੧੮੮੮——ਹੋਟਲ ਮੌਰੀਟੇਨੀਆ ਦੇ ਮਾਲਕ ਨੇ ਪੋਲੀਸ ਵਿੱਚ ਇਤਲਾਹ ਦਿੱਤੀ ਕਿ ਉਹਦੇ ਹੋਟਲ ਵਿੱਚ ਥੈਰਾਪੋਂਟ ਸਮੈਲਕੋਵ ਇਕ ਦੂਸਰੀ ਗਿਲਡ ਦਾ ਸੌਦਾਗਰ ਜਿਹੜਾ ਸਾਏਬੇਰੀਆ ਥੀਂ ਆਇਆ ਸੀ ਅਚਣਚੇਤ ਮਰ ਗਇਆ ਹੈ।

"ਮੁਕਾਮੀ ਚੌਥੇ ਜ਼ਿਲੇ ਦੇ ਪੋਲੀਸ ਦੇ ਡਾਕਟਰ ਨੇ ਸਾਰਟੀਫੀਕੇਟ ਦਿੱਤਾ "ਉਹਦੀ ਮੌਤ ਦਿਲ ਦੇ ਫਟ ਜਾਣ ਕਰਕੇ ਹੋਈ ਹੈ। ਇਹਦਾ ਕਾਰਨ ਅਤਿ ਦੀ ਸ਼ਰਾਬਨੋਸ਼ੀ ਸੀ।' ਉਸ ਸਮੈਲਕੋਵ ਦੀ ਮੌਤ ਦੇ ਚੌਥੇ ਦਿਨ ਪਿੱਛੇ ਉਹਦਾ ਹਮ ਸ਼ਹਿਰੀ ਤੇ ਸਾਬੀ ਸਾਈਬੇਰੀਆ ਦਾ ਸੌਦਾਗਰ ਤਿਮੋਖਿਨ ਪੀਟਰਜ਼ਬਰਗ ਥੀਂ ਜਦ ਵਾਪਸ ਆਇਆ ਤੇ ਆਪਣੇ ਸੰਗੀ ਦੀ ਮੌਤ ਦੀ ਖਬਰ ਸੁਣੀ ਤੇ ਨਾਲੇ ਸਾਰੇ ਅੱਗੇ ਪਿੱਛੇ ਮੌਕੇ ਦੇ ਵਾਕਿਆਤ ਤੇ ਹਾਲ ਸੁਣੇ, ਤਦ ਓਸ ਆਪਣਾ ਸ਼ਕ ਪ੍ਰਗਟ ਕੀਤਾ ਕਿ ਸਮੈਲਕੋਵ ਆਪਣੀ ਮੌਤ ਨਹੀਂ ਮੋਇਆ, ਉਹ ਮਾਰਿਆ ਗਇਆ ਹੈ, ਤੇ ਤਲੇ ਦੱਸੇ ਬੰਦਿਆਂ ਨੇ ਉਹਨੂੰ ਜਹਿਰ ਦੇਕੇ ਮਾਰਿਆ ਹੈ। ਇਨ੍ਹਾਂ ਬੰਦਿਆਂ ਨੇ ਉਹਦਾ ਮਾਲਮਤਾਹ ਤੇ ਨਕਦੀ ਪਹਿਲਾਂ ਹੀ ਚੋਰੀ ਕਰ ਲੀਤੇ ਸਨ। ਸਮੈਲਕੋਵ ਪਾਸ ਇਕ ਹੀਰੇ ਦੀ ਮੁੰਦਰੀ ਤੇ ਕੁਝ ਰੁਪਏ ਸਨ ਜਿਹੜੇ ਉਹਦੇ ਮਾਲ ਦੀ ਫਹਿਰਿਸਤ ਬਣਾਉਣ ਦੇ ਸਮੇਂ ਉਸੇ ਨੂੰ ਨਹੀਂ ਲੱਭੇ। ਇਸ ਸ਼ਕ ਉੱਪਰ ਫਿਰ ਮੁੜ ਤਹਿਕੀਕਾਤ ਹੋਈ ਤੇ ਤਲੇ ਦਿੱਤੇ ਵਾਕਿਆਤ ਬਾਹਰ ਕੱਢੇ ਗਏ:——

"੧. ਕਿ ਸਮੈਲਕੋਵ ਪਾਸੇ ੩੮੦੦) ਰੂਬਲ ਸਨ, ਜਿਹੜੇ ਓਹ ਬੈਂਕ ਵਿੱਚੋਂ ਕਢਾ ਕੇ ਲਿਆਇਆ ਸੀ, ਤੇ ਇਹ ਗੱਲ ਹੋਟਲ ਮੌਰੀਟੇਨੀਆ ਦੇ ਮਾਲਕ ਨੂੰ ਠੀਕ ਪਤਾ ਸੀ। ਤੇ ਨਾਲੇ ਸੌਦਾਗਰ ਸਟਾਰੀਕੋਵ ਦੇ ਮੁਨੀਮ ਨੂੰ ਪਤਾ ਸੀ। ਇਸ ਮੁਨੀਮ ਨਾਲ ਸਮੈਲਕੋਵ ਨੇ ਇਸ ਸ਼ਹਿਰ ਆਣ ਕੇ ਕਈ ਇਕ ਵਿਹਾਰ ਕੀਤੇ ਸਨ। ਪਰ ਉਸ ਟਰੰਕ ਵਿੱਚ ਜਿਹੜਾ ਓਹਦੀ ਮੌਤ ਦੇ ਪਿੱਛੋਂ ਮੋਹਰਾਂ ਲਾ ਕੇ ਕਾਬੂ ਕੀਤਾ ਗਇਆ ਸੀ, ਕੁਲ ੩੧੨ ਰੂਬਲ ਤੇ ੧੬ ਕੋਪੈਕਸ (ਪੇਸੈ) ਸਨ।

"੨. ਕਿ ਇਸ ਉੱਪਰ ਜ਼ਿਕਰ ਕੀਤੇ ਗਏ ਸਮੈਲਕੋਵ ਨੇ ਆਪਣੀ ਮੌਤ ਥੀਂ ਪਹਿਲਾਂ ਦੀ ਸਾਰੀ ਰਾਤ ਤੇ ਸਾਰਾ ਦਿਨ ਵੇਸ਼ੀਆ ਲੁਬਕਾ ਨਾਮੀ ਨਾਲ ਗੁਜਾਰਿਆ, ਤੇ ਉਹ ਵੇਸ਼ੀਆ ਓਹਦੇ ਹੋਟਲ ਦੇ ਕਮਰੇ ਵਿੱਚ ਦੋ ਦਫਾ ਆਈ ਵੀ ਸੀ।

"੩. ਕਿ ਇਕ ਹੀਰੇ ਦੀ ਮੁੰਦਰੀ ਜਿਹੜੀ ਓਸੇ ਸਮੈਲਕੋਵ ਦੀ ਸੀ, ਇਸ ਵੇਸ਼ੀਆ ਨੇ ਆਪਣੀ ਮਾਲਕਾ ਕੋਲ ਵੇਚੀ ਸੀ।

"੪. ਕਿ (ਹੋਟਲ ਦੇ) ਕਮਰਿਆਂ ਵਿੱਚ ਕੰਮ ਕਰਨ ਵਾਲੀ ਨੌਕਰਾਨੀ ਯੋਫੈਮੀਆ ਬੋਚਕੋਵਾ ਨੇ ਸਮੈਲਕੋਵ ਦੇ ਮਰਨ ਦੇ ਦੂਜੇ ਦਿਨ ਹੀ ਆਪਣੇ ਬੈਂਕ ਦੇ ਚਲਿਤ ਹਿਸਾਬ ਵਿੱਚ ੧੮੦ ਰੂਬਲ ਜਮਾਂ ਕਰਾਏ ਸਨ।

੫. ਕਿ ਕੰਜਰੀ ਲੁਬਕਾ ਦੇ ਬਿਆਨ ਦੇ ਅਨੁਸਾਰ ਹੋਟਲ ਦੋ ਨੌਕਰ ਸਾਈਮਨ ਕਾਰਤਿਨਕਨ ਨੇ ਉਸ ਨੂੰ ਕੋਈ ਪੁੜੀ ਲਿਆ ਦਿੱਤੀ ਸੀ, ਤੇ ਨਾਲੇ ਇਹ ਸਲਾਹ ਦਿੱਤੀ ਸੀ ਕਿ ਉਹ ਪੁੜੀ ਸੌਦਾਗਰ ਨੂੰ ਓਹਦੀ ਬਰਾਂਡੀ ਦੇ ਗਲਾਸ ਵਿੱਚ ਘੋਲ ਕੇ ਪਿਲਾ ਦਿੱਤੀ ਜਾਵੇ। ਇਹ ਗੱਲ ਲੁਬਕਾ ਨੇ ਮੰਨ ਲਈ ਸੀ ਤੇ ਇਓਂ ਉਸ ਇਹ ਪੁੜੀ ਸ਼ਰਾਬ ਵਿੱਚ ਘੋਲਕੇ ਓਸ ਸੌਦਾਗਰ ਨੂੰ ਪਿਲਾਈ।

"ਤੇ ਜਦ ਉਸ ਉੱਪਰ ਜਿਰ੍ਹਾ ਹੋਈ, ਤਦ ਉਸ ਮੁਜਰਮ ਵੇਸ਼ੀਆ ਨੇ ਜਿਹਦਾ ਨਿੱਕਾ ਨਾਂ ਲੁਬਕਾ ਹੈ, ਬਿਆਨ ਕੀਤਾ ਕਿ ਜਦ ਸੌਦਾਗਰ ਸਮੈਲਕੋਵ ਹਾਲੇਂ ਓਹਦੀ ਮਾਲਕਾ ਦੇ ਘਰ ਹੀ ਸੀ ਜਿੱਥੇ ਜਿੰਵੇ ਓਹ ਦੱਸਦੀ ਹੈ, ਓਹ ‘ਕੰਮ’ ਕਰਦੀ ਸੀ, ਅਤੇ ਇਸ ਕੰਜਰੀ ਨੂੰ ਉਹਦੇ ਹੋਟਲ ਵਿੱਚ ਲਏ ਕਮਰੇ ਤੱਕ ਜਾਣ ਨੂੰ ਕਹਿਆ ਸੀ ਕਿ ਉੱਥੇ ਜਾਕੇ ਉਹਦੇ ਟਰੰਕ ਵਿੱਚੋਂ ਕੁਝ ਰੁਪੈ ਓਸ ਲਈ ਕੱਢ ਕੇ ਲਿਆਵੇ, ਤੇ ਉਹਦੀ ਇਹ ਗੱਲ ਮੰਨ ਕੇ ਓਹ ਉੱਥੇ ਗਈ ਤੇ ਸੌਦਾਗਰ ਦੀ ਆਪ ਦਿੱਤੀ ਚਾਬੀ ਨਾਲ ਟਰੰਕ ਦਾ ਚੰਦਰਾ ਖੋਲ ਕੇ ੪੦) ਰੂਬਲ ਕੱਢ ਕੇ ਲਿਆਈ। ਸੌਦਾਗਰ ਨੇ ਓਹਨੂੰ ਬੱਸ ਇੰਨੇ ਹੀ ਰੂਬਲ ਲਿਆਉਣ ਨੂੰ ਆਖਿਆ ਸੀ, ਤੇ ਉਹਦਾ ਬਿਆਨ ਹੈ ਕਿ ਉਸ ਨੇ ਹੋਰ ਕੁਝ ਵਾਧੂ ਨਹੀਂ ਸੀ ਕੱਢਿਆ। ਤੇ ਬੋਚਕੋਵਾ ਤੇ ਕਾਰਤਿਨਕਿਨ ਦੋਹਾਂ ਹੋਟਲ ਦੇ ਨੌਕਰਾਂ ਦੀ ਮੌਜੂਦਗੀ ਵਿੱਚ ਉਸ ਜੰਦਰਾ ਖੋਲ੍ਹਿਆ ਸੀ ਤੇ ਜੰਦਰਾ ਮਾਰਿਆ ਸੀ। ਤੇ ਉਹ ਦੋਵੇਂ ਕਹਿ ਸਕਦੇ ਹਨ ਕਿ ਉਸ ਨੇ ਸਵਾਏ ੪੦) ਰੂਬਲ ਦੇ ਓਥੋਂ ਹੋਰ ਕੁਛ ਨਹੀਂ ਸੀ ਕੱਢਿਆ।

"ਫਿਰ ਹੋਰ ਸ਼ਹਾਦਤ ਉਹਦੀ ਇਹ ਹੋਈ ਕਿ ਜਦ ਦੂਜੀ ਦਫਾ ਓਹ ਆਪਣੇ ਕੰਜਰ-ਘਰ ਪਹੁੰਚੀ, ਤਦ ਕਾਰਤਿਨਕਿਨ ਦੇ ਕਹਿਣ ਉੱਪਰ ਓਸ ਸੌਦਾਗਰ ਨੂੰ ਪੁੜੀ ਖਵਾਈ। ਪਰ ਉਸਨੇ ਇਹ ਸਮਝ ਕੇ ਖਵਾਈ ਸੀ ਕਿ ਇਹ ਪੁੜੀ ਨੀਂਦਰ ਲਿਆਉਣ ਵਾਲੀ ਅਫੀਮ ਜੇਹੀ ਹੋਵੇਗੀ ਤੇ ਇਹ ਪੀ ਕੇ ਸੌਦਾਗਰ ਨੂੰ ਨੀਂਦਰ ਆ ਜਾਵੇਗੀ ਤੇ ਜਦ ਇਓਂ ਉਹ ਸੈਂ ਜਾਸੀ ਤਦ ਉਸ ਨੂੰ ਕੁਛ ਵਕਤ ਮਿਲਸੀ ਕਿ ਉਸ ਸੌਦਾਗਰ ਥੀਂ ਆਪਣਾ ਥੋੜੀ ਦੇਰ ਲਈ ਪਿੱਛਾ ਛੁੜਾ ਸੱਕੇ।

"ਓਹ ਬਿਆਨ ਕਰਦੀ ਹੈ ਕਿ ਉਸ ਕੋਈ ਰੁਪਏ ਨਹੀਂ ਲਏ, ਪਰ ਜਦ ਸਮੈਲਕੋਵ ਨੇ ਉਹਨੂੰ ਇਕ ਵੇਰੀ ਆਪਣੇ ਹੱਥ ਨਾਲ ਮਾਰਿਆ ਸੀ ਤੇ ਉਸ ਚੀਕ ਚਿਹਾੜਾ ਪਾ ਦਿੱਤਾ ਸੀ, ਤੇ ਡਰਾਵਾ ਵੀ ਦਿੱਤਾ ਸੀ ਕਿ ਉਹ ਉਸ ਪਾਸੋਂ ਚਲੀ ਜਾਵੇਗੀ, ਓਸ ਵੇਲੇ ਸੌਦਾਗਰ ਨੇ ਓਹਨੂੰ ਖ਼ੁਸ਼ ਕਰਨ ਲਈ ਆਪਣੀ ਹੀਰੇ ਦੀ ਮੁੰਦਰੀ ਇਨਾਮ ਦਿੱਤੀ ਸੀ।

"ਯੋਫੈਮੀਆ ਬੋਚਕੋਵਾ ਨੇ ਜਿਰ੍ਹਾ ਵਿੱਚ ਦੱਸਿਆ, ਕਿ ਓਹਨੂੰ ਗੁੰਮ ਗਏ ਰੁਪਏ ਦੀ ਕੁਛ ਖਬਰ ਨਹੀਂ ਕਿਉਂਕਿ ਓਹ ਸਮੈਲਕੋਵ ਦੇ ਕਮਰੇ ਵਲ ਕਦੀ ਗਈ ਹੀ ਨਹੀਂ ਸੀ। ਤੇ ਲੁਬਕਾ ਆਪੇ ਹੀ ਉਨ੍ਹਾਂ ਕੰਮਾਂ ਵਿੱਚ ਕੱਲੀ ਲੱਗੀ ਰਹੀ ਸੀ, ਤੇ ਜੇ ਕੁਛ ਚੋਰੀ ਗਇਆ ਹੈ ਤਦ ਲੁਬਕਾ ਨੇ ਹੀ, ਜਦ ਉਹ ਸੌਦਾਗਰ ਪਾਸੋਂ ਚਾਬੀ ਲੈ ਕੇ ਆਈ ਸੀ ਤੇ ਰੁਪਏ ਲੈ ਗਈ ਸੀ, ਸਬ ਕੁਛ ਕੀਤਾ ਹੋਣਾ ਹੈ।"

ਜਦ ਬੋਚਕੋਵਾ ਦਾ ਇਹ ਕਹਿਣਾ ਪੜ੍ਹਿਆ ਜਾ ਰਹਿਆ ਸੀ, ਤਦ ਮਸਲੋਵਾ ਨੂੰ ਬੁੱਲਾ ਚੜ੍ਹਿਆ ਤੇ ਓਹ ਤ੍ਰਬਕੀ ਤੇ ਉਸ ਕੁਛ ਕਹਿਣ ਨੂੰ ਮੂੰਹ ਖੋਹਲਿਆ ਤੇ ਬੋਚਕੋਵਾ ਵਲ ਤੱਕਿਆ।

"ਜਦ", ਸਕੱਤਰ ਹਰੀ ਅੱਗੇ ਚਲੇ "ਬੋਚਕੋਵਾ ਨੂੰ ਓਹਦੇ ਬੈਂਕ ਦੀ ਰਸੀਦ ੧੮੦੦) ਰੂਬਲ ਵਾਲੀ ਦਿਖਾਈ ਗਈ ਤੇ ਪੁੱਛਿਆ ਗਇਆ, ਕਿ ਇੰਨਾਂ ਸਾਰਾ ਰੁਪਿਆ ਓਹ ਕਿੱਥੋਂ ਲਿਆਈ ਸੀ, ਤਦ ਉਸ ਜਵਾਬ ਦਿੱਤਾ ਸੀ ਕਿ ਇਹ ਓਹਦੀ ਆਪਣੀ ਪਿੱਛਲੇ ੧੮ ਸਾਲ ਦੀ ਕਮਾਈ ਹੈ ਤੇ ਇਸ ਵਿੱਚ ਸਾਈਮਨ ਕਾਰਤਿਨਕਿਨ ਦੀ ਵੀ ਕਮਾਈ ਸ਼ਾਮਲ ਹੈ ਕਿਉਂਕਿ ਉਹ ਹੁਣ ਉਹਨੂੰ ਵਿਆਹੁਣ ਵਾਲੀ ਹੀ ਸੀ।

"ਮੁਜਰਿਮ ਸਾਈਮਨ ਕਾਰਤਿਨਕਿਨ ਦਾ ਜਦ ਪਹਿਲੇ ਬਿਆਨ ਹੋਇਆ ਸੀ ਤਦ ਉਸ ਇਕਬਾਲ ਕਰ ਲਇਆ ਸੀ ਕਿ ਮਸਲੋਵਾ ਦੇ ਚੁੱਕਣ ਚਕਾਣ ਉੱਪਰ ਜਦ ਓਹ ਚਾਬੀ ਲੈ ਕੇ ਹੋਟਲ ਵਿੱਚ ਆਈ ਸੀ, ਇਸ ਰੁਪਏ ਜਰੂਰ ਚੁਰਾਏ ਸਨ ਤੇ ਅੱਧੋ ਅੱਧ ਮਸਲੋਵਾ ਤੇ ਇਹਨੇ ਆਪੇ ਵਿੱਚ ਵੰਡ ਲਏ ਸਨ। ਨਾਲੇ ਓਸ ਇਸ ਗੱਲ ਦਾ ਵੀ ਇਕਬਾਲ ਕੀਤਾ ਸੀ ਕਿ ਉਸਨੇ ਮਸਲੋਵਾ ਨੂੰ ਉਹ ਪੁੜੀ ਲਿਆ ਦਿੱਤੀ ਸੀ ਜਿਸ ਦੇ ਪੀਣ ਨਾਲ ਸਮੈਲਕੋਵ ਸੈਂ ਜਾਏ। ਪਰ ਜਦ ਦੂਜੀ ਵੇਰ ਓਹਦੇ ਬਿਆਨ ਹੋਏ ਤਦ ਇਨ੍ਹਾਂ ਗੱਲਾਂ ਥੀਂ ਉਹ ਮੁਕੱਰ ਗਇਆ ਕਿ ਨ ਰੁਪਏ ਓਸ ਚੁਰਾਏ, ਨ ਮਸਲੋਵਾ ਨੂੰ ਪੁੜੀ ਉਸ ਲਿਆ ਦਿਤੀ, ਤੇ ਸਾਰਾ ਇਲਜ਼ਾਮ ਉਸ ਮਸਲੋਵਾ ਦੇ ਮਥੇ ਹੀ ਮੜ੍ਹ ਦਿਤਾ | ਬੈਂਕ ਵਿਚ ਰੁਪਏ ਜਮ੍ਹਾਂ ਕਰਨ ਬਾਬਤ ਉਸ ਓਹੋ ਬਿਆਨ ਦਿਤਾ ਜੋ ਬੋਚਕੋਵਾ ਨੇ ਦਿਤਾ ਸੀ, ਕਿ ਇਹ ਰੁਪਏ, ਉਨ੍ਹਾਂ ਦੋਹਾਂ ਦੀ ਕਮਾਈ, ਤੇ ਹੋਟਲ ਵਿਚ ਆਏ ਗਏ ਮਹਿਮਾਨਾਂ ਦੀਆਂ ਉਨ੍ਹਾਂ ਨੂੰ ਦਿਤੀਆਂ ਬਖਸ਼ੀਸ਼ਾਂ, ਕੁਲ ੧੮ ਸਾਲ ਦੀ ਜਰਾ ਜਰਾ ਜਮ੍ਹਾਂ ਕੀਤੀ ਕਮਾਈ ਦੇ ਸਨ। ਤੇ ਉਨ੍ਹਾਂ ਦੋਹਾਂ ਇਕੱਠਿਆਂ ਨੇ ਜਮ੍ਹਾਂ ਕਰਾਏ ਸਨ।

"ਵਾਕਿਆਤ ਦੇ ਹੋਰ ਵਧੇਰੀ ਢੂੰਡ ਲਈ ਜਰੂਰੀ ਹੋਇਆ ਕਿ ਸਮੈਲਕੋਵ ਦੀ ਲਾਸ਼ ਦਾ ਕਬਰ ਵਿਚੋਂ ਕੱਢ ਕੇ ਮੁੜ ਡਾਕਟਰੀ ਇਮਤਿਹਾਨ ਕਰਾਇਆ ਜਾਵੇ। ਹੁਕਮ ਹੋਇਆ, ਕਿ ਮੁਰਦਾ ਕੱਢਿਆ ਜਾਵੇ ਤੇ ਓਹਦੇ ਪੇਟ ਤੇ ਆਂਦਰਾਂ ਦਾ ਦਾ ਪੂਰਾ ਪੂਰਾ ਇਮਤਿਹਾਨ ਕੀਤਾ ਜਾਵੇ। ਡਾਕਟਰੀ ਇਮਤਿਹਾਨ ਨੇ ਇਹ ਨਤੀਜਾ ਕੱਢਿਆ ਕਿ ਸਮੈਲਕੋਵ ਨੂੰ ਜ਼ਹਿਰ ਦਿਤਾ ਗਿਆ ਸੀ ਤੇ ਓਹਦੀ ਮੌਤ ਜ਼ਹਿਰ ਦੇਣ ਕਰਕੇ ਹੋਈ ਹੈ।"

ਇਸ ਥੀਂ ਪਿੱਛੇ ਮੁਜਿਰਮਾਂ ਦੇ ਬਿਆਨ ਤੇ ਉਨ੍ਹਾਂ ਉਤੇ ਕੀਤੇ ਸਵਾਲਾਂਦੇ ਜਵਾਬ ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਪੜ੍ਹੇ ਗਏ।

ਫਰਦ ਜੁਰਮ ਅਗੇ ਇਓਂ ਮੁੱਕਿਆ:—

"ਕਿ ਦੂਸਰੀ ਗਿਲਡ ਦਾ ਸੌਦਾਗਰ ਸਮੈਲਕੋਵ ਬਦਮਾਸ਼ੀ ਤੇ ਸ਼ਰਾਬ ਦਾ ਬੜਾ ਹੀ ਆਦੀ ਸੀ। ਉਹ ਲੁਬਕਾ ਨਾਮੀ ਕੰਜਰੀ ਦਾ ਕੀਤਾਈਵਾ ਦੇ ਕੰਜਰ-ਘਰ ਵਿਚ ਵਾਕਫ਼ ਬਣਿਆ ਸੀ, ਤੇ ਓਹਦੇ ਨਾਲ ਓਹਦਾ ਮਨ ਰੀਝ ਗਇਆ ਸੀ। ਤੇ ਓਥੇ ਹੀ ਉਸ ਨਾਲ ਉਹਦੀ ਗੋਂਦ ਗੁੰਦੀ ਗਈ ਸੀ। ੧੭ ਜਨਵਰੀ ੧੮੮੮ ਨੂੰ ਉਸ ਨੇ ਇਸ ਲੁਬਕਾ ਨੂੰ ਆਪਣੇ ਬਕਸ ਦੀ ਕੁੰਜੀ ਦਿੱਤੀ ਤੇ ਆਖਿਆ ਕਿ ਓਹਦੇ ਹੋਟਲ ਦੇ ਕਮਰੇ ਵਿਚ ਜਾ ਕੇ ਤੇ ਜੰਦਰਾ ਖੋਲ੍ਹ ਕੇ ਉਸ ਲਈ ੪੦ ਰੂਬਲ ਕੱਢ ਲਿਆਵੇ, ਜਿਨ੍ਹਾਂ ਦੀ ਓਹਨੂੰ ਉਸ ਵੇਲੇ ਸ਼ਰਾਬ ਮਾਸ ਲਈ ਲੋੜ ਪਈ ਸੀ।

"ਜਦ ਮਸਲੋਵਾ ਹੋਟਲ ਪਹੁੰਚੀ, ਓਥੇ ਬੋਚਕੋਵਾ ਤੇ ਕਾਰਤਿਨਕਿਨ ਤ੍ਰਿਹਾਂ ਨੇ ਮਿਲ ਕੇ ਮਤਾ ਪਕਾਇਆ ਕਿ ਓਹਦੇ ਰੁਪਏ ਗ਼ਬਨ ਕਰੀਏ। ਇਨ੍ਹਾਂ ਨੇ ਉਹਦਾ ਰੁਪਿਆ ਤੇ ਹੋਰ ਕੀਮਤੀ ਚੀਜ਼ਾਂ ਚੁਰਾ ਲਈਆਂ ਤੇ ਆਪੇ ਵਿੱਚ ਵੰਡ ਲਈਆਂ, ਇਹ ਜੁਰਮ ਇਨ੍ਹਾਂ ਨੇ ਜਰੂਰ ਕੀਤਾ।"

ਇਥੇ ਮਸਲੋਵਾ ਮੁੜ ਗੁੱਸੇ ਨਾਲ ਤ੍ਰੱਬਕੀ ਤੇ ਕੁਛ ਕਹਿਣ ਨੂੰ ਉੱਠੀ ਵੀ। ਮੂੰਹ ਓਹਦਾ ਰਤਾ ਲਾਲ ਹੋ ਗਇਆ।

"ਮਸਲੋਵਾ ਨੂੰ ਹੀਰੇ ਦੀ ਮੁੰਦਰੀ ਉਹਦਾ ਹਿੱਸਾ ਮਿਲਿਆ," ਸਕੱਤਰ ਸਾਹਿਬ ਵਗੀ ਗਏ, "ਤੇ ਗ਼ਾਲਬਨ ਕੁਛ ਨਕਦੀ ਵੀ ਮਿਲੀ ਜਿਹੜੀ ਯਾ ਤਾਂ ਉਸ ਖਰਚ ਕਰ ਲਈ ਹੋਊ ਯਾ ਓਸ ਪਾਸੋਂ ਗੁੰਮ ਹੋ ਗਈ ਹੋਊ, ਕਿਊਂਕਿ ਓਸ ਰਾਤ ਓਹ ਵੀ ਤਾਂ ਨਸ਼ਈ ਸੀ। ਆਪਣੇ ਜੁਰਮ ਨੂੰ ਛੁਪਾਉਣ ਲਈ ਇਨ੍ਹਾਂ ਸਾਜ਼ਸ਼ੀਆਂ ਨੇ ਗੰਢ ਪਾਈ ਕਿ ਓਹਨੂੰ ਕਿਸੀ ਨ ਕਿਸੀ ਤਰਾਂ ਕੰਜਰ-ਘਰ ਥੀਂ ਵਾਪਸ ਹੋਟਲ ਵਿਚ ਲੈ ਆਂਦਾ ਜਾਏ ਤੇ ਓਥੇ ਲਿਆ ਕੇ ਓਹਨੂੰ ਸੰਖੀਆ ਦਿਤਾ ਜਾਏ। ਸੰਖੀਆ ਕਾਰਤਿਨਕਿਨ ਪਾਸ ਅੱਗੇ ਹੀ ਸੀ। ਇਸ ਗੋਂਦ ਨੂੰ ਸਿਰੇ ਚਾਹੜਨ ਲਈ ਮਸਲੋਵਾ ਮੁੜ ਓਸ ਕੰਜਰ-ਘਰ ਵਾਪਸ ਗਈ ਤੇ ਸਮੈਲਕੋਵ ਨੂੰ ਪ੍ਰੇਰ ਕੇ ਹੋਟਲ ਮੌਰੀਟੇਨੀਆ ਵਿਚ ਆਪਣੇ ਨਾਲ ਵਾਪਸ ਲਿਆਈ। ਜਦ ਮਸਲੋਵਾ ਹੋਟਲ ਪਹੁਤਾ ਮਸਲੋਵਾ ਨੇ ਕਾਰਤਿਨਕਿਨ ਪਾਸੋਂ ਓਹ ਪੁੜੀ ਲਈ, ਬਰਾਂਡੀ ਦੇ ਗਲਾਸ ਵਿਚ ਘੋਲੀ ਤੇ ਉਹਨੂੰ ਪਿਲਾ ਦਿੱਤੀ। ਜਿਸ ਕਰਕੇ ਸਮੈਲਕੋਵ ਪਾਰ ਬੋਲਿਆ।

'ਉੱਪਰ ਲਿਖੇ ਵਾਕਿਆਤ ਕਹਿ ਕੇ ਇਹ ਕਿਸਾਨ ਬੋਰਕੀ ਦੇ ਰਹਿਣ ਵਾਲਾ, ਸਾਈਮਨ ਕਾਰਤਿਨਕਿਨ ਉਮਰ ੩੩ ਸਾਲ ਤੇ ਇਹ ਸ਼ਹਿਰੀ ਗਰਾਮੀਨ ਯੋਫੈਮੀਆ ਬੋਚਕੋਵਾ ਉਮਰ ੪੩ ਸਾਲ, ਤੇ ਇਹ ਸ਼ਹਿਰੀ ਗਰਾਮੀਨ (ਮਿਸ਼ਾਂਕਾ) ਕਾਤੇਰੀਨਾ ਮਸਲੋਵਾ ਉਮਰ ੨੮ ਸਾਲ, ਇਸ ਜੁਰਮ ਦੇ ਮੁਰਤਕਿਬ ਹਨ ਕਿ ਇਨ੍ਹਾਂ ਨੇ ੧੭ ਜਨਵਰੀ ੧੮੮੮ ਨੂੰ ਉਪਰ ਦਸੇ ਸੌਦਾਗਰ ਸਮੈਲਕੋਵ ਦੀ ਨਕਦੀ ਕੋਈ ੨੬੦੦ ਰੂਬਲ ਮਿਲਕੇ ਚੁਰਾਏ, ਤੇ ਫਿਰ ਉੱਪਰ ਦਸੇ ਸੌਦਾਗਰ ਸਮੈਲਕੋਵ ਨੂੰ ਸ਼ਰਾਬ ਵਿੱਚ ਜ਼ਹਿਰ ਘੋਲ ਕੇ ਪਿਆਇਆ। ਜਿਸ ਪਿਆਲਣ ਵਿੱਚ ਇਨ੍ਹਾਂ ਦਾ ਇਰਾਦਾ ਸੀ ਕਿ ਓਹਨੂੰ ਜਾਨੋਂ ਮਾਰ ਦਿਤਾ ਜਾਵੇ ਤਾ ਕਿ ਜਿਹੜਾ ਜੁਰਮ ਇਨ੍ਹਾਂ ਕੀਤਾ ਸੀ, ਓਹਦਾ ਸਿਰ ਪੈਰ ਨ ਪਤਾ ਲੱਗ ਸਕੇ ਤੇ ਇਸ ਕਾਰਨ ਹੀ ਇਨ੍ਹਾਂ ਤਿੰਨਾਂ ਨੇ ਓਹਨੂੰ ਮਾਰ ਮੁਕਾਇਆ ਹੈ।

"ਇਹ ਜੁਰਮ ਤਾਜ਼ੀਰਾਤ ਰੂਸ ਦੇ ਦਫਾ ੧੪੫੫ ਦਾ ਹੈ, ਤੇ ਇਸ ਵਾਸਤੇ ਉਸੇ ਦਫ਼ਾ ਤਾਜ਼ੀਰਾਤ ਰੂਸ ਮੁਤਾਬਕ ਤੇ ਦਫਾ ਫਲਾਣਾ ਫਲਾਣਾ ਜ਼ਾਬਤਾ ਫੌਜਦਾਰੀ ਦੇ ਕਿਸਾਨ ਸਾਈਮਨ ਕਾਰਤਿਨਕਿਨ, ਤੇ ਮਿਸ਼ਾਂਕਾ ਯੋਫੇਮੀਆ ਬੋਚਕੋਵਾ ਤੇ ਮਿਸ਼ਾਂਕਾ ਕਾਤੇਰੀਨਾ ਮਸਲੋਵਾ ਜੋ ਇਸ ਵਕਤ ਇਥੇ ਮੌਜੂਦ ਹਨ ਉਨ੍ਹਾਂ ਤੇ ਇਹ ਮੁਕੱਦਮਾ ਚਲਾਇਆ ਜਾਵੇ ਤੇ ਇੱਥੇ ਜ਼ਿਲੇ ਦੀ ਅਦਾਲਤ ਵਿਚ ਜੂਰੀ ਫੈਸਲਾ ਕਰੇ।"

ਇਓਂ ਸਕੱਤਰ ਸਾਹਿਬ ਨੇ ਫਰਦ ਜੁਰਮ ਪੜ੍ਹਕੇ ਸੁਣਾ ਦਿੱਤਾ ਤੇ ਆਖਰ ਖਤਮ ਵੀ ਕਰ ਹੀ ਦਿੱਤਾ, ਤੇ ਆਪਣੇ ਕਾਗਜ਼ ਲਪੇਟ ਲਪਾਟ ਕੇ, ਠੱਪ ਕੇ ਬਹਿ ਗਇਆ। ਆਪਣੇ ਹੱਥ ਨਾਲ ਆਪਣੀਆਂ ਪੱਟੀਆਂ ਨੂੰ ਸੰਵਾਰਨ ਲੱਗ ਪਇਆ। ਸਭ ਕਿਸੀ ਨੇ ਇਸ ਛੁਟਕਾਰੇ ਦਾ ਸ਼ੁਕਰ ਕੀਤਾ, ਠੰਢਾ ਸਾਹ ਲਇਆ, ਕਿ ਹੁਣ ਅਸਲੀ ਇਨਸਾਫ਼ ਦੀ ਤਹਿਕੀਕਾਤ ਸ਼ੁਰੂ ਹੋਵੇਗੀ, ਤੇ ਸਭ ਵਾਕਿਆਤ ਤੇ ਸਚਾਈਆਂ ਠੀਕ ਠੀਕ ਆਣ ਖੁਲ੍ਹਣਗੀਆਂ। ਮੁਜਰਿਮਾਂ ਨਾਲ ਪੂਰਾ ਇਨਸਾਫ ਤੇ ਚੰਗੀ ਅਦਾਲਤ ਹੋਵੇਗੀ। ਸਿਰਫ ਨਿਖਲੀਊਧਵ ਇਨ੍ਹਾਂ ਉਮੇਦਾਂ ਵਾਲਾ ਨਹੀਂ ਸੀ ਤੇ ਨਾਂਹ ਓਹ ਉਨ੍ਹਾਂ ਦੇ ਖਿਆਲਾਂ ਨਾਲ ਸਹਿਮਤ ਸੀ। ਓਹ ਤਾਂ ਇਸ ਭਿਆਨਕ ਖੌਫ਼ ਜੇਹੇ ਵਿਚ ਗ਼ਲਤਾਨ ਸੀ, ਕਿ ਹਾਇ ਇਸ ਮਸਲੋਵਾ ਨੇ ਕੀ ਕੀਤਾ ਹੋਣਾ ਹੈ? ਓਹ ਮਸਲੋਵਾ ਜਿਹਨੂੰ ਓਹ ਦਸ ਸਾਲ ਹੋਏ ਹਨ ਮਿਲਿਆ ਸੀ, ਤੇ ਤਾਂ ਜੇਹੜੀ ਇਕ ਅਯਾਣੀ, ਮਾਸੂਮ ਦਿਬਯ ਤੇ ਦਿਲ ਖਿੱਚਵੀਂ ਬਾਲਕਾ ਸੀ।

ਮੋਇਆਂ ਦੀ ਜਾਗ-ਕਾਂਡ ੧੧. : ਲਿਉ ਤਾਲਸਤਾਏ

ਜਦ ਫਰਦ ਜੁਰਮ ਇਉਂ ਪੜ੍ਹਿਆ ਜਾ ਚੁੱਕਾ, ਪ੍ਰਧਾਨ ਨੇ ਮਿੰਬਰਾਂ ਨਾਲ ਕੁਛ ਮਸ਼ਵਰਾ ਕਰਕੇ ਆਪਣਾ ਮੂੰਹ ਕਾਰਤਿਨਕਿਨ ਵਲ ਮੋੜਿਆ। ਓਹਦੇ ਮੂੰਹ ਤੇ ਐਸੀ ਇਕ ਦਿੱਖ ਸੀ ਜਿਸ ਥੀਂ ਇਹ ਸਾਫ ਪਤਾ ਪਇਆ ਲੱਗਦਾ ਸੀ ਕਿ ਹਾਂ ਭਾਈ ਹੁਣ ਤਾਂ ਅਸੀ ਸਭ ਗੱਲ, ਸੱਚ ਸੱਚ, ਤੇ ਕੂੜ ਕੂੜ, ਨਿੱਕੀ ਨਿੱਕੀ ਤਫਸੀਲ ਤਕ ਤੇ ਨਿਰੋਲ ਸੱਚ ਤਕ ਅੱਪੜ ਕੇ ਛੱਡਾਂ ਗੇ।

"ਕਿਸਾਨ—ਸਾਈਮਨ ਕਾਰਤਿਨਕਿਨ", ਪ੍ਰਧਾਨ ਨੇ ਖੱਬੇ ਪਾਏ ਝੁਕ ਕੇ ਆਵਾਜ਼ ਦਿੱਤੀ।

ਸਾਈਮਨ ਕਾਰਤਿਨਕਿਨ ਉੱਠ ਖੜਾ ਹੋਇਆ, ਆਪਣੀਆਂ ਦੋਵੇਂ ਬਾਹਾਂ ਪਾਸਿਆਂ ਨਾਲ ਸਿੱਧੀਆਂ ਲਮਕਾ ਦਿੱਤੀਆਂ ਤੇ ਸਾਰਾ ਅੱਗੇ ਵਲ ਝੁਕ ਕੇ, ਬਿਨਾ ਬੋਲੇ, ਆਪਣੀਆਂ ਖਾਖਾਂ ਆਪਣੇ ਮਾਮੂਲ ਵਾਂਗ ਦੱਬ ਕੇ ਹਿਲਾਈ ਗਇਆ।

"ਤੇਰੇ ਉੱਪਰ ਇਹ ਦੋਸ ਲੱਗਾ ਹੈ ਕਿ ੧੭ ਜਨਵਰੀ ੧੮੮੮ ਨੂੰ ਤੈਂ ਯੋਫੈਮੀਆ ਬੋਚਕੋਵਾ ਤੇ ਕਾਤੇਰੀਨਾ ਮਸਲੋਵਾ ਨਾਲ ਮਿਲ ਕੇ ਸੌਦਾਗਰ ਸਮੈਲਕੋਵ ਦੇ ਬਕਸ ਵਿੱਚੋਂ ਓਹਦਾ ਰੁਪਇਆ ਚੁਰਾਇਆ ਤੇ ਫਿਰ ਸੰਖੀਆ ਲਿਆ ਤੇ ਤੈਨੇ ਮਸਲੋਵਾ ਨੂੰ ਦਿੱਤਾ, ਤੇ ਇਹ ਇਸ ਗਰਜ਼ ਨਾਲ ਕੀਤਾ ਕਿ ਉਹ ਮਸਲੋਵਾ ਬ੍ਰਾਂਡੀ ਦੇ ਗਲਾਸ ਵਿੱਚ ਘੋਲ ਕੇ ਉਸ ਸੌਦਾਗਰ ਨੂੰ ਪਿਆ ਦੇਵੇ ਤੇ ਇਓਂ ਤੈਨੇ ਉਸ ਸਮੈਲਕੋਵ ਨੂੰ ਮਾਰਿਆ। ਕੀ ਤੂੰ ਜੁਰਮ ਦਾ ਇਕਬਾਲੀ ਹੈਂ?" ਪ੍ਰਧਾਨ ਨੇ ਪੁੱਛਿਆ ਤੇ ਹੁਣ ਆਪਣੇ ਸੱਜੇ ਪਾਸੇ ਵਲ ਉੜਿਆ।

"ਨਹੀਂ, ਹਰਗਿਜ਼ ਨਹੀਂ, ਕਿਉਂਕਿ ਸਾਡਾ ਤਾਂ ਕੰਮ ਮਹਿਮਾਨਾਂ ਦੀ ਖਾਤਰ ਤਵਾਜ਼ੋ ਕਰਨ ਦਾ ਹੋਇਆ ਜੀ।"

"ਤੂੰ ਇਹ ਗੱਲਾਂ ਮੁੜ ਕਰੀਂ—ਪਹਿਲਾਂ ਦੱਸ ਇਹ ਕਿ ਕੀ ਤੂੰ ਆਪਣਾ ਦੋਸ ਪ੍ਰਵਾਨ ਕਰਦਾ ਹੈਂ?"

"ਨਹੀਂ ਜਨਾਬ! ਮੈਂ ਸਿਰਫ...........।"

"ਹੋਰ ਗੱਲਾਂ ਤੂੰ ਸਾਨੂੰ ਮੁੜ ਦੱਸੀਂ, ਕੀ ਤੂੰ ਦੋਸ ਆਪਣਾ ਪ੍ਰਵਾਨ ਕਰਨਾ ਹੈਂ?" ਪ੍ਰਧਾਨ ਨੇ ਆਹਿਸਤਾ ਜੇਹਾ ਪਰ ਪਕਿਆਈ ਨਾਲ ਫਿਰ ਪੁੱਛਿਆ।

ਮੈਂ ਇਹੋ ਜੇਹੀ ਗੱਲ ਕਰ ਨਹੀਂ ਸਕਦਾ ਕਿਉਂਕਿ...."

ਅਸ਼ਰ ਮੁੜ ਸਾਈਮਨ ਕਾਰਤਿਨਕਿਨ ਕੋਲ ਦੌੜਦਾ ਆਇਆ ਤੇ ਉਹਨੂੰ ਇਸ ਬੇਹੂਦਾ ਗੁਫਤਗੂ ਕਰਨ ਥੀਂ ਗੋਸ਼ੇ ਜੇਹੇ ਵਿੱਚ ਹੋੜਿਆ, ਤੇ ਓਸੇ ਹੀ ਤਰਜ਼ ਨਾਲ ਜਿੰਵੇਂ ਓਹਨੂੰ ਉਹ ਡਰ ਪਾਉਣਾ ਚਾਹੁੰਦਾ ਸੀ ਕਿ ਇੱਥੇ ਇਓਂ ਕਰਨ ਨਾਲ ਮਤੇ ਕੋਈ ਉਸ ਲਈ ਹੋਰ ਉਪਦਰਵ ਨ ਖੜਾ ਹੋ ਜਾਂਦਾ ਹੋਵੇ। ਪ੍ਰਧਾਨ ਨੇ ਆਪਣਾ ਹੱਥ ਜਿਸ ਵਿੱਚ ਉਸ ਨੇ ਕਾਗਜ਼ ਪਕੜੇ ਹੋਏ ਸਨ, ਤੇ ਆਪਣੀ ਆਰਕ ਹੋਰ ਤਰਾਂ ਬਦਲਾ ਕੇ ਇਕ ਮੈਜਿਸਟਰੇਟੀ ਆਕੜ ਵਿੱਚ ਕਹਿਆ, "ਚਲੋ ਇਹ ਖਤਮ", ਤੇ ਯੋਫੈਮੀਆ ਬੋਚਕੋਵਾ ਵਲ ਮੁਖਾਤਿਬ ਹੋਇਆ।

"ਯੋਫੈਮੀਆ ਬੋਚਕੋਵਾ ਤੇਰੇ ਪਰ ਇਹ ਦੋਸ ਲੱਗਾ ਹੈ ਕਿ ਤੈਨੇ ੧੭ ਜਨਵਰੀ ੧੮੮੮ ਨੂੰ ਹੋਟਲ ਮੌਰੀਟੇਨੀਆ ਵਿੱਚ ਸਾਈਮਨ ਕਾਰਤਿਨਕਿਨ ਤੇ ਕਾਤੇਰੀਨਾ ਮਸਲੋਵਾ ਨਾਲ ਮਿਲ ਕੇ ਸੌਦਾਗਰ ਸਮੈਲਕੋਵ ਦੇ ਬਕਸ ਵਿੱਚੋਂ ਇਕ ਹੀਰੇ ਦੀ ਮੁੰਦਰੀ ਤੇ ਰੁਪਏ ਚੁਰਾਏ ਹਨ ਤੇ ਉਹ ਚੋਰੀ ਦਾ ਮਾਲ ਤੁਸੀਂ ਆਪੇ ਵਿੱਚ ਵੰਡ ਲਇਆ ਤੇ ਮੁੜ ਸੌਦਾਗਰ ਸਮੈਲਕੋਵ ਨੂੰ ਜਹਿਰ ਦੇ ਕੇ ਮਾਰ ਦਿੱਤਾ—ਕੀ ਤੂੰ ਆਪਣਾ ਦੋਸ ਪ੍ਰਵਾਨ ਕਰਦੀ ਹੈਂ?"

"ਮੈਂ ਕਿਸੀ ਦੋਸ ਦੀ ਦੋਸੀ ਨਹੀਂ," ਬੜੀ ਦਲੇਰੀ ਤੇ ਤਕੜਾਈ ਨਾਲ ਉਸ ਜਵਾਬ ਦਿੱਤਾ, "ਮੈਂ ਉਸ ਕਮਰੇ ਦੇ ਨੇੜੇ ਵੀ ਕਦੀ ਨਹੀਂ ਸਾਂ ਗਈ ਤੇ ਜਿਸ ਵੇਲੇ ਤੱਤੜੀ ਅੰਦਰ ਗਈ ਸੀ, ਸਭ ਕੁਛ ਇਸ ਨੇ ਹੀ ਕੀਤਾ ਜੇ?"

"ਇਹ ਗੱਲਾਂ ਤੂੰ ਮੁੜ ਪਈ ਕਰੀਂ," ਪ੍ਰਧਾਨ ਨੇ ਮੁੜ ਆਹਿਸਤਾ ਜੇਹਾ ਜ਼ਬਰਦਸਤੀ ਨਾਲ ਕਿਹਾ, "ਸੋ ਕੀ ਤੂੰ ਆਪਣੇ ਜੁਰਮ ਨਹੀਂ ਪ੍ਰਵਾਨ ਕਰਦੀ?"

"ਨ ਮੈਂ ਰੁਪਏ ਲਏ, ਨ ਮੈਂ ਕਮਰੇ ਵਲ ਗਈ, ਨ ਮੈਂ ਉਹਨੂੰ ਸ਼ਰਾਬ ਪਿਲਾਈ। ਜੇ ਮੈਂ ਅੰਦਰ ਜਾਂਦੀ ਤਦ ਮੈਂ ਜਰੂਰ ਇਸ ਤੱਤੀ ਨੂੰ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੀ।"

"ਸੋ ਤੂੰ ਜੁਰਮ ਥੀਂ ਇਨਕਾਰੀ ਹੈਂ?"

"ਕਦੀ ਨਹੀਂ।"

"ਬਹੁਤ ਅੱਛਾ।"

"ਕਾਤੇਰੀਨਾ ਮਸਲੋਵਾ", ਪ੍ਰਧਾਨ ਨੇ ਮੁੜ ਤੀਸਰੇ ਕੈਦੀ ਵਲ ਮੂੰਹ ਕਰਕੇ ਓਹੋ ਸਵਾਲ ਸ਼ੁਰੂ ਕੀਤਾ, "ਤੇਰੇ ਉੱਪਰ ਇਹ ਦੋਸ ਲੱਗਾ ਹੈ ਕਿ ਤੈਨੇ ਕੰਜਰ-ਘਰ ਥੀਂ ਸੌਦਾਗਰ ਸਮੈਲਕੋਵ ਦੇ ਬਕਸ ਦੀ ਕੁੰਜੀ ਲਿਆ ਕੇ ਉਸ ਵਿੱਚੋਂ ਕੁਛ ਰੁਪਏ ਤੇ ਇਕ ਹੀਰੇ ਦੀ ਮੁੰਦਰੀ ਚੋਰੀ ਕੀਤੀ।" ਇਹ ਸਬ ਕੁਛ ਉਹ ਇਓਂ ਕਹੀ ਜਾਂਦੀ ਸੀ ਜਿੰਵੇਂ ਕਿਸੇ ਨੇ ਕੋਈ ਸਬਕ ਬਰਜ਼ਬਾਨ ਯਾਦ ਕੀਤਾ ਹੁੰਦਾ ਹੈ ਤੇ ਹੁਣ ਆਪਣੇ ਖੱਬੇ ਵਲ ਜਰਾ ਕੁਛ ਝੁਕ ਰਿਹਾ ਸੀ ਕਿਉਂਕਿ ਉਹਦੇ ਖੱਬੇ ਬੈਠਾ ਇਕ ਮਿੰਬਰ ਓਹਦੇ ਕੰਨ ਵਿੱਚ ਕਹਿ ਰਿਹਾ ਸੀ ਕਿ ਗੁੰਮ ਗਈਆਂ ਚੀਜ਼ਾਂ ਵਿੱਚੋਂ ਇਕ ਮਰਤਬਾਨ ਜਿਹਦਾ ਜ਼ਿਕਰ ਫਰਦ ਵਿੱਚ ਆਉਂਦਾ ਹੈ, ਨਹੀਂ ਮਿਲ ਰਹਿਆ—"ਉਹਦੇ ਬਕਸ ਵਿੱਚੋਂ ਕੁਛ ਰੁਪਏ ਤੇ ਹੀਰੇ ਦੀ ਮੁੰਦਰੀ ਚੁਰਾਈ," ਉਸ ਨੇ ਮੁੜ ਆਪਣੇ ਲਫਜ਼ ਦੁਹਰਾਏ, "ਤੇ ਵੰਡੀਆਂ ਪਾਈਆਂ। ਫਿਰ ਤੂੰ ਸਮੈਲਕੋਵ ਨਾਲ ਹੋਟਲ ਮੌਰੀਟੇਨੀਆ ਨੂੰ ਆਈ, ਤੇ ਉਹਨੂੰ ਉੱਥੇ ਲਿਆਂਦਾ, ਤੂੰ ਉਹਨੂੰ ਸ਼ਰਾਬ ਵਿੱਚ ਘੋਲ ਕੇ ਜ਼ਹਿਰ ਦਿੱਤਾ ਤੇ ਇਓਂ ਉਹਨੂੰ ਮਾਰ ਮੁਕਾਇਆ, ਕੀ ਤੂੰ ਆਪਣੇ ਜੁਰਮ ਨੂੰ ਮੰਨਦੀ ਹੈਂ?"

"ਮੈਂ ਕਿਸੀ ਗੱਲ, ਜੜੇ ਜੁਰਮ ਦੀ ਜ਼ਿੰਮੇਵਾਰ ਨਹੀਂ", ਉਸ ਤ੍ਰਿੱਖਾ ਬੋਲਣਾ ਸ਼ੁਰੂ ਕੀਤਾ। "ਮੈਂ ਜਿਵੇਂ ਅੱਗੇ ਕਹਿ ਚੁੱਕੀ ਹਾਂ ਮੈਂ ਮੁੜ ਕਹਿੰਦੀ ਹਾਂ, ਮੈਂ ਕੁਛ ਨਹੀਂ ਲਇਆ, ਮੈਂ ਕੁਛ ਵੀ ਨਹੀਂ ਲਇਆ। ਤੇ ਮੁੰਦਰੀ ਓਸਨੇ ਆਪ ਮੈਨੂੰ ਦਿੱਤੀ ਸੀ।"

"ਸੋ ਤੂੰ ਨਹੀਂ ਮੰਨਦੀ ਕਿ ਤੈਨੇ ੨੬੦੦ ਰੂਬਲ ਚੁਰਾਏ?" ਪ੍ਰਧਾਨ ਨੇ ਪੁੱਛਿਆ।

"ਮੈਂ ਕਹਿ ਚੁੱਕੀ ਹਾਂ ਕਿ ਸਵਾਏ ੪੦ ਰੂਬਲ ਦੇ ਮੈਂ ਕੁਛ ਨਹੀਂ ਚੁੱਕਿਆ।"

"ਅੱਛਾ! ਕੀ ਤੂੰ ਇਹ ਜੁਰਮ ਮੰਨਦੀ ਹੈਂ ਕਿ ਤੈਨੇ ਸ਼ਰਾਬ ਵਿੱਚ ਸਮੈਲਕੋਵ ਨੂੰ ਇਕ ਪੁੜੀ ਘੋਲ ਕੇ ਪਿਲਾਈ?"

"ਹਾਂ—ਇਹ ਮੈਂ ਕੀਤਾ, ਪਰ ਮੈਂ ਇਸ ਨਿਹਚੇ ਵਿੱਚ ਕੀਤਾ ਜਿੰਵੇਂ ਇਨ੍ਹਾਂ ਮੈਨੂੰ ਦੱਸਿਆ ਸੀ ਕਿ ਇਹ ਪੁੜੀ ਨੀਂਦਰ ਲਿਆਉਣ ਵਾਲੀ ਹੈ ਤੇ ਮੈਂ ਤਹਿਕੀਕ ਸਮਝਿਆ ਸੀ ਕਿ ਇਹਦੇ ਪਿਲਾ ਦੇਣ ਨਾਲ ਓਹਨੂੰ ਕੋਈ ਜ਼ਰੱਰ ਨਹੀਂ ਪਹੁੰਚਣ ਲੱਗਾ। ਮੈਂ ਕਦੀ ਨਹੀਂ ਸੀ ਖਿਆਲ ਕੀਤਾ, ਤੇ ਕਦੀ ਨਹੀਂ ਸੀ ਚਾਹਿਆ.............ਰੱਬ ਮੇਰਾ ਗਵਾਹ ਹੈ, ਮੈਂ ਕਦੀ ਓਹਨੂੰ ਮਾਰਨ ਦਾ ਇਰਾਦਾ ਨਹੀਂ ਸੀ ਕੀਤਾ, ਨ ਇਹ ਮੇਰੀ ਨੀਤ ਹੈ ਸੀ," ਉਸ ਕਹਿਆ।

"ਸੋ ਤੂੰ ਇਹ ਨਹੀਂ ਮੰਨਦੀ ਕਿ ਤੂੰ ਰੁਪਏ ਚੁਰਾਏ ਯਾ ਉਹਦੀ ਹੀਰੇ ਦੀ ਅੰਗੂਠੀ ਚੋਰੀ ਕੀਤੀ, ਪਰ ਤੂੰ ਮੰਨਦੀ ਹੈਂ ਕਿ ਤੈਨੇ ਓਹਨੂੰ ਪੁੜੀ ਖਵਾਈ?" ਪ੍ਰਧਾਨ ਨੇ ਕਹਿਆ।

"ਹਾਂ ਹਾਂ! ਇਹ ਮੈਂ ਮੰਨਦੀ ਹਾਂ ਪਰ ਮੈਂ ਜਾਤਾ ਸੀ ਕਿ ਇਹ ਪੁੜੀ ਸਵਾਲਣ ਵਾਲੀ ਦਵਾਈ ਹੈ। ਮੈਂ ਉਹਨੂੰ ਇਹ ਪੁੜੀ ਸਿਰਫ ਇਸ ਮਤਲਬ ਲਈ ਖਵਾਈ ਸੀ ਕਿ ਓਹ ਸੈਂ ਜਾਵੇ, ਮੇਰਾ ਕਦੀ ਕੋਈ ਹੋਰ ਭੈੜਾ ਇਰਾਦਾ ਨਹੀਂ ਸੀ, ਤੇ ਨ ਇਸ ਥੀਂ ਵਧ ਮੈਂ ਓਹਦੇ ਕੋਈ ਬੁਰਾ ਚਿਤਵਿਆ ਸੀ।"

"ਚੰਗਾ--ਬਹੁਤ ਅੱਛਾ," ਪ੍ਰਧਾਨ ਨੇ ਕਿਹਾ। ਸਾਫ ਪਤਾ ਪਇਆ ਲੱਗਦਾ ਸੀ ਕਿ ਪ੍ਰਧਾਨ ਆਪਣੇ ਸਵਾਲ ਕਰਨ ਤੇ ਉਨ੍ਹਾਂ ਦੇ ਮਿਲੇ ਜਵਾਬਾਂ ਨੂੰ ਬੜੀ ਗੱਲ ਸਮਝ ਰਹਿਆ ਸੀ। "ਹੁਣ ਤੂੰ ਮੈਨੂੰ ਸਾਰੀ ਗੱਲ ਦੱਸ ਕਿ ਕੀ ਵਰਤਿਆ," ਦੋਹਾਂ ਹੱਥਾਂ ਨੂੰ ਮੇਜ਼ ਉੱਪਰ ਜੋੜ ਕੇ ਤੇ ਕੁਰਸੀ ਦੀ ਉੱਚੀ ਪਿੱਠ ਤੇ ਢੋਹ ਲਾ ਕੇ ਆਰਾਮ ਵਿੱਚ ਬਹਿ ਕੇ ਪ੍ਰਧਾਨ ਨੇ ਮੁੜ ਪੁੱਛਿਆ।

"ਪਰ ਤੂੰ ਸਾਰਾ ਵਿਰਤਾਂਤ ਦੱਸ, ਇਕ ਖੁੱਲ੍ਹਾ ਤੇ ਪੂਰਾ ਇਕਬਾਲ ਜੇ ਤੂੰ ਕਰੇਂਗੀ ਤਦ ਤੇਰੇ ਹੀ ਫਾਇਦੇ ਦੀ ਗੱਲ ਹੋਵੇਗੀ।"

ਮਸਲੋਵਾ ਚੁੱਪ, ਪ੍ਰਧਾਨ ਵਲ ਬਿਟ ਬਿਟ ਤਕਦੀ ਰਹੀ।

"ਸਾਨੂੰ ਦੱਸ ਕੀ ਵਰਤਿਆ।"

ਇਸ ਤਰਾਂ ਇਹ ਕਾਰਾ ਹੋਇਆ," ਤੇ ਮਸਲੋਵਾ ਨੇ ਮੁੜ ਅਚਣਚੇਤ ਤੇ ਛੇਤੀ ਛੇਤੀ ਬੋਲਣਾ ਸ਼ੁਰੂ ਕੀਤਾ। "ਮੈਂ ਹੋਟਲ ਵਿੱਚ ਆਈ ਤੇ ਮੈਨੂੰ ਉਹਦੇ ਕਮਰੇ ਵਿੱਚ ਭੇਜਿਆ ਗਇਆ। ਉਹ ਅੱਗੇ ਹੀ ਸ਼ਰਾਬ ਪੀ ਕੇ ਗੁਟ ਤੇ ਬਦਮਸਤ ਹੋਇਆ ਹੋਇਆ ਸੀ।" ਜਦ ਉਸ ਨੇ "ਓਹ" ਲਫ਼ਜ਼ ਕਹਿਆ ਤਦ ਉਹਦੀਆਂ ਚਪਾਟ ਖੁੱਲ੍ਹੀਆਂ ਅੱਖਾਂ ਵਿੱਚ ਇਕ ਡਰਾਉਣਾ ਰੰਗ ਛਾ ਗਇਆ।

"ਮੈਂ ਉਸ ਥੀਂ ਛੁਟਕਾਰਾ ਚਾਹੁੰਦੀ ਸਾਂ,ਓਹ ਮੈਨੂੰ ਛੱਡਦਾ ਹੀ ਨਹੀਂ ਸੀ," ਓਹ ਫਿਰ ਚੁੱਪ ਹੋ ਗਈ ਜਿਵੇਂ ਗਲ ਦਾ ਧਾਗਾ ਉਸ ਪਾਸੋਂ ਗੁੰਮ ਹੋ ਗਇਆ ਹੈ ਤੇ ਹੋਰ ਕੋਈ ਗੱਲ ਚੇਤੇ ਆ ਗਈ ਹੈ।

"ਅੱਛਾ! ਫਿਰ ਕੀ?"

"ਅੱਛਾ! ਕੀ ਫਿਰ? ਮੈਂ ਕੁਝ ਚਿਰ ਰਹੀ ਫੱਧੀ ਤੇ ਮੁੜ ਘਰ ਚਲੀ ਗਈ।"

ਇੱਥੇ ਸਰਕਾਰੀ ਵਕੀਲ ਪੂਰਾ ਨ ਉੱਠ ਕੇ ਆਪਣੀ ਕੁਰਸੀ ਉੱਪਰ ਹੀ ਰਤਾਕੂ ਉੱਚਾ ਹੋ ਕੇ ਤੇ ਆਪਣਾ ਭਾਰਾ ਬੇਥਵੀ ਤਰਾਂ ਆਪਣੀ ਆਰਕ ਉੱਪਰ ਪਾ ਕੇ ਇਉਂ ਦਿੱਸ ਆਇਆ, ਜਿਵੇਂ ਉਹ ਕੁਛ ਪੁੱਛਣਾ ਚਾਹੁੰਦਾ ਹੈ।

"ਆਪ ਕੁਛ ਪੁੱਛੋਗੇ?" ਪ੍ਰਧਾਨ ਨੇ ਓਹਨੂੰ ਪੁੱਛਿਆ, ਤੇ ਜਦ ਉਸ "ਹਾਂ" ਦਾ ਸਿਰ ਹਲਾਇਆ ਤਦ ਪ੍ਰਧਾਨ ਨੇ ਆਪਣੇ ਹੱਥ ਨਾਲ ਹੀ ਇਸ਼ਾਰਾ ਕੀਤਾ "ਪੁੱਛੋ"।

"ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਇਹ ਕੈਦੀ ਇਸ ਥੀਂ ਪਹਿਲਾਂ ਸਾਈਮਿਨ ਕਾਰਤਿਕਿਨ ਵਾਕਫ ਸੀ?" ਸਰਕਾਰੀ ਵਕੀਲ ਬਿਨਾ ਮਸਲੋਵਾ ਵਲ ਵੇਖਣ ਦੇ ਬੋਲਿਆ, ਤੇ ਸਵਾਲ ਪੁੱਛ ਕੇ ਉਸ ਆਪਣੇ ਹੋਠ ਘੁੱਟ ਲਏ ਤੇ ਮੱਥੇ ਤੇ ਵੱਟ ਪਾਇਆ। ਪ੍ਰਧਾਨ ਨੇ ਸਵਾਲ ਦੁਹਰਾਇਆ। ਮਸਲੋਵਾ ਨੇ ਸਰਕਾਰੀ ਵਕੀਲ ਵਲ ਤ੍ਰੈਹੀ ਤ੍ਰੈਹੀ ਡਰੀ ਨਿਗਾਹ ਨਾਲ ਨੀਝ ਬੰਨ੍ਹ ਕੇ ਵੇਖਿਆ।

"ਸਾਈਮਨ ਨਾਲ? ਹਾਂ," ਉਸ ਕਹਿਆ।

"ਮੈਂ ਇਹ ਪੁੱਛਣਾ ਚਾਹਾਂਗਾ ਕਿ ਕੈਦੀ ਦੀ ਕਾਰਤਿਨਕਿਨ ਨਾਲ ਵਾਕਫੀਅਤ ਕਿਸ ਗੱਲ ਵਿੱਚ ਸੀ? ਕੀ ਇਹ ਅਕਸਰ ਮਿਲਦੇ ਸਨ?"

"ਕਿਸ ਗੱਲ ਵਿੱਚ ਸੀ? ਓਹ ਮਹਿਮਾਨਾਂ ਲਈ ਮੈਨੂੰ ਬੁਲਾ ਲਿਆਇਆ ਕਰਦਾ ਸੀ। ਇਹ ਉਸ ਦੀ ਜ਼ਾਤ ਨਾਲ ਕਿਸੀ ਤਰਾਂ ਦੀ ਵਾਕਫੀਅਤ ਹੋਣ ਦੀ ਸ਼ਕਲ ਦੀ ਗੱਲ ਬਿਲਕੁਲ ਨਹੀਂ ਸੀ," ਮਸਲੋਵਾ ਨੇ ਉੱਤਰ ਦਿੱਤਾ ਤੇ ਕੁਛ ਫਿਕਰ ਜੇਹੇ ਵਿੱਚ ਕਦੀ ਸਰਕਾਰੀ ਵਕੀਲ ਵਲ ਤਕਦੀ ਸੀ ਕਦੀ ਪ੍ਰਧਾਨ ਵਲ, ਤੇ ਮੁੜ ਉਸ ਵਲ ਤੇ ਮੁੜ ਇਸ ਵਲ।

"ਮੈਂ ਪੁੱਛਣਾ ਚਾਹਾਂਗਾ ਕਿ ਕਾਰਤਿਨਕਿਨ ਮਹਿਮਾਨਾਂ ਲਈ ਸਿਰਫ ਇਹਨੂੰ ਹੀ ਕਿਉਂ ਸੱਦ ਲਿਆਉਂਦਾ ਸੀ, ਹੋਰ ਬਾਕੀ ਦੀਆਂ ਕੰਜਰੀਆਂ ਵਿਚੋਂ ਕਿਸੀ ਨੂੰ ਕਿਉਂ ਨਹੀਂ ਸੀ ਲੈ ਆਉਂਦਾ?" ਸਰਕਾਰੀ ਵਕੀਲ ਨੇ ਆਪਣੀਆਂ ਅੱਖੀਆਂ ਅੱਧੀਆਂ ਜੇਹੀਆਂ ਮੀਚ ਕੇ ਤੇ ਇਕ ਚਾਲਾਕ ਸ਼ੈਤਾਨੀ ਮੁਸਕੜੀ ਭਰ ਕੇ ਪੁਛਿਆ।

"ਮੈਨੂੰ ਨਹੀਂ ਪਤਾ, ਮੈਨੂੰ ਕਿਸ ਤਰਾਂ ਇਸ ਗੱਲ ਦਾ ਪਤਾ ਹੋ ਸੱਕਦਾ ਹੈ?" ਮਸਲੋਵਾ ਉੱਤਰ ਦਿੱਤਾ, ਪਰ ਅੱਗੇ ਪਿੱਛੇ ਇਕ ਡਰੀ ਹੋਈ ਘਿਰੀ ਹਿਰਨੀ ਵਾਂਗੂ ਚੋਫੇਰੇ ਤੱਕਦੀ ਸੀ ਤੇ ਨਿਖਲੀਊਧਵ ਵਲ ਆਪਣੀ ਨਜ਼ਰ ਟਿਕਾ ਕੇ ਕਹਿੰਦੀ ਹੈ, "ਉਹ ਉਹਨੂੰ ਬੁਲਾ ਲਿਆਉਂਦਾ ਸੀ ਜਿਹਨੂੰ ਓਹਦੀ ਮਰਜੀ ਹੁੰਦੀ ਸੀ।"

ਨਿਖਲੀਊਧਵ ਸੋਚੀਂ ਪੈ ਗਇਆ ਕਿ ਕੀ ਸੱਚੀਂ ਓਸ ਮੈਨੂੰ ਪਛਾਣ ਲਿਆ ਹੈ ਤੇ ਓਹਦੇ ਚਿਹਰੇ ਉੱਪਰ ਸ਼ਰਮਿੰਦਗੀ ਨਾਲ ਲਹੂ ਚੜਿ ਆਇਆ, ਪਰ ਮਸਲੋਵਾ ਨੇ ਆਪਣੀ ਨਿਗਾਹ ਮੁੜ ਉਸ ਥੀਂ ਵੀ ਫੇਰ ਲਈ, ਉਹ ਤਾਂ ਉਸ ਵਲ ਦੂਜਿਆਂ ਵਾਂਗ ਹੀ ਦੇਖ ਰਹੀ ਸੀ। ਹੋਰਨਾਂ ਥੀਂ ਵਧ ਓਹਨੂੰ ਕੀ ਸਿੰਝਾਣਨਾ ਸੀ ਤੇ ਉਸ ਮੁੜ ਆਪਣੀਆਂ ਅੱਖਾਂ ਸਰਕਾਰੀ ਵਕੀਲ ਵਲ ਮੋੜੀਆਂ।

"ਸੋ ਕੈਦੀ ਇਨਕਾਰੀ ਹੈ ਕਿ ਇਸ ਥੀਂ ਪਹਿਲਾਂ ਕੋਈ ਕਾਰਤਿਨਕਿਨ ਨਾਲ ਵਾਕਫ਼ੀਅਤ ਨਹੀਂ ਸੀ, ਬੱਸ ਜੀ ਮੈਂ ਹੋਰ ਕੁਛ ਨਹੀਂ ਪੁੱਛਣਾ।"

ਤੇ ਸਰਕਾਰੀ ਵਕੀਲ ਨੇ ਆਪਣੀ ਆਰਕ ਡੈਸਕ ਥੀਂ ਚੁੱਕ ਲਈ ਤੇ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਣ ਲੱਗ ਗਇਆ। ਪਰ ਦਰ ਅਸਲ ਉਹ ਲਿਖਦਾ ਵਿਖਦਾ ਕੁਛ ਨਹੀਂ ਸੀ, ਨਿਰਾ ਕੂੜਾ ਦਖਾਵਾ ਜੇਹਾ ਕਰਦਾ ਸੀ, ਆਪਣੀ ਕਲਮ ਨਾਲ ਆਪਣੇ ਨੋਟਾਂ ਦੇ ਲਫਜ਼ਾਂ ਦੀਆਂ ਮੁੜ ਮੁੜ ਲਕੀਰਾਂ ਵਾਹੁੰਦਾ ਸੀ। ਤੇ ਓਹ ਤਾਂ ਇੰਞ ਮਹਜ਼ ਦੁਜੇ ਵਕੀਲਾਂ ਦੀ ਨਕਲ ਜੇਹੀ ਕਰਦਾ ਸੀ। ਉਸ ਵੇਖਿਆ ਹੋਇਆ ਸੀ, ਕਿ ਮੁਖਤਾਰ ਵਕੀਲ ਵਗੈਰਾ ਕੋਈ ਚਾਲਾਕ ਜੇਹਾ ਸਵਾਲ ਕਰਕੇ ਕੋਈ ਨ ਕੋਈ ਗੱਲ ਜਰੂਰ ਲਿਖਣ ਲੱਗ ਜਾਂਦੇ ਹਨ ਤਾਂ ਕਿ ਉਹ ਆਪਣੇ ਮੁਕਾਬਲੇ ਤੇ ਖੜੇ ਵਕੀਲ ਨਾਲ ਮੁੜ ਕੋਈ ਬਹਿਸ ਵਹਿਸ ਦੀ ਝਪਟ ਕਰ ਸੱਕਣ।

ਪ੍ਰਧਾਨ ਨੇ ਦੋਸੀ ਨੂੰ ਤੁਰਤ ਹੀ ਫਿਰ ਕੋਈ ਸਵਾਲ ਨਹੀਂ ਸੀ ਕੀਤਾ ਕਿਉਂਕਿ ਉਹ ਐਨਕਾਂ ਵਾਲੇ ਮੈਂਬਰ ਨੂੰ ਪੁਛ ਰਹਿਆ ਸੀ ਕਿ ਆਯਾ ਓਹਦੀ ਓਸ ਨਾਲ ਸਮਤੀ ਹੈ ਕਿ ਓਹ ਸਾਰੇ ਸਵਾਲ (ਜਿਹੜੇ ਪਹਿਲਾਂ ਹੀ ਬਣ ਚੁਕੇ ਸਨ ਤੇ ਲਿਖੇ ਪਏ ਸਨ) ਪੁਛੇ ਜਾਣ?

"ਹਾਂ ਭਾਈ! ਫਿਰ ਕੀ ਹੋਇਆ" ਮੁੜ ਚਲਿਆ ਪ੍ਰਧਾਨ।

"ਮੈਂ ਘਰ ਚਲੀ ਗਈ ਸਾਂ" ਮਸਲੋਵਾ ਨੇ ਜ਼ਰਾ ਜ਼ਿਆਦਾ ਦੇਰੀ ਨਾਲ ਪਰ ਸਿਰਫ ਪ੍ਰਧਾਨ ਵਲ ਵੇਖ ਕੇ ਕਹਿਆ—"ਰੁਪਏ ਆਪਣੀ ਮਾਲਕਾ ਨੂੰ ਦੇ ਦਿੱਤੇ ਸਨ ਤੇ ਮੈਂ ਸੈਂ ਗਈ। ਮੈਂ ਰਤਾ ਕੂ ਹੀ ਸੁੱਤੀ ਹੋਸਾਂ ਕਿ ਸਾਡੀ ਇਕ ਲੜਕੀ ਬਰਥਾ ਨੇ ਮੁੜ ਮੈਨੂੰ ਆਣ ਉਠਾਇਆ, "ਜਾ! ਤੇਰਾ ਸੌਦਾਗਰ ਮੁੜ ਆ ਗਇਆ ਈ!" ਮੈਂ ਉੱਕਾ ਉੱਠਣਾ ਤੇ ਜਾਣਾ ਨਹੀਂ ਸੀ ਚਾਹੁੰਦੀ, ਪਰ ਮੈਡਮ ਨੇ ਮੁੜ ਹੁਕਮ ਦਿੱਤਾ ਤੇ ਮੈਨੂੰ ਜਾਣਾ ਹੀ ਪਇਆ।" ਇਹ ਲਫਜ਼ ਕਹਿੰਦੀ ਓਹ ਫਿਰ ਸਹਿਮੀ ਤੇ ਡਰੀ "ਓਸਨੇ ਸਾਡੀਆਂ ਕੁੜੀਆਂ ਨੂੰ ਖਿਲਾਣਾ ਪਿਲਾਣਾ ਤੇ ਰੀਝਾਣਾ ਸ਼ੁਰੂ ਕੀਤਾ ਤੇ ਹੋਰ ਸ਼ਰਾਬ ਮੰਗਵਾਣਾ ਚਾਹੁੰਦਾ ਸੀ ਪਰ ਰੁਪਏ ਜੇਬ ਵਿੱਚ ਮੁਕ ਗਏ ਸਨ ਸੂ, ਤੇ ਮੈਡਮ ਓਹਨੂੰ ਉਧਾਰ ਸ਼ਰਾਬ ਮਾਸ ਹੋਰ ਨਹੀਂ ਸੀ ਦੇਂਦੀ, ਓਸ ਉੱਪਰ ਇਹਤਬਾਰ ਨਹੀਂ ਸੀ ਕਰਦੀ ਤੇ ਇਸ ਕਰਕੇ ਓਸ ਮੈਨੂੰ ਹੋਟਲ ਵਿੱਚ ਆਪਣੇ ਰਹਿਣ ਵਾਲੇ ਕਮਰੇ ਨੂੰ ਘੱਲਿਆ ਤੇ ਨਾਲੇ ਦਸਿਆ ਕਿ ਓਹਦਾ ਰੁਪਿਆ ਕਿੱਥੇ ਪਇਆ ਹੋਇਆ ਹੈ ਤੇ ਕਿਵੇਂ ਓਸ ਵਿਚੋਂ ਕੱਢ ਕੇ ਓਹਨੇ ਲਿਆ ਕੇ ਦੇਵਣੇ ਹਨ, ਇਸ ਤਰਾਂ ਮੈਂ ਗਈ ਸਾਂ।"

ਪ੍ਰਧਾਨ ਆਪਣੇ ਖੱਬੇ ਬੈਠੇ ਮੈਂਬਰਾਂ ਨਾਲ ਗੋਸ਼ੇ ਕਰ ਰਿਹਾ ਸੀ ਪਰ ਇਹ ਦੱਸਣ ਲਈ ਕਿ ਓਹਦਾ ਬਿਆਨ ਠੀਕ ਸੁਣ ਰਿਹਾ ਹੈ, ਓਹਦੇ ਆਖਰੀ ਕਹੇ ਲਫਜ਼ ਦੁਹਰਾ ਦਿੱਤੇ। "ਸੋ ਤੂੰ ਗਈ, ਅੱਛਾ ਓਸ ਥੀਂ ਪਿੱਛੇ ਕੀ ਹੋਇਆ?"

"ਮੈਂ ਗਈ ਤੇ ਮੈਂ ਜਾ ਕੇ ਜੋ ਓਸ ਕਿਹਾ ਸੀ ਕੀਤਾ। ਫਿਰ ਓਹਦੇ ਕਮਰੇ ਵਿੱਚ ਗਈ, ਤੇ ਮੈਂ ਕੱਲੀ ਨਹੀਂ ਸਾਂ ਗਈ, ਮੈਂ ਸਾਈਨ ਕਾਰਤਿਨਕਿਨ ਤੇ ਦੂਜੀ ਨੂੰ ਨਾਲ ਜਾਣ ਲਈ ਬੁਲਾ ਲਿਆ ਸੀ," ਇਹ ਕਹਿ ਕੇ ਬੋਚਕੋਵਾ ਵੱਲ ਹੱਥ ਕਰਕੇ ਇਸ਼ਾਰਾ ਕੀਤਾ।

"ਇਹ ਨਿਪਟ ਕੂੜ ਹੈ, ਮੈਂ ਕਦੀ ਨਹੀਂ ਗਈ," ਬੋਚਕੋਵਾ ਨੇ ਕਹਿਣਾ ਸ਼ੁਰੂ ਕੀਤਾ ਪਰ ਫਿਰ ਚੁਪ ਹੋ ਗਈ।

"ਇਨ੍ਹਾਂ ਦੋਹਾਂ ਦੀ ਹਾਜ਼ਰੀ ਵਿੱਚ ਮੈਂ ੪ ਨੋਟ ਕੱਢੇ, ਮਸਲੋਵਾ ਮੱਥੇ ਵੱਟ ਪਾ ਕੇ ਬੋਲੀ ਗਈ, ਤੇ ਬੋਚਕੋਵਾ ਵਲ ਓਸ ਤੱਕਿਆ ਹੀ ਨਾਂਹ।

"ਹਾਂ-ਪਰ ਕੈਦੀ ਨੇ ਵੇਖਿਆ ਸੀ," ਮੁੜ ਸਰਕਾਰੀ ਵਕੀਲ ਪੁੱਛਦਾ ਹੈ, "ਕਿ ਓਥੇ ਕਿੰਨਾ ਰੁਪਿਆ ਸੀ ਜਿੱਥੋਂ ਇਸ ੪੦ ਰੂਬਲ ਕੱਢੇ ਸਨ?"

ਜਦ ਸਰਕਾਰੀ ਵਕੀਲ ਨੇ ਓਸ ਉੱਪਰ ਸਵਾਲ ਕੀਤਾ, ਮਸਲੋਵਾ ਕੰਬ ਗਈ ਸੀ, ਉਹ ਨਹੀਂ ਸੀ ਸਮਝ ਸਕਦੀ ਕਿ ਓਹਦੇ ਪੁੱਛਣ ਤੇ ਓਹ ਕਿਉਂ ਇੰਨੀ ਘਾਬਰਦੀ ਸੀ ਪਰ ਓਸਨੂੰ ਆਪਣੇ ਅੰਦਰੋਂ ਪਤਾ ਲਗਦਾ ਸੀ ਕਿ ਓਹ ਸ਼ਖਸ ਕਿਸੀ ਤਰਾਂ ਦਾ ਵੀ ਭਲਾ ਓਸ ਲਈ ਨਹੀਂ ਚਿਤਵ ਰਿਹਾ।

"ਮੈਂ ਗਿਣੇ ਨਹੀਂ ਸਨ, ਪਰ ਕੋਈ ਸੌ ਸੌ ਦੇ ਰੂਬਲ ਦੇ ਨੋਟ ਪਏਹੋ ਏ ਸਨ, ਬਸ ਇਹ ਸੀ।"

"ਅੱਛਾ! ਫਿਰ ਤੂੰ ਰੁਪਏ ਲੈ ਆਂਦੇ," ਕਚਿਹਰੀ ਦੀ ਘੜੀ ਵਲ ਤਕ ਕੇ ਪ੍ਰਧਾਨ ਬੋਲਿਆ।

"ਜੀ—ਮੈਂ ਲੈ ਆਈ।"

"ਅੱਛਾ ਤੇ ਫਿਰ?"

"ਫਿਰ ਓਹ ਮੈਨੂੰ ਆਪਣੇ ਨਾਲ ਹੀ ਵਾਪਸ ਹੋਟਲ ਨੂੰ ਲੈ ਆਇਆ," ਮਸਲੋਵਾ ਨੇ ਕਿਹਾ!

"ਅੱਛਾ ਫਿਰ ਤੂੰ ਓਹ ਪੁੜੀ ਕਿਸ ਤਰਾਂ ਦਿੱਤੀ? ਓਹਦੀ ਸ਼ਰਾਬ ਵਿਚ?"

"ਕਿਸ ਤਰਾਂ ਦਿਤੀ? ਮੈਂ ਗਲਾਸ ਵਿਚ ਸੁੱਟੀ ਤੇ ਓਹਨੂੰ ਦੇ ਦਿੱਤੀ।"

"ਤੂੰ ਓਹ ਓਹਨੂੰ ਕਿਉਂ ਦਿੱਤੀ?"

ਮਸਲੋਵਾ ਨੇ ਇਕ ਦਮ ਜਵਾਬ ਨ ਦਿੱਤਾ, ਪਰ ਬੜੀ ਲੰਮੀ ਤੇ ਭਾਰੀ ਠੰਡੀ ਆਹ ਭਰੀ, "ਓਹ ਮੈਨੂੰ ਛੱਡਦਾ ਹੀ ਨਹੀਂ ਸੀ," ਓਸ ਇਕ ਮਿੰਟ ਦੀ ਚੁੱਪ ਮਗਰੋਂ ਇਹ ਕਿਹਾ "ਤੇ ਮੈਂ ਬੜੀ ਹੀ ਥੱਕ ਕੇ ਚੂਰ ਹੋ ਗਈ ਸਾਂ ਤੇ ਮੈਂ ਸਾਈਮਨ ਨੂੰ ਕਿਹਾ, 'ਹਾਏ! ਕਿਸ ਤਰਾਂ ਇਹ ਜਨੌਰ ਮੈਨੂੰ ਛੱਡੇ? ਮੈਂ ਬੜੀ ਥੱਕ ਗਈ ਹਾਂ, ਤੇ ਓਸ ਕਿਹਾ, 'ਅਸੀ ਵੀ ਇਸ ਪਾਸੋਂ ਦਿੱਕ ਆ ਗਏ ਹਾਂ, ਅਸੀ ਵੀ ਸੋਚ ਰਹੇ ਹਾਂ ਕਿ ਇਹਨੂੰ ਕੋਈ ਨੀਂਦਰ ਲਿਆਉਣ ਵਾਲੀ ਦਵਾਈ ਪਿਲਾ ਦੇਈਏ, ਤਾਂ ਇਹ ਘੂਕ ਸੈਂ ਜਾਵੇ, ਤੇ ਤੂੰ ਚਲੀ ਜਾਈਂ।' ਤਾਂ ਹੀ ਮੈਂ ਕਿਹਾ, 'ਚੰਗਾ' ਮੈਂ ਸੋਚਿਆ ਕਿ ਇਹ ਦਵਾਈ ਕਿਸੀ ਕਿਸਮ ਦਾ ਓਹਨੂੰ ਜਰੱਰ ਨਹੀਂ ਪਹੁੰਚਾਏਗੀ। ਤੇ ਓਸ ਮੈਨੂੰ ਪੁੜੀ ਆਣ ਦਿੱਤੀ, ਮੈਂ ਅੰਦਰ ਗਈ। ਓਹ ਕਮਰੇ ਦੇ ਵਿਚਕਾਰ ਸਕਰੀਨ ਦੇ ਪਿੱਛੇ ਜਿਸ ਨੇ ਕਮਰੇ ਦੇ ਦੋ ਹਿੱਸੇ ਕੀਤੇ ਹੋਏ ਸਨ, ਪਇਆ ਹੋਇਆ ਸੀ। ਓਸ ਹੋਰ ਬ੍ਰਾਂਡੀ ਮੰਗੀ, ਮੈਂ ਮੇਜ਼ ਥੀਂ ਬ੍ਰਾਂਡੀ ਦੀ ਬੋਤਲ ਚੁੱਕੀ, ਦੋਹਾਂ ਗਲਾਸਾਂ ਵਿਚ ਪਾਈ, ਇਕ ਗਲਾਸ ਓਸ ਲਈ ਤੇ ਦੂਜਾ ਆਪਣੇ ਲਈ। ਓਹ ਪੁੜੀ ਮੈਂ ਓਹਦੇ ਗਲਾਸ ਵਿਚ ਉਲਟ ਦਿੱਤੀ ਤੇ ਗਲਾਸ ਓਹਨੂੰ ਫੜਾ ਦਿਤਾ। ਜੇ ਮੈਂ ਜਾਣਦੀ ਕਿ ਓਹ ਜ਼ਹਿਰ ਹੈ ਮੈਂ ਓਹਨੂੰ ਕਿਸ ਤਰਾਂ ਦੇ ਸਕਦੀ ਸਾਂ?"

"ਅੱਛਾ ਫਿਰ ਮੁੰਦਰੀ ਤੇਰੇ ਕਬਜੇ ਵਿਚ ਕਿਸ ਤਰਾਂ ਆਈ?" ਪ੍ਰਧਾਨ ਨੇ ਪੁਛਿਆ।

"ਓਸ ਆਪ ਮੈਨੂੰ ਦਿੱਤੀ ਹੈ।"

"ਓਸ ਕਦ ਤੈਨੂੰ ਦਿੱਤੀ?"

"ਜਦ ਓਹ ਮੁੜ ਆਪਣੇ ਰਹਿਣ ਵਾਲੇ ਹੋਟਲ ਦੇ ਕਮਰੇ ਵਿਚ ਆ ਗਿਆ ਸੀ, ਮੈਂ ਜਾਣਾ ਚਾਹੁੰਦੀ ਸਾਂ, ਓਸ ਮੇਰੇ ਸਿਰ ਉੱਪਰ ਇਕ ਮੁੱਕਾ ਮਾਰਿਆ, ਤੇ ਮੇਰੀ ਕੰਘੀ ਤੋੜ ਦਿੱਤੀ। ਮੈਂ ਖਫਾ ਹੋ ਗਈ ਤੇ ਕਹਿਆ ਮੈਂ ਹੁਣ ਚਲੀ ਜਾਵਾਂਗੀ। ਓਸ ਵੇਲੇ ਓਸ ਮੁੰਦਰੀ ਆਪਣੀ ਉਂਗਲ ਥੀਂ ਉਤਾਰ ਕੇ ਮੈਨੂੰ ਦਿੱਤੀ ਕਿ ਮੈਂ ਨ ਜਾਵਾਂ," ਓਸ ਕਹਿਆ।

ਇੱਥੇ ਸਰਕਾਰੀ ਵਕੀਲ ਅਪਣੀ ਕੁਰਸੀ ਤੇ ਮੁੜ ਜਰਾ ਉੱਚਾ ਹੋਇਆ ਤੇ ਓਸ ਇਕ ਭੋਲੇ ਭਾਵ ਦਾ ਦਿਖਾਵਾ ਜੇਹਾ ਕਰਕੇ ਕੁਛ ਇਕ ਸਵਾਲ ਪੁਛਣ ਦੀ ਇਜਾਜ਼ਤ ਮੰਗੀ। ਜਦ ਆਗਿਆ ਮਿਲ ਗਈ ਤਦ ਆਪਣਾ ਸਿਰ ਆਪਣੇ ਕੱਢੇ ਤਿਲੇ ਵਾਲੇ ਕਾਲਰ ਉੱਪਰ ਜਰਾ ਝੁਕਾ ਕੇ ਨਖਰੇ ਨਾਲ ਲੱਗਾ ਪੁੱਛਣ:—

"ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੈਦੀ ਓਸ ਸੌਦਾਗਰ ਸਮੈਲਕੋਵ ਦੇ ਕਮਰੇ ਵਿੱਚ ਕਿੰਨਾ ਚਿਰ ਰਹੀ।"

ਮਸਲੋਵਾ ਫਿਰ ਡਰ ਗਈ ਦਿੱਸੀ, ਫਿਰ ਓਸ ਘਬਰਾ ਕੇ ਪ੍ਰਧਾਨ ਵਲ ਹੀ ਤਕਿਆ ਤੇ ਛੇਤੀ ਛੇਤੀ ਬੋਲੀ:—

"ਮੈਨੂੰ ਯਾਦ ਨਹੀਂ ਕਿੰਨਾ ਚਿਰ।"

"ਠੀਕ—ਪਰ ਕੀ ਕੈਦੀ ਨੂੰ ਯਾਦ ਆਉਂਦਾ ਹੈ ਕਿ ਜਦ ਓਹ ਸਮੈਲਕੋਵ ਥੀਂ ਬਾਹਰ ਨਿਕਲੀ ਸੀ ਓਹ ਓਸ ਮਕਾਨ ਦੇ ਕਿਸੀ ਹੋਰ ਕਮਰੇ ਵਲ ਗਈ ਸੀ?"

ਮਸਲੋਵਾ ਕੁਛ ਚਿਰ ਸੋਚਦੀ ਰਹੀ "ਹਾਂ—ਮੈਂ ਇਕ ਓਹਦੇ ਨਾਲ ਦੇ ਖਾਲੀ ਕਮਰੇ ਵਿਚ ਗਈ ਸਾਂ।"

"ਠੀਕ—ਪਰ ਤੂੰ ਕਿਉਂ ਉਥੇ ਗਈ ਸੈਂ?" ਸਰਕਾਰੀ ਵਕੀਲ ਆਪਣਾ ਵਤੀਰਾ ਭੁਲ ਕੇ ਓਹਨੂੰ ਸਿੱਧਾ ਪੁੱਛਣ ਲੱਗ ਪਇਆ।

"ਕੁਝ ਥੋੜਾ ਜੇਹਾ ਸਾਹ ਲੈਣ ਨੂੰ ਤੇ ਉਡੀਕਣ ਨੂੰ ਕਿ ਗੱਡੀ ਆ ਲਵੇ ਜਿਹੜੀ ਮੈਨੂੰ ਘਰ ਪੁਹਚਾਵੇਗੀ।"

"ਤੇ ਕੀ ਕਾਰਤਿਨਕਿਨ ਓਸ ਕਮਰੇ ਵਿਚ ਕੈਦੀ ਨਾਲ ਸੀ ਕਿ ਨਹੀਂ?"

"ਓਹ ਅੰਦਰ ਆ ਗਇਆ ਸੀ।"

"ਕਿਉਂ ਓਹ ਅੰਦਰ ਆਇਆ ਸੀ।"

"ਸੌਦਾਗਰ ਦੀ ਕੁਛ ਕਦਰੇ ਬ੍ਰਾਂਡੀ ਬਾਕੀ ਸੀ ਤੇ ਅਸਾਂ ਦੋਹਾਂ ਮੁਕਾਈ।"

"ਅਹੋ ਹੋ! ਕੱਠੀ ਮੁਕਾਈ ਬਹੁਤ ਅੱਛਾ! ਤੇ ਕੀ ਕੈਦੀ ਨੇ ਕਾਰਤਿਨਕਿਨ ਨਾਲ ਗੱਲ ਬਾਤ ਵੀ ਕੀਤੀ ਤੇ ਜੇ ਕੀਤੀ ਤਦ ਕਿਸ ਬਾਬਤ।"

ਮਸਲੋਵਾ ਨੇ ਇਕ ਦਮ ਮੱਥੇ ਤੇ ਵੱਟ ਪਾਇਆ, ਮੂੰਹ ਸੁਰਖ ਹੋ ਗਇਆ ਤੇ ਛੇਤੀ ਨਾਲ ਬੋਲੀ:—

"ਕਿਸ ਬਾਬਤ? ਮੈਂ ਕਿਸੀ ਬਾਬਤ ਕੋਈ ਗੱਲ ਓਸ ਨਾਲ ਨਹੀਂ ਕੀਤੀ, ਤੇ ਬਸ ਇਹੋ ਕੁਛ ਹੈ ਸਭ ਕੁਝ ਜਿਹੜਾ ਮੈਨੂੰ ਪਤਾ ਹੈ ਤੁਸੀ ਮੇਰੇ ਨਾਲ ਜੋ ਚਾਹੋ ਕਰੋ। ਮੈਂ ਦੋਸੀ ਨਹੀਂ ਤੇ ਬਸ ਇਹੋ ਹੈ ਜੋ ਹੈ ਸਭ!"

"ਮੈਂ ਹੋਰ ਕੁਛ ਨਹੀਂ ਪੁੱਛਣਾ ਜਨਾਬ," ਤੇ ਸਰਕਾਰੀ ਵਕੀਲ ਨੇ ਕਹਿਆ ਤੇ ਆਪਣੇ ਮੋਢੇ ਉਤਾਂਹ ਨੂੰ ਖਿੱਚ ਕੇ ਹਿਲਾਏ, ਮੁੜ ਓਹ ਆਪਣੀ ਆਖਰੀ ਤਕਰੀਰ ਦੇ ਲਿਖੇ ਨੋਟਾਂ ਵਿਚ ਕੁਛ ਲਿਖਣ ਡਹਿ ਪਿਆ ਕਿ ਕੈਦੀ ਦੀ ਆਪਣੀ ਜ਼ਬਾਨੀ ਸ਼ਹਾਦਤ ਹੈ ਕਿ ਓਹ ਕਾਰਤਿਨਕਿਨ ਨਾਲ ਇਕ ਖਾਲੀ ਕਮਰੇ ਵਿਚ ਗਈ ਸੀ।

ਥੋੜੇ ਚਿਰ ਲਈ ਚੁਪ ਵਰਤੀ।

"ਤੂੰ ਹੋਰ ਕੁਛ ਨਹੀਂ ਕਹਿਣਾ?"

"ਮੈਂ ਸਭ ਕੁਛ ਕਹਿ ਬੈਠੀ ਹਾਂ", ਓਸ ਨੇ ਸਾਹ ਭਰ ਕੇ ਕਹਿਆ ਤੇ ਬਹਿ ਗਈ।

ਫਿਰ ਪ੍ਰਧਾਨ ਨੇ ਕੁਛ ਲਿਖਿਆ ਤੇ ਖੱਬੇ ਬੈਠੇ ਮੈਂਬਰ ਨਾਲ ਕਾਨਾ ਫੂਸੀ ਕੀਤੀ, ਤੇ ਐਲਾਨ ਕੀਤਾ ਕਿ ਕਚਹਿਰੀ ੧੦ ਮਿੰਟ ਲਈ ਬਰਖਾਸਤ ਤੇ ਇਹ ਕਹਿ ਕੇ ਜਲਦੀ ਨਾਲ ਉੱਠ ਕੇ ਅਦਾਲਤ ਦੇ ਕਮਰੇ ਥੀਂ ਬਾਹਰ ਤੁਰ ਗਇਆ। ਓਸ ਲੰਮੀ ਦਾਹੜੀ ਵਾਲੇ ਲੰਮੇ ਨਰਮੀ ਭਰੀਆਂ ਅੱਖਾਂ ਵਾਲੇ ਮੈਂਬਰ ਨੇ ਗੋਸ਼ੇ ਵਿਚ ਪ੍ਰਧਾਨ ਨੂੰ ਇਹ ਕਹਿਆ ਸੀ ਕਿ ਓਹਦੇ ਪੇਟ ਵਿਚ ਦਰਦ ਹੋ ਰਹੀ ਹੈ ਤੇ ਓਹ ਕੁਛ ਵਕਫਾ ਚਾਹੁੰਦਾ ਹੈ ਕਿ ਜਾ ਕੇ ਪੇਟ ਮਲੇ ਤੇ ਇਕ ਕਤਰਾ ਪੀਵੇ-ਬਸ ਇਸ ਕਰਕੇ ਕਚਹਿਰੀ ਦੀ ਕਾਰਵਾਈ ਵਿਚ ਵਕਫਾ ਪਾਇਆ ਗਿਆ ਸੀ।

ਜਦ ਜੱਜ ਉੱਠ ਪਏ ਤਦ ਨਾਲ ਹੀ ਵਕੀਲ, ਜੂਰੀ ਤੇ ਗਵਾਹ ਉੱਠ ਪਏ, ਤੇ ਓਨ੍ਹਾਂ ਸਾਰਿਆਂ ਨੂੰ ਇਹ ਗੱਲ ਚੰਗੀ ਲੱਗੀ ਕਿ ਚਲੋ ਕੁਛ ਕੰਮ ਨਿਬੜਿਆ ਹੈ ਤੇ ਮਨ ਦੀ ਇਸ ਚੰਗੀ ਹਾਲਤ ਵਿਚ ਅਗੇ ਪਿੱਛੇ ਉੱਠ ਕੇ ਟਹਿਲਣ ਲੱਗ ਪਏ।

ਨਿਖਲੀਊਧਵ ਦੇ ਜੂਰੀ ਦੇ ਕਮਰੇ ਵਿਚ ਜਾ ਕੇ ਇਕ ਬਾਰੀ ਲਾਗੇ ਬਹਿ ਗਇਆ।

ਮੋਇਆਂ ਦੀ ਜਾਗ-ਕਾਂਡ ੧੨. : ਲਿਉ ਤਾਲਸਤਾਏ

"ਹਾਂ-ਠੀਕ ਇਹੋ ਕਾਤੂਸ਼ਾ ਸੀ।"

ਕਾਤੂਸ਼ਾ ਤੇ ਨਿਖਲੀਊਧਵ ਦੇ ਆਪੇ ਵਿੱਚ ਕਦੀ ਹੋਏ ਤਅੱਲਕ ਇਉਂ ਸੀਗੇ:—

ਜਦ ਨਿਖਲੀਊਧਵ ਕਾਤੂਸ਼ਾ ਨੂੰ ਪਹਿਲੇ ਪਹਿਲ ਮਿਲਿਆ ਸੀ ਤਦ ਓਹ ਯੂਨੀਵਰਸਟੀ ਦੇ ਤੀਸਰੇ ਸਾਲ ਦਾ ਪੜ੍ਹਾਕੂ ਮੁੰਡਾ ਸੀ। ਓਸ ਵੇਲੇ ਓਹ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿਹੜੀਆਂ ਆਪਣੀਆਂ ਫੁੱਫੀਆਂ ਪਾਸ ਗੁਜਾਰਨ ਆਇਆ ਸੀ, ਭੋਂ ਦੇ ਮਾਲੀਏ ਦੇ ਮਜ਼ਮੂਨ ਉੱਪਰ ਆਪਣਾ ਖੁੱਲ੍ਹਾ ਲੇਖ (ਐਸੇ) ਤਿਆਰ ਕਰ ਰਹਿਆ ਸੀ। ਓਸ ਸਾਲ ਥੀਂ ਪਹਿਲਾਂ ਓਹ ਆਪਣੀਆਂ ਗਰਮੀ ਦੀਆਂ ਛੁੱਟੀਆਂ ਆਪਣੀ ਮਾਂ ਤੇ ਭੈਣ ਪਾਸ ਗੁਜਾਰਨ ਜਾਇਆ ਕਰਦਾ ਸੀ ਤੇ ਮਾਸਕੋ ਪਾਸ ਆਪਣੀ ਮਾਂ ਦੀ ਵੱਡੀ ਰਿਆਸਤ ਵਿੱਚ ਓਨ੍ਹਾਂ ਨਾਲ ਜਾਕੇ ਰਹਿੰਦਾ ਸੀ। ਹੁਣ ਇਸ ਸਾਲ ਜਦ ਇੱਥੇ ਆਇਆ ਓਹਦੀ ਭੈਣ ਵਿਆਹੀ ਗਈ ਸੀ, ਤੇ ਓਹਦੀ ਮਾਂ ਬਾਹਰ ਬਦੇਸ਼ ਕਿਸੀ ਥਾਂ ਚਸ਼ਮੇ ਉੱਪਰ ਆਪਣੀ ਸਿਹਤ ਦੀ ਖਾਤਰ ਗਈ ਹੋਈ ਸੀ। ਐਤਕੀ ਛੁੱਟੀਆਂ ਵਿੱਚ ਓਸ ਆਪਣੇ ਲੇਖ ਦਾ ਕੰਮ ਜਰੂਰ ਖਤਮ ਕਰਨਾ ਸੀ, ਇਸ ਕਰਕੇ ਓਸ ਨੇ ਇਹ ਇਰਾਦਾ ਕੀਤਾ ਕਿ ਐਦਕੀ ਸਮਾਂ ਜਾਕੇ ਆਪਣੀਆਂ ਫੁੱਫੀਆਂ ਪਾਸ ਹੀ ਕੱਟੇ, ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਦੀ ਏਕਾਂਤ ਰਿਆਸਤ ਵਿੱਚ ਬੜੀ ਸ਼ਾਂਤੀ ਹੈ ਤੇ ਓਹ ਆਪਣਾ ਕੰਮ ਬਿਨਾ ਕਿਸੀ ਵਿਖੇਪਤਾ ਦੇ ਸਿਰੇ ਚਾਹੜ ਸੱਕੇਗਾ। ਓਧਰ ਫੁੱਫੀਆਂ ਦਾ ਆਪਣੇ ਭਤਰੀਏ ਨਾਲ ਬੜਾ ਹੀ ਪਿਆਰ ਸੀ, ਤੇ ਓਹ ਦੋਵੇਂ ਓਹਦੀ ਬੜੀ ਹੀ ਲਾਡ ਮੁਰਾਦ ਕਰਦੀਆਂ ਸਨ, ਤੇ ਮੁੰਡੇ ਨੂੰ ਵੀ ਓਨ੍ਹਾਂ ਦੀ ਪੁਰਾਣੇ ਤਰੀਕੇ ਦੀ ਸਾਦਾ ਜ਼ਿੰਦਗੀ ਚੰਗੀ ਲੱਗਦੀ ਸੀ।

ਆਪਣੀਆਂ ਫੁੱਫੀਆਂ ਦੇ ਘਰ ਓਸ ਹੁਨਾਲੇ, ਨਿਖਲੀਊਧਵ ਆਪਣੀ ਚੜ੍ਹਦੀ ਜਵਾਨੀ ਵਿੱਚ ਆਪਣੀ ਜ਼ਿੰਦਗੀ ਦੇ ਉਸ ਹਿੱਸੇ ਵਿੱਚ ਲੰਘ ਰਹਿਆ ਸੀ ਜਿਸ ਵਿੱਚ ਇਕ ਨੌਜਵਾਨ ਗਭਰੂ ਜਿਹਨੂੰ ਬਾਹਰੋਂ ਹੋਰ ਕੋਈ ਰਾਹ ਪਾਉਣ ਵਾਲਾ ਨਹੀਂ ਮਿਲਦਾ ਤੇ ਇਸ ਕਰਕੇ ਓਹ ਆਪਣੇ ਆਪ ਹੀ ਜ਼ਿੰਦਗੀ ਦੇ ਅੰਦਰਲੇ ਸੁਹਣਪ ਦੇ ਅਰਥ ਨੂੰ ਪਹਿਲੀ ਵੇਰੀ ਅਨੁਭਵ ਕਰਦਾ ਹੈ ਤੇ ਓਹਨੂੰ ਇਸ ਵੱਡੀ ਯਾਤਰਾ ਵਿੱਚ ਰੱਬ ਦੀ ਬਖਸ਼ੀ ਇਕ ਉੱਚੀ ਤੇ ਡੂੰਘੀ ਉਮੰਗ ਹੁੰਦੀ ਹੈ ਕਿ ਕੋਈ ਉੱਚਾ ਕੰਮ ਕਰੇ, ਤੇ ਨਾਲੇ ਓਹ ਆਪਨੇ ਡਹੁਲਿਆਂ ਵਿੱਚ ਜੋਰ ਦਾ ਉਭਾਰ ਵੇਖ ਵੇਖ ਵੇਗਾਂ ਵਿੱਚ ਆਉਂਦਾ ਹੈ ਕਿ ਕੀ ਉਸ ਦੇ ਆਪਣੇ ਆਪ ਲਈ ਤੇ ਕੀ ਦੁਨੀਆਂ ਲਈ ਜ਼ਿੰਦਗੀ ਇਕ ਮੌਕਾ ਹੈ ਕਿ ਬੇਅੰਤ ਤਕ ਤਰੱਕੀ ਕਰ ਕੇ ਅੱਪੜ ਸਕੇ, ਕੋਈ ਸੀਮਾ, ਤੇ ਰੁਕਾਵਟ ਨਹੀਂ ਵੇਖਦਾ। ਲੱਕ ਬੰਨ੍ਹ ਕੇ ਲੱਗ ਪੈਂਦਾ ਹੈ ਤੇ ਓਸ ਚਿਤਵੇ ਕਮਾਲ ਤਕ ਪਹੁੰਚਣ ਦੀ ਓਹਨੂੰ ਨਿਰੀ ਆਸ ਨਹੀਂ ਹੁੰਦੀ ਸਗੋਂ ਅਹਿਲ ਤੇ ਪੱਕਾ ਵਿਸ਼ਵਾਸ ਹੁੰਦਾ ਹੈ ਕਿ ਆਪਣੇ ਚਿਤ ਦਵਾਰਾ ਦੂਰ ਅਨੁਭਵ ਕੀਤੀ ਕਮਾਲੀਅਤ ਨੂੰ ਜਰੂਰ ਬਰ ਜਰੂਰ ਪਹੁੰਚ ਕੇ ਰਹੇਗਾ। ਓਸ ਨੇ ਇਸ ਥੀਂ ਪਹਿਲਾਂ ਹੀ ਹਰਬਰਟ ਸਪੈਨਸਰ ਦੀ ਪੋਥੀ ਸੋਸ਼ਲ ਸਟੈਟਿਸਟਿਕਸ ਨਾਮੀ ਚੰਗੀ ਤਰਾਂ ਪੜ੍ਹ ਲਈ ਹੋਈ ਸੀ। ਹਰਬਰਟ ਸਪੈਨਸਰ ਦੇ ਓਹ ਖਿਆਲ ਜੋ ਉਸ ਭੋਂ ਦੀ ਮਲਕੀਅਤ ਬਨਾਉਣ ਉੱਪਰ ਲਿਖੇ ਸਨ, ਉਹਨੂੰ ਬੜੇ ਹੀ ਚੰਗੇ ਲੱਗੇ ਸਨ। ਖਾਸ ਕਰ ਜਦ ਕਿ ਉਸ ਆਪਣੀਆਂ ਵਡੀਆਂਰਿਆਸਤਾਂ ਦਾ ਮਾਲਕ ਬਣਨਾ ਸੀ। ਉਹਦਾ ਪਿਉ ਤਾਂ ਇੰਨਾ ਅਮੀਰ ਨਹੀਂ ਸੀ ਪਰ ਉਹਦੀ ਮਾਂ ਆਪਣੇ ਦਾਜ ਵਿੱਚ ੧੦,੦੦੦ ਕਿੱਲੇ ਜਮੀਨ ਲੈ ਆਈ ਸੀ ਤੇ ਇਸ ਮੁੰਡੇ ਨੂੰ ਇਸ ਵੇਲੇ ਤਕ ਪੂਰਾ ਪਤਾ ਲੱਗ ਚੁੱਕਾ ਸੀ ਕਿ ਭੋਂ ਦੀ ਨਿੱਜੀ ਮਾਲਕੀ ਕਿੰਨੀ ਬੇਇਨਸਾਫੀ ਤੇ ਬੇਰਹਮੀ ਦਾ ਕਰਮ ਹੈ, ਤੇ ਇਹ ਗਭਰੂ ਉਨ੍ਹਾਂ ਹੋਨਹਾਰ ਨੌਜਵਾਨਾਂ ਵਿੱਚੋਂ ਇਕ ਸੀ, ਜਿਹੜੇ ਆਦਰਸ਼ ਦੀ ਖਾਤਰ ਤੇ ਆਪਣੀ ਨਿੱਕੀ ਅੰਦਰਲੀ ਜ਼ਮੀਰੀ ਆਵਾਜ਼ ਦੀ ਖਾਤਰ ਜੋ ਕੁਛ ਵੀ ਕੁਰਬਾਨੀ ਓਨ੍ਹਾਂ ਨੂੰ ਕਰਨੀ ਪਵੇ ਬੜੀ ਖੁਸ਼ੀ ਨਾਲ ਕਰ ਗੁਜਰਦੇ ਹਨ, ਤੇ ਇਉਂ ਓਨ੍ਹਾਂ ਨੂੰ ਕੁਰਬਾਨੀ ਕਰਕੇ ਸਭ ਥੀਂ ਉੱਚੀ ਤਰਾਂ ਦੀ ਰੂਹਾਨੀ ਖੁਸ਼ੀ ਅੰਦਰ ਅੰਦਰ ਹੀ ਹੁੰਦੀ ਹੈ। ਤੇ ਇਸ ਉੱਚੀ ਤਬੀਅਤ ਵਾਲੇ ਨਿਖਲੀਊਧਵ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੋਈ ਵੀ ਭੋਂ ਦੀ ਮਾਲਕੀ ਦੇ ਹੱਕ ਆਪਣੇ ਲਈ ਕਦੀ ਨਹੀਂ ਰੱਖਣ ਲੱਗਾ। ਤੇ ਓਹ ਜਮੀਨ ਜੋ ਪਿਉ ਵਲੋਂ ਓਹਨੂੰ ਮਿਲੇਗੀ ਓਹ ਰਾਹਕਾਂ ਨੂੰ ਹੀ ਦੇ ਛੱਡੇਗਾ, ਤੇ ਇਉਂ ਓਹ ਜਮੀਨ ਦੇ ਮਾਲੀਏ ਦੇ ਵਿਸ਼ੇ ਉੱਪਰ ਆਪਣਾ ਲੇਖ ਲਿਖ ਰਹਿਆ ਸੀ।

ਆਪਣੀਆਂ ਫੁੱਫੀਆਂ ਦੇ ਚੱਕ ਵਿੱਚ ਓਸ ਨੇ ਆਪਣੇ ਵਕਤ ਦੀ ਵੰਡ ਇਉਂ ਕੀਤੀ ਹੋਈ ਸੀ। ਵੱਡੇ ਤੜਕੇ ਜਾਗਦਾ ਸੀ, ਕਦੀ ਤਿੰਨ ਵਜੇ ਸਵੇਰੇ ਵੀ। ਤੇ ਸਵੇਰੇ ਸਾਰ ਕੁਹਰ ਵਿੱਚ ਦੀ ਜਾਂਦਾ ਪਹਾੜੀ ਦੇ ਹੇਠਾਂ ਵਗਦੀ ਨਦੀ ਵਿਚ ਜਮ ਕੇ ਇਸ਼ਨਾਨ ਕਰਦਾ ਸੀ, ਤੇ ਫੁੱਲਾਂ ਤੇ ਘਾਹਾਂ ਉੱਪਰ ਤ੍ਰੇਲ ਪਈ ਹੀ ਹਾਲੇ ਹੁੰਦੀ ਸੀ ਕਿ ਉਹ ਆਪਣੇ ਘਰ ਮੁੜ ਕੇ ਆ ਵੀ ਜਾਂਦਾ ਸੀ। ਬਾਹਜੇ ਬਾਹਜੇ ਦਿਨ ਤਾਂ ਓਹ ਆਪਣੀ ਕਾਫ਼ੀ ਪੀਕੇ ਉਹ ਮਸ਼ਵਰਾ ਦੇਣ ਵਾਲੀਆਂ ਕਿਤਾਬਾਂ ਨੂੰ ਤੇ ਕਾਗਜ਼ ਲੈ ਕੇ ਬਹਿ ਜਾਂਦਾ ਸੀ ਤੇ ਆਪਣੇ ਲੇਖ ਲਈ ਕੰਮ ਕਰਨ ਲੱਗ ਪੈਂਦਾ ਸੀ। ਪਰ ਅਕਸਰ ਕਾਫ਼ੀ ਪੀ ਕੇ ਲਿਖਣ ਪੜ੍ਹਨ ਦੀ ਥਾਂ ਉਹ ਘਰੋਂ ਬਾਹਰ ਵਗ ਜਾਂਦਾ ਸੀ ਤੇ ਵਾਹਣਾਂ, ਬੇਲਿਆਂ ਤੇ ਜੰਗਲਾਂ ਵਿੱਚ ਫਿਰਦਾ ਰਹਿੰਦਾ ਸੀ। ਰੋਟੀ ਖਾਣ ਥੀਂ ਪਹਿਲਾਂ ਬਾਗ ਵਿੱਚ ਕਿਧਰੇ ਲੇਟ ਜਾਂਦਾ ਸੀ ਤੇ ਇਕ ਠਮਕਾ ਵੀ ਲੈ ਲੈਂਦਾ ਸੀ। ਰੋਟੀ ਖਾਣ ਵੇਲੇ ਓਹ ਆਪਣੀ ਚੜ੍ਹੀ ਉੱਡਦੀ ਤੇ ਖੁਸ਼ ਤਬੀਅਤ ਕਰਕੇ ਸਭ ਨੂੰ ਬੜਾ ਹਸਾਉਂਦਾ ਤੇ ਖੁਸ਼ ਕਰਦਾ ਸੀ ਫਿਰ ਘੋੜੇ ਦੀ ਸਵਾਰੀ ਕਰਨ ਟੁਰ ਜਾਂਦਾ ਸੀ, ਯਾ ਦਰਯਾ ਉੱਪਰ ਕਿਸ਼ਤੀ ਚਲਾਣ ਚਲਾ ਜਾਂਦਾ ਸੀ। ਸ਼ਾਮ ਵੇਲੇ ਬੈਠ ਕੇ ਪੜ੍ਹਦਾ ਯਾ ਆਪਣੀਆਂ ਫੁੱਫੀਆਂ ਨਾਲ ਪੇਸ਼ੰਸ ਦੀ ਖੇਡ ਤਾਸ਼ ਖੇਡਦਾ ਸੀ।

ਕਈ ਰਾਤਾਂ, ਖਾਸ ਕਰ ਚਾਨਣੀਆਂ ਰਾਤਾਂ ਓਹ ਨਹੀਂ ਸੀ ਸੌਂ ਸੱਕਦਾ। ਓਹਦਾ ਦਿਲ ਜੁ ਜੀਵਨ ਦੇ ਰਸ ਤੇ ਭਗਤੀ ਨਾਲ ਭਰਿਆ ਪਇਆ ਸੀ। ਸੈਣ ਦੀ ਥਾਂ ਕਈ ਰਾਤਾਂ ਬਾਗ ਵਿੱਚ ਟਹਿਲਦਿਆਂ, ਆਪਣੇ ਖਿਆਲਾਂ ਤੇ ਸੁਫਨਿਆਂ ਵਿੱਚ ਦੀ ਤਾਰੀਆਂ ਲੈਂਦਿਆਂ ਸੂਰਜ ਚਾਹੜ ਦਿੰਦਾ ਸੀ।

ਤੇ ਇਉਂ ਓਸਨੇ ਖ਼ੁਸ਼ਬਖੁਸ਼ ਤੇ ਅਮਨ ਚੈਨ ਵਿੱਚ ਆਪਣੀਆਂ ਫੁੱਫੀਆਂ ਪਾਸ ਨਿਵਾਸ ਦਾ ਪਹਿਲਾ ਮਹੀਨਾ ਗੁਜਾਰਿਆ ਤੇ ਉਹਨੂੰ ਉਨ੍ਹਾਂ ਦੀ ਅੱਧੀ ਨੌਕਰ, ਅੱਧੀ ਧਰਮ ਧੀ, ਕਾਲੀਆਂ ਸੋਹਣੀਆਂ ਅੱਖਾਂ ਵਾਲੀ ਦਾ ਕੁਛ ਪਤਾ ਹੀ ਨ ਲੱਗਾ। ਤੇ ਨਾਲੇ, ਹੁਣ ਭਾਵੇਂ ਉੱਨੀ ਸਾਲ ਦਾ ਸੀ, ਨਿਖਲੀਊਧਵ ਆਪਣੀ ਮਾਂ ਦੇ ਫੰਘਾਂ ਤਲੇ ਰਹਿਆ ਸੀ ਤੇ ਬਿਲਕੁਲ ਪਾਕ ਤੇ ਬੇਦੋਸ ਬੱਚਾ ਸੀ। ਤੇ ਜੇ ਕਦੀ ਓਹਨੂੰ ਤੀਮੀਂ ਦਾ ਇਹੋ ਜੇਹਾ ਧਿਆਨ ਆਉਂਦਾ ਸੀ ਤਦ ਸਿਰਫ ਓਹਨੂੰ ਵਿਆਹ ਕਰਕੇ ਆਪਣੀ ਵਹੁਟੀ ਬਣਾਉਣ ਤਕ ਦਾ ਖਿਆਲ ਆਉਂਦਾ ਸੀ, ਤੇ ਹੋਰ ਓਸ ਥੀਂ ਛੁਟ, ਬਾਕੀ ਕੁਲ ਤੀਮੀਆਂ, ਓਹਦੇ ਆਪਨੇ ਉੱਤਮ ਤੇ ਉੱਚੇ ਖਿਆਲਾਂ ਅਨੁਸਾਰ ਓਸ ਲਈ ਜਨਾਨੀਆਂ ਨਹੀਂ ਸਨ ਬਸ ਇਨਸਾਨ ਸਨ।

ਉਂਝ ਗਰਮੀਆਂ ਵਿੱਚ ਹੀ ਓਹਦੀਆਂ ਫੁੱਫੀਆਂ ਦਾ ਇਕ ਪੜੋਸੀ ਤੇ ਓਹਦਾ ਟੱਬਰ, ਦੋ ਜਵਾਨ ਧੀਆਂ ਤੇ ਇਕ ਸਕੂਲ ਜਾਣ ਵਾਲਾ ਮੁੰਡਾ, ਆਪਣੇ ਇਕ ਆਰਟਿਸਟ ਮਿੱਤਰ ਸਮੇਤ (ਜਿਹੜਾ ਸੀ ਤਾਂ ਭਾਵੇਂ ਕਿਸਾਨਾਂ ਗੰਵਾਰਾਂ ਵਿੱਚੋਂ, ਪਰ ਸੀ ਆਰਟਿਸਟ ਤੇ ਓਸ ਟੱਬਰ ਪਾਸ ਆ ਕੇ ਠਹਿਰਾ ਹੋਇਆ ਸੀ) ਈਸਾ ਦੇ ਅਸਮਾਨੀ ਚੜ੍ਹਨ ਵਾਲਾ ਦਿਨ ਇਨ੍ਹਾਂ ਨਾਲ ਗੁਜਾਰਨ ਲਈ ਆਣ ਮਹਿਮਾਨ ਹੋਇਆ। ਚਾਹ ਪੀ ਕੇ ਸਾਰੇ ਘਰ ਦੇ ਸਾਹਮਣੇ ਘਾਹ ਵਾਲੇ ਮੈਦਾਨ ਉੱਪਰ ਖੇਡਣ ਨੂੰ ਗਏ। ਇਸ ਮੈਦਾਨ ਉੱਪਰ ਘਾਹ ਵੱਢਣ ਵਾਲੀ ਮਸ਼ੀਨ ਖੂਬ ਫਿਰ ਚੁਕੀ ਸੀ, ਇਕ ਦੂਜੇ ਨੂੰ ਛੋਹਣ ਤੇ ਫੜਨ ਦੀ ਖੇਡ ਓਹ ਖੇਡਣ ਲੱਗ ਪਏ। ਕਾਤੂਸ਼ਾ ਵੀ ਉਨ੍ਹਾਂ ਨਾਲ ਆਣ ਖੇਡ ਵਿੱਚ ਸ਼ਾਮਲ ਹੋਈ। ਨਸਦਿਆਂ, ਹਫਦਿਆਂ, ਕਈ ਵੇਰ ਸਾਥੀ ਬਦਲਦਿਆਂ, ਵਾਰੀ ਵਟਾਂਦਿਆਂ ਨਿਖਲੀਊਧਵ ਨੇ ਕਾਤੂਸ਼ਾ ਨੂੰ ਛੋਹ ਲਿਆ ਸੀ, ਤੇ ਇਕ ਵਾਰੀ ਓਹ ਓਹਦੀ ਖੇਡ ਵਿੱਚ ਸਾਥਨ ਵੀ ਆਣ ਹੋਈ ਸੀ। ਓਸ ਵੇਲੇ ਤਕ ਕਾਤੂਸ਼ਾ ਦੀਆਂ ਅੱਖਾਂ ਤੇ ਨਿਗਾਹਾਂ ਓਹਨੂੰ ਚੰਗੀਆਂ ਲਗਦੀਆਂ ਸਨ, ਪਰ ਇਸ ਥੀਂ ਵਧ ਕਿਸੀ ਹੋਰ ਨਜੀਕੀ ਤਅੱਲਕ ਦਾ ਖਿਆਲ ਮਾਤਰ ਤਕ ਓਹਨੂੰ ਨਹੀਂ ਸੀ ਫੁਰਿਆ।

ਇਨ੍ਹਾਂ ਦੋਹਾਂ ਨੂੰ ਫੜਨਾ ਨਾਮੁਮਕਿਨ ਹੈ, ਜਦ ਤਕ ਇਹ ਆਪ ਠੇਡਾ ਖਾ ਕੇ ਆਪ ਹੀ ਆਪੇ ਨੂੰ ਨ ਫੜਾਉਣ," ਇਉਂ ਓਹ ਖੁਸ਼ ਮਿਜ਼ਾਜ ਨੌਜਵਾਨ ਆਰਟਿਸਟ ਬੋਲਿਆ ਜਿਹੜਾ ਆਪਣੀਆਂ ਛੋਟੀਆਂ ਪਰ ਪੀਡੀਆਂ ਟੰਗਾਂ ਨਾਲ ਬੜਾ ਹੀ ਤੇਜ਼ ਦੌੜ ਸੱਕਦਾ ਸੀ।

"ਤੂੰ! ਤੇ ਸਾਨੂੰ ਫੜ ਨ ਸਕੇਂ!" ਕਾਤੂਸ਼ਾ ਨੇ ਕਹਿਆ।

"ਇਕ, ਦੋ, ਤਿੰਨ," ਤੇ ਆਰਟਿਸਟ ਨੇ ਤਾੜੀ ਵਜਾਈ।

ਕਾਤੂਸ਼ਾ ਨੇ ਆਪਣਾ ਹਾਸਾ ਮਸੇਂ ਹਾਲ ਰੋਕਿਆ, ਆਰਟਿਸਟ ਦੇ ਕੰਡ ਪਿੱਛੇ ਖੜੀ ਨੇ ਨਿਖਲੀਊਧਵ ਨਾਲ ਆਪਣੀ ਥਾਂ ਵਟਾ ਲਈ ਤੇ ਓਹਦੇ ਵੱਡੇ ਚੌੜੇ ਹੱਥ ਨੂੰ ਆਪਣੇ ਨਿੱਕੇ ਤੇ ਖੌਹਰੇ ਹੱਥ ਨਾਲ ਇਕ ਦਬ ਜੇਹੀ ਦੇ ਕੇ ਖੱਬੇ ਵਲ ਨੱਸ ਤੁਰੀ। ਓਹਦਾ ਮਾਯਾ ਨਾਲ ਅਕੜਿਆ ਪੇਟੀਕੋਟ ਖੜ ਖੜ ਕਰਦਾ ਸੀ। ਆਰਟਿਸਟ ਦੇ ਛੋਹ ਜਾਣ ਥੀਂ ਬਚਣ ਲਈ ਨਿਖਲੀਊਧਵ ਸੱਜੇ ਪਾਸੇ ਨਸ ਪਇਆ, ਪਰ ਜਦ ਓਸ ਮੁੜ ਕੇ ਵੇਖਿਆ ਤਦ ਓਹ ਆਰਟਿਸਟ ਕਾਤੂਸ਼ਾ ਵਲ ਭੱਜੀ ਜਾ ਰਹਿਆ ਸੀ। ਕਾਤੂਸ਼ਾ ਓਸ ਥੀਂ ਕਾਫ਼ੀ ਅੱਗੇ ਸੀ। ਓਹਦੀਆਂ ਪੀਡੀਆਂ ਤੇ ਲੰਮੀਆਂ ਲੱਤਾਂ ਖੂਬ ਹਿਲਦੀਆਂ ਸਨ। ਉਨ੍ਹਾਂ ਦੇ ਅੱਗੇ ਫੁੱਲਾਂ ਦੀ ਇਕ ਝਾੜੀ ਸੀ ਤੇ ਕਾਤੂਸ਼ਾ ਨੇ ਆਪਣੇ ਸਿਰ ਨਾਲ ਨਿਖਲੀਊਧਵ ਨੂੰ ਇਸ਼ਾਰਾ ਕੀਤਾ ਕਿ ਓਹ ਓਸ ਝਾੜੀ ਦੇ ਪਿੱਛੇ ਆਣ ਕੇ ਮਿਲੇ ਕਿਉਂਕਿ ਇਕ ਵੇਰੀ ਜੇ ਓਹ ਆਣ ਮਿਲਣ ਤੇ ਮੁੜ ਇਕ ਦੂਜੇ ਦਾ ਹੱਥ ਫੜ ਲੈਣ ਤਦ ਓਨ੍ਹਾਂ ਨੂੰ ਆਰਟਿਸਟ ਦੇ ਆਣ ਕੇ ਛੋਹ ਜਾਣ ਦਾ ਮੁੜ ਕੋਈ ਡਰ ਨਹੀਂ ਸੀ ਤੇ ਜੇ ਇਓਂ ਓਹ ਮਿਲ ਪੈਣ ਤਦ ਓਹ ਖੇਡ ਜਿੱਤ ਜਾਂਦੇ ਸਨ। ਨਿਖਲੀਊਧਵ ਨੇ ਓਸ ਛਪਣ ਲੁਕਣ ਦੀ ਖੇਡ ਦੇ ਕਾਇਦੇ ਦਾ ਇਹ ਇਸ਼ਾਰਾ ਸਮਝ ਲਇਆ, ਝਾੜੀ ਵਲ ਦੌੜ ਪਇਆ। ਰਸਤੇ ਵਿੱਚ ਇਕ ਟੋਆ ਸੀ, ਜਿਹਦਾ ਓਹਨੂੰ ਪਤਾ ਨਹੀਂ ਸੀ। ਟੋਏ ਦੇ ਅੱਗੇ ਪਿੱਛੇ ਬਿੱਛੂ ਬੂਟੀ ਉੱਗੀ ਹੋਈ ਸੀ। ਨਿਖਲੀਊਧਵ ਠੇਡਾ ਖਾ ਕੇ ਘੜੱਮ ਉਸ ਟੋਏ ਵਿੱਚ ਢੱਠਾ। ਉਹਦੇ ਹੱਥਾਂ ਪੈਰਾਂ ਨੂੰ ਬਿੱਛੂ ਬੂਟੀ, ਜਿਹੜੀ ਤ੍ਰੇਲ ਨਾਲ ਭਰੀ ਸੀ, ਲੜ ਗਈ, ਪਰ ਸ਼ੇਰ ਉਹ ਉੱਠ ਖਲੋਤਾ ਤੇ ਆਪਣੇ ਡਿੱਗਣ ਉੱਪਰ ਹੱਸਿਆ।

ਓਧਰੋਂ ਕਾਤੂਸ਼ਾ ਓਸ ਵੱਲ ਨੱਸਦੀ ਆ ਰਹੀ ਸੀ, ਓਹਦੀਆਂ ਕਾਲਚਿਆਂ ਵਾਂਗ ਕਾਲੀਆਂ ਸੋਹਣੀਆਂ ਅੱਖਾਂ ਸਨ। ਓਹਦੇ ਮੂੰਹ ਥੀਂ ਅਕਹਿ ਜੇਹਾ ਪ੍ਰਕਾਸ਼ ਫੁਟ ਫੁਟ ਕੇ ਨਿਕਲ ਰਹਿਆ ਸੀ, ਅਜਬ ਸੁਹੱਪਣ ਓਸ ਉੱਪਰ ਆਇਆ ਹੋਇਆ ਸੀ, ਡੁਲ੍ਹ ਡੁਲ੍ਹ ਪੈ ਰਹਿਆ ਸੀ, ਤੇ ਦੋਹਾਂ ਇਉਂ ਆਖਰ ਇਕ ਦੂਜੇ ਦੇ ਹੱਥ ਫੜ ਲਏ।

"ਬਿਛੂ ਬੂਟੀ ਲੜੀ ਹੋਣੀ ਹੈ?" ਕਾਤੂਸ਼ਾ ਨੇ ਨਿਖਲੀਊਧਵ ਨੂੰ ਕਹਿਆ ਤੇ ਆਪਣੇਂ ਦੂਜੇ ਖੁਲ੍ਹੇ ਹੱਥ ਨਾਲ ਕੇਸਾਂ ਨੂੰ ਠੀਕ ਕੀਤਾ। ਸਾਹੋ ਸਾਹ ਹੋਈ ਹੋਈ ਸੀ, ਤੇ ਬੜੀ ਹੀ ਦਿਲ ਖਿਚਵੀਂ ਤੇ ਮੰਦ ਮੰਦ ਹਸੀ ਨਾਲ ਓਸ ਵੱਲ ਵੇਖਣ ਲੱਗ ਗਈ।

"ਮੈਨੂੰ ਨਹੀਂ ਸੀ ਪਤਾ ਕਿ ਇਥੇ ਕੋਈ ਟੋਆ ਹੈ", ਓਸ ਉਤਰ ਦਿੱਤਾ ਤੇ ਓਹਦਾ ਹੱਥ ਆਪਣੇ ਹੱਥ ਵਿੱਚ ਰਖੀ ਰਖਿਆ। ਕਾਤੂਸ਼ਾ ਓਹਦੇ ਨਾਲ ਨਾਲ ਲਗਦੀ ਗਈ ਤੇ ਓਹ ਆਪ ਵੀ ਓਹਨੂੰ ਪਤਾ ਹੀ ਨ ਲੱਗਿਆ ਤੇ ਓਸ ਵਲ ਆਪ ਮੁਹਾਰਾ ਝੁਕ ਗਇਆ, ਓਹ ਵੀ ਨਾ ਹਟੀ, ਓਸਨੇ ਓਹਦਾ ਹੱਥ ਪਿਆਰ ਨਾਲ ਨਿਪਤਿਆ ਤੇ ਓਹਦੇ ਹੋਠਾਂ ਤੇ ਇਕ ਪਿਆਰ ਦਿੱਤਾ।

"ਹਾਏ! ਉਈ, ਤੂੰ ਆਖਰ ਓਹੋ ਕੁਝ ਕਰ ਹੀ ਲਇਆ ਨਾ", ਤੇ ਆਪਣਾ ਹੱਥ ਝਟਕਾ ਦੇ ਕੇ ਛੁੜਾ ਕੇ ਓਸ ਥੀਂ ਪਰੇ ਨੱਸ ਗਈ। ਤੇ ਚਿਟੇ ਲਾਈਲੈਕ ਦੀਆਂ ਦੋ ਟਹਿਣੀਆਂ ਤੋੜ ਕੇ ਜਿਹਨਾਂ ਨਾਲੋਂ ਫੁਲ ਅੱਗੋਂ ਹੀ ਢਹਿ ਰਹੇ ਸਨ, ਇਨ੍ਹਾਂ ਫੁਲਛਟੀਆਂ ਨਾਲ ਆਪਣੇ ਭਖਦੇ ਚਿਹਰੇ ਨੂੰ ਪੱਖਾ ਕਰਨ ਲੱਗ ਗਈ; ਤੇ ਪਿੱਛੇ ਮੁੜਕੇ ਇਕ ਵੇਰੀ ਓਸ ਵਲ ਨਿਗਾਹ ਦਾ ਤੀਰ ਮਾਰਿਆ ਤੇ ਆਪਣੀਆਂ ਬਾਹਾਂ ਨੂੰ ਅੱਗੇ ਵਲ ਉਛਾਲਦੀ, ਦੌੜਦੀ, ਹੋਰ ਖੇਡਣ ਵਾਲਿਆਂ ਨਾਲ ਜਾ ਮਿਲੀ।

ਇਸ ਦਿਨ ਥੀਂ ਬਾਹਦ, ਕਾਤੂਸ਼ਾ ਤੇ ਨਿਖਲੀਊਧਵ ਦੇ ਆਪਸ ਵਿੱਚ ਓਹ ਅਜੀਬ ਤੇ ਸਵਾਦਲੇ ਰਿਸ਼ਤੇ ਪੈ ਗਏ ਜਿਹੜੇ ਇਕ ਪਾਕ ਨੌਜਵਾਨ ਲੜਕੀ ਤੇ ਪਾਕ ਲੜਕੇ ਵਿੱਚ, ਜੋ ਦੋਵੇਂ ਇਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ, ਪੈਣੇ ਜਰੂਰੀ ਹੁੰਦੇ ਹਨ।

ਜਦ ਕਦੀ ਕਾਤੂਸ਼ਾ ਓਹਦੇ ਕਮਰੇ ਵਿੱਚ ਆਉਂਦੀ ਸੀ ਯਾ ਦੂਰੋਂ ਹੀ ਓਹਨੂੰ ਓਹਦੇ ਚਿੱਟੇ ਝੱਗੇ ਦਾ ਕਿਨਾਰਾ ਦਿਸ ਪੈਂਦਾ ਸੀ, ਨਿਖਲੀਊਧਵ ਦੇ ਅੰਦਰ ਇਕ ਚੰਨ ਜੇਹਾ ਚੜ ਪੈਂਦਾ ਸੀ। ਓਹਦੀਆਂ ਅੱਖਾਂ ਵਿੱਚ ਅਜੀਬ ਤੇ ਰਮਨੀਕ ਖੁਸ਼ੀ ਆਉਂਦੀ ਸੀ। ਜਿਸ ਤਰਾਂ ਸਵੇਰ ਵੇਲੇ ਸੂਰਜ ਦੀ ਚਮਕ ਨਾਲ ਹਰ ਇਕ ਚੀਜ਼ ਸੋਹਣੀ ਲਗਣ ਲਗ ਪੈਂਦੀ ਹੈ, ਦਿਲ ਨੂੰ ਖੁਸ਼ੀ ਕਰਦੀ ਹੈ, ਲੁਭਾਂਦੀ ਹੈ ਓਸੀ ਤਰਾਂ ਕਾਤੂਸ਼ਾ ਨੂੰ ਵੇਖ ਕੇ ਓਹਦਾ ਸਾਰਾ ਅੰਦਰ ਰੋਮ ਰੋਮ ਖੁਸ਼ੀ ਨਾਲ ਭਰ ਜਾਂਦਾ ਸੀ। ਓਧਰ ਕਾਤੂਸ਼ਾ ਦਾ ਭੀ ਇਹੋ ਹਾਲ ਹੁੰਦਾ ਸੀ। ਇਹ ਨਹੀਂ ਕਿ ਕਾਤੂਸ਼ਾ ਨੂੰ ਵੇਖ ਕੇ ਹੀ ਨਿਖਲੀਊਧਵ ਦੀ ਇਹ ਹਾਲਤ ਹੁੰਦੀ ਸੀ। ਨਿਰਾ ਇਹ ਚਿਤਵਨਾ ਹੀ ਕਿ "ਕਾਤੂਸ਼ਾ ਹੈ" ਕਿਧਰੇ ਹੈ, ਤੇ ਕਾਤੂਸ਼ਾ ਲਈ ਇਹ ਕਿ "ਨਿਖਲੀਊਧਵ ਹੈ" ਕਿਧਰੇ ਹੈ, ਓਹੋ ਅਸਰ ਦੋਹਾਂ ਲਈ ਪੈਦਾ ਕਰ ਦਿੰਦਾ ਸੀ।

ਕਿਸੀ ਹੇਰੀ ਫੇਰੀ ਦੀ ਹਾਲਤ ਵਿੱਚ, ਜੇ ਓਹਦੀ ਮਾਂ ਥੀਂ ਕੋਈ ਤਬੀਅਤ ਨੂੰ ਖਰਾਬ ਕਰਨ ਵਾਲਾ ਖਤ ਆਇਆ ਹੋਵੇ, ਯਾ ਆਪਣੇ ਲੇਖ ਦਾ ਕੋਈ ਹਿੱਸਾ ਤਸੱਲੀਬਖਸ਼ ਤਰਾਂ ਲਿਖ ਨ ਸਕਿਆ ਹੋਵੇ, ਯਾ ਕਿਸੀ ਵੇਲੇ ਓਹ ਅਕਾਰਨ ਹੀ ਦਿਲਗੀਰੀ ਵਿਚ ਜਾ ਪਇਆ ਹੋਵੇ, ਜਿਸ ਲਈ ਓਹ ਕੁਝ ਕਹਿ ਨਹੀਂ ਸੱਕਦਾ ਕਿ ਕਿਉਂ ਆਈ ਹੈ, ਕਿਉਂਕਿ ਇਹੋ ਜੇਹੀਆਂ ਦਿਲਗੀਰੀਆਂ ਨੌਜਵਾਨਾਂ ਨੂੰ ਅਚਨਚੇਤ ਆ ਹੀ ਵੱਜਦੀਆਂ ਹਨ—ਕੁਛ ਹੋਵੇ, ਕਾਤੂਸ਼ਾ ਨੂੰ ਯਾਦ ਕਰਨਾਂ ਹੀ ਕਾਫੀ ਸੀ। ਸਭ ਉਦਾਸੀਆਂ ਦੂਰ ਹੋ ਜਾਂਦੀਆਂ ਸਨ, ਸਭ ਗ਼ਮਗੀਨੀਆਂ ਕਾਫੂਰ ਹੋ ਜਾਂਦੀਆਂ ਸਨ ਤੇ ਯਕੀਨ ਸੀ ਕਿ ਹੁਣੇ ਓਹਨੂੰ ਮਿਲਾਂਗੇ ਤੇ ਸਭ ਗ਼ਮ ਗ਼ਲਤ ਹੋ ਜਾਣਗੇ।

ਕਾਤੂਸ਼ਾ ਨੂੰ ਘਰ ਦਾ ਕੰਮ ਕਾਜ ਬਹੁਤ ਰਹਿੰਦਾ ਹੁੰਦਾ ਸੀ, ਪਰ ਫਿਰ ਵੀ ਉਹ ਆਪਣੇ ਪੜ੍ਹਨ ਦਾ ਵਕਤ ਕੱਢ ਲੈਂਦੀ ਸੀ ਤੇ ਨਿਖਲੀਊਧਵ ਨੇ ਓਹਨੂੰ ਦੌਸਤੌਯਵਸਕੀ ਤੇ ਤੁਰਗੇਨੇਵ ਦੀਆਂ ਕਿਤਾਬਾਂ ਦਿਤੀਆਂ ਸਨ (ਜਿਹੜੀਆਂ ਓਸ ਆਪ ਹੁਣੇ ਖਤਮ ਕੀਤੀਆਂ ਸਨ) ਕਾਤੂਸ਼ਾ ਨੂੰ ਤੁਰਗੇਨੇਵ ਦੀ ਪੋਥੀ "ਇਕ ਸ਼ਾਂਤ ਨੁਕਰ" ਨਾਮੀ ਬੜੀ ਚੰਗੀ ਲੱਗੀ ਸੀ। ਉਹ ਆਪੇ ਵਿੱਚ ਕੁਛ ਮਿੰਟ ਅੱਗੋਂ ਪਿੱਛੋਂ ਖੋਹ ਪਤੋਹ ਕੇ ਗੱਲਾਂ ਕਰ ਲੈਂਦੇ ਸਨ, ਕਦੀ ਲਾਂਘੇ ਵਿਚ ਦੀ, ਕਦੀ ਬ੍ਰਾਮਦੇ ਵਿੱਚ, ਕਦੀ ਅਹਾਤੇ ਵਿਚ, ਤੇ ਕਦੀ ਆਪਣੀ ਫੁਫੀ ਦੀ ਬੁੱਢੀ ਨੌਕਰਾਨੀ ਮੈਤਰੀਨਾ ਪਾਵਲੋਵਨਾ ਦੇ ਕਮਰੇ ਵਿੱਚ ਜਿਸ ਨਾਲ ਨਿਖਲੀਊਧਵ ਕਦੀ ਕਦੀ ਚਾਹ ਦੀ ਪਿਆਲੀ ਪੀਣ ਚਲਾ ਜਾਂਦਾ ਸੀ ਤੇ ਓਸ ਕਮਰੇ ਵਿੱਚ ਕਾਤੂਸ਼ਾ ਵੀ ਆ ਕੇ ਸੀਣ ਤਰੁੱਪਣ ਦਾ ਕੰਮ ਕਰਦੀ ਹੁੰਦੀ ਸੀ।

ਇਸ ਮੈਤਰੀਨਾ ਪਾਵਲੋਵਨਾ ਦੇ ਕਮਰੇ ਵਿੱਚ, ਤੇ ਓਹਦੀ ਮੌਜੂਦਗੀ ਵਿੱਚ ਓਨ੍ਹਾਂ ਦੇ ਆਪੇ ਵਿੱਚ ਦੀਆਂ ਗੱਲਾਂ ਬੜੀਆਂ ਸਵਾਦਲੀਆਂ ਹੁੰਦੀਆਂ ਸਨ। ਜਦ ਓਹ ਇਕੱਲੇ ਹੁੰਦੇ ਸਨ ਤਦ ਆਪਸ ਵਿੱਚ ਇੰਨੇ ਨਹੀਂ ਸਨ ਖੁਲਦੇ ਹੁੰਦੇ। ਤਦ ਓਹਨਾਂ ਦੀਆਂ ਅੱਖਾਂ, ਮੂੰਹ ਨਾਲ ਕਹੇ ਲਫਜਾਂ ਤੇ ਉਨ੍ਹਾਂ ਦੇ ਅਰਥਾਂ ਥੀਂ ਵਧ ਡੂੰਘੀਆਂ ਗੱਲਾਂ ਕਰਦੀਆਂ ਸਨ। ਓਨਾਂ ਦੇ ਹੋਠ ਕੰਬਦੇ ਸਨ ਤੇ ਇਕ ਦੂਜੇ ਨੂੰ ਪਿਆਰ ਦੇਣ ਲਈ ਉਠ ਆਉਂਦੇ ਸਨ ਤੇ ਓਨਾਂ ਦੋਹਾਂ ਨੂੰ ਮਿੱਸੀ ਦੇ ਆ ਜਾਣ ਦਾ ਡਰ ਲੱਗ ਜਾਂਦਾ ਸੀ ਤੇ ਛੇਤੀ ਦੇ ਕੇ ਇਕ ਦੂਜੇ ਨੂੰ ਛੱਡ ਕੇ ਨਿਖੜ ਜਾਂਦੇ ਸਨ।

ਆਪਣੀਆਂ ਫੁਫੀਆਂ ਪਾਸ ਆਉਣ ਦੇ ਇਸ ਪਹਿਲੇ ਮੌਕੇ ਉੱਤੇ ਬਾਕੀ ਦਾ ਸਾਰਾ ਵਕਤ ਉਨ੍ਹਾਂ ਦੋਹਾਂ ਦੇ ਆਪੇ ਵਿੱਚ ਦੇ ਤਅੱਲਕ ਕੁਛ ਇਹੋ ਜੇਹੇ ਰਹੇ। ਫੁਫੀਆਂ ਨੇ ਵੀ ਤਾੜ ਲਇਆ ਸੀ। ਉਨ੍ਹਾਂ ਨੇ ਨਿਖਲੀਊਧਵ ਦੀ ਮਾਂ ਸ਼ਾਹਜ਼ਾਦੀ ਹੈਲੇਨਾ ਈਵਾਨੋਵਨਾ ਨੂੰ ਲਿਖ ਦਿੱਤਾ ਸੀ, ਕਿਉਂਕਿ ਇਸ ਗੱਲ ਥੀਂ ਓਹ ਕੁਛ ਇੰਨੀਆਂ ਡਰ ਜੇ ਹੀਆਂ ਗਈਆਂ ਸਨ। ਓਹਦੀ ਫੁਫੀ ਮੇਰੀ ਈਵਾਨੋਵਨਾ ਨੂੰ ਤਾਂ ਇਹ ਡਰ ਪੈ ਗਇਆ ਸੀ ਕਿ ਦਮਿਤ੍ਰੀ ਕਿਧਰੇ ਕਾਤੂਸ਼ਾ ਨਾਲ ਨਾਜਾਇਜ਼ ਤਅੱਲਕ ਨ ਕਰ ਬਹੇ। ਪਰ ਓਹਦਾ ਡਰ ਬੇਬੁਨਿਆਦ ਸੀ ਕਿਉਂਕਿ ਨਿਖਲੀਊਧਵ ਨੂੰ ਆਪ ਵੀ ਹਾਲੇਂ ਇਹ ਗਲ ਪਤਾ ਨਹੀਂ ਸੀ ਲੱਗੀ ਕਿ ਉਹ ਕਾਤੂਸ਼ਾ ਨੂੰ ਪਿਆਰ ਕਰਦਾ ਹੈ। ਓਹ ਜਾਣਦਾ ਸੀ ਕਿ ਓਹਨੂੰ ਪਾਕ ਪਿਆਰ ਨਾਲ ਪਿਆਰ ਕਰ ਰਹਿਆ ਹੈ, ਤੇ ਇਸ ਓਹਦੇ ਅਨੁਭਵ ਵਿੱਚ ਹੀ ਓਹਦਾ ਤੇ ਓਸ ਕੁੜੀ ਦਾ ਬਚਾ ਸੀ। ਨ ਸਿਰਫ ਓਸਨੂੰ ਓਹਦੇ ਸ਼ਰੀਰ ਨੂੰ ਆਪਣਾ ਬਣਾਉਣ ਦੀ ਕੋਈ ਚਾਹ ਨਹੀਂ ਉਪਜਦੀ ਸੀ ਬਲਕਿ, ਜਦ ਕਦੀ ਓਹ ਐਸਾ ਸੋਚਦਾ ਵੀ ਸੀ, ਤਦ ਓਹਨੂੰ ਇਸ ਗਲ ਥੀਂ ਖੌਫ ਆਉਂਦਾ ਸੀ। ਓਹਦੀ ਦੂਜੀ ਜ਼ਿਆਦਾ ਚੰਗੀ ਤਬੀਅਤ ਵਾਲੀ ਫੁਫ਼ੀ ਸੋਫੀਆ ਈਵਾਨੋਵਨਾ ਨੂੰ ਇਹ ਡਰ ਸੀ ਕਿ ਓਹਦਾ ਭੱਤਰੀਆ ਜਿਸ ਤਰਾਂ ਸਭ ਗੱਲਾਂ ਨੂੰ ਪੂਰੀ ਤਰਾਂ ਸਿਰੇ ਚਾਹੜਨ ਵਾਲਾ ਤੇ ਚੰਗੇ ਵੱਡੇ ਦਿਲ ਵਾਲਾ ਮੁੰਡਾ ਹੈ ਕਿਧਰੇ ਇਸ ਕੁੜੀ ਦੇ ਪਿਆਰ ਵਿੱਚ ਨ ਪੈ ਜਾਵੇ, ਤੇ ਜੇ ਪੈ ਗਇਆ ਤਦ ਓਸੇ ਨਾਲ ਵਿਆਹ ਕਰਕੇ ਹੀ ਰਹੇਗਾ। ਇਹੋ ਜੇਹਾ ਓਹਦਾ ਖਾਸਾ ਜੇ ਹੋਇਆ, ਓਸ ਮੁੜ ਜਾਤ ਪਾਤ ਅੱਗਾ ਪਿੱਛਾ ਸੋਚਣ ਦੀ ਨਹੀਂ ਕਰਨੀ, ਤੇ ਸੋਫੀਆ ਦੇ ਇਹੋ ਜੇਹੇ ਡਰ ਕੁਛ ਸੱਚੇ ਸਨ।

ਜੇ ਓਸ ਵੇਲੇ ਨਿਖਲੀਊਧਵ ਨੂੰ ਸਮਝ ਆ ਜਾਂਦੀ ਕਿ ਓਹ ਕਾਤੂਸ਼ਾ ਨੂੰ ਪਿਆਰ ਕਰ ਰਹਿਆ ਹੈ, ਤੇ ਖਾਸ ਕਰ ਓਸ ਹਾਲਤ ਵਿੱਚ ਜੇ ਓਹਨੂੰ ਕਹਿਆ ਜਾਂਦਾ ਕਿ ਓਸ ਹੈਸੀਅਤ ਦੀ ਲੜਕੀ ਨਾਲ ਓਹਨੂੰ ਵਿਆਹ ਕਰਨਾ ਯੋਗ ਨਹੀਂ ਹੈ ਤਦ ਇਹ ਗੱਲ ਆਪ ਮੁਹਾਰੀ ਹੋ ਜਾਂਦੀ ਕਿ ਉਹ ਜ਼ਿੱਦ ਕਰ ਬਹਿੰਦਾ ਕਿ ਹੈਸੀਅਤ ਆਦਿ ਕੋਈ ਦਲੀਲ ਇਸ ਗੱਲ ਨੂੰ ਰੋਕ ਦੇਨ ਲਈ ਨਹੀਂ ਹੋ ਸਕਦੀ, ਕਿ ਇਕ ਲੜਕੀ ਜਿਹਨੂੰ ਓਹ ਪਿਆਰ ਕਰਨ ਲੱਗ ਪਇਆ ਹੈ, ਚਾਹੇ ਊਚ, ਚਾਹੇ ਨੀਚ, ਕਿਉਂ ਕੋਈ ਹੋਰ ਸੋਚ, ਓਹਦੇ ਤੇ ਇਹਦੇ ਦਰਮਿਆਨ ਆਕੇ, ਓਹਦੇ ਵਿਆਹ ਕਰਨ ਦੇ ਵਿੱਚ ਰੋਕ ਕਦਾਚਿਤ ਪਾ ਸਕੇ। ਪਰ ਓਹਦੀਆਂ ਫੁਫੀਆਂ ਨੇ ਆਪਣੇ ਡਰ ਓਹਨੂੰ ਦੱਸੇ ਹੀ ਨਹੀਂ ਸਨ, ਤੇ ਜਦ ਓਹ ਉੱਥੋਂ ਟੁਰ ਵੀ ਗਇਆ ਤਾਂ ਵੀ ਓਹਨੂੰ ਆਪ ਨੂੰ ਪਤਾ ਨਹੀਂ ਸੀ ਲੱਗਾ, ਕਿ ਉਹ ਕਾਤੂਸ਼ਾ ਨੂੰ ਇਸ ਕਿਸਮ ਦਾ ਪਿਆਰ ਕਰਦਾ ਸੀ। ਉਹ ਆਪਣੇ ਦਿਲ ਵਿੱਚ ਪੂਰਾ ਯਕੀਨ ਕਰੀ ਬੈਠਾ ਸੀ ਕਿ ਕਾਤੂਸ਼ਾ ਨੂੰ ਦੇਖ ਕੇ ਯਾਦ ਕਰਕੇ ਜੋ ਖੁਸ਼ੀ ਓਹਨੂੰ ਹੁੰਦੀ ਸੀ, ਓਹ ਇਕ ਦੋਹਾਂ ਮਿਲ ਬੈਠਣ ਤੇ ਕੱਠੇ ਖੇਡਣ ਵਾਲਿਆਂ ਬੱਚਿਆਂ ਵਿੱਚ ਇਕ ਸਾਥਪੁਣੇ ਦੀ ਖੁਸ਼ੀ ਸਹਿਜ ਸੁਭਾ ਹੋਇਆ ਹੀ ਕਰਦੀ ਹੈ। ਤਦ ਵੀ ਜਦ ਓਹ ਉੱਥੋਂ ਟੁਰਨ ਲੱਗਾ ਸੀ ਤੇ ਕਾਤੂਸ਼ਾ ਓਹਦੀ ਫੁਫੀਆਂ ਨਾਲ ਪੋਰਚ ਵਿੱਚ ਖੜੀ ਸੀ ਤੇ ਓਸ ਵੱਲ ਆਪਣੀ ਅਥਰੂਆਂ ਨਾਲ ਡਲ ਡਲ ਕਰਦੀਆਂ, ਕਾਲੀਆਂ ਤੇ ਰਤਾ ਕੂ ਭੈਂਗ ਮਾਰਦੀਆਂ ਅੱਖੀਆਂ ਨਾਲ ਤਕ ਰਹੀ ਸੀ। ਉਸ ਨੇ ਓਸ ਵੇਲੇ ਪ੍ਰਤੀਤ ਕੀਤਾ ਸੀ, ਕਿ ਇਥੇ ਉਹ ਕੋਈ ਇਕ ਬੜੀ ਅਮੋਲਕ ਚੀਜ਼ ਪਿਛੇ ਛੱਡ ਚਲਿਆ ਹੈ ਜਿਹੜੀ ਮੁੜ ਨਹੀਂ ਹੱਥ ਆਉਣੀ ਤੇ ਇਹ ਸੋਚ ਕੇ ਉਹ ਉਦਾਸ ਹੋ ਗਇਆ ਸੀ।

"ਗੁਡਬਾਈ-ਕਾਤੂਸ਼ਾ," ਓਸ ਨੇ ਬੱਘੀ ਚੜ੍ਹਣ ਲੱਗਿਆਂ, ਸੋਫੀਆ ਈਵਾਨੋਵਨਾ ਦੀ ਟੋਪੀ ਵਿੱਚ ਦੀ ਝਾਤ ਪਾ ਕੇ ਕਹਿਆ, "ਸਭ ਤਰਾਂ ਦੇ ਹਾਸੇ ਖੇਡੇ ਲਈ ਮੈਂ ਤੇਰਾ ਬੜਾ ਧੰਨਵਾਦੀ ਹਾਂ।"

"ਗੁਡਬਾਈ-ਦਮਿਤ੍ਰੀ ਈਵਾਨਿਚ," ਕਾਤੂਸ਼ਾ ਨੇ ਆਪਣੀ ਮਿੱਠੀ ਮਹੀਨ ਅਵਾਜ਼ ਨਾਲ ਕਹਿਆ ਤੇ ਆਪਣੇ ਅਥਰੂ ਜਿਹੜੇ ਅੱਖਾਂ ਵਿੱਚ ਡਲ ਡਲ ਕਰ ਰਹੇ ਸਨ ਢਹਿਣ ਨ ਦਿੱਤੇ ਤੇ ਨੱਸ ਕੇ ਹਾਲ ਕਮਰੇ ਵਲ ਦੌੜ ਗਈ ਜਿੱਥੇ ਓਹ ਏਕਾਂਤ ਵਿੱਚ ਰੋ ਸਕਦੀ ਸੀ।

ਮੋਇਆਂ ਦੀ ਜਾਗ-ਕਾਂਡ ੧੩. : ਲਿਉ ਤਾਲਸਤਾਏ

ਓਸ ਥੀਂ ਪਿੱਛੇ ਦੋ ਸਾਲ ਥੀਂ ਜ਼ਿਆਦਾ ਅਰਸੇ ਲਈ ਨਿਖਲੀਊਧਵ ਮੁੜ ਕਾਤੂਸ਼ਾ ਨੂੰ ਨਹੀਂ ਸੀ ਮਿਲਿਆ। ਜਦ ਫਿਰ ਓਹਨੂੰ ਮਿਲਿਆ ਤਦ ਓਹ ਫੌਜ ਵਿੱਚ ਸ਼ਾਹੀ ਕਮਿਸ਼ਨ ਪਾ ਚੁਕਾ ਸੀ ਤੇ ਆਪਣੀ ਰਜਮਿੰਟ ਵਿੱਚ ਨੌਕਰੀ ਉੱਪਰ ਹਾਜ਼ਰ ਹੋਣ ਲਈ ਜਾ ਰਹਿਆ ਸੀ। ਓਥੇ ਜਾਂਦਿਆਂ ਰਾਹ ਵਿੱਚ ਕੁਛ ਦਿਨ ਆਪਣੀਆਂ ਫੁਫੀਆਂ ਪਾਸ ਰਹਿਣ ਤੇ ਉਨ੍ਹਾਂ ਨੂੰ ਮਿਲਣ ਆ ਗਇਆ ਸੀ। ਪਰ ਹੁਣ ਓਹ ਨਹੀਂ ਸੀ ਜਿਹੜਾ ਤ੍ਰੈ ਸਾਲ ਪਹਿਲਾਂ ਸੀ, ਓਹ ਵਿਦਿਆਰਥੀ ਜਿਹੜਾ ਆਪਣੀਆਂ ਹੁਨਾਲ ਦੀਆਂ ਛੁੱਟੀਆਂ ਗੁਜਾਰਨ ਆਇਆ ਸੀ। ਓਸ ਵੇਲੇ ਤਾਂ ਓਹ ਇਕ ਪਾਕ, ਸੁੱਚਾ, ਉੱਚਾ, ਖੁਦੀ ਥੀਂ ਅਣਜਾਣ ਲੜਕਾ ਸੀ ਜਿਹਦਾ ਦਿਲ ਕਿਸੀ ਚੰਗੇ ਧਰਮ ਦੇ ਕੰਮ ਲਈ ਕੁਰਬਾਨੀ ਕਰਨ ਨੂੰ ਲੋਚਦਾ ਸੀ। ਤੇ ਹੁਣ ਓਹ ਇਕ ਗਿਰਿਆ ਹੋਇਆ, ਪਰ ਮਾਂਝਿਆ ਹੋਇਆ, ਅਹੰਕਾਰੀ, ਖੁਦਗਰਜ਼ ਆਦਮੀ ਸੀ ਜਿਹਨੂੰ ਆਪਣੀ ਖੁਸ਼ੀ ਦੀ ਖ਼ਾਤਰ ਭੋਗ ਬਿਲਾਸ ਥੀਂ ਛੁਟ ਹੋਰ ਕਿਸੀ ਗੱਲ ਦੀ ਪ੍ਰਵਾਹ ਨਹੀਂ ਰਹੀ ਹੋਈ ਸੀ। ਤਦੋਂ ਤਾਂ ਓਹਨੂੰ ਰੱਬ ਦੀ ਦੁਨੀਆਂ ਇਕ ਅਚੰਭਾ ਜੇਹਾ ਇਕ ਲੁਕਵਾਂ ਭੇਤ ਜੇਹਾ ਦਿੱਸਦੀ ਸੀ ਜਿਹਦੀ ਸਮਝ ਲਈ ਓਹ ਆਪਣਾ ਤ੍ਰਾਣ ਲਾਉਂਦਾ ਸੀ, ਤੇ ਹੁਣ ਉਹਨੂੰ ਜ਼ਿੰਦਗੀ ਦੀ ਹਰ ਇਕ ਗੱਲ ਸਾਫ ਤੇ ਸਿੱਧੀ ਦਿੱਸ ਰਹੀ ਸੀ। ਜੇਹੀ ਕੇਹੀ ਇੰਦ੍ਰੀਆਂ ਦੀ ਉਕਸਾਵਟ ਦੀ ਜ਼ਿੰਦਗੀ ਉਹ ਰਹ ਰਹਿਆ ਸੀ, ਉਸੀ ਤਰਾਂ ਦੀ ਜ਼ਿੰਦਗੀ ਦੀਆਂ ਹੱਦਾਂ ਤੇ ਲਕੀਰਾਂ ਉਹਦੀ ਇਸ ਸਮਝ ਦੀਆਂ ਵੀ ਹੱਦਾਂ ਤੇ ਲਕੀਰਾਂ ਬਣ ਰਹੀਆਂ ਸਨ। ਤੇ ਇਉਂ ਹਰ ਇਕ ਚੀਜ਼ ਲਕੀਰਾਂ ਵਿੱਚ ਬੜੀ ਸਾਫ਼ ਤੇ ਸਿੱਧੀ ਦਿੱਸ ਰਹੀ ਸੀ। ਤਦੋਂ ਤਾਂ ਉਹਦੇ ਰੂਹ ਨੂੰ ਇਸ ਗੱਲ ਦੀ ਲੌੜ ਪਰਤੀਤ ਹੁੰਦੀ ਸੀ ਕਿ ਰਬ ਦੀ ਅਚੰਭਾ ਕੁਦਰਤ ਦੇ ਦਿਲ ਨਾਲ ਆਪਣਾ ਦਿਲ ਜੋੜ ਕੇ ਰੂਹ ਦੀ ਜ਼ਿੰਦਗੀ ਦੀ ਧੜਕ ਨੂੰ ਸੁਣੇ ਤੇ ਉਹੋ ਜੇਹੇ ਲੋਕਾਂ ਨਾਲ ਜਿਹੜੇ ਜੀਵਨ ਦੇ ਭੇਤ ਦੀ ਤਲਾਸ਼ ਵਿੱਚ ਰਹਿੰਦੇ ਹਨ, ਓਨ੍ਹਾਂ ਨਾਲ ਸਤਸੰਗਤ ਕਰੇ, ਫਿਲਾਸਫਰਾਂ ਤੇ ਕਵੀਆਂ ਨਾਲ, ਤੇ ਹੁਣ ਓਹਨੂੰ ਸਿਰਫ ਇਹੋ ਕੰਮ ਦੀ ਗੱਲ ਲਭਦੀ ਸੀ ਕਿ ਓਹ ਸਿਲਸਿਲੇ ਜੀਵਨ ਦੇ ਜੋ ਆਦਮੀ ਨੇ ਬਣਾ ਲਏ ਹਨ, ਤੇ ਓਹ ਮਨੁਖੀ ਪਰੰਪਰਾ ਜੋ ਚਲੀ ਆ ਰਹੀ ਹੈ ਓਸ ਨੂੰ ਸਥਾਨੀ ਸਮਝੇ ਤੇ ਓਨ੍ਹਾਂ ਆਦਮੀ ਦੇ ਬਣਾਏ ਸੰਪ੍ਰਦਾਵਾਂ ਨੂੰ ਤੇ ਗੌਰਮਿੰਟੀ ਮਹਿਕਮਿਆਂ ਨੂੰ ਪੱਕਾ ਰੱਖਣ ਵਿੱਚ ਆਪਣੀ ਜ਼ਿੰਦਗੀ ਵੀ ਲਾਵੇ ਤੇ ਆਪਣੇ ਜੇਹਿਆਂ ਨਾਲ ਸੰਗੀਪੁਣਾ ਵਧਾਵੇ ਤੇ ਉਨ੍ਹਾਂ ਸੰਗੀਆਂ ਦਾ ਸਾਥ ਦੇਵੇ ਤੇ ਉਨ੍ਹਾਂ ਨਾਲ ਰਹੇ। ਤਦੋਂ ਤਾਂ ਓਸ ਲਈ ਇਸਤ੍ਰੀ ਦੀ ਜਾਤ ਇਕ ਦਿਲ ਖਿਚਵੇਂ, ਰੱਬੀ ਭੇਤ ਦਾ ਪ੍ਰਤੱਖ ਰੂਪ ਸੀ। ਓਹਦਾ ਦਿਲ ਇਸਤ੍ਰੀ ਜਾਤੀ ਵਲ ਓਹਦੀ ਅਗੰਮਤਾ ਤੇ ਰੱਬੀ ਪਵਿਤ੍ਰਤਾ, ਤੇ ਸਮਝ ਵਿੱਚ ਨ ਆਣ ਵਲੀ ਕਿਸੇ ਗੁਹਜ ਗੱਲ ਲਈ ਖਿਚੀਂਦਾ ਸੀ, ਤੇ ਹੁਣ ਆਪਣੇ ਟੱਬਰ ਦੀਆਂ ਤੀਮੀਆਂ ਤੇ ਓਹਦੇ ਮਿੱਤਰਾਂ ਦੀਆਂ ਵਹੁਟੀਆਂ ਆਦਿ ਥੀਂ ਛੁਟ, ਸਭ ਜਨਾਨੀਆਂ ਓਸ ਲਈ ਸਿਰਫ ਇਕ ਮਤਲਬ ਲਈ ਸਨ। ਬਸ ਓਸ ਲਈ ਤੀਮੀਆਂ ਇਕ ਭੋਗ ਬਿਲਾਸ ਦੀ ਖੁਸ਼ੀ ਲੈਣ ਦੀਆਂ ਚੀਜ਼ਾਂ ਸਨ ਜਿਹੜੀ ਖੁਸ਼ੀ ਹੁਣ ਓਹ ਚੱਖ ਚੁਕਿਆ ਸੀ। ਤਦੋਂ ਤਾਂ ਓਹਨੂੰ ਰੁਪਏ ਦੀ ਬਾਹਲੀ ਲੋੜ ਕਾਈ ਨਹੀਂ ਸੀ। ਓਹਦੀਆਂ ਲੋੜਾਂ ਲਈ ਜਿੰਨਾਂ ਵਿਰਸਾ ਓਹਨੂੰ ਮਾਂ ਪਾਸੋਂ ਮਿਲਣਾ ਸੀ ਉਹਦਾ ਤੀਸਰਾ ਹਿੱਸਾ ਵੀ ਕਾਫੀ ਥੀਂ ਵਧ ਸੀ ਤੇ ਇਸ ਲਈ ਇਹ ਓਸ ਪਾਸੋਂ ਸੰਭਵ ਸੀ ਕਿ ਉਹ ਆਪਣੇ ਬਾਪੂ ਵਾਲੇ ੫੦੦ ਕਿੱਲੇ ਭੋਂ ਕਿਸਾਨਾਂ ਨੂੰ ਦੇ ਦੇਵੇ। ਪਰ ਹੁਣ ਓਹਦੀ ਮਾਂ ਦੀ ਰਿਆਸਤ ਵਿੱਚੋਂ ੧੫੦੦ ਰੂਬਲ ਮਾਹਵਾਰੀ ਵਿਚ ਗੁਜ਼ਾਰਾ ਵੀ ਨਹੀਂ ਸੀ ਹੁੰਦਾ ਤੇ ਕਈ ਵੇਰੀ ਮਾਂ ਨਾਲ ਇਸ ਮਾਮਲੇ ਉੱਪਰ ਕੌੜੇ ਬਚਨ ਆਪੇ ਵਿੱਚ ਹੋ ਚੁਕੇ ਸਨ।

ਤਦੋਂ ਤਾਂ ਓਹ ਆਪਣੇ ਆਤਮ ਦੇਵ, ਰੱਬੀ ਜੋਤ, ਅੰਦਰਲੇ ਰੂਹ ਨੂੰ "ਮੈਂ" ਕਰਕੇ ਸਮਝਦਾ ਸੀ; ਹੁਣ ਆਪਣੇ ਤੰਦਰੁਸਤ, ਤਕੜੇ, ਝੋਟੇ, ਮੋਟੇ, ਹੈਵਾਨ ਸ਼ੈਤਾਨ ਨੂੰ "ਮੈਂ" ਸਮਝਣ ਲੱਗ ਗਇਆ ਸੀ।

ਤੇ ਇਹ ਖੌਫ਼ਨਾਕ ਤਬਦੀਲੀ ਤਾਂ ਆ ਗਈ ਸੀ ਕਿ ਓਸ ਆਪ ਆਜ਼ਾਦ ਵਿਚਾਰ ਕਰਨੀ ਛੱਡ ਦਿੱਤੀ ਸੀ, ਤੇ ਦੂਜਿਆਂ ਦੇ ਵਿਚਾਰਾਂ ਨੂੰ ਆਪਣੀ ਮੰਨਣ ਲੱਗ ਗਇਆ ਸੀ। ਤੇ ਇਸ ਹਿਠਾਹਾਂ ਦੇ ਪਾਸੇ ਓਹ ਤਾਂ ਰੁੜ੍ਹ ਪਇਆ ਕਿ ਆਪਣੇ ਆਪ ਦੀ ਅੰਦਰਲੀ ਅਵਾਜ਼ ਤੇ ਵਖਰੇ ਇਕੱਲੇ ਵਿਚਾਰ ਉੱਪਰ ਜੀਣਾ ਔਖਾ ਹੈ ਕਿਉਂਕਿ ਇੰਞ ਕਰਨ ਕਰਕੇ ਹਰ ਇਕ ਆਏ ਯਾ ਉਠੇ ਸਵਾਲ ਦਾ ਜਵਾਬ ਆਪਣੀ ਅੰਦਰਲੀ ਜੋਤ ਥੀਂ, ਰੂਹ ਥੀਂ ਲੈਣਾ ਜਰੂਰੀ ਹੁੰਦਾ ਹੈ, ਤੇ ਆਖਰੀ ਫੈਸਲਾ ਆਪਣੇ ਅੰਦਰ ਬੈਠੇ ਹੈਵਾਨ ਯਾ ਸ਼ੈਤਾਨ ਦੇ ਪੱਖ ਦਾ ਨਹੀਂ ਕਰਨਾ ਪੈਂਦਾ। ਸਦਾ ਆਤਮਦੇਵ ਤੇ ਰੂਹ ਦੇ ਪਾਸੇ ਦੀ ਧਾਰਨਾ ਤੋਲਨੀ ਜਰੂਰੀ ਹੁੰਦੀ ਹੈ, ਕਿਉਂਕਿ ਹੈਵਾਨ ਤਾਂ ਸਦਾ ਖੁਦਗਰਜ਼ੀ ਵਲ ਆਪਣੀਆਂ ਹੀ ਖਾਹਿਸ਼ਾਂ, ਤ੍ਰਿਸ਼ਨਾਂ ਦੇ ਪਿੱਛੇ ਵਗੀ ਜਾਣ ਦੀ ਕਰਦਾ ਹੈ, ਤੇ ਹੋਰਨਾਂ ਵਿਚਾਰਾਂ ਤੇ ਟੁਰ ਪੈਣ ਲਈ ਆਪ ਕੁਛ ਵੀ ਕਰਨਾ ਨਹੀਂ ਪੈਂਦਾ, ਉਨ੍ਹਾਂ ਦਾ ਫੈਸਲਾ ਕੀਤਾ ਕਰਾਇਆ ਹੈ, ਕਿ ਰੂਹ ਅਤੇ ਰੱਬ ਦੇ ਬਰਖਿਲਾਫ਼ ਤੇ ਹੈਵਾਨ ਦੇ ਪਾਸੇ ਦੀ ਗੱਲ ਸਦਾ ਕਰਨੀ ਹੈ। ਤੇ ਨਿਰੀ ਇੰਨੀ ਗੱਲ ਹੀ ਨਹੀਂ ਸੀ, ਜੇ ਓਹ ਆਪਣੇ ਆਪ ਵਿੱਚ, ਰਬ ਵਿੱਚ, ਜੀਣ ਦੀ ਕਰਦਾ ਤਦ ਓਹਨੂੰ ਆਸੇ ਪਾਸੇ ਦੇ ਬੋਲੀਆਂ ਮਾਰ ਮਾਰ ਪੀਪੂੰ ਕਰ ਦਿੰਦੇ ਸਨ, ਤੇ ਕੇਈ ਤਰਾਂ ਦੀਆਂ ਦੁਖਾਂ ਤੇ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜੇ ਉਨ੍ਹਾਂ ਦੀ ਰਾਏ ਤੇ ਪੂਰਨਿਆਂ ਉੱਪਰ ਟੁਰ ਪਏ ਤਦ ਸਭ ਪਾਸੇ ਇੱਜ਼ਤਾਂ ਹੀ ਇੱਜ਼ਤਾਂ ਸਨ। ਇਉਂ ਜਦ ਕਦੀ ਨਿਖਲੀਊਧਵ ਜੀਵਨ ਦੇ ਅਗੰਮ ਭੇਤਾਂ ਉੱਪਰ ਬੋਲੇ ਯਾ ਸੋਚੇ ਸਾਰੇ ਆਸ ਪਾਸ ਦੇ ਓਹਨੂੰ ਬੇਹੂਦਾ ਤੇ ਫ਼ਜ਼ੂਲ ਗੱਲਾਂ ਕਰਨ ਵਾਲਾ ਸਮਝਦੇ ਸਨ, ਮਖੌਲ ਕਰਦੇ ਸਨ, ਕਹਿੰਦੇ ਸਨ ਕੀ ਵਾਹਿਯਾਤ ਬਕਵਾਸ ਲਾਇਆ ਹੋਇਆ ਸੂ, ਇੰਨਾਂ ਕਿ ਉਹਦੀ ਮਾਂ ਵੀ ਤੇ ਫੁੱਫੀਆਂ ਵੀ ਇਸੀ ਤਰਾਂ ਦੀ ਕ੍ਰਿਪਾ ਦਾ ਡਾਹਢਾ ਤੁਨਕਾਂ ਮਾਰਦੀਆਂ ਸਨ, ਕਹਿੰਦੀਆਂ ਸਨ, "ਸਾਡਾ ਪਿਆਰਾ ਫਿਲਾਸਫਰ"—ਪਰ ਜਦ ਓਹ ਨਾਵਲ ਪੜ੍ਹੇ ਨਾਵਾਜਬ, ਕਹਾਣੀਆਂ ਸੁਣਾਵੇ, ਫਰਾਂਸੀਸੀ ਨਾਟਕਾਂ ਦੇ ਭੈੜੇ ਭੈੜੇ ਗੰਦੇ ਸੀਨ ਤਕਣ ਜਾਵੇ, ਤੇ ਓਨ੍ਹਾਂ ਦੇ ਭੰਡਾਂ ਵਰਗੇ ਗੰਦੇ ਮਖੌਲ ਠੱਠੇ ਦੀਆਂ ਗੱਲਾਂ ਆਣ ਕੇ ਘਰ ਸੁਣਾਵੇ ਅਤੇ ਦੁਹਰਾਵੇ ਤਦ ਹਰ ਕੋਈ ਓਹਦੀ ਮਹਿਮਾਂ ਕਰਦਾ ਸੀ ਤੇ ਓਹਨੂੰ ਹੱਲਾ ਸ਼ੇਰੀ ਦਿੰਦਾ ਸੀ। ਜਦ ਕਦੀ ਓਹ ਇਹ ਸੋਚੇ ਕਿ ਓਹਨੂੰ ਆਪਣੀਆਂ ਜ਼ਰੂਰਤਾਂ ਘਟਾ ਦੇਣੀਆਂ ਚਾਹੀਦੀਆਂ ਹਨ, ਬੱਸ ਇਕ ਪੁਰਾਨਾ ਓਵਰ ਕੋਟ ਪਹਿਨਣਾ ਹੀ ਕਾਫੀ ਹੈ ਤੇ ਸ਼ਰਾਬ ਨਹੀਂ ਪੀਣੀ ਚਾਹੀਦੀ, ਹਰ ਕੋਈ ਕਹਿੰਦਾ ਸੀ ਕਿ ਕੀ ਅਣੋਖੀਆਂ ਗੱਲਾਂ ਕਰ ਕਰ ਆਪਣੇ ਆਪ ਦੀ ਵਡਿਆਈ ਦੱਸਣ ਦੀ ਕਰਦਾ ਹੈ। ਪਰ ਜਦ ਓਹ ਸ਼ਿਕਾਰ ਉੱਪਰ ਬੜਾ ਖਰਚ ਕਰ ਦੇਵੇ ਯਾ ਆਪਣੇ ਲਈ ਆਪਣੀ ਪੜ੍ਹਣ ਲਿਖਣ ਦੀ ਥਾਂ ਨੂੰ ਵੱਡੇ ਤੇ ਖਾਸ ਭੋਗੀ ਪੈਮਾਨੇ ਤੋਂ ਬਣਾਵੇ ਤੇ ਕੀਮਤੀ ਫਰਨੀਚਿਰ ਓਸ ਲਈ ਖਰੀਦੇ, ਤਦ ਹਰ ਕੋਈ ਓਹਦੀ ਰਸਿਕ ਤਬੀਅਤ ਦੇ ਅੰਦਾਜ਼ ਦੀ ਚੋਟੀ ਦੀ ਤਾਰੀਫ ਕਰਦਾ ਸੀ, ਤੇ ਬੜੇ ਬੜੇ ਬਹੁਮੁਲੇ ਉਸੀ ਤਰਾਂ ਦੇ ਤੁਹਫੇ ਓਹਨੂੰ ਲਿਆ ਲਿਆ ਦਿੰਦੇ ਸਨ ਤਾਂ ਕਿ ਓਹਦੀ ਇਹ ਮਨ-ਕਰੀੜਾ ਹੋਰ ਵਧੇ। ਤੇ ਜਦ ਓਹ ਹਰ ਤਰਾਂ ਪਵਿਤ੍ਰ ਰਹਿਣ ਦੀ ਕਰਦਾ ਸੀ ਤੇ ਓਹਦਾ ਇਰਾਦਾ ਹੁੰਦਾ ਸੀ ਕਿ ਵਿਆਹ ਕਰਨ ਤਕ ਪਵਿਤ੍ਰ ਰਹੇ, ਓਹਦੇ ਦੋਸਤ ਡਰ ਪ੍ਰਗਟ ਕਰਦੇ ਸਨ ਇਸ ਤਰਾਂ ਬ੍ਰਹਮਚਰਜ ਰੱਖਣ ਕਰਕੇ ਓਹਦੀ ਸਿਹਤ ਖਰਾਬ ਹੋ ਜਾਏਗੀ, ਤੇ ਹੁਣ ਜਦ ਓਸ ਇਹ ਵਤੀਰਾ ਛੱਡ ਦਿੱਤਾ ਸੀ ਤਦ ਓਹਦੀ ਮਾਂ ਵੀ ਰੋਸ ਨਹੀਂ ਸੀ ਕਰਦੀ, ਹੱਥੋਂ ਕੁਛ ਖੁਸ਼ੀ ਹੀ ਪ੍ਰਗਟ ਕਰਦੀ ਸੀ ਕਿ ਉਹਦਾ ਮੁੰਡਾ ਵੀ "ਅਸਲੀ ਮਰਦ" ਹੋ ਗਇਆ ਹੈ ਤੇ ਖਾਸ ਓਸ ਵੇਲੇ ਜਦ ਉਹਨੂੰ ਪਤਾ ਲੱਗਾ ਸੀ ਕਿ ਓਹਦੇ ਪੁੱਤਰ ਨੇ ਆਪਣੇ ਮਿੱਤਰ ਪਾਸੋਂ ਇਕ ਫਰਾਂਸੀਸੀ ਤੀਮੀਂ ਕੱਢ ਲਈ ਹੈ। (ਤੇ ਓਹਦੀ ਪਿਛਲੀ ਕਾਤੂਸ਼ਾ ਨਾਲ ਹੋਈ ਲਗਣ ਬਾਬਤ ਓਹਦੀ ਫੁਫੀ ਸ਼ਾਹਜ਼ਾਦੀ ਕੁਛ ਖੌਫ਼ ਹੀ ਖਾ ਰਹੀ ਸੀ ਕਿ ਉਹ ਮਤੇ ਇਸ ਨੀਚ ਜ਼ਾਤ ਨਾਲ ਆਖ਼ਰ ਵਿਆਹ ਕਰਨ ਹੀ ਨਾ ਆ ਗਇਆ ਹੋਵੇ)। ਉਸੀ ਤਰਾਂ ਜਦ ਨਿਖਲੀਊਧਵ ਬਾਲਗ਼ ਹੋ ਗਇਆ ਤੇ ਓਸ ਇਹ ਸਮਝਿਆ ਕਿ ਭੋਂ ਦੀ ਨਿੱਜੀ ਮਲਕੀਅਤ ਰੱਖਣੀ ਗ਼ਲਤੀ ਹੈ ਤੇ ਉੱਕਾ ਪਾਪ ਹੈ ਤੇ ਜਦ ਇਸ ਖਿਆਲ ਅਨੁਸਾਰ ਓਸ ਨੇ ਥੋੜੀ ਜੇਹੀ ਜਮੀਨ ਜਿਹੜੀ ਪਿਉ ਵੱਲੋਂ ਵਿਰਸੇ ਵਿੱਚ ਆਈ ਸੀ ਰਾਹਕਾਂ ਨੂੰ ਦੇ ਦਿੱਤੀ ਸੀ, ਉਹਦਾ ਇਹ ਕੰਮ ਉਹਦੀ ਮਾਂ ਤੇ ਹੋਰ ਟੱਬਰ ਨੇ ਬੜਾ ਬੁਰਾ ਮੰਨਿਆ ਸੀ। ਤੇ ਇਸ ਕਰਕੇ ਉਹਦੇ ਸਾਰੇ ਰਿਸ਼ਤੇਦਾਰ ਉਸ ਨਾਲ ਠੱਠੇ ਮਖੌਲ ਕਰਦੇ ਸੀ ਤੇ ਉਹਨੂੰ ਲਗਾਤਾਰ ਇਹ ਖਿਆਲ ਸੁਟ ਜਾਂਦੇ ਸਨ ਕਿ ਜਮੀਨ ਇਉਂ ਦੇ ਦੇਣ ਨਾਲ ਉਹ ਉਨ੍ਹਾਂ ਦੀ ਹਾਲਤ ਕੀ ਸੰਵਾਰ ਸਕਿਆ ਹੈ। ਉਹ ਰਾਹਕ ਜਮੀਨ ਲੈ ਕੇ ਅੱਗੇ ਨਾਲੋਂ ਕੋਈ ਵਧ ਅਮੀਰ ਤਾਂ ਨਹੀਂ ਹੋ ਗਏ, ਹੱਥੋਂ ਉਹਦੇ ਉਲਟ ਅਗੇ ਪਾਸੋਂ ਵੀ ਗਰੀਬ ਹੋ ਗਏ ਹਨ। ਉਸ ਦੌਲਤ ਨਾਲ ਜਿਹੜੀ ਇਉਂ ਉਹਨਾਂ ਦੇ ਹੱਥ ਲੱਗੀ ਉਨ੍ਹਾਂ ਤਿੰਨ ਕਲਾਲ ਖਾਨੇ ਬਣਵਾਏ ਹਨ ਤੇ ਆਪਣੀ ਹੱਥੀਂ ਕੰਮ ਕਾਜ ਕਰਨਾ ਛੱਡ ਬੈਠੇ ਹਨ। ਪਰ ਜਦ ਹੁਣ ਨਿਖਲੀਊਧਵ ਗਾਰਡਾਂ ਦੀ ਰਜਮਿੰਟ ਵਿੱਚ ਭਰਤੀ ਹੋ ਗਇਆ ਤੇ ਲੱਗਾ ਆਪਣਾ ਰੁਪਿਆ ਜੂਏ ਤੇ ਸ਼ਰਾਬ ਵਿੱਚ ਖਰਚ ਕਰਨ ਤੇ ਲੱਗਾ ਆਪਣੀ ਰਈਸੀ ਮੰਡਲੀ ਵਿੱਚ ਗੁਲਛੱਰੇ ਉਡਾਣ ਤੇ ਉਹਦੀ ਮਾਂ ਹੈਲੇਨਾ ਈਵਾਨੋਵਨਾ ਨੂੰ ਆਪਣੀ ਪੂੰਜੀ ਵਿੱਚ ਵੀ ਰੁਪਏ ਕਢਾਣੇ ਪਏ ਤਦ ਉਹਨੂੰ ਕੁਛ ਦੁਖ, ਦਰਦ ਤੇ ਰੋਸ ਨ ਹੋਇਆ। ਉਹ ਇਹ ਸੋਚਦੀ ਸੀ ਕਿ ਇਹ ਕਰਤੂਤਾਂ ਉਹਦੇ ਪੁਤ੍ਰ ਲਈ ਕੁਦਰਤੀ ਫਿਤਰਤੀ ਗੱਲਾਂ ਹਨ, ਮਾੜਾ ਨਹੀਂ ਕੁਛ ਚੰਗਾ ਹੀ ਹੈ ਕਿ ਉਹ ਜਵਾਨੀ ਵੇਲੇ ਚੰਗੀ ਸੁਸਾਇਟੀ ਵਿੱਚ ਆਪਣੀਆਂ ਮੌਜਾਂ ਮਾਣ ਲਵੇ। ਪਹਿਲਾਂ ਪਹਿਲ ਨਿਖਲੀਊਧਵ ਨੇ ਆਪਣਾ ਯਤਨ ਤੇ ਜੰਗ ਜਾਰੀ ਰੱਖਿਆ, ਸਭ ਕੁਛ, ਜਦ ਤਕ ਉਸ ਨੂੰ ਆਪਣੇ ਆਪ ਦੀਆਂ ਰੂਹਾਨੀ ਗੱਲਾਂ ਉੱਪਰ ਸਿਦਕ ਰਹਿਆ। ਪਰ ਜੋ ਉਹ ਠੀਕ ਸਮਝਦਾ ਸੀ ਲਾਗੇ ਦੇ ਲੋਕ ਗਲਤ ਦਸਦੇ ਸਨ, ਤੇ ਜਿਹੜੀਆਂ ਗੱਲਾਂ ਨੂੰ ਉਹ ਬੁਰਾ ਸਮਝਦਾ ਸੀ ਉਹਨਾਂ ਨੂੰ ਉਹ ਸਭ ਲੋਕ ਚੰਗਾ ਦੱਸਦੇ ਸਨ, ਤੇ ਇਉਂ ਦਿਨ ਰਾਤ ਦੇ ਮਤ ਭੇਦ ਨੇ ਜਿਹੜਾ ਉਹਦੇ ਰੂਹ ਤੇ ਆਲੇ ਦੁਆਲੇ ਦੀ ਸੁਸਾਇਟੀ ਦੇ ਖਿਆਲਾਂ ਵਿੱਚ ਸੀ, ਉਸ ਲਈ ਆਹਿਸਤਾ ਆਹਿਸਤਾ ਆਪਣੇ ਰੂਹ ਦੀ ਜਦੋ ਜਿਹਦ ਨੂੰ ਮੁਸ਼ਕਲ ਕਰ ਦਿੱਤਾ ਤੇ ਉਹ ਸ਼ਿਥਲ ਹੁੰਦੀ ਚਲੀ ਗਈ। ਆਖਰ ਨਿਖਲੀਊਧਵ ਨੇ ਹਾਰ ਮੰਨੀ, ਮਤਲਬ ਕੀ ਉਸ ਆਪਣੇ ਅੰਦਰ ਦੀ ਸੇਧ ਛੱਡ ਦਿੱਤੀ, ਮੂੰਹ ਰੱਬ ਵੱਲੋਂ ਮੋੜ ਲਇਆ ਤੇ ਲੋਕਾਂ ਦੇ ਪਿੱਛੇ ਪਿੱਛੇ ਟੁਰਨ ਲੱਗ ਪਇਆ। ਪਹਿਲਾਂ ਪਹਿਲ ਇਉਂ ਆਪਣੇ ਸੁਚੇ ਆਪੇ ਨੂੰ ਛੱਡ ਟੁਰਨਾ ਨਾਗਵਾਰ ਜਰੂਰ ਲੱਗਾ, ਪਰ ਜਿਉਂ ਜਿਉਂ ਵਕਤ ਦੀ ਵਿੱਥ ਪੈਂਦੀ ਗਈ ਸਭ ਮਿਸਦਾ ਗਇਆ। ਉਸ ਵੇਲੇ ਹੀ ਉਸ ਤਮਾਕੂ ਤੇ ਸ਼ਰਾਬ ਪੀਣ ਦੀਆਂ ਆਦਤਾਂ ਪਾ ਲਈਆਂ ਸਨ, ਤੇ ਜਲਦੀ ਹੀ ਇਨ੍ਹਾਂ ਆਦਤਾਂ ਕਰਕੇ ਪਿਛਲੀਆਂ ਗੱਲਾਂ ਦੀ ਨਾਗਵਾਰ ਯਾਦ, ਖ਼ੁਸ਼ਗਵਾਰ ਭੁਲ ਵਿੱਚ ਬਦਲ ਗਈ ਤੇ ਹੁਣ ਬਸ ਇਹੋ ਕੁਛ ਚੰਗਾ ਲੱਗਣ ਲੱਗ ਪਇਆ।

ਨਿਖਲੀਊਧਵ ਦੀ ਤਬੀਅਤ ਬੜੀ ਹੀ ਜੋਸ਼ੀਲੇ ਵਲਵਲਿਆਂ ਵਾਲੀ ਸੀ ਤੇ ਉਹਨੂੰ ਕਾਮ ਦੇ ਗੇੜੇ ਤਕੜੇ ਵੱਜਦੇ ਸਨ। ਉਸਨੇ ਜ਼ਿੰਦਗੀ ਦੇ ਨਵੇਂ ਰਾਹਾਂ ਵਿੱਚ ਬਿਨਾਂ ਸੰਕੋਚ ਦੇ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ, ਤੇ ਇਹਦਾ ਇਉਂ ਕਰਨਾ ਆਲੇ ਦੁਆਲੇ ਦੇ ਲਕੀ ਠੀਕ ਸਮਝਦੇ ਸਨ। ਓਸ ਆਪਣੇ ਅੰਦਰ ਦੀ ਆਵਾਜ਼ ਨੂੰ ਖੂਬ ਘੁਟ ਦਿੱਤਾ ਜਿਹੜੀ ਉਹਨੂੰ ਕਿਸੀ ਹੋਰ ਵੱਖਰੇ ਰਾਹ ਤੇ ਟੋਰਨਾ ਚਾਹੁੰਦੀ ਸੀ। ਇਹ ਆਦਤਾਂ ਤਦ ਥੀਂ ਸ਼ੁਰੂ ਹੋ ਗਈਆਂ ਸਨ ਜਦ ਥੀਂ ਉਹ ਸੈਂਟ ਪੀਟਰਜ਼ਬਰਗ ਪਹੁਤਾ ਤੇ ਜਦ ਉਹ ਫੌਜ ਵਿੱਚ ਭਰਤੀ ਹੋਇਆ ਤਦ ਇਹੋ ਉਹਦੀਆਂ ਸਭ ਆਦਤਾਂ ਪੂਰੇ ਜੋਬਨ ਵਿੱਚ ਸਨ।

ਫੌਜੀ ਜ਼ਿੰਦਗੀ ਆਮ ਤੌਰ ਤੇ ਆਦਮੀ ਦੇ ਬੱਚੇ ਨੂੰ ਰਸਾਤਲ ਵੱਲ ਲੈ ਜਾਂਦੀ ਹੈ। ਉਹਦਾ ਰੂਹ ਕਮੀਨਾ ਹੋ ਜਾਂਦਾ ਹੈ। ਗੱਲ ਕੀ ਹੁੰਦੀ ਹੈ ਕਿ ਉੱਥੇ ਉਨ੍ਹਾਂ ਨੂੰ ਉੱਕਾ ਹੀ ਨਿਕੰਮਾ ਰਹਿਣ ਦੀ ਜ਼ਿੰਦਗੀ ਦੀਆਂ ਹਾਲਤਾਂ ਮਿਲਦੀਆਂ ਹਨ। ਉੱਥੇ ਉਨ੍ਹਾਂ ਲਈ ਫ਼ਾਇਦੇਮੰਦ ਯਾ ਅਕਲ ਵਧਾਉਣ ਦੇ ਕੰਮਾਂ ਦਾ ਉੱਕਾ ਅਭਾਵ ਹੁੰਦਾ ਹੈ ਤੇ ਉਹ ਜ਼ਿੰਦਗੀ ਉਨ੍ਹਾਂ ਨੂੰ ਇਨਸਾਨੀ ਦਰਦਾਂ ਤੇ ਫਰਜ਼ਾਂ ਦੇ ਕਿਸੀ ਤਰਾਂ ਨਿਬਾਹੁਣ ਥੀਂ ਉੱਕਾ ਛੁਟਕਾਰਾ ਦਿਵਾ ਦਿੰਦੀ ਹੈ। ਇਨਸਾਨੀਅਤ ਥੀਂ ਦੂਰ ਹੋ ਜਾਂਦੇ ਹਨ। ਇਨਸਾਨੀਅਤ ਦੇ ਧਰਮਾਂ ਦੀ ਥਾਂ ਇਕ ਬਨਾਵਟੀ ਨਵੀਂ ਘੜੀ ਘੜਾਈ ਅਕਲ ਸਿਖਾਈ ਜਾਂਦੀ ਹੈ ਤੇ ਉਸੇ ਨਿੱਕੇ ਦਾਇਰੇ ਵਿੱਚ ਉਨ੍ਹਾਂ ਨੂੰ ਰਿਝਾਈ ਲਗਾਈ ਰੱਖਦੇ ਹਨ। ਰਜਮਿੰਟ ਦੀ ਅਬਰੂ, ਵਰਦੀ ਦਾ ਖਿਆਲ, ਵਰਦੀ ਦੀ ਲਾਜ ਤੇ ਝੰਡੇ ਦੀ ਲਾਜ ਆਦਿ। ਇਕ ਪਾਸੇ ਤਾਂ ਉਨ੍ਹਾਂ ਨੂੰ ਕੁਲ ਮੁਲਖੀਏ ਉੱਪਰ ਖੁਦਮੁਖ਼ਤਾਰ ਇਖਤਿਆਰ ਦਿੱਤਾ ਜਾਂਦਾ ਹੈ ਪਰ ਨਾਲ ਲੱਗਦੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਐਸੀਆਂ ਔਕੜਾਂ ਤੇ ਉਲਝਣਾਂ ਵਿੱਚ ਪਾ ਦਿੱਤਾ ਜਾਂਦਾ ਹੈ ਜਿੱਥੇ ਉਨ੍ਹਾਂ ਨੂੰ ਆਪਣੇ ਥੀਂ ਵੱਡੇ ਅਫਸਰਾਂ ਦੀ ਸਦੀਵੀ ਵਫ਼ਾਦਾਰੀ ਤੇ ਅੰਦਰ ਥੀਂ ਤਾਬੇਦਾਰੀ ਕਰਨੀ ਪੈਂਦੀ ਹੈ।

ਪਰ ਜਦ ਇਸ ਆਮ ਇਨਸਾਨੀ ਫਿਤਰਿਤ ਦੀ ਗਿਰਾਵਟ ਨਾਲ, ਜਿਹੜੀ ਫੌਜੀ ਨੌਕਰੀ ਦੇ ਉਹਦੇ ਨਾਲ ਲੱਗਦੀਆਂ ਨਕਲੀ ਇੱਜ਼ਤਾਂ ਤੇ ਅਬਰੂਆਂ—ਤਮਗ਼ੇ ਵਰਦੀਆਂ ਝੰਡਿਆਂ ਆਦਿ ਦੀਆਂ ਇੱਜ਼ਤਾਂ—ਥੀਂ ਹੁੰਦੀ ਹੈ, ਨਾਲੇ ਫੌਜੀ ਜੀਵਨ ਨੂੰ ਦਿੱਤੀ ਹੋਈ ਖੁਦਮੁਖ਼ਤਾਰੀ ਥੀਂ ਹੁੰਦੀ ਹੈ—ਜੋ ਚਾਹੁਣ ਕਰਨ, ਲੋਕਾਂ ਨੂੰ ਮਾਰਨ, ਕੁੱਟਣ, ਸਤਾਣ ਆਦਿ, ਦੂਜੀ ਗਿਰਾਵਟ ਵੀ ਆਣ ਮਿਲਦੀ ਹੈ, ਜਿਹੜੀ ਰਈਸੀ ਠਾਠ ਤੇ ਅਮੀਰੀ ਆਪਣੇ ਪਿੱਛੇ ਪਿੱਛੇ ਲਿਆਉਂਦੀ ਹੈ, ਤੇ ਸ਼ਹਿਨਸ਼ਾਹੀ ਟੱਬਰ ਨਾਲ ਨਜ਼ੀਕੀ ਵਾਕਫ਼ੀਅਤ ਤੇ ਬੇ ਤਕੱਲਫ਼ੀ ਪੈਦਾ ਕਰ ਦਿੰਦੀ ਹੈ (ਜਿਸ ਤਰ੍ਹਾਂ ਗਾਰਡਾਂ ਦੇ ਚੁਣੀ ਰਜਮਿੰਟ ਵਿੱਚ ਬੜੇ ਬੜੇ ਰਈਸੀ ਘਰਾਣਿਆਂ ਦੇ ਅਮੀਰ ਪੁਤਰ ਹੁੰਦੇ ਹਨ) ਤੇ ਇਉਂ ਦੁਵੱਲੀਓਂ ਦੂਣੀ ਗਿਰਾਵਟ ਹੋ ਕੇ ਆਖ਼ਰ ਕਮੀਨਾਪਨ ਤੇ ਖ਼ੁਦਗਰਜ਼ੀ ਦਾ ਇਕ ਪਾਗਲਪਨ ਹੋ ਨਿਬੜਦੀ ਹੈ। ਤੇ ਇਹ ਖੁਦਗਰਜ਼ੀ ਦਾ ਪਾਗਲਪਨ ਨਿਖਲੀਊਧਵ ਦੇ ਸਿਰ ਤੇ ਤਦ ਦਾ ਸਵਾਰ ਸੀ ਜਦ ਦਾ ਉਹ ਫੌਜ ਵਿੱਚ ਭਰਤੀ ਹੋਇਆ ਸੀ, ਤੇ ਆਪਣੇ ਨਾਲ ਵਾਲੇ ਸਾਥੀਆਂ ਨਾਲ ਉਨ੍ਹਾਂ ਵਾਂਗੂ ਰਹਿਣ ਬਹਿਣ ਲੱਗ ਪਇਆ ਸੀ। ਦਿਨ ਗੁਜਾਰਨ ਲਈ ਉਹਨੂੰ ਉੱਕਾ ਕੋਈ ਕੰਮ ਨਹੀਂ ਸੀ। ਬਸ ਵਧੀਆ, ਚੰਗੀਆਂ ਸੀਤੀਆਂ ਵਰਦੀਆਂ ਨੂੰ ਜਿਨ੍ਹਾਂ ਨੂੰ ਦੂਜੇ ਬੰਦੇ ਨੌਕਰ ਇਸਤ੍ਰੀ ਕਰ, ਬੁਰਸ਼ ਕਰ, ਬਟਨ ਚਮਕਾ ਕੇ ਅੱਗੇ ਧਰ ਦਿੰਦੇ ਸਨ, ਪਾਣਾ ਲਟਕਾਣਾ। ਤੇ ਇਕ ਸੋਹਣੇ ਘੋੜੇ ਉੱਪਰ ਚੜ੍ਹ ਜਾਣਾ ਪ੍ਰੇਟ ਨੂੰ, ਘੋੜਾ ਵੀ ਉਹ ਜਿਹਦੀ ਟਹਿਲ ਦੂਜੇ ਲੋਕਾਂ ਨੇ ਉਸ ਲਈ ਕਰ ਦੇਣੀ। ਘੋੜਿਆਂ ਨੂੰ ਸਿਖਾਣ ਵਾਲੇ ਵੀ ਹੋਰ, ਖਿਲਾਣ ਪਿਲਾਣ ਵਾਲੇ ਵੀ ਹੋਰ। ਤੇ ਓਥੇ ਪ੍ਰੇਟ ਤੇ ਆਪਣੇ ਜੇਹੇ ਨਕੰਮੇ ਅਮੀਰ ਜ਼ਾਦਿਆਂ ਨਾਲ ਕੰਮ ਕੀ ਕਰਨਾ, ਬੱਸ ਜਾਂ ਨੰਗੀ ਤਲਵਾਰ ਨੂੰ ਕੱਢ ਘੁਮਾਣਾ ਚਮਕਾਣਾ, ਯਾ ਬੰਦੂਕਾਂ ਦੀ ਵਾੜ ਦਾਗ ਦੇਣੀ, ਤੇ ਦੱਸਣਾ ਕਿ ਬੰਦੂਕਾਂ ਇਓਂ ਚਲਾਈ ਦੀਆਂ ਹਨ। ਸਵਾਏ ਇਸ ਨਿਕੰਮੇ ਕੰਮ ਦੇ ਓਹਦਾ ਹੋਰ ਕੋਈ ਕੰਮ ਨਹੀਂ ਸੀ, ਪਰ ਫਿਰ ਵੀ ਉੱਚੇ ਤਬਕੇ ਦੇ ਅਫਸਰ, ਵੱਡੀ ਅਮਰ ਰਈਸੀ ਸੋਸੈਟੀ ਦੇ ਰੁਕਨ, ਕੀ ਜਵਾਨ, ਕੀ ਬੁੱਢੇ, ਸ਼ਾਹਨਸ਼ਾਹ ਜ਼ਾਰ ਤੇ ਓਹਦੇ ਦਿਵਾਲੇ ਦੇ ਨਜ਼ੀਕੀ ਝੋਲੀ ਚੁੱਕ, ਨ ਸਿਰਫ ਓਹਦੇ ਇਹੋ ਜੇਹੇ ਕੰਮਾਂ ਨੂੰ ਮਨਜੂਰ ਨਜ਼ਰ ਕਰਦੇ ਸਨ, ਬਲਕਿ ਉਹ ਬੜੀ ਸ਼ਲਾਘਾ ਕਰਦੇ ਸਨ। ਉਹਨੂੰ ਫੁਲਾਂਦੇ ਸਨ, ਉਹਦਾ ਸ਼ੁਕਰੀਆ ਕਰਦੇ ਸਨ ਤੇ ਕਹਿੰਦੇ ਸਨ, ਵਾਹ ਭਾਈ ਵਾਹ!

ਤੇ ਇਸ ਥੀਂ ਵਧ ਹੋਰ ਕੋਈ ਨੇਕੀ ਦਾ ਕੰਮ ਓਥੇ ਉਸ ਸੁਸੈਟੀ ਵਿੱਚ ਗਿਣਨ ਜੋਗ ਸੀ ਤਦ ਸੀ ਚੰਗਾ ਚੋਖਾ ਖਾਣਾ, ਖਾਸ ਕਰ, ਸ਼ਰਾਬ ਪੀਣਾ, ਅਫਸਰਾਂ ਦੀਆਂ ਕਲੱਬਾਂ, ਰੈਸਟਰਾਂਟਾਂ ਵਿੱਚ ਜਾਕੇ ਦੌਲਤ ਨੂੰ ਵਿਅਰਥ ਬਰਬਾਦ ਕਰਨਾ—ਉਹ ਦੌਲਤ ਜਿਹੜੀ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ, ਕਿਹੜੇ ਅਣਡਿੱਠੇ ਪਾਸੋਂ ਛਣ ਛਣ ਆ ਡਿੱਗਦੀ ਹੈ। ਫਿਰ ਥੀਏਟਰਾਂ, ਨਾਚਾਂ, ਜ਼ਨਾਨੀਆਂ ਦਾ ਚਸਕਾ, ਭੋਗ ਬਿਲਾਸ ਆਦਿ, ਤੇ ਮੁੜ ਤਲਵਾਰਾਂ ਉਲਾਰਦੇ ਲੋਕਾਂ ਨੂੰ ਕੁੱਟਦੇ ਘੋੜਿਆਂ ਤੇ ਧੂਤਿਆਂ ਵਾਂਗ ਚੜ੍ਹੀ ਫਿਰਨਾ, ਤੇ ਮੁੜ ਓਹੋ ਹੀ ਚੱਕਰ, ਦੌਲਤ ਨੂੰ ਅਜ਼ਾਂਈ ਵੰਞਾਉਣ ਦਾ ਭੁਸ—ਸ਼ਰਾਬ, ਤਾਸ਼ ਤੇ ਔਰਤਾਂ!!

ਇਸ ਤਰ੍ਹਾਂ ਤਾਂ ਜੀਵਨ ਫੌਜੀ ਆਦਮੀਆਂ ਨੂੰ ਉਨ੍ਹਾਂ ਦੇ ਫੌਜੀ ਕੰਮ ਥੀਂ ਵੀ ਜ਼ਿਆਦਾ ਰਸਾਤਲ ਨੂੰ ਡੇਗਦਾ ਹੈ, ਕਿਉਂਕਿ ਜੇ ਫੌਜੀਆਂ ਸਵਾ ਹੋਰ ਕੋਈ ਆਦਮੀ ਇਸ ਤਰਾਂ ਦਾ ਪਾਪੀ ਜੀਵਨ ਬਤੀਤ ਕਰੇ ਤਦ ਓਹ ਆਪਣੇ ਦਿਲ ਦੀਆਂ ਤੈਹਾਂ ਵਿਚ ਆਪਣੇ ਆਪ ਸ਼ਰਮਿੰਦਗੀ ਨਾਲ ਪਇਆ ਮਰੇ। ਪਰ ਫੌਜੀ ਅਫ਼ਸਰ ਇਹੋ ਜੇਹੇ ਭੈੜੇ ਜੀਵਨ ਦਾ ਉਲਟਾ ਮਾਣ ਕਰਦਾ ਹੈ, ਖਾਸ ਕਰ ਉਸ ਵੇਲੇ ਜਦ ਕੋਈ ਜੰਗ ਅਰੰਭਿਆ ਹੋਵੇ, ਤੇ ਨਿਖਲੀਊਧਵ ਬੱਸ ਉਸ ਸਮੇਂ ਫੌਜ ਵਿੱਚ ਗਇਆ ਸੀ ਜਦ ਥੋੜੇ ਚਿਰ ਪਹਿਲੇ ਹੀ ਰੂਸ ਨੇ ਤੁਰਕਾਂ ਨਾਲ ਜੰਗ ਛੇੜ ਦਿੱਤਾ ਹੋਇਆ ਸੀ।

"ਅਸੀਂ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਹਾਂ ਤੇ ਇਸ ਕਰਕੇ ਇਕ ਬੇਫ਼ਿਕਰਾ ਧੂਤਿਆਂ ਦਾ ਜੀਵਨ ਸਾਡੇ ਲਈ ਰਵਾ ਹੈ, ਨ ਸਿਰਫ਼ ਰਵਾ ਹੈ ਬਲਕਿ ਸਾਡੇ ਮਨ ਪਰਚਾਵੇ ਲਈ ਜ਼ਰੂਰੀ ਹੈ—ਤੇ ਤਾਂ ਹੀ ਅਸੀਂ ਇੰਝ ਰਹਿੰਦੇ ਹਾਂ।"

ਉਮਰ ਦੇ ਇਸ ਹਿੱਸੇ ਵਿੱਚ ਨਿਖਲੀਊਧਵ ਦੇ ਖਿਆਲ ਇਹੋ ਜੇਹੇ ਸਨ ਤੇ ਉਹ ਹਮੇਸ਼ਾ ਹੁਣ ਇਸ ਗੱਲ ਨੂੰ ਬੜਾ ਚੰਗਾ ਸਮਝਦਾ ਸੀ ਕਿ ਆਖ਼ਰ ਓਹ ਉਨ੍ਹਾਂ ਪੁਰਾਣੀਆਂ ਧਾਰਮਕ ਤੇ ਇਖ਼ਲਾਕੀ ਰੋਕਾਂ ਰੁਕਾਵਟਾਂ ਥੀਂ ਸਦਾ ਲਈ ਆਜ਼ਾਦ ਪਾ ਚੁਕਾ ਹੈ ਤੇ ਹੁਣ ਜਿਸ ਹਾਲਤ ਵਿੱਚ ਉਹ ਰਹਿੰਦਾ ਤੇ ਜੀਂਦਾ ਸੀ, ਉਹ ਖ਼ੁਦਗਰਜ਼ੀ ਦੇ ਪਾਗਲਪਨ ਦੇ ਇਕ ਅਸਾਧਯ ਰੋਗ ਦੀ ਅਵਸਥਾ ਸੀ।

ਮੋਇਆਂ ਦੀ ਜਾਗ-ਕਾਂਡ ੧੪. : ਲਿਉ ਤਾਲਸਤਾਏ

ਜਿਸ ਪਾਸਿਓਂ ਸਫ਼ਰ ਕਰਕੇ ਉਸ ਨੇ ਆਪਣੀ ਰਜਮਿੰਟ ਨੂੰ ਜਾ ਕੇ ਮਿਲਣਾ ਸੀ, ਉਸ ਰਾਹ ਵਿੱਚ ਉਹਦੀਆਂ ਫੁਫੀਆਂ ਦੀ ਰਿਆਸਤ ਆਉਂਦੀ ਸੀ, ਇਸ ਕਰਕੇ ਨਿਖਲੀਊਧਵ ਆਪਣੀਆਂ ਫੁਫੀਆਂ ਨੂੰ ਮਿਲਣ ਚਲਾ ਗਇਆ ਸੀ। ਰਜਮਿੰਟ ਅੱਗੇ ਹੀ ਮੈਦਾਨ ਜੰਗ ਵਿਚ ਤੁਰ ਗਈ ਸੀ, ਤੇ ਨਾਲੇ ਉਹਦੀਆਂ ਫੁਫੀਆਂ ਨੇ ਬੜੇ ਪਿਆਰ ਨਾਲ ਉਹਨੂੰ ਸਦ ਵੀ ਘੱਲਿਆ ਸੀ ਤੇ ਖਾਸ ਵਜਾ ਇਹ ਵੀ ਸੀ ਕਿ ਉਹ ਮੁੜ ਕਾਤੂਸ਼ਾ ਨੂੰ ਵੇਖਣਾ ਚਾਹੁੰਦਾ ਸੀ। ਡੂੰਘੇ ਮਨ ਵਿੱਚ ਉਸਨੇ ਅੱਗੇ ਵੀ ਮਾੜੇ ਸੰਕਲਪ ਚਿਤਵ ਰਣੇ ਹੋਣੇ ਹਨ, ਜਿਹੜੇ ਸੰਕਲਪ ਹੁਣ ਉਹਦਾ ਬੇ-ਲਗਾਮ ਅੰਦਰ ਦਾ ਹੈਵਾਨ ਉਹਨੂੰ ਸੁਝਾ ਦਿੰਦਾ ਹੁੰਦਾ ਸੀ। ਪਰ ਉਸਦੇ ਉਪਰਲੇ ਮਨ ਨੂੰ ਇਹੋ ਜੇਹੀ ਸ਼ਰਾਰਤ ਦੀ ਖਬਰ ਨਹੀਂ ਸੀ। ਉਤਲੇ ਮਨ ਵਿੱਚ ਤਾਂ ਨਿਰੋਲ ਇਹ ਸੀ ਕਿ ਚਲੋ ਫਿਰ ਉਹ ਥਾਂ ਵੇਖੀਏ ਜਿੱਥੇ ਉਹਨੇ ਇਕ ਵੇਰੀ ਇੰਨੇ ਓੜਕ ਦੀ ਖ਼ੁਸ਼ੀ ਦੇ ਦਿਨ ਕੱਟੇ ਸਨ, ਤੇ ਮੁੜ ਆਪਣੀਆਂ ਫੁਫੀਆਂ ਨੂੰ ਮਿਲੀਏ ਜਿਹੜੀਆਂ ਸਨ ਤਾਂ ਕੁਛ ਪੁਰਾਣੇ ਨਮੂਨੇ ਦੀਆਂ ਪਰ ਸਨ ਪਿਆਰੀਆਂ, ਨਰਮ ਦਿਲ ਵਾਲੀਆਂ ਬੁਢੀਆਂ 'ਤੇ ਆਖ਼ਰ ਉਹਦੀਆਂ ਫੁਫੀਆਂ ਹੀ ਸਨ ਨਾਂ, ਜਿਹੜੀਆਂ ਹਮੇਸ਼ਾ ਬਿਨਾਂ ਇਹਦੇ ਨੋਟਿਸ ਕਰਨ ਦੇ ਇਕ ਲਾਡ ਮੁਰਾਦ ਦਾ ਮੰਡਲ ਉਹਦੇ ਦਵਾਲੇ ਬੰਨ੍ਹ ਦਿੰਦੀਆਂ ਸਨ ਤੇ ਨਾਲੇ ਕਾਤੂਸ਼ਾ ਨੂੰ ਮੁੜ ਇਕ ਵੇਰੀ ਮਿਲਣ ਨੂੰ ਜਿਹਦੀ ਯਾਦ ਸਦਾ ਉਸ ਲਈ ਖੁਸ਼ਗਵਾਰ ਸੀ।

ਮਾਰਚ ਦੇ ਆਖ਼ਰ, ਈਸਟਰ ਦੇ ਦਿਨਾਂ ਵਿੱਚ, ਗੁਡ ਫਰਾਈਡੇ ਵਾਲੇ ਦਿਨ, ਜਦ ਕੋਰਾ ਪੈਣ ਲੱਗ ਪਇਆ ਸੀ, ਉਹ ਉੱਥੇ ਪਹੁੰਚਾ। ਮੀਂਹ ਮੋਹਲੇ ਧਾਰ ਵੱਸ ਰਹਿਆ ਸੀ, ਘਰ ਆਉਂਦਿਆਂ ਉਹ ਖੂਬ ਗੜੁੱਚ ਹੋਇਆ। ਉਹਦਾ ਕੋਈ ਕੱਪੜਾ ਸੁੱਕਾ ਨ ਰਹਿਆ ਤੇ ਉਹਨੂੰ ਬੜੀ ਠੰਡ ਲਗ ਰਹੀ ਸੀ, ਪਰ ਤਾਂ ਵੀ ਬੜਾ ਖੁਸ਼ਖੁਸ਼ਾ ਤੇ ਤਕੜਾ। "ਕੀ ਉਹ ਕੁੜੀ ਹਾਲੇਂ ਤੱਕ ਇਨ੍ਹਾਂ ਪਾਸ ਹੀ ਹੋਵੇਗੀ?" —ਸੋਚਦਾ ਆਇਆ ਸੀ, ਜਿਵੇਂ ਉਹ ਬਰਫਬੱਘੀ ਨੂੰ ਚਲਾਉਂਦਾ ਉਸ ਆਪਣੇ ਪੁਰਾਣੇ ਫੈਸ਼ਨ ਦੇ ਬਣੇ ਵਿਹੜੇ ਵਿੱਚ ਪਹੁਤਾ ਜਿਹਦੇ ਚਾਰੇ ਪਾਸੇ ਇਕ ਨੀਵੀਂ ਜੇਹੀ ਇਕ ਇੱਟੀ ਕੰਧ ਉਸਾਰੀ ਹੋਈ ਸੀ, ਤੇ ਜਿਸ ਵੱਲੇ ਅਹਾਤੇ ਦੇ ਅੰਦਰ ਛੱਤ ਥੀਂ ਲਾਹ ਕੇ ਬਰਫ ਹੁਣੇ ਹੀ ਤਲੇ ਵਗਾਈ ਹੋਈ ਸੀ।

ਉਹ ਆਸ ਧਾਰੀ ਆਇਆ ਸੀ ਕਿ ਜਦ ਵੀ ਬਰਫ-ਬੱਘੀ ਦੀ ਘੰਟੀ ਦੀ ਆਵਾਜ਼ ਸੁਣੇਗੀ, ਕਾਤੂਸ਼ਾ ਉਹਨੂੰ ਮਿਲਣ ਬਾਹਰ ਆ ਜਾਏਗੀ, ਪਰ ਕਾਤੂਸ਼ਾ ਨਹੀਂ ਸੀ ਆਈ। ਇਕ ਲਾਂਭੇ ਦਰਵਾਜ਼ੇ ਥੀਂ ਦੋ ਔਰਤਾਂ ਨੰਗੇ ਪੈਰ ਨਿਕਲੀਆਂ ਜਿਨ੍ਹਾਂ ਆਪਣੀਆਂ ਘੱਘਰੀਆਂ ਉੱਪਰ ਛੁੰਗੀਆਂ ਹੋਈਆਂ ਸਨ, ਤੇ ਉਨ੍ਹਾਂ ਦੇ ਹੱਥਾਂ ਵਿੱਚ ਟੀਨ ਜੇਹੇ ਫੜੇ ਸਨ। ਮਲੂਮ ਹੁੰਦਾ ਸੀ ਫਰਸ਼ ਨੂੰ ਹੁਣੇ ਹੀ ਧੋ ਪੂੰਝ ਕੇ ਨਿਕਲੀਆਂ ਹਨ। ਆਹਤੇ ਵਿੱਚ ਕਾਤੂਸ਼ਾ ਨਹੀਂ ਸੀ ਆਈ, ਤੇ ਸਾਹਮਣੇ ਅੰਦਰ ਵੜਨ ਵਾਲੇ ਬੂਹੇ ਵਿੱਚ ਵੀ ਨਹੀਂ ਸੀ ਖੜੀ, ਸਿਰਫ ਤਿਖੋਨ, ਮਰਦ ਨੌਕਰ, ਆਪਣਾ ਐਪਰਨਪਾਈ, ਸਾਫ ਸੀ ਕਿ ਉਹ ਵੀ ਸਫਾਈਆਂ ਕਰਦਾ ਆਇਆ ਹੈ, ਪੋਰਚ ਵਿੱਚ ਆਇਆ। ਉਹਦੀ ਫੁਫੀ ਸੋਫਿਆ ਈਵਾਨੋਵਨਾ ਸਿਰਫ ਉਹਨੂੰ ਅੰਦਰ ਦੇ ਪਾਸੇ ਦੇ ਕਮਰੇ ਵਿੱਚ ਮਿਲੀ, ਉਸ ਰੇਸ਼ਮੀ ਕਪੜੇ ਪਾਏ ਹੋਇ ਸਨ ਤੇ ਟੋਪੀ ਸਿਰ ਤੇ ਸਜਾਈ ਹੋਈ ਸੀ। "ਵਾਹ ਜੀ ਵਾਹ! ਤੂੰ ਕਿੰਨਾ ਚੰਗਾ ਹੈਂ, ਤੂੰ ਆ ਗਇਆ ਹੈਂ!" ਭੱਤਰੀਏ ਨੂੰ ਪਿਆਰ ਦੇ ਕੇ ਸੋਫੀਆ ਈਵਾਨੋਵਾ ਨੇ ਕਹਿਆ,"ਮੇਰੀ ਕੁਛ ਵਲ ਨਹੀਂ, ਉਹ ਗਿਰਜੇ ਜਾਕੇ ਆਕੇ ਥੱਕ ਗਈ ਹੈ, ਅਸੀ ਸਾਰੇ ਸਤਸੰਗ ਵਿੱਚ ਰੱਬ ਨਾਲ ਮਿਲਣ ਗਏ ਹੋਏ ਸਾਂ।"

"ਫੁਫੀ ਸੋਫੀਆ! ਰੱਬ ਨਾਲ ਮਿਲਨ[1] ਦੀ ਮੁਬਾਰਖਾਂ!" ਨੂੰ ਨਿਖਲੀਊਧਵ ਨੇ ਇਹ ਕਹਿਕੇ ਫੁਫ਼ੀ ਦੇ ਹੱਥ ਉੱਪਰ ਪਿਆਰ ਦਿੱਤਾ "ਉਹ! ਮੈਂ ਮਾਫ਼ੀ ਮੰਗਦਾ ਹਾਂ ਮੈਂ ਆਪਣੇ ਛੋ ਨਾਲ ਆਪ ਨੂੰ ਵੀ ਭਿਗੋ ਦਿੱਤਾ ਹੈ।"

([1] ਰੱਬ ਨਾਲ ਮਿਲਨ ਅਰਥਾਤ Communion, ਰੂਸ ਵਿਚ ਇਸ ਦਿਨ ਜੋ ਗਿਰਜੇ ਵਿੱਚ ਜਾ ਆਕੇ ਮਿਲਦਾ ਸੀ ਇਕ ਦੂਜੇ ਨੂੰ ਮੁਬਾਰਖਾਂ ਦਿੰਦੇ ਸਨ।)

ਤੂੰ ਆਪਣੇ ਕਮਰੇ ਵਿੱਚ ਛੇਤੀ ਜਾ, ਤੂੰ ਤਾਂ ਗੜੁਚਿਆ ਹੋਇਆ ਹੈਂ, ਆਹ! ਮਾਂ ਸਦਕੇ! ਤੈਨੂੰ ਤਾਂ ਮੁਛਾਂ ਆਣ ਫੁਟੀਆਂ ਹਨ,..........................ਕਾਤੂਸ਼ਾ! ਕਾਤੂਸ਼ਾ ਇਹਨੂੰ ਕਾਫ਼ੀ ਪਿਲਾ, ਜਲਦੀ-ਜਲਦੀ।"

"ਲੌ ਜੀ—ਇਕ ਮਿੰਟ ਵਿੱਚ ਲੌ," ਇਕ ਚੰਗੀ ਪਛਾਤੀ ਹੋਈ ਤੇ ਦਿਲ ਨੂੰ ਖੁਸ਼ ਕਰਨ ਵਾਲੀ ਆਵਾਜ਼ ਲਾਂਘੇ ਵਿੱਚ ਦੀ ਆਈ ਤੇ ਨਿਖਲੀਊਧਵ ਦਾ ਦਿਲ ਚੀਕ ਉੱਠਿਆ—"ਉਹ ਇਥੇ ਹੀ ਹੈ" ਤੇ ਇਉਂ ਉਹਨੂੰ ਭਾਸਿਆ ਜਿਵੇਂ ਬਦਲਾਂ ਵਿੱਚੋਂ ਦੀ ਸੂਰਜ ਟਹਿਕ ਆਇਆ ਹੈ।

ਨਿਖਲੀਊਧਵ ਇਉਂ ਖੁਸ਼ ਹੋ ਆਪਣੇ ਕਮਰੇ ਵਲ ਗਇਆ ਤੇ ਉਹਦੇ ਪਿੱਛੇ ਪਿੱਛੋ ਤਿਖੋਨ। ਉਹਦਾ ਦਿਲ ਤਾਂ ਕੀਤਾ ਕਿ ਕਾਤੂਸ਼ਾ ਬਾਬਤ ਤਿਖੋਨ। ਨੂੰ ਪੁਛ ਗਿੱਛ ਕਰੇ, ਉਹਦਾ ਕੀ ਹਾਲ ਹੈ ਉਹ ਕੀ ਕਰ ਰਹੀ ਹੈ ਕੀ ਉਹ ਵਿਆਹ, ਨਹੀਂ ਕਰੇਗੀ। ਪਰ ਤਿਖੋਨ। ਅਦਬ ਵਿੱਚ ਇਉਂ ਸਿੱਧਾ ਤੇ ਘੜਿਆ ਖੜਾ ਸੀ, ਤੇ ਉਹ ਬੰਦਾ ਕੁਛ ਕੌੜਾ ਕੜਾ ਜੇਹਾ ਸੀ ਤੇ ਜਾਪਦਾ ਸੀ ਕਿ ਪਾਣੀ ਦਾ ਜਗ ਲੈ ਕੇ ਇਸ ਜ਼ਿਦ ਵਿੱਚ ਖੜਾ ਸੀ ਕਿ ਉਹੋ ਹੀ ਉਹਦੇ ਹੱਥਾਂ ਤੇ ਪਾਣੀ ਦੀ ਸੇਵਾ ਜਰੂਰ ਕਰੇਗਾ ਕਿ ਨਿਖਲੀਊਧਵ ਦਾ ਇਰਾਦਾ ਪੂਰਾ ਬਣ ਹੀ ਨ ਸੱਕਿਆ ਕਿ ਉਸ ਪਾਸੋਂ ਕਾਤੂਸ਼ਾ ਬਾਬਤ ਕੋਈ ਪੁਛ ਗਿੱਛ ਕਰੇ; ਪਰ ਤਿਖੋਨ। ਦੇ ਪੋਤਰਿਆਂ ਬਾਬਤ ਪੁੱਛਿਆ, ਬੁੱਢੇ ਘੋੜੇ ਬਾਬਤ ਜ੍ਹਿਦਾ ਨਿੱਕਾ ਨਾਂ "ਭਾਈ ਜੀ ਦਾ ਘੋੜਾ" ਪਾਇਆ ਹੋਇਆ ਸੀ, ਤੇ ਪੋਲਕਿਨ ਕੁਤੇ ਆਦਿ ਦਾ ਹਾਲ ਪੁੱਛਿਆ। ਸਵਾਏ ਪੋਲਕਿਨ ਦੇ ਸਬ ਜੀਂਦੇ ਸਨ। ਪੋਲਕਿਨ ਪਿਛਲੀਆਂ ਗਰਮੀਆਂ ਵਿੱਚ ਪਾਗਲ ਹੋ ਗਇਆ ਸੀ।

ਜਦ ਉਹ ਆਪਣੀਆਂ ਸਾਰੀਆਂ ਭਿੱਜ ਗਈਆਂ ਚੀਜ਼ਾਂ ਲਾਹ ਚੁਕਾ ਤੇ ਮੁੜ ਹੋਰ ਕਪੜੇ ਪਾਣ ਲੱਗਾ, ਤਦ ਦਰਵਾਜੇ ਤੇ ਖੱਟ ਖੱਟ ਹੋਈ, ਤੇ ਉਸਨੇ ਕਿਸੀ ਦੇ ਤੇਜ਼ ਤੇਜ਼ ਆਉਂਦੇ ਕਦਮਾਂ ਦੀ ਆਹਟ ਵੀ ਸੁਣ ਲਈ ਸੀ। ਇਸ ਚਾਲ ਦਾ ਉਹ ਜਾਣੂ ਸੀ ਇਸ ਤਰਾਂ ਸਵਾਏ ਉਹਦੇ ਨਾ ਕੋਈ ਹੋਰ ਚੱਲਦਾ ਹੈ ਨ ਇਸਤਰਾਂ ਇਹੋ ਜੇਹਾ ਕੋਈ ਹੋਰ ਦਰਵਾਜਾ ਖਟ ਖਟਾਂਦਾ ਹੈ, ਆਪਣਾ ਭਿਜਿਆ ਹੋਇਆ ਓਵਰਕੋਟ ਆਪਣੇ ਮੋਂਢੇ ਤੇ ਸੁਟ ਕੇ ਉਸ ਬੂਹਾ ਲਾਹਿਆ।

"ਅੰਦਰ ਆ ਜਾਵੋ।" ਇਹ ਉਹੋ ਸੀ ਕਾਤੂਸ਼ਾ, ਉਹੋ ਸਿਰਫ ਅੱਗੋ ਥੀਂ ਵਧ ਮਿੱਠੀ, ਉਹੋ ਉਹਦੀਆਂ ਭੋਲੀਆਂ ਭਾਲੀਆਂ ਕਾਲੀਆਂ ਅੱਖਾਂ ਉਹੋ ਮੰਦ ਮੰਦ ਭੈਂਗ। ਤੇ ਉਨ੍ਹਾਂ ਪ੍ਰਕਾਸ਼ਮਯ ਨੈਣਾਂ ਨੇ ਉਪਰ ਵਲ ਤੱਕਿਆ, ਤੇ ਇਕ ਪਲਕਾਰੇ ਵਿੱਚ ਉਹੋ ਪੁਰਾਨਾ ਸਾਰਾ ਵਕਤ ਚੰਗੀ ਤਰਾਂ ਯਾਦ ਆ ਗਇਆ। ਹੁਣ ਵੀ ਜਿਵੇਂ ਉਸ ਵੇਲੇ ਉਸਨੇ ਆਪਣਿਆਂ ਕਪੜਿਆਂ ਉੱਪਰ ਦੀ ਇਕ ਚਿੱਟਾ ਐਪਰਨ ਪਾਇਆ ਹੋਇਆ ਸੀ। ਉਹਦੀਆਂ ਫ਼ੁਫੀਆਂ ਪਾਸੋਂ ਉਹ ਉਸ ਲਈ ਇਕ ਖੁਸ਼ਬੂਦਾਰ ਸਾਬਨ ਦੀ ਨਵੀਂ ਟਿੱਕੀ ਲਿਆਈ ਸੀ ਜ੍ਹਿਦਾ ਉੱਪਰ ਲਪੇਟਿਆ ਕਾਗਜ਼ ਉਸ ਵੇਲੇ ਉਤਾਰਿਆ ਗਿਆ ਸੀ ਤੇ ਦੋ ਤੌਲੀਏ ਇਕ ਤਾਂ ਲੰਮਾ ਰੂਸੀ ਕੱਢਿਆ ਹੋਇਆ ਤੇ ਇਕ ਅਸ਼ਨਾਨ ਵਾਲਾ। ਉਹ ਨਵੀਂ ਅਣਵਰਤੀ ਸਾਬਨ ਦੀ ਚੱਕੀ ਤੇ ਉਸ ਉੱਪਰ ਦਬਾਈ ਮੁਹਰ, ਨਵੇਂ ਤੌਲੀਏ ਤੇ ਲਿਆਉਣ ਵਾਲੀ ਦਾ ਆਪਣਾ ਆਪ ਸਭ ਨਵੇਂ ਨਿਕੋਰ, ਤਾਜ਼ਾ, ਅਣਛੋਹੇ, ਸੁੱਚੇ ਇਹ ਸਭ ਸੰਗਮ ਬੜਾ ਹੀ ਖੁਸ਼ੀ ਦੇਣ ਵਾਲਾ ਸੀ। ਉਹਨੂੰ ਵੇਖ ਕੇ ਉਹ ਖੁਸ਼ੀ ਹੋ ਮੁਸਕਰਾਯੀ, ਮੁਸਕੜੀ ਨੂੰ ਰੋਕ ਨਹੀਂ ਸਕੀ, ਉਸ ਮੁਸਕੜੀ ਨੇ ਉਹਦੇ ਹੋਠਾਂ ਨੂੰ ਮੁੜ ਇਕ ਵੇਰੀ ਜਿਵੇਂ ਕਦੀ ਪਹਿਲੇ ਪਿਆਰ ਦੇ ਰੌਂ ਵਿੱਚ ਕੰਬਾ ਦਿੱਤਾ ਤੇ ਉਹ ਹੋਠ ਪਿਆਰ ਕਰਨ ਨੂੰ ਕੁਛ ਫੁਲ ਦੀ ਸ਼ਕਲ ਵਿੱਚ ਇਕੱਠੇ ਹੋ ਖਿੜੇ ਵੀ।

"ਆਪ ਰਾਜੀ ਹੋ ਦਮਿਤਰੀ ਈਵਾਨਿਖ ਜੀ," ਕਾਤੂਸ਼ਾ ਮੁਸ਼ਕਲ ਨਾਲ ਇੰਨੇ ਲਫਜ਼ ਬੋਲ ਸੱਕੀ ਤੇ ਉਹਦਾ ਸ਼ਰਮ ਖਾਕੇ ਲਾਲ ਗੁਲਾਬਾਂ ਨਾਲ ਰੰਗਿਆ ਗਿਆ।

"ਗੁਡ ਮਾਰਨਿੰਗ, ਆਪ ਰਾਜੀ ਹੋ?" ਉਸ ਆਖਿਆ ਤੇ ਉਹਨੂੰ ਵੀ ਸ਼ਰਮ ਆਈ, "ਜੀਨੀ ਏਂ! ਰਾਜੀ ਏਂ"?

ਜੀ—ਰੱਬ ਦਾ ਸ਼ੁਕਰ ਹੈ, ਤੇ ਇਹ ਲੌ ਆਪ ਨੂੰ ਸਦਾ ਪਸੰਦ ਗੁਲਾਬੀ ਰੰਗ ਦਾ ਸਾਬਨ, ਤੇ ਤੌਲੀਏ ਜੋ ਆਪ ਦੀਆਂ ਫੁਫੀਆਂ ਨੇ ਘੱਲੇ ਹਨ," ਉਸ ਕਹਿਆ ਤੇ ਸਾਬਨ ਦੀ ਟਿੱਕੀ ਮੇਜ਼ ਪਰ ਰੱਖ ਦਿੱਤੀ, ਤੌਲੀਏ ਇਕ ਕੁਰਸੀ ਦੀ ਪਿੱਠ ਉੱਪਰ ਲਟਕਾ ਦਿੱਤੇ।

"ਪਰ ਇੱਥੇ ਤਾਂ ਅੱਗੇ ਹੀ ਸਭ ਕੁਛ ਹੈ," ਤਿਖੋਨ ਬੋਲਿਆ। ਓਹ ਮਹਿਮਾਨ ਦੀ ਅਮੀਰੀ ਤੇ ਕਿਸੀ ਚੀਜ਼ ਦੀ ਓਹਨੂੰ ਨ ਲੋੜ ਹੋਣ ਦੀ ਗੱਲ ਕਰਦਾ ਸੀ, ਤੇ ਉਹਦੇ ਖੁਲ੍ਹੇ ਸੂਟਕੇਸ ਵਲ ਇਸ਼ਾਰਾ ਕੀਤਾ ਜਿਹੜਾ ਬੁਰਸ਼ਾਂ, ਇਤਰਾਂ, ਸ਼ੀਸ਼ੀਆਂ, ਮੁੱਛਾਂ ਨੂੰ ਲਾਣ ਵਾਲੀਆਂ ਫਿਕਸੋਆਂ, ਚਾਂਦੀ ਦੇ ਢਕਣੇ ਵਾਲੀਆਂ ਕੋਈ ਇਕ ਹੋਰ ਬੋਤਲਾਂ ਤੇ ਹਰ ਤਰਾਂ ਦੇ ਨ੍ਹਾਣ ਧੋਣ ਦੇ ਸਾਮਾਨਾਂ ਨਾਲ ਤੁੰਨਿਆ ਪਇਆ ਸੀ।

"ਮੇਹਰਬਾਨੀ ਕਰਕੇ ਇਨ੍ਹਾਂ ਚੀਜ਼ਾਂ ਦੇ ਭੇਜਣ ਲਈ ਮੇਰੀਆਂ ਫੁਫੀਆਂ ਨੂੰ ਮੇਰਾ ਧੰਨਯਵਾਦ ਪਹੁੰਚਾਦੇਣਾ, "ਨਿਖਲੀਊਧਵ ਨੇ ਕਾਤੂਸ਼ਾ ਨੂੰ ਮੁਖ਼ਾਤਿਬ ਕਰ ਕੇ ਕਹਿਆ—ਉਸ ਨਾਲ ਗੱਲ ਕਰਦਿਆਂ, ਉਸੀ ਪੁਰਾਣੀ ਤਰਾਂ ਆਪਣਾ ਦਿਲ ਉਮਾਹ ਨਾਲ ਭਰ ਕੇ ਉਹਨੂੰ ਆਪਣੇ ਰੂਹ ਦੀ ਕੋਮਲਤਾ ਮੁੜ ਦੱਸਣ ਦੀ ਕੀਤੀ, ਉਹਦੇ ਇਹ ਲਫਜ਼ ਸੁਣਕੇ ਉਹ ਜਰਾ ਮੁਸਕਰਾਈ ਤੇ ਤੁਰ ਗਈ। ਫੁਫੀਆਂ ਨੇ ਜਿਹੜੀਆਂ ਸਦਾ ਉਹਨੂੰ ਬੜਾ ਨਰਮ ਤੇ ਮਿੱਠਾ ਪਿਆਰ ਕਰਦੀਆਂ ਸਨ। ਐਦਕੀ ਅੱਗੇ ਥੀਂ ਵਧ ਸਤਕਾਰ ਤੇ ਲਾਡ ਮੁਰਾਦ ਕੀਤੀ। ਦਮਿਤਰੀ ਮੈਦਾਨ ਜੰਗ ਵਿੱਚ ਜਾ ਰਹਿਆ ਸੀ, ਜਿੱਥੇ ਉਨ੍ਹਾਂ ਨੂੰ ਭੈ ਲੱਗ ਰਹਿਆਂ ਸੀ ਕਿ ਮਤੇ ਉਹ ਜ਼ਖ਼ਮੀ ਹੋ ਜਾਏ ਯਾ ਮਾਰਿਆ ਹੀ ਜਾਏ, ਇਸ ਕਰਕੇ ਉਨ੍ਹਾਂ ਦੇ ਦਿਲ ਹੋਰ ਵੀ ਉਸ ਲਈ ਹਲੂਲ ਹੋ ਰਹੇ ਸਨ।

ਨਿਖਲੀਊਧਵ ਆਇਆ ਤਾਂ ਇਸ ਇਰਾਦੇ ਨਾਲ ਸੀ ਭਿ ਉਨ੍ਹਾਂ ਪਾਸ ਮਸੇਂ ਇਕ ਦਿਨ ਤੇ ਇਕ ਰਾਤ ਰਵ੍ਹੇਗਾ, ਪਰ ਜਦ ਕਾਤੂਸ਼ਾ ਨੂੰ ਉਸ ਵੇਖਿਆ, ਉਹਨੇ ਫੁਫੀਆਂ ਦੇ ਇਸ ਕਹਿਣ ਨੂੰ ਕਿ ਈਸਟਰ ਉਨ੍ਹਾਂ ਪਾਸ ਹੀ ਰਵ੍ਹੇ, ਮਨ ਲਇਆ ਤੇ ਆਪਣੇ ਮਿਤ੍ਰ ਸਾਥੀ ਸ਼ੋਨਬੋਖ, ਜਿਸਨੂੰ ਉਸ ਉਡੀਸਾ ਦੇ ਮਕਾਮ ਤੇ ਜਾ ਮਿਲਣਾ ਸੀ, ਨੂੰ ਤਾਰ ਦੇ ਦਿੱਤੀ ਕਿ ਉਹ ਇਸ ਨੂੰ ਇੱਥੇ ਫੁਫੀਆਂ ਦੇ ਮਕਾਨ ਤੇ ਆਣ ਕੇ ਮਿਲੇ।

ਕਾਤੂਸ਼ਾ ਨੂੰ ਵੇਖਦਿਆਂ ਸਾਰ ਉਸ ਲਈ ਉਹਦੀ ਛਾਤੀ ਵਿਚ ਮੁੜ ਉਹੋ ਭਾਵ ਤੇ ਪਿਆਰ ਜਾਗੇ ਜਿਹੜੇ ਉਨ੍ਹਾਂ ਪਹਿਲੇ ਦਿਨਾਂ ਵਿਚ ਕਦੀ ਉਪਜੇ ਸਨ। ਮੁੜ ਜਿਵੇਂ ਤਦੋਂ ਉਹਦੇ ਚਿੱਟੇ ਅਪਰੇਨ ਨੂੰ ਬਿਨਾਂ ਅੰਦਰ ਹੀ ਅੰਦਰ ਪਿਆਰ ਵਿੱਚ ਘੁਲ ਜਾਣ ਦੇ ਨਹੀਂ ਸੀ ਦੇਖ ਸਕਦਾ, ਬਿਨਾਂ ਇਕ ਗੁਦਗੁਦਾਂਦੀ ਖੁਸ਼ੀ ਦੇ ਉਹ ਨਹੀਂ ਸੀ ਸੁਣ ਸਕਦਾ, ਕੀ ਉਹਦੇ ਕਦਮਾਂ ਦੀ ਆਹਟ, ਕੀ ਉਹਦਾ ਬੋਲ, ਉਹਦਾ ਹਾਸਾ, ਬਿਨਾਂ ਇਕ ਨਾਜ਼ਕ ਪਿਆਰ ਦੀ ਹਾਲਤ ਤੇ ਉਹਦੀਆਂ ਕਾਲੀਆਂ ਸੋਹਣੀਆਂ ਅੱਖਾਂ ਵੱਲ ਨਹੀਂ ਸੀ ਤੱਕ ਸਕਦਾ, ਖਾਸ ਕਰ ਜਦ ਉਹ ਮੁਸਕਰਾਂਦੀ ਸੀ, ਤੇ ਇਨ੍ਹਾਂ ਸਾਰੀਆਂ ਗੱਲਾਂ ਥੀਂ ਵਧ ਜਦ ਉਹ ਮਿਲਦੇ ਸਨ, ਉਹਦਾ ਸ਼ਰਮਾਂ ਨਾਲ ਗੁਲਾਬ ਗੁਲਾਬ ਹੋ ਜਾਂਦਾ ਮੂੰਹ ਇਹ ਬਿਨਾਂ ਇਕ ਘਬਰਾਹਟ ਦੇ ਨਹੀਂ ਸੀ ਤਕ ਸਕਦਾ। ਹੁਣ ਅਨੁਭਵ ਕਰਦਾ ਸੀ ਕਿ ਉਹਦੇ ਇਸ਼ਕ ਵਿਚ ਫਸਿਆ ਹੈ, ਪਰ ਅਗੇ ਵਾਂਗ ਨਹੀਂ ਜਦ ਉਸ ਲਈ ਇਹੋ ਪਿਆਰ ਤੇ ਇਸ਼ਕ ਦੀ ਖਿੱਚ ਇਕ ਰੱਬੀ ਭੇਤ ਦੀ ਸ਼ਕਲ ਵਿਚ ਪ੍ਰਤੀਤ ਹੁੰਦੀ ਸੀ, ਤੇ ਤਦੋਂ ਉਹ ਆਪਣੇ ਆਪ ਨੂੰ ਨਹੀਂ ਸੀ ਕਹਿਣ ਜੋਗਾ ਕਿ ਉਹ ਉਹਨੂੰ ਪਿਆਰਦਾ ਹੈ ਜਦ ਉਹਨੂੰ ਪ੍ਰੇਰਨਾ ਹੁੰਦੀ ਸੀ ਕਿ ਆਦਮੀ ਪਿਆਰ ਬਸ ਇਕੋ ਵੇਰੀ ਕਰ ਸਕਦਾ ਹੈ। ਹੁਣ ਤਾਂ ਉਹਨੂੰ ਗਿਆਨ ਸੀ ਕਿ ਇਹ ਖਿੱਚ ਕਾਤੂਸ਼ਾ ਵੱਲ ਉਹਦਾ ਪਿਆਰ ਹੈ ਤੇ ਇਹ ਜਾਣਨ ਕਰ ਕੇ ਉਹ ਹੱਥੋਂ ਖੁਸ਼ੀ ਸੀ ਤੇ ਨਾਲੇ ਹੀ ਉਹਨੂੰ ਏਵੇਂ ਮਾੜਾ ਜੇਹਾ ਧੁੰਧਲਾ ਜੇਹਾ ਪਤਾ ਸੀ, ਭਾਵੇਂ ਉਹ ਇਸ ਪਤੇ ਨੂੰ ਆਪਣੇ ਆਪ ਥੀਂ ਲੁਕਾਣਾ ਚਾਹੁੰਦਾ ਸੀ, ਕਿ ਇਹ ਜਿਹਨੂੰ ਪਿਆਰ ਹੁਣ ਕਹਿੰਦਾ ਹੈ ਕੀ ਵਸਤੂ ਹੈ ਤੇ ਕਿੱਥੇ ਲੈ ਜਾ ਕੇ ਬੱਸ ਕਰੇਗੀ। ਨਿਖਲੀਊਧਵ ਵਿਚ ਹਰ ਇਕ ਆਦਮੀ ਵਾਂਗ, ਦੋ ਵੱਖਰੀਆਂ ਵੱਖਰੀਆਂ ਹਸਤੀਆਂ ਸਨ, ਇਕ ਆਤਮਿਕ ਯਾ ਰੂਹਾਨੀ ਰੱਬੀ ਹਸਤੀ ਜਿਹੜੀ ਉਹੋ ਖੁਸ਼ੀ ਆਪਣੇ ਲਈ ਟੋਲਦੀ ਹੈ ਜਿੱਦਾ ਝੁਕਾ ਹਰ ਕਿਸੀ ਨੂੰ ਉਸੀ ਤਰਾਂ ਦਾ ਆਪਣੇ ਜੇਹਾ ਰਸ ਤੇ ਅਨੰਦ ਦੇਣ ਦਾ ਹੋਂਦਾ ਹੈ। ਦੂਜੀ ਹਸਤੀ ਹੈਵਾਨ-ਇਨਸਾਨ ਜਿਹੜੀ ਨਿਰੋਲ ਆਪਣੀ ਖੁਸ਼ੀ ਹੀ ਨੂੰ ਟੋਲਦੀ ਹੈ, ਤੇ ਬਾਕੀ ਦੀ ਕੁਲ ਦੁਨੀਆਂ ਦੀ ਖੁਸ਼ੀ ਤੇ ਆਰਾਮ ਨੂੰ ਉਸ ਆਪਣੇ ਰਸ ਤੇ ਵਾਰ ਸੁਟਣ ਦੀ ਕਰਦੀ ਹੈ। ਇਸ ਸਮੇਂ ਆਪਣੇ ਆਪ ਦੇ ਪਿਆਰ ਦੇ ਪਾਗਲਪਨ ਵਿਚ ਇਹ ਦੂਜਾ ਹੈਵਾਨ-ਇਨਸਾਨ ਉਸ ਉੱਪਰ ਹੁਕਮਰਾਨ ਸੀ ਤੇ ਉਸਦੇ ਅੰਦਰ ਦੀ ਰੂਹਾਨੀ ਹਸਤੀ ਨੂੰ ਇਸ ਸੰਢੇ ਮੁਸ਼ਟੰਡੇ ਕੁਚਲ ਸੁਟਿਆ ਸੀ।

ਪਰ ਜਦ ਉਸਨੇ ਹੁਣ ਕਾਤੂਸ਼ਾ ਨੂੰ ਮੁੜ ਵੇਖਿਆ ਤੇ ਗੁਜਰ ਗਏ ਪਿਛਲੇ ਤਿੰਨ ਸਾਲਾਂ ਦੇ ਪਹਿਲਾਂ ਦੇ ਉੱਚੇ ਤੇ ਮਾਸੂਮ ਭਾਵ ਤੇ ਇਕ ਦੂਜੇ ਲਈ ਭਗਤੀ ਵਲਵਲੇ ਮੁੜ ਜਾਗੇ ਸਨ, ਤਦ ਥੀਂ ਉਹਦੇ ਅੰਦਰ ਦੀ ਰੂਹਾਨੀ ਰੱਬੀ ਹਸਤੀ ਨੇ ਆਪਣਾ ਸਿਰ ਫਿਰ ਉਤਾਹਾਂ ਨੂੰ ਚੁੱਕਿਆ ਤੇ ਆਪਣੇ ਹਕ ਭੀ ਜਮਾਣ, ਦਸਾਣ ਲਗ ਪਈ। ਈਸਟਰ ਦੇ ਦਿਨ ਦੇ ਆਣ ਤੱਕ ਦੋ ਪੂਰੇ ਦਿਨਾਂ ਲਈ, ਉਸ ਅੰਦਰ, ਇਕ ਅਣਮਿਣੀ ਅਣਜਾਤੀ ਪਰ ਲਗਾਤਾਰ ਕਸ਼ਮਕਸ਼ ਹੁੰਦੀ ਹੀ ਰਹੀ।

ਆਪਣੇ ਰੂਹ ਦੇ ਅੰਦਰ ਉਹ ਭਾਂਪ ਚੁਕਾ ਸੀ ਕਿ ਉਹਨੂੰ ਉਥੋਂ ਚਲਾ ਜਾਣਾ ਚਾਹੀਏ, ਉਹਦੇ ਉਥੇ ਰਹਿ ਜਾਣ ਦੀ ਅਸਲੀ ਵਜਾ ਕੋਈ ਨਹੀਂ ਸੀ। ਜਾਣ ਗਇਆ ਸੀ ਕਿ ਉਹਦੇ ਇਉਂ ਠਹਿਰ ਜਾਣ ਲਈ ਭਲਾਈ ਕੋਈ ਨਹੀਂ ਨਿਕਲਣੀ, ਪਰ ਫਿਰ ਵੀ ਠਹਰ ਜਾਣ ਦਾ ਖਿਆਲ ਇੰਨਾ ਚੰਗਾ ਲਗਦਾ ਸੀ, ਇੰਨਾ ਖੁਸ਼ੀ ਕਰਦਾ ਸੀ ਕਿ ਉਸ ਨੇ ਸੱਚੇ ਦਿਲ ਨਾਲ ਇਹ ਸੁਝ ਗਏ ਸਚ ਨਹੀਂ ਸਨ ਮੰਨੇ ਤੇ ਉਥੇ ਠਹਿਰ ਹੀ ਗਇਆ ਸੀ।

ਈਸਟਰ ਦੀ ਪਹਿਲੀ ਸ਼ਾਮ ਨੂੰ ਗਿਰਜੇ ਥੀਂ ਛੋਟਾ ਪਾਦਰੀ ਤੇ ਵੱਡਾ ਪਾਦਰੀ ਦੋਵੇਂ ਸਤਿਸੰਗ ਲਾਣ ਉਨ੍ਹਾਂ ਦੇ ਘਰ ਪਹੁੰਚੇ। ਉਹ ਕਹਿੰਦੇ ਸਨ ਕਿ ਇਹ ਤਿੰਨ ਮੀਲ ਜੋ ਗਿਰਜੇ ਤੇ ਉਨ੍ਹਾਂ ਦੇ ਘਰ ਦੇ ਵਿਚ ਸਨ ਬੜੀ ਹੀ ਮੁਸ਼ਕਲਾਂ ਨਾਲ ਲੰਘ ਕੇ ਆਏ ਹਨ। ਇਕ ਸਲੈਜ ਵਿਚ ਆਏ ਤਾਂ ਸਨ ਪਰ ਕਿਧਰੇ ਕੱਚੀ ਜਮੀਨ, ਕਿਧਰੇ ਚਿਕੜ ਖੋਭਾ ਬੜੇ ਹੀ ਦਿਕ ਹੋਏ ਸਨ।

ਆਪਣੀਆਂ ਫੁਫੀਆਂ ਨੌਕਰਾਂ ਨਾਲ, ਨਿਖਲੀਊਧਵ ਵੀ ਸਤਿਸੰਗ ਵਿਚ ਬੈਠਾ ਸੀ, ਤੇ ਕਾਤੂਸ਼ਾ ਵਲ ਤੱਕਦਾ ਰਹਿਆ। ਕਾਤੂਸ਼ਾ ਬੂਹੇ ਵਿਚ ਖੜੀ ਸੀ ਤੇ ਪਾਦਰੀਆਂ ਨੂੰ ਧੂਪ ਨੈਵੈਦਯ ਦੀਆਂ ਚੀਜ਼ਾਂ ਲਿਆ ਲਿਆ ਦਿੰਦੀ ਸੀ। ਫਿਰ ਆਪਣੀਆਂ ਫੁਫੀਆਂ ਤੇ ਪਾਦਰੀ ਦੇ ਹੱਥਾਂ ਤੇ ਈਸਟਰ ਦਾ ਪਿਆਰ ਦੇਕੇ ਭਾਵੇਂ ਹਾਲੇਂ ਠੀਕ ਅੱਧੀ ਰਾਤ ਨਹੀਂ ਸੀ ਹੋਈ ਤੇ ਇਸ ਕਰਕੇ ਹਾਲੇ ਈਸਟਰ ਨਹੀਂ ਸੀ ਹੋਇਆ, ਉਹ ਇਸ ਥੀਂ ਪਹਿਲਾਂ ਹੀ ਆਪਣੇ ਸੈਣ ਦੇ ਕਮਰੇ ਵਿਚ ਵੜਨ ਹੀ ਲੱਗਾ ਸੀ ਕਿ ਓਧਰੋਂ ਮੈਤਰੀਨਾ ਪਾਵਲੋਵਨਾ ਬੁਢੀ ਨੌਕਰਾਨੀ ਦੀ ਆਵਾਜ ਆਈ ਕਿ ਉਹ ਈਸਟਰ ਦੀਆਂ ਟਿੱਕੀਆਂ ਮਲਾਈ ਤੇ ਪਨੀਰ ਦਾ ਮਿੱਠਾ ਮਧੂਪਰਕ ਆਦਿ ਲੈਕੇ ਗਿਰਜੇ ਜਾਣ ਦੀ ਤਿਆਰੀ ਕਰ ਰਹੀ ਹੈ ਕਿ ਅੱਧੀ ਰਾਤ ਦੇ ਪਾਠ ਕੀਰਤਨ ਦੇ ਮਗਰੋਂ ਇਨ੍ਹਾਂ ਨੂੰ ਪਾਕ ਪਵਿਤ੍ਰ ਕਰਕੇ ਲਿਆਵੇ।

"ਮੈਂ ਵੀ ਜਾਸਾਂ," ਇਸ ਖ਼ਿਆਲ ਕੀਤਾ।

ਗਿਰਜੇ ਨੂੰ ਸਲੈਜ ਵਿਚ ਯਾ ਪੱਈਏ ਵਾਲੀ ਗੱਡੀ ਵਿਚ ਜਾਣਾ ਨਾਮੁਮਕਿਨ ਸੀ। ਸੋ ਨਿਖਲੀਊਧਵ ਨੇ ਜੋ ਆਪਣੀਆਂ ਫੁਫੀਆਂ ਦੇ ਘਰ ਆਪਣੇ ਹੀ ਘਰ ਵਾਂਗ ਖੁਲ੍ਹਾ ਡੁਲ੍ਹਾ ਰਹਿੰਦਾ ਸੀ, ਹੁਕਮ ਦਿੱਤਾ ਕਿ "ਭਾਈ ਜੀ ਦਾ ਘੋੜਾ" ਉਸ ਲਈ ਜੀਨ ਪਾ ਕੇ ਲਿਆਂਦਾ ਜਾਏ, ਤੇ ਬਿਸਤਰੇ ਉੱਪਰ ਜਾ ਕੇ ਸੈਣ ਦੀ ਥਾਂ ਉਸ ਆਪਣੀ ਵਰਦੀ ਪਾ ਲਈ ਤੇ ਤੰਗ ਸਵਾਰੀ ਵਾਲੀਆਂ ਬਿਰਜਸਾਂ ਪਾ ਲਈਆਂ, ਅਤੇ ਆਪਣਾ ਵੱਡਾ ਅੋਵਰਕੋਟ ਵੀ ਪਾ ਲਇਆ ਤੇ ਉਸ ਬੁੱਢੇ ਪਰ ਚੰਗੇ ਪਲੇ ਭਾਰੀ ਹੋਏ ਘੋੜੇ ਪੁਰ ਚੜ੍ਹ ਬੈਠਾ। ਘੋੜਾ ਉਹਦੇ ਹੇਠ ਸਾਰਾ ਰਾਹ ਹੀ ਹਿਣਕਦਾ ਗਇਆ ਤੇ ਨਿਖਲੀਊਧਵ ਹਨੇਰੇ ਘੁੱਪ ਵਿਚ ਹੀ, ਚਿੱਕੜ, ਖੋਭੇ, ਬਰਫ ਵਿਚ ਹੀ ਗਿਰਜੇ ਪਹੁਤਾ।

ਮੋਇਆਂ ਦੀ ਜਾਗ-ਕਾਂਡ ੧੫. : ਲਿਉ ਤਾਲਸਤਾਏ

ਨਿਖਲੀਊਧਵ ਲਈ ਉਮਰ ਦੀਆਂ ਗੁਜ਼ਰ ਗਈਆਂ ਸਭ ਥੀਂ ਜ਼ਿਆਦਾ ਚਮਕਾਰੇ ਵਾਲੀਆਂ ਤੇ ਸਪਸ਼ਟ ਯਾਦ ਰਹਿਣ ਵਾਲੀਆਂ ਤੇ ਸਾਫ ਮੁੜ ਦਿੱਸਣ ਵਾਲੀਆਂ ਗੱਲਾਂ ਵਿਚੋਂ ਅੱਜ ਸਵੇਰੇ ਦਾ ਗਿਰਜੇ ਜਾ ਕੇ ਸਭ ਨਾਲ ਪੂਜਾ ਵਿਚ ਸ਼ਾਮਲ ਹੋਣ ਦਾ ਅਕਹਿ ਸਵਾਦ ਸੀ। ਜਦ ਘੋੜੇ ਤੇ ਚੜ੍ਹ ਕੇ ਮੂੰਹ ਝਾਖਰੇ ਹਨੇਰੇ ਵਿਚ ਜਿਸ ਵਿਚ ਨਿਰੀ ਪਈ ਹੋਈ ਬਰਫ਼ ਦੀ ਚਟਿਆਈ ਦੇ ਟੁਕੜੇ ਕਿਧਰੇ ਕਿਧਰੇ ਦਿਸਦੇ ਸਨ, ਓਹ ਗਿਰਜੇ ਦੇ ਅਹਾਤੇ ਵਿਚ ਜਿਥੇ ਗਿਰਜੇ ਉੱਪਰ ਚੌ ਪਾਸੇ ਦੀਪਮਾਲਾ ਹੋ ਰਹੀ ਸੀ ਪਹੁਤਾ, ਤਾਂ ਅੰਦਰ ਪੂਜਾ ਪਾਠ ਅਰੰਭ ਹੋ ਚੁਕਾ ਸੀ।

ਓਥੇ ਖੜੇ ਕਿਸਾਨ, ਇਹ ਕਹਿ ਕੇ ਕਿ ਮੇਰੀ ਈਵਾਨੋਵਨਾ ਦਾ ਭੱਤਰੀਆ ਆਇਆ ਹੈ, ਉਹਦਾ ਘੋੜਾ ਜਿਹੜਾ ਬਲਦੇ ਦੀਵੇ ਵੇਖ ਕੇ ਤ੍ਰਬਕ ਗਇਆ ਸੀ ਤੇ ਆਪਣੇ ਕੰਨ ਸਿਧੇ ਕਰ ਰਹਿਆ ਸੀ, ਫੜ ਕੇ ਸੁਕੀ ਥਾਂ ਵਲ ਓਹਦੇ ਉਤਰਨ ਲਈ ਲੈ ਗਏ। ਤੇ ਲੋਕੀ ਉਹਦੇ ਅੱਗੇ ਹੋ ਕੇ ਜਿਵੇਂ ਅਦਬ ਨਾਲ ਰਾਹ ਦਸ ਰਹੇ ਹਨ ਗਿਰਜੇ ਦੇ ਅੰਦਰ ਲੈ ਤੁਰੇ। ਗਿਰਜੇ ਦੇ ਅੰਦਰ ਬੜਾ ਇਕੱਠ ਸੀ। ਸੱਜੇ ਪਾਸੇ ਕਿਸਾਨ ਰਾਹਕ ਲੋਕੀ ਖੜੇ ਸਨ, ਵਡੇਰੀ ਉਮਰ ਦੇ ਆਦਮੀਆਂ ਨੇ ਜਿਹੜੇ ਆਪਣੇ ਘਰ ਦੇ ਉਣੇ ਕਪੜਿਆਂ ਵਿੱਚ ਸਨ, ਸਾਫ ਸੁਥਰੀਆਂ ਕਪੜੇ ਦੀਆਂ ਟਾਕੀਆਂ ਆਪਣੀਆਂ ਪਿੰਨੀਆਂ ਉੱਪਰ ਦੀ ਲਪੇਟੀਆਂ ਹੋਈਆਂ ਸਨ। (ਰੂਸ ਵਿਚ ਜਰਾਬਾਂ ਦੀ ਥਾਂ ਕਿਸਾਨ ਲੋਕ ਇਹ ਚਿੱਟੀਆਂ ਟਾਕੀਆਂ ਪਿੰਨੀਆਂ ਨੂੰ ਬੰਨ੍ਹ ਲੈਂਦੇ ਹਨ); ਤੇ ਜਵਾਨ ਗਭਰੂਆਂ ਨੇ ਨਵੇਂ ਕਪੜੇ ਦੇ ਕੋਟ ਪਾਏ ਹੋਏ ਸਨ, ਅਰ ਸਾਰੇ ਆਪਣੇ ਲੋਕਾਂ ਦਵਾਲੇ ਸ਼ੋਖ ਰੰਗ ਦੀਆਂ ਪੇਟੀਆਂ ਕੱਸੀਆਂ, ਤੇ ਲੰਮੇ ਬੂਟ ਪਾਏ, ਖੜੇ ਸਨ।

ਖਬੇ ਪਾਸੇ ਜਵਾਨ ਜਨਾਨੀਆਂ ਤੇ ਕੁੜੀਆਂ, ਲਾਲ ਰੇਸ਼ਮੀ ਰੁਮਾਲ ਸਿਰਾਂ ਤੇ ਬੰਨ੍ਹੀ, ਕਾਲੀ ਪਲੱਸ਼ ਦੇ ਬਾਹਾਂ ਬਿਨਾਂ ਜੈਕਟ ਪਾਈ, ਲਾਲ ਸੁਰਖ਼ ਕਮੀਜਾਂ ਦੀਆਂ ਬਾਹਾਂ ਕੱਢੀ, ਸੋਹਣੀਆਂ ਰੰਗੀਨ ਸਾਵੀਆਂ, ਨੀਲੀਆਂ ਤੇ ਲਾਲ ਘੱਘਰੀਆਂ ਪਾਈ ਖੜੀਆਂ ਸਨ। ਉਨ੍ਹਾਂ ਦੇ ਪਿਛੇ ਬੁਢੀਆਂ ਜਨਾਨੀਆਂ ਘੱਟ ਸ਼ੋਖ ਕਪੜੇ ਪਾਈ ਸਜ ਰਹੀਆਂ ਸਨ। ਇਨ੍ਹਾਂ ਨੇ ਆਪਣੇ ਸਿਰਾਂ ਤੇ ਚਿੱਟੇ ਰੋਮਾਲ ਬੰਨੇ ਹੋਏ ਸਨ, ਘਰ ਦੇ ਉਣੇ ਕੋਟ ਗਲ ਸਨ, ਤੇ ਪੁਰਾਣੀ ਕਿਸਮ ਦੀਆਂ ਕਾਲੇ ਘਰ ਦੇ ਉਣੇ ਕਪੜੇ ਦੀਆਂ ਘੱਘਰੀਆਂ ਤੇੜ, ਪੈਰਾਂ ਵਿਚ ਜੁੱਤੀਆਂ। ਇਸ ਇਕੱਠ ਦੇ ਵਿੱਚ ਚੰਗੇ ਚੰਗੇ ਕਪੜੇ ਪਾਏ ਬੱਚੇ ਆ ਜਾ ਰਹੇ ਸਨ।

ਮਰਦਾਂ ਨੇ ਸਲੀਬ ਦੀ ਨਿਸ਼ਾਨੀ ਆਪਣੇ ਉੱਪਰ ਵਾਹਕੇ ਮੱਥਾ ਟੇਕਿਆ ਤੇ ਫਿਰ ਆਪਣੇ ਸਿਰ ਉੱਪਰ ਚੱਕੇ ਤੇ ਆਪਣੇ ਕੇਸਾਂ ਨੂੰ ਛੰਡ ਪਿੱਛੇ ਸੁਟਿਆ।

ਜਨਾਨੀਆਂ ਖਾਸ ਕਰ ਬੁਢੀਆਂ ਨੇ ਆਪਣੀਆਂ ਅੱਖਾਂ ਮੂਰਤੀ ਵਿਚ ਜਿੱਦੇ ਦਵਾਲੇ ਬੱਤੀਆਂ ਜਗ ਮਗ ਰਹੀਆਂ ਸਨ ਗਡੀਆਂ ਹੋਈਆਂ ਸਨ। ਉਹ ਸਲੀਬ ਦਾ ਨਿਸ਼ਾਨ ਆਪਣੇ ਉੱਪਰ ਕਰਦੀਆਂ ਜਾਂਦੀਆਂ ਸਨ ਤੇ ਆਪਣੀਆਂ ਜੁੜੀਆਂ ਕਦੀ ਆਪਣੇ ਮਥਿਆਂ ਦੇ ਰੋਮਾਲਾਂ ਨੂੰ ਲਾਉਂਦੀਆਂ ਸਨ, ਕਦੀ ਮੋਢਿਆਂ ਤੇ, ਕਦੀ ਢਿੱਡ ਤੇ, ਕੁਛ ਮੂੰਹ ਵਿਚ ਪੜ੍ਹਦੀਆਂ ਜਾਂਦੀਆਂ ਸਨ ਤੇ ਮੱਥਾ ਟੇਕਦੀਆਂ ਜਾਂਦੀਆਂ ਸਨ। ਬੱਚੇ ਵੱਡਿਆਂ ਦੀ ਰੀਸੋ ਰੀਸੀ ਬੜੀ ਸੰਜੀਦਗੀ ਨਾਲ ਦੁਆ ਮੰਗਣ ਬਹਿ ਜਾਂਦੇ ਸਨ ਤੇ ਇਉਂ ਓਹ ਇਸ ਖਿਆਲ ਵਿਚ ਕਰਦੇ ਸਨ ਕਿ ਉਨ੍ਹਾਂ ਦੇ ਇਸ ਚੰਗੇ ਕੰਮ ਨੂੰ ਵਡੇ ਪਿਛੇ ਖੜੇ ਦੇਖ ਰਹੇ ਹਨ। ਓਹ ਸੋਨੇ ਦੀਆਂ ਗਿਲਟੀ ਅਲਮਾਰੀਆਂ ਜਿਨ੍ਹਾਂ ਵਿੱਚ ਮੂਰਤੀਆਂ ਸਥਾਪਤ ਕੀਤੀਆਂ ਸਜ ਰਹੀਆਂ ਸਨ ਚਮਕ ਚਮਕ ਕਰ ਰਹੀਆਂ ਸਨ, ਉਨ੍ਹਾਂ ਦੇ ਦਵਾਲੇ ਉੱਚੇ ਬੱਤੀਦਾਨਾਂ ਵਿਚ ਬਲਦੀਆਂ ਬੱਤੀਆਂ ਜਗ ਮਗ ਕਰ ਰਹੀਆਂ ਸਨ, ਬੱਤੀਦਾਨਾਂ ਉੱਪਰ ਵੀ ਸੋਹਣੀਆਂ ਸੋਨੇ ਦੀਆਂ ਵੇਲਾਂ ਸਨ।

ਛਤ ਵਾਲਾ ਝਾੜ ਫਾਨੂਸ ਬੱਤੀਆਂ ਨਾਲ ਭਰਿਆ ਹੋਇਆ ਸੀ ਤੇ ਕੀਰਤਨ ਕਰਨ ਵਾਲੀ ਮੰਡਲੀ ਥੀਂ ਬੜੀਆਂ ਖੁਸ਼ ਭਰੀਆਂ ਧ੍ਵਨੀਆਂ ਗੂੰਜਾਰ ਕਰ ਰਹੀਆਂ ਸਨ। ਗਾਣ ਵਾਲੇ ਘਰੋਗੀ ਹੀ ਸਨ। ਕਰਖਤ ਮੋਟੇ ਸੰਘਾਂ ਦੀਆਂ ਅਤੇ ਬਾਰੀਕ ਸੁਰ ਲੜਕਿਆਂ ਦੀਆਂ ਆਵਾਜ਼ਾਂ ਮਿਲਵੀਆਂ ਆ ਰਹੀਆਂ ਸਨ।

ਨਿਖਲੀਊਧਵ ਇਕੱਠ ਦੇ ਅੱਗੇ ਚਲਾ ਗਇਆ। ਗਿਰਜੇ ਦੇ ਵਿਚਕਾਹੇ ਥਾਂ ਅਮੀਰ ਰਈਸ ਖੜੇ ਸਨ: —ਇਕ ਜਿਮੀਂਦਾਰ ਮਾਲਕ, ਵਹੁਟੀ ਪੁਤ ਸਮੇਤ (ਲੜਕਾ ਮਲਾਹ ਜਹਾਜ਼ਰਾਨ ਦੇ ਸੂਟ ਵਿਚ ਸੀ), ਪੋਲਿਸ ਦਾ ਅਫਸਰ, ਤਾਰ ਬਾਬੂ, ਲੰਮੇ ਲੰਮੇ ਬੂਟ ਪਾਏ ਹੋਏ ਇਕ ਸੌਦਾਗਰ, ਤ ਇਕ ਤਮਗਾ ਲਟਕਾਇਆ ਹੋਇਆ ਗਰਾਂ ਦਾ ਨੰਬਰਦਾਰ ਤੇ ਓਸ ਜਿਮੀਂਦਾਰ ਦੀ ਵਹੁਟੀ ਦੇ ਐਨ ਪਿਛੇ ਖੜੀਆਂ ਸਨ,—ਮੈਤਰੀਨਾ ਪਾਵਲੋਵਨਾ ਆਪਣੀ ਲਾਈਲਕ ਰੰਗ ਦੀ ਪੋਸ਼ਾਕ ਵਿਚ, ਉੱਪਰ ਸੰਜਾਫ ਵਾਲੀ ਸ਼ਾਲ ਸੁਟੀ ਹੋਈ ਤੇ ਨਾਲ ਓਹਦੇ ਕਾਤੂਸ਼ਾ ਆਪਣੇ ਦੁਧ ਚਿਟੇ ਬਸਤਰ ਪਾਏ, ਓਹ ਛੁੰਗੀ ਹੋਈ ਕਮੀਜ਼, ਤੇ ਨੀਲੇ ਰੰਗ ਦਾ ਗਲ-ਦੁਪੱਟਾ ਤੇ ਕਾਲੇ ਕੇਸਾਂ ਵਿਚ ਸੁਰਖ ਫ਼ੀਤਾ।

ਸਭ ਕੁਛ ਓਥੇ ਮੇਲੇ ਦੀਆਂ ਰੰਗ ਰਲੀਆਂ ਦੇ ਸੁਹਜ ਵਿਚ ਸੀ, ਸਭ ਤੋਂ ਸਾਵਧਾਨ, ਖੁਸ਼ ਤੇ ਸੋਹਣੇ,——ਪਾਦਰੀ ਆਪਣੇ ਗੋਟੇ ਕਿਨਾਰੀ ਵਾਲੇ ਕਪੜੇ ਤੇ ਸੋਨੇ ਦੀਆਂ ਸਲੀਬਾਂ ਵਿਚ, ਕੀ ਵਡਾ ਪਾਦਰੀ, ਕੀ ਕਲਰਕ ਚਾਂਦੀ ਤੇ ਸੋਨੇ ਦੇ ਚਿਟੇ ਚੋਗਿਆਂ ਵਿਚ, ਕੀ ਘਰੋਗੀ ਰਾਗੀ ਵਧੀਆ ਫੜਕਦੇ ਲਿਬਾਸਾਂ ਵਿਚ ਜਿਨ੍ਹਾਂ ਤੇਲ ਨਾਲ ਆਪਣੀ ਕੰਘੀ ਪੱਟੀ ਸੰਵਾਰੀ ਹੋਈ ਸੀ, ਤੇ ਕੀ ਉਨ੍ਹਾਂ ਦੀ ਚਲੰਤ, ਛੁੱਟੀ ਦੇ ਦਿਨ ਦੀ ਖੁਸ਼ੀ ਨਾਲ ਭਰੇ ਭਜਨਾਂ ਦੀ ਘਨਘੋਰ; ਇਉਂ ਦਿਸਦਾ ਸੀ ਕਿ ਨਾਚ ਦਾ ਕੋਈ ਚਲੰਤ ਰਾਗ ਹੋ ਰਹਿਆ ਹੈ, ਤੇ ਕੀ ਲਗਾਤਾਰ ਪਾਦਰੀ ਦਾ ਲੋਕਾਂ ਨੂੰ ਅਸੀਸਾਂ ਦੇਈ ਜਾਣ ਦਾ ਤਮਾਸ਼ਾ ਤੇ ਮੁੜ ਮੁੜ ਸੰਗਤ ਦਾ ਬੋਲਣਾ,——"ਈਸਾ ਅਸਮਾਨ ਚੜਿਆ", "ਮਸੀਹ ਅਸਮਾਨੀ ਚੜਿਆ"—ਸਬ ਕੁਛ ਸੁੰਦਰ ਸੀ, ਪਰ, ਹਬ ਕਿਸੇ ਥੀਂ ਸੋਹਣੀ ਕਾਤੂਸ਼ਾ ਲਗ ਰਹੀ ਸੀ, ਆਪਣੇ ਚਿੱਟੇ ਬਸਤਰਾਂ ਵਿਚ, ਓਸ ਨੀਲੇ ਗਲ-ਦੁਪੱਟੇ ਵਿਚ ਤੇ ਓਸ ਲਾਲ ਫੀਤੇ ਦੀ ਸੁਹਜ ਵਿੱਚ ਤੇ ਭਗਤੀ ਦੀ ਆਈ ਖੁਸ਼ੀ ਨਾਲ ਉਹਦੇ ਨੈਨ ਨੂਰਾਨੀ ਹੋ ਰਹੇ ਸਨ।

ਨਿਖਲੀਊਧਵ ਜਾਣਦਾ ਸੀ, ਕਿ ਬਿਨਾਂ ਓਸ ਵਲ ਦੇਖੇ ਦੇ ਓਹ ਉਹਦਾ ਹੋਣਾ ਪ੍ਰਤੀਤ ਕਰ ਰਹੀ ਹੈ। ਇਹ ਗੱਲ ਓਹਨੂੰ ਪਤਾ ਤਦ ਲੱਗੀ ਸੀ ਜਦ ਵੇਦੀ ਨੂੰ ਜਾਣ ਲਈ ਉਹ ਉਹਦੇ ਨਾਲ ਦੀ ਖਸਰ ਕੇ ਲੰਘਿਆ ਸੀ। ਗਲ ਕਰਨ ਵਾਲੀ ਤਾਂ ਕੋਈ ਨਹੀਂ ਸੀ ਪਰ ਉਸ ਕੁਛ ਏਵੇਂ ਗਲ ਕਰਨ ਨੂੰ ਕੱਢ ਲਈ ਸੀ ਤੇ ਜਦ ਲੰਘਿਆ ਤੇ ਉਹਦੇ ਕੰਨ ਵਿੱਚ ਕਹਿ ਗਇਆ ਸੀ ਕਿ "ਫੁਫੀ ਮੈਨੂੰ ਕਹਿਆ ਸੀ ਕਿ ਇਸ ਦੀਵਾਨ ਦੇ ਖਤਮ ਹੋਣ ਤੇ ਓਹ ਆਪਣਾ ਰੱਖਿਆ ਵਰਤ ਤੋੜੇਗੀ।"

ਕਾਤੂਸ਼ਾ ਦੇ ਮੂੰਹ ਉੱਪਰ ਓਹੋ ਜਵਾਨੀ ਦਾ ਖੂਨ ਚੜ੍ਹ ਆਇਆ, ਜਿਵੇਂ ਜਦ ਕਦੀ ਓਹ ਉਹਨੂੰ ਵੇਖ ਲੈਂਦੀ ਸੀ ਹਮੇਸ਼ਾ ਇੰਞ ਹੀ ਹੁੰਦਾ ਸੀ,——ਓਹਦੀਆਂ ਉਹ ਕਾਲੀਆਂ ਅੱਖਾਂ ਹਸੂ ਹਸੂ ਕਰਦੀਆਂ, ਖੁਸ਼ੀ ਨਾਲ ਡਲ੍ਹ ਡਲ੍ਹ ਭਰੀਆਂ, ਬੜੇ ਭੋਲੇ ਪਣ ਵਿੱਚ ਉਠੀਆਂ ਤੇ ਨਿਖਲੀਊਧਵ ਵਿੱਚ ਗੱਡੀਆਂ ਗਈਆਂ।

"ਇਹ ਗੱਲ ਮੈਨੂੰ ਪਤਾ ਹੈ" ਉਸਨੇ ਮੁਸਕਰਾ ਕੇ ਕਹਿਆ।

ਉਧਰੋਂ ਕਲਾਰਕ ਜਿੱਦੇ ਹੱਥ ਵਿੱਚ ਤਾਂਬੇ ਦਾ ਕਾਫ਼ੀਦਾਨ ਮੁਤਬਰੱਕ ਪਾਣੀ ਨਾਲ ਭਰਿਆ ਹੋਇਆ ਫੜਿਆ ਸੀ, ਉੱਥੋਂ ਹੀ ਆ ਲੰਘਿਆ ਤੇ ਕਾਤੂਸ਼ਾ ਦੀ ਪਰਵਾਹ ਨ ਕਰਦਾ ਹੋਇਆ ਉਸ ਨਾਲ ਖਸਰ ਕੇ ਲੰਘ ਗਇਆ। ਸਾਫ ਸੀ ਕਿ ਉਸ ਨੇ ਅਦਬ ਕਰਕੇ ਨਿਖਲੀਊਧਵ ਨਾਲ ਖਿਸਰਨ ਥੀਂ ਬਿਨਾਂ ਲੰਘਣਾ ਚਾਹਿਆ ਤੇ ਇਸ ਕਰਕੇ ਉਧਰ ਕਾਤੂਸ਼ਾ ਨਾਲ ਖਿਸਰ ਲੱਗ ਗਈ, ਤੇ ਨਿਖਲੀਊਧਵ ਹੈਰਾਨ ਹੋਇਆ ਕਿ ਇਸ ਕਲਾਰਕ ਭੈੜੇ ਨੂੰ ਇੰਨੀ ਸਮਝ ਨਹੀਂ ਆਈ ਕਿ ਇਸ ਵਕਤ ਗਿਰਜੇ ਵਿੱਚ ਸਬ ਕੁਛ ਕਾਤੂਸ਼ਾ ਦੀ ਖਾਤਰ ਹੈ—ਨਹੀਂ ਨਹੀਂ ਨਿਰਾ ਗਿਰਜਾ ਨਹੀਂ, ਕੁਲ ਦੁਨੀਆਂ ਕਾਤੂਸ਼ਾ ਲਈ ਜੀ ਰਹੀ ਹੈ, ਤੇ ਹੋਰ ਕਿਸੇ ਦੀ ਯਾ ਕਿਸੀ ਗੱਲ ਦੀ ਪਰਵਾਹ ਕੀਤੀ ਜਾਵੇ ਅਥਵਾ ਨਾ ਕੀਤੀ ਜਾਵੇ ਪਰ ਕਾਤੂਸ਼ਾ ਦੀ ਖਾਤਰ ਹਰ ਪਾਸਿਓਂ ਮਨਜ਼ੂਰ ਹੈ। ਇਸ ਵਕਤ ਉਹ ਸਭ ਦਾ ਕੇਂਦਰ ਹੈ, ਉਸੇ ਲਈ ਉਨ੍ਹਾਂ ਸਾਹਮਣੇ ਰੱਖੀਆਂ ਮੂਰਤੀਆਂ ਦੀਆਂ ਜੋਤਾਂ ਜਗ ਮਗ ਕਰ ਰਹੀਆਂ ਹਨ, ਉਸ ਦੀ ਖਾਤਰ ਲਈ ਹੀ ਉੱਪਰ ਝਾੜ ਫ਼ਾਨੂਸਾਂ ਵਿੱਚ ਬੱਤੀਆਂ ਬਲ ਰਹੀਆਂ ਹਨ, ਉਸ ਦੇ ਲਈ ਹੀ ਰਾਗ ਅਲਾਪੇ ਜਾ ਰਹੇ ਹਨ ਤੇ ਉਹ ਭਜਨਾਂ ਦੀ ਗੁੰਜਾਰ ਹੋ ਰਹੀ ਹੈ। "ਰੱਬ ਦੇ ਅਸਮਾਨੀ ਚੜ੍ਹਨ ਦੇ ਦਰਸ਼ਨ ਕਰੋ, ਖੁਸ਼ ਹੋਵੇ ਲੋਕੋ, ਈਸਾ ਅਸਮਾਨੀ ਚੜਿਆ", ਆਦਿ—ਸਭ ਕੁਛ, ਸਭ ਜੋ ਕੁਛ ਵੀ ਦੁਨੀਆਂ ਵਿੱਚ ਚੰਗਾ ਸੀ ਬਸ ਓਸ ਲਈ ਹੈ ਤੇ ਉਹਨੂੰ ਇਹ ਜਾਪ ਰਹਿਆ ਸੀ ਕਿ ਕਾਤੂਸ਼ਾ ਵੀ ਇਹੋ ਪ੍ਰਤੀਤ ਕਰ ਰਹੀ ਹੈ ਕਿ ਸਭ ਕੁਛ ਉਸ ਲਈ ਹੈ। ਜਦ ਕਿ ਉਸ ਉਹਦੀ ਸਡੌਲ ਬਣੀ ਛੱਬੀ ਵਲ ਤੱਕਿਆ, ਉਹ ਉੱਪਰ ਛੁੰਗੀ ਚਿੱਟੀ ਪੋਸ਼ਾਕ ਤੇ ਉਹਦੇ ਮੂੰਹ ਦਾ ਧਿਆਨ ਮਗਨ ਅਨੰਦ ਵਿੱਚ ਜੁੜਿਆ ਰੰਗ ਵੇਖਿਆ ਤੇ ਉਸ ਦੇ ਉਸ ਚਿਹਰੇ ਦੇ ਦੈਵੀ ਰੰਗ ਥੀਂ ਉਸ ਜਾਣ ਲਇਆ ਸੀ, ਕਿ ਜੋ ਉਹਦੇ ਰੂਹ ਦੇ ਅੰਦਰ ਰਾਗ ਛਿੜ ਰਹਿਆ ਹੈ ਉਹੋ ਕਾਤੂਸ਼ਾ ਦੇ ਅੰਦਰ ਚਮਕ ਦੇ ਰਹਿਆ ਹੈ।

ਸਵੇਰ ਦੇ ਦੀਵਾਨ ਹੋ ਚੁਕਣ ਤੇ ਕੁਛ ਦੇਰ ਬਾਹਦ ਮੁੜ ਦੀਵਾਨ ਲਗਣ ਦੇ ਅੰਤਰੇ ਵਿੱਚ ਨਿਖਲੀਊਧਵ ਉੱਠ ਟੁਰਿਆ। ਲੋਕੀ ਅੱਗੇ ਪਿੱਛੇ ਹੋਏ ਕਿ ਉਹ ਲੰਘ ਜਾਵੇ ਤੇ ਸਭ ਨੇ ਉਸ ਅਗੇ ਸਿਰ ਨੀਵੇਂ ਕੀਤੇ। ਬਾਜਿਆਂ ਨੂੰ ਤਾਂ ਪਤਾ ਸੀ ਕਿ ਇਹ ਕੌਣ ਹੈ ਤੇ ਦੂਜੇ ਪੁੱਛਦੇ ਸਨ ਕਿ ਇਹ ਕੌਣ ਹੈ?

ਉਹ ਬਾਹਰ ਜਾ ਕੇ ਪੌੜੀਆਂ ਉਪਰ ਖੜਾ ਹੋ ਗਇਆ। ਮੰਗਤਿਆਂ ਨੇ ਉਹਦੇ ਦਵਾਲੇ ਆ ਭੀੜ ਪਾਈ ਤੇ ਉਸ ਅੱਗੇ ਹੱਥ ਅੱਡੇ। ਉਹਦੇ ਬੋਹਝਿਆਂ ਵਿੱਚ ਜਿੰਨੇ ਪੈਸੇ ਸਨ ਉੱਨੇ ਵੰਡ ਦਿੱਤੇ ਤੇ ਆਪਣੇ ਬੁਹਝੇ ਛੰਡ ਦਿੱਤੇ ਤੇ ਪੌੜੀਆਂ ਦੇ ਹੇਠਾਂ ਲਹਿ ਗਇਆ। ਪੋਹ ਫੁਟਾਲਾ ਹੋ ਰਿਹਾ ਸੀ, ਪਰ ਸੂਰਜ ਦੀ ਟਿੱਕੀ ਹਾਲੇਂ ਉਦੇ ਨਹੀਂ ਹੋਈ ਸੀ। ਗਿਰਜੇ ਦੇ ਅਹਾਤੇ ਵਿੱਚ ਲੋਕੀ ਟੋਲੀਆਂ ਬੰਨ ਕਬਰਾਂ ਵਿੱਚ ਖੜੇ ਸਨ। ਕਾਤੂਸ਼ਾ ਅੰਦਰ ਹੀ ਰਹੀ ਤੇ ਨਿਖਲੀਊਧਵ ਉਹਦੀ ਉਡੀਕ ਕਰ ਰਹਿਆ ਸੀ ਤੇ ਹਾਲੇਂ ਵੀ ਲੋਕੀਂ ਅੰਦਰ ਬਾਹਰ ਆ ਰਹੇ ਸਨ। ਪੱਥਰ ਦੀਆਂ ਪੌੜੀਆਂ ਉੱਪਰ ਉਨ੍ਹਾਂ ਦੇ ਮੇਖਾਂ ਵਾਲੇ ਬੂਟਾਂ ਦੀ ਆਵਾਜ਼ ਹੋ ਰਹੀ ਸੀ। ਆਉਂਦੇ ਤੇ ਕਬਰਸਤਾਨ ਵਿੱਚ ਖਿੰਡਦੇ ਜਾਂਦੇ ਸਨ।

ਇਕ ਬੜਾ ਹੀ ਬੁੱਢਾ ਆਦਮੀ ਜਿਹਦਾ ਸਿਰ ਹਿਲਦਾ ਰਹਿੰਦਾ ਸੀ ਇਹਦੀਆਂ ਫੁਫੀਆਂ ਦਾ ਲਾਂਗਰੀ ਆਇਆ, ਤੇ ਉਨ੍ਹੇ ਨਿਖਲੀਊਧਵ ਨੂੰ ਠਹਿਰਾਇਆ ਤੇ ਇਉਂ ਖਲਵਾ ਕੇ ਉਹਨੂੰ ਈਸਟਰ ਦਾ ਪਿਆਰ ਦਿਤੋ ਸੂ! ਉਹਦੀ ਵਹੁਟੀ ਨੇ, ਬੁੱਢੀ ਵਿਚਾਰੀ ਮੂੰਹ ਤੇ ਝੁਰਲੀਆਂ ਪਈਆਂ ਹੋਈਆਂ, ਆਪਣੇ ਰੋਮਾਲ ਵਿੱਚੋਂ ਇਕ ਬਸੰਤੀ ਰੰਗਿਆ ਅੰਡਾ ਫੜਿਆ ਤੇ ਨਿਖਲੀਊਧਵ ਦੇ ਪੇਸ਼ ਕੀਤਾ। ਇੰਨੇ ਨੂੰ ਇਕ ਹਸੂ ਹਸੂ ਕਰਦਾ ਗਭਰੂ ਰਾਹਕ ਮੁੰਡਾ ਆਪਣੇ ਨਵੇਂ ਕੋਟ ਤੇ ਸਾਵੀ ਪੇਟੀ ਵਿੱਚ ਉਸ ਪਾਸ ਆ ਖੜਾ ਹੋਇਆ ਤੇ ਉਸ ਨੇ ਆਪਣੀਆਂ ਹੱਸਦੀਆਂ ਅੱਖਾਂ ਨਾਲ ਨਿਖਲੀਊਧਵ ਦੇ ਮੂੰਹ ਵਲ ਤੱਕ ਕੇ ਕਹਿਆ "ਈਸਾ ਅਸਮਾਨੀ ਚੜਿਆ।" ਫਿਰ ਉਹਦੇ ਲਾਗੇ ਢੁੱਕ ਕੇ ਆਪਣੀ ਖਾਸ ਪਰ ਖੁਸ਼ ਗਵਾਰ ਕਿਸਾਨੀ ਮਾਨੁਖ ਗੰਧ ਨਾਲ ਜਿਵੇਂ ਵਲੇਟ ਦਿੱਤੇ ਸੂ ਤੇ ਨਿਖਲੀਊਧਵ ਨੂੰ ਆਪਣੀ ਕੁੰਡਲਦਾਰ ਦਾਹੜੀ ਨਾਲ ਛੋਂਹਦਾ, ਆਪਣੇ ਗੁਲਫੇ ਜੇਹੇ, ਤਾਜ਼ਾ ਪਰ ਪੀਡੇ ਹੋਠਾਂ ਨਾਲ ਤਿੰਨ ਵੇਰੀ ਉਹਦੇ ਮੂੰਹ ਤੇ ਪਿਆਰ ਦਿੱਤਾ।

ਜਦ ਇਹ ਮੁੰਡਾ ਓਹਨੂੰ ਪਿਆਰ ਦੇ ਰਹਿਆ ਸੀ ਤੇ ਇਕ ਗੂਹੜੇ ਭੂਰੇ ਰੰਗ ਦਾ ਅੰਡਾ ਪੇਸ਼ ਕਰ ਮਾਰਿਆ ਸੀ, ਤਦ ਓਧਰੋਂ ਮੈਤਰੀਨਾ ਪਾਵਲੋਵਨਾ ਲਾਈਲਕ ਰੰਗ ਦੀ ਪੋਸ਼ਾਕ ਵਿਚ ਤੇ ਉਹ ਪਯਾਰੀ ਕਾਲੇ ਸਿਰ ਲਾਲ ਬੋ ਪਾਈ ਵੀ ਆ ਗਈ। ਕਾਤੂਸ਼ਾ ਨੇ ਓਹਦੇ ਅੱਗੇ ਆਏ ਲੋਕਾਂ ਦੇ ਸਿਰਾਂ ਦੀ ਉੱਪਰ ਥੀਂ ਓਹਨੂੰ ਤੱਕਿਆ, ਤੇ ਉਸ ਵੀ ਤਾੜ ਲਇਆ ਸੀ ਕਿ ਓਹਨੂੰ ਵੇਖ ਕੇ ਉਹਦਾ ਚਿਹਰਾ ਕਿੰਨਾ ਖਿੜ ਗਇਆ ਹੈ।

ਕਾਤੂਸ਼ਾ ਮੈਤਰੀਨਾ ਪਾਵਲੋਵਨਾ ਨਾਲ ਪੋਰਚ ਤਕ ਬਾਹਰ ਆਈ ਤੇ ਉਥੋਂ ਖਲੋ ਕੇ ਮੰਗਤਿਆਂ ਨੂੰ ਰੱਬ ਦੇ ਨਾਂ ਤੇ ਕੁਛ ਵੰਡ ਰਹੀ ਸੀ। ਇਕ ਮੰਗਤਾ ਜਿਹਦਾ ਨੱਕ ਉੱਕਾ ਸੀ ਹੀ ਨਹੀਂ ਬੱਸ ਉਸ ਥਾਂ ਤੇ ਲਾਲ ਜੇਹਾ ਦਾਗ ਸੀ, ਕਾਤੂਸ਼ਾ ਪਾਸ ਆਇਆ। ਕਾਤੂਸ਼ਾ ਨੇ ਕੁਛ ਦਿੱਤਾ ਵੀ ਤੇ ਕਿਸੇ ਕਿਸਮ ਦੀ ਘ੍ਰਿਣਾ ਨ ਕਰਦੀ ਹੋਈ ਤੇ ਅੱਖਾਂ ਵਿੱਚ ਉਸੀ ਚਮਕਦੀ ਖੁਸ਼ੀ ਨਾਲ ਓਹਦੇ ਹੋਰ ਨੇੜੇ ਹੋ ਕੇ ਤਿੰਨ ਦਫਾ ਅਸੀਸ ਦਾ ਪਿਆਰ ਦਿੱਤਾ।

ਤੇ ਜਦ ਉਹ ਇਹਨੂੰ ਪਿਆਰ ਦੇ ਰਹੀ ਸੀ, ਓਹਦੀ ਅੱਖ ਨਿਖਲੀਊਧਵ ਵਲ ਗਈ ਤੇ ਉਸ ਦੀ ਨਿਗਾਹ ਵਿੱਚ ਇਹ ਪੁੱਛ ਸੀ, "ਕੀ ਮੈਂ ਠੀਕ ਕਰ ਰਹੀ ਹਾਂ?" ਤੇ ਨਾਲੇ ਉਸ ਪੁੱਛ ਦਾ ਉੱਤਰ ਸੀ, "ਹਾਂ ਪਿਆਰੇ ਹਾਂ! ਇਹ ਠੀਕ ਹੈ, ਸਭ ਕੁਛ ਠੀਕ ਹੈ। ਸਭ ਕੁਛ ਸੋਹਣਾ ਹੈ, ਮੈਂ ਪਿਆਰ ਵਿੱਚ ਹਾਂ।"

ਓਹ ਦੋਵੇਂ ਪੋਰਚ ਦੀਆਂ ਪੌੜੀਆਂ ਲਹਿ ਆਈਆਂ ਸਨ, ਤੇ ਇਹ ਅੱਗੇ ਵਧ ਉਨ੍ਹਾਂ ਪਾਸ ਜਾ ਪਹੁੰਚਾ। ਇਹਦਾ ਮਤਲਬ ਫੁੱਫੀ ਨੂੰ ਈਸਟਰ ਦਾ ਪਿਆਰ ਦੇਣ ਦਾ ਨਹੀਂ ਸੀ ਕੇਵਲ ਕਾਤੂਸ਼ਾ ਦੇ ਲਾਗੇ ਅੱਪੜਨ ਦਾ ਸੀ।

ਮੈਤਰੀਨਾ ਪਾਵਲੋਵਨਾ ਨੇ ਆਪਣਾ ਸਿਰ ਝੁਕਾਇਆ, ਤੇ ਮੁਸਕਰਾ ਕੇ ਬੋਲੀ "ਈਸਾ ਅਸਮਾਨਾਂ ਨੂੰ ਗਇਆ," ਤੇ ਓਹਦੀ ਬੋਲੀ ਥੀਂ ਸਾਫ ਪਤਾ ਲੱਗਦਾ ਸੀ ਕਿ ਇਸ ਗੱਲ ਦੇ ਅਰਥ ਹਨ—"ਅੱਜ ਅਸੀਂ ਸਾਰੇ ਬਰਾਬਰ ਹਾਂ।" ਆਪਣੇ ਰੁਮਾਲ ਨਾਲ ਉਸ ਨੂੰ ਆਪਣਾ ਮੂੰਹ ਪੂੰਝਿਆ ਤੇ ਆਪਣੇ ਹੋਠ ਉਸ ਵਲ ਕੀਤੇ।

"ਓਹ ਠੀਕ ਅਸਮਾਨੀ ਗਇਆ, ਨਿਖਲੀਊਧਵ ਨੇ ਓਹਨੂੰ ਪਿਆਰ ਦੇ ਕੇ ਕਹਿਆ। ਫਿਰ ਓਸ ਕਾਤੂਸ਼ਾ ਵਲ ਵੇਖਿਆ। ਓਹਦਾ ਮੂੰਹ ਸ਼ਰਮ ਨਾਲ ਗੁਲਾਬ ਹੋ ਗਇਆ, ਤੇ ਹੋਰ ਨੇੜੇ ਆਈ। "ਈਸਾ ਅਸਮਾਨੀ ਗਇਆ, ਦਮਿਤ੍ਰੀਈਵਾਨਿਚ!"

"ਓਹ ਠੀਕ ਚੜ੍ਹ ਗਇਆ," ਨਿਖਲੀਊਧਵ ਨੇ ਉੱਤਰ ਦਿੱਤਾ, ਉਨ੍ਹਾਂ ਆਪੇ ਵਿੱਚ ਦੋ ਵਾਰੀ ਪਿਆਰ ਲਿੱਤੇ ਦਿੱਤੇ। ਇਸ ਸੋਚ ਵਿੱਚ ਸਨ ਕਿ ਤੀਜੀ ਵੇਰੀ ਮੁੜ ਪਿਆਰ ਲਵੀਏ, ਦੇਵੀਏ ਕਿ ਨਾਂਹ, ਤੇ ਉਨ੍ਹਾਂ ਫੈਸਲਾ ਕੀਤਾ ਕਿ ਜ਼ਰੂਰ, ਸੋ ਤੀਸਰੀ ਵਾਰੀ ਉਨ੍ਹਾਂ ਪਿਆਰ ਲਿੱਤਾ ਦਿੱਤਾ ਤੇ ਮੁਸਕਰਾਏ।

"ਤੂੰ ਪਾਦਰੀ ਦੇ ਨਹੀਂ ਜਾਣਾ?" ਨਿਖਲੀਊਧਵ ਨੇ ਪੁੱਛਿਆ।

"ਨਹੀਂ—ਅਸੀਂ ਇੱਥੇ ਰਤਾਕੂ ਬਹਾਂਗੇ ਦਮਿਤ੍ਰੀਈਵਾਨਿਚ!" ਕਾਤੂਸ਼ਾ ਨੇ ਕੁਛ ਹਿੰਮਤ ਕਰਕੇ ਕਹਿਆ, ਜਿਵੇਂ ਓਸ ਕੋਈ ਖੁਸ਼ੀ ਦਾ ਕੰਮ ਕਰ ਲਇਆ ਹੈ, ਓਹਦੀ ਸਾਰੀ ਛਾਤੀ ਉੱਪਰ ਉੱਠੀ ਤੇ ਓਸ ਇਕ ਲੰਮਾ ਸਾਹ ਲਇਆ। ਤੇ ਓਹ ਭਗਤੀ ਭਰੀ ਨਦਰ ਨਾਲ, ਕੰਵਾਰੀ ਪਵਿਤ੍ਰਤਾ ਨਾਲ, ਪਿਆਰ ਨਾਲ, ਓਹਦੇ ਚਿਹਰੇ ਵਲ ਆਪਣੀਆਂ ਉਨ੍ਹਾਂ ਪਿਆਰੀਆਂ ਮੰਦ ਮੰਦ ਭੈਂਗ ਮਾਰਦੀਆਂ ਅੱਖਾਂ ਨਾਲ ਵੇਖਣ ਲੱਗ ਗਈ।

ਮਰਦ ਤੀਮੀਂ ਦੇ ਆਪੇ ਵਿੱਚ ਪਏ ਪਿਆਰ ਦੀ ਕੋਈ ਘੜੀ ਆਉਂਦੀ ਹੈ ਜਦ ਇਹ ਖਿੱਚ ਆਪਣੀ ਪੂਰੀ ਬੁਲੰਦੀ ਤੇ ਅੱਪੜੀ ਹੁੰਦੀ ਹੈ, ਹਾਂ ਓਹ ਘੜੀ ਜਦ ਓਹ ਪ੍ਰੀਤ ਬੇ ਹੋਸ਼, ਬੇ ਸੋਚ, ਬੇ ਅਕਲ ਹੁੰਦੀ ਹੈ ਤੇ ਉਸ ਵਿਚ ਕੋਈ ਸਰੀਰਕ ਬੋ ਨਹੀਂ ਹੁੰਦੀ। ਇਸ ਈਸਟਰ ਰਾਤ ਨੂੰ ਅੱਜ ਓਹ ਘੜੀ ਨਿਖਲੀਊਧਵ ਤੇ ਆਈ ਹੋਈ ਸੀ। ਹੁਣ ਜਦ ਓਹ ਇਸ ਵੇਲੇ ਕਾਤੂਸ਼ਾ ਦਾ ਨਿਰੋਲ ਓਹ ਧਿਆਨ ਆਪਣੇ ਅੱਗੇ ਲਿਆਉਂਦਾ ਸੀ ਉਹ ਘੜੀ ਅਮੋਲਕ ਘੜੀ ਜ਼ਿੰਦਗੀ ਦਾ ਹੋਰ ਸਭ ਕੁਛ ਢੱਕ ਦਿੰਦੀ ਸੀ। ਨਿਰੋਲ ਪਿਆਰ ਯਾਦ ਆਉਂਦਾ ਸੀ।

ਬੱਸ ਓਹਦਾ ਨਰਮ, ਚਮਕਦਾ, ਕਾਲਾ ਸਿਰ, ਓਹਦੀ ਉੱਤੇ ਛੁੰਗੀ ਛੰਗੀ ਚਿੱਟੀ ਪੋਸ਼ਾਕ, ਜਿਹੜੀ ਓਹਦੇ ਕੰਵਾਰੇ ਸੁਹਜਾਂ ਵਾਲੇ ਸਰੀਰ ਨੂੰ ਠੀਕ ਢੁਕ ਕੇ ਕੱਜ ਰਹੀ ਸੀ, ਉਹਦੀਆਂ ਹਾਲੇਂ ਪੂਰੇ ਜੋਬਨਾਂ ਵਿੱਚ ਨਾ ਖਿੜੀਆਂ ਕੰਵਾਰੀਆਂ ਛਾਤੀਆਂ, ਉਹਦੇ ਸ਼ਰਮ ਨਾਲ ਗੁਲਾਬ ਗੁਲਾਬ ਹੁੰਦੇ ਰੁਖ਼ਸਾਰ, ਨਰਮ, ਨੂਰਾਨੀ ਕਾਲੀਆਂ ਅੱਖਾਂ ਤੇ ਓਹਦਾ ਸਾਰਾ ਆਪਾ ਜਿਸ ਉੱਪਰ ਦੋ ਗੁਣ ਆਪਣੀਆਂ ਮੁਹਰਾਂ ਰੋਮ ਰੋਮ ਲਾ ਰਹੇ ਸਨ—ਪਵਿਤ੍ਰਤਾ ਤੇ ਨਿਰੋਲ ਅਸ਼ਰੀਰੀ ਰੱਬੀ ਪਿਆਰ, ਪਿਆਰ ਨ ਸਿਰਫ ਓਹਦੇ ਲਈ, ਇਸ ਪਿਆਰ ਦਾ ਤਾਂ ਉਹ ਜਾਣੂ ਸੀ, ਪਰ ਹਰ ਕਿਸੀ ਲਈ ਹਰ ਚੀਜ਼ ਲਈ ਉਹਦਾ ਦਿਵਯ ਪਿਆਰ। ਭਲਿਆਂ ਨਾਲ ਨਹੀਂ ਸਗੋਂ ਮੰਦਿਆਂ ਮਾੜਿਆ ਨਾਲ ਵੀ ਓਹੋ ਜੇਹਾ, ਓਹੋ ਪਿਆਰ, ਜੋ ਕੁਛ ਵੀ ਦੁਨੀਆਂ ਵਿਚ ਹੈ, ਉਸ ਨਾਲ ਪਿਆਰ, ਹਾਂ ਉਸ ਮੰਗਤੇ ਲਈ ਵੀ ਓਹੋ ਜੇਹਾ ਜਿਸਨੂੰ ਉਸ ਹੁਣੇ ਈਸਟਰ ਦੀ ਅਸੀਸ ਦੇ ਪਿਆਰ ਤਿੰਨ ਵੇਰੀ ਦਿੱਤੇ ਸਨ।

ਓਹ ਜਾਣਦਾ ਸੀ ਕਿ ਦਿਵਯ ਪਿਆਰ ਕਾਤੂਸ਼ਾ ਵਿੱਚ ਹੈ ਕਿਉਂਕਿ ਉਸੀ ਰੱਬੀ ਪਿਆਰ ਦਾ ਅਨੁਭਵ ਓਹਨੂੰ ਆਪ ਨੂੰ ਉਸ ਰਾਤੀ ਤੇ ਉਸ ਦਿਨ ਹੋਇਆ ਸੀ। ਤੇ ਉਸ ਇਹ ਵੀ ਵੇਖ ਲਿਆ ਸੀ ਕਿ ਇਸ ਰੱਬੀ ਪਿਆਰ ਦੀ ਜ਼ਾਤ ਤੇ ਧਿਆਨ ਵਿੱਚ ਓਹ ਉਸ ਨਾਲ ਇਕ ਹੋ ਰਹਿਆ ਹੈ, ਉਸ ਵਿੱਚ ਰੂਹ ਰੂਹ ਨਾਲ ਮਿਲਿਆ ਪਇਆ ਹੈ। ਉਸ ਪਿਆਰ ਵਿੱਚ ਕਾਈ ਵਿਛੋੜਾ ਕਿਸੀ ਚੀਜ਼ ਦਾ ਕਿਸੀ ਨਾਲ ਨਹੀਂ।

ਆਹ! ਜੇ ਇਹ ਉੱਚੇ ਭਾਵ ਬੱਸ ਇੱਥੇ ਹੀ ਠਹਿਰ ਜਾਂਦੇ, ਓਸ ਰਾਤ ਵਾਲੇ ਨੁਕਤੇ ਤੇ ਠਹਿਰ ਜਾਂਦੇ!! "ਹਾਂ—ਇਹ ਸਭ ਖੌਫ਼ਨਾਕ ਕੰਮ ਉਸ ਈਸਟਰ ਦੀ ਰਾਤ ਤਕ ਤਾਂ ਹਾਲੇਂ ਨਹੀਂ ਸੀ ਹੋਇਆ," ਉਸ ਸੋਚਿਆ, ਜਦ ਉਹ ਜੂਰੀ ਦੇ ਕਮਰੇ ਦੀ ਬਾਰੀ ਅੱਗੇ ਬੈਠਾ ਸੋਚਾਂ ਵਿੱਚ ਡੁਬਿਆ ਹੋਇਆ ਸੀ।

ਮੋਇਆਂ ਦੀ ਜਾਗ-ਕਾਂਡ ੧੬. : ਲਿਉ ਤਾਲਸਤਾਏ

ਜਦ ਗਿਰਜੇ ਥੀਂ ਮੁੜੇ, ਨਿਖਲੀਊਧਵ ਨੇ ਆਪਣੀਆਂ ਫੁੱਫੀਆਂ ਨਾਲ ਬਹਿ ਕੇ ਵਰਤ ਤੋੜਿਆ। ਇਕ ਪਿਆਲਾ ਬ੍ਰਾਂਡੀ ਤੇ ਕੁਛ ਸ਼ਰਾਬ ਲਈ, ਕਿਉਂਕਿ ਉਹਨੂੰ ਰਜਮਿੰਟ ਵਿੱਚ ਰਹਿ ਕੇ ਇਹ ਆਦਤ ਹੋ ਹੀ ਗਈ ਹੋਈ ਸੀ। ਤੇ ਜਦ ਉਹ ਆਪਣੇ ਕਮਰੇ ਵਿੱਚ ਗਇਆ ਇੰਨੀ ਗਾਹੜੀ ਨੀਂਦਰ ਆਈ ਕਿ ਕਪੜਿਆਂ ਸਮੇਤ ਹੀ ਸੈਂ ਗਿਆ। ਚਿਰ ਪਿੱਛੋਂ ਬੂਹੇ ਨੂੰ ਜਦ ਕਿਸੀ ਖੱਟ ਖਟਾਇਆ ਤਦ ਉਹ ਉੱਠਿਆ, ਉਹਨੂੰ ਪਤਾ ਸੀ ਕਿ ਏਹ ਖਟ ਖਟਾਣਾ ਉਹਦਾ ਹੈ, ਜਾਗਿਆ, ਅੱਖਾਂ ਮਲਦਾ ਮਲਦਾ ਆਕੜਾਂ ਭੰਨਦਾ ਭੰਨਦਾ, ਕਾਤੂਸ਼ਾ ਤੂੰ ਹੈਂ? ਅੰਦਰ ਆ ਜਾ," ਉਸ ਕਹਿਆ। ਤੇ ਦਰਵਾਜ਼ਾ ਕਾਤੂਸ਼ਾ ਨੇ ਖੋਲ੍ਹਿਆ।

"ਰੋਟੀ ਤਿਆਰ ਹੈ" ਉਸ ਕਹਿਆ। ਉਸ ਨੇ ਹਾਲੇਂ ਵੀ ਉਹੋ ਚਿੱਟੇ ਕਪੜੇ ਪਾਏ ਹੋਏ ਸਨ ਪਰ ਉਹਦੇ ਕੇਸਾਂ ਵਿੱਚ ਲਾਲ ਫੀਤਾ ਇਸ ਵਕਤ ਨਹੀਂ ਸੀ। ਨਿਖਲੀਊਧਵ ਨੇ ਉਸ ਵਲ ਮੁਸਕਰਾ ਕੇ ਵੇਖਿਆ ਜਿਵੇਂ ਉਸ ਕੋਈ ਬੜੀ ਚੰਗੀ ਖੁਸ਼ੀ ਵਾਲੀ ਖਬਰ ਆਣ ਕੇ ਦਿੱਤੀ ਹੈ।

"ਮੈਂ ਆਇਆ," ਉਸ ਉੱਤਰ ਦਿੱਤਾ ਤੇ ਉਠਿਆ। ਕੰਘੀ ਲੈ ਆਪਣੇ ਵਾਲ ਸੰਵਾਰਨ ਲੱਗ ਪਇਆ। ਉਹ ਇਕ ਮਿੰਟ ਲਈ ਚੁਪ ਚਾਪ ਖੜੀ ਰਹੀ, ਇਹ ਵੇਖ ਕੇ ਉਸ ਕੰਘੀ ਸੁਟ ਦਿੱਤੀ ਤੇ ਕਦਮ ਵਧਾ ਕੇ ਉਸ ਵਲ ਆਇਆ, ਪਰ ਐਨ ਠੀਕ ਉਸ ਵਕਤ ਉਹ ਜਾਣ ਨੂੰ ਮੁੜ ਪਈ ਸੀ, ਤੇ ਆਪਣੇ ਤੇਜ਼ ਤੇਜ਼ ਤੇ ਹਲਕੇ ਹਲਕੇ ਕਦਮਾਂ ਨਾਲ ਲਾਂਘੇ ਵਿੱਚ ਵਿਛੀ ਦਰੀ ਦੇ ਕਿਨਾਰੇ ਕਿਨਾਰੇ ਚਲੀ ਗਈ।

"ਉਹੋ! ਮੈਂ ਕਿਹਾ ਬੇਵਕੂਫ ਨਿਕਲਿਆ," ਨਿਖਲੀਊਧਵ ਸੋਚਣ ਲੱਗਾ "ਮੈਂ ਉਹਨੂੰ ਖੜਾ ਕਿਉਂ ਨ ਕੀਤਾ?" ਤੇ ਉਹਦੇ ਮਗਰ ਦੌੜਿਆ ਤੇ ਜਾ ਕੇ ਉਹਨੂੰ ਫੜ ਲਇਆ।

ਉਸ ਥੀਂ ਉਹ ਕੀ ਮੰਗਦਾ ਸੀ, ਉਹਨੂੰ ਆਪ ਨੂੰ ਵੀ ਪਤਾ ਨਹੀਂ ਸੀ ਲੱਗ ਰਹਿਆ। ਪਰ ਉਸ ਨੂੰ ਅੰਦਰ ਏਵੇਂ ਇਕ ਪ੍ਰਤੀਤ ਜੇਹੀ ਹੋਈ ਕਿ ਉਹ ਜਦ ਉਹਦੇ ਕਮਰੇ ਵਿੱਚ ਆਈ ਸੀ ਉਹਨੂੰ ਉਸ ਨਾਲ ਕੁਛ ਕਰਨਾ ਚਾਹੀਦਾ ਸੀ, ਉਹੋ ਕੁਛ ਜਿਹੜਾ ਆਮ ਲੋਕੀ ਇਹੋ ਜੇਹੇ ਮੌਕਿਆ ਮਿਲਿਆਂ ਤੇ ਕਰ ਦਿੰਦੇ ਹਨ, ਤੇ ਉਹ ਕੁਛ ਕਰਨ ਥੀਂ ਉਕ ਗਇਆ ਸੀ।

"ਕਾਤੂਸ਼ਾ ਠਹਿਰ!" ਉਸ ਕਹਿਆ।

"ਤੂੰ ਕੀ ਚਾਹੁੰਦਾ ਹੈ," ਖਲੋ ਕੇ ਉਸੇ ਪੁੱਛਿਆ। "ਕੁਛ ਨਹੀਂ.............ਸਿਰਫ............" ਤੇ ਕੁਛ ਹਿੰਮਤ ਜੇਹੀ ਕਰਕੇ ਇਹ ਯਾਦ ਆਕੇ ਕਿ ਉਹਦੀ ਹਾਲਤ ਵਿੱਚ ਹੋਰ ਲੋਕੀ ਕੀ ਕਰਦੇ ਹਨ, ਉਸਨੇ ਆਪਣੀ ਬਾਂਹ ਉਸਦੀ ਕਮਰ ਵਿੱਚ ਪਾ ਦਿੱਤੀ।

ਕਾਤੂਸ਼ਾ ਚੁੱਪ ਖੜੀ ਰਹੀ ਤੇ ਉਹਦੀਆਂ ਅੱਖਾਂ ਵਿੱਚ ਡੂੰਘੀ ਨਿਗਾਹ ਨਾਲ ਵੇਖਣ ਲੱਗ ਗਈ।

"ਨਹੀਂ, ਨਹੀਂ, ਨਾਂਹ ਕਰ ਦਮਿਤ੍ਰੀ ਈਵਨਿਚ! ਛੱਡ ਤੈਨੂੰ ਇੰਞ ਨਹੀਂ ਕਰਨਾ ਚਾਹੀਏ!" ਉਸ ਕਹਿਆ ਤੇ ਸ਼ਰਮ ਨਾਲ ਇੰਨੀ ਲਾਲ ਲਾਲ ਹੋ ਗਈ ਕਿ ਅੱਖਾਂ ਵਿੱਚ ਅੱਥਰੂ ਡਲ ਡਲ ਕਰਨ ਲੱਗ ਪਏ ਤੇ ਆਪਣੇ ਤਕੜੇ ਤੇ ਕੜੇ ਹੱਥ ਨਾਲ ਝਟਕਾ ਦੇ ਕੇ ਉਹਦੀ ਬਾਂਹ ਪਰੇ ਸੁਟੀ। ਨਿਖਲੀਊਧਵ ਨੇ ਉਹਨੂੰ ਛੱਡ ਦਿੱਤਾ ਪਰ ਝਟ ਦੇ ਝਟ ਲਈ ਉਹਦੇ ਦਿਲ ਨੂੰ ਸਿਰਫ ਪਰੇਸ਼ਾਨੀ ਹੋਈ, ਸ਼ਰਮ ਆਈ ਪਰ ਆਪਣੇ ਆਪ ਥੀਂ ਵੀ ਉਕਤਾ ਗਇਆ। ਉਹਨੂੰ ਇਸ ਵੇਲੇ ਵੀ ਆਪਣੇ ਅੰਦਰ ਦੀ ਅਗਵਾਨੀ ਮੰਨਣੀ ਚਾਹੀਦੀ ਸੀ ਤੇ ਥੋੜੇ ਚਿਰ ਵਿੱਚ ਹੀ ਉਹਨੂੰ ਪਤਾ ਲੱਗ ਜਾਣਾ ਜਰੂਰੀ ਸੀ ਕਿ ਇਹ ਮੰਦਾ ਤੇ ਸ਼ਰਮ ਉਹਨੂੰ ਅੰਦਰ ਦਿਆਂ ਚੰਗਿਆਂ ਵਲਵਲਿਆਂ ਦੀ ਮਾਨੋ ਮੰਗ ਆਈ ਸੀ ਕਿ ਸਾਨੂੰ ਘੁੱਟ ਨਾਂਹ, ਸਾਨੂੰ ਖੁੱਲਾ ਛੱਡ। ਪਰ ਉਸ ਇਹ ਸਮਝਿਆ ਕਿ ਇਹ ਉਹਦਾ ਅਭਨੱਕਪਣਾ ਹੈ ਕਿ ਉਹ ਮੌਕਾ ਸਾਂਭ ਨਹੀਂ ਸੱਕਿਆ। ਉਹਨੂੰ ਬਸ ਉਹੋ ਕੁਛ ਕਰ ਲੈਣਾ ਚਾਹੀਦਾ ਸੀ ਜੋ ਅੱਗੇ ਪਿੱਛੇ ਦੇ ਲੋਕੀ ਕਰ ਬਹਿੰਦੇ ਹਨ। ਫਿਰ ਉਹਦੇ ਮਗਰ ਦੌੜਿਆ ਉਹਨੂੰ ਫੜ ਕੇ ਉਹਦੀ ਗਰਦਨ ਤੇ ਇਕ ਚੁੰਮੀ ਦਿੱਤੀ।

ਇਸ ਚੁੰਮੀ ਤੇ ਉਸ ਲਾਈਲਕ ਦੀ ਝਾੜੀ ਪਿੱਛੇ ਦਿੱਤੀ ਅਬੋਝ ਚੁੰਮੀ ਵਿੱਚ ਬੜਾ ਫਰਕ ਸੀ ਤੇ ਉਹ ਈਸਟਰ ਦੇ ਪਿਆਰ ਜੋ ਗਿਰਜੇ ਵਿੱਚ ਉਹਨੂੰ ਦਿੱਤੇ ਸਨ, ਉਨ੍ਹਾਂ ਵਿੱਚ ਤੇ ਇਸ ਚੁੰਮੀ ਵਿੱਚ ਵੀ ਬੜਾ ਫਰਕ ਸੀ ਇਹ ਹੌਲਨਾਕ, ਖਤਰਨਾਕ ਚੁੰਮੀ ਸੀ ਤੇ ਕਾਤੂਸ਼ਾ ਨੂੰ ਵੀ ਇਹ ਗੱਲ ਸੁਝ ਚੁੱਕੀ ਸੀ।

"ਓਖ! ਤੂੰ ਕੀ ਕਰਨ ਡਿਹਾ ਹੈਂ?" ਉਹ ਚੀਕ ਉੱਠੀ ਤੇ ਐਸੇ ਦਰਦਨਾਕ ਆਵਾਜ਼ ਵਿੱਚ ਬੋਲੀ ਜਿਵੇਂ ਨਿਖਲੀਊਧਵ ਨੇ ਕੋਈ ਅਮੋਲਕ ਬਰਤਣ ਤੋੜ ਸੁਟਿਆ ਹੈ ਤੇ ਬੜੀ ਛੇਤੀ ਦੌੜ ਗਈ।

ਓਹ ਖਾਣੇ ਵਾਲੇ ਕਮਰੇ ਵਿੱਚ ਆਇਆ। ਬੜੀਆਂ ਸੋਹਣੀਆਂ ਪੋਸ਼ਾਕਾਂ ਵਿੱਚ ਓਹਦੀਆਂ ਫੁਫੀਆਂ, ਉਨ੍ਹਾਂ ਦੇ ਘਰ ਦਾ ਡਾਕਟਰ, ਤੇ ਉਨ੍ਹਾਂ ਦੇ ਗਵਾਂਢੀ ਸਭ ਅੱਗੇ ਆ ਚੁਕੇ ਸਨ। ਸਭ ਕੋਈ ਸਹਿਜ ਸਧਾਰਨ ਹਾਲਤ ਵਿੱਚ ਬੈਠੇ ਸਨ, ਪਰ ਨਿਖਲੀਊਧਵ ਦੇ ਅੰਦਰ ਇਕ ਊਧਮ ਤੇ ਤੂਫਾਨ ਮਚ ਰਿਹਾ ਸੀ। ਉਹਨੂੰ ਹੋ ਰਹੀਆਂ ਗੱਲਾਂ ਵਿੱਚ ਕਿਸੀ ਵਲ ਧਿਆਨ ਨਹੀਂ ਸੀ ਤੇ ਓਹਨੂੰ ਕੁਝ ਸਮਝ ਨਹੀਂ ਸੀ ਪੈ ਰਹੀ ਉਹ ਸੁਣ ਹੀ ਨਹੀਂ ਰਿਹਾ ਸੀ। ਤੇ ਜਦ ਕੋਈ ਗੱਲ ਓਹਨੂੰ ਪੁਛੀ ਜਾਂਦੀ ਸੀ, ਓਹ ਏਵੇਂ ਪਲਾਤਾ ਜੇਹਾ ਜਵਾਬ ਦੇ ਦਿੰਦਾ ਸੀ। ਓਹਦਾ ਧਿਆਨ ਕਾਤੂਸ਼ਾ ਵਿੱਚ ਉਡਿਆ ਹੋਇਆ ਸੀ। ਓਹਨੂੰ ਆਖਰੀ ਚੁੰਮੀ ਦੀ ਜਿਹੜੀ ਹੁਣੇ ਦੇ ਕੇ ਆਇਆ ਸੀ, ਇਕ ਸੁਨਸੁਨੀ ਜੇਹੀ ਹੋ ਰਹੀ ਸੀ। ਓਹ ਇਸ ਅੰਦਰਲੀ ਭੜਕਣ ਵਿੱਚ ਹੋਰ ਕਿਸੀ ਪਾਸੇ ਰੁਜੂ ਹੀ ਨਹੀਂ ਹੋ ਸੱਕਦਾ ਸੀ। ਜਦ ਉਹ ਖਾਣੇ ਦੇ ਕਮਰੇ ਵਿੱਚ ਆਈ ਤਦ ਬਿਨਾਂ ਅੱਖਾਂ ਉੱਪਰ ਚੱਕੇ ਦੇ ਓਹਨੂੰ ਓਹਦਾ ਆਵਣਾ ਪਤਾ ਲੱਗ ਗਇਆ ਸੀ, ਤੇ ਓਸ ਆਪਣੇ ਆਪ ਨੂੰ ਮਜਬੂਰ ਕੀਤਾ ਕਿ ਉੱਪਰ ਅੱਖ ਚੱਕ ਕੇ ਓਸ ਵਲ ਨ ਤੱਕੇ।

ਰੋਟੀ ਖਾਣ ਦੇ ਬਾਹਦ ਓਹ ਤੁਰਤ ਹੀ ਆਪਣੇ ਕਮਰੇ ਵਿੱਚ ਚਲਾ ਗਇਆ, ਤੇ ਬੜੇ ਚਿਰ ਤਕ ਕਮਰੇ ਵਿੱਚ ਹੀ ਉੱਪਰ ਤਲੇ ਬੜੇ ਜੋਸ਼ ਤੇ ਤਿਲਮਿਲੀ ਦੀ ਹਾਲਤ ਵਿੱਚ ਟਹਿਲਦਾ ਰਿਹਾ। ਜੋ ਵੀ ਨਿੱਕੀ ਮੋਟੀ ਆਵਾਜ਼ ਆਹਟ ਘਰ ਵਿਚ ਹੁੰਦੀ ਸੀ ਬੜੀ ਗੌਹ ਨਾਲ ਸੁਣਦਾ ਸੀ, ਤੇ ਉਮੈਦ ਕਰਦਾ ਸੀ, ਕਿ ਉਹਦੇ ਕਦਮਾਂ ਦੀ ਆਵਾਜ਼ ਓਹਨੂੰ ਹੁਣੇ ਆਵੇਗੀ। ਓਸ ਵੇਲੇ ਹੈਵਾਨ-ਇਨਸਾਨ ਨੇ ਨਾ ਸਿਰਫ ਆਪਣਾ ਉਸ ਵਿਚ ਬੈਠੇ ਸਿਰ ਉਪਰ ਚੁਕਿਆ ਹੋਇਆ ਸੀ ਬਲਕਿ ਓਹਦੇ ਅੰਦਰ ਦੇ ਰੂਹਾਨੀ ਬੰਦੇ ਨੂੰ ਜਿਹੜਾ ਉਹਦੇ ਪਹਿਲੇ ਆਵਣ ਵੇਲੇ ਤੇ ਅੱਜ ਸਵੇਰ ਵੇਲੇ ਵੀ ਜੀਂਦਾ ਸੀ, ਪੈਰਾਂ ਤਲੇ ਕੁਚਲ ਸੁਟਿਆ ਸੀ। ਓਹ ਖੌਫਨਾਕ ਹੈਵਾਨ ਓਸ ਵਿੱਚ ਪੂਰੀ ਤਰਾਂ ਤੇ ਸਭ ਥੀਂ ਉੱਚਾ ਹੁਕਮਰਾਨ ਸੀ।

ਭਾਵੇਂ ਸਾਰਾ ਦਿਨ ਓਹ ਓਹਦਾ ਪਿੱਛਾ ਕਰਦਾ ਰਹਿਆ, ਪਰ ਓਸਨੂੰ ਇਕੱਲਾ ਮਿਲਣ ਦਾ ਕੋਈ ਸਮਾਂ ਓਹਨੂੰ ਨ ਮਿਲਿਆ। ਓਹ ਅਗ਼ਲਬਨ ਓਸ ਥੀਂ ਪਰੇ ਰਹਿਨਾ ਚਾਹੁੰਦੀ ਸੀ, ਪਰ ਸ਼ਾਮਾਂ ਵੇਲੇ ਓਹਨੂੰ ਨਿਖਲੀਊਧਵ ਦੇ ਨਾਲ ਵਾਲੇ ਕਮਰੇ ਵਿਚ ਜਰੂਰੀ ਜਾਣਾ ਪੈ ਗਇਆ ਸੀ। ਡਾਕਟਰ ਨੂੰ ਕਹਿਆ ਗਇਆ ਸੀ ਕਿ ਉਹ ਰਾਤ ਠਹਿਰ ਜਾਏ ਤੇ ਉਸ ਲਈ ਬਿਸਤਰਾ ਕਰਨਾ ਸੀ। ਜਦ ਇਹਨੂੰ ਆਵਾਜ਼ ਆਈ ਕਿ ਉਹ ਓਸ ਅੰਦਰ ਵੜੀ ਹੈ, ਨਿਖਲੀਊਧਵ ਵੀ ਮਗਰ ਹੀ ਵੜ ਗਇਆ, ਪੱਬਾਂ ਭਾਰ ਸਾਹ ਵੀ ਬੰਦ ਕਰ ਕੇ ਓਹ ਇਉਂ ਬਿੱਲੀ ਵਾਂਗ ਅੰਦਰ ਗਇਆ ਜਿਵੇਂ ਕੋਈ ਜੁਰਮ ਕਰਨ ਜਾਂਦਾ ਹੈ।

ਓਸ ਵੇਲੇ ਉਹ ਸਿਰਹਾਣੇ ਨੂੰ ਨਵਾਂ ਉਛਾੜ ਚਾਹੜ ਰਹੀ ਸੀ, ਉਛਾੜ ਦੇ ਅੰਦਰ ਆਪਣੀਆਂ ਦੋਵੇਂ ਬਾਹਾਂ ਪਾ ਕੇ ਦੋਹਾਂ ਨੁਕਰਾਂ ਥੀਂ ਸਿੱਧਾ ਕਰ ਰਹੀ ਸੀ। ਇਹ ਕਰਦਿਆਂ ਹੀ ਉਸ ਵਲ ਮੁੜੀ ਤੇ ਮੁਸਕਰਾਈ। ਅੱਗੇ ਵਾਂਗ ਕਿਸੀ ਚਾ ਤੇ ਖੁਸ਼ੀ ਵਾਲੀ ਮੁਸਕੜੀ ਨਹੀਂ ਸੀ, ਇਹ ਮੰਦ ਜੇਹੀ ਹੱਸੀ ਇਕ ਤ੍ਰੇਹੀ ਡਰੀ, ਤੇ ਤਰਸ ਜੋਗ ਅਵੱਸਥਾ ਦੀ ਦਾਰਸ਼ਿਕ ਸੀ। ਉਹ ਮੁਸਕਰਾਹਟ ਸਾਫ ਕਹਿ ਰਹੀ ਸੀ ਕਿ ਜੋ ਕੁਛ ਵੀ ਉਹ ਕਰਨ ਲਈ ਆਇਆ ਹੈ ਉਹ ਪਾਪ ਹੈ। ਨਿਖਲੀਊਧਵ ਇਕ ਮਿੰਟ ਲਈ ਖੜਾ ਰਹਿਆ। ਹਾਲੇਂ ਵੀ ਆਪਣੇ ਮਨ ਨਾਲ ਲੜ ਕੇ ਉਹਦੀ ਜਿੱਤ ਦੀ ਸੰਭਾਵਨਾ ਹੋ ਸੱਕਦੀ ਸੀ। ਉਸ ਵੇਲੇ ਭੀ ਭਾਵੇਂ ਕਿੰਨੀ ਹੀ ਧੀਮੀ ਸੁਰ ਵਿੱਚ, ਉਹਦੇ ਉਸ ਨਾਲ ਸੁੱਚੇ ਦਿਵਯ ਪਿਆਰ ਦੀ ਆਵਾਜ਼ ਉਸਦੀ ਤੇ ਉਹਦੇ ਬੇਲੋਸ ਭਾਵਾਂ ਦੀ, ਤੇ ਉਹਦੀ ਜ਼ਿੰਦਗੀ ਦੀ ਸਫਾਰਸ਼ ਕਰ ਰਹੀ ਸੀ, ਤੇ ਇਕ ਹੋਰ ਆਵਾਜ਼ ਕਹਿ ਰਹੀ ਸੀ, "ਦੇਖੀਂ ਆਪਣੇ ਮਜ਼ੇ ਦਾ ਵੇਲਾ ਖੁੰਝਾ ਨ ਦੇਵੀਂ, ਜੀ ਆਪਣੀ ਆਈ ਭੋਗ ਬਿਲਾਸ ਦੀ ਘੜੀ ਵੰਝਾ ਨ ਦੇਵੀਂ" ਤੇ ਇਸ ਦੂਜੀ ਆਵਾਜ਼ ਨੇ ਪਹਿਲੀ ਆਵਾਜ਼ ਨੂੰ ਉੱਕਾ ਘੁਟ ਕੇ ਮਾਰ ਦਿੱਤਾ, ਕਰੜਾ ਦਿਲ ਕਰਕੇ ਉਸ ਵੱਲ ਵਧਿਆ ਤੇ ਉਸ ਵੇਲੇ ਇਕ ਹੌਲਨਾਕ ਤੇ ਬੇਮੁਹਾਰਾ ਇਕ ਕਾਮ ਦਾ ਬੁੱਲ੍ਹਾ ਉਹਨੂੰ ਚੜ੍ਹ ਗਇਆ।

ਆਪਣੀ ਬਾਂਹ ਉਹਦੀ ਕਮਰ ਵਿੱਚ ਪਾ ਕੇ ਉਸਨੇ ਉਹਨੂੰ ਬਿਠਾ ਲਇਆ।

"ਦਮਿਤ੍ਰੀ ਈਵਾਨਿਚ! ਰੱਬ ਵਾਸਤੇ, ਮਿਹਰਬਾਨੀ ਕਰਕੇ ਮੈਨੂੰ ਜਾਣ ਦੇ", ਉਸ ਨੇ ਇਕ ਬੜੀ ਦਰਦ ਭਰੀ ਤਰਸ ਕਰਨ ਜੋਗ ਆਵਾਜ਼ ਵਿੱਚ ਕਹਿਆ "ਉਹ! ਮੈਤਰੀਨਾ ਪਾਵਲੋਨਾ ਆ ਰਹੀ ਉ!" ਉਹ ਚੀਕੀ ਤੇ ਆਪਣੇ ਆਪ ਨੂੰ ਇਕ ਤਰਾਂ ਚੀਕ ਕੇ ਪਰੇ ਕਰ ਲਇਆ। ਦਰਵਾਜੇ ਵਲ ਕੋਈ ਨ ਕੋਈ ਜਰੂਰ ਆ ਵੀ ਰਹਿਆ ਸੀ।

"ਅੱਛਾ—ਤਾਂ ਮੈਂ ਫਿਰ ਤੇਰੇ ਪਾਸ ਰਾਤੀਂ ਆਵਾਂਗਾ," ਉਸ ਨੇ ਉਹਦੇ ਕੰਨ ਵਿੱਚ ਗੋਸ਼ਾ ਕੀਤਾ, "ਤੂੰ ਜਰੂਰ ਕੱਲੀ ਮਿਲੀਂ।"

"ਤੂੰ ਕੀ ਚਿਤਵ ਰਹਿਆ ਹੈਂ? ਕਦਾਚਿਤ ਇਹ ਗੱਲ ਨਹੀਂ ਹੋ ਸਕੇਗੀ, ਨਹੀਂ; ਨਹੀਂ," ਉਸ ਅੱਗੋਂ ਕਹਿਆ ਪਰ ਬੋਲ ਕੇ ਨਹੀਂ ਸਿਰਫ਼ ਆਪਣੇ ਹੋਠਾਂ ਨਾਲ; ਪਰ ਹਾਏ, ਜਿਹੜੀ ਕੰਬਣੀ ਉਹਦੇ ਸਾਰੇ ਸਰੀਰ ਨੂੰ ਲੱਗੀ ਹੋਈ ਸੀ ਉਹ ਕੁਛ ਹੋਰ ਹੀ ਕਹਿ ਰਹੀ ਸੀ।

ਠੀਕ ਮੈਤਰੀਨਾ ਪਾਵਲੋਵਨਾ ਹੀ ਸੀ ਜਿਹੜੀ ਬੂਹੇ ਵਲ ਆ ਰਹੀ ਸੀ, ਉਸ ਨੇ ਆਪਣੇ ਮੋਢੇ ਤੇ ਇਕ ਕੰਬਲ ਸੁਟਿਆ ਹੋਇਆ ਸੀ, ਤੇ ਖੜੀ ਖੜੀ ਨੇ ਨਿਖਲੀਊਧਵ ਵਲ ਘੂਰ ਕੇ ਖਫ਼ਗੀ ਨਾਲ ਤੱਕਿਆ ਤੇ ਕਾਤੂਸ਼ਾ ਨੂੰ ਝਾੜ ਪਾਣੀ ਸ਼ੁਰੂ ਕਰ ਦਿੱਤੀ ਕਿ ਹੋਰ ਦਾ ਹੋਰ ਕੰਬਲ ਕਿਉਂ ਲੈ ਆਈ ਹੈਂ।

ਨਿਖਲੀਊਧਵ ਚੁਪ ਕਰਕੇ ਓਥੋਂ ਨਿਕਲ ਗਇਆ ਪਰ ਓਹਨੂੰ ਆਪਣੇ ਗਲਵਾਣ ਵਿੱਚ ਮੂੰਹ ਪਾਕੇ ਸ਼ਰਮ ਤਕ ਨ ਆਈ। ਓਹ ਮੈਤਰੀਨਾ ਪਾਵਲੋਵਨਾ ਦੇ ਮੁਹਾਂਦਰੇ ਥੀਂ ਹੀ ਤਾੜ ਗਇਆ ਸੀ ਕਿ ਉਹ ਓਹਨੂੰ ਦੋਸੀ ਠਹਿਰਾ ਰਹੀ ਹੈ ਤੇ ਵਿੱਚੋਂ ਓਹ ਜਾਣਦਾ ਸੀ ਓਹ ਸੱਚੀ ਹੈ, ਨਾਲੇ ਉਹ ਆਪ ਅੰਦਰ ਮਹਿਸੂਸ ਕਰ ਰਹਿਆ ਸੀ ਕਿ ਓਹ ਪਾਪ ਕਰਨ ਤੇ ਤੁਲਿਆ ਹੋਇਆ ਹੈ। ਪਰ ਇਹ ਨਿਰਾਲੀ ਜੇਹੀ ਨਵੀਂ ਨੀਚਤਾ ਤੇ ਓਹਦੀ ਪਾਗਲ ਕਰ ਦੇਣ ਵਾਲੀ ਕਾਮਾਤੁਰਤਾ ਕਾਤੁਸ਼ਾ ਲਈ ਉਹਦੇ ਪਹਿਲੇ ਦੇਵੀ ਪਿਆਰ ਨੂੰ ਪਰੇ ਵਗਾਹ ਕੇ ਸੁਟ ਚੁਕੀ ਸੀ, ਤੇ ਉਸ ਪਿਆਰ ਦੀ ਥਾਂ ਇਹ ਨੀਚਤਾ ਆਪ ਪ੍ਰਧਾਨ ਬਣੀ ਬੈਠੀ ਸੀ, ਸਿਰਫ ਇਹੋ ਹੀ ਪੇਚ ਤਾਣਾ ਕਰ ਰਹੀ ਸੀ ਕਿ ਆਪਣੀ ਖ਼ਾਹਸ਼ ਪੂਰੀ ਕਰਨ ਦਾ ਮੌਕਾ ਕਿੰਝ ਮਿਲ ਸਕੇ।

ਸਾਰੀ ਸ਼ਾਮ ਉਹ ਇਉਂ ਫਿਰਦਾ ਫਿਰਿਆ ਜਿਵੇਂ ਕੋਈ ਪਾਗਲ ਹੋ ਗਇਆ ਹੁੰਦਾ ਹੈ, ਕਦੀ ਆਪਣੀ ਫੁੱਫੀ ਦੇ ਕਮਰੇ ਵਿੱਚ ਮੁੜ ਆਪਣੇ ਵਿੱਚ, ਫਿਰ ਪੋਰਚ ਵਿਚ ਬਾਹਰ, ਬਸ ਇੱਕੋ ਧੁਨ ਵਿੱਚ ਕਿ ਕਿਸ ਵੇਲੇ ਇਕੱਲੀ ਉਹ ਉਹਨੂੰ ਮਿਲ ਪਵੇ, ਪਰ ਓਹ ਉਹਦੇ ਲਾਗੇ ਹੀ ਨਹੀਂ ਸੀ ਆਉਂਦੀ, ਤੇ ਮੈਤਰੀਨਾ ਪਾਵਲੋਵਨਾ ਵੀ ਤਾੜ ਗਈ ਸੀ, ਓਹ ਵੀ ਓਹਦੀ ਰਾਖੀ ਕਰਨ ਲੱਗ ਪਈ ਸੀ।

ਮੋਇਆਂ ਦੀ ਜਾਗ-ਕਾਂਡ ੧੭. : ਲਿਉ ਤਾਲਸਤਾਏ

ਤੇ ਸ਼ਾਮਾ ਲੰਘ ਗਈਆਂ, ਰਾਤ ਪੈ ਗਈ, ਡਾਕਟਰ ਆਪਣੇ ਬਿਸਤਰੇ ਤੇ ਜਾਕੇ ਸੈਂ ਰਿਹਾ। ਨਿਖਲੀਊਧਵ ਦੀਆਂ ਫੁਫੀਆਂ ਵੀ ਬੂਹੇ ਬੰਦ ਕਰਕੇ ਪੈ ਗਈਆਂ। ਇਹਨੂੰ ਪਤਾ ਹੋ ਗਇਆ ਕਿ ਮੈਤਰੀਨਾ ਪਾਵਲੋਵਨਾ ਵੀ ਉਹਨਾਂ ਨਾਲ ਉਨ੍ਹਾਂ ਦੇ ਕਮਰੇ ਵਿੱਚ ਸੀ। ਇਉਂ ਸੇਧ ਓਸ ਲਾ ਲਈ ਸੀ ਕਿ ਕਾਤੂਸ਼ਾ ਨੌਕਰਾਣੀ ਦੇ ਬਹਿਣ ਵਾਲੇ ਕਮਰੇ ਵਿੱਚ ਬਿਲਕੁਲ ਇਕੱਲੀ ਹੋਣੀ ਹੈ।

ਓਹ ਫਿਰ ਪੋਰਚ ਨੂੰ ਬਾਹਰ ਵਗ ਗਇਆ, ਹਨੇਰਾ ਘੁੱਪ ਸੀ, ਗਿੱਲਾ ਗਿੱਲਾ ਸੀ ਤੇ ਕੁਛ ਗਰਮਾਇਸ਼ ਦਾ ਪ੍ਰਭਾਵ ਸੀ, ਤੇ ਹਵਾ ਓਸ ਚਿੱਟੀ ਬਸੰਤ ਰੁਤ ਦੀ ਧੁੰਧ ਨਾਲ ਭਰੀ ਪਈ ਹੋਈ ਸੀ, ਜਿਹੜੀ ਧੁੰਧ ਚਾਹੇ ਬਰਫ ਨੂੰ ਆਣ ਆਖਰੀ ਪਿਘਲਾਵਾ ਦਿੰਦੀ ਹੈ ਯਾ ਆਖਰੀ ਬਰਫ ਦੇ ਕੜਕਣ ਕਰਕੇ ਉੱਠਦੀ ਹੈ। ਪਹਾੜੀ ਦੇ ਹੇਠ ਦਰਯਾ ਵੱਲੋਂ ਬਾਹਰਲੇ ਦਰਵਾਜੇ ਥੀਂ ਕੋਈ ੧੦੦ ਕਦਮ ਦੇ ਫਾਸਲੇ ਥੀਂ ਇਕ ਅਣੋਖੀ ਆਵਾਜ਼ ਆ ਰਹੀ ਸੀ। ਇਹ ਯਖ਼ ਦੇ ਟੁੱਟਣ ਦੀ ਆਵਾਜ਼ ਸੀ। ਨਿਖਲੀਊਧਵ ਪੌੜੀਆਂ ਥੀਂ ਲਹਿ ਕੇ ਹੇਠਾਂ ਗਇਆ ਤੇ ਚਿੱਕੜ ਵਾਲੀਆਂ ਥਾਵਾਂ ਵਿੱਚ ਦੀ ਕੋਰੇ ਨਾਲ ਚਮਕ ਦਮਕ ਕਰਦੀ ਬਰਫ਼ ਦੇ ਥਾਂ ਥਾਂ ਪਏ ਬਾਕੀ ਟੁਕੜਿਆਂ ਉੱਪਰ ਪੈਰ ਧਰ ਕੇ ਨੌਕਰਾਨੀ ਦੇ ਕਮਰੇ ਦੀ ਬਾਰੀ ਤਕ ਪਹੁਤਾ। ਓਹਦਾ ਦਿਲ ਓਹਦੀ ਛਾਤੀ ਵਿੱਚ ਇੰਨੇ ਜੋਰ ਨਾਲ ਧੜਕ ਰਹਿਆ ਸੀ ਕਿ ਓਹਦੀ ਆਵਾਜ਼ ਓਸ ਨੂੰ ਆਪ ਨੂੰ ਵਜਦੀ ਸੁਣਾਈ ਦੇ ਰਹੀ ਸੀ, ਸਾਹੋ ਸਾਹ ਹੋਇਆ ਹੋਇਆ ਸੀ, ਤੇ ਲੰਮੇ ਠੰਢੇ ਸਾਹ ਭਰ ਰਹਿਆ ਸੀ। ਨੌਕਰਾਨੀ ਦੇ ਕਮਰੇ ਵਿੱਚ ਦੀਵਾ ਜਗ ਰਹਿਆ ਸੀ ਤੇ ਕਾਤੂਸ਼ਾ ਡੂੰਘੀਆਂ ਸੋਚਾਂ ਵਿੱਚ ਪਈ ਆਪਣੇ ਸਾਹਮਣੇ ਏਵੇਂ ਸੱਖਣੀ ਦੇਖ ਰਹੀ ਸੀ। ਨਿਖਲੀਊਧਵ ਬੜਾ ਚਿਰ ਚੁੱਪ ਵੱਟੀ ਬਿਨਾ ਹਿੱਲਨ ਜੁੱਲਨ ਦੇ ਖਲੋਤਾ ਰਹਿਆ ਕਿ ਉਹ ਇਹਨੂੰ, ਜਦ ਓਹ ਇਹਨੂੰ ਨਹੀਂ ਸੀ ਵੇਖ ਰਹੀ, ਦੇਖਦਾ ਰਵ੍ਹੇ ਕਿ ਇਕੱਲੀ ਬੈਠੀ ਕੀ ਕਰੇਗੀ। ਇਕ ਦੋ ਮਿੰਟਾਂ ਲਈ ਓਹ ਉਸੀ ਤਰਾ ਬੈਠੀ ਰਹੀ, ਫਿਰ ਓਸ ਆਪਣੀਆਂ ਅੱਖਾਂ ਉੱਪਰ ਵਲ ਕੀਤੀਆਂ, ਕੁਛ ਮੁਸਕਰਾਈ ਤੇ ਫਿਰ ਓਸ ਆਪਣਾ ਸਿਰ ਇੰਝ ਅਜੀਬ ਤਰਜ਼ ਨਾਲ ਹਿਲਾਇਆ ਜਿਵੇਂ ਉਹ ਆਪਣੇ ਆਪ ਨੂੰ ਕਿਸੀ ਆਏ ਖ਼ਿਆਲ ਲਈ ਕੋਸ ਰਹੀ ਹੁੰਦੀ ਹੈ। ਫਿਰ ਆਪਣਾ ਪਾਸਾ ਪਰਤਾਇਆ ਤੇ ਦੋਵੇਂ ਬਾਹਾਂ ਲੰਮੀਆਂ ਮੇਜ਼ ਤੇ ਸੁਟ ਕੇ ਮੁੜ ਉਸੀ ਤਰਾਂ ਆਪਣੇ ਸਾਹਮਣੇ ਦੇਖਣ ਲੱਗ ਪਈ। ਓਹ ਖੜੋਤਾ ਰਹਿਆ ਤੇ ਉਸ ਵਲ ਤੱਕਦਾ ਰਹਿਆ ਤੇ ਇੰਨੀ ਚੁਪ ਸੀ ਕਿ ਬਸ ਅਣਵਰਜੀਆਂ, ਆਪਮੁਹਾਰੀਆਂ ਦੋ ਆਵਾਜ਼ਾਂ ਓਹਦੀ ਕੰਨੀ ਪੈ ਰਹੀਆਂ ਸਨ, ਇਕ ਤਾਂ ਓਹਦੇ ਆਪਣੇ ਦਿਲ ਦੇ ਧਕ ਧਕ ਵੱਜਣ ਦੀ ਆਵਾਜ਼ ਤੇ ਇਕ ਨਦੀ ਦੇ ਅਨੋਖੇ ਜੇਹੇ ਸੋਹਿਲੇ। ਓਸ ਛਾਈ ਧੁੰਧ ਦੇ ਹੇਠ ਚਲਦੀ ਨਦੀ ਦੀ ਸਿਤਹ ਦੇ ਉੱਪਰ ਯਖ਼ ਤੋੜਨ ਦੀ ਲਗਾਤਾਰ ਮਜੂਰੀ ਹੋ ਰਹੀ ਸੀ, ਤੇ ਕਿਸੀ ਦੇ ਪਾਸ਼ ਪਾਸ਼ ਹੋਣ—ਗਿਰਨ, ਟੁੱਟਣ ਤੇ ਨਾਲੇ ਕਿਸੀ ਦੇ ਰੋ ਰੋ ਸਾਹ ਭਰਨ, ਡੁਸਕਣ ਦੀਆਂ ਆਵਾਜ਼ਾਂ, ਯਖ਼ ਦੀਆਂ ਪਤਲੀਆਂ ਪਤਲੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ ਦੀ, ਸ਼ੀਸ਼ੇ ਦੀਆਂ ਟੁਕੜਿਆਂ ਵਾਂਗ, ਆਪਸ ਵਿੱਚ ਇਕ ਦੂਜੇ ਨਾਲ ਲਗ ਲਗ ਕੇ ਵੱਜਣ ਦੀ ਟਨ ਟਿਨ ਨਾਲ ਮਿਲਵੀਆਂ ਮਿਲਵੀਆਂ ਆ ਰਹੀਆਂ ਸਨ।

ਓਹ ਉਥੇ ਹੀ ਖੜਾ ਸੀ ਤੇ ਕਾਤੂਸ਼ਾ ਦੇ ਪੀੜਤ ਤੇ ਸੰਜੀਦਾ ਮੂੰਹ ਵਲ ਦੇਖ ਰਹਿਆਂ ਸੀ ਓਹਦੇ ਚਿਹਰੇ ਥੀਂ ਓਹਦੀ ਅੰਦਰਲੀ ਲੱਗੀ ਕਸ਼ਮਕੱਸ਼ ਦਾ ਪਤਾ ਪਇਆ ਲੱਗਦਾ ਸੀ। ਓਹਨੂੰ ਉਸ ਉੱਪਰ ਤਰਸ ਵੀ ਆਉਂਦਾ ਸੀ ਪਰ ਭਾਵੇਂ ਕਿੰਨਾ ਅਜੀਬ ਲਗੇ ਇਹ ਤਰਸ ਵੀ ਉਹਦੇ ਕਾਮ ਦੀ ਅੱਗ ਨੂੰ ਤੇਜ਼ ਕਰਦਾ ਸੀ। ਕਾਮ ਨੇ ਉਸ ਉੱਪਰ ਉੱਕਾ ਕਾਬੂ ਪਾ ਲਇਆ ਸੀ।

ਓਸ ਖਿੜਕੀ ਖਟਖਟਾਈ। ਇੰਝ ਹੋਇਆ ਜਿਵੇਂ ਉਹਨੂੰ ਇਕ ਬਿਜਲੀ ਦਾ ਸ਼ਾਕ ਹੋਇਆ ਹੈ। ਉਹਦਾ ਸਾਰਾ ਜਿਸਮ ਕੰਬ ਗਇਆ ਤੇ ਉਹਦੇ ਮੂੰਹ ਤੇ ਭਿਆਨਕ ਡਰ ਦੀ ਹਾਲਤ ਛਾ ਗਈ। ਫਿਰ ਓਹ ਕੁੱਦ ਕੇ ਉੱਠੀ, ਖਿੜਕੀ ਵਲ ਗਈ, ਤੇ ਆਪਣਾ ਮੂੰਹ ਉਸ ਖਿੜਕੀ ਦੇ ਸ਼ੀਸ਼ਿਆਂ ਨਾਲ ਲਾ ਦਿੱਤਾ, ਤੇ ਜਦ ਆਪਣੇ ਦੋਵੇਂ ਹੱਥ ਪਰਦਿਆਂ ਵਾਂਗ ਆਪਣੀ ਅੱਖਾਂ ਦੇ ਦੋਹਾਂ ਪਾਸਿਆਂ ਤੇ ਧਰ ਕੇ ਬਾਰੀ ਦੇ ਸ਼ੀਸ਼ਿਆਂ ਵਿੱਚੋਂ ਵੇਖਿਆ ਤਦ ਉਸਨੂੰ ਵੇਖ ਵੀ ਲਇਆ। ਤਦ ਵੀ ਓਹਦੀ ਭੈਭੀਤ ਦਸ਼ਾ ਵਿੱਚ ਕੋਈ ਫਰਕ ਨਹੀਂ ਸੀ ਪਇਆ। ਓਹਦਾ ਚਿਹਰਾ ਗੈਰ ਮਾਮੂਲੀ ਤਰਾਂ ਓਪਰਾ ਤੇ ਸੋਚਾਂ ਵਿੱਚ ਗ੍ਰਸਿਆ ਹੋਇਆ ਸੀ। ਨਿਖਲੀਊਧਵ ਨੇ ਇਹ ਚਿਹਰਾ ਅੱਗੇ ਕਦੀ ਨਹੀਂ ਸੀ ਵੇਖਿਆ, ਜਦ ਉਹ ਮੁਸਕਰਾਇਆ ਤਦ ਇਹ ਵੀ ਮੁਸਕਰਾਈ, ਪਰ ਓਹ ਤਾਂ ਓਹਦੇ ਸਹਿਮ ਵਿੱਚ ਹਸ ਪਈ ਸੀ। ਓਹਦੇ ਰੂਹ ਵਿੱਚ ਕੋਈ ਹੱਸੀ ਨਹੀਂ ਸੀ ਸਿਰਫ ਭੈ ਸੀ। ਓਸ ਹੱਥ ਦਾ ਇਸ਼ਾਰਾ ਕਰਕੇ ਓਹਨੂੰ ਬਾਹਰ ਆਪਣੇ ਵਲ ਆਣ ਨੂੰ ਕਹਿਆ ਪਰ ਓਸ ਸਿਰ ਮਾਰਿਆ—ਨਹੀਂ, ਤੇ ਬਾਰੀ ਵਿੱਚ ਹੀ ਖੜੀ ਰਹੀ। ਨਿਖਲੀਊਧਵ ਨੇ ਆਪਣਾ ਮੂੰਹ ਬਾਹਰੋਂ ਸ਼ੀਸ਼ੇ ਨਾਲ ਲਾਇਆ, ਤੇ ਉਹਨੂੰ ਆਵਾਜ਼ ਮਾਰਨ ਹੀ ਲੱਗਾ ਸੀ ਕਿ ਓਸ ਵੇਲੇ ਓਹ ਬੂਹੇ ਵਲ ਮੁੜੀ। ਸਾਫ ਸੀ ਕਿ ਓਹਨੂੰ ਅੰਦਰੋਂ ਕੋਈ ਬੁਲਾਈ ਹੋਈ ਸੀ, ਨਿਖਲੀਊਧਵ ਵੀ ਬਾਰੀ ਥੀਂ ਪਰੇ ਹਟ ਗਇਆ। ਧੁੰਧ ਇੰਨੀ ਗਾਹੜੀ ਸੀ ਕਿ ਘਰ ਥੀਂ ਪੰਜ ਕਦਮਾਂ ਉੱਪਰ ਕੁਛ ਨਹੀਂ ਸੀ ਦਿਖਦਾ, ਪਰ ਦੀਵੇ ਦੀ ਰੋਸ਼ਨੀ ਓਸ ਕਾਲੇ ਅਸ਼ੱਕਲ ਹਨੇਰੇ ਦੇ ਪਏ ਬਦਲ ਵਿੱਚ ਦੀ ਲਾਲ ਤੇ ਵੱਡੇ ਆਕਾਰ ਵਾਲੀ ਹੋ ਚਮਕ ਰਹੀ ਸੀ। ਨਦੀ ਥੀਂ ਓਹੋ ਅਨੋਖੀਆਂ ਆਵਾਜ਼ਾਂ ਆ ਰਹੀਆਂ ਸਨ, ਰੋ ਰੋ ਕੇ ਜਿਵੇਂ ਕੋਈ ਡੁਸਕਦਾ ਹੋਵੇ, ਖੜ ਖੜ, ਤੇੜਾਂ ਪੈਣ ਦੇ ਕੜਾਕੇ ਤੇ ਬਰਫ ਦਿਆਂ ਟੁਕੜਿਆਂ ਦੀ ਟਿਨ ਟਿਨ। ਧੁੰਧ ਵਿੱਚ ਦੂਰ ਪਰੇ ਕਿਸੀ ਕੁੱਕੜ ਨੇ ਬਾਂਗ ਦਿੱਤੀ, ਤੇ ਇਕ ਹੋਰ ਕਿਧਰੇ ਪਰੇ ਓਹਦੇ ਜਵਾਬ ਵਿੱਚ ਬੋਲਿਆ। ਤੇ ਫਿਰ ਹੋਰ ਕਈਆਂ ਕੁੱਕੜਾਂ ਨੇ ਗੁਰਾਂ ਦੇ ਪਰੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਈ ਇਕ ਬਾਂਗਾਂ ਦੀ ਆਵਾਜ਼ ਰਲ ਗਈ ਜਦ ਕਿ ਸਵਾਏ ਉਸ ਨਦੀ ਦੀਆਂ ਅਨੋਖੀਆਂ ਆਵਾਜ਼ਾਂ ਦੇ ਘਣੀ ਚੁਪ ਸੀ। ਓਸ ਰਾਤੀਂ ਇਹ ਦੂਜੀ ਵਾਰ ਸੀ ਕਿ ਕੁੱਕੜਾਂ ਬਾਂਗਾਂ ਦਿੱਤੀਆਂ ਸਨ।

ਘਰ ਦੀ ਨੁੱਕਰ ਦੇ ਪਿੱਛੇ ਨਿਖਲੀਊਧਵ ਟਹਿਲ ਰਹਿਆ ਸੀ। ਇਕ ਦੋ ਵੇਰੀ ਉਹਦਾ ਪੈਰ ਚਿੱਕੜ ਵਿੱਚ ਵੀ ਪੈ ਗਇਆ ਸੀ। ਫਿਰ ਉਹ ਉਸ ਖਿੜਕੀ ਵਲ ਆਇਆ, ਦੀਵਾ ਹਾਲੇ ਵੀ ਬਲ ਰਹਿਆ ਸੀ, ਤੇ ਉਹ ਫਿਰ ਮੇਜ਼ ਉੱਪਰ ਇਉਂ ਬੈਠੀ ਸੀ ਜਿਵੇਂ ਉਸ ਨੂੰ ਪਤਾ ਨਹੀਂ ਪਇਆ ਲੱਗਦਾ ਕਿ ਕੀ ਕਰੇ। ਉਹ ਮਸੇਂ ਖਿੜਕੀ ਤਕ ਅੱਪੜਿਆ ਹੀ ਸੀ ਕਿ ਉਸ ਉੱਪਰ ਤੱਕਿਆ। ਇਸ ਨੇ ਬਾਰੀ ਨੂੰ ਆਪਣੀ ਇਕ ਉਂਗਲੀ ਨਾਲ ਖਟ ਖਟਾਇਆ। ਬਿਨਾ ਇਹ ਜਾਚ ਕੀਤੇ ਦੇ ਕਿਸ ਖਿੜਕੀ ਖੱਟ ਖਟਾਈ ਹੈ ਉਹ ਓਸੇ ਵੇਲੇ ਕਮਰੇ ਵਿਚੋਂ ਬਾਹਰ ਨੂੰ ਦੌੜੀ, ਤੇ ਓਸ ਨੇ ਬਾਹਰਲੇ ਦਰਵਾਜੇ ਦੀ ਧੱਮ ਦੇ ਕੇ ਖੁਲ੍ਹਣ ਦੀ ਆਵਾਜ਼ ਸੁਣੀ। ਓਹ ਪਾਸੇ ਦੇ ਪੋਰਚ ਕੋਲ ਖੜਾ ਉਹਦੀ ਉਡੀਕ ਕਰ ਰਹਿਆ ਸੀ, ਜਿਉਂ ਓਹ ਆਈ ਓਸ ਨੇ ਬਿਨਾਂ ਕਿਸੇ ਗੱਲ ਬਾਤ ਕਰਨ ਦੇ ਓਹਨੂੰ ਆਪਣੀਆਂ ਬਾਹਾਂ ਵਿੱਚ ਇਕੱਠਾ ਕਰ ਲਇਆ। ਉਹ ਪਾਸੇ ਦੇ ਪੋਰਚ ਦੀ ਇਕ ਨੁੱਕਰ ਦੇ ਪਿੱਛੇ ਖੜੇ ਸਨ, ਉਸ ਥਾਂ ਥੀਂ ਸਾਰੀ ਬਰਫ ਗਲ ਚੁੱਕੀ ਸੀ, ਤੇ ਉਹਦਾ ਸਾਰਾ ਅੰਦਰ ਇਕ ਨ ਪੂਰੀ ਹੋਈ ਤੀਬਰ ਭੋਗ ਦੀ ਤੰਗ ਕਰਨ ਵਾਲੀ ਖਾਹਸ਼ ਨਾਲ ਭਰਿਆ ਪਇਆ ਸੀ। ਇੰਨੇ ਨੂੰ ਦਰਵਾਜਾ ਫਿਰ ਧੈਂ ਦੇ ਖੁੱਲ੍ਹਾ ਤੇ ਮੈਤਰੀਨਾ ਪਾਵ-ਪਾਵਲੋਵਨਾ ਦੀ ਆਵਾਜ਼ ਆਈ ਜਿਹੜੀ ਗੁੱਸੇ ਨਾਲ ਬੁਲਾ ਰਹੀ ਸੀ, "ਕਾਤੂਸ਼ਾ!"

ਓਹ ਆਪਣੇ ਆਪ ਨੂੰ ਮੁੜ ਉਹਦੀ ਜੱਫੀ ਥੀਂ ਚੀਰ ਕੇ ਨੌਕਰਾਨੀ ਦੇ ਕਮਰੇ ਵਿੱਚ ਚਲੀ ਗਈ, ਇਸ ਨੇ ਅੰਦਰ ਦੀ ਚਿਟਕਣੀ ਦੇ ਵੱਜਣ ਦੀ ਆਵਾਜ਼ ਸੁਣੀ ਤੇ ਫਿਰ ਸਭ ਤਰਫ ਚੁਪ ਹੋ ਗਈ, ਨਾਲੇ ਦੀਵੇ ਦੀ ਰੋਸ਼ਨੀ ਵੀ ਹਿੱਸ ਗਈ, ਸਿਰਫ ਧੁੰਧ ਰਹੀ ਤੇ ਨਦੀ ਦਾ ਸ਼ੋਰ ਰਹਿਆ। ਨਿਖਲੀਊਧਵ ਮੁੜ ਬਾਰੀ ਤੇ ਪਹੁਤਾ, ਕੋਈ ਨਦਰੀ ਨ ਆਇਆ, ਓਸ ਖੱਟ ਖਟਾਈ ਵੀ ਪਰ ਕਿਸੀ ਅੱਗੋਂ ਉੱਤਰ ਨੇ ਦਿੱਤਾ।

ਮੋਹਰਲੇ ਦਰਵਾਜੇ ਥੀਂ ਮੁੜ ਓਹ ਘਰ ਦੇ ਅੰਦਰ ਚਲਾ ਗਇਆ, ਪਰ ਉਹ ਸੈਂ ਨ ਸੱਕਿਆ। ਫਿਰ ਉਠਿਆ ਤੇ ਨੰਗੇ ਪੈਰ ਲਾਂਘੇ ਨਾਲ ਨਾਲ ਉਹਦ ਕਮਰੇ ਦੇ ਬੂਹੇ ਉੱਪਰ ਪਹੁਤਾ, ਮੈਤਰੀਨਾ ਪਾਵਲੋਵਨਾ ਦੇ ਨਾਲ ਦਾ ਕਮਰਾ ਕਾਤੂਸ਼ਾ ਦਾ ਸੀ। ਓਸ ਕੰਨ ਲਾਕੇ ਸੁਣਿਆ ਕਿ ਮੈਤਰੀਨਾ ਪਾਵਲੋਵਨਾ ਘੁਰਾੜੇ ਮਾਰ ਰਹੀ ਹੈ। ਚੁਪ ਸੁੱਤੀ ਮੋਈ ਪਈ ਸੀ। ਤੇ ਇਹ ਅੱਗੇ ਲੰਘਣ ਨੂੰ ਸੀ ਹੀ ਕਿ ਓਹ ਖੰਘੀ ਤੇ ਕਾੜ ਕਾੜ ਕਰਦੀ ਮੰਜੀ ਉਪਰ ਓਸ ਪਾਸਾ ਵੀ ਪਰਤਿਆ। ਇਹ ਦਾ ਦਿਲ ਓਥੇ ਹੀ ਬਹਿ ਗਿਆ ਤੇ ਦੜ ਵੱਟ ਕੇ ਪੰਜਾਂ ਮਿੰਟਾਂ ਲਈ ਛਹਿ ਜੇਹੀ ਵਿੱਚ ਅਹਿਲ ਖਲੋ ਗਇਆ। ਜਦ ਫਿਰ ਸੁਨਸਾਨ ਹੋ ਗਈ ਤੇ ਉਹਦੇ ਘੁਰਾੜੇ ਮਾਰਨ ਦੀ ਆਵਾਜ਼ ਆਣ ਲੱਗ ਪਈ ਤੇ ਸ਼ਾਂਤੀ ਨਾਲ ਸੁਖੀ ਸੁੱਤੀ ਦਿੱਸੀ, ਓਹ ਅੱਗੇ ਵਧਿਆ ਪਰ ਇਉਂ ਪੱਬਾਂ ਭਾਰ ਗਇਆ ਕਿ ਲਕੜੀ ਤੇ ਤਖਤੇ ਓਹਦੇ ਪੈਰਾਂ ਹੇਠ ਚੀਕਣ ਨਾਂਹ, ਆਖਰ ਇਉਂ ਕਾਤੂਸ਼ਾ ਦੇ ਬੂਹੇ ਪਹੁਤਾ। ਕੋਈ, ਆਵਾਜ਼ ਨਹੀਂ ਸੀ ਆਉਂਦੀ। ਉਹ ਅਗਲਬਨ ਜਾਗਦੀ ਸੀ, ਨਹੀਂ ਤਾਂ ਉਹਦੇ ਸਵਾਸਾਂ ਦੀ ਆਵਾਜ਼ ਤਾਂ ਆਉਂਦੀ। ਏਵੇਂ ਗੋਸ਼ੇ ਜਿਹੇ ਦੀ ਦੱਬੀ ਆਵਾਜ਼ ਵਿੱਚ ਜਦ ਓਸ ਬੁਲਾਇਆ—"ਕਾਤੂਸ਼ਾ!") ਓਹ ਕੁਦ ਕੇ ਉੱਠੀ ਤੇ ਬੰਦ ਦਰਵਾਜੇ ਵਿੱਚ ਦੀ ਹੀ ਓਹਦੀਆਂ ਮਿੰਨਤਾਂ ਕਰਨ ਲੱਗ ਪਈ ਜਿਵੇਂ ਖਫ਼ਾ ਹੋ ਕੇਕਹਿ ਰਹੀ ਸੀ, ਕਿ ਰੱਬ ਦੇ ਵਾਸਤੇ ਮੁੜ ਜਾ। ਪਰੰਤੂ ਨਿਖਲੀਊਧਵ ਦਰਵਾਜ਼ਾ ਖੋਲ੍ਹਣ ਲਈ ਉਸਦੀਆਂ ਮਿੰਨਤਾਂ ਕਰਦਾ ਰਹਿਆ।

ਓਹ ਚੁੱਪ ਸੀ—ਫਿਰ ਇਸ ਨੂੰ ਉਹਦੇ ਹੱਥ ਦੀ ਅਮਲਕਣੇਂ ਚਿਟਕੜੀ ਉੱਪਰ ਜਾਣ ਦੀ ਆਵਾਜ਼ ਆਈ, ਚਿਟਕੜੀ ਕੜੱਕ ਹੋਈ ਤੇ ਓਹ ਕਮਰੇ ਅੰਦਰ ਵੜ ਗਇਆ।

ਮੋਇਆਂ ਦੀ ਜਾਗ-ਕਾਂਡ ੧੮. : ਲਿਉ ਤਾਲਸਤਾਏ

ਦੂਜੇ ਸਵੇਰੇ ਓਹ ਖੁਸ਼ ਰਹਿਣਾ, ਸੋਹਣਾ ਤੇ ਸ਼ੋਖ ਸ਼ੋਨਬੋਖ ਉਹਦਾ ਸਾਥੀ ਇੱਥੇ ਉਹਦੀਆਂ ਫੁੱਫੀਆਂ ਦੇ ਘਰ, ਨਿਖਲੀਊਧਵ ਨੂੰ ਆਣ ਮਿਲਿਆ ਤੇ ਆਪਣੇ ਮੰਝੇ ਹੋਏ ਮਿੱਠੇ ਸੁਭਾ, ਬੇਪਰਵਾਹ ਤਬੀਅਤ ਕਰਕੇ ਤੇ ਦਮਿਤਰੀ ਦੀ ਦੋਸਤੀ ਦੇ ਨਿੱਘ ਵਿੱਚ ਗੋਹਲਾ ਹੋਣ ਕਰਕੇ ਉਸ ਨੇ ਸਭ ਦੇ ਦਿਲ ਮੋਹ ਲੀਤੇ। ਭਾਵੇਂ ਓਹ ਬੁੱਢੀਆਂ ਉਹਦੀ ਦਰੀਆ ਦਿਲੀ ਦੀ ਸ਼ਲਾਘਾ ਕਰ ਰਹੀਆਂ ਸਨ ਤਾਂ ਵੀ ਸਭ ਨੂੰ ਇਉਂ ਜਾਪਦਾ ਸੀ ਜਿਵੇਂ ਓਹ ਆਪਣੇ ਇਸ ਗੁਣ ਨੂੰ ਵਿਖਾਣ ਲਈ ਕੁਛ ਵਧਾ ਕੇ ਹਰਕਤਾਂ ਕਰ ਰਹਿਆ ਸੀ। ਦਰਵਾਜ਼ੇ ਤੇ ਆਏ ਅੰਨ੍ਹੇ ਮੰਗਤਿਆਂ ਨੂੰ ਓਸ ਇਕ ਰੂਬਲ ਕੱਢ ਕੇ ਸੁੱਟ ਦਿੱਤਾ, ਨੌਕਰਾਂ ਨੂੰ ੧੫ ਰੂਬਲ ਬਖਸ਼ੀਸ਼ਾਂ ਹੀ ਦੇ ਦਿੱਤੇ। ਸੋਫੀਆ ਈਵਾਨੋਵਨਾ ਦੇ ਪਾਲਤੂ ਕੁੱਤੇ ਨੂੰ ਜਦ ਸੱਟ ਵੱਜੀ ਤੇ ਲਹੂ ਨਿਕਲਨ ਲੱਗ ਪਇਆ, ਇਸ ਆਪਣਾ ਹੱਥ ਨਾਲ ਕੱਢਿਆ ਰੋਮਾਲ (ਜਿਹਦੀ ਇਕ ਦਰਜਨ ਦਾ ਮੁੱਲ ਸੋਫੀਆ ਈਵਾਨੋਵਨਾ ਜਾਣਦੀ ਸੀ, ਘਟੋ ਘਟ ੧੫ ਰੂਬਲ ਸੀ) ਫਾੜ ਕੇ ਕੁੱਤੇ ਦੇ ਪੰਜੇ ਦੀ ਪੱਟੀ ਬਣਾ ਬੱਧੀ। ਇਨ੍ਹਾਂ ਪੁਰਾਣੀਆਂ ਸਵਾਣੀਆਂ ਇਸ ਕਿਸਮ ਦੇ ਲੋਕੀ ਕਦੀ ਨਹੀਂ ਸਨ ਵੇਖੇ ਤੇ ਉਨ੍ਹਾਂ ਨੂੰ ਇਹ ਖਬਰ ਨਹੀਂ ਸੀ ਕਿ ਸ਼ੋਨਬੋਖ ਨੇ ਦੋ ਲੱਖ ਰੂਬਲ ਕਰਜ਼ਾ ਦੇਣੇ ਹਨ ਜਿਹੜੇ ਓਹ ਕਦੀ ਆਪਣੇ ਕਰਜ਼ਖਾਹਾਂ ਨੂੰ ਨਹੀਂ ਸੀ ਮੋੜ ਕੇ ਦੇਣ ਲੱਗਾ, ਤੇ ਇਸ ਕਰਕੇ ੨੫ ਰੂਬਲ ਏਧਰ ਸੁੱਟੇ ਯਾ ਓਧਰ ਸੁੱਟੇ ਓਸ ਲਈ ਕੋਈ ਗੱਲ ਨਹੀਂ ਸੀ।

ਸ਼ੋਨਬੋਖ ਸਿਰਫ ਇਕ ਦਿਨ ਹੀ ਠਰਿਰਿਆ ਸੀ ਤੇ ਉਹਦੇ ਨਾਲ ਹੀ ਨਿਖਲੀਊਧਵ ਓਸੇ ਰਾਤੀਂ ਟੁਰ ਗਇਆ ਸੀ, ਇਹ ਦੋਵੇਂ ਆਪਣੀ ਰਜਮਿੰਟ ਥੀਂ ਹੋਰ ਜਿਆਦਾ ਗੈਰ ਹਾਜ਼ਰ ਨਹੀਂ ਸਨ ਰਹਿ ਸੱਕਦੇ, ਇਨ੍ਹਾਂ ਦੀ ਰਜਾ ਮੁਕ ਚੁੱਕੀ ਸੀ।

ਆਪਣੀਆਂ ਫੁੱਫੀਆਂ ਦੇ ਨਾਲ ਰਹਿਣ ਦੇ ਇਸ ਆਖੀਰਲੇ ਦਿਹਾੜੇ ਹਾਲੇਂ ਜਦ ਕਲ ਰਾਤ ਦੀ ਬੀਤੀ ਦੀ ਯਾਦ ਤਾਜ਼ੀ ਸੀ, ਨਿਖਲੀਊਧਵ ਦੇ ਅੰਦਰ ਦੋ ਖਲਬਲੀਆਂ ਮਚ ਰਹੀਆਂ ਸਨ: ਇਕ ਤਾਂ ਹੈਵਾਨੀ ਵਿਸ਼ੇ ਦੇ ਕਾਮਸੁਖ ਦਾ ਚੇਤਾ (ਹਾਲੇਂ ਓਹਦੀ ਤ੍ਰਿਸ਼ਨਾ ਭਰ ਕੇ ਪੂਰੀ ਨਹੀਂ ਸੀ ਹੋਈ) ਤੇ ਇਹ ਖਿਆਲ ਕਿ ਚਲੋ ਆਪਣੀ ਸੰਧਤ ਇਕ ਵਾਰੀ ਤਾਂ ਪੂਰੀ ਕਰ ਹੀ ਲਈ ਹੈ ਨਾ, ਤੇ ਦੂਜੀ ਖਲਬਲੀ ਇਸ ਕਰਕੇ ਸੀ ਕਿ ਉਹਦੇ ਅੰਦਰਲੇ ਨੇ ਅਨੁਭਵ ਕਰ ਲਇਆ ਸੀ ਕਿ ਓਸ ਇਕ ਪਾਪ ਕੀਤਾ ਹੈ ਜਿਸ ਪਾਪ ਦਾ ਇੰਨਾਂ ਉਹਦੀ ਖਾਤਰ ਨਹੀਂ ਜਿੰਨਾਂ ਆਪਣੇ ਰੂਹ ਦੀ ਖਾਤਰ ਓਸ ਕੋਈ ਨ ਕੋਈ ਉਪਰਾਲਾ ਕਰਨਾ ਹੈ।

ਪਰ ਜਦ ਇਸ ਹੱਦ ਤਕ ਓਹਦੀ ਖੁਦਗਰਜ਼ੀ ਦਾ ਨੀਮ ਪਾਗਲਪਨ ਪਹੁੰਚ ਚੁੱਕਾ ਸੀ, ਓਹ ਸਵਾਏ ਆਪਣੀ ਖੁਦਗਰਜ਼ੀ ਦੀਆਂ ਗੱਲਾਂ ਦੇ ਹੋਰ ਕੁਛ ਸੋਚ ਹੀ ਨਹੀਂ ਸੀ ਸੱਕਦਾ। ਓਹਨੂੰ ਇਹ ਹੈਰਾਨੀ ਜੇਹੀ ਹੋ ਰਹੀ ਸੀ ਕਿ ਜਦ ਕਦੀ ਇਹ ਪਾਪ ਓਹਦਾ ਪ੍ਰਗਟ ਹੋ ਆਵੇਗਾ ਤਦ ਲੋਕੀ ਕੀ ਕਹਿਣਗੇ। ਕੀ ਓਹਨੂੰ ਬਹੁਤ ਸਾਰੀ ਮਲਾਮਤ ਸ਼ਾਮਤ ਆਵੇਗੀ, ਯਾ ਕੋਈ ਉੱਕਾ ਕੁਛ ਕਹੇਗਾ ਹੀ ਨਹੀਂ? ਦੂਜੀ ਵਲ ਓਸ ਧਿਆਨ ਹੀ ਨਹੀਂ ਸੀ ਕੀਤਾ ਕਿ ਕਾਤੂਸ਼ਾ ਦੇ ਅੰਦਰ ਕੀ ਵਰਤ ਰਹਿਆ ਹੋਣਾ ਹੈ ਤੇ ਓਹਦੀ ਜ਼ਿੰਦਗੀ ਦਾ ਕੀ ਹਸ਼ਰ ਹੋਵੇਗਾ।

ਓਹ ਭਾਂਪ ਗਇਆ ਸੀ ਕਿ ਸ਼ੋਨਬੋਖ ਨੇ ਓਸ ਕੁੜੀ ਨਾਲ ਉਹਦਾ ਨਜਾਇਜ਼ ਤਅੱਲਕ ਤਾੜ ਲਇਆ ਹੈ, ਪਰ ਇਸ ਗਲ ਦੀ ਸੋਝੀ ਨੇ ਓਹਦੀ ਮਾੜੀ ਹਉਮੈ ਨੂੰ ਸਗੋਂ ਕੁਛ ਪੱਠੇ ਹੀ ਪਾਏ ਸਨ।

"ਆਹਾ! ਹੁਣ ਮੈਨੂੰ ਸਮਝ ਆਈ ਹੈ ਕਿ ਤੈਨੂੰ ਆਪਣੀਆਂ ਫੁੱਫੀਆਂ ਨੂੰ ਮਿਲਣ ਦਾ ਅਚਨਚੇਤ ਚਾ ਕਿਉਂ ਚੜ੍ਹ ਪਇਆ ਸੀ, ਤੇ ਇਕ ਹਫਤੇ ਥੀਂ ਤੂੰ ਇੱਥੇ ਕਿਉਂ ਲਟਕ ਰਹਿਆ ਹੈਂ," ਸ਼ੋਨਬੋਖ ਨੇ ਕਾਤੂਸ਼ਾ ਨੂੰ ਵੇਖਦੇ ਸਾਰ ਹੀ ਓਹਨੂੰ ਕਹਿ ਦਿੱਤਾ ਸੀ "ਹਾਂ ਭਾਈ! ਮੈਨੂੰ ਹੁਣ ਕੋਈ ਅਚੰਭਾ ਨਹੀਂ ਹੁੰਦਾ, ਤੇਰੀ ਥਾਂ ਮੈਂ ਵੀ ਹੁੰਦਾ ਮੇਰੀ ਚੋਣ ਵੀ ਇਹੋ ਹੋਣੀ ਸੀ, ਮੇਰੀ ਚੋਣ ਵੀ ਇਹੋ ਹੁੰਦੀ।"

ਨਿਖਲੀਊਧਵ ਇਨ੍ਹਾਂ ਗਤੂੰਦਾਂ ਵਿੱਚ ਪਇਆ ਹੋਇਆ ਸੀ, ਕਿ ਹਾਏ ਕਿੰਨੀ ਅਫਸੋਸ ਵਾਲੀ ਗੱਲ ਹੈ ਕਿ ਓਹਨੂੰ ਓਥੋਂ ਆਪਣੀ ਕਾਮ ਤ੍ਰਿਸ਼ਨਾ ਨੂੰ ਪੂਰਾ ਪੂਰਾ ਠੰਡਾ ਕਰਨ ਬਿਨਾਂ ਹੀ ਚਲ ਪੈਣਾ ਪਇਆ ਹੈ, ਪਰ ਓਹਦੀ ਇਹ ਅਰੁਕ ਵਦੈਗੀ ਦੂਜੇ ਪਾਸਿਓਂ ਚੰਗੀ ਵੀ ਸੀ, ਕਿਉਂਕਿ ਦਿਲੋਂ ਓਹ ਇਸ ਰਿਸ਼ਤੇ ਨੂੰ ਜੇਹੜਾ ਕਾਤੂਸ਼ਾ ਨਾਲ ਪੈ ਚੁੱਕਾ ਸੀ, ਇਕ ਦਮ ਖਤਮ ਕਰਨ ਦੀ ਸਲਾਹਾਂ ਵਿੱਚ ਸੀ ਕਿਉਂਕਿ ਇਸ ਰਿਸ਼ਤੇ ਨੂੰ ਨਿਬਾਹੁਣਾ ਓਸ ਲਈ ਮੁਸ਼ਕਲ ਸੀ।

ਫਿਰ ਓਸ ਸੋਚਿਆ ਕਿ ਓਹਨੂੰ ਕੁਛ ਰੁਪਏ ਦੇਣੇ ਚਾਹੀਏ ਓਸਦੇ ਆਪਣੇ ਲਈ ਵੀ ਨਹੀਂ, ਨ ਇਸ ਲਈ ਕਿ ਮਤੇ ਓਹਨੂੰ ਇਨ੍ਹਾਂ ਦੀ ਕਦੇ ਲੋੜ ਪਵੇ, ਪਰ ਸਿਰਫ ਇਸ ਲਈ ਕਿ ਇਨ੍ਹਾਂ ਕੰਮਾਂ ਵਿੱਚ ਇਹੋ ਜਿਹੇ ਰੁਪਏ ਦਿੱਤੇ ਹੀ ਜਾਂਦੇ ਹਨ, ਤੇ ਜਦ ਓਹ ਇਉਂ ਭੋਗ ਕਰਕੇ ਰੁਪਏ ਵੀ ਨ ਦੇਵੇ, ਤਦ ਉਹਦੀ ਆਪਣੀ ਸ਼ਾਨ ਦੇ ਸ਼ਾਇਆਂ ਨਹੀਂ ਹੋਵੇਗਾ।

ਓਸ ਨੇ ਓਹਦੇ ਤੇ ਆਪਣੇ ਦਰਜੇ ਵਿਚਕਾਰ ਫਰਕ ਆਦਿ ਜਾਚਦੇ ਹੋਏ ਓਹਨੂੰ ਆਪਣੇ ਵਿਚਾਰ ਅਨੁਸਾਰ ਕਾਫੀ ਵਡੇਰੀ ਰਕਮ ਦੇ ਦਿੱਤੀ। ਰੋਟੀ ਖਾਣ ਦੇ ਬਾਹਦ, ਜਿਸ ਦਿਨ ਓਸ ਟੁਰਨਾ ਸੀ, ਓਹ ਬਾਹਰ ਗਇਆ, ਤੇ ਪਾਸੇ ਦੇ ਦਰਵਾਜੇ ਉੱਪਰ ਖੜਾ ਓਹਦੀ ਉਡੀਕ ਕਰਦਾ ਰਹਿਆ। ਇਹਨੂੰ ਦੇਖ ਕੇ ਕਾਤੂਸ਼ਾ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਗਇਆ ਤੇ ਓਸ ਪਾਸੋਂ ਲੰਘ ਕੇ ਅੱਗੇ ਚਲਾ ਜਾਉਣਾ ਚਾਹੁੰਦੀ ਸੀ। ਆਪਣੀਆਂ ਅੱਖਾਂ ਦੇ ਮਟੱਕੇ ਨਾਲ ਓਹਨੂੰ ਇਹ ਜਤਾਇਆ ਕਿ ਨੌਕਰਾਨੀ ਦੇ ਕਮਰੇ ਦਾ ਬੂਹਾ ਚਪਾਟ ਖੁੱਲ੍ਹਾ ਹੋਇਆ ਹੈ ਤੇ ਓਹ ਮਤੇ ਤੱਕਦੀ ਹੋਵੇ, ਪਰ ਇਸਨੇ ਓਹਨੂੰ ਠਹਿਰਾ ਲਇਆ।

"ਮੈਂ ਤੈਨੂੰ ਹੁਣ ਗੁਡਬਾਈ ਕਰਨ ਆਇਆ ਹਾਂ," ਓਸ ਕਹਿਆ ਤੇ ਨਾਲੇ ਆਪਣੇ ਹੱਥ ਵਿੱਚ ਮਰੋੜਿਆ ਮਰਾੜਿਆ ਹੋਇਆ ਇਕ ਲਫਾਫਾ ਜਿਸ ਵਿੱਚ ੧੦੦ ਰੂਬਲ ਦੇ ਨੋਟ ਸਨ, ਉਹਦੇ ਹੱਥ ਫੜਾ ਦਿੱਤਾ, "ਇਹ ਮੈਂ..................."।

ਜੋ ਕੁਛ ਉਹਦਾ ਮਤਲਬ ਸੀ ਓਹ ਸਮਝ ਗਈ, ਓਸ ਨੇ ਆਪਣਿਆਂ ਭਰਵੱਟਿਆਂ ਤੇ ਮਾੜੀ ਜੇਹੀ ਘੂਰ ਪਾਈ ਤੇ ਆਪਣਾ ਸਿਰ ਹਿਲਾ ਕੇ ਓਹਦਾ ਹੱਥ ਪਰੇ ਧਕੇਲ ਦਿੱਤਾ। "ਲੈ ਲੈ, ਇਹ ਤੈਨੂੰ ਜ਼ਰੂਰੀ ਲੈਣਾ ਪਵੇਗਾ," ਓਸ ਆਪਣਾ ਮੂੰਹ ਪਪੋਲ ਕੇ ਥੱਥੇ ਜੇਹੇ ਲਹਜੇ ਨਾਲ ਕਹਿਆ ਤੇ ਓਹਦੇ ਐਪਰਨ ਦੇ ਉਪਰਲੇ ਜੇਬ ਵਿੱਚ ਉਹ ਲਫਾਫਾ ਤੁੰਨ ਦਿੱਤਾ, ਤੇ ਆਪਣੇ ਕਮਰੇ ਵਲ ਦੌੜ ਗਇਆ। ਪਰ ਉਹਦੇ ਮੱਥੇ ਵੱਟ ਪਇਆ ਸੀ ਤੇ ਓਹਦੇ ਮੂੰਹ ਵਿੱਚੋਂ ਉਹਦੇ ਰੂਹ ਦੇ ਅੜਾਣ ਦੀ ਦੱਬੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ, ਤੇ ਬਹੁਤ ਚਿਰ ਕਮਰੇ ਵਿੱਚ ਉੱਪਰ ਤਲੇ ਇਉਂ ਟਹਿਲਦਾ ਰਹਿਆ ਜਿਸ ਤਰਾਂ ਕੋਈ ਬੜੇ ਦਰਦ ਵਿੱਚ ਜਾਨ ਤੋੜ ਰਹਿਆ ਹੁੰਦਾ ਹੈ। ਜਿਸ ਵਕਤ ਕਾਤੂਸ਼ਾ ਵਾਲੀ ਗੱਲ ਦਾ ਚੇਤਾ ਕਰਦਾ ਸੀ ਫ਼ਰਸ਼ ਉੱਪਰ ਜੋਰ ਜੋਰ ਦੇ ਪੈਰ ਮਾਰਦਾ ਸੀ ਤੇ ਓਹਦੇ ਰੂਹ ਦੇ ਅੜਾਣ ਦੀ ਆਵਾਜ਼ ਨਿਕਲਦੀ ਸੀ, ਪਰ ਮੈਂ ਹੋਰ ਕੀ ਕਰ ਸਕਦਾ ਸਾਂ? ਕੀ ਇਹੋ ਕੁਛ ਹੋਰ ਸਾਰਿਆਂ ਨਾਲ ਨਹੀਂ ਵਾਪਰਦੀ? ਸ਼ੋਨਬੋਖ ਮੈਨੂੰ ਦੱਸ ਰਹਿਆ ਸੀ ਕਿ ਓਹਦਾ ਇਹੋ ਜਿਹਾ ਤਅੱਲਕ ਓਹਦੀ ਆਪਣੀ ਗਵਰਨੈਸ ਨਾਲ ਹੋ ਗਇਆ ਸੀ, ਤੇ ਚਾਚੇ ਗ੍ਰਿਸ਼ਾ ਨਾਲ ਕੀ ਵਰਤੀ ਸੀ? ਤੇ ਮੇਰੇ ਆਪਣੇ ਬਾਪੂ ਨਾਲ! ਓਹ ਤਾਂ ਭਰਾਵਾਂ ਵਿੱਚ ਰਹਿੰਦਾ ਸੀ ਤਾਂ ਵੀ ਇਕ ਜੱਟੀ ਨਾਲ ਉਹਦਾ ਤਅੱਲਕ ਸੀ ਜਿਦੀ ਕੁੱਖੋਂ ਉਹ ਹਰਾਮੀ ਮੁੰਡਾ ਮਿਤਿਨਕਾ ਜੰਮਿਆ ਸੀ, ਤੇ ਉਥੇ ਹੁਣ ਵੀ ਜੀਂਦਾ ਫਿਰਦਾ ਹੈ, ਤੇ ਜੇ ਹਰ ਇਕ ਆਦਮੀ ਇਉਂ ਹੀ ਫਸਿਆ ਪਇਆ ਹੈ, ਮੇਰੇ ਖਿਆਲ ਵਿੱਚ, ਇਹ ਕੰਮ ਇਕ ਤਰਾਂ ਦੀ ਫਿਤਰਤੀ ਮਜਬੂਰੀ ਹੈ ਕਿ ਜਿਸ ਥੀਂ ਕੋਈ ਵੀ ਬਚ ਨਹੀਂ ਸੱਕਦਾ।" ਇਸ ਤਰਾਂ ਆਪਣੇ ਨਾਲ ਗੱਲਾਂ ਕਰਦਿਆਂ ਮਨ ਨੂੰ ਸ਼ਾਂਤ ਕਰਨਾ ਲੋਚਦਾ ਸੀ ਪਰ ਜੋ ਕੁਛ ਹੋਇਆ ਸੀ ਓਸ ਕਰਮ ਨੂੰ ਯਾਦ ਕਰਕੇ ਓਹਦੀ ਜ਼ਮੀਰ ਨੂੰ ਜ਼ਰੂਰ ਇਕ ਲੰਬਾ ਲੱਗ ਉੱਠਦਾ ਸੀ।

ਓਹਦੇ ਆਪਣੇ ਰੂਹ ਵਿੱਚ, ਰੂਹ ਦੀਆਂ ਤੈਹਾਂ ਵਿੱਚ ਓਹ ਜਾਣਦਾ ਸੀ, ਕਿ ਓਸ ਇਕ ਵੱਡੇ ਹੀ ਨੀਚਾਂ ਕਮੀਨੀਆਂ, ਬੇਤਰਸਾਂ ਕਾਇਰਾਂ ਵਾਲਾ ਕੁਕਰਮ ਕੀਤਾ ਹੈ, ਤੇ ਇਸ ਕੁਕਰਮ ਦੇ ਕਰਨ ਕਰਕੇ ਤੇ ਇਸ ਪਾਪ ਦੇ ਅੰਦਰ ਵਸਣ ਕਰਕੇ ਨ ਸਿਰਫ ਓਹ ਕਿਸੀ ਹੋਰ ਦੇ ਇਹੋ ਜੇਹੇ ਕੀਤੇ ਕਰਮਾਂ ਨੂੰ ਮਾੜਾ ਨਹੀਂ ਕਹਿ ਸੱਕੇਗਾ ਬਲਕਿ ਕਿਸੀ ਵਲ ਆਪਣਾ ਮੂੰਹ ਸਿੱਧਾ ਕਰਕੇ ਤੱਕ ਵੀ ਨਹੀਂ ਸੱਕੇਗਾ। ਇਹ ਗੱਲ ਉਸ ਲਈ ਨਾਮੁਮਕਨ ਹੋ ਚੁਕੀ ਸੀ ਕਿ ਓਹ ਆਪਣੇ ਆਪ ਨੂੰ ਇਕ ਆਹਲਾ ਆਲੀਸ਼ਾਨ ਸ਼ਰੀਫ ਤੇ ਉੱਚੇ ਮਨ ਵਾਲਾ ਬੰਦਾ ਖਿਆਲ ਕਰ ਸੱਕੇ ਜਿਵੇਂ ਓਹ ਸਮਝਿਆ ਕਰਦਾ ਸੀ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਖੁਸ਼ੀ ਤੇ ਉੱਚੀ ਜੇਹੀ ਬਨਾਈ ਦਲੇਰੀ ਨਾਲ ਰਹਿਣ ਲਈ ਇਹ ਸਮਝਣਾ ਜ਼ਰੂਰੀ ਸੀ। ਇਸ ਪਈ ਗੁੰਝਲ ਦਾ ਸਿਰਫ ਇਕ ਹੀ ਹੱਲ ਸੀ, ਕਿ ਇਸ ਬਾਬਤ ਕਦੀ ਖਿਆਲ ਹੀ ਨ ਕਰੇ! ਤੇ ਇਉਂ ਕਰ ਲੈਣ ਵਿੱਚ ਓਹਨੂੰ ਕਾਮਯਾਬੀ ਹੋਈ। ਜਿਸ ਤਰਾਂ ਦੀ ਜ਼ਿੰਦਗੀ ਵਿੱਚ ਓਹ ਹੁਣ ਦਾਖਲ ਹੋ ਚੁਕਾ ਸੀ, ਕੀ ਆਲਾ ਦੁਆਲਾ ਕੀ ਓਹਦੇ ਨਵੇਂ ਦੋਸਤ ਰਾਸਤ, ਜੰਗ ਆਦਿ ਸਭ ਨੇ ਇਸ ਘਟਨਾ ਦੇ ਭੁੱਲ ਜਾਨ ਵਿੱਚ ਮਦਦ ਕੀਤੀ। ਜਿਵੇਂ ਜਿਵੇਂ ਸਮਾਂ ਲੰਘਦਾ ਗਇਆ ਚਿਰ ਹੁੰਦਾ ਗਇਆ, ਤਿਵੇਂ ਤਿਵੇਂ ਇਸ ਘਟਨਾ ਦਾ ਖਿਆਲ ਮਿਸਦਾ ਗਿਆ। ਆਖਰ ਉਹ ਉੱਕਾ ਹੀ ਭੁੱਲ ਗਇਆ।

ਸਿਰਫ ਇਕ ਵੇਰੀ ਜਦ ਜੰਗ ਦੇ ਮਗਰੋਂ ਓਹ ਆਪਣੀਆਂ ਫੁੱਫੀਆਂ ਨੂੰ ਮਿਲਣ ਲਈ ਕਾਤੂਸ਼ਾ ਦੀ ਮੁੜ ਮਿਲਣ ਦੀ ਆਸ ਵਿੱਚ ਗਇਆ ਤੇ ਸੁਣਿਆ ਸੀ ਕਿ ਉਹਦੇ ਪਿਛਲੇ ਆਉਣ ਦੇ ਬਾਹਦ ਕਾਤੂਸ਼ਾ ਓਥੋਂ ਟੁਰ ਗਈ ਸੀ, ਤੇ ਉਹਦੀਆਂ ਫੁੱਫੀਆਂ ਇਹ ਵੀ ਸੁਣਿਆ ਸੀ ਕਿ ਉਸ ਨੇ ਕਿਧਰੇ ਜਾ ਕੇ ਬੱਚਾ ਵੀ ਜੰਮਿਆ ਸੀ, ਫਿਰ ਓਸ ਥੀਂ ਪਿੱਛੇ ਬੁਰੇ ਰਾਹਾਂ ਵਿੱਚ ਪੈ ਗਈ ਸੀ ਆਦਿ, ਤਦ ਉਹਦੇ ਦਿਲ ਵਿੱਚ ਮੁੜ ਕੜਵਲ ਪਇਆ ਸੀ, ਉਹਨੂੰ ਦੁੱਖ ਵੀ ਹੋਇਆ ਸੀ। ਬੱਚਾ ਜਣਨ ਦੇ ਵਕਤ ਥੀਂ ਦਿਨਾਂ ਦੀ ਗਿਣਤੀ ਕਰਨ ਨਾਲ ਉਹਨੂੰ ਪਤਾ ਲੱਗਦਾ ਸੀ ਕਿ ਉਹ ਬੱਚਾ ਸ਼ਾਯਦ ਉਹਦਾ ਹੀ ਹੋਵੇ ਨ ਹੋਵੇ। ਇਹ ਗੱਲਾਂ ਕਰਦਿਆਂ ਉਹਦੀਆਂ ਫੁੱਫੀਆਂ ਕਸੂਰ ਕਾਤੂਸ਼ਾ ਦੇ ਹੀ ਮੱਥੇ ਮੜਦੀਆਂ ਸਨ, ਕਹਿੰਦੀਆਂ ਸਨ ਕਿ ਇਹ ਭੈੜੀ ਖੋ ਉਸ ਬਦਕਿਸਮਤ ਨੇ ਆਪਣੀ ਮਾਂ ਥੀਂ ਖੂਨ ਵਿੱਚ ਆਂਦੀ ਸੀ ਤੇ ਨਿਖਲੀਊਧਵ ਨੂੰ ਉਨ੍ਹਾਂ ਦੀ ਇਹ ਰਾਏ ਸੁਣ ਕੇ ਖੁਸ਼ੀ ਹੋਈ ਸੀ। ਪਹਿਲਾਂ ਤਾਂ ਓਸ ਖਿਆਲ ਕੀਤਾ ਕਿ ਉਹਨੂੰ ਤੇ ਉਹਦੇ ਬੱਚੇ ਨੂੰ ਇਹ ਭੁੱਲ ਜਾਣ ਦੀ ਕੋਸ਼ਸ਼ ਕਰੇ, ਪਰ ਠੀਕ ਇਸੀ ਸਬਬ ਕਰਕੇ, ਭਾਵੇਂ ਉਹ ਆਪਣੇ ਕੁਕਰਮ ਲਈ ਆਪਣੀਆਂ ਰੂਹ ਦੀਆਂ ਡੂੰਘਾਈਆਂ ਵਿੱਚ ਅਤੀ ਸ਼ਰਮਸਾਰ ਸੀ ਤੇ ਜਦ ਕਦੀ ਕਾਤੂਸ਼ਾ ਦਾ ਖਿਆਲ ਕਰਦਾ ਸੀ ਉਹਦਾ ਰੂਹ ਦੁਖੀ ਹੋ ਜਾਂਦਾ ਸੀ, ਉਸ ਨੇ ਉਹਨੂੰ ਟੋਲਣ ਦੀ ਜੈਸੀ ਚਾਹੀਏ ਸੀ ਕੋਸ਼ਿਸ਼ ਨ ਕੀਤੀ, ਤੇ ਇਸ ਸਾਰੀ ਗੱਲ ਦਾ ਧਿਆਨ ਕਰਨਾ ਹੀ ਛੱਡ ਦਿੱਤਾ।

ਤੇ ਅਜ ਇਸ ਕਚਹਿਰੀ ਵਿੱਚ ਬੈਠੇ ਓਸ ਅਣੋਖੀ ਜੇਹੀ ਹੋਣੀ ਦਾ ਮੁੜ ਸਾਰਾ ਚੇਤਾ ਆਇਆ, ਤੇ ਉਹੋ ਹੋਣੀ ਉਹਦੇ ਦਰਵਾਜ਼ੇ ਉੱਪਰ ਜੋਰ ਨਾਲ ਖੱਟ ਖਟਾ ਰਹੀ ਸੀ ਕਿ ਓਹ ਮੰਨੇ ਤੇ ਜਰੂਰ ਮੰਨੇ ਕਿ ਓਹਦੀ ਇਹ ਕਾਇਰਤਾ ਹੈ, ਨਿਰਦਯਤਾ ਹੈ, ਬੇਰਹਿਮੀ ਹੈ ਜਿਸ ਕਰਕੇ ਇੰਨਾਂ ਘੋਰ ਪਾਪ ਆਪਣੀ ਜ਼ਮੀਰ ਦੇ ਬਰਖਲਾਫ ਕਰਕੇ ਓਹ ਪਿਛਲੇ ਦਸ ਸਾਲ ਜੀਵਨ ਨਾਲ ਰਾਜੀ ਹੋਇਆ ਜੀਂਦਾ ਸੀ। ਪਰ ਉਹ ਇਸ ਗੱਲ ਦੇ ਮੰਨਣ ਥੀਂ ਹਾਲੇ ਬੜਾ ਹੀ ਪਰੇ ਖਲੋਤਾ ਸੀ ਓਹਦਾ ਡਰ ਹਾਲੇ ਤਾਂ ਨਿਰਾ ਪੁਰਾ ਇੰਨਾ ਹੀ ਸੀ ਕਿ ਹਾਏ! ਮਤੇ ਇਸ ਮੁਕੱਦਮੇਂ ਵਿੱਚ ਸਾਰਾ ਭੇਤ ਖੁੱਲ੍ਹ ਨ ਜਾਏ, ਤੇ ਓਹ ਯਾ ਓਹਦਾ ਵਕੀਲ ਸਾਰੇ ਵਾਕਿਆਤ ਖੋਲ੍ਹ ਨ ਦੇਣ ਤੇ ਓਹਨੂੰ ਸਬ ਕਿਸੀ ਦੇ ਸਾਹਮਣੇ ਸਾਰੀ ਸ਼ਰਮਿੰਦਗੀ ਉਠਾਣੀ ਹੀ ਨ ਪੈ ਜਾਵੇ।

ਮੋਇਆਂ ਦੀ ਜਾਗ-ਕਾਂਡ ੧੯. : ਲਿਉ ਤਾਲਸਤਾਏ

ਨਿਖਲੀਊਧਵ ਮਨ ਦੀ ਐਸੀ ਗੜ ਬੜ ਅਵਸਥਾ ਵਿੱਚ ਅਦਾਲਤ ਦੇ ਕਮਰਿਓਂ ਉੱਠ ਕੇ ਜੂਰੀ ਦੇ ਬਹਸ ਕਰਨ ਵਾਲੇ ਕਮਰੇ ਵਿੱਚ ਗਇਆ ਸੀ। ਓਹ ਬਾਰੀ ਲਾਗੇ ਬਹ ਕੇ ਜੋ ਜੋ ਗੱਪਾਂ ਚਲ ਰਹੀਆ ਸਨ ਸੁਣੀ ਜਾਂਦਾ ਸੀ ਤੇ ਆਪਣੀ ਸਿਗਰਟ ਪੀਵੀ ਜਾਂਦਾ ਸੀ।

ਉਹ ਖੁਸ਼ ਰਹਿਣਾ ਸੌਦਾਗਰ ਆਪਣੇ ਸਾਰੇ ਦਿਲ ਨਾਲ ਸਮੈਲਕੋਵ ਨਾਲ ਤੇ ਉਹਦੇ ਭੋਗ ਵਿਲਾਸ ਤੇ ਐਸ਼ ਕਰਨ ਦੇ ਤ੍ਰੀਕਿਆਂ ਨਾਲ ਪੂਰੀ ਹਮਦਰਦੀ ਪ੍ਰਗਟ ਕਰ ਰਹਿਆ ਸੀ।

"ਵਾਹ! ਵਾਹ! ਓਏ ਬੁਢਿਆ! ਇਹ ਮੇਰੇ ਦਿਲ ਦੀ ਗੱਲ ਈ! ਠੀਕ ਸਾਈਬੇਰੀਆ ਦੇ ਰਹਿਣ ਵਾਲੇ ਲੋਕਾਂ ਵਾਂਗ! ਉਹ ਆਪਣੇ ਮਨ ਦੀ ਮੌਜ ਪਿੱਛੇ ਮਾਲ ਧਨ ਸਭ ਕੁਝ ਕੁਰਬਾਨ ਕਰਦਾ ਸੀ, ਉਹਨੂੰ ਕਾਹਦਾ ਡਰ! ਐਸ਼ ਕਰਨ ਵਾਲਾ ਸ਼ੇਰ! ਬਸ ਇਸ ਕਿਸਮ ਦਾ ਗੁਲਛੱਰੂ ਬੰਦਾ ਮੇਰੇ ਦਿਲ ਦਾ ਬੰਦਾ ਹੈ।"

ਫੋਰਮੈਨ ਆਪਣਾ ਨਿਹਚਾ ਇਸ ਤਰਾਂ ਦਸ ਰਹਿਆ ਸੀ ਕਿ ਇਸ ਮੁਕੱਦਮੇਂ ਵਿੱਚ ਡਾਕਟਰੀ ਨਿਪੁਣਾਂ ਦੇ ਬਿਆਨ ਦਾ ਬੜਾ ਵਜ਼ਨ ਹੋਵੇਗਾ, ਪੀਟਰ ਜਿਰਾਸੀਮੋਵਿਚ ਯਹੂਦੀ ਕਲਰਕ ਨਾਲ ਕਿਸੀ ਗਲ ਬਾਬਤ ਮਖੌਲ ਕਰ ਰਹਿਆ ਸੀ ਤੇ ਉਹ ਦੋਵੇਂ ਖਿੜ ਖਿੜ ਹਸ ਪਏ ਸਨ। ਨਿਖਲੀਊਧਵ ਨੂੰ ਜੋ ਵੀ ਕੋਈ ਗੱਲ ਪੁਛਦਾ ਸੀ, ਇਕ ਹਰਫੀ ਜਵਾਬ ਦਿੰਦਾ ਸੀ, ਤੇ ਓਹਨੂੰ ਕੋਈ ਨ ਛੇੜੇ ਬਸ ਇਹ ਚਾਹੁੰਦਾ ਸੀ।

ਜਦ ਅਸ਼ਰ ਓਸੇ ਆਪਣੇ ਇਕ ਪਾਸੇ ਝੁਕੀ ਟੋਰ ਨਾਲ ਅੰਦਰ ਆਇਆ ਤੇ ਜੂਰੀ ਨੂੰ ਅਦਾਲਤ ਦੇ ਕਮਰੇ ਵਿੱਚ ਸੱਦਿਆ, ਨਿਖਲੀਊਧਵ ਭੈ ਭੀਤ ਹੋ ਗਇਆ ਕਿ ਮਤੇ ਅਦਾਲਤ ਕਰਦਿਆਂ ਕਰਦਿਆਂ ਓਹ ਆਪ ਹੀ ਕਿਧਰੇ ਅਦਾਲਤਿਆ ਹੀ ਨਾ ਜਾਵੇ! ਆਪਣੀਆਂ ਰੂਹ ਦੀਆਂ ਡੂੰਘਾਈਆਂ ਵਿੱਚ ਓਹ ਪ੍ਰਤੀਤ ਕਰ ਰਹਿਆ ਸੀ ਕਿ ਓਹ ਬਦਮਾਸ਼ ਹੈ, ਤੇ ਲੋਕਾਂ ਦੇ ਮੂੰਹ ਵਲ ਸਿੱਧਾ ਤੱਕਣ ਵਿਚ ਉਹਨੂੰ ਸ਼ਰਮ ਆਉਣੀ ਚਾਹੀਦੀ ਏ। ਤਾਂ ਵੀ ਆਦਤ ਹੋ ਜਾਣ ਕਰਕੇ, ਉਹ ਆਪਣੀ ਮਾਮੂਲੀ ਮਾਨ ਭਰੀ ਟੋਰ ਨਾਲ ਪਲੇਟਫਾਰਮ ਉੱਪਰ ਆਣ ਚੜ੍ਹਿਆ, ਤੇ ਆਪਣੀ ਥਾਂ ਤੇ ਬਹਿ ਗਇਆ। ਆਪਣੀ ਇਕ, ਟੰਗ ਦੂਜੀ ਉੱਪਰ ਰੱਖਕੇ, ਪਿਨਸਨੇਜ਼ ਨੂੰ ਹੱਥਾਂ ਵਿੱਚ ਪੂੰਝਣ ਪਾਂਝਣ ਲਗ ਪਇਆ। ਕੈਦੀ ਵੀ ਬਾਹਰ ਲਿਜਾਏ ਗਏ ਸਨ, ਜਿਹੜੇ ਮੁੜ ਅੰਦਰ ਲਿਆਏ ਗਏ। ਅਦਾਲਤ ਵਿੱਚ ਕੁਛ ਇਕ ਨਵੇਂ ਬੇਸੁਰੇ ਦਿੱਸ ਰਹੇ ਸਨ, ਇਹ ਗਵਾਹ ਸਨ। ਤੇ ਨਿਖਲੀਊਧਵ ਨੇ ਨੋਟਿਸ ਕੀਤਾ ਕਿ ਮਸਲੋਵਾ ਆਪਣੀਆਂ ਅੱਖਾਂ ਜੰਗਲੇ ਦੇ ਸਾਹਮਣੇ ਬੈਠੀ ਇਕ ਮੋਟੀ ਜਿਹੀ ਤੀਮੀਂ ਥੀਂ ਪਰੇ ਨਹੀਂ ਸੀ ਕਰ ਸਕਦੀ। ਇਹ ਤੀਮੀਂ ਕੌਣ ਸੀ ਜਿਸ ਬੜੀ ਦਿਖ ਵਾਲੀ ਰੇਸ਼ਮ ਤੇ ਮਖ਼ਮਲ ਦੀ ਭੜਕਦੀ ਹੋਈ ਪੋਸ਼ਾਕ ਪਾਈ ਹੋਈ ਸੀ, ਸਿਰ ਉਪਰ ਬੜੀ ਉੱਚੀ ਟੋਪੀ ਸੀ ਤੇ ਇਕ ਸੋਹਣਾ ਫੀਤਾ ਉਸ ਉੱਪਰ ਬੱਧਾ ਹੋਇਆ ਸੀ, ਬਾਹਾਂ ਨੰਗੀਆਂ ਤੇ ਇਕ ਬਾਂਹ ਵਿੱਚ ਜਾਲੀ ਦਾ ਨਿੱਕਾ ਸੋਹਣਾ ਬੈਗ ਲਟਕਾਇਆ ਹੋਇਆ ਸੀ? ਇਹ ਜਨਾਨੀ ਜਿੰਵ ਪਿੱਛੋਂ ਪਤਾ ਲੱਗਾ ਗਵਾਹਾਂ ਵਿੱਚੋਂ ਇਕ ਗਵਾਹ ਸੀ ਤੇ ਇਹ ਉਸ ਕੰਜਰ ਘਰ ਜਿੱਥੇ ਮਸਲੋਵਾ ਕੰਮ ਕਰਦੀ ਸੀ, ਦੀ ਚਲਾਣ ਵਾਲੀ ਮਾਲਕਾ ਸੀ।

ਗਵਾਹਾਂ ਦੇ ਬਿਆਨ ਹੋਣੇ ਸ਼ੁਰੂ ਹੋਏ, ਉਨ੍ਹਾਂ ਦੇ ਨਾਂ ਮਜ੍ਹਬ ਜਾਤ ਆਦਿ ਪੁੱਛੇ ਗਏ। ਫਿਰ, ਕੀ ਗਵਾਹਾਂ ਨੂੰ ਸੌਹਾਂ ਦਿੱਤੀਆਂ ਗਈਆਂ ਹਨ ਕਿ ਨਹੀਂ, ਦੀ ਪੁੱਛ ਗਿੱਛ ਦੇ ਮਗਰੋਂ ਮੁੜ ਉਹ ਪਾਦਰੀ ਆਪਣੀਆਂ ਟੰਗਾਂ ਉਸੇ ਚੋਗੇ ਜੇਹੇ ਵਿੱਚ ਦੀ ਮੁਸ਼ਕਲ ਨਾਲ ਹਿਲਾਉਂਦਾ ਅੰਦਰ ਆਇਆ। ਗਵਾਹਾਂ ਨੂੰ ਉਸੀ ਉਸਤਾਦੀ ਦੇ ਚੁਪ ਚਾਪ ਤ੍ਰੀਕੇ ਨਾਲ ਸੌਹਾਂ ਦਿੱਤੀਆਂ ਗਈਆਂ, ਪਾਦਰੀ ਨੇ ਆਪਣਾ ਕੰਮ ਉਸੀ ਮੋਟਮਰਦੀ ਨਾਲ ਕੀਤਾ, ਜਿਸ ਨਾਲ ਉਹ ਸਮਝਦਾ ਸੀ ਕਿ ਉਹ ਇਕ ਬੜਾ ਮੁਫੀਦ ਤੇ ਜ਼ਰੂਰੀ ਰੱਬ ਦਾ ਕੰਮ ਕਰ ਰਹਿਆ ਹੈ।

ਗਵਾਹਾਂ ਨੇ ਜਦ ਸੌਹਾਂ ਚੱਕ ਲਈਆਂ, ਕੰਜਰ ਘਰ ਦੀ ਮਾਲਕਾ ਕਿਤਈਵਾ ਦੇ ਸਿਵਾਏ ਸਭ ਬਾਹਰ ਕੱਢੇ ਗਏ। ਉਸ ਪਾਸੋਂ ਪੁੱਛਿਆ ਕਿ ਉਹ ਕੀ ਜਾਣਦੀ ਹੈ? ਕਿਤਈਵਾ ਆਪਣੇ ਹਰ ਇਕ ਫਿਕਰੇ ਖਤਮ ਕਰਨ ਉੱਪਰ ਸਿਰ ਮਾਰਦੀ ਸੀ ਤੇ ਇਕ ਬਨਾਵਟੀ ਜੇਹੀ ਮੁਸਕੜੀ ਭਰਦੀ ਸੀ। ਉਸ ਪੂਰੇ ਪੂਰੇ ਤੇ ਸਮਝਦਾਰ ਤ੍ਰੀਕੇ ਨਾਲ ਸਾਰਾ ਹਾਲ ਦਸਿਆ। ਉਹਦੀ ਕਥਨੀ ਵਿੱਚ ਤਕੜਾ ਜਰਮਨ ਲਹਜਾ ਸੀ। ਉਸ ਕਹਿਆ ਕਿ ਅੱਵਲ ਹੋਟਲ ਦਾ ਨੋਕਰ ਸਾਈਮਨ ਜਿਹਨੂੰ ਉਹ ਖੂਬ ਜਾਣਦੀ ਸੀ ਉਹਦੀ ਕੋਠੀ ਆਇਆ, ਤੇ ਉਸ ਆਣਕੇ ਕਿਹਾ ਕਿ ਸਾਈਬੇਰੀਆ ਥੀਂ ਆਏ ਤੇ ਹੋਟਲ ਵਿੱਚ ਉਤਰੇ ਮਹਿਮਾਨ ਲਈ ਇਕ ਲੜਕੀ ਦੀ ਲੋੜ ਹੈ ਤੇ ਓਸ ਨਾਲ ਖੜਨੀ ਹੈ। ਉਸਨੇ ਲੂਬੋਵ ਨੂੰ ਨਾਲ ਘਲ ਦਿੱਤਾ, ਕੁਛ ਦੇਰ ਪਿੱਛੋਂ ਲੂਬੋਵ ਸੁਦਾਗਰ ਸਮੇਤ ਕੰਜਰ ਘਰ ਵਾਪਸ ਆ ਗਈ। ਸੌਦਾਗਰ ਨੇ ਅੱਗੇ ਹੀ ਕੁਛ ਪੀਤੀ ਹੋਈ ਸੀ। ਇਹ ਕਹਿ ਕੇ ਕੁਛ ਮੁਸਕਰਾਈ। ਪਰ ਓਹ ਆਕੇ ਹੋਰ ਪੀਂਦਾ ਹੀ ਗਇਆ ਤੇ ਮੇਰੀਆਂ ਕੁੜੀਆਂ ਨੂੰ ਵੀ ਖਿਲਾਂਦਾ ਪਿਲਾਂਦਾ ਹੀ ਗਇਆ, ਤੇ ਉਨ੍ਹਾਂ ਨਾਲ ਹੱਸਦਾ ਖੇਡਦਾ ਰਹਿਆ। ਇੰਨੇ ਵਿੱਚ ਉਹਦੇ ਜੇਬ ਦੇ ਰੁਪਏ ਮੁੱਕ ਗਏ, ਤੇ ਇਸ ਕਰਕੇ ਉਸ ਨੇ ਲੂਬੋਵ ਨੂੰ ਆਪਣੇ ਹੋਟਲ ਦੇ ਕਮਰੇ ਜਾਕੇ ਹੋਰ ਰੁਪਏ ਲਿਆਉਣ ਨੂੰ ਘੱਲਿਆ। ਉਹਦਾ ਦਿਲ ਇਸ ਲੂਬੋਵ ਨਾਲ ਲੱਗ ਗਇਆ ਸੀ। ਜਦ ਇਹ ਗੱਲ ਕਹੀ ਤਦ ਓਸ ਮਸਲੋਵਾ ਵਲ ਵੀ ਤੱਕਿਆ।

ਨਿਖਲੀਊਧਵ ਨੇ ਇਉਂ ਖਿਆਲ ਕੀਤਾ ਕਿ ਉਹਦੀ ਇਹ ਗੱਲ ਕਹਿਣ ਉਪਰ ਮਸਲੋਵਾ ਕੁਝ ਮੁਸਕਰਾ ਪਈ ਸੀ, ਤੇ ਉਹਦੇ ਮੁਸਕਰਾਣ ਨੇ ਇਹਦਾ ਦਿਲ ਬੜਾ ਹੀ ਖਰਾਬ ਕੀਤਾ। ਉਹਦੇ ਮਨ ਵਿੱਚੋਂ ਇਕ ਅਣਬਣੀ ਸ਼ਕਲ ਦੀ ਘ੍ਰਿਣਾ ਦਾ ਭਾਵ ਜਿਸ ਨਾਲ ਉਹਦੇ ਆਪਣੇ ਰੂਹ ਵਿੱਚ ਹੋਈ ਪੀੜਾ ਮਿਲੀ ਹੋਈ ਸੀ ਲੰਘ ਗਈ।

"ਪਰ ਮਸਲੋਵਾ ਬਾਬਤ ਤੇਰੀ ਆਪਣੀ ਕੀ ਰਾਏ ਹੈ?" ਇਕ ਸ਼ਰਮਾਕਲ ਜੇਹੇ ਤੇ ਘਾਬਰੇ ਹੋਏ ਵਕੀਲ ਨੇ ਜਿਹੜਾ ਮਸਲੋਵਾ ਦਾ ਸੀ, ਤੇ ਜਿਸ ਮੁਨਸਫੀ ਦੀ ਨੌਕਰੀ ਲਈ ਅਰਜੀ ਕੀਤੀ ਹੋਈ ਸੀ, ਕਿਤਈਵਾ ਨੂੰ ਪੁੱਛਿਆ।

"ਇਹ ਸਭ ਥੀਂ ਚੰਗੀ", ਕਿਤਈਵਾ ਨੇ ਉੱਤਰ ਦਿੱਤਾ— "ਇਹ ਜਵਾਨ ਔਰਤ ਪੜੀ ਲਿਖੀ ਤੇ ਬੜੀ ਆਹਲਾ ਹੈ, ਬੜੇ ਹੱਛੇ ਰਈਸੀ ਟੱਬਰ ਦੀ ਪਲੀ ਹੈ, ਫਰਾਂਸੀਸੀ ਜਬਾਨ ਪੜ ਲੈਂਦੀ ਹੈ, ਕਦੀ ਕਦੀ ਇਹ ਇਕ ਕਤਰਾ ਬਹੂੰ ਜ਼ਿਆਦਾ ਪੀ ਲੈਂਦੀ ਹੈ ਪਰ ਫਿਰ ਵੀ ਇਹ ਕਦੀ ਨਹੀਂ ਹੋਇਆ ਕਿ ਉਹ ਬੇਹੋਸ਼ ਹੋ ਜਾਵੇ, ਇਕ ਬੜੀ ਅਛੀ ਲੜਕੀ ਹੈ।"

ਕਾਤੂਸ਼ਾ ਨੇ ਇਸ ਤੀਮੀਂ ਵਲ ਤੱਕਿਆ ਤੇ ਝਟਾ ਪੱਟ ਫਿਰ ਆਪਣੀਆਂ ਅੱਖਾਂ ਜੂਰੀ ਵਲ ਮੋੜ ਦਿੱਤੀਆਂ ਤੇ ਨੀਝ ਲਾ ਕੇ ਨਿਖਲੀਊਧਵ ਵਲ ਵੇਖਣ ਲੱਗ ਗਈ। ਉਹਦਾ ਮੂੰਹ ਫਿਕਰ ਮੰਦ ਤੇ ਸਖਤ ਜੇਹਾ ਹੋ ਗਇਆ। ਓਹਦੀਆਂ ਫਿਕਰ ਮੰਦ ਅੱਖਾਂ ਵਿੱਚ ਦੀ ਓਹ ਮੰਦ ਮੰਦ ਭੈਂਗ ਵਜ ਰਹਿਆ ਸੀ ਤੇ ਕੁਛ ਚਿਰ ਓਹ ਅੱਖਾਂ ਨਿਖਲੀਊਧਵ ਵਿੱਚ ਹੀ ਗੱਡੀਆਂ ਰਹੀਆਂ। ਨਿਖਲੀਊਧਵ ਵੀ ਭੈ ਭੀਤ ਹੋਇਆ ਤੇ ਕਈ ਇਕ ਹੌਲਾਂ, ਜਿਹੜੇ ਓਹਦੇ ਅੰਦਰ ਘੋਲ ਕਰ ਰਹੇ ਸਨ, ਆਦਿ ਕਰਕੇ ਉਹ ਆਪਣੀਆਂ ਅੱਖਾਂ ਵੀ ਉਨ੍ਹਾਂ ਰਤਾਕੂ ਭੈਂਗ ਮਾਰਦੀਆਂ, ਹਾਂ ਉਨ੍ਹਾਂ ਸਾਫ ਚਮਕਦੇ ਚਿੱਟੇ ਆਨਿਆਂ ਵਾਲੀਆਂ, ਅੱਖਾਂ ਥੀਂ ਪਰੇ ਨਹੀਂ ਸੀ ਕਰ ਸੱਕਦਾ।

ਇਹਨੂੰ ਮੁੜ ਉਸੀ ਡਰਾਉਣੀ ਰਾਤ ਦਾ ਚੇਤਾ ਆਇਆ। ਓਹੋ ਧੁੰਧ, ਓਹੋ ਨਦੀ ਵਿੱਚ ਗਲ ਰਹੀ ਯਖ ਦੇ ਨਿੱਕੇ ਨਿੱਕੇ ਟੁਕੜਿਆਂ ਦੀ ਆਵਾਜ਼ ਤੇ ਖਾਸ ਕਰ ਓਹ ਨਜ਼ਾਰਾ ਜਦ ਸਵੇਰ ਦਾ ਘੱਟਦਾ ਪੀਲਾ ਪਇਆ ਅਸਮਾਨਾਂ ਦਾ ਚੰਨ ਓਸੇ ਕਾਲੇ ਤੇ ਭੂਤੀਲੇ ਹਨੇਰੇ ਉੱਪਰ ਆਪਣੀ ਮਧਮ ਜੇਹੀ ਚਾਨਣੀ ਪਾ ਰਹਿਆ ਸੀ-ਆਦਿ ਸਭ ਯਾਦ ਆਏ ਅਤੇ ਮਸਲੋਵਾ ਦੇ ਓਹ ਦੋ ਕਾਲੇ ਨੈਨ ਓਹਨੂੰ ਉਸ ਭਿਆਨਕ ਰਾਤ ਦੇ ਹਨੇਰੇ ਤੇ ਉਸ ਵਿੱਚ ਕਿਸੀ ਭੂਤ ਖੜੇ ਦੇ ਨਜ਼ਾਰੇ ਨੂੰ ਯਾਦ ਕਰਾ ਰਹੇ ਸਨ।

"ਮੈਨੂੰ ਸਿੰਵਾਣ ਲਇਆ ਸੂ," ਇਹ ਸਮਝ ਗਇਆ ਤੇ ਇਉਂ ਕੁਛ ਕਹਿ ਕੇ ਤ੍ਰਹਿ ਕੇ ਪਿੱਛੇ ਹਟਿਆ, ਜਿਵੇਂ ਕੋਈ ਓਹਨੂੰ ਸੱਟ ਮਾਰਨ ਲੱਗਾ ਹੈ।

ਪਰ ਉਸ ਨੇ ਓਹਨੂੰ ਨਹੀਂ ਸੀ ਸਿੰਝਾਤਾ, ਉਸ ਤਾਂ ਸਬਰ ਜੇਹੇ ਦਾ ਇਕ ਠੰਢਾ ਸਾਹ ਭਰਿਆ ਸੀ ਤੇ ਮੁੜ ਪ੍ਰਧਾਨ ਵਲ ਵੇਖਣ ਲੱਗ ਪਈ ਸੀ। ਨਿਖਲੀਊਧਵ ਨੇ ਵੀ ਠੰਢਾ ਸਾਹ ਭਰਿਆ, "ਆਹ! ਇਹ ਮੁਕੱਦਮਾ ਛੇਤੀ ਮੁੱਕੇ," ਓਸ ਚਿਤਵਿਆ।

ਓਹਨੂੰ ਬੱਸ ਓਹੋ ਜੇਹੀ ਰੂਹ-ਜਲੂਣ ਹੋਈ ਜਿਸ ਵਿੱਚ ਕਰਹਿਤ, ਘ੍ਰਿਣਾ, ਤਰਸ, ਤੇ ਕਾਹਲੋਗੀ ਮਿਲੇ ਜੁਲੇ ਸਨ, ਜਿਹੜੀ ਇਕ ਸ਼ਿਕਾਰੀ ਨੂੰ ਫੱਟੜ ਪੰਛੀ ਦੇਖ ਕੇ ਹੁੰਦੀ ਹੁੰਦੀ ਹੈ। ਫੱਟੜ ਪੰਛੀ ਹੋਰ ਕਈ ਮਾਰੇ ਪੰਛੀਆਂ ਦੀ ਫਰਫਰਾਹਟ ਵਿੱਚ ਤੜਫ ਰਹਿਆ ਹੁੰਦਾ ਹੈ। ਆਦਮੀ ਨੂੰ ਕਰਹਿਤ ਜੇਹੀ ਆਉਂਦੀ ਹੈ, ਪਰ ਤਰਸ ਵੀ ਨਾਲ ਆਉਂਦਾ ਹੈ, ਪਰ ਇਉਂ ਦਿਲ ਵਿੱਚ ਕੁਛ ਹੁੰਦਿਆਂ ਵੀ ਓਹ ਇਸ ਕਾਹਲੀ ਵਿੱਚ ਹੁੰਦਾ ਹੈ ਕਿ ਝਟ ਪਟ ਓਹਦਾ ਫਾਹ ਵੱਢੇ। ਉਹਨੂੰ ਮਾਰ ਕੇ ਓਹਦੀ ਉਸ ਹਾਲਤ ਨੂੰ ਕਿਸੀ ਤਰਾਂ ਭੁਲ ਜਾਏ।

ਇਹੋ ਜੇਹੀਆ ਰਲੀਆਂ ਮਿਲੀਆਂ ਦਿਲ ਹਲੂਣੀਆਂ ਨਖਲੀਊਧਵ ਦੀ ਛਾਤੀ ਵਿੱਚ ਰਿਝ ਰਹੀਆਂ ਸਨ ਤੇ ਉਹ ਗਵਾਹਾਂ ਦੇ ਬਿਆਨ ਸੁਣੀ ਜਾ ਰਹਿਆ ਸੀ।

ਮੋਇਆਂ ਦੀ ਜਾਗ-ਕਾਂਡ ੨੦. : ਲਿਉ ਤਾਲਸਤਾਏ

ਪਰ ਓਹਦੀ ਇੱਛਾ ਦੇ ਬਰਖ਼ਲਾਫ, ਮੁਕੱਦਮਾ ਕੁਛ ਲਮਕੀਂਦਾ ਹੀ ਚਲਾ ਗਇਆ।

ਜਦ ਸਭ ਗਵਾਹਾਂ ਦੀ ਗਵਾਹੀ ਵੱਖਰੀ ਵਖਰੀ ਹੋ ਚੁੱਕੀ, ਡਾਕਟਰ —ਨਿਪੁਣ ਵੀ ਗਵਾਹੀ ਦੇ ਚੁੱਕਾ। ਸਰਕਾਰੀ ਵਕੀਲ ਵੀ ਅਨੇਕਾਂ ਫਜ਼ੂਲ ਫਜ਼ੂਲ ਸਵਾਲ ਪੁੱਛ ਚੁੱਕਾ, ਤੇ ਆਪਣੀ ਸ਼ਾਨ ਮਾਨ ਦਿਖਾਉਂਦੇ ਦੂਸਰੇ ਦੋਹਾਂ ਵਕੀਲਾਂ ਨੇ ਆਪਣੀ ਆਪਣੀ ਜਿਰ੍ਹਾ ਵੀ ਖਤਮ ਕਰ ਲਈ। ਤਦ ਪ੍ਰਧਾਨ ਨੇ ਜੂਰੀ ਨੂੰ ਕਹਿਆ ਕਿ ਉਹ ਮੁਕੱਦਮੇਂ ਵਿੱਚ ਆਏ ਜਰੂਰੀ ਵਾਕਿਆਤ ਤੇ ਸਚਾਈਆਂ ਨੂੰ ਆਪਣੇ ਜ਼ਿਹਨ ਵਿੱਚ ਚੰਗੀ ਤਰਾਂ ਬਿਠਾ ਲੈਣ, ਤੇ ਓਹ ਸਾਮਾਨ ਤੇ ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਗਵਾਹੀਆਂ ਵਿੱਚ ਆਇਆ ਹੈ ਚੰਗੀ ਗੌਹ ਨਾਲ ਆਪ ਵੇਖ ਵਾਖ ਲੈਣ—ਓਹ ਹੀਰੇ ਦੀ ਮੁੰਦਰੀ ਜਿਸ ਉੱਪਰ ਹੀਰਿਆਂ ਵਿੱਚ ਬਣਿਆ ਇਕ ਗੁਲਾਬ ਦਾ ਫੁੱਲ ਕੁੰਦਨ ਕੀਤਾ ਹੋਇਆ ਹੈ, ਜਿਹੜੀ ਪਹਿਲੀ ਉਂਗਲੀ ਵਿੱਚ ਜਰੂਰ ਪਹਿਨੀ ਜਾਂਦੀ ਹੋਣੀ ਹੈ, ਤੇ ਇਕ ਟੈਸਟ ਟਿਊਬ ਜਿਸ ਵਿੱਚ ਜ਼ਹਿਰ ਦੀ ਵਿਖਾਰ ਤੇ ਪਰਖ ਕੀਤੀ ਗਈ ਸੀ। ਇਨ੍ਹਾਂ ਸਭ ਚੀਜ਼ਾਂ ਉੱਪਰ ਮੋਹਰਾਂ ਤੇ ਚਿਟਾਂ ਬਾ ਕਾਇਦਾ ਲੱਗੀਆਂ ਹੋਈਆਂ ਹਨ।

ਜੂਰੀ ਦੇ ਲੋਕੀ ਇਨ੍ਹਾਂ ਚੀਜ਼ਾਂ ਨੂੰ ਉੱਠ ਕੇ ਵੇਖਣ ਵਾਖਣ ਵੀ ਲੱਗ ਪਏ ਸਨ, ਜਦ ਸਰਕਾਰੀ ਵਕੀਲ ਨੇ ਉੱਠ ਕੇ ਕਹਿਆ ਕਿ ਇਨ੍ਹਾਂ ਚੀਜ਼ਾਂ ਦੇ ਮੁਲਾਹਿਜ਼ਾ ਕਰਨ ਥੀਂ ਪਹਿਲਾਂ ਇਹ ਜਰੂਰੀ ਹੈ ਕਿ ਡਾਕਟਰ ਦਾ ਜਿਸ ਲਾਸ਼ ਦੀ ਛਾਨ ਬੀਨ ਕੀਤੀ ਹੈ, ਬਿਆਨ ਪੜ੍ਹ ਕੇ ਸੁਣਾ ਦਿੱਤਾ ਜਾਵੇ। ਪ੍ਰਧਾਨ ਜਿਹਨੂੰ ਇਸ ਕੰਮ ਦੇ ਨਿਪਟਾਣ ਦੀ ਜਲਦੀ ਪਈ ਹੋਈ ਸੀ ਕਿ ਇਹਨੂੰ ਮੁਕਾ ਕੇ ਛੇਤੀ ਉਹ ਆਪਣੀ ਸ੍ਵਿਸ ਕੁੜੀ ਪਾਸ ਪਹੁੰਚੇ, ਜਾਣਦਾ ਸੀ ਕਿ ਇਸ ਕਾਗਤ ਪੜ੍ਹਨ ਪੜ੍ਹਾਣ ਦਾ ਹੋਰ ਕੋਈ ਅਰਥ ਨਹੀਂ ਸੀ ਸਿੱਧ ਹੁੰਦਾ ਬੱਸ ਵਾਧੂ ਸਿਰ ਦਰਦੀ ਤੇ ਥਕਾਵਟ ਤੇ ਖਾਣ ਦੇ ਵਕਤ ਦਾ ਵੀ ਪੱਛੜ ਜਾਣਾ, ਬੱਸ। ਤੇ ਓਹਨੂੰ ਇਹ ਵੀ ਪਤਾ ਸੀ ਕਿ ਸਰਕਾਰੀ ਵਕੀਲ ਦਾ ਪੜ੍ਹਾਣ ਉੱਪਰ ਜ਼ਿੱਦ ਕਰਨ ਦਾ ਵੀ ਕੋਈ ਹੋਰ ਖਾਸ ਮਤਲਬ ਨਹੀਂ ਸੀ, ਬਸ ਇਹ ਕਿ ਇਓਂ ਓਹਦਾ ਕਰਵਾਣਾ ਉਹਦੇ ਹੁੱਦੇ ਦਾ ਇਕ ਹੱਕ ਸੀ ਤੇ ਇਸ ਕਰਕੇ ਹੀ ਓਸ ਇਹ ਮੰਗ ਕੀਤੀ ਵੀ ਸੀ। ਇਸ ਕਰਕੇ ਪ੍ਰਧਾਨ ਸਿਵਾਏ ਇਹਦੇ ਕਿ ਉਹ ਆਪਣੀ ਮਨਜੂਰੀ ਦੇ ਦੇਵੇ ਹੋਰ ਕੁਛ ਨਹੀਂ ਸੀ ਕਰ ਸੱਕਦਾ।

ਡਾਕਟਰ ਦੀ ਰਪੋਟ ਹੱਥ ਵਿੱਚ ਲਈ ਸਕੱਤਰ ਸਾਹਿਬ ਹੋਰੀ ਉੱਠੇ, ਤੇ ਆਪਣੀ ਜਰਾ ਕੂ ਥਥਲਾਂਦੀ ਅਵਾਜ਼ ਨਾਲ ਓਹਨੂੰ ਪੜ੍ਹਨ ਲਗ ਪਏ। ਰਾਰੇ ਤੇ ਲੱਲੇ ਦੇ, ਤਲੱਫ਼ਜ਼ ਵਿੱਚ ਵਿਚਾਰਾ ਕੋਈ ਫਰਕ ਨਹੀਂ ਸੀ ਕਰ ਸੱਕਦਾ, ਲੱਲਾ ਸੀ ਲੱਲਾ।

ਲਾਸ਼ ਦੇ ਬਾਹਰਲੇ ਨਿਸ਼ਾਨਾਤ ਵੇਖਣ ਤੇ ਸਾਬਤ ਹੋਇਆ ਕਿ:—

੧.ਥੇਰਾਪੋਂਟ ਸਮੈਲਕੋਵ ਦਾ ਕੱਦ ਛੇ ਫੁੱਟ ਪੰਜ ਇੰਚ ਸੀ। "ਕੋਈ ਇੰਨਾ ਨੀਵਾਂ ਕੱਦ ਨਹੀਂ ਸੀ, ਬੜਾ ਅੱਛਾ ਕੱਦ," ਸੌਦਾਗਰ ਨੇ ਨਿਖਲੀਊਧਵ ਦੇ ਕੰਨ ਵਿੱਚ ਕਹਿਆ।

੨. ਓਹਦੀ ਉਮਰ ੪੦ ਕੂ ਵਰ੍ਹਿਆਂ ਦੀ ਦਿੱਸਣ ਥੀਂ ਪਤਾ ਲੱਗਦਾ ਸੀ।

੩. ਲਾਸ਼ ਦੀ ਹਾਲਤ ਸੁੱਜੀ ਹੋਈ।

੪. ਮਾਸ ਸਾਵਾ ਹੋ ਗਇਆ ਸੀ ਤੇ ਕਈ ਥਾਵਾਂ ਤੇ ਕਾਲੇ ਧੱਬੇ ਸਨ।

੫. ਚਮੜਾ ਛਾਲੇ ਛਾਲੇ ਹੋਇਆ ਸੀ, ਛਾਲਾ ਕੋਈ ਵੱਡਾ, ਕੋਈ ਛੋਟਾ, ਕਿਧਰੋਂ ਕਿਧਰੋਂ ਚਮੜਾ ਨਾਲੋਂ ਲਹਿਣ ਲੱਗ ਪਇਆ ਸੀ, ਤੇ ਵੱਡੇ ਵੱਡੇ ਪੜਛਿਆਂ ਵਿੱਚ ਲਮਕ ਰਹਿਆ ਸੀ।

੬. ਵਾਲ ਚੈਸਨਟ ਰੰਗ ਦੇ ਸਨ, ਤੇ ਹੱਥ ਲਾਇਆਂ ਖੱਲੜੀ ਉੱਪਰੋਂ ਉਤਰਦੇ ਸਨ।

੭. ਅੱਖਾਂ ਦੇ ਆਨੇ ਖੋਲਾਂ ਵਿੱਚੋਂ ਬਾਹਰ ਨਿਕਲੇ ਹੋਏ ਸਨ ਤੇ ਧੀਰੀਆਂ ਮਿਸ ਗਈਆਂ ਹੋਈਆਂ ਸਨ।

੮. ਨਾਸਾਂ, ਕੰਨਾਂ, ਤੇ ਮੂੰਹ ਵਿੱਚੋਂ ਇਕ ਸੀਰਮ ਜੇਹੀ ਸ਼ਕਲ ਦਾ ਪਾਣੀ ਝਰ ਰਹਿਆ ਸੀ, ਮੂੰਹ ਅੱਧਾ ਖੁੱਲ੍ਹਾ ਸੀ।

੯. ਮੂੰਹ ਤੇ ਛਾਤੀ ਦੀ ਸੋਜ ਕਰਕੇ ਓਹਦੀ ਗਰਦਨ ਨਹੀਂ ਸੀ ਦਿੱਖ ਰਹੀ।

ਤੇ ਇਓਂ ਇਓਂ ਤੇ ਹੋਰ ਹੋਰ ਆਦਿ—ਚਾਰ ਸਫੇ ਪੂਰੇ ਭਰੇ ਹੋਏ ਸਨ। ਸਤਾਈ ਪੈਰੇ ਲਿਖੇ ਹੋਏ ਸਨ। ਇਨ੍ਹਾਂ ਪੈਰਿਆਂ ਵਿੱਚ, ਉਸ ਬੜੇ ਅਕਾਰ ਵਾਲੀ ਮੋਟੀ, ਸੁਜੀ, ਤਰੱਕ ਰਹੀ ਲਾਸ਼ ਦੇ ਬਾਹਰਲੀ ਦੇਖ ਭਾਲ ਦੀਆਂ ਨਿੱਕੀਆਂ ਨਿੱਕੀਆਂ ਕੁਛ ਤਫਸੀਲਾਂ ਮਿਸਲੇ ਚਾਹੜੀਆਂ ਹੋਈਆਂ ਸਨ। ਓਹ ਲਾਸ਼ ਥੋੜਾ ਚਿਰ ਹੋਇਆ ਹੁਣੇ ਹੀ ਇਕ ਸੌਦਾਗਰ ਦੀ ਸੀ ਜੋ ਸ਼ਹਿਰ ਵਿੱਚ ਆਕੇ ਐਸ਼, ਭੋਗ ਕਰ ਰਹਿਆ ਸੀ।

ਓਹ ਦਿਲ ਕੱਚਾ ਕਰ ਦੇਣ ਵਾਲੀ ਖਲਬਲੀ ਜਿਹੜੀ ਨਿਖਲੀਊਧਵ ਨੂੰ ਅੱਗੇ ਹੀ ਹੋ ਰਹੀ ਸੀ, ਇਸ ਲਾਸ਼ ਦਾ ਹਾਲ ਸੁਣ ਕੇ ਹੋਰ ਵਧੀ। ਓਹਦੇ ਸਾਹਮਣੇ ਕਾਤੂਸ਼ਾ ਦੀ ਜ਼ਿੰਦਗੀ, ਓਹ ਲਾਸ਼ ਦੀਆਂ ਨਾਸਾਂ ਵਿੱਚੋਂ ਨਿਕਲ ਰਿਹਾ ਗੰਦ, ਉਹ ਉਹਦੇ ਆਨੇ ਖੋਲਾਂ ਵਿੱਚ ਬਾਹਰ ਨਿਕਲੇ ਹੋਏ, ਤੇ ਓਹਦਾ ਆਪਣਾ ਕਾਤੂਸ਼ਾ ਨਾਲ ਕੀਤਾ ਸਾਰਾ ਸਲੂਕ ਆਦਿ, ਓਹਨੂੰ ਸਭ ਕੁਛ ਇਹ ਉਸੀ ਸ਼ਰੇਣੀ ਦੀਆਂ ਚੀਜ਼ਾਂ ਦਿੱਸ ਰਹੀਆਂ ਸਨ। ਤੇ ਇਨ੍ਹਾਂ ਸਾਰੀਆਂ ਭੈੜੀਆਂ ਗੰਦੀਆਂ ਚੀਜ਼ਾਂ ਨਾਲ ਆਪਣਾ ਆਲਾ ਦੁਆਲਾ ਭਰਿਆ ਵੇਖ ਕੇ ਘਣੀ ਕਰਹਿਤ ਜੇਹੀ ਵਿੱਚ ਪਿਆ ਹੋਇਆ ਸੀ।

ਜਦ ਬਾਹਰਲੀ ਛਾਨ ਬੀਨ ਦੀ ਰਪੋਟ ਦਾ ਪੜ੍ਹਨਾਂ ਖਤਮ ਹੋਇਆ ਪ੍ਰਧਾਨ ਨੇ ਠੰਢਾ ਸਾਹ ਭਰਿਆ। ਆਪਣਾ ਸਿਰ ਚੁੱਕਿਆ ਕਿ ਆਖਰ ਕੰਮ ਖਤਮ ਹੋਣ ਤੇ ਹੈ। ਪਰ ਸਕੱਤਰ ਸਾਹਿਬ ਬਹਾਦਰ ਉਸ ਵੇਲੇ ਅੰਦਰ ਦੀ ਛਾਨ ਬੀਨ ਦੀ ਰਪੋਟ ਪੜ੍ਹਣ ਲੱਗ ਪਇਆ। ਪ੍ਰਧਾਨ ਨੇ ਫੇਰ ਆਪਣਾ ਸਿਰ ਆਪਣੇ ਹੱਥ ਸੁੱਟ ਦਿੱਤਾ, ਤੇ ਅੱਖਾਂ ਮੀਟ ਲਈਆਂ। ਨਿਖਲੀਊਧਵ ਕੋਲ ਬੈਠਾ ਸੌਦਾਗਰ ਤਾਂ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖ ਹੀ ਨਹੀਂ ਸੀ ਸੱਕਦਾ, ਓਹਨੂੰ ਤਾਂ ਊਂਘਾਂ ਦੇ ਝੂਟੇ ਝੋਕੇ ਆ ਰਹੇ ਸਨ, ਤੇ ਕਦੀ ਕਦੀ ਓਹਦਾ ਸਰੀਰ ਝੋਕਿਆਂ ਵਿੱਚ ਅੱਗੇ ਤੇ ਕਦੀ ਪਿੱਛੇ ਪਇਆ ਵਜਦਾ ਸੀ। ਕੈਦੀ ਤੇ ਸਿਪਾਹੀਆਂ ਦੀ ਗਾਰਦ ਬਿਲਕੁਲ ਚੁੱਪ ਬੈਠੇ ਸੀ।

ਅੰਦਰੂਨੀ ਛਾਨ ਬੀਨ ਨੇ ਸਾਬਤ ਕੀਤਾ:—

੧. ਖੋਪਰੀ ਦੀਆਂ ਹੱਡੀਆਂ ਥੀਂ ਤੁਚਾ ਅਸਾਨੀ ਨਾਲ ਲਾਹੀ ਜਾ ਸੱਕਦੀ ਸੀ।

੨. ਖੋਪਰੀ ਦੀਆਂ ਹੱਡੀਆਂ ਮੁਤਵਸਤ ਮੋਟਾਈ ਦੀਆਂ ਸਨ, ਹਾਲਤ ਚੰਗੀ।

੩. ਮਗਜ਼ ਦੇ ਮੁਲੱਮੇ ਉੱਪਰ ਦੋ ਦੋ ਚਾਰ ਚਾਰ ਇੰਚ ਦੀਆਂ ਥਾਵਾਂ ਉੱਪਰ ਦਾਗ ਸਨ, ਇਨ੍ਹਾਂ ਦਾ ਰੰਗ ਵੱਟਿਆ ਹੋਇਆ ਸੀ। ਮੁਲੰਮਾ ਮਾੜੇ ਜੇਹੇ ਚਿੱਟੇ ਰੰਗ ਦਾ ਸੀ।

ਤੇ ਇਓਂ ੧੩ ਪੈਰੇ ਖਤਮ ਹੋਏ।

ਤੇ ਫੇਰ ਡਾਕਟਰ ਨਾਲ ਲੱਗੇ ਅਸਟੰਟ ਦੇ ਨਾਂ ਤੇ ਦਸਤਖਤ ਸਨ ਆਏ, ਤੇ ਆਖਰ ਡਾਕਟਰ ਦਾ ਨਤੀਜਾ ਇਹ ਕੱਢਿਆ ਹੋਇਆ ਸੀ ਕਿ ਮਿਹਦੇ ਦੇ ਅੰਦਰ ਦੇਖੀਆਂ ਤਬਦੀਲੀਆਂ ਥੀਂ ਤੇ ਉਸ ਥੀਂ ਘੱਟ, ਆਂਦਰਾਂ ਤੇ ਗੁਰਦਿਆਂ ਦੇ ਪੋਸਟ ਮਾਰਟਮ ਮਰਨ ਬਾਹਦ ਦੀਆਂ ਵੱਟੀਆਂ ਹਾਲਤਾਂ ਥੀ, ਤੇ ਉਨ੍ਹਾਂ ਸਾਰੀਆਂ ਆਸ ਪਾਸ ਦੀਆਂ ਗਵਾਹਾਂ ਦੇ ਬਿਆਨਾਂ ਨੂੰ ਨਾਲ ਮਿਲਵਾਂ ਕਰਨ ਥੀਂ, ਇਹ ਅਗ਼ਲਬ ਹੈ ਕਿ ਸੌਦਾਗਰ ਦੀ ਮੌਤ ਸ਼ਰਾਬ ਵਿੱਚ ਜ਼ਹਿਰ ਘੋਲ ਕੇ ਦੇ ਦੇਣ ਨਾਲ ਹੋਈ ਹੋਵੇ। ਮਿਹਦੇ ਦੀ ਹਾਲਤ ਥੀਂ, ਉਸ ਵੇਲੇ ਇਹ ਫੈਸਲਾ ਕਰਨਾ ਕਿ ਕਿਹੜਾ ਜ਼ਹਿਰ ਦਿੱਤਾ ਗਇਆ, ਮੁਸ਼ਕਿਲ ਹੈ। ਪਰ ਇਹ ਜੁਰਮ ਲਾਣਾ ਠੀਕ ਹੈ ਕਿ ਜ਼ਹਿਰ ਸ਼ਰਾਬ ਵਿੱਚ ਘੋਲ ਕੇ ਦਿੱਤਾ ਗਇਆ ਹੈ, ਕਿਉਂਕਿ ਸਮੈਲਕੋਵ ਦੇ ਮਿਹਦੇ ਵਿੱਚ ਅਲਕੋਹਲ ਦੀ ਮਿਕਦਾਰ ਬਹੁਤ ਜ਼ਿਆਦਾ ਸੀ।

"ਉਹ ਤਾਂ ਬਾਹਲੀ ਪੀ ਜੂ ਲੈਂਦਾ ਸੀ, ਇਸ ਵਿੱਚ ਤਾਂ ਕੋਈ ਗਲਤੀ ਨਹੀਂ," ਓਹ ਊਂਘਾਂ ਲੈਣ ਵਾਲੇ ਸੌਦਾਗਰ ਨੇ ਜੋ ਹੁਣ ਹੀ ਠਮਕੇ ਥੀਂ ਜਾਗਿਆ ਸੀ, ਗੋਸ਼ੇ ਵਿੱਚ ਕਹਿਆ।

ਇਸ ਰਿਪੋਟ ਦੇ ਪੜ੍ਹਨ ਵਿੱਚ ਪੂਰਾ ਇਕ ਘੰਟਾ ਲੱਗ ਗਇਆ ਸੀ, ਪਰ ਸਰਕਾਰੀ ਵਕੀਲ ਦੀ ਪੂਰੀ ਤਸੱਲੀ ਹਾਲੇ ਵੀ ਨਹੀਂ ਸੀ ਹੋਈ। ਤੇ ਓਹ ਇਸ ਗੱਲ ਥੀਂ ਪਤਾ ਲੱਗਦੀ ਸੀ, ਕਿ ਜਦ, ਬਾਹਰ ਦੀ ਹਾਲਤ ਦੀ ਰਪੋਟ ਪੜ੍ਹੀ ਜਾ ਚੁੱਕੀ ਸੀ ਤਾਂ ਪ੍ਰਧਾਨ ਵਿਚਾਰੇ ਨੇ ਉਸ ਵਲ ਮੁੜ ਕੇ ਕਹਿਆ ਸੀ—"ਮੇਰੀ ਜਾਚੇ ਹੁਣ ਅੰਦਰਲੀ ਹਾਲਤ ਦੀ ਰਿਪੋਟ ਪੜ੍ਹਨ ਦੀ ਕੋਈ ਲੋੜ ਨਹੀਂ", ਪਰ ਓਸ ਨੇ ਬਿਨਾਂ ਪ੍ਰਧਾਨ ਵਲ ਤੱਕੇ ਦੇ ਹੀ ਕੁੜੀ ਸੁਰ ਵਿੱਚ ਜਵਾਬ ਦਿੱਤਾ ਸੀ—"ਮੈਂ ਤਾਂ ਸਾਰੀ ਪੜ੍ਹੀ ਜਾਣ ਲਈ ਕਹਾਂਗਾ।"

ਓਹ ਆਪਣੀ ਥਾਂ ਤੇ ਬੈਠਾ ਬੈਠਾ ਹੀ ਜਰਾ ਉਤਾਹਾਂ ਨੂੰ ਹੋਇਆ ਸੀ, ਤੇ ਉਸ ਨੇ ਆਪਣੇ ਕਹਿਣ ਬਹਿਣ ਦੇ ਲਹਿਜੇ ਨਾਲ ਦੱਸ ਦਿੱਤਾ ਸੀ ਕਿ ਇਸ ਰਪੋਟ ਨੂੰ ਪੜ੍ਹਾਣ ਦਾ ਓਹਦਾ ਹੱਕ ਹੈ ਤੇ ਓਹ ਆਪਣਾ ਹੱਕ ਪੂਰਾ ਮੰਗੇਗਾ, ਤੇ ਜੇ ਨਾ ਦਿੱਤਾ ਜਾਵੇਗਾ ਤਦ ਉਸ ਲਈ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਕਰਨ ਦੀ ਵਜਾ ਨਿਕਲ ਆਵੇਗੀ। ਅਦਾਲਤ ਦਾ ਓਹ ਲੰਮੀ ਦਾਹੜੀ ਵਾਲਾ ਮੈਂਬਰ ਜਿਹਨੂੰ ਬਦ ਹਜ਼ਮੀ ਦੀ ਸ਼ਕਾਇਤ ਸੀ, ਤੇ ਜਿਹੜਾ ਹੁਣ ਬੜੀ ਥਕਾਵਟ ਨਾਲ ਮਾਰਿਆ ਹੀ ਪਇਆ ਸੀ ਪ੍ਰਧਾਨ ਵਲ ਮੁੜਿਆ ਤੇ ਉਸ ਨੇ ਕਿਹਾ, "ਇਹ ਸਭ ਕੁਛ ਪੜ੍ਹਨ ਦੀ ਕੀ ਲੋੜ ਹੈ? ਇਹ ਬੱਸ ਮੁਕੱਦਮੇ ਨੂੰ ਨਿਰਾ ਲਮਕਾਣਾ ਹੀ ਹੈ। ਇਹ ਨਵੇਂ ਝਾੜੂ ਸਾਫ ਬਹਾਰੀ ਨਹੀਂ ਦਿੰਦੇ, ਬਸ ਚਿਰ ਬਹੂੰ ਲਾਈ ਜਾ ਰਹੇ ਹਨ"। ਸੋਨੇ ਦੀ ਐਨਕ ਪਾਏ ਹੋਏ ਮੈਂਬਰ ਨੇ ਕਹਿਆ ਤਾਂ ਕੁਛ ਨਾਂਹ, ਪਰ ਬੜਾ ਉਦਾਸ ਜੇਹਾ ਮੂੰਹ ਬਣਾ ਕੇ ਸਾਹਮਣੇ ਦੇਖਣ ਲੱਗ ਪਇਆ। ਉਦਾਸੀ ਓਹਨੂੰ ਇਸ ਗੱਲ ਦੀ ਸੀ ਕਿ ਨ ਹੁਣ ਦੁਨੀਆਂ ਵੱਲੋਂ ਕੋਈ ਆਸ ਰਹੀ ਤੇ ਨ ਵਹੁਟੀ ਵੱਲੋਂ।

ਹੁਣ ਰਿਪੋਟ ਮੁੜ ਪੜ੍ਹਨੀ ਸ਼ੁਰੂ ਹੋਈ:—

"ਸਨ ੧੮੮੮ ਵਿੱਚ ੧੫ ਫਰਵਰੀ ਨੂੰ ਮੈਂ ਜਿਸ ਆਪਣਾ ਦਸਤਖਤ ਤਲੇ ਕੀਤਾ ਹੈ, ਮੈਡੀਕਲ ਮਹਿਕਮੇ ਵਲੋਂ ਹੁਕਮ ਪਾ ਕੇ ਨੰਬਰ ੬੩੮ ਡਾਕਟਰੀ ਮੁਲਾਹਿਜ਼ਾ ਕੀਤਾ", ਸਕੱਤਰ ਨੇ ਇਉਂ ਇਕ ਕਰੜੇਪਨ ਨਾਲ ਫਿਰ ਵਾਚਨਾ ਸ਼ੁਰੂ ਕੀਤਾ। ਆਪਣੀ ਸੁਰ ਵੀ ਹੁਣ ਪੰਚਮ ਦੀ ਕਰ ਦਿੱਤੀ ਤਾਕਿ ਜਿਹੜੇ ਊਂਘਾ ਲੈ ਰਹੇ ਸਨ ਉਹ ਜਾਗ ਪੈਣ ਤੇ ਸਾਵਧਾਨ ਹੋ ਸੁਣ ਲੈਣ। ਤਕਰੀਬਨ ਸਭ ਲੋਕੀ ਉਸ ਵੇਲੇ ਊਂਘਾ ਲੈ ਰਹੇ ਸਨ।

"ਅਸਿਸਟੰਟ ਮੈਡੀਕਲ ਇਨਸਪੈਕਟਰ ਦੀ ਮੌਜੂਦਗੀ ਵਿੱਚ ਮੈਂ ਨੇ ਅੰਦਰ ਦੇ ਅੰਗਾਂ ਦਾ ਮੁਲਾਹਿਜ਼ਾ ਕੀਤਾ:—

(੧) ਸੱਜਾ ਫਿਫੜਾ ਤੇ ਦਿਲ (ਇਕ ਸ਼ੀਸ਼ੇ ਦੇ ਬਰਤਨ ਵਿੱਚ ਵਜ਼ਨ ੫ ਪੌਂਡ ਸੀ, ਪਏ ਹੋਏ ਸਨ)।

(੨) ਮਿਹਦੇ ਦੀਆਂ ਅੰਦਰਲੀਆਂ ਚੀਜ਼ਾਂ (ਇਕ ਛੇ ਪੌਂਡ ਵਜ਼ਨ ਦੇ ਬਰਤਨ ਵਿੱਚ)।

(੩) ਮਿਹਦਾ ਖਾਸ (ਛੇ ਪੌਂਡ ਦੇ ਬਰਤਨ ਵਿੱਚ)।

(੪) ਜਿਗਰ, ਲਿਫ ਤੇ ਗੁਰਦੇ (ਇਕ ਨੌ ਪੌਂਡ ਵਜ਼ਨੀ ਸ਼ੀਸ਼ੇ ਦੀ ਬੋਤਲ ਵਿੱਚ)।

(੫) ਆਂਦਰਾਂ (ਇਕ ਨੌ ਪੌਂਡ ਚੀਨੀ ਦੇ ਬਰਤਨ ਵਿੱਚ)।

ਪ੍ਰਧਾਨ ਨੇ ਮੈਂਬਰਾਂ ਵਿੱਚੋਂ ਇਕ ਨਾਲ ਗੋਸ਼ਾ ਕੀਤਾ, ਫਿਰ ਦੂਜੇ ਵਲ ਉੜਿਆ, ਤੇ ਉਨ੍ਹਾਂ ਦੋਹਾਂ ਦੀ ਮਨਜ਼ੂਰੀ ਨਾਲ ਓਸ ਕਹਿਆ, "ਅਦਾਲਤ ਇਸ ਰਿਪੋਟ ਦਾ ਪੜ੍ਹਨਾ ਵਾਧੂ ਸਮਝਦੀ ਹੈ"। ਸਕੱਤਰ ਨੇ ਪੜ੍ਹਨਾ ਬੰਦ ਕਰ ਦਿੱਤਾ ਤੇ ਕਾਗਤ ਠੱਪ ਲਏ, ਤੇ ਸਰਕਾਰੀ ਵਕੀਲ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਣ ਲਗ ਪਇਆ।

"ਜੂਰੀ ਦੇ ਭਲੇ ਮਾਨੁਖ ਹੁਣ ਸ਼ਹਾਦਤ ਵਿਚ ਪੇਸ਼ ਕੀਤੀਆਂ ਚੀਜ਼ਾਂ ਦੇਖ ਲੈਣ," ਪ੍ਰਧਾਨ ਨੇ ਕਹਿਆ।

ਫੋਰਮੈਨ ਤੇ ਹੋਰ ਕਈ ਉੱਠੇ ਤੇ ਮੇਜ਼ ਕੋਲ ਗਏ। ਖਾਸ ਪਤਾ ਕਿਸੀ ਨੂੰ ਵੀ ਨਹੀਂ ਸੀ ਕਿ ਉਨ੍ਹਾਂ ਆਪਣੇ ਹੱਥਾਂ ਨਾਲ ਓਥੇ ਕੀ ਕਰਨਾ ਹੈ। ਕਦੀ ਮੁੰਦਰੀ ਨੂੰ ਤੱਕਦੇ ਸਨ, ਕਦੀ ਸੀਸ਼ੇ ਦੇ ਬਰਤਨਾਂ ਨੂੰ, ਕਦੀ ਟੈਸਟਟਯੂਬ ਨੂੰ। ਸੌਦਾਗਰ ਨੇ ਮੁੰਦਰੀ ਆਪਣੀਆਂ ਉਂਗਲੀ ਵਿੱਚ ਪਾ ਪਾ ਕੇ ਵੀ ਤੱਕੀ, "ਓਏ! ਕੋਈ, ਓਹਦੀ ਉਂਗਲ ਸੀ ਕਿ ਬਸ ਉਂਗਲਾ ਸੀ," ਤੇ ਓਸ ਕਹਿਆ ਤੇ ਆਪਣੀ ਥਾਂ ਤੇ ਆਕੇ ਬਹਿ ਗਇਆ। ਸਾਫ ਸੀ ਕਿ ਇਸਨੇ ਆਪਣੇ ਮਨ ਵਿੱਚ ਜੋ ਵੱਡਾ ਸਾਰਾ ਅਕਾਰ ਓਸ ਮਾਰੇ ਗਏ ਸੌਦਾਗਰ ਦਾ ਬਣਾਇਆ ਸੀ, ਓਹਦਾ ਖਿਆਲ ਕਰਨਾ ਇਸ ਦਾ ਮਨ ਪਰਚਾਵਾ ਸੀ।

ਮੋਇਆਂ ਦੀ ਜਾਗ-ਕਾਂਡ ੨੧. : ਲਿਉ ਤਾਲਸਤਾਏ

ਸ਼ਹਾਦਤ ਵਿੱਚ ਜ਼ਿਕਰ ਆਈਆਂ ਚੀਜ਼ਾਂ ਦਾ ਮੁਲਾਹਿਜ਼ਾ ਖਤਮ ਹੋਇਆ। ਪ੍ਰਧਾਨ ਨੇ ਐਲਾਨ ਕੀਤਾ ਕਿ ਓਹ ਤਹਿਕੀਕਾਤ ਹੁਣ ਖਤਮ ਹੋ ਚੁੱਕੀ ਹੈ ਤੇ ਲਗਦੇ ਹੀ ਸਰਕਾਰੀ ਵਕੀਲ ਨੂੰ ਕਹਿਆ ਕਿ ਹੁਣ ਓਹ ਅੱਗੇ ਚਲੇ। ਪਰ ਆਸ ਪ੍ਰਗਟ ਕੀਤੀ ਕਿ ਓਹ ਵੀ ਚੂੰਕਿ ਹੋਰਨਾਂ ਵਾਂਗ ਮਾਸ ਦਾ ਆਦਮੀ ਹੀ ਹੈ ਤੇ ਓਹਨੂੰ ਵੀ ਜ਼ਰਾ ਸਿਗਰਟ ਪੀਣ ਅਥਵਾ ਕੁਛ ਖਾਣ ਪੀਣ ਦੀ ਲੋੜ ਮਹਿਸੂਸ ਹੋਈ ਹੀ ਹੋਵੇਗੀ, ਤੇ ਹੋਰਨਾਂ ਪਰ ਵੀ ਓਹ ਤਰਸ ਕਰੇਗਾ। ਪਰ ਸਰਕਾਰੀ ਵਕੀਲ ਨੇ ਨਾ ਆਪਣੇ ਲਈ, ਨ ਕਿਸੀ ਹੋਰ ਲਈ, ਕੋਈ ਤਰਸ ਕੀਤਾ। ਓਹਦੀ ਤਬੀਅਤ ਹੀ ਬੜੀ ਠੋਸ ਸੀ ਤੇ ਓਹਦੇ ਇਲਾਵਾ ਬਦਕਿਸਮਤੀ ਦੀ ਗੱਲ ਇਹ ਹੋਈ ਹੋਈ ਸੀ ਕਿ ਓਸਨੂੰ ਆਪਣੇ ਸਕੂਲ ਪਾਸ ਕਰਨ ਉੱਪਰ ਇਕ ਸੋਨੇ ਦਾ ਤਮਗ਼ਾ ਮਿਲਿਆ ਸੀ। ਇਹ ਤਮਗ਼ਾ ਓਹਨੂੰ ਯੂਨੀਵਰਸਟੀ ਵਿੱਚ ਪੜ੍ਹਦਿਆਂ, ਰੋਮਨ ਲਾ ਦੇ ਮਜ਼ਮੂਨ ਦੇ ਸੰਬੰਧ ਵਿੱਚ "ਸਰਵੀਟਯੂਡ" ਅਰਥਾਤ ਗੁਲਾਮਪੁਣੇ ਉੱਪਰ ਇਕ ਲੇਖ ਲਿਖਣ ਲਈ ਇਨਾਮ ਦਿਤਾ ਗਇਆ ਸੀ ਤੇ ਇਸ ਲਈ ਓਹ ਬੜਾ ਹੀ ਅਭਿਮਾਨੀ ਸੀ ਤੇ ਆਪਣੇ ਕਾਨੂੰਨ ਦੀ ਲਿਆਕਤ ਉੱਪਰ ਤਸੱਲੀ ਸੀ। (ਤੇ ਓਹਦੀ ਹਉਮੈ ਨੂੰ ਪੱਠੇ ਇਕ ਹੋਰ ਪਾਸਿਓਂ ਵੀ ਪੈਂਦੇ ਸਨ ਕਿ ਓਹ ਰਈਸੀ ਤੀਮੀਆਂ ਨਾਲ ਯਾਰਾਨੇ ਬੜੀ ਕਾਮਯਾਬੀ ਨਾਲ ਪਾਉਂਦਾ ਸੀ) ਤੇ ਇਨ੍ਹਾਂ ਕਾਰਨਾਂ ਕਰਕੇ ਉਹਦਾ ਐਹਮਕਪੁਨਾ ਗ਼ੈਰ ਮਾਮੂਲੀ ਹੋ ਚੁਕਾ ਸੀ।

ਜਦ ਓਹਨੂੰ ਆਪਣੀ ਤਕਰੀਰ ਕਰਨ ਲਈ ਬੁਲਾਇਆ ਗਇਆ ਤਦ ਬੜੇ ਨਖਰੀਲੇ ਅੰਦਾਜ਼ ਨਾਲ ਬੜੀ ਹੌਲੀ ਹੌਲੀ ਉੱਠਿਆ। ਆਪਣਾ ਹੱਥ ਮੇਜ਼ ਉੱਪਰ ਰੱਖ ਕੇ ਕਮਰੇ ਦੇ ਚਾਰ ਚੁਫੇਰੇ ਨਿਗਾਹ ਮਾਰੀ। ਰਤਾਕੂ ਸਿਰ ਨੀਂਵਾ ਕਰ ਕੇ ਸਲਾਮ ਕੀਤਾ ਤੇ ਕੈਦੀਆਂ ਦੀਆਂ ਅੱਖਾਂ ਥੀਂ ਅੱਖ ਬਚਾ ਕੇ ਲਗਾ ਓਹ ਤਕਰੀਰ ਕਰਨ। ਇਹ ਤਕਰੀਰ ਜਦ ਰੀਪੋਟਾਂ ਪੜ੍ਹੀਆਂ ਜਾ ਰਹੀਆਂ ਸਨ, ਉਸ ਨੇ ਉੱਥੇ ਬੈਠੇ ਬੈਠੇ ਹੀ ਤਿਆਰ ਕੀਤੀ ਸੀ।

"ਜੂਰੀ ਦੇ ਭਲੇ ਮਾਨੁੱਖੋ! ਇਹ ਮੁਕੱਦਮਾਂ ਜੋ ਆਪ ਦੇ ਸਾਹਮਣੇ ਹੈ ਜੇ ਮੈਂ ਇਉਂ ਆਪਣੇ ਆਪ ਦਾ ਮਤਲਬ ਦਸ ਸੱਕਾਂ, ਮੈਂ ਕਹਾਂਗਾ, ਕਿ ਇਕ ਬਹੁਤ ਗ਼ੈਰ ਮਾਮੂਲੀ ਮੁਕੱਦਮਾਂ ਹੈ।"

ਓਹਦੇ ਖਿਆਲ ਅਨੁਸਾਰ ਸਰਕਾਰੀ ਵਕੀਲ ਦੀ ਤਕਰੀਰ ਲੋਕਾਂ ਲਈ ਇਕ ਖਾਸ ਤਰਾਂ ਦੀ ਜਰੂਰੀ ਤਕਰੀਰ ਸਮਝੀ ਜਾਣੀ ਚਾਹੀਦੀ ਹੈ ਜਿਵੇਂ ਮਸ਼ਹੂਰ ਵਕੀਲਾਂ ਦੀਆਂ ਦੁਨੀਆਂ ਵਿੱਚ ਮੰਨੀਆਂ ਪਰਮੰਨੀਆਂ ਤਕਰੀਰਾਂ ਹੁੰਦੀਆਂ ਹਨ, ਤੇ ਜਿਨ੍ਹਾਂ ਤਕਰੀਰਾਂ ਕਰਕੇ ਓਹ ਵੱਡੇ ਬਣਦੇ ਹਨ। ਠੀਕ ਭਾਈ ਠੀਕ, ਓਹਦੀ ਤਕਰੀਰ ਸੁਣਨ ਵਾਲੇ ਕੌਣ ਕੌਣ ਆਏ ਸਨ, ਤਿੰਨ ਜਨਾਨੀਆਂ ਬੈਠੀਆਂ ਸਨ ਇਕ ਓਹ ਸੀਨ ਪ੍ਰੋਣ ਵਾਲੀ, ਇਕ ਰਸੋਇਣ, ਤੇ ਇਕ ਸਾਈਮਨ ਦੀ ਭੈਣ ਤੇ ਇਕ ਕੋਚਵਾਨ ਗੱਡੀਵਾਨ। ਪਰ ਕੋਈ ਆਵੇ ਨਾ ਆਵੇ ਸਰਕਾਰੀ ਵਕੀਲ ਦੀ ਤਕਰੀਰ ਆਲੀਸ਼ਾਨ ਤਰਾਂ ਦੀ ਹੋਣੀ ਚਾਹੀਏ। ਜਿਹੜੇ ਮਸ਼ਹੂਰ ਹੋ ਚੁਕੇ ਸਨ, ਉਨ੍ਹਾਂ ਪਹਿਲਿਆਂ ਆਪਣੀ ਵਕਾਲਤ ਇਉਂ ਹੀ ਸ਼ੁਰੂ ਕੀਤੀ ਸੀ। ਸਰਕਾਰੀ ਵਕੀਲ ਦੇ ਹੋਰ ਅਸੂਲਾਂ ਵਿੱਚ ਇਕ ਇਹ ਵੀ ਅਸੂਲ ਦੀ ਗੱਲ ਸੀ ਕਿ ਹਮੇਸ਼ਾਂ ਆਪਣੀ ਥਾਂ ਤੇ ਉੱਚਾ ਬੋਲਣਾ, ਤੇ ਆਪਣੇ ਅੱਗੇ ਆਏ ਸਵਾਲ ਨੂੰ ਚੋਟੀ ਥੀਂ ਫੜ ਝੰਝੋਣਨਾ, ਤੇ ਜੁਰਮ ਕਰਨ ਵਾਲਿਆਂ ਦੇ ਅੰਦਰਲੇ ਚਿਤ ਦੇ ਇਰਾਦੇ ਤੇ ਮਨਤਵਾਂ ਤੇ ਨੀਤਾਂ ਤਕ ਅਪੜਨਾ, ਤੇ ਸੋਸੈਟੀ ਦੇ ਜ਼ਖ਼ਮਾਂ, ਜ਼ਰਬਾਂ ਨੂੰ ਨੰਗਾ ਕਰ ਕਰ ਦੱਸਣਾ।

"ਜੂਰੀ ਦੇ ਭਲੇ ਮਾਨੁਖੋ! ਤੁਸੀ ਆਪਣੇ ਸਾਹਮਣੇ ਇਕ ਕਿਸੀ ਦਾ ਕੀਤਾ ਜੁਰਮ ਦੇਖ ਰਹੇ ਹੋ ਜਿਹੜਾ, ਸਾਡੀ ਸਦੀ, ਜੇ ਮੈਂ ਆਪਣੇ ਮਤਲਬ ਨੂੰ ਇਉਂ ਪ੍ਰਗਟ ਕਰ ਸਕਦਾ ਹਾਂ, ਦੇ ਆਖ਼ਰਲੇ ਗੁਜ਼ਰਦੇ ਹਿੱਸੇ ਵਿੱਚ ਆਪਣੀ ਕਿਸਮ ਦਾ ਖਾਸ ਇਕ ਗ਼ੈਰਮਾਮੂਲੀ ਜੁਰਮ ਹੈ, ਯਾ ਜੇ ਇਉਂ ਮੈਂ ਕਹਿ ਸਕਾਂ, ਇਸ ਦੀ ਨੁਹਾਰ ਇਕ ਬੜੀ ਦੁਖਦਾਈ ਘਟਨਾ ਦੀ ਹੈ। ਇਕ ਇਨਸਾਨੀ ਲੁਚਪੁਣੇ ਦੀ ਜਿੱਦੇ ਪੰਜੇ ਵਿੱਚ ਆਈ ਸਾਡੀ ਸੁਸਾਇਟੀ ਸ਼ਿਕਾਰ ਹੋ ਰਹੀ ਹੈ ਯਾ ਜੇ ਮੈਂ ਇੰਝ ਕਹਿ ਸੱਕਾਂ, ਜਿਦੀ ਬਦਚਲਣੀ ਦੀਆਂ ਸਾੜ ਦੇਣ ਵਾਲੀਆਂ ਕਿਰਨਾਂ ਨੇ ਸਾਡੀ ਸੋਸਾਇਟੀ ਨੂੰ ਭੁੰਨ ਸੁਟਣਾ ਹੈ।"

ਸਰਕਾਰੀ ਵਕੀਲ ਨੇ ਬੜੀ ਲੰਬੀ ਚੌੜੀ ਇਉਂ ਤਕਰੀਰ ਕੀਤੀ। ਜੋ ਜੋ ਨੁਕਤੇ ਓਸ ਆਪਣੇ ਦਿਮਾਗ਼ ਵਿੱਚ ਬੰਨ੍ਹੇ ਸਨ, ਉਨ੍ਹਾਂ ਵਿੱਚੋਂ ਇਕ ਵੀ ਓਹ ਨਹੀਂ ਸੀ ਭੁਲਿਆ ਤੇ ਅੜਿਆ ਕਿਧਰੇ ਨਾ। ਬਸ ਬੋਲੀ ਹੀ ਗਇਆ ਜਿਵੇਂ ਕੋਈ ਵਗਦਾ ਜਾ ਰਹਿਆ ਹੈ ਤੇ ਬਿਨਾ ਸਾਹ ਲਏ ਦੇ ਸਵਾ ਘੰਟਾ ਪੂਰਾ ਵਗੀ ਗਇਆ, ਬੱਲ੍ਹੇ ਬੱਲ੍ਹੇ ਓ ਸ਼ੇਰਾ!

ਸਿਰਫ ਇਕ ਵੇਰੀ ਓਸ ਜਰਾ ਕੂ ਦਮ ਲਇਆ ਸੀ ਜਦ ਉਸ ਨੇ ਮੂੰਹ ਵਿੱਚ ਭਰ ਗਇਆ ਥੁਕ ਅੰਦਰ ਲੰਘਾਇਆ ਸੀ। ਪਰ ਜਲਦੀ ਹੀ ਓਸ ਆਪਣਾ ਆਪ ਸੰਭਾਲ ਲਇਆ ਸੀ, ਤੇ ਜਿਹੜੀ ਕੁਛ ਰੋਕ ਪਈ ਸੀ ਓਹਦੀ ਥਾਂ ਉਸ ਆਪਣੀ ਆਵਾਜ਼ ਹੋਰ ਉੱਚੀ ਕਰਕੇ ਭਰ ਦਿੱਤੀ ਸੀ, ਤਾਕਿ ਕਿਧਰੇ ਕਿਸੀ ਹੋਰ ਨੂੰ ਉਹ ਵਿਥ ਭਾਸ ਨ ਜਾਏ। ਉਸ ਥੀਂ ਪਿੱਛੇ ਉਹ ਇਕ ਮਧਮ ਦੇ ਦੂਜੇ ਨੂੰ ਫੁਸਲਾਨ ਵਾਲੀ ਸੁਰ ਵਿੱਚ ਬੋਲਿਆ, ਕਦੀ ਕਦਮ ਇਕ ਕਦੀ ਦੂਆ ਚੱਕਦਾ ਸੀ, ਤੇ ਜੂਰੀ ਵਲ ਵੇਖ ਕੇ ਬੋਲਦਾ ਸੀ, ਕਦੀ ਚੁਪ ਹੋ ਜਾਂਦਾ ਸੀ। ਇਕ ਵਿਹਾਰ ਕਰਨ ਵਾਲੇ ਦੀ ਸੁਰ ਤਾਲ ਵਿੱਚ ਬੋਲਦਾ ਸੀ। ਸੁਣਨ ਵਾਲਿਆਂ ਥੀਂ ਪਰਤ ਕੇ ਵਕੀਲਾਂ ਵਲ ਵੇਂਹਦਾ ਸੀ, ਪਰ ਕੈਦੀਆਂ ਵਲ ਅੱਖਾਂ ਉਹ ਨਹੀਂ ਸੀ ਕਰਦਾ ਜਿਹੜੇ ਤਿੰਨੇ ਉਸ ਵਲ ਟੱਕ ਬੰਨ੍ਹ ਕੇ ਵੇਖ ਰਹੇ ਸਨ। ਉਹਦੇ ਆਪਣੀ ਤਰਜ਼ ਤੇ ਟੋਲੇ ਦੇ ਲੋਕਾਂ ਦੀ ਜੋ ਵੀ ਕੋਈ ਨਵੀਂ ਗੱਲ, ਜੋ ਵੀ ਕੋਈ ਨਵੀਂ ਧੁਨਧਨ ਸੀ, ਉਹ ਬਸ ਆਪਣੀ ਤਕਰੀਰ ਵਿੱਚ ਲਿਆ ਕੇ ਘੁਸੇੜੀ ਜਾਂਦਾ ਸੀ। ਹਰ ਇਕ ਇਸਤਰਾਂ ਦੀ ਗੱਲ, ਯਾ ਵਾਕਿਆ ਜੋ ਹੋਇਆ ਯਾ ਹੋਣ ਵਾਲਾ ਸੀ, ਅਤੇ ਜਿਨ੍ਹਾਂ ਗੱਲਾਂ ਤੇ ਵਾਕਿਆਤਾਂ ਨੂੰ ਕਾਨੂੰਨ ਦੇ ਸਾਇੰਸ ਦੀ ਦਾਨਾਈ ਦੇ ਅੰਤਮ ਫੈਸਲੇ ਦੀ ਗੱਲ ਜਾਣਿਆ ਜਾਂਦਾ ਸੀ, ਸਭ ਇੰਨੇ ਲਿਆ ਕੇ ਆਪਣੀ ਤਕਰੀਰ ਵਿੱਚ ਘੁਸੇੜ ਘੁਸੇੜ ਉਹਨੂੰ ਵਜ਼ਨੀ ਕਰਨ ਦਾ ਹਦ ਦਾ ਉਪਰਾਲਾਕੀਤਾ। ਕਦੀ ਖੂਨ ਵਿੱਚ ਪਿਛਲਿਆਂ ਟੱਬਰਾਂ ਦੀਆਂ ਆਈਆਂ ਆਦਤਾਂ ਦਾ ਜ਼ਿਕਰ ਤੇ ਉਸ ਕਰਕੇ ਬਦਚਲਨੀ ਕਰਨ ਦੀਆਂ ਜਮਾਂਦਰੂ ਉਕਸਾਹਟਾਂ ਦਾ ਜ਼ਿਕਰ, ਲੋਮਬਰੋਸੋ ਤੇ ਤਾਰ ਦੇ ਆਦਿ ਦੀਆਂ ਰਾਵਾਂ, ਜ਼ਿੰਦਗੀ ਦੇ ਉਪਰ ਵਲ ਚੜ੍ਹਾਓ—ਐਵੋਲਯੂਸ਼ਨ—ਤੇ ਓਸ ਲਈ ਜੀਂਦਿਆਂ ਦਾ ਇਕ ਦੂਜੇ ਨੂੰ ਮਾਰਨਾ ਤੇ ਡਾਹਢਿਆਂ ਦਾ ਬਚ ਰਹਿਣਾ, ਲਿੱਸਿਆਂ ਦਾ ਫ਼ਨਾ ਹੋ ਜਾਣ ਆਦਿ ਦਾ ਜ਼ਿਕਰ, ਹਿਪਨੋਟਿਜ਼ਮ ਤੇ ਹਿਪਨੋਟਿਜ਼ਮ ਕਰਨ ਵਾਲੇ ਦਾ ਆਪਣੇ ਮਹਮੂਲ ਉੱਪਰ ਪੂਰੀ ਮਾਨਸਿਕ ਹਕੂਮਤ ਤੇ ਇਖਤਿਆਰ ਦਾ ਜ਼ਿਕਰ, ਸ਼ਾਰਕੋ ਸਾਹਿਬ ਦੇ ਕਥਨ ਤੇ ਆਦਮੀ ਦੀ ਇਖ਼ਲਾਕੀ ਗਿਰਾਵਟ ਆਦਿ ਦਾ ਜ਼ਿਕਰ,—ਓਹਦੀ ਵਿਆਖਿਆ ਅਨੁਸਾਰ ਸੌਦਾਗਰ ਸਮੈਲਕੋਵ ਇਕ ਸੱਚੇ, ਤਕੜੇ, ਸਿਧੇ ਸਾਦੇ ਦੂਜਿਆਂ ਉਪਰ ਇਤਬਾਰ ਕਰਨ ਵਾਲੇ ਸੁਭਾ ਕਰਕੇ, ਬਦਚਲਣ ਲੋਕਾਂ ਦਾ ਸ਼ਿਕਾਰ ਬਣਿਆ।

ਸਾਈਮਨ ਕਾਰਤਿਨਕਿਨ ਗੁਲਾਮਪੁਣੇ ਨਾਲ ਮਰ ਚੁਕੇ ਇਨਸਾਨ ਦਾ ਰਹਿ ਗਇਆ ਟੁੰਡ ਜੇਹਾ ਸੀ, ਇਕ ਬੇਹੋਸ਼ ਹੋਇਆ ਜਾਹਿਲ ਬੇ ਅਸੂਲਾ ਆਦਮੀ ਜਿਹਦਾ ਈਮਾਨ ਧਰਮ ਹੀ ਕੋਈ ਨਹੀਂ ਰਹਿਆ ਹੋਇਆ ਸੀ। ਯੋਫੈਮੀਆ ਓਹਦੀ ਯਾਰ ਹੈ ਤੇ ਉਹ ਆਪ ਉਹਦੇ ਆਪਣੇ ਖੂਨ ਵਿਚ ਪਿਛਲਿਆਂ ਦੇ ਆਏ ਹੋਏ ਗੁਣ ਸੁਭਾ ਦਾ ਸ਼ਿਕਾਰ ਹੈ, ਓਸ ਵਿੱਚ ਹਰ ਤਰਾਂ ਦੀ ਗਿਰਾਵਟ ਦੇ ਨਿਸ਼ਾਨ ਮਿਲਦੇ ਹਨ। ਇਸ ਮਾਮਲੇ ਵਿਚ ਸਭ ਥੀਂ ਵੱਡੀ ਤਾਰਾਂ ਖਿੱਚਣ ਵਾਲੀ ਮਸਲੋਵਾ ਸੀ। ਇਨਸਾਨ ਦੀ ਨੀਚਤਾ ਵਲ ਗਿਰੇ ਚਲੇ ਜਾਣ ਦੀ ਵੰਨਗੀ ਇਸ ਸਦੀ ਵਿੱਚ ਹੋ ਰਹੀ ਘਟਨਾ ਦੀ ਸਭ ਥੀਂ ਹੇਠਲੇ ਦਰਜੇ ਦੀ ਗਿਰੀ ਹੋਈ ਜਨਾਨੀ ਹੈ। "ਇਹ ਔਰਤ", ਓਸ ਕਹਿਆ "ਜਿਸ ਤਰਾਂ ਅਸਾਂ ਇਹਦੀ ਰੱਖਣ ਵਾਲੀ ਜਨਾਨੀ ਦੇ ਮੂੰਹੋਂ ਸੁਣਿਆ ਹੈ ਤਾਲੀਮ ਯਾਫ਼ਤਾ ਹੈ। ਨ ਸਿਰਫ਼ ਪੜ੍ਹ ਲਿਖ ਸਕਦੀ ਹੈ ਬਲਕਿ ਫਰਾਂਸੀਸੀ ਜ਼ਬਾਨ ਦੀ ਜਾਣੂ ਹੈ। ਇਹ ਹੈ ਯਤੀਮ ਤੇ ਮੁਮਕਿਨ ਹੈ ਕਿ ਇਹਦੇ ਮਾਪਿਆਂ ਦੇ ਕੀਤੇ ਪਾਪਾਂ ਦੀ ਲੇਸ਼ ਇਹਦੇ ਖੂਨ ਵਿੱਚ ਚਲੀ ਆ ਰਹੀ ਹੋਵੇ। ਇਹ ਬੜੇ ਸ਼ਰੀਫ ਘਰਾਣੇ ਵਿੱਚ ਪਾਲੀ ਪੋਸੀ ਗਈ ਸੀ। ਇਸ ਲਈ ਇਹ ਆਪਣੀ ਉਪਜੀਵਕਾ ਈਮਾਨਦਾਰੀ ਤ੍ਰੀਕਿਆਂ ਨਾਲ ਕਮਾ ਸੱਕਦੀ ਸੀ। ਪਰ ਆਪਣੀ ਪਾਲਣ ਵਾਲੀ ਨੂੰ ਛੱਡ ਆਈ ਤੇ ਆਪਣੀ ਵਿਸ਼ੇ ਬ੍ਰਿਤੀ ਨੂੰ ਆਪਣੀ ਵਾਗਡੋਰ ਫੜਾ ਦਿਤੀ। ਤੇ ਆਪਣੀਆਂ ਕਾਮ ਤ੍ਰਿਸ਼ਨਾ ਨੂੰ ਪੂਰਾ ਕਰਨ ਲਈ ਕੰਜਰ ਘਰ ਜਾ ਦਾਖਲ ਹੋਈ ਜਿਥੇ ਓਹ ਆਪਣੀਆਂ ਬਾਕੀ ਦੀਆਂ ਸਾਥਣਾਂ ਥੀਂ ਆਪਣੀ ਪੜ੍ਹਾਈ ਕਰਕੇ ਬਾਹਲੀ ਚੰਗੀ ਗਿਣੀ ਗਈ। ਤੇ ਓਥੇ ਖਾਸ ਕਰਕੇ ਜੂਰੀ ਦੇ ਭਲੇ ਮਾਨੁਖੋ! ਜਿਸ ਤਰਾਂ ਤੁਸੀਂ ਉਸਦੀ ਮਾਲਕਾ ਪਾਸੋਂ ਸੁਣ ਲਇਆ ਹੈ, ਇਕ ਖਾਸ ਅੱਖਾਂ ਦੀ ਗੁਝੀ ਤਾਕਤ ਦਵਾਰਾ ਆਏ ਮਹਿਮਾਨਾਂ ਉੱਪਰ ਇਹ ਇਕ ਖਾਸ ਤਰਾਂ ਕਾਬੂ ਪਾ ਲੈਂਦੀ ਸੀ। ਇਸ ਤਾਕਤ ਦੀ ਹੁਣੇ ਹੀ ਸਾਇੰਸ ਨੇ ਖੋਜ ਸ਼ੁਰੂ ਕੀਤੀ ਹੈ, ਖਾਸ ਕਰ ਸ਼ਾਰਕੋ ਦੇ ਸਕੂਲਾਂ ਨੇ, ਤੇ ਜਿਹਨੂੰ ਓਹ ਅੱਖਾਂ ਨਾਲ ਦੂਸਰੇ ਉੱਪਰ ਜਾਦੂ ਪਾ ਲੈਨ ਦਾ ਅਸਰ ਕਰਕੇ ਸੱਦਦੇ ਹਨ। ਇਨ੍ਹਾਂ ਗੁੱਝੇ ਅੱਖਾਂ ਦੇ ਜਾਦੂ ਦੇ ਤਰੀਕਿਆਂ ਨਾਲ ਇਹ ਉਸ ਵਿਚਾਰੇ ਰੂਸੀ ਸੌਦਾਗਰ ਭੋਲੇ ਭਾਲੇ ਬੁੱਧੂ ਉੱਪਰ ਅਮਲ ਕਰਕੇ ਪੂਰਾ ਕਾਬੂ ਪਾ ਲੈਂਦੀ ਹੈ। ਇਸ ਅਮੀਰ ਮਹਿਮਾਨ ਉੱਪਰ ਲਕੜੀ ਫੇਰਦੀ ਹੈ, ਤੇ ਉਹ ਇਸ ਉਪਰ ਪੂਰਾ ਇਤਬਾਰ ਕਰਦਾ ਹੈ ਤੇ ਇਹ ਓਸ ਇਤਬਾਰ ਨੂੰ ਕਿਸਤਰ੍ਹਾਂ ਵਰਤਦੀ ਹੈ, ਪਹਿਲਾਂ ਉਹਦਾ ਮਾਲ ਲੁੱਟਦੀ ਹੈ ਤੇ ਫਿਰ ਕਿਸ ਬੇਤਰਸੀ ਨਾਲ ਓਹਨੂੰ ਮਾਰ ਮੁਕਾਂਦੀ ਹੈ।"

"ਭਾਈ! ਇਹ ਤਾਂ ਕਿੰਵ ਇਕ ਗੱਲ ਉੱਪਰ ਦੂਜੀ ਚੋਟ ਚਾਹੜੀ ਜਾਂਦਾ ਹੈ" ਪ੍ਰਧਾਨ ਨੇ ਮੁਸਕਰਾ ਕੇ ਆਪਣੇ ਲਾਗੇ ਬੈਠੇ ਫਿਕਰਮੰਦ ਮੂੰਹ ਵਾਲੇ ਮੈਂਬਰ ਨੂੰ ਉਸ ਵਲ ਝੁਕ ਕੇ ਕਹਿਆ।

"ਇਕ ਡਰਾਉਣਾ ਅਭੱਨਕ ਹੈ!" ਓਸ ਮੈਂਬਰ ਨੇ ਜਵਾਬ ਵਿੱਚ ਕਹਿਆ। ਓਧਰ ਸਰਕਾਰੀ ਵਕੀਲ ਆਪਣੀ ਤਕਰੀਰ ਕਰੀ ਗਇਆ:—

"ਜੂਰੀ ਦੇ ਭਲੇ ਮਾਨੁੱਖੋ"! ਤੇ ਆਪਣੇ ਜਿਸਮ ਨੂੰ ਨਖਰੇ ਨਾਲ ਜਰਾ ਝੁਮਾ ਕੇ ਕਹਿਆ, "ਇਨ੍ਹਾਂ ਬੰਦਿਆਂ ਦੀ ਕਿਸਮਤ ਦਾ ਫੈਸਲਾ ਤੁਹਾਡੇ ਹੱਥ ਹੈ। ਨ ਨਿਰੀ ਇਨ੍ਹਾਂ ਬੰਦਿਆਂ ਦੀ ਪਰ ਸਾਰੀ ਸੋਸੈਟੀ ਦੀ ਕਿਸਮਤ ਤੁਹਾਡੇ ਹੱਥ ਵਿੱਚ ਹੈ। ਇਸ ਜੁਰਮ ਦੀ ਪੂਰੀ ਮਾਹੀਅਤ ਨੂੰ ਸਮਝੋ, ਓਸ ਖਤਰੇ ਦਾ ਧਿਆਨ ਕਰੋ ਜਿਹੜਾ ਸੋਸੈਟੀ ਨੂੰ ਇਹੋ ਜੇਹੀ ਜਮਾਂਦਰੂ ਅਣੋਖਿਆਂ ਅਸਰਾਂ ਵਾਲਿਆਂ ਬੰਦਿਆਂ ਥੀਂ ਹੈ ਜਿਹੋ ਜੇਹੀ ਇਹ ਹੈ। ਮਸਲੋਵਾ ਜਹੀਆਂ ਦੀ ਜ਼ਹਿਰੀਲੀ ਛੋ ਥੀਂ ਸੋਸੈਟੀ ਦੀ ਹਿਫ਼ਾਜ਼ਤ ਕਰੋ, ਸੋਸੈਟੀ ਦੇ ਬੇ ਲੋਸ ਭੋਲੇ ਹਿੱਸਿਆਂ ਨੂੰ ਇਸ ਜ਼ਹਿਰ ਥੀਂ ਨਹੀਂ ਕੁਲੀਆ ਬਰਬਾਦੀ ਥੀਂ ਬਚਾਣਾ ਹੈ। ਤੁਸਾਂ!"

ਤੇ ਜਿਵੇਂ ਹੋਣ ਵਾਲੇ ਫੈਸਲੇ ਦੇ ਵਜ਼ਨ ਹੇਠ ਦੱਬਕੇ, ਸਰਕਾਰੀ ਵਕੀਲ ਆਪਣੀ ਕੁਰਸੀ ਵਿਚ ਡੁਬ ਗਇਆ। ਸਾਫ਼ ਸੀ ਕਿ ਉਹ ਆਪਣੀ ਤਕਰੀਰ ਇਹੋ ਜੇਹੀ ਮਾਰਕੇ ਦੀ ਕਰਕੇ ਆਪ ਬੜਾ ਸਵਾਦ ਆ ਗਇਆ ਸੀ।

ਜੇ ਉਹਦੀ ਤਕਰੀਰ ਨੂੰ ਸਭ ਉਹਦੇ ਪਵਾਏ ਗਹਿਣੇ ਕੱਪੜੇ ਤੇ ਖੁਸ਼ਗੋਈ ਦੇ ਫੁਲਾ ਥੀਂ ਸੱਖਣਾ ਕਰਕੇ ਵੇਖਿਆ ਜਾਵੇ ਤਦ ਜੋ ਗਲ ਉਸ ਕਹੀ ਸੀ ਓਹ ਇਹ ਸੀ, ਕਿ ਮਸਲੋਵਾ ਨੇ ਸੌਦਾਗਰ ਨੂੰ ਆਪਣੇ ਉੱਪਰ ਪਾ ਲਇਆ। ਉਸ ਨੇ ਇਸ ਉੱਪਰ ਇਤਬਾਰ ਕੀਤਾ, ਫਿਰ ਓਹਨੂੰ ਇਹਨੇ ਆਪਣੀਆਂ ਅੱਖਾਂ ਦੇ ਜਾਦੂ ਹਿਪਨੌਟਿਜ਼ਮ ਨਾਲ ਪੂਰਾ ਕਾਬੂ ਕਰ ਲੀਤਾ, ਤੇ ਫਿਰ ਓਹਦੀ ਕੁੰਜੀ ਲੈਕੇ ਓਹਦੇ ਰਹਿਣ ਵਾਲੇ ਥਾਂ ਤੇ ਇਸ ਨੀਤ ਨਾਲ ਗਈ ਕਿ ਓਹਦਾ ਸਾਰਾ ਰੁਪਿਆ ਆਪ ਲੈ ਲਵੇ। ਪਰ ਜਦ ਸਾਈਮਨ ਤੇ ਯੋਫੇਮੀਆਂ ਨੇ ਤੱਕ ਲਇਆ, ਤਦ ਉਨ੍ਹਾਂ ਦੋਹਾਂ ਨਾਲ ਇਸ ਉਸ ਰੁਪਏ ਦੇ ਹਿੱਸੇ ਕਰ ਲਏ, ਤੇ ਫਿਰ ਇਸ ਜੁਰਮ ਦੀਆਂ ਸਭ ਨਿਸ਼ਾਨੀਆਂ ਮਿਟਾਣ ਲਈ, ਖੁਰਾ ਖੋਜ ਗੁਆਣ ਲਈ, ਇਹ ਓਸ ਸੌਦਾਗਰ ਸਮੇਤ ਮੁੜ ਹੋਟਲ ਵਿੱਚ ਆਈ ਤੇ ਓਹਨੂੰ ਜ਼ਹਿਰ ਦੇਕੇ ਪਾਰ ਬੁਲਾਇਆ।

ਜਦ ਸਰਕਾਰੀ ਵਕੀਲ ਬੋਲ ਚੁੱਕਿਆ ਤਦ ਇਕ ਅਧਖੜ ਉਮਰ ਦਾ ਆਦਮੀ, ਇਕ ਅਬਾਬੀਲ ਦੇ ਪੂਛਲ ਵਾਲਾ ਕੋਟ ਪਾਈ, ਤੇ ਨੀਵੀਂ ਛਾਤੀ ਦੇ ਤਲੇ ਤਕ ਕਾਟ ਵਾਲੀ ਤਲੇ ਵਾਸਕਟ ਪਾਈ, ਵਕੀਲਾਂ ਦੇ ਬੈਂਚ ਥੀਂ ਉੱਠਿਆ, ਵਾਸਕਟ ਦੇ ਘੇਰੇ ਦੇ ਵਿੱਚ ਓਹਦੀ ਮਾਇਆ ਲੱਗੀ ਤੇ ਅਕੜਾਈ ਚਿੱਟੀ ਕਮੀਜ਼ ਦਾ ਅੱਗਾ ਸਾਫ ਦਿੱਸ ਆਇਆ। ਤੇ ਕਾਰਤਿਨਕਿਨ ਤੇ ਬੋਚਕੋਵਾ ਦੇ ਬਚਾ ਵਿੱਚ ਆਪਣੀ ਤਕਰੀਰ ਲੱਗਾ ਕਰਨ। ੩੦੦ ਰੂਬਲ ਫੀਸ ਦੇ ਕੇ ਉਨ੍ਹਾਂ ਦੋਹਾਂ ਨੇ ਇਹਨੂੰ ਆਪਣਾ ਵਕੀਲ ਕੀਤਾ ਸੀ। ਤਕਰੀਰ ਵਿੱਚ ਓਸ ਕਹਿਆ ਕਿ ਉਹਦੇ ਮੁਵੱਕਲ ਬੇ ਗੁਨਾਹ ਸਨ ਤੇ ਸਾਰਾ ਦੋਸ ਮਸਲੋਵਾ ਦਾ ਸੀ। ਮਸਲੋਵਾ ਦੇ ਇਸ ਕਹਿਣ ਥੀਂ ਕਿ ਓਹ ਦੋਵੇਂ ਉਹਦੇ ਨਾਲ ਸਨ, ਵਕੀਲ ਨੇ ਇਨਕਾਰ ਕੀਤਾ ਤੇ ਕਹਿਆ ਕਿ ਮਸਲੋਵਾ ਨੇ ਰੁਪਏ ਚੁਰਾਏ ਤੇ ਸਾਰਾ ਜੋਰ ਇਸ ਗੱਲ ਤੇ ਦਿੱਤਾ ਕਿ ਓਹਦਾ ਬਿਆਨ ਜਦ ਓਸ ਉੱਪਰ ਸੌਦਾਗਰ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਲੱਗ ਚੁੱਕਾ ਸੀ ਮੰਨਣ ਦੇ ਲਾਇਕ ਹੀ ਨਹੀਂ। ਤੇ ੧੮੦੦ ਰੂਬਲ ਜੇਹੜੇ ਉਨ੍ਹਾਂ ਦੋਹਾਂ ਦੇ ਬੰਕ ਦੇ ਹਿਸਾਬ ਵਿੱਚ ਨਿਕਲੇ ਸਨ, ਓਹ ਦੋ ਦਿਆਨਤਦਾਰ ਬੰਦੇ ਜਿਨ੍ਹਾਂ ਨੂੰ ਰੋਜ ੩ ਥੀਂ ੫ ਰੂਬਲ ਤਕ ਬਖਸ਼ੀਸ਼ਾਂ ਮਿਲ ਜਾਂਦੀਆਂ ਸਨ, ਇੰਨਿਆਂ ਸਾਲਾਂ ਵਿੱਚ ਬੜੀ ਆਸਾਨੀ ਨਾਲ ਜਮਾਂ ਕਰ ਸੱਕਦੇ ਸਨ।

ਸੌਦਾਗਰ ਦੇ ਰੁਪਏ ਮਸਲੋਵਾ ਨੇ ਚੁਰਾਏ, ਤੇ ਉਸ ਨੇ ਅੱਗੇ ਕਿਸੀ ਨੂੰ ਦੇ ਦਿੱਤੇ ਹੋਣ ਦੀ ਸੰਭਾਵਨਾ ਹੁੰਦੀ ਸੀ, ਯਾ ਓਹ ਗਵਾ ਬੈਠੀ ਹੋਣੀ ਹੈ, ਕਿਉਂਕਿ ਉਸ ਵੇਲੇ ਬੜੇ ਹੀ ਨਸ਼ੇ ਦੀ ਹਾਲਤ ਵਿੱਚ ਸੀ ਤੇ ਜ਼ਹਿਰ ਜੂ ਦਿੱਤਾ ਤਦ ਮਸਲੋਵਾ ਇਕੱਲੀ ਨੇ ਦਿੱਤਾ।

ਤੇ ਉਸ ਇਉਂ ਕਹਿ ਕੇ ਜੂਰੀ ਦੀ ਮਿੰਨਤ ਕੀਤੀ ਕਿ ਮੁਵੱਕਲਾਂ ਤੇ, ਕਾਰਤਿਨਕਿਨ ਤੇ ਬੋਚਕੋਵਾ ਤੇ, ਜਿਹੜਾ ਝੂਠਾ ਦੋਸ ਲੱਗਾ ਹੈ ਓਸ ਥੀਂ ਉਨ੍ਹਾਂ ਨੂੰ ਓਹ ਬਰੀ ਕਰ ਦੇਣ ਤੇ ਜੇ ਓਹ ਚੋਰੀ ਦੇ ਲੱਗੇ ਦੋਸ ਥੀਂ ਉਨ੍ਹਾਂ ਨੂੰ ਉੱਕਾ ਬਰੀ ਨਹੀਂ ਕਰ ਸੱਕਦੇ ਤਾਂ ਘਟੋ ਘਟ ਇੰਨਾਂ ਤਾਂ ਜੂਰੀ ਨੂੰ ਮੰਨਣਾ ਚਾਹੀਦਾ ਹੈ ਕਿ ਇਹ ਦੋਸ ਉਨ੍ਹਾਂ ਜ਼ਹਿਰ ਦੇਣ ਦੀ ਲੋੜ ਵਿੱਚ ਸ਼ਾਮਲ ਹੋਣ ਦੇ ਬਿਨਾਂ ਕੀਤਾ ਹੋਣਾ ਹੈ। ਓਹ ਦੋਵੇਂ ਜ਼ਹਿਰ ਦੇਣ ਦੀ ਸਾਜ਼ਸ਼ ਵਿੱਚ ਨਹੀਂ ਸ਼ਾਮਲ ਸਨ। ਇਸ ਵਕੀਲ ਨੇ ਖਤਮ ਕਰਦਿਆਂ ਸਰਕਾਰੀ ਵਕੀਲ ਵਲ ਚੋਟ ਮਾਰਦਿਆਂ ਕਹਿਆ ਕਿ ਉਹਦੇ ਬੜੇ ਲਾਇਕ ਦੋਸਤ ਦੇ ਭੜਕਦੇ ਕਥਨ ਜੋ ਓਸਨੇ ਸਾਇੰਸ ਦੀ ਡੂੰਘੀ ਵਿਆਖਿਆ ਕਰਦੇ ਕੀਤੇ ਹਨ ਕਿ ਕੁਕਰਮ ਕਰਨ ਦੇ ਸੁਭਾ ਲੋਕਾਂ ਦੇ ਖੂਨ ਵਿੱਚ ਜਮਾਂਦਰੂ ਆ ਜਾਂਦੇ ਹਨ ਆਦਿ ਸਾਡੇ ਇਸ ਮੁਕੱਦਮੇਂ ਦੀ ਹਾਲਤ ਵਿੱਚ ਇਨ੍ਹਾਂ ਦੋਹਾਂ ਦੋਸੀਆਂ ਉੱਪਰ ਨਹੀਂ ਘਟ ਸੱਕਦੇ। ਕਿਉਂਕਿ ਬੋਚਕੋਵਾ ਦੇ ਮਾਂ ਪਿਓ ਦਾ ਕੁਛ ਪਤਾ ਨਹੀਂ ਕੌਣ ਸਨ। ਸਰਕਾਰੀ ਵਕੀਲ ਨੇ ਓਸ ਵਲ ਗੁੱਸੇ ਦੀ ਨਿਗਾਹ ਨਾਲ ਵੇਖ ਕੇ ਆਪਣੇ ਕਾਗਜ਼ਾਂ ਉੱਪਰ ਕੁਛ ਲਿਖਿਆ ਤੇ ਆਪਣੇ ਮੋਢੇ ਓਸ ਵਕੀਲ ਨੂੰ ਛੋਟਾ ਕਰਨ ਨੂੰ ਇਕ ਲੁਕੀ ਹਿਕਾਰਤ ਜੇਹੀ ਦੇ ਭਾਵ ਵਿੱਚ ਉਤਾਹਾਂ ਚਕ ਕੇ ਹਿਲਾਏ।

ਫਿਰ ਮਸਲੋਵਾ ਦਾ ਵਕੀਲ ਉੱਠਿਆ, ਤੇ ਕੁਛ ਸ਼ਰਮਾਕਲ ਜੇਹੇ ਅਟਕੇ ਅਟਕੇ ਤਰੀਕੇ ਨਾਲ ਲੱਗਾ ਬੋਲਣ। ਓਸ ਨੇ ਇਸ ਗੱਲ ਥੀਂ ਇਨਕਾਰ ਨ ਕੀਤਾ, ਕਿ ਓਹਦੇ ਮੁਵੱਕਲ ਨੇ ਰੁਪੈ ਚੋਰੀ ਕਰਨ ਵਿੱਚ ਹਿੱਸਾ ਲੀਤਾ ਸੀ ਪਰ ਇਸ ਗੱਲ ਨੂੰ ਪੱਕਾ ਕੀਤਾ ਕਿ ਸਮੈਲਕੋਵ ਨੂੰ ਜ਼ਹਿਰ ਦੇਣ ਦਾ ਉਹਦੇ ਮੁਵੱਕਲ ਦਾ ਕੋਈ ਇਰਾਦਾ ਅਥਵਾ ਅੰਦਰਲੀ ਨੀਤ ਨਹੀਂ ਸੀ। ਤੇ ਓਹ ਪੁੜੀ ਓਹਨੇ ਓਹਨੂੰ ਸਵਾਲਣ ਲਈ ਦਿੱਤੀ ਸੀ। ਇਸ ਵਕੀਲ ਨੇ ਵੀ ਕੁਛ ਖੁਸ਼ ਬੋਲਾਂ ਨੂੰ ਦਿਖਾਓਣ ਤੇ ਖੁਸ਼ਗੋਈ ਦਾ ਪ੍ਰਭਾਵ ਪਾਣ ਦਾ ਯਤਨ ਕੀਤਾ ਜਰੂਰ, ਤੇ ਦਸਿਆ ਕਿ ਮਸਲੋਵਾ ਕਿਸ ਤਰਾਂ ਤੇ ਕਿਨ੍ਹਾਂ ਵਾਕਿਆਤ ਤੇ ਹਾਲਤਾਂ ਕਰਕੇ ਮਜਬੂਰਨ ਇਸ ਭੈੜੀ ਜ਼ਿੰਦਗੀ ਵਲ ਧੱਕੀ ਗਈ। ਓਸ ਆਦਮੀ ਨੂੰ ਜਿੰਨੇ ਇਹਨੂੰ ਭੋਲੇਪਨ ਵਿੱਚ ਪਹਿਲਾਂ ਪਹਿਲ ਖਰਾਬ ਕੀਤਾ, ਓਹਨੂੰ ਕੋਈ ਸਜ਼ਾ ਨਹੀਂ ਮਿਲੀ, ਤੇ ਆਪਣੀ ਗਿਰਾਵਟ ਦੀ ਸਾਰੀ ਸਜ਼ਾ ਸਿਰਫ ਇਹਨੂੰ ਇਕੱਲੀ ਨੂੰ ਭੋਗਣੀ ਪੈ ਰਹੀ ਹੈ। ਪਰ ਵਕੀਲ ਦੀ ਇਸ ਗਿਰਾਵਟ ਦੇ ਸਬੱਬਾਂ ਵਲ ਇਕ ਮਸਲਿਆਂ ਦੀ ਆਰਾਇਸ਼ ਵਲ ਟੁਰ ਜਾਣ ਦੀ ਕੋਸ਼ਸ਼ ਸੁਣਨ ਵਾਲਿਆਂ ਪਸੰਦ ਨਹੀਂ ਸੀ ਕੀਤੀ। ਸਾਰੇ ਕੁਝ ਤੰਗ ਜੇਹੇ ਦਿਸੇ ਜਦ ਓਸ ਇਹ ਗੱਲ ਕਹੀ ਕਿ ਮਰਦ ਕੈਸੇ ਬੇਤਰਸ ਜੇਹੇ ਹੁੰਦੇ ਹਨ ਤੇ ਔਰਤਾਂ ਇੰਨੀਆਂ ਬੇਬਸ। ਤਦ ਪ੍ਰਧਾਨ ਨੇ ਓਹਨੂੰ ਚਿਤਾਵਨੀ ਕੀਤੀ ਕਿ ਓਹ ਅਪਣੀ ਤਕਰੀਰ ਵਿੱਚ ਮੁਕੱਦਮੇਂ ਦੇ ਅਸਲੀ ਵਾਕਿਆਤ ਵਲ ਜ਼ਿਆਦਾ ਰਵੇ, ਅੱਗੇ ਪਿੱਛੇ ਘੁੰਮਣ ਘੇਰੀਆਂ ਥੀਂ ਬਚੇ।

ਜਦ ਇਸ ਆਪਣੀ ਤਕਰੀਰ ਮੁਕਾਈ ਤਾਂ ਸਰਕਾਰੀ ਵਕੀਲ ਜਵਾਬ ਦੇਣ ਲਈ ਉੱਠਿਆ। ਜਿਹੜਾ ਪਹਿਲਾਂ ਵਕੀਲ ਦੋਹਾਂ ਦੋਸੀਆਂ ਦਾ ਬੋਲ ਚੁਕਾ ਸੀ ਓਹਦੇ ਉੱਤਰ ਵਿੱਚ ਕਹਿਆ ਕਿ ਭਾਵੇਂ ਬੋਚਕੋਵਾ ਦੀ ਵਲਦੀਅਤ ਪਤਾ ਨਹੀਂ ਸੀ, ਤਾਂ ਵੀ ਵਿਰਸੇ ਵਿੱਚ ਖੂਨ ਦੀਆਂ ਮਿਲਾਵਟਾਂ ਦੇ ਆਣ ਦਾ ਸਾਇੰਸ ਦਾ ਅਸੂਲ ਕਿਸੀ ਤਰਾਂ ਰੱਦ ਕੀਤਾ ਨਹੀਂ ਜਾ ਸੱਕਦਾ ਕਿਉਂਕਿ ਇਹ ਅਸੂਲ ਇਥੇ ਤਕ ਸਾਇੰਸ ਨੇ ਪਾਇਆ ਸਬੂਤ ਤਕ ਪਹੁੰਚਾ ਦਿੱਤਾ ਹੈ ਕਿ ਅਸੀਂ ਓਸ ਅਸੂਲ ਅਨੁਸਾਰ ਨਾ ਸਿਰਫ ਜੁਰਮ ਵਾਲਿਆਂ ਦਾ ਜੁਰਮ ਉਨ੍ਹਾਂ ਦੀ ਨਸਲ ਦੀ ਲਕੀਰ ਨੂੰ ਪਿੱਛੇ ਲਜਾ ਕੇ ਲੱਭ ਸੱਕਦੇ ਹਾਂ, ਬਲਕਿ ਜੁਰਮ ਦੀ ਲਕੀਰ ਨੂੰ ਮੋੜ ਕੇ ਵਿਰਸੈ ਨੂੰ ਵੀ ਲੱਭ ਸੱਕਦੇ ਹਾਂ। ਮਸਲੋਵਾ ਦੇ ਬਚਾ ਵਿੱਚ ਜੋ ਇਹ ਕਹਿਆ ਗਇਆ ਹੈ ਕਿ ਕਿਸੀ ਵਕੀਲ ਦੇ ਮਨ ਵਿੱਚ ਹੀ ਰਹਿੰਦੇ ਓਹਦੇ ਮਨ ਘੜਿਤ ਗੁਮਰਾਹ ਕਰਨ ਵਾਲੇ ਮਰਦ ਨੇ ਓਹਨੂੰ ਪਹਿਲਾਂ ਪਹਿਲ ਖਰਾਬ ਕੀਤਾ ਸੀ। ਅਸੀਂ ਆਪਣੇ ਸਾਹਮਣੇ ਆਈ ਸ਼ਹਾਦਤ ਥੀਂ ਤਾਂ ਸਿਰਫ ਇੰਨਾ ਨਤੀਜਾ ਕੱਢ ਸੱਕਦੇ ਹਾਂ ਕਿ ਇਸ ਨੇ ਕਈਆਂ ਨੂੰ ਲੁਭਾਣ, ਫਸਾਣ ਦਾ ਕੰਮ ਕੀਤਾ ਹੈ, ਤੇ ਕਈ ਇਹਦੇ ਹੱਥਾਂ ਵਿੱਚ ਫਸ ਕੇ ਖਰਾਬ ਹੋਏ, ਬਰਬਾਦ ਹੋਏ। ਇਹ ਕਹਿ ਕੇ ਤੇ ਆਪਣੀ ਬੜੀ ਭਾਰੀ ਫਤਹਿ ਜੇਹੀ ਸਮਝ ਕੇ ਬਹਿ ਗਇਆ।

ਫਿਰ ਦੋਸੀਆਂ ਨੂੰ ਆਪਣੇ ਬਚਾ ਵਿੱਚ ਜੋ ਕੁਛ ਉਹ ਕਹਿਣਾ ਚਾਹੁਣ, ਕਹਿਣ ਦੀ ਆਗਿਆ ਹੋਈ।

ਯੋਫੇਮੀਆ ਬੋਚਕੋਵਾ ਨੇ ਮੁੜ ਕਹਿਆ ਕਿ ਉਸ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਤੇ ਓਸਨੇ ਇਸ ਮਾਮਲੇ ਵਿੱਚ ਕੋਈ ਹਿੱਸਾ ਨਹੀਂ ਲਇਆ, ਤੇ ਬੜੇ ਜੋਰ ਨਾਲ ਸਾਰਾ ਦੋਸ ਮਸਲੋਵਾ ਦੇ ਗਲ ਮੜ੍ਹਿਆ। ਸਾਈਮਨ ਕਾਰਤਿਨਕਿਨ ਨੇ ਕਈ ਵੇਰੀ ਬਸ ਇਹੋ ਗੱਲ ਦੁਹਾਈ:—"ਇਹ ਤੁਹਾਡੀ ਕਰਤੂਤ ਹੈ, ਮੈਂ ਬੇਗੁਨਾਹ ਹਾਂ, ਇਹ ਸਭ ਬੇ ਇਨਸਾਫੀ ਹੈ।"

ਮਸਲੋਵਾ ਨੇ ਆਪਣੇ ਬਚਾ ਵਿੱਚ ਕੁਝ ਨ ਕਹਿਆ। ਜਦ ਪ੍ਰਧਾਨ ਨੇ ਓਹਨੂੰ ਦੱਸਿਆ ਕਿ ਓਹ ਵੀ ਜੋ ਚਾਹੇ ਕਹਿ ਸੱਕਦੀ ਹੈ, ਉਸ ਨੇ ਸਿਰਫ਼ ਆਪਣੀਆਂ ਅੱਖਾਂ ਓਸ ਵਲ ਮੋੜੀਆਂ ਤੇ ਇਕ ਘਿਰੀ ਹਿਰਨੀ ਵਾਂਗ ਉਸਨੇ ਕਮਰੇ ਦੇ ਚਾਰ ਚੁਫੇਰੇ ਤੱਕਿਆ, ਤੇ ਫਿਰ ਆਪਣਾ ਸਿਰ ਸੁੱਟ ਦਿੱਤਾ, ਰੋਣ ਲੱਗ ਗਈ ਤੇ ਉੱਚੀਆਂ ਉੱਚੀਆਂ ਭੁੱਬਾਂ ਨਿਕਲ ਗਈਆਂ।

"ਹਾਂ ਭਾਈ ਮਾਜਰਾ ਕੀ ਹੈ?" ਸੌਦਾਗਰ ਨੇ ਨਿਖਲੀਊਧਵ ਨੂੰ ਪੁੱਛਿਆ ਜਦ ਉਸ ਦੇ ਮੂੰਹੋਂ ਆਪ ਮੁਹਾਰਾ ਇਕ ਹੌਕਾ ਜੇਹਾ ਨਿਕਲਿਆ। ਇਹ ਓਹਦਾ ਇਕ ਜੋਰ ਨਾਲ ਦਿਲੋਂ ਉੱਠਦੀ ਭੁੱਖ ਨੂੰ ਉੱਕਾ ਰੋਕ ਲੈਣ ਦਾ ਨਤੀਜਾ ਸੀ।

ਨਿਖਲੀਊਧਵ ਨੂੰ ਆਪਣੇ ਓਸ ਵੇਲੇ ਦੀ ਹਾਲਤ ਕੁਝ ਬਾਹਲੀ ਸਮਝ ਨਹੀਂ ਸੀ ਆ ਰਹੀ। ਇਹ ਹੌਕੇ ਜੋ ਓਹਦੇ ਨਿਕਲ ਰਹੇ ਸਨ ਤੇ ਅੱਖਾਂ ਵਿੱਚ ਅੱਥਰੂ ਆ ਰਹੇ ਸਨ ਇਹ ਓਹਦੀ ਨਸਾਂ ਦੀ ਆਮ ਕਮਜੋਰੀ ਕਰਕੇ ਉਸ ਸਮਝੇ। ਓਸ ਨੇ ਆਪਣਾ ਪਿਨਸਨੇਜ਼ ਮੁੜ ਪਾ ਲਇਆ, ਤਾ ਕਿ ਆਏ ਅੱਥਰੂਆਂ ਨੂੰ ਛੁਪਾ ਸਕੇ ਤੇ ਆਪਣਾ ਰੋਮਾਲ ਕੱਢ ਕੇ ਓਸ ਵਿੱਚ ਨੱਕ ਸੁਣਕਣ ਲੱਗ ਗਇਆ।

ਓਸ ਬੇਹੁਰਮਤੀ ਦੇ ਡਰ ਨੇ, ਜੋ ਇਹਦੀ ਕਰਤੂਤ ਇਨ੍ਹਾਂ ਅਦਾਲਤ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਣ ਕਰਕੇ ਓਹਦੀ ਹੋਵੇਗੀ, ਓਹਦੇ ਰੂਹ ਦੇ ਅੰਦਰਲੇ ਹਿਲਾ ਨੂੰ ਨਪਿੱਤ ਦਿੱਤਾ ਸੀ। ਇਹ ਡਰ, ਇਸ ਪਹਿਲੇ ਸਮੇਂ ਵਿਚ, ਹੋਰ ਸਭ ਗੱਲਾਂ ਥੀਂ ਜਿਆਦਾ ਪ੍ਰਬੱਲ ਸੀ।

ਮੋਇਆਂ ਦੀ ਜਾਗ-ਕਾਂਡ ੨੨. : ਲਿਉ ਤਾਲਸਤਾਏ

ਜਦ ਦੋਸੀਆਂ ਦੇ ਆਖਰੀ ਲਫਜ਼ ਸੁਣੇ ਜਾ ਚੁਕੇ ਸਨ, ਕੁਝ ਵਕਤ ਇਸ ਗੱਲ ਤੇ ਲੱਗ ਗਇਆ ਕਿ ਓਹ ਸਵਾਲ ਜੋ ਜੂਰੀ ਨੂੰ ਪੁੱਛਣੇ ਹਨ, ਓਹ ਕਿਸ ਤਰਾਂ ਕਿਸ ਸ਼ਕਲ ਵਿੱਚ ਬਣਾਏ ਜਾਣ। ਆਖਰ ਸਵਾਲ ਬਣਾਏ ਗਏ ਤੇ ਪ੍ਰਧਾਨ ਹੋਰੀ ਸਾਰੇ ਮੁਕੱਦਮੇਂ ਦਾ ਸਾਰ ਜੂਰੀ ਪ੍ਰਤੀ ਵਿਆਖਿਆ ਕਰਨ ਲਈ ਉੱਠੇ। ਮੁਕੱਦਮੇਂ ਦਾ ਸਾਰ ਦੱਸਣ ਥੀਂ ਪਹਿਲਾਂ ਪ੍ਰਧਾਨ ਹੋਰਾਂ ਨੇ ਕੁਛ ਚਿਰ ਖੁਸ਼ਗਵਾਰ ਪਰ ਬੈਠੇ ਹੋਏ ਗਲੇ ਵਾਂਗ ਦੀ ਮੋਟੀ ਜੇਹੀ ਆਵਾਜ਼ ਵਿੱਚ ਜੂਰੀ ਨੂੰ ਆਮ ਕਾਰਵਾਈ ਅਦਾਲਤ ਤੇ ਓਹਨਾਂ ਦੇ ਫਰਜ਼ਾਂ ਆਦਿ ਉੱਪਰ ਕੁਛ ਕਹਿਣਾ ਆਰੰਭਿਆ। ਤੇ ਓਹਨਾਂ ਕੁਛ ਇਉਂ ਸੀ:—"ਸ਼੍ਰੀਮਾਨ ਜੀ! ਕਿਸੀ ਦਾ ਘਰ ਭੰਨਣਾ, ਸੰਨ੍ਹ ਲਾਣਾ, ਘਰ ਭੰਨਣਾ ਤੇ ਸੰਨ੍ਹ ਲਾਣਾ ਹੈ। ਚੋਰੀ ਚੋਰੀ ਹੈ ਤੇ ਜੰਦਰੇ ਕੁੰਜੀ ਅੰਦਰ ਪਈਆਂ ਚੀਜ਼ਾਂ ਦਾ ਚੁਰਾਣਾ ਇਕ ਐਸੀ ਥਾਂ ਥੀਂ ਜਿਹੜੀ ਜੰਦਰੇ ਕੁੰਜੀ ਤਲੇ ਹੈ ਚੁਰਾਣਾ ਹੈ। ਤੇ ਇਕ ਥਾਂ ਜਿਹੜੀ ਜੰਦਰੇ ਕੁੰਜੀ ਹੇਠ ਨਹੀਂ ਓਥੋਂ ਚੁਰਾਣਾ ਇਕ ਐਸੀ ਥਾਂ ਥੀਂ ਚੁਰਾਣਾ ਹੈ, ਜਿਹੜੀ ਜੰਦਰੇ ਕੁੰਜੀ ਹੇਠ ਨਹੀਂ।" ਜਦ ਇਹ ਵਿਆਖਿਆ ਕਰ ਰਹਿਆ ਸੀ ਓਸ ਕਈ ਵੇਰੀ ਨਿਖਲੀਊਧਵ ਵਲ ਤੱਕ ਤੱਕ ਕੇ ਇਹ ਸਭ ਕੁਛ ਕਹਿਆ ਸੀ। ਮਤਲਬ ਇਹ ਸੀ ਕਿ ਜੇ ਓਹ ਇਨ੍ਹਾਂ ਗੱਲਾਂ ਨੂੰ ਆਪਣੇ ਜ਼ੇਹਨ ਨਸ਼ੀਨ ਕਰ ਲਵੇ ਤਦ ਆਪਣੇ ਬਾਕੀ ਦੇ ਸਾਥੀਆਂ ਨੂੰ ਆਪੇ ਸਮਝਾ ਲਵੇਗਾ। ਜਦ ਓਸ ਜਾਣ ਲਇਆ ਕਿ ਓਹਦਾ ਕਿਹਾ ਇਹ ਸੱਚ ਓਹਨਾਂ ਦੇ ਅੰਦਰ ਚੰਗੀ ਤਰਾਂ ਬਹਿ ਚੁਕਾ ਹੈ, ਤਦ ਉਹ ਦੂਜੇ ਅਸੂਲ ਵਲ ਤੁਰਿਆ ਕਿ ਕਤਲ ਕਰਨਾ ਜਾਨੋਂ ਕਿਸੀ ਨੂੰ ਮਾਰ ਦੇਨਾ, ਇਕ ਐਸਾ ਕੰਮ ਹੈ ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਇਨਸਾਨ ਦੀ ਮੌਤ ਹੋ ਜਾਂਦੀ ਹੈ, ਤੇ ਇਸ ਕਰਕੇ ਜ਼ਹਿਰ ਦੇਣ ਵੀ ਕਤਲ ਕਰਨ ਦਾ ਕਰਮ ਹੀ ਕਹਿਣਾ ਜੋਗ ਹੈ। ਤੇ ਜਦ ਓਹਦੀ ਰਾਏ ਵਿੱਚ ਇਹ ਸੱਚ ਵੀ ਜੂਰੀ ਦੇ ਜ਼ੇਹਨਾਂ ਵਿੱਚ ਬਹਿ ਗਇਆ, ਤਦ ਓਹ ਹੋਰ ਅੱਗੇ ਤੁਰਿਆ ਕਿ ਜੇ ਚੋਰੀ ਤੇ ਕਤਲ ਦੇ ਜੁਰਮ ਇੱਕੋ ਵਕਤ ਕੀਤੇ ਹੋਣ ਤਦ ਜੁਰਮਾਂ ਦਾ ਇਹ ਇਕੱਠਾ ਮਿਲਾ ਕੇ ਕਰਨਾ ਚੋਰੀ ਨਾਲ ਕਤਲ ਕਹਿਣਾ ਚਾਹੀਦਾ ਹੈ।

ਭਾਵੇਂ ਓਹ ਆਪਣੇ ਇਸ ਫਿਕਰ ਵਿੱਚ ਸੀ ਕਿ ਇਹ ਕਰੱਟਾ ਸਿਆਪਾ ਜਲਦੀ ਮੁੱਕੇ ਤੇ ਓਹ ਆਪਣੀ ਇਸ

ਸ੍ਵਿਸ ਯਾਰਨੀ ਪਾਸ ਪਹੁੰਚੇ ਜਿਹੜੀ ਓਹਨੂੰ ਠੀਕ ਉਡੀਕ ਰਹੀ ਸੀ, ਤਾਂ ਵੀ ਓਹਨੂੰ ਆਪਣੇ ਇਸ ਮਨਸਬੀ ਕੰਮ ਦਾ ਕੁਛ ਐਸਾ ਭੁੱਸ ਪਇਆ ਹੋਇਆ ਸੀ ਕਿ ਜਦ ਇਕ ਵੇਰੀ ਓਹ ਬੋਲਨਾ ਸ਼ੁਰੂ ਕਰ ਦਿੰਦਾ ਸੀ ਓਹ ਮੁੜ ਆਪਣੇ ਵੇਗ ਨੂੰ ਰੋਕ ਨਹੀਂ ਸੀ ਸੱਕਦਾ ਤੇ ਬੜੇ ਹੀ ਵੇਰਵੇ ਨਾਲ ਜੂਰੀ ਦੇ ਜ਼ੇਹਨ ਨਸ਼ੀਨ ਕਰੀ ਚਲਾ ਗਇਆ ਕਿ ਜੇ ਉਹਨਾਂ ਨੂੰ ਦੋਸੀ ਦੋਸੀ ਲਗਣ ਤਦ ਉਨ੍ਹਾਂ ਦਾ ਇਹ ਹੱਕ ਹੈ ਕਿ ਓਹ ਕਹਿਣ, ਦੋਸੀ ਦੋਸੀ ਹਨ, ਤੇ ਜੇ ਓਹ ਇਸ ਨਤੀਜੇ ਤੇ ਪਹੁੰਚਣ ਕਿ ਓਹ ਨਿਰਦੋਸ਼ ਹਨ ਤਦ ਓਹ ਆਪਣਾ ਫੈਸਲਾ ਇਹ ਦੇਣ, 'ਦੋਸੀ ਨਿਰਦੋਸ਼ ਹਨ', ਤੇ ਜੇ ਉਹ ਇਨ੍ਹਾਂ ਦੋਹਾਂ ਬਣਾਏ ਦੋਸ਼ਾਂ ਵਿੱਚੋਂ ਕਿਸੀ ਨੂੰ ਇਕ ਦਾ ਮੁਜਰਿਮ ਤੇ ਇਕ ਦਾ ਨਾ ਮੁਜਰਿਮ ਜਾਣਨ ਤਦ ਓਹ ਇਹ ਫੈਸਲਾ ਦੇਣ ਕਿ ਇਹ ਫਲਾਣੇ ਲਾਏ ਦੋਸ ਦੇ ਤੇ ਦੋਸੀ ਤੇ ਫਲਾਣੇ ਲਾਏ ਦੋਸ ਤੋਂ ਨਿਰਦੋਸ਼ ਹਨ। ਤੇ ਫਿਰ ਉਸ ਉਨਾਂ ਨੂੰ ਸਮਝਾਇਆ ਕਿ ਇਹ ਤਾਂ ਉਨ੍ਹਾਂ ਦੇ ਇਖਤਿਆਰ ਹਨ, ਪਰ ਇਨ੍ਹਾਂ ਇਖਤਿਆਰਾਂ ਨੂੰ ਓਹਨਾਂ ਨੇ ਸੋਚਕੇ ਵਰਤਣਾ ਹੈ, ਤੇ ਓਹ ਉਨ੍ਹਾਂ ਨੂੰ ਅੱਗੇ ਕਹਿਣ ਹੀ ਲੱਗਾ ਸੀ ਕਿ ਜੇ ਉਨ੍ਹਾਂ ਕਿਸੀ ਸਵਾਲ ਦਾ, ਜਿਹੜਾ ਉਨ੍ਹਾਂ ਉੱਪਰ ਕੀਤਾ ਜਾਏ ਜਵਾਬ ਹਾਂ ਵਿੱਚ ਦਿੱਤਾ ਤਦ ਓਹ ਜੋ ਕੁਛ ਓਸ ਸਵਾਲ ਵਿੱਚ ਤਫਸੀਲ ਨਾਲ ਪੁੱਛਿਆ ਹੋਇਆ ਹੋਵੇਗਾ, ਓਸ ਸਬ ਲਈ ਉਨ੍ਹਾਂ ਦਾ ਜਵਾਬ 'ਹਾਂ" ਹੀ ਸਮਝਿਆ ਜਾਵੇਗਾ। ਇਸ ਵਾਸਤੇ ਜੇ ਓਹ ਸਾਰੇ ਸਵਾਲ ਕੀਤੇ ਦੀਆਂ ਗੱਲਾਂ ਦਾ "ਹਾਂ" ਉੱਤਰ ਨ ਦੇਣਾ ਚਾਹੁਣ ਤਦ ਉਨ੍ਹਾਂ ਨੂੰ ਸਾਫ ਦੱਸ ਦੇਣਾ ਚਾਹੀਏ ਕਿ ਫਲਾਣੇ ਹਿੱਸੇ ਦਾ ਜਵਾਬ ਹਾਂ, ਤੇ ਫਲਾਣਾ ਹਿੱਸਾ ਉਨ੍ਹਾਂ ਦੀ ਕੀਤੀ ਹਾਂ ਤੋਂ ਬਾਹਰ ਕੱਢਿਆ ਸਮਝਿਆ ਜਾਏ। ਪਰ ਘੜੀ ਵੱਲ ਤੱਕ ਕੇ ਕਿ ਅਗੇ ਹੀ ਤਿੰਨ ਵਜਣ ਵਿੱਚ ਪੰਜ ਮਿੰਟ ਰਹਿ ਗਏ ਸਨ, ਓਸ ਠਾਣ ਲਈ ਕਿ ਚਲੋ ਸਬ ਕਾਫੀ ਸਮਝਦਾਰ ਬੰਦੇ ਹਨ ਤੇ ਓਹ ਇਸ ਗੱਲ ਨੂੰ ਬਿਨ ਦੱਸੇ ਹੀ ਆਪੇ ਸਮਝ ਜਾਣਗੇ।

"ਮੁਕੱਦਮੇਂ ਦੇ ਵਾਕਿਆਤ ਤੇ ਸੱਚ ਇਉਂ ਹਨ," ਤੇ ਪ੍ਰਧਾਨ ਲੱਗਾ ਕਹਿਣ ਤੇ ਓਹ ਸਾਰੀਆਂ ਗੱਲਾਂ ਜਿਹੜੀਆਂ ਵਕੀਲਾਂ ਕਈ ਵੇਰ ਦੁਹਰਾਈਆਂ ਸਨ ਮੁੜ ਦੁਹਰਾ ਕੇ ਸੁਣਾਈਆਂ।

ਪ੍ਰਧਾਨ ਜਦ ਬੋਲ ਰਹਿਆ ਸੀ, ਸਾਰੇ ਮੈਂਬਰ ਬੜੀ ਡੂੰਘੀ ਗੋਹ ਦੇ ਮੂੰਹ ਬਣਾਏ ਸੁਣ ਰਹੇ ਸਨ। ਪਰ ਕਦੀ ਕਦੀ ਘੜੀ ਵੱਲ ਤੱਕਦੇ ਸਨ ਕਿਉਂਕਿ ਓਹ ਉਹਦੀ ਤਕਰੀਰ ਭਾਵੇਂ ਚੰਗੀ ਜਾਣਦੇ ਸਨ ਪਰ ਲੰਮੀ ਹੁੰਦੀ ਜਾਂਦੀ ਜਾਣ ਰਹੇ ਸਨ। ਮਤਲਬ ਕਿ ਇਹੋ ਜੇਹੀ ਤਕਰੀਰ ਜਿੰਨੀ ਹੋਣੀ ਚਾਹੀਏ ਉਸ ਥੀਂ ਲੰਮੀ ਹੋ ਰਹੀ ਸੀ। ਸਰਕਾਰੀ ਵਕੀਲ, ਤੇ ਵਕੀਲ ਅਦਾਲਤ ਵਿੱਚ ਜਿੰਨੇ ਬੈਠੇ ਹੋਏ ਸਨ ਸਭ ਦੀ ਮਨ ਦੀ ਹਾਲਤ ਤਕਰੀਰ ਬਾਬਤ ਇਹੋ ਸੀ। ਪ੍ਰਧਾਨ ਨੇ ਸਾਰ ਮੁਕਾਇਆ, ਇਓਂ ਪਤਾ ਲਗਦਾ ਸੀ ਕਿ ਸਭ ਕੰਮ ਮੁੱਕਿਆ।

ਪਰ ਪ੍ਰਧਾਨ ਹਾਲੇ ਆਪਣੇ ਬੋਲਨ ਦਾ ਹੱਕ ਕਿੱਥੇ ਖਤਮ ਕਰਦਾ ਸੀ। ਓਹਨੂੰ ਆਪਣੇ ਆਵਾਜ਼ ਦੀ ਦਿਲਖਿਚਵੀਂ ਸੁਰ ਆਪਣੇ ਕੰਨਾਂ ਨੂੰ ਇੰਨੀ ਚੰਗੀ ਲੱਗਦੀ ਹੁੰਦੀ ਸੀ ਕਿ ਓਹ ਜੂਰੀ ਨੂੰ ਦਿੱਤੇ ਇਖਤਿਆਰਾਂ ਉੱਪਰ ਹਾਲੇਂ ਕੁਛ ਹੋਰ ਕਹਿਣਾ ਚਾਹੁੰਦਾ ਸੀ। ਕਿਸ ਹੁਸ਼ਿਆਰੀ ਨਾਲ ਉਨ੍ਹਾਂ ਨੂੰ ਇਹ ਇਖਤਿਆਰ ਵਰਤਣੇ ਚਾਹੀਦੇ ਨੇ, ਤੇ ਕਿਸਤਰਾਂ ਉਨ੍ਹਾਂ ਨੂੰ ਇਨਾਂ ਇਖਤਿਆਰਾਂ ਨੂੰ ਭੈੜੀ ਤਰਾਂ ਨਹੀਂ ਵਰਤਣਾ ਚਾਹੀਏ, ਕਿ ਉਨ੍ਹਾਂ ਸੋਹਾਂ ਖਾਧੀਆਂ ਹੋਈਆਂ ਹਨ ਕਿ ਓਹ ਇਨਸਾਫ ਕਰਨਗੇ ਤੇ ਇਹ ਕਿ ਓਹ ਸੋਸੈਟੀ ਦਾ ਧਰਮ ਤੇ ਜ਼ਮੀਰ ਹਨ ਤੇ ਨਾਲੇ ਇਹ ਕਿ ਓਹ ਬਹਿਸ ਜੋ ਆਪੇ ਵਿੱਚ ਓਹ ਆਪਣੇ ਕਮਰੇ ਵਿੱਚ ਜਾਕੇ ਕਰਨਗੇ ਓਹ ਮੁਤਬਰੱਕ ਹੋਵੇਗੀ ਤੇ ਉਹਨੂੰ ਹਰ ਤਰਾਂ ਲੁਕਵੀਂ ਰਖਣਾ ਓਹਨਾਂ ਦਾ ਫਰਜ਼ ਹੋਵੇਗਾ।

ਜਦ ਥੀਂ ਪ੍ਰਧਾਨ ਨੇ ਤਕਰੀਰ ਸ਼ੁਰੂ ਕੀਤੀ ਤਦ ਥੀਂ ਓਹਦਾ ਇਕ ਵੀ ਲਫ਼ਜ਼ ਸੁਣਨ ਤੋਂ ਉੱਕ ਨ ਜਾਏ ਦੇ ਡਰ ਕਰਕੇ ਮਸਲੋਵਾ ਨੇ ਆਪਣੀ ਨਿਗਾਹ ਲਗਾਤਾਰ ਓਸ ਉੱਪਰ ਲਗਾਈ ਰੱਖੀ ਸੀ। ਇਸ ਕਰਕੇ ਨਿਖਲੀਊਧਵ ਨੂੰ ਆਪਣੀਆਂ ਅੱਖਾਂ ਓਹਦੀਆਂ ਅੱਖਾਂ ਨਾਲ ਮਿਲਣ ਦਾ ਕੋਈ ਡਰ ਨਹੀਂ ਸੀ ਰਹਿਆ ਤੇ ਓਹ ਇਹ ਸਾਰਾ ਵਕਤ ਓਹਦੇ ਚਿਹਰੇ ਵਲ ਤੱਕਦਾ ਰਹਿਆ। ਤੇ ਓਹਦੇ ਮਨ ਦੇ ਅੱਗੇ ਓਹ ਹਾਲਤਾਂ ਲੰਘੀਆਂ ਜਿਹੜੀਆਂ ਤਦ ਲੰਘਦੀਆਂ ਹਨ ਜਦ ਕਿ ਇਕ ਮੂੰਹ ਜਿਹੜਾ ਅਸਾਂ ਕਈ ਸਾਲ ਤਕ ਨ ਵੇਖਿਆ ਹੋਵੇ ਤੇ ਜੁਦਾ ਹੋ ਕੇ ਏਸ ਅਰਸੇ ਵਿੱਚ ਓਸ ਉੱਪਰ ਆਈਆਂ ਤਬਦੀਲੀਆਂ ਪਹਿਲਾਂ ਤਾਂ ਸਾਡੇ ਮਨ ਵਿੱਚ ਆਪ ਆ ਕੇ ਖੁਭਦੀਆਂ ਹਨ, ਤੇ ਹੌਲੇ ਹੌਲੇ ਉਨ੍ਹਾਂ ਦੇ ਚਿਹਰੇ ਉੱਪਰੋਂ ਲਹਿ ਜਾਣ ਕਰ ਕੇ ਮੁੜ ਓਹ ਓਪਰਿਹਾਂ ਆਦਿ ਦੂਰ ਹੁੰਦੇ ਹਨ, ਤੇ ਮੁੜ ਓਹੋ ਪੁਰਾਣਾ ਚਿਹਰਾ ਮਨ ਵਿੱਚ ਨਿਖਰਦਾ ਹੈ ਜਦ ਕਿ ਸਮੇਂ ਦੀਆਂ ਲਿਆਂਦੀਆਂ ਤਬਦੀਲੀਆਂ ਕਾਫੂਰ ਹੋ ਇਕ ਵੇਰੀ ਫਿਰ ਸਾਡੇ ਧਿਆਨ ਦੀਆਂ ਅੱਖਾਂ ਅੱਗੇ ਇਕ ਅਦੁਤੀ ਅਨੋਖੇ ਤੇ ਵਖਰੇ ਇਕ ਆਤਮਾ ਦਾ ਨਿਰਾਲਾ ਆਪੇ ਦਾ ਰੂਪ ਸਾਡੇ ਅੱਗੇ ਖੜਾ ਹੋ ਜਾਂਦਾ ਹੈ।

ਹਾਂ, ਓਸ ਜੇਲ ਦੇ ਵਡੇਰੇ ਸਾਰੇ ਕੋਟ ਦੇ ਪਾਏ ਹੋਣ ਤੇ ਵੀ ਤੇ ਹੁਣ ਪੂਰੀ ਹੋ ਗਈ ਤੀਮੀਂ ਦੇ ਵਧੇ ਅੰਗਾਂ ਦੇ ਹੁੰਦਿਆਂ ਵੀ ਓਹਦੇ ਮੂੰਹ ਦਾ ਹੇਠਲਾ ਪਾਸਾ ਕੁਛ ਮੁਟੇਰਾ ਹੋ ਜਾਣ ਤੇ ਵੀ, ਤੇ ਛਾਤੀ ਪੁਰੀ ਫੁਲਾ ਵਿੱਚ ਆਣ ਪਰ ਵੀ, ਤੇ ਰੁਖਸਾਰ ਤੇ ਮੱਥੇ ਉੱਪਰ ਕੁਛ ਕੁਛ ਝੁਰਲੀਆਂ ਪੈ ਜਾਣ ਦੇ ਬਾਵਜੂਦ ਵੀ ਤੇ ਅੱਖਾਂ ਉੱਪਰ ਕੁਝ ਸੋਜ ਹੋਣ ਤੇ ਵੀ, ਹਾਂ ਇਹ ਓਹੋ ਸਦੀਂ ਓਹੋ ਕਾਤੂਸ਼ਾ ਹੈ, ਜਿਹੜੀ ਓਸ ਈਸਟਰ ਦੀ ਰਾਤ, ਓਸ ਵਲ ਅਯਾਣੀਆਂ ਤੇ ਬੇਲੋਸ ਨਦਰਾਂ ਉੱਪਰ ਕਰ ਕਰ ਕੇ ਵੇਖਦੀ ਸੀ, ਤੇ ਜਿਹਨੂੰ ਓਹ ਆਪ ਇਕ ਪਾਕ ਰੂਹ ਕਰਕੇ ਪਿਆਰਦਾ ਸੀ, ਤੇ ਜਦ ਓਹਦੀਆਂ ਪਿਆਰ ਭਰੀਆਂ ਹਸੂ ਹਸੂ ਕਰਦੀਆਂ ਅੱਖਾਂ ਜੀਵਨ ਤੇ ਓਹਦੇ ਰਸ ਨਾਲ ਚਮਕ ਰਹੀਆ ਸਨ।

"ਤੇ ਵੇਖੋ" ਓਸ ਖਿਆਲਿਆ, "ਕਿ ਕੇਹੇ ਅਜੀਬ ਸੰਜੋਗਾਂ ਦਾ ਇਤਫਾਕ ਆਣ ਹੋਇਆ ਹੈ, ਕਿ ਇੰਨੇ ਸਾਰੇ ਸਾਲਾਂ ਬਾਹਦ ਜਿਨ੍ਹਾਂ ਵਿੱਚ ਇਕ ਵੇਰੀ ਮੈਂ ਇਹਨੂੰ ਨਹੀਂ ਮਿਲਿਆ ਇਹ ਮੁਕੱਦਮਾ ਅੱਜ ਹੀ ਜੂਰੀ ਦੇ ਪੇਸ਼ ਹੋਣਾ ਸੀ, ਤੇ ਮੈਂ ਵੀ ਜੂਰੀ ਉੱਪਰ ਆਣਾ ਸੀ, ਤੇ ਇਹਨੂੰ ਓਥੇ ਕੈਦੀਆਂ ਦੇ ਜੰਗਲੇ ਵਿੱਚ ਖੜਾ ਮੁੜ ਵੇਖਣਾ ਸੀ, ਤੇ ਇਹਦਾ ਅੰਜਾਮ ਕੀ ਹੋਵੇਗਾ? ਹਾਏ ਜੇ ਇਹ ਸਾਰੇ ਇਹਦਾ ਫੈਸਲਾ ਜਲਦੀ ਨਿਪਟਾਵਨ!"

ਇਹੋ ਜੇਹੇ ਖਿਆਲ ਸੋਚਦਿਆਂ ਹੋਇਆਂ ਵੀ ਓਹ ਓਥੇ ਆਪਣੇ ਆਪ ਨੂੰ ਅੰਦਰਲੇ ਪਸਚਾਤਾਪ ਦੀ ਰੂਹ-ਟੁੰਬ ਅੱਗੇ ਲੰਮਾ ਨਹੀਂ ਸੀ ਪਾਓਣਾ ਚਾਹੁੰਦਾ। ਇਹ ਸਾਰੀ ਗੱਲ ਨੂੰ ਇਤਫਾਕੀਆ ਸਮਝਣ ਦੀ ਕਰ ਰਹਿਆ ਸੀ, ਜਿਹੜੀ ਬਿਨਾਂ ਓਹਦੀ ਅੰਦਰਲੀ ਜ਼ਿੰਦਗੀ ਨੂੰ ਛੇੜਨ ਦੇ ਹੀ ਲੰਘ ਜਾਵੇਗੀ। ਪਰ ਓਹਦਾ ਹਾਲ ਓਸ ਵੇਲੇ ਓਹ ਸੀ ਜਿਹੜਾ ਇਕ ਕਤੂਰੇ ਦਾ ਹੁੰਦਾ ਹੈ ਜਦ ਓਹਦਾ ਮਾਲਕ ਗਰਦਨ ਦੇ ਵਾਲਾਂ ਦੀ ਬੁਚੀਂ ਥੀਂ ਪਕੜ ਕੇ ਓਹਦਾ ਨੱਕ ਓਹਦੇ ਗੂੰਹ ਵਿੱਚ ਮਲਦਾ ਹੈ, ਜਿਹੜਾ ਓਸੇ ਹੁਣੇ ਨ ਕਰਨ ਵਾਲੀ ਥਾਂ ਤੇ ਕੀਤਾ ਹੈ। ਕਤੂਰਾ ਚੀਕਦਾ ਹੈ, ਪਿੱਛੇ ਹਟਦਾ ਹੈ ਤੇ ਆਪਣੀ ਭੈੜੀ ਕਰਤੂਤ ਦੇ ਅਸਰਾਂ ਥੀਂ ਜਿੰਨਾਂ ਜਾ ਸਕੇ ਪਿਛੇ ਹਟਣ ਦੀ ਕਰਦਾ ਹੈ ਪਰ ਓਹਦਾ ਬੇਰਹਿਮ ਮਾਲਕ ਓਹਨੂੰ ਜਾਣ ਨਹੀਂ ਦਿੰਦਾ।

ਤੇ ਇਓਂ ਨਿਖਲੀਊਧਵ ਆਪਣੇ ਕੀਤੇ ਦੀ ਕਰਹਿਤ ਨੂੰ ਅਨੁਭਵ ਕਰਦਾ ਹੋਇਆ ਆਪਣੇ ਸਾਈਂ ਦੇ ਕੜੇ ਹੱਥ ਦੀ ਘੁੱਟ ਨੂੰ ਭਾਸ ਰਹਿਆ ਸੀ, ਪਰ ਹਾਲੇਂ ਉਹ ਆਪਣੇ ਕੀਤੇ ਦਾ ਨਤੀਜਾ ਪੂਰਾ ਪੂਰਾ ਤੇ ਸਾਫ਼ ਨਹੀਂ ਸੀ ਦੇਖ ਰਹਿਆ ਤੇ ਨਾ ਹੀ ਉਹ ਆਪਣੇ ਮਾਲਕ ਦੇ ਹੱਥ ਦੀ ਛੋਹ ਨੂੰ ਪੂਰਾ ਪੂਰਾ ਸਿਝਾਣ ਰਹਿਆ ਸੀ, ਉਹ ਇਹ ਮੰਨਣਾ ਨਹੀਂ ਸੀ ਚਾਹੁੰਦਾ ਕਿ ਜੋ ਕੁਛ ਨਜ਼ਾਰਾ ਓਹਦੇ ਸਾਹਮਣੇ ਸੀ ਓਹ ਓਹਦੇ ਕਰਮ ਦਾ ਨਤੀਜਾ ਸੀ। ਪਰ ਮਾਲਕ ਦੇ ਕੜੇ ਹੱਥ ਨੇ ਓਹਨੂੰ ਕਾਬੂ ਕੀਤਾ ਹੋਇਆ ਸੀ ਤੇ ਓਹਨੂੰ ਇਹ ਭਾਨ ਹੋ ਰਿਹਾ ਸੀ ਕਿ ਓਹ ਛੁਟ ਨਹੀਂ ਸਕੇਗਾ। ਨਿਰੀ ਆਪਣੀ ਮੋਟਮਰਦੀ ਬਣਾਈ ਦਿਖਾਈ ਜਾ ਰਹਿਆ ਸੀ। ਆਪਣੀ ਮਾਮੂਲੀ ਮਾਨ ਸ਼ਾਨ ਭਰੀ ਡੀਂਗ ਵਿੱਚ ਪਹਿਲੀ ਕਿਤਾਰ ਵਿੱਚ ਆਪਣੀ ਕੁਰਸੀ ਉੱਪਰ ਬੈਠਾ ਹੋਇਆ ਸੀ। ਇਕ ਟੰਗ ਬੇਪਰਵਾਹੀ ਨਾਲ ਦੂਜੀ ਉੱਪਰ ਰੱਖੀ ਹੋਈ ਸੀ ਤੇ ਆਪਣੇ ਪਿਨਸਨੇਜ਼ ਨਾਲ ਖੇਡ ਰਹਿਆ ਸੀ, ਪਰ ਸਾਰਾ ਵਕਤ ਆਪਣੇ ਰੂਹ ਦੀਆਂ ਗਹਿਰਾਈਆਂ ਵਿੱਚ ਨਾ ਸਿਰਫ ਓਸ ਇਕ ਆਪਣੇ ਕੁਕਰਮ ਦੀ ਬਲਕਿ ਅਪਣੀ ਸਾਰੇ ਆਪ-ਮਤੇ, ਮਨਮਤੇ, ਗਿਰੇ ਹੋਏ, ਬੇਤਰਸ, ਜ਼ਾਲਮ ਅਵਾਰਾ ਜੀਵਨ ਦੀ ਕਮੀਨਗੀ, ਬੁਜ਼ਦਿਲੀ, ਤੇ ਬੇਇਨਸਾਫੀ ਤੇ ਜ਼ੁਲਮ ਨੂੰ ਭਾਨ ਕਰ ਰਹਿਆ ਸੀ। ਪਰ ਓਹ ਡਰਾਉਣਾ ਪਰਦਾ ਜਿਹੜਾ ਕਿਸੀ ਨ ਕਿਸੀ ਤਰਾਂ ਇਹਦੇ ਇਸ ਪਾਪ ਨੂੰ ਇਸ ਥੀਂ ਲੁਕਾ ਰਹਿਆ ਸੀ ਤੇ ਓਹਦੀ ਓਸ ਥੀਂ ਪਿੱਛੇ ਦਸ ਸਾਲ ਦੇ ਜੀਵਨ ਨੂੰ ਇਸ ਥੀਂ ਛੁਪਾ ਰਹਿਆ ਸੀ, ਅਜ ਹਿਲਣ ਲੱਗ ਪਇਆ ਸੀ ਤੇ ਪਰਦੇ ਦੇ ਪਿੱਛੇ ਜੋ ਕੁਝ ਸੀ ਓਸ ਦੇ ਝਾਵਲੇ ਇਸ ਉੱਪਰ ਪੈਣ ਲੱਗ ਪਏ ਸਨ।

ਮੋਇਆਂ ਦੀ ਜਾਗ-ਕਾਂਡ ੨੩. : ਲਿਉ ਤਾਲਸਤਾਏ

ਆਖਰ ਪ੍ਰਧਾਨ ਨੇ ਆਪਣੀ ਤਕਰੀਰ ਖਤਮ ਕੀਤੀ, ਤੇ ਇਕ ਸੋਹਣੇ ਨਖਰੇ ਨਾਲ ਬਾਹਾਂ ਹਿਲਾ ਕੇ ਆਪਣੇ ਹਥ ਵਿੱਚ ਫੜੀ ਬਣੇ ਸਵਾਲਾਂ ਦੀ ਫਰਿਸਤ ਫੋਰਮੈਨ ਨੂੰ, ਜਿਹੜਾ ਉਨ੍ਹਾਂ ਨੂੰ ਲੈਣ ਆ ਗਇਆ ਸੀ, ਦੇ ਦਿੱਤੀ। ਜੂਰੀ ਦੇ ਲੋਕੀ ਆਪਣੇ ਬਹਸ ਕਰਨ ਵਾਲੇ ਕਮਰੇ ਵਿੱਚ ਜਾਣ ਦਾ ਅਵਸਰ ਪਾ ਕੇ ਖੁਸ਼ ਇਕ ਦੂਜੇ ਦੇ ਪਿੱਛੇ ਉਠੇ, ਇਉਂ ਜਿਵੇਂ ਉਹ ਕਿਸੀ ਗਲ ਪਰ ਕੁਛ ਛਿੱਤੇ ਪਏ ਹੋਏ ਸਨ, ਤੇ ਇਸ ਅਲਖਤ ਵਿੱਚ ਸਨ ਕਿ ਉਹ ਆਪਣੇ ਹੱਥਾਂ ਨਾਲ ਕੀ ਕੰਮ ਕਰਨ। ਜਦ ਉਹ ਆਪਣੇ ਕਮਰੇ ਅੰਦਰ ਗਏ, ਦਰਵਾਜ਼ਾ ਬੰਦ ਹੋਇਆ ਤੇ ਝਟਾ ਪਟ ਇਕ ਸਿਪਾਹੀ ਦਰਵਾਜ਼ੇ ਉੱਪਰ ਆਇਆ, ਮਿਆਨੋਂ ਉਸ ਤਲਵਾਰ ਕੱਢੀ, ਤੇ ਨੰਗੀ ਤਲਵਾਰ ਧਰੂਹੀ ਉਸ ਦਰਵਾਜ਼ੇ ਉੱਪਰ ਪੈਹਰੇ ਉੱਪਰ ਖੜਾ ਹੋ ਗਇਆ। ਜੱਜ ਉੱਠੇ ਤੇ ਬਾਹਰ ਗਏ। ਕੈਦੀ ਵੀ ਬਾਹਰ ਲਿਜਾਏ ਗਏ। ਜਦ ਜੂਰੀ ਆਪਣੇ ਕਮਰੇ ਵਿੱਚ ਪਹੁੰਚੀ ਤਾਂ ਪਹਿਲੀ ਗੱਲ ਜੋ ਉਨ੍ਹਾਂ ਕੀਤੀ ਉਹ ਏਹ ਸੀ ਕਿ ਆਪਣੇ ਜੇਬਾਂ ਵਿੱਚੋਂ ਡੱਬੀਆਂ ਕੱਢੀਆਂ ਤੇ ਲੱਗੇ ਸਿਗਰਟ ਪੀਣ। ਅਦਾਲਤ ਦੇ ਕਮਰੇ ਵਿੱਚ ਉਨ੍ਹਾਂ ਸਾਰਿਆਂ ਨੂੰ ਆਪਣੀ ਪਦਵੀ ਦੇ ਬਨਾਵਟੀ ਤੇ ਕੂੜੇ ਹੋਣ ਦੀ ਸੋਝੀ ਜੋ ਆ ਰਹੀ ਸੀ ਉਹ ਇਸ ਸੋਝੀ ਕਰਕੇ ਉੱਥੇ ਕੁਝ ਉਕਤਾ ਰਹੇ ਸਨ। ਇਸ ਕਮਰੇ ਵਿੱਚ ਬਹਿਕੇ ਸਿਗਰਟ ਪੀਣ ਨਾਲ ਹੀ ਉਡੰਤ ਹੋਈ ਤੇ ਇਕ ਆਰਾਮ ਦਾ ਉਨ੍ਹਾਂ ਸਾਹ ਲਇਆ ਤੇ ਬੜੇ ਹੀ ਜੋਸ਼ ਤੇ ਸਰਗਰਮੀ ਨਾਲ ਆਪਣੀਆਂ ਗੱਲਾਂ ਵਿੱਚ ਜੁਟ ਪਏ।

ਇਸ ਵਿੱਚ ਉਸ ਲੜਕੀ ਦਾ ਤਾਂ ਦੋਸ ਨਹੀਂ ਓਹ ਤਾਂ ਇਸ ਜੁਰਮ ਵਿੱਚ ਰਲੀ ਨਹੀਂ ਦਿੱਸਦੀ," ਓਸ ਮਿਹਰਬਾਨ ਅੱਖਾਂ ਵਾਲੇ ਸੌਦਾਗਰ ਨੇ ਕਹਿਆ "ਸਾਨੂੰ ਉਸ ਲਈ ਰਹਿਮ ਦੀ ਸਫਾਰਸ਼ ਕਰਨੀ ਚਾਹੀਦੀ ਏ।"

"ਬਸ ਇਹੋ ਨੁਕਤਾ ਹੈ ਜਿਸ ਪਰ ਅਸਾਂ ਵਿਚਾਰ ਕਰਨੀ ਹੈ," ਫੋਰਮੈਨ ਨੇ ਕਹਿਆ "ਸਾਨੂੰ ਆਪਣੇ ਆਪ ਮਨ ਵਿੱਚ ਬਹਿ ਗਈਆਂ ਗੱਲਾਂ ਤੇ ਅਸਰਾਂ ਦੇ ਦਬਾ ਹੇਠ ਨਹੀਂ ਆਣਾ ਚਾਹੀਏ।"

"ਪ੍ਰਧਾਨ ਦਾ ਨਿਚੋੜ ਤਾਂ ਬੜਾ ਚੰਗਾ ਸੀ," ਕਰਨੈਲ ਨੇ ਆਖਿਆ।

"ਚੰਗਾ? ਵਾਹ ਉਸ ਤਾਂ ਮੈਨੂੰ ਨਿੰਦਰਾਵਾਲਾ ਕਰ ਦਿੱਤਾ ਸੀ।"

"ਵੱਡਾ ਨੁਕਤਾ ਇਹ ਹੈ ਕਿ ਨੌਕਰਾਂ ਨੂੰ ਰੁਪਏ ਬਾਬਤ ਕੁਝ ਵੀ ਖਬਰ ਨਹੀਂ ਸੀ ਲੱਗਣੀ ਜੇ ਮਸਲੋਵਾ ਉਨਾਂ ਨਾਲ ਰਲੀ ਮਿਲੀ ਨ ਹੁੰਦੀ," ਉਸ ਯਹੂਦੀ ਰਗ ਵਾਲੇ ਕਲਾਰਕ ਨੇ ਉਚਾਰਿਆ।

"ਉਫ—ਕੀ ਆਪ ਦਾ ਖਿਆਲ ਹੈ ਕਿ ਉਸ ਨੇ ਰੁਪਏ ਚੁਰਾਏ?" ਜੂਰੀ ਦੇ ਇਕ ਮੈਂਬਰ ਨੇ ਕਹਿਆ।

"ਮੈਂ ਕਦਾਚਿਤ ਇਸ ਗੱਲ ਨੂੰ ਨਹੀਂ ਮੰਨਾਂਗਾ," ਓਸ ਮਿਹਰਬਾਨ ਅੱਖਾਂ ਵਾਲੇ ਨੇ ਕਹਿਆ "ਓਹ ਕੰਮ ਤਾਂ ਸਾਰਾ ਉਸ ਲਾਲ ਅੱਖਾਂ ਵਾਲੀ ਬੁੱਢੀ ਫਾਫਾਂ ਦਾ ਹੈ।"

"ਉਹ ਸਾਰੇ ਹੀ ਬੜੇ ਉਸਤਾਦ ਲੋਕ ਹਨ, ਸਭ ਵਡੇ ਭਲੇ ਮਾਨਸ ਹਨ," ਕਰਨੈਲ ਬੋਲਿਆ—"ਪਰ ਉਹ ਕਹਿੰਦੀ ਹੈ ਮੈਂ ਕਮਰੇ ਵਿੱਚ ਕਦੀ ਨਹੀਂ ਗਈ।"

"ਆਹੋ! ਸਭ ਪਾਸਿਓਂ ਉਸ ਫਾਫਾਂ ਦੀਆਂ ਗੱਲਾਂ ਮੰਨੀਏ।"

"ਮੈਂ ਓਸ ਫਾਫਾਂ ਦੇ ਕਹੇ ਦਾ ਕਦੀ ਇਤਬਾਰ ਨ ਕਰਾਂ, ਜੇ ਸਾਰੀ ਦੁਨੀਆਂ ਇਕ ਪਾਸੇ ਹੋ ਜਾਵੇ।"

"ਤੁਸੀਂ ਮੰਨੋ ਨ ਮੰਨੋ, ਇਸ ਗੱਲ ਉੱਪਰ ਤਾਂ ਮਾਮਲਾ ਫੈਸਲਾ ਨਹੀਂ ਹੋਣਾ," ਕਲਾਰਕ ਨੇ ਆਖਿਆ।

"ਉਸ ਕੁੜੀ ਪਾਸ ਚਾਬੀ ਸੀ," ਕਰਨੈਲ ਬੋਲਿਆ।

"ਸੀ ਤਾਂ ਕੀ ਹੋਇਆ?" ਸੌਦਾਗਰ ਨੇ ਬਚਨ ਕੀਤਾ।

"ਤੇ ਮੁੰਦਰੀ?"

"ਪਰ ਉਸ ਨੇ ਸਬ ਕੁਛ ਇਸ ਬਾਬਤ ਦੱਸ ਨਹੀਂ ਸੀ ਦਿੱਤਾ? ਫਿਰ ਸੌਦਾਗਰ ਉੱਚਾ ਬੋਲਿਆ, "ਓਸ ਮਰ ਗਏ ਦਾ ਸੁਭਾ ਕੇਹਾ ਕਾਹਲਾ ਤੇ ਕੌੜਾ ਸੀ, ਤੇ ਨਾਲੇ ਅੰਦਰ ਕਤਰਾ ਵਧ ਪੀਤਾ ਹੋਇਆ ਸੂ, ਤੇ ਉਸ ਕੁੜੀ ਨੂੰ ਮੁੱਕਾ ਮਾਰ ਵੀ ਦਿੱਤਾ ਸੀ ਸੂ। ਇਸ ਗੱਲ ਥੀਂ ਵਧ ਹੋਰ ਕੀ ਸਾਦਾ ਸਫਾ ਗੱਲ ਹੋ ਸੱਕਦੀ ਹੈ? ਭਾਈ ਮਾਰ ਕੇ ਫਿਰ ਓਹਨੂੰ ਅਫਸੋਸ ਵੀ ਆਇਆ ਹੋਊ, ਕੁਦਰਤੀ ਗੱਲ ਹੈ। "ਆਹ ਲੈ, ਤੇ ਰੁੱਸ ਨਾਂਹ," "ਇਹ ਲੈ ਲੈ"। ਕਿਉਂ ਮੈਂ ਉਨ੍ਹਾਂ ਨੂੰ ਕਹਿੰਦਾ ਸੁਣਿਆ ਹੈ ਕਿ ਓਹ ਦੈਂਤ ਸੀ ਦੈਂਤ ਛੇ ਫੁੱਟ ਪੰਜ ਇੰਚ ਉੱਚਾ, ਮੁੱਕਾ ਵੀ ਕੁਛ ਹੋਊ। ਮੇਰੇ ਖਿਆਲੇ ਉਹਦਾ ਵਜ਼ਨ ਸਾਢੇ ਤਿੰਨ ਮਣ ਦੇ ਲਾਗੇ ਲਾਗੇ ਹੋਣਾ ਹੈ।"

"ਇਓਂ ਗੱਲ ਨਹੀਂ" ਪੀਟਰ ਜਿਰਾਸਮੋਵਿਚ ਨੇ ਕਹਿਆ "ਸਵਾਲ ਇਹ ਹੈ ਕਿ ਉਸ ਲੜਕੀ ਨੇ ਨੌਕਰਾਂ ਨੂੰ ਬਕਾ ਲਇਆ ਸੀ ਕਿ ਨੌਕਰਾਂ ਨੇ ਖੁਦ ਉਹ ਕੰਮ ਕੀਤਾ।"

"ਨੌਕਰਾਂ ਲਈ ਇਹ ਗੱਲ ਕਰਨੀ ਮੁਮਕਿਨ ਨਹੀਂ ਸੀ, ਕੁੰਜੀ ਉਸ ਪਾਸ ਸੀ।"

ਇਹੋ ਜੇਹੀ ਵਾਵੈਲੀ ਗੱਲ ਬਾਤ ਚੋਖਾ ਚਿਰ ਚਲਦੀ ਰਹੀ, ਆਖਰ ਫੋਰਮੈਨ ਨੇ ਕਹਿਆ, "ਮੈਨੂੰ ਮਾਫ ਕਰਨਾ ਭਲੇ ਲੋਕੋ! ਕੀ ਇਹ ਚੰਗਾ ਨ ਹੋਵੇ, ਕਿ ਅਸੀਂ ਮੇਜ਼ ਉੱਪਰ ਆਪਣੀ ਥਾਂ ਤੇ ਬਹਿ ਜਾਈਏ ਤੇ ਮਾਮਲੇ ਉੱਪਰ ਬਾਕਾਇਦਾ ਬਹਿਸ ਕਰੀਏ," ਤੇ ਇਹ ਕਹਿ ਕੇ ਉਸ ਆਪ ਕੁਰਸੀ ਲੈ ਲੀਤੀ।

"ਪਰ ਇਨ੍ਹਾਂ ਚੁੜੇਲਾਂ ਬਾਬਤ ਜੋ ਕੁਛ ਹੋਵੇ ਮੰਨੋ," ਕਲਾਰਕ ਨੇ ਆਖਿਆ, ਤੇ ਆਪਣੇ ਰਾਏ ਦੀ ਪ੍ਰੋਢਤਾ ਵਿੱਚ ਕਿ ਵੱਡਾ ਮੁਜਰਿਮ ਮੁਕੱਦਮੇਂ ਵਿੱਚ ਮਸਲੋਵਾ ਹੀ ਹੈ ਉਸ ਇਕ ਕਹਾਣੀ ਸੁਣਾਈ ਕਿ ਕਿਸ ਤਰਾਂ, ਚੋਗਾਨ ਵਿੱਚ ਇਕ ਫਾਹਸ਼ਾ ਨੇ ਓਹਦੇ ਦੋਸਤ ਦੀ ਘੜੀ ਚੁਰਾ ਲਈ ਸੀ।

ਇਸੇ ਤਅੱਲਕ ਵਿੱਚ ਕਰਨੈਲ ਨੇ ਇਕ ਹਰ ਮਨ ਲੱਗਣ ਵਾਲੀ ਕਥਾ ਕਰ ਦਿੱਤੀ ਕਿ ਇਕ ਚਾਂਦੀ ਦਾ ਸੋਮਾਵਾਰ ਕਿਸ ਤਰਾਂ ਚੁਰਾਇਆ ਗਇਆ ਸੀ।

"ਭਲੇ ਲੋਕੋ! ਮੈਂ ਚਾਹੁੰਦਾ ਹਾਂ ਕਿ ਅਸਲੀ ਸਵਾਲਾਵਲ ਧਿਆਨ ਦਿਓ," ਫੋਰਮੈਨ ਨੇ ਆਪਣੀ ਪਿਨਸਲ ਮੇਜ਼ ਤੇ ਮਾਰ ਕੇ ਕਹਿਆ, ਸਭ ਚੁੱਪ ਹੋ ਗਏ।

ਸਵਾਲ ਇਓਂ ਬਣਾਏ ਗਏ ਸਨ:——

(੧) ਕੀ ਉਹ ਬੋਰਕੀ ਦਾ ਕਿਸਾਨ, ਜ਼ਿਲਾ ਕਰਾਪੀਵੈਨਸਕੀ ਦਾ ਰਹਿਣ ਵਾਲਾ ਸਾਈਮਨ ਕਾਰਤਿਨਕਿਨ ੩੩ ਸਾਲ ਉਮਰ, ਹੋਰਨਾਂ ਨਾਲ ਸਾਜ਼ਸ਼ ਕਰਕੇ ਇਸ ਦੋਸ ਦਾ ਦੋਸੀ ਹੈ ਕਿ ਇਸ ਨੇ ੧੭ ਜਨਵਰੀ ੧੮੮੮ ਵਾਲੇ ਦਿਨ ਸ਼ਹਿਰ...................ਵਿੱਚ, ਇਸ ਨੀਤ ਨਾਲ ਕਿ ਸੌਦਾਗਰ ਸਮੈਲਕੋਵ ਮਰ ਜਾਵੇ, ਤੇ ਓਹਦਾ ਮਾਲ ਲੁੱਟ ਲਇਆ ਜਾਵੇ, ਬ੍ਰਾਂਡੀ ਵਿੱਚ ਜ਼ਹਿਰ ਦਿੱਤੀ ਤੇ ਤਕਰੀਬਨ ੨੬੦੦ ਰੂਬਲ ਨਕਦ ਤੇ ਇਕ ਹੀਰੇ ਦੀ ਮੁੰਦਰੀ ਚੋਰੀ ਕੀਤੀ?

(੨) ਕੀ ਯੋਫੈਮੀਆ ਈਵਾਨੋਵਨਾ ਬੋਚਕੋਵਾ ੪੩ ਸਾਲ ਉਮਰ, ਇਸ ਉੱਪਰ ਲਿਖੇ ਜੁਰਮ ਦੇ ਕਰਨ ਵਾਲੀ ਹੈ ਕਿ ਨਹੀਂ?

(੩) ਕੀ ਕਾਤਰੀਨਾ ਮਿਖਿਆਲੋਵਨਾ ਮਸਲੋਵਾ ਉਮਰ ੨੮ ਸਾਲ, ਉੱਪਰ ਦੱਸੇ ਜੁਰਮ ਦੀ ਮੁਰਤਕਿਬ ਹੈ।

(੪) ਜੇ ਕੈਦੀ ਯੋਫੈਮੀਆ ਬੋਚਕੋਵਾ ਪਹਿਲੇ ਸਵਾਲ ਵਿੱਚ ਦੱਸੇ ਦੋਸ ਦੀ ਕਰਨ ਹਾਰੀ ਨਹੀਂ, ਤਾਂ ਕੀ ਓਸ ਨੇ ੧੭ ਜਨਵਰੀ ੧੮੮੮ ਵਾਲੇ ਦਿਨ ਸ਼ਹਿਰ ਵਿੱਚ, ਜਦ ਓਹ ਹੋਟਲ ਮੌਰੀਤੇਨੀਆ ਵਿੱਚ ਨੌਕਰ ਸੀ,ਸੌਦਾਗਰ ਸਮੈਲਕੋਵ ਦੇ ਜੰਦਰੇ ਵੱਜੇ ਬਕਸ ਵਿੱਚੋਂ ਜਿਹੜਾ ਓਹਦੇ ਰਹਿਣ ਵਾਲੇ ਕਮਰੇ ਵਿੱਚ ਪਇਆ ਹੋਇਆ ਸੀ, ੨੬੦੦ ਰੂਬਲ ਚੁਰਾਏ? ਤੇ ਚੁਰਾਣ ਲਈ ਕੀ ਉਸ ਨੇ ਬਕਸ ਦਾ ਜੰਦਰਾ ਖੋਲ੍ਹਿਆ ਤੇ ਕੀ ਉਸ ਕੁੰਜੀ ਨਾਲ ਖੋਲ੍ਹਿਆ, ਜਿਹੜੀ ਓਹ ਮਸਲੋਵ ਲਿਆਈ ਸੀ ਤੇ ਜੇਹੜੀ ਉਸ ਬਕਸ ਦੇ ਜੰਦਰੇ ਨੂੰ ਲਗਦੀ ਸੀ?

ਫੋਰਮੈਨ ਨੇ ਪਹਿਲਾਂ ਸਵਾਲ ਪੜ੍ਹ ਸੁਣਾਇਆ—"ਭਾਈ ਭਲੇ ਲੋਕੋ! ਆਪ ਦਾ ਕੀ ਵਿਚਾਰ ਹੈ?"

ਇਸ ਸਵਾਲ ਦਾ ਫੌਰਨ ਜਵਾਬ ਆਇਆ, ਸਭ ਨੇ ਇਕ ਰਾਏ ਹੋਕੇ ਆਖਿਆ— "ਦੋਸ ਸਾਬਤ ਹੈ," ਜਿਵੇਂ ਉਨ੍ਹਾਂ ਨੂੰ ਨਿਸਚਾ ਹੋ ਚੁੱਕਾ ਸੀ ਕਿ ਕਾਰਤਿਨਕਿਨ ਨੇ ਚੁਰਾਣ ਤੇ ਜ਼ਹਿਰ ਦੇਣ ਦੋਹਾਂ ਦੋਸਾ ਵਿੱਚ ਹਿੱਸਾਲ ਇਆ ਸੀ। ਪਰ ਇਕ ਇਕੱਲਾ ਪੁਰਾਣਾ ਮਜੂਰਾਂ ਦੀ ਕੰਪਨੀ ਦਾ ਮੈਂਬਰ ਜੇਹੜਾ ਜੂਰੀ ਪਰ ਸੀ ਇਸ ਫੈਸਲੇ ਦੇ ਵਿਰੁੱਧ ਸੀ। ਓਸ ਕਿਹਾ "ਦੋਸ ਸਾਬਤ ਨਹੀਂ।"

ਫੋਰਮੈਨ ਨੇ ਖਿਆਲ ਕੀਤਾ ਕਿ ਇਹ ਬੁੱਢਾ ਸਵਾਲ ਨੂੰ ਪੂਰਾ ਨਹੀਂ ਸਮਝ ਸੱਕਿਆ। ਉਸ ਨੇ ਕਾਰਤਿਨਕਿਨ ਦੇ ਕੀਤੇ ਜੁਰਮ ਬਾਬਤ ਫਿਰ ਓਹਨੂੰ ਸਾਰੀਆਂ ਗੱਲਾਂ ਦੱਸੀਆਂ, ਪਰ ਬੁੱਢੇ ਨੇ ਜਵਾਬ ਦਿੱਤਾ ਕਿ ਉਸ ਪਹਿਲੇ ਵੀ ਸਾਰੀ ਗੱਲ ਸਮਝ ਕੇ ਆਪਣਾ ਫੈਸਲਾ ਦਿੱਤਾ ਹੈ ਤੇ ਕਹਿਆ ਕਿ ਜੇ ਉਸ ਜੁਰਮ ਕੀਤਾ ਵੀ ਹੋਵੇ ਤਦ ਵੀ ਉਸ ਉੱਪਰ ਤਰਸ ਕਰਨ ਜੋਗ ਹੈ—"ਅਸੀ ਆਪ ਕਿਹੜੇ ਬੜੇ ਸੰਤ ਸਾਧ ਲੋਕੀ ਹਾਂ," ਓਸ ਕਹਿਆ ਤੇ ਆਪਣੀ ਰਾਏ ਓਹੋ ਬਰਕਰਾਰ ਰੱਖੀ।

ਦੂਸਰੇ ਸਵਾਲ ਦਾ ਜਵਾਬ ਜਿਹੜਾ ਬੋਚਕੋਵਾ ਬਾਬਤ ਸੀ ਬੜੀ ਬਹਿਸ ਤੇ ਕਈ ਇਕ 'ਹਾ' "ਹੀ" 'ਓਹੋ' "ਹੋ" ਆਦਿ ਵਾਜਾਂ ਦੇ ਸ਼ੋਰ ਦੇ ਬਾਹਦ ਇਹ ਆਇਆ "ਜੁਰਮ ਨਹੀਂ ਸਾਬਤ," ਕੋਈ ਸਪਸ਼ਟ ਸਬੂਤ ਓਹਦੇ ਜ਼ਹਿਰ ਦੇਣ ਦੇ ਕੰਮ ਵਿੱਚ ਹਿੱਸਾ ਲੈਣ ਦੇ ਨਹੀਂ ਸਨ। ਇਹ ਅਮਰ ਵਾਕਿਆ ਸੀ, ਤੇ ਇਸ ਨੁਕਤੇ ਪਰ ਓਹਦੇ ਵਕੀਲ ਨੇ ਕਾਫੀ ਜੋਰ ਦਿੱਤਾ ਸੀ। ਸੌਦਾਗਰ ਜਿਹਦਾ ਝੁਕਾ ਸੀ ਕਿ ਮਸਲੋਵਾ ਨੂੰ ਬਰੀ ਕੀਤਾ ਜਾਵੇ ਜੋਰ ਦੇ ਰਹਿਆ ਸੀ ਕਿ ਸਭ ਦੋਸ ਇਸ ਬੋਚਕੋਵਾ ਦਾ ਹੈ ਤੇ ਓਸੇ ਦੀ ਉਕਸਾਹਟ ਤੇ ਪ੍ਰੇਰਨਾ ਕਰਕੇ ਸਾਰੀ ਗੱਲ ਹੋਈ ਹੈ। ਜੂਰੀ ਦੇ ਬਹੁਤ ਸਾਰੇ ਮੈਂਬਰ ਇਸੇ ਖਿਆਲ ਦੇ ਸਨ, ਪਰ ਫੋਰਮੈਨ ਠੀਕ ਕਾਨੂੰਨ ਦੀ ਵਾਹੀ ਲਕੀਰ ਦੇ ਅੰਦਰ ਰਹਿਣਾ ਚਾਹੁੰਦਾ ਸੀ। ਤੇ ਓਸ ਕਹਿਆ ਕਿ ਬੋਚਕੋਵਾ ਨੂੰ ਜ਼ਹਿਰ ਦੇਣ ਦੇ ਕੰਮ ਵਿੱਚ ਸਲਾਹ ਮਸ਼ਵਰਾ ਦੇਣ ਵਾਲੀ ਦੋਸੀ ਕਰਨ ਵਿੱਚ ਕਾਫੀ ਵਜੂਹਾਤ ਉਨ੍ਹਾਂ ਦੇ ਸਾਹਮਣੇ ਨਹੀਂ ਸਨ। ਤੇ ਬੜੀ ਬਹਿਸ ਦੇ ਬਾਹਦ ਆਖਰ ਫੋਰਮੈਨ ਜਿੱਤਿਆ।

ਚੌਥੇ ਸਵਾਲ ਦਾ ਜਵਾਬ ਜਿਹੜਾ ਬੋਚਕੋਵਾ ਬਾਬਤ ਸੀ, ਇਹ ਆਇਆ—"ਜੁਰਮ ਸਾਬਤ"—ਪਰ ਓਸ ਬੁੱਢੇ ਮਜੂਰ ਕੰਪਨੀ ਦੇ ਮਿੈਂਬਰ ਦੇ ਜੋਰ ਦੇਣ ਪਰ ਰਹਿਮ ਦੀ ਸਫਾਰਸ਼ ਨਾਲ ਕੀਤੀ ਗਈ। ਮਸਲੋਵਾ ਬਾਬਤ ਤੀਸਰੇ ਸਵਾਲ ਉੱਪਰ ਇਕ ਤੇਜ ਤਰਾਰ ਬਹਿਸ ਹੋਈ। ਫੋਰਮੈਨ ਦੀ ਰਾਏ ਸੀ ਕਿ ਉਹ ਜ਼ਹਿਰ ਦੇਣ ਤੇ ਚੋਰੀ ਕਰਨ ਦੋਹਾਂ ਦੋਸਾਂ ਦੀ ਦੋਸੀ ਸੀ। ਪਰ ਇਸ ਗੱਲ ਨਾਲ ਸੌਦਾਗਰ ਦਾ ਇਤਫਾਕ ਨਹੀਂ ਸੀ। ਕਰਨੈਲ, ਕਲਾਰਕ ਤੇ ਬੁੱਢਾ ਮਜੂਰ ਸਭ ਸੌਦਾਗਰ ਦੀ ਰਾਏ ਨਾਲ ਮਿਲ ਗਏ। ਬਾਕੀ ਦੇ ਮੈਂਬਰ ਕਦੀ ਇੱਧਰ, ਕਦੀ ਓਧਰ, ਕੁਛ ਵਿਸਵਿਸੇ ਵਿੱਚ ਹਿਲ ਰਹੇ ਸਨ, ਤੇ ਫੋਰਮੈਨ ਦੀ ਰਾਏ ਆਖਰ ਆਪਣਾ ਥਾਂ ਬਨਾਂਦੀ ਗਈ। ਓਹਦਾ ਖਾਸ ਸਬਬ ਇਹ ਸੀ ਕਿ ਜੂਰੀ ਦੇ ਸਭ ਮੈਂਬਰ ਥੱਕ ਗਏ ਸਨ ਤੇ ਉਨ੍ਹਾਂ ਓਹੋ ਗੱਲ ਮੰਨ ਲੈਣ ਦੀ ਛੇਤੀ ਕੀਤੀ ਜਿਸ ਨਾਲ ਉਨ੍ਹਾਂ ਦੀ ਇਸ ਸਿਆਪੇ ਥੀਂ ਖਲਾਸੀ ਛੇਤੀ ਹੋਵੇ, ਕੰਮ ਮੁੱਕੇ।

ਜੋ ਕੁਛ ਹੋ ਰਹਿਆ ਸੀ ਤੇ ਜੋ ਕੁਛ ਮਸਲੋਵਾ ਬਾਬਤ ਓਹਨੂੰ ਇਸ ਥੀਂ ਪਹਿਲਾਂ ਦਾ ਪਤਾ ਸੀ, ਓਸ ਸਭ ਥੀਂ ਨਿਖਲੀਊਧਵ ਨੂੰ ਠੀਕ ਠੀਕ ਪਤਾ ਸੀ ਕਿ ਓਹ ਦੋਹਾਂ ਚੋਰੀ ਤੇ ਜ਼ਹਿਰ ਦੇਣ ਦੇ ਦੋਸਾਂ ਥੀਂ ਬੇਦੋਸ ਹੈ, ਤੇ ਓਹਨੂੰ ਇਹ ਨਿਸਚਾ ਸੀ ਕਿ ਹੋਰ ਸਾਰੇ ਵੀ ਇਸੀ ਨਤੀਜੇ ਉੱਪਰ ਆਪੀ ਪਹੁੰਚਣਗੇ। ਪਰ ਜਦ ਓਸ ਵੇਖਿਆ ਕਿ ਸੌਦਾਗਰ ਦੀ ਓਹਦੀ ਬੇਹੂਦਾ ਪਸ (ਜਿਹੜੀ ਕਿ ਓਹ ਓਹਦੇ ਸ਼ਰੀਰਕ ਖੂਬਸੂਰਤੀ ਦੇ ਮਨ ਭਾ ਜਾਣ ਕਰਕੇ ਕਰ ਰਹਿਆ ਸੀ ਤੇ ਓਹਦੀ ਪੱਸ ਸਾਫ ਦੱਸ ਰਹੀ ਸੀ ਕਿ ਉਹ ਉਸ ਉੱਪਰ ਮੋਹਿਤ ਹੋਇਆ ਹੋਇਆ ਗੱਲਾਂ ਕਰ ਰਹਿਆ ਹੈ) ਤੇ ਫੋਰਮੈਨ ਆਪਣੀ ਰਾਏ ਤੇ ਹੀ ਅੜੀ ਜਾ ਰਹਿਆ ਹੈ ਤੇ ਸਭ ਉਸ ਵਿਚਾਰੀ ਨੂੰ ਦੋਸੀ ਕਰਨ ਵਲ ਝੁਕ ਰਹੇ ਹਨ, ਓਹਦਾ ਦਿਲ ਕਰਦਾ ਸੀ ਕਿ ਉਹ ਆਪਣੀ ਰਾਏ ਪ੍ਰਗਟ ਕਰੇ, ਪਰ ਨਾਲੇ ਹੀ ਓਹਨੂੰ ਡਰ ਲਗਦਾ ਸੀ ਕਿ ਕਿਧਰੇ ਉਹਦਾ ਸਰਗਰਮ ਇਓਂ ਹਿੱਸਾ ਲੈਣ ਕਰਕੇ ਉਹਦੇ ਪੁਰਾਣੇ ਮਸਲੋਵਾ ਦੇ ਰਿਸ਼ਤੇ ਨ ਪ੍ਰਗਟ ਹੋ ਜਾਣ। ਫਿਰ ਵੀ ਓਹਨੂੰ ਰੂਹ-ਟੋਂਬ ਪੈ ਰਹੀ ਸੀ ਕਿ ਓਹ ਕਿਸੀ ਹਾਲਤ ਵਿੱਚ ਮੁਕੱਦਮੇਂ ਦਾ ਰੁਖ ਓਹਦੇ ਦੋਸੀ ਕਰਨ ਵਾਲੇ ਪਾਸੇ ਨ ਪੈਣ ਦੇਵੇ। ਇਨ੍ਹਾਂ ਖਿਆਲਾਂ ਵਿੱਚ ਕਦੀ ਉਹਦਾ ਮੂੰਹ ਲਾਲ ਹੋ ਜਾਂਦਾ ਸੀ, ਕਦੀ ਪੀਲਾ। ਤੇ ਓਹ ਬੋਲਣ ਲੱਗਾ ਹੀ ਸੀ ਕਿ ਪੀਟਰ ਜਿਰੀਸੀਮੋਵਿਚ ਨੇ ਫੋਰਮੈਨ ਦੀ ਅਫਸਰੀ ਤਰੀਕੇ ਦੀ "ਗੂੰ ਗੂੰ ਨੂੰ ਮੂੰ ਤੂੰ ਤੂੰ" ਥੀਂ ਨਾਰਾਜ਼ ਹੋਕੇ ਆਪਣੇ ਇਅਤਰਾਜ਼ ਕਰਨੇ ਸ਼ੁਰੂ ਕੀਤੇ ਤੇ ਉਸ ਨੇ ਹੂ-ਬਹੂ ਓਹੋ ਗੱਲਾਂ ਕਹੀਆਂ ਜਿਹੜੀਆਂ ਨਿਖਲੀਊਧਵ ਕਹਿਣਾ ਚਾਹੁੰਦਾ ਸੀ।

"ਮੈਨੂੰ ਇਕ ਮਿੰਟ ਦੀ ਇਜ਼ਾਜ਼ਤ ਹੋਵੇ," ਓਸ ਕਹਿਆ, "ਆਪ ਇਸ ਸੋਚ ਵਿੱਚ ਮਲੂਮ ਹੁੰਦੇ ਹੋ ਕਿ ਚੂੰਕਿ ਓਸ ਪਾਸ ਕੁੰਜੀ ਸੀ ਇਸ ਲਈ ਓਹ ਚੋਰੀ ਦੀ ਠੀਕ ਦੋਸੀ ਹੋ ਚੁੱਕੀ। ਫਿਰ ਇਸ ਥੀਂ ਵਧ ਆਸਾਨ ਤੇ ਸਿੱਧੀ ਗੱਲ ਹੋਰ ਕੀ ਹੋ ਸੱਕਦੀ ਹੈ, ਕਿ ਦੂਜਿਆਂ ਨੌਕਰਾਂ ਨੇ ਬਕਸ ਨੂੰ ਇਕ ਬਨਾਵਟੀ ਕੁੰਜੀ ਨਾਲ ਉਸਦੇ ਚਲੇ ਜਾਣ ਦੇ ਮਗਰੋਂ ਖੋਲ੍ਹ ਲਇਆ?"

"ਠੀਕ ਠੀਕ," ਤੇ ਸੌਦਾਗਰ ਨੇ ਆਖਿਆ।

"ਉਹ ਰੁਪਏ ਲੈ ਹੀ ਨਹੀਂ ਸੀ ਸੱਕਦੀ, ਕਿਉਂਕਿ ਉਹ ਇਸ ਹਾਲਤ ਵਿੱਚ ਨਹੀਂ ਸੀ ਕਿ ਉਹ ਜਾਣ ਸੱਕਦੀ ਕਿ ਉਸ ਰੁਪਏ ਨੂੰ ਲੈਕੇ ਉਹ ਕੀ ਕਰੇਗੀ।"

"ਬੱਸ ਮੈਂ ਵੀ ਇਹੋ ਕਹਿੰਦਾ ਹਾਂ," ਸੌਦਾਗਰ ਬੋਲਿਆ।

ਪਰ ਇਹ ਹੋ ਸਕਦਾ ਹੈ ਕਿ ਜਦ ਓਹ ਆਈ, ਉਹਦੇ ਆਵਣ ਤੇ ਰੁਪਏ ਕੱਢਣ ਉੱਪਰ ਦੂਜੇ ਲੋਕਾਂ ਨੂੰ ਇਹ ਗੱਲ ਸੁੱਝੀ ਕਿ ਕਿਸੀ ਤਰਾਂ ਉਸ ਬਕਸ ਵਿੱਚੋਂ ਰੁਪਏ ਕੱਢੇ ਜਾਣ ਤੇ ਉਨ੍ਹਾਂ ਇਸ ਮੌਕੇ ਨੂੰ ਆਪਣੇ ਹੱਥ ਵਿੱਚ ਲਇਆ ਤੇ ਸਾਰਾ ਇਲਜ਼ਾਮ ਉਹਦੇ ਮੱਥੇ ਲਾ ਦਿੱਤਾ।"

ਪੀਟਰ ਜਿਰਾਸੀਮੋਵਿਚ ਇੰਨਾਂ ਕੁਛ ਤੰਗ ਤੁਰਸ਼ ਹੋ ਕੇ ਬੋਲਦਾ ਰਹਿਆ ਕਿ ਉਹਦੇ ਜਵਾਬ ਵਿੱਚ ਫੋਰਮੈਨ ਵੀ ਤੰਗ ਹੋਕੇ ਆਪਣੇ ਉਹਦੇ ਬਰਖ਼ਲਾਫ਼ ਨੁਕਤੇ ਨੂੰ ਜ਼ਿਦ ਨਾਲ ਦੁਹਰਾਂਦਾ ਰਿਹਾ। ਪੀਟਰ ਜਿਰਾਸੀਮੋਵਿਚ ਇਸ ਸਫਾਈ ਨਾਲ ਬੋਲਿਆ ਕਿ ਸਾਰੀ ਜੂਰੀ ਨੂੰ ਉਹਦੀ ਤਰਫ ਦਾ ਨਿਸਚਾ ਹੋ ਗਇਆ ਅਰ ਬਹੁਸੰਮਤੀ ਇਹ ਹੋ ਗਈ ਕਿ ਮਸਲੋਵਾ ਨੇ ਰੁਪਏ ਨਹੀਂ ਚੁਰਾਏ ਤੇ ਮੁੰਦਰੀ ਉਹਨੂੰ ਸੌਦਾਗਰ ਨੇ ਆਪ ਦਿਤੀ ਸੀ।

ਪਰ ਜਦ ਉਹਦੇ ਜ਼ਹਿਰ ਦੇਣ ਦੇ ਕੰਮ ਵਿੱਚ ਹਿੱਸਾ ਲੈਣ ਦਾ ਸਵਾਲ ਆਇਆ, ਤਦ ਉਹਦੇ ਸਰਗਰਮ ਤਰਫਦਾਰ ਸੌਦਾਗਰ ਨੇ ਪ੍ਰਗਟ ਕੀਤਾ ਕਿ ਮਸਲੋਵਾ ਨੂੰ ਬਰੀ ਕਰ ਦੇਣਾ ਚਾਹੀਏ, ਕਿਉਂਕਿ ਓਹਨੂੰ ਜ਼ਹਿਰ ਦੇਣ ਲਈ ਮਸਲੋਵਾ ਦੀ ਕੋਈ ਅੰਦਰਲੀ ਨੀਤ ਨਹੀਂ ਸੀ, ਨ ਹੋ ਸਕਦੀ ਸੀ। ਫੋਰਮੈਨ ਨੇ ਕਹਿਆ ਕਿ ਓਹਨੂੰ ਬਰੀ ਕਰਨਾ ਨਾਮੁਮਕਿਨ ਹੈ ਕਿਉਂਕਿ ਓਹ ਆਪ ਇਕਬਾਲ ਕਰ ਚੁਕੀ ਹੈ ਕਿ ਉਸ ਪੁੜੀ ਦਿੱਤੀ।

"ਹਾਂ ਪਰ ਉਸ ਇਹ ਸਮਝ ਕੇ ਦਿੱਤੀ ਕਿ ਓਹ ਕੋਈ ਅਫੀਮ ਵਾਲੀ ਸੈਣ ਦੀ ਦਵਾਈ ਹੈ," ਸੌਦਾਗਰ ਨੇ ਉੱਤਰ ਦਿੱਤਾ।

"ਅਫੀਮ ਵੀ ਤਾਂ ਆਦਮੀ ਦੀ ਜਾਨ ਲੈ ਸੱਕਦੀ ਹੈ," ਕਰਨੈਲ ਨੇ ਕਹਿਆ ਜਿਹੜਾ ਮਜ਼ਮੂਨ ਥੀਂ ਉਰੇ ਪਰੇ ਜਾਣ ਦਾ ਬੜਾ ਸ਼ਾਇਕ ਸੀ ਤੇ ਓਸ ਦੱਸਿਆ ਕਿ ਕਿਸ ਤਰਾਂ ਉਹਦੇ ਸਾਲੇ ਦੀ ਵਹੁਟੀ ਨੇ ਕਾਫੀ ਮਿਕਦਾਰ ਅਫੀਮ ਦੀ ਖਾ ਲਈ ਸੀ ਤੇ ਉਹ ਮਰ ਹੀ ਜਾਂਦੀ ਜੇ ਡਾਕਟਰ ਪਾਸ ਹੀ ਵੇਲੇ ਸਿਰ ਨ ਮਿਲ ਜਾਂਦਾ ਤੇ ਉਹਨੂੰ ਬਚਾਣ ਦੇ ਸਾਧਨ ਜਲਦੀ ਨ ਕਰ ਦਿੰਦਾ। ਕਰਨੈਲ ਨੇ ਆਪਣੀ ਕਹਾਣੀ ਕੁਛ ਐਸੇ ਅਸਰ ਕਰਨ ਵਾਲੇ ਲਹਿਜੇ, ਤੇ ਕੁਛ ਐਸੇ ਸ਼ਾਨ ਮਾਨ ਨਾਲ ਦੱਸਣੀ ਸ਼ੁਰੂ ਕੀਤੀ ਸੀ ਕਿ ਕਿਸੇ ਨੂੰ ਉਹਨੂੰ ਰੋਕਣ ਦੀ ਜੁਅਰਤ ਨ ਪੈ ਸੱਕੀ। ਸਿਰਫ ਉਸੀ ਰੋ ਵਿੱਚ ਆਕੇ ਕਲਾਰਕ ਵੀ ਆਪਣੀ ਇਹੋ ਜੇਹੀ ਇਕ ਹੋਰ ਕਹਾਣੀ ਠੋਕਣ ਲੱਗਾ, "ਪਰ ਬਾਹਜੇ ਐਸੇ ਨਸ਼ਈ ਹੁੰਦੇ ਹਨ ਕਿ ੪੦ ਬੂੰਦਾਂ ਤਕ ਪੀ ਜਾਂਦੇ ਹਨ, ਮੇਰਾ ਇਕ ਰਿਸ਼ਤੇਦਾਰ.........." ਪਰ ਕਰਨੈਲ ਆਪਣੇ ਆਪ ਨੂੰ ਇਉਂ ਗਲ ਵਿਚੋਂ ਟੁੱਕ ਕੇ ਰੋਕਿਆ ਜਾਣਾ ਬਿਲਕੁਲ ਨਹੀਂ ਸੀ ਮੰਨ ਸੱਕਦਾ ਤੇ ਆਪਣੇ ਸਾਲੇ ਦੀ ਵਹੁਟੀ ਉੱਪਰ ਅਫੀਮ ਦਾ ਕੀ ਅਸਰ ਹੋਇਆ ਵਿਸਥਾਰ ਨਾਲ ਕਹੀ ਹੀ ਚਲਾ ਗਇਆ।

ਪਰ ਭਲੇ ਲੋਕੋ! ਤੁਸਾਂ ਨੂੰ ਪਤਾ ਹੈ ਕਿ ਹੁਣ ਪੰਜ ਵੱਜਣ ਵਾਲੇ ਹਨ," ਜੂਰੀ ਦੇ ਇਕ ਮੈਂਬਰ ਨੇ ਆਖਿਆ।

"ਅੱਛਾ ਭਾਈ, ਭਲੇ ਲੋਕੋ! ਫਿਰ ਅਸਾਂ ਕੀ ਕਹਿਣਾ ਹੈ?" ਫੋਰਮੈਨ ਨੇ ਪੁੱਛਿਆ "ਕੀ ਅਸੀ ਕਹੀਏ ਕਿ ਉਹ ਦੋਸੀ ਹੈ, ਪਰ ਉਹਦੀ ਓਹਨੂੰ ਲੁੱਟਣ ਦੀ ਨੀਤ ਕੋਈ ਨਹੀਂ ਸੀ? ਤੇ ਓਸ ਉਹਦਾ ਕੋਈ ਮਾਲ ਨਹੀਂ ਚੁਰਾਇਆ? ਕੀ ਇਹ ਕਾਫੀ ਹੈ?"

ਪੀਟਰ ਜਿਰਾਸੀਮੋਵਿਚ ਆਪਣੀ ਜਿੱਤ ਜੇਹੀ ਵਿੱਚ ਖੁਸ਼ ਹੋਇਆ, ਮੰਨ ਗਇਆ।

"ਪਰ ਉਸ ਲਈ ਰਹਿਮ ਦੀ ਸਫਾਰਸ਼ ਨਾਲ ਚਾਹੀਏ," ਸੌਦਾਗਰ ਬੋਲਿਆ। ਸਭ ਨੇ ਇਤਫਾਕ ਕੀਤਾ, ਪਰ ਉਸੇ ਬੁੱਢੇ ਮਜੂਰ ਨੇ ਜਿਦ ਕਰਕੇ ਕਹਿਆ ਕਿ ਉਨ੍ਹਾਂ ਨੂੰ ਫੈਸਲਾ ਇਹ ਦੇਣਾ ਚਾਹੀਏ ਕਿ "ਦੋਸ ਸਬੂਤ ਨਹੀਂ।"

ਭਾਈ ਗੱਲ ਦਾ ਮਤਲਬ ਤਾਂ ਇੱਥੇ ਹੀ ਆ ਜਾਂਦਾ ਹੈ ਨਾਂ," ਫੋਰਮੈਨ ਨੇ ਵਿਆਖਿਆ ਕਰਕੇ ਦੱਸਿਆ, "ਬਿਨਾਂ ਲੁੱਟਣ ਦੇ ਇਰਾਦੇ ਤੇ ਨੀਤ ਦੇ, ਤੇ ਬਿਨਾਂ ਕਿਸੀ ਮਾਲ ਦੇ ਚੁਰਾਣ ਦੇ, ਇਸ ਕਰਕੇ 'ਦੋਸੀ ਨਿਰਦੋਸ਼' — ਇਹ ਤਾਂ ਸਾਫ ਹੈ।"

"ਅੱਛਾ ਤਾਂ ਫਿਰ ਇਹ ਕਾਫੀ ਹੈ ਕਿ ਅਸੀ ਉਹਦੀ ਰਹਿਮ ਦੀ ਸਫਾਰਸ਼ ਨਾਲ ਕਰ ਦਈਏ।"

ਉਹ ਸਾਰੇ ਇੰਨੇ ਥੱਕੇ ਹੋਏ ਸਨ ਕਿ ਕਿਸੀ ਨੂੰ ਇਹ ਨਾ ਸੁੱਝੀ ਕਿ ਨਾਲੇ ਇਹ ਵੀ ਲਿਖਣਾ ਚਾਹੀਏ ਕਿ ਭਾਵੇਂ ਉਹ ਪੁੜੀ ਘੋਲ ਕੇ ਪਿਲਾਣ ਦੇ ਦੋਸ ਦੀ ਦੋਸੀ ਹੈ ਪਰ ਉਹਦੀ ਨੀਤ ਉਹਨੂੰ ਮਾਰਨ ਦੀ ਨਹੀਂ ਸੀ। ਨਿਖਲੀਊਧਵ ਵੀ ਇੰਨੇ ਜੋਸ਼ ਜੇਹੇ ਵਿੱਚ ਸੀ, ਕਿ ਉਸ ਇੰਨੀ ਭਾਰੀ ਉਕਾਈ ਦਾ ਖਿਆਲ ਹੀ ਨਾ ਕੀਤਾ, ਇਉਂ ਜਿਸ ਸ਼ਕਲ ਵਿੱਚ ਸਾਰਿਆਂ ਦਾ ਇਤਫਾਕ ਸੀ, ਉਸ ਸ਼ਕਲ ਵਿੱਚ ਜਵਾਬ ਤਾਂ ਸਾਰੇ ਲਿਖੇ ਗਏ ਤੇ ਅਦਾਲਤ ਵਲ ਲਿਜਾਏ ਗਏ।

ਰਾਬਲੇ ਨੇ ਇਕ, ਕਾਨੂੰਨਦਾਨ ਬਾਬਤ ਜ਼ਿਕਰ ਕੀਤਾ ਹੈ, ਕਿ ਜਦ ਉਹ ਮੁਕੱਦਮਾ ਕਰ ਰਹਿਆ ਸੀ, ਤਦ ਉਸ ਨੇ ਬਿਨ ਮਤਲਬ ਬੇ ਮਹਿਨੇ ਲਾਤੀਨੀ ਕਾਨੂੰਨ ਦੇ ੨੦ ਕੂ ਸਫੇ ਪੜ੍ਹੇ, ਤੇ ਹੋਰ ਕਈ ਕਿਸਮਾਂ ਦੇ ਹਵਾਲੇ ਦਿੱਤੇ ਪਰ ਆਖ਼ਰ ਜੱਜਾਂ ਅਗੇ ਤਜਵੀਜ਼ ਪੇਸ਼ ਕੀਤੀ ਕਿ ਪਾਸਾ ਸੁੱਟਿਆ ਜਾਏ ਜੇ ਤਾਕ ਹੋਵੇ ਤਦ ਦੋਸੀ ਸੱਚਾ, ਅਗਰ ਜਿਸਤ ਹੋਵੇ ਤਦ ਦੋਸ ਲਾਣ ਵਾਲਾ ਸੱਚਾ।

ਇਸ ਮੁਕੱਦਮੇਂ ਵਿੱਚ ਗਲ ਕੁਛ ਉਹੋ ਜੇਹੀ ਆਣ ਬਣੀ ਸੀ। ਇਹ ਫੈਸਲਾ ਇਸ ਲਈ ਨਹੀਂ ਸੀ ਹੋਇਆ ਕਿ ਸਭ ਦੀ ਸੰਮਤੀ ਇਉਂ ਸੀ, ਪਰ ਇਸ ਕਰਕੇ ਹੋਇਆ ਸੀ ਕਿ ਪ੍ਰਧਾਨ ਜਿਸਨੇ ਜਿੰਨਾ ਲੰਮਾ ਚੌੜਾ ਨਿਚੋੜ ਕੱਢਕੇ, ਉਨ੍ਹਾਂ ਅਗੇ ਧਰਿਆ ਸੀ, ਉਹ ਇਹ ਕਹਿਣੋ ਉੱਕ ਗਇਆ ਸੀ ਜਿਹੜੀ ਗੱਲ ਇਹੋ ਜੇਹੇ ਮੌਕਿਆਂ ਤੇ ਉਹ ਹਮੇਸ਼ ਕਹਿੰਦਾ ਹੁੰਦਾ ਸੀ ਕਿ ਜਵਾਬ ਇਨ੍ਹਾਂ ਲਫਜਾਂ ਵਿੱਚ ਲਿਖਣਾ ਚਾਹੀਏ ਕਿ "ਹਾਂ ਦੋਸੀ—ਪਰ ਜਾਨ ਲੈਣ ਦੀ ਉਹਦੀ ਕੋਈ ਨੀਤ ਨਹੀਂ ਸੀ;" ਤੇ ਫਿਰ ਇਸ ਕਰਕੇ ਕਿ ਕਰਨੈਲ ਆਪਣੇ ਸਾਲੇ ਦੀ ਵਹੁਟੀ ਦੀ ਰਾਮ ਕਹਾਣੀ ਲੈ ਬੈਠਾ ਸੀ, ਫਿਰ ਇਸ ਕਰਕੇ ਕਿ ਨਿਖਲੀਊਧਵ ਆਪਣੇ ਮਨ ਦੀ ਖਲਬਲੀ ਕਰਕੇ ਬੇ ਧਿਆਨਾ ਸੀ ਤੇ ਇਹ ਕਰਨੋਂ ਨੋਟਿਸ ਹੀ ਉੱਕ ਗਇਆ ਕਿ ਜਰੂਰੀ ਸ਼ਰਤ ਤਾਂ ਲਿਖੀ ਹੀ ਉੱਕਾ ਨਹੀਂ ਗਈ, "ਬਿਨਾਂ ਜ਼ਿੰਦਗੀ ਲੈਨ ਦੀ ਨੀਤ ਦੇ" ਤੇ ਏਵੇਂ ਹੀ ਸਾਰੇ ਸਮਝ ਬੈਠੇ ਕਿ ਲਫਜ਼—"ਬਿਨਾ ਕਿਸੀ ਇਰਾਦੇ ਦੇ" ਉਹਦੇ ਦੋਸ ਨੂੰ ਉੱਕਾ ਉੱਡਾ ਦਿੰਦੇ ਹਨ; ਤੇ ਇਸ ਕਰਕੇ ਐਨ ਵਕਤ ਸਿਰ ਪੀਟਰ ਜਿਰਾਸੀ ਮੋਵਿਚ ਜਦ ਸਵਾਲਾਂ ਦੇ ਜਵਾਬ ਪੜ੍ਹੇ ਜਾ ਰਹੇ ਸਨ ਜਰਾ ਬਾਹਰ ਤੁਰ ਗਇਆ ਸੀ; ਤੇ ਖਾਸ ਕਰਕੇ ਇਸ ਵਾਸਤੇ ਇਹ ਫੈਸਲਾ ਇਉਂ ਹੋਇਆ ਸੀ ਕਿ ਹਰ ਕੋਈ ਕਰੱਟਾ ਮੁਕਾ ਕੇ ਜਲਦੀ ਥੀਂ ਜਲਦੀ ਆਪਣੀ ਖਲਾਸੀ ਚਾਹ ਰਹਿਆ ਸੀ, ਤੇ ਸਭ ਇਸ ਧਾਰਨਾਂ ਵਿੱਚ ਤੁਲੇ ਹੋਏ ਸਨ ਕਿ ਓਹ ਉਸ ਫੈਸਲੇ ਨਾਲ ਸੰਮਤੀ ਪ੍ਰਗਟ ਕਰਨ ਜਿਸ ਕਰ ਕੇ ਛੇਤੀ ਥੀਂ ਛੇਤੀ ਇਹਦਾ ਫਾਹ ਵਢਿਆ ਜਾਏ।

ਜੂਰੀ ਨੇ ਘੰਟੀ ਵਜਾਈ। ਸਿਪਾਹੀ ਜਿਹੜਾ ਬੂਹੇ ਉੱਪਰ ਨੰਗੀ ਤਲਵਾਰ ਸੂਤ ਕੇ ਪਹਿਰੇ ਉੱਪਰ ਸੀ ਪਾਸੇ ਤੇ ਹੋ ਗਇਆ। ਜੱਜ ਆਕੇ ਆਪਣੀ ਆਪਣੀ ਥਾਂ ਤੇ ਬਹਿ ਗਏ, ਜੂਰੀ ਦੇ ਮੈਂਬਰ ਇਕ ਦੂਜੇ ਦੇ ਅੱਗੜ ਪਿੱਛੜ ਆ ਗਏ।

ਫੋਰਮੈਨ ਇਕ ਖਾਸ ਸਵਾਧਾਨਤਾ ਦੇ ਅੰਦਾਜ਼ ਨਾਲ ਕਾਗਜ਼ ਅੰਦਰ ਲੈ ਆਇਆ, ਤੇ ਆਨ ਕੇ ਉਹ ਪ੍ਰਧਾਨ ਜੀ ਦੇ ਪੇਸ਼ ਕੀਤੇ। ਪ੍ਰਧਾਨ ਨੇ ਨਿਗਾਹ ਮਾਰੀ ਤੇ ਆਪਣੇ ਹੱਥ ਕੁਛ ਹੈਰਾਨੀ ਜੇਹੀ ਵਿੱਚ ਸਿੱਧੇ ਪਠੇ ਕਰਕੇ ਪਾਸਿਆਂ ਵਲ ਮੈਂਬਰਾਂ ਨਾਲ ਗੋਸ਼ੇ ਕਰਨ ਨੂੰ ਝੁਕਿਆ, ਕਦੀ ਸੱਜੇ ਕਦੀ ਖੱਬੇ ਤੇ ਸਲਾਹਾਂ ਕਰਨ ਡੈਹ ਪਇਆ।

ਪ੍ਰਧਾਨ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ, ਕਿ ਜੂਰੀ ਨੇ ਇਕ ਥਾਂ ਤਾਂ ਲਫਜ਼ ਇਹ ਲਿਖੇ ਹਨ, "ਬਿਨਾਂ ਲੁੱਟਣ ਦੀ ਨੀਤ ਦੇ" ਪਰ ਦੂਜੇ ਥਾਂ——"ਬਿਨਾਂ ਜ਼ਿੰਦਗੀ ਲੈਣ ਦੀ ਨੀਤ ਦੇ" ਨਹੀਂ ਲਿਖੇ, ਤੇ ਇਸ ਕਰਕੇ ਜੂਰੀ ਦੇ ਇਸ ਫੈਸਲੇ ਥੀਂ ਨਤੀਜਾ ਨਿਕਲਿਆ ਕਿ ਮਸਲੋਵਾ ਨੇ ਚੋਰੀ ਵੀ ਨਹੀਂ ਕੀਤੀ, ਮਾਲ ਵੀ ਨਹੀਂ ਲੁੱਟਿਆ, ਤੇ ਫਿਰ ਵੀ ਬਿਨਾਂ ਕਿਸੇ ਦਿੱਸਦੇ ਪਿੱਸਦੇ ਸਬੱਬ ਦੇ ਇਕ ਆਦਮੀ ਨੂੰ ਜ਼ਹਿਰ ਵੀ ਦੇ ਦਿੱਤਾ।

ਵੇਖੋ ਕੇਹਾ ਅਣਹੋਣਾ ਫੈਸਲਾ ਇਨ੍ਹਾਂ ਕੀਤਾ ਹੈ," ਪ੍ਰਧਾਨ ਨੇ ਆਪਣੇ ਖੱਬੇ ਬੈਠੇ ਮੈਂਬਰ ਨੂੰ ਕਹਿਆ "ਇਹਦਾ ਮਤਲਬ ਇਹ ਹੋਇਆ ਕਿ ਓਹ ਨਿਰਦੋਸ਼ ਹੈ, ਪਰ ਦੋਸੀ ਸਾਰੀ ਉਮਰ ਲਈ ਗੁਲਾਮੀ ਕਰਨ ਨੂੰ ਸਾਈਬੇਰੀਆ ਜਲਾਵਤਨ ਹੋਵੇ।"

"ਪਰ ਨਿਸਚਿੰਤ ਤੇਰਾ ਮਤਲਬ ਇਹ ਤਾਂ ਨਹੀਂ ਕਿ ਉਹ ਨਿਰਦੋਸ਼ ਹੈ," ਇਕ ਸਵਾਧਾਨ ਸੰਜੀਦਾ ਮੈਂਬਰ ਨੇ ਆਖਿਆ।

"ਹਾਂ ਨਿਸਚਿੰਤ ਉਹ ਨਿਰਦੋਸ਼ ਹੈ, ਮੇਰੀ ਜਾਚੇ ਇਹ ਮੁਕੱਦਮਾ ਦਫਾ ੮੧੭ ਨੂੰ ਅਮਲ ਵਿੱਚ ਲਿਆਉਣ ਵਾਲਾ ਹੈ"(ਦਫਾ ੮੧੭ ਇਹ ਹੈ ਕਿ ਜੇ ਅਦਾਲਤ ਜੂਰੀ ਦੇ ਫੈਸਲੇ ਨੂੰ ਬੇਇਨਸਾਫੀ ਦਾ ਫੈਸਲਾ ਸਮਝੇ, ਤਦ ਓਹਨੂੰ ਰੱਦ ਕਰ ਸਕਦੀ ਹੈ)।

"ਤੇਰਾ ਕੀ ਖਿਆਲ ਹੈ?" ਪ੍ਰਧਾਨ ਨੇ ਇਕ ਹੋਰ ਮੈਂਬਰ ਵਲ ਮੁਖਾਤਿਬ ਹੋ ਕੇ ਪੁੱਛਿਆ। ਉਹ ਨਰਮ, ਮਿਹਰਬਾਨ ਜੇਹਾ ਬੰਦਾ ਕੁਛ ਚਿਰ ਤਾਂ ਨ ਬੋਲਿਆ। ਓਸ ਆਪਣੇ ਅੱਗੇ ਪਏ ਕਾਗਜ਼ ਵਲ ਵੇਖਿਆ ਕੁਛ ਹਿੰਦਸੇ ਜੋੜੇ, ਤੇ ਜੇਹੜੀ ਉਨ੍ਹਾਂ ਦੀ ਜਮਾਂ ਆਈ ਸੀ ਉਹ ਤ੍ਰੈ ਨਾਲ ਪੂਰੀ ਵੰਡੀ ਨਹੀਂ ਸੀ ਜਾਂਦੀ, ਇਸ ਕਰਕੇ ਉਸ ਆਪਣੇ ਮਨ ਵਿੱਚ ਫੈਸਲਾ ਕੀਤਾ ਹੋਇਆ ਸੀ ਤੇ ਜੇ ਤਿੰਨ ਨਾਲ ਪੂਰੀ ਵੰਡੀ ਗਈ ਤਦ ਉਹ ਪ੍ਰਧਾਨ ਨਾਲ ਇਤਫਾਕ ਕਰੇਗਾ, ਨਹੀਂ ਤਾਂ ਨਹੀਂ ਉਹ ਹਿੰਦਸ਼ਾ ਪੂਰਾ ਤਾਂ ਨਾਂ ਵੰਡਿਆ ਗਇਆ, ਤਾਂ ਵੀ ਆਪਣੀ ਸੁਭਾਵਕ ਦਯਾ ਕਰਕੇ ਉਸ ਪ੍ਰਧਾਨ ਨਾਲ ਇਤਫਾਕ ਕੀਤਾ, "ਮੇਰਾ ਵੀ ਖਿਆਲ ਹੈ ਕਿ ਫੈਸਲਾ ਰੱਦੀ ਕਰਨਾ ਚਾਹੀਏ", ਉਸ ਆਖਿਆ।

"ਤੇ ਆਪ ਸਾਹਿਬ ਜੀ?" ਪ੍ਰਧਾਨ ਨੇ ਸੰਜੀਦਾ ਮੈਂਬਰ ਨੂੰ ਮੁੜ ਪੁੱਛਿਆ।

"ਕਦੀ ਨਹੀਂ," ਤਾਂ ਉਸ ਕੜੇ ਲਹਿਜੇ ਵਿੱਚ ਕਿਹਾ "ਜਿਵੇਂ ਹੋ ਚੁਕਾ ਹੈ ਉਸ ਥੀਂ ਵੀ ਇਹ ਦਿੱਸਦਾ ਹੈ ਕਿ ਜੂਰੀ ਨੇ ਦੋਸੀਆਂ ਨੂੰ ਏਵੇਂ ਹੀ ਬਰੀ ਕਰ ਦਿੱਤਾ ਹੈ, ਤੇ ਉਹ ਉਤਲੇ ਕੀ ਕਹਿਣਗੇ ਜੇ ਉਨ੍ਹਾਂ ਥੀਂ ਵੱਧ ਜੱਜਾਂ ਨੇ ਵੀ ਉਨ੍ਹਾਂ ਨੂੰ ਬਰੀ ਕਰ ਦਿੱਤਾ, ਕਿਸੀ ਹਾਲਤ ਵਿੱਚ ਮੈਂ ਇਸ ਗੱਲ ਨੂੰ ਨਹੀਂ ਮੰਨਾਂਗਾ।"

ਪ੍ਰਧਾਨ ਨੇ ਆਪਣੀ ਘੜੀ ਤੱਕੀ—"ਬੜੀ ਤਰਸ ਜੋਗ ਹਾਲਤ ਹੈ ਪਰ ਕੀ ਕੀਤਾ ਜਾਵੇ?" ਤੇ ਉਸਨੇ ਸਵਾਲਾਂ ਜਵਾਬਾਂ ਦੇ ਕਾਗਜ਼ ਮੁੜ ਫੋਰਮੈਨ ਨੂੰ ਫੜਾ ਦਿੱਤੇ।

ਸਭ ਖੜੇ ਹੋ ਗਏ, ਫੋਰਮੈਨ ਆਪਣੇ ਜਿਸਮ ਨੂੰ ਨਖਰੇ ਜੋਹੇ ਵਿੱਚ ਕਦੀ ਇਸ ਪੈਰ ਕਦੀ ਉਸ ਪੈਰ ਉਪਰ ਤੋਲਦਾ ਹੋਇਆ ਸਵਾਲ ਜਵਾਬ ਪੜ੍ਹ ਕੇ ਸੁਣਾਉਣ ਲਗ ਪਇਆ। ਸਾਰੀ ਅਦਾਲਤ ਸਕੱਤ੍ਰ ਅਤੇ ਸਰਕਾਰੀ ਵਕੀਲ ਨੇ ਭੀ ਹੈਰਾਨੀ ਪ੍ਰਗਟ ਕੀਤੀ। ਕੈਦੀ ਬੇਹਿਸ ਪੱਥਰਾਂ ਵਾਂਗ ਮੂਰਤੀਆਂ ਬਣੇ ਬੈਠੇ ਸਨ, ਸਾਫ ਸੀ ਕਿ ਜਵਾਬਾਂ ਦੇ ਅਰਥ ਉਹ ਨਹੀਂ ਸਨ ਸਮਝ ਰਹੇ। ਫਿਰ ਸਭ ਬਹਿ ਗਏ ਤੇ ਪ੍ਰਧਾਨ ਨੇ ਸਰਕਾਰੀ ਵਕੀਲ ਕੋਲੋਂ ਪੁੱਛਿਆ, ਕਿ ਸਜ਼ਾਵਾਂ ਕੀ ਕੀ ਹੋਣੀਆਂ ਚਾਹੀਦੀਆਂ ਹਨ।

ਸਰਕਾਰੀ ਵਕੀਲ, ਆਪਣੀ ਇਸ ਇਜ਼ਤ ਦੀ ਖੁਸ਼ੀ ਵਿੱਚ ਕਿ ਮਸਲੋਵਾ ਨੂੰ ਸਜ਼ਾ ਹੋ ਜਾਣੀ ਹੈ, ਜਿਹਦੀ ਉਹਨੂੰ ਕੋਈ ਆਸ ਨਹੀਂ ਸੀ, ਤੇ ਜਿਸ ਜਿਤ ਦਾ ਸਿਹਰਾ ਉਹ ਆਪਣੀ ਕੀਤੀ ਤਕਰੀਰ ਦੇ ਸਿਰ ਪਾਂਦਾ ਸੀ, ਜਰੂਰੀ ਲੋੜਵੰਦੇ ਦਫੇ ਵੇਖਕੇ ਉੱਠਿਆ ਤੇ ਬੋਲਿਆ, "ਸਾਈਮਨ ਕਾਰਤਿਨਕਿਨ ਨੂੰ ਤਾਂ, ਮੈਂ ਦਫਾ ੧੪੫੨ ਮੁਤਾਬਕ ਤੇ ਦਫਾ ੧੪੫੩ ਦੇ ਪੈਰੇ ੪ ਅਨੁਸਾਰ ਲਵਾਂਗਾ; ਯੋਫੈਮੀਆ ਬੋਚਕੋਵਾ ਦਫਾ ੧੬੫੯ ਅਨੁਸਾਰ, ਕਾਤਰੀਨਾ ਮਸਲੋਵਾ ਦਫਾ ੧੪੫੪ ਅਨੁਸਾਰ", ਇਹ ਤਿੰਨੇ ਸਜ਼ਾਵਾਂ ਭਾਰੀ ਥੀਂ ਭਾਰੀ ਹੋ ਸਕਦੀਆਂ ਸਨ।

"ਅਦਾਲਤ ਇਨ੍ਹਾਂ ਸਜ਼ਾਵਾਂ ਦੇਣ ਦੇ ਫੈਸਲੇ ਉੱਪਰ ਵਿਚਾਰ ਕਰੇ," ਤਾਂ ਪ੍ਰਧਾਨ ਨੇ ਕਹਿਆ ਤੇ ਉੱਠਿਆ। ਸਾਰੇ ਉਹਦੇ ਪਿੱਛੇ ਉੱਠੇ ਤੇ ਸਾਰੇ ਇਕ ਗਲ ਪਇਆ ਮਾਮਲਾ ਖਤਮ ਕਰਨ ਦੀ ਖੁਸ਼ੀ ਵਿੱਚ ਕਮਰੇ ਨੂੰ ਛੱਡਕੇ ਅਗੇ ਪਿੱਛੇ ਟਹਿਲਣ ਲੱਗ ਪਏ।

ਸ਼੍ਰੀਮਾਨ ਜੀ! ਜਾਣਦੇ ਹੋ ਕਿ ਅਸੀਂ ਇਕ ਸ਼ਰਮਨਾਕ ਕੀਮਾ ਕਰ ਦਿੱਤਾ ਹੈ", ਪੀਟਰ ਜਿਰਾਸੀਮੋਵਿਚ ਨੇ ਨਿਖਲੀਊਧਵ ਦੇ ਨੇੜੇ ਹੋ ਕੇ ਕਹਿਆ, ਜਿਹਨੂੰ ਅੱਗੇ ਫੋਰਮੈਨ ਕੁਛ ਦੱਸ ਰਹਿਆ ਸੀ। "ਕਿਉਂ ਜੀ ਅਸਾਂ ਓਹਨੂੰ ਸਾਈਬੇਰੀਆਂ ਜਲਾਵਤਨ ਕਰ ਦਿੱਤਾ ਹੈ।"

"ਆਪ ਕੀ ਕਹਿ ਰਹੇ ਹੋ?" ਨਿਖਲੀਊਧਵ ਹੈਰਾਨ ਹੋਕੇ ਚੀਕ ਉਠਿਆ। ਇਸ ਵੇਲੇ ਉਸ ਆਪਣੀ ਭੈਣ ਦੇ ਪੁਰਾਣੇ ਉਸਤਾਦ ਦੀ ਬੇਤਕੱਲਫੀ ਦਾ ਖਿਆਲ ਉੱਕਾ ਨ ਕੀਤਾ।

"ਕਿਉਂ? ਅਸੀਂ ਜਵਾਬ ਵਿੱਚ ਇਹ ਲਫਜ਼ ਲਿਖਣ ਤਾਂ ਉੱਕ ਹੀ ਗਏ, "ਦੋਸੀ ਠੀਕ, ਪਰ ਉਹਦੀ ਜਾਨ ਲੈਣ ਦੀ ਕੋਈ ਨੀਤ ਨਹੀਂ ਸੀ।" ਸਕੱਤਰ ਨੇ ਹੁਣੇ ਮੈਨੂੰ ਦੱਸਿਆ ਹੈ ਕਿ ਸਰਕਾਰੀ ਵਕੀਲ ੧੫ ਸਾਲ ਦੀ ਕੈਦ ਸਖਤ ਸਾਈਬੇਰੀਆ ਵਿੱਚ ਜਲਾਵਤਨੀ ਦੀ ਸਜ਼ਾ ਦੇਣ ਨੂੰ ਫਿਰਦਾ ਹੈ।

"ਭਾਈ, ਪਰ ਫੈਸਲਾ ਅਸਾਂ ਤਾਂ ਇਉਂ ਹੀ ਕੀਤਾ ਸੀ ਕਿ ਦੋਸੀ ਪਰ ਨੀਤ ਮਾਰਨ ਦੀ ਨਹੀਂ ਸੀ," ਫੋਰਮੈਨ ਨੇ ਕਹਿਆ।

ਪੀਟਰ ਜਿਰਾਸੀਮੋਵਿਚ ਉਸ ਨਾਲ ਝਗੜਨ ਲੱਗ ਪਇਆ ਕਿ ਜਦ ਇਹ ਫੈਸਲਾ ਹੋ ਚੁਕਾ ਸੀ ਕਿ ਉਸ ਰੁਪਏ ਨਹੀਂ ਚੁਰਾਏ ਤਦ ਕੁਦਰਤੀ ਨਤੀਜਾ ਇਹ ਨਿਕਲਦਾ ਸੀ ਕਿ ਕਤਲ ਕਰਨ ਦੀ ਕੋਈ ਉਹਦੀ ਨੀਤ ਰਹਿ ਨਹੀਂ ਸੀ ਜਾਂਦੀ।

"ਪਰ ਮੈਂ ਸ਼੍ਰੀਮਾਨ ਜੀ! ਜਿਵੇਂ ਲਿਖਿਆ ਹੋਇਆ ਸੀ, ਬਾਹਰ ਜਾਣ ਥੀਂ ਪਹਿਲਾਂ ਸੁਣਾ ਗਇਆ ਸਾਂ" ਫੋਰਮੈਨ ਨੇ ਆਪਣੇ ਬਚਾ ਵਿੱਚ ਆਖਿਆ "ਤੇ ਕਿਸੀ ਉਸ ਪਰ ਉਜ਼ਰ ਨਹੀਂ ਸੀ ਕੀਤਾ।"

"ਮੈਂ ਉਸ ਵੇਲੇ ਕਮਰੇ ਥੀਂ ਬਾਹਰ ਚਲਾ ਗਇਆ ਸਾਂ", ਪੀਟਰ ਜਿਰਾਸੀਮੋਵਿਚ ਨੇ ਕਹਿਆ। ਨਿਖਲੀਊਧਵ ਵਲ ਮੁੜ ਕੇ "ਤੇ ਤੂੰ ਪਤਾ ਨਹੀਂ, ਆਪਣੇ ਮਨ ਨੂੰ ਕਿਹੜੀ ਉੱਠ ਕੱਠਾ ਕਰਨ ਲਈ ਭੇਜ ਦਿੱਤਾ ਸੀ ਕਿ ਤੂੰ ਬੋਲਿਆ ਹੀ ਨਹੀਂ।"

ਮੈਂ ਕਦੀ ਸੋਚ ਹੀ ਨਹੀਂ ਸਾਂ ਸਕਦਾ ਕਿ.........." ਨਿਖਲੀਊਧਵ ਨੇ ਆਖਿਆ।

"ਆਹੋ ਹੁਣ ਤਾਂ ਤੂੰ ਇਹੋ ਹੀ ਕਹਿਣਾ ਹੋਇਆ।"

"ਪਰ ਅਸੀਂ ਹੁਣ ਠੀਕ ਕਰ ਸਕਦੇ ਹਾਂ," ਨਿਖਲੀਊਧਵ ਬੋਲਿਆ। "ਆਹ! ਰੱਬਾ———ਨਹੀਂ ਗੱਲ ਮੁਕ ਚੁਕੀ ਹੈ।"

ਨਿਖਲੀਊਧਵ ਨੇ ਕੈਦੀਆਂ ਵਲ ਤੱਕਿਆ:—

ਉਹ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਇਉਂ ਹੋ ਰਹਿਆ ਸੀ ਉਹ ਜੰਗਲੇ ਪਿੱਛੇ ਸਿਪਾਹੀ ਦੇ ਅੱਗੇ ਬੇਹਿਸ ਬੈਠੇ ਹੋਏ ਸਨ।

ਮਸਲੋਵਾ ਮੁਸਕਰਾਈ। ਨਿਖਲੀਊਧਵ ਦੇ ਰੂਹ ਵਿੱਚ ਇਕ ਬੂਰੀ ਚਿਤਵਨੀ ਉੱਠੀ। ਹੁਣ ਤੱਕ ਉਹਨੂੰ ਇਹ ਉਮੇਦ ਸੀ ਕਿ ਉਹ ਬਰੀ ਹੋ ਜਾਵੇਗੀ ਤੇ ਇਹ ਸੋਚਕੇ ਕਿ ਉਸ ਸ਼ਹਿਰ ਵਿੱਚ ਹੀ ਰਵ੍ਹੇਗੀ ਉਹ ਆਪਣੇ ਮਨ ਨਾਲ ਸਾਫ ਫੈਸਲਾ ਨਹੀਂ ਸੀ ਕਰ ਸਕਦਾ ਕਿ ਉਹ ਉਸ ਵਲ ਕਿਹੋ ਜੇਹਾ ਆਪਣਾ ਵਰਤਾਉ ਰੱਖ ਸਕੇਗਾ। ਉਸ ਨਾਲ ਕਿਸੀ ਤਰਾਂ ਦਾ ਆਪਣਾ ਤਅੱਲਕ ਗੰਢਣਾ ਉਸ ਲਈ ਬੜਾ ਮੁਸ਼ਕਲ ਹੋਵੇਗਾ। ਪਰ ਉਹਦੇ ਸਾਈਬੇਰੀਆ ਜਲਾਵਤਨ ਹੋ ਜਾਣ ਨਾਲ ਤੇ ਸਖਤ ਮੁਸ਼ੱਕਤ ਕਰਨ ਦੀ ਸਜ਼ਾ ਪਾ ਜਾਣ ਨਾਲ ਕਿਸੀ ਤਰਾਂ ਦੋ ਉਹਦੇ ਤਅੱਲਕ ਦੀ ਸੰਭਾਵਨਾ ਹੀ ਮੁਕ ਗਈ ਸਮਝੋ। ਸ਼ਿਕਾਰੀ ਦੇ ਮਾਰੇ ਪੰਛੀਆਂ ਦੇ ਥੈਲੇ ਵਿੱਚ ਜ਼ਖਮੀ ਤੜਫ਼ ਰਹੇ ਪੰਛੀ ਦੀ ਤੜਫੜਾਟ ਬੰਦ ਹੋ ਜਾਏਗੀ, ਤੇ ਉਹਦੇ ਹੋਣ ਦੀ ਵੀ ਕਾਈ ਖਬਰ ਮੁੜ ਆ ਕੇ ਉਹਨੂੰ ਉਸ ਬਾਬਤ ਯਾਦ ਨਹੀਂ ਕਰਾ ਸਕੇਗੀ।

ਮੋਇਆਂ ਦੀ ਜਾਗ-ਕਾਂਡ ੨੪. : ਲਿਉ ਤਾਲਸਤਾਏ

ਪੀਟਰ ਜਿਰਾਸੀਮੋਵਿਚ ਦਾ ਖਿਆਲ ਸੱਚ ਹੋਇਆ, ਪ੍ਰਧਾਨ ਜਦ ਆਪਣੇ ਸਲਾਹ ਮਸ਼ਵਰਾ ਕਰਨ ਵਾਲੇ ਕਮਰੇ ਥੀਂ ਅਦਾਲਤ ਵਿੱਚ ਵਾਪਸ ਆਇਆ ਤਦ ਇਉਂ ਪੜ੍ਹ ਕੇ ਸੁਣਾਉਣ ਲੱਗ ਪਇਆ:—

"ਅਪਰੈਲ ੨੮-੧੮੮੮ ਸ਼ਾਹਨਸ਼ਾਹ ਮਹਾਰਾਜ ਜ਼ਾਰ ਦੇ ਉਕਾਸੇ ਅਨੁਸਾਰ,—ਏਹ ਫੌਜਦਾਰੀ ਅਦਾਲਤ ਜੂਰੀ ਦੇ ਫੈਸਲੇ ਦੀ ਪੁਸ਼ਟੀ ਨਾਲ, ਦਫਾ ੭੭੧ ਦੇ ਹਿੱਸੇ ਤੀਸਰੇ ਅਨੁਸਾਰ ਤੇ ਦਫਾ ੭੭੬ ਤੇ ੭੭੭ ਦੇ ਹਿੱਸੇ ਤੀਸਰੇ ਅਨੁਸਾਰ ਹੁਕਮ ਦਿੰਦੀ ਹੈ ਕਿ ਕਿਸਾਨ ਸਾਈਮਨ ਕਾਰਤਿਨਕਿਨ ਉਮਰ ੩੩ ਸਾਲ ਤੇ ਗਰਾਮੀਨ ਸ਼ਹਿਰੀ ਕਤਰੀਨਾ ਮਸਲੋਵਾ ਉਮਰ ੨੮ ਸਾਲ ਦੀ ਜਾਇਦਾਦ ਜ਼ਬਤ ਸਰਕਾਰ ਤੇ ਉਹ ਦੋਵੇਂ ਸਾਈਬੇਰੀਆ ਜਲਾਵਤਨ ਤੇ ਨਾਲੇ ਕੈਦ ਸਖਤ ਮੁਸ਼ੱਕਤ ਦੀ ਦਿੱਤੀ ਜਾਂਦੀ ਹੈ। ਕਾਰਤਿਨਕਿਨ ੮ ਸਾਲ, ਤੇ ਮਸਲੋਵਾ ੪ ਸਾਲ ਲਈ, ਤੇ, ਉਨ੍ਹਾਂ ਨਾਲ ਉਹੋ ਸਲੂਕ ਹੋਣਗੇ ਜਿਹੜੇ ਜ਼ਾਬਤਾ ਫੌਜਦਾਰੀ ਦੇ ਦਫਾ ੨੫ ਅਨੁਸਾਰ ਕੀਤੇ ਜਾ ਸਕਦੇ ਹਨ। ਤੇ ਗਰਾਮੀਨ ਸ਼ਹਿਰੀ ਮਿਸ਼ਾਂਕਾ ਬੋਖਕੋਵਾ ਉਮਰ ੪੩ ਸਾਲ, ਸਭ ਰੱਯਤ ਵਾਰੀ ਜ਼ਾਤੀ ਜੱਦੀ ਦੇ ਆਪ ਕਮਾਏ ਹਕੂਕ ਖੋਹੇ ਗਏ, ਤਿੰਨ ਸਾਲ ਕੈਦ ਤੇ ਹੋਰ ਦਫਾ ੪੮ ਮੁਤਾਬਕ ਸਬ ਸਲੂਕ। ਮੁਕੱਦਮੇ ਦੇ ਖਰਚ ਮੁਲਜ਼ਮਾਂ ਉੱਪਰ ਬਰਾਬਰ ਪੈਣ, ਜੇਹੜੇ ਨਾਦਾਰ ਹਨ ਉਨ੍ਹਾਂ ਦੇ ਖਰਚੇ ਖਜ਼ਾਨਾ ਸ਼ਾਹੀ ਤੇ ਪੈਣ। ਉਹ ਚੀਜ਼ਾਂ ਜੋ ਸ਼ਹਾਦਤ ਵਿੱਚ ਪੇਸ਼ ਹੋਈਆਂ ਹਨ, ਉਹ ਵੇਚੀਆਂ ਜਾਣ, ਮੁੰਦਰੀ ਮਰ ਗਏ ਸੌਦਾਗਰਾਂ ਦੇ ਵਾਰਸਾਂ ਨੂੰ ਵਾਪਸ ਕੀਤੀ ਜਾਏ, ਤੇ ਸ਼ੀਸ਼ੇ ਦੇ ਬਰਤਨ ਤੋੜ ਦਿੱਤੇ ਜਾਣ।"

ਕਾਰਤਿਨਕਿਨ ਨੇ ਆਪਣੀਆਂ ਬਾਹਾਂ ਪਾਸਿਆਂ ਨਾਲ ਘੁੱਟ ਕੇ ਲਾਈਆਂ ਹੋਈਆਂ ਸਨ, ਤੇ ਆਪਣੇ ਹੋਠ ਲਗਾਤਾਰ ਹਿਲਾਈ ਜਾਂਦਾ ਸੀ। ਬੋਚਕੋਵਾ ਬਿਲਕੁਲ ਚੁੱਪ ਚਾਪ ਸੀ, ਮਸਲੋਵਾ ਨੇ ਜਦ ਹੁਕਮ ਸੁਣਿਆ ਤਦ ਉਹਦਾ ਮੂੰਹ ਲਾਲ ਹੋ ਗਇਆ "ਮੈਂ ਦੋਸੀ ਨਹੀਂ, ਮੈਂ ਦੋਸੀ ਨਹੀਂ!" ਉਹ ਅਚਣਚੇਤ ਚੀਕ ਉੱਠੀ ਤੇ ਉਹਦੀਆਂ ਚੀਕਾਂ ਨੇ ਕਮਰੇ ਨੂੰ ਗੂੰਜਾ ਦਿੱਤਾ, "ਇਹ ਹੁਕਮ ਪਾਪ ਹੈ, ਮੈਂ ਦੋਸੀ ਨਹੀਂ, ਮੈਂ ਕਦੀ ਨਹੀਂ ਸੀ ਚਿਤਵਿਆ, ਮੈਂ ਕਦੀ ਉਂਝ ਨਹੀਂ ਸੀ ਸੋਚਿਆ, ਮੈਂ ਜੋ ਕਹਿ ਰਹੀ ਹਾਂ ਸਚ ਹੈ, ਨਿਰੋਲ ਸਚ," ਇਹ ਕਹਿ ਕੇ ਬੈਂਚ ਉੱਪਰ ਢਹਿ ਪਈ ਤੇ ਭੁੱਬਾਂ ਮਾਰ ਕੇ ਰੋਣ ਲੱਗ ਪਈ। ਜਦ ਕਾਰਤਿਨਕਿਨ ਤੇ ਬੋਚਕੋਵਾ ਬਾਹਰ ਵੀ ਟੁਰ ਗਏ ਤਾਂ ਵੀ ਉਹ ਉੱਥੇ ਹੀ ਬੈਠੀ ਰੋਂਦੀ ਰਹੀ। ਆਖਰ ਸਿਪਾਹੀ ਨੇ ਉਹਦੇ ਕੋਟ ਉੱਪਰ ਹੱਥ ਰੱਖਿਆ ਤਾਕਿ ਉਹ ਉਹਦੇ ਅੱਗੇ ਤੁਰੇ।

"ਨਹੀਂ, ਗੱਲ ਨੂੰ ਇੱਥੇ ਛੱਡ ਦੇਣਾ ਨਾਮੁਮਕਿਨ ਹੈ," ਨਿਖਲੀਊਧਵ ਨੇ ਆਪਣੇ ਮਾੜੇ ਚਿਤਵਨੀਆਂ ਨੂੰ ਪਰੇ ਕਰਕੇ ਤੇ ਭੁੱਲ ਕੇ, ਆਪਣੇ ਮਨ ਵਿੱਚ ਪੱਕ ਕੀਤਾ।

ਓਹ ਮਸਲੋਵਾ ਦੇ ਪਿੱਛੇ ਪਿੱਛੇ ਕੌਰੀਡੋਰ ਵਲ ਗਇਆ।

ਉਹ ਦੱਸ ਨਹੀਂ ਸੀ ਸੱਕਦਾ ਕਿ ਕਿਉਂ ਪਰ ਉਹਦਾ ਚਿੱਤ ਕਰਦਾ ਸੀ ਕਿ ਉਹ ਮੁੜ ਉਹਨੂੰ ਇਕ ਵੇਰੀ ਫਿਰ ਜਾ ਦੇਖੇ। ਦਰਵਾਜ਼ੇ ਉੱਪਰ ਕਾਫੀ ਲੋਕਾਂ ਦੀ ਭੀੜ ਸੀ। ਵਕੀਲ ਤੇ ਜੂਰੀ ਦੇ ਮੈਂਬਰ ਸਭ ਬਾਹਰ ਲੰਘ ਰਹੇ ਸਨ। ਸਾਰੇ ਖੁਸ਼ ਸਨ ਕਿ ਕੰਮ ਖਤਮ ਹੋ ਗਇਆ ਹੈ। ਮਜਬੂਰਨ ਉਹਨੂੰ ਬੂਹੇ ਉੱਪਰ ਨਿਕਲਨ ਦਾ ਰਾਹ ਲੱਭਣ ਲਈ ਉਡੀਕ ਕਰਨੀ ਪਈ। ਜਦ ਆਖਰ ਉਹ ਬਾਹਰ ਕੌਰੀਡੋਰ ਵਿੱਚ ਪਹੁਤਾ ਉਹ ਉਸ ਥੀਂ ਕਾਫੀ ਅੱਗੇ ਜਾ ਰਹੀ ਸੀ। ਉਹਦੇ ਮਗਰ ਹੀ ਮਗਰ ਕੌਰੀਡੋਰ ਵਿੱਚ ਉਹ ਹਲ ਕੇ ਗਇਆ ਤੇ ਉਸ ਇਹ ਵੀ ਖਿਆਲ ਨ ਗੌਲਿਆ ਕਿ ਉਹਨੂੰ ਉਸ ਪਿੱਛੇ ਇੰਨੀ ਕਾਹਲੀ ਵਿੱਚ ਜਾਂਦਿਆਂ ਵੇਖ ਕੇ ਲੋਕੀ ਕੀ ਕਹਿਣ ਗੇ। ਉਸਦੇ ਲਾਗੇ ਅੱਪੜ ਹੀ ਗਇਆ, ਤੇ ਉਹਦੇ ਨਾਲੋਂ ਅੱਗੇ ਲੰਘ ਕੇ ਠਹਿਰ ਗਇਆ। ਉਸ ਵੇਲੇ ਓਨ੍ਹੇ ਰੋਣਾ ਬੰਦ ਕਰ ਦਿੱਤਾ ਸੀ ਪਰ ਡੁਸਕਾਰੇ ਲੈ ਰਹੀ ਸੀ, ਤੇ ਆਪਣੇ ਰੁਮਾਲ ਨਾਲ ਆਪਣੇ ਲਾਲ ਤੇ ਭਰ ਗਏ ਮੂੰਹ ਨੂੰ ਪੂੰਝ ਰਹੀ ਸੀ, ਉਹ ਉਸ ਪਾਸੋਂ ਬਿਨਾਂ ਉਹਨੂੰ ਨੋਟਿਸ ਕੀਤੇ ਦੇ ਗੁਜ਼ਰ ਗਈ।

ਫਿਰ ਉਹ ਪ੍ਰਧਾਨ ਨੂੰ ਮਿਲਣ ਲਈ ਕਾਹਲੀ ਵਿੱਚ ਵਾਪਸ ਗਇਆ। ਪ੍ਰਧਾਨ ਅਦਾਲਤ ਦੇ ਕਮਰੇ ਥੀਂ ਚਲਾ ਜਾ ਚੁਕਾ ਸੀ। ਨਿਖਲੀਊਧਵ ਲੌਬੀ ਵਿੱਚ ਦੀ ਲੰਘਦਾ ਉਸ ਪਾਸ ਪਹੁੰਚਾ। ਉਹ ਆਪਣਾ ਮੋਤੀਏ ਰੰਗ ਦਾ ਕੋਟ ਪਾ ਚੁਕਾ ਸੀ ਤੇ ਨੌਕਰ ਪਾਸੋਂ ਚਾਂਦੀ ਦੀ ਮੁੱਠ ਵਾਲੀ ਆਪਣੀ ਸੈਲ ਕਰਨ ਵਾਲੀ ਸੋਟੀ ਲੈ ਰਹਿਆ ਸੀ।

"ਜਨਾਬ, ਕੀ ਜਿਹੜਾ ਮੁਕੱਦਮਾ ਅੱਜ ਫੈਸਲਾ ਹੋਇਆ ਹੈ, ਉਹਦੇ ਮੁਤਅੱਲਕ ਮੈਂ ਆਪ ਨਾਲ ਗੱਲ ਬਾਤ ਕਰ ਸੱਕਦਾ ਹਾਂ?" ਨਿਖਲੀਊਧਵ ਨੇ ਪੁਛਿਆ, "ਮੈਂ ਜੂਰੀ ਉੱਪਰ ਸਾਂ।"

"ਜੀ—ਆਹੋ ਬੇਸ਼ੱਕ ਕਹੋ, ਸ਼ਾਹਜ਼ਾਦਾ ਨਿਖਲੀਊਧਵ ਜੀ ਮੈਨੂੰ ਬੜੀ ਖੁਸ਼ੀ ਹੋਵੇਗੀ, ਮੇਰਾ ਖਿਆਲ ਹੈ ਅਸੀਂ ਆਪੇ ਵਿੱਚ ਕਿਧਰੇ ਅੱਗੇ ਵੀ ਮਿਲੇ ਹਾਂ," ਪ੍ਰਧਾਨ ਨੇ ਕਹਿਆ ਤੇ ਨਿਖਲੀਊਧਵ ਦਾ ਹੱਥ ਆਪਣੇ ਹੱਥ ਵਿੱਚ ਦਬਾਇਆ ਤੇ ਉਹਨੂੰ ਉਹ ਰਾਤ ਖੂਬ ਯਾਦ ਆ ਗਈ ਸੀ, ਜਦ ਉਹ ਨਿਖਲੀਊਧਵ ਨੂੰ ਪਹਿਲਾਂ ਪਹਿਲ ਮਿਲਿਆ ਸੀ ਤੇ ਇਹ ਹੋਰ ਸਾਰੇ ਗਭਰੂਆਂ ਥੀਂ ਵਧ ਚੰਗਾ ਨੱਚਿਆ ਸੀ, "ਮੈਂ ਆਪ ਦੀ ਕੀ ਸੇਵਾ ਕਰ ਸੱਕਦਾ ਹਾਂ।"

"ਮਸਲੋਵਾ ਬਾਬਤ ਜੂਰੀ ਪਾਸੋਂ ਜਵਾਬ ਲਿਖਣ ਵਿੱਚ ਇਕ ਉਕਤਾਈ ਤੇ ਭੁੱਲ ਹੋ ਗਈ ਹੈ, ਉਹ ਜ਼ਹਿਰ ਦੇਨ ਦੀ ਦੋਸੀ ਨਹੀਂ ਤੇ ਫਿਰ ਵੀ ਉਹਨੂੰ ਅਦਾਲਤ ਫੌਜਦਾਰੀ ਨੇ ਸਾਈਬੇਰੀਆ ਵਿੱਚ ਗੁਲਾਮੀ ਕਰਨ ਦਾ ਹੁਕਮ ਦਿੱਤਾ ਹੈ," ਨਿਖਲੀਊਧਵ ਨੇ ਇਹ ਗੱਲ ਇੰਝ ਕੀਤੀ ਜਦੋਂ ਕੋਈ ਬੜਾ ਉਦਾਸ ਤੇ ਫਿਕਰਾਂ ਵਿੱਚ ਡੁੱਬਿਆ ਹੁੰਦਾ ਹੈ।

"ਅਦਾਲਤ ਨੇ ਹੁਕਮ ਤਾਂ ਆਪ ਲੋਕਾਂ ਦੇ ਖਿਆਲ ਅਨੁਸਾਰ ਦਿੱਤਾ ਹੈ," ਪ੍ਰਧਾਨ ਗਲ ਕਰੀ ਗਇਆ ਤੇ ਸਾਹਮਣੇ ਦਰਵਾਜ਼ੇ ਵਲ ਤੁਰੀ ਗਇਆ "ਭਾਵੇਂ ਉਹ ਜਵਾਬ ਆਪੇ ਵਿੱਚ ਠੀਕ ਮਿਲਦੇ ਤਾਂ ਨਹੀਂ ਹਨ," ਤੇ ਉਹਨੂੰ ਯਾਦ ਆ ਗਇਆ ਹੈ ਕਿ ਉਹ ਜੂਰੀ ਨੂੰ ਇਹ ਵਿਆਖਿਆ ਕਰਕੇ ਦੱਸਣਾ ਚਾਹੁੰਦਾ ਸੀ ਕਿ ਉਨ੍ਹਾਂ ਦਾ ਫੈਸਲਾ 'ਦੋਸੀ' ਦੇ ਅਰਥ ਸਨ "ਇਰਾਦਤਨ ਮਾਰ ਦੇਣ ਦਾ ਦੋਸੀ", ਜਦ ਤੱਕ ਉਹ ਇਹ ਲਫਜ਼ ਵਿੱਚ ਨ ਪਾਉਣ ਆਰ ਕਿ "ਬਿਨਾ ਜਾਨ ਲੈਣ ਨੀਤ ਦੇ ਆਦਿ" ਪਰ ਇਸ ਜਲਦੀ ਵਿੱਚ ਕਿ ਕੰਮ ਮੁੱਕੇ, ਉਹ ਇਹ ਵਿਆਖਿਆ ਕਰਨੀ ਭੁੱਲ ਗਇਆ ਸੀ।

"ਠੀਕ—ਪਰ ਕੀ ਉਹ ਹੁਣ ਠੀਕ ਨਹੀਂ ਕੀਤੀ ਜਾ ਸੱਕਦੀ?"

"ਅਪੀਲ ਕਰਨ ਦੀ ਵਜਾ ਤਾਂ ਹਰ ਵੇਲੇ ਲੱਭੀ ਜਾ ਸੱਕਦੀ ਹੈ, ਤੈਨੂੰ ਕਿਸੀ ਵਕੀਲ ਨਾਲ ਮਸ਼ਵਰਾ ਕਰਨਾ ਚਾਹੀਏ," ਪ੍ਰਧਾਨ ਨੇ ਕਹਿਆ ਤੇ ਆਪਣੀ ਟੋਪੀ ਇਕ ਪਾਸੇ ਵਲ ਉੜਾ ਲਈ ਸੂ, ਤੇ ਦਰਵਾਜ਼ੇ ਵਲ ਦੀ ਤੁਰੀ ਗਇਆ।

"ਪਰ ਇਹ ਕਿੰਨਾ ਜ਼ੁਲਮ ਹੈ?"

"ਸਾਹਿਬ ਜੀ—ਤੂੰ ਸਮਝ, ਮਸਲੋਵਾ ਸਾਹਮਣੇ ਹੋ ਸੱਕਣ ਵਾਲੀਆਂ ਦੋ ਹੀ ਗੱਲਾਂ ਹਨ," ਤੇ ਪ੍ਰਧਾਨ ਨੇ ਮੁੜ ਕਹਿਆ। ਸਾਫ ਦਿੱਸਦਾ ਸੀ ਕਿ ਉਹ ਨਿਖਲੀਊਧਵ ਦੀ ਖਾਤਰ ਤੇ ਅਦਬ ਜਿੰਨਾ ਚਾਹੀਏ ਕਰਨਾ ਉਤਨਾ ਕਰਕੇ ਇਉਂ ਗੱਲ ਬਾਤ ਕਰ ਰਹਿਆ ਸੀ। ਫਿਰ ਆਪਣੇ ਕੋਟ ਦੇ ਕਾਲਰ ਉੱਪਰ ਆਪਣੀ ਦਾਹੜੀ ਨੂੰ ਹੱਥਾਂ ਨਾਲ ਸੰਵਾਰ ਕੇ ਆਪਣੀਆਂ ਬਾਹਾਂ ਨਿਖਲੀਊਧਵ ਦੀ ਆਰਕ ਨਾਲ ਅਮਲਕਣੇ ਲਾਕੇ ਉਹਨੂੰ ਦਰਵਾਜ਼ੇ ਵਲ ਲਈ ਗਇਆ "ਆਉ ਆਪ ਨੇ ਵੀ ਤੇ ਜਾਣਾ ਹੈ?"

"ਹਾਂ ਜੀ," ਨਿਖਲੀਊਧਵ ਨੇ ਜਵਾਬ ਦਿੱਤਾ। ਜਲਦੀ ਨਾਲ ਆਪਣਾ ਕੋਟ ਪਾ ਲਇਆ ਤੇ ਉਹਦੇ ਪਿੱਛੇ ਤੁਰੀ ਗਇਆ।

ਉਹ ਹੁਣ ਬਾਹਰ ਦੀ ਖੁਲ੍ਹੀ ਧੁੱਪ ਤੇ ਰੋਸ਼ਨੀ ਵਿੱਚ ਆ ਚੁਕੇ ਸਨ। ਗਲੀ ਵਿੱਚ ਪਈਏ ਵਾਲੀਆਂ ਗੱਡੀਆਂ ਦੇ ਚੱਲਣ ਦੇ ਸ਼ੋਰ ਕਰਕੇ ਉਨ੍ਹਾਂ ਨੂੰ ਆਪੇ ਵਿੱਚ ਉੱਚਾ ਬੋਲਣਾ ਪੈਣ ਲੱਗ ਪਇਆ ਸੀ।

"ਮਾਮਲਾ ਬੜਾ ਹੀ ਅਣੋਖਾ ਹੈ," ਪ੍ਰਧਾਨ ਨੇ ਕਹਿਆ, "ਮਸਲੋਵਾ ਲਈ ਦੋ ਹੀ ਗੱਲਾਂ ਸਨ, ਯਾ ਤਾਂ ਬਸ ਬਰੀ ਥੋੜੇ ਜੇਹੇ ਦਿਨਾਂ ਦੀ ਕੈਦ, ਤੇ ਜਿੰਨਾ ਚਿਰ ਉਹ ਹਵਾਲਾਤ ਵਿੱਚ ਰਹਿ ਚੁੱਕੀ ਸੀ, ਨਾਲੇ ਗਿਣ ਲਈ ਜਾਂਦੀ ਤਾਂ ਕੈਦ ਕੋਈ ਵੀ ਨਾਂਹ, ਯਾ ਸਾਈਬੇਰੀਆ। ਦੋਹਾਂ ਵਿਚਕਾਹੇ ਦੀ ਕੋਈ ਗੱਲ ਨਾਂਹ, ਪਰ ਜੇ ਤੁਸੀਂ ਜੂਰੀ ਵਾਲੇ ਇਹ ਲਫ਼ਜ਼ ਪਾ ਦਿੰਦੇ "ਜਾਨੋਂ ਮਾਰ ਦੇਣ ਦੀ ਨੀਤ ਬਿਨਾਂ" ਤਾਂ ਉਹ ਸਾਫ ਬਰੀ ਹੋ ਜਾਂਦੀ......"

"ਹਾਂ—ਇਨ੍ਹਾਂ ਲਫਜ਼ਾਂ ਨੂੰ ਨ ਲਿਖਨਾ ਮੇਰੀ ਨ ਮਾਫੀ ਕਰਨ ਜੋਗ ਉਕਾਈ ਹੈ", ਨਿਖਲੀਊਧਵ ਨੇ ਆਖਿਆ।

"ਬੱਸ ਸਾਰੀ ਗੱਲ ਤਾਂ ਇੱਥੇ ਆਈ ਨਾ," ਪ੍ਰਧਾਨ ਨੇ ਹੱਸ ਕੇ ਕਹਿਆ ਤੇ ਆਪਣੀ ਘੜੀ ਕੱਢ ਕੇ ਤੱਕੀ। ਉਸ ਪਾਸ ਮੁਕੱਰਰ ਹੋਏ ਵਕਤ ਵਿੱਚ ਪੌਣਾ ਘੰਟਾ ਰਹਿ ਗਇਆ ਸੀ, ਜਦੋਂ ਉਸ ਜਾਕੇ ਆਪਣੀ ਕਲਾਰਾ ਨੂੰ ਮਿਲਣਾ ਸੀ।

"ਤੇ ਜੇ ਆਪ ਦੀ ਮਰਜ਼ੀ ਹੁਣ ਕੁਝ ਕਾਰਵਾਈ ਕਰਨ ਦੀ ਹੋਵੇ ਤਦ ਕਿਸੀ ਵਕੀਲ ਨੂੰ ਮਿਲੋ। ਅਪੀਲ ਦੀ ਕੋਈ ਦਲੀਲ ਲੱਭੋ, ਤੇ ਇਹ ਤਾਂ ਆਸਾਨੀ ਨਾਲ ਲੱਭ ਪਉ", ਫਿਰ ਓਹ ਬੱਘੀਵਾਨ ਵੱਲ ਮੁਖਾਤਿਬ ਹੋਕੇ ਕਹਿਣ ਲੱਗਾ, ਦਵੋਰਆਇਨਸਕਾਇਆ ਨੂੰ, ਤੀਹ ਪੈਸੇ, ਮੈਂ ਇਸ ਥੀਂ ਜਿਆਦਾ ਨਹੀਂ ਦਿੰਦਾ ਹੁੰਦਾ ਹੈ।"

"ਬਹੁਤ ਅੱਛਾ ਹਜੂਰ ਵਾਲਾ—ਮੈਂ ਆਪ ਨੂੰ ਲੈ ਜਾਵਾਂਗਾ।"

"ਚੰਗਾ ਫਿਰ ਗੁਡ ਆਫਟਰਨੂਨ, ਜੇ ਮੈਂ ਕੋਈ ਸੇਵਾ ਕਰ ਸੱਕਾਂ ਤਦ ਮੇਰਾ ਪਤਾ ਹਾਊਸ ਦਵੋਰਨੀਕੋਵ, ਦਵੋਰਆਇਨਸਕਾਇਆ ਵਿੱਚ ਹੈ। ਇਹ ਪਤਾ ਯਾਦ ਰੱਖਣਾ ਸੁਖਾਲਾ ਹੀ ਹੈ," ਤੇ ਬੜੇ ਮਿਤ੍ਰਾਂ ਵਾਂਗ ਝੁਕ ਕੇ ਉਹ ਬੱਘੀ ਵਿੱਚ ਬਹਿ ਗਇਆ ਤੇ ਬੱਘੀ ਚਲੀ ਗਈ।

ਮੋਇਆਂ ਦੀ ਜਾਗ-ਕਾਂਡ ੨੫. : ਲਿਉ ਤਾਲਸਤਾਏ

ਪ੍ਰਧਾਨ ਨਾਲ ਗੱਲਾਂ ਕਰਕੇ ਤੇ ਤਾਜ਼ਾ ਹਵਾ ਵਿੱਚ ਆਕੇ ਨਿਖਲੀਊਧਵ ਦਾ ਦਿਲ ਕੁਛ ਰਾਸਤਾ ਆਣ ਹੋਇਆ। ਹੁਣ ਉਸ ਸੋਚਿਆ ਕਿ ਓਹ ਵਲਵਲੇ ਤੇ ਵਿਸਵਸੇ ਜੋ ਉਹਨੂੰ ਕਚਹਿਰੀ ਬੈਠੇ ਆਏ ਸਨ, ਦਰਹਕੀਕਤ ਕਚਹਿਰੀ ਦੀ ਵਾਯੂ ਮੰਡਲ ਦੇ ਓਪਰਾਪਨ ਕਰਕੇ ਸਨ ਜਿੱਥੇ ਓਹਨੂੰ ਸਾਰਾ ਦਿਨ ਖਰਚ ਕਰਨਾ ਪਿਆ ਸੀ। ਤੇ ਉਹ ਵਿਸਵਿਸੇ ਕੁਛ ਅਸਲ ਥੀਂ ਜ਼ਿਆਦਾ ਤੀਖਣ ਹੋ ਕੇ ਦੁਖਦਾਈ ਹੋਏ ਸਨ।

"ਮੰਨਿਆ ਕਿ ਇਹ ਬੜਾ ਅਨੋਖਾ ਸੰਜੋਗੀ ਇਤਫਾਕ ਦੀ ਚੀਜਾਂ ਦਾ ਆਣ ਮਿਲਣਾ ਹੈ ਤੇ ਬਿਲਕੁਲ ਜਰੂਰੀ ਹੈ ਕਿ ਮੈਂ ਓਸ ਲਈ ਜੋ ਕਰ ਸੱਕਾਂ ਕਰਾਂ, ਤਾਕਿ ਉਹਦੀ ਬਿਪਤਾ ਨੂੰ ਜਿੰਨਾ ਟਾਲ ਸੱਕਾਂ ਟਾਲਣ ਦਾ ਜਤਨ ਕਰਾਂ, ਤੇ ਕਰਾਂ ਵੀ ਜਿੰਨਾ ਜਲਦੀ ਥਾਂ ਜਲਦੀ ਹੋ ਸੱਕੇ। ਹਾਂ ਫਿਲ ਫੋਰ ਹੀ ਮੈਨੂੰ ਕਚਹਿਰੀ ਵਿੱਚ ਹੀ ਪਤਾ ਕਰ ਲੈਣਾ ਚਾਹੀਏ ਕਿ ਫਨਾਰਿਨ ਯਾ ਮਿਕੀਸ਼ਨ ਕਿੱਥੇ ਰਹਿੰਦੇ ਹਨ," ਉਸ ਸੋਚਿਆ ਤੇ ਦੋਹਾਂ ਤਕੜੇ ਵਕੀਲਾਂ ਦੇ ਨਾਂ ਯਾਦ ਕੀਤੇ—ਪਹਿਲੇ ਕੌਰੀਡੋਰ ਵਿੱਚ ਹੀ ਉਹ ਫਿਨਾਰਿਨ ਨੂੰ ਮਿਲ ਪਇਆ ਅਤੇ ਓਥੇ ਓਹਨੂੰ ਠਹਿਰਾ ਲਇਆ, ਤੇ ਆਖਿਆ ਕਿ ਮੈਂ ਤੁਹਾਨੂੰ ਇਕ ਵਿਹਾਰੀ ਕੰਮ ਦੀ ਗੱਲ ਕਰਨ ਲਈ ਢੂੰਡ ਰਹਿਆ ਸੀ।

"ਭਾਵੇਂ ਮੈਂ ਥੱਕਾ ਹੋਇਆ ਹਾਂ, ਤਾਂ ਵੀ ਆਪ ਦਾ ਕੰਮ ਜੇ ਬਾਹਲਾ ਲੰਮਾ ਨਹੀਂ ਤਦ ਹੁਣੇ ਹੀ ਦੱਸ ਦਿਓ ਕਿਸ ਤਰਾਂ ਦਾ ਕੰਮ ਹੈ, ਆਓ ਇੱਥੇ ਅੰਦਰ ਆ ਜਾਓ।" ਇਹ ਕਹਿ ਕੇ ਓਹ ਨਿਖਲੀਊਧਵ ਨੂੰ ਇਕ ਕਮਰੇ ਵਲ ਲੈ ਤੁਰਿਆ, ਸ਼ਾਇਦ ਓਹ ਕਿਸੀ ਜੱਜ ਦੇ ਨਿਜ ਦੀ ਥਾਂ ਸੀ, ਓਹ ਮੇਜ਼ ਲਾਗੇ ਬਹਿ ਗਏ।

"ਅੱਛਾ—ਆਪ ਦਾ ਕੀ ਕੰਮ ਹੈ?"

"ਪਹਿਲਾਂ ਤਾਂ ਮੈਂ ਆਪ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮਾਮਲਾ ਗੁਪਤ ਹੈ। ਮੈਂ ਕਿਸੇ ਨੂੰ ਇਹ ਨਹੀਂ ਪ੍ਰਗਟ ਕਰਨਾ ਚਾਹੁੰਦਾ ਹਾਂ ਕਿ ਮੈਂ ਇਸ ਮਾਮਲੇ ਵਿੱਚ ਦਿਲਚਸਪੀ ਲੈ ਰਹਿਆ ਹਾਂ।"

"ਆਹੋ ਜੀ—ਇਓਂ ਹੀ ਹੋਵੇਗਾ, ਚੰਗਾ।"

"ਮੈਂ ਅੱਜ ਜੂਰੀ ਤੇ ਸਾਂ ਤੇ ਅਸਾਂ ਇਕ ਤੀਮੀਂ ਨੂੰ ਸਾਈਬੇਰੀਆ ਦੀ ਸਜ਼ਾ ਦੇ ਦਿੱਤੀ ਹੈ, ਪਰ ਉਹ ਤੀਮੀ ਨਿਰਦੋਸ਼ ਹੈ। ਮੇਰੇ ਦਿਲ ਨੂੰ ਇਹ ਗੱਲ ਦੁਖੀ ਕਰ ਰਹੀ ਹੈ, ਨਿਖਲੀਊਧਵ ਨੇ ਜਦ ਇਹ ਕਹਿਆ ਤਦ ਓਹਨੂੰ ਆਪ ਨੂੰ ਹੈਰਾਨੀ ਜੇਹੀ ਹੋਈ ਕਿ ਇਹ ਗੱਲ ਕਰਦਿਆਂ ਓਹਦਾ ਮੂੰਹ ਸ਼ਰਮ ਨਾਲ ਲਾਲ ਕਿਉਂ ਹੋਇਆ ਤੇ ਗੱਲ ਕਰਨ ਵਿੱਚ ਓਹ ਘਾਬਰ ਕਿਸ ਕਰਕੇ ਗਇਆ ਸੀ। ਫਨਾਰਿਨ ਨੇ ਉਸ ਵਲ ਇਕ ਤੇਜ਼ ਨਿਗਾਹ ਨਾਲ ਤੱਕਿਆ ਤੇ ਫਿਰ ਹੇਠਾਂ ਵਲ ਵੇਖਣ ਲੱਗ ਗਇਆ, ਜਿੰਵੇਂ ਓਹਦੀ ਗੱਲ ਕੰਨ ਲਾ ਕੇ ਸੁਣ ਰਹਿਆ ਹੈ।

"ਅੱਛਾ ਜੀ," ਓਸ ਆਖਿਆ।

"ਅਸਾਂ ਇਕ ਤੀਮੀ ਨੂੰ ਨਾਹੱਕ ਸਜ਼ਾ ਦਿੱਤੀ ਹੈ ਤੇ ਮੈਂ ਇਸ ਥੀਂ ਵੱਡੀ ਉਪਰਲੀ ਅਦਾਲਤ ਵਿੱਚ ਅਪੀਲ ਕਰਨਾ ਚਾਹੁੰਦਾ ਹਾਂ।"

"ਆਪ ਦਾ ਮਤਲਬ ਸੈਨੇਟ ਵਿੱਚ?" ਫਨਾਰਿਨ ਨੇ ਉਹਦੀ ਗਲਤੀ ਠੀਕ ਕਰਦਿਆਂ ਕਹਿਆ।

"ਹਾਂ ਜੀ, ਮੈਂ ਚਾਹੁੰਦਾ ਹਾਂ ਕਿ ਆਪ ਇਹ ਮੁਕੱਦਮਾਂ ਆਪਣੇ ਹੱਥ ਵਿੱਚ ਲੈ ਲਵੋ," ਨਿਖਲੀਊਧਵ ਗੱਲ ਦੇ ਵੱਡੇ ਮੁਸ਼ਕਲ ਹਿੱਸੇ ਨੂੰ ਜਲਦੀ ਮੁਕਾਉਣ ਲਈ ਕਹਿਣ ਲੱਗਾ, "ਸਾਰਾ ਖਰਚ ਜੋ ਕੁਝ ਵੀ ਹੋਵੇ ਉਹ ਮੈਂ ਦਿਆਂਗਾ।"

"ਆਹੋ! ਓਹ ਅਸੀਂ ਸਭ ਮੁਕਾ ਲਾਂਗੇ" ਵਕੀਲ ਨੇ ਮੁਸਕਰਾ ਕੇ ਕਹਿਆ। ਨਿਖਲੀਊਧਵ ਦੇ ਇਹੋ ਜੇਹੇ ਮਾਮਲਿਆਂ ਦੀ ਨਾਵਾਕਫ਼ੀ ਉੱਪਰ ਇਕ ਵਡੇਰੇ ਆਦਮੀ ਵਾਂਗ ਉਹਨੂੰ ਮਾਫੀ ਦੇਣ ਜੇਹੀ ਦੀ ਨਜ਼ਰ ਦੇਖ ਕੇ—"ਪਰ ਮੁਕੱਦਮਾ ਕੀ ਹੈ?" ਨਿਖਲੀਊਧਵ ਨੇ ਸਾਰੀ ਗੱਲ ਜਿੰਵੇਂ ਹੋਈ ਸੀ ਕਹਿ ਸੁਣਾਈ।

"ਬਹੁਤ ਅੱਛਾ! ਮੈਂ ਕਲ ਸਾਰੀ ਮਿਸਲ ਦੇਖਾਂਗਾ ਤੇ ਕੰਮ ਵਿੱਚ ਜੁੱਟ ਪਵਾਂਗਾ। ਤੁਸੀ ਪਰਸੋਂ, ਨਹੀਂ ਵੀਰਵਾਰ, ਫਿਰ ਆਵਣਾ। ਛੇ ਵਜੇ ਥੀਂ ਬਾਦ ਆ ਜਾਣਾ ਤੇ ਆਪ ਨੂੰ ਸਾਰਾ ਜਵਾਬ ਦਿਆਂਗਾ। ਅੱਛਾ ਹੁਣ ਚਲੀਏ! ਮੈਂ ਕੁਛ ਇਕ ਦੋ ਗੱਲਾਂ ਹਾਲੇਂ ਇੱਥੇ ਦਰਿਯਾਫ਼ਤ ਕਰਨੀਆਂ ਹਨ।"

ਨਿਖਲੀਊਧਵ ਉਸ ਥੀਂ ਛੁੱਟੀ ਲੈ ਬਾਹਰ ਚਲਾ ਗਇਆ।

ਵਕੀਲ ਨਾਲ ਗੱਲਾਂ ਕਰਨ ਨੇ, ਤੇ ਇਸ ਗੱਲ ਨੇ, ਕਿ ਉਸ ਨੇ ਮਸਲੋਵਾ ਲਈ ਕੁਝ ਕੀਤਾ ਹੈ, ਓਹਨੂੰ ਹੋਰ ਵੀ ਤਸਕੀਨ ਤੇ ਤਸ਼ਫੀ ਦਿੱਤੀ। ਉਹ ਬਾਜ਼ਾਰ ਵਿੱਚ ਅੱਪੜ ਗਇਆ। ਮੌਸਮ ਸੋਹਣਾ ਸੀ, ਤੇ ਖਿੜੀ ਬਸੰਤ ਰੁੱਤ ਦੀ ਸਮੀਰ ਦਾ ਘੁੱਟ ਭਰ ਕੇ ਓਹ ਹੋਰ ਵੀ ਖ਼ੁਸ਼ ਹੋਇਆ। ਕਈ ਬੱਘੀ ਵਾਲੇ ਅੱਗੇ ਪਿੱਛੇ ਆ ਗਏ, "ਗਾੜੀ ਸਾਹਿਬ ਜੀ—ਗਾੜੀ" ਪਰ ਓਹ ਪੈਦਲ ਹੀ ਤੁਰੀ ਗਇਆ।

ਯਕਲਖ਼ਤ ਮੁੜ ਕਾਤੂਸ਼ਾ ਦੇ ਓਸ ਪੁਰਾਣੇ ਮੂੰਹ ਦੀ ਝਾਕੀ ਹੋਰ ਨਾਲ ਦੀਆਂ ਸਾਰੀਆਂ ਗੱਲਾਂ ਯਾਦ ਆਈਆਂ ਤੇ ਉਹਦੀ ਆਪਣੀ ਉਸ ਨਾਲ ਕੀਤੀ ਕਰਤੂਤ ਦੇ ਖਿਆਲ ਓਹਦੇ ਸਿਰ ਵਿੱਚ ਚੱਕਰ ਖਾਣ ਲੱਗ ਪਏ। ਉਹਦਾ ਮਨ ਫਿਰ ਦੱਬਿਆ, ਤੇ ਸਭ ਦੁਨੀਆਂ ਉਦਾਸ ਉਦਾਸ ਵੈਰਾਨ ਜੇਹੀ ਦਿੱਸਣ ਲਗ ਪਈ—"ਨਹੀਂ ਇਹ ਗੱਲਾਂ ਫਿਰ ਸੋਚਾਂਗੇ, ਹੁਣ ਤਾਂ ਇਨ੍ਹਾਂ ਸਾਰਿਆਂ ਮਨ-ਖੁੱਭ ਅਸਰਾਂ ਨੂੰ ਪਰੇ ਸੁੱਟੀਏ," ਤਾਂ ਉਸ ਆਪਣੇ ਨਾਲ ਵਿਚਾਰ ਕੀਤੀ।

ਕੋਰਚਾਗਿਨਾਂ ਦੋ ਰੋਟੀ ਖਾਣ ਜਾਣਾ ਯਾਦ ਆਇਆ, ਤੇ ਘੜੀ ਤੱਕੀ। ਹਾਲੇਂ ਵੀ ਉੱਥੇ ਜਾਣ ਲਈ ਬਾਹਲੀ ਦੇਰ ਨਹੀਂ ਸੀ ਹੋਈ, ਨਾਲੋਂ ਲੰਘਦੀ ਟਰੈਮਕਾਰ ਦੀ ਘੰਟੀ ਦੀ ਆਵਾਜ਼ ਆਈ, ਓਹਨੂੰ ਫੜਨ ਲਈ ਦੌੜਿਆ, ਤੇ ਫੜ ਕੇ ਵਿੱਚ ਕੁੱਦ ਪਇਆ। ਜਦ ਟਰੈਮ ਮਾਰਕੀਟ ਪਾਸ ਅੱਪੜੀ ਤਦ ਮੁੜ ਕੁੱਦ ਬਾਹਰ ਆ ਗਇਆ। ਤੇ ਓਥੋਂ ਇਕ ਚੰਗੀ ਬੱਘੀ ਕਰਾਏ ਕੀਤੀ ਤੇ ਦਸ ਮਿੰਟਾਂ ਵਿੱਚ ਓਹ ਕੋਰਚਾਗਿਨਾਂ ਦੇ ਵੱਡੇ ਘਰ ਦੇ ਸਾਹਮਣੇ ਦਰਵਾਜ਼ੇ ਉੱਪਰ ਸੀ।

  • ਮੋਇਆਂ ਦੀ ਜਾਗ-ਕਾਂਡ (੨੬ - ੫੯) : ਲਿਉ ਤਾਲਸਤਾਏ
  • ਮੁੱਖ ਪੰਨਾ : ਲਿਓ ਤਾਲਸਤਾਏ ਦੀਆਂ ਕਹਾਣੀਆਂ ਅਤੇ ਨਾਵਲ ਪੰਜਾਬੀ ਵਿੱਚ
  • ਮੁੱਖ ਪੰਨਾ : ਕਾਵਿ ਰਚਨਾਵਾਂ ਤੇ ਲੇਖ, ਪ੍ਰੋਫੈਸਰ ਪੂਰਨ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ